WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            

ਭਾਗ 9

  


ਕਿਸ਼ਤ ਨੰਬਰ 9
ਭਲਵਾਨ ਦੀ ਕੰਟੀਨ 

ਅੱਧਾ ਘੰਟਾ ਹੋ ਗਿਆ ਸੀ ਸਿਮਰਿਆ ਮੈਨੂੰ ਸੜਕ ਤੇ ਖੂਨ ਨਾਲ ਲੱਥ ਪੱਥ ਪਏ ਨੂੰ। ਫੋਰਡ ਟ੍ਰੈਕਟਰ ਮੇਰੇ ਕੋਲ ਆ ਕੇ ਰੁਕਿਆ ਸੀ। ਟ੍ਰੈਕਟਰ ਤੇ ਟੇਪ ਰਿਕਾਰਡ 'ਚੋਂ ਪਵਿੱਤਰ ਬਾਣੀ ਚਲ ਰਹੀ ਸੀ।

ਅਵਲ ਅੱਲਾਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ!!
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ!!

ਟ੍ਰੈਕਟਰ ਦੀ ਛੱਤਰੀ ਨਾਲ ਰੰਗ ਬਰੰਗੇ ਡੋਰੀਏ ਬੰਨੇ ਹੋਏ ਸਨ। ਅਚਾਨਕ ਲਾਈਆਂ ਬਰੇਕਾਂ ਕਾਰਨ ਡੋਰੀਏ ਕਾਫੀ ਦੇਰ ਹਿਲਦੇ ਰਹੇ ਸਨ। ਟ੍ਰੈਕਟਰ ਵਾਲੇ ਨੂੰ ਨਹੀਂ ਸੀ ਪਤਾ ਕੇ ਮੈਂ ਕੌਣ ਆਂ।

ਟ੍ਰੈਕਟਰ ਤੋਂ ਛਾਲ ਮਾਰ ਕੇ ਉਤਰਿਆ ਸੀ।
ਮੈਨੂੰ ਮੂਧੇ ਮੂੰਹ ਡਿੱਗੇ ਪਏ ਨੂੰ ਸਿੱਧਾ ਕੀਤਾ ਸੀ।

ਓਏ ਇਹ ਤਾਂ ਭਲਵਾਨ ਤਾਇਆ ਏ ।

ਇਹ ਸਲੀਣੇ ਵਾਲਾ ਬਲਜੀਤ ਸੀ। ਜਿਹੜਾ ਡੀ ਐਮ ਕਾਲਜ 'ਚ ਬੀ ਐਸ ਈ ਦੇ ਆਖਰੀ ਭਾਗ ਦਾ ਵਿਦਿਆਰਥੀ ਸੀ। ਸ਼ਾਂਤ ਸੁਭਾਅ ਦਾ ਹੋਣ ਕਰਕੇ ਸਾਰੇ ਕਾਲਜ ਦੇ ਵੱਡੇ ਛੋਟੇ ਮੁੰਡੇ ਕੁੜੀਆਂ ਇਹਦਾ ਬੇਹੱਦ ਸਤਿਕਾਰ ਕਰਦੇ ਸਨ। ਜਦੋਂ ਦਾ ਕਾਲਜ ਆਇਆ ਸੀ, ਕਦੇ ਮੁੰਡਿਆਂ ਦੀ ਆਪਸ ਵਿੱਚ ਲੜਾਈ ਝਗੜਾ ਨੀ ਹੋਣ ਦਿੱਤਾ ਸੀ। ਅੱਜ ਮੋਗੇ ਮੰਡੀ 'ਚ ਮੂੰਗੀ ਦੀ ਟਰਾਲੀ ਸੁੱਟਣ ਪਿੰਡ ਤੋਂ ਸੁਵੱਖਤੇ ਈ ਤੁਰ ਪਿਆ ਸੀ। ਆਸੇ ਪਾਸੇ ਵੇਖਿਆ ਦੂਰ ਦੂਰ ਤੱਕ ਕੋਈ ਨਹੀਂ ਆ ਰਿਹਾ ਸੀ। ਟਰੈਕਟਰ ਦੇ ਪਾਸੇ ਤੇ ਪਈ ਪਾਣੀ ਵਾਲੀ ਕੈਨੀ ਚੱਕ ਲਿਆਇਆ ਸੀ।

"ਤਾਇਆ ਭਲਵਾਨਾਂ...ਓ ਤਾਇਆ ਭਲਵਾਨਾਂ"   ਕਹਿ ਕੇ ਮੈਨੂੰ ਹਲੂਣਿਆ ਸੀ। ਫੇਰ ਮੇਰਾ ਮੂੰਹ ਖੋਲ੍ਹ ਕੇ ਕੈਨੀ 'ਚੋਂ ਪਾਣੀ ਪਾਇਆ ਸੀ। ਪਾਣੀ ਨੇ ਕਿੱਥੇ ਮੇਰੇ ਮੂੰਹ 'ਚ ਜਾਣਾ ਸੀ।  ਏਨੇ ਚਿਰ ਨੂੰ ਦੋ ਜਣੇ ਸਾਇਕਲ ਤੇ ਆਂਉਦੇ ਬਲਜੀਤ ਨੂੰ ਦਿਸੇ ਸਨ। ਇਕ ਜਣਾ ਸਾਇਕਲ ਚਲਾ ਰਿਹਾ ਸੀ ਤੇ ਦੂਸਰਾ ਪਿਛਲੀ ਕਾਠੀ ਤੇ ਇਕ ਪਾਸੇ ਲੱਤਾਂ ਲਮਕਾ ਕੇ ਬੈਠਾ ਸੀ। ਮੋਟੇ ਕੰਬਲਾਂ ਦੀਆਂ ਬੁੱਕਲਾਂ ਓਹਨਾਂ ਮਾਰੀਆਂ ਹੋਈਆਂ ਸਨ।

ਬਲਜੀਤ ਨੇ ਓਹਨਾਂ ਨੂੰ ਹੱਥ ਦੇ ਕੇ ਰੋਕ ਲਿਆ ਸੀ।

"ਵੱਡੇ ਭਰਾਵੋ ਏਹ ਮੇਰਾ ਤਾਇਆ ਭਲਵਾਨ ਆ... ਯਾਰ ਮੇਰੀ ਮੱਦਦ ਕਰੋ, ਏਹਨੂੰ ਟਰਾਲੀ ਚ ਪਵਾ ਦਿਓ ਮੇਰੇ ਨਾਲ, ਬਲਜੀਤ ਨੇ ਓਹਨਾਂ ਨੂੰ ਕਿਹਾ ਸੀ।"
"ਨਾ ਉਹ ਭਰਾਵਾ ਏਹ ਪੁਲਸ ਕੇਸ ਆ...ਅਸੀਂ ਨੀ ਏਸ ਯੱਬ 'ਚ ਪੈਂਦੇ ਉਲਟਾ ਪੁਲਿਸ ਹਸਪਤਾਲ ਪਹੁੰਚਾਉਣ ਵਾਲੇ ਨੂੰ ਈ ਖਿੱਚਦੀ ਆ ਬਾਅਦ ਵਿੱਚ।" ਕਹਿ ਕੇ ਉਹ ਫੇਰ ਸਾਇਕਲ ਤੇ ਚੜ ਗਏ ਸਨ।

ਬਲਜੀਤ ਉਥੋਂ ਫੇਰ ਟਰੈਕਟਰ ਵੱਲ ਨੂੰ ਭੱਜਿਆ ਸੀ। ਟਰੈਕਟਰ ਦੇ ਪਿਛਲੇ ਲੰਬੇ ਟੂਲ ਬੌਕਸ 'ਚੋਂ ਕਿਰਪਾਨ ਕੱਢ ਲਈ ਸੀ। ਕਿਰਪਾਨ ਮਿਆਨ 'ਚੋਂ ਕੱਢੀ ਤਾਂ ਸਾਹਮਣੇ ਆਉਂਦੀ ਜੀਪ ਦੀਆਂ ਲਾਈਟਾਂ ਕਿਰਪਾਨ ਤੇ ਪਈਆਂ ਤਾਂ ਕਿਰਪਾਨ ਜੇਠ-ਹਾੜ ਦੇ ਸੂਰਜ ਵਾਂਗ ਚਮਕੀ ਸੀ। 

ਬਲਜੀਤ ਨੇ ਕਿਤੇ ਪੜ੍ਹਿਆ ਸੀ ਕੇ ਇਨਸਾਨ ਨੂੰ ਆਵਦੀ ਜਾਨ ਬਚਾਉਣ ਜਾਂ ਕਿਸੇ ਦੀ ਜਾਨ ਬਚਾਉਣ ਦੀ ਨੌਬਤ ਆ ਜਾਵੇ ਤਾਂ ਜਨੂੰਨੀ ਬਣ ਜਾਣਾ ਚਾਹੀਦਾ। ਭੱਜ ਕੇ ਬਲਜੀਤ ਨੇ ਸਾਇਕਲ ਵਾਲਿਆਂ ਦੀ ਮਗਰੋਂ ਕਾਠੀ ਫੜ ਲਈ ਸੀ। ਅਚਾਨਕ ਸਾਇਕਲ ਰੁੱਕਿਆ ਤੇ ਦੋਵੇਂ ਜਾਣੇ ਧਰਤੀ ਤੇ ਡਿੱਗੇ ਸਨ। 

"ਲਓ ਵੀ ਮਿੱਤਰੋ ਜਾਂ ਤਾਂ ਸਿੱਧੇ ਹੋ ਕੇ ਭਲਵਾਨ ਨੂੰ ਮੇਰੇ ਨਾਲ ਟਰਾਲੀ ਚ ਪਵਾ ਦਿਓ ਨਹੀਂ ਕਰੋ ਤੁਸੀਂ ਵੀ ਅਗਲੇ ਜਹਾਨ ਦੀ ਤਿਆਰੀ! ਕਿਰਪਾਨ ਲਹਿਰਾਉਂਦੇ ਬਲਜੀਤ ਨੇ ਕਿਹਾ ਸੀ। ਭਲਵਾਨ ਨੇ ਤੇ ਬਚਣਾ ਨੀ ਬਚਦੇ ਦੋਵੇਂ ਤੁਸੀਂ ਵੀ ਨਹੀਂ। ਫਿਰੋਜ਼ਪੁਰ ਦਾ ਐਸ ਐਸ ਪੀ ਮੇਰੀ ਭੂਆ ਦਾ ਪੁੱਤ ਆ... ਮੈਨੂੰ ਤਾਂ ਨੀਂ ਉਹ ਫੁੱਲ ਦੀ ਲੱਗਣ ਦਿੰਦਾ ਪਰ ਥੋਡੇ ਖੂਨ ਦਾ ਪਾਪ ਨੀ ਮੈਂ ਚੜ੍ਹਾਉਣਾ ਚਾਹੁੰਦਾ।"

ਕਿਰਪਾਨ ਦੇ ਡਰ ਕਾਰਨ ਜਾਂ ਕਹਿ ਲੈ ਸਿਮਰਿਆ ਐਸ ਐਸ ਪੀ ਦੇ ਡਰ ਕਾਰਨ ਉਹ ਦੋਵੇਂ ਮੱਦਦ ਕਰਨ ਲਈ ਤਿਆਰ ਹੋ ਗਏ ਸੀ।

"ਮੈਂ ਇਉਂ ਕਰਦਾ ਟਰਾਲੀ ਸ਼ੜਕ ਕਿਨਾਰੇ ਤੇ ਲਾਉਨੈ.... ਡਾਲਾ ਖੋਲ ਕੇ ਆਪਾਂ ਏਹਨੂੰ ਟਰਾਲੀ 'ਚ ਪਾਉਨੇ ਆਂ?"
"ਆਏਂ ਤਾਂ ਬਾਈ ਸਾਰੀ ਮੂੰਗੀ ਡੁੱਲ ਜਾਉਗੀ।" ਇਕ ਨੇ ਕਿਹਾ ਸੀ।

"ਓ ਤੂੰ ਦਫਾ ਕਰ ਮੂੰਗੀ ਨੂੰ ..ਡੁੱਲਦੀ ਆ ਤਾਂ ਡੁੱਲ ਜਾਵੇ। ਏਹੋ ਜਿਹੀਆਂ ਹਜਾਰਾਂ ਮੂੰਗੀ ਦੀਆਂ ਟਰਾਲੀਆਂ ਤਾਏ ਭਲਵਾਨ ਤੋਂ ਕੁਰਬਾਨ ਕਰ ਦਿਆਂ ਮੈਂ।" ਬਲਜੀਤ ਨੇ ਕਿਹਾ। ਖੋਲੇ ਡਾਲੇ ਤੋਂ ਮੂੰਗੀ ਕਾਫੀ ਦੇਰ ਕਿਰਦੀ ਰਹੀ ਸੀ। ਅੱਧੀ ਟਰਾਲੀ ਮੂੰਗੀ ਦੀ ਸੜਕ ਤੇ ਖਿਲਰ ਗਈ ਸੀ।

"ਬਾਈ ਇਉਂ ਕਰਦੇ ਆ ਆਹ ਜਿਹੜੀ ਤਰਪਾਲ ਆ ਏਹ ਥੱਲੇ ਵਿਛਾ ਦਿੰਨੇ ਆਂ ।" ਓਹਨਾਂ 'ਚੋਂ ਇਕ ਨੇ ਕਿਹਾ ਸੀ!
"ਗੱਲ ਤੇਰੀ ਠੀਕ ਆ ਵੱਡੇ ਭਾਈ।" ਬਲਜੀਤ ਨੇ ਕਿਹਾ।

ਬੜੀ ਮੁਸ਼ਕਿਲ ਨਾਲ ਉਹਨਾਂ ਨੇ ਮੈਨੂੰ ਟਰਾਲੀ ਚ ਪਾਇਆ ਸੀ। ਆਵਦੇ ਵਾਲੀ ਕਾਲੇ ਰੰਗ ਦੀ ਲੋਈ ਬਲਜੀਤ ਨੇ ਮੇਰੇ ਉੱਤੇ ਦੇ ਦਿੱਤੀ ਸੀ। ਮੇਰੇ ਖੂਨ ਨਾਲ ਤਿੰਨਾਂ ਦੇ ਕੁੜਤੇ ਪਜਾਮੇ ਰੰਗੇ ਗਏ ਸਨ।

"ਥੋਡੇ 'ਚੋਂ ਕਿਸੇ ਨੂੰ ਟਰੈਕਟਰ ਚਲਾਉਣਾ ਆਉਂਦਾ?"
"ਨਹੀਂ ਆਉਂਦਾ ਜੀ ਕਿਸੇ ਨੂੰ।"
"ਚੱਲੋ ਇਉਂ ਕਰੋ ਏਹਦੀਆ ਤਲੀਆਂ ਝੱਸਦੇ ਜਾਇਓ ਹੱਥਾਂ ਪੈਰਾਂ ਦੀਆਂ.... ਸ਼ਾਇਦ ਗਰਮਾਇਸ਼ ਨਾਲ ਮਾੜਾ ਮੋਟਾ ਲਹੂ ਚਲਦਾ ਰਹੇ।"

ਸਾਇਕਲ ਉਹਨਾਂ ਨੇ ਟਰਾਲੀ ਮੂਹਰੇ ਖੜਾ ਕਰ ਲਿਆ ਸੀ। ਬਲਜੀਤ ਨੇ ਫੋਰਡ ਛੱਤੀ ਸੌ ਦਾ ਪਹਿਲਾ ਗੇਅਰ ਪਾ ਕੇ ਰੇਸ ਸਿਰੇ ਤੇ ਕਰ ਦਿੱਤੀ ਸੀ। ਹਚਕੋਲੇ ਜਿਹੇ ਮਾਰਦੇ ਟ੍ਰੈਕਟਰ ਨੇ ਰਫਤਾਰ ਫੜ ਲਈ ਸੀ। ਕਲੱਚ ਨੱਪ ਦੂਜਾ,ਤੀਜਾ ਤੇ ਫੇਰ ਚੌਥਾ ਗੇਅਰ ਪਾਇਆ ਸੀ। ਟਰੈਕਟਰ ਦੀ ਚਿਮਨੀ 'ਚੋਂ ਕਾਲਾ ਧੂੰਆ ਨਿਕਲਦਾ ਚਿੱਟੇ ਧੂੰਏ ਚ ਤਬਦੀਲ ਹੋ ਗਿਆ ਸੀ। ਤੇਜ ਸਪੀਡ ਤੇ ਟਰੈਕਟਰ ਨੈਸ਼ਲੇ ਡੈਅਰੀ ਮੋਗੇ ਵਾਲੀ ਲੰਘ ਗਿਆ ਸੀ। ਗੀਤਾ ਸਿਨੇਮਾ ਤੋਂ ਬਾਅਦ ਸੱਜੇ ਹੱਥ ਰਜਿੰਦਰ ਥਾਪਰ ਸਾਹਮਣੇ ਫੋਰਡ 3600 ਬਲਜੀਤ ਨੇ ਬਰੇਕ ਲਾ ਕੇ ਰੋਕ ਲਿਆ ਸੀ। ਭੱਜ ਕੇ ਹਸਪਤਾਲ ਵਿਚ ਵੜ ਗਿਆ ਸੀ। ਅੰਦਰੋਂ ਸਟਰੈਚਰ ਤੇ ਬਲਜੀਤ ਦੇ ਨਾਲ ਚਾਰ ਪੰਜ ਨਰਸਾਂ ਬਾਹਰ ਨਿਕਲੀਆਂ ਸਨ।

ਲੈ ਵੀ ਸਿਮਰ ਸਿਹਾਂ ਸਾਰੇ ਜਾਣਿਆ ਨੇ ਫੇਰ ਮੈਨੂੰ ਬੜੀ ਮੁਸ਼ਕਿਲ ਨਾਲ ਸਟਰੈਚਰ ਤੇ ਪਾ ਲਿਆ ਸੀ। ਬਲਜੀਤ ਸਟਰੈਚਰ ਦੀ ਮੂਹਰਲੀ ਬਾਹੀ ਜਿਹੀ ਫੜੀ ਹਸਪਤਾਲ ਦੇ ਅੰਦਰ ਵਲ ਭੱਜਿਆ ਜਾ ਰਿਹਾ ਸੀ ਪਿਛੇ ਨਰਸਾਂ ਤਿੰਨੇ ਕੋਨੇ ਜਿਹੇ ਫੜੀ ਧੱਕਾ ਜਿਹਾ ਲਾ ਰਹੇ ਸਨ। ਅੰਦਰ ਜਿੱਥੇ ਕੁ ਜਿਹੇ ਕਾਂਉਟਰ ਜਿਹਾ ਹੁੰਦਾ ਓਥੇ ਡਾਕਟਰ ਖੜਾ ਸੀ। ਚਿੱਟਾ ਲੰਬਾ ਕੋਟ ਉਹਦੇ ਪਾਇਆ ਹੋਇਆ ਸੀ। ਕੰਨਾਂ ਵਿੱਚ ਟੂਟੀਆਂ ਲਾਈਆਂ ਹੋਈਆਂ ਸਨ। ਸਾਰੀ ਕਹਾਣੀ ਬਲਜੀਤ ਨੇ ਉਹਨੂੰ ਕਹਿ ਦਿੱਤੀ ਸੀ।

"ਏਹ ਤਾਂ ਜੀ ਪੁਲੀਸ ਕੇਸ ਆ...ਪਹਿਲਾਂ ਪੁਲੀਸ ਰਿਪੋਰਟ ਲਿਆਓ ਫੇਰ ਜ਼ਖਮੀ ਨੂੰ ਦਾਖਲ ਕਰਾਂਗੇ ।"
"ਡਾਕਟਰ ਸਾਹਿਬ ਉਦੋਂ ਨੂੰ ਤਾਂ ਇਹ ਮਰਜੂਗਾ!"
"ਮੈਂ ਕੁੱਝ ਨਹੀਂ ਕਰ ਸਕਦਾ ਇਹ ਸਰਕਾਰ ਦਾ ਕਾਨੂੰਨ ਆ।"
"ਤੁਸੀਂ ਏਹੋ ਜਿਹੇ ਕਾਨੂੰਨ ਬਦਲਣ ਲਈ ਸਰਕਾਰਾਂ ਤੇ ਕੋਈ ਦਬਾਅ ਨੀ ਪਾਉਂਦੇ। ਕਦੇ ਕਾਂਗਰਸ ਕਦੇ ਅਕਾਲੀ ਆ ਜਾਂਦੇ ਆ ਥੋਨੂੰ ਧਰਮ ਦੇ ਨਾਮ ਤੇ ਲੜਾ ਕੇ ਰਾਜ ਭਾਗ ਸਾਂਭਣ, ਤੇ ਥੋਡੇ ਤੋਂ ਈ ਵੋਟਾਂ ਰੂਪੀ ਪਰਮਿਸ਼ਨ ਲੈ ਕੇ ਪੰਜ ਸਾਲ ਬੇਰੁਜ਼ਗਾਰਾਂ, ਕਿਸਾਨਾਂ ਨੂੰ ਚੋਰਾਹਿਆਂ 'ਚ ਕੁਟਵਾਉਂਦੇ ਨੇ ਇਹ ਅਨਪੜ੍ਹ ਲੀਡਰ ਤੇ ਤੁਸੀਂ ਕਦੇ ਕੁੱਲੀ, ਗੁੱਲੀ ਤੇ ਜੁਲੀ ਦੇ ਮਸਲੇ ਉਠਾਉਂਦੇ ਓ ਓਹਨਾਂ ਮੂਹਰੇ। ਤੇ ਓਹਨਾਂ ਦੇ ਸੱਦੇ ਤੇ ਲੱਖਾਂ ਦੀ ਗਿਣਤੀ ਵਿੱਚ ਰੈਲੀਆਂ ਚ ਭੇਡਾਂ ਵਾਂਗ ਉਹਨਾਂ ਦੀ ਘਟੀਆ ਸ਼ਬਦਾਵਲੀ ਵਾਲੇ ਭਾਸ਼ਣ ਸੁਣਨ ਜਾਂਦੇ ਓ ਆਵਦੇ ਕੰਮ ਧੰਦੇ ਛੱਡ ਕੇ।"

ਡਾਕਟਰ ਬਲਜੀਤ ਤੇ ਭਾਸ਼ਣ ਝਾੜ ਗਿਆ ਸੀ।
"ਡਾਕਟਰ ਸਾਹਿਬ ਇਕ ਫੋਨ ਕਰਲਾਂ?"
"ਹਾਂ ਕਰਲਾ।"

ਕਾਂਉਟਰ ਤੇ ਬੈਠੀ ਕੁੜੀ ਨੇ ਫੋਨ ਉੱਪਰ ਰੱਖ ਕੇ ਰਿਸੀਵਰ ਬਲਜੀਤ ਨੂੰ ਫੜਾ ਦਿੱਤਾ ਸੀ।

"ਸਤ ਸ੍ਰੀ ਅਕਾਲ ਭਾਬੀ ਬਲਜੀਤ ਬੋਲਦਾ।"
"ਸਤ ਸ੍ਰੀ ਅਕਾਲ ਬਲਜੀਤਿਆ ਕੀ ਹਾਲ ਆ ਤੇਰੇ।"
"ਹਾਲ ਠੀਕ ਆ ਭਾਬੀ ....ਬਾਈ?"
"ਉਹ ਤਾਂ ਸੁੱਤੇ ਪਏ ਆ... ਸਵੇਰੇ ਚਾਰ ਵਜੇ ਚੰਡੀਗੜ੍ਹ ਤੋਂ ਆਏ ਆ ਸਾਰੇ ਜਿਲਿਆਂ ਦੇ ਐਸ ਐਸ ਪੀਆਂ ਦੀ ਮੀਟਿੰਗ ਸੀ ..ਜਾਂ ਤਾ ਦੋ ਕੁ ਘੰਟੇ ਤੀਕ ਲਾ ਲਈਂ ਫੋਨ... ਓਦੋਂ ਨੂੰ ਮੈਂ ਜਗਾ ਦੇਵਾਂਗੀ ਓਹਨਾਂ ਨੂੰ?"
"ਨਹੀਂ ਭਾਬੀ ਬਹੁਤ ਜਰੂਰੀ ਕੰਮ ਆ ਹੁਣੇ ਫੋਨ ਦਿਓ।"
"ਇਕ ਮਿੰਟ ਰੁਕ ਫੇਰ ਦਿੰਨੀ ਆਂ।..ਬੋਲਦੇ ਨੀ ਬਲਜੀਤੇ ਦਾ ਫੋਨ ਆ।"
"ਉਹ ਕੀ ਹੋ ਗਿਆ ਇਹਨੂੰ ਸਵੇਰੇ ਸਵੇਰੇ...।" ਅੱਖਾਂ ਮਲਦਿਆ ਐਸ ਐਸ ਪੀ ਨੇ ਫੋਨ ਕੰਨ ਨੂੰ ਲਾਉਂਦੇ ਨੇ ਕਿਹਾ।
"ਹਾਂ ਵੀ ਬਲਜੀਤ?" 
"ਬਾਈ ਮੈਂ ਐਥੋਂ ਮੋਗੇ ਥਾਪਰ ਦੇ ਹਸਪਤਾਲ ਤੋਂ ਬੋਲਦਾਂ... ਸਾਡੀ ਕਾਲਜ ਦੀ ਕੰਟੀਨ ਵਾਲੇ ਭਲਵਾਨ ਨੂੰ ਕੋਈ ਫੇਟ ਮਾਰਕੇ ਸਿੱਟ ਗਿਆ ਤੇ ਹਸਪਤਾਲ ਵਾਲੇ ਪੁਲਿਸ ਰਿਪੋਰਟ ਮੰਗਦੇ ਆ!"
"ਆਹੋ ਯਾਰ ਪਰੈਪ ਮੈਂ ਵੀ ਡੀ ਐਮ ਕਾਲਜ ਤੋਂ ਈ ਕੀਤੀ ਆ ...ਭਲਵਾਨ ਤਾਂ ਬੜਾ ਪੁਰਾਣਾ ਕੰਟੀਨ 'ਤੇ ....ਸਾਧ ਬੰਦਾ!" ਐਸ ਐਸ ਪੀ ਨੇ ਕਿਹਾ।
"ਹਾਂ ਬਾਈ ਉਹੀ ਭਲਵਾਨ ਤਾਇਆ।"
"ਲਿਆ ਦੇ ਡਾਕਟਰ ਸਾਹਿਬ ਨੂੰ ਫੋਨ।"

ਫੋਨ ਬਲਜੀਤ ਨੇ ਡਾਕਟਰ ਨੂੰ ਫੜਾ ਦਿੱਤਾ ਸੀ।

"ਸਤ ਸ੍ਰੀ ਅਕਾਲ ਡਾਕਟਰ ਸਾਹਿਬ, ਮੈਂ ਐਸ ਐਸ ਪੀ ਫਿਰੋਜ਼ਪੁਰ ਰਵਿੰਦਰ ਸਿੰਘ ਬੋਲਦਾ। ਇਹ ਜਿਹੜਾ ਜ਼ਖਮੀ ਨੂੰ ਲੈ ਕੇ ਆਇਆ ਇਹ ਮੇਰੇ ਸਕੇ ਮਾਮੇ ਦਾ ਮੁੰਡਾ ਏ ਤੇ ਜ਼ਖਮੀ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਬਹੁਤ ਸ਼ਰੀਫ ਬੰਦਾ ..ਤੁਸੀਂ ਇਹਨੂੰ ਦਾਖਲ ਕਰੋ ਮੈਂ ਮੋਗੇ ਸਦਰ ਥਾਣੇ ਫੋਨ ਕਰਦਾਂ ਹੁਣੇ...ਪੰਦਰਾਂ ਮਿੰਟਾਂ ਚ ਰਿਪੋਰਟ ਤਿਆਰ ਕਰਕੇ ਥੋਨੂੰ ਦੇ ਜਾਂਦੇ ਆ।"
"ਠੀਕ.... ਹੋ ਗਿਆ ਐਸ ਐਸ ਪੀ ਸਾਹਿਬ।" ਡਾਕਟਰ ਨੇ ਕਿਹਾ।
"ਮਿਹਰਬਾਨੀ ਡਾਕਟਰ ਸਾਹਿਬ ...ਜੇ ਕਿਤੇ ਕੋਈ ਕੰਮ ਹੋਇਆ ਜਦੋਂ ਮਰਜੀ ਫੋਨ ਕਰ ਲਿਉ.. . ਨੰਬਰ ਮੇਰਾ ਬਲਜੀਤ ਤੋਂ ਲੈ ਲਿਉ।..

ਤੇ ਬਲਜੀਤ ਨੂੰ ਦਿਉ ਇਕ ਮਿੰਟ ਫੋਨ..।
ਹਾਂ ਬਲਜੀਤ ਤੂੰ ਫੋਨ ਰੱਖ ਮੈਂ ਮੋਗੇ ਥਾਣੇ ਫੋਨ ਕਰਦਾ ਹੁਣੇ ਭੇਜਦਾ ਬੰਦੇ ਤੇਰੇ ਕੋਲ।" 
"ਠੀਕ ਬਾਈ ਤੂੰ ਇਉਂ ਕਰ ਘਰੇ ਫੋਨ ਕਰਕੇ ਮੇਰੇ ਵਾਸਤੇ ਕੱਪੜੇ ਭਿਜਵਾ.. ਸਾਰੇ ਕਪੜੇ ਲਹੂ ਨਾਲ ਲਿਬੜ ਗਏ ਨੇ। ਮੇਰੇ ਕੋਲ ਟਾਇਮ ਹੈਨੀ ਘਰੇ ਫੋਨ ਕਰਨ ਵਾਸਤੇ।"
"ਤੂੰ ਕੱਟ ਫੋਨ ਮੈਂ ਹੁਣੇ ਕਰਦਾਂ।"

ਲੈ ਵੀ ਸਿਮਰਿਆ ਐਸ ਐਸ ਪੀ ਦੀ ਮਿਹਰਬਾਨੀ ਨਾਲ ਉਹਨਾਂ ਨੇ ਮੈਨੂੰ ਦਾਖਲ ਕਰ ਲਿਆ ਸੀ ਤੇ ਬਲੱਡ ਦਾ ਗਰੁੱਪ ਚੈੱਕ ਕਰਕੇ ਖੂਨ ਦੀ ਬੋਤਲ ਮੇਰੇ ਲਾ ਦਿੱਤੀ ਸੀ।

"ਇਸ ਗਰੁੱਪ ਦੇ ਖੂਨ ਦੀ ਇੱਕੋ ਈ ਬੋਤਲ ਆ ਹਸਪਤਾਲ 'ਚ ...ਤੁਸੀਂ ਅੱਠ ਦਸ ਬੰਦੇ ਲੱਭੋ ਖੂਨ ਦਾਨ ਕਰਨ ਵਾਲੇ ...ਉਨਾਂ ਚਿਰ ਮੈਂ ਦੂਸਰੇ ਹਸਪਤਾਲਾਂ ਨੂੰ ਫੋਨ ਕਰਦੀ ਆਂ ਜੇ ਉਹਨਾਂ ਕੋਲ ਬਲੱਡ ਹੋਇਆ ਤਾਂ?" ਇਕ ਨਰਸ ਨੇ ਬਲਜੀਤ ਕੋਲ ਆ ਕੇ ਕਿਹਾ ਸੀ।
"ਬਾਈ ਸਾਡਾ ਲੈ ਲਓ ਜੇ ਮੇਚ ਆਉਂਦਾ ਤੇ?" ਉਹਨਾਂ ਦੋਹਾਂ ਜਾਣਿਆਂ ਨੇ ਬਲਜੀਤ ਨੂੰ ਕਿਹਾ। "ਮਿਹਰਬਾਨੀ ਵੱਡੇ ਭਰਾਵੋ.... ਯਾਰ ਮੈਂ ਗੁੱਸੇ ਵਿੱਚ ਥੋਡੇ ਨਾਲ ਧੱਕਾ ਕਰ ਗਿਆ ਯਾਰ।"
"ਮਾਫ਼ੀ ਵਾਲੀ ਕੇਹੜੀ ਗੱਲ ਆ ਛੋਟਿਆ ਤੂੰ ਤੇ ਸਾਡੇ ਕਪਾਟ ਖੋਲ ਦਿੱਤੇ ਆ... ਜੇ ਇਹ ਉਥੇ ਮਰ ਜਾਂਦਾ ਤਾਂ ਸਾਡੀ ਤੇ ਸਾਰੀ ਉਮਰ ਜਮੀਰ ਨੇ ਸਾਨੂੰ ਲਾਹਣਤਾਂ ਪਾਉਣੀਆਂ ਸੀ।"
"ਭੈਣ ਜੀ ਏਹਨਾਂ ਦੋਹਾਂ ਦਾ ਕਰੋ ਖੂਨ ਚੈੱਕ ਜੇ ਮਿਲਦਾ ਏ ਤਾਂ!...ਤੇ ਮੈਂ ਹੋਰ ਬੰਦਿਆਂ ਦਾ ਪ੍ਰਬੰਧ ਕਰਦਾਂ।" ਕਹਿ ਕੇ ਬਲਜੀਤ ਹਸਪਤਾਲ ਦੇ ਗੇਟ ਤੋਂ ਬਾਹਰ ਨੂੰ ਭੱਜਿਆ ਸੀ। ਸੱਤ ਅੱਠ ਬੰਦੇ ਕਿਥੋਂ ਲਿਆਵਾਂ?

ਹਾਂ ਸੱਚ ਕਾਲਜ ਖੁੱਲ ਗਿਆ ਹੋਣਾ ਕਲਾਸਾਂ ਚੋਂ ਕੱਢ ਕੇ ਲਿਆਉਨਾ ਮੁੰਡੇ ਕੁੜੀਆਂ ਨੂੰ। ਬਾਹਰ ਇਕ ਰਿਕਸ਼ੇ ਵਾਲਾ ਖੜਾ ਸੀ। ਬਲਜੀਤ ਓਹਦੇ ਕੋਲ ਜਾ ਖੜਾ ਹੋਇਆ ਸੀ। "ਵੀਰਿਆ ਡੀ ਐਮ ਕਾਲਜ ਜਾਣਾ... ਏਥੇ ਮਰੀਜ਼ ਦਾਖਲ ਆ ਖੂਨ ਚਾਹੀਦਾ ..ਉਥੋਂ ਮੁੰਡੇ ਕੱਠੇ ਕਰ ਕੇ ਲਿਆਉਣੇ ਆ... ਕਿਸੇ ਦੀ ਜਾਨ ਦਾ ਸਵਾਲ ਆ।"
"ਤੂੰ ਇਉਂ ਕਰ ਮੇਰੇ ਪੰਜ ਸੱਤ ਰੁਪਇਆਂ ਨੂੰ ਮਾਰ ਗੋਲੀ ...ਉਹ ਸਾਹਮਣੇ ਖੱਚਰ ਰੇਹੜੇ ਵਾਲਾ ਖੜਾ... ਉਹਦੇ ਤੇ ਚੜਜਾ ..ਉਹ ਤੈਨੂੰ ਪੰਦਰਾਂ ਮਿੰਟਾਂ ਵਿੱਚ ਪਹੁੰਚਾਦੂਗਾ ਤੇ ਮੈਂ ਉਨਾਂ ਚਿਰ ਅੰਦਰ ਜਾਨਾਂ ..ਜੇ ਮੇਰਾ ਖੂਨ ਮਿਲ ਗਿਆ ਤੇ ਮੈਂ ਕਰਦਾ ਦਾਨ।  ਰਿਕਸ਼ੇ ਵਾਲੇ ਨੇ ਬਲਜੀਤ ਨੂੰ ਕਿਹਾ ਸੀ।

ਬਲਜੀਤ ਦੀਆਂ ਅੱਖਾਂ ਭਰ ਆਈਆਂ ਸਨ ਕੇ ਯਾਰ ਕਿੱਡੇ ਵੱਡੇ ਦਿਲ ਹੁੰਦੇ ਆ ਗਰੀਬਾਂ ਦੇ ਤਾਂ ਹੀ ਸ਼ਾਇਦ ਰੱਬ ਏਹਨਾਂ ਨੂੰ ਬਹੁਗਿਣਤੀ 'ਚ ਪੈਦਾ ਕਰਦਾ।

"ਤੂੰ ਕੀ ਸੋਚੀਂ ਪੈ ਗਿਆ ਟਾਇਮ ਨਾ ਖਰਾਬ ਕਰ।" ਸਾਫੇ ਨਾਲ ਕੱਪੜੇ ਝਾੜਦੇ ਨੇ ਬਲਜੀਤ ਨੂੰ ਕਿਹਾ ਸੀ। ਤੇ ਆਪ ਉਹ ਕਾਹਲੇ ਕਦਮੀਂ ਹਸਪਤਾਲ ਵੱਲ ਨੂੰ ਹੋ ਤੁਰਿਆ ਸੀ।

"ਬਾਈ ਡੀ ਐਮ ਕਾਲਜ ਜਾਣਾ।"
"ਉਹ ਕਿੱਥੇ ਕੁ ਆ?" ਖੱਚਰ ਰੇਹੜੇ ਵਾਲੇ ਨੇ ਬਲਜੀਤ ਨੂੰ ਪੁੱਛਿਆ ਸੀ।
"ਨਹਿਰੂ ਪਾਰਕ ਦਾ ਪਤਾ?" 
"ਆਹੋ ਪਤਾ ਆ" 
"ਉਹਦੇ ਨਾਲ ਈ ਆ।"
"ਵੀਹ ਰੁਪਈਏ ਲਉਂਗਾ ...ਮੰਨਜੂਰ ਆ?"
"ਆਹ ਚੱਕ 50 ਰੁਪਏ ਪਰ ਵੀਰ ਮੇਰਿਆ ਖਿੱਚ ਦੇ ਮਾੜਾ ਜਿਹਾ।" 

ਛਮਕ ਉਹਨੇ ਖੱਚਰ ਨੂੰ ਮਾਰੀ ਸੀ। ਬਲਜੀਤ ਰੇਹੜੇ ਦੇ ਪਿਛਲੇ ਪਾਸੇ ਲੱਤਾਂ ਲਮਕਾ ਕੇ ਬਹਿ ਗਿਆ ਸੀ। ਮੁੱਖ ਸੜਕ ਤੋਂ ਰੇਹੜਾ, ਗਾਂਧੀ ਰੋਡ ਨੂੰ ਮੋੜ ਲਿਆ ਸੀ। ਦੌੜਦਾ ਰੇਹੜਾ ਡੀ ਐਮ ਕਾਲਜ ਵੱਲ ਨੂੰ ਜਾ ਰਿਹਾ ਸੀ।
ਬਲਰਾਜ ਬਰਾੜ ਚੋਟੀਆਂ ਠੋਬਾ
1.416.455.8484


 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com