WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜਸਵਿੰਦਰ ਸਿੰਘ “ਰੁਪਾਲ”
ਲੁਧਿਆਣਾ

ਗ਼ਜ਼ਲ
ਜਸਵਿੰਦਰ ਸਿੰਘ “ਰੁਪਾਲ”

ਕਿੱਥੇ ਹੈ ਭੇਲੀ ਗੁੜ ਦੀ , ਚੂਰੀ ਤੇ ਲੱਸੀ ਕਿੱਥੇ ?
ਕਿੱਥੇ ਨੇ ਹੀਰਾਂ ਰਾਂਝੇ ? ਪੁੰਨੂੰ ਤੇ ਸੱਸੀ ਕਿੱਥੇ ?

ਦਿਲ ਮੰਝਧਾਰ ਵਿੱਚੋਂ , ਜੋ ਪਾਰ ਲੈ ਕੇ ਜਾਵੇ,
ਐਸਾ ਮਲਾਹ ਹੈ ਕਿਹੜਾ? ਬੇੜੀ ਹੈ ਦੱਸੀ ਕਿੱਥੇ ?

ਮੋਟੇ ਸੁਦਾਗਰਾਂ ਦੀ , ਚਮੜੀ ਬੜੀ ਹੈ ਮੋਟੀ,
ਗਰਦਨ ਦੇ ਮੇਚ ਆਵੇ, ਫਾਂਸੀ ਦੀ ਰੱਸੀ ਕਿੱਥੇ ?

ਇਹ ਚੀਕ ਬਿਰਹੋਂ ਵਾਲੀ, ਇਹ ਤੜਪ ਮਿਲਣ ਵਾਲੀ,
ਕਿਸ ਖਾਨਿਓਂ ਹੈ ਨਿਕਲੀ, ਜਾ ਕੇ ਇਹ ਵੱਸੀ ਕਿੱਥੇ ?

ਪੰਜ(ਆ)ਬ ਦਾ ਜੋ ਪਾਣੀ, ਨਹਿਰੀ ਸੀ ਜਿਹੜਾ ਬਣਿਆ ,
ਨਹਿਰਾਂ ਵੀ ਸੁੱਕ ਰਹੀਐਂ , ਲੱਭਦੇ ਹਾਂ ਕੱਸੀ ਕਿੱਥੇ ?

ਧੀ, ਨਾਲ੍ਹ ਲਾਡਾਂ ਪਾਲ੍ਹੀ , ਭਰਵਾਂ ਪਿਆਰ ਦਿੱਤਾ,
ਕਿਉਂ ਕਰ ਗਈ ਬਗਾਵਤ, ਕਿਸ ਨਾਲ ਨੱਸੀ ਕਿੱਥੇ ?

ਕੈਸੀ ਪਰੀਤ ਪਾਲ੍ਹੀ , ਦਿੰਦੀ ਨਾ ਜੋ ਦਿਖਾਲੀ,
ਹੋਇਆ ਏ ਵਿਹੜਾ ਸੁੰਨਾ, ਲੱਭੇ ਨਾ “ਜੱਸੀ” ਕਿੱਥੇ?
30/08/2014

 

ਗ਼ਜ਼ਲ
ਜਸਵਿੰਦਰ ਸਿੰਘ ‘ਰੁਪਾਲ’

ਮੇਰੇ ਅਤੀਤ ਨੇ ਵੀ ਤਾਂ ,ਕਦੇ ਵਾਪਸ ਨਹੀਂ ਆਉਣਾ ।
ਪੁਰਾਣੀ ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿਸੇ ਗੂੜ੍ਹੇ ਨਸ਼ੇ ਅੰਦਰ, ਮੈਂ ਜਿਸ ਨੂੰ ਸਮਝਿਆ ਜਾਲਮ,
ਮੇਰੇ ਉਸ ਮੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿ ਹੁਣ ਤਾਂ ਯਾਦ ਜਿਸ ਦੀ ਦਾ ਹੈ ਬੱਸ ਇੱਕ ਟਿਮਕਣਾ ਬਾਕੀ,
ਓਹ ਭੋਲੀ ਪ੍ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕੇਹੀ ਓਹ ਰੁੱਤ ਆਈ ਸੀ,ਘਟਾ ਅੰਬਰ ਤੇ ਛਾਈ ਸੀ,
ਹਵਾ ਉਸ ਸੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਜਦੋਂ ਹੋਵਾਂ ਮੈਂ ਸ਼ੀਸ਼ੇ ਸਾਹਮਣੇ,ਲੱਭਦੀ ਸ਼ਰਾਫ਼ਤ ਹੀ,
ਹੜ੍ਹੀ ਹੋਈ ਨੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਗੀਤ ਅੱਜ ਲੱਖ ਗਾ ਤੂੰ,ਪਰ ਜੋ ਗਾਇਆ ਉਸ ਜ਼ਮਾਨੇ ਵਿੱਚ,
‘ਰੁਪਾਲ’ ਉਸ ਗੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

30/03/2013
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ
9814715796
ਭੈਣੀ ਸਾਹਿਬ (ਲੁਧਿਆਣਾ)-141126
rupaljs@gmail.com

ਕਰੀਂ ਬਖਸਿ਼ਸ਼ ਮੇਰੇ ਸਤਿਗੁਰ
ਜਸਵਿੰਦਰ ਸਿੰਘ ‘ਰੁਪਾਲ’

ਤੇਰੀ ਬਖਸਿ਼ਸ਼ ਨੂੰ ਚਾਹਵਾਂ ਮੈਂ,ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।
ਤੇਰਾ ਨਾਂ ਸਦ ਹੀ ਧਿਆਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਰਹੇ ਜਦ ਪਹਿਰ ਰਾਤਿਰ ਦਾ,ਨਾ ਸੁਰਜ ਹੋ ਉਦੇ ਹੋਇਆ,
ਤੇਰਾ ਜਸ ਉਠ ਕੇ ਗਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਬਣਾਂ ਉਦਮੀ ਕਰਾਂ ਇਸ਼ਨਾਨ,ਤੇਰੀ ਬਾਣੀ ਉਚਾਰਾਂ ਮੈਂ,
ਤੇ ਨਿੱਤਨੇਮੀ ਕਹਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਕਿਰਤ ਕਰਦੇ ਕਿਤੇ ਪਲ ਭਰ ਨਾ ਮਨ ਤੋਂ ਵਿਸਰ ਤੂੰ ਜਾਵੇਂ,
ਜੇ ਵਿਸਰਾਂ ਮਰ ਹੀ ਜਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਕਮਾਵਾਂ ਕਿਰਤ ਚੋਂ ਜੋ ਖਰਚ ਹੋਵੇ ਧਰਮ-ਕਰਮਾਂ ਤੇ,
ਸਦਾ ਹੀ ਵੰਡ ਖਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਤੇਰੇ ਦਰ ਤੋਂ ਬਿਨਾਂ ਭੁੱਲ ਕੇ ਵੀ ਕੋਈ ਹੋਰ ਦਰ ਜਾਵਾਂ,
ਸਿਦਕ ਇਸ ਦਰ ਤੇ ਲਿਆਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਵਿਕਾਰਾਂ ਵੱਲ ਨਾ ਦਿਲ ਜਾਵੇ,ਨਾ ਪੰਜਾਂ ਵੱਸ ਕਿਤੇ ਆਵੇ,
ਕਿ ਆਪੇ ਨੂੰ ਬਚਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਬਚਾ ਰੱਖੀਂ ਭਰਮ ਭੇਖਾਂ ਅਤੇ ਸਭ ਕਰਮ ਕਾਂਡਾਂ ਤੋਂ,
ਦਿਖਾਵੇ ਨੂੰ ਭੁਲਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਸਦਾ ਹੱਕ ਸੱਚ ਦੀ ਖਾਤਰ,ਅੜਾਂ ਹਰ ਜੁਲਮ ਦੇ ਅੱਗੇ,
‘ਰੁਪਾਲ’ਸਿਰ ਵੀ ਕਟਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

30/03/2013
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ
9814715796
ਭੈਣੀ ਸਾਹਿਬ (ਲੁਧਿਆਣਾ)-141126
rupaljs@gmail.com

 


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com