|
|
ਪਾਠਕਾਂ ਦੇ
ਵਿਚਾਰਾਂ ਨਾਲ 5abi.com
ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ। |
|
ਖਾਸ ਸੂਚਨਾ
! |
''ਸ਼ੁੱਧ
ਪੰਜਾਬੀ'' ਦਾ ਮਨੋਰਥ ਲੈ ਕੇ, ਅਸੀਂ ਅੱਜ ਤੋਂ ਪੰਜ ਸਾਲ ਪਹਿਲਾਂ,
5abi.com ਦਾ ਇਹ
ਇੰਟਰਨੈੱਟ ਪੋਰਟਲ ਸ਼ੁਰੂ ਕੀਤਾ ਸੀ। ਦੁਨੀਆਂ ਭਰ ਵਿੱਚ ਰਹਿੰਦੇ
ਪੰਜਾਬੀਆਂ ਨੇ ਇਸ ਪਹਿਲ-ਕਦਮੀ ਦਾ ਬੜੇ ਉਤਸ਼ਾਹ ਨਾਲ ਹੁੰਗਾਰਾ ਭਰਿਆ
ਅਤੇ ਸਾਥ ਦਿੱਤਾ। ਸ਼ੁਰੂ ਵਿਚ, ਹਰ ਪੰਜਾਬੀ ਪਾਠਕ ਨੂੰ ਪੰਜਾਬੀ
ਟਾਈਪ ਕਰਨ ਦਾ ਅਭਿਆਸ ਨਾ ਹੋਣ ਕਰਕੇ, ਸਾਨੂੰ ਕਈ ਵਾਰ (ਆਪਣੇ
ਅਸੂਲਾਂ ਦੇ ਵਿਰੁੱਧ) ਰੋਮਨ ਲਿੱਪੀ ਆਧਾਰਤ ਹੋਰ ਭਾਸ਼ਾਵਾਂ (ਖਾਸ ਕਰ
ਅੰਗਰੇਜ਼ੀ) ਵਿੱਚ ਭੇਜੇ ਖਤ ਵੀ ਛਾਪਣੇ ਪੈਂਦੇ ਸਨ। ਹੁਣ ਸਾਨੂੰ,
ਇਹ ਜਾਣ ਕੇ ਬੜੀ ਖੁਸ਼ੀ ਹੋ ਰਹੀ ਹੈ (ਅਤੇ ਮਾਣ ਵੀ!) ਕਿ ਸਾਡੇ
ਪਾਠਕਾਂ ਨੇ ਹੰਬਲਾ ਮਾਰ ਕੇ ਪੰਜਾਬੀ ਟਾਈਪਿੰਗ ਹੀ ਨਹੀ ਸਿੱਖੀ
ਬਲਕੇ ਕੰਪੂਟਰ ਤਕਨੀਕ ਦੇ ਮਾਹਰ ਵੀ ਬਣ ਗਏ ਹਨ।
Windows
XP ਦੇ ਆਉਣ ਨਾਲ ਤਾਂ ਪੰਜਾਬੀ ਭਾਸ਼ਾਂ ਨੂੰ
ਦੂਸਰੀਆਂ ਅਧੁਨਿਕ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਮਿਲਿਆ ਹੈ ਅਤੇ
ਪੰਜਾਬੀਆਂ ਨੂੰ ਆਪਣੀ ਭਾਸ਼ਾ ਨੂੰ ਤਰੱਕੀ ਦੀਆਂ ਬੇਹੱਦ ਉਚਾਈਆ ਵਲ
ਲੈ ਜਾਣ ਦਾ ਸੁਨਹਿਰੀ ਮੌਕਾ ਵੀ! ਹੁਣ,
ਕਿਸੇ ਵੀ ਕਿਸਮ ਦੀ ਤਕਨੀਕੀ ਮੁਸ਼ਕਲ ਨਹੀਂ ਕਿ ਦੁਨੀਆਂ ਭਰ ਦੇ
ਪੰਜਾਬੀਆਂ ਨੂੰ ਆਪਸੀ ਤਾਲ-ਮੇਲ ਲਈ ਕਿਸੇ ਬਦੇਸ਼ੀ ਭਾਸ਼ਾ ਦਾ ਸਹਾਰਾ
ਲੈਣਾ ਪਵੇ। ਇਸ ਨਵੇ ਤਕਨੀਕ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ
ਅਸੀਂ ਪਿਛਲੇ ਸਾਲ
5abi.com
ਨੂੰ ਸੰਪੂਰਨ ਤੌਰ ਤੇ ਯੂਨੀਕੋਡ ਤਕਨੀਕ
ਵਿਚ ਬਦਲ ਦਿੱਤਾ ਹੈ।
ਇਨ੍ਹਾਂ
ਉੱਪਲਭਦੀਆਂ ਨੂੰ ਮੁੱਖ ਰੱਖਦੇ ਹੋਏ, 5ਆਬੀ.ਕਾਮ ਦੇ ਪਾਠਕਾਂ ਦੀਆਂ
ਖਾਸ ਤਜਵੀਜ਼ਾਂ ਮੁਤਾਬਕ, ਅਤੇ ਨਾਲ ਹੀ ਆਪਣੇ ''ਸ਼ੁੱਧ ਪੰਜਾਬੀ''
ਦੇ ਮਨੋਰਥ ਨੂੰ ਬਰਕਰਾਰ ਰੱਖਣ ਲਈ ਹੁਣ ਤੋਂ ਸਿਰਫ ਪੰਜਾਬੀ
(ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ। ਸਾਡੀ ਉਮੀਦ
ਹੈ ਕਿ 5ਆਬੀ ਪਾਠਕ ਪਹਿਲਾਂ ਦੀ ਤਰ੍ਹਾਂ ਆਪਣਾ ਸਾਥ ਦਿੰਦੇ
ਰਹਿਣਗੇ! ਸ਼ੁੱਭ ਇਛਾਵਾਂ ਨਾਲ, ਤੁਹਾਡਾ ....
- ਡਾ: ਬਲਦੇਵ ਸਿੰਘ ਕੰਦੋਲਾ (23/01/05)
|
|
|
|
ਸੰਤੋਖ ਸਿੰਘ |
03/02/05
ਬਹੁਤ ਹੀ ਚੰਗਾ ਉਦਮ ਹੈ।
ਅਜਿਹੇ ਚੰਗੇ ਕਾਰਜ ਜਾਰੀ ਰੱਖੋ ਜਿਨ੍ਹਾਂ ਕਰਕੇ ਪਰਦੇਸਾਂ ਵਿਚ
ਬੈਠੇ ਸਿੱਖ ਪਰਵਾਰ ਆਪਸ ਵਿਚ ਮੇਲ਼ ਮਿਲਾਪ ਰੱਖ ਕੇ ਸਾਝਾਂ ਵਿਚ ਵਾਧਾ
ਕਰਦੇ ਰਹਿਣ ਤੇ ਪਰਦੇਸਾਂ ਵਿਚ ਵੀ ਪੰਜਾਬੀਅਤ ਦੇ ਅਹਿਸਾਸ ਦੀ
ਅਨੁਭਵਤਾ ਕਰਦੇ ਹੋਏ ਖੁਸ਼ੀਆਂ ਮਾਣਦੇ ਰਹਿਣ।
ਰੱਬ ਰਾਖਾ।
ਸੰਤੋਖ ਸਿੰਘ |
ਰਾਜ ਭੂਪਿੰਦਰ ਸਿੰਘ, ਭਾਰਤ |
03/02/05
ਜੈਨਕੋਨੀਅਨ, ਜਿਥੇ ਮਰਜੀ ਬੈਠੇ
ਹੋਣ, ਆਪਸੀ ਸਾਂਝ ਨਹੀਂ ਭੁਲਦੇ । ਹਾਲ ਵਿਚ ਹੀ, ਕੈਲੀਫੋਰਨੀਆ ਵਿਚ
ਹੋਇਆ ਜੰਕੋ ਦਾ ਸਮਾਗਮ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ । ਇਸ ਸਮਾਗਮ
ਵਿਚ ਉਪਰੋਕਤ ਰਿਪੋਰਟ ਅਨੁਸਾਰ ਲੋਕ ਗੀਤਾਂ ਨਾਲ ਸਰੋਤਿਆਂ ਦਾ
ਮਨੋਰੰਜਨ ਕੀਤਾ ਗਿਆ । ਭਰੂਣ ਹੱਤਿਆ ਨੂੰ ਰੋਕਣ ਲਈ ਵਿਦਵਾਨਾਂ ਵਲੋਂ
ਦਿਤਾ ਗਿਆ ਹੋਕਾ ਸਲਾਹੁਣ-ਯੋਗ ਹੈ । ਭੰਗੜੇ ਗਿੱਧੇ ਨੇ ਵੀ ਆ ਪਣਾ
ਕਮਾਲ ਕਰ ਦਿਖਾਇਆ । ਪੰਜਾਬੋਂ ਦੂਰ ਬੈਠੇ ਪੰਜਾਬੀਆਂ ਨੇ ਵੀ ਆਪਣੇ ਆਪ
ਨੂੰ ਪੰਜਾਬੀ ਸਭਿਆਚਾਰ ਦੀ ਤੰਦ ਨਾਲ ਜੁੜੇ ਹੋਏ ਮਹਿਸੂਸ ਕੀਤਾ
ਹੋਵੇਗਾ ।
ਪਰ ਇਕ ਗੱਲ ਤਾਂ ਇਸ ਸਮਾਗਮ ਵਿਚ
ਕਰਨੀ ਰਹਿ ਗਈ, ਉਹ ਸੀ ਆਪਣੇ ਪਿਛਲੇ ਪਿੰਡਾਂ ਬਾਰੇ ਸੋਚ । ਉਨ੍ਹਾਂ
ਸਕੂਲਾਂ ਬਾਰੇ ਸੋਚ, ਜਿਨ੍ਹਾਂ ਵਿਚ ਜੈਨਕੋਨੀਅਨ ਪੜ੍ਹੇ ਹੋਣਗੇ ।
"ਵੰਡੋ ਵਿਦਿਆ ਦੀ ਲੋਅ"
ਪ੍ਰੋਜੈਕਟ ਦੇ ਆਸ਼ੇ ਅਧੀਨ, ਸਾਰੇ ਇਕੱਠੇ ਹੋਏ ਜੈਨਕੋਨੀਅਨ, ਆਪੋ ਆਪਣੇ
ਪਿੰਡਾਂ ਦੇ ਸਕੂਲਾਂ ਦੀ ਸਾਰ ਜਰੂਰ ਲੈਣ । ਮੇਰੀ ਸ. ਸੰਦੀਪ ਸਿੰਘ
ਚਾਹਲ ਹੁਰਾਂ ਨੂੰ ਬੇਨਤੀ ਹੈ ਕਿ ਉਹ ਇੱਕ ਇੱਕ ਰੁੱਕਾ ਸਾਰੇ
ਜੈਨਕੋਨੀਅਨ ਦੇ ਘਰ ਜਰੂਰ ਭੇਜਣ , ਜਿਸ ਵਿਚ ਸਾਰਿਆਂ ਨੂੰ ਆਪੋ ਆਪਣੇ
ਪਿੰਡਾਂ ਵਿਚ ਪੁਰਾਣੇ ਜਮਾਤੀਆਂ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਲਈ
ਕਿਹਾ ਜਾਵੇ । ਉਨ੍ਹਾਂ ਦਾ ਹਾਲ ਚਾਲ ਪੁਛਿਆ ਜਾਵੇ । ਉਪਰੰਤ ਪਿੰਡ ਦੇ
ਸਕੂਲ ਦੀ ਹਾਲਤ ਬਾਰੇ ਪੁਛਿਆ ਜਾਵੇ । ਕਮੀ ਪੇਸ਼ੀ , ਜੇ ਕੋਈ ਹੋਵੇ
ਤਾਂ ਉਸ ਦਾ ਹੱਲ ਕਢਣ ਲਈ ਕੁਝ ਸੌ ਜਾਂ ਹਜ਼ਾਰ ਡਾਲਰ / ਪੌਂਡ ,
ਉਨ੍ਹਾਂ ਨੂੰ ਭੇਜੇ ਜਾਣ । ਤਾਂ ਕਿ ਪਿੰਡ ਦੇ ਸਕੂਲਾਂ ਵਿਚ ਜੋ ਨਵੀਂ
ਪੀੜ੍ਹੀ , ਹੁਣ ਵਿਦਿਆ ਪ੍ਰਾਪਤ ਕਰ ਰਹੀ ਹੈ , ਉਸ ਨੂੰ ਵੀ ਪਤਾ ਲੱਗੇ
ਕਿ ਇਸ ਸਕੂਲ ਦੇ ਪੜ੍ਹੇ ਪੁਰਾਣੇ ਵਿਦਿਆਰਥੀ , ਆਪਣੇ ਸਕੂਲ ਦਾ
ਕਿੰਨਾਂ ਖਿਆਲ ਰੱਖਦੇ ਹਨ । ਫਿਰ ਅਗਲੇ ਸਾਲ ਹੋਣ ਵਾਲੇ ਜੰਕੋ ਦੇ
ਸਮਾਗਮ ਤੇ ਸਾਰਿਆਂ ਵੱਲੋਂ ਆਪੋ ਆਪਣੇ ਸਕੂਲਾਂ ਤੇ ਕੀਤੇ ਗਏ ਖਰਚੇ ਦਾ
ਵੇਰਵਾ ਦਸਿਆ ਜਾਵੇ ਤੇ ਜੇ ਹੋ ਸਕੇ ਤਾਂ ਵਧੀਆ ਕੰਮ ਕਰਨ ਵਾਲਿਆਂ ਨੂੰ
ਕੋਈ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਬਾਕੀ ਵੀ ਅਜਿਹੇ
ਲੋਕ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਹੋਣ ।
ਇਹੀ ਆਸ ਮੈਂ ਪੰਜਾਬੀ ਅਕੈਡਮੀ
ਲੈਸਟਰ ਵਾਲਿਆਂ ਤੋਂ 12 ਫਰਵਰੀ 2005 ਨੂੰ ਕਰਵਾਏ ਜਾ ਰਹੇ ਲੋਹੜੀ
ਮੇਲੇ ਸਮੇਂ ਕਰਦਾ ਹਾਂ । ਸੁਰਿੰਦਰ ਮਾਹਲ ਜੀ ਦੇ ਏਸ ਕਥਨ ਨਾਲ ਮੈਂ
ਪੂਰੀ ਤਰਾਂ ਸਹਿਮਤ ਹਾਂ ਕਿ ਪੰਜਾਬ ਵਿਚਲੇ ਸਰਕਾਰੀ ਸਕੂਲਾਂ ਵਿਚ
ਸਟਾਫ ਦੀ ਕਮੀ ਹੈ ਪਰ ਇਸ ਦਾ ਵੀ ਹੱਲ ਕਢਿਆ ਜਾ ਸਕਦਾ ਹੈ । ਅਜ ਕਲ
ਬਹੁਤ ਸਾਰੇ ਪੰਜਾਬੀ ਪੜ੍ਹ ਲਿਖ ਕੇ ਬੇਰੁਜਗਾਰ ਤੁਰੇ ਫਿਰਦੇ ਹਨ । ਕੀ
ਉਨ੍ਹਾਂ ਵਿਚੋਂ ਕੁਝ ਕੁ ਚੰਗੇ ਉਦਮੀ ਪੜ੍ਹਾਕੂਆਂ ਨੂੰ ਇਨ੍ਹਾਂ
ਸਕੂਲਾਂ ਵਿਚ ਬਤੌਰ ਅਧਿਆਪਕ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਬਣਦੀ
ਸਰਦੀ ਤਨਖਾਹ ( ਆਪਣੀ ਜੇਬ 'ਚੋਂ ) ਦਿਤੀ ਜਾਵੇ । ਇਸ ਤਰਾਂ ਕਰਨ ਨਾਲ
ਬੇਰੁਜਗਾਰਾਂ ਨੂੰ ਰੁਜਗਾਰ ਮਿਲ ਜਾਵੇਗਾ ਤੇ ਰੁਲ ਰਹੇ ਬੱਚਿਆਂ ਦੀ
ਪੜ੍ਹਾਈ ਦਾ ਪ੍ਰਬੰਧ ਵੀ ਹੋ ਜਾਵੇਗਾ ।
ਅਮਰਜੀਤ ਟਾਂਡਾ ਜੀ ਕਾਂਗਰਸ /
ਅਕਾਲੀ ਨੇਤਾਵਾਂ ਦੇ ਖੀਸਿਆਂ 'ਚੋਂ ਮਾਲ ਕਢਾਉਣ ਦੀ ਗੱਲ ਕਰ ਰਹੇ ਹਨ
। ਉਨ੍ਹਾਂ ਲਈ ਮੈਂ ਇਕ ਘਟਨਾ ਪੇਸ਼ ਕਰਨ ਜਾ ਰਿਹਾ ਹਾਂ । ਇਕ ਸਮਾਗਮ
ਤੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਇਲਾਕੇ ਵਿਚ ਸੜਕਾਂ ਦੀ ਹਾਲਤ ਬਹੁਤ
ਖਰਾਬ ਹੈ ਤੇ ਨੇਤਾ ਜੀ ਕੁਝ ਕਰਨ । ਨੇਤਾ ਜੀ ਨੇ ਆਪਣੇ ਭਾਸ਼ਣ ਵਿਚ ਉਸ
ਇਲਾਕੇ ਲਈ 2 ਲੱਖ ਰੁਪਏ ਦਾ ਚੈੱਕ ਮੌਕੇ ਤੇ ਹੀ ਕੱਟ ਕੇ ਦੇ ਦਿਤਾ ।
ਸਾਰਿਆਂ ਨੇ ਤਾੜੀਆਂ ਨਾਲ ਇਸ ਮਦਦ ਦਾ ਸਵਾਗਤ ਕੀਤਾ । ਜਾਣ ਲੱਗੇ
ਨੇਤਾ ਜੀ ਉਸ ਇਲਾਕੇ ਵਿਚਲੇ ਆਪਣੇ ਪਾਰਟੀ ਵਰਕਰਾਂ ਨੂੰ ਇਹ ਤਾਕੀਦ ਕਰ
ਗਏ ਕਿ ਉਹ ਸਾਰੇ ਇਲਾਕੇ ਵਿਚੋਂ 'ਪਾਰਟੀ ਭਲਾਈ ਫੰਡ' ਲਈ 5 ਲੱਖ ਰੁਪਏ
ਇੱਕਠੇ ਕਰ ਕੇ ਜਲਦੀ ਹੀ ਪਾਰਟੀ ਦੇ ਮੁੱਖ ਦਫਤਰ ਵਿਚ ਜਮ੍ਹਾਂ ਕਰਵਾਉਣ
। ਸੋ ਨੇਤਾ ਲੋਕਾਂ ਦੀ ਮਦਦ ਨਾਲੋਂ ਆਪਸੀ ਫੰਡ ਇੱਕਠਾ ਕਰ ਲਿਆ ਜਾਵੇ
ਤਾਂ ਸੌ ਗੁਣਾ ਬੇਹਤਰ ਹੋਵੇਗਾ । ਜੋ ਨਸੀਹਤ ਅਸੀਂ ਦੂਜਿਆਂ ਨੂੰ ਦੇਣੀ
ਹੈ ਕਿ ਸਾਰਾ ਕੁਝ ਇਥੇ ਰਹਿ ਜਾਣਾ ਹੈ । ਉਸ ਤੇ ਪਹਿਲਾਂ ਆਪ ਅਮਲ
ਕਰੀਏ ।
ਭੁੱਲ ਚੁੱਕ ਮਾਫ ਕਰਨੀ ।
ਰਾਜ ਭੂਪਿੰਦਰ ਸਿੰਘ, ਭਾਰਤ । |
ਹਰਜਿੰਦਰ ਸਿੰਘ ਹਰਦ, ਹੌਲੈਂਡ |
03/02/05
ਅਸੀਂ 5ਆਬੀ.ਕਾਮ ਨਾਲ ਬੜੇ ਖੁਸ਼ ਹਾਂ। ਇਸ
ਨਾਲ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹਿ ਸਕਦੇ ਹਾਂ। ਇਸ ਵਾਸਤੇ
ਆਪ ਦਾ ਧੰਨਵਾਦ
ਹਰਜਿੰਦਰ ਸਿੰਘ ਹਰਦ, ਹੌਲੈਂਡ |
ਇੰਜ:ਮਾਂਗਟ ਵੈਨਕੋਵਰ |
03/02/05
ਵਿਸ਼ਾ : ਸ਼ਬਦ ਦੀ ਸਿਆਸਤ ।
ਲੇਖਕ ਵਲੋਂ ਰਚਨਾ ਦਾ ਸਿਰਲੇਖ ਚੁਣਨ ਵੇਲੇ ਬਿਬੇਕ ਬੁਧੀ ਦਾ
ਪਰਯੋਗ ਨਹੀਂ ਕੀਤਾ ਗਿਆ । ਗੁਰਬਾਣੀ ਨਾਲ ਸਬੰਧਤ ਵਿਸ਼ਿਆਂ ਨੂੰ ਲਿਖਣ ਵੇਲੇ ਸ਼ਬਦਾਵਲੀ ਦੀ ਦੁਰ ਵਰਤੋਂ ਨਹੀਂ ਕਰਨੀ
ਚਾਹੀਦੀ ।ਇਹ ਵਿਸ਼ਾ ਕਿਸੇ ਇਲੈਕਸ਼ਨ ਨਾਲ ਸਬੰਧਤ ਨਹੀਂ ਸੀ ਸਗੋਂ ਜੁਗੋਜੁਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਸਬੰਧ
ਰਖਦਾ ਸੀ ।ਲੇਖਕਾਂ ਨੂੰ ਅਜੇਹੇ ਵੇਲੇ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ " ਲੋਗ ਜਾਨੇ ਇਹ ਗੀਤ ਹੈ ਇਹ ਤਉ ਬ੍ਰਹਮ ਬੀਚਾਰ "
( ਗਉੜੀ ਕਬੀਰ ਜੀ ਪੰ 335)। ਵਾਦ ਵਿਵਾਦ ਪੈਦਾ ਕਰਨ ਵਾਲੇ ਚੁੰਚ ਵਿਦਵਾਨ ਅਜੇਹੇ ਟਿਪਣੀ-ਕਾਰਾਂ ਨੂੰ ਵੀ
ਤਿਆਰ ਰਖਦੇ ਹਨ ਜੋ ਉਹਨਾਂ ਦੇ ਬਚਾਓ ਲਈ ਤਰਾਂ ਤਰ੍ਹਾਂ ਦੇ ਉਲਟੇ ਸਿਧੇ ਮਸਾਲੇ ਲਾਕੇ ਅਨਭੋਲ ਪਾਠਕਾਂ ਲਈ ਸਮੱਗਰੀ ਤਿਆਰ
ਰਖੱਣ।ਟਿਪਣੀ-ਕਾਰ ਨੇ ਕਿੰਨੇ ਪੋਚਵੇਂ ਢੰਗ ਨਾਲ ਭੂਮਕਾ
ਬੰਨ੍ਹ ਕੇ ਅਖ਼ੀਰਲੇ ਪਹਿਰੇ ਵਿਚ ਪੈਂਤੜਾ ਬਦਲਿਆ ਹੈ ਅਤੇ ਤਾਲ ਦੇ
ਤੋੜੇ ਵਾਂਗ ਆਪਣੀ ਗਲ ਵਿਵਾਦ ਦੀ ਪਰੋੜਤਾ ਕਰਦਿਆਂ ਛਡੀ ਹੈ ।
ਰਾਗ ਮਾਲਾ ਦਾ ਵਿਸ਼ਾ ਭਾਵੇਂ ਪਿਛਲੇ ਲਗ ਪਗ 80 ਸਾਲ ਤੋਂ ਵਧ ਸਿਖ
ਪੰਥ ਵਿਚ ਕਈ ਪੱਧਰਾਂ ਤੇ ਉਭਰਦਾ ਰਿਹਾ ਹੈ ਅਤੇ ਸਿਧਾਂਤਕ ਤੌਰ ਤੇ ਪੰਚ ਖ਼ਾਲਸਾ ਦੀਵਾਨ ਭਸੌੜ ਨੇ ਦਲੀਲ ਸਹਿਤ
75 ਸਾਲ ਪਹਿਲਾਂ ਪੇਸ਼ ਕੀਤਾ ਸੀ।ਉਹਨਾਂ ਵਲੋਂ ਇਕ ਗੁਰੂ ਗਰੰਥ ਸਾਹਿਬ ਦੀ ਬੀੜ ਦਾ ਸਕੰਲਨ ਵੀ ਰਾਗਮਾਲਾ ਤੋਂ ਬਿਨਾ
ਕਰ ਦਿਤਾ ਗਿਆ ਸੀ।ਇਸ ਕਾਰਨ ਦੀਵਾਨ ਦੇ ਮੁਖੀ ਬਾਬੂ ਤੇਜਾ ਸਿੰਘ (ਰਿ) ਐਸ.ਡੀ.ਓ ਨੂੰ ਅਕਾਲ ਤਖ਼ਤ ਵਲੋਂ ਛੇਕ ਦਿਤਾ ਗਿਆ
ਸੀ।ਇਕ ਗਲ ਧਿਆਨ ਵਿਚ ਰਖਣੀ ਚਾਹੀਦੀ ਹੈ ਕੇ ਜੇ ਕਰ ਇਕ ਵਾਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਤੇ ਪ੍ਰਸ਼ੰਨ
ਚਿੰਨ ਲਗ ਗਿਆ ਤਾਂ ਫਿਰ"ਸਤਿਗੁਰ ਬਿਨਾ ਹੋਰ ਕਚੀ ਹੈ ਹੈ ਬਾਨੀ " (ਮਹਲਾ 3) ਦੇ ਸਿਧਾਂਤ ਨੂੰ ਇਨ ਬਿਨ ਲਾਗੂ ਕਰਾਉਣ ਲਈ
ਆਉਣ ਵਾਲੀਆਂ ਪੀੜੀਆਂ ਜਾਗਰੂਕ ਹੋ ਕੇ ਇਸ ਮਹਾਨ ਗਰੰਥ ਦਾ ਅਕਾਰ ਹੀ ਬਦਲ ਦੇਣਗੀਆਂ।
ਅਜ ਕਲ੍ਹ ਦੇ ਵਿਦਵਾਨ ਸਮਝਦੇ ਹਨ ਹੁਣ ਲੋਕ ਸ਼ਾਇਦ ਉਹ ਪੁਰਾਣੀਆਂ
ਲਿਖਤਾਂ ਭੁਲ ਗਏ ਹਨ ਜਾਂ ਆਮ ਉਪਲਭਦ ਨਾ ਹੋਣ ਕਾਰਨ ਸਸਤੀ ਸ਼ੁਹਰਤ ਹਾਸਲ ਕਰਨ ਲਈ ਉਹਨਾਂ ਨੂੰ ਲਛੇਦਾਰ
ਭਾਸ਼ਾ ਨਾਲ ਪੇਸ਼ ਕੀਤਾ ਜਾਵੇ,ਜਿਸ ਨਾਲ ਮੀਡੀਆ ਨੂੰ ਸਿਖਾਂ ਵਿਚ ਫੁਟ ਪਾਉਣ ਦਾ ਮੌਕਾ ਵੀ ਮਿਲ ਜਾਵੇ ਅਤੇ ਕਥਿਤ
ਵਿਦਵਾਨ ਦਾ ਸ਼ੋਹਰਤ ਦਾ ਲਖਸ਼ ਵੀ ਪੂਰਾ ਹੋ ਜਾਵੇ।ਪਿਛੇ ਜਹੇ ਹੀ ਇਕ ਹੋਰ ਕਥਿਤ ਵਿਦਵਾਨ ਦੇ ਨਾਂਅ ਤੇਂ ਦਸਮ ਗਰੰਥ ਬਾਰੇ ਘਟੀਆ
ਲ਼ਚਰ ਭਾਸ਼ਾ ਵਰਤ ਕੇ ਪੁਸਤਕਾਂ ਦੀ ਇਕ ਲੜੀ ਹੀ ਛਪਵਾ ਕੇ ਮਾਰਕੀਟ ਵਿਚ ਸੁਜਿਲਦ ਸ਼ਕਲ ਵਿਚ ਸੁਟ ਦਿਤੀ ਗਈ ਸੀ ।ਪਰ
ਇਸ ਵਿਚਲਾਅ ਮਸੌਦਾ ਵੀ ਅਜ ਤੋਂ 72 ਸਾਲ ਪਹਿਲਾਂ ਪੰਥ ਵਿਚ ਚਰਚਾ ਦਾ ਵਿਸ਼ਾ ਬਣ ਚੁਕਿਆ ਸੀ ਅਤੇ ਕੋਈ ਨਵੀਂ
ਖੋਜ ਨਹੀਂ ਸੀ ।
ਇਸ ਲਈ ਕਥਿਤ ਵਿਦਵਾਨਾ ਨੂੰ ਕੋਈ ਨਵੀਂ ਖੋਜ ਪਾਠਕਾਂ ਸਾਹਮਣੇ ਪੇਸ਼
ਕਰਨ ਲਈ ਬੇਨਤੀ ਕੀਤੀ ਜਾਂਦੀ ਹੈ ਜਿਸ ਨਾਲ ਅਜ ਕਲ ਦੇ ਨੌਜੁਆਨ ਨੂੰ ਕੋਈ ਸੇਧ ਮਿਲ ਸਕੇ , ਉਹ ਸਿਖੀ ਵਲ
ਪ੍ਰੇਰੇ ਜਾ ਸਕਣ, ਉਹਨਾ ਨੂੰ ਸ਼ਬਦ ਗੂਰੂ ਦਾ ਗਿਆਨ ਹੋ ਸਕੇ ਅਤੇ ਅਜੇਹੇ ਸੁਚੱਜੇ ਲੇਖਕਾਂ ਦਾ ਨਾਂ ਸੁਨਹਿਰੀ ਅਖਰਾਂ
ਵਿਚ ਲਿਖਿਆ ਜਾਵੇ ।
ਇੰਜ:ਮਾਂਗਟ ਵੈਨਕੋਵਰ
|
ਅਮਰਜੀਤ ਟਾਂਡਾ |
03/02/05
ਦੋਸਤੋ,
ਸੱਭ ਨੂੰ ਨਿੱਘੀ ਯਾਦ !
ਪਹਿਲਾਂ ਤਾਂ ਤੁਹਾਡਾ ਸਾਰੇ
ਕਾਫਲ਼ੇ ਦਾ- ਸ.ਗਿਆਨੀ ਕਰਨੈਲ ਸਿੰਘ, ਡਾ. ਕੰਦੋਲਾ, ਰਾਜ ਭੁਪਿੰਦਰ
ਸਿੰਘ ਜੀ, ਸੁਰਿੰਦਰ ਮਾਹਲ, ਸੁਰਿੰਦਰ ਪਾਲ ਵਿਰਕ ---- ਤੇ ਹੋਰ ਸਾਰੇ
ਵਧੀਆ ਬੰਦੇ ਜੋ ਲਿਸਟ ਚ ਹਨ, ਇਹ ਵਧੀਆ ਕੰਮ ਕਰ ਰਹੇ ਹਨ-ਬਹੁਤ ਹੀ
ਧੰਨਵਾਦ ਤੇ ਮੇਰੀਆਂ ਸਾਰਿਆਂ ਲਈ ਸ਼ੁੱਭਕਾਮਨਾਵਾਂ।
ਤੇ ਸ.ਗਿਆਨੀ ਕਰਨੈਲ ਸਿੰਘ ਹੋਰਾਂ ਦੀ ਤੇ ਤੁਹਾਡੀ ਸਾਰਿਆਂ
ਦੀ ਸਿਹਤ ਚੰਗੀ ਰਹੇ –ਮੇਰੇ ਪ੍ਰੀਵਾਰ ਦੀ ਰੱਬ ਅੱਗੇ ਅਰਜ਼ ਹੈ।
- ਪੰਚ , ਸਰਪੰਚ ਝੋਲੀ ਚੁੱਕ,
ਪ੍ਰਸ਼ਾਸ਼ਨ ਸੁੱਤਾ ਪਿਆ, ਡਾਕਟਰ ਮਰੀਜ, , ਮਾਸਟਰ ਰੋਜੀ-ਰੋਟੀ ਕਮਾਉਣ
ਵਿਚ ਰੁੱਝੇ ਹੋਏ ਹਨ
ਠੀਕ ਹੈ - ਅਜਿਹੇ ਲੋਕਾਂ ਨੂੰ
ਜਗਾਈਏ!! ਸ਼ਰਮਿੰਦੇ ਕਰੋ-ਇਨਸਾਨੀਅਤ ਦਾ ਸਬਕ ਕੋਈ ਪੜ੍ਹਾਓ ਇਹਨਾਂ
ਨੂੰ-ਸਭ ਕੁਝ ਹੀ ਏਥੇ ਰਹਿ ਜਾਣਾ ਹੈ।
ਸ਼ਾਇਦ ਕੋਈ ਚੰਗਾ ਇਨਸਾਨ- ਇਕ 2 ਕਰ ਕੇ ਬਣਨਾ ਸ਼ੁਰੂ ਹੋ ਜਾਵੇ।
-
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਹਿਤ ਉਪਰਾਲਾ ਕੀਤਾ ਜਾਵੇ- ਸੁਝਾਅ
ਕਾਫੀ ਠੀਕ ਹੈ।
-ਇਸ ਸਾਰੀਆਂ ਰਸੀਦਾਂ ਦ ਵੇਰਵਾ
ਬਾਅਦ ਵਿਚ ਸਕੈਨ ਕਰ ਕੇ 5ਆਬੀ.ਕਾਮ ਦੇ ਕਿਸੇ ਖਾਸ ਕਾਲਮ ਵਿਚ ਛਾਪ
ਦਿਤਾ ਜਾਵੇਗਾ।
-
ਯਾਰ ਨਰਾਜ਼ ਨਾ ਹੋ ਜਾਇਓ, ਰਸ਼ੀਦ ਤਾਂ ਸਕਿੰਟ ਚ ਪੈਦਾ ਹੋ ਜਾਂਦੀ ਹੈ
ਮੇਰੇ ਮਹਾਨ ਦੇਸ਼ ਚ-ਆਪਣਾ ਕੋਈ ਨੇਕ ਸੇਵਾਦਾਰ-ਬੰਦਾ ਕੋਈ–
- ਸਮਾਨ ਜਾਂ ਸਕੂਲ਼ ਨੂੰ ਤੱਪੜ ਤੇ
ਡੈਸਕ ਜਰੂਰਤ ਅਨੁਸਾਰ ਦੇਣ ਲਈ, ਪਹਿਲਾਂ ਟੈਂਡਰ ਲਓ
-ਤੇ ਫੇਰ ਕੰਪਨੀ ਤੋਂ ਵੱਧ ਤੋਂ
ਵੱਧ ਛੋਟ ਵੀ ਲਓ ( ਏਸ ਕਾਰਜ ਲਈ ਵੱਧ ਤੋਂ ਵੱਧ ਛੋਟ ਜਰੂਰ ਮਿਲੇਗੀ)।
- ਆਪ ਖਰੀਦ ਕੇ ਦੇ ਕੇ ਆਵੋ,
ਫ਼ੋਟੋ ਵੀ ਲਈ ਜਾਵੇ-ਰਿਕਾਰਡ ਵਾਸਤੇ, ਸ਼ੈਦ ਇਹ ਹੋਰ ਲਾਹੇਵੰਦ ਹੋਵੇ-
----ਇਸ ਕਾਰਜ ਲਈ ਮੁੱਖੁਮੰਤਰੀ
ਕੋਲੋਂ ਵੀ ਕਿਉਂ ਨਾ ਮਦਦ ਲਈ ਜਾਵੇ।ਸਿਖਿਆ ਮੰਤਰੀ ਨੂੰ ਲਿਖਿਆ/
ਮਿਲਿਆ ਜਾਵੇ, ਅਕਾਲੀ ਦਲ ਜਾਂ ਕਾਂਗਰਸ,ਪਾਸ ਬਹੁਤ ਮਾਲ ਹੈ- ਕਢਾਈਏ
ਖੀਸਿਆਂ ‘ਚੋਂ।
- ਸਰਪੰਚ, ਪਿੰਡਾਂ ਦੇ ਲੋਕ
ਸਾਂਝੇ ਕੰਮ ਲਈ ਅੱਗੇ ਸਦਾ ਆਏ ਹਨ-ਕੀ ਹਰਜ ਹੈ ਪੁੱਛਣ ਤੋਂ।ਪਹਿਲਾਂ
ਨੁਮਾਇੰਦੇ ਨੇਕ ਇਨਸਾਨ ਚੁਣੋ -ਨੀਤਾਂ ਤੋਂ ਰੱਜੇ-ਨਿਸ਼ਕਾਮੀ।
ਹਰ ਵੇਲੇ ਤੁਹਾਡੇ ਵਰਗੇ ਹੀਰਿਆਂ
ਦੇ ਨਾਲ-ਪਹਿਲਾਂ ਚਲੋ ਆਪਣੇ ਪਿੰਡ, ਇਲਾਕੇ ਤੋਂ ਸ਼ੁਰੂ ਕਰੀਏ--!!!
ਤੁਹਾਡਾ ਸਾਰਿਆਂ ਦਾ
ਸ਼ੁਭਚਿੰਤਕ-ਤੇ ਹਿੱਤੂ,
ਅਮਰਜੀਤ ਟਾਂਡਾ |
ਅਮਰਜੀਤ ਸਿੰਘ ਦਿੱਲੀ |
03/02/05
ਵੀਰ ਸਤਿਨਾਮ ਸਿੰਘ ਜੀ
ਆਪ ਨੇ ਚੰਗਾ ਲਿਖਿਆ ਹੈ, ਬਹੁਤ
ਵਧੀਆਂ ਸੁਝਾਅ ਹੈ, ਇਹ ਗੱਲ ਠੀਕ ਹੈ ਜੇ ਫੰਡਾਂ ਦੇ ਚੱਕਰ ਵਿਚ ਪੈ ਗਏ
ਫਿਰ ਨਾਂ ਕਿਸੇ ਅੱਗੇ ਲੱਗਣਾਂ ਹੈ, ਨਾਂ ਕਿਸੇ ਪੈਸੇ ਦੇਣੇ ਹਨ ਜੇ ਇਹ
ਦੋਵੇਂ ਕੰਮ ਹੋ ਗਏ ਫਿਰ ਫੰਡ ਇਕੱਤਰ ਕਰਨ ਵਾਲੇ ਨੇ ਕੀ ਗੁਲ
ਖਿਲਾਉਣਾਂ ਹੈ, ਵਾਹਿਗੁਰੂ ਜਾਣੇ। ਬਾਹਰ ਗੁਰੂ ਘਰਾਂ ਵਿੱਚ ਬਹੁਤ ਫੰਡ
ਇਕੱਠੇ ਹੁੰਦੇ ਹਨ ਪਰ ਕਿਸੇ ਨੇਕ ਕੰਮ ਤੇ ਨਹੀ ਲਗਦੇ। ਇਸੇ ਕਰਕੇ
ਗੁਰੂ ਘਰਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਬਣਨ ਵਾਸਤੇ ਅਸੀ ਗੁਰੂ ਘਰਾਂ
ਵਿਚ ਲੜਾਈ ਕਰਨੋ ਬਾਜ ਨਹੀ ਅਉਂਦੇ।
ਗਲਤੀ ਦੀ ਖਿਮਾਂ।
ਅਮਰਜੀਤ ਸਿੰਘ ਦਿੱਲੀ |
ਸੁਰਿੰਦਰ ਮਾਹਲ |
02/02/05
ਮੈਂ ਕੁੱਝ ਖਾਸ ਰੁਝੇਵਿਆਂ ਕਾਰਨ ਚਰਚਾ 'ਚ ਸ਼ਾਮਿਲ ਨਾ ਹੋਣ ਤੇ ਸੱਭ
ਤੋਂ ਹੀ ਮੁਆਫੀ ਚਾਹੁੰਦਾ ਹਾਂ। ਕਿਉਂਕਿ ਕਹਾਣੀ ਏਨੀ ਲੰਬੀ ਹੈ ਕਿ
ਲਿਖਣ ਲਈ ਵਕਤ ਬਹੁਤ ਚਾਹੀਦਾ ਹੈ। ਬੱਸ ਸੰਖੇਪ 'ਚ ਏਨਾ ਕਿ ਪਬਲਿਕ
ਹਾਈ ਸਕੂਲ ਮਾਹਲ ਗਹਿਲਾ ਦਾ ਸਕੂਲ 1944 'ਚ ਦਸਵੀਂ ਤੱਕ ਹੋ ਗਿਆ ਸੀ,
ਜਿੱਥੇ ਸਵ. ਸਾਧੂ ਸਿੰਘ ਹਮਦਰਦ ਵੀ ਕੁੱਝ ਸਾਲ ਪੜ੍ਹੇ, ਅਤੇ ਤਕਰੀਬਨ
25 ਪਿੰਡਾਂ ਦੇ ਵਿਦਿਆਥੀ ਪੜਨ ਆਉਦੇ ਸਨ। 1975 'ਚ ਇਹ ਸਰਕਾਰ ਨੂੰ
ਦੇ ਦਿੱਤਾ ਗਿਆ ਤੇ ਬੱਸ ਢਹਿੰਦਾ ਢਹਿੰਦਾ ਢਹਿ ਗਿਆ ਕਿਸੇ ਸਰਕਾਰ ਨੇ
ਸਾਰ ਨੀਂ ਲਈ। ਡਾ.ਮੁਹਿੰਦਰ ਸਿੰਘ ਮਾਹਲ, ਸਵਾਂਜ਼ੀ ਯੂਨੀਵਰਸਿਟੀ ਤੋਂ
ਪੀ.ਐਚ.ਡੀ, ਦੇ ਯਤਨਾ ਨਾਲ ਮੁੜ ਉਸਾਰੀ ਸ਼ੁਰੂ ਕੀਤੀ, 3 ਸਾਲਾਂ ਦੀ
ਲਗਨ, ਮਿਹਨਤ ਅਤੇ ਦਿਨ ਰਾਤ ਇੱਕ ਕਰਕੇ ਇੰਗਲੈਂਡ ਦੇ ਦਾਨੀ ਪੇਂਡੂਆਂ
ਦੀ ਮੱਦਦ ਨਾਲ 40 ਲੱਖ ਇਕੱਠਾ ਕਰਕੇ ਕਾਲਜ ਵਰਗਾ ਸਕੂਲ ਮੁੜ ਖੜ੍ਹਾ
ਕੀਤਾ ਗਿਆ, ਪ੍ਰਾਇਮਰੀ ਸਕੂਲ ਵਿੱਚ ਸਾਰਾ ਫਰਸ਼ ਪੱਕਾ ਕਰਾ ਕੇ ਡੈਸਕ
ਮੁਹੱਈਆ ਕਰਾਏ ਗਏ। ਬੜੀ ਦੌੜ ਭੱਜ ਬਾਦ ਜਥੇਦਾਰ ਤੋਤਾ ਸਿੰਘ ਤੱਕ
ਸਫਾਰਸ਼ਾਂ ਪਾਕੇ ਸੀਨੀਅਰ ਹਾਇਰ ਸੈਕੰਡਰੀ ਬਣਾਇਆ ਗਿਆ ਤੇ ਹੁਣ ਪਤਾ
ਲੱਗਦਾ ਹੈ ਸਕੂਲ 'ਚ ਪੂਰਾ ਸਟਾਫ ਨਹੀਂ ਹੈ। ਦੱਸੋ ਕੀ ਕਰੀਏ? ਹਾਲ ਹੀ
ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਜਾਣ ਦਾ ਮੌਕਾ ਮਿਲਿਆ
ਦੇਖ ਕੇ ਬਹੁਤ ਦੁੱਖ ਹੋਇਆ। ਇਮਾਰਤ ਦੀ ਹਾਲਤ ਤਾਂ ਜਿਹੜੀ ਸੀ ਉਹ ਸੀ
ਪਰ ਉੱਥੇ ਕੰਮ ਕਰਦੇ ਕਰਮਚਾਰੀਆਂ ਦੇ ਵਰਤਾਵ ਨੇ ਮਨ ਬਹੁਤ ਖੱਟਾ ਕਰ
ਦਿੱਤਾ। ਕੋਈ ਆਪਣੇ ਆਸਣ ਤੇ ਨਹੀਂ ਸੀ ਬੈਠਾ, ਗੱਪਾਂ, ਜੱਕੜ,
ਗੁਲਸ਼ੱਰਰੇ ਉੱਡ ਰਹੇ ਸਨ। ਪਾਰਟੀਆਂ ਦੀਆਂ ਗੱਲਾਂ ਚੱਲ ਰਹੀਆਂ
ਸਨ।
ਤੁਸੀਂ ਕਰੋ ਕਾਇਮ ਬਾਹਰ ਕੋਈ
ਜਥੇਬੰਦੀ ਜਿਹੜੀ ਉੱਥੇ ਦੇ ਲੋਖਾਂ ਦੇ ਕੰਨ ਗੱਲ ਪਾ ਸਕੇ। ਲੋਕ
ਖੰਭਿਆਂ ਤੋਂ ਬੱਲਬ ਲਾਹਕੇ ਲੈ ਜਾਂਦੇ ਹਨ। ਟਾਟ ਖਾਕੇ ਇਹਨਾਂ ਡਕਾਰ
ਨੀਂ ਮਾਰਨਾ। ਬੇਵੱਸ ਮਨ ਏਨਾ ਅੱਕ ਚੁੱਕਾ ਹੈ ਕਿ ਕੋਈ ਹੀਲਾ ਵਸੀਲਾ
ਨਹੀਂ ਸੋਚ ਸਕਦਾ। ਸਾਥੀ ਜੀ ਵਾਲੀ ਗੱਲ ਯਾਦ ਆ ਗਈ ਕਿ ਵਿਦੇਸ਼ੀਂ ਸੈਰ
ਕਰਨ ਆਉਣ ਵਾਲਿਆਂ ਦੇ ਗਲ਼ੀਂ ਹਾਰ ਪਾਉਣ ਵਾਲਿਆਂ ਨੂੰ ਕਹੋ ਕਿ ਇਨਾਂ
ਮੰਤਰੀਆਂ ਨਾਲ ਦੋ ਹੱਥ ਕਰਨ ਨੂੰ ਦਿਲ ਕਰਦਾ ਹੈ ਕਿ ਇਹਨਾਂ ਦਾ ਢਿੱਡ
ਹੀ ਨਹੀਂ ਭਰਦਾ। ਭ੍ਰਿਸ਼ਟ ਲੀਡਰਾਂ, ਅਫ਼ਸਰਾਂ ਦਾ ਸ਼ਿਕਾਰ ਮਾਸੂਮ
ਬੱਚਿਆਂ ਨੂੰ ਹੋਣਾ ਪੈ ਰਿਹਾ ਹੈ, ਇਹ ਸਾਡੇ ਸਮਿਆਂ ਦੀ ਮਹਾਨ
ਤ੍ਰਾਸਦੀ ਹੈ...ਬਾਕੀ ਕਿਤੇ ਫੇਰ ਸਹੀ -
ਸੱਭ ਨੂੰ ਨਿੱਘੀ ਯਾਦ ....
ਸੁਰਿੰਦਰ ਮਾਹਲ |
ਸੁਰਿੰਦਰ ਪਾਲ ਵਿਰਕ |
02/02/05
ਸ. ਰਾਜ ਭੁਪਿੰਦਰ ਸਿੰਘ ਜੀ ਅਤੇ ਸਤਨਾਮ ਸਿੰਘ ਸਟਿਜ਼ਰਲੈਂਡ ਜੀ,
ਪਿੱਛਲੇ ਪੱਤਰਾਂ ਨੂੰ ਪੜ੍ਹਨ 'ਤੇ
ਪਤਾ ਲੱਗਾ ਕਿ ਗੁਰੂ ਆਸਰਾ ਟਰਸਟ ਵੱਲੋਂ ਆਪ ਨੂੰ ਅਤੇ ਕਰਨੈਲ ਸਿੰਘ
ਹੋਰਾਂ ਦੀ ਕੋਸ਼ਿਸ਼ ਲਈ ਹੁੰਗਾਰਾ ਨਾ ਮਿਲਿਆ। ਕਿਓਂਕ ਆਪ ਸੱਜਣ,
ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਖਰਚੇ ਸਿੱਧੇ ਯੂਨੀਵਰਸਿਟੀਆਂ ਜਾਂ
ਕਾਲਜਾਂ ਨੂੰ ਭੇਜਣਾ ਚਾਹੁੰਦੇ ਸੀ। ਅਜੇਹੀ ਗੱਲ ਨੂੰ ਸਮਝਣ ਵਾਲੇ ਸਮਝ
ਗਏ ਹੋਣਗੇ ਕਿ ਕਈ ਅਜੇਹੀਆਂ ਸੰਸਥਾਵਾਂ ਸਾਰੇ ਆਮਦਨ / ਖਰਚੇ ਨੂੰ
ਆਪਣੇ ਹੀ ਹੱਥ ਵੱਸ ਕਿਉਂ ਰੱਖਣਾ ਚਾਹੁੰਦੀਆਂ ਹਨ।
ਖੈਰ ਤੁਸਾਂ ਸਾਰਿਆਂ ਨੇ ਆਪਣੀ
ਪੂਰੀ ਕੋਸ਼ਿਸ਼ ਕੀਤੀ। ਹੋਰ 19-20 ਸੁਹਿਰਦ ਸੱਜਣ ਜਿੰਨਾਂ ਨੇ ਆਪਣਾ
ਨਾਮ ਵਾਲੰਟੀਅਰ ਕੀਤਾ ਸੀ, ਉਮੀਦ ਹੈ ਉਹ ਅਜੇ ਵੀ ਅਜੇਹੇ ਕੰਮਾਂ ਲਈ
ਆਪਣੀ ਸੇਵਾ ਲਈ ਤਿਆਰ ਹੋਣਗੇ। ਮੈਂ ਇਹ ਇਸ ਲਈ ਸੰਕੇਤ ਕਰ ਰਿਹਾ ਹਾਂ
ਕਿਓਂਕਿ ਇਸ ਸੱਥ 'ਤੇ ਸੁਰਿੰਦਰ ਮਾਹਲ ਸਾਹਿਬ ਹੋਰਾਂ ਨੇ ਪੰਜਾਬ ਦੀਆਂ
ਗੰਭੀਰ ਸਮੱਸਿਆਵਾਂ ਬਾਰੇ ਵਿਚਾਰ ਮੰਚ ਖੋਲ੍ਹਣ ਦੀ ਘੋਸ਼ਣਾ ਕੀਤੀ ਹੈ।
ਆਸ਼ਾ ਹੈ, ਕੁਝ ਦਿਨਾਂ ਤੋਂ ਉਹਨਾਂ ਨੇ ਆਪ ਸਭ ਸੱਜਣਾ ਦੇ ਵਿਚਾਰ ਤਾਂ
ਜਾਣ ਹੀ ਲਏ ਹੋਣ ਗੇ। ਉਮੀਦ ਹੈ ਪੰਜਾਬ ਦੇ ਸੈਂਕੜੇ ਹੀ ਸਰਕਾਰੀ
ਸਕੂਲਾਂ ਦੇ ਵਿਦਿਆਰਥੀਆਂ ਅਤੇ ਸਕੂਲਾਂ ਦੇ ਗੰਭੀਰ ਮਸਲੇ ਬਾਰੇ ਕੋਈ
ਠੋਸ ਪਲਾਨ ਆਪਾਂ ਨੂੰ ਦੱਸ ਕੇ ਅਗਾਹਾਂ ਨੂੰ ਗੱਲ ਤੋਰਨਗੇ।
ਸੁਰਿੰਦਰ ਪਾਲ ਵਿਰਕ |
ਹਰਜੀਤ ਸਿੰਘ ਗਿੱਲ |
01/02/05
ਸਾਧ ਧੰਨਵੰਤ ਸਿੰਘ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਲੋ ਸਜਾ ਸੁਨਾ ਕੇ
ਮਨੁੱਖੀ ਹੱਕਾ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਜੋ ਕਿ ਇੱਕ ਵਧੀਆ ਅਤੇ
ਸੁਭ ਕਰਮ ਹੈ ।ਨਹੀ ਤਾ ਅੱਜ ਦੇ ਭ੍ਰਿਸ਼ਟਾਚਾਰ ਦੇ ਜਮਾਨੇ ਵਿੱਚ ਕੋਣ
ਕਿਸੇ ਦੀ ਸੁਣਦਾ ਹੈ।ਅਫਸੋਸ ਕੇ ਸਿੱਖ ਪੰਥ ਜੋ ਕੇ ਗਰੀਬਾ ਗੁਰਬਿਆ ਦਾ
ਹਮਦਦਰਦੀ ਰਿਹਾ ਹੈ ਪਰ ਅਖਬਾਰੀ ਸੁਰਖੀਆ ਦੇ ਮੁਤਾਬਕ ਜਥੇਦਾਰ ਸ੍ਰੀ
ਅਕਾਲ ਤਖਤ ਸਾਹਿਬ ਵਲੋ ਇਸੇ ਸਾਧ ਧੰਨਵੰਤ ਸਿੰਘ ਨੂੰ ਜਥੇਦਾਰ ਦੇ
ਪੀ.ਏ ਵਲੋ ਰਿਸ਼ਵਤ ਲੈ ਕੇ ਬਰੀ ਕਰ ਦਿੱਤਾ ਸੀ।ਜਥੇਦਾਰ ਸਾਹਿਬ ਜੀ ਨੂੰ
ਹੁਣ ਜਥੇਦਾਰੀ ਤੋ ਪਰਾ ਹੋ ਜਾਣਾ ਚਾਹੀਦਾ ਹੈ।ਪੰਜਾਬ ਅਧਿਕਾਰ ਸੰਸਥਾ
ਬੈਨੇਲੁਕਸ ਹੌਲੈਂਡ ਅਦਾਲਤ ਦੇ ਫੈਂਸਲੇ ਦਾ ਸਵਾਗਤ ਕਰਦੀ ਹੈ।
ਹਰਜੀਤ ਸਿੰਘ ਗਿੱਲ |
ਰਾਜ ਭੁਪਿੰਦਰ ਸਿੰਘ, ਭਾਰਤ |
01/02/05
ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,
ਪੰਜਾਬ ਵਿਚਲੇ ਸਕੂਲਾਂ ਦੇ ਨੰਨੇ
ਮੁੰਨੇ ਬਚਿਆਂ ਲਈ ਵੱਖ ਵੱਖ ਸਹੂਲਤਾਂ ( ਜੋ ਸਰਕਾਰ ਦੀ ਲਾਪਰਵਾਹੀ
ਕਾਰਨ ਉਨ੍ਹਾਂ ਨੂੰ ਨਹੀਂ ਮਿਲ ਰਹੀਆਂ ) ਦੇਣ ਲਈ ਬਹਿਸ ਚਲ ਰਹੀ ਹੈ ।
ਇਸ ਵਾਰ ਸ. ਸਤਿਨਾਮ ਸਿੰਘ ਜੀ ਨੇ ਆਪਣੇ ਵਿਚਾਰ ਲਿਖੇ ਹਨ ਕਿ ਆਪੋ
ਆਪਣਾ ਪਿੰਡ ਸਾਂਭ ਲਓ ਤੇ ਕਰੋ ਸੇਵਾ । ਇਹ ਬਹੁਤ ਚੰਗੀ ਗੱਲ ਹੈ ।
ਮੈਂ ਆਪਣੇ ਪਿੰਡ ਦੇ ਸਕੂਲ ਵਿਚਲੀ ਕਮੀ ਪੂਰੀ ਕਰਾਂਗਾ, ਭਾਵੇਂ ਉਥੇ
ਪੱਖਿਆਂ ਦੀ ਲੋੜ ਹੋਵੇ ਜਾਂ ਟਾਟਾਂ ਦੀ ਘਾਟ ਹੋਵੇ ਜਾਂ ਡੈਸਕ ਟੁੱਟੇ
ਪਏ ਹੋਣ । ਪਰ ਵੀਰ ਜੀ, ਕਈ ਉਹ ਪਿੰਡ ਵੀ ਹੋਣਗੇ, ਜਿਥੇ ਕੋਈ ਵੀ
ਅਜਿਹੀ ਸੋਚ ਨਹੀਂ ਰੱਖਦਾ ਹੋਵੇਗਾ । ਉਨ੍ਹਾਂ ਦਾ ਕੀ ਬਣੂ, ਕਦੀ
ਸੋਚਿਆ ਏ ਇਸ ਬਾਰੇ । ਕਈ ਵੀਰ 'ਬਾਹਰ' ਬੈਠੇ ਆਪਣੇ ਰੁਝੇਵਿਆਂ ਵਿਚ
ਇੰਨੇ ਰੁੱਝੇ ਹੋਣਗੇ ਕਿ ਉਹ ਕਈ ਕਈ ਸਾਲ ਆਪਣੇ ਪਿੰਡ ਨਹੀਂ ਸਕਦੇ ।
ਕਈ ਵੀਰ ਅਜਿਹੇ ਹੋਣਗੇ, ਜੋ ਕੁਝ ਕਰਨਾ ਚਾਹੁੰਦੇ ਹੋਣਗੇ ਪਰ ਉਨ੍ਹਾਂ
ਪਾਸ ਲੋੜੀਂਦੇ ਫੰਡ ਉਪਲੱਬਧ ਨਹੀਂ ਹੋਣਗੇ । ਸੋ ਇਹ ਕਾਰਜ ਤਾਂ ਰਲ
ਮਿਲ ਕੇ ਹੀ ਹੋ ਸਕਦੇ ਹਨ । ਕੁਝ ਵੀਰ ਧਨ ਦੀ ਸੇਵਾ ਕਰਨ ਤੇ ਕੁਝ ਧਨ
ਦੇ ਨਾਲ ਨਾਲ ਤਨ ਦੀ ਸੇਵਾ ਵੀ ਕਰਨ ।
ਗਿਆਨੀ ਕਰਨੈਲ ਸਿੰਘ ਜੀ ਨੇ ਡਾ:
ਕੰਦੋਲਾ ਜੀ ਨਾਲ ਗੱਲਬਾਤ ਕਰਨ ਉਪਰੰਤ ਆਪਣੀ ਚਿੱਠੀ ਮਿਤੀ
30-01-2005 ਵਿਚ ਲਿਖਿਆ ਹੈ ਕਿ ਸੈਂਕੜੇ ਸਕੂਲਾਂ ਦਾ ਕੰਮ ਇਤਨਾ
ਸਹਿਲ ਨਹੀਂ ਹੈ । ਇਹ ਗਲ ਵੀ ਠੀਕ ਹੈ । ਪਰ ਇਹ ਕੰਮ ਹੌਲੀ ਹੌਲੀ ਵੀ
ਕੀਤਾ ਜਾ ਸਕਦਾ ਹੈ । ਸਾਰੇ ਪੰਜਾਬ ਨੂੰ ਇਕੋ ਵਾਰ ਗਾਹੁਣ ਨਾਲੋਂ,
ਇੱਕ ਇਕ ਜਿਲ੍ਹੇ ਨੂੰ ਅਪਣਾ ਲਿਆ ਜਾਏ । ਜੇ ਇਹ ਵੀ ਔਖਾ ਲਗਦਾ ਹੈ
ਤਾਂ ਇੱਕ ਇੱਕ ਬਲਾਕ ਅਪਣਾ ਲਿਆ ਜਾਏ । ਜੇ ਇਹ ਵੀ ਔਖਾ ਹੈ ਤਾਂ ਸ.
ਸਤਿਨਾਮ ਸਿੰਘ ਜੀ ਦੇ ਕਹਿਣ ਵਾਂਗ ਪਹਿਲਾਂ ਆਪੋ ਆਪਣੇ ਪਿੰਡ ਨੂੰ ਹੀ
ਅਪਣਾ ਲਓ । ਕੁਝ ਤਾਂ ਕਰੋ . . . . . . . . ।
ਪਰ ਕਰਨ ਉਪਰੰਤ ਉਸ ਕੀਤੇ ਕਾਰਜ
ਦਾ ਵੇਰਵਾ 5ਆਬੀ.ਕਾਮ ਤੇ ਜਰੂਰ ਦਿਓ ਤਾਂ ਕਿ ਬਾਕੀਆਂ ਨੂੰ ਵੀ ਆਪੋ
ਆਪਣੇ ਇਲਾਕੇ ਵਿਚ ਭਲਾਈ ਕਾਰਜ ਕਰਨ ਦੀ ਪ੍ਰੇਰਣਾ ਮਿਲੇ । ਕਿਤੇ ਇਹ
ਨਾਂ ਹੋਵੇ ਕਿ ਇਹ ਬਹਿਸ ਇੰਜ ਹੀ ਰਹਿ ਜਾਏ । ਸਾਰੇ ਭੁੱਲ ਭੁਲਾ ਜਾਣ
ਤੇ ਫਿਰ ਜਦੋਂ ਕਦੀ ਪੁੱਛਿਆ ਜਾਵੇ ਤਾਂ ਇਹ ਜਵਾਬ ਮਿਲੇ ਕਿ . . .
ਉਹੋ. . . . ਮੈਂ ਤਾਂ ਭੁੱਲ ਹੀ ਗਿਆ ਸਾਂ . . . . । ਭੁਲਣਾ
ਮਨੁੱਖੀ ਸੁਭਾਅ ਹੈ । ਕਈ ਤਾਂ ਸੱਚੀ ਮੁੱਚੀ ਭੁਲ ਜਾਂਦੇ ਹਨ ਤੇ ਕਈ
ਯਾਦ ਰਹਿੰਦੇ ਹੋਏ ਭੁੱਲਣ ਦਾ ਢੌਂਗ ਕਰਦੇ ਹਨ ।
ਮੇਰੀ ਹੇਠ ਲਿਖੇ ਪਾਠਕਾਂ ਨੂੰ
ਬੇਨਤੀ ਹੈ ਕਿ ਉਹ ਆਪੋ ਆਪਣੇ ਪਿੰਡ ਜਾਂ ਖੇਤਰ ਵਿਚਲੇ ਸਕੂਲਾਂ ਬਾਰੇ
ਸੋਚਣ ਤੇ ਉਥੇ ਲੋੜੀਂਦੀ ਸਹਾਇਤਾ ਪਹੁੰਚਾਉਣ , ਉਪਰੰਤ ਇਸ ਦੀ
ਜਾਣਕਾਰੀ 5ਆਬੀ.ਕਾਮ ਤੇ ਦੇਣ ਦੀ ਖੇਚਲ ਕਰਨ ਜੀ :-
1. ਗਿਆਨੀ ਕਰਨੈਲ ਸਿੰਘ ਜੀ,
2. ਡਾ: ਬਲਦੇਵ ਸਿੰਘ ਕੰਦੋਲਾ
3. ਰਜੇਸ਼ ਜਲੌਟਾ ਤੇ ਕਮਲਜੀਤ ਕੌਰ
4. ਭੂਵਿੰਦਰ ਕੌਰ ਗਿੱਲ
5. ਸੁਰਿੰਦਰ ਮਾਹਲ
6. ਸਤਨਾਮ ਸਿੰਘ ਸਵਿਟਜ਼ਰਲੈਂਡ
7. ਜਨਮੇਜਾ ਜੌਹਲ
8. ਗੁਰਤੇਜ ਸਿੰਘ ਨਿਉਜੀਲੈਂਡ
9. ਸੰਤੋਖ ਸਿੰਘ ਸਿਡਨੀ
10. ਸ਼ਿਵਚਰਨ ਜੱਗੀ
11. ਮਿਹਰ ਸਿੰਘ ਮੁਹਾਲੀ
11. ਅ. ਕੌਰ
12. ਕਮਲਜੀਤ ਸੰਘਾ
13. ਡਾ ਕੰਗ
14. ਅਨਿਲ ਕੁਮਾਰ ਘੱਗਾ
15. ਸਤ ਪਾਲ ਗੋਇਲ
16. ਸ.ਸ. ਪੱਡਾ
17. ਕ. ਬਰਾੜ
18. ਰੁਪਿੰਦਰ ਸਿੰਘ ਢਿਲੋਂ
19. ਜੀਵਨ ਨਿਹਾਲੇ ਵਾਲੀਆ
20. ਡਾ: ਚਰਨਜੀਤ ਸਿੰਘ ਗੁਮਟਾਲਾ
21. ਸਾਥੀ ਲੁਧਿਆਣਵੀ
22. ਸੁਚੇਤ ਸਿੰਘ ਖਾਲਸਾ
ਇਹ ਤਾਂ ਕੁਝ ਪਾਠਕਾਂ ਦੇ ਨਾਂ ਹਨ
। ਇਸ ਤੋਂ ਇਲਾਵਾ ਹੋਰ ਵੀ ਕਈ ਪਾਠਕ ਸੇਵਾ ਕਰਨੀ ਚਾਹੁੰਦੇ ਹੋਣਗੇ ।
ਉਹ ਵੀ ਇਹ ਉਦਮ ਕਰਨ ਦੀ ਖੇਚਲ ਕਰਨ ।
ਆਸ ਕਰਦਾ ਹਾਂ ਕਿ ਸਾਰੇ ਆਪੋ
ਆਪਣੇ ਪਿੰਡ / ਖੇਤਰ ਬਾਰੇ ਕੁਝ ਨਾ ਕੁਝ ਜਰੂਰ ਕਰ ਵਿਖਾਉਣਗੇ ।
ਰਾਜ ਭੁਪਿੰਦਰ ਸਿੰਘ, ਭਾਰਤ । |
ਸਤਿਨਾਮ ਸਿੰਘ ਸਵਿਟਜ਼ਰਲੈਂਡ |
31/01/05
ਸਤਿਕਾਰ ਯੋਗ ਵੀਰ ਰਾਜਭੁਪਿੰਦਰ ਸਿੰਘ ਜੀ, ਆਪ ਜੀ ਦੇ ਵਿਚਾਰ ਜੋ ਆਪ
ਜੀ ਨੇ ਸਕੂਲਾਂ ਬਾਰੇ ਲਿਖੇ ਹਨ ਬਹੁਤ ਸ਼ਲਾਘਾ ਯੋਗ ਹਨ।
ਕੁਝ ਸਮਾਂ ਪਹਿਲਾਂ ਗਿਆਨੀ ਜੀ ਨੇ
ਇਕ ਪੱਤਰ ਅਮਰੀਕਾ ਤੋਂ ਵੀ ਲਿਖਿਆ ਸੀ ਤੇ ਪੰਜਾਬ ਅੰਦਰ ਸਰਕਾਰੀ
ਅੱਤਵਾਦ,ਅੱਤਵਾਦੀ ਤੇ ਖਾੜਕੂਆਂ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਬਾਰੇ
ਅਪੀਲ ਕੀਤੀ ਸੀ। ਪਰ ਮੇਰਾ ਜਿਥੋਂ ਤੱਕ ਖਿਆਲ ਹੈ, ਕੁਝ ਵੀ ਨਹੀ ਹੋਇਆ
ਹੋਵੇ ਗਾ। ਵੈਸੇ ਤਾਂ ਵਿਸ਼ਵਾਸ ਨਾਲ ਹੀ ਦੁਨੀਆਂ ਚਲਦੀ ਹੈ, ਪਰ ਬਹੁਤ
ਲੋਕ ਵਿਸ਼ਵਾਸ਼ ਨਹੀ ਕਰਦੇ ਤੇ ਕਿਸੇ ਹੱਦ ਤੱਕ ਵਿਸ਼ਵਾਸ਼ ਨਾਂ ਕਰਨਾਂ
ਜਾਇਜ ਵੀ ਹੈ। ਹੁਣ ਸੁਨਾਮੀ ਲਹਿਰਾਂ ਵਾਸਤੇ ਕਈ ਅਰਬ ਰੁਪਏ ਦਾ ਫੰਡ
ਇਕੱਠਾ ਹੋਇਆ ਹੈ ਪਰ ਬਹੁਤੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹਨ ਕੇ
ਕੀ ਇਹ ਇਕੱਠਾ ਹੋਇਆ ਧੰਨ ਯੋਗ ਥਾਂ ਉਪਰ ਵਰਤਿਆ ਜਾਵੇ ਗਾ।
ਹਿੰਦੋਸਤਾਨ ਜਾਂ ਪੰਜਾਬ, ਉਥੇ ਸਰਪੰਚਾਂ ਨੂੰ ਸਰਕਾਰੀ ਗਰਾਂਟਾ ਤੇ
ਅਉਂਦੀਆਂ ਹੀ ਹਨ ਪਰ ਪਿੰਡ ਦੀਆਂ ਗਲੀਆਂ ਵਾਸਤੇ ਸਰਪੰਚ ਸਿਰਫ 20% ਹੀ
ਖਰਚ ਕਰਦੇ ਹਨ ਤੇ ਬਾਕੀ ਆਪਣੀ ਕੋਠੀ ਦੇ ਪੱਥਰ ਵਾਸਤੇ। ਬਹਤ ਘੱਟ
ਸਰਪੰਚ ਹਨ ਜੋ ਪੂਰੀ ਗਰਾਂਟ ਪਿੰਡ ਤੇ ਲਾ ਕੇ ਲੋਕਾਂ ਦੀਆਂ ਅਸੀਸਾਂ
ਲੈਣ। ਪਰ ਈਮਾਨਦਾਰ ਸਰਪੰਚਾਂ ਦੀਆਂ
ਉਦਾਹਰਣਾਂ ਵੀ ਕਿਤੇ ਕਿਤੇ ਮਿਲਦੀਆਂ ਹਨ।
ਦਾਸ ਦਾ ਇਹ ਵਿਚਾਰ ਹੈ ਕੇ ਅਸੀ
ਨੈੱਟ ਤੇ ਪੰਜਾਬ ਲਹਿਰ ਪੀੜਤ ਜਾਂ ਸਕੂਲਾਂ ਦੀ ਵਿਗੜਦੀ ਹਾਲਤ ਨੂੰ
ਸੁਧਾਰਨ ਵਾਸਤੇ ਲਿਖਣ ਨਾਲੋਂ ਜਾਂ ਫੰਡ ਇਕੱਠਾ ਕਰਨ ਨਾਲੋਂ, ਆਪਣੇ
ਏਰੀਏ ਦੇ ਪੀੜਤ ਲੋਕਾਂ ਜਾਂ ਸਕੂਲਾਂ ਦੀ ਹਾਲਤ ਨੂੰ ਖੁਦ ਸੁਧਾਰੀਏ।
ਦਾਸ ਦਾ ਕਹਿਣ ਤੋਂ ਭਾਵ ਹੈ ਕੇ ਜੋ ਵੀ ਮੇਰਾ ਵੀਰ 5ਆਬੀ.ਕਾਮ ਨੂੰ
ਪੜਦਾ ਹੈ ਆਪਣੇ ਤੌਰ ਤੇ ਆਪਣੇ ਪਿੰਡ ਨੂੰ ਸੰਭਾਲੇ।
ਜਿਸ ਪ੍ਰਕਾਰ ਵੀਰ ਜਲੋਟਾ ਜੀ ਜਾਂ
ਕਮਲਜੀਤ ਕੌਰ ਜੀ ਨੇ ਲਿਖਿਆ ਹੈ ਕੇ ਸਾਨੂੰ ਦੱਸੋ ਅਸੀ ਮਦਦ ਵਾਸਤੇ
ਤਿਆਰ ਹਾਂ, ਵੀਰ ਜਲੋਟਾ ਜੀ, ਬੀਬੀ ਕਮਲਜੀਤ ਜੀ ਤੁਸੀ ਕਿਸੇ ਦੀ ਉਡੀਕ
ਨਾਂ ਕਰੋ ਸਗੋਂ ਆਪਣੇ ਪਿੰਡ ਵਿੱਚ ਕਿਸੇ ਬਜੁਰਗ ਨੂੰ ਐਨਕਾਂ ਲਵਾ
ਦਿਉ, ਸਕੂਲ ਦੇ ਕਮਰੇ ਦਾ ਨਵਾਂ ਲੈਂਟਰ ਪੁਆ ਦਿਉ ਜਾਂ ਪੱਖੇ ਲਵਾ
ਦਿਉ। ਬਹੁਤ ਪ੍ਰਕਾਰ ਦੀਆਂ ਸੇਵਾਂਵਾਂ ਹਨ ਜੋ ਆਪਾ ਕਰ ਸਕਦੇ ਹਾਂ।
ਇਸ ਪ੍ਰਕਾਰ ਦੂਜੇ ਦੀ ਉਡੀਕ ਕਰਨ
ਨਾਲ ਕੁਝ ਵੀ ਨਹੀ ਹੋਣਾਂ।
ਕਹਿੰਦੇ ਹਨ ਕੇ ਦਾਨ ਕਰਕੇ
ਦੱਸਣਾਂ ਨਹੀ ਚਾਹੀਦਾ। ਇਹ ਗੱਲ ਠੀਕ ਹੈ। ਪਰ ਦਾਸ ਦਾ ਤੇ ਹੁਣ ਤੱਕ
ਇਹੋ ਹੀ ਤਰੀਕਾ ਰਿਹਾ ਹੈ ਤੇ ਇਹੋ ਹੀ ਰਹਿਣਾਂ ਹੈ। ਦਾਸ ਦਾ ਪਿੰਡ
ਤਰਨ ਤਾਰਨ ਤਹਿਸੀਲ ਵਿੱਚ ਡੇਰਾ ਸਹਿਬ ਹੈ। ਇਹ ਪਿੰਡ ਗੁਰੂ ਨਾਨਾਕ
ਸਹਿਬ ਦੇ ਪਿਤਾ ਦਾ ਜਨਮ ਅਸਥਾਨ ਵੀ ਹੈ। ਹਾਈ ਸਕੂਲ ਹੈ ਦਾਸ ਉਸੇ
ਸਕੂਲ ਦਾ ਪੜਿਆ ਹੈ ਤੇ ਹੁਣ ਅਸੀ ਜਿੰਨੇ ਵੀ ਉਸ ਸਕੂਲ ਵਿਚੋਂ ਪੜ ਕੇ
ਗਏ ਹਾਂ, ਸਾਰੇ ਸਕੂਲ ਦੀ ਇਮਾਰਤ ਨੂੰ ਰੀਪੇਅਰ ਕਰਨ ਲੱਗੇ ਹਾਂ। ਇਸ
ਪ੍ਰਕਾਰ ਆਪਣੇ ਆਪਣੇ ਪਿੰਡ ਨੂੰ ਸੁਧਾਰਨ ਨਾਲ ਹੀ ਆਪਾਂ ਆਪਣਾ ਸਾਰਾ
ਪੰਜਾਬ ਸੁਧਾਰ ਸਕਦੇ ਹਾਂ।
ਦਾਸ ਨੇ ਆਪਣੇ ਪਿੰਡਾਂ ਦੇ ਏਰੀਏ
ਦੇ ਇਕ ਪ੍ਰੀਵਾਰ ਦੀ ਮਦਦ ਕਰਨ ਦਾ ਪ੍ਰਣ ਕੀਤਾ ਹੈ ਜਿਨਾਂ ਦਾ ਲਹਿਰ
ਵਿੱਚ ਜਵਾਨ ਮੁੰਡਾ ਮਰ ਗਿਆ ਤੇ ਹੁਣ ਉਸ ਦੀਆਂ 3 ਬੇਟੀਆਂ ਹਨ ਤੇ
ਜਮੀਨ ਸਿਰਫ 2 ਕਿਲੇ ਹਨ। ਹੁਣ ਇਕ ਬੇਟੀ ਹੀ ਰਹਿ ਗਈ ਹੈ ਜਿਸ ਦੀ
ਸ਼ਾਦੀ ਹੈ, ਤੇ ਉਸ ਵਾਸਤੇ ਵੀ ਆਪਾਂ ਕਿਸੇ ਨੂੰ ਅਪੀਲ ਨਹੀ ਕਰਨੀ।
ਜਾਣਕਾਰੀ ਵਾਸਤੇ ਮੈ ਦੱਸ ਦੇਵਾਂ ਕੇ ਉਹ ਜਵਾਨ ਦਾ ਨਾਮ ਸਰਦੂਲ ਸਿੰਘ
ਸੀ।
ਸੋ ਵੀਰ ਰਾਜ ਜੀ ਨੂੰ ਵੀ ਏਹੋ ਹੀ
ਬੇਨਤੀ ਹੈ ਕੇ ਆਪਾਂ ਨੂੰ ਕਿਸੇ ਕਿਸਮ ਦਾ ਫੰਡ ਇਕੱਠਾ ਕਰਨ ਦੀ ਜਰੂਰਤ
ਨਹੀ ਬਲਕਿ ਇਹ ਕਹਿਣ ਦੀ ਜਰੂਰਤ ਹੈ ਕੇ ਸਭ ਵੀਰ ਭੈਣਾਂ ਆਪਣੇ ਏਰੀਏ
ਦੀ ਆਪ ਹੀ ਆਪਣੀ ਜੇਬ ਵਿਚੋਂ ਸੇਵਾ ਕਰਨ ਤੇ ਦੂਜੇ ਨੂੰ ਪ੍ਰੇਰਨ। ਰਾਜ
ਜੀ ਤੁਸੀ ਵੀ ਆਪਣੇ ਪਿੰਡ ਦੋ ਚਾਰ ਪੱਖੇ ਲਵਾ ਦਿਉ ਗਰਮੀ ਅਉਣ ਵਾਲੀ
ਹੈ। ਆਪ ਜੀ ਦਾ ਧੰਨਵਾਦੀ ਹੋਵਾਂਗੇ।
ਗਲਤੀ ਦੀ ਖਿਮਾਂ ।
ਸਤਿਨਾਮ ਸਿੰਘ ਸਵਿਟਜ਼ਰਲੈਂਡ |
ਰਾਜ ਭੁਪਿੰਦਰ ਸਿੰਘ, ਭਾਰਤ |
30/01/05
ਲਾਲੂ ਯਾਦਵ - ਲਾਲੂ, ਭਾਰਤ ਦਾ ਉਹ 'ਲਾਲ' ਜੋ ਜਨਤਾ ਦੀ 'ਸੇਵਾ' ਕਰਨ
ਵਿਚ ਕੋਈ ਕਸਰ ਨਹੀਂ ਛਡਦਾ । ਪਛੜੀਆਂ ਜਾਤਾਂ ਦਾ 'ਮਸੀਹਾ' ਬਣ ਕੇ ,
ਇਨ੍ਹਾਂ ਜਾਤਾਂ ਦੇ ਨਾਂ ਤੇ ਅਲਾਟ ਹੋਏ ਫੰਡ ਬੜੀ ਚਲਾਕੀ ਨਾਲ 'ਹਜ਼ਮ'
ਕਰ ਜਾਂਦਾ ਹੈ । ਲਾਲੂ ਮੁਸਲਮਾਨਾਂ ਨਾਲ ਤਾਂ ਹੇਰਾ ਫੇਰੀ ਕਰਦਾ ਹੀ
ਹੈ ਪਰ ਯਾਦਵਾਂ ਨੂੰ ਵੀ ਨਹੀਂ ਬਖਸ਼ਦਾ ਹੋਣਾ ਕਿਉਂਕਿ ਨੇਤਾ ਲੋਕ ਤਾਂ
ਆਪਣੇ ਬਾਪ ਦੇ ਸੱਕੇ ਨਹੀਂ ਹੁੰਦੇ । ਬਾਕੀਆਂ ਬਾਰੇ ਤਾਂ ਕੀ ਕਹਿਣਾ ।
ਇਹੋ ਜਿਹੇ ਨੇਤਾਂ ਪੰਜਾਬ ਵਿਚ ਵੀ ਬਹੁਤ ਹਨ ਜੋ ਕਿ ਸਕੂਲਾਂ ਦੇ
ਬੱਚਿਆਂ ਦੀ ਭਲਾਈ ਲਈ ਜਾਰੀ ਹੋਏ ਫੰਡ ਹਜ਼ਮ ਕਰ ਗਏ ਹਨ ।
ਪ੍ਰਵੀਨ ਬਾਬੀ, ਇਕ ਮਸ਼ਹੂਰ
ਬਾਲੀਵੂਡ ਅਭਿਨੇਤਰੀ, ਜੋ ਕਿ ਆਪਣੇ ਆਖਰੀ ਦਿਨਾਂ ਵਿਚ ਇਕਲਤਾ ਨਾਲ
ਜੂਝਦੀ ਹੋਈ ਪ੍ਰਾਣ ਤਿਆਗ ਗਈ । ਇਹ ਇੱਕ ਕੌੜਾ ਸੱਚ ਹੈ ਕਿ ਸੁੱਖ ਵਿਚ
ਤਾਂ ਸਾਰੇ ਕੋਲ ਆਉਂਦੇ ਹਨ ਪਰ ਦੁੱਖ ਵਿਚ ਕੋਈ ਵੀ ਨਹੀਂ । ਸ਼ਾਇਦ ਕੋਈ
ਵਿਰਲਾ ਹੀ ਦੁੱਖ ਵਿਚ ਸਾਥ ਦਿੰਦਾ ਹੋਵੇ !
ਦੁੱਖੀ ਕੋਈ ਵੀ ਹੋਵੇ, ਸਾਨੂੰ ਸਭ
ਨੂੰ ਉਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ । ਸੋਚਣ ਤੋਂ ਬਾਅਦ ਅਗਲਾ
ਕਦਮ, ਦੁੱਖੀ ਲਈ ਤਨ, ਮਨ, ਧਨ ਨਾਲ ਸੇਵਾ ਵੀ ਕਰਨੀ ਚਾਹੀਦੀ ਹੈ । ਇਹ
ਨਹੀਂ ਕਿ ਮੇਰੇ ਕੋਲ ਤਾ ਸਮਾਂ ਹੀ ਨਹੀਂ ਹੈ । ਮੈਂ ਏਨੀ ਦੂਰ ਕਿਵੇਂ
ਜਾ ਸਕਦਾ ਹਾਂ । ਕਿਸੇ ਕੋਲ ਧਨ ਦੀ ਕਮੀ ਹੋ ਸਕਦੀ ਹੈ । ਪਰ ਮਨ ਤਾਂ
ਸਾਰਿਆਂ ਕੋਲ ਹੈ ਤੇ ਮਨ ਲਾ ਕੇ ਕੀਤੀ ਸੇਵਾ ਹੀ ਸੰਪੂਰਨ ਸਮਝੀ ਜਾ
ਸਕਦੀ ਹੈ ।
ਮੇਰੀ ਮੁਰਾਦ ਹੈ, ਪੰਜਾਬ ਦੇ
ਉਨ੍ਹਾਂ 5 ਲੱਖ ਛੋਟਿਆਂ ਛੋਟਿਆਂ ਬਚਿਆਂ ਦੀ ਪੜਾਈ ਦੀ ਜੋ ਕਿ ਗਰਮੀ
ਸਰਦੀ ਵਿਚ ਭੁੰਜੇ ਬੈਠ ਕੇ ਹੀ ਪੜ੍ਹਦੇ ਹਨ । ਬਹੁਤ ਸਾਰੇ ਪਾਠਕਾਂ ਨੇ
ਇਨ੍ਹਾਂ ਬਾਰੇ ਸੋਚਿਆ ਹੋਵੇਗਾ ਤੇ ਕਈਆਂ ਨੇ ਤਾਂ ਚਿਠੀਆਂ ਵੀ ਲਿਖੀਆਂ
ਹਨ ਪਰ ਕੁਝ ਅਜਿਹੇ ਹੋਣਗੇ ਜੋ ਸਮੇਂ ਦੀ ਘਾਟ ਕਾਰਨ ਅਜਿਹਾ ਕਰਨ ਤੋਂ
ਅਸਮਰਥ ਰਹੇ ਹੋਣਗੇ । ਉਨ੍ਹਾਂ ਨੂੰ ਵੀ ਮੇਰੀ ਬੇਨਤੀ ਹੈ ਕਿ , ਉਹ ਵੀ
ਚਿਠੀਆਂ ਲਿਖਣ ਤਾਂ ਕਿ ਇਹ ਕਾਰਜ ਬਿਨਾ ਕਿਸੇ ਹੋਰ ਦੇਰੀ ਦੇ, ਸ਼ੁਰੂ
ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਸਕੇ ।
ਜੋ ਪਾਠਕ ਪੰਜਾਬ ਵਿਚ ਰਹਿੰਦੇ
ਹਨ, ਉਹ ਤਾਂ ਤਨ ਨਾਲ ਵੀ ਸੇਵਾ ਕਰ ਸਕਦੇ ਹਨ ਅਰਥਾਤ ਆਪੋ ਆਪਣੇ
ਜਿਲ੍ਹੇ ਦੇ ਸਕੂਲਾਂ ਬਾਰੇ ਜਾਣਕਾਰੀ ਇਕਤਰ ਕਰਨੀ । ਜੋ ਪਾਠਕ 'ਬਾਹਰ'
ਬੈਠੇ ਹਨ । ਉਹ ਧਨ ਨਾਲ ਸੇਵਾ ਕਰ ਸਕਦੇ ਹਨ । ਪਰ ਮਨ ਨਾਲ ਸਾਰੇ ਹੀ
ਸੇਵਾ ਕਰਨ ਦੀ ਸੋਚਣ ਤਾਂ ਕੁਝ ਕਲਿਆਣ ਹੋ ਸਕਦਾ ਹੈ ।
ਸੋ ਆਓ, ਬਣ ਜਾਓ ਕਾਫਲਾ , ਲਓ
ਦੁਖੀਆਂ ਦੀ ਸਾਰ ਤੇ ਕਰੋ ਲੋਕ ਕਲਿਆਣ ।
ਰਾਜ ਭੁਪਿੰਦਰ ਸਿੰਘ, ਭਾਰਤ । |
ਕਰਨੈਲ ਸਿੰਘ |
30/01/05
ਸ.ਰਾਜ ਭੂਪਿੰਦਰ ਜੀ,
ਅੱਜ ਮੇਰੀ ਡਾਕਟਰ ਕੰਦੋਲਾ ਹੋਰਾਂ ਨਾਲ ਫ਼ੋਨ 'ਤੇ ਕਿੰਨਾ ਚਿਰ ਗੱਲ
ਹੋਈ, ਇਸ ਬਾਰੇ।
ਜਦੋਂ ਆਪਾ ਗੁਰੂ ਆਸਰਾ ਦੇ
ਪ੍ਰਾਜੈਕਟ ਬਾਰੇ ਸੋਚਿਆ ਸੀ। ਉਹ ਇਕ ਛੋਟਾ ਕੰਮ ਸੀ। ਅਤੇ ਜੇ ਕਰ ਉਹ
ਜਥੇਦਾਰ ਬੀਬੀ ਜੀ, ਸਕੂਲਾਂ, ਕਾਲਜਾਂ , ਯੂਨੀਵਰਸਿਟੀਆਂ ਨੂੰ ਸਿੱਧੇ
ਦਾਨ ਲਈ ਸਹਿਮਤ ਹੋ ਜਾਦੀ ਤਾਂ ਆਪਾਂ ਸਾਰੇ ਰਲ ਕੇ ਕੁਝ ਕਰਨ ਯੋਗ ਸੀ।
ਇਹ ਇੰਨੇ ਸੈਂਕੜੇ ਸਕੂਲਾਂ ਦਾ
ਕੰਮ ਇਤਨਾ ਸਹਿਲ ਨਹੀਂ ਹੈ। ਇਹ ਇਸ ਗੰਭੀਰਤਾ ਦਾ ਕੰਮ ਹੈ, ਜੋ ਬਾਦਲ
ਦੇ ਸਮੇਂ ਤੋਂ ਚੱਲ ਰਿਹਾ ਹੈ।
ਜੇ ਬਾਦਲ ਆਪਣੇ ਨਿਜੀ ਭਰਿਸ਼ਟਾਚਾਰ
ਦੇ ਕੰਮ ਲਈ ਜੱਟਾਂ ਨੂੰ ਘੇਰ ਕੇ ਧਰਨੇ ਦੁਆ ਸਕਦਾ ਹੈ ਤਾਂ, ਇਸ
ਮੁਆਮਲੇ ਬਾਰੇ ਵੀ ( ਉਹ ਕਾਂਗਰਸ ਸਰਕਾਰ ਨੂੰ ਘੇਰ ਸਕਦਾ ਹੈ।) ਬਦਨਾਮ
ਕਰ ਸਕਦਾ ਹੈ। ਪਰ ਉਹ ਚਾਲਾਕ ਆਦਮੀ, ਉਹਨਾਂ ਲੋਕਾਂ ਦੀ ਸ਼ਕਤੀ ਦਾ
ਉਪਯੋਗ ਕੇਵਲ ਆਪਣੇ ਨਿਜੀ ਸਵਾਰਥ ਲਈ ਹੀ ਕਰੇਗਾ। ਜਦੋਂ ਉਸਦੇ
ਮੁਕੱਦਮੇ ਦੀ ਤਾਰੀਖ ਨੇੜੇ ਹੋਵੇਗੀ।
ਜਿੰਨ੍ਹਾਂ ਸਰਪੰਚਾਂ ਨੂੰ ਲੱਖਾਂ
ਰੁਪਏ ਦਰਬਾਰ ਲਗਾ ਲਗਾ ਕੇ ਵੰਡੇ ਸਨ, ਉਹਨਾਂ ਨੂੰ ਕਹੇਗਾ ਕਿ ਫ਼ਲਾਣੇ
ਥਾਂ ਚਾਰ ਪੰਜ ਬਸਾਂ (ਅਨਪੜ੍ਹ) ਬੰਦਿਆਂ ਦੀ ਭੇਜ ਕੇ ਬਸਾਂ / ਰੇਲਾਂ
ਰੋਕਣ ਦਾ ਪਖੰਡ ਕਰਨ। ਜੇ ਲਾਠੀ ਚਾਰਜ ਵਿਚ ਜਾਂ ਗੱਡੀ ਹੇਠ ਆਕੇ ਕੋਈ
ਗਰੀਬ ਮਰਨ ਗੇ ਤਾਂ ਉਹ ਵਿਚਾਰੇ ( ਗ਼ੁਲਾਮ) ਕਿਸਾਨ। ਬਾਹਲੀ ਗੱਲ
ਗੁਰਦਵਾਰੇ ਦੀ ਗੋਲਕ 'ਚੋਂ 2/3 ਲੱਖ ਰੁਪਈਆ ਦੇਣ ਲਈ ਜਾਗੀਰ ਕੌਰ ਨੂੰ
ਇਸ਼ਾਰਾ ਕਰ ਦੇਵੇਗਾ।
ਤੁਹਾਡਾ ਜਜ਼ਬਾ ਸਰਾਹੁਣਾ ਯੋਗ ਹੈ।
ਪਰ ਇਹ ਕੰਮ ਸਾਡੇ ਤੁਹਾਡੇ ਕਰਨ ਦਾ ਨਹੀਂ ਹੈ। ਸਰਕਾਰੀ ਸਕੂਲਾਂ ਵਿਚ
ਆਮ ਗਰੀਬਾਂ ਦੇ ਬੱਚੇ ਪੜ੍ਹਦੇ ਨੇ। ਉਹਨਾਂ ਵੱਲੋਂ ਇਕ ਭਰਵੀਂ ਲਹਿਰ
ਚਲਾਉਣੀ ਪਏਗੀ। ਕਿਸਾਨਾਂ ਵੱਲੋਂ, ਦਲਿਤ ਲੀਡਰਾਂ ਵੱਲੋਂ,
ਕਮਿਊਨਿਸਟਾਂ ਵੱਲੋਂ, ਗੁਰੂ ਘਰਾਂ ਵੱਲੋਂ, ਸ਼ਰੋਮਣੀ ਕਮੇਟੀ ਵੱਲੋਂ,
ਪਿੰਡਾਂ ਦੇ ਸਰਪੰਚਾਂ ਵੱਲੋਂ। ਅਤੇ ਸਭ ਤੋਂ ਜ਼ਰੂਰੀ, ਮੀਡੀਆ ਵੱਲੋਂ।
ਨਿਸ਼ੁਲਕ ਪੱਤ੍ਰਕਾਰਾਂ ਵੱਲੋਂ।
ਚਲੋ ਜੇ ਆਪਾਂ 4,
5 ਲੱਖ ਰੁਪਈਆਂ ਇਕੱਠਾ ਕਰ ਕੇ ਕੁਝ ਹਜ਼ਾਰ ਮੀਟਰ ਤੱਪੜ ਮੁੱਲ
ਲੈ ਕੇ ਪੰਜਾਬ ਜਾਈਏ, ਉਹਨਾਂ ਸਕੂਲਾਂ ਵਿਚ ਤਾਂ ਮਾਸਟਰ ਹੀ ਨਹੀਂ ਹਨ।
ਕੌਣ ਸਵੀਕਾਰ ਕਰੇਗਾ? ਜਾਂ ਜੇ ਕਿਸੇ ਥਾਂ ਮਾਸਟਰ ਵੀ ਹਨ, ਜਿੰਨ੍ਹਾਂ
ਨੂੰ ਕਈ ਮਹੀਨੇ ਦੀ ਤਨਖਾਹ ਨਹੀਂ ਮਿਲੀ, ਵਿਚਾਰੇ ਤੁਹਾਡੇ ਨਵੇਂ ਤੱਪੜ
ਵੇਚ ਕੇ ਚਾਰ ਪੈਸੇ ਆਪਣੀ ਜੇਬ ਵਿਚ ਪਾ ਲੈਣਗੇ।
ਇਸ ਮੁਆਮਲੇ ਨੂੰ ਵਿਧਾਨ ਸਭਾ
ਵਿਚ, ਪਾਰਲੀਮੈਂਟ ਵਿਚ, ਗਵਰਨਰਾਂ ਕੋਲ ਉਠਾਇਆ ਜਾਵੇ। (ਜਿਵੇਂ ਹੁਣੇ
ਹੁਣੇ ਬਿਹਾਰ ਦੇ ਵਿਦਿਆਰਥੀਆਂ ਨੇ ਬੂਟਾ ਸਿੰਘ ਦੇ ਭਵਨ ਦਾ ਘਿਰਾਓ
ਕੀਤਾ ਸੀ) ਏਸ ਕੰਮ ਲਈ ਰਸਤੇ ਰੋਕੇ ਜਾਣ। ਤਾਂ ਹੀ ਹਕੂਮਤ ਕੁਝ ਸੋਚਣ
ਲਈ ਮਜਬੂਰ ਹੋ ਸਕੇ ਗੀ। ਅਤੇ ਆਪਣੀ ਜ਼ਿੰਮੇਦਾਰੀ ਸਮਝੇਗੀ।
ਇਕ ਗੱਲ ਹੋਰ।
ਇਹ ਜਿਹੜੇ ਸਟੂਡੈਂਟ ਅਕਾਲੀ ਦਲ,
ਜਾਂ ਸਟੂਡੈਂਟ ਕਾਂਗਰਸ ਦੇ ਗਰੁੱਪ ਹਨ ਕੀ ਉਹਨਾਂ ਦੀ ਡਿਊਟੀ ਨਹੀਂ
ਬਣਦੀ ਆਪਣੇ ਛੋਟੇ ਭਰਾ ( ਨੰਨ੍ਹੇ ਵਿਦਿਆਰਥੀਆਂ) ਲਈ ਕੁਝ ਕਰਨ। ਜਾਂ
ਬੱਸ ਇਹ ਵੀ ਇਕ ਬਰਾਂਚ ਹੈ ਪਾਲਿਟੀਸ਼ਨਾਂ ਦੀ, ਕਿ ਚੋਬਰ ਮੁੰਡਿਆ ਨੂੰ
ਅੱਗੇ ਲਾਕੇ, ਵੋਟਾਂ ਲੈਣ ਦਾ ਉਪਰਾਲਾ ਕਰਨ। ਸਟੂਡੈਂਟਸ਼ਿੱਪ ਦਾ ਮਹਿਜ਼
ਨਾਮ ਹੀ ਹੈ।
ਕੇਵਲ ਤੇ ਕੇਵਲ ਹੁਣ ਮੈਂ ਇਹੀ
ਕਹਾਂਗਾ ਕਿ ਤੁਸੀਂ (ਵੀ) ਸੁਰਿੰਦਰ ਮਾਹਲ ਹੋਰਾਂ ਨੂੰ ਲਿਖੌ।
(ਜਿਵੇਂ ਮੈਂ ਦੋ ਦਿਨ ਪਹਿਲਾਂ
ਲਿਖਿਆਂ ਸੀ।) ਕਿਓਂਕਿ ਉਹਨਾ ਨੇ ਏਸ ਸੱਥ 'ਤੇ ਪੰਜਾਬ ਦੇ ਗੰਭੀਰ
ਮਸਲਿਆਂ ਬਾਰੇ ਕੁਝ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਵਿਚ ਮੈਨੂੰ,
ਕਿਸੇ ਪ੍ਰਤੀਨਿੱਧ ਗਰੁੱਪ ਦੇ ਸਾਹਮਣੇ ਆਉਣ ਦੀ ਆਸ਼ਾ ਹੈ। ਕੋਈ ਸੀਰੀਅਸ
ਵਿਓਂਤ ਬੰਦੀ ਕੀਤੀ ਜਾ ਸਕਦੀ ਹੈ। ਉਹਨਾਂ ਨੂੰ ਆਪਣੇ ਵਿਸ਼ੇ ਬਾਰੇ ਅਤੇ
25 ਤਾਰੀਖ ਦੇ ਟ੍ਰਿਬਿਊਨ ਦੇ ਵਿਗਿਆਪਨ ਬਾਰੇ ਨਵੇਂ ਸਿਰੇ ਭਾਵੇਂ
ਲਿਖਣਾ ਪਵੇ।
ਕਰਨੈਲ ਸਿੰਘ |
ਇਂਜ:
ਮਾਂਗਟ ਵੈਨਕੋਵਰ |
29/01/05
ਪਰਵਾਸੀ ਠੱਗ ਲਾੜੇ:
ਅਜ ਇਕ ਸਥਾਨਕ
ਰੇਡੀਓ ਤੇ ਖ਼ਬਰ ਪ੍ਰਸਾਰਤ ਕੀਤੀ ਗਈ ਕੇ ਹੁਣ ਪੰਜਾਬ ਦੀਆਂ ਲੜਕੀਆਂ
ਨਾਲ ਪ੍ਰਵਾਸੀ ਲਾੜੇ ਠੱਗੀਆਂ ਨਹੀਂ ਕਰ ਸਕਣਗੇ ।ਇਸ ਖ਼ਬਰ ਵਿਚ ਦਸਿਆਂ
ਗਿਆ ਕੇ ਜੋ ਪ੍ਰਵਾਸੀ ਲਾੜੇ ਵਿਆਹ ਤੋਂ ਬਾਅਦ ਲੜਕੀ ਦੇ ਕਾਗਜ਼ ਨਹੀਂ
ਭਰਨਗੇ ਦੇ ਖਿਲਾਫ਼ 420/376 ਦੇ ਕੇਸ ਦਰਜ ਕੀਤੇ ਜਾਣਗੇ ਜਿਸ ਤੋਂ ਭਾਵ
ਧੋਖਾ ਅਤੇ ਬਲਾਤਕਾਰ ਹੈ। ਇਸ ਖ਼ਬਰ ਅਨੁਸਾਰ 15000 ਅਜੇਹੀਆਂ ਲੜਕੀਆਂ
ਪੰਜਾਬ ਵਿਚ ਹਨ ਜੋ ਆਪਣੇ ਪਰਦੇਸੀ ਲਾੜਿਆਂ ਨੂੰ ਲਭਦੀਆਂ ਖਜਲ ਖੁਆਰ
ਹੋ ਰਹੀਆਂ ਹਨ ।
ਪੰਜਾਬ ਕੈਬਨਿਟ
ਵਿਚ ਪਾਸ ਕੀਤੇ ਮਤੇ ਅਨੁਸਾਰ ਅਜੇਹੇ ਠੱਗ ਲਾੜਿਆਂ ਨੂੰ ਕਾਨੂੰਨੀ ਤੌਰ
ਤੇ ਵਾਪਸ ਪੰਜਾਬ ਬੁਲਾਅ ਕੇ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ
ਕਾਰਵਾਈ ਕੀਤੀ ਜਾਵੇਗੀ।ਕੁਝ ਅਜੇਹੇ ਲਾੜੇ ਪ੍ਰਦੇਸਾਂ ਵਿਚ ਰੂਹ ਪੋਸ਼
ਹੋ ਗਏ ਹਨ।ਲਗਪਗ 30 ਕੇਸ ਹੁਣ ਪੰਜਾਬ ਵਿਚ ਚਲ ਰਹੇ ਹਨ ਅਤੇ ਕਾਫੀ
ਕੇਸ ਛਾਣ ਬੀਣ ਅਧੀਨਂ ਹਨ । ਸ਼੍ਰੀ ਸੰਜੀਵ ਗੁਪਤਾ ਆਈ ਜੀ
ਇਹਨਾਂ ਮੁਆਂਮਲਿਆਂ ਦੇ ਇਨਚਾਰਜ ਹਨ ।ਅਜੇਹੀ ਠੱਗੀ ਦੇ ਬਹੁਤੇ ਕੇਸ
ਅਮਰੀਕਾ,ਕੈਨੇਡਾ ਅਤੇ ਇੰਗਲੈਂਡ ਵਿਚਲੇ ਲਾੜਿਆਂ ਦੇ ਹਨ।ਹੁਣ ਪ੍ਰਦੇਸੀ
ਲਾੜਿਆਂ ਦੇ ਵਿਆਹ ਵੇਲੇ ਉਹਨਾਂ ਦੇ ਪ੍ਰਦੇਸੀ ਕਾਗ਼ਜ਼ਾਤ ਦੀ ਪਹਿਲਾਂ
ਪੂਰੀ ਜਾਂਚ ਕੀਤੀ ਜਾਵੇਗੀ।
ਇਂਜ:
ਮਾਂਗਟ ਵੈਨਕੋਵਰ |
ਅਮਰਜੀਤ ਟਾਂਡਾ |
|
ਫੋਟੋ:
ਟ੍ਰੀਬਿਊਨ, ਸਈਦ ਅਹਮਦ |
29/01/05
ਪਿਆਰੇ ਦੋਸਤੋ,
ਤੁਸੀਂ ਰੋਜ ਕਹਿੰਦੇ ਹੋ ਕਿ ਹੁਣ ਜਾ ਕੇ ਦੇਖੋ ਜਰਾ ਪੰਜਾਬ ਦੀ
ਤਰੱਕੀ-ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ, ਹੁਣ ਵਾਲਾ ਪੰਜਾਬ ਦੇਖ
ਕੇ!!
ਯਾਰ !ਮੇਰੇ ਘਰ ਚ ਤਾਂ ਹਰ ਪਾਸੇ ਪਾਣੀ ਹੀ ਪਾਣੀ ਹੈ-ਰਾਤ ਸੌਣ ਲਈ
ਕੋਈ ਟਿਕਾਣਾ ਨਹੀਂ ਹੈ? ਭਿੱਜ ਗਈਆਂ ਹਨ ਮੇਰੀਆਂ ਆਸਾਂ-ਦੱਸੋ ਦਾਲ
ਰੋਟੀ ਕਿੱਥੇ ਪਕਾਵਾਂ? ਭੁੱਖੀਆਂ ਆਂਦਰਾਂ ਨੂੰ ਕਾਹਦਾ ਝੁਲਕਾ ਦੇਵਾਂ?
ਯਾਰ ਮੂਰਤਾਂ ਕਦੇ ਗਲਤ ਨਹੀਂ ਬੋਲਦੀਆਂ ਹੁੰਦੀਆਂ?
ਅਮਰਜੀਤ ਟਾਂਡਾ |
ਰਾਜ ਭੁਪਿੰਦਰ ਸਿੰਘ, ਭਾਰਤ |
28/01/05
ਸਤਿਕਾਰਯੋਗ ਗਿਆਨੀ ਕਰਨੈਲ ਸਿੰਘ ਜੀ,
ਸਤਿ ਸ੍ਰੀ ਅਕਾਲ,
ਤੁਹਾਡੀ ਚਿੱਠੀ ਪੜ੍ਹੀ ਤੇ ਮੇਰੇ ਵਿਚਾਰ ਹੇਠ ਲਿਖੇ ਅਨੁਸਾਰ ਹਨ ਜੀ
:-
1. ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਪ੍ਰਸ਼ਾਸ਼ਨ ਸੁੱਤਾ ਪਿਆ ਹੈ ।
ਲੀਡਰ ਆਪੋ ਆਪਣੀ ਡਫਲੀ ਵਜਾ ਕੇ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ ।
ਬਹੁਤੇ ਪੰਚ , ਸਰਪੰਚ ਵੀ ਲੀਡਰੀ ਖਾਤਰ ਝੋਲੀ ਚੁੱਕ ਬਣੇ ਹੋਏ ਹਨ ।
ਮਾਸਟਰ ਵੀ ਆਪੋ ਆਪਣੀ ਰੋਜੀ-ਰੋਟੀ ਕਮਾਉਣ ਵਿਚ ਰੁੱਝੇ ਹੋਏ ਹਨ ।
ਟਿਉਸ਼ਨਾਂ ਵੱਧ ਪੜਾਈਆਂ ਜਾਂਦੀਆਂ ਹਨ ਤੇ ਸਕੂਲ਼ ਵਿਚ ਗੱਪਾਂ ਮਾਰ ਕੇ
ਸਾਰ ਲਿਆ ਜਾਂਦਾ ਹੈ । ਕਿਸੇ ਸਿਵਲ ਹਸਪਤਾਲ ਵਿਚ ਚਲੇ ਜਾਓ । ਬਹੁਤੇ
ਡਾਕਟਰ ਮਰੀਜ ਨੂੰ ਇਹ ਕਹਿੰਦੇ ਹੋਏ ਮਿਲਣਗੇ ਕਿ ਸ਼ਾਮ ਨੂੰ ਉਨ੍ਹਾਂ ਦੀ
ਕੋਠੀ ਆ ਕੇ ਵਿਖਾਉਣ , ਜਿਥੇ ਮੋਟੀ ਫੀਸ ਲਈ ਜਾਂਦੀ ਹੈ । ਮਤਲਬ ਕਿ
ਸਾਰੇ ਪਾਸੇ ਆਪੋ ਧਾਪੀ ਪਈ ਹੋਈ ਹੈ । ਇਸ ਕਾਰਨ ਸਕੂਲੀ ਗਰੀਬ ਬੱਚਿਆਂ
ਦਾ ਤਾਂ ਰਬ ਹੀ ਰਾਖਾ ਹੈ ।
2. ਗੱਲ ਇੰਜ ਹੈ ਕਿ " ਵੰਡੋ
ਵਿਦਿਆ ਦੀ ਲੋਅ " ਪ੍ਰੋਜੈਕਟ ਨੇ ਕੀ ਕਰਨਾ ਹੈ ? ਸਾਰੇ ਆਪੋ ਆਪਣੀ
ਸੇਵਾ ਪਾਉਣ ਲਈ ਤਿਆਰ ਹਨ। ਪਰ ਇਸ ਸੇਵਾ ਦਾ ਸਦ-ਉਪਯੋਗ ਕਿਵੇਂ ਕੀਤਾ
ਜਾਵੇ ? ਇਹੀ ਮੁੱਖ ਮਸਲਾ ਹੈ ।
3. ਮੇਰੀ ਜਾਚੇ ਪੰਜਾਬ ਦੇ ਵੱਖੋ
ਵੱਖ ਜਿਲਿਆਂ ਵਿਚ ਰਹਿੰਦੇ ਪੰਜਾਬੀ ਪਾਠਕ, ਆਪੋ ਆਪਣਾ ਜਿਲ੍ਹਾਂ ਮੱਲ
ਲੈਣ। ਆਪਣੇ ਕੀਮਤੀ ਸਮੇਂ ਵਿਚੋਂ, ਕਾਫੀ ਸਾਰਾ ਹਿੱਸਾ ਕੱਢਣ । ਸਵੇਰ
ਤੋਂ ਸ਼ਾਮ ਤੱਕ ਕਾਰ ਜਾਂ ਸਕੂਟਰ ਦੀ ਵਰਤੋਂ ਕਰ ਕੇ ਸਾਰੇ ਸਰਕਾਰੀ
ਸਕੂਲਾਂ ਦਾ ਚੱਕਰ ਲਾਉਣ ( ਇਸ ਕਾਰਜ ਲਈ 10 ਤੋਂ 15 ਦਿਨ ਜਾਂ ਇਸ
ਤੋਂ ਵੀ ਵੱਧ ਸਮਾਂ ਵੀ ਲੱਗ ਸਕਦਾ ਹੈ ) । ਸਾਰੇ ਸਕੂਲਾਂ ਵਿਚਲੇ
ਤੱਪੜ ਤੇ ਡੈਸਕਾਂ ਦੀ ਹਾਲਤ ਵੇਖ ਕੇ, ਮੰਗ ਨੋਟ ਕਰ ਲਈ ਜਾਵੇ ਤੇ ਨਾਲ
ਹੀ ਹਰ ਸਕੂਲ ਦੇ ਮੁੱਖ- ਅਧਿਆਪਕ ਤੋਂ ਇਹ ਪਤਾ ਕਰ ਲਿਆ ਜਾਵੇ ਕਿ ਜੇ
ਉਨ੍ਹਾਂ ਦੇ ਸਕੂਲ਼ ਨੂੰ ਤੱਪੜ ਤੇ ਡੈਸਕ ਮੁਫਤ ਮੁਹਈਆ ਕਰਵਾਏ ਜਾਣ ਤਾਂ
ਉਨ੍ਹਾਂ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੋਵੇਗੀ । ਉਨ੍ਹਾਂ ਨੂੰ ਸਿਰਫ
ਪ੍ਰਾਪਤ ਕੀਤੇ ਸਮਾਨ ਦੀ ਇੱਕ ਰਸੀਦ ਦੇਣੀ ਹੋਵੇਗੀ, ਜਿਸ ਵਿਚ
ਮੁੱਖ-ਅਧਿਆਪਕ ਦੇ ਦਸਤਖਤ, ਮੋਹਰ, ਪੂਰਾ ਨਾਂ, ਪਤਾ , ਟੈਲੀਫੋਨ
ਨੰਬਰ, ਈ-ਮੇਲ ਪਤਾ ( ਜੇ ਕੋਈ ਹੋਵੇ ) ਸ਼ਾਮਲ ਹੋਣਗੇ । ਇਸ ਸਾਰੀਆਂ
ਰਸੀਦਾਂ ਦਾ ਵੇਰਵਾ ਬਾਅਦ ਵਿਚ ਸਕੈਨ ਕਰ ਕੇ 5ਆਬੀ.ਕਾਮ ਦੇ ਕਿਸੇ ਖਾਸ
ਕਾਲਮ ਵਿਚ ਛਾਪ ਦਿਤਾ ਜਾਵੇਗਾ ਤਾਂ ਕਿ ਕੋਈ ਇਨ੍ਹਾਂ ਤੋਂ ਫੋਨ ਜਾਂ
ਈ-ਮੇਲ ਰਾਹੀਂ ਲੋੜੀਂਦੀ ਜਾਣਕਾਰੀ ਹਾਸਲ ਕਰ ਸਕੇ ।
3. ਉਪਰੰਤ ਕੁੱਲ ਟਾਟ ਜਾਂ ਤੱਪੜ
ਤੇ ਡੈਸਕਾਂ ਦੀ ਗਿਣਤੀ ਕੀਤੀ ਜਾਵੇ । ਬਜਾਰ ਦੇ ਥੋਕ ਵਿਕਰੇਤਾਵਾਂ
ਤੋਂ ਰੇਟ ਲਏ ਜਾਣ । ਸਾਰੀ ਕੀਮਤ ਪਤਾ ਲਗਾ ਕੇ ਉਸ ਵਿਚ 10 ਪ੍ਰਤੀਸ਼ਤ
( ਬਤੌਰ ਅਣ-ਦੇਖੇ ਖਰਚੇ ) ਹੋਰ ਜੋੜ ਲਿਆ ਜਾਵੇ, ਜਿਸ ਦਾ ਵੇਰਵਾ ਵੀ
ਨੈੱਟ ਤੇ ਸਮੇਂ ਸਮੇਂ ਅਨੁਸਾਰ ਦਿਤਾ ਜਾਵੇ । ਮੰਨ ਲਓ ਕੁਲ ਕੀਮਤ 20
ਲੱਖ ਰੁਪਏ ਆਉਂਦੀ ਹੈ । ਫਿਰ ਸਾਰੇ ਉਦਮੀ ਪੰਜਾਬੀ ਪਾਠਕ ਆਪੋ ਆਪਣੇ
ਵਿਤ ਅਨੁਸਾਰ ਹਿੱਸਾ ਪਾਉਣ । ਫੰਡ ਇੱਕਠੇ ਕਰਨ ਵਿਚ ਕੁਝ ਹੱਫਤਿਆਂ
ਤੋਂ ਲੈ ਕੇ ਕੁਝ ਮਹੀਨੇ ਲੱਗ ਸਕਦੇ ਹਨ ।
4. ਜਦੋਂ ਲੋੜੀਂਦੇ ਫੰਡ ਇਕੱਠੇ
ਹੋ ਜਾਣ ਤਾਂ ਪੰਜਾਬ ਵਿਚ ਰਹਿੰਦੇ ਪਾਠਕ (ਜਿਨ੍ਹਾਂ ਵਿਚ ਬਾਹਰ ਤੋਂ
ਵੀ ਕੋਈ ਪਾਠਕ ਆ ਕੇ ਸ਼ਾਮਲ ਹੋ ਸਕਦਾ ਹੈ ) ਰੱਲ ਕੇ ਸਮਾਨ ਦੀ ਥੋਕ
ਖਰੀਦ ਕਰਨ ਤੇ ਵੱਖ ਵੱਖ ਜਿਲਿਆਂ ਵਿਚ ਹਰ ਲੋੜਵੰਦ ਸਕੂਲ ਵਿਚ ਸਮਾਨ
ਵੰਡ ਕੇ ਰਸੀਦਾਂ ਪ੍ਰਾਪਤ ਕੀਤੀਆਂ ਜਾਣ । ਜਿਸ ਦੀਆਂ ਸਕੈਨ ਕੀਤੀਆਂ
ਹੋਈਆਂ ਕਾਪੀਆਂ ਨੈੱਟ ਤੇ ਛਾਪੀਆਂ ਜਾਣਗੀਆਂ।
5. ਚੰਗਾ ਕੰਮ ਕਰਨਾ ਕੋਈ ਮੁਸ਼ਕਲ
ਨਹੀਂ । ਸਿਰਫ ਨੀਅਤ ਸਾਫ ਚਾਹੀਦੀ ਹੈ । ਅਸੀਂ ਆਪਣੇ ਬਾਲਾਂ ਲਈ
ਹਜਾਰਾਂ ਰੁਪਏ/ਡਾਲਰ/ਪੌਂਡ ਖਰਚ ਕਰਦੇ ਹਾਂ । ਇਸ ਵਾਰ ਇਨ੍ਹਾਂ ਗਰੀਬ
ਬਾਲਾਂ ਲਈ ਵੀ ਕੁਝ ਕਰ ਵਿਖਾਈਏ ।
6. ਕਿਸੇ ਸਰਕਾਰ, ਕਿਸੇ ਮੰਤਰੀ,
ਪੰਚ, ਸਰਪੰਚ, ਮਾਸਟਰ ਨੇ ਕੁਝ ਨਹੀਂ ਜੇ ਕਰਨਾ । ਇਹ ਸਾਰਾ ਸਾਨੂੰ ਆਪ
ਹੀ ਕਰਨਾ ਪੈਣਾ ਹੈ। ਫਿਰ ਹੋ ਸਕਦਾ ਹੈ ਕਿ ਇਹ ਸਭ ਵੇਖਾ ਵੇਖੀ, ਕੁਝ
ਪੰਚਾਇਤਾਂ ਵੀ ਇਸ ਕਾਰਜ ਵਿਚ ਹਿੱਸਾ ਪਾਉਣ ਲਈ ਅੱਗੇ ਆਉਣ ।
7. ਗਿਆਨੀ ਜੀ ਦਾ ਇਹ ਕਹਿਣਾ ਕਿ
ਸੁਰਿੰਦਰ ਮਾਹਲ ਜੀ ਦੇ ਸੁਝਾਏ ਕਾਲਮ 'ਗੰਭੀਰ ਪੰਜਾਬੀ ਮਸਲੇ' ਵਿਚ ਇਹ
ਕਾਰਜ ਸ਼ਾਮਲ ਕਰਨਾ ਚਾਹੀਦਾ ਹੈ । ਇਸ ਬਾਰੇ ਤਾਂ ਸੰਪਾਦਕ ਜੀ ਨੇ ਹੀ
ਫੈਸਲਾ ਕਰਨਾ ਹੈ ।
ਰਾਜੇਸ਼ ਜਲੌਟਾ, ਕਮਲਜੀਤ ਕੌਰ ਤੇ
ਭੂਵਿੰਦਰ ਕੌਰ ਜੀ ਦਾ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ।
ਬਾਕੀ ਪਾਠਕ ਵੀ ਆਪੋ ਆਪਣੇ ਵਿਚਾਰ
ਦੇਣ ।
ਰਾਜ ਭੁਪਿੰਦਰ ਸਿੰਘ, ਭਾਰਤ । |
ਰਾਜੇਸ਼ ਜਲੌਟਾ ਅਤੇ ਕਮਲਜੀਤ ਕੌਰ |
27/01/05
ਆਦਣੀਯ ਕੰਦੋਲਾ
ਜੀ,
ਸ਼੍ਰੀ ਰਾਜ ਭੁਪਿੰਦਰ ਜੀ ਦਾ ਪਤੱਰ ਪੜ ਕੇ ਮਨ ਬਹੁੱਤ ਦੁਖੀ ਹੋਇਆ।
ਮੈਂ ਰਾਜ ਹੋਰਾਂ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਪੰਜਾਬ ਦੇ
ਪ੍ਰਾਇਮਰੀ
ਸਕੂਲਾਂ ( ਜਿਨ੍ਹਾਂ ਵਿਚ ਜਿਆਦਾਤਰ ਗਰੀਬ ਬੱਚੇ ਹੀ ਮੁੱਢਲੀ ਸਿਖਿਆ
ਪ੍ਰਾਪਤ ਕਰਦੇ ਹਨ ) ਦੀਆਂ ਲੋੜਾਂ ਪੂਰੀਆਂ ਕਰਨ ਹਿਤ ਉਪਰਾਲਾ ਕੀਤਾ
ਜਾਵੇ
। ਇਸ ਜਰੂਰੀ
ਕਾਰਜ ਲਈ ਅਸੀ ਅਪਨੇ ਪਰਿਵਾਰ ਸਮੇਤ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ
ਤਿਆਰ ਹਾਂ।
ਰਾਜੇਸ਼ ਜਲੌਟਾ ਅਤੇ ਕਮਲਜੀਤ ਕੌਰ |
ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ |
27/01/05
ਪਿਆਰੇ ਕੰਦੋਲਾ ਸਾਹਿਬ ਜੀਓ,
ਡਾਕਟਰ ਚਰਨਜੀਤ ਸਿੰਘ ਗੁਮਟਾਲਾ
ਹੋਰਾਂ ਦਾ ਲੇਖ ਪੜਿਆ ਤਾਂ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਪੰਜਾਬ
ਦੇ ਸਕੂਲਾਂ ਦੀ ਹਾਲਤ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਰਾਜ ਭੁਪਿੰਦਰ
ਸਿੰਘ, ਭਾਰਤ ਹੋਰਾਂ ਵਲੋਂ ਪੇਸ਼ ਕੀਤੀ ਰਿਪੋਰਟ ਤੇ ਅੰਕੜੇ ਵੀ ਸਹੀ
ਹੀ ਜਾਪਦੇ ਹਨ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪਰਵਾਸੀ ਪੰਜਾਬੀ
ਭਾਈਚਾਰਾ ਇਸ ਵਾਰੇ ਬਹੁਤਾ ਕੁਝ ਨਹੀਂ ਕਰ ਰਿਹਾ।
ਬਾਹਰਲੇ ਪੌਂਡ ਤੇ ਡਾਲਰ ਪੰਜਾਬ
ਵਿਚ ਜਾ ਕੇ ਕਈ ਗੁਣਾਂ ਹੋ ਜਾਂਦੇ ਹਨ। ਜੇ ਅਸੀਂ ਸਾਰੇ ਆਪਣੇ ਆਪਣੇ
ਪਿੰਡ ਜਾਂ ਸ਼ਹਿਰ ਦੇ ਸਕੂਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ
ਪੰਜਾਬ ਦੀ ਤਸਵੀਰ ਬਦਲ ਸਕਦੇ ਹਾਂ। ਅਸੀਂ ਜਦੋਂ ਵੀ ਪੰਜਾਬ ਦਾ ਗੇੜਾ
ਮਾਰਦੇ ਹਾਂ ਤਾਂ ਪੈਸਾ ਪਾਣੀ ਵਾਂਗ ਵਹਾ ਦਿੰਦੇ ਹਾਂ।
ਵਿਆਹਾਂ-ਪਾਰਟੀਆਂ, ਅਖੰਡ ਪਾਠਾਂ, ਲੰਗਰਾਂ ਆਦਿ ਵਿਚ ਪੈਸਾ ਖਰਚ ਕਰਨ
ਲੱਗੇ ਕਦੀ ਭਾਅ ਵੀ ਨਹੀਂ ਪੁੱਛਿਆ। ਪਰ ਸਾਡੇ ਵਿਚੋਂ ਕਿੰਨੇ ਕੁ ਹਨ
ਜਿਹੜੇ ਇੱਕ ਵਾਰੀ ਵੀ ਆਪਣੇ ਪਿੰਡ ਦੇ ਸਕੂਲ ਜਾ ਕੇ ਅਧਿਆਪਕਾਂ ਕੋਲ
ਬੈਠਕੇ ਉਹਨਾਂ ਦੀਆਂ ਮੰਗਾਂ ਵਾਰੇ ਸੁਣਦੇ ਹਨ। ਮੈਂ ਆਪਣੀ ਸਿਫਤ ਆਪ
ਨਹੀਂ ਕਰਨੀ ਚਾਹੁੰਦੀ, ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾਂ
ਜਰੂਰੀ ਸਮਝਦੀ ਹਾਂ ਕਿ ਸਾਡੇ ਛੋਟੇ ਜਿਹੇ ਪਿੰਡ ਵਿਚ ਪੰਜਵੀਂ ਤੱਕ
ਸਰਕਾਰੀ ਸਕੂਲ ਹੈ। ਪਿੰਡ ਦੇ ਅਮੀਰ ਘਰਾਣੇ ਦੇ ਬੱਚੇ ਤਾਂ ਸਵੇਰ ਨੂੰ
ਰਿਕਸ਼ਿਆਂ ਤੇ ਵੈਨਾਂ ਰਾਹੀਂ ਨਾਲ ਦੇ ਕਸਬਿਆਂ ਵਿਚ ਪ੍ਰਾਈਵੇਟ ਸਕੂਲਾਂ
ਵਿਚ ਪੜਨ ਚਲੇ ਜਾਂਦੇ ਹਨ ਪਰ ਗਰੀਬ ਤਬਕੇ ਦੇ ਬੱਚੇ, ਨੰਗੇ ਪੈਰੀਂ,
ਹੱਥਾਂ ਵਿਚ ਫੱਟੀਆਂ ਬਸਤੇ ਫੜੀ ਸਰਕਾਰੀ ਸਕੂਲ ਵੱਲ। ਕੁਝ ਸਾਲ
ਪਹਿਲਾਂ ਜਦੋਂ ਅਸੀਂ ਸਕੂਲ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਸਕੂਲ
ਵਿਚ ਪੀਣ ਦੇ ਪਾਣੀ ਜਾਂ ਬਾਥਰੂਮ ਵਗੈਰਾ ਦਾ ਨਾਮ ਨਿਸ਼ਾਨ ਵੀ ਨਹੀਂ
ਹੈ। ਸਕੂਲ ਦੀਆਂ ਕੁੜੀਆਂ ਨੂੰ ਬਾਥਰੂਮ ਲਈ ਵੀ ਘਰ ਜਾਣਾ ਪੈਂਦਾ ਸੀ।
ਇਸ ਲੋੜ ਨੂੰ ਜਰੂਰੀ ਸਮਝ ਕੇ ਪਾਣੀ ਦੀਆਂ ਟੂਟੀਆਂ ਲਗਵਾਈਆਂ ਤੇ
ਬਾਥਰੂਮ ਬਣਵਾਏ। ਜਿਸ ਦਾ ਖਰਚਾ ਬਾਹਰ ਦੇ ਹਿਸਾਬ ਨਾਲ ਸਿਰਫ ਨਾ-ਮਾਤਰ
ਹੀ ਸੀ।
ਫਿਰ ਪਤਾ ਲੱਗਾ ਕਿ ਪੰਜਾਬ ਵਿਚ
ਸਰਕਾਰ, ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਅਧਿਆਪਕ
ਮੁਹੱਈਆ ਕਰਦੀ ਹੈ। ਸਕੂਲ ਵਿਚ 65 ਵਿਦਿਆਰਥੀ ਸਨ ਤੇ ਸਰਕਾਰ ਨੇ ਇੱਕ
ਹੈਡਮਾਸਟਰ ਤੇ ਇੱਕ ਅਧਿਆਪਕ ਦੀ ਜਿੰਮੇਵਾਰੀ ਲਗਾਈ ਹੋਈ ਸੀ।
ਹੈਡਮਾਸਟਰ ਦਾ ਸਾਰਾ ਦਿਨ ਕਾਗਜ਼ੀ ਕਾਰਵਾਈ ਵਿਚ ਹੀ ਰਹਿੰਦਾ ਕਿਉਂਕਿ
ਉਸੇ ਸਕੂਲ ਨੂੰ ਬਲਾਕ ਦੇ ਸਕੂਲਾਂ ਦਾ ਸੈਂਟਰ ਵੀ ਬਣਾਇਆ ਹੋਇਆ ਸੀ ਤੇ
ਸਾਰਾ ਕੰਮ ਇੱਥੇ ਹੀ ਹੁੰਦਾ ਸੀ, ਉਪਰੋਂ ਇੱਕ ਹੋਰ ਜਿੰਮੇਵਾਰੀ
ਹੈਡਮਾਸਟਰ ਦੀ ਹੁੰਦੀ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਮਹੀਨੇ ਵਿਚ
ਜਿਹੜੇ ਤਿੰਨ ਕਿੱਲੋ ਦਾਣੇ ਮਿਲਦੇ ਹਨ ਉਹ ਹੈਡਮਾਸਟਰ ਆਪ ਸ਼ਹਿਰੋਂ
ਮੋਟਰਸਾਈਕਲ ਤੇ ਜਾ ਕੇ ਲਿਆਉਂਦਾ ਹੈ ਤੇ ਵੰਡਣ ਨੂੰ ਵੀ ਸਾਰਾ ਦਿਨ
ਲੱਗ ਜਾਂਦਾ ਹੈ। ਇੱਥੇ ਲੋੜ ਮਹਿਸੂਸ ਕਰਦੇ ਹੋਏ ਆਪਣੇ ਵਲੋਂ ਪਿੰਡ ਦੀ
ਕੁੜੀ ਨੂੰ ਅਧਿਆਪਕਾ ਦੇ ਤੌਰ ਤੇ ਰੱਖਿਆ ਹੈ ਜਿਸ ਦੀ ਤਨਖਾਹ ਕੈਨੇਡਾ
ਦੇ ਹਿਸਾਬ ਨਾਲ ਸਿਰਫ 25-30 ਡਾਲਰ ਮਹੀਨਾ ਬਣਦੀ ਹੈ। ਇੰਨੇ ਪੈਸੇ
ਅਸੀਂ ਇੱਧਰ ਹਫਤੇ ਵਿਚ ਕੌਫੀ ਤੇ ਲਾ ਦਿੰਦੇ ਹਾਂ। ਜਦੋਂ ਬੱਚਿਆਂ ਨੂੰ
ਟੁੱਟੀਆਂ ਹੋਈਆਂ ਇੱਟਾਂ ਤੇ ਬੈਠਿਆਂ ਦੇਖਿਆ ਤਾਂ ਦੂਸਰੇ ਦਿਨ ਹੀ ਆਪ
ਸ਼ਹਿਰ ਜਾ ਕੇ ਤੱਪੜ ਲਿਆ ਕੇ ਦਿੱਤੇ। ਸਕੂਲ ਨੂੰ ਰੰਗ ਕਰਵਾਇਆ ਤੇ
ਵਿਹੜੇ ਵਿਚ ਫਰਸ਼ ਲਗਵਾਇਆ ਤਾਂ ਕਿ ਬੱਚਿਆਂ ਮੀਂਹ ਕਣੀ ਵਿਚ ਚਿੱਕੜ
ਵਿਚ ਨਾਂ ਲਿੱਬੜਨ। ਲੋੜ ਅਨੁਸਾਰ ਬੱਚਿਆਂ ਨੂੰ ਜੂਨੀਫਾਰਮ, ਕੋਟੀਆਂ,
ਜੁੱਤੀਆਂ, ਜੁਰਾਬਾਂ ਤੇ ਕਾਪੀਆਂ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਜਿੰਨਾ ਚਿਰ ਅਸੀਂ ਸਰਕਾਰ ਕੋਲ ਰਿਪੋਰਟਾਂ ਭੇਜਣ ਤੇ ਜਾਂ ਅੰਕੜੇ
ਇੱਕਠੇ ਕਰਨ ਤੇ ਲਾਉਂਦੇ ਹਾਂ ਉਨੇ ਚਿਰ ਵਿਚ ਇਹਨਾਂ ਬੱਚਿਆਂ ਦੇ ਪੰਜ
ਸਾਲ ਪੂਰੇ ਹੋ ਜਾਂਦੇ ਹਨ, ਪੜਾਈ ਲਿਖਾਈ ਕੁਝ ਨਹੀਂ ਕੀਤੀ ਹੁੰਦੀ ਤੇ
ਇਹ ਦਿਹਾੜੀਆਂ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਕਹਿਣ ਦਾ ਮਤਲਵ ਹੈ ਕਿ ਆਓ ਆਪ
ਹੰਭਲਾ ਮਾਰੀਏ, ਜੇ ਸਾਡੀ ਸਰਕਾਰ ਮਾੜੀ ਹੈ ਤਾਂ ਬੱਚਿਆਂ ਦਾ ਕੀ
ਕਸੂਰ? ਇਸੇ ਸਬੰਧ ਵਿਚ ਚਾਰ ਲਾਈਨਾਂ ਲਿਖੀਆਂ ਸਨ ਕਿ
ਆਓ ਬਣਾਈਏ ਕਾਫਲਾ, ਤੇ ਬਦਲੀਏ
ਸੰਸਾਰ ਨੂੰ।
ਆਓ ਘੜੀਏ ਕਲਮ ਨੂੰ, ਕਰੀਏ ਤਿੱਖੀ ਇਹਦੀ ਧਾਰ ਨੂੰ।
ਆਓ ਲਗਾਈਏ ਉਂਗਲੀ, ਸੜਕਾਂ ਤੇ
ਮੰਗਦੇ ਬਾਲ ਨੂੰ।
ਜਿਹਦਾ ਕੋਈ ਕਸੂਰ ਨਾ, ਕੱਟੀਏ ਉਹਦੇ ਜੰਜਾਲ ਨੂੰ।
ਬੱਚਿਆਂ ਦੇ ਵਿਚ ਬੈਠ ਕੇ, ਵਿਦਿਆ
ਦੇ ਪਾਏ ਦਾਨ ਨੂੰ।
ਕੱਟਕੇ ਗਰੀਬੀ ਬਾਪ ਦੀ, ਰੋਸ਼ਨ ਕਰੇ ਖਾਨਦਾਨ ਨੂੰ।
ਸੋਚਣਾਂ ਕੋਈ ਮਾੜੀ ਗੱਲ ਨਹੀਂ ਪਰ
ਸੋਚ ਤੇ ਪਹਿਰਾ ਦੇਣਾਂ ਉਸ ਤੋਂ ਵੀ ਚੰਗਾ। ਹੋਰ ਵੀ ਕਈ ਪਿੰਡਾਂ ਵਿਚ
ਪਰਵਾਸੀ ਪੰਜਾਬੀਆਂ ਨੇ ਇਹੋ ਜਿਹੇ ਹੰਭਲੇ ਮਾਰੇ ਹਨ ਪਰ ਇਹ ਰਿਵਾਜ
ਹਰੇਕ ਪਿੰਡ ਵਿਚ ਪੈਣਾਂ ਚਾਹੀਦਾ ਹੈ। ਜੇ ਅਸੀਂ ਇੱਕ ਇੱਕ ਜਣਾ ਦੋ ਦੋ
ਬੱਚਿਆਂ ਨੂੰ ਵਿਦਿਆ ਦਾ ਦਾਨ ਦੇ ਸਕੀਏ ਤਾਂ ਪੰਜਾਬ ਦਾ ਕੋਈ ਬੱਚਾ
ਦਿਹਾੜੀਆਂ ਕਰਨ ਲਈ ਮਜਬੂਰ ਨਹੀਂ ਹੋਵੇਗਾ।
ਧੰਨਵਾਦ ਸਹਿਤ,
ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ |
ਕਰਨੈਲ ਸਿੰਘ |
27/01/05
ਪਿਆਰੇ ਰਾਜ ਭੁਪਿੰਦਰ ਸਿੰਘ ਜੀ,
ਤੁਹਾਡੇ ਵੱਲੋਂ ਦੱਸੀ 24 ਜਨਵਰੀ
2005 ਦੀ ਪੰਜਾਬੀ ਟ੍ਰੀਬਿਊਂਨ ਵਿਚ ਛਪੀ ਖਬਰ, ਭਾਰਤੀ ਪਾਰਲੀਮੈਂਟ
ਵਿਚ ਇਕ ਹਨੇਰੀ ਲਿਆ ਸਕਦੀ ਹੈ।
ਆਪ ਜੀ ਦੇ ਪੱਤਰ ਰਾਹੀਂ ਪੰਜਾਬ
ਦੇ ਸਕੂਲਾਂ ਦੀ ਇਤਨੀ ਬੁਰੀ ਹਾਲਤ ਬਾਰੇ ਜਾਣਕੇ ਦਿਲ ਬੜਾ ਦੁਖਦਾ ਹੈ,
ਕਿ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਹੈ।
ਇਸ ਮੁਆਮਲੇ ਬਾਰੇ ਮੈਂ ਆਪ ਜੀ
ਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਅਸ਼ੀਂ ਵਿਦੇਸ਼ ਦੇ ਹਰ ਗੁਰਦਵਾਰੇ ਦੇ
ਪ੍ਰਬੰਧਕਾਂ ਕੋਲ ਝੋਲੀ ਅੱਡ ਕੇ ਕੁੱਝ ਸਹਾਇਤਾ ਮੰਗਣ ਤੁਰ ਪਈਏ।
ਕਿਓਂਕਿ ਏਥੋਂ ਦਾ ਹਰ ਧਾਰਮਕ ਗਰੁੱਪ ( ਆਪਣੀ ਭੱਲ ਬਨਾਉਣ ਲਈ) ਕਿਸੇ
ਨਾ ਕਿਸੇ ਨੇਤਾ ਦੀ, ਜੀ-ਹਜ਼ੂਰੀ ਨਾਲ ਬੱਝਾ ਹੈ। ਭਾਵੇਂ ਉਹ ਬਾਦਲ ਹੈ
ਜਾਂ ਸਿਮਰਣਜੀਤ ਸਿੰਘ। ਵੱਡੇ ਵੱਡੇ ਗੁਰਦਵਾਰੇ ਕੀ ਦਸਦੇ ਹਨ, ਜੇ
ਤੁਹਾਡੇ ਪਿੱਛੋਕੜ ਦੀ ਹਾਲਤ ਏਨੀਂ ਸ਼ਰਮਨਾਕ ਹੈ? ਪਰ ਇਹ ਲੋਕ ਕਦੇ ਵੀ
ਕੁਝ ਨਹੀਂ ਕਰ ਸਕਣਗੇ। ਕੇਵਲ ਏਥੇ ਆਏ ਲੀਡਰਾਂ ਦੀ ਝੋਲੀ ਭਰਨ ਵਿਚ
ਆਪਣਾ ਫ਼ਖਰ ਸਮਝਣਗੇ। ਚਿਰਾਂ ਤੋਂ ਏਹੀ ਵੇਖਣ ਵਿਚ ਆ ਰਿਹਾ ਹੈ।
ਇਹ ਕੰਮ ਤਾਂ ਪਿੰਡਾਂ ਦੇ ਲੋਕਾਂ
ਦੇ ਜਾਗਣ ਅਤੇ ਆਪਣੀ ਵੋਟ ਦਾ ਅਧਿਕਾਰ ਮੰਗ ਸਕਣ ਨਾਲ ਤਅੱਲਕ ਰੱਖਦਾ
ਹੈ।
ਅਮੀਰ ਜਾਂ ਸਰਪੰਚ ਪੱਧਰ ਦੇ
ਲੋਕ,( ਜਿਹੜੇ ਵੱਡੀਆਂ ਗਰਾਂਟਾਂ, ਸਰਕਾਰ ਜਾਂ ਨੇਤਾਵਾਂ ਤੋਂ ਲੈ ਕੇ
ਹੜੱਪ ਜਾਂਦੇ ਹਨ) ਆਪਣੇ ਬੱਚੇ ਪਰਾਈਵੇਟ ਸਕੂਲਾ ਵਿਚ ਭੇਜਦੇ ਹਨ।
ਉਹ ਅਤੇ ਚਾਲਾਕ ਨੇਤਾ, ਕਿਸਾਨਾਂ
ਤੇ ਦਲਿਤ ਵਰਗਾਂ ਦੀ ਅਨਪੜ੍ਹਤਾ ਦਾ ਨਾ-ਜਾਇਜ਼ ਫ਼ਾਇਦਾ ਉਠਾ ਕੇ, ਸੱਤਾ
ਤਾਂ ਹਾਸਲ ਕਰ ਲੈਂਦੇ ਹਨ, ਐਪਰ ਕੌਮ ਦੀ ਪਨੀਰੀ ਦੀ ਬੇਸਿਕ ਤਾਲੀਮ
ਬਾਰੇ ਕਦੇ ਨਹੀਂ ਸੋਚਦੇ। ਨਾਲੇ ਮਾਇਆਵਤੀ ਜਿਹੇ ਦਲਿਤ ਲੀਡਰ ਕੀ ਕਰਦੇ
ਹਨ?
ਉਹਨਾਂ ਕਿਸਾਨਾਂ ਦੀ ਬੇਚਾਰਗੀ ਦਾ
ਫ਼ਾਇਦਾ ਉਠਾ ਕੇ ਬਾਦਲ ਹੋਰੀਂ ਆਪਣੇ ਭਰਿਸ਼ਟਾਚਾਰ ਦੇ ਕੇਸਾਂ ਤੇ ਪੜਦਾ
ਪਾਉਣ ਲਈ, ਉਹਨਾਂ ਵੱਲੋਂ ਰੇਲ ਮਾਰਗ ਜਾਂ ਬਸਾਂ ਦੇ ਰਾਸਤੇ ਤਾਂ ਰੋਕਣ
ਨੂੰ ਕਹਿੰਦੇ ਰਹਿੰਦੇ ਹਨ, ਐਪਰ ਸਕੂਲ਼ਾਂ ਦੇ ਤੱਪੜਾ ਬਾਰੇ ਕਦੇ
ਰੈਲੀਆਂ ਨਹੀਂ ਕਰਵਾਉਂਦੇ।
ਜਿਵੇਂ ਬਿਹਾਰ ਵਿਚ ਚਾਰੇ ਦਾ
ਪੈਸਾ ਖਾਣ ਦਾ ਅਪਰਾਧ ਲਾਲੂ ਯਾਦਵ ਦੇ ਸਿਰ ਆਉਂਦਾ ਹੈ, ਬਾਦਲ ਜਿਹੇ
ਲੋਕਾਂ ਨੇ 5 ਸਾਲ ਰਾਜ ਕਰਕੇ, ਕੀ ਕਰ ਵਿਖਾਇਆ?
ਪੰਜਾਬ ਦੇ ਸਕੂਲਾਂ ਲਈ, ਹਰ ਸਾਲ
ਤੱਪੜਾ ਜਾਂ ਸਕੂਲ ਖਰਚਿਆਂ, ਅਧਿਆਪਕਾਂ ਦੀਆਂ ਤਨਖਾਹਾਂ ਆਦਿ ਲਈ
ਕਰੋੜਾਂ ਰੁਪਈਆ ਸਰਾਕਾਰਾਂ ਵੱਲੋਂ ਗਰਾਂਟਾਂ ਰਾਹੀਂ ਸਿਖਿਆ ਮਹਿਕਮੇ
ਦੇ ਮਨਿਸਟਰਾਂ ਦੇ ਹੱਥਾਂ ਵਿਚ ਜਾਂਦਾ ਹੈ। ਪਰ ਉਹ ਕੌਣ ਖਾ ਜਾਂਦਾ
ਹੈ?
ਕੀ ਕਿਸੇ ਸਰਪੰਚ ਨੇ ਇਸ ਬਾਰੇ
ਧਰਨਾ ਮਾਰਿਆ ਹੈ? ਉਹਨਾਂ ਨੂੰ ਆਏ ਮਨਿਸਟਰਾਂ ਦਾ, ਫੁੱਲਾਂ ਦੇ ਹਾਰਾਂ
ਦੀ ਥਾਂ ਕਾਲੀਆਂ ਝੰਡੀਆਂ ਨਾਲ ਸੁਆਗਤ ਕਰਨਾ ਚਾਹੀਦੈ।
ਕੀ ਬਾਦਲ ਜਾਂ ਉਸ ਦੇ ਮੁੰਡੇ ਨੇ
ਜਾਂ ਸਿਮਰਣਜੀਤ ਸਿੰਘ ਨੇ, ਸਕੂਲਾਂ ਲਈ ਕਦੇ ਭੁੱਖ ਹੜਤਾਲ ਕੀਤੀ ਹੈ?
ਓਥੇ ਤਾਂ ਆਪਣੀਆਂ ਵਾਜਬ ਤਨਖਾਹਾਂ ਲਈ ਹੜਤਾਲ ਕਰਦੇ ਅਧਿਆਂਪਕਾਂ ਨੂੰ
ਹੀ ਝੂਠੇ ਸੱਚੇ ਵਾਹਦੇ ਕਰਕੇ ਹੜਤਾਲ ਖੋਲ੍ਹਣ ਦੇ ਮਨਸੂਬੇ ਬਣਦੇ
ਰਹਿੰਦੇ ਹਨ। ਤੇ ਮੁੜ ਘਿੜ ਖੋਤੀ ਬੋਹੜ ਥੱਲੇ।
ਡਾਕਟਰ ਚਰਨਜੀਤ ਸਿੰਘ ਗੁਮਟਾਲਾ
ਦਾ ਲੇਖ ਕਾਸ਼ ਸਾਡੇ ਸਕੂਲ ਵੀ ਅਮਰੀਕਾ ਵਰਗੇ ਹੁੰਦੇ ਪੜ੍ਹ ਕੇ
ਉਹਨਾ ਦੀ ਵਿਦਵਤਾ ਦਾ ਰੰਗ ਤਾਂ ਬੱਝਦਾ ਹੈ, ਐਪਰ ਡਾਕਟਰ ਕੰਦੋਲਾ
ਸਾਹਿਬ ਰਾਹੀਂ ਉਹਨਾਂ ਨਾਲ ਸੰਪਰਕ ਕਰਕੇ ਵੇਖੋ, ਉਹ ਇਸ ਸਥਿਤੀ ਦੇ
ਹੱਲ ਬਾਰੇ ਕੀ ਰਾਏ ਦਿੰਦੇ ਹਨ।
ਮੈਂ ਚਾਹਵਾ ਗਾ ਕਿ ਜੇਕਰ ਮਾਹਲ
ਸਾਹਿਬ ਦੀ ਕਿਰਪਾ ਨਾਲ ਪੰਜਾਬ ਦੇ ਮਸਲਿਆਂ ਬਾਰੇ ਕੋਈ ਚੰਗੀ ਬਹਿਸ ਦਾ
ਰਾਹ ਇਖਤਿਆਰ ਕੀਤਾ ਜਾਣ ਲੱਗਾ ਹੈ ਤਾਂ ਇਸ ਵਿਸ਼ੇ ਨੂੰ ਲੈ ਕੇ ਵੀ
ਉਹਨਾ ਦਾ ਹੁੰਗਾਰਾ ਲੈ ਕੇ ਵੇਖਿਆ ਜਾਵੇ। ਮੇਰੀ ਜਾਚੇ ਉਹਨਾਂ ਵਰਗੇ
ਜਵਾਨ ਸੱਜਣਾ ਦੇ ਹੱਥੀਂ ਅਜੇਹੀਆ ਸਥਿਤੀਆਂ ਦਾ ਹੱਲ ਲੱਭਣਾ ਕਾਫ਼ੀ
ਆਸਾਨ ਹੋਵੇਗਾ।
ਮੈਂ ਤਾਂ ਆਪਣੀ ਸਵਾਸਥ ਦੀ ਨਾਜ਼ੁਕ
ਹਾਲਤ ਕਾਰਨ, ਕੇਵਲ ਹਮਦਰਦੀ ਹੀ ਅਰਪਣ ਕਰ ਸਕਦਾ ਹਾਂ। ਜਾਂ ਕਦੇ ਕੋਈ
ਤਿਲ ਫੁਲ ਇਕੱਠਾ ਕਰੋ ਤਾਂ ਹਾਜ਼ਰ ਹਾਂ। ਜਿਵੇਂ ਪਿੱਛੇ ਜਿਹੇ ਸੁਨਾਮੀ
ਪੀੜਤਾਂ ਨੂੰ ਯਥਾ ਸ਼ਕਤੀ...।
ਕਰਨੈਲ ਸਿੰਘ |
ਰਾਜ ਭੁਪਿੰਦਰ ਸਿੰਘ, ਭਾਰਤ |
26/01/05
ਕਾਸ਼! ਸਾਡੇ ਸਕੂਲ ਵੀ ਅਮਰੀਕਾ
ਵਰਗੇ ਹੋਣ!
ਡਾ. ਚਰਨਜੀਤ ਸਿੰਘ ਗੁਮਟਾਲਾ
ਇਸ ਲੇਖ ਵਿਚ ਲੇਖਕ ਨੇ ਅਮਰੀਕੀ ਸਕੂਲਾਂ ਦਾ ਵੇਰਵਾ ਦਿਤਾ ਹੈ ਤੇ ਆਸ
ਕੀਤੀ ਹੈ ਕਿ ਸਾਡੇ ਸਕੂਲ ਵੀ ਉਨ੍ਹਾਂ ਵਰਗੇ ਹੋਣ ।
ਮੈਂ 24 ਜਨਵਰੀ 2005 ਦੀ
"ਪੰਜਾਬੀ ਟ੍ਰਿਬਿਊਨ" ਵਿਚ ਛੱਪੀ ਪੰਜਾਬ ਦੇ ਸਕੂਲਾਂ ਦੀ ਹਾਲਤ
ਦਰਸਾਉਂਦੀ ਖਬਰ ਹੂ-ਬਹੂ ਹੇਠ ਦੇਣ ਜਾ ਰਿਹਾ ਹਾਂ :-
----------------------------------------
ਅੰਤਾਂ ਦੀ ਸਰਦੀ ‘ਚ ਭੁੰਜੇ ਬੈਠ ਕੇ
ਪੜ੍ਹਦੇ ਨੇ ਲੱਖਾਂ ਸਕੂਲੀ ਬੱਚੇ
ਪੰਜਾਬ
ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਕਰੀਬ 5 ਲੱਖ ਬੱਚੇ
ਭੁੰਜੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ । ਅਜ਼ਾਦੀ ਦੇ 55 ਵਰ੍ਹਿਆਂ
ਬਾਅਦ ਵੀ ਤੱਪੜਾਂ ਵਾਲੇ ਸਕੂਲਾਂ ਵਿਚ ਪੜ੍ਹਨ ਵਾਲੇ ਗਰੀਬ ਬੱਚਿਆਂ
ਨੂੰ ਤੱਪੜ ਨਸੀਬ ਨਹੀਂ ਹੋਏ । ਗਰਮੀ ਹੋਵੇ ਜਾਂ ਸਰਦੀ, ਦੋਵੇਂ ਰੁਤਾਂ
ਇੰਨਾਂ ਬਚਿੱਆਂ ਲਈ ਕਹਿਰ ਤੋਂ ਘੱਟ ਨਹੀਂ , ਕਿਉਂ ਜੋ ਇਨ੍ਹਾਂ ਦੇ
ਬੈਠਣ ਲਈ ਸਰਕਾਰ ਹਾਲੇ ਤੱਕ ਤੱਪੜ ਵੀ ਮੁਹਈਆ ਨਹੀਂ ਕਰਾ ਸਕੀ ।
ਦੱਖਣੀ ਪੰਜਾਬ ਦੇ 5 ਜਿਲ੍ਹਿਆਂ ਦੇ ਸਕੂਲਾਂ ਦੇ ਬੁਨਿਆਦੀ ਢਾਚੇ ‘ਚ
ਏਨਾਂ ਨਿਘਾਰ ਹੈ ਕਿ ਕਈ ਸਕੂਲਾਂ ਵਿਚ ਬੱਚਿਆਂ ਨੂੰ ਬਦਲ ਦੀ ਗਰਜ ਨਾਲ
ਹੀ ਛੁੱਟੀ ਹੋ ਜਾਂਦੀ ਹੈ ਕਿਉਂਕਿ ਸਕੂਲਾਂ ਦੀਆਂ ਇਮਾਰਤਾਂ ਨੂੰ
ਅਣ-ਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ । ਇਨ੍ਹਾਂ ਜਿਲ੍ਹਿਆਂ ਵਿਚ ਇਸ
ਵੇਲੇ 173 ਲੱਖ ਬੱਚੇ ਤੱਪੜਾਂ ਤੋਂ ਵਾਂਝੇ ਹਨ । ਸਰਦੀ ਦੇ ਦਿਨਾਂ
ਵਿਚ ਉਨ੍ਹਾਂ ਨੂੰ ਸੂਰਜ ਦੀ ਤਪਸ਼ ਤਾਂ ਮਿਲਦੀ ਹੈ ਲੇਕਿਨ ਹੇਠ ਤੱਪੜ
ਨਾਂ ਹੋਣ ਕਰ ਕੇ ਧਰਤੀ ਦੀ ਠੰਡ ਵੀ ਬਰਦਾਸ਼ਤ ਕਰਨੀ ਪੈਂਦੀ ਹੈ ।
·
ਜਿਲ੍ਹਾ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 36500 ਤੱਪੜ ਨਾ
ਹੋਣ ਕਰ ਕੇ ਬੱਚੇ ਭੁੰਜੇ ਬੈਠ ਕੇ ਮੁੱਢਲੀ ਵਿਦਿਆ ਹਾਸਿਲ ਕਰਦੇ ਹਨ ।
ਜਿਲ੍ਹੇ ਭਰ ਦੇ ਸਕੂਲਾਂ ਵਿਚ ਕਰੀਬ 57 ਫੀਸਦੀ ਬੱਚੇ ਦਲਿਤ ਘਰਾਂ ਦੇ
ਹਨ । ਇਨ੍ਹਾਂ ‘ਚੋਂ ਬਹੁਤੇ ਤਾਂ ਬੈਠਣ ਦਾ ਆਪਣਾ ਇੰਤਜਾਮ ਕਰਨ ਜੋਗੇ
ਵੀ ਨਹੀਂ ਹਨ । ਬਹੁਤੇ ਬੱਚੇ ਤਾਂ ਇਨ੍ਹਾਂ ਕਮੀਆਂ ਦਾ ਟਾਕਰਾ ਕਰਦੇ
ਹੋਏ, ਸਕੂਲ ਅੱਧ ਵਿਚਕਾਰ ਹੀ ਛੱਡ ਜਾਂਦੇ ਹਨ ।
·
ਜਿਲ੍ਹਾ ਮਾਨਸਾ ਦੇ 275 ਪ੍ਰਾਇਮਰੀ ਸਕੂਲਾਂ ‘ਚੋਂ ਸਿਰਫ 55 ਸਕੂਲਾਂ
ਵਿਚ ਹੀ ਤੱਪੜ ਹਨ । 220 ਸਕੂਲਾਂ ਦੇ 17400 ਬੱਚੇ ਕੱਕੇ ਰੇਤ ਤੇ
ਬੈਠ ਕੇ ਪੜ੍ਹਾਈ ਕਰਦੇ ਹਨ । ਚੌਥੀ ਤੇ ਪੰਜਵੀ ਕਲਾਸ ਦੇ ਬੱਚਿਆਂ ਲਈ
ਤਾਂ ਡੈਸਕ ਵੀ ਨਹੀਂ ਹਨ । ਇਸ ਜਿਲ੍ਹੇ ‘ਚ 8700 ਮੀਟਰ ਤੱਪੜ ਅਤੇ
12090 ਡੈਸਕਾਂ ਦੀ ਲੋੜ ਹੈ । ਇਸ ਜਿਲ੍ਹੇ ਦੇ ਬੈਠਣ ਦਾ ਇੰਤਜਾਮ ਕਰਨ
ਲਈ 75 ਲੱਖ ਰੁਪਏ ਦੀ ਜਰੂਰਤ ਹੈ ।
·
ਜਿਲ੍ਹਾ ਮੁਕਤਸਰ ਦੇ 305 ਪ੍ਰਾਇਮਰੀ ਸਕੂਲਾਂ ‘ਚੋਂ ਸਿਰਫ 41 ਸਕੂਲਾਂ
ਕੋਲ ਤੱਪੜ ਹਨ, ਜਦੋਂ ਕਿ 264 ਸਕੂਲਾਂ ਦੇ ਬੱਚਿਆਂ ਲਈ 1800 ਮੀਟਰ
ਤੱਪੜਾਂ ਦੀ ਲੋੜ ਹੈ । ਇਸ ਜਿਲ੍ਹੇ ਦੇ 279 ਸਕੂਲਾਂ ਵਲੋਂ ਵੱਡੇ
ਬੱਚਿਆਂ ਲਈ 12635 ਡੈਸਕਾਂ ਦੀ ਮੰਗ ਵੀ ਸਰਕਾਰ ਨੂੰ ਭੇਜੀ ਗਈ ਹੈ ।
·
ਜਿਲ੍ਹਾ ਫਰੀਦਕੋਟ ਦੇ 220 ਸਕੂਲਾਂ ਵਿੱਚ 18036 ਮੀਟਰ ਤੱਪੜਾਂ ਅਤੇ
11000 ਡੈਸਕਾਂ ਦੀ ਮੰਗ ਹੈ ।
·
ਜਿਲ੍ਹਾ ਸੰਗਰੂਰ ਦੇ 863 ਸਕੂਲਾਂ ‘ਚੋਂ 600 ਸਕੂਲਾਂ ਵਿਚ ਟਾਟ (
ਤੱਪੜਾਂ) ਦਾ ਢੁਕਵਾਂ ਪ੍ਰਬੰਧ ਨਹੀਂ ਹੈ । ਇਸ ਜਿਲ੍ਹੇ ਦੇ 1083
ਪ੍ਰਾਇਮਰੀ ਸਕੂਲਾਂ ‘ਚ 108000 ਬੱਚੇ ਪੜ੍ਹਦੇ ਹਨ । 872 ਸਕੂਲਾਂ
ਵਿਚ ਤੱਪੜ ਨਹੀਂ ਹਨ , ਜਿਨ੍ਹਾਂ ਲਈ 43282 ਮੀਟਰ ਟਾਟ ਦੀ ਲੋੜ ਹੈ ।
ਪੰਜਾਬ ਦੇ ਬਾਕੀ ਜਿਲ੍ਹਿਆ ਦੀ ਪੁਜੀਸ਼ਨ ਵੀ ਕੋਈ ਬਹੁਤੀ ਚੰਗੀ ਨਹੀਂ
ਹੈ ।
·
ਜਿਲ੍ਹਾ ਬਠਿੰਡਾ ਦੀ ਤਲਵੰਡੀ ਸਾਬੋ ਡਵੀਜਨ ‘ਚ ਹਾਲੇ ਵੀ ਟਿੱਬੇ ਹਨ ।
ਇਸ ਇਲਾਕੇ ਦੇ 59 ਪ੍ਰਾਇਮਰੀ ਸਕੂਲਾਂ ‘ਚ ਪੜ੍ਹਦੇ 11500 ਬੱਚਿਆਂ
‘ਚੋਂ ਸਿਰਫ 2000 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਹੈ । ਅਧਿਆਪਕਾਂ ਨੇ
ਦਸਿਆ ਹੈ ਕਿ ਜੋ ਤੱਪੜ ਸਕੂਲਾਂ ਕੋਲ ਹੈ ਵੀ ਹਨ, ਉਹ ਵੀ ਫਟੇ ਹੋਏ ਹਨ
। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿਚ ਦਾਨੀ ਪੁਰਸ਼ਾਂ ਦੇ ਸਹਾਰੇ ਨਾਲ
ਤੱਪੜਾਂ ਦਾ ਪ੍ਰਬੰਧ ਕੀਤਾ ਗਿਆ ਹੈ ।
· ਹਰਿ
ਆਣੇ ਦੀ ਸੀਮਾ ਨੇੜਲੇ ਪਿੰਡ ਗੋਲੇਵਾਲਾ, ਕਲਾਲਵਾਲਾ, ਮਲਕਾਨਣਾ, ਜੱਜਲ
ਆਦਿ ਦਰਜਨਾਂ ਪਿੰਡਾਂ ਤੇ ਸਕੂਲਾਂ ਦੇ ਬੱਚੇ ਮਿੱਟੀ ਤੇ ਬੈਠ ਕੇ
ਪੜ੍ਹਾਈ ਕਰਦੇ ਹਨ । ਪਿੰਡ ਢੱਡੇ, ਬਾਲਿਆਂ ਵਾਲੀ, ਮਹਿਮਾ ਸਰਜਾ ,
ਗੁਨਿਆਣਾ, ਭੋਖੜਾ, ਬਲਾਹੜ ਵਿੰਝੂ, ਨਹੀਆਂਵਾਲਾ, ਅਮਰਗੜ੍ਹ, ਚਨਾਰਥਲ,
ਮਾਈਸਰਖਾਨਾ ਆਦਿ ਸਕੂਲਾਂ ਦੇ ਬੱਚਿਆਂ ਕੋਲ ਫੱਟੇ ਹੋਏ ਤੱਪੜ ਹਨ ।
·
ਵਿਦਿਅਕ ਮਾਹਿਰ ਕਰਮ ਸਿੰਘ ਗਰੇਵਾਲ ਹੋਰਾਂ ਦਾ ਕਹਿਣਾ ਸੀ ਕਿ ਸਰਕਾਰ
ਹੋਰਨਾਂ ਸਕੀਮਾਂ ਤੇ ਪਾਣੀ ਵਾਂਗ ਪੈਸੇ ਵਹਾ ਰਹੀ ਹੈ, ਲੇਕਿਨ ਮੁੱਢਲੀ
ਵਿਦਿਆ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਅੱਖੋ ਪਰੋਖੇ ਕਰ ਰਹੀ ਹੈ ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਹੋਰਨਾਂ ਵਿਦਿਅਕ ਸਕੀਮਾਂ ਦੀ
ਬਜਾਏ ਪਹਿਲ ਦੇ ਅਦਾਰ ‘ਤੇ ਮੁਢਲਾ ਢਾਂਚਾ ਕਾਇਮ ਕਰਨਾ ਚਾਹੀਦਾ ਹੈ ।
ਸਰਕਾਰ ਨੇ ਧਿਆਨ ਨਾ ਦਿਤਾ ਤਾਂ ਉਹ ਦਿਨ ਦੂਰ ਨਹੀਂ , ਜਦੋਂ ਇਹ ਸਕੂਲ
ਗਰੀਬ ਬੱਚਿਆਂ ਤੋਂ ਵੀ ਦੂਰ ਹੋ ਜਾਣੇ ਹਨ ।
·
ਬਠਿੰਡਾ ਜਿਲ੍ਹੇ ਦੇ 3 ਦਰਜਨ ਸਕੂਲਾਂ ਦੀਆਂ ਇਮਾਰਤਾਂ ਅਣ-ਸੁਰਖਿਅਤ
ਕਰਾਰ ਦਿਤੀਆਂ ਗਈਆਂ ਹਨ । ਪਿੰਡ ਬੁਰਜ ਮਹਿਮਾ ਦੇ 3 ਕਮਰੇ, ਪਿੰਡ
ਕੋਟ ਸਮੀਰ ਦੇ ਸਕੂਲ ਦਾ ਸਾਰਾ ਵਰਾਂਡਾ ਖਤਰੇ ਹੇਠ ਹੈ , ਲੇਕਿਨ
ਬੱਚਿਆਂ ਦਾ ਇਨ੍ਹਾਂ ਹੇਠ ਬੈਠਣਾ ਮਜਬੂਰੀ ਹੈ । ਪਿੰਡ ਕੁੱਤੀਵਾਲ ਦੇ
ਸਕੂਲ ਦੇ 2 ਕਮਰੇ ਤੇ ਵਰਾਂਡੇ ਦੀ ਹਾਲਤ ਵੀ ਬਹੁਤ ਮਾੜੀ ਹੈ ।
·
ਟੀਚਰਜ ਹੋਮ ਵਿਦਿਅੱਕ ਟਰੱਸਟ ਦੇ ਚੇਅਰਮੈਨ ਜਗਮੋਹਨ ਕੌਸ਼ਲ ਦਾ ਕਹਿਣਾ
ਹੈ ਕਿ ਇਸ ਵੇਲੇ ਤਾਂ ਤੱਪੜਾਂ ਵਾਲੇ ਸਕੂਲ , ਤੱਪੜਾਂ ਬਿਨਾ ਹੀ ਖਾਲੀ
ਹਨ । ਜੋ ਸਰਕਾਰ ਬੱਚਿਆਂ ਦੇ ਬੈਠਣ ਦਾ ਇੰਤਜਾਮ ਵੀ ਨਹੀਂ ਕਰ ਸਕਦੀ,
ਉਸ ਨੂੰ ਅਜ਼ਾਦੀ ਦਿਹਾੜੇ ਮਨਾਉਣ ਦਾ ਕੋਈ ਹਕ ਨਹੀਂ । ਉਨ੍ਹਾਂ ਨੇ
ਕਿਹਾ ਕਿ ਇਹ ਇੱਕ ਵੱਡਾ ਕਾਰਨ ਹੈ ਕਿ ਇੰਨ੍ਹਾਂ ਸਕੂਲਾਂ ਦੇ ਬੱਚੇ
ਮੁਕਾਬਲੇ ਵਿਚ ਪਿੱਛੇ ਰਹਿ ਜਾਂਦੇ ਹਨ । ਪਿੰਡਾਂ ਦੇ ਸਰਪੰਚਾ ਦੀ ਮੰਗ
ਸੀ ਕਿ ਸਰਕਾਰ ਬੱਚਿਆਂ ਨੂੰ ਪੱਕਿਆ ਭੋਜਨ ਦੇਣ ਤੋਂ ਪਹਿਲਾਂ, ਉਨ੍ਹਾਂ
ਦੇ ਬੈਠਣ ਦੇ ਵੀ ਇੰਤਜਾਮ ਕਰੇ ।
----------------------------------
ਉਪਰੋਕਤ ਖਬਰ ਪੜ੍ਹ ਕੇ ਕਈ ਨਰਮ
ਦਿਲ ਪਾਠਕਾਂ ਦੀਆਂ ਅੱਖਾਂ ਨਮ ਹੋ ਗਈਆਂ ਹੋਣਗੀਆਂ । ਸਰਕਾਰ ਵਲੋਂ
ਤਾਂ ਇਸ ਬਾਬਤ ਆਟੇ 'ਚ ਲੂਣ ਬਰਾਬਰ ਹੀ ਉਦੱਮ ਕੀਤੇ ਜਾ ਰਹੇ ਹਨ । ਸੋ
ਮੇਰੀ ਗਿਆਨੀ ਕਰਨੈਲ ਸਿੰਘ ਜੀ ਨੂੰ ਤੇ "ਵੰਡੋ ਵਿਦਿਆ ਦੀ ਲੋਅ"
ਪ੍ਰੋਜੈਕਟ ਦੇ ਹੋਰ ਮੈਬਰਾ ਅਤੇ ਬਾਕੀ ਸਾਰੇ ਪਾਠਕਾਂ ਨੂੰ ਬੇਨਤੀ ਹੈ
ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ( ਜਿਨ੍ਹਾਂ ਵਿਚ ਜਿਆਦਾਤਰ ਗਰੀਬ
ਬੱਚੇ ਹੀ ਮੁੱਢਲੀ ਸਿਖਿਆ ਪ੍ਰਾਪਤ ਕਰਦੇ ਹਨ ) ਦੀਆਂ ਲੋੜਾਂ ਪੂਰੀਆਂ
ਕਰਨ ਹਿਤ ਉਪਰਾਲਾ ਕੀਤਾ ਜਾਵੇ । ਇਹ ਕਾਰਜ ਕਰਨਾ ਬਹੁਤ ਹੀ ਜਰੂਰੀ ਹੈ
। ਇਸ ਕਾਰਜ ਹਿਤ ਇਨ੍ਹਾਂ ਸਕੂਲਾਂ ਵਿਚ ਪਹਿਲਾਂ ਟਾਟ (ਤੱਪੜ) ਤੇ
ਡੈਸਕ ਮੁਹਈਆ ਕਰਵਾਏ ਜਾਣ । ਉਪਰੰਤ ਮਾੜੀਆਂ ਤੇ ਅਣ-ਸੁਰਖਿਅਤ
ਇਮਾਰਤਾਂ ਦੀ ਉਸਾਰੀ ਕਰਵਾਈ ਜਾਏ ।
ਸੋ ਮੇਰੀ ਸਾਰੇ ਪਾਠਕਾਂ ਨੂੰ
ਬੇਨਤੀ ਹੇ ਕਿ ਉਹ ਇਸ ਕਾਰਜ ਵਿਚ ਸਹਾਈ ਹੋਣ ਲਈ ਅੱਗੇ ਆਉਣ । ਗਿਆਨੀ
ਕਰਨੈਲ ਸਿੰਘ ਜੀ ਤੇ ਡਾ: ਬਲਦੇਵ ਸਿੰਘ ਜੀ ਇਸ ਕਾਰਜ ਵਿਚ ਅਗਵਾਈ ਕਰਨ
ਦੀ ਖੇਚਲ ਕਰਨ । ਮੇਰੀਆਂ ਸੇਵਾਵਾਂ ਵੀ ਹਾਜਰ ਹਨ ।
ਆਓ ਸਾਰੇ ਰਲ ਕੇ , ਆਪਣੇ ਦੇਸ਼
ਪੰਜਾਬ ਦੀ ਨਵੀਂ ਪਨੀਰੀ ਨੂੰ ਵਧਣ ਫੁੱਲਣ ਦਾ ਸਹੀ ਵਾਤਾਵਰਣ ਮੁਹਈਆ
ਕਰਵਾਈਏ ।
ਰਾਜ ਭੁਪਿੰਦਰ ਸਿੰਘ, ਭਾਰਤ |
|
|
|
|
|
|
|