ਸਿਮਰਿਆ ਏਹਨਾਂ ਦੋਵਾਂ ਕਾਲਜਾਂ 'ਚੋਂ ਨਿੱਕਲੇ ਕਿੰਨੇ ਈ ਵੱਡਿਆਂ ਵੱਡਿਆਂ
ਆਹੁਦਿਆਂ ਤੇ ਲੱਗੇ ਨੇ। ਡਾਕਟਰ, ਪ੍ਰੋਫੈਸਰ, ਬਿਜਲੀ ਮਹਿਕਮੇ 'ਚ ਤੇ ਪੁਲਸ ਦੇ ਵੱਡੇ
ਵੱਡੇ ਆਹੁਦਿਆਂ 'ਤੇ। ਜਿਨ੍ਹਾਂ ਨੂੰ ਏਥੋਂ ਦੀਆਂ ਨਿਕੰਮੀਆ ਸਰਕਾਰਾਂ ਨੌਕਰੀਆਂ ਨੀ
ਦੇ ਸਕੀਆਂ ...ਉਹ ਵਿਦੇਸ਼ੀ ਉਡਾਰੀਆਂ ਮਾਰਗੇ। ਕੀਹਦਾ ਜੀ ਕਰਦਾ ਐਨੈ ਸੋਹਣੇ ਪੰਜਾਬ
ਨੂੰ ਛੱਡ ਕੇ ਜਾਣ ਨੂੰ। ਸਿਮਰਿਆ ਸਿਆਲਾਂ 'ਚ ਜਦੋਂ ਆਵਦਿਆਂ ਆਲਣਿਆਂ 'ਚ ਪੰਜਾਬ
ਗੇੜਾ ਮਾਰਨ ਆਉਂਦੇ ਆ ਨਾ, ਮੈਨੂੰ ਦੱਸਦੇ ਆ ਕੇ ਚਾਚਾ ਸੁਤਾ ਸਾਡੀ ਚੌਵੀ ਘੰਟੇ
ਪੰਜਾਬ 'ਚ ਈ ਹੁੰਦੀ ਆ। ਸੁਪਨੇ 'ਚ ਕਦੇ ਅਸੀਂ ਖੇਤੋਂ ਗੰਨੇ ਭੰਨ ਕੇ ਚੂਪਦੇ ਹੁੰਨੇ
ਆਂ, ਕਦੇ ਸਿਆਲਾਂ ਦੀਆਂ ਧੂਣਆਂ ਸੇਕਦੇ ਆਂ... ਤੇ ਕੁੜੀਆਂ ਕਹਿਣਗੀਆਂ ਚਾਚਾ, ਪਿੰਡ
ਵਾਲੀਆਂ ਚਾਚੀਆਂ ਤਾਈਆਂ ਨਾਲ ਤੀਆਂ 'ਚ ਪਾਈਆਂ ਬੋਲੀਆਂ ਬੜੀਆਂ ਯਾਦ ਆਉਂਦੀਆਂ।
'ਸਾਉਣ ਦਾ ਮਹੀਨਾ ਵੇ ਤੂੰ ਆਇਂਓ ਗੱਡੀ ਜੋੜ ਕੇ, ਅਸਾਂ ਨਹੀਓਂ ਜਾਣਾ ਲੈ ਜਾ
ਖਾਲੀ ਗੱਡੀ ਮੋੜ ਕੇ।'
ਤੇ ਸਿਮਰੇ ਅਜੇ ਪੰਜ ਛੇ ਦਿਨ ਈ ਹੋਏ ਸੀ ਸੱਤੇ ਨੂੰ
ਕੰਟੀਨ ਤੋ ਗਏ ਨੂੰ। ਦੁਪਹਿਰ ਦੇ ਦੋ ਕੁ ਵਜੇ ਦਾ ਸਮਾਂ ਸੀ...ਪੁਲੀਸ ਦੀਆਂ ਬੇਸ਼ੁਮਾਰ
ਗੱਡੀਆਂ ਹੂਟਰ ਵਜਾਉਦੀਆਂ ਆਈਆਂ ਸਨ। ਛੀਟਕਿਆਂ ਵਰਗੇ ਕਮਾਂਡੋ, ਜਿਹਨਾਂ ਦੇ ਕਾਲੀਆਂ
ਵਰਦੀਆਂ ਤੇ ਸਿਰਾਂ ਤੇ ਕਾਲੇ ਪਟਕੇ ਬੰਨੇ, ਤੇ ਪਟਕਿਆਂ ਦੇ ਲੜ ਧੌਣਾਂ ਪਿੱਛੇ ਸਿੱਟੇ
ਹੋਏ ਸਨ। ਕਮਾਂਡੋ ਕੰਟੀਨ ਦੀ ਸਾਹਮਣੀ ਕੋਠੀ 'ਤੇ ਛੱਤਾਂ ਤੇ ਪੁਜੀਸ਼ਨਾ ਲੈ ਕੇ ਖੜ ਗਏ
ਸਨ। ਆਹ ਸਾਰੀ ਮਿੱਤਲ ਰੋਡ ਇਕ ਨੰਬਰ ਤੀਕ ਤੇ ਆਹ ਕਾਲਜ ਵਾਲੀ ਗਲੀ ਤੋਂ ਲੈ ਕੇ
ਪਰਤਾਪ ਰੋਡ ਤੋਂ ਚੈਂਬਰ ਰੋਡ ਤੀਕ... ਤੇ ਐਧਰ ਆਰੀਆ ਰੋਡ ਤੀਕ, ਪੁਲੀਸ ਦੀਆਂ
ਜਿਪਸੀਆਂ ਤੇ ਕੈਂਟਰ ਈ ਕੈਂਟਰ ਸਨ। ਆਹ ਸਾਰਾ ਇਲਾਕਾ ਜਾਣੀ ਪੁਲੀਸ ਛਾਉਣੀ 'ਚ ਤਬਦੀਲ
ਹੋਇਆਂ ਪਿਆ ਸੀ। ਆਹ ਨਿੱਕੀ ਜਿਹੀ ਕੰਟੀਨ ਐਸ ਤਰ੍ਹਾਂ ਘੇਰ ਲਈ ਸੀ, ਜਿਵੇਂ ਕੋਈ
ਵੱਡਾ ਕਿੱਲਾ ਘੇਰਿਆ ਹੁੰਦਾ। "ਭਲਵਾਨ ਤੁਸੀਂ ਓ?" ਮੋਗਾ ਸਦਰ ਥਾਣਾ ਇੰਸਪੈਕਟਰ, ਜੋ
ਅਗਵਾਈ ਕਰ ਰਿਹਾ ਸੀ, ਉਹਨੇ ਮੈਨੂੰ ਪੁੱਛਿਆ ਸੀ। "ਜੀ ਜਨਾਬ ਮੈਂ ਈ ਆਂ।" ਮੇਰਾ
ਮੱਥਾ ਠਣਕਿਆ ਸੀ ਕੇ ਸੱਤੇ ਜਾਂ ਉਹਦੇ ਸਾਥੀਆਂ ਨੇ ਕਿਤੇ ਇਹਨਾਂ ਦੇ ਅੜਿੱਕੇ ਆਇਆਂ
ਨੇ ਉਦਣ ਵਾਲੀ ਚਾਹ ਪੀਣ ਵਾਲੀ ਘਟਨਾ ਪੁਲੀਸ ਨੂੰ ਦੱਸ ਦਿੱਤੀ ਹੋਵੇਗੀ। ਏਨੇ ਚਿਰ
ਨੂੰ ਤਲਾਸ਼ੀ ਲੈਂਦਿਆ ਤੋਂ ਦੋ ਬੋਤਲਾਂ ਦੇਸੀ ਸ਼ਰਾਬ ਦੀਆਂ ਤੇ ਇਕ ਦਾਹ ਸਿਪਾਹੀਆਂ ਨੇ
ਇੰਸਪੈਕਟਰ ਦੇ ਮੂਹਰੇ ਰੱਖ ਦਿੱਤਾ ਸੀ। ਗਰਮ ਪ੍ਰੈਸ, ਚੱਡੇ ਪਾੜਨੇ, ਤੱਤੇ
ਸਰੀਏ ਮੇਰੇ ਅੱਖਾਂ ਮੂਹਰੇ ਘੁੰਮ ਗਏ ਸਨ।
"ਡੀ ਆਈ ਜੀ ਸਾਹਿਬ ਥੋਨੂੰ ਮਿਲਣਾ
ਚਾਹੁੰਦੇ ਨੇ।" "ਓਹ ਕੌਣ ਹੁੰਦੇ ਨੇ ਜੀ?" "ਤਿੰਨ ਜ਼ਿਲਿਆਂ ਦੇ ਪੁਲਿਸ ਦੇ
ਮੁਖੀ।" ਇੰਸਪੈਕਟਰ ਨੇ ਕਿਹਾ ਸੀ। ਏਨੇ ਚਿਰ ਨੂੰ ਕਿਸੇ ਗਵਾਂਢੀ ਨੇ ਤੇਰੀ ਅੰਮਾ ਨੂੰ
ਖਬਰ ਕਰ ਦਿੱਤੀ ਸੀ। ਮੇਰਾ ਮੱਥਾ ਫੇਰ ਠਣਕਿਆ ਸੀ ਕੇ ਤਿੰਨ ਜ਼ਿਲਿਆਂ ਦਾ ਮੁਖੀ ਦੋ
ਬੋਤਲਾਂ ਦੇਸੀ ਸ਼ਰਾਬ ਬਾਬਤ ਤੇ ਘੱਟੋ ਘੱਟ 80 ਗੱਡੀਆਂ ਲੈ ਕੇ ਛਾਪਾ ਮਾਰਨੋ
ਰਿਹਾ। ਏਹ ਸੱਤੇ ਵਾਲੇ ਕੇਸ 'ਚ ਮੈਨੂੰ ਖਿਚਣਗੇ। "ਇੰਸਪੈਕਟਰ ਸਾਹਿਬ ਜੀ ਜਨਾਬ।"
ਵਾਇਰਲੈਸ ਤੇ ਅੱਗੋਂ ਕਿਸੇ ਨੇ ਕਿਹਾ। "ਮੈਂ ਡੀ ਐਸ ਪੀ ਬੋਲਦਾਂ...ਪਹੁੰਚ ਗਏ
ਕੰਟੀਨ ਤੇ? ਭਲਵਾਨ ਹੈਗਾ?" "ਹਾਂ ਜੀ।" "ਜੱਸਟ ਰੂਟੀਨ ਚੈਕਅੱਪ। ਨਥਿੰਗ
ਅਲਜ। ਰਾਹਗੀਰਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ। ਡੀ ਆਈ ਜੀ ਸਾਹਿਬ ਪੰਜ ਮਿੰਟ 'ਚ
ਪਹੁੰਚ ਰਹੇ ਨੇ।" "ਜੀ ਜਨਾਬ।" ਇਨਸਪੈਕਟਰ ਨੇ ਕਿਹਾ।
ਪੰਜ ਮਿੰਟ ਬਾਅਦ
ਇਕ ਗੁੰਦਵੇਂ ਸਰੀਰ ਵਾਲਾ ਕੋਈ ਪੰਜਾਹਾਂ ਕੁ ਸਾਲਾਂ ਦਾ ਸਿਵਲ ਵਰਦੀ 'ਚ ਦਸ ਬਾਰਾਂ
ਕਮਾਂਡੋ 'ਚ ਘਿਰਿਆ ਡੀ ਆਈ ਜੀ ਅੰਬੈਸਡਰ ਕਾਰ ਚੋਂ ਉਤਰਕੇ ਮੇਰੇ ਕੋਲ ਆ ਖੜਾ ਹੋਇਆ
ਸੀ। ਠੋਕਵੀਂ ਪੱਗ ਤੇ ਕੱਟਵੀਂ ਦਾਹੜੀ ਤੇ ਮੁੱਛਾਂ ਉਹਨੇ ਕੁੰਢੀਆਂ ਕੀਤੀਆਂ ਹੋਈਆਂ
ਸਨ। ਆਉਣ ਸਾਰ ਉਹਨੇ ਮੈਨੂੰ ਜੱਫੀ ਵਿਚ ਲੈ ਲਿਆ ਸੀ। ਖੁੱਲਵੀਂ ਜਿਹੀ ਕੁਰਸੀ
ਸਿਪਾਹੀਆਂ ਨੇ ਉਹਦੇ ਮੂਹਰੇ ਰੱਖ ਦਿੱਤੀ ਸੀ। ਕੁਰਸੀ ਤੇ ਲੱਤ ਤੇ ਲੱਤ ਰੱਖ ਕੇ ਉਹ
ਬਹਿ ਗਿਆ ਸੀ।
"ਸਿਆਣਿਆਂ ਚਾਚਾ ਭਲਵਾਨਾਂ ?" "ਨਹੀਂ ਜਵਾਨਾਂ... ਨਹੀਂ
ਆਇਆ ਸਿਆਣ 'ਚ।" "ਤੇਰੇ ਕਿੱਥੇ ਆਉਣਾ ਸਿਆਣ 'ਚ ...ਬਾਈ ਵਰੇ ਹੋ ਗਏ ਕੰਟੀਨ ਤੇ
ਕਾਲਜ ਛੱਡੇ ਨੂੰ।..ਮੈਂ ਰਣਦੀਪ।" "ਓ ਹੱਛਾ! ਹੁਣ ਯਾਦ ਆਇਆ ਤਿੰਨ ਵਰੇ ਪੜਿਆਂ
ਤੂੰ ਡੀ ਐਮ ਕਾਲਜ 'ਚ... ਤੂੰ ਤਾਂ ਕੋਹੜਿਆ ਪਛਾਣ 'ਚ ਈ ਨੀਂ ਆਇਆ।"
"ਆਹੋ
ਚਾਚਾ.. ਜਦੋਂ ਮੈਂ ਮਿਹਨਤ ਕਰਕੇ ਸਿੱਧਾ ਡੀ ਐਸ ਪੀ ਭਰਤੀ ਹੋਇਆ ਸੀ ਨਾ.. ਦਿਲ 'ਚ
ਧਾਰਲੀ ਸੀ ਕੇ ਪਹਿਲੀ ਤਨਖਾਹ ਚੋਂ ਚਾਚੇ ਭਲਵਾਨ ਨੂੰ ਦੋ ਹਜਾਰ ਰੁਪਏ ਦੇਣੇ ਆਂ। ਪਰ
ਐਨੈ ਸਾਲ ਹੋਗੇ ਆ ਗੇੜਾ ਈ ਨੀ ਵੱਜਿਆ, ਅੱਜ ਮੋਗੇ ਵਿਆਹ ਤੇ ਆਇਆ ਸੀ ਮੈਂ ਕਿਹਾ
ਚਾਚੇ ਭਲਵਾਨ ਦਾ ਕਰਜਾ ਲਾਹ ਕੇ ਆਉਨੇ ਆ। ਦੋ ਹਜਾਰ ਦਾ ਵਿਆਜ ਈ ਬਣਕੇ ਵੇਖਲਾ
ਪੰਜ ਹਜਾਰ ਬਣ ਗਿਆ। ਪੰਜ ਹਜਾਰ ਦਿੰਦੇ ਨੇ ਮੈਨੂੰ ਕਿਹਾ।"
"ਨਹੀਂ ਨਹੀਂ ਏਹ
ਤੂੰ ਮੈਨੂੰ ਕਾਹਦੇ ਦਿਨਾਂ ..ਰਹਿਣ ਦੇ ਸ਼ੇਰਾ।" "ਨਹੀਂ ਚਾਚਾ, ਏਨੇ ਕੁ ਤਾਂ
ਤੇਰੇ ਓਧਾਰ 'ਚ ਈ ਮਾਰਲੇ ਹੋਣੇ ਆਂ।"
ਏਨੇ ਨੂੰ ਅੰਮਾਂ ਰਿਕਸ਼ੇ ਤੇ ਬੈਠੀ
ਸਿਰ ਤੇ ਪੈਰਾਂ ਤੋਂ ਨੰਗੀ ਰਿਕਸ਼ੇ ਤੇ ਬੈਠੀ , ਆ ਕੇ ਡੀ ਆਈ ਜੀ ਦੇ ਪੈਰਾਂ ਤੇ ਡਿਗ
ਪਈ ਸੀ।
"ਵੇ ਠਾਣੇਦਾਰਾ , ਵੇ ਏਹ ਤਾਂ ਗਊ ਬੰਦਾ.. ਏਹਨੇ ਨੀ ਕੁਛ ਕੀਤਾ...
ਵੇ ਬਖਸ਼ਲਾ ਪੁੱਤਾ।" "ਉਹ ਅੰਮਾ, ਕਿਉਂ ਭਾਰ ਚੜਾਉਣੀ ਆ।" ਉਹ ਆਪ ਕੁਰਸੀ ਤੋਂ ਉਠ ਕੇ
ਖੜਾ ਹੋ ਗਿਆ ਸੀ। ਸਿਪਾਹੀਆਂ ਨੇ ਉਹਦੀ ਕੁਰਸੀ ਤੇ ਤੇਰੀ ਅੰਮਾ ਨੂੰ ਬਿਠਾ ਦਿੱਤਾ
ਸੀ।
"ਤੇ ਸੱਚ ਜਿਹੜੀ ਕੁੜੀ ਤੇਰੇ ਨਾਲ ਆਉਂਦੀ ਹੁੰਦੀ ਸੀ ਚਾਹ ਪੀਣ ਸੁਨੱਖੀ
ਜਿਹੀ?" "ਉਹ ਰਮਣੀਕ... ਹਾਂ ਉਹਦੇ ਨਾਲ ਈ ਮੇਰਾ ਵਿਆਹ ਹੋਇਆ... ਰੋਪੜ ਡਿਪਟੀ
ਕਮਿਸ਼ਨਰ ਲੱਗੀ ਆ ...ਤੇਰੀਆਂ ਮਟਰੀਆਂ ਨੂੰ ਬਹੁਤ ਯਾਦ ਕਰਦੀ ਹੁੰਦੀ ਆ। ਤੇ ਨਾਲੇ
ਓਹਨੇ ਮਟਰੀਆਂ ਦੀ ਸ਼ਿਫਾਰਸ਼ ਕੀਤੀ ਆ ਦੇ ਮੈਨੂੰ ਲਿਫਾਫਾ ਭਰਕੇ।" "ਤੇ ਕੋਹੜੀ ਨੂੰ
ਕਹੀਂ ਕਿਤੇ ਮਿਲ ਜਾਵੇ।" "ਚਾਚਾ, ਅਗਲੇ ਮਹੀਨੇ ਫੇਰ ਐਧਰ ਆਉਣਾ ਵਿਆਹ ਤੇ ਜਰੂਰ
ਲੈ ਕੇ ਆਉਗਾਂ।" "ਤੇ ਸ਼ੇਰਾ, ਜੁਆਕ ਜੱਲੇ ਕਿੰਨੇ ਆ?" "ਚਾਚਾ ਭਲਵਾਨਾਂ, ਇਕ
ਮੁੰਡਾ ਇਕ ਕੁੜੀ।" "ਆਹ ਨਵਾਂ ਈ ਰਿਵਾਜ ਚੱਲ ਪਿਆ... ਦੋਆਂ ਤੋਂ ਵੱਧ ਕਿਸੇ ਦੇ
ਨਿਆਣੇ ਹੁੰਦੇ ਈ ਨਹੀਂ। ਸਾਡੇ ਵੇਲੇ ਪੰਜ ਪੰਜ ਤੋਂ ਘੱਟ ਕਿਸੇ ਦੇ ਹੁੰਦੇ ਈ ਨਹੀਂ
ਸਨ। .. ਤੇ ਸ਼ੇਰਾ ਆਬਾਦੀ ਫੇਰ ਪਤਾ ਨੀ ਕਿਵੇਂ ਵਧੀ ਜਾਂਦੀ ਆ।" "ਹਾ ਹਾ ਹਾ ।"
ਰਣਦੀਪ ਸਿੰਘ ਹੱਸਿਆ ਸੀ।
"ਤੇ ਚਾਚਾ ਪਟਿਆਲੇ ਮੇਰਾ ਹੈੱਡ ਕੁਆਟਰ ਆ ...ਆਇਆ
ਤਾਂ ਜਰੂਰ ਗੇੜਾ ਮਾਰੀਂ। ਆਹ ਮੇਰਾ ਫੋਨ ਨੰਬਰ ਆ। ਜੇ ਨਾ ਫੋਨ ਮਿਲੇ ਤਾਂ
ਪੰਜਾਬ ਦੇ ਕਿਸੇ ਵੀ ਥਾਣੇ 'ਚ ਜਾ ਕੇ ਕਹਿਦੀਂ ਰਣਦੀਪ ਸਿੰਘ ਡੀ ਆਈ ਜੀ ਨਾਲ ਗੱਲ
ਕਰਨੀ ਆ... ਭਾਵੇਂ ਅੱਧੀ ਰਾਤ ਹੋਵੇ ਤੇਰੇ ਨਾਲ ਗੱਲ ਕਰਵਾ ਦੇਣਗੇ ..ਤੇ ਆਹ
ਚਿੱਠੀ ਲਿਖਤੀ ਆ ਕੇ ਭਲਵਾਨ ਮੇਰਾ ਚਾਚਾ ਆ ..ਥੱਲੇ ਮੇਰੇ ਦਸਤਖਤ ਨੇ।" ਪਾਸੇ ਕਰਕੇ
ਮੈਂ ਸਤਬੀਰ ਸਿੰਘ ਸੱਤਾ ਵਾਲੀ ਗੱਲ ਉਹਨੂੰ ਦੱਸ ਦਿੱਤੀ ਸੀ। "ਕੋਈ ਚਿੰਤਾ ਨੀ
ਕਰਨੀ।" ਕਹਿ ਕੇ ਉਹਨੇ ਮੇਰਾ ਮੋਢਾ ਥਾਪੜਿਆ ਸੀ। ਤੇਰੀ ਅੰਮਾ ਤੇ ਮੈਨੂੰ ਜੱਫੀ ਵਿਚ
ਲੈ ਕੇ ਮਿਲਿਆ ਸੀ। ਸਾਰੇ ਮੋਗੇ 'ਚ ਮੇਰੀ ਟੌਹਰ ਬਣ ਗਈ ਸੀ। ਘੂਕਦੀਆਂ ਜਿਪਸੀਆਂ
ਪਰਤਾਪ ਰੋਡ ਤੋਂ ਚੈਂਬਰ ਰੋਡ ਵੱਲ ਮੁੜ ਗਈਆ ਸਨ।
ਬਲਰਾਜ ਬਰਾੜ ਚੋਟੀਆਂ ਠੋਬਾ WhatsApp 1.416.455.8484
|