WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਯਸ਼ੂ ਜਾਨ 
ਜਲੰਧਰ 

yasshu jaan

ਭਾਰਤ ਰਤਨ ਡਾ : ਭੀਮ ਰਾਓ ਅੰਬੇਡਕਰ
ਯਸ਼ੂ ਜਾਨ , ਜਲੰਧਰ
 
ਰੋਜ਼ ਜਾਕੇ ਸਕੂਲ ਵਿੱਦਿਆ ਨੂੰ ਪੜ੍ਹਨਾ,
ਉੱਚਾ ਦੇਸ਼ ਅਤੇ ਮਾਪਿਆਂ ਦਾ ਨਾਮ ਕਰਨਾ,
ਮਿੱਥ ਲਓ ਤੁਸੀਂ ਇੱਕ ਹੀ ਨਿਸ਼ਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ

ਅਧਿਆਪਕਾਂ ਦਾ ਕਰੋ ਸਤਿਕਾਰ ,
ਤੇ ਉੱਚੇ ਅਹੁਦਿਆਂ ਨੂੰ ਪਾ ਲਓ ,
ਰੋਜ਼ ਮਾਪਿਆਂ ਦੇ ਪੈਰੀਂ ਹੱਥ ਲਾਕੇ,
ਸਵਰਗ ਨੂੰ ਥੱਲੇ ਲਾਹ ਲਓ,
ਹੋਊ ਸਾਰਿਆਂ ਤੋਂ ਵੱਖਰੀ ਪਛਾਣ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ

ਬੁਰੀ ਆਦਤ ਨੂੰ ਕਦੇ ਅਪਣਾਓ ਨਾ,
ਚੰਗੀਆਂ ਨੂੰ ਪੱਲੇ ਬੰਨ੍ਹਣਾਂ,
ਕਰੋ ਮਦਦ ਜ਼ਰੂਰਤਮੰਦ ਦੀ,
ਸਿੱਧੀਆਂ ਰਾਹਾਂ ਤੇ ਚੱਲਣਾਂ,
ਹਰ ਕੋਈ ਥੋਨੂੰ ਆਖ਼ੇਗਾ ਮਹਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ

ਲਓ ਡਿਗ਼ਰੀਆਂ ਮਿਹਨਤਾਂ ਦੇ ਸਿਰ ਤੇ,
ਨਕਲ ਕਦੇ ਨਾ ਮਾਰਿਓ ,
ਪੈਰ ਸਫ਼ਲਤਾ ਚੁੰਮੇਗੀ ਤੁਹਾਡੇ,
ਗੁੱਡੀ ਅਸਮਾਨੀਂ ਚਾੜ੍ਹਿਓ,
ਸੱਚਾ ਰੱਖਿਓ ਸਦਾ ਹੀ ਇਮਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ

ਖੇਡਾਂ ਵੱਲ ਵੀ ਦੇਣਾ ਹੈ ਧਿਆਨ,
ਕਿਤਾਬੀ ਕੀੜਾ ਨਹੀਓਂ ਬਣਨਾ,
ਜਿਹੜੀ ਪੜ੍ਹੀ ਹੈ ਕਿਤਾਬ ਵਿੱਚ ਗੱਲ,
ਉਹਦਾ ਅਭਿਆਸ ਕਰਨਾ,
ਸੱਚੀ ਗੱਲ ਹੈ ਸੁਣਾਉਂਦਾ 'ਯਸ਼ੂ ਜਾਨ' ਬੱਚਿਓ 
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ
14/04/2020
 

ਸੰਵਿਧਾਨ
ਯਸ਼ੂ ਜਾਨ , ਜਲੰਧਰ

ਸੰਵਿਧਾਨ ਲਾਗੂ ਹੋਣ ਤੇ,
ਬੁਲਟ ਦੀ ਗੱਲ ਰੱਦ ਹੋਊ,
ਬਹੁਗਿਣਤੀ ਦਾ ਰਾਜ,
ਸਭ ਬੈਲਟ ਦੇ ਹੱਥ ਹੋਊ,
ਲੋਕੋ ਪੜ੍ਹ ਕੇ ਕਰੋ ਚੇਤਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਸੰਗਠਨ ਨਾ ਕੋਈ ਚੱਲੂ,
ਮਜ਼ਹਬ ਦੇ ਨਾਮ ਤੇ,
ਹੱਕ ਲੈ ਕੇ ਦੇਸ਼ ਵਾਸੀ,
ਪਹੁੰਚਣਗੇ ਮੁਕਾਮ ਤੇ,
ਬਲੀ ਵੇਦੀ ਤੇ ਚੜ੍ਹੇਗੀ,
ਸਦਾ ਹੀ ਭੇਡ ਬੱਕਰੀ,
ਸ਼ੇਰ ਕੌਮ ਦੀ ਪਛਾਣ,
ਹੋਊ ਸਾਰਿਆਂ ਤੋਂ ਵੱਖਰੀ,
ਮੰਨੋ ਸੱਚਾ-ਸੁੱਚਾ ਨੇਤਾ,
ਤੁਸੀ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |

ਦਲਿਤਾਂ ਗ਼ਰੀਬਾਂ ਦਾ ਸੀ,
ਸੱਚਾ ਯਾਰ ਭੀਮ ਰਾਓ,
ਜਿਹਨਾਂ ਦਾ ਦੁੱਖ ਪਾਇਆ,
ਨਾ ਸਹਾਰ ਭੀਮ ਰਾਓ,
ਲੜਦਾ ਰਿਹਾ ਉਹ ਯੋਧਾ,
ਦੇਸ਼ਵਾਸੀਆਂ ਦੇ ਵਾਸਤੇ,
ਸਾਰਿਆਂ ਨੂੰ ਕਿਹਾ ਚੱਲੋ,
ਸੱਚਾਈ ਦੇ ਰਾਸਤੇ,
ਦਿਓ ਯਸ਼ੂ ਜੀ ਸੰਦੇਸ਼ਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ |
14/04/2020

ਮਹਾਂਮਾਰੀ
ਯਸ਼ੂ ਜਾਨ , ਜਲੰਧਰ
 
ਕਿਸ ਤਰ੍ਹਾਂ ਦੀ ਆ ਗਈ ਹੈ ਮੁਸ਼ਕਿਲ ਦੁਨੀਆਂ ਤੇ,
ਔਖੀ ਲੱਭਣੀ ਹੋ ਗਈ ਹੈ ਮੰਜ਼ਿਲ ਦੁਨੀਆਂ ਤੇ
 
ਹਾਹਾਕਾਰ ਮਚੀ ਹੈ ਜੰਨਤਾ ਘਰਾਂ ' ਚ ਸਹਿਮੀ ਹੈ,
ਖ਼ੌਰੇ ਕਿੱਧਰੋਂ ਆ ਗਈ ਚੰਦਰੀ ਆਫ਼ਤ ਦੁਨੀਆਂ ਤੇ
 
ਦੇਸ਼ - ਵਿਦੇਸ਼ਾਂ ਤਾਈਂ ਇਸਨੇ ਪਾਈ ਉਦਾਸੀ ਇਓਂ ,
ਜਿਓਂ ਕੀਤੀ ਕਾਇਮ ਮੌਤ ਨੇ ਹੋਵੇ ਰਿਆਸਤ ਦੁਨੀਆਂ ਤੇ
 
ਰੱਬਾ ਕੋਈ ਭੇਜ ਫ਼ਰਿਸ਼ਤਾ ਇਸਨੂੰ ਮਾਰਨ ਲਈ ,
ਥੋੜ੍ਹੀ ਜਿਹੀ ਤਾਂ ਕਰਦੇ ਮੌਲਾ ਰਹਿਮਤ ਦੁਨੀਆਂ ਤੇ
 
ਮੰਨਿਆ ਗਲ਼ਤੀ ਕਿਸੇ ਦੀ ਭਾਰੀ ਕਿਸੇ ਤੇ ਪੈ ਗਈ ਏ ,
ਤੇਰੀ ਫ਼ਿਰ ਕੀ ਜ਼ਿੰਮੇਦਾਰੀ ਕਾਬਿਜ਼ ਦੁਨੀਆਂ ਤੇ
 
ਯਸ਼ੂ ਜਾਨ ਨੂੰ ਕਿੱਸਾ ਇਹ ਮਰਕੇ ਭੁੱਲਣਾ ਨਹੀਂ ,
ਬਣਕੇ ਆਈ ਕਿਆਮਤ ਘੜੀ ਜੋ ਸਾਜਿਸ਼ ਦੁਨੀਆਂ ਤੇ 
25/03/2020


ਕਲਮ ਦੇ ਤਿੱਖੇ ਤੀਰ
ਯਸ਼ੂ ਜਾਨ, ਜਲੰਧਰ
  
ਮੇਰੀ ਕਲਮ ਦੇ ਤਿੱਖੇ ਤੀਰ ,
ਅੰਤ ਤਕ ਛੱਲੀ ਕਰ ਦਿੰਦੇ ਨੇ
 
ਦੇਖਦੇ ਨਹੀਂ ਇਹ ਨੇਤਾ ਮੰਤਰੀ ,
ਖੱਲੀ -  ਬੱਲੀ ਕਰ ਦਿੰਦੇ ਨੇ
 
ਸ਼ਾਹਾਂ ਨੂੰ ਕਰ ਜੁੱਤੀਓਂ ਥੱਲੇ,
ਹੱਥ ' ਚ ਪੱਲੀ ਕਰ ਦਿੰਦੇ ਨੇ
 
ਵਕ਼ਤ ਪੈਣ ਤੇ ਮਾਰ ਵੀ ਦਿੰਦੇ,
ਨਜ਼ਰ ਸਵੱਲੀ ਕਰ ਦਿੰਦੇ ਨੇ
 
ਚੀਰ ਦਿੰਦੇ ਨੇ ਮੌਤ ਦਾ ਸੀਨਾ,
ਇਕੱਲ੍ਹ - ਮੁਕੱਲ੍ਹੀ ਕਰ ਦਿੰਦੇ ਨੇ
 
ਜਦ ਕਿਸੇ ਦੇ ਕੰਨੀ ਵੱਜਣ,
ਗੋਲ਼ੀ ਚੱਲੀ ਕਰ ਦਿੰਦੇ ਨੇ
 
 ਬਿਨਾਂ ਸ਼ਰਾਬ ਤੋਂ ਮਦਹੋਸ਼ ਕਰੇਂਦੇ,
ਪੂਰਾ ਟੱਲੀ ਕਰ ਦਿੰਦੇ ਨੇ
 
'ਯਸ਼ੂ ਜਾਨ ' ਕੀ ਦੱਸਾਂ ਕਰਦੇ ,
ਉੱਪਰੋਂ ਥੱਲੀ ਕਰ ਦਿੰਦੇ ਨੇ
 10/03/2020


ਹਰਕਤ

ਯਸ਼ੂ ਜਾਨ ਜਲੰਧਰ
 
ਹਰਕਤ ਕੋਈ ਐਸੀ ਕਰ ,
ਜਿਸ ਨਾਲ ਬ੍ਰਹਿਮੰਡ ਕੰਬੇ |
 
ਰਾਤਾਂ ਲੱਭਣ ਚੰਨ ਤੇ ਤਾਰੇ ,
ਸੂਰਜ ਭੱਜ - ਭੱਜ ਹੰਭੇ |
 
ਰਸਤੇ ਘਟਕੇ ਗੁੰਮ ਹੋ ਜਾਵਣ ,
ਹੋ ਜਾਣ ਚੁਰੱਸਤੇ ਲੰਬੇ |
 
ਕੁਦਰਤ ਨੂੰ ਵੀ ਰਾਹ ਨਾ ਲੱਭੇ ,
ਪੈ ਜਾਣ ਜਵਾਲੇ ਠੰਡੇ |
 
ਜੰਗ 'ਚ ਚੱਲਣ ਆਪ ਬੰਦੂਕਾਂ ,
ਤੇ ਮਾਰੀ ਜਾਵਣ ਬੰਦੇ |
 
ਵੈਰੀ ਵੈਰ ਤੋਂ ਤੌਬਾ ਕਰਕੇ |
ਹੱਥ ਜੋੜ ਮੁਆਫ਼ੀ ਮੰਗੇ |
 
ਉਹਨਾਂ ਨੂੰ ਪੰਜਾਬ ' ਚ ਰੋਕੇ ,
ਜੋ ਜਾਣ ਹਿਮਾਚਲ , ਚੰਬੇ |
 
'ਯਸ਼ੂ ਜਾਨ ਕੀ ਗੱਲ ਪਿਆ ਕਰਦੈਂ ,
ਪਸ਼ੂ ਵੀ ਤੈਥੋਂ ਚੰਗੇ |
 
ਇੱਕ -ਇੱਕ ਅੱਖਰ ਕਲਮ ਤੇਰੀ ਦਾ ,
ਮੌਤ ਨੂੰ ਸੂਲ਼ੀ ਟੰਗੇ |
29/02/2020


ਸਿਆਸਤ ਦੇ ਐਲਾਨ

ਯਸ਼ੂ ਜਾਨ ਜਲੰਧਰ

ਸਿਆਸਤ ਦੇ ਐਲਾਨ ਜਾਰੀ ਨੇ ,
ਬਲ਼ਦੇ ਹੋਏ ਸ਼ਮਸ਼ਾਨ ਜਾਰੀ ਨੇ
ਸੱਚਿਆਂ ਮਾਸੂਮਾਂ ਦੇ ਖਿਲਾਫ਼ ,
ਲੋਕਾਂ ਦੇ ਬਿਆਨ ਜਾਰੀ ਨੇ
ਨਸ਼ਿਆਂ ਦੀ ਵੱਧਦੀ ਤਾਦਾਤ,
ਮਰਦੇ ਨੌਜਵਾਨ ਜਾਰੀ ਨੇ
ਕੁੱਲੀਆਂ ਗਰੀਬਾਂ ਦੀਆਂ ਢਹਿਣ ,
ਸ਼ਾਹਾਂ ਦੇ ਮਕਾਨ ਜਾਰੀ ਨੇ
ਇੱਕ ਪਾਸੇ ਲੁੱਟੀ ਜਾਂਦੇ ਨੇ ,
ਦੂਜੇ ਪਾਸੇ ਦਾਨ ਜਾਰੀ ਨੇ
ਬਚੇ ਹੋਏ ਉਹਦੀ ਕਿਰਪਾ ਨਾਲ਼ ,
ਕੰਮ ਯਸ਼ੂ ਜਾਨ ਜਾਰੀ ਨੇ
22/06/2019


ਨਗਾਂ ਰਾਸ਼ੀਆਂ ਦਾ ਸੱਚ

ਯਸ਼ੂ ਜਾਨ ਜਲੰਧਰ
 
ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ,
ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਮੰਗਲੀਕ ਕਹਿ ਕੇ ਡਰਾਇਆ ਜਾ ਰਿਹਾ ਹੈ ਆਪ ਸਭ ਨੂੰ,
ਲੋਕਾਂ ਨੇ ਤਾਂ ਮੰਨਣਾ ਹੀ ਛੱਡ ਦਿੱਤਾ ਹੈ ਹੁਣ ਰੱਬ ਨੂੰ,
ਤੁਹਾਡੀ ਹਰ ਗੇਂਦ ਤੇ ਲੱਗ ਹੁਣ ਕਦੇ ਛੱਕਾ ਕਦੇ ਚੌਕ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਕਾਲਸਰਪਯੋਗ ਹੈ ਸੱਪ ਕੱਟ ਸਕਦਾ ਹੈ ਕਦੇ ਵੀ ਤੁਹਾਨੂੰ,
ਇਸ ਨਾਲ ਬੰਦਾ ਵੀ ਅਮੀਰ ਹੋ ਸਕਦਾ ਆਖਿਆ ਕਈਆਂ ਨੂੰ,
ਮੈਂਨੂੰ ਖੁਦ ਨੂੰ ਆ ਰਹੀ ਸ਼ਰਮ ਇਹ ਤਾਂ ਬਹੁਤਾ ਹੀ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਦਸ਼ਾ ਜਿਹੜੇ ਮਰਜ਼ੀ ਗ੍ਰਹਿ ਦੀ ਚੱਲੇ ਆਪਣੀ ਦਸ਼ਾ ਸਹੀ ਰੱਖੋ,
ਜੇ ਅਨਪੜ੍ਹ ਹੋ ਯਸ਼ੂ ਜਾਨ ਜ਼ਿਆਦਾ ਤਾਂ ਮੋਢੇ ਉੱਤੇ ਕਹੀ ਰੱਖੋ,
ਸੁਣ ਬੇਪਰਵਾਹ ਬੰਦਿਆ ਮਨ ਤੇਰਾ ਕਿਉਂ ਅੱਜ ਖੋਤਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ |
16/06/2019


ਠੱਗੀ

ਯਸ਼ੂ ਜਾਨ ਜਲੰਧਰ
 
ਆਪਣੇ ਮਕਾਨ ਪਾਕੇ ਮਹਿਲ ਵਾਂਗਰਾਂ,
ਦੂਜਿਆਂ ਦੇ ਦੇਖ ਕਹੇਂ ਠੱਗੀ ਮਾਰੀ ਆ

ਭਾਵੇਂ ਹੋਵੇ ਅਗਲੇ ਨੇ ਗਹਿਣਾ ਵੇਚਿਆ,
ਦੋ ਨੰਬਰ ਦੀ ਇਹ ਕਮਾਈ ਸਾਰੀ ਆ

ਮਿਹਨਤ ਦੇ ਨਾਲ ਹੋਵੇ ਬਣਿਆ ਅਮੀਰ,
ਆਖਦਾ ਏਂ ਤਗੜਿਆਂ ਨਾਲ ਯਾਰੀ ਆ

ਜੇ ਕਿੱਧਰੇ ਉਹ ਲੈ ਲਏ ਕਾਰ ਮਿੱਤਰਾ,
ਫ਼ਿਰ ਉਹਦੀ ਚੰਗੀ ਰਿਸ਼ਤੇਦਾਰੀ ਆ

ਉਹ ਗੁਰੂ ਘਰੇ ਦਾਨ ਕਰੇ ਤੇਰੇ ਸਾਹਮਣੇ,
ਕਰਦਾ ਦਿਖਾਵੇ ਪੈਸੇ ਦੀ ਉਡਾਰੀ ਆ
12/06/2019


ਉਹ ਸਮਾਂ ਹੁਣ ਕਿੱਥੋਂ ਆਉਣਾ

ਯਸ਼ੂ ਜਾਨ , ਜਲੰਧਰ
 
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ
 
ਕੁੜੀਆਂ - ਮੁੰਡੇ ਸ਼ਰਮ ਸੀ ਕਰਦੇ,
ਅਸੂਲ ਹੁੰਦੇ ਸੀ ਹਰ ਇੱਕ ਘਰ ਦੇ,
ਜਿੰਨਾ ਮਰਜ਼ੀ ਜੋਸ਼ ਹੁੰਦਾ ਸੀ,
ਲੋਕੀ ਲੜਨੇ ਤੋਂ ਸੀ ਡਰਦੇ,
ਅੱਜ ਦੇ ਦੌਰ ' ਚ ਗੋਲੀਆਂ ਚੱਲਣ,
ਬਿਨ੍ਹਾਂ ਗੱਲ ਤੋਂ ਬੰਦਾ ਖਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ
 
ਯਾਰ ਸੀ ਬੂਹਾ ਨਾ ਖੜਕਾਉਂਦੇ,
ਡਰਦੇ ਨਾ ਸੀ ਅੰਦਰ ਆਉਂਦੇ,
ਇੱਕ - ਦੂਜੇ ਦੀ ਭੈਣ ਦੇਖ ਕੇ,
ਅੱਖਾਂ ਤੋਂ ਸੀ ਨੀਵੀਂ ਪਾਉਂਦੇ,
ਨਾਮ ਨਹੀਂ ਸੀ ਲੈਂਦਾ ਕੋਈ,
ਭੈਣਾਂ ਨੂੰ ਸੀ ਭੈਣ ਹੀ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ
 
ਮੋਬਾਈਲਾਂ ਵਾਲੀ ਬੀਮਾਰੀ ਨਹੀਂ ਸੀ,
ਅੱਖਾਂ ਵਿੱਚ ਹੁਸ਼ਿਆਰੀ ਨਹੀਂ ਸੀ,
ਮਾਪੇ ਰਿਸ਼ਤਾ ਕਰ ਦਿੰਦੇ ਸੀ,
ਔਲਾਦਾਂ ਵਿੱਚ ਗੱਦਾਰੀ ਨਹੀਂ ਸੀ,
ਮੈਂ ਨਹੀਂ ਉੱਥੇ ਵਿਆਹ ਕਰਾਉਣਾ,
ਏਦਾਂ ਨਹੀਂ ਸੀ ਕੋਈ ਕਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ
 
ਬੜੇ ਪਿਆਰ ਨਾਲ ਗੱਲ ਹੁੰਦੀ ਸੀ,
ਉਦੋਂ ਪਚਦੀ ਭੱਲ ਹੁੰਦੀ ਸੀ,
ਮਿੱਠਾ ਬੋਲਕੇ ਦਿਲ ਸੀ ਜਿੱਤਦੇ,
ਹਰ ਇੱਕ ਮੁਸ਼ਕਿਲ ਹੱਲ ਹੁੰਦੀ ਸੀ,
ਯਸ਼ੂ ਜਾਨ ਸਭ ਨਿਮਰ ਹੁੰਦੇ ਸੀ,
ਕੋਈ ਨਾ ਸੀ ਟੁੱਟਕੇ ਪੈਂਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ
 
ਨਾ ਓਪੋ, ਵੀਵੋ ਦਾ ਸੀ ਸਿਆਪਾ,
ਨਾ ਫ਼ੋਨਾਂ ਕੋਲੋਂ ਤੰਗ ਸੀ ਮਾਪਾ,
ਪਾਰਕ ਬਣ ਗਏ ਪਿਆਰ ਦੇ ਅੱਡੇ,
ਪੁਲਸ ਮਾਰਦੀ ਰੋਜ਼ ਹੀ ਛਾਪਾ,
ਮਾਂ - ਪਿਓ ਦੀ ਆਖੀ ਗੱਲ ਨੂੰ,
ਹਰ ਧੀ - ਪੁੱਤ ਸੀ ਹੱਸਕੇ ਸਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ,
ਟੱਬਰ ਸੀ ਜਦ ਮਿਲਕੇ ਬਹਿੰਦਾ,
ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
ਉਸੇ ਚੁੱਲ੍ਹੇ ਫੁਲਕਾ ਲਹਿੰਦਾ,
ਉਹ ਸਮਾਂ ਹੁਣ ਕਿੱਥੋਂ ਆਉਣਾ
04/06/2019


ਤੱਤ

ਯਸ਼ੂ ਜਾਨ , ਜਲੰਧਰ
 
ਮੈਂ ਬੜੇ ਹੀ ਤੱਤ ਨਿਚੋੜੇ,
ਦਿਮਾਗ ਦੇ ਕਾਗਜ਼ੀ ਘੋੜੇ, 
ਦੌੜਾਏ ਪਰ ਨਾ ਦੌੜੇ, 
ਸੱਚ ਹੈ ਜਾਂ ਝੂਠ ਕਿਸੇ ਨੇ, 
ਕਿੱਕਰ ਤੋਂ ਅੰਬ ਤੋੜੇ

ਗੰਗਾ ਵਹਿ ਰਹੀ ਸੀ ਉਲਟੀ, 
ਮਛਲੀਆਂ ਰੁੱਖ ਤੇ ਚੜ੍ਹੀਆਂ, 
ਹੱਥੀਂ ਕਲਮ, ਦਵਾਤ ਲਿਖਣ ਲਈ, 
ਉੱਲੂਆਂ ਨੇ ਫੱਟੀਆਂ ਫੜ੍ਹੀਆਂ, 
ਡੋਬਕੇ ਕਲਮ ਸਿਆਹੀ ਦੇ ਵਿੱਚ, 
ਸੀ ਲਾਉਂਦੇ ਕੰਨੇ-ਅਹੋੜੇ, 
ਮੈਂ ਬੜੇ ਹੀ ਤੱਤ ਨਿਚੋੜੇ, 

ਮਧੂ-ਮੱਖੀਆਂ ਖ਼ੂਨ ਪੀਂਦੀਆਂ, 
ਮੱਛਰ ਸੀ ਸ਼ਹਿਦ ਬਣਾਉਂਦੇ, 
ਕੋਯਲ ਬਾਗੀਂ ਰੌਲਾ ਪਾਵੇ, 
ਕਾਂ ਸੀ ਗੀਤ ਸੁਣਾਉਂਦੇ, 
ਜੰਗਲ ਦਾ ਰਾਜਾ ਬੱਕਰੀ ਅੱਗੇ, 
ਬੈਠਾ ਸੀ ਹੱਥ ਜੋੜੇ

ਰਾਹ ਚੋਰ ਨੇ ਸਿੱਧੇ ਪਾਇਆ, 
ਇੱਥੋਂ ਜਾਂਦਾ ਸਿੱਧਾ ਰਸਤਾ, 
ਗੂੰਗੇ ਆਖਿਆ 'ਯਸ਼ੂ ਜਾਨ' ਨੂੰ, 
ਕਵਿਤਾ ਫੁੱਲਾਂ ਦਾ ਗੁਲਦਸਤਾ, 
ਪਿੱਛੇ ਦੇਖਿਆ ਚਿੜੀਆਂ, ਉੱਲੂ, 
ਉਹੀਓ ਹਾਥੀ, ਘੋੜੇ, 

ਮੈਂ ਬੜੇ ਹੀ ਤੱਤ ਨਿਚੋੜੇ, 
ਦਿਮਾਗ ਦੇ ਕਾਗਜ਼ੀ ਘੋੜੇ, 
ਦੌੜਾਏ ਪਰ ਨਾ ਦੌੜੇ, 
ਸੱਚ ਹੈ ਜਾਂ ਝੂਠ ਕਿਸੇ ਨੇ, 
ਕਿੱਕਰ ਤੋਂ ਅੰਬ ਤੋੜੇ 
30/05/2019

ਬਹੁਤ ਫ਼ਰਕ ਹੈ

ਯਸ਼ੂ ਜਾਨ , ਜਲੰਧਰ

ਇੱਕ ਪੱਖੇ ਦੀ ਪੌਣ ਅਤੇ ਕੁਦਰਤੀ ਪੌਣ ਵਿੱਚ ਬਹੁਤ ਫ਼ਰਕ ਹੈ ,
ਆਪਣੇ ਸੌਣ ਅਤੇ ਇੱਕ ਮਾਂ ਦੇ ਸੁਲਾਉਣ ਵਿੱਚ ਬਹੁਤ ਫ਼ਰਕ ਹੈ
 
ਫ਼ਰਕ ਹੈ ਪੁਰਾਣੀਆਂ ਅਤੇ ਨਵੀਂਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ,
ਇੱਕ ਅੱਜ ਦੇ ਸੋਫਿਆਂ ਅਤੇ ਮੰਜੇ ਦੀ ਦੌਣ ਵਿੱਚ ਬਹੁਤ ਫ਼ਰਕ ਹੈ
 
ਫ਼ਰਕ ਹੈ ਸਾਡੀਆਂ ਅਤੇ ਪੁਰਾਣੇ ਬਜ਼ੁਰਗਾਂ ਦੀਆਂ ਸੋਚਾਂ ਵਿੱਚ ,
ਤੁਹਾਡੇ ਅਤੇ ਤੁਹਾਡੇ ਬਾਪੂ ਦੇ ਸਮਝਾਉਣ ਵਿੱਚ ਬਹੁਤ ਫ਼ਰਕ ਹੈ
 
ਫ਼ਰਕ ਹੈ ਅੱਜ ਦੀ ਅਤੇ ਪੁਰਾਣੀ ਲੇਖਣੀ ਅਤੇ ਗਾਇਕੀ ਵਿੱਚ ,
ਅੱਜ ਦੇ ਨੌਜਵਾਨ ਅਤੇ ਯਮਲੇ ਦੇ ਗਾਉਣ ਵਿੱਚ ਬਹੁਤ ਫ਼ਰਕ ਹੈ
 
ਫ਼ਰਕ ਹੈ ਯਸ਼ੂ ਜਾਨ ਇੱਥੇ ਰਹਿੰਦੇ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ ,
ਸਾਡੀ ਤੜਪ ਉੱਧਰ ਜਾਣ ਉਹਨਾਂ ਦੀ ਆਉਣ ਵਿੱਚ ਬਹੁਤ ਫ਼ਰਕ ਹੈ
29/05/2019


ਕਿਉਂ ਲੋਕੀ ਆਪਣੀ ਜਾਣ ਸੁਰੱਖਿਆ ਭੁੱਲ ਯਾਰਾ 

ਯਸ਼ੂ ਜਾਨ,  ਜਲੰਧਰ 

ਕਿਉਂ ਲੋਕੀ ਆਪਣੀ ਜਾਣ ਸੁਰੱਖਿਆ ਭੁੱਲ ਯਾਰਾ,
ਤੇਰੇ ਹੈਲਮੇਟ ਪਾਉਣ ਤੇ ਕਿਹੜਾ ਲੱਗਦਾ ਮੁੱਲ ਯਾਰਾ

ਤੂੰ ਕਾਗਜ਼ ਪੱਤਰ ਵਾਹਨ ਵਿੱਚ ਜੇ ਰੱਖ ਲਵੇਂਗਾ,
ਫਿਰ ਕਿਹੜੀ ਦੱਸ ਹਨੇਰੀ ਜਾਊਗੀ ਝੁੱਲ ਯਾਰਾ 

ਬਿਨ ਹੈਲਮੇਟ ਤੋਂ ਤੇਰਾ ਸਿਰਫ ਚਲਾਣ ਨਹੀਂ ਹੋਣਾ,
ਦੁਰਘਟਨਾ ਵਿੱਚ ਤੇਰਾ ਖੋਪਰ ਸਕਦੈ ਖੁੱਲ੍ਹ ਯਾਰਾ

ਤੇ ਇੱਕ ਤੇਰੀ ਗ਼ਲਤੀ ਕਰਕੇ ਸਾਰਾ ਟੱਬਰ ਰੋਊ,
ਜਾਂ ਹਸਪਤਾਲਾਂ ਵਿੱਚ ਹੀ ਜਾਏਂਗਾ ਰੁਲ ਯਾਰਾ

ਹੁਣ ਯਸ਼ੂ ਜਾਨ ਕੋਈ ਤੂੰ ਵੀ ਕਰਲੈ ਚੱਜਦਾ ਕੰਮ,
ਤੂੰ ਵੀ ਕਰੀਂ ਸੰਭਲ ਕੇ ਪਾਰ ਸੜਕ ਤੇ ਪੁਲ ਯਾਰਾ 
28/05/2019

ਸਤਿ ਸ਼੍ਰੀ ਅਕਾਲ

ਯਸ਼ੂ ਜਾਨ,  ਜਲੰਧਰ

ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ,
ਮੇਰੀ ਹਰ ਦਿਨ ਦੀ ਸ਼ੁਰੂਆਤ ਇਸ ਨਾਲ਼ ਹੈ

ਉੱਠ ਕਰਾਂ ਨਿੱਤਨੇਮ ਕਰ ਇਸ਼ਨਾਨ ਮੈਂ,
ਮੈਨੂੰ ਹੁਣ ਹੋਰ ਕਿਸੀ ਚੀਜ਼ ਦੀ ਨਾ ਭਾਲ਼ ਹੈ

ਸਦਾ ਮੇਰਾ ਸਤਿਗੁਰੂ ਨਜ਼ਰ ਸਵੱਲੀ ਰੱਖੇ,
ਉਸ ਕਰਕੇ ਹੀ ਸਰਬੱਤ ਹਰਪਾਲ ਹੈ

ਪਰ੍ਹੇ ਹੈ ਉਹ ਸਭ ਨਾਲੋਂ ਕੋਈ ਨਾ ਆਕਾਰ,
ਸਮੇਂ ਨਾਲੋਂ ਵੱਧ ਤੇਜ਼ ਚਲਦਾ ਉਹ ਚਾਲ ਹੈ

ਯਸ਼ੂ ਜਾਨ ਮਾਣ ਕਰੇ ਆਪਣੀ ਲਿਖਤ ਤੇ,
ਮਾਣ ਤੇ ਕਰਾਉਣ ਵਾਲ਼ਾ ਪੁਰਖ-ਅਕਾਲ ਹੈ
 27/05/2019
 
 
ਬਾਬੇ ਨਾਨਕ ਨੇ
ਯਸ਼ੂ ਜਾਨ,  ਜਲੰਧਰ

ਸੁੱਤੇ ਲੋਕ ਜਗਾਏ ਬਾਬੇ ਨਾਨਕ ਨੇ,
ਕਰਨੇ ਤਰਕ ਸਿਖਾਏ ਬਾਬੇ ਨਾਨਕ ਨੇ

ਹੱਥੀਂ ਕਿਰਤ ਕਰੋ ਤੇ ਖਾਓ ਖੁਸ਼ੀ-ਖੁਸ਼ੀ,
ਮਿਹਨਤ ਕਰਨੇ ਲਾਏ ਬਾਬੇ ਨਾਨਕ ਨੇ

ਸੱਚਾ ਨਾਮ ਹੈ ਉਸਦਾ ਰੱਬ ਇੱਕੋ ਹੀ ਹੈ,
ਬਾਣੀ ਪੜ੍ਹਨ ਲਗਾਏ ਬਾਬੇ ਨਾਨਕ ਨੇ

ਚਮਤਕਾਰਾਂ ਤੋਂ ਉੱਪਰ ਉਠਕੇ ਗੱਲ ਕਰੋ,
ਐਸੇ ਤੱਥ ਸਮਝਾਏ ਬਾਬੇ ਨਾਨਕ ਨੇ

ਯਸ਼ੂ ਜਾਨ ਦਾ ਸੋਚ ਹਨੇਰਾ ਦੂਰ ਹੋਇਆ,
ਜਦ ਵਿਹੜੇ ਰੁਸ਼ਨਾਏ ਬਾਬੇ ਨਾਨਕ ਨੇ
27/05/2019

ਇਸ਼ਕ ਅੱਜ ਦਾ
ਯਸ਼ੂ ਜਾਨ,  ਜਲੰਧਰ  

ਇਸ਼ਕ ਅੱਜ ਦਾ ਹੈ ਲੋਕਾਂ ਨੂੰ ਭਰਮਾਉਣ ਦੇ ਲਈ,
ਸਮਾਂ ਲੰਘਾਉਣ ਦੇ ਲਈ ਤੇ ਮਰਵਾਉਣ ਦੇ ਲਈ

ਆਸ਼ਿਕ ਜਿਸਮ ਦੇ ਭੁੱਖੇ ਨੇ ਸ਼ਕਲਾਂ ਦੇਖ ਕੇ ਮਰਦੇ,
ਤੇ ਕਰਦੇ ਕਤਲ ਵੀ ਨੇ ਸੂਰਤਾਂ ਨੂੰ ਪਾਉਣ ਦੇ ਲਈ

ਮੁਹੱਬਤ ਇੱਕ ਜਗ੍ਹਾ ਟਿਕਦੀ ਨਹੀਂ ਹੈ ਭੌਰਿਆਂ ਵਾਂਗੂੰ,
ਲੱਭਣ ਫੁੱਲ ਇਹ ਰੋਜ਼ ਅਨੋਖਾ ਜਾ ਮੰਡਰਾਉਣ ਦੇ ਲਈ,

ਇਸ਼ਕ ਇਹ ਅੱਜ ਦਾ ਸੁੱਤਾ ਲੱਗਦਾ ਮੈਨੂੰ ਗੂੜ੍ਹੀ ਨੀਂਦਰੇ,
ਰਾਂਝੇ ਕੋਲ ਸਮਾਂ ਨਹੀਂ ਰੁੱਸੀ ਹੀਰ ਮਨਾਉਣ ਦੇ ਲਈ

ਜਾਨ ਯਸ਼ੂ ਦੀ ਵੀ ਨਾ ਨਿੱਕਲੇ ਇਸ਼ਕ ਦੀ ਹਾਲਤ ਦੇਖ ਕੇ,
ਸ਼ਾਇਦ ਜ਼ਿੰਦਾ ਹਾਂ ਇਹ ਸੁੱਤਾ ਇਸ਼ਕ ਜਗਾਉਣ ਦੇ ਲਈ 
27/05/2019

ਸਮਾਂ ਕਦੇ ਵੀ ਬਦਲ ਸਕਦਾ ਹੈ
ਯਸ਼ੂ ਜਾਨ,  ਜਲੰਧਰ  

ਸਮਾਂ ਕਦੇ ਵੀ ਬਦਲ ਸਕਦਾ ਹੈ ਤੇਰੀ ਤਕਦੀਰ ਵਾਲਾ,
ਪਹੀਆ ਘੁੰਮਦਾ ਰਹੇ ਤੇਰੀ ਮਿਹਨਤ ਤੇ ਸ਼ਰੀਰ ਵਾਲਾ

ਕਦੇ ਵੀ ਡੋਲੀਂ ਨਾ ਰਸਤੇ ਵਿੱਚ ਕੰਢੇ ਦੇਖਕੇ ਖਿੱਲਰੇ,
ਤੇ ਤਰਕਸ਼ ਭਰਕੇ ਰੱਖੀਂ ਸਬਰ ਦੇ ਤਿੱਖੇ ਤੀਰ ਵਾਲਾ

ਤੇ ਚਾਹੇ ਜੋ ਵੀ ਹੋ ਜਾਵੇ ਤੈਨੂੰ ਕੋਈ ਰੋਕ ਨਹੀਂ ਸਕਦਾ,
ਸਾਂਭਕੇ ਰੱਖਿਆ ਹੋਊ ਜੇ ਬ੍ਰਹਮ ਅਸਤਰ ਅਖੀਰ ਵਾਲਾ

ਹੀਰਾ ਚਮਕ ਉੱਠਦਾ ਹੈ ਕੋਲਿਆਂ ਦੀਆਂ ਖਾਨਾਂ ਵਿੱਚੋਂ, 
ਤੂੰ ਯੋਧਾ ਬਣਕੇ ਗੱਜੀਂ ਵਿੱਚ ਮੈਦਾਨ ਸ਼ਮਸ਼ੀਰ ਵਾਲਾ

ਸਫਲ ਹੋਣ ਤੇ ਵੀ ਆਕੜ ਨਾ ਰੱਖੀਂ ਯਸ਼ੂ ਜਾਨ ਤੱਕ ਲੈ,
ਕਿਧਰੇ ਹਾਲ ਨਾ ਲਵੀਂ ਬਣਾ ਲੁੱਟੇ ਹੋਏ ਵਜੀਰ ਵਾਲਾ 
27/05/2019
 
 
ਗੂੜ੍ਹੀ ਨੀਂਦ
ਯਸ਼ੂ ਜਾਨ,  ਜਲੰਧਰ  

ਮੈਨੂੰ ਮਾਰਨੇ ਤੋਂ ਪਹਿਲਾਂ ਰੱਬਾ ਗੂੜ੍ਹੀ ਨੀਂਦ ਦੇਵੀਂ,
ਭੁੱਖਾ ਮਰਨ ਨਾ ਦੇਵੀਂ ਤੂੰ ਕੁਝ ਖਾਣ-ਪੀਣ ਦੇਵੀਂ

ਮਰਨੋ ਬਾਅਦ ਕੀ ਹੋਊ ਆਪਾਂ ਬਾਅਦ 'ਚ ਦੇਖਾਂਗੇ,
ਜਿਊਂਦੇ ਹੋਇਆਂ ਮੈਨੂੰ ਤੂੰ ਪਰ ਸੌਖਾ ਜੀਣ ਦੇਵੀਂ

ਤੇ ਸੁੱਖ,ਸ਼ਾਂਤੀ,ਦੌਲਤ ਵੀ ਮੇਰੇ ਕੋਲ ਇੰਨੀ ਹੋਵੇ,
ਮੇਰੀ ਮਿੱਠੀ ਜ਼ਿੰਦਗੀ ਨੂੰ ਨਾ ਹੋਣ ਨਮਕੀਨ ਦੇਵੀਂ

ਸੁਣਿਆ ਮੈਂ ਸਵਰਗ ਨਰਕ ਮਰਨੋ ਬਾਅਦ ਮਿਲਣ,
ਦੋਹਾਂ ਦੀ ਚੱਕੀ ਦਾ ਆਟਾ ਇੱਥੇ ਹੀ ਪੀਹਣ ਦੇਵੀਂ

ਕੋਠੀਆਂ,ਕਾਰਾਂ,ਮਹਿਲ ਸਵਰਗ ਤੂੰ ਇੱਥੇ ਦੇਵੀਂ ਦਿਖਾ,
ਮਰਨੋ ਬਾਅਦ ਚਾਹੇ ਯਸ਼ੂ ਜਾਨ ਨੂੰ ਦੋ ਗ਼ਜ਼ ਜ਼ਮੀਨ ਦੇਵੀਂ 
27/05/2019


 
 
ਬੇਕਦਰਾ 
ਯਸ਼ੂ ਜਾਨ,  ਜਲੰਧਰ

ਤੂੰ ਸਾਡੇ ਨਾਲ ਚੰਗੀ ਕੀਤੀ ਬੇਕਦਰਾ,
ਗਿਰਿਆ ਦੱਸਣ ਸਾਨੂੰ ਸਾਡੀਆਂ ਹੀ ਨਜ਼ਰਾਂ

ਬੋਲੇ ਝੂਠ ਤੇ ਧੋਖੇ ਦਿੱਤੇ ਸਾਨੂੰ ਤੂੰ,
ਤੂੰ ਕੀ ਕੀਤਾ ਸਾਡੀ ਪਿੱਠ ਪਿਛੇ ਨੇ ਖ਼ਬਰਾਂ

ਮਰਨੋਂ ਬਾਅਦ ਵੀ ਸਾਥ ਨਿਭਾਊਂ ਕਹਿੰਦਾ ਸੀ,
ਸਾਡੀਆਂ ਮਿੱਥ ਗਿਆਂ ਤੂੰ ਜਿਊਂਦੇ ਜੀ ਕਬਰਾਂ

ਲੋਕੀ ਸਾਨੂੰ ਪਿਆਰ ਦਾ ਤਾਹਨਾ ਦਿੰਦੇ ਨੇ,
ਤੇ ਹੁਣ ਦਿੱਤਾ ਬੰਨ੍ਹ ਹੈ ਤੋੜ ਮੇਰੇ ਵੀ ਸਬਰਾਂ 

ਸੁਣ ਯਸ਼ੂ ਜਾਨ ਤੂੰ ਧੋਖਾ ਖ਼ੂਬ ਕਮਾਇਆ ਹੈ,
ਤੇ ਤੇਰੇ ਧੋਖਿਆਂ ਖ਼ੂਬ ਮਚਾਈਆਂ ਨੇ ਗ਼ਦਰਾਂ 
27/05/2019


ਯੁੱਧ ਇਹ ਸਦੀਆਂ ਤੋਂ
ਯਸ਼ੂ ਜਾਨ,  ਜਲੰਧਰ  

ਯੁੱਧ ਇਹ ਸਦੀਆਂ ਤੋਂ ਚੱਲ ਰਿਹਾ ਹੈ,
ਮੌਤ ਦਾ ਦੀਵਾ ਘਰ-ਘਰ ਬਲ ਰਿਹਾ ਹੈ

ਦੁਸ਼ਮਣਾਂ ਨੇ ਤਾਂ ਕਹਿਰ ਹੈ ਅੱਤ ਦਾ ਕੀਤਾ,
ਭਾਈ ਭਾਈ ਵੀ ਉਤਾਰ ਇੱਕ ਦੂਜੇ ਦੀ ਖੱਲ ਰਿਹਾ ਹੈ 

ਮਰਿਆ ਕਿਸੇ ਦਾ ਪੁੱਤ, ਭਰਾ ਤੇ ਪਤੀ ਕਿਸੇ ਦਾ,
ਬੂਟਾ ਮੌਤ ਦਾ ਦੇਖੋ ਕਿਸ ਕਦਰ ਫੁੱਲ- ਫਲ ਰਿਹਾ ਹੈ

ਦੁਸ਼ਮਣੀ ਦੋ ਧਿਰਾਂ ਦੀ ਯਸ਼ੂ ਕਈ ਪੀੜ੍ਹੀਆਂ ਖਾ ਗਈ,
ਦੇਖ ਕੇ ਖੂਨ-ਖਰਾਬਾ ਬੱਚਾ ਕੋਈ ਅੱਖਾਂ ਮਲ ਰਿਹਾ ਹੈ

ਚੜ੍ਹਕੇ ਕੋਠਿਆਂ ਤੇ ਆਪਣੇ ਹੀ ਤਮਾਸ਼ਾ ਦੇਖ ਰਹੇ,
ਸੁਲਾਹ ਕਰਾਉਣ ਦਾ ਕੱਢ ਨਾ ਕੋਈ ਹੱਲ ਰਿਹਾ ਹੈ 
27/05/2019


ਵਿਗਿਆਨ ਦੀ ਗੱਲ 
ਯਸ਼ੂ ਜਾਨ,  ਜਲੰਧਰ

ਮੈਨੂੰ ਲੱਗਦੈ ਚੀਨ ਨੇ ਦੁਨੀਆਂ ਤੋਂ ਚੁੱਕ ਬੋਝ ਦੇਣਾ ਹੈ,
ਜਪਾਨ ਨੇ ਮੰਗਲ ਗ੍ਰਹਿ ਤੇ ਵੀ ਜੀਵਨ ਖੋਜ ਦੇਣਾ ਹੈ

ਵਿਗਿਆਨ ਇੰਨਾ ਜ਼ਿਆਦਾ ਅੱਗੇ ਹੈ ਹੁਣ ਵੱਧ ਗਿਆ,
ਕਿ ਇਸਨੇ ਜਾਂ ਤਾਂ ਤਾਰ ਦੇਣਾ ਹੈ ਜਾਂ ਤਾਂ ਡੋਬ ਦੇਣਾ ਹੈ

ਪਹਿਲਾਂ ਫੇਸਬੁੱਕ ,ਵੱਟਸ ਅੱਪ ਸੀ ਹੁਣ ਕਈ ਹੋਰ ਵੀ ਨੇ,
ਸਵੇਰੇ ਉੱਠਦੇ ਸਾਰ ਜਿਹਨਾਂ ਨੇ ਸਿਗਨਲ ਰੋਜ਼ ਦੇਣਾ ਹੈ

ਭਾਰਤ ਵਾਸੀਆਂ ਨੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹਿਣਾ,
ਪਹੁੰਚਕੇ ਚੰਨ ਉੱਤੇ ਉਹਨਾਂ ਵੀ ਸੈਲਫੀ ਦਾ ਪੋਜ਼ ਦੇਣਾ ਹੈ

ਲੱਗਦਾ ਇੰਝ ਹੈ ਯਸ਼ੂ ਜਾਨ ਤਕਨੀਕ ਦਾ ਬੋਲ-ਬਾਲਾ ਹੈ,
ਕਵਿਤਾ ਲਿਖਣ ਲਈ ਵੀ ਇਹਨਾਂ ਨੇ ਕੱਢ ਰੋਬੋਟ ਦੇਣਾ ਹੈ 
27/05/2019

 

ਯਸ਼ੂ ਜਾਨ, 
ਪਤਾ : - ਜਲੰਧਰ, ਪੰਜਾਬ, 
ਮੋਬਾਈਲ ਨੰਬਰ : - 9115921994

ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਕਵੀ ਅਤੇ ਲੇਖਕ ਹਨ। ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ । ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ।


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com