ਕਲਮਾਂ ਵਾਲਿਓ
ਮਲਕੀਅਤ ਸਿੰਘ “ਸੁਹਲ” ਗੁਰਦਾਸਪੁਰ
ਉੱਠੋ!ਜਾਗੋ!ਹੋਸ਼ ਕਰੋ,ਕਲਮਾਂ
ਵਾਲਿਓ। ਜਾਲਮ ਤੋਂ ਨਾ ਡਰੋ, ਕਲਮਾਂ ਵਾਲਿਓ।
ਜਿਹੜੀਆਂ
ਸਰਕਾਰਾਂ ਜੁਲਮ ਕਰਦੀਆਂ ਉਨ੍ਹਾਂਦੀ ਹਾਮੀ ਨਾ ਭਰੋ ਕਲਮਾਂ ਵਾਲਿਓ।
ਗਰੀਬ ਦੀ ਕੁੱਲੀ ਨੂੰ ਫੂਕਦੇ ਜਿਹੜੇ ਅਜਿਹਾ ਦੁੱਖ ਨਾ ਜਰੋ ਕਲਮਾਂ
ਵਾਲਿਓ।
ਪੂੰਜੀਵਾਦ ਦੀ ਗਰਦਸ਼ ਹੈ ਚੜ੍ਹਦੀ ਰਹੀ ਦੁਸ਼ਮਣ ਤੋਂ
ਨਾ ਹਰੋ ਕਲਮਾਂ ਵਾਲਿਓ।
ਜ਼ਿੰਦਗੀ ਦੇ ਅੱਰਥ ਜੇ ਸਮਝੇ ਨਾ ਕਾਤਿਲ
ਉਨ੍ਹਾਂ ਖਾਤਰ ਨਾ ਮਰੋ ਕਲਮਾਂ ਵਾਲਿਓ।
ਜਨੂਨੀਂ ਕਚਹਿਰੀ ‘ਚ
ਦੰਗੇ ਤੇ ਨਫ਼ਰਤ ਬਰੂਦ ਬਣਕੇ ਤਾਂ ਵਰ੍ਹੋ ਕਲਮਾਂ ਵਾਲਿਓ।
“ਸੁਹਲ” ਫੁੱਲਾਂ ਨੂੰ ਕੋਈ ਅੱਗ ਵਿਚ ਸਾੜੇ ਉਸ ਪੈਰੀਂ ਸੀਸ ਨਾ ਧਰੋ
ਕਲਮਾਂ ਵਾਲਿਓ। 13/02/2018
ਵਤਨੋਂ ਦੂਰ ਹੈ ਸੱਜਣ ਮੇਰਾ
ਮਲਕੀਅਤ ਸਿੰਘ “ਸੁਹਲ” ਗੁਰਦਾਸਪੁਰਵਤਨੋਂ ਦੂਰ ਹੈ ਸੱਜਣ ਮੇਰਾ, ਪਤਾ
ਨਹੀਂ ਕਦ ਆਵੇਗਾ।
ਘਰ ‘ਚ ਏਥੇ ਰਿਜ਼ਕ ਬਥੇਰਾ, ਪਤਾ ਨਹੀਂ ਕਦ
ਆਵੇਗਾ।
ਮਿੱਠੇ-ਮਿੱਠੇ ਲਾਰੇ ਲਾਵੇ , ਪਿਆਰ
ਦੀਆਂ ਵੀ ਬਾਤਾਂ ਪਾਵੇ,
ਪੱਰਖ ਰਿਹਾ ਉਹ ਸਾਡਾ ਜੇਰਾ, ਪਤਾ ਨਹੀਂ ਕਦ ਆਵੇਗਾ।
ਕੋਠੇ ‘ਤੇ ਕੋਈ ਕਾਂ ਨਾ ਬੋਲੇ, ਕੌਣ ਦਿਲਾਂ ਦੀ ਘੁੰਡ੍ਹੀ ਖ੍ਹੋਲੇ,
ਸੁੱਨ - ਮਸੁੱਨਾਂ ਰਹੇ ਬਨੇਰਾ, ਪਤਾ ਨਹੀਂ ਕਦ ਆਵੇਗਾ।
ਬੜੇ ਹੀ ਉਹਨੇ ਲਾਰੇ ਲਾਏ, ਕਈ ਰੇਤਾ
ਦੇ ਮਹਿਲ ਬਣਾਏ,
ਦਿਲ ਮੇਰੇ ਦਾ ਖੁਲ੍ਹਾ ਵਿਹੜਾ, ਪਤਾ ਨਹੀਂ ਕਦ ਆਵੇਗਾ।
ਵਸਾਖੀ ਅਤੇ ਦਿਵਾਲੀ ਲੰਘੀ, ਆਪਾਂ ਖੈਰ
ਸੱਜਣ ਦੀ ਮੰਗੀ,
ਅੱਖੀਆਂ ਢੂੰਡਣ ਉਹਦਾ ਚਿਹਰਾ, ਪਤਾ ਨਹੀ
ਕਦ ਆਵੇਗਾ।
ਲਾਈਆਂ ਹੰਝੂਆਂ ਨੇ ਬਰਸਾਤਾਂ, ਮੇਰੇ
ਹਿੱਸੇ ਕਾਲੀਆਂ ਰਾਤਾਂ,
ਜ਼ਿੰਦਗ਼ੀ ਬਣ ਗਈ ਘੁੱਪ ਹਨੇਰਾ, ਪਤਾ ਨਹੀਂ
ਕਦ ਆਵੇਗਾ।
“ਸੁਹਲ” ਸੱਜਣਾ ਸੁਣ ਫ਼ਰਿਆਦ,
ਤੇਰੀ ਸਦਾ ਸਤਾਵੇ ਯਾਦ,
ਵਢ੍ਹ-ਵਢ੍ਹ ਖਾਂਦਾ ਚਾਰ-ਚੁਫੇਰਾ, ਪਤਾ ਨਹੀਂ ਕਦ ਆਵੇਗਾ।
29/03/16
ਗਜ਼ਲ ( ਯਾਦਾਂ ਵਿਛੜੇ ਯਾਰ ਦੀਆਂ)
ਮਲਕੀਅਤ “ਸੁਹਲ” , ਗੁਰਦਾਸਪੁਰ
ਜਦ
ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ।
ਰੱਜ ਕੇ ਅੱਖਾਂ ਰੋਈਆਂ ਫਿਰ ਦਿਲਦਾਰ ਦੀਆਂ।
ਹੁੰਦੇ ਧੀਆਂ- ਪੁੱਤਾਂ ਤੋਂ ਵਧ ਯਾਰ ਪਿਆਰੇ
ਪਰ ਗੱਲਾਂ ਸੁਣੀਆਂ ਜਾਵਣ ਨਾ ਤਕਰਾਰ ਦੀਆਂ।
ਜੋ ਮਾਨਣ ਬਾਲ, ਜਵਾਨੀ, ਬਿਰਧ ਅਵਸਥਾ ਨੂੰ
ਉਹਨੂੰ ਖ਼ਬਰਾਂ ਹੁੰਦੀਆਂ ਨੇ ਘਰ ਬਾਹਰ ਦੀਆਂ।
ਬੋਹੜਾਂ ਹੇਠਾਂ ਬੈਠੇ ਬਾਬੇ ਨਜ਼ਰ ਨਹੀਂ ਅਉਂਦੇ
ਸੀਨੇ ਯਾਦਾਂ ਰੜਕਣ ਸਿੱਖ਼ਰ ਦੁਪਹਿਰ ਦੀਆਂ।
ਯਾਰਾਂ ਨਾਲ ਬਹਾਰਾਂ ਦਾ ਵੀ ਨਸ਼ਾ ਅਵੱਲਾ ਹੈ
ਜੋ ਹੱਸ-ਹੱਸ ਗੱਲਾਂ ਕਰਦੇ ਸੀ ਮੁਟਿਆਰ ਦੀਆਂ।
ਮਾਪੇ, ਧੀਆਂ, ਪੁੱਤਰ ਵੰਡੇ ਸੰਨ ਸੰਤਾਲੀ ਨੇ
ਰੋ ਪਈਆਂ ਸੀ ਰੂਹਾਂ ਲੋਕੋ ! ਸਭ ਸੰਸਾਰ ਦੀਆਂ।
“ਸੁਹਲ” ਲੱਖਾਂ ਯਾਦਾਂ ਦਿਲ ਵਿਚ ਧੜਕ ਰਹੀਆਂ
ਜੋ ਹਿੰਦ ਪਾਕ ਵਿਚ ਵੰਡੇ ਹੋਏ ਪਰਵਾਰ ਦੀਆਂ।
28/07/15
ਜੀਵਨ ਜੋਤ
ਮਲਕੀਅਤ “ਸੁਹਲ” , ਗੁਰਦਾਸਪੁਰ
ਦੁਖੀਏ ਕਹਿੰਦੇ ਮੌਤ ਆ ਜਾਵੇ
ਪਰ! ਕੁਲਹਿਣੀ ਆਉਂਦੀ ਨਹੀਂ।
ਸਬਰ ਬੜਾ ਕਰ ਵੇਖ ਲਿਆ
ਕੁਦਰਤ ਨੂੰ ਗੱਲ ਭਉਂਦੀ ਨਹੀਂ।
ਸੋਚਾਂ, ਸੱਧਰਾਂ ਦੇ ਸਭ ਸੁਪਨੇ
ਜਿਸ ਬੰਦੇ ਦੇ ਰਹਿਣ ਅਧੂਰੇ,
ਤਰਲੋ-ਮੱਛੀ ਹੋਇਆ ਫਿਰਦਾ
ਤਾਂ ਵੀ ਮੌਤ ਬੁਲਾਉਂਦੀ ਨਹੀਂ।
ਜ਼ਿੰਦਗੀ ਵਿਚ ਕਈ ਪਾਪੜ ਵੇਲੇ
ਕੋਈ ਮੰਤਵ ਪੂਰਾ ਨਾ ਹੋਇਆ,
ਫਿਰ ਉਹ ਚੰਦਰੀ ਮੋਤ ਤੋਂ ਪੁੱਛਾਂ
ਕਿਉਂ ਤੂੰ ਫੇਰਾ ਪਉਂਦੀ ਨਹੀਂ।
ਝੂੱਠੇ ਦਾ ਨਾ ਲਉ ਪਰਛਾਵਾਂ
ਤੁਸੀਂ ਵੀ ਝੂੱਠੇ ਹੋ ਜਾਉਗੇ,
ਹੱਡ - ਹਰਾਮੀ ਬੰਦੇ ਤਾਈਂ
ਕੋਈ ਵੀ ਦੁਨੀਆਂ ਚਹੁੰਦੀ ਨਹੀਂ।
ਜੋ ਨਸ਼ਿਆਂ ਦਾ ਹੈ ਆਦੀ ਬੰਦਾ
ਜ਼ਿੰਦਗੀ ਉਹਦੀ ਜੁਗਨੂੰ ਵਰਗੀ,
ਇਕ-ਦੋ ਝਮਕੇ ਮਾਰ ਕੇ ਬੁੱਝੇ
ਜੀਵਨ ਜੋਤ ਜਗਾਉਂਦੀ ਨਹੀਂ।
“ਸੁਹਲ” ਬਹੁਤੀ ਆਯੂ ਨਾਲੋਂ
ਸੁੱਖ ਦੇ ਕਟ ਲੈ ਦਿਨ ਦੋ ਚਾਰ,
ਗਜ਼ਲ ਮੇਰੀ ਅਧਵਾਟੇ ਮੁੱਕੀ
ਜੋ ਗੀਤ ਮੌਤ ਦਾ ਗਉਂਦੀ ਨਹੀਂ।
28/07/15
ਪਰੀਆਂ ਦੀ ਪਰੀ
ਮਲਕੀਅਤ “ਸੁਹਲ” , ਗੁਰਦਾਸਪੁਰ
ਮਾਪਿਆਂ ਦੀ ਜੇ, ਸੋਨ-ਪਰੀ ਸਾਂ
ਅੱਜ ਪਰੀਆਂ ਦੀ ਪਰੀ ਹਾਂ ਬਾਬਾ।
ਬੇਸ਼ਕ ਤੈਥੋਂ ਦੁਰ ਹਾਂ ਤੁਰ ਗਈ
ਫਿਰ ਵੀ ਏਥੇ ਖ਼ਰੀ ਹਾਂ ਬਾਬਾ।
ਮੇਰਾ ਅੱਖ਼ਰ - ਅੱਖ਼ਰ ਜੀਊਂਦਾ
ਕੌਣ ਕਹਿੰਦਾ ਕਿ ਮਰੀ ਹਾਂ ਬਾਬਾ।
ਹੁਣ ਆਪਣਾ ਦੁੱਖ ਭੁੱਲਾ ਮੈਨੂੰ
ਤੇਰਾ ਵੀ ਦੁੱਖ ਜਰੀ ਹਾਂ ਬਾਬਾ।
ਤੇਰੀਆਂ ਆਸਾਂ ਸਧਰਾਂ ਖਾਤਰ
ਦੁੱਖ ਸਾਗਰ ਵਿਚ ਤਰੀ ਹਾਂ ਬਾਬਾ।
ਸੜਦੀ- ਬਲਦੀ ਚਿੱਖਾ ਦੇ ਉਤੇ
ਮੈਂ ਬੱਦਲੀ ਬਣ ਵਰ੍ਹੀ ਹਾਂ ਬਾਬਾ।
ਨਾ ਆਖੋ ਕਿ ਸੜ-ਬਲ ਗਈ ਹਾਂ
“ਸੁਹਲ”ਦੇ ਘਰ ਹਰੀ ਹਾਂ ਬਾਬਾ।
28/07/15
ਸਉਣ ਦੇ ਮਹੀਨੇ ਕੁੜੀਆਂ
ਮਲਕੀਅਤ “ਸੁਹਲ” , ਗੁਰਦਾਸਪੁਰ
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਮੈਂ ਸੱਜਰੀ ਵਿਆਹੀ, ਮੇਰਾ ਸੱਜਰਾ ਸੰਧੂਰ ਨੀ।
ਮਾਹੀ ਮੇਰਾ ਤੁਰ ਗਿਆ, ਵਤਨਾਂ ਤੋਂ ਦੂਰ ਨੀ।
ਮੈਨੂੰ, ਛੇੜ - ਛੇੜ ਸਖ਼ੀਆਂ ਸਤਾਉਂਦੀਆਂ ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਮੈਂ ਤੀਆਂ ਵਿਚ ਨੱਚਾਂ,ਨਾਲ ਨੱਚਣ ਸਹੇਲੀਆਂ।
ਤੱਕਣਾ ਹੈ ਮਾਹੀ ਦਿਆਂ, ਮੈਨੂੰ ਯਾਰਾਂ ਬੇਲੀਆਂ।
ਅੱਖਾਂ ਗਿੱਧੇ ਵਿਚ ਬੜਾ ਸਰਮਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਸਉਣ ਦੇ ਮਹੀਨੇ ਵਰ੍ਹੇ, ਮਿੱਠੀ- ਮਿੱਠੀ ਭੂਰ ਨੀ।
ਮੱਠਾ -ਮੱਠਾ ਇਸ਼ਕੇ ਦਾ ਚੜ੍ਹਿਆ ਸਰੁਰ ਨੀ।
ਛੇੜ - ਛੇੜ ਕੇ ਬੁਝਾਰਤਾਂ ਉਹ ਪਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਗਿੱਧੇ ਵਿਚ ਨੱਚੀ ਪਾਇਆ, ਝਾਂਜਰਾਂ ਨੇ ਸ਼ੋਰ ਨੀ।
ਸਈਉ ! ਬੁੱਤ ਮੇਰਾ ਏਥੇ, ਰੂਹ ਕਿਤੇ ਹੋਰ ਨੀ।
ਨੱਚ ਕੁੜੀਆਂ ਨੇ ਭੜਥੂ ਮਚਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਮੇਰਾ ਲਾਲ ਪਰਾਂਦਾ ਅੱਜ, ਗਿੱਟਿਆਂ ‘ਚ ਵਜਦਾ।
“ਸੁਹਲ” ਵਲ ਵੇਖ –ਵੇਖ, ਦਿਲ ਨਹੀਉਂ ਰੱਜਦਾ।
ਉਹ ਮੈਨੂੰ ਰਮਜਾਂ ਦੇ ਨਾਲ ਸਮਝਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
28/07/15
ਸਤਿਕਾਰ ਬਜ਼ੁਰਗਾਂ ਦਾ
ਮਲਕੀਅਤ “ਸੁਹਲ” , ਗੁਰਦਾਸਪੁਰ
ਹੱਸਦਾ ਵਸਦਾ ਰਹਿੰਦਾ ਉਹ ਪਰਵਾਰ ਬਜ਼ੁਰਗਾਂ ਦਾ।
ਜਿਹੜੇ ਲੋਕੀਂ ਕਰਦੇ ਨੇ, ਸਤਿਕਾਰ ਬਜ਼ੁਰਗਾਂ ਦਾ।
ਮਾਂ ਮਮਤਾ ਦੀ ਮਾਰੀ ਹੁੰਦੀ ,ਰੱਬ ਤੋਂ ਵਧ ਪਿਆਰੀ ਹੁੰਦੀ।
ਘਰ ‘ਚ ਬੁੱਢ੍ਹੇ ਬਾਪੂ ਜੀ ਦੀ, ਜਿਥੇ ਹੈ ਸਰਦਾਰੀ ਹੁੰਦੀ।
ਅਜੀਬ ਤਰਾਂ ਦਾ ਹੁੰਦਾ ਹੈ ਸੰਸਾਰ ਬਜ਼ੁਰਗਾਂ ਦਾ,
ਹੱਸਦਾ ਵਸਦਾ ਰਹਿੰਦਾ ਉਹ ਪਰਵਾਰ ਬਜ਼ੁਰਗਾਂ ਦਾ।
ਜਿਹੜੇ ਲੋਕੀਂ ਕਰਦੇ ਨੇ ਸਤਿਕਾਰ ਬਜ਼ੁਰਗਾ ਦਾ।
ਝਾਤੀ ਆਪਣੇ ਅੰਦਰ ਮਾਰੋ ਫਿਰ ਹੀ ਮੂੰਹ ਚੋਂ ਬੋਲ ਉਚਾਰੋ।
ਜਿਹੜੇ ਘਰ ‘ਚ ਵਢ੍ਹ-ਵਢ੍ਹੇਰੇ, ਕਦੇ ਨਾ ਉਨ੍ਹਾਂ ਨੂੰ ਦਰਕਾਰੋ।
ਸਾਰੀ ਜ਼ਿੰਦਗ਼ੀ ਭੁੱਲਿਉ ਨਾ ਉਪਕਾਰ ਬਜ਼ੁਰਗਾਂ ਦਾ,
ਹੱਸਦਾ ਵਸਦਾ ਰਹਿੰਦਾ ਉਹ ਪਰਵਾਰ ਬਜ਼ੁਰਗਾਂ ਦਾ।
ਜਿਹੜੇ ਲੋਕੀਂ ਕਰਦੇ ਨੇ ਸਤਿਕਾਰ ਬਜ਼ੁਰਗਾਂ ਦਾ।
ਜੋ ਤੀਰਥ ਨ੍ਹਾਵਣ ਚਲੇ, ਉਹਨਾਂ ਦੇ ਘਰ ਵਿਚ ਤੀਰਥ ਹੈ।
ਰਾਹਾਂ ਵਿਚ ਨਾ ਭਟਕੋ, ਘਰ ਵਿਚ ਰੱਬ ਜਿਹੀ ਸੀਰਤ ਹੈ।
ਸਾਡੇ ਘਰਾਂ ਦਾ ਵਿਰਸਾ, ਸਭਿਆਚਾਰ ਬਜ਼ੁਰਗਾਂ ਦਾ,
ਹੱਸਦਾ ਵਸਦਾ ਰਹਿੰਦਾ ਉਹ ਪਰਵਾਰ ਬਜ਼ੁਰਗਾਂ ਦਾ।
ਜਿਹੜੇ ਲੋਕੀਂ ਕਰਦੇ ਨੇ ਸਤਿਕਾਰ ਬਜ਼ੁਰਗਾਂ ਦਾ।
ਇਕ ਦਿਨ ਸਭ ਦੀ ਵਾਰੀ ਅਉਣੀ, ਫਿਰ ਪਛਤਾਇਉ ਨਾ।
“ਸੁਹਲ” ਜੋ ਬੋਲ ਬਜ਼ੁਰਗਾਂ ਦੇ, ਐਵੇਂ ਝੁੱਠਲਾਇਉ ਨਾ।
ਸਭ ਤੋਂ ਉੱਚਾ ਰੁੱਤਬਾ ਹੈ, ਦੰਮਦਾਰ ਬਜ਼ੁਰਗਾਂ ਦਾ,
ਹੱਸਦਾ ਵਸਦਾ ਰਹਿੰਦਾ ਉਹ ਪਰਵਾਰ ਬਜ਼ੁਰਗਾ ਦਾ।
ਜਿਹੜੇ ਲੋਕੀਂ ਕਰਦੇ ਨੇ ਸਤਿਕਾਰ ਬਜ਼ੁਰਗਾਂ ਦਾ।
28/07/15
ਗ਼ਜ਼ਲ ਉਹੋ ਜਿਹੀ ਲਿਖੀ ਨਹੀਂ ਜਾਣੀ
ਮਲਕੀਅਤ “ਸੁਹਲ” , ਗੁਰਦਾਸਪੁਰ
ਧੀ ਜਿਹੀ ਮੈਂ ਗ਼ਜ਼ਲ ਪਿਆਰੀ, ਰੱਬ ਤੋਂ ਲਈ ਹੁਧਾਰੀ।
ਗੁਲਦਸਤੇ ਵਿਚ ਖ਼ੁਸ਼ਬੋਈਆਂ ਵੰਡੇ, ਸ਼ਬਦਾਂ ਭਰੀ ਪਟਾਰੀ।
ਗ਼ਜ਼ਲ ਦੇ ਸਾਰੇ ਤਿੰਨ ਕੁ ਅੱਖਰ , ਸੋਚ ਸਮਝ ਕੇ ਰਖੇ,
ਪੜ੍ਹਦੇ ਹਾਂ ਜਦ ਉਸ ਗ਼ਜ਼ਲ ਨੂੰ, ਚੜ੍ਹਦੀ ਬੜੀ ਖੁੱਮਾਰੀ।
ਖੇਡਣ ਦੇ ਦਿਨ ਚਾਰ ਕੁ ਉਹਨੂੰ, ਕਿਸੇ ਫ਼ਰਿਸਤੇ ਬਖ਼ਸ਼ੇ
ਬਿਜ਼ਲੀ ਵਾਂਗੂੰ ਝਿਲਮਿਲ ਕਰਦੀ, ਲਗਦੀ ਬੜੀ ਪਿਆਰੀ।
ਹਵਾ ਨਾਲ ਉਹ ਗਲਾਂ ਕਰਦੀ, ਬਣ ਗਈ ਵਾ-ਵਰੋਲਾ,
ਅਰਸ਼ਾਂ ਨੂੰ ਵੀ ਤਰ ਗਈ ਐਸੀ, ਉੱਚੀਂ ਲਾਈ ਉਡਾਰੀ।
ਰੇਸ਼ਮ ਜਿਹੇ ਸੀ ਵਾਲ ਓਸ ਦੇ, ਗ਼ੁਲਫ਼ੀਂ ਕੁੰਡਲ ਪੈਂਦੇ,
ਤਿੱਖੇ ਨੈਣਾਂ ਨਕਸ਼ਾਂ ਵਾਲੀ , ਰੱਬ ਨੇ ਰੱਜ ਸ਼ਿੰਗਾਰੀ।
ਇਕ-ਇਕ ਅੱਖ਼ਰ ਉਸ ਗ਼ਜ਼ਲ ਦਾ,ਦਿਲ ਉਤੋਂ ਨਾ ਭੁੱਲੇ,
ਉਹਦੇ ਆਖਰੀ ਸਾਹਾਂ ਦੀ , ਸੁਣੀ ਨਾ ਕੋਈ ਕਿਲਕਾਰੀ।
“ਸੁਹਲ” ਦੇ ਸੁਪਨੇ ਚਕਨਾਚੂਰ ਤਾਂ, ਉਸੇ ਵੇਲੇ ਹੋ ਗਏ,
ਦਾਦੀ ਮਾਂ ਦੇ ਕੋਲ ਸੀ ਤੁਰ ਗਈ,ਜਦ ਉਹ ਰਾਜ-ਦੁਲਾਰੀ।
09/08/2014
ਸਹਿਮੀ ਸਹਿਮੀ ਪੌਣ
ਮਲਕੀਅਤ “ਸੁਹਲ”
ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਛਾਇਆ ਅੱਜ ਕੌਣ ।
ਗੁਲਾਬ ਦੀਆਂ ਪੱਤੀਆ ਤੇ ,
ਤੁੱਪਕੇ ਤ੍ਰੇਲ ਦੇ ।
ਮਾਰ ਗਈ ਜੁਦਾਈ ਰੱਬਾ ,
ਸੱਜਣਾਂ ਨੂੰ ਮੇਲ ਦੇ ।
ਸੀਨੇਂ ਵਿਚ ਯਾਦ ਤੇਰੀ ,
ਦੇਂਦੀ ਨਹੀਉਂ ਸੌਣ ।
ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਛਾਇਆ ਅੱਜ ਕੌਣ ।
ਅੱਧੀ-ਅੱਧੀ ਰਾਤ ਚੰਨਾਂ ,
ਚਾਨਣੀਂ 'ਚ ਬਹਿਨੀਂ ਆਂ ।
ਪਾ ਜਾ ਕਲੇਜੇ ਠੰਡ੍ਹ ,
ਹਾੜਾ ! ਚੰਨਾਂ ਕਹਿਨੀਂ ਆਂ।
ਸੁੱਕੀਆਂ ਕਲਾਈਆਂ ਕਿਵੇਂ ,
ਇਹ ਵੰਗ ਛਣਕਾਉਣ ।
ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਛਾਇਆ ਅੱਜ ਕੌਣ ।
ਸੁਪਨੇਂ 'ਚ ਮਿਲਿਆ ਤੇ ,
ਗੱਲ ਵੀ ਨਾ ਹੋਈ ਵੇ ।
ਤੇਰੇ ਮੈਂ ਵਿਯੋਗ ਵਿਚ ,
ਸਾਰੀ ਰਾਤ ਰੋਈ ਵੇ ।
ਮਹਿੰਦੀ ਵਾਲੇ ਹੱਥ ਅੱਜ ,
ਵਾਸਤਾ ਵੀ ਪਉਣ ।
ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਛਾਇਆ ਅੱਜ ਕੌਣ ।
ਹਨੇਰੀ ਦਿਆਂ ਬੁੱਲਿਆਂ 'ਚ,
ਉਡੱਦੀ ਮੈਂ ਜਾਵਾਂ ਵੇ ।
ਫੜਦੀ ਮੈਂ ਰਹੀ ਚੰਨਾਂ,
ਤੇਰਾ ਪ੍ਰਛਾਵਾਂ ਵੇ ।
ਕਣੀਆਂ 'ਚ ਭਿੱਜੀ ਅੱਜ ,
ਘੱਗਰੇ ਦੀ ਲੌਣ ।
ਨਿੰਮ੍ਹੀਂ ਨਿੰਮ੍ਹੀਂ ਵਗਦੀ ਹੈ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਆਇਆ ਅੱਜ ਕੌਣ ।
ਪੁੱਨਿਆਂ ਦੇ ਚੰਨ ਵਾਂਗ ,
ਮੁੱਖ਼ ਤੇਰਾ ਸੋਹਣਿਆ ।
ਦਿਲ ਦੀਆਂ ਗੱਲਾਂ ਕਰ ,
ਤੂੰ , ਮੇਰਿਆ ਪ੍ਰਾਹੁਣਿਆਂ ।
ਤੱੜਫਦੀ ਜਿੰਦ ਮੇਰੀ ,
ਆ ਜਾ ਤੂੰ ਬਚਾਉਣ ।
ਨਿਮ੍ਹੀਂ ਨਿਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ 'ਚ ,
ਆਇਆ ਅੱਜ ਕੌਣ ।
ਸੁੱਖਣਾਂ ਮੈਂ ਸੁੱਖਾਂ ਸੁਹਲ
ਤੇਰੀਆਂ ਮੈਂ ਚੰਨ ਵੇ ।
ਇਕ ਵਾਰੀ ਆ ਜਾ ਢੋਲਾ !
ਗੱਲ ਮੇਰੀ ਮੰਨ ਵੇ ।
ਆ ਵਿਹੜੇ ਤੱਤੜੀ ਦੇ,
ਤੂੰ , ਮੰਨ ਪ੍ਰਚਾਉਣ ।
ਨਿੰਮ੍ਹੀਂ ਨਿੰਮ੍ਹੀਂ ਆਖਦੀ ਏ ,
ਸਹਿਮੀਂ ਜੇਹੀ ਪੌਣ ।
ਅੱਖੀਆਂ ਪੱਥਰ ਹੋਈਆਂ,
ਤੂੰ ਦੱਸ ! ਕਿਵੇਂ ਰੋਣ ?
25/06/2014
ਆਪਣੇ ਦਿਲ ਦਾ ਰੋਗ
ਮਲਕੀਅਤ “ਸੁਹਲ”
ਕੋਠੇ ਚੜ੍ਹ ਨਹੀਂ ਦਸਿਆ ਜਾਂਦਾ,
ਲੋਕੋ ! ਆਪਣੇ ਦਿਲ ਦਾ ਰੋਗ।
ਹੁਣ ਪਛਤਾਇਆਂ ਕੁਝ ਨਹੀਂ ਹੋਣਾ,
ਹੁਣ ਚਿੱੜੀਆਂ ਨਾ ਰਹਿ ਗਏ ਚੋਗ।
ਗੋਰਖ਼ ਨਾਥ ਦੇ ਟਿੱਲੇ ਵਰਗਾ,
ਪੂਰਨ ਜਿਹਾ ਨਾ ਮਿਲਦਾ ਜੋਗ।
ਮਿੱਧੀਆਂ ਗਈਆਂ ਸਭੇ ਆਸਾਂ,
ਕਿਹਦਾ ਕਿਹਦਾ ਕਰੀਏ ਸੋਗ।
ਇਸ਼ਕ ਮੁਹੱਬਤ ਦੇ ਨੇ ਫ਼ਫੜੇ,
ਬਨਾਉਟੀ ਰਾਂਝੇ ਕਰਨ ਵਿਜੋਗ।
ਆਪੇ ਹੀ ਗਲ ਬਣ ਜਾਣੀ ਹੈ,
ਜਿਥੇ ਧੁਰੋਂ ਨੇ ਲਿਖੇ ਸੰਜੋਗ।
“ਸੁਹਲ” ਲਮੀਆਂ ਉਮਰਾਂ ਭੋਗੋ,
ਸਭ ਦਾ ਇਕ ਦਿਨ ਪੈਣਾ ਭੋਗ।
25/06/2014
ਐਤਵਾਰ
ਮਲਕੀਅਤ "ਸੁਹਲ"
ਥੱਕੇ-ਟੁੱਟੇ ਹੰਭੇ ਹਾਰੇ , ਦਿਨ ਆਇਆ ਐਤਵਾਰ ।
ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ।
ਸੋਹਣੇ-ਸੋਹਣੇ ਕੱਪੜੇ ਪਉਣੇ ਤੇ ਟੋਹਰ ਹੋਏਗਾ ਪੂਰਾ।
ਮੁੱਛ-ਮਰੋੜ ਤੇ ਫਿਕਸੋ ਲਾ ਕੇ, ਰੰਗ ਚੜ੍ਹੇਗਾ ਗੂੜ੍ਹਾ।
ਸੁੱਖ਼ਣ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜ੍ਹਾਉਣਾ।
ਮੇਲੇ ਵਿਚੋਂ ਐਟੋਮੈਟਿਕ ਲਿਆਉਣਾ ਜਹਾਜ਼ ਖ਼ਿਡਾਉਣਾ।
ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ।
ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ ਚੌੜੇ -ਚੌੜੇ।
ਅੱਜ ਕਵੀਆਂ ਵੀ ਮੀਟਿੰਗ ਸੱਦੀ, ਕਿ ਸਾਰੇ 'ਕੱਠੇ ਹੋਵੋ।
ਆ ਕੇ ਐਤਵਾਰ ਨੂੰ ਸਾਰੇ , ਆਪਣਾ ਰੋਣਾ ਰੋਵੋ ।
ਕਵਿਤਾ ਪੜ੍ਹਿਓ ਘਰ ਆਪਣੇ ਦੀ ਆਇਉ ਕਰ ਤਿਆਰੀ।
ਲੱਚਰਤਾ ਨਾ ਹੋਵੇ ਕੋਈ , ਸੱਭ ਪੜ੍ਹਿਉ ਵਾਰੀ ਵਾਰੀ।
ਪਹਿਲੇ ਐਤਵਾਰ ਨੂੰ ਰਖੀ, (ਇਹ) ਮੀਟਿੰਗ ਹਰ ਮਹੀਨੇ।
ਟੌਹਰ- ਟੱਪਾ ਵੀ ਪੂਰਾ ਹੋਵੇ, ਵਾਂਗ ਕਬੂਤਰ ਚੀਨੇ ।
ਮੀਟਿਂਗ ਦੇ ਵਿਚ ਚਾਹ -ਸਮੇਸੇ, ਨਾਲੇ ਹੋਏਗੀ ਬੱਰਫ਼ੀ।
ਪੈੱਗ- ਛੈੱਗ਼ ਵੀ ਚਲਣਾ ਓਥੇ, ਗੱਲ ਮੇਰੀ ਦੋ ਹੱਰਫ਼ੀ।
ਯੂਨੀਅਨ ਨੇ ਹੜਤਾਲ ਹੈ ਕਰਨੀ ਐਤਵਾਰ ਦੁਪਹਿਰੇ।
ਭੇਸ ਬਦਲ ਕੇ ਸਾਰੇ ਪਹੁੰਚੋ, ਥਾਂ- ਥਾਂ ਪੁਲਸ ਦੇ ਪਹਿਰੇ।
ਸਮੇਂ ਸਿਰ ਨਾ ਜਿਹੜਾ ਪੁੱਜਾ, ਹਊ ਉਹਦੇ ਘਰ ਹੰਗਾਮਾ।
ਪਹੁੰਚੋ ਬੱਸ ਸਕੂਟਰ ਉਤੇ, ਭਾਵੇਂ ਲੈ ਆਉ ਜਾਹਮਾ।
ਫੜੋ-ਫੜੀ ਵੀ ਹੋਣੀ ਉਥੇ, ਡਰ ਕੇ ਨਾ ਕੋਈ ਭੱਜੇ।
ਪੁਲਸ ਨੇ ਵੀ ਡਾਂਗ ਚਲਾਉਣੀ,ਉਹ ਦਾਰੂ ਦੇ ਨਾਲ ਰੱਜੇ।
ਆਪਣਾ-ਆਪ ਬਚਾ ਕੇ ਰਹਿਣਾ, ਸੱਟ ਕੋਈ ਨਾ ਖਾਵੇ ।
ਐਤਵਾਰ ਨੂੰ ਛੁੱਟੀ ਹੁੰਦੀ, ਕੋਈ ਹਸਪਤਾਲ ਨਾ ਜਾਵੇ।
ਅਜੇ, ਬੈੱਡਟੀ ਸੀ ਪੀਂਦ ੇ ਆਪਾਂ, ਘੰਟੀ ਫੋਨ ਦੀ ਖ਼ੜਕੇ ।
ਘਰ ਵਾਲੀ ਦਾ ਮਰ ਗਿਆ ਮਾਸੜ, ਅੱਜ ਸਵੇਰੇ ਤੜ੍ਹਕੇ।
ਸਸਕਾਰ ਉਹਦਾ ਅੱਜ ਕਰ ਦੇਣਾ ਤੇ ਐਤਵਾਰ ਨੂੰ ਚੌਥਾ।
ਐਤਵਾਰ ਨੂੰ ਆਇਉ ਸਾਰੇ , ਹੈ ਬਾਰਾ ਵਜੇ ਦਾ ਮੌਕਾ।
'ਤੇ ਅਗਲੇ ਐਤਵਾਰ ਨੂੰ ਉਹਦਾ , ਭੋਗ ਘਰੇ ਹੀ ਪਉਣਾ।
ਹ੍ਹੱਥ ਜੋੜ ਕੇ ਬਿਨੈ ਅਸਾਡੀ, ਸੱਭ ਨੇ ਉਸ ਦਿਨ ਆਉਣਾ।
ਧੂਮ-ਧਾਮ ਨਾਲ ‘ਕੱਠ ਕਰਾਂਗੇ ਵਰਤੂ ਖੂਬ ਜਲੇਬੀ।
ਐਤਵਾਰ ਨੂੰ ਸਾਰੇ ਆਇਉ , ਕਹਿੰਦਾ ਛੋਟਾ ਦ੍ਹੇਬੀ।
ਵੱਜਾ ਕਾਰ ਦਾ ਲੰਮਾ ਹਾਰਨ, ਮੈਂ ਗੇਟ ਵਲ ਨੂੰ ਭੱਜਾ।
ਐਤਵਾਰ ਨੂੰ ਭਾਈਆ ਸਾਡਾ , ਦਾਰੂ ਦੇ ਨਾਲ ਰੱਜਾ।
ਕਹਿੰਦਾ! ਬੈਠੋ ਕਾਰ ਦੇ ਅੰਦਰ, ਪੈੱਗ ਪੈੱਗ ਹੈ ਲਉਣਾ।
ਮੂੱਡ ਬਣਾ ਕੇ ਸਹੁਰਿਆਂ ਘਰ ਆਇਆ ਅੱਜ ਪ੍ਰਾਹੁਣਾ।
ਮੈਂ, ਇੱਕੋ ਵਾਰੀ ਪਾ ਦੇਣੀ, ਤੇ ਦੂਜੀ ਵਾਰ ਨਹੀਂ ਪਉਣੀ।
ਮੁੱਰਗਾ–ਮੱਛੀ ਕਰੋ ਫਰਾਈ, ਅੱਜ ਆਪਾਂ ਖੁਸ਼ੀ ਮਨਾਉਣੀ।
ਜਦ ਪੰਜਾਂ ਸਤਾਂ ਮਿੰਟਾਂ ਅੰਦਰ, ਲੈੱਗ ਪੀਸ ਨਾ ਆਇਆ।
ਤਾਂ ਭਾਈਏ ਉੱਤਰ ਗਡੀ ਵਿਚੋਂ, ਡ੍ਹਾਢਾ ਭੱੜਥੂ ਪਾਇਆ।
ਕਹਿੰਦਾ ਕਾਕੇ ਦਾ ਹੈ ਠੱਾਕਾ, ਕੱਲ੍ਹ ਪ੍ਰਹੁਣੇ ਅਉਣੇ ।
ਮਾਮੇ ਦਾ ਵੀ ਜ਼ੌਹਰ ਵੇਖਣਾ, ਸਾਰੇ ਸ਼ਗਨ ਮਨਾਉਣੇ।
ਐਤਵਾਰ ਦਿਨ ਕਰਮਾਂ ਵਾਲਾ, ਸਾਡੇ ਘਰ ਵੀ ਆਇਆ।
ਠਾਕੇ ਤੋਂ ਕੋਈ ਲੇਟ ਨਾ ਹੋਵੇ, ਭਾਈਏ ਨੇ ਫੁਰਮਾਇਆ।
ਸੁਭ੍ਹਾ-ਸਵੇਰੇ ਭਾਈਏ ਸਾਡੇ, ਘਰ ‘ਚ ਪਾਈ ਘਸੂੜੀ।
ਗਾਲਾਂ ਕਢ੍ਹਦਾ ਤੁਰਿਆ ਜਾਵੇ, ਮੱਥੇ ਪਾ ਤਿਊੜੀ।
ਧੱਰਤੀ ਉਤੇ ਪੈਰ ਨਾ ਲੱਗਣ, ਰੌਲਾ ਪਉਂਦਾ ਜਾਵੇ ।
ਮੈਨੂੰ ਨਹੀਂ ਪ੍ਰਵਾਹ ਕਿਸੇ ਦੀ, ਆਵੇ ਨਾ ਕੋਈ ਆਵੇ।
ਓਧਰੋਂ ਸਾਲੇ ਦੇ ਕਾਕੇ ਦਾ, ਹੈ ਇਨਵੀਟੇਸ਼ਨ ਆਇਆ।
ਛੁੱਟੀ ਵਾਲਾ ਦਿਨ ਉਹਨਾ ਨੇ, ਕਹਿ ਕੇ ਹੈ ਰਖਵਾਇਆ।
ਐਤਵਾਰ ਬਰਾਤ ਚੜ੍ਹੇਗੀ, ਤੁਸੀਂ ਪਹਿਲਾਂ ਹੀ ਆਉਣਾ।
ਵਿਆਹ ਬਾਰੇ ਕੋਈ ਗੱਲ ਕਰਾਂਗੇ,ਨਾਲੇ ਤੇਲ ਚੜ੍ਹਾਉਣਾ।
ਫਿਰ ਅਗਲੇ ਐਤਵਾਰ ਨੂੰ ਰਖੀ,ਪੈਲਿਸ ਵਿਚ ਰੀਸ਼ੈਪਸ਼ਨ।
ਗਉਣ ਵਾਲੀ ਦੇ ਵੇਖਾਂਗੇ ਫਿਰ, ਪੀ ਕੇ ਆਪਾਂ ਐਕਸ਼ਨ।
ਉਹਤੋਂ ਅਗਲੇ ਐਤਵਾਰ,ਅਸੀਂ ਕੁੱੜਮਾ ਦੇ ਘਰ ਜਾਣਾ।
ਫਿਰ ਅਉਂਦੇ ਐਤਵਾਰ ਨੂੰ ਉਨ੍ਹਾ ਸਾਡੇ ਵਿਹੜੇ ਆਉਣਾ।
ਫਰ! ਜੋਤਸ਼ੀ ਕਿਹਾ ਸੀ ਮੈਨੂੰ ਐਤਵਾਰ ਕਿਤੇ ਨਹੀਂ ਜਾਣਾ।
ਜੇ ਮਜ਼ਬੂਰੀ ਜਾਣਾ ਪੈ ਜਾਏ,ਤਾਂ ਬਾਹਰੋਂ ਕੁਝ ਨਹੀਂ ਖਾਣਾ।
ਸੋਚਾਂ ਦੇ ਵਿਚ ਟੱਬਰ ਡੁੱਬਾ, ਜਾਈਏ ਕਿ ਨਾ ਜਾਈਏ।
ਐਤਵਾਰ ਸਫਰ ਨਹੀਂ ਕਰਨਾ, ਮੁੜ ਐਵੇ ਨਾ ਪੱਛਤਾਈਏ।
ਹੈ ਤਾਂਤਰਿਕ ਨੂੰ ਪੁੱਛਕੇ ਤੁਰਦੇ, ਕਈ ਦੇਸ਼ ਮੇਰੇ ਦੇ ਨੇਤਾ।
ਉਹ ਰਿਸ਼ਵਤ ਦਾ ਦਸਵੰਧ ਚੜ੍ਹਾਉਂਦੇ, ਬਾਬਾ ਜੀ ਦੀ ਭੇਟਾ।
ਬੱਚੇ ਡਾਢ੍ਹੇ ਖਹਿੜੇ ਪੈ ਗਏ, ਇਹ ਛੱਡੋ ਸੱਭ ਵਿਚਾਰ।
ਪੜ੍ਹੇ-ਲਿਖੇ ਵਿਦਵਾਨ ਵੀ ਡੁੱਬੇ, ਇਹ ਤੋੜੋ ਸੱਭ ਦੀਵਾਰਾਂ।
ਤੋਬਾ! ਰੱਬ ਦੀ ਤੋਬਾ ਲੋਕੋ! ਕਿਤੇ ਆਵੇ ਨਾ ਐਤਵਾਰ।
ਫਿਰ ਵੀ ਮਨ ਨੂੰ ਆਖੀ ਜਾਵਾਂ, ਕਿ ਭਲੀ ਕਰੂ ਕਰਤਾਰ।
ਕੀ? ਐਤਵਾਰ ਹੀ ਜੰਮਦੇ ਸਾਰੇ ਤੇ ਐਤਵਾਰ ਹੀ ਮਰਦੇ?
ਬ੍ਰਹੀਣਾਂ,ਚੌਥਾ ਅਤੇ ਮਕਾਣਾਂ, ਹੁਣ ਐਤਵਾਰ ਹੀ ਕਰਦੇ।
ਮੀਟਿੰਗ , ਪਿੱਟ –ਸਿਆਪਾ ਸਾਰਾ, ਹੈ ਐਤਵਾਰ ਦਾ ਰੋਣਾ।
ਵਿਆਹ, ਠੱਾਕਾ ਤੇ ਜਨਮ ਦਿਹਾੜਾ ਐਤਵਾਰ ਹੀ ਆਉਣਾ।
ਪੈ ਜਾਣੀਆਂ ਸਿਰ ‘ਚ ਜੂਆਂ, ਜੇ ਐਤਵਾਰ ਨਾ ਨ੍ਹਾਤਾ।
ਸੁਹਲ” ਸੱਚੀ ਇਹ ਕਹਾਣੀ, ਨਾ ਕੋਈ ਅੱਤਾ - ਬੱਤਾ।
25/06/2014
ਬਾਪੂ ਰੌਲਾ ਪਾਈ ਜਾਂਦਾ
ਮਲਕੀਅਤ ਸਿੰਘ “ਸੁਹਲ”
ਬਾਪੂ ਰੌਲਾ ਪਾਈ ਜਾਂਦਾ,
ਸਾਡੀ ਜਿੰਦ ਤੜਪਾਈ ਜਾਂਦਾ।
ਇਸ ਘਰ ਜਦ ਮੈਂ ਪਾਇਆ ਪੈਰ
ਜੋਬਨ ਮੇਰਾ ਸਿਖ਼ਰ ਦੁਪਹਿਰ।
ਤੂੰ ਬਾਪ ਜੀ ਦੀ ਸੇਵਾ ਕਰਨੀ,
ਹਰ ਕੋਈ ਗਲ ਦੁਹਰਾਈ ਜਾਂਦਾ।
ਪਰ! ਬਾਪੂ ਰੌਲਾ ਪਾਈ ਜਾਂਦਾ।
ਸਾਡੀ ਜਿੰਦ ਤੜਪਾਈ ਜਾਦਾ।
ਰੱਜ ਕੇ ਖਾਂਦਾ ਪੀਂਦਾ ਹੈ।
ਤਾਂਹੀਉਂ ਫਿਰ ਜੀਊਂਦਾ ਹੈ।
ਚੰਗਾ ਚੋਖ਼ਾ ਭੋਜਨ ਖਾ ਕੇ
ਆਪਣਾ ਢਿਡ੍ਹ ਵਧਾਈ ਜਾਂਦਾ,
ਬਾਪੂ ਰੌਲਾ ਪਾਈ ਜਾਂਦਾ,
ਸਾਡੀ ਜਿੰਦ ਤੜਪਾਈ ਜਾਂਦਾ।
ਦੇਸੀ ਘਿਉ ਦਾ ਤੜਕਾ ਮੰਗੇ।
ਨਾ ਦਈਏ ਤਾਂ ਸੂਲੀ ਟੰਗੇ।
ਡਾਕਟਰ ਦੀ ਵੀ ਗਲ ਨਾ ਮੰਨੇ,
ਆਪਣਾ ਰ੍ਹੋਬ ਜਮਾਈ ਜਾਂਦਾ,
ਬਾਪ ੂ ਰੌਲਾ ਪਾਈ ਜਾਂਦਾ,
ਸਾਡੀ ਜਿੰਦ ਤੜਪਾਈ ਜਾਂਦਾ।
ਸ਼ੂਗਰ ਉਹਦੀ ਵਧਦੀ ਜਾਏ।
ਪੇਠਾ ਬਰਫ਼ੀ ਖਾਈ ਜਾਏ।
ਨਾ ਮਨੋਂ ਤਾਂ ਖਾਣ ਨੂੰ ਪੈਂਦਾ,
ਡੇਲੇ ਕਢ੍ਹ ਵਿਖਾਈ ਜਾਂਦਾ,
ਪਤਾ ਨਹੀਂ ਇਹ ਕਦ ਮਰੇਗਾ
ਸਭ ਦਾ ਖੁਨ ਸੁਕਾਈ ਜਾਂਦਾ।
ਸੁਣਦਾ ਉੱਚੀ , ਬੋਲਾ ਬਾਪੂ,
ਗੁੱਸੇ ਭਰਿਆ ਰਾਗ ਅਲਾਪੂ।
ਬੀ.ਪੀ. ਉਹਦਾ ਵਧਿਆ ਰਹਿੰਦਾ,
ਸਭ ਨੂੰ ਪੜ੍ਹਨੇਂ ਪਾਈ ਜਾਂਦਾ,
ਬਾਪੂ ਰੌਲਾ ਪਾਈ ਜਾਂਦਾ।
ਸਾਡਾ ਖ਼ੂਨ ਸੁਕਾਈ ਜਾਂਦਾ।
ਤਾਜਾ ਫ਼ਲ – ਫਰੂਟ ਮੰਗਾਏ।
ਨਾ ਮਿਲਿਆ ਤਾਂ ਪੜ੍ਹਨੇ ਪਾਏ।
ਚਿੱਕਨ ਤੰਦੂਰੀ, ਬੜਾ ਜਰੂਰੀ,
ਕਹਿ ਕੇ ਉਹ ਮੰਗਵਾਈ ਜਾਂਦਾ,
ਰਜ ਕੇ ਰੌਲਾ ਪਾਈ ਜਾਂਦਾ
ਤਾਰੇ ਦਿਨੇਂ ਵਿਖਾਈ ਜਾਂਦਾ।
ਘਰ ਪ੍ਰਹੁਣਾਂ ਜਦ ਕੋਈ ਆਏ।
ਵਧੀਆ ਡਰਾਈ ਫਰੂਟ ਮੰਗਾਏ।
ਰੈਡੀਮੇਟ ਪਨੀਰ ਪਕੌੜਾ,
ਖਾ ਕੇ ਗੈਸ ਵਧਾਈ ਜਾਂਦਾ,
ਬਾਪੂ ਰੌਲਾ ਪਾਈ ਜਾਂਦਾ।
ਨਾਲੇ ਸਭ ਕੁਝ ਖਾਈ ਜਾਂਦਾ।
ਦਿਨ ਢਲੇ ਤਾਂ ਮੰਗੇ ਦਾਰੂ।
ਅਧੀਆ ਪੀ ਕੇ ਬੁੱਤਾ ਸਾਰੂ।
ਵਾਂਗ ਸ਼ੁਦਾਈਆਂ ਗਲਾਂ ਕਰਕੇ,
ਆਂਡ-ਗੁਆਂਡ ਜਗਾਈ ਜਾਂਦਾ,
ਹੱਥ ਜੋੜ ਜੇ ਚੁੱਪ ਕਰਾਈਏ,
ਚੀਕਾਂ ਮਾਰ ਡਰਾਈ ਜਾਂਦਾ ਜਾਂਦਾ
ਬਾਪੂ ਜੀ ਦੀ ਹੋ ਗਈ ਹੱਦ।
ਇਕ ਦਿਨ ਦਾਰੂ ਪੀ ਲਈ ਵੱਧ।
ਮੀਟ ਦਾ ਪੂਰਾ ਡੂੰਘਾ ਖਾ ਕੇ,
ਚਾਂਦੀ ਨਿਰੀ ਵਿਛਾਈ ਜਾਂਦਾ,
ਰੱਬਾ ! ਇਹਨੂੰ ਆਪੇ ਚੁੱਕ ਲੈ,
ਅਜੇ ਵੀ ਪੈਰ ਅੜਾਈ ਜਾਂਦਾ।
ਬਾਪੂ ਸੁਤਾ, ਤੇ ਸਾਰੇ ਸੌਂ ਗਏ।
ਪਤਾ ਨਹੀਂ ਕਦ ਡੇਲੇ ਭੌਂ ਗਏ।
ਬਾਪੂ ਗੂੜ੍ਹੀ ਨੀਂਦਰ ਸੌਂ ਕੇ,
ਸਭ ਨੂੰ ਅਰਾਮ ਕਰਾਈ ਜਾਂਦਾ,
ਬਾਪੂ ਤਾਈਂ ਨਾ ਕੋਈ ਜਗਾਏ
ਸੌਂ ਕੇ ਦਿਨ ਚੜ੍ਹਾਂਈ ਜਾਂਦਾ।
ਹੋਈ ਦੁਪਹਿਰ ਨਾ ਬਾਪੂ ਹਿੱਲੇ।
ਨਾ ਉਹ ਖੰਘੇ ਨਾ ਉਹ ਕਿੱਲ੍ਹੇ।
ਮੈਂ ਕਿਹਾ ਬਾਪੂ! ਪੀ ਲਉ ਚਾਹ,
ਪਰ!ਬਾਪੂ, ਕੋਈ ਲਏ ਨਾ ਸਾਹ।
ਮੈਂ ਅੱਖਾਂ ਨੂੰ, ਥੁੱਕ ਲਾ ਕੇ ਰੋਈ,
ਉਹ ਝੂੱਠੇ ਵੈਣ ਪੁਆਈ ਜਾਂਦਾ।
ਸਭ ‘ਕਠੇ ਹੋ ਗਏ ਭੈਣ ਭਰਾ,
ਚੁੱਕੀ ਅਰਥੀ ਪੈ ਗਏ ਰਾਹ।
ਜਦ ਚਿਖਾ ਨੂੰ ਲਗਾ ਲਾਂਬੂ,
ਮੈਨੂੰ ਆਇਆ ਸੁੱਖ ਦਾ ਸਾਹ।
ਮੈਂ ਸੋਚਾਂ , ਮੁੜ ਨਾ ਆ ਜਾਏ
ਬਾਪੂ “ਸੁਹਲ” ਡਰਾਈ ਜਾਂਦਾ
ਪਰ! ਸੁਪਨੇ ਵਿਚ ਆਈ ਜਾਂਦਾ।
ਫਿਰ ਵੀ ਜਿੰਦ ਤਪਾਈ ਜਾਂਦਾ।
25/06/2014
ਬਾਤ ਕੋਈ ਪਾ ਗਿਆ
ਮਲਕੀਅਤ "ਸੁਹਲ'
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ ।
ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।
ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਲ ਵਾਂਗ
ਸਾਨੂੰ ਵੀ ਤਪਾ ਗਿਆ।
ਰਾਤ ਸਾਰੀ ਅੱਖੀਆਂ ਚੋਂ
ਕਿਣ - ਮਿਣ ਸੀ ਹੋ ਰਹੀ,
ਪਰ ! ਉਹ ਤੂਫ਼ਾਨ ਬਣ
ਦਿਲ ਉਤੇ ਛਾ ਗਿਆ।
ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।
"ਸੁਹਲ" ਅੱਖਾਂ ਬੰਦ ਕਰ
ਜਦ ਵੀ ਮੈਂ ਝੱਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
25/06/2014
ਭਾਂਬੜ
ਮਲਕੀਅਤ "ਸੁਹਲ'
ਭਾਂਬੜ ਬਲਦੇ ਮੱਠੇ ਹੋ ਗਏ,
ਸੁੱਤੀ ਅਲਖ਼ ਜਗਾਵੋ ਨਾ।
ਜਾਣ ਬੁੱਝ ਕੇ ਬਲਦੀ ਉਤੇ,
ਤੇਲ ਦੇ ਬਾਟੇ ਪਾਵੋ ਨਾ ।
ਬੀਤ ਗਿਆ ਜੋ ਬੀਤ ਗਿਆ
ਕੀ ਉਹਨੂੰ ਪਛਤਾਉਦੇ ਹੋ,
ਸੂਲਾਂ ਵਿਨ੍ਹੇ ਸ਼ਬਦਾਂ ਵਾਲਾ
ਗੀਤ ਹੋਰ ਕੋਈ ਗਾਵੋ ਨਾ।
ਪੱਥਰ ਦਿਲ ਜਿਨ੍ਹਾਂ ਸੀ ਕੀਤੇ
ਉਹ ਵੀ ਏਥੋਂ ਤੁਰ ਗਏ ਨੇ,
ਅੰਗਿਆਰਾਂ ਦੇ ਫ਼ੁੱਲਾਂ ਵਾਲੀ
ਅਰਥੀ ਹੋਰ ਸਜਾਵੋ ਨਾ।
ਕੀਹ ਹੈ ਲੇਣਾ ਦੇਣਾ ਆਪਾਂ
ਆਪਣਾ ਆਪ ਸੰਭਾਲ ਲਵੋ,
ਗੁੰਝਲਦਾਰ ਬੁਝਾਰਤ ਵਾਲੇ
ਚੱਕਰ ਹੋਰ ਚਲਾਵੋ ਨਾ।
ਬੰਦਾ ਗ਼ਲਤੀ ਦਾ ਹੈ ਪੁਤਲਾ
ਸੱਭ 'ਤੋਂ ਗ਼ਲਤੀ ਹੋ ਜਾਂਦੀ,
ਭੁੱਲ ਕੇ ਗ਼ਲਤੀ ਹੋ ਜਾਏ ਤਾਂ
ਅਸਦੇ ਸ਼ਗਨ ਮਨਾਵੋ ਨਾ।
ਦੋਸ਼ਾਂ ਨੂੰ ਤਾਂ ਦੋਸ਼ ਦਿਉਗੇ
ਕੀ ਆਖੋਗੇ , ਨਿਰਦੋਸ਼ਾਂ ਨੂੰ,
ਜੱਗ ਤੇ ਕੋਈ ਨਿਰਦੋਸ਼ ਨਹੀ
ਤਾਂ ਆਪਣੇ ਦੋਸ਼ ਲੁਕਾਵੋ ਨਾ।
ਆਪਣਾ ਕੀਤਾ ਆਪੇ ਪਉਣਾ
ਤੈਨੂੰ ਕੀਹ ਤੇ ਮੈਨੂੰ ਕੀਹ,
ਚੋਭ੍ਹਾਂ ਭਰੀਆਂ ਗੱਲਾਂ ਕਰਕੇ
ਕਿਸੇ ਦਾ ਮਨ ਤੱਪਾਵੋ ਨਾ।
ਠੋਕਰ ਖਾ ਕੇ ਬਣਦਾ ਬੰਦਾ
ਜਿਵੇਂ ਹੈ ਬਣਦਾ ਪੱਥਰ ਗੋਲ,
ਛੈਣੀ - 'ਥੋੜ੍ਹੇ ਪੱਥਰਾਂ ਉਤੇ
ਐਵੇਂ ਹੋਰ ਚਲਾਵੋ ਨਾ।
ਆਪਣੇ ਤੇ ਨਾ ਛਿੱਟੇ ਪੈ ਜਾਣ
ਏਨਾਂ ਵੀ ਤਾਂ ਸੋਚ ਲਵੋ,
ਛੱਜ 'ਚ ਪਾ,ਨਾ ਛੱਟੇ ਜਾਇਉ
ਐਸਾ ਕਰਮ ਕਮਾਵੋ ਨਾ।
"ਸੁਹਲ' ਬੰਦ ਕਰੋ ਬਕਵਾਸ
ਜਿਗਰਾ ਫਟਦਾ ਜਾਂਦਾ ਏ,
ਸਮਝਦਾਰ ਨੂੰ ਬੜਾ ਇਸ਼ਾਰਾ
ਬਹੁਤਾ ਵੀ ਸਮਝਾਵੋ ਨਾ।
25/06/2014
ਗਜ਼ਲ (ਕਿਣ-ਮਿਣ ਹੋਏ ਨਾ)
ਮਲਕੀਅਤ “ਸੁਹਲ’
ਲੰਘਿਆ ਸਉਣ ਮਹੀਨਾ ਕਿਣ-ਮਿਣ ਹੋਈ ਨਾ।
ਸੁਣ ਮਾਹੀਆ! ਤੇਰੇ ਬਾਝੋਂ ਮੇਰਾ ਕੋਈ ਨਾ।
ਬਿਨ ਬਰਸਾਤੋਂ ਤੀਆਂ ਸੁੱਕੀਆਂ ਲੰਘ ਗਈਆਂ
ਇਹ ਕੱਖ਼ਾਂ ਦੀ ਵੀ ਕੁੱਲੀ ਚੰਨਾ ਚੋਈ ਨਾ।
ਰੰਗਲਾ ਚੂੜਾ ਵਢ੍ਹ-ਵਢ੍ਹ ਖਾਂਦਾ ਰਹਿੰਦਾ ਏ
ਗਲ ਤੇਰੇ ਤੋਂ ਦਿਲ ਦੀ ਕਦੇ ਲਕੋਈ ਨਾ।
ਸੱਜਣਾਂ ! ਤੇਰੇ ਨਾਲ ਕੀ ਸੀਨਾ ਜ਼ੋਰੀ ਹੈ
ਸੁਪਨੇਂ ਵਿਚ ਵੀ ਸੁਣਦਾ ਜੋ ਅਰਜ਼ੋਈ ਨਾ।
ਬਿਰਹੋਂ ਤਾਪ ਬੇਸ਼ਕ ਚੜ੍ਹਿਆ ਰਹਿੰਦਾ ਹੈ
ਤਾਂ ਵੀ ਮੇਰੀ ਅੱਖ਼ ਕਦੇ ਵੀ ਰੋਈ ਨਾ।
ਇਹ ਚੜ੍ਹੀ ਜਵਾਨੀ ਸੂਲੀ ਟੰਗੀ ਜਾਪ ਰਹੀ
ਤਾਂ ਵੀ ਮੈਥੋਂ ਹੋਈ ਕਦੇ ਬਦਖੋਹੀ ਨਾ।
ਖ਼ੈਰ ਵਸਲ ਦਾ ਪਾ ਦੇ ਸੋਹਣੇ ਚੰਨ ਮਾਹੀਆ
ਇਕ ਤੇਰੇ ਬਾਝੋਂ ਦਿਲ ਨੂੰ ਮਿਲਦੀ ਢੋਈ ਨਾ।
ਹੁਣ ਘੁੱਟ ਸਬਰ ਦੇ ਪੀ ਕੇ ਚੰਨਾ ਵੇਖ ਲਏ
ਮੈਂ ਤਿੱਖੇ ਕੰਡਿਆਂ ਵਿਚ ਤਾਂ ਜਿੰਦ ਪਰੋਈ ਨਾ।
“ਸੁਹਲ” ਸੁਹਾਗਣ ਤਾਂਹੀਉਂ ਸਾਰੇ ਕਹਿੰਦੇ ਨੇ
ਮੈਂ ਤੇਰੀ ਖਾਤਰ ਸਿਰ ਤੋਂ ਲਾਹੀ ਲੋਈ ਨਾ।
28/05/2014
ਬੋਟ ਮਰੇ ਨਾ
ਮਲਕੀਅਤ “ਸੁਹਲ’
ਬੋਟ ਮਰੇ ਨਾ ਕਿਸੇ ਚਿੱੜੀ ਦਾ,
ਰੋ-ਰੋ ਖ਼ੰਭ ਨਾ ਖ੍ਹੋਵੇ ।
ਅੱਖਾਂ ਅੱਗੇ ਵੇਖ ਕੇ ਉਹਨੂੰ,
ਛੰਮ-ਛੰਮ ਹੰਝੂ ਚੋਵੇ।
ਜਿੰਦ ਨਿਮਾਣੀ,ਤੜਫ਼-ਤੜਫ਼ ਕੇ
ਪਤਾ ਨਹੀਂ ਕਿੱਥੇ ਤੁਰ ਗਈ।
ਗ਼ਮਾਂ ‘ਚ ਬੈਠੀ ਮਾਂ ਵਿਚਾਰੀ
ਝੁਰਦੀ – ਝੁਰਦੀ ਝੁਰ ਗਈ।
ਪੁੱਤ ਮਰੇ ਨਾ ਸੱਤ ਬਿਗਾਨਾ,
ਚਾਹੇ ਕਿਹੋ ਜਿਹਾ ਹੋਵੇ।
ਬੋਟ ਮਰੇ ਨਾ ਕਿਸੇ ਚਿੱੜੀ ਦਾ,
ਰੋ- ਰੋ ਖ਼ੰਭ ਨਾ ਖ੍ਹੋਵੇ।
ਆਪਣੇ ਮੂੰਹ ਚੋਂ ਕਢ੍ਹ ਚੋਗਾ
ਉਹ ਬੱਚਿਆਂ ਦੇ ਮੂੰਹ ਪਾਵੇ।
ਮੌਤ ਉਡਾ ਕੇ ਲੈ ਗਈ ਪੁੱਤ ਨੂੰ
ਹੁਣ ਬੈਠੀ ਮਾਂ ਕੁਰਲਾਵੇ।
ਦੁੱਖਾਂ ਮਾਰੀ ਜਿੰਦ ਨਿਮਾਣੀ,
ਹੌਕੇ ਭਰ-ਭਰ ਰੋਵੇ।
ਬੋਟ ਮਰੇ ਨਾ ਕਿਸੇ ਚਿੱੜੀ ਦਾ,
ਰੋ - ਰੋ ਖੰਭ ਨਾ ਖ੍ਹੋਵੇ।
ਜਾਨਵਰਾਂ ਨੂੰ ਜਾਨ ਪਿਆਰੀ
ਬੰਦਿਆਂ ਨੂੰ ਕੀ ਹੋਇਆ।
ਬੇ- ਦਰਦਾ ਇਨਸਾਨਾਂ ਤੇਰਾ
ਕਿਉਂ ਨਾ ਹੰਝੂ ਚੋਇਆ।
ਮਾਲੀ ਵੇਖਕੇ ਫ਼ੁੱਲ ਮੁਰਝਾਇਆ,
ਕਿਵੇਂ ਦਰਦ ਲਕੋਵੇ।
ਬੋਟ ਮਰੇ ਨਾ ਕਿਸੇ ਚਿੱੜੀ ਦਾ,
ਰੋ- ਰੋ ਖੰਭ ਨਾ ਖ੍ਹੋਵੇ।
“ਸੁਹਲ” ਖ਼ੁਦਾ ਦੇ ਸੁਣੋਂ ਬੰਦਿਉ
ਨਾ ਕੋਈ ਕਹਿਰ ਗੁਜ਼ਾਰੋ।
ਬੇ-ਦੋਸ਼ੇ ਜੋ ਮਾਵਾਂ ਦੇ ਪੁੱਤਰ
ਹੁਣ ਨਾ ਅਣਜਾਈਂ ਮਾਰੋ।
ਪਿਉ ਦੇ ਮੋਢ੍ਹੇ ਉਤੇ ਪੁੱਤ ਦੀ,
ਅਰਥੀ ਨਾ ਕੋਈ ਸ੍ਹੋਵੇ।
ਬੋਟ ਮਰੇ ਨਾ ਕਿਸੇ ਚਿੱੜੀ ਦਾ,
ਰੋ-ਰੋ ਖੰਭ ਨਾ ਖ੍ਹੋਵੇ।
ਅੱਖਾਂ ਅੱਗੇ ਵੇਖ ਕੇ ਉਹਨੂੰ,
ਛੰਮ-ਛੰਮ ਹੰਝੂ ਚੋਵੇ।
28/05/2014
ਬਿਰਖ਼ਾਂ ਦਿਆਂ ਪੱਤਿਆਂ ਨੇ
ਮਲਕੀਅਤ “ਸੁਹਲ”
ਬਿਰਖ਼ਾਂ ਦੇ ਪੱਤਿਆਂ ਨੇ ਕੋਈ ਰਾਗ ਸੁਣਾਇਆ ਹੈ।
ਕੁਦਰਤ ਦੇ ਸ਼ਬਦਾਂ ਨੂੰ ਜਿਉਂ ਗੁਣ- ਗੁਣਾਇਆ ਹੈ।
ਹੈ ਸ਼ਾਤ- ਮਈ ਮੌਸਮ ਹਰ ਪਾਸੇ ਬੜਾ ਸੁਹਾਣਾ
ਫ਼ੁਲਾਂ ਦੀ ਰੰਗਤ ਨੇ ਵੀ ਅੱਜ ਰੰਗ ਵਟਾਇਆ ਹੈ।
ਖ਼ੁਸ਼ੀਆਂ ਵਿਚ ਪੰਛੀ ਵੀ ਚੂੰ- ਚੂੰ ਪਏ ਕਰਦੇ ਨੇ
ਇਉਂ ਜਾਪ ਰਿਹਾ ਮੈਨੂੰ ਕੁਦਰਤ ਦੀ ਮਾਇਆ ਹੈ।
ਜੰਗਲ ਵਿਚ ਪੰਛੀ ਦਾ ਘਰ ਜਾ ਕੇ ਤੱਕੀਏ ਤਾਂ
ਤੀਲ੍ਹੇ ਚੁਣ ਕੱਖ਼ਾਂ ਦਾ ਇਕ ਲੈਂਟਰ ਪਾਇਆ ਹੈ।
ਸ਼ੀਸ਼ੇ ਦੇ ਮਹਿਲਾਂ ਚੋਂ ਕੋਈ ਹੂਕ ਜਿਹੀ ਨਿਕਲੇ
ਪਿੰਜਰੇ ਵਿਚ ਤੋਤੇ ਨੂੰ ਕੀ ਪਾਠ ਪੜ੍ਹਾਇਆ ਹੈ।
ਪਰਿੰਦੇ ਅੱਤਵਾਦੀ ਨਹੀਂ, ਨਾ ਕੋਈ ਸਮਗਲਰ ਨੇ
ਜਬਰ- ਜਨਾਹਾਂ ਦਾ , ਨਾ ਕਹਿਰ ਮਚਾਇਆ ਹੈ।
ਬੇ – ਗੈਰਤ ਬੰਦਿਆਂ ਤੋਂ ਜਾਨਵਰ ਵੀ ਚੰਗੇ ਨੇ
ਕਾਤਿਲ ਦਾ ਏਥੇ ਤਾਂ, ਚਲਦਾ ਸਰਮਾਇਆ ਹੈ।
28/05/2014
ਆਪਣੀ ਜਾਨ ਬਚਾਈ ਜਾ
ਮਲਕੀਅਤ “ਸੁਹਲ”
ਜੱਗ ਦੇ ਰੌਲੇ - ਰੱਪੇ ਤੋਂ ਆਪਣੀ ਜਾਨ ਬਚਾਈ ਜਾ।
ਜ਼ਹਿਰੀ ਸੱਪ ਖ਼ੜਪੇ ਤੋਂ ਆਪਣੀ ਜਾਨ ਬਚਾਈ ਜਾ।
ਤਮਾਸ਼ਬੀਨਾਂ ਅੱਗ ਲਗਾ ਰੂੜੀ ‘ਤੇ ਹੈ ਖੜ੍ਹ ਜਾਣਾ
ਲੀਡਰ ਦੇ ਲਾਰੇ -ਲੱਪੇ ਤੋਂ ਆਪਣੀ ਜਾਨ ਬਚਾਈ ਜਾ।
ਸਿੰਗ ਫਸਾ ਕੇ ਸੁਲ੍ਹਾ ਕਰਾਉਣੀ, ਸ਼ੈਤਾਨਾਂ ਦੀ ਸੋਚ ਬੁਰੀ
ਉਸ ਬੰਦੇ ਕੂੜ-ਕੁਪੱਤੇ ਤੋਂ ਆਪਣੀ ਜਾਨ ਬਚਾਈ ਜਾ।
ਚੰਗੀ-ਮਾੜੀ ਸੁਣ ਕੇ ਆਖਰ, ਦੇਣੀ ਪੈਣੀ ਝੂਠ ਗਵਾਹੀ
ਦੁਸ਼ਮਨ ਦੇ ਚੱਪੇ-ਚੱਪੇ ਤੋਂ ਆਪਣੀ ਜਾਨ ਬਚਾਈ ਜਾ।
ਕੰਧਾਂ ਨੂੰ ਕੰਨ ਹੁੰਦੇ ਗਲ ਸੋਚ ਸਮਝ ਕੇ ਕਰਿਆ ਕਰ
“ਸੁਹਲ” ਚੋਰ-ੳਚੱਕੇ ਤੋਂ ਆਪਣੀ ਜਾਨ ਬਚਾਈ ਜਾ।
28/05/2014
ਇਕ ਮਿਅਨ ‘ਚ ਦੋ ਤਲਵਾਰਾਂ
ਮਲਕੀਅਤ ਸਿੰਘ “ਸੁਹਲ”
ਇਕ ਮਿਆਨ ‘ਚ ਦੋ ਤਲਵਾਰਾਂ ਰਹਿਣ ਹਮੇਸ਼ਾਂ ਖ਼ੜਕਦੀਆਂ।
ਗਲਾਂ ਜਿਉਂ ਤਕਰਾਰ ਦੀਆਂ ਸੀਨੇ ਦੇ ਵਿਚ ਰੜਕਦੀਆਂ।
ਜ਼ਿੰਦਗ਼ੀ ਦੇ ਇਤਹਾਸਕ ਵਰਕੇ ਆਪ - ਮੁਹਾਰੇ ਖੁਲ੍ਹ ਜਾਂਦੇ,
ਜਦ ਬੋਹੜਾਂ ਥੱਲੇ ਬੈੱਠੇ ਬਾਬੇ ਗਲਾਂ ਕਰਦੇ ਠਰਕਦੀਆਂ।
ਸੱਜਣਾਂ ਵਲੋਂ ਵਗਦੀਆਂ ਆਵਣ ਮਿੱਠੀਆਂ ਪੌਣ ਬਹਾਰਾਂ,
ਰਾਗ ਬਿਰਹੋਂ ਦਾ ਛੇੜ ਕੇ ਲੰਘਣ ਕੰਨਾਂ ਕੋਲੋਂ ਸਰਕਦੀਆਂ।
ਅੱਖਾਂ ਦੇ ਵਿਚ ਅੱਖਾਂ ਵੱਸਣ ਦਰਦ ਦਿਲਾਂ ਦਾ ਅਖਾਂ ਦੱਸਣ,
ਉਹ ਅੱਖਾਂ ਨਹੀਂ ਲਭਦੀਆਂ ਹੁਣ ਅੱਖਾਂ ਨੂੰ ਜੋ ਪਰਖ਼ਦੀਆਂ।
ਭਲੇ- ਬੁਰੇ ਨੂੰ ਪਰਖ਼ਣ ਵਾਲੇ ਆਪੇ ਵਿਚ ਹੀ ਉਲਝ ਗਏ,
ਭਰੀ ਕੱਚਹਿਰੀ ਗਲ ਕਰਨ ਤੋਂ ਹੈਨ ਜ਼ਬਾਨਾਂ ਥਰਕਦੀਆਂ।
ਫ਼ਿਰਕਾਪ੍ਰਸਤੀ, ਚੋਰ ਬਜ਼ਾਰੀ, ਅੱਤਿਆਚਾਰ ਜੋ ਕਰਦੇ ਰਹੇ,
ਉੱਚੀ-ਉੱਚੀ ਨਾਹਰੇ ਲਾ ਉਹ ਗਲਾਂ ਕਰਨ ਸਵਰਗ ਦੀਆਂ।
“ਸੁਹਲ” ਸਿੱਖੀ ਖ਼ਾਤਰ ਚਿਣ ‘ਤੇ ਗੁਰੂ ਗੋਬਿੰਦ ਦੇ ਛੋਟੇ ਲਾਲ,
ਆਖਰ ਕੰਧਾਂ ਜ਼ੁਲਮ ਦੀਆਂ ਇਕ ਦਿਨ ਵੇਖਿਉ ਗਰਕਦੀਆਂ।
28/05/2014
ਗੁਰੂ ਅਰਜਨ ਪਿਆਰੇ
ਮਲਕੀਅਤ ਸਿੰਘ "ਸੁਹਲ"
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ,
ਤੱਤੀ ਰੇਤਾ ਸੀਸ ਪੈਂਦੀ ਸੀ ਨਾ ਉਚਾਰੇ ।
ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ ਪੁਕਾਰਿਆ।
ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ।
ਦੁਨੀਆਂ ਪਈ ਤੱਕਦੀ ਸੀ, ਜ਼ਾਲਮਾਂ ਦੇ ਕਾਰੇ ,
ਤੱਤੀ ਲੋਹ ਤੇ ਬੈਠੇ , ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਤੱਤੀ ਲੋਹ ਤੇ ਬੈਠੇ ਗੁਰੂ ਬਾਣੀ ਪੜ੍ਹੀ ਜਾ ਰਹੇ ।
ਤੇਰਾ ਭਾਣਾ ਮੀਠਾ ਲਾਗੇ ਮੁੱਖੋਂ ਫੁਰਮਾ ਰਹੇ ।
ਉਬੱਲਦੀ ਦੇਗ ਦੇ ਵੀ ਵੇਖ ਲਏ ਨਜ਼ਾਰੇ ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਜੇਠ ਦਾ ਮਹੀਨਾ ਉਤੋਂ ਸਿਖ਼ਰ ਦੁਪਹਿਰ ਸੀ ।
ਲਾਹੌਰ ਦੀਆਂ ਕੰਧਾਂ ਰੋਈਆਂ ਰੋ ਪਿਆ ਸ਼ਹਿਰ ਸੀ।
ਆਈ ਨਾ ਸ਼ਰਮ ਤੈਨੂੰ ਮੁਗ਼ਲ ਸਰਕਾਰੇ ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ . . . . . . . ।
ਰਾਵੀ ਦੀਆਂ ਛੱਲਾਂ ਨੇ ਸੀ ਗੁਰਾਂ ਨੂੰ ਲਪੇਟਿਆ ।
"ਸੁਹਲ" ਦੀਆਂ ਸੱਧਰਾਂ ਨੂੰ ਲਹਿਰਾਂ 'ਚ ਸਮੇਟਿਆ।
ਓਹ ! ਮੇਰਾ ਸਤਿਗੁਰੂ ਸਭ ਦੇ ਕਾਜ ਸਵਾਰੇ,
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ
ਤੱਤੀ ਰੇਤਾ ਸੀਸ ਪੈਂਦੀ ਉਹ ਸੀ ਨਾ ਪੁਕਾਰੇ ।
18/05/2014
ਗਜ਼ਲ ( ਪਛਤਾਇਉ ਨਾ )
ਮਲਕੀਅਤ “ਸੁਹਲ”
ਸੱਪਾਂ ਨੂੰ ਘਰ ਪਾਲ ਕੇ ਦੁੱਧ ਪਿਲਾਇਉ ਨਾ ।
ਇਕ ਦਿਨ ਡੰਗ ਚਲਾਵਣਗੇ ਪਛਤਾਇਉ ਨਾ ।
ਖ਼ੂਨ ਦੇ ਰਿਸ਼ਤੇ ਵੀ ਤਾਂ ਆਪਣੇ ਬਣਦੇ ਨਹੀਂ
ਖ਼ੂਨ ਦੇ ਬਦਲੇ, ਖ਼ੂਨ ਦੇ ਸੁਹਲੇ ਗਾਇਉ ਨਾ ।
ਹੈ ਸ਼ੀਸ਼ੇ ਵਰਗਾ ਦਿਲ, ਨਾ ਕਿਧਰੇ ਟੁੱਟ ਜਾਵੇ
ਟੁੱਟੇ ਦਿਲ ‘ਤੇ ਜੋੜ ਕਦੇ ਵੀ ਲਾਇਉ ਨਾ ।
ਫ਼ੱਲ ਮਿੱਠਾ ਖਾਵਣ ਖਾਤਰ ਬੂਟਾ ਲਉਂਦੇ ਹਾਂ
ਪਰ! ਕੌੜੇ ਅੱਕਾਂ ਤਾਈਂ ਪਾਣੀ ਪਾਇਉ ਨਾ।
ਫਰਕ ਬੜਾ ਹੈ , ਆਪਣੇ ਅਤੇ ਬੇਗਾਨੇ ਦਾ
ਅਕ੍ਰਿਤਘਣ ਦੇ ਨਾਲ ਹੱਥ ਮਿਲਾਇਉ ਨਾ ।
ਜੋ ਕੀਤਾ ਚੰਗਾ- ਮਾੜਾ ਦਰਪਣ ਦਸੇਗਾ
ਜ਼ਿੰਦਗ਼ੀ ਦੇ ਕੰਪੀਊਟਰ ਨੂੰ ਠੁਕਰਾਇਉ ਨਾ।
ਮਾਣ ਹੁੰਦਾ ਹੈ ਆਪਣਿਆਂ ‘ਤੇ ਕਹਿੰਦੇ ਨੇ
ਫਿਰ ਵੀ, ਬਚ ਕੇ ਲੰਘੋ ਠਿੱਬੀ ਖਾਇਉ ਨਾ।
ਜੇ ਵਾੜ ਖੇਤ ਨੂੰ ਖਾ ਜਾਏ, ਦਸੋ! ਜੀ ਕਰਨਾ
ਬੱਕਰੇ ਬ੍ਹੋਲ ਦੇ ਰਾਖ਼ੇ ਕਦੇ ਬਿਠਾਇਉ ਨਾ ।
ਮਧੂ- ਮੱਖ਼ੀਆਂ ਮਸਤ ਸ਼ਹਿਦ ਦੇ ਖ਼ੱਗੇ ‘ਤੇ
ਉਨ੍ਹਾਂ ਨੂੰ ਕੋਈ ਪੱਥਰ ਮਾਰ ਉਡਾਇਉ ਨਾ ।
ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ ਸੁਣਦੇ ਹਾਂ
ਦੋਮੂਹੀਂ ਸੱਪਣੀਂ ਅੱਗੇ ਬੀਨ ਵਜਾਇਉ ਨਾ ।
“ਸੁਹਲ’ ਬਲਦੇ ਭਾਂਬੜ ਠੰਡ੍ਹੇ ਕਿੰਝ ਕਰਨੇ
ਬਲਦੀ ਉਤੇ ਤੇਲ ਕਦੇ ਛਿੜਕਾਇਉ ਨਾ।
ਨੋਸ਼ਹਿਰਾ ਬਹਾਦਰ, ਡਾ-ਤਿੱਬੜੀ (ਗੁਰਦਾਸਪੁਰ)
ਮੋਬਾ- 98728-48610
24/08/2013
ਗਜ਼ਲ (ਆਦਮਖ਼ੋਰ )
ਮਲਕੀਅਤ “ਸੁਹਲ’
ਗੰਗਾ ਨ੍ਹਾਤੇ ਆਦਮਖ਼ੋਰ ।
ਚੋਰਾਂ ਨੂੰ ਵੀ ਪੈ ਗਏ ਮੋਰ।
ਰਿਸ਼ਵਤਖ਼ੋਰੀ ,ਗੁੰਡਾਗਰਦੀ
ਰਾਜੇ ਦੇ ਸਿਰ ਝੁੱਲਦੀ ਚੌਰ।
ਪੰਡਤ, ਭਾਈ, ਮੁੱਲਾਂ ਜੀ ਨੂੰ
ਵੇਖੋ ! ਚੜ੍ਹੀ ਜਨੂਨੀਂ ਲੋਰ।
ਡਰਨਾ ਕੀ ਬਘਿਆੜਾਂ ਨੇ
ਕੱਚੀਆਂ ਤੰਦਾਂ ਦੀ ਹੈ ਬੌਰ।
ਰੇਤਾ ਵਾਲੀਆਂ ਕੰਧਾਂ ਨੂੰ
ਪਾਣੀ ਨੇ ਪਾ ਦੇਣਾ ਨੌਰ।
ਧੋਖ਼ੇਬਾਜ ਪਿਆਰੇ ਨੇਤਾ
ਉਪਰੋਂ ਹੋਰ ਤੇ ਅੰਦਰੋਂ ਹੋਰ।
ਸਾਧਾਂ ਦੇ ਵੀ ਭੇਸ ਨਿਆਰੇ
ਤੁਰਦੇ ਕਈ ਤਰਾਂ ਦੀ ਤੋਰ।
ਜ਼ਬਰ-ਜਿਨਾਹ ਬੰਦ ਨਾ ਹੋਣੇ
ਹਾਕਮ ਦੇ ਨੇ ਹੱਥ ਕਮਜ਼ੋਰ।
ਵੋਟਰ ਅੰਨ੍ਹਾਂ ਹੋ ਜਾਂਦਾ ਹੈ
ਦਾਰੂ ਦਾ ਜਦ ਚਲਦਾ ਦੌਰ।
ਮਿਲਾਵਟ-ਖ਼ੋਰੀ ਵਧਦੀ ਜਾਏ
ਲੇਬਲ ਲਗੇ ਨਵੇਂ ਨਕੋਰ।
“ਸੁਹਲ”!ਸੱਪ ਨਿਉਲਾ ਲੜਦੈ
ਕਿਉਂਕਿ, ਸੱਪਣੀ ਹੈ ਕਮਜ਼ੋਰ।
ਨੁਸ਼ਹਿਰਾ ਬਹਾਦਰ,ਡਾ: ਤਿੱਬੜੀ
(ਗੁਰਦਾਸਪੁਰ) ਮੋਬਾ-98728-48610
24/08/2013
ਗ਼ਜ਼ਲ
ਕਦੇ ਮਾਣ ਨਾ ਕਰੀਏ ਖੁੰਢੇ ਹਥਿਆਰਾਂ ਤੇ
।
ਝੂੱਠੇ ਮੱਥੇ ਨਾ ਟੇਕੀਏ ਮੰਦਿਰਾਂ ਮਜ਼ਾਰਾਂ ਤੇ ।
ਬੜੇ ਕਤਲ ਹੁੰਦੇ ਨੇ ਜ਼ਬਰਾਂ - ਜਨਾਹਾਂ ਦੇ,
ਤਾਂ ਵੀ ਦੋਸ਼ ਮੜ੍ਹਦੇ ਹੋ ਚਲੀਆਂ ਤਲਵਾਰਾਂ ਤੇ।
ਜੋ ਵੀ ਮਾਣ ਕਰਦੇ ਨੇ ਸੁੰਦਰ ਜਵਾਨੀ ਦਾ,
ਛਡ ਕੇ ਘਰ ਆਪਣੇ ਨੂੰ ਅੱਖ ਰਖਣ ਹਜ਼ਾਰਾਂ ਤੇ।
ਡੁੱਬਕੇ ਮਰਦੇ ਵੀ ਨਹੀਂ ਜੋ ਬੇ-ਗੈਰਤ ਨੇ ਬੰਦੇ,
ਭਾਵੇਂ ਛਪਦੀ ਹੈ ਉਨ੍ਹਾਂ ਦੀ ਸੁਰਖ਼ੀ ਅਖਬਾਰਾਂ ਤੇ।
ਨਸ਼ੇ ਵਿਚ ਹੋ ਕੇ ਚੂਰ ਜੋ ਆਪਾ ਵੀ ਭੁੱਲੇ ਨੇ,
ਕਿਵੇਂ ਕਰੀਏ ਇਤਬਾਰ ਇਹੋ ਜਿਹੇ ਗ਼ਵਾਰਾਂ ਤੇ।
ਸੁਭ੍ਹਾ ਦਾ ਭੁੱਲਿਆ ਜੋ ਸ਼ਾਮੀਂ ਘਰ ਨਾ ਆਵੇ ,
ਗੁਮਸ਼ੁਦਾ ਦੇ ਇਸ਼ਤਿਹਾਰ ਲਾਈਏ ਦੀਵਾਰਾਂ ਤੇ।
"ਸੁਹਲ" ਫਿਰ ਨਹੀ ਮਿਲਣੀ ਇਹ ਜ਼ਿੰਦਗੀ ਤੈਨੂੰ,
ਆਉ ਸੱਬਰ ਕਰਨਾ ਸਿੱਖੀਏ ਪੱਤਝੜ ਬਹਾਰਾਂ ਤੇ।
ਮਲਕੀਅਤ "ਸੁਹਲ" 98728-48610
ਨਸ਼ਹਿਰਾ ਬਹਾਦਰ, ਡਾ: ਪੁਲ ਤਿੱਬੜੀ (ਗੁਰਦਾਸਪੁਰ)
24/08/2013
ਗਜ਼ਲ
ਮਲਕੀਅਤ "ਸੁਹਲ'
ਸੁਪਨਾ ਰਹਿ ਗਿਆ ਅੱਧੂਰਾ
ਇਕ ਤਸਵੀਰ ਵੇਖਣ ਦਾ।
ਜਿਉਂ ਚਿਤਰਕਾਰ ਨੂੰ ਬੁਰਸ਼
ਦੀ ਅਖ਼ੀਰ ਵੇਖਣ ਦਾ।
ਸੱਸੀ ਵਾਂਗਰਾਂ ਹੈ ਸਾਂਵਲੀ
ਜਿਹੀ ਉਸ ਦੀ ਨੁਹਾਰ,
ਖ਼ੁਆਬ ਹੋਇਆ ਨਾ ਪੂਰਾ
ਸੋਹਣੀ ਹੀਰ ਵੇਖਣ ਦਾ।
ਉਹ ਤਾਂ ਹੁਸੀਨ ਨਹੀਂ ਏਨੀ
ਪਰ ! ਉਹ ਰੱਬ ਦੀ ਮੂਰਤ,
ਕੀਤਾ ਨਿਸ਼ਚੈ ਬੜਾ ਯਾਰੋ
ਉੱਚੀ ਜ਼ਮੀਰ ਵੇਖਣ ਦਾ।
ਸੋਭਾ ਸਿੰਘ ਵੀ ਇਕ ਵਾਰੀ
ਜੇਕਰ ਝਾਤ ਪਾ ਜਾਂਦਾ,
ਤਾਂ ਮਜ਼ਾ ਬੜਾ ਹੀ ਆਉਂਦਾ
ਉਹਦੀ ਤਸਵੀਰ ਵੇਖਣ ਦਾ।
ਪਾਣੀ ਪੁਲਾਂ ਤੋਂ ਲੰਘਦੇ
ਕਈ ਵਾਰ ਨੇ ਤੱਕੇ,
ਸੁਪਨਾ ਆਇਆ ਨਾ ਕਦੇ
ਉਹਦੀ ਤਕਦੀਰ ਵੇਖਣ ਦਾ।
ਜੇ ਕਰਵਟ ਸਮੇ ਨੇ ਬਦਲੀ
ਮੈਂ ਅਪਣੇ ਆਪ ਬਦਲਾਂਗਾ,
ਤਾਂ ਵਕਤ ਕਦੇ ਨਾ ਆਵੇ
ਖ਼ੂਨੀ ਸਮਸ਼ੀਰ ਵੇਖਣ ਦਾ।
"ਸੁਹਲ" ਅਰਸ਼ ਤੇ ਚੜ੍ਹ ਕੇ
ਸਿਰ ਭਾਰ ਜੋ ਡਿਗਦੇ,
ਅਉਂਦਾ ਹੈ ਵਕਤ ਮਾੜਾ
ਪੈਰੀਂ ਜੰਜ਼ੀਰ ਵੇਖਣ ਦਾ।
ਮਲਕੀਅਤ "ਸੁਹਲ" 98728-48610
ਨਸ਼ਹਿਰਾ ਬਹਾਦਰ, ਡਾ: ਪੁਲ ਤਿੱਬੜੀ (ਗੁਰਦਾਸਪੁਰ)
24/08/2013
ਬਾਤ ਕੋਈ ਪਾ ਗਿਆ
ਮਲਕੀਅਤ "ਸੁਹਲ", ਗੁਰਦਾਸਪੁਰ
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ ।
ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।
ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਲ ਵਾਂਗ
ਸਾਨੂੰ ਵੀ ਤਪਾ ਗਿਆ।
ਰਾਤ ਸਾਰੀ ਅੱਖੀਆਂ ਚੋਂ
ਕਿਣ - ਮਿਣ ਸੀ ਹੋ ਰਹੀ,
ਪਰ ! ਉਹ ਤੂਫ਼ਾਨ ਬਣ
ਦਿਲ ਉਤੇ ਛਾ ਗਿਆ।
ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।
"ਸੁਹਲ" ਅੱਖਾਂ ਬੰਦ ਕਰ
ਜਦ ਵੀ ਮੈਂ ਝਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
ਮਲਕੀਅਤ "ਸੁਹਲ",
ਨਸ਼ਹਿਰਾ ਬਹਾਦਰ ਡਾ: ਤਿੱਬੜੀ (ਗੁਰਦਾਸਪੁਰ)
ਮੋਬਾ-98728-48610
23/07/2013
ਧੀਆਂ ਦੀ ਬਰਬਾਦੀ
ਮਲਕੀਅਤ ”ਸੁਹਲ”
ਇਨ੍ਹਾਂ ਡਾਲਰ ਪੌਂਡਾਂ
ਨੇ ,
ਕੀਤੀ ਧੀਆਂ ਦੀ ਬਰਬਾਦੀ ।
ਗ਼ੋਦੀ ਵਿਚ ਖਡਾਉਂਦੇ ਸੀ,
ਮਾਪੇ ਸੀਨੇ ਨਾਲ ਲਗਾ ਕੇ ।
ਮਾਂ ਤਾਂ ਸੁਪਨੇ ਲੈਂਦੀ ਸੀ ,
ਧੀ ਦੇ ਗਲ 'ਚ ਬਸਤਾ ਪਾ ਕੇ ।
ਪੜ੍ਹ ਲਿਖ ਕੇ ਧੀ ਰਾਣੀ
ਉਹ ਮਾਣੇ ਰੱਜ ਆਜ਼ਾਦੀ ;
ਇਨ੍ਹਾਂ ਡਾਲਰ ਪੌਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਅੱਜ ਪੁਤਾਂ ਨਾਲੋਂ ਵੀ ,
ਧੀਆਂ ਵੱਧ ਪੜ੍ਹਾਉਂਦੇ ਲੋਕੀਂ ।
ਹੁਣ ਧੀ ਦੀ ਲੋਹੜੀ ਨੂੰ ,
ਪੁਤਾਂ ਵਾਂਗ ਮਨਾਉਂਦੇ ਲੋਕੀਂ ।
ਮਾਪੇ ਸੋਚਾਂ ਵਿਚ ਡੁੱਬੇ
ਕਿਥੇ ਧੀ ਦੀ ਕਰੀਏ ਸ਼ਾਦੀ ;
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਸੁਪਨਾਂ ਲੈ ਵਿਦੇਸ਼ਾਂ ਦੇ ,
ਨਿੱਤ ਨਵੀਂ ਉਡਾਰੀ ਮਾਰਨ ।
ਮਾਪੇ ਜੂਆ ਲਾ ਬਹਿੰਦੇ ,
ਭਾਵੇਂ ਜਿੱਤ ਜਾਣ ਜਾਂ ਹਾਰਨ ।
ਧੀ ਵੀ ਅੜੀਅਲ ਹੋ ਜਾਂਦੀ ,
ਜਿਉਂ ਕਸਮ ਹੁੰਦੀ ਏ ਖਾਧੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
"ਸੁਹਲ" ਇਹੋ ਜਿਹੇ ਸੁਪਨੇ ,
ਹੁੰਦੇ ਕਿਸੇ ਕਿਸੇ ਦੇ ਪੂਰੇ ।
ਘਰ ਉਜੜ ਜਾਂਦੇ ਨੇ ,
ਫਿਰ ਕੋਈ ਇਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ ,
ਸੋਚਾਂ ਵਿਚ ਪਈ ਸ਼ਹਿਜ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।
ਮਲਕੀਅਤ "ਸੁਹਲ",
ਨਸ਼ਹਿਰਾ ਬਹਾਦਰ ਡਾ: ਤਿੱਬੜੀ (ਗੁਰਦਾਸਪੁਰ)
ਮੋਬਾ-98728-48610
23/07/2013
ਚੰਦੂਆ ਤੂੰ ਕੀ ਖ਼ਟਿਆ
ਮਲਕੀਅਤ ਸਿੰਘ "ਸੁਹਲ"
ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ?
ਚੁਗਲੀ ਤੂੰ ਜਦੋਂ ਸੀ ਲਗਾਈ।
ਪੈ ਗਈ ਹਰ-ਪਾਸੇ ਹਾਲ-ਦੁਹਾਈ।
ਲੋਕਾਂ ਨੇਂ ਸੀ ਲਾਅਨੱਤ ਪਾਈ ।
ਤੈਨੂੰ ਸ਼ਰਮ ਰਤਾ ਨਾ ਆਈ ।
ਤੂੰ, ਝੂਠਾ ਹੀ ਢੌਂਗ ਰਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?
ਸਾਰੇ ਮਚ ਗਈ ਹਾ-ਹਾ ਕਾਰ।
ਕੀਤੀ ਨਾ ਤੂੰ ਜ਼ਰਾ ਵੀ ਵੀਚਾਰ।
ਖ਼ਟੀ ਜੱਗ ਤੋਂ ਵੀ ਤੂੰ ਫਿਟਕਾਰ ।
ਚੰਦੂ ਬਣਿਆਂ ਬੜਾ ਹੁਸ਼ਿਆਰ ।
ਤੂੰ , ਤਾਂਢਵ ਨਾਚ - ਨੱਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?
ਮੀਆਂ ਮੀਰ ਨੇਂ ਅੱਰਜ ਗੁਜ਼ਾਰੀ ।
ਗੁਰੂ ਪੰਜਵਾਂ ਹੈ , ਪਰ-ਉਪਕਾਰੀ।
ਮੈਨੂੰ , ਮੌਕਾ ਦਿਉ ਇਕ ਵਾਰੀ।
ਮਿਟਾਵਾਂ, ਮੁਗਲਾਂ ਦੀ ਸਰਦਾਰੀ।
ਤੂੰ ! ਦੁਸ਼ਟਾਂ ਦਾ ਚਿੱਤ ਪ੍ਰਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ ?
ਤੇਰੀ ਨੂੰਹ ਸੁਣ ਕੇ ਸੀ ਆਈ ।
ਉਹ ਵੇਖ ਕੇ ਬੜੀ ਘਬਰਾਈ ।
ਤੈਨੂੰ , ਸ਼ਰਮ ਰਤਾ ਨਾ ਆਈ ।
ਕਿਹੜੀ ਕੀਤੀ ਤੂੰ ਨੇਕ ਕਮਾਈ ।
ਤੂੰ 'ਸੁਹਲ" ਤੋਂ , ਬਚ- ਬਚਾਕੇ ,
ਵੇ ਚੰਦੂਆ ! ਤੂੰ ਕੀ ਖ਼ੱਟਿਆ ?
ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ ,
ਚੰਦੂਆ ! ਤੂੰ ਕੀ ਖ਼ੱਟਿਆ ?
27/05/2013
ਨੁਸ਼ਹਿਰਾ ਬਹਾਦਰ, ਡਾ: ਤਿੱਬੜੀ
ਗੁਰਦਾਸਪੁਰ) ਮੋਬਾ-98728-48610
ਆਪਣੀ ਹੀ ਕੁੱਲੀ
ਮਲਕੀਅਤ "ਸੁਹਲ"
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਬੜਾ ਮਜ਼ਾ ਆਉਂਦਾ ਲੋਕੋ ਕਿਰਤ ਕਮਾਈ ਦਾ ।
ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ ।
ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ ਲੀਰ ਹੈ।
ਹੱਥ ਅੱਡ ਮੰਗਣੇਂ ਦੀ ਪੈਰਾਂ 'ਚ ਜੰਜੀਰ ਹੈ ।
ਖ਼ੂਨ ਸਾਡਾ ਪੀਤਾ ਤੁਸਾਂ ਰੰਗਲੇ ਚੁਬਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਵੇਖੋ! ਮੇਰਾ ਭੁੱਖਾ-ਭਾਣਾ ਸੁੱਤਾ ਪਰਵਾਰ ਹੈ ।
ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡਕਾਰ ਹੈ ।
ਕਢ੍ਹਿਉ ਨਾ ਗਾਲਾਂ ਮੈਨੂੰ ਝਿੜਕਾਂ ਨਾ ਮਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਬੰਗਲਾ ਬਣਾਇਆ ਅਸੀਂ ਵਢ੍ਹੇ ਸਰਦਾਰ ਦਾ ।
ਫਿਰ ਵੀ ਉਹ "ਸੁਹਲ" ਉਤੇ ਜ਼ੁਲਮ ਗੁਜ਼ਾਰਦਾ।
ਸੁਣ ਮੇਰੀ ਗੱਲ ਬੋਲੋ! ਚੰਨ ਤੇ ਸਿਤਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਕੀ ਆਖਾਂ ਲੋਕੋ ਆਈਆਂ ਗਈਆਂ ਸਰਕਾਰਾਂ ਨੂੰ।
ਹੱਕ ਸਾਡਾ ਖਾਧਾ ਪੁਛੋ! ਦੇਸ਼ ਦੇ ਗ਼ਦਾਰਾਂ ਨੂੰ ।
ਜੋਕਾਂ ਵਾਂਗ ਚੰਬੜੋ ਨਾ ਖ਼ੂਨੀ ਹਤਿਆਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
16/04/2013 |