WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸਃ ਸੁਰਿੰਦਰ
ਇਟਲੀ

ਨਵਾਂ ਵਰ੍ਹਾ
ਸਃ ਸੁਰਿੰਦਰ, ਇਟਲੀ
 
surinderSਆਜਾ ਨਵਿਆਂ ਵਰਿਆਂ ਆਜਾ
ਕੋਈ ਮਿੱਠੀ  ਖ਼ਬਰ ਸੁਣਾ ਜਾ ।
 
ਝੋਲੀ ਸਾਡੀ ਦਰਦ ਅਵੱਲੜੇ
ਖੈਰ ਮੁਹੱਬਤਾਂ ਵਾਲੀ ਪਾ ਜਾ ।
 
ਹੱਥ ਜੋੜੀਏ ਤਰਲੇ ਪਾਈਏ
ਰਾਗ ਬਸੰਤੀ ਸੱਜਣਾ ਗਾ ਜਾ ।
 
ਪੋਟਾ-ਪੋਟਾ  ਜਖ਼ਮੀ ਅੜਿਆ
ਪਿਆਰ ਵਾਲੀ ਮੱਲਮ ਲਾ ਜਾ ।
 
ਰਿਜ਼ਕਾਂ ਦੇ ਨਾਲ ਭਰਨ ਭੜੋਲੇ
ਖੁਸ਼ੀਆਂ ਵਾਲੀ ਗੱਲ ਸੁਣਾ ਜਾ ।
 
ਸ਼ਾਲਾ ਮੁੱਕ ਜਾਏ ਕੂੜ ਹਨ੍ਹੇਰਾ
ਸੋਚਾਂ ਦੇ ਵਿੱਚ ਦੀਪ ਜਗਾ ਜਾ ।
 
ਦਿਲ ਅਰਦਾਸ ਕਰਦਾ ਮੇਰਾ
ਉਜੜੀ ਸਾਡੀ ਝੋਕ ਵਸਾ ਜਾ ।
 
ਸੁਰਿੰਦਰ ਸਾਰੇ ਹੱਸਣ ਵੱਸਣ
ਐਸੀ ਕੋਈ  ਬਣਤ ਬਣਾ ਜਾ ।
27/12/2018


ਮੈਂ ਗੀਤ ਆਜ਼ਾਦੀ ਕਿੰਝ ਗਾਂਵਾਂ ?

ਸਃ ਸੁਰਿੰਦਰ, ਇਟਲੀ

ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ
ਮੈਂ ਗੀਤ ਆਜ਼ਾਦੀ ਕਿੰਝ ਗਾਂਵਾਂ ?
ਮੇਰੀਆਂ ਆਸਾਂ ਵਿੱਚ ਹਨ੍ਹੇਰਾ ਵੇ
ਮੈਨੂੰ ਦੱਸ ਜਾ ਲੁੱਡੀਆਂ ਕਿੰਝ ਪਾਂਵਾਂ ?
ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ ।
ਮੇਰੀ ਸੁੱਖ ਦੀ ਆਂਦਰ ਖੋਈ ਤੂੰ
ਮੇਰੀ ਜਿੰਦੜੀ ਦਰਦ ਪਰੋਈ ਤੂੰ ,
ਮੈਨੂੰ ਦੱਸ ਜਾ ਮਿੱਸੀਆਂ ਕਿੰਝ ਖਾਂਵਾਂ ?
ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ ।
ਮੇਰੇ ਘਰ ਗ਼ਮ ਦੀਆਂ ਰਾਤਾਂ ਨੇ
ਤੇਰੇ ਮਹਿਲਾਂ ਵਿੱਚ ਪਰਭਾਤਾਂ ਨੇ ,
ਮੈਨੂੰ ਦੱਸ ਜਾ ਰੁੱਸੀਆਂ ਕਿੰਝ ਛਾਂਵਾਂ ?
ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ ।
ਮੈਂ ਪਾਂਵਾਂ ਹਾਲ ਦੁਹਾਈਆਂ ਵੇ
ਤੂੰ ਤਲੀਆਂ ਤਵੀ ਤਪਾਈਆਂ ਵੇ
ਮੈਨੂੰ ਦੱਸ ਜਾ ਮਹਿੰਦੀਆਂ ਕਿੰਝ ਲਾਂਵਾਂ ?
ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ ।
ਇੱਕ ਸੱਲ ਸੁਰਿੰਦਰ ਗਾਉਂਦਾ ਹੈ
ਤੇਰੇ ਕੀਤੇ ਜ਼ੁਲਮ ਗਿਣਾਉਂਦਾ ਹੈ
ਮੈਨੂੰ ਦੱਸ ਜਾ ਭੱਜੀਆਂ ਕਿੰਝ ਬਾਹਵਾਂ ?
ਦੱਸ ਦੇਸ਼ ਮੇਰੇ ਦਿਆ ਹਾਕਮਾ ਵੇ ।
20/08/16

ਸਾਕਾ ਨੀਲਾ ਤਾਰਾ
ਸਃ ਸੁਰਿੰਦਰ, ਇਟਲੀ

ਇੱਕ ਦੁੱਖ ਅਵੱਲਾ ਹਾਏ
ਦਿਲ ਅੰਦਰ ਵੱਸਦਾ ਏ
ਮੈਥੋਂ ਭੁੱਲ ਨਾ ਹੁੰਦਾ ਜੋ
ਰੂਹ ਮੇਰੀ ਡੱਸਦਾ ਏ ।

ਮੈਂ ਕਿੱਥੇ ਵਿਰਧ ਕਰਾਂ
ਫੱਟ ਮੇਰਾ ਗਹਿਰਾ ਏ
ਐਥੇ ਕੋਈ ਸੁਣਦਾ ਨਾਂ
ਜੱਗ ਸਾਰਾ ਬਹਿਰਾ ਏ ।

ਜਿਨੂੰ ਵੈਰੀ ਆਖ ਰਿਹੈਂ
ਓਹ ਨੀਲਾ ਤਾਰਾ ਏ
ਮੇਰੇ ਹਰਫ਼ਾਂ ਦੇ ਨੈਣੋਂ
ਚੋਇਆ ਹੰਝੂ ਖਾਰਾ ਏ ।

ਮੇਰੇ ਨਾਲ ਪਿਤਰਾਂ ਨੇ
ਕੋਈ ਚੰਗੀ ਨਾ ਕੀਤੀ
ਕੀ ਦੱਸਾ ਮੈਂ ਲਿਖ ਕੇ
ਕੀ ਮੇਰੀ ਹੱਡ ਬੀਤੀ ।

ਮੇਰੀ ਕਵਿਤਾ ਦੇ ਵਿਚੋਂ
ਦਿਲ ਮੇਰਾ ਰੋਇਆ ਏ
ਮੈਂ ਵੱਸਦੀ ਉਜੜੀ ਹਾਂ
ਮੇਰਾ ਸੂਰਾ ਮੋਇਆ ਏ ।

ਲੋਕੋ ਅੱਗ ਬਗਾਵਤ ਦੀ
ਮੇਰੇ ਅੰਦਰ ਬਲਦੀ ਏ
ਇੱਕ ਤੀਲੀ ਨਫ਼ਰਤ ਦੀ
ਮੇਰੇ ਅੰਦਰ ਪਲਦੀ ਏ ।

ਸਾਕੇ ਜੂਨ ਚੁਰਾਸੀ ਨੇ
ਮੇਰੇ ਸੰਗ ਰਹਿਣਾ ਏ
ਖੰਡੇ ਦੋ - ਧਾਰੇ ਨੇ
ਦਿੱਲੀ ਨਾਲ ਖਹਿਣਾ ਏ ।
06/06/16

 

ਛੱਲਾ ਮਾਹੀ ਨਾਲ
ਸਃ ਸੁਰਿੰਦਰ, ਇਟਲੀ

ਛੱਲਾ ਚੀਚੀ ਪਾਇਆ ਏ,
ਤੇਰੀਆਂ ਯਾਦਾਂ ਨੂੰ ਅਸੀਂ, ਦਿਲ ਨਾਲ ਲਾਇਆ ਏ ।

ਛੱਲਾ ਗੀਤ ਸੁਣਾਇਆ ਏ ।
ਦਰਦ ਵਿਛੋੜਾ ਲਿਖ ਕੇ , ਅਸੀਂ ਛੱਲਾ ਗਾਇਆ ਏ ।

ਛੱਲਾ ਰੱਬ ਦੀ ਮਾਇਆ ਏ ।
ਯਾਰ ਪਰਦੇਸੀ ਨੇ , ਬੂਹਾ ਖੜਕਾਇਆ ਏ ।

ਛੱਲਾ ਪਰਦੇਸੋਂ ਆਇਆ ਏ ।
ਸੁਖ ਹੋਵੇ ਮਾਹੀ ਦੀ , ਬੜਾ ਦਿਲ ਘਬਰਾਇਆ ਏ ।

ਛੱਲਾ ਦਰਦ ਹੰਢਾਇਆ ਏ ।
ਸਾਹਵਾਂ ਮੁਕ ਚੱਲੀਆਂ , ਮਾਹੀ ਘਰ ਨਾ ਆਇਆ ਏ ।

ਛੱਲਾ ਯਾਰ ਥਿਆਇਆ ਏ ।
ਦਰਸ਼ਨ ਦੇ ਸਾਨੂੰ , ਬੜਾ ਦਿਲ ਤਰਸਾਇਆ ਏ ।

ਛੱਲਾ ਪਿਆਰ ਕਮਾਇਆ ਏ ।
ਸੱਜਣਾ ਦੀ ਚਿੱਠੀ ਪੜ੍ਹ , ਮੇਰਾ ਗੱਚ ਭਰ ਆਇਆ ਏ ।

ਛੱਲਾ ਦਰਦ ਸਮਾਇਆ ਏ ।
ਚੰਦਰੇ ਵਿਛੋੜੇ ਨੇ , ਮੈਨੂੰ ਮਾਰ ਮੁਕਾਇਆ ਏ ।

ਛੱਲਾ ਯਾਰ ਪਰਾਇਆ ਏ ।
ਸੁਰਿੰਦਰ ਪਰਦੇਸੀ ਨੇ , ਬੜਾ ਦਿਲ ਭਰਮਾਇਆ ਏ ।
02/04/16

 

ਖਿਦਰਾਣੇ ਦੀ ਢਾਬ ਤੇ
ਸਃ ਸੁਰਿੰਦਰ, ਇਟਲੀ

ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ ।
ਮਹਾਂ ਸਿੰਘ ਨੇ ਸਿੱਖੀ ਵਾਲੀ ਰੱਖ ਵਿਖਾਈ ਹੈ ।

ਤੇਰੇ ਜਿਹਾ ਨਾ ਕੋਈ ਧੰਨ ਬਾਜਾਂ ਵਾਲਿਆ ਤੂੰ ,
ਤੂੰ ਸਿੰਘਾਂ ਨੂੰ ਅੰਮ੍ਰਿਤ ਵਾਲੀ ਦਾਤ ਪਿਆਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ । ।

ਮਾਈ ਭਾਗੋ ਨੇ ਵਿੱਚ ਮੈਦਾਨੇ ਜੋਹਰ ਵਿਖਾਏ ਨੇ
ਭੁੱਲ ਸਕੂੰ ਨਾ ਦੁਸ਼ਮਣ ਐਸੇ ਸਬਕ ਪੜ੍ਹਾਏ ਨੇ
ਸ਼ੇਰ ਮਝੈਲਾਂ ਗਹਿਰੀ ਜੜ੍ਹ ਸਿੱਖੀ ਦੀ ਲਾਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਡ ਕੇ ਤੋੜ ਨਿਭਾਈ ਹੈ ।

ਚਾਲੀ ਸਿੰਘਾਂ ਹੱਸ ਕੇ ਜਾਮ ਸ਼ਹਾਦਤ ਪੀਤਾ ਹੈ
ਸਿੱਖੀ ਵਾਲਾ ਝੰਡਾ ਜੱਗ ਵਿੱਚ ਉੱਚਾ ਕੀਤਾ ਹੈ
ਧੰਨ ਮਹਾਂ ਸਿੰਘਾ, ਧੰਨ ਤੇਰੀ ਨੇਕ ਕਮਾਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ ।

ਸੂਰਾ ਕਦੇ ਨਾ ਮਰਦਾ , ਚੋਲਾ ਬਦਲਾਉਂਦਾ ਹੈ
ਧਰਮ ਕੌਮ ਦੇ ਉੱਤੋਂ ਜਿੰਦੜੀ ਘੋਲ ਘੁਮਾਉਂਦਾ ਹੈ
ਸੁਰਿੰਦਰ,ਸਿੰਘਾਂ ਹੱਸ ਕੇ ਲਾੜੀ ਮੌਤ ਵਿਆਈ ਹੈ ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ ।
17/01/2016

ਲੋਈ ਲੋਈ ਲੋਈ
ਸਃ ਸੁਰਿੰਦਰ, ਇਟਲੀ

ਲੋਈ ਲੋਈ ਲੋਈ
ਸੱਜਣ ਦੀ ਯਾਦ ਆ ਗਈ , ਅੱਖ ਸੁਰਮੇ ਵਾਲੀ ਚੋਈ ।

ਲੋਈ ਲੋਈ ਲੋਈ
ਹਿਜ਼ਰ ਅਵੱਲੇ ਨੇ , ਮੇਰੀ ਆਂਦਰ - ਆਂਦਰ ਟੋਈ ।

ਲੋਈ ਲੋਈ ਲੋਈ
ਸੱਜਣਾ ਯਾਦ ਤੇਰੀ , ਮੈਂ ਗੀਤਾਂ ਵਿੱਚ ਪਰੋਈ ।

ਲੋਈ ਲੋਈ ਲੋਈ
ਖ਼ੈਰ ਹੋਵੇ ਸੱਜਣਾ ਦੀ , ਮੇਰੀ ਜਿੰਦ ਫ਼ਿਕਰਾਂ ਵਿੱਚ ਮੋਈ ।

ਲੋਈ ਲੋਈ ਲੋਈ
ਮੋਈਆਂ ਸੱਧਰਾਂ ਦੀ , ਮੈਂ ਤਨ ਵਿੱਚ ਪੰਡ ਲਕੋਈ ।

ਲੋਈ ਲੋਈ ਲੋਈ
ਮੇਰੇ ਮਾਹੀਏ ਦੀ , ਹਾਏ ਹੂੰਕ ਅੰਬਰ ਨੂੰ ਛੋਈ ।

ਲੋਈ ਲੋਈ ਲੋਈ
ਵਤਨ ਪਿਆਰਾ ਛੱਡ ਕੇ , ਮੇਰੀ ਜਿੰਦ ਪਰਦੇਸਣ ਰੋਈ ।

ਲੋਈ ਲੋਈ ਲੋਈ
ਸੁਰਿੰਦਰ ਬੇਦਾਵਾ ਦੇ ਗਿਆ , ਮੇਰੀ ਦਰਦਾਂ ਵਾਲੀ ਢੋਈ ।
17/01/2016

 

ਮੇਰੀ ਝੋਲੀ ਦਰਦ ਅਵੱਲੜੇ
ਸਃ ਸੁਰਿੰਦਰ, ਇਟਲੀ

ਮੇਰੀ ਝੋਲੀ ਦਰਦ ਅਵੱਲੜੇ ਨੀਂ ਮਾਏ ।
ਮੇਰੇ ਹੰਝੂਆਂ ਵਾਲੇ ਪੱਲੜੇ ਨੀਂ ਮਾਏ । ।

ਮੈਨੂੰ ਸਾਂਵਲ ਛੱਡ ਕੇ ਤੁਰ ਗਿਆ ਏ ,
ਅਸੀਂ ਰਹੇ ਵਿਲਕਦੇ ਕੱਲੜੇ ਨੀਂ ਮਾਏ ।

ਮੇਰਾ ਰੰਗ ਮਹਿੰਦੀ ਦਾ ਲੱਥਿਆ ਨਹੀਂ ,
ਮੇਰੇ ਚਾਅ ਤਾਂ ਹਾਲੇ ਅੱਲੜੇ ਨੀਂ ਮਾਏ ।

ਮੇਰਾ ਬੁੱਤ ਕਲਬੂਤ ਬੇਜਾਨ ਹੋਇਆ ,
ਮੇਰੀ ਰੂਹ ਸਾਂਵਲ ਦੇ ਵੱਲੜੇ ਨੀਂ ਮਾਏ ।

ਸੁਰਿੰਦਰ ਪਰਦੇਸ ਨੂੰ ਤੁਰ ਗਿਆ ਏ ,
ਮੇਰੇ ਰੋਵਣ ਚੀਚੀ ਛੱਲੜੇ ਨੀਂ ਮਾਏ ।

11/01/2016

 

ਨਵਿਆਂ ਵਰ੍ਹਿਆਂ ਵੇ
ਸਃ ਸੁਰਿੰਦਰ, ਇਟਲੀ

ਮਿੱਠਾ ਗੀਤ ਸੁਣਾਈ
ਨਵਿਆਂ ਵਰ੍ਹਿਆਂ ਵੇ ।
ਮਾਹੀ ਮਾਹੀ ਗਾਈ
ਨਵਿਆਂ ਵਰ੍ਹਿਆਂ ਵੇ ।

ਦਿਲੋਂ ਮੈਲ ਗੁਆਈ
ਨਵਿਆ ਵਰ੍ਹਿਆਂ ਵੇ ,
ਰੁੱਸੇ ਯਾਰ ਮਿਲਾਈ
ਨਵਿਆਂ ਵਰ੍ਹਿਆਂ ਵੇ ।

ਸਾਡੇ ਆਂਗਨ ਆਈ
ਨਵਿਆਂ ਵਰ੍ਹਿਆਂ ਵੇ ,
ਚੰਗੀ ਖ਼ਬਰ ਲਿਆਈ
ਨਵਿਆਂ ਵਰ੍ਹਿਆਂ ਵੇ ।

ਰੋਂਦਾ ਸ਼ਹਿਰ ਹਸਾਈ
ਨਵਿਆਂ ਵਰ੍ਹਿਆਂ ਵੇ ,
ਦੁਖ ਕਲੇਸ਼ ਭਜਾਈ
ਨਵਿਆਂ ਵਰ੍ਹਿਆਂ ਵੇ ।

ਤੀਲੀ ਜੰਗ ਨੂੰ ਲਾਈ
ਨਵਿਆਂ ਵਰ੍ਹਿਆਂ ਵੇ ,
ਰੋਂਦੀ ਧਰਤੀ ਹਸਾਈ
ਨਵਿਆਂ ਵਰ੍ਹਿਆਂ ਵੇ ।

ਰੋਂਦੀ ਨਰਮ ਕਲਾਈ
ਨਵਿਆਂ ਵਰ੍ਹਿਆਂ ਵੇ ,
ਮਾਹੀ ਮੋੜ ਲਿਆਈ
ਨਵਿਆਂ ਵਰ੍ਹਿਆਂ ਵੇ ।

ਪਾਈ ਸੁਰਮ ਸਲਾਈ
ਨਵਿਆਂ ਵਰ੍ਹਿਆਂ ਵੇ ,
ਆਈ ਚਾਈਂ-ਚਾਈਂ
ਨਵਿਆਂ ਵਰ੍ਹਿਆਂ ਵੇ ।

ਹੀਰ-ਰਾਂਝਾਂ ਗਾਈ
ਨਵਿਆਂ ਵਰ੍ਹਿਆਂ ਵੇ ,
ਕਰੀਂ ਦੂਰ ਬਲਾਈ
ਨਵਿਆਂ ਵਰ੍ਹਿਆਂ ਵੇ ।

ਸੁੱਤੇ ਭਾਗ ਜਗਾਈ
ਨਵਿਆਂ ਵਰ੍ਹਿਆਂ ਵੇ ,
ਪੈਰ ਸੁੱਖ ਦਾ ਪਾਈ
ਨਵਿਆਂ ਵਰ੍ਹਿਆਂ ਵੇ ।
27/12/15

 

ਬੋਲੀਆਂ
ਸਃ ਸੁਰਿੰਦਰ, ਇਟਲੀ

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਾ ਪੀਪਾ
ਛੱਡ ਕੇ ਸਾਥ ਤੇਰਾ
ਧਾਹਾਂ ਮਾਰੇ ਯਾਰ ਦਲੀਪਾ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੇ ਪਾਵੇ
ਦਿਲ ਵਿੱਚ ਤੂੰ ਬਹਿ ਗਿਆ
ਜਿੰਦ ਮਾਹੀ-ਮਾਹੀ ਗਾਵੇ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੀ ਲੋਈ
ਕਰਕੇ ਯਾਦ ਤੈਨੂੰ
ਅੱਖ ਸੁਰਮੇ ਵਾਲੀ ਰੋਈ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੀਆਂ ਵੰਗਾਂ
ਤੂੰ ਮੇਰਾ ਦਿਲ ਲੁੱਟਿਆ
ਤੈਨੂੰ ਦੱਸਦੀ ਸੋਹਣਿਆ ਸੰਗਾਂ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੀ ਚਾਂਦੀ
ਅੱਖ ਤੇਰੀ ਬਦਲ ਗਈ
ਅਸੀਂ ਤੋਰ ਪਛਾਣੀ ਜਾਂਦੀ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਾ ਤਾਰਾ
ਯਾਰ ਪਰਦੇਸੀ ਹੋ ਗਿਆ
ਨੈਣੀਂ ਤਰਦਾ ਅੱਥਰੂ ਖਾਰਾ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਾ ਮਾਹੀ
ਤੇਰੇ ਬਿਨ ਨਹੀਂ ਬੱਚਣਾ
ਤੂੰ ਵੱਸਦਾ ਸੋਹਣਿਆ ਸਾਹੀਂ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੀ ਗਾਨੀ
ਹਿੱਕ ਉੱਤੇ ਡੰਗ ਮਾਰਦੀ
ਮੈਨੂੰ ਦੇ ਗਿਆ ਯਾਰ ਨਿਸ਼ਾਨੀ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦੀ ਦਾਤੀ
ਮੁੰਡਿਆ ਹਾਣ ਦਿਆ
ਮੇਰੇ ਮਾਰ ਹੁਸਨ ਵੱਲ ਝਾਤੀ ।

20/09/15

 

ਅਜ਼ਾਦੀ
ਸਃ ਸੁਰਿੰਦਰ, ਇਟਲੀ

ਅਜੇ ਅਜ਼ਾਦੀ ਦੂਰ ਹੈ ।
ਹਰ ਭੌਰਾ ਮਜ਼ਬੂਰ ਹੈ । ।

ਸੋਚ ਹਨ੍ਹੇਰੇ ਜਕੜੀ ਹੈ ,
ਚੰਨ ਲਗਦਾ ਬੇਨੂਰ ਹੈ ।

ਰੰਗਲੇ ਹਾਸੇ ਮੋਏ ਨੇ ,
ਸੱਧਰਾਂ ਮੁੱਕਾ ਪੂਰ ਹੈ ।

ਸੱਪਾਂ ਵਿੱਚ ਬਸੇਰਾ ਹੈ ,
ਤਖ਼ਤ ਤੇ ਮਗਰੂਰ ਹੈ ।

ਸੱਚਾ ਫਾਂਸੀ ਚੜ੍ਹਦਾ ਹੈ ,
ਬਦਨ ਵੇਚਦੀ ਹੂਰ ਹੈ ।

ਗੀਤ ਦਰਦ ਪਰੋਏ ਨੇ ,
ਅੱਖਰ ਰੱਤ ਸੰਧੂਰ ਹੈ ।

ਵੇਖ ਅਜਬ ਨਜ਼ਾਰੇ ਨੂੰ ,
ਦਿਲ ਬਹੁਤ ਰੰਜੂਰ ਹੈ ।

12/08/15

 

ਕਾਂਵਾਂ ਦੇਵੀਂ ਸੁਨੇਹਾ
ਸਃ ਸੁਰਿੰਦਰ, ਇਟਲੀ

ਕਾਂਵਾਂ ਦੇਵੀਂ ਸੁਨੇਹਾ ਯਾਰ ਪਿਆਰੇ ਨੂੰ ,
ਅੱਖ ਤਰਸਦੀ ਮੇਰੀ ਫੇਰ ਦੀਦਾਰੇ ਨੂੰ ,
ਵਤਨੀਂ ਫੇਰਾ ਪਾ,ਸੱਧਰਾਂ ਵਿਲਕਦੀਆਂ ,
ਦਿਲ ਤਰਸਦਾ ਮੇਰਾ ਸੁਰਖ਼ ਨਜ਼ਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਸੂਰਤ ਉਸ ਦੀ ਦਿਲ ਮੇਰੇ ਨੂੰ ਸੋਹਦੀਂ ਹੈ ,
ਸੀਰਤ ਉਸ ਦੀ ਗੀਤ ਮੇਰੇ ਨੂੰ ਟੋਹਦੀਂ ਹੈ ,
ਸਿੱਕ ਦਿਲ ਦੀ ਲੱਭਦੀ ਉਸ ਵਣਜਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਉਸ ਦੇ ਬਾਝੋਂ ਦੁਨੀਆਂ ਸੁੰਝੀ ਲੱਗਦੀ ਹੈ ,
ਤਾਰ ਉਸ ਦੀ ਦਿਲ ਦੇ ਅੰਦਰ ਵੱਜਦੀ ਹੈ ,
ਰੀਝ ਵਿਗੋਚਣ ਵਿਲਕੇ ਮੁੱਖ ਝਲਕਾਰੇ ਨੂੰ
ਕਾਂਵਾਂ ਦੇਵੀਂ ਸੁਨੇਹਾ !

ਉਸ ਦੇ ਬਾਝੋਂ ਰੀਝਾਂ ਮੇਰੀਆਂ ਮੋਈਆਂ ਨੇ ,
ਅੱਖਾਂ ਮੇਰੀਆਂ ਬੱਦਲੀ ਵਾਂਗਰ ਚੋਈਆਂ ਨੇ ,
ਸਾਵਣ ਰੁੱਤੜੀ ਲੱਭਦੀ ਕਰਮਾਂ ਮਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਰਾਣਾ ਕਿਥੋਂ ਲੱਭੀਏ ਸ਼ਹਿਰ ਬਥੇਰਾ ਹੈ ,
ਮੇਰੀ ਕਿਸਮਤ ਅੰਦਰ ਘੁੱਪ ਹਨ੍ਹੇਰਾ ਹੈ ,
ਸੁਰਿੰਦਰ ਵੇਖ ਕੇ ਰੋਵਾਂ ਟੁੱਟੇ ਤਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !
20/06/2015

ਗੀਤ
ਸ: ਸੁਰਿੰਦਰ, ਇਟਲੀ

ਕੱਖ ਗਲੀਆਂ ਦੇ ਰੋਏ ਨੇ ,
ਅੱਖਰ ਦਰਦ ਪਰੋਏ ਨੇ ,
ਤੇਰੀਆਂ ਪੈੜ੍ਹਾਂ ਲੱਭਦੇ ਹਾਂ ,
ਖੂਹ ਅੱਖੀਆਂ ਦੇ ਜੋਏ ਨੇ ।
ਕੱਖ ਗਲੀਆਂ ਦੇ !
ਬੱਦਲ ਬਣ ਕੇ ਆ ਚੰਨਾ ,
ਮੈਨੂੰ ਮੁੱਖ ਵਿਖਾ ਜਾ ਚੰਨਾ ,
ਗੀਤ ਵਿਯੋਗਣ ਛੋਏ ਨੇ ,
ਕੱਖ ਗਲੀਆਂ ਦੇ !
ਤੇਰੇ ਬਿਨ ਕੀ ਜੀਣਾ ਵੇ ,
ਘੁੱਟ ਸਬਰ ਦਾ ਪੀਣਾ ਵੇ ,
ਹਰੀਅਲ ਹਾਸੇ ਮੋਏ ਨੇ ,
ਕੱਖ ਗਲੀਆਂ ਦੇ !
ਦੀਪਕ ਵਾਂਗੂੰ ਬਲਦੇ ਹਾਂ ,
ਰਾਤਾਂ ਦੇ ਵਿੱਚ ਜਲਦੇ ਹਾਂ ,
ਦਰਦ ਅਵੱਲੜੇ ਹੋਏ ਨੇ ,
ਕੱਖ ਗਲੀਆਂ ਦੇ !
ਸੱਜਣ ਦੂਰ ਤੁਰ ਗਿਆ ਏ ,
ਰੰਗ ਸੰਧੂਰੀ ਖੁਰ ਗਿਆ ਏ ,
ਦਿਲ ਵਿੱਚ ਸੱਲ ਕਰੋਏ ਨੇ ,
ਕੱਖ ਗਲੀਆਂ ਦੇ !
20/06/2015

ਗ਼ਜ਼ਲ
ਸ: ਸੁਰਿੰਦਰ

ਜਿੰਦੜੀ ਜਨਮਾਂ ਦਾ ਰੋਣ ਹੋਈ ।
ਰੂਹ ਦਰਦਾਂ ਭਿੱਜੀ ਪੌਣ ਹੋਈ ॥

ਗ਼ਮ ਤੁਹਾਡੇ ਮਹਿਕ ਖਿਲਾਰੀ ।
ਆਸ ! ਨਿਕਰਮੀ ਧੋਣ ਹੋਈ ॥

ਹੁਣ ਬਹਾਰਾਂ ਤੋਂ ਡਰ ਲੱਗਦਾ ।
ਦੇਹ ਸੂਲਾਂ ਵਿੱਚ ਪਰੋਣ ਹੋਈ ॥

ਮੇਰਾ ਤਾਂ ਹਰ ਦਰਦ ਅਵੱਲਾ ।
ਕਵਿਤਾ ਔੜਾਂ ਦਾ ਢੋਣ ਹੋਈ ॥

ਕਿਹੜੀ ਰੁੱਤੇ ਯਾਰ ਗੁਆਚਾ ।
ਮੈਂ ਜਿੰਦ ਸਰਾਪੀ ਕੌਣ ਹੋਈ ॥

ਸੁਰਿੰਦਰ ਭੈੜੇ ਲੇਖ ਅਸਾਡੇ ।
ਅੱਖ ਸਮੁੰਦਰ ਜੋਅਣ ਹੋਈ ॥
17/08/2014

 

ਅਜ਼ਾਦੀ
ਸ: ਸੁਰਿੰਦਰ

ਅਜ਼ਾਦੀ ਦਾ ਗੀਤ ਗਾਵਾਂ ਕਿਸ ਤਰਾਂ ।
ਦਿਲ ਦਾ ਸ਼ੀਸ਼ਾ ਸਜ਼ਾਵਾਂ ਕਿਸ ਤਰਾਂ ॥

ਨਗਰ ਅੰਦਰ ਫੈਲੀਆਂ ਬਰਬਾਦੀਆਂ ।
ਹੀਰ ਰਾਂਝਾ ਮੈਂ ਸੁਣਾਵਾਂ ਕਿਸ ਤਰਾਂ ॥

ਸੱਭਿਅਤਾ ਦਾ ਚੀਰ ਹਰਨ ਹੋ ਰਿਹਾ ।
ਨਗਰ ਤੇਰਾ ਮੈਂ ਸਲਾਵਾਂ ਕਿਸ ਤਰਾਂ ॥

ਫੈਲਿਆ ਹੈ ਵਿਸ਼ ਸਾਡੀ ਸੋਚ ਵਿੱਚ ।
ਆਪਣਾ ਦੀਵਾ ਬਚਾਵਾਂ ਕਿਸ ਤਰਾਂ ॥

ਵਤਨ ਦੀ ਕਿਸ਼ਤੀ ਡੋਬੀ ਰਹਿਨੁਮਾ ।
ਮਨ ਦੀ ਗਾਥਾਂ ਸੁਣਾਵਾਂ ਕਿਸ ਤਰਾਂ ॥

ਮੰਦਰੀ ਮਸੀਤੀ ਮਜ਼ਬ ਰੁਲ ਗਿਆ ।
ਨਫ਼ਰਤ ਯਾਰੋ ਮੁਕਾਵਾਂ ਕਿਸ ਤਰਾਂ ॥

ਬਰਬਾਦੀ ਨੇ ਘਰ ਡੇਰਾ ਲਾ ਲਿਆ ।
ਅੱਗ ਤੇਲ ਨਾ ਬੁਝਾਵਾਂ ਕਿਸ ਤਰਾਂ ॥

ਖੈ਼ਰ ਨਹੀਂ ਰੱਬਾ! ਆਦਮ ਜਾਤ ਦੀ ।
ਹਾੜਾ!ਅਜ਼ਾਦੀ ਮਨਾਵਾਂ ਕਿਸ ਤਰਾਂ ॥
14/08/2014

 

ਗ਼ਜ਼ਲ
ਸ: ਸੁਰਿੰਦਰ

ਦਿਲ ਨੂੰ ਲੈ ਗਿਆ ਕੌਣ ।
ਹਾੜਾ!ਨੈਂਣੋ ਅੱਥਰੂ ਚੋਣ ॥

ਰਾਂਝੇ ਵਾਂਗੂੰ ਅਲਖ ਜਗਾ ।
ਮੇਰੇ ਬੂਹੇ ਸੰਦਲੀ ਹੋਣ ॥

ਆਸ ਮੇਰੀ ਰੂੜਾ-ਕੂੜਾ ।
ਮੇਰੇ ਨੈਣ ਵਿਗੋਚੇ ਰੋਣ ॥

ਜਿੰਦ ਝੱਲੀ ਸੱਜਣ ਵੈਰੀ ।
ਸਾਡਾ ਰੰਝ ਸਜਾਵਾਂ ਢੋਣ ॥

ਰੋ-ਰੋ ਕੇ ਕੱਜਲ ਰੁੜਿਆ ।
ਮੇਰੀ ਅੱਖ ਦਾ ਹੋਵੇ ਧੋਣ ॥

ਜੰਗਲ ਬੇਲੇ ਲੱਭਾ ਮਾਹੀ ।
ਭੈੜੇ ਨੈਂਣ ਮੇਰੇ ਨਾ ਸੋਣ ॥

ਅੱਗ ਲਾਵਾਂ ਸੂਹਾ ਸਾਲੂ ।
ਮੈਂ ਦਰਦਾਂ ਭਿੱਜੜੀ ਪੋਣ ॥

ਲੋਕੋ ਵੇ!ਇਸ਼ਕ ਅਵੱਲਾ ।
ਦੁਨੀਆ ਨੂੰ ਆਖੇ ਕੌਣ ॥
09/08/2014

ਗ਼ਜ਼ਲ
ਸ: ਸੁਰਿੰਦਰ

ਮੇਰੇ ਵਿਹੜੇ ਆਈਆਂ ਰੁੱਤਾਂ ਸੋਗ ਦੀਆਂ ।
ਪੋਣਾਂ ਨੇ ਗਰਮਾਈਆਂ ਰੁੱਤਾਂ ਸੋਗ ਦੀਆਂ ॥

ਯਾਦਾਂ ਦਾ ਸਮੁੰਦਰ ਸ਼ੋਰ ਮਚਾਉਂਦਾ ਹੈ ।
ਛੱਲਾਂ ਨੇ ਤ੍ਰਿਹਾਈਆਂ ਰੁੱਤਾਂ ਸੋਗ ਦੀਆਂ ॥

ਫੁੱਲ,ਕਲੀਆਂ ਤੋਂ ਅੱਕ ਧਤੂਰਾ ਪੀ ਬੈਠਾ ।
ਪੱਲੇ ਨੇ ਰੁਸਬਾਈਆਂ ਰੁੱਤਾਂ ਸੋਗ ਦੀਆਂ ॥

ਯਾਦ ਤੇਰੀ ਦਾ ਸੱਲ ਕਲਾਵੇ ਭਰਦਾ ਹੈ ।
ਕਿਥੋਂ ਯਾਰੋ ਆਈਆਂ ਰੁੱਤਾਂ ਸੋਗ ਦੀਆਂ ॥

ਜਿੰਦੜੀ ਝੱਲੀ ਹੋਈ ਸੱਧਰਾਂ ਵੈਣ ਕਰਨ ।
ਮੌਤੋ ਵੱਧ ਜੁਦਾਈਆਂ ਰੁੱਤਾਂ ਸੋਗ ਦੀਆਂ ॥

ਪੈੜ ਤੇਰੀ ਨੂੰ ਲੱਭਦੇ,ਅਸੀਂ ਗੁਆਚੇ ਹਾਂ ।
ਲੋਕੋ ਜੱਗ ਹਸਾਈਆਂ ਰੁੱਤਾਂ ਸੋਗ ਦੀਆਂ ॥

ਦੇਖ,ਸੁਰਿੰਦਰ ਸੁੱਖਾਂ ਨੇ ਮੁੱਖ ਮੋੜ ਲਿਆ ।
ਸੱਜਣੋ,ਬੇਪਰਵਾਹੀਆਂ ਰੁੱਤਾਂ ਸੋਗ ਦੀਆਂ ॥
09/08/2014

 

ਗ਼ਜ਼ਲ
ਸ: ਸੁਰਿੰਦਰ

ਅਮਨ ਨੂੰ ਪੱਛੀ ਲਾਓ ਨਾ ।
ਆਤਿਸ਼ ਨੂੰ ਭੜਕਾਓ ਨਾ ॥

ਐਟਮਾਂ ਵਾਲਿਓ ਹੋਸ਼ ਕਰੋ ।
ਮੌਤ ਦੇ ਸੋਹਿਲੇ ਗਾਓ ਨਾ ॥

ਜੀਉ ਸਭ ਨੂੰ ਜੀਣ ਦਿਉ ।
ਅਗਨੀ ਬੋਲ ਸੁਣਾਓ ਨਾ ॥

ਨਫ਼ਰਤ ਦੇ ਨਾ ਬੀਜ ਬੀਜੋ ।
ਦੁਨੀਆ ਨਰਕ ਬਣਾਓ ਨਾ ॥

ਫੁੱਲਾਂ ਵਰਗੀ ਜ਼ਿੰਦਗੀ ਨੂੰ ।
ਨਸਿ਼ਆਂ ਵਿੱਚ ਮੁਕਾਓ ਨਾ॥

ਮਾਨਵਤਾਂ ਦੇ ਬਾਗ ਅੰਦਰ ।
ਸਾੜੇ ਦਾ ਦੀਪ ਜਗਾਓ ਨਾ ॥

ਲੋਕੋ, ਆਪਣੇ ਗੁਲਸ਼ਨ ਨੂੰ ।
ਹਿਰਸ ਨਾਲ ਸਜਾਓ ਨਾ ॥

ਆਉਣ ਵਾਲੀ ਪੀੜੀ ਲਈ ।
ਜ਼ਹਿਰ ਬੀਜ ਕੇ ਜਾਓ ਨਾ ॥

ਪੀੜ ਅਵੱਲੀ ਲਿਖਦਾ ਹਾਂ ।
ਕਾਨੀ ਨੂੰ ਚੁੱਪ ਕਰਾਓ ਨਾ ॥
03/08/2014

 

ਗ਼ਜ਼ਲ
ਸ: ਸੁਰਿੰਦਰ

ਸ਼ਮਾ ਦਿਲ ਵਿੱਚ ਜਗਾਉਂਦਾ ਹਾਂ ।
ਬੂਟਾ ਮੁਹੱਬਤਾਂ ਦਾ ਲਾਉਂਦਾ ਹਾਂ ॥

ਤਨ ਤੰਦੂਰ ਦਿਲ ਸਾਗਰ ਯਾਰੋ ,
ਰੋਗ ਹਿਰਸ ਦਾ ਮਿਟਾਉਂਦਾ ਹਾਂ ॥

ਸੁੱਖ ਤਾਂ ਚਾਰ ਦਿਨ ਪ੍ਰਾਉਣਾ ਹੈ ,
ਸਾਥ ਦੁੱਖਾਂ ਦਾ ਨਿਭਾਉਂਦਾ ਹਾਂ ॥

ਸੋਚਾਂ ਵਿੱਚ ਸੁਰਖ਼ ਰੰਗ ਭਰੀਏ ,
ਸ਼ਬਦਾਂ ਦਾ ਪੁੱਲ ਬਣਾਉਂਦਾ ਹਾਂ ॥

ਜੰਗ ਨਾ ਹੋਵੇ ਏਸ ਧਰਤ ਉੱਤੇ ,
ਅਮਨ ਦਾ ਨਗ਼ਮਾ ਗਾਉਂਦਾ ਹਾਂ ॥

ਨਫ਼ਰਤਾਂ ਛੱਡੋ ਬਗ਼ਲਗੀਰ ਹੋਵੋ ,
ਲੋਕਾਂ ਨੂੰ ਜੀਣਾ ਸਿਖਾਉਂਦਾ ਹਾਂ ॥

ਰੰਗ ਦੇਵੀਂ ਥੋੜਾ ਕੁ ਸ਼ਬਦਾਂ ਨੂੰ ,
ਨਾਨਕ ਦੇ ਵਾਸਤੇ ਪਾਉਂਦਾ ਹਾਂ ॥

ਮੇਰੇ ਮੌਲਾ ਮੇਰੇ ਗੁਨਾਹ ਬਖਸ਼ੀ ,
ਦਿਲ ਦੀ ਮਰਜ਼ ਸੁਣਾਉਂਦਾ ਹਾਂ ॥
28/07/2014

 

ਮਾਹੀਆ (ਹਿੰਦ-ਪਾਕਿ)
ਸ: ਸੁਰਿੰਦਰ

ਪਾਣੀ ਪੰਜ ਦਰਿਆਵਾਂ ਦੇ ।
ਵਾਘੇ ਦੀ ਲਕੀਰ ਮਿਟ ਜਾਏ , ਮੇਲ ਹੋਣ ਭਰਾਵਾਂ ਦੇ ।

ਸੁਣ ਅਰਜ਼ ਨਿਮਾਣੇ ਦੀ ।
ਆਸ ਮੇਰੀ ਪੂਰੀ ਕਰ ਦੇ , ਮਿੱਟੀ ਚੁੰਮਾ ਨਨਕਾਣੇ ਦੀ ।

ਪਿਆਰ ਜ਼ਿੰਦਗੀ ਦਾ ਗਹਿਣਾ ਏ ।
ਜੱਗ ਸਾਨੂੰ ਲੱਖ ਰੋਕੇ , ਅਸੀਂ ਮਿਲ ਕੇ ਰਹਿਣਾ ਏ ।

ਖੰਭ ਟੁੱਟ ਗਏ ਕਾਂਵਾਂ ਦੇ ।
ਗੋਰਿਆਂ ਦਾ ਕੀ ਜਾਣਾ , ਪੁੱਤ ਮਰਨੇ ਮਾਂਵਾਂ ਦੇ ।

ਸੁੱਚੇ ਬੋਲ ਫਕੀਰਾਂ ਦੇ ।
ਹਿੰਦ-ਪਾਕਿ ਗਾਈਏ ਮਿਲਕੇ , ਬੋਲ ਰਾਂਝੇ ਹੀਰਾਂ ਦੇ ।

ਰਾਝਾਂ ਤਖ਼ਤ ਹਜ਼ਾਰੇ ਦਾ ।
ਪਿਆਰ ਵਾਲਾ ਰੰਗ ਗੂੜ੍ਹਾ , ਹੋਕਾ ਸੁਣ ਵਣਜਾਰੇ ਦਾ ।

ਪੰਜਾਬੀ ਅੱਖਾਂ ਵਰੀਆਂ ਨੇ ।
ਬਿੱਲਿਆਂ ਨੇ ਖੇਡੇ ਕੰਗਣੇ , ਅਸੀਂ ਨ੍ਹੇਰੀਆਂ ਜਰੀਆਂ ਨੇ ।

ਮੇਰਾ ਮਾਹੀਆ ਗਾਉਂਦਾ ਏ ।
ਰੱਬਾ ਸਾਨੂੰ ਜੋੜ ਮੁੜਕੇ , ਦਿਲ ਤਰਲੇ ਪਾਉਂਦਾ ਏ ।
28/07/2014

 

ਗ਼ਜ਼ਲ
ਸ: ਸੁਰਿੰਦਰ

ਸੱਚ ਦੁਰਕਾਰਿਆ ਜਾਂਦਾ ਹੈ ।
ਝੂਠ ਪਰਚਾਰਿਆ ਜਾਂਦਾ ਹੈ ॥
ਮੇਰੇ ਦੇਸ਼ ਦੀ ਪਾਣੀ ਵਿੱਚ ,
ਵਿਸ਼ ਉਤਾਰਿਆ ਜਾਂਦਾ ਹੈ ॥
ਦਿਲਾਂ ਚ' ਗਲਬਾ ਨ੍ਹੇਰੇ ਦਾ ,
ਪਿਆਰ ਹਾਰਿਆ ਜਾਂਦਾ ਹੈ ॥
ਮਾਂ-ਪਿਉ ਅੱਜ ਕਸਾਈ ਨੇ ,
ਬੋਟ ਨੂੰ ਮਾਰਿਆ ਜਾਂਦਾ ਹੈ ॥
ਸਾਰਾ ਜੱਗ ਹੈ ਮਤਲਬ ਦਾ ,
ਅਸੂਲ ਵਾਰਿਆ ਜਾਂਦਾ ਹੈ ॥
ਅੱਖ ਭਰੀ ਅੱਜ ਘੁੱਗੀ ਦੀ ,
ਦਾਮਨ ਸਾੜਿਆ ਜਾਂਦਾ ਹੈ ॥
ਅੰਨੀ ਬੌਲੀ ਨਗਰੀ ਅੰਦਰ ,
ਹੱਕ ਨੂੰ ਮਾਰਿਆ ਜਾਂਦਾ ਹੈ ॥
21/07/2014

 

ਪਰਦੇਸੀ ਮਾਹੀਆ
ਸ: ਸੁਰਿੰਦਰ

ਫੁੱਲਾਂ ਦਾ ਗਜਰਾ ਏ !
ਮਾਹੀ ਪਰਦੇਸ ਗਿਆ , ਮੇਰਾ ਪਿਆਰ ਹਾਲੇ ਸੱਜਰਾ ਏ !

ਹਾਸੇ ਹੰਝੂਆਂ ਨੇ ਖਾ ਲਏ ਨੇ !
ਘਰ ਆਜਾ ਪਰਦੇਸੀਆ , ਰੋਗ ਹਿਜ਼ਰਾਂ ਦੇ ਲਾ ਲਏ ਨੇ !

ਤੈਨੂੰ ਰੱਬ ਕੋਲੋ ਮੰਗਿਆ ਏ !
ਤੁਰ ਪਰਦੇਸ ਗਿਓ , ਪਰਾਂਦਾ ਕੀਲੀ ਉੱਤੇ ਟੰਗਿਆਂ ਏ !

ਚੰਨ ਤਾਰੇ ਗੁਆਹ ਸਾਡੇ !
ਛੇਤੀ ਘਰ ਆਜਾ ਹਾਣੀਆ , ਹੁਣ ਕੋਈ ਨਾ ਵਿਸਾਹ ਸਾਡੇ !

ਦੀਵਾ ਆਸ ਵਾਲਾ ਬੁੱਝ ਗਿਆ ਏ !
ਚੰਨ ਪਰਦੇਸੀ ਹੋ ਗਿਆ , ਮਾਣ ਮਿੱਟੀ ਵਿੱਚ ਰੁਲ ਗਿਆ ਏ !

ਛੱਲਾ ਚੀਚੀ ਵਿੱਚ ਪਾਇਆ ਏ !
ਇੱਕ ਚੰਨਾਂ ਤੂੰ ਆਪਣਾ , ਜੱਗ ਸਾਰਾ ਪਰਾਇਆ ਏ !

ਉੱਡ ਕਾਲਿਆਂ ਕਾਵਾਂ ਵੇ !
ਆਖੀਂ ਪਰਦੇਸੀ ਨੂੰ , ਨਿੱਤ ਔਂਸੀਆਂ ਪਾਵਾਂ ਵੇ !

ਰੌਂਦੇ ਘੁੱਗੂ ਘੌੜੇ ਨੇ !
ਸ਼ੀਸ਼ੇ ਵਾਂਗੂੰ ਦਿਲ ਟੁੱਟਿਆ , ਲੇਖ ਹੰਝੂਆਂ ਨਾ ਜੋੜੇ ਨੇ !

ਰੰਗ ਭੂਰਾ ਖੇਸੀ ਦਾ !
ਉਡੀਕਾਂ ਵਿੱਚ ਰਾਤ ਲੰਘਦੀ , ਰਾਹ ਤੱਕਾਂ ਪਰਦੇਸੀ ਦਾ !

ਦਿਲ ਪਿਆਰ ਵਿੱਚ ਰੰਗਿਆ ਏ !
ਲੋਕਾਂ ਭਾਣੇ ਮਾਹੀਆ ਲਿਖਿਆ , ਸਾਨੂੰ ਇਸ਼ਕ ਨੇ ਡੰਗਿਆ ਏ !
13/07/2014
 

ਗ਼ਜ਼ਲ
ਸ: ਸੁਰਿੰਦਰ

ਰੁੱਲਦਾ ਦੀਨ ਇਮਾਨ ਏਥੇ ।
ਕੁਰਸੀ ਬੈਠਾ ਸ਼ੈਤਾਨ ਏਥੇ ॥

ਦੁਨੀਆ ਵੇਖੀਂ ਮਤਲਬ ਦੀ ,
ਵਿੱਕਦਾ ਹੈ ਇਨਸਾਨ ਏਥੇ ॥

ਝੋਲੀ-ਚੁੱਕ ਨੂੰ ਅਹੁੱਦੇ ਹਨ ,
ਹਨ੍ਹੇਰੇ ਵਿੱਚ ਗਿਆਨ ਏਥੇ ॥

ਲੱਚਰਤਾਂ ਤੇ ਸ਼ੁਹਰਤ ਵਿੱਚ ,
ਸੜਦਾ ਅੱਜ ਦੀਵਾਨ ਏਥੇ॥

ਲੌੜਾਂ ਅੰਦਰ ਉਲਝ ਗਿਆ ,
ਬੱਚਾ, ਬੁੱਢਾ, ਜਵਾਨ ਏਥੇ ॥

ਗੀਤ ਨਿਰਾਸ਼ੇ ਬੁਲਬੁੱਲ ਦੇ ,
ਕਾਵਾਂ ਲਈ ਸਨਮਾਨ ਏਥੇ ॥

ਮੈਂ ਦੁੱਧ ਪਿਲਾਵਾਂ ਪੱਥਰ ਨੂੰ ,
ਕੁਦਰਤ ਕਹਿਰਵਾਨ ਏਥੇ ॥
09/07/2014

 

ਤੂੰ ਮੇਰੀ ਜ਼ਿੰਦਗੀ
ਸ: ਸੁਰਿੰਦਰ

ਤੂੰ ਮੇਰੀ ਜ਼ਿੰਦਗੀ ਚ' ਆਇਆ ਨਾ ਹੁੰਦਾ ।
ਤਾਂ ਮੈਂ ਦਰਦ ਐਨਾ ਕਮਾਇਆ ਨਾ ਹੁੰਦਾ ॥

ਮੈਂ ਨਾ ਗੀਤ ਬਣਦਾ ਕਿਸੇ ਮਹਿਫ਼ਲ ਦਾ ।
ਅਗਰ ਨੈਣੀਂ ਅੱਥਰੂ ਪਾਇਆ ਨਾ ਹੁੰਦਾ ॥

ਹੁੰਦਾ ਨਾ ਮੈਂ ਦਰ ਬਦਰ ਆਪਣੇ ਵਤਨੋਂ ,
ਜੇ ਤੇਰੀ ਗਲੀ ਪੈਰ ਪਾਇਆ ਨਾ ਹੁੰਦਾ ॥

ਕਦੇ ਨਹੀ ਸੀ ਹੋਣਾ ਜ਼ਮਾਨੇ ਚ' ਰੁਸਬਾ ,
ਨੈਣਾਂ ਨੇ ਤੀਰ ਜੇ ਚਲਾਇਆ ਨਾ ਹੁੰਦਾ ॥

ਪਲ-ਪਲ ਮੌਤ ਕਦੀ ਨਹੀ ਸੀ ਮਰਨਾ ,
ਜੇ ਤੂੰ ਸੁਰਿੰਦਰ ਪਰਾਇਆ ਨਾ ਹੁੰਦਾ ॥
05/07/2014

 

ਬੇਦਰਦੇ ਸ਼ਹਿਰ ਦੇ ਅੰਦਰ
ਸ: ਸੁਰਿੰਦਰ

ਬੇਦਰਦੇ ਸ਼ਹਿਰ ਦੇ ਅੰਦਰ ਰਹਿੰਦਾ ਹਾਂ ।
ਐਸੇ ਲਈ ਮਾਰ ਫੁੱਲਾਂ ਦੀ ਸਹਿੰਦਾ ਹਾਂ ॥

ਸ਼ਇਦ ਮੈਨੂੰ ਮਿਲ ਜਾਵੇ ਅਪਣੱਤ ਕਦੀ ,
ਮੈਂ ਦੁਨੀਆ ਦੇ ਨੇੜੇ ਹੋ-ਹੋ ਬਹਿੰਦਾ ਹਾਂ ॥

ਮੈਨੂੰ ਪੱਥਰ ਇੱਸ ਕਰਕੇ ਹੀ ਵੱਜਦੇ ਨੇ ,
ਸੋਲਾ ਆਨੇ ਮੂੰਹ ਦੇ ਉੱਤੇ ਕਹਿੰਦਾ ਹਾਂ ॥

ਸਾਰੀ ਉਮਰ ਮੈਂ ਤਪਾਇਆ ਜਿੰ਼ਦਗੀ ਨੂੰ ,
ਜੌਬਨ ਸਾਂ ਮੈਂ,ਪੱਕੀ ਉਮਰੇ ਲਹਿੰਦਾ ਹਾਂ ॥

ਮੁੱਕ ਚੱਲੀ ਹੈ ਜਿੰਦ ਮੌਤ ਸਮੁੰਦਰ ਵਿੱਚ ,
ਅੱਖਾਂ ਵਿੱਚੋਂ ਨੀਰ ਗਮਾਂ ਦਾ ਵਹਿੰਦਾ ਹਾਂ ॥

ਸ਼ੇਅਰ ਮੇਰੇ ਲੜਦੇ, ਸ਼ਾਹ ਤੈਮੂਰ ਨਾਲ ,
ਮੈਂ ਬੋਟ ਹਾਂ,ਬਾਜਾਂ ਦੇ ਨਾਲ ਖਹਿੰਦਾ ਹਾਂ ॥
05/07/2014

 

ਯਾਦ ਤੇਰੀ ਦਾ ਅਸ਼ਕ
ਸ: ਸੁਰਿੰਦਰ

ਯਾਦ ਤੇਰੀ ਦਾ ਅਸ਼ਕ ਸਮੁੰਦਰ ਤਰਦਾ ਹਾਂ ।
ਨਾ ਜਿਓਦਾ ਹਾਂ, ਨਾ ਮੈਂ ਸੱਜਣਾ ਮਰਦਾ ਹਾਂ ।

ਸ਼ਰਬਤ ਹੱਥੋਂ ਜ਼ਹਿਰ ਪਿਆਲੇ ਪੀਤੇ ਹਨ ,
ਹਰ ਵਾਰੀ ਮੈਂ ਦਿਲਬਰ ਹੱਥੋਂ ਹਰਦਾ ਹਾਂ ।

ਅਜ਼ਮਾਇਆਂ ਨੂੰ ਮੁੜ ਅਜ਼ਮਾਂ ਕੇ ਕੀ ਲੈਣਾ ?
ਬੇਦਿਲ ਕਦਮੀਂ ਟੁੱਕੜੇ ਦਿਲ ਦੇ ਧਰਦਾ ਹਾਂ ।

ਨੈਂਣ ਵਿਗੋਚੇ ਵਿਲਕਣ , ਰਾਤੀਂ ਸੌਂਦੇ ਨਾ ,
ਰਾਤਾਂ ਨਾਲ ਮੈਂ ਤੇਰੀਆਂ ਗੱਲਾਂ ਕਰਦਾ ਹਾਂ ।

ਪੀੜ ਪੁਰਾਣੀ ਰੜਕੇ ਜਦ ਵੀ ਗੀਤ ਲਿਖਾਂ ,
ਹਿਰਸ ਉਲਾਮੇਂ ਰੋਜ਼ ਯਾਰ ਦੇ ਜਰਦਾ ਹਾਂ ।
26/06/2014

 

ਮੇਰੇ ਬੋਲ
ਸ: ਸੁਰਿੰਦਰ

ਵਰਕੀਂ ਰੁਲ ਜਾਣ ਨਾ ਮੇਰੇ ਬੋਲ ।
ਰਾਹਵੀਂ ਰੁਲ ਜਾਣ ਨਾ ਮੇਰੇ ਬੋਲ ।

ਲਿਖਦਾ ਹਾਂ ਖਸ਼ਬੋ ਚਾਨਣ ਸਵੇਰਾ ,
ਮੰਜਿ਼ਲ ਭੁਲ ਜਾਣ ਨਾ ਮੇਰੇ ਬੋਲ ।

ਇਨ੍ਹਾਂ ਵਿੱਚ ਹੈ ਅਰਮਾਨ ਤੜਪਦਾ ,
ਜ਼ਹਿਰੀ ਘੁਲ ਜਾਣ ਨਾ ਮੇਰੇ ਬੋਲ ।

ਮਸੀਹਾ ਬਣਕੇ ਸਲੀਬ ਲਟਕਣ ,
ਤੱਕੜੀ ਤੁੱਲ ਜਾਣ ਨਾ ਮੇਰੇ ਬੋਲ ।

ਕਿਤੇ ਝੁੱਕ ਜਾਣ ਨਾ ਹਾਕਮ ਅੱਗੇ ,
ਮਰਨਾ ਭੁਲ ਜਾਣ ਨਾ ਮੇਰੇ ਬੋਲ ।

ਖਾਲੀ ਝੋਲੀ ਵਿੱਚ ਖ਼ੁੱਦਾ ਪਾਏ ਨੇ ,
ਕਦਮੀਂ ਰੁਲ ਜਾਣ ਨਾ ਮੇਰੇ ਬੋਲ ।
22/06/2014

 

ਗ਼ਜ਼ਲ
ਸ: ਸੁਰਿੰਦਰ

ਸ਼ਮਾ ਨੂੰ ਬਾਲ ਕੇ ਗ਼ਜ਼ਲ ਲਿਖਾਂ ,
ਜ਼ਿੰਦਗੀ ਗਾਲ ਕੇ ਗ਼ਜ਼ਲ ਲਿਖਾਂ ।

ਲੈਨਾਂ ਵਾਂ ਯਾਰ ਤੋਂ ਪੀੜ ਅਵੱਲੀ ,
ਸਾਗਰ ਉਛਾਲ ਕੇ ਗ਼ਜ਼ਲ ਲਿਖਾਂ ।

ਰੋਜ਼ ਹੀ ਡੰਗਦੀ ਹੈ ਯਾਦ ਤੇਰੀ ,
ਦਿਲ ਦੇ ਹਾਲ ਤੇ ਗ਼ਜ਼ਲ ਲਿਖਾਂ ।

ਆਪਣਿਆਂ ਕਰ ਲਿਆ ਕਿਨਾਰਾ ,
ਸੁੱਖਾਂ ਨੂੰ ਜਾਲ ਕੇ ਗ਼ਜ਼ਲ ਲਿਖਾਂ ।

ਟੁੱਟੇ ਸੁਪਨੇ ਦਾ ਮੈਂ ਸੋਗ ਮਨਾਵਾਂ ,
ਜਖ਼ਮ ਨੂੰ ਢਾਲ ਕੇ ਗ਼ਜ਼ਲ ਲਿਖਾਂ ।

ਕਿਵੇ ਮੈਂ ਗੁੰਦਾ ਸਿਰ ਗ਼ਜ਼ਲ ਦਾ ,
ਦਰਦ ਹੰਘਾਲ ਕੇ ਗ਼ਜ਼ਲ ਲਿਖਾਂ ।

ਯਾਦ ਅੱਗੇ ਮੇਰੀ ਪੇਸ਼ ਨਾ ਜਾਵੇ ,
ਦਿਲ ਸੰਭਾਲ ਕੇ ਗ਼ਜ਼ਲ ਲਿਖਾ ।
22/06/2014

 

ਐਸ ਸੁਰਿੰਦਰ ਇਟਲੀ
surindergazal@gmail.com

ਸੰਪਰਕ 00393491472590
00447417344953

 


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com