WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            
   

ਭਾਗ 3

  


ਕਿਸ਼ਤ ਨੰਬਰ 3
ਭਲਵਾਨ ਦੀ ਕੰਟੀਨ 

ਚੱਕ ਦਾਨੇਵਾਲਾ।
ਸਿਮਰਜੀਤ ਸਿੰਘ ਸਿਮਰਾ ਦਾ ਪਿੰਡ ਮੋਗਾ ਫਿਰੋਜ਼ਪੁਰ ਰੋਡ  ਤੋਂ ਤਕਰੀਬਨ 3 ਕਿਲੋਮੀਟਰ ਹਟਵਾਂ ਸੀ। ਅੱਜ ਸਿਮਰੇ ਦਾ ਜਨਮ ਦਿਨ ਸੀ। ਖੁਸ਼ੀ ਦੇ ਨਾਲ ਉਦਾਸੀ ਨੇ ਸਿਮਰੇ ਨੂੰ ਘੇਰਿਆ ਹੋਇਆ ਸੀ। ਕਿਤਾਬਾਂ ਡਿੱਗੀ ਚ ਰੱਖ ਕੇ ਸਿਮਰਾ ਕਾਲਜ ਨੂੰ ਚੱਲ ਪਿਆ ਸੀ। 11 ਸਾਲਾਂ ਦਾ ਸੀ ਸਿਮਰਾ ਜਦੋਂ ਸਿਮਰੇ ਦੀ ਮਾਂ ਦੀ ਜਿਗਰ ਦੇ ਕੈਂਸਰ ਨਾਲ ਮੌਤ ਹੋ ਗਈ ਸੀ। 

ਭੱਜ ਭੱਜ ਵੇਹੜੇ ਚ ਕੰਮ ਕਰਨ ਵਾਲੀ ਸਿਮਰੇ ਦੀ ਮਾਂ 31 ਸਾਲ ਦੀ ਭਰ ਜੋਬਨ ਰੁੱਤੇ,  ਮੌਤ ਸੱਤ ਦਿਨਾਂ ਵਿੱਚ ਹੀ ਘੇਰ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਈ ਸੀ। ਸਿਮਰੇ ਦੀ ਦਾਦੀ ਵੀ 35 ਸਾਲ ਦੀ ਸੀ ਜਦੋਂ ਸਾਹ ਦੀ ਬਿਮਾਰੀ ਉਹਨੂੰ ਅਦਿੱਖ ਸੰਸਾਰ ਵੱਲ ਲੈ ਗਈ ਸੀ। 

'ਉਧਰੋਂ ਕੋਈ ਨਾ ਬਹੁੜਿਆ ਏਧਰੋਂ ਤੁਰ ਗਏ ਲੱਖ ਫਰੀਦਾ !'

ਮਾਵਾਂ ਦਾ ਜਾਣੀ ਏਸ ਘਰ ਨਾਲ ਮੁੱਢ ਕਦੀਮ ਤੋਂ ਹੀ ਵੈਰ ਸੀ।

ਸਿਮਰੇ ਦਾ ਜਨਮ ਮੋਗੇ, ਵਜਾਨ ਦੇ ਹਸਪਤਾਲ ਦਾ ਸੀ। ਮੋਟਰਸਾਈਕਲ ਦੇ ਗੇੜੇ ਖਵਾਉਣ ਵਾਲੇ ਸਿਮਰੇ ਤੋਂ ਮੋਟਰਸਾਈਕਲ ਮਸਾਂ ਈ ਚੱਲ ਰਿਹਾ ਸੀ। 
ਇਕ ਦਿਨ ਸਿਮਰੇ ਦਾ ਬਾਪ ਜਸਬੀਰ ਸਿੰਘ ਵੇਹੜੇ 'ਚ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਮਾਂ ਚਾਟੀ 'ਚ ਮਧਾਣੀ ਪਾ ਕੇ ਚਾਟੀ ਨੂੰ ਪੈਰ ਲਾ ਕੇ ਪੀੜ੍ਹੀ ਤੇ ਬਹਿ ਕੇ ਦੁੱਧ ਰਿੜਕ ਰਹੀ ਸੀ। ਗੇਰੂ ਰੰਗੀ ਚਾਟੀ ਦੇ ਗਲਮੇ ਤੇ ਗੂੜੇ ਹਰੇ ਰੰਗ ਦੇ ਫੁੱਲ ਜਿਹੇ ਵਾਹੇ, ਧੁੱਪ ਨਾਲ ਹੋਰ ਵੀ ਚਮਕ ਰਹੇ ਸਨ।
ਇਕ ਵਾਰੀ ਸਿਮਰੇ ਦੇ ਰਿਸ਼ਤੇਦਾਰੀ 'ਚ ਵਿਆਹ ਸੀ, ਭਦੌੜ ਵੱਲ ਓਥੋਂ ਲਿਆਂਦੀ ਸੀ ਇਹ ਚਾਟੀ।

"ਸਿਮਰੇ ਦੇ ਪਾਪਾ, ਹੁਣ ਭਦੌੜ ਕੋਲ ਆਏਂ ਈ ਆ.. ਇਥੋਂ ਚਾਟੀਆਂ ਨਾ ਲੈ ਚੱਲੀਏ?"
"ਓ ਤੂੰ ਦਫਾ ਕਰ ਚਾਟੀਆਂ ਨੂੰ ..ਐਵੇਂ ਵਲ ਪਾ ਕੇ ਜਾਣਾ ਪਊਗਾ।" ਜਸਬੀਰ ਸਿੰਘ ਨੇ ਕਿਹਾ ਸੀ।
"ਕੁੱਛ ਨੀ ਫਰਕ ਪੈਂਦਾ ਪੰਦਰਾਂ ਮਿੰਟ ਈ ਲੱਗਣੇ ਆ...ਨਾਲੇ ਤੁਸੀ ਕਿਹੜਾ ਬੋਤੇ ਤੇ ਬੈਠਾ ਕੇ ਲਿਜਾਣਾ ....ਜੀਪ ਭਦੌੜ ਨੂੰ ਈ ਮੋੜ ਲੈਣੀ ਆ।"
"ਚੰਗਾ ਬਾਬਾ।"

'ਭਾਈ ਬਖਤੌਰੇ ਬਣਦੇ ਟਕੂਏ, ਰੱਲੇ ਬਣੇ ਗੰਡਾਸੀ,
ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ, ਸ਼ਹਿਰ ਭਦੌੜ ਦੀ ਚਾਟੀ।
ਗਿਦੜਬਾਹੇ ਨਸਵਾਰ ਬਣੇਦੀਂ ਕਸਰ ਰਹੀ ਨਾ ਬਾਕੀ,
ਚੜਜਾ ਬੋਤੇ ਤੇ ਮਨ ਲੈ ਭੌਰ ਦੀ ਆਖੀ।'

ਸਿਮਰੇ ਦੀ ਮਾਂ ਨੇ ਜੀਪ ਦੀ ਅਗਲੀ ਸੀਟ ਤੇ ਬੈਠੀ ਨੇ ਬੋਲੀ ਪਾਈ ਸੀ।

"ਨਾ ਆਹ ਤੂੰ ਬੰਦਿਆਂ ਵਾਲੀ ਬੋਲੀ ਕਿਥੋਂ ਪਾ ਤੀ।" ਜਸਬੀਰ ਸਿੰਘ ਨੇ ਕਿਹਾ।

"ਮੈਨੂੰ ਚੰਗੀ ਲੱਗੀ ਮੈਂ ਪਾ ਤੀ।"

"ਚੰਗਾ ਹੁਣ ਲੈ ਆ ਚਾਟੀਆਂ... ਦੋ ਲੈ ਆਈਂ, ਭਲਕ ਨੂੰ ਫੇਰ ਕਹੇਂਗੀ ਜੇ ਟੁੱਟ ਗਈ ਤਾਂ।"  ਜੀਪ ਘੁਮਿਆਰਾਂ ਦੀਆਂ ਦੁਕਾਨਾਂ ਸਾਹਮਣੇ ਲਾਉਂਦੇ ਜਸਬੀਰ ਸਿੰਘ ਨੇ ਕਿਹਾ ਸੀ। 
"ਨਾਲੇ ਜਿੰਨੇ ਮੰਗੇ ਓਨੇ ਦੇ ਆਈਂ ..ਐਵੇਂ ਨਾ ਬੁੜੀਆਂ ਵਾਂਗੂ ਭਾਅ ਕਰਨ ਲੱਗ ਜਾਈਂ। ਕੁਵੇਲਾ ਅੱਗੇ ਈ ਬਹੁਤ ਹੋ ਗਿਆ। ਬੁੜੀਆਂ ਦਾ ਵੀ ਸਰਿਆ ਈ ਪਿਆ...ਨਾਲਾ ਖਰੀਦਣ ਵੇਲੇ ਵੀ ਦੁਕਾਨਦਾਰਾਂ ਨਾਲ ਭਾਅ ਕਰੀ ਜਾਣਗੀਆਂ, ਜਿਵੇਂ ਜਹਾਜ਼ ਖਰੀਦਣਾ ਹੁੰਦਾ।"

ਉਸੇ ਚਾਟੀ 'ਚ ਸਿਮਰੇ ਦੀ ਮਾਂ ਦੁੱਧ ਰਿੜਕ ਰਹੀ ਸੀ।

"ਤੈਨੂੰ ਕਿੰਨੀ ਵਾਰ ਕਿਹਾ ਕੇ ਮਸ਼ੀਨ ਨਾਲ ਦੁੱਧ ਰਿੜਕ ਲਿਆ ਕਰ, ਕੰਮ ਛੇਤੀ ਨਿਬੜ ਜਾਂਦਾ..ਇਹ ਲਿਆਂਦੀ ਕਾਹਦੇ ਵਾਸਤੇ ਆ ?" ਜਸਬੀਰ ਸਿੰਘ ਨੇ ਕਿਹਾ ਸੀ।
"ਨਹੀਂ ਸਿਮਰੇ ਦੇ ਪਾਪਾ ਜਿਹੜਾ ਹੱਥਾਂ ਨਾਲ ਦੁੱਧ ਰਿੜਕ ਕੇ ਘਿਉ ਤੇ ਲੱਸੀ ਬਣਦੀ ਆ, ਉਹਦੇ ਵਰਗਾ ਸਵਾਦ ਮਸ਼ੀਨ 'ਚ ਰਿੜਕਣ ਨਾਲ ਕਿਥੋਂ ਆਉਂਦਾ। ਨਾਲੇ ਲੱਤਾਂ ਬਾਹਾਂ 'ਚ ਜਾਨ ਜਿਹੀ ਪੈ ਜਾਂਦੀ ਆ। ਨਾਲੇ ਮੈਂ ਤਾਂ ਆਵਦੀ ਨੂੰਹ ਤੋਂ ਵੀ ਦੁੱਧ ਹੱਥਾਂ ਨਾਲ ਈ ਰਿੜਕਵਾਇਆ ਕਰਾਂਗੀ।   ਪਰੀਆਂ ਤੋਂ ਵੀ ਸੋਹਣੀ ਵਹੁਟੀ ਲੈ ਕੇ ਆਉਂਗੀ ਮੇਰੇ ਪੁੱਤ ਵਾਸਤੇ...ਕੋਹ ਕਾਫ ਦੀਆਂ ਪਰੀਆਂ ਵੀ ਵੇਖਣ ਆਇਆ ਕਰਨਗੀਆਂ ਮੇਰੀ ਨੂੰਹ ਨੂੰ, ਕੇ ਸਾਡੇ ਤੋਂ ਵੀ ਕੋਈ ਸੋਹਣੀ ਹੈਗੀ ਆ! ...ਨਾਲੇ ਮੈਂ ਮੋਗੇ ਦੇ ਸਾਰੇ ਕਾਲਜਾਂ ਸਾਹਮਣੇ ਖੜ ਜਾਇਆ ਕਰਨਾ...ਜਿਹੜੀ ਸਾਰਿਆਂ ਤੋਂ ਸੋਹਣੀ ਹੋਈ, ਉਹੀ ਵਿਆਹ ਕੇ ਲਿਆਊਂ ਮੇਰੇ ਪੁੱਤ ਵਾਸਤੇ।"
"ਐਵੇਂ ਨਾ ਕਿਸੇ ਕੁੜੀ ਤੋਂ ਹਯਾ ਲੁਹਾ ਲੀਂ, ਨਾਂਹ ਕੀ ਕਹੇਂਗੀ ਕੁੜੀ ਨੂੰ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਆਵਦੀ ਨੂੰਹ ਬਣਾਉਣਾ?" ਜਸਬੀਰ ਸਿੰਘ ਨੇ ਕਿਹਾ।
"ਨਾ ਨਾ ਨਾ ਸਿਮਰੇ ਦੇ ਪਾਪਾ ਮੈਂ ਕੁੜੀ ਤੋਂ ਉਹਦੇ ਪਿਉ ਦਾ ਪਤਾ ਲੈ ਕੇ ਓਹਦੇ ਘਰ ਜਾ ਵਜੂੰਗੀ ਕੇ ਸਰਦਾਰ ਐਨੀ ਪੈਲੀ ਆਉਂਦੀ ਆ ਮੇਰੇ ਪੁੱਤ ਨੂੰ, ਐਨੀ ਜਮੀਨ ਵਾਲੇ ਨੂੰ ਤਾਂ ਰਾਸ਼ਟਰਪਤੀ ਵੀ ਨਾਂਹ ਨਾ ਕਰੇ ਆਵਦੀ ਕੁੜੀ ਦਾ ਰਿਸ਼ਤਾ ਦੇਣ ਲੱਗਾ।"

"ਚੰਗਾ ਚੰਗਾ, ਤੂੰ ਈ ਜਾ ਵੜੀ ਅਗਲੇ ਦੇ ਘਰੇ...ਬਿਨਾਂ ਨਾਈ ਵਿਚੋਲੇ ਤੋਂ ਮੈਥੋਂ ਤਾਂ ਨਹੀਂ  ਜਾਇਆ ਜਾਣਾ ਦਾੜੀ ਪਟਾਉਣ।" ਕਹਿ ਕੇ ਜਸਬੀਰ ਸਿੰਘ ਹੱਸਿਆ ਸੀ।

ਤੁਰ ਗਈ ਏਂ ਕਿਹੜੇ ਦੇਸ਼ ਨੀ ਮਾਏ,
ਦੇਸ਼ ਹੋਇਆ ਪਰਦੇਸ ਨੀ ਮਾਏ ,
ਸੁੰਨੇ ਹੋ ਗਏ ਵਿਹੜੇ ਨੀ ਮਾਏ।
ਭੱਜਕੇ ਗਈ ਚਾਟੀ ਲੱਸੀ ਵਾਲੀ ,
ਰੁੜ ਗਏ ਮੱਖਣ ਪੇੜੇ ਨੀ ਮਾਏ।
ਮੁੜ ਨਾ ਮਿਲਿਆ ਮਿਠਾ ਪਾਣੀ ,
ਲੱਖਾਂ ਖੂਹ ਅਸਾਂ ਗੇੜੇ ਨੀ ਮਾਏ।
ਤੁਰ ਗਈ ਏਂ ਕਿਹੜੇ ਦੇਸ਼ ਨੀ ਮਾਏ।

ਸਿਮਰੇ ਨੇ ਮੋਟਰਸਾਈਕਲ ਕਾਲਜ ਦੀ ਬਜਾਏ ਮੁੱਖ ਸੜਕ ਤੋਂ ਸੱਜੇ ਨੂੰ ਅਕਾਲਸਰ ਰੋਡ ਤੇ ਮੋੜ ਲਿਆ ਸੀ। ਫਾਟਕ ਟੱਪ ਕੇ ਵਜਾਨ ਦੇ ਹਸਪਤਾਲ ਸਾਹਮਣੇ ਜਾ ਖੜਾ ਕੀਤਾ ਸੀ। ਹਸਪਤਾਲ ਦੇ ਛੋਟੇ ਜਿਹੇ ਲਾਅਨ 'ਚ ਆ ਕੇ ਸਿਮਰਾ ਬਹਿ ਗਿਆ ਸੀ। ਜੰਮਣ ਪੀੜਾਂ ਸਹਿ ਕੇ ਅੱਜ ਦੇ ਦਿਨ ਜਨਮਿਆ ਸੀ, ਮਾਂ ਨੇ ਸਿਮਰਾ। ਸਿਮਰੇ ਨੂੰ ਵਿਸ਼ਵਾਸ ਸੀ ਕਿ ਅੱਜ ਦੇ ਦਿਨ ਮਾਂ ਦੀ ਰੂਹ ਜਰੂਰ ਵਜਾਨ ਦੇ ਹਸਪਤਾਲ ਆਉਂਦੀ ਹੋਵੇਗੀ। ਫੇਰ ਆਪਣੇ ਆਪ ਨਾਲ ਈ ਗੱਲਾਂ ਕਰਨ ਲੱਗ ਪਿਆ। 'ਵੇਖ ਲਾ ਸਿਮਰ ਸਿਹਾਂ ਰੱਬ ਹਰੇਕ ਚੀਜ਼ ਹਰੇਕ ਨੂੰ ਨੀ ਦਿੰਦਾ, ਮੇਰੇ ਕੋਲ ਪੈਸਾ ਆ, ਜ਼ਮੀਨ ਆ, ਪਰ ਮੈਂ ਸਮਝਦਾ ਮੇਰੇ ਕੋਲ ਕੁੱਝ ਵੀ ਨਹੀਂ ਨਾ ਮਾਂ, ਨਾ ਦਾਦੀ, ਨਾ ਮਾਂ ਦੀਆਂ ਚੱਜ ਨਾਲ ਲੋਰੀਆਂ ਸੁਣੀਆਂ, ਨਾ ਦਾਦੀ ਦੀਆਂ ਪੂਰਨ ਭਗਤ, ਰੂਪ ਬਸੰਤ ਵਾਲੀਆਂ ਬਾਤਾਂ , ਗਵਾਂਢੀ ਬਾਬੇ ਬਸੰਤ ਸਿੰਘ ਕੇ ਵੇਖਲਾ ,ਬਾਬਾ ਬਸੰਤ ਸਿਉਂ ਤੇ ਓਹਦੀ ਘਰ ਵਾਲੀ ਅੰਮਾ ਬਚਨ ਕੌਰ ਦੀ 100 ਵਰੇ ਤੋਂ ਉੱਪਰ ਉਮਰ ਆ , ਪਿਛਲੇ ਮਹੀਨੇ ਉਹਨਾਂ ਨੇ ਆਵਦਾ ਪੜਪੋਤਰਾ ਵੀ ਵਿਆਹ ਲਿਆਂਦਾ।'

'ਭਾਵੇਂ ਗਰੀਬੀ ਆ ਪਰ ਸਾਰਾ ਟੱਬਰ ਆਥਣੇ ਕੱਠੇ ਬੈਠ ਕੇ ਰੋਟੀ ਖਾਂਦੇ ਆ, ਢੋਲੇ ਦੀਆਂ ਲਾਉਂਦੇ ਆ। ਏਧਰ ਮੇਰੀ ਦਾਦੀ ਨੇ ਮੇਰੀ ਮਾਂ ਦਾ ਮੁੱਖ ਨੀ ਵੇਖਿਆ ਤੇ ਉਧਰੋਂ ਮੇਰੀ ਮਾਂ ਪਰੀਆਂ ਵਰਗੀ ਨੂੰਹ ਦੇ ਸੁਪਨੇ ਲੈਂਦੀ, ਸੰਸਾਰ ਨੂੰ ਫਤਿਹ ਬੁਲਾ ਗਈ।'  ਜਿਸਮਾਨੀ ਤੇ ਰੂਹਾਨੀ ਤੌਰ ਤੇ ਭੰਨਿਆ ਸਿਮਰਾ ਲਾਅਨ ਤੇ ਈ ਟੇਡਾ ਹੋ ਗਿਆ ਸੀ। ਪਤਾ ਈ ਨੀ ਕਦੋਂ ਨੀਂਦ ਆ ਗਈ ਸੀ। ਸੁੱਤੇ ਪਏ ਸਿਮਰੇ ਦੇ ਸੁਪਨੇ 'ਚ ਮਾਂ ਆਈ ਸੀ।

ਨਾ ਪੁੱਤ ਰੋ ਨਾ ਮੈਂ ਤੇਰੇ ਕੋਲ ਈ ਹੁੰਨੀ ਆ। ਸਿਮਰੇ ਦਾ ਸਿਰ ਮਾਂ ਨੇ ਗੋਦੀ 'ਚ ਰੱਖ ਲਿਆ ਸੀ।
"ਕੋਲ ਈ ਹੁੰਨੀ ਆਂ ਮੈਂ ਤੇਰੇ ਜਦੋਂ ਤੂੰ ਤੇਜ ਮੋਟਰਸਾਈਕਲ ਚਲਾਉਂਨਾ ,ਵੇਹਨੀ ਆ ਮੈਂ ਤੈਨੂੰ ਰੋਟੀ ਖਾਂਦੇ ਨੂੰ, ਤੇ ਸ਼ਰਾਬ ਪੀਂਦੇ ਨੂੰ।
ਤੂੰ ਪੁੱਤ ਨਿੱਤ ਨਾ ਸ਼ਰਾਬ ਪੀਆ ਕਰ, ਕਦੇ ਵਿਆਹ ਮੰਗਣੇ ਤੇ ਆਵਦੇ ਯਾਰਾਂ ਨਾਲ ਪੀ ਲਿਆ ਕਰ ਤੇ ਰੋਟੀ ਵੀ ਹੁਣ ਤੂੰ ਬੇ-ਟਾਇਮੀ ਖਾਣ ਲੱਗ ਪਿਆ। ਮੈਂ ਤੈਨੂੰ ਓਦੋਂ ਵੀ ਵੇਖਦੀ ਹੁੰਨੀ ਆਂ ਜਦੋਂ ਤੂੰ ਮੋਗੇ ਦੇ ਕਾਲਜਾਂ ਮੂਹਰੇ ਖੜਦਾ ਮੇਰੇ ਵਾਸਤੇ ਨੂੰਹ ਲੱਭਣ ਨੂੰ।" ਹਾ ਹਾ ਹਾ ਕਹਿ ਕੇ ਮਾਂ ਹੱਸੀ ਸੀ।

"ਹਾਂ ਮਾਂ ਤੂੰ ਕਹਿੰਦੀ ਹੁੰਦੀ ਸੀ ਨਾ ਕਿ ਮੈਂ ਕਾਲਜਾਂ ਮੂਹਰੇ ਖੜ ਜਾਇਆ ਕਰਨਾ।... ਤੇ ਹੁਣ ਮੈਂ ਤੇਰੀ ਰੀਝ ਪੁਗਾਉਣ ਵਾਸਤੇ ਕਾਲਜਾਂ ਮੂਹਰੇ ਜਾ ਖੜਦਾਂ... ਪਰ ਜਿਹੋ ਜਿਹੀ ਤੂੰ ਨੂੰਹ ਭਾਲਦੀ ਸੀ ਓਹੋ ਜਿਹੀ ਮੈਨੂੰ ਅਜੇ ਲੱਭੀ ਨੀ। ਤੇ ਨਾਲੇ ਮਾਂ ਮੈਂ ਗੰਦੀ ਸੋਚ ਨਾਲ ਕਾਲਜਾਂ ਸਾਹਮਣੇ ਨੀ ਖੜਦਾ ਜਿਵੇਂ ਹੋਰ ਮੁੰਡੇ ਖੜਦੇ ਆ, ਕਿਸੇ ਦਾ ਲਿਖਿਆ ਪੜਿਆ ਸੀ। 
ਜਿਨ੍ਹਾਂ ਲਈ ਪਹਿਲੀ ਮੁਹੱਬਤ ਮਾਂ ਹੋਵੇ,
ਉਹ ਇਸ਼ਕ ਵੀ ਰੂਹਾਂ ਦਾ ਈ ਕਰਦੇ ਨੇ।
ਤੇ ਸੱਚ ਮਾਂ ਜਿਥੇ ਤੂੰ ਰਹਿੰਦੀ ਏਂ ਉਥੇ ਦਾਦੀ ਵੀ ਮਿਲਦੀ ਹੋਣੀ ਆਂ।"

"ਨਹੀਂ ਪੁੱਤ ...ਮੈਂ ਪੁੱਛਿਆ ਸੀ ਧਰਮਰਾਜ਼ ਨੂੰ.. ਉਹ ਕਹਿੰਦਾ ਕੇ ਉਹਨੇ ਕਿਤੇ ਹੋਰ ਜਨਮ ਲੈ ਲਿਆ...ਨਾ ਧਰਤੀ ਤੇ ਮੇਲੇ ਹੋਏ ਸਾਡੇ ਨੂੰਹ ਸੱਸ ਦੇ ਤੇ ਨਾ ਦਰਗਾਹੀਂ। ਚੰਗਾ ਪੁੱਤ ਹੁਣ ਚਲਦੀ ਆਂ, ਫੇਰ ਆਉਂਦੀ ਰਹੂੰਗੀ ਤੇਰੇ ਕੋਲ ਐਨਾ ਈ ਟਾਇਮ ਦਿਤਾ ਸੀ ਧਰਮਰਾਜ ਨੇ।"

ਢੋਲ ਦੇ ਡਗੇ ਨੇ ਸਿਮਰੇ ਦਾ ਸੁਪਨਾ ਤੋੜਿਆ ਸੀ। ਹਸਪਤਾਲ ਦੇ ਅੰਦਰੋਂ ਕੋਈ ਨਵੇਂ ਜੰਮੇ ਬੱਚੇ ਨੂੰ ਖੁਸ਼ੀਆਂ ਨਾਲ ਘਰ ਨੂੰ ਲਿਜਾ ਰਹੇ ਸਨ। ਮੂਹਰੇ ਢੋਲੀ ਢੋਲ ਵਜਾਉਂਦਾ ਗੇਟ ਵੱਲ ਨੂੰ ਜਾ ਰਿਹਾ ਸੀ। ਪਿਛੇ ਰਿਸ਼ਤੇਦਾਰ ਭੰਗੜਾ ਪਾਉਂਦੇ ਜਾ ਰਹੇ ਸਨ। ਨਿੱਕਾ ਜਿਹਾ ਬੱਚਾ ਭੰਗੂੜੇ 'ਚ ਪਾਇਆ ਛੋਟੇ ਛੋਟੇ ਕੰਬਲਾਂ 'ਚ ਵਲੇਟਿਆ ਸਿਮਰੇ ਨੂੰ ਬੜਾ ਸੋਹਣਾ ਲਗਿਆ ਸੀ। ਮਨ ਸਿਮਰੇ ਦਾ ਇਕ ਵਾਰੀ ਫੇਰ ਭਰ ਆਇਆ ਸੀ। ਅੱਜ ਦੇ ਦਿਨ ਇੱਕੀ ਸਾਲ ਪਹਿਲਾਂ ਮੇਰੇ ਨਾਨਕੇ ਦਾਦਕੇ ਵੀ ਏਸੇ ਗੇਟ ਖੁਸ਼ੀਆਂ ਮਨਾਉਂਦੇ ਲੰਘੇ ਹੋਣਗੇ। ਵੈਰਾਗ 'ਚ ਆਏ ਸਿਮਰੇ ਨੇ ਕੋਲ ਜਾ ਕੇ ਸੌ ਰੁਪਈਏ ਬੱਚੇ ਦੇ ਨਿੱਕੇ ਨਿੱਕੇ ਹੱਥਾਂ ਵਿੱਚ ਰੱਖ ਦਿਤੇ ਸਨ।

"ਕੌਣ ਆ ਤੂੰ ਕਾਕਾ?" ਉਹਨਾਂ ਵਿੱਚੋਂ ਇਕ ਬਜ਼ੁਰਗ ਨੇ ਪੁੱਛਿਆ ਸੀ।
"ਬਾਪੂ ਜੀ ਮਰੀਜ ਦਾਖਲ ਆ ਹਸਪਤਾਲ 'ਚ....ਉਧਰੋਂ ਤੁਸੀਂ ਬੱਚੇ ਨੂੰ ਲੈ ਕੇ ਲੰਘੇ ਜਾਂਦੇ ਸੀ। ਜਵਾਕ ਸੋਹਣਾ ਲੱਗਿਆ ਮੈਂ ਕਿਹਾ ਚੱਲ ਸ਼ਗਨ ਈ ਦੇ ਦਿੰਦੇ ਹਾਂ।"
 "ਸ਼ੇਰਾ ਇਹ ਤਾਂ ਬਾਹਲੇ ਆ.. ਥੋੜੇ ਦੇ ਦੇਣੇ ਸੀ।....ਫੇਰ ਵੀ ਮਿਹਰਬਾਨੀ ਤੇਰੀ ਜਵਾਨਾਂ।"
ਬਲਰਾਜ ਬਰਾੜ ਚੋਟੀਆਂ ਠੋਬਾ 
WhatsApp 1.416.455.8484


 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com