WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            
   

ਭਾਗ 1

  


ਕਿਸ਼ਤ ਨੰਬਰ 1
ਭਲਵਾਨ ਦੀ ਕੰਟੀਨ 

ਭਲਵਾਨ ਦੀ ਕੰਟੀਨ ਡੀ ਐਮ ਕਾਲਜ ਦੇ ਬਿਲਕੁਲ ਸਾਹਮਣੇ ਸੱਜੇ ਹੱਥ ਸੀ। ਪਿਛਲੇ ਚੌਂਤੀ ਸਾਲਾਂ ਤੋਂ ਭਲਵਾਨ ਇਹ ਕੰਟੀਨ ਚਲਾ ਰਿਹਾ ਸੀ। ਡੀ ਐਮ ਕਾਲਜ ਦੇ ਮੁੰਡੇ ਕੁੜੀਆਂ ਤੇ ਐਸ ਡੀ ਕਾਲਜ ਦੀਆਂ ਕੁੜੀਆਂ ਵਿਹਲੇ ਪੀਰੀਅਡਾਂ ਚ ਏਥੋਂ ਹੀ ਚਾਹ ਪੀਂਦੇ। ਭਲਵਾਨ ਵੀ ਬੜਾ ਦਿਲਦਾਰ ਬੰਦਾ ਸੀ। ਸੱਚੀ ਰੂਹ। ਮੁੰਡੇ ਕੁੜੀਆਂ ਭਲਵਾਨ ਨੂੰ ਕੋਈ 'ਚਾਚਾ ਭਲਵਾਨ' ਕਹਿੰਦਾ, ਕੋਈ 'ਤਾਇਆ ਭਲਵਾਨ' ਕੋਈ, 'ਅੰਕਲ ਭਲਵਾਨ' । ਭਲਵਾਨ ਦੀਆਂ ਮਟਰੀਆਂ ਬਹੁਤ ਮਸ਼ਹੂਰ ਸਨ। ਮੁੰਡੇ ਕੁੜੀਆਂ ਗੱਲਾਂ ਕਰਦੇ ਕਿ ਯਾਰ ਭਲਵਾਨ ਚਾਚਾ ਮਟਰੀਆਂ ਚ ਪਤਾ ਨੀ ਕੀ ਪਾਉਂਦਾ ਵੰਗ ਵਾਗੂ ਟੁਟਦੀਆਂ।
 
ਭਲਵਾਨ ਦੀ ਘਰਵਾਲੀ ਨੂੰ ਸਾਰੇ ਮੁੰਡੇ ਕੁੜੀਆਂ ਅੰਮਾਂ ਕਹਿੰਦੇ।

"ਤਾਇਆ ਭਲਵਾਨ, ਯਾਰ ਆਪਾਂ ਜੀ ਟੀ ਰੋੜ 'ਤੇ ਕੋਈ ਢਾਬਾ ਖੋਲ ਲੈਨੇ ਆਂ। ਅੱਧ ਤੇਰਾ.... ਅੱਧ ਮੇਰਾ। ਸਾਰੇ ਪੈਸੇ ਮੈਂ ਲਾਊਂਗਾ....ਤੂੰ ਇਉਂ ਕਰੀਂ, ਮੈਨੂੰ ਹੌਲੀ ਹੌਲੀ ਕਰਕੇ ਮੋੜੀ ਜਾਈਂ... ਕਿੱਥੇ ਡੀ ਐਮ ਕਾਲਜ ਦੀ ਛੋਟੀ ਜਿਹੀ ਕੰਟੀਨ 'ਚ ਅੜਿਆ ਬੈਠਾਂ " , ਸਿਮਰਜੀਤ ਸਿੰਘ ਸਿਮਰੇ ਨੇ ਕਿਹਾ। ਸਿਮਰਾ ਬਾਪ ਦੀ ਇਕਲੌਤੀ ਔਲਾਦ ਸੀ। ਖੁੱਲੀ ਡੁਲੀ ਜਮੀਨ ਦਾ ਮਾਲਕ। ਦਿਲਦਾਰ ਬੰਦਾ।

ਸਿਮਰਾ ਡੀ ਐਮ ਕਾਲਜ ਪੜਦਾ ਸੀ ਤੇ ਭਲਵਾਨ ਦਾ ਗਹਿ ਗੱਡਵਾਂ ਮਿੱਤਰ ਬਣ ਗਿਆ ਸੀ। ਪਿੰਡੋਂ ਆਉਣ ਲੱਗਾ ਦੇਸੀ ਦਾਰੂ ਦੀ ਬੋਤਲ ਸਿਮਰਾ ਯਾਮੇ ਮੋਟਰਸਾਈਕਲ ਦੀ ਡਿੱਗੀ ਚ ਰੱਖੀ ਆਉਦਾਂ। ਸ਼ਾਮ ਨੂੰ ਚਾਰ ਵਜੇ ਕਲਾਸਾਂ ਖਤਮ ਹੁਦੀਆਂ ਤਾਂ ਸਿਮਰਾ ਮੋਗੇ ਬਜਾਰ ਦੀਆਂ ਰੌਣਕਾਂ ਵੇਖਣ ਚਲਾ ਜਾਂਦਾ। ਛੇ ਕੁ ਵਜੇ ਨਾਲ ਯਾਮਾ ਕੰਟੀਨ ਦੇ ਸਾਹਮਣੇ ਆ ਲਾਉਂਦਾ। ਮੋਟਰਸਾਈਕਲ ਬੰਦ ਕਰਕੇ ਸਟਾਇਲ ਜਿਹੇ ਨਾਲ ਚਾਬੀ ਮੋਟਰਸਾਈਕਲ ਚੋਂ ਕੱਢਦਾ।
ਅੱਜ ਮੋਟਰਸਾਈਕਲ ਦੀ ਡਿੱਗੀ ਚੋਂ ਸਿਮਰੇ ਨੇ ਦੋ ਬੋਤਲਾਂ ਕੱਢੀਆਂ ਸੀ, ਇਕ ਅਰਿਸਟੋਕਰੇਟ ਦੀ ਤੇ ਇਕ ਦੇਸੀ ਦੀ।

"ਅੱਜ ਤਾਇਆ ਭਲਵਾਨ, ਅੰਗਰੇਜ਼ੀ ਪੀਨੇ ਆਂ" ਕਹਿ ਕੇ ਸਿਮਰੇ ਨੇ ਬੋਤਲ ਦਾ ਢੱਕਣ ਖੋਲਿਆ ਸੀ।

ਦੋ ਗਲਾਸ ਭਲਵਾਨ ਨੇ ਰੱਖ ਦਿਤੇ ਸੀ। "ਨਹੀਂ ਸਿਮਰਿਆ ਮੈਂ ਤਾਂ ਦੇਸੀ ਈ ਪੀਊਂਗਾ.. ਮੈਨੂੰ ਨੀ ਮਾਫਕ ਏਹ ਅੰਗਰੇਜ਼ੀ.. ਤੂੰ ਈ ਪੀ ਏਹ"  ਕਹਿ ਕੇ ਭਲਵਾਨ ਨੇ ਦੇਸੀ ਦਾ ਪੈੱਗ ਪਾ ਲਿਆ ਸੀ।

"ਤਾਇਆ ਭਲਵਾਨਾਂ, ਯਾਰ ਸੋਡਾ ਖੋਲ.. ਅਰਿਸਟੋਕਰੇਟ ਤਾਂ ਸੋਢ਼ੇ ਨਾਲ ਈ ਸਵਾਦ ਲਗਦੀ ਆ।" ਅੱਧਾ ਗਲਾਸ ਦਾਰੂ ਦਾ ਭਰਕੇ ਤੇ ਅੱਧਾ ਸੋਢੇ ਨਾਲ ਭਰਕੇ ਸੋਢਾ ਭਲਵਾਨ ਦੇ ਗਲਾਸ ਚ ਪਾਉਣਾ ਚਾਹਿਆ ਤਾਂ ਭਲਵਾਨ ਨੇ ਰੋਕ ਦਿੱਤਾ।

"ਨਹੀਂ ਸਿਮਰਿਆ.. ਮੈਂ ਤਾਂ ਪਾਣੀ ਈ ਪਾਊਂਗਾ..ਮੈਨੂੰ ਨੀ ਚੜ੍ਹਦੀ, ਪਾਣੀ ਬਿਨਾਂ...ਨਾਲੇ ਓਹ ਵੀ ਮੋਗੇ ਦਾ ਪਾਣੀ...ਮੈਂ ਪਿਛਲੇ ਹਫਤੇ ਕਿਤੇ ਵਿਆਹ 'ਤੇ ਚੱਲਿਆ ਗਿਆ ...ਐਧਰ ਕਿਸੇ ਪਿੰਡ... ਬੋਤਲ ਪੀ ਗਿਆ ਹੋਊਂਗਾ ਦਾਰੂ ਦੀ... ਸੁੰਹ ਵੱਡੇ ਮਹਾਰਾਜ ਦੀ, ਭੋਰਾ ਨੀ ਚੜ੍ਹੀ... ਫੇਰ ਏਥੇ ਕੰਟੀਨ 'ਤੇ ਆ ਕੇ ਇੱਕੋ ਪਿੱਗ ਈ ਪੀਤਾ ਪਾਣੀ ਪਾ ਕੇ... ਧਰਮ ਨਾਲ ਨਜ਼ਾਰਾ ਆ ਗਿਆ..." ਪੈੱਗ ਖਿੱਚਦਾ ਭਲਵਾਨ ਮੋਗੇ ਦੀ ਤਾਰੀਫ ਕਰ ਗਿਆ ਸੀ।

"ਏਹ ਗੱਲ ਤਾਂ ਹੈ ਭਲਵਾਨਾਂ.. ਮੈਂ ਵੀ ਹਫਤਾ ਕੁ ਨਾਂ ਕਟਾ ਕੇ ਕਿਸੇ ਦੂਜੇ ਸ਼ਹਿਰ ਪੜਨ ਜਾ ਲੱਗਿਆ... ਧਰਮ ਨਾਲ ਭੋਰਾ ਜੀ ਨੀ ਲੱਗਿਆ.. ਫੇਰ ਨਾਂ ਕਟਾ ਕੇ ਡੀ ਐਮ ਕਾਲਜ ਆ ਦਾਖਲਾ ਲਿਆ।" ਸਿਮਰੇ ਨੇ ਕਿਹਾ... "ਮੋਗੇ ਵਰਗਾ ਬਜਾਰ ਹੈਨੀ ਕਿਤੇ.. ਖਾਸ ਕਰ ਮੇਨ ਬਜਾਰ, ਭੀੜੀ ਗਲੀ, ਰਾਮ ਗੰਜ, ਪਰਤਾਪ ਰੋੜ, ਚੈਂਬਰ ਰੋੜ ਤੇ ਖਾਸ ਕਰ ਬਾਗ ਗਲੀ... ਤੇ ਆਹ ਡੀ ਐਮ ਕਾਲਜ ਵਾਲੀ ਗਲੀ ਤਾਂ ਮਾਂ ਦੀ ਗੋਦ ਈ ਲਗਦੀ ਆ," ਮਟਰੀਆਂ ਖਾਂਦੇ ਸਿਮਰੇ ਨੇ ਕਿਹਾ।

ਬਾਹਰਲੇ ਮੁੰਡੇ ਕੁੜੀਆਂ ਸਿਆਲਾਂ ਚ ਮਿਲਣ ਆਉਦੇ ਆ। ਓਹ ਵੀ ਏਵੇਂ ਈ ਦੱਸਦੇ ਆ ਕੇ 'ਚਾਚਾ ਭਲਵਾਨਾਂ, ਕਨੇਡਾ ਅਮਰੀਕਾ ਚ 100 100 ਕਿਲਿਆਂ ਚ ਬਜ਼ਾਰ ਨੇ ਪਰ ਮੋਗੇ ਵਰਗਾ ਬਜ਼ਾਰ ਕਿਤੇ ਵੀ ਹੈਨੀ'..ਭਲਵਾਨ ਨੇ ਕਿਹਾ।

"ਹੋਰ ਗੱਲ ਭਲਵਾਨਾਂ... ਤੂੰ ਮੋਗੇ ਦੇ ਪਾਣੀ ਦੀ ਗੱਲ ਕੀਤੀ ਆ ਕੇ ਦਾਰੂ ਬੜੀ ਚੜਦੀ ਆ.. ਮੋਗੇ ਦਾ ਪਾਣੀ ਬੰਦੇ ਨੂੰ ਸ਼ਾਇਰੀ ਵੀ ਲਿਖਣ ਲਾ ਦਿੰਦਾ..ਓਹਦੀ ਉਦਾਹਰਣ ਆ ਬਾਬੂ ਰਜਬ ਅਲੀ...ਬਾਬੂ ਰਜਬ ਅਲੀ ਨੇ ਛੇਵੀਂ ਸੱਤਵੀਂ ਅੱਠਵੀਂ ਜਮਾਤ, ਆਹ ਦੇਵ ਸਮਾਜ ਸਕੂਲ ਤੋਂ ਕੀਤੀ ਆ। 

ਪੰਜਵੀਂ ਕਰਕੇ ਆ ਗੇ ਮੋਗੇ ,
ਮਾਪਿਆਂ ਜਿਉਂਦਿਆਂ ਤੋਂ ਸੁੱਖ ਭੋਗੇ,
ਵੇਖਿਆ ਮੋਗਾ ਸੜਕ ਤੇ ਨੱਚਦੇ!

"ਵੇਖ ਲਾ ਬਾਬੂ ਰਜਬ ਅਲੀ ਨੂੰ ਸਾਇਰ ਬਣਾ ਤਾ ਮੋਗੇ ਦੇ ਪਾਣੀ ਨੇ.. ਵੰਡ ਵੇਲੇ ਓਹਨਾਂ ਨੂੰ ਪਾਕਿਸਤਾਨ ਜਾਣਾ ਪੈ ਗਿਆ, ਪਰ ਮੋਗਾ ਨੀ ਭੁੱਲੇ ....ਮਰਨ ਤੀਕਰ" ਬਾਬੂ ਜੀ ਦੀ ਸ਼ਾਇਰੀ ਦੇ ਦੀਵਾਨੇ ਸਿਮਰੇ ਨੇ ਕਿਹਾ।

"ਸਿਮਰਿਆ, ਜਿਹੜੀ ਗੱਲ ਤੂੰ ਕਹਿੰਦਾ ਰਹਿਨਾਂ, ਕੇ ਆਪਾਂ ਜੀ ਟੀ ਰੋੜ ਤੇ ਕੋਈ ਵੱਡਾ ਢਾਬਾ ਖੋਲ ਲਈਏ.. ਓਹਦਾ ਜਵਾਬ ਮੈਂ ਅੱਜ ਤੈਨੂੰ ਦਿੰਨਾ।"
ਏਨੇ ਨੂੰ ਭਲਵਾਨ ਤੇ ਸਿਮਰਾ ਦੋ ਦੋ ਗਲਾਸ ਖਿੱਚ ਕੇ ਵਾਹਵਾ ਗਹਿਰੇ ਜਿਹੇ ਹੋ ਗਏ ਸੀ।

"ਦਿਉ ਤਾਇਆ ਜੀ ਜਵਾਬ?"
"ਤੇਰੀ ਉਮਰ ਕਿੰਨੀ ਆ ਸਿਮਰਿਆ?"
"ਤਾਇਆ ਵੀਹਾਂ ਸਾਲਾਂ ਦਾ ਹੋ ਗਿਆ ਮੈਂ ਪਿਛਲੇ ਮਹੀਨੇ"

"ਵੇਖ ਲਾ ਤੇਰੇ ਜਨਮ ਤੋਂ ਵੀ ਚੌਦਾਂ ਸਾਲ ਪਹਿਲਾਂ ਦਾ ਮੈਂ ਕੰਟੀਨ ਚਲਾਉਂਦਾਂ..ਆਹ ਡੀ ਐਮ ਕਾਲਜ ਤੇ ਐਸ ਡੀ ਕਾਲਜ ਦੇ ਹਜਾਰਾਂ ਈ ਮੁੰਡੇ ਕੁੜੀਆਂ ਏਸ ਕੰਟੀਨ ਤੋ ਚਾਹ ਪੀ ਪੀ ਤੁਰ ਗੇ। ਦੂਰ ਦੂਰ ਦੇਸ਼ਾਂ ਚ ਬੈਠੇ ਆ ਮੇਰੇ ਧੀਆਂ ਪੁੱਤਰ । ਕੋਈ ਇੰਗਲੈਂਡ ਬੈਠਾ..ਕੋਈ ਅਮਰੀਕਾ, ਕੋਈ ਕਨੇਡਾ ਕੋਈ ਕਿਤੇ ਕੋਈ ਕਿਤੇ। ਮੈਨੂੰ ਤਾਂ ਕਈਆ ਦੇਸ਼ਾਂ ਦੇ ਨਾ ਵੀ ਨੀ ਪਤਾ। ਸਿਆਲਾਂ ਚ ਦੇਸ਼ ਗੇੜਾ ਮਾਰਨ ਆਉਂਦੇ ਆ... ਮੈਨੂੰ ਮਿਲ ਕੇ ਜਾਂਦੇ ਆ। ਮੁੰਡੇ ਆਵਦੀਆਂ ਵਹੁਟੀਆਂ ਤੇ ਆਵਦੇ ਜਵਾਕਾਂ ਨੂੰ ਨਾਲ ਲੈ ਕੇ ਆਉਂਦੇ ਆ। ਏਸ ਕੰਟੀਨ ਨੂੰ ਆ ਕੇ ਮੱਥਾ ਟੇਕਦੇ ਆ.. ਫੇਰ ਮੇਰੇ ਗੋਡੀਂ ਹੱਥ ਲਾਉਂਦੇ ਆ...ਆਵਦੇ ਜਵਾਕਾਂ ਨੂੰ ਦੱਸਦੇ ਆ ਕੇ ਏਥੋਂ ਭਲਵਾਨ ਚਾਚੇ ਤੋਂ ਅਸੀਂ ਚਾਹ ਪੀਂਦੇ ਹੁੰਦੇ ਸੀ। ਬਾਹਰਲੀ ਸ਼ਰਾਬ ਦੀਆਂ ਬੋਤਲਾਂ, ਜੈਕਟਾਂ, ਘੜੀਆਂ ਦੇ ਕੇ ਜਾਂਦੇ ਆ। ਧਰਮ ਨਾਲ ਸੰਦੂਕ ਭਰਿਆ ਪਿਆ ਬਾਹਰਲੀਆਂ ਚੀਜਾਂ ਨਾਲ।.......ਏਵੇਂ ਈ ਕੁੜੀਆਂ ਕਰਦੀਆਂ ਦੇਸ਼ ਆਈਆਂ ਮਿਲ ਕੇ ਜਾਦੀਆਂ।" ਭਲਵਾਨ ਨੇ ਗੱਲ ਜਾਰੀ ਰੱਖੀ..."ਕੱਲ ਦੀ ਗੱਲ ਦੱਸਦਾਂ ਤੈਨੂੰ.. ਮੈਂ ਛੇ ਕੁ ਵਜੇ ਭੱਠੀ ਬੰਦ ਕਰਕੇ ਘਰ ਨੂੰ ਜਾਣ ਈ ਲੱਗਾ ਸੀ..ਸਵਿੱਚ ਤੇ ਹੱਥ ਰੱਖ ਕੇ ਬੱਤੀਆਂ ਬੰਦ ਕਰਨ ਲੱਗਾ ਸੀ...ਧੁੰਦ ਵਾਹਵਾ ਪੈਣੀ ਸ਼ੁਰੂ ਹੋ ਗਈ ਸੀ..ਕੰਟੀਨ ਤੋਂ ਡੀ ਐਮ ਕਾਲਜ ਦੇ ਮੇਨ ਗੇਟ ਵਾਲੀਆਂ ਬੱਤੀਆਂ ਮੱਧਮ ਜਿਹੀਆਂ ਦਿਸ ਰਹੀਆਂ ਸਨ। ਇਕ ਕੁੜੀ ਸਾਹਮਣੇ ਆ ਖੜੀ ਹੋਈ।

"ਸਤ ਸ੍ਰੀ ਅਕਾਲ ਭਲਵਾਨ ਅੰਕਲ?" ਕੁੜੀ ਨੇ ਕਿਹਾ।
"ਸਾਸਰੀਕਾਲ ਧੀਏ, ਮੈਂ ਈ ਭਲਵਾਨ ਆਂ!"

ਓਹ ਕੁੜੀ ਆਪਣਿਆਂ ਵਾਂਗ ਬੈਂਚਾਂ ਤੇ ਆ ਕੇ ਬਹਿ ਗਈ ਸੀ। ਨਾਲ ਓਹਦੇ ਓਹਦਾ ਘਰ ਵਾਲਾ ਤੇ ਦੋ 18 20 ਸਾਲ ਦੇ ਮੁੰਡਾ ਕੁੜੀ ਸਨ। ਮੁੰਡੇ ਤੇ ਕੁੜੀ ਨੇ ਗੋਡੀਂ ਹੱਥ ਲਾ ਸਤ ਸ੍ਰੀ ਅਕਾਲ ਬੁਲਾਈ ਸੀ।

"ਸਿਆਣਿਆ ਅੰਕਲ?" ਕੁੜੀ ਨੇ ਮੈਨੂੰ ਕਿਹਾ।
"ਨਹੀਂ ਸਿਆਣਿਆ ਧੀਏ।"
"ਚੱਲੋ ਫੇਰ ਓਹੋ ਜਿਹੀ ਚਾਹ ਬਣਾਓ ਤੇ ਨਾਲੇ ਦਿਓ ਮੁੱਠ ਭਰਕੇ ਮਟਰੀਆਂ ਦੀ..ਪੱਚੀ ਸਾਲ ਹੋ ਗੇ ਅਮਰੀਕਾ ਗਈ ਨੂੰ ਬਥੇਰੇ ਕਾਹਵੇ, ਚਾਹਾਂ ਕੌਫੀਆਂ ਪੀਤੀਆਂ ਪਰ ਥੋਡੇ ਵਰਗੀ ਚਾਹ ਦਾ ਸਵਾਦ ਨੀ ਆਇਆ ਕਿਤੋਂ।"
ਭੱਠੀ ਮੈਂ ਫੇਰ ਪੱਖਾ ਚਲਾ ਕੇ ਤੱਪਦੀ ਕਰ ਲਈ ਸੀ।

ਚਾਹ ਧਰਕੇ ਤੇ ਮਟਰੀਆਂ ਦੀ ਪਲੇਟ ਰੱਖ ਕੇ ਦੋ ਲਿਮਕੇ ਪੱਟ ਕੇ ਦੋਵਾਂ ਜਵਾਕਾਂ ਨੂੰ ਫੜਾ ਦਿੱਤੇ ਸੀ। ਲਿਮਕੇ ਦੇ ਢੱਕਣ ਟਨ ਟਨ ਕਰਦੇ ਬੰਟਿਆਂ ਵਾਗੂ ਫਰਸ਼ ਤੇ ਡਿੱਗੇ ਸਨ। ਚਾਹ ਪੀਂਦੀ ਓਹ ਖਾਮੋਸ਼ ਬੈਠੀ ਰਹੀ। ਮੈਂ ਦੇਖਿਆ, ਅੱਖਾਂ ਉਹਦੀਆਂ ਚ ਪਾਣੀ ਸੀ ਜੋ ਓਹ ਜਾਹਰ ਨਹੀਂ ਹੋਣ ਦੇਣਾ ਚਾਹੁੰਦੀ ਸੀ। ਸ਼ਾਇਦ ਆਵਦੀਆਂ ਨਿੱਖੜ ਚੁਕੀਆਂ ਪੁਰਾਣੀਆਂ ਜਮਾਤਨਾਂ ਦਾ ਵਰਾਗ ਕਰ ਰਹੀ ਸੀ।

ਮੈਂ ਅੰਦਾਜ਼ਾ ਲਾ ਲਿਆ ਸੀ ਕੇ ਇਹ ਡੀ ਐਮ ਕਾਲਜ ਜਾਂ ਐਸ ਡੀ ਕਾਲਜ ਤੋਂ ਪੜੀ ਕੋਈ ਮੇਰੀ ਪੁਰਾਣੀ ਧੀ ਆ।"
ਚਾਹ ਪੀ ਕੇ ਅੱਖਾਂ ਪੂੰਝਦੀ ਮੇਰੇ ਕੋਲ ਆ ਖੜੀ ਹੋਈ ਸੀ।

"ਹੁਣ ਦੱਸੋ ਭਲਵਾਨ ਅੰਕਲ ਸਿਆਣਿਆ?
"ਨਹੀਂ ਬੱਚੀਏ, ਨਹੀਂ ਆਈ ਸਿਆਣ 'ਚ।"
"ਮੈਂ ਤਜਿੰਦਰ, ਜੀਹਨੂੰ ਤੂੰ ਕਮਲੀ ਕਮਲੀ ਕਹਿ ਕਹਿੰਦਾ ਹੁੰਦਾ ਸੀ।"
"ਓਹ ਤੇਰਾ ਭਲਾ ਹੋ ਜੇ..ਓ ਤੂੰ ਤਾਂ ਸਿਆਣ 'ਚ ਈ ਨੀਂ ਆਉਂਦੀ...ਕਿੰਨੀ ਪਤਲੀ ਹੁੰਦੀ ਸੀ ਤੂੰ!"
"ਆਹ ਮੇਰਾ ਮੁੰਡਾ ਤੇ ਆਹ ਕੁੜੀ... ਤੇ ਆਹ ਮੇਰਾ ਘਰਵਾਲਾ।" ਉਸਨੇ ਕਿਹਾ "ਯਾਦ ਆ ਅੰਕਲ ਇਕ ਵਾਰੀ ਸਾਡੇ ਇੱਲਤਾਂ ਕਰਦੀਆਂ ਤੋਂ ਤੇਰੀ ਬਾਂਹ ਤੇ ਚਾਹ ਡੁਲ ਗਈ ਸੀ ਤੇ ਤੇਰੀ ਬਾਂਹ ਮੱਚ ਗਈ ਸੀ...।" 
"ਆਹੋ ਧੀਏ ਓਹਦਾ, ਨਿਸ਼ਾਨ ਅਜੇ ਤੀਕ ਨੀ ਗਿਆ"
" ਤੇ ਤੂੰ ਅੰਕਲ ਓਸ ਗੱਲ ਦਾ ਭੋਰਾ ਗੁੱਸਾ ਨੀ ਕੀਤਾ ਸੀ ..ਤੇ ਅਗਲੇ ਦਿਨ ਅਸੀਂ ਡਰਦੀਆਂ ਡਰਦੀਆਂ ਤੇਰੇ ਕੋਲ ਚਾਹ ਪੀਣ ਆਈਆਂ ਸੀ... ਤੇ ਤੂੰ ਦੂਰੋਂ ਈ ਸਾਨੂੰ ਵੇਖ ਕੇ ਕਿਹਾ ਸੀ ਆਜੋ ਕਮਲੀਓ ਆਜੋ ਡਰੋ ਨਾ।"

"ਗੁੱਸਾ ਕਾਹਦਾ ਧੀਏ ...ਤੁਸੀਂ ਸਾਰੇ ਮੇਰੇ ਧੀਆਂ ਪੁੱਤਰ ਓ... ਕਿਸੇ ਦੇ ਦੋ ਧੀ ਪੁੱਤ ਹੋਣਗੇ, ਕਿਸੇ ਦੇ ਛੇ, ਕਿਸੇ ਦੇ ਸੱਤ ਪਰ ਮੇਰੇ ਤਾਂ ਤੁਸੀਂ ਕਿੰਨੇ ਧੀਆਂ ਪੁੱਤਰ ਹੋ। ਸਾਰੀ ਦੁਨੀਆਂ ਚ ਈ ਬੈਠੇ ਓਂ...ਨਾਲੇ ਧੀਏ ਧੋਡੇ ਧੀਆਂ ਪੁੱਤਰਾਂ ਦੇ ਸਿਰ ਤੇ ਚੌਤੀਂ ਵਰ੍ਹੇ ਰਿਜ਼ਕ ਖਾਧਾ, ਘਰ ਚਲਾਇਆ.. ਥੋਡੇ ਤੇ ਕਾਹਦਾ ਗੁੱਸਾ!...ਤੇ ਸੱਚ ਤੁਸੀਂ ਤਿੰਨ ਜਣੀਆਂ ਹੁਦੀਆਂ ਸੀ ...ਦੂਜੀਆਂ ਦੋਹਾਂ ਦੇ ਨਾਂ ਨੀ ਯਾਦ ਆਉਂਦੇ ? ...ਹਾਂ ਸੱਚ ਇਕ ਨੂੰ ਤੁਸੀਂ ਗੇਜੋ ਗੇਜੋ ਕਹਿ ਕੇ ਛੇੜਦੀਆਂ ਹੁੰਦੀਆਂ ਸੀ!"
"ਆਹੋ ਅੰਕਲ ਓਹਦਾ ਨਾਂ ਗੁਰਤੇਜ ਆ ..ਕਨੇਡਾ ਰਹਿੰਦੀ ਆ ..ਦੋ ਮੁੰਡੇ ਆ ਓਹਦੇ ਰੰਗੀਂ ਵਸਦੀ ਆ ...ਫੋਨ ਤੇ ਅਕਸਰ ਤੇਰੀਆਂ ਗੱਲਾਂ ਕਰਦੀਆਂ ਹੁੰਨੀਆਂ ਅਸੀਂ । ਪਿੱਛੇ ਜਿਹੇ ਹਫਤਾ ਲਾ ਕੇ ਆਈ ਸੀ ਕਨੇਡਾ, ਓਹਦੇ ਕੋਲ ਮੈਂ। ...ਤੇ ਤੀਜੀ ਸੀ ਅੰਜਲੀ.. ਓਹ ਲੁਧਿਆਣੇ ਵਿਆਹੀ ਵੀ ਆ.. ਓਹਦੇ ਪ੍ਰਾਹੁਣੇ ਦਾ ਕੱਪੜੇ ਦਾ ਬਹੁਤ ਵੱਡਾ ਸਟੋਰ ਆ ਚੌੜੇ ਬਜ਼ਾਰ ਲੁਧਿਆਣੇ, ਪਰ ਕੋਈ ਔਲਾਦ ਨੀ ਹੋਈ ਵਿਚਾਰੀ ਦੇ।"

"ਧੀਏ ਔਲਾਦ ਦਾ ਸੁੱਖ ਵੀ ਰੱਬ ਕਰਮਾ ਵਾਲਿਆਂ ਨੂੰ ਈ ਦਿੰਦਾ" ਭਲਵਾਨ ਨੇ ਕਿਹਾ ਸੀ।
"ਅੱਛਾ ਵੀ ਕਾਕਾ ਤੂੰ ਕਿਹੜੀ ਪਿਏਂਗਾ.. ਅੰਗਰੇਜ਼ੀ ਕੇ ਦੇਸੀ?"

"ਨਹੀਂ ਜੀ, ਮੇਰੇ ਤਾਂ ਅੰਕਲ ਆਲਰੈਡੀ ਦੋ ਡਰਾਮ ਲਾਏ ਵੇ ਆ।"

"ਹੈਂ ਦੋ ਡਰੰਮ? ਦੋ ਡਰੰਮ ਪੀਣ ਆਲਾ ਤੂੰ ਮੈਨੂੰ ਲੱਗਦਾ ਨੀਂ।"

ਕੁੜੀ ਹੱਸੀ ਸੀ, "ਨਹੀਂ ਅੰਕਲ, ਅਮਰੀਕਾ 'ਚ ਪੈੱਗ ਨੂੰ ਡਰਾਮ ਕਹਿੰਦੈ ਆ।"
"ਆਈ ਲਾਈਕ ਦੇਸੀ ਦਾਰੂ।" ਮੁੰਡੇ ਨੇ ਕਿਹਾ।
"ਕੀ ਕਹਿੰਦੈ ਇਹ ਧੀਏ?" 
"ਏਹ ਕਹਿੰਦੈ ਨੇ ਕੇ ਮੈਨੂੰ ਦੇਸੀ ਦਾਰੂ ਪਸੰਦ ਆ।...ਤੇ ਸੱਚ ਅੰਮਾ ਦਾ ਕੀ ਹਾਲ ਆ?" ਕੁੜੀ ਨੇ ਪੁਛਿਆ।
"ਜਿਹੋ ਜਿਹਾ ਹਾਲ ਬੁੱਢਿਆਂ ਦਾ ਹੁੰਦਾ ਧੀਏ... ਗੋਡੇ ਦੁਖਦੇ ਰਹਿੰਦੇ ਆ ਵਿਚਾਰੀ ਦੇ।"

ਕੁੜੀ ਨੇ ਬੈਗ ਚੋ ਇਕ ਜੈਕਟ ਕੱਢੀ ਸੀ, "ਏਹ ਅੰਕਲ ਤੇਰੇ ਲਈ, ਇੱਕ ਸੂਟ, ਸ਼ਾਲ ਤੇ ਆਹ ਲੈਦਰ ਦਾ ਪਰਸ ਅੰਮਾਂ ਲਈ।"
"ਧੀਏ ਐਨੀ ਖੇਚਲ ਕਾਹਤੋਂ ਕੀਤੀ ? ਆਂਢ ਗੁਆਂਢ 'ਚ ਕਿਸੇ ਗਰੀਬ ਗੁਰਬੇ ਨੂੰ ਦੇ ਦਿਆ ਕਰੋ.. ਮੇਰੇ ਕੋਲ ਤਾਂ ਅੱਗੇ ਈ ਸੰਦੂਕ ਭਰਿਆ ਪਿਆ।"
"ਖੇਚਲ ਕਾਹਦੀ..? ਮਾਂ ਬਾਪ ਦੀ ਕਾਹਦੀ ਖੇਚਲ..?" ਕੁੜੀ ਨੇ ਕਿਹਾ ਸੀ।
"ਤੇ ਨਾਲੇ ਮੇਰੇ ਛੋਟੇ ਭਰਾ ਦਾ ਵਿਆਹ ਆ ਅਗਲੇ ਮਹੀਨੇ ...ਆਹ ਲੈ ਕਾਰਡ, ਜਰੂਰ ਆਉਣਾ ਤੇ ਨਾਲੇ ਅੰਮਾ ਨੂੰ ਜਰੂਰ ਲੈ ਕੇ ਆਉਣਾ।" ਕੁੜੀ ਨੇ ਕਾਰਡ ਤੇ ਭਲਵਾਨ ਅੰਕਲ ਲਿੱਖ ਕੇ ਕਾਰਡ ਭਲਵਾਨ ਨੂੰ ਫੜਾ ਦਿੱਤਾ ਸੀ।

"ਤੇ ਜੇ ਨਾ ਆਇਆ ਤੇ ਵੇਖਲਾ ...ਚਾਹ ਫੇਰ ਡੋਹਲੂਂ ਆ ਕੇ ਤੇਰੀ ਬਾਂਹ ਤੇ!" ਕਹਿ ਕੇ ਕੁੜੀ ਹੱਸੀ ਸੀ।
"ਆਉਣਾ ਕਿਉਂ ਨੀ ਧੀਏ ? ..ਜਰੂਰ ਆਵਾਂਗੇ।" ਕਹਿ ਕੇ ਭਲਵਾਨ ਨੇ 50 50 ਦੇ ਦੋ ਨੋਟ ਮੁੰਡੇ ਤੇ ਕੁੜੀ ਨੂੰ ਦੇਣੇ ਚਾਹੇ। "ਨਹੀਂ ਅੰਕਲ ਏਹ ਤਾ ਬਾਹਲੇ ਆ ਤੂੰ ...10 10 ਦੇ ਦੇ।"  ਕੁੜੀ ਨੇ ਪੰਜਾਹ ਪੰਜਾਹ ਦੇ ਨੋਟ ਕੁੜੀ ਨੇ ਭਲਵਾਨ ਦੀ ਉਤਲੀ ਜੇਬ ਚ ਪਾ ਦਿਤੇ ਸੀ ਤੇ ਦਸ ਦਸ ਦੇ ਨੋਟ ਕੱਢ ਕੇ ਜਵਾਕਾਂ ਦੀਆਂ ਜੇਬਾਂ 'ਚ ਪਾ ਦਿਤੇ ਸਨ। 

"ਸਿਮਰਿਆ ਏਹੋ ਜਿਹਾ ਪਿਆਰ ਕਿੱਥੋਂ ਮਿਲਣਾ ਜੀ ਟੀ ਰੋੜ ਤੇ ਖੋਲੇ ਢਾਬੇ ਤੋਂ?..ਨਾਲੇ ਸਿਆਣੇ ਕਹਿੰਦੇ ਆ ਜਿੱਥੋਂ ਰਿਜ਼ਕ ਖਾਧਾ ਹੋਵੇ, ਓਸ ਜਗ੍ਹਾ ਨੂੰ ਪਿੱਛਾ ਨੀ ਵਖਾਈਦਾ। 34 ਸਾਲ ਰਿਜ਼ਕ ਖਾਧੈ, ਡੀ ਐਮ ਕਾਲਜ ਤੇ ਐਸ ਡੀ ਕਾਲਜ ਤੋਂ... ਤੇ ਹੁਣ ਅਖੀਰਲੀ ਉਮਰੇ ਕਿਉਂ ਅਕ੍ਰਿਤਘਣ ਬਣਜਾਂ ?"

ਬਲਰਾਜ ਬਰਾੜ ਚੋਟੀਆਂ ਠੋਬਾ
20/11/18


 
 
 
 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com