WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

ਪੰਜਾਬੀ ਕਵਿਤਾ

>> 1 2                       hore-arrow1gif.gif (1195 bytes)

ਮਲਕੀਅਤ "ਸੁਹਲ"

 

ਰੱਖ਼ੜੀ

ਰੱਖ਼ੜੀ
ਮਲਕੀਅਤ "ਸੁਹਲ"

ਮੈਂ   ਰੱਖ਼ੜੀ   ਬੰਨ੍ਹਾਂ   ਵੀਰੇ  ਨੂੰ
ਸੋਹਣੇ
   ਜਿਹੇ  ਸੁੰਦਰ  ਹੀਰੇ ਨੂੰ

ਇਹ ਰੱਖ਼ੜੀ ਮੋਹ ਦੀਆਂ ਤੰਦਾਂ ਨੇ
ਦੋ  ਪੀੱਡੀਆਂ ਹੋਈਆਂ  ਗੰਢ  ਨੇ
ਵੇਖੀਂ  ਕਿਧਰੇ  ਟੁੱਟ  ਨਾ  ਜਾਵਣ ,
ਇਹ  ਸੂਖ਼ਮ  ਜਿਹੀਆਂ  ਤੰਦਾਂ ਨੇ
ਭੈਣ  ਨਾਨਕੀ   ਪਾ  ਕੇ  ਔਂਸੀਆਂ
ਰਹੀ
    ਬੁਲਾਉਂਦੀ    ਵੀਰੇ    ਨੂੰ
ਮੈਂ    ਰੱਖ਼ੜੀ  ਬੰਨ੍ਹਾਂ   ਵੀਰੇ  ਨੂੰ  ,
ਸੋਹਣੇ   ਜਿਹੇ   ਸੁੰਦਰ ਹੀਰੇ  ਨੂੰ

ਤੂੰ  ਵੱਟ   ਵੇਖ  ਲੈ   ਧਾਗੇ   ਦਾ
ਹੈ   ਰਿਸ਼ਤਾ   ਲਾਗੇ ਦਾ
ਤਰੇੜ    ਕਿਤੇ   ਨਾ  ਪੈ   ਜਾਵੇ ,
ਮੁੱਲ   ਪੈਂਦਾ  ਹੈ  ਬੇਦਾਗ਼ੇ  ਦਾ
ਸਤਿਗੁਰ ਦਾ  ਸੱਚਾ ਜਾਪ ਕਰੀਂ ,
ਨਾ   ਮੰਨੀਂ   ਪੀਰ   ਫ਼ਕੀਰੇ  ਨੂੰ
ਮੈਂ   ਰਖ਼ੱੜੀ   ਬੰਨ੍ਹਾਂ  ਵੀਰੇ    ਨੂੰ
ਸੁੰਦਰ ਜਿਹੇ   ਸੋਹਣੇਂ   ਹੀਰੇ  ਨੂੰ

ਰੱਖ਼ੜੀ ਵਿਚ ਮੋਤੀ ਚਮਕਣ ਵੇ
ਕੁਝ ਫ਼ੁੱਲ  ਰੰਗੀਲੇ  ਲਮਕਣ ਵੇ
ਇਸ   ਵਿਚ  ਸਾ   ਪ੍ਰੀਤਾਂ   ਦੇ ,
ਹੱਥ  ਹਿਲਾਇਆਂ  ਛੱਣਕਣ  ਵੇ
ਪਿਆਰ  ਭੈਣ ਦਾ ਸਾਂਭ ਕੇ ਰੱਖੀਂ ,
ਲੱਗ  ਦਾਗ਼ ਨਾ  ਜਾਏ  ਚੀਰੇ ਨੂੰ
ਮੈਂ   ਰੱਖ਼ੜੀ   ਬੰਨ੍ਹਾਂ  ਵੀਰੇ   ਨੂੰ
ਸੁੰਦਰ   ਜਿਹੇ  ਸੋਹਣੇ  ਹੀਰੇ ਨੂੰ

ਸੁਹਲ ਭਲਾ ਸਰਬੱਤ ਦਾ ਮੰਨੀ
ਆਪਾ  ਰੱਬ  ਦੇ  ਰੰਗ    ਰੰਗੀਂ
ਤੂੰ  ਲਾਪ੍ਰਵਾਹੀ  ਕਰ  ਕੇ  ਵੀਰਾ ,
ਰੱਖ਼ੜੀ  ਲਾਹ ਨਾ  ਕਿੱਲੀ ਟੰਗੀਂ
ਸੌ   ਸੌ  ਸੁੱਖਾਂ  ਮੰਗਾਂ  ਵੀਰਿਆ ,
ਹੈ  ਕਹਿੰਦੀ  ਭੈਣ  ਜਗੀਰੇ  ਨੂੰ
ਮੈਂ  ਰੱਖ਼ੜੀ   ਬੰਨ੍ਹਾਂ   ਵੀਰੇ   ਨੂੰ
ਸੁੰਦਰ  ਜਿਹੇ  ਸੋਹਣੇ  ਹੀਰੇ  ਨੂੰ

 

ਸਾਵਣ
ਮਲਕੀਅਤ "ਸੁਹਲ"

ਸੜਿਆ ਬਲਿਆ ਸਾਵਣ ਆਇਆ,
ਡਾਢ੍ਹਾ ਮਨ ਤਪਾਵਣ ਆਇਆ ।
ਅੱਗ ਬਿਰਹੋਂ ਦੀ ਸੀਨੇ ਮਚੀ ,
ਤੇਲ ਬਲਦੀ ਤੇ ਪਾਵਣ ਆਇਆ ।
ਕਢੀਆਂ ਜਾਨਵਰਾਂ ਨੇ ਜੀਭਾਂ ,
ਪਰਿੰਦਿਆਂ ਨੂੰ ਫ਼ੜਕਾਵਣ ਆਇਆ ।
ਬੇ- ਰਹਿਮੀ ਜਿਸ ਕਰ ਵਿਖਾਈ ,
ਨਾ ਇਹ ਪਿਆਰ ਜਿਤਾਵਣ ਆਇਆ ।

ਮੋਈਆਂ - ਮੋਈਆਂ ਚੀਜ਼- ਵਹੁਟੀਆਂ,
ਸੜ ਬਲ ਕੇ ਉਹ ਮਰ ਗਈਆਂ ਨੇ ।
ਲਾਲ ਜ਼ਰੀ ਦਾ ਪਾ ਕੇ ਸੂਟ .
ਬਲੀ ਸਉਣ ਦੀ ਚੜ੍ਹ ਗਈਆਂ ਨੇ ।

ਪਿੱਪਲ ਰੁੰਡ_ ਮਰੁੰਡੇ ਹੇ ਗਏ ,
ਬੋਹੜਾਂ ਹੇਠ ਨਾ ਬਹਿੰਦੇ ਲੋਕ ।
ਕਿੱਥੇ ਕੁੜੀਆਂ ਪੀਂਘਾਂ ਝੂਟਣ ,
ਇਹ ਗੱਲ ਸਾਰੇ ਕਹਿੰਦੇ ਲੋਕ ।
ਹੁਣ ਤੀਆਂ ਲਗੱਣ ਫ਼ਰਜੀ ਤੀਆਂ,
ਵਿਰਸੇ ਦਾ ਦੁੱਖ ਸਹਿੰਦੇ ਲੋਕ।
ਸਹੁਰਿਉਂ ਕੁੜੀ ਨਾ ਪੇਕੇ ਆਵੇ ,
ਸੋਚਾਂ ਦੇ ਵਿਚ ਰਹਿੰਦੇ ਲੋਕ ।

ਕੀਹ ! ਸਾਵਣ ਤੂੰ ਚੰਨ ਚੜ੍ਹਾਇਆ ,
ਸੱਭਿਆਚਾਰ ਵੀ ਮਾਰ ਮੁਕਾਇਆ ।
ਏਨੀਆਂ ਲਮੀਆਂ ਵਿਥਾਂ ਪਾ ਕੇ ,
ਤੇਰੇ ਹੱਥ ਵੀ ਕੁਝ ਨਾ ਆਇਆ ।

ਸੀ ਤੈਥੋਂ ਚੰਗਾ ਜੇਠ ਤੇ ਹਾੜ ,
ਮਾਹੀਆ ਨਾ ਜਿਸ ਯਾਦ ਕਰਾਇਆ ।
ਸਾਡੇ ਵਿਹੜੇ ਬਹਿ ਕੇ ਕੁੜੀਆਂ ,
ਤੀਆਂ ਦਾ ਕੋਈ ਗੀਤ ਨਾ ਗਾਇਆ।
ਨਾ ਕੁੜੀਆਂ ਨੇ ਕਿੱਕਲੀ ਪਾਈ ,
ਨਾ ਢੋਲਾ ਕੋਈ ਲੈਵਣ ਆਇਆ ।
ਰੀਝਾਂ ਹੋਈਆਂ ਨੇ ਅਧਮੋਈਆਂ ,
ਨਾ ਤੱਤੜੀ ਨੇ ਸੁਰਮਾਂ ਪਾਇਆ ।

ਮ੍ਹਾਲ ਪੂੜੇ ਨਾ ਖਾਦ੍ਹੀ ਖੀਰ ,
ਦਸ ਇਹ ਕਾਹਦਾ ਸਾਵਣ ਹੈ ।
ਇਹ ਰੁੱਤ ਗੁਲਾਬੀ ਗ਼ੁਲਜ਼ਾਰਾਂ ਤੇ ,
ਸਾਵਣ ਬਣ ਗਿਆ ਰਾਵਣ ਹੈ ।
ਚਿੱਪ - ਚਿੱਪ ਕਰਦਾ ਰਹੇ ਪਸੀਨਾ ,
ਆਇਆ ਤਨ ਨੂ ਖਾਵਣ ਹੈ ।
ਹੈ ਚਲਦੀ ਤੱਤੀ 'ਵਾ ਪੁਰੇ ਦੀ ,
ਇਹ ਲਗਾ ਅੱਗ ਲਗਾਵਣ ਹੈ ।

ਮੋਰ ਵੀ ਪੈਲਾਂ ਕਿਥੇ ਪਾਵਣ ,
'ਤੇ ਕਿੱਥੇ ਅੱਜ ਪਪੀਹਾ ਬੋਲੇ ।
ਕੋਇਲ ਦੀ ਨਾ ਕੂ ਕੂ ਸੁਣਦੀ ,
ਉਹ ਕਿਵੇਂ ਦਿਲ ਦੇ ਦੁੱਖੜੇ ਫੋਲੇ ।

ਸਾਵਣ ਅੱੜਿਆ ! ਹੁਣ ਹੀ ਵਰ੍ਹ ਜਾ,
ਅੱਜ ਮਿੱਠੀ - ਮਿੱਠੀ ਪਾ ਦੇ ਭੂਰ ।
ਤਾਂਘ ਬੜੀ ਹੈ ਦਿਲ ਦੇ ਅੰਦਰ ,
ਪਰ ਢੋਲਣ ਬੈਠਾ ਵਤਨੋਂ ਦੂਰ ।
ਹੁਣ ਤੀਆਂ ਵਰਗੇ ਸੁਪਨੇ ਮੇਰੇ ,
ਤੂੰ ਕਰ ਨਾ ਜਾਵੀਂ ਚਕਨਾ - ਚੂਰ ।
ਜੇ ਵਰ੍ਹਨਾ ਤਾਂ ਰੱਜ ਕੇ ਵਰ੍ਹਜਾ ,
ਨਾ ਤੂੰ ਬਹੁਤਾ ਹੋ ਮਗਰੂਰ ।

"ਸੁਹਲ" ਦੀ ਫ਼ੋਟੋ ਸੀਨੇ ਲਾ ਕੇ,
ਆਪਣਾ ਦਿਲ ਪਰਚਾ ਲਊਂਗੀ ।
ਮੋਬਾਇਲ ਫ਼ੋਨ ਤੇ ਗੱਲਾਂ ਕਰਕੇ ,
ਆਪਣਾ ਡੰਗ ਟਪਾ ਲਊਂਗੀ ।
 


ਜਰਨੈਲ ਘੁਮਾਣ
 
 

 

ਸਮੇਂ ਦੇ ਹਾਣੀਓ !
ਜਰਨੈਲ ਘੁਮਾਣ

ਸਮੇਂ ਦੇ ਹਾਣੀਓ !
ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ
ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ
ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ

ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ
ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ
ਕੁੱਝ ਇੰਟਰਨੈੱਟ , ਮੋਬਾਇਲਾਂ ਨੇ ,
ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ ,
ਕੁੱਝ ਰੀਸੋ ਰੀਸੀ ਵੇਖ਼ ਵੇਖ਼ ,
ਲਾ ਲਈਆਂ ਵਿਦੇਸ਼ੀ ਜੈੱਲਾਂ ਨੇ ,
ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..

ਕਰਜ਼ੇ ਹੇਠ ਕਿਸਾਨ ਦੱਬ ਗਿਆ , ਕਿਉਂ ਖ਼ੁਦਕੁਸ਼ੀਆਂ ਕਰਦਾ
ਸਭਨਾ ਦਾ ਢਿੱਡ ਭਰਨ ਵਾਲੇ ਦਾ , ਆਪਣਾ ਢਿੱਡ ਨਹੀਂ ਭਰਦਾ
ਹੱਲ ਲੱਭੋ ਉਲਝੀ ਤਾਣੀ ਦਾ ,
ਸਿਰ ਤੋਂ ਲੰਘ ਚੱਲੇ ਪਾਣੀ ਦਾ ,

ਸਰਕਾਰਾਂ ਤਾਈ ਸੁਚੇਤ ਕਰੋ ,
ਦੁੱਖ਼ ਦੱਸੋ ਲਿਖ ਕਿਰਸਾਣੀ ਦਾ ,
ਇਹਦੇ ਤਣੇ ਖੋਖਲੇ ਹੋ ਗਏ ਨੇ , ਜੋ ਨਜ਼ਰੀ ਆਉਂਦਾ ਬੋਹੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..

ਦਾਜ ਦਾ ਦੈਂਤ ਹੈ ਨਿਗਲੀਂ ਜਾਂਦਾ , ਸੱਜ ਮੁਕਲਾਈਆਂ ਕੁੜੀਆਂ
ਕਦੋਂ  ਦੇਣਗੀਆਂ ਧੀ  ਦਾ  ਦਰਜਾ ,   ਨੂੰਹ ਨੂੰ , ਸੱਸਾਂ ਰੁੜੀ੍ਹਆਂ  
ਤੁੱਛ ਛਿੱਲੜਾਂ ਬਦਲੇ ਜਾਨ ਲਈ ,
ਸ਼ਰੀਕਾਂ ਵਿੱਚ ਫੋਕੀ ਸ਼ਾਨ ਲਈ ,
ਕਿਉਂ ਪਤੀਦੇਵ ਜੀ ਚੁੱਪ ਰਹੇ ,
ਮਾਤਾ ਦੇ ਗਲਤ ਫ਼ੁਰਮਾਨ ਲਈ ,
ਕਿਉਂ ਝਪਟ ਮਾਰਕੇ ਬਾਜ਼ ਜਿਉਂ ,ਇੱਕ ਦਿੱਤੀ ਚਿੜ੍ਹੀ ਝੰਜੋੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..


ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ
ਮਾਂ ਨੇ ਆਪਣੇ ਖੂਨ ਚੋਂ ਉਪਜੀ  , ਕੁੱਖ ਵਿੱਚ ਮਾਰ ਮੁਕਾਤੀ
ਕੁਲ ਤੁਰਦੀ ਕੁੜੀਆਂ ਨਾਲ ਅਗਾਂਹ ,
ਧੀ , ਭੈਣ , ਵਹੁਟੀ  ਤੇ ਬਣਦੀ ਮਾਂ ,
ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ ,
ਧੀ ਸਹੁਰੇ ਘਰ ਵੀ ਸਾਂਭੂ ਤਾਂ ,
ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..

ਮਸਲੇ ਬਹੁਤ ਵਿਚਾਰਨ ਖਾਤਿਰ , ਇੱਕ ਇੱਕ ਕਰਕੇ ਛੇੜੋ
ਸਰਕਾਰਾਂ ਦੇ ਕੋਲ ਵਿਹਲ ਨਹੀਂ , ਕਲਮਾਂ ਦੇ ਧਨੀ ਨਬੇੜੋ
ਇੱਕ ਸਤਰ ਯੁੱਗ ਪਲਟਾ ਸਕਦੀ ,
ਸੁੱਤਿਆਂ ਨੂੰ ਕੂਕ ਜਗਾ ਸਕਦੀ ,
ਰਸਤੇ ਤੋਂ ਭਟਕੇ ਰਾਹੀ ਨੂੰ ,
ਗੱਲ ਕਹੀ ਮੰਜ਼ਿਲ ਵੱਲ ਪਾ ਸਕਦੀ ,
ਟੁੱਟਦੇ ਜਾਂਦੇ ਪਰਿਵਾਰਾਂ ਨੂੰ , ਕਲਮ ਹੀ ਸਕਦੀ ਜੋੜ ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..


ਤਲਵਾਰ ਦੇ ਨਾਲੋਂ ਕਲਮ ਦੀ ਤਾਕਤ, ਸਿਆਣੇ ਕਹਿਣ ਵਡੇਰੀ
ਚੁੱਕ  ਲਵੋ ਫਿਰ ਭਲਿਓ ਲੋਕੋ , ਹੁਣ  ਕਿਸ ਗੱਲ ਦੀ ਦੇਰੀ
ਕੋਈ ਕਵਿਤਾ ਜਾਂ ਫਿਰ ਗੀਤ ਲਿਖ਼ੋ ,
ਨਫ਼ਰਤ ਨਹੀਂ , ਪਿਆਰ-ਪ੍ਰੀਤ ਲਿਖ਼ੋ ,
ਉੱਠ ਉਪਰ , ਛੱਡ ਇੱਕ ਪਾਸੜ ਨੂੰ ,
ਸਭਨਾਂ ਲਈ ਬਣ ਮਨ-ਮੀਤ ਲਿਖੋ ,
ਨਾ ਹੋਣ ਬਗਾਵਤੀ ਸ਼ਬਦ ਜਿਹੇ ,
"
ਘੁਮਾਣ " ਲੱਗੀ ਜੋ ਹੋੜ  ਹੈ
ਲੋੜ ਹੈ ! ਮੇਰੇ ਲੋਕਾਂ ਨੂੰ………………..

ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ

 

ਪੰਜਾਬ ਹੈ ਇੱਕ ਬੇਮਿਸਾਲ ਸੂਬਾ
ਜਰਨੈਲ ਘੁਮਾਣ

 ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ ,
ਖੁਸ਼ਹਾਲ ਹਾਂ, ਸਾਡਾ ਖੁਸ਼ਹਾਲ ਸੂਬਾ

ਪੂਰੀ ਦੁਨੀਆਂ ਵਿੱਚ , ਧਾਕ ਪੰਜਾਬੀਆਂ ਦੀ ,
ਪੰਜਾਬ ਹੈ ਇੱਕ , ਬੇਮਿਸਾਲ ਸੂਬਾ

 ਬੇਰੁਜ਼ਗਾਰੀ , ਕਰਜ਼ਈ  ਕਿਰਸਾਨੀਆਂ ਦਾ ,
ਖ਼ੁਦਕੁਸ਼ੀਆਂ ਲਈ , ਇਹ ਕਮਾਲ ਸੂਬਾ

 ਨਸ਼ੇਖੋਰੀਆਂ, ਚੋਰੀਆਂ , ਡਾਕਿਆਂ ਲਈ ,
ਜ਼ੁਰਮਾਂ ਨਾਲ ਨਿਹਾਲੋ-ਨਿਹਾਲ ਸੂਬਾ

ਤੀਆਂ, ਤ੍ਰਿੰਜਣਾ ,ਕਿੱਕਲੀਆਂ  ਨਾ  ਮੇਲੇ ,
ਪਾਊਂਦੈ ਡੀ.ਜੇ.'ਤੇ  ਪੱਬੀਂ ਧਮਾਲ ਸੂਬਾ

 ਸਭਿਆਚਾਰ ਤੇ ਵਿਰਸੇ ਨੂੰ ਭੁੱਲ ਬੈਠਾ ,
ਵੇਚ ਵਿਰਾਸਤਾਂ  ,ਪੇਟ ਰਿਹੈ ਪਾਲ ਸੂਬਾ

'ਸਪਤ ਸਿੰਧੂ' ਅਖ਼ਵਾਉਂਦਾ ਸੀ ਕਿਸੇ ਵੇਲੇ ,   
ਦਿੱਲੀ ਤੱਕ ਸੀ,  ਇਹ ਵਿਸ਼ਾਲ ਸੂਬਾ

 ਦਮਗਜ਼ੇ ਲੱਖ ਮਾਰਦੇ ਫਿਰਨ ਨੇਤਾ ,
ਹੋ ਗਿਆ ਚਾਦਰੋਂ, ਸੁੰਗੜ ਰੁਮਾਲ ਸੂਬਾ

ਕਿੰਨਾ ਉਭਰਿਆ 'ਤੇ ਕਿੰਨਾ ਨਿਘਰਿਆ ਹੈ ,
ਸਭ ਜਾਣਦੇ ਸਾਲ ਦੇ ਸਾਲ ਸੂਬਾ

'ਘੁਮਾਣ' ਸੋਚ, ਵਿਚਾਰ,ਨਿਰਪੱਖ ਹੋ ਕੇ ,
ਤੇਰਾ  ਹੋ  ਗਿਆ ਸੱਚੀਂ ਕੰਗਾਲ ਸੂਬਾ

 

ਗੀਤਕਾਰੀ ਬਦਨਾਮ ਹੋਈਂ ਜਾਂਦੀ
ਜਰਨੈਲ ਘੁਮਾਣ

ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ  

ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ  ਹੈ
ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ
ਨਵੀਂ ਨਵੀਂ  ਕਲਮ , ਨਿਲਾਮ  ਹੋਈਂ  ਜਾਂਦੀ  
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ  

ਬੇਲਿਆਂ ' ਮੰਗੂ ਨਾ , ਚਰਾਉਣ  ਜੋਗੇ  ਹੈਗੇ  ਤੁਸੀਂ
ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ
ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ  ਬਦਨਾਮ ਹੋਈਂ ਜਾਂਦੀ  

ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ
ਦਵਿੰਦਰ ਜਾਂ ਵਿਜੇ ਧੰੰਮੀ ,ਦੇਬੀ ਮਖ਼ਸੂਸਪੁਰੀ ਜਿਹਾ
ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ  


ਗੀਤਾਂ  ' ਪੰਜਾਬਣ , ਸਲਾਹੁਣੀ ਥੋਨੂ ਆਈ ਨਾ
ਸੱਚੇ ਆਸ਼ਕਾਂ ਲਈ ਕਦੇ , ਕਲਮ ਘਸਾਈ ਨਾ
ਬੰਬੂਕਾਟਾਂ  ਤੱਕ , ਰੋਕਥਾਮ  ਹੋਈ  ਜਾਂਦੀ
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ  

ਬੇਦਿਲ ਤੇ ਭਿੰਦਰ ਦੇ ਦੌਰ ਵਾਲੀ ਗੱਲ ਕਰੋ
ਸੰਧੂ ਵਾਂਗੂੰ ਗੀਤ ਲਿਖ , ਕੁੱਝ ਹਲ  ਚਲ ਕਰੋ
ਕਲਮਾਂ ਦੀ ਸਿਆਹੀ , ਕਾਹਤੋਂ ਜਾਮ ਹੋਈਂ ਜਾਂਦੀ
ਗੀਤਕਾਰੋ !  ਗੀਤਕਾਰੀ  ਬਦਨਾਮ ਹੋਈਂ ਜਾਂਦੀ  

ਰਾਏਕੋਟੀ , ਹਸਨਪੁਰੀ ਤੋਂ  , ਕੁੱਝ  ਸਿੱਖਣਾ ਸੀ
ਕਾਲੇ ਘੱਗਰੇ ਦਾ ਗਾਣਾ , ਤੁਸਾਂ ਕੋਈ ਲਿਖਣਾ ਸੀ
ਕਾਲਜਾਂ ਦੀ ਗੱਲ ਤਾਂ , ਤਮਾਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ

ਪੜ੍ਹ  ਲੈਂਦੇ ਪਾਰਸ ਨੂੰ , ਸੁਣ ਲੈਂਦੇ  ਯਮਲੇ  ਨੂੰ
ਜੀਨਾਂ ਛੀਨਾਂ ਛੱਡ ,ਕਿਤੇ ਮਾਵਾ ਲਾਉਂਦੇ ਸ਼ਮਲੇ ਨੂੰ
ਨੰਗੀ  ਤਾਂ  ਕਲਮ , ਸ਼ਰੇਆਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ

ਬਾਪਲੇ ਵਾਲੇ ਜਿਉਂ ਕੁੱਝ , ਗੀਤਾਂ ਵਿੱਚ ਹਾਸਾ ਪਾਉਂਦੇ
ਵਿਰਕ ਜਿਉਂ ਪਿਆਰ ', ਮਿਠਾਸ ਤੋਲਾ ਮਾਸਾ ਪਾਉਂਦੇ
ਸ਼ਬਦਾਂ  '  ਧੂਮ ਤੇ  ਧੜਾਮ  ਹੋਈ  ਜਾਂਦੀ  
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ  

 
ਗਿੱਲਾਂ ਦੇ ,ਤਿਵਾੜੀਆਂ ਦੇ ,ਢਿੱਲੋਂਆਂ ਦੇ ਗੀਤ ਸੁਣੋ
ਗੀਤਾਂ  ਵਿੱਚ ਵਿਸ਼ਾ ਕੋਈ , ਸੇਧ  ਦੇਣ ਵਾਲਾ ਚੁਣੋ
ਕਾਹਲੀ ਉਂਝ ਲੈਣ ਨੂੰ , ਇਨਾਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ  

ਲੈ  ਲੈਂਦੇ ਗਿਆਨ ਥੋੜਾ , ਬਾਬੇ  ਗੁਰਦਾਸ ਤੋਂ
ਮਾਂ ਬੋਲੀ ਬਚ ਜਾਂਦੀ , ਕੀਤੇ  ਸੱਤਿਆਨਾਸ ਤੋਂ
ਕਲਮ  ਤੁਹਾਡੀ ,  ਬੇ ਲਗ਼ਾਮ ਹੋਈਂ ਜਾਂਦੀ
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ  

ਜੱਟ ਮਸਾਂ ਛੱਡਿਆ ਸੀ , ਫੜ ਲਿਆ ਮੋਬਾਇਲ ਹੁਣ
ਆਸ਼ਕੀ ਦੇ ਨਵੇਂ ਹੀ , ਸਿਖ਼ਾਉਨੇ ਸਟਾਇਲ  ਹੁਣ
ਗੋਲ  ਗੱਪੇ  ਖਾਓ , ਤੇਲੂ  ਰਾਮ  ਹੋਈਂ ਜਾਂਦੀ  
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ  

ਮਾੜਾ ਚਮਕੀਲਾ  ਐਵੇਂ , ਕਈਆਂ ਤੋਂ ਕਹਾ ਗਿਆ
ਚੌਗੁਣਾ  ਨਿਘਾਰ ਹੁਣ , ਕਲਮਾਂ  '   ਗਿਆ
ਦਿਨੋ  ਦਿਨ  ਅਸਲੋਂ , ਨਾਕਾਮ  ਹੋਈ  ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ

ਧੀਆਂ ਦੇ ਚਿੱਤਰ ਹਾੜਾ , ਐਦਾਂ ਨਾ ਚਿਤਾਰੋ ਤੁਸੀਂ
ਸਾਰੀਆਂ ਨੂੰ ਕਹੋਂ ਹੀਰਾਂ , ਕੁੱਝ ਤਾਂ ਵਿਚਾਰੋ ਤੁਸੀਂ
ਵਿਗਾੜਤਾ  ਸਮਾਜ , ਗੱਲ ਨਾਮ ਹੋਈਂ ਜਾਂਦੀ
ਗੀਤਕਾਰੋ !  ਗੀਤਕਾਰੀ ਬਦਨਾਮ ਹੋਈਂ ਜਾਂਦੀ  

ਲਿਖਣਾ ਹੈ  ਲਿਖੋ  ਕੁੱਝ , ਬਾਬੂ  ਸਿੰਘ  ਮਾਨ ਜਿਹਾ
ਹਲਕਾ ਹੀ ਲਿਖਣੈ ,ਤਾਂ ਲਿਖ ਲਓ " ਘੁਮਾਣ " ਜਿਹਾ
ਐਵੇਂ  ਧੂਰੀ , ਦਿੜ੍ਹਬਾ , ਸੁਨਾਮ ਹੋਈਂ ਜਾਂਦੀ
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ  

 


ਰਵਿੰਦਰ ਰਵੀ
 

 

7 ਪ੍ਰਗੀਤਕ ਕਵਿਤਾਵਾਂ
ਰਵਿੰਦਰ ਰਵੀ

1. ਟਾਪੂ ਆਪੋ ਆਪਣੇ

ਮਨ ਟੁੱਟ ਚੱਲਿਆ,
ਟੁੱਟਦੇ ਨੂੰ ਕੋਈ
ਜੋੜ ਸਕੇ ਤਾਂ ਜਾਣਾਂ

ਟੁੱਟੇ ਠੀਕਰ ਕਦੇ ਨਾ ਜੁੜਦੇ
ਖਿੰਡ ਜਾਂਦੇ ਸ਼ੀਸ਼ੇ: ਪ੍ਰਤਿਬਿੰਬ
ਜੜ੍ਹ, ਚੇਤੰਨ, ਛਾਇਆ ਤੇ ਮਾਇਆ
ਉਲਝ ਰਹੇ ਬਿੰਦ, ਬਿੰਦ –
ਉਲਝਣ ਦੇ ਵਿਚ,
ਉਲਝਣ ਦੀ ਥਾਂ,
ਸੁਲਝ ਸਕੇ, ਤਾਂ ਜਾਣਾਂ

ਉਲਝਣ ਰਾਹੀਂ, ਨਜ਼ਰੀਂ ਉਲਝਣ,
ਗੁੰਝਲ, ਗੁੰਝਲ ਸੋਚਾਂ,
ਨਦੀਏਂ: ਧਾਗਾ
ਝੀਲੀਂ: ਗੰਢਾਂ
ਸਾਗਰ: ਆਪ ਪਛਾਣਾਂ

ਆਪੋ ਆਪਣਾਂ ਸਾਗਰ ਸਭ ਦਾ
ਟਾਪੂ ਆਪੋ ਆਪਣੇ
ਆਪਣੇ ਸ਼ਬਦ ਫਰੋਲੀ ਜਾਣੇ
ਅਰਥ ਆਪਣੇ ਜਪਣੇ
ਕਿਣਕੇ: ਸਹਿਰਾ
ਬੂੰਦੇ: ਸੂਰਜ
ਆਪ: ਅਨਾਪ ਸਮਾਣਾਂ

ਸੂਰਜ, ਸਹਿਰਾ, ਬੂੰਦ ਤੇ ਕਿਣਕਾ
ਨਿੱਕੀ ਗੁੱਥੀ, ਵੱਡ ਕਹਾਣੀ

ਸੁਲਝਣ ਵਿੱਚੋਂ ਉਲਝਣ ਨਿਕਲੇ
ਤਾਣਾਂ, ਬਾਣਾਂ ਹਰ ਇਕ ਪ੍ਰਾਣੀ
ਪੌਣਾਂ ਵਾਂਗੂੰ
ਅੰਬਰੀਂ ਉੱਡੇ
ਮਹਿਕ ਬਣੇ, ਤਾਂ ਜਾਣਾਂ

ਮਨ ਟੁੱਟ ਚੱਲਿਆ,
ਟੁੱਟਦੇ ਨੂੰ ਕੋਈ
ਜੋੜ ਸਕੇ ਤਾਂ ਜਾਣਾਂ

2. ਸਗਲ ਤਮਾਸ਼ਾ

ਨੀਂ ਕੁੜੀਏ! ਦੱਸ ਕੀ ਤੇਰਾ ਭਰਵਾਸਾ?
ਪਾਣੀ ਨਾਲੋਂ ਹੋਠ ਟੁੱਟ ਗਏ,
ਪਾਣੀ ਫਿਰੇ ਪਿਆਸਾ!!!

ਇਕ ਪਾਣੀ ਤੂੰ ਮੰਗਣਾਂ ਚਾਹਿਆ
ਇਕ ਪਾਣੀ ਅਸੀਂ ਦਿੱਤਾ
ਇਕ ਪਾਣੀ ਹੈ ਸ਼ੌਕ ਦਿਲਾਂ ਦਾ
ਇਕ ਪਾਣੀ ਹੈ ਕਿੱਤਾ
ਇਕ ਪਾਣੀ ‘ਚੋਂ ਕਿਉਂ ਤੂੰ ਕੀਤੀ
ਦੱਸ ਦੂਜੇ ਦੀ ਆਸ਼ਾ?

ਸ਼ੌਕ ਦਿਲਾਂ ਦਾ, ਦਰਦ ਦਿਲਾਂ ਦਾ
ਇਹ ਪਾਣੀ ਅਸੀਂ ਰੱਖਣਾਂ
ਜੋ ਪਾਣੀ ਕਿੱਤੇ ‘ਚ ਮਸ਼ੀਨੀ
ਉਹ ਪਾਣੀ ਨਾ ਚੱਖਣਾਂ
ਤੇਰੇ ਹੋਠੀਂ ਤੇਹ ਸਾਡੀ ਨਾਂ,
ਹੋਰ, ਹੋਰ ਅਭਿਲਾਸ਼ਾ

ਪਾਣੀ ਨੂੰ ਹੋਠਾਂ ਦੀ ਤੇਹ ਹੈ
ਹੋਠ ਤੁਰੇ ਪਰਦੇਸ
ਆਪੇ ਵਿਚ ਪਰਵਾਸੀ ਬਣ ਗਏ
ਰੁੱਸ ਗਏ ਸੱਭੇ ਦੇਸ
ਨਾਂ ਵਾਣੀ, ਨਾਂ ਅਰਥ ਆਪਣੇ
ਰੁੱਸ ਗਈ ਸਾਥੋਂ ਭਾਸ਼ਾ

ਸੂਹੇ ਰੰਗ ‘ਚੋਂ ਵਣਜ ਢੂੰਡਣਾਂ
ਇਹ ਤੇਰੀ ਮਜਬੂਰੀ
ਹਰ ਰੰਗ ਦੀ ਪ੍ਰਤੀਤੀ ‘ਚੋਂ ਹੀ
ਅਸੀਂ ਮੇਟੀਏ ਦੂਰੀ
ਉੱਤਰ, ਦੱਖਣ, ਗਿਆਨ, ਭਾਵਨਾਂ –
ਸਿੱਧਾ, ਪੁੱਠਾ ਪਾਸਾ

ਇਕ ਪਾਸੇ ਤੇਰਾ ਦੀਨ ਕੁਆਰਾ
ਦੇਹ ਝੱਖੜਾਂ ਦੀ ਝੰਭੀ
ਮਨ ਦੀ ਭਾਸ਼ਾ ਸਿੱਖਦੀ, ਸਿੱਖਦੀ,
ਰੀੜ੍ਹ ‘ਚ ਕਾਇਆ ਕੰਬੀ
ਸੁੱਚੇ ਸੱਚ ਦੀ ਦ੍ਰਿਸ਼ਟੀ ਅੰਦਰ
ਮੈਲ ਜਿਹੀ ਦਾ ਵਾਸਾ

ਕਿਹੜੀ ਜੰਗ ਦੀ ਸੰਧੀ ਬਣਿਆਂ
ਸਵੈ-ਸਮਰਪਨ ਤੇਰਾ?
ਅੰਦਰ ਦੀ ਜੰਗ ਅੰਦਰੇ ਹੁੰਦੀ
ਅੰਦਰੇ ਜਿੱਤ ਤੇ ਜੇਰਾ
ਹਿਰਨ-ਕਥੂਰੀ ਭਰਮ ਸਿਰਜਦੀ
ਸਿਰਜੇ ਨਾਂ ਭਰਵਾਸਾ

ਜਦ, ਜਦ ਸ਼ੀਸ਼ਾ ਤੱਕੀਏ ਤਦ, ਤਦ
ਘੂਰਨ ਜਿਵੇਂ ਖਲਾਵਾਂ
ਚਾਨਣ ਰੁੱਸਿਆ, ਰੁੱਸ ਗਈ ਕੁਦਰਤ
ਪਲਟੇ ਰੁਖ ਹਵਾਵਾਂ
ਆਪੇ ਠੋਹਕਰ, ਆਪੇ ਡਿਗੀਏ
ਆਪੇ ਹੀ ਧਰਵਾਸਾ

ਤੈਂ ‘ਚੋਂ ਜੁ ਕੁਝ ਪਾਇਆ, ਉਸ ਦਾ
ਸੂਰਜ ਨਿੱਤ ਚੜ੍ਹਾਈਏ
ਆਪੇ ਤੋਂ, ਆਪੇ ਤਕ ਟੁਰਦੇ,
ਤੈਂ ਤੋਂ, ਤੈਂ ਤਕ ਜਾਈਏ
ਤੈਂ ‘ਚੋਂ ਤ੍ਰਿਪਤੀ, ਤੇਹ ਤੇਰੇ ‘ਚੋਂ
ਤੈਂ ‘ਚੋਂ ਸਗਲ ਤਮਾਸ਼ਾ

3. ਦਿਲ: ਇਕ ਟਾਈਮ ਬੰਬ

ਅੱਖੀਆਂ ਸੌਹੇਂ ਚਾਨਣ ਟੁੱਟੇ
‘ਨ੍ਹੇਰ ਫੈਲਦਾ ਜਾਏ
ਡੁੱਬ ਰਹੀ ਨਜ਼ਰਾਂ ਵਿਚ ਜੋਤੀ
ਕਵਣ ਪੜਾਅ ‘ਤੇ ਆਏ?

ਏਥੇ ਪਹੁੰਚ ਕੇ ਸੁੱਕਣ ਨਦੀਆਂ
ਰੇਤੇ ਵਿਚ ਬਲਦੇ ਅੰਗਿਆਰ
ਸ਼ਾਗਰ ਮਿਟਦੇ, ਢੱਠਣ ਪਰਬਤ
ਵਿਖਰਿਆ ਜਾਪੇ ਸਭ ਸੰਸਾਰ

ਕਲਪਨਾਂ ਦੇ ਪਰ ਕਟ ਗਏ ਲੱਗਦੇ
ਬੁੱਧੀ ਵਿਚ ਸ਼ੂਨਯ-ਭੰਡਾਰ
ਆਪੇ ਨੂੰ ਆਪਾ ਨਾਂ ਝੱਲੇ
ਬੱਦਲ ਨੂੰ ਬੱਦਲ ਦਾ ਭਾਰ

ਫੁੱਲਾਂ ਵਿੱਚੋਂ ਉੱਠਦਾ ਧੂੰਆਂ
ਮਹਿਕਾਂ ਨੂੰ ਮਹਿਕਾਂ ਦਾ ਸ਼ਾੜ
ਪਾਟ ਬਿਖਰਿਆ ਚਾਰ ਚੁਫੇਰੇ
ਆਪੇ ਵਿਚ ਆਪੇ ਦਾ ਪਾੜ

ਇਸ ਦਰ ਕਾਲਖ, ਉਸ ਦਰ ਟੋਏ,
ਔਹ ਦਰ ਨਿਰੀ ਦੀਵਾਰ
ਅੰਦਰ ਬਾਹਰ ਤ੍ਰੈ-ਕਾਲਾਂ ਵਿਚ
ਵੱਸ ਗਈ ਜਿਵੇਂ ਉਜਾੜ

ਦਿਲ ਦਾ ਟਾਈਮ-ਬੰਬ ਅੱਜ ਢੁੱਕਿਆ
ਜੀਕੂੰ ਫਟਣ-ਦੁਆਰ
ਸਮਿਆਂ ਦਾ ਘੋੜਾ ਨ ਝੱਲੇ
ਸਾਡਾ, ਪਿੱਠ ‘ਤੇ ਭਾਰ

ਪਿਤਰੀ ਸੰਗਲੀ ਇਸ ਛਿਣ ਨੂੰ ਨਾਂ
ਦੇ ਸਕੇ ਭਰਵਾਸਾ
ਮੌਤ ਭੋਗਦਾ ਛਿਣ, ਛਿਣ ਮੇਰਾ
ਜ਼ਿੰਦਗੀ ਲਈ ਪਿਆਸਾ
4. ਪਿਆਸ ਤੋਂ ਪਿਆਸ ਤਕ

ਇਸ ਟਹਿਣੀ ਤੋਂ ਹਰ ਪੰਛੀ ਨੇ
ਇਕ, ਇਕ ਕਰ ਉੱਡ ਜਾਣਾਂ!
ਖੜਸੁਕ ਦੇਹੀ ਆਦਿ-ਪਿਆਸੀ
ਅੰਤ ਪਿਆਸ ਸਮਾਣਾਂ!

ਸੁਫਨਿਆਂ ਵਰਗੇ ਪੰਛੀ ਆਏ
ਪੀਂਘਾਂ ਪਾ ਕੇ ਤੁਰ ਗਏ!
ਪੰਖੋਂ ਅੰਬਰ, ਰੰਗ ਅੱਖੀਆਂ ‘ਚੋਂ,
ਕਲਪਨਾਂ ਅੰਦਰ ਜੁੜ ਗਏ!
ਆਪਣੀ ਵੀਰਾਨੀ ਵਿਚ ਵਾਸਾ,
ਆਪਣਾ ਆਪ ਟਿਕਾਣਾਂ!

ਭਰਮ ਜਿਹੇ ਵਿਚ ਸੂਲਾਂ ਉੱਗੀਆਂ,
ਸੂਲੀਂ ਟੰਗੇ ਤੁਪਕੇ!
ਤਿੱਖਾ ਸੂਰਜ, ਪਿਆਸ ਬੁਝੇ ਕਿੰਞ?
ਭਾਫ ਬਣੇ, ਟੁੱਟ, ਟੁੱਟ ਕੇ!
ਆਪ ਉਲੀਕਣ ਵਿਚ ਅੱਧ ਲੰਘਿਆ
ਤੇ ਅੱਧ ਆਪ ਮਿਟਾਣਾਂ!

ਅੱਧ ਵੀ ਸਾਡੇ ਗਏ ਗੁਆਚੇ,
ਸ਼ੱਚ ਤੋਂ ਛੁੱਪ ਗਏ ਡਰ ਕੇ!
ਜੀ, ਜੀ ਕੇ ਅਸੀਂ ਪਹੁੰਚੇ ਉੱਥੇ,
ਪਹੁੰਚੀਏ ਜਿੱਥੇ ਮਰ ਕੇ!
ਆਪ ਸ਼ਿਕਾਰ, ਸ਼ਿਕਾਰੀ ਆਪੇ,
ਆਪਣਾ ਆਪ ਨਿਸ਼ਾਨਾਂ!

ਅੱਖਰ, ਅੱਖਰ ਸ਼ਬਦ ਬਿਖਰ ਗਏ,
ਅਰਥ ਵੀ ਕਰ ਗਏ ਠੱਗੀ!
ਪਿੰਡ ਤੇ ਬ੍ਰਹਿਮੰਡ ਵਿੰਹਦੇ ਰਹਿ ਗਏ,
ਅੱਗ ਚੌਂਹ ਕੂੰਟੀਂ ਲੱਗੀ!
ਪੱਥਰ ਅੱਖਾਂ, ਹੋਂਦ ਰੇਤਲੀ,
ਉਲਝਿਆ ਤਾਣਾਂ ਬਾਣਾਂ!

5. ਬੇਚਿਹਰਾ ਅਰਥਾਂ ਦੀ ਵਾਣੀਂ

ਬਿਖਰ ਗਿਆ ਹਾਂ ਆਪਣੇ ਅੰਦਰ,
ਕਿੱਥੋਂ ਪਕੜਾਂ ਆਦਿ-ਕਹਾਣੀ?
ਚਿੱਪਰ, ਚਿੱਪਰ ਨਕਸ਼ ਵਿਲਕਦੇ,
ਬੇਚਿਹਰਾ ਅਰਥਾਂ ਦੀ ਵਾਣੀਂ!

ਸਾਡੀ ਵਿਥਿਆ, ਦਰਦ ਅਸਾਡਾ,
ਆਪੇ ਵਿਚ ਆਪਣਾ ਪਰਵਾਸ!
ਬਾਹਰ ਮੌਸਮ ਥਲ ਤੇ ਸੂਰਜ,
ਅੰਦਰ ਜਨਮ ਜਨਮ ਦੀ ਪਿਆਸ!

ਰ੍ਰੁੱਖਾਂ ਨੂੰ ਦੁੱਖ ਕੀਕੂੰ ਦੱਸੀਏ?
ਏਥੇ ਸੱਭੇ ਰੁੱਖ ਨਿਛਾਵੇਂ!
ਆਪਣੇ ਹੀ ਸੰਤਾਪ ‘ਚ ਭੁੱਜਦੇ,
ਆਪਣੇ ਬੁੱਤ, ਆਪਣੇ ਪਰਛਾਵੇਂ!

ਧੁੰਦ ਜਿਹੀ ਇਕ ਹਰ ਪਾਸੇ ਹੈ,
ਨਜ਼ਰਾਂ ਨੂੰ ਨਜ਼ਰਾਂ ਦੇ ਘੇਰੇ!
ਪੈਰਾਂ ਤਕ ਰਸਤਾ ਨਾਂ ਦਿੱਸੇ,
ਟੱਕਰਾਂ ਵੱਜਣ ਚਾਰ ਚੁਫੇਰੇ!

ਧੜਕ ਧੜਕ ਕੇ ਬਿਣਸ ਰਹੀ ਹੈ,
ਵਿਫਲ ਜਿਹੀ ਸਾਹਾਂ ਦੀ ਵਿਥਿਆ!
ਆਪਣੇ ਸੱਚ ਦੀ ਬੰਦੀ ਬਣ ਗਈ,
ਸਿਫਰ-ਘਿਰੀ ਆਪਣੀ ਹੀ ਮਿਥਿਆ!

ਕਥ-ਮਿਥ ਸੂਲੀ, ਸੱਚ ਮਸੀਹਾ,
ਹਰ ਚੌਰਾਹੇ, ਹਰ ਘਰ ਬਾਰ!
ਕਿੱਲੀ-ਵਿੱਝਾ, ਹਰ ਜਨ, ਲਟਕੇ
ਅਮਨ, ਭਰੋਸਾ ਅਤੇ ਪਿਆਰ!

6. ਕਿੱਸਿਓਂ ਬਾਹਰ ਕਿੱਸੇ

ਪਰਬਤ ਬਣ ਪੈਰਾਂ ਵਿਚ ਬੰਨ੍ਹੀਏਂ,
ਝਰਨਂੇ ਦੀ ਝਨਕਾਰ ਓ ਯਾਰ!
ਆਪੇ ਸਾਗਰ, ਬੱਦਲ ਆਪੇ,
ਆਪੇ ਧਰਤ, ਫੁਹਾਰ ਓ ਯਾਰ!

ਨਾਂ ਡੁੱਬੇ, ਨਾਂ ਤਰੇ, ਨਾਂ ਮੁੱਕੇ –
ਕੰਢੇ ਵਿਚ ਮੰਝਧਾਰ ਓ ਯਾਰ!

ਖੰਭਾਂ ਵਾਲੇ ਟੁੱਟ, ਟੁੱਟ ਬਿਖਰੇ,
ਬਿਨ ਖੰਭੋਂ ਉਸ ਪਾਰ ਓ ਯਾਰ!

ਹਾਸ਼ਮ, ਬੁੱਲ੍ਹਾ, ਫਜ਼ਲ ਤੇ ਵਾਰਸ,
ਕਿੱਸੇ, ਕਿੱਸਿਓਂ ਬਾਹਰ ਓ ਯਾਰ!!!!

7. ਪਲਾਇਨ

ਜਿਸ ਸੂਰਜ ਦੀ ਤੇਰੇ ਸੰਗ ਅਸ਼ਨਾਈ ਹੈ!
ਉਸ ਸੂਰਜ ਦੀ ਸਾਰੇ ਸ਼ਹਿਰ ਦੁਹਾਈ ਹੈ!

ਉਸ ਸੂਰਜ ਦੀ ਕਿਰਨ ਹਨੇਰੇ ਹੂੰਝੇ ਨਾਂ,
ਹਰ ਪਾਸੇ ਹੀ ਸਹਿਮੀਂ ਹੋਈ ਤਨਹਾਈ ਹੈ!

ਇਸ ਪਾਸੇ ਇਕ ਦੀਪ ਜਿਹਾ ਜਗ-ਬੁਝ ਵਿਚ ਹੈ,
ਉਸ ਪਾਸੇ ਇਕ ਜੁਗਨੂੰ ਲਾਸ਼ ਉਠਾਈ ਹੈ!

ਏਸ ਸ਼ਹਿਰ ਵਿਚ ਜਗੂੰ-ਬੁਝੂੰ ਇਕ ਧੁਖਨ ਜਿਹੀ,
ਏਸ ਸ਼ਹਿਰ ਵਿਚ ਲੋਅ ਬਣ ਕੇ ਅੱਗ ਆਈ ਹੈ!

‘ਨ੍ਹੇਰ ਦਾ ਝੁੰਗਲਮਾਟਾ ਕਰਕੇ ਲੰਘ ਜਾਈਏ,
ਏਸ ਸ਼ਹਿਰ ਦੀਆਂ ਗਲੀਆਂ ਵਿਚ ਰੁਸਵਾਈ ਹੈ!
 


ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ

ਸੋਚਾਂ ਦੇ ਵਿੱਚ ਫਿਕਰਾਂ ਨੇ ਕੋਈ ਅੱਗ ਜਿਹੀ ਬਾਲੀ ਲੱਗਦੀ ਏ।
ਕਈ ਵਾਰੀ ਇਸ ਜ਼ਿੰਦਗੀ ਨਾਲੋਂ ਮੌਤ ਸੁਖਾਲੀ ਲੱਗਦੀ ਏ।

ਇਹ ਬੰਦਾ ਜੋ ਦੁੱਖ ਦੇ ਵਿੱਚ ਵੀ ਮੇਰੇ ਨਾਲ ਖਲੋਇਆ ਏ,
ਇਸ ਨੇ ਵੀ ਇਹ ਜ਼ਿੰਦਗੀ ਮੈਨੂੰ ਦੇਖੀ ਭਾਲੀ ਲੱਗਦੀ ਏ।

ਝੂਠ ਨੇ ਬੇਸ਼ੱਕ ਚਾਰੇ ਪਾਸੇ ਕਿੰਨੇ ਈ ਦੀਵੇ ਬਾਲੇ ਨੇ,
ਪੁੰਨਿਆ ਦੀ ਇਹ ਰਾਤ ਤਾਂ ਫਿਰ ਵੀ ਕਾਲੀ-ਕਾਲੀ ਲੱਗਦੀ ਏ।

ਰੋ ਪੈਂਦਾ ਕੁਮਲਾ ਜਾਂਦਾ ਉਹ ਹਾਲ ਜਦੋਂ ਵੀ ਪੁੱਛਿਆ ਉਸਦਾ,
ਉਸ ਨੇ ਦਿਲ ਵਿੱਚ ਹਾਲੇ ਤਕ ਕੋਈ ਯਾਦ ਸੰਭਾਲੀ ਲੱਗਦੀ ਏ।

ਲੋਹੜੇ ਦੀ ਇਸ ਸਰਦੀ ਵਿੱਚ ਵੀ ਦਿਲ ‘ਚੋਂ ਭਾਂਬੜ ਉੱਠਦੇ ਰਹਿੰਦੇ,
ਪਿਛਲੀ ਜੂਨੇ ਮੇਰੇ ਤੋਂ ਕੋਈ ਪਿੱਪਲੀ ਜਾਲੀ ਲੱਗਦੀ ਏ।

ਰਾਤ ਦੇ ਪਿਛਲੇ ਪਹਿਰੇ ਕਿਸ ਦੀ ਯਾਦ ਦਾ ਚਾਨਣ ਹੋਇਆ ਏ,
ਮੇਰੀ ਯਾਦ ਵੀ ਹੋਰ ਕਿਸੇ ਨੇ ਦਿਲ ਵਿੱਚ ਪਾਲੀ ਲੱਗਦੀ ਏ।
 

ਮਲਕੀਅਤ "ਸੁਹਲ"

 

ਮਾਵਾਂ

ਮਾਵਾਂ
ਮਲਕੀਅਤ "ਸੁਹਲ"

ਕਿਥੋਂ, ਜੱਗ ਤੇ ਲੱਭ ਲਿਆਈਏ,
ਇੱਛਰਾਂ ਵਰਗੀਆਂ ਮਾਵਾਂ।
ਮੈਂ, ਮਾਂ ਨੂੰ ਸਿਰ ਝੁਕਾ ਕੇ,
ਰੱਜ ਕੇ ਠੰਡ ਕਲੇਜੇ ਪਾਵਾਂ ।

ਮਾਂ ਦਾ ਲਾਡ ਜੱਗ ਤੋਂ ਪਿਆਰਾ ।
ਮਾਂ ਨੂੰ ਲਗਦੈ ਪੁੱਤਰ ਪਿਆਰਾ ।
ਬਾਹਾਂ ਟੁੱਟਣ ਬਿਨਾਂ ਭਰਾਵਾਂ ,
ਕਿਥੋਂ, ਜੱਗ ਤੇ ਲੱਭ ਲਿਆਈਏ:
ਇੱਛਰਾਂ ਵਰਗੀਆਂ ਮਾਂਵਾਂ ।

ਲਾਡ ਹੁੰਦੇ, ਪੁੱਤਾਂ ਦੇ ਵਖ਼ਰੇ ।
ਪੁੱਤਾਂ ਦੇ ਨੇ ਪਿਆਰੇ ਨਖ਼ਰੇ ।
ਮਾਂ ਦੀਆਂ ਮਿੱਠੀਆਂ ਹੈਨ ਅਦਾਵਾਂ,
ਮੈਂ, ਮਾਂ ਨੂੰ ਸਿਰ ਝੁਕਾ ਕੇ ;
ਰੱਜ ਕੇ ਠੰਡ ਕਲੇਜੇ ਪਾਵਾਂ ।

ਹਰ ਜਾਈ ਦਾ ਜਾਇਆ ਸੋਹਣਾ।
ਦੁਨੀਆਂ ਉਤੇ ਹੋਰ ਨਹੀਂ ਹੋਣਾ ।
ਭਾਲ ਥੱਕੇ, ਹਾਂ ਸ਼ਹਿਰ ਗਰਾਵਾਂ,
ਕਿਥੋਂ, ਜੱਗ ਤੇ ਲੱਭ ਲਿਆਈਏ;
ਇੱਛਰਾਂ ਵਰਗੀਆਂ ਮਾਂਵਾਂ ।

ਜੇ, ਪੁੱਤਰ ਸਰਵਣ ਵਰਗਾ ਹੋਵੇ ।
ਤਾਂ ਮਾਂ ਕਦੇ ਦੁਖੀ ਨਾ ਹੋਵੇ ।
ਮਾਂ ਥੱਕੇ ਨਾ ਤੱਕਦੀ ਰਾਵ੍ਹਾਂ ,
ਮੈਂ, ਮਾਂ ਨੂੰ ਸਿਰ ਝੁਕਾ ਕੇ;
ਰੱਜ ਕੇ ਠੰਡ ਕਲੇਜੇ ਪਾਵਾਂ ।

ਮਾਂ ਦੀ ਪੁੱਤ ਜੋ ਕਰਦੇ ਸੇਵਾ ।
ਮਾਂਵਾਂ ਲਈ ਉਹ ਮਿੱਠਾ ਮੇਵਾ।
ਮਾ ਦੀ ਕਸਮ ਕਦੇ ਨਾ ਖਾਵਾਂ,
ਮੈਂ, ਮਾਂ ਨੂੰ ਸਿਰ ਝੁਕਾ ਕੇ;
ਰੱਜ ਕੇ ਠੰਡ ਕਲੇਜੇ ਪਾਵਾਂ ।

ਪੁੱਤਰ ਕਦੇ ਨਾ ਹੋਣ ਕਪੁੱਤਰ ।
ਲਹਿ ਜਾਂਦੀ ਭੁੱਖ, ਵੇਖ ਕੇ ਪੁੱਤਰ।
ਮਾਂ ਦੇਂਦੀ ਹੈ ਨੇਕ ਸਲ੍ਹਾਵਾਂ ,
ਕਿਥੋਂ ਜੱਗ ਤੇ ਲੱਭ ਲਿਆਈਏ ;
ਇੱਛਰਾਂ ਵਰਗੀਆਂ ਮਾਂਵਾਂ ।

ਮਾਂ-ਪੁੱਤਰ ਦਾ ਰਿਸ਼ਤਾ ਡੂੰਘਾ ।
ਭੈਂਗਾ, ਬੋਲਾ ਜਾਂ ਪੁੱਤ ਹੈ ਗੁੰਗਾ ।
ਤਾਂ ਵੀ ਤੱਕਦੀ, ਮਾਂ ਪਰਛਾਵਾਂ ,
ਕਿਥੋਂ ਜੱਗ ਤੇ ਲੱਭ ਲਿਆਈਏ ;
ਇੱਛਰਾਂ ਵਰਗੀਆਂ ਮਾਂਵਾਂ ।

ਵਿਸਰ ਜਾਏ ਨਾ ਮਾਂ ਦੀ ਲੋਰੀ ।
ਪੁੱਤਰ , ਮਾਂ ਦੀ ਬਣਨ ਡੰਗੋਰੀ ।
"ਸੁਹਲ" ਮਾਂਵਾਂ, ਠੰਡੀਆਂ ਛਾਵਾਂ,
ਕਿਥੋਂ ਜੱਗ ਤੇ ਲੱਭ ਲਿਆਈਏ;
ਇੱਛਰਾਂ ਵਰਗੀਆਂ ਮਾਵਾਂ ।
 

 ਜ਼ਿੰਦਗੀ
ਮਲਕੀਤ ਸੁਹਲ

ਹੈ, ਬੜੀ ਪਵਿਤਰ ਜ਼ਿੰਦਗੀ ,
ਮਜ਼ਦੂਰ ਤੇ ਕਿਰਸਾਨ ਦੀ ।
ਖਾ ਗਈ ਹੈ ਨਜ਼ਰ ਇਹਨੂੰ ,
ਸ਼ਾਹੂਕਾਰ ਬਈਮਾਨ ਦੀ ।

ਰਹਿੰਦਾ ਜੋ ਮਿੱਟੀ ਫੋਲਦਾ
ਮਿੱਟੀ 'ਚ ਮਿੱਟੀ ਹੋ ਗਿਆ ,
ਖਾਂਦਾ ਨਹੀਂ ਝੂੱਠੀ ਕਸਮ ਜੋ
ਆਪਣੇਂ ਈਮਾਨ ਦੀ ।

ਹੈ, ਚੋਂਦਾ ਪਸੀਨਾ ਮੁੱਖ ਤੋਂ
ਜਿਉਂ ਸਾਵਣ ਆ ਗਿਆ ,
ਏ. ਸੀ ਤੇ ਕੂਲਰ ਚਲਦੇ
ਇਹ ਖੇਡ ਹੈ ਭਗਵਾਨ ਦੀ ।

ਬੱਜਰੀ ਤੇ ਰੇਤਾ ਸੇਜ ਹੈ
ਸਮਝ ਲਉ, ਮਜ਼ਦੂਰ ਦੀ ,
ਨਸ਼ਾ ਚੜ੍ਹਦਾ ਨੀਂਦ ਵਾਲਾ
ਗੱਲ ਨਹੀਂ ਸ਼ਰਮਾਉਣ ਦੀ ।

ਵਿੱਸਕੀ ਤੇ ਮੁਰਗੇ ਭੇਟ ਹੁੰਦੇ
ਸ਼ਾਮ ਹੈ ਜਦ ਆਂਵਦੀ ,
ਤਾਂ,ਰਾਜਨੀਤਕ ਗੱਲ ਤੁਰਦੀ
ਪਾਰਟੀ ਪਰਧਾਨ ਦੀ ।

ਸਰਹੱਦ ਤੇ ਜੋ ਲੜਦਾ
ਸ਼ਹੀਦ ਫ਼ੌਜੀ ਹੋ ਗਿਆ ,
ਹਰ ਜ਼ਬਾਂ ਤੇ ਗੱਲ ਚਲਦੀ
ਫ਼ੌਜ ਦੇ ਜਵਾਨ ਦੀ ।

ਬਣੇਂ ਰਾਖੇ ਦੇਸ਼ ਦੇ ਅੱਜ
ਬੱਕਰੇ ਨੇ ਬੋਹਲ ਦੇ ,
ਦਵਾ ਭਰਿਸ਼ਟਾਚਾਰ ਤੇ
ਕੀ ਕਰੇਗੀ ਲੁਕਮਾਨ ਦੀ ।

ਚੋਰਾਂ ਨੂੰ ਮੋਰ ਪੈ ਰਹੇ
ਕਹਿੰਦੇ ਸਿਆਣੇ ਤੁਰ ਗਏ ,
ਗੱਲ ਝੂਠੀ ਜਾਪਦੀ ਹੈ
ਉਨ੍ਹਾਂ ਦੇ ਫ਼ੁਰਮਾਨ ਦੀ ।

ਰਾਸ਼ੀ -ਫਲ ਤਕਦੀਰ ਦਾ
ਜੋ ੳਠ ਸਵੇਰੇ ਵੇਖਦੇ ,
ਤਕਨੀਕੀਆਂ ਦੇ ਯੁੱਗ ਅੰਦਰ
ਸੋਚ ਨਹੀਂ ਇਨਸਾਨ ਦੀ ।

"ਸੁਹਲ" ਸਦਾ ਰਹਿੰਦੀਆਂ
ਇਨਸਾਨ ਤੇ ਮਜ਼ਬੂਰੀਆਂ ,
ਹੈ, ਨਵੀਂ ਆਦਤ ਬਣ ਗਈ
ਬੰਦੇ ਨੂੰ ਬੰਦਾ ਖਾਣ ਦੀ ।
 


ਗ਼ਜ਼ਲ
ਹਰਦਮ ਸਿੰਘ ਮਾਨ

ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।

ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।

ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।

ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।

ਇਸ ਤਰਾਂ ਹੁਣ ਹੋ ਗਿਐ ਤੇਰਾ ਮਿਜ਼ਾਜ
ਹੋਣ ਨਾ ਜਿਉਂ ਫੁੱਲਾਂ ਦੇ ਵਿਚ ਖੁਸ਼ਬੂਆਂ।

ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।

ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਐਪਰ ਨਾ ਹੋਈਆਂ ਪੂਰੀਆਂ।
 


ਜਰਨੈਲ ਘੁਮਾਣ
 

 

ਰੰਗਲਾ ਪੰਜਾਬ
ਜਰਨੈਲ ਘੁਮਾਣ

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ 'ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥

ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ 'ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………॥

ਘਰ ਘਰ ਵਿੱਚ ਪੈਰ ਸਿਆਸਤ ਪਸਾਰ ਚੱਲੀ,
ਲੀਡਰਾਂ ਦੀ ਪਾਈ ਫੁੱਟ ਰਿਸ਼ਤੇ ਵਿਗਾੜ ਚੱਲੀ ,
ਜਣਾ ਖਣਾ ਏਥੇ , ਨੇਤਾ ਸਾਹਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ……………………….॥

ਬੇ-ਰੁਜ਼ਗਾਰੀ ਲੱਕ ਪਾਹੜੂਆਂ ਦਾ ਤੋੜ ਦਿੱਤਾ ,
ਪੰਜਾਬ ਦੀ ਜਵਾਨੀ ਤਾਈਂ ਨਸ਼ਿਆਂ 'ਚ ਰੋਹੜ ਦਿੱਤਾ ,
ਮਹਿਕ ਵਿਹੂਣਾ , ਕਿਉਂ ਗੁਲਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ……………………॥

ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥

ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥

ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ…………………..॥

ਵੋਟਾਂ ਵਾਲੀ ਰਾਜਨੀਤੀ ਨੇਤਾ ਸਾਡੇ ਕਰੀਂ ਜਾਂਦੇ ,
ਦੋਵੇਂ ਧਿਰਾਂ ਇੱਕੋ ,ਦੋਸ਼ ਆਪਸ 'ਚ ਮੜੀਹ ਜਾਂਦੇ ,
ਜਨਤਾ ਨਾ ਬੁੱਝੇ , ਕੀਹਨੂੰ ਲਾਭ ਹੋਈ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………………॥

ਲੋਕ ਹਿੱਤਾਂ ਦੇ ਹਿਤੈਸ਼ੀ ਵਿੱਕ ਜਾਣ ਪਲਾਂ ਵਿੱਚ ,
ਭਟਕਦੇ ਛੱਡ ਜਾਣ , ਲੋਕਾਂ ਤਾਈਂ ਥਲਾਂ ਵਿੱਚ ,
ਦੂਰ ਲੋੜਾਂ ਪੂਰਦਾ , ਝਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ………………….॥

ਚਾਰੇ ਪਾਸੇ ਛਾ ਗਿਆ ਹਨ੍ਹੇਰ , ਨ੍ਹੇਰ ਘੁੱਪ ਹੁਣ ,
ਹਰ ਮੁੱਦੇ ਉੱਤੇ ਭਲੀ , ਭਲੇ ਲੋਕਾ ਚੁੱਪ ਹੁਣ ,
ਘਾਲਾ ਮਾਲਾ ਬਹੁਤ ਹੀ , ਜਨਾਬ ਹੋਈਂ ਜਾਂਦਾ ਏ ।
ਬਰਬਾਦ ਰੰਗਲਾ ਪੰਜਾਬ ………………………….॥

ਵਿਦਵਾਨੋ , ਸਾਇੰਸਦਾਨੋ , ਜ਼ਰਾ ਨੇਤਾ ਜੀ ਵਿਚਾਰ ਕਰੋ ,
ਕੀ ਐ ਭਵਿੱਖ ਸਾਡਾ , ਸੋਚ ਲਗਾਤਾਰ ਕਰੋ ,
" ਘੁਮਾਣ '' ਦੇਣਾ ਔਖਾ , ਏਹ ਜਵਾਬ ਹੋਈਂ ਜਾਂਦਾ ਏ ।

ਬਰਬਾਦ ! ਰੰਗਲਾ ਪੰਜਾਬ ਹੋਈ ਜਾਂਦਾ ਏ ।
ਕਾਗਜ਼ਾ 'ਚ ਐਵੀਂ , ਜਿੰਦਾਬਾਦ ਹੋਈ ਜਾਂਦਾ ਏ ॥


ਮੇਰੀ ਕਲਮ

ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥

ਕਿੰਨਾ ਕੁ ਚਿਰ , ਕਿੰਨੇ ਹੋਰ ,
ਕਿੰਨੀਆਂ ਖੁਦਕੁਸ਼ੀਆਂ ਕਰਨਗੇ ,
ਕਰਜ਼ੇ ਦੇ ਸਤਾਏ ਹੋਏ ਲੋਕ ।
ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,
ਸੌਣ ਲਈ ਹੋਰ ਮਜਬੂਰ ਹੋਣਗੇ ,
ਭੁੱਖੇ ਅਤੇ ਤ੍ਰਿਹਾਏ ਲੋਕ ।
ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,
ਸੁੱਖ-ਚੈਨ , ਨੀਂਦ ਦੀ ਚਾਬੀ ,
ਸ਼ਾਹੂਕਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥

ਕਿੰਨਾ ਚਿਰ ਗਰੀਬਾਂ ਦੇ ਬੱਚਿਆਂ ਨੂੰ ,
ਤੱਪੜਮਾਰਕਾ ਸਕੂਲਾਂ ਵਿੱਚ ,
ਪੜ੍ਹਨਾ ਪਵੇਗਾ ਅਜੇ ਹੋਰ ।
ਕਿੰਨਾ ਕੁ ਚਿਰ ਕੁੱਟੇਗੀ ਬਿਮਾਰ ਮਾਂ ,
ਸੜਕ ਦੇ ਕੰਢੇ ਰੋੜੀ ,
'ਤੇ ਧੁੱਪ ਵਿੱਚ ਸੜਨਾ ਪਵੇਗਾ ਹੋਰ ।
ਕਦੋ ਖ਼ਤਮ ਹੋਏਗੀ ਗ਼ਰੀਬੀ ਦੀ ਰੇਖ਼ਾ ,
ਜਿਸ ਨੂੰ ਮਿਟਾਉਣ ਦਾ ਹੱਕ ,
ਸਿਰਫ਼ ਸ਼ਰਮਾਏਦਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥

ਆਖਿਰ ਕਿੰਨਾ ਕੁ ਚਿਰ ਵੋਟਾਂ ਬਟੋਰੂ ,
ਸਕੀਮਾਂ ਦੇ ਸਹਾਰੇ ,
ਮਰਨ ਕਿਨਾਰੇ ਪਏ ਲੋਕਾਂ ਦੇ ਸਾਹ ਚੱਲਣਗੇ ਭਲਾ ।
ਮੇਰੇ ਨੇਤਾ ਕਦੋਂ ਤੱਕ ਹੋਰ ,
ਸਰਕਾਰੀ ਡਾਕ 'ਚ ,
ਝੂਠੇ ਵਾਅਦਿਆਂ ਦੇ ਮਨੀਆਰਡਰ ਘੱਲਣਗੇ ਭਲਾ ।

ਕਿੰਨਾ ਕੁ ਚਿਰ ਭਾਰਤ ਮਾਂ ਦੀ ਪੱਤ ਰੁਲੇਗੀ ,
ਇਸਦੇ ਆਪਣਿਆਂ ਦੇ ਹੀ ਪੈਰਾਂ 'ਚ ,
ਜਿਸ ਚੁੰਨੀ ਦੀ ਕੰਨੀ ,
ਵਿਦੇਸ਼ੀ ਵਫ਼ਾਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥

ਕਦੋਂ ਤੱਕ ਕਰਦੀ ਰਹੇਗੀ ਵਿਰਲਾਪ ਇੱਕ ਅੱਬਲਾ ,
ਜਿਸਮ ਦੇ ਭੁੱਖੇ ਸ਼ਿਕਾਰੀਆਂ ਤੋਂ,
ਖ਼ੁਦ ਨੂੰ ਬਚਾਉਣ ਦੀ ਖਾਤਿਰ ।
ਕਦੋਂ ਤੱਕ ਬੋਟੀ ਬੋਟੀ ਹੋ ਵਿਕੇਗੀ ਗ਼ਰੀਬ ਦੀ ਇੱਜ਼ਤ ,
ਅਮੀਰਾਂ ਦੀ ਹਵਸ ,
ਮਿਟਾਉਣ ਦੀ ਖ਼ਾਤਿਰ ।
ਕਦੋਂ ਤੱਕ ਮਿਲੇਗੀ , ਉਹਨਾਂ ਨੂੰ ਅਸਲੀ ਅਜ਼ਾਦੀ ,
ਜਿਹਨਾਂ ਦੀ ਦੱਬੀ ਅਵਾਜ਼ ਵਿੱਚ ,
ਹਾਲੇ ਵੀ ਗ਼ੁਲਾਮਾਂ ਤੇ ਮਰਦਾਰਾਂ ਦਾ ਬੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
 

ਕਿਉਂ ਨਹੀਂ ਸਭਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ,
ਮੇਰੇ ਅਜ਼ਾਦ ਮੁਲਕ ਦਾ ਸੰਵਿਧਾਨ ,
'ਤੇ ਸੰਵਿਧਾਨ ਤੋਂ ਬਣੇ ਕਾਨੂੰਨ ਭਲਾ ।
ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਤੋਂ ਮਿਲਦਾ ਛੁਟਕਾਰਾ ,
ਕਦੋਂ ਤੱਕ ਇਨਸਾਨਾਂ ਨੂੰ ਲੜਵਾਏਗਾ ,
ਧਰਮਾਂ ਦਾ ਜਨੂੰਨ ਭਲਾ ।
ਕਿੰਨੇ ਕੁ ਹੋਰ ਨਵੇਂ ਭਗਵਾਨਾਂ ਨੂੰ ,
ਭੋਲੀ ਜੰਤਾ ਤੋਂ ਪੁਜਵਾਉਣ ਦਾ ਅਧਿਕਾਰ
ਇਹਨਾਂ ਧਰਮ ਦੇ ਠੇਕੇਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥

ਕੀ ਕਹਾਂ ਮੈਂ ਜਦੋਂ ਇਹ ,
ਮੈਥੋਂ ਵਧੀਆਂ ਬੇ-ਰੁਜ਼ਗਾਰੀਆਂ ਬਾਰੇ ,
ਪੁੱਛ ਬਹਿੰਦੀ ਹੈ ਰੋਜ਼ ਰੋਜ਼ ।
ਕੀ ਕਹਾਂ ਮੈਂ ਜਦੋਂ ਇਹ ,
ਰਿਸ਼ਵਤਖੋਰ ਅਧਿਕਾਰੀਆਂ ਬਾਰੇ ,
ਪੁੱਛ ਲੈਂਦੀ ਹੈ ਰੋਜ਼ ਰੋਜ਼ ।

ਕੀ ਕਹੇਂ " ਘੁਮਾਣ '' ਜਦੋਂ ਇਹ ਪੁੱਛਦੀ ਹੈ ਕਿ ,
ਕੀ ਅੱਜ ਵੀ ਮੇਰਾ ਮੁਲਕ ਸੋਨੇ ਦੀ ਚਿੜੀ੍ਹ ਹੈ ,
ਜਾਂ ਪਿੰਜਰੇ 'ਚ ਕੈਦ ਹੈ ਚਿੜੀਹਆ ,
ਜੋ ਪਿੰਜਰਾ ਮੁਲਕ ਦੇ ਗਦਾਰਾਂ ਦੇ ਕੋਲ ਹੈ ?

ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
 

ਸਭਿਆਚਾਰ ਦੇ ਵਾਰਿਸ ਵੀਰੋ

ਮਾਂ ਬੋਲੀ ਦੇ ਸੇਵਾਦਾਰੋ ,
ਕੁੱਝ ਨਾ ਕੁੱਝ ਤਾਂ ਸ਼ਰਮ ਕਰੋ ।
ਮਾਂ ਦੇ ਕਪੜੇ ਲੀਰਾਂ ਕਰਕੇ ,
ਨਾ ਜੇਬਾਂ ਨੂੰ ਗਰਮ ਕਰੋ ।
ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ ,
ਹੋ ਕੇ ਅਤਿ ਲਾਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ ।
ਭੁੱਲ ਕੇ ਆਪਣਾ ਅਸਲੀ ਵਿਰਸਾ ,ਕਿਹੜੇ ਰਸਤੇ ਪੈ ਗਏ ਓ ।
ਲ਼ੱਚਰਤਾ ਦੀ ਕਿਧਰੋਂ ਲਿਆਂਦੀ ,ਜਿੱਦ ਜਿੱਦ ਮਾਰੋ ਮਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਗੀਤ ਚਲਾਉਣ ਦੀ ਖਾਤਿਰ , ਲੈਂਦੇ ਫਿਰੋਂ ਸਹਾਰਾ ਕੁੜੀਆਂ ਦਾ ।
ਫੈਸ਼ਨ ਪੱਟੀਆਂ ,ਜ਼ਾਅਲੀ ਪੰਜਾਬਣਾਂ,ਕੱਪੜਿਆਂ ਤੋਂ ਵੀ ਥੁੜੀਆਂ ਦਾ ।
ਸਾਰੇ ਤਨ 'ਤੇ ਪਾਉਣ ਨਾ ਕਪੜਾ , ਮਿਣ ਕੇ ਗਿੱਠਾਂ ਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਚਰਖ਼ੇ , ਡੀ.ਜੇ. ਵਾਲੇ ਥੋਡੇ , ਸਾਂਭੋ ਨਵੇਂ ਕਬੀਲੇ ਨੂੰ ।
ਲੋਕਾਂ ਵਿੱਚ ਜ਼ਲੀਲ਼ ਕਰਨ ਨਾ ,ਰੋਜ਼ੀ ਵਾਲੇ ਵਸੀਲੇ ਨੂੰ ।
ਜ਼ਾਅਲੀ ਐਕਟਿੰਗ ਬਾਜ਼ੀ ਵਾਲੇ ,ਜੰਮ ਪਏ ਨਵੇਂ ਨਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਨਕਲੀ ਮਾਣਕ ,ਛਿੰਦੇ , ਆ ਗਏ , ਹੰਸ ,ਸਿਕੰਦਰ ,ਜ਼ੈਜੀ ਬੀ ।
ਅਸਲੀ ਕਿਧਰੇ ਹੋਰ ਰੁੱਝ ਗਏ , ਲੋਕ ਵਿਚਾਰੇ ਸੁਨਣ ਵੀ ਕੀ ।
ਮਾਨੋ ,ਗਿੱਲੋ , ਮਾਰੋ ਹੰਭਲਾ , ਛਾ ਚੱਲਿਆ ਅੰਧਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਕਲਾਕਾਰ ਵੀ ਭੁੱਲ ਗਏ ਆਪਣੇ , ਗਾਇਕੀ ਦੇ ਪਹਿਰਾਵੇ ਨੂੰ ।
ਕੁੜਤਾ ਚਾਦਰਾ ,ਗਲ ਵਿੱਚ ਕੈਂਠਾ ,ਪੱਗ 'ਤੇ ਲਾਉਣਾ ਮਾਵੇ ਨੂੰ ।
ਖ਼ੱਬਲ ਵਾਗੂੰ ਵਾਲ ਖ਼ਿਲਾਰੇ , ਨਾ ਲੱਗਦੇ ਸਰਦਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਗਾਉਣ ਵਜਾਉਣ ਹੋ ਗਿਆ ਸੌਖ਼ਾ , ਜਣੇ ਖ਼ਣੇ ਨੇ ਪਾਈਆਂ ਮੁੰਦਰਾਂ ।
ਨਾ ਉਹ ਗਾਉਂਦੇ ਮਿਰਜ਼ਾ ਸੱਸੀ , ਨਾ ਉਹ ਗਾਉਦੇ ਰਾਣੀ ਸੁੰਦਰਾਂ ।
ਕਿੱਲਾ ਵੇਚ ਜ਼ਮੀਨ ਦਾ ਪੱਲਿਓ , ਕਰਨ ਤੁਰੇ ਵਪਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਚੁੱਕ ਚੁੱਕਾ ਕੇ ਰੀਲ ਕੱਢਾ ਤੀ , ਸਾਰਾ ਟੱਬਰ ਹੁੱਬ ਗਿਆ ।
ਦੋ ਤਿੰਨ ਮਹੀਨੇ ਚੱਲੇ ਪਟਾਕੇ , ਆਖਿਰ ਦਸ ਲੱਖ਼ ਡੁੱਬ ਗਿਆ ।
ਨਾ ਤਾਲ ਨਾ ਵਾਜਾ ਸਿੱਖਿਆ ,ਸੁਰੋਂ ਵੀ ਗਾਉਂਦਾ ਬਾਹਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਮਾਣਕ ਦੀਆਂ ਕਲੀਆਂ ,ਵਾਰ ਗਾ ਬੰਦਾ ਸਿੰਘ ਬਹਾਦਰ ਦੀ ।
ਗੱਲ ਕਰੋ ਸਦੀਕ ਜੇਹੀ ,ਕਿਸੇ ਅੱਲ੍ਹੜ ਕੱਢਦੀ ਚਾਦਰ ਦੀ ।
ਦਿਲ ਟੁੰਬਦੇ ਸੀ ,ਸੁਨਣ ਵਾਲੇ ਦਾ , ਗਾਣੇ ਸਦਾ ਬਹਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਮਾਂ ਬੋਲੀ ਦੀ ਸੇਵਾ ਜੇ ਕਰ , ਸੱਚ ਮੁੱਚ ਕਰਨਾ ਚਾਹੁੰਦੇ ਹੋ ।
ਟੱਪੇ, ਢੋਲਾ, ਮਾਹੀਆ ਗਾਓ ,ਕਿਉਂ ਮਿਸ ਕਾਲਾਂ ਗਾਉਂਦੇ ਹੋ ।
ਗੀਤਾਂ ਦੇ ਵਿੱਚ ਫਿਰੇ ਭੂਸਰੀ , ਪੰਜਾਬਣ ਨਾ ਮੁਟਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਧੀਆਂ ਭੈਣਾਂ ਨੇ ਕਾਲਜ ਦੇ ਵਿੱਚ , ਜਾਂਦੀਆਂ ਕਰਨ ਪੜ੍ਹਾਈਆਂ ਨੂੰ ।
ਗੀਤਾਂ ਦੇ ਵਿੱਚ ਫਿਰੋਂ ਵਿਖ਼ਾਉਂਦੇ , ਆਸ਼ਕੀ ਅਤੇ ਲੜਾਈਆਂ ਨੂੰ ।
ਮੋਬਾਇਲ ਫੋਨ ਵੀ ਇਸ਼ਕ ਮੁਸ਼ਕ ਲਈ ,ਲੈ ਆਏ ਹਥਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ , ਸੰਭਲੋ ਸਭ ਨੂੰ ਕਹਿ ਦੇਵੋ ।
ਠੀਕ ਹੀ ਗਾਓ, ਠੀਕ ਗਵਾਓ , ਨਾ ਗਲਤ ਬੰਦੇ ਨੂੰ ਛਹਿ ਦੋਵੋ ।
ਤੁਸੀਂ ਹੀ ਕਰਲੋ , ਏਸ ਪਾਸੇ ਕੁੱਝ , ਕਰਦੀ ਨਾ ਸਰਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਮਾੜੀ ਗਾਇਕੀ , ਮਾੜੇ ਗੀਤਾਂ , ਉਪਰ ਜਦ ਤੱਕ ਰੋਕ ਨਹੀਂ ।
ਜਾਂ ਫਿਰ ਮਾੜਾ ਸੁਣਨੋ ਜਦ ਤੱਕ ,ਖ਼ੁਦ ਹੀ ਹੱਟਦੇ ਲੋਕ ਨਹੀਂ ।
ਕੈਂਸਰ ਜਿਹੀ ਬਿਮਾਰੀ ਵੱਧ ਗਈ ,ਹੋਣਾ ਨਹੀਂ ਸੁਧਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਮੈਂ ਨਹੀਂ ਕਹਿੰਦਾ ਗਾਇਕ ਭਰਾ ਵੀ ,ਕਰ ਗਏ ਕਿਉਂ ਤਰੱਕੀ ਨੂੰ ।
ਲੱਚਰਤਾ ਦੇ ਰੋੜ ਪੀਹ ਰਹੀ , ਬਦਲੋ ਪਹਿਲਾਂ ਚੱਕੀ ਨੂੰ ।
ਸੌਖੇ ਰਹਿਣਾ ਛੇਤੀ ਛੇਤੀ , ਲਾਹ ਦਿਓ ਸਿਰ ਤੋਂ ਭਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਸਮੇਂ ਨਾਲ ਬਦਲਾਅ ਜਰੂਰੀ , ਬਦਲ ਜਾਓ " ਘੁਮਾਣ " ਤੁਸੀਂ ।
ਮਾਂ ਬੋਲੀ ਤੇ ਵਿਰਸਾ ਬਦਲ ਕੇ , ਖੋ ਨਾ ਲਿਓ ਪਛਾਣ ਤੁਸੀਂ ।
ਸ਼ੇਰ ਪੰਜਾਬੀ ਨਾਲ ਜਾਣਦਾ , ਤੁਸਾਂ ਨੂੰ ਕੁੱਲ ਸੰਸਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

ਇੱਕ ਅੱਬਲਾ ਦਾ ਵਿਰਲਾਪ ( ਅਖੌਤੀ ਆਜ਼ਾਦੀ ਦੇ ਨਾਂ )

ਸਕੂਲ ਵਿੱਚ ਛੁੱਟੀ , ਅੱਜ ਦਿਨ ਹੈ ਆਜ਼ਾਦੀ ਦਾ ।
ਮੁਲਕਾਂ ਦੀ ਵੰਡ , ਲੋਹੜੇ ਮਾਰ ਬਰਬਾਦੀ ਦਾ ।
ਹਾੜਾ ਇਤਿਹਾਸ ਨਾ ਦੁਹਰਾਈ ਨੀ ਆਜ਼ਾਦੀਏ , ਜਿੱਦਣ ਮੈਂ ਹੋਈ ਸਾਂ ਤਬਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਸੱਠ ਨੂੰ ਤਾਂ ਤੂੰ ਵੀ ਟੱਪੀ ,ਅੱਸੀਆਂ ਨੂੰ ਮੈਂ ਢੁੱਕੀ ,ਓਹੀ ਨੇ ਗਲੋਟੇ ,ਓਹੀ ਪੂਣੀਆਂ ।
ਕਿਰਤਾਂ ਦਾ ਖ਼ੂਹ ਗੇੜ ਗੇੜ ਥੱਕ ਹਾਰ ਚੁੱਕੇ , ਰੀਝਾਂ ਦੀਆਂ ਟਿੰਡਾਂ ਹਾਲੇ ਊਣੀਆਂ ।
ਖੁਸ਼ੀਆਂ ਦਾ ਮੀਂਹ ਵਰਸਾਈਂ ਨੀ ਆਜ਼ਾਦੀਏ , ਸੁੱਕੇ ਸੁੱਕੇ ਰਹਿ ਚੱਲੇ ਚਾਅ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਗੋਰੇ ਛੱਡ ਗਏ , ਮੇਰੇ ਆਪਣਿਆਂ ਦੀ ਨੀਅਤ ਫਿੱਟੀ , ਪੱਤ ਕਰ ਦਿੱਤੀ ਲੀਰੋ ਲੀਰ ਨੀ ।
ਆਤਮਾ ਤਾਂ ਮੇਰੀ ਓਸੇ ਦਿਨ ਦਮ ਤੋੜ ਗਈ ਸੀ ,ਲਾਸ਼ ਜਿਹਾ ਰਹਿ ਗਿਆ ਸਰੀਰ ਨੀ ।
ਬਾਲੜੀ ਦੀ ਸੇਜ ਹੰਢਾਈ ਨੀ ਆਜ਼ਾਦੀਏ , ਨਾ ਫੇਰੇ ਹੋਏ, ਨਾ ਨਿਕਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਨਫ਼ਰਤਾਂ ਦੀ ਅੱਗ ਮੇਰਾ ਆਲ੍ਹਣਾ ਜਲਾ ਗਈ , ਸਾੜ ਲਪਟਾਂ ਨੇ ਦਿੱਤਾ ਪ੍ਰੀਵਾਰ ਨੀ ।
ਕੱਲੀਓ ਬਚੀ ਮੈਂ, ਬਾਕੀ ਵੱਢ ਟੁੱਕ ਦਿੱਤੇ , ਐਸੇ ਧਰਮਾਂ ਦੇ ਚੱਲੇ ਹਥਿਆਰ ਨੀ ।
ਮੈਂ ਵੀ ਕਿਸੇ ਹਵਸੀ ਬਚਾਈ ਨੀ ਆਜ਼ਾਦੀਏ , ਇੱਜ਼ਤਾਂ ਦਾ ਲਾਉਣ ਲਈ ਭਾਅ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਪਿੰਜਰੇ 'ਚ ਫਾਹੀ ਗਈ ਕੂੰਜ ਵਿਚਾਰੀ , ਹੱਥ ਲੱਗ ਗਈ ਨਿੱਤ ਦੇ ਸ਼ਿਕਾਰੀਆਂ ।
ਜੋਕਾਂ ਜਿਉਂ ਹੁਸਨ ਚੂਸ , ਬੋਟੀ ਬੋਟੀ ਮਾਸ ਮੇਰਾ , ਵੇਚ ਦਿੱਤਾ ਚੰਮ ਦੇ ਵਪਾਰੀਆਂ ।
ਕਿਹੜਾ ਸੁਣੇ ਹਾਲ ਦੁਹਾਈ ਨੀ ਆਜ਼ਾਦੀਏ , ਇੱਕੋ ਜਿਹੇ ਮੁਦਈ ਤੇ ਗਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਰੁੱਕੀਆਂ ਹਨ੍ਹੇਰੀਆਂ ਤੇ ਜ਼ੁਲਮਾਂ ਦੇ ਗੜੇ ਪੈਣੋ , ਝੱਲ ਚੁੱਕੀ ਜਦੋਂ ਬਦਨਸੀਬੀਆਂ ।
ਹੱਡੀਆਂ ਦੇ ਪਿੰਜਰ ਨੂੰ ਦੇਹ ਚੋਰ ਛੱਡ ਤੁਰੇ , ਝੋਲੀ ਵਿੱਚ ਸੁੱਟ ਕੇ ਗਰੀਬੀਆਂ ।
ਕਿਵੇਂ ਕਰਾਂ ਐਡੀ ਭਰਪਾਈ ਨੀ ਆਜ਼ਾਦੀਏ , ਕਿਹੜਾ ਅਪਨਾਉਂਦੀ ਫਿਰਾਂ ਰਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਮੇਰੀ ਤਾਂ ਗਰੀਬੜੀ ਦੀ ਕਿਸੇ ਨੇ ਨਾ ਸੁਣੀ , ਸਰਕਾਰਾਂ ਰਹੀਆਂ ਆਉਂਦੀਆਂ ਤੇ ਜਾਂਦੀਆਂ ।
ਹੋ ਗਈਆਂ ਤਰੱਕੀਆਂ ਦਾ ਲੇਸ ਕੀ ਐ ਸਾਨੂੰ , ਸਿਰ aਹੀ ਚੁੰਨੀ, ਗੋਟੇ ਤੇ ਪਰਾਂਦੀਆਂ ।
ਨਵੇਂ ਲੀੜੇ ਸਾਡੇ ਸਿਲਵਾਈਂ ਨੀ ਆਜ਼ਾਦੀਏ , ਲੱਗਦੀ ਹੋਵੇ ਜੇ ਤੇਰੀ ਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਜਿਹਨਾਂ ਹੱਥ ਡੋਰ ਫੜਾ ਦਿੱਤੀ ਸਾਡੀ , ਉਹ ਜਾਣਦੇ ਨਾ ਕੀ ਨੇ ਮਜਬੂਰੀਆਂ ।
ਕੁੱਲੀਆਂ ਤੇ ਮਹਿਲਾਂ ਵਿੱਚ ਫਾਸਲਾ ਬੜਾ ਏ ,ਚਾਹੁੰਦੇ ਹੋਏ ਵੀ ਘਟਾ ਨਾ ਸਕੇ ਦੂਰੀਆਂ ।
ਖ਼ੁਦ ਲਈ ਕਰ ਗਏ ਕਮਾਈ ਨੀ ਆਜ਼ਾਦੀਏ , ਸਾਡੀ ਕਿਸ ਕੀਤੀ ਪਰਵਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਤੈਨੂੰ ਤਾਂ ਉਹ ਸਾਲ ਪਿੱਛੋ ਯਾਦ ਵੀ ਨੇ ਕਰ ਲੈਂਦੇ , ਆਉਣਗੇ ਤਾਂ ਕੰਨੀ ਗੱਲ ਪਾ ਦੇਵੀਂ ।
ਜਿਹਦੀ ਵੋਟ ਨਾਲ ਅੱਜ ਰਾਜਗੱਦੀ ਮਿਲੀ , ਓਸ ਬੁੱਢੜੀ ਦਾ ਚੇਤਾ ਕਰਵਾ ਦੇਵੀ ।
ਮਰਦੀ ਹੈ ਭੁੱਖੀ ਤ੍ਰਿਹਾਈ ਨੀ ਆਜ਼ਾਦੀਏ , ਵੇਖ ਰਹੀ ਵਾਅਦਿਆਂ ਦਾ ਰਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਸਾਡੇ ਘਰ ਰੋਟੀ ਪੱਕੂ , ਗੈਸ ਦਿਆਂ ਚੁੱਲ੍ਹਿਆਂ ਤੇ , ਲੈ ਕੇ ਆਈਂ ਐਦਾਂ ਦੀ ਤਰੀਖ਼ ਨੀ ।
ਭੁੱਲ ਕੇ ਸੰਤਾਪ , ਕੁੱਝ ਚੰਗੇ ਦਿਨ ਆਉਣ , ਤਾਂ ਕਿ ਖੁਸ਼ੀਆਂ 'ਚ ਹੋ ਜਾਈਏ ਸ਼ਰੀਕ ਨੀ ।
ਆਉਦਾਂ ਸਾਲ ਖਾਲੀ ਨਾ ਲੰਘਾਈਂ ਨੀ ਆਜ਼ਾਦੀਏ , ਇੱਕ ਅੱਧੀ ਰੀਝ ਤਾਂ ਪੁਗਾ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਆਖ਼ਦੀ "ਘੁਮਾਣ"ਤਾਈਂ ਗੋਗੜ ਫੈਲਾਈਂ ਫਿਰੇਂ , ਖਾ ਖਾ ਕੇ ਜਨਤਾ ਦੇ ਹੱਕ ਤੂੰ ।
ਵੋਟਾਂ ਵੇਲੇ ਰੋਟੀ ਖਾਧੀ ਮੇਰੇ ਢਾਰੇ ਬੈਠ , ਆਹ ਫੋਟੋ ਵੀ ਵਿਖ਼ਾ ਦੇਈਂ ਬੇਸ਼ੱਕ ਤੂੰ ।
ਭੁੱਲ ਗਿਆ ਨੂੰ ਚੇਤੇ ਕਰਵਾਈ ਨੀ ਆਜ਼ਾਦੀਏ , ਤੇਰੀ ਮੰਨ ਲੈਣ ਜੇ ਸਲਾਹ ।
ਸਾਡੇ ਘਰ ਵੱਲ ਫੇਰਾ ਪਾਈ ਨੀ ਆਜ਼ਾਦੀਏ , ਕੋਲੋਂ ਕੋਲੋਂ ਲੰਘ ਕੇ ਨਾ ਜਾਹ ॥

ਬਿਸਕੁਟ ਖਾਣ ਕਤੂਰੇ

ਗੂੰਗੀ ਪਰਜ਼ਾ ਰਾਜੇ ਬੋਲੇ ,
ਕਿਥੋਂ ਕੋਈ ਨਿਆਂ ਨੂੰ ਟੋਹਲੇ ,
ਹੱਕ ਮੰਗਦਿਆਂ ਗੋਲੀ ਮਿਲਦੀ ,
ਰੋਟੀ ਮੰਗੀਏ ਹੂਰੇ ।
ਬਾਲਕ ਜਿੱਥੇ ਭੁੱਖ਼ੇ ਮਰਦੇ ,
ਬਿਸਕੁਟ ਖਾਣ ਕਤੂਰੇ ॥

ਜਾਦੂਗਰ ਦਾ ਬਣੇ ਤਮਾਸ਼ਾ ,
ਵੱਧ ਗਈ ਬੇਰੁਜ਼ਗਾਰੀ ।
ਭੀੜ ਇਕੱਠੀ ਕਰਨ ਨੂੰ ਵੱਜਦੀ ,
ਡੁੱਗ ਡੁੱਗੀ ਸਰਕਾਰੀ ।
ਬਾਂਦਰ ਨਾਚ ਨਚਾਉਂਦੇ ਨੇਤਾ ,
ਨੱਚੀਏ ਵਾਂਗ ਜਮੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

ਅੰਬਰਾਂ ਨੂੰ ਮਹਿੰਗਾਈ ਛੂਹ ਗਈ,
ਲੰਬੀਆਂ ਪੁੱਟ ਪੁਲਾਂਘਾਂ ।
ਭੁੱਖੇ ਢਿੱਡ ਹੁਣ ਕਿਵੇਂ ਸੁਣਾਵੇ ,
ਕੁੱਕੜ ਤੜਕੇ ਵਾਂਗਾਂ ।
ਮਹਿੰਗਾਈ , ਬੇਰੁਜ਼ਗਾਰੀ ਲੱਗੀਆਂ ,
ਜਿੱਦ ਜਿੱਦ ਲੰਘਣ ਮੂਹਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥
 

ਹੁਸਨ ਸੁਹੱਪਣ ਰੱਬ ਦੀ ਰਹਿਮਤ ,
ਬਹੁਤਾ ਨਾ ਚਮਕਾ ਤੂੰ ।
ਪਾੜ ਖਾਣੀਆਂ ਨਜ਼ਰਾਂ ਕੋਲੋਂ ,
ਖ਼ੁਦ ਨੂੰ ਕੁੜੇ ਬਚਾ ਤੂੰ ।
ਇੱਜ਼ਤਾਂ ਤਾਈਂ ਡੰਗ ਜਾਣ ਨਾ ,
ਹਵਸੀ ਖ਼ੰਜ ਖ਼ੰਜੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

ਅੱਜ ਦੇ ਯੁੱਗ ਪਰੀਵਾਰ ਪਾਲਣਾ ,
ਹਰ ਬੰਦੇ ਨੂੰ ਔਖ਼ਾ ।
ਅੰਦਰੋਂ ਹਰ ਇੱਕ ਵਿੱਚ ਚਿੰਤਾਂ ਦੇ ,
ਉਂਝ ਵੇਖ਼ਣ ਨੂੰ ਸੌਖ਼ਾ ।
ਰੁੱਖ਼ੀ ਮਿਸੀ ਖਾ ਲੈ ਭਲਿਆ ,
ਭਾਲ ਨਾ ਸ਼ੱਕਰ ਬੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

ਪੱਖ਼ੀ ਝੱਲ ਕੇ ਗਰਮੀ ਕੱਟ ਲੈ ,
ਅੱਗ ਸੇਕ ਕੇ ਸਰਦੀ ।
ਤੇਰੀ ਗਰਮੀ ਸਰਦੀ ਲਈ ,
ਸਰਕਾਰ ਨਹੀ ਕੁੱਝ ਕਰਦੀ ।
ਤਨ ਦੇ ਕਪੜੇ ਲਾਹੁਣ ਨੂੰ ਫਿਰਦੀ ,
ਭਾਲ ਨਾ ਕੰਬਲ ਭੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

ਜ਼ਜ਼ਬਾਤਾਂ ਦਾ ਗਲਾ ਦਬਾ ਲੈ,
ਜੇ ਹੈ ਸੌਖ਼ਾ ਰਹਿਣਾ ।
ਤੇਰੇ ਮੁਰਦਾਬਾਦ ਕਹਿਣ ਦਾ ,
ਰੱਤੀ ਫਰਕ ਨਹੀਂ ਪੈਣਾ ।
ਵਾਅਦੇ ਸਿਰਫ਼ ਕਿਤਾਬੀ ਗੱਲਾਂ ,
ਕਰਨ ਨਾ ਨੇਤਾ ਪੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥

ਗ਼ਰੀਬੀ ਰੇਖ਼ਾ ਤੋਂ ਥੱਲੇ ਵਾਲਾ ,
ਹੈ ਜੋ ਸ਼ਬਦ " ਘੁਮਾਣਾ"।
ਇਸ ਰੇਖ਼ਾ ਨੇ ਕਦੇ ਨਾ ਮਿੱਟਣਾ ,
ਮਿੱਟੂ ਗ਼ਰੀਬ ਨਿਮਾਣਾ ।
ਗ਼ਰੀਬਾਂ ਦੇ ਤਾਂ ਸੁਪਨੇ ਭਲਿਆ ,
ਰਹਿੰਦੇ ਸਦਾ ਅਧੂਰੇ ।
ਬਾਲਕ ਜਿੱਥੇ ਭੁੱਖੇ ਮਰਦੇ ,
ਬਿਸਕੁੱਟ ਖਾਣ ਕਤੂਰੇ ॥


ਸ਼ਿਵਚਰਨ ਜੱਗੀ ਕੁੱਸਾ
 

 

ਨਜਾਇਜ਼ ਰਿਸ਼ਤੇ
ਸ਼ਿਵਚਰਨ ਜੱਗੀ ਕੁੱਸਾ

ਤੂੰ ਨਿਕਾਰੇ ਰਿਸ਼ਤਿਆਂ ਨੂੰ
'
ਜਲ-ਪ੍ਰਵਾਹ' ਕਰਨ ਦੀ ਗੱਲ ਕੀਤੀ?
ਇਹਨਾਂ ਨੂੰ ਜਲ-ਪ੍ਰਵਾਹ ਨਹੀਂ,
ਭੱਠ ਝੋਕਣਾ ਚਾਹੀਦੈ!
...ਤੇ
ਜਾਂ ਸਾੜਨਾ ਚਾਹੀਦੈ, ਕਿਸੇ ਪੁਤਲੇ ਵਾਂਗੂੰ,
ਸ਼ਰੇਆਮ ਚੁਰਾਹੇ ਵਿਚ,
ਆਪਣੀ ਰੂਹ ਦੀ ਭੜ੍ਹਾਸ ਕੱਢਣ ਲਈ!
......
ਦੱਸ ਖਾਂ, ਕੌਣ ਸੀ ਉਹ?
ਤੇ ਕਿਉਂ ਸੀ ਅਵਾਜ਼ਾਰ?
ਜੋ ਢੋਲ-ਜਾਨੀ ਦੇ ਆਉਣ 'ਤੇ
ਗਲ਼ੀਆਂ ਸੁਨੀਆਂ ਹੋਣ ਦੀ ਕਾਮਨਾ ਕਰਦੀ ਸੀ?
ਫ਼ਕੀਰ ਦੀ ਕੁੱਤੀ ਮਰਨ ਦੀ ਖ਼ਾਹਿਸ਼ ਰੱਖਦੀ ਸੀ?
ਪੰਜ-ਸੱਤ ਗੁਆਢਣਾਂ ਦੇ ਮਰਨ
ਤੇ ਰਹਿੰਦੀਆਂ ਨੂੰ ਤਾਪ ਚੜ੍ਹਨ ਦੀ
ਅਰਜ਼ ਕਰਦੀ ਸੀ?
ਕਰਾੜ ਦੀ ਹੱਟੀ ਸੜਨ ਦੀ
ਬਾਤ ਪਾਉਂਦੀ ਸੀ,
ਜਿੱਥੇ ਨਿੱਤ ਦੀਵਾ ਬਲ਼ਦਾ ਸੀ!
ਆਖ਼ਰ ਕਿਉਂ...?
ਕਿਉਂਕਿ
ਇਹ ਮੋਹ-ਮੁਹੱਬਤ ਪੱਖੋਂ ਅਣਭਿੱਜ ਸਮਾਜ
ਉਸ ਦੀ ਪ੍ਰੀਤ ਵਿਚ ਵਿਘਨ ਪਾਉਂਦਾ ਸੀ!
ਉਹ ਮਾਹੀ ਦੇ ਮੋਹ ਵਿਚ ਭਿੱਜੀ,
ਇਕ ਦੁਖਿਆਰੀ ਰੂਹ,
ਖ਼ੁਦਾ ਅੱਗੇ ਪੁਕਾਰ ਹੀ ਕਰ ਸਕਦੀ ਸੀ!
.......
ਇਕ ਗੱਲ ਦੱਸ ਜਿੰਦ,
ਇਹ ਮਾਰਨਖੰਡੇ, ਕਮੰਡਲ਼ੇ
ਅਤੇ ਨੀਲੇ ਗਿੱਦੜ ਵਰਗੇ ਲੋਕ,
ਕਿਹੜੇ ਜਾਇਜ਼ ਅਤੇ ਨਜਾਇਜ਼
ਰਿਸ਼ਤੇ ਦੀ ਗੱਲ ਕਰਦੇ ਨੇ?
........
ਮੇਰੀ ਨਜ਼ਰ ਵਿਚ ਜਾਇਜ਼
ਅਤੇ ਨਜਾਇਜ਼ 'ਕੁਝ' ਵੀ ਨਹੀਂ!
ਰੂਹ ਦੇ ਸਿਰਜੇ ਰਿਸ਼ਤੇ,
ਜੰਨਤ ਦਾ ਫ਼ਲ਼ ਚੱਖਣ ਵਾਂਗ ਹੁੰਦੇ ਨੇ
ਅਤੇ
ਗਲ਼ ਪਿਆ ਢੋਲ ਵਜਾਉਣ ਵਾਲ਼ੇ,
ਨਿੱਤ ਮਹੁਰਾ ਚੱਟ ਕੇ ਮਰਨ ਵਾਂਗ!
.......
ਮਰਿਆ ਸੱਪ ਤਾਂ ਹਰ ਕੋਈ,
ਗਲ਼ ਪਾਈ ਫ਼ਿਰਦੈ,
ਤੇ ਚੁੱਕੀ ਫ਼ਿਰਦੈ ਬਾਂਦਰੀ ਦੇ,
ਮਰੇ ਬੱਚੇ ਵਾਂਗ,
ਸੜਹਾਂਦ ਮਾਰਦੇ ਰਿਸ਼ਤਿਆਂ ਨੂੰ,
ਆਪਣੀ ਕੁੱਛੜ!
ਦਿੰਦਾ ਹੈ ਲੋਰੀਆਂ ਉਹਨਾਂ ਨੂੰ,
ਸੌਕਣ ਦੇ ਪੁੱਤਰ ਵਾਂਗ ਲੋਕ ਦਿਖਾਵੇ ਲਈ
ਅਤੇ ਝਿੜਕਦੈ, ਕੰਧ ਓਹਲੇ ਹੋ ਕੇ!
'
ਆਪਣਿਆਂ' ਨੂੰ ਪਾਉਂਦੈ ਚੂਰੀ,
ਤੇ 'ਦੂਜਿਆਂ' ਅੱਗੇ ਸੁੱਟਦੈ ਸੁੱਕੇ ਟੁਕੜੇ,
ਤੇ ਉਹ ਵੀ ਸੜ-ਬਲ਼ ਕੇ!
ਲੋਕ-ਲਾਜ ਲਈ ਕਰਦੈ, ਅਪਣੱਤ ਦਾ ਪ੍ਰਦਰਸ਼ਨ,
ਲੰਗੜੇ ਕੈਦੋਂ ਚਾਚੇ ਵਾਂਗ!
ਤੇ ਅੰਦਰ ਵਾੜ ਕੇ ਦਿੰਦੈ ਤਸੀਹੇ, ਸੈਦੇ ਕਾਣੇਂ ਦੀ ਤਰ੍ਹਾਂ!
ਜਿੰਦ ਮੇਰੀਏ!
ਇਹ ਰਿਸ਼ਤੇ ਮੈਨੂੰ ਪ੍ਰਵਾਨ ਨਹੀਂ!!
.........
ਪਰ!
ਆਤਮਾ ਦੇ ਘੜੇ ਰਿਸ਼ਤੇ ਤਾਂ
ਪ੍ਰਾਣਾਂ ਤੋਂ ਵੀ ਵੱਧ ਪਿਆਰੇ
ਅਤੇ ਸੁਖ਼ਦਾਈ ਹੁੰਦੇ ਨੇ!
ਬਾਰਾਂ ਸਾਲ ਮੱਝਾਂ ਚਾਰਨੀਆਂ
ਤੇ ਏਨੇ ਸਾਲ ਹੀ ਖ਼ੂਹ ਗੇੜਨਾ,
ਤੇਸੇ ਨਾਲ਼ ਪਰਬਤ ਚੀਰ ਦੇਣਾ
ਤੇ ਦੁੱਧ ਦੀ ਨਦੀ ਵਗਾ ਦੇਣੀ,
ਇਹ ਰੂਹ ਦੇ ਹਾਣੀ ਦਾ ਬਖ਼ਸ਼ਿਆ,
ਮੋਹ-ਸਨੇਹ ਨਾਲ਼ ਲਿਬਰੇਜ਼
ਆਤਮਿਕ ਬਲ ਹੀ ਤਾਂ ਸੀ!
.......
ਜਾਇਜ਼-ਨਜਾਇਜ਼ ਰਿਸ਼ਤਿਆਂ ਦੀ ਗੱਲ,
ਉਹ ਲੋਕ ਕਰਦੇ ਨੇ,
ਜੋ ਜਾਨਵਰਾਂ ਵਾਂਗ ਗਿੱਝੇ ਹੁੰਦੇ ਨੇ ਖਾਣ,
ਸੰਤਾਨ ਪ੍ਰਾਪਤੀ ਲਈ ਕਰਦੇ ਨੇ ਸੰਭੋਗ
ਭੋਜਨ ਲਈ ਕਰਦੇ ਨੇ ਸ਼ਿਕਾਰ
ਬੁਰਕ ਮਾਰ-ਮਾਰ ਕਰਦੇ ਨੇ ਲਹੂ-ਲੁਹਾਣ!
ਕੁਝ ਢਿੱਡ ਵੀ ਪਾੜਦੇ ਨੇ
ਤੇ ਇਵਜ਼ ਵਜੋਂ ਸਿੰਗ ਵੀ ਤੁੜਵਾਉਂਦੇ ਨੇ!
ਅਤੇ ਬੱਝੇ ਰਹਿੰਦੇ ਨੇ ਇੱਕੋ ਕਿੱਲੇ 'ਤੇ
ਅਤੇ ਸੰਗਲ਼ ਨੂੰ ਹੀ ਸਮਝਦੇ ਨੇ ਆਪਣੀ ਸੰਪਤੀ!
ਸਮਾਜ ਦੀ 'ਸ਼ਰ੍ਹਾ' ਦੀ ਪੰਜਾਲ਼ੀ ਹੇਠ ਵਗਦੇ,
ਖਿੱਚਦੇ ਨੇ ਆਪੋ-ਆਪਣੇ ਰਿਸ਼ਤਿਆਂ ਵੱਲ
ਪੂਰਾ ਤਾਣ ਲਾ ਕੇ!
....ਤੇ
ਫ਼ੇਰ ਖ਼ਰੂਦੀ ਬਣ,
ਖ਼ੁਰਲੀਆਂ ਵੀ ਢਾਹੁੰਦੇ ਨੇ,
ਸੰਗਲ਼ ਵੀ ਤੁੜਵਾਉਂਦੇ ਨੇ
ਤੇ ਕਿੱਲਾ ਵੀ ਪੁਟਾ ਤੁਰਦੇ ਨੇ!
........
ਜਿੰਦ ਮੇਰੀਏ,
ਅੰਬੀ ਅਤੇ ਤੋਤੇ ਵਾਲ਼ੇ,
ਇਹ ਰਿਸ਼ਤੇ ਮੈਨੂੰ ਮਨਜ਼ੂਰ ਨਹੀਂ!
ਮੈਨੂੰ ਮਨਜ਼ੂਰ ਹੈ;
ਤਿਤਲੀ ਤੇ ਫ਼ੁੱਲ ਦਾ ਰਿਸ਼ਤਾ!
ਰੁੱਖ ਅਤੇ ਪੰਛੀ ਦਾ ਰਿਸ਼ਤਾ!
ਚੰਦ ਅਤੇ ਚਕੋਰ ਦਾ ਰਿਸ਼ਤਾ!
ਸੂਰਜ ਅਤੇ ਪ੍ਰਛਾਵੇਂ ਦਾ ਰਿਸ਼ਤਾ!
ਦੀਵੇ ਅਤੇ ਪਤੰਗੇ ਦਾ ਰਿਸ਼ਤਾ!
ਬੱਦਲ਼ ਦੀ ਗ਼ਰਜ ਤੇ ਮੋਰ ਦੀ ਕੂਕ ਦਾ ਰਿਸ਼ਤਾ!
ਧਰਤੀ ਅਤੇ ਆਕਾਸ਼ ਦਾ ਰਿਸ਼ਤਾ,
ਇਕ ਵਰ੍ਹਦੈ ਅਤੇ ਦੂਜਾ ਗ੍ਰਹਿਣ ਕਰਦੈ!
ਰਿਸ਼ਤਿਆਂ ਨੂੰ,
ਨਜਾਇਜ਼ ਪਰਖ਼ਣ ਅਤੇ ਦੱਸਣ ਵਾਲਿਓ!
ਮੈਨੂੰ ਇਹ ਦੱਸ ਦਿਓ, ਕਿ ਇਹਨਾਂ 'ਚੋਂ
ਕਿਸ ਨੇ ਕਿਸ ਨਾਲ਼ 'ਲਾਵਾਂ' ਲਈਆਂ ਨੇ...?
ਕੀ ਇਹ ਸਭ ਨਜਾਇਜ਼ ਰਿਸ਼ਤੇ ਹੀ ਨੇ...??


ਰਵਿੰਦਰ ਰਵੀ
 

 

“ਗੰਢਾਂ” ਤੇ ਹੋਰ ਕਵਿਤਾਵਾਂ
ਰਵਿੰਦਰ ਰਵੀ

1. ਗੰਢਾਂ

ਗੰਢ-ਤੁੱਪ ਦੇ ਵਿਚ ਬੀਤੇ ਜੀਵਨ
ਗੰਢ-ਤੁੱਪ ਵਿਚ ਸਭ ਰਿਸ਼ਤੇ
ਤਨ ਵਿਚ ਗੰਢਾਂ, ਮਨ ਵਿਚ ਗੰਢਾਂ
ਗੰਢਾਂ ਵਸਤਰ, ਗੰਢਾਂ ਵਾਣੀ
ਗੰਢਾਂ ਹੇਠ ਅਲੋਪ ਹੈ ਵਸਤੂ
ਗੰਢੀਂ ਉਲਝੀ ਸਗਲ ਕਹਾਣੀ

ਗੰਢਾਂ ਦੇ ਵਿਚ ਘੁੱਟਿਆ ਆਪਾ
ਗੰਢਾਂ ਵਿਚ ਬੱਝੀ ਹੈ ਆਜ਼ਾਦੀ
ਗਲ ਵਿਚ ਗੰਢਾਂ, ਜੀਭ ‘ਚ ਗੰਢਾਂ
ਦਿਲ ਵਿਚ ਗੰਢਾਂ, ਸੋਚ ‘ਚ ਗੰਢਾਂ
ਗੰਢ ਦੀ ਜੂਨ ਭੁਗਤਦੇ ਪ੍ਰਾਣੀ
ਸੁਫਨੇ ਗੰਢਾਂ, ਹੋਸ਼ ‘ਚ ਗੰਢਾਂ

ਹੁਣ ਜਦ ਤੇਰਾ ਚੇਤਾ ਆਵੇ
ਗੰਢੀਂ ਬੱਝਾ ਜਿਸਮ ਦਿਸੇ ਬੱਸ
ਤੂੰ ਕਿਧਰੇ ਵੀ ਨਜ਼ਰ ਨਾਂ ਆਵੇਂ

ਤੇਰੇ ਅੰਦਰ: ਹੀਰ ‘ਚ ਗੰਢਾਂ
ਪਤਨੀ ਦੇ ਖਮੀਰ ‘ਚ ਗੰਢਾਂ
ਤੇਰੀ ਹਰ ਤਸਵੀਰ ‘ਚ ਗੰਢਾਂ

ਧਰਤੀ ਤੋਂ ਅਸਮਾਨ ਛੂਹ ਰਹੇ
ਸ਼ੀਸ਼ਿਆਂ ਦੇ ਇਸ ਜੰਗਲ ਅੰਦਰ
ਗੰਢ ‘ਚੋਂ ਗੰਢ ਦੇ ਫੁੱਟਣ ਵਾਂਗੂੰ
ਬਿੰਬ ‘ਚੋਂ ਬਿੰਬ ਨਿਕਲਦੇ ਆਵਣ
ਗੰਢੋ ਗੰਢੀ ਤੁਰਦੇ ਜਾਈਏ
ਘੁੱਟਦੇ, ਟੁੱਟਦੇ, ਭੁਰਦੇ ਜਾਈਏ

ਦਰ ਵਿਚ ਵੀ, ਦੀਵਾਰ ‘ਚ ਗੰਢਾਂ
ਮੰਦਰ, ਗੁਰੂ-ਦਵਾਰ ‘ਚ ਗੰਢਾਂ
ਸਿਸਟਮ ਉਲਝੇ, ਉਲਝੀ ਨੀਤੀ
ਵਾਦ ‘ਚ ਵੀ, ਵਿਚਾਰ ‘ਚ ਗੰਢਾਂ
ਹਰ ਪ੍ਰਾਣੀ ਗੰਢਾਂ ਦਾ ਗੁੰਬਦ
ਉਲਝ ਗਿਆ, ਸੰਸਾਰ ‘ਚ ਗੰਢਾਂ!

2. ਖੁੱਲ੍ਹੇ ਅਸਮਾਨ

ਪਿੰਜਰੇ ਬੀਜੋ, ਪਿੰਜਰੇ ਪਾਓ
ਏਧਰ, ਓਧਰ, ਜਿੱਧਰ ਜਾਓ
ਪਿੰਜਰਾ, ਪਿੰਜਰਾ ਕਿਰਦੇ ਜਾਓ

ਪਿੰਜਰਿਆਂ ਅੰਦਰ, ਪਿੰਜਰੇ ਵੱਸਦੇ
ਪਿੰਜਰਿਆਂ ਦਾ ਹਰ ਤਰਫ ਘਿਰਾਓ

ਸੋਚ ‘ਚ ਪਿੰਜਰਾ, ਸ਼ਬਦ ‘ਚ ਪਿੰਜਰਾ
ਹੋਸ਼ ‘ਚ ਪਿੰਜਰਾ, ਅਰਥ ‘ਚ ਪਿੰਜਰਾ

ਖੰਭਾਂ ਦਾ ਸਮ-ਅਰਥ ਨਾਂ ਪਿੰਜਰਾ
ਰਿਸ਼ਤੇ ਵਿਚ ਬੱਝੇ ਨਾਂ ਆਜ਼ਾਦੀ

ਸੱਤ ਰੰਗ ਦੀਵਾਰਾਂ ‘ਤੇ ਕਰ ਲਓ
ਰਿਸ਼ਤੇ ਦਾ ਕੋਈ ਨਾਂ ਧਰ ਲਓ

ਨਾਵਾਂ ਵਿਚ ਬੱਝੇ ਨਾਂ ਆਜ਼ਾਦੀ
ਸਹਿਜ-ਸਮਝ ਦੀ ਬਾਤ ਅਲਹਿਦੀ

ਖੰਭਾਂ ਨੂੰ ਰੰਗ ਨਹੀਂ ਲੋੜੀਦੇ,
ਲੋੜੀਦੇ ਖੁੱਲ੍ਹੇ ਅਸਮਾਨ

ਸੂਰਜ ‘ਚੋਂ ਰੰਗ ਕਿਰ, ਕਿਰ ਪੈਣੇ
ਖੰਭਾਂ ਨੇ ਜਦ ਭਰੀ ਉਡਾਣ

ਮਹਿਕਾਂ ਨੇ ਜਦ ਪੌਣਾਂ ਦੇ ਵਿਚ
ਸ਼ਵਾਸ ਲਿਆ, ਹੋਈਆਂ ਇਕ ਜਾਨ

3. ਟਿਕਾਅ

ਕੁਝ ਬਾਹਰੀ ਨਜ਼ਾਰਿਆਂ ‘ਚ ਖੋਇਆ
ਕੁਝ ਅੰਦਰ ਦੇ ਨਸ਼ੇ ‘ਚ ਮਸਤ
ਉੱਡਦਾ ਉੱਡਦਾ ਪੰਛੀ
ਅਜਾਣੇ ਹੀ
ਡਾਰ ਤੋਂ ਅਲੱਗ ਹੋ ਗਿਆ!

ਦੂਰ ਦੂਰ ਤਕ ਪਰਬਤ ਹਨ
ਖੱਡਾਂ, ਖਾਈਆਂ ਤੇ ਵਾਦੀਆਂ ਹਨ
ਕਦੇ ਨਿਰਮਲ, ਕਦੇ ਘਟਾਟੋਪ ਆਕਾਸ਼ ਹੇਠ
ਚਿੱਟੀਆਂ ਬਰਫਾਂ, ਵਗਦੀਆਂ ਨਦੀਆਂ,
ਥਿਰ ਝੀਲਾਂ ਹਨ!

ਪੰਛੀ ਨੇ ਪਰਬਤ ਦੀ ਉਚਾਈ
ਆਪਣੇ ਅੰਦਰ ਵਸਾ ਲਈ ਹੈ –
ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!

ਉਹ ਬਾਰ, ਬਾਰ ਪਰਬਤ ਵਲੋਂ
ਅਥਾਹ ਅੰਬਰ ਵਲਾਂ ਤਕਦਾ ਹੈ
ਪਰ ਆਪਣੇ ਆਪ ਤੋਂ,
ਉੱਚਾ ਨਹੀਂ ਉੱਠ ਸਕਦਾ!

ਇਕਸਾਰ ਟਿਕਾਅ ਜਿਹੇ ਵਿਚ ਉਸ ਦੀ ਉਡਾਣ
ਨਾਂ ਭੋਂ ਦੀ ਬਣੀ
ਨਾਂ ਆਪੇ ਤੋਂ ਉਚੇਰੇ ਆਕਾਸ਼ ਦੀ!

ਉਹ ਲਗਾਤਾਰ: ਅੰਦਰ ਤੇ ਬਾਹਰ
ਖਲਾਅ ‘ਚ ਵਿਅਸਤ ਹੋ ਰਿਹਾ ਹੈ!!!

4. ਮੁੰਡੇ ਕੁੜੀਆਂ

ਧੁੱਪ ਚੜ੍ਹੀ ਹੈ
ਭੋਂ ਤਪਦੀ ਹੈ

ਮੁੰਡੇ ਕੁੜੀਆਂ
ਝੱਗੇ ਲਾਹੀ
ਦੌੜਨ ਭੱਝਣ
ਇਕ ਦੂਜੇ ‘ਤੇ
ਪਾਣੀ ਸੁੱਟਣ
ਮੰਨਣ, ਰੁੱਸਣ

ਪਰ ਨਾਂ ਘਟਦੀ
ਤਪਸ਼ ਮਨਾਂ ਦੀ
ਜਿਸਮਾਂ ਦੀ ਤੇਹ

ਇਸ ਵਾਦੀ ਦੇ
ਸਿਰ ‘ਤੇ ਪਰਬਤ
ਬਰਫੀਲੀ ਟੀਸੀ ‘ਚੋਂ ਤੱਕੇ:
ਧਰਤੀ, ਸੂਰਜ,
ਮੁੰਡੇ, ਕੁੜੀਆਂ,
ਵਣ, ਤ੍ਰਿਣ,
ਜੰਤ, ਪੰਖੇਰੂ.........

ਤੇ ਹੱਸਦਾ ਹੈ!

ਜ਼ਿੰਦਗੀ ਜੇਡਾ
ਜ਼ਿੰਦਗੀ ਨੂੰ ਹੀ
ਭੇਦ ਆਪਣਾਂ,
ਰਾਹ ਦਸਦਾ ਹੈ!

ਬੱਦਲ ਗੱਜੇ
ਨਦੀ ਨਿਰੰਤਰ
ਬਿਫਰੇ ਸਾਗਰ

ਮੁੰਡੇ, ਕੁੜੀਆਂ
ਝੱਗੇ ਲਾਹੀ
ਦੌੜਨ, ਭੱਜਣ
ਇਕ ਦੂਜੇ ‘ਤੇ
ਪਾਣੀ ਸੁੱਟਣ!

5. ਚੇਤਨਾਂ

ਮਰਨ ਵਾਲੇ ਨੂੰ
ਮਰਨ ਦੀ ਵਿਹਲ ਨਹੀਂ ਸੀ
ਜਿਊਣ ਵਾਲੇ ਨੂੰ ਜਿਊਣ ਦੀ ਚਾਹ ਨਹੀਂ!!!

ਨਾਂ ਮਰ ਕੇ, ਮਰੇ
ਨਾਂ ਜੀ ਕੇ, ਜੀਵੇ!

ਜੀਵਨ, ਮੌਤ ਨਾਲ, ਨਾਲ ਚੁੱਕੀ,
ਸਮਵਿੱਥ,
ਭੋਗਦੇ ਰਹੇ ਕਿਸੇ ਹੋਰ ਦਾ ਜੀਵਨ –
ਭੁਗਤਦੇ ਰਹੇ
ਕਿਸੇ ਹੋਰ ਦੀ ਮੌਤ!

ਵਿਚ ਵਿਚਾਲੇ,
ਖਿੱਚ-ਰਹਿਤ,
ਜ਼ੀਰੋ-ਖੇਤਰ.......
ਚੇਤਨਾਂ!!!

6. ਤੁਪਕਾ, ਪੱਤਾ ਤੇ ਸੂਰਜ

ਜਿਸ ਪੱਤੇ ‘ਤੇ
ਤੁਪਕਾ, ਤੁਪਕਾ
ਟਪਕਦਾ ਸੀ
ਕੁਦਰਤੀ ਸੰਗੀਤ ਦਾ,

ਉਸ ਪੱਤੇ ਉੱਤੇ
ਇਕ ਤੁਪਕਾ ਅਟਕ ਗਿਆ,
ਪਾਰਦਰਸ਼ੀ
ਅੱਖ ਵਰਗਾ

ਮੀਂਹ ਤੋਂ ਬਾਅਦ, ਨਿਰਮਲ
ਆਕਾਸ਼ ਨੂੰ ਨਿਹਾਰਦਾ,
ਸਮੇਂ ਨੂੰ ਪੁਕਾਰਦਾ!

ਸੂਰਜ ਦੀ ਭਰਵੀਂ ਲੋਅ:
ਵਿਲੱਖਣ.....
ਸ਼ੀਸ਼ੇ ‘ਚ ਉਤਾਰਦਾ!

7. ਸਟਿੱਲ ਲਾਈਫ ਪੇਂਟਿੰਗ

ਥੋੜ੍ਹਾ ਜਿਹਾ ਮੀਂਹ ਵੱਸਿਆ –
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!
ਦਮ ਘੁੱਟਦਾ ਹੈ,
ਦਿਲ ਟੁੱਟਦਾ ਹੈ!

ਗਰਦ ਤੇ ਗਹਿਰ
ਧਰਤ, ਅਸਮਾਨ ਇਕ ਕਰੀ ਬੈਠੀ ਹੈ,
ਹਵਾ ਵੀ ਸਾਹ ਤਕ ਨਹੀਂ ਲੈ ਰਹੀ!

ਨੀਮ-ਚਾਨਣੇ ਨੂੰ ਜਿਵੇਂ
ਪੀਲੀਆ ਹੋ ਗਿਆ ਹੋਵੇ!

ਪੱਤਾ ਤਕ ਨਹੀਂ ਹਿੱਲਦਾ –
ਕਿਧਰੇ ਕੋਈ ਬੋਲ,
ਸੁਰ ਸੰਗੀਤ ਨਹੀਂ ਹੈ!

ਇਕ ਅਪਰਿਭਾਸ਼ਤ ਜਿਹੀ
ਜਾਨ-ਲੇਵਾ ਖਾਮੋਸ਼ੀ,
ਸਵੈ-ਵਿਖਾਰੂ ਪਰਬਤ ਵਾਂਗ,
ਚਾਰ ਚੁਫੇਰਿਓਂ
ਬਰਸ ਰਹੀ ਹੈ
ਮਨ, ਦਿਲ, ਦਿਮਾਗ ‘ਤੇ!

ਇਤਨੇ ਪੱਛ ਹਨ ਕਿ ਇਨ੍ਹਾਂ ਦੀ ਪਹਿਚਾਣ ਨਹੀਂ ਹੁੰਦੀ,
ਇਹ ਉਹ ਜ਼ਖਮ ਹਨ ਜੋ ਫੈਲ ਕੇ ਵਜੂਦ ‘ਤੇ,
ਆਪ ਵਜੂਦ ਬਣੀ ਬੈਠੇ ਹਨ!

ਕੋਈ ਆਹ
ਕੋਈ ਸਿਸਕੀ
ਕੋਈ ਰੁਦਨ
ਕੋਈ ਹਉਕਾ –
ਕੁਝ ਨਹੀਂ ਸੁਣਦਾ!

ਤੇਰੀ ਫੋਨ-ਵਿਦਾ ਤੋਂ ਬਾਅਦ
ਜਾਪਦਾ ਹੈ ਇਹ ਹੀ ਇਕ ਨਜ਼ਾਰਾ:
ਹੁੰਮਸ ਦੇ ਸਵੈ-ਵਿਖਾਰੂ
ਬਿੰਬਾਂ ਦੀ ਖਾਮੋਸ਼ ਗੜ੍ਹੇ-ਮਾਰ ਸਹਿ ਰਹੀ
ਸਟਿੱਲ ਲਾਈਫ ਪੇਂਟਿੰਗ ਦਾ –
ਅੱਖਾਂ ਨੂੰ
ਸਦਾ ਲਈ ਚਿਪਕ ਕੇ ਰਹਿ ਗਿਆ ਹੈ!

ਥੋੜ੍ਹਾ ਜਿਹਾ ਮੀਂਹ ਵੱਸਿਆ,
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!


ਗ਼ਜ਼ਲ
ਰਾਜਿੰਦਰ ਜਿੰਦ,ਨਿਊਯਾਰਕ

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ।
ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ।

ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ,
ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ।

ਕੱਲ੍ਹ ਜਿਹੜਾ ਗਲਕੰਦ ਤੋਂ ਮਿੱਠਾ ਲੱਗਦਾ ਸੀ,
ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ।

ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ,
ਸ਼ੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ।

ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।

ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ,
ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ।

ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ,
ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ।

ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ,
ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ।
 
ਗ਼ਜ਼ਲ
ਇੰਦਰਜੀਤ ਪੁਰੇਵਾਲ, ਨਿਊਯਾਰਕ

ਭੱਥੇ ‘ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ।
ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ।

ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ,
ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ।

ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ,
ਸਿਰ ਤੇ ਧੁੱਪਾਂ ਝੱਲ ਕੇ ਹੋਰਾਂ ਨੂੰ ਛਾਂਵਾਂ ਕਰ ਰਹੇ।

ਖੰਜਰ ਹਾਂ,ਤਿੱਖਾ ਹਾਂ,ਮੰਨਦਾ ਮੈਂ ਖਤਰਨਾਕ ਹਾਂ,
ਮੁਜਰਿਮ ਨੂੰ ਢੂੰਡੋ ਕਾਸਨੂੰ ਮੇਰੇ ਤੇ ਦੋਸ਼ ਧਰ ਰਹੋ।

ਛੱਡ ‘ਪੁਰੇਵਾਲ’ ਹੁਣ ਯਾਰਾਂ ਨੂੰ ਹੋਰ ਪਰਖਣਾ,
ਇੱਕੋ ਮਾਂ ਦੀ ਕੁੱਖੋਂ ਜਾਏ ਨਿੱਤ ਧੋਖੇ ਕਰ ਰਹੇ।

 

ਅਮੁੱਕ ਸਫਰ
ਇੰਦਰਜੀਤ ਪੁਰੇਵਾਲ,ਨਿਊਯਾਰਕ
ਨਜ਼ਮ

ਸੂਹੀ ਸਵੇਰ
ਵਧ ਰਹੀ ਏ
ਸੁਨਹਿਰੀ ਦੁਪਹਿਰ ਵੱਲ
ਤਾਂਘ ਏ ਸੁਨਹਿਰੀ ਦੁਪਹਿਰ ਨੂੰ
ਸੁਰਮਈ ਸ਼ਾਮ ਨੂੰ ਮਿਲਣ ਦੀ
ਹੌਲੇ-ਹੌਲੇ ਸੁਰਮਈ ਸ਼ਾਮ
ਜਾ ਬੈਠੀ ਕਾਲੀ ਰਾਤ ਦੇ
ਆਗੋਸ਼ ਵਿੱਚ
ਕਾਲੀ ਰਾਤ ਸੌਂ ਗਈ
ਤਾਰਿਆਂ ਦੀ ਛਾਂਵੇ
ਸਵੇਰ ਹੋਣ ਤਕ
ਅਗਲੇ ਸਫਰ ਦੀ
ਉਡੀਕ ਵਿੱਚ
 

ਗ਼ਜ਼ਲ
ਰਾਜਿੰਦਰ ਜਿੰਦ, ਨਿਊਯਾਰਕ

ਬੰਜਰ ਧਰਤੀ ਛੱਡ ਕੇ ਬੱਦਲ ਸਾਗਰ ਉੱਤੇ ਵਰ ਚੱਲੇ ਨੇ।
ਦੇਖੋ ਸ਼ਹਿਰ ਵਸਾਵਣ ਵਾਲੇ ਫੁੱਟਪਾਥਾਂ ਤੇ ਮਰ ਚੱਲੇ ਨੇ।

ਕੰਡੇ ਦੀ ਇਕ ਚੋਭ ਦੇ ਨਾਲ ਹੀ ਛਾਲੇ ਵਾਂਗੂ ਫਿਸਦੇ ਜਿਹੜੇ,
ਮਰਨ ਜੀਣ ਦੇ ਕਿੰਨੇ ਈ ਵਾਅਦੇ ਉਹ ਮੇਰੇ ਨਾਲ ਕਰ ਚੱਲੇ ਨੇ।

ਪੜਨ ਦੀ ਰੁੱਤੇ ਬੇਰ ਵੇਚਦੇ ਉੱਚੀ –ਉੱਚੀ ਹੋਕਾ ਲਾ ਕੇ,
ਬਚਪਣ ਅਤੇ ਜਵਾਨੀ ਆਪਣੀ ਦੇਸ਼ ਦੇ ਨਾਂਵੇ ਕਰ ਚੱਲੇ ਨੇ।

ਢਹਿੰਦੇ ਮਨ ਨੂੰ ਸਬਰਾਂ ਦੇ ਨਾਲ ਕਿੰਨੀ ਵਾਰੀ ਬੰਨ ਲਿਆ ਏ,
ਦੁੱਖ ਦੀਆਂ ਉੱਠਦੀਆਂ ਤੇਜ ਛੱਲਾਂ ਨਾਲ ਉਹ ਕੰਢੇ ਵੀ ਖਰ ਚੱਲੇ ਨੇ।

ਧੀਆਂ ਭੈਣਾਂ ਦੇ ਰਖਵਾਲੇ ਦੇਸ਼ ਦੀ ਖਾਤਿਰ ਮਿਟਣੇ ਵਾਲੇ,
ਜੰਗਜੂ ਕੌਮ ਦੇ ਲਾਡਲੇ ਪੁੱਤਰ ਨਸ਼ਿਆਂ ਦੇ ਨਾਲ ਮਰ ਚੱਲੇ ਨੇ।

ਯਾਰਾਂ ਨੂੰ ਜਦ ਹੁਕਮ ਹੋ ਗਿਆ ਯਾਰਾਂ ਨੂੰ ਸੰਗਸਾਰ ਕਰਨ ਦਾ,
ਆਪਣੇ ਹਿੱਸੇ ਦਾ ਇੱਕ ਪੱਥਰ ਉਹ ਵੀ ਸੀਨੇ ਧਰ ਚੱਲੇ ਨੇ।

ਗੱਲਾਂ ਦੇ ਵਿਚ ਅੱਗ ਸੀ ਜਿਸਦੇ ਪੈਰਾਂ ਨੂੰ ਕੋਈ ਕਾਹਲੀ ਸੀ,
ਲੜਦੇ-ਲੜਦੇ ਵਕਤ ਨਾਲ ਹੁਣ ਉਹ ਬੰਦੇ ਵੀ ਹਰ ਚੱਲੇ ਨੇ।

ਜੀਵਣ ਦੇ ਨਾਲ ਲੜਦੇ-ਲੜਦੇ ਕੇਸ ਮੋੜ ਤੇ ਆ ਪਹੁੰਚੇ ਆਂ,
ਪੇਟ ਦੀ ਖਾਤਿਰ ਅਣਖਾਂ ਵਾਲੇ ਅੱਗ ਦਾ ਸਾਗਰ ਤਰ ਚੱਲੇ ਨੇ।

ਡਾ ਗੁਰਮੀਤ ਸਿੰਘ ਬਰਸਾਲ
 

 

ਮਜ਼ਹਬੀ ਖੁਸ਼ੀ
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਜਦ ਆੜ ਧਰਮ ਦੀ ਲੈ ਕਿਧਰੇ, ਅਸੀਂ ਮਜ਼ਹਬੀ ਖੁਸ਼ੀ ਮਨਾਂਦੇ ਹਾਂ।
ਅਸੀਂ ਓਹੀ ਰਸਮਾਂ ਰੀਤਾਂ ਤੇ, ਓਹੀਓ ਹੀ ਗੱਲਾਂ ਚਾਂਹਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ ,ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।

ਇਸ ਮਿੱਟੀ ਅੰਦਰ ਜੀਵ ਕਿਵੇਂ, ਅੱਗੇ ਨੂੰ ਵਧਦਾ ਜਾਂਦਾ ਏ।
ਕਿੰਝ ਪੱਥਰ ਵਿੱਚੋਂ ਤੁਰਦਾ ਇਹ, ਬਣ ਚੇਤਨਤਾ ਦਿਖਲਾਂਦਾ ਏ।
ਹੋ ਚੇਤਨ ਚਿੰਤਨ ਕਰਦਾ ਇਹ, ਜਦ ਮੂਲ ਜਾਨਣਾ ਚਾਂਹਦਾ ਏ।
ਫਿਰ ਰੱਬ ਦੀ ਕੁਦਰਤ ਦਾ ਖੋਜੀ, ਇਹ ਭਗਤ ਸੱਚਾ ਅਖਵਾਂਦਾ ਏ।
ਜਦ ਰੱਬ ਭਗਤ ਤੇ ਕੁਦਰਤ ਦੀ, ਕੋਈ ਗੱਲ ਜਗਤ ਤੇ ਚਲਦੀ ਹੈ।
ਫਿਰ ਆਂਪਣੀ ਐਨਕ ਥਾਣੀਂ ਹੀ ,ਅਸੀਂ ਸਭ ਨੂੰ ਇਹ ਦਿਖਲਾਂਦੇ ਹਾਂ ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।

ਕਿਸੇ ਸੰਗਤ ਕੋਲੋਂ ਸੁਣ ਸਿੱਖਿਆ, ਇੱਕ ਵਿਹਲੜ ਤੁਰ ਪਰਦੇਸ ਗਿਆ।
ਓਥੇ ਘਾਲ-ਕਮਾਈਆਂ ਕਰਦੇ ਦਾ ,ਉਹਦਾ ਟੁੱਟ ਦਲਿੱਦਰ-ਵੇਸ ਗਿਆ।
ਫਿਰ ਸੱਚ ਨਾਮ ਸੁਕਿਰਤ ਜਿਹਾ, ਗੁਣ ਅੰਦਰ ਕਰ ਪਰਵੇਸ ਗਿਆ।
ਇੰਝ ਹਰ ਖੇਤਰ ਵਿੱਚ ਹੋ ਜੇਤੂ, ਜਦ ਗੇੜਾ ਮਾਰਨ ਦੇਸ ਗਿਆ।
ਉਸ ਡਿੱਠਾ ਓਸੇ ਸੰਗਤ ਵਿੱਚ ,ਅਜੇ ਓਹੀਓ ਕਥਾ-ਕਹਾਣੀ ਹੈ।
ਲੋਕੀਂ ਸਿੱਖਿਆ ਸੁਣ, ਮੁੜ ਆ ਬਹਿੰਦੇ, ਅਸੀਂ ਪੜ੍ਹ-ਸੁਣ ਕੇ ਦੁਹਰਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ ,ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।

“ਜਦ ਕਿਤੇ ਸਿ਼ਕਾਰੀ ਆਵੇ ਜੀ, ਪਾ ਜਾਲ਼ ਉਹ ਫੜਨਾ ਚਾਹਵੇ ਜੀ।
ਤੁਸੀਂ ਓਥੋਂ ਚੋਗਾ ਨਹੀਂ ਚੁਗਣਾ” ,ਇੱਕ ਤੋਤਾ ਗੱਲ ਸਮਝਾਵੇ ਜੀ।
ਜੋ ਸੱਖਣਾ ਗਿਆਨ ਅਮਲ ਕੋਲੋਂ, ਉਹ ਆਪਣਾ ਗੀਤ ਬਣਾਵੇ ਜੀ।
ਨਾਲੇ ਗਾਉਂਦਾ ਚੋਗਾ ਚੁਗਦਾ ਹੀ ,ਹਰ ਤੋਤਾ ਫਸਦਾ ਜਾਵੇ ਜੀ।
ਹੁੰਦੀ ਸ਼ਬਦਾਂ ਦੇ ਵਿੱਚ ਜੋ ਸਿਖਿਆ ,ਕਦੇ ਧਿਆਨ ਉਹਦੇ ਵੱਲ ਨਹੀ ਜਾਂਦਾ
ਹਰ ਸਿੱਖਿਆ ਕੰਨ-ਰਸ ਬਣ ਜਾਂਦੀ, ਜਦ ਕੰਨਾਂ ਅੰਦਰ ਪਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ ,ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ ,ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।

ਆਓ ਗੁਰ-ਸਿੱਖਿਆ ਨੂੰ ਸਮਝ ਜਰਾ, ਹੁਣ ਜੀਵਨ ਅੰਦਰ ਧਾਰ ਲਈਏ।
ਅਸੀਂ ਏਕ ਪਿਤਾ ਦੇ ਬਾਰਕ ਹਾਂ, ਗੱਲ ਸਿੱਧੀ ਜਿਹੀ ਵਿਚਾਰ ਲਈਏ।
ਸਾਰੀ ਦੁਨੀਆਂ ਇੱਕੋ ਟੱਬਰ ਹੈ ,ਹਰ ਭੈਣ-ਭਾਈ ਦੀ ਸਾਰ ਲਈਏ।
ਕਰ ਸੇਵਾ ਸਰਬ-ਮਨੁਖਤਾ ਦੀ, ਉਸ ਬਾਪੂ ਵਾਲਾ ਪਿਆਰ ਲਈਏ।
ਜੇ ਨਦਰਿ ਸਵੱਲੀ ਹੋ ਜਾਵੇ, ਤਾਂ ਪੱਤਿਆਂ ਵਿੱਚ ਵੀ ਦਿਸ ਪੈਂਦਾ
ਫਿਰ ਕੀਟ-ਪਤੰਗੀਂ, ਪਸੂਆਂ ਕੀ, ਰੁੱਖੀਂ ਅਪਣੱਤ ਦਿਖਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ ,ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।

ਗਦਰ
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ

ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਨਾ ਹੀਂ ਮੌਕੇ ਤੇ ਅਰਪੀ ਹਮਾਇਤ ਕਦੇ
ਪਿੱਛੋਂ ਉਹਨਾਂ ਤੇ ਸਾਨੂੰ ਫਖ਼ਰ ਹੋਂਵਦਾ।

ਹੱਕ ਸੱਚ ਦੀ ਲੜਾਈ ਦੇ ਅੱਗੇ ਖੜੇ
ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਨੇ।
ਸਾਡੇ ਊਧਮ,ਭਗਤ ਤੇ ਸਰਾਭੇ ਕਈ
ਓਸੇ ਸੱਚ ਦੀ ਬਦਲਵੀਂ ਹੀ ਆਵਾਜ਼ ਨੇ।
ਸਾਡੀ ਹੋਣੀ ਨੂੰ ਐਸੀ ਹੀ ਮੰਜਿਲ ਮਿਲੀ
ਜਿੱਥੇ ਸੱਚ ਦਾ ਨਾ ਕੋਈ ਅਸਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

ਜੋ ਵਿਦੇਸ਼ਾਂ ‘ਚ ਬੈਠੇ ਵੀ ਧੁਖਦੇ ਰਹੇ
ਸ਼ੋਲੇ ਬਣਿਆਂ ਵਤਨ ਨੂੰ ਜਦੋਂ ਆ ਗਏ।
ਕਾਹਦਾ ਹੁੰਦਾ ਏ ਦੁਸ਼ਮਣ ਤੇ ਕਰਨਾਂ ਗਿਲਾ
ਧੋਖਾ ਆਪਣੇ ਭਰਾਵਾਂ ਤੋਂ ਜੋ ਖਾ ਗਏ।
ਫਾਂਸੀ ਮਜਹਬਾਂ ਦੇ ਫਤਵੇ ਦੀ ਲਗਣੀ ਨਾ ਸੀ
ਸੱਚ ਮਜ਼ਹਬਾਂ ਦੇ ਫਤਵੀਂ ਅਗਰ ਹੋਵਂਦਾ ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

ਉਹ ਜਮਾਤਾਂ ਤੋਂ ਉਪਰ ਹੋ ਲੜਦੇ ਰਹੇ
ਅਸੀਂ ਜਾਤਾਂ ‘ਚ ਮੇਚਣ ਦੀ ਫੀਤੀ ਫੜੀ।
ਜਿਹੜਾ ਵਰਗਾਂ ਦੇ ਢਾਚੇ ‘ਚ ਢਲਿਆ ਨਹੀਂ
ਉਹਨੂੰ ਭੰਡਣ ਤੇ ਛੇਕਣ ਦੀ ਨੀਤੀ ਘੜੀ।
ਜੋ ਮਨੁਖਾਂ ਦੇ ਹੱਕਾਂ ਨੂੰ ਸਾਂਝਾ ਕਹੇ
ਉਥੇ ਨੀਤੀ ਦਾ ਜਲਵਾ ਨਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

ਅਸੀਂ ਜਿਓਂਦੇ ਨੂੰ ਵੰਡਣ ਦੇ ਆਦੀ ਬਣੇ
ਤਾਂ ਸ਼ਹੀਦਾਂ ਨੂੰ ਵੰਡਣ ਤੋਂ ਰਹਿ ਨਾ ਸਕੇ ।
ੳਚਾ ਮਜਹਬਾਂ ਦੇ ਨਾਲੋਂ ਸਦਾ ਜੋ ਰਿਹਾ
ਅਸੀਂ ਰੁਤਬਾ ਸ਼ਹੀਦਾਂ ਦਾ ਕਹਿ ਨਾਂ ਸਕੇ।
ਘਾਟ ਬਜ -ਬਜ ਦਾ ਹੋਵੇ ਜਾਂ ਪਛਮੀਂ ਗਦਰ
ਸਦਾ ਇੱਕੋ ਹੀ ਸਭ ਦਾ ਹਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

ਅਸੀਂ ਮੁੜ ਉਹ ਵਿਚਾਰਾਂ ਦੇ ਰਾਹ ਨਾ ਪਏ
ਜੋ ਸੀ ਓਹਨਾ ਸ਼ਹੀਦਾਂ ਨੇ ਚਾਹਿਆ ਕਦੇ।
ਜਿਹੜੀ ਸੇਵਾ ਭਲਾ ਸਰਬੱਤ ਦਾ ਕਰੇ
ਐਸੇ ਸੱਚ ਦਾ ਨਾ ਸਾਥ ਨਿਭਾਇਆ ਕਦੇ।
ਬਸ ਸ਼ਹੀਦਾਂ ਤੇ ਫੁਲਾਂ ਦੀ ਮਾਲਾ ਚੜ੍ਹਾ
ਸਾਡੇ ਫਰਜਾਂ ਦਾ ਏਥੇ ਸਬਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।

ਅਸੀਂ ਲਿਖਤੀ ਥਿਊਰੀ ਬਥੇਰੀ ਪੜ੍ਹੀ
ਹੁਣ ਅਮਲਾਂ ਦੇ ਵੱਲ ਵੀ ਨਜਰ ਸੁੱਟੀਏ।
ਨਫਰਤਾਂ ਤੇ ਵਿਤਕਰੇ ਮੁਕਾ ਕੇ ਦਿਲੋਂ
ਆਓ ਬੇਗਮਪੁਰੇ ਵੱਲ ਕਦਮ ਪੁੱਟੀਏ।
ਜਾਤਾਂ ਨਸਲਾਂ ਤੇ ਮਜਹਬਾਂ ‘ਚ ਵੰਡਿਆ ਫਿਰੇ
ਜਾਤ ਮਾਣਸ ਤਾਂ ਇੱਕੋ ਮਗਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
 

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ

ਦੁਨੀਆਂ ਪੁਛਿਆ,
ਰੱਬ ਹੈ ਕੇਹਾ?
ਗੁਰੂਆਂ ਦੱਸਿਆ,
ਕੁਦਰਤਿ ਜੇਹਾ।
ਗਰੂ ਗ੍ਰੁੰਥ ਜੀ ਏਹੋ ਸੁਨੇਹਾ,
ਕੁਲ ਦੁਨੀਆਂ ਨੂੰ ਦੱਸਦਾ ਏ ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਰੁਪ ਰੰਗ ਤੇ ਭਾਰ ਨਹੀਂ ਹੈ,
ਰੱਬ ਦਾ ਕੋਈ ਆਕਾਰ ਨਹੀਂ ਹੈ ।
ਚੱਕਰ-ਚਿਹਨ ਤੋਂ ਉਹ ਹੈ ਵੱਖਰਾ,
ਰੇਖ-ਭੇਖ ਵਿੱਚਕਾਰ ਨਹੀਂ ਹੈ ।
ਜੇ ਕੋਈ ਉਸਨੂੰ ਬਾਹਰ ਢੂੰਡੇ,
ਓਸੇ ਅੰਦਰ ਹੱਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਦੁਨੀਆਂ ਕਾਮ, ਕਰੋਧ ਵਧਾਇਆ,
ਲੋਭ, ਲਾਲਚ ਵੀ ਦੂਣ ਸਵਾਇਆ।
ਸਾਰੇ ਜੱਗ ਨੂੰ ਨਰਕ ਬਣਾਕੇ,
ਰੱਬ ਦੀ ਖਾਤਿਰ ਸਵੱਰਗ ਸਜਾਇਆ।
ਅੰਬਰੀਂ ਰੱਬ ਵਸਾਵਣ ਵਾਲਾ,
ਖਿਆਲ ਨਾ ਮਨ ਵਿੱਚ ਧਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਲੋਕੀਂ ਸਮਝਕੇ ਉਹਨੂੰ ਵਿਅਕਤੀ,
ਨਾਂ ਰੱਖ ਲੈਂਦੇ ਕੋਈ ਵਕਤੀ।
ਬੇ-ਨਾਮਾ ਜੋ ਰੱਬ ਹੈ ਸਾਂਝਾ,
ਵਿਚਰ ਰਿਹਾ ਬਣਕੇ ਇੱਕ ਸ਼ਕਤੀ।
ਨਾਵਾਂ ਦੀ ਘੁੰਮਣ-ਘੇਰੀ ਵਿੱਚ,
ਸੂਝਵਾਨ ਨਾ ਫਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਬੰਦਾ ਰੱਬ ਨੂੰ ਮੋਹ ਨਹੀਂ ਸਕਦਾ,
ਬੂਹਾ ਉਸਤੋਂ ਢੋਹ ਨਹੀਂ ਸਕਦਾ।
ਰਾਮ ਜੋ ਰਮਿਆਂ ਕੁਦਰਤਿ ਅੰਦਰ,
ਵੱਖ ਕਿਸੇ ਤੋਂ ਹੋ ਨਹੀਂ ਸਕਦਾ।
ਹਰ ਬੰਦੇ ਦੇ ਜੀਵਨ ਅੰਦਰ,
ਸਾਹ ਬਣਕੇ ਜੋ ਨਸਦਾ ਏ।
ਅਕਾਲ ਅਜੂਨੀ ਹੋਕੇ ਵੀ,
ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
 

5_cccccc1.gif (41 bytes)

>> 1 2                       hore-arrow1gif.gif (1195 bytes)

Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com