|
|
ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ ਮੋਹਨ ਸਿੰਘ ਵਿਰਕ
ਸਿਡਨੀ, ਆਸਟ੍ਰੇਲੀਆ (17/06/2019) |
|
|
|
ਸਵੇਰ ਦੀ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈ ਹੀ ਰਹੇ ਸੀ ਕਿ ਸਾਡੇ
ਛੋਟੇ ਵੀਰ, ਸ. ਰਣਜੀਤ ਸਿੰਘ ਗਿੱਲ ਜੀ ਦਾ ਫ਼ੋਨ ਆ ਗਿਆ, "ਅਸੀਂ
ਤੁਹਾਡੇ ਘਰ ਆ ਰਹੇ ਹਾਂ। ਇਕ ਜਰੂਰੀ ਸਲਾਹ ਕਰਨੀ ਹੈ।" "ਆ ਜਾਓ ਜਨਾਬ
ਅਸੀਂ ਘਰ ਹੀ ਹਾਂ।" ਥੋਹੜੇ ਸਮੇ ਬਾਅਦ ਹੀ ਉਹ ਆਪਣੀ ਪਤਨੀ, ਬੀਬਾ ਜੀ
ਗੁਰਮੀਤ ਕੌਰ ਸਮੇਤ ਆ ਪਧਾਰੇ। ਚਾਹ ਪਾਣੀ ਤੋਂ ਬਾਅਦ ਗੁਰਮੀਤ ਕੌਰ ਜੀ ਨੇ
ਗੁਰਦੁਆਰਾ ਬੜੂ ਸਾਹਿਬ ਅਕਾਲ ਅਕੈਡਮੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ
ਕੀਤੀ, ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਹੋ ਗਈ। ਅਗਲੇ ਦਿਨ ੨੫.੫.੧੯ ਨੂੰ
ਬੜੂ ਸਾਹਿਬ ਜਾਣ ਦਾ ਪ੍ਰੋਗਰਾਮ ਤਹਿ ਹੋ ਗਿਆ। ਓਸੇ ਵਕਤ ਆਪਣੇ ਪੱਕੇ
ਟੈਕਸੀ ਡਰਾਈਵਰ, ਸ. ਕਰਨੈਲ ਸਿੰਘ ਜੀ ਨੂੰ ਫ਼ੋਨ ਕੀਤਾ ਗਿਆ ਅਤੇ ਉਸ ਨੂੰ
ਕਲ੍ਹ ਬੜੂ ਸਾਹਿਬ ਜਾਣ ਲਈ ਕਿਹਾ ਗਿਆ। ਉਹ ਵੀ ਇਤਫਾਕ ਨਾਲ ਵੇਹਲੇ ਹੀ ਸਨ
ਤੇ ਪ੍ਰੋਗਰਾਮ ਤਹਿ ਹੋ ਗਿਆ।
ਅੱਜ ੨੫.੫.੧੯ ਦਿਨ ਐਤਵਾਰ ਅਸੀਂ
ਚਾਰੇ ਜਣੇ, ਭਾਵ ਮੈਂ, ਮੇਰੀ ਪਤਨੀ ਜੋਗਿੰਦਰ ਕੌਰ ਵਿਰਕ, ਸ. ਰਣਜੀਤ ਸਿੰਘ
ਜੀ ਗਿੱਲ ਅਤੇ ਉਹਨਾਂ ਦੇ ਪਤਨੀ ਗੁਰਮੀਤ ਕੌਰ ਗਿੱਲ, ਸਵੇਰੇ ਪੰਜ ਵਜੇ
ਤਿਆਰ ਹੋ ਗਏ। ਮਿਥੇ ਹੋਏ ਸਮੇ ਤੇ ਸ. ਕਰਨੈਲ ਸਿੰਘ ਟੈਕਸੀ ਲੈ ਕੇ ਆ ਗਏ।
ਫ਼ਤਿਹ ਦਾ ਜੈਕਾਰਾ ਛੱਡਿਆ ਤੇ ਸਫਰ ਸ਼ੁਰੂ ਹੋ ਗਿਆ।
ਸਭ ਤੋਂ
ਪਹਿਲਾਂ ਪਟਿਆਲੇ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦਰਸ਼ਨ ਕਰਕੇ
ਰਾਜਪੁਰਾ ਰੋਡ ਤੇ ਚੱਲ ਪਏ। ਚੰਡੀਗੜ੍ਹ ਇਕ ਘੰਟੇ ਵਿੱਚ ਪਹੁੰਚ ਗਏ। ਓਥੋਂ
ਸ਼ਿਮਲਾ ਜਾਣ ਵਾਲ਼ੇ ਹਾਈਵੇ ਤੇ ਚਾਲੇ ਪਾ ਦਿਤੇ। ਲਗ ਭਗ ਇਕ ਘੰਟੇ ਦਾ
ਸੁਹਾਵਣਾ ਸਫਰ ਤਹਿ ਕਰਕੇ ਪੰਚਕੂਲਾ, ਪੰਜੌਰ ਵਿਚੋਂ ਲੰਘਦੇ ਹੋਏ, ਕਸੌਲੀ
ਪਹੁੰਚ ਗਏ। ਓਥੇ ਇਕ ਖੂਬਸੂਰਤ ਪੰਜਾਬੀ ਰੈਸਟੋਰੈਂਟ ਵਿੱਚ ਨਾਸ਼ਤਾ ਕੀਤਾ।
ਕੁਝ ਫੋਟੋਗਰਾਫ਼ ਲਏ ਗਏ ਤੇ ਅਗਲਾ ਸਫ਼ਰ ਫਿਰ ਸ਼ੁਰੂ ਹੋ ਗਿਆ।
ਕਸੌਲੀ
ਤੋਂ ਪਹਾੜੀ ਇਲਾਕਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਬਹੁਤ ਹੀ ਖ਼ੂਬਸੂਰਤ ਦਰਿਸ਼
ਪੇਸ਼ ਕਰ ਰਿਹਾ ਸੀ ਜਿਸ ਦਾ ਭਰਪੂਰ ਆਨੰਦ ਮਾਣਦੇ ਹੋਏ ਸਫ਼ਰ ਅੱਗੇ ਵਧਦਾ
ਗਿਆ। ਗਿੱਲ ਸਾਹਿਬ, ਆਦਤ ਤੋਂ ਮਜਬੂਰ, ਕਰਨੈਲ ਸਿੰਘ ਨੂੰ ਸਾਵਧਾਨੀ ਵੱਜੋਂ
ਤਰ੍ਹਾਂ
ਤਰ੍ਹਾਂ
ਦੀਆਂ ਹਿਦਾਇਤਾਂ ਦੇ ਰਹੇ ਸਨ। ਕਿਊਂਕੇ ਉਹ ਆਪ ਸਾਰੀ ਉਮਰ ਮਰਚੈਂਟ
ਨੇਵੀ ਦੇ ਜਹਾਜਾਂ ਵਿੱਚ ਬਤੌਰ ਚੀਫ ਇੰਜੀਨੀਅਰ ਸੇਵਾ ਨਿਭਾ ਚੁਕੇ ਹਨ। ਇਸ
ਕਰਕੇ ਅਫ਼ਸਰੀ ਅੰਦਾਜ਼ ਨਾਲ ਉਹ ਡਰਾਈਵਰ ਨੂੰ, ਸੇਫਟੀ ਵੱਜੋਂ ਸਾਵਧਾਨ ਕਰ
ਰਹੇ ਸਨ। ਇਸ ਪਹਾੜੀ ਇਲਾਕੇ ਦੇ ਖ਼ੂਬਸੂਰਤ ਰਸਤੇ ਦਾ ਅਨੰਦ ਮਾਣਦੇ ਹੋਏ ਸਫਰ
ਬਹੁਤ ਹੀ ਸੁਹਾਵਣਾ ਚੱਲ ਰਿਹਾ ਸੀ। ਸੜਕ ਦੇ ਇਕ ਪਾਸੇ ਉਚੇ ਉਚੇ ਪਹਾੜ,
ਦੂਸਰੇ ਪਾਸੇ ਬਹੁਤ ਹੀ ਡੂੰਘੀਆਂ ਖਾਈਆਂ ਦੇ ਨਾਲ ਨਾਲ ਹੁੰਦੇ ਹੋਏ, ਸੜਕ
ਸੱਪ ਵਾਂਗ ਵਲ਼ ਖਾਂਦੀ ਹੋਈ, ਉਚੇ ਨੀਵੇਂ ਰਸਤਿਆਂ ਵਿੱਚੋਂ ਲੰਘਦੀ ਹੋਈ,
ਪਹਾੜਾਂ ਦੀਆਂ ਵੈਲੀਆਂ ਦਾ ਖ਼ੂਬਸੂਰਤ ਦਰਿਸ਼ ਪੇਸ਼ ਕਰ ਰਹੀ ਸੀ, ਜਿਸ ਦਾ
ਅਸੀਂ ਸਾਰੇ ਭਰਪੂਰ ਆਨੰਦ ਮਾਣ ਰਹੇ ਸਾਂ। ਲਓ ਜੀ, ਅਸੀਂ ਹੁਣ ਹੱਸਦੇ
ਖੇਡਦੇ, ਗੱਪ ਸ਼ੱਪ ਲਗਾਉਂਦੇ ਹੋਏ 'ਸੋਲਣ' ਪਹੁੰਚ ਗਏ ਹਾਂ। ਏਥੇ ਫਿਰ ਇਕ
ਛੋਟੀ ਜਿਹੀ ਬਰੇਕ ਲਈ। ਇਕ ਸੋਹਣੇ ਪੰਜਾਬੀ ਢਾਬੇ ਵਿੱਚ ਲੋੜ ਅਨੁਸਾਰ ਖਾਧਾ
ਪੀਤਾ ਤੇ ਫਿਰ ਅਗਲਾ ਸਫ਼ਰ ਸ਼ੁਰੂ ਹੋ ਗਿਆ।
ਸੋਲਣ ਤੋਂ ਹੀ ਠੰਡੇ
ਵਾਤਾਵਰਨ ਵਿੱਚ ਸਰੀਰ ਅਨੋਖਾ ਆਨੰਦ ਅਨੁਭਵ ਕਰ ਰਿਹਾ ਸੀ। ਠੰਡੀ ਰਮਣੀਕ
ਹਵਾ ਸਾਨੂੰ, ਪੰਜਾਬ ਦੇ ਉਬਲ਼ਦੇ ਹੋਏ ਗਰਮ ਵਾਤਾਵਰਨ ਤੋਂ ਦੂਰ ਲਿਜਾ ਰਹੀ
ਸੀ। ਸਾਰੇ ਚੁੱਪ ਕਰਕੇ ਬੈਠੇ ਸਨ ਕਿ ਅਚਾਨਕ ਗੁਰਮੀਤ ਕੌਰ ਨੇ ਚੁੱਪੀ
ਤੋੜਦੇ ਹੋਏ, ਪਹਾੜਾਂ ਦੀ ਖ਼ੂਬਸੂਰਤੀ ਵੱਲ ਧਿਆਨ ਦਿਵਾਉਂਦੇ ਹੋਏ ਖੁਸ਼ੀ ਦਾ
ਇਜ਼ਹਾਰ ਕੀਤਾ। ਕਰਨੈਲ ਸਿੰਘ ਵੀ ਕਾਫੀ ਗੱਲਾਂ ਦਾ ਗਲਾਧੜੀ ਸਾਬਤ ਹੋਇਆ। ਉਸ
ਨੇ ਕਈ ਤਰ੍ਹਾਂ ਦੇ ਚੁਟਕਲੇ ਅਤੇ ਹਾਸ ਰਸ ਦੀਆਂ ਗੱਲਾਂ ਸੁਣਾ ਸੁਣਾ ਢਿਡੀਂ
ਪੀੜਾਂ ਪਾ ਦਿਤੀਆਂ। ਇਉਂ ਮਾਹੌਲ ਰੰਗੀਨ ਕਰ ਦਿਤਾ। ਬੱਸ ਫਿਰ ਕੀ ਸੀ
ਬੀਬੀਆਂ ਵੀ ਕਿਉਂ ਪਿੱਛੇ ਰਹਿ ਜਾਣ! ਦੋਹਾਂ ਨੇ ਆਪਣੇ ਅੰਦਾਜ਼ ਨਾਲ ਰੰਗ
ਬੰਨ੍ਹ ਦਿਤਾ। ਇਸ ਤਰ੍ਹਾਂ ਇਹ ਹੱਸਦਿਆਂ ਖੇਡਦਿਆਂ ਸਫ਼ਰ ਤਹਿ ਕਰਕੇ, ਅਸੀ
ਧਰਮ ਗੜ੍ਹ ਪਹੁੰਚ ਗਏ। ਧਰਮ ਗੜ੍ਹ ਤੋਂ ਬੜੂ ਸਾਹਿਬ ਦਾ ਸਫਰ ਕੋਈ
ਚਾਲ਼ੀ ਪੰਜਾਹ ਕਿ.ਮੀ. ਦੀ ਦੂਰੀ 'ਤੇ ਹੈ। ਏਥੋਂ ਇਕ ਲਿੰਕ ਰੋਡ ਨਿਕਲਦੀ ਹੈ
ਜੋ ਕਿ ਬੜੂ ਸਾਹਿਬ ਵੱਲ ਜਾਂਦੀ ਹੈ। ਕਿਉਂਕਿ ਸਫਰ ਚੜ੍ਹਾਈ ਵੱਲ ਚੱਲ ਰਿਹਾ
ਸੀ ਸੜਕ ਦੀ ਹਾਲਤ ਵੀ ਏਨੀ ਚੰਗੀ ਨਾ ਹੋਣ ਕਰਕੇ, ਕਾਰ ਦੀ ਰਫ਼ਤਾਰ ਤੀਹ
ਪੈਂਤੀ ਕਿ.ਮੀ. ਤੋਂ ਵੱਧ ਨਹੀਂ ਸੀ ਜਾ ਸਕਦੀ। ਰਸਤਾ ਖੂਬਸੂਰਤ ਹੋਣ ਕਰਕੇ
ਇਹ ਸਫਰ ਆਰਾਮ ਨਾਲ ਗੁਜ਼ਰ ਰਿਹਾ ਸੀ। ਸਫ਼ਰ ਸਾਨੂੰ ਪਲ ਪਲ ਬੜੂ ਸਾਹਿਬ ਦੇ
ਕਰੀਬ ਲੈ ਜਾ ਰਿਹਾ ਸੀ। ਦਰਸ਼ਨਾਂ ਦੀ ਤਾਂਘ ਹੋਰ ਵੀ ਵਧ ਰਹੀ ਸੀ। ਸਫਰ
ਭਾਵੇਂ ਊਭੜ ਖਾਭੜ ਸੀ ਪਰ ਕਹਾਵਤ ਹੈ, "ਉੁਖਲ਼ੀ ਵਿੱਚ ਸਿਰ ਦਿਤਾ ਤਾਂ
ਮੋਹਲ਼ਿਆਂ ਦਾ ਕੀ ਡਰ?" ਸਫਰ ਚੱਲਦਾ ਰਿਹਾ ਤੇ ਅਸੀਂ ਬੜੂ ਸਾਹਿਬ ਦੇ ਕਰੀਬ
ਹੁੰਦੇ ਗਏ। ਆਖਰ ਬੜੂ ਸਾਹਿਬ ਦਾ ਸਾਈਨ ਬੋਰਡ ਵੇਖ ਕੇ ਸਾਰੇ ਖੁਸ਼ ਹੋ ਗਏ।
ਕਹਿੰਦੇ ਹਨ, "ਉਤਾਵਲ਼ਾ ਸੋ ਬਾਵਲ਼ਾ।" ਜਾਂ ਇਹ ਕਹਿ ਲਵੋ, "ਕਾਹਲ਼ੀ ਅੱਗੇ
ਟੋਏ।" ਕਰਨੈਲ ਸਿੰਘ ਬੜੂ ਸਾਹਿਬ ਜਾਣ ਦੀ ਬਜਾਏ ਕਾਰ ਸਿਧੀ ਕੱਢ ਕੇ ਲੈ
ਗਿਆ। ਅਸੀਂ ਵੀ ਕੋਈ ਧਿਅਨ ਨਾ ਦਿਤਾ ਤੇ ਸਫਰ ਚੱਲਦਾ ਰਿਹਾ। ਹਾਲੀ ਚਾਰ-
ਪੰਜ ਕਿ.ਮੀ. ਹੀ ਗਏ ਹੋਵਾਂਗੇ ਕਿ ਸੜਕ ਦੇ ਵਿੱਚਕਾਰ ਇਕ ਅਜੀਬ ਕ੍ਰਿਸ਼ਮਾ
ਵੇਖਣ ਨੂੰ ਮਿਲਿਆ। ਸ਼ਾਇਦ ਏਸੇ ਵਾਸਤੇ ਹੀ ਅਸੀਂ ਗ਼ਲਤ ਰਸਤੇ ਚੱਲ ਰਹੇ ਸੀ।
ਹੋਇਆ ਇੰਜ ਕਿ ਮੇਰੀ ਘਰਵਾਲ਼ੀ ਨੇ ਉਚੀ ਅਤੇ ਥਿੜਕਦੀ ਆਵਾਜ਼ ਵਿੱਚ
ਕਿਹਾ, "ਹਾਏ ਸੱਪ!" ਸਭ ਦਾ ਧਿਆਨ ਸੜਕ ਵੱਲ ਚਲਿਆ ਗਿਆ। ਕੀ ਵੇਖਦੇ ਹਾਂ
ਕਿ ਠੀਕ ਸੜਕ ਦੇ ਵਿਚਕਾਰ ਇਕ ਸਰਪ ਦਾ ਜੋੜਾ, ਸੱਪ ਅਤੇ ਸੱਪਣੀ ਜੋ ਕਿ ੨
ਮੀਟਰ ਲੰਬਾਈ ਤੋਂ ਘੱਟ ਨਹੀ ਹੋਣਗੇ। ਰੰਗ ਕਾਲ਼ਾ ਸ਼ਾਹ, ਵਲੈਂਗੜੇ ਖਾਂਦੇ
ਹੋਏ, ਸੜਕ ਦੇ ਵਿਚਕਾਰ, ਜ਼ਮੀਨ ਤੋਂ ਕੋਈ ਇਕ ਫੁੱਟ ਉਚੇ ਫੰਨ੍ਹ ਫੈਲਾਈ, ਇਕ
ਦੂਜੇ ਦੇ ਮੂੰਹ ਵੱਲ ਮੂੰਹ ਕਰਕੇ, ਅੱਖਾਂ ਵਿੱਚ ਅੱਖਾਂ ਪਾਈ, ਦੀਨ ਦੁਨੀਆਂ
ਤੋਂ ਬੇਖ਼ਬਰ ਤੇ ਬੇਖੌਫ, ਦਾਸਤਾਨੇ ਮੁਹੱਬਤ ਦਾ ਇਜ਼ਹਾਰ ਕਰਦੇ ਹੋਏ, ਡਰੇ
ਨਹੀਂ ਤੇ ਹਿੱਲੇ ਤੱਕ ਵੀ ਨਹੀਂ। ਪ੍ਰੇਮ ਭਰੀਆਂ ਨਜ਼ਰਾਂ ਨਾਲ ਮਸਤੀ ਭਰੀ
ਪੀਂਘ ਉਤੇ ਬੈਠੇ, ਪਿਆਰ ਦਾ ਆਨੰਦ ਮਾਣਦੇ ਹੋਏ, ਅਡੋਲਤਾ ਵਿੱਚ ਬੈਠੇ ਰਹੇ।
ਜਿਵੇਂ ਕਿ ਸੌਣ ਦੇ ਮਹੀਨੇ ਵਿੱਚ ਪੀਘਾਂ ਝੂਟਦੀਆਂ ਮੁਟਿਆਰਾਂ ਵੀ ਬੇਖੌਫ
ਹੋ ਕੇ ਪੀਂਘ ਦਾ ਅਨੰਦ ਮਾਣਦੀਆਂ ਹਨ। ਉਹਨਾਂ ਦੀ ਇਹ ਅਨੋਖੀ ਮੁਹੱਬਤ ਵੇਖ
ਕੇ ਸਲੀਮ ਅਨਾਰਕਲੀ ਦੀ ਯਾਦ ਤਾਜਾ ਹੋ ਗਈ। ਇਹ ਸਭ ਕੁਝ ਅੱਖ ਦੇ ਪਲਕਾਰੇ
ਵਿੱਚ ਹੀ ਹੋ ਗਿਆ। ਕਰਨੈਲ ਸਿੰਘ ਨੇ ਕਾਰ ਇਕ ਪਾਸੇ ਕਰਕੇ ਪਾਰਕ ਕਰ ਦਿਤੀ।
ਮੈਂ ਫੁਰਤੀ ਨਾਲ ਕਾਰ ਤੋਂ ਬਾਹਰ ਨਿਕਲਿਆ ਤਾਂ ਕੀ ਦੇਖਦਾ ਹਾਂ ਕਿ
ਓਥੇ ਕੁਝ ਵੀ ਨਹੀ ਸੀ। ਉਹ ਬੇਖੌਫ ਪਰੇਮੀਆਂ ਦਾ ਜੋੜਾ ਅਲੋਪ ਹੋ ਚੁਕਾ ਸੀ।
"ਰੱਖੇ ਰਬ ਤੇ ਮਾਰੇ ਕੌਣ?" ਮੈਂ ਇਸ ਚਮਤਕਾਰੀ ਗੁੱਥੀ ਨੂੰ ਸੁਲਝਾਉਣ ਦੇ
ਚੱਕਰ ਵਿੱਚ ਪਤਾ ਨਹੀ ਕੇਹੜੀ ਦੁਨੀਆਂ ਵਿੱਚ ਪਹੁੰਚ ਗਿਆ! ਅਚਾਨਕ ਕਰਨੈਲ
ਸਿੰਘ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ, "ਮੁੜ ਆਓ ਵਿਰਕ ਸਾਹਿਬ,
ਏਥੇ ਹੁਣ ਕੁਝ ਵੀ ਨਹੀਂ ਹੈ। ਮੈਂ ਨਿਮੋਝੂਣੀ ਜਹੀ ਹਾਲਤ ਵਿੱਚ ਕਾਰ ਵਿੱਚ
ਆ ਕੇ ਬੈਠ ਗਿਆ। ਉਹਨਾਂ ਦੋ ਪ੍ਰੇਮੀਆਂ ਦੀ ਪਰੇਮ ਭਰੀ ਗੁੱਥੀ ਨੂੰ
ਸੁਲਝਾਉਣ ਦਾ ਯਤਨ ਕਰਦਾ ਰਿਹਾ। ਮੈਂ ਸਮਝ ਗਿਆ ਕਿ ਅਸੀਂ ਇਹ ਅਜੀਬ ਜਿਹਾ
ਦਰਿਸ਼ ਵੇਖਣ ਵਾਸਤੇ ਹੀ ਗਲਤ ਰਸਤੇ ਪੈ ਗਏ ਸੀ।
ਕਾਰ ਫਿਰ ਵਾਪਸ
ਬੜੂ ਸਾਹਿਬ ਵੱਲ ਮੋੜ ਲਈ। ਪੰਦਰਾਂ ਕੁ ਮਿੰਟਾਂ ਵਿੱਚ ਸਾਨੂੰ ਬੜੂ ਸਾਹਿਬ
ਦਾ ਗੇਟ ਦਿਸ ਪਿਆ, ਜਿਸ ਉਤੇ ਲਿਖਿਆ ਹੋਇਆ ਸੀ 'ਅਕਾਲ ਅਕੈਡਮੀ, ਬੜੂ
ਸਾਹਿਬ।' ਇਹ ਵੇਖ ਕੇ ਮਨ ਖੁਸ਼ ਹੋ ਗਿਆ। ਇਹ ਪੂਰੇ ਦਾ ਪੂਰਾ ਕੰਪਲੈਕਸ,
ਪੂਰੀ ਤਰ੍ਹਾਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਸੁੰਦਰ ਸੂਰਤ ਵਾਲ਼ੀਆਂ
ਵਾਦੀਆਂ ਵਿੱਚ ਵਿਸ਼ਾਲ ਇਮਾਰਤਾਂ ਨਾਲ ਸੁਸ਼ੋਭਤ ਇਸ ਅਕੈਡਮੀ ਦੀਆਂ ਉਚੀਆਂ
ਉਚੀਆਂ ਇਮਾਰਤਾਂ, ਬਾਗ ਬਗੀਚੇ ਦੀ ਸੁੰਦਰਤਾ ਅਤੇ ਉਤੋਂ ਠੰਡਕ ਭਰੀ ਤਾਸੀਰ,
ਏਨੀ ਮਨਮੋਹਕ ਸੀ ਕਿ ਮਨ ਬਾਗੋ ਬਾਗ ਹੋ ਗਿਆ। ਕੁਦਰਤ ਵਾਲੇ ਦੀ ਇਹ ਅਨੋਖੀ
ਸੁੰਦਰਤਾ ਭਰੀ ਦੇਣ ਨੂੰ ਵੇਖ ਕੇ ਗੁਰੂ ਸਾਹਿਬਾਂ ਦੇ ਪਵਿਤਰ ਬਚਨ ਸੁਭਾਵਕ
ਹੀ ਯਾਦ ਆ ਗਏ:
ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤ ਨ ਜਾਈ
ਲਖਿਆ॥
ਏਨੇ ਨੂੰ ਕਰਨੈਲ ਸਿੰਘ ਨੇ ਕਾਰ ਪੁੱਛ ਗਿੱਛ ਦਫਤਰ ਅਗੇ
ਪਾਰਕ ਕਰ ਦਿਤੀ। ਮੈਂ ਅਤੇ ਗਿੱਲ ਸਾਹਿਬ ਨੇ ਕਾਰ ਤੋਂ ਥੱਲੇ ਉਤਰ ਕੇ ਉਸ
ਦਫਤਰ ਵਿੱਚ ਜਾ ਫ਼ਤਿਹ ਬੁਲਾਈ। ਡਿਊਟੀ 'ਤੇ ਬੈਠੇ ਸੇਵਾਦਾਰ ਜੀ ਨੂੰ ਬੇਨਤੀ
ਕੀਤੀ, "ਅਸੀ ਆਸਟ੍ਰੇਲੀਆ ਤੋਂ ਇਸ ਮਹਾਨ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ
ਹਾਂ। ਕਿਰਪਾ ਕਰਕੇ ਸਾਨੂੰ ਇਕ ਰਾਤ ਵਾਸਤੇ ਰੈਣ ਬਸੇਰੇ ਵਾਸਤੇ ਕਮਰੇ ਦੇਣ
ਦੀ ਕ੍ਰਿਪਾਲਤਾ ਕਰ ਦਿਓ।" ਉਹਨਾਂ ਨੇ ਬੜੀ ਨਿਮਰਤਾ ਨਾਲ ਸਹਿਯੋਗ ਦਿੰਦੇ
ਹੋਏ ਕਾਗਜੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਾਨੂੰ ਕਮਰਾ ਨੰ. ੧੧੬ ਦੀ
ਚਾਬੀ ਦੇ ਦਿਤੀ ਅਤੇ ਨਾਲ ਇਕ ਸੇਵਾਦਾਰ ਵੀ ਭੇਜ ਦਿਤਾ ਤਾਂ ਕਿ ਸਾਨੂੰ
ਕਮਰਾ ਲੱਭਣ ਵਿੱਚ ਕੋਈ ਤਕਲੀਫ ਨਾ ਆਏ। ਗਰਾਊਂਡ ਫਲੋਰ 'ਤੇ ਇਹ ਮਾਡਰਨ
ਕਮਰਾ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹੂਲਤ ਨਾਲ ਸਜਿਆ ਹੋਇਆ ਸੀ। ਕਮਰੇ
ਵਿੱਚ ਸਾਮਾਨ ਰੱਖ ਕੇ ਅਸੀਂ ਕੁਝ ਦੇਰ ਆਰਾਮ ਕੀਤਾ। ਫਿਰ ਵਾਰੋ ਵਾਰੀ ਸਭ
ਨੇ ਇਸ਼ਨਾਨ ਕੀਤਾ। ਦਿਨ ਦੇ ੫ ਵੱਜ ਗਏ ਸਨ। ਵਿੰਡੋ ਖੋਹਲ ਕੇ ਵੇਖਿਆ, ਬਾਹਰ
ਸੁੰਦਰ ਕੁਦਰਤੀ ਨਜਾਰੇ ਭਰਿਆ ਦਰਿਸ਼ ਨਜਰ ਆ ਰਿਹਾ ਸੀ। ਸੜਕ ਤੇ ਕਾਫੀ ਚਹਿਲ
ਪਹਿਲ ਸੀ। ਚਿੱਟੇ ਰੰਗ ਦੀ ਇਕੋ ਜਹੀ ਵਰਦੀ ਵਿੱਚ ਓਥੋਂ ਦੇ ਬੱਚੇ ਆ ਜਾ
ਰਹੇ ਸਨ। ਅਸੀਂ ਵੀ ਬਾਹਰ ਆ ਕੇ ਉਸ ਰੌਣਕ ਵਿੱਚ ਸ਼ਾਮਲ ਹੋ ਗਏ।
ਪੂਰੇ ਦਾ ਪੂਰਾ ਕੰਪਲੈਕਸ ਆਪਣੀ ਸੁੰਦਰਤਾ ਦੀ ਮਿਸਾਲ ਖ਼ੁਦ ਹੀ ਸੀ, ਜਿਸ
ਨੂੰ ਵੇਖ ਕੇ ਇੰਜ ਲੱਗਿਆ ਕਿ ਪ੍ਰਬੰਧਕਾਂ ਨੇ ਇਸ ਜਗ੍ਹਾ ਦਾ ਨਿਰਮਾਣ ਕਰਨ
ਵੇਲੇ, ਇਸ ਥਾਂ ਦੀ ਖੂਬਸੂਰਤੀ ਨੂੰ ਹੋਰ ਵੀ ਵਧੇਰੇ ਪੇਸ਼ ਕਰਨ ਦਾ ਪੂਰਾ
ਪੂਰਾ ਖਿਆਲ ਰਖਿਆ ਸੀ। ਖ਼ੂਬਸੂਰਤ ਸੜਕ ਦੇ ਇਕ ਪਾਸੇ ਉਚੇ ਉਚੇ ਪਹਾੜ ਨਾਲ
ਲਗਦੇ ਰੰਗ ਬਰੰਗੇ ਫੁਲਾਂ ਦੀਆਂ ਸੁੰਦਰ ਕਿਆਰੀਆਂ ਦਿਸੀਆਂ ਸਨ ਜਿਨ੍ਹਾਂ
ਵਿੱਚ ਤਰ੍ਹਾਂ ਤਰ੍ਹਾਂ ਦੇ ਹਰੇ ਭਰੇ ਬੂਟੇ ਅਤੇ ਕਈ ਤਰ੍ਹਾਂ ਦੇ ਖੁਸ਼ਬੂਦਾਰ
ਸੁੰਦਰ ਫੁੱਲਾਂ ਨਾਲ ਲੱਦੇ ਹੋਏ, ਆਪਣੀ ਸੁਗੰਧ ਨਾਲ ਬਹੁਤ ਹੀ ਮਨ ਮੋਹਕ ਸਨ
ਅਤੇ ਵਾਤਾਵਰਨ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਦੂਸਰੇ ਪਾਸੇ ਦਰਬਾਰ
ਸਾਹਿਬ ਦੀ ਸੁਹਾਵਣੀ ਅਤੇ ਵਿਸ਼ਾਲ ਇਮਾਰਤ ਆਪਣੀ ਮਿਸਾਲ ਆਪ ਨਜ਼ਰ ਆ ਰਹੀ ਸੀ।
ਇਸ ਦੇ ਨਾਲ ਲੱਗਦੇ ਸੱਜੇ ਖੱਬੇ ਮਲਟੀਸਟੋਰੀਜ਼ ਬਿਲਡਿੰਗ ਇਕ
ਸੁਲਝੇ ਹੋਏ ਆਰਕੀਟੈਕਟ ਦੀ ਡੀਜ਼ਾਈਨ ਕੀਤੀ ਹੋਈ ਕਲਾ ਦਾ ਪ੍ਰਦਸ਼ਰਨ ਵੀ
ਮੂਹੋਂ ਬੋਲਦੀ ਤਸਵੀਰ ਸੀ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਦਰਸ਼ਨ
ਦੀਦਾਰੇ ਕੀਤੇ। ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲਏ।
ਉਪ੍ਰੰਤ ਲੰਗਰ ਹਾਲ ਵਿੱਚ ਚਲੇ ਗਏ ਜੋ ਕਿ ਬਹੁਤ ਹੀ ਵਿਸ਼ਾਲ ਅਤੇ ਹਰ
ਤਰ੍ਹਾਂ ਦੀ ਸੁਵਿਧਾ ਦਾ ਪ੍ਰਤੀਕ ਸੀ। ਬਜ਼ੁਰਗਾਂ ਅਤੇ ਲੋੜਵੰਦ ਪਰਾਣੀਆਂ
ਵਾਸਤੇ ਬੈਂਚਾਂ ਦਾ ਵੀ ਪ੍ਰਬੰਧ ਸੀ। ਹਰ ਇਕ ਨੇ ਲੋੜ ਅਨੁਸਾਰ ਲੰਗਰ ਛਕਿਆ।
ਬੀਬੀਆਂ ਤਾਂ ਕਮਰੇ ਵਿੱਚ ਆਰਾਮ ਕਰਨ ਵਾਸਤੇ ਚਲੀਆਂ ਗਈਆਂ ਅਤੇ ਅਸੀਂ ਇਸ
ਸੁੰਦਰ ਅਸਥਾਨ ਨੂੰ ਹੋਰ ਵੀ ਨੇੜੇ ਹੋ ਕੇ ਵੇਖਣ ਲਈ, ਸੜਕ ਤੇ ਚੱਲ ਰਹੀ
ਚਹਿਲ ਪਹਿਲ ਦੇ ਨਾਲ ਨਾਲ ਘੁੰਮਣ ਦੇ ਖਿਆਲ ਵਜੋਂ ਨਿਕਲ਼ ਪਏ। ਸ਼ਾਮ ਦਾ ਵਕਤ
ਸੀ। ਸੂਰਜ ਵੀ ਆਪਣੀਆਂ ਸੁਨਹਿਰੀ ਕਿਰਨਾਂ ਪਹਾੜਾਂ ਦੀਆਂ ਚੋਟੀਆਂ ਤੇ
ਬਖੇਰਦਾ ਹੋਇਆ, ਵਾਤਾਵਰਨ ਨੂੰ ਰੰਗ ਬਰੰਗੀ ਦੂਣੀ ਖੂਬਸੂਰਤੀ ਪ੍ਰਦਾਨ ਕਰਦਾ
ਹੋਇਆ, ਹੌਲ਼ੀ ਹੌਲ਼ੀ ਆਪਣੀ ਗਤੀ ਨਾਲ, ਇਸ ਤਰ੍ਹਾਂ ਅਲੋਪ ਹੋ ਰਿਹਾ ਸੀ
ਜਿਵੇਂ ਤੇਜ ਰੋਸ਼ਨੀ ਵਾਲੀ ਟਿਊਬ ਲਾਈਟ ਦੇ ਸਵਿਚ ਨੂੰ ਬੰਦ ਕਰਨ ਤੋਂ ਬਾਅਦ
ਟਿਊਬ ਹੌਲੀ ਹੌਲੀ ਰੋਸ਼ਨੀ ਨੂੰ ਸਮੇਟ ਲੈਂਦੀ ਹੈ। ਇਹ ਸਭ ਕੁਝ ਵੇਖ ਕੇ ਮਨ
ਮੁਗਧ ਹੋ ਗਿਆ। ਸੁਭਾਵਕ ਹੀ ਮੂੰਹ ਵਿੱਚੋਂ ਨਿਕਲ ਗਿਆ, "ਵਾਹ ਵਾਹ ਸੰਤ
ਬਾਬਾ ਇਕਬਾਲ ਸਿੰਘ ਜੀ! ਤੁਹਾਡੀ ਇਹ ਵਡਮੁੱਲੀ ਦੇਣ ਸਮੂੰਹ ਲੁਕਾਈ ਲਈ ਇਕ
ਵਡਮੁੱਲਾ ਤੋਹਫਾ ਹੈ ਜਿਸ ਨੂੰ ਜਨਤਾ ਰਹਿੰਦੀ ਦੁਨੀਆਂ ਤਕ ਆਪਣੇ ਹਿਰਦਿਆਂ
ਵਿੱਚ ਵਸਾਈ ਰਖੇਗੀ। ਗੁਰੂ ਸਾਹਿਬਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੇ
ਬਚਨ ਹਨ:
ਆਪ ਗਵਾਈਐ ਤ ਸਹੁ ਪਾਈਐ ਅਉਰ ਕੈਸੀ ਚਤੁਰਾਈ॥
ਸੰਤ ਬਾਬਾ ਇਕਬਾਲ ਸਿੰਘ ਜੀ ਨੇ ਵੀ ਆਪਣਾ ਪਰਵਾਰ ਛਡਿਆ, ਉਚੇ ਪੱਧਰ ਦੀ
ਸਰਕਾਰੀ ਨੌਕਰੀ ਛੱਡੀ ਅਤੇ ਇਸ ਮਹਾਨ ਸੇਵਾ ਦੇ ਯੱਗ ਵਿੱਚ ਸਾਰਾ ਜੀਵਨ
ਨਿਛਾਵਰ ਕਰ ਦਿਤਾ। ਅੱਜ ੯੬ ਸਾਲ ਦੀ ਵਡੇਰੀ ਉਮਰ ਵਿੱਚ ਵੀ ਇਹ ਜੀਵਨ ਦੇ
ਵਡਮੁੱਲੇ ਅਨਭਵ ਨਾਲ, ਇਸ ਵਿੱਦਿਆ ਦੇ ਕੇਂਦਰ ਨੂੰ ਸਹੀ ਮਾਰਗ ਵੱਲ ਲਿਜਾ
ਰਹੇ ਹਨ। ਅੱਜ ਇਹਨਾਂ ਦੇ ਹੱਥੀਂ ਲਾਇਆ ਹੋਇਆ ਇਹ ਗੁਲਜ਼ਾਰ ਸਾਰੇ ਦੇਸ਼ ਵਿੱਚ
ਮਹਿਕ ਖਿਲਾਰਦਾ ਹੋਇਆ, ਵਿੱਦਿਆ ਦਾ ਇਹ ਚਾਨਣ ਮੁਨਾਰਾ, ਬ੍ਰਹਮ ਵਿੱਦਿਆ ਦਾ
ਮਹਾਨ ਕੇਂਦਰ ਹੈ ਜਿਥੋਂ ਜਗਿਆਸੂ ਵਿੱਦਿਆ ਅਤੇ ਆਤਮਕ ਗਿਆਨ ਹਾਸਲ ਕਰਕੇ,
ਸਮੂੰਹ ਸੰਸਾਰ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹਨ। eਹਿ ਮਹਾਨ ਅਸਥਾਨ
'ਅਕਾਲ ਅਕੈਡਮੀ, ਬੜੂ ਸਾਹਿਬ' ਦੇ ਨਾਂ ਨਾਲ ਪ੍ਰਸਿਧ ਹੈ। ਦੇਸਾਂ ਵਦੇਸ਼ਾਂ
ਵਿਚੋਂ ਬੱਚੇ ਏਥੋਂ ਵਿੱਦਿਆ ਹਾਸਲ ਕਰ ਰਹੇ ਹਨ।
ਸਾਰੇ ਦਿਨ ਦੀ
ਥਕਾਵਟ ਹੋਣ ਕਰਕੇ ਅਸੀ ਫਿਰ ਵਾਪਸ ਕਮਰੇ ਵਿੱਚ ਆ ਗਏ ਅਤੇ ਕੁਝ ਦੇਰ ਆਰਾਮ
ਕੀਤਾ। ਫਿਰ ਸਾਰੇ ਰਲ ਕੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਅਤੇ
ਸ਼ਾਮ ਦੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਲਈ ਤਿਆਰ ਹੋ ਗਏ। ਥੋਹੜੀ ਦੇਰ
ਵਿੱਚ ਹੀ ਅਸੀਂ ਦਰਬਾਰ ਸਾਹਿਬ ਪਹੁੰਚ ਗਏ। ਦਰਬਾਰ ਦੀਆਂ ਹਾਜ਼ਰੀਆਂ ਭਰੀਆਂ
ਅਤੇ ਇਲਾਹੀ ਗੁਰਬਾਣੀ ਦੇ ਕੀਰਤਨ ਸ੍ਰਵਣ ਕਰਨ ਵਾਸਤੇ ਸੰਗਤ ਵਿਚ ਇਕ ਪਾਸੇ
ਹੋ ਕੇ ਬੈਠ ਗਏ। ਚਿੱਟੇ ਰੰਗ ਦੀ ਪੁਸ਼ਾਕ ਵਿੱਚ ਸਜੇ ਹੋਏ ਬੱਚੇ ਮਨੋਹਰ
ਕੀਰਤਨ ਕਰ ਰਹੇ ਸਨ। ਅਸੀਂ ਕੀਰਤਨ ਦੇ ਭਰਪੂਰ ਲਾਹੇ ਲਏ। ਬੱਚਿਆਂ ਨੇ ਹੀ
ਅਰਦਾਸ ਦੀ ਸੇਵਾ ਨਿਭਾਈ। ਗੁਰੂ ਜੀ ਦਾ ਹੁਕਮਨਾਮਾ ਸੁਣਿਆਂ। ਸੇਵਾਦਾਰਾਂ
ਨੇ ਪ੍ਰਸ਼ਾਦ ਦੇ ਖੁਲ੍ਹੇ ਗੱਫੇ ਸੰਗਤਾਂ ਨੂੰ ਵਰਤਾਏ। ਉਪ੍ਰੰਤ ਦਾਸ ਨੇ
ਪ੍ਰਬੰਧਕਾਂ ਦੀ ਆਗਿਆ ਨਾਲ ਮਾਨਯੋਗ ਪ੍ਰਬੰਧਕਾਂ ਅਤੇ ਬੱਚਿਆਂ ਨਾਲ,
ਯਾਦਗਾਰ ਵੱਜੋਂ ਕੁਝ ਤਸਵੀਰਾਂ ਵੀ ਖਿਚਵਾਈਆਂ।
ਸੰਤ ਬਾਬਾ ਇਕਬਾਲ
ਸਿੰਘ ਜੀ ਮਹਾਂਰਾਜ ਦੇ ਦਰਸ਼ਨ ਕਰਨ ਦੀ ਜਗਿਆਸਾ ਦਿਲ ਵਿਚ ਪੈਦਾ ਹੋਈ ਪਰ ਉਹ
ਕਿਤੇ ਨਜ਼ਰ ਨਾ ਆਏ। ਮੌਜੂਦਾ ਸੇਵਾਦਾਰਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ
ਅੱਜ ਦਰਬਾਰ ਸਾਹਿਬ ਨਹੀਂ ਆਏ। ਮਾਯੂਸ ਜਿਹੇ ਹੋ ਕੇ ਦਰਬਾਰ ਸਹਿਬ ਹਾਲ ਤੋਂ
ਬਾਹਰ ਆ ਗਏ। ਬੀਬੀਆਂ ਅਤੇ ਗਿੱਲ ਸਾਹਿਬ ਤਾਂ ਫਿਰ ਕਮਰੇ ਵਿੱਚ ਚਲੇ ਗਏ।
ਦਾਸ ਅਤੇ ਕਰਨੈਲ ਸਿੰਘ ਬਾਹਰ ਇਕ ਬੈਂਚ ਤੇ ਬੈਠ ਗਏ। ਸੜਕ 'ਤੇ ਆਵਾ ਜਾਈ
ਦੀ ਰੌਣਕ ਵਿੱਚ ਗਵਾਚ ਗਏ। ਪਰ ਅੰਦਰੋਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਤਾਂਘ
ਦੀ ਖਿੱਚ ਨੇ ਇਹਨਾਂ ਰੰਗ ਤਮਾਸ਼ਿਆਂ ਵਿੱਚ ਵੀ ਮਨ ਉਚਾਟ ਕਰ ਦਿਤਾ। ਦਾਸ
ਅੰਦਰੋਂ ਸੰਤਾਂ ਦੇ ਦਰਸ਼ਨਾਂ ਦੀ ਅਭਿਲਾਸ਼ਾ ਦੀ ਉਧੇੜ ਬੁਣ ਵਿੱਚ ਫਸਿਆ ਪਿਆ
ਸੀ ਕਿ ਕੀ ਕੀਤਾ ਜਾਵੇ! ਜਾਂ ਕਿਸੇ ਨੂੰ ਪੁਛਿਆ ਜਾਵੇ! ਪਰ ਕਹਿੰਦੇ ਹਨ
ਸੱਚੇ ਦਿਲੋਂ ਤਾਂਘ ਹੋਵੇ, ਸ਼ਰਧਾ ਹੋਵੇ ਤਾਂ ਰਸਤਾ ਆਪੇ ਹੀ ਖੁਲ੍ਹ ਜਾਂਦਾ
ਹੈ। ਬੰਦਾ ਬੰਦੇ ਦਾ ਦਾਰੂ ਹੁੰਦਾ ਹੈ। ਏਨੇ ਨੂੰ ਇਕ ਗੁਰੂ ਘਰ ਦਾ
ਸੇਵਾਦਾਰ ਚਿੱਟੇ ਰੰਗ ਦੇ ਬਾਣੇ ਵਿੱਚ ਸਜਿਆ ਹੋਇਆ ਮੇਰੇ ਸਾਹਮਣੇ ਆ ਖਲੋਤਾ
ਅਤੇ ਕਿਹਾ, "ਸਿੰਘ ਸਾਹਿਬ ਜੀ, ਬਾਬਾ ਜੀ ਦੇ ਦਰਸ਼ਨ ਹੋ ਗਏ?" ਮੈਂ
ਨਿਮੋਝੂਣੀ ਜਿਹੀ ਹਾਲਤ ਵਿੱਚ ਨਾਂਹ ਵਿੱਚ ਸਿਰ ਹਿਲਾ ਦਿਤਾ। ਉਹਨਾਂ ਨੇ
ਬੜੇ ਆਦਰ ਭਾਵ ਵਿੱਚ ਕਿਹਾ, "ਆਓ ਮੇਰੇ ਨਾਲ। ਮੈਂ ਆਪ ਜੀ ਨੂੰ ਬਾਬਾ ਜੀ
ਪਾਸ ਲੈ ਚਲਦਾ ਹਾਂ।" ਮੈਂ ਹੈਰਾਨ ਚਿਤ, ਡੌਰ ਭੌਰੀਆਂ ਅੱਖਾਂ ਨਾਲ, ਉਸ
ਗੁਰੂ ਦੇ ਸਿੱਖ ਦਾ ਸ਼ੁਕਰਾਨਾ ਕਰਦਾ ਹੋਇਆ ਉਸ ਦੇ ਪਿੱਛੇ ਪਿੱਛੇ ਤੁਰ ਪਿਆ।
ਕਰਨੈਲ ਸਿੰਘ ਵੀ ਸਾਡੇ ਪਿੱਛੇ ਪਿੱਛੇ ਆ ਗਏ। ਲੰਗਰ ਹਾਲ ਵਾਲੇ ਪਾਸੇ ਇਕ
ਲਿਫਟ ਰਾਹੀਂ ਅਸੀ ਥੱਲੇ ਉਤਰ ਗਏ।
ਥੋਹੜੀ ਦੇਰ ਬਾਅਦ ਹੀ ਉਹ ਗੁਰੂ
ਦਾ ਸਿੱਖ ਸਾਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਵੜਦੇ
ਸਾਰ ਮੈਂ ਕੀ ਦੇਖਦਾ ਹਾਂ ਕਿ ਮਹਾਂਪੁਰਸ਼ ਸੰਤ ਬਾਬਾ ਇਕਬਾਲ ਸਿੰਘ ਜੀ
ਮਹਾਂਰਾਜ ਇਕ ਬੈਡ 'ਤੇ, ਚਿਟੇ ਲਿਬਾਸ ਵਿੱਚ ਇਕ ਮੋਟੇ ਜਹੇ ਗੱਦੇ ਨਾਲ ਢੋ
ਲਗਾਈ ਆਰਾਮ ਅਵੱਸਥਾ ਵਿੱਚ ਸਨ। ਕੁਝ ਦਰਸ਼ਨ ਅਭਿਲਾਸ਼ੀ ਸੰਗਤ ਥੱਲੇ ਬੈਠੀ
ਸੀ। ਇਕ ਸੇਵਦਾਰ ਬਾਬਾ ਜੀ ਦੀ ਹਾਜ਼ਰੀ ਵਿੱਚ ਤਤਪਰ ਸੀ। ਦਾਸ ਨੇ ਮਹਾਂ
ਪੁਰਸ਼ਾਂ ਦੇ ਕੋਲ਼ ਜਾ ਕੇ ਸਤਿਕਾਰ ਸਹਿਤ ਝੁਕ ਕੇ ਫ਼ਤਿਹ ਬੁਲਾਈ। ਉਹਨਾਂ ਨੇ
ਵੀ ਫ਼ਤਿਹ ਦਾ ਜਵਾਬ ਫ਼ਤਿਹ ਵਿੱਚ ਦਿਤਾ। ਮਹਾਂਪੁਰਸ਼ਾਂ ਦੇ ਪ੍ਰਭਾਵਸ਼ਾਲੀ ਅਤੇ
ਜਲਾਲ ਭਰੇ ਚੇਹਰੇ ਦੇ ਦਰਸ਼ਨ ਦੀਦਾਰੇ ਕਰਕੇ ਮਨ ਤ੍ਰਿਪਤ ਹੋ ਗਿਆ। ਠੰਡ ਜਹੀ
ਪੈ ਗਈ। ਦਰਸ਼ਨਾਂ ਦੀ ਤਾਂਘ ਅਤੇ ਸੱਚੀ ਸ਼ਰਧਾ ਪ੍ਰਫੁੱਲਤ ਹੋ ਗਈ। ਮਨ ਖੇੜੇ
ਵਿੱਚ ਆ ਗਿਆ। ਪਤਾ ਨਹੀਂ ਕਿੱਥੇ ਗਵਾਚ ਗਿਆ! ਅਚਾਨਕ ਬਾਬਾ ਜੀ ਨੇ ਦਾਸ ਦੀ
ਬਾਂਹ ਫੜ ਕੇ ਕਿਹਾ, "ਸਿੰਘ ਸਹਿਬ, ਕਿੱਥੇ ਗਵਾਚ ਗਏ ਹੋ! ਬੈਠ ਜਾਓ।" ਦਾਸ
ਕੁਝ ਸੰਭਲ਼ਿਆ ਤੇ ਬਾਕੀ ਸੰਗਤ ਦੀ ਤਰ੍ਹਾਂ ਥੱਲੇ ਬੈਠਣ ਦਾ ਯਤਨ ਕੀਤਾ।
ਮਹਾਂਪੁਰਸ਼ਾਂ ਨੇ ਦਾਸ ਦੀ ਬਾਂਹ ਫੜ ਕੇ ਕਿਹਾ, "ਨਹੀਂ ਗੁਰੂ ਦਿਆ ਸਿੱਖਾ!
ਥੱਲੇ ਨਹੀਂ," ਬੈਡ ਦੇ ਕੋਲ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ,
"ਏਥੇ ਸਾਡੇ ਕੋਲ ਹੋ ਕੇ ਬੈਠੋ।" ਦਾਸ ਹੁਕਮ ਦਾ ਬੱਧਾ ਹੋਇਆ, ਸੰਗਦਾ
ਸੰਗਦਾ ਕੁਰਸੀ 'ਤੇ ਬੈਠ ਗਿਆ। "ਹੁਣ ਦੱਸੋ ਸਿੰਘ ਸਾਹਿਬ, ਕੇਹੜੇ ਮੁਲਕ
ਤੋਂ ਆਉਣੇ ਹੋਏ ਹਨ ਤੇ ਕੀ ਆਸ਼ਾ ਲੈ ਕੇ ਆਏ ਹੋ!" ਬਾਬਾ ਜੀ ਦੇ ਇਹ ਬਚਨ
ਸੁਣ ਕੇ ਦਾਸ ਨੂੰ ਬੜਾ ਅਚੰਭਾ ਜਿਹਾ ਹੋਇਆ। ਚਾਰ ਚੁਫੇਰੇ ਵੇਖ ਕੇ ਦਾਸ
ਕੁਝ ਸੰਭਲ਼ਿਆ ਤੇ ਆਦਰ ਸਹਿਤ ਕਿਹਾ, "ਜੀ ਆਸਟ੍ਰੇਲੀਆ ਤੋਂ।" ਬਾਬਾ ਜੀ ਵੱਲ
ਵੇਖਦੇ ਹੋਏ ਮੈਂ ਉਹਨਾਂ ਦੀ ਇਸ ਉਦਾਰਤਾ ਦਾ ਧੰਨਵਾਦ ਕੀਤਾ ਤੇ ਆਦਰ ਸਹਿਤ
ਬੇਨਤੀ ਕੀਤੀ, "ਦਾਸ ਇਕ ਛੋਟਾ ਜਿਹਾ ਲਿਖਾਰੀ ਹੈ। ਕੁਝ ਕਿਤਾਬਾਂ ਵੀ
ਲਿਖੀਆਂ ਹਨ। ਅਖਬਾਰਾਂ ਵਿਚ ਆਰਟੀਕਲ ਵੀ ਛਪਦੇ ਹਨ। ਜਿਵੇਂ ਕਿ ਮੈਂ
ਪਹਿਲਾਂ ਹੀ ਦੱਸ ਚੁਕਿਆ ਹਾਂ ਕਿ ਮੈਂ ਆਸਟ੍ਰੇਲੀਆ ਤੋਂ ਆਪ ਜੀ ਦੇ ਦਰਸ਼ਨ
ਕਰਨ ਹੇਤ ਅਤੇ ਇਸ ਮਹਾਂਨ ਵਿੱਦਿਆ ਸਾਗਰ 'ਅਕਾਲ ਅਕੈਡਮੀ' ਬਾਰੇ ਹੋਰ
ਵਧੇਰੇ ਜਾਣਕਾਰੀ ਹਾਸਲ ਕਰਨ ਆਇਆ ਹਾਂ। ਆਪ ਜੀ ਦੇ ਇਸ ਮਹਾਨ ਵਸਾਏ ਹੋਏ
ਖ਼ੁਬਸੂਰਤ ਨਗਰ ਨੂੰ ਹੋਰ ਵੀ ਨੇੜੇ ਹੋ ਕੇ ਦਰਸ਼ਨ ਕਰਨ ਦੀ ਚਾਹਨਾ ਹੈ। ਆਪ
ਜੀ ਦੇ ਮੁਖਾਰਬਿੰਦ ਤੋਂ ਆਪ ਜੀ ਦੀ ਜ਼ੁਬਾਨੀ ਏਥੋਂ ਦੇ ਇਤਿਹਾਸ ਬਾਰੇ
ਜਾਣਕਾਰੀ ਹਾਸਲ ਕਰਕੇ ਕੁਝ ਲਿਖਣ ਦੇ ਇਰਾਦੇ ਨਾਲ਼ ਆਪ ਜੀ ਦੀ ਸੇਵਾ ਵਿੱਚ
ਹਾਜਰ ਹੋਇਆ ਹਾਂ। ਧੰਨਭਾਗ ਸਾਡੇ ਅਤੇ ਧੰਨਵਾਦ ਆਪ ਜੀ ਦਾ ਜਿਨ੍ਹਾਂ ਨੇ ਇਕ
ਨਿਮਾਣੇ ਜਿਹੇ ਲਿਖਾਰੀ ਨੂੰ ਏਨਾ ਮਾਣ ਦੇਣ ਦੀ ਕ੍ਰਿਪਾਲਤਾ ਕੀਤੀ ਹੈ। ਜੇ
ਆਪ ਜੀ ਦੀ ਆਗਿਆ ਹੋਵੇ ਤਾਂ ਦਾਸ ਆਪ ਜੀ ਨਾਲ ਕੁਝ ਬਚਨ ਸਾਂਝੇ ਕਰਕੇ, ਕਲਮ
ਬੰਦ ਕਰਨਾ ਚਾਹੁੰਦਾ ਹੈ।" "ਜਰੂਰ, ਦੱਸੋ ਕੀ ਆਸ਼ਾ ਲੈ ਕੇ ਆਏ ਹੋ। ਪਹਿਲਾਂ
ਇਹ ਦੱਸੋ ਕਿ ਆਪ ਜੀ ਨੂੰ ਇਹ ਲਿਖਣ ਦਾ ਸ਼ੌਕ ਕਿਵੇਂ ਜਾਗਿਆ ਅਤੇ ਕਿਸ
ਵਿੱਦਵਾਨ ਤੋਂ ਇਹ ਵਿੱਦਿਆ ਪ੍ਰਾਪਤ ਕੀਤੀ ਹੈ!" "ਬਾਬਾ ਜੀ ਇਹ ਲਿਖਣ ਦੀ
ਚੇਟਕ ਮੈਨੂੰ ਇਕ ਮਹਾਨ ਗਿਆਨਵਾਨ ਵਿਦਵਾਨ ਪੰਥਕ ਪ੍ਰਚਾਰਕ ਆਸਟ੍ਰੇਲੀਆ
ਨਿਵਾਸੀ, ਗਿਆਨੀ ਸੰਤੋਖ ਸਿੰਘ ਜੀ ਹੁਰਾਂ ਦੀ ਕ੍ਰਿਪਾਲਤਾ ਸਦਕਾ ਹਾਸਲ ਹੋਈ
ਹੈ। ਅੱਜ ਮੈ ਜੋ ਕੁਝ ਵੀ ਥੋਹੜਾ ਬਹੁਤਾ ਲਿਖ ਸਕਣ ਦੇ ਯੋਗ ਹੋਇਆ ਹਾਂ ਇਹ
ਸਭ ਕੁਝ ਉਹਨ੍ਹਾਂ ਦੀ ਹੀ ਦੇਣ ਹੈ।"
ਸਭ ਤੋਂ ਪਹਿਲਾਂ ਤਾਂ ਦਾਸ
ਆਪ ਜੀ ਦੇ ਦਰਸ਼ਨਾਂ ਦਾ ਅਭਿਲਾਸ਼ੀ ਸੀ ਜੋ ਕਿ ਆਪ ਜੀ ਨੇ ਦਰਸ਼ਨ ਦੇ ਕੇ
ਨਿਹਾਲ ਕਰ ਦਿਤਾ ਹੈ। ਹੁਣ ਦੀਆਵੀ ਤੌਰ ਤੇ ਬੇਨਤੀ ਹੈ ਕਿ ਤੁਸੀਂ ਖ਼ੁਦ
ਅਪਣੇ ਮੁਖਾਰਬਿੰਦ ਤੋਂ ਕੁਝ ਆਪਣੇ ਜੀਵਨ ਬਾਰੇ ਅਤੇ ਇਸ ਮਹਾਨ ਅਸਥਾਨ ਬੜੂ
ਸਾਹਿਬ ਬਾਰੇ, ਵਿਸਥਾਰ ਸਹਿਤ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰੋ। ਤੁਸੀ ਇਹ
ਅਸਥਾਨ ਇਹਨਾਂ ਉਚੇ ਉਚੇ ਵਿਸ਼ਾਲ ਪਹਾੜਾਂ ਦੀਆਂ ਵੈਲੀਆਂ ਦੀ ਗੋਦ ਵਿਚ ਕਿਉਂ
ਅਤੇ ਕਿਵੇਂ ਲੱਭਿਆ, ਤਾਂ ਕਿ ਦਾਸ ਨੂੰ ਜਾਣਕਾਰੀ ਮਿਲ਼ ਸਕੇ ਤੇ ਇਸ
ਜਾਣਕਾਰੀ ਨੂੰ ਇਤਿਹਾਸਕ ਲੇਖ ਰਾਹੀਂ, ਸੰਸਾਰ ਵਾਸੀਆਂ ਸਨਮੁਖ ਪੇਸ਼ ਕਰ
ਸਕਾਂ।
ਬਸ ਫਿਰ ਕੀ ਸੀ, ਬਾਬਾ ਜੀ ਮੁਸਕਰਾਏ। ਪਹਿਲਾਂ ਬੈਠੀ ਸੰਗਤ
ਵੱਲ, ਫਿਰ ਦਾਸ ਵੱਲ ਵੇਖ ਕੇ ਕਿਹਾ, "ਇਹ ਇਕ ਲੰਮੀ ਕਹਾਣੀ ਹੈ, ਪਰ ਫਿਰ
ਵੀ ਅਸੀਂ ਆਪ ਜੀ ਨੂੰ ਸੰਖੇਪ ਵਿੱਚ ਬਿਆਨ ਕਰਦੇ ਹਾਂ।" ਇਸ ਤੋਂ ਪਹਿਲਾਂ
ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ, ਉਹਨਾਂ ਇਕ ਸੇਵਾਦਾਰ ਨੂੰ
ਫ਼ੋਨ ਰਾਹੀਂ ਸਾਡੀ ਦੋਹਾਂ ਦੀ ਵਾਰਤਾਲਾਪ ਰੀਕਾਰਡਿੰਗ ਕਰਨ ਲਈ ਕਹਿ ਦਿਤਾ।
ਸੰਤ ਜੀ ਨੇ ਦੱਸਿਆ, "ਸੰਤ ਬਾਬਾ ਅਤਰ ਸਿੰਘ ਜੀ ਮਹਾਂਰਾਜ ਨੇ
ਆਪਣੇ ਇਕ ਸੇਵਕ ਸੰਤ ਤੇਜਾ ਸਿੰਘ ਡਬਲ ਐਮ.ਏ. ਐਲ.ਐਲ.ਬੀ ਜੀ ਨੂੰ ਫਰਮਾਇਆ
ਕਿ ਹਿਮਾਚਲ ਪ੍ਰਦੇਸ਼ ਦੀ, ਨਾਹਨ ਰਿਆਸਤ ਵਿੱਚ ਇਕ ਗੁਪਤ ਤਪੋ ਅਸਥਾਨ ਹੈ।
ਇਸ ਨੂੰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਚਰਨਾਂ ਦੀ
ਛੋਹ ਪ੍ਰਾਪਤ ਹੈ। ਉਸ ਅਸਥਾਨ ਨੂੰ ਪਰਗਟ ਕਰੋ ਅਤੇ ਓਥੇ ਅਜਿਹਾ ਬ੍ਰਹਮ
ਵਿਦਿਆ ਦਾ ਕੇਂਦਰ ਸਥਾਪਤ ਕਰੋ ਜਿੱਥੇ ਬੱਚੇ ਬੱਚੀਆਂ ਨਾਮ ਬਾਣੀ, ਸਿਮਰਣ
ਕਰਨ ਦੇ ਨਾਲ਼ ਨਾਲ਼ ਸੰਸਾਰਕ ਵਿੱਦਿਆ ਹਾਸਲ ਕਰਨ। ਆਪਣੇ ਜੀਵਨ ਨੂੰ ਗੁਰਮਤਿ
ਵਿੱਚ ਢਾਲ ਕੇ ਸਾਰੇ ਸੰਸਾਰ ਵਿੱਚ, ਗੁਰੂ ਨਾਨਕ ਦੇ ਦਰਸਾਏ ਹੋਏ ਸੱਚੇ
ਮਾਰਗ ਦਾ ਪ੍ਰਸਾਰ ਕਰਨ। ਇਸ ਸੰਤ ਜੀ ਦੇ ਇਸ ਆਸ਼ੇ ਨੂੰ ਮੁਖ ਰੱਖ ਕੇ, ਸੰਤ
ਤੇਜਾ ਸਿੰਘ ਜੀ ਨੇ ੧੯੫੪ ਤੋਂ ਇਸ ਅਸਥਾਨ ਦੀ ਭਾਲ਼ ਸ਼ੁਰੂ ਕਰ ਦਿਤੀ। ਉਸ
ਵਕਤ ਦਾਸ (ਸੰਤ ਇਕਬਾਲ ਸਿੰਘ ਜੀ) ਹਾਂਸੀ ਵਿੱਚ ਨੌਕਰੀ ਕਰਦਾ ਸੀ। ਫਿਰ
ਦਾਸ ਧੌਲਾ ਕੂਆਂ, ਪਾਊਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਨੌਕਰੀ 'ਤੇ ਰਿਹਾ।
ਗੁਰੂ ਸਾਹਿਬਾਂ ਦੀ ਅਪਾਰ ਬਖਸ਼ਸ਼ ਹੁੰਦੀ ਰਹੀ। ਇਕ ਤੋਂ ਵੱਧ ਇਕ ਤਰੱਕੀ
ਹੁੰਦੀ ਗਈ। ਅੰਤ 'ਤੇ ਡਾਰੈਕਟਰ ਦੀ ਪਦਵੀ ਹਾਸਲ ਕਰ ਲਈ। ੧੯੮੭ ਈਸਵੀ ਵਿੱਚ
ਡਾਰੈਕਟਰ ਦੀ ਪਦਵੀ ਤੋਂ ਰੀਟਾਇਰ ਹੋ ਕੇ, ਸੰਤ ਬਾਬਾ ਤੇਜਾ ਸਿੰਘ ਜੀ ਦੇ
ਹੁਕਮ ਦੇ ਬੱਧੇ ਹੋਏ ਬੜੂ ਸਾਹਿਬ ਗੁਪਤ ਅਸਥਾਨ ਦੀ ਖੋਜ ਵਿੱਚ ਲਗ ਗਏ।
ਬਹੁਤ ਸਾਰੇ ਵੱਖਰੇ ਵੱਖਰੇ ਥਾਵਾਂ ਦੀ ਭਾਲ਼ ਵਿੱਚ ਲੱਗੇ ਰਹੇ ਪਰ ਗੁਰੂ
ਸਾਹਿਬਾਂ ਦੀ ਚਰਨ ਛੋਹ ਵਾਲਾ ਅਸਥਾਨ ਨਾ ਲੱਭ ਸਕੇ। ਅੰਤ ਤੇ ਘੁਮਦੇ ਘੁਮਦੇ
ਪਿੰਡ ਬੜੂ ਪਹੁੰਚ ਗਏ। ਪਿੰਡ ਦੇ ਲੋਕਾਂ ਤੋਂ ਪਤਾ ਲਗਾ ਕਿ ਇਸ ਪਿੰਡ ਦਾ
ਮਾਲਕ ਠਾਕੁਰ ਜੋਗਿੰਦਰ ਸਿੰਘ, ਆਪਣੇ ਮਾੜੇ ਹਾਲਤ ਕਾਰਨ ਪਿੰਡ ਬੜੂ ਵੇਚ
ਰਿਹਾ ਹੈ। ਦਾਸ ਨੇ ਇਸ ਅਸਥਾਨ ਦਾ ਪੂਰਾ ਪੂਰਾ ਮੁਆਇਨਾ ਕੀਤਾ ਅਤੇ ਆਪਣੀ
ਤੁੱਛ ਬੁਧੀ ਅਨੁਸਾਰ ਇਸ ਅਸਥਨ ਨੂੰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ
ਆਧਾਰ 'ਤੇ ਖਰਾ ਪਾਇਆ। ਵੇਖਿਆ ਕਿ ਏਥੇ ਹਰ ਪਾਸੇ ਹਰਿਆਵਲ, ਠੰਡੇ ਮਿਠੇ
ਪਾਣੀ ਦੇ ਚਸ਼ਮੇ, ਇਕਾਂਤ ਵਾਤਾਵਰਨ, ਉਚੀਆਂ ਉਚੀਆਂ ਪਹਾੜੀਆਂ ਨਾਲ ਘਿਰਿਆ
ਹੋਇਆ, ਇਹ ਰਮਣੀਕ ਅਸਥਨ ੪੦੦ ਏਕੜ ਧਰਤੀ ਦਾ ਰਕਬਾ ਪੂਰੀ ਤਰ੍ਹਾਂ ਸਹੀ ਜਾਣ
ਕੇ, ਲਿਖਤੀ ਰੂਪ ਵਿੱਚ ਰੀਪੋਰਟ ਤਿਆਰ ਕਰਕੇ ਸੰਤ ਬਾਬਾ ਤੇਜਾ ਸਿੰਘ ਜੀ
ਮਹਾਂਰਾਜ ਨੂੰ ਪੇਸ਼ ਕਰ ਦਿਤੀ। ਉਹਨਾਂ ਦੀ ਸਹਿਮਤੀ ਨਾਲ ੪੦੦ ਏਕੜ ਦੀ ਧਰਤੀ
ਦਾ ਇਹ ਰਕਬਾ ਪਿੰਡ ਬੜੂ ਠਾਕੁਰ ਜੋਗਿੰਦਰ ਸਿੰਘ ਤੋਂ ੨੫੦੦੦ ਰੁਪਏ ਵਿੱਚ
ਖਰੀਦ ਲਿਆ। ਯਾਦ ਰਹੇ ਕਿ ਇਹ ੨੫੦੦੦ ਰੁਪਿਆਂ ਦੀ ਸੇਵਾ ਸਿੰਘਾਪੁਰ ਨਿਵਾਸੀ
ਸ. ਹਰਦਿਆਲ ਸਿੰਘ ਜੀ ਨੇ ਕੀਤੀ ਸੀ।
ਬਾਅਦ ਵਿੱਚ ਠਾਕੁਰ
ਜੋਗਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਿੰਡ ਬੜੂ ਵੇਚਣ ਦਾ ਇੱਕ ਇਲਾਹੀ
ਕੌਤਕ ਵੀ ਵਰਤਿਆ ਸੀ। ਉਹਨਾਂ ਨੇ ਸੁਣਾਇਆ ਕਿ ਇਸ ਪਿੰਡ ਵਿੱਚ ਚਸ਼ਮੇ ਦੇ
ਕਿਨਾਰੇ ਇਕ ਬਹੁਤ ਵੱਡਾ ਅਖਰੋਟ ਦਾ ਦਰੱਖਤ ਸੀ ਇਸ ਦੇ ਹੇਠਾਂ ਸਾਧੂ ਸੰਤ ਆ
ਕੇ ਸਮਾਧੀ ਅਧੀਨ ਪ੍ਰਭੂ ਦਾ ਸਿਮਰਨ ਕਰਦੇ ਹੁੰਦੇ ਸਨ। ਮੈਂ ਉਹਨਾਂ ਦੀ
ਲੰਗਰ ਪਾਣੀ ਦੀ ਸੇਵਾ ਕਰਿਆ ਕਰਦਾ ਸਾਂ। ਇਕ ਦਿਨ ਇਕ ਸਾਧੂ ਮਹਾਂਰਾਜ ਨੇ
ਸਮਾਧੀ ਲਗਾਈ ਹੋਈ ਸੀ। ਮੈ ਰੋਟੀ ਦਾ ਥਾਲ਼ ਉਹਨਾਂ ਦੇ ਅੱਗੇ ਰਖਿਆ। ਉਹ
ਸਮਾਧੀ ਵਿੱਚ ਲੀਨ ਸਨ। ਅੱਧੇ ਘੰਟੇ ਬਾਅਦ ਜਦੋਂ ਉਹਨਾਂ ਨੇ ਅੱਖਾਂ
ਖੋਹਲੀਆਂ ਤਾਂ ਰੋਟੀ ਖਾਣ ਦੀ ਬਜਾਏ ਮੈਨੂੰ ਕਿਹਾ, "ਤੂ ਨੇ ਯਹਾਂ ਨਹੀ
ਰਹਿਨਾ, ਯੇ ਗੁਰੂ ਨਾਨਕ ਜੀ ਕੀ ਧਰਤੀ ਹੈ। ਯਹਾਂ ਗੁਰੂ ਨਾਨਕ ਨਾਮ ਲੇਵਾ
ਲੋਗ ਆਏਂਗੇ ਔਰ ਯਹਾਂ ਬਹੁਤ ਬੜਾ ਅਸਥਾਨ ਬਨੇਗਾ। ਯਹਾਂ ਨਾਮ ਬਾਨੀ ਕਾ
ਸਿਮਰਨ ਕਰਕੇ ਲੋਗ ਸਾਰੀ ਦੁਨੀਆਂ ਮੇਂ ਗੁਰੂ ਨਾਨਕ ਜੀ ਕੇ ਸੱਚ ਕੇ ਮਾਰਗ
ਕਾ ਪ੍ਰਸਾਰ ਕਰੇਂਗੇ।" ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਕਿ ਇਸ ਨੇ
ਮੈਨੂੰ ਇਸ ਜ਼ਮੀਨ ਦੇ ਉਜੜਨ ਦਾ ਸਰਾਫ ਦੇ ਦਿਤਾ ਹੈ। ਮੈਂ ਰੋਟੀ ਬਿਨਾਂ
ਖੁਆਏ ਰੋਟੀ ਦਾ ਥਾਲ਼ ਚੁੱਕ ਕੇ ਘਰ ਲੈ ਗਿਆ। ਕੁਝ ਸਮੇ ਬਾਅਦ ਜਦ ਮੇਰਾ
ਗੁੱਸਾ ਕੁਝ ਠੰਡਾ ਹੋਇਆ ਤਾਂ ਮੈ ਫਿਰ ਰੋਟੀ ਦਾ ਥਾਲ਼ ਲੈ ਕੇ ਸਾਧੂ ਨੂੰ
ਰੋਟੀ ਖਵਾਉਣ ਵਾਸਤੇ ਥੱਲੇ ਆਇਆ ਤੇ ਵੇਖਿਆ ਕਿ ਸਾਧੂ ਉਥੇ ਹੈ ਹੀ ਨਹੀਂ
ਸੀ।
ਪੂਰਨ ਬ੍ਰਹਮ ਗਿਆਨੀ ਸੰਤ ਤੇਜਾ ਸਿੰਘ ਜੀ ਮਹਾਂਰਾਜ ਦੇ
ਹਿਰਦੇ ਵਿੱਚ ਇਸ ਪਿੰਡ ਨੂੰ ਖਰੀਦਣ ਦੀ ਖਿੱਚ ਸੀ ਅਤੇ ਉਸ ਸਾਧੂ ਦੇ ਬਚਨਾਂ
ਸਦਕਾ, ਪਿੰਡ ਦੇ ਮਾਲਕ ਜੋਗਿੰਦਰ ਸਿੰਘ ਨੇ ਕਿਹਾ ਕਿ ਮੇਰੀ ਇਸ ਜ਼ਮੀਨ ਦੇ
ਇਰਦ ਗਿਰਦ ਪਿੰਡਾਂ ਦੇ ਲੋਕਾਂ ਨਾਲ ਬਹੁਤ ਵੈਰ ਵਿਰੋਧ ਹੋ ਗਿਆ ਹੈ, ਜਿਸ
ਕਰਕੇ ਮੈਂ ਤੰਗ ਹੋ ਕੇ ਇਹ ਪਿੰਡ ਵੇਚ ਕੇ ਏਥੋਂ ਚਲੇ ਜਾਣਾ ਹੈ।
ਇਸ ਤਰ੍ਹਾਂ ਸੰਤ ਤੇਜਾ ਸਿੰਘ ਜੀ ਮਹਾਂਰਾਜ ਅਨਭਵੀ ਦਿਬ ਦ੍ਰਿਸ਼ਟੀ ਵਾਲੇ
ਮਹਾਂਪੁਰਸ਼ਾਂ ਨੇ, ਅਕਾਲ ਪੁਰਖ ਦੇ ਹੁਕਮ ਅੰਦਰ ਰਹਿ ਕੇ, ਪਿੰਡ ਬੜੂ ਦੀ
ਧਰਤੀ ਖਰੀਦ ਲਈ। ਇਕ ਕੱਚਾ ਕੋਠਾ ਤਿਆਰ ਕਰ ਲਿਆ। ਲਿੰਬ ਪੋਚ ਕੇ ਉਸ ਵਿੱਚ
ਅਖੰਡ ਪਾਠ ਸਾਹਿਬ ਆਰੰਭ ਕਰ ਦਿਤਾ। ਉਪ੍ਰੰਤ ਪੰਜ ਬੱਚਿਆਂ ਨੂੰ ਓਸੇ ਕਮਰੇ
ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰ ਦਿਤਾ। ਅੱਜ ਉਹ ਪਿੰਡ ਬੜੂ, 'ਬੜੂ ਸਾਹਿਬ'
ਦੇ ਨਾਂ ਨਾਲ ਸੰਸਾਰ ਭਰ ਵਿੱਚ ਪ੍ਰਸਿਧ ਹੈ। ਏਥੇ ਸੰਤਾਂ ਦੇ ਬਚਨਾਂ
ਅਨੁਸਾਰ ਬ੍ਰਹਮ ਵਿੱਦਿਆ ਦਾ ਕੇਂਦਰ 'ਅਕਾਲ ਅਕੈਡਮੀ' ਦੇ ਨਾਂ ਤੇ ਸੰਤ
ਬਾਬਾ ਇਕਬਾਲ ਸਿੰਘ ਜੀ ਦੀ ਲਗਨ ਅਤੇ ਅਥਾਹ ਘਾਲਣਾ ਸਦਕਾ ਸੁਸ਼ੋਭਤ ਹੈ। ਅੱਜ
ਓਸੇ ਧਰਤੀ 'ਤੇ ਮਹਾਂਪੁਰਸ਼ਾਂ ਦੀ ਅਰਦਾਸ ਸਦਕਾ, ਬਹੁਤ ਵੱਡਾ ਅਧਿਆਤਮਕ
ਕੇਂਦਰ ਵਿਦਿਆ ਦਾ ਸਾਗਰ, 'ਅਕਾਲ ਅਕੈਡਮੀ' ਸੋਹਣੇ ਗੁਲਜ਼ਾਰ ਦੀ ਤਰ੍ਹਾਂ
ਗਿਆਨ ਰੂਪੀ ਮਹਿਕ ਵੰਡ ਰਿਹਾ ਹੈ। ਏਥੇ ਸੰਸਾਰ ਭਰ ਵਿੱਚੋਂ ਹਜਾਰਾਂ ਦੀ
ਗਿਣਤੀ ਵਿੱਚ ਆਏ ਬੱਚੇ ਬਚੀਆਂ ਦੁਨਿਆਵੀ ਅਤੇ ਗੁਰਮਤਿ ਵਿੱਦਿਆ ਪ੍ਰਾਪਤ ਕਰ
ਰਹੇ ਹਨ।
ਅੰਤ ਵਿਚ ਆਪਣੀ ਤੁੱਛ ਬੁਧੀ ਅਨੁਸਾਰ ਇਹੋ ਹੀ ਕਹਿ ਸਕਦਾ
ਹਾਂ ਕਿ ਸਾਨੂੰ ਵੀ ਇਹ ਮਹਾਨ ਯਾਤਰਾ ਕਰਨ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ
ਦਾ ਸੁਭਾਗਾ ਸਮਾ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਪ੍ਰਾਪਤ ਹੋਇਆ ਹੈ
ਜਿਸ ਦਾ ਅਸੀਂ ਸਾਰਿਆਂ ਨੇ ਭਰਪੂਰ ਅਨੰਦ ਮਾਣਿਆਂ ਹੈ। ਇਹ ਲਾਜਵਾਬ ਸਫ਼ਰ
ਸਾਨੂੰ ਹਮੇਸ਼ਾਂ ਯਾਦ ਰਹੇਗਾ। ਧੰਨਵਾਦੀ ਹਾਂ ਬੜੂ ਸਾਹਿਬ ਦੇ ਸੁਲਝੇ ਹੋਏ
ਗਿਆਨਵਾਨ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਹਰ ਪੱਖੋਂ ਸੇਵਾ ਸੰਭਾਲ਼ ਅਤੇ
ਸਹਾਇਤਾ ਕਰਕੇ ਸਾਨੂੰ ਇਸ ਸਫ਼ਲ ਵਿੱਦਿਆ ਮੰਦਰ ਦੀ ਯਾਤਰਾ ਕਰਵਾਈ।
ਧੰਨਵਾਦੀ ਹਾਂ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਰਾਜ ਦਾ, ਜਿਨ੍ਹਾਂ
ਨੇ ਆਪਣੇ ਵਡਮੁੱਲੇ ਸਮੇ ਵਿਚੋਂ ਲੋੜ ਤੋਂ ਵੀ ਵੱਧ ਸਮਾ ਦਾਸਾਂ ਨੂੰ ਦਿਤਾ।
ਮਾਣ ਸਤਿਕਾਰ ਦੇ ਕੇ ਅਤੇ ਆਪਣੇ ਪ੍ਰਭਾਵਸ਼ਾਲੀ ਪਵਿਤਰ ਬਚਨਾਂ ਨਾਲ਼ ਨਿਹਾਲ
ਕੀਤਾ। ਅਤੇ ਗੁਰੂ ਘਰ ਵੱਲੋਂ ਸਿਰੋਪਾ ਬਖ਼ਸ਼ ਕੇ ਨਿਵਾਜਿਆ।
ਸਰਬ
ਸ਼ਕਤੀਮਾਨ, ਬਖ਼ਸ਼ਿੰਦ ਪਰਮ ਪਿਤਾ ਅਕਾਲ ਪੁਰਖ ਅਗੇ ਬੇਨਤੀ ਹੈ ਕਿ
ਮਹਾਂਪੁਰਸ਼ਾਂ ਨੂੰ ਹੋਰ ਵੀ ਲੰਮੀ ਉਮਰ ਬਖਸ਼ਣ ਤਾਂ ਕਿ ਇਹ ਆਪਣੇ ਅਨਭਵੀ
ਜੀਵਨ ਅਤੇ ਵਡਮੁੱਲੇ ਗਿਆਨ ਦੁਆਰਾ ਲੋਕਾਈ ਨੂੰ ਦੁਨਿਆਵੀ ਅਤੇ ਅਧਿਆਤਮਿਕ
ਗਿਆਨ ਰਾਹੀਂ ਹੋਰ ਵੀ ਚੰਗੇਰੀ ਸੇਧ ਦੇ ਸਕਣ।
ਗੁਰੂ ਘਰ ਦਾ ਦਾਸ ਮੋਹਨ ਸਿੰਘ ਵਿਰਕ
ਸਿਡਨੀ, ਆਸਟ੍ਰੇਲੀਆ। ਫੋਨ: +੬੧ ੪੦੯ ੬੬੦ ੭੦੧
|
|
|
|
|
|
|
|
|
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|