ਕਵਿਤਾ
ਰਿਤੂ ਵਾਸੂਦੇਵ, ਭਾਰਤਕਿੰਨੀ ਦੇਰ
ਅਧੀਨ ਰਹੋਗੀਆਂ ?
ਰੀਤੀ ਰਿਵਾਜਾਂ ਦੇ
ਆਪਣੇ ਵਿਵੇਕ ਦੇ ਬੰਦ ਬੂਹੇ
ਖੋਹਲ ਦਿਓ ਹੁਣ !
ਏਥੇ ਕੋਈ ਨਹੀਂ ਸੁਣਨ ਲੱਗਾ
ਤੁਹਾਡੀ ਗੂੰਗੀ ਚੁੱਪ !
ਹੁਣ ਬਦਲ ਦਿਓ
ਸਭ ਦੁਨਿਆਵੀ ਰਸਮਾਂ -
ਮਿੱਟੀ ਦੇ ਪੁਤਲਿਆਂ ਲਈ
ਸ਼ਿੰਗਾਰ ਕੇ ਆਪਣਾ ਆਪ
ਕਿਉਂ ਧੋਖਾ ਦਿੰਦੀਆਂ ਹੋ ?
ਆਪਣੇ ਜਮੀਰ ਨੂੰ !
ਤੋੜ ਦਿਓ ਹਰ ਬੰਧਨ
ਤੁਹਾਡਾ ਮੁੱਲ ਕੀ ਪਾਉਣਗੇ?
ਜਿੰਨ੍ਹਾਂ ਤੁਹਾਡੀ ਰੀਝ ਸ਼ਿੰਗਾਰੀ ਦਾ
ਕਦੇ ਮੁੱਲ ਨਹੀਂ ਪਾਇਆ -
ਲਤਾੜ ਦਿਓ ਸਾਹਮਣੇ ਆਉਂਦੀ
ਹਰ ਚੁਨੌਤੀ ਪੈਰਾਂ ਵਿੱਚ
ਲਾਹ ਦਿਓ ਗੁਲਾਮੀ ਦੇ ਸੰਗਲ਼
ਖੁਦ ਨੂੰ ਸ਼ਕਤੀ ਦਾ ਰੂਪ ਕਹਿਕੇ
ਰੀਤੀ ਰਿਵਾਜਾਂ ਦੀ,, ,, ,,
ਗੁਲਾਮੀ ਬਿਲਕੁਲ ਨਾ ਕਰੋ !
ਕੋਈ ਨਿਖੇਧੀ ਨਹੀਂ ਕਰੇਗਾ
ਤੁਹਾਡੇ ਬਦਲਾਵ ਦੀ -
ਤੁਸੀਂ ਬਰਾਬਰੀ ਦੇ ਹੱਕ ਮੰਗੇ ਨੇ
ਕੀ ਸਿਰਫ ਰੀਸ ਕਰੋਗੀਆਂ ?
ਕੁਝ ਜਿਆਦਾ ਦੀ ਮੰਗ ਰੱਖੋ !
ਤਕਨੀਕ ਦੇ ਯੁੱਗ ਵਿੱਚ
ਮੱਥੇ ਰਗੜਨਾ....?
ਬੜੀ ਹੀ ਸ਼ਰਮ ਦੀ ਗੱਲ ਹੈ !
ਪੱਥਰ ਦੀਆਂ ਮੂਰਤਾਂ ਤੋਂ
ਮਿੱਟੀ ਦੇ ਖਿਡੌਣੇ ਮੰਗ ਕੇ
ਕੀ ਕਰੋਗੀਆਂ...?
ਚਾਨਣ ਦੀ ਉਡੀਕ ਨਾ ਕਰੋ
ਪਤਾ ਨਹੀਂ ਆਵੇ ਜਾਂ ਨਾ ਆਵੇ
ਹੱਥ ਵਿਚ ਮਸ਼ਾਲਾਂ ਫੜੋ,
ਤੇ ਚਲੋ ਆਪਣੇ ਹੱਕਾਂ ਦੀ
ਖੁਦ ਰਾਖੀ ਕਰੀਏ !
ਤਲਵਾਰ ਤੇ ਚੱਲਣਾ
ਤੇ ਤਲਵਾਰ ਚਲਾਉਣਾ ਸਿੱਖੋ !
ਵਰਤਾਂ ਤੇ ਮੰਗਲਸੂਤਰਾਂ ਨਾਲ
ਸੁਹਾਗ ਨਹੀਂ ਬਚਣੇ !
09/10/17
ਭਟਕਦੇ ਖ਼ਯਾਲ
ਰਿਤੂ ਵਾਸੂਦੇਵ, ਭਾਰਤ
ਖੂਬਸੂਰਤ
ਪੱਥਰਾਂ ਦੇ ਸ਼ਹਿਰ ਵਿਚ
ਭਟਕਦੇ ਖ਼ਯਾਲ ਮੇਰੇ ਦਰ-ਬ-ਦਰ
ਕੀ ਪਤਾ ਕਿਹੜੇ ਸਖ਼ਸ਼ ਦੀ ਭਾਲ਼ ਹੈ?
ਉੱਗੀਆਂ ਨੇ ਸੂਲਾਂ ਮੇਰੀ ਹਰ ਡਗਰ -
ਲੰਘਦੇ ਸਾਲਾਂ, ਮਹੀਨੇ, ਪਲ, ਘੜੀ
ਟੁੱਟਦੀ ਜਾਵੇ ਉਮਰ ਵਾਲੀ ਕੜੀ
ਕੋਲ਼ੇ ਆਪਣੀ ਬੁੱਕਲ਼ ਵਿਚ ਸਮੇਟ ਕੇ
ਮੇਰੇ ਸਵਾਗਤ ਦੇ ਲਈ ਹੋਣੀ ਖੜ੍ਹੀ -
ਮੇਰੀ ਨਜ਼ਰ ਦੀ ਲੱਗਦਾ ਹੈ ਬਣ ਗਈ
ਮੌਤ ਦਾ ਰਾਹ ਵੇਖਣਾ ਫਿਤਰਤ ਜਹੀ
ਕਬਰ ਵਾਲੀ ਗੂੜ੍ਹੀ ਮਿੱਠੀ ਨੀਂਦ ਲਈ
ਕਰਵਟਾਂ ਵਿਚ ਬੀਤ ਰਹੀ ਹੈ ਜਿੰਦਗੀ -
ਆਦਮੀ ਦੇ ਰੂਪ ਵਿਚ ਹੈਵਾਨੀਅਤ
ਆਦਮੀ ਚੋਂ ਲੱਭਦਾ ਨਾ ਆਦਮੀ
ਹੁ-ਬ-ਹੂ ਤੇਰੇ ਹੀ ਵਰਗਾ ਆਦਮੀ
ਭਾਲ਼ਦੀ ਹਾਂ ਹਰ ਸਖ਼ਸ਼ ਚੋਂ ਰੋਜ ਹੀ -
02/08/17
ਕਵਿਤਾ
ਰਿਤੂ ਵਾਸੂਦੇਵ, ਭਾਰਤ
ਕਾਮਿਆਂ
ਵਿਚ ਬੈਠ
ਇਕ ਦਿਨ ਉਸ ਖੁਦਾ ਨੂੰ
ਪੀੜਾਂ ਭਰਿਆ ਖ਼ਤ ਲਿਖਾਂਗੀ
ਖ਼ਤ ਲਿਖਾਂਗੀ,, ,, ,,
ਪਿੰਜਰ ਹੋਈਆਂ ਸੂਰਤਾਂ ਲਈ
ਗੁਰਬਤ ਦੀਆਂ ਜਰੂਰਤਾਂ ਲਈ
ਸੱਥਰ ਹੰਢਾ ਕੇ
ਪੱਥਰ ਹੋਈਆਂ ਮੂਰਤਾਂ ਲਈ
ਖ਼ਤ ਲਿਖਾਂਗੀ -
ਖ਼ਤ ਲਿਖਾਂਗੀ,, ,, ,,
ਰੋੜੀ ਕੁੱਟਦੀਆਂ ਬਾਜੀਆਂ ਲਈ
ਜਖਮੀ ਰੂਹਾਂ ਤਾਜੀਆਂ ਲਈ
ਮਜਲੂਮਾਂ ਤੇ ਫਤਵਾ ਜਾਰੀ
ਕਰਨ ਵਾਲੇ ਕਾਜੀਆਂ ਲਈ
ਖ਼ਤ ਲਿਖਾਂਗੀ -
ਖ਼ਤ ਲਿਖਾਂਗੀ,, ,, ,,
ਧੁੱਪਾਂ ਦੇ ਵਿਚ ਸੜਦੀਆਂ ਲਈ
ਨੰਗੇ ਪੈਰੀਂ ਠਰਦੀਆਂ ਲਈ
ਦੋ ਵਖਤ ਦੀ ਰੋਟੀ ਬਦਲੇ
ਬਲੀ ਦਾਜ ਦੀ ਚੜ੍ਹਦੀਆਂ ਲਈ
ਖ਼ਤ ਲਿਖਾਂਗੀ -
ਖ਼ਤ ਲਿਖਾਂਗੀ,, ,, ,,
ਖ਼ਤ ਦੇ ਅੰਦਰ ਮੈਂ ਲਿਖਾਂਗੀ
ਸਿਰਫ਼ ਰੋਟੀ
ਸਿਰਫ਼ ਰੋਟੀ
ਸਿਰਫ਼ ਰੋਟੀ
21/07/17
|