14
ਅਗਸਤ ਐਤਵਾਰ ਨੂੰ ਇੰਗਲੈਂਡ ਦੇ ਪ੍ਰਵਾਸੀ ਲੇਖਕ ਗੁਰਚਰਨ ਸੱਗੂ ਦੇ ਗ੍ਰਹਿ
ਵਿਖੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਨਾਲ ਇਕ ਬਹੁਤ ਹੀ
ਖੂਬਸੂਰਤ ਸ਼ਾਮ ਮਾਣਨ ਦਾ ਮੌਕਾ ਨਸੀਬ ਹੋਇਆ। ਇਸ ਸ਼ਾਮ ਦਾ ਮਹੱਤਵ ਇਹ ਵੀ
ਸੀ ਕਿ ਪਾਕਿਸਤਾਨੋਂ ਆਏ ਹੋਏ ਸ਼ਾਇਰ ਸਾਬਿਰ ਅਲੀ ਸਾਬਿਰ, ਤਾਹਿਰਾ ਸਰਾ
ਅਤੇ ਸਾਡੇ ਏਧਰਲੇ ਪੰਜਾਬੋਂ ਸਿਮਰਨ ਅਕਸ ਤੇ ਗ਼ਜ਼ਲਗੋ ਤੇ ਗਾਇਕ ਸੁਨੀਲ
ਸਜਲ ਇਸ ਸ਼ਾਮ ਦੇ ਮੁਖ ਮਹਿਮਾਨ ਸਨ। ਉਨ੍ਹਾਂ ਤੋਂ ਇਲਾਵਾ ‘ਚੰਨ ਪ੍ਰਦੇਸੀ’
ਰਿਮਾਸ੍ਟਰਡ ਦੇ ਪ੍ਰੋਡਿਊਸਰ ਡਾਕਟਰ ਚਾਨਣ ਸਿੰਘ ਸਿੱਧੂ, ਡਾਇਰੈਕਟਰ ਸਿਮਰਨ
ਸਿੱਧੂ, ਵਿਸ਼ਵ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਸਿੱਧ
ਲੇਖਿਕਾ ਤੇ ਪੱਤਰਕਾਰ ਸ਼ਗੂਫਤਾ ਲੋਧੀ, ਉਨ੍ਹਾਂ ਦੇ ਪਤੀ ਸ਼ਹਿਜ਼ਾਦ ਲੋਧੀ,
ਸ਼ਾਇਰਾ ਕੁਲਵੰਤ ਢਿੱਲੋਂ ਤੇ ਸ਼ਾਇਰਾ ਮਨਜੀਤ ਪੱਡਾ ਇਸ ਮਹਿਫ਼ਲ ਦਾ
ਸ਼ਿੰਗਾਰ ਸਨ। ਪ੍ਰੋਗਰਾਮ ਦਾ ਆਗਾਜ਼ ਮਸ਼ਹੂਰ ਸ਼ਾਇਰਾ ਤਾਹਿਰਾ
ਸਰਾ ਦੀ ਬਹੁ-ਚਰਚਿਤ ਗ਼ਜ਼ਲ ‘ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ,
ਜੇਕਰ ਮੇਰੀ ਵੀ ਹੈ ਕੀ ਮੈਂ ਤੇਰੀ ਨਹੀਂ’ ਨਾਲ ਹੋਇਆ। ਸਿਮਰਨ ਅਕਸ ਨੇ ਵੀ
‘ਕਿਸੇ ਲਈ ਚੁੱਪ ਮਸਲਾ ਹੈ ਕਿਸੇ ਲਈ ਸ਼ੋਰ ਮਸਲਾ ਹੈ, ਮੈਨੂੰ ਦੋਵੇਂ ਹੀ
ਚੁੱਭਦੇ ਨੇ ਮੇਰਾ ਕੁਝ ਹੋਰ ਮਸਲਾ ਹੈ’ ਤੇ ਹੋਰ ਗ਼ਜ਼ਲਾਂ ਅਤੇ ਸ਼ੇਅਰਾਂ
ਨਾਲ ਮਹਿਫਲ ਲੁੱਟ ਲਈ! ਸੁਨੀਲ ਸਜ਼ਲ ਦੀ ਆਵਾਜ਼ ਨੇ ਸਾਰੀ ਫ਼ਿਜ਼ਾ ਹੀ ਬਦਲ
ਦਿੱਤੀ ਸੀ। ਸਾਬਿਰ ਅਲੀ ਸਾਬਿਰ ਦੀ ਗ਼ਜ਼ਲ ‘ਯਾਰੀਆਂ ਇਕਲਾਪਿਆਂ ਤੋਂ
ਵਾਰੀਆਂ’ ਨੂੰ ਗਾ ਕੇ ਉਨ੍ਹਾਂ ਨੇ ਪੂਰਾ ਮਾਹੌਲ ਰੰਗੀਨ ਕਰ ਦਿੱਤਾ ਸੀ।
ਅੰਤ ਵਿਚ ਗੁਰਚਰਨ ਸੱਗੂ ਦੀ ਰਚਨਾ ‘ਅੱਜ ਫਿਰ ਮੈਂ ਆਜ਼ਾਦੀ ਦਾ ਇਤਿਹਾਸ
ਦੁਬਾਰਾ ਪੜ੍ਹਿਆ ਹੈ’ ਵੀ ਕਮਾਲ ਦੀ ਸੀ। ਡਾਕਟਰ ਚਾਨਣ ਸਿੰਘ ਸਿੱਧੂ ਨੇ
ਕਿਹਾ ਕਿ ਉਹ ਬੜੀ ਦੇਰ ਤੋਂ ਆਪਣੇ ਪਾਕਿਸਤਾਨੀ ਪੰਜਾਬੀ ਦੋਸਤਾਂ ਨੂੰ
ਕਹਿੰਦੇ ਆ ਰਹੇ ਸਨ ਕਿ ਆਪਾਂ ਆਜ਼ਾਦੀ ਦਿਵਸ ਇਕੱਠਿਆਂ ਮਨਾਇਆ ਕਰੀਏ ਪਰ
ਗੱਲ ਬਣ ਨਾ ਸਕੀ। ਤੇ ਅੱਜ ਸੱਗੂ ਜੀ ਦੇ ਗ੍ਰਹਿ ਵਿਖੇ ਇਸ ਖਾਹਿਸ਼ ਦੀ
ਸ਼ੁਰੂਆਤ ਹੋ ਗਈ ਹੈ।
|