"ਪੰਜਾਬੀ ਸੱਥ ਮੈਲਬਰਨ", ਆਸਟ੍ਰੇਲੀਆ ਵਲੋਂ ਪਹਿਲਾ ਪੰਜਾਬੀ ਕਵੀ
ਦਰਬਾਰ, ਸੱਥ ਦੀ ਸੇਵਾਦਾਰ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਿਹ ਵਿਖੇ ਕੀਤਾ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਦੀ ਸੇਵਾ, ਪ੍ਰਸਿਧ ਪੰਜਾਬੀ ਲੇਖਕ ਅਤੇ ਬੁਲਾਰੇ,
ਆਸਟ੍ਰੇਲੀਅਨ ਪੰਜਾਬੀ ਸੱਥ ਦੇ ਸਰਪ੍ਰਸਤ, ਗਿਆਨੀ ਸੰਤੋਖ ਸਿੰਘ ਜੀ ਵੱਲੋਂ
ਨਿਭਾਈ ਗਈ। ਸਟੇਜ ਦੀ ਸੇਵਾ ਹੋਣਹਾਰ ਕਵਿੱਤਰੀ ਮਧੂ ਸ਼ਰਮਾ ਨੇ ਨਿਭਾਈ।
ਇਸ ਪ੍ਰੋਗਰਾਮ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਦੇ ਕਵੀਆਂ
ਨੇ ਆਪਣੀਆਂ ਰਚਨਾ ਰਾਹੀਂ ਰੰਗ ਬੰਨੇ।
ਗ਼ਜ਼ਲ ਜੀ ਅਤੇ ਉਹਨਾਂ ਦੇ
ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤੇ ਗਏ ਰਾਤ ਦੇ ਖਾਣੇ ਉਪ੍ਰੰਤ, ਕਵੀ
ਦਰਬਾਰ ਦੇ ਆਰੰਭ ਵਿਚ, ਪੰਜਾਬੀ ਸੱਥ ਮੈਲਬਰਨ ਦੇ ਸੰਚਾਲਕ, ਬਿੱਕਰ ਬਾਈ ਜੀ
ਨੇ ਸਭ ਕਵੀਆਂ ਅਤੇ ਵਿੱਦਵਾਨ ਸਰੋਤਿਆਂ ਦਾ ਸੁਆਗਤ ਕਰਦਿਆਂ ਸਾਰਿਆਂ ਨੂੰ
“ਜੀ ਆਇਆਂ” ਆਖਿਆ। ਇਸ ਤੋਂ ਬਾਅਦ ਵੱਖ ਵੱਖ ਕਵੀਆਂ ਨੇ ਆਪੋ ਆਪਣੀਆਂ
ਰਚਨਾਵਾਂ ਸੁਣਾ ਕੇ ਸਰੋਤਿਆਂ ਪਾਸੋਂ ਵਾਹ ਵਾਹ ਖੱਟੀ। ਇਸ ਪ੍ਰੋਗਰਾਮ ਦੇ
ਅੰਤ ਵਿਚ, ਕੁਲਜੀਤ ਕੌਰ ਗ਼ਜ਼ਲ ਦਾ ਨਵਾਂ ਗ਼ਜ਼ਲ ਸੰਗ੍ਰਹਿ 'ਇਹ ਪਰਿੰਦੇ ਸਿਆਸਤ
ਨਹੀਂ ਜਾਣਦੇ' ਵੀ ਲੋਕ ਅਰਪਣ ਕੀਤਾ ਗਿਆ।
"ਪੰਜਾਬੀ ਸੱਥ" ਵੱਲੋਂ
ਕੀਤੇ ਗਏ ਇਸ ਪਹਿਲ ਪਲੇਠੀ ਦੇ ਕਵੀ ਦਰਬਾਰ ਵਿਚ ਸ਼ਾਮਲ ਹੋਣ ਵਾਲੇ ਸੱਜਣਾਂ
ਵਿਚੋਂ ਕੁਝ ਕੁ ਲੇਖਕਾਂ ਤੇ ਬੁਧੀਜੀਵੀਆਂ ਦੇ ਨਾਂ ਇਸ ਪ੍ਰਕਾਰ ਹਨ:
ਗਿਆਨੀ ਸੰਤੋਖ ਸਿੰਘ ਜੀ, ਹਰਪ੍ਰੀਤ ਸਿੰਘ ਤਲਵੰਡੀ ਖੁੰਮਣ, ਮਧੂ
ਸ਼ਰਮਾ, ਰਮਾ ਸੇਖੋਂ, ਬਿਕਰਮਜੀਤ ਸਿੰਘ ਸੇਖੋਂ, ਜੱਸੀ
ਧਾਲੀਵਾਲ, ਤੇਜਿੰਦਰ ਭੰਗੂ, ਕੇਵਲ ਸਿੰਘ ਸੰਧੂ, ਗੁਰਜੀਤ ਕੌਰ, ਰੁਪਿੰਦਰ
ਸੋਜ਼, ਜਿੰਦਰ ਅਤੇ ਨਿਊਜ਼ੀਲੈਂਡ ਤੋਂ ਪਰਮਜੀਤ ਸਿੰਘ (ਸਨੀ ਸਿੰਘ), ਅਮ੍ਰੀਕ
ਸਿੰਘ, ਪਰਮਿੰਦਰ ਸਿੰਘ ਪਾਪਾਟੋਏਟੋਏ, ਪ੍ਰਵੇਸ਼ ਕਸ਼ਿਅਪ, ਹਰਜਿੰਦਰ ਸਿੰਘ
ਬਸਿਆਲਾ, ਬਿਕਰਮਜੀਤ ਸਿੰਘ ਮਟਰਾਂ ਅਤੇ ਗਾਇਕ ਲੱਕੀ ਦਿਓ ਅਤੇ ਭਾਰਤ
ਤੋਂ ਚੰਨ ਅਮ੍ਰੀਕ ਜੀ।
ਲੇਖਕਾਂ ਨੇ ਅੱਧੀ ਰਾਤ ਤੱਕ ਮਹਿਫ਼ਲ
ਜਮਾਈ ਰੱਖੀ ਤੇ ਸਭ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸੱਥ ਵਿੱਚ ਸਰੋਤਿਆਂ
ਨੂੰ ਨਿਹਾਲ ਕੀਤਾ।
ਇਸ ਸ਼ਾਮ ਦੀ ਮਹਿਫ਼ਿਲ ਦੇ ਅੰਤ ਵਿੱਚ ਟੀਮ
ਵੱਲੋਂ ਆਪਣੀ ਰਚਨਾ ਸੁਣਾਉਣ ਵਾਲੇ ਸਾਰੇ ਹੀ ਹਾਜਰ ਰਚਨਾਕਾਰਾਂ ਨੂੰ,
ਪੰਜਾਬੀ ਸੱਥ ਮੈਲਬਰਨ ਵੱਲੋਂ, ਯਾਦ ਚਿੰਨ੍ਹ ਭੇਟਾ ਕੀਤਾ ਗਿਆ। ਕੁੱਲ
ਮਿਲਾ ਕੇ "ਪੰਜਾਬੀ ਸੱਥ ਮੈਲਬਰਨ" ਦੀ ਇਹ ਪਹਿਲ ਪਲੇਠੀ ਦਾ ਕਵੀ ਦਰਬਾਰ
ਪੂਰਨ ਤੌਰ ਤੇ ਸਫ਼ਲ ਰਿਹਾ।
|