ਅੰਬਰਾਂ ਦੇ
ਬਾਦਸ਼ਾਹ ਸੁਖਵਿੰਦਰ ਕੌਰ 'ਹਰਿਆਓ'
ਦੇਖ ਕੇ ਸੱਤਾ ਦੀ
ਚਕਾ ਚੌਂਦ ਕੋਈ ਚਿੱਟ ਕੱਪੜਿਆਂ ਸ਼ਿੰਗਾਰਦਾ ਉੱਜਲੇ ਭਵਿੱਖ ਵੱਲ
ਤੁਰਦੇ ਕਦਮਾਂ ਨੂੰ ਚਲੋ ਲੱਭੀਏ ਰੌਸ਼ਨੀ ਦਾ ਸਿਰਨਾਵਾਂ ਕਿਸੇ
ਮਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਬਲਦੇ ਅੰਗਿਆਰਾਂ ਵਰਗੇ
ਹਥਿਆਰਾਂ ਦੇ ਸ਼ੌਰ ਵਿੱਚ ਗੁੰਮ ਜਾਂਦੇ ਨੇ ਸ਼ੰਗਨਾਂ ਦੇ ਗੀਤ ਮਾਂ
ਦੇ ਲਾਡਲੇ 'ਹਰਜਿੰਦਰ' ਬਣ ਜਾਂਦੇ 'ਵਿੱਕੀ ਗੌਂਡਰ' ਬੈਠ ਸੁਨਹਿਰੀ
ਕੁਰਸੀ ਚਿੱਟ ਕੱਪੜਿਆਂ ਸੋਚਦਾ ਰਾਹ ਜਾਣ ਗਏ ਨੇ ਚਾਨਣ ਦਾ
ਇਸ ਤੋਂ ਪਹਿਲਾਂ ਸੂਰਜ ਬਣ ਚਮਕਣ ਇਹਨਾਂ ਦਾ ਛਿੱਪਣਾ ਜਰੂਰੀ ਹੈ
ਗ੍ਰਹਿਣ ਲਾਉਂਦਾ ਇਲਜ਼ਾਮਾਂ ਦਾ ਲਾ ਕੇ ਜਾਲ ਸਾਜਿਸ਼ਾਂ ਦਾ ਫਸਾ
ਲੈਂਦਾ ਚੀਨੇ ਕਬੂਤਰਾਂ ਵਰਗੇ ਅੰਬਰਾਂ ਦੇ ਬਾਦਸ਼ਾਹਾਂ ਨੂੰ ਤੇ
ਹਜ਼ਾਰਾਂ ਸੁਪਨਿਆਂ ਭਰੀ ਛਾਤੀ ਛੱਲਣੀ ਹੁੰਦੀ ਗੋਲੀਆਂ ਨਾਲ
ਸਿਹਰਿਆਂ ਨਾਲ ਵੈਣ ਗੂੰਜਦੇ ਨਿਮਾਣੇ ਅੰਮੜੀ ਦੇ ਵਿਹੜੇ ਮਾਵਾਂ ਦੇ
ਜਾਇਓ ਪਹਿਚਾਣ ਲਵੋ ਆਪਣੇ ਸਿਰ 'ਤੇ ਧਰੇ ਮੌਤ ਦੇ ਸਾਏ ਵਰਗੇ
ਹੱਥਾਂ ਨੂੰ ਗਾਨੇ ਸਜਾਉਣ ਵਾਲੇ ਹੱਥਾਂ ਵਿਚੋਂ ਸੁੱਟ ਕੇ
ਹਥਿਆਰਾਂ ਨੂੰ ਪੂੰਝੋ ਮਾਂ ਦੀਆਂ ਰਾਹ ਤੱਕਦੀ ਦੀਆਂ ਅੰਨੀਆਂ
ਅੱਖਾਂ ਵਿੱਚੋਂ ਅੱਥਰੂ ਮੁੜ ਆਵੋ ਰੱਖੜੀ ਵਾਲੇ ਗੁੱਟੋ ਇੱਕ
ਵਿੱਕੀ ਗੌਂਡਰ ਨੂੰ ਮਾਰ ਕੇ ਪਤਾ ਨਹੀਂ ਕਿੰਨੇ ਹੀ ਗੌਂਡਰਾਂ
ਦੇ ਜਨਮ ਦਾਤੇ ਬਣ ਚੁੱਕੇ ਨੇ ਇਹ ਦਹਿਸ਼ਤਾਂ ਦੇ ਵਾਰਸ ਲਾਡਾਂ
ਚਾਵਾਂ ਨਾਲ ਪਾਲੇ ਓਹਦੇ ਸੂਰਜ ਵਰਗੇ ਹਾੜੇ ਨਾ ਬਣਿਓ ਕਿਸੇ
ਹੱਥਾਂ ਦੀ ਕੱਠਪੁੱਤਲੀ ਮਾਵਾਂ ਦੇ ਹੌਂਕੇ ਤੇ ਹੰਝੂ ਮੁੱਕ ਜਾਣੇ
ਪਰ ਸ਼ਿਕਾਰੀਆਂ ਦੇ ਨਿਸ਼ਾਨੇ ਤੇ ਗੋਲੀਆਂ ਨਹੀਂ ਮੁੱਕਣੇ ਮੁੜ ਆਵੋ
ਪਿੰਡ ਦੇ ਰਾਹ ਉਡੀਕਦੇ ਨੇ। 14/02/2018
ਸਾਵਣ
ਸੁੱਖਵਿੰਦਰ ਕੌਰ ‘ਹਰਿਆਓ’ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ।
ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ।
ਹਿਸਾਬ ਨਹੀਂ ਮੈਨੂੰ ਵਾਧੇ ਘਾਟਿਆਂ ਦਾ,
ਤੇਰੇ ਲਈ ਬਚਾਏ ਤੇਰੇ ਲਈ ਸਾਹ ਖ਼ਰਚੇ ਸਦੈ।
ਔੜਾਂ ਪਾਈਆਂ ਜ਼ਿੰਦਗੀ ਵਿੱਚ ਹਾਸਿਆਂ ਦੀਆਂ,
ਮੇਰੇ ਨੈਣਾਂ ਵਿੱਚ ਇਕ ਸਾਵਣ ਬਰਸੇ ਸਦੈ।
ਆ ਜਾਵੀਂ ਚਾਹੇ ਜ਼ਿੰਦਗੀ 'ਚ ਜਦੋਂ ਫੁਰਸਤ ਮਿਲੇ,
ਉਮਰ ਭਰੀ ਤੇਰੀ ਇਬਾਦਤ ਲਈ ਖਾਲੀ ਦਿਲ ਦੇ ਵਰਕੇ ਸਦੈ।
ਕੁੱਝ ਵਕਤ ਦੀ ਮੋਹਲਤ ਦੇਵੇਂ ਇੰਤਜ਼ਾਰ ਕਿਸੇ ਦਾ,
ਖੜ੍ਹੀ ਨਹੀਂ ਰਹਿਣੀ ਜ਼ਿੰਦਗੀ ਬਰ ਵਿਚ ਚੁਰਸਤੇ ਸਦੈ।
28/08/16
ਆਜ਼ਾਦ ਦੇਸ਼ ਦੇ ਕੈਦੀ
ਸੁੱਖਵਿੰਦਰ ਕੌਰ ‘ਹਰਿਆਓ’
ਸਾਰੇ ਕਹਿੰਦੇ ਸੁਣੇ ਨੇ
ਪੰਦਰ੍ਹਾਂ ਅਗਸਤ ਨੂੰ
ਆ ਰਹੀ ਹੈ ਆਜ਼ਾਦੀ।
ਅਸੀਂ ਹਾਂ ਕੈਦੀ
ਵੱਡੇ ਸੇਠ ਦੀ
ਫੈਕਟਰੀ ਦੇ
ਜਿੱਥੇ
ਦੋ ਵਕਤ ਦੀ ਰੋਟੀ ਬਦਲੇ
ਖਰੀਦੀ ਗਈ ਹੈ ਸਾਡੀ ਜ਼ਿੰਦਗੀ।
ਇਕ ਦਹਿਲੀਜ਼ ਘਰ ਦੀ
ਜਿਸ ਅੰਦਰ
ਕੈਦ ਹਾਂ
ਸਦੀਆਂ ਤੋਂ।
ਰੀਤਾਂ ਰਸਮਾਂ ਵਿੱਚੋਂ
ਜੇ ਪਰ ਫੜ-ਫੜਾਏ
ਤਾਂ
ਕੈਦ ਹੀ ਮਿਲੀ ਸਜਾ।
ਇਕ ਉੱਥੇ
ਜਿੱਥੇ ਪੈਸੇ ਵਾਲਾ
ਖਰੀਦ ਕੇ ਗਵਾਹ
ਦੇ ਗਿਆ ਨਿਰਦੋਸ਼ ਨੂੰ
ਉਮਰਾਂ ਦੀ ਕੈਦ।
ਮੈਂ ਇਮਾਨਦਾਰੀ
ਕੈਦ ਹਾਂ ਬੇਈਮਾਨੀ ਦੇ ਅੰਦਰ
ਜਿੱਥੇ ਸਿਰ ਝੁੱਕਦੀ
ਦੇ ਦਿੰਦੇ ਨੇ
ਸਵਾਰਥੀ ਲੋਕ
ਧੱਕਾ ਮੈਨੂੰ
ਇਹ ਸਾਡੀਆਂ ਜੇਲ੍ਹਾਂ ਦੇ
ਸਿਰਨਾਵੇ ਨੇ।
ਜੇ ਆਈ ਤੂੰ ਆਜ਼ਾਦੀ ਏ
ਸਾਨੂੰ ਮਿਲ ਕੇ ਜਰੂਰ ਜਾਵੀਂ
ਅਸੀਂ ਹਾਂ
ਆਜ਼ਾਦ ਦੇਸ਼ ਦੇ ਕੈਦੀ।
ਜਿਉਂਦੇ ਹਾਂ
ਤੈਨੂੰ ਇਕ ਵਾਰ ਵੇਖਣ ਦੀ
ਆਸ 'ਤੇ
ਦੇਖਣਾ ਹੈ ਤੈਨੂੰ
ਮਰਨ ਤੋਨ ਪਹਿਲਾਂ
ਇਕ ਵਾਰ
ਸਿਰਫ਼………ਇਕ ਵਾਰ।
11/08/16
.....ਹਨੇਰੇ ਦੇ ਵਾਰਸਾਂ ਦੇ ਬੋਲ.....
ਸੁੱਖਵਿੰਦਰ ਕੌਰ ‘ਹਰਿਆਓ’
ਆਜੋ ਰਲ ਕੇ
ਪਿੰਜਰੇ ਪਾਈਏ
ਇਮਾਨਦਾਰੀ ਤੇ ਸੱਚਾਈ
ਕੈਦ ਕਰੋ
ਇਨਕਲਾਬੀ 'ਤੇ ਬਗਾਵਤੀ ਸੋਚ ਨੂੰ
ਨਜ਼ਰ ਬੰਦ ਕਰੀਏ
ਉੱਗਦੇ ਪਰਾਂ ਨੂੰ
ਮਕਾਨ ਬਣਾਈਏ
ਢਾਹ ਕੇ ਘਰਾਂ ਨੂੰ
ਕਿਉਂਕਿ
ਚਿੱਟੇ ਦਿਨ
ਲੱਭਣ ਵਾਲਿਆਂ ਨੂੰ
ਤੈਲਾਸ਼ ਹੈ
ਸਾਡੇ ਕਾਲੇ ਸਿਰਨਾਵਿਆਂ ਦੀ
ਇਨ੍ਹਾਂ ਦੀ ਕੈਦ ਜਰੂਰੀ ਹੈ
ਆਪਣੀ ਆਜ਼ਾਦੀ ਨੂੰ
ਖ਼ਤਰਾ ਹੈ ਇਨ੍ਹਾਂ ਤੋਂ……।
11/08/16
ਧਰਤ ਪੰਜਾਬ ਦੀ
ਸੁੱਖਵਿੰਦਰ ਕੌਰ ‘ਹਰਿਆਓ’
ਪਰਦੇਸੀ ਮਹਿਬੂਬ ਨੂੰ
ਖਤ ਲਿਖਦਿਆਂ
ਹੁਣ ਨਹੀਂ ਲਿਖਦੀ ਮੈਂ
ਵੰਗਾਂ ਦੀ ਛਣਕਾਰ
ਬਾਰੂਦਾਂ ਦੇ ਸ਼ੌਰ ਵਿੱਚ
ਰੁਲਦੀਆਂ ਨੇ ਚੂੜੀਆਂ
ਕੁੜੀਆਂ ਨਾਲੋਂ ਤਾਂ
ਚਿੜੀਆਂ ਹੀ ਚੰਗੀਆਂ ਨੇ
ਜੋ ਇਕ ਵਾਰ
ਹੋ ਗਈਆਂ ਅਲੋਪ
ਨਹੀਂ ਹੁੰਦੇ
ਪਲ-ਪਲ ਬਲਾਤਕਾਰ
ਹੁਣ ਨਹੀਂ
ਕੁੱਖਾਂ ਵਿੱਚ
ਮੋਈਆਂ ਸੱਖੀਆਂ
ਤੇਰਾ ਨਾਮ
ਨਹੀਂ ਯਾਦ ਕਰਾਉਂਦੀਆਂ
ਹੁਣ ਚਾਚੇ-ਤਾਏ
ਤੇ ਸ਼ਰੀਕਾ ਭਾਈਚਾਰਾ
ਸਭ ਨੂੰ ਖਾ ਗਈ
ਰਾਜਨੀਤੀ
ਹੁਣ ਤਾਂ
ਪਾਰਟੀਬਾਜਾਂ ਨਾਲ ਹੀ ਨੇ
ਰਿਸ਼ਤੇਦਾਰੀਆਂ
ਤੇ ਭਾਈਚਾਰਾ
ਹੁਣ ਨਹੀਂ
ਉਡਾਉਂਦੀ ਮੈਂ
ਬਨੇਰੇ ਤੋਂ ਕਾਂਗ
ਨਹੀਂ ਬਲਾਉਣਾ
ਮੈਂ ਮਾਹੀ
ਆਪਣੇ ਦੇਸ਼
ਕਿਉਂਕਿ
ਹੁਣ ਏ ਦੇਸ਼
ਦੇਸ਼ ਨਹੀਂ ਰਿਹਾ
ਬਣ ਗਿਆ
ਜੇਲਖਾਨਾ
ਤੇ ਬੇਗਾਨੀ ਹੋ ਗਈ
ਧਰਤ ਪੰਜਾਬ ਦੀ
ਮੈਨੂੰ ਚਾਹੀਦੀ ਏ
ਤੇਰੀ ਖੈਰ
ਨਾ ਆਵੀਂ
ਆਪਣੇ ਦੇਸ਼
ਮੇਰੇ ਮਹਿਬੂਬ।
20/12/15
ਪਿਆਰ ਦਾ ਸਫ਼ਰ
ਸੁੱਖਵਿੰਦਰ ਕੌਰ ‘ਹਰਿਆਓ’
ਫੁੱਲਾਂ
ਤੋਂ ਕਈ ਵਾਰ ਅਕਸਰ ਸੱਜਣ ਖਾਰ ਮਿਲੇ,
ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ।
ਝੂਠ ਹੀ ਏ ‘ਜੈਸੇ ਕੋ ਤੈਸਾ’,
ਯਕੀਨ ਬਦਲੇ ਧੋਖੇ ਹਰ ਵਾਰ ਮਿਲੇ।
ਅਸੀਂ ਕਰਦੇ ਰਹੇ ਸਲਾਹਾਂ ਬਹੁਤ,
ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ।
ਉਹ ਹੀ ਕਰਦੇ ਅਕਸਰ ਵਾਰ ਪਿੱਠ ‘ਤੇ,
ਜੋ ਜ਼ਿਆਦਾ ਹੀ ਬਾਹਾਂ ਖਿਲਾਰ ਮਿਲੇ।
ਵਿੱਚ ਮੁਸੀਬਤ ਸਭ ਪਾਸਾ ਵੱਟਦੇ,
ਚਲਦੀ ਗੱਡੀ ਦਾ ਹਰ ਸਵਾਰ ਮਿਲੇ।
ਨਫ਼ਰਤ ਨਾਲ ਜ਼ਹਿਰ ਦਾ ਸੈਲਾਬ ਆਵੇ,
ਅੰਮ੍ਰਿਤ ਜਿਹੀ ਸੌਗ਼ਾਤ ਨਾਲ ਪਿਆਰ ਮਿਲੇ।
ਫਿਰ ਕਿਵੇਂ ਗ਼ਮ ਆਵੇ ‘ਹਰਿਆਓ’ ਦੇ ਨੇੜੇ,
‘ਪਾਲੀ’ ਜਿਹਾ ਜਦ ਕੋਈ ਗ਼ਮਖਾਰ ਮਿਲੇ।
01/07/15
ਜੁਦਾਈ...
ਸੁੱਖਵਿੰਦਰ ਕੌਰ ‘ਹਰਿਆਓ’
ਜਦ ਉਸਨੇ ਕਿਹਾ
ਕਿਵੇਂ ਜੀਵੇਂਗੀ?
ਮੈਥੋਂ ਜੁਦਾ ਹੋ ਕੇ।
ਤਾਂ ਜਵਾਬ ਮਿਲਿਆ
ਜੁਦਾ ਤੂੰ ਮੈਥੋਂ…
ਕਦੇ ਹੋ ਹੀ ਨਹੀਂ ਸਕਦਾ।
ਹਾਂ ਕੰਨਾਂ ਨੂੰ
ਤੇਰੀ ਆਵਾਜ਼ ਨਹੀਂ ਸੁਣੇਗੀ।
ਅੱਖਾਂ ਨੂੰ
ਨਜ਼ਰ ਨਹੀਂ ਆਵੇਂਗਾ ਕਿਤੇ।
ਮੇਰੇ ਘਰਦੀ
ਦਹਲੀਜ਼ ਤਰਸੇਗੀ
ਤੇਰੇ ਕਦਮਾਂ ਦੀ
ਛੋਹ ਨੂੰ।
ਪਰ ਯਾਰਾ
ਇਹ ਦੂਰੀਆਂ ਨੇ
ਜੁਦਾਈ ਨਹੀਂ।
ਰੂਹ ਤੋਂ ਰੂਹ ਵੀ
ਕਦੇ ਜੁਦਾ ਹੋਈ।
ਮੇਰੇ ਦਿਲ ਧੜਕਨ
ਵਿਚ ਗੂੰਜੇਗਾ ਤੇਰਾ ਨਾਮ।
ਅੱਖਾਂ ਮੀਚ ਕੇ
ਕਰਾਂਗੀ ਤੇਰਾ ਦੀਦਾਰ
ਯਾਦਾਂ ਦੇ ਫਰੋਲ
ਮਹਿਸੂਸ ਕਰਾਂਗੀ ਤੇਰੀ ਆਹਟ।
ਜਦੋਂ ਆਪਾਂ
ਜੁਦਾ ਨਹੀਂ
ਜਨਮਾਂ-ਜਨਮਾਂ
ਲਈ ਇੱਕ ਹੋ ਜਾਣਾ ਏ।
ਝੱਲਿਆ… ਉਹ ਜੁਦਾ ਤਾਂ
ਜਿਸਮ ਹੁੰਦੇ ਨੇ
ਰੂਹਾ ਨਹੀਂ।
20/05/15
ਮੇਰਾ ਮਨ
ਸੁੱਖਵਿੰਦਰ ਕੌਰ ‘ਹਰਿਆਓ’
ਆਪਣੇ ਅੰਦਰ ਪ੍ਰਤੀਤ ਹੁੰਦੇ
ਸੁਕੇ ਟੁੱਕਰ ਲੰਘਦੇ
ਅਲਾਣੀ ਮੰਜੀ ਤੇ ਪਏ ਬਾਪੂ
ਜਹਾਲਤ ਦੀ ਖੰਘ-ਖੰਘਦੇ
ਮਹਿਸੂਸ ਕਰਦਾ ਦੇਖ ਗਰੀਬ ਨੂੰ ਮੇਰਾ ਮਨ।
ਜਦ ਵਿਸ਼ਵਾਸਘਾਤ ਦੀ ਦਾਤਰੀ ਫਿਰਦੀ ਏ
ਕਿਸੇ ਰਿਸ਼ਤੇ ਦੀਆਂ ਜੜ੍ਹਾਂ ਵਿੱਚ
ਤਾਂ ਆਪਣੇ ਅੰਦਰ
ਕਿਤੇ ਟੋਲਦਾ ਰਹਿੰਦਾ ਕਮੀਆਂ ਮੇਰਾ ਮਨ।
ਜਦ ਪੈਂਦਾ ਵਾਹ
ਖੁਦਗਰਜਾਂ ਦੇ ਨਾਲ
ਤਾਂ ਆਪਣੇ ਸਾਏ ਨੂੰ ਵੀ
ਸ਼ੱਕ ਦੀ ਨਜ਼ਰ ਨਾਲ ਦੇਖਦਾ ਮੇਰਾ ਮਨ।
ਜਦ ਦੇਖਦਾ ਏ
ਧੀਆਂ ਦੀ ਇਜ਼ਤ ਰੁਲਦੀ ਬਜ਼ਾਰਾਂ 'ਚ
ਤਾਂ ਦੇਵੀਆਂ ਦੀ ਪੂਜਾ ਕਰਨ ਨੂੰ
ਨਹੀਂ ਮੰਨਦਾ ਮੇਰਾ ਮਨ।
ਜਦ ਦੇਖਦਾ
ਖੁਦਕੁਸ਼ੀਆਂ ਕਰਦੇ ਕਿਸਾਨਾਂ ਨੂੰ
ਤਾਂ ਅੰਨਦਾਤਾ ਲਫ਼ਜ ਬੋਲਣ ਤੋਂ
ਗੁਰੇਜ ਕਰਦਾ ਮੇਰਾ ਮਨ।
ਜਿੱਥੇ ਮਾਪੇ ਬਿਰਧ ਆਸ਼ਰਮ
ਵਿੱਚ ਤੇ ਕੁੱਤੇ ਸੌਂਦੇ ਪਲੰਘ ਤੇ
ਉਹਨਾਂ ਮਕਾਨਾਂ ਨੂੰ ਘਰਾਂ ਦਾ ਦਰਜਾ
ਨਹੀਂ ਦਿੰਦਾ ਮੇਰਾ ਮਨ।
ਜੋ ਵਰਤ ਕੇ ਸਭ ਨੂੰ ਔੜੀਆਂ ਦੀ ਤਰ੍ਹਾਂ
ਮੱਕਾਰੀ ਦੀ ਚਲ ਚਲ ਕੇ
ਕੇ ਪਹੁੰਚਦੇ ਮੰਜ਼ਿਲ 'ਤੇ ਉਹਨਾਂ ਨੇ ਜੇਤੂ
ਨਹੀਂ ਮਰਦਾ ਮੇਰਾ ਮਨ।
11/05/2015
ਮੇਰਾ ਮਨ
ਸੁੱਖਵਿੰਦਰ ਕੌਰ ‘ਹਰਿਆਓ’
ਪਿਆਰ ਤੇ ਸੌਂਦਾ ਦਾ ਅੱਥਰਾ ਜਿਹਾ
ਸਾਗਰ,
ਕਦੇ ਡੁੱਬਦਾ ਤੇ ਕਦੇ ਤਰਦਾ ਮੇਰਾ ਮਨ।
ਨਾ ਇਸ ਤੇ ਹਕੂਮਤ ਚੱਲੇ ਰਿਵਾਜਾਂ ਦੀ,
ਸਦਾ ਆਪ ਹੁਦਰੀਆਂ ਕਰਦਾ ਮੇਰਾ ਮਨ।
ਭਾਵੇਂ ਜੱਗ ਰੁੱਸੇ ਭਾਵੇਂ ਰੱਬ ਵੀ ਰੁੱਸੇ,
ਤੇਰੇ ਸਾਥ ਦੀ ਗਵਾਹੀ ਸਦਾ ਭਰਦਾ ਮੇਰਾ ਮਨ।
ਤੈਨੂੰ ਹਿੰਮਤ-ਹੌਂਸਲੇ ਦੇ ਰੂਪ ਵਿੱਚ ਸਦਾ ਨਾਲ ਰੱਖੀਏ,
ਜਦ ਕਦੇ ਵੀ ਡਿੱਗੂ-ਡਿੱਗੂ ਕਰਦਾ ਮੇਰਾ ਮਨ।
ਗਰਮ ਚੱਲੀਆਂ ਹਵਾਵਾਂ ਦੁਸ਼ਮਣ ਜਮਾਨੇ ਦੀਆਂ,
ਸੱਜਣਾਂ ਨੂੰ ਯਾਦ ਕਰ ਠੰਡੇ ਹੌਂਕੇ ਭਰਦਾ ਮੇਰਾ ਮਨ।
ਆਪਣੇ-ਆਪ ਨੂੰ ਕਦੋਂ ਦਾ ਇਹ ਭੁੱਲ ਬੈਠਾ,
ਤੇਰੀ ਖਾਤਿਰ ਹੀ ਜਿਊਂਦਾ ਤੇਰੇ ਵਾਸਤੇ ਮਰਦਾ ਮੇਰਾ ਮਨ।
ਨੇੜੇ ਆਉਂਦੀ ਮੌਤ ਨੂੰ ਹੱਸ ਕੇ ਉਡੀਕਦਾ,
ਤੇਰੇ ਦੂਰ ਜਾਣ ਤੋਂ ਡਰਦਾ ਮੇਰਾ ਮਨ।
ਸੱਚ ਨੂੰ ਬੇਨਕਾਬ ਕਰਨ ਦੀ ਆਦਤ ਮੁੱਢੋ,
ਛੱਡਦਾ ਨਾ ਕੋਈ ਓਹਲਾ-ਪਰਦਾ ਮੇਰਾ ਮਨ।
ਨਾ ਸਾਥ ਕਦੇ ਬੇਈਮਾਨੀ ਤੇ ਝੂਠ ਦਾ ਦੇਵੇ,
ਦੇਖੇ ਨਾ ਫਿਰ ਕੀ ਬਿਗਾਨਾ ਕੀ ਘਰਦਾ ਮੇਰਾ ਮਨ।
ਕਰਦੇ ਜੇ ਉਹ 'ਹਰਿਆਓ' ਦੇ ਜਜ਼ਬਾਤਾਂ ਦੀ ਪਰਵਾਹ,
ਖੁਸ਼ੀਆਂ ਦੇ ਅੰਬਰਾਂ ਤੇ ਉਡਾਰੀਆਂ ਭਰਦਾ ਮੇਰਾ ਮਨ।
02/05/2015
ਅਣਜੰਮੀ ਧੀ
ਸੁੱਖਵਿੰਦਰ ਕੌਰ ‘ਹਰਿਆਓ’
ਜਦ ਜਿਉਂਦੀ ਧੀਏ ਤੂੰ ਕੁੱਖ ਵਿੱਚ ਮੋਈ
ਦਿਲ ਵੀ ਰੋਇਆ ਰੂਹ ਵੀ ਰੋਈ ਨੀ ਧੀਏ
ਮਾਂ ਨਿਮਾਣੀ ਨੂੰ ਬਾਬਲ ਤੇਰਾ ਦਰ ਤੋਂ ਧੱਕੇ
ਦੱਸ ਕਿੱਥੇ ਦਿੰਦੀ ਮੈਂ ਤੈਨੂੰ ਢੋਈ ਨੀ ਧੀਏ
ਮੈਂ ਧੀਏ ਤੈਨੂੰ ਧੀ ਰਾਣੀ ਬਣਾ ਕੇ ਰੱਖਦੀ
ਕਿਸੇ ਨਾ ਸੁਣੀ ਮੇਰੀ ਅਰਜੋਈ ਨੀ ਧੀਏ
ਤੂੰ ਕਹਿੰਦੀ ਹੋਵੇਗੀ ਮਾਂ ਧਰਤੀ ਸਵਰਗ ਦਿਖਾਏ
ਦਰਿੰਦਿਆਂ ਨਾਲ ਭਰੀ ਦੁਨੀਆਂ ਨਰਕ ਹੋਈ ਨੀ ਧੀਏ
ਹੁਣ ਦਰੋਪਤੀ ਦਾ ਪਾਂਡਵ ਹੀ ਚੀਰ ਹਰਨ ਕਰਦੇ
ਦੱਸ ਕਿੰਝ ਬਚਾਵੇ ਆ ਕੇ ਕ੍ਰਿਸ਼ਨ ਕੋਈ ਨੀ ਧੀਏ
ਕੋਈ ਨਾ ਨਜ਼ਰ ਆਵੇ ਮੇਰੇ ਦਰਦਾਂ ਦਾ ਸਾਂਝੀ
ਆਪਣਿਆਂ ਵਿੱਚ ਫਿਰਦੀ ਹਾਂ ਖੋਈ-ਖੋਈ ਨੀ ਧੀਏ
ਨਾ ਦੁੱਲਾ ਭੱਟੀ ਆ ਕੇ ਹੁਣ ਸਾਲੂ ਦੇਣ ਵਾਲਾ
ਹਰ ਕੋਈ ਫਿਰਦਾ ਲਾਹੀ ਸ਼ਰਮ ਦੀ ਲੋਈ ਨੀ ਧੀਏ
ਕਦਮ-ਕਦਮ ਤੇ ਤੈਨੂੰ ਮੈਨੂੰ ਪੈਣੀ ਸੀ ਜਿੱਲਤ ਸਹਿਣੀ
ਰੋਜ਼-ਰੋਜ਼ ਮਰਨ ਤੋਂ ਚੰਗਾ ਇੱਕ ਵਾਰ ਹੀ ਮੋਈ ਨੀ ਧੀਏ
ਅਣਜੰਮੀ ਧੀਏ ਸਮਝੀ ਤੂੰ ਅਭਾਗਣ ਮਾਂ ਦੀ ਮਜ਼ਬੂਰੀ
ਥੇਰਾ ਮੇਰਾ ਦਰਦ ਲਿਖਦਿਆਂ 'ਹਰਿਆਓ' ਦੀ ਕਲਮ ਰੋਈ ਨੀ ਧੀਏ
29/04/2015
ਸੋਚਾਂ ਵਿੱਚ ਅਵਾਰਗੀ
ਸੁੱਖਵਿੰਦਰ ਕੌਰ ‘ਹਰਿਆਓ’ ਹਿੰਮਤ ਰੱਖੇ ਚੱਲਦੇ-ਚੱਲਦੇ ਮਿਲ ਜਾਂਦੀ ਹੈ
ਕਦਮਾਂ ਨੂੰ ਰਵਾਨਗੀ ਅਕਸਰ ਜੋ ਚਿਹਰੇ ਨਿੱਤ ਮਹਿਫ਼ਲ ਸਜਾਉਂਦੇ
ਹੁੰਦੀ ਹੈ ਦਿਲਾਂ ‘ਚ ਵੈਰਾਨਗੀ ਅਕਸਰ ਜਰੂਰੀ ਨਹੀਂ ਚਿਹਰੇ-ਅਦਾਵਾਂ
ਦਿਲਕਸ਼ ਹੋਣ
ਮੋਹ ਲੈਂਦੀ ਹੈ ਸਾਦਗੀ ਅਕਸਰ ਜੇਕਰ ਸ਼ਿਕਾਰ ਦੀ ਹੋਵੇ ਜ਼ਿੰਦਗੀ ਲੰਮੀ
ਖੁੰਝ ਜਾਂਦੇ ਨੇ ਨਿਸ਼ਾਨਚੀ ਅਕਸਰ ਪੱਥਰਾਂ ਲਈ ਸਰਾਪ ਵੀ ਵਰ ਬਣ ਜਾਂਦਾ
ਸ਼ੀਸ਼ੇ ਨੂੰ ਮਾਰ ਜਾਂਦੀ ਸੋਹਲਗੀ ਅਕਸਰ ਜਿਸਮ ਦੇ ਜ਼ਖਮ ਤਾਂ ਮਿਟ ਜਾਂਦੇ
ਦਿਲ ਦੇ ਜ਼ਖਮਾਂ ‘ਚ ਰਹੇ ਸਦਾ ਤਾਜ਼ਗੀ ਅਕਸਰ ਬੰਦ ਦਰਵਾਜ਼ਿਆਂ ਨਾਲ ਕੀ ਫ਼ਰਕ
ਪੈਂਦਾ
‘ਹਰਿਆਓ’ ਦੀਆਂ ਸੋਚਾਂ ਵਿੱਚ ਰਹੇ ਅਵਾਰਗੀ ਅਕਸਰ।
08/09/2014
|