WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            
   

ਭਾਗ 4

  


ਕਿਸ਼ਤ ਨੰਬਰ 4
ਭਲਵਾਨ ਦੀ ਕੰਟੀਨ 

ਵਜਾਨ ਦੇ ਹਸਪਤਾਲ ਚੋਂ ਨਿਕਲ ਕੇ ਸਿਮਰਾ ਮੋਟਰਸਾਈਕਲ ਕੋਲ ਆ ਖੜਾ ਹੋਇਆ ਸੀ। ਅੱਧੀ ਕਿੱਕ ਤੇ ਮੋਟਰਸਾਈਕਲ ਸਟਾਰਟ ਕਰਨ ਵਾਲੇ ਸਿਮਰੇ ਤੋਂ ਮੋਟਰਸਾਈਕਲ 6-7 ਕਿੱਕਾਂ ਨਾਲ ਮਸਾਂ ਈ ਸਟਾਰਟ ਹੋਇਆ ਸੀ। ਚੱਲ ਵੀ ਸਿਮਰ ਸਿਹਾਂ ਭਲਵਾਨ ਤਾਏ ਕੋਲ ਚਲਦੇ ਆਂ। ਓਹ ਦੇਊ ਰੱਬ ਵਰਗਾ ਹੌਂਸਲਾ। ਮੋਟਰਸਾਈਕਲ ਅਕਾਲਸਰ ਰੋਡ ਤੋਂ ਸਿਮਰੇ ਨੇ ਰਾਮ ਗੰਜ ਨੂੰ ਸੱਜੇ ਨੂੰ ਮੋੜ ਲਿਆ ਸੀ। ਪੁਰਾਣੀ ਦਾਣਾ ਮੰਡੀ ਦੇ ਦੋਵੇਂ ਦਰਵਾਜੇ ਲੰਘ ਕੇ ਚੈਂਬਰ ਰੋਡ ਤੋਂ ਖੱਬੇ ਨੂੰ ਮੋੜ ਲਿਆ ਸੀ। ਖੱਬੇ ਹੱਥ ਅੰਗਰੇਜ਼ੀ ਠੇਕੇ ਤੋਂ ਦੋ ਬੋਤਲਾਂ ਅਰਿਸਟੋਕਰੇਟ ਪ੍ਰੀਮੀਅਮ ਤੇ ਸੋਲਨ ਨੰਬਰ 1 ਦੀਆਂ ਲੈ ਲਈਆਂ ਸਨ।

"ਆ ਵੀ ਸ਼ੇਰਾ!" ਭਲਵਾਨ ਨੇ ਸਿਮਰੇ ਨੂੰ ਆਉਂਦੇ ਨੂੰ ਵੇਖ ਕੇ ਕਿਹਾ।
"ਓ ਤਾਇਆ ਅੱਜ ਮੇਰਾ ਜਨਮ ਦਿਨ ਆ।"
"ਓ ਬੱਲੇ ਮੇਰੇ ਸ਼ੇਰ ਦੇ...।" ਕਹਿ ਕੇ ਉੱਠ ਕੇ ਭਲਵਾਨ ਨੇ ਸਿਮਰੇ ਨੂੰ ਜੱਫੀ ਵਿਚ ਲੈ ਲਿਆ ਸੀ।
"ਅੱਜ ਪਾਰਟੀ ਤੈਨੂੰ ਮੈਂ ਦਿਨਾਂ।" ਕਹਿ ਕੇ ਭਲਵਾਨ ਨੇ ਜੇਬ ਚੋਂ ਹੱਥ ਪਾਇਆ ਸੀ। 
"ਅੱਜ ਦੋਵੇਂ ਅੰਗਰੇਜ਼ੀ ਪੀਨੇ ਆਂ ਤੇ ਨਾਲੇ ਖਾਨੇ ਆਂ ਕਰਮਚੰਦ ਦੀ ਮੱਛੀ!" 
"ਨਹੀਂ ਤਾਇਆ, ਦਾਰੂ ਦੀਆਂ ਦੋ ਬੋਤਲਾਂ ਲੈ ਆਇਆਂ ਤੂੰ ਮੱਛੀ ਮੰਗਾਅ।"
"ਜਾਹ ਮੁੰਡਿਆ ਭੱਜ ਕੇ ਕਰਮਚੰਦ ਤੋਂ  ਦੋ ਕਿਲੋ ਮੱਛੀ ਦੇ ਪਕੌੜੇ ਫੜ ਕੇ ਲਿਆ ..ਤੇ ਓਹਨੂੰ ਕਹਿ ਦੀਂ ਕੇ ਭਲਵਾਨ ਨੇ ਭੇਜਿਆ ..ਕਰਾਰੀ ਜਿਹੀ ਬਣਾ ਦੀਂ ਤੇ ਨਾਲੇ ਜੇ ਤੂੰ ਹੋਰ ਕੁੱਛ ਖਾਣਾ ਤਾ ਰਾਹ ਚੋਂ ਫੜ ਲਿਆਵੀਂ ।" ਦੁਕਾਨ ਤੇ ਕੰਮ ਕਰਦੇ ਮੁੰਡੇ ਨੂੰ ਭਲਵਾਨ ਨੇ ਪੈਸੇ ਫੜਾਉਂਦਿਆਂ ਕਿਹਾ ਸੀ। ਮਿੰਟ ਚ ਈ ਮੁੰਡਾ ਸਾਇਕਲ ਤੇ ਚੜ ਗਿਆ ਸੀ।

"ਤਾਇਆ ਭਲਵਾਨਾਂ ਆਹ ਪੀ ਜਵਾਂ ਦੇਸੀ ਵਰਗੀ ਆ।" ਸੋਲਨ ਨੰਬਰ 1 ਦਾ ਪੈੱਗ ਭਲਵਾਨ ਨੂੰ ਪਾਉਂਦਿਆਂ ਸਿਮਰੇ ਨੇ ਕਿਹਾ।

ਅੱਧਾ ਪੈਗ ਖਿੱਚਦੇ ਭਲਵਾਨ ਨੇ ਕਿਹਾ,"ਲੈ ਵੀ ਪੁੱਤਰਾ ..ਰੱਬ ਤੇਰੀਆਂ ਪਤਾਲ ਚ ਜੜ੍ਹਾਂ ਲਾਵੇ ਤੇ ਤੇਰੀ ਪੜਪੋਤਰੇ ਵਿਆਹੁਣ ਜਿੰਨੀ ਉਮਰ ਕਰੇ।...ਤੇ ਨਾਲੇ ਵਜਾਨ ਦੇ ਹਸਪਤਾਲ ਤੋਂ ਰੋ ਕੇ ਆਇਆ ਹੋਵੇਂਗਾ ?" ਭਲਵਾਨ ਨੂੰ ਪਤਾ ਸੀ ਕੇ ਸਿਮਰਾ ਹਰੇਕ ਸਾਲ ਏਸ ਦਿਨ ਵਜਾਨ ਦੇ ਹਸਪਤਾਲ ਜਾਂਦਾ ਹੁੰਦਾ।

"ਸ਼ੇਰਾ ਇਉਂ ਨੀ ਕਰੀ ਦਾ ਹੁੰਦਾ...ਜਗਤ ਤਮਾਸ਼ਾ ਆ ..ਕੋਈ ਏਸ ਤਮਾਸ਼ੇ ਨੂੰ ਥੋੜਾ ਸਮਾਂ ਵੇਖ ਕੇ ਵਿਦਾ ਹੋ ਜਾਂਦਾ ਤੇ ਕੋਈ ਲੰਮਾ ਸਮਾਂ।
ਤੂੰ ਤੇ ਆਵਦੀ ਮਾਂ ਦਾ ਸਾਥ ਗਿਆਰਾਂ ਵਰੇ ਮਾਣ ਲਿਆ ਤੇ ਤੇਰਾ ਸਤਜੁਗੀ ਬਾਪ ਜਿਉਂਦਾ। ਏਧਰ ਮੇਰੇ ਵੱਲ ਵੇਖ ਮੈਨੂੰ ਮਾਂ ਪਿਉ ਦੀ ਸੁਰਤ ਵੀ ਨੀ ਕੇ ਕਿਹੋ ਜਿਹੇ ਸੀ। ਮਾਮੇ ਕੋਲ ਰਹਿੰਦਾ ਸੀ ਝੁੱਗੀ 'ਚ ...ਓਹ ਈ ਦੱਸਦਾ ਹੁੰਦਾ ਸੀ ਕੇ ਤੂੰ ਛੇ ਮਹੀਨਿਆਂ ਦਾ ਸੀ ਜਦੋਂ ਤੇਰੀ ਮਾਂ ਚੜ੍ਹਾਈ ਕਰਗੀ ਤੇ ਜਦੋਂ ਤੂੰ ਦੋ ਵਰਿਆਂ ਦਾ ਹੋਇਆ ਤੇ ਤੇਰਾ ਬਾਪੂ।....ਅੱਠ ਸਾਲ ਦਾ ਸੀ, ਜਦੋਂ ਕੰਮ ਲੱਭਦਾ ਏਸ ਕੰਟੀਨ ਤੇ ਆ ਗਿਆ ਸੀ। ਕੰਟੀਨ ਦਾ ਮਾਲਕ ਪ੍ਰੇਮ ਬੜਾ ਨਰ ਬੰਦਾ ਸੀ।

'ਬਾਬੂ ਜੀ ਕੰਮ ਚਾਹੀਦਾ?' ਮੈਂ ਪ੍ਰੇਮ ਨੂੰ ਕਿਹਾ ਸੀ।
'ਬਹਿ ਜਾ ਕਾਕਾ, ਰੋਟੀ ਤੇ ਨੀ ਖਾਣੀ?'
'ਭੁੱਖ ਤਾਂ ਲੱਗੀ ਆ ਬਾਬੂ ਜੀ।' ਮੈਂ ਪ੍ਰੇਮ ਨੂੰ ਕਿਹਾ ।

ਪ੍ਰੇਮ ਨੇ ਤਿੰਨ ਰੋਟੀਆਂ ਦੇ ਉੱਤੇ ਡੱਬੇ ਚੋਂ ਕੱਢ ਕੇ ਗੋਭੀ ਦੀ ਸਬਜ਼ੀ ਪਾ ਦਿੱਤੀ ਸੀ। ਕਈ ਦਿਨਾਂ ਤੋਂ ਬਾਅਦ ਚੱਜ ਨਾਲ ਰੋਟੀ ਖਾਧੀ ਸੀ। 

'ਅੱਛਾ ਵੀ ਕਾਕਾ ਕਿੰਨੇ ਪੈਸੇ ਲਵੇਂਗਾ ਮਹੀਨੇ ਦੇ?'
'ਜਿੰਨੇ ਦੇ ਦਿਓਗੇ ਜੀ।' ਮੈਂ ਕਿਹਾ।
'ਮਹੀਨੇ ਦੇ ਦਿਆ ਕਰੂੰਗਾ ਮੈਂ ਤੈਨੂੰ ਸੱਤ ਸੌ ਤੇ ਰੋਟੀ ਪਾਣੀ ਨਾਲ ..ਤੇ ਰਹਿਣ ਨੂੰ ਮੇਰੇ ਘਰ ਦੇ ਬਾਹਰ ਬੈਠਕ ਆ ਓਥੇ ਸੌਂ ਜਾਇਆ ਕਰੀਂ।..
ਤੇ ਜਾਹ ਮੇਨ ਬਜ਼ਾਰ ਚ ਖੱਬੇ ਹੱਥ ਕੌਰ ਲਾਲ ਦੀ ਦੁਕਾਨ ਆ ...ਓਹਨੂੰ ਕਹੀਂ ਪ੍ਰੇਮ ਨੇ ਭੇਜਿਆ ਦੋ ਕੁੜਤੇ ਪਜਾਮੇ ਸੰਵਾਂਉਣੇ ਆ। ਮੂਹਰੇ ਮਲਕੀਤ ਦਰਜੀ ਬੈਠਾ ਹੋਉਗਾ.. ਓਹਨੂੰ ਕਹਿ ਦੇਵੀਂ ਇਕ ਅੱਜ ਈ ਚਾਹੀਦਾ ਤੇ ਦੂਜਾ ਭਾਵੇਂ ਇਕ ਦੋ ਦਿਨਾਂ ਬਾਅਦ ਦੇ ਦੇਵੀਂ।'

ਮੈਨੂੰ ਹੋਰ ਕੀ ਚਾਹੀਦਾ ਸੀ। ਕੰਮ ਤੇ ਮੈਂ ਉਸੇ ਵੇਲੇ ਈ ਜੁੱਟ ਗਿਆ ਸੀ।
'ਕੀ ਨਾਂ ਆ ਤੇਰਾ ਕਾਕਾ?.. ਨਾਂ ਤਾਂ ਤੇਰਾ ਮੈਂ ਪੁੱਛਿਆ ਈ ਨੀ!'
'ਨਾਂ ਦਾ ਤਾਂ ਜੀ ਮੈਨੂੰ ਵੀ ਨੀ ਪਤਾ ਪਰ ਸਾਰੇ ਭਲਵਾਨਾਂ ਭਲਵਾਨਾਂ ਈ ਕਹਿੰਦੈ ਆ।'
'ਚੰਗਾ ਵੀ ਭਲਵਾਨਾਂ ਚੱਲ ਚੱਲੀਏ ਘਰ ਨੂੰ।' ਕੰਮ ਖਤਮ ਕਰਕੇ ਪ੍ਰੇਮ ਨੇ ਮੈਨੂੰ ਕਿਹਾ।

'ਚੱਲ ਚੱਲੀਏ ਘਰ ਨੂੰ' ਮੈਂ ਨਿੱਕੀ ਜਿਹੀ ਜ਼ਿੰਦਗੀ 'ਚ ਪਹਿਲੀ ਵਾਰੀ ਸੁਣਿਆ ਸੀ। ਬੜਾ ਵਧੀਆ ਲੱਗਿਆ ਸੀ ਮੈਨੂੰ ਇਹ ਲਫਜ਼। ਘਰੇ ਪਹੁੰਚਣ ਤੇ ਪ੍ਰੇਮ ਦੀ ਘਰ ਵਾਲੀ ਨੇ ਖਿੜੇ ਮੱਥੇ ਮੇਰਾ ਸਵਾਗਤ ਕੀਤਾ ਸੀ। ਉਸ ਦਿਨ ਤੋਂ ਮੈਂ ਓਹਨੂੰ ਬੇਬੇ ਕਹਿਣ ਲੱਗ ਪਿਆ ਸੀ। ਪ੍ਰੇਮ ਦੇ ਇਕ ਕੁੜੀ ਸੀ ਜੋ ਓਹਨੇ ਕਾਫੀ ਪਹਿਲਾਂ ਵਿਆਹ ਦਿੱਤੀ ਸੀ। ਮੋਠਾਂ ਦੀ ਦਾਲ ਨਾਲ ਅਦਰਕ ਨਿੰਬੂ ਦਾ ਅਚਾਰ ਨਾਲ ਜ਼ਿੰਦਗੀ 'ਚ ਪਹਿਲੀ ਵਾਰੀ ਰੱਜ ਕੇ ਰੋਟੀ ਖਾਧੀ ਸੀ।

ਪਾਣੀ ਗਰਮ ਕਰਕੇ ਬੀਬੀ ਨੇ ਬਾਲਟੀ ਭਰਕੇ ਗੁਸਲਖਾਨੇ 'ਚ ਰੱਖ ਦਿੱਤਾ ਸੀ। ਸਾਬਣ ਤੌਲੀਆ ਮੈਨੂੰ ਫੜਾ ਦਿੱਤਾ ਸੀ। ਲੈ ਵੀ ਸਿਮਰ ਸਿਹਾਂ ਜ਼ਿੰਦਗੀ 'ਚ ਪਹਿਲੀ ਵਾਰ ਗਰਮ ਪਾਣੀ ਨਾਲ ਨਹਾਤਾ ਸੀ। ਪੇਟੀ 'ਚੋਂ ਰਜਾਈ ਕੱਢ ਕੇ ਬੇਬੇ ਨੇ ਮੈਨੂੰ ਦੇ ਦਿੱਤੀ ਸੀ। ਪਹਿਲੀ ਵਾਰ ਜਿੰਦਗੀ ਚ ਮੰਜੇ ਤੇ ਪਿਆ ਸੀ।

ਸਵੇਰੇ ਪ੍ਰੇਮ ਮੈਨੂੰ ਜਗਾ ਕੇ ਕੰਟੀਨ ਤੇ ਲੈ ਆਉਂਦਾ। ਭਾਂਡੇ ਮਾਂਜਣ ਤੋਂ ਲੈ ਕੇ ਚਾਹ ਬਣਾਉਣ ਮਟਰੀਆਂ ਕੱਢਣ...ਸਾਰੇ ਕੰਮਾਂ ਦੇ ਮੈਂ ਗੇੜੇ ਖਵਾਈ ਰੱਖਦਾ। ਬੈਂਕ ਦੀ ਕਾਪੀ ਪ੍ਰੇਮ ਨੇ ਮੈਨੂੰ ਬਣਾ ਦਿੱਤੀ ਸੀ। ਖਰਚਾ ਮੇਰਾ ਕਿਹੜਾ ਸੀ ਰੋਟੀ ਮੈਨੂੰ ਬੇਬੇ ਖਵਾ ਦਿੰਦੀ। ਮਹੀਨੇ 'ਚ ਇੱਕ ਕੁੜਤਾ ਪਜਾਮਾ ਮੈਨੂੰ ਪ੍ਰੇਮ ਸਵਾ ਦਿੰਦਾ। ਤਨਖਾਹ 'ਚੋਂ ਪੰਜਾਹ ਰੁਪਏ ਰੱਖ ਕੇ ਬਾਕੀ ਮੈਂ ਬੈਂਕ ਜਮਾਂ ਕਰਾ ਦਿੰਦਾ। ਕਰਮਚੰਦ ਓਦੋਂ ਪਰਤਾਪ ਰੋਡ ਤੇ ਮੱਛੀ ਦੀ ਰੇਹੜੀ ਲਾਉਂਦਾ ਹੁੰਦਾ ਸੀ। ਕਦੇ ਕਦੇ ਮੇਰਾ ਜੀ ਕਰਨਾ, ਪਾਈਆ ਮੱਛੀ ਲੈ ਕੇ ਓਹਦੇ ਤੋਂ ਖਾ ਲੈਣੀ। ਲੈ ਵੀ ਸਿਮਰ ਸਿਹਾਂ ਪਤਾ ਈ ਨੀ ਲੱਗਿਆ ਕਦੋਂ ਮੈਂ ਪੰਦਰਾਂ ਵਰ੍ਹਿਆਂ ਦਾ ਹੋ ਗਿਆ।

"ਲੈ ਵਈ ਭਲਵਾਨਾਂ ਮੈਂ ਛੱਡਣ ਲਗਿਆਂ ਕੰਟੀਨ... ਤੂੰ ਸਾਂਭਣੀ ਆ ਹੁਣ... ਮੈਂ ਬੁੜਾ ਹੋ ਗਿਆ ਯਾਰ ਹੁਣ ਨੀ ਕੰਮ ਹੁੰਦਾ ਮੈਥੋਂ।" ਪ੍ਰੇਮ ਨੇ ਮੈਨੂੰ ਕਿਹਾ ਸੀ।
"ਤੂੰ ਇਉਂ ਕਰ, ਜਿੰਨੇ ਕੁ ਪੈਸੇ ਤੇਰੇ ਕੋਲ ਪਏ ਆ ਬੈਂਕ 'ਚ ਓਹ ਤੇ ਜਿਹੜੇ ਥੁੜਦੇ ਆ ਉਹ ਮੈਂ ਪਾ ਦਿੰਨਾਂ... ਮੇਰੇ ਘਰ ਦੇ ਸਾਹਮਣੇ ਮਕਾਨ ਵਿਕਾਊ ਆ ਦੋ ਕਮਰਿਆਂ ਦਾ ...ਉਹ ਮੈਂ ਲੈ ਦਿੰਨਾ ਤੈਨੂੰ। ਦੁਕਾਨ ਦੀ ਪਗੜੀ ਮੈਂ ਤੈਥੋਂ ਨੀ ਲੈਂਦਾ ਤੇ ਕੰਟੀਨ ਦਾ ਕਿਰਾਇਆ ਮੈਨੂੰ ਤੂੰ ਮਹੀਨੇ ਦੇ ਮਹੀਨੇ ਦੇਈ ਜਾਇਆ ਕਰੀਂ।"

ਲੈ ਵੀ ਸਿਮਰ ਸਿਹਾਂ ਕਹਿੰਦੈ ਰੱਬ ਬੰਦਿਆਂ 'ਚ ਈ ਵੱਸਦਾ । ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਰੱਬ ਬੰਦਿਆਂ 'ਚ ਵਾਕਿਆ ਈ ਵੱਸਦਾ। ਇੱਕ ਝੁੱਗੀਆਂ ਚ ਰਹਿਣ ਵਾਲੇ ਯਤੀਮ ਭਲਵਾਨ ਨੂੰ, ਜੀਹਦਾ ਨਾ ਅੱਗਾ ਨਾ ਪਿੱਛਾ ਓਹਨੂੰ ਪ੍ਰੇਮ ਨੇ ਘਰ ਵਾਲਾ ਕਰਤਾ ਸੀ।
"ਤੇ ਇਕ ਗੱਲ ਹੋਰ... ਤੂੰ ਹੋ ਗਿਆ ਹੁਣ ਜਵਾਨ ...ਦੁਕਾਨਦਾਰੀ ਦਾ ਅਸੂਲ ਦੱਸਾਂ.. ਜਿਹੜੀਆਂ ਕੁੜੀਆਂ ਕੰਟੀਨ ਤੋਂ ਚਾਹ ਪੀਣ ਆਉਂਦੀਆਂ ਓਹਨਾਂ ਨੂੰ ਤੂੰ ਆਵਦੀਆਂ ਭੈਣਾਂ ਸਮਝਣਾ। ਭੁੱਲ ਕੇ ਵੀ ਮਾੜੀ ਅੱਖ ਨਾਲ ਨੀ ਵੇਖਣਾ।"

ਲੈ ਵੀ ਸਿਮਰ ਸਿਹਾਂ ਪ੍ਰੇਮ ਦੀ ਉਹ ਗੱਲ ਮੈਂ ਪੱਲੇ ਬੰਨ੍ਹ ਲਈ... ਹੁਣ ਤੀਕ ਸਾਰੀਆਂ ਕੁੜੀਆਂ ਨੂੰ ਸਕੀਆਂ ਧੀਆਂ ਭੈਣਾਂ ਈ ਸਮਝਦਾਂ। ਤੇ 6 ਮਹੀਨੇ ਬਾਅਦ ਈ ਪ੍ਰੇਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਉਂ ਲੱਗਿਆ ਜਿਵੇਂ ਮੇਰੇ ਪਿਉ ਦੀ ਦੂਜੀ ਵਾਰ ਮੌਤ ਹੋ ਗਈ ਹੋਵੇ। ਜਿਵੇਂ ਮੈਂ ਫੇਰ ਯਤੀਮ ਹੋ ਗਿਆ ਹੋਵਾਂ। ਬੇਬੇ ਦੇ ਨਾਂਹ ਨੁੱਕਰ ਕਰਨ ਤੇ ਵੀ ਮੈਂ ਭੋਗ ਦਾ ਸਾਰਾ ਖਰਚਾ ਕੀਤਾ ਸੀ। ਦੁਕਾਨ ਦਾ ਕਿਰਾਇਆ ਮੈਂ ਬੇਬੇ ਨੂੰ ਚੜ੍ਹੇ ਮਹੀਨੇ ਦੇ ਆਉਂਦਾ। ਆਹ ਵੇਖਲਾ ਪ੍ਰੇਮ ਦੀ ਫੋਟੋ...ਸਵੇਰੇ ਕੰਮ ਸੁਰੂ ਕਰਨ ਤੋਂ ਪਹਿਲਾਂ ਮੱਥਾ ਟੇਕਦਾ ਮੈਂ ਏਸ ਦਰਵੇਸ਼ ਰੂਹ ਨੂੰ।

ਰੱਬ ਨੇ ਬੜੇ ਧੋਖੇ ਦਿੱਤੇ ਮੈਨੂੰ... ਝੁੱਗੀਆਂ 'ਚ ਪੈਦਾ ਕੀਤਾ ....ਮਾਂ ਪਿਉ ਨੂੰ ਸੁਰਤ ਸੰਭਾਲਣ ਤੋਂ ਪਹਿਲਾਂ ਈ ਖੋਹ ਲਿਆ ਤੇ ਪ੍ਰੇਮ ਤੇ ਬੇਬੇ ਵੇਖਲਾ ਫੇਰ ਮਾਂ ਪਿਓ ਦੇ ਰੂਪ 'ਚ। ...ਤੇ ਤੇਰੇ ਕੋਲ ਸੌ ਕਿੱਲੇ ਤੋਂ ਉੱਪਰ ਜ਼ਮੀਨ ਆ... ਮਹਿਲ ਵਰਗਾ ਘਰ ਆ ....ਵੱਡੇ ਵੱਡੇ ਘਰਾਂ ਦੇ ਤੈਨੂੰ ਰਿਸ਼ਤੇ ਆਉਂਦੇ ਆ ...ਕੋਹੜਿਆ, ਐਵੇਂ ਨਾ ਦਿੱਲ ਛੱਡਿਆ ਕਰ।

ਭਲਵਾਨ ਦੀਆਂ ਗੱਲਾਂ ਨੇ ਸਿਮਰੇ ਦੇ ਢਾਹੇ ਹੌਸਲੇ ਨੂੰ ਜਿਵੇਂ ਖੜਾ ਕਰ ਦਿੱਤਾ ਸੀ। ਸਿਮਰੇ ਤੇ ਭਲਵਾਨ ਨੇ ਸੋਲਨ ਦੀ ਬੋਤਲ ਖਤਮ ਕਰ ਦਿੱਤੀ ਸੀ। ਤਾਰੇ ਨਿਕਲ ਆਏ ਸਨ। ਡੀ ਐਮ ਕਾਲਜ ਦੇ ਗੇਟ ਉੱਪਰ ਦੀ ਅਸਮਾਨ 'ਤੇ ਚੰਦ, ਭਲਵਾਨ ਦੀ ਗਾਥਾ ਸੁਣਦਾ ਜਾਣੀ ਹੰਝੂ ਸੁੱਟ ਰਿਹਾ ਸੀ।

ਬਲਰਾਜ ਬਰਾੜ ਚੋਟੀਆਂ ਠੋਬਾ 
WhatsApp 1.416.455.8484
 


 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com