ਇਹ ਅਟੈਚੀ ਮੇਰੀ ਵਰੀ ਵਾਲਾ ਸੀ
ਵਰਿੰਦਰ ਕੌਰ
ਮੈਂ ਜਹਾਜ਼ ਚੜ੍ਹਨ ਵੇਲੇ ਆਪਣੀਆਂ ਕਿਤਾਬਾਂ
ਬਚਪਨ ਦੀਆਂ ਯਾਦਾਂ ਸੋਹਣੇ ਸੂਟ, ਗਹਿਣੇ , ਚੂੜੀਆਂ , ਝਾਂਜਰਾਂ
ਰੀਝਾਂ ਉਮੀਦਾਂ ਤੇ ਸੁਪਨੇ ਸਭ ਬੰਦ ਕਰ ਕੇ ਲਿਆਈ ਸੀ ਤੇ ਇਹ ਸਭ
ਬੰਦ ਹੀ ਰਹਿ ਗਿਆ !
ਸੋਲਾਂ ਸਾਲ ਬੀਤ ਗਏ ਨੇਂ ! ਕਿਤਾਬਾਂ
ਕੱਢੀਆਂ ਨੇਂ । ਕਿਤਾਬਾਂ ਤੋਂ ਗਰਦ ਝਾੜਦਿਆਂ ਮੇਰੇ ਜ਼ਿਹਨ ਤੋਂ ਗਰਦ
ਝੜ ਰਹੀ ਆ । ਕਿਤਾਬ ਨੂੰ ਖੋਲ੍ਹਦੀ ਆਂ ਪੰਨੇ ਪੀਲੇ ਪੈ ਗਏ ਨੇਂ
ਮੇਰੇ ਰੰਗ ਵਾੰਗੂ ।
ਕਿਤਾਬ ਪੜ੍ਹ ਕੇ ਕਵਿਤਾ ਜਾਗੀ ਆ ।
ਮੈ ਜਾਗੀ ਆਂ । ਸੁਪਨੇ ਜਾਗੇ ਨੇਂ । ਹੰਝੂ ਵਹਿ ਤੁਰਦੇ ਨੇਂ ।
ਰੀਝਾਂ ਤੇ ਉਮੀਦਾਂ ਦੀ ਚਮਕ ਨਾਲ ਮੇਰੀਆਂ ਅੱਖਾਂ ਚਮਕ ਗਈਆਂ ਨੇਂ !
ਗੂੜੇ ਗੂੜੇ ਸੂਟ !! ਇਹ ਸੂਟ ਤਾਂ ਹੁਣ ਮੇਰੀ ਧੀ ਦੇ ਮੇਚ
ਆਉਣਗੇ ਨਹੀਂ! ਮੈਂ ਇਹ ਸੂਟ ਮੇਰੀ ਧੀ ਨੂੰ ਨਹੀਂ ਦੇਣੇ । ਤੇ
ਨਾ ਇਹ ਗਹਿਣੇ , ਚੂੜੀਆਂ, ਝਾਂਜਰਾਂ ਦਫ਼ਨ ਕਰ ਦੇਣੇ ਨੇਂ ਵਰੀ ਵਾਲੇ
ਅਟੈਚੀ ਚ ਬੰਦ ਕਰਕੇ । ਤੇ ਨਾਲ ਹੀ ਦਫ਼ਨ ਕਰ ਦੇਣੀਆਂ ਕੌੜੀਆਂ
ਯਾਦਾਂ ਗਿਲੇ -ਸ਼ਿਕਵੇ ,ਰੋਸੇ !
ਮੈਂ ਮੇਰੀ ਧੀ ਨੂੰ ਦੇਵਾਂਗੀ
ਇਹ ਕਿਤਾਬਾਂ ਤਾਂ ਕਿ ਉਹ ਜਾਗਦੀ ਰਵੇ ਉਹਦੀ ਕਵਿਤਾ ਜਾਗਦੀ ਰਵੇ
ਉਹਦੇ ਸੁਪਨੇਂ ਜਾਗਦੇ ਰਹਿਣ !!! 09/01/2024
ਵਰਿੰਦਰ ਕੌਰ
artistvarinder@gmail.com
|