ਬਾਪੂ ਦਾ ਫਿਕਰ
ਸਿੰਮੀਪ੍ਰੀਤ ਕੌਰ, ਜਲਾਲਾਬਾਦਬਾਪੂ ਦਾ ਚਿਹਰਾ
ਬੜਾ ਉਦਾਸ ਜੇਹਾ ਦੇਖ
ਮੈਂ ਮਾਂ ਕੋਲ ਜਾ ਕੇ ਪੁੱਛਿਆ
ਕਈ ਵਾਰ ਹੋਣੈ
ਮਾਂ ਵੀ ਅੱਖਾਂ ਝੁਕਾ
ਆਖ ਦਿੰਦੀ
“ਲੱਗਦੈ ਤੇਰੇ ਬਾਪੂ ‘ਤੇ
ਕੋਈ ਭਾਰ ਹੋਣੈ”
ਨਿੱਕੇ-ਨਿੱਕੇ ਕਦਮ
ਪੁੱਟਣੇ ਸੀ ਸ਼ੁਰੂ ਕੀਤੇ
ਚਾਈਂ-ਚਾਈਂ
ਬਾਪੂ ਦੀ ਗੋਦੀ ਜਾ ਬਹਿੰਦੀ
ਹੱਸਦਾ-ਹੱਸਦਾ ਬਾਪੂ
ਮੈਨੂੰ ਵੇਖ ਚੁੱਪ ਹੋ ਜਾਂਦਾ
ਮਾਂ ਆਖ ਦਿੰਦੀ
‘ਆਪਣੇ ਨਾਲ ਕਰਦਾ ਕੋਈ
ਸੋਚ-ਵਿਚਾਰ ਹੋਣੈ
ਲੱਗਦੈ ਤੇਰੇ ਬਾਪੂ ‘ਤੇ
ਕੋਈ ਭਾਰ ਹੋਣੈ’
ਬਾਪੂ ਦਾ ਬੁਝਿਆ-ਬੁਝਿਆ
ਚਿਹਰਾ ਹੌਲੇ-ਹੌਲੇ
ਕਦਮ ਧਰਦਾ
ਤੁਰਦਾ-ਫਿਰਦਾ ਵਿਹੜੇ ਵਿੱਚ
ਮੇਰੇ ਸਾਹਮਣੇ ਆ
ਨਜ਼ਰਾਂ ਝੁਕਾ ਲੈਂਦਾ
ਮਾਂ ਤੋਂ ਪੁੱਛਦੀ ਤਾਂ
ਆਖ ਦਿੰਦੀ
‘ਤੂੰ ਨਾ ਫਿਕਰ ਕਰ
ਤੂੰ ਤਾਂ ਇਕ ਦਿਨ
ਉਡਾਰ ਹੋਣੈ
ਲੱਗਦੈ ਤੇਰੇ ਬਾਪੂ ‘ਤੇ
ਕੋਈ ਭਾਰ ਹੋਣੈ’
ਕਈ ਵਾਰ ਵੇਖਿਆ
ਬਾਪੂ ਚੋਰੀ-ਚੋਰੀ
ਮੈਨੂੰ ਪੈਰਾਂ ਤੋਂ
ਸਿਰ ਤੀਕ ਮਾਪਦੈ
ਮਾਂ ਤੋਂ ਪੁੱਛਦੀ ਤਾਂ ਆਖਦੀ
‘ਕੀ ਵੇਖਣੈ ਚੰਦਰੀਏ
ਉਹ ਤਾਂ ਗਿਣਦੈ
ਤੇਰੇ ‘ਤੇ ਆਏ ਵਾਰ ਹੋਣੈ
ਲੱਗਦੈ ਤੇਰੇ ਬਾਪੂ ‘ਤੇ
ਕੋਈ ਭਾਰ ਹੋਣੈ’
ਹੀਆ ਕਰ ਮੈਂ
ਆਖਰ ਪੁੱਛ ਹੀ ਲਿਆ
‘ਬਾਪੂ ਕਿਉਂ ਤੂੰ ਐ
ਡਾਢਾ ਉਦਾਸ ?
ਕਾਹਦਾ ਫਿਕਰ
ਤੂੰ ਕਰਦੈ ?’
ਕੋਲ ਆ ਮਾਂ ਬੋਲੀ
‘ਤੈਨੂੰ ਕੀ ਦੱਸੇ ਦੁੱਖ
ਉਹ ਵੀ ਲਾਚਾਰ ਹੋਣੈ
ਲੱਗਦੈ ਤੇਰੇ ਬਾਪੂ ‘ਤੇ
ਕੋਈ ਭਾਰ ਹੋਣੈ’
ਆਖਿਆ ਮੈਂ
‘ਬਾਪੂ ਕਿਉਂ ਫ਼ਰਕ ਕਰਦੈਂ
ਧੀ-ਪੁੱਤ ਵਿਚਲਾ ?’
ਹੰਝੂਆਂ ਨਾਲ ਕੋਏ
ਭਰ ਆਏ ਬਾਪੂ ਦੇ
‘ਡਰਦਾ ਹਾਂ ਮੈਂ
ਤੇਰੇ ਕਰਮਾਂ ਤੋਂ
ਤੇਰੇ ਲੇਖਾਂ ਤੋਂ
ਕੇਹੀਆਂ ਟੇਡੀਆਂ-ਮੇਡੀਆਂ
‘ਲੀਕਾਂ ਖਿੱਚਣ ਵਾਲਾ
ਕਿਸ ਸੋਚ ਵਿੱਚ
ਬੈਠਾ ਉਦੋਂ ਕਰਤਾਰ ਹੋਣੈ
ਤਾਹੀਓਂ ਲੱਗਦੈ ਮੇਰੇ ‘ਤੇ
ਕੋਈ ਭਾਰ ਹੋਣੈ’
ਇਹ ਸੁਣ ਮੈਂ ਵੀ
ਸੋਚੀਂ ਪੈ ਗਈ
‘ਸੱਚੀਂ ਅਜੇ ਜੁਲ਼ਮ
ਮੁੱਕਿਆ ਨਹੀਂ
ਫਿਰ ਮੇਰਾ ਵੀ ਪਤਾ ਨਹੀਂ
ਕਿਹੋ ਜੇਹਾ ਘਰ-ਬਾਰ ਹੋਣੈ
ਫਿਰ ਮੈਨੂੰ ਲੱਗਿਆ
ਬਾਪੂ ‘ਤੇ ਸੱਚੀਂ
ਕੋਈ ਭਾਰ ਹੋਣੈ
ਬਾਪੂ ‘ਤੇ ਸੱਚੀਂ
ਕੋਈ ਭਾਰ ਹੋਣੈ’
04/02/15
ਕਵਿਤਾ
ਸਿੰਮੀਪ੍ਰੀਤ ਕੌਰ, ਜਲਾਲਾਬਾਦ
ਮੈਂ ਰੋਜ਼
ਹੀ ਕਤਲ ਹੁੰਦਾ ਹਾਂ
ਆਪਣੀ ਕਬਰ ਆਪ ਪੁੱਟਦਾ ਹਾਂ
ਪਰ ਮੈਂ ਕਬਰ ਵਿੱਚ
ਪੈਣ ਦੀ ਥਾਂ
ਮੁੜ ਵਾਪਸ ਪਰਤ ਆਉਂਦਾ ਹਾਂ
ਕਰਜ਼ਾ ਚੁੱਕ-ਚੁੱਕ ਪੜ੍ਹਾਇਆ ਪੁੱਤ
ਜਦ ਡਿਗਰੀਆਂ ਹੱਥ ‘ਚ ਫੜ੍ਹ
ਦਰ-ਦਰ ਤੇ ਮੱਥੇ ਟੇਕ ਆਉਂਦੈ
ਮੇਰੇ ਅੱਗੇ ਆ ਹਾੜੇ ਪਾਉਂਦੈ
‘ਬਾਪੂ ਹੁਣ ਤਾਂ ਕੋਈ
ਕਿੱਲਾ ਵੀ ਨੀਂ ਬਚਿਆ’
ਉਹਦੇ ਸੁਪਨਿਆਂ ਖਾਤਰ
ਮੈਂ ਆਪਣੀ ਮਾਂ ਨੂੰ ਵੇਚਿਆ
ਰਾਤ ਸੌਣ ਲਈ ਹੁੰਦੀ ਹੈ
ਤੇ ਮੈਂ
ਕਤਲ ਹੋਣ ਮਗਰੋਂ
ਕਬਰ ਵਿੱਚ ਜਾ ਲੇਟਦਾ ਹਾਂ
ਸਾਰੀ ਰਾਤ ਮੇਰੀ ਰੂਹ
ਤੜਪਦੀ ਰਹਿੰਦੀ ਹੈ
ਮੈਨੂੰ ਮੁਕਤੀ ਵੀ ਨੀਂ ਮਿਲਦੀ
ਸਵੇਰ ਹੁੰਦਿਆਂ ਮੈਂ
ਮੁੜ ਵਾਪਸ ਪਰਤ ਆਉਂਦਾ ਹਾਂ
ਮੇਰਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ
ਕਾਲੀਆਂ ਹਨੇਰੀਆਂ
ਨਜ਼ਰੀ ਪੈਂਦੀ ਹੈ
ਮੇਰੀ ਬੂਹੇ ਬੈਠੀ ਧੀ
ਕਰਜ਼ਾ ਚੁੱਕ ਵਿਆਹੀ ਨੂੰ ਹੁਣ
ਸੋਨੇ ਦੀ ਚਿੱੜੀ
ਕਿੰਝ ਬਣਾ ਦੇਵਾਂ
ਉਹਦੇ ਮਗਰ ਹੀ ਖੜ੍ਹੀ ਹੈ
ਇੱਕ ਹੋਰ ਕੋਠੇ ਜਿੱਡੀ
ਧੀ ਨੂੰ ਚਿੰਬੜੇ ਜਮਦੂਤ
ਰਾਤ ਪੈਣ ਤੇ
ਮੈਨੂੰ ਆ ਫੜ੍ਹਦੇ ਹਨ
ਧਰੀਕ ਲੈ ਜਾਂਦੇ ਕਬਰਾਂ ਤੀਕ
ਕਦੀ-ਕਦੀ ਮੇਰੀ ਹੱਥੀਂ ਪੁੱਟੀ ਕਬਰ ਵੀ
ਮੈਨੂੰ ਆਪਣੇ ਵਿੱਚ ਨੀਂ ਸਮਾਉਂਦੀ
ਤੰਗ ਹੋ ਜਾਂਦੀ ਹੈ
ਮੇਰੇ ਛੇ ਫੁੱਟੇ ਕੱਦ ਤੋਂ
ਚਾਰ ਰਹਿ ਗਏ ਲਈ ਵੀ
ਰੋਜ਼-ਰੋਜ਼ ਦੇ ਕਤਲ ਹੋਣ ਨਾਲੋਂ
ਜੀਅ ਕਰਦੈ
ਮੈਂ ਆਪ ਹੀ
ਆਪਣਾ ਗਲ਼ਾ ਦਬਾ ਲਵਾਂ
ਪਰ…
ਮੇਰੇ ਇੰਝ ਕਰਨ ਨਾਲ
ਮੇਰੀ ਥਾਂ
ਰੋਜ ਕਤਲ ਹੋਣਗੇ
ਮੇਰਾ ਪੁੱਤ
ਮੇਰੀਆਂ ਧੀਆਂ
ਮੇਰੀ ਪਤਨੀ
‘ਹਾਂ’ ਮੇਰੀ ਪਤਨੀ
ਜਿਹੜੀ ਮੇਰੇ ਉੱਤੇ ਮਾਣ ਕਰਦੀ ਹੈ
ਮੇਰੇ ਪੁੱਤ ਨੂੰ ਆਸ ਦਵਾਉਂਦੀ ਹੈ
ਧੀਆਂ ਨੂੰ ਹੌਂਸਲਾ ਦਿੰਦੀ ਹੈ
ਮੈਨੂੰ ਵੇਖ ਉਸਦੀਆਂ ਅੱਖਾਂ
ਛਲਕ ਆਉਂਦੀਆਂ ਹਨ
ਉਸਦੇ ਅੱਥਰੂ ਮੈਨੂੰ
ਜ਼ਹਿਰ ਬਣ ਚੜਦੇ ਹਨ
ਕਿਉਂ…ਮੈਂ ਰੋਜ਼ ਹੀ ਕਤਲ ਹੁੰਦਾ ਹਾਂ
ਕਿਉਂ…ਆਪਣੀ ਕਬਰ ਪੁੱਟਦਾ ਹਾਂ
ਕਿਸ ਆਸ ਨਾਲ
ਮੈਂ ਕਬਰ ਵਿੱਚ ਪੈਣ ਦੀ ਥਾਂ
ਮੁੜ ਵਾਪਸ ਪਰਤ ਆਉਂਦਾ ਹਾਂ…।
04/02/15
ਕਵਿਤਾ
ਸਿੰਮੀਪ੍ਰੀਤ ਕੌਰ, ਪੰਜਾਬ
ਹਨ੍ਹੇਰਿਆਂ ਦੀ ਹਿੱਕ ‘ਤੇ
ਪੋਲੇ-ਪੋਲੇ ਪੱਬ ਧਰਦੀ ਕੁੜੀਏ
ਅੱਖ ਬਚਾ ਕੇ ਕੋਠੇ ਚੜ੍ਹ
ਚੰਨ ਨੂੰ ਤੱਕਦੀ ਕੁੜੀਏ ।
ਨੀ ਤੂੰ ਵਾਰੇ-ਵਾਰੇ ਜਾਂਵਦੀ
ਤੱਕ-ਤੱਕ ਨਿਹਾਰਦੀ
ਪੋਹ ਮਹੀਨੇ ਨੰਗੇ ਪੈਰੀਂ
ਕਾਹਤੋਂ ਠਰਦੀ ਕੁੜੀਏ
ਉਹਲੇ ਕੋਨੇ ਵਿੱਚ ਬਹਿ ਕੇ
ਸੂਹੇ-ਸੂਹੇ ਰੇਸ਼ਮ ਲੈ ਕੇ
ਫੁਲਕਾਰੀ ‘ਤੇ ਕੀਹਦੇ ਨਾਂ ਦੇ
ਤੋਪੇ ਭਰਦੀ ਕੁੜੀਏ
ਬੁੱਲ੍ਹੀਂ ਕੋਈ ਨਾਂ ਬੋਲਦਾ
ਨੀਰ ਕਈ ਰਾਜ਼ ਖੋਲਦਾ
ਕੀਹਨੂੰ ਚੇਤੇ ਕਰ-ਕਰ
ਠੰਢੇ ਹਿਟਕੋਰੇ ਭਰਦੀ ਕੁੜੀਏ
ਨਾ ਬਖੇਰ ਮੁਹੱਬਤੀ ਰੰਗ
ਕੋਈ ਨੀਂ ਹੋਣਾ ਤੇਰੇ ਸੰਗ
ਬੁੱਤ ਨਾ ਕਦੀ ਪਿਘਲੇ
ਐਂਵੇ ਪੱਥਰਾਂ ‘ਤੇ ਵਰ੍ਹਦੀ ਕੁੜੀਏ
ਹੋ ਜਾਦੈਂ ਮੁਹੱਬਤ ਦਾ ਕਤਲ
ਨਫ਼ਰਤਾਂ ਦੀ ਹੈ ਦਲਦਲ
ਪਰਦੇ ‘ਚ ਰਹਿੰਦੀ
ਝੂਠੀ ਤਸੱਲੀ ‘ਚ ਪਲਦੀ ਕੁੜੀਏ
ਸਿੰਮੀਪ੍ਰੀਤ ਕੌਰ
11/07/2013
ਪਿਓ ਦੀ ਸਰਦਾਰੀ
ਸਿੰਮੀਪ੍ਰੀਤ ਕੌਰ, ਪੰਜਾਬ
ਬੜੀ ਛੋਟੀ ਜੇਹੀ
ਸਾਂ ਮੈਂ ਉਦੋਂ
ਤੇ ਮੇਰੀ ਦਾਦੀ
ਮੈਨੰ ਅਕਸਰ ਹੀ
ਕਹਿੰਦੀ
‘ਪਿਓ ਦੀ ਪੱਗ ਨੂੰ
ਦਾਗੀ ਨੀਂ ਕਰੀਦਾ’
ਪਰ ਮੈਨੂੰ ਕੁਝ ਸਮਝ
ਨਾ ਆਉਂਦੀ ਕਿ
ਕੀ ਆਖਦੀ ਏ ਦਾਦੀ?
ਇਕ ਦਿਨ ਦਾਦੀ
ਬਾਹਰੋਂ ਆਈ ਤੇ
ਮੈਨੂੰ ਦੱਸਣ ਲੱਗੀ
ਫਲਾਣਿਆਂ ਦੀ ਕੁੜੀ
ਘਰੋਂ ਭੱਜ ’ਗੀ
ਉਹਦੇ ਪਿਓ ਨੇ
ਫੜ ਕੇ ਟੁਕੜੇ ਟੁਕੜੇ
ਕਰ ਦਿੱਤੇ ਵੱਢ ਦਿੱਤੀ
ਪਿਓ ਦੀ ਪੱਗ ਨੂੰ ਦਾਗ਼ੀ
ਕਰ ’ਤਾ ਚੰਦਰੀ ਨੇ
ਮੈਂ ਸੋਚਿਆ ਜਦੋ
ਵੱਢਿਆ ਹੋਣੈ ਛਿੱਟੇ ਪੈ
ਗਏ ਹੋਣੇ ਆ ਪਿਓ ਦੀ
ਪੱਗ ‘ਤੇ
ਫਿਰ ਦਾਦੀ
ਮੈਨੂੰ ਸਮਝਾਉਂਦੀ
‘ਵੇਖੀਂ ਤੂੰ...’
ਫਿਰ ਮੇਰੇ
ਜਿਹ਼ਨ ‘ਚ ਗੱਲ ਬੈਠ ਗਈ
ਜੇ ਘਰੋਂ ਭੱਜੀਂ
ਤਾਂ ਮੈਂ ਵੱਢੀ ਜਾਵਾਂਗੀ
ਤੇ ਮੇਰੇ ਲਹੂ ਨਾਲ
ਪਿਓ ਦੀ...।
ਅੱਜ ਬੜਾ ਦੁੱਖ ਹੁੰਦਾ
ਆਸ-ਪਾਸ ਦੇਖ ਮਾਹੌਲ
ਦਾਦੀ ਤਾਂ ਸਮਝਾਉਂਦੀ ਹੋਵੇਗੀ ਜਰੂਰ
ਪਰ ਪੋਤੀਆਂ ਦਾਦੀ ਕੋਲ ਬਹਿ ਕੇ
ਨਹੀ ਸੁਣਦੀਆਂ
ਸਿੱਖਿਆ ਭਰੀਆਂ ਗੱਲਾਂ
ਫਾਲਤੂ ਲੱਗਦੀਆਂ ਨੇ
ਉਹਨਾਂ ਨੂੰ ਇਹ ਗੱਲਾਂ
ਬਹਿੰਦੀਆਂ ਨੇ ਹੁਣ
ਟੀ.ਵੀ ਮੂਹਰੇ
ਅਸ਼ਲੀਲਤਾ ਭਰੇ
ਦੇਖਦੀਆਂ ਨੇ ਪ੍ਰੋਗਰਾਮ
ਪਿਓ ਕਿਵੇਂ ਬਚਾਵੇ ਪੱਗ ?
ਤਾਹੀਂਓ ਅਣਜੰਮੀਆਂ
ਹੀ ਇਸੇ ਮਾਹੌਲ ਦੀ
ਭੇਂਟ ਚੜ੍ਹ ਜਾਵਣ
ਬਚਾ ਕੇ ਰੱਖਿਓ ਨੀਂ
ਪਿਓ ਦੀ ਪੱਗ...
ਪਿਓ ਦੀ ਸਰਦਾਰੀ....।
ਸਿੰਮੀਪ੍ਰੀਤ ਕੌਰ
ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ
ਜਲਾਲਾਬਾਦ-152024
11/07/2013 |