WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

ਪੰਜਾਬੀ ਕਵਿਤਾ

>> 1 2                       hore-arrow1gif.gif (1195 bytes)

ਆਦਮਖ਼ੋਰ ਕਬੀਲਾ
ਸ਼ਿਵਚਰਨ ਜੱਗੀ ਕੁੱਸਾ

ਜਦ ਮੇਰੇ ਪ੍ਰਤੀ ਤੇਰੀ ਮਨੋਰਮ ਨਜ਼ਰ ਅਚਾਨਕ,
ਵੈਰ-ਨਫ਼ਰਤ ' ਬਦਲੀ,
ਮੈਨੂੰ ਸੱਚ ਨਾ ਆਇਆ!
.....
ਬਿਨਾਂ ਕਸੂਰ ਦਿੰਦੀ ਰਹੀ ਤੂੰ,
ਮਾਨਸਿਕ ਤਸੀਹੇ ਮੇਰੀ ਜਿੰਦ ਨੂੰ
ਤੇ ਕਰਦੀ ਰਹੀ,
ਆਪਣਾ ਤਾਣ ਲਾ ਕੇ, ਅੱਤਿਆਚਾਰ!
.....
ਕਰਵਾਉਂਦੀ ਰਹੀ,
ਰੋਜ਼ਾਨਾ ਮੈਨੂੰ ਗ਼ੈਰਾਂ ਤੋਂ ਜ਼ਲੀਲ ਤੇ ਹਲਾਲ!
ਦਿੰਦੀ ਰਹੀ ਮੇਰੇ ਮਨ ਦੀਆਂ ਸਧਰਾਂ ਦੀ ਆਹੂਤੀ,
ਬਿਨਾ ਕਿਸੇ ਵਜ੍ਹਾ ਤੋਂ, ਤੇਰੇ 'ਆਪਣਿਆਂ

' ਦੀ
ਖ਼ਾਨਦਾਨੀ ਰੀਤ ਅਤੇ ਰਵਾਇਤ ਅੱਗੇ!
ਕਰਦੀ ਰਹੀ ਕਿਸੇ ਸ਼ਿਕਾਰ ਵਾਂਗ,
ਝਟਕਾਉਣ ਲਈ, ਉਹਨਾਂ ਅੱਗੇ ਪੇਸ਼!
.....
ਮੈਨੂੰ ਨਹੀਂ ਸੀ ਪਤਾ ਤੇਰੇ 'ਆਦਮਖ਼ੋਰ' ਕਬੀਲੇ
ਅਤੇ ਉਹਨਾਂ ਦੇ ਖੋਟੇ ਦਿਲਾਂ ਬਾਰੇ,
ਕਿ ਛਿਲਾ ਜਗਾ ਕੇ ਮਾਣਸ ਦੇ ਅਰਮਾਨਾਂ ਦੀ
ਬਲੀ ਦੇ ਕੇ ਰੱਤ ਪੀਣੀਂ ਉਹਨਾਂ ਦਾ ਸ਼ੁਗਲ ਹੈ!
.....
ਅਹਿਸਾਸ ਨਹੀਂ ਤੇਰੇ ਕਬੀਲੇ ਨੂੰ,
ਕਿਸੇ ਦੀ ਭਾਵਨਾਂ, ਪੀੜ ਅਤੇ ਸਧਰਾਂ ਦਾ!
ਉਹ ਤਾਂ ਇਨਸਾਨ ਦੀ ਭੇਟ ਦੇ ਕੇ ਕਿਸੇ,
ਮਗਰੂਰੀ ਦੇ ਅਣਡਿੱਠ ਦੇਵਤੇ ਨੂੰ
ਖ਼ੁਸ਼ ਕਰਨ ਦਾ ਤਮਾਸ਼ਾ ਬਣਾ, ਖਿੱਲੀ ਉਡਾਉਂਦੇ ਨੇ!
.....
ਰੋਲ਼ਦੀ ਰਹੀ ਤੂੰ ਮੈਨੂੰ, ਉਹਨਾਂ ਕਲਯੁੱਗੀ ਪੈਰਾਂ ਹੇਠ,
ਜਿੰਨ੍ਹਾਂ ਨੂੰ ਜ਼ਿੰਦਗੀ ਵਿਚ ਮੈਂ ਕਦੇ,
ਸਪੱਰਸ਼ ਵੀ ਕਰਨਾ ਨਹੀਂ ਸੀ ਚਾਹੁੰਦਾ!
ਝਰੀਟ ਕੇ ਜ਼ਖ਼ਮੀ ਕਰਦੀ ਰਹੀ ਮੇਰੇ ਜੀਣ ਦਾ ਆਨੰਦ,
ਆਪ-ਹੁਦਰੀਆਂ ਨਹੁੰਦਰਾਂ ਨਾਲ!
ਦੁਰਕਾਰਦੀ ਰਹੀ ਮੈਨੂੰ,
ਤੂੰ 'ਆਪਣਿਆਂ' ਦੀਆਂ ਜੁਗਤਾਂ ਦੇ ਘਨ੍ਹੇੜੇ ਚੜ੍ਹ ਕੇ!
.....
ਆਪਣੀ ਪ੍ਰੇਮ-ਪ੍ਰੀਤ ' ਜ਼ਬਰੀ ਘੁੱਸਪੈਂਠ ਹੋਈ
ਤੇਰੀ ਸੌੜੀ ਸਿਆਸਤ ਨੇ,
ਮੇਰੇ ਮਨ ਦੀਆਂ ਪਰਤਾਂ 'ਚੋਂ ਤੈਨੂੰ ਸੈਂਕੜੇ ਕੋਹਾਂ
ਦੂਰ ਲਿਜਾ ਸੁੱਟਿਆ
ਅਤੇ ਪਾ ਸੁੱਟੀ ਵਰ੍ਹਿਆਂ ਦੀ ਦਰਾੜ!
ਪਰ ਮੈਂ ਬਹੁਤ ਲੰਬੀ ਸੋਚ ਕੇ,
ਚੁੱਪ ਹੀ ਰਿਹਾ,
ਕਿਸੇ ਲਾਵਾਰਿਸ ਮੜ੍ਹੀ ਵਾਂਗ!
.....
ਮੇਰੀ ਸਿਰੜੀ ਚੁੱਪ ਨੂੰ ਸਮਝਦੀ ਰਹੀ ਤੂੰ,
ਮੇਰਾ ਡਰ ਸ਼ਾਇਦ?
ਜਾਂ ਆਪਣੇ 'ਰੋਅਬ' ਦਾ ਦਾਬਾ??
ਤੂੰ ਧੱਕੇ ਮਾਰਦੀ ਰਹੀ ਮੇਰੀ ਜ਼ਮੀਰ ਨੂੰ,
ਪਰ ਹਰ ਚੋਟ ਖਾ ਕੇ ਵੀ ਮੈਂ,
ਮੋਨ ਧਾਰੀ ਰੱਖਿਆ ਵਗਦੇ ਸਾਹਾਂ ਦਾ!
ਉਦਾਸੀਨ ਦਿਲ ਦੀ ਧੜਕਣ ਨੂੰ,
ਮਿਣਦਾ ਅਤੇ ਤੋਲਦਾ ਅਤੇ ਥਾਪੜਦਾ ਰਿਹਾ,
ਦਿੰਦਾ ਰਿਹਾ ਧਰਵਾਸ,
ਕਿਸੇ ਭਲੀ ਆਸ ਦੀ ਇੰਤਜ਼ਾਰ ਵਿਚ!
ਪੀ ਜਾਂਦਾ ਰਿਹਾ ਮੀਰਾਂ ਦੇ ਪਿਆਲੇ ਵਾਂਗ,
ਤੇਰਾ ਕੀਤਾ ਤਸ਼ੱਦਦ,
ਮੇਰੇ ਸਨੇਹ-ਸੁਪਨੇ ਗਸ਼ ਖਾ-ਖਾ ਕੇ,
ਡਿੱਗਦੇ ਰਹੇ ਤੇਰੇ ਕਰੂਰ ਰਵੱਈਏ ਅੱਗੇ!
ਸੀਨੇਂ ਸੱਟ ਖਾ ਕੇ ਮੈਂ,
ਡਿੱਗਦਾ-ਢਹਿੰਦਾ ਵੀ, ਸੰਭਲ਼ਦਾ ਰਿਹਾ
ਅਤੇ ਹਾਰਦਾ ਰਿਹਾ ਤੇਰੇ ਜ਼ੁਲਮ ਸਾਹਮਣੇ!
.....
ਤੂੰ ਰੁੱਖੇ ਸ਼ਬਦਾਂ ਦੇ ਨਸ਼ਤਰ ਲਾ-ਲਾ ਦੇਖਦੀ ਰਹੀ,
ਸ਼ਾਇਦ ਮੇਰੇ ਸਬਰ-ਸੰਤੋਖ਼ ਦਾ
ਆਖ਼ਰੀ ਕਤਰਾ ਖ਼ੂਨ ਪੀਣ ਲਈ?
ਚਲਾਉਂਦੀ ਰਹੀ ਨਫ਼ਰਤ ਬਾਣ,
ਮੇਰੀ ਬੇਗੁਨਾਂਹ ਰੂਹ 'ਤੇ
...ਤੇ
ਮੈਂ ਹੁੰਦਾ ਰਿਹਾ ਲਹੂ-ਲੁਹਾਣ,
ਨੁੱਚੜਦੀ ਰਹੀ ਮੇਰੀ ਜਿੰਦ, ਬਣ ਤੁਪਕਾ-ਤੁਪਕਾ!
ਤੂੰ ਮਿਹਣਿਆਂ ਦੇ ਵਾਰ ਕਰਦੀ ਰਹੀ ਮੇਰੀ ਆਤਮਾਂ 'ਤੇ,
ਤੇ ਮੈਂ ਸ਼ਾਂਤ-ਚਿੱਤ ਦੀ ਢਾਲ਼ 'ਤੇ ਝੱਲਦਾ ਰਿਹਾ!
.....
ਇਸ ਦਾ ਇਕ ਕਾਰਨ ਸੀ!!
ਕਾਰਨ, ਕਿਸੇ ਉਮੰਗ-ਧੁਨੀ ਦੀ ਖੋਜ '!
ਮੈਂ ਤਾਂ ਕਿਸੇ ਉਪਕਾਰੀ ਮਣੀਂ ਦੀ ਭਾਲ਼ ਵਿਚ,
ਗਾਹੁੰਦਾ ਰਿਹਾ ਜੰਗਲ-ਬੇਲੇ,
ਨਦੀਆਂ, ਦਰਿਆ ਅਤੇ ਸਾਗਰ
ਆਕਾਸ਼-ਪਾਤਾਲ਼ ਅਤੇ ਜੰਨਤ ਦੇ ਨਗਰ
...ਤੇ
ਉਜਾੜ ਰੋਹੀ-ਬੀਆਬਾਨ!
ਮੈਨੂੰ ਕੀ ਪਤਾ ਸੀ, ਕਿ ਮਣੀਂ ਤਾਂ
ਮੇਰੀ ਬੁੱਕਲ਼ ਵਿਚ ਹੀ ਸੀ!!
.....
ਪਤਾ ਤਾਂ ਮੈਨੂੰ ਉਦੋਂ ਲੱਗਿਆ,
ਜਦ ਮੈਨੂੰ,
ਮਣੀਂ ਵਿਚੋਂ ਚੰਦਨ ਦੀ ਮਹਿਕ ਆਈ,
ਤੇ ਮੇਰਾ ਇਰਦ-ਗਿਰਦ ਮਹਿਕ ਉਠਿਆ!
ਉਸ ਦੀ ਮਧੁਰ ਅਵਾਜ਼ ਨੇ,
ਮੇਰੀ ਹਰ ਪੀੜ ਚੂਸ ਲਈ!
ਕਿਤੇ ਵੰਝਲੀ ਦੀ ਹੂਕ, ਤੇ ਕਿਤੇ
ਰਬਾਬ ਦੀ ਧੁੰਨ ਘੁਲ਼ ਗਈ ਮੇਰੇ
ਮਨ-ਮਸਤਕ ',
ਤੇ ਮੈਂ ਆਨੰਦ-ਮਸਤ ਹੋ ਤੁਰਿਆ!
ਤੇ ਉਸ ਮਣੀਂ ਨੇ ਮੈਨੂੰ ਆਪਣਾ ਸਭ ਕੁਛ ਜਾਣ,
ਭਰ ਲਿਆ ਪਰਉਪਕਾਰੀ ਗਲਵਕੜੀ ਵਿਚ!
.....
ਹੁਣ ਮੈਂ ਅਤੇ ਮਣੀਂ
ਇਕ-ਦੂਜੇ ਦੀ ਖ਼ੁਸ਼ਬੂ ਵਿਚ ਹੀ,
ਖ਼ੀਵੇ ਅਤੇ ਵਿਅਸਤ ਹਾਂ,
ਦੁਨੀਆਂ ਦੇ ਘਾਟੇ-ਵਾਧੇ ਤੋਂ ਬੇਪ੍ਰਵਾਹ!
ਉਹ ਮੈਨੂੰ ਨਿੱਤ ਕਹਿੰਦੀ ਹੈ,
"
ਤੂੰ ਉਦੋਂ ਨਾ ਆਇਆ,
ਜਦ ਮੇਰੇ 'ਤੇ ਭਰ ਜੋਬਨ ਸੀ?"
ਤੇ ਮੈਂ ਉੱਤਰ ਦਿੱਤਾ,
"
ਜਦ ਦੋ ਰੂਹਾਂ ਇੱਕ ਜੋਤ ਹੋ ਤੁਰਨ,
ਯੁੱਗ-ਅਵੱਸਥਾ, ਉਮਰ-ਕਾਲ ਅਤੇ ਵਿੱਥਾਂ,
ਫ਼ਾਸਲਾ ਰੱਖ ਕੇ ਤੁਰਨ ਲੱਗ ਪੈਂਦੀਆਂ ਨੇ!"
ਮੁੜ ਉਸ ਨੇ ਵੱਡੇ-ਛੋਟੇ,
ਤੇ ਉੱਚੇ-ਨੀਵੇਂ ਦੀ ਬਾਤ ਨਹੀਂ ਪਾਈ,
ਤੇ ਆਤਮਾਂ ਬਣ, ਮੇਰੇ ਸਰੀਰ ਵਿਚ ਸਮਾ ਗਈ!
ਉਹ ਮੇਰੀ ਫ਼ੁੱਲ ਤੇ ਮੈਂ ਉਸ ਦਾ ਭੌਰਾ ਬਣ ਤੁਰਿਆ,
ਹੁਣ ਉਸ ਦੇ ਤਨ ਦੀ ਸੁਗੰਧੀ ਦੀ ਮਦਹੋਸ਼ੀ ਨੇ ਮੈਨੂੰ,
ਤੇਰੇ ਕੌੜੇ ਬੋਲ ਵੀ ਮਿੱਠੇ ਲੱਗਣ ਲਾ ਦਿੱਤੇ ਨੇ!
ਇਹ ਉਸ ਮਣੀਂ ਦੇ ਮਾਖ਼ਿਓਂ-ਮਿੱਠੇ ਬੋਲਾਂ
ਅਤੇ ਵਰਤਾਓ ਦਾ ਕਮਾਲ ਹੈ,
...ਤੇ
ਮੇਰਾ ਮਨ 'ਬਲਿਹਾਰੇ' ਦੇ
ਨਾਅਰੇ ਲਾਉਣ ਲੱਗਦਾ ਹੈ!


ਗ਼ਜ਼ਲ
ਰਾਜਿੰਦਰ ਜਿੰਦ, ਨਿਊਯਾਰਕ

ਪਤਾ ਏ ਮੇਰੇ ਖਾਲੀ ਦਿਲ ਵਿਚ ਤੇਰੇ ਕੋਲੋਂ ਬਹਿ ਨਹੀਂ ਹੋਣਾ।
ਫਿਰ ਵੀ ਗੂੰਗੇ ਬੋਲੇ ਦਿਲ ਤੋਂ ਤੈਨੂੰ ਕੁਝ ਵੀ ਕਹਿ ਨਹੀਂ ਹੋਣਾ।

ਆਪਣੇ ਆਪਣੇ ਸੱਚ ਨੂੰ ਆਪਾਂ ਦਿਲ ਦੇ ਵਿਚ ਹੀ ਮਾਰ ਲਵਾਂਗੇ,
ਤੇਰੇ ਕੋਲੋ ਕਹਿ ਨਹੀਂ ਹੋਣਾ ਮੇਰੇ ਕੋਲੋਂ ਸਹਿ ਨਹੀਂ ਹੋਣਾ।

ਝੂਠ ਦੇ ਕੋਮਲ ਫੁੱਲਾਂ ਦੇ ਨਾਲ ਹੱਸ ਕੇ ਯਾਰੀ ਲਾ ਲਈ ਮੈਂ ਤਾਂ,
ਪਤਾ ਸੀ ਸੱਚ ਦੇ ਕੰਡਿਆਂ ਦੇ ਨਾਲ ਮੇਰੇ ਕੋਲੋਂ ਖਹਿ ਨਹੀਂ ਹੋਣਾ।

ਪਤਾ ਏ ਤੇਰਾ ਹੋਵਣ ਦੇ ਲਈ ਤੇਰੇ ਦਰ ਤੇ ਢਹਿਣਾ ਪੈਂਦਾ,
ਪਰ ਇਸ ਮਨ ਦੇ ਬੰਦੇ ਕੋਲੋਂ ਤੇਰੇ ਦਰ ਤੇ ਢਹਿ ਨਹੀਂ ਹੋਣਾ।

ਮੈਂ ਮਨ ਦੀ ਸੁੰਦਰਤਾ ਵੇਖਾਂ ਤੂੰ ਤਨ ਤੇ ਹੀ ਠਹਿਰ ਗਿਆਂ ਏ,
ਏਸ ਵਣਜ ਵਿਚ ਤੇਰਾ ਮੇਰਾ ਇਹ ਸੌਦਾ ਤਾਂ ਤਹਿ ਨਹੀਂ ਹੋਣਾ।

ਉਹ ਤਾਂ ਮੇਰੀ ਰਗ-ਰਗ ਦੇ ਵਿਚ ਖੂਨ ਦੇ ਵਾਂਗੂ ਤੁਰਿਆ ਫਿਰਦਾ,
‘ਜਿੰਦ’ ਗਰਜ਼ੀ ਤੋਂ ਉਸ ਦੇ ਦਿਲ ਵਿਚ ਏਨਾ ਡੂੰਘਾ ਲਹਿ ਨਹੀਂ ਹੋਣਾ।
ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ।
ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ।

ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,
ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।

ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,
ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।

ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,
ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।

ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,
ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।

ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,
ਪਤਾ ਨਹੀਂ ਕਿਂਉ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ।


ਗ਼ਜ਼ਲ
ਇੰਦਰਜੀਤ ਪੁਰੇਵਾਲ,ਨਿਊਯਾਰਕ

ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ।
ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ।

ਵਕਤ ਦੇ ਝੱਖੜਾਂ ਕਰ ਦਿੱਤਾ ਏ ਆਹਲਣਾ ਮੇਰਾ ਤੀਲਾ-ਤੀਲਾ,
ਹੱਸਦਾ ਵੱਸਦਾ ਇਸ ਦੁਨੀਆ ਤੇ ਮੇਰਾ ਵੀ ਸੰਸਾਰ ਸੀ ਹੁੰਦਾ।

ਤਰਸ ਗਿਆ ਹਾਂ ਸੂਰਤ ਉਸ ਦੀ ਸੁਪਣੇ ਵਿਚ ਹੀ ਮਿਲ ਜਾਏ ਕਿਧਰੇ,
ਕੋਈ ਵੇਲਾ ਸੀ ਸ਼ਾਮ ਸਵੇਰੇ ਦੋਵੇਂ ਵਕਤ ਦੀਦਾਰ ਸੀ ਹੁੰਦਾ।

ਪਿਆਰ ‘ਚ ਐਸੀ ਸ਼ਕਤੀ ਹੁੰਦੀ ਪੱਥਰ ਦਿਲ ਵੀ ਮੋਮ ਬਣਾ ਦਏ,
ਫੁੱਲਾਂ ਵਰਗਾ ਕੋਮਲ ਕਰ ਦਏ ਜਿਹੜਾ ਕਦੇ ਕਟਾਰ ਸੀ ਹੁੰਦਾ।

ਅੱਜ ਗੈਰਾਂ ਦੀ ਛਤਰੀ ਉੱਤੇ ਬੈਠਾ ਗੁਟਕੂੰ-ਗੁਟਕੂੰ ਕਰਦਾ,
ਸਾਡੇ ਦਿਲ ਦੇ ਏਸ ਬਨੇਰੇ ਦਾ ਉਹ ਕਦੇ ਸ਼ਿੰਗਾਰ ਸੀ ਹੁੰਦਾ।

ਖੁਸ਼ੀਆਂ ਮਾਣੇ ਹੱਸੇ ਖੇਡੇ ਮੇਰੀ ਉਮਰ ਵੀ ਉਸ ਨੂੰ ਲਗ ਜਾਏ,
ਹੋਇਆ ਕੀ ਜੇ ਦੂਰ ਤੁਰ ਗਿਆ ਕਦੇ ਤਾਂ ਸਾਡਾ ਯਾਰ ਸੀ ਹੁੰਦਾ।

ਕਾਵਿ ਵਿਅੰਗ
ਜੁੱਤੀਆਂ

ਇੰਦਰਜੀਤ ਪੁਰੇਵਾਲ,ਨਿਊਯਾਰਕ

ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।

ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।

ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।

ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।

ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।

ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।

ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ- ਸਵਾਰ ਦੀਆਂ ਜੁੱਤੀਆਂ।

ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।

ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।

ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆਉਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।

‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।

ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।

ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ।

ਬਾਪ
ਇੰਦਰਜੀਤ ਪੁਰੇਵਾਲ, ਨਿਊਯਾਰਕ
ਗੀਤ -ਫਾਦਰ ਡੇਅ ‘ਤੇ ਵਿਸ਼ੇਸ਼

ਫੋਨ ਉੱਤੇ ਭੈਣ ਮੇਰੀ ਦੱਸਿਆ ਸੀ ਮੈਨੂੰ,
ਸਾਇਆ ਬਾਪ ਦਾ ਨਾ ਸਿਰ ਤੇ ਰਿਹਾ।

ਕੱਲ ਰਾਤੀਂ ਭੌਰ ਉਹਦਾ ਉੱਡ ਗਿਆ ਵਜ਼ੂਦ ਵਿਚੋਂ,
ਸਾਹ ਜ਼ਿੰਦਗੀ ਦਾ ਆਖਰੀ ਲਿਆ।

ਅੱਧੀ-ਅੱਧੀ ਰਾਤ ਉੱਠ ‘ਵਾਜ਼ਾਂ ਤੈਨੂੰ ਮਾਰਦਾ ਸੀ,
ਉਹਦਾ ਜਾਂਦਾਂ ਨਹੀਂ ਸੀ ਦਰਦ ਸਹਿਆ।

ਬੜਿਆਂ ਦਿਨਾਂ ਤੋਂ ਬਾਪੂ ਯਾਦ ਤੈਨੂੰ ਕਰਦਾ ਸੀ,
ਜਾਂਦੀ ਵਾਰੀ ਨਾਮ ਤੇਰਾ ਹੀ ਲਿਆ।

ਇੱਕ ਵਾਰੀ ਆ ਕੇ ਮੈਨੂੰ ਮਿਲ ਕਿਉਂ ਨਹੀਂ ਜਾਂਦਾ,
ਉਸ ਕਈ ਵਾਰੀ ਮਾਂ ਨੂੰ ਕਿਹਾ।

ਆਖਦਾ ਹੁੰਦਾ ਸੀ ਲੋਕੀਂ ਵਤਨਾਂ ਨੂੰ ਆਉਂਦੇ,
ਉਹਦਾ ਕਿਉਂ ਨਾ ਜ਼ਹਾਜ਼ ਉੱਡਿਆ।

ਤੇਰੀਆਂ ਉਡੀਕਾਂ ਵਿਚ ਤੁਰ ਗਿਆ ਬਾਪੂ,
ਵੀਰਾ ਕਾਹਨੂਂ ਪ੍ਰਦੇਸ ਤੂੰ ਗਿਆ।

ਮਾਂ ਦੀਆਂ ਅੱਖੀਆਂ ‘ਚੋਂ ਹੰਝੂ ਮੁੱਕ ਗਏ,
ਉਹ ਵੀ ਨਦੀ ਕੰਢੇ ਰੁੱਖੜਾ ਪਿਆ।

ਰੋਇਆ ਵੀ ਨਾ ਗਿਆ ਮੇਰਾ ਦੁੱਖ ਕਿਸੇ ਵੰਡਿਆ ਨਾ,
ਮੈਂ ਵਿਚੋ-ਵਿਚ ਹੰਝੂ ਪੀ ਗਿਆ।

ਉਂਗਲੀ ਫੜਾ ਕੇ ਜਿੰਨੇ ਤੁਰਨਾ ਸਿਖਾਇਆ,
ਅੱਜ ਕਿਹੜੇ ਪਾਸੇ ਤੁਰ ਉਹ ਗਿਆ।

ਬਾਰਾਂ ਸਾਲ ਪਹਿਲਾਂ ਮੈਨੂੰ ਦਿੱਲੀਓਂ ਸੀ ਵਿਦਾ ਕੀਤਾ,
ਖੁਦ ਦੁਨੀਆ ਤੋਂ ਵਿਦਾ ਹੋ ਗਿਆ।

ਡਾਲਰਾਂ ਨੇ ਤੋੜਤੀਆਂ ਮੋਹ ਦੀਆਂ ਤੰਦਾਂ,
ਉਹਦਾ ਮੂੰਹ ਵੀ ਨਾ ਵੇਖਿਆ ਗਿਆ।

ਖੱਟਿਆ ਤੂੰ ਪੈਸਾ ਮਨਾ ਬਲੀ ਦੇ ਕੇ ਨਾਤਿਆਂ ਦੀ,
ਮੈਨੂੰ ਮੇਰੀ ਹੀ ਜ਼ਮੀਰ ਨੇ ਕਿਹਾ।

ਭੁੱਬਾਂ ਮਾਰ ਰੋ ਚਾਹੇ ਮਣ-ਮਣ ਹੰਝੂ ਕੇਰ,
ਉੱਥੇ ਗਿਆ ਨਾ ਕੋਈ ਵੀ ਮੁੜਿਆ।

ਧੀਆਂ ਪੁੱਤਾਂ ਤਾਂਈ ਲੋੜ ਹੁੰਦੀ ਸਦਾ ਮਾਪਿਆਂ ਦੀ,
‘ਪੁਰੇਵਾਲ’ ਐਂਵੇ ਨਹੀਂ ਸਿਆਣਿਆਂ ਕਿਹਾ।
 


ਗ਼ਜ਼ਲ
ਰਾਜਿੰਦਰ ਜਿੰਦ, ਨਿਊਯਾਰਕ

ਸ਼ਾਮ ਸਵੇਰੇ ਜਿਹੜਾ ਬੰਦਾ ਕਰਦਾ ਸੀ ਗੱਲ ਖਾਰਾਂ ਦੀ।
ਚੰਗੀ ਲਗਦੀ ਨਹੀਂ ਹੁਣ ਉਸਦੇ ਮੂੰਹੋਂ ਗੱਲ ਬਹਾਰਾਂ ਦੀ।

ਮੈਨੂੰ ਉਹ ਹਮੇਸ਼ਾਂ ਕਹਿੰਦਾ ਸਬਰ ਸ਼ਾਂਤੀ ਰੱਖਿਆ ਕਰ,
ਕੱਲ ਉਹ ਝਗੜੇ ਦੇ ਵਿਚ ਸੁਣਿਆ ਕਰਦਾ ਗੱਲ ਹਥਿਆਰਾਂ ਦੀ।

ਕਦੇ ਤਾਂ ਆਪਣੀ ਕੁੱਲੀ ਦੇ ਵਿਚ ਰਲਕੇ ਕੱਠੇ ਬੈਠਾਂਗੇ,
ਛੱਤ ਬਿਨਾਂ ਨਹੀਂ ਵੁਕਤ ਹੁੰਦੀ ਖਾਲੀ ਇਹਨਾਂ ਦੀਵਾਰਾਂ ਦੀ।

ਜਦ ਆਇਆ ਤੂਫਾਨ ਤਾਂ ਇਹ ਪਹਿਲੇ ਈ ਹੱਲੇ ਡੁੱਬ ਗਏ,
ਸਿਫਤ ਬੜੀ ਕਰਦੇ ਸੀ ਜਿੰਨਾਂ ਕਿਸ਼ਤੀ ਦੇ ਪਤਵਾਰਾਂ ਦੀ।

ਪੱਕੀ ਨੀਂਹ ਬਿਨਾ ਇਹ ਤੇਰੇ ਕੱਚੇ-ਪੱਕੇ ਢਹਿ ਜਾਣੇ ਨੇ,
ਕਰਲੈ ਹੋਰ ਉਚਾਈ ਜਿੰਨੀ ਕਰਨੀ ਇਹਨਾਂ ਮੀਨਾਰਾਂ ਦੀ।

ਜਾਬਰ ਦੀ ਕੌੜੀ ਬੋਲੀ ਵੀ ਲਗਦੀ ਏ ਪ੍ਰਵਚਨ ਜਿਹੀ,
ਸਾਡੀ ਭੁੱਲ ਵੀ ਬਣ ਜਾਂਦੀ ਏ ਸੁਰਖੀ ਕਿਂਉ ਅਖਬਾਰਾਂ ਦੀ।

ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸਬ ਕੁਝ ਹੀ ਅਸੀਂ ਜਾਣ ਗਏ ਆਂ,
ਹੁਣ ਨਹੀਂ ਸਾਨੂੰ ਚੰਗੀ ਲਗਦੀ ਗੱਲ ਇਹਨਾਂ ਅਵਤਾਰਾਂ ਦੀ।

ਫੁੱਲਾਂ ‘ਚੋਂ ਨਹੀਂ ਖੁਸ਼ਬੂ ਆਂਉਦੀ ਮਿੱਠੀ ਗੱਲ ਕੁਸੈਲੀ ਲਗਦੀ,
‘ਜਿੰਦ’ਤੋਂ ਇਹ ਲੜੀ ਨਹੀਂ ਜਾਣੀ ਲੰਗੜੀ ਜੰਗ ਵਿਚਾਰਾਂ ਦੀ।
 
ਗ਼ਜ਼ਲ
ਰਾਜਿੰਦਰ ਜਿੰਦ, ਨਿਊਯਾਰਕ

ਨੈਣਾਂ ‘ਚ ਜ਼ਿੰਦਗੀ ਦੇ ਕਿਹੜੀ ਸਿਲਾਈ ਪਾਵਾਂ।
ਮੈਨੂੰ ਹੀ ਮਿਲਦੀਆਂ ਨਹੀਂ ਮੇਰੇ ਘਰ ਦੀਆਂ ਰਾਹਵਾਂ।

ਤੱਕ ਕੇ ਵੀ ਲੰਘ ਗਿਆ ਸੀ, ਮਿੱਧ ਕੇ ਉਹ ਸਾਰੇ ਰਿਸ਼ਤੇ,
ਉੱਠੀਆਂ ਹੀ ਰਹਿ ਗਈਆਂ ਸੀ, ਦੋ ਮੇਰੀਆਂ ਇਹ ਬਾਹਵਾਂ।

ਖੇਤਾਂ ‘ਚ ਪੱਥਰਾਂ ਦਾ ਜੰਗਲ ਉਗਾ ਕੇ ਹੁਣ ਉਹ,
ਗਮਲੇ ‘ਚ ਬੋਹੜ ਲਾ ਕੇ ਲੱਭਦੇ ਪਏ ਨੇ ਛਾਂਵਾਂ।

ਕੁਝ ਮੌਤ ਦੇ ਨੇ ਝੋਰੇ, ਕੁਝ ਜ਼ਿੰਦਗੀ ਦੇ ਲਾਰੇ,
ਦੋਹਾਂ ਵਿਚਾਲੇ ਖੜ ਕੇ , ਹੁਣ ਗੀਤ ਕਿਹੜਾ ਗਾਵਾਂ।

ਸੋਚਾਂ ਵੀ ਠਹਿਰ ਗਈਆਂ, ਹੰਝੂ ਵੀ ਸੁੱਕ ਗਏ ਨੇ,
ਕਾਵਾਂ ਇਹ ਗਮ ਦਿਆਂ ਨੂੰ, ਦੱਸ ਚੋਗ ਕਿਹੜੀ ਪਾਵਾਂ।

ਪੈਰਾਂ ਹੇਠ ਲਕੋਈ ਜਾਦਾਂ ਡਰਦਾ ਆਪਣੀ ਛਾਂ ਨੂੰ,
ਕੱਟਣ ਦੇ ਲਈ ਹਰ ਕੋਈ ਰੁੱਖ ਨੂੰ ਟੰਗੀ ਫਿਰਦਾ ਬਾਹਵਾਂ।

ਇਨਸਾਨੀਅਤ ਦਾ ਸਿੱਕਾ ਮੈਂ ਤਾਂ ਕਮਾ ਲਿਆ ਹੈ,
ਦੱਸੋ ਬਜ਼ਾਰ ਕਿਹੜੇ ਇਸ ਨੂੰ ਮੈਂ ਹੁਣ ਚਲਾਵਾਂ।

ਗੁਰਸ਼ਰਨ ਸਿੰਘ, ਬ੍ਰਿਸਬੇਨ, ਆਸਟਰੇਲੀਆ
 

ਮਮਤਾ

ਮਮਤਾ
ਗੁਰਸ਼ਰਨ ਸਿੰਘ, ਬ੍ਰਿਸਬੇਨ, ਆਸਟਰੇਲੀਆ।

ਕੀ ਅਸਰ ਕਰੇਗੀ ਕਵਿਤਾ
ਕੀ ਸੰਵਰੇਗੀ ਉਦੋਂ ਅਵਸਥਾ
ਜਦੋਂ ਧੀ ਦੀ ਆਮਦ ਦਾ ਸੋਗ ਕਰੇ
ਇੱਕ ਮਾਂ ਦੀ ਮਮਤਾ

ਹੁਣ ਕਿੰਨਾਂ ਸੌੜਾ ਸੋਚਦੀ ਹੈ
ਆਪਣਾ ਹੀ ਵਜੂਦ ਗਵਾ ਕੇ
ਵੰਸ ਵਧਾਉਣਾ ਲੋਚਦੀ ਹੈ
ਇੱਕ ਮਾਂ ਦੀ ਮਮਤਾ

ਜਾਪੇ ਭੁੱਲਦੀ ਹੈ ਉਹ
ਆਪਣੀ ਮਾਂ, ਨਾਨੀ ਤੇ ਪੜਨਾਨੀ
ਤਾਹੀਂਉਂ ਧੀ ਜੰਮਣ ਤੋਂ ਡਰਦੀ
ਇੱਕ ਮਾਂ ਦੀ ਮਮਤਾ

ਸੋਚਦੀ ਹੈ ਜਦ ਘਰ ਦੀ ਗੁਰਬੱਤ
ਸ਼ਰਾਬੀ ਪਤੀ ਅਤੇ ਅੱਤਿਆਚਾਰ
ਸਮਾਜ਼, ਗੀਤ, ਵਿੱਦਿਆ 'ਤੇ ਮੁਹੱਬਤ
ਹਲਾਤਾਂ ਤੋਂ ਡਰਦੀ ਹੈ ਫਿਰ
ਇੱਕ ਮਾਂ ਦੀ ਮਮਤਾ

ਸਾਰੇ ਹੀ ਦੋਸ਼ੀ ਹਾਂ ਅਸੀਂ
ਇਨ੍ਹਾਂ ਗੁੱਝੇ ਕਤਲਾਂ ਦੇ
ਇਕੱਲੀ ਹੀ ਦੋਸ਼ੀ ਨਹੀਂ
ਇੱਕ ਮਾਂ ਦੀ ਮਮਤਾ


ਹੁਣ ਕਿਉਂ ਰੋਂਦੇ ਪਰਵਾਸੀਓ?
- ਰੂਪ ਢਿੱਲੋਂ

ਜਦ ਉੱਡਕੇ ਆਏ ਬਾਹਰ
ਕੁੱਝ ਨਾ ਕੁੱਝ ਹੋਇਆ ਵਾਰ

ਪੰਜ ਪਾਣੀ ਕਰਦੇ ਯਾਦ
ਦੁੱਖਦਾ ਉੱਡਣ ਤੋਂ ਬਾਅਦ

ਪਿੰਜਰ ਤੁਸੀਂ ਹੀ ਛੱਡਿਆ
ਇਥੇ ਆਕੇ ਝੰਡਾ ਗੱਡਿ‌ਆ

ਅਣਜਾਣ ਹੋ ਗਿਆ ਦੇਸ
ਉਪਰਾ ਹਾਲੇ ਵਿਦੇਸ

ਅੱਖਾਂ ਅੱਗੇ ਅੰਗ੍ਰੇਜ਼ ਬਣ ਗਏ ਨਿਆਣੇ
ਖਾਕ ਵਿਚ ਗੁਆਚ ਗਏ ਪੰਜਾਬ ਦੇ ਸਿਆਣੇ

ਆਖਦਾ "ਰੂਪ" ਹੁਣ
ਕਿਉਂ ਰੋਂਦੇ ਪਰਵਾਸੀਓ?


ਪ੍ਰਤੀਕਾਂ ਦੇ ਆਰ ਪਾਰ

 ਗੁਰਿੰਦਰ ਕਲਸੀ

 

ਬਜਰੀ ਦੇ ਢੇਰ ਉੱਤੇ
ਅਚਨਚੇਤ
ਆਣ ਬੈਠੀ ਇਕ ਤਿਤਲੀ

ਫੁੱਲਾਂ ਉੱਤੇ ਘੁੰਮਣ ਵਾਲੀ
ਮਹਿਕਾਂ ਜਾਈ
ਰਸ ਦੀਆਂ ਬੂੰਦਾਂ ਚੂਸਣ ਵਾਲੀ

ਬਜਰੀ ਦੇ ਪੱਥਰਾਂ ਚੋਂ
ਕੀ ਪਈ ਭਾਲੇ?

ਅਜੇ ਤਾਂ ਬਸ ਪ੍ਰਤੀਕਾਂ ਰਾਹੀਂ
ਗੱਲ ਨਿਬੇੜਾਂ
ਮੇਰੇ ਮਨ ਦੀ ਤਿਤਲੀ
ਤੇਰੇ ਪੱਥਰ ਦਿਲ ਤੇ ਆ ਬੈਠੀ ਹੈ

 

ਟਰੇਨ

 

ਜ਼ਿੰਦਗੀ ਦੇ ਮੁਸਾਫ਼ਰਖ਼ਾਨੇ ਚ ਬੈਠੀ ਮਾਂ
ਕਿੰਨੀ ਉਦਾਸ ਹੈ

ਉਸ ਦੇ ਚੁਪਾਸੇ ਭੀੜ ਹੈ
ਥਾਂ ਨਹੀਂ ਤਿਲ ਧਰਨ ਨੂੰ
ਪਰ ਉਹ ਇਕੱਲੀ ਹੈ

ਜ਼ਿੰਦਗੀ ਦਾ ਰੌਲਾ-ਰੱਪਾ ਹੈ
ਭੱਜ-ਦੌੜ ਹੈ
ਪਰ ਉਹ ਸਥਿਰ ਹੈ

ਆਪਣੇ ਹੀ ਉਸ ਲਈ ਅਜਨਬੀ ਹਨ
ਉਹ ਅਜਨਬੀਆਂ ਵਾਂਗ ਹੀ ਫੜਦੀ ਹੈ
ਚਾਹ ਦਾ ਕੱਪ
ਰੋਟੀ ਦੀ ਥਾਲੀ
ਜਿਵੇਂ ਟਰੇਨ ਚ ਡਰਦਾ ਹੈ ਕੋਈ
ਕਿਸੇ ਤੀ ਬਿਸਕੁਟ ਜਾਂ ਟਾਫ਼ੀ ਲੈਣ ਤੋਂ
ਕਿਸੇ ਨਾਲ ਗੱਲ ਕਰਨ ਤੋਂ

ਬਦਲ ਗਏ ਨੇ ਪੱਧਰ ਸੋਚ ਦੇ
ਕੀ ਕਰਨਗੇ ਬੱਚੇ ਉਸ ਨਾਲ ਗੱਲਬਾਤ
ਉਹ ਤਾਂ ਮੁਬਾਇਲ ਦੀ ਡੱਬੀ
ਬੰਦ ਹੋਣ ਲਈ ਤਿਆਰ ਨੇ
……….ਤੇ ਮਾਂ
ਅਮੁੱਕ ਸਫ਼ਰ ਦੀ ਤਿਆਰੀ ਚ ਬੈਠੀ
ਕਰ ਰਹੀ ਹੈ ਉਡੀਕ
ਇਕ ਕਾਲੇ ਮੂੰਹ ਵਾਲੀ ਟਰੇਨ ਦੀ

 

ਜਨੂੰਨ

 

ਜਦੋਂ ਲੱਗਦੀ ਉਸ ਨੂੰ ਪਿਆਸ
ਤਾਂ ਪਾਣੀ ਨਹੀਂ
ਉਹ ਲਹੂ ਮੰਗਦੀ

ਪਾਣੀ ਤਾਂ
ਉਸ ਦੇ ਤਨ ਉੱਤੇ ਵਗਦਾ
ਪਾਣੀ ਤਾਂ
ਉਸ ਦੇ ਅੰਗ ਸਮਾਇਆ
ਉਸ ਦੇ ਗਰਭ ਵਿਚ
ਪਾਣੀ ਹੀ ਪਾਣੀ

ਜਦੋਂ ਭੜਕਦੀ ਪਿਆਸ
ਥਾਂ ਥਾਂ ਉੱਗ ਆਉਂਦੇ
ਉਸ ਦੇ ਕਲਪਿਤ ਹੋਂਠ

ਹੁਸੀਨ ਵਾਦੀ ਬਣ ਜਾਂਦੀ ਕਤਲਗਾਹ
ਪੰਜ ਦਰਿਆਵਾਂ ਚ ਘੁਲ ਜਾਂਦਾ ਲਹੂ
ਗ਼ਲਾਂ ਚ ਬਲਦੇ ਟਾਇਰ ਪੈਂਦੇ
ਗਰਕ ਜਾਂਦੀਆਂ
ਗਗਨ-ਚੁਬੀ ਇਮਾਰਤਾਂ
ਪਾਟ ਜਾਂਦਾ
ਖ਼ੁਦ ਇਸ ਦਾ ਆਪਣਾ ਸੀਨਾ

ਜਦੋਂ ਲੱਗਦੀ ਉਸ ਨੂੰ ਪਿਆਸ
ਤਾਂ ਪਾਣੀ ਨਹੀਂ
ਉਹ ਲਹੂ ਮੰਗਦੀ


ਗ਼ਜ਼ਲ
ਇੰਦਰਜੀਤ ਪੁਰੇਵਾਲ,ਨਿਊਯਾਰਕ

ਰੁੱਖਾਂ ਵਾਂਗੂ ਤੱਤੀਆਂ ਠੰਡੀਆਂ, ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ, ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ, ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ,ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ, ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ ‘ਤੇ ਚੜਿਆ ਬੱਦਲ,ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਗੂੰਜਦੇ,
ਨਾ ਚਾਹੁੰਦਾ ਹੋਇਆ ਕਈ ਵਾਰੀ ਯਾਦਾਂ ਦੇ ਵਿਚ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਬ ਤੋਂ ਵੱਡਾ ਔਗੁਣ ਮੇਰਾ ,ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁਛੱਦਾ ਸੀ ਕੱਲ ਸੱਚੋ –ਸੱਚੀ ਦੱਸੀ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ ਕੱਲਾ ਕਾਹਤੋਂ ਰਹਿ ਜਾਂਦਾ ਹਾਂ।
ਗ਼ਜ਼ਲ
ਇੰਦਰਜੀਤ ਪੁਰੇਵਾਲ, ਨਿਊਯਾਰਕ

ਜਿਹੜੇ ਫੁੱਲ ਸਨ ਕਦੇ ਗਲੇ ਦਾ ਹਾਰ ਬਣੇ
ਉਹੀ
ਫੁੱਲ ਅੱਜ ਸਾਡੇ ਲਈ ਨੇ ਖਾਰ ਬਣੇ

ਲਹਿਰਾਂ ਦੇ ਵਿਚ ਗੋਤੇ ਖਾਂਦਾ ਛੱਡ ਆਏ,
ਕਦੇ ਜੋ ਡੁੱਬਦੀ ਬੇੜੀ ਦੇ ਪਤਵਾਰ ਬਣੇ

ਸਾਡੇ ਪਾਏ ਪੂਰਨਿਆ ਤੇ ਚਲਦੇ ਸਨ,
ਅੱਜ ਉਹ ਸਾਡੇ ਰਾਹਾਂ ਵਿਚ ਦੀਵਾਰ ਬਣੇ

ਇੱਕ ਦੋ ਨਹੀਂ ਸੈਂਕੜਿਆਂ ਨੂੰ ਪਰਖ ਲਿਆ,
ਹੁਣ ਤਾਂਈ ਸਬ ਮਤਲਬ ਦੇ ਹੀ ਯਾਰ ਬਣੇ

ਜੀਣ ਮਰਨ ਦੇ ਕਰਕੇ ਵਾਅਦੇ ਉਮਰਾਂ ਦੇ,
ਸਾਨੂੰ ਛੱਡ ਕੇ ਤੁਰਦੇ ਅੱਧ ਵਿਚਕਾਰ ਬਣੇ

ਮੇਰੇ ਘਰ ਦੇ ਦਰ ਹਮੇਸ਼ਾਂ ਖੁੱਲੇ ਨੇ,
ਮੁੜ ਆਵੀਂ ਜੇ ਤੇਰਾ ਕਦੇ ਵਿਚਾਰ ਬਣੇ

ਪੁਰੇਵਾਲ ਦੀ ਇਹੋ ਆਦਤ ਮਾੜੀ ,
ਵੈਰ ਭੁਲਾ ਕੇ ਦੁਸ਼ਮਣ ਦਾ ਵੀ ਯਾਰ ਬਣੇ


ਗੁਰਸ਼ਰਨ ਸਿੰਘ, ਬ੍ਰਿਸਬੇਨ, ਆਸਟਰੇਲੀਆ
 

ਦੀਵਾ

ਦੀਵਾ
ਗੁਰਸ਼ਰਨ ਸਿੰਘ, ਬ੍ਰਿਸਬੇਨ, ਆਸਟਰੇਲੀਆ

ਦੀਵਾ ਤੇਰੀ ਰਹਿਮਤ ਦਾ
ਬਲਦਾ ਹੈ ਨਿਸਦਿਨ
ਮੇਰੀ ਹਿੱਕ ਅੰਦਰ

ਲਾਟ ਯਾਦਾਂ ਦੀ
ਦੇਵੇ ਨਿੱਘ ਦਿਲ ਨੂੰ
ਬੱਦਲੀ ਬੀਤੇ ਦੀ ਵਰ੍ਹੇ ਜਦ
ਮੇਰੀ ਹਿੱਕ ਅੰਦਰ

ਪਵੇ ਧੂੰਆਂ ਤੇ ਡਿੱਗਣ ਹੰਝੂ
ਤੇਲ ਆਸਾਂ ਦਾ ਬਲੇ ਜਦ
ਮੇਰੀ ਹਿੱਕ ਅੰਦਰ

ਆਵੇ ਬੁੱਲਾ ਹਉਕਿਆਂ ਦਾ
ਕੰਬ ਜਾਂਦੀ ਹੈ ਲਾਟ
ਪੈਂਦਾ ਹੈ ਸਾੜ
ਮੇਰੀ ਹਿੱਕ ਅੰਦਰ

ਬੱਤੀ ਜ਼ਿੰਦਗੀ ਦੀ
ਜਾਵੇ ਮੁੱਕਦੀ ਤਿਲ਼ ਤਿਲ਼
ਉੱਠੇ ਲਹਿਰ ਖੁਸ਼ੀ ਦੀ
ਮੇਰੀ ਹਿੱਕ ਅੰਦਰ


ਸੱਤ ਕਵਿਤਾਵਾਂ
ਰਵਿੰਦਰ ਰਵੀ:

1. ਮਾਂ ਦਾ ਇਕ ਸਿਰਨਾਵਾਂ

ਅੱਕ ਕੱਕੜੀ ਦੇ ਫੰਬੇ ਖਿੰਡੇ,
ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ ‘ਚ ਉੱਡੇ, ਭਟਕੇ –
ਦੇਸ਼, ਦੀਪ, ਦਿਸ਼ਾਵਾਂ!

ਬਾਹਰੋਂ ਅੰਦਰ, ਅੰਦਰੋਂ ਬਾਹਰ –
ਭਟਕੇ ਚਾਨਣ, ਚਾਨਣ ਦਾ ਪਰਛਾਵਾਂ!

ਮਾਂ-ਬੋਲੀ ‘ਚੋਂ ਮਮਤਾ ਢੂੰਡਣ,
ਤੜਪ ਰਹੇ ਬਿਨ ਮਾਵਾਂ!

ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,
ਅੱਜ ਜੜ੍ਹ ਦਾ ਸਿਰਨਾਵਾਂ!

ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,
ਲੱਥੇ ਵਿਚ ਖਲਾਵਾਂ!

ਮਾਂ-ਭੋਂ ਬਾਝੋਂ, ਕਿੱਥੇ ਪੱਲ੍ਹਰਣ?
ਸਭ ਬੇਗਾਨੀਆਂ ਥਾਵਾਂ!
ਮੋਹ-ਮਾਇਆ ਦੇ ਕਈ ਸਿਰਨਾਵੇਂ,
ਮਾਂ ਦਾ ਇਕ ਸਿਰਨਾਵਾਂ!!

2. ਸ਼ੀਸ਼ੇ ਦੀ ਭਾਸ਼ਾ

ਸ਼ੀਸ਼ੇ ਦੀ ਭਾਸ਼ਾ: ਅਕਸ,
ਅਕਸ ਦਾ ਸੋਮਾਂ: ਬੁੱਤ!
ਆਪਣੇ ਹੀ ਅੰਦਰ ਬੁੱਤ -
ਤਣਾਅ ਪ੍ਰਤਿ-ਤਣਾਅ ਵਿਚ -
ਟੁੱਟ ਗਿਆ...........
‘ਨ੍ਹੇਰੀ ਆਈ, ਰੇਤ ਵਾਂਗ,
ਬਿਖਰ ਗਿਆ.........

ਆਪਣੇ ਹੀ ਟੁਕੜੇ
ਇਕੱਠੇ ਕਰਨ ਦੇ
ਯਤਨ ਵਿਚ ਬੁੱਤ,
ਸ਼ੀਸ਼ੇ ਵਲ ਪਰਤਿਆ

ਏਨਾ ਕੁਝ ਬਦਲ ਗਿਆ!

ਪਰ..............
ਅਕਸ ਨਹੀਂ ਬਦਲਿਆ!!

3. ਐਕਸ-ਰੇ: ਇਕ ਐਬਸਰਡ ਮਨੋਸਥਿਤੀ

ਅੱਖਰ ਲਿਖ ਲਿਖ ਸ਼ਬਦ ਬਣਾਏ,
ਲੀਕਾਂ ਪਾ ਪਾ ਅਰਥ ਮਿਟਾਏ!
ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,
ਉਹੀਓ ਮੇਰਾ ਮੁੱਖ ਝੁਠਲਾਏ!

ਜ਼ਿੰਦਗੀ ਧਰਤ ਦਰਾੜਾਂ ਪਾਟੀ,
ਵਿੱਚ ਦਰਾੜਾਂ, ਅਗਨੀ, ਥਲ;
ਮੈਂ ਡਿੱਗਾਂ, ਤਾਂ ਭਾਫ ਬਣਾਂ,
ਬੀ ਡਿੱਗੇ, ਤਾਂ ਸੁਆਹ ਹੋ ਜਾਏ!

ਕੋਰਾ ਕਾਗ਼ਜ਼, ਤੇਜ਼ ਉਸਤਰਾ,
ਵਾਲ, ਵਾਲ ਦੀ ਵਿੱਥ ‘ਤੇ ਲੀਕਾਂ;
ਦੇਹ ‘ਚੋਂ ਛਣਕੇ ਅਲਫ ਚਾਨਣੀ,
ਹਉਂ ਦਾ ਆਰ ਪਾਰ ਦਿਖਲਾਏ!

ਲਹੂ ਮਾਸ ਵਿਚ ਪਿੰਜਰ ਝੂਲੇ,
ਅੱਖਵਾਨੇ ਵਿਚ1 ਅੰਨ੍ਹਾਂ ਯੁੱਗ –
ਜ਼ਿਹਨੋਂ ਸੱਖਣੀਂ ਖੋਪਰੀ ਹੇਠਾਂ,
ਕਿੰਜ ਅਹੋਂਦਾ2 ਮੌਸਮ ਆਏ!

ਭੁਰਦੇ ਪੱਤਰ, ਟੁੱਟਣ ਟਾਹਣਾਂ,
ਚੁੱਭਣ ਸੂਈਆਂ, ਖਿੰਡਣ ਸੋਚਾਂ –
ਆਪੇ ਵਿਚ ਇਕੱਲੀ ਜਿੰਦ ਨੇ,
ਦਿਲ ਨੂੰ ਪਿਆਸੇ ਹੋਠ ਛੁਆਏ!

ਸ਼ੱਭੋ ਰੰਗ ਅਜਨਬੀ ਜਾਪਣ,
ਗਣਿਤ, ਸਾਇੰਸ, ਦਰਸ਼ਨ3 ਦੇ ਸੂਤਰ4 -
ਲੱਕੜ ਜਦੋਂ ਸੁਆਹ ਹੁੰਦੀ ਹੈ,
ਭਾਂਬੜ ਦੀ ਛਾਂ ਹੱਥ ਨਾਂ ਆਏ!

ਆਪਣੇ ਆਪ ਤੋਂ ਖਿਝ ਮੈਂ ਆਪਣੇ,
ਅੰਦਰ ਵਲ ਜਾਂ ਹੱਥ ਵਧਾਏ;
ਮਹਾਂ-‘ਨ੍ਹੇਰ ਵਿਚ ਗੁੰਮ ਚੁੱਕੇ ਸਨ,
ਰੌਸ਼ਨੀਆਂ ਤੇ ਕਾਲੇ ਸਾਏ!

ਅੱਖਰ ਲਿਖ ਲਿਖ ਸ਼ਬਦ ਬਣਾਏ,
ਲੀਕਾਂ ਪਾ ਪਾ ਅਰਥ ਮਿਟਾਏ!
ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,
ਉਹੀਓ ਮੇਰਾ ਮੁੱਖ ਝੁਠਲਾਏ!

1. ਅੱਖਵਾਨੇ ਵਿਚ  2. ਅਹੋਂਦਾ – ਬਿਨਾਂ ਹੋਂਦ ਤੋਂ
3. ਦਰਸ਼ਨ – ਫਲਸਫਾ 4. ਸੂਤਰ – ਫਾਰਮੂਲਾ


4. ਮਿੰਨੀ ਕਵਿਤਾਵਾਂ
1.
ਜਦੋਂ ਕੁਰਸੀ ‘ਤੇ ਬੈਠਣ ਵਾਲਾ ਚਲੇ ਗਿਆ,
ਤਾਂ ਕੁਰਸੀ ਮੇਜ਼ ਤੋਂ ਨੀਵੀਂ ਹੋ ਗਈ!
2.
ਖੋਤੇ ਕੋਲ ਇੱਕੋ ਸਵਾਲ ਸੀ, ਮਨੁੱਖ ਕੋਲ ਇੱਕੋ ਜਵਾਬ,
ਮਨੁੱਖ ਖੋਤੇ ਵਲ ਤੱਕਦਾ ਰਿਹਾ ਤੇ ਖੋਤਾ ਮਨੁੱਖ ਵਲ!
3.
ਉਸ ਨੇ ਤਿੰਨ ਵਾਰ ਗਊ ਨੂੰ, “ਗਊ” ਕਿਹਾ,
ਗਊ ਨੇ ਸੁਣਿਆਂ, ਤੱਕਿਆ ਪਰ “ਆਦਮੀਂ” ਨਾ ਕਿਹਾ!
4.
ਜਦੋਂ ਸੜਕ ਪਾਟ ਜਾਏ ਉੱਬਲਦੀ ਝੀਲ ਵਿਚਕਾਰ,
ਤਾਂ ਉਡਾਰੀ ਮਾਰਨ ਵਾਲੇ ‘ਤੇ ਅਸਮਾਨ ਢਹਿ ਪੈਂਦਾ ਹੈ!
5.
ਫੁੱਲਾਂ ‘ਚ ਹੱਸਣ ਵਾਲੇ ਸ਼ਬਨਮ ਕਿਉਂ ਬਣਦੇ ਹਨ?
6.
ਜਦੋਂ ਪਾਲਤੂ ਨੂੰ ਪੈਰ ਚੱਟਣ ਲਈ ਕਿਹਾ, ਤਾਂ ਉਸ ਨੇ ਪੂਛ ਹਿਲਾਈ!
ਜਦੋਂ ਉਸਨੂੰ ਪੂਛ ਹਿਲਾਉਣ ਲਈ ਕਿਹਾ, ਤਾਂ ਉਸਨੇ ਪੈਰ ਚੱਟੇ!
ਸ਼ਰਕਾਰ ਪਾਲਤੂ ਨੂੰ ਪਾਲਤੂ ਰੱਖਣ ਲਈ, ਵਿਧਾਨ ‘ਚ ਸ਼ੰਸ਼ੋਧਨ ਕਰ ਰਹੀ ਹੈ!

7.
ਜਦੋਂ ਥਲ ਨੇ ਸਮੁੰਦਰ ਦੀ ਭਾਸ਼ਾ ਸਿੱਖੀ,
ਤਾਂ ਉਸ ਦੇ ਨਿੱਕੇ ਨਿੱਕੇ ਸਗਲੇ ਸੂਰਜ ਬੁਝ ਗਏ!
8.
ਸਮਾਂ ਗਲੋਬ ਨੂੰ ਘੁਮਾਉਂਦਾ ਰਿਹਾ ਤੇ ਗਲੋਬ ਮਨੁੱਖ ਨੂੰ,
ਜੋ ਤੁਰੇ ਸਨ, ਉਹ ਕਿਤੇ ਪਹੁੰਚੇ ਨਹੀਂ,
ਜੋ ਖੜ੍ਹੇ ਰਹੇ, ਉਹ ਪਹੁੰਚ ਗਏ!

5. ਸ਼ੋਰ

ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!

ਦੁਨੀਆਂ ਆਉਂਦੀ ਹੈ,
ਮੇਰੇ ‘ਚੋਂ ਰੋਜ਼ ਲੰਘਦੀ ਹੈ,
ਇਕ ਭੀੜ ਜਿਹੀ –
ਐਟਮ ਤੋਂ ਐਟਮ-ਧੂੜ ਤਕ,
ਫੈਲਦੀ, ਫਟਦੀ, ਬਿਖਰ ਜਾਂਦੀ!

ਨਹੀਂ,
ਨਹੀਂ ਮਿਲਦਾ,
ਸਬੂਤਾ ਆਪ ਨਹੀਂ ਮਿਲਦਾ!

ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!!!

6. ਖਾਲੀ ਪਿਆਲਾ

ਰਾਤ ਭਰ ਬੈਠੇ ਰਹੇ,
ਮਿੱਤਰ-ਕੁੜੀਆਂ, ਮਿੱਤਰ-ਮੁੰਡੇ,
ਹੱਥੋ ਹੱਥੀਂ ਜਾਮ ਤੁਰੇ!

ਜਿਤਨੀ ਵਿਸਕੀ,
ਜਿਤਨੀ ਵਿਹੁ ਸੀ, ਮੇਰੇ ਹਿੱਸੇ,
ਅੱਖ-ਫੋਰੇ ਵਿਚ ਡੀਕ ਗਿਆ!

ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!

ਫਿਰ ਗੱਲਾਂ ਤੁਰੀਆਂ,
ਕੁੜੀਆਂ ਵਰਗੀਆਂ ਗੱਲਾਂ,
ਜ਼ੁਲਫਾਂ ਵਰਗੀਆਂ ਛੱਲਾਂ!
ਸ਼ਹਿਜ-ਗਤੀ ‘ਤੇ ਇਕ ਦੂਜੇ ਵਿਚ
ਉਲਝੀਆਂ ਨਜ਼ਰਾਂ!

ਮੈਂ ਵਿਸਰਾਮ ਜਿਹਾ ਸਾਂ,
ਹੂੰ, ਹਾਂ ਕਰਦਾ –
ਵਕਫੇ, ਪ੍ਰਸ਼ਨ,
ਵਿਸਮਿਕ-ਚਿੰਨ੍ਹ ਭਰਦਾ!

ਸਭ ਦੀਆਂ ਨਜ਼ਰਾਂ,
ਕਦੇ, ਕਦੇ, ਮੇਰੇ ‘ਤੇ ਪਈਆਂ:
ਸਰਚ-ਲਾਈਟ ਤੇ ਘੁੱਪ ਅਨ੍ਹੇਰਾ –
ਚੋਰ ਜਿਹਾ ਮਨ,
ਸਹਿਮ ਜਿਹੇ ਵਿਚ,
ਆਪਣੇ ਅੰਦਰ ਦੁਬਕ ਗਿਆ!

ਮਿੱਤਰ ਸਮਝੇ,
ਹੁਣ ਇਸਦਾ ਦਿਲ ਬਹਿਲ ਗਿਆ....
....ਤੇ ਫਿਰ....
ਸਿਗਰਟ ਦਾ ਧੂੰਆਂ, ਆਪਮੁਹਾਰਾ
ਛੱਲਿਆਂ ਦੇ ਵਿਚ ਖੁੱਲ੍ਹ ਪਿਆ!

ਮੌਨ ਜਿਹਾ ਇਕ,
ਜੀਭ ਮੇਰੀ ‘ਤੇ ਡੁੱਲ੍ਹ ਗਿਆ;
ਅਣ-ਸੁਲਗੇ ਸਿਗਰਟ ਦੀ ਨਿਆਈਂ,

ਗੁੰਮ ਸੁੰਮ ਠੰਡਾ,
ਬੁੱਲ੍ਹਾਂ ‘ਤੇ ਮੈਂ ਪਿਆ ਰਿਹਾ!

ਕੰਨਾਂ ‘ਤੇ ਬੋਲਾਂ ਦੀ ਦਸਤਕ,
ਨਜ਼ਰਾਂ ਨੂੰ ਨਜ਼ਰਾਂ ਦਾ ਨਿਉਂਦਾ,
ਅੰਗਾਂ ਨੂੰ ਅੰਗਾਂ ਦੀ ਲੋਚਾ,
ਵੱਖੀ ਚੂੰਢੀ, ਬਗਲੀਂ ਹਾਸਾ –

ਜੋ ਕੱਲਾ,
ਉਹ ਕੱਲਾ ਨੱਚੇ,
ਪਰ ਨਾ ਦੱਸੇ –

ਜੋ ਪਿਆਸਾ,
ਉਹ ਪਿਆਸ ਨੂੰ ਤੱਕੇ -

ਮਹਿਫਲ ਦਾ ਦਸਤੂਰ ਹੀ ਸੀ ਕੁਝ ਇੰਜ ਬਣਿਆਂ!

ਓਸ ਕੁੜੀ ਦੀ ਗੱਲ ਜਦ ਚੱਲੀ,
ਮੈਂ ਖੁਰਿਆ ਤੇ ਮੈਂ ਕੁਝ ਭੁਰਿਆ!

ਜਸ਼ਨ ਅਤੇ ਇਹ,
ਯਾਰਾਂ ਦੀ ਹਮਦਰਦੀ,
ਮੈਨੂੰ ਮਿਹਣਾਂ ਜਾਪੇ!

ਮਨੋਰੰਜਨ ਦੀ ਏਸ ਸਿਖਰ ‘ਤੇ,
ਅੱਜ ਮੈਂ ਘੁੱਟ ਜ਼ਹਿਰ ਦਾ ਭਰਿਆ!

ਮਿੱਤਰਾਂ ਵਿਚ ਸਰੂਰ ਆਖਿਆ,
ਸ਼ੁਕਰ ਕਿ ਇਸ ਨੂੰ ਕੁਝ ਤਾਂ ਚੜ੍ਹਿਆ!

ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!

7. ਨਵਾਂ ਵਰ੍ਹਾ: ਲਾ-ਪਤਾ

ਕੰਨ ਖੜ੍ਹੇ ਹੋ ਜਾਂਦੇ ਹਨ
ਤੀਬਰ ਅਹਿਸਾਸ ਹੇਠ
ਨੀਝ ਲਾਇਆਂ ਵੀ ਕੋਈ ਚਿਹਰਾ
ਵਿਖਾਈ ਨਹੀਂ ਦਿੰਦਾ
ਆਵਾਜ਼ ਨਹੀਂ ਸੁਣਦੀ

ਵਰ੍ਹਿਆਂ ਦੀ ਧੂੜ ਹੇਠ
ਮੰਤਵ, ਦਿਸ਼ਾ, ਅਰਥ, ਸਭ
ਦਬ ਜਾਂਦੇ ਹਨ
ਸਮੇਂ ਤੇ ਸਫਰ ਦੀਆਂ ਖਿੱਚਾਂ ਵਿੱਚ
ਚਿਹਰਾ ਤੇ ਨਕਸ਼
ਝੁਰੜੀ, ਝੁਰੜੀ ਹੋਏ
ਫਟ ਜਾਂਦੇ ਹਨ

ਇਕ ਖਲਾਅ ਜਿਹੀ ਵਿਚ
ਮੇਰਾ ਅੰਧਲਾਪਨ
ਆਪਣੇ ਆਪ ਦੇ ਨਾਲ
ਟੱਕਰਾਂ ਮਾਰਦਾ, ਵੇਖਦਾ ਹੈ:
ਪਹਾੜ ਡਿੱਗ ਪਿਆ ਹੈ
ਦਰਿਆ ਰੁੱਕ ਗਿਆ ਹੈ
ਸਾਗਰ ਸੁੱਕ ਗਿਆ ਹੈ
ਅੰਬਰ ਝੁੱਕ ਗਿਆ ਹੈ

ਏਸ ਵਰੇਸੇ ਹੀ ਕਈ ਵਾਰ
ਯਾਦ ਕੀਤਿਆਂ ਵੀ
ਆਪਣਾ ਨਾਮ,
ਪਤਾ ਤੇ ਫੋਨ ਨੰਬਰ
ਯਾਦ ਨਹੀਂ ਆਉਂਦੇ

ਛਿਣ ਦੀ ਛਿਣ, ਬੰਦਾ
ਤੇ ਉਸਦਾ
ਹਰ ਨਵਾਂ ਵਰ੍ਹਾ,
ਹਵਾ ਵਿੱਚ ਹਵਾ ਹੋ ਜਾਂਦਾ ਹੈ!
ਆਪਣੇ ਆਪ ਅੰਦਰ,
ਲਾ-ਪਤਾ ਹੋ,
ਖੜੋ ਜਾਂਦਾ ਹੈ!


ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ

ਇਕੋ ਘਰ ਦੇ ਜੀਅ ਹਨ ਸਾਰੇ, ਪਰ ਸੋਚਾਂ ਦੇ ਵੰਡੇ ਹੋਏ।
ਕੁਝ ਫੁੱਲਾਂ ਦੀ ਜੂਨੇ ਪੈ ਗਏ,ਕੁਝ ਰਾਹਾਂ ਦੇ ਕੰਡੇ ਹੋਏ।

ਦੁਨੀਆ ਦੀ ਹਰ ਮਿੱਠੜੀ ਗੱਲ ਵੀ ਉਹਨਾਂ ਦੇ ਲਈ ਕੌੜੀ ਏ,
ਜਿਨਾਂ ਮਨਾਂ ਨੇ ਸੋਚ ਦੇ ਖੁਰਪੇ ਨਫਰਤ ਦੇ ਨਾਲ ਚੰਡੇ ਹੋਏ।

ਸਿਖਰ ਦੁਪਹਿਰੇ ਜਿਹੜੇ ਸੂਰਜ ਧੁੱਪ ਤਿਖੇਰੀ ਵੰਡਦੇ ਸੀ,
ਸ਼ਾਮ ਪਈ ਤੇ ਉਹੀਓ ਸੂਰਜ ਨ੍ਹੇਰੇ ਦੇ ਵਿਚ ਠੰਡੇ ਹੋਏ।

ਜੀਵਣ ਇਕ ਕਿਤਾਬ ਹੈ ਜਿਸਨੂੰ ਪੜਦੇ-ਪੜਦੇ ਤੁਰ ਜਾਣਾ ਹੈ,
ਤਾਂਹੀਓ ਧੋਖਾ ਖਾ ਜਾਂਦੇ ਕਈ ਜੀਵਣ ਦੇ ਵਿਚ ਹੰਡੇ ਹੋਏ।

ਸਾਵਣ ਆਵਣ ਬੱਦਲ ਵਰਸਣ ਮਨ ਦੀ ਧਰਤੀ ਪਿਆਸੀ ਰਹਿੰਦੀ,
ਬਹੁਤੀ ਦੇਰ ਨਹੀਂ ਚਲਦੇ ਰਿਸ਼ਤੇ ਮਤਲਬ ਦੇ ਨਾਲ ਗੰਡੇ ਹੋਏ।

ਵਕਤ ਦੀ ਭੱਠੀ ਦੇ ਵਿਚ ਪੈ ਕੇ ਕੀ-ਕੀ ਬਣਿਆ ਹੈ ਇਸ ਦਾ,
ਕੁਝ ਇਸ ਦੇ ਔਜ਼ਾਰ ਬਣ ਗਏ ਕੁਝ ਤਲਵਾਰਾਂ ਖੰਡੇ ਹੋਏ।

ਗ਼ਜ਼ਲ
ਰਾਜਿੰਦਰ ਜਿੰਦ, ਨਿਊਯਾਰਕ

ਦੋਸਤੀ ਦੇ ਇਹ ਵਿਖਾਲੇ ਰਹਿਣ ਦੇ।
ਜ਼ਿੰਦਗੀ ਨੂੰ ਸੱਚ ਦੇ ਨਾਲ ਖਹਿਣ ਦੇ।
ਤੇਰੇ ਘਰ ਨੂੰ ਠੇਸ ਨਾ ਕੋਈ ਲਾ ਦਵੇ,
ਢਹਿਣ ਦੇ ਮੇਰੇ ਦਵਾਰੇ ਢਹਿਣ ਦੇ।
ਚੁੱਕ ਕੇ ਇਲਜ਼ਾਮ ਸ਼ਾਇਦ ਤੁਰ ਸਕਾਂ,
ਫਿਰ ਰਕੀਬਾਂ ਨੂੰ ਕੋਈ ਗੱਲ ਕਹਿਣ ਦੇ।
ਬਹੁਤ ਵਾਰੀ ਉਸ ਹੱਥੋਂ ਮਰ ਗਿਆ,
ਅੱਜ ਮੈਨੂੰ ਓਸ ਦੇ ਗਲ ਪੈਣ ਦੇ।
ਫੁੱਲ ਹੋ ਕੇ ਕਿਉਂ ਅਸਾਂ ਨੂੰ ਘੂਰਦੈਂ,
ਬਹਿਣ ਦੇ ਸਾਨੂੰ ਵੀ ਨੇੜੇ ਬਹਿਣ ਦੇ।
ਮੈਂ ਤਾਂ ਮਿੱਠਾ ਜਲ ਹੀ ਜੜ੍ਹ ‘ਤੇ ਪਾਇਆ ਸੀ,
ਕੌੜੇ ਫੁੱਲ ਕਿਉਂ ਹੋ ਗਏ ਹਰ ਟਹਿਣ ਦੇ।
ਜੇਸ ਘਰ ਦੀਆਂ ਕੰਧਾਂ ਦੇ ਵਿਚ ਲਾਲ ਚਿਣੇ,
ਉਸ ਘਰ ਦੀਆਂ ਕੰਧਾਂ ‘ਤੇ ਮੀਂਹ ਪੈਣ ਦੇ।
ਕਾਹਤੋਂ ਵਲ ਛਲ ਕਰਦੈਂ ਹੱਟੀ ਵਾਲੜਿਆ,
ਰਹਿਣ ਦੇ ਮੋਮੀ ਲਫਾਫਾ ਰਹਿਣ ਦੇ।


 

ਸਮੇਂ ਦੀ ਅੱਖ

 

 

ਗ਼ਜ਼ਲ
ਸਮੇਂ ਦੀ ਅੱਖ
ਹਰਦਮ ਸਿੰਘ ਮਾਨ

ਰੜਕ ਪੈਂਦੀ ਰਹਿੰਦੀ ਅਕਸਰ ਇਸ ਸਮੇਂ ਦੀ ਅੱਖ ਵਿਚ।
ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ
ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ
ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ
ਗ਼ੈਰ ਵੀ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ
ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'
ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।


ਰਵਿੰਦਰ ਰਵੀ
 

 

 

60ਵਿਆਂ ਦੇ ਝਰੋਖੇ ‘ਚੋਂ: 7 ਕਵਿਤਾਵਾਂ
ਰਵਿੰਦਰ ਰਵੀ

1. ਸਿਰਜਣ ਅਤੇ ਸਰਾਪ

ਮੇਰੀ ਨਫਰਤ ਨਿਖੇੜੋ ਨਾ,
ਮੇਰੀ ਨਫਰਤ ‘ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!

ਹਰ ਇਕ ਯੁੱਗ ਵਿਚ ਕਿਸੇ ਆਦਮ ਦੇ ਅੰਦਰ ਦੀ ਹੱਵਾ ਜਾਗੀ,
ਹਰ ਇਕ ਯੁੱਗ ਵਿਚ ਹੱਵਾ ਅੰਦਰ, ਕੋਈ ਆਦਮ ਉਦੈ ਹੋਇਆ!

ਸਰਾਪੀ ਸਿਰਜਣਾ ਦਾ ਵਰ ਪ੍ਰਾਪਤ ਹੋਂਦ ਮੇਰੀ ਨੂੰ,
ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲਦਾ ਫਿਰਦਾਂ,
ਗੁਨਾਹ ਕਹਿਕੇ ਜੇ ਨਿੰਦਣਾ, ਨਿੰਦ ਲਵੋ ਇਹ ਅਮਲ ਕਰਤਾਰੀ –
ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!

ਮੇਰੇ ਜੀਵਨ ਦੇ ਮੰਥਨ ‘ਚੋਂ ਹੈ ਅੰਮ੍ਰਿਤ ਜਦ ਕਦੇ ਮਿਲਿਆ,
ਮੇਰੇ ਅੰਦਰ ਦੇ ਰਾਖਸ਼ਿਸ਼ ਨੇ ਚੁਰਾ ਕੇ ਸਭ ਦੀਆਂ ਨਜ਼ਰਾਂ,
ਅਸੁਰ3 ਦੀ ਅਉਧ-ਰੇਖਾ ਖਿੱਚ ਕੇ ਸੁਰ ਜੇਡੀ ਬਣਾ ਦਿੱਤੀ!
ਮੇਰੇ ਅੰਦਰ ਦੇ ਸ਼ਿਵ ਜੀ ਦਾ ਅਜੇ ਵੀ ਕੰਠ ਨੀਲਾ ਹੈ!

ਮਿੱਤ-ਮੁਖੇ ਦੁਸ਼ਮਣ,
ਅਸੰਗ, ਸੰਗੀ
ਅਤੇ ਦੁਸ਼ਮਣ-ਮੁਖੇ ਮਿੱਤਰ –
ਚੁਫੇਰੇ ਦੇ ਅਨ੍ਹੇਰੇ ਚਾਨਣੇ ਅੰਦਰ,
ਉਮਰ ਦਾ ਜ਼ਹਿਰ ਪਈ ਚੂਸੇ ਮੇਰੇ ਅੰਦਰ ਦੀ ਵਿਸ਼-ਕੰਨਿਆਂ5.!

ਧਰਮ ਹੈ ਜ਼ਹਿਰ ਦਾ ਆਪਣਾ,
ਧਰਮ ਅੰਮ੍ਰਿਤ ਦਾ ਵੀ ਆਪਣਾ!
ਕੰਵਲ ਨਿਰਲੇਪ ਦੀ ਜੜ੍ਹ ਵੀ ਹੈ ਧੁਰ ਚਿੱਕੜ ਦੇ ਵਿਚ ਰਹਿੰਦੀ!

ਮੇਰੇ ਫੁੱਲ ਦੀ ਮਹਿਕ ਵੀ ਓਸ ਟਹਿਣੀਂ ਤੋਂ ਪ੍ਰਾਪਤ ਹੈ,
ਧਰਮ ਇਸ ਸੂਲ ਮੇਰੀ ਦਾ ਜਿਹੜੀ ਟਹਿਣੀ ‘ਤੇ ਪਲਿਆ ਹੈ!

ਮੇਰੀ ਨਫਰਤ ਨਿਖੇੜੋ ਨਾ,
ਮੇਰੀ ਨਫਰਤ ‘ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!!!

2. ਅਕੱਥ ਕਥਾ

ਸਿਰਜੇ ਜੀ! ਕੋਈ ਸਿਰਜੇ ਕਿਵੇਂ ਖਾਮੋਸ਼ੀ?
ਪਕੜੇ ਜੀ! ਕੋਈ ਪਕੜੇ ਕੀਕੂੰ
ਸ਼ਬਦਾਂ ਦੇ ਵਿਚ ਭਾਵਾਂ ਦੀ ਬੇਹੋਸ਼ੀ?

ਪਾਰੇ ਵਾਂਗ ਡਲ੍ਹਕਦਾ ਛਿਣ, ਛਿਣ,
ਅੱਖੀਆਂ ਨੂੰ ਚੁੰਧਿਆਵੇ!
ਬੇ-ਆਵਾਜ਼, ਆਵਾਜ਼ ‘ਚ ਛਿਣ, ਛਿਣ,
ਫੁੱਲ ਵਾਂਗੂੰ ਖਿੜ ਜਾਵੇ!
ਪਕੜੇ ਜੀ! ਕੋਈ ਪਕੜੇ ਕੀਕੂੰ
ਮਹਿਕਾਂ ਦੀ ਸਰਗੋਸ਼ੀ?

ਸ਼ਬਦਾਂ ਦੇ ਦਰ ਸੌੜੇ ਹਨ ਤੇ
ਕੱਦ ਅਰਥਾਂ ਦੇ ਉੱਚੇ!
ਬਹੁ-ਦਿਸ਼ਾਵੀ ਚੇਤੰਨ ਅਨੁਭਵ,
ਕਵਣ ਸੁ ਦਰ, ਜਿਤ ਢੁੱਕੇ?
ਸ਼ਬਦਾਂ ਬਾਝੋਂ ਅਰਥ, ਬੇ-ਅਰਥੇ,
ਮਰਦੇ ਵਿਚ ਨਮੋਸ਼ੀ!

ਕੰਜਕ ਅਉਧ ਤੇ ਨਿਰਛੁਹ ਕਾਇਆ,
ਭਾਵ ਮੇਰੇ ਗਰਭਾਏ!
ਭਰ ਸਰਵਰ ‘ਚੋਂ ਸੂਰਜ ਦਾ ਨਾਂ
ਸ਼ੇਕ ਪਕੜਿਆ ਜਾਏ!
ਪਰ-ਖਿਆਲਾਂ ਦੇ ਸਵੈ-ਵਿਚਰਨ ਵਿਚ
ਕਾਮ ਜਿਹੀ ਮਦਹੋਸ਼ੀ!

ਸੂਈਆਂ ਇਕ ਗੇੜੇ ਵਿਚ ਬੱਝੀਆਂ,
ਸਮੇਂ ਨੂੰ ਅੰਕੀ ਜਾਵਣ!
ਪਰ ਨਿਰ-ਅੰਕ ਸਮੇਂ ਦੀਆਂ ਰਮਜ਼ਾਂ,
ਸੂਈਆ ‘ਚੋਂ ਲੰਘ ਜਾਵਣ!
ਇਸ ਤ੍ਰੈ-ਕਾਲੀ ਪਰਵਾਹ ਵਿਚ, ਇਕ
ਜਾਣੀ ਹੋਈ ਫਰਾਮੋਸ਼ੀ!

ਕਿਸ ਹਉਮੈਂ ਦੀ ਸਬਲ ਸਾਧਨਾਂ,
ਨਿਰਬਲ ਕਿਸੇ ਨੇ ਕੀਤੀ?
ਕਿਸ ਤ੍ਰਿਪਤੀ ਨੇ, ਰੁੱਤ-ਗੇੜ ਵਿਚ,
ਤ੍ਰਿਸ਼ਨਾਂ ਦੀ ਲੋਅ ਡੀਕੀ?
ਯੁੱਗਾਂ ਦੀ ਅਕੱਥ ਕਥਾ ਹੈ,
ਛਿਣ, ਛਿਣ ਦੀ ਖਾਮੋਸ਼ੀ!
ਕੋਈ ਸਿਰਜੇ ਕਿਵੇਂ ਖਾਮੋਸ਼ੀ???

3. ਮੌਨ ਹਾਦਸੇ

ਰੁੰਡ ਬਿਰਛਾਂ ਹੇਠ ਪੱਤੇ ਸਰਸਰਾਏ,
ਕਿਸ ਤਰ੍ਹਾਂ ਹਵਾ ਨੂੰ ਕੋਈ ਬੰਨ੍ਹ ਬਹਾਏ?
ਕੰਨ ਖਾਂਦੇ ਪੱਤਝੜੀ ਸੰਗੀਤ ਦੀ,
ਭੁਰ ਰਹੀ ਇਸ ਰੁੱਤ ਤੋਂ,
ਜਾਂ ਬਚਕੇ ਆਪਣੇ ਆਪ ਤੋਂ,
ਅੱਜ ਕੋਈ ਕਿੱਥੇ ਨੂੰ ਜਾਏ?

ਚਿਮਨੀਆਂ ਦੇ ਨਾਗ-ਵਲ ਖਾਂਦੇ ਹੋਏ ਧੂਏਂ ਤੋਂ ਦੂਰ:
ਇਹ ਨਿਪੱਤਰੇ ਰੁੱਖ,
ਲੁੰਞੀ ਛਾਂ,
ਉਦਾਸੀ ਧੁੱਪ –

ਖੁਸ਼ਕ ਛੱਪੜ ‘ਚ ਡੁੱਬਦੀ ਚੁੱਪ ਵਿਚ,
ਸਮੇਂ ਦਾ ਇਕ ਛਿਣ ਹੀ ਜਾਪੇ,
ਫੈਲ ਕੇ ਰੁਕਿਆ ਹੋਇਆ!
ਜ਼ਿਹਨ ‘ਤੇ ਪਰਬਤ ਖਲਾਅ ਦਾ,
ਤਣ ਕੇ ਅੱਜ ਝੁੱਕਿਆ ਹੋਇਆ!

ਸਹਿਕਰਮੀਆਂ1., ਸਹਿਧਰਮੀਆਂ2. ਦੀ ਥਿਰ ਗਤੀ,
ਗ਼ਮਜ਼ਦਾ ਹਿਰਦੇ ਤੇ ਉੱਜੜੇ ਨੈਣ ਨਕਸ਼,
ਹੋਠ ਸੁੰਨੇ, ਸੁੰਨ ਖਿਆਲ;
ਖੋਖਲੇ ਮੂੰਹਾਂ ਦੀ ਊਣੀ ਬੋਲ ਚਾਲ –
ਕੌਣ ਨਹੀਂ ਜੁ ਜਜ਼ਬਿਆਂ ਦੀ ਦੇ ਬਲੀ,
ਬਣ ਰਿਹਾ ਅੱਜ ਏਸ ਰੁੱਤ ਦਾ ਹੀ ਭਿਆਲ3.?

ਆਪਣੇ ਸਹਿਕਰਮੀਆਂ ਦੇ ਚਿਹਰਿਆਂ ਤੋਂ
ਇਸ ਤਰ੍ਹਾਂ ਲੱਗੇ ਜਿਵੇਂ ਇਕ ਦਿਨ ਹੀ,
ਆਪਣੇ ਆਪੇ ਨੂੰ ਹੈ ਦੁਹਰਾ ਰਿਹਾ!
ਇਕ ਦਿਨ ਦਾ ਇਹ ਸਫਰ ਹੀ ਬਾਰ, ਬਾਰ,
ਉਮਰ ਦੀ ਰੇਖਾ ਨੂੰ ਟੁਕ, ਟੁਕ ਖਾ ਰਿਹਾ
ਤੇ ਹਿਰਾਸੇ ਚਿਹਰਿਆਂ ‘ਤੇ,
ਭੈ ਵਿਚ ਤਣਿਆਂ ਹੋਇਆ
ਇਕ ਸਹਿਮ ਜਿਹਾ ਛਾ ਰਿਹਾ!

ਇਸ ਸਮੇਂ,
ਮਾਹੌਲ ਦੀ ਇਕਾਂਗਿਤਾ ‘ਚੋਂ ਨਿੰਮਦਾ,
ਮੌਨ ਉੱਤੇ ਮੌਨ ਧਾਰੀ, ਹਾਦਸੇ ‘ਤੇ ਹਾਦਸਾ –
ਅੰਦਰੇ ਅੰਦਰ ਹੀ ਜੀਵਨ ਨੂੰ ਜਿਵੇਂ,
ਰੋਗ ਧੀਮੀਂ ਮੌਤ4. ਦਾ ਹੈ ਲਾ ਰਿਹਾ!
ਏਸ ਰੁੱਤੇ –
ਹਰ ਦ੍ਰਿਸ਼ ਜਦ ਜਾਪਦਾ ਨਜ਼ਰਾਂ ਨੂੰ ਸੂਲ,
ਸ਼ੁਕਰ ਹੈ ਕਿ
ਐ ਮੇਰੀ ਸੱਜਣੀ ਤੂੰ ਮੈਥੋਂ ਦੂਰ ਹੈਂ!

1. ਸਹਿਕਰਮੀਆਂ  2. ਸਹਿਧਰਮੀਆਂ – ਹਮ-ਖਿਆਲ਼
3. ਭਿਆਲ - ਫੳਰਟਨੲਰ 4. ਧੀਮੀਂ ਮੌਤ

____

4. ਧੂੰਆਂ

ਹੋਂਦ1. ਆਪਣੀ ਨੂੰ ਮੈਂ ਸਮਝਣ
ਦਾ ਯਤਨ ਫਿਰ ਕਰ ਰਿਹਾ ਹਾਂ
ਫੇਰ ਧੂੰਆਂ ਫੜ ਰਿਹਾ ਹਾਂ!

ਪਿਛਲੀਆਂ ਪੈੜਾਂ,
ਤੁਰਦੇ ਪੈਰਾਂ,
ਆਉਣ-ਸਮੇਂ ਵਲ ਜਾਂਦੀਆਂ ਨਜ਼ਰਾਂ,
ਇਕ ਚੌਖਟ ਵਿਚ ਜੜ ਰਿਹਾ ਹਾਂ!

ਜੀਵਨ ਤੋਂ ਮੈਂ ਸੱਖਣਾਂ ਵੀ ਨਾਂ,
ਨਾਂ ਹੀ ਮੌਤ-ਵਿਹੂਣਾ ਜਾਪਾਂ,
ਕਿਸ ‘ਵਸਥਾ2. ਨੂੰ ਵਰ ਰਿਹਾ ਹਾਂ?

ਮਿੱਟੀਓਂ ਉੱਸਰੀ ਸਿਖਰ ਦੇ ਉੱਤੋਂ –

ਝਰਨਾਂ ਹਾਂ ਇਕ,
ਝਰ ਰਿਹਾ ਹਾਂ!

ਪਰਬਤ ਹਾਂ ਇਕ,
ਖਰ ਰਿਹਾ ਹਾਂ!

ਕੁਲ ਪ੍ਰਿਥਵੀ ਰੰਗ-ਭੂਮੀਂ ਮੇਰੀ,
ਹਵਾ ਵਾਂਗ ਸਾਹਾਂ ਦੀ ਕਿਰਿਆ,
ਅਣ, ਕਣ ‘ਤੇ ਮੈਂ ਧਰ ਰਿਹਾ ਹਾਂ!

ਉਮਰ ਦੀ ਪ੍ਰਕ੍ਰਿਤੀ ਨੂੰ ਸ਼ਾਇਦ,
ਸ਼ਬਨਮ ਦੀ ਹੋਣੀ ‘ਚੋਂ ਪਕੜਨ
ਦਾ ਯਤਨ ਵੀ ਕਰ ਰਿਹਾ ਹਾਂ!
ਫੇਰ ਧੂੰਆਂ ਫੜ ਰਿਹਾ ਹਾਂ!!!

1. ਹੋਂਦ – ਅਸਤਿਤਵ 2. ‘ਵਸਥਾ – ਅਵਸਥਾ, ਹਾਲਤ

----------------

5. ਪ੍ਰਕਰਮਾਂ

ਸੱਜਣਾਂ ਜੀ! ਅਸੀਂ ਫੇਰ ਤਿਹਾਏ!

ਹਰ ਪਲ ਬੀਤੇ, ਬੀਤ ਬੀਤ ਕੇ,
ਤੇਹ ਆਪਣੀ ਦੁਹਰਾਏ!
ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,
ਕੁਲ ਜ਼ਿੰਦਗੀ ਰੁਕ ਜਾਏ!
ਤੇਹ ਵਿਚ ਅਮਲ, ਅਮਲ ਵਿਚ ਤੇਹ ਹੈ,
ਤੇਹ ਤ੍ਰਿਪਤੀ ਭਰਮਾਏ!
ਸ਼ੱਜਣਾ ਜੀ! ਅਸੀਂ ਫੇਰ ਤਿਹਾਏ!

ਆਪਣੀ ਧੁਰੀ ਦੁਆਲੇ ਘੁੰਮ, ਘੁੰਮ,
ਪਵੇ ਨਾਂ ਧਰਤੀ ਮਾਂਦੀ!
ਬੀਤੇ ਰਾਹ ‘ਤੇ ਜਿਉਂ ਜਿਉਂ ਜ਼ਿੰਦਗੀ,
ਸੱਜਰੇ ਕਦਮ ਟਿਕਾਂਦੀ,
ਤਿਉਂ, ਤਿਉਂ ਆਪਣੀ ਪ੍ਰਕਰਮਾਂ ਦੇ,
ਅਰਥ ਵੀ ਬਦਲੀ ਜਾਏ!
ਸ਼ੱਜਣਾਂ ਜੀ ਅਸੀਂ ਫੇਰ ਤਿਹਾਏ!

ਦਿਹੁੰ ਰਾਤ ਦੋਏਂ ਕਰਮ ‘ਚ ਬੱਝੇ,
ਆਵਣ ਵਾਰੋ ਵਾਰੀ!

ਬਿਣਸ ਬਿਣਸ ਕੇ, ਵਿਗਸ, ਵਿਗਸ ਕੇ,
ਬਣਸਪਤਿ ਨਾਂ ਹਾਰੀ!
ਨਿਸਦਿਨ ਸੂਰਜ-ਰੇਖਾ ਭੋਂ ‘ਚੋਂ,
ਭੇਦ ਨਵਾਂ ਕੋਈ ਪਾਏ!
ਸੱਜਣਾ ਜੀ! ਅਸੀਂ ਫੇਰ ਤਿਹਾਏ!

ਇਸ ਬਿੰਦੂ ਤੋਂ ਦੋਵੇਂ ਰੇਖਾਂ,
ਜਿਉਂ ਜਿਉਂ ਵਧਦੀਆਂ ਪਈਆਂ!
ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ,
ਚੌੜੀਆਂ ਹੁੰਦੀਆਂ ਗਈਆਂ!
ਇਸ ਵਿਸ਼ਵਾਸ ਦੀਆਂ ਬਾਹਾਂ ਵਿਚ,
ਸੱਭੇ ਯੁੱਗ ਸਮਾਏ!
ਸ਼ੱਜਣਾ ਜੀ! ਅਸੀਂ ਫੇਰ ਤਿਹਾਏ!!!

6. ਤਸਵੀਰ

ਕਈ ਦਿਨ ਤੋਂ ਇਹ ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾਂ ਕੁਝ ਪੀਂਦੀ!
ਸ਼ੀਸ਼ੇ ਦੇ ਵਿਚ,
ਅਕਸ ਆਪਣਾ ਵੇਖ, ਵੇਖ ਕੇ,
ਸ਼ੀਸ਼ੇ ਉੱਤੇ ਠੂੰਗੇ ਮਾਰੇ!
ਅਣ-ਛਿੜੀਆਂ ਬਾਤਾਂ ਨੂੰ ਆਪੇ ਭਰੇ ਹੁੰਗਾਰੇ!

ਸ਼ੀਸ਼ਾ ਤਾਂ ਇਕ ਥਲ ਦੀ ਨਿਅਈਂ!
ਚਿੜੀ ਵਿਚਾਰੀ ਇਹ ਕੀ ਜਾਣੇ:

ਅਕਸ ਭਲਾ ਕੀ ਤੇਹ ਮੇਟਣਗੇ?
ਅਕਸ ਭਲਾ ਕੀ ਨਿੱਘ ਦੇਵਣਗੇ?

ਵਿੱਠਾਂ ਦੇ ਨਾਲ ਭਰਿਆ ਸ਼ੀਸ਼ਾ,
ਖੰਡਰਾਂ ਦੀ ਵਿਥਿਆ ਦਾ ਹਾਣੀ ਬਣਿਆਂ ਜਾਪੇ!

ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਠੂੰਗੇ ਮਾਰ, ਮਾਰ, ਵਿਚਾਰੀ,
ਅੱਧ-ਮੋਈ ਪਈ ਪਾਸੇ-ਪਰਨੇ!

ਖੁੱਲ੍ਹੀਆਂ ਅੱਖਾਂ ਰੂਪ ਪਛਾਣਨ!
ਚੁੰਜ ਨਾਲ ਚੁੰਜ ਪਰਸਦੀ ਪਈ ਹੈ!

ਮਨ ਦੀ ਹਾਲਤ ਅਜਬ ਜਿਹੀ ਹੈ!
ਸ਼ੀਸ਼ੇ ਕੋਲ ਮੇਰੀ ਪ੍ਰਿਤਮਾਂ ਦੀ,
ਇਕ ਤਾਜ਼ਾ ਤਸਵੀਰ ਪਈ ਹੈ!!!

-------------------------

7. ਅਗਰਬੱਤੀ

ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ!
ਮਹਿਕ ਚੰਦਨ ਦੀ,
ਜਿਵੇਂ ਹੈ ਆ ਰਹੀ!

ਸੋਚਦਾਂ, ਕੀ
ਏਸ ਕਮਰੇ ਵਿਚ ਹੈ ਇਸਦਾ ਵਜੂਦ?

ਧੁਖਣ ਹੈ ਜਜ਼ਬਾਤ ਦੀ ਤੇ
ਸੜਨ ਹੈ ਅਹਿਸਾਸ ਦੀ!

ਸ਼ੇਕ ਹੈ ਨਫਰਤ ਜਿਹੀ ਦਾ,
ਏਸ ਚੌਗਿਰਦੇ ਵਿਰੁੱਧ!
ਚਾਰ-ਦੀਵਾਰੀ ਵਿਰੁੱਧ!

ਸਿਸਕ ਰਹੇ ਜਜ਼ਬਾਤ ਇਸਦੇ,
ਵੈਣ ਜਿਹੇ, ਧੂੰਏਂ ਦੇ ਵਿਚ,
ਗੀਤ ਕਹਿ ਲਓ ਇਨ੍ਹਾਂ ਨੂੰ!!!

ਹੋਰ ਕੀ ਹੈ?

“ਬੁਝਣ ਤੋਂ ਚੰਗਾ ਹੈ ਧੁਖਣਾ”,
ਹਠ ਇਸ ਦਾ,
ਆਖ ਕੇ, ਧੁਖਦਾ ਪਿਆ ਹੈ!

ਆਖਿਆ ਸੀ, ਤੂੰ ਕਦੇ –
ਸ਼ੱਜਣੀ ਮੇਰੀ,
ਐ ਮੇਰੀ ਪ੍ਰੀਤਮਾਂ :
“ਹੈ ਜ਼ਿੰਦਗੀ ਚੰਦਨ ਦਾ ਰੁੱਖ!”

ਜਾਪਦਾ ਹੈ ਇਸ ਤਰ੍ਹਾਂ,
ਜਿਉਂ ਯਾਦ ਤੇਰੇ ਕਥਨ ਦੀ,
ਧੂੰਏਂ ‘ਚ ਘੁਲਦੀ ਜਾ ਰਹੀ!

ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ,
ਮਹਿਕ ਚੰਦਨ ਦੀ ਹੈ
ਤਾਂਈਓਂ ਆ ਰਹੀ!!!
 

ਰਵਿੰਦਰ ਰਵੀ
 

 

ਚਾਰ ਪ੍ਰਗੀਤਕ ਕਵਿਤਾਵਾਂ
ਰਵਿੰਦਰ ਰਵੀ

1. ਸੂਲੀ

ਅਸੀਂ ਤਾਂ ਆਪਣਾ ਦੀਪ ਜਗਾਇਆ!
ਸ਼ਬਦੀਂ, ਅਰਥੀਂ ਆਪ ਵਸਾਇਆ!

ਇਸ ਰੁੱਤੇ ਦੀਪਕ ਹੀ ਬਲਦਾ
ਹੋਰ ਕੋਈ ਵੀ ਨਾਲ ਨਾ ਚੱਲਦਾ
ਆਪੇ ਤੋਂ ਆਪੇ ਤਕ ਚੱਲਣਾ
ਸਫਰ ਅਸਾਡਾ ਦੂਣ ਸਵਾਇਆ!

ਪੈਰ ਪੁੱਟਾਂ, ਤਾਂ ਸੂਲੀਆਂ ਉੱਠਣ
ਨਜ਼ਰ ਚੁੱਕਾਂ, ਤਾਂ ਸੂਲੀਆਂ ਉੱਠਣ
ਹਰ ਸੂਲੀ ਮੇਰੇ ਰੰਗ ਰੰਗੀ
ਉਸ ਵਿਚ ਮੇਰਾ ਅਰਥ ਸਮਾਇਆ!

ਅਰਥ ਬਿਨਾਂ, ਸੂਲੀ ਇਕ ਲੱਕੜੀ
ਆਪਣੇ ਅੰਦਰ ਬਾਹਰ ਜੱਕੜੀ
ਤਨ ਵਿਚ ਕੈਦ ਨਹੀਂ ਰਹਿਣਾ ਹੁਣ
ਮਨ ਨੂੰ ਭਾਂਬੜ ਵਾਂਗ ਮਚਾਇਆ!

ਮਨ ਵਿਚ ਸੂਰਜ, ਮਨ ਵਿਚ ਸੂਲਾਂ
ਮਨ ਵਿਚ ਕਿੱਲਾਂ, ਮਨ ਵਿਚ ਕੂਲ੍ਹਾਂ
ਮਨ ਵਿਚ ਪਰਬਤ, ਸਾਗਰ, ਬੱਦਲ –
ਮਨ ਨੂੰ, ਮਨ ਤੋਂ ਪਰਾਂਹ ਪੁਚਾਇਆ!

ਅਸੀਂ ਤਾਂ ਆਪਣਾ ਦੀਪ ਜਗਾਇਆ!
ਸ਼ਬਦੀਂ, ਅਰਥੀਂ ਆਪ ਵਸਾਇਆ!

2. ਸੂਰਜ ਤੇਰਾ ਮੇਰਾ

ਉੱਚੀ ਸੋਚ ਨੂੰ ਉੱਚੇ ਬੋਲਾਂ
ਐਸੀ ਜਾਗ ਲਗਾਈ!
ਸ਼ੋਰ, ਅਰਥ ਦੋਨਾਂ ਵਿਚ ਠਣ ਗਈ,
ਧਾਰਨ ਸ਼ਬਦ ਇਕਾਈ!

ਸ਼ਬਦੋਂ ਪਹਿਲਾਂ ਅਰਥ ਸ਼ੋਰ ਸੀ
ਅਰਥੋਂ ਪਹਿਲ ਸੱਨਾਟਾ!
ਕੋਰੀ ਬੁੱਧ ‘ਤੇ, ਕੋਰੀ ਚੁੱਪ ਦਾ
ਅਣਦਿਸਵਾਂ ਇਕ ਕਾਟਾ!

ਸ਼ੋਰ ਦੀ ਭਾਸ਼ਾ ਵਿੱਚੋਂ ਲੰਘੇ
ਚੁੱਪ ਦੀ ਭਾਸ਼ਾ ਸਹਿ ਗਏ!
ਆਪਣੇ ਜੇਡੀ ਕੱਥਦੇ ਕੱਥਦੇ,
ਬ੍ਰਹਿਮੰਡ ਜੇਡੀ ਕਹਿ ਗਏ!

ਬ੍ਰਹਿਮੰਡ ਵਿਚ ਵਿਰੋਧੀ ਖਿੱਚਾਂ
ਸੂਰਜ ਡੁੱਬਣ, ਟੁੱਟਣ ਤਾਰੇ!
ਬ੍ਰਹਿਮੰਡ ਵਿਚ ਵੀ ਧੰਦ-ਧੂੰਆਂ ਹੈ
ਬ੍ਰਹਿਮੰਡ ਵਿਚ ਫਾਸਲੇ, ਪਾੜੇ!

ਮੇਰ ਤੇਰ ਵਿਚ ਉਲਝੇ ਸੂਰਜ,
ਸੂਰਜ ਦੀ ਰੁਸ਼ਨਾਈ!
ਹੱਦਾਂ ਅਤੇ ਦਰਾੜਾਂ ਦੇ ਵਿਚ
ਪਾਟੀ ਕੁਲ ਲੋਕਾਈ!

ਪੌਣਾਂ ਨੂੰ ਪਰਵਾਨ ਨਾ ਹੱਦਾਂ,
ਮਹਿਕ ਨਾ ਪਕੜੀ ਜਾਏ!
ਜਿਸਮੋਂ ਉੱਠਣ ਕਰਦਾ ਮਾਨਵ,
ਜਿਸਮੇਂ ਸਿਮਟ ਗਿਆ ਏ!

ਜਿਸਮਾਂ ‘ਤੇ ਵੀ ਰੰਗ ਬਿਰੰਗ ਹੈ
ਜਿਹਬਾ ਵੱਖਰੀ ਬਾਣੀ!
ਇੱਕੋ ਰੰਗ, ਰੂਪ ਹੈ ਇੱਕੋ,
ਧੁਰ ਕੀ ਹੈ ਨਿਰਬਾਣੀ!

ਜਿੰਨੀ ਸਮਝ, ਓਨਾ ਹੀ ਚਾਨਣ,
ਬਾਕੀ ਸਭ ਅਨ੍ਹੇਰਾ!
ਏਥੇ ਡੁੱਬ, ਏਥੋਂ ਹੀ ਚੜ੍ਹਦਾ,
ਸੂਰਜ ਤੇਰਾ ਮੇਰਾ!

3. ਦੀਪਕ

ਇਸ ਦੀਪਕ ਦੀ ਬਾਤ
ਮਿੱਟੀ ਤੋਂ ਵੱਡੀ ਹੈ!
ਅੱਜ ਫਿਰ ਮੈਨੂੰ
ਸ਼ੂਰਜ ਦੀ ਤੇਹ ਲੱਗੀ ਹੈ!

ਮਿੱਟੀ ਮਿੱਟੀ ਅੰਦਰ
ਸੂਰਜ ਕਿਵੇਂ ਬਲੇ!
ਜਿਸਮਾਂ ਦੀ ਖੋਹ ਪਈ ਹੈ
ਮੈਨੂੰ ਦਿਹੁੰ ਢਲੇ!

ਉਮਰ ਜਿਸਮ ਦੀ ਸੀਮਤ
ਤੇਹ ਦੀ ਮੁੱਕੇ ਨਾ!
ਅੰਦਰ ਅੱਥਰਾ ਘੋੜਾ
ਕਦੇ ਵੀ ਰੁਕੇ ਨਾ!

ਛਿਣ ਛਿਣ ਮੇਰੀ ਦੇਹੀ
ਫੈਲੇ, ਤਣ ਜਾਵੇ!
ਬੂੰਦਾਂ ਜੁੜ ਜੁੜ ਤੁਰਨ, ਤਾਂ
ਸਾਗਰ ਬਣ ਜਾਵੇ!

ਰੋਮ ਰੋਮ ਵਿਚ ਸੂਰਜ
ਕਿਸ ਨੇ ਆ ਧਰਿਆ?
ਰੋਮ ਰੋਮ ‘ਚੋਂ ਮੇਰਾ
ਆਪਾ ਬਰਸ ਰਿਹਾ!

ਅੰਬਰੋਂ ਸੂਰਜ ਬਰਸੇ
ਸ਼ਾਗਰ ਵੀ ਬਰਸੇ!
ਕੈਸਾ ਮਹਾਂ-ਸੰਭੋਗ
ਧਰਾ, ਅੰਬਰ ਪਰਸੇ!

ਜੇ ਆਈਂ ਏਂ, ਆ
ਕੋਈ ਗੱਲ ਕਰ ਲਈਏ!
ਦੇਹੀ ਦੇ ਵਿਚ ਸਾਗਰ
ਸੂਰਜ ਧਰ ਲਈਏ!

ਇਸ ਮਿੱਟੀ ਦਾ ਬਲਣਾ
ਇਕ ਪ੍ਰਕਾਸ਼ ਵੀ ਹੈ!
ਤੇਰੇ ਮੇਰੇ ਵਿਚ ਹੈ ਭੋਂ,
ਆਕਾਸ਼ ਵੀ ਹੈ!

ਤੂੰ ਹੈਂ ਮੇਰਾ ਅੱਧ
ਤੇਰੀ ਹਾਂ ਮੈਂ ਬਾਕੀ!
ਵੇਖ ਕਿਵੇਂ ਇਹ ਤੇਹ ਹੈ
ਆਯੂ ਤੋਂ ਆਕੀ!

ਇਸ ਦੀਪਕ ਦੀ ਬਾਤ
ਮਿੱਟੀ ਤੋਂ ਵੱਡੀ ਹੈ!
ਅੱਜ ਫਿਰ ਮੈਨੂੰ
ਸੂਰਜ ਦੀ ਤੇਹ ਲੱਗੀ ਹੈ!

4. ਭੈ ਵਿਚ

ਜੀਏ ਤਾਂ, ਤਾਂ ਵੀ ਡਰਦੇ ਡਰਦੇ!
ਮੋਏ ਤਾਂ, ਤਾਂ ਵੀ ਡਰਦੇ ਡਰਦੇ!

ਬੰਦੀ ਜਿੰਦੜੀ, ਖੁੱਲ੍ਹੇ ਪਿੰਜਰੇ,
ਖੰਭਾਂ ਨੂੰ ਕਿਸ ਮਾਰੇ ਜਿੰਦਰੇ?
ਕੈਦੀ ਨਜ਼ਰ ਅੱਖਾਂ ਵਿਚ ਹੋਈ,
ਦਰਸ਼ਨ ਸਾਨੂੰ ਸਾਡੇ ਦਰ ਦੇ!

ਰਾਹਾਂ ਵਿਚ ਦੀਵਾਰਾਂ ਪਾਈਆਂ,
ਚੌਕ ‘ਚ ਰੁਕੀਆਂ ਸਭ ਚਤੁਰਾਈਆਂ!
ਸ਼ੀਸ਼ੇ ਚਕਨਾ ਚੂਰ ਹੋ ਗਏ,
ਤਿੜਕ, ਤਿੜਕ ਬਿੰਬ ਗ਼ਰਕੇ ਘਰ ਦੇ!

ਨਾ ਅਸੀਂ ਕਾਫਰ, ਨਾ ਵਿਸ਼ਵਾਸੀ,
ਅੰਬਰ ਸੱਖਣਾ, ਧਰਤ ਪਿਆਸੀ!
ਨਾ ਸ਼ਕਤੀ, ਨਾ ਪਾਈ ਸ਼ਹੀਦੀ,
ਸਰਦਲ, ਸਰਦਲ ਰਹੇ ਵਿਚਰਦੇ!

ਸੂਰਜ ‘ਚੋਂ ਕਿਰਨਾਂ ਨੂੰ ਗਿਣੀਏਂ,
ਛਾਵਾਂ ਵਿਚ ਪਰਛਾਵੇਂ ਮਿਣੀਏਂ!
ਗਿਣਤੀ, ਮਿਣਤੀ ਰਹੀ ਅਧੂਰੀ,
ਪੂਰੇ ਹੋ ਗਏ ਸਾਲ ਉਮਰ ਦੇ!

ਪੰਜ ਕਵਿਤਾਵਾਂ

1. ਭਟਕਣ-ਮੁਖੀ

ਅੱਜ ਕੇਵਲ ਲੀਕਾਂ ਹੀ ਵਹੀਆਂ,
ਸ਼ਬਦ ਪਕੜ ਨਾ ਹੋਏ!
ਭਾਸ਼ਾ ਦੇ ਦਰ, ਭਾਵਾਂ ਦਾ ਸੱਚ,
ਚੁੱਪ ਚੁਪੀਤਾ ਰੋਏ!

ਮਿਲੇ, ਤਾਂ ਉਦ ਵੀ ਸ਼ਬਦ ਨਹੀਂ ਸਨ,
ਵਿਦਿਆ-ਵੇਲੇ ਫਿਰ ਨਿਰਵਾਣੀ!
ਦਿਲ ਵਿਚ ਸੂਲਾਂ, ਜ਼ਿਹਨ ‘ਚ ਫੋੜੇ,
ਅੱਖਾਂ ਪਾਣੀ, ਪਾਣੀ!

ਤੇਰੀ ਵਿਥਿਆ ਅਲਫ ਚਾਨਣੀ,
ਮੇਰੀ ਹੈ ਪਰਛਾਵਾਂ!
ਸੱਟ ਤੇ ਪੀੜ ਦੇ ਰਿਸ਼ਤੇ ਦੇ ਵਿਚ,
ਬੰਨ੍ਹਿਆਂ ਸਾਨੂੰ ਰਾਹਵਾਂ!

ਭਟਕੇ ਸਾਂ, ਕਿ ਫੇਰ ਮਿਲਾਂਗੇ,
ਮਿਲੇ ਹਾਂ, ਫਿਰ ਭਟਕਣ ਲਈ!
ਰਾਹ ਪਾਟਣ ਚਾਹੇ ਉਲਟ ਦਿਸ਼ਾਈਂ,
ਤੁਰਦਾ ਕੌਣ ਰੁਕਣ ਲਈ?

2. ਇਕੱਲ-ਕੈਦ

ਅੰਬਰ ਨੂੰ ਅੱਗ ਲਾ ਕੇ ਤੁਰੀਆਂ,
ਡੁੱਬਦੀਆਂ ਭਾਨ-ਸ਼ੁਆਵਾਂ!
ਜਿੱਧਰ ਵੇਖੋ, ਬਰਫ ਦਾ ਪਹਿਰਾ,
ਵਗਦੀਆਂ ਸੀਤ ਹਵਾਵਾਂ

ਠਾਰ ਅੰਦਰ ਦੀ? ਬਾਹਰ ਦਾ ਮੌਸਮ?
ਭੇਦ ਸਮਝ ਨਾਂ ਆਏ!
ਆਪੇ ਨੂੰ ਭਰਮਾਵਣ ਲਈ, ਮਨ
ਬਰਫ ਨੂੰ ਤੀਲੀ ਲਾਏ!

ਚਿੱਟੀ ਬਰਫ ਤੇ ਕੋਰੇ ਮਨ ‘ਤੇ,
ਹਰ ਰੰਗ ਪੈੜ ਬਣੇ!
ਬਰਫ ਦੀ ਰੁੱਤੇ, ਜੋ ਰੁੱਤ ਆਵੇ,
ਸੱਜਰੀ ਪੀੜ ਜਣੇ!

ਅਬਰਕ ਵਾਂਗੂੰ ਝੜਦੀ ਅੰਬਰੋਂ,
ਪੈੜਾਂ ਉੱਤੇ ਪੈਂਦੀ!
ਬਰਫ ਦੀਆਂ ਤਹਿਆਂ ਵਿਚ ਸਾਂਭੀ,
ਪੈੜ ਨਾ ਅੱਜ ਕੱਲ੍ਹ ਢਹਿੰਦੀ!

ਆਵਣ ਵਾਲੇ, ਆਕੇ ਤੁਰ ਗਏ,
ਪੈੜ ਨਾ ਛੱਡਣ ‘ਵਾਵਾਂ!
ਯਾਦਾਂ ਵਾਂਗ ਅਨ੍ਹੇਰੀ, ਪਿੱਛੋਂ
ਚੁੱਪ ਦਾ ਸ਼ੋਰ ਦੁਖਾਵਾਂ!

ਕਿਹੜੀਆਂ ਸੋਚਾਂ ਵਿਚ ਜਿੰਦ ਉਲਝੀ?
ਕਿਸ ‘ਤੇ ਦੋਸ਼ ਧਰੇ?
ਇਕਲਾਪੇ ਦੀ ਕੈਦ ਹੋਂਦ ਨੂੰ,
ਕਿੱਧਰ ਕੂਚ ਕਰੇ???

3. ਕਤਲ

ਬਰਫ ਨੂੰ ਅੱਗ ਨਹੀਂ ਲੱਗਣੀ,
ਤੀਲ੍ਹੀ ਕਿਉਂ ਬਲਦੀ ਹੈ?
ਪਿੱਠਾਂ ਵਿਚਕਾਰਲਾ ਸੂਰਜ,
ਰੌਸ਼ਨ ਹੈ,
ਰੌਸ਼ਨੀ ਨਹੀਂ ਕਰਦਾ!

ਚਮਗਿੱਦੜ ਨੂੰ ਰਾਤ ਹੀ ਦਿਨ,
ਉੱਲੂ ਨੂੰ ਉਜਾੜ, ਆਬਾਦੀ!

ਪਿੱਠਾਂ ਪਾਟੀਆਂ,
ਚਿਹਰੇ ਬੇਮੁੱਖ ਹੋਏ –
ਰਿਸ਼ਤਿਆਂ ਦੀ ਰੌਸ਼ਨੀ ‘ਚ,
ਕਿਸ ਦਾ ਕਤਲ ਹੋਇਆ ਹੈ???

4. ਵਕਤ ਆ ਗਿਆ ਹੈ

ਵਕਤ ਆ ਗਿਆ ਹੈ:
ਪਹੁ ਫਟਣ ਦਾ
ਚਿੜੀਆਂ, ਚਹਿਕਣ ਦਾ
ਕਲੀਆਂ, ਖਿੜਣ ਦਾ
ਪੌਣਾਂ, ਰੁਮਕਣ ਦਾ
ਟਹਿਣੀਆਂ, ਝੂਲਣ ਦਾ
ਕਿਰਨਾਂ, ਮਹਿਕਣ ਦਾ
ਫੁੱਲਾਂ, ਟਹਿਕਣ ਦਾ –

ਹਾਂ, ਵਕਤ ਆ ਗਿਆ ਹੈ:
ਵਕਤ ਰੋਜ਼ ਆਉਂਦਾ ਹੈ,
ਪਰ ਹੁੰਦਾ ਕੁਝ ਵੀ ਨਹੀਂ!!!

5. ਚਲੋ ਚੱਲੀਏ

ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!
ਇੱਟਾਂ ਪੱਥਰ ਚਿਣੇ ਸਨ,
ਮਨ ਨੂੰ, ਘਰ ਬਨਾਵਣ ਲਈ!
ਬਰਸ ਪਏ,
ਸਾਡੇ ‘ਤੇ –
ਚਾਰ ਦੀਵਾਰੀ ‘ਚ ਇਹ!

ਦੀਵਾਰਾਂ ਬਾਹਰ ਸਨ,
ਦੀਵਾਰਾਂ ਅੰਦਰ ਹਨ!

ਹਰ ਦੂਜੇ ਦੇ ਮੂੰਹ ‘ਤੇ ਹੀ ਨਹੀਂ,
ਹਰ ਆਪਣੇ ਮੂੰਹ ‘ਤੇ ਵੀ ਸੰਦੇਹ ਹੈ!
ਹਰ ਆਪਣਾ ਚਿਹਰਾ ਵੀ, ਕੇਵਲ
ਆਪ ਤਕ ਸੀਮਤ!

ਏਸ ਤੋਂ ਪਹਿਲਾਂ ਕਿ ਤਿੜਕੇ ਚਾਰ-ਦੀਵਾਰੀ,
ਨਿਗੂਣੇ ਕੰਕਰਾਂ ਵਿਚ:
ਦੂਰ, ਦੂਰ –
ਕੋਲ, ਕੋਲ –

ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!!!


ਨਜ਼ਮ
ਅਹਿਸਾਸ

ਇੰਦਰਜੀਤ ਪੁਰੇਵਾਲ

ਪਤਾ ਹੈ
ਨਹੀਂ ਹੋਣਾ
ਤੇਰਾ ਮੇਰਾ ਮੇਲ
ਕਿਨਾਰਿਆਂ ਵਾਂਗ
ਪਤਾ ਨਹੀਂ ਕਿਂਉ
ਨਹੀਂ ਮੰਨਦਾ ਦਿਲ
ਕੀ ਆਪਾਂ ਨਹੀਂ ਚੱਲ ਸਕਦੇ?
ਇਕੱਠੇ
ਕਿਨਾਰਿਆਂ ਵਾਂਗ
ਤਨਹਾ ਤਨਹਾ
ਨਾਲ ਨਾਲ
………

ਜੋੜੀ ਰੱਖਦਾ ਹੈ
ਪਾਣੀ
ਕਿਨਾਰਿਆਂ ਨੂੰ
ਅਹਿਸਾਸ
ਜੋੜੀ ਰੱਖੇਗਾ
ਤੈਨੂੰ ਤੇ ਮੈਨੂੰ
…………

ਆ ਸਿਰਜੀਏ
ਰਿਸ਼ਤਾ
ਅਹਿਸਾਸ ਦਾ
ਰੀਸ ਕਰੀਏ
ਨਦੀ ਦੀ
ਗ਼ਜ਼ਲ
ਇੰਦਰਜੀਤ ਪੁਰੇਵਾਲ,ਨਿਊਯਾਰਕ
ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ।
ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।
ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ,
ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ।
ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ,
ਲਗਦਾ ਸਾਰੀ ਦੁਨੀਆ  ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ।
ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ,
ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ।
ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ,
ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ। 

ਗ਼ਜ਼ਲ
ਗੁਰਲਾਲ ਸਿੰਘ ‘ਅਨਮੋਲ’

ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ ਮੁਸਕਾਨ।
ਜੀਵਨ ਭਰ ਲਈ ਸਾਰੇ ਹਾਸੇ ਕਰ ਦੇਵਾਂ ਉਸ ਤੋਂ ਕੁਰਬਾਨ।
ਰੰਗ ਰੂਪ ਤੇ ਕੱਦੋਂ ਬੁੱਤੋਂ ਉਂਜ ਤੇ ਪੂਰੇ ਸੂਰੇ ਨੇ,
ਖ਼ਬਰੇ ਕਾਹਤੋਂ ਬੌਣੇ ਜਾਪਣ ਮੈਨੂੰ ਅੱਜਕੱਲ੍ਹ ਦੇ ਇਨਸਾਨ।
ਉਸਦੇ ਸਾਹਵੇਂ ਉਸਦੇ ਈ ਘਰ ਵਿੱਚ ਲੁੱਟੀ ਗਈ ਪਤ ਅਬਲਾ ਦੀ,
ਵੰਝਲੀ ਫੜ੍ਹ ਮੁਸਕਾਈ ਜਾਵੇ ਫਿਰ ਵੀ ਪੱਥਰ ਦਾ ਭਗਵਾਨ।
ਤੀਰ,ਬੰਦੂਕ ਜਾਂ ਨੇਜ਼ੇ ਵਿੱਚੋਂ ਮੋਹਰ ਲਗਾਵਾਂ ਕਿਸ ਉੱਤੇ,
ਮੇਰੀ ਹਿੱਕ ਵਿੱਚ ਖੁੱਭਦੇ ਜਾਪਣ ਮੈਨੂੰ ਸਾਰੇ ਚੋਣ ਨਿਸ਼ਾਨ।
ਹਰ ਰਾਤੀਂ ਤੂੰ ਮੇਰੇ ਨੈਣੋ ਨੀਂਦ ਚੁਰਾ ਕੇ ਲੈ ਜਾਨੈ,
ਦਿਨ ਚੜ੍ਹਦੇ ਪੁੱਛਦੈਂ ਕੀ ਹੋਇਆ? ਏਨਾ ਵੀ ਨਾ ਬਣ ਅਨਜਾਣ।

ਗੁਰਲਾਲ ਸਿੰਘ ‘ਅਨਮੋਲ’
ਜਵਾਹਰ ਨਵੋਦਿਆ ਵਿਦਿਆਲਾ
ਗੋਇੰਦਵਾਲ ਸਾਹਿਬ।
ਤਰਨਤਾਰਨ।


ਗ਼ਜ਼ਲ
ਇੰਦਰਜੀਤ ਪੁਰੇਵਾਲ,ਨਿਊਯਾਰਕ

ਜਦ ਤੋਂ ਮੱਥਾ ਲਾਇਆ ਏ ਮੈਂ ਜ਼ਬਰਾਂ ਨਾਲ।
ਉਦੋਂ ਤੋਂ ਹੀ ਟੁੱਟ ਗਈ ਯਾਰੀ ਸਬਰਾਂ ਨਾਲ।
ਮੌਤ ਦੀ ਜੁੱਤੀ ਪੈਰੀਂ ਪਾਈ ਫਿਰਦਾ ਹਾਂ,
ਖੌਰੇ ਕਾਹਤੋਂ ਮੋਹ ਏ ਮੈਨੂੰ ਕਬਰਾਂ ਨਾਲ।
ਉੱਠ ਸਵੇਰੇ ਚਾਂਈ ਚਾਂਈ ਪੜਦਾ ਹਾਂ,
ਰੂਹ ਧੁਆਂਖੀ ਜਾਂਦੀ ਮੇਰੀ ਖਬਰਾਂ ਨਾਲ।
ਹਰ ਬੰਦੇ ਦੇ ਅੰਦਰ ਲਾਵਾ ਫੱਟਦਾ ਏ,
ਭਰ ਜਾਂਦਾ ਏ ਜਦੋਂ ਪਿਆਲਾ ਸਬਰਾਂ ਨਾਲ।
ਹੋਰ ਕਿਸੇ ਨੂੰ ਦੇਈਂ ਡਰਾਵੇ ਮਾਰਨ ਦੇ,
‘ਪੁਰੇਵਾਲ’ ਦੀ ਸਾਂਝੀ ਕੰਧ ਏ ਕਬਰਾਂ ਨਾਲ।


 ਨਜ਼ਮਾਂ
ਜਤਿੰਦਰ ਔਲ਼ਖ, ਸੰਪਾਦਕ ਮੇਘਲਾ ਤ੍ਰੈਮਾਸਿਕ
ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ

ਤੇਰਾ ਖਤ

ਮੇਰੀ ਦੋਸਤ
ਅੰਬਾਂ ਨੂੰ ਬੂਰ ਵਾਂਗ
ਪਿਆਸੇ ਨੂੰ ਪਾਣੀ ਵਾਂਗ
ਮੈਨੂੰ ਨਿਰਾਸ਼ੇ ਨੂੰ ਆਸ ਵਾਂਗ
ਤੇਰਾ ਖਤ ਮਿਲ਼ਿਆ ਹੈ

ਤੇਰੇ ਖਤ ਵਿੱਚ ਮੈਨੂੰ
ਸੁਣੇ ਨੇ
ਬੇਲੇ 'ਚ ਅਤਿ ਭਾਵੁਕ ਸਵਰ 'ਚ
ਕੁਰਲਾਅ ਰਹੇ ਬੀਂਡੇ
ਸਹਿਮੀ ਸਹਿਮੀ ਵਗ ਰਹੀ ਹਵਾ
ਤੋਲ ਰਹੀ ਹੈ
ਤੇਰੇ ਤੇ ਮੇਰੇ
ਸੁਪਨੀਲੇ ਸਮੇਂ ਦੀ ਨਜ਼ਾਕਤ
ਸ਼ਾਇਦ ਹਨੇਰੀ ਬਣ ਵਗਣੋ
ਡਰ ਰਹੀ ਹੈ

ਮੈਂ ਸਰਦ ਰੁੱਤ ਦੇ
ਆਗਮਨ ਲਈ
ਤਿਆਰ ਹਾਂ ਮੇਰੀ ਦੋਸਤ
ਤੂੰ ਆਂਵੀਂ ਤੇ ਧੁੰਦ ਬਣਕੇ
ਮੇਰੇ ਵਜੂਦ ਦੇ ਦੁਆਲ਼ੇ
ਛਾਅ ਜਾਵੀਂ
ਕਿ ਮੈਨੂੰ ਤੇਰੇ ਤੋਂ ਅੱਗੇ
ਕੁਝ ਨਜ਼ਰ ਨਾ ਆਵੇ

ਜੇ ਤੂੰ
ਬਰਫੀਲੇ ਪਹਾੜ੍ਹਾਂ ਤੋਂ
ਉਤਰੀ ਖਰੂਦੀ ਨਦੀ ਹੈਂ
ਤਾਂ ਮੈਂ ਵੀ
ਤਪਦਾ ਰੇਗਿਸਤਾਨ ਹਾਂ
ਸੋਖ ਲਵਾਂਗਾ ਸਾਰੀ ਦੀ ਸਾਰੀ

ਤੇ ਤੂੰ ਬੂੰਦ-ਬੂੰਦ ਰਮ ਜਾਵੇਂ
ਮੇਰੀ ਮੱਚਦੀ ਹਿੱਕ ਵਿੱਚ
ਤੇ ਠਾਰ ਦੇਂਵੇਂ
ਮੇਰਾ ਲੂੰਅ-ਲੂੰਅ

ਉਦਾਸ ਸੁਰ

ਜਦੋਂ ਮੁਰਝਾਈਆਂ ਸ਼ਾਖਾਵਾਂ ਵਾਲ਼ੇ
ਉਦਾਸ ਖੜ੍ਹੇ ਰੁੱਖ ਜਿਹੇ
ਲੱਥੇ ਹੋਏ ਚਿਹਰੇ
ਤੇ ਬੇਰੱਸ ਅੱਖਾਂ ਵਾਲ਼ੇ
ਯੁਵਕ ਨੂੰ ਉਸਨੇ ਕਿਹਾ
ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ
ਤੇ ਤੈਨੂੰ ਆਪਣਾ ਪ੍ਰੀਤਮ ਮੰਨ ਬੈਠੀ ਹਾਂ
ਤਾਂ ਇਉਂ ਲੱਗਾ
ਜਿਵੇਂ ਕੋਈ
ਤਿਲੀਅਰ ਨਾਗ ਤੋਂ
ਉਸਦੀ ਸਾਰੀ ਜਹਿਰ ਮੰਗ ਕੇ
ਸਵੈਇਛਿਤ ਮੌਤ ਦਾ ਤਾਂਡਵ ਕਰਨ ਲੱਗੇ

ਏਸ ਰਾਹ ਤੇ ਜ਼ਹਿਰੀਲਾ ਕੱਲਰ ਹੈ
ਨੰਗੇ ਪੈਰ ਨਹੀਂ ਤੁਰ ਹੋਣਾ
ਮਲੂਕ ਪੈਰਾਂ ਦੇ ਖੂਨੀ ਛਾਲੇ
ਅਸਹਿ ਤਕਲੀਫ ਦੇਹ ਹੁੰਦੇ ਨੇ
ਕੋਹ ਭਰ ਵੀ ਤੁਰ ਨਹੀ ਹੋਵੇਗਾ
ਸ਼ਾਂਤ ਦਰਿਆ ਦੇ ਪਰਲੇ ਪਾਰ ਤੋਂ
ਉਦਾਸ ਗੀਤ ਦੀ
ਮੱਧਮ ਸੁਰ ਸੁਣ ਰਹੀ ਹੈ
ਏਧਰ ਵੀ ਜਿਵੇਂ ਕੋਈ
ਸਰਕੰਡਿਆਂ 'ਚ
ਬੇਮਤਲਬ ਘੁੰਮ ਰਿਹਾ ਹੈ
ਸੁਰ ਜਿਵੇਂ ਬੇਮਤਲਬ ਘੁੰਮ ਰਹੇ
ਨਿਰਾਸ਼ ਆਦਮੀ ਨੂੰ
ਪ੍ਰੇਰਿਤ ਕਰ ਰਹੀ ਹੋਵੇ
ਆ ਦੋਵੇਂ ਸ਼ਾਂਤ ਦਰਿਆ ਦੇ
ਘਸਮੈਲੈ ਪਾਣੀਆਂ 'ਚ ਸਮਾ ਜਾਈਏ
ਤੇ ਆਪਣਾ ਦਰਦ ਸ਼ਾਂਤ ਹੋਵੇ
ਆ ਦਰਿਆ ਦੇ ਪਾਣੀਆਂ 'ਚ
ਹਲਚਲ ਕਰੀਏ

ਠਰੀ ਜਿੰਦਗੀ
ਧੁੰਦ 'ਚ ਲਿਪਟਿਆ ਖਾਮੋਸ਼ ਦਿਨ
ਠਰੀ ਠਰੀ ਜਿੰਦਗੀ
ਕੋਸੇ ਸਾਹ ਦੀ ਗਰਮਾਇਸ
ਨਸਾਂ 'ਚ ਸੁਲਘਦੀ ਯਾਦ ਜਿਹੀ
ਧੁੰਦਲਾਈਆਂ ਪਗਡੰਡੀਆਂ 'ਚ
ਧੁੰਦ ਦੇ ਗੁਬਾਰ
ਜਾਂ ਸੁੱਤ ਉਨੀਂਦੇ ਨੈਣਾ 'ਚ
ਖੁਸ਼ਕ ਹੋਏ ਪਾਣੀਆਂ ਦਾ ਝਾਉਲ਼ਾ
ਦਿਨ ਹੈ ਸਮਾਜ ਵਿਗਿਆਨ ਦੇ
ਪੀਰੀਅਡ ਜਿਹਾ ਨੀਰਸ
ਬੀਤਣ ਦਾ ਭੁਲੇਖਾ ਪਾਉਂਦਾ ਹੈ
ਟੁੱਟੇ ਕਰਾਰ ਵਾਂਗ ਅਧੂਰਾ
ਐ ਦਿਨ
ਪਰਛਾਂਵਿਆਂ ਦੇ ਅਕਾਰ ਸਥਿਰ ਨਾ ਕਰ
ਸਾਡੇ ਨਾਲ਼ ਐਸੀ ਬਦਸਲੂਕੀ ਨਾ ਕਰ
ਜੋ ਕਚਿਹਿਰੀ 'ਚ ਨਿਰਉੱਤਰ ਖੜ੍ਹੇ
ਕਿਸੇ ਬੇਕਸੂਰ ਨਾਲ਼ ਹੁੰਦੀ ਹੈ
ਦੋ ਪਰਬਤਾਂ ਵਿਚਾਲੇ
ਤਿੜਕੇ ਪੁੱਲ਼ ਵਰਗੀ ਬੇਵਫਾ ਇਬਾਰਤ
ਜੇ ਉਹ ਵਗਦੇ ਪਾਣੀ ਜਿਹੇ ਨੇ
ਤਾਂ ਮੈਂ ਵੀ ਨਦੀ 'ਚ ਪਿਆ ਪੱਥਰ ਨਹੀਂ
ਤੁਰਾਂਗਾ ਤਾਂ ਇਵੇਂ ਜਿਵੇਂ
ਬਾਗ 'ਚੋਂ ਲੰਘਦੀ ਹਵਾ ਨਾਲ਼
ਮਹਿਕ ਹੋ ਤੁਰਦੀ ਹੈ

ਉਡਾਣ ਤੇ ਭਰਮ
ਹਨੇਰੀ ਝੰਭੇ ਰੁੱਖ 'ਤੇ
ਆਣ ਬੈਠਾ ਹੈ ਸਫੈਦ ਚਿੜੀਆਂ ਦਾ ਚੰਬਾ
ਪੱਤਿਉਂ ਸੱਖਣੀਆਂ ਟਾਹਣੀਆਂ 'ਤੇ
ਹੋ ਗਈ ਹੈ ਦੀਪ ਮਾਲ਼ਾ
ਬੀਤ ਰਿਹਾ ਹੈ ਯਖ ਮੌਸਮ
ਬਸੰਤ ਦੇ ਤੈਅਸ਼ੁਦਾ ਆਗਮਨ ਲਈ
ਬੱਜਰ ਟਾਹਣੀਆਂ ਚੋਂ ਰਾਗ ਝੜਨਗੇ
ਪਨਪ ਪੈਣਗੀਆਂ ਨਵੀਆਂ ਕਰੂੰਬਲਾਂ
ਰੁੱਤ ਬਦਲਣ ਨਾਲ਼ ਅਸਰਅੰਦਾਜ
ਹੋਇਆ ਹੈ ਅੰਦਰੂਨੀ ਕਲੇਸ਼
ਜੋ ਨਜ਼ਮਾਂ ਨਾਲ਼ ਜਾਅਲਸਾਜੀ ਕਰ ਰਿਹਾ
ਤੇਰੇ ਮੁੜ ਆਉਣ ਦੀ ਕਨਸੋਅ
ਸੰਸਾਰ ਦਾ ਸਭ ਤੋਂ ਕੋਝਾ ਝੂਠ ਲੱਗਦੀ ਹੈ
ਤੇਰਾ ਤੁਰ ਜਾਣਾ ਵੀ ਸੱਚ ਨਹੀਂ
ਤੇਰੇ ਇਲਮ ਦੀ ਰੁਸ਼ਨਾਈ
ਮੇਰੇ ਅਗਿਆਨ ਦਾ ਮੂੜ੍ਹ ਹਨੇਰਾ
ਨਿਅਰਥ ਬੋਲਾਂ ਦਾ ਵਾਹਯਾਤ ਪਰਸਾਰਣ
ਅਸੀਂ ਇਹਨਾਂ ਧੁੰਦਾਂ 'ਚ ਗਵਾਚੇ
ਮਾਸੂਮ ਪੰਛੀ ਤੇ ਨਹੀਂ
ਜਾਂ ਡੂੰਘੀ ਖੱਡ ਵਿੱਚ ਪਏ ਪੱਥਰ
ਉਡਾਣਾਂ ਤੇ ਨਿਕਲਿਆਂ ਨੂੰ ਭਰਮ ਹੈ
ਖੁੱਲੇ ਅਸਮਾਨਾਂ ਦਾ
ਆਹ ਵੇਖ ਡੂੰਘੀਆਂ ਖੱਡਾਂ ਦੇ
ਰੂਪ ਹੀ ਬਦਲੇ ਨੇ

ਸਹਿਮੀ ਆਰਤੀ
ਮੇਰੀ ਮਹਿਬੂਬ
ਸੌਰ ਮੰਡਲ ਦੇ ਗੁਨਾਹਗਾਰ
ਤਾਰਿਆਂ 'ਤੇ ਕੀ ਫਤਵਾ ਲਾਵੇਂਗੀ
ਜੇ ਘੁਲ਼ੀਆਂ ਰੌਸ਼ਨੀਆਂ ਦੀ
ਬੇਪਛਾਣ ਤਰਤੀਬ
ਤੇਰੀ ਕਚਿਹਰੀ 'ਚ
ਪੇਸ਼ ਕਰ ਦਿੱਤੀ ਗਈ
ਕਿਤੇ ਕਿਸੇ ਦੀਆਂ ਬੇਆਸ
ਅੱਖਾਂ 'ਚ ਸੁੱਕੇ ਅੱਥਰੂਆਂ ਨੂੰ
ਆਪਣੇ ਗਦਰਾਏ ਜਿਸਮ ਦੀ
ਪੀਢੀ ਵਿਆਕਰਨ ਹੀ ਨਾ ਸਮਝ ਬੈਠੀਂ
ਨਾਜ਼ੁਕ ਕਿਨਾਰਿਆਂ ਨੂੰ ਪੁੱਛੀਂ
ਖਰੂਦੀ ਵਹਿਣਾ ਨਾਲ਼ ਕੀ ਰਿਸ਼ਤੇ ਨੇ

ਕੱਚੇ ਰਾਹਵਾਂ ਦੀ ਧੂੜ ਦਾ ਬੁੱਕ ਭਰਕੇ
ਹਵਾ 'ਚ ਉਡਾ ਦੇਵੀਂ
ਖਿਲਰੀ ਧੂੜ ਗਵਾਹੀ ਭਰੇਗੀ
ਕਿ ਇੱਸ ਰਾਹ ਤੋਂ ਗੁਜਰ ਗਏ
ਕਿੰਨੇ ਕਦਮਾਂ 'ਚ ਸਰਗੋਸ਼ੀ ਸੀ
ਕਿੰਨਾਂ ਲਹੂ ਲੁਹਾਨ ਪੈੜ੍ਹਾਂ ਨੇ
ਧੂੜ ਵਿੱਚ ਰੰਗ ਭਰੇ ਨੇ
ਮੰਦਰ 'ਚ ਜਗਦੇ ਦੀਵਿਆਂ 'ਚੋਂ
ਤੇਲ ਡ੍ਹੋਲ ਗਏ ਨੇ ਮਸਾਣੀ ਪਰਛਾਂਵੇਂ
ਤੇ ਸਹਿਮੀ ਆਰਤੀ
ਟੱਲੀਆਂ ਦੀ ਆੜ 'ਚ
ਖੁਦਾ ਦੇ ਗਲ਼

ਕਾਲ਼ੇ ਫੁੱਲਾਂ ਦੇ ਹਾਰ ਪਾ
ਹੋ ਮੁੜੀ ਹੈ ਦਰਗਾਹੋਂ
ਕੋਈ ਸੋਗੀ ਗੀਤ ਗਾ
ਹੈਰਨਾਕੁਨ ਫਰਿਸ਼ਤੇ ਪੁੱਛਣਗੇ
ਏਹ ਪੰਜ ਤੱਤ ਤੇਰੇ ਕਿਸ ਕੰਮ
ਤੇ ਪੁੱਛਣਗੇ ਸੰਚਾਲਕ ਦਾ ਪਤਾ
ਤਾਂ ਮੈਂ ਦੱਸ ਦਿਆਂਗਾ ਆਪਦਾ ਮੱਕਾ

ਜਤਿੰਦਰ ਔਲ਼ਖ, ਸੰਪਾਦਕ ਮੇਘਲਾ ਤ੍ਰੈਮਾਸਿਕ
ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ


 

ਗ਼ਜ਼ਲ
ਹਰਦਮ ਸਿੰਘ ਮਾਨ

ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕੱਜਦੈ ਆਬਰੂ ਸਭ ਦੀ
ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ।


 
 
 

ਕਿੱਧਰ ਨੂੰ ਤੁਰਿਆ ਜਾਨਾ ਏਂ
ਡਾ ਗੁਰਮੀਤ ਸਿੰਘ ਬਰਸਾਲ- ਕੈਲੇਫੋਰਨੀਆਂ

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ।

ਤੇਰੀ ਕਿਰਤ ਨੇਂ ਪੂਜਾ ਬਣਨਾਂ ਸੀ
ਤੂੰ ਕਿਰਤ ਬਣਾ ਲਿਆ ਪੂਜਾ ਨੂੰ।
ਜੋ ਆਪੇ ਕਰ ਬ੍ਰਹਿਮੰਡ ਰਿਹਾ
ਕਰਤੇ ਤੋਂ ਵਧਾ ਲਿਆ ਪੂਜਾ ਨੂੰ।
ਕਿਓਂ ਸਹਿਜ ਦੇ ਮਾਰਗ ਨੂੰ ਛੱਡਕੇ
ਅੱਜ ਜੁਗਤਾਂ ਨੂੰ ਅਪਣਾਨਾ ਏਂ।

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ।

ਸਮਝਣ ਸਮਝਾਵਣ ਨਾਲੋਂ ਤੂੰ
ਪੜਨਾ ਤੇ ਸੁਣਾਉਣਾ ਚਾਹੁੰਦਾ ਏਂ।
ਤਾਹੀਓਂ ਗੁਰ ਸਿਖਿਆ ਪੜ ਪੜ ਕੇ
ਬਸ ਭੋਗ ਹੀ ਪਾਉਣੇ ਚਾਹੁੰਦਾ ਏਂ।
ਜੇ ਸਮਝ ਨਹੀਂ ਤਾਂ ਅਮਲ ਨਹੀਂ
ਬਿਨ ਅਮਲੋਂ ਸੱਚ ਛੁਪਾਨਾ ਏਂ।

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ।

ਗੁਰ- ਦੁਆਰਾ ਤਾਂ ਗੁਰ- ਦਰ ਹੁੰਦਾ
ਗੁਰ-ਗਿਆਨ ਵੱਲ ਨੂੰ ਜਾਣੇ ਦਾ।
ਗੁਰ-ਬਾਣੀ ਤੋਂ ਗੁਰ-ਸਿੱਖਿਆ ਲੈ
ਇਹ ਜੀਵਨ ਸਫਲ ਬਣਾਣੇ ਦਾ।
ਤੂੰ ਦਰ ਨੂੰ ਘਰ ਤੇ ਮੰਜਿਲ ਕਹਿ
ਬਸ ਮੱਥੇ ਟੇਕ ਟਿਕਾਨਾ ਏ।

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ

ਗੁਰਬਾਣੀ ਪੜ੍ਹਨਾ ਮੰਤਰ ਨਹੀਂ
ਅਪਣਾਉਣਾ ਹੀ ਗੁਰ ਮੰਤਰ ਹੈ।
ਕਥਨੀ ਤੇ ਕਰਨੀ ਵਿੱਚ ਤੇਰੀ
ਅੱਜ ਤਾਹੀਓਂ ਆਇਆ ਅੰਤਰ ਹੈ।
ਤੂੰ ਹੁਕਮਾਂ ਅੰਦਰ ਚਲਦਾ ਨਹੀਂ
ਬਸ ਪੜ੍ਹ- ਪੜ੍ਹ ਹੁਕਮ ਸੁਣਾਨਾ ਏਂ।

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ।

ਪੜ੍ਹਨਾ-ਸੁਣਨਾ ਬਹੁਤ ਚੰਗਾ
ਪਰ ਅਮਲਾਂ ਬਾਝੋਂ ਨਹੀਂ ਸਰਨਾ।
ਗੁਰਬਾਣੀ ਹਾਕਾਂ ਮਾਰ ਰਹੀ
ਇਹਦੇ ਚਰਨੀ ਲਗਣੋ ਕਿਓਂ ਡਰਨਾ।
ਸ਼ਬਦ ਗੁਰੂ ਹੈ ਗਿਆਨ ਗੁਰੂ
ਜਿਹਦਾ ਗੁਰੂ ਗ੍ਰੰਥ ਖਜਾਨਾ ਏਂ।

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਉਧਰ ਹੀ ਪੈਰ ਟਿਕਾਨਾਂ ਏਂ।
 

5_cccccc1.gif (41 bytes)

>> 1 2                       hore-arrow1gif.gif (1195 bytes)

Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com