WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੁਰਜੀਤ ਕੌਰ
ਟਰਾਂਟੋ

Surjit Kaur Toronto

ਪਰ ਇੰਝ ਹੋਇਆ
ਸੁਰਜੀਤ ਕੌਰ ਟੋਰਾਂਟੋ

ਅੱਜ ਕਹਾਣੀ ਹੈ ਮੈਂ ਇਕ ਸੁਨਾਉਣੀ-
ਦਰਮੰਦ ਲੋਕਾਂ ਦੀ
ਬਾਤ ਹੈ ਦੁਹਰਾਉਣੀ !
 
ਤੁਸੀਂ ਭਰਨਾ ਹੁੰਘਾਰਾ
ਮਾਰਨਾ
ਹਾਰਾ-ਨਾਹਰਾ !
 
ਕਹਾਣੀ ਹੈ ਉਨ੍ਹਾਂ ਦੀ
ਜੋ ਸਨ ਕਦੇ ਘੁੱਗ ਵਸਦੇ  
ਜਿਨ੍ਹਾਂ ਦੇ ਘਰਾਂ ‘ਤੇ ਸਨ
ਉਨ੍ਹਾਂ ਦੇ ਨਾਵਾਂ ਵਾਲੇ ਤਖਤੇ !
 
ਮੋਕਲੇ ‘ਜੇ ਉਨ੍ਹਾਂ ਦੇ ਵਿਹੜਿਆਂ ‘ਚ
ਤਾਰੇ ਟਿਮਟਾਉਂਦੇ
ਮੋਰ ਪੈਲਾਂ ਪਾਉਂਦੇ
ਪੰਖੇਰੂ ਚਹਿਚਹਾਉਂਦੇ !
 
ਵਸਦੇ ਘਰਾਂ ‘ਚ ਹਾਸੇ ਛਣਕਦੇ
ਸਿਰਾਂ ‘ਤੇ ਉਨ੍ਹਾਂ ਦੇ ਕਿਰਨਾਂ ਦੇ ਤਾਜ ਚਮਕਦੇ
ਲੋਕ ਚਾਨਣੀਆਂ ‘ਚ ਮਲ਼ ਮਲ਼ ਨਹਾਉਂਦੇ
ਕੋਸੀਆਂ ਧੁੱਪਾਂ ‘ਚ ਬਹਿ ਕੇ  ਸੁਸਤਾਉਂਦੇ
ਖੇੜੇ ਫ਼ਸਲਾਂ ‘ਤੇ ਆਉਂਦੇ
ਗਲ਼ਾਂ ‘ਚ ਬਸਤੇ ਪਾ ਨਿੱਕੇ-ਨਿਆਣੇ
ਚਾਈਂ ਚਾਈਂ ਸਕੂਲੋਂ ਘਰਾਂ ਨੂੰ ਆਉਂਦੇ !
 
ਸੁਆਣੀਆਂ ਘਰਾਂ ਨੂੰ ਸੁਆਰਕੇ 
ਬੂਹਿਆਂ ‘ਤੇ ਚਾਵਾਂ ਦੀਆਂ ਲੜੀਆਂ ਸਜਾਉਂਦੀਆਂ
ਆਪਣਿਆਂ ਦੀ ਉਡੀਕ ਕਰਦੀਆਂ
ਦਰਾਂ ‘ਚ ਖੜੀਆਂ ਹੋ ਗੀਤ ਗਾਉਂਦੀਆਂ !
 
ਨਿੱਘੇ ਘਰਾਂ ‘ਚ ਲੋਕ ਬੇਫਿਕਰ ਹੋ ਸੌਂਦੇ
ਆਪਣੇ ਘਰ ਡਰ ਕਾਹਦਾ ?
ਕਦੇ ਕਦੇ ਤਾਂ ਕੁੰਡਾ ਵੀ ਨਾ ਲਾਉਂਦੇ !
 
ਇਕ ਦਿਨ
ਕਾਲ਼ੀ ਬੋਲ਼ੀ ਹਨੇਰੀ ਇਕ
ਵਸਦੇ ਏਸ ਨਗਰ ‘ਤੇ
ਅਜਿਹੀ ਆਣ ਚੜ੍ਹੀ
ਉਹਨਾਂ ਦੀਆਂ ਗਲ਼ੀਆਂ ਲੰਘ
ਉਹਨਾਂ ਦੇ ਸਿਰਨਾਵਿਆਂ ਵਾਲ਼ਿਆਂ
ਘਰਾਂ ਦੇ ਅੰਦਰੀਂ ਜਾ ਵੜੀ
ਉਹਨਾਂ ਦੀਆਂ ਛਾਤੀਆਂ
ਬੰਬਾਂ, ਬੰਦੂਕਾਂ ਤੇ ਸੰਗੀਨਾਂ ਨਾਲ ਛਾਨਣੀ ਕਰ
ਨਗਰ ਦੇ ਅੰਦਰ
ਦਹਿਸ਼ਤ ਬਣ ਹੋਈ ਖੜੀ !
 
ਇੰਝ ਨਹੀਂ ਹੋਣਾ ਚਾਹੀਦਾ ਸੀ
ਪਰ ਇੰਝ ਹੋਇਆ-
ਕੰਜਕਾਂ ਦੀਆਂ ਚੀਕਾਂ ਨੇ ਸੱਤਵਾਂ ਅਸਮਾਨ ਛੂਹਿਆ  
ਧਰਤੀ ਰੋਈ ਅੰਬਰ ਰੋਇਆ
ਆਦਮ ਦਾ ਚਿਹਰਾ ਦਾਗ਼ ਦਾਗ਼ ਹੋਇਆ
ਪਰ ਬੋਲਣ ਦਾ ਸਾਹਸ ਕਿਸੇ ਤੋਂ ਨਾ ਹੋਇਆ!
 
ਹੱਸਦੇ ਖੇਡਦੇ
ਬਸਤੇ ਚਾਈ ਆਉਂਦੇ ਬੱਚੇ ਸਾਰੇ
ਸੰਗੀਨਾਂ ਦੀ ਨੋਕ ‘ਤੇ ਉਨ੍ਹਾਂ ਚਾੜ੍ਹ ਕੇ ਮਾਰੇ
ਆਪਣੇ ਘਰਾਂ ਨੂੰ ਖੁੱਲੇ ਛੱਡ, ਲੋਕ
ਜਾਨਾਂ ਬਚਾਉਂਦੇ ਵਾਹੋ ਦਾਹੀ ਭੱਜੇ ਆਪਮੁਹਾਰੇ !
 
ਇੰਝ ਨਹੀਂ ਹੋਣਾ ਚਾਹੀਦਾ ਸੀ
ਪਰ ਇੰਝ ਹੋਇਆ
ਦਰ ਦਰ ਦੀ ਠੋਕਰ ਖਾਂਦਾ
ਨਗਰ ਨਗਰ ਦਾ ਬੰਦਾ ਬੰਦਾ ਬੇਘਰ ਹੋਇਆ
ਵਤਨ ਛੱਡ, ਜਾਨ ਬਚਾਉਂਦਾ
ਲੋਕਾਂ ਦਾ ਸੈਲਾਬ ਇਕ
ਸਰਹੱਦ ਟੱਪ ਭੱਜਣ ਲਈ ਆਤੁਰ ਹੋਇਆ !
 
ਭਰ ਭਰ ਬੰਦੇ
ਕਿਸ਼ਤੀਆਂ ਸਮੁੰਦਰ ’ਚ ਠੇਲੀਆਂ
ਕਿਸ਼ਤੀਆਂ ਤੁਰੀਆਂ
ਕਿਸ਼ਤੀਆਂ ਡੋਲੀਆਂ
ਖੌਰੇ ਖਫ਼ਾ ਕਿਹੜੀ ਗੱਲੋਂ ਲਹਿਰਾਂ ਉਸ ਦਿਨ
ਖਾ ਗਈਆਂ ਬੰਦੇ ਨਿਗਲ ਲਈਆਂ ਕਿਸ਼ਤੀਆਂ
ਕਿੰਨੀਆਂ ਜਾਨਾਂ ਸਮੁੰਦਰ ਨੇ ਖੋਹ ਲਈਆਂ !
 
ਇੰਝ ਨਹੀਂ ਹੋਣਾ ਚਾਹੀਦਾ ਸੀ
ਪਰ ਇੰਝ ਹੋਇਆ
ਹੱਸਦਾ ਵਸਦਾ ਬੰਦਾ
ਬਿਮਾਰ ਲਾਚਾਰ ਹੋ
ਭੁੱਬਾਂ ਮਾਰਕੇ ਰੋਇਆ
ਤੱਟ ‘ਤੇ ਰੁਲ਼ਦੀਆਂ ਲਾਵਾਰਸ ਲਾਸ਼ਾਂ ‘ਚ
ਤਿੰਨਾਂ ਸਾਲਾਂ ਦੇ ‘ਆਇਲਨ ਕੁਰਡੀ’ ਦੀ ਲਾਸ਼ ਵੇਖ
ਪੱਥਰਾਂ ਤੋਂ ਵੀ ਭਾਵੁਕ ਹੋਣੋ ਰਹਿ ਨਾ ਹੋਇਆ !
 
ਇੰਝ ਨਹੀਂ ਹੋਣਾ ਚਾਹੀਦਾ ਸੀ
ਪਰ ਇੰਝ ਹੋਇਆ
01/10/2021

ਤੁਰਨਾ ਅਸਾਂ ਹੁਣ ਨਾਲ ਨਾਲ
ਸੁਰਜੀਤ ਕੌਰ/ ਟੋਰਾਂਟੋ

ਚੱਲ ਹੁਣ ਛੱਡ ਵੀ ਦੇ ਉਹ ਸਦੀਆਂ ਪੁਰਾਣਾ ਰੌਲਾ
ਲਾਹ ਦੇ ਸੋਚਾਂ ਵਾਲਾ ਉਹ ਫੱਟਿਆ ਹੋਇਆ ਝੋਲਾ
ਚੱਲ ਹੁਣ ਚੱਲਦੇ ਹਾਂ ਕਦਮ ਨਾਲ ਕਦਮ ਮਿਲਾ ਕੇ
ਚੱਲ ਹੁਣ ਕਰਦੇ ਹਾਂ ਕੁਝ, ਮੋਢੇ ਨਾਲ ਮੋਢਾ ਲਾਕੇ
 
ਮੈਂ ਜੰਗਾਂ ਲੜ੍ਹ ਸਕਦੀ ਹਾਂ, ਤੂੰ ਆਪੇ ਵੇਖ ਲਿਐ
ਵਿਚ ਪੁਲਾੜ ਉਡ ਸਕਦੀ ਹਾਂ, ਤੂੰ ਵੇਖ ਹੀ ਲਿਐ
ਤਵਾਰੀਖ਼ ਬਦਲ ਸਕਦੀ ਹਾਂ, ਤੂੰ ਵੇਖ ਹੀ ਲਿਐ
ਤੇਰੀ ਤਕਦੀਰ ਬਦਲ ਸਕਦੀ ਹਾਂ, ਤੂੰ ਵੇਖ ਲਿਐ
 
ਮੈਂ ਮੀਰਾ, ਮੁਖਤਾਰਾਂ ਮਾਈ, ਅਤੇ ਰਜੀਆ ਹਾਂ
ਮੈਂ ਮਾਇਆ ਐਂਜਲੋ, ਐਲਿਸ ਅਤੇ ਅਮ੍ਰਿਤਾ ਹਾਂ
ਮੈਂ ਓਪਰਾ, ਸੁਸ਼ਮਿਤਾ, ਮੈਰੀ ਕੌਮ ਤੇ ਨੇਹਵਾਲ
ਮੈਂ ਮਾਈ ਟਰੇਸਾ, ਭਾਗੋ ਤੇ ਜੋਨ ਆਫ਼ ਆਰਕ
 
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ
ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ
ਛੇੜ-ਛਾੜ ਵਾਲਾ ਕੰਮ ਹੈ  ਘਿਨਾਉਣਾ, ਛੱਡ ਦੇ
ਪੱਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ
 
ਤੂੰ ਵੀ ਚੱਲ ਮੈਂ ਵੀ ਚੱਲਾਂ ਹੁਣ ਚੱਲੀਏ ਸਾਥ ਸਾਥ
ਦੋਵੇਂ ਹਾਂ ਇਨਸਾਨ, ਤੁਰਨਾ ਹੈ ਹੁਣ ਸਾਥ ਸਾਥ 
ਨਾ ਤੂੰ ਪੈਰਾਂ ਦੀ ਬੇੜੀ, ਨਾ ਮੈਂ ਤੇਰੇ ਰਾਹ ਦਾ ਰੋੜਾ
ਸਮਝੀਏ ਇਕ ਦੂਜੇ ਨੂੰ ਹੌਲੀ ਹੌਲੀ ਥੋੜਾ ਥੋੜਾ।
01/10/2021



ਕਿਸੇ ਹਨੇਰੀ ਰਾਤ
ਟਾਂਵੇਂ ਟਾਂਵੇਂ ਤਾਰਿਆਂ ਦੀ ਛਾਂਵੇਂ
ਨੀਂਦ ਨੇ ਆਪਣੀ ਕੁੱਖ ‘ਚ
ਸੋਚਾਂ ਦਾ
ਬੀ ਜਦ ਬੀਜਿਆ
ਉਸ ਵੇਲੇ
ਆਪਣੇ ਨਿੱਕੇ ਜਿਹੇ ਪਿੰਡ ਦੇ
ਨਿੱਘੇ ਜਿਹੇ ਘਰ ਦੀ ਛੱਤ ‘ਤੇ
ਅਚਿੰਤ ਸੁੱਤੀ ਪਈ ਸਾਂ ਮੈਂ……

ਉਸ ਸੁਪਨੇ ਦਾ ਅੰਕੁਰ
ਪਤਾ ਨਹੀਂ ਕਿਵੇਂ
ਘਰ ਤੋਂ ਕੋਹਾਂ ਮੀਲ ਦੂਰ
ਕਿਸ ਅਜਨਬੀ ਦਿਸ਼ਾ ‘ਚ
ਫੁੱਟ ਨਿਕਲਿਆ
ਕਿ ਪੈਰਾਂ ਨੂੰ ਖੰਭ ਉਗ ਆਏ !
ਤੇ………………
ਉਸ ਸੁਪਨੇ ਦੀ ਤਾਬੀਰ
ਚੁਗਦਿਆਂ… ਚੁਗਦਿਆਂ…
ਕਿੰਨੀਆਂ ਧਰਤੀਆਂ
ਕਿੰਨੇ ਸਮੁੰਦਰ ਗਾਹੇ
ਕਿ ਸੋਚਾਂ ਨੂੰ ਛਾਲੇ ਪੈ ਗਏ….!!

ਬੀਜ ਤੋਂ ਅੰਕੁਰ
ਅੰਕੁਰ ਤੋਂ ਰੁਖ ਬਣ
ਉਹੀ ਸੋਚਾਂ
ਅਜਨਬੀ ਜਿਹੀਆਂ
ਮੇਰੇ ਵਿਹੜੇ ਖੜੀਆਂ ਹਨ
ਜੜ-ਹੀਣ !
ਤੇ ਘਰ???
ਘਰ ਜੋ ਕੋਹਾਂ ਮੀਲ
ਪਿੱਛੇ ਛੱਡ ਆਈ ਸਾਂ
ਉਸੇ ਨੂੰ ਲੱਭ ਰਹੀਂ ਹਾਂ…….. !

31/01/2013

ਸੁਰਖ ਜੋੜੇ ‘ਚ ਸਜੀ ਕੁੜੀ !
ਸੁਰਜੀਤ ਕੌਰ ਟਰਾਂਟੋ

ਸੁਰਖ ਜੋੜੇ ‘ਚ ਸਜੀ ਕੁੜੀ
ਅੱਖਾਂ ਵਿਚ ਕੁਛ ਜਗਦਾ ਬੁਝਦਾ
ਕੈਨਵਸ ਤੇ ਕੁਛ ਬਣਦਾ ਮਿਟਦਾ !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟਕੇ
ਛਡ ਜਾਂਦੀ ਹੈ
ਖੰਜਿਆਂ ‘ਚ ਖੇਡੀਆਂ ਲੁਕਣ-ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਅਲਮਾਰੀ ‘ਚ ਪਈਆਂ ਕਿਤਾਬਾਂ
ਕਿਤਾਬਾਂ ‘ਚ ਪਏ ਖਤ
ਖਤਾਂ ‘ਚ ਪਏ ਨਿਹੋਰੇ
ਕੁਛ ਹਾਸੇ-
ਕੁਛ ਰੋਸੇ
ਅੱਖਾਂ ‘ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲੀ ਹੌਲੀ ਪਬ ਧਰਦੀ
ਘਰ ਦੀ ਦਹਿਲੀਜ ਟੱਪ
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ !

31/01/2013

 

ਸੁਰਜੀਤ ਕੌਰ/ਟੋਰਾਂਟੋ
416-605-3784
Surjitk3@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com