WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

5_cccccc1.gif (41 bytes)

5ਆਬੀ.ਕਾਮ ਦੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ

5_cccccc1.gif (41 bytes)

ਕਰਨੈਲ ਸਿੰਘ

20/02/05

ਸਹਿ ਪਾਠਕ ਜਨੋਂ,
ਕੁਝ ਸਮੇਂ ਤੋਂ ਡਾਕਟਰ ਕੰਦੋਲਾ, ਡਾਕਟਰ ਕੁਲਬੀਰ ਸਿੰਘ ਥਿੰਡ, ਅਤੇ ਕਿਰਪਾਲ ਸਿੰਘ ਪੰਨੂੰ ਹੋਕਾ ਦੇ ਰਹੇ ਹਨ, ਕਿ ਪੰਜਾਬੀ ਭਾਸ਼ਾ ਨੂੰ ਜਗਤ ਪ੍ਰਸਿੱਧੀ ਤਦੇ ਹੀ ਮਿਲੇਗੀ, ਜੇ ਕਰ ਇਸ ਨੂੰ ਕੇਵਲ ਤੇ ਕੇਵਲ ਇਕ ਹੀ ਲਿਪੀ ਵਿਚ ਲਿਖਣ ਅਤੇ ਪੜ੍ਹਨ ਦੀ ਜੁਗਤ ਸਿਖੀ ਜਾਵੇਗੀ। ਭਾਰਤ ਸਰਕਾਰ ਨੇ ਵੀ ਇਸੇ ਨੂੰ ਮਾਨਤਾ ਦਿੱਤੀ ਹੋਈ ਹੈ। ਹੁਣੇ ਹੁਣੇ ਪੈਨਸਿਲਵੇਨੀਆ ਯੂਨੀਵਰਸਿਟੀ ਵਿਚ ਕੁਝ ਸਮੇਂ ਕੰਮ ਕਰਨ ਨਾਲ ਮੈਨੂੰ ਅਨੁਭਵ ਹੋਇਆ ਕਿ ਦੁਨੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਏਸੇ ( ਰਾਵੀ) ਲਿਪੀ  ਵਿਚ ਹੀ ਪੰਜਾਬੀ ਭਾਸ਼ਾ ਦਾ ਸਾਰਾ ਕੰਮ ਹੁੰਦਾ ਹੈ।

 

ਇਹ ਤਾਂ ਸਾਨੂੰ ਮੰਨਣਾ ਪਵੇਗਾ ਕਿ ਕੰਪਿਊਟਰ ਬਿਨਾਂ ਹੁਣ ਜੀਵਨ ਦੀ ਚਾਲ ਮੱਧਮ ਹੀ ਹੈ। ਭਾਵੇਂ ਹਰ ਪੰਜਾਬੀ ਘਰ ਵਿਚ ਇਸ ਦੀ ਚੇਟਕ ਲਗਾਉਣ ਲਈ, ਹਰ ਕਿਸੇ ਬੁੱਧੀ ਜੀਵੀ ਨੇ ਸ਼ੁਰੂ ਸ਼ੁਰੂ ਵਿਚ ਆਪਣੇ ਆਪਣੇ ਫ਼ੌਟ ਈਜਾਦ ਕਰ ਲਏ ਸਨ। ਐਪਰ ਸੰਸਾਰ ਵਿਚ ਸਟੈਂਡਰਡਾਈਜ਼ੇਸ਼ਨ Standardization ਦੀ ਮਹੱਤਤਾ ਨੂੰ ਮੁੱਖ ਰੱਖ ਕੇ ਯੂਨੀਕੋਡ UNICODE ਨੂੰ ਅਪਨਾਉਣ ਰਾਹੀਂ ਹੋਰ ਭਾਸ਼ਾਵਾਂ ਦੇ ਬਰਾਬਰ ਹੋ ਕੇ ਚੱਲਣ ਦਾ ਸੱਦਾ ਜਿੰਨੀ ਛੇਤੀ ਸਵੀਕਾਰ ਕਰ ਲਿਆ ਜਾਵੇ, ਸਾਰਿਆਂ ਲਈ ਅਤਿਅੰਤ ਜ਼ਰੂਰੀ ਹੈ।
 

ਆਸ਼ਾ ਹੈ ਕਿ ਜਦੋਂ ਡਾਕਟਰ ਕੰਦੋਲਾ, ਅਤੇ ਬਾਕੀ ਦੀਆਂ ਵੈਬਸਾਈਟਾਂ  ਨੇ ਇਕ ਸਮੇ ਦੀ ਸੀਮਾ ਮਿਥ ਕੇ  ਰੋਕ ਲਗਾਈ ਤਾਂ ਹੀ ਅਸੀਂ ਜਾਗਾਂਗੇ। ਫੇਰ ਕਿਉਂ ਨਾ ਹੁਣੇ ਹੀ ਸ਼ੁਰੂ ਕਰ ਲਈਏ।

ਜਦੋਂ ਤੋਂ www.5abi.comਤੇ ਯੂਨੀਕੋਡ ਅਪਨਾਉਣ ਦਾ ਵਿਗਆਪਨ ਪੜ੍ਹਿਆ, ਮੈਂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ, ਪਰ ਮੇਰੇ ਪੱਲੇ ਕੁਝ ਨਹੀਂ ਪਿਆ।। ਆਖਿਰ ਸ. ਕਿਰਪਾਲ ਸਿੰਘ ਪੰਨੂੰ ਅਤੇ ਡਾਕਟਰ ਥਿੰਡ ਹੋਰਾਂ ਦੇ ਏਸ ਵੈਬਸਾਈਟ ਅਤੇ ਲਿਖਾਰੀ ਵੈਬਸਾਈਟ ਉੱਤੇ ਪ੍ਰਚਲਿਤ ਲੇਖਾਂ ਨੂੰ ਪੜ੍ਹਨ ਉਪ੍ਰਾਂਤ ਮੈਂ ਹੇਠ ਲਿਖੇ ਕੁਝ ਯਤਨ ਜ਼ਰੂਰੀ ਸਮਝੇ, ਜਿਨ੍ਹਾਂ ਬਿਨਾਂ ਯੂਨੀਕੋਡ ਨਹੀਂ ਅਪਣਾਇਆ ਜਾ ਸਕਣਾ।

 

  1. ਜਿੰਨ੍ਹਾਂ ਸੱਜਣਾਂ ਕੋਲ ਹੋਰ ਕੋਈ ( 95, 98 ਨੰਬਰ ਦੀ)  ਵਿੰਡੋ ਹੈ, ਉਹਨਾਂ ਨੂੰ WINDOW XP  ਵਿਚ ਤਬਦੀਲ ਕਰਨੀ ਪਵੇਗੀ ਜਾਂ ਨਵਾਂ ਕੰਪਿਊਟਰ ( ਵਿੰਡੋ-XP ਵਾਲਾ) ਖਰੀਦਣਾ ਪਵੇਗਾ। ਕਿਉਂਕਿ  Window 95, 98  ਆਦਿ ਵਿਚ ਉਤਨੀ ਯਾਦਾਸ਼ਤ ( MEMORY ) ਨਹੀਂ ਹੁੰਦੀ।

  2. ਦੂਸਰੀ ਬਹੁਤ ਜ਼ਰੂਰੀ ਗੱਲ, ਕਿ ਮਾਈਕਰੋ ਸੋਫ਼ਟ ਵਰਡ ੨੦੦੩ ( Microsoft Word 2003 ) ਤੋਂ ਬਿਨਾ ਯੂਨੀਕੋਡ ( ਰਾਵੀ ਫੌਂਟ)  ਕੰਮ ਨਹੀਂ ਕਰ ਸਕਦਾ।

ਪਿਹਲਾਂ ਮੈਂ,   ਆਪਣੇ ਕੰਪਿਊਟਰ ਵਿਚ ਕੇਵਲ ਬਦਲ-ਫੇਰ ਕਰਨ ਬਾਰੇ ਐਸਟੀਮੇਟ ਲਗਾਇਆ। ਕਿ ਸੀ.ਡੀ.ਰੌਮ ( CD ROM) ਖਰੀਦਾਂ, ਅਤੇ ਵਿੰਡੋ ਐਕਸ ਪੀ (Window-XP) ਮੁੱਲ ਲਵਾਂ। ਫੇਰ ਕਿਸੇ ਕੰਪਿਊਟਰ ਐਕਸਪਰਟ ਕੋਲੋਂ ਉਹਨਾਂ ਨੂੰ ਫ਼ਿਟ ਕਰਵਾਣ ਦੇ ਪੈਸੇ ਖਰਚਾਂ।  ਏਨੇ ਮੁੱਲ ਤੋਂ ਵੀ ਘੱਟ ਕੀਮਤ ਵਿਚ ਮੈਨੂੰ ਨਵਾਂ ( COMPAQ- Presario) ਮਿਲ ਗਿਆ, ਜਿਸ ਵਿਚ ਦੋਵੇਂ ਚੀਜ਼ਾਂ ਲੱਗੀਆਂ ਹੋਈਆਂ ਸਨ। ਨਾਲੇ ਤਿੰਨ ਸਾਲਾਂ ਦੀ ਵਾਰੰਟੀ। ਜਿੰਨੇ ਸਵਾਲ ਮਰਜ਼ੀ ਅਗਲਿਆ ਤੋਂ ਪੁੱਛੋ।

ਹੁਣ ਆਈ ਗੱਲ ਅੱਖਰਾਂ ਦੀ ਸੁੰਦਰਤਾ ਦੀ। ਜਿਹੜਾ ਪੰਜਾਬੀ ਸੇਵਾ ਦਾ ਕਮਾਲ ਡਾਕਟਰ ਥਿੰਡ ਹੋਰਾਂ ਨੇ ਆਪਣੀ ਨਿਸ਼ਕਾਮ ਕੰਪਿਊਟਰ ਸੇਵਾ ਨਾਲ ਕਰ ਵਿਖਾਇਆ ਹੈ, ਗੁਰਬਾਣੀ ਸੀ.ਡੀ. (GURBANI C.D..)  ਨੂੰ ਫ਼ਰੀ ਵੰਡ ਕੇ, ਉਹ ਪੰਜਾਬ ਦੀਆਂ ਯੂਨੀਵਰਸਟੀਆਂ ਨੇ ਕਦੇ ਵੀ ਨਹੀਂ ਕਰ ਸਕਣਾ । ਅਨਮੋਲ ਲਿਪੀ ਦੇ ਅੱਖਰਾਂ ਦੀ ਸੁੰਦਰਤਾ ਤਾਂ ਤੁਸਾਂ ਵੇਖੀ ਹੀ ਹੈ

 

ਹੁਣ ਉਹਨਾਂ , ਡਾਕਟਰ ਸੁਖਜਿੰਦਰ ਸਿੰਘ ਸਿੱਧੂ, ਅਤੇ ਸ.ਕਿਰਪਾਲ ਸਿੰਘ ਪੰਨੂੰ ਸਾਰਿਆ ਨੇ ਰਲ ਕੇ ਅਨਮੋਲ-ਯੂਨੀ  ਅਤੇ ਧਨੀਰਾਮ ਚਾਤਿਰਕ ਯੂਨੀ ਤਿਆਰ ਕੀਤੀ ਹੈ, ਜਿਸ ਵਿਚ ਅਤੇ ਪਹਿਲਾਂ ਲਿਖੀ ਅਨਮੋਲ /ਚਾਤ੍ਰਿਕ ਵਿਚ ਰਤਾ ਫ਼ਰਕ ਨਹੀਂ ਹੈ। ਇਹ ਜਿਸ ਇਬਾਰਤ ਨੂੰ ਤੁਸੀਂ ਪੜ੍ਹ ਰਹੇ ਹੋ, ਇਹ ਅਨਮੋਲ-ਯੂਨੀ ਵਿਚ ਲਿਖੀ ਹੋਈ ਹੈ।

ਮੈਂ ਕਿਸੇ ਕੰਪਿਊਟਰ ਕੰਪਨੀ ਨਾਲ ਸੰਭੰਧਿਤ ਨਹੀਂ ਹਾਂ। ਕੇਵਲ ਪੰਜਾਬੀ ਬੋਲੀ ਦੀ ਸੇਵਾ ਮਾਤ੍ਰ ਸੁਝਾਉ ਦੇਣਾ ਜ਼ਰੂਰੀ ਸਮਝਦਾ ਹਾਂ। ਆਸ਼ਾ ਹੈ ਇਹ ਲੇਖ ਪੜ੍ਹ ਕੇ ਯੂਨੀਕੋਡ ਨੂੰ ਸ਼ੀਂਘਰ ਅਪਨਾਣ ਲਈ ਤੁਸੀਂ ਆਪਣਾ ਮਨ ਬਣਾ ਸਕੋ।

 

ਕਰਨੈਲ ਸਿੰਘ

ਰਾਜ ਭੁਪਿੰਦਰ ਸਿੰਘ, ਭਾਰਤ

20/02/05

ਮਸਕੀਨ ਜੀ ਦਾ ਵਿਛੋੜਾ ਬਹੁਤ ਦੁਖਦਾਈ ਹੈ । ਉਨ੍ਹਾਂ ਦੀ ਸਿੱਖੀ ਦੀ ਮਨ ਲਾ ਕੇ ਸੇਵਾ ਭੁਲਾਈ ਨਹੀਂ ਜਾ ਸਕਦੀ ।
5ਆਬੀ.ਕਾਮ ਤੇ ਲਗਾਈ ਗਈ ਮਸਕੀਨ ਜੀ ਦੀ ਕਥਾ, ਉਨ੍ਹਾਂ ਦੀ ਅਵਾਜ ਵਿਚ, ਬਹੁਤ ਵਧੀਆ ਤੇ ਦਿਲ-ਟੁੰਬਵੀ ਹੈ ।
ਮੇਰੀ ਸੰਪਾਦਕ ਜੀ ਨੂੰ ਬੇਨਤੀ ਹੈ ਕਿ ਇਹ ਕਥਾ ਵਾਰਤਕ ਰੂਪ ਵਿਚ ਵੀ 5ਆਬੀ.ਕਾਮ ਤੇ ਛਾਪੀ ਜਾਵੇ ।

ਰਾਜ ਭੁਪਿੰਦਰ ਸਿੰਘ, ਭਾਰਤ ।

ਗੁਰਮੀਤ ਸਿੰਘ (ਯੂ ਕੇ)

19/02/05

ਕੁੱਝ ਵਰ੍ਹੇ ਪਹਿਲਾਂ, ਉਪ੍ਰੋਕਤ ਪੱਤਰ ਭੇਟਾ ਗਿਆਨੀ ਸੰਤ ਸਿੰਘ ਮਸਕੀਨ ਹਰਾਂ ਨੂੰ ਕੀਤੀ ਸੀ।
ਅੱਜ ਇਹ ਉਨ੍ਹਾਂ ਦੇ ਅੰਤਲੇ, ਸਾਕਾਰ ਦਰਸ਼ਨ ਦੀ ਯਾਦ ਕਰਾ ਰਹੀ ਹੈ – ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ। ਹਾਰਦਿਕ ਅਰਦਾਸ ਹੈ – ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨ ਕੰਵਲਾਂ ਵਿੱਚ ਅਸਥਾਨ ਬਖ਼ਸ਼ਣ।
ਗੁਰਮੀਤ ਸਿੰਘ (ਯੂ ਕੇ)

ਗੁਰਦਿਆਲ ਸਿੰਘ ਰਮਤਾ, ਡੈਨਮਾਰਕ

19/02/05

ਗੁਰਦਿਆਲ ਸਿੰਘ ਰਮਤਾ

ਪੰਜਾਬੀ ਵਿਰਸਾ ਐਸਾ ਕਿਉਂ
5ਆਬੀ ਦੇ ਪਿਅਰੇ ਪਾਠਕੋ। ਸਭ ਤੋਂ ਪਹਿਲਾਂ ਮੈਂ 5ਆਬੀ ਦੇ ਸੰਪਾਦਿਕ ਅਤੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜਿਨ੍ਹਾਂ ਨੇ ਆਪਣੀਂ ਮਾਂ ਬੋਲੀ ਪੰਜਾਬੀ ਪੰਜਾਬੀਅਤ ਦੀ ਸੇਵਾ ਦਾ ਇਤਨ੍ਹਾਂ ਵੱਡਾ ਵਜ਼ਨ ਆਪਣੇਂ ਕੰਧਿਆ ਤੇ ਚੁਕ ਕੇ ਸੇਵਾ ਨਭਾਂਦੇ ਆ ਰਹੇ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ,ਬਹੁਤ ਹੀ ਸ਼ਲਾਗਾ ਯੋਗ ਹੈ।
ਅੱਜ ਦਾ ਜੋ ਯੁਗ ਹੈ ਇਹ ਮਿੱਡੀਏ ਦਾ ਹੈ। ਅਖ਼ਬਾਰ, ਟੈਲੀਵਿਜ਼ਨ. ਰੇਡੀਉ ਆਦਿ। 5ਆਬੀ ਦੀ ਬਹੁਤ ਵੱਡੀ ਕੁਰਬਾਨੀ ਇਹ ਹੈ, ਕਿ ਜੋ ਇਨ੍ਹਾਂ ਨੇ ਹੈਡ ਲਾਈਨ, ਯਾਨੀ ਸ਼ੁਰੂ ਵਿੱਚ ਹੀ ਪਾਠਕਾਂ ਲਈ ਇਨ੍ਹਾਂ ਨੇ ਲਿੱਖ ਦਿੱਤਾ ਹੈ, ਕਿ ਖੱਤ ਸਿਰਫ ਗੁਰਮੁਖੀ ਲਿੱਪੀ ਵਿਚ ਹੀ ਛਾਪਿਆ ਜਾਏਗਾ।

ਇਹ ਪੜ ਕੇ ਮੰਨ ਤੇ ਅਮ੍ਰਿਤ ਦੀ ਵਰਖਾ ਹੋਈ ਮਨ ਨੂੰ ਅਤੀ ਸ਼ਾਤੀ ਪਹੁੰਚੀ ਕੋਈ ਐਸਾ ਮਿੱਡੀਆ ਪ੍ਰਭੂ ਦੀ ਕਿਰਪਾ ਨਾਲ ਜਾਗਤ ਹੈ, ਜੋ ਆਪਣੀਂ ਮਾਂ ਬੋਲੀ ਨੂੰ ਸਤਿਕਾਰ ਅਤੇ ਪਿਆਰ ਕਰਦਾ ਹੈ। ਨਹੀਂ ਤਾਂ ਆਮ ਤੌਰ ਤੇ ਜਿਥੇ ਵੀ ਪਹੁੰਚਦੇ ਹਾਂ ਹਰ ਵਿਅਕਤੀ ਇੰਗਲਿਸ਼ ਨੂੰ ਹੀ ਮੂੰਹ ਮਾਰਦਾ ਹੈ।

ਅਸੀਂ ਅਪਣੀਂ ਮਾਂ ਬੋਲੀ ਨੂੰ ਭੁਲਦੇ ਜਾ ਰਹੇ ਹਾਂ। ਗੱਲਤੀ ਕਿਸ ਦੀ ਸਾਡੇ ਆਗੂਆਂ ਦੀ। ਉਹ ਕੀ? ਸ਼ਾਡੇ ਪ੍ਰਵਾਸੀ ਪੰਜਾਬੀ ਜੋ ਯੋਰਪ ਦੇ ਦੇਸ਼ਾਂ ਵਿਚ ਜਮ ਪਲ ਰਹੇ ਨੇ, ਉਨ੍ਹਾਂ ਨੂੰ ਕੋਈ ਗੁਰਮੁੱਖੀ ਜਾਂ ਫਿਰ ਹਿੰਦੀ ਦੀ ਤਲੀਮ ਹਾਸਲ ਕਰਨ ਦਾ ਕੋਈ ਇਤਨ੍ਹਾਂ ਅੱਛਾ ਯਤਨ ਨਹੀਂ ਹੈ। ਅਸੀਂ ਲੋਗ ਸੱਭ ਤੋਂ ਪਹਿਲਾਂ ਜਿਥੇ ਭੀ ਪਹੁੰਚਦੇ ਹਾਂ ਉਥੇ ਜਾ ਕੇ ਸੱਭ ਤੋਂ ਪਹਿਲਾਂ ਗੁਰਦਵਾਰਾ, ਯਾਨੀਂ ਗੁਰੂ ਦਾ ਘਰ, ਸਿਮਰਨ ਕਰਨ ਵਾਸਤੇ ਬਣਾਂਦੇ ਹਾਂ, ਜਿਥੇ ਕਿ ਅਸੀਂ ਆਪਣੇਂ ਬੱਚਿਆਂ ਨੂੰ ਆਪਣੇਂ ਮੂਲ ਨਾਲ ਜੋੜ ਸਕੀਏ। ਲੇਕਨ ਹੁੰਦਾ ਕੀ ਹੈ ? ਬਹੁਤ ਸਾਰੇ ਲੋਕ ਆਪਣੇਂ ਆਉਦਿਆਂ ਲਈ ਇਨ੍ਹਾਂ ਅਸਥਾਨ੍ਹਾਂ ਤੇ ਲੜਾਈ ਝਗੜੇ ਕਰਦੇ ਹਨ। ਜਿਨ੍ਹਾਂ ਦਾ ਅਸਰ ਸਾਡੀ ਆਣ ਵਾਲੀ ਪਨੀਰੀ ਤੇ ਬਹੁਤ ਹੀ ਬੁਰਾ ਪੈ ਰਿਹਾ ਹੈ। ਕਿਸੇ ਨੇ ਸੱਚ ਹੀ ਤਾਂ ਕਿਹਾ ਹੈ, ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾਂ ਹੋਵੇ ਤਾਂ ਸੱਭ ਤੋਂ ਪਹਿਲਾਂ ਉਸ ਕੌਮ ਦਾ ਸਭਿਆਚਾਰ ਖੱਤਮ ਕਰ ਦਿਉ ਕੌਮ ਆਪਣੇਂ ਆਪ ਖਤਮ ਹੋ ਜਾਏਗੀ।

ਸ਼ਾਡਾ ਧਰਮ, ਸਭਿਆਚਾਰ, ਸਭਿਅਤਾ, ਸਭ ਦਾ ਸਭ ਸਾਡੇ ਗਰੰਥਾਂ ਵੇਦਾਂ ਤੇ ਹੀ ਚਲਦਾ ਹੈ, ਗਰੰਥ ਅਤੇ ਵੇਦ ਇਹ ਹਿੰਦੀ, ਗੁਰਮੁੱਖੀ, ਸੰਸਕ੍ਰਿਤ, ਵਿਚ ਪੜੇ ਜਾ ਸਕਦੇ ਹਨ। ਇਹ ਤਿਨੋਂ ਜਬਾਨਾਂ ਸਾਡੇ ਕੋਲੋਂ ਖੋਈਆਂ ਜਾ ਰਹੀਆਂ ਹਨ। ਜਾਂ ਫਿਰ ਸੱਸੀ ਪੁਨੁ, ਹੀਰ ਰਾਂਝਾ,ਆਦਿ ਜੋ ਕਿ ਪੁਰਾਤਨ ਸਮੇਂ ਤੋਂ ਸਾਡੇ ਸਭਿਆਚਾਰ ਨਾਲ ਜੁੜੇ ਹੋਏ ਹਨ।

ਉਰਦੂ ਦੇ ਕਿਤਨੇ ਚੈਨਲ ਹਨ, ਜੋ 24 ਘੰਟੇ ਉਰਦੂ ਸਖਾਣ ਦਾ ਉਪਰਾਲਾ ਕਰਦੇ ਰਹਿੰਦੇ ਹਨ। ਤਾਂ ਕਿ ਉਨ੍ਹਾਂ ਦੀ ਜਿਣਸ ਆਪਣੇਂ ਧਰਮ, ਆਪਣੇਂ ਸਭਿਆਚਾਰ, ਨੂੰ ਪੜ੍ਹ ਕੇ, ਆਪਣੇਂ ਆਪ ਨੂੰ ਜੀਵਤ ਰੱਖ ਸਕਣ। ਨਾਲ ਹੀ ਅਪਣੇਂ ਮੁਹੰਮਦ ਸਹਿਬਾਨ ਦੇ ਸੁਨੇਹੇ ਮਿਡੀਆ ਦਵਾਰਾ ਘਰੋ ਘਰ ਪਹੁਚਾਉਂਦੇ ਹਨ।

ਪੰਜਾਬੀ ਟੀ ਵੀ ਚੈਨਲ ਸਿਰਫ ਇਕ ਹੀ ਹੈ, ਜੋ ਕਿ ਕੁਝ ਸਮੇਂ ਲਈ ਸ੍ਰੀ ਹਰਮੰਦਰ ਸਾਹਿਬ ਤੋਂ ਗੁਰੂਬਾਣੀ ਦਾ ਸਿੱਦਾ ਪਰਸਾਰਣ ਕਰਦਾ ਹੈ। ਉਸ ਨੂੰ ਵੀ ਦਰਸ਼ਕ ਪੈਸਿਆਂ ਬਿਨ੍ਹਾਂ ਨਹੀਂ ਵੇਖ ਸਕਦੇ। ਕਈ ਸਾਰੇ ਹੋਰ ਚੈਨਲ਼ ਵੀ ਹਨ, ਜਿਨ੍ਹਾਂ ਨੂੰ ਵੇਖਣ ਲੱਗਿਆਂ ਸ਼ਰਮ ਆਦੀ ਹੈ। ਜੋ ਲੜਕੀਆਂ ਨੰਗੇ ਨਾਚ ਕਰਦੀਆਂ ਹਨ । ਪਤਾ ਨਹੀਂ ਉਨ੍ਹਾਂ ਦੀ ਸ਼ਰਮ ਨੂੰ ਪੈਸਾ ਖਾਅ ਗਿਆ। ਜਾਂ ਫਿਰ ਟੀ ਵੀ ਚੈਨਲ ਵਾਲਿਆਂ ਨੂੰ ਸਿਰਫ ਪੈਸਾ ਹੀ ਦਿਖਾਈ ਦੇ ਰਿਹਾ ਹੈ। ਜੋ ਕਿ ਐਸੇ ਪ੍ਰੋਗਰਾਮਾ ਨੂੰ ਦਰਸ਼ਕਾਂ ਲਈ ਪੇਸ਼ ਕਰਦੇ ਹਨ । ਜਾਂ ਫਿਰ ਇਹ ਲੋਗ ਪੰਜਾਬੀ ਸਮਾਜ ਦੇ ਦੁਸ਼ਮਨ ਹਨ, ਜਾਂ ਫਿਰ ਬੇਸਮਝ ।

ਅਸਾਈ ਲੋਗ ਮਹੀਨੇਂ ਵਿਚ 3 ਜਾਂ 4 ਦਫਾ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਜਾ ਕੇ ਘੰਟੀਆਂ ਮਾਰ ਮਾਰ ਕੇ ਲੋਕਾਂ ਨੂੰ ਜਗਾ ਕੇ ਆਪਣੇਂ ਧਰਮ ਦੇ ਪਰਚਾਰ ਦੀਆਂ ਕਿਤਾਬਾਂ ਹੱਥ ਜੋੜ ਜੋੜ ਕੇ ਵੰਡਦੇ ਹਨ। ਕਦੇ ਨਹੀਂ ਕਹਿੰਦੇ ਕਿ ਇਨ੍ਹਾਂ ਨੂੰ ਰੁਮਾਲ ਵਿਚ ਲਪੇਟ ਕੇ ਰੱਖਣਾਂ। ਕਿਤਾਬਾਂ 4 ਲਉ ਜਾਂ ਫਿਰ ਜ਼ਿਆਦਾ ਹਾਜ਼ਰ ਹਨ।

ਸ਼ਾਡੇ ਕੁਝ ਅਸਥਾਨਾਂ ਤੇ ਰੀਸੋ ਰੀਸੀ ਪਰਚਾਰ ਦੀਆਂ ਪੁੱਸਤਕਾਂ ਤਾਂ ਵੰਡੀਆਂ ਜਾਂਦੀਆਂ ਹਨ। ਜਿਸ ਦੇ ਅੰਗ ਸਿਰਫ 30 ਜਾਂ ਫਿਰ ਥੱਲੇ ਉੱਤੇ ਹੁੰਦੇ ਹਨ। ਨਾਲ ਹੀ ਇਕ ਰਜਿਸਟਰ ਰੱਖਿਆ ਹੋਇਆ ਹੁੰਦਾ ਹੈ, ਭਾਈ ਸਾਹਿਬ ਜੀ ਇਥੇ ਦਸਖ਼ਤ ਕਰ ਦਿਉ ਕਿ ਇਹ ਪੁੱਸਤਕ ਤੁਸੀਂ ਲੋਨ ਕੀਤੀ ਹੈ। ਇਕ ਹਫਤੇ ਲਈ ਮਿਲ ਸਕਦੀ ਹੈ। ਸੁਣਨ ਲਈ ਆਉਂਦਾ ਹੈ ਕਿ ਪੰਜਾਬੀ ਵਿਰਸਾ ਜਗਤ ਦਾ ਸੱਭ ਤੋਂ ਉਚਾ, ਸੁਚਾ,ਅਤੇ ਅਮੀਰ ਵਿਰਸਾ ਹੈ। ਇਸ ਨੁਕਤੇ ਤੇ ਆਣ ਕੇ ਮੈਂ ਛਾਂਕਾ ਦਾ ਸ਼ਿਕਾਰ ਬਣ ਜਾਂਦਾ ਹਾਂ। ਸਮਝ ਨਹੀਂ ਆਉਂਦੀ ਕਿ ਮੈਂ ਕੀ ਸਮਝਾਂ, ਗਰੀਬ ਜਾਂ ਫਿਰ.....।

ਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕਲਯੁਗ ਰੱਥ ਅਗਨ ਕਾ,ਕੂੜ ਅੱਗੇ ਰੱਥਵਾਉ।

ਲ਼ੱਖਾਂ ਦੀ ਸੰਗਤ ਵਿਚੋਂ ਅੱਜ ਦੇ ਯੁੱਗ ਵਿਚ ਇਕ ਹੀ ਗੁਰਸਿੱਖ, ਗੁਰਮੁੱਖ ਪਿਆਰਾ,ਨਜ਼ਰ ਆਉਂਦਾ ਹੈ, ਜਿਸ ਦੀ ਲੀਨ ਪ੍ਰਭੂ ਨਾਲ ਜੁੜੀ ਹੋਈ ਹੈ। ਲੇਕਨ ਅੱਜ ਦੇ ਦੌਰ ਵਿੱਚ ਧਰਮ ਅਸਥਾਨ ਦਾ ਮੁੱਖੀਆ, ਯਾਨੀ ਮੁੱਖ ਸੇਵਾਦਾਰ, ਉਸ ਗੁਰਮੁੱਖ ਪਿਆਰੇ ਨੂੰ ਕਦੇ ਨਹੀਂ ਚੁਣਿਆ ਜਾਂਦਾ ਕਿਉਂਕਿ ਉਹ ਪੁਰਖ, ਪ੍ਰਭੂ ਦਾ ਪਿਆਰਾ ਹੈ।

ਅੱਜ ਦੀ ਸੰਗਤ ਉਸ ਵਿਅਕਤੀ ਨਾਲ ਜੁੜਦੀ ਹੈ ਜੋ ਵਿਅਕਤੀ ਜਗਤ ਦਾ ਹੈ। ਪ੍ਰਭੂ ਤੋਂ ਕੀ ਲੈਣਾਂ ਹੈ। ਸੇਵਾਦਾਰ ਕਦੇ ਕਿਸੇ ਹਵਾਈ ਅੱਡੇ ਤੇ ਕਿਸੇ ਪਿਆਰੇ ਨੂੰ ਮਿਲ ਜਾਏ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਪਤਹਿ, ਕਿਥੋਂ ਆਏ ਹੋ ਜੀ,ਫੱਟ ਆਪਣਾਂ ਵਿਜਟੰਗ ਕਾਰਡ ਕੱਢ ਕੇ ਆਖਦਾ ਹੈ, ਮੈਂ ਧਰਮ ਅਸਥਾਨ ਦਾ ਯਾਨੀਂ ਗੁਰੂ ਸਹਿਬਾਨ ਦਾ ਪ੍ਰੈਜੀਡੰਟ ਹਾਂ ਜੀ, ਜ਼ਰੂਰ ਕਦੇ ਆਉ ਤਾਂ ਦਰਸ਼ਨ ਦੇਨ੍ਹਾਂ ਜੀ। ਇਹ ਅੱਜ ਦਾ ਸਮ੍ਹਾਂ ਹੈ।

ਮੈਂ ਆਪਣੇਂ ਜੀਵਨ ਨੂੰ ਸਿੱਖੀ ਤੋਂ ਤਕਰੀਬਨ ਬਾਂਝਾ ਰੱਖਿਆ ਹੈ। ਇਹ ਮੇਰੀ ਬੱਦਕਿਸਮਤੀ ਹੈ, ਕਿ ਸਿੱਖ ਪ੍ਰਵਾਰ ਵਿੱਚ ਜਨਮ ਲੈ ਕੇ ਨਿੱਭਾ ਨਾਂ ਸਕਿਆ। ਸਵਰਗੀਏ ਮੇਰੇ ਪਿਤਾ ਜੀ ਨਿਤਨੇਮੀ ਸਨ, ਪੁਰਾਨੇਂ ਜ਼ਮਾਨੇਂ ਦੇ ਗਿਆਨੀ ਪਾਸ ਸਨ। ਕੀਰਤਨ ਬਹੁਤ ਹੀ ਅੱਛਾ ਕਰਿਆ ਕਰਦੇ ਸਨ, ਮੈਂ ਖ਼ੁਦ ਵੀ ਪਿਤਾ ਜੀ ਨਾਲ ਬੱਚਪਨੇ ਵਿਚ ਕੀਰਤਨ ਦੀ ਸੰਗਤ ਕਰਿਆ ਕਰਦਾ ਸਾਂ। 1993 ਵਿਚ ਮੇਰਾ ਮੇਲ ਬਾਬਾ ਬੋੜ ਸ੍ਰ.ਜਗਦੇਵ ਸਿੰਘ ਜੀ ਜਸੋਵਾਲ ਨਾਲ ਹੋਇਆ। ਬਹੁਤ ਪਿਆਰ ਦਿੱਤਾ, ਮੇਰੀ ਗਾਇਕੀ ਸੁਣੀਂ ਖ਼ੁਸ਼ ਹੋਏ, ਨਾਲ ਹੀ ਮੈਨੂੰ ਉਸਤਾਦ ਜਸਵੰਤ ਸਿੰਘ ਭੋਰਾ, ਜੀ ਕੋਲ ਲੈ ਗਏ ਕਿਹਾ ਕਿ ਰਮਤਾ ਜੀ ਨੂੰ ਪੌਲਸ਼ ਕਰਨਾਂ ਹੈ। ਉਸਤਾਦੀ ਸ਼ਗਿਰਦੀ ਦੀ ਰਸਮ ਪਿਅਰ ਸਤਿਕਾਰ ਨਾਲ ਗਾਇਕ, ਕੁਲਦੀਪ ਪਾਰਸ ਦੇ ਗ੍ਰਹਿ ਵਿਖੇ ਕੀਤੀ ਗਈ। ਇਨ੍ਹਾਂ ਦੀ ਕ੍ਰਿਪਾ ਦਵਾਰਾ ਮੇਰੇ ਤੇ ਸੰਗੀਤ ਦੀ ਮੇਹਰ ਹੋਈ। ਮੈਨੂੰ ਸਹੀ ਢੰਗ ਨਾਲ ਜਾਗ ਲੱਗ ਗਿਆ ਅੱਜ ਪ੍ਰਭੂ ਦੀ ਕ੍ਰਿਪਾ ਹੈ।

ਗੁਰਮੁੱਖ ਭੀ ਮਿਲਦੇ ਹਨ, ਜਦੋਂ ਭੀ ਕਿਸੇ ਧਰਮ ਅਸਥਾਨ ਤੇ ਗਿਆ ਹਾਂ ਮੈਨੂੰ ਤਕਰੀਬਨ ਪਿਆਰਿਆਂ ਨੇਂ ਨਫਰਤ ਦੀ ਨਿਘਾਹ ਨਾਲ ਹੀ ਵੇਖਿਆ ਹੈ। ਪਿਛਲੇ ਸਾਲ ਮੈਂ ਕਿਸੇ ਦੇ ਘਰ ਅਖੰਡ ਪਾਠ ਤੇ ਪਹੁੰਚਿਆ ਤਾਂ ਵੇਖਿਆ ਕਿ ਉਥੇ ਦੋ ਗੁਰਮੁੱਖ ਪਿਆਰੇ ਸਿੰਘ ਸਹਿਬਾਨ ਇਕ ਅਸਟ੍ਰੇਲੀਆ ਤੋਂ ਧਰਮ ਦੇ ਪਰਚਾਰਕ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਿਡਨੀ,ਅਤੇ ਇਥੋਂ ਦੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇਂ ਰੱਲ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਕੀਰਤਨ ਕੀਤਾ। ਮੇਰਾ ਦਿੱਲ ਕੀਤਾ ਕਿ ਇਨ੍ਹਾਂ ਗੁਰਮੁੱਖ ਪਿਆਰਿਆਂ ਨਾਲ ਪਤਹਿ ਸਾਂਝੀ ਕਰਾਂ। ਕਰਾਂ ਤਾਂ ਕਿਵੇਂ ਕਰਾਂ, ਹੱਥ ਅੱਗੇ ਵਧਾਇਆ ਗੁਰਮੁੱਖਾਂ ਨੇਂ ਮੈਨੂੰ ਘੁਟ ਕੇ ਜੱਫੇ ਵਿਚ ਲੈ ਲਿਆ, ਮੈਨੂੰ ਅਸੀਸ ਦਿੱਤੀ ਸੁਖੀ ਰਹਿ। ਬਾਦ ਵਿਚ ਕੁਝ ਸਾਦੇ ਵੀਚਾਰ ਵੀ ਸਾਂਝੇ ਕੀਤੇ। ਗੁਰਮੁੱਖ ਪਿਆਰੇ ਤਾਂ ਆਪੋ ਆਪਣੇਂ ਘਰਾਂ ਨੂੰ ਪਰਤ ਗਏ, ਲੇਕਨ ਉਸ ਤੋ ਬਾਦ ਮੇਰੀ ਕੈਂਚੀ ਸਦਾ ਲਈ ਗੁਆਚ ਗਈ। ਧਨ ਹਨ ਐਸੇ ਗੁਰਮੱਖੁ ਪਿਆਰੇ ਜਿਨ੍ਹਾਂ ਦੇ ਦਰਸ਼ਨਾਂ ਨਾਲ ਜੀਵਨ ਨੂੰ ਹੀ ਪਲਟਾ ਆਗਿਆ।

ਕਿਸੇ ਸਜਣ ਪਿਆਰੇ ਨੂੰ ਕੋਈ ਵੀਚਾਰ ਚੰਗਾ ਨਾਂ ਲੱਗਿਆ ਹੋਵੇ,ਦਾਸ ਖ਼ਿਮੇਂ ਦਾ ਜਾਚਕ ਹੈ

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

16/02/05

5ਆਬੀ ਦੀ ਸੱਥ ਤੇ ਅੱਜ ਤੋਂ 3-4 ਵਰ੍ਹੇ ਪਹਿਲਾਂ ਮੈਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਜਿਸ ਰਾਹੇ ਪੰਜਾਬੀ ਗਾਇਕੀ ਤੁਰ ਪਈ ਸੀ, ਉਹ ਰਾਹ ਖੱਡ ਵਿੱਚ ਹੀ ਪੈਂਦਾ ਸੀ। ਸਭ ਤੋਂ ਵੱਧ ਇਹੀ ਗੱਲ ਰੜਕਦੀ ਸੀ ਕਿ ਨਵਾਂਪਣ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀ । ਮੁੜ ਮੁੜ ਕੇ ਤੜਕਾ ਲੱਗਾ ਹੋਣ ਕਰਕੇ ਦਾਲ ਹੀ ਨਜ਼ਰ ਆਉਣੀ ਬੰਦ ਹੋ ਗਈ ਸੀ। ਪਰ ਪਿੱਛੇ ਜਿਹੇ ਹੀ ਰੱਬੀ ਸ਼ੇਰਗਿੱਲ ਦੀ ਅਵਾਜ਼ ਵਿੱਚ ਬੁੱਲਾ ਅਤੇ ਹੋਰ ਗੀਤ ਸੁਣ ਕੇ ਲੱਗਾ ਕਿ ਇਹ ਤਾਂ ਵਾਕਿਆ ਹੀ ਤਾਜ਼ੀ ਹਵਾ ਦਾ ਬੁੱਲਾ ਹੈ। ਗੀਤਾਂ ਵਿੱਚੋਂ ਰੱਬੀ ਸ਼ੇਰਗਿੱਲ ਦੀ ਸਖ਼ਤ ਮਿਹਨਤ ਅਤੇ ਸਿਰਜਣਾਤਮਕ ਸੂਝ ਸਾਫ਼ ਝਲਕਦੀ ਹੈ। ਤੜਕਾ ਲਾਉਣ ਵਾਲੀ ਮੁੰਡੀਰ ਲਈ ਇਹ ਚੰਗਾ ਸਬਕ ਹੈ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਰਾਜ ਭੁਪਿੰਦਰ ਸਿੰਘ, ਭਾਰਤ

ਜਾਤ ਪਾਤ ਤੇ ਰਾਖਵਾਂਕਰਨ …..
- ਗੋਵਰਧਨ ਗੱਬੀ

16/02/05

ਜਾਤ ਪਾਤ ਤੇ ਰਾਖਵਾਂਕਰਨ ….. - ਗੋਵਰਧਨ ਗੱਬੀ

ਉਪਰੋਕਤ ਲੇਖ ਵਿਚ ਜਾਤ ਪਾਤ ਦੇ ਅਧਾਰ ਤੇ ਹੋ ਰਹੇ ਵਿਤਕਰੇ ਤੇ ਰਾਖਵੇਂਕਰਨ ਬਾਰੇ ਵਿਚਾਰ ਕੀਤੀ ਗਈ ਹੈ । ਲੇਖਕ ਵਲੋਂ ਜੋ ਘਟਨਾਵਾਂ ਵਿਚ ਦਲਿਤਾਂ ਨਾਲ ਹੋ ਰਹੇ ਵਤੀਰੇ ਨੂੰ ਦਰਸਾਇਆ ਹੈ , ਉਹ ਨਿੰਦਣਯੋਗ ਹਨ । ਇਹ ਘਟਨਾਵਾਂ ਕਿਣਕਾ ਮਾਤਰ ਹਨ, ਜੋ ਕਿ ਕਿਤੇ ਵੀ ਵਾਪਰ ਸਕਦੀਆਂ ਹਨ ਪਰ ਆਮ ਸੁਲਝਿਆ ਹੋਇਆ ਮਨੁੱਖ ਦਲਿਤਾਂ ਨਾਲ ਵਤੀਰਾ ਨਹੀਂ ਕਰਨਾ ਚਾਹੁੰਦਾ ਜਾਂ ਨਹੀਂ ਕਰ ਰਿਹਾ ।

ਕਈ ਧਾਰਮਕ ਅਸਥਾਨਾਂ ਵਿਚ ਦਲਿਤਾਂ ਦੇ ਦਾਖਲੇ ਦੀ ਜੋ ਪਾਬੰਦੀ ਲਾਈ ਹੋਈ ਹੈ, ਉਹ ਕੁਝ ਅਜਿਹੇ ਦਲਿਤਾਂ ਕਾਰਨ ਹੋ ਸਕਦੀ ਹੈ ਜੋ ਕਿ ਪੂਰਨ ਰੂਪ ਵਿਚ ਸਫਾਈ ਨਹੀਂ ਰੱਖਦੇ । ਕਿਉਂਕਿ ਗਰੀਬੀ ਜਿਆਦਾ ਹੋਣ ਕਾਰਨ ਉਨ੍ਹਾਂ ਦਾ ਰੋਟੀ ਪਾਣੀ ਹੀ ਬੜੀ ਮੁਸ਼ਕਲ ਨਾਲ ਚਲਦਾ ਹੈ , ਨਾਹਣ-ਧੋਣ ਦਾ ਮਸਲਾ ਪਿੱਛੇ ਰਹਿ ਜਾਂਦਾ ਹੈ । ਕਈ ਕਈ ਦਿਨ ਬਿਨਾ ਨਹਾਏ ਤੇ ਕਪੜੇ ਬਦਲੇ ਲੰਘ ਜਾਂਦੇ ਹਨ । ਕਈ ਤਾਂ ਇੱਕੋ ਹੀ ਕਪੜਾ ਉਦੋਂ ਤੱਕ ਬਿਨਾ ਧੋਤੇ ਪਾਈ ਰੱਖਦੇ ਹਨ ਜਦੋਂ ਤੱਕ ਉਹ ਕਪੜਾ ਫੱਟ ਨਹੀਂ ਜਾਂਦਾ । ਪਰ ਜੋ ਦਲਿਤ ਸਾਫ ਸੁਥਰੇ ਰਹਿੰਦੇ ਹਨ , ਉਨ੍ਹਾਂ ਨੂੰ ਤਾਂ ਧਾਰਮਿਕ ਅਸਥਾਨਾਂ ਵਿਚ ਦਾਖਲੇ ਦੀ , ਹੋਰ ਇਨਸਾਨਾਂ ਵਾਂਗ, ਖੁੱਲ ਹੋਣੀ ਚਾਹੀਦੀ ਹੈ ।

ਦਲਿਤਾਂ ਦੇ ਭਲੇ ਲਈ ਜੋ ਸਕੂਲਾਂ, ਕਾਲਜਾਂ ਤੇ ਨੌਕਰੀਆਂ ਵਿਚ ਰਾਖਵਾਂਕਰਨ ਜਾਰੀ ਹੈ, ਉਹ ਆਪਣੇ ਅਸਲੀ ਟੀਚੇ ਤੋਂ ਪਰੇ ਹੋਈ ਜਾ ਰਿਹਾ ਹੈ । ਇੱਕ ਗਜਟਿਡ ਦਲਿਤ ਅਫਸਰ ਦੇ ਬੱਚਿਆਂ ਨੂੰ ਤਾਂ ਦੁਬਾਰਾ ਰਾਖਵੇਂਕਰਨ ਦੀ ਸਹੂਲਤ ਮਿਲ ਜਾਂਦੀ ਹੈ ਪਰ ਇੱਕ ਗਰੀਬ ਤੇ ਗੈਰ-ਦਲਿਤ ਨੂੰ ਰਾਖਵੇਂਕਰਨ ਤੋਂ ਸਿਰਫ ਇਸ ਲਈ ਵਾਂਝਾ ਰਖਿਆ ਜਾਂਦਾ ਹੈ, ਕਿਉਂਕਿ ਉਹ ਦਲਿਤ ਨਹੀਂ ਹੈ , ਭਾਵੇਂ ਉਹ ਦਲਿਤ ਗਜਟਿਡ ਅਫਸਰ ਨਾਲੋਂ ਬਹੁਤ ਜਿਆਦਾ ਗਰੀਬ ਹੈ ।ਇਸ ਤੋਂ ਇਲਾਵਾ ਦਲਿਤ ਕਰਮਚਾਰੀਆਂ ਨੂੰ ਤਰੱਕੀਆਂ ਵਿਚ ਵੀ ਪਹਿਲ ਦਿਤੀ ਜਾਂਦੀ ਹੈ । ਇਸ ਦੇ ਨਤੀਜੇ ਵਜੋਂ ਕਈ ਵਾਰ ਇੱਕ ਦਲਿਤ ਕਰਮਚਾਰੀ, ਆਪਣੇ ਹੀ ਸੀਨੀਅਰ ਕਰਮਚਾਰੀ ਦਾ ਬੌਸ ਬਣ ਜਾਂਦਾ ਹੈ, ਜੋ ਕਿ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ । ਇੱਕ ਤਾਂ ਘੱਟ ਮੈਰਿਟ ਤੇ ਦੂਜਾ ਘੱਟ ਤਜਰਬਾ । ਇਹ ਸਭ ਕੁਝ ਮਿਲ ਕੇ ਤਰੱਕੀ ਪਾ ਚੁੱਕੇ ਕਈ ਦਲਿਤ ਕਰਮਚਾਰੀਆਂ/ ਅਫਸਰਾਂ ਲਈ ਉਦੋਂ ਪ੍ਰਸ਼ਾਸ਼ਨਿਕ ਮੁਸ਼ਕਲਾਂ ਪੈਦਾ ਕਰ ਦਿੰਦੇ ਹਨ ਜਦੋਂ ਉਹ ਆਪਣੇ ਤੋਂ ਜਿਆਦਾ ਪੜੇ-ਲਿਖੇ ਤੇ ਜਿਆਦਾ ਤਜਰਬੇ ਵਾਲੇ ਜੂਨੀਅਰ ( ਪਰ ਉਂਜ ਸੀਨੀਅਰ) ਕਰਮਚਾਰੀ/ਅਧਿਕਾਰੀ ਨੂੰ ਸਹੀ ਸੇਧ ਨਹੀਂ ਦੇ ਪਾਉਂਦੇ । ਦਲਿਤ ਕਰਮਚਾਰੀ/ਅਫਸਰ ਹਮੇਸ਼ਾ ਇਸੇ ਸੋਚ ਵਿਚ ਰਹਿੰਦਾ ਹੈ ਕਿ ਕਿਤੇ ਉਸ ਦੀ ਦਿਤੀ ਗਈ ਹਦਾਇਤ ਦਾ ਗਲਤ ਨਤੀਜਾ ਨਾ ਨਿਕਲ ਆਵੇ । ਜਿਸ ਕਾਰਨ ਉਸ ਦੀ ਕਮਜੋਰੀ ਦੂਜਿਆਂ ਦੇ ਸਾਹਮਣੇ ਨਾ ਆ ਜਾਵੇ । ਕਦੀ ਕਦੀ ਅਜਿਹੀ ਮਾਨਸਿਕ ਪ੍ਰਸਥਿਤੀ ਗਲਤ ਫੈਸਲੇ ਵੀ ਕਰਵਾ ਦਿੰਦੀ ਹੈ, ਜਿਸ ਨਾਲ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ ।

ਸੋ ਸਮੇਂ ਦੀ ਲੋੜ ਹੈ ਕਿ ਜਾਂ ਤਾਂ ਰਾਖਵੇਂਕਰਨ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਸਿਰਫ ਗਰੀਬ ਦਲਿਤਾਂ ਨੂੰ ਹੀ ਇਸ ਦਾ ਫਾਇਦਾ ਪਹੁੰਚਾ ਸਕੇ ਤੇ ਜਾਂ ਫਿਰ ਰਾਖਵਾਂਕਰਨ ਬੰਦ ਕਰ ਕੇ ਦਲਿਤਾਂ ਦੇ ਸਮਾਜਿਕ ਵਿਕਾਸ ਲਈ ਹੋਰ ਸਕੀਮਾਂ ਚਲਾਈਆਂ ਜਾਣ ਜੋ ਕਿ ਸਹੀ ਅਰਥਾਂ ਵਿਚ ਦਲਿਤ ਸਮਾਜ ਦਾ ਭਲਾ ਕਰ ਸਕਣ ਦੇ ਸਮਰਥ ਹੋਣ । ਨਹੀਂ ਤਾਂ ਦਲਿਤਾਂ ਤੇ ਗੈਰ-ਦਲਿਤਾਂ ਵਿਚਕਾਰ ਪਾੜਾ ਵੱਧਦਾ ਹੀ ਚਲਾ ਜਾਏਗਾ ਜੋ ਕਿ ਰਾਜਨੀਤਕ ਪਾਰਟੀਆਂ ਲਈ ਹੋਰ 'ਫਾਇਦੇਮੰਦ' ਸਾਬਤ ਹੋਵੇਗਾ ਪਰ ਸਮੁਚੇ ਤੌਰ ਤੇ ਦੇਸ਼ ਲਈ ਮਾਰੂ ਸਾਬਤ ਹੋਵੇਗਾ ।

ਰਾਜ ਭੁਪਿੰਦਰ ਸਿੰਘ, ਭਾਰਤ ।

ਰਾਜ ਭੁਪਿੰਦਰ ਸਿੰਘ, ਭਾਰਤ

14/02/05

ਸ. ਗੁਰਮੀਤ ਸਿੰਘ ਜੀ,
ਸਤਿ ਸ੍ਰੀ ਅਕਾਲ,

ਤੁਸੀਂ ਆਪਣੇ ਪਤਰ ਵਿਚ ਸਮੇਂ ਨੂੰ ਕਈ ਭਾਗਾਂ ਵਿਚ ਵੰਡਣ ਦੀ ਗੱਲ ਕੀਤੀ ਹੈ , ਜੋ ਕਿ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਹੈ ।ਪਰ ਆਮ ਮਨੁੱਖ ਤਾਂ ਸਮੇਂ ਦੀ ਵਰਤੋਂ ਕੰਮ-ਕਾਜ ਲਈ ਜਿਆਦਾ ਕਰਦਾ ਹੈ । ਇਸੇ ਲਈ ਤਾਂ ਅਜ ਕਲ ਕਲਾਹ-ਕਲੇਸ਼ ਬਹੁਤ ਜਿਆਦਾ ਦੀ ਭਰਮਾਰ ਹੈ । ਮਨੁੱਖ ਸਿਰਫ ਇਹ ਸੋਚਦਾ ਹੈ ਕਿ ਆਪਣਾ ਬੁੱਤਾ ਕਿਵੇਂ ਸਾਰਿਆ ਜਾਵੇ ।

ਬਹੁਤੇ ਤਾਂ ਮਿਤਰਤਾ ਵੀ ਆਪਣੇ ਸਵਾਰਥ ਪੂਰੇ ਕਰਨ ਲਈ ਹੀ ਕਰਦੇ ਹਨ । ਖੇਡਣਾ ਤਾਂ ਸਭ ਨੂੰ ਭੁਲਿਆ ਹੀ ਪਿਆ ਹੈ, ਅੱਖੇ, ਅਸੀਂ ਹੁਣ ਬੱਚੇ ਹਾਂ । ਪ੍ਰੇਮ-ਪਿਆਰ ਦੀ ਥਾਂ ਵੀ ਸਵਾਰਥ ਮੱਲੀ ਬੈਠਾ ਹੈ । ਜੇ ਆਪਣਾ ਸਵਾਰਥ ਪੂਰਾ ਹੁੰਦਾ ਹੈ ਤਾਂ ਪ੍ਰੇਮ-ਪਿਆਰ ਦਾ ਨਾਟਕ ਵੀ ਕੀਤਾ ਜਾ ਸਕਦਾ ਹੈ, ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ ? ਕਈ ਵਾਰ ਤਾਂ ਤੁਹਾਨੂੰ ਅਜਿਹੇ ਵਾਕਫ ਮਿਲਣ ਆਉਣਗੇ, ਜਿਨ੍ਹਾਂ ਬਾਰੇ ਤੁਸੀਂ ਭੁੱਲ ਹੀ ਗਏ ਹੋਵੋਗੇ, ਤੇ ਆ ਕੇ ਤੁਹਾਨੂੰ ਕਹਿਣਗੇ ਕਿ ਕੀ ਗੱਲ ਅਜ ਕਲ ਮਿਲਦੇ ਹੀ ਨਹੀਂ । ਫਿਰ ਤੁਹਾਡਾ ਹਾਲਚਾਲ ਪੁਛਣ ਤੋਂ ਬਾਦ ਆਪਣਾ ਕੰਮ ਬਿਆਨ ਕਰਕੇ, ਤੁਹਾਥੋਂ 'ਸਹਿਯੋਗ' ਦੀ ਆਸ ਕਰਨਗੇ । ਜਦੋਂ ਕੰਮ ਹੋ ਗਿਆ ਤਾਂ ਫਿਰ ਗਾਇਬ । ਜੇ ਕਿਤੇ ਪੁਛੋ ਤਾਂ ਇਹੀ ਜਵਾਬ ਮਿਲਦਾ ਹੈ ਕਿ ਕੀ ਕਰੀਏ ਜੀ ਟਾਈਮ ਹੀ ਨਹੀਂ ਮਿਲਦਾ ।

ਹੁਣ ਆਈਏ ਹਸਣ ਹਸਾਣ ਵੱਲ । ਹੱਸਣਾ ਵੀ ਅਜ ਕਲ ਸੁਪਨਾ ਮਾਤਰ ਹੀ ਰਹਿ ਗਿਆ । ਪਾਰਟੀਆਂ ਵਿਚ ਹਾਸੇ ਦੇ ਮੁਖਾਉਟੇ ਪਹਿਨ ਕੇ ਹੀ ਸਵਾਗਤ ਕੀਤਾ ਜਾਂਦਾ ਹੈ ਪਰ ਮਨ ਕਿਤੇ ਹੋਰ ਹੀ ਹੁੰਦਾ ਹੈ । ਹੱਸਣਾ ਤਾਂ ਅਜ ਕਲ ਬੱਚਿਆਂ ਤੋਂ ਵੀ ਛੁਟਦਾ ਜਾ ਰਿਹਾ ਹੈ ।

ਅਰਦਾਸ ਕੀਤੀ ਤਾਂ ਹੀ ਸਫਲ ਹੈ ਜੇ ਕਰ ਕਿਸੇ ਇੱਕ ਤੇ ਪੂਰਨ ਵਿਸ਼ਵਾਸ਼ ਹੋਵੇ । ਇਹ ਨਹੀਂ ਕਿ ਜੇ ਅਰਦਾਸ ਗੁਰਦੁਆਰੇ/ਮੰਦਰ ਵਿਚ ਪੂਰੀ ਨਹੀਂ ਹੋ ਰਹੀ ਤਾਂ ਕਿਸੇ ਬਾਬੇ ਦੇ ਡੇਰੇ ਹੀ ਚਲੇ ਜਾਓ । ਜੇ ਹੋਰ ਨਹੀਂ ਤਾਂ ਫਾਡਾਂ ਹੀ ਕਰਵਾ ਲਓ, ਕੋਈ ਧਾਗਾ-ਤਵੀਤ ਹੀ ਕਰਵਾ ਲਓ । ਇਸ ਨਾਲ ਡੇਰੇ ਵਾਲਿਆਂ ਦਾ, ਫਾਡਾਂ, ਧਾਗਾ ਤਵੀਤ ਕਰਨ ਵਾਲਿਆਂ ਦਾ ਕੰਮ ਖੂਬ ਚਲ ਨਿਕਲਦਾ ਹੈ ।

ਸਭ ਤੋਂ ਬਾਦ ਤੇ ਸਭ ਤੋ ਉਪਰ ਹੈ ਹੱਥੋਂ ਦੇਣ ਜਾਂ ਕੱਢਣ ਦਾ । ਇਹ ਕੰਮ ਸਭ ਤੋਂ ਉਤਮ ਹੈ । ਪਰ ਸਾਡੇ ਵਿਚੋ ਕੋਈ ਕੋਈ ਹੀ ਅਜਿਹਾ ਕਰ ਪਾਉਂਦਾ ਹੈ । ਬਹੁਤੇ ਤਾਂ ਹੱਥੋਂ ਨਾ ਦੇਣ ਬਾਰੇ ਵੱਖ ਵੱਖ ਬਹਾਨੇ ਲਾ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ 'ਕੋਸ਼ਿਸ਼' ਕਰਦੇ ਹਨ ! ਅੱਖੇ ਜੀ, ਕੀ ਕਰੀਏ , ਸਾਰੇ ਪਾਸੇ ਲੁੱਟ ਮੱਚੀ ਹੋਈ ਹੈ , ਕਿਥੇ ਦੇਈਏ ਤੇ ਕਿਥੇ ਨਾ ਦੇਈਏ ।

ਸੋ ਲੋੜ ਹੈ , ਗੰਭੀਰ ਸੋਚ ਦੀ । ਨਾ ਕਿ ਸਿਰਫ ਫਾਰਮੈਲਿਟੀ ਪੂਰੀ ਕਰਨ ਦੀ ।

ਕਾਸ਼ ਅਸੀਂ ਚੰਗੇ ਮਨੁੱਖ ਬਣ ਸਕੀਏ ! ! !

ਰਾਜ ਭੁਪਿੰਦਰ ਸਿੰਘ, ਭਾਰਤ ।

ਗੁਰਮੀਤ ਸਿੰਘ (ਯੂ ਕੇ)

12/02/05

ਅਦਬ ਸਹਿਤ, ਸਮੂਹ 5ਆਬੀ ਪਾਠਕਾਂ ਨੂੰ ਪ੍ਰਨਾਮ,
21.11.04 ਦੇ ਪੱਤਰ ਵਿੱਚ ਇੱਕ ਲਾਈਨ ਲਿੱਖੀ ਸੀ:-
ਰੱਬ ਦੇ ਨਾਂ ਤੋਂ ਬਾਅਦ ਸਮੇਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਥੋੜ੍ਹਾ ਹੁਣ ਅੱਗੇ ਚਲੀਏ:-
ਕੁੱਝ ਸਮਾਂ ਸੋਚਣ ਲਈ ਕੱਢੀਏ, ਇਹੋ ਸ਼ਕਤੀ ਦਾ ਸੋਮਾਂ ਹੈ।
ਕੁੱਝ ਸਮਾਂ ਮਿਤ੍ਰਤਾ ਲਈ ਕੱਢੀਏ, ਇਹੋ ਰਾਹ ਪ੍ਰਸੰਨਤਾ ਵਲ ਜਾਂਦਾ ਹੈ।

ਕੁੱਝ ਸਮਾਂ ਖੇਡਣ ਲਈ ਕੱਢੀਏ, ਇਹੋ ਨਿਰੰਤਰ ਜਵਾਨੀ ਦਾ ਭੇਦ ਹੈ।
ਕੁੱਝ ਸਮਾਂ ਕੰਮ-ਕਾਜ ਲਈ ਕੱਢੀਏ, ਇਹੋ ਸਫਲਤਾ ਦਾ ਮੁੱਲ ਹੈ।

ਕੁੱਝ ਸਮਾਂ ਪ੍ਰੇਮ ਕਰਨ/ਮਾਨਣ ਲਈ ਕੱਢੀਏ, ਇਹੋ ਵਿਧਾਤਾ ਦਾ ਵਰਦਾਨ ਹੈ।
ਕੁੱਝ ਸਮਾਂ ਹੱਸਣ ਹਸਾਣ ਲਈ ਕੱਢੀਏ, ਇਹੋ ਆਤਮਾਂ ਦਾ ਸੰਗੀਤ ਹੈ।

ਕੁੱਝ ਸਮਾਂ ਅਰਦਾਸ ਲਈ ਕੱਢੀਏ, ਇਹੋ ਧਰਤੀ ਉਤੇ ਪਰਮ ਸ਼ਕਤੀ ਹੈ।
ਕੁੱਝ ਸਮਾਂ ਹੱਥੋਂ ਦੇਣ ਲਈ ਕੱਢੀਏ, ਸਵਾਰਥੀ ਹੋਣ ਲਈ ਇਹ ਜੀਵਨ ਬਹੁਤ ਛੋਟਾ ਹੈ।

ਸੰਗਰਹਿ ਕਰਤਾ
ਗੁਰਮੀਤ ਸਿੰਘ (ਯੂ ਕੇ)

ਰਾਜ ਭੁਪਿੰਦਰ ਸਿੰਘ, ਭਾਰਤ

08/02/05

ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,

ਗੁਰੂ ਨਾਨਕ ਸਿੱਖ ਸੋਸਾਇਟੀ, ਬੈਲਜੀਅਮ ਵਲੋਂ ਲਿਖਿਆ ਮਿਤੀ 7-02-2005 ਦਾ ਖਤ ਪੜਿਆ ਤੇ ਪੰਜਾਬ ਵਿਚ 2006 ਦੇ ਭੁਚਾਲ ਦੇ ਝਟਕੇ ਆਉਣ ਦੀ ਭਵਿੱਖਬਾਣੀ ਨੇ ਮਨ ਨੂੰ ਫਿਕਰ ਦੇ ਘੇਰੇ ਵਿਚ ਲੈ ਆਂਦਾ ਹੈ । ਪੰਜਾਬ ਦੀ ਧਰਤੀ ਹੇਠਲੀਆਂ ਚਟਾਨਾਂ ਜੋ ਕਿ ਪਾਣੀ ਦੀ ਪੂਰਨ ਹੋਂਦ ਸਦਕਾ ਆਪੋ ਆਪਣੀ ਜਗਾਹ ਤੇ ਟਿਕੀਆਂ ਹੋਈਆ ਹਨ ਪਰ ਪਾਣੀ ਦੀ ਘਾਟ ਕਾਰਨ ( ਕਿਉਂਕਿ ਪਾਣੀ ਟਿਊਬਵੈੱਲਾਂ ਨਾਲ ਲਗਾਤਾਰ ਬਾਹਰ ਕੱਢ ਕੇ ਝੋਨਾ ਪਾਲਿਆ ਜਾ ਰਿਹਾ ਹੈ । ਜੋ ਕਿ ਮੋਟੀ ਕਮਾਈ ਕਰਨ ਖਾਤਰ ਮੰਡੀਆਂ ਵਿਚ ਵੇਚ ਕੇ ਜਿੰਮੀਦਾਰ ਆਪਣੀਆਂ ਜੇਬਾਂ ਭਰੀ ਜਾ ਰਹੇ ਹਨ ) ਆਪਣੀ ਥਾਂ ਤੋਂ ਹਿੱਲ ਸਕਦੀਆਂ ਹਨ ਤੇ ਇਸ ਧਰਤੀ ਹੇਠਲੀ ਹਿਲਜੁੱਲ ਦਾ ਧਰਤੀ ਦੇ ਉਪਰ ਵੱਸ ਰਹੇ ਪੰਜਾਬ ਦੀ ਹਾਲਤ ਤੇ ਕੀ ਅਸਰ ਪਏਗਾ, ਇਹ ਤਾਂ ਰੱਬ ਹੀ ਜਾਣਦਾ ਹੈ । ਜੇ ਕਰ ਵੱਡੇ ਭੁਚਾਲ ਨਾਲ , ਭਾਖੜਾ ਡੈਮ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਡੈਮ ਦਾ ਪਾਣੀ ਵੀ ਸਾਰੇ ਪੰਜਾਬ ਤੇ ਹਰਿਆਣੇ ਵਿਚ ਤਬਾਹੀ ਮਚਾ ਸਕਦਾ ਹੈ ।

ਹੁਣ ਤੱਕ ਪੰਜਾਬ ਵਿਚ ਚੁੱਪ ਚਾਂ ਹੀ ਰਹੀ ਹੈ । ਪਰ ਭਵਿੱਖ ਵਿਚ ਕੋਈ ਵੀ ਅਣਹੋਣੀ ਘਟਨਾ ਵਾਪਰਣ ਦਾ ਇੰਕਸ਼ਾਫ, ਪੰਜਾਬ ਨੂੰ ਗਰਕ ਕਰ ਸਕਦਾ ਹੈ ।

ਕਾਸ਼ ਇਹ ਅਣਹੋਣੀ ਨਾ ਵਾਪਰੇ !

ਇਸ ਨੂੰ ਬਚਾਉਣ ਲਈ ਸਾਰੇ ਪੰਜਾਬੀਆਂ ਨੂੰ ਹੀ ਉਪਰਾਲਾ ਕਰਨਾ ਹੋਏਗਾ । ਜਿਸ ਅਨੁਸਾਰ ਝੋਨੇ ਦੀ ਫਸਲ ਦੀ ਥਾਂ ਕੋਈ ਹੋਰ ਫਸਲ ਬੀਜਣੀ ਹੋਏਗੀ, ਜੋ ਕਿ ਘੱਟ ਤੋਂ ਘੱਟ ਪਾਣੀ ਨਾਲ ਪਲ ਸਕਦੀ ਹੋਵੇ । ਜੇ ਕਰ ਆਮ ਨਾਗਰਿਕ ਅਜਿਹੀ ਕਾਰਵਾਈ ਕਰਨ ਤੋ ਅਸਮਰਥ ਨਜਰ ਆਉਂਦਾ ਹੈ ਤਾਂ ਪੰਜਾਬ ਸਰਕਾਰ ਨੂੰ "ਪਾਣੀ ਬਚਾਓ ਕਾਨੂੰਨ" ਪਾਸ ਕਰ ਕੇ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ । ਇਸ ਦੇ ਨਾਲ ਨਾਲ ਸਰਕਾਰ ਨੂੰ ਤੇ ਆਮ ਲੋਕਾਂ ਨੂੰ ਖਾਲੀ ਪਈਆਂ ਥਾਵਾਂ ਤੇ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਮੀਂਹ ਜਿਆਦਾ ਪਵੇ ਤੇ ਫਿਰ ਹਰ ਨਦੀ ਵਿਚ ਥਾਂ ਥਾਂ ਛੋਟੇ ਡੈਮ ਉਸਾਰੇ ਜਾਣ ਤਾਂ ਕਿ ਵੱਧ ਤੋਂ ਵੱਧ ਪਾਣੀ ਜਮੀਨ ਵਿਚ ਜ਼ਜ਼ਬ ਹੋ ਸਕੇ ਤੇ ਪਾਣੀ ਦਾ ਸਤਰ ਹੋਰ ਉਪਰ ਆ ਕੇ ਭੁਚਾਲ ਦੇ ਵਾਪਰਨ ਨੂੰ ਰੋਕ ਸਕੇ ।

ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਕਰ ਸਾਰੇ, ਆਪਣੇ ਨਿੱਜੀ ਸਵਾਰਥ ਛੱਡ ਕੇ, ਪੰਜਾਬ ਦੇ ਭਲੇ ਲਈ ਇੱਕਠੇ ਹੋ ਕੇ ਹੰਭਲਾ ਮਾਰਨ ।

ਵਾਹਿਗੁਰੂ ਸਭ ਤੇ ਮਿਹਰ ਕਰੇ ! ! !
ਰਾਜ ਭੁਪਿੰਦਰ ਸਿੰਘ, ਭਾਰਤ ।

ਜੀਵਨ ਨਿਹਾਲੇਵਾਲੀਆ ਮੋਗਾ, ਡੈਨਮਾਰਕ

08/02/05

ਪਾਠਕ ਵੀਰੋ ਫਤਿਹ ਪ੍ਵਵਾਨ ਕਰਨਾ

ਗੁਰਦਿਆਲ ਸਿੰਘ ਰਮਤਾ ਜੀ ਦਾ ਖਤ ਇੱਕ ਉਹ ਸੱਚਾਈ ਹੈ ਜੋ ਸਿਰਫ ਉਹਨਾ ਦੀ ਹੱਡ ਬੀਤੀ ਨਾ ਹੋ ਕੇ ਹਰ ਇੱਕ ਪ੍ਦੇਸੀ ਦੀ ਹਕੀਕਤ ਜਾਪਦੀ ਹੈ.ਬਾਕੀ ਚੱਠਾ ਸਾਹਿਬ ਦੀ ਸੋਚ ਕਾਫੀ ਚੰਗੀ ਹੈ ਪਰ ਇੱਸ ਸੋਚ ਨੂੰ ਅਮਲੀ ਜਾਮਾ ਪਹਿਨਾਉਣਾ ਆਸਾਨ ਨਹੀ,ਸਤਿਨਾਮ ਵੀਰ ਦੀ ਸਕੂਲਾ ਦੀ ਆਰਥਿਕ ਮਦਦ ਵਾਲੀ ਤਜਵੀਜ ਕੁਝ ਠੀਕ ਹੈ, ਕਿ ਬਾਹਰ ਬੈਠੇ ਵੀਰ ਆਪਣੇ ਪਿੰਡ ਦੇ ਸਕੂਲਾ ਦੀ ਮਦਦ ਦਾ ਜੁੰਮੇਵਾਰੀ ਚੁਕਣ,ਚੱਠਾ ਸਾਹਿਬ ਵਿੱਦਿਆ ਦੇ ਡਿੱਗ ਰਹੇ ਪੱਧਰ ਵੱਲ ਗਿਆ ਤੁਹਾਡਾ ਧਿਆਨ ਕਾਬਿਲੇ ਤਾਰਿਫ ਹਨ. ਹੋਰ ਜਨਾਬ ਮੈ ਅਤੇ ਮੇਰੇ ਇਲਾਕੇ ਦੇ ਪ੍ਦੇਸੀ ਦੋਸਤ ਜਿਹਨਾ ਤੋ ਮੈ ਉਮੀਦ ਰੱਖਦਾ ਹਾ ,ਕੁੱਸਾ ਸਾਹਿਬ ਆਸਟਰੀਆ,ਢਿਲੋ ਬਾਈ ਮੋਗਾ ਨਾਰਵੇ,ਸੁੱਖਾ ਡਰੋਲੀ ਜਰਮਨ,ਦਰਸ਼ਨ ਬਾਈ ਫਿਨਲੈਡ,ਰੇਸ਼ਮ ਚਹੂਡਚੱਕੀਆ ਫਰਾਸ,ਤਰਸੇਮ ਸਿੰਘਾਵਾਲੀਆ ਜਰਮਨ ਆਦਿ ਹੋਰ ਆਪਣੀ 2 ਪੁਹੰਚ ਅਨੁਸਾਰ ਆਪਂਣੇ2 ਪਿੰਡਾ ਦੇ ਸਕੂਲਾ ਦੀ ਮਦਦ ਜਰੂਰ ਕਰਨ,

ਜੀਵਨ ਨਿਹਾਲੇਵਾਲੀਆ ਮੋਗਾ
ਡੈਨਮਾਰਕ

ਸੰਤੋਖ ਸਿੰਘ, ਸਿਡਨੀ, ਆਸਟ੍ਰੇਲੀਆ

07/02/05

ਸ. ਗੁਰਦਿਆਲ ਸਿੰਘ ਰਮਤਾ ਡੈਨਮਾਰਕ ਵਾਲ਼ਿਆ ਨੇ ਸੱਚ ਨੂੰ ਤੱਥ ਦੇ ਰੂਪ ਵਿਚ ਬਿਆਨ ਕੀਤਾ ਹੈ। ਪੱਤਰ ਦੇ ਅੰਤ ਵਿਚ ਉਹਨਾਂ ਨੇ ਕਿਸੇ ਨੂੰ ਕੁਝ ਸ਼ਬਦ ਜੇ ਅਣਸੁਖਾਵੇਂ ਲੱਗਣ ਤਾਂ ਉਸਦੀ ਖ਼ਿਮਾ ਵੀ ਮੰਗੀ ਹੈ।

ਰਮਤਾ ਜੀ, ਮੇਰੇ ਖਿਆਲ ਵਿਚ ਦੇਸੋਂ ਨਿਕਲਣ ਵਾਲ਼ਾ ਕੋਈ ਵੀ ਨੌਜਵਾਨ ਬਾਹਰ ਹੀ ਖ਼ਪ ਜਾਣ ਲਈ ਨਹੀ ਨਿਕਲ਼ਦਾ, ਮੇਰੀ ਸਮਝ ਅਨੁਸਾਰ। ਤਕਰੀਬਨ ਹਰ ਕੋਈ ਏਹੋ ਹੀ ਸੋਚ ਕੇ ਨਿਕਲ਼ਦਾ ਹੈ ਕਿ ਕੁਝ ਸਾਲਾਂ ਦੀ ਔਖਿਆਈ ਕੱਟ ਕੇ, ਚਾਰ ਪੈਸੇ ਬਣਾ ਕੇ ਘਰ ਦੀ ਗਰੀਬੀ ਦੂਰ ਕਰ ਲਵਾਂ ਤੇ ਖ਼ੁਦ ਬਾਹਰਲੀਆਂ ਵਸਤੂਆਂ, ਚੰਗੇ ਕੱਪੜੇ, ਚੰਗੀ ਸਵਾਰੀ, ਖੁਲ੍ਹੇ ਖ਼ਰਚ ਆਦਿ ਰਾਹੀ ਸਮਾਜ ਵਿਚ ਕੁਝ ਬਣ ਕੇ ਵਿਖਾਵਾਂ। ਇਹ ਕੁਝ ਕਰਦਿਆਂ ਹੀ ਐਸਾ ਚੌਰਾਸੀ ਦੇ ਚੱਕਰ ਵਿਚ ਫਸਦਾ ਹੈ ਕਿ ਨਿਕਲਣ ਲਈ ਰਾਹ ਹੀ ਨਹੀ ਲਭਦਾ। ਜੱਟ ਤਾਂ ਰਿਛ ਕੋਲੋਂ ਖਹਿੜਾ ਛੁਡਾਉਣ ਲਈ ਤਾਣ ਲਾਉਂਦਾ ਹੈ ਪਰ ਰਿਛ ਨਹੀ ਜੱਟ ਨੂੰ ਛਡਦਾ।

ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ, “ਮਤਾ ਪਕਾਇਆ ਮੱਖੀਆਂ ਘਿਉ ਅੰਦਰ ਨਹਾਈਏ॥” ਤੇ ਮੱਖੀਆਂ ਦੀ ਘਿਉ ਵਿਚ ਨਹਾ ਲੈਣ ਤੋਂ ਬਾਅਦ ਵਾਲ਼ੀ ਹਾਲਤ ਹੀ ਸਾਡੀ ਪਰਦੇਸੀਆਂ ਦੀ ਹੋ ਜਾਂਦੀ ਹੈ।

ਤੇਤੀ ਸਾਲ ਹੋ ਗਏ ਨੇ ਮੈਨੂੰ ਦੇਸੋਂ ਬਾਹਰ ਫਿਰਦੇ ਨੂੰ ਪਰ ਸੋਚ ਹਰ ਸਮੇ ਅੰਮ੍ਰਿਤਸਰ ਤੇ ਪਿੰਡ ਹੀ ਵਿਚਰਦੀ ਹੈ।

ਕੁਝ ਸਾਲ ਪਹਿਲਾਂ ਆਪਣੇ ਮਿੱਤਰ ਸ. ਬਲਵੰਤ ਸਿੰਘ ਰਾਮੂਵਾਲ਼ੀਆ ਜੀ ਨੂੰ ਇਕ ਚਿਠੀ ਲਿਖੀ ਸੀ ਜਿਸ ਵਿਚ ਆਪਣੀ ਅਵੱਸਥਾ ਬਿਆਨ ਕੀਤੀ ਸੀ। ਉਸ ਸਮੇ ਮੈ ਧੰਨ ਗੁਰੂ ਨਾਨਕ ਫ਼ੌਂਟ ਵਰਤਦਾ ਹੁੰਦਾ ਸੀ ਤੇ ਓਸੇ ਫ਼ੌਂਟ ਵਿਚ ਹੀ ਟਾਈਪੀ ਗਈ ਹੋਣ ਕਰਕੇ ਡਾ. ਕੰਦੋਲਾ ਜੀ ਵਾਸਤੇ ਮੁਸ਼ਕਲ ਹੋਵੇਗੀ 5abi.com ਵਿਚ ਛਾਪਣੀ; ਨਹੀ ਤਾਂ ਉਹ ਖਾਸਾ ਚਾਨਣਾ ਪਾਉਂਦੀ ਹੈ ਸਾਡੇ ਪਰਦੇਸੀਆਂ ਦੀ ਹਾਲਤ ਉਤੇ। ਫੇਰ ਡਾ. ਕੰਦੋਲਾ ਜੀ ਦੀ ਪਿਆਰ ਭਰੀ ਪ੍ਰੇਰਨਾ, ਉਤਸ਼ਾਹ ਤੇ ਉਦਮ ਸਦਕਾ ਅਨਮੋਲਲਿਪੀ ਵਿਚ ਝਰੀਟਾਂ ਵਾਹੁਣੀਆਂ ਸਿੱਖ ਗਿਆ। ਵੈਸੇ ਜਦੋਂ ਮੇਰੇ ਪੁੱਤਰ ਪਾਸ ਵੇਹਲ ਹੋਈ ਤਾਂ ਮੈ ਉਸਦੀ PDF ਬਣਾ ਕੇ ਡਾ. ਕੰਦੋਲਾ ਜੀ ਨੂੰ ਛੇਤੀ ਹੀ ਭੇਜਣ ਦਾ ਯਤਨ ਕਰਾਂਗਾ। ਜੇਕਰ ਉਹ ਯੋਗ ਸਮਝਣ ਗੇ ਤਾਂ, ਪਾਠਕਾਂ ਦੇ ਮਨੋਰੰਜਨ ਹਿਤ, ਕਿਤੇ ਫਿੱਟ ਕਰ ਲੈਣਗੇ; ਨਹੀ ਤਾਂ ਨਾ ਸਹੀ।

ਜੇਕਰ ਮੈ ਭੁੱਲਦਾ ਨਹੀ ਰਮਤਾ ਜੀ, ਤਾਂ ਆਪਣੀ ਪਿਛਲੇ ਸਾਲ ਦੀ ਯੂਰਪ ਦੀ ਯਾਤਰਾ ਦੌਰਾਨ ਮੈ ਡੈਨਮਾਰਕ ਦੀ ਰਾਜਧਾਨੀ ਕੋਪਨ ਹੈਗਨ, ਦੇ ਗੁਰਦੁਆਰਾ ਸਾਹਿਬ ਵਿਖੇ, ਅੰਮ੍ਰਿਤਸਰ ਦੇ ਵਸਨੀਕ, ਬਾਵਾ ਸਾਹਿਬ ਜੀ ਦੇ ਨਾਲ਼ ਆਪ ਜੀ ਦੇ ਦਰਸ਼ਨ ਕੀਤੇ ਹਨ; ਅਜਿਹਾ ਝੌਲ਼ਾ ਮੈਨੂੰ ਆਪ ਜੀ ਦੀ ਤਸਵੀਰ ਵੇਖ ਕੇ ਪਿਆ ਹੈ।

ਸੰਤੋਖ ਸਿੰਘ

ਸਿਡਨੀ, ਆਸਟ੍ਰੇਲੀਆ

ਗੁਰਦਿਆਲ ਸਿੰਘ ਰਮਤਾ, ਡੈਨਮਾਰਕ

07/02/05

ਆਪਣੀਂ ਬੀਤੀ ਹੋਈ ਕਹਾਣੀਂ

ਸਤਿਕਾਰ ਯੋਗ ਪਾਠਕੋ, ਇਹ ਕਹਾਣੀਂ ਬਿਲਕੁਲ ਸੱਚ ਹੈ।

ਮੈਂ ਡੈਨਮਾਰਕ 1970 ਮਾਰਚ ਦੇ ਮਹੀਨੇ ਵਿੱਚ ਆਇਆ,ਉਸ ਵਕਤ ਬੜਾ ਹੀ ਦਿੱਲ ਵਿੱਚ ਚਾਅ ਸੀ, ਕਿ ਕਿਸੇ ਯੋਰਪ ਦੇ ਦੇਸ਼ ਵਿੱਚ ਪੱਕੇ ਹੋ ਜਾਈਏ, ਲੋਕਾਂ ਕੋਲੋਂ ਪਾਉਂਡਾਂ ਦੀਆਂ ਗੱਲਾਂ ਸੁਣੀਂਦੀਆਂ ਸਨ। ਘਰ ਤੋਂ ਟੁਰ ਪਏ, ਲੇਕਨ ਪੜ੍ਹਾਈ ਨਾਂ ਹੋਣ ਦੇ ਕਾਰਣ ਇਤਨੀਂ ਸਮਝ ਦੁਨੀਆਂ ਦੀ ਨਹੀਂ ਸੀ, ਕਿਸੇ ਨੇ ਕਿਹਾ ਸਿੰਘਾਪੁਰ ਦਵਾਰਾ ਜਾਉ ਸੁਣ ਲਿਆ, ਸੱਚ ਮੱਨ ਲਿਆ, ਦਲਾਲ ਨੂੰ ਪੈਸੇ ਦੇਣ ਲਈ ਕੋਲ ਪੈਸੇ ਨਹੀਂ ਸਨ। ਮੈਂ ਇਕ ਗਰੀਬ ਵਿਅਕਤੀ ਸਾਂ, ਅੱਜ ਵੀ ਦਿੱਲ ਦਾ ਗਰੀਬ ਹਾਂ, ਗੁਰੁ ਨਾਨਕ ਦੀ ਬਾਣੀਂ ਤੇ ਭਰੋਸਾ ਕਰਦਾ ਹਾਂ।

ਬੜੀ ਹੀ ਮੁਸ਼ਕਲ ਨਾਲ 300 ਰੁਪੈ ਇਕੱਠੇ ਕੀਤੇ, ਤਾਂ 140 ਰੁਪੈ ਦੀ ਸ਼ਿੱਪ ਦੀ ਟਿੱਕਟ, ਮਦਰਾਸ ਤੋਂ ਪੈਂਨਾਂਗ ਟਾਪੂ ਦੀ ਖਰੀਦੀ, ਇਹ ਗੱਲ 1967 ਦੀ ਹੈ। ਸੱਤ ਦਿਨ ਦਾ ਸਫਰ ਸੀ, ਮੇਰੀ ਭੈਣ ਮਲੇਸ਼ੀਆ ਈਪੋ ਸ਼ਹਿਰ ਵਿੱਚ ਰਹਿਂਦੀ ਹੈ। ਜਦੋਂ ਮੈਂ ਉਥੇ ਪਹੁੰਚਿਆ ਮੇਰੀ ਭੈਣ ਬਹੁਤ ਖ਼ੁਸ਼ ਹੋਈ, ਕਿ ਮੇਰਾ ਭਾਈ ਮੇਰੇ ਕੋਲ ਆਇਆ, ਇਹ ਜ਼ਿੰਦਗੀ ਦੀ ਸ਼ੁਰੂਆਤ ਸੀ। ਜੀਜਾ ਜੀ ਮੇਰੇ ਨੇਂ ਮੈਨੂੰ ਜਾਗੇ ਦੇ ਕੰਮ ਤੇ ਲਵਾ ਦਿੱਤਾ, ਇੱਹ ਪ੍ਰਭੂ ਦੀ ਕਿਰਪਾ ਸੀ। ਮੈਨੂੰ ਕੰਮ ਮਿਲ ਗਿਆ। ਤਿੰਨ ਮਹੀਨੇ ਕੰਮ ਕੀਤਾ, ਵੀਜ਼ਾ ਖਤਮ ਹੋ ਗਿਆ, ਮੈਨੂੰ ਵਾਪਿਸ ਭਾਰਤ ਆਣਾਂ ਪਿਆ, ਮੰਨ ਪਰੇਸ਼ਾਨ।

ਮਲੇਸ਼ੀਅਨ ਲੋਗ ਚੀਨੇ ਲੋਗ, ਖੁਲੇ ਮਹੋਲ ਦੇ ਲੋਗ, ਪਹਿਲੀ ਵਾਰ ਜ਼ਿਦਗੀ ਵਿੱਚ ਵੇਖੇ, ਪਿੰਡ ਵਾਪਿਸ ਆ ਗਿਆ, ਰਾਤ ਨੂੰ ਉਥੇ ਦੇ ਲੋਗਾਂ ਦੇ ਸੁਪਨੇਂ ਆਣੇਂ ਸ਼ੁਰੂ ਹੋ ਗਏ। ਸੁਭਾ ਉੱਠ ਕੇ ਪਤਾ ਨਾਂ ਲਗਣਾਂ ਕਿ ਮੈਂ ਕਿੱਥੇ ਹਾਂ, ਪਾਗਲਾਂ ਦੀ ਤਰ੍ਹਾਂ ਉਠ ਕੇ ਇੱਧਰ ਉਧਰ ਝਾਕਣਾਂ ਕਿ ਮੈਂ ਕਿਥੇ ਹਾਂ, ਉਹ ਹੀ ਚਾਚੀ ਰੇਸ਼ਮ ਕੌਰ, ਉਹ ਹੀ ਭਾਬੀ ਕਿਸ਼ਨ ਕੌਰ, ਅੱਗੇ ਵੱਧਿਆ ਤਾਂ ਤਾਇਆ ਗੋਕਿਲ ਸਿੰਘ। ਆਸਤੇ ਆਸਤੇ ਭਾਰਤ ਵਿੱਚ ਦਿੱਲ ਲਗਾਣ ਦੀ ਕੋਸ਼ਸ਼ ਕੀਤੀ, ਲੇਕਨ ਦੋਸਤਾਂ ਨੇਂ ਤਾਨੇਂ ਮਾਰਨੇਂ ਸ਼ੁਰੂ ਕਰ ਦਿੱਤੇ ....  ਸਾਲਿਆ ਸਾਡੇ ਕੋਲ ਪਾਸਪੋਰਟ ਹੁੰਦਾ ਅਸੀਂ ਹੁਣ ਨੂੰ ਕਦੋਂ ਦੇ ਇੰਗਲੈਂਡ ਹੁੰਦੇ।.....  ਫਿਰ ਮੂੰਹ ਵਿੱਚ ਪਾਣੀਂ ਆ ਗਿਆ। ਕਿਸੇ ਨੇਂ ਕਿਹਾ ਪਾਕਿਸਤਾਨ ਰਾਹੀਂ ਨਿਕਲ ਜਾ ਮੰਨ ਲਿਆ ਕਿਸੇ ਨੇਂ ਕਿਹਾ ਈਰਾਨ ਰਾਹੀਂ ਨਿਕਲ ਜਾ ਮੰਨ ਲਿਆ, ਦਿੱਲ ਤੇ ਪੱਥਰ ਰੱਖ ਕੈ 1969 ਨੂੰ ਜਨਵਰੀ ਦੇ ਮਹੀਨੇਂ ਵਿੱਚ 700 ਰੁਪੈ ਫੜ ਫੜਾ ਕੇ ਇਕੱਠੇ ਕੀਤੇ, 460 ਰੁਪੈ ਸ਼ਿਪ ਦੀ ਟਿੱਕਟ ਬੰਬਈ ਤੋਂ ਖੁਰਮਸ਼ਹਿਰ ਯਾਨੀਂ ਈਰਾਨ ਦੀ ਖਰੀਦੀ, ਨਾਂ ਕੋਈ ਜਾਣੇਂ ਨਾਂ ਕੋਈ ਬੁਝੇ ਖੁਰਮਸ਼ਹਿਰ ਪਹੁੰਚ ਗਿਆ ਖੁਰਮਸ਼ਹਿਰ ਤੋਂ ਤਹਿਰਾਨ, ਗਰਮ ਕਪੜਿਆਂ ਦਾ ਮੇਰੇ ਕੋਲ ਕੋਈ ਇੰਤਜ਼ਾਮ ਨਹੀਂ ਸੀ। ਲੇਕਨ ਠੰਡ ਪੁਰੇ ਜੋਬਨ ਵਿੱਚ ਸੀ ਜੋ ਕਿ ਮੈਂ ਜਾਣੂੰ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਬਰਫ਼ ਜ਼ਰੂਰਤ ਤੋਂ ਜ਼ਿਆਦਾ ਹੀ ਪੈਂਦੀ ਸੀ, ਆਂਦੇ ਨੂੰ ਹੀ ਪ੍ਰਭੂ ਨੇਂ ਕੰਮ ਲਗਵਾ ਦਿੱਤਾ, ਕੰਮ ਕੀਤਾ ਚਾਰ ਪੈਸੇ ਇਕੱਠੇ ਕੀਤੇ ਅਤੇ ਗਰਮ ਕਪੜੇ ਖਰੀਦੇ ਵੀਜ਼ਾ ਸਿਰਫ ਇੱਕ ਮਹੀਨੇਂ ਦਾ ਮਿਲਿਆ ਸੀ, ਉਥੋਂ ਬਗ਼ਦਾਦ ਚਲੇ ਗਿਆ ਉਥੇ ਵੀ ਕੰਮ ਮਿਲ ਗਿਆ, ਕੁਝ ਦੀਨਾਰ ਇਕੱਠੇ ਕੀਤੇ ਫਿਰ ਤਹਿਰਾਨ ਵਾਪਿਸ ਆ ਗਿਆ ਫਿਰ ਕੰਮ ਜਮ ਕੇ ਕੀਤਾ, ਦਸੰਬਰ 1969 ਵਿਚ ਉਥੋਂ ਦਾ ਅੱਨ ਜੱਲ ਚੁਕਿਆ ਗਿਆ, ਉਥੋਂ ਅੰਕਾਰਾ ਸ਼ਹਿਰ ਤੁਰਕੀ ਵਿਚ ਪਹੁੰਚਿਆ ਉਨ੍ਹਾਂ ਦਿਨ੍ਹਾਂ ਵਿਚ ਮੁਸਲਮਾਨਾਂ ਦੇ ਰੋਜ਼ੇ ਸਨ। ਨਾਂ ਕੋਈ ਰੋਟੀ ਮਿਲੇ, ਨਾਂ ਪਾਣੀਂ।

ਜੁਆਨੀਂ ਵਿੱਚ ਭੁਖ ਵੀ ਬਹੁਤ ਲਗਿਆ ਕਰਦੀ ਸੀ, ਭੁਖਾ ਭਾਣਾਂ ਇਸਤੱਨਬੂਲ ਪਹੁੰਚ ਹੀ ਗਿਆ। ਇਸਤੱਨਬੂਲ ਦੇ ਲੋਗ ਰੱਲੇ ਮਿੱਲੇ ਸਨ, ਇਤਨੇਂ ਕੱਟੜ ਨਹੀਂ ਰੋਟੀ ਖਾਣ ਨੂੰ ਮਿਲ ਹੀ ਗਈ। ਉਥੋਂ ਰੇਲ ਫੜੀ 3 ਕੋ ਦਿਨਾਂ ਵਿਚ ਜਰਮਨ ਦੇ ਮਿਊਨਿਕ ਸ਼ਹਿਰ ਆ ਪੁੱਜਾ ਤੇ ਠੰਡਾ ਸਾਹ ਲਿਆ। ਹਫਤਾ ਰੁਕਿਆ ਫਰਾਂਸ ਦਾ ਮਲਟੀ ਵੀਜ਼ਾ ਮਿਲ ਗਿਆ, ਰੇਲ ਲਈ ਪੈਰਸ ਪਹੁੰਚ ਗਿਆ। ਉਡਾਰੀ ਮਾਰੀ ਹੀਥਰੋ ਹਵਾਈ ਅੱਡੇ ਤੇ ਪਹੁੰਚ ਗਿਆ, ਰਾਤ ਭਰ ਉਨ੍ਹਾਂ ਨੇ ਇੱਕ ਕਮਰੇ ਵਿੱਚ ਰੱਖਿਆ, ਕਿਉਂਕਿ ਮੈਂ ਸ਼ਰਾਬੀ ਸੀ, ਕਿਸੇ ਨੇ ਕਿਹਾ ਪੀ ਕੇ ਜਾਈਂ ਦਲੇਰ ਹੋ ਜਾਏਂਗਾ ਮੈਂ ਵਾਟ 69 ਦੇ ਚਾਰ ਗਲਾਸ ਖਿੱਚ ਲਏ ਦਲੇਰ ਹੋ ਗਿਆ ਲੇਕਨ ਪੁਠੇ ਪਾਸਿਉਂ। ਇੰਟਰਵਿਊ ਵਿਚੋਂ ਫੇਲ ਹੋ ਗਿਆ, ਮੈਨੇਂ ਉਨ੍ਹਾਂ ਨੁੰ ਉਚਾ ਨੀਵਾਂ ਬੋਲਿਆ ਉਨ੍ਹਾਂ ਨੇ ਪਰਵਾਹ ਨਾਂ ਕੀਤੀ ਕਿਉਂਕਿ ਮੇਰੇ ਵਰਗੇ ਉਥੇ ਰੋਜ਼ ਆਂਉਂਦੇ ਹਨ। ਵਾਪਸ ਪੈਰਸ ਆ ਗਿਆ, ਪੈਰਸ ਤੋਂ ਫਿਰ ਮਿਊਨਿਕ ਪਹੁੰਚਿਆ, ਆਣ ਕੇ ਕੰਮ ਲੱਭਿਆ ਮਿਲ ਗਿਆ ਕੁੱਝ ਮਹੀਨੇਂ ਕੰਮ ਕੀਤਾ, ਡੈਨਮਾਰਕ ਦਾ ਵੀਜ਼ਾ ਖੁਲ ਗਿਆ, ਡੈਨਮਾਰਕ ਨੂੰ ਲੇਵਰ ਦੀ ਜਰੂਰਤ ਸੀ, ਮੈਂ ਭੀ ਡੈਨਮਾਰਕ ਕੰਮ ਦੀ ਤਲਾਸ਼ ਵਿੱਚ ਪਹੁੱਚ ਗਿਆ, ਕੰਮ ਮਿਲ ਗਿਆ ਵੀਜ਼ਾ ਲੱਗ ਗਿਆ, ਮਾਲਕ ਨੂੰ ਕੰਮ ਬਹੁਤ ਕਰਕੇ ਵਿਖਾਇਆ ਮਾਲਕ ਬਾਗੋ ਬਾਗ ਖ਼ੁਸ਼, ਮੈਂ ਭੀ ਖ਼ੁਸ਼,ਗਰੀਨ ਕਾਰਡ ਮਿਲ ਗਿਆ ਮੈਂ ਫਰੀ।

ਮੇਰੇ ਪਿੱਤਾ ਜੀ ਮੇਰੀ ਉਡੀਕ ਕਰਦੇ ਕਰਦੇ ਕਿ ਪੈਸੇ ਕਮਾ ਕੇ ਮੇਰਾ ਪੁੱਤਰ ਵਤਨ ਵਾਪਸ ਆ ਜਾਏਗਾ ਇਸੇ ਉਡੀਕ ਵਿਚ 1997 ਨੂੰ ਅਕਾਲ ਚਲਾਣਾਂ ਕਰ ਗਏ, ਮਾਤਾ ਜੀ ਮੇਰੇ ਮੰਜੇ ਤੇ ਮੌਤ ਦੀ ਉਡੀਕ ਕਰ ਰਹੇ ਹਨ। ਲੇਕਨ ਮੈਂ 35 ਸਾਲਾਂ ਵਿੱਚ ਘੱਟੋ ਘੱਟ 30 ਵਾਰੀ ਮਾਪਿਆਂ ਦੇ ਦਰਸ਼ਨਾਂ ਨੂੰ ਵਤਨ ਗਿਆ ਹਾਂ। ਲੇਕਨ ਅੱਜ ਸੋਚਦਾ ਹਾਂ ਕਿ ਮਾਤਾ ਪਿੱਤਾ ਨੂੰ ਮੇਰੇ ਨਾਲੋ ਜ਼ਿਆਦਾ ਜ਼ਰੂਰਤ ਪੋਤਿਆਂ ਪੋਤੀਆਂ ਦੀ ਹੈ। ਜਦ ਕਿ ਪੋਤਿਆਂ ਪੋਤੀਆਂ ਨੂੰ ਉਨ੍ਹਾਂ ਕੋਲ ਰਹਿਣ ਦਾ ਕਦੇ ਸਮ੍ਹਾਂ ਹੀ ਨਹੀਂ ਮਿਲਿਆ । ਇਸ ਦਾ ਜ਼ੁਮੇਂਵਾਰ ਕੌਣ ਹੈ ਬੱਚੇ ਨਹੀਂ, ਬਲਕਿ ਅਸੀਂ ਪੈਸੇ ਦੇ ਖੁਦ ਗਰਜ਼ ਲੋਕ। ਸਿਰਫ ਮੈਂ ਨਹੀ, ਮੇਰੇ ਵਰਗੇ ਲੱਖਾਂ ਹੀ ਲੋਕਾਂ ਨੇਂ ਆਪਣੇਂ ਆਪ ਨੂੰ ਹਨੇਰੇ ਵਿਚ ਰੱਖਕੇ ਇਹ ਥੋਖਾ ਖਾਦਾ ਹੈ, ਕੋਈ ਸਮਝਦਾ ਹੈ ਕੋਈ ਨਹੀਂ। ਅਬ ਪਛੁਤਾਇਂਆਂ ਕਿਆ ਹੂਆ, ਜਬ ਚਿੱੜੀਆਂ ਚੁਗ ਗਈ ਖੇਤ। ਕਿਸੇ ਭੈਣ ਵੀਰ ਨੂੰ ਇੱਹ ਸੱਚੀ ਕਹਾਣੀਂ ਬੁਰੀ ਲੱਗੇ ਤਾਂ ਖ਼ਿਮਾ ਕਰ ਦੇਣਾਂ।

ਵਲੋਂ ਗੁਰਦਿਆਲ ਸਿੰਘ ਰਮਤਾ

ਹਰਪ੍ਰੀਤ ਸਿੰਘ ਔਜਲਾ, ਲੁਧਿਆਣਾ

07/02/05

ਗੁਰੁ ਨਾਨਕ ਦੇਵ ਇੰਜਨੀਰਿੰਗ ਕਾਲਜ ਦੇ ਪੁਰਣੇ ਵਿਦਿਆਰਥੀਆਂ ਵਲੋਂ ਕੈਲੇਫੋਰਨੀਆ ਵਿਚ ਕੀਤਾ ਗਿਆ ਸਮਾਗਮ ਸ਼ਲਾਘਾਯੋਗ ਹੈ। ਜਿਸ ਲਈ ਇਹ ਸਾਰੇ ਸਜਣ ਵਧਾਈ ਦੇ ਪਾਤਰ ਹਨ।ਕਿਰਪਾ ਕਰਕੇ ਇਹ ਸਭ ਚਾਲੂ ਰਖੋ ਜੀ॥

ਹਰਪ੍ਰੀਤ ਸਿੰਘ ਔਜਲਾ
ਗੁਰੁ ਨਾਨਕ ਦੇਵ ਇੰਜਨੀਰਿੰਗ ਕਾਲਜ, ਲੁਧਿਆਣਾ

ਸੰਦੀਪ ਸਿੰਘ ਚਾਹਲ

07/02/05

ਪਰਮ ਸਤਿਕਾਰ ਯੋਗ ਸ: ਰਾਜ ਭੁਪਿੰਦਰ ਸਿੰਘ ਜੀ,
ਸਤ ਸਿਰੀ ਅਕਾਲ
ਤੁਹਾਡਾ ਰੁਕਾ ਸਾਰੇ ਹੀ ਜੰਕੋ ਦੇ ਮੈਂਬਰਾਂ ਨੂੰ ਪਹੁੰਚ ਗਿਆ ਹੈ॥ ਆਸ ਹੈ ਆਪ ਜੀ ਦੇ ਸੁਝਾਅ ਉਪਰ ਵਧੀਆ ਤਰੀਕੇ ਨਾਲ ਅਮਲ ਹੋਏਗਾ ਜੀ।ਇਕ ਗਲ ਦਸ ਦੇਵਾਂ ਕਿ ਜੰਕੋ ਦੇ ਲਗਭਗ ਸਾਰੇ ਹੀ ਮੈਂਬਰ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ।ਇਸ ਲਈ ਆਪਣੇ ਪਿੰਡਾਂ ਤੇ ਆਲੇ ਦੁਆਲੇ ਦੇ ਲੋੜਵੰਦ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਯਤਨ ਕਰਦੇ ਰਹਿੰਦੇ ਹਨ ਜੀ।ਫਿਰ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਸੰਦੀਪ ਸਿੰਘ ਚਾਹਲ
ਸਹਾਇਕ ਸੰਪਾਦਕ ਕੌਮੀ ਏਕਤਾ ਵੀਕਲੀ ਕੈਲੇਫੋਰਨੀਆ

ਸਤਿਨਾਮ ਸਿੰਘ ਸਵਿਟਜ਼ਲੈਡ

07/02/05

ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ।

ਦਾਸ ਨੇ ਜੋ ਆਪਣੇ ਆਪਣੇ ਪਿੰਡ ਨੂੰ ਜਾਂ ਸਕੂਲ ਨੂੰ ਸੁਧਾਰਨ ਬਾਰੇ ਲਿਖਿਆ ਸੀ, ਉਸ ਪ੍ਰਤੀ ਕੋਸ਼ਿਸ਼ ਵੀ ਕਰਨੀ ਸ਼ੁਰੂ ਕਰ ਦਿਤੀ ਹੈ।

ਅੱਜ ਪਹਿਲੇ ਦਿਨ ਹੀ ਕਰੀਬ ਦੋ ਲੱਖ ਰੁਪਏ ਦਾ ਇੰਤਜਾਮ ਹੋ ਗਿਆ ਹੈ। ਸ੍ਰ ਗੁਰਦਿਆਲ ਸਿੰਘ, ਕੁਲਵੰਤ ਸਿੰਘ ਸੰਧੂ ਜਰਮਨੀ, ਸ਼ਮਸ਼ੇਰ ਸਿੰਘ ਫਰਾਂਸ, ਸੁਖਦੇਵ ਸਿੰਘ ਪੋਲੈਂਡ, ਜਗਜੀਤ ਸਿੰਘ ਸੰਧੂ, ਜਸਬੀਰ ਸਿੰਘ ਸੰਧੂ ਅਮਰੀਕਾ ਤੇ ਦਾਸ। ਬਾਕੀ ਹੋਰ ਬਹੁਤ ਪਿਆਰੇ ਡੇਰਾ ਸਹਿਬ ਤੋਂ ਪੜ ਕੇ ਹਿੰਦੋਸਤਾਨ ਵਿੱਚ ਡੀ.ਸੀ.ਪੀ ਤੇ ਹੋਰ ਬਹੁਤ ਮਹਾਨ ਰੁਤਬਿਆਂ ਤੱਕ ਪਹੁੰਚੇ ਹਨ। ਇਸ ਤੋਂ ਇਲਾਵਾ ਸਿਰਦਾਰ ਬਿਕਰ ਸਿੰਘ ਸੰਧੂ ਜਿੰਨਾਂ ਨੇ ਮੁਢਲੀ ਵਿਦਿਆ ਡੇਰਾ ਸਹਿਬ ਤੋਂ ਹਾਸਲ ਕੀਤੀ ਤੇ ਬਾਅਦ ਵਿੱਚ 1972 ਸੰਨ ਵਿੱਚ ਅਮਰੀਕਾ ਤੋਂ ਪੀ.ਐੱਚ.ਡੀ ਕੀਤੀ। ਫਿਰ ਆਪ ਜੀ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਲੁਧਿਆਣਾਂ ਵਿੱਚ ਉਚੀ ਪਦਵੀ ਤੇ ਬਿਰਾਜਮਾਨ ਰਹੇ। ਸ਼੍ਰੀ ਕ੍ਰਿਸ਼ਨ ਕਾਂਤ ਜੋ ਕਦੀ ਹਿੰਦੋਸਤਾਨ ਦੇ ਉਪ ਰਾਸ਼ਟਰਪਿਤਾ ਰਹੇ ਹਨ ਵੀ ਇਸੇ ਸਕੂਲ ਦੇ ਪੜੇ ਹਨ।

ਅੱਜ ਇਹ ਸਭ ਕੁਝ ਲਿਖ ਦਿਆਂ ਮੈਨੂੰ ਬੜੀ ਖੁਸ਼ੀ ਹੈ ਕੇ ਅਮਰੀਕਾ ਤੋਂ ਸਿਰਦਾਰ ਜਗਜੀਤ ਸਿੰਘ ਸੰਧੂ ਜਿੰਨਾਂ ਨੇ ਇਹ ਗੱਲ ਕਹੀ ਕੇ ਸਕੂਲ ਦੇ ਕਮਰਿਆਂ ਤੇ ਲੈਂਟਰ ਉਹ ਇਕੱਲੇ ਹੀ ਪਵਾ ਦੇਣ ਗੇ। ਇਸੇ ਪ੍ਰਕਾਰ ਅਗਾਂਹ ਵੀ ਕੋਸ਼ਿਸ਼ ਜਾਰੀ ਹੈ। ਇਹ ਵੀਰ ਮਾਇਆ ਸਿਧੀ ਹੀ ਸਕੂਲ਼ ਦੇ ਅਕਾਊਂਟ ਵਿਚ ਭੇਜਣ ਗੇ ਜਾਂ ਕੁਝ ਵੀਰ ਵੈਸੇ ਹੀ ਭਾਰਤ ਜਾ ਰਹੇ ਸਨ ਤੇ ਜਾ ਕੇ ਆਪ ਹੀ ਸੇਵਾ ਕਰਨਗੇ।

ਹਾਲੇ ਬਹੁਤ ਹੀ ਪਿਆਰੇ ਰਹਿੰਦੇ ਹਨ ਜਿੰਨਾਂ ਦੇ ਐਡਰੈੱਸ ਪੈਦਾ ਕਰਨੇ ਹਨ। ੳਮੀਦ ਹੈ ਕੇ ਬਹੁਤ ਕਾਮਯਾਬੀ ਪ੍ਰਾਪਤ ਹੋਵੇ ਗੀ।

ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਇਸੇ ਪ੍ਰਕਾਰ ਆਪਣੇ ਆਪਣੇ ਪਿੰਡ ਦੇ ਸਕੂਲ ਦੀਆਂ ਇਮਾਰਤਾ ਵਾਸਤੇ ਮਾਇਆ ਇਕੱਤਰ ਕਰ ਕੇ ਧੰਨਤਾ ਦੇ ਪਾਤਰ ਬਣੋ।

ਗਲਤੀਆਂ ਦੀ ਖਿਮਾਂ।
ਸਤਿਨਾਮ ਸਿੰਘ ਸਵਿਟਜ਼ਲੈਡ ਤੋਂ

ਗੁਰੂ ਨਾਨਕ ਸਿੱਖ ਸੋਸਾਇਟੀ, ਬੈਲਜੀਅਮ

07/02/05

ਪੰਜਾਬ ਨੂੰ ਇੱਕ ਹੋਰ ਸੁਨਾਮੀ ਤੋਂ ਬਚਾਓ
ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਅਟੁੱਟ ਹੈ। ਕੁਦਰਤ ਹਮੇਸ਼ਾਂ ਤੋਂ ਹੀ ਮਨੁੱਖ ਦੀ ਭਲਾਈ ਵਾਸਤੇ ਕੰਮ ਕਰਦੀ ਹੈ, ਪਰ ਮਨੁੱਖ ਕਦੇ ਕਦੇ ਇਤਨਾ ਕੁ ਸਵਾਰਥੀ ਹੋ ਜਾਂਦਾ ਹੈ ਕਿ ਉਸ ਨੂੰ ਆਪਣਾ ਅਸਲੀ ਨਫਾ ਨੁਕਸਾਨ ਵਿਸਰ ਜਾਂਦਾ ਹੈ।ਪਰਮਾਤਮਾਂ ਨੇ ਮਨੁੱਖ ਨੂੰ ਵਿਗਿਆਨ ਦੇ ਚਮਤਕਾਰਾਂ ਦੇ ਰੂਪ ਵਿੱਚ ਕਿੰਨਾ ਨਿਵਾਜਿਆ ਪਰ ਇਨਸਾਨੀ ਫਿਤਰਤ ਦੇਖੋ, ਉਸੇ ਨਿਵਾਜਣਹਾਰੇ ਦਾ ਸ਼ੁਕਰਗੁਜਾਰ ਹੋਣ ਦੀ ਬਜਾਏ ਉਸ ਦੀ ਹੋਂਦ ਨੂੰ ਪਛਾਨਣ ਤੋਂ ਆਕੀ ਹੋ ਰਹੀ ਹੈ। ਧਰਤੀ ਹਮੇਸ਼ਾਂ ਧਰਮ ਦੇ ਅਧਾਰ ਤੇ ਟਿਕੀ ਹੋਈ ਹੈ। ਮਨੁੱਖ ਵਿਚਾਰਾ ਕੀ ਹੈਸੀਅਤ ਰਖਦਾ ਹੈ,ਇਸਦਾ ਜੀਵਨ ਸਿਰਫ ਪਰਮਾਤਮਾ ਦੀ ਮਰਜੀ ਤੇ ਨਿਰਭਰ ਕਰਦਾ ਹੈ। ਕੁਝ ਵੀ ਨਾਂ ਹੋਕੇ ਆਪਣੇ ਆਪ ਨੂੰ ਕਰਤਾ ਸਮਝੀ ਬੈਠਾ ਹੈ। ਇਸੇ ਹੰਕਾਰ ਦੇ ਅਧੀਨ ਅੱਜ ਇਸ ਲਾਲਚੀ ਇਨਸਾਨ ਨੇ ਪਹਿਲਾਂ ਓ-ਜੋਨ ਨੂੰ ਨੁਕਸਾਨ ਪਹੁੰਚਾਇਆ ਅਤੇ ਹੁਣ ਧਰਤੀ ਵਿਚਲੇ ਖਜਾਨਿਆਂ ਦੀ ਬੇਹੂਰਮਤੀ ਕਰਨ ਤੇ ਤੁਲਿਆ ਹੋਇਆ ਹੈ।ਨਤੀਜਾ ਸਾਡੇ ਸਭ ਦੇ ਸਾਹਮਣੇ ਹੈ ਭੁਚਾਲ ਤੇ ਤੁਫਾਨ।

ਧਰਤੀ ਜੋ ਸਭ ਦੀ ਮਾਂ ਹੈ,ਬੜੇ ਪਿਆਰ ਨਾਲ ਸਾਡੀਆਂ ਸਭ ਲੋੜਾਂ ਦੀ ਪੂਰਤੀ ਕਰਦੀ ਹੈ,ਉਸ ਪ੍ਰਤੀ ਸਾਡਾ ਵੀ ਕੁਝ ਫਰਜ ਬਣਦਾ ਹੈ।ਦੂਰ ਕੀ ਜਾਣਾ ਹੈ,ਪੰਜਾਬ ਦੀ ਹੀ ਉਦਾਹਰਣ ਲੈ ਲਈਏ-

ਕਦੇ ਸਮਾਂ ਸੀ ਪੰਜਾਬ ਦੀ ਧਰਤੀ ਰੁੱਖਾਂ ਨਾਲ ਢੱਕੀ ਹੋਈ ਸੀ, ਇਹ ਰੁੱਖ ਵਾਤਾਵਰਣ ਅਨੁਸਾਰ ਜਿੱਥੇ ਵੱਧ ਮੀਂਹ ਪੁਆਉਣ ਵਿੱਚ ਸਹਾਈ ਹੁੰਦੇ ਸਨ,ਉੱਥੇ ਧਰਤੀ ਦੀ ਉਪਜਾਊ ਤਹਿ ਨੂੰ ਖੁਰਣ ਤੋਂ ਵੀ ਬਚਾਉਂਦੇ ਸਨ।ਪਰ ਲਾਲਚ ਦੀ ਹਵਸ ਨੇ ਇਹਨਾਂ ਦਾ ਸਫਾਇਆ ਕਰ ਦਿੱਤਾ ।ਮੀਂਹ ਪੈਣੋ ਬੰਦ ਹੋ ਗਏ, ਧਰਤੀ ਬੰਜਰ ਹੋ ਗਈ, ਪਾਣੀ ਦਾ ਪੱਧਰ ਨੀਵਾਂ ਚਲਾ ਗਿਆ। ਹਵਸ ਵਿੱਚ ਅੰਨੇ ਮਨੁੱਖ ਨੇ ਉਦੋਂ ਹੋਰ ਵੀ ਅੱਤ ਕਰ ਦਿੱਤੀ ਜਦੋਂ ਪੰਜਾਬ ਦੇ ਉਲਟ ਜਲਵਾਯੂ ਵਾਲੀ ਫਸਲ ਝੋਨਾ ਪੈਦਾ ਕਰਨਾਂ ਸ਼ੁਰੂ ਕਰ ਦਿੱਤਾ।ਕੁਦਰਤ ਦਾ ਸਾਰਾ ਨਿਜਾਮ ਇੱਕ ਸੂਤਰ ਵਿੱਚ ਭਾਵ ਇੱਕ ਅਨੁਸ਼ਾਸਨ ਵਿੱਚ ਚਲ ਰਿਹਾ ਹੈ। ਇਸ ਵਿੱਚ ਜਦੋਂ ਕਦੇ ਕੋਈ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਕੁਦਰਤ ਇਨਸਾਨ ਦੀਆਂ ਬਹੁਤੀਆਂ ਗਲਤੀਆਂ ਨੂੰ ਅਣਗੌਲਿਆਂ ਕਰਦੀ ਰਹਿੰਦੀ ਹੈ, ਪਰ ਸਹਾਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜਦੋਂ ਅਸੀਂ ਹੱਦਾਂ ਪਾਰ ਕਰ ਜਾਂਦੇ ਹਾਂ ਤਾਂ ਸੁਨਾਮੀ ਵਰਗੀਆਂ ਆਫਤਾਂ ਸਹਾਰਨੀਆਂ ਪੈਂਦੀਆਂ ਹਨ।ਸੁਨਾਮੀ ਦੀ ਘਟਨਾਂ ਨਾਲ ਕੁਝ ਐਸੀਆਂ ਗੱਲਾਂ ਵਾਪਰੀਆਂ ਜਿਹਨਾਂ ਨੇ ਇਨਸਾਨ ਨੂੰ ਕੁਝ ਸੋਚਣ ਲਈ ਜਿੱਥੇ ਮਜਬੂਰ ਕੀਤਾ ,ਜਿਵੇਂ 8 ਦਿਨਾਂ ਤੱਕ ਬਿਨਾਂ ਖਾਧੇ ਪੀਤੇ ਜਿੳਂਦਾ ਰਹਿਣਾ ,ਉਹ ਵੀ ਸਮੁੰਦਰ ਵਿੱਚ ਇੱਕ ਰੁੱਖ ਦੇ ਸਹਾਰੇ, ਅਗਾਊਂ ਖਤਰੇ ਨੂੰ ਭਾਪਦਿਆਂ ਹਾਥੀਆਂ ਦਾ ਆਪਣੀਆਂ ਸਵਾਰੀਆਂ ਸਮੇਤ ਉੱਚੀਆਂ ਥਾਵਾਂ ਵੱਲ ਨੂੰ ਭੱਜਣਾ ਆਦਿ।

ਕਹਿੰਦੇ ਹਨ ਕਿ ਕਿਸੇ ਅੰਤਰ-ਰਾਸ਼ਟਰੀ ਸੰਸਥਾ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇੰਡਨੇਸ਼ੀਆ ਦੇ ਇਲਾਕੇ ਵਿੱਚ ਧਰਤੀ ਹੇਠਾਂ ਸਲਾਈਡਾਂ ਖਿਸਕਣ ਕਰਕੇ ਕੋਈ ਜਬਰਦਸਤ ਘਟਨਾਂ 2004 ਦੇ ਨੇੜੇ ਤੇੜੇ ਵਾਪਰ ਸਕਦੀ ਹੈ।ਪਰ ਦੁੱਖ ਦੀ ਗੱਲ ਹੈ ਕਿ ਇਨਸਾਨ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ। ਇਹ ਹੀ ਸੰਸਥਾ ਆਪਣਿਆਂ ਤਜਰਬਿਆਂ ਦੇ ਅਧਾਰ ਉੱਤੇ ਹੁਣ ਕਹਿ ਰਹੀ ਹੈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਇਸ ਕਦਰ ਨੀਵਾਂ ਹੋ ਰਿਹਾ ਹੈ ਕਿ ਜੇਕਰ ਇਸ ਵੱਲ ਫੋਰੀ ਕੋਈ ਧਿਆਨ ਨਾਂ ਦਿੱਤਾ ਤਾਂ 2006 ਤੱਕ ਕਿਸੇ ਜਬਰਦਸਤ ਭੁਚਾਲ ਨਾਲ ਮਹਾਂ ਪੰਜਾਬ ਭਾਵ ਦਰਿਆ ਜਿਹਲਮ ਤੋਂ ਲੈਕੇ ਦਿੱਲੀ ਤੱਕ ਦਾ ਇਲਾਕਾ ਮਲੀਆਮੇਟ ਹੋਕੇ ਰਹਿ ਜਾਏਗਾ। ਰੱਬ ਨਾਂ ਕਰੇ ਜੇਕਰ ਸੁਨਾਮੀ ਦੀ ਤਰ੍ਹਾਂ ਇਹ ਭਵਿੱਖ ਬਾਣੀ ਵੀ ਸਹੀ ਹੋ ਜਾਂਦੀ ਹੈ;ਤਾਂ ਫਿਰ ਕੁਦਰਤ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਆਓ ਪੰਜਾਬ ਦਰਦੀਓ, ਕੁਝ ਕਰੀਏ। ਸੱਚ ਕਰ ਜਾਣਿਓ ਜੇ, ਪੰਜਾਬ ਵਰਗੀ ਧਰਤੀ ਦਾ ਅਨੰਦ ਦੁਨੀਆਂ ਉੱਪਰ ਹੋਰ ਕਿਧਰੇ ਵੀ ਨਹੀਂ ਹੈ ਇਸਦਾ ਮਿੱਠਾ ਜਲ, ਇੱਥੋਂ ਦੀਆਂ ਸਬਜੀਆਂ ਅਤੇ ਫਲਾਂ ਦਾ ਆਪਣਾ ਜਾਇਕਾ ਸਿਰਫ ਉਹ ਹੀ ਦੱਸ ਸਕਦੇ ਹਨ ਜਿਹਨਾਂ ਨੂੰ ਮਜਬੂਰੀ ਕਰਕੇ ਇਸ ਨੂੰ ਛੱਡਣਾ ਪਿਆ। ਅੱਜ ਜੇਕਰ ਪੰਜਾਬ ਵਿੱਚ ਹਲਚਲ ਹੈ ਤਾਂ ਇਹ ਮਨੁੱਖੀ ਸੁਭਾਅ ਕਰਕੇ ਹੈ ਜਿਸਨੇ ਆਪਣੀ ਸਭਿਅਤਾ ਨੂੰ ਭੁਲਾ ਕੇ ਆਪਣੇ ਆਪ ਨੂੰ ਰਲੱਗੱਡ ਕਰਨਾਂ ਸ਼ੁਰੂ ਕਰ ਦਿੱਤਾ ਹੈ।ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸਮਾਜ ਸੇਵੀ ਜੱਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਕੁਦਰਤ ਨੇ ਮੌਕਾ ਦਿੱਤਾ ਹੈ ਤਾਂ ਜਰੂਰ ਹੋਈਆਂ ਭੁੱਲਾਂ ਨੂੰ ਸੁਧਾਰਨਾਂ ਚਾਹੀਦਾ ਹੈ।ਆਉਣ ਵਾਲੀ ਇਸ ਸੁਨਾਮੀ ਦੇ ਖਤਰਿਆਂ ਨੂੰ ਸੂਝਵਾਨਾਂ ਦੀ ਤਰ੍ਹਾਂ ਹੱਲ ਕਰਨ ਵਿੱਚ ਹੀ ਸਰਬੱਤ ਦਾ ਭਲਾ ਹੈ।

ਪੰਜਾਬ ਵਿੱਚ ਮੁੜ ਤੋਂ ਫਲਾਂ ਦੀ ਖੇਤੀ ਕੀਤੀ ਜਾਏ। ਜਿਸ ਨਾਲ ਰੁੱਖਾਂ ਕਰਕੇ ਮੀਂਹ ਦੀ ਐਨੀ ਆਮਦ ਹੋਏ ਕਿ ਧਰਤੀ ਦਾ ਨੀਵਾਂ ਗਿਆ ਪਾਣੀ ਦਾ ਪੱਧਰ ਮੁੜ ਉਪਰ ਆ ਜਾਏ।ਝੋਨੇ ਦੀ ਵਪਾਰਕ ਖੇਤੀ ਬੰਦ ਕੀਤੀ ਜਾਏ,ਉਂਜ ਵੀ ਪੰਜਾਬੀਆਂ ਦੇ ਜੀਵਨ ਵਿੱਚ ਚੌਲ਼ਾਂ ਨਾਲੋਂ ਕਣਕ ਦੀ ਪਰਧਾਨਤਾ ਹੈ। ਕੁਦਰਤ ਨੇ ਇਨਸਾਨ ਨੂੰ ਉਥੋਂ ਦੇ ਜਲਵਾਯੂ ਅਨੁਸਾਰ ਹੀ ਭੋਜਨ ਦੀ ਰੁੱਚੀ ਬਖਸ਼ੀ ਹੈ।ਸੋ ਜੇਕਰ ਇਨਸਾਨ ਨੇ ਆਪਣਾ ਭਲਾ ਕਰਨਾਂ ਹੈ ਤਾਂ ਇਹ ਬਹੁਤ ਹੀ ਜਰੂਰੀ ਹੈ ਕਿ ਕੁਦਰਤ ਦੇ ਅਨੁਸਾਰੀ ਹੋਕੇ ਜੀਵਿਆ ਜਾਏ,ਨਹੀਂ ਤਾਂ ਕੁਦਰਤ ਨੂੰ ਸਬਕ ਸਿਖਾਉਣਾ ਚੰਗੀ ਤਰ੍ਹਾਂ ਆਉਂਦਾ ਹੈ।ਸਰਕਾਰ ਦਾ ਵੀ ਇਹ ਇਖਲਾਕੀ ਫਰਜ ਬਣਦਾ ਹੈ ਕਿ ਅਗਾਓਂ ਆਉਣ ਵਾਲੇ ਖਤਰੇ ਨੂੰ ਸਾਹਮਣੇ ਰੱਖ ਕੇ ਲੋਕਾਂ ਦੀ ਅਗਵਾਈ ਕਰੇ ਜੋ ਲੋਕ ਆਨਾਕਾਰੀ ਕਰਨ ਉਹਨਾਂ ਨਾਲ ਸਖਤੀ ਕੀਤੀ ਜਾਏ।ਜੇਕਰ ਪੰਜਾਬ ਵਿੱਚ ਇਹ ਘਟਨਾ ਘਟਦੀ ਹੈ ਤਾਂ ਇਹ ਮਨੁੱਖੀ ਗਲਤੀ ਦਾ ਅਜਿਹਾ ਧੱਬਾ ਹੋਏਗਾ ਜੋ ਧੋਣਾ ਮੁਸ਼ਕਲ ਹੋਏਗਾ।ਦੇਖਿਓ ਕਿਧਰੇ ਪੰਜਾਬ ਇਤਿਹਾਸ ਦੇ ਹਨੇਰੇ ਪੰਨਿਆਂ ਵਿੱਚ ਨਾਂ ਸਮੇਟਿਆ ਜਾਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਿਰਫ ਇਹ ਸੁਨਣ ਲਈ ਹੀ ਮਜਬੂਰ ਨਾਂ ਰਹਿ ਜਾਣ------

ਐ ਪੰਜਾਬ ਕਰਾਂ ਕੀ ਸਿਫਤ ਤੇਰੀ--------

ਗੁਰੂ ਨਾਨਕ ਸਿੱਖ ਸੋਸਾਇਟੀ

ਬੈਲਜੀਅਮ

ਸੰਤੋਖ ਸਿੰਘ

03/02/05

ਬਹੁਤ ਹੀ ਚੰਗਾ ਉਦਮ ਹੈ।

ਅਜਿਹੇ ਚੰਗੇ ਕਾਰਜ ਜਾਰੀ ਰੱਖੋ ਜਿਨ੍ਹਾਂ ਕਰਕੇ ਪਰਦੇਸਾਂ ਵਿਚ ਬੈਠੇ ਸਿੱਖ ਪਰਵਾਰ ਆਪਸ ਵਿਚ ਮੇਲ਼ ਮਿਲਾਪ ਰੱਖ ਕੇ ਸਾਝਾਂ ਵਿਚ ਵਾਧਾ ਕਰਦੇ ਰਹਿਣ ਤੇ ਪਰਦੇਸਾਂ ਵਿਚ ਵੀ ਪੰਜਾਬੀਅਤ ਦੇ ਅਹਿਸਾਸ ਦੀ ਅਨੁਭਵਤਾ ਕਰਦੇ ਹੋਏ ਖੁਸ਼ੀਆਂ ਮਾਣਦੇ ਰਹਿਣ।

ਰੱਬ ਰਾਖਾ।
ਸੰਤੋਖ ਸਿੰਘ

ਰਾਜ ਭੂਪਿੰਦਰ ਸਿੰਘ, ਭਾਰਤ

ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਸੰਸਥਾ ਜੰਕੋ ਵਲੋਂ ਸ਼ਾਨਦਾਰ ਸਮਾਗਮ
- ਸੰਦੀਪ ਸਿੰਘ ਚਾਹਲ ਕੈਲੇਫੋਰਨੀਆ 

03/02/05

ਜੈਨਕੋਨੀਅਨ, ਜਿਥੇ ਮਰਜੀ ਬੈਠੇ ਹੋਣ, ਆਪਸੀ ਸਾਂਝ ਨਹੀਂ ਭੁਲਦੇ । ਹਾਲ ਵਿਚ ਹੀ, ਕੈਲੀਫੋਰਨੀਆ ਵਿਚ ਹੋਇਆ ਜੰਕੋ ਦਾ ਸਮਾਗਮ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ । ਇਸ ਸਮਾਗਮ ਵਿਚ ਉਪਰੋਕਤ ਰਿਪੋਰਟ ਅਨੁਸਾਰ ਲੋਕ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ । ਭਰੂਣ ਹੱਤਿਆ ਨੂੰ ਰੋਕਣ ਲਈ ਵਿਦਵਾਨਾਂ ਵਲੋਂ ਦਿਤਾ ਗਿਆ ਹੋਕਾ ਸਲਾਹੁਣ-ਯੋਗ ਹੈ । ਭੰਗੜੇ ਗਿੱਧੇ ਨੇ ਵੀ ਆ ਪਣਾ ਕਮਾਲ ਕਰ ਦਿਖਾਇਆ । ਪੰਜਾਬੋਂ ਦੂਰ ਬੈਠੇ ਪੰਜਾਬੀਆਂ ਨੇ ਵੀ ਆਪਣੇ ਆਪ ਨੂੰ ਪੰਜਾਬੀ ਸਭਿਆਚਾਰ ਦੀ ਤੰਦ ਨਾਲ ਜੁੜੇ ਹੋਏ ਮਹਿਸੂਸ ਕੀਤਾ ਹੋਵੇਗਾ ।

ਪਰ ਇਕ ਗੱਲ ਤਾਂ ਇਸ ਸਮਾਗਮ ਵਿਚ ਕਰਨੀ ਰਹਿ ਗਈ, ਉਹ ਸੀ ਆਪਣੇ ਪਿਛਲੇ ਪਿੰਡਾਂ ਬਾਰੇ ਸੋਚ । ਉਨ੍ਹਾਂ ਸਕੂਲਾਂ ਬਾਰੇ ਸੋਚ, ਜਿਨ੍ਹਾਂ ਵਿਚ ਜੈਨਕੋਨੀਅਨ ਪੜ੍ਹੇ ਹੋਣਗੇ ।

"ਵੰਡੋ ਵਿਦਿਆ ਦੀ ਲੋਅ" ਪ੍ਰੋਜੈਕਟ ਦੇ ਆਸ਼ੇ ਅਧੀਨ, ਸਾਰੇ ਇਕੱਠੇ ਹੋਏ ਜੈਨਕੋਨੀਅਨ, ਆਪੋ ਆਪਣੇ ਪਿੰਡਾਂ ਦੇ ਸਕੂਲਾਂ ਦੀ ਸਾਰ ਜਰੂਰ ਲੈਣ । ਮੇਰੀ ਸ. ਸੰਦੀਪ ਸਿੰਘ ਚਾਹਲ ਹੁਰਾਂ ਨੂੰ ਬੇਨਤੀ ਹੈ ਕਿ ਉਹ ਇੱਕ ਇੱਕ ਰੁੱਕਾ ਸਾਰੇ ਜੈਨਕੋਨੀਅਨ ਦੇ ਘਰ ਜਰੂਰ ਭੇਜਣ , ਜਿਸ ਵਿਚ ਸਾਰਿਆਂ ਨੂੰ ਆਪੋ ਆਪਣੇ ਪਿੰਡਾਂ ਵਿਚ ਪੁਰਾਣੇ ਜਮਾਤੀਆਂ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਲਈ ਕਿਹਾ ਜਾਵੇ । ਉਨ੍ਹਾਂ ਦਾ ਹਾਲ ਚਾਲ ਪੁਛਿਆ ਜਾਵੇ । ਉਪਰੰਤ ਪਿੰਡ ਦੇ ਸਕੂਲ ਦੀ ਹਾਲਤ ਬਾਰੇ ਪੁਛਿਆ ਜਾਵੇ । ਕਮੀ ਪੇਸ਼ੀ , ਜੇ ਕੋਈ ਹੋਵੇ ਤਾਂ ਉਸ ਦਾ ਹੱਲ ਕਢਣ ਲਈ ਕੁਝ ਸੌ ਜਾਂ ਹਜ਼ਾਰ ਡਾਲਰ / ਪੌਂਡ , ਉਨ੍ਹਾਂ ਨੂੰ ਭੇਜੇ ਜਾਣ । ਤਾਂ ਕਿ ਪਿੰਡ ਦੇ ਸਕੂਲਾਂ ਵਿਚ ਜੋ ਨਵੀਂ ਪੀੜ੍ਹੀ , ਹੁਣ ਵਿਦਿਆ ਪ੍ਰਾਪਤ ਕਰ ਰਹੀ ਹੈ , ਉਸ ਨੂੰ ਵੀ ਪਤਾ ਲੱਗੇ ਕਿ ਇਸ ਸਕੂਲ ਦੇ ਪੜ੍ਹੇ ਪੁਰਾਣੇ ਵਿਦਿਆਰਥੀ , ਆਪਣੇ ਸਕੂਲ ਦਾ ਕਿੰਨਾਂ ਖਿਆਲ ਰੱਖਦੇ ਹਨ । ਫਿਰ ਅਗਲੇ ਸਾਲ ਹੋਣ ਵਾਲੇ ਜੰਕੋ ਦੇ ਸਮਾਗਮ ਤੇ ਸਾਰਿਆਂ ਵੱਲੋਂ ਆਪੋ ਆਪਣੇ ਸਕੂਲਾਂ ਤੇ ਕੀਤੇ ਗਏ ਖਰਚੇ ਦਾ ਵੇਰਵਾ ਦਸਿਆ ਜਾਵੇ ਤੇ ਜੇ ਹੋ ਸਕੇ ਤਾਂ ਵਧੀਆ ਕੰਮ ਕਰਨ ਵਾਲਿਆਂ ਨੂੰ ਕੋਈ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਬਾਕੀ ਵੀ ਅਜਿਹੇ ਲੋਕ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਹੋਣ ।

ਇਹੀ ਆਸ ਮੈਂ ਪੰਜਾਬੀ ਅਕੈਡਮੀ ਲੈਸਟਰ ਵਾਲਿਆਂ ਤੋਂ 12 ਫਰਵਰੀ 2005 ਨੂੰ ਕਰਵਾਏ ਜਾ ਰਹੇ ਲੋਹੜੀ ਮੇਲੇ ਸਮੇਂ ਕਰਦਾ ਹਾਂ । ਸੁਰਿੰਦਰ ਮਾਹਲ ਜੀ ਦੇ ਏਸ ਕਥਨ ਨਾਲ ਮੈਂ ਪੂਰੀ ਤਰਾਂ ਸਹਿਮਤ ਹਾਂ ਕਿ ਪੰਜਾਬ ਵਿਚਲੇ ਸਰਕਾਰੀ ਸਕੂਲਾਂ ਵਿਚ ਸਟਾਫ ਦੀ ਕਮੀ ਹੈ ਪਰ ਇਸ ਦਾ ਵੀ ਹੱਲ ਕਢਿਆ ਜਾ ਸਕਦਾ ਹੈ । ਅਜ ਕਲ ਬਹੁਤ ਸਾਰੇ ਪੰਜਾਬੀ ਪੜ੍ਹ ਲਿਖ ਕੇ ਬੇਰੁਜਗਾਰ ਤੁਰੇ ਫਿਰਦੇ ਹਨ । ਕੀ ਉਨ੍ਹਾਂ ਵਿਚੋਂ ਕੁਝ ਕੁ ਚੰਗੇ ਉਦਮੀ ਪੜ੍ਹਾਕੂਆਂ ਨੂੰ ਇਨ੍ਹਾਂ ਸਕੂਲਾਂ ਵਿਚ ਬਤੌਰ ਅਧਿਆਪਕ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਬਣਦੀ ਸਰਦੀ ਤਨਖਾਹ ( ਆਪਣੀ ਜੇਬ 'ਚੋਂ ) ਦਿਤੀ ਜਾਵੇ । ਇਸ ਤਰਾਂ ਕਰਨ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਜਾਵੇਗਾ ਤੇ ਰੁਲ ਰਹੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਹੋ ਜਾਵੇਗਾ ।

ਅਮਰਜੀਤ ਟਾਂਡਾ ਜੀ ਕਾਂਗਰਸ / ਅਕਾਲੀ ਨੇਤਾਵਾਂ ਦੇ ਖੀਸਿਆਂ 'ਚੋਂ ਮਾਲ ਕਢਾਉਣ ਦੀ ਗੱਲ ਕਰ ਰਹੇ ਹਨ । ਉਨ੍ਹਾਂ ਲਈ ਮੈਂ ਇਕ ਘਟਨਾ ਪੇਸ਼ ਕਰਨ ਜਾ ਰਿਹਾ ਹਾਂ । ਇਕ ਸਮਾਗਮ ਤੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਇਲਾਕੇ ਵਿਚ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਤੇ ਨੇਤਾ ਜੀ ਕੁਝ ਕਰਨ । ਨੇਤਾ ਜੀ ਨੇ ਆਪਣੇ ਭਾਸ਼ਣ ਵਿਚ ਉਸ ਇਲਾਕੇ ਲਈ 2 ਲੱਖ ਰੁਪਏ ਦਾ ਚੈੱਕ ਮੌਕੇ ਤੇ ਹੀ ਕੱਟ ਕੇ ਦੇ ਦਿਤਾ । ਸਾਰਿਆਂ ਨੇ ਤਾੜੀਆਂ ਨਾਲ ਇਸ ਮਦਦ ਦਾ ਸਵਾਗਤ ਕੀਤਾ । ਜਾਣ ਲੱਗੇ ਨੇਤਾ ਜੀ ਉਸ ਇਲਾਕੇ ਵਿਚਲੇ ਆਪਣੇ ਪਾਰਟੀ ਵਰਕਰਾਂ ਨੂੰ ਇਹ ਤਾਕੀਦ ਕਰ ਗਏ ਕਿ ਉਹ ਸਾਰੇ ਇਲਾਕੇ ਵਿਚੋਂ 'ਪਾਰਟੀ ਭਲਾਈ ਫੰਡ' ਲਈ 5 ਲੱਖ ਰੁਪਏ ਇੱਕਠੇ ਕਰ ਕੇ ਜਲਦੀ ਹੀ ਪਾਰਟੀ ਦੇ ਮੁੱਖ ਦਫਤਰ ਵਿਚ ਜਮ੍ਹਾਂ ਕਰਵਾਉਣ । ਸੋ ਨੇਤਾ ਲੋਕਾਂ ਦੀ ਮਦਦ ਨਾਲੋਂ ਆਪਸੀ ਫੰਡ ਇੱਕਠਾ ਕਰ ਲਿਆ ਜਾਵੇ ਤਾਂ ਸੌ ਗੁਣਾ ਬੇਹਤਰ ਹੋਵੇਗਾ । ਜੋ ਨਸੀਹਤ ਅਸੀਂ ਦੂਜਿਆਂ ਨੂੰ ਦੇਣੀ ਹੈ ਕਿ ਸਾਰਾ ਕੁਝ ਇਥੇ ਰਹਿ ਜਾਣਾ ਹੈ । ਉਸ ਤੇ ਪਹਿਲਾਂ ਆਪ ਅਮਲ ਕਰੀਏ ।

ਭੁੱਲ ਚੁੱਕ ਮਾਫ ਕਰਨੀ ।
ਰਾਜ ਭੂਪਿੰਦਰ ਸਿੰਘ, ਭਾਰਤ ।

ਹਰਜਿੰਦਰ ਸਿੰਘ ਹਰਦ, ਹੌਲੈਂਡ

03/02/05

ਅਸੀਂ 5ਆਬੀ.ਕਾਮ ਨਾਲ ਬੜੇ ਖੁਸ਼ ਹਾਂ। ਇਸ ਨਾਲ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹਿ ਸਕਦੇ ਹਾਂ। ਇਸ ਵਾਸਤੇ ਆਪ ਦਾ ਧੰਨਵਾਦ

ਹਰਜਿੰਦਰ ਸਿੰਘ ਹਰਦ, ਹੌਲੈਂਡ

ਇੰਜ:ਮਾਂਗਟ ਵੈਨਕੋਵਰ

ਸ਼ਬਦ ਅਤੇ ਸ਼ਬਦ ਦੀ ਸਿਆਸਤ
- ਦਲਬੀਰ ਸਿੰਘ

03/02/05

ਵਿਸ਼ਾ : ਸ਼ਬਦ ਦੀ ਸਿਆਸਤ ।

ਲੇਖਕ ਵਲੋਂ ਰਚਨਾ ਦਾ ਸਿਰਲੇਖ ਚੁਣਨ ਵੇਲੇ ਬਿਬੇਕ ਬੁਧੀ ਦਾ ਪਰਯੋਗ ਨਹੀਂ ਕੀਤਾ ਗਿਆ । ਗੁਰਬਾਣੀ ਨਾਲ ਸਬੰਧਤ ਵਿਸ਼ਿਆਂ ਨੂੰ ਲਿਖਣ ਵੇਲੇ ਸ਼ਬਦਾਵਲੀ ਦੀ ਦੁਰ ਵਰਤੋਂ ਨਹੀਂ ਕਰਨੀ ਚਾਹੀਦੀ ।ਇਹ ਵਿਸ਼ਾ ਕਿਸੇ ਇਲੈਕਸ਼ਨ ਨਾਲ ਸਬੰਧਤ ਨਹੀਂ ਸੀ ਸਗੋਂ ਜੁਗੋਜੁਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਸਬੰਧ ਰਖਦਾ ਸੀ ।ਲੇਖਕਾਂ ਨੂੰ ਅਜੇਹੇ ਵੇਲੇ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ " ਲੋਗ ਜਾਨੇ ਇਹ ਗੀਤ ਹੈ ਇਹ ਤਉ ਬ੍ਰਹਮ ਬੀਚਾਰ " ( ਗਉੜੀ ਕਬੀਰ ਜੀ ਪੰ 335)। ਵਾਦ ਵਿਵਾਦ  ਪੈਦਾ ਕਰਨ ਵਾਲੇ ਚੁੰਚ ਵਿਦਵਾਨ ਅਜੇਹੇ ਟਿਪਣੀ-ਕਾਰਾਂ ਨੂੰ ਵੀ ਤਿਆਰ ਰਖਦੇ ਹਨ ਜੋ ਉਹਨਾਂ ਦੇ ਬਚਾਓ ਲਈ ਤਰਾਂ ਤਰ੍ਹਾਂ ਦੇ ਉਲਟੇ ਸਿਧੇ ਮਸਾਲੇ ਲਾਕੇ ਅਨਭੋਲ ਪਾਠਕਾਂ ਲਈ ਸਮੱਗਰੀ ਤਿਆਰ ਰਖੱਣ।ਟਿਪਣੀ-ਕਾਰ ਨੇ ਕਿੰਨੇ ਪੋਚਵੇਂ ਢੰਗ ਨਾਲ ਭੂਮਕਾ  ਬੰਨ੍ਹ ਕੇ ਅਖ਼ੀਰਲੇ ਪਹਿਰੇ ਵਿਚ ਪੈਂਤੜਾ ਬਦਲਿਆ ਹੈ ਅਤੇ ਤਾਲ ਦੇ ਤੋੜੇ ਵਾਂਗ ਆਪਣੀ ਗਲ ਵਿਵਾਦ ਦੀ ਪਰੋੜਤਾ ਕਰਦਿਆਂ ਛਡੀ ਹੈ ।

ਰਾਗ ਮਾਲਾ ਦਾ ਵਿਸ਼ਾ ਭਾਵੇਂ ਪਿਛਲੇ ਲਗ ਪਗ 80 ਸਾਲ ਤੋਂ ਵਧ ਸਿਖ ਪੰਥ ਵਿਚ ਕਈ ਪੱਧਰਾਂ ਤੇ ਉਭਰਦਾ ਰਿਹਾ ਹੈ ਅਤੇ ਸਿਧਾਂਤਕ ਤੌਰ ਤੇ ਪੰਚ ਖ਼ਾਲਸਾ ਦੀਵਾਨ ਭਸੌੜ ਨੇ ਦਲੀਲ ਸਹਿਤ 75 ਸਾਲ ਪਹਿਲਾਂ ਪੇਸ਼ ਕੀਤਾ ਸੀ।ਉਹਨਾਂ ਵਲੋਂ ਇਕ ਗੁਰੂ ਗਰੰਥ ਸਾਹਿਬ ਦੀ ਬੀੜ ਦਾ ਸਕੰਲਨ ਵੀ ਰਾਗਮਾਲਾ ਤੋਂ ਬਿਨਾ ਕਰ ਦਿਤਾ ਗਿਆ ਸੀ।ਇਸ ਕਾਰਨ ਦੀਵਾਨ ਦੇ ਮੁਖੀ ਬਾਬੂ ਤੇਜਾ ਸਿੰਘ (ਰਿ) ਐਸ.ਡੀ.ਓ ਨੂੰ ਅਕਾਲ ਤਖ਼ਤ ਵਲੋਂ ਛੇਕ ਦਿਤਾ ਗਿਆ ਸੀ।ਇਕ ਗਲ ਧਿਆਨ ਵਿਚ ਰਖਣੀ ਚਾਹੀਦੀ ਹੈ ਕੇ ਜੇ ਕਰ ਇਕ ਵਾਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਤੇ ਪ੍ਰਸ਼ੰਨ ਚਿੰਨ ਲਗ ਗਿਆ ਤਾਂ ਫਿਰ"ਸਤਿਗੁਰ ਬਿਨਾ ਹੋਰ ਕਚੀ ਹੈ ਹੈ ਬਾਨੀ " (ਮਹਲਾ 3) ਦੇ ਸਿਧਾਂਤ ਨੂੰ ਇਨ ਬਿਨ ਲਾਗੂ ਕਰਾਉਣ ਲਈ ਆਉਣ ਵਾਲੀਆਂ ਪੀੜੀਆਂ ਜਾਗਰੂਕ ਹੋ ਕੇ ਇਸ ਮਹਾਨ ਗਰੰਥ ਦਾ ਅਕਾਰ ਹੀ ਬਦਲ ਦੇਣਗੀਆਂ।

ਅਜ ਕਲ੍ਹ ਦੇ ਵਿਦਵਾਨ ਸਮਝਦੇ ਹਨ ਹੁਣ ਲੋਕ ਸ਼ਾਇਦ ਉਹ ਪੁਰਾਣੀਆਂ ਲਿਖਤਾਂ ਭੁਲ ਗਏ ਹਨ ਜਾਂ ਆਮ ਉਪਲਭਦ ਨਾ ਹੋਣ ਕਾਰਨ ਸਸਤੀ ਸ਼ੁਹਰਤ ਹਾਸਲ ਕਰਨ ਲਈ ਉਹਨਾਂ ਨੂੰ ਲਛੇਦਾਰ ਭਾਸ਼ਾ ਨਾਲ ਪੇਸ਼ ਕੀਤਾ ਜਾਵੇ,ਜਿਸ ਨਾਲ ਮੀਡੀਆ ਨੂੰ ਸਿਖਾਂ ਵਿਚ ਫੁਟ ਪਾਉਣ ਦਾ ਮੌਕਾ ਵੀ ਮਿਲ ਜਾਵੇ ਅਤੇ ਕਥਿਤ ਵਿਦਵਾਨ ਦਾ ਸ਼ੋਹਰਤ ਦਾ ਲਖਸ਼ ਵੀ ਪੂਰਾ ਹੋ ਜਾਵੇ।ਪਿਛੇ ਜਹੇ ਹੀ ਇਕ ਹੋਰ ਕਥਿਤ ਵਿਦਵਾਨ ਦੇ ਨਾਂਅ ਤੇਂ ਦਸਮ ਗਰੰਥ ਬਾਰੇ ਘਟੀਆ ਲ਼ਚਰ ਭਾਸ਼ਾ ਵਰਤ ਕੇ ਪੁਸਤਕਾਂ ਦੀ ਇਕ ਲੜੀ ਹੀ ਛਪਵਾ ਕੇ ਮਾਰਕੀਟ ਵਿਚ ਸੁਜਿਲਦ ਸ਼ਕਲ ਵਿਚ ਸੁਟ ਦਿਤੀ ਗਈ ਸੀ ।ਪਰ ਇਸ ਵਿਚਲਾਅ ਮਸੌਦਾ ਵੀ ਅਜ ਤੋਂ 72 ਸਾਲ ਪਹਿਲਾਂ ਪੰਥ ਵਿਚ ਚਰਚਾ ਦਾ ਵਿਸ਼ਾ ਬਣ ਚੁਕਿਆ ਸੀ ਅਤੇ ਕੋਈ ਨਵੀਂ ਖੋਜ ਨਹੀਂ ਸੀ ।

ਇਸ ਲਈ ਕਥਿਤ ਵਿਦਵਾਨਾ ਨੂੰ ਕੋਈ ਨਵੀਂ ਖੋਜ ਪਾਠਕਾਂ ਸਾਹਮਣੇ ਪੇਸ਼ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਜਿਸ ਨਾਲ ਅਜ ਕਲ ਦੇ ਨੌਜੁਆਨ ਨੂੰ ਕੋਈ ਸੇਧ ਮਿਲ ਸਕੇ , ਉਹ ਸਿਖੀ ਵਲ ਪ੍ਰੇਰੇ ਜਾ ਸਕਣ, ਉਹਨਾ ਨੂੰ ਸ਼ਬਦ ਗੂਰੂ ਦਾ ਗਿਆਨ ਹੋ ਸਕੇ ਅਤੇ ਅਜੇਹੇ ਸੁਚੱਜੇ ਲੇਖਕਾਂ ਦਾ ਨਾਂ ਸੁਨਹਿਰੀ ਅਖਰਾਂ ਵਿਚ ਲਿਖਿਆ ਜਾਵੇ ।

ਇੰਜ:ਮਾਂਗਟ ਵੈਨਕੋਵਰ

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1 2 3 4 5

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com