'ਓਹ ਸੱਤਾ ਸਹੀਦ ਹੋ ਗਿਆ .......... ਓਹ ਸੱਤਾ ਸ਼ਹੀਦ ਹੋ ਗਿਆ!' ਸੁਪਨੇ ਚੋਂ
ਮੈਂ ਉਬੜਵਾਹੇ ਉਠਿਆ ਸੀ। "ਕੀ ਹੋ ਗਿਆ ਤੈਨੂੰ?" ਨਾਲ ਵਾਲੇ ਮੰਜੇ ਤੇ ਪਈ ਤੇਰੀ
ਅੰਮਾ ਨੇ ਪਾਣੀ ਦਾ ਗਲਾਸ ਫੜਾਉਂਦੀ ਨੇ ਮੈਨੂੰ ਕਿਹਾ ਸੀ,"ਰਾਤ ਨੂੰ ਘੱਟ ਪੀ ਲਿਆ ਕਰ
। ਏਹ ਚੰਦਰੀ ਤੈਨੂੰ ਪੁੱਠੇ ਸੁਪਨੇ ਲਿਆਉਂਦੀ ਆ।" ਮੈਂ ਉਠ ਕੇ ਵਾਹਿਗੁਰੂ ਦਾ
ਸ਼ੁਕਰਾਨਾ ਕੀਤਾ ਸੀ।
"ਫੇਰ?" ਸਿਮਰੇ ਨੇ ਪੁੱਛਿਆ ਸੀ । "ਫੇਰ ਕੀ...
ਓਹੀ ਸੱਤਾ ਮੇਰੇ ਸਾਹਮਣੇ ਖੜਾ ਸੀ....ਨਾਲ ਓਹਦੇ ਅਣਦਾੜੀਏ ਦੋ ਮੁੰਡੇ ਸਨ। ਇਕ ਜਾਣਾ
ਬਾਹਰ ਸਕੂਟਰ ਕੋਲ ਖੜ ਗਿਆ ਸੀ। ਦੂਰ ਤੀਕ ਸੜਕ ਤੇ ਨਿਗਾ ਰੱਖ ਰਿਹਾ ਸੀ। "ਬਹਿ
ਜਾ ਸੱਤਿਆ ..ਮੈਂ ਤਾਂ ਤੈਨੂੰ ਇਕ ਦਿਨ ਸੁਪਨੇ ਚ ਸ਼ਹੀਦ ਕਰ ਬੈਠਾ ਸੀ।" ਕਹਿ ਕੇ ਮੈਂ
ਹੱਸਿਆ ਸੀ। "ਚਾਚਾ ਹੁਣ ਤਾਂ ਚਾਅ ਆ ਕੇ ਕਿਹੜੇ ਵੇਲੇ ਸ਼ਹੀਦ ਹੋਵਾਂ ਤੇ ਕਲਗੀਧਰ
ਦੀ ਗੋਦ ਦਾ ਨਿੱਘ ਮਾਣਾਂ।" "ਨਾ ਓਏ ਸ਼ੇਰਾ ਨਾ... ਰੱਬ ਤੇਰੀ 100 ਵਰ੍ਹੇ
ਜਿੰਦਗੀ ਕਰੇ।"
"ਚਾਚਾ ਭਲਵਾਨਾਂ ਜਦੋਂ ਪੰਜਵੀਂ ਪਾਸ ਕੀਤੀ ਨਾ ਤਾ ਸਾਡੇ
ਪਿੰਡ ਵਾਲੇ ਸਕੂਲ ਮੁੱਖ ਅਧਿਆਪਕਾ ਹੁੰਦੇਂ ਸਨ, ਬਲਦੇਵ ਕੋਰ ਮਾਨ। ਸਰਟੀਫਿਕੇਟ
ਦੇਣ ਲੱਗਿਆ ਨੇ ਓਹਨਾ ਨੇ ਸਾਨੂੰ ਵਧਾਈ ਦਿੱਤੀ ਸੀ ਕੇ ਬੱਚਿਓ ਬਹੁਤ ਵਧੀਆ ਰੀਜੱਲਟ ਆ
ਸਕੂਲ ਦਾ। ਸਾਰੇ ਬੱਚਿਆਂ ਦੇ 65 ਪ੍ਰਤੀਸ਼ਤ ਤੋਂ ਵੱਧ ਨੰਬਰ ਨੇ। ਤੁਸੀਂ ਮੇਰਾ ਮਾਣ
ਰੱਖਿਆ ਤੇ ਅੱਜ ਮੈਂ ਆਵਦੇ ਵੱਲੋਂ ਪਾਰਟੀ ਦਿਨੀਂ ਆ । ਕਹਿ ਕੇ ਮੇਰੇ ਨਾਲ ਦੇ ਨੂੰ
ਪੈਸੇ ਫੜਾਉਂਦਿਆਂ ਕਿਹਾ ਕੇ ਕਾਕਾ ਸੋਹਣ ਦੀ ਹੱਟੀ ਤੋਂ ਬਾਲੂਸ਼ਾਹੀਆਂ ਫੜ ਕੇ ਲਿਆ।
ਰਾਹ ਚ ਨਾ ਖਾਣ ਲੱਗ ਜਾਵੀਂ ਚੋਰੀ ..ਛੇਤੀ ਮੁੜ ਆਵੀਂ। ਇੱਕ ਨੇ ਵਿੱਚੋਂ ਕਿਹਾ
ਤਾਂ ਸਾਰੇ ਪਾਸੇ ਹਾਸੜ ਮੱਚ ਗਈ ਸੀ।
ਭੈਣ ਜੀ ਏਹ ਜਿਹੜੀ ਚਾਹ ਤੁਸੀਂ
ਬਣਾਉਂਦੇ ਹੁੰਦੇ ਸੀ ..ਓਹਦੇ ਲਈ ਜਿਹੜੀ ਖੰਡ ਰੱਖੀਂ ਹੁੰਦੀ ਸੀ ...ਓਹਦੇ ਤੋਂ ਖੰਡ
ਦਾ ਚੋਰੀ ਫੱਕਾ ਮਾਰ ਜਾਂਦਾ ਸੀ! 'ਅੱਛਾ' ਕਹਿ ਕੇ ਬਲਦੇਵ ਕੌਰ ਮਾਨ ਹੱਸੇ ਸਨ।
ਦੋ ਕੁੜੀਆਂ ਨੂੰ ਓਹਨਾਂ ਨੇ ਚਾਹ ਧਰਨ ਲਾ ਦਿੱਤਾ ਸੀ।
ਅੱਛਾ ਵੀ ਬੱਚਿਓ ਇਕ
ਹੋਰ ਗੱਲ..ਤੁਸੀਂ ਹੁਣ ਮਿਡਲ ਕਲਾਸ 'ਚ ਜਾਣਾ ...ਓਸ ਤੋਂ ਬਾਅਦ ਹਾਈ ਸਕੂਲ ਤੇ ਫੇਰ
ਡਿਗਰੀ ਕਾਲਜ 'ਚ। ਸਕੂਲ ਕਾਲਜ 'ਚ ਦਾਖਲ ਹੋਣ ਤੋਂ ਪਹਿਲਾਂ ਗੇਟ ਦੇ ਮੂਹਰੇ ਖੜ ਕੇ
ਅਰਦਾਸ ਕਰਨੀ ਆ ਕੇ ਹੇ ਵਾਹਿਗੁਰੂ!... ਮੈਨੂੰ ਵਿੱਦਿਆ ਦਾ ਦਾਨ ਬਖਸ਼ੀ ...ਤੇ
ਸਕੂਲੋਂ ਛੁੱਟੀ ਹੋਣ ਤੇ ਸਕੂਲ ਕਾਲਜ ਦੀ ਇਮਾਰਤ ਨੂੰ ਮੱਥਾ ਟੇਕਣਾ। ਪੈ ਗੀ ਗੱਲ
ਪੱਲੇ? ਹਾਂ ਜੀ ! ਇੱਕੋ ਸਮੇਂ ਕਈ ਅਵਾਜ਼ਾਂ ਆਈਆਂ ਸਨ। ਤੇ ਇਕ ਹੋਰ ਗੱਲ...
ਸਾਰੇ ਅਧਿਆਪਕਾਂ ਦਾ ਬਰਾਬਰ ਸਤਿਕਾਰ ਕਰਨਾ, ਕਿਸੇ ਦਾ ਸੁਭਾ ਕਿਹੋ ਜਿਹਾ ਹੁੰਦਾ ,
ਕਿਸੇ ਦਾ ਕਿਹੋ ਜਿਹਾ... ਮਾਂ ਪਿਉ ਦੀ ਝਿੜਕ ਈ ਹੁੰਦੀ ਆ, ਉਸਤਾਦਾਂ ਦੀ। ਸਕੂਲ
ਕਾਲਜ 'ਚ ਦੂਜੇ ਮਾਤਾ ਪਿਤਾ ਈ ਹੁੰਦੇ ਨੇ ਅਧਿਆਪਕ.... ਕਹਿ ਕੇ ਬਲਦੇਵ ਕੌਰ ਮਾਨ ਨੇ
ਸਾਨੂੰ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੱਤੇ ਸਨ। ਸਰਟੀਫਿਕੇਟਾਂ ਦੇ ਨਾਲ ਨਾਲ ਹਰੇਕ
ਬੱਚੇ ਨੂੰ ਓਹਨਾਂ ਪੰਜ ਪੰਜ ਰੁਪਏ ਦਿੱਤੇ ਸਨ ਆਵਦੇ ਕੋਲੋਂ। ਸਰਟੀਫਿਕੇਟ ਲੈ ਕੇ ਮੈਂ
ਤਾਂ ਪਿੰਡ ਵਾਲੇ ਬਾਬੇ ਸੋਹਣ ਦੀ ਹੱਟੀ ਤੇ ਜਾ ਪਹੁੰਚਿਆ ਸੀ। ਓਹਨਾਂ ਪੈਸਿਆਂ ਨਾਲ
ਮੂੰਗਫਲੀ ਤੇ ਗੱਚਕ ਤੇ ਹਰੇ ਰੰਗ ਦਾ ਪਤੰਗ ਤੇ ਪਤੰਗ ਵਾਸਤੇ ਡੋਰ ਲੈ ਲਈ ਸੀ। ਗੱਲਾਂ
ਓਹਨਾਂ ਦੀਆਂ ਮੈਂ ਸਾਰੀਆਂ ਪੱਲੇ ਬੰਨ ਲਈਆਂ ਸਨ। ਤੇ ਚਾਚਾ ਭਲਵਾਨਾਂ ਅੱਜ ਸਾਰੇ
ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਤੇ ਆਹ ਹੁਣ ਡੀ ਐਮ ਕਾਲਜ ਨੂੰ ਆਖਰੀ ਵਾਰ ਮੱਥਾ
ਟੇਕਣ ਆਇਆਂ! ...ਹੁਣ ਤਾਂ ਪਤਾ ਨੀਂ ਜਿੰਦਗੀ ਦੋ ਘੜੀਆਂ, ਦੋ ਦਿਨ ਜਾ ਦੋ ਮਹੀਨੇ ਆ
। ਪਤਾ ਨੀ ਪੰਜਾਬ ਪੁਲਿਸ ਦੀ ਗੋਲੀ ਲਿਖੀ ਆ, ਸੀ ਆਰ ਪੀ ਦੀ ਜਾ ਬੀ ਐਸ ਐਫ ਦੀ।
ਸਤਬੀਰ ਸੱਤੇ ਨੇ ਮੈਨੂੰ ਕਿਹਾ ਸੀ।
ਸਿਮਰੇ, ਓਸ ਤੋਂ ਦੋ ਕੁ ਦਿਨ
ਪਹਿਲਾਂ ਜਗਰਾਵਾਂ ਕੋਲ 150 ਦੇ ਕਰੀਬ ਬੰਦੇ ਟਰੇਨ ਚੋਂ ਕੱਢ ਕੇ ਕਤਲ ਕਰ ਦਿੱਤੇ ਸਨ।
ਓਹਨਾਂ ਚੋਂ ਜ਼ਿਆਦਾਤਰ ਬਿਹਾਰ ਤੋਂ ਮਜਦੂਰੀ ਕਰਨ ਵਾਲੇ ਗਰੀਬ ਮਜਦੂਰ ਸਨ। ਮੇਰਾ ਮਨ
ਬੜਾ ਉਦਾਸ ਹੋਇਆ ਸੀ।
"ਸੱਤਿਆ ਆਹ ਜਿਹੜਾ ਤੁਸੀਂ ਅਨੱਰਥ ਕਰਨ ਲੱਗੇ ਓਂ...
ਇਹ ਲਹਿਰ ਦੇ ਜੜੀਂ ਤੇਲ ਦੇਵੇਗਾ.. ਮੇਰਾ ਇਹ ਤਜਰਬਾ! ਨਕਸਲਵਾੜੀਏ ਵੀ ਥੋਡੇ ਵਾਲੇ
ਕੰਮ ਕਰਨ ਲੱਗ ਪਏ ਸਨ ...ਤੇ ਵੇਖਲਾ ਕੀ ਹਸ਼ਰ ਹੋਇਆ ਓਹਨਾਂ ਦਾ।
"ਨਹੀਂ
ਚਾਚਾ, ਏਹ ਕੰਮ ਏਜੰਸੀਆ ਕਰਦੀਆਂ ਸਾਨੂੰ ਬਦਨਾਮ ਕਰਨ ਲਈ।" ਸਤਬੀਰ ਬੋਲਿਆ ਸੀ।
"ਮੰਨਦਾ, ਪੰਜਾਹ ਪਰਸੈਂਟ ਸਰਕਾਰ ਦੇ ਬੰਦੇ ਹੋਣਗੇ ...ਪਰ ਬਹੁਤੇ ਥੋਡੇ ਤੋਂ ਬਾਹਰੇ
ਹੋਏ ਬੰਦੇ ਵੀ ਨੇ, ਜਿਨ੍ਹਾਂ ਤੇ ਥੋਡਾ ਕੰਟਰੋਲ ਨੀ ਰਿਹਾ!.. ਤੇ ਐਧਰ ਤਲਵੰਡੀ
ਵੱਲ ਆ ਇਕ... ਓਹ ਦੱਸਦੇ ਆ ਹੀਰੋਇਨ ਨਾਲ ਰੱਜਿਆ ਰਹਿੰਦਾ ਤੇ.. ਪਿੱਛੇ ਜਿਹੇ ਓਹਨੇ
ਇਕ ਪੰਡਤ ਨੂੰ ਟੋਟੇ ਟੋਟੇ ਕਰਕੇ ਓਹਦੇ ਵਿਹੜੇ ਚ ਛਾਣਾ ਦੇਤਾ ....ਕੀ ਨਾ ਯਾਰ
ਓਹਦਾ... ਰਾਜਵਿੰਦਰ ਸਿੰਘ ਰਾਂਦੂ...ਮੰਡ ਇਲਾਕੇ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ
ਕਰਨਾ ਓਹਦਾ ਨਿੱਤ ਦਾ ਕੰਮ ਆ।"
"ਸਾਰਾ ਪਤਾ ਚਾਚਾ ਲੱਭਦੇ ਫਿਰਦੇ ਆਂ
..ਜਿੱਦਣ ਮਿਲ ਗਿਆ ,ਖਲਾਰੇ ਪਾ ਦੇਣੇ ਆ।
"ਨਾਈਆਂ ਦੀਆਂ ਦੁਕਾਨਾਂ
ਬੰਦ,ਕਰਨੀਆਂ ਝਟਕਈ ਕਤਲ ਕਰਨੇ ਜਿਹੜੇ ਆਵਦੇ ਟੱਬਰ ਪਾਲਦੇ ਆ ਪਰਚਾਰ ਨਾਲ ਤਾਂ ਤੁਸੀਂ
ਸਮਝਾ ਸਕਦੇ ਓ ਧੱਕੇ ਨਾਲ ਤਾ ਆਵਦੇ ਜਵਾਕ ਨੀ ਮੰਨਦੇ ਹੁੰਦੇ... ਤੇ ਹਾਂ ਤੁਸੀਂ
ਖੁੱਲ ਕੇ ਏਹ ਕਿਉਂ ਨੀ ਅਖਬਾਰਾਂ ਚ ਬਿਆਨ ਦਿੰਦੇ ਕੇ ਜਿਹੜਾ ਬਲਾਤਕਾਰ ਕਰਨ ਆਉਂਦਾ,
ਫਿਰੌਤੀ ਲੈਣ ਆਉਂਦਾ ਓਹਨੂੰ ਠੋਕ ਦਿਉ... ਏਹ ਅਸਲੀ ਖਾੜਕੂ ਨਹੀਂ! ..ਫੇਰ ਵੇਖਿਓ
ਦਿਨਾਂ ਚ ਈ ਪੰਜਾਬ ਦੇ ਲੋਕ ਸਭ ਨਕਲੀਆਂ ਦਾ ਸੋਧਾ ਲਾਉਂਦੇ!" ਭਲਵਾਨ ਬੋਲੀ ਜਾ ਰਿਹਾ
ਸੀ। "ਚਾਚਾ ਆਹ ਗੱਲ ਮੈਂ ਮੀਟਿੰਗਾਂ ਚ ਕਰਦਾ ਹੁੰਨਾ ਕੇ ਏਹੋ ਜਿਹਿਆਂ ਦੀ ਸੋਧਣ
ਦੀ ਡਿਊਟੀ ਲੋਕਾਂ ਦੀ ਲਗਾ ਦਿਓ ...ਦਿਨਾਂ ਚ ਲੋਕਾਂ ਨੇ ਗੱਡੀ ਲੀਹ ਤੇ ਲੈ ਆਉਣੀ ਆ
...ਪਰ ਲੀਡਰਸ਼ਿਪ ਨੀ ਮੰਨਦੀ ਕੇ ਏਸ ਤਰ੍ਹਾਂ ਅਸਲੀ ਖਾੜਕੂ ਵੀ ਨੁਕਸਾਨੇ ਜਾ ਸਕਦੇ ਆ।
ਪਰ ਮੈਂ ਓਹਨਾਂ ਨੂੰ ਕਹਿਨਾ ਕੇ ਅਗਰ ਇਕ ਦੋ ਆਪਣੇ ਨੁਕਸਾਨੇ ਵੀ ਜਾਣਗੇ ਤਾਂ ਓਹ
ਵੀ ਕੌਮੀ ਘਰ ਖਾਲਸਤਾਨ ਦੇ ਸ਼ਹੀਦ ਈ ਮੰਨੇ ਜਾਣਗੇ। ਬਾਕੀ ਸਾਰੇ ਓਹਨਾਂ ਨੂੰ ਚੋਰ
ਡਾਕੂ ਕਹਿ ਲੈਣਗੇ ਪਰ ਕਲਗੀਧਰ ਤਾਂ ਜਾਣੀ ਜਾਣ ਨੇ।"
"ਦੇਖ ਲੈ ਸੱਤਿਆ ਥੋਡੀ
ਏਹ ਬਜਰ ਗਲਤੀ ਥੋਨੂੰ ਲੈ ਡੁਬੇਗੀ।...ਤੇ ਆਹ ਵੇਖਲਾ ਮੋਗੇ ਏਰੀਏ ਦਾ ਯੋਧਾ ,
ਗੁਰਜੰਟ ਸਿੰਘ ਬੁੱਧ ਸਿੰਘ ਵਾਲਾ। ਕੋਈ ਹਿੰਦੂ ਨੀ ਕਤਲ ਹੋਇਆ ਨਾ ਕੋਈ ਝਟਕਈ ਨਾਈ
ਕਤਲ ਹੋਣ ਦਿੱਤਾ। ਓਹਦਾ ਬਿਆਨ ਜਰੂਰ ਆਇਆ ਸੀ ਕੇ ਜੇ ਕੋਈ ਫਿਰੌਤੀ ਲੈਣ ਆਉਂਦਾ ਜਾ
ਬਲਾਤਕਾਰ ਕਰਦਾ ਓਹਨੂੰ ਸੋਧ ਦਿਓ.. ਓਹਦੀ ਰਾਖੀ ਅਸੀਂ ਕਰਾਂਗੇ। ਸੂਰਮਗਤੀ ਵੇਖ ਯੋਧੇ
ਦੀ, ਕੇ ਹੋਈ ਗਲਤੀ ਦੀ ਮਾਫੀ ਮੰਗਦਾ। ਪਿੱਛੇ ਜਿਹੇ ਬਾਘਾਪੁਰਾਣੇ ਜਾਲਮ ਨੂੰ ਸੋਧਾ
ਲਾਉਣ ਲੱਗੇ ਤੋਂ ਰਿਕਸ਼ੇ ਤੇ ਜਾਂਦੇ ਸਕੂਲ ਦੇ ਦੋ ਬੱਚੇ ਮਾਮੂਲੀ ਜਿਹੇ ਜਖਮੀ ਹੋ ਗੇ
ਸੀ ....ਸੂਰਮੇ ਨੇ ਅਗਲੇ ਦਿਨ ਈ ਮਾਫੀ ਮੰਗ ਲਈ ਸੀ ਅਖਬਾਰਾਂ 'ਚ! ਸੂਰਮੇ ਦੇ
ਨਾਂ ਦੀਆਂ ਸੌਹਾਂ ਖਾਂਦਾ ਸਾਰਾ ਮੋਗਾ ਇਲਾਕਾ।...ਤੇ ਨਾਲੇ ਤੁਸੀ ਕੱਲੇ ਸਿੱਖਾਂ ਨਾਲ
ਕਿਵੇਂ ਚਲਾ ਲੋ ਗੇ ਖਾਲਸਤਾਨ!.. ਓਹਦੇ 'ਚ ਹਿੰਦੂ ਵੀ ਹੋਣਗੇ...ਕਿਵੇਂ ਕੱਢ ਦਿਓਗੇ
ਮਲੇਰਕੋਟਲੇ ਚੋਂ ਮੁਸਲਮਾਨ...ਓਹ ਤੇ ਹਲਾਲ ਮਾਸ ਖਾਂਦੇ ਆ ਕਿਵੇਂ ਓਹਨਾਂ ਦੇ ਮਾਸ
ਖਾਣ ਤੇ ਪਾਬੰਦੀਆਂ ਲਾ ਦੇਵੋਗੇ!... ਜੇ ਹਿੰਦੂ, ਮੁਸਲਮਾਨ ਤੇ ਖਾਲਸਤਾਨ ਚ ਪਾਬੰਦੀ
ਹੋਵੇਗੀ ਤਾਂ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ! ਵਾਲੇ ਸਿਧਾਂਤ
ਤੋਂ ਉਲਟ ਚਲ ਰਹੇ ਹੋਵੇਗੇ! ਲੋਕਾਂ ਦੇ ਹਰੇਕ ਨਿੱਜੀ ਕਾਰ ਵਿਹਾਰ 'ਚ ਤੁਸੀਂ
ਦਖਲਅੰਦਾਜ਼ੀ ਕਰਨ ਲੱਗ ਪਏ। 11ਬੰਦਿਆਂ ਤੋਂ ਵੱਧ ਬਰਾਤ ਨਹੀਂ ਲੈ ਕੇ ਜਾਣੀ, ਏਹ ਕੰਮ
ਸਮਝਾ ਕੇ ਕਰਨ ਵਾਲੇ ਹੁੰਦੇ ਆ। ਤੁਸੀਂ ਓਹਨਾਂ ਨੂੰ ਛੱਪੜਾਂ ਚ ਵਾੜ ਕੇ ਬੇਇਜਤੀ
ਕਰਦੇ ਓ! ਨਾਲੇ ਸੱਤਿਆ ਤੂੰ ਕਿਵੇਂ ਸੋਚਦਾ, ਕਿਵੇਂ ਤੁਰਦਾਂ, ਕੀ ਖਾਨਾ , ਏਹਦਾ
ਫੈਸਲਾ ਮੈਂ ਜਾ ਕੋਈ ਹੋਰ ਕਿਉਂ ਕਰੇ?"
"ਗੱਲਾਂ ਚਾਚਾ ਭਲਵਾਨਾਂ ਤੇਰੀਆਂ
ਸਾਰੀਆਂ ਈ ਸਹੀ ਆ ...ਗੇਮ ਸਾਡੇ ਹੱਥਾਂ ਚੋਂ ਨਿਕਲ ਚੁੱਕੀ ਆ ...ਕਈ ਜਥੇਬੰਦੀਆਂ ਬਣ
ਚੁਕੀਆਂ। ਦਿਨੋਂ ਦਿਨ ਗਲਤ ਬੰਦਿਆਂ ਕਾਰਨ ਲਹਿਰ ਲੋਕ ਮਨਾਂ ਚੋਂ ਲਹਿਦੀ ਜਾ ਰਹੀ ਆ।
ਚੰਗਾ ਚਾਚਾ ਭਲਵਾਨਾਂ ਮੈਨੂੰ ਮੇਰੇ ਪਿਆਰੇ ਕਾਲਜ ਦੀਆਂ ਕੰਧਾਂ ਤੇ ਪਿਛਲੀ ਗਰਾਉਡ
ਵੇਖ ਆਉਣ ਦੇ, ਆਖਰੀ ਵਾਰ ਜਿਥੇ ਮੈਂ ਭੰਗੜਾ ਪਾਉਂਦਾ ਤੇ ਸਿਖਾਉਂਦਾ ਰਿਹਾਂ... ਕਰ
ਆਵਾਂ ਦਰਸ਼ਨ ਆਖਰੀ ਵਾਰ ਦਰਸ਼ਨ ਮੇਰੇ ਸੋਹਣੇ ਕਾਲਜ ਦੇ..।" ਕਹਿ ਕੇ ਸੱਤਾ ਡੀ ਐਮ
ਕਾਲਜ ਚ ਵੜ ਗਿਆ ਸੀ ਤੇ ਪੰਜ ਮਿੰਟ ਬਾਅਦ ਫੇਰ ਮੇਰੇ ਕੋਲ ਆ ਗਿਆ ਸੀ । "ਚੰਗਾ ਵੀ
ਚਾਚਾ ਹੁਣ ਤਾਂ ਦਰਗਾਹੀਂ ਮੇਲੇ ਹੋਣਗੇ। ਪਤਾ ਨੀ ਦੋ ਦਿਨ ਆ ਚਾਰ ਦਿਨ ਆ ,ਪਰ ਤੇਰਾ
ਪਿਆਰ ਚਾਚਾ ਭਲਵਾਨਾਂ ਧੁਰ ਦਰਗਾਹ ਮੇਰੇ ਨਾਲ ਜਾਵੇਗਾ।" ਕਹਿ ਕੇ ਸਿਮਰਾ ਮੈਨੂੰ
ਜੱਫੀ ਵਿਚ ਲੈ ਕੇ ਰੋਣ ਲਗ ਪਿਆ ਸੀ। "ਤੇ ਚਾਚਾ ਮੈਨੂੰ ਅਸ਼ੀਰਵਾਦ ਦੇਹ, ਕੇ
ਮੈਥੋਂ ਕਿਸੇ ਬੇਗੁਨਾਹ ਦਾ ਕਤਲ ਨਾ ਹੋਵੇ ।" ਗੱਚ ਮੇਰਾ ਵੀ ਭਰ ਆਇਆ ਸੀ । "ਨਾ
ਸੋਹਣਿਆਂ.. ਰੱਬ ਤੇਰੀ ਪਤਾਲ ਜਿੰਨੀ ਲੰਮੀ ਉਮਰ ਕਰੇ।"
ਸੱਤੇ ਨੇ ਸਕੂਟਰ
ਪਰਤਾਪ ਰੋਡ ਵੱਲ ਨੂੰ ਮੋੜ ਲਿਆ ਸੀ । ਥੋੜੀ ਦੂਰ ਜਾ ਕੇ ਪਿੱਛੇ ਮੁੜਕੇ ਸੱਤੇ ਨੇ
ਮੇਰੇ ਵੱਲ ਵੇਖ ਕੇ ਹੱਥ ਚੁਕਿਆ ਸੀ, ਜਾਣੀ ਆਖਰੀ ਫਤਹਿ ਬੁਲਾਈ ਸੀ। ਲੈ ਵਈ ਸਿਮਰੇ
ਆਏਂ ਲੱਗਾ ਸੀ ਜਿਵੇਂ ਆਵਦੇ ਪੁੱਤ ਨੂੰ ਆਵਦੇ ਹੱਥੀਂ ਤੋਰਿਆ ਹੋਵੇ।
ਬਲਰਾਜ ਬਰਾੜ ਚੋਟੀਆਂ ਠੋਬਾ ਵਾਟਸ ਆਪ ਨੰਬਰ
416,455,8484
|