ਗ਼ਜ਼ਲ ਸਾਥੀ ਲੁਧਿਆਣਵੀ, ਲੰਡਨ
ਹਰ ਇਕ ਪਾਸੇ ਵਧਦੀ ਜਾਂਦੀ ਦਹਿਸ਼ਤ ਆਏ ਦਿਨ। ਬੰਦੇ ਦੇ ਵਿਚ ਵਧਦੀ
ਜਾਂਦੀ ਵਹਿਸ਼ਤ ਆਏ ਦਿਨ।
ਕੀ ਹੈ ਬੁਰਾ ਤੇ ਕੀ ਹੈ ਚੰਗਾ ਇਸ ਨੂੰ ਪਰਖਣ ਲਈ, ਮੁਨਕਰ ਹੁੰਦੀ
ਜਾਂਦੀ ਹਰ ਅਦਾਲਤ ਆਏ ਦਿਨ।
ਹੋਰ ਭਲਾ ਦੱਸ ਕਿਹੜੇ ਦਿਨ ਕਿਆਮਤ ਆਉਣੀ ਹੈ, ਕੁਝ ਲੋਕਾਂ ‘ਤੇ
ਢਹਿੰਦੀ ਪਈ ਕਿਆਮਤ ਆਏ ਦਿਨ।
ਦਰਦ ਬੇਗਾਨਾ ਆਪਣਾ ਦਰਦ ਹੀ ਹੋਇਆ ਕਰਦਾ ਸੀ, ਹਟਦੀ ਜਾਂਦੀ ਐਹੋ
ਜਿਹੀ ਰਵਾਇਤ ਆਏ ਦਿਨ।
ਅਜਕਲ ਕਿਸੇ ਬਾਗ਼ ਦੀ ਕਲੀ ਮਹਿਫੂਜ਼ ਨਹੀਂ ਹੈ ਯਾਰ, ਲੁੱਟੀ ਜਾਂਦੀ
ਕਿਸੇ ਨਾ ਕਿਸੇ ਦੀ ਅਜ਼ਮਤ ਆਏ ਦਿਨ।
ਇੰਟਰਨੈਟ ਦੇ ਯੁਗ ਵਿਚ ਮਨਫੀ ਹੋ ਗਏ ਕਲਮ ਦਵਾਤ, ਮੁੱਕਦੀ ਜਾਂਦੀ
ਤਾਂਹੀਓਂ ਖ਼ਤੋ ਖ਼ਤਾਬਤ ਆਏ ਦਿਨ।
ਉਹ ਕਹਿੰਦੇ ਨੇ ਏਧਰ ਤੱਕ ਕੇ ਹੋਰ ਕਿਤੇ ਨਾ ਦੇਖ, ਮਿਲਦੀ ਅਜਕਲ
ਸੱਜਣਾ ਵਲ੍ਹੋਂ ਹਿਦਾਇਤ ਆਏ ਦਿਨ।
ਮਹਿਰਮ ਤੋਂ ਨਹੀਂ “ਸਾਥੀ” ਅਜਕਲ ਵਕਫਾ ਰੱਖ ਹੁੰਦਾ, ਤੰਗ ਕਰਦੀ ਹੈ
ਉਨ੍ਹਾਂ ਦੀ ਬਹੁਤ ਮੁਹੱਬਤ ਆਏ ਦਿਨ।
05/12/2018 ਗ਼ਜ਼ਲ ਸਾਥੀ ਲੁਧਿਆਣਵੀ,
ਲੰਡਨ
ਕਿਸੇ ਖ਼ੂਬਸੂਰਤ ਕੁੜੀ ਦੀ ਸਿਫਤ-ਸਲਾਹ ਹੈ ਗ਼ਜ਼ਲ। ਉਸਦਾ ਰੁਤਬਾ
ਬੁਲੰਦ ਹੋ ਜਾਣ ਦੀ ਵਜਾਹ ਹੈ ਗ਼ਜ਼ਲ।
ਪਹਿਲੀ ਤੱਕਣੀ, ਪਹਿਲੀ ਮੁਸਕਾਨ,ਪਹਿਲੀ ਸੰਗ, ਪਹਿਲੀ ਨਜ਼ਰ ‘ਤੇ ਹੋ
ਜਾਣਾ ਆਸ਼ਨਾਅ ਹੈ ਗ਼ਜ਼ਲ।
ਫੁੱਲਾਂ ਦੀ ਮਹਿਕ, ਪੌਣਾਂ ਦੀ ਸਰਸਰਹਟ, ਵਹਿੰਦੀ ਨਦੀ, ਰੰਗਾਂ ਦਾ
ਸੰਗਮ ਅਤੇ ਕਲੀਆਂ ਦੀ ਅਦਾਅ ਹੈ ਗ਼ਜ਼ਲ।
ਝਾਂਜਰ ਦੀ ਖਨਕ, ਸਾਰੰਗੀ ਦੀ ਸੁਰ, ਬੰਸਰੀ ਦੀ ਹੂਕ, ਕਿਸੇ ਅਣਕਹੇ
ਦਰਦ ਦੀ ਇਕ ਸਦਾਅ ਹੈ ਗ਼ਜ਼ਲ।
ਇਸ਼ਕ ਵਿਚ ਕੱਚਿਆਂ ਪੱਕਿਆਂ ਨੂੰ ਪਰਖ਼ਦਾ ਹੈ ਕੌਣ, ਇਸ਼ਕ ‘ਚ ਡੁੱਬ
ਕੇ ਹੋ ਜਾਣਾ ਫਨਾਹ ਹੈ ਗ਼ਜ਼ਲ।
ਸਾਕੀ ਦੀ ਅੱਖ, ਰਿੰਦਾਂ ਦੀ ਤਿਸ਼ਨਗੀ, ਮਹਿਫਲ ਦੀ ਸਿਖ਼ਰ, ਰਿੰਦਾਂ
ਦਾ ਹੋਰ ਜਾਮ ਮੰਗ ਲੈਣ ਦੀ ਖ਼ਤਾਅ ਹੈ ਗ਼ਜ਼ਲ।
ਗ਼ਜ਼ਲ ਸਿਰਫ ਕਰਦੀ ਨਹੀਂ ਹੁਸਨੋ-ਇਸ਼ਕ ਦੀ ਬਾਤ, ਦੁਨੀਆਂ ਨੂੰ
ਖ੍ਹੂਬਸੂਰਤ ਦੇਖਣ ਦੀ ਇਲਤਜਾ ਹੈ ਗ਼ਜ਼ਲ।
ਮੀਰ, ਗਾਲਿਬ, ਦਾਗ,ਫੈਜ਼, ਅਹਿਮਦ ਫਰਾਜ਼, ਉਨ੍ਹਾਂ ਦੇ ਨਾਮ ਤੋਂ
ਹੁੰਦੀ ਨਹੀਂ ਅਲਿਹਦਾ ਹੈ ਗ਼ਜ਼ਲ।
ਮਨ ਦੇ ਸਮੁੰਦਰਾਂ ‘ਚ ਲਹਿ ਜਾਣ ਦਾ ਨਾਮ ਹੈ ਗ਼ਜ਼ਲ, ਮਨ ਦੀ
“ਸਾਥੀ” ਇਬਾਰਤ ਦਾ ਇਕ ਸਫਾ ਹੈ ਗ਼ਜ਼ਲ। 23/06/2018
ਕਵਿਤਾ ਸਾਥੀ
ਲੁਧਿਆਣਵੀ, ਲੰਡਨ
ਕਵਿਤਾ ਹੈ ਇਕ ਨੇਹਮਤ, ਕਵਿਤਾ ਕਵੀਆਂ ਨੂੰ ਵਰਦਾਨ। ਕਵਿਤਾ ਕਵੀ ਦੇ
ਮਨ ਦੀ ਹੁੰਦੀ ਅੰਬਰਾਂ ਤੀਕ ਉਡਾਨ।
ਕਵਿਤਾ ਮਨ ਦੇ ਸਾਗਰ ਵਿਚੋਂ ਕੱਢਿਆ ਹੀਰਾ ਮੋਤੀ, ਕਵਿਤਾ ਦੁਰਲੱਭ
ਵਸਤਾਂ ਨਾਲੋਂ ਬਹੁਤ ਕਿਤੇ ਧੰਨਵਾਨ।
ਕਵਿਤਾ ਰੱਬ ਦੀ ਬੰਦਗ਼ੀ ਵਿਚ ਹੈ, ਕਵਿਤਾ ਬਾਂਦੀ ਰੱਬ ਦੀ, ਕਵਿਤਾ
ਵਿਚ ਹੀ ਲਿੱਖੇ ਗਏ ਨੇ ਵੇਦ, ਗਰੰਥ, ਕੁਰਾਨ।
ਕੁੱਲ-ਸ੍ਰਿਸ਼ਟੀ ਵਿਚ ਕਵਿਤਾ ਵਸਦੀ, ਕਵਿਤਾ ਰੁਣ ਝੁਣ ਲਾਵੇ,
ਕਵਿਤਾ ਵਸਦੀ ਜੰਗਲ਼, ਬੇਲੇ, ਪਰਬਤ, ਬੀਆਬਾਨ।
ਰੱਬ ਨੇ ਕਵਿਤਾ ਨਾਲ ਸਿਰਜਿਆ ਬ੍ਰਹਿਮੰਡ ਤਾਰਾ ਮੰਡਲ, ਨਦੀਆਂ,
ਨਾਲ਼ੇ, ਧਰਤੀ, ਸੂਰਜ, ਸਾਗਰ ਤੇ ਅਸਮਾਨ।
ਕਵਿਤਾ ਫੁੱਲ ਪੱਤੀਆਂ ਵਿਚ ਵਸਦੀ ਤੇ ਪੌਣਾਂ ਵਿਚ ਮਹਿਕੇ, ਕਵਿਤਾ
ਸੂਖ਼ਮ, ਕਵਿਤਾ ਅਨੂਪਮ, ਕਵਿਤਾ ਹੈ ਗੁਣਵਾਨ।
ਕਵਿਤਾ ਕਣੀਆਂ ਦੀ ਹੈ ਕਿਣ ਮਿਣ, ਚਸ਼ਮੇ ਦੀ ਹੈ ਕਲ੍ਹ ਕਲ੍ਹ,
ਕਵਿਤਾ ਕੰਜ ਕੁਆਰੀ ਦਾ ਹੈ ਅਣਛੋਹਿਆ ਅਰਮਾਨ।
ਕਵਿਤਾ ਸ਼ਾਮ ਦੀ ਮੁਰਲੀ ਵਿਚ ਹੈ, ਮੀਰਾ ਦੀ ਕਰੁਣਾ ਵਿਚ, ਕਵਿਤਾ
ਸੁੰਦਰਮ, ਸੱਤਿਅਮ, ਸਿ਼ਵਮ, ਕਵਿਤਾ ਬ੍ਰਹਮ ਗਿਆਨ।
ਕਵਿਤਾ ਨਾਨਕ ਦੇ ਸ਼ਬਦਾਂ ਵਿਚ, ਵਾਰਿਸ ਦੇ ਬੋਲਾਂ ਵਿਚ, ਕਵਿਤਾ
ਸਿ਼ਵ ਦਾ ਦਰਦ ਤੇ ਕਵਿਤਾ ਗ਼ਾਲਿਬ ਦਾ ਦੀਵਾਨ।
ਕਵਿਤਾ ਇਕ ਬੱਚੇ ਦਾ ਹਾਸਾ, ਉਸ ਦੀ ਇਕ ਕਿੱਲਕਾਰੀ, ਕਵਿਤਾ ਉਸ ਦੇ
ਬੁੱਲ੍ਹੀਂ ਆਈ ਨਿਰਛੱਲ ਜਿਹੀ ਮੁਸਕਾਨ।
ਇਸ਼ਕ ‘ਚ ਭਿੱਜਿਆਂ ਦੀ ਹੁੰਦੀ ਹੈ ਕਵਿਤਾ ਇਕ ਸ਼ਨਾਖ਼ਤ, ਕਵਿਤਾ
ਹੁੰਦੀ ਯਾਰ ਦੇ ਦਿਲ ਦੀ ਪਾਕੀਜ਼ਾ ਪਹਿਚਾਣ।
ਕਵਿਤਾ ਯਾਰ ਦਾ ਪਹਿਲਾ ਚੁੰਮਣ, ਪਹਿਲਾ ਉਸ ਦਾ ਸੰਗਣਾਂ, ਸੱਜਰੇ
ਇਸ਼ਕ ਦੀ ਕਵਿਤਾ ਹੁੰਦੀ, ਮਹਿਕਾਂ ਭਰੀ ਜੁ਼ਬਾਨ।
ਕਵਿਤਾ ਤੋਂ ਵੱਧ ਕੋਈ ਨਾ ਹੁੰਦਾ ਦਰਦ ਬਿਆਨਣ ਵਾਲਾ, ਮਨ ਦੀ ਪੀੜ
ਨੂੰ ਕਵਿਤਾ ਤੋਂ ਵੱਧ ਕੋਈ ਨਾ ਕਰੇ ਬਿਆਨ।
ਕਵਿਤਾ ਤੋਂ ਵੱਧ ਕਿਸੇ ਨਾ ਕਰਨਾ ਖ਼ੁਸ਼ੀਆਂ ਦਾ ਇਜ਼ਹਾਰ, ਕਵਿਤਾ
ਰੋਂਦੇ ਨੈਣਾਂ ਦੇ ਵਿਚ ਲੈ ਆਉਂਦੀ ਮੁਸਕਾਨ।
ਕਵਿਤਾ ਹੈ ਇਕ ਕਰਮ ਮੁਸੱਲਸਲ, ਕਵਿਤਾ ਮੁਕਤ ਸਮੇਂ ਤੋਂ, ਕਵਿਤਾ
ਵੇਲੇ ਸ਼ਾਇਰ ਹੁੰਦਾ ਪੂਰਾ ਅੰਤਰ-ਧਿਆਨ।
ਕਵਿਤਾ ਹੈ “ਸਾਥੀ” ਦੀ ਮਹਿਰਮ, ਉਸ ਦੇ ਮਨ ਦੀ ਮਲਿਕਾ ਕਵਿਤਾ ਉਸਦੇ
ਸਾਹੀਂ ਵਸਦੀ, ਕਵਿਤਾ ਯਾਰ ਸਮਾਨ। 23/06/2018
ਰੇਖਾ ਚਿੱਤਰ ਗਿਆਨੀ ਦਰਸ਼ਨ ਸਿੰਘ
ਸਾਥੀ ਲੁਧਿਆਣਵੀ, ਲੰਡਨ (ਨੋਟ: ਗਿਆਨੀ
ਦਰਸ਼ਨ ਸਿੰਘ ਏਸ ਹਫਤੇ ਸਾਡੇ ਕੋਲੋਂ ਵਿਛੜ ਗਏ ਹਨ। ਆਪ ਚੁਰੰਨਵੇਂ ਵਰ੍ਹਿਆਂ
ਦੇ ਸਨ ਤੇ ਕੁਝ ਸਾਲਾਂ ਤੋਂ ਡਮੈਨਸ਼ੀਆ ਨਾਲ ਪੀੜਤ ਸਨ। ਆਪ ਜੀ ਨਾਲ ਮੇਰੀਆਂ
ਬਹੁਤ ਯਾਦਾਂ ਬੱਝੀਆਂ ਹੋਈਆਂ ਸਨ। ਆਪ ਮੇਰੇ ਵਾਂਗ ਪਹਿਲੇ ਪੂਰ ਦੇ ਪਰਵਾਸੀ
ਸਨ। ਆਪ ਜੀ ਕੁਝ ਵਰ੍ਹੇ ਸਾਊਥਾਲ ਦੀ 'ਇੰਡੀਅਨ ਵਰਕਰਜ਼ ਐਸੋਸੀਏਸ਼ਨ' ਦੇ
ਪਰਧਾਨ ਰਹੇ ਸਨ। ਗਿਆਨੀ ਜੀ ਮਹਿਫਲਾਂ ਦੀ ਜਿੰਦ ਜਾਨ ਹੋਇਆ ਕਰਦੇ ਸਨ ਤੇ
ਵਧੀਆ ਕਵੀ ਸਨ। ਇਸ ਕਰਕੇ ਅਸੀਂ ਕਈ ਵੇਰ ਉਨ੍ਹਾਂ ਨੂੰ 'ਲਾਈਫ ਪਰਧਾਨ' ਵੀ
ਕਹਿ ਦਿੰਦੇ ਸਾਂ। ਇਹ ਨਜ਼ਮ ਮੈਂ 10 ਮਈ 1997 ਵਾਲੇ ਦਿਨ ਉਨ੍ਹਾਂ ਦੇ
ਸੱਤਰਵੇਂ ਜਨਮ ਦਿਨ ਦੇ ਜਸ਼ਨ ਵੇਲੇ ਕਹੀ ਸੀ।)
ਸਭਾ
ਦਾ ਹੈ ਪ੍ਰਧਾਨ ਗਿਆਨੀ ਦਰਸ਼ਨ ਸਿੰਘ। ਮਹਿਫਲ ਦੀ ਜਿੰਦਜਾਨ ਗਿਆਨੀ ਦਰਸ਼ਨ
ਸਿੰਘ। ਉਂਝ ਤਾਂ ਉਸਦੀ ਦਿੱਖ ਬਜ਼ੁਰਗਾਂ ਵਾਲੀ ਹੈ, ਦਿਲ ਦਾ
ਬੜਾ ਜਵਾਨ ਗਿਆਨੀ ਦਰਸ਼ਨ ਸਿੰਘ। ਹਾਸੇ ਠੱਠੇ ਕਰਦਾ ਵਾਂਗ ਜਵਾਨਾਂ
ਦੇ, ਹਾਸਿਆਂ ਦੀ ਹੈ ਖਾਨ ਗਿਆਨੀ ਦਰਸ਼ਨ ਸਿੰਘ। ਕਹਿੰਦਾ ਹੈ
ਉਹ ਸ਼ੇਅਰ ਪਿਆਰ ਮੁਹੱਬਤ ਦੇ, ਇਸ਼ਕ ਨੂੰ ਕਰੇ ਬਿਆਨ ਗਿਆਨੀ ਦਰਸ਼ਨ ਸਿੰਘ।
ਨਾਟਕ ਕਰਦਾ ਤੇ ਕਵਿਤਾਵਾਂ ਲਿਖਦਾ ਹੈ, ਸਾਹਿਤਕਾਰ, ਗੁਣਵਾਨ
ਗਿਆਨੀ ਦਰਸ਼ਨ ਸਿੰਘ। ਇਕ ਵਰ੍ਹੇ ਵਿਚ ਇਕ ਸਮਾਗਮ ਕਰਦਾ ਹੈ,
ਆਖੇ 'ਸ਼ਿਵ ਦੀ ਸ਼ਾਮ' ਗਿਆਨੀ ਦਰਸ਼ਨ ਸਿੰਘ। ਪਿੰਡ ਵਿਚ ਲੰਬੜਦਾਰ
ਕਹਾਉਂਦਾ ਹੂੰਦਾ ਸੀ, ਇਥੇ ਹੈ ਪਰਧਾਨ ਗਿਆਨੀ ਦਰਸ਼ਨ ਸਿੰਘ।
ਗੁ੍ਰਰੂਦੁਆਰਿਆਂ ਵਿਚ ਗਿਆਨੀ ਬੇਸ਼ੁਮਾਰ, ਇਥੇ ਇੱਕੋ ਨਾਮ ਗਿਆਨੀ ਦਰਸ਼ਨ
ਸਿੰਘ। ਗੱਲਾਂ ਦੀ ਉਹ ਪੰਡ ਖੋਲ੍ਹ ਕੇ ਬਹਿ ਜਾਂਦੈ, ਇਕ ਦੋ
ਪੀਕੇ ਜਾਮ ਗਿਆਨੀ ਦਰਸ਼ਨ ਸਿੰਘ। ਹੱਸਕੇ ਜਦ ਉਹ ਕਹਿੰਦਾ "ਸਾਥੀ"
ਕਿੱਦਾਂ ਬਈ, ਰੰਗਲੀ ਕਰ ਦਏ ਸ਼ਾਮ ਗਿਆਨੀ ਦਰਸ਼ਨ ਸਿੰਘ।
30/05/2018
ਗ਼ਜ਼ਲ ਡਾ.ਸਾਥੀ
ਲੁਧਿਆਣਵੀ-ਲੰਡਨ
ਜਦੋਂ ਤੋਂ ਕੁਝ ਲੋਕ ਵਤਨ ਤੋਂ ਲਾ ਕੇ ਪਰ ਗਏ। ਸਭ ਕੁਝ ਛੱਡ ਛੁਡਾ
ਕੇ ਉਹ ਲੰਮੇ ਸਫਰ ਗਏ।
ਪਿੰਡ ਦਿਆਂ ਖੇਤਾਂ ਦਾ ਅੰਨ ਕਾਫੀ ਨਾ ਸੀ ਜਦੋਂ, ਅੰਨ ਦੀ ਤਲਾਸ਼
‘ਚ ਭਟਕਦੇ ਉਹ ਨਗਰ ਨਗਰ ਗਏ।
ਓਪਰੇ ਦੇਸਾਂ ‘ਚ ਸਨ ਦੁਸ਼ਵਾਰੀਆਂ ਬਹੁਤ, ਆਪਣੇ ਵਤਨ ਚੋਂ ਗਏ ਤਾਂ
ਉਹ ਦਰ-ਬਦਰ ਗਏ।
ਆਪਣਾ ਘਰ ਪਰਦੇਸ ਵਿਚ ਹੋਣਾ ਸੀ ਲਾਜ਼ਮੀ, ਘਰੋਂ ਮੁਸ਼ੱਕਤ ਕਰਨ ਲਈ
ਉਹ ਸ਼ਾਮੋ-ਸਹਰ ਗਏ।
ਪਿੰਡ ਦੇ ਘਰ ਨੂੰ ਜਦ ਮੁੜੇ, ਕੰਧਾਂ ਨੇ ਆਖਿਆ, ਤੇਰੇ ਜਾਏ ਤਾਂ
ਕਦੋਂ ਤੋਂ ਇਸ ਜੱਗ ਤੋਂ ਗ਼ੁਜ਼ਰ ਗਏ।
ਮਾਂ ਦੇ ਸਿਵੇ ਦੀ ਖ਼ਾਕ ਸੀ ਮੁੱਦਤ ਤੋਂ ਉੱਡ ਗਈ, ਘਰ ਵਿਚ ਬਚੇ
ਨਿਸ਼ਾਨ ਅੱਖੀਆਂ ਨਮ ਕਰ ਗਏ।
ਆਪਣਿਆਂ ਬਿਨ ਆਪਣੇ ਘਰ ਖ਼ਾਲੀ ਮਕਾਨ ਸਨ, ਬੇਆਬਾਦ ਘਰ ਉੱਜੜ ਗਏ ਤੇ
ਉੱਜੜ ਸ਼ੱਜਰ ਗਏ।
ਵਤਨੋਂ ਪਰਤਣ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਇਹ ਕਿਹਾ, ਵਤਨ ਇੰਝ ਗਏ
ਜਿਵੇਂ ਬੇਗਾਨੇ ਘਰ ਗਏ।
ਪੱਛਮ ‘ਚ ਸੁਹਣੇ ਘਰ, ਕਾਰਾਂ, ਰੇਸ਼ਮ ਦੇ ਬਿਸਤਰੇ, ਮਗਰ “ਸਾਥੀ”
ਉਹ ਸੁਹਾਨੇ ਪਲ ਕਿਧਰ ਗਏ। 20/04/2018
ਗ਼ਜ਼ਲ ਡਾ.ਸਾਥੀ
ਲੁਧਿਆਣਵੀ-ਲੰਡਨ
ਜਦੋਂ
ਤੋਂ ਕੁਝ ਲੋਕ ਵਤਨ ਤੋਂ ਲਾ ਕੇ ਪਰ ਗਏ। ਸਭ ਕੁਝ ਛੱਡ ਛੁਡਾ ਕੇ ਉਹ
ਲੰਮੇ ਸਫਰ ਗਏ।
ਪਿੰਡ ਦਿਆਂ ਖੇਤਾਂ ਦਾ ਅੰਨ ਕਾਫੀ ਨਾ ਸੀ ਜਦੋਂ, ਅੰਨ ਦੀ ਤਲਾਸ਼
‘ਚ ਭਟਕਦੇ ਉਹ ਨਗਰ ਨਗਰ ਗਏ।
ਓਪਰੇ ਦੇਸਾਂ ‘ਚ ਸਨ ਦੁਸ਼ਵਾਰੀਆਂ ਬਹੁਤ, ਆਪਣੇ ਵਤਨ ਚੋਂ ਗਏ ਤਾਂ
ਉਹ ਦਰ-ਬਦਰ ਗਏ।
ਆਪਣਾ ਘਰ ਬਣਾਉਣ ਦਾ ਸੀ ਦਿਲ ‘ਚ ਇਕ ਲਖ਼ਸ਼, ਮਿੱਲ੍ਹਾਂ ‘ਚ
ਮੁੜ੍ਹਕਾ ਡੋਲ੍ਹਣ ਲਈ ਉਹ ਸ਼ਾਮੋ ਸਹਰ ਗਏ।
ਮੁੱਦਤ ਪਿੱਛੋਂ ਵਤਨ ਮੁੜੇ ਤਾਂ ਕੰਧਾਂ ਨੇ ਆਖਿਆ, ਤੇਰੇ ਜਾਏ ਤਾਂ
ਕਦੋਂ ਦੇ ਇਸ ਜੱਗ ਤੋਂ ਗ਼ੁਜ਼ਰ ਗਏ।
ਮਾਂ ਦੇ ਸਿਵੇ ਦੀ ਖ਼ਾਕ ਸੀ ਮੁੱਦਤ ਤੋਂ ਉੱਡ ਗਈ, ਬੇਬਸੀ ‘ਚ
ਪਰਦੇਸੀਆਂ ਦੇ ਅੱਥਰ ਉਤਰ ਗਏ।
ਆਪਣਿਆਂ ਬਿਨ ਆਪਣੇ ਘਰ ਖ਼ਾਲੀ ਮਕਾਨ ਸਨ, ਬੇਆਬਾਦ ਘਰ ਉੱਜੜ ਗਏ ਤੇ
ਉੱਜੜ ਸ਼ੱਜਰ ਗਏ।
ਵਤਨੋਂ ਪਰਤਣ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਇਹ ਕਿਹਾ, ਵਤਨ ਇੰਝ ਗਏ
ਜਿਵੇਂ ਬੇਗਾਨੇ ਘਰ ਗਏ।
ਪੱਛਮ ‘ਚ ਸੁਹਣੇ ਘਰ, ਕਾਰਾਂ, ਰੇਸ਼ਮ ਦੇ ਬਿਸਤਰੇ, ਮਗਰ “ਸਾਥੀ”
ਪਿਆਰ ਦੇ ਉਹ ਪਲ ਕਿਧਰ ਗਏ। 17/03/2018
ਪੀਰ ਫਕੀਰ ਤੇ ਮੁਰਸ਼ਦ ਗੁਰੁ ਨਾਨਕ ਦੇਵ ਜੀ
ਡਾ. ਸਾਥੀ ਲੁਧਿਆਣਵੀ, ਲੰਡਨ
ਨਾਨਕ
ਦੇ ਸ਼ਬਦਾਂ 'ਤੇ ਅਮਲ ਹੈ ਕਰਨਾ ਪੈਣਾ।
ਇੰਝ ਜੀਵਨ ਵਿਚ ਰੰਗਾਂ ਨੂੰ ਹੈ ਭਰਨਾ ਪੈਣਾ।
ਜੇ ਨਾਨਕ ਦੀਆਂ ਅੱਖਾਂ ਦੇ ਵਿਚ ਸੁਹਣਾ ਲੱਗਣਾ,
ਜਿਸਮ ਨਾਲ ਫਿਰ ਮਨ ਨੂੰ ਸੁੰਦਰ ਕਰਨਾ ਪੈਣਾ।
ਜੇ ਮੁਰਸ਼ਦ ਨੂੰ ਮਿਲਣਾ ਸਾਡੀ ਸੋਚ ਦਾ ਬਿੰਦੂ,
ਤਦ ਤਾਂ ਸਾਨੂੰ ਸ਼ਹੁ ਦਰਿਆਈਂ ਤਰਨਾ ਪੈਣਾ।
ਕਿਹਾ ਸੀ ਉਸਨੇ ਲੋਕਾਂ 'ਤੇ ਜਿੰਦ ਕਰੋ ਨਿਛਾਵਰ,
ਲੋਕਾਂ ਖ਼ਾਤਰ ਲੋੜ ਪਵੇ ਤਾਂ ਮਰਨਾ ਪੈਣਾ।
ਰਾਜੇ ਸ਼ੀਂਹ ਮੁਕੱਦਮ ਕੁੱਤੇ ਕਿਹਾ ਸੀ ਉਸ ਨੇ,
ਲੋੜ ਪਵੇ ਤਾਂ ਰਣਭੂਮੀ ਵਿਚ ਲੜਨਾ ਪੈਣਾ।
ਜ਼ੁਲਮ ਸਿੱਤਮ ਨੂੰ ਸਹਿਣਾ ਆਦਮੀਅਤ ਨਹੀਂ ਹੈ,
ਜ਼ੁਲਮ ਸਿੱਤਮ ਦੇ ਅੱਗੇ ਸਾਨੂੰ ਖ਼ੜ੍ਹਨਾ ਪੈਣਾ।
ਚੋਰੀ ਅਤੇ ਚਕਾਰੀ ਸੂਅਰ ਤੇ ਗਾਇ ਬਰਾਬਰ,
ਮੰਦੇ ਕੰਮਾਂ ਕੋਲੋਂ ਹਰ ਦਮ ਡਰਨਾ ਪੈਣਾ।
ਜੇ ਲੋਕਾਂ ਦਾ ਦਰਦ ਤੁਸਾਂ ਨੇ ਵੰਡਣਾ ਹੀ ਹੈ,
ਬਾਬੇ ਵਾਂਗਰ ਘਰ ਤੋਂ ਬਾਹਰ ਨਿਕਲਨਾ ਪੈਣਾ।
ਕਣ ਕਣ ਦੇ ਵਿਚ ਇਕ ਉੰਕਾਰ ਦਾ ਵਾਸਾ ਜੇਕਰ,
ਹਰ ਬੰਦੇ ਚੋਂ ਰੱਬ ਦਾ ਦਰਸ਼ਨ ਕਰਨਾ ਪੈਣਾ।
ਦਿਨ ਤੇ ਰਾਤ ਇਬਾਦਤ ਕਰਨ ਦਾ ਫਾਇਦਾ ਤਦ ਹੈ,
ਗੁਰ ਦੀ ਸ਼ਿਖ਼ਸ਼ਾ ਦੇ ਵਿਚ ਸਾਨੂੰ ਢਲਨਾ ਪੈਣਾ।
ਸ਼ਾਹਾਂ ਦਾ ਸ਼ਾਹ ਪੀਰ ਫ਼ਕੀਰ ਤੇ ਮੁਰਸ਼ਦ ਨਾਨਕ,
ਉਸ ਦੇ ਚਰਨੀਂ ਪੱਤੀਆਂ ਵਾਂਗ ਬਿਖ਼ਰਨਾ ਪੈਣਾ।
ਜੇ ਬਾਣੀ ਦਾ ਆਦਰ ਕਰਦਾ ਹੈਂ ਤਾਂ "ਸਾਥੀ",
ਤੈਨੂੰ ਆਪਣਾ ਰੰਗ ਤੇ ਢੰਗ ਬਦਲਨਾ ਪੈਣਾ।
04/11/17
ਮਹਾਂ ਨਗਰ ਦੇ ਕੁਝ ਲੋਕ
ਡਾ. ਸਾਥੀ ਲੁਧਿਆਣਵੀ, ਲੰਡਨ
ਕਿੱਥੇ
ਗਏ ਕੁਝ ਲੋਕੀਂ ਮਹਾਂਨਗ਼ਰ ਦੇ।
ਝੁਲਸੇ ਬੂਹੇ ਬਾਰੀਆਂ ਹਰ ਇਕ ਘਰ ਦੇ।
ਨਫ਼ਰਤ ਦੀ ਅਗਨੀ ਵਿਚ ਸੜੇ ਸ਼ਗੂਫ਼ੇ,
ਪਿੰਡੇ ਲਾਸਾਂ ਪਈਆਂ ਲਗ਼ਰ ਲਗ਼ਰ ਦੇ।
ਗ਼ਮਲੇ ਦੇ ਫੁੱਲ ਹੋਏ ਨਿੰਮੋਝੂਣੇ,
ਟੁੱਟਾ ਚੂੜਾ ਪਿਆ ਹੈ ਲਾਗੇ ਦਰ ਦੇ।
ਪੱਗਾਂ ਲੱਥੀਆਂ, ਸੂਹੇ ਸਾਲੂ ਪਾਟੇ,
ਭੈਣ ਨੇ ਦੇਖ਼ੇ ਬਾਬਲ ਵੀਰੇ ਮਰਦੇ।
ਏਨੇ ਕਹਿਰ 'ਚ ਕੋਈ ਨਾ ਢੁਕਿਆ ਨੇੜੇ,
ਅੰਦਰੀਂ ਵੜ ਗਏ ਸਭ ਹਮਸਾਏ ਡਰਦੇ।
ਉਹ ਅੰਮੜੀ ਤਾਂ ਹੋ ਗਈ ਜੋਤ ਵਿਹੂਣੀ,
ਜਿਸ ਨੇ ਅੱਖ਼ ਦੇ ਤਾਰੇ ਵੇਖ਼ੇ ਮਰਦੇ।
ਜਿਸ ਪੁਸਤਕ ਨੇ ਵੰਡੀ ਅੰਮ੍ਰਿਤ-ਬਾਣੀ,
ਉਸ ਪੁਸਤਕ ਨੂੰ ਸੁੱਟਿਆ ਵਿਚ ਜ਼ਹਿਰ ਦੇ।
ਜਿਸ ਚੌਰਸਤੇ ਵਿਚ ਸਨ ਸੀਸ ਕਟਾਏ,
ਉਸੇ ਚੌਰਸਤੇ ਗੁਰ ਦੇ ਸਿੰਘ ਹਨ ਸੜਦੇ।
ਹਾਕਮ ਦੀ ਸ਼ਹਿ ਉੱਤੇ ਬਿਫ਼ਰੀ ਫ਼ਿਰਦੇ,
ਡਰਦੇ ਜੋ ਕੱਲ ਚੂੰ ਵੀ ਨਹੀਂ ਸਨ ਕਰਦੇ।
ਏਕ ਨੂਰ ਤੋਂ ਉਪਜੇ ਕੈਸੇ ਬੰਦੇ,
ਬੰਦੇ ਦੀ ਜੋ ਰੱਤ 'ਚ ਫ਼ਿਰਦੇ ਤਰਦੇ।
ਫਿਰਕੂ ਰਾਖ਼ਸ਼ ਤਾਂਡਵ ਨਾਚ ਹੈ ਨੱਚਿਆ,
ਲੋਕ-ਰਾਜ ਦੇ ਲਹਿ ਕੇ ਡਿਗ ਪਏ ਪਰਦੇ।
ਕਿੱਥੇ ਗਿਆ ਅਹਿੰਸਾ ਪਰਮੋ ਧਰਮਾਂ,
ਗਲੀ ਗਲੀ ਵਿਚ ਗਾਂਧੀ ਗੌਤਮ ਮਰਦੇ।
ਹੋਏ ਨੇ ਅੱਜ ਗ਼ੈਰ ਜੋ ਕੱਲ ਸਨ "ਸਾਥੀ",
ਐਸੇ ਝੱਖ਼ੜ ਝੁੱਲੇ ਹੈਨ ਕਹਿਰ ਦੇ।
31/10/17
(ਦਿੱਲੀ ਵਿਚ ਇੰਦਰਾ
ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ਼ਾਂ ਦੇ ਕਤਲੇਆਮ ਦੀ ਦਰਦਨਾਕ ਤਸਵੀਰ ਪੇਸ਼
ਕਰ ਰਹੀ ਇਹ ਮੁਸੱਲਸਲ ਗ਼ਜ਼ਲ 1984 ਵਿਚ ਲਿਖ਼ੀ ਸੀ।)
ਗ਼ਜ਼ਲ
ਡਾ. ਸਾਥੀ ਲੁਧਿਆਣਵੀ, ਲੰਡਨ
ਤਰੋ
ਤਾਜ਼ਾ ਹਾਂ, ਵਗਦਾ ਦਰਿਆ ਹਾਂ।
ਮੈਂ ਦੱਸ ਰਿਹਾਂ ਹਾਂ ਕਿ ਮੈਂ ਕਿਆ ਹਾਂ।
ਇਕ ਨਹੀਂ ਅਨੇਕ ਹਨ ਮੇਰੇ ਅਕਸ,
ਸ਼ੀਸ਼ਾ ਹਾਂ ਤਿੜਕਿਆ ਪਿਆ ਹਾਂ।
ਮੇਰਾ ਪੈਗ਼ਾਮ ਹੈ ਸਿਰਫ਼ ਮੁਹੱਬਤ,
ਇਹੋ ਕਿਹਾ ਹੈ ਮੈਂ ਜਿਧਰ ਗਿਆ ਹਾਂ।
ਮੈਂ ਬੱਦਲ ਹਾਂ, ਜਿੱਥੇ ਵੀ ਲੋੜ ਪਈ,
ਉੱਥੇ ਪੁਹੰਚਿਆ ਹਾਂ, ਬਰਸਿਆ ਹਾਂ।
ਪਿਆਰ ਦੀਏ ਨਦੀਏ ਕਰ ਇਨਾਇਤ,
ਇਕ ਬੂੰਦ ਲਈ ਤਰਸਿਆ ਪਿਆ ਹਾਂ।
ਇਕ ਸਵਾਲ ਪੁੱਛਣਾ ਚਾਹੁੰਦਾ ਹਾਂ,
ਝਿਜਕ ਜਾਂਦਾ ਹਾਂ, ਅਣਕਿਆਸਿਆ ਹਾਂ।
ਮੈਂ ਤੇਰੇ ਕਾਬਲ ਸ਼ਾਇਦ ਹੋ ਹੀ ਸਕਾਂ,
ਕਬੂਲ ਕਰ ਸਨਮ ਜਿਹੋ ਜਿਹਾ ਹਾਂ।
ਹੋਰ ਗ਼ਮ ਨਾ ਦੇਈਂ ਹੇ ਮੇਰੇ ਮੌਲਾ,
ਛਲਕ ਜਾਵਾਂਗਾ ਭਰਿਆ ਪਿਆ ਹਾਂ।
ਜ਼ਿਦੰਗ਼ੀ 'ਚ ਬਹੁਤ ਲਿਖ਼ਿਆ ਹੈ "ਸਾਥੀ",
ਅਜੇ ਹੋਰ ਲਿਖ਼ਾਂਗਾ ਅਜੇ ਅਣਕਿਹਾ ਹਾਂ।
13/09/17
ਗ਼ਜ਼ਲ
ਡਾ.ਸਾਥੀ ਲੁਧਿਆਣਵੀ-ਲੰਡਨ
ਬੰਦਾ ਮਨ ‘ਤੇ ਚੁੱਕੀ ਫਿਰਦਾ ਭਾਰ ਹੈ ਯਾਰ।
ਦਿਲ ਵਿਚ ਉਸਦੇ ਫਿਕਰਾਂ ਦਾ ਅੰਬਾਰ ਹੈ ਯਾਰ।
ਅਜਕਲ ਜ਼ਿੰਦਗ਼ੀ ਕਿੰਨੀ ਮਹਿੰਗੀ ਹੋ ਗਈ ਹੈ,
ਮਸਾਂ ਹੀ ਟੁਰਦਾ ਕਈਆਂ ਦਾ ਰੁਜ਼ਗ਼ਾਰ ਹੈ ਯਾਰ।
ਦਿਲ ਦਾ ਜਾਨੀ ਸਾਹਾਂ ਦੇ ਨਜ਼ਦੀਕ ਹੈ ਪਰ,
ਖੜ੍ਹੀ ਹੈ ਇਕ ਦੀਵਾਰ ਕਿਤੇ ਵਿਚਕਾਰ ਹੈ ਯਾਰ।
ਹਫੜਾ ਦਫੜੀ ਦੌੜ ਭਜਾਈ ਹੈ ਪਈ ਹੋਈ,
ਚਿੰਤਾਗ੍ਰਸਤ ਹੈ ਬੰਦਾ ਸ਼ਾਇਦ ਬੀਮਾਰ ਹੈ ਯਾਰ।
ਅਮਨ ਦੀਆਂ ਘੁੱਗੀਆਂ ਨੇ ਅੰਬਰੀਂ ਕੀ ਉਡਣਾ,
ਪਰ ਕਤਰਨ ਲਈ ਹਰ ਹੱਥ ਵਿਚ ਤਲਵਾਰ ਹੈ ਯਾਰ।
ਇਸ ਦੀ ਪੂਛ ‘ਚ ਡੰਗ ਹੈ ਮੰਦੀਆਂ ਖ਼ਬਰਾਂ ਦਾ,
ਬਿੱਛੂ ਵਰਗੀ ਜ਼ਹਿਰ ਭਰੀ ਅਖ਼ਬਾਰ ਹੈ ਯਾਰ।
ਮੇਰਾ ਰੱਬ ਹੈ ਚੰਗਾ ਤੁਹਾਡਾ ਚੰਗਾ ਨਹੀਂ,
ਰੱਬ ਦੇ ਬੰਦੇ ਦਾ ਐਸਾ ਕਿਰਦਾਰ ਹੈ ਯਾਰ।
ਅਜਕਲ ਸਹਿਨਸ਼ੀਲਤਾ ਕਿਧਰੇ ਉੱਡ ਪੁੱਡ ਗਈ,
ਹਰ ਬੰਦੇ ਦੀ ਗੱਲ ਦੇ ਵਿਚ ਤਕਰਾਰ ਹੈ ਯਾਰ।
ਕਹਿੰਦਾ “ਸਾਥੀ” ਚੱਲ ਮੈਂ ਤੇਰੇ ਨਾਲ ਖ਼ੜ੍ਹਾਂ,
ਐਸਾ ਦਿਲ ਦਾ ਜਾਨੀ ਮੇਰਾ ਯਾਰ ਹੈ ਯਾਰ।
30/05/17
ਗ਼ਜ਼ਲ
ਸਾਥੀ ਲੁਧਿਆਣਵੀ, ਲੰਡਨ
ਕੀਤਾ ਤੇਰੀ ਜਫ਼ਾ ਦਾ ਸਿ਼ਕਵਾ ਅਸੀਂ ਕਦੋਂ।
ਆਪਣੀ ਵਫ਼ਾ ਲਈ ਮੰਗਿਆ ਤੋਹਫ਼ਾ ਅਸੀਂ ਕਦੋਂ ।
ਕੀਤਾ ਤੁਸੀਂ ਅਸਾਡੀਆਂ ਕਮੀਆਂ ਦਾ ਜਿ਼ਕਰ ਸੀ,
ਮੰਨਿਆਂ ਸੀ ਆਪਣੇ ਆਪ ਨੂੰ ਖ਼ੁਦਾ ਅਸੀਂ ਕਦੋਂ।
ਤੇਰੇ ਚਮਨ ਦੇ ਮਹਿਕਦੇ ਫ਼ੁੱਲਾਂ ਦੀ ਤੈਨੂੰ ਸਹੁੰ,
ਕੀਤਾ ਸੀ ਤੇਰੇ ਜਿਸਮ ‘ਤੇ ਦਾਅਵਾ ਅਸੀਂ ਕਦੋਂ।
ਸਾਡੀ ਉਮਰ ‘ਤੇ ਹੈ ਤੇਰੀ ਮੁਸਕਾਨ ਦਾ ਅਹਿਸਾਨ,
ਕਰਾਂਗੇ ਇਹ ਕਰਜ਼ ਦੱਸ ਅਦਾਅ ਅਸੀਂ ਕਦੋਂ।
ਤੇਰੇ ਸਾਂਹਵੇਂ ਸਾਂ ਅਸੀਂ ਖ਼ੁੱਲ੍ਹੀ ਕਿਤਾਬ ਵਾਂਗ,
ਤੈਥੋਂ ਛੁਪਾਇਆ ਮਹਿਰਮਾਂ ਕੁਈ ਸਫ਼ਾ ਅਸੀਂ ਕਦੋਂ।
ਕਹਿੰਦੇ ਨੇ ਸਦਾ ਹੀ ਹਾਰਦੇ ਆਸ਼ਕ ਨੇ ਬਾਜ਼ੀਆਂ,
ਭਾਲਿਆ ਇਸ ਖੇਡ ਚੋਂ ਨਫ਼ਾ ਅਸੀਂ ਕਦੋਂ।
ਦੀਵਾਨਗ਼ੀ ਦਾ ਨਾਮ ਹੈ “ਸਾਥੀ ਲੁਧਿਆਣਵੀ”,
ਭੁੱਲਾਂਗੇ ਤੇਰਾ ਬਖ਼ਸਿ਼ਆ ਰੁਤਬਾ ਅਸੀਂ ਕਦੋਂ।
11/05/17
ਗ਼ਜ਼ਲ
ਸਾਥੀ ਲੁਧਿਆਣਵੀ, ਲੰਡਨ
ਰਫਤਾ ਰਫਤਾ ਯਾਰ ਜਵਾਨੀ ਬੀਤ ਗਈ।
ਰੱਬ ਦੀ ਸੀ ਇਹ ਚੀਜ਼, ਬੇਗ਼ਾਨੀ ਗ਼ੁਜ਼ਰ ਗਈ ।
ਹਾਸੇ ਸਨ ਤੇ ਬੜੀਆਂ ਮਸਤ ਬਹਾਰਾਂ ਸਨ,
ਰਫਤਾ ਰਫਤਾ ਰੁੱਤ ਮਸਤਾਨੀ ਬੀਤ ਗਈ।
ਅੱਥਰੀ ਸੀ, ਇਹ ਚੰਚਲ ਸੀ ਤੇ ਝੱਲੀ ਸੀ,
ਹਰ ਤਰਫੋਂ ਜੋ ਸੀ ਦੀਵਾਨੀ ਬੀਤ ਗਈ।
ਰੁੱਸਦਾ ਸੀ ਜਦ ਯਾਰ ਵੀਰਾਨੀ ਛਾਂਦੀ ਸੀ,
ਰਫਤਾ ਰਫਤਾ ਉਹ ਵੀਰਾਨੀ ਬੀਤ ਗਈ।
ਹੁਸਨਾਂ ਵਾਲੇ ਸਾਡੀ ਅੱਖ ‘ਤੇ ਆਸ਼ਕ ਸਨ,
ਅੱਖ ਦੀ ਉਹ ਚੰਚਲ ਸ਼ੈਤਾਨੀ ਬੀਤ ਗਈ।
ਅੱਧੀ ਬੀਤੀ, ਅੱਧੀ ਸ਼ਾਇਦ ਰਹਿ ਗਈ ਹੈ,
ਇੱਕ ਰੁਪੱਈਏ ਚੋਂ ਅਠਿਆਨੀ ਬੀਤ ਗਈ।
ਆਪਾਂ ਜਦ ਹੁੰਦੇ ਸਾਂ ਆਸ਼ਕ ਮਸਤ ਜਿਹੇ,
ਛੱਡੋ ਉਹ ਹੁਣ ਬਾਤ ਪੁਰਾਣੀ ਬੀਤ ਗਈ।
ਇਸ਼ਕ ਦੀ ਪੂਣੀ ਅਜੇ ਤਾਂ “ਸਾਥੀ” ਛੋਹੀ ਸੀ,
ਅੱਖ ਦੇ ਫੋਰ ‘ਚ ਪਿਆਰ-ਕਹਾਣੀ ਬੀਤ ਗਈ।
24/04/17
ਵੈਸਾਖ਼ੀ-ਪਤਝੜ ਮੁੱਕੇ ਤੇ ਫਿਰ ਨਿਕਲਣ ਪੱਤੇ ਸਾਵੇ
ਡਾ.ਸਾਥੀ ਲੁਧਿਆਣਵੀ, ਲੰਡਨ
ਪਤਝੜ ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਵੈਸਾਖ਼ੀ ‘ਤੇ ਧਰਤੀ ਉੱਤੇ ਪੈਰ ਨਾ ਟਿੱਕਣ।
ਗਭਰੂ ਤੇ ਮੁਟਿਆਰਾਂ, ਬੱਚੇ, ਬੁੱਢੇ
ਨੱਚਣ।
ਫ਼ਸਲਾਂ ਦੀ ਵਾਢੀ ਵੀ ਜੇਕਰ ਹੋ ਗਈ ਹੋਵੇ,
ਕਿਉਂ ਨਾ ਮਨ ਫ਼ਿਰ ਖ਼ੁਸ਼ੀਆਂ ਦੇ ਵਿਚ ਨੱਚੇ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਸੁੱਕੀ ਧਰਤੀ ਉੱਤੇ ਸੰਘਣੇ ਬੱਦਲ ਛਾਵਣ।
ਬਾਗੀਂ ਹੋਵੇ ਰੁਣ ਝੁਣ ਚੜ੍ਹ ਕੇ ਆਵੇ ਸਾਵਣ।
ਧਰਤੀ ਮਾਂ ਦੀ ਕੁੱਖ਼ੋਂ ਉੱਗਣ ਇੰਨੇ ਦਾਣੇ,
ਭੁੱਖ ਦਾ ਵੇਲਾ ਸਦਾ ਲਈ ਜੱਗ ਚੋਂ ਮੁੱਕ ਜਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਅੰਨ ਉਗਾਵਣ ਵਾਲ਼ਾ ਅੰਨ ਦਾ ਮਾਲਕ ਹੋਵੇ।
ਕਿਰਤਾਂ ਕਰਨੇ ਵਾਲ਼ਾ ਦੇਸ ਦਾ ਚਾਲਕ ਹੋਵੇ।
ਬੱਚੇ ਪੜ੍ਹਨ ਲਿਖ਼ਣ, ਬਨਣ ਇਨਸਾਨ ਹੀ ਕੇਵਲ,
ਧਰਮ ਦੇ ਨਾਂ ‘ਤੇ ਮਨਾਂ ‘ਚ ਨਾ ਕੋਈ ਵੰਡੀਆਂ ਪਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਹਰ ਇਕ ਪਾਸੇ ਮਹਿਕਾਂ ਵੰਡਦਾ ਮੌਸਮ ਹੋਵੇ।
ਹਾਸੇ ਖ਼ੇੜੇ ਖ਼ੁਸ਼ੀਆਂ ਵਾਲ਼ੀ ਸਰਗ਼ਮ ਹੋਵੇ।
ਗ਼ਮ ਦੀ ਪਤਝੜ ਸ਼ਾਲਾ ਮੁੱਕੇ ਇਸ ਦੁਨੀਆਂ ਚੋਂ,
ਦਿਲ ਦੀ ਟਹਿਣੀ ਉੱਤੇ ਬਹਿ ਕੇ ਕੋਇਲ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਦੁਨੀਆਂ ਵਿਚੋਂ ਸੱਭੋ ਖ਼ੂਨੀ ਜੰਗਾਂ ਮੁੱਕਣ।
ਮੁੱਕ ਜਾਵੇ ਦੁਨੀਆਂ ਚੋਂ ਸਾਰਾ ਵੱਢਣ ਟੁੱਕਣ।
ਜੰਗ ਦੀ ਰਾਖ਼ ਚੋਂ ਫ਼ਿਰ ਜੰਮੇਂ ਕੁਕਨੂਸ ਖ਼ੁਦਾਇਆ,
ਅਮਨ ਦੀ ਘੁੱਗੀ ਅੰਬਰੀਂ ਫ਼ੇਰ ਉਡਾਰੀ ਲਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਜਿੱਥੇ ਬਾਬਾ ਨਾਨਕ ਆਇਆ ਕਲ ਨੂੰ ਤਾਰਨ।
ਉਸ ਪੰਜਾਬ ਦੇ ਲੋਕੀਂ ਜਿੱਤਣ ਕਦੇ ਨਾ ਹਾਰਨ।
ਭਾਗੋ ਵਾਂਗੂੰ ਕੋਈ ਕਿਸੇ ਦਾ ਹੱਕ ਨਾ ਖ਼ਾਵੇ,
ਹਰ ਕੋਈ ਲਾਲੋ ਦੇ ਹੀ ਹਰ ਥਾਂ ‘ਤੇ ਗੁਣ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਕੌਮ ਲਈ ਫ਼ਿਰ ਮਰ ਮਿਟਣੇ ਦੀ ਹਿੰਮਤ ਜਾਗੇ।
ਲੋਕਾਂ ਖ਼ਾਤਰ ਬੰਦਾ ਆਪਣਾ ਆਪ ਤਿਆਗੇ।
ਪ੍ਰੇਮ ਖ਼ੇਲਨ ਕਾ ਚਾਓ ਹਰ ਇਕ ਬਸ਼ਰ ‘ਚ ਹੋਵੇ,
ਹਰ ਕੋਈ ਯਾਰ ਵਾਸਤੇ ਤਲ਼ੀਏਂ ਸੀਸ ਟਿਕਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਮਾਨੁਸ ਕੀ ਸਭ ਇੱਕੋ ਜਾਤ ਪਛਾਣੀ ਜਾਵੇ।
ਸਭ ਦੀ ਹਸਤੀ ਇੱਕ ਬਰਾਬਰ ਜਾਣੀ ਜਾਵੇ।
ਕਦੇ ਵੀ ਏਤੀ ਮਾਰ ਪਵੇ ਨਾ ਹੁਣ ਲੋਕਾਂ ਦੇ,
ਪਾਪ ਕੀ ਜੰਝ ਲੈ ਕਾਬਲ ਵੱਲ੍ਹੋ ਨਾ ਬਾਬਰ ਆਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਗੁਰ ਗੋਬਿੰਦ ਨੇ ਹੱਕ ਸੱਚ ਦਾ ਲਾਇਆ ਨਾਅਰਾ।
ਰਹਿਤ ਪਿਆਰੀ ਮੁੱਝ ਕੋ ਨਹੀ ਸਿੱਖ਼ ਪਿਆਰਾ।
ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗਰੰਥ ਸਾਹਿਬ ਜੀ,
ਕੋਈ ਵੀ ਇਸ ਤੋਂ ਬਾਅਦ ਕਦੇ ਨਾ ਗੁਰੂ ਕਹਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਯਾਰ ਦਾ ਸੱਥਰ ਸਾਨੂੰ ਬੜਾ ਪਿਆਰਾ ਲੱਗੇ।
ਯਾਰ ਬਿਨਾਂ ਇਹ ਜੱਗ ਹੀ ਕੂੜ ਪਸਾਰਾ ਲੱਗੇ।
ਸੂਲ਼ ਸੁਰਾਹੀ ‘‘ਸਾਥੀ‘‘ ਖ਼ੰਜਰ ਇਕ ਪਿਆਲਾ,
ਖ਼ੇੜਿਆਂ ਦਾ ਘਰ ਸਾਨੂੰ ਬਿਲਕੁਲ ਹੀ ਨਾ ਭਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਪਤਝੜ ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
06/04/2017
ਮਾਂ
ਡਾ.ਸਾਥੀ ਲੁਧਿਆਣਵੀ, ਲੰਡਨ
ਦੁਨੀਆਂ ਦੀ
ਰਚਨਹਾਰੀ ਮਾਂ ਹੈ।
ਰੱਬ ਨੇ ਅੰਬਰੋਂ ਉਤਾਰੀ ਮਾਂ ਹੈ।
ਰੱਬ ਹਰ ਥਾਂ ਨਹੀਂ ਸੀ ਹੋ ਸਕਦਾ,
ਰੱਬ ਨੇ ਭੇਜੀ ਉਧਾਰੀ ਮਾਂ ਹੈ।
ਮਾਂ ਲਈ ਅਸੀਂ ਹਾਂ ਰਾਜ ਕੁੰਵਰ,
ਰੱਬ ਦੀ ਰਾਜ ਦੁਲਾਰੀ ਮਾਂ ਹੈ।
ਰੱਬ ਇਕ ਸਰਬੋਤਮ ਸ਼ੈਅ ਹੈ,
ਦੂਜੀ ਸ਼ੈਅ ਪਿਆਰੀ ਮਾਂ ਹੈ।
ਅਗ਼ਰ ਹਾਰ ਜਾਵੇ ਔਲਾਦ ਕਦੇ,
ਤਾਂ ਮਾਂ ਸਮਝੇ ਕਿ ਹਾਰੀ ਮਾਂ ਹੈ।
ਲਾਡ ਬਹੁਤਾ,ਗੁੱਸਾ ਕਦੇ ਕਦੇ,
ਐਹੋ ਜਿਹੀ ਮਿੱਠੀ ਖ਼ਾਰੀ ਮਾਂ ਹੈ।
ਜਿੱਥੇ ਫ਼ੁੱਲ ਹੀ ਹੁੰਦੇ ਨੇ,ਕੰਡੇ ਨਹੀਂ,
ਅਜਿਹੇ ਫ਼ੁੱਲਾਂ ਦੀ ਕਿਆਰੀ ਮਾਂ ਹੈ।
ਮਾਂ ਕਦੇ ਵੀ ਮਾੜੀ ਨਹੀਂ ਹੁੰਦੀ,
ਪਿਆਰੀ ਸਾਰੀ ਦੀ ਸਾਰੀ ਮਾਂ ਹੈ।
ਹੱਸ ਕੇ ਦੁੱਖ ਸਹਿ ਲੈਂਦੀ ਹੈ ਜੋ,
ਫ਼ੁੱਲਾਂ ਭਰੀ ਉਹ ਪਟਾਰੀ ਮਾਂ ਹੈ।
ਮਾਂ ਤਾਂ ਮਾਂ ਹੀ ਰਹੇਗੀ ਹਰ ਤਰ੍ਹਾਂ,
ਗ਼ੋਰੀ, ਕਾਲ਼ੀ, ਪਤਲੀ, ਭਾਰੀ ਮਾਂ ਹੈ।
ਉਮਰ ਦਾ ਤਕਾਜ਼ਾ ਨਹੀਂ ਹੁੰਦਾ,
ਹਰ ਉਮਰੇ ਹੁੰਦੀ ਪਿਆਰੀ ਮਾਂ ਹੈ।
ਧਰਮ ਗ੍ਰੰਥਾਂ ‘ਚ ਲਿਖ਼ਿਐ ‘‘ਸਾਥੀ‘‘,
‘‘ਪਾਓਂ ਛੂਨੇ ਕੇ ਕਾਬਲ ਤੁਮ੍ਹਾਰੀ ਮਾਂ ਹੈ।‘‘
25/03/17
ਟੁਰ ਗਈ ਮਾਂ ਦੇ ਨਾਮ
ਮਾਂ ਹੇ ਮਾਂ
ਡਾ.ਸਾਥੀ ਲੁਧਿਆਣਵੀ, ਲੰਡਨ
ਸਾਡੇ ਸਿਰ ‘ਤੇ ਅਹਿਸਾਨ ਮਾਂ ਦਾ ਹੈ।
ਇਸ ਘਰ ਨੂੰ ਵਰਦਾਨ ਮਾਂ ਦਾ ਹੈ।
ਇਹ ਨਾ ਕਿਹਾ ਕਰ ਇਹ ਮੇਰਾ ਹੈ ਘਰ,
ਇਹ ਸਭ ਕੁਝ ਮੇਰੀ ਜਾਨ ਮਾਂ ਦਾ ਹੈ।
ਪਿਆਰ, ਅਸੀਸਾਂ, ਦੁਆਵਾਂ, ਦਿਲਾਸੇ,
ਇਹ ਸਾਜੋ ਸਾਮਾਨ ਮਾਂ ਦਾ ਹੈ।
ਜਿਸ ਕੋਨੇ ‘ਚ ਹੁੰਦੀ ਸੀ ਉਹ ਪਾਠ ਕਰਦੀ,
ਪਾਕ ਪਵਿਤਰ ਉਹ ਅਸਥਾਨ ਮਾਂ ਦਾ ਹੈ।
ਮਿੱਟੀ ‘ਚ ਉਸਦੀ ਮਹਿਕ, ਤਾਰਿਆਂ ‘ਚ ਲੋਅ ਹੈ,
ਇਹ ਕਾਇਨਾਤ ਇਹ ਜਹਾਨ ਮਾਂ ਦਾ ਹੈ।
ਇਹ ਅਮੁੱਲਾ ਜੀਵਨ ਹੈ ਰੱਬ ਦੀ ਰਹਿਮਤ,
ਮਗਰ ਇਹ ਜੀਵਨ ਦਾਨ ਮਾਂ ਦਾ ਹੈ।
ਕਿਸੇ ਗੱਲੇ ਵੀ ਘੱਟ ਨਹੀਂ ਸਨ ਪਿਤਾ ਸ਼੍ਰੀ,
ਮਗਰ ਰੁਤਬਾ ਤਾਂ ਮਹਾਨ ਮਾਂ ਦਾ ਹੈ।
ਮੈਂ ਨਾ ਹੋਵਾਂਗੀ ਤਾਂ ਚੜ੍ਹਦੀ ਕਲਾ ‘ਚ ਰਹੀਂ,
ਦਿਲ ‘ਤੇ ਖੁਣਿਆਂ ਇਹ ਫਰਮਾਨ ਮਾਂ ਦਾ ਹੈ।
ਚੰਗੇ ਕੰਮੀਂ ਹੀ ਇਹ ਦੁਨੀਆਂ ਬਣੂ ਸੁਹਣੀ,
ਚੰਗੀ ਦੁਨੀਆਂ ਲਈ ਇਹ ਬਿਆਨ ਮਾਂ ਦਾ ਹੈ।
ਉਹ ਨਹੀਂ ਰਹੀ ਪਰ ਜਾਪੇ, ਇਥੇ ਹੀ ਹੈ ਕਿਤੇ,
ਘਰ ਦੀ ਹਰ ਸ਼ੈਅ ‘ਤੇ ਲੱਗਾ ਨਿਸ਼ਾਨ ਮਾਂ ਦਾ ਹੈ।
ਮੈਂ ਨਹੀਂ ਕਰਨਾ ਉਹ ਕੰਮ ਜੋ ਉਸਨੂੰ ਨਾ ਜਚੇ,
ਮੇਰੇ ਵਲ ਸਾਰਾ ਧਿਆਨ ਮਾਂ ਦਾ ਹੈ।
ਮਾਂ ਦੀ ਲੋਰੀ ਤੋਂ ਕੀਤੀ ਸੀ ਮੈਂ ਸ਼ੁਰੂਆਤ,
ਅੱਜ ਤੱਕ ਦਾ ਮੇਰਾ ਗਿਆਨ ਮਾਂ ਦਾ ਹੈ।
ਮੇਰੀ ਕਵਿਤਾ ਦਾ ਸਰੋਤ ਮਾਂ ਹੈ “ਸਾਥੀ”,
ਇਸੇ ਲਈ ਸਾਰਾ ਦੀਵਾਨ ਮਾਂ ਦਾ ਹੈ।
ਅਕਤੂਬਰ 2016
25/03/17
ਬੰਬਾਂ ਵਾਲ਼ੇ ਬੰਦੇ
ਸਾਥੀ ਲੁਧਿਆਣਵੀ, ਲੰਡਨ
ਇਹ ਨਜ਼ਮ ਮੈਂ ਅਗਸਤ 2005 ਵਿਚ ਉਦੋਂ ਲਿਖੀ ਸੀ
ਜਦੋਂ ਦਹਿਸ਼ਤਗਰਦਾਂ ਨੇ ਲੰਡਨ ਵਿਚ ਬੰਬ ਚਲਾ ਕੇ 52 ਲੋਕੀਂ ਮਾਰ ਮੁਕਾਏ
ਸਨ। ਹੁਣ ਮਾਰਚ 2017 ਵਿਚ ਵੈਸਟਮਿਨਸਟਰ-ਪਾਰਲੀਮੈਂਟ ਸੁਕੇਅਰ ਵਿਚ ਹੋਈ
ਘਟਨਾ ਵੀ ਉਸੇ ਸਥਿਤੀ ਨੂੰ ਯਾਦ ਕਰਵਾਂਦੀ ਹੈ। ਇਸ ਘਟਨਾ ਵਿਚ 4 ਲੋਕੀਂ
ਮਾਰੇ ਗਏ ਸਨ। ਉਦੋਂ ਇਹ ਕਾਰਾ ਕਰਨ ਵਾਲੇ ਅੱਤਵਾਦੀ ਲੰਡਨ ਦੇ ਹੀ ਜੰਮੇ
ਹੋਏ ਸਨ।
ਬੰਬਾਂ ਵਾਲ਼ੇ ਬੰਦੇ ਆ ਗਏ ਲੰਡਨ ਵਿਚ ।
ਹਫ਼ੜਾ ਦਫ਼ੜੀ ਖ਼ੂਬ ਮਚਾ ਗਏ ਲੰਡਨ ਵਿਚ ।
ਸੱਤ ਦੀ ਸੱਤ ਨੂੰ ਗ਼ਰਮੀ ਵਾਲ਼ਾ ਮੌਸਮ ਸੀ,
ਇਕ ਦਮ ਕਿੰਨੀ ਅੱਗ ਲਗਾ ਗਏ ਲੰਡਨ ਵਿਚ।
ਨਾਈਨ ਇਲੈਵਨ ਹਾਲੀਂ ਡਾਢਾ ਤਾਜ਼ਾ ਸੀ,
ਸੈਵਨ ਸੈਵਨ ਹੋਰ ਬਣਾ ਗਏ ਲੰਡਨ ਵਿਚ।
ਗ਼ਰਮੀ ਵੇਲੇ ਪਾਣੀ ਦੀ ਤ੍ਰੇਹ ਲਗਦੀ ਹੈ,
ਖ਼ੂਨਾਂ ਦੇ ਤ੍ਰਿਹਾਏ ਆ ਗਏ ਲੰਡਨ ਵਿਚ।
ਦੇਸ ਬਿਗਾਨੇ ਲੱਗੀ ਅੱਗ ਬਸੰਤਰ ਸੀ,
ਉਸ ਦਾ ਇਥੇ ਸੇਕ ਪੁਜਾ ਗਏ ਲੰਡਨ ਵਿਚ।
ਆਪਣੇ ਘਰ ਨੂੰ ਆਪੇ ਅੱਗ ਲਗਾ ਬੈਠੇ,
ਆਪਣੇ ਘਰ ਨੂੰ ਰਾਖ਼ ਬਣਾ ਗਏ ਲੰਡਨ ਵਿਚ।
ਆਇਰਲੈਂਡ ਦੇ ਬੰਬਾਂ ਦੀ ਗੱਲ ਮੁੱਕੀ ਸੀ,
ਮੁੜ ਫਿਰ ਬੰਬ ਦੀ ਗੱਲ ਚਲਾ ਗਏ ਲੰਡਨ ਵਿਚ।
ਜੌਰਜ ਬੁਸ਼ ਤੇ ਟੋਨੀ ਬਲੇਅਰ ਸੋਚ ਰਹੇ,
ਅੱਗ ਸ਼ੇਰ ਦੀ ਪੂਛ ਨੂੰ ਲਾ ਗਏ ਲੰਡਨ ਵਿਚ।
ਭੂਰੇ ਰੰਗ ਦੇ ਲੋਕੀਂ ਸੋਚਣ ਲੰਡਨ ਦੇ,
ਸਭ ਨੂੰ ਦਹਿਸ਼ਤਗ਼ਰਦ ਬਣਾ ਗਏ ਲੰਡਨ ਵਿਚ।
ਆਪਣੀਆਂ ਮਾਵਾਂ ਤੋਂ ਤਾਂ ਵੈਣ ਪੁਆਉਣੇ ਸਨ,
ਕਿੰਨੀਆਂ ਤੋਂ ਹਨ ਵੈਣ ਪੁਆ ਗਏ ਲੰਡਨ ਵਿਚ।
ਖ਼ਬਰੇ ਇਹਨਾਂ ਕਿਸ ਰੱਬ ਨੂੰ ਖ਼ੁਸ਼ ਕਰਨਾ ਸੀ,
ਰੱਬ ਦੇ ਬੰਦੇ ਕਹਿਰ ਮਚਾ ਗਏ ਲੰਡਨ ਵਿਚ।
ਪੁਲਸ ਅਤੇ ਮੰਤਰਾਲੇ ਆ ਗਏ ਹਰਕਤ ਵਿਚ,
ਡੂੰਘੀ ਨੀਂਦੋਂ ਆਣ ਜਗਾ ਗਏ ਲੰਡਨ ਵਿਚ।
ਅਸੀਂ ਅਮਨ ਦੀਆਂ ‘‘ਸਾਥੀ‘‘ ਨਜ਼ਮਾਂ ਲਿਖ਼ਦੇ ਰਹੇ,
ਇਕੋ ਹੂੰਝੇ ਨਾਲ਼ ਮਿਟਾ ਗਏ ਲੰਡਨ ਵਿਚ।
24/03/17
ਇਕ ਹਾਸਰਸ ਤੇ ਵਿਅੰਗਮਈ ਕਵਿਤਾ
ਲੰਡਨ ਦੀ ਹੋਲੀ
ਡਾ. ਸਾਥੀ ਲੁਧਿਆਣਵੀ, ਲੰਡਨ
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਬਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
ਲੰਡਨ ਵਿਚ ਮਨਾਈਏ ਹੋਲੀ।
ਆਪਣੇ ਉਤਸਵ ਆਪਣੀ ਬੋਲੀ।
ਮਾਨਵਤਾ ਦੀ ਜੈ ਜੈ ਹੋਵੇ,
ਦਿਲ ਵਿਚ ਸਾਡੇ ਇਹੋ ਉਮੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਰੰਗ ਹੁੰਦੇ ਨੇ ਰੱਬ ਦੀ ਲੀਲਾ।
ਚਿੱਟਾ, ਕਾਲ਼ਾ, ਭੂਰਾ,ਪੀਲਾ।
ਰੰਗ ਦੇ ਪਿੱਛੇ ਝਗੜੇ ਕਾਹਦੇ,
ਰੰਗ ਬਿਨਾ ਹੈ ਜੱਗ ਬੇਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਮਿਹਨਤਕਸ਼ ਦੇਖ਼ੇ ਪਰਵਾਸੀ ।
ਇਥੇ ਲੰਘ ਗਈ ਜੂਨ ਚੁਰਾਸੀ।
ਸੁਹਣੇ ਘਰ ਤੇ ਵਧੀਆ ਕਾਰਾਂ,
ਤੱਕ ਕੇ ਹੋ ਗਏ ਗੋਰੇ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਹਰ ਕੋਈ ਆਖ਼ੇ ਮਾਇਆ ਮਾਇਆ।
ਲੋਕਾਂ ਕੋਲ਼ ਬੜਾ ਸਰਮਾਇਆ।
ਲੇਕਿਨ ਇਥੇ ਪੌਂਡਾਂ ਬਾਝੋਂ,
ਦੇਖ਼ੇ ਅਸੀਂ ਬਥੇਰੇ ਨੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਉੱਚੇ ਉੱਚੇ ਮਹਿਲ ਚੁਬਾਰੇ।
ਇਸ ਥਾਂ ਨਹੀਂਓਂ ਛੰਨਾਂ ਢਾਰੇ।
ਦੁਨੀਆਂ ਇਥੇ ਵਸਣਾ ਚਾਹੁੰਦੀ,
ਵਸਣ ਦੇ ਇਥੇ ਲੱਭਣ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਰਾਤੀਂ ਜਿਨ੍ਹਾਂ ਨੇ ਦਾਰੂ ਪੀਤੀ।
ਉੱਠ ਸਵੇਰੇ ਤੋਬਾ ਕੀਤੀ।
ਰਾਤੀਂ ਜੇਬਾਂ ਖ਼ਾਲੀ ਹੋਈਆਂ,
ਹੁਣ ਉਹ ਫ਼ਿਰਦੇ ਵਾਂਗ ਮਲੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਲੰਡਨ ਸ਼ਹਿਰ ਦੇ ਅਮਲੀ ਦੇਖ਼ੇ।
ਭੂਤਾਂ ਦੇ ਹੀ ਪੈਣ ਭੁਲੇਖ਼ੇ।
ਚੁੱਟਕੀ ਚੁੱਟਕੀ ਲੈ ਕੇ ਪੋਸਤ,
ਰਗ਼ੜ ਰਗ਼ੜ ਕੇ ਪੀਂਦੇ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਪਾਣੀ ਮਹਿੰਗਾ, ਬੀਅਰ ਸਸਤੀ।
ਲੰਡਨ ਸ਼ਹਿਰ 'ਚ ਸਸਤੀ ਮਸਤੀ।
ਇਥੇ ਗੰਗਾ ਉਲਟੀ ਬਹਿੰਦੀ,
ਇਥੇ ਵੱਖ਼ਰੇ ਰੰਗ ਤੇ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਕੁੱਲ ਦੁਨੀਆਂ ਚੋਂ ਖ਼ਲਕਤ ਆਈ।
ਪੰਡਤ, ਮੁੱਲਾਂ, ਕਾਜ਼ੀ, ਭਾਈ।
ਰੱਬ ਦੇ ਬੰਦੇ ਪੁੱਜੇ ਲੰਡਨ,
ਪੁੱਜੇ ਇਥੇ ਕਈ ਨਿਹੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਭੱਜੇ ਆਉਣ ਅਸਾਇਲਮ ਸੀਕਰ।
ਮੂੰਹ ਲਮਕਾਈ ਗਿੱਟਿਆਂ ਤੀਕਰ।
ਕਹਿੰਦੇ ਭਾਰਤ ਮਾਂ ਨਹੀਂ ਚੰਗੀ,
ਉਸ ਦੇ ਚੁੱਲ੍ਹੇ ਭੁੱਜਦੀ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਦੇਸੋਂ ਆਏ ਮੁੰਡੇ ਨੌਟੀ।
ਹਾਸੇ ਹੱਸਣ ਨਿਰੇ ਬਨਾਉਟੀ।
ਹਰ ਇਕ ਸੁਹਣੀ ਕੁੜੀ ਨੂੰ ਆਂਖ਼ਣ,
ਲੱਗੇਂ ਸ਼ਗਨਾਂ ਵਾਲ਼ੀ ਵੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਸਾਧੂ ਤੱਕਦੇ ਚੋਰੀ ਚੋਰੀ।
ਕੋਲੋਂ ਦੀ ਜਦ ਲੰਘੇ ਗੋਰੀ।
ਜੈ ਜਗਦੰਭੇ, ਜੈ ਸੀਆ ਰਾਮ,
ਜੈ ਸ਼ਿਵ ਸ਼ੰਕਰ, ਜੈ ਬਜਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਕੁਝ ਲੋਕਾਂ ਲਈ ਲੰਡਨ ਚੰਗਾ।
ਇਥੇ ਵਗੇ ਇਸ਼ਕ ਦੀ ਗੰਗਾ।
ਰਾਂਝਾ ਹੀਰ ਤੇ ਸੱਸੀ ਪੁੰਨੂੰ,
ਇਥੇ ਈ ਖ਼ੇੜੇ,ਇਥੇ ਈ ਝੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਗੱਲਾਂ ਸੁਣ ਲੈ ਖ਼ਰੀਆਂ ਖ਼ਰੀਆਂ।
ਨਾ ਲਾ ਐਵੇਂ ਦਿਲ ਨੂੰ ਵਰੀਆਂ।
ਤੇਰਾ ਦੁੱਖ ਕਿਸੇ ਨਹੀਂ ਸੁਨਣਾ,
ਆਪੇ ਹੋਣਾ ਪੈਣਾ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਪਿੜ ਵਿਚ ਨੱਚਣ ਬੁੱਢੇ ਠੇਰੇ।
ਭਾਵੇਂ ਗੋਡੇ ਦੁਖ਼ਣ ਬਥੇਰੇ।
ਬਹਿ ਜਾਂਦੇ ਨੇ ਕੁਰਸੀ ਲੈਕੇ,
ਛਿੜਦੀ ਜਦੋਂ ਦਮੇਂ ਦੀ ਖ਼ੰਘ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਮਸਾਂ ਤੁਰੇ ਪੰਜਾਬੀ ਬਾਬਾ।
ਫ਼ੁਲਕੇ ਖਾਂਦਾ ਭਰਕੇ ਛਾਂਬਾ।
ਵਾਹਿਗੁਰੂ ਨੂੰ ਅਰਜ਼ ਗ਼ਜ਼ਾਰੇ,
ਪਤਲਾ ਕਰ ਦੇਹ ਵਾਂਗ ਪਤੰਗ।
ਹੋਲੀ ਰੰਗਾਂ ਦਾ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਹਰ ਥਾਂ ਰੰਗਾਂ ਦੀ ਪਿਚਕਾਰੀ।
ਮੁੰਡਾ ਅੱਲ੍ਹੜ, ਕੁੜੀ ਕੁਆਰੀ।
ਸੂਹੇ ਚੂੜੇ ਵਾਲ਼ੀ ਆ ਗਈ,
ਹੌਲ਼ੀ ਹੌਲ਼ੀ ਲਾਹ ਕੇ ਸੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਹੋਲੀ ਦੇ ਦਿਨ ਏਨਾ ਨੱਚੀ।
ਕੁੜੀ ਅਜੇ ਸੀ ਉਮਰ ਦੀ ਕੱਚੀ।
ਖ਼ੁੱਲ੍ਹ ਕੇ ਵਾਲ਼ ਗਲ਼ੇ ਵਿਚ ਪੈ ਗਏ,
ਟੁੱਟ ਗਈ ਸ਼ਗਨਾਂ ਵਾਲ਼ੀ ਵੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ 1
ਸਾਲਾਂ ਦੀ ਗਿਣਤੀ ਕਿਓਂ ਕਰੀਏ।
ਉਮਰ ਦੇ ਹਿੰਦਸੇ ਤੋਂ ਕਿਓਂ ਡਰੀਏ।
ਸੁਪਨੇ ''ਸਾਥੀ'' ਕੋਲ਼ ਬਥੇਰੇ,
ਇਸ ਦੇ ਅਬੰਰੀਂ ਉੱਡਣ ਪਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਬਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
13/03/17
ਇਕ ਰੇਖ਼ਾ ਚਿੱਤਰ
ਲੰਡਨ
ਸਾਥੀ ਲੁਧਿਆਣਵੀ, ਲੰਡਨ
ਸਾਨੂੰ ਸਾਡਾ ਲੰਡਨ ਸ਼ਹਿਰ ਪਿਆਰਾ ਲਗਦਾ ਹੈ।
ਥੋੜ੍ਹਾ ਨਹੀਂ ਇਹ ਚੰਗਾ ਸਾਨੂੰ ਸਾਰਾ ਲਗਦਾ ਹੈ।
ਰਾਤ ਏਸ ਦੀ ਰੋਸ਼ਨੀਆਂ ਦਾ ਇਕ ਤਲਿੱਸਮ ਹੈ,
ਦਿਨ ਦੇ ਵੇਲੇ ਲੰਡਨ ਅਜਬ ਨਜ਼ਾਰਾ ਲਗਦਾ ਹੈ।
ਸਰਦੀ ਦੇ ਮੌਸਮ ਵਿਚ ਧੁੰਦ ਤੇ ਠੰਡਕ ਹੁੰਦੀ ਹੈ,
ਗਗਨ ‘ਤੇ ਤਰਦਾ ਟਾਵਾਂ ਟਾਵਾਂ ਤਾਰਾ ਲਗਦਾ ਹੈ।
ਪਿਆਰ ਮੁਹੱਬਤ ਦਾ ਇਹ ਲਗਦਾ ਕੇਂਦਰ ਬਿੰਦੂ ਹੈ,
ਹੀਰ ਰਾਂਝਿਆਂ ਦਾ ਇਹ ਤਖ਼ਤ ਹਜ਼ਾਰਾ ਲਗਦਾ ਹੈ।
ਲੰਡਨ ਦੇ ਥੀਏਟਰ, ਸਿਨਮੇ, ਆਰਟ ਗੈਲਰੀਆਂ,
ਮਹਿਲਾਂ ਬੁੱਤਾਂ ਵਾਲਾ ਸ਼ਹਿਰ ਪਿਆਰਾ ਲਗਦਾ ਹੈ।
ਸਾਰੀ ਦੁਨੀਆਂ ਲੰਡਨ ਸ਼ਹਿਰ ‘ਚ ਵਸਣਾਂ ਚਾਹੁੰਦੀ ਹੈ,
ਉਨ੍ਹਾਂ ਨੂੰ ਲੰਡਨ ਪੌਂਡਾਂ ਦਾ ਭੰਡਾਰਾ ਲਗਦਾ ਹੈ।
ਕਿੰਨੀਆਂ ਕੌਮਾਂ, ਕਿੰਨੇ ਲੋਕੀਂ ਰੰਗ ਬਰੰਗੇ ਨੇ,
ਲਗਦਾ ਇਥੇ ਆ ਵਸਿਆ ਜੱਗ ਸਾਰਾ ਲਗਦਾ ਹੈ।
ਆਪਣੇ ਦੇਸੀਂ ਜਿਹੜੇ ਜ਼ੁਲਮ ਦੀ ਭੱਠੀਏਂ ਸੜਦੇ ਸਨ,
ਉਨ੍ਹਾਂ ਵਾਸਤੇ ਲੰਡਨ ਪਾਰ ਉਤਾਰਾ ਲਗਦਾ ਹੈ।
ਭੁੱਖਿਆਂ ਨੂੰ ਇਹ ਰੋਟੀ ਕੱਪੜਾ ਤੇ ਛੱਤ ਦਿੰਦਾ ਹੈ,
ਰੱਬ ਦਾ ਘੱਲਿਆ ਲੰਡਨ ਰਾਜ ਦੁਲਾਰਾ ਲਗਦਾ ਹੈ।
ਗ਼ੈਰ ਕਨੂੰਨੀ ਆਇਆ ਬੰਦਾ ਸੌਂਦਾ ਕਬਰਾਂ ਕੋਲ,
ਦੇਸੋਂ ਆ ਕੇ ਕਰਦਾ ਮਸੀਂ ਗ਼ੁਜ਼ਾਰਾ ਲਗਦਾ ਹੈ।
ਜਿਸ ਪਾਸੇ ਵੀ ਦੇਖੋ ਦੇਸੀ ਰੰਗ ਹੀ ਦਿਸਦਾ ਹੈ,
ਦੇਸੀਆਂ ਦਾ ਹੁਣ ਇਥੇ ਪੱਲਾ ਭਾਰਾ ਲਗਦਾ ਹੈ।
ਭਾਤ ਸੁਭਾਂਤੇ ਖਾਣੇ ਇਥੇ ਹਰ ਘਰ ਪੱਕਦੇ ਨੇ,
ਬਹੁਤੇ ਘਰਾਂ ‘ਚ ਤੁੜਕਾ ਬੜਾ ਕਰਾਰਾ ਲਗਦਾ ਹੈ।
ਇਕ ਕੋਨੇ ਵਿਚ ਮੰਦਰ ਦੂਜੇ ਕੋਨੇ ਮਸਜਦ ਹੈ,
ਗਿਰਜੇ ਲਾਗੇ ਸਜਿਆ ਗੁਰੂਦੁਆਰਾ ਲਗਦਾ ਹੈ।
ਫੈਸ਼ਨਦਾਰ ਬਲਾਊਜ਼, ਟਰਾਊਜ਼ਰ ਅਤੇ ਸਕੱਰਟਾਂ ਵਿਚ,
ਘੁਲ਼ ਮਿਲ਼ ਚੁਕਿਆ ਬੁਰਕਾ ਅਤੇ ਗਰਾਰਾ ਲਗਦਾ ਹੈ।
ਇਸ ਦੇ ਵੱਡਿਆਂ ਨਿਰਸੰਦੇਹ ਕੁਝ ਕਹਿਰ ਕਮਾਏ ਸਨ,
ਇਸ ਦਾ ਮਾਜ਼ੀ ਸ਼ੋਅਲਾ ਅਤੇ ਸ਼ਰਾਰਾ ਲਗਦਾ ਹੈ।
ਸਾਡੀ ਕੋਠੀ ਬਹੁਤੇ ਦਾਣੇ ਦੇਖ਼ ਕੇ ਲਗਦਾ ਹੈ,
ਨਸਲਪ੍ਰਸਤਾਂ ਦਾ ਕੁਝ ਚੜ੍ਹਿਆ ਪਾਰਾ ਲਗਦਾ ਹੈ।
ਦਿਨੇ ਰਾਤ ਨਾ-ਸ਼ੁਕਰੇ ਲੋਕੀਂ ਭੰਡਦੇ ਲੰਡਨ ਨੂੰ,
ਉਨ੍ਹਾਂ ਨੂੰ ਇਸ ਦਾ ਸਭ ਕੁਝ ਬਸ ਨਿਕਾਰਾ ਲਗਦਾ ਹੈ।
ਜਿਹੜੇ ਦੇਸ ‘ਚ ਰਹੀਏ ਉਸਦੀ ਖ਼ੈਰ ਮਨਾਈਏ ਜੀ,
ਟੀ ਵੀ ਉਤੇ ਗਾਉਂਦਾ ‘ਮਾਨ’ ਵਿਚਾਰਾ ਲਗਦਾ ਹੈ।
ਜਦ ਵੀ ਜਾਈਏ ਵਤਨ ਨੁੰ ਮੁੜ ਕੇ ਛੇਤੀਂ ਪਰਤੀਦਾ,
ਝੱਜੂ ਦਾ ਹੁਣ ਲੰਡਨ ਇਕ ਚੁਬਾਰਾ ਲਗਦਾ ਹੈ।
ਇਸ ਦੀ ਰਗ ਰਗ ਤੋਂ ਹੁਣ “ਸਾਥੀ” ਆਪਾਂ ਵਾਕਫ ਹਾਂ,
ਕਦੇ ਇਹ ਮਿੱਠਾ, ਕਦੇ ਇਹ ਸਾਨੂੰ ਖਾਰਾ ਲਗਦਾ ਹੈ।
13/03/17
ਗ਼ਜ਼ਲ
ਡਾ. ਸਾਥੀ ਲੁਧਿਆਣਵੀ,
ਲੰਡਨ
ਹਰ ਦੁਸ਼ਮਣ ਹਰ ਯਾਰ ਤੋਂ ਡਰ ਲਗਦਾ ਹੈ।
ਫੁੱਲਾਂ ਦਾ ਮੌਸਮ ਹੈ, ਖ਼ਾਰ ਤੋਂ ਡਰ ਲਗਦਾ ਹੈ।
ਤੱਕੇ ਤਾਂ ਕੀ ਤੱਕੇ ਭਲਾ ਮਹਿਫਲ ‘ਚ ਯਾਰ ਨੂੰ
ਖੰਭਾਂ ਦੀ ਡਾਰ ਤੋਂ ਬਹੁਤ ਡਰ ਲਗਦਾ ਹੈ।
ਪੁੱਛਣਾਂ ਤਾਂ ਚਾਹੁੰਦਾ ਹਾਂ ਉਸ ਨੂੰ ਇਕ ਸਵਾਲ ਪਰ,
ਝਿਜਕ ਜਾਂਦਾ ਹਾਂ, ਇਨਕਾਰ ਤੋਂ ਡਰ ਲਗਦਾ
ਹੈ।
ਅਜਕਲ ਹਰ ਰਿਸ਼ਤਾ ਹੈ ਤਲਵਾਰ ਦੀ ਧਾਰ ‘ਤੇ,
ਗੱਲ ਗੱਲ ਤੋਂ ਕਿਸੇ ਤਕਰਾਰ ਤੋਂ ਡਰ ਲਗਦਾ ਹੈ।
ਖ਼ਬਰੇ ਕਿਸ ਦਿਸ਼ਾ ‘ਚ ਲੈ ਜਾਵੇ ਕਿਸ਼ਤੀਏ-ਹਯਾਤ,
ਸੱਚ ਪੁੱਛੋਂ ਤਾਂ ਹੁਣ ਪਤਵਾਰ ਤੋਂ ਡਰ ਲਗਦਾ ਹੈ।
ਖ਼ਬਰੇ ਕਿੰਨੇ ਹਾਦਸਿਆਂ ਦੇ ਹੋਣੇ ਨੇ ਤਬਸਰੇ,
ਸੁਬਾਹ ਦੀ ਹਰ ਅਖ਼ਬਾਰ ਤੋਂ ਡਰ ਲਗਦਾ ਹੈ।
ਖ਼ਬਰੇ ਇਸ ਭੀੜ ‘ਚ ਕੌਣ ਹੋਵੇਗਾ ਦੁਸ਼ਮਣ,
ਅਚਨਚੇਤੀ ਕਿਸੇ ਵਾਰ ਤੋਂ ਡਰ ਲਗਦਾ ਹੈ।
ਐਤਵਾਰ ਨੂੰ ਲੋਕੀਂ ਕਹਿਣ ਇੰਗਲਿਸਤਾਨ ਦੇ,
ਆਉਣ ਵਾਲੇ ਸੋਮਵਾਰ ਤੋਂ ਡਰ ਲਗਦਾ ਹੈ।
ਲੋਕਾਂ ਨੇ ਚੁਣੀ ਹੈ ਤੇ ਲੋਕਾਂ ਦੀ ਹੈ ਸਰਕਾਰ,
ਅਜਬ ਬਾਤ ਉਸੇ ਸਰਕਾਰ ਤੋਂ ਡਰ ਲਗਦਾ ਹੈ।
ਰਿਹਾ ਨਹੀਂ ”ਸਾਥੀ” ਇਹ ਮਹਿਫ਼ੂਜ਼ ਅਜਕਲ,
ਇਸ ਨਗਰ ਦੇ ਹਰ ਕਿਰਦਾਰ ਤੋਂ ਡਰ ਲਗਦਾ ਹੈ।
05/02/17
ਨਵਾਂ ਸਾਲ-2017
ਸਾਥੀ ਲੁਧਿਆਣਵੀ, ਲੰਡਨ
ਨਵੇਂ
ਸਾਲ ਲਈ ਗ਼ੁਜ਼ਰੇ ਸਾਲ ਦੇ ਵਾਂਗਰ ਅਸੀਂ ਦੁਆਵਾਂ ਮੰਗੀਏ।
ਦਿਨ ਨੂੰ ਨਿੱਘੀਆਂ ਧੁੱਪਾਂ, ਰਾਤੀਂ ਚਾਨਣ ਦੀਆਂ ਸ਼ੁਆਵਾਂ ਮੰਗੀਏ।
ਚੰਗੇ ਕੰਮ ਕਰਨ ਲਈ ਮੌਲਾ, ਸਾਨੂੰ ਦਈਂ ਤੌਫੀਕ ਤੇ ਹਿੰਮਤ,
ਔਖੀਆਂ ਘੜੀਆਂ ਵੇਲੇ ਰੱਬ ਤੋਂ, ਸੁਖ ਦਾ ਰੁੱਖ ਘਣਛਾਵਾਂ ਮੰਗੀਏ।
ਠੰਡੀ ਪੌਣ ਮਹਿਕਦਾ ਮੌਸਮ, ਕੁਝ ਸਰਦੀ ਕੁਝ ਗਰਮੀ ਹੋਵੇ,
ਤੇ ਤ੍ਰਿਹਾਈ ਧਰਤੀ ਦੇ ਲਈ, ਰੱਬ ਤੋਂ ਘੋਰ ਘਟਾਵਾਂ ਮੰਗੀਏ।
ਹਰ ਘਰ ਦੇ ਵਿਚ ਰੌਣਕ ਹੋਵੇ, ਹਰ ਘਰ ਵਿਚ ਹੋਵਣ ਹਮਸਾਏ,
ਹਰ ਬਾਲਕ ਦੇ ਬਚਪਨ ਦੇ ਲਈ, ਮਮਤਾ ਭਰੀਆਂ ਮਾਵਾਂ ਮੰਗੀਏ।
ਹਰ ਵਿਹੜੇ ਵਿਚ ਫੁੱਲ ਖਿੜਨ ਤੇ ਹਰ ਪਾਸੇ ਖ਼ੁਸ਼ਬੋਈਆਂ ਹੋਵਣ,
ਬਾਗ਼ ‘ਚ ਖਿੜੀਆਂ ਕਲੀਆਂ ਦੇ ਲਈ, ਚੰਚਲ ਸ਼ੋਖ਼ ਅਦਾਵਾਂ ਮੰਗੀਏ।
ਵਸਦਾ ਰਹੇ ਬਾਬਲ ਦਾ ਵਿਹੜਾ, ਕਾਇਮ ਰਹੇ ਮਾਂ ਦੀ ਸਰਦਾਰੀ,
ਵਿਹੜੇ ਦੇ ਪਿੱਪਲ ਦੇ ਕੋਲੋਂ ਠੰਡੀਆ ਠੰਡੀਆਂ ਛਾਵਾਂ ਮੰਗੀਏ।
ਸ਼ਖ਼ਸ ਕੋਈ ਨਾ ਭੂੱਖਾ ਸੌਵੇਂ, ਜਲ ਦੀ ਕਿਧਰੇ ਕਮੀ ਨਾ ਹੋਵੇ,
ਰੱਬ ਤੋਂ ਧਰਤੀ ਦੇ ਜਾਇਆਂ ਲਈ, ਜੀਵਨ ਅਤੀ ਸੁਖ਼ਾਵਾਂ ਮੰਗੀਏ।
ਹਰ ਇਕ ਪਾਸੇ ‘ਮਾਨੁਸ ਕੀ ਇਕ ਜਾਤੁ’ ਦਾ ਹੀ ਸੰਕਲਪ ਫੈਲਾਈਏ,
ਨਵੀਆਂ ਅੱਜ ਦੇ ਮਾਨਵ ਦੇ ਲਈ, ਰਾਹਵਾਂ ਅਤੇ ਦਿਸ਼ਾਵਾਂ ਮੰਗੀਏ।
ਊਚ ਨੀਚ ਤੇ ਜਾਤ ਪਾਤ ਦਾ, ਰੰਗ ਤੇ ਨਸਲ ਦਾ ਭੇਤ ਨਾ ਹੋਵੇ,
ਅਸੀਂ ਹਮੇਸ਼ਾ ਸਭ ਦੁਨੀਆਂ ਲਈ, ਜੀਵਨ ਪੱਧਰਾ ਸਾਵਾਂ ਮੰਗੀਏ।
ਹੋਰ ਨਾ ਧਰਤੀ ਵੰਡੀ ਜਾਵੇ, ਹੋਰ ਨਾ ਕਿਧਰੇ ਬਣਨ ਦੀਵਾਰਾਂ,
ਘਰ ਤੋਂ ਬਾਹਰ ਨਾ ਤਾਰਾਂ ਹੋਵਣ, ਐਸੀਆਂ ਚੰਗੀਆਂ ਥਾਵਾਂ ਮੰਗੀਏ।
ਜਿਹੜੇ ਜੰਗ ਦੀ ਕਰਦੇ ਪੂਜਾ, ਜਿਹੜੇ ਅਮਨਾਂ ਦੇ ਹਨ ਦੁਸ਼ਮਣ,
ਐਸੇ ਲੋਕਾਂ ਦੇ ਲਈ ਰਲ਼ ਮਿਲ਼, ਆਪਾਂ ਸਖ਼ਤ ਸਜ਼ਾਵਾਂ ਮੰਗੀਏ।
ਬੀਤ ਗਿਆ ਸੋ ਬੀਤ ਗਿਆ ਹੈ, ਵਰਤਮਾਨ ਦੀਆਂ ਖ਼ੈਰਾਂ ਮੰਗੀਏ,
ਨਵੇਂ ਸਾਲ ਵਿਚ ਕੁੱਲ ਦੁਨੀਆਂ ਲਈ, “ਸਾਥੀ” ਸ਼ੁੱਭ ਇਛਾਵਾਂ ਮੰਗੀਏ।
28/12/16
ਡੋਨਲਡ ਟਰੰਪ
ਡਾ.ਸਾਥੀ ਲੁਧਿਆਣਵੀ, ਲੰਡਨ
ਓਬਾਮਾ
ਦੇ ਪਿੱਛੋਂ ਬਣਿਆਂ, ਡੋਨਲਡ ਟਰੰਪ ਪ੍ਰਧਾਨ।
ਕਹਿੰਦਾ ਸਾਡੇ ਦੇਸ ਦਾ ਭਰਦਾ ਪਾਣੀ ਕੁੱਲ ਜਹਾਨ।
ਜਿੱਤਿਆਂ ਡੋਨਲਡ ਟਰੰਪ ਤਾਂ ਉਸਦੀ ਹੋ ਗਈ ਬੱਲੇ ਬੱਲੇ,
ਦੁਨੀਆਂ ਭਰ ਦੇ ਲੀਡਰ ਆਖਣ ਬੰਦਾ ਬੜਾ ਮਹਾਨ।
ਬੰਦਾ ਲੱਖ ਕਰੋੜਪਤੀ ਹੈ, ਟਰੰਪ ਟਾਵਰ ਦਾ ਮਾਲਕ,
ਓਸ ਕੋਲ ਹਨ ਰੇਲਾਂ ਗੱਡੀਆਂ, ਉਸ ਦੇ ਕੋਲ ਬਿਮਾਨ।
ਕਹਿੰਦਾ ਮੈਂ ਹਾਂ ਸਫਲ ਵਪਾਰੀ, ਸੋਨਾ ਉਗਲਣ ਵਾਲਾ,
ਜੇ ਮੈਂ ਚਾਹਵਾਂ ਕਰ ਲਾਂ ਵਸ ਵਿਚ ਧਰਤੀ ਤੇ ਅਸਮਾਨ।
ਡੌਲਰ ਦੀ ਉਹ ਪੂਜਾ ਕਰਦਾ, ਧਰਮ ਓਸ ਦਾ ਡੌਲਰ,
ਬਾਕੀ ਦੁਨੀਆਂ ਪੂਜ ਰਹੀ ਹੈ ਬਾਈਬਲ ਅਤੇ ਕੁਰਾਨ।
ਸੋਨੇ ਦਾ ਅਭਿਲਾਖੀ ਤੇ ਉਹ ਵਸਦਾ ਸੋਨ-ਮਹੱਲੀਂ,
ਕਿੰਝ ਵਸਦੀ ਹੈ ਬਾਕੀ ਦੁਨੀਆਂ ਉਸ ਨੂੰ ਨਹੀਂ ਗਿਆਨ।
ਕਹਿੰਦਾ ਗ਼ੈਰ ਕਨੂੰਨੀ ਬੰਦੇ ਇਥੇ ਟਿਕਣ ਨਹੀਂ ਦੇਣੇ,
ਕਰੋ ਤਿਆਰੀ ਪਿਆਰੇ, ਆਪਣਾ ਬੰਨ੍ਹੋ ਸਭ ਸਾਮਾਨ।
ਪੁਲ਼ਾਂ ‘ਚ ਉਹ ਵਿਸ਼ਵਾਸ ਨਹੀਂ ਰਖ਼ਦਾ,ਹਾਮੀ ਦੀਵਾਰਾਂ ਦਾ,
ਕਹਿੰਦਾ ਦੁਨੀਆਂ ਉੱਚੀ ਨੀਵੀਂ, ਇਹ ਨਹੀਂ ਇਕ ਸਮਾਨ।
ਮਰਦੇ ਹਨ ਤਾਂ ਮਰਨ ਰਿਫਿਊਜੀ ਵਿਚ ਸਮੁੰਦਰੀਂ ਗਰਕਣ,
ਜਿਹੜਾ ਇਧਰ ਆਉਣ ਦੀ ਸੋਚੇ ਉਹ ਬੰਦਾ ਨਾਦਾਨ।
20/11/16
ਮੋਦੀ ਦੇ ਨੋਟ
ਡਾ.ਸਾਥੀ ਲੁਧਿਆਣਵੀ, ਲੰਡਨ
ਕਰ ਦਿਤੇ ਹਨ ਨੋਟ ਨਿਕਾਰੇ ਮੋਦੀ ਨੇ।
ਬਹਿ ਜਾ ਬਹਿ ਜਾ ਕਰੀ ਪਿਆਰੇ ਮੋਦੀ ਨੇ।
ਕਾਲ਼ੇ ਧਨ ‘ਤੇ ਬੈਠੇ ਨਾਗਾਂ ਦੇ ਅੱਥਰੂ,
ਬੜੀ ਬੇਦਰਦੀ ਨਾਲ ਵਿਸਾਰੇ ਮੋਦੀ ਨੇ।
ਬੜੇ ਬੜੇ ਭਲਵਾਨ ਸਿਆਸੀ ਚਿੱਤ ਕੀਤੇ,
ਡੋਬੇ ਉਨ੍ਹਾਂ ਦੇ ਖ਼ੂਬ ਸਿਤਾਰੇ ਮੋਦੀ ਨੇ।
ਜਿਨ੍ਹਾਂ ਨੂੰ ਪਹਿਲਾਂ ਨੋਟਾਂ ਦੀ ਸੀ ਖ਼ਬਰ ਮਿਲੀ,
ਉਹ ਤਾਂ ਡੁੱਬਦੇ ਡੁੱਬਦੇ ਤਾਰੇ ਮੋਦੀ ਨੇ।
ਬੈਂਕਾਂ ਮੂਹਰੇ ਲਾਈਆਂ ਲਾਈਨਾਂ ਜਨਤਾ ਨੇ,
ਔਖੇ ਕੀਤੇ ਰੱਜ ਕੇ ਸ਼ਾਰੇ ਮੋਦੀ ਨੇ।
ਸਰਜੀਕਲ ਸਟਰਾਈਕ ਦੀ ਆਦਤ ਪੈ ਗਈ ਹੈ,
ਅਚਨਚੇਤ ਹਨ ਛਾਪੇ ਮਾਰੇ ਮੋਦੀ ਨੇ।
ਪਾਕਿਸਤਾਨੀ ਕਹਿੰਦੇ ਸਾਨੂੰ ਵੀ ਦੱਸੋ,
ਕਿਵੇਂ ਦਿਖਾਏ ਹੱਥ ਕਰਾਰੇ ਮੋਦੀ ਨੇ।
ਮੈਂ ਰਿਸ਼ਵਤਖੋਰੋਂ ਕੋ ਸਬਕ ਸਿਖਾਊਂਗਾ,
ਕਿੰਨੇ ਚਿਰ ਤੋਂ ਲਾਰੇ ਲਾਏ ਮੋਦੀ ਨੇ।
ਲਾਲੂ ਵਰਗਾ ਬੰਦਾ ਮੋਦੀ ਹਰਗਿਜ਼ ਨਹੀਂ,
ਅਜੇ ਤੀਕ ਨਹੀਂ ਖਾਧੇ ਚਾਰੇ ਮੋਦੀ ਨੇ।
ਮੋਦੀ ਦੀ ਜੈ ਆਖਣ ਵਾਲ਼ੇ ਕਹਿੰਦੇ ਨੇ,
ਕੀਆ ਬਹੁਤ ਕਮਾਲ ਹਮਾਰੇ ਮੋਦੀ ਨੇ।
ਲੰਡਨ ਬੈਠਾ “ਸਾਥੀ” ਤਾਅਨੇ ਦਿੰਦਾ ਸੀ,
ਕੀਆ ਕਿਆ ਹੈ ਯਾਰ ਤੁਮ੍ਹਾਰੇ ਮੋਦੀ ਨੇ।
20/11/16
ਪੀਰ ਫਕੀਰ ਤੇ ਮੁਰਸ਼ਦ ਗੁਰੂ ਨਾਨਕ ਦੇਵ ਜੀ
ਡਾ. ਸਾਥੀ ਲੁਧਿਆਣਵੀ, ਲੰਡਨ
ਨਾਨਕ
ਦੇ ਸ਼ਬਦਾਂ ‘ਤੇ ਅਮਲ ਹੈ ਕਰਨਾ ਪੈਣਾ।
ਇੰਝ ਜੀਵਨ ਵਿਚ ਰੰਗਾਂ ਨੂੰ ਹੈ ਭਰਨਾ ਪੈਣਾ।
ਜੇ ਨਾਨਕ ਦੀਆਂ ਅੱਖਾਂ ਦੇ ਵਿਚ ਸੁਹਣਾ ਲੱਗਣਾ,
ਜਿਸਮ ਨਾਲ ਫਿਰ ਮਨ ਨੂੰ ਸੁੰਦਰ ਕਰਨਾ ਪੈਣਾ।
ਜੇ ਮੁਰਸ਼ਦ ਨੂੰ ਮਿਲਣਾ ਸਾਡੀ ਸੋਚ ਦਾ ਬਿੰਦੂ,
ਤਦ ਤਾਂ ਸਾਨੂੰ ਸ਼ਹੁ ਦਰਿਆਈਂ ਤਰਨਾ ਪੈਣਾ।
ਕਿਹਾ ਸੀ ਉਸਨੇ ਲੋਕਾਂ ‘ਤੇ ਜਿੰਦ ਕਰੋ ਨਿਛ਼ਾਵਰ,
ਸੀਸ ਤਲ਼ੀ ‘ਤੇ ਫਿਰ ਤਾਂ ਸਾਨੂੰ ਧਰਨਾ ਪੈਣਾ।
ਰਾਜੇ ਸ਼ੀਂਹ ਮੁਕੱਦਮ ਕੁੱਤੇ ਕਿਹਾ ਸੀ ਉਸ ਨੇ,
ਲੋੜ ਪਵੇ ਤਾਂ ਰਣਭੂਮੀ ਵਿਚ ਲੜਨਾ ਪੈਣਾ।
ਜੇ ਲੋਕਾਂ ਦਾ ਦਰਦ ਤੁਸਾਂ ਨੇ ਵੰਡਣਾ ਹੀ ਹੈ,
ਬਾਬੇ ਵਾਂਗਰ ਘਰ ਤੋਂ ਬਾਹਰ ਨਿਕਲਨਾ ਪੈਣਾ।
ਕਣ ਕਣ ਦੇ ਵਿਚ ਇਕ ਉੰਕਾਰ ਦਾ ਵਾਸਾ ਜੇਕਰ,
ਹਰ ਬੰਦੇ ਚੋਂ ਰੱਬ ਦਾ ਦਰਸ਼ਨ ਕਰਨਾ ਪੈਣਾ।
ਕਰਨੀ ਸਿਰਫ ਇਬਾਦਤ ਹੀ ਤਾਂ ਕਾਫੀ ਨਹੀਂਓਂ,
ਗੁਰ ਦੀ ਸਿ਼ਖ਼ਸ਼ਾ ਦੇ ਵਿਚ ਸਾਨੂੰ ਢਲਨਾ ਪੈਣਾ।
ਸ਼ਾਹਾਂ ਦਾ ਸ਼ਾਹ ਪੀਰ ਫ਼ਕੀਰ ਤੇ ਮੁਰਸ਼ਦ ਨਾਨਕ,
ਉਸ ਦੇ ਚਰਨੀਂ ਪੱਤੀਆਂ ਵਾਂਗ ਬਿਖ਼ਰਨਾ ਪੈਣਾ।
ਜੇ ਬਾਣੀ ਦਾ ਆਦਰ ਕਰਦਾ ਹੈਂ ਤਾਂ “ਸਾਥੀ”,
ਤੈਨੂੰ ਆਪਣਾ ਰੰਗ ਤੇ ਢੰਗ ਬਦਲਨਾ ਪੈਣਾ।
14/11/16
ਅਮਰੀਕਾ
ਡਾ. ਸਾਥੀ ਲੁਧਿਆਣਵੀ,
ਲੰਡਨ
ਸਭ
‘ਤੇ ਧੌਂਸ ਜਮਾਉਂਦਾ ਹੈ ਅਮਰੀਕਾ।
ਸਭ ’ਤੇ ਹੁਕਮ ਚਲਾਉਂਦਾ ਹੈ ਅਮਰੀਕਾ।
ਦੁਨੀਆਂ ਕਹਿੰਦੀ ਸੀ ਕਿ ਟਰੰਪ ਹੈ ਮੂਰਖ,
ਫਿਰ ਵੀ ਸਦਰ ਬਣਾਉਂਦਾ ਹੈ ਅਮਰੀਕਾ।
ਅਗਰ ਕੋਈ ਡਿਕਟੇਟਰ ਈਨ ਨਾ ਮੰਨੇ,
ਉਸ ਨੂੰ ਗੱਦੀਓਂ ਲਾਹੁੰਦਾ ਹੈ ਅਮਰੀਕਾ।
ਜਿਹੜਾ ਹਾਕਮ ਪਰਜਾ ਤਾਈਂ ਸਤਾਵੇ,
ਉਸ ਨੂੰ ਅੱਖ ਦਿਖ਼ਾਉਂਦਾ ਹੈ ਅਮਰੀਕਾ।
ਜਿਹੜਾ ਰਾਵਣ ਹੈਂਕੜਵਾਜ਼ ਕਹਾਵੇ,
ਉਸ ਦੀ ਲੰਕਾ ਢਾਹੁੰਦਾ ਹੈ ਅਮਰੀਕਾ।
ਮੁਲਕ ਅਗਰ ਦੋ ਲੜਨ ਭਿੜਨ ਦੀ ਸੋਚਣ,
ਫਿਰ ਤਾਂ ਖ਼ੂਬ ਲੜਾਉਂਦਾ ਹੈ ਅਮਰੀਕਾ।
ਜਿਹੜਾ ਦੇਸ ਲੜਾਈਆਂ ਵਾਰੇ ਸੋਚੇ,
ਝੱਟ ਹਥਿਆਰ ਪੁਹੰਚਾਉਂਦਾ ਹੈ ਅਮਰੀਕਾ।
ਆਪੇ ਅੱਗਾਂ ਲਾਉਂਦਾ ਹੈ ਅਮਰੀਕਾ,
ਆਪੇ ਅੱਗ ਬੁਝਾਉਂਦਾ ਹੈ ਅਮਰੀਕਾ।
ਡੌਲਰ ਦੀ ਸਰਦਾਰੀ ਕਾਰਨ ਆਪਣਾ,
ਸਿੱਕਾ ਖ਼ੂਬ ਜਮਾਉਂਦਾ ਹੈ ਅਮਰੀਕਾ।
ਮਾਇਆ ਮਾਇਆ ਮਾਇਆ ਹੈ ਅਮਰੀਕਾ,
ਮਾਇਆ ਖ਼ੂਬ ਬਣਾਉਂਦਾ ਹੈ ਅਮਰੀਕਾ।
ਮਾਇਆਧਾਰੀ ਲੋਕਾਂ ਨੂੰ ਹੈ ਖਿੱਚਦਾ,
ਮਾਇਆ ਜਾਲ ਵਿਛਾਉਂਦਾ ਹੈ ਅਮਰੀਕਾ।
ਕਿਰਤੀ ਅਗਰ ਅਮੀਰ ਬਨਣ ਦੀ ਸੋਚੇ,
ਉਸ ਲਈ ਠਾਹਰ ਬਣਾਉਂਦਾ ਹੈ ਅਮਰੀਕਾ।
ਜਿਹੜਾ ਕਾਮਾ ਖ਼ੂਨ ਪਸੀਨਾ ਡੋਲ੍ਹੇ,
ਉਸ ਦਾ ਮੁੱਲ ਵੀ ਪਾਉਂਦਾ ਹੈ ਅਮਰੀਕਾ।
ਅੱਧੀ ਦੁਨੀਆਂ ਤੰਗਦਸਤੀ ਚੋਂ ਗ਼ੁਜ਼ਰੇ,
ਐਪਰ ਹੱਸਦਾ ਗਾਉਂਦਾ ਹੈ ਅਮਰੀਕਾ।
ਦੂਰ ਦੂਰ ਤੱਕ ਮੰਡੀਆਂ ਢੂੰਡ ਰਿਹਾ ਹੈ,
ਮੰਡੀਆਂ ਲੱਭ ਲਿਆਂਉਂਦਾ ਹੈ ਅਮਰੀਕਾ।
ਕਿਸੇ ਦੇਸ ਵਿਚ ਭੀੜ ਅਗਰ ਬਣ ਜਾਵੇ,
ਉਥੇ ਮਦਦ ਪਹੁੰਚਾਉਂਦਾ ਹੈ ਅਮਰੀਕਾ।
ਜਿਹੜੇ ਆਖ਼ਣ ਸਾਡਾ ਦੇਸ ਨਹੀਂ ਚੰਗਾ,
ਉਸ ਨੂੰ ਗਲ਼ੇ ਲਗਾਉਂਦਾ ਹੈ ਅਮਰੀਕਾ।
ਸੋਸ਼ਲਿਜ਼ਮ ਦਾ ਨਾਅਰਾ ਜਿਹੜਾ ਲਾਉਂਦਾ,
ਉਹ ਵੀ ਭੱਜਿਆ ਆਉਂਦਾ ਹੈ ਅਮਰੀਕਾ।
ਜਮਹੂਰੀ ਕਦਰਾਂ ਦਾ ਇਕ ਮੱਦਾਹ ਹੈ,
ਕਾਲ਼ਾ ਸਦਰ ਬਣਾਉਂਦਾ ਹੈ ਅਮਰੀਕਾ।
ਯਾਰੀ ਲਾ ਕੇ ਤੋੜੇ ਜਿਹੜਾ “ਸਾਥੀ”,
ਉਸ ‘ਤੇ ਕਹਿਰ ਕਮਾਉਂਦਾ ਹੈ ਅਮਰੀਕਾ।
13/11/16
ਗ਼ਜ਼ਲ
ਡਾ.ਸਾਥੀ ਲੁਧਿਆਣਵੀ, ਲੰਡਨ
ਜਦ
ਸੁਪਨੇ ਵਿਚ ਰਾਤੀਂ ਤੈਨੂੰ ਯਾਰਾ ਦੇਖ਼ਾਂ।
ਦਿਨ ਨੂੰ ਚਾਹਵਾਂ ਉਹੀਓ ਖ਼ਾਬ ਦੁਬਾਰਾ ਦੇਖ਼ਾਂ।
ਜਿੱਥੋਂ ਪਿਆਰ ਦੀ ਅਮਰ ਕਹਾਣੀ ਸ਼ੁਰੂ ਸੀ ਹੋਈ,
ਦਿਲ ਵਿਚ ਆਵੇ ਕਦੇ ਉਹ ਤਖ਼ਤ ਹਜ਼ਾਰਾ ਦੇਖ਼ਾਂ।
ਤੇਰੀ ਪਹਿਲੀ ਮਿਲਣੀ ਦਾ ਸੀ ਅਜਬ ਨਜ਼ਾਰਾ।
ਮੁੜ ਮੁੜ ਚਾਹਵਾਂ ਉਹੀਓ ਅਜਬ ਨਜ਼ਾਰਾ ਦੇਖ਼ਾਂ।
ਗੁੱਸੇ ਵਿਚ ਵੀ ਅੱਖ ਤੁਸੀਂ ਕਿੰਝ ਭਰ ਲੈਂਦੇ ਸੀ,
ਦਿਲ ਕਰਦਾ ਹੈ ਫ਼ਿਰ ਉਹ ਚੜ੍ਹਿਆ ਪਾਰਾ ਦੇਖ਼ਾਂ।
ਤੂੰ ਆਵੇਂ ਤਾਂ ਚੰਨ ਨੂੰ ਮਿਲ਼ਦਾ ਦੂਜਾ ਨੰਬਰ,
ਸਭ ਕੁਝ ਛੱਡ ਕੇ ਤੇਰਾ ਰੂਪ ਨਿਆਰਾ ਦੇਖ਼ਾਂ।
ਮੇਰੇ ਦਰਦ ਦਾ ਅਸਰ ਤੇਰੇ ‘ਤੇ ਏਦਾਂ ਹੋਵੇ,
ਤੇਰੀ ਅੱਖ਼ ਵਿਚ ਆਇਆ ਹੰਝੂ ਖ਼ਾਰਾ ਦੇਖ਼ਾਂ।
ਇਕ ਚਾਨਣੀ ਰਾਤੇ ਜਦ ਆਗੋਸ਼ ‘ਚ ਸੈਂ ਤੂੰ,
ਉਹੀਓ ਭਾਗਾਂ ਵਾਲ਼ਾ ਚੜ੍ਹਿਆ ਤਾਰਾ ਦੇਖ਼ਾਂ।
ਸੀਮਤ ਸੀਮਤ ਤੱਕਣ ਨਾਲ਼ ਤਾਂ ਪਿਆਸ ਬੁਝੇ ਨਾ,
ਜੇ ਮੈਂ ਦੇਖ਼ਾਂ ਸੱਜਣਾ ਤੈਨੂੰ ਸਾਰਾ ਦੇਖ਼ਾਂ।
ਕਈ ਵੇਰ ‘‘ਸਾਥੀ‘‘ ਧੁਰ ਅੰਦਰੋਂ ਕਹਿ ਦਿੰਦਾ ਹੈ,
ਰੱਬ ਤੋਂ ਪਹਿਲਾਂ ਆਪਣਾ ਯਾਰ ਪਿਆਰਾ ਦੇਖ਼ਾਂ।
04/11/2016
ਪੱਤੇ
ਡਾ.ਸਾਥੀ ਲੁਧਿਆਣਵੀ, ਲੰਡਨ
ਰੁੱਖ਼
ਤੋਂ ਝੜ ਕੇ ਆਏ ਪੱਤੇ।
ਟਹਿਣੀ ਬਿਨ ਮੁਰਝਾਏ ਪੱਤੇ।
ਧੁੱਪਾਂ ਦੇ ਵਿਚ ਰੁਲ਼ਦੇ ਪਏ ਨੇ,
ਕਦੇ ਬਣੇ ਜੋ ਸਾਏ ਪੱਤੇ।
ਖ਼ੜ ਖ਼ੜ ਕਰਨ ਪੁਰਾਣੇ ਪੱਤੇ,
ਨਵੇਂ ਜਦੋਂ ਦੇ ਆਏ ਪੱਤੇ।
ਮਰ ਕੇ ਵੀ ਕੰਮ ਆਏ ਪੱਤੇ,
ਭੱਠੀ ਦੇ ਵਿਚ ਤਾਏ ਪੱਤੇ।
ਜਿਉਂਦਿਆਂ ਰੁੱਖ਼ ਤੋਂ ਵੱਖ਼ ਨਹੀਂ ਹੁੰਦੇ,
ਕਦੇ ਨਾ ਹੋਣ ਪਰਾਏ ਪੱਤੇ।
ਉੱਚੇ ਰੁੱਖ 'ਤੇ ਕੋਇਲ ਗਾਵੇ,
ਬੂੰਦਾਂ ਲਈ ਤ੍ਰਿਹਾਏ ਪੱਤੇ।
ਮਾਰੂਥਲ ਵਿਚ ਰੁੱਖ਼ ਨਿਪੱਤਰਾ,
ਮੀਂਹ ਵਰ੍ਹਿਆ ਤਾਂ ਆਏ ਪੱਤੇ।
ਮਿੱਠੀ ਮਿੱਠੀ ਹਵਾ ਰੁਮਕਦੀ,
ਝੂੰਮ ਝੂੰਮ ਕੇ ਗਾਏ ਪੱਤੇ।
ਤਨਹਾਈ ਵਿਚ ਰੁੱਖ਼ਾਂ ਵਾਂਗੂੰ,
ਲ਼ਗਦੇ ਨੇ ਹਮਸਾਏ ਪੱਤੇ।
ਰਾਤੀਂ ਸ਼ਬਨਮ ਕਿੰਨਾ ਰੋਈ,
ਹੰਝੂਆਂ ਨਾਲ਼ ਨਹਾਏ ਪੱਤੇ।
ਸ਼ਬਨਮ ਨਹੀਂ ਸ਼ਰਾਬ ਸੀ ਸ਼ਾਇਦ,
ਲਗ਼ਦੇ ਨੇ ਨਸ਼ਿਆਏ ਪੱਤੇ।
ਅੱਜ ਕਲ ਮੌਸਮ ਹੀ ਐਸਾ ਹੈ,
ਮਾਲੀ ਤੋਂ ਘਬਰਾਏ ਪੱਤੇ।
ਵਾੜਾਂ ਵਿਚੋਂ ਬਾਹਰ ਆਏ,
ਖ਼ਾਰਾਂ ਵਲੋਂ ਸਤਾਏ ਪੱਤੇ।
ਕੁੜੀ ਦੀਆਂ ਗੱਲ੍ਹਾਂ ਸ਼ਰਮਾਈਆਂ,
ਮਹਿੰਦੀ ਦੇ ਜਦ ਆਏ ਪੱਤੇ।
ਇਸ ਵਿਹੜੇ ਇਕ ਬੂਟਾ ਐਸਾ,
ਹੱਥ ਲਾਇਆਂ ਕੁਮਲਾਏ ਪੱਤੇ।
ਸ਼ਗਨਾਂ ਵਾਲ਼ਾ ਘਰ ਲਗਦਾ ਹੈ,
ਬੂਹੇ 'ਤੇ ਲਟਕਾਏ ਪੱਤੇ।
ਤੇਰੇ ਬਾਗ਼ ਦੇ ਫ਼ੁੱਲ ਸੁੰਦਰ ਨੇ,
ਤੇਰੇ ਬਾਗ਼ ਦੇ ਹਾਏ ਪੱਤੇ।
ਜਿਓਂ ਹੀ ''ਸਾਥੀ'' ਵਿਹੜੇ ਵੜਿਆ,
ਫ਼ੁੱਲ ਹੱਸੇ ਮੁਸਕਾਏ ਪੱਤੇ। (1980)
01/11/2016
ਗ਼ਜ਼ਲ
ਡਾ. ਸਾਥੀ ਲੁਧਿਆਣਵੀ, ਲੰਡਨ
ਯਾਰ ਦਾ
ਸੱਥਰ ਚੰਗਾ ਸਮਝਣ ਵਾਲ਼ੇ ਕਿੱਥੇ।
ਪੱਟ ਨੂੰ ਚੀਰਨ ਵਾਲ਼ੇ ਉਹ ਮਤਵਾਲੇ ਕਿੱਥੇ।
ਕਦੇ ਪਰੇਮੀ ਸਹਿਰਾਵਾਂ ਵਿਚ ਰੁੱਲ਼ ਜਾਂਦੇ ਸਨ,
ਅੱਜ ਕੱਲ ਅੱਖ਼ੀਂ ਹੰਝੂ, ਪੈਰੀਂ ਛਾਲੇ ਕਿੱਥੇ।
ਕੰਮ ਕਾਰ ਵਿਚ ਦਿਨ ਨੂੰ ਲਾਂਭੇ ਹੋ ਜਾਂਦੀ ਹੈ,
ਐਪਰ ਜਾਵੇ ਯਾਦ ਤੇਰੀ ਤ੍ਰਿਕਾਲ਼ੇ ਕਿੱਥੇ।
ਮਸਜਦ ਕਿਉਂ ਹੈ ਇੱਥੇ,ਕਿਉਂ ਹੈ ਮੰਦਰ ਇਥੇ,
ਝਗੜੇ ਬਾਝੋਂ ਮਸਜਦ, ਸ਼ਿਵ ਦੁਆਲੇ ਕਿੱਥੇ।
ਆਦਮ ਦਾ ਆਦਮ ਦੋਸਤ ਹੈ, ਇਕ ਮਹਿਰਮ
ਹੈ,
ਇੰਝ ਦੀਆਂ ਸੋਚਾਂ ਆਦਮ ਦੇ ਵਿਚ ਹਾਲੇ ਕਿੱਥੇ।
ਅਜੇ ਤਾਂ ਮਾਨਵ ਰੰਗ ਭੇਦ ਤੋਂ ਮਕਤ ਨਹੀਂ ਹੈ,
ਅਜੇ ਤਾਂ ਮਾਨਵ ਆਖ਼ੇ ਗ਼ੋਰੇ, ਕਾਲ਼ੇ ਕਿੱਥੇ।
ਕੁੱਲ ਦੁਨੀਆਂ ਨਾ ਉੱਕਾ ਅਜੇ ਸੁਤੰਤਰ ਹੋਈ,
ਟੁੱਟੀਆਂ ਨਾ ਜ਼ੰਜੀਰਾਂ ਟੁੱਟੇ ਤਾਲੇ ਕਿੱਥੇ।
ਸੱਚ ਦੀ ਖ਼ਾਤਰ ਸੂਲ਼ੀ ਅੱਜ ਕੱਲ ਕਿਹੜਾ ਚੜ੍ਹਦੈ,
ਸੱਚ ਲਈ ਪੀਵਣ ਵਾਲ਼ੇ ਜ਼ਹਿਰ- ਪਿਆਲੇ ਕਿੱਥੇ।
ਅੱਧੀ ਦੁਨੀਆਂ ਰੀਂਗ ਰਹੀ ਹੈ, ਜਿਉਂਦੀ ਨਹੀਂ ਹੈ,
ਘਰ ਹੀ ਨਹੀਂ ਤਾਂ ਹੋਵਣਗੇ ਪਰਨਾਲ਼ੇ ਕਿੱਥੇ।
ਚੋਰ ਲੁਟੇਰੇ ਘਰ ਦੇ ਬੂਹੇ ਬਾਰੀਆਂ ਲੈ ਗਏ,
ਇਸ ਘਰ ਨੂੰ ਹੁਣ ਲਾਈਏ ਯਾਰੋ ਤਾਲੇ ਕਿੱਥੇ।
ਮੈਖ਼ਾਨੇ ਵਿਚ ਵੜਨ ਸਮੇਂ ਤਾਂ ਸੱਭ ਸਾਲਮ ਸੀ,
ਅੱਧੀ ਰਾਤੀਂ ਸਾਬਤ ਮਿਲਣ ਪਿਆਲੇ ਕਿੱਥੇ।
ਲੋਕੀਂ ਆਖ਼ਣ ‘‘ਸਾਥੀ‘‘ ਸ਼ਾਇਰ ਕਿੱਡਾ ਵੱਡਾ,
ਪਰ ਮੈਂ ਆਖ਼ਾਂ ਮੈਂ ਹਾਂ ਸ਼ਾਇਰ ਹਾਲੇ ਕਿੱਥੇ।
06/06/16
ਚੜ੍ਹਦਾ ਸੂਰਜ
ਡਾ. ਸਾਥੀ ਲੁਧਿਆਣਵੀ, ਲੰਡਨ
ਔਹ
ਪੂਰਬ ਦੇ ਵਤਨੋਂ ਆਇਆ
ਕਿਰਨਾਂ ਦੀ ਇਕ ਬੁੱਚਕੀ ਚਾਈ
ਕਿਰਨਾਂ ਦਾ ਵਣਜਾਰਾ।
ਅੰਬਰੀਂ ਅਜਬ ਨਜ਼ਾਰਾ।
ਨੈਣਾਂ ਵਿਚ ਹੈ ਜੋਤ ਨਿਰਾਲੀ
ਅਜਬ ਓਸ ਦੇ ਮੁੱਖ ‘ਤੇ ਲਾਲੀ
ਲਗਦੈ ਬੜਾ ਪਿਆਰਾ
ਮਤਵਾਲਾ ਵਣਜਾਰਾ।
ਕਿਰਨਾਂ ਦੀ ਉਸ ਖੋਲ੍ਹੀ ਬੁੱਚਕੀ
ਜੱਗ ਦੇ ਏਸ ਚੌਰਸਤੇ ਉਤੇ
ਪਾਇਆ ਇਕ ਖਿ਼ਲਾਰਾ।
ਆਇਆ ਇਕ ਵਣਜਾਰਾ।
‘ਲੈ ਲਓ ਜੀ ਇਕ ਮੁੱਠ ਕਿਰਨਾਂ ਦੀ ।
ਲੈ ਲਓ ਜੀ ਇਕ ਲੱਪ ਕਿਰਨਾਂ ਦੀ।’
ਹੋਕਾ ਦਏ ਵਣਜਾਰਾ।
ਰੱਬ ਦਾ ਰਾਜ ਦੁਲਾਰਾ।
ਚੜ੍ਹਦਾ ਸੂਰਜ ਹੁੰਦਾ “ਸਾਥੀ”,
ਅੱਗ ਦਾ ਇਕ ਅੰਗਿਆਰਾ।
ਪਰ ਹੁੰਦਾ ਜੀਵਨ ਦੀ ਲੀਲ੍ਹਾ
ਦਾ ਇਕ ਅਹਿਮ ਸਹਾਰਾ।
ਕਿਰਨਾਂ ਦਾ ਵਣਜਾਰਾ।
ਰੱਬ ਦਾ ਰਾਜ ਦੁਲਾਰਾ।
08/05/16
21 ਅਪਰੈਲ 2016 ਨੂੰ ਮਲਕਾ ਅਲਿਜ਼ਾਬੈਥ
ਦੇ ਨੱਬੇਵੇਂ ਜਨਮ ਦਿਨ ਉਤੇ ਲਿਖ਼ੀ ਗਈ ਇਕ ਹਾਸ ਵਿਅੰਗ ਵਾਲ਼ੀ ਨਜ਼ਮ
ਮਲਕਾ-ਏ-ਬਰਤਾਨੀਆਂ
ਡਾ.ਸਾਥੀ ਲੁਲਿਆਣਵੀ, ਲੂੰਡਨ
ਬੁਲ੍ਹੀਆਂ
ਦੇ ਵਿਚ ਨਿਮ੍ਹਾ ਨਿਮ੍ਹਾ ਹਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਸਾਡੀ ਮਲਕਾ ਨੱਬੇ ਸਾਲ ਪੁਰਾਣੀ ਹੈ।
ਉਸਦਾ ਖ਼ਾਬੰਦ ਲਗਭਗ ਉਸਦਾ ਹਾਣੀ ਹੈ।
ਪੋਤੇ ਪੋਤੀਆਂ ਤੇ ਪੜਪੋਤਿਆਂ ਵਿਚ ਵਸੇ,
ਸਾਰ ਉਹ ਆਪਣੀ ਪਰਜਾ ਦਾ ਵੀ ਰਖ਼ਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਚੌਹਠਾਂ ਸਾਲਾਂ ਤੋਂ ਯੂ ਕੇ 'ਤੇ ਰਾਜ ਕਰੇ।
ਹੀਰੇ ਮੋਤੀਆਂ ਵਾਲ਼ਾ ਸਿਰ 'ਤੇ ਤਾਜ ਧਰੇ।
ਇਸ ਦੇ ਮੁਕਟ 'ਚ ਕੋਹਿਨੂਰ ਇਕ ਹੀਰਾ ਹੈ,
ਕਿਹੜੇ ਦੇਸੋਂ ਆਇਆ ਇਹ ਨਾ ਦਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਪੌਂਡਾਂ ਦੇ ਨੋਟਾਂ 'ਤੇ ਉਸ ਦੀ ਮੂਰਤ ਹੈ।
ਡਾਕ ਦੀਆਂ ਟਿਕਟਾਂ 'ਤੇ ਉਸ ਦੀ ਸੂਰਤ ਹੈ।
ਉਸ ਨੂੰ ਪੈਸਾ ਰੱਖਣ ਦੀ ਕੋਈ ਲੋੜ ਨਹੀਂ,
ਹੈਂਡ ਬੈਗ ਸ਼ੌਕੀਨੀ ਲਈ ਹੀ ਰਖ਼ਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਮਿਹਰਬਾਨ ਉਹ ਲਗਦੀ ਸਭ ਨੂੰ ਐਨੀ ਹੈ।
ਬੜੀ ਦਿਆਲ ਦਿਸਦੀ ਇਕ ਗਰੈਨੀ ਹੈ।
ਉਸਦੀ ਹਸਤੀ ਸਭ ਦੇ ਦਿਲ ਵਿਚ ਧਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਇਸ ਦੇ ਵੱਡਿਆਂ ਡਾਢੇ ਕਹਿਰ ਕਮਾਏ ਸਨ।
ਸਾਡੇ ਦੇਸੀਂ ਫ਼ੌਜਾਂ ਲੈਕੇ ਆਏ ਸਨ।
ਲ਼ੇਲਕਨ ਹੁਣ ਇਲਤਹਾਸ ਨਾ ਮੁੜਕੇ ਲਲਖ਼ ਹੋਣਾ,
ਇਹ ਗੱਲ ਨਹੀਂਓਂ ਹੁਣ ਮਲਕਾ ਦੇ ਬਸ ਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਜਲ੍ਹਿਆਂ ਵਾਲ਼ੇ ਬਾਗ਼ ਦਾ ਜ਼ਖ਼ਮ ਤਾਂ ਦੁਖ਼ਦਾ ਹੈ।
ਅੰਦਰੋ ਅੰਦਰੀ ਗੋਹਟੇ ਵਾਂਗੂੰ ਧੁਖ਼ਦਾ ਹੈ।
ਭਾਵੇਂ ਹੁਣ ਤਾਂ ਰਾਜ ਹੀ ਹਿੰਦ 'ਚ ਆਪਣਾ ਹੈ,
ਫ਼ਿਰ ਵੀ ਅੱਗ ਦੀ ਕਥਾ ਦਿਲਾਂ ਵਿਚ ਵਸਦੀ ਹੈ।
ਬੁਲ੍ਹੀਆਂ ਦੇ ਵਿਚ ਨਿਮ੍ਹਾ ਨਿਮ੍ਹਾ ਹਸਦੀ ਹੈ।
ਕਹਿੰਦੇ ਸਾਂ ਕਿ ਹਿੰਦੁਸਤਾਨ ਹਮਾਰਾ ਹੈ।
ਅਬ ਤੋ ਪਿਆਰੇ ਇੰਗਲਿਸਤਾਨ ਹਮਾਰਾ ਹੈ।
ਖ਼ੂਨ ਪਸੀਨਾ ਇਸ ਦੇ ਲਈ ਵਹਾਉਂਦੇ ਹਾਂ,
ਇਥੇ ਹੀ ਸਾਡੀ ਦੁਨੀਆਂ ਵਸਦੀ ਰਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਇਕ-ਪੁਰਖ਼ੀ ਤਾਂ ਰਾਜ ਕਦੇ ਵੀ ਪੁੱਗਦਾ ਨਾ।
ਅੱਜ ਦੇ ਦੌਰ 'ਚ ਐਸਾ ਬੂਟਾ ਉੱਗਦਾ ਨਾ।
ਲ਼ੇਕਿਨ ਮਲਕਾ ਚਿਨ੍ਹਵਾਦੀ ਹੀ ਰਾਣੀ ਹੈ,
ਤਾਂਹੀਓਂ ਤਾਂ ਉਹ ਅਜੇ ਵੀ ਮਹਿਲੀਂ ਵਸਦੀ ਹੈ।
ਬੁਲ੍ਹੀਆਂ ਦੇ ਵਿਚ ਨਿਮ੍ਹਾ ਨਿਮ੍ਹਾ ਹਸਦੀ ਹੈ।
ਅਕਸਰ ਉਹ ਟੀ ਵੀ ਦੇ ਉੱਤੇ ਨਜ਼ਰ ਪਵੇ।
ਵੱਡਿਆਂ ਦਿਨਾਂ 'ਚ ਹੀ ਉਹ ਇਕ ਦੋ ਬੋਲ ਕਹੇ।
ਬਾਕੀ ਸਭ ਤਕਰੀਰਾਂ ਹੁੰਦੀਆਂ ਸਰ-ਕਾਰੀ,
ਮਲਕਾ ਨਾ ਕੁਝ ਪੁੱਛਦੀ ਨਾ ਕੁਝ ਦਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਸਾਡੇ ਦੇਸੀਂ ਭੁੱਖਾਂ ਦੇ ਵਰਤਾਰੇ ਨੇ।
ਇਥੇ ਲਗਦੈ ਹਰ ਥਾਂ ਵਾਰੇ ਨਿਆਰੇ ਨੇ।
ਦੁਨੀਆਂ ਦੇ ਹਰ ਕੋਨੇ ਵਿਚੋਂ ਤਾਹੀਓਂ ਤਾਂ,
ਯੂ ਕੇ ਦੇ ਵਿਚ ਏਨੀ ਖ਼ਲਕਤ ਵਸਦੀ ਹੈ।
ਬੁਲ੍ਹੀਆਂ ਦੇ ਵਿਚ ਨਿਮ੍ਹਾ ਨਿਮ੍ਹਾ ਹਸਦੀ ਹੈ।
ਉਸ ਦੀ ਪਰਜਾ ਉਸ ਲਈ ਖ਼ੈਰਾਂ ਮੰਗਦੀ ਹੈ।
ਅਜਕਲ ਉਸ ਦੀ ਪਰਜਾ ਹਰ ਇਕ ਰੰਗ ਦੀ ਹੈ।
''ਸਾਥੀ'' ਵਰਗੇ ਕਿੰਨੇ ਈ ਇਥੇ ਵਸਦੇ ਨੇ,
'ਮੈਂ ਸਭ ਦੀ ਹਾਂ ਮਲਕਾ', ਮਲਕਾ ਦਸਦੀ ਹੈ।
ਸੁੰਦਰ ਮਹਿਲਾਂ ਦੇ ਵਿਚ ਮਲਕਾ ਵਸਦੀ ਹੈ।
ਬੁਲ੍ਹੀਆਂ ਦੇ ਵਿਚ ਨਿਮ੍ਹਾ ਨਿਮ੍ਹਾ ਹਸਦੀ ਹੈ।
20/04/16
ਵੈਸਾਖ਼ੀ
ਡਾ. ਸਾਥੀ ਲੁਧਿਆਣਵੀ,
ਲੰਡਨ
ਪਤਝੜ
ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਵੈਸਾਖ਼ੀ 'ਤੇ ਧਰਤੀ ਉੱਤੇ ਪੈਰ ਨਾ ਟਿੱਕਣ।
ਗਭਰੂ ਤੇ ਮੁਟਿਆਰਾਂ, ਬੱਚੇ, ਬੁੱਢੇ ਨੱਚਣ।
ਫ਼ਸਲਾਂ ਦੀ ਵਾਢੀ ਵੀ ਜੇਕਰ ਹੋ ਗਈ ਹੋਵੇ,
ਕਿਉਂ ਨਾ ਮਨ ਫ਼ਿਰ ਖ਼ੁਸ਼ੀਆਂ ਦੇ ਵਿਚ ਨੱਚੇ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਸੁੱਕੀ ਧਰਤੀ ਉੱਤੇ ਸੰਘਣੇ ਬੱਦਲ ਛਾਵਣ।
ਬਾਗੀਂ ਹੋਵੇ ਰੁਣ ਝੁਣ ਚੜ੍ਹ ਕੇ ਆਵੇ ਸਾਵਣ।
ਧਰਤੀ ਮਾਂ ਦੀ ਕੁੱਖ਼ੋਂ ਉੱਗਣ ਇੰਨੇ ਦਾਣੇ,
ਭੁੱਖ ਦਾ ਵੇਲਾ ਸਦਾ ਲਈ ਜੱਗ ਚੋਂ ਮੁੱਕ ਜਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਅੰਨ ਉਗਾਵਣ ਵਾਲ਼ਾ ਅੰਨ ਦਾ ਮਾਲਕ ਹੋਵੇ।
ਕਿਰਤਾਂ ਕਰਨੇ ਵਾਲ਼ਾ ਦੇਸ ਦਾ ਚਾਲਕ ਹੋਵੇ।
ਬੱਚੇ ਪੜ੍ਹਨ ਲਿਖ਼ਣ, ਬਨਣ ਇਨਸਾਨ ਹੀ ਕੇਵਲ,
ਧਰਮ ਦੇ ਨਾਂ 'ਤੇ ਮਨਾਂ 'ਚ ਨਾ ਕੋਈ ਵੰਡੀਆਂ ਪਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਹਰ ਇਕ ਪਾਸੇ ਮਹਿਕਾਂ ਵੰਡਦਾ ਮੌਸਮ ਹੋਵੇ।
ਹਾਸੇ ਖ਼ੇੜੇ ਖ਼ੁਸ਼ੀਆਂ ਵਾਲ਼ੀ ਸਰਗ਼ਮ ਹੋਵੇ।
ਗ਼ਮ ਦੀ ਪਤਝੜ ਸ਼ਾਲਾ ਮੁੱਕੇ ਇਸ ਦੁਨੀਆਂ ਚੋਂ,
ਦਿਲ ਦੀ ਟਹਿਣੀ ਉੱਤੇ ਬਹਿ ਕੇ ਕੋਇਲ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਦੁਨੀਆਂ ਵਿਚੋਂ ਸੱਭੋ ਖ਼ੂਨੀ ਜੰਗਾਂ ਮੁੱਕਣ।
ਮੁੱਕ ਜਾਵੇ ਦੁਨੀਆਂ ਚੋਂ ਸਾਰਾ ਵੱਢਣ ਟੁੱਕਣ।
ਜੰਗ ਦੀ ਰਾਖ਼ ਚੋਂ ਫ਼ਿਰ ਜੰਮੇਂ ਕੁਕਨੂਸ ਖ਼ੁਦਾਇਆ,
ਅਮਨ ਦੀ ਘੁੱਗੀ ਅੰਬਰੀਂ ਫ਼ੇਰ ਉਡਾਰੀ ਲਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਜਿੱਥੇ ਬਾਬਾ ਨਾਨਕ ਆਇਆ ਕਲ ਨੂੰ ਤਾਰਨ।
ਉਸ ਪੰਜਾਬ ਦੇ ਲੋਕੀਂ ਜਿੱਤਣ ਕਦੇ ਨਾ ਹਾਰਨ।
ਭਾਗੋ ਵਾਂਗੂੰ ਕੋਈ ਕਿਸੇ ਦਾ ਹੱਕ ਨਾ ਖ਼ਾਵੇ,
ਹਰ ਕੋਈ ਲਾਲੋ ਦੇ ਹੀ ਹਰ ਥਾਂ 'ਤੇ ਗੁਣ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਕੌਮ ਲਈ ਫ਼ਿਰ ਮਰ ਮਿਟਣੇ ਦੀ ਹਿੰਮਤ ਜਾਗੇ।
ਲੋਕਾਂ ਖ਼ਾਤਰ ਬੰਦਾ ਆਪਣਾ ਆਪ ਤਿਆਗੇ।
ਪ੍ਰੇਮ ਖ਼ੇਲਨ ਕਾ ਚਾਓ ਹਰ ਇਕ ਬਸ਼ਰ 'ਚ ਹੋਵੇ,
ਹਰ ਕੋਈ ਯਾਰ ਵਾਸਤੇ ਤਲ਼ੀਏਂ ਸੀਸ ਟਿਕਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਮਾਨੁਸ ਕੀ ਸਭ ਇੱਕੋ ਜਾਤ ਪਛਾਣੀ ਜਾਵੇ।
ਸਭ ਦੀ ਹਸਤੀ ਇੱਕ ਬਰਾਬਰ ਜਾਣੀ ਜਾਵੇ।
ਕਦੇ ਵੀ ਏਤੀ ਮਾਰ ਪਵੇ ਨਾ ਹੁਣ ਲੋਕਾਂ ਦੇ,
ਪਾਪ ਕੀ ਜੰਝ ਲੈ ਕਾਬਲ ਵੱਲ੍ਹੋ ਨਾ ਬਾਬਰ ਆਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਗੁਰ ਗੋਬਿੰਦ ਨੇ ਹੱਕ ਸੱਚ ਦਾ ਲਾਇਆ ਨਾਅਰਾ।
ਰਹਿਤ ਪਿਆਰੀ ਮੁੱਝ ਕੋ ਨਹੀ ਸਿੱਖ਼ ਪਿਆਰਾ।
ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗਰੰਥ ਸਾਹਿਬ ਜੀ,
ਕੋਈ ਵੀ ਇਸ ਤੋਂ ਬਾਅਦ ਕਦੇ ਨਾ ਗੁਰੂ ਕਹਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਯਾਰ ਦਾ ਸੱਥਰ ਸਾਨੂੰ ਬੜਾ ਪਿਆਰਾ ਲੱਗੇ।
ਯਾਰ ਬਿਨਾਂ ਇਹ ਜੱਗ ਹੀ ਕੂੜ ਪਸਾਰਾ ਲੱਗੇ।
ਸੂਲ਼ ਸੁਰਾਹੀ ''ਸਾਥੀ'' ਖ਼ੰਜਰ ਇਕ ਪਿਆਲਾ,
ਖ਼ੇੜਿਆਂ ਦਾ ਘਰ ਸਾਨੂੰ ਬਿਲਕੁਲ ਹੀ ਨਾ ਭਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਪਤਝੜ ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
26/03/2016
ਬਾਬਿਆਂ ਦੇ ਟੁੱਲ
ਡਾ. ਸਾਥੀ ਲੁਧਿਆਣਵੀ,
ਲੰਡਨ
ਗਏ ਨੇ ਕੈਨੇਡਾ ਵਾਲ਼ੇ ਵੀਜ਼ੇ ਖੁੱਲ਼ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਕਹਿੰਦੇ ਇੱਥੇ ਸਾਰਾ ਹੀ ਪੰਜਾਬ ਆ ਗਿਆ।
ਜੀਹਦਾ ਨਾਂ ਵੀ ਲਵੋ ਉਹ ਜਨਾਬ ਆ ਗਿਆ।
ਨਾਈ, ਛੀਂਬੇ, ਜੱਟ ਤੇ ਕਰਾੜ ਆ ਗਏ,
ਗ਼ੁਲਾਬ ਸੀ ਪੰਜਾਬ ਸਾਰੇ ਗਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਬਾਬਾ ਕਹਿੰਦਾ ਵੈਲਫੇਅਰ ਬੜੀ ਚੰਗੀ ਆ।
ਘਰ ਵਿਚ ਕਿਸੇ ਗੱਲ ਦੀ ਨਾਂ ਤੰਗੀ ਆ।
ਦੇਸ ਵਿਚ ਕੋਈ ਨਾ ਦੁਆਨੀ ਦਿੰਦਾ ਸੀ,
ਇਥੇ ਆ ਕੇ ਪਿਆ ਸਾਡਾ ਕੋਈ ਮੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਨੂੰਹ ਰਾਣੀ ਕਵ੍ਹੇ ਸਾਨੂੰ ਹਾਇ ਡੈਡ ਜੀ।
ਜਾਣ ਲੱਗੀ ਕਵ੍ਹੇ ਬਾਇ ਬਾਇ ਡੈਡ ਜੀ।
ਕਹਿੰਦੀ ਜ਼ਰਾ ਬੇਬੀ ਦਾ ਖਿ਼ਆਲ ਰੱਖਿਓ,
ਕੇਅਰ ਕਰੋ ਇਹ ਨਾ ਕਿਤੇ ਜਾਵੇ ਰੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਨਵੇਂ ਸਾਡੇ ਦੰਦ, ਦਾਹੜੀ ਰੰਗੀ ਹੋਈ ਆ।
ਏਜ ਸਾਡੀ ਸੱਤਰਾਂ ਤੋਂ ਲੰਘੀ ਹੋਈ ਆ।
ਸ਼ੌਪਾਂ ‘ਚ ਪ੍ਰਾਈਸ ਦਾ ਖਿਆਲ ਰੱਖ਼ੀਦਾ,
ਪਤਾ ਕਿੰਨਾ ਦਾਲ, ਆਟੇ ਦਾ ਹੈ ਮੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਜਦੋਂ ਅਸੀਂ ਇਥੇ ਜੀ ਬੀਮਾਰ ਹੋਈਦਾ।
ਠੰਡ ਨਾਲ਼ ਕੋਲਡ ਦਾ ਸ਼ਿਕਾਰ ਹੋਈਦਾ।
ਬਿਨਾਂ ਫੁੱਟੀ ਕੌਡੀ ਦੇ ਇਲਾਜ ਹੁੰਦਾ ਹੈ,
ਉਥੇ ਮਿੱਟੀ ਵਿਚ ਸੀਗਾ ਜਾਣਾ ਰੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਕੋਕ ਦਿਆਂ ਡੱਬਿਆਂ ਚੋਂ ਪੀਈਏ ਰੰਮ ਜੀ।
ਹੋਰ ਇੱਥੇ ਕਿਹੜਾ ਸਾਨੂੰ ਕੋਈ ਕੰਮ ਜੀ।
ਵੀਕ ਐਂਡ ਉਤੇ ਗੁਰੂ ਘਰ ਜਾਈਦਾ,
ਬਾਬੇ ਕੋਲੋਂ ਅਸੀਂ ਬਖ਼ਸ਼ਾਈਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਘਰ ਦੇ ਬਗ਼ੀਚਿਆਂ ‘ਚ ਲਾਈਆਂ ਗੋਭੀਆਂ।
ਲਾਈਆਂ ਅਸੀਂ ਮਿਰਚਾਂ ਗ਼ੁਜ਼ਾਰੇ ਜੋਗੀਆਂ।
ਅਸੀਂ ਤਾਂ ਜੀ ਆਲੂ ਤੇ ਬਤਾਊਂ ਲਾਵਾਂਗੇ,
ਗੋਰਿਆਂ ਦੇ ਲੱਗੇ ਹੋਏ ਬਥੇਰੇ ਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਪੁੱਤ, ਧੀਆਂ, ਨੂੰਹ ਤੇ ਜੁਆਈ ਭਾਈ ਜੀ।
ਹਰ ਤੀਮੀ ਕੰਮ ਉਤੇ ਹੈ ਲੁਆਈ ਜੀ।
ਡਾਲਰਾਂ ਦੇ ਇਨ੍ਹਾਂ ਨੇ ਜੀ ਢੇਰ ਲਾ ’ਤੇ,
ਕੋਈ ਨਹੀਂਓਂ ਨਾਢੂ ਖਾਂ ਇਨ੍ਹਾ ਦੇ ਤੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਠੰਡ ਵੇਲੇ ਅਸੀਂ ਜੀ ਪੰਜਾਬ ਜਾਈਦਾ।
ਚੰਗਾ ਅਸੀਂ ਪਹਿਨੀਦਾ ਤੇ ਚੰਗਾ ਖਾਈਦਾ।
ਉੱਥੋਂ ਦੇ ਪੰਜਾਬੀਆਂ ਦੇ ਸੀਨੇ ਸਾੜ ਕੇ,
ਕਹੀਦਾ ਕਿ ਲਾਈਫ ਹੈ ਬਿਊਟੀਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਇੰਡੀਆ ‘ਚ ਕਿੱਲਿਆਂ ਦਾ ਕੋਈ ਅੰਤ ਨਾ।
ਉਥੇ ਰਹਿੰਦਾ ਭਾਵੇਂ ਕੋਈ ਜੀਆ ਜੰਤ ਨਾ।
ਸਾਡਿਆਂ ਚੁਬਾਰਿਆਂ ‘ਚ ਉੱਲੂ ਬੋਲਦੇ।
ਸੁੰਨਾਂ ਪਿਆ ਘਰ ਸਾਰਾ ਭੇਤ ਖ਼ੋਲ੍ਹਦੇ।
ਵਿਹੜੇ ਵਿਚ ਘਾ ਹੈ ਨੀ ਕੋਈ ਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਘਰ ਵਿਚ ਬੈਠ ਕੇ ਸਿਆਲ਼ ਕੱਟੀਦਾ।
ਟੈਲੀ ਅਸੀਂ ਦੇਖ਼ੀਦਾ ਤੇ ਨਾਮ ਜੱਪੀਦਾ।
ਬੈਠੇ ਬੈਠੇ ਜਦੋਂ ਅਸੀਂ ਬੋਰ ਹੋਈਦਾ,
ਘਿਓ ਨਾਲ਼ ਗੋਭੀ ਦਾ ਬਣਾਈਏ ਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਬਰਫ਼ਾਂ ਦੇ ਦੇਸ ‘ਚ ਬੁਢਾਪਾ ਗਾਲਿ਼ਆ।
ਇਥੇ ਆ ਕੇ ਲੰਬੜਾ ਤੂੰ ਕੀ ਪਾ ਲਿਆ।
ਘਰ ਵਾਲ਼ੀ ਕਹੇ ਸ਼ੱਟ ਅੱਪ ਓਲਡ ਮੈਨ,
ਇਥੇ ਹੈਗੀ ਤੀਮੀਆਂ ਨੂੰ ਬੜੀ ਖੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਸਾਡਾ ਬੇਲੀ “ਸਾਥੀ” ਹੈ ਕਬਿੱਤ ਜੋੜਦਾ।
ਇਥੇ ਬੈਠਾ ਅੰਬਰਾਂ ਦੇ ਤਾਰੇ ਤੋੜਦਾ।
ਕਹਿੰਦਾ ਜਿਥੇ ਰਹੀਏ ਉਹਦੀ ਖ਼ੈਰ ਮੰਗੀਏ,
ਜੀਹਦਾ ਲੂਣ ਖਾਈਏ ਉਹ ਨਾ ਜਾਈਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਗਏ ਨੇ ਕੈਨੇਡਾ ਵਾਲੇ ਵੀਜ਼ੇ ਖੁੱਲ੍ਹ ਜੀ।
04/04/16
ਗ਼ਜ਼ਲ
ਡਾ. ਸਾਥੀ ਲੁਧਿਆਣਵੀ,
ਲੰਡਨ
ਮੇਰੇ
ਨਜ਼ਦੀਕ ਬੈਠੇ ਸਉ ਮਗਰ ਸਉ ਦੂਰ ਕਿੰਨੇ।
ਮਗ਼ਰ ਮੈਂ ਜਾਣਦਾ ਸਾਂ ਤੁਸੀਂ ਸਉ ਮਜਬੂਰ ਕਿੰਨੇ।
ਸਾਡੇ ਪਿਆਰ ਦਾ ਮੁੱਲ ਤਾਰਿਆ ਮੁਸਕਾਨ ਦੇ ਕੇ,
ਅੱਜ ਤਾਂ ਹੋ ਗਏ ਨੇ ਮਿਹਰਬਾਨ ਹਜ਼ੂਰ ਕਿੰਨੇ।
ਉਨ੍ਹਾਂ ਦੀ ਜ਼ੁਲਫ਼ ਵੀ ਬਿਖ਼ਰੇ ਤਾਂ ਵੱਡੀ ਖ਼ਬਰ ਹੁੰਦੀ,
ਹੁੰਦੇ ਲੋਕ ਕੁਝ ਸੰਸਾਰ ਵਿਚ ਮਸ਼ਹੂਰ ਕਿੰਨੇ।
ਸਾਡੇ ਹਾਸਿਆਂ ਨੂੰ ਇਹ ਜ਼ਮਾਨਾ ਗ਼ਲਤ ਸਮਝੇ,
ਸਾਡੀ ਚੁੱਪ ਤੱਕ ਕੇ ਕਹਿਣ ਕਿ ਮਗ਼ਰੂਰ ਕਿੰਨੇ।
ਮੁਕੱਦਸ ਹੀ ਨਹੀਂ ਹੈ ਸਿਰਫ਼ ਇਕ ਕਿਤਾਬ ਰੱਬ ਦੀ,
ਸੁੱਚੇ ਇਸ਼ਕ ਦੇ ਵੀ ਹੁੰਦੇ ਨੇ ਦਸਤੂਰ ਕਿੰਨੇ।
ਅਕਸਰ ਸੋਚਦਾ ਹਾਂ ਜੀਵਨ ਵਿਚ ਕਿੰਨਾ ਖ਼ਲਾਅ ਹੈ,
ਖ਼ੁਦਾ ਦਾ ਸ਼ੁਕਰ ਹੈ ਕਿ ਤਸੀਂ ਹੋ ਭਰਪੂਰ ਕਿੰਨੇ।
ਥਲ਼ੀਂ ਰੁਲਣਾ, ਝਨਾਂ ਤਰਨੇ ਤੇ ਕੱਟਣਾਂ ਪਰਬਤਾਂ ਨੂੰ,
ਅੱਥਰੇ ਇਸ਼ਕ ਦੇ ਹੁੰਦੇ ਨੇ ਯਾਰ ਫਤੂਰ ਕਿੰਨੇ।
ਪੈਰੀਂ ਬੇੜੀਆਂ ਨੇ ਇਸ਼ਕ ਦੇ ਮੋਢੇ ਸਲੀਬਾਂ,
ਖ਼ਬਰੇ ਹੋਏ ਇਥੇ “ਸਾਥੀ” ਸੁਪਨੇ ਚੂਰ ਕਿੰਨੇ।
09/03/2016
ਇਕ ਤਨਜ਼ੀਆ ਕਲਾਮ
ਮੋਦੀ ਸਾਅਬ- ਅਜਕਲ
ਡਾ.ਸਾਥੀ ਲੁਧਿਆਣਵੀ-ਲੰਡਨ
ਦੇਸੋਂ
ਬਾਹਰ ਹੀ ਰਹਿੰਦੇ ਨੇ ਮੋਦੀ ਸਾਅਬ ਜੀ ਅਜਕਲ।।
ਬਾਹਰ ਬੜਾ ਕੁਝ ਕਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਕਦੇ ਬਾਰਾਕ ਓਬਾਮਾ, ਕਦੇ ਮਲਕਾ-ਏ- ਇੰਗਲਿਸਤਾਨ,
ਹਰ ਇਕ ਨਾਲ ਜਾ ਬਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਕਦੇ ਵਰਜਿਤ ਵਿਅਕਤੀ ਹੁੰਦੇ ਸਨ ਪਰ ਜਾਪਦਾ ਹੈ ਇੰਝ,
ਇੰਗਲਿਸਤਾਨ ਵਿਚ ਰਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਵਿਦੇਸ਼ੀਂ ਜਾਣ ਤਾਂ ਉਹ ਬੋਲਦੇ ਨੇ ਹਿੰਦੀ ਬਹੁਤ ਗੂੜ੍ਹੀ,
ਖ਼ਬਰੇ ਕਿਆ ਕਿਆ ਕਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਜਦੋਂ ਪੰਡਾਲ ਵਿਚ ਹੁੰਦੀ ਹੈ ਜੈ ਜੈਕਾਰ ਮੋਦੀ ਦੀ,
ਉਦੋਂ ਫਿਰ ਫੁੱਲ ਫੁੱਲ ਬਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਭਾਰਤਵਾਸੀ ਜਦ ਕਹਿੰਦੇ ਨੇ ਸਾਡਾ ਹਾਲ ਵੀ ਪੁੱਛੋ,
ਅਜੇ ਮਸਰੂਫ ਹਾਂ, ਕਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਕਹਿਣ ਮੈਂ ਦੋਸਤੀ ਗੰਢਣੀ ਹੈ ਪਾਕਿਸਤਾਨੀਆਂ ਦੇ ਨਾਲ,
ਝੱਟ ਲਹੌਰ ਜਾ ਬਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਜਿਹੜੇ ਭਾਰਤ ਮਾਤਾ ਨਾਲ ਪੰਗਾ ਲੈਣ ਦੀ ਸੋਚਣ,
ਉਨ੍ਹਾਂ ਦੀ ਖ਼ਬਰ ਘੱਟ ਲੈਂਦੇ ਨੇ ਮੋਦੀ ਸਾਅਬ ਜੀ ਅਜਕਲ।
ਕਹਿੰਦੇ ਅਸੀਂ ਕਿਸੇ ਦੀ ਜ਼ਰਾ ਭਰ ਵੀ ਧੌਂਸ ਨਹੀਂ ਸਹਿਣੀ,
ਬੜਾ ਕੁਝ ਬੋਲਦੇ ਰਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਵਤਨ ‘ਚ ਹਾਦਸੇ ਹੋਵਣ ਤਾਂ ਝੱਟ ਬਿਆਨ ਨਹੀਂ ਦਿੰਦੇ,
ਬੜਾ ਹੀ ਘੱਟ ਕੁਝ ਕਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਹੁਣੇ ਬਿਹਾਰ ਵਿਚ ਜਿੱਤੇ ਨੇ ਲਾਲੂ ਯਾਦਵ ਪਹਿਲਵਾਨ,
ਅਜਕਲ ਇੱਝ ਵੀ ਢਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਦਾਰੂ ਵੀ ਨਹੀਂ ਪੀਂਦੇ ਤੇ ਖਾਂਦੇ ਮੀਟ ਵੀ ਨਹਿਓਂ,
ਕਹਿੰਦੇ ਸਾਦਾ ਜਿਹਾ ਰਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਕਿਸੇ ਵੀ ਸਖ਼ਸ ਅੱਗੇ ਕਦੇ ਉਨ੍ਹਾਂ ਦਾ ਸੀਸ ਨਹੀਂ ਝੁੱਕਦਾ,
ਮਾਂ ਦੇ ਚਰਨਾਂ ‘ਚ ਪਰ ਬਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਘਰ ਕਿਉਂ ਲੇਟ ਆਏ ਹੋ? ਕਿਸੇ ਨੇ ਸੁਆਲ ਨਹੀਂ ਕਰਨਾ,
ਕਿਉਂਕਿ ਛੜੇ ਹੀ ਰਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
ਲੰਡਨ ਆਏ ਤਾਂ ਕਹਿੰਦੇ ਸੀ, ਆਪ ਕੇ ਸਾਥ ਹੈਂ “ਸਾਥੀ”,
ਸਾਨੂੰ ਆਪਣਾ ਕਹਿੰਦੇ ਨੇ ਮੋਦੀ ਸਾਅਬ ਜੀ ਅਜਕਲ।
08/01/2016
2016
ਸਾਥੀ ਲੁਧਿਆਣਵੀ, ਲੰਡਨ
ਵੀਹ
ਸੌ ਸੋਲਹਾਂ ਲਈ ਅਸੀਂ ਦੁਆ ਕਰਦੇ ਹਾਂ।
ਬੀਤ ਗਏ ਕਈ ਸਾਲਾਂ ਦੀ ਤਰਹਾਂ ਕਰਦੇ ਹਾਂ।
ਹੇ ਪ੍ਰਭੂ ਇਹ ਨਵਾਂ ਸਾਲ ਹੁਣ ਐਸਾ ਚੜ੍ਹੇ।
ਆਦਮੀ ਆਦਮੀ ਦੇ ਨਾਲ ਨਾ ਉੱਕਾ ਲੜੇ।
ਹੇ ਮੌਲਾ ਅਮਨ ਦੀ ਜੋਤ ਸਦਾ ਜਗਦੀ ਰਹੇ।
ਪਿਆਰ ਦੀ ਗੰਗਾ ਮੁਸਲਸਲ ਵਗਦੀ ਰਹੇ।
ਖ਼ੁਸ਼ਖਬੂਦਾਰ ਤਾਜ਼ਾ ਹਵਾ ਕਾਇਮ ਰਹੇ।
ਇਨਹਾ ਕਲੀਆਂ ਦੀ ਅਦਾਅ ਕਾਇਮ ਰਹੇ।
ਸਲਾਮਤ ਰਹੇ ਇਹ ਘਰ ਤੇ ਹਰ ਘਰ।
ਖ਼ੁੱਲਹਾ ਰਹੇ ਹਰ ਇਕ ਵਾਸਤੇ ਹਰ ਦਰ।
ਹੇ ਮੌਲਾ ਤੌਫ਼ੀਕ ਦੇਈਂ ਹਰ ਬਸ਼ਰ ਨੂੰ,
ਆਉਣ ਦਏ ਹਰ ਰਾਤ ਪੱਛੋਂ ਸਹਰ ਨੂੰ।
ਨੰਨਹੇ ਹੱਥਾਂ 'ਚ ਕਿਤਾਬਾਂ ਕਲਮ ਦਵਾਤਾਂ ਦੇਈਂ।
ਹਰ ਬਾਲਕ ਨੁੰ ਤਾਲੀਮ ਦੀਆਂ ਸੁਗ਼ਾਤਾਂ ਦੇਈਂ।
ਕਾਮੇ ਹਥਿਆਰ ਨਹੀਂ, ਔਜ਼ਾਰ ਚੁੱਕਣ।
ਹੱਕ ਬਚਾਵਣ ਲਈ ਪਰ ਹਥਿਆਰ ਚੁੱਕਣ।
ਵਸਦੇ ਰਹਿਣ ਪ੍ਰਬਤ, ਸਾਗ਼ਰ, ਸਿਹਰਾਅ।
ਵਗਦੇ ਰਹਿਣ ਇਹ ਨਦੀਆਂ, ਨਾਲ਼ੇ, ਦਰਿਆ।
ਨਫ਼ਰਤਾਂ ਲਈ ਕਿਤੇ ਵੀ ਨਾ ਕੋਈ ਥਾਂ ਹੋਵੇ।
ਪਿਆਰ ਦੇ ਰੁੱਖਾਂ ਦੀ ਠੰਡੀ ਮੱਠੀ ਛਾਂ ਹੋਵੇ।
ਆਪਣੇ ਪੰਛੀਆਂ ਦੇ ਪਰ ਸਲਾਮਤ ਰੱਖੀਂ।
ਇਹ ਜੰਗਲ ਇਹ ਅੰਬਰ ਸਲਾਮਤ ਰੁੱਖੀਂ।
ਕੁੜੀਆਂ ਆਜ਼ਾਦ ਹੋਣ ਚਿੜੀਆਂ ਦੀ ਤਰਹਾਂ।
ਉਹ ਹੱਸਣ ਹੱਸਦੀਆਂ ਕਲੀਆਂ ਦੀ ਤਰਹਾਂ।
ਪਿਓ ਦੀ ਪੱਗ, ਧੀ ਦੀ ਪੱਤ ਬਚਾਈ ਰੁੱਖੀਂ।
ਘਰ ਵਿਚ ਪਿਆਰ ਦੀ ਜੋਤ ਜਗਾਈ ਰੁੱਖੀਂ।
ਹਰ ਵਿਹੜੇ 'ਚ ਮਾਂ ਹੋਵੇ ਤੇ ਠੰਡੀ ਛਾਂ ਹੋਵੇ।
ਪੁੱਤਰ ਘਰ ਆਵੇ ਤਾਂ ਉਡੀਕਦੀ ਮਾਂ ਹੋਵੇ।
ਮਹਿਫ਼ਲਾਂ ਵਿਚ ਦੌਰ ਤੇ ਦੌਰ ਚਲਦਾ ਰਹੇ।
ਗ਼ੀਤ ਚਲਦੇ ਰਹਿਣ, ਹਾਸਾ ਮਚਲਦਾ ਰਹੇ।
ਹੇ ਪ੍ਰਭੂ ਕਵਿਤਾ ਦਾ ਵਰਦਾਨ ਦੇਈ ਰੁੱਖੀਂ।
ਕਵੀ ਨੂੰ ਸ਼ਬਦਾਂ ਦਾ ਸਾਮਾਨ ਦੇਈ ਰੁੱਖੀਂ।
ਹਰ ਕੋਈ ''ਸਾਥੀ" ਬਣੇ ਤੇ ਹਮਦਮ ਬਣੇ।
ਦੁਸ਼ਮਣ ਨਾ ਬਣੇ, ਜੇ ਬਣੇ ਤਾਂ ਮਹਿਰਮ ਬਣੇ।
19/12/15
ਗ਼ਜ਼ਲ
ਸਾਥੀ ਲੁਧਿਆਣਵੀ, ਲੰਡਨ
ਕਿਸ
ਕਦਰ ਅਜਕਲ ਬਦਲੀ ਹਵਾ ਹੈ।
ਹਰ ਕਿਸੇ ਨੂੰ ਲਗਦਾ ਜੀਵਨ ਸਜ਼ਾ ਹੈ।
ਕੋਈ ਵੀ ਤਾਂ ਥਾਂ ਸੁਰੱਖਿਅਤ ਨਹੀਂ ਹੈ,
ਹਰ ਤਰਫ ਹਾਦਸਾ ਦਰ ਹਾਦਸਾ ਹੈ।
ਕਦੇ ਵਸਦਾ ਸੀ ਇਹ ਨਗਰ ਪਰ ਅਜਕਲ,
ਹਰ ਤਰਫ ਦਹਿਸ਼ਤ, ਹਰ ਤਰਫ ਕਜ਼ਾ ਹੈ।
ਮਨਫੀ ਹੈ ਇਸ ਨਗਰ ਚੋਂ ਫੁੱਲਾਂ ਦੀ ਬਾਤ,
ਦਰਦ ਦਾ ਹੈ ਮੌਸਮ, ਜ਼ਹਿਰੀ ਫਜ਼ਾ ਹੈ।
ਅੰਬਰੋਂ ਵਰ੍ਹਦੇ ਬੰਬ, ਭੋਂ ‘ਤੇ
ਕਲਾਸ਼ਨੀਕੋਵ,
ਕੁਝ ਦੇਸਾਂ ਨੂੰ ਇਹ ਕਿਆ ਬਦ ਦੁਆ ਹੈ।
ਅਜਬ ਮਾਨਸਿਕਤਾ ਦੇਖੀ ਮੁਫ਼ਲਸ ਦੀ,
ਕਹਿ ਰਿਹੈ ਇਹ ‘ਉਸ ਦੀ’ ਰਜ਼ਾ ਹੈ।
ਇਕ ਰੋਜ਼ ਬਣੇਗਾ ਆਦਮੀ ਇਕ ਆਦਮੀ,
ਮਨ ਵਿਚ “ਸਾਥੀ” ਦੇ ਇਹ ਦੁਆ ਹੈ।,
07/12/15
ਪੀਰ ਫਕੀਰ ਤੇ ਮੁਰਸ਼ਦ ਗੁਰੁ ਨਾਨਕ ਦੇਵ ਜੀ
ਡਾ. ਸਾਥੀ ਲੁਧਿਆਣਵੀ,
ਲੰਡਨ
ਨਾਨਕ ਦੇ ਸ਼ਬਦਾਂ ‘ਤੇ ਅਮਲ ਹੈ ਕਰਨਾ ਪੈਣਾ।
ਇੰਝ ਜੀਵਨ ਵਿਚ ਰੰਗਾਂ ਨੂੰ ਹੈ ਭਰਨਾ ਪੈਣਾ।
ਜੇ ਨਾਨਕ ਦੀਆਂ ਅੱਖਾਂ ਦੇ ਵਿਚ ਸੁਹਣਾ ਲੱਗਣਾ,
ਜਿਸਮ ਨਾਲ ਫਿਰ ਮਨ ਨੂੰ ਸੁੰਦਰ ਕਰਨਾ ਪੈਣਾ।
ਜੇ ਮੁਰਸ਼ਦ ਨੂੰ ਮਿਲਣਾ ਸਾਡੀ ਸੋਚ ਦਾ ਬਿੰਦੂ,
ਤਦ ਤਾਂ ਸਾਨੂੰ ਸ਼ਹੁ ਦਰਿਆਈਂ ਤਰਨਾ ਪੈਣਾ।
ਕਿਹਾ ਸੀ ਉਸਨੇ ਲੋਕਾਂ ‘ਤੇ ਜਿੰਦ ਕਰੋ ਨਿਛ਼ਾਵਰ,
ਸੀਸ ਤਲ਼ੀ ‘ਤੇ ਫਿਰ ਤਾਂ ਸਾਨੂੰ ਧਰਨਾ ਪੈਣਾ।
'ਰਾਜੇ ਸ਼ੀਂਹ ਮੁਕੱਦਮ ਕੁੱਤੇ'
ਕਿਹਾ ਸੀ ਉਸ ਨੇ,
ਲੋੜ ਪਵੇ ਤਾਂ ਰਣਭੂਮੀ ਵਿਚ ਲੜਨਾ ਪੈਣਾ।
ਜੇ ਲੋਕਾਂ ਦਾ ਦਰਦ ਤੁਸਾਂ ਨੇ ਵੰਡਣਾ ਹੀ ਹੈ,
ਬਾਬੇ ਵਾਂਗਰ ਘਰ ਤੋਂ ਬਾਹਰ ਨਿਕਲਨਾ ਪੈਣਾ।
ਕਣ ਕਣ ਦੇ ਵਿਚ ਇਕ ਉਂਕਾਰ ਦਾ ਵਾਸਾ ਜੇਕਰ,
ਹਰ ਬੰਦੇ ਚੋਂ ਰੱਬ ਦਾ ਦਰਸ ਹੈ ਕਰਨਾ ਪੈਣਾ।
ਕਰਨੀ ਸਿਰਫ ਇਬਾਦਤ ਹੀ ਤਾਂ ਕਾਫੀ ਨਹੀਂਓਂ,
ਗੁਰ ਦੀ ਸਿ਼ਖ਼ਸ਼ਾ ਦੇ ਵਿਚ ਸਾਨੂੰ ਢਲਨਾ ਪੈਣਾ।
ਸ਼ਾਹਾਂ ਦਾ ਸ਼ਾਹ ਪੀਰ ਫ਼ਕੀਰ ਤੇ ਮੁਰਸ਼ਦ ਨਾਨਕ,
ਉਸ ਦੇ ਚਰਨੀਂ ਪੱਤੀਆਂ ਵਾਂਗ ਬਿਖ਼ਰਨਾ ਪੈਣਾ।
ਜੇ ਬਾਣੀ ਦਾ ਆਦਰ ਕਰਦਾ ਹੈਂ ਤਾਂ “ਸਾਥੀ”,
ਤੈਨੂੰ ਆਪਣਾ ਰੰਗ ਤੇ ਢੰਗ ਬਦਲਨਾ ਪੈਣਾ।
25/11/15
ਇਕ ਤਨਜ਼ੀਆ ਕਲਾਮ
ਰਫਿਊਜੀ
ਡਾ.ਸਾਥੀ ਲੁਧਿਆਣਵੀ, ਲੰਡਨ
ਇਥੇ ਬੜੇ ਰਫਿ਼ਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਇਥੇ ਬੜੇ ਰਫਿ਼ਊਜੀ ਆ ਗਏ।
ਕਈ ਇਨ੍ਹਾਂ ਵਿਚ ਹੁੰਦੇ ਅਸਲੀ।
ਲੇਕਿਨ ਹੁੰਦੇ ਬਹੁਤੇ ਨਕਲੀ।
ਗੋਰੇ ਹਨ ਜੀ ਭੋਲ਼ੇ ਭਾਲ਼ੇ।
ਸਮਝ ਸਕਣ ਨਾ ਘਾਲ਼ੇ ਮਾਲ਼ੇ।
ਰੋਣ ਕਲਾਣ ਦਾ ਢੌਂਗ ਰਚਾਕੇ,
ਭੰਬਲ਼ਭੂਸਿਆਂ ਦੇ ਵਿਚ ਪਾ ਗਏ।
ਇਥੇ ਬੜੇ ਰਿਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਹਿੰਦੇ ਸਾਡਾ ਦੇਸ ਨਿਕੰਮਾ।
ਭਾਈਆ ਕੁੱਟਿਆ, ਤੜਫੀ ਅੰਮਾ।
ਗਹਿਣਾ ਗੱਟਾ ਖੋਹ ਲਿਆ ਸਾਥੋਂ,
ਢਾਅ ਗਏ ਘਰ ਤੇ ਢਾਅ ਗਏ ਬੰਨਾ।
ਉਥੇ ਸਾਡੀ ਜਾਨ ਨੂੰ ਖ਼ਤਰਾ,
ਸੱਚਾ ਆਪਣਾ ਕੇਸ ਬਣਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਬਾਹਰੋਂ ਆ ਕੇ ਬੰਦੇ ਕਹਿੰਦੇ।
ਆ ਪੁੱਜੇ ਹਾਂ ਡਿੱਗਦੇ ਢਹਿੰਦੇ।
ਡੱਕੂਮੈਂਟ ਨਾ ਜੇਬ ‘ਚ ਕੋਈ,
ਖ਼ਬਰ ਨਹੀਂ, ਸਾਂ ਕਿਥੇ ਰਹਿੰਦੇ।
ਚਾਹੇ ਕੱਢੋ ਚਾਹੋ ਰੱਖੋ,
ਹੁਣ ਤਾਂ ਸ਼ਰਨ ਤੁੰਮ੍ਹਾਰੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਆਏ ਲੌਰੀਆਂ ਦੇ ਵਿਚ ਲੁਕ ਕੇ।
ਕੂਝ ਇਕ ਵਿਚ ਜਹਾਜ਼ੀਂ ਛੁਪ ਕੇ।
ਆ ਗਏ ਤਰ ਕੇ ਸੱਤ ਸਮੁੰਦਰ,
ਹੌਲੀ ਹੌਲੀ ਥਾਂ ਥਾਂ ਰੁਕ ਕੇ।
ਡੋਵਰ ਵਾਲੇ ਅਫਸਰ ਤਾਈਂ,
ਫਾਰਮ ਭਰ ਕੇ ਹੱਥ ਫੜਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਈਆਂ ਨਾਲ ਨਿਆਣੇ ਆਏ।
ਵਹੁਟੀ ਨੂੰ ਵੀ ਨਾਲ ਲਿਆਏ।
ਜੇਬ ‘ਚ ਤਾਂ ਸੀ ਵਿਜ਼ਟਰ ਵੀਜ਼ਾ,
ਕਿਹਾ ਅਸਾਇਲਮ ਮੰਗਣ ਆਏ।
ਹੁਣ ਨਹੀਂ ਪਿਛੇ ਮੁੜ ਕੇ ਜਾਣਾ,
ਉਥੇ ਸਾਡਾ ਸਭ ਕੁਝ ਢਾ ਗਏ।
ਇਥੇ ਬੜੇ ਰਫਿਉਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਅੱਫਗਾਨੀ ਤੇ ਪਾਕਿਸਤਾਨੀ।
ਈਰਾਕੀ ਤੇ ਹਿੰਦੋਸਤਾਨੀ।
ਕੋਸੋਵਨ, ਸੋਮਾਲੀ, ਟਰਕਿਸ਼,
ਟੁਰ ਪਏ ਘਰ ਤੋਂ ਗੁਣੀ ਗਿਆਨੀ।
ਪੁੱਜ ਗਏ ਲੰਡਨ ਵਾਹੋਦਾਹੀ,
ਜੋਗੀ ਉੱਤਰ ਪਹਾੜੋਂ ਆ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਈ ਤਾਂ ਆਏ ਕੱਲਮ ਕੱਲੇ।
ਘਰ ਛੱਡ ਆਏ ਟੂੰਮਾਂ ਛੱਲੇ।
ਇਥੇ ਪਾਉਂਦੇ ਰਾਮ ਦੁਹਾਈ,
ਕਹਿੰਦੇ ਕੁਝ ਨਹੀਂ ਸਾਡੇ ਪੱਲੇ।
ਸਾਡਾ ਉਥੇ ਕੋਈ ਨਾ ਦਰਦੀ,
ਸਾਨੂੰ ਸਾਰੇ ਲੁੱਟ ਕੇ ਖਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਅਸਲੀ ਗੁਰ ਦੇ ਸਿਖ ਹਨ ਗੋਰੇ।
ਸਭ ਨੂੰ ਦਿੰਦੇ ਭਰ ਭਰ ਬੋਰੇ।
ਵੈਲਕੰਮ ਦਾ ਇਹ ਨੋਟਿਸ ਲਾਉਂਦੇ,
ਬੈਨੀਫਿਟ ਦੇ ਦਫ਼ਤਰ ਮੋਹਰੇ।
ਹੋਰ ਤਾਂ ਗੱਲਾਂ ਛੱਡੋ ਯਾਰੋ,
ਸਿਰ ‘ਤੇ ਛੱਤ ਵੀ ਆਕੇ ਪਾ ਗਏ।
ਇਥੇ ਬੜੇ ਰਿਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਯੂ ਕੇ ਵਰਗਾ ਦੇਸ ਨਾ ਕੋਈ।
ਇਸ ਵਰਗਾ ਪਰਦੇਸ ਨਾ ਕੋਈ।
ਸ਼ੌਪਿੰਗ ਕਰ ਦਿੰਦੇ ਨੇ ਹੱਸ ਕੇ,
ਜੇਕਰ ਘਰ ਵਿਚ ਖੇਸ ਨਾ ਕੋਈ।
ਤਰਸ ਭਾਵਨਾ ਇਨ੍ਹਾਂ ਤੋਂ ਸਿੱਖੋ,
ਸਾਰੇ ਘਰ ਵਿਚ ਦਰੀ ਵਿਛਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਸੱਜੇ-ਪੱਖੀ ਗੋਰੇ ਪਿੱਟੇ।
ਕਰ ਲਏ ਉਨ੍ਹਾਂ ਗੰਡਾਸੇ ਤਿੱਖੇ।
ਜੇਕਰ ਹੋਰ ਰਫਿਊਜੀ ਆਏ।
ਸਿਰ ਵੱਢਣੇ ਤੇ ਭੰਨਣੇ ਗਿੱਟੇ।
ਗਲ਼ੀਆਂ ਵਿਚ ਮੁਜ਼ਾਹਰੇ ਕਰਕੇ,
ਕੰਧਾਂ ‘ਤੇ ਨੋਟਿਸ ਚਿਪਕਾਅ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਦਹਿਸ਼ਤਗਰਦਾਂ ਨੂੰ ਪਏ ਲੱਭਣ।
ਗੋਰੇ ਨਾਲੇ ਖਿੱਝਣ ਖੱਪਣ।
ਅਲ-ਕਾਇਦਾ ਦੇ ਬੰਦੇ ਕੈਸੇ,
ਸਿਰ ‘ਤੇ ਬੰਨ੍ਹਕੇ ਫਿਰਦੇ ਕੱਫਣ।
ਦੇਸ ਲਈ ਇਹ ਬਣ ਗਏ ਖ਼ਤਰਾ,
“ਸਾਥੀ” ਸਭ ਨੂੰ ਕਾਂਬਾ ਲਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
23/11/15
ਦੀਪ ਜਲਾਓ
ਡਾ.ਸਾਥੀ ਲੁਧਿਆਣਵੀ, ਲੰਡਨ
ਦੀਪ
ਜਲਾਓ ਅੰਦਰ ਬਾਹਰ।
ਲੋਅ ਫੈਲਾਓ ਅੰਦਰ ਬਾਹਰ।
ਰੋਸ਼ਨੀਆਂ ਦਾ ਉਤਸਵ ਹੈ,
ਜਸ਼ਨ ਮਨਾਓ ਅੰਦਰ ਬਾਹਰ।
ਪਿਆਰ ਦਾ ਚਾਨਣ ਆਉਣ ਦਿਓ,
ਅੱਗ ਨਾ ਲਾਓ ਅੰਦਰ ਬਾਹਰ।
ਅਮਨ ਤੇ ਚੈਨ ਸਲਾਮਤ ਰੱਖੋ,
ਕਹਿਰ ਨਾ ਢਾਓ ਅੰਦਰ ਬਾਹਰ।
ਲੋਕੀਂ ਬੜੇ ਹੀ ਪੀੜਤ ਹਨ,
ਨਾ ਤੜਪਾਓ ਅੰਦਰ ਬਾਹਰ।
ਜੀਣ ਵੀ ਦੇਵੋ ਲੋਕਾਂ ਨੂੰ,
ਖਲਲ ਨਾ ਪਾਓ ਅੰਦਰ ਬਾਹਰ।
ਹਰ ਇਕ ਧਰਮ ਮੁਕੱਦਸ ਹੈ,
ਇਹ ਸਮਝਾਓ ਅੰਦਰ ਬਾਹਰ।
ਦੁਨੀਆਂ ਪਿੰਡ ਗਲੋਬਲ ਹੈ,
ਇਹ ਫਰਮਾਓ ਅੰਦਰ ਬਾਹਰ।
ਜ਼ਿੰਦਗ਼ੀ ਦੇ ਵਿਚ ਹੋਏ ਖ਼ੁਸ਼ੀ,
ਖ਼ੈਰ ਮਨਾਓ ਅੰਦਰ ਬਾਹਰ।
“ਸਾਥੀ” ਆਇਆ ਹੈ ਅੱਜ ਯਾਰ,
ਫੁੱਲ ਬਰਸਾਓ ਅੰਦਰ ਬਾਹਰ।
11/11/15
ਯਾਰ ਦਾ ਸੁਪਨੇ ਦੇ ਵਿਚ ਆਣਾ ਚੰਗਾ ਲਗਦਾ ਹੈ
ਡਾ. ਸਾਥੀ ਲੁਧਿਆਣਵੀ,
ਲੰਡਨ
ਯਾਰ ਦਾ ਸੁਪਨੇ ਦੇ ਵਿਚ ਆਣਾ ਚੰਗਾ ਲਗਦਾ ਹੈ।
ਏਦਾਂ ਆਪਣਾ ਦਿਲ ਭਰਮਾਣਾ ਚੰਗਾ ਲਗਦਾ ਹੈ।
ਯਾਰ ਦੀ ਖ਼ਾਤਰ ਸ਼ਹੁ ਦਰਿਆਈਂ ਤਰਨਾ ਚੰਗਾ ਹੈ,
ਤੇ ਤਲ਼ੀਆਂ ‘ਤੇ ਸੀਸ ਟਿਕਾਣਾ ਚੰਗਾ ਲਗਦਾ ਹੈ।
ਯਾਰ ਦਾ ਸੱਥਰ ਖ਼ੇੜਿਆਂ ਦੇ ਮਹਿਲਾਂ ਤੋਂ ਚੰਗਾ ਹੈ,
ਯਾਰ ਦੇ ਪੱਟ ਦਾ ਬਹੁਤ ਸਰ੍ਹਾਣਾ ਚੰਗਾ ਲਗਦਾ ਹੈ।
ਅਜ ਕਲ ਦੇ ਸੰਗੀਤ ਤੋਂ ਅੱਕ ਕੇ ਕਦੇ ਕਦਾਈਂ ਤਾਂ,
ਸੁਨਣਾ ਅਕਸਰ ਗੀਤ ਪੁਰਾਣਾ ਚੰਗਾ ਲਗਦਾ ਹੈ।
ਲੋਕਾਂ ਦੀ ਖ਼ਿਦਮਤ ਕਰਨੀ ਹੀ ਰੱਬ ਦੀ ਖ਼ਿਦਮਤ ਹੈ,
ਚੰਗੇ ਕੰਮੀ ਨਾਮ ਕਮਾਣਾ ਚੰਗਾ ਲਗਦਾ ਹੈ।
ਖ਼ਬਰੇ ਕਿਥੇ ਰੱਬ ਦਾ ਘਰ ਮਹਿਫੂਜ਼ ਰਹੇਗਾ ਹੁਣ,
ਕੁਝ ਲੋਕਾਂ ਨੂੰ ਇਹ ਘਰ ਢਾਉਣਾ ਚੰਗਾ ਲਗਦਾ ਹੈ।
ਜਿਹੜਾ ਹਾਕਮ ਝੂਠ ਸਹਾਰੇ ਰਾਜ ਚਲਾਉਂਦਾ ਹੈ,
ਉਸ ਨੂੰ ਸੱਚ ਨੂੰ ਫਾਹੇ ਲਾਉਣਾ ਚੰਗਾ ਲਗਦਾ ਹੈ।
ਸੱਚ ਦੇ ਰੁਤਬੇ ਦੀ ਖ਼ਾਤਰ ਸੁਕਰਾਤ ਵਰਗਿਆਂ ਨੂੰ,
ਹੱਸ ਕੇ “ਸਾਥੀ” ਜ਼ਹਿਰ ਵੀ ਖ਼ਾਣਾ ਚੰਗਾ ਲਗਦਾ ਹੈ।
30/10/15
ਇਕ ਤਨਜ਼ੀਆ ਕਲਾਮ
ਰਫਿਊਜੀ
ਡਾ. ਸਾਥੀ ਲੁਧਿਆਣਵੀ,
ਲੰਡਨ
ਇਥੇ ਬੜੇ ਰਫਿ਼ਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਇਥੇ ਬੜੇ ਰਫਿ਼ਊਜੀ ਆ ਗਏ।
ਕਈ ਇਨ੍ਹਾਂ ਵਿਚ ਹੁੰਦੇ ਅਸਲੀ।
ਲੇਕਿਨ ਹੁੰਦੇ ਬਹੁਤੇ ਨਕਲੀ।
ਗੋਰੇ ਹਨ ਜੀ ਭੋਲ਼ੇ ਭਾਲ਼ੇ।
ਸਮਝ ਸਕਣ ਨਾ ਘਾਲ਼ੇ ਮਾਲ਼ੇ।
ਰੋਣ ਕਲਾਣ ਦਾ ਢੌਂਗ ਰਚਾਕੇ,
ਭੰਬਲ਼ਭੂਸਿਆਂ ਦੇ ਵਿਚ ਪਾ ਗਏ।
ਇਥੇ ਬੜੇ ਰਿਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਹਿੰਦੇ ਸਾਡਾ ਦੇਸ ਨਿਕੰਮਾ।
ਭਾਈਆ ਕੁੱਟਿਆ, ਤੜਫੀ ਅੰਮਾ।
ਗਹਿਣਾ ਗੱਟਾ ਖੋਹ ਲਿਆ ਸਾਥੋਂ,
ਢਾਅ ਗਏ ਘਰ ਤੇ ਢਾਅ ਗਏ ਬੰਨਾ।
ਉਥੇ ਸਾਡੀ ਜਾਨ ਨੂੰ ਖ਼ਤਰਾ,
ਸੱਚਾ ਆਪਣਾ ਕੇਸ ਬਣਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਬਾਹਰੋਂ ਆ ਕੇ ਬੰਦੇ ਕਹਿੰਦੇ।
ਆ ਪੁੱਜੇ ਹਾਂ ਡਿੱਗਦੇ ਢਹਿੰਦੇ।
ਡੱਕੂਮੈਂਟ ਨਾ ਜੇਬ ‘ਚ ਕੋਈ,
ਖ਼ਬਰ ਨਹੀਂ, ਸਾਂ ਕਿਥੇ ਰਹਿੰਦੇ।
ਚਾਹੇ ਕੱਢੋ ਚਾਹੋ ਰੱਖੋ,
ਹੁਣ ਤਾਂ ਸ਼ਰਨ ਤੁੰਮ੍ਹਾਰੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਆਏ ਲੌਰੀਆਂ ਦੇ ਵਿਚ ਲੁਕ ਕੇ।
ਕੁਝ ਇਕ ਵਿਚ ਜਹਾਜ਼ੀਂ ਛੁਪ ਕੇ।
ਆ ਗਏ ਤਰ ਕੇ ਸੱਤ ਸਮੁੰਦਰ,
ਹੌਲੀ ਹੌਲੀ ਥਾਂ ਥਾਂ ਰੁਕ ਕੇ।
ਡੋਵਰ ਵਾਲੇ ਅਫਸਰ ਤਾਈਂ,
ਫਾਰਮ ਭਰ ਕੇ ਹੱਥ ਫੜਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਈਆਂ ਨਾਲ ਨਿਆਣੇ ਆਏ।
ਵਹੁਟੀ ਨੂੰ ਵੀ ਨਾਲ ਲਿਆਏ।
ਜੇਬ ‘ਚ ਤਾਂ ਸੀ ਵਿਜ਼ਟਰ ਵੀਜ਼ਾ,
ਕਿਹਾ ਅਸਾਇਲਮ ਮੰਗਣ ਆਏ।
ਹੁਣ ਨਹੀਂ ਪਿਛੇ ਮੁੜ ਕੇ ਜਾਣਾ,
ਉਥੇ ਸਾਡਾ ਸਭ ਕੁਝ ਢਾ ਗਏ।
ਇਥੇ ਬੜੇ ਰਫਿਉਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਅੱਫਗਾਨੀ ਤੇ ਪਾਕਿਸਤਾਨੀ।
ਈਰਾਕੀ ਤੇ ਹਿੰਦੋਸਤਾਨੀ।
ਕੋਸੋਵਨ, ਸੋਮਾਲੀ, ਟਰਕਿਸ਼,
ਟੁਰ ਪਏ ਘਰ ਤੋਂ ਗੁਣੀ ਗਿਆਨੀ।
ਪੁੱਜ ਗਏ ਲੰਡਨ ਵਾਹੋਦਾਹੀ,
ਜੋਗੀ ਉੱਤਰ ਪਹਾੜੋਂ ਆ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਅਸਲੀ ਗੁਰ ਦੇ ਸਿਖ ਹਨ ਗੋਰੇ।
ਸਭ ਨੂੰ ਦਿੰਦੇ ਭਰ ਭਰ ਬੋਰੇ।
'ਵੈਲਕੰਮ' ਦਾ ਇਹ ਨੋਟਿਸ ਲਾਉਂਦੇ,
ਬੈਨੀਫਿਟ ਦੇ ਦਫ਼ਤਰ ਮੋਹਰੇ।
ਹੋਰ ਤਾਂ ਗੱਲਾਂ ਛੱਡੋ ਯਾਰੋ,
ਸਿਰ ‘ਤੇ ਛੱਤ ਵੀ ਆਕੇ ਪਾ ਗਏ।
ਇਥੇ ਬੜੇ ਰਿਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਯੂ ਕੇ ਵਰਗਾ ਦੇਸ ਨਾ ਕੋਈ।
ਇਸ ਵਰਗਾ ਪਰਦੇਸ ਨਾ ਕੋਈ।
ਸ਼ੌਪਿੰਗ ਕਰ ਦਿੰਦੇ ਨੇ ਹੱਸ ਕੇ,
ਜੇਕਰ ਘਰ ਵਿਚ ਖੇਸ ਨਾ ਕੋਈ।
ਤਰਸ ਭਾਵਨਾ ਇਨ੍ਹਾਂ ਤੋਂ ਸਿੱਖੋ,
ਸਾਰੇ ਘਰ ਵਿਚ ਦਰੀ ਵਿਛਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਸੱਜੇ-ਪੱਖੀ ਗੋਰੇ ਪਿੱਟੇ।
ਕਰ ਲਏ ਉਨ੍ਹਾਂ ਗੰਡਾਸੇ ਤਿੱਖੇ।
ਜੇਕਰ ਹੋਰ ਰਫਿਊਜੀ ਆਏ।
ਸਿਰ ਵੱਢਣੇ ਤੇ ਭੰਨਣੇ ਗਿੱਟੇ।
ਗਲ਼ੀਆਂ ਵਿਚ ਮੁਜ਼ਾਹਰੇ ਕਰਕੇ,
ਕੰਧਾਂ ‘ਤੇ ਨੋਟਿਸ ਚਿਪਕਾਅ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਕਈ ਤਾਂ ਆਏ ਕੱਲਮ ਕੱਲੇ।
ਘਰ ਛੱਡ ਆਏ ਟੂੰਮਾਂ ਛੱਲੇ।
ਇਥੇ ਪਾਉਂਦੇ ਰਾਮ ਦੁਹਾਈ,
ਕਹਿੰਦੇ ਕੁਝ ਨਹੀਂ ਸਾਡੇ ਪੱਲੇ।
ਸਾਡਾ ਉਥੇ ਕੋਈ ਨਾ ਦਰਦੀ,
ਸਾਨੂੰ ਸਾਰੇ ਲੁੱਟ ਕੇ ਖਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
ਦਹਿਸ਼ਤਗਰਦਾਂ ਨੂੰ ਪਏ ਲੱਭਣ।
ਗੋਰੇ ਨਾਲੇ ਖਿੱਝਣ ਖੱਪਣ।
ਅਲ-ਕਾਇਦਾ ਦੇ ਬੰਦੇ ਕੈਸੇ,
ਸਿਰ ‘ਤੇ ਬੰਨ੍ਹਕੇ ਫਿਰਦੇ ਕੱਫਣ।
ਦੇਸ ਲਈ ਇਹ ਬਣ ਗਏ ਖ਼ਤਰਾ,
“ਸਾਥੀ” ਸਭ ਨੂੰ ਕਾਂਬਾ ਲਾ ਗਏ।
ਇਥੇ ਬੜੇ ਰਫਿਊਜੀ ਆ ਗਏ।
ਯੂ ਕੇ ਭਰ ਵਿਚ ਹਰ ਥਾਂ ਛਾ ਗਏ।
24/10/15
ਸਾਡੀ ਦਿੱਲੀ
ਡਾ. ਸਾਥੀ ਲੁਧਿਆਣਵੀ,
ਲੰਡਨ
ਟੈਲੀ
‘ਤੇ ਜਦੋਂ ਆਂਦੇ ਨੇ ਸਮਾਚਾਰ ਦਿੱਲੀ ਦੇ।
ਸਾਡੇ ਸੁਪਨਿਆਂ ਵਿਚ ਉਭਰਦੇ ਆਕਾਰ ਦਿੱਲੀ ਦੇ।
ਕਦੇ ਸੀ ਸੋਨ- ਚਿੜੀਆ ਏਸ਼ੀਆ ਦੀ ਨਿਰਸੰਦੇਹ ਲੇਕਿਨ,
ਅਜ ਕਲ ਨਜ਼ਰ ਨਹੀਂ ਆਂਦੇ ਭਲੇ ਆਸਾਰ ਦਿੱਲੀ ਦੇ।
‘‘ਖਚਰੀ ਚਾਲ ਹੈ ਪੱਛਮ ਦੀ‘‘,ਇਹ ਮੰਨੀਏਂ ਭਲਾ ਕੀਕੂੰ,
ਜਦੋਂ ਸ਼ੈਤਾਨ ਦੇ ਚਰਖ਼ੇ ਨੇ ਪਹਿਰੇਦਾਰ ਦਿੱਲੀ ਦੇ।
‘‘ਅਸੀਂ ਗੁਰਬਤ ਹਟਾਵਾਂਗੇ ਜਦੋਂ ਅੰਗਰੇਜ਼ ਟੁਰ ਜਾਸੀ‘‘,
ਅਜੇ ਤੱਕ ਮਗਰ ਨਹੀ ਪੂਰੇ ਹੋਏ ਇਕਰਾਰ ਦਿੱਲੀ ਦੇ।
ਜਿਹੜੇ ਖ਼ੁਆਬ ਸਨ ਆਜ਼ਾਦੀਏ-ਸੰਗਰਾਮ ਤੋਂ ਪਹਿਲਾਂ,
ਉਨ੍ਹਾਂ ਨੂੰ ਲੁੱਟ ਕੇ ਲੈ ਗਏ ਨੇ ਸਭ ਮੱਕਾਰ ਦਿੱਲੀ ਦੇ।
ਕੋਈ ਕੋਲਾ, ਕੋਈ ਸੋਨਾ, ਕੋਈ ਚਾਰਾ ਚੁਰਾਉਂਦਾ ਹੈ,
ਏਨੇ ਬਦਲ ਗਏ ਨੇ ਚੱਜ ਤੇ ਆਚਾਰ ਦਿਲੀ ਦੇ।
ਅੜੇ ਅੰਨਾ ਹਜ਼ਾਰੇ ਹੈਨ ਕਿਹੜੇ ਬਾਗ਼ ਦੀ ਮੂਲੀ,
ਰਿਸ਼ਵਤਖੋਰ ਸਾਰੇ ਕਹਿ ਰਹੇ ਮੱਕਾਰ ਦਿੱਲੀ ਦੇ।
ਜਦੋਂ ਦਾ ਹਿੰਦ ਦੀ ਮਲਕਾ ਦਾ ਯਾਰੋ ਕਤਲ ਹੋਇਆ ਹੈ,
ਬੜੇ ਹੁਸ਼ਿਆਰ ਹੋ ਕੇ ਜੀਉਂਦੇ ਨੇ ਸਰਦਾਰ ਦਿੱਲੀ ਦੇ।
ਨਹੀਂ ਹੈ ਧਰਮ ਤੇ ਵਿਸ਼ਵਾਸ ਦਾ ਝਗੜਾ ਕਿਤੇ ਕੋਈ,
ਬੱਸ ਵਿਦਰੋਹ ‘ਚ ਆ ਚੁੱਕੇ ਨੇ ਸਭ ਲਾਚਾਰ ਦਿੱਲੀ ਦੇ।
ਜੇਕਰ ਉਂਗਲ਼ਾਂ ਤੇ ਗਿਣਨ ਜੋਗੇ ਹਾਦਸੇ ਹੋਵਣ,
ਉਨ੍ਹਾਂ ਦਾ ਜ਼ਿਕਰ ਨਹੀਂ ਕਰਦੇ ਕਦੇ ਅਖ਼ਬਾਰ ਦਿੱਲੀ ਦੇ।
ਜਿਹੜੇ ਹੱਕ ਲਈ ਨਾਅਰੇ ਲਗਾਵਣ ਲੋਕ ਬਾਜ਼ਾਰੀਂ,
ਉਹ ਬਣ ਜਾਂਦੇ ਨੇ ਬੇਈਮਾਨ ਗੱਦਾਰ ਦਿੱਲੀ ਦੇ।
ਦੋਸ਼ੀ ਭੰਵਰ ਵੀ ਹੈ ਤੇ ਅਥਾਹ ਸਾਗ਼ਰ ਵੀ ਹੈ ਯਾਰੋ,
ਬੇੜੀ ਕੀ ਕਰੂ ਜਦ ਠੀਕ ਨਹੀਂ ਪਤਵਾਰ ਦਿੱਲੀ ਦੇ।
ਦਵਾ ਵੀ ਠੀਕ ਨਹੀਂ ਤੇ ਵੈਦ ਦੀ ਵੀ ਨੀਅਤ ਨਹੀਂ ਚੰਗੀ,
ਭਲਾ ਹੁਣ ਜਾਣ ਕਿੱਥੇ ਦੋਸਤੋ ਬੀਮਾਰ ਦਿੱਲੀ ਦੇ।
ਅਸੀਂ ਲੰਡਨ, ਵਾਸ਼ਿੰਗਟਨ, ਟੋਕੀਓ ਜਿੱਥੇ ਵੀ ਹੋ ਆਈਏ,
ਸਾਡੀ ਯਾਦ ਚੋਂ ਨਹੀਂ ਜਾਣਗੇ ਬਾਜ਼ਾਰ ਦਿੱਲੀ ਦੇ।
ਮੌਜਾਂ ਕਰ ਰਿਹਾ ਹੋਵੇਗਾ ਲੰਡਨ ਸ਼ਹਿਰ ਵਿਚ ‘‘ਸਾਥੀ‘‘,
ਮੇਰੇ ਸੋਚਦੇ ਹੋਵਣਗੇ ਸੱਭੋ ਯਾਰ ਦਿੱਲੀ ਦੇ।
12/10/15
ਲੰਡਨ ਵਿਚ
ਡਾ. ਸਾਥੀ ਲੁਧਿਆਣਵੀ,
ਲੰਡਨ
ਜ਼ਿੰਦਗੀ ਚਲਦੀ ਮਾਰ ਫਰਾਟੇ ਲੰਡਨ ਵਿਚ।
ਬੰਦਾ ਬਣ ਜਾਏ ਬੰਦਾ ਆ ਕੇ ਲੰਡਨ ਵਿਚ।
ਇੰਡੀਅਨ, ਪਾਕਿਸਤਾਨੀ, ਕਾਲ਼ੇ, ਫੀਨੇ ਲੋਕ,
ਪੰਡਤ, ਮੁੱਲਾਂ, ਭਾਈ, ਭਾਪੇ ਲੰਡਨ ਵਿਚ।
ਮੁਸ਼ਕੀ ਰੰਗ ਨੇ ਲੰਡਨ ਨੂੰ ਕੀ ਕਰ ਦਿਤਾ,
ਰਾਵਲਪਿੰਡੀ, ਦਿੱਲੀ, ਢਾਕੇ ਲੰਡਨ ਵਿਚ।
ਬੈਂਗਣ, ਕੱਦੂ, ਅੰਬ, ਕਰੇਲੇ, ਗੋਂਗਲੂ,
ਸ਼ੌਪਾਂ ਦੇ ਵਿਚ ਵਿਕਦੇ ਆਟੇ ਲੰਡਨ ਵਿਚ।
ਈਦ, ਦੀਵਾਲ਼ੀ, ਲੋਹੜੀ, ਹੋਲੀ, ਗੁਰੂਪੁਰਬ,
ਮੌਤਾਂ ਉਤੇ ਪੈਣ ਸਿਆਪੇ ਲੰਡਨ ਵਿਚ।
ਕਈ ਤਾਂ ਰਹਿੰਦੇ ਕੱਲਮ ਕੱਲੇ ਲੰਡਨ ਵਿਚ,
ਕਈਆਂ ਦੇ ਹਨ ਤਾਏ ਚਾਚੇ ਲੰਡਨ ਵਿਚ।
ਦੇਸ ‘ਚ ਜਿਹੜੇ ਟਕੇ ਟਕੇ ਦੇ ਬੰਦੇ ਸਨ,
ਨਾਲ ਗਰੂਰਾਂ ਫਿਰੇ ਪਾਟੇ ਲੰਡਨ ਵਿਚ।
ਇੰਡੀਆ ਚੋਂ ਲੈ ਆਏ ਭੈਣਾਂ ਹੀਰ ਦੀਆਂ,
ਨੱਥਾ ਸਿੰਘ ਦੇ ਰਹਿੰਦੇ ਕਾਕੇ ਲੰਡਨ ਵਿਚ।
ਅੱਠੋ ਅੱਠ ਤੇ ਸੰਢਾ ਇਥੇ ਲਾਉਂਦੇ ਨੇ,
ਫਿਰ ਵੀ ਪੂਰੇ ਹੋਣ ਨਾ ਘਾਟੇ ਲੰਡਨ ਵਿਚ।
ਮਿੱਸੀ ਰੋਟੀ ਦੇਸ ‘ਚ ਜਿਹੜੇ ਖਾਂਦੇ ਸਨ,
ਖਾਂਦੇ ਕੇਕ ਉਹ ਮਾਰ ਪੱਚਾਕੇ ਲੰਡਨ ਵਿਚ।
ਖੱਟੀ ਲੱਸੀ ਦੀ ਵੀ ਆਪਣੀ ਲੱਜ਼ਤ ਸੀ,
ਗਿਊਨੈਸ ਦੇ ਵੀ ਆਪਣੇ ਜ਼ਾਇਕੇ ਲੰਡਨ ਵਿਚ।
ਚੋਰ ਉਚੱਕੇ ਹੁੰਦੇ ਸਨ ਜੋ ਪਿੰਡ ਅੰਦਰ,
ਬਣ ਬੈਠੇ ਉਹ ਧਰਮ ਦੇ ਰਾਖੇ ਲੰਡਨ ਵਿਚ।
ਕਾਲ਼ੇ ਰੰਗ ਦਾ ਰਤਨਾ, ਅਬਦੁਲ, ਚਾਰਲੀ,
ਕੁੱਟੇ ਜਾਂਦੇ ਬਿਰਲੇ ਟਾਟੇ ਲੰਡਨ ਵਿਚ।
ਦੇਸ ਪਰਾਏ ਅੰਨ ਕਮਾਉਣਾ ਔਖਾ ਹੈ,
ਝੁਕ ਜਾਂਦੇ ਨੇ ਅਣਖੀ ਗਾਟੇ ਲੰਡਨ ਵਿਚ।
ਮਾੜੀ ਮੋਟੀ ਚੋਰੀ ਇਥੇ ਹੁੰਦੀ ਨਾ,
ਵੱਡੇ ਵੱਡੇ ਪੈਂਦੇ ਡਾਕੇ ਲੰਡਨ ਵਿਚ।
ਸੜਕਾਂ ਅਤੇ ਮਕਾਨਾਂ ਦਾ ਇਹ ਜੰਗਲ ਹੈ,
ਬੇਥਾਹ ਲੋਕੀਂ ਫਿਰਨ ਗਵਾਚੇ ਲੰਡਨ ਵਿਚ।
ਬਰਫ ਹਨ੍ਹੇਰੀ ਮੀਂਹ ਕੋਹਰਾ ਤੇ ਕੱਕਰ ਵੀ,
ਮੌਸਮ ਦੇ ਨੇ ਬੜੇ ਸਿਆਪੇ ਲੰਡਨ ਵਿਚ।
ਸੋਨੇ ਲੱਦੀਆਂ ਸ਼ੌਪਿੰਗ ਕਰਨ ਪੰਜਾਬਣਾਂ,
ਹੁਸਨ ਉਨ੍ਹਾਂ ਦੇ ਪਾਉਣ ਧਮਾਕੇ ਲੰਡਨ ਵਿਚ।
ਉੱਚੀਆਂ ਲੰਮੀਆਂ ਸੈਕਸੀ ਮੇਮਾਂ ਸ਼ਹਿਰ ਦੀਆਂ,
ਇਸ਼ਕ ਉਨ੍ਹਾਂ ਦੇ ਪਾਉਣ ਪਟਾਕੇ ਲੰਡਨ ਵਿਚ।
ਅਧ ਨੰਗੀਆਂ ਹੋ ਜਾਵਣ ਮੇਮਾਂ ਪਲੋ ਪਲੀ,
ਧੁੱਪਾਂ ਕੱਢਣ ਜਦੋਂ ਕੜਾਕੇ ਲੰਡਨ ਵਿਚ।
ਹਿਰਦੇ ਨੇਹੁੰ ਤੋਂ ਉਣੇ ਫੁੱਲੀਂ ਮਹਿਕ ਨਹੀਂ,
ਸੂਲ਼ਾਂ ਦੇ ਹਰ ਥਾਂ ਨੇ ਛਾਪੇ ਲੰਡਨ ਵਿਚ।
ਭੁੱਖਮਰੀ ਦੀ ਚਿੰਤਾ ਹਿੰਦੋਸਤਾਨ ‘ਚ ਹੈ,
ਬਣੇ ਹੋਏ ਸਿਰਦਰਦ ਮੋਟਾਪੇ ਲੰਡਨ ਵਿਚ।
ਇਸ਼ਕ ਅਸਾਡਾ ਪੁੱਗੇ ਆਖ਼ਰ ਕਿੰਝ ਭਲਾ,
ਮੇਰੀ ਵਹੁਟੀ ਤੇਰੇ ਮਾਪੇ ਲੰਡਨ ਵਿਚ।
ਲੇਖਾ ਜੋਖਾ ਹੁਣ ਤਾਂ ਇਥੇ ਹੀ ਹੋਣਾ ਹੈ,
ਖੋਲ੍ਹ ਲਏ ਹਨ ਪੱਕੇ ਖਾਤੇ ਲੰਡਨ ਵਿਚ।
ਕਈ ਦਹਾਕੇ ਹੋ ਗਏ “ਸਾਥੀ” ਲੰਡਨ ਵਿਚ,
ਖ਼ਬਰੇ ਕਿੰਨੇ ਹੋਰ ਦਹਾਕੇ ਲੰਡਨ ਵਿਚ।
- ਛਪ ਰਹੀ ਪੁਸਤਕ ‘ਸ਼ੇਅਰ ਅਰਜ਼ ਹੈ’ ਵਿਚੋਂ
22/09/15
ਪੰਜਾਬੀ
ਡਾ. ਸਾਥੀ ਲੁਧਿਆਣਵੀ,
ਲੰਡਨ
ਸਾਡੇ
ਖ਼ੂਨ ‘ਚ ਵਸਦੀ ਪਿਆਰੀ ਮਾਂ ਬੋਲੀ ਪੰਜਾਬੀ।
ਸਰਬ ਸ੍ਰੇਸ਼ਟ ਅਤੇ ਗੁਣਕਾਰੀ ਮਾਂ ਬੋਲੀ ਪੰਜਾਬੀ।
ਮਾਂ ਦਾ ਦਰਜਾ ਉੱਚਾ ਉਸ ਦੀ ਹਸਤੀ ਬੜੀ ਮਹਾਨ,
ਮਾਂ ਵਰਗੀ ਹੈ ਪਰਉਪਕਾਰੀ ਮਾਂ ਬੋਲੀ ਪੰਜਾਬੀ।
ਧੀ ਹੈ ਇਹ ਪੰਜਾਬ ਦੀ ਤੇ ਇਹ ਏਸੇ ਮਿੱਟੀਓਂ ਜੰਮੀ,
ਕਿਸੇ ਨੇ ਅੰਬਰੋਂ ਨਹੀਂ ਉਤਾਰੀ ਮਾਂ ਬੋਲੀ ਪੰਜਾਬੀ।
ਮਿੱਟੀ ਹੈ ਪੰਜਾਬ ਦੀ ਕਹਿੰਦੇ ਸੋਨਾ ਉਗਲਣ ਵਾਲੀ,
ਫੁੱਲਾਂ ਦੀ ਹੈ ਇਕ ਕਿਆਰੀ ਮਾਂ ਬੋਲੀ ਪੰਜਾਬੀ।
ਇਸ ਦੇ ਪੈਂਤੀ ਅੱਖਰ ਹਨ ਸਮਰੱਥ ਹਰੇਕ ਧੁਨੀ ਦੇ,
ਕੌਣ ਕਹੇ ਨਹੀਂ ਵੱਡ-ਆਕਾਰੀ ਮਾਂ ਬੋਲੀ ਪੰਜਾਬੀ।
ਗੁੜ ਵਰਗੀ ਹੈ ਮਿੱਠੀ, ਇਹ ਹੈ ਸ਼ੀਹਦਾਂ ਤੋਂ ਵੀ ਉੱਤਮ,
ਦੁਧਾਂ ਵਾਂਗ ਪਵਿੱਤਰ, ਇਹ ਨਹੀਂ ਖਾਰੀ ਹੈ ਪੰਜਾਬੀ।
ਗੁਰੁ ਗਰੰਥ ਦੇ ਸਾਹਵੇਂ ਜਦ ਵੀ ਨਤਮਸਤਕ ਹਾਂ ਹੁੰਦੇ,
ਉਸ ਵੇਲੇ ਸਤਿਕਾਰੀ ਜਾਂਦੀ ਮਾਂ ਬੋਲੀ ਪੰਜਾਬੀ।
ਨਾਨਕ, ਨੂਰਪੁਰੀ ਤੇ ਸ਼ਿਵ ਨੇ ਕੀਤੀ ਇਸ ਵਿਚ ਸ਼ਾਇਰੀ,
ਵਧੀਆਂ ਸ਼ੇਅਰਾਂ ਨਾਲ ਸ਼ਿੰਗਾਰੀ ਮਾਂ ਬੋਲੀ ਪੰਜਾਬੀ।
ਵਾਰਸ ਸ਼ਾਹ ਨੇ ਹੀਰ ਲਿੱਖੀ ਤੇ ਹਾਸ਼ਮ ਸ਼ਾਹ ਨੇ ਸੱਸੀ,
ਬੋਲੀ ਵਰਤੀ ਉੱਚ-ਮਿਆਰੀ ਮਾਂ ਬੋਲੀ ਪੰਜਾਬੀ।
ਬੋਲੀਆਂ, ਟੱਪੇ, ਲੋਰੀਆਂ, ਮਾਹੀਏ ਤੇ ਮਾਵਾਂ ਦੇ ਗੀਤ,
ਸ਼ਬਦਾਂ ਦੀ ਹੈ ਇਕ ਪਟਾਰੀ ਮਾਂ ਬੋਲੀ ਪੰਜਾਬੀ।
ਨਜ਼ਮਾਂ, ਗ਼ਜ਼ਲਾਂ, ਨਾਵਲ, ਕਿੱਸੇ, ਏਸੇ ਵਿਚ ਹੀ ਲਿੱਖੇ,
ਰੰਗ ਬਰੰਗੀ ਹੈ ਫੁਲਕਾਰੀ ਮਾਂ ਬੋਲੀ ਪੰਜਾਬੀ।
ਰਫ਼ੀ, ਰੇਸ਼ਮਾਂ, ਨੂਰ ਜਹਾਂ, ਮਸਤਾਨਾ ਅਤੇ ਸੁਰਿੰਦਰ,
ਕੋਮਲ ਸੁਰਾਂ ‘ਚ ਉਨ੍ਹਾਂ ਉਤਾਰੀ ਮਾਂ ਬੋਲੀ ਪੰਜਾਬੀ।
ਕੁਝ ਪੁੱਤਰਾਂ ਨੇ ਮਗਰ ਬਣਾਈਆਂ ਮਾਵਾਂ ਸੱਤ ਪਰਾਈਆਂ,
ਤਾਹੀਓਂ ਲਗਦੀ ਥੱਕੀ ਹਾਰੀ ਮਾਂ ਬੋਲੀ ਪੰਜਾਬੀ।
ਧਰਮ ਸਮਝ ਕੇ ਲਿਖ਼ਦੇ ਇਸ ਵਿਚ ਕੁਝ ਕਲਮਾਂ ਦੇ ਯੋਧੇ,
ਪੜ੍ਹਨ ਖੁਣੋਂ ਪਰ ਥੁੜੀ ਵਿਚਾਰੀ ਮਾਂ ਬੋਲੀ ਪੰਜਾਬੀ।
ਇਸ ਦੇ ਪੁੱਤਰ ਬੋਲਣ ਇੰਗਲਿਸ਼ ਤੇ ਹਿੰਦੀ ਵਿਚ ਆਖਣ,
ਪੌਸ਼ ਨਹੀਂ ਹੈ ਯਾਰ ਤੁਮ੍ਹਾਰੀ ਮਾਂ ਬੋਲੀ ਪੰਜਾਬੀ।
ਬੋਲੀ ਬਾਝੋਂ ਰੁਲ ਜਾਣਾ ਤੇ ਵਿਰਸਾ ਆਪਣਾ ਭੁੱਲਣਾ,
“ਸਾਥੀ” ਜੇਕਰ ਤੁਸੀਂ ਵਿਸਾਰੀ ਮਾਂ ਬੋਲੀ ਪੰਜਾਬੀ।
13/09/15
ਗ਼ਜ਼ਲ
ਡਾ.ਸਾਥੀ ਲੁਧਿਆਣਵੀ, ਲੰਡਨ
ਤੇਰਾ ਹਰ ਇਕ ਬੋਲ ਪਿਆਰਾ ਯਾਰਾ ਲਗਦਾ ਹੈ।
ਸਾਨੂੰ ਸਾਡਾ ਚੰਗਾ ਮਿੱਤਰ ਪਿਆਰਾ ਲਗਦਾ ਹੈ।
ਮੇਰੇ ਚੰਨ ਦੀ ਸੁੰਦਰਤਾ ਦਾ ਕੋਈ ਮੇਲ ਨਹੀਂ,
ਮੇਰੇ ਚੰਨ ਦੇ ਸਾਹਵੇਂ ਚੰਨ ਨਿਕਾਰਾ ਲਗਦਾ ਹੈ।
ਨਿੱਖਰੀ ਹੋਈ ਹੈ ਰਾਤ ਤੇ ਚੱਲਦੀ ‘ਵਾ ਮਸਤਾਨੀ ਹੈ,
ਕਿਧਰੇ ਕਿਧਰੇ ਬੱਦਲ ਕੋਈ ਆਵਾਰਾ ਲਗਦਾ ਹੈ।
ਯਾਰ ਦੇ ਸੱਥਰ ਨਾਲੋਂ ਖੇੜਿਆਂ ਦਾ ਘਰ ਚੰਗਾ ਨਹੀਂ,
ਯਾਰ ਦਾ ਡੇਰਾ ਸੁਰਗ ਤੋਂ ਵੱਧ ਪਿਆਰਾ ਲਗਦਾ ਹੈ।
ਲਾਰੇ ਲਾਉਣ ਦੀ ਆਦਤ ਉਸਦੀ ਏਸ ਕਦਰ ਹੈ ਆਮ,
ਸੱਚਾ ਵਾਅਦਾ ਵੀ ਹੁਣ ਉਸ ਦਾ ਲਾਰਾ ਲਗਦਾ ਹੈ।
ਰੁੱਸ ਕੇ ਚੱਲਿਆ ਮਹਿਰਮ ਖ਼ਬਰੇ ਸੋਚ ਰਿਹਾ ਹੈ ਕੀ,
ਉਸਦੀ ਅੱਖ ਚੋਂ ਡਿਗਿਆ ਹੰਝੂ ਖਾਰਾ ਲਗਦਾ ਹੈ।
ਪੰਛੀ ਬਣ ਤ੍ਰਿਣ,ਸਾਗਰ, ਪਰਬਤ, ਦਰਿਆ ਤੇ ਸਹਿਰਾਅ,
ਹਰ ਸ਼ੈਅ ਵਿਚ ਕੋਈ ਰੱਬ ਅਜਬ ਨਜ਼ਾਰਾ ਲਗਦਾ ਹੈ।
ਪਿਆਰ ਮਹੱਬਤ ਦਾ ਖ਼ਤ ਫੁੱਲ ਤੋਂ ਹਲਕਾ ਹੁੰਦਾ ਹੈ,
ਦਰਦਾਂ ਵਾਲਾ ਖ਼ਤ ਹਮੇਸ਼ਾ ਭਾਰਾ ਲਗਦਾ ਹੈ।
ਠੰਡੇ ਤੱਤੇ ਮੌਸਮ ਮਗਰ ਪਿਆਰੇ ਲੋਕੀਂ ਨੇ,
ਸਾਨੂੰ ਆਪਣਾ ਲੰਡਨ ਸ਼ਹਿਰ ਪਿਆਰਾ ਲਗਦਾ ਹੈ।
ਰੁੱਸਦਾ, ਮੰਨਦਾ ਕਦੇ ਹਸਾਉਂਦਾ ਰਹਿੰਦਾ ਹੈ “ਸਾਥੀ”,
ਕਦੇ ਇਹ ਸ਼ਬਨਮ, ਕਦੇ ਇਹ ਇਕ ਸ਼ਰਾਰਾ ਲਗਦਾ ਹੈ।
13/09/15
ਗ਼ਜ਼ਲ
ਡਾ. ਸਾਥੀ ਲੁਧਿਆਣਵੀ,
ਲੰਡਨ
ਹਰ
ਪਲ ਇਮਤਿਹਾਨ ਲਗਦਾ ਹੈ।
ਜੀਣਾ ਕਠਨ ਮੇਰੀ ਜਾਨ ਲਗਦਾ ਹੈ।
ਸ਼ੂਕਦੇ ਦਰਿਆ ਤਰ ਸਕਦੇ ਸਾਂ ਕਦੇ,
ਹਰ ਕਤਰਾ ਹੁਣ ਤੂਫਾਨ ਲਗਦਾ ਹੈ।
ਉਸ ਬਿਨਾਂ ਇਹ ਘਰ ਇਕ ਘਰ ਨਹੀਂ,
ਇਹ ਘਰ ਇਕ ਮਕਾਨ ਲਗਦਾ ਹੈ।
ਡੀ ਵੀ ਡੀ, ਟੀ ਵੀ, ਰੇਡੀਓ, ਆਈ ਫੋਨ,
ਚੁੱਪ ਨੂੰ ਸਹਿਣ ਦਾ ਸਾਮਾਨ ਲਗਦਾ ਹੈ।
ਤੋੜ ਕੇ ਦਿਲ ਹੋਰ ਕਰ ਲੈਣਾ ਤਲਾਸ਼,
ਉਸ ਨੂੰ ਬੜਾ ਆਸਾਨ ਲਗਦਾ ਹੈ।
ਫੜ ਕੇ ਬੈਠਾ ਹੈ ਜੋ ਪੱਲਾ ਸੱਚ ਦਾ,
ਬੰਦਾ ਉਹ ਕੋਈ ਨਾਦਾਨ ਲਗਦਾ ਹੈ।
ਨਾ ਹਿੰਦੂ, ਨਾ ਮੁਸਲਮਾਨ ਜੋ ਹੋਵੇ,
ਉਹ ਇਨਸਾਨ ਇਨਸਾਨ ਲਗਦਾ ਹੈ।
ਕਰ ਰਿਹਾ ਹੈ ਸਾਵਿਆਂ ਹੱਕਾਂ ਦੀ ਗੱਲ,
ਹੁਕਮਰਾਨ ਸ਼ੈਤਾਨ ਲਗਦਾ ਹੈ।
ਟੁਰ ਗਏ ਹਨ ਸਭ ਸੈਲਾਨੀ ਰਾਤ ਨੂੰ,
ਤਾਜ ਮਹਿਲ ਵੀਰਾਨ ਲਗਦਾ ਹੈ।
ਚੀਜ਼ ਆਪਣੀ ਸੀ ਬੇਗ਼ਾਨੀ ਹੋ ਗਈ,
“ਲੁਧਿਆਣਵੀ” ਹੈਰਾਨ ਲਗਦਾ ਹੈ।
02/08/15
ਹਿੰਦੁਸਤਾਨ
ਡਾ. ਸਾਥੀ ਲੁਧਿਆਣਵੀ,
ਲੰਡਨ
ਜਿਉਂਦਾ
ਵਸਦਾ ਰਹੇ ਅਸਾਡਾ ਹਿੰਦੁਸਤਾਨ।
ਉਸਦੇ ਨਾਲ ਹੀ ਸਾਡੀ ਬਾਹਰ ਹੈ ਪਹਿਚਾਣ।
ਦੇਸੋਂ ਬਾਹਰ ਉਸ ਲਈ ਖ਼ੈਰਾਂ ਮੰਗਦੇ ਰਹੀਏ।
ਉਠਦੇ ਬਹਿੰਦੇ ਉਸ ਦੀਆਂ ਹਰਦਮ ਸਾਰਾਂ ਲਈਏ॥
ਉਸ ਧਰਤੀ ਦੀ ਖ਼ੁਸ਼ਬੂ ਸਾਡੇ ਖ਼ੂਨ 'ਚ ਵੱਸਦੀ,
ਅਸੀਂ ਹਾਂ ਆਖ਼ਰ ਭਾਰਤ ਮਾਂ ਦੀ ਹੀ ਸੰਤਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਸਾਡੀ ਯਾਦ 'ਚ ਵੱਸਣ ਉਸਦੇ ਜੰਗਲ ਬੇਲੇ।
ਕੁੜੀਆਂ ਤੇ ਮੁਟਿਆਰਾਂ ਤੇ ਗਭਰੂ ਅਲਬੇਲੇ।
ਗੰਗਾ ਜਮੁਨਾ ਸਤਲੁਜ ਅਤੇ ਹਿਮਾਲਾ ਪਰਬਤ,
ਸੋਨੇ ਵਰਗੀ ਧਰਤੀ ਤੇ ਨੀਲਾ ਅਸਮਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਕਿੰਨੇ ਲੋਕ ਆਜ਼ਾਦੀ ਲਈ ਕੁਰਬਾਨ ਸੀ ਹੋਏ।
ਮਾਵਾਂ, ਵੀਰਾਂ, ਭੈਣਾ ਵਾਲੇ ਹੱਸ ਹੱਸ ਮੋਏ।
ਭਗਤ ਸਿੰਘ, ਸੁਭਾਸ਼ ਬੋਸ ਤੇ ਲੱਖਾਂ ਹੋਰ,
ਕਰ ਗਏ ਜਾਨਾਂ ਦੇਕੇ ਭਾਰਤ 'ਤੇ ਅਹਿਸਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਮੰਦਰ ਜਾਵੋ, ਗੁਰੂਦੁਆਰੇ, ਮਸਜਦ ਜਾਵੋ।
ਦਿਲ ਨਾ ਤੋੜੋ, ਕਿਸੇ ਦੇ ਰੱਬ ਦਾ ਘਰ ਨਾ ਢਾਵੋ।
ਹਿੰਦੂ, ਮੁਸਲਿਮ, ਸਿੱਖ, ਈਸਾਈ ਹਿੰਦੋਸਤਾਨੀ,
ਸਭ ਦੇ ਹੱਕ ਹਨ ਭਾਰਤ ਦੇ ਵਿਚ ਇਕ ਸਮਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਗੋਰੇ ਕੱਢੇ, ਭੁਰੇ ਹਾਕਮ ਆ ਗਏ ਨੇ ਕੁਝ।
ਰੱਤ ਲੋਕਾਂ ਦੀ ਪੀਵਣ ਵਾਲੇ ਛਾ ਗਏ ਨੇ ਕੁਝ।
ਸੋਨੇ ਦੀ ਚਿੜੀਆ ਦੇ ਏਹਨਾਂ ਖੰਭ ਨੋਚ ਲਏ,
ਖੰਭਹੀਣ ਇਹ ਭਰੇਗਾ ਪੰਛੀ ਕਿੰਝ ਉਡਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਦੇਸ਼ਵਾਸੀਓ ਭੁਖਿਆਂ ਦੀਆਂ ਵੀ ਲੈ ਲਓ ਸਾਰਾਂ।
ਆਪਣੇ ਹੱਕ ਲਈ ਚੁੱਕ ਸਕਦੇ ਨੇ ਇਹ ਤਲਵਾਰਾਂ।
ਸੁੰਦਰ ਮਹਿਲਾਂ ਦੇ ਪਿਛਵਾੜੇ ਝੁੱਗੀਆਂ ਵਿਚੋਂ,
ਚੁਪ ਚੁਪੀਤੇ ਉੱਠ ਸਕਦਾ ਹੈ ਇਕ ਤੂਫਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਆਜ਼ਾਦੀ ਦਾ ਪਰਚਮ ਸਦਾ ਹੀ ਝੁੱਲਦਾ ਰਹਿਣਾ।
ਆਜ਼ਾਦੀ ਹੈ ਭਾਰਤ ਮਾਂ ਦਾ ਸੁੰਦਰ ਗਹਿਣਾ।
ਇਸ ਦੇ ਦੁਸ਼ਮਣ ਹਰਗਿਜ਼ ਸਫ਼ਲ ਹੋਣ ਨਹੀਂ ਦੇਣੇ,
ਹਿੰਦ ਦੀ ਜਨਤਾ ਦਾ ਹੈ ਇਹ ਖ਼ੁੱਲ੍ਹਾ ਐਲਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਸਾਨੂੰ ਬੜਾ ਪਿਆਰਾ ਬੇਸ਼ੱਕ ਇੰਗਲਿਸਤਾਨ।
ਭਾਰਤ ਵੀ ਤਾਂ ''ਸਾਥੀ" ਸਾਡੀ ਜਿੰਦ ਤੇ ਜਾਨ।
ਮੁਸਤਕਬਿਲ ਹੈ ਇਥੇ, ਉਥੇ ਜੜ੍ਹਾਂ ਸਾਡੀਆਂ,
ਹੁਣ ਸਾਡੇ ਲਈ ਹੋ ਗਏ ਦੋਵੇਂ ਵਤਨ ਸਮਾਨ।
ਜਿਉਂਦਾ ਵਸਦਾ ਰਹੇ ਅਸਾਡਾ ਹਿੰਦੁਸਤਾਨ।
ਉਸਦੇ ਨਾਲ ਹੀ ਸਾਡੀ ਬਾਹਰ ਹੈ ਪਹਿਚਾਣ।
15/08/15
ਗ਼ਜ਼ਲ
ਡਾ. ਸਾਥੀ ਲੁਧਿਆਣਵੀ,
ਲੰਡਨ
ਆਸੋਂ ਸੱਖਣੇ ਇਹ ਮੰਜ਼ਰ ਦੇਖੇ ਨਹੀਂ ਜਾਂਦੇ।
ਤੇਰੇ ਬਦਲਦੇ ਹੋਏ ਤੇਵਰ ਦੇਖੇ ਨਹੀਂ ਜਾਂਦੇ।
ਇਹ ਮੈਖ਼ਾਨਾ ਹੈ ਪੀਣ ਦੀ ਮਨਾਹੀ ਹੈ ਕਿਉਂ,
ਇਹ ਮੀਨਾ ਇਹ ਸਾਗ਼ਰ ਦੇਖੇ ਨਹੀਂ ਜਾਂਦੇ।
ਤੇਰੀ ਉਡੀਕ ਵਿਚ ਗ਼ੁਜ਼ਰਦੇ ਜਾਂਦੇ ਨੇ ਪਲ,
ਇਹ ਗ਼ੁਜ਼ਰਦੇ ਪਲ ਮਗਰ ਦੇਖੇ ਨਹੀਂ ਜਾਂਦੇ।
ਜਿਨ੍ਹਾਂ ਦਰਾਂ ਚੋਂ ਲੰਘ ਕੇ ਆਉਂਦਾ ਸੈਂ ਤੂੰ,
ਤੈਨੂੰ ਉਡੀਕਦੇ ਇਹ ਦਰ ਦੇਖੇ ਨਹੀਂ ਜਾਂਦੇ।
ਜਿਥੇ ਵਸਦੇ ਹੁੰਦੇ ਸੀ ਕਦੇ ਦਿਲਾਂ ਦੇ ਜਾਨੀ,
ਉਹ ਗਲੀਆਂ ਉਹ ਸ਼ਹਿਰ ਦੇਖੇ ਨਹੀਂ ਜਾਂਦੇ।
ਉਹ ਗਿਆ ਤਾਂ ਕਰ ਗਿਆ ਘਰ ਨੂੰ ਵੀਰਾਨ,
ਇਹ ਸ਼ਾਮ ਇਹ ਸਹਿਰ ਦੇਖੇ ਨਹੀਂ ਜਾਂਦੇ।
ਕਿਥੇ ਟੁਰ ਗਏ ਇਨ੍ਹਾਂ ਘਰਾਂ ਚੋਂ ਹਮਸਾਏ,
ਉੱਜੜੇ ਘਰ ਉਦਾਸ ਸ਼ਜਰ ਦੇਖੇ ਨਹੀਂ ਜਾਂਦੇ।
ਖੰਭ ਲਗਾ ਕੇ ਉੱਡ ਗਿਆ ਮਨ ਦਾ ਸਕੂਨ,
ਇਹ ਬੇਚੈਨੀ ਇਹ ਖਲਲ ਦੇਖੇ ਨਹੀਂ ਜਾਂਦੇ।
ਗਗਨ ‘ਚ ਉਡ ਰਿਹਾ ਸੀ “ਸਾਥੀ ਲੁਧਿਆਣਵੀ”,
ਕਟ ਗਏ ਈਹਦੇ ਹੁਣ ਪਰ ਦੇਖੇ ਨਹੀਂ ਜਾਂਦੇ।
08/06/2015
ਗ਼ਜ਼ਲ
ਡਾ.ਸਾਥੀ ਲੁਧਿਆਣਵੀ, ਲੰਡਨ
ਸਾਨੂੰ ਤਾਂ
ਸਾਡੀ ਮਜਬੂਰੀ ਮਾਰ ਗਈ।
ਸਾਨੂੰ ਸਾਡੀ ਉਸ ਤੋਂ ਦੂਰੀ ਮਾਰ ਗਈ।
ਇਕ ਤਾਂ ਉਸਦਾ ਰੂਪ ਸਲੋਨਾ ਕਾਤਲ ਸੀ,
ਦੂਜਾ ਉਸ ਦੀ ਅੱਖ਼ ਸੰਧੂਰੀ ਮਾਰ ਗਈ।
ਇਕ ਤਾਂ ਰਾਂਝਾ ਉਂਝ ਹੀ ਪਿਆਰ ਦਾ ਭੁੱਖ਼ਾ ਸੀ,
ਦੂਜਾ ਉਸ ਨੂੰ ਹੀਰ ਦੀ ਚੂਰੀ ਮਾਰ ਗਈ।
ਟੁੱਟਦੀ ਹੈ ਤਾਂ ਅੱਧ ਵਿਚਕਾਰੋਂ ਟੁੱਟਦੀ ਹੈ,
ਸਾਨੂੰ ਉਸ ਦੀ ਗੱਲ ਅਧੂਰੀ ਮਾਰ ਗਈ।
ਲੱਗੀ ਤਾਂ ਸੀ ਯਾਰੀ ਭਰੀ ਜਵਾਨੀ ਵਿਚ,
ਟੁੱਟੀ ਤਾਂ ਬਸ ਜ਼ਿੰਦਗ਼ੀ ਪੂਰੀ ਮਾਰ ਗਈ।
ਗੱਲਾਂ ਤਾਂ ਉਹ ਉਂਝ ਹੀ ਬੜੀਆਂ ਕਰਦੇ ਸੀ,
ਇਕ ਗੱਲ ਉਸਦੀ ਬੜੀ ਜ਼ਰੂਰੀ ਮਾਰ ਗਈ।
ਸਾਡਾ ਮਰਨਾ ਖ਼ੰਜਰ ਤੇ ਤਲਵਾਰ ਨਹੀਂ,
ਸਾਨੂੰ ਤਾਂ ਬੱਸ ਯਾਰ ਦੀ ਘੂਰੀ ਮਾਰ ਗਈ।
ਹੁਸਨ ਬੜਾ ਸੀ, ਜੋਬਨ ਵੀ ਸੀ ਕਹਿਰਾਂ ਦਾ,
‘‘ਸਾਥੀ‘‘ ਨੂੰ ਤੇਰੀ ਮਗ਼ਰੂਰੀ ਮਾਰ ਗਈ।
29/05/2015
ਗ਼ੀਤ
ਡਾ.ਸਾਥੀ ਲੁਧਿਆਣਵੀ, ਲੰਡਨ
ਛੰਮ ਛੰਮ ਕਰਦੀ ਫਿਰਦੀ ਕੁੜੀ
ਜਲੰਧਰ ਦੀ।
ਅਸਾਂ ਸਮਝ ਲਈ ਹੈ ਗੱਲ ਓਸ ਦੇ ਅੰਦਰ ਦੀ।
ਉਹਦੀ ਕੁੜੀਆਂ ਦੇ ਵਿਚ ਬਹੁਤ ਬੜੀ ਸਰਦਾਰੀ ਹੈ।
ਉਹਦੀ ਸਊਥਾਲ ਦੇ ਇਕ ਮੁੰਡੇ ਨਾਲ ਯਾਰੀ ਹੈ।
ਉਂਝ ਦੇਖ਼ਣ ਨੂੰ ਉਹ ਜਾਪੇ ਦੇਵੀ ਮੰਦਰ ਦੀ।
ਛੰਮ ਛੰਮ ਕਰਦੀ ਫਿਰਦੀ ਕੁੜੀ ਜਲੰਧਰ ਦੀ।
ਉਹਦੇ ਕੰਨਾਂ ਦੇ ਵਿਚ ਝੁੰਮਕੇ ਨੱਕ ਵਿਚ ਤੀਲੀ ਹੈ।
ਉਹਦੀ ਚਿੱਟੀ ਹੈ ਸਲਵਾਰ ਤੇ ਕੁੜਤੀ ਨੀਲੀ ਹੈ।
ਉਹਦੀ ਚਾਲ ਹਜ਼ਾਰਾਂ ਵਿਚੋਂ ਪਹਿਲੇ ਨੰਬਰ ਦੀ।
ਛੰਮ ਛੰਮ ਕਰਦੀ ਫਿਰਦੀ ਕੁੜੀ ਜਲੰਧਰ ਦੀ।
ਉਹ ਨੱਚਦੀ ਹੈ ਤਾਂ ਕਹਿਰ ਮਚਾਉਂਦੀ ਜਾਂਦੀ ਹੈ।
ਉਹ ਨਜ਼ਰਾਂ ਨਾਲ ਹੀ ਸਭ ਨੂੰ ਮਾਰ ਮੁਕਾਉਂਦੀ ਹੈ।
ਉਹਨੂੰ ਲੋੜ ਨਹੀਂ ਤਲਵਾਰ ਤੇ ਨਾ ਹੀ ਖੰਜਰ ਦੀ।
ਛੰਮ ਛੰਮ ਕਰਦੀ ਫਿਰਦੀ ਕੁੜੀ ਜਲੰਧਰ ਦੀ।
ਉਹਦੇ ਲੰਮੇ ਲੰਮੇ ਵਾਲ਼ ਰੇਸ਼ਮੀ ਜੂੜਾ ਹੈ।
ਉਹਦੇ ਝਾਂਜਰ ਛਣਕੇ ਪੈਰੀਂ, ਬਾਹੀਂ ਚੂੜਾ ਹੈ।
ਉਹ ਪਰੀ ਜਾਪਦੀ “ਸਾਥੀ” ਨੀਲੇ ਅੰਬਰ ਦੀ।
ਛੰਮ ਛੰਮ ਕਰਦੀ ਫਿਰਦੀ ਕੁੜੀ ਜਲੰਧਰ ਦੀ।
ਅਸਾਂ ਸਮਝ ਲਈ ਹੈ ਗੱਲ ਓਸ ਦੇ ਅੰਦਰ ਦੀ।
(ਇਹ ਗ਼ੀਤ ਹਰਜੀਤ ਸਿੰਘ ਪਾਬਲਾ ਟਰੋਂਟੋ ਅਤੇ
ਗੁਰਦੇਵ ਸਿੰਘ ਦੇਵ ਲੰਡਨ ਵਲੋਂ
ਬਾਖ਼ੂਬੀ ਗਾਇਆ ਗਿਆ ਹੈ। ਸਾਥੀ ਲੁਧਿਆਣਵੀ
ਦੇ ਹੱਕ ਰਾਖ਼ਵੇਂ ਹਨ।)
04/04/15
ਗ਼ਜ਼ਲ
ਡਾ.ਸਾਥੀ ਲੁਧਿਆਣਵੀ, ਲੰਡਨ
ਜੀਵਨ
‘ਚ ਨਹੀਂ ਹੈ ਕੋਈ ਤਕਰਾਰ ਇਹੋ ਕਾਫ਼ੀ ਹੈ।
ਥੋੜ੍ਹਾ ਸਹੀ, ਮਿਲਿ਼ਆ ਤਾਂ ਹੈ ਪਿਆਰ ਇਹੋ ਕਾਫ਼ੀ ਹੈ।
ਜਿਸਮ ਤੱਕ ਨਹੀਂ, ਰੂਹ ਤੱਕ ਜਾਣ ਦੀ ਹੈ ਤਲਬ,
ਤੁਸੀਂ ਸਮਝੇ ਤਾਂ ਹੋ ਸਰਕਾਰ ਇਹੋ ਕਾਫ਼ੀ ਹੈ।
ਤੁਹਾਨੂੰ ਮਹਿਫਲ ‘ਚ ਕਹਿੰਦਿਆਂ ਸੁਣਿਆਂ ਸੀ,
ਮੈਂ ਉਸ ਦਾ ਹਾਂ ਗ਼ਮਗ਼ਸਾਰ ਇਹੋ ਕਾਫ਼ੀ ਹੈ।
ਕੀ ਪਤਾ ਸ਼ਾਇਦ ਨਿਭਾ ਹੀ ਦੇਵੋਂ ਕਿਸੇ ਰੋਜ਼,
ਕਰਦੇ ਹੋ ਜੋ ਕੌਲ ਇਕਰਾਰ,ਇਹੋ ਕਾਫ਼ੀ ਹੈ।
ਯਾਰ ਦੇ ਸਾਥ ਦਾ ਅਹਿਸਾਸ ਹੈ ਆਪਣੇ ਕੋਲ,
ਇਸ ਪਾਰ ਹੋਵੇ ਜਾਂ ਉਸ ਪਾਰ,ਇਹੋ ਕਾਫ਼ੀ ਹੈ।
ਤੁਸੀਂ ਆਏ, ਮੁਸਕਰਾਏ ਤੇ ਫਿਰ ਗਲੇ ਮਿਲੇ,
ਚੰਗੇ ਦਿਸਦੇ ਨੇ ਕੁਝ ਆਸਾਰ ਇਹੋ ਕਾਫ਼ੀ ਹੈ।
ਚਲੋ ਸਾਰਿਆਂ ਦਾ ਸਹੀ “ਸਾਥੀ”, ਲੇਕਿਨ,
ਸਾਡਾ ਵੀ ਤਾਂ ਹੈ ਉਹ ਯਾਰ ਇਹੋ ਕਾਫ਼ੀ ਹੈ।
01/05/15
ਵੈਸਾਖੀ
ਡਾਕਟਰ ਸਾਥੀ ਲੁਧਿਆਣਵੀ-ਲੰਡਨ
ਖ਼ੁਸ਼ੀਆਂ
ਖੇੜੇ ਨਾਲ ਲਿਆਵੇ।
ਐਸੀ ਕੋਈ ਵੈਸਾਖੀ ਸਾਵੇ।
ਇਸ ਦਿਨ ਸਿਰਜੇ ਪੰਜ ਪਿਆਰੇ।
ਗੋਬਿੰਦ ਸਿੰਘ ਛੱਡੇ ਜੈਕਾਰੇ।
ਅਜ ਤੋਂ ਕੋਈ ਜਾਤ ਪਾਤ ਨਹੀਂ,
ਅਜ ਤੋਂ ਸਿੱਖ ਬਸ ਸਿੱਖ ਕਹਾਵੇ।
ਐਸੀ ਕੋਈ ਵੈਸਾਖੀ ਆਵੇ।
ਯਾਰ ਦਾ ਸੱਥਰ ਚੰਗਾ ਲੱਗੇ।
ਖੇੜਿਆਂ ਦਾ ਘਰ ਮੰਦਾ ਲੱਗੇ।
ਲੱਗੇ ਸੇਜ ਬੜੀ ਕੰਡਿਆਲੀ,
ਪਲੰਘ ਰੰਗੀਲਾ ਵੱਢ ਵੱਢ ਖਾਵੇ।
ਐਸੀ ਕੋਈ ਵੈਸਾਖੀ ਆਵੇ।
ਹਰ ਸਿੱਖ ਆਪਣਾ ਫਰਜ਼ ਪਛਾਣੇ।
ਵੈਰੀ ਦਾ ਸਿਰ ਮਿੱਧਣਾ ਜਾਣੇ।
ਮਜ਼ਲੂਮਾਂ ਦੀ ਕਰੇ ਉਹ ਰੱਖਿਆ,
ਪਾਪ ਕੀ ਜੰਝ ਨਾ ਕਾਬਲੋਂ ਧਾਵੇ।
ਐਸੀ ਕੋਈ ਵੈਸਾਖੀ ਆਵੇ।
ਨਾਨਕ ਦੀ ਗੱਲ ਸਾਰੇ ਗੌਲਣ।
ਸੱਚੇ ਮਾਰਗ ਉਤੇ ਚੱਲਣ।
ਦੂਜੇ ਦਾ ਹੱਕ ਕੋਈ ਨਾ ਮਾਰੇ।
ਹਰ ਕੋਈ ਆਪਣੇ ਹੱਕ ਦਾ ਖਾਵੇ।
ਐਸੀ ਕੋਈ ਵੈਸਾਖੀ ਆਵੇ।
ਟੁੱਟਣ ਅੰਧ ਵਿਸ਼ਵਾਸ ਦੇ ਜਿੰਦਰੇ।
ਸੋਚਾਂ ਦੇ ਟੁੱਟਣ ਬੰਦ ਪਿੰਜਰੇ।
ਹਰ ਇਕ ਦਾ ਹੱਕ ਹੋਏ ਸੁਰੱਖਿਅਤ,
ਹਰ ਕੋਈ ਸੱਚ ਦਾ ਨਾਅਰਾ ਲਾਵੇ।
ਐਸੀ ਕੋਈ ਵੈਸਾਖੀ ਆਵੇ।
ਖਿੜ ਖਿੜ ਹੱਸਣ ਸਰ੍ਹੋਂ ਕਪਾਹਵਾਂ।
ਹਰ ਥਾਂ ਹੋਣ ਸੰਘਣੀਆਂ ਛਾਂਵਾਂ।
ਲਾਲੋ ਵਰਗਾ ਕਿਰਤੀ ਬੰਦਾ,
ਕੇਵਲ ਆਪਣੇ ਹੱਕ ਦਾ ਖ਼ਾਵੇ।
ਐਸੀ ਕੋਈ ਵੈਸਾਖੀ ਆਵੇ।
ਕੁੜੀਆਂ ਚਿੜੀਆਂ 'ਤੇ ਮੁਟਿਆਰਾਂ।
ਘੁੱਗੀਆਂ ਧੀਆਂ ਅਤੇ ਗਿਟਾਰਾਂ ।
ਨਜ਼ਮਾਂ ਵਾਂਗੂੰ ਹੁੰਦੀਆਂ ਸੂਖ਼ਮ,
ਇਨ੍ਹਾਂ ‘ਤੇ ਔਖਾ ਪਲ ਨਾ ਆਵੇ।
ਐਸੀ ਕੋਈ ਵੈਸਾਖੀ ਆਵੇ।
ਕੁੱਲ ਨੂੰ ਤੋਰਨ ਘਰ ਦੀਆਂ ਕੁੜੀਆਂ।
ਕਦੇ ਨਾ ਰਹਿਣ ਖ਼ੁਸ਼ੀ ਤੋਂ ਥੁੜੀਆਂ।
ਪੜ੍ਹਨ ਲਿਖ਼ਣ ਤੇ ਜਾਗਰਤ ਹੋਵਣ,
ਹਰ ਧੀ ਗੀਤ ਖੁਸ਼ੀ ਦੇ ਗਾਵੇ।
ਐਸੀ ਕੋਈ ਵੈਸਾਖੀ ਆਵੇ।
ਵਾਤਾਵਰਣ ਪਵਿੱਤਰ ਹੋਵੇ।
ਮਾਨਵ ਸਭ ਦਾ ਮਿੱਤਰ ਹੋਵੇ।
ਨਦੀਆਂ ਨਾਲੇ, ਬੇਲੇ, ਪਰਬਤ,
ਉੱਚੀ ਟੀਸੀ ਕੋਇਲ ਗਾਵੇ,
ਐਸੀ ਕੋਈ ਵੈਸਾਖੀ ਆਵੇ।
ਬੰਦਾ ਬੰਦੇ ਨੂੰ ਨਾ ਕੋਹਵੇ।
ਜੱਗ ਵਿਚ ਅਮਨ ਸ਼ਾਂਤੀ ਹੋਵੇ।
ਅਮਨ ਦਾ ਰੁੱਖ ਨਾ ਰਹੇ ਨਿਪੱਤਰਾ,
ਉਸ ‘ਤੇ ਉੱਗਣ ਪੱਤੇ ਸਾਵੇ।
ਐਸੀ ਕੋਈ ਵੈਸਾਖੀ ਆਵੇ।
ਇਕ ਹੋ ਜਾਵੇ ਕੁਲ ਲੋਕਾਈ।
ਹੱਦਾਂ ਬੰਨੇ ਰਹਿਣ ਨਾ ਕਾਈ।
ਹਰ ਕੋਈ “ਸਾਥੀ” ਹੋਵੇ ਦੋਸਤ,
ਇਕ ਦੂਜੇ ਦਾ ਦਰਦ ਵੰਡਾਵੇ।
ਐਸੀ ਕੋਈ ਵੈਸਾਖੀ ਆਵੇ।
ਖ਼ੁਸ਼ੀਆਂ ਖੇੜੇ ਨਾਲ਼ ਲਿਆਵੇ।
14/04/15
ਸ਼ਹੀਦ
ਭਗਤ ਸਿੰਘ
ਡਾ.ਸਾਥੀ ਲੁਧਿਆਣਵੀ, ਲੰਡਨ
ਭਗਤ ਸਿੰਘ ਮਹਾਨ ਹੈ ਮਹਾਨ ਸੀ।
ਵਤਨ ਦੀ ਰੂਹ ਸੀ ਵਤਨ ਦੀ ਜਾਨ ਸੀ।
ਹਿੰਦੂ ਮੁਸਲਿਮ ਸਿੱਖ ਈਸਾਈ ਨਾ ਸੀ,
ਭਗਤ ਸਿੰਘ ਤਾਂ ਸਿਰਫ ਇਨਸਾਨ ਸੀ।
ਨਾਮ ਰੋਸ਼ਨ ਕਰ ਗਿਆ ਉਹ ਦੇਸ ਦਾ,
ਜੁਗਨੂੰ ਸੀ ਪਰ ਸੂਰਜ ਸਮਾਨ ਸੀ।
ਸ਼ਖ਼ਸ ਮਰਿਆ ਸੀ, ਖਿ਼ਆਲ ਨਹੀਂ,
ਇਸ ਗੱਲ ਤੋਂ ਹਾਕਮ ਨਾਦਾਨ ਸੀ।
ਭਗਤ ਸਿੰਘ ਜ਼ਿੰਦਾ ਰਹੇਗਾ ਹਸ਼ਰ ਤੀਕ,
ਵਕਤ ਨੂੰ ਨਾ ਸ਼ਾਇਦ ਗਿਆਨ ਸੀ।
ਦੁਨੀਆਂ ਦਾ ਹਰ ਬਸ਼ਰ ਹੋਵੇ ਸੁਤੰਤਰ,
ਉਸ ਦੀ ਸੋਚ ਵਿਚ ਸਾਰਾ ਜਹਾਨ ਸੀ।
ਸੁਪਨਿਆਂ ਦਾ ਸੌਦਾਗਰ ਸੀ ਭਗਤ ਸਿੰਘ,
ਉਸ ਦਾ ਲਖ਼ਸ਼ ਖ਼ੁੱਲਾ ਅਸਮਾਨ ਸੀ।
ਬਸੰਤੀ ਚੋਲੇ ਲਈ ਆਖ਼ਦਾ ਸੀ ਮਾਂ ਨੂੰ,
ਇਸ ਗੀਤ ਵਲ ਉਸ ਦਾ ਰੁਝਾਨ ਸੀ।
ਹੋਵੇਗਾ ਯਕੀਨਨ਼ ਮੇਰਾ ਦੇਸ ਆਜ਼ਾਦ,
ਮਕਤਲ ਤੋਂ ਉਸ ਦਾ ਬਿਆਨ ਸੀ।
ਸ਼ਬਦਾਂ ਦਾ ਜਾਦੂਗਰ ਸੀ ਭਗਤ ਸਿੰਘ,
ਸ਼ਇਸਤਗੀ ਸੀ, ਮਿੱਠੀ ਜ਼ਬਾਨ ਸੀ।
ਸਰਫ਼ਰੋਸ਼ੀ ਦੀ ਤਮੰਨਾ ਸੀ ਉਸ ਵਿਚ,
ਸਿਰ ਤਲੀ ‘ਤੇ, ਤਲੀ ‘ਤੇ ਜਾਨ ਸੀ।
ਇਨਕਲਾਬੀ ਫਲਸਫ਼ਾ ਸੀ ਉਸ ਕੋਲ,
ਉਸ ਦੀ ਸੋਚ ਵਿਚ ਲੈਨਿਨ ਮਹਾਨ ਸੀ।
ਹਰ ਸ਼ਹੀਦ ਦਾ ਨੁਮਾਇੰਦਾ ਸੀ ਉਹ,
ਹਰ ਸ਼ਹੀਦ ਦਾ ਉਹ ਤਰਜਮਾਨ ਸੀ।
ਇਤਿਹਾਸ ਦੇ ਸਫਿਆਂ ‘ਚ ਹੈ ਕਾਇਮ,
ਓਸ ਦਾ ਇਹ ਬਣਦਾ ਸਥਾਨ ਸੀ।
ਲੋਕਾਂ ਦਾ “ਸਾਥੀ” ਸੀ ਭਗਤ ਸਿੰਘ,
ਕੌਮ ਦੀ ਸ਼ਾਨ ਹੈ, ਕੌਮ ਦੀ ਸ਼ਾਨ ਸੀ।
22/03/15
ਪਾਸ਼
ਡਾ.ਸਾਥੀ ਲੁਧਿਆਣਵੀ, ਲੰਡਨ
ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ, ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,
ਉਦੋਂ ਹਰ ਅਖ਼ਬਾਰ ਦਾ ਸਿੰਗਾਰ ਉਹ ਪਾਸ਼ ਹੁੰਦਾ ਸੀ।
=ਜਿਸ ਦਾ ਹਰ ਜ਼ਬਾਨ 'ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਆਮ ਨਹੀਂ ਸੀ ਯਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।
=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।
=ਉਹ ਲਾਲੋ ਦਾ ਆੜੀ ਸੀ, ਕੰਮੀਆਂ ਦਾ ਸੀ ਹਮਦਮ,
ਭਾਗੋ ਲਈ ਸੀ ਜੋ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।
=ਉਹ ਉੱਡਦਿਆਂ ਬਾਜਾਂ ਮਗ਼ਰ ਗਿਆ ਤੇ ਪਰਤਿਆ ਨਾ,
ਦਿਸਹੱਦੇ ਤੋਂ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।
=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ 'ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।
=ਉਹ ਤੂਫ਼ਾਨਾਂ ਨਾਲ਼ ਸਿੱਝ ਸਕਿਆ ਨਿਧੜਕ ਹੋ ਕੇ,
ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।
=ਉਹ ਤਾਂ ਇਕ ਪੁਰਖ਼ ਮਰਿਆ ਹੈ, ਮਰਿਆ ਨਹੀਂ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਮਾਰ ਉਹ ਪਾਸ਼ ਹੁੰਦਾ ਸੀ।
=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ''ਸਾਥੀ'',
ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।
22/03/15
ਲੰਡਨ
ਦੀ ਹੋਲੀ
ਡਾ. ਸਾਥੀ ਲੁਧਿਆਣਵੀ, ਲੰਡਨ
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਬਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
=ਲੰਡਨ ਵਿਚ ਮਨਾਈਏ ਹੋਲੀ।
ਆਪਣੇ ਉਤਸਵ ਆਪਣੀ ਬੋਲੀ।
ਮਾਨਵਤਾ ਦੀ ਜੈ ਜੈ ਹੋਵੇ,
ਦਿਲ ਵਿਚ ਸਾਡੇ ਇਹੋ ਉਮੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
-ਰੰਗ ਹੁੰਦੇ ਨੇ ਰੱਬ ਦੀ ਲੀਲ੍ਹਾ।
ਚਿੱਟਾ,ਕਾਲ਼ਾ, ਭੂਰਾ, ਪੀਲ਼ਾ।
ਰੰਗ ਦੇ ਪਿੱਛੇ ਝਗੜੇ ਕਾਹਦੇ,
ਰੰਗ ਬਿਨਾ ਹੈ ਜੱਗ ਬੇਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਮਿਹਨਤਕਸ਼ ਦੇਖੇ ਪਰਵਾਸੀ।
ਇਥੇ ਲੰਘ ਗਈ ਜੂਨ ਚੁਰਾਸੀ।
ਸੁਹਣੇ ਘਰ ਤੇ ਵਧੀਆ ਕਾਰਾਂ,
ਤੱਕ ਕੇ ਹੋ ਗਏ ਗੋਰੇ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹਰ ਕੋਈ ਆਖ਼ੇ ਮਾਇਆ ਮਾਇਆ।
ਲੋਕਾਂ ਕੋਲ਼ ਬੜਾ ਸਰਮਾਇਆ।
ਲੇਕਿਨ ਇਥੇ ਪੌਂਡਾਂ ਬਾਝੋਂ,
ਦੇਖੇ ਅਸੀਂ ਬਥੇਰੇ ਨੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਉੱਚੇ ਉੱਚੇ ਮਹਿਲ ਚੁਬਾਰੇ।
ਇਸ ਥਾਂ ਨਹੀਂਓਂ ਛੰਨਾਂ ਢਾਰੇ।
ਦੁਨੀਆਂ ਇੱਥੇ ਵਸਣਾ ਚਾਹੁੰਦੀ,
ਵਸਣ ਦੇ ਇੱਥੇ ਲੱਭਣ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਰਾਤੀਂ ਜਿਨ੍ਹਾਂ ਨੇ ਦਾਰੂ ਪੀਤੀ।
ਉੱਠ ਸਵੇਰੇ ਤੋਬਾ ਕੀਤੀ।
ਜੇਬ 'ਚ ਹੈ ਨਹੀਂ ਕੌਡੀ ਕਾਣੀ,
ਹੁਣ ਉਹ ਫ਼ਿਰਦੇ ਵਾਂਗ ਮਲੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਲੰਡਨ ਸ਼ਹਿਰ ਦੇ ਅਮਲੀ ਦੇਖ਼ੇ।
ਭੂਤਾਂ ਦੇ ਹੀ ਪੈਣ ਭੁਲੇਖ਼ੇ।
ਚੁਟਕੀ ਚੁਟਕੀ ਲੈ ਕੇ ਪੋਸਤ,
ਰਗੜ ਰਗੜ ਕੇ ਪੀਂਦੇ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਪਾਣੀ ਮਹਿੰਗਾ, ਬੀਅਰ ਹੈ ਸਸਤੀ।
ਲੰਡਨ ਸ਼ਹਿਰ 'ਚ ਸਸਤੀ ਮਸਤੀ।
ਇਥੇ ਗੰਗਾ ਉਲਟੀ ਬਹਿੰਦੀ,
ਇਥੇ ਵੱਖਰੇ ਰੰਗ ਤੇ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਕੁੱਲ ਦੁਨੀਆਂ ਤੋਂ ਖ਼ਲਕਤ ਆਈ।
ਪੰਡਤ,ਮੁੱਲਾਂ, ਕਾਜ਼ੀ,ਭਾਈ।
ਰੱਬ ਦੇ ਬੰਦੇ ਪੁੱਜੇ ਲੰਡਨ,
ਪੁੱਜੇ ਇਥੇ ਕਈ ਨਿਹੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਭੱਜੇ ਆਉਣ ਅਸਾਇਮ ਸੀਕਰ।
ਮੂੰਹ ਲਮਕਾਈ ਗਿੱਟਿਆਂ ਤੀਕਰ।
ਕਹਿੰਦੇ ਭਾਰਤ ਮਾਂ ਨਹੀਂ ਚੰਗੀ,
ਉਸ ਦੇ ਚੁੱਲ੍ਹੇ ਭੁੱਜਦੀ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਦੇਸੋਂ ਆ ਗਏ ਮੁੰਡੇ ਨੌਟੀ।
ਹਾਸੇ ਹਸਦੇ ਰਹਿਣ ਬਨਾਉਟੀ।
ਪੱਕੇ ਹੋਣ ਲਈ ਹਰ ਕੁੜੀ ਤੋਂ ,
ਕਰਦੇ ਰਿਸ਼ਤੇ ਦੀ ਹੀ ਮੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਸਾਧੂ ਤੱਕਦੇ ਚੋਰੀ ਚੋਰੀ।
ਕੋਲ਼ੋਂ ਦੀ ਜਦ ਲੰਘੇ ਗੋਰੀ।
ਜੈ ਜਗਦੰਭੇ,ਜੈ ਸੀਆ ਰਾਮ,
ਜੈ ਸ਼ਿਵ ਸ਼ੰਕਰ,ਜੈ ਬਜਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਕੁਝ ਲੋਕਾਂ ਲਈ ਲੰਡਨ ਚੰਗਾ।
ਇਥੇ ਵਗੇ ਇਸ਼ਕ ਦੀ ਗੰਗਾ।
ਰਾਂਝਾ, ਹੀਰ ਤੇ ਸੱਸੀ ਪੁੰਨੂੰ,
ਇਥੇ ਈ ਖੇੜੇ, ਇਥੇ ਈ ਝੰਗ।
ਹੋਲੀ ਰੰਗਾਂ ਦਾਂ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹਰ ਥਾਂ ਰੰਗਾਂ ਦੀ ਪਿਚਕਾਰੀ।
ਮੁੰਡਾ ਅਲ੍ਹੜ ਕੁੜੀ ਕੁਆਰੀ।
ਸੂਹੇ ਚੂੜੇ ਵਾਲ਼ੀ ਆ ਗਈ,
ਹੌਲੀ ਹੌਲ਼ੀ ਲਾਹ ਕੇ ਸੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਪਿੜ ਵਿਚ ਨੱਚਣ ਬੁੱਢੇ ਠੇਰੇ।
ਭਾਵੇਂ ਗੋਡੇ ਦੁਖ਼ਣ ਬਥੇਰੇ।
ਬਹਿ ਜਾਂਦੇ ਨੇ ਕੁਰਸੀ ਲੈ ਕੇ,
ਛਿੜਦੀ ਜਦੋਂ ਦਮੇਂ ਦੀ ਘੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਮਸਾਂ ਤੁਰੇ ਪੰਜਾਬੀ ਬਾਬਾ।
ਫ਼ੁਲਕੇ ਖ਼ਾਂਦਾ ਭਰ ਕੇ ਛਾਬਾ।
ਰੱਬ ਅਗੇ ਕਰਦਾ ਅਰਜੋਈਆਂ,
ਪਤਲਾ ਕਰ ਦਿਓ ਵਾਂਗ ਪਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹੋਲੀ ਦੇ ਦਿਨ ਏਨਾ ਨੱਚੀ।
ਕੁੜੀ ਅਜੇ ਸੀ ਉਮਰ ਦੀ ਕੱਚੀ।
ਖ਼ੁੱਲ੍ਹ ਕੇ ਵਾਲ਼ ਗਲ਼ੇ ਵਿਚ ਪੈ ਗਏ,
ਟੁੱਟ ਗਈ ਸ਼ਗਨਾਂ ਵਾਲ਼ੀ ਵੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਗੱਲਾਂ ਸੁਣ ਲੈ ਖ਼ਰੀਆਂ ਖ਼ਰੀਆਂ।
ਨਾ ਲਾ ਐਵੇਂ ਦਿਲ ਨੂੰ ਵਰੀਆਂ।
ਤੇਰਾ ਦੁੱਖ ਕਿਸੇ ਨਹੀਂ ਸੁਨਣਾ,
ਆਪੇ ਹੋਣਾ ਪੈਣਾ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹੋਲੀ ਦੇ ਦਿਨ ਮੌਜ ਬਥੇਰੀ।
ਰੰਗਾਂ ਦੀ ਝੁੱਲ ਪਈ ਹਨ੍ਹੇਰੀ।
ਸੁਪਨੇ "ਸਾਥੀ" ਕੋਲ਼ ਬਥੇਰੇ,
ਇਸ ਦੇ ਅੰਬਰੀਂ ਉਡਣ ਪਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਵਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
05/03/2015
2015
ਡਾਕਟਰ ਸਾਥੀ ਲੁਧਿਆਣਵੀ
ਵੀਹ ਸੌ ਪੰਦਰਾਂ ਲਈ ਕਰਦੇ ਹਾਂ ਦੁਆ।
ਬੀਤ ਗਏ ਕਈਆਂ ਸਾਲਾਂ ਦੀ ਤਰਾਂਹ।
=ਹੇ ਮੌਲਾ ਅਮਨ ਦੀ ਜੋਤ ਜਗਦੀ ਰਹੇ।
ਪਿਆਰ ਦੀ ਨਦੀ ਮਸਲਸਲ ਵਗਦੀ ਰਹੇ।
=ਖ਼ੁਸ਼ਬੂਦਾਰ ਤਾਜ਼ਾ ਹਵਾ ਕਾਇਮ ਰਹੇ।
ਇਨ੍ਹਾਂ ਕਲੀਆਂ ਦੀ ਅਦਾਅ ਕਾਇਮ ਰਹੇ।
=ਸਲਾਮਤ ਰਹੇ ਇਹ ਘਰ ਤੇ ਹਰ ਘਰ।
ਖੁੱਲ੍ਹਾ ਰਹੇ ਹਰ ਇਕ ਦੇ ਲਈ ਹਰ ਦਰ।
=ਹੇ ਮੌਲਾ ਤੌਫ਼ੀਕ ਦੇਹ ਹਰ ਬਸ਼ਰ ਨੂੰ।
ਆਉਣ ਦਏ ਹਰ ਰਾਤ ਪਿਛੋਂ ਸਹਰ ਨੂੰ।
=ਨੰਨ੍ਹੇ ਹੱਥਾਂ 'ਚ ਕਿਤਾਬਾਂ ਅਤੇ ਦਵਾਤਾਂ
ਦੇਹ।
ਹਰ ਬਾਲਕ ਨੂੰ ਤਾਲੀਮ ਦੀਆਂ ਸੌਗਾਤਾਂ ਦੇਹ।
=ਕਾਮੇ ਹਥਿਆਰ ਨਹੀਂ ਬਸ ਔਜ਼ਾਰ ਚੁੱਕਣ।
ਪਰ ਹੱਕ ਬਚਾਵਣ ਲਈ ਹਥਿਆਰ ਚੁੱਕਣ।
=ਨਫ਼ਰਤਾਂ ਲਈ ਕਿਤੇ ਵੀ ਨਾ ਕੋਈ ਥਾਂ ਹੋਵੇ।
ਪਿਆਰ ਦੇ ਰੁੱਖਾਂ ਦੀ ਠੰਡੀ ਮਿੱਠੀ ਛਾਂ ਹੋਵੇ।
= ਆਪਣੇ ਪੰਛੀਆਂ ਦੇ ਪਰ ਸਲਾਮਤ ਰੱਖੀਂ।
ਇਹ ਜੰਗਲ, ਇਹ ਅੰਬਰ ਸਲਾਮਤ ਰੱਖੀਂ।
=ਕੁੜੀਆਂ ਆਜ਼ਾਦ ਹੋਣ ਚਿੜੀਆਂ ਦੇ ਵਾਂਗਰਾਂ।
ਉਹ ਹੱਸਣ ਮਹਿਕਦੀਆਂ ਕਲੀਆਂ ਦੇ ਵਾਂਗਰਾਂ।
=ਵਸਦੇ ਰਹਿਣ ਪਰਬਤ, ਸਾਗ਼ਰ,ਸਹਿਰਾਅ।
ਵਗਦੇ ਰਹਿਣ ਇਹ ਮਸਤ ਮਸਤ ਦਰਿਆ।
=ਮਹਿਫਲਾਂ 'ਚ ਦੌਰ ਤੇ ਦੌਰ ਚਲਦਾ ਰਹੇ।
ਗੀਤ ਚਲਦੇ ਰਹਿਣ, ਹਾਸਾ ਮਚਲਦਾ ਰਹੇ।
=ਹੇ ਪ੍ਰਭੂ ਕਵਿਤਾ ਦਾ ਵਰਦਾਨ ਦੇਈ ਰੱਖੀਂ।
ਕਵਿਤਾ ਲਈ ਸ਼ਬਦਾਂ ਦਾ ਸਾਮਾਨ ਦੇਈ ਰੱਖੀਂ।
= ਹੇ ਪ੍ਰਭੂ ਇਹ ਨਵਾਂ ਸਾਲ ਹੁਣ ਐਸਾ ਚੜ੍ਹੇ।
ਕਿ ਆਦਮੀ ਆਦਮੀ ਦੇ ਨਾਲ ਨਾ ਉੱਕਾ ਲੜੇ।
=ਹਰ ਕੋਈ "ਸਾਥੀ" ਬਣੇ ਤੇ ਹਮਦਮ ਬਣੇ।
ਦੁਸ਼ਮਣ ਨਾ ਬਣੇ,ਜੇ ਬਣੇ ਤਾਂ ਮਹਿਰਮ ਬਣੇ।
=ਵੀਹ ਸੌ ਪੰਦਰਾਂ ਲਈ ਕਰਦੇ ਹਾਂ ਦੁਆ।
ਬੀਤ ਗਏ ਕਈਆਂ ਸਾਲਾਂ ਦੀ ਤਰਾਂਹ
16/01/15
ਗ਼ਜ਼ਲ
ਸਾਥੀ ਲੁਧਿਆਣਵੀ
ਸੀ ਅਜ਼ਲ ਤੋਂ ਤਸਵੀਰ ਜੋ ਮੇਰੇ ਖਿ਼ਆਲ ਵਿਚ।
ਅੱਜ ਆ ਗਈ ਹੈ ਸਾਹਮਣੇ ਸਾਂ ਜਿਸ ਦੀ ਭਾਲ ਵਿਚ।
ਦੁਨੀਆਂ ‘ਚ ਵਸਦਾਂ ਫ਼ੇਰ ਵੀ ਸੀਮਤ ਹਾਂ ਤੇਰੇ ਤੀਕ,
ਸੱਭੋ ਖਿ਼ਆਲ ਗੁੰਮ ਗਏ ਤੇਰੇ ਖਿ਼ਆਲ ਵਿਚ।
ਸੱਤੇ ਬਹਿਸ਼ਤਾਂ ਜੱਗ ਦੀਆਂ ਤੱਕ ਕੇ ਵੀ ਸੋਚਦਾਂ,
ਲੱਖ਼ਾਂ ਬਹਿਸ਼ਤਾਂ ਸੁੱਤੀਆਂ ਤੇਰੇ ਵਿਸਾਲ ਵਿਚ।
ਮਨ ਦਾ ਪਪੀਹਾ ਉਮਰ ਭਰ ਨਾ ਕੈਦ ਹੋ ਸਕਿਆ,
ਅੱਜ ਖ਼ੰਭ ਸਮੇਟੀ ਬੈਠਿਆ ਜ਼ੁਲਫ਼ਾਂ ਦੇ ਜਾਲ਼ ਵਿਚ।
ਇਸ ਖ਼ੁਸ਼ਨੁਮਾ ਮੌਕੇ ‘ਚ ਵੀ ਇਕ ਲੋਚ ਤੜਪਦੀ,
ਕੋਈ ਰੋਕ ਪਾ ਦਏ ਵਕਤ ਦੀ ਬੇਰੋਕ ਚਾਲ ਵਿਚ।
ਜਾਪਦਾ ਹੈ ਜ਼ਿੰਦਗ਼ੀ ਹੁਣ ਸਹਿਲ ਹੋ ਗਈ,
ਹੁਣ ਰਹੀ ਨਹੀਂ ਗੁੰਝਲ ਕੋਈ ਜੀਵਨ-ਸਵਾਲ ਵਿਚ।
ਜ਼ਿਕਰ ਕਰੋ ਨਾ ਜੱਗ ਦੀਆਂ ਦੁਸ਼ਵਾਰੀਆਂ ਦਾ ਅੱਜ,
ਰਹਿਣ ਦੇਵੋ ਜੱਗ ਨੂੰ ਇਸ ਦੇ ਹੀ ਹਾਲ ਵਿਚ।
ਮਸਤ ਹਾਂ ਮੈਂ ਮਸਤ ਰਹਿਣ ਦੀ ਹੀ ਲੋਚ ਹੈ,
ਪਾਵੋ ਨਾ ਖ਼ਲਲ ਜ਼ਿੰਦਗ਼ੀ ਦੀ ਮਸਤ ਚਾਲ ਵਿਚ।
ਸ਼ੇਅਰ ਤਰਾਸ਼ੇ ਓਸ ਨੇ ਕੁਝ ਇਸ ਤਰ੍ਹਾਂ ਦੇ ਨਾਲ,
“ਸਾਥੀ” ਦੀ ਗ਼ਜ਼ਲ ਸੁਰ ‘ਚ ਹੈ ਤੇ ਪੂਰੇ ਤਾਲ ਵਿਚ।
(ਇਹ ਗ਼ਜ਼ਲ ਮੈਂ 1965 ਵਿਚ ਲੁਧਿਆਣੇ ਵਿਚ ਆਪਣੇ
ਵਿਆਹ ਤੋਂ ਕੁਝ ਚਿਰ ਬਾਅਦ ਹੀ ਲਿਖ਼ੀ ਸੀ
ਤੇ ਇਹ ਮੇਰੀ ਬੀਵੀ ਯਸ਼ ਦੀ ਨਜ਼ਰ ਸੀ। ਅੱਜ 26 ਸਤੰਬਰ 2014 ਨੂੰ ਆਪਣੀ
ਉਨੱਜਵੀਂ
ਵਰ੍ਹੇ ਗੰਢ ‘ਤੇ ਇਹ ਫਿਰ ਹਾਜ਼ਰ ਹੈ।)
ਗ਼ਜ਼ਲ
ਸਾਥੀ ਲੁਧਿਆਣਵੀ
ਸਾਥੋਂ ਖ਼ੁਦ ਨੂੰ ਵੱਖ ਕਰਕੇ ਦੇਖ਼ ਲੈ।
ਦਿਲ ਦੀ ਗੱਲ ਪ੍ਰਤੱਖ ਕਰਕੇ ਦੇਖ਼ ਲੈ।
ਸਾਡੀ ਬਦੌਲਤ ਹੈ ਤੇਰੀ ਸ਼ੁਹਰਤ ਬਣੀ,
ਜ਼ਿੰਦਗ਼ੀ ਨੂੰ ਕੱਖ ਕਰਕੇ ਦੇਖ਼ ਲੈ।
ਇਸ਼ਕ ਦੀ ਗ਼ਰਮੀਂ ਦਾ ਹੈ ਆਪਣਾ ਸਰੂਰ,
ਜੀਵਨ ਠੰਡਾ ਯੱਖ ਕਰਕੇ ਦੇਖ਼ ਲੈ।
ਦਿਸੀ ਜਾਣਾ ਹੈ ਤੇਰੇ ਮਨ ਦਾ ਫਰੇਬ,
ਭਾਵੇਂ ਵਧੀਆ ਦੱਖ ਕਰਕੇ ਦੇਖ਼ ਲੈ।
ਅੱਥਰੂਆਂ ਦੀ ਜ਼ਿੰਦਗ਼ੀ ਸੌਖੀ ਨਹੀਂ,
ਭਾਵੇਂ ਨਮ ਤੂੰ ਅੱਖ ਕਰਕੇ ਦੇਖ਼ ਲੈ।
ਦੋ ਕਦਮ ਚੱਲਣਾ ਨਹੀਂ ਰਕੀਬ ਨੇ,
ਓਸ ਦਾ ਤੂੰ ਪੱਖ ਕਰਕੇ ਦੇਖ਼ ਲੈ।
ਰਹਿ ਨਹੀਂ ਸੱਕਣਾ ਤੂੰ “ਸਾਥੀ” ਤੋਂ ਬਗ਼ੈਰ,
ਯਤਨ ਭਾਵੇਂ ਲੱਖ ਕਰਕੇ ਦੇਖ਼ ਲੈ।
28/08/2014
ਸ਼ਿਵ ਕੁਮਾਰ ਨਾਲ ਬਿਤਾਏ ਹੁਸੀਨ ਪਲਾਂ ਨੂੰ ਯਾਦ ਕਰਦਿਆਂ
ਹੋਇਆਂ ਉਸ ਦਾ ਇਕ ਸਾਹਿਤਕ ਰੇਖ਼ਾ ਚਿੱਤਰ
ਸ਼ਿਵ
ਕੁਮਾਰ
ਡਾ.ਸਾਥੀ ਲੁਧਿਆਣਵੀ, ਲੰਡਨ
ਮੀਰ, ਗ਼ਾਲਿਬ, ਦਾਗ ਹੈ ਸੀ ਸ਼ਿਵ ਕੁਮਾਰ।
ਸ਼ਇਰਾਂ ਦਾ ਤਾਜ ਹੈ ਸੀ ਸ਼ਿਵ ਕੁਮਾਰ।
=ਸ਼ੈਲੇ ਅਤੇ ਕੀਟਸ ਸੀ ਉਹ ਪੰਜਾਬ ਦਾ,
ਸੂਹਾ ਫ਼ੁੱਲ ਗੁਲਾਬ ਹੈ ਸੀ ਸ਼ਿਵ ਕੁਮਾਰ।
=ਅੱਥਰੂਆਂ ਦੀ ਕਥਾ ਦਾ ਸਮਰਾਟ ਸੀ,
ਸੋਗ਼ ਦਾ ਮਹਿਤਾਬ ਹੈ ਸੀ ਸ਼ਿਵ ਕੁਮਾਰ।
=ਚੜ੍ਹੀ ਰਹਿੰਦੀ ਸੀ ਖ਼ੁਮਾਰੀ ਨਜ਼ਮ ਦੀ,
ਖ਼ੁਦ ਵੀ ਬੱਸ ਸ਼ਰਾਬ ਹੈ ਸ਼ਿਵ ਕੁਮਾਰ।
=ਓਸ ਦੇ ਆਂਗਣ 'ਚ ਸਨ ਕਵਿਤਾ ਦੇ ਫ਼ੁੱਲ,
ਸ਼ਇਰੀ ਦਾ ਬਾਗ਼ ਹੈ ਸੀ ਸ਼ਿਵ ਕੁਮਾਰ।
=ਸੰਗਮਰਮਰੀ ਜਿਸਮ ਹੈ ਸੀ ਓਸਦਾ,
ਹਰ ਕੁੜੀ ਦਾ ਖ਼ਾਬ ਹੈ ਸੀ ਸ਼ਿਵ ਕੁਮਾਰ।
=ਨਿਰਸੰਦੇਹ ਬਿਰਹਾ ਦਾ ਉਹ ਸੁਲਤਾਨ ਸੀ,
ਦਰਦ ਦਾ ਇਕ ਰਾਗ਼ ਹੈ ਸੀ ਸ਼ਿਵ ਕੁਮਾਰ।
=ਨਾ ਉਹਦੇ ਕੋਲ਼ ਮਹਿਲ ਸਨ ਨਾ ਮਾੜੀਆਂ,
ਫ਼ਿਰ ਵੀ ਇਕ ਨਵਾਬ ਹੈ ਸੀ ਸ਼ਿਵ ਕੁਮਾਰ।
=ਕੀ ਮੁਹੱਬਤ ਦਾ ਸ਼ਹਿਰ ਹੈ ਉਸ ਬਿਨਾਂ,
ਪਿਆਰ ਦਾ ਸਿਰਤਾਜ ਹੈ ਸੀ ਸ਼ਿਵ ਕੁਮਾਰ।
=ਸੀ ਉਹ ਲੂਣਾ ਦੇ ਨੇਹੁੰ ਦਾ ਤਰਜਮਾਨ,
ਹੀਰ ਦਾ ਵੈਰਾਗ਼ ਹੈ ਸੀ ਸ਼ਿਵ ਕੁਮਾਰ।
=ਮੌਤ ਨੂੰ ਵਰਦਾਨ ਹੈ ਸੀ ਸਮਝਦਾ,
ਮੌਤ ਲਈ ਬੇਤਾਬ ਹੈ ਸੀ ਸ਼ਿਵ ਕੁਮਾਰ।
=ਗ਼ੀਤ ਉਹਦੇ ਅਮਰ ਰਹਿਣੇ ਨੇ ਸਦਾ,
ਗ਼ੀਤ ਦੀ ਆਵਾਜ਼ ਹੈ ਸੀ ਸ਼ਿਵ ਕੁਮਾਰ।
=ਲੰਡਨ ਵਿਚ ਲੁੱਟੇ ਮੁਸ਼ਾਇਰੇ ਓਸ ਨੇ,
ਕਵਿਤਾ ਦਾ ਉਸਤਾਦ ਹੈ ਸੀ ਸ਼ਿਵ ਕੁਮਾਰ।
=ਉਹ ਗਿਆ ਸ਼ਾਇਰੀ 'ਚ ਨ੍ਹੇਰਾ ਛਾ ਗਿਆ,
''ਸਾਥੀ'' ਇਕ ਚਿਰਾਗ਼ ਹੈ ਸੀ ਸ਼ਿਵ ਕੁਮਾਰ।
30/07/14
ਮੇਰੇ
ਕੈਨੇਡਾ ਵਾਰੇ ਪ੍ਰਭਾਵ ਦਰਸਾਉਂਦੀ ਹੋਈ ਇਕ ਹਾਸਰਸ ਵਾਲੀ ਕਵਿਤਾ
ਬਾਬਿਆਂ ਦੇ ਟੁੱਲ
ਡਾ.ਸਾਥੀ ਲੁਧਿਆਣਵੀ- ਯੂ.ਕੇ
ਗਏ ਨੇ ਕੈਨੇਡਾ ਵਾਲ਼ੇ ਵੀਜ਼ੇ
ਖੁੱਲ਼ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਕਹਿੰਦੇ ਇੱਥੇ ਸਾਰਾ ਹੀ ਪੰਜਾਬ ਆ ਗਿਆ।
ਜੀਹਦਾ ਨਾਂ ਵੀ ਲਵੋ ਉਹ ਜਨਾਬ ਆ ਗਿਆ।
ਨਾਈ, ਛੀਂਬੇ, ਜੱਟ ਤੇ ਕਰਾੜ ਆ ਗਏ,
ਗ਼ੁਲਾਬ ਸੀ ਪੰਜਾਬ ਸਾਰੇ ਗਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਬਾਬਾ ਕਹਿੰਦਾ ਵੈਲਫੇਅਰ ਬੜੀ ਚੰਗੀ ਆ।
ਘਰ ਵਿਚ ਕਿਸੇ ਗੱਲ ਦੀ ਨਾਂ ਤੰਗੀ ਆ।
ਦੇਸ ਵਿਚ ਕੋਈ ਨਾ ਦੁਆਨੀ ਦਿੰਦਾ ਸੀ,
ਇਥੇ ਆ ਕੇ ਪਿਆ ਸਾਡਾ ਕੋਈ ਮੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਨੂੰਹ ਰਾਣੀ ਕਵ੍ਹੇ ਸਾਨੂੰ ਹਾਇ ਡੈਡ ਜੀ।
ਜਾਣ ਲੱਗੀ ਕਵ੍ਹੇ ਬਾਇ ਬਾਇ ਡੈਡ ਜੀ।
ਕਹਿੰਦੀ ਜ਼ਰਾ ਬੇਬੀ ਦਾ ਖਿ਼ਆਲ ਰੱਖਿਓ,
ਕੇਅਰ ਕਰੋ ਇਹ ਨਾ ਕਿਤੇ ਜਾਵੇ ਰੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਨਵੇਂ ਸਾਡੇ ਦੰਦ, ਦਾਹੜੀ ਰੰਗੀ ਹੋਈ ਆ।
ਏਜ ਸਾਡੀ ਸੱਤਰਾਂ ਤੋਂ ਲੰਘੀ ਹੋਈ ਆ।
ਸ਼ੌਪਾਂ ‘ਚ ਪ੍ਰਾਈਸ ਦਾ ਖਿ਼ਆਲ ਰੱਖ਼ੀਦਾ,
ਪਤਾ ਕਿੰਨਾ ਦਾਲ, ਆਟੇ ਦਾ ਹੈ ਮੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਜਦੋਂ ਅਸੀਂ ਇਥੇ ਜੀ ਬੀਮਾਰ ਹੋਈਦਾ।
ਠੰਡ ਨਾਲ਼ ਕੋਲਡ ਦਾ ਸ਼ਿਕਾਰ ਹੋਈਦਾ।
ਬਿਨਾਂ ਫੁੱਟੀ ਕੌਡੀ ਦੇ ਇਲਾਜ ਹੁੰਦਾ ਹੈ,
ਉਥੇ ਮਿੱਟੀ ਵਿਚ ਸੀਗਾ ਜਾਣਾ ਰੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਸ਼ੌਪਾਂ ਵਾਲ਼ੇ ਮੌਲ ਵਿਚ ਗੇੜਾ ਮਾਰੀਏ।
ਕਿਹੜੀ ਗੋਰੀ ਸੁਹਣੀ ਅੱਖ੍ਹਾਂ ਨਾਲ ਤਾੜੀਏ।
ਗੁੰਦਵੇਂ ਸਰੀਰ ਕੱਕੇ ਵਾਲ਼ਾਂ ਵਾਲੀਆਂ,
ਸੂਹੇ ਤੇ ਗੁਲਾਬੀ ਗੋਰੀਆਂ ਦੇ ਬੁੱਲ੍ਹ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਕੋਕ ਦਿਆਂ ਡੱਬਿਆਂ ਚੋਂ ਪੀਈਏ ਰੰਮ ਜੀ।
ਹੋਰ ਇੱਥੇ ਕਿਹੜਾ ਸਾਨੂੰ ਕੋਈ ਕੰਮ ਜੀ।
ਵੀਕ ਐਂਡ ਉਤੇ ਗੁਰੂ ਘਰ ਜਾਈਦਾ,
ਬਾਬੇ ਕੋਲੋਂ ਅਸੀਂ ਬਖ਼ਸ਼ਾਈਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਘਰ ਦੇ ਬਗ਼ੀਚਿਆਂ ‘ਚ ਲਾਈਏ ਗੋਭੀਆਂ।
ਲਾਈਆਂ ਅਸੀਂ ਮਿਰਚਾਂ ਗ਼ੁਜ਼ਾਰੇ ਜੋਗੀਆਂ।
ਅਸੀਂ ਤਾਂ ਜੀ ਆਲੂ ਤੇ ਬਤਾਊਂ ਲਾਵਾਂਗੇ,
ਗੋਰਿਆਂ ਦੇ ਲੱਗੇ ਹੋਏ ਬਥੇਰੇ ਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਪੁੱਤ, ਧੀਆਂ, ਨੂੰਹ ਤੇ ਜੁਆਈ ਭਾਈ ਜੀ।
ਹਰ ਤੀਮੀ ਕੰਮ ਉਤੇ ਹੈ ਲੁਆਈ ਜੀ।
ਡਾਲਰਾਂ ਦੇ ਇਨ੍ਹਾਂ ਨੇ ਜੀ ਢੇਰ ਲਾ’ਤੇ,
ਕੋਈ ਨਹੀਂਓਂ ਨਾਢੂ ਖਾਂ ਇਨ੍ਹਾ ਦੇ ਤੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਠੰਡ ਵੇਲੇ ਅਸੀਂ ਜੀ ਪੰਜਾਬ ਜਾਈਦਾ।
ਚੰਗਾ ਅਸੀਂ ਪਹਿਨੀਦਾ ਤੇ ਚੰਗਾ ਖਾਈਦਾ।
ਉੱਥੋਂ ਦੇ ਪੰਜਾਬੀਆਂ ਦੇ ਸੀਨੇ ਸਾੜ ਕੇ,
ਕਹੀਦਾ ਕਿ ਲਾਈਫ ਹੈ ਬਿਊਟੀਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਘਰ ਵਿਚ ਬੈਠ ਕੇ ਸਿਆਲ਼ ਕੱਟੀਦਾ।
ਟੈਲੀ ਅਸੀਂ ਦੇਖ਼ੀਦਾ ਤੇ ਨਾਮ ਜੱਪੀਦਾ।
ਬੈਠੇ ਬੈਠੇ ਜਦੋਂ ਅਸੀਂ ਬੋਰ ਹੋਈਦਾ,
ਘਿਓ ਨਾਲ਼ ਗੋਭੀ ਦਾ ਬਣਾਈਏ ਫੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਬਰਫ਼ਾਂ ਦੇ ਦੇਸ ‘ਚ ਬੁਢਾਪਾ ਗਾਲਿ਼ਆ।
ਇਥੇ ਆ ਕੇ ਲੰਬੜਾ ਤੂੰ ਕੀ ਪਾ ਲਿਆ।
ਘਰ ਵਾਲ਼ੀ ਕਹੇ ਸ਼ੱਟ ਅੱਪ ਓਲਡ ਮੈਨ,
ਇਥੇ ਹੈਗੀ ਤੀਮੀਆਂ ਨੂੰ ਬੜੀ ਖੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਸਾਡਾ ਬੇਲੀ “ਸਾਥੀ” ਹੈ ਕਬਿੱਤ ਜੋੜਦਾ।
ਇਥੇ ਬੈਠਾ ਅੰਬਰਾਂ ਦੇ ਤਾਰੇ ਤੋੜਦਾ।
ਕਹਿੰਦਾ ਜਿਥੇ ਰਹੀਏ ਉਹਦੀ ਖ਼ੈਰ ਮੰਗੀਏ,
ਜੀਹਦਾ ਲੂਣ ਖਾਈਏ ਉਹ ਨਾ ਜਾਈਏ ਭੁੱਲ ਜੀ।
ਪਾਰਕਾਂ ‘ਚ ਬੈਠੇ ਬਾਬਿਆਂ ਦੇ ਟੁੱਲ ਜੀ।
ਗਏ ਨੇ ਕੈਨੇਡਾ ਵਾਲੇ ਵੀਜ਼ੇ ਖੁੱਲ੍ਹ ਜੀ।
20/07/14
ਪਰਤ ਕੇ ਜਾਵੋਗੇ ਕਿਥੇ
ਡਾ. ਸਾਥੀ ਲੁਧਿਆਣਵੀ-ਲੰਡਨ
(ਜੀਵਨ ਦੇ ਕਈ
ਵਰ੍ਹੇ ਪਰਦੇਸਾਂ ਵਿਚ ਗ਼ੁਜ਼ਾਰ ਕੇ ਜਦੋਂ ਇਕ ਪਰਵਾਸੀ ਆਪਣੇ ਵਤਨ
ਰੀਟਾਇਰਮੈਂਟ ਗ਼ੁਜ਼ਾਰਨ ਲਈ ਵਾਪਸ ਪਰਤਦਾ ਹੈ ਤਾਂ ਇਹ ਦੇਖ ਕੇ ਹੈਰਾਨ ਰਹਿ
ਜਾਂਦਾ ਹੈ ਕਿ ਜਿੱਥੇ ਉਸ ਦੇ ਵਿਛੜ ਚੁੱਕੇ ਮਾਪਿਆਂ ਦਾ ਘਰ ਹੁੰਦਾ ਸੀ,
ਉਥੇ ਉਨ੍ਹਾਂ ਦੇ ਘਰ ਦੀ ਥਾਂ ਇਕ ਖ਼ਾਲੀ ਪਲਾਟ ਪਿਆ ਸੀ। ਪਤਾ ਕਰਨ ‘ਤੇ
ਪਤਾ ਚੱਲਿਆ ਕਿ ਉਸ ਦੇ ਮਾਪਿਆਂ ਦੇ ਮਰਨ ਪਿਛੋਂ ਉਸ ਦੇ ਕਿਸੇ ਸੰਬੰਧੀ ਨੇ
ਉਨ੍ਹਾਂ ਦਾ ਘਰ ਢਾਅ ਕੇ ਅਤੇ ਪਲਾਟ ਬਣਾ ਕੇ ਕਿਸੇ ਹੋਰ ਨੂੰ ਵੇਚ ਦਿੱਤਾ
ਸੀ। ਪਰਦੇਸੋਂ ਆਏ ਬੰਦੇ ਨੇ ਜਦੋਂ ਲੀਗਲ ਐਕਸ਼ਨ ਲੈਣ ਦੀ ਕੋਸ਼ਸ਼ ਕੀਤੀ
ਤਾਂ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਇਸ ਕਦਰ ਦਿੱਤੀਆਂ ਗਈਆਂ ਕਿ
ਉਹ ਵਾਪਸ ਪਰਦੇਸ ਪਰਤ ਆਉਣ ਲਈ ਮਜਬੂਰ ਹੋ ਗਿਆ। ਦੋਸਤੋ ਇਹ ਹੈ ਇਸ ਕਵਿਤਾ
ਦੀ ਪ੍ਰਿਸ਼ਠਭੂਮੀ-ਸਾਥੀ)
ਪਰਤ
ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਛੱਤ ਨਹੀਂ ਬਾਰੀ ਨਹੀਂ, ਸਜਦਾ ਕਰਨ ਲਈ ਦਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ
ਘਰ ਨਹੀਂ।
ਸਾਂਭ ਰੱਖ਼ੀ ਸੀ ਸ਼ਨਾਖ਼ਤ ਜਿਥੇ ਆਪਣੇ ਆਪ ਦੀ।
ਮਾਂ ਦਾ ਸੰਦੂਕ ਤੇ ਦਸਤਾਰ ਆਪਣੇ ਬਾਪ ਦੀ।
ਘਰ ਦੇ ਭਾਂਡੇ ਬਿਸਤਰੇ ਤੇ ਕੋਈ ਵੀ ਵਸਤਰ ਨਹੀਂ ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਜਿਥੇ ਕੁਝ ਲਮਹੇ ਗ਼ੁਜਾ਼ਰੇ ਪਿਆਰ ਦੇ,
ਇਕਰਾਰ ਦੇ ।
ਜਿਸ ਜਗ੍ਹਾ ‘ਤੇ ਦੀਪ ਜਗਦੇ ਸਨ ਹਮੇਸ਼ਾ ਪਿਆਰ ਦੇ।
ਉਸ ਜਗ੍ਹਾ ‘ਤੇ ਖ਼ੂਬਸੂਰਤ ਕਿਉਂ ਕੋਈ ਮੰਦਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਕਿਸ ਤਰ੍ਹਾਂ ਜੀਵੋਗੇ ਡਰ ਕੇ ਇੱਧਰ ਉੱਧਰ ਦੇਖ਼ ਕੇ।
ਪਰਤ ਜਾਵੋ ਮਾਂ ਦਿਆਂ ਸਿਵਿਆਂ ਨੂੰ ਮੱਥਾ ਟੇਕ ਕੇ।
ਉਸ ਜਗ੍ਹਾ ਹਾਲਾਤ ਹੁਣ ਉੱਕਾ ਕੋਈ ਬਿਹਤਰ ਨਹੀਂ।
ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।
ਤੁਸਾਂ ਕੋਲ ਸ਼ਾਇਸਤਗ਼ੀ, ਆਚਾਰ, ਸਿ਼ਸ਼ਟਾਚਾਰ ਹੈ।
ਤੁਸਾਂ ਦੇ ਬੋਝੇ ‘ਚ ਹਨ ਕੁਝ ਪੌਂਡ ਜਾਂ ਫਿ਼ਰ ਪਿਆਰ ਹੈ।
ਤੁਸਾਂ ਦੇ ਬੋਝੇ ‘ਚ ਤਾਂ ਪਿਸਤੌਲ ਨਹੀਂ ਸ਼ਸਤਰ ਨਹੀਂ।
ਪਰਤ ਕੇ ਜਾਵੋਗੇ ਕਿਥੇ,ਉਸ ਜਗ੍ਹਾ ਤਾਂ ਘਰ ਨਹੀਂ।
ਦੋਹਰੀਆਂ ਗੱਲਾਂ ਹੀ ਹੁੰਦੀਆਂ ਹੋਣ ਜਿਥੇ ਦੋਸਤੋ।
ਸਾਡੇ ਮਨਾਂ ਨੂੰ ਕੌਣ ਹੁਣ ਸਮਝੇਗਾ ਉਥੇ ਦੋਸਤੋ।
ਅਸਾਂ ਨੂੰ ਸਮਝਣ ਲਈ ਤਾਂ ਕਿਤੇ ਕੋਈ ਦਫਤਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਉਸ ਜਗ੍ਹਾ ਮਾਇਆ ਹੈ ਉੱਤਮ, ਮਾਇਆ ਹੀ ਸਿਰਮੌਰ ਹੈ।
ਪਿਆਰ ਤੋਂ ਸੱਖ਼ਣਾ ਚੌਗਿ਼ਰਦਾ ਨਫ਼ਰਤਾਂ ਦਾ ਦੌਰ ਹੈ।
ਹੁਣ ਤਾਂ ਉਹ ਧਰਤੀ ਨਹੀਂ, ਪਹਿਲਾਂ ਜਿਹਾ ਅੰਬਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਉਂਝ ਤਾਂ ਮਿਲਦੇ ਨੇ ਉਹ ਬਾਹਵਾਂ ਫ਼ੈਲਾਅ ਕੇ ਦੋਸਤੋ।
ਫ਼ੁੱਲਾਂ ਵਾਂਗੂੰ ਹੱਸ ਹੱਸ ਕੇ, ਮੁਸਕਰਾਅ ਕੇ ਦੋਸਤੋ।
ਪਰ ਮਨਾਂ ਦੇ ਕੰਵਲ ਵਿਚ ਖ਼ੁਸ਼ਬੋ ਰਤਾ ਵੀ ਭਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਪੌਣ ਹੀ ਵਗਦੀ ਹੈ ਚੰਦਰੀ ਤੇ ਬੁਰੀ ਹੈ ਦੋਸਤੋ।
ਖ਼ਬਰੇ ਕਿਸ ਦੀ ਬਗਲ ਵਿਚ ਹੋਣੀ ਛੁਰੀ ਹੈ ਦੋਸਤੋ।
ਉਸ ਜਗ੍ਹਾ ਹੁਣ ਰੱਬ ਵਰਗੀ ਚੀਜ਼ ਦਾ ਵੀ ਡਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਇਹ ਨਹੀਂ ਕਿ ਪਿਆਰ ਵਾਲ਼ੀ ਖ਼ੁੱਲ੍ਹੀ ਕੋਈ ਤਾਕੀ ਨਹੀਂ।
ਮਨ ‘ਚ ਐਪਰ ਉੱਡਣ ਲਈ ਕੁਈ ਤਾਂਘ ਹੀ ਬਾਕੀ ਨਹੀਂ।
ਇਹ ਨਹੀਂ ਕਿ ਵਤਨ ਲਈ ਮਨ ਜ਼ਰਾ ਵੀ ਤਤਪਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਜਿਸ ਜਗ੍ਹਾ ‘ਤੇ ਆਦਮੀ ਨੂੰ ਆਦਮੀ ਕੋਂਹਦਾ ਰਹੇ।
ਆਦਮੀ ‘ਤੇ ਆਦਮੀ ਹੀ ਜ਼ਹਿਰ ਬਰਸਾਉਂਦਾ ਰਹੇ।
ਉਸ ਜਗ੍ਹਾ ਤੋਂ ਕੋਈ ਵੀ ਥਾਂ ਕਦੇ ਵੀ ਬਦਤਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਕਿਸ ਤਰ੍ਹਾਂ ਉੱਕਰੋਗੇ ਨਾਂ ਹੁਣ ਸੁਪਨਿਆਂ ਦੀ ਰਾਖ਼ ‘ਤੇ।
ਕਿਸ ਤਰ੍ਹਾਂ ਬੈਠੋਗੇ ਜਾ ਕੇ ਹੁਣ ਬੇਗ਼ਾਨੀ ਸ਼ਾਖ਼ ‘ਤੇ।
ਉੱਡਣ ਦੀ ਵੀ ਤਾਂਘ ਨਹੀਂ, ਮਜ਼ਬੂਤ ਵੀ ਹੁਣ ਪਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਜਿਸ ਜਗ੍ਹਾ ‘ਤੇ ਪਿਆਰ ਦੀ ਉੱਕਾ ਕੋਈ ਸਰਗ਼ਮ ਨਹੀਂ।
ਜਿਸ ਜਗ੍ਹਾ “ਸਾਥੀ” ਨਹੀਂ, ਦੋਸਤ ਨਹੀਂ, ਮਹਿਰਮ ਨਹੀਂ।
ਉਹ ਜਗ੍ਹਾ ਮੇਰੇ ਤਖ਼ੱਅਈਲ ਦੀ ਜਗ੍ਹਾ ਅਕਸਰ ਨਹੀਂ।
ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।
ਛੱਤ ਨਹੀਂ ਬਾਰੀ ਨਹੀਂ, ਸਜਦਾ ਕਰਨ ਲਈ ਦਰ ਨਹੀਂ।
16/06/14
ਇਕ ਹਾਸ ਵਿਅੰਗ ਵਾਲੀ ਨਜ਼ਮ
ਪੌਂਡ ਦੇ ਪੁਆੜੇ
ਸਾਥੀ ਲੁਧਿਆਣਵੀ-ਲੰਡਨ
(ਸੱਠਵਿਆਂ ਵਿਚ
ਲਿਖ਼ੀ ਗਈ ਇਹ ਨਜ਼ਮ ਆਪਣੇ ਆਪ ਵਿਚ ਇਕ ਇਤਹਾਸ ਹੈ। ਮਿਸਾਲ ਵਜੋਂ ਉਸ ਵੇਲੇ
ਪੌਡ ਦਾ ਔਫ਼ੀਸ਼ੀਅਲ ਰੇਟ ਚੌਦਾਂ ਰੁਪੈਏ ਹੁੰਦਾ ਸੀ ਜਦ ਕਿ ਅਜਕਲ 2014
ਵਿਚ ਸੌ ਰੁਪੈਏ ਤੋਂ ਉਪਰ ਹੈ। ਉਸ ਵੇਲੇ ਬਲੈਕ ਵਿਚ ਵੀ ਪੌਂਡ ਇੰਡੀਆ
ਭੇਜਿਆ ਜਾਂਦਾ ਸੀ। ਉਸ ਦਾ ਰੇਟ ਉਸ ਵੇਲੇ ਪੈਂਤੀ ਰੁਪੈਏ ਹੂੰਦਾ ਸੀ।
ਉਨ੍ਹੀਂ ਦਿਨੀਂ 1968 ਵਿਚ ਕੀਤੀ ਈਨੋਕ ਪਾਵਲ
{ਬਰਤਾਨੀਆ ਦੀ ਟੋਰੀ ਪਾਰਟੀ ਦਾ ਇਕ ਨੇਤਾ
- ਸੰਪਾਟਕ} ਦੀ ਨਸਲਵਾਦੀ ਸਪੀਚ
ਦੇ ਵੀ ਬਹੁਤ ਚਰਚੇ ਸਨ। ਹੁਣ ਤਾਂ ਬਰਤਾਨੀਆਂ ਵਿਚ ਰਹਿੰਦੀਆਂ ਕੌਮਾਂ ਵੀ
ਬਹੁਤ ਵਡੀ ਗਿਣਤੀ ਵਿਚ ਤੇ ਕਈ ਭਿੰਨ ਭਿੰਨ ਪ੍ਰਿਸ਼ਟਭੂਮੀਆਂ ਵਿਚੋਂ ਇਥੇ
ਰਹਿੰਦੀਆਂ ਹਨ।-ਸਾਥੀ )
ਬੜੇ ਘਰ ਉਜਾੜੇ ਤੇਰੇ ਪੌਂਡ ਨੇ।
ਪਾਏ ਹਨ ਪੁਆੜੇ ਤੇਰੇ ਪੌਂਡ ਨੇ।
=ਹਵੇਲੀ ਉਜਾੜੀ ਹੈ ਲੰਬੜਾਂ ਦੀ ਤੇ,
ਉਜਾੜੇ ਨੇ ਢਾਰੇ ਤੇਰੇ ਪੌਂਡ ਨੇ।
=ਜ਼ਮੀਨਾਂ ਲਿਖ਼ਾਈਆਂ ਕਰਾੜਾਂ ਦੇ ਨਾਂ,
ਤੇ ਵਿੱਕਵਾਏ ਨਾਰੇ ਤੇਰੇ ਪੌਂਡ ਨੇ।
ਦੁਆਬੇ ਤੇ ਮਾਝੇ ਦੇ ਪੁੱਟ ਲਏ ਨੇ ਲੋਕ,
ਪੁੱਟੇ ਕਾਮੇ ਪਾੜ੍ਹੇ ਤੇਰੇ ਪੌਂਡ ਨੇ।
ਜੱਟ ਬਾਣੀਆਂ ਹੋਇਆ, ਤੇਲੀ ਦਲਾਲ,
ਮਿਟਾਏ ਨੇ ਪਾੜੇ ਤੇਰੇ ਪੌਂਡ ਨੇ।
ਹਿਮਾਲਾ ਦੇ ਯੋਗੀ ਤੇ ਟਿੱਲੇ ਦੇ ਸਾਧ,
ਲੰਡਨ ਉਤਾਰੇ ਤੇਰੇ ਪੌਂਡ ਨੇ।
ਕਦੇ ਪੌਂਡ ਪੈਂਤੀ ਕਦੇ ਚੌਦਾਂ ਸੱਠ,
ਬੜੇ ਕੀਤੇ ਕਾਰੇ ਤੇਰੇ ਪੌਂਡ ਨੇ।
ਪੰਡਤਾਂ ਦੀ ਨਿੰਮੋ ਤੇ ਜੱਟਾਂ ਦਾ ਸੀਸ,
ਬਣਾਏ ਪਿਆਰੇ ਤੇਰੇ ਪੌਂਡ ਨੇ।
ਦੁਆਬੇ ਦੇ ਬੁੱਢੇ ਤੇ ਮਾਝੇ ਦੇ ਬਾਬੇ,
ਘਰਾਂ ਅੰਦਰ ਤਾੜੇ ਪੌਂਡ ਨੇ।
ਕੱਛੀਆਂ ਨੇ ਲੰਡਨ ਦਾ ਮੁੱਲ ਕਰ ਲਿਆ,
ਕੀਤੇ ਵਾਰੇ ਨਿਆਰੇ ਤੇਰੇ ਪੌਂਡ ਨੇ।
ਮੱਧਰੀ ਤੇ ਕਾਣੀ ਦੇ ਸੰਜੋਗ ਲਈ,
ਮੰਗਵਾਏ ਲਾੜੇ ਤੇਰੇ ਪੌਂਡ ਨੇ।
ਪਾਵਲ ਦੇ ਚੇਲੇ ਪਏ ਨ੍ਹਾਸਾਂ ਫ਼ੈਲਾਉਣ,
ਕਾਇਮ ਕੀਤੇ ਖ੍ਹੜੇ ਤੇਰੇ ਪੌਂਡ ਨੇ।
ਮੁੱਲਾਂ ਤੇ ਪੰਡਤ ਨੂੰ ਵਿਸਕੀ ਨੇ ਵੀ,
ਤੇ ਦਿੱਤੇ ਹੁਲਾਰੇ ਤੇਰੇ ਪੌਂਡ ਨੇ।
ਆ ਗਏ ਹਾਂ ਯਾਰੋ ਹੁਸੀਨਾਂ ਦੇ ਦੇਸ,
ਬੜੇ ਤੀਰ ਮਾਰੇ ਤੇਰੇ ਪੌਂਡ ਨੇ।
ਅਸੀਂ ਸਾਂ ਮੁਲਕ ਵਿਚ ਛੱਬੀਲੇ ਜਵਾਨ,
ਬੜੇ ਕੀਤੇ ਮਾੜੇ ਤੇਰੇ ਪੌਂਡ ਨੇ।
ਮਿੱਤਰ ਸੰਬੰਧੀ ਰੁਸਾਏ ਬੜੇ,
“ਸਾਥੀ” ਦੇ ਸਾਰੇ ਤੇਰੇ ਪੌਂਡ ਨੇ।
04/06/14
ਕੁੜੀਆਂ ਚਿੜੀਆਂ
ਸਾਥੀ ਲੁਧਿਆਣਵੀ-ਲੰਡਨ
(ਭਾਰਤ ਦੇ ਸੂਬੇ
ਉੱਤਰ ਪ੍ਰਦੇਸ਼ ਵਿਚ ਦੋ ਦਲਿਤ ਕੁੜੀਆਂ ਨੂੰ ਗੈਂਗਰੇਪ ਕਰਕੇ ਬਲਾਤਕਾਰੀਆਂ
ਨੇ ਇਕ ਦਰਖ਼ਤ ਨਾਲ ਲਟਕਾਅ ਦਿਤਾ ਸੀ। ਇਹ ਚੌਦਾਂ ਅਤੇ ਪੰਦਰਾਂ ਸਾਲਾਂ ਦੀ
ਉਮਰ ਦੀਆਂ ਅਭਾਗੀਆਂ ਕੁੜੀਆਂ ਸਕੂਲੇ ਪੜ੍ਹਦੀਆਂ ਸਨ। 2011 ਵਿਚ ਦਿੱਲੀ
ਵਿਚ ਗੈਂਗਰੇਪ ਤੇ ਕਤਲ ਕੀਤੀ ਗਈ ਜਿਓਤੀ ਵਾਲੀ ਗੱਲ ਪੁਰਾਣੀ ਹੋ ਗਈ ਲਗਦੀ
ਹੈ ਤੇ ਉਦੋਂ ਦੀਆਂ ਹੋਰ ਬਥੇਰੀਆਂ ਜਿਓਤੀਆਂ ਇੰਝ ਹੀ ਮੋਈਆਂ ਹੋਣਗੀਆਂ।
ਲੱਖ਼ਾਂ ਹੀ ਅਣਜੰਮੀਆਂ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕਰਦਾ।-ਸਾਥੀ)
ਰੁੱਖ਼ਾਂ
ਉੱਤੋਂ ਲਟਕਦੀਆਂ ਦੋ ਕੁੜੀਆਂ ਚਿੜੀਆਂ।
ਭਾਰਤਵਰਸ਼ 'ਚ ਜੰਮੀਆਂ ਸਨ ਇਹ ਕਰਮਾਂ ਸੜੀਆਂ।
=ਜਿਸ ਰੁੱਖ਼ ਉਤੇ ਸੂਲੀ ਚੜ੍ਹੀਆਂ ਹਨ ਇਹ ਕੁੜੀਆਂ,
ਇਥੇ ਹੀ ਤਾਂ ਹੋਣੀਆਂ ਸਨ ਇਹ ਪੀਂਘੀਂ ਚੜ੍ਹੀਆਂ।
=ਰੰਗ ਬਰੰਗੇ ਸੂਟ ਸਿਰਾਂ 'ਤੇ ਲਈਆਂ ਹੋਈਆਂ,
ਚੁੰਨੀਆਂ ਚੰਨ ਸਿਤਾਰਿਆਂ ਨਾਲ ਜੋ ਮਾਵਾਂ ਜੜੀਆਂ।
=ਘਰ ਦੇ ਵਿਚ ਉਡੀਕਦੀਆਂ ਨੇ ਕੱਲਮ ਦਵਾਤਾਂ,
ਕੁਝ ਕਿਤਾਬਾਂ ਅਜੇ ਇਨ੍ਹਾਂ ਨੇ ਨਹੀਂ ਸੀ ਪੜ੍ਹੀਆਂ।
=ਇਨ੍ਹਾਂ ਦੇ ਹੱਥੀਂ ਹੁਣ ਨਾ ਕਦੇ ਵੀ ਮਹਿੰਦੀ ਲੱਗਣੀ,
ਇਨ੍ਹਾਂ ਦੀਆਂ ਕੁ੍ਹੱਖਾਂ ਨਾ ਕਦੇ ਵੀ ਹੋਣੀਆਂ ਹਰੀਆਂ।
=ਮਾਂ ਨੇ ਹੰਝ ਵਹਾ ਕੇ ਹੈ ਸੀ ਸਹੁਰੀਂ ਘੱਲਣਾ,
ਬਾਬਲ ਨੇ ਸੀ ਲਾਉਣੀਆਂ ਫ਼ਿਰ ਸਾਵਣ ਦੀਆਂ ਝੜੀਆਂ।
=ਸਹੁਰੇ ਘਰ ਵਿਚ ਸੱਸ ਨੇ ਨਹੀਂਓਂ ਸ਼ਗਨ ਮਨਾਉਣੇ,
ਇਨ੍ਹਾਂ ਦੇ ਭਾਗੀਂ ਲਿਖ਼ੀਆਂ ਨਹੀਂ ਮਾਹੀ ਦੀਆਂ ਅੜੀਆਂ।
=ਲਟਕਦੀਆਂ ਲਾਸ਼ਾਂ ਨੂੰ ਤੱਕਣ ਡੌਰ ਭੌਰੀਆਂ,
ਪਿੰਡ ਦੀਆਂ ਧੀ ਧਿਆਣੀਆਂ ਚੁੱਪ ਚੁਪੀਤੇ ਖ਼ੜੀਆਂ।
=ਕਿੱਥੇ ਖ਼ੜ੍ਹੇ ਨੇ ਲੋਕੀਂ ਸਾਡੀ ਜੰਮਣ ਭੋਂ ਦੇ,
ਕਿੱਥੇ ਭਾਰਤਵਰਸ਼ ਦੀਆਂ ਸਰਕਾਰਾਂ ਖੜ੍ਹੀਆਂ।
=ਖ਼ਬਰੇ ਕਿੰਨੀਆਂ ਨਾਮ-ਰਹਿਤ ਹਨ ਏਸ ਦੇਸ ਵਿਚ,
ਸਿਵਿਆਂ ਵਿਚ ਜਲਾਈਆਂ ਤੇ ਪਈਆਂ ਵਿਚ ਮੜ੍ਹੀਆਂ।
=ਕਿੰਨੀਆਂ ਕੁੜੀਆਂ ਮੋਈਆਂ ਰਾਜੇ ਜੰਮਣ ਬਾਝੋਂ,
ਕਿੰਨੀਆਂ ਮੋਈਆਂ ਗ਼ੀਤ ਗਾਉਣ ਤੋਂ ਪਹਿਲਾਂ ਕੁੜੀਆਂ।
=ਕਿੱਥੇ ਗਏ ਉਹ ਲੋਕੀਂ ਜਿਨ੍ਹਾਂ ਨੂੰ ਨਾਜ਼ ਸੀ ਹਿੰਦ 'ਤੇ,
ਕਿੱਥੇ ਗਏ ਜੋ ਕਰਦੇ ਸਨ ਤਕਰੀਰਾਂ ਬੜੀਆਂ।
=ਪੱਥਰ ਹੋ ਗਈਆਂ ਹਨ ਸ਼ਾਇਦ ਸਭ ਜ਼ਮੀਰਾਂ,
ਇਸੇ ਲਈ ਹੁਣ ਲੱਗਣ ਨਾ ਹੰਝੂਆਂ ਦੀਆਂ ਝੜੀਆਂ।
=ਗੌਤਮ, ਗਾਂਧੀ, ਨਾਨਕ ਸ਼ਰਮਸਾਰ ਹਨ ਹੋਏ,
ਉਨ੍ਹਾਂ ਦੀਆਂ ਜੋ ਮੂਰਤੀਆਂ ਸ਼ੀਸ਼ੇ ਵਿਚ ਜੜੀਆਂ।
=ਕਿਹੜੀਆਂ ਲਿਖ਼ੀਏ ਨਜ਼ਮਾਂ, ਕਿਹੜੇ ਹਰਫ਼ ਜਗਾਈਏ,
ਪਹਿਲਾਂ ਈ ''ਸਾਥੀ" ਵਿਲਕਦੀਆਂ ਕਵਿਤਾਵਾਂ ਬੜੀਆਂ।
01/06/2014
ਇਕ ਨਜ਼ਮ
ਆਇਆ ਮੋਦੀ
ਡਾ.ਸਾਥੀ ਲੁਧਿਆਣਵੀ
ਪੀ
ਐਮ ਬਣ ਕੇ ਆਇਆ ਮੋਦੀ।
ਦੁਨੀਆਂ ਭਰ ਵਿਚ ਛਾਇਆ ਮੋਦੀ।
=ਪਤੀ, ਪਿਓ ਤੇ ਜੀਜਾ ਨਹੀਂਓਂ,
ਕੇਵਲ ਮਾਂ ਦਾ ਜਾਇਆ ਮੋਦੀ।
= ਲੋਕਾਂ ਜਾਤਾ ਛੜਾ ਹੈ ਮੋਦੀ,
ਸੀਗਾ ਮਗਰ਼ ਵਿਹਾਇਆ ਮੋਦੀ।
= ‘ਕੱਲੀ ਨੂੰ ਉਹ ਛੱਡ ਆਇਆ ਸੀ,
ਵਹੁਟੀ ਨਹੀਂ ਲਿਆਇਆ ਮੋਦੀ।
=ਰਿਸ਼ਤੇਦਾਰੀ ਕੱਢ ਲਈ ਲੋਕਾਂ,
ਕਹਿੰਦੇ ਸਾਡਾ ਤਾਇਆ ਮੋਦੀ।
=ਮੰਦਰ ਜਾਣ ਤੋਂ ਪਹਿਲਾਂ ਮਾਂ ਦੇ,
ਜਾ ਪੈਰੀਂ ਹੱਥ ਲਾਇਆ ਮੋਦੀ।
=ਪੰਜ ਸੌ ਮਿਲੀਅਨ ਭਾਰਤੀਆਂ ਦੇ,
ਲਗਦਾ ਮਨ ਨੂੰ ਭਾਇਆ ਮੋਦੀ।
=ਗਊ ਦਾ ਜਾਇਆ ਮਨਮੋਹਨ ਸੀ,
ਬੜ੍ਹਕ ਮਾਰ ਕੇ ਆਇਆ ਮੋਦੀ।
=ਕਾਂਗਰਸੀ ਸਭ ਲਾਏ ਖ਼ੂੰਜੇ,
ਕੀਤਾ ਬੜਾ ਸਫ਼ਾਇਆ ਮੋਦੀ।
=ਮਾਓਵਾਦੀ, ਲੈਨਨਵਾਦੀ,
ਸਭ ਨੂੰ ਖ਼ੂੰਜੇ ਲਾਇਆ ਮੋਦੀ
=ਹਿੰਦੂ ਕਹਿਣ ਕਿ ਪੀ ਐਮ ਹਿੰਦੂ,
ਹਿੰਦੂਆਂ ਦਾ ਸਰਮਾਇਆ ਮੋਦੀ।
=ਆਰ ਐਸ ਐਸ ਦਾ ਸਿਗਾ ਸਮਰਥਕ,
ਉੱਧਰੋਂ ਹੀ ਹੈ ਆਇਆ ਮੋਦੀ।
=ਸੈਕੂਲਰ ਬੰਦੇ ਕੰਬ ਉੱਠੇ,
ਹਊਆ ਬਣ ਕੇ ਆਇਆ ਮੋਦੀ।
=ਪਾਕਿਸਤਾਨ ਨੇ ਫ਼ੂਕ ਛਕਾਈ,
ਕਹਿੰਦੇ ਹੈ ਹਮਸਾਇਆ ਮੋਦੀ।
=ਓਬਾਮਾ ਨੇ ਕਹੀ ਮੁਬਾਰਕ,
ਵੀਜ਼ਾ ਹੱਥ ਫ਼ੜਾਇਆ ਮੋਦੀ।
=ਯੂਰਪ ਕਹੇ ਹੈ ਮੋਦੀ ਆਪਣਾ,
ਕੱਲ ਸੀ ਅਜੇ ਪਰਾਇਆ ਮੋਦੀ।
=ਮੱਥੇ ਉੱਤੇ ਤਿਲਕ ਲਗਾ ਕੇ,
ਗੰਗਾ ਜਾ ਕੇ ਨ੍ਹਾਹਿਆ ਮੋਦੀ।
=ਮੰਦਰ ਜਾ ਉਸ ਅਲਖ਼ ਜਗਾਈ,
ਨਾਲ਼ੇ ਟੱਲ ਖ਼ੜਕਾਇਆ ਮੋਦੀ।
=“ਸਾਥੀ” ਸੀ ਮੁੱਦਤ ਤੋਂ ਕਹਿੰਦਾ,
ਆਇਆ ਮੋਦੀ, ਆਇਆ ਮੋਦੀ।
18/05/2014
1984 ਵਿਚ
ਹੋਏ ਸਿੱਖ਼ਾਂ ਦੇ ਕਤਲੇਆਮ ਦੀ ਦਰਦਨਾਕ ਤਸਵੀਰ ਪੇਸ਼ ਕਰ ਰਹੀ ਇਕ
ਗ਼ਜ਼ਲ
ਗ਼ਜ਼ਲ
ਡਾ.ਸਾਥੀ ਲੁਧਿਆਣਵੀ
ਕਿੱਥੇ ਗਏ ਕੁਝ ਲੋਕੀਂ ਮਹਾਂਨਗ਼ਰ ਦੇ।
ਝੁਲਸੇ ਬੂਹੇ ਬਾਰੀਆਂ ਹਰ ਇਕ ਘਰ ਦੇ।
ਨਫ਼ਰਤ ਦੀ ਅਗਨੀ ਵਿਚ ਸੜੇ ਸ਼ਗੂਫ਼ੇ,
ਪਿੰਡੇ ਲਾਸਾਂ ਪਈਆਂ ਲਗ਼ਰ ਲਗ਼ਰ ਦੇ।
ਗ਼ਮਲੇ ਦੇ ਫੁੱਲ ਹੋਏ ਨਿੰਮੋਝੂਣੇ,
ਟੁੱਟਾ ਚੂੜਾ ਪਿਆ ਹੈ ਲਾਗੇ ਦਰ ਦੇ।
ਪੱਗਾਂ ਲੱਥੀਆਂ, ਸੂਹੇ ਸਾਲੂ ਪਾਟੇ,
ਭੈਣ ਨੇ ਦੇਖ਼ੇ ਬਾਬਲ ਵੀਰੇ ਮਰਦੇ।
ਏਨੇ ਕਹਿਰ 'ਚ ਕੋਈ ਨਾ ਢੁਕਿਆ ਨੇੜੇ,
ਅੰਦਰੀਂ ਵੜ ਗਏ ਸਭ ਹਮਸਾਏ ਡਰਦੇ।
ਉਹ ਅੰਮੜੀ ਤਾਂ ਹੋ ਗਈ ਜੋਤ ਵਿਹੂਣੀ,
ਜਿਸ ਨੇ ਅੱਖ਼ ਦੇ ਤਾਰੇ ਵੇਖ਼ੇ ਮਰਦੇ।
ਜਿਸ ਪੁਸਤਕ ਨੇ ਵੰਡੀ ਅੰਮ੍ਰਿਤ-ਬਾਣੀ,
ਉਸ ਪੁਸਤਕ ਨੂੰ ਸੁੱਟਿਆ ਵਿਚ ਜ਼ਹਿਰ ਦੇ।
ਜਿਸ ਚੌਰਸਤੇ ਵਿਚ ਸਨ ਸੀਸ ਕਟਾਏ,
ਉਸੇ ਚੌਰਸਤੇ ਗੁਰ ਦੇ ਸਿੰਘ ਹਨ ਸੜਦੇ।
ਹਾਕਮ ਦੀ ਸ਼ਹਿ ਉੱਤੇ ਬਿਫ਼ਰੇ ਫ਼ਿਰਦੇ,
ਡਰਦੇ ਜੋ ਕੱਲ ਚੂੰ ਵੀ ਨਹੀਂ ਸਨ ਕਰਦੇ।
ਏਕ ਨੂਰ ਤੋਂ ਉਪਜੇ ਕੈਸੇ ਬੰਦੇ,
ਬੰਦੇ ਦੀ ਜੋ ਰੱਤ 'ਚ ਫ਼ਿਰਦੇ ਤਰਦੇ।
ਫਿਰਕੂ ਰਾਖ਼ਸ਼ ਤਾਂਡਵ ਨਾਚ ਹੈ ਨੱਚਿਆ,
ਲੋਕ-ਰਾਜ ਦੇ ਲਹਿ ਕੇ ਡਿਗ ਪਏ ਪਰਦੇ।
ਕਿੱਥੇ ਗਿਆ ਅਹਿੰਸਾ ਪਰਮੋ ਧਰਮਾਂ,
ਗਲੀ ਗਲੀ ਵਿਚ ਗਾਂਧੀ ਗੌਤਮ ਮਰਦੇ।
ਹੋਏ ਨੇ ਅੱਜ ਗ਼ੈਰ ਜੋ ਕੱਲ ਸਨ ''ਸਾਥੀ",
ਐਸੇ ਝੱਖ਼ੜ ਝੁੱਲੇ ਹੈਨ ਕਹਿਰ ਦੇ।
09/05/2014
ਇਕ ਵਿਅੰਗਮਈ ਕਵਿਤਾ
ਦਸ਼ਾ
ਭਾਰਤ ਦੀ-2014
ਡਾ.ਸਾਥੀ ਲੁਧਿਆਣਵੀ-ਲੰਡਨ
ਦੇਸ਼ ‘ਚ ਬਿਜਲੀ ਪਾਣੀ ਹੈ ਨੀ।
ਪਹਿਲਾਂ ਜਿਹੀ ਕਹਾਣੀ ਹੈ ਨੀ।
=ਰਾਵੀ, ਸਤਲੁਜ ਖ਼ੁਸ਼ਕ ਹੋ ਰਹੇ,
ਪਾਣੀ ਵਿਚ ਰਵਾਨੀ ਹੈ ਨੀ।
=ਹੜ੍ਹ, ਸੋਕਾ ਹੁਣ ਦੋ ਹੀ ਰੁੱਤਾਂ,
ਚਲਦੀ ‘ਵਾ ਮਸਤਾਨੀ ਹੈ ਨੀ।
=ਹਵਾ ਬੜੀ ਪ੍ਰਦੂਸ਼ਤ ਹੋ ਗਈ,
ਅਜਕਲ ਨਿਰਮਲ ਪਾਣੀ ਹੈ ਨੀ।
=ਦੁਧ ‘ਤੇ ਦਹੀਂ ਬਜ਼ਾਰੋਂ ਮਿਲ਼ਦੇ,
ਚਾਟੀ ਵਿਚ ਮਧਾਣੀ ਹੈ ਨੀ।
=ਖ਼ੂਹ ਨ੍ਹੀਂ ਗਿੜਦੇ, ਹਲਟ ਨ੍ਹੀਂ ਚਲਦੇ,
ਤੇਲੀ ਪਾਉਂਦਾ ਘਾਣੀ ਹੈ ਨੀਂ।
=ਵਾੜ ਹੀ ਖ਼ੇਤ ਨੂੰ ਖ਼ਾਣਾ ਗਿੱਝ ਗਈ,
ਇਹ ਕੋਈ ਗ਼ਲਤ ਬਿਆਨੀ ਹੈ ਨੀ।
=ਕਈਆਂ ਕੋਲ਼ ਹੈ ਮਾਇਆ ਬਹੁਤੀ,
ਕਈਆਂ ਕੋਲ਼ ਦੁਆਨੀ ਹੈ ਨੀ।
=ਹੋ ਗਏ ਸਭ ਅੱਲਾ ਨੂੰ ਪਿਆਰੇ,
ਕਿਧਰੇ ਵੀ ਕੋਈ ਹਾਣੀ ਹੈ ਨੀ।
=ਯਾਦਾਂ ਹੀ ਬਸ ਰਹਿ ਗਈਆਂ ਨੇ,
ਦਿਲ ਦਾ ਹੁਣ ਕੋਈ ਜਾਨੀ ਹੈ ਨੀ।
=ਮਨੋਂ ਵਿਸਰਦੇ ਮੋਏ ਬੰਦੇ,
ਜਾਂਦਾ ਕੋਈ ਮਕਾਣੀਂ ਹੈ ਨੀ।
=ਸਭ ਪ੍ਰਚਾਰਕ ਟੁਰੇ ਵਿਦੇਸ਼ੀਂ,
ਪਿੰਡ ‘ਚ ਗੁਰ ਦੀ ਬਾਣੀ ਹੈ ਨੀ।
=ਲੀਡਰ ਬੜੇ ਨੇ ਆਸ਼ਾਵਾਦੀ,
ਕਹਿੰਦੇ ਕੋਈ ਵੀਰਾਨੀ ਹੈ ਨੀ।
=ਅਜਕਲ ਡਿਸਕੋ ਡਿਸਕੋ ਹੋ ਗਈ,
ਗਿੱਧਿਆਂ ਦੀ ਕੋਈ ਰਾਣੀ ਹੈ ਨੀ।
=ਇੰਟਰਨੈਟ ‘ਤੇ ਇਸ਼ਕ ਹੋ ਰਿਹੈ,
ਇਸ਼ਕ ਦੀ ਬਾਤ ਪੁਰਾਣੀ ਹੈ ਨੀ।
=ਖ਼ਤ ਲਿਖ਼ਦੇ ਕੰਪਿਊਟਰ ਉੱਤੇ,
ਕਲਮ, ਦਵਾਤ ਤੇ ਕਾਨੀ ਹੈ ਨੀ।
=ਹਿੰਦੂ, ਸਿੱਖ਼ ਤੇ ਮੁਸਲਿਮ ਹੀ ਨੇ,
ਰੱਬ ਦਾ ਕੋਈ ਪ੍ਰਾਣੀ ਹੈ ਨੀ।
=ਅਜੇ ਤਾਂ “ਸਾਥੀ” ਕੰਮ ਬਥੇਰੇ,
ਲੇਕਿਨ ਉਮਰ ਨਿਮਾਣੀ ਹੈ ਨੀ।
16/04/2014
ਗ਼ਜ਼ਲ
ਡਾ. ਸਾਥੀ ਲੁਧਿਆਣਵੀ-ਲੰਡਨ
ਹਰ ਪਲ ਇਕ ਇਮਤਿਹਾਨ ਲਗਦਾ ਹੈ।
ਮੁਸ਼ਕਲ ਜੀਣਾ ਮੇਰੀ ਜਾਨ ਲਗਦਾ ਹੈ।
= ਸ਼ੂਕਦੇ ਦਰਿਆ ਵੀ ਤਰਦੇ ਸਾਂ ਕਦੇ,
ਹਰ ਕਤਰਾ ਹੁਣ ਤੂਫ਼ਾਨ ਲਗਦਾ ਹੈ।
=ਉਸ ਬਿਨਾਂ ਇਹ ਘਰ, ਘਰ ਨਹੀਂ,
ਇਹ ਘਰ ਇਕ ਮਕਾਨ ਲਗਦਾ ਹੈ।
=ਡੀ ਵੀ ਡੀ,ਟੀ ਵੀ,ਰੇਡੀਓ, ਆਈ ਫੋਨ,
ਚੁੱਪ ਨੂੰ ਸਹਿਣ ਦਾ ਸਾਮਾਨ ਲਗਦਾ ਹੈ।
=ਤੋੜ ਕੇ ਦਿਲ ਹੋਰ ਕਰ ਲੈਣਾ ਤਲਾਸ਼,
ਉਸ ਨੂੰ ਬੜਾ ਆਸਾਨ ਲਗਦਾ ਹੈ।
= ਪਕੜ ਕੇ ਬੈਠਾ ਜੋ ਪੱਲਾ ਸੱਚ ਦਾ,
ਬੰਦਾ ਉਹ ਕੋਈ ਨਾਦਾਨ ਲਗਦਾ ਹੈ।
=ਨਾ ਹਿੰਦੂ, ਨਾ ਮੁਸਲਮਾਨ ਜੋ ਹੋਵੇ,
ਉਹ ਇਨਸਾਨ ਮਹਾਨ ਲਗਦਾ ਹੈ।
=ਕਰ ਰਿਹਾ ਹੈ ਸਾਂਵਿਆਂ ਹੱਕਾਂ ਦੀ ਗੱਲ,
ਹਾਕਮ ਬੜਾ ਸ਼ੈ਼ੈਤਾਨ ਲਗਦਾ ਹੈ।
=ਟੁਰ ਗਏ ਹਨ ਸਭ ਸੈਲਾਨੀ ਰਾਤ ਨੂੰ,
ਤਾਜ ਮਹਿਲ ਵੀਰਾਨ ਲਗਦਾ ਹੈ।
=ਟੁਰ ਗਿਆ ਹੋਣਾ ਸਨਮ ਇਕ ਗ਼ੈਰ ਨਾਲ਼,
“ਸਾਥੀ” ਕੁਝ ਹੈਰਾਨ ਲਗਦਾ ਹੈ।
13/04/2014
ਗ਼ਜ਼ਲ
ਡਾ.ਸਾਥੀ ਲੁਧਿਆਣਵੀ-ਲੰਡਨ
ਲੰਘਦਾ ਆਉਂਦਾ ਸਾਡੇ ਘਰ ਤੂੰ ਆ
ਜਾਇਆ ਕਰ।
ਪੈਰ ਮੁਬਾਰਕ ਸਾਡੇ ਘਰ ਤੂੰ ਪਾ ਜਾਇਆ ਕਰ।
=ਤੇਰੀਆਂ ਗੱਲਾਂ ਖੰਡ ਮਿਸ਼ਰੀ ਦੀਆਂ ਡਲ਼ੀਆਂ ਵਾਂਗਰ,
ਸਾਡੀ ਤਲੀਏਂ ਡਲ਼ੀਆਂ ਕੁਝ ਟਿਕਾਅ ਜਾਇਆ ਕਰ।
=ਤੇਰੇ ਬਾਝੋਂ ਸੁੰਝੀ ਸੁੰਝੀ ਮਹਿਫ਼ਲ ਸੱਜਣਾ,
ਆ ਕੇ ਸਾਡੀ ਮਹਿਫ਼ਲ ਵਿਚ ਤੂੰ ਛਾ ਜਾਇਆ ਕਰ।
=ਇੰਝ ਨਾ ਕਦੇ ਕਿਹਾ ਕਰ ਕਿ ਹੁਣ ਮੈਂ ਨਹੀਂ ਆਉਣਾ,
ਜਿਉਣ ਵਾਸਤੇ ਝੂਠਾ ਲਾਰਾ ਲਾ ਜਾਇਆ ਕਰ।
=ਤੇਰੇ ਪਿਆਰ ਦੀ ਇੱਕੋ ਬੂੰਦ ਦੇ ਅਸੀਂ ਪਿਆਸੇ,
ਸਾਡੇ ਦਿਲ ‘ਤੇ ਬੱਦਲ ਵਾਂਗੂੰ ਛਾ ਜਾਇਆ ਕਰ।
=ਸਾਡੇ ਜੀਵਨ ਵਿਚ ਹੈ ਤਲਖ਼ੀ ਅਤੇ ਹਨ੍ਹੇਰਾ,
ਦਿਲ ਦੀ ਮੰਮਟੀ ‘ਤੇ ਇਕ ਦੀਪ ਜਗਾ ਜਾਇਆ ਕਰ।
=ਖ਼ਬਰੇ ਕੀਹਦੇ ਕੋਲ਼ ਤੂੰ ਜਾ ਕੇ ਬਹਿ ਜਾਨਾਂ ਏਂ,
ਉਹ ਨਹੀਂ ਚੰਗਾ ਯਾਰ ਤੂੰ ਓਧਰ ਨਾ ਜਾਇਆ ਕਰ।
=ਕਹਿੰਦਾ ਰਹਿਨਾਂ ਅਕਸਰ ਹੀ ਤੂੰ ਮੈਨੂੰ ਯਾਰਾ,
ਤੱਤੀਆਂ ਵਾਵਾਂ ਵੇਲੇ ਨਾ ਕੁਮਲਾਅ ਜਾਇਆ ਕਰ।
=ਤੇਰੇ ਪਾਸ ਮੁਹੱਬਤ “ਸਾਥੀ” ਪਾਕ ਮੁਹੱਬਤ,
ਇਕ ਲੱਪ ਸਾਡੀ ਝੋਲ਼ੀ ਵੀ ਤੂੰ ਪਾ ਜਾਇਆ ਕਰ।
02/02/14
ਇੱਕ ਹਾਸ ਰਸ ਵਾਲੀ ਕਵਿਤਾ
ਫੇਸਬੁਕ
ਡਾ. ਸਾਥੀ ਲੁਧਿਆਨਵੀ - ਲੰਡਨ (02/01/2014)
ਅੱਜ ਕੱਲ ਕੀਤੇ ਜਾਂਦੇ ਪਿਆਰ ਫੇਸਬੁਕ 'ਤੇ.
ਯਾਰ ਹੁੰਦੇ ਇੱਕ ਨਹੀਂ ਹਜ਼ਾਰ ਫੇਸਬੁਕ 'ਤੇ.
ਸਾਇੰਸ ਹਾਲੀਂ ਹੋਰ ਕਿੰਨੇ ਕੌਤਕ ਦਿਖਾਏਗੀ,
ਦਿਸਦੇ ਨੇ ਏਦਾਂ ਦੇ ਆਸਾਰ ਫੇਸਬੁਕ 'ਤੇ.
ਦੁਨੀਆ ਦੇ ਕੋਨੇ ਕੋਨੇ ਦੀਆਂ ਫੁੱਲ ਪੱਤੀਆਂ,
ਨਿਤ ਨਵੀਂ ਦੇਖੀਏ ਬਹਾਰ ਫੇਸਬੁਕ 'ਤੇ.
ਆਸ਼ਕਾਂ ਨੂੰ ਟੋਭਿਆਂ 'ਤੇ ਮਿਲਣੇ ਦੀ ਲੋੜ ਨਹੀੰ,
ਸ਼ਰੇਆਮ ਦਿੰਦੇ ਨੇ ਦੀਦਾਰ ਫੇਸਬੁਕ 'ਤੇ.
ਕੱਜਲਾ ਵੀ ਕਾਹਦਾ ਜਿਹੜਾ ਦੇਖਿਆ ਨਾ ਹੋਵੇ ਕਿਸੇ,
ਫੋਟੋਆਂ ਲੁਆਂਦੇ ਖਿਚ ਧਾਰ ਫੇਸਬੁਕ 'ਤੇ.
ਨਵੀਂ ਨਵੀਂ ਹੋਈ ਹੈ ਜਵਾਨ ਇੰਝ ਜਾਪਦੈ,
ਕੁੜੀ ਕੋਈ ਨੱਢੀ ਮੁਟਿਆਰ ਫੇਸਬੁਕ 'ਤੇ.
ਹਰ ਕੋਈ ਰਾਂਝਾ ਇਥੇ ਹਰ ਕੋਈ ਹੀਰ ਹੈ,
ਦੇਖ ਲਵੋ ਚੱਜ ਤੇ ਆਚਾਰ ਫੇਸਬੁਕ 'ਤੇ.
ਆਪਣੀ ਹੀ ਫ਼ੋਟੋ ਖਿਚਵਾਕੇ ਸੈੱਲ ਫੋਨ 'ਤੇ,
ਘੰਟੇ ਘੰਟੇ ਪਿਛੋਂ ਪਾਂਦੇ ਯਾਰ ਫੇਸਬੁਕ 'ਤੇ.
ਨਵੇਂ ਜੰਮੇ ਕਾਕੇ ਦੀਆਂ ਫੋਟੋਆਂ ਉਤਾਰ ਕੇ,
ਹਫ਼ਤੇ 'ਚ ਪਾਂਦੇ ਕਈ ਵਾਰ ਫੇਸਬੁਕ 'ਤੇ.
ਹਾਏ ਮੇਰੀ ਸਿਹਤ ਲਈ ਦੁਆਵਾਂ ਕਰੋ ਦੋਸਤੋ,
ਇੱਦਾਂ ਦੇ ਵੀ ਆਂਦੇ ਨੇ ਬੀਮਾਰ ਫੇਸਬੁਕ 'ਤੇ.
ਨਵੇਂ ਮੁੰਡੇ ਦੇਸੋਂ ਆ ਕੇ ਟੌਹਰ ਦਿਖਲਾਨ ਲਈ,
ਫੋਟੋਆਂ ਲੁਆਂਦੇ ਨਾਲ ਕਾਰ ਫੇਸਬੁਕ 'ਤੇ.
ਕੱਚੀ ਪਿੱਲੀ ਕਾਹਲੀ ਕਾਹਲੀ ਲਿਖ ਕੇ ਕਵੀਸ਼ਰੀ,
ਕਵੀ ਜਨ ਦਿੰਦੇ ਨੇ ਉਤਾਰ ਫੇਸਬੁਕ 'ਤੇ.
ਯਾਦ ਕਰਵਾਂਦੇ ਮੈਨੂੰ ਬੀਤੀਆਂ ਜਵਾਨੀਆਂ,
ਮਿੱਤਰ ਪੁਰਾਣੇ ਮੇਰੇ ਯਾਰ ਫੇਸਬੁਕ 'ਤੇ.
ਦੇਸ ਪਰਦੇਸ ਵਿਚੋਂ ਮਿਲੇ ਸਾਨੂੰ "ਸਾਥੀ" ਕਈ,
ਬੜਾ ਛੋਟਾ ਲੱਗੇ ਸੰਸਾਰ ਫੇਸਬੁਕ 'ਤੇ.
2014
ਡਾ.ਸਾਥੀ ਲੁਧਿਆਣਵੀ-ਲੰਡਨ
ਹੌਲੀ ਹੌਲੀ ਆ ਢੁਕਿਆ ਹੈ ਵੀਹ ਸੌ ਚੌਦਾਂ
ਸਾਲ ।
ਵੀਹ ਸੌ-ਤ੍ਹੇਰਾਂ ਖੱਟੇ-ਮਿੱਠੇ ਪਲਾਂ ਨੂੰ ਲੈ ਗਿਆ ਨਾਲ ।
ਦਿਨ ਚੜ੍ਹਦਾ ਫਿਰ ਸਿਖਰ ਦੁਪਹਿਰਾ,ਫਿਰ ਪੈਂਦੀ ਤ੍ਰਿਕਾਲ,
ਵਕਤ ਹਮੇਸ਼ਾਂ ਟੁਰਦਾ ਰਹਿੰਦਾ ਆਪਣੀ ਧੀਮੀ ਚਾਲ ।
ਉਮਰ ਦੀ ਪੌੜੀ ਚੜ੍ਹਦੇ ਚੜ੍ਹਦੇ ਕਿਸ ਮੁਕਾਮ'ਤੇ ਪੁੱਜੇ,
ਕਿਰਨ ਮਕਿਰਨੀ ਗੁਜਰੇ ਕਿੰਨੇ ਦਿਨ ,ਮਹੀਨੇ ,ਸਾਲ ।
ਜਿੰਦਗੀ ਦੇ ਸਾਹ ਮੁੱਲ ਨਾ ਵਿਕਦੇ ਕਿੱਧਰੇ ਵੀ ਬਾਜ਼ਾਰੀਂ,
ਸਾਹ ਨਾ ਕਦੇ ਖਰੀਦੇ ਜਾਂਦੇ ਹਰਗਿਜ਼ ਪੌਂਡਾਂ ਨਾਲ ।...
ਕਿੰਨੇਂ ਸੱਜਨ ਮਿੱਤਰ ਟੁਰ ਗਏ ਕਿੱਥੇ ਕਿਹੜੇ ਦੇਸੀਂ,
ਕਿਸੇ ਨਾ ਦੱਸਿਆ ਸਾੰਨੂ ਮੁੜ ਕੇ ਆਪਣਾ ਹਾਲ ਹਵਾਲ ।
ਕਾਹਨੂੰ ਲਭਦਾ ਫਿਰੇ ਜੋਗੀਆ ਚਾਰੇ ਪਾਸੇ ਐਵੇਂ,
ਮਿੱਟੀ ਵਿੱਚੋਂ ਨਹੀਓਂ ਲੱਭਣੇ ਕਦੇ ਗੁਆਚੇ ਲਾਲ ।
ਅੱਖਾਂ ਦੇ ਵਿਚ ਹੰਝੂ ਆ ਗਏਕਿੰਨੇ ਆਪ ਮੁਹਾਰੇ ,
ਬੈਠੇ ਬੈਠੇ ਸਾਨੂੰ ਆਇਆ ਕਿਸ ਦਾ ਅੱਜ ਖਿਆਲ।
ਪੰਜ ਦਹਾਕੇ ਹੋ ਗਏ ਸਾਨੂੰ ਵਿਚ ਪਰਦੇਸੀਂ ਆਇਆਂ,
ਏਸ ਦੇਸ ਵਿਚ ਅਸੀਂ ਹੰਢਾਏ ਗਰਮੀਂ ਅਤੇ ਸਿਆਲ ।
ਕਿੰਨੀਂ ਅਸੀਂ ਮੁਸ਼ੱਕਤ ਕੀਤੀ ਕਿੰਨੇ ਜੱਫਰ ਜਾਲੇ
ਟੁਰਦੇ ਟੁਰਦੇ ਥੱਕ ਗਏ ਹੁਣ ਤਾਂ ਮੱਠੀ ਪੈ ਗਈ ਚਾਲ।
ਸੱਜਣ ਸਾਡੇ ਵਸਦੇ ਇੰਡੀਆ,ਕਨੇਡਾ,ਅਮਰੀਕਾ,
ਕੈਲੇਫੌਰਨੀਆਂ,ਸੀਆਟਲ,ਲੰਡਨ,ਸਾਊਥਾਲ।
ਮੰਦਰ,ਮਸਜਦ,ਗੁਰੁਦੁਆਰੇ ਸੁੰਦਰ ਅਸੀਂ ਉਸਾਰੇ ,
ਕਦੇ ਨਾ ਐਪਰ ਬੰਦੇ ਅੰਦਰੋਂ ਕੀਤੀ ਰੱਬ ਦੀ ਭਾਲ ।
ਹਿੰਦੂ,ਮੁਸਲਿਮ,ਸਿੱਖ,ਇਸਾਈ ਸਾਡੇ ਕੋਲ ਬਥੇਰੇ,
ਆਓ ਹੁਣ ਬੰਦੇ ਚੌਂ ਕਰੀਏ ਇੱਕ ਬੰਦੇ ਦੀ ਭਾਲ ।
ਯਾਰਾਂ ਮਿੱਤਰਾਂ ਪੈਨ ਪੈਂਨਸਲਾਂ ਘੱਲੀਆਂ ਨਾਲ ਮੁਹੱਬਤਾਂ,
ਸੱਜਣਾਂ ਨੇ ਖੁਸ਼ਬੌਈਆਂ ਭਰਿਆ ਘੱਲਿਆ ਇੱਕ ਰੁਮਾਲ।
ਗਗਨਾਂ ਵਿੱਚ ਸਾਂ ਉਡਦੇ ਫਿਰਦੇ ਇੱਕ ਪੰਛੀ ਦੇ ਵਾਂਗਰ,
ਅਸੀਂ ਨਾ ਤੱਕਿਆ ਸੱਜਣਾਂ ਸੰਘਣਾ ਤੇਰੀ ਜੁਲ੍ਫ਼ ਦਾ ਜਾਲ ।
ਗਜ਼ਲਾਂ ਵਿਚ ਰਦੀਫ,ਕਾਫੀਆ,ਤੌਲ ,ਤੁਕਾਂਤ ਜਰੂਰੀ,
ਗਜ਼ਲਾਂ ਦੇ ਵਿਚ ਲਾਜ਼ਮ ਹੁੰਦਾ ਸੁਰ,ਸੰਗੀਤ ਤੇ ਤਾਲ ।
ਕੁਲ ਜੱਗ ਰਹੇ ਸਲਾਮਤ ਕਰੀਏ ਰੱਬ ਅੱਗੇ ਅਰਦਾਸਾਂ,
ਸੁੱਖੀਂ ਸਾਂਦੀ ਲੰਘੇ"ਸਾਥੀ "ਵੀਹ ਸੌ ਚੌਦਾਂ ਸਾਲ ॥
(ਡਾ,ਸਾਥੀ ਲੁਧਿਆਣਵੀ-ਲੰਡਨ)
31/12/13
ਗ਼ਜ਼ਲ
ਅੱਸੀਵੀਆਂ ਦੀ ਪੰਜਾਬ ਦੀ ਤ੍ਰਾਸਦੀ ਨੂੰ ਦ੍ਰਿਸ਼ਟਮਾਨ
ਕਰਨ ਵਾਲ਼ੀ 1984 ਵਿਚ ਲਿਖ਼ੀ ਗਈ ਇਕ
ਡਾ. ਸਾਥੀ ਲੁਧਿਆਣਵੀ-ਲੰਡਨ
ਅੱਜ ਕਲ ਖ਼ਬਰਾਂ ਆਉਣ ਜੋ ਸਾਡੇ ਸ਼ਹਿਰ ਦੀਆਂ।
ਪੁੜੀਆਂ ਭਰੀਆਂ ਹੋਈਆਂ ਜੀਕੂੰ ਜ਼ਹਿਰ ਦੀਆਂ।
=ਨਿੱਕੇ ਵੱਡੇ ਰੁੱਖ, ਚੁਬਾਰੇ ਢਹਿ ਪਏ ਨੇ,
ਐਸੀਆਂ ਵਗੀਆਂ ਵਾਵਾਂ ਸ਼ਹਿਰ ‘ਚ ਕਹਿਰ ਦੀਆਂ।
=ਵਸਤਰਹੀਣ ਚੌਰਸਤੇ ਠੁਰ ਠੁਰ ਕਰਦੇ ਨੇ,
ਸੁੰਝੀਆਂ ਸੜਕਾਂ ਪਈਆਂ ਸਿਖ਼ਰ ਦੁਪਹਿਰ ਦੀਆਂ।
=ਡਰਦਾ ਕੋਈ ਸ਼ਨਾਖ਼ਤ ਕਰਨੀ ਚਾਹੇ ਨਾ,
ਸੜ ਰਹੀਆਂ ਨੇ ਲਾਸ਼ਾਂ ਪਿਛਲੇ ਪਹਿਰ ਦੀਆਂ।
=ਕਿੰਨੀਆਂ ਮੋਈਆਂ ਹੈਨ ਸਵੇਰਾਂ ਰਾਂਗਲੀਆਂ,
ਕਿੰਨੀਆਂ ਅੱਖਾਂ ਰੋਈਆਂ ਆਉਂਦੀ ਸਹਿਰ ਦੀਆਂ।
=ਸੀਨਿਆਂ ਵਿਚ ਤਰੇੜਾਂ ਪਈਆਂ ਹੋਈਆਂ ਨੇ,
ਅੱਖ਼ਾਂ ਵਿਚ ਗਹਿਰਾਈਆਂ ਡਾਢੇ ਕਹਿਰ ਦੀਆਂ।
=ਨੌਹਾਂ ਨਾਲ਼ੋਂ ਮਾਸ ਅਲਹਿਦਾ ਕਰਨ ਪਏ,
ਵੰਡਦੇ ਪਏ ਨੇ ਛੱਲਾਂ ਮਨ ਦੀ ਨਹਿਰ ਦੀਆਂ।
=ਵਾਤਾਵਰਣ ਤੂਫਾਨਾਂ ਵਾਲ਼ਾ ਲਗਦਾ ਹੈ,
ਇਹ ਗੱਲਾਂ ਨਹੀਂ ਨਿੱਕੀ ਜਿਹੀ ਇਕ ਲਹਿਰ ਦੀਆਂ।
=ਕਲਮਾਂ ਵਾਲ਼ੇ ਲੋਕਾਂ ਦੀ ਗੱਲ ਕਰਦੇ ਨਹੀਂ,
ਗ਼ਜ਼ਲਾਂ ਲਿਖ਼ਦੇ ਹੁਸਨ ਇਸ਼ਕ ਦੇ ਬਹਿਰ ਦੀਆਂ।
=”ਸਾਥੀ” ਗ਼ਜ਼ਲ ਦੀ ਸਿਨਫ਼ ਦੇ ਰਾਹੀਂ ਕਰਦਾ ਹੈ,
ਲੋਕਾਂ ਉੱਤੇ ਹੁੰਦੇ ਡਾਹਡੇ ਕਹਿਰ ਦੀਆਂ।
17/12/13
ਗ਼ਜ਼ਲ
ਡਾ.ਸਾਥੀ ਲੁਧਿਆਣਵੀ
ਮੁੱਦਤ ਪਿੱਛੋਂ ਰਾਤ ਬਿਤਾ ਕੇ ਚੱਲੇ ।
ਅੰਦਰ ਬਾਹਰ ਅੱਗ ਲਗਾ ਕੇ ਚੱਲੇ।
=ਆਪਣੇ ਚਿੱਤੋਂ ਅੱਗ ਬੁਝਾ ਕੇ ਚੱਲੇ,
ਐਪਰ ਸੁੱਤੀ ਅੱਗ ਜਗਾ ਕੇ ਚੱਲੇ ।
=ਇੱਕਾ ਦੁੱਕਾ ਵੰਗ ਦੇ ਟੋਟੇ ਦੱਸਣ,
ਸ਼ਗਨਾ ਵਰਗੀ ਰਾਤ ਬਿਤਾ ਕੇ ਚੱਲੇ।
=ਖ਼ਬਰੇ ਐਡੀ ਕਿਹੜੀ ਸੀ ਮਜਬੂਰੀ,
ਹਫ਼ੜਾ ਦਫ਼ੜੀ ਖ਼ੂਬ ਮਚਾਕੇ ਚੱਲੇ।
=ਹੱਸਦੇ ਵੀ ਸਨ, ਅੱਖ਼ ਵੀ ਭਰ ਲੈਂਦੇ ਸਨ,
ਦਿਲ ਵਿਚ ਸ਼ਾਇਦ ਦਰਦ ਛੁਪਾ ਕੇ ਚੱਲੇ।
=ਉਸ ਦੀ ਅੱਖ਼ ਦੀ ਬੇਚੈਨੀ ਸੀ ਦੱਸਦੀ,
ਆਪਣੇ ਮਨ ਦਾ ਚੈਨ ਗੁਆ ਕੇ ਚੱਲੇ।
=ਆਏ ਤਾਂ ਸਨ ਹਾਸੇ ਖ਼ੇੜੇ ਲੈ ਕੇ,
ਜਾਣ ਸਮੇਂ ਪਰ ਖ਼ੂਬ ਰੁਆ ਕੇ ਚੱਲੇ।
=ਜੇਕਰ ਸਾਡੇ ਨਾਲ਼ ਈ ਸਨ ਬਹਾਰਾਂ,
ਫ਼ਿਰ ਕਿਓਂ ਵਾਲ਼ੀ ਫ਼ੁੱਲ ਸਜਾ ਕੇ ਚੱਲੇ।
=ਪਲਕਾਂ ਉਤੇ ਜਿਨ੍ਹਾਂ ਬਿਠਾਇਆ ਸਾਨੂੰ,
ਅੱਜ ਉਹ ਕਿੱਦਾਂ ਅੱਖ਼ ਭੁੰਆਂ ਕੇ ਚੱਲੇ।
=ਸਾਨੂੰ ਪਾ ਗਏ ਗ਼ਮ ਦੇ ਲੰਮੇ ਪੈਂਡੇ,
ਆਪਣਾ ਤਾਂ ਉਹ ਪੰਧ ਮੁਕਾ ਕੇ ਚੱਲੇ।
=ਏਦਾਂ ਵਿਛੜੇ ਜੀਕਰ ਫ਼ਿਰ ਨਹੀਂ ਮਿਲਣਾ,
“ਸਾਥੀ” ਨੂੰ ਇੰਝ ਗਲ਼ੇ ਲਗਾ ਕੇ ਚੱਲੇ।
08/11/2013
ਗ਼ਜ਼ਲ
ਸਾਥੀ ਲਧਿਆਣਵੀ-ਲੰਡਨ
ਜਿੱਥੇ ਕਿਤੇ ਹਨ੍ਹੇਰਾ ਪਿਆਰੇ ਰੋਸ਼ਨੀ
ਕਰੋ।
ਨਾ ਕਹਿ ਤੇਰਾ ਮੇਰਾ ਪਿਆਰੇ ਰੋਸ਼ਨੀ ਕਰੋ।
=ਦੀਪ ਤੋਂ ਦੀਪ ਜਗਾਇਆਂ ਕਦੇ ਨਾ ਲੋਅ ਘਟੇ,
ਦੀਪ ‘ਚ ਦਮ ਬਥੇਰਾ ਪਿਆਰੇ ਰੋਸ਼ਨੀ ਕਰੋ।
=ਹਰ ਪਾਸੇ ਹੀ ਰੋਸ਼ਨੀਆਂ ਫ਼ੈਲਾਅ ਦੇਵੋ,
ਖ਼ਿੜ ਜਾਏ ਚਾਰ ਚੁਫ਼ੇਰਾ ਪਿਆਰੇ ਰੋਸ਼ਨੀ ਕਰੋ।
= ਖ਼ੋਲ਼੍ਹੋ ਮਨ ਦੇ ਬੰਦ ਦਰਵਾਜ਼ੇ ਝਿਜਕੋ ਨਾ,
ਅੰਦਰ ਰਹੇ ਨਾ ਨ੍ਹੇਰਾ ਪਿਆਰੇ ਰੋਸ਼ਨੀ ਕਰੋ।
=ਗ਼ਗ਼ਨ ਦੀ ਚਾਦਰ ਗਿੱਲੀ ਤੇ ਘਸਮੈਲ਼ੀ ਹੈ,
ਲੋਅ ਤੋਂ ਸੱਖ਼ਣਾ ਵਿਹੜਾ ਪਿਆਰੇ ਰੋਸ਼ਨੀ ਕਰੋ।
=ਰੋਸ਼ਨੀਆਂ ਦੇ ਦੁਸ਼ਮਣ ਨ੍ਹੇਰਾ ਚਾਹੁੰਦੇ ਨੇ,
ਕਰਕੇ ਤਕੜਾ ਜੇਰਾ ਪਿਆਰੇ ਰੋਸ਼ਨੀ ਕਰੋ।
=ਘਰ ਦੀ ਹਰ ਇੱਕ ਨੁੱਕਰ ਰੋਸ਼ਨ ਹੋ ਜਾਵੇ,
ਰੋਸ਼ਨ ਹੋ ਜਾਏ ਵਿਹੜਾ ਪਿਆਰੇ ਰੋਸ਼ਨੀ ਕਰੋ।
=ਰਾਤੀਂ ਜੇਕਰ ਰੋਸ਼ਨੀਆਂ ਫ਼ੈਲਾਓਗੇ,
ਚੜ੍ਹੇਗਾ ਸੋਨ-ਸਵੇਰਾ ਪਿਆਰੇ ਰੋਸ਼ਨੀ ਕਰੋ।
=ਆਦਮ ਆਦਮ ਦਾ ਹੀ ਦੁਸ਼ਮਣ ਬਣੇ ਕਿਓਂ,
ਛੱਡੋ ਝਗੜਾ ਝੇੜਾ ਪਿਆਰੇ ਰੋਸ਼ਨੀ ਕਰੋ।
=ਜ਼ਿੰਦਗ਼ੀ ਤਾਂ ਹੈ ਇੱਕ ਬੁਲਬੁਲਾ ਪਾਣੀ ਦਾ,
ਜੋਗੀ ਵਾਲ਼ਾ ਫ਼ੇਰਾ ਪਿਆਰੇ ਰੋਸ਼ਨੀ ਕਰੋ।
=ਮਨ ਨੂੰ ਹੋਰ ਵਿਸ਼ਾਲ ਕਰੋ “ਲੁਧਿਆਣਵੀ”,
ਵੱਡਾ ਕਰ ਲਓ ਘੇਰਾ ਪਿਆਰੇ ਰੋਸ਼ਨੀ ਕਰੋ।
drsathi41@gmail.com
03/11/2013
ਗ਼ਜ਼ਲ
ਸਾਥੀ ਲੁਧਿਆਣਵੀ, ਲੰਡਨ
ਇਨਸਾਨ
ਚੋਂ ਇਨਸਾਨ ਮਨਫ਼ੀ ਹੋ ਗ਼ਿਆ।
ਕੀਮਤੀ ਸਾਮਾਨ ਮਨਫ਼ੀ ਹੋ ਗਿਆ।
=ਬੰਦਾ ਜਿਉਂਦਾ ਜਾਗਦਾ ਰੋਬੋਟ ਹੈ,
ਇਸ ਚੋਂ ਦੀਨ ਈਮਾਨ ਮਨਫ਼ੀ ਹੋ ਗਿਆ।
=ਬੰਦੇ ਅੰਦਰ ਰਹਿ ਗਿਆ ਕੇਵਲ ਜਨੂੰਨ,
ਉਸ ਚੋਂ ਵੇਦ ਕੁਰਾਨ ਮਨਫ਼ੀ ਹੋ ਗਿਆ।
=ਗ਼ਲਤ ਸਾਂ ਮੈਂ,ਸੋਚਿਆ ਸੀ ਮੈਂ ਜਦੋਂ,
ਇਨਸਾਨ ਚੋਂ ਹੈਵਾਨ ਮਨਫ਼ੀ ਹੋ ਗਿਆ।
=ਜਦ ਤੋਂ ਸਿੱਕੇ ਚੜ੍ਹਨ ਲੱਗੇ ਕੀਮਤੀ,
ਮੰਦਰੋਂ ਭਗ਼ਵਾਨ ਮਨਫ਼ੀ ਹੋ ਗਿਆ।
=ਬਿਨ ਸ਼ਨਾਖ਼ਤ ਸ਼ਖ਼ਸ ਹੈ ਇਕ ਮਰ ਗਿਆ,
ਆਮ ਇਕ ਇਨਸਾਨ ਮਨਫ਼ੀ ਹੋ ਗਿਆ।
=ਸ਼ਹਿਰ ਚੋਂ ਧੂੰਆਂ ਮਸਲਸਲ ਉੱਠ ਰਿਹੈ,
ਨਿੱਖ਼ਰਿਆ ਅਸਮਾਨ ਮਨਫ਼ੀ ਹੋ ਗਿਆ।
=ਜਦ ਤੋਂ ਸ਼ਹਿਰ ਜੰਗਲ ਵੱਲ ਨੂੰ ਫ਼ੈਲਿਆ,
ਜੰਗਲ ਬੀਆਬਾਨ ਮਨਫ਼ੀ ਹੋ ਗਿਆ।
=ਜ਼ਿੰਦਗ਼ੀ ਵਿਚ ਖ਼ਲਬਲੀ ਹੈ ਇਸ ਕਦਰ,
ਜੀਵਨ ਚੋਂ ਅਰਮਾਨ ਮਨਫ਼ੀ ਹੋ ਗਿਆ।
=ਜ਼ਿੰਦਗ਼ੀ ਚੋਂ ਹੋ ਗਿਆ ਮਨਫ਼ੀ ਸਕੂਨ,
ਚੈਨ ਮੇਰੀ ਜਾਨ ਮਨਫ਼ੀ ਹੋ ਗਿਆ।
=ਅੱਜ ਕੱਲ ਹਥਿਆਰ ਨਹੀਂ ਪਹਿਲਾਂ ਜਿਹੇ,
ਅੱਜ ਕੱਲ ਤੀਰ ਕਮਾਨ ਮਨਫ਼ੀ ਹੋ ਗਿਆ।
=ਘਰ ਦਾ ਫ਼ਿਰ ਮਾਹੌਲ ਤਨਹਾ ਹੋ ਗਿਆ,
ਘਰ ਚੋਂ ਇਕ ਮਹਿਮਾਨ ਮਨਫ਼ੀ ਹੋ ਗਿਆ।
=ਸੱਚ ਨੂੰ ਫ਼ਾਂਸੀ ਹੈ, ਉਹ ਨਾ ਸਮਝਿਆ,
ਬੰਦਾ ਸੀ ਨਾਦਾਨ, ਮਨਫ਼ੀ ਹੋ ਗਿਆ।
=ਇਹ ਤਮੰਨਾ ਹੈ ਕਿ ਦੁਨੀਆਂ ਨਾ ਕਹੇ,
"ਸਾਥੀ" ਚੋਂ ਇਨਸਾਨ ਮਨਫ਼ੀ ਹੋ ਗਿਆ।
drsathi41@gmail.com
08/09/2013
ਗ਼ਜ਼ਲ
ਡਾ.ਸਾਥੀ ਲੁਧਿਆਣਵੀ
ਆ ਗਏ ਅੱਜ ਉਹ ਹੱਥਾਂ ਵਿਚ ਗ਼ੁੱਲਦਸਤੇ ਫ਼ੜ ਕੇ।
ਉਹ ਜੋ ਗਏ ਸੀ ਨਿੱਕੀ ਜਿਹੀ ਇਕ ਗੱਲ ਤੋਂ ਲੜ ਕੇ।
=ਖ਼ੂੰਜੇ ਖ਼ੜ੍ਹੀ ਬਹਾਰ ਦਾ ਚਿਹਰਾ ਖ਼ਿੜ ਉੱਠਿਆ ਹੈ,
ਅੰਤਮ ਪੱਤਾ ਰੁੱਖ਼ ਤੋਂ ਜਿਓਂ ਹੀ ਡਿੱਗਿਆ ਝੜ ਕੇ
=ਰਾਤੀਂ ਜਾਗਣ ਆਸ਼ਕ, ਚੋਰ ਲੁਟੇਰੇ,
ਕੁੱਤੇ,
ਜਾਂ ਕੋਈ ਜੋਗੀ ਉੱਠ ਕੇ ਗਾਵੇ ਵੱਡੇ ਤੜਕੇ।
=ਆਪਣੇ ਅੰਤਮ ਸਾਹਾਂ 'ਤੇ ਹੈ ਪੱਤਝੜ ਸ਼ਾਇਦ,
ਕੱਲਾ ਕਾਰਾ ਸੁੱਕਾ ਪੱਤਾ ਰੁੱਖ਼ 'ਤੇ ਖ਼ੜਕੇ।
=ਗਲ਼ੀਏਂ ਗਲ਼ੀਏਂ ਰੁਲ਼ਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖ਼ਾਂ ਤੋਂ ਜੋ ਡਿੱਗੇ ਝੜ ਕੇ।
=ਆਪਣੀ ਪੀੜ ਲੁਕਾਉਂਦੇ ਰਹੀਏ ਘਰ ਤੋਂ ਬਾਹਰ,
ਰੋਈਏ ਦਰਦਾਂ-ਵਿੰਨ੍ਹੇ ਹਰਦਮ ਅੰਦਰ ਵੜ ਕੇ।
=ਆਪਣੀ ਧੁੰਨ ਵਿਚ ਜੰਗਲ਼ ਵਿਚੀਂ ਟੁਰਿਆ ਜਾਵੇ,
ਰਾਹੀ ਉੱਤੇ ਬੱਦਲ ਗੱਜੇ, ਬਿੱਜਲੀ ਕੜਕੇ।
=ਤੈਨੂੰ ਤੱਕਿਆਂ ਦਿਲ ਦੇ ਅੰਦਰ ਕੁਝ ਕੁਝ ਹੋਵੇ,
ਸੱਜਣਾ ਦੇ ਘਰ ਵੱਲ ਨੂੰ ਜਾਂਦੀਏ ਕਾਲ਼ੀਏ ਸੜਕੇ।
=ਅੱਖ਼ਾਂ ਵਿੱਚੀ ਰਾਤ ਗ਼ੁਜ਼ਰਦੀ ਰਫ਼ਤਾ ਰਫ਼ਤਾ,
ਨੀਂਦਰ ਸਾਨੂੰ ਪੈਂਦੀ ਕਿੱਧਰੇ ਵੱਡੇ ਤੜਕੇ।
=ਬਾਬੇ ਸ਼ੇਖ਼ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖ਼ੇ ਜਦ ਦੁਨੀਆਂ ਦੇ ਦੁੱਖ਼ ਮੈਂ ਉੱਚੇ ਚੜ੍ਹ ਕੇ।
=ਅੱਧੀਂ ਰਾਤੀ ਬਾਹਰ ਖ਼ੜ੍ਹੀ ਬੇਚੈਨ ਹਵਾ ਹੈ,
''ਸਾਥੀ'' ਸੋਚੇ ਉਸਦਾ ਸ਼ਾਇਦ ਬੂਹਾ ਖ਼ੜਕੇ।
drsathi41@gmail.com
07/09/2013
ਗ਼ਜ਼ਲ
ਸਾਨੂੰ
ਤੋਲ ਨਾ ਤੂੰ ਐਵੇਂ ਚੰਨਾ ਤਾਰਿਆਂ ਦੇ ਨਾਲ਼।
ਤੈਨੂੰ ਹੇਜ ਕੋਈ ਹੈ ਨੀ ਸਾਡੇ ਢਾਰਿਆਂ ਦੇ ਨਾਲ਼।
=ਅਸੀਂ ਅੰਬਰਾਂ ਨੂੰ ਛੂਹਣ ਦੇ ਖ਼ੁਆਬ ਲੈ ਲਏ,
ਸਾਨੂੰ ਈਰਖ਼ਾ ਨਹੀਂ ਤੇਰਿਆਂ ਚੁਬਾਰਿਆਂ ਦੇ ਨਾਲ਼।
=ਐਵੇਂ ਖ਼ੁਦ ਨੂੰ ਤੂੰ ਝੂਠੀਆਂ ਤਸੱਲੀਆਂ ਨਾ ਦੇਹ,
ਕੋਈ ਜਿੱਤਦਾ ਨਹੀਂ ਇੱਥੇ ਪੱਤੇ ਹਾਰਿਆਂ ਦੇ ਨਾਲ਼।
=ਜਦੋਂ ਯਾਦ ਆਉਂਦੀ ਸਾਨੂੰ ਝੂਠੇ ਲਾਰਿਆ ਦੀ ਗੱਲ,
ਸਾਡੀ ਪੀੜ ਆਉਂਦੀ ਬਾਹਰ ਹੰਝੂ ਖ਼ਾਰਿਆ ਦੇ ਨਾਲ਼।
=ਤੇਰੇ ਸਾਥ ਬਾਝੋਂ ਨਹੀਓਂ ਸਾਨੂੰ ਮਿਲਣਾ ਸਕੂਨ,
ਅਸੀਂ ਰੱਜਣਾ ਨਹੀਂ ਰੰਗਲੇ ਗ਼ੁਬਾਰਿਆ ਦੇ ਨਾਲ਼।
=ਤੇਰੀ ਚੁੱਪ ਦੀ ਆਵਾਜ਼ ਸਾਥੋਂ ਸਹਿ ਨਹੀਓਂ ਹੋਣੀ,
ਅਸੀਂ ਜਿਉਂਦੇ ਹਾਂ ਪਿਆਰਿਓ ਹੁੰਗਾਰਿਆ ਦੇ ਨਾਲ਼।
=ਜੇ ਤੂੰ ਮਿਲਣੈਂ ਪਿਆਰੇ ਸਾਖ਼ਸ਼ਾਤ ਆ ਕੇ ਮਿਲ਼,
ਗੱਲ ਬਣਨੀ ਨਹੀਂ ਦੂਰ ਤੋਂ ਇਸ਼ਾਰਿਆ ਦੇ ਨਾਲ਼।
=ਖ਼ੌਰੇ ਆਸ਼ਕਾਂ ਦੀ ਮਿੱਟੀ ਦੀ ਤਾਸੀਰ ਕੈਸੀ ਹੈ,
ਅੰਗ ਅੰਗ ਕਟਵਾਂਦੇ ਤਿੱਖ਼ੇ ਆਰਿਆ ਦੇ ਨਾਲ਼।
=ਜਿਨ੍ਹਾਂ ਦਰਦ ਵੰਡਾਇਆ ਸਾਡਾ ਔਕੜਾਂ ਸਮੇਂ,
ਸਾਨੂੰ ਮੋਹ ਉਨ੍ਹਾਂ ਮਿੱਤਰਾਂ ਪਿਆਰਿਆ ਦੇ ਨਾਲ਼।
=ਕਈ ਡੁੱਬ ਗਏ ਵਲੈਤ ਦੇ ਸਮੁੰਦਰਾਂ ਦੇ ਵਿਚ,
ਬੜੀ ਬੁਰੀ ਹੋਈ ਮਾਵਾਂ ਦੇ ਦੁਲਾਰਿਆਂ ਦੇ ਨਾਲ਼।
=ਸਾਡੀ ਹੋ ਗਈ ਹੈ ਵਲੈਤ ਵਿਚ ਜ਼ਿੰਦਗ਼ੀ ਤਮਾਮ,
ਜਿਹੜੀ ਸ਼ੁਰੂ ਹੋਈ ਕੱਚਿਆਂ ਕੁਆਰਿਆ ਦੇ ਨਾਲ਼।
=ਸਾਨੂੰ "ਸਾਥੀ" ਕੱਲੇ ਨਾਲ਼ ਹੀ ਪਿਆਰ ਨਹੀਂ ਹੈ,
ਅਸੀਂ ਕਰੀਏ ਪਿਆਰ ਲੋਕਾਂ ਸਾਰਿਆ ਦੇ ਨਾਲ਼।
drsathi41@gmail.com
16/08/2013 |