ਗ਼ਜ਼ਲ ਸੁਧੀਰ ਕੁਮਾਰ
ਨਜ਼ਰ ਆਇਆ ਅਣਜਾਣਾ ਜਿਹਾ ਕੋਈ ਸਾਇਆ। ਸ਼ਾਇਦ ਕੋਈ ਮੈਨੂੰ ਫਿਰ
ਤੋਂ ਅਜ਼ਮਾਉਣ ਹੈ ਆਇਆ। ਨਵੀਂ ਤਾਜ਼ੀ ਖ਼ਬਰ ਤਾਂ ਹੈ ਪਰ ਬਸ ਐਨੀ
ਕੁ ਹੀ, ਕਿ ਘਰ ਮੇਰੇ ਇੱਕ ਪੰਛੀ ਨੇ ਆਲ੍ਹਣਾ ਹੈ ਪਾਇਆ।
ਫ਼ਸਲ ਕੱਟਦਾ ਮਜ਼ਦੂਰ ,ਕੋਈ ਗੀਤ ਗਾ ਰਿਹਾ ਸੀ, ਸੋਚਿਆ ਬੜਾ ਕਿ ਮੈਂ
ਕਦੋਂ ਸੀ ਕੋਈ ਗੀਤ ਗਾਇਆ। ਕੋਈ ਆਖੇ ਕਰਜ਼ਦਾਰ ਸੀ ਤੇ ਕੋਈ
ਫ਼ੋਟੋ ਲੈ ਰਿਹਾ, ਰੁੱਖ ਉੱਤੇ ਲਟਕਦੀ ਲਾਸ਼ ਨੂੰ ਕਿਸੇ ਨਾ ਉਤਾਰਿਆ।
ਮੁੱਦਤਾਂ ਤੋਂ ਕਰਦਾ ਰਿਹਾ ਮੈਂ ਖ਼ਿਆਲਾਂ ਦੀ ਚਾਕਰੀ, ਹੁਣ ਜਾ
ਕੇ ਇਹ ਸਮਝਿਆ, ਕੀ ਕਰਨੀ ਮਾਇਆ। ਇਹ ਠੋਕਰਾਂ ਦੀ ਕਰਾਮਾਤ ਹੈ
ਜਾਂ ਮੈਂ ਬੁੱਧ ਹੋ ਗਿਆ, ਆਖਣ ਲੱਗਾ ਹਾਂ ਕਿ ਇਹ ਤਨ ਮਿੱਟੀ ਦੀ
ਕਾਇਆ। ਨਾ ਕਿਸੇ ਨੇ ਜਿੱਤਿਆ ਮੈਨੂੰ ਨਾ ਮੈਂ ਕਦੇ
ਹਾਰਿਆ, ਜਦੋਂ ਵੀ ਮੈਂ ਹਾਰਿਆ ਤਾਂ ਖ਼ੁਦ ਤੋਂ ਹੀ ਹਾਂ
ਹਾਰਿਆ। ਦੂਸਰਿਆਂ ਨੂੰ ਕਿੰਝ ਸਮਝ ਸਕਦਾ ਸੀ ਮੈਂ ਨਾਦਾਂ,
ਜਦੋਂ ਕਿ ਆਪਣੇ ਆਪ ਨੂੰ ਸਮਝ ਨਹੀਂ ਪਾਇਆ। 25/04/2023
ਗ਼ਜ਼ਲ ਸੁਧੀਰ ਕੁਮਾਰ
ਬੋਝਲ ਜਿਹਾ ਸਫ਼ਰ ਹੈ। ਪਥਰਾਈ ਹਰ ਨਜ਼ਰ ਹੈ।
ਭੀੜ ਹਰ ਥਾਂ ਦਿਸਦੀ, ਚੁੱਪ ਚਾਪ ਹਰ ਘਰ ਹੈ। ਸਿਰਾਂ
ਵਿੱਚ ਸਰੀਏ ਉੱਗੇ, ਚਿਹਰਿਆਂ ਉੱਤੇ ਡਰ ਹੈ। ਪੱਥਰਾਂ ਦੇ
ਸ਼ਹਿਰ ਵਿੱਚ, ਮਜ਼ਦੂਰ ਦਰ ਬ ਦਰ ਹੈ। ਹੋਰ ਵੱਧ ਦੀ
ਤ੍ਰਿਸ਼ਨਾ ਹੈ, ਬੰਦੇ ਨੂੰ ਕਿੱਥੇ ਸਬਰ ਹੈ। ਧੂੰਆਂ -ਧੂੰਆਂ
ਮੌਸਮ ਹੈ, ਫਿਜ਼ਾ ਵਿੱਚ ਗਹਿਰ ਹੈ। ਪ੍ਰੇਮ ਕਿਤਾਬਾਂ ਦੇ
ਅੰਦਰ, ਦਿਲਾਂ ਵਿੱਚ ਜ਼ਹਿਰ ਹੈ। ਹਰ ਬੰਦਾ ਕਾਹਲ ਵਿੱਚ,
ਰਿਹਾ ਕਿੱਥੇ ਠਹਿਰ ਹੈ। ਖੁਸ਼ੀ ਵਿਕਦੀ ਨਹੀਂ ਕਿਤੇ, ਤੈਨੂੰ
ਵੀ ਇਸਦੀ ਖ਼ਬਰ ਹੈ। ਸਾਗਰ ਡਗਮਗਾ ਰਿਹਾ, ਪੌਣਾਂ ਦੇ ਪੈਰੀਂ
ਭੰਵਰ ਹੈ। ਬਚਪਨ ਗੁੰਮ ਸੁੰਮ ਹੈ, ਦਿਲ ਬੱਚਾ ਮਗਰ ਹੈ।
ਧੁੱਪ ਸਾੜੇ ਜਿਸਮ ਨੂੰ, ਦਿਸਦਾ ਨਾ ਸ਼ਜਰ ਹੈ।
ਬੁਜ਼ਦਿਲਾਂ ਲਈ ਖਤਰਾ, ਰਸਤੇ ਵਿੱਚ ਨਹਿਰ ਹੈ। ਜੀਅ ਨਾ ਲੱਗੇ
ਕਿਤੇ ਹੁਣ, ਬੋਰੀਅਤ ਹਰ ਪਹਿਰ ਹੈ। ਰਾਹ ਚ ਛਾਂ ਨਹੀਂ
ਕਿਧਰੇ, ਉੱਤੋਂ ਚੰਦਰੀ ਦੁਪਹਿਰ ਹੈ। ਜਨਮ ਦਰਦ ਬੋਝ ਮਰਨ,
ਕਾਬਲੀਅਤ ਏ ਹਸ਼ਰ ਹੈ। ਖ਼ੁਦ ਨੂੰ ਖ਼ੁਦਾ ਸਮਝੇ ਬੰਦਾ, ਇਹੋ
ਖ਼ੁਦਾ ਦਾ ਕਹਿਰ ਹੈ। ਕਿਨਾਰੇ ਤੋਂ ਪਿੱਛੇ ਮੁੱਕੀ, ਸਮੁੰਦਰ
ਦੀ ਲਹਿਰ ਹੈ। ਸੁਧੀਰ ਤੇਰੀ ਗ਼ਜ਼ਲ ਦੀ, ਇਕ ਜੁਦਾ ਹੀ ਬਹਿਰ
ਹੈ। 25/04/2023
ਕੋਈ ਸੋਚ ਨਾ ਕਰ ਸੁਧੀਰ ਕੁਮਾਰ
ਜੋ ਕਹਿੰਦੈ ਉਸ ਨੂੰ ਕਹਿਣ ਦੇ ਕੋਈ ਸੋਚ ਨਾ ਕਰ। ਬੰਦੇ ਨੂੰ ਦੁੱਖ
- ਸੁੱਖ ਸਹਿਣ ਦੇ ਕੋਈ ਸੋਚ ਨਾ ਕਰ। ਬਰਫ਼ਾਂ ਦੀ
ਜਾਈ ਜੋ ਧੁਰੋਂ ਤਰਿਹਾਈ, ਕਰ ਖ਼ੁਦ ਨੂੰ ਫ਼ਨਾਹ ਸਾਗਰ ਚ
ਸਮਾਈ, ਉਹ ਖੋ ਕੇ ਆਪਣੀ ਹਸਤੀ ਜਾ ਰਹਿੰਦੀ ਬੇਗਾਨੇ ਘਰ। ਚੰਚਲ
ਨਦੀ ਨੂੰ ਵਹਿਣ ਦੇ ਕੋਈ ਸੋਚ ਨਾ ਕਰ। ਉਹ ਧਰਤੀ ਮਾਂ ਦਾ
ਲਾਡਲਾ ਦਿੰਦਾ ਕੁਰਬਾਨੀ। ਉਹ ਸਾਡਾ ਵੱਡ ਬਜ਼ੁਰਗ ਹੈ ਉਹਦਾ
ਕੋਈ ਨਾ ਸਾਨੀ ਉਹ ਛਾਂ ਦਿੰਦਾ ਹੈ ਮਾਂ ਵਾਂਗ
ਉਹਦੀ ਸੁੱਖ ਮਨਾਇਆ ਕਰ। ਰੁੱਖ ਧੁੱਪੇ ਸੜਦਾ ਰਹਿਣ ਦੇ ਕੋਈ ਸੋਚ ਨਾ
ਕਰ। ਉਹ ਚੌੜਾ ਸੀਨਾ ਤਾਨ ਕੇ ਖੜਿਆ ਹੈ ਵਿਚ ਮੈਦਾਨ।
ਉਹਦੇ ਸਾਹਮਣੇ ਬੌਨੇ ਜਾਪਦੇ ਦੁਸ਼ਮਣ ਕਈ ਸ਼ੈਤਾਨ। ਉਹਦਾ ਪਰਬਤ ਦਾ
ਹੈ ਜੇਰਾ ਉਹ ਸਾਡੀ ਗ਼ੈਰਤ ਦਾ ਸਿਖ਼ਰ ਪੌਣਾਂ ਨੂੰ ਉਸ ਨਾਲ ਖਹਿਣ
ਦੇ ਕੋਈ ਸੋਚ ਨਾ ਕਰ। ਉਹ ਮਾਂ ਦੀ ਲਾਡੋ ਰਾਣੀ ਹੈ ਸਾਰੇ ਘਰ
ਦੀ ਸ਼ਾਨ। ਉਹਨੇ ਇਕ ਦਿਨ ਸੱਚੀਂ ਤੁਰ ਜਾਣਾ ਹੈ ਉਹ ਮਹਿਮਾਨ। ਉਹਦੇ
ਅਰਮਾਨਾਂ ਦੀ ਝੋਲ ਨੂੰ ਤੂੰ ਖ਼ੁਸ਼ੀਆਂ ਦੇ ਨਾਲ ਭਰ। ਉਹਨੂੰ ਮਨ ਦੀ
ਗੱਲ ਕਹਿਣ ਦੇ ਕੋਈ ਸੋਚ ਨਾ ਕਰ। ਉਹ ਰੱਬ ਦਾ ਦੂਜਾ ਰੂਪ ਹੈ
ਉਹਨੂੰ ਕੋਟਿ ਕੋਟਿ ਪ੍ਰਣਾਮ। ਜੰਨਤ ਵੀ ਉਹਦੇ ਸਾਹਮਣੇ ਭਲਾਂ ਰੱਖਦੀ ਕੀ
ਮਜਾਲ। ਉਹਦੇ ਚਰਨੀਂ ਮੱਥਾ ਟੇਕ ਦੇ ਉਹਦਾ ਕਰਜ਼ਾ ਹੈ ਸਿਰ। ਮਾਂ
ਨੂੰ ਅੱਵਲ ਰਹਿਣ ਦੇ ਕੋਈ ਸੋਚ ਨਾ ਕਰ। ਉਹ ਭੱਜਿਆ ਭੱਜਿਆ ਜਾ
ਰਿਹੈ ਉਹਦੀ ਆਪਣੀ ਚਾਲ। ਉਹ ਕਿਸੀ ਤੇ ਨਾ ਨਿਰਭਰ ਉਹ ਕਾਲ ਦਾ ਹੈ
ਕਾਲ। ਉਹਦੀ ਨਜ਼ਰ ਤੋਂ ਬੱਚ ਕੇ ਰਹਿ ਬੰਦਿਆ ਉਹਦੀ ਮਾਰ ਤੋਂ ਡਰ।
ਜੋ ਹੋਣੈ ਹੁੰਦਾ ਰਹਿਣ ਦੇ ਕੋਈ ਸੋਚ ਨਾ ਕਰ। ਬੰਦੇ ਨੂੰ
ਬੰਦਾ ਬਨਣ ਲਈ ਅਜੇ ਹੈ ਗੁੰਜਾਇਸ਼। ਖ਼ੁਦ ਨੂੰ ਬੇਹਤਰ ਕਰਨ ਲਈ ਤੂੰ
ਕਰ ਅਜ਼ਮਾਇਸ਼। ਅਰੇ ਸ਼ੁਕਰ ਕਰ ਤੂੰ ਬੇ-ਸ਼ੁਕਰੇ ਉਹਦੀ ਰਜ਼ਾ ਚ
ਰਿਹਾ ਕਰ। ਉਹਨੂੰ ਟੁੱਟ ਕੇ ਜੁੜਦਾ ਰਹਿਣ ਦੇ ਕੋਈ ਸੋਚ ਨਾ ਕਰ।
06/04/2023
ਗ਼ਜ਼ਲ ਸੁਧੀਰ ਕੁਮਾਰ
ਦਰ ਦੀ ਕੁੰਡੀ ਖੜਕੀ, ਬੂਹਾ ਖੋਲ੍ਹਿਆ, ਪੁੱਤ ਦੀ ਆਸ ਸੀ। ਹਵਾ
ਸੀ ਸ਼ਾਇਦ, ਪੁੱਤ ਦੀ ਯਾਦ ਵਿੱਚ ਮਾਂ ਉਦਾਸ ਸੀ। ਵਾਰ ਵਾਰ ਗਲਾ
ਸੁੱਕਦਾ ਜਲ ਤੱਕ ਨਾ ਪਹੁੰਚ ਸੀ, ਐਪਰ ਜਲ ਨੈਣਾਂ ਦਾ ਜਗਣ ਨਾ ਦਿੰਦਾ
ਪਿਆਸ ਸੀ। ਕੋਈ ਗੱਭਰੂ ਜਦ ਮਾਤਾ ਆਖ ਕੇ ਫਤਿਹ ਬੁਲਾਉਂਦਾ,
ਹਿਰਦੇ ਅੰਦਰ ਕੁਝ ਰਿਸਦਾ,ਨਾ ਮਿਲਦਾ ਧਰਵਾਸ ਸੀ। ਸੁੰਨਾ ਹਰ
ਮੰਜ਼ਰ ਨਾਲੇ ਹਿੱਕ ਤੇ ਵੀਰਾਨਾ ਟਹਿਲਦਾ, ਉਸ ਝੁਰੜਾਈ ਮੂਰਤ 'ਤੇ
ਯਾਦਾਂ ਦਾ ਲਿਬਾਸ ਸੀ। ਉਸ ਦੀ ਹਰ ਸ਼ੈਅ ਜਿਉਂ ਦੀ ਤਿਉਂ ਘਰ ਚ
ਮਹਿਫੂਜ਼ ਸੀ, ਉਹ ਸਭ ਤੋਂ ਜੁਦਾ ਹੋਕੇ ਵੀ ਜਾਪਦਾ ਮੇਰੇ ਪਾਸ ਸੀ।
ਕੋਈ ਲੈ ਗਿਆ ਜੋ ਮੇਰੇ ਸੀ ਤੇ ਆਪਣੇ ਛੱਡ ਗਿਆ,ਉਫ਼! ਧੜਕਣ ਵੀ
ਓਸਦੀ ਤੇ ਬਾਕੀ ਰਹਿੰਦੇ ਜੋ ਸੁਆਸ ਸੀ। ਕੌਣ ਸਮਝਾਵੇ ਕਿ ਉਹ
ਚਲਿਆ ਗਿਆ ਜਾਵਣ ਵਾਲਾ, ਨਾ ਜ਼ਿਕਰ ਮੁੱਕਿਆ ਨਾ ਫ਼ਿਕਰ ਖਾਮੋਸ਼
ਅਹਿਸਾਸ ਸੀ। ਉਹ ਜੋ ਛਾਂ ਸੀ, ਮਾਂ ਸੀ, ਖ਼ੁਦਾ ਸੀ, ਦਿੰਦੀ ਸੀ
ਤਸੱਲੀਆਂ, ਇਸ ਪਾਕੀਜ਼ਗੀ ਨੇ ਉਸ ਨੂੰ ਨਾ ਬਨਣ ਦਿੱਤਾ ਲਾਸ਼ ਸੀ।
02/04/2023
ਗ਼ਜ਼ਲ ਸੁਧੀਰ ਕੁਮਾਰ
ਦੌੜੀ ਜਾ ਰਹੀ ਭੀੜ ਦਾ ਕੋਈ ਨਾਮ ਨਹੀਂ ਹੁੰਦਾ। ਬੋਝਲ
ਚਿਹਰੇ ਭਾਰੇ ਪੈਰਾਂ ਨੂੰ ਆਰਾਮ ਨਹੀਂ ਹੁੰਦਾ। ਆਦਮੀ ਨੂੰ
ਨਹੀਂ ਨਸੀਬ ਫ਼ੁਰਸਤ ਦੀਆਂ ਘੜੀਆਂ, ਉੱਛਲਦੀਆਂ ਸੋਚਾਂ ਨੂੰ ਕਦੀ ਵਿਰਾਮ
ਨਹੀਂ ਹੁੰਦਾ। ਪ੍ਰੇਮ ਵਿੱਚ ਵੀ ਅੱਖਾਂ
ਨਮ ਹੋ ਜਾਂਦੀਆਂ ਹਨ, ਹਰ ਹੰਝੂ 'ਚ ਸ਼ਿਕਵਿਆਂ
ਦਾ ਕੁਹਰਾਮ ਨਹੀਂ ਹੁੰਦਾ। ਲੋਕਾਂ ਦੇ ਘਰ ਬਣਾਉਣਾ ਰੋਜ਼ੀ ਦਾ
ਮਸਲਾ ਹੈ, ਮਜ਼ਦੂਰ ਦੀ ਕਿਸਮਤ ਵਿੱਚ ਇਨਾਮ ਨਹੀਂ ਹੁੰਦਾ।
ਅਨੰਤ ਸਫ਼ਰ ਵਿੱਚ ਵੀ ਸੂਰਜ ਥੱਕਦਾ ਨਹੀਂ ਹੈ, ਮਿਹਨਤਕਸ਼ਾਂ ਲਈ ਸੁਬਹ
ਤੇ ਸ਼ਾਮ ਨਹੀਂ ਹੁੰਦਾ। ਉਂਝ ਤਾਂ ਕਿਸੇ ਵੀ ਰਿਸ਼ਤੇ ਦਾ ਕਰਜ਼
ਨਹੀਂ ਲੱਥਦਾ, ਭੁੱਲੀਂ ਨਾ ਮਾਂ ਦੀ ਮਮਤਾ ਦਾ ਕੋਈ ਦਾਮ ਨਹੀਂ ਹੁੰਦਾ।
02/04/2023
ਗ਼ਜ਼ਲ ਸੁਧੀਰ ਕੁਮਾਰ
ਜਿਸਦਾ ਡਰ ਸੀ ਉਹੀ ਹਾਦਸਾ ਹੋ ਗਿਆ। ਖ਼ੁਦ ਤੋਂ ਹੀ ਖ਼ੁਦ ਦਾ ਜੁ
ਫ਼ਾਸਲਾ ਹੋ ਗਿਆ। ਇੱਕ ਦੁਸ਼ਮਣ ਨੂੰ ਜਦ ਮੈਂ
ਸੀਨੇ ਲਾਇਆ, ਘਰ 'ਚ ਮੁਸ਼ਕਲ ਮੇਰਾ ਦਾਖਲਾ ਹੋ ਗਿਆ। ਗੱਲ
ਤਾਂ ਭਾਵੇਂ ਸਾਦਾ ਹੀ ਸੀ ਐਪਰ, ਬਸ ਸੰਗੀਨ
ਸਾਰਾ ਮਾਮਲਾ ਹੋ ਗਿਆ। ਸੱਚ ਦੀ ਸਲੀਬ ਜਦ ਤੋਂ ਹੈ
ਚੁੱਕ ਲਈ, ਲੋਕ ਰਲਦੇ ਗਏ ਤੇ ਕਾਫ਼ਲਾ ਹੋ ਗਿਆ। ਕੰਕਰੀਟ
ਜੰਗਲ ਵਿੱਚ ਬੁੱਤ ਹੀ ਬੁੱਤ, ਸ਼ਹਿਰ
ਵਿਚੋਂ ਆਦਮੀ ਲਾਪਤਾ ਹੋ ਗਿਆ। ਹੈ ਇਕੱਲਾ ਭੀੜ
ਵਿਚ ਹੁਣ ਆਦਮੀ, ਤਨਹਾ ਸਫ਼ਰ ਨਾਲ ਜੁ ਰਾਬਤਾ ਹੋ ਗਿਆ।
26/03/2023 ਗ਼ਜ਼ਲ ਸੁਧੀਰ ਕੁਮਾਰ
ਮੌਸਮ-ਏ-ਜਜ਼ਬਾਤ ਬੇਹਤਰ ਹੈ। ਆਰਜ਼ੂ-ਏ-ਹਾਲਾਤ ਬਦਤਰ ਹੈ।
ਨਹੀਂ ਨਿਭਦੀ ਰੂਹ ਜਿਸਮ ਤਾਈਂ, ਜਿਸਮ ਰੂਹ ਦਾ ਕੋਰਾ ਬਸਤਰ ਹੈ।
ਜ਼ਰਾ ਝਾਤ ਮਾਰ ਤੂੰ ਧੁਰ ਅੰਦਰ, ਨਾ ਮਸਜਿਦ ਕਿਤੇ ਨਾ ਮੰਦਰ ਹੈ।
ਜੋ ਕਰੀਂ ਫਿਰਦਾ ਹੈ ਖ਼ੁਦ ਨੂੰ ਬੁਲੰਦ, ਬੰਦਾ ਉਹ ਬਦਬਖਤ ਸਿਕੰਦਰ ਹੈ।
ਛੇੜੀਂ ਨਾ ਐਵੇਂ ਪਈ ਗਰਦ ਨੂੰ, ਦਰਾਂ ਤੇ ਢੁੱਕ ਚੁੱਕੀ ਮਹਿਸ਼ਰ
ਹੈ। ਸੂਰਜ ਦਮ ਭਰਦਾ ਹੈ ਬੰਦੇ ਦਾ, ਬਸ਼ਰ ਇਹ ਨਿਰਾ ਬਸੰਤਰ
ਹੈ। ਮਰਦੂਦ ਜੋ ਇਹ ਮੁਜੱਸਮਾ ਹੈ, ਦੋਖੀ ਖ਼ੁਦ ਸਿਰਾ ਪਤੰਦਰ
ਹੈ। ਸੁਧੀਰ ਸ਼ਾਇਰੀ ਦਾ ਲਖਾਇਕ ਹੈ, ਗ਼ਜ਼ਲ ਵਿਚ ਗ਼ਾਲਿਬ
ਧਨੰਤਰ ਹੈ। 26/03/2023
ਗ਼ਜ਼ਲ ਸੁਧੀਰ ਕੁਮਾਰ
ਅਰਮਾਨ ਮੇਰੇ ਦਿਲ 'ਚ ਧਰੇ ਦੇ ਧਰੇ ਰਹੇ। ਖ਼ੁਸ਼ੀਆਂ ਦੇ ਸੈਲਾਬ ਮੈਥੋਂ
ਪਰੇ ਦੇ ਪਰੇ ਰਹੇ। ਜ਼ਮਾਨੇ ਦੇ ਛਲ ਕਪਟ ਦਾ ਗ਼ਮ ਨਹੀਂ ਕੋਈ,
ਕੁਝ ਆਸਰੇ ਗਏ ਤਾਂ ਵੀ ਕੁਝ ਆਸਰੇ ਰਹੇ। ਪਿੰਡ ਛੱਡਣ ਵੇਲੇ ਹੱਸ
ਕੇ ਅਲਵਿਦਾ ਕਿਹਾ, ਕੀ ਕੀਤਾ ਜਾਵੇ ਅੱਖਾਂ ਵਿੱਚ ਹੰਝੂ ਭਰੇ ਰਹੇ।
ਦੁਸ਼ਮਣਾਂ ਨੂੰ ਮਿਲਦਾ ਰਿਹਾ ਦੋਸਤਾਂ ਵਾਂਗ, ਪਰ ਮੇਰੇ ਸੀਨੇ ਦੇ
ਜ਼ਖ਼ਮ ਹਮੇਸ਼ਾ ਹਰੇ ਰਹੇ। ਮੈਂ ਖ਼ੁਦ ਨੂੰ ਮਿਟਾਉਣ 'ਚ ਲੱਗਿਆ
ਰਿਹਾ, ਉੱਧਰ ਮੇਰੇ ਦੋਸਤਾਂ ਦੇ ਵੱਧਦੇ ਨਖ਼ਰੇ ਰਹੇ। ਕੋਈ
ਮਿਲਿਆ ਨਾ ਸਕੂਨ ਕਿਸੇ ਵੀ ਕੋਲੋਂ, ਪਰ ਮੇਰੇ ਖ਼ਿਆਲਾਤ ਉਮੀਦਾਂ ਤੇ
ਖਰੇ ਰਹੇ। 26/03/2023
ਗ਼ਜ਼ਲ ਸੁਧੀਰ ਕੁਮਾਰ
ਮੌਤ ਇੱਕ ਪਰਦਾ ਹੈ ਪਰਦਾ ਕਰਾਂ ਕਿਉਂ। ਇਹ ਲੰਮੀ ਨੀਂਦ ਹੈ ਇਸ
ਤੋਂ ਡਰਾਂ ਕਿਉਂ। ਹਾਰ ਕੇ ਮੈਂ ਉਸਨੂੰ ਜਿਤਾ ਤਾਂ ਸਕਦਾ ਹਾਂ,
ਜਿੱਤ ਕੇ ਮਨ ਆਪਣਾ ਫਿਰ ਹਰਾਂ ਕਿਉਂ। ਇਸ਼ਕ ਮੇਰੀ ਜ਼ਿੰਦਗੀ ਹੈ
ਤੇ ਬੰਦਗੀ ਵੀ, ਇਬਾਦਤ ਕਿਸੇ ਹੋਰ ਦੀ ਫੇਰ ਕਰਾਂ ਕਿਉਂ।
ਪ੍ਰੇਮ ਅਗਨ ਵਿੱਚ ਸੜਨ ਦਾ ਸ਼ੌਕ ਹੈ ਮੈਨੂੰ, ਡੁੱਬ ਕੇ ਸਾਗਰ ਪਾਣੀਆਂ
ਮੈਂ ਠਰਾਂ ਕਿਉਂ। ਜਰਨਾ ਨਸੀਬ ਮੇਰਾ ਹਰ ਗੱਲ ਜਰ ਲਵਾਂ, ਵਚਨ
ਕਰਕੇ ਤੋੜੇ ਕੋਈ ਇਹ ਜਰਾਂ ਕਿਉਂ। ਮੇਰੇ ਹੌਸਲਿਆਂ ਨੇ ਸਾਗਰਾਂ
ਦੇ ਮੂੰਹ ਮੋੜੇ ਨੇ, ਜਿਉਂਦਿਆਂ ਹੀ ਲਾਸ਼ ਬਣ ਕੇ ਤਰਾਂ ਕਿਉਂ।
ਆਮ ਦਿਨਾਂ ਵਿੱਚ ਨਾ ਕਦੇ ਜਸ਼ਨ ਮਨਾਏ, ਤਨਹਾਈ ਦੇ ਜ਼ਖ਼ਮਾਂ ਉੱਤੇ
ਫੇਹੇ ਧਰਾਂ ਕਿਉਂ। ਉਸ ਪਾਰ ਯਕੀਨਨ ਅੱਪੜਾਂਗਾ ਮੈਂ ਤੈਰ ਕੇ
ਸੋਹਣੀ ਦੇ ਕੱਚੇ ਘੜੇ ਵਾਂਗਰ ਖਰਾਂ ਕਿਉਂ। ਦੋ ਗਜ਼ ਜ਼ਮੀਨ ਤੇ
ਇੱਕ ਵਸਤਰ ਚਾਹੀਦਾ, ਫਿਰ ਕਮਲਾ ਹੋਕੇ ਸੰਦੂਕੜੀਆਂ ਭਰਾਂ ਕਿਉਂ।
26/03/2023
ਗ਼ਜ਼ਲ ਸੁਧੀਰ ਕੁਮਾਰ
ਘਰ ਭਰਿਆ ਹੈ ਪਰ ਮਨ ਵਿੱਚ ਖਲਬਲੀ ਹੈ। ਹਾਲੇ ਮੇਰੀਆਂ ਇੱਛਾਵਾਂ ਦੀ
ਵਗਦੀ ਨਦੀ ਹੈ। ਝੂਠ ਬੋਲਣ ਤੇ ਨਾ ਜ਼ੁਬਾਨ ਕਦੀ ਫਿਸਲਦੀ ਹੈ।
ਹਾਂ ਸੱਚ ਕਹਿਣ ਤੇ ਜ਼ੁਬਾਨ ਜ਼ਰੂਰ ਕੰਬਦੀ ਹੈ। ਸੂਰਜ ਚੰਨ
ਤਾਰਿਆਂ ਦਾ ਰੁਤਬਾ ਹੈ ਬਹੁਤ ਬੜਾ, ਜੁਗਨੂੰ ਖੁਸ਼ ਹੈ ਕਿ ਉਹਦੀ ਆਪਣੀ
ਰੌਸ਼ਨੀ ਹੈ। ਰਿਸ਼ਤੇ ਰਹਿ ਗਏ ਲੋਕਾਚਾਰੀ ਦੇ ਮੁਥਾਜ ਬਸ,
ਆਂਦਰਾਂ ਵਿਚ ਸ਼ਾਇਦ ਕੋਈ ਬਰਫ਼ ਜਮੀ ਹੈ। ਤਹਿਜ਼ੀਬ ਦਾ ਪੱਥਰ
ਫੜਿਆ ਹੈ ਹਰ ਹੱਥ ਨੇ, ਕਿ ਉੱਤੋਂ ਸ਼ਾਂਤ ਆਦਮੀ ਅੰਦਰੋਂ ਤਾਂ ਜੰਗਲੀ
ਹੈ। ਕੈਨਵਸ ਤੇ ਬਣਾ ਲਈ ਹੂਬਹੂ ਇੱਕ ਤਿਤਲੀ ਮੈਂ, ਨਾ ਖੰਭ
ਹਿੱਲੇ ਨਾ ਅੱਜ ਤੱਕ ਉਹ ਉੱਡ ਸਕੀ ਹੈ। ਸਮਰੱਥਾ ਨਾ ਬਾਕੀ ਬਚੀ
ਹੁਣ ਦੁੱਖ ਸਹਿਣ ਦੀ, ਜਾਈਏ ਵੀ ਕਿੱਥੇ ਹਰ ਪਾਸੇ ਹਵਾ
ਸਾਜ਼ਿਸ਼ੀ ਹੈ। ਛਾਣ ਲਈ ਹੈ ਖ਼ਾਕ ਦੁਨੀਆਂ ਭਰ ਦੀ ਛੱਡ ਹੁਣ,
ਪਰਿੰਦਾ ਵੀ ਇਕ ਰੋਜ਼ ਕਰਦਾ ਘਰ ਵਾਪਸੀ ਹੈ। 25/03/2023
ਗ਼ਜ਼ਲ ਸੁਧੀਰ ਕੁਮਾਰ
ਫੁੱਲ ਆਖ ਰਹੇ ਹਨ ਹੱਸਣ ਤੇ ਮਹਿਕਣ ਲਈ। ਪਰ ਪੌਣ ਵੀ ਤਾਂ ਵਗੇ
ਫੁੱਲਾਂ ਦੇ ਟਹਿਕਣ ਲਈ। ਜੀਅ ਕਰਦਾ ਹੈ ਕਿ ਉਸ ਨਾਲ ਗੱਲ ਕੀਤੀ
ਜਾਵੇ, ਪਰ ਉਸ ਕੋਲ ਵਿਹਲ ਵੀ ਤਾਂ ਹੋਵੇ ਸੁਨਣ ਲਈ। ਸਮੇਂ ਦੇ
ਗੇੜ ਵਿੱਚ ਕੁੱਝ ਇਸ ਤਰ੍ਹਾਂ ਗ੍ਰਸਿਆ ਹਾਂ ਮੈਂ, ਅਲਫਾਜ਼ ਹਨ ਪਰ ਹੱਕ
ਵੀ ਤਾਂ ਦੇ ਕੁੱਝ ਬੋਲਣ ਲਈ। ਸਮੇਂ ਦੇ ਵੇਗ ਨੇ ਕੁਤਰ ਦਿੱਤੀ
ਮੇਰੇ ਖ਼ਿਆਲਾਂ ਦੀ ਉਡਾਰੀ, ਅੰਬਰ ਹੈ ਪਰ ਖੰਭ ਵੀ ਤਾਂ ਚਾਹੀਦੇ ਹਨ
ਉੱਠਣ ਲਈ। ਉਹ ਸਭ ਆਖ ਰਹੇ ਹਨ ਕਿ ਆ ਜਸ਼ਨ ਮਨਾਈਏ, ਪਰ ਮਨ
'ਚ ਮਲਾਰ ਵੀ ਤਾਂ ਹੋਵਣ ਨੱਚਣ ਲਈ। ਦੁਨੀਆਂ ਨੂੰ ਸਮਝਣ ਲਈ ਇਹ
ਜਨਮ ਕਾਫ਼ੀ ਨਹੀਂ, ਪਰ ਕੁੱਝ ਤਾਂ ਸਮਾਂ ਕੱਢ ਤੂੰ ਖ਼ੁਦ ਨੂੰ ਜਾਨਣ
ਲਈ। ਨਜ਼ਰਾਂ ਦਾ ਥੋਖਾ ਹੈ ਬੱਸ ਕਿ ਗੱਲ ਸੱਚ ਤੇ ਹੈ ਖੜ੍ਹੀ,
ਇੱਕ ਨਜ਼ਰੀਆ ਹੀ ਬਹੁਤ ਹੈ ਸੱਚ ਨੂੰ ਪਛਾਣਨ ਲਈ। ਉਹ ਦੇ ਰਹੇ ਹਨ
ਦਸਤਕ ਦਿਲ ਦੇ ਬੂਹੇ ਤੇ ਵਾਰ ਵਾਰ, ਪਰ ਦਿਲ ਵਿੱਚ ਥਾਂ ਵੀ ਤਾਂ ਹੋਵੇ
ਠਹਿਰਣ ਲਈ। ਉਹ ਵਿਛੜਨ ਲਈ ਸਰਗਰਮ ਹੈ ਤੇ ਚਾਹੁੰਦਾ ਹੈ ਨਿਬੇੜਾ,
ਪਰ ਕੋਈ ਕਾਰਨ ਵੀ ਤਾਂ ਹੋਵੇ ਉਸ ਨਾਲੋਂ ਵਿਛੜਨ ਲਈ। ਮਰਨਾ
ਬੁਜ਼ਦਿਲੀ ਹੈ ਤਾਂ ਫੇਰ ਜਿਊਣ ਦਾ ਮਕਸਦ ਵੀ ਦੇ, ਵਰਨਾ ਮੈਂ ਸਹਿਮਤ
ਨਹੀਂ ਹਾਂ ਅਜਿਹੇ ਜਿਊਣ ਲਈ। 23/03/2023
|