ਲੈ ਵੀ ਸਿਮਰਿਆ ਚਾਰ ਕੁ ਸਾਲ ਪਹਿਲਾਂ ਦੀ ਗੱਲ ਆ।
ਸਿਆਲਾਂ ਦੇ
ਦਿਨ ਸਨ। ਓਹਨਾਂ ਦਿਨਾਂ 'ਚ ਲੋਹੜੇ ਦੀ ਧੁੰਦ ਪੈ ਰਹੀ ਸੀ। ਸੂਰਜ ਮਸਾਂ ਸਾਰੀ
ਦਿਹਾੜੀ ਚ ਘੰਟਾ ਦੋ ਘੰਟੇ ਵਿਖਾਲੀ ਦਿੰਦਾ। ਮੇਰੀ ਭੈਣ ਤਲਵੰਡੀ ਭਾਈ ਵਿਆਹੀ ਵੀ ਆ।
ਓਹਦਾ ਘਰ ਵਾਲਾ ਦੋ ਸਾਲਾਂ ਤੋਂ ਅਧਰੰਗ ਦਾ ਮਰੀਜ਼ ਆ। ਮੈਂ ਐਤਵਾਰ ਐਥੋਂ ਓਹਦਾ ਪਤਾ
ਲੈਣ ਤਲਵੰਡੀ ਨੂੰ ਤੁਰ ਪਿਆ ਮੋਪਡ ਤੇ। ਰਾਤ ਓਥੇ ਰਿਹਾ। ਸਵੇਰੇ ਚਾਰ ਵਜੇ ਨਾਲ ਓਥੋਂ
ਤੁਰ ਪਿਆ ਕੇ ਛੇ ਕੁ ਵੱਜਦੇ ਨਾਲ ਕੰਟੀਨ ਖੋਲ ਲਵਾਂਗਾ। ਓਦਾਂ ਤਾਂ ਆਹ ਮੁੰਡਾ ਵਧੀਆ
ਜਿਹੜਾ ਰੱਖਿਆ... ਚਾਬੀ ਏਹਦੇ ਕੋਲ ਵੀ ਹੁੰਦੀ ਆ, ਪਰ ਮੈਂ ਸੋਮਵਾਰ ਦੀ ਸੋਮਵਾਰ
ਦੁੱਧ ਵਾਲੇ ਨਾਲ ਹਿਸਾਬ ਨਬੇੜਨਾ ਹੁੰਦਾ। ਏਸ ਲਾਲਚ ਚ ਤੁਰ ਪਿਆ। ਅੰਨੀ ਧੁੰਦ ਪਈ
ਜਾਵੇ ਓਸ ਦਿਨ।
"ਅੜਕ ਕੇ ਚਲਾ ਜਾਵੀਂ ...ਐਡਾ ਕੀ ਤੇਰੇ ਕੋਈ ਮਗਰ ਪਿਆ?"
ਭੈਣ ਮੇਰੀ ਨੇ ਕਿਹਾ। "ਨਹੀਂ, ਏਹ ਤਾਂ ਸਾਰੀ ਦਿਹਾੜੀ ਨੀ ਹਟਣੀ, ਚੱਲਦਾ ਮੈਂ।"
"ਚੰਗਾ ਤੇਰੀ ਮਰਜੀ।"
ਤਲਵੰਡੀ ਭਾਈ ਤੋਂ ਚੱਲ ਕੇ ਮੈਂ ਮੋਪਡ ਮੋਗੇ ਵਾਲੇ
ਮੁੱਖ ਮਾਰਗ ਤੇ ਪਾ ਲਈ ਸੀ।
ਬੱਸਾਂ, ਟਰੱਕ, ਸਕੂਟਰ, ਸਾਇਕਲ, ਜਾਣੀ ਕੀੜੀ
ਦੀ ਚਾਲ ਚੱਲ ਰਹੇ ਸਨ। ਮੇਰੀ ਮੋਪਡ ਵੀ ਸਾਇਕਲ ਤੋਂ ਘੱਟ ਰਫਤਾਰ ਤੇ ਚੱਲ ਰਹੀ ਸੀ।
ਦਾਰਾਪੁਰ ਕੋਲ ਚਾਰ ਪੰਜ ਜਾਣੇ ਸੜਕ ਦੇ ਕੰਢੇ ਧੂਣੀ ਲਾਈ ਬੈਠੇ ਸਨ। ਮੈਂ ਵੀ ਓਹਨਾਂ
ਕੋਲ ਹੱਥ ਸੇਕਣ ਲਈ ਰੁੱਕ ਗਿਆ।
"ਗੁਰਮੇਲ ਸਿਆਂ ਐਤਕੀਂ ਤਾਂ ਨੀਲੀ ਛੱਤਰੀ
ਵਾਲਾ ਬਾਹਲਾ ਕਹਿਰਵਾਨ ਹੋਇਆ ਵਿਆ....ਵੇਖਲਾ ਯਾਰ ਸਾਰੀ ਦਿਹਾੜੀ ਸੂਰਜ ਦਾ ਮੂੰਹ ਨੀ
ਵਿਖਾਉਂਦਾ!" "ਆਹੋ ਯਾਰ ਕੋਰੇ ਤੇ ਧੁੰਦ ਨੇ ਕਣਕਾਂ ਤੇ ਸਰੋਂਆਂ ਬੁਰੀ ਤਰ੍ਹਾਂ
ਝੰਬੀਆ ਪਈਆਂ...ਲੱਗਦਾ ਝਾੜ ਦਾ ਪਿਛਲੇ ਸਾਲ ਨਾਲੋਂ ਅੱਧੋ ਅੱਧ ਦਾ ਫਰਕ ਪੈਜੂਗਾ।"
ਇੱਕ ਨੇ ਪੈਰਾਂ ਭਾਰ ਬਹਿੰਦੇ ਨੇ ਧੂਣੀ ਤੇ ਦੋਵੇਂ ਹੱਥ ਕਰਦੇ ਨੇ ਕਿਹਾ।
"ਹਾਂ ਯਾਰ, ਇਕ ਸਰਕਾਰਾਂ ਕਿਸਾਨਾਂ ਦੀਆਂ ਦੁਸ਼ਮਣ ਬਣੀਆਂ ਤੇ ਉਤੋਂ ਆਹ ਦੂਜਾ ਦੁਸ਼ਮਣ
ਰੱਬ ਬਣਿਆਂ ਬੈਠਾ...ਮੈਂ ਤਾਂ ਕਿਹਾ ਐਤਕੀਂ ਆੜਤੀਏ ਦੇ ਲਾਹ ਕੇ ਚਾਰ ਪੈਸੇ ਬਚ
ਜਾਣਗੇ ਪਰ ਲਗਦਾ ਨੀ.....।" ਓਹ ਆਵਦਾ ਦਰਦ ਬਿਆਨ ਕਰ ਗਿਆ ਸੀ।
ਲੈ ਵੀ
ਸਿਮਰ ਸਿਹਾਂ ਜਿਹੜੀ ਅੱਧੇ ਘੰਟੇ ਦੀ ਵਾਟ ਐ ਮੈਂ ਦੋ ਘੰਟਿਆਂ ਚ ਨਬੇੜੀ ਸੀ। ਘੱਲ
ਕਲਾਂ ਟੱਪ ਕੇ ਜਿਹੜਾ ਇਕ ਕਾਲਜ ਆਉਂਦਾ ਸੜਕ ਤੇ, ਓਥੇ ਕੁ ਜਿਹੇ ਪਹੁੰਚਿਆ ਸੀ।
"ਓ ਆਹੋ ਚਾਚਾ, ਓਹਨੂੰ ਫਾਰਮੇਸੀ ਕਾਲਜ ਕਹਿੰਦੈ ਆ।...ਤੇ ਫੇਰ?" ਸਿਮਰੇ ਨੇ
ਕਿਹਾ।
ਸਾਇਡ ਤੇ ਇਕ ਟਰਾਲੀ ਪੈਚਰ ਹੋਈ ਖੜੀ ਸੀ। ਪਿੱਛੋਂ ਇਕ ਤੇਜ ਆਉਂਦੇ
ਟਰੱਕ ਨੇ ਫੇਟ ਮਾਰੀ ਸੀ। ਮੱਥਾ ਮੇਰਾ ਟਰਾਲੀ 'ਚ ਵੱਜਿਆ ਸੀ। ਮੋਪਡ ਕਣਕ ਦੀ
ਖੜੀ ਫਸਲ ਚ ਜਾ ਵੜੀ ਸੀ। ਨਾ ਓਹ ਟਰੱਕ ਵਾਲਾ ਈ ਰੁਕਿਆ ਤੇ ਨਾ ਈ ਹੋਰ ਕੋਈ । ਬੱਸਾਂ
ਟਰੱਕਾਂ, ਮੋਟਰਸਾਈਕਲ ਤੇ ਜਾਂ ਪੈਦਲ ਚਲਦੇ ਲੋਕ ਪੁਲੀਸ ਕੇਸ ਤੋਂ ਡਰਦੇ
ਬੇਕਿਰਕਾਂ ਵਾਂਗ ਕੋਲ ਦੀ ਲੰਘਦੇ ਜਾ ਰਹੇ ਸਨ।
ਦਿਨੋਂ ਦਿਨ ਪਤਾ ਨੀ ਕਿਹੋ
ਜਿਹੇ ਹੁੰਦੇ ਜਾ ਰਹੇ ਨੇ ਪੰਜਾਬ ਦੇ ਲੋਕ। ਕੋਈ ਅੱਧਾ ਘੰਟਾ ਖੂਨ ਨਾਲ ਲੱਥਪਥ ਮੈਂ
ਬੇਹੋਸ਼ ਸ਼ੜਕ ਕਿਨਾਰੇ ਪਿਆ ਰਿਹਾ ਸੀ। ਦੂਰ ਕਿਤੇ ਗੁਰੂਘਰ ਚੋਂ ਬਾਬੇ ਫਰੀਦ ਦਾ ਸਲੋਕ
ਚਲ ਰਿਹਾ ਸੀ।
ਜਿਸ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ ਫਰੀਦਾ!!
ਬਲਰਾਜ ਬਰਾੜ ਚੋਟੀਆਂ ਠੋਬਾ WhatsApp
1.416.455.8484
|