ਗੀਤ
ਤਰਸੇਮ ਤਰਾਨਾ, ਗੁਰਦਾਸਪੁਰ
ਤਾਰਾ
ਮੀਰਾ ਕੀਹਨੂੰ ਤੇ ਰਸੌਂਤ ਕੀਹਨੂੰ ਕਹਿੰਦੇ ਨੇ,
ਲਾਣਾਂ ਕੀਹਨੂੰ ਆਖਦੇ ਤੇ ਔਂਤ ਕੀਹਨੂੰ ਕਹਿੰਦੇ ਨੇ!
ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ
ਨੇ,
ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇ!
ਧਰੇਕ, ਲਸੂੜਾ ਤੇ ਧਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦੀ ਕੀ ਸਲੰਘ ਤੇ ਸਲਾਂਭਾ ਕੀਹਨੂੰ ਕਹਿੰਦੇ
ਨੇ,
ਵਡਿਆਈ ਕੀ ਹੁੰਦੀ ਤੇ ਉਲਾਂਭਾ ਕੀਹਨੂੰ ਕਹਿੰਦੇ ਨੇ!
ਨ੍ਹੇਰਣਾਂ, ਗੰਧੂਈ ਤੇ ਜੰਮੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ
ਕਹਿੰਦੇ ਨੇਂ,
ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇਂ,
ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ,
ਏਹੇ ਬੱਚਿਆੰ ਨੂੰ ਲਫ਼ਜ ਜਰੂਰ ਦੱਸਿਓ!
ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ
ਨੇ,
ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ!
ਹੁੰਦਾ ਕੀ ਏ ਤੇਹ ਅਤੇ ਘੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
06/06/2016
|