ਸੱਪ
ਸੁਖਿੰਦਰ, ਕਨੇਡਾ
ਮਾਨਵੀ ਰਿਸ਼ਤਿਆਂ ਵਿੱਚ
ਧਰਮਾਂ ਦੀ ਪ੍ਰਦੂਸ਼ਨ
ਏਨੀ ਵੱਧ ਚੁੱਕੀ ਹੈ
ਪੀਲੇ, ਖੱਟੇ, ਹਰੇ, ਸੱਪ
ਸੜਕਾਂ, ਬਾਜ਼ਾਰਾਂ, ਚੌਰਸਤਿਆਂ ਵਿੱਚ
ਕੁਰਬਲ, ਕੁਰਬਲ, ਕਰਨ
ਲੱਗੇ ਹਨ
ਉਹ, ਤਾਂ, ਜਾ ਬੈਠੈ ਹਨ-
ਰਾਜ ਸਿੰਘਾਸਨ ਦਿਆਂ ਆਸਨਾਂ ਉੱਤੇ
ਉਹ, ਤਾਂ, ਜਾ ਬੈਠੇ ਹਨ-
ਨਿਆਂਸ਼ਾਲਾ ਦੀਆਂ ਉੱਚੀਆਂ ਕੁਰਸੀਆਂ ਉੱਤੇ
ਉਹ, ਤਾਂ, ਜਾ ਬੈਠੇ ਹਨ-
ਵਿਸ਼ਵਵਿਦਿਆਲਿਆਂ ਦੀਆਂ ਉੱਚੀਆਂ ਪਦਵੀਆਂ ਉੱਤੇ
ਉਹ, ਤਾਂ, ਜਾ ਬੈਠੇ ਹਨ-
ਧਰਮ ਸਥਾਨਾਂ ਦੇ ਉੱਚੇ ਗੁੰਬਦਾਂ ਵਿੱਚ
ਉਹ, ਤਾਂ, ਜਾ ਬੈਠੇ ਹਨ-
ਮੀਡੀਆ ਦੇ ਉੱਚੇ ਮੀਨਾਰਾਂ ਵਿੱਚ
ਹੁਣ ਤਾਂ, ਸੱਪ ਵੀ
ਮਨੁੱਖਾਂ ਨੂੰ ਡੰਗ ਮਾਰਨ ਦੇ
ਬਹਾਨੇ ਲੱਭਦੇ ਹਨ-
ਤੁਸੀਂ, ਇੱਕ ਜਾਨਵਰ
ਗਾਂ ਨੂੰ ਆਪਣੀ ਮਾਂ ਨਾ ਕਿਹਾ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਇੱਕ ਜਾਨਵਰ
ਗਾਂ ਦਾ ਮਾਸ ਖਾਹ ਲਿਆ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਬਾਗ਼ ਵਿੱਚ ਘੁੰਮਦਿਆਂ
ਆਪਣੀ ਦੋਸਤ ਕੁੜੀ ਦਾ ਹੱਥ ਫੜ ਲਿਆ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਜੀਨ ਪਾ ਕੇ
ਬਾਜ਼ਾਰ ਵਿੱਚ ਚਲੇ ਗਏ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਦਲਿਤ ਹੁੰਦਿਆਂ
ਉੱਚੀ ਜਾਤੀ ਵਾਲਿਆਂ ਦੇ ਖੂਹ ਤੋਂ ਪਾਣੀ ਭਰ ਲਿਆ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਨੀਂਵੀਂ ਜਾਤੀ ਦੇ ਹੁੰਦਿਆਂ
ਉੱਚੀ ਜਾਤੀ ਦੀ ਔਰਤ ਨਾਲ ਪਰੇਮ ਵਿਆਹ ਕਰਾ ਲਿਆ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਗਰੀਬ ਹੁੰਦਿਆਂ ਵੀ
ਆਪਣੇ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਤੁਸੀਂ, ਗਵਾਂਢੀ ਦੇਸ ਨਾਲ
ਅਮਨ ਅਤੇ ਦੋਸਤੀ ਕਰਨ ਦੀ ਗੱਲ ਕਹਿ ਦਿੱਤੀ
ਤਾਂ, ਸੱਪ ਤੁਹਾਨੂੰ ਡੰਗ ਮਾਰ ਦੇਣਗੇ
ਲਾਲ ਪਗੜੀਆਂ ਵਾਲੇ, ਮਦਾਰੀ
ਜੋ ਇੱਕ ਖਾਸ ਮੁਹਾਰਤ ਰੱਖਦੇ ਸਨ
ਜ਼ਹਿਰੀਲੇ, ਸੱਪਾਂ ਨੂੰ ਪਕੜਨ ਦੀ-
ਉਹ ਵੀ, ਹੁਣ, ਸ਼ਹਿਰਾਂ ਵਿੱਚ
ਵਿਰਲੇ, ਵਿਰਲੇ, ਹੀ
ਰਹਿ ਗਏ ਹਨ
30/03/17
23 ਮਾਰਚ ਦੇ ਕੌੰਮੀ ਪ੍ਰਵਾਨਿਆਂ :
ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਯਾਦ ਕਰਦਿਆਂ :
ਨਜ਼ਮ :
ਕਵਿਤਾ, ਤੂੰ ਚੁੱਪ ਨ ਰਹਿ
ਸੁਖਿੰਦਰ, ਕਨੇਡਾ
ਕਵਿਤਾ, ਤੂੰ ਚੁੱਪ ਨ ਰਹਿ-
ਤੂੰ, ਮੁਸੀਬਤਾਂ ਦੇ ਮਾਰੇ
ਉਨ੍ਹਾਂ, ਗਰੀਬ ਕਿਸਾਨਾਂ ਦੇ ਦੁੱਖਾਂ ਦਾ
ਸਾਰਾ ਚਿੱਠਾ ਵੀ ਬਿਆਨ ਕਰ
ਜਿਨ੍ਹਾਂ ਨੂੰ ਆਪਣੇ ਕਰਜ਼ਿਆਂ ਦਾ ਭਾਰ
ਹੌਲਾ ਕਰਨ ਲਈ, ਆਪਣੀਆਂ
ਕਿਡਨੀਆਂ ਤੱਕ ਵੇਚਣ ਲਈ
ਮਜਬੂਰ ਹੋਣਾ ਪੈਂਦਾ ਹੈ
ਕਵਿਤਾ, ਤੂੰ ਚੁੱਪ ਨ ਰਹਿ-
ਤੂੰ, ਫੁੱਲਾਂ ਜਿਹੀਆਂ
ਉਨ੍ਹਾਂ, ਧੀਆਂ ਦੀ ਜ਼ਿੰਦਗੀ ਬਾਰੇ ਵੀ
ਆਪਣੇ ਬੋਲ ਕਹਿ
ਜਿਨ੍ਹਾਂ ਦੇ ਜਿਸਮਾਂ ਦੇ ਟੁੱਕੜੇ, ਟੁੱਕੜੇ
ਕਰ ਕੇ, ਧਰਮਾਂ ਦੇ ਅਖੌਤੀ ਰਾਖੇ
ਮਾਪੇ, ਆਪਣੇ, ਖੇਤਾਂ ਵਿੱਚ
ਖਿਲਾਰ ਦਿੰਦੇ ਹਨ
ਕਵਿਤਾ, ਤੂੰ ਚੁੱਪ ਨ ਰਹਿ-
ਤੂੰ, ਨਿਰਮਲ ਪਾਣੀਆਂ ਦੇ ਸੋਮਿਆਂ
ਉਨ੍ਹਾਂ, ਗੰਗਾ, ਜਮਨਾ, ਵੋਲਗਾ, ਯੰਗਸੀ ਜਿਹੇ ਖੂਬਸੂਰਤ
ਦਰਿਆਵਾਂ ਦੀ ਕਥਾ ਵੀ ਕਹਿ
ਜਿਨ੍ਹਾਂ ਨੂੰ ਧਨਾਢ ਵਿਉਪਾਰੀਆਂ ਨੇ
ਮਹਿਜ਼, ਆਪਣੇ ਮੁਨਾਫਿਆਂ ਖਾਤਿਰ
ਕੂੜੇ ਦੇ ਅੰਬਾਰ ਬਣਾ ਦਿੱਤਾ ਹੈ
ਕਵਿਤਾ, ਤੂੰ ਚੁੱਪ ਨ ਰਹਿ-
ਤੂੰ, ਰੋਟੀ-ਰੋਜ਼ੀ ਦੀ ਭਾਲ 'ਚ ਭਟਕਦੇ
ਉਨ੍ਹਾਂ, ਧੀਆਂ-ਪੁੱਤਰਾਂ ਦੇ ਦੁੱਖਾਂ
ਦੀ ਵੀ ਬਾਤ ਪਾ, ਜੋ
ਭਰਿਸਟ-ਰਾਜਨੀਤੀਵਾਨਾਂ ਵੱਲੋਂ
ਵਗਾਏ ਜਾ ਰਹੇ, ਠਾਠਾਂ ਮਾਰਦੇ
ਨਸ਼ਿਆਂ ਦੇ ਛੇਵੇਂ ਦਰਿਆ ਵਿੱਚ
ਡੁੱਬ ਕੇ ਮਾਰੇ ਗਏ
ਕਵਿਤਾ, ਤੂੰ ਚੁੱਪ ਨ ਰਹਿ-
ਤੂੰ, ਹੰਝੂਆਂ ਦੀ ਬਰਸਾਤ ਵਿੱਚ ਡੁੱਬ ਗਈਆਂ
ਉਨ੍ਹਾਂ, ਮਾਵਾਂ ਦੇ ਦੁੱਖਾਂ ਨੂੰ ਵੀ
ਸ਼ਬਦਾਂ ਦੀ ਜ਼ੁਬਾਨ ਦੇਹ
ਜਿਨ੍ਹਾਂ ਦੇ ਬੇਗੁਨਾਹ ਅਤੇ ਇਕਲੌਤੇ ਪੁੱਤਰਾਂ ਨੂੰ
ਭਰਿਸ਼ਟ-ਪੁਲਿਸ ਅਧਿਕਾਰੀਆਂ ਨੇ
ਮਹਿਜ਼, ਇਨਾਮਾਂ-ਸਨਮਾਨਾਂ ਦੀ ਲਾਲਸਾ-ਵੱਸ
ਨਹਿਰਾਂ ਕੰਢੇ, ਝੂਠੇ ਪੁਲਿਸ ਮੁਕਾਬਲੇ ਬਣਾ
ਲਾਵਾਰਸ, ਲਾਸ਼ਾਂ ਦੇ ਢੇਰ
ਬਣਾ ਦਿੱਤਾ
ਕਵਿਤਾ, ਤੂੰ ਚੁੱਪ ਨ ਰਹਿ !
ਕਵਿਤਾ, ਤੂੰ ਚੁੱਪ ਨ ਰਹਿ !!
ਕਵਿਤਾ, ਤੂੰ ਚੁੱਪ ਨ ਰਹਿ !!!
24/03/17
ਨਜ਼ਮ :
ਕੁਰਸੀ ਦਾ ਮੁੱਲ
ਸੁਖਿੰਦਰ, ਕਨੇਡਾ
ਬਾਂਦਰਾਂ ਦੀ ਭੀੜ ਵਿੱਚ
ਆਦਮੀ ਕਿੱਧਰ ਗਿਆ-
ਬੂੰਦੀ ਵਾਲੇ ਲੱਡੂਆਂ ਦੀ
ਚੂਰ-ਭੂਰ ਵਿਹੜੇ 'ਚ ਸੁੱਟ
ਅੱਜ ਕੱਲ੍ਹ, ਬਾਂਦਰਾਂ ਨੂੰ
ਖੁਸ਼ ਕਰ ਲੈਂਦੇ ਨੇ ਲੋਕ
ਸਾਹਿਤ, ਸਭਿਆਚਾਰ, ਵਿੱਦਿਆ, ਸਮਾਜ
ਕੋਈ ਵੀ ਮੰਚ ਹੋਵੇ ਭਲਾ
ਇੰਨੀ ਕੁ ਬਸ ਕੀਮਤ
ਮੰਡੀ 'ਚ ਰਹਿ ਗਈ
ਸਥਾਪਤੀ ਦੀ ਕੁਰਸੀ
ਹਥਿਆਉਣ ਦੀ-
ਮੰਡੀ ਯੁੱਗ ਨੇ
ਕੀ ਹਾਲ ਕਰ ਦਿੱਤਾ ਹੈ
ਆਦਮੀ ਦਾ
ਕਹਿਣ ਲਈ
ਹੁਣ ਤਾਂ, ਕੁਝ ਵੀ
ਬਚਿਆ ਨਹੀਂ
(ਮਾਲਟਨ, ਫਰਵਰੀ 22, 2017)
08/03/17
ਬਾਂਦਰਾਂ ਨੂੰ ਲੱਡੂ ਵੰਡ ਤੂੰ ਕੀ ਖੱਟਿਆ
ਸੁਖਿੰਦਰ, ਕਨੇਡਾ
ਬਾਂਦਰਾਂ ਦਾ ਕੰਮ ਹੁੰਦਾ ਸਦਾ ਗੰਦ ਪਾਣ ਦਾ
ਗੰਦ ਪਾ ਕੇ ਫੇਰ ਸ਼ੋਰ ਮਚਾਣ ਦਾ
ਦਸ ਬਾਂਦਰਾਂ ਨੂੰ ਲੱਡੂ ਵੱਡ ਤੂੰ ਕੀ ਖੱਟਿਆ.....
ਬਾਂਦਰ ਹੋਣ ਚਾਹੇ ਬਜਰੰਗ ਦਲ ਦੇ
ਬਾਂਦਰ ਹੋਣ ਚਾਹੇ ਆਰ ਐਸ ਐਸ ਦੇ
ਬਾਂਦਰ ਹੋਣ ਚਾਹੇ ਸ਼ਿਵ ਸੈਨਾ ਦੇ
ਬਾਂਦਰ ਹੋਣ ਚਾਹੇ ਅਕਾਲੀ ਪਾਰਟੀ ਦੇ
ਬਾਂਦਰ ਹੋਣ ਚਾਹੇ ਕਾਂਗਰਸ ਪਾਰਟੀ ਦੇ
ਬਾਂਦਰਾਂ ਨੇ ਤਾਂ ਆਪਣੀ ਆਦਤ ਨਹੀਂ ਛੱਡਣੀ
ਭਾਵੇਂ ਵੜ ਜਾਣ ਉਹ ਕਿਸੀ ਵੀ ਪਾਰਟੀ 'ਚ-
ਭਾਵੇਂ, ਵੜ ਜਾਣ ਉਹ ਸਵਰਾਜ ਪਾਰਟੀ 'ਚ
ਭਾਵੇਂ, ਉਹ ਵੜ ਜਾਣ ਬਸਪਾ ਪਾਰਟੀ 'ਚ
ਭਾਵੇਂ, ਉਹ ਵੜ ਜਾਣ ਆਮ ਆਦਮੀ ਪਾਰਟੀ 'ਚ
ਭਾਵੇਂ, ਉਹ ਵੜ ਜਾਣ ਕਮਿਊਨਿਸਟ ਪਾਰਟੀ 'ਚ
ਬਾਂਦਰਾਂ ਦਾ ਕੰਮ ਹੁੰਦਾ ਸਦਾ ਗੰਦ ਪਾਣ ਦਾ
ਗੰਦ ਪਾ ਕੇ ਫੇਰ ਸ਼ੋਰ ਮਚਾਣ ਦਾ
ਦਸ ਬਾਂਦਰਾਂ ਨੂੰ ਲੱਡੂ ਵੰਡ ਤੂੰ ਕੀ ਖੱਟਿਆ....
ਸਾਹਿਤ ਸਭਾਵਾਂ ਤੋਂ ਰੱਖੀਂ ਲੱਡੂ ਦੂਰ ਤੂੰ
ਐਵੇਂ ਵੰਡੀਂ ਨ ਤੂੰ ਬਾਂਦਰਾਂ ਨੂੰ ਚੂਰ ਭੂਰ ਤੂੰ
ਐਵੇਂ ਪਰਧਾਨਗੀ ਦੀ ਕੁਰਸੀ ਨ ਲੱਭ ਤੂੰ
ਬਾਂਦਰਾਂ ਨੂੰ ਬੂੰਦੀ ਚੂਰ ਲੱਡੂ ਵੰਡ ਕੇ
ਤੂੰ ਹੀ ਕੁਝ ਸੋਚ ਵਿਚਾਰ ਲੈ
ਤੂੰ ਹੀ ਕੁਝ ਹੋਸ਼ ਕਰ ਲੈ
ਬਾਂਦਰਾਂ ਦਾ ਕੰਮ ਹੁੰਦਾ ਸਦਾ ਗੰਦ ਪਾਣ ਦਾ
ਗੰਦ ਪਾ ਕੇ ਫੇਰ ਸ਼ੌਰ ਮਚਾਣ ਦਾ
ਦਸ ਬਾਂਦਰਾਂ ਨੂੰ ਲੱਡੂ ਵੰਡ ਤੂੰ ਕੀ ਖੱਟਿਆ....
ਦਸ ਬਾਂਦਰਾਂ ਨੂੰ ਲੱਡੂ ਵੰਡ ਤੂੰ ਕੀ ਖੱਟਿਆ....
ਦਸ ਬਾਂਦਰਾਂ ਨੂੰ ਲੱਡੂ ਵੰਡ ਤੂੰ ਕੀ ਖੱਟਿਆ....
(ਮਾਲਟਨ, ਮਾਰਚ 6, 2017)
08/03/17
ਨਜ਼ਮ :
ਸੱਚ ਤਾਂ ਇਹੋ ਹੈ
ਸੁਖਿੰਦਰ, ਕਨੇਡਾ
ਗੱਦੀ ਪਿਆਰੀ ਹੈ
ਮਾਂ ਬੋਲੀ ਨਹੀਂ -
ਹਰ ਯੁੱਗ, ਹਰ ਸਮੇਂ ਦਾ
ਇਹੋ ਸੱਚ ਹੈ
ਗੱਦੀ ਰਹੇ ਸੁਰੱਖਿਅਤ
ਇਸ ਆਸ ਨਾਲ ਹੀ, ਹਰ ਅਹਿਲਕਾਰ
ਧਰਮ ਸਥਾਨਾਂ ਦੇ ਗੁੰਬਦ
ਸੋਨੇ ਦੇ ਪੱਤਰਾਂ ਵਿੱਚ ਮੜਾਹਵੇ
ਧਰਮੀ ਚੰਡਾਲ-ਚੌਕੜੀ ਦੇ ਗੁਣ ਗਾਵੇ
ਜਨਤਾ ਦੀ ਧਰਮ ਭਾਵਨਾ ਭੜਕਾਵੇ
ਹਰ ਅਹਿਲਕਾਰ, ਤਾਂ
ਪੰਡਤਾਂ, ਭਾਈਆਂ, ਪਾਦਰੀਆਂ, ਮੌਲਵੀਆਂ ਦੀ
ਬੋਲੀ ਬੋਲੇ, ਉਨਾਂ ਦੀ ਹੀ
ਮਹਿਮਾ, ਹਰ ਪਲ, ਗਾਵੇ
ਗੱਦੀ ਦੇ ਪਾਵੇ
ਧਰਤੀ ਤੇ ਚੰਗੀ ਤਰਾਂ
ਟਿਕਾਈ ਰੱਖਣ ਲਈ, ਉਹ
ਹਰ ਝੂਠ-ਦੰਭ ਦੇ ਸਾਹਵੇਂ
ਝੁਕ-ਝੁਕ ਕਰੇ ਸਲਾਮਾਂ
ਹਰ ਮੁਖੌਟੇਬਾਜ਼ ਦੇ
ਪੈਰੀਂ ਹੱਥ ਲਾਵੇ
ਮਾਂ- ਬੋਲੀ ਪੜ ਲੈਣਗੇ, ਜੇਕਰ
ਇਸ ਦੇ ਪਿਆਰੇ ਧੀਆਂ, ਪੁੱਤਰ
ਤਾਂ ਉਹ, ਇਸ ਵਿੱਚ ਆਪਣੇ
ਦਿਲ ਦੀ ਗੱਲ ਕਹਿਣਗੇ
ਆਪਣੇ, ਦੁੱਖ-ਸੁੱਖ ਫੋਲਣਗੇ
ਪਰ, ਅਹਿਲਕਾਰ ਨੂੰ, ਤਾਂ
ਇਹੀ ਚਿੰਤਾ ਹਰ ਪਲ
ਵੱਢ ਵੱਢ ਖਾਵੇ-
ਮਾਂ-ਬੋਲੀ ਦੇ ਧੀਆਂ, ਪੁੱਤਰ
ਅਹਿਲਕਾਰ ਵੱਲੋਂ ਕੀਤੇ ਜਾਂਦੇ, ਹਰ ਜ਼ੁਲਮ ਦੀ
ਇਸ ਵਿੱਚ ਫਿਰ ਬਾਤ ਪਾਣਗੇ
ਹਰ ਅਤਿਆਚਾਰੀ ਨਿਯਮ-ਕਾਨੂੰਨ ਨੂੰ
ਉਹ ਤਾਂ, ਫਿਰ ਦੇਣ ਲੱਗਣਗੇ ਨਿੱਤ ਚੁਣੌਤੀ
ਉਹ ਤਾਂ, ਫਿਰ ਅਹਿਲਕਾਰ ਦੀ
ਕੋਈ ਵੀ ਗੱਲ ਨਹੀਂ ਗੋਲਣਗੇ
ਉਹ ਤਾਂ, ਮਾਂ ਬੋਲੀ ਵਿੱਚ
ਅਹਿਲਕਾਰ ਦੀ ਪੱਗ ਰੋਲਣਗੇ
ਜ਼ਿੰਦਗੀ ਦਾ ਤਾਂ
ਇਹੋ ਸੱਚ ਹੈ-
ਅਹਿਲਕਾਰ ਬਣ ਜਾਵੇ, ਭਾਵੇਂ
ਸ਼ੇਰ-ਪੰਜਾਬ ਦਾ, ਉਸ ਨੂੰ
ਤਾਂ ਬਸ, ਆਪਣੀ ਗੱਦੀ ਨਾਲ ਹੀ
ਮੋਹ ਹੋਵੇਗਾ-
ਮਾਂ ਬੋਲੀ ਤੋਂ
ਉਸ ਨੇ ਕੀ ਲੈਣਾ ਹੈ-
ਮਾਂ ਬੋਲੀ ਨਾਲ, ਤਾਂ
ਉਸਦਾ, ਸ਼ਰੇਆਮ, ਧਰੋਹ ਹੋਵੇਗਾ
(ਫਰਵਰੀ 23, 2017)
08/03/17
ਨਜ਼ਮ :
ਮਾਂ ਬੋਲੀ ਦਾ ਮੋਹ
ਸੁਖਿੰਦਰ, ਕਨੇਡਾ
ਮਾਂ ਬੋਲੀ ਦਾ ਮੋਹ
ਹੁਣ ਤਾਂ ਬਸ
ਲੋਕ ਸਭਾਵਾਂ ਵਿਚ ਜਾ ਕੇ
ਅੱਖਾਂ ਚੋਂ ਮਗਰਮੱਛੀ ਹੰਝੂ
ਡੇਗਣ ਤੱਕ ਸੀਮਤ
ਹੋ ਕੇ ਰਹਿ ਚੁੱਕਾ ਹੈ-
ਹੁਣ ਤਾਂ
ਪਿੰਡ ਚ ਰਹਿੰਦਾ
ਬੰਤਾ ਸਿੰਘ ਵੀ
ਮਨ ਵਿੱਚ ਖਾਹਿਸ਼
ਰੱਖਦਾ ਹੈ
ਉਸਦਾ ਪੋਤਾ ਬੰਟੀ
ਸ਼ਹਿਰ 'ਚ ਖੁੱਲੇ
ਕਾਨਵੰਟ ਸਕੂਲ 'ਚ
ਅੰਗਰੇਜ਼ੀ ਪੜ ਕੇ ਆਵੇ
ਨਾਈਟ ਕਲੱਬਾਂ ਵਿਚ
ਵਿਸਕੀ ਪੀਵੇ
ਅੰਗਰੇਜ਼ੀ ਗੀਤਾਂ ਦੀਆਂ
ਟੀਊਨਾਂ ਤੇ ਨੱਚੇ ਗਾਵੇ
ਹੁਣ ਤਾਂ ਪੰਜਾਬੀ ਮਾਵਾਂ ਵੀ
ਅਪਣੇ ਬੱਚਿਆਂ ਨਾਲ
ਹਮ ਕੋ, ਤੁਮ ਕੋ
ਕਰ ਕੇ ਹੀ
ਖੁਸ਼ ਹੋਵਣ
ਜਦ ਪੰਜਾਬੀ ਬੱਚੇ
ਘਰ ਆਏ ਮਹਿਮਾਨਾਂ ਨੂੰ
ਚਾਚਾ, ਚਾਚੀ ਕਹਿਣ ਦੀ ਥਾਂ
ਅੰਕਲ, ਆਂਟੀ ਕਹਿੰਦੇ
ਤਾਂ ਹੀ ਸਭ ਦੇ
ਚਿਹਰੇ ਸੁਰਖ
ਗੁਲਾਬਾਂ ਵਾਂਗੂੰ
ਮਹਿਕਣ ਲੱਗਦੇ
ਮਾਂ ਬੋਲੀ ਦਾ ਮੋਹ
ਹੁਣ ਤਾਂ ਬਸ
ਕਾਗਜ਼ੀ ਫੁੱਲਾਂ ਦੀ
ਚਾਹਤ ਵਰਗਾ
ਹੋ ਚੁੱਕਾ ਹੋ
ਹਾਟ ਡਾਗ
ਹੈਮਬਰਗਰ
ਦੇ ਜ਼ਾਇਕੇ ਵਿੱਚ
ਘੁਲ ਚੁੱਕਾ ਹੈ
(ਮਾਲਟਨ, ਫਰਵਰੀ 21, 2017)
08/03/17
ਨਜ਼ਮ :
ਦੋਗਲਾਪਣ
ਸੁਖਿੰਦਰ, ਕਨੇਡਾ
ਮੰਦਿਰ ਵਿੱਚ
ਔਰਤ ਦੇ ਮੱਥੇ ਉੱਤੇ
ਰੱਬ ਦੀ ਵੇਸਵਾ ਹੋਣ ਦਾ
ਤਿਲਕ ਲਗਾ ਕੇ
ਉਸ ਨੂੰ, ਪਸ਼ੂਆਂ ਵਾਂਗੂੰ
ਵੇਚਣ ਲਈ, ਮੰਡੀ ਵਿੱਚ
ਬਿਠਾਇਆ ਜਾਂਦਾ-
ਫਿਰ, ਪੰਡਤ ਜੀ
ਕਿਸ ਮੂੰਹ ਨਾਲ
ਔਰਤ ਨੂੰ
ਦੁਰਗਾ ਮਾਂ ਕਹਿ ਕੇ
ਉਸ ਦੀ ਉਸਤਤ ਵਿੱਚ
ਸ਼ਬਦ ਉਚਾਰਨ ਕਰਦੇ
ਇਹ ਦੋਗਲਾਪਣ
ਅੱਜ ਤੱਕ
ਕਦੀ ਕਿਸੀ ਨੂੰ
ਸਮਝ ਨ ਆਇਆ
(ਮਾਲਟਨ, ਮਾਰਚ 5, 2017)
08/03/17
ਨਜ਼ਮ :
ਡਾਇਰੀ ਦੇ ਪੰਨੇ-2
ਸੁਖਿੰਦਰ, ਕਨੇਡਾ
1.
ਬੁੱਲ੍ਹੀ ਕੁੱਤੇ ਬਹਿ ਗਏ ਬਣ ਕੇ
ਰਾਖੇ ਸਭਿਆਚਾਰ ਦੇ
ਗਊ ਮਾਤਾ ਨੂੰ ਕਰਨ ਸਲਾਮਾਂ
ਗਊ ਮੂਤਰ ਦੀਆਂ ਧਾਰਾਂ ਮੂੰਹ ‘ਚ ਮਾਰਦੇ
2.
ਵਿਧਾਨ ਸਭਾ ‘ਚ ਬਹਿ ਕੇ, ਹੁਣ ਤਾਂ
ਪੀਂਦੇ ਵਿਸਕੀ ਲੋਕ
ਲੋਕ ਸਮੱਸਿਆਵਾਂ ਭੁੱਲ ਕੇ
ਇੱਕ ਦੂਜੇ ‘ਤੇ ਜੁੱਤੀਆਂ ਸੁੱਟ ਰਹੇ
3.
ਕਵਿਤਾ ਲਿਖਣੀ, ਹੁਣ ਤਾਂ
ਜਣੇ ਖਣੇ ਦਾ ਕੰਮ ਨਹੀਂ
ਧੜੇਬੰਦੀ ਵਿੱਚ ਜੇਕਰ ਤੂੰ ਆਉਣਾ ਨਹੀਂ
ਤਾਂ ਆਸ ਨ ਰੱਖੀਂ, ਕਿਸੇ ਤੋਂ
ਤਬਸਰਾ ਲਿਖਵਾਉਣ ਦੀ
4.
ਧਰਮ ਸਥਾਨ ਵੀ, ਹੁਣ ਤਾਂ
ਬਣ ਚੁੱਕੇ ਵੈਸ਼ਨੂੰ ਰੈਸਟੋਰੈਂਟ
ਥਾਲੀਆਂ ਦੇ ਭਾਅ ਲੰਗਰ ਵਿਕ ਰਹੇ
ਵਿਆਹ-ਸ਼ਾਦੀਆਂ, ਮਰਨ ਸਮਾਰੋਹਾਂ ਦੇ
ਨਿੱਤ ਲੱਗੇ ਰਹਿਣ ਹੁਣ ਤਾਂ ਟੈਂਟ
5.
ਵੋਟਾਂ ਦਾ ਦਿਨ ਨੇੜੇ ਆ ਗਿਆ
ਨੇਤਾ ਲੱਗ ਪਏ ਠੱਗ ਬਾਬਿਆਂ ਦੇ ਪੈਰੀਂ ਹੱਥ ਲਗਾਣ
ਕੁੱਤਿਆਂ ਵਾਂਗੂੰ ਭਾਵੇਂ ਪੂਛਾਂ ਹਿੱਲਦੀਆਂ ਦਿਸਦੀਆਂ
ਪਰ, ਗਾਂਧੀ ਦੇ ਤਿੰਨ ਬਾਂਦਰਾਂ ਵਾਂਗ
ਉਹ, ਹੁਣ, ਮੂੰਹੋਂ ਕੁਝ ਨ ਕਹਿਣ
6.
ਖ਼ੁਦਕਸ਼ੀਆਂ ਕਿਸਾਨ ਕਰ ਰਹੇ
ਕਰਜ਼ੇ ਦਾ ਵਾਹਵਾ ਡਾਹਢਾ ਭਾਰ-
ਪਰ ਨੇਤਾ ਜੀ ਦੇ ਚਾਅ ਅਵੱਲੜੇ
ਪਾਣੀ ਵਿੱਚ ਚੱਲਦੀ ਬੱਸ ਨੂੰ ਤੱਕ
ਖੁਸ਼ੀ ਵਿੱਚ ਕਹਿ ਗਏ :
ਰਾਖਾ ਸਭ ਦਾ ਹੁਣ ਤਾਂ
ਆਪ ਸੱਚਾ ਕਰਤਾਰ
7.
ਮੰਦਿਰਾਂ ‘ਚ ਔਰਤ ਨੂੰ ਦੇਵੀ ਬਣਾ ਕੇ ਪੂਜਦੇ
ਸੜਕਾਂ ਉੱਤੇ ਉਸਦੇ ਕਰ ਰਹੇ ਸਮੂਹਕ ਬਲਾਤਕਾਰ
ਸਭਿਆਚਾਰ ਦਾ ਇਹ ਕਿਹੋ ਜਿਹਾ ਦਵੰਦ
ਸਮਝ ਨ ਆਇਆ ਕਦੀ
8.
ਕੈਲੇਫੋਰਨੀਆ ਬਣਦਾ ਬਣਦਾ
ਅਫਗਾਨਿਸਤਾਨ ਬਣ ਕੇ ਰਹਿ ਗਿਆ
ੲਹ ਕਿਹੋ ਜਿਹੀ ਬਣਾ ਧਰੀ ਨੁਹਾਰ
ਰਾਜਨੀਤੀਵਾਨ ਨੇ, ਰੰਗਲੇ ਪੰਜਾਬ ਦੀ
9.
ਹਿਟਲਰ ਤਾਂ ਤੁਰਿਆ ਸੀ
ਦੁਨੀਆਂ ਫਤਹ ਕਰਨ ਲਈ
ਗਊ ਭਗਤਾਂ ਦੀ ਦੌੜ, ਮਹਿਜ਼
ਫੇਸਬੁੱਕ ਦੇ ਪੰਨਿਆਂ ਤੱਕ ਸਿਮਟ ਗਈ
ਦਹਿਸ਼ਤਗਰਦੀ ਫੈਲਾਉਣ ਦੀ
10.
ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ
ਲਗਾ ਰਹੇ ਜ਼ੋਰ, ਸਭ ਹੁਣ ਰਾਜਨੀਤੀਵਾਨ
ਗੰਦਗੀ ਦੇ ਢੇਰ, ਜੋ ਥਾਂ ਥਾਂ ਲੱਗੇ ਪਏ
ਗਾਂਧੀ ਦੇ ਤਿੰਨ ਬਾਂਦਰਾਂ ਵਾਂਗ
ਉਨ੍ਹਾਂ ਨੂੰ, ਕਦੀ ਦਿਖਦੇ ਨਹੀਂ
11.
ਮਾਲ ਮੰਤਰੀ ਦੇਸ਼ ਦੇ
ਨਸਿ਼ਆਂ ਦੇ ਸਮੱਗਲਰ ਕਹਿਲਾਉਣ ਲੱਗ ਪਏ
ਕਿੰਨਾ ਰੁਤਬਾ ਵੱਧ ਗਿਆ
ਅੱਜ ਦੇ ਰਾਜਨੀਤੀਵਾਨ ਦਾ
(ਮਾਲਟਨ, ਸਤੰਬਰ 16, 2016)
17/09/16
ਨਜ਼ਮ :
ਡਾਇਰੀ ਦੇ ਪੰਨੇ
ਸੁਖਿੰਦਰ, ਕਨੇਡਾ
1.
ਬਾਂਦਰ ਦੀ ਔਲਾਦ
ਜਦ ਵੀ, ਸੜਕਾਂ ‘ਤੇ ਆ ਜਾਂਦੀ
ਹਰ ਕੋਈ ਜਾਨ ਬਚਾਂਦਾ ਫਿਰਦਾ
ਕਿਤੇ ਝਪਟ ਨ ਪੈਣ
2.
ਵਿਹੜੇ ਵਿੱਚ ਬਾਂਦਰ ਫਿਰਦੇ
ਜਾਨ ਬਚਾ ਲਓ ਲੋਕੋ
ਇਹਨਾਂ ਅੱਗ ਲਗਾ ਪੂਛਾਂ ਨੂੰ
ਘਰ ਤੁਹਾਡੇ ਸਵਾਹ ਕਰ ਦੇਣੇ
3.
ਬੁੱਲ੍ਹੀ ਕੁੱਤਿਆਂ ਦੇ ਹੱਥ ਆ ਗਏ
ਲੇਜ਼ਰ ਬੀਮਾਂ ਸੁੱਟਣ ਵਾਲੇ ਯੰਤਰ
ਪੁਲਿਸ ਦੀਆਂ ਕਾਰਾਂ ਵਿੱਚ ਬਹਿਕੇ
ਇਹਨਾਂ, ਹੁਣ ਦਹਿਸ਼ਤ ਫੈਲਾਣੀ
4.
ਪੰਡਤਾਂ ਦੇ ਕਹਿਣ ‘ਤੇ, ਹੁਣ ਤਾਂ, ਲੋਕੀਂ
ਵਿਆਹ ਦੇਂਦੇ ਨੇ ਧੀਆਂ ਬਾਂਦਰਾਂ-ਕੁੱਤਿਆਂ ਸੰਗ
ਦੇਖੋ ! ਕਿੰਨੀ ਤਰੱਕੀ ਕਰ ਲਈ ਹੈ, ਅਸੀਂ
ਪਰਾ-ਆਧੁਨਿਕ ਸਮਿਆਂ ‘ਚ
5.
ਗਾਂ ਮਾਤਾ ਦੀ ਰਾਖੀ ਕਰਦੇ, ਲੋਕੀਂ
ਬੰਦਿਆਂ ਦੇ ਸਿਰ ਵੱਢ ਦਿੰਦੇ
ਪਸ਼ੂ-ਬਿਰਤੀ ਬੰਦਿਆਂ ਵਿੱਚ
ਦੇਖੋ ! ਕਿਸ ਹੱਦ ਤੱਕ ਜਾ ਪਹੁੰਚੀ
6.
ਕੁੱਤਿਆਂ ਦੇ ਜਨਮ ਦਿਨ, ਹੁਣ ਤਾਂ ਲੋਕੀਂ
ਟੀਵੀ ਸਕਰੀਨਾਂ ‘ਤੇ ਧੂਮ ਧਾਮ ਨਾਲ ਮਨਾਂਦੇ
ਪਰ ਜਦ ਧੀਆਂ ਦੀ ਵਾਰੀ ਆਏ
ਚਿਹਰਿਆਂ ਉੱਤੇ, ਤੇਜ਼ਾਬ ਸੁੱਟਣ ਤੱਕ ਜਾਂਦੇ
7.
ਵਿਸ਼ਵਵਿਦਿਆਲਿਆਂ ਦੀ ਸ਼ੁਹਰਤ, ਵੇਖੋ
ਕਿਸ ਮੁਕਾਮ ‘ਤੇ ਆ ਪਹੁੰਚੀ
ਪੀ.ਐਚ.ਡੀ. ਦੀਆਂ ਡਿਗਰੀਆਂ ਖਾਤਰ, ਕੁੜੀਆਂ ਤੋਂ
ਜਿਸਮਾਂ ਦੀ ਛੋਹ ਮੰਗਣ ਲੱਗ ਪਏ ਅਧਿਆਪਕ
(ਮਾਲਟਨ, ਸਤੰਬਰ 12, 2016)
14/09/16
ਨਜ਼ਮ :
ਕਵਿਤਾ ਦਾ ਸੁਭਾਅ
ਸੁਖਿੰਦਰ
ਕਵਿਤਾ, ਇੱਕ ਕਵੀ ਦਾ
ਹਲਫ਼ੀਆ ਬਿਆਨ ਹੁੰਦੀ ਹੈ-
ਕਵਿਤਾ, ਉਹੀ ਕੁਝ
ਬਿਆਨ ਕਰੇਗੀ, ਜੋ
ਕਵੀ ਦੇ ਅੰਦਰ ਹੋਵੇਗਾ
ਕਵਿਤਾ, ਕਦੀ ਵੀ
ਸੱਚ ਦਾ ਇਜ਼ਹਾਰ ਨਹੀਂ ਕਰੇਗੀ
ਜੇਕਰ, ਕਵੀ ਖ਼ੁਦ
ਝੂਠ ਦਾ ਪੁਲੰਦਾ ਹੋਵੇਗਾ
ਕਵਿਤਾ, ਜਦੋਂ ਦੋਗਲੀਆਂ
ਗੱਲਾਂ ਕਰਦੀ ਹੈ, ਤਾਂ ਉਹ, ਮਹਿਜ਼
ਇਹੀ ਦੱਸ ਰਹੀ ਹੁੰਦੀ ਹੈ
ਕਿ ਕਵਿਤਾ ਦਾ ਰਚਨਹਾਰ
ਇੱਕ ਦੋਗਲਾ ਬੰਦਾ ਹੈ
ਕਵਿਤਾ, ਜਦੋਂ ਸਥਾਪਤੀ ਦਾ
ਪੱਖ ਪੂਰਦੀ ਨਜ਼ਰ ਆਵੇ
ਤਾਂ, ਉਸ ਪਲ, ਉਹ
ਇਹੀ ਦਸਣ ਦੀ ਕੋਸਿ਼ਸ਼
ਕਰ ਰਹੀ ਹੁੰਦੀ ਹੈ ਕਿ
ਰਚਨਾਕਾਰ ਦੀ ਪਿੱਠ ਉੱਤੇ
ਇੱਕ ਅਦਿਸ ਪੂਛ
ਉੱਗ ਆਈ ਹੈ-
ਕਵਿਤਾ, ਕੋਈ
ਇਲਹਾਮ ਵੀ ਨਹੀਂ ਹੁੰਦੀ-
ਇਹ ਤਾਂ, ਬਲਦੇ
ਹੱਥਾਂ ਦਾ ਲਿਖਿਆ
ਹਲਫ਼ੀਆ ਬਿਆਨ ਹੁੰਦੀ ਹੈ
(ਮਾਲਟਨ, ਮਈ 29, 2015)
22/06/15
ਨਜ਼ਮ :
ਬੱਸ-ਮਾਫ਼ੀਆ
ਸੁਖਿੰਦਰ
ਸਾਂਝੀਵਾਲਤਾ ਦੇ ਪਾਣੀਆਂ ਨਾਲ ਸਿੰਜੀ
ਪੰਜ ਦਰਿਆਵਾਂ ਦੀ ਧਰਤੀ ਉੱਤੇ
ਗੁੰਡਿਆਂ, ਬਲਾਤਕਾਰੀਆ, ਕਾਤਲਾਂ ਦੀ
ਮਾਲਕੀਅਤ ਬਣ ਕੇ ਰਹਿ ਗਈਆਂ ਹਨ, ਬੱਸਾਂ-
ਬੱਸਾਂ ਤਾਂ, ਜਨ-ਸਾਧਾਰਨ ਨੂੰ
ਇੱਕ ਥਾਂ ਤੋਂ ਦੂਜੀ ਥਾਂ ਤੱਕ
ਲੈ ਜਾਣ ਦਾ ਇੱਕ ਸਾਧਨ ਸਨ
ਬੱਸਾਂ ਤਾਂ, ਜਨ-ਸਾਧਾਰਨ ਲਈ
ਦੁੱਖ ਦੀਆਂ ਘੜੀਆਂ ਵਿੱਚ, ਇੱਕ ਦੂਜੇ ਕੋਲ
ਪਹੁੰਚਣ ਦਾ ਇੱਕ ਸਾਧਨ ਸਨ
ਬੱਸਾਂ ਤਾਂ, ਜਨ-ਸਾਧਾਰਨ ਲਈ
ਖੁਸ਼ੀ ਦੇ ਪਲਾਂ ਵਿੱਚ, ਇੱਕ ਦੂਜੇ ਨਾਲ
ਮਿਲ ਬੈਠਣ ਦਾ ਇੱਕ ਸਾਧਨ ਸਨ
ਪਰ ਸਾਡੇ ਸਮਿਆਂ ਦੀ
ਇਹ ਇੱਕ ਤ੍ਰਾਸਦੀ ਹੈ ਕਿ
ਇਸ ਮਾਧਿਅਮ ਨੂੰ, ਬੱਸ ਸਲਤਨਤ ਦੇ
ਕੁਝ ਵਿਗੜੇ ਹੋਏ ਅਤੇ ਬੇਖੌਫ਼ ਕਰਿੰਦਿਆਂ ਨੇ
ਇੱਕ ਖਤਰਨਾਕ ਮਾਧਿਅਮ ਬਣਾ ਕੇ ਰੱਖ ਦਿੱਤਾ ਹੈ-
ਹਰ ਔਰਤ, ਹੁਣ, ਬੱਸ ਵਿੱਚ ਸਫ਼ਰ ਕਰਨ ਤੋਂ
ਭੈਅ ਖਾਣ ਲੱਗੀ ਹੈ-
ਉਹ ਜਾਣ ਗਈ ਹੈ, ਇਨ੍ਹਾਂ ਬੱਸਾਂ ਦਾ
ਬਘਿਆੜਾਂ ਵਰਗਾ, ਕੋਈ ਚਾਲਕ
ਬੱਸ ਵਿੱਚ ਸਵਾਰ, ਕਿਸੀ ਵੀ
ਮਾਸੂਮ, ਔਰਤ ਦਾ ਖ਼ੂਨ ਚੂਸਣ ਲਈ
ਡਰੈਕੂਲਾ ਵਾਂਗ, ਉਸ ਦੇ ਜਿਸਮ ਵਿੱਚ
ਆਪਣੇ, ਨੁਕੀਲੇ ਅਤੇ ਖੂੰ-ਖਾਰ ਦੰਦ
ਖੋਭ ਸਕਦਾ ਹੈ-
ਉਸ ਦੇ ਮਾਨਵੀ ਹੱਕਾਂ ਨੂੰ
ਪੈਰਾਂ ਹੇਠ ਰੋਲ, ਉਸ ਦੇ
ਤਨ-ਮਨ ਨੂੰ
ਚੀਥੜਾ, ਚੀਥੜਾ
ਕਰ ਸਕਦਾ ਹੈ
(ਮਾਲਟਨ, ਜੂਨ 6, 2015)
22/06/15
ਨਜ਼ਮ:
ਔਨ ਲਾਈਨ ਕਲਚਰ
ਸੁਖਿੰਦਰ
ਹਰ ਯੁੱਗ, ਆਪਣੇ ਨਾਲ
ਲੈ ਕੇ ਆਉਂਦਾ, ਆਪਣੀਆਂ
ਕਦਰਾਂ-ਕੀਮਤਾਂ -
ਕਲਾ, ਸਾਹਿਤ, ਸਭਿਆਚਾਰ
ਨਵੇਂ ਯੁੱਗ ਦਾ
ਪਾਣੀ ਭਰਦਿਆਂ
ਸਿਰਜਦੇ ਹਨ :
ਸ਼ਬਦਾਂ, ਸਿਧਾਂਤਾਂ, ਸੰਕਲਪਾਂ ਦੇ
ਨਵੇਂ ਅਰਥ
ਰੇਡੀਓ, ਟੀ.ਵੀ., ਫਿਲਮਾਂ, ਸੰਗੀਤ
ਮੰਤਰ-ਮੁਗਧ ਹੋਏ
ਗਲੀ, ਗਲੀ ਨਵੇਂ ਅਰਥਾਂ ਦਾ
ਢੰਡੋਰਾ ਪਿੱਟਦੇ ਹਨ
ਰਾਜਨੀਤੀਵਾਨ, ਨਵੇਂ ਕਲਚਰ ਦੇ
ਗੁਣ ਗਾਂਦਿਆਂ, ਲੱਛੇਦਾਰ ਭਾਸ਼ਨ ਦਿੰਦੇ
ਹਰ ਕੋਈ ਆਖਦਾ :
ਹੁਣ, ਅੱਛੇ ਦਿਨ ਆਉਣਗੇ
ਔਨ ਲਾਈਨ ਕਲਚਰ
ਸਾਡੇ ਸਮਿਆਂ ਦਾ
ਇਤਿਹਾਸ ਲਿਖ ਰਿਹਾ ਹੈ-
ਪਿਆਰ, ਨਫ਼ਰਤ, ਦੋਸਤੀ, ਦੁਸ਼ਮਣੀ
ਸਭ ਕੁਝ, ਹੁਣ, ਇਸੀ ਇੱਕ
ਪਲ ਦੀ ਕਹਾਣੀ ਹੈ
ਨ ਬੀਤ ਗਏ ਦਾ ਗ਼ਮ
ਨ ਆਉਣ ਵਾਲੇ ਦੀ ਚਿੰਤਾ
ਜੋ ਵੀ ਹੈ
ਜ਼ਿੰਦਗੀ ਦਾ, ਇਹੀ ਇੱਕ
ਖੂਬਸੂਰਤ ਪਲ ਹੈ
ਇਸ ਪਲ ਨੁੰ ਸਾਂਭ ਲੈ
ਇਸ ਪਲ ਨੂੰ ਜੀਅ ਲੈ
(ਮਾਲਟਨ, ਜੂਨ 18, 2015)
22/06/15
ਨਜ਼ਮ
:
ਬਾਂਦਰਾਂ ਦਾ ਦੇਸ
ਸੁਖਿੰਦਰ
ਜਿੱਥੇ, ਮੰਦਿਰਾਂ ਦੇ ਪੁਜਾਰੀ
ਔਰਤਾਂ ਨੂੰ, ਦੇਵੀਆਂ ਵਾਂਗ ਸਜਾ
ਪਵਿੱਤਰ ਮੰਤਰ ਪੜ੍ਹ, ਰੱਬ ਦੀਆਂ
ਵੇਸਵਾਵਾਂ ਦਾ ਖਿਤਾਬ ਦੇ, ਆਪਣੇ
ਜਿਸਮ ਵੇਚਣ ਲਈ, ਗੋਸ਼ਤ
ਮੰਡੀ ਵਿੱਚ, ਲਿਆ
ਬਿਠਾਲਦੇ ਹਨ
ਜਿੱਥੇ, ਬੱਸਾਂ ਦੇ ਡਰਾਈਵਰ, ਕੰਡਕਟਰ
ਚਲਦੀਆਂ ਬੱਸਾਂ ਵਿੱਚ, ਸਮੂਹਕ
ਬਲਾਤਕਾਰ ਕਰ, ਬੇਹੱਥੀਆਂ, ਮਾਸੂਮ
ਔਰਤਾਂ ਨੂੰ, ਮਰਨ ਲਈ, ਸੜਕਾਂ ਉੱਤੇ
ਸੁੱਟ ਜਾਂਦੇ ਹਨ
ਜਿੱਥੇ, ਲੋਕਾਂ ਵੱਲੋਂ ਚੁਣੇ ਗਏ
ਪੰਚ-ਸਰਪੰਚ, ਦਲਿਤ ਔਰਤਾਂ ਨੂੰ
ਅਲਫ਼ ਨੰਗਿਆਂ ਕਰ, ਪਿੰਡ ਦੀਆਂ
ਸੜਕਾਂ ਉੱਤੇ, ਗਸ਼ਤ ਲਗਾਉਣ ਦੇ
ਹੁਕਮ ਜਾਰੀ ਕਰਦੇ ਹਨ
ਜਿੱਥੇ, ਸਰਕਾਰ ਦੇ ਮੰਤਰੀ
ਬੱਸਾਂ-ਗੱਡੀਆਂ ਵਿੱਚ, ਨਿੱਤ, ਹੁੰਦੀਆਂ
ਔਰਤਾਂ ਦੇ ਬਲਾਤਕਾਰ ਦੀਆਂ
ਘਟਨਾਵਾਂ ਨੂੰ, ‘ਰੱਬ ਦਾ ਭਾਣਾ’ ਕਹਿ
ਜਨਤਾ ਨੂੰ, ਭਾਣਾ ਮੰਨਣ ਲਈ
ਪ੍ਰੇਰਦੇ ਹਨ
ਜਿੱਥੇ, ‘ਕੰਜਰ’ ਜਾਤੀ ਦੇ ਲੋਕ
ਪ੍ਰਵਾਰਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ
ਆਪਣੀ ਹੀ ਜਵਾਨ ਹੋ ਰਹੀ ਧੀ ਦਾ
ਬਲਾਤਕਾਰ ਕਰਨ ਲਈ, ਮੰਡੀ ‘ਚੋਂ
ਗਾਹਕ ਢੂੰਡਣ ਲਈ, ਪੂਰੇ
ਉਤਸਾਹ ਨਾਲ, ਘਰੋਂ
ਨਿਕਲਦੇ ਹਨ
ਜਿੱਥੇ, ਚਰਚਿਤ ਗਾਇਕ
ਡਰੱਗ ਤਸਕਰੀ ਦਾ ਧੰਦਾ ਕਰਦੇ ਹੋਏ
ਫੜੇ ਜਾਣ ਉੱਤੇ, ਅੰਮ੍ਰਿਤ ਛਕ ਕੇ
ਪੂਰਨ ਗੁਰਸਿੱਖ ਹੋਣ ਦਾ, ਪਾਖੰਡ ਕਰ
ਜਨਤਾ ਦੀਆਂ ਅੱਖਾਂ ਵਿੱਚ
ਘੱਟਾ ਪਾਂਦੇ ਹਨ
ਜਿੱਥੇ, ਪੁਲਿਸ ਦੇ ਥਾਣਿਆਂ ਵਿੱਚ
ਪੁਲਿਸ ਦੇ ਨੱਕ ਹੇਠ, ਦਿਨ-ਰਾਤ
ਕਰੈਕ, ਕੁਕੇਨ, ਅਫੀਮ, ਚਰਸ
ਅੰਬਾਂ, ਖਰਬੂਜਿਆਂ, ਅਮਰੂਦਾਂ ਵਾਂਗ
ਖ੍ਰੀਦੇ, ਵੇਚੇ ਜਾਂਦੇ ਹਨ
ਜਿੱਥੇ, ਸਰਕਾਰੀ ਸਭਿਆਚਾਰਕ ਵਿਭਾਗ
ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟਾਂ ਦੇ ਨਾਂ ਉੱਤੇ
ਵਿਰਸੇ ਦੀਆਂ, ਉੱਚੀਆਂ-ਸੁੱਚੀਆਂ, ਕਦਰਾਂ-ਕੀਮਤਾਂ ਦਾ
ਪਾਸਾਰ ਕਰਨ ਦੀ ਥਾਂ, ਬਾਲੀਵੁੱਡ ਦੀਆਂ
ਅੱਧ-ਨੰਗੀਆਂ, ਨਾਚੀਆਂ ਰਾਹੀਂ
ਸ਼ਰਾਬ ਅਤੇ ਸ਼ਬਾਬ ਦੇ ਬਾਜ਼ਾਰ ਦਾ
ਪਾਸਾਰ ਕਰਦੇ ਹਨ
ਜਿੱਥੇ, ਪੁਲਿਸ ਦੇ ਸਿਪਾਹੀ
ਚੋਰਾਂ, ਡਾਕੂਆਂ, ਕਾਤਲਾਂ, ਤਸਕਰਾਂ ਨੂੰ
ਫੜਨ ਦੀ ਥਾਂ, ਆਪ
ਚੋਰੀਆਂ ਕਰਦੇ ਹਨ
ਡਾਕੇ ਮਾਰਦੇ ਹਨ
ਕਤਲ ਕਰਦੇ ਹਨ
ਤਸਕਰੀ ਕਰਦੇ ਹਨ
ਬਾਂਦਰਾਂ ਦੇ ਦੇਸ ਦੀਆਂ ਕਥਾਵਾਂ
ਪੰਚਤੰਤਰ ਦੀਆਂ ਕਥਾਵਾਂ ਵਾਂਗ
ਬੰਦੇ ਨੂੰ ਚਕਾਚੌਂਧ ਕਰ ਦਿੰਦੀਆਂ ਹਨ-
ਉਸ ਦੀ ਰੀੜ ਦੀ ਹੱਡੀ ਵਿੱਚ
ਝੁਨਝੁਨੀ ਛੇੜ ਦਿੰਦੀਆਂ ਹਨ
(ਮਾਲਟਨ, ਮਈ 25, 2015)
|
ਬੌਣੇ |
|
ਸੁਖਿੰਦਰ - ਪਾਕਿਸਤਾਨ ਵਿਚ |
ਨਜ਼ਮ :
ਬੌਣੇ
ਸੁਖਿੰਦਰ
ਬੌਣੇ ਬੰਦਿਆਂ ਦਾ ਸਾਹਮਣਾ ਕਰਨਾ
ਸਭ ਤੋਂ ਖਤਰਨਾਕ ਹੁੰਦਾ ਹੈ-
ਉਹ, ਨ ਆਦਮੀ ਹੁੰਦੇ ਹਨ
ਨ ਔਰਤਾਂ ਹੀ
ਉਹ, ਨ ਧਰਤੀ ਉੱਤੇ ਹੁੰਦੇ ਹਨ
ਨ ਆਸਮਾਨ ਵਿੱਚ ਹੀ
ਉਹ, ਤਾਂ ਲਟਕੇ ਹੁੰਦੇ ਹਨ
ਖਲ੍ਹਾ ਵਿੱਚ, ਤ੍ਰੈਸ਼ੰਕੂ ਦੇ ਵਾਂਗ
ਸਮੇਂ ਦੀ ਮੰਗ ਹੋਵੇ, ਤਾਂ
ਉਹ, ਬਣ ਸਕਦੇ ਹਨ -
ਚਮਚੇ, ਕੜਛੀਆਂ, ਕਾਂਟੇ
ਪਤੀਲੇ, ਕੜਾਹੀਆਂ, ਪਰਾਤਾਂ
ਜਿਸਮ ਫਰੋਸ਼ਾਂ, ਦੱਲਿਆਂ ਦਿਆਂ ਇਸ਼ਾਰਿਆਂ 'ਤੇ
ਉਹ, ਬਣ ਸਕਦੇ ਹਨ-
ਭੇਡਾਂ, ਬੱਕਰੀਆਂ, ਗਾਵਾਂ
ਤਵਾਇਫਾਂ, ਗਸ਼ਤੀਆਂ, ਵੇਸਵਾਵਾਂ
ਗਰਮ ਗੋਸ਼ਤ ਦੇ ਵਿਉਪਾਰੀਆਂ ਲਈ
ਉਹ, ਲਿਟ ਸਕਦੇ ਹਨ, ਨੰਗੇ ਬਦਨ-
ਠੰਢੇ ਯੱਖ ਫਰਸ਼ ਉੱਤੇ, ਲਾਲ ਬੱਤੀ ਚੌਕ ਵਿੱਚ
ਜਹਾਲਤ ਦੀ ਆਖਰੀ ਹੱਦ ਤੀਕ
ਬੌਣੇ ਬੰਦੇ, ਗਿਰਗਟ ਦੇ ਵਾਂਗ
ਪਲਾਂ ਛਿਣਾਂ ਵਿੱਚ ਹੀ, ਬਦਲ ਸਕਦੇ ਹਨ ਰੂਪ
ਬਘਿਆੜਾਂ, ਮਗਰਮੱਛਾਂ, ਸੱਪਾਂ, ਠੂੰਹਿਆਂ ਦਾ
ਭਰਮ ਜਾਲ ਸਿਰਜਣ ਦੇ ਮਾਹਰ
ਬੌਣੇ ਬੰਦੇ-
ਧਰਮ ਰੱਖਿਅਕ ਬਣ, ਅਧਰਮੀਆਂ ਵਾਲੇ ਸਭ ਕੰਮ ਕਰਦੇ
ਸਮਾਜ ਸੁਧਾਰਕ ਬਣ, ਮਾਸੂਮਾਂ ਦੀਆਂ ਇੱਜ਼ਤਾਂ ਲੁੱਟਦੇ
ਮਹਾਂ ਦਾਨੀ ਬਣ, ਧਰਮ ਅਸਥਾਨਾਂ ਵਿੱਚ ਧੰਨ ਦੇ ਵੱਡੇ ਘਪਲੇ ਕਰਦੇ
ਔਰਤਾਂ ਦੇ ਰਖਵਾਲੇ ਬਣ, ਘਰ, ਘਰ ਚਕਲੇ ਉਸਾਰਦੇ
ਭੁੱਖਿਆਂ ਨੂੰ ਲੰਗਰ ਖਵਾ, ਕਬਰਸਤਾਨ ਦਾ ਰਾਹ ਦਿਖਾਲਦੇ
ਰਾਜਨੀਤੀਵਾਨ ਬਣ, ਧਰਮੀ ਦਹਿਸ਼ਤਗਰਦੀ ਦਾ ਰਾਗ ਅਲਾਪਦੇ
ਬੌਣੇ ਬੰਦਿਆਂ ਨੂੰ
ਪਹਿਚਾਨਣਾ, ਸਮਝਣਾ, ਜਾਨਣਾ
ਸਭ ਤੋਂ ਖਤਰਨਾਕ ਹੁੰਦਾ ਹੈ-
ਜਿਵੇਂ, ਹਮਬਿਸਤਰ ਹੋਣ ਲਈ
ਗਾਹਕਾਂ ਦੀ ਉਡੀਕ 'ਚ
ਮੰਦਿਰ 'ਚ, ਸਜ-ਧੱਜ ਕੇ, ਬੈਠੀ
ਰੱਬ ਦੀ ਵੇਸਵਾ ਨੂੰ
ਸਰਸਵਤੀ, ਲਕਸ਼ਮੀ, ਦੁਰਗਾ ਦਾ ਰੂਪ
ਸਮਝ ਲੈਣਾ, ਖਤਰਨਾਕ ਹੁੰਦਾ ਹੈ
ਸਤੰਬਰ 19, 2014, Malton
|
ਸੁਖਿੰਦਰ - ਪਾਕਿਸਤਾਨ ਵਿਚ |
ਨਜ਼ਮ :
ਬੁਲਬੁਲ
ਸੁਖਿੰਦਰ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਆਪਣੇ ਦੁੱਖਾਂ ਵੱਲੋਂ, ਚੁੱਪ ਹੀ ਵੱਟੀ ਰੱਖਣੀ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਆਪਣੇ ਪੈਰਾਂ ‘ਚ ਪਈਆਂ, ਗੁਲਾਮੀ ਦੀਆਂ ਜੰਜ਼ੀਰਾਂ ਨੂੰ
ਪਿਆਰ ਹੀ ਕਰੀ ਜਾਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਆਪਣੇ ਚਿਹਰੇ ‘ਤੇ, ਹਰ ਦਿਨ
ਕੋਈ ਨਵਾਂ, ਮੁਖੌਟਾ ਹੀ ਸਜਾ ਲੈਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਆਪਣੀ ਰੂਹ ਦੇ ਕਾਤਲ ਦੇ ਮੋਹ ‘ਚ ਆ ਕੇ
ਸੱਚ ਨੂੰ ਝੂਠ, ਝੂਠ ਨੂੰ ਸੱਚ, ਹੀ ਕਹੀ ਜਾਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਪੈਰਾਂ ‘ਚ ਘੁੰਗਰੂ ਬੰਨ੍ਹ, ਕੋਠੇ ‘ਤੇ
ਰਾਤ ਭਰ, ਮੁਜਰਾ ਹੀ ਕਰੀ ਜਾਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਡਾਲਰਾਂ ਦੇ ਨੋਟ ਦਿਖਦਿਆਂ ਹੀ, ਯੂ-ਟਿਊਬ ਉੱਤੇ
ਆਪਣੇ, ਅੰਗਾਂ ਦੀ ਨੁਮਾਇਸ਼ ਕਰੀ ਜਾਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਨਿੱਤ, ਚੇਤਨਾ ਦੇ ਚਿਰਾਗ਼
ਜਗਾਈ ਜਾਣ ਦਾ ਕੀ ਫਾਇਦਾ
ਜੇਕਰ, ਪਿੰਜਰੇ ‘ਚ ਕੈਦ ਬੁਲਬੁਲ ਨੇ
ਅਗਿਆਤ ਲਾਲਸਾਵਾਂ ‘ਚ ਘਿਰ ਕੇ
ਆਪਣੀ ਕੈਦ, ਕੈਦ ਕਰਨ ਵਾਲਿਆਂ, ਸੰਗ
ਅੰਤਾਂ ਦਾ, ਮੋਹ ਹੀ ਪਾਲਣਾ ਹੈ-
ਤਾਂ, ਘਰਾਂ ਦੀਆਂ ਮਮਟੀਆਂ ‘ਤੇ
ਚੇਤਨਾ ਦੇ ਚਿਰਾਗ਼ਾਂ ਨੇ, ਨਿੱਤ, ਜਗ ਕੇ ਵੀ
ਕਦੀ, ਹਨ੍ਹੇਰਾ ਦੂਰ ਨਹੀਂ ਕਰ ਸਕਣਾ
ਮਾਲਟਨ, ਅਗਸਤ 26, 2014
ਨਜ਼ਮ
ਹਮਦਰਦੀ
ਸੁਖਿੰਦਰ
ਸਰਹੱਦ ਦੇ ਦੋਵੇਂ ਪਾਸੇ
ਬੰਦੂਕਾਂ, ਮਸ਼ੀਨ ਗੰਨਾਂ ਨਾਲ
ਠਾਹ ਠਾਹ ਕਰ ਰਹੇ
ਫਲਸਤੀਨੀ ਗੁਰੀਲਿਆਂ
ਜਾਂ ਯਹੂਦੀ ਸਿਪਾਹੀਆਂ ‘ਚੋਂ
ਮੇਰੀ ਹਮਦਰਦੀ ਦਾ ਪਾਤਰ
ਕੋਈ ਇੱਕ ਵੀ ਨਹੀਂ-
ਮੇਰੀ ਹਮਦਰਦੀ, ਤਾਂ
ਅੰਤਾਂ ਦੇ ਦੁੱਖ ਨਾਲ
ਕਰਾਹ ਰਹੀਆਂ, ਪੀੜਤ
ਉਨ੍ਹਾਂ ਮਾਵਾਂ ਨਾਲ ਹੈ-
ਜਿਨ੍ਹਾਂ ਦੇ ਧੀਆਂ, ਪੁੱਤਰ
ਸਰਹੱਦ ਦੇ ਦੋਵੇਂ ਪਾਸੇ
ਗੰਦੀ ਰਾਜਨੀਤੀ ਦਾ ਸ਼ਿਕਾਰ ਹੋ
ਲਾਸ਼ਾਂ ਦੇ ਅੰਬਾਰ ‘ਚ
ਨਿੱਤ, ਵਾਧਾ ਕਰ ਰਹੇ
ਸਰਹੱਦ ਦੇ ਦੋਵੇਂ ਪਾਸੇ ਹੀ
ਗੰਦੀ ਰਾਜਨੀਤੀ ਬੀਜਦੀ ਹੈ
ਨਫ਼ਰਤਾਂ ਦੇ ਬੀਜ, ਭੋਲੇ ਭਾਲੇ
ਲੋਕਾਂ ਦੀ ਚੇਤਨਾ ਵਿੱਚ -
ਨਫ਼ਰਤਾਂ ਦੇ ਬੀਜ, ਸਮਾਂ ਪਾ
ਮਨੁੱਖੀ ਦਿਮਾਗ਼ਾਂ ‘ਚ
ਫੁੰਕਾਰੇ ਮਾਰਨ ਲੱਗਦੇ ਹਨ
ਫਨੀਅਰ ਸੱਪ, ਬਣ ਬਣ
ਹਥਿਆਰਾਂ ਦੀ ਵਿਸ਼ਵ-ਮੰਡੀ ਦੇ
ਚਲਾਕ ਅਤੇ ਮਕਾਰ ਵਿਉਪਾਰੀ
ਧਰਤੀ ਦੇ ਕੋਨੇ ਕੋਨੇ ਵਿੱਚ
ਸੁੰਘਦੇ ਫਿਰਦੇ ਹਨ
ਜਰਖੇਜ਼ ਸਰਹੱਦਾਂ, ਜਿੱਥੇ
ਯੁੱਧ ਦੀ ਧੂਣੀ ਬਾਲ
ਹਥਿਆਰਾਂ ਦੀ ਭੁੱਖ
ਜਗਾਈ ਜਾ ਸਕੇ-
ਸਰਹੱਦਾਂ ਤਾਂ, ਮਹਿਜ਼
ਧਰਤੀ ਦੀ ਹਿੱਕ ਉੱਤੇ ਖਿੱਚੀਆਂ
ਕਾਲਪਨਿਕ ਲਕੀਰਾਂ ਹੁੰਦੀਆਂ ਹਨ
ਇਨ੍ਹਾਂ ਨੂੰ ਲਹੂ ਪੀਣੀਆਂ ਸਰਹਾਲਾਂ
ਵਿੱਚ, ਬਦਲ ਦੇਣ ਦਾ ਕੰਮ
ਤਾਕਤ ਦੇ ਭੁੱਖੇ, ਰਾਜਨੀਤੀਵਾਨਾਂ
ਧਾਰਮਿਕ ਘੜੰਮ ਚੌਧਰੀਆਂ
ਮਨੁੱਖੀ ਲਾਸ਼ਾਂ ਦਾ ਵਿਉਪਾਰ ਕਰਨ ਵਾਲੇ
ਮੁਨਾਫ਼ਾਖੋਰਾਂ ਦਾ ਹੁੰਦਾ ਹੈ-
ਜਿਨ੍ਹਾਂ ਦੇ ਮਹੱਲਾਂ ਵਰਗੇ
ਘਰਾਂ ਦੀਆਂ ਰੌਸ਼ਨੀਆਂ ਦੀ
ਜਗਮਗਾਹਟ, ਤਿਉਂ ਤਿਉਂ
ਵਧਦੀ ਜਾਂਦੀ ਹੈ, ਜਿਉਂ ਜਿਉਂ
ਉਨ੍ਹਾਂ ਦੀਆਂ ਫੈਕਟਰੀਆਂ ‘ਚ
ਬਣਿਆ, ਬਰੂਦ ਵਿਕਣ ਸਦਕਾ
ਦੁਨੀਆਂ ਦੇ ਕੋਨੇ ਕੋਨੇ ਵਿੱਚ
ਜੰਗ ਦੀ ਅੱਗ ਦੇ ਭਾਂਬੜ
ਉੱਚੇ, ਹੋਰ ਉੱਚੇ
ਹੁੰਦੇ ਜਾਂਦੇ ਹਨ
ਮਨੁੱਖੀ ਲਾਸ਼ਾਂ ਦੇ ਅੰਬਾਰ
ਉੱਚੇ, ਹੋਰ ਉੱਚੇ
ਹੁੰਦੇ ਜਾਂਦੇ ਹਨ
ਅਗਸਤ 4, 2014, ਮਾਲਟਨ
ਨਜ਼ਮ :
ਅਸ਼ੀਰਵਾਦ
ਸੁਖਿੰਦਰ
ਪਤਨੀ ਨੇ ਝੁਕ ਕੇ
ਪਤੀ ਦੇ ਪੈਰ ਛੂਹੇ
ਅਤੇ ਬੋਲੀ :
ਮੈਨੂੰ ਅਸ਼ੀਰਵਾਦ ਦਿਓ-
ਕਿ ਮੈਂ ਹਮੇਸ਼ਾ, ਤੁਹਾਡੀ
ਗੁਲਾਮ ਬਣ ਕੇ ਰਹਾਂ
ਪਤੀ ਨੇ ਕਾਹਲੀ ਨਾਲ
ਪੈਰ ਪਿੱਛੇ ਖਿੱਚਦਿਆਂ ਕਿਹਾ :
ਨਹੀਂ, ਨਹੀਂ, ਐਸਾ ਨਹੀਂ-
ਤੂੰ ਤਾਂ ਮੇਰੀ ਪਤਨੀ ਹੈਂ
ਮੇਰੀ ਅਰਧਾਂਗਨੀ
ਮੇਰੇ ਜਿਸਮ ਦਾ ਅੱਧਾ ਹਿੱਸਾ-
ਤੂੰ ਕੋਈ ਭੇਡ, ਬੱਕਰੀ ਜਾਂ ਕੁੱਤਾ ਨਹੀਂ
ਕਿ ਮੇਰੇ ਪੈਰਾਂ ‘ਚ ਵਿਛ ਕੇ
ਮੇਰੇ ਪੈਰ ਚੱਟਦੀ ਰਹੇਂ
ਅਤੇ ਓਨੀ ਦੇਰ ਤੱਕ
ਫਰਸ਼ ਉੱਤੇ ਲੇਟੀ
ਪਲਸੇਟੇ ਮਾਰਦੀ ਰਹੇਂ
ਜਿੰਨੀ ਦੇਰ ਤੱਕ, ਤੇਰੇ ਮੂੰਹ ‘ਚ
ਖਾਣ ਲਈ, ਕੋਈ ਚੀਜ਼
ਨ ਪਾਈ ਜਾਏ
ਪਤਨੀ, ਪਹਿਲਾਂ ਤੋਂ ਵੀ ਵੱਧ
ਦ੍ਰਿੜਤਾ ਨਾਲ, ਮੁੜ ਬੋਲੀ:
ਮੈਨੂੰ ਅਸ਼ੀਰਵਾਦ ਦਿਓ-
ਕਿ ਮੈਂ ਹਮੇਸ਼ਾ, ਤੁਹਾਡੀ
ਗੁਲਾਮ ਬਣ ਕੇ ਰਹਾਂ-
ਮੈਂ ਤੋਤੇ ਵਾਂਗ, ਹਮੇਸ਼ਾ
ਉਹੀ ਸ਼ਬਦ ਦੁਹਰਾਵਾਂ, ਜੋ
ਰਾਤ ਭਰ, ਤੁਸੀਂ ਮੇਰੀ ਚੇਤਨਾ ਵਿੱਚ
ਟੇਪ ਰਿਕਾਰਡਰ ਦੇ ਵਾਂਗ, ਭਰੇ ਹੋਵਣ
ਮੈਂ ਹਮੇਸ਼ਾ ਰੋਬਾਟ ਵਾਂਗ, ਮਹਿਜ਼
ਉਹੀ ਕੰਮ ਕਰਾਂ, ਜੋ ਕੰਮ ਕਰਨ ਲਈ
ਤੁਸੀਂ, ਮੇਰੇ ਦਿਮਾਗ਼ ਨੂੰ ਪ੍ਰੋਗਰਾਮ ਕੀਤਾ ਹੋਵੇ
ਮੈਂ ਆਪਣੇ ਚਿਹਰੇ ਉੱਤੇ, ਉਸੇ ਤਰ੍ਹਾਂ ਦੇ ਹੀ
ਹਾਵ-ਭਾਵ ਉਜਾਗਰ ਕਰਾਂ, ਜੋ ਕਰਨ ਲਈ
ਤੁਸੀਂ, ਮੈਨੂੰ ਅੱਧੀ, ਅੱਧੀ ਰਾਤ ਨੂੰ ਉੱਠ ਕੇ
ਸਿਖਲਾਇਆ ਹੋਵੇ-
ਮੈਨੂੰ ਅਸ਼ੀਰਵਾਦ ਦਿਓ
ਕਿ ਤੁਹਾਡੇ ਇਸ਼ਾਰਿਆਂ ‘ਤੇ
ਦਿਨ ਰਾਤ, ਪੁਤਲੀ ਦੇ ਵਾਂਗ
ਤਮਾਸ਼ਾ ਕਰਦੀ ਫਿਰਾਂ
ਆਪਣੀ ਔਕਾਤ ਨੂੰ, ਸੱਚ ਦੀ ਨਹੀਂ
ਝੂਠ ਦੀ ਪਹਿਰੇਦਾਰ ਕਹਾਂ-
ਮੈਂ ਝੂਠ ਬੋਲਾਂ, ਝੂਠ ਸੋਚਾਂ, ਝੂਠ ਦੀ ਹੀ
ਖਿਦਮਤਗਾਰ ਬਣਾਂ-
ਪੱਥਰ ਵਾਂਗ ਸੁੰਨ ਹੋ ਚੁੱਕੇ
ਪਤੀ ਦੀਆਂ ਅੱਖਾਂ ‘ਚ ਅੱਖਾਂ ਪਾ ਕੇ
ਪਤਨੀ ਫਿਰ ਬੁੜਬੁੜਾਈ-
ਮੈਂ ਜਾਣਦੀ ਹਾਂ ਕਿ
ਸੱਚ ਬੋਲਣ ਦੀ ਕੀ ਸਜ਼ਾ ਹੈ-
ਸੱਚ ਬੋਲਾਂਗੀ, ਤਾਂ
ਸੀਤਾ ਵਾਂਗੂੰ, ਮਹਿਲਾਂ ‘ਚੋਂ ਧੱਕੇ ਮਾਰ
ਕੱਢ ਦਿੱਤੀ ਜਾਵਾਂਗੀ
ਸੱਚ ਬੋਲਾਂਗੀ, ਤਾਂ
ਮੀਰਾ ਦੇ ਵਾਂਗ, ਵਿਸ਼ ਦਾ ਪਿਆਲਾ
ਪੀਣਾ ਪਵੇਗਾ
ਸੱਚ ਬੋਲਾਂਗੀ, ਤਾਂ
ਸੋਹਣੀ ਦੇ ਵਾਂਗ, ਕੱਚੇ ਘੜੇ ਤੇ ਤਰਦਿਆਂ
ਦਰਿਆ ‘ਚ ਡੁੱਬ ਕੇ ਮਰਨਾ ਪਵੇਗਾ
ਸੱਚ ਬੋਲਾਂਗੀ, ਤਾਂ
ਪੱਥਰ ਮਾਰ, ਮਾਰ ਮੈਨੂੰ
ਕਤਲ ਕਰ ਦਿੱਤਾ ਜਾਵੇਗਾ
ਮੈਂ ਸੱਚ ਬੋਲਣ ਦੇ
ਅਰਥ ਜਾਣਦੀ ਹਾਂ-
ਮੈਂ ਆਪਣੀ ਹੋਂਦ ਜਤਲਾਈ
ਤਾਂ, ਤੁਹਾਡੇ ਸਦੀਆਂ ਤੋਂ ਬਣੇ
ਵਿਸ਼ਵਾਸ ਤਿੜਕ ਜਾਣੇ ਨੇ-
ਤੁਸੀਂ, ਆਪਣੇ ਪੁਰਖਾਂ ਨੂੰ
ਕੀ ਉੱਤਰ ਦਿਓਗੇ-
ਜਿਨ੍ਹਾਂ ਨੇ ਔਰਤ ਨੂੰ
ਜਾਨਵਰ ਦੇ ਬਰਾਬਰ ਕਿਹਾ
ਜਿਨ੍ਹਾਂ ਨੇ ਆਪਣੇ
ਧਾਰਮਿਕ ਸਥਾਨਾਂ ਨੂੰ
ਔਰਤ ਦੀ ਭਿੱਟ ਤੋਂ
ਬਚਾ ਕੇ ਰੱਖਣ ਲਈ
ਔਰਤ ਨੂੰ, ਸਦਾ
ਦੁਰਕਾਰਿਆ ਹੈ, ਉਸਦੀ
ਚੇਤਨਾ ਨੂੰ, ਗੁਲਾਮੀ ਦਾ
ਭਾਰਾ ਜੰਦਰਾ ਮਾਰਿਆ ਹੈ
ਅਗਸਤ 20, 2014
ਨਜ਼ਮ :
ਹਰ ਔਰਤ ਆਜ਼ਾਦੀ ਨਹੀਂ ਮੰਗਦੀ
ਸੁਖਿੰਦਰ
ਅੱਜ ਦਾ ਯੁੱਗ
ਵਸਤ-ਸਭਿਆਚਾਰ ਦਾ
ਯੁੱਗ ਹੈ -
ਅੱਜ ਦਾ ਯੁੱਗ
ਸ਼ਬਦਾਂ ਦੇ ਅਰਥਾਂ ਦੇ
ਵਿਭਚਾਰ ਦਾ ਯੁੱਗ ਹੈ
ਅੱਜ ਦੇ ਯੁੱਗ ਵਿੱਚ
ਵਸਤ-ਸਭਿਆਚਾਰ ਦੇ ਸੁੱਖ ਮਾਨਣ ਲਈ
ਪੈਰਾਂ ਵਿੱਚ ਲਿਟ ਕੇ, ਕੁੱਤੇ ਵਾਂਗੂੰ
ਪੂਛ ਹਿਲਾਣਾ ਵੀ ਆਜ਼ਾਦੀ ਹੈ
ਭੰਗ, ਕਰੈਕ, ਕੁਕੇਨ, ਗਾਂਜੇ ਦੇ ਸੂਟੇ
ਮਿਲ ਜਾਣ ਦੀ ਲਾਲਚ ਵਿੱਚ
ਕੁੱਤੇ ਵਾਂਗੂੰ, ਪੈਰਾਂ ਨੂੰ
ਚੱਟੀ ਜਾਣਾ ਵੀ
ਆਜ਼ਾਦੀ ਹੈ
ਅੱਜ ਦੇ ਯੁੱਗ ਵਿੱਚ
ਵਸਤ-ਸਭਿਆਚਾਰ ਦੇ
ਸੁੱਖ ਮਾਨਣ ਲਈ
ਰੰਡੀ ਬਣ ਕੇ, ਕੋਠੇ ਉੱਤੇ
ਬਹਿ ਜਾਣਾ ਵੀ
ਆਜ਼ਾਦੀ ਹੈ
ਰਾਤ ਭਰ, ਪੋਰਨੋ ਵੈੱਬ ਸਾਈਟਾਂ
ਸੈਕਸ ਟੀਵੀ ਸ਼ੌਆਂ ਵਿੱਚ
ਆਪਣੇ ਅੰਗ, ਅੰਗ ਦੀ
ਪ੍ਰਦਰਸ਼ਨੀ ਕਰਨਾ ਵੀ
ਆਜ਼ਾਦੀ ਹੈ
ਮੰਦਿਰ ਦੇ ਪੁਜਾਰੀ ਦਾ
ਅਸ਼ੀਰਵਾਦ ਗ੍ਰਹਿਣ ਕਰ
‘ਰੱਬ ਦੀ ਵੇਸਵਾ’ ਬਣ ਕੇ
ਮੰਦਿਰ ਵਿੱਚ ਬਹਿ ਜਾਣਾ ਵੀ
ਆਜ਼ਾਦੀ ਹੈ
ਆਪਣੇ ਧੀਆਂ, ਪੁੱਤਰਾਂ ਨਾਲ
ਪਿਆਰ ਜਿਤਾਣ ਦਾ ਢੋਂਗ ਰਚਾ ਕੇ
ਸਮਲਿੰਗੀ ਭੋਗ ਰਚਾਣਾ ਵੀ
ਆਜ਼ਾਦੀ ਹੈ
ਸਕੂਲ ‘ਚ ਪੜ੍ਹਣ ਆਏ
ਬੱਚੇ ਨਾਲ, ਅਧਿਆਪਕਾ ਦਾ
ਰੋਮਾਂਸ ਲੜਾਣਾ ਵੀ
ਆਜ਼ਾਦੀ ਹੈ
ਦੇਸ਼ ਦੇ ਰਾਸ਼ਟਰਪਤੀ ਨਾਲ
ਵਾਈਟ ਹਾਊਸ ਦੇ ਗੱਦਿਆਂ ਉੱਤੇ
ਲਿਟ ਕੇ, ਖੇਹ ਖਾਣਾ ਵੀ
ਆਜ਼ਾਦੀ ਹੈ
ਆਜ਼ਾਦੀ, ਮਹਿਜ਼
ਡਿਕਸ਼ਨਰੀ ਦਾ ਇੱਕ
ਸ਼ਬਦ ਨਹੀਂ ਹੈ-
ਆਪਣੀ, ਆਪਣੀ ਸੋਚ ਮੁਤਾਬਿਕ
ਹਨ੍ਹੇਰੀਆਂ ਗੁਫ਼ਾਵਾਂ ਵੱਲ, ਨਿਤ
ਆਪਣੇ ਆਪ ਨੂੰ
ਧੱਕੀ ਜਾਣਾ, ਜਾਂ
ਚਾਨਣ ਵਾਲ ਕਦਮ
ਵਧਾਉਣਾ ਵੀ
ਆਜ਼ਾਦੀ ਹੈ
ਜੁਲਾਈ 14, 2014
ਨਜ਼ਮ :
ਉਹ, ਇੱਕ ਔਰਤ ਹੈ
ਸੁਖਿੰਦਰ
ਇੱਕ ਦਿਨ, ਉਹ ਖਿੜਿਆ ਗੁਲਾਬ ਹੁੰਦੀ ਹੈ
ਦੂਜੇ ਦਿਨ, ਚੁੱਲ੍ਹੇ ਵਿੱਚ ਪਈ ਸਵਾਹ ਦਾ ਢੇਰ
ਇੱਕ ਰਾਤ ਵਿੱਚ ਹੀ ਕਿੰਨਾਂ ਬਦਲ ਜਾਂਦਾ ਹੈ ਮੌਸਮ
ਇੱਕ ਦਿਨ, ਉਹ ਬਹਾਰ ਦੇ ਮੌਸਮ ਵਿੱਚ ਖਿੜੀ ਕਲੀ ਹੁੰਦੀ ਹੈ
ਦੂਜੇ ਦਿਨ, ਬਰਫ਼ੀਲੇ ਝੱਖੜ ਨਾਲ ਝੰਬੀ ਹੋਈ ਇੱਕ ਵੇਲ
ਇੱਕ ਰਾਤ ਵਿੱਚ ਹੀ ਕਿੰਨਾਂ ਬਦਲ ਜਾਂਦਾ ਹੈ ਮੌਸਮ
ਇੱਕ ਦਿਨ, ਉਹ ਬੱਚਿਆਂ ਦੀ ਪਿਆਰੀ ਮਾਂ ਹੁੰਦੀ ਹੈ
ਦੂਜੇ ਦਿਨ, ਲੱਪ ਲੱਪ ਹੰਝੂ ਕੇਰ ਰਹੀ ਬੇਸਹਾਰਾ ਔਰਤ
ਇੱਕ ਰਾਤ ਵਿੱਚ ਹੀ ਕਿੰਨਾਂ ਬਦਲ ਜਾਂਦਾ ਹੈ ਮੌਸਮ
ਇੱਕ ਦਿਨ, ਉਹ ਪਿਆਰ, ਸਤਿਕਾਰ, ਯੋਗ ਹੱਡ ਮਾਸ ਦਾ ਪੁਤਲਾ ਹੁੰਦੀ ਹੈ
ਦੂਜੇ ਦਿਨ, ਭੇਡ, ਬੱਕਰੀ, ਢੋਰ, ਗੰਵਾਰ, ਨਫ਼ਰਤ ਕਰਨ ਯੋਗ ਇੱਕ ਵਸਤੂ
ਇੱਕ ਰਾਤ ਵਿੱਚ ਹੀ ਕਿੰਨਾਂ ਬਦਲ ਜਾਂਦਾ ਹੈ ਮੌਸਮ
ਇੱਕ ਦਿਨ, ਉਹ ਬਲੌਰੀ ਅੱਖਾਂ ਵਾਲੀ ਸੱਸੀ, ਸੋਹਣੀ, ਹੀਰ ਹੁੰਦੀ ਹੈ
ਦੂਜੇ ਦਿਨ, ਰੋ ਰੋ ਸੁੱਜੀਆਂ ਅੱਖਾਂ ਜਿਸਮ ‘ਤੇ ਥਾਂ ਥਾਂ ਪਏ ਨੀਲ ਵਾਲੀ ਕੁੜੀ
ਇੱਕ ਰਾਤ ਵਿੱਚ ਹੀ ਕਿੰਨਾਂ ਬਦਲ ਜਾਂਦਾ ਹੈ ਮੌਸਮ
ਜ਼ਿੰਦਗੀ, ਤੇਰੇ ਮੌਸਮ
ਚੁੱਪ ਚੁਪੀਤੇ ਆਉਂਦੇ
ਚੁੱਪ ਚੁਪੀਤੇ ਚਲੇ ਜਾਂਦੇ
ਮੌਸਮਾਂ ਦੇ ਰਹਿਮ ‘ਤੇ
ਰੁੱਖਾਂ ਦੇ ਡਿੱਗੇ ਪੱਤੇ ਬਣ
ਕਦੀ, ਅਸੀਂ, ਹਵਾ ਵਿੱਚ
ਉੱਡਦੇ ਫਿਰਦੇ ਹਾਂ
ਕਦੀ-
ਜ਼ਿੰਦਗੀ ਦਾ ਆਖਰੀ ਸੱਚ
ਰੇਤ ਦੇ ਕਿਣਕਿਆਂ ਵਿੱਚ
ਢਲ ਰਹੇ ਹੁੰਦੇ ਹਾਂ
ਮਾਲਟਨ, ਜੁਲਾਈ 11, 2014
ਨਜ਼ਮ :
ਨਵੇਂ ਯੁੱਗ ਦੀ ਕਵਿਤਾ
ਸੁਖਿੰਦਰ
ਮੈਂ ਹੁਣ, ਇੱਕ ਐਸੀ
ਕਵਿਤਾ ਲਿਖਾਂਗਾ-
ਜੋ ਮੂੰਹੋਂ ਚੁੱਪ ਰਹੇਗੀ
ਪਰ, ਫਿਰ ਵੀ
ਸਭ ਕੁਝ ਕਹੇਗੀ
ਜਿਵੇਂ, ਰਾਤ ਭਰ ਜਾਗੀ ਪਤਨੀ ਦੀਆਂ
ਸੁੱਜੀਆਂ ਅੱਖਾਂ ਸਾਰੀ ਕਹਾਣੀ ਦੱਸ ਦਿੰਦੀਆਂ
ਜਿਵੇਂ, ਪਤੀ ਨੂੰ ਹੱਥਕੜੀ ਲਗਾ ਕੇ
ਲਿਜਾਂਦੀ ਪੁਲਿਸ ਦੀ ਜੀਪ ਸਭ ਕੁਝ ਦੱਸ ਦਿੰਦੀ
ਜਿਵੇਂ, ਗੰਦੇ ਨਾਲੇ ‘ਚ ਮੂਧੇ ਮੂੰਹ ਡਿੱਗੇ ਪਏ
ਕਿਸੇ ਲੇਖਕ ਦਾ ਲਿਬੜਿਆ ਮੂੰਹ ਸਭ ਕੁਝ ਦੱਸ ਦਿੰਦਾ
ਜਿਵੇਂ, ਗਾਰਬੇਜ ਕੈਨ ‘ਚੋਂ ਮਿਲੀ
ਨਵ-ਜਨਮੇ ਬੱਚੇ ਦੀ ਲਾਸ਼ ਸਭ ਕੁਝ ਦੱਸ ਦਿੰਦੀ
ਜਿਵੇਂ, ਆਪਣੀ ਹੀ ਪਤਨੀ ਨੂੰ ਵੇਸਵਾ ਬਣਾ
ਵੇਚਣ ਵਾਲੇ ਪਤੀ ਦੀ ਮਾਨਸਿਕਤਾ ਸਭ ਕੁਝ ਦੱਸ ਦਿੰਦੀ
ਜਿਵੇਂ, ਧਰਮ ਦੇ ਨਾਮ ਉੱਤੇ ਹੋਈ ਕਤਲੋ-ਗਾਰਤ
ਰਾਜਨੀਤੀਵਾਨਾਂ ਦੀਆਂ ਅੰਤਰੀਵ ਇਛਾਵਾਂ ਬਾਰੇ ਸਭ ਕੁਝ ਦੱਸ ਦਿੰਦੀ
ਜਿਵੇਂ, ਬੈਂਕ ਦੇ ਕਰਜ਼ੇ ਦਾ ਨਾਮ ਸੁਣ ਕੇ
ਖੁਦਕਸ਼ੀ ਕਰ ਗਏ ਕਿਸਾਨ ਦੀ ਲਾਸ਼ ਸਭ ਕੁਝ ਦੱਸ ਦਿੰਦੀ
ਜਿਵੇਂ, ਪਿੰਡ ਦੇ ਬਾਹਰਵਾਰ ਟਾਹਲੀ ਦੇ ਰੁੱਖ ਉੱਤੇ ਲਟਕਦੀ
ਅਲਫ਼ ਨੰਗੀ ਜਵਾਨ ਔਰਤ ਦੀ ਲਾਸ਼ ਸਭ ਕੁਝ ਦੱਸ ਦਿੰਦੀ
ਮੈਂ ਹੁਣ, ਇੱਕ ਐਸੀ
ਕਵਿਤਾ ਲਿਖਾਂਗਾ
ਜੋ ਮੂੰਹੋਂ ਚੁੱਪ ਰਹੇਗੀ-
ਪਰ, ਫਿਰ ਵੀ
ਸਭ ਕੁਝ, ਦੱਸਣ ਦਾ
ਹੌਂਸਲਾ ਕਰੇਗੀ
ਮਾਲਟਨ, ਜੁਲਾਈ 5, 2014
ਨਜ਼ਮ :
ਸਾਜ਼ਿਸ਼ੀ
ਸੁਖਿੰਦਰ
ਉਨ੍ਹਾਂ ਦੇ ਕੋਲ
ਬੜੀਆਂ ਸਾਜ਼ਿਸ਼ਾਂ ਸਨ-
ਜਿਨ੍ਹਾਂ ਦੀਆਂ ਪਿੱਠਾਂ ‘ਤੇ
ਉੱਗ ਆਈਆਂ ਸਨ
ਕੁੱਤਿਆਂ ਦੀਆਂ ਪੂਛਾਂ
ਉਹ, ਹਰ ਪਲ
ਸੁੰਘਦੇ ਫਿਰਦੇ ਸਨ-
ਘਰਾਂ, ਬਾਜ਼ਾਰਾਂ, ਚੌਰਸਤਿਆਂ ‘ਚ
ਮਸਲੇ ਜ਼ਿੰਦਗੀ ਦਿਆਂ ਨਾਲ
ਦੋ-ਚਾਰ ਹੁੰਦੇ, ਹੱਡ-ਮਾਸ ਦੇ ਪੁਤਲੇ
ਜੁੜ ਕੇ ਬੈਠੀ, ਭੀੜ ‘ਚ ਹੁੰਦੀਆਂ
ਗੱਲਾਂ ਲੋਕ-ਸਰੋਕਾਰਾਂ ਦੀਆਂ
ਉਨ੍ਹਾਂ ਦੇ ਕੋਲ
ਬੜੀਆਂ ਸਾਜ਼ਿਸ਼ਾਂ ਸਨ-
ਉਹ, ਧਾਰਮਿਕ-ਮੱਠਾਂ ਦੀ ਚਾਰ ਦੀਵਾਰੀ ‘ਚ
ਲੁਕ ਕੇ, ਅੱਗ-ਲਾਊ ਭਾਸ਼ਨ ਦਿੰਦੇ
ਬੋਦੀਆਂ, ਟੋਪੀਆਂ, ਖੰਡੇ, ਕ੍ਰਿਪਾਨਾਂ, ਤ੍ਰੈਸ਼ੂਲਾਂ ਦੀ
ਜੈ ਜੈ ਕਾਰ ਹੁੰਦੀ, ਰੱਬ ਦੇ ਇਨ੍ਹਾਂ
ਏਜੰਟਾਂ ਨੂੰ, ਜੇਕਰ ਕੋਈ ਦਿੰਦਾ ਚੁਣੌਤੀ
ਏ.ਕੇ.-47 ਦੀਆਂ ਗੋਲੀਆਂ ਦੀ
ਉਸ ਉੱਤੇ, ਬਰਸਾਤ ਫਿਰ ਹੁੰਦੀ
ਜਾਂ ਤਿੰਨ-ਫੁੱਟੀ ਲਿਸ਼ਕਦੀ ਤਲਵਾਰ
ਉਸਦੇ, ਜਿਸਮ ‘ਚੋਂ ਆਰ-ਪਾਰ ਹੁੰਦੀ
ਉਨ੍ਹਾਂ ਦੇ ਕੋਲ
ਬੜੀਆਂ ਸਾਜ਼ਿਸ਼ਾਂ ਸਨ-
ਲੋਕਾਂ ਦੇ ਅਹਿਸਾਸਾਂ, ਭਾਵਨਾਵਾਂ ਨੂੰ
ਬਣਾ ਕੇ ਮੱਚਦੇ ਭਾਂਬੜ
ਉਨ੍ਹਾਂ ਉੱਤੇ, ਪੈਟਰੋਲ ਛਿੜਕਣ ਦਾ ਕੋਈ
ਬਹਾਨਾ, ਉਹ ਲੱਭ ਹੀ ਲੈਂਦੇ
ਕਿਤੇ ਉਹ, ਡੇਗਦੇ ਬਾਬਰੀ ਮਸਜਿਦ ਸਣੇ ਗੁੰਬਦ
ਕਿਤੇ ਉਹ, ਅਕਾਲ ਤਖਤ ਦੀ ਇੱਟ ਨਾਲ ਇੱਟ ਖੜਕਾ ਦਿੰਦੇ
ਕਿਤੇ ਉਹ, ਗਿਰਜੇ ਨੂੰ ਪੈਟਰੋਲ ਬੰਬ ਸੁੱਟ ਝੁਲਸ ਦਿੰਦੇ
ਕਿਤੇ ਉਹ, ਰਾਮ ਮੰਦਿਰ ‘ਚ ਰਾਵਣ ਦਾ ਸਿਰ ਸਜਾ ਦਿੰਦੇ
ਕਿਤੇ ਉਹ, ਦਲਿਤ ਧੀਆਂ ਦਾ ਸਮੂਹ ਬਲਾਤਕਾਰ ਕਰਦੇ
ਕਿਤੇ ਉਹ, ਮੈਂਬਰ ਪਾਰਲੀਮੈਂਟ ਬਣ
ਵਿਰੋਧੀ ਧਿਰ ਦੀਆਂ ਔਰਤਾਂ ਦੇ
ਬਲਾਤਕਾਰ ਕਰਨ ਦੀਆਂ
ਧਮਕੀਆਂ ਦਾ
ਇਜ਼ਹਾਰ
ਕਰ ਦਿੰਦੇ
ਮੇਰੇ ਯਾਰੋ !
ਘਰਾਂ ਦੀਆਂ ਮਮਟੀਆਂ ‘ਤੇ
ਬੁਝ ਗਏ ਚਿਰਾਗ਼ਾਂ ਨੂੰ
ਫਿਰ ਤੋਂ ਜਗਾਓ
ਕੋਈ ਤਾਂ ਜ਼ਿੰਦਗੀ ਦਾ
ਗੀਤ, ਮੁੜ ਗਾਓ-
ਹਨ੍ਹੇਰਾ ਬਹੁਤ ਹੋ ਚੁੱਕਾ !
ਹਨ੍ਹੇਰਾ ਬਹੁਤ ਹੋ ਚੁੱਕਾ !!
ਹਨ੍ਹੇਰਾ ਬਹੁਤ ਹੋ ਚੁੱਕਾ !!!
ਮਾਲਟਨ, ਜੁਲਾਈ 5, 2014
ਨਜ਼ਮ :
ਕੁਰੂਕਸ਼ੇਤਰਾ ਦੀ ਯੁੱਧ-ਭੂਮੀ
ਸੁਖਿੰਦਰ
ਅੱਜ ਵੀ, ਕੁਰੂਕਸ਼ੇਤਰਾ ਦੀ ਯੁੱਧ-ਭੂਮੀ ਦੇ
ਅਰਥ ਓਵੇਂ ਹੀ ਹਨ, ਜਿਸ ਤਰ੍ਹਾਂ
ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਨ -
ਅੱਜ ਵੀ ਤਰਕਸ਼ ‘ਚੋਂ ਤੀਰ ਛੱਡਣ ਤੋਂ ਪਹਿਲਾਂ
ਅਰਜੁਨ ਦਾ ਮਨ, ਦੋ-ਚਿੱਤੀ ‘ਚ ਘਿਰ ਜਾਂਦੈ
ਕਾਤਲਾਂ ਦੀ ਕਤਾਰ ‘ਚ
ਸਾਹਮਣੇ ਖੜ੍ਹੇ, ਅੱਜ ਵੀ
ਉਹੀ ਦਰਸ਼ਨੀ ਚਿਹਰੇ
ਉਹੀ ਮੋਹ ਦੀਆਂ ਤੰਦਾਂ
ਉਹੀ ਖ਼ੂਨ ਦੇ ਰਿਸ਼ਤੇ
ਉਸ ਦਾ ਰਾਹ ਰੋਕਦੇ ਹਨ
ਅੱਜ ਵੀ ਨਿੱਕੀਆਂ ਨਿੱਕੀਆਂ
ਲਾਲਸਾਵਾਂ ਖਾਤਰ
ਆਪਣੇ ਹੀ ਖੂ਼ਨ ਦੇ ਰਿਸ਼ਤੇ
ਤੁਹਾਡਾ ਰਾਹ ਰੋਕਣ ਲਈ
ਹੱਥਾਂ ‘ਚ ਖੰਜਰ, ਤ੍ਰਿਸ਼ੂਲ
ਖੰਡੇ, ਕਰਾਸ ਫੜ੍ਹ ਲੈਂਦੇ
ਏ.ਕੇ.-47 ਦੇ ਮੂੰਹ
ਧਾਰਮਿਕ, ਰਾਜਨੀਤਕ, ਮੱਠਾਂ ‘ਚ
ਫਨ ਫੈਲਾਈ ਬੈਠੇ
ਸੱਪਾਂ ਵੱਲ ਮੋੜਨ ਦੀ ਥਾਂ
ਇਸ ਧਰਤੀ ਨੂੰ
ਗੁਲਾਬਾਂ ਦੀ ਮਹਿਕ ਸੰਗ
ਭਰਨ ਵਾਲੇ ਪਰਿੰਦਿਆਂ ਦੇ
ਖੰਭ ਨੋਚਣ
ਤਿਤਲੀਆਂ ਦੀ
ਬਾਗ਼ਾਂ ‘ਚ ਹੁੰਦੀ
ਉਡਾਣ ਰੋਕਣ ਵੱਲ
ਕਰ ਲੈਂਦੇ
ਸੱਚ ਅਤੇ ਝੂਠ ਦਰਮਿਆਨ
ਜੰਗ ਛੇੜਨੀ
ਨ ਓਦੋਂ ਹੀ ਸੌਖੀ ਸੀ
ਨ ਅੱਜ ਹੀ
ਕੋਈ ਫਰਕ ਦਿਸਦਾ ਹੈ
ਕਾਤਲਾਂ ਦੇ ਚਿਹਰੇ, ਓਦੋਂ ਵੀ
ਬੇਪਛਾਣੇ ਸਨ, ਹੁਣ ਵੀ ਦੋਸਤੀ ਲਈ
ਵਧਦੇ ਹੱਥਾਂ ‘ਚ, ਲੁਕਵਾਂ
ਸਾਇਆਨਾਈਡ ਦਾ, ਕੈਪਸੂਲ
ਹੁੰਦਾ ਹੈ
ਮਾਲਟਨ, ਮਈ 30, 2014
ਨਜ਼ਮ :
ਇੱਜ਼ਤ
ਸੁਖਿੰਦਰ
ਮੈਨੂੰ, ਇਹ ਸੁਨਣ ਦੀ ਲੋੜ ਨਹੀਂ
ਕਿ ਬਲਾਤਕਾਰੀ ਪੰਡਤਾਂ, ਭਾਈਆਂ, ਮੌਲਾਣਿਆਂ, ਪਾਦਰੀਆਂ
ਦਾ ਜ਼ਿਕਰ ਕਰਨ ਨਾਲ, ਕਿਸੇ
ਦੇਸ਼ ਦੀ ਇੱਜ਼ਤ ਉਪਰ ਧੱਬਾ ਲੱਗਦਾ ਹੈ -
ਭੱਠ ਵਿੱਚ ਪਵੇ ਦੇਸ਼ ਦੀ ਅਜਿਹੀ ਇੱਜ਼ਤ
ਬਲਾਤਕਾਰੀਆਂ ਦਾ ਦੇਸ਼ ਕਹਾਉਣ ਨਾਲੋਂ ਤਾਂ
ਅਜਿਹੇ ਦੇਸ਼ ਦੀ ਹੋਂਦ ਹੀ ਮਿਟ ਜਾਣੀ ਚੰਗੀ ਹੈ
ਦੇਸ਼ ਹੁੰਦਾ ਹੈ - ਜਿੱਥੇ
ਹਰ ਕਿਸੇ ਨੂੰ ਸਾਹ ਲੈਂਦੇ, ਮਾਸ ਦੇ
ਜਿਉਂਦੇ ਜਾਗਦੇ, ਮਨੁੱਖ ਸਮਝਿਆ ਜਾਂਦਾ ਹੈ
ਭੇਡਾਂ, ਬੱਕਰੀਆਂ, ਘੋੜੇ, ਗਧੇ, ਨਹੀਂ
ਦੇਸ਼ ਹੁੰਦਾ ਹੈ - ਜਿੱਥੇ
ਮਾਵਾਂ, ਧੀਆਂ, ਭੈਣਾਂ, ਪਤਨੀਆਂ, ਦਿਲਜਾਨੀਆਂ ਨੂੰ
ਪੂਰਾ ਮਾਣ ਸਤਿਕਾਰ ਮਿਲਦਾ ਹੈ
ਜ਼ਰਾ, ਜ਼ਰਾ ਜਿਹੀ ਗੱਲ ਪਿਛੇ ਉਨ੍ਹਾਂ ਦੇ ਸਿਰ
ਪੱਥਰ ਮਾਰ ਮਾਰ ਕੇ ਨਹੀਂ ਭੰਨੇ ਜਾਂਦੇ
ਦੇਸ਼ ਹੁੰਦਾ ਹੈ - ਜਿੱਥੇ
ਹਰ ਮਨੁੱਖ ਨੂੰ ਇੱਕੋ ਜਿੰਨਾ ਜਿਉਣ ਦਾ ਹੱਕ ਹੁੰਦਾ ਹੈ
ਊਚ-ਨੀਚ ਕਹਿ ਕੇ, ਮਨੁੱਖੀ ਰਿਸ਼ਤਿਆਂ ਵਿੱਚ
ਮਨੂੰਵਾਦੀ, ਬਦਬੂ ਮਾਰਦੀ, ਗੈਸ ਦਾ
ਪਾਸਾਰਾ ਨਹੀਂ ਕੀਤਾ ਜਾਂਦਾ
ਦੇਸ਼ ਹੁੰਦਾ ਹੈ - ਜਿੱਥੇ
ਹਰ ਮਨੁੱਖ - ਹਰ ਔਰਤ, ਇੱਕ ਦੂਜੇ ਨੂੰ
ਮੋਹ ਭਿੱਜੇ ਸ਼ਬਦਾਂ ਨਾਲ ਬੁਲਾਉਂਦਾ ਹੈ
ਹਿੰਦੂ-ਪਾਣੀ, ਮੁਸਲਿਮ-ਪਾਣੀ, ਕਹਿ ਕੇ
ਇੱਕ ਦੂਜੇ ਵਿਰੁੱਧ ਨਫ਼ਰਤ ਨਹੀਂ ਫੈਲਾਈ ਜਾਂਦੀ
ਮੈਨੂੰ ਇਹ ਸੁਨਣ ਦੀ ਲੋੜ ਨਹੀਂ
ਕਿ ਬਲਾਤਕਾਰੀ ਧਰਮੀ ਬੰਦਿਆਂ ਦਾ ਜ਼ਿਕਰ
ਕਹਿੰਦੇ ਕਹੋਂਦੇ, ਰਾਜਨੀਤੀਵਾਨਾਂ ਦੀ
ਰੀੜ ਦੀ ਹੱਡੀ ਵਿੱਚ
ਝੁਨਝੁਨੀ ਛੇੜ ਦਿੰਦਾ ਹੈ
ਭੱਠ ਵਿੱਚ ਪਵੇ
ਅਜਿਹੇ ਰਾਜਨੀਤੀਵਾਨਾਂ ਦੀ
ਰੀੜ ਦੀ ਹੱਡੀ ਦਾ, ਕਿਸੀ
ਅਦਿਸ ਭੈਅ ਕਾਰਨ
ਕੜਕੜ ਕਰਨਾ
ਮਾਲਟਨ, ਜੂਨ 2, 2014
ਨਜ਼ਮ :
ਔਰਤ
ਸੁਖਿੰਦਰ
ਕੀ ਔਰਤ ਦੀ ਕੋਈ
ਇੱਜ਼ਤ ਨਹੀਂ ਹੁੰਦੀ ?
ਕੀ ਇੱਜ਼ਤ ਸਿਰਫ
ਮਰਦ ਦੀ ਹੀ ਹੁੰਦੀ ਹੈ ?
ਔਰਤ ਦੀ ਇੱਜ਼ਤ
ਭਲਾ, ਹੋਵੇ ਵੀ ਕਿਵੇਂ ?
ਅਸੀਂ, ਉਸਨੂੰ ਇੱਜ਼ਤ
ਦਿੱਤੀ ਹੀ ਕਦ ਹੈ ?
ਅਸੀਂ, ਤਾਂ
ਜਦੋਂ ਵੀ ਚਾਹਿਆ-
ਮਾਨ-ਮਰਿਆਦਾ ਤੋਂ ਵੀ ਬੇਪ੍ਰਵਾਹ ਹੋ
ਧਾਰਮਿਕ ਸਥਾਨਾਂ ਵਿੱਚ ਵੀ
ਉਸ ਦਾ ਸਮੂਹਕ ਬਲਾਤਕਾਰ ਕਰ
ਉਸ ਦਾ ਕਤਲ ਕਰ ਦਿੱਤਾ
ਉਸ ਨੂੰ ਰੱਬ ਦੀ ਵੇਸਵਾ ਬਣਾ
ਉਸ ਦਾ ਅੰਗ-ਅੰਗ ਮਧੋਲਿਆ
ਹੀਰਾ ਮੰਡੀ, ਸੋਨਾ ਗਾਚੀ, ਜੀਬੀ ਰੋਡ ਦੇ ਕੋਠਿਆਂ ਵਿੱਚ
ਉਸ ਨੂੰ ਬਜ਼ਾਰੀ ਵਸਤ ਬਣਾ ਨੀਲਾਮ ਕੀਤਾ
ਪੋਰਨੋਗਰਾਫਕ ਵੈੱਬ ਸਾਈਟਾਂ, ਸੈਕਸ ਟੀਵੀ ਸੌ਼ਆਂ ‘ਚ
ਉਸ ਦਾ ਬੇਰਹਿਮੀ ਨਾਲ ਅੰਗ-ਅੰਗ ਖਿਲਾਰ
ਮਹਿਜ਼, ਆਪਣੀ ਮਰਦਾਨਵੀ ਧੌਂਸ ਜਮਾਉਣ
ਆਪਣੇ ਆਪ ਨੂੰ ਦੁਨੀਆਂ ਦੇ ਰਖਵਾਲੇ ਸਿੱਧ ਕਰਨ ਖਾਤਿਰ
ਔਰਤ ਦੇ ਤਨ-ਮਨ ਨੂੰ ਗੁਲਾਮੀ ਦੀਆਂ ਜੰਜੀਰਾਂ ‘ਚ ਜਕੜ
ਉਸ ਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ‘ਚ ਢਾਲ
ਉਸ ਨੂੰ ਮਾਨਵ ਤੋਂ ਪਸ਼ੂ ਜਾਤੀ ਦੀ
ਇੱਕ ਸ਼ੈਅ ਬਣਾ ਦਿੱਤਾ
ਇਹ ਸਭ ਕੁਝ, ਤਾਂ, ਆਖਿਰ
ਹੋਣਾ ਹੀ ਸੀ -
ਅਸੀਂ, ਜਦ
ਕਦੀ, ਇੱਕ ਪਲ ਲਈ ਵੀ
ਇਹ ਸਮਝਿਆ ਹੀ ਨਹੀਂ
ਕਿ ਔਰਤ, ਤਾਂ, ਹਰ ਪਲ
ਸਾਡੇ ਅੰਗ-ਸੰਗ ਰਹਿ
ਸਾਡੇ ਸਾਹਾਂ ਦਾ ਹਿੱਸਾ ਬਣੀ
ਜਿੰਦਗੀ ਦੇ ਰੰਗ-ਮੰਚ ਉੱਤੇ
ਕਦੀ ਮਾਂ, ਕਦੀ ਧੀ, ਕਦੀ ਭੈਣ
ਕਦੀ ਦੋਸਤ, ਕਦੀ ਪ੍ਰੇਮਕਾ, ਕਦੀ ਪਤਨੀ ਬਣ-
ਜਿੰਦਗੀ ਨੂੰ ਕਿੰਨਾ ਦਿਲਕਸ਼
ਅਤੇ ਅਰਥ-ਭਰਪੂਰ ਬਣਾਂਦੀ ਹੈ
ਮਾਲਟਨ, ਮਈ 29, 2014
ਨਜ਼ਮ :
ਅੰਗ-ਸੰਗ
ਸੁਖਿੰਦਰ
ਸਾਲਾਂ-ਬੱਧੀ, ਇੱਕ ਦੂਜੇ ਦੇ
ਅੰਗ-ਸੰਗ ਰਹਿ ਕੇ ਵੀ
ਅਕਸਰ, ਲੋਕੀਂ, ਇੱਕ ਦੂਜੇ ਤੋਂ
ਅਣਭਿੱਜ ਰਹਿੰਦੇ-
ਆਸ਼ਾਵਾਂ, ਨਿਰਾਸ਼ਾਵਾਂ, ਚਾਅ, ਉਮੰਗਾਂ
ਇੱਕ ਦੂਜੇ ਤੋਂ, ਭਾਵੇਂ
ਸਾਹ ਜਿੰਨੀ ਦੂਰੀ ਉੱਤੇ, ਨਿੱਤ
ਬਣਦੇ, ਮਰਦੇ-
ਪਰ, ਚਮਕੀਲੀਆਂ ਵਸਤਾਂ ਸੰਗ
ਚੌਗਿਰਦੇ ਨੂੰ ਭਰਨ ਦੀ
ਅੰਨ੍ਹੀ ਦੌੜ ‘ਚ ਏਨੇ ਉਲਝੇ ਕਿ
ਇੱਕ ਦੂਜੇ ਦੀ ਹਰਿਆਵਲ ਵਿੱਚ ਹੁੰਦੀ
ਤੇਜ਼ਾਬੀ ਬਾਰਿਸ਼ ਵੀ
ਅੱਖਾਂ ਤੋਂ ਓਹਲੇ ਰਹਿ ਜਾਂਦੀ
ਜੀਕਣ, ਸਿਖਰ ਦੁਪਹਿਰੇ
ਗਰਮ ਹਵਾਵਾਂ ਛੱਡਦੇ, ਦਿਲਕਸ਼
ਚਿਹਰਿਆਂ ਵਾਲੇ, ਜਿਸਮਾਂ ਦੇ
ਤਪ ਰਹੇ ਮਾਰੂਥਲ
ਅੰਗ-ਸੰਗ ਰਹਿੰਦਿਆਂ ਵੀ
ਲੋਕੀਂ, ਅਕਸਰ
ਸਾਰੀ ਉਮਰ, ਇੱਕ ਦੂਜੇ ਤੋਂ
ਬੇਖਬਰ, ਇੰਜ ਲੰਘਾ ਜਾਂਦੇ
ਜੀਕਣ, ਦੋ ਵੱਖੋ, ਵੱਖ
ਗ੍ਰਹਿਆਂ ਉੱਤੇ
ਵੱਸਦੇ ਹੋਵਣ
ਮਾਲਟਨ, ਮਈ 27, 2014
ਨਜ਼ਮ :
ਦੁੱਖ
ਸੁਖਿੰਦਰ
ਰੱਬ ਦੇ ਘਰ ‘ਚ ਆਈ
ਮਾਸੂਮ, ਬੇਗੁਨਾਹ, ਬਾਲੜੀ ਦੇ
ਜਿਸਮ ਨੂੰ, ਹਵਸ ਦੇ ਭੁੱਖੇ
ਧਰਮੀ ਬਘਿਆੜਾਂ ਨੇ
ਖੂੰਖਾਰ ਦੰਦਾਂ ਨਾਲ
ਚੀਥੜਾ, ਚੀਥੜਾ ਕਰ ਦਿੱਤਾ-
ਭੋਲੀ, ਭੋਲੀ, ਜਿੰਦ-ਜਾਨ ਨੂੰ
ਕੀ ਖਬਰ ਸੀ, ਧਰਮੀ ਮੁਖੌਟੇ ਹੇਠਾਂ
ਮੌਤ, ਉੱਥੇ, ਉਸ ਦਾ
ਇੰਤਜ਼ਾਰ ਕਰ ਰਹੀ
ਧਰਮੀ ਅਜਗਰ, ਮਨਮੋਹਕ
ਧੁਨਾਂ ਛੇੜ, ਬਾਲ ਜਿੰਦਾਂ ਨੂੰ
ਧਰਮ ਅਸਥਾਨਾਂ ਵਿੱਚ ਬੁਲਾਉਂਦੇ
ਆਪਣੀ ਹਵਸ ਦੀ ਭੁੱਖ ਮਿਟਾਉਣ ਲਈ
ਬਾਲੜੀਆਂ ਦੇ ਬਲਾਤਕਾਰ ਕਰ
ਭੋਲੀਆਂ-ਭਾਲੀਆਂ ਆਤਮਾਵਾਂ ਨੂੰ
ਕਦੀ ਵੀ ਨ ਭੁੱਲ ਸਕਣ ਵਾਲੇ
ਗਹਿਰੇ ਜ਼ਖਮਾਂ ਦੀ, ਇੱਕ
ਸੁਗਾਤ ਦੇ ਜਾਂਦੇ
ਐਸੇ ਸਮਿਆਂ ਵਿੱਚ
ਸਰਬ ਵਿਆਪਕ ਰੱਬ ਵੀ
ਧਰਮੀ ਅਜਗਰਾਂ ਤੋਂ ਡਰਿਆ
ਆਪਣੇ ਹੀ ਘਰ ਦੀ, ਕਿਸੀ ਨੁੱਕਰ ਵਿੱਚ
ਦਬਕਿਆ, ਸਹਿਮਿਆ, ਲੁਕਿਆ ਰਹਿੰਦਾ
ਤਨ-ਮਨ ਦੀ, ਅੰਤਾਂ ਦੀ ਪੀੜਾ ਸੰਗ
ਭਾਵੇਂ, ਬਾਲੜੀਆਂ ਦੀਆਂ ਅੱਖਾਂ ‘ਚੋਂ
ਹੰਝੂਆਂ ਦੀ ਧਾਰਾ ਵਹਿੰਦੀ ਰਹਿੰਦੀ
ਭਾਵੇਂ, ਉਹ, ਘੰਟਿਆਂ ਬੱਧੀ
ਬਹੁੜੀਂ ਵੇ ਰੱਬਾ, ਕਹਿ ਕਹਿ
ਆਖਿਰ, ਥੱਕ ਜਾਂਦੀਆਂ
ਸਦਾ, ਸਦਾ ਲਈ
ਚੁੱਪ ਹੋ ਜਾਂਦੀਆਂ
ਮਾਲਟਨ, ਮਈ 26, 2014
ਨਜ਼ਮ :
ਕੁੱਤਿਆਂ ਦੀ ਭੀੜ
ਸੁਖਿੰਦਰ
ਹਰ ਪਾਸੇ
ਕੁੱਤਿਆਂ ਦੀ ਭੀੜ
ਏਨੀ ਵੱਧ ਗਈ ਹੈ
ਆਦਮੀ ਦੀ ਆਵਾਜ਼
ਅਤੇ ਸਰੋਕਾਰ, ਅਣਗੌਲੇ
ਹੋ ਕੇ ਰਹਿ ਗਏ ਹਨ-
ਪਾਰਲੀਮੈਂਟਾਂ, ਧਰਮ ਸਥਾਨਾਂ, ਸਮਾਜਿਕ ਅਦਾਰਿਆਂ ‘ਚ
ਮਹੱਤਵ-ਪੂਰਨ, ਲੋਕ-ਮਸਲਿਆਂ ਬਾਰੇ
ਸੁਆਲ ਉਠਾਏ ਜਾਣ ਉੱਤੇ
ਲੋਕਾਂ ਦੇ ਚੁਣੇ ਹੋਏ ਨੁਮਾਇੰਦੇ
ਆਪਸ ਵਿੱਚ, ਇੰਜ ਗਾਲੀ-ਗਲੋਚ
ਕਰਦੇ ਹਨ, ਜਿਵੇਂ ਕੁੱਤੇ
ਹੱਡਾ-ਰੋੜੀ ਉੱਤੇ, ਭੌਂਕ ਰਹੇ ਹੋਣ
ਅਜਿਹੇ ਸਮਿਆਂ ਵਿੱਚ, ਆਦਮੀਅਤ
ਤਾਂ, ਉਨ੍ਹਾਂ ਅੰਦਰੋਂ, ਲੱਭਿਆਂ
ਵੀ ਨਹੀਂ ਲੱਭਦੀ, ਭਾਵੇਂ
ਉਨ੍ਹਾਂ ਦੀਆਂ ਕਰਤੂਤਾਂ
ਟੀਵੀ ਸਕਰੀਨਾਂ ਰਾਹੀਂ, ਸਾਰਾ ਹੀ
ਦੇਸ਼ ਕਿਉਂ ਨ ਦੇਖ ਰਿਹਾ ਹੋਵੇ
ਕੁੱਤਿਆਂ ਦੀ ਭੀੜ
ਏਨੀ ਵੱਧ ਗਈ ਹੈ
ਕਾਰਾਂ, ਬੱਸਾਂ, ਗੱਡੀਆਂ ‘ਚ
ਬੱਚਿਆਂ ਦੇ ਸਮੂਹਕ ਬਲਾਤਕਾਰ
ਹੋ ਰਹੇ ਹਨ, ਜਵਾਨ ਔਰਤਾਂ
ਨਾਲ, ਜਿਨਸੀ ਭੁੱਖ ਮਿਟਾ ਕੇ
ਇਹ ਕੁੱਤੇ, ਉਨ੍ਹਾਂ ਦੇ ਜਿਸਮਾਂ ਨੂੰ
ਆਪਣੇ ਖੂੰਖਾਰ ਦੰਦਾਂ ਨਾਲ
ਟੁੱਕੜੇ, ਟੁੱਕੜੇ ਕਰ ਰਹੇ ਹਨ
ਕੁੱਤਿਆਂ ਦੀ ਭੀੜ
ਕੁੱਤਾ ਸਭਿਆਚਾਰ
ਪੈਦਾ ਕਰ ਰਹੀ ਹੈ-
ਵਿਸ਼ਵ-ਸੁੰਦਰਤਾ ਮੁਕਾਬਲਿਆਂ ਦੇ ਨਾਮ ਉੱਤੇ
ਪਰਾ-ਆਧੁਨਿਕ ਅਰਥਾਂ ਵਾਲੇ, ਰੰਡੀ ਬਾਜ਼ਾਰ
ਵਿਕਸਤ ਕੀਤੇ ਜਾ ਰਹੇ ਹਨ
ਇੰਟਰਨੈੱਟ ਡੇਟਿੰਗ ਸਰਵਸਿਸ ਦੇ ਨਾਮ ਉੱਤੇ
ਦੱਲੇ, ਦੇਸ-ਵਿਦੇਸ ਦੀਆਂ
ਅੱਲ੍ਹੜ ਮੁਟਿਆਰਾਂ ਨੂੰ, ਫਾਈਵ ਸਟਾਰ ਹੋਟਲਾਂ
ਵਿੱਚ, ਜ਼ਾਇਕੇਦਾਰ ਤੰਦੂਰੀ ਚਿਕਨ ਵਾਂਗ
ਤਸ਼ਤਰੀਆਂ ਵਿੱਚ ਸਜਾ ਕੇ
ਗ੍ਰਾਹਕਾਂ ਅੱਗੇ ਪਰੋਸ ਰਹੇ ਹਨ
ਏਸ ਤੋਂ ਪਹਿਲਾਂ, ਕਿ
ਹਰ ਪਾਸੇ, ਕੁੱਤਿਆਂ ਦੇ ਝੁੰਡ
ਹੀ ਵਿਖਾਈ ਦੇਣਾ ਸ਼ੁਰੂ ਕਰ ਦੇਣ-
ਸਾਡੇ ਲਈ, ਇਹ
ਜ਼ਰੂਰੀ ਹੋ ਗਿਆ ਹੈ
ਕਿ, ਅਸੀਂ-
ਕੁੱਤਾ ਸਭਿਆਚਾਰ ਅਤੇ
ਮਾਨਵੀ ਸਭਿਆਚਾਰ ਦਰਮਿਆਨ
ਇੱਕ ਸਪੱਸ਼ਟ ਅਤੇ ਉੱਘੜਵੀਂ
ਲੀਕ ਵਾਹ ਦੇਈਏ
ਮਾਲਟਨ, ਅਪ੍ਰੈਲ 21, 2014
ਨਜ਼ਮ :
ਰਾਜਨੀਤੀਵਾਨ
ਸੁਖਿੰਦਰ
ਰਾਜਨੀਤੀਵਾਨ, ਹੁਣ
ਰਾਜਗੱਦੀ ‘ਤੇ ਨਹੀਂ ਬੈਠਦਾ-
ਰਾਜਗੱਦੀ ਉੱਤੇ ਤਾਂ
ਬੈਠਦੀਆਂ ਹਨ
ਪੁਤਲੀਆਂ
ਉਹ, ਤਾਂ, ਹੁਣ
ਮਹਿਜ਼, ਧਾਗੇ ਹੀ
ਖਿੱਚਦਾ ਹੈ
ਸ਼ਹਿਰ ਵਿੱਚ ਦੰਗੇ ਫਸਾਦ, ਕਤਲੋਗਾਰਤ, ਭੁੱਖ-ਮਰੀ
ਡਰੱਗ ਸਮਗਲਿੰਗ ਜਾਂ ਬਲਾਤਕਾਰ ਜਿਹੇ ਕ੍ਰਿਸ਼ਮੇ-
ਉਹ, ਆਪਣੇ, ਏਅਰ ਕੰਡੀਸ਼ਨ ਕਮਰਿਆਂ ਵਿੱਚ
ਬੈਠ ਕੇ ਹੀ, ਰੀਮੋਟ ਕੰਟਰੋਲ ਯੰਤਰਾਂ
ਸੰਗ, ਰਚਾ ਸਕਦਾ ਹੈ
ਦਰਸ਼ਨੀ ਚਿਹਰਿਆਂ ਵਾਲੀਆਂ
ਇਨ੍ਹਾਂ ਪੁਤਲੀਆਂ ਨੂੰ, ਤਾਂ
ਉਹ, ਵਰ੍ਹੇ ਛਿਮਾਹੀ
ਕਾਕਟੇਲ ਪਾਰਟੀਆਂ ਉੱਤੇ ਹੀ
ਨਿਮੰਤਰਤ ਕਰਦਾ ਹੈ
ਇੰਨੇ ਕੁ ਸਮੇਂ ਵਿੱਚ ਹੀ
ਉਹ, ਪੁਤਲੀਆਂ ਦੇ ਦਿਮਾਗ਼ਾਂ ਨੂੰ
ਰੀਮੋਟ ਕੰਟਰੋਲਡ ਖਿਡੌਣਿਆਂ ਵਾਂਗ
ਆਪਣੇ, ਹੁਕਮ ਰੂਪੀ, ਸੰਦੇਸ਼ਾਂ
ਨਾਲ ਭਰ ਦਿੰਦਾ ਹੈ
ਦਾਰੂ ਨਾਲ ਟੁੰਨ ਹੋਈਆਂ ਪੁਤਲੀਆਂ
ਰੁਕਸਤ ਹੋਣ ਵੇਲੇ, ਪੂਛਾਂ ਹਿਲਾਂਦੀਆਂ
ਰਾਜਨੀਤੀਵਾਨ ਦੇ ਕਦਮਾਂ ਉੱਤੇ
ਝੁਕ, ਝੁਕ, ਸਲਾਮ ਕਰਦੀਆਂ
ਇਹ ਕਹਿਣਾ ਨਹੀਂ ਭੁਲਦੀਆਂ :
ਸਦਾ ਸਲਾਮਤ ਰਹੇ ਤੇਰਾ ਵਿਹੜਾ
ਅੱਲ੍ਹਾ, ਪ੍ਰਵਰਦਿਗਾਰ, ਵਾਹਿਗੁਰੂ
ਤੇਰੀਆਂ ਖੁਸ਼ੀਆਂ ਵਿੱਚ ਵਾਧਾ ਕਰੇ-
ਰੇਡੀਓ, ਟੀਵੀ, ਅਖਬਾਰਾਂ, ਮੈਗਜ਼ੀਨਾਂ ਦੇ
ਦਫਤਰਾਂ ‘ਚ ਬੈਠੇ ਕਰਿੰਦੇ
ਪਰੋਗਰਾਮ ਕੀਤੇ ਗਏ
ਦਿਮਾਗ਼ਾਂ ਨਾਲ, ਮਹਿਜ਼
ਮੱਖੀ ਉੱਤੇ ਮੱਖੀ
ਹੀ ਮਾਰਦੇ ਹਨ
ਨਿਤ, ਚਰਚਾ ਦਾ ਵਿਸ਼ਾ ਬਣਦੀਆਂ ਗੱਲਾਂ
ਫਲਾਣਾ ਫਲਾਣਾ ਮੀਡੀਆ ਦਾ ਬੰਦਾ
ਡਰੱਗ ਸਮਗਲਰਾਂ, ਬਲਾਤਕਾਰੀਆਂ, ਕਾਤਲਾਂ ਦਾ
ਪੱਖ ਪੂਰਦਾ ਹੈ, ਮਹਿਜ਼
ਹਵਾ ‘ਚੋਂ ਨਹੀਂ ਬਣਦੀਆਂ
ਇਨ੍ਹਾਂ ਪਿਛੇ ਹਕੀਕਤਾਂ ਭਰੇ
ਤੱਥ ਹੁੰਦੇ ਹਨ-
ਰਾਜਨੀਤੀਵਾਨ ਦੇ ਵਿਹੜੇ ‘ਚ
ਉੱਡਦੇ ਫਿਰਦੇ ਡਾਲਰਾਂ ਦੇ ਰੂਪ ‘ਚ
ਲੱਖਾਂ, ਕਰੋੜਾਂ ਕੱਖ ਹੁੰਦੇ ਹਨ
ਰਾਜਨੀਤੀਵਾਨ, ਤਾਂ
ਸਾਧਾਰਨ ਮਨੁੱਖ ਨੂੰ
ਮਹਿਜ਼, ਇਹ ਦੱਸਣ ਦੀ
ਕੋਸਿ਼ਸ਼ ਕਰ ਰਿਹਾ ਹੁੰਦਾ ਹੈ-
ਅਸੀਂ, ਸਾਡੀ ਜਿੰਦਗੀ ਦੇ
ਪਲ, ਪਲ ਦਾ ਹਿਸਾਬ ਰੱਖਣ ਵਾਲੇ
ਖੁਫੀਆ ਸੈਟੇਲਾਈਟਾਂ ਦੇ
ਇਲੈਕਟਰੋਨਿਕ ਯੁੱਗ ਵਿੱਚ
ਜੀਅ ਰਹੇ ਹਾਂ-
ਪਿੰਡ ਦੀ ਸੱਥ ਵਿੱਚ
ਬੋਹੜ ਦੀ ਛਾਵੇਂ, ਦਿਨ
ਕਟੀ ਕਰਕੇ, ਜ਼ਿੰਦਗੀ
ਗੁਜ਼ਾਰ ਦੇਣ ਦੇ
ਯੁੱਗ ਵਿੱਚ ਨਹੀਂ
ਮਾਲਟਨ, ਅਪ੍ਰੈਲ 17, 2014
ਨਜ਼ਮ :
ਸੱਪ ਅਤੇ ਆਦਮੀ
ਸੁਖਿੰਦਰ
ਸੱਪ ਨੂੰ, ਭਾਵੇਂ
ਮਣਾਂ ਮੂੰਹੀਂ, ਦੁੱਧ ਪਿਲਾਓ-
ਉਹ, ਫਿਰ ਵੀ ਡੰਗ ਮਾਰੇਗਾ
ਇਹੀ, ਉਸ ਦੀ
ਮਾਨਸਿਕਤਾ ਹੈ
ਲਾਲਚ ਅਤੇ ਸਵਾਰਥ ਵਿੱਚ
ਅੰਨ੍ਹਾ ਹੋਇਆ ਮਾਨਵ ਵੀ
ਸੱਪ ਹੀ ਹੁੰਦਾ ਹੈ-
ਉਸ ਦਾ ਸਵਾਰਥ, ਭਾਵੇਂ
ਸੈਕਸ-ਵੈੱਬ-ਸਾਈਟਾਂ ਜਾਂ ਟੀ.ਵੀ. ਸ਼ੌਅ ਲਈ
ਨੰਗ-ਮੁਨੰਗੀਆਂ ਅੱਲ੍ਹੜ ਮੁਟਿਆਰਾਂ ਦੇ
ਜਿਸਮਾਂ ਦੀ ਪ੍ਰਦਰਸ਼ਨੀ ਕਰ ਕੇ
ਆਪਣੀ ਐਸ਼-ਪ੍ਰਸਤੀ ਲਈ, ਕੁਝ
ਵਾਧੂ ਡਾਲਰ ਇਕੱਠੇ ਕਰਨਾ ਹੀ ਹੋਵੇ
ਪਰ, ਆਪਣੇ ਸਵਾਰਥ ਵਿੱਚ
ਅੰਨ੍ਹਾ ਹੋਇਆ-
ਉਹ, ਆਪਣੀ ਹੀ
ਪਤਨੀ, ਧੀ, ਭੈਣ ਦੀ
ਗੈ਼ਰਤ ਵੀ ਦਾਅ ਉੱਤੇ
ਲਾ ਸਕਦਾ ਹੈ
ਆਪ ਹੀ, ਦੁਰਯੋਧਨ ਬਣ ਕੇ
ਚਿਹਰੇ ਉੱਤੇ, ਕੋਈ ਮੁਖੌਟਾ ਪਾ ਕੇ
ਆਪਣੀ ਹੀ, ਪਤਨੀ, ਧੀ, ਭੈਣ ਨੂੰ
ਦਰੋਪਤੀ ਦੀ ਜੂਨ ‘ਚ ਪਾ ਕੇ
ਆਪਣੇ ਹੀ ਹੱਥੀਂ, ਨਿਰਬਸਤਰ ਕਰ
ਕੋਠੇ ਉੱਤੇ ਆਏ, ਗਰਮ-ਗੋਸ਼ਤ ਦਾ
ਜ਼ਾਇਕਾ ਲੈਣ ਦੇ ਇਛਕ, ਗਾਹਕਾਂ ਸਾਹਵੇਂ
ਚਾਂਦੀ ਦੀ ਥਾਲੀ ਵਿੱਚ ਰੱਖੀ
ਮਛਲੀ ਵਾਂਗ ਸਜਾ ਸਕਦਾ ਹੈ
ਪਿਆਰ ਦੇ ਰਿਸ਼ਤੇ ਵਿੱਚ ਬੱਝੇ
ਆਪਣੇ ਹੀ, ਸੰਗੀ-ਸਾਥੀਆਂ ਵੱਲ
ਨਿਰਮੋਹਾ ਬਣ, ਉਨ੍ਹਾਂ ਦੇ
ਨਾਜ਼ੁਕ ਅੰਗਾਂ ਉੱਤੇ, ਸੱਪ ਬਣਕੇ
ਡੰਗ ਚਲਾ ਸਕਦਾ ਹੈ-
ਸੱਪ ਨੂੰ, ਭਾਵੇਂ
ਮੋਹ, ਪਿਆਰ ਦੇ ਰਿਸ਼ਤੇ ਦਾ
ਜਿੰਨਾ ਮਰਜ਼ੀ, ਦੁੱਧ ਪਿਲਾਓ-
ਉਹ, ਫਿਰ ਵੀ ਡੰਗ ਮਾਰੇਗਾ
ਇਹੀ, ਉਸ ਦੀ
ਮਾਨਸਿਕਤਾ ਹੈ
ਇਹੀ ਉਸ ਦੇ
ਜੀਵਨ ਦੀ ਸ਼ੈਲੀ ਹੈ
ਮਾਲਟਨ, ਅਪ੍ਰੈਲ 12, 2014
ਮੈਂ ਅਤੇ ਮੇਰੀ ਚੁੱਪ
ਸੁਖਿੰਦਰ
ਮੈਂ, ਹੁਣ
ਕਿਸ ਅੰਦਾਜ਼ ਵਿੱਚ
ਉਸ ਨਾਲ, ਗੁਫ਼ਤਗ਼ੂ ਕਰਦਾ-
ਉਹ ਤਾਂ, ਮ੍ਰਿਗ-ਤ੍ਰਿਸ਼ਨਾ ਵਾਂਗੂੰ
ਸ਼ੀਸ਼ੇ ਦੀ ਕੰਧ ਪਿਛੇ
ਖੜ੍ਹੀ ਸੀ, ਹੋਠਾਂ ਉੱਤੇ
ਮੁਸਕਰਾਹਟ ਲੈ ਕੇ
ਪਹਿਰੇਦਾਰ ਦੇ ਪਹਿਰੇ ਦੇ ਹੇਠਾਂ
ਮੈਂ ਅਤੇ ਮੇਰੀ ਚੁੱਪ
ਪਰਤ ਆਏ, ਇੱਕ ਨਾਮੌਸ਼ੀ
ਮਨ ‘ਚ ਲੈ ਕੇ
ਸ਼ੀਸ਼ੇ ਦੀ ਕੰਧ ਪਿਛੇ ਖੜ੍ਹਾ
ਪ੍ਰਛਾਵਾਂ ਹੱਸਦਾ ਰਿਹਾ
ਦੇਰ ਤੀਕਰ, ਕਿਸੇ ਰੌਬਾਟ ਵਾਂਗੂੰ
ਰਿਸ਼ਤਿਆਂ ਦੀ ਭੀੜ ਵਿੱਚ
ਫਿਰ, ਮੈਂ ਲੱਭਦਾ ਰਿਹਾ
ਉਸ ਪਾਗਲ ਹਵਾ ਨੂੰ
ਜੋ ਮੇਰੇ ਮਨ ਨੂੰ ਛੂਹ ਗਈ ਸੀ
ਪਲ ਦੋ ਪਲ, ਅਜਨਬੀ
ਰਾਹਾਂ ਉੱਤੇ ਤੁਰਦਿਆਂ
ਅਜਨਬੀ, ਪ੍ਰਛਾਵਿਆਂ ਨੂੰ
ਫੜਦਿਆਂ-
(ਲਾਹੌਰ, ਦਸੰਬਰ 29, 2013)
06/02/2014
ਹੀਰਾ ਮੰਡੀ ਨੇੜੇ ਖੜ੍ਹੀ ਇੱਕ ਔਰਤ
ਸੁਖਿੰਦਰ
ਸਦੀਆਂ ਬੀਤ ਗਈਆਂ
ਉਸ ਨੂੰ, ਠੰਡੀਆਂ ਰਾਤਾਂ ‘ਚ
ਬਾਹਰ ਖਲੋਤਿਆਂ -
ਕੋਈ ਨਹੀਂ ਬਹੁੜਿਆ
ਸੁੰਨ-ਸਾਨ, ਰਾਤਾਂ ‘ਚ ਖੜ੍ਹੀ
ਇਸ ਔਰਤ ਦੀ ਵਿੱਥਿਆ ਸੁਨਣ
ਮੁਗ਼ਲ-ਏ-ਆਜ਼ਮ ਅਕਬਰ ਦਾ
ਸ਼ਾਹੀ ਜਲਾਲ ਹੋਵੇ ਜਾਂ
ਮਹਾਰਾਜਾ ਰਣਜੀਤ ਸਿੰਘ ਦੀ
ਚੜ੍ਹਤ ਦੇ ਦਿਨ
ਸ਼ਾਹੀ ਕਿਲੇ ਦੇ ਬਿਲਕੁਲ ਨਜ਼ਦੀਕ
ਸ਼ਾਹੀ ਮਸਜਿਦ ਦੇ ਪਿਛਵਾੜੇ
ਕਿਸਾਈ ਮੰਡੀ ਦੇ ਦਲਾਲ
ਕੁੱਤਿਆਂ ਵਾਂਗ, ਮੂੰਹਾਂ ‘ਚੋਂ
ਸਲੂਣੀ ਰਾਲ ਛੱਡਦੇ
ਮਨੁੱਖ ਰੂਪੀ ਬਘਿਆੜਾਂ ਦੀ
ਢਾਣੀ ਲੈ ਕੇ, ਮੁੜ, ਮੁੜ
ਬਰਫ਼ ਦੀ ਸਿੱਲ ਬਣ ਚੁੱਕੀ
ਉਸ ਔਰਤ ਕੋਲ, ਗਰਮ ਗੋਸ਼ਤ ਦਾ
ਜ਼ਾਇਕਾ ਲੈਣ ਲਈ ਆਉਂਦੇ
ਹੋਂਦ ਅਤੇ ਨਿਰਹੋਂਦ ਦਰਮਿਆਨ
ਇੱਕ ਤ੍ਰੈਸ਼ੰਕੂ ਵਾਂਗ ਲਟਕੀ
ਉਹ, ਆਪਣੇ ਪੈਰਾਂ ‘ਚ ਘੁੰਗਰੂ ਬੰਨ੍ਹ
ਆਪਣੀ ਹੀ ਮੌਤ ਦੇ ਗੀਤ ਗਾਉਂਦੀ
ਆਪਣੀ ਹੀ ਮੌਤ ਦਾ ਵਿਰਲਾਪ ਕਰਦੀ
ਆਪਣੀ ਹੀ ਤਬਾਹੀ ਦਾ ਜਸ਼ਨ ਮਨਾਉਂਦੀ
ਪਲ, ਪਲ ਮਰਨ ਲਈ, ਉਹ
ਆਪਣੇ ਹੀ ਜਿਸਮ ਨੂੰ, ਬੋਟੀ, ਬੋਟੀ
ਨੋਚ ਦੇਣ ਦੀ, ਗਿਰਝਾਂ ਨੂੰ
ਦਾਹਵਤ ਦਿੰਦੀ
ਪਰ, ਉਸ ਦੀਆਂ ਅੱਖਾਂ ‘ਚ ਪਸਰੀ
ਗਹਿਰੀ ਖਾਮੋਸ਼ੀ, ਇਹੀ
ਸੁਰ ਅਲਾਪਦੀ ਜਾਪਦੀ :
ਇਹ ਵੀ ਕੋਈ ਜ਼ਿੰਦਗੀ ਹੈ !
ਇਹ ਵੀ ਕੋਈ ਜ਼ਿੰਦਗੀ ਹੈ !!
ਇਹ ਵੀ ਕੋਈ ਜ਼ਿੰਦਗੀ ਹੈ !!!
(ਲਾਹੌਰ, ਜਨਵਰੀ 2, 2014)
06/02/2014
ਮੁਸੀਬਤਾਂ ਦੇ ਝੱਖੜ
ਸੁਖਿੰਦਰ
ਉਸਦੀ ਰੂਹ ਵਲੂੰਧਰੀ ਗਈ ਹੈ
ਪਰ, ਉਹ ਅਜੇ ਵੀ
ਅੱਲਾ, ਅੱਲਾ
ਵਾਹਿਗੁਰੂ, ਵਾਹਿਗੁਰੂ
ਜੀਸਸ, ਜੀਸਸ
ਰਾਮ, ਰਾਮ
ਕਰਨ ਵਿੱਚ ਹੀ ਲੀਨ ਹੈ -
ਉਸ ਨੂੰ ਸਿਖਾਇਆ ਹੀ
ਇਹੋ ਗਿਆ ਹੈ
ਪਲ, ਪਲ ਝੁੱਲ ਰਹੇ
ਮੁਸੀਬਤਾਂ ਦੇ ਝੱਖੜ ਨੇ
ਲੀਰੋ-ਲੀਰ ਕਰ ਦਿੱਤਾ
ਉਸ ਦਾ ਤਨ-ਮਨ
ਨ ਸੌਣ ਦੀ ਆਜ਼ਾਦੀ
ਨ ਜਾਗਣ ਦੀ
ਨ ਸੋਚਣ ਦੀ ਆਜ਼ਾਦੀ
ਨ ਕਹਿਣ ਦੀ
ਨ ਖਾਣ ਦੀ ਆਜ਼ਾਦੀ
ਨ ਪਹਿਨਣ ਦੀ
ਨ ਰਿਸ਼ਤੇ ਬਨਾਉਣ ਦੀ ਆਜ਼ਾਦੀ
ਨ ਨਿਭਾਉਣ ਦੀ
ਇੱਕੋ ਹੀ ਕੈਂਚੀ ਨਾਲ
ਕੱਟ ਦਿੱਤੇ ਗਏ ਹਨ
ਘੁੱਗੀ ਦੇ ਸਭੇ ਹੀ ਪਰ
ਰੇਡੀਓ, ਟੀਵੀ, ਅਖਬਾਰਾਂ ਦੇ ਦਾਹਵੇ
ਮਹਿਜ਼, ਕਹਿਣ ਦੀਆਂ ਹੀ ਗੱਲਾਂ ਹਨ
ਹਕੀਕਤ ਅੱਜ ਵੀ, ਓਵੇਂ ਹੀ
ਦੰਦ ਚਿੜਾਅ ਰਹੀ ਹੈ, ਜਿਵੇਂ ਕਿ
ਸਦੀਆਂ ਪਹਿਲਾਂ ਚਿੜਾਂਦੀ ਸੀ
ਔਰਤ ਦੇ ਪੈਰਾਂ ਵਿੱਚ, ਅਜੇ ਵੀ
ਓਵੇਂ ਹੀ ਬੇੜੀਆਂ ਹਨ, ਜਿਵੇਂ ਕਿ
ਸਦੀਆਂ ਪਹਿਲਾਂ ਸਨ
ਅਜੇ ਵੀ ਬੰਦ ਬੂਹਿਆਂ ਦੇ ਪਿਛੇ, ਔਰਤ ਉੱਤੇ
ਮੁਸੀਬਤਾਂ ਦੇ ਪਹਾੜ, ਓਵੇਂ ਹੀ ਟੁੱਟਦੇ ਹਨ
ਜਿਵੇਂ ਕਿ ਸਦੀਆਂ ਪਹਿਲਾਂ ਟੁੱਟਦੇ ਸਨ
ਅਜੇ ਵੀ, ਉਸਦੀਆਂ ਅੱਖਾਂ ‘ਚੋਂ
ਹੰਝੂਆਂ ਦੀ ਬਰਸਾਤ ਓਵੇਂ ਹੀ ਹੁੰਦੀ ਹੈ
ਜਿਵੇਂ ਕਿ ਸਦੀਆਂ ਪਹਿਲਾਂ ਹੁੰਦੀ ਸੀ
ਮਹਿਜ਼, ਮਰਦ ਤੋਂ, ਇਹ ਗੱਲ
ਮਨਵਾਉਣ ਲਈ ਕਿ ਉਹ ਵੀ ਇੱਕ
ਹੱਡ-ਮਾਸ ਦਾ, ਜਿਉਂਦਾ-ਜਾਗਦਾ
ਪੁਤਲਾ ਹੈ
ਉਸ ਦੀਆਂ ਰਗਾਂ ਵਿੱਚ ਵੀ
ਓਵੇਂ ਹੀ ਖ਼ੂਨ ਦੌੜਦਾ ਹੈ, ਜਿਵੇਂ ਕਿ
ਕਿਸੀ ਹੋਰ ਇਨਸਾਨ ਦੀਆਂ
ਰਗਾਂ ਵਿੱਚ
(ਲਾਹੌਰ, ਜਨਵਰੀ 5, 2014)
06/02/2014
ਹੁਣ, ਤੂੰ ਕੋਈ ਪਰਦਾ ਨ ਰੱਖੀਂ
ਸੁਖਿੰਦਰ
ਸ਼ਬਦਾਂ ਦਾ ਕੋਈ ਓਹਲਾ ਨ ਰੱਖੀਂ
ਅਰਥਾਂ ਦਾ ਵੀ ਨਹੀਂ-
ਹੁਣ, ਹਰ ਦੀਵਾਰ
ਗਿਰ ਜਾਣ ਦੇ
ਮੌਸਮ ਦੇ ਖੁਸ਼ਗਵਾਰ ਹੋਣ ਲਈ
ਸਮੇਂ ਦੀ ਇਹੀ ਮੰਗ ਹੈ
ਐਵੇਂ ਨ ਅੱਖਾਂ ‘ਚੋਂ
ਹੰਝੂਆਂ ਦੀ ਬਰਸਾਤ ਨੂੰ
ਸ਼ੁਰੂ ਹੋਣ ਦੀ, ਹਰ ਪਲ
ਦਾਹਵਤ ਦੇ
ਬਹੁਤ ਕੀਮਤੀ ਨੇ ਤੇਰੇ, ਇਹ
ਅੱਖਾਂ ਦੇ ਪਾਣੀ
ਕਿੰਨਾ ਵੀ, ਭਾਵੇਂ
ਜ਼ਿੰਦਗੀ ਵਿੱਚ, ਸਲੀਕੇ ਨਾਲ
ਜਿਉਣ ਦੀ ਕੋਸਿ਼ਸ਼ ਕਰ
ਹਾਲਾਤ ਨੇ, ਕਿਤੋਂ ਨ ਕਿਤੋਂ
ਕਿਸੀ ਨ ਕਿਸੀ ਬਹਾਨੇ
ਤੇਰੇ ਪੈਰਾਂ ਨੂੰ
ਲਹੂ ਲੁਹਾਣ ਕਰਨ ਲਈ
ਰਾਹਾਂ ‘ਚ ਕੰਕਰ
ਸੁੱਟ ਹੀ ਦੇਣੇ ਹਨ
ਇਹ ਕੰਕਰ ਕਦੀ
ਧਾਰਮਿਕ ਗ੍ਰੰਥਾਂ ਦੀਆਂ ਆਇਤਾਂ
ਕਦੀ ਸਭਿਆਚਾਰਕ ਅਸੂਲਾਂ
ਕਦੀ ਨੈਤਿਕ ਕਦਰਾਂ-ਕੀਮਤਾਂ
ਦੀਆਂ, ਹਰ ਪਲ, ਭੁਰ ਰਹੀਆਂ
ਦੀਵਾਰਾਂ ‘ਚੋਂ ਗਿਰ ਹੀ ਪੈਣੇ ਨੇ
ਪਰ ਤੂੰ, ਕਿਸੀ ਵੀ ਪਲ
ਹੌਂਸਲਾ ਨ ਹਾਰੀਂ-
ਸੱਚ ਦਾ ਪਿੱਛਾ ਨ ਛੱਡੀਂ
ਹਿੰਮਤ ਅਤੇ ਦਲੇਰੀ ਨਾਲ
ਧਰਤੀ ਉੱਤੇ, ਆਪਣੇ ਕਦਮ ਰੱਖੀਂ
ਵੇਖੀਂ ਹਨ੍ਹੇਰੀਆਂ ਰਾਤਾਂ ਵਿੱਚ ਵੀ
ਤੇਰੇ ਲਈ, ਚਿਰਾਗ਼ ਜਗ ਉੱਠਣਗੇ
ਬਸ, ਹੁਣ ਤੂੰ
ਹਰ ਦੀਵਾਰ ਗਿਰ ਜਾਣ ਦੇ
ਮੌਸਮ ਦੇ ਖ਼ੁਸ਼ਗਵਾਰ ਹੋਣ ਲਈ
ਸਮੇਂ ਦੀ ਇਹੀ ਮੰਗ ਹੈ
(ਜਨਵਰੀ 9, 2014, ਪਾਕਿਸਤਾਨ ਤੋਂ ਕੈਨੇਡਾ ਲਈ ਹਵਾਈ ਸਫ਼ਰ
ਕਰਦਿਆਂ)
06/02/2014
ਜਾਨੇਮਨ
ਸੁਖਿੰਦਰ
ਮੋਹ ਭਰੀ ਤਕਣੀ ਨਾਲ
ਤਕਦਿਆਂ, ਉਸ ਨੇ ਬਸ
ਏਨਾ ਹੀ ਕਿਹਾ :
ਤੂੰ ਜਦ, ਹੌਲੀ ਜਿਹੀ
ਜਾਨੇਮਨ ਆਖਦਾ ਹੈਂ
ਦਹਾਕਿਆਂ ਤੋਂ ਬੰਦ ਪਏ
ਮਨ ਦੇ ਬੂਹੇ
ਖੁੱਲ੍ਹ ਜਾਣ-
ਮਾਰੂਥਲਾਂ ‘ਚ
ਬੂੰਦਾ-ਬਾਂਦੀ ਹੋਣ ਲੱਗੇ
ਜੰਗਲਾਂ ‘ਚ
ਮੌਨਸੂਨ ਦੀਆਂ ਬਰਸਾਤਾਂ ਦਾ
ਸਿਲਸਿਲਾ ਛਿੜ ਪਏ
ਮਨ ਦੇ ਸੁੱਕ ਚੁੱਕੇ ਵੀਰਾਨ ਬਾਗਾਂ ‘ਚ
ਇੱਕ ਹੀ ਸ਼ਬਦ ਨਾਲ ਗੁਲਾਬ ਮਹਿਕ ਉੱਠਣ
ਚਿਰਾਂ ਤੋਂ ਸੁੱਕੀਆਂ ਨਦੀਆਂ ‘ਚ
ਇੱਕ ਹੀ ਸ਼ਬਦ ਨਾਲ ਲਹਿਰ ਲਹਿਰ ਹੋ ਉੱਠੇ
ਕੁਰੱਖਤ ਬੋਲਾਂ ਨਾਲ ਝੁਲਸ ਗਏ ਤਨ-ਮਨ ਨੂੰ
ਇੱਕ ਹੀ ਸ਼ਬਦ ਨਾਲ ਆਰਾਮ ਆ ਜਾਏ
ਪ੍ਰਦੂਸ਼ਨ ਭਰੇ ਚੌਗਿਰਦੇ ‘ਚ
ਇੱਕ ਹੀ ਸ਼ਬਦ ਨਾਲ ਸੁਗੰਧ ਭਰੀ ਪੌਣ
ਰੁਮਕਣ ਲੱਗ ਪਏ
ਇੱਕ ਹੀ ਸ਼ਬਦ
ਏਨਾ ਸ਼ਕਤੀਵਰ ਵੀ ਹੋ ਸਕਦਾ
ਮੈਂ ਕਦੀ ਸੋਚਿਆ
ਤੱਕ ਨਹੀਂ ਸੀ
(ਮਾਲਟਨ, ਜਨਵਰੀ 16, 2014)
06/02/2014
ਕਹੀ, ਅਣਕਹੀ
ਸੁਖਿੰਦਰ
ਮੈਂ, ਉਸ ਨੂੰ
ਦੋਸ਼ ਕਿੰਝ ਦਿੰਦਾ-
ਉਹ ਤਾਂ, ਬਾਰ ਬਾਰ
ਮੇਰੇ ਮਨ ਦੇ
ਬੰਦ ਦਰਵਾਜਿ਼ਆਂ ਉੱਤੇ
ਦਸਤਕ ਦਿੰਦੀ ਰਹੀ
ਕਦੀ ਰਾਧਾ, ਕਦੀ ਸੱਸੀ
ਕਦੀ ਸੋਹਣੀ, ਕਦੀ ਹੀਰ ਬਣਕੇ
ਮੈਂ ਹੀ ਉੱਡ ਨ ਸਕਿਆ
ਮੇਰੇ ਹੀ ਖੰਭ, ਬਸ
ਫੜਫੜਾ ਕੇ
ਰਹਿ ਗਏ
ਉਸ ਨੇ ਤਾਂ
ਆਖਿਆ ਸੀ :
ਚੱਲ, ਉੱਡ ਚੱਲੀਏ
ਦਿਸਦੇ ਦਿਸਹੱਦਿਆਂ ਤੋਂ ਦੂਰ
ਰੰਗਾਂ, ਨਸਲਾਂ, ਕੌਮਾਂ
ਦੀਆਂ, ਸੀਮਾਵਾਂ ਤੋਂ
ਬੇਖੌਫ਼ ਹੋ-
ਮੈਂ ਹੀ ਨ ਜਗ ਸਕਿਆ
ਹਨ੍ਹੇਰੇ ‘ਚ ਜਗਦੀ
ਦੀਵੇ ਦੀ ਲੋਅ ਵਾਂਗੂੰ
ਉਸ ਨੇ ਤਾਂ
ਆਖਿਆ ਸੀ :
ਜੇ ਮੇਰੇ ਕੋਲ
ਜੀਣ ਲਈ, ਮਹਿਜ਼
ਇੱਕ ਰਾਤ ਵੀ ਹੁੰਦੀ
ਤਾਂ ਮੈਂ ਦਸਦੀ ਤੈਨੂੰ
ਕਿ ਕੱਟੇ ਹੋਏ
ਪਰਾਂ ਵਾਲੀ, ਘੁੱਗੀ ਵੀ
ਨੀਲੇ ਆਸਮਾਨਾਂ ‘ਚ
ਉੱਡ ਸਕਦੀ ਹੈ
ਉੱਚੀਆਂ ਹਵਾਵਾਂ ‘ਚ
ਗੀਤ ਗਾ ਸਕਦੀ
ਸਤਰੰਗੀ ਪੀਂਘ ਦੇ ਰੰਗਾਂ
ਦੇ ਵਾਂਗੂੰ, ਮੁਸਕਰਾ ਸਕਦੀ
ਵਰ੍ਹਿਆਂ ਤੋਂ, ਮਾਰੂਥਲ ਬਣੇ
ਖੇਤਾਂ ‘ਚ, ਹਰਿਆਵਲ ਬਣ ਕੇ
ਲਹਿਰਾ ਸਕਦੀ
(ਮਾਲਟਨ, ਜਨਵਰੀ 23, 2014)
06/02/2014
ਮਿਲਨ
ਸੁਖਿੰਦਰ
ਤੂੰ, ਮੈਨੂੰ ਇਸ ਤਰ੍ਹਾਂ
ਨ ਮਿਲਿਆ ਕਰ
ਇੱਕ ਸ਼ਰਾਰਤ ਜਿਹੀ
ਅੱਖਾਂ ‘ਚ ਲੈ ਕੇ-
ਸ਼ਹਿਰ ਦੀ ਹਰ ਜੂਹ ‘ਤੇ
ਮੰਦਿਰਾਂ, ਮਸਜਿਦਾਂ
ਗਿਰਜਿਆਂ, ਗੁਰਦੁਆਰਿਆਂ ਦਾ
ਪਹਿਰਾ ਹੈ
ਵੇਖੀਂ, ਕਿਤੇ ਕੋਈ
ਸੱਪ, ਇਨ੍ਹਾਂ ਜੂਹਾਂ ‘ਚੋਂ
ਨਿਕਲ ਕੇ, ਤੈਨੂੰ ਡੰਗ ਜਾਵੇ
ਬਹੁਤ ਜ਼ਹਿਰੀਲੇ ਹੁੰਦੇ ਨੇ
ਇਨ੍ਹਾਂ ਜੂਹਾਂ ‘ਚੋਂ
ਨਿਕਲੇ ਸੱਪ
ਇਹ ਸੱਪ, ਪਹਿਲਾਂ
ਪਿਆਰ ਦੀ ਬੋਲੀ
ਬੋਲਦੇ ਨੇ, ਇਨ੍ਹਾਂ ਦੇ
ਸਾਹਾਂ ਨੂੰ, ਬਸ
ਆਪਣੇ ਸਾਹਾਂ ‘ਚ
ਮਿਲਣ ਦੇਵੋ, ਫਿਰ
ਪਲਾਂ, ਛਿਣਾਂ ‘ਚ ਹੀ
ਆਪਣੀ ਜ਼ਹਿਰ ਦੀ
ਗੁਥਲੀ ਖੋਹਲਦੇ ਨੇ
ਕਿਤੇ ਅੱਲਾਹ ਦੇ ਨਾਮ ਉੱਤੇ
ਕਿਤੇ ਵਾਹਿਗੁਰੂ ਦੇ
ਕਿਤੇ ਰਾਮ, ਰਾਮ ਕਰਦਿਆਂ
ਕਿਤੇ ਜੀਸਸ, ਜੀਸਸ ਕਹਿ
ਇਹ ਤੁਹਾਡੇ ਸੀਨੇ ‘ਚ
ਰੰਗਾਂ, ਨਸਲਾਂ, ਧਰਮਾਂ ਦੇ
ਭਿੰਨ-ਭੇਦਾਂ ਵਾਲੇ, ਖੰਜਰ
ਖੋਭਦੇ ਨੇ
ਇਨ੍ਹਾਂ ਦੇ ਦੁੱਧ ਧੋਤੇ
ਚਿਹਰਿਆਂ ਵੱਲ ਨ ਤੱਕੋ
ਇਹ ਵੇਖਣ ਨੂੰ ਤਾਂ, ਮਹਿਕਾਂ ਭਰੇ
ਗੁਲਾਬਾਂ, ਮੋਤੀਏ, ਚੰਪਾ ਕਲੀ
ਵਾਂਗੂੰ ਜਾਪਣ, ਪਰ
ਅੰਦਰੋਂ, ਭੂੰਡਾਂ ਦੇ ਖੱਖਰਾਂ
ਦੇ ਬਣੇ ਘਰ ਹੁੰਦੇ
ਤੂੰ, ਮੈਨੂੰ ਇਸ ਤਰ੍ਹਾਂ
ਨ ਮਿਲਿਆ ਕਰ
ਇੱਕ ਸ਼ਰਾਰਤ ਜਿਹੀ
ਅੱਖਾਂ ‘ਚ ਲੈ ਕੇ
ਵੇਖੀਂ, ਕਿਤੇ ਰਾਹਾਂ ‘ਚ
ਛੁਪ ਕੇ ਬੈਠਾ, ਸੱਪ ਕੋਈ
ਤੈਨੂੰ ਡੰਗ ਜਾਵੇ
(ਮਾਲਟਨ, ਜਨਵਰੀ 23, 2014)
06/02/2014
ਕੁੱਤੇ
ਸੁਖਿੰਦਰ
ਤੁਰੇ ਜਾਂਦਿਆਂ, ਜਦੋਂ
ਤੁਹਾਨੂੰ, ਇਸ ਗੱਲ ਦਾ
ਅਹਿਸਾਸ ਹੋ ਜਾਏ
ਸੜਕ ਦੇ ਦੂਜੇ ਪਾਸੇ
ਖੂੰਖਾਰ ਕੁੱਤੇ ਖੜ੍ਹੇ ਹਨ
ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਬੇਹਤਰੀ ਹੈ-
ਜ਼ਿੰਦਗੀ ਵਿੱਚ, ਮੇਰੇ ਨਾਲ
ਅਨੇਕਾਂ ਹੀ ਵਾਰ, ਅਜਿਹਾ
ਵਾਪਰਿਆ ਹੈ
ਜ਼ਿੰਦਗੀ ਦੀਆਂ ਤੰਗ
ਅਤੇ ਹਨ੍ਹੇਰੀਆਂ ਗਲੀਆਂ ‘ਚੋਂ
ਲੰਘਦਿਆਂ, ਕਿਸੇ ਵੀ ਮੋੜ ਉੱਤੇ
ਹੱਡਾ-ਰੋੜੀ ਕੋਲ
ਘੁੰਮਦੇ, ਇਨ੍ਹਾਂ ਕੁੱਤਿਆਂ ਦੀ
ਤੁਸੀਂ, ਕਦੀ ਵੀ
ਨਜ਼ਰ ਚੜ੍ਹ ਸਕਦੇ ਹੋ
ਉਨ੍ਹਾਂ ਦੇ ਮੂੰਹ, ਖ਼ੂਨ ਨਾਲ
ਲਿਬੜੇ ਹੁੰਦੇ ਹਨ, ਅਤੇ
ਜੁਬਾੜਿਆਂ ਹੇਠ ਕਿਸੇ ਦੀਆਂ
ਹੱਡੀਆਂ, ਕਿਰਚ, ਕਿਰਚ
ਕਰ ਰਹੀਆਂ ਹੁੰਦੀਆਂ ਹਨ
ਹੋ ਸਕਦੈ, ਤੁਹਾਨੂੰ
ਭੁਲੇਖਾ ਦੇਣ ਲਈ, ਉਹ
ਅਚਨਚੇਤ, ਕੋਈ ਮਨੁੱਖੀ ਜਾਮਾ
ਪਹਿਣ, ਤੁਹਾਡੇ ਰਾਹਾਂ ਵਿੱਚ
ਆ ਖਲੋਣ, ਅਤੇ
ਤੁਹਾਡੇ ਪੈਰਾਂ ਵਿੱਚ ਲਿਟ ਕੇ
ਆਪਣੀਆਂ, ਲੰਬੀਆਂ ਲੰਬੀਆਂ
ਪੂਛਾਂ ਨਾਲ, ਕਲੋਲਾਂ ਕਰਨੀਆਂ
ਸ਼ੁਰੂ ਕਰ ਦੇਣ
ਪਰ, ਤੁਸੀਂ
ਇਸ ਪਲ, ਕਿਸੀ ਵੀ ਤਰ੍ਹਾਂ
ਉਨ੍ਹਾਂ ਦੇ ਮੋਹ ਦੇ ਰੰਗਾਂ ਵਿੱਚ
ਨ ਰੰਗੇ ਜਾਣਾ
ਬਸ, ਸੜਕ ਉੱਤੇ
ਤੁਰੇ ਜਾਂਦਿਆਂ, ਦੂਜੇ ਪਾਸੇ
ਜਦੋਂ, ਖੂੰਖਾਰ ਕੁੱਤੇ ਖੜ੍ਹੇ ਹੋਣ-
ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਤੁਹਾਡੀ ਬੇਹਤਰੀ ਹੈ
(ਮਾਲਟਨ, ਜਨਵਰੀ 24, 2014)
06/02/2014
Sukhinder, Editor : SANVAD, Box 67089, 2300 Yonge
St.
Toronto ON M4P 1E0 Canada Tel. (416) 858-7077
poet_sukhinder@hotmail.com |