|
ਦਲਬੀਰ
ਸਿੰਘ |
ਸ਼ਬਦ ਦੀ ਮਹਿਮਾ ਮਹਾਨ ਹੈ।
ਪਰ ਇਸ ਦੀ ਵਰਤੋਂ
ਸ਼ੁੱਧ ਵੀ ਹੁੰਦੀ ਹੈ ਅਤੇ ਅਸ਼ੁੱਧ ਵੀ।
ਮਿਸਾਲ
ਵਜੋਂ ਕਹਿਣ ਵਾਲੇ ਕਹਿੰਦੇ ਹਨ ਕਿ ਇਸ ਸੰਸਾਰ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਸ ਸਭ ਲਈ
ਭਗਵਾਨ ਜ਼ਿੰਮੇਵਾਰ ਹੈ।
ਮੰਨਣ ਵਾਲੇ ਕਹਿੰਦੇ ਹਨ ਕਿ
ਅਸਲ ਵਿਚ ਤਾਂ ਕੁਝ ਵੀ ਭਗਵਾਨ ਦੀ ਮਰਜ਼ੀ ਤੋਂ ਬਿਨਾਂ ਵਾਪਰ ਹੀ ਨਹੀਂ ਸਕਦਾ।
ਭਗਵਾਨ ਦੇ ਅਗੋਂ ਮਸੰਦ ਹਨ
ਜਿਹੜੇ ਆਪਣੇ ਆਪ ਨੂੰ ਉਸ ਦੇ ਖੱਬੇ ਪੱਟੋਂ ਜੰਮੇ ਹੋਣ ਦਾ ਦਾਅਵਾ ਕਰਦੇ ਹਨ।
ਕਿਉਂਕਿ ਉਹ ਖਾਸ ਤੌਰ ਉਤੇ
ਅਤੇ ਖਾਸ ਢੰਗ ਨਾਲ ਜੰਮੇ ਹੁੰਦੇ ਹਨ,
ਇਸ ਲਈ ਉਨਾਂ ਨੂੰ ਇਹ ਅਧਿਕਾਰ
ਹੁੰਦਾ ਹੈ ਕਿ ਉਹ ਭਗਵਾਨ ਦੀ ਮਰਜ਼ੀ ਨੂੰ ਆਪਣੇ ਸ਼ਬਦਾਂ ਵਿਚ ਪੇਸ਼ ਕਰਕੇ ਲੋਕਾਂ ਨੂੰ ਰਾਹ
ਪਾਉਣ।
ਬਹੁਤੀ ਵਾਰੀ ਕੁਰਾਹੇ ਹੀ ਪਾਉਂਦੇ
ਹਨ।
ਸਿੱਟਾ ਇਹ ਨਿਕਲਦਾ ਹੈ ਕਿ ਅਸਲ ਵਿਚ
ਭਗਵਾਨ ਜਾਂ ਰੱਬ ਉਹ ਨਹੀਂ ਜਿਸ ਨੂੰ ਰੱਗ ਜਾਂ ਭਗਵਾਨ ਕਿਹਾ ਜਾਂਦਾ ਹੈ ਸਗੋਂ ਉਹ ਹਨ
ਜਿਹੜੇ ਉਸ ਦੀ ਮਰਜ਼ੀ ਨੂੰ ਸ਼ਬਦਾਂ ਦਾ ਰੂਪ ਦੇ ਸਕਦੇ ਹਨ।
ਜੇ
ਸਿਰਫ ਹਿੰਦੂ ਮਿਥਿਹਾਸ ਨੂੰ ਹੀ ਲਿਆ ਜਾਵੇ ਤਾਂ ਭਗਵਾਨ ਦੇ ਲੱਖਾਂ ਹੀ ਰੂਪ ਅਤੇ ਕਰੋੜਾਂ
ਹੀ ਨਾਮ ਹਨ।
ਇਸ ਤੋਂ ਬਿਨਾਂ ਯੂਨਾਨੀ ਭਗਵਾਨ ਹਨ,
ਰੋਮਨ ਭਗਵਾਨ ਹਨ,
ਅਸੀਰੀਅਨ ਹਨ,
ਇਸਰਾਈਲੀ ਹਨ।
ਪਤਾ ਨਹੀਂ ਇਤਹਾਸ ਵਿਚ
ਕਿੰਨੇ ਕਿੰਨੇ ਭਗਵਾਨ ਸਮੇਂ ਸਮੇਂ ਸਿਰ ਸੰਸਾਰ ਦੇ ਵੱਖ ਵੱਖ ਭਾਗਾਂ ਵਿਚ ਹੁੰਦੇ ਰਹੇ ਹਨ।
ਫਿਰ ਵੀ ਕਿਹਾ ਇਹੀ ਜਾਂਦਾ
ਹੈ ਕਿ ਭਗਵਾਨ ਸਿਰਫ ਇਕ ਹੈ ਅਤੇ ਸਿਰਫ ਉਸ ਦੇ ਨਾਮ ਹੀ ਕਈ ਹਨ।
ਜੇ ਗੱਲ ਸਿਰਫ ਇਥੇ ਤਕ ਹੀ ਸੀਮਤ
ਰਹੇ ਤਾਂ ਕਿਸੇ ਨੂੰ ਵੀ ਭਗਵਾਨ ਵਿਚ ਯਕੀਨ ਕਰਨ ਵਿਚ ਕੋਈ ਇਤਰਾਜ਼ ਨਹੀਂ ਹੋਣ ਚਾਹੀਦਾ।
ਜਿਸ ਸ਼ਕਤੀ ਕਾਰਨ ਸਾਰਾ
ਸੰਸਾਰ ਚਲੀ ਜਾਂਦਾ ਹੈ ਉਸ ਨੂੰ ਕੁਦਰਤ ਨਾ ਕਹਿ ਕੇ ਰੱਬ ਕਹਿ ਲਵੋ ਤਾਂ ਕੀ ਫਰਕ ਪੈਂਦਾ
ਹੈ?
ਜੇ ਰੱਬ ਜਾਂ ਭਗਵਾਨ ਨਾ ਕਹਿ ਕੇ
ਸ਼ਬਦ ਦਾ ਕੋਈ ਹੋਰ ਰੂਪ ਵੀ ਵਰਤ ਲਿਆ ਜਾਵੇ ਤਾਂ ਵੀ ਕੋਈ ਖਰਾਬੀ ਨਹੀਂ ਹੈ।
ਜੇ ਭਲਾ ਰੱਬ ਨੂੰ ਕਿਸੇ ਨੇ
ਘੱਬ ਦਾ ਨਾਂ ਦੇ ਦਿਤਾ ਹੁੰਦਾ ਤਾਂ ਕੀ ਉਸ ਨਾਲ ਉਸ ਦੀ ਮਹਿਮਾ ਘੱਟ ਜਾਣੀ ਸੀ?
ਕੋਈ ਤਾਂ ਸ਼ਕਤੀ ਹੈ ਜਿਹੜੀ
ਇਸ ਸੰਸਾਰ ਨੂੰ ਚਲਾਉਂਦੀ ਹੈ।
ਗੜਬੜ ਉਦੋਂ ਹੁੰਦੀ ਹੈ
ਜਦੋਂ ਭਗਵਾਨ ਕਈ ਕਈ ਰੂਪ ਵੀ ਵਟਾਉਂਦਾ ਹੈ ਪਰ ਨਾਲ ਦੀ ਨਾਲ ਇਕ ਰੂਪ ਨੂੰ ਦੂਜੇ ਤੋਂ
ਉੱਤਮ ਦੱਸਣ ਦੀ ਵੀ ਕੋਸ਼ਿਸ਼ ਕਰਦਾ ਹੈ।
ਇਹ ਮਸਲਾ ਸਦੀਆਂ ਤੋਂ ਰਿੜਕਿਆ ਚਲਿਆ
ਰਿਹਾ ਹੈ ਕਿ ਭਗਾਵਨ ਹੈ ਜਾਂ ਨਹੀਂ?
ਜੇ ਭਗਵਾਨ ਹੈ ਤਾਂ ਇਹ ਗੱਲ ਮੰਨਣੀ
ਹੀ ਪੈਣੀ ਹੈ ਕਿ ਦੇਵੀ ਦੇਵਤੇ ਵੀ ਹਨ।
ਜਾਂ ਸਨ।
ਅਜ ਕਲ ਕਲਯੁਗ ਹੋਣ ਕਾਰਨ
ਦੇਵਤੇ ਪੈਦਾ ਹੀ ਨਹੀਂ ਹੋ ਰਹੇ।
ਸਿਰਫ ਮਨੁੱਸ਼ ਹੀ ਪੈਦਾ
ਹੁੰਦਾ ਹੈ।
ਇਸ ਮਨੁੱਸ਼ ਜਾਂ ਮਨੁੱਖ ਵਿਚ ਕਿਉਂਕਿ
ਦੇਵਤਿਆਂ ਵਾਲਾ ਕੋਈ ਵੀ ਗੁਣ ਨਹੀਂ,
ਇਸ ਲਈ ਇਸ ਨੂੰ ਦੇਵਤਾ ਨਹੀਂ ਕਿਹਾ
ਜਾ ਸਕਦਾ।
ਫਿਰ ਵੀ ਕਦੀ ਕਦੀ ਕੋਈ ਮਹਾਪੁਰਸ਼
ਐਸਾ ਪੈਦਾ ਹੋ ਹੀ ਜਾਂਦਾ ਹੈ ਜਿਸ ਨੂੰ ਦੇਵਤਾ ਜਾਂ ਦੇਵਤਾ ਤੁੱਲ ਕਿਹਾ ਅਤੇ ਮੰਨਿਆ ਜਾਣ
ਲਗਦਾ ਹੈ।
ਇਹ ਗੱਲ ਬਿਲਕੁਲ ਹੀ ਵੱਖਰੀ ਹੈ ਕਿ
ਸਮਾਂ ਪਾ ਕੇ ਇਹੀ ਦੇਵਤਾ ਤੁੱਲ ਆਦਮੀ ਕਿਸੇ ਆਮ ਮਨੁੱਖ ਵਾਂਗ ਹੀ ਈਰਖਾ ਜਾਂ ਜਾਇਦਾਦ ਵੱਸ
ਪਾਪ ਦੇ ਰਸਤੇ ਤੁਰਦਾ ਦਿਖਾਈ ਦਿੰਦਾ ਹੈ।
ਉਦੋਂ ਹੀ ਪਤਾ ਲਗਦਾ ਹੈ ਕਿ
ਉਹ ਜੋ ਦੇਵਤਾ ਬਣਨਾ ਚਾਹੁੰਦਾ ਸੀ ਅਸਲ ਵਿਚ ਤਾਂ ਆਮ ਮਨੁੱਖ ਤੋਂ ਵੀ ਨੀਵਾਂ ਸੀ।
ਕਿਸੇ
ਮਹਾਨ ਧਾਰਮਕ ਮੱਠ ਜਾ ਸੰਸਥਾ ਦੀ ਸਥਾਪਨਾ ਕਿਸ ਵਲੋਂ ਕੀਤੀ ਜਾਂਦੀ ਹੈ?
ਨਿਰਸੰਦੇਹ ਮਨੁੱਖ ਵਲੋਂ ਹੀ।
ਜੇ ਮਨੁੱਖ ਹੀ ਨਹੀਂ ਤਾਂ
ਮੱਠ ਵੀ ਨਹੀਂ।
ਮੱਠ ਦੀ ਸਥਾਪਨਾ ਕਿਸ ਲਈ ਕੀਤੀ
ਜਾਂਦੀ ਹੈ?
ਤਾਂ ਕਿ ਆਮ ਮਨੁੱਖ ਸ਼ਰਧਾ ਵਜੋਂ ਉਸ
ਦੇ ਦਰਸ਼ਨ ਕਰਨ ਨੂੰ ਆਪਣਾ ਧੰਨਭਾਗ ਸਮਝੇ।
ਜਦੋਂ ਉਹ ਭਗਵਾਨ ਜਾਂ ਈਸ਼ਵਰ
ਦੇ ਦਰਸ਼ਨ ਜਾਂ ਖੁਦ ਈਸ਼ਵਰ ਨੂੰ ਪਾਉਣ ਲਈ ਕਿਸੇ ਮੱਠ ਵਿਚ ਜਾਂਦਾ ਹੈ ਤਾਂ ਸ਼ਰਧਾ ਪੂਰਬਕ
ਕੁਝ ਚੜ੍ਹਾਵਾ ਵੀ ਦਿੰਦਾ ਹੈ।
ਇਹ ਚੜ੍ਹਾਵਾ ਕਿਸ ਕੋਲ
ਜਾਂਦਾ ਹੈ?
ਕੀ ਭਗਵਾਨ ਕੋਲ?
ਨਹੀਂ।
ਇਹ ਭਗਵਾਨ ਕੋਲ ਕਿਵੇਂ ਜਾ
ਸਕਦਾ ਹੈ?
ਉਸ ਦੀ ਤਾਂ ਹੋਂਦ ਹੀ ਨਿਰਾਕਾਰ ਹੈ।
ਢਿੱਡ ਤਾਂ ਉਸ ਦੇ ਬੰਦਿਆਂ
ਨੂੰ ਹੀ ਲਗੇ ਹੋਏ ਹਨ।
ਇਹੀ ਗੱਲ ਤਾਂ ਗੁਰੂ ਨਾਨਕ ਨੇ ਵੀ
ਕਹੀ ਸੀ ਕਿ ਪਿਤਰਾਂ ਦੇ ਨਾਂ ਉਤੇ ਦਿਤਾ ਗਿਆ ਦਾਨ ਤਾਂ ਧਰਤੀ ਉਤਲੇ ਬੰਦੇ ਹੀ ਖਾ ਜਾਂਦੇ
ਹਨ।
ਜੇ ਕੁਰਕੁਸ਼ੇਤਰ ਤੋਂ ਦਿਤਾ ਗਿਆ
ਪਾਣੀ ਰਾਏ ਭੋਏ ਦੀ ਤਲਵੰਡੀ ਨਹੀਂ ਪਹੁੰਚ ਸਕਦਾ ਤਾਂ ਉਪਰ ਸੂਰਜ ਕੋਲ ਕਿਵੇਂ ਜਾ ਸਕਦਾ ਹੈ?
ਇਹ ਤਾਂ ਰੱਬ ਦੇ ਨਾਂ ਉਤੇ
ਰੋਟੀਆਂ ਤੋੜਣ ਵਾਲੇ ਜੰਤੂਆਂ ਦਾ ਲੋਕਾਂ ਨੂੰ ਟੱਘਣ ਦਾ ਸਾਧਨ ਹੈ।
ਖੈਰ ਗੱਲ ਨੂੰ ਅਗੇ ਵਧਾਈਏ।
ਮੱਠ ਦੀ ਸਥਾਪਨਾ ਕੌਣ ਕਰਦਾ
ਹੈ?
ਮਨੁੱਖ ਹੀ।
ਇਸ ਮੱਠ ਦੀ ਸਰਦਾਰੀ ਕਿਸ
ਕੋਲ ਹੁੰਦੀ ਹੈ?
ਮਨੁੱਖ ਕੋਲ।
ਇਸ ਸਰਦਾਰੀ ਦਾ ਫੈਸਲਾ ਕੌਣ
ਕਰਦਾ ਹੈ?
ਮਨੁੱਖ।
ਮਤਲਬ ਇਹ ਕਿ ਮੱਠ ਵੀ ਬੰਦੇ
ਦਾ ਬਣਾਇਆ,
ਉਸ ਦਾ ਮੁਖੀ ਵੀ ਬੰਦੇ ਨੇ ਥਾਪਿਆ,
ਉਸ ਦੀ ਰਟੀ ਦਾ ਇੰਤਜ਼ਾਮ ਵੀ
ਉਸੇ ਨੇ ਹੀ ਕੀਤਾ,
ਅਤੇ ਉਸ ਨੂੰ ਦੇਵਤਾ ਦਾ ਦਰਜ਼ਾ ਵੀ
ਮਨੁੱਖ ਨੇ ਹੀ ਪਰਦਾਨ ਕੀਤਾ।
ਇਸ ਲਈ ਜਦੋਂ ਕਿਸੇ ਮਹਾਨ
ਮੱਠ ਦਾ ਦੇਵਤਾ ਰੂਪੀ ਮੁਖੀ ਆਮ ਮਨੁੱਖ ਵਰਗੀ ਕੋਈ ਗ਼ਲਤੀ ਕਰੇ ਤਾਂ ਦੋਸ਼ੀ ਵੀ ਤਾਂ ਉਹੀ
ਹੋਇਆ ਜਿਸ ਨੇ ਉਸ ਨੂੰ ਦੇਵਤਾ ਬਣਾਇਆ।
ਪਰ ਇਹ ਬਹੁਤ ਹੀ ਨਾ ਇਨਸਾਫੀ ਵਾਲੀ
ਗੱਲ ਹੈ।
ਜੇ ਉਹ ਦੇਵਤਾ ਸਰੂਪ ਹੈ ਤਾਂ ਉਸ
ਨੂੰ ਆਮ ਬੰਦਿਆਂ ਤੋਂ ਉਪਰ ਹੋਣਾ ਚਾਹੀਦਾ ਹੈ।
ਇਹ ਉਸ ਦਾ ਹੱਕ ਬਣਦਾ ਹੈ।
ਜੇ ਉਹ ਕਿਸੇ ਇਕ ਅੱਧ ਬੰਦੇ
ਦੀ ਵੀ ਹੱਤਿਆ ਵੀ ਨਾ ਕਰਵਾ ਸਕੇ ਤਾਂ ਦੇਵਤਾ ਹੋਣ ਦਾ ਕੀ ਲਾਭ?
ਦੇਵਤਿਆਂ ਨੇ ਤਾਂ ਲੱਖਾਂ
ਮਰਵਾਏ ਹਨ।
ਜੇ ਉਹ ਆਪਣੀ ਕਿਸੇ ਕੁਆਰੀ ਗਰਭਵਤੀ
ਧੀ ਨੂੰ ਵੀ ਨਾ ਮਰਵਾ ਸਕੇ ਤਾਂ ਮੱਠ ਦੀ ਇੰਚਾਰਜੀ ਕਿਸ ਕੰਮ?
ਧਰਮ ਅਤੇ ਆਚਰਣ ਦੀ ਉਲੰਘਣਾ
ਕਿਵੇਂ ਸਹਿ ਲਈ ਜਾਵੇ?
ਉਤੋਂ ਸਿਤਮ ਇਹ ਕਿ ਜਿਹੜੀ ਜਨਤਾ ਉਸ
ਨੂੰ ਮੱਠ ਦੀ ਮੁਖੀ ਥਾਪ ਰਹੀ ਹੈ ਉਹੀ ਉਸ ਨੂੰ ਕਚਹਿਰੀਆਂ ਵਿਚ ਘੜੀਸੇ ਜਾਣ ਉਤੇ ਸੁੱਸਰੀ
ਵਾਂਗ ਸੁੱਤੀ ਪਈ ਹੈ।
ਕੋਈ ਇਹ ਹਾਅ ਦਾ ਨਾਅਰਾ ਵੀ
ਨਹੀਂ ਮਾਰਦਾ ਕਿ ਜਿਸ ਬੇਚਾਰੀ ਨੇ ਆਪਣੀ ਧੀ ਦੀ ਮੌਤ ਸਹੀ ਹੈ ਉਸ ਮਾਂ ਨਾਲ ਹੀ ਕੋਈ ਤਰਸ
ਦੀ ਗੱਲ ਕਰੇ।
ਕੋਈ ਸਨਮਾਨਤ ਅਤੇ ਇਲਾਹੀ ਨਦਰ ਦੇ
ਪੈਂਡੇ ਨਾਪਣ ਵਾਲਾ ਮਹਾਨ ਕਵੀ ਆਪਣੇ ਨਰਮ ਦਿਲ ਵਿਚ ਇਸ ਤਰਾਂ ਦੀ ਭਾਵਨਾ ਰੱਖਦਾ ਵੀ ਹੈ
ਪਰ ਲੋਕ ਉਸ ਦੀ ਗੱਲ ਨੂੰ ਗੌਲਦੇ ਹੀ ਨਹੀਂ।
ਤਾਂ ਇਸ ਸਭ ਕਾਸੇ ਵਿਚ
ਭਗਵਾਨ ਦਾ ਕਸੂਰ ਨਹੀਂ ਤਾਂ ਕਿਸ ਦਾ ਹੈ?
ਪਰ ਭਗਵਾਨ ਹੀ ਕਿਉਂ?
ਮਨੁੱਖ ਕਿਉਂ ਨਹੀਂ?
ਸਿਆਸਤ ਦਾ ਕੋਈ ਵੀ ਧਰਮ ਨਹੀਂ
ਹੁੰਦਾ।
ਇਹ ਕੋਈ ਨਵੀਂ ਗੱਲ ਨਹੀਂ।
ਪਹਿਲਾਂ ਵੀ ਵੀਹ ਕਰੋੜ
ਵਾਰੀ ਕਹੀ ਜਾ ਚੁੱਕੀ ਹੈ ਅਤੇ ਹੁਣ ਵੀ ਨਿੱਤ ਦਿਨ ਕਹੀ ਜਾ ਸਕਦੀ ਹੈ।
ਪਰ ਧਰਮ ਦੀ ਕੋਈ ਸਿਆਸਤ
ਹੁੰਦੀ ਹੈ ਜਾਂ ਨਹੀਂ,
ਇਸ ਬਾਰੇ ਲੋਕਾਂ ਵਿਚ ਕਈ ਤਰਾਂ ਦੀ
ਰਾਏ ਪਾਈ ਜਾਂਦੀ ਹੈ।
ਕਈ ਤਾਂ ਇਹ ਵੀ ਕਹਿੰਦੇ ਹਨ
ਕਿ ਜਦੋਂ ਸਿਆਸਤ ਧਰਮ ਦੇ ਅਧੀਨ ਹੋਵੇ ਉਦੋਂ ਉਹ ਬਹੁਤ ਹੀ ਸੁੱਚੀ ਸਿਆਸਤ ਹੁੰਦੀ ਹੈ।
ਪਤਾ ਨਹੀਂ ਕਿਥੋਂ ਲੱਭ ਕੇ
ਲਿਆਉਂਦੇ ਹਨ ਇਸ ਤਰਾਂ ਦੇ ਸੁੱਚੇ ਮੋਤੀ।
ਮੈਂ ਤਾਂ ਜਿੰਨਾ ਕੁ ਇਤਹਾਸ
ਪੜ੍ਹਿਆ ਹੈ ਉਸ ਤੋਂ ਇਹੀ ਪਤਾ ਲਗਾ ਹੈ ਕਿ ਸੱਤਾ ਨੇ ਸਦਾ ਹੀ ਧਰਮ ਦੀ ਮਦਦ ਆਪਣੀ
ਬਹਿਬੂਤੀ ਅਤੇ ਮਜ਼ਬੂਤੀ ਲਈ ਹੀ ਕੀਤੀ ਹੈ।
ਜਿਸ ਵੀ ਦੌਰ ਜਾਂ ਜਿਸ ਵੀ
ਸਮੇਂ ਦਾ ਇਤਹਾਸ ਚੁੱਕ ਕੇ ਦੇਖ ਲਵੋ,
ਇਹੀ ਪਤਾ ਲਗੇਗਾ ਕਿ ਪੁਜਾਰੀਆਂ ਨੂੰ
ਸੱਤਾ ਵਿਚ ਇਕ ਖਾਸ ਸਥਾਨ ਦਿਤਾ ਜਾਂਦਾ ਸੀ।
ਇਹ ਸਥਾਨ ਇਸ ਲਈ ਮਿਲਦਾ ਸੀ ਕਿਉਂਕਿ
ਉਹ ਸੱਤਾ ਉਤੇ ਕਾਬਜ਼ ਰਾਜਾ ਨੂੰ ਸੱਤਾ ਉਤੇ ਬਣੇ ਰਹਿਣ ਲਈ ਭਗਵਾਨ ਦੀ ਮੋਹਰ ਦਾ ਕੰਮ ਕਰਦੇ
ਸਨ।
ਜਿਸ ਰਾਜਾ ਨੂੰ ਧਰਮ ਜਾਂ ਉਸ ਦੇ
ਪੁਜਾਰੀ ਨੇ ਰਾਜ ਦਾ ਅਧਿਕਾਰੀ ਕਹਿ ਦਿਤਾ ਉਸ ਨੂੰ ਜਨਤਾ ਸ਼ਾਹੀ ਖੂਨ ਵਿਚੋਂ ਪੈਦਾ ਹੋਇਆ
ਮੰਨ ਲੈਂਦੀ ਸੀ।
ਇਹ ਗੱਲ ਵੱਖਰੀ ਹੈ ਕਿ ਜੇ ਕੋਈ ਗੈਰ
ਸ਼ਾਹੀ ਕੁਲ ਵਿਚ ਪੈਦਾ ਹੋਇਆ ਮਨੁੱਖ ਰਾਜ ਗੱਦੀ ਹਾਸਲ ਕਰਨ ਵਿਚ ਸਫਲ ਹੋ ਜਾਂਦਾ ਸੀ ਤਾਂ
ਉਹ ਡੰਡੇ ਦੇ ਜ਼ੋਰ ਨਾਲ ਹੀ ਪੁਜਾਰੀ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੰਦਾ ਸੀ ਕਿ ਉਹ ਸ਼ਾਹੀ
ਖੂਨ ਵਾਲਾ ਹੈ।
ਪੁਜਾਰੀ ਦਾ ਕੀ ਹੈ?
ਉਸ ਨੇ ਤਾਂ ਸੱਤਾ ਦਾ ਹੀ
ਪੱਖ ਪੂਰਨਾ ਹੈ।
ਪੁਜਾਰੀ ਨੇ ਤਾਂ ਸਦਾ ਹੀ ਸੱਤਾ ਦੀ
ਪੂਜਾ ਕੀਤੀ ਹੈ।
ਉਸ ਵਲੋਂ ਰਾਜੇ ਦੇ ਬਦਲਣ ਨਾਲ ਹੀ
ਆਪਣੇ ਇਸ਼ਟ ਨੂੰ ਵੀ ਬਦਲ ਲੈਣ ਦੀਆਂ ਕਰੋੜਾਂ ਮਿਸਾਲਾਂ ਇਤਹਾਸ ਵਿਚੋਂ ਮਿਲ ਸਕਦੀਆਂ ਹਨ।
ਹਰੇਕ ਰਾਜੇ ਦਾ ਆਪਣਾ
ਵੱਖਰਾ ਈਸ਼ਵਰ ਜਾਂ ਰੱਬ ਹੁੰਦਾ ਹੈ।
ਜੇ ਰੱਬ ਨਹੀਂ ਤਾਂ ਦੇਵਤਾ
ਤਾਂ ਹੁੰਦਾ ਹੀ ਹੈ।
ਪੁਜਾਰੀ ਉਸੇ ਰੱਬ ਜਾਂ
ਦੇਵਤਾ ਨੂੰ ਹੀ ਪੂਜਣ ਲਗਦਾ ਹੈ ਜਿਸ ਨੂੰ ਰਾਜਾ ਪੂਜਦਾ ਹੋਵੇ।
ਇਸ ਤਰਾਂ ਰੱਬ ਜਾਂ ਭਗਵਾਨ
ਵੀ ਰਾਜੇ ਦੇ ਨਾਲ ਹੀ ਬਦਲ ਜਾਂਦੇ ਸਨ।
ਧਰਮ ਦੀ ਮਹੱਤਤਾ ਇਸ ਗੱਲ ਵਿਚ ਨਹੀਂ
ਕਿ ਇਸ ਨੂੰ ਕਿੰਨੇ ਚੰਗੇ ਸ਼ਬਦਾਂ ਵਿਚ ਬੰਨਿਆ ਗਿਆ ਹੈ।
ਸਗੋਂ ਇਹ ਮਹੱਤਤਾ ਇਸ ਗੱਲ
ਵਿਚ ਹੈ ਕਿ ਇਨਾਂ ਸ਼ਬਦਾਂ ਨੂੰ ਆਮ ਲੋਕ ਕਿੰਨੀ ਚੰਗੀ ਤਰਾਂ ਸਮਝ ਸਕਦੇ ਹਨ।
ਪਰ ਸਭ ਧਰਮਾਂ ਦੀ ਹੀ ਹੋਣੀ
ਇਹ ਰਹੀ ਹੈ ਕਿ ਸਮਾਂ ਪਾ ਕੇ ਇਸ ਦੇ ਗ੍ਰੰਥ ਆਮਲੋਕਾਂ ਦੀ ਸਮਝ ਤੋਂ ਬਾਹਰੇ ਹੋ ਜਾਂਦੇ ਹਨ।
ਉਦੋਂ ਇਨਾਂ ਨੂੰ ਪੜ ਸਕਣ
ਦੀ ਸਮਰੱਥਾ ਹੀ ਨਹੀਂ ਸਗੋਂ ਆਗਿਆ ਵੀ ਕੁਝ ਮੁੱਠੀ ਭਰ ਲੋਕਾਂ ਕੋਲ ਹੀ ਹੁੰਦੀ ਹੈ।
ਇਹ ਮੁੱਠੀ ਬਰ ਲੋਕ ਹੀ
ਪੁਜਾਰੀ ਬਣ ਜਾਂਦੇ ਹਨ ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਮੁਤਾਬਕ ਅਰਥਣ ਲਗਦੇ ਹਨ।
ਜਦੋਂ ਗੁਰੂ ਦੇ ਸ਼ਬਦਾਂ ਦੇ ਮਤਲਬ
ਦੱਸਣ ਦਾ ਕੰਮ ਕਿਸੇ ਵਿਦਵਾਨ ਦੀ ਥਾਂ ਕਿਸੇ ਪੁਜਾਰੀ ਨੂੰ ਦੇ ਦਿਤਾ ਜਾਂਦਾ ਹੈ ਉਦੋਂ ਉਹ
ਧਰਮ ਲੋਕਾਂ ਦਾ ਵਹਿਣ ਨਹੀਂ ਰਹਿ ਜਾਂਦਾ।
ਜਦੋਂ ਕਿਸੇ ਵਿਦਵਾਨ ਨੂੰ
ਸ਼ਬਦ ਦੀ ਖੋਜ ਕਰਨ ਬਦਲੇ ਕਿਸੇ ਅਨਪੜ ਪੁਜਾਰੀ ਦਾ ਫਤਵਾ ਸਹਿਣਾ ਪਵੇ ਉਦੋਂ ਹੀ ਪਤਾ ਲਗਦਾ
ਹੈ ਕਿ ਸ਼ਬਦਾਂ ਦੀ ਸਿਆਸਤ ਕਿੰਨੀ ਖਤਰਨਾਕ ਹੁੰਦੀ ਹੈ।
ਉਦੋਂ ਕੌਣ ਚਾਹੇਗਾ ਕਿ ਉਹ
ਪਰੋਫੈਸਰ ਪਿਆਰ ਸਿੰਘ ਜਾਂ ਗਿਆਨੀ ਗੁਰਦਿਤ ਸਿੰਘ ਦੀ ਥਾਂ ਖੜਾ ਹੋਵੇ? |