ਨਾਰਵੇ
ਦੀ ਰਾਜਧਾਨੀ 'ਓਸਲੋ' ਸ਼ਹਿਰ ਵਿੱਚ ਵਿਸਾਖੀ ਪ੍ਰੋਗਰਾਮ ਨਿਵੇਕਲਾ ਅਤੇ
ਵਿਸ਼ੇਸ਼ ਹੋ ਨਿੱਬੜਿਆ। ਓਸਲੋ ਹੀ ਨਹੀਂ ਬਲਕਿ ਸਾਰੇ 'ਨਾਰਵੇ' ਦੇ ਪੰਜਾਬੀ
ਹੀ ਦੋ ਸਾਲ ਤੋਂ ਘਰਾਂ ਅੰਦਰ ਡੱਕੇ ਰਹਿਣ ਬਾਅਦ ਖੁੱਲ੍ਹ ਕੇ ਅਜ਼ਾਦੀ ਦਾ
ਅਨੰਦ ਮਹਿਸੂਸ ਕਰਦਿਆਂ ਆਪਣੇ ਚਾਵਾਂ ਦਾ ਇਜ਼ਹਾਰ ਕੀਤਾ। ਪਿਛਲੇ ਪਹਿਲਾਂ
ਹੀ ਓਸਲੋ ਵਿੱਚ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ
ਵਿੱਚ ਸੰਨਦਵੀਕਾ, ਆਸਕਰ, ਦਰਾਮਨ, ਤਰਾਨਬੀ, ਦਰੋਬਾਕ, ਟੋਨਸਬਰਗ ਆਦਿ
ਇਲਾਕਿਆਂ ਦੇ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸਦੇ ਨਾਲ਼
ਹੀ ਇਸ ਸਾਲ ਦਾ ਦਸਤਾਰ ਦਿਹਾੜਾ (ਟਰਬਾਂਡਾਗਨ) ਵੀ ਮਨਾਇਆ ਗਿਆ।
30 ਅਪ੍ਰੈਲ ਨੂੰ 'ਪੰਜਾਬੀ ਸਕੂਲ ਓਸਲੋ' ਦੇ ਬੱਚਿਆਂ ਅਤੇ ਅਧਿਆਪਕਾਂ
ਵਲੋਂ ਇੱਥੋਂ ਦੇ ਦਸਵੀਂ ਜਮਾਤ ਤੱਕ ਦੇ 'ਲਿੰਦਰੂਦ ਸਕੂਲ' ਵਿੱਚ ਇਸ ਸਾਲ
ਦਾ ਵਿਸਾਖੀ ਦਿਨ ਬਹੁਤ ਹੀ ਉਤਸ਼ਾਹ ਨਾਲ਼ ਮਨਾਇਆ। ਇਸ ਦਿਨ ਓਸਲੋ ਦੇ
ਉਪ-ਮੇਅਰ ਸ਼੍ਰੀ ਅਬਦੁੱਲਾ ਅਲਸਾਬੇਗ (Abdullah Alsabeehg) ਅਤੇ ਸੰਸਦ
ਮੈਂਬਰ ਸ਼੍ਰੀ ਓਲਾ ਐਲਵਿਸਟੁਏਨ (Ola Elvestuen) ਦਾ ਨਾਲ਼ ਨਾਲ਼ ਪੰਜਾਬੀ
ਭਾਸ਼ਾ ਦੇ ਵਿਕਾਸ ਦੇ ਖੇਤਰ ‘ਚ ਕੰਮ ਕਰਨ ਵਾਲ਼ੇ ਡਾ. ਬਲਦੇਵ ਸਿੰਘ
ਕੰਦੋਲਾ ਅਤੇ ਸ਼ਿੰਦਰਪਾਲ ਸਿੰਘ ਮਾਹਲ ਨੂੰ ਵੀ ਮੁੱਖ ਮਹਿਮਾਨ ਬਣਾਇਆ ਗਿਆ।
ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਅਤੇ ਕੰਪਿਊਟਰੀਕਰਨ ਦੇ ਖੇਤਰ
ਵਿੱਚ ਪਿਛਲੇ 4 ਦਹਾਕਿਆਂ ਤੋਂ ਮਹਾਨ ਯੋਗਦਾਨ ਲਈ ਡਾ. ਬਲਦੇਵ ਸਿੰਘ
ਕੰਦੋਲ਼ਾ ਜੀ ਨੂੰ ਸ. ਅਵਤਾਰ ਸਿੰਘ ਸ਼੍ਰੋਮਣੀ ਪੰਜਾਬੀ ਪੁਰਸਕਾਰ ਨਾਲ਼
ਸਨਮਾਨਿਤ ਕੀਤਾ ਗਿਆ। ਸਕੂਲ ਦੀ ਮੁੱਖ ਪ੍ਰਬੰਧਕ ਬੀਬੀ ਬਲਵਿੰਦਰ
ਕੌਰ ਜੀ ਦੇ ਦੱਸਣ ਮੁਤਾਬਿਕ ਇਹ ਸਕੂਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ
ਸੱਭਿਆਚਾਰ ਨਾਲ਼ ਜੋੜਨ ਲਈ 1996 ਤੋਂ ਨਿਰੰਤਰ ਯਤਨਸ਼ੀਲ ਹੈ। ਇਸ ਤੋਂ
ਪਹਿਲਾਂ ਸੰਸਾਰ ਭਰ ਦੀਆਂ ਮਾਨਯੋਗ ਹਸਤੀਆਂ ਜਿਵੇਂ ਯਾਦ ਰਹੇ ਪੰਜਾਬੀ ਸਕੂਲ
ਹੁਣ ਤੱਕ ਸਰਦਾਰ ਅਵਤਾਰ ਸਿੰਘ ਜੀ (ਪਰਾਗ ਪੁਰ) ਸਰਦਾਰ ਮੁਖ਼ਤਿਆਰ ਸਿੰਘ,
ਬਾਬਾ ਫੌਜਾ ਸਿੰਘ, ਰਵੀ ਸਿੰਘ 'ਖਾਲਸਾ ਏਡ', ਕਮਲਜੀਤ ਸਿੰਘ ਨੀਲੋਂ, (ਬਾਲ
ਸਾਹਿਤ) ਡਾ. ਹਰਸ਼ਿੰਦਰ ਕੌਰ (ਪਟਿਆਲ਼ਾ) ਸ. ਅਜਮੇਰ ਸਿੰਘ (ਮੌਜੂਦਾ
ਇਤਿਹਾਸਕਾਰ) ਨਾਰਵੇ ਪੰਜਾਬੀ ਸਕੂਲ। ਇਹ ਸਨਮਾਨ ਡਾ. ਕੰਦੋਲਾ ਵਲੋਂ 1982
ਵਿੱਚ ਕੰਪਿਊਟਰ ‘ਤੇ ਪੰਜਾਬੀ ਲਿਖਤ ਪ੍ਰਕਰਣ (ਵਰਡ ਪ੍ਰੋਸੈੱਸਰ) ਤਿਆਰ ਕਰਨ
ਅਤੇ 1999 ਵਿੱਚ ਪੰਜਾਬੀ ਦਾ ਪਹਿਲਾ ਵੈੱਬਸਾਈਟ 5ਆਬੀ.ਕੌੱਮ ਸਥਾਪਤ ਕਰਨ
ਵਾਸਤੇ ਦਿੱਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪੰਜਾਬੀ ਲਿਖਤ ਪ੍ਰਕਰਣ ਨੂੰ
ਬੀਬੀਸੀ ਅਤੇ ਬ੍ਰਤਾਨਵੀ ਪੰਜਾਬੀ ਸਕੂਲਾਂ ਵਲੋਂ ਵੱਡਾ ਹੁੰਗਾਰਾ ਮਿਲ਼ਿਆ।
ਉਹਨਾਂ ਦੇ ਨਾਲ਼ ਹੀ ਬ੍ਰਤਾਨੀਆ ਵਿੱਚ 'ਪੰਜਾਬੀ ਰੇਡੀਓ' ਤੇ ਸੰਸਾਰ ਭਰ
ਵਿੱਚ ਪਹਿਲੇ ਅੰਤ੍ਰਰਾਸ਼ਟਰੀ ਪੰਜਾਬੀ ਟੈਲੀਵੀਯਨ ‘ਸਿੱਖ ਚੈਨਲ’ ਅਤੇ ਦੇਸ਼
ਵਿਦੇਸ਼ਾਂ ਦੇ ਪੰਜਾਬੀ ਸਕੂਲਾਂ ਵਿੱਚ ਪੰਜਾਬੀ ਯੂਨੀਕੋਡ ਕੀਬੋਰਡ ਦੀ
ਜਾਣਕਾਰੀ ਸਿਖਲਾਈ ਦੇਣ ਲਈ ਸ਼ਿੰਦਰਪਾਲ ਸਿੰਘ ਮਾਹਲ ਨੂੰ ਵੀ ਸਨਮਾਨਿਤ
ਕੀਤਾ ਗਿਆ।
|