WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            
   

ਭਾਗ 2

  


ਕਿਸ਼ਤ ਨੰਬਰ 2
ਭਲਵਾਨ ਦੀ ਕੰਟੀਨ 

ਅੱਜ ਸਿਮਰਾ ਭਲਵਾਨ ਦੀ ਕੰਟੀਨ 'ਤੇ ਸਵੇਰੇ ਸਵੇਰੇ ਰੌਣਕਾਂ ਲਾਈ ਬੈਠਾ ਸੀ। ਨਾਲ ਉਹਦੇ ਗਹਿ ਗੱਡਵੇਂ ਮਿੱਤਰ ਬੱਬਲੂ, ਦਵਿੰਦਰ ਛੀਨਾ, ਰਾਧਾ ਪ੍ਰਧਾਨ, ਧੀਰਾ ਤੇ ਕਾਕਾ ਸਨ। ਇਨਾਂ ਵਿੱਚੋਂ ਇੱਕ ਦਾ ਨਾਮ ਦਵਿੰਦਰ ਛੀਨਾ ਸੀ, ਪਰ ਸਾਰੇ ਉਹਨੂੰ ਦਵੀ ਛੀਨਾ ਕਹਿੰਦੇ ਸੀ। ਅਮ੍ਰਿਤਸਰ ਕੋਲ ਪਿੰਡ ਸੀ ਉਹਦਾ ਪਰ ਨਾਨਕੇ ਪੁਰਾਣੇ ਮੋਗੇ ਸੀ ਉਹਦੇ। ਮਾਮੇ ਮਾਮੀ ਦੇ ਕੋਈ ਔਲਾਦ ਹੈਨੀ ਸੀ, ਏਸ ਕਰਕੇ ਉਹਨਾਂ ਨੇ ਮਤਬੰਨਾ ਲੈ ਲਿਆ ਸੀ।

"ਓ ਭਾਅ ਤੇਰਾ ਜੋਟੀਦਾਰ ਹੈਰੀ ਨੀ ਦਿਸਿਆ ਬਹੁਤ ਦਿਨ ਹੋਗੇ।" ਦਵੀ ਛੀਨੇ ਨੇ ਸਿਮਰੇ ਨੂੰ ਪੁਛਿਆ। 'ਫੂਆ' ਕਰਕੇ ਚਾਹ ਸਿਮਰੇ ਦੇ ਮੂਹੋਂ ਡੁੱਲੀ ਸੀ।
"ਕੀ ਹੋ ਗਿਆ ਕਾਹਤੋਂ ਹੱਸਦਾਂ?" ਰਾਧੇ ਪ੍ਰਧਾਨ ਨੇ ਕਿਹਾ।
"ਤੈਨੂੰ ਨੀ ਪਤਾ ਉਹਦੇ ਨਾਲ ਵਾਪਰੀ ਇਤਿਹਾਸਕ ਘਟਨਾ ਦਾ?"
"ਨਹੀਂ" ਦਵੀ ਨੇ ਕਿਹਾ।
"ਇਉਂ ਕਰੋ ਫੇਰ ਚੱਕੋ ਚਾਹ ਆਲੇ ਗਲਾਸ.. ਲਾਅਨ 'ਚ ਬਹਿ ਕੇ ਸੁਣਾਉਨਾ...।" ਸਾਰੇ ਡੀ ਐਮ ਕਾਲਜ ਦੇ ਮੁੱਖ ਦਰਵਾਜੇ ਦੇ ਸਾਹਮਣੇ ਮਖਮਲੀ ਘਾਹ ਤੇ ਆ ਕੇ ਬਹਿ ਗਏ ਸਨ। ਕਿਆਰੀਆਂ 'ਚ ਗੁਲਾਬ, ਕੇਲੀਆਂ ਤੇ ਭਾਂਤ ਸੁਭਾਤੇ ਫੁੱਲ ਮਹਿਕ ਰਹੇ ਸਨ। ਗੁਲਮੋਹਰ ਦੇ ਦਰੱਖਤ ਹਵਾ ਨਾਲ ਝੂਮ ਰਹੇ ਸਨ।

"ਉਹਦੇ ਨਾਲ ਤਾਂ ਯਾਰ ਬਾਹਲੀ ਮਾੜੀ ਹੋਈ।" ਕਹਿ ਕੇ ਸਿਮਰਾ ਫੇਰ ਹੱਸਣ ਲੱਗ ਪਿਆ।
"ਦੱਸੇਂਗਾ ਵੀ ਕੇ ਦੰਦੀਆ ਈ ਕੱਢੀ ਜਾਵੇਂਗਾ। ਕਾਕੇ ਨੇ ਕਿਹਾ।
"ਦੱਸਦਾਂ ਯਾਰ ਪਹਿਲਾਂ ਮੈਨੂੰ ਹੱਸ ਤਾਂ ਲੈਣ ਦਿਉ।" ਸਿਮਰੇ ਨੇ ਕਿਹਾ।
"ਇਹ ਹੈਰੀ ਯਾਰ, ਕਿਸੇ ਕੁੜੀ ਮਗਰ ਜਾਂਦਾ ਸੀ। ਹੋਰ ਸਾਰੀਆਂ ਕੁੜੀਆਂ ਨੂੰ ਤਾਂ ਇਹਦੀਆਂ ਕਰਤੂਤਾਂ ਦਾ ਪਤਾ ਈ ਆ, ਉਹ ਕੁੜੀ ਨਵੀਂ ਨਵੀਂ ਕਾਲਜ ਲੱਗੀ ਸੀ ਤੇ ਇਧਰੋਂ ਕਿਸੇ ਪਿੰਡ ਤੋਂ ਮਿੰਨੀ ਬੱਸ ਤੇ ਚੜਕੇ ਆਉਂਦੀ ਸੀ। ਇਹ ਦੋ ਤਿੰਨ ਦਿਨ ਉਹਦਾ ਪਿੱਛਾ ਕਰਦਾ ਰਿਹਾ ਨਾਲ ਏਹਦਾ ਬਚਪਨ ਦਾ ਯਾਰ ਬੱਬੂ ਸੀ।"
"ਅੱਛਾ ਉਹ ਜਿਹੜਾ ਆਈ ਟੀ ਆਈ ਕੋਲ ਰਹਿੰਦਾ?"
"ਆਹੋ, ਰਹਿੰਦੇਂ ਤਾਂ ਦੋਵੇਂ ਨੇੜੇ ਨੇੜੇ ਈ ਆ।"
"ਅੱਛਾ ਫੇਰ?"
"ਫੇਰ ਕੀ ਬੱਬੂ ਨੇ ਇਹਨੂੰ ਸਲਾਹ ਦੇਤੀ ਕੇ ਆਪਾਂ ਕੁੜੀ ਨੂੰ ਚਿੱਠੀ ਲਿਖ ਕੇ ਫੜਾਈਏ।
ਫੇਰ ਕੀ ਜੀ ਇਹ ਬੱਸ ਅੱਡੇ ਤੇ ਪ੍ਰਿਤਪਾਲ ਦੇ ਸਟਾਲ ਤੇ ਜਾ ਵੱਜੇ । ਉਥੇ ਤੈਨੂੰ ਪਤਾ ਸਾਹਿਤ ਦੀਆਂ ਕਿਤਾਬਾਂ ਹੁੰਦੀਆਂ । ਉਥੋਂ ਇਹਨਾਂ ਨੇ 'ਮਹਿਬੂਬ ਨੂੰ ਚਿੱਠੀ ਕਿਵੇਂ ਲਿਖੀਏ' ਕਿਤਾਬ ਲੈ ਲਈ। ਗੁਰੂ ਨਾਨਕ ਕਾਲਜ ਵਾਲੀ ਗਰਾਊਂਡ 'ਚ ਬਹਿ ਕੇ ਨਕਲ ਮਾਰ ਮਾਰ ਕੇ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ। ਫੈਂਸੀ ਦੀ ਸ਼ੀਸ਼ੀ ਇਹਨਾਂ ਦੀ ਪੀਤੀ ਵੀ।

ਮੇਰੀ ਪਿਆਰੀ ਫਲਾਣੀ ......ਯੇਹ ਵੋਹ......
ਤੇਰਾ ਹੈਰੀ।"
"ਹੋਰ ਚਿੱਠੀ 'ਚ ਇਹਨਾਂ ਨੇ ਮਿਰਜੇ ਗਾਲਿਬ ਦੇ ਸ਼ੇਅਰ ਲਿਖਣੇ ਸੀ, ਪਤਾ ਈ ਆ ਦਿਮਾਗ ਇਹਨਾਂ ਦਾ ਕਿਹੋ ਜਿਹਾ!" ਧੀਰੇ ਨੇ ਤੋੜਾ ਝਾੜਿਆ।
"ਚੱਲੋ ਜੀ ਅਗਲੇ ਦਿਨ ਚਿੱਠੀ ਇਹਨਾਂ ਨੇ ਕੁੜੀ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ..ਕੁੜੀ ਸੀ ਬੇਹੱਦ ਸ਼ਰੀਫ ਉਹਨੇ ਹੈਰੀ ਨੂੰ ਕਹਿਤਾ 'ਵੇਖ ਮੇਰੇ ਮਗਰ ਨਾ ਆਇਆ ਕਰ ਮੈਂ ਏਸ ਤਰਾਂ ਦੀ ਨਹੀਂ ਹੈਗੀ।'

ਬੱਬੂ ਨੇ ਇਹਨੂੰ ਫੇਰ ਸਲਾਹ ਦੇਤੀ ਵਈ ਆਪਾਂ ਚਿੱਠੀ ਹੁਣ ਖੂਨ ਨਾਲ ਲਿਖਦੇ ਆਂ।
ਚੱਲੋ ਜੀ ਇਹਨਾਂ ਨੇ ਝਟਕਈ ਨੂੰ ਪੰਜ ਰੁਪਏ ਦੇ ਕੇ ਮੁਰਗਾ ਵੱਢ ਰਹੇ ਤੋਂ ਸ਼ੀਸ਼ੀ ਲਹੂ ਦੀ ਭਰਵਾ ਲਈ।
"ਭਰਵਾਈ ਵੀ ਫੈਂਸੀ ਵਾਲੀ ਸ਼ੀਸ਼ੀ 'ਚ ਹੋਣੀ ਆਂ?" ਧੀਰੇ ਨੇ ਕਿਹਾ।
"ਵਿੱਚ ਨੌਂਹ ਪਾਲਿਸ਼ ਰਲਾ ਕੇ ਥੋੜੇ ਜਿਹੇ ਅੱਖਰਾਂ 'ਚ ਚਿੱਠੀ ਲਿਖਤੀ।
ਮੇਰੀ ਪਿਆਰੀ ਤੈਨੂੰ ਮੈਂ ਇਹ ਚਿੱਠੀ ਆਵਦੇ ਜਿਗਰ ਦੇ ਖੂਨ ਨਾਲ ਲਿਖ ਰਿਹਾਂ......ਵਗੈਰਾ ਵਗੈਰਾ 
ਤੇਰਾ ਹੈਰੀ।

ਕਿਸੇ ਕੰਪਾਂਉਂਡਰ ਨੂੰ ਦਸ ਰੁਪਈਏ ਦੇ ਕੇ ਖੱਬੀ ਬਾਂਹ ਤੇ ਪੱਟੀ ਜਿਹੀ ਕਰਾਲੀ ਚਿੱਟੇ ਜਿਹੇ ਰੰਗ ਦੀ ਤੇ ਉਤੇ ਨੌਂਹ ਪੋਲਿਸ਼ ਜਿਹੀ ਡੋਲ ਲਈ।"
"ਅੱਛਾ" ਰਾਧਾ ਪ੍ਰਧਾਨ ਬੋਲਿਆ।
"ਤੇ ਚਿੱਠੀ ਅਗਲੇ ਦਿਨ ਫੇਰ ਕੁੜੀ ਨੂੰ ਫੜਾਤੀ। ਅੱਕੀ ਕੁੜੀ ਨੇ ਸਾਰੀ ਕਹਾਣੀ ਆਵਦੇ ਭਰਾ ਨੂੰ ਦੱਸ ਦਿੱਤੀ।
ਕੁੜੀ ਦਾ ਬਾਪ, ਚਾਚਾ, ਦੋ ਭਰਾ ਤੇ ਦੋ ਚਾਚੇ ਦੇ ਮੁੰਡੇ ਜਿੱਥੇ ਕੁ ਜਿਹੇ ਕਚਿਹਰੀਆਂ ਉਹਦੇ ਕੋਲ ਦੋ ਢਾਬੇ ਜਿਹੇ ਨੀ ਹੈਗੇ? ਸੂਬੇਦਾਰ ਜੋਗਿੰਦਰ ਸਿੰਘ ਦੇ ਬੁੱਤ ਕੋਲ ਬਜਾਰ ਵੜਦਿਆਂ ਈ?"
"ਆਹੋ ਹੈਗੈ ਆ ਤੂੰ ਅਗਾਂਹ ਦੱਸ।" ਕਾਕੇ ਨੇ ਕਿਹਾ।

"ਮਹਿੰਦਰਾ ਐਂਡ ਮਹਿੰਦਰਾ ਦੀ ਜੀਪ ਉਹਨਾਂ ਨੇ ਉਥੇ ਜਿਹੇ ਕਰਕੇ ਸਾਈਡ ਤੇ ਰੋਕ ਲਈ। ਡਰਾਇਵਰ ਸੀਟ ਤੇ ਕੁੜੀ ਦਾ ਚਾਚਾ, ਪਿੱਛੇ ਹਾਕੀਆਂ ਲਈ ਕੁੜੀ ਦੇ ਚਾਰੇ ਭਰਾ ਬੈਠੇ ਸਨ। ਚਾਬੀ ਖੱਬੇ ਨੂੰ ਮੋੜਕੇ ਕੁੜੀ ਦੇ ਚਾਚੇ ਨੇ ਜੀਪ ਬੰਦ ਕਰ ਲਈ ਸੀ। ਚਾਬੀ ਦਾ ਛੱਲਾ ਕਾਫੀ ਦੇਰ ਤੀਕ ਹਿਲਦਾ ਰਿਹਾ ਸੀ।  ਕੁੜੀ ਦੇ ਬਾਪ ਦੇ ਡੱਬੀਆਂ ਵਾਲਾ ਕੁੜਤਾ ਚਾਦਰਾ ਸਿਰ ਤੇ ਬੰਨੀ ਪੱਗ ਤੇ ਖੱਬੇ ਕੰਨ ਕੋਲ ਦੀ ਲੜ ਟੰਗਿਆ ਹੋਇਆਂ ਸੀ। ਕੁਰਮ ਦੀ ਜੁੱਤੀ ਉਹਦੇ ਪਾਈ ਹੋਈ ਸੀ, ਹੱਥ 'ਚ ਸੰਮਾਂ ਵਾਲਾ ਖੂੰਡਾ ਫੜਿਆ ਹੋਇਆ ਸੀ। ਕੁੜੀ ਨੂੰ ਰੁਟੀਨ 'ਚ ਜਿਵੇਂ ਤੁਰੀ ਆਉਨੀ ਆਂ ਓਵੇਂ ਤੁਰੀ ਆਈਂ ਤੇ ਸਾਨੂੰ ਮਾੜਾ ਜਿਹਾ ਇਸ਼ਾਰਾ ਕਰਦੀ ਵਈ ਕਿਹੜਾ ਉਹ?
ਚੱਲੋ ਜੀ ਉਦਣ ਧੁੰਦ ਪੈ ਰਹੀ ਸੀ, ਹੈਰੀ ਤੇ ਬੱਬੂ ਜਿਹੜੀ ਨਾਈ ਦੀ ਦੁਕਾਨ ਆ ਢਾਬਿਆਂ ਦੇ ਨਾਲ ...ਉਥੋਂ ਹੈਰੀ ਨੇ ਜਿੱਲ ਜਿਹੀ ਲਾਈ ਸੀ। ਧੌਣ ਤੇ ਜੋਹਨਸਨ ਐਂਡ ਜੋਹਨਸਨ ਦਾ ਪਾਊਡਰ ਜਿਹਾ ਲਾਇਆ ਸੀ ਤੇ ਸ਼ੀਸ਼ੇ ਚ ਸਿਰ ਖੱਬੇ ਸੱਜੇ ਜਿਹੇ ਘੁਮਾ ਕੇ ਵੇਖਿਆ ਸੀ। ਬੱਸ 'ਚੋਂ ਉੱਤਰ ਕੇ ਕੁੜੀ ਸੂਬੇਦਾਰ ਜੋਗਿੰਦਰ ਸਿੰਘ ਦੇ ਬੁੱਤ ਕੋਲ ਦੀ ਮੇਨ ਬਜਾਰ 'ਚ ਵੜਗੀ ਸੀ।

'ਚਾਚਾ ਔਹ ਆਉਂਦੀ ਆ ਭੈਣ।' ਕੁੜੀ ਦੇ ਭਰਾ ਨੇ ਕਿਹਾ ਸੀ।
ਹੈਰੀ ਤੇ ਬੱਬੂ ਵੀ ਨਾਈ ਦੀ ਦੁਕਾਨ 'ਚੋਂ ਨਿਕਲਕੇ ਕੁੜੀ ਦੇ ਪਿਛੇ ਲੱਗ ਤੁਰੇ ਸਨ।
ਮੈਂ ਕਿਹਾ ਕੋਈ ਜਵਾਬ ਤਾਂ ਦੇ ਜਾਂਦੇ? ਹੈਰੀ ਨੇ ਕੁੜੀ ਦੇ ਲਾਗੇ ਹੁੰਦਿਆਂ ਕਿਹਾ।  
ਤਾਇਆ ਦੋ ਜਾਣੇ ਆਂ ਪਤਾ ਨੀ ਦੋਹਾਂ ਚੋਂ ਕਿਹੜਾ? ਮੈਨੂੰ ਲਗਦਾ ਮੂਹਰਲਾ ਜਿਹੜਾ ਭੈਣ ਨਾਲ ਗੱਲਾਂ ਜਿਹੀਆਂ ਕਰਨ ਦੀ ਕੋਸ਼ਿਸ਼ ਕਰਦਾ.. ਕਹਿ ਕੇ ਕੁੜੀ ਦੇ ਚਾਰੇ ਭਰਾ ਜੀਪ ਚੋਂ ਛਾਲਾਂ ਮਾਰ ਕੇ ਇਉਂ ਉਤਰੇ ਜਿਵੇਂ ਫੌਜੀ ਜੰਗ ਲੱਗੀ ਤੋਂ ਬੈਰਕਾਂ 'ਚੋਂ ਨਿਕਲਦੇ ਹੁੰਦੈਂ ਆ।"
"ਫੇਰ ?" ਕਾਕੇ ਨੇ ਕਿਹਾ ਸੀ।
"ਫੇਰ ਕੀ.. ਕੁੜੀ ਦੇ ਭਰਾਵਾਂ ਨੇ ਹਾਕੀਆਂ ਦਾ ਮੀਂਹ ਵਰਾਤਾ... ਬੱਬੂ ਤਾਂ ਕਚਹਿਰੀਆਂ ਕੋਲ ਦੀ ਪਰਾਈਡ ਹੋਟਲ ਕੋਲ ਦੀ ਪੱਤਰੇ ਵਾਚ ਗਿਆ ਸੀ।"
"ਹਾ ਹਾ ਹਾ"
"ਏਨੇ ਚਿਰ ਨੂੰ ਕੁੜੀ ਦਾ ਬਾਪ ਤੇ ਕੁੜੀ ਦਾ ਚਾਚਾ ਵੀ ਜੀਪ 'ਚੋਂ ਉਤਰ ਆਏ ਸਨ। ਉਹਨਾਂ ਨੇ ਹੈਰੀ ਨੂੰ ਦੋਵਾਂ ਬਾਹਵਾਂ ਤੋਂ ਫੜ ਲਿਆ ਤੇ ਢਾਬੇ ਵਾਲੀ ਕੰਧ ਨਾਲ ਲਾ ਲਿਆ ਸੀ...ਕੁੜੀ ਦੇ ਚਾਚੇ ਦਾ ਮੁੰਡਾ ਕਰਾਟੇ ਜਾਣਦਾ ਸੀ ਉਹਨੇ ਮਾਰ ਮਾਰ ਹੂਰੇ ਹੈਰੀ ਦੀਆਂ ਅੱਖਾਂ ਥੱਲੇ ਨੀਲ ਪਾਤੇ ਹੈਰੀ ਦੀਆਂ ਗੱਲਾਂ ਸੁਜਾ ਦਿੱਤੀਆਂ, ਹੈਰੀ ਦਾ ਨਿੱਕਾ ਜਿਹਾ ਮੂੰਹ ਸੁੱਜ ਕੇ ਦਿਉ ਜਿੱਡਾ ਹੋ ਗਿਆ। ਹੈਰੀ ਦਾ ਬੂਥਾ ਆਏਂ ਹੋ ਗਿਆ ਜਿਵੇਂ ਭਰਿੰਡ ਲੜੇ ਹੁੰਦੇ ਆ।"

ਸਾਰੇ ਉੱਚੀ ਉੱਚੀ ਹੱਸੇ ਸਨ। ਚਾਹ ਦੀਆਂ ਘੁੱਟਾਂ ਬਰਾਛਾਂ ਥਾਣੀਂ ਬਾਹਰ ਡੁਲੀਆਂ ਸੀ। ਕਾਕੇ ਦਾ ਚਾਹ ਵਾਲਾ ਕੱਪ ਹੱਥ 'ਚੋਂ ਛੁੱਟ ਕੇ ਘਾਹ ਤੇ ਡੁੱਲ ਗਿਆ  ਸੀ।

"ਇਤਰਾਂ ਇਹ ਤੇ ਬੜੀ ਮਾੜੀ ਹੋਈ ਜੇ।" ਦਵੀ ਬੋਲਿਆ।

"ਉਹ ਤੂੰ ਅੱਗੇ ਤਾਂ ਸੁਣ ! ਦਵੀ ਅਸਲੀ ਸਟੋਰੀ ਤਾਂ ਹੁਣ ਸ਼ੁਰੂ ਹੁੰਦੀ ਆ। ਘੜੀ ਇਹਦੀ ਲਹਿ ਕੇ ਬਜਾਰ 'ਚ ਡਿੱਗ ਪਈ। ਇਕ ਬੂਟ ਵੀ ਲਹਿ ਕੇ ਡਿੱਗ ਪਿਆ। ਚੱਲੋ ਜੀ ਇਹ ਕਿਵੇਂ ਨਾ ਕਿਵੇਂ ਛੁਡਾ ਕੇ ਆਪਣੇ ਆਪ ਨੂੰ ਉਥੋਂ ਭੱਜਿਆ ਤੇ ਅਗਾਂਹ ਬੰਨੀ ਜਿਹੀ ਤੇ ਇਕ ਬਜ਼ੁਰਗ ਹੱਥ ਵਿੱਚ ਸੋਟੀ ਫੜੀ ਗੋਇਲ ਟਰੈਵਲ ਦੇ ਖੁੱਲਣ ਦਾ ਇੰਤਜਾਰ ਕਰ ਰਿਹਾ ਸੀ...ਨਾਲ ਉਹਦੇ ਚੌਵੀ ਕੁ ਸਾਲਾਂ ਦੀ ਕੁੜੀ ਤੇ ਇਕ ਪੰਦਰਾਂ ਕੁ ਸਾਲਾਂ ਦਾ ਮੁੰਡਾ ਸੀ। ਕੁੜੀ ਨੇ ਕਨੇਡਾ ਜਾਣਾ ਸੀ ਉਹਦੇ ਵਾਸਤੇ ਟਿਕਟ ਲੈਣ ਆਏ ਸੀ।

ਬਜ਼ੁਰਗ ਦੇ ਖੱਬੇ ਗੁੱਟ ਤੇ ਝੋਲੇ ਦੀਆਂ ਤਣੀਆਂ ਜਿਹੀਆਂ ਟੰਗੀਆਂ ਸਨ ਤੇ ਵਿੱਚ ਦਸ ਦਸ ਹਜਾਰ ਦੇ ਨੋਟਾਂ ਦੀਆਂ ਗੁੱਟੀਆਂ ਤੇ ਕੁੱਝ ਖੁੱਲੇ ਪੈਸੇ ਸਨ। ਭੱਜਿਆ ਆਉਂਦਾ ਹੈਰੀ ਬਜੁਰਗ 'ਚ ਵੱਜਿਆ ਪੈਸਿਆਂ ਵਾਲਾ ਝੋਲਾ ਬਜ਼ੁਰਗ ਦੇ ਹੱਥ 'ਚੋਂ ਡਿੱਗ ਪਿਆ ਸੀ। ਤੇ ਖੁੱਲੇ ਨੋਟ ਬਜਾਰ ਚ ਖਿੱਲਰ ਗਏ ਸੀ।

'ਉਏ ਤੇਰੀ ਬੇੜੀ ਬਹਿ ਜਾਏ' ਬਜ਼ੁਰਗ ਨੇ ਕਿਹਾ। ਕੁੜੀ ਦੇ ਭਰਾ ਨੇ ਸਮਝਿਆ ਕੇ ਕੋਈ ਲੁਟੇਰਾ ਆ ਜਿਹੜਾ ਸਾਡੇ ਪੈਸੇ ਖੋਹਣ ਦੀ ਕੋਸ਼ਿਸ਼ ਕਰ ਰਿਹਾ ਬਜ਼ੁਰਗ ਆਲੀ ਡਾਂਗ ਫੜਕੇ ਉਹ ਵੀ ਹੈਰੀ ਮਗਰ ਭੱਜਿਆ, ਭੱਜੇ ਆਉਂਦੇ ਨੇ ਛੇ ਸੱਤ ਡਾਗਾਂ ਉਹਨੇ ਹੈਰੀ ਦੇ ਮੌਰਾਂ 'ਚ ਜੜਤੀਆਂ।"
"ਬੱਸ ਕਰ ਯਾਰ ਮਾਰ ਦੇਗਾਂ ਹਸਾ ਹਸਾ ਕੇ।"
"ਅੱਛਾ ਅੱਗੇ ਸੁਣੋ। ..ਹੈਰੀ ਨੇ ਫਿਲਮੀ ਦਾਅ ਜਿਹਾ ਖੇਡਿਆ, ਅੱਗੇ ਇਕ ਮੂੰਗਫਲੀ ਦੀ ਰੇਹੜੀ ਲਾਈ ਖੜ੍ਹਾ। ਛੋਟੀ ਜਿਹੀ ਮੱਘੀ 'ਚ ਕੋਇਲੇ ਪਾ ਕੇ ਮੂੰਗਫਲੀ ਤੇ ਰੱਖੇ ਵੇ ਤੇ ਵਿੱਚੋਂ ਧੂੰਆ ਨਿਕਲੀ ਜਾਵੇ।

ਏਨੇ ਦੀਆਂ ਪਾਈਆ, ਏਨੇ ਦੀਆਂ ਅੱਧਾ ਕਿਲੋ, ਏਨੇ ਦੀਆਂ ਕਿਲੋ।
ਲੈ ਜੋ ਲੈ ਜੋ ਸਿਮਰੇ ਨੇ ਰੇਹੜੀ ਵਾਲੇ ਦੀ ਰੀਸ ਲਾਈ ਸੀ।

ਹੈਰੀ ਨੇ ਮਿਥੁਨ ਚੱਕਰਵਰਤੀ ਵਾਂਗੂ ਭੱਜਿਆਂ ਆਂਉਦਿਆਂ ਵੱਲ ਛੱਡੀ, ਸਾਰੀ ਮੂੰਗਫਲੀ ਬਜਾਰ 'ਚ ਖਿਲਰ ਗਈ..ਉਧਰੋਂ ਇਕ ਰਕਸ਼ੇ ਵਾਲਾ ਆਉਂਦਾ ਸੀ ...ਕੋਇਲੇ ਮੱਘੀ 'ਚੋਂ ਡਿੱਗ ਕੇ ਰਿਕਸ਼ੇ ਵਾਲੇ ਦੀਆਂ ਖੁਚਾਂ ਤੇ ਪੈ ਗਏ।
'ਅਰੇ ਮਾਰ ਦੀਆ ਰੇ।'
ਚੱਲੋ ਜੀ ਰਿਕਸ਼ੇ ਵਾਲਾ ਤੇ ਮੂੰਗਫਲੀ ਵਾਲਾ ਵੀ ਹੈਰੀ ਮਗਰ ਹੋ ਤੁਰੇ।
ਨੌਂ ਜਾਣੇ ਬਜ਼ਾਰ ਵਿੱਚ ਦੀ ਹੈਰੀ ਮਗਰ ਭੱਜੇ ਜਾਣ ,ਦੁਕਾਨਦਾਰ ਤੇ ਲੋਕਾਂ ਨੂੰ ਸਮਝ ਨਾ ਲੱਗੇ ਕਿ ਇਹ ਹੋਈ ਕੀ ਜਾਂਦਾ।
ਹੈਰੀ ਗਾਂਹ ਪੱਟੀ ਵਾਲੀ ਗਲੀ ਸੱਜੇ ਨੂੰ ਮੁੜ ਗਿਆ ਤੇ ਇਹ ਵੀ ਸਾਰੇ ਜਾਣੇ ਇਹਦੇ ਮਗਰ।
ਅੱਗੇ ਇਕ ਘਰ ਦਾ ਦਰਵਾਜ਼ਾ ਖੁਲਾ ਹੈਰੀ ਉਸ ਘਰ 'ਚ ਵੜ ਗਿਆ।

ਇਹਨਾਂ ਨੇ ਸਮਝਿਆ ਕੇ ਇਹ ਏਹਦਾ ਘਰ ਆ ਅੰਦਰ ਜਾਣਾ ਠੀਕ ਨਹੀਂ। ਅੰਦਰੋਂ ਫਾਇਰ ਫੂਰ ਨਾ ਮਾਰ ਦੇਵੇ, ਕੁੜੀ ਦੇ ਪਿਓ ਨੇ ਸਿਆਣਪ ਵਰਤੀ, ਬਥੇਰੀ ਹੋ ਗਈ ਇਹਦੇ ਨਾਲ।"
"ਫੇਰ ਤਾਂ ਹੈਰੀ ਦਾ ਖਹਿੜਾ ਛੁੱਟ ਗਿਆ ਹੋਣਾ?" ਧੀਰੇ ਨੇ ਕਿਹਾ।
"ਖਹਿੜਾ ਕਿਥੇ ਛੁੱਟ ਗਿਆ  .ਅੱਗੇ ਇਸ ਤੋਂ ਵੀ ਮਾੜੀ ਹੋਈ ਇਹਦੇ ਨਾਲ।"
"ਭਾ ਉਹ ਕਿਤਰਾਂ?" ਦਵੀ ਛੀਨੇ ਨੇ ਪੁੱਛਿਆ।

"ਅੱਗੇ ਘਰ ਵਾਲਿਆਂ ਦਾ ਬੱਬਰ ਸ਼ੇਰ ਵਰਗਾ ਕੁੱਤਾ ਖੁੱਲਾ ਛੱਡਿਆ ਵਿਆ। ਉਹ ਹੈਰੀ ਨੂੰ ਪੈ ਗਿਆ, ਦੰਦ ਉਹਨੇ ਹੈਰੀ ਦੇ ਪੱਟ ਤੇ ਸੇਲੇ ਵਾਂਗੂ ਖੁਭੋ ਦਿੱਤੇ... ਲਹੂ ਦੀ ਤਤੀਰੀ ਹੈਰੀ ਦੀ ਪੈਂਟ 'ਚੋਂ ਨਿਕਲੀ ਸੀ। ਭੱਜਣ ਲੱਗੇ ਤੋਂ ਕੁੱਤੇ ਦੇ ਦੰਦ ਪੈਂਟ 'ਚ ਅੜਗੇ ਸੀ ਪੈਂਟ ਪਹੁੰਚਿਆਂ ਤੀਕ ਪਾਟ ਗਈ ਸੀ...ਤੇ ਘਰ ਵਾਲਿਆਂ ਦੀ ਨੌਕਰਾਣੀ ਬੌਕਰ ਨਾਲ ਫਰਸ਼ ਸਾਫ ਕਰ ਰਹੀ ਸੀ। ਉਹਨੇ ਚੋਰ ਸਮਝਕੇ ਚੋਰ ਚੋਰ ਦਾ ਰੌਲਾ ਪਾ ਦਿੱਤਾ। ਨਾਲੇ ਪੁੱਠੀ ਕਰਕੇ ਬੋਕਰ ਏਹਦੇ ਮੌਰਾਂ 'ਚ ਜੜਤੀ।
ਗੁਆਂਢ 'ਚ ਦੋ ਭਰਾ ਲਾਅਨ ਵਿੱਚ ਬੈਠੇ ਕੇਸ ਸੁਕਾ ਰਹੇ ਸਨ ਤੇ ਨਾਲ ਗੰਨੇ ਚੂਪ ਰਹੇ ਸਨ। ਹੈਰੀ ਪਿਛਲੇ ਗੇਟ ਥਾਣੀਂ ਪਿਛਲੀ ਗਲੀ ਫੇਰ ਭੱਜਿਆ ਉਹ ਦੋਵੇਂ ਭਰਾ ਖੁੱਲੇ ਕੇਸੀਂ ਇਹਦੇ ਮਗਰ ਭੱਜੇ।

ਡਾਗਾਂ ਦਾ ਮੀਂਹ ਫੇਰ ਇਕ ਵਾਰੀ ਉਨਾਂ ਹੈਰੀ ਤੇ  ਵਰਾ 'ਤਾ।"

"ਆਹੋ ਰਸ ਦੇ ਭਰੇ ਗੰਨਿਆ ਦੀ ਪੀੜ ਵੀ ਬਹੁਤ ਹੁੰਦੀ ਆ ..।" ਰਾਧੇ ਪ੍ਰਧਾਨ ਨੇ ਕਿਹਾ ਸੀ।
"ਦੋਵਾਂ ਭਰਾਵਾਂ 'ਚੋਂ ਇਕ ਜਾਣਾ ਅੜਕ ਕੇ ਡਿੱਗ ਪਿਆ ਤੇ ਦੂਜਾ ਉਹਨੂੰ ਸੰਭਾਲਣ ਲੱਗ ਪਿਆ।
ਅੱਗੇ ਇਕ ਝੋਟਾ ਧੁੰਦ 'ਚ ਬੈਠਾ ਅਗਾਲੀ ਜਿਹੀ ਕਰੀ ਜਾਵੇ ਉਹਨੇ ਸਮਝਿਆ ਕੇ ਏਹ ਮੈਨੂੰ ਮਾਰਨ ਆਉਂਦਾ, ਝੋਟੇ ਨੇ ਉਠ ਕੇ ਪੂਛ ਜਿਹੀ ਚੁੱਕ ਕੇ ਢੁੱਡ ਹੈਰੀ ਦੇ ਮਾਰੀ। ਨਾਲ ਇਕ ਰੂੜੀ ਸੀ ਹੈਰੀ ਦਾ ਸਿਰ, ਝੋਟੇ ਨੇ ਰੂੜੀ ਚ ਗੱਡਤਾ। ਸਾਰਾ ਸਿਰ ਤੇ ਕੱਪੜੇ ਇਹਦੇ ਮੁਤਰਾਲ ਜਿਹੀ ਨਾਲ ਕਾਲੇ ਹੋ ਗਏ।"

"ਹਾ ਹਾ ਯਾਰ ਖੜਜਾ...।" ਦੋ ਜਾਣੇ ਹੱਸਦੇ ਹੱਸਦੇ ਵੱਖੀਆਂ ਫੜਕੇ ਖੱਬੇ ਸੱਜੇ ਨੂੰ ਭੱਜੇ ਸੀ।
"ਜਿਹੜੇ ਸਿਰ ਤੇ ਕੁੱਝ ਦੇਰ ਪਹਿਲਾਂ ਜਿੱਲਾਂ ਤੇ ਧੌਣ ਤੇ ਪਾਊਡਰ ਲੱਗੇ ਸੀ , ਉਹਦਾ ਬੁਰਾ ਹਾਲ ਸੀ।
ਉਥੋਂ ਹੈਰੀ ਮੇਨ ਰੋਡ ਚੜ੍ਹ ਗਿਆ। ਇਹ ਰਿਕਸ਼ੇ ਵਾਲਿਆਂ ਨੂੰ ਹੱਥ ਦੇਵੇ ਕੋਈ ਰਿਕਸ਼ੇ ਤੇ ਨਾ ਚੜਾਵੇ। ਇਕ ਪੈਰ ਚ ਜੁਤੀ ਨਾ, ਪੈਂਟ ਇਕ ਪਾਸਿਓਂ ਪਾਟ ਕੇ ਚਾਦਰਾ ਬਣੀ ਵੀ..ਮੂੰਹ ਸਿਰ ਗੋਹੇ ਨਾਲ ਲਿਬੜਿਆ ਵਿਆ... ਰਕਸ਼ਿਆਂ ਵਾਲੇ ਸਮਝਣ ਕੋਈ ਕਮਲਾ ਆ। ਨਿੱਕੇ ਨਿੱਕੇ ਜਵਾਕ ਬਸਤੇ ਗਲਾਂ ਚ ਪਾਈ ਸਕੂਲ ਨੂੰ ਜਾਂਦੇ ਹੈਰੀ ਨੂੰ ਛੇੜ ਛੇੜ ਲੰਘਣ ਕੇ ਓਹ ਕਮਲਾ ਅੰਕਲ ਜਾਂਦਾ, ਕਮਲਾ ਅੰਕਲ ਜਾਂਦਾ।

ਇਹ ਥੋੜੀ ਜਿਹੀ ਦੂਰ ਗਿਆ ਸੀ ਕੇ ਕੋਈ ਗੰਨਿਆਂ ਦੀ ਟਰਾਲੀ ਲੱਦੀ ਜਗਰਾਂਵਾ ਖੰਡ ਮਿੱਲ ਨੂੰ ਜਾਂਦਾ ਸੀ। ਇਹਨੇ ਡਾਲੇ ਨੂੰ ਹੱਥ ਜਿਹਾ ਪਾ ਲਿਆ ਕੇ ਮੈਂ ਏਹਦੇ ਤੇ ਬਹਿ ਕੇ ਚਲਾ ਜਾਨਾਂ। ਟਰਾਲੀ ਤੇ ਬੈਠੇ ਗੰਨਿਆ ਦੀ ਰਾਖੀ ਵਾਲੇ ਨੇ ਸਮਝਿਆ ਕੇ ਕੋਈ ਕਮਲਾ ਗੰਨੇ ਖਿੱਚਣ ਲੱਗਾ ...ਉਹਨੇ ਭਰਾਵਾਂ ਏਹਦੇ ਗੁਟਾਂ ਤੇ ਤਿੰਨ ਚਾਰ ਸੋਟੀਆਂ ਜੜ ਦਿੱਤੀਆਂ। ਸਾਰੇ ਸਰੀਰ ਚੋਂ ਕੱਲੇ ਗੁੱਟ ਈ ਬਚੇ ਸੀ ...ਉਹ ਵੀ ਉਹਨੇ ਜਖਮੀ ਕਰਤੇ। 

ਇਹ ਵੇਖ ਲਾ ਜੋਗਿੰਦਰ ਸਿੰਘ ਦੇ ਬੁੱਤ ਤੋਂ ਆਈ ਟੀ ਆਈ ਕਿੰਨੀ ਦੂਰ ਆ ਏਸ ਹਾਲਤ 'ਚ ਤੁਰ ਕੇ ਆਇਆ। ਵੱਡਾ ਰਾਂਝਾ ਬਣਦਾ ਸੀ ਇਹ।" ਸਿਮਰੇ ਨੇ ਕਿਹਾ।
ਸਾਰੇ ਜਾਣੇ ਹੱਸਦੇ ਹੱਸਦੇ ਘਾਹ ਤੇ ਲਿਟੀ ਜਾ ਰਹੇ ਸਨ।
ਬਲਰਾਜ ਬਰਾੜ ਚੋਟੀਆਂ ਠੋਬਾ


 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com