ਗ਼ਜ਼ਲ
ਰਿਸ਼ੀ ਹਿਰਦੇਪਾਲ, ਮਲੋਟਜ਼ਿਕਰ ਛੇੜ ਬੈਠੇ ਐਂਵੇ ਚੰਨ ਤਾਰਿਆਂ ਦਾ ਕੱਲ
ਰੋਸਾ ਲਾ ਲਿਆ ਜੀ ਸੂਰਜਾਂ ਪਿਆਰਿਆਂ ਦਾ ਗਲ
ਉਹਦੇ ਨੈਣਾਂ ਨੇ ਸੀ ਪਾਈ ਜਿਹੜੀ ਇਸ਼ਕੇ ਦੀ ਬਾਤ
ਮੇਰੀ ਜ਼ਿੰਦ ਲੰਘ ਚੱਲੀ ਉਹਦਾ ਲੱਭਿਆ ਨਾ ਹੱਲ
ਸੱਚੀਂ ਟਹਿਕਦੇ ਸੀ ਲੱਖਾਂ ਹੀ ਗੁਲਾਬ ਸਾਡੇ ਵਿਹੜੇ
ਇੱਕ ਇਸ਼ਕੇ ਦੀ ਟਾਹਣੀ ਨੇ ਮਚਾ'ਤੀ ਤਰਥਲ
ਦਿਲ ਸੀਨੇ 'ਚੋਂ ਚੁਰਾਇਆ ਨਾਲੇ ਨੈਣਾਂ ਵਿੱਚੋਂ ਨੀਂਦ
ਬੜਾ ਮਿੱਠਾ ਮਿੱਠਾ ਲੱਗਾ ਜੇਹੜਾ ਕੀਤਾ ਉਹਨੇ ਛਲ਼
ਗਲ਼ ਲਾ ਕੇ ਰੱਖੇ ਹੰਝੂ ਨਾਲੇ ਪੀਂਦੈ ਪਾਣੀ ਕੌੜੇ
ਵਿੱਚ ਮਿੱਠੀ ਖੂਹੀ ਰਹਿੰਦੈ ਉਹ ਰਿਸ਼ੀ ਅੱਜ ਕੱਲ
14/07/2017
ਗੀਤ
ਰਿਸ਼ੀ ਹਿਰਦੇਪਾਲ, ਮਲੋਟ
ਆਪ ਤੁਰ ਗਿਆ ਵਿਦੇਸ
ਮੇਰੀ ਚੱਲੀ ਨਾ ਕੋਈ ਪੇਸ਼
ਰਾਤੀਂ ਤਾਰਿਆਂ ਨਾ' ਚੰਨਾ ਬਾਤਾਂ ਪਾਉਣ ਲੱਗ ਪਈ
ਤੇਰੀ ਯਾਦ ਜਦੋਂ ਆਈ ਵੇ ਮੈਂ ਰੋਣ ਲੱਗ ਪਈ
ਐਂਵੇਂ ਖੋਲ ਬੈਠੀ ਖ਼ਤ ਤੇ ਮੈਂ ਤਸਵੀਰਾਂ ਨੂੰ
ਐਂਵੇਂ ਛੇੜ ਬੈਠੀ ਡਾਹਢਿਆ ਵੇ ਤੇਰੀਆਂ ਪੀੜਾਂ ਨੂੰ
ਅੱਖ ਬਦੋਬਦੀ ਐਂਵੇਂ ਮੇਰੀ ਚੋਣ ਲੱਗ ਪਈ
ਤੇਰੀ ਯਾਦ ਜਦੋਂ ਆਈ ਵੇ ਮੈਂ ਰੋਣ ਲੱਗ ਪਈ
ਸਭ ਕਹਿੰਦੇ ਨੇ ਇਹ ਇਸ਼ਕ ਨਾ ਚੜ੍ਹਦਾ ਹੈ ਪੂਰ
ਦੇ ਕੇ ਯਾਦਾਂ ਦੀ ਪਟਾਰੀ ਆਪ ਹੋ ਗਿਆ ਤੂੰ ਦੂਰ
ਦਿਲ ਆਪਣੇ ਦਾ ਚੈਨ ਵੇ ਮੈਂ ਖੋਣ ਲੱਗ ਪਈ
ਤੇਰੀ ਯਾਦ ਜਦੋਂ ਆਈ ਵੇ ਮੈਂ ਰੋਣ ਲੱਗ ਪਈ
ਮਾਣ ਸੱਚੀਆਂ ਪ੍ਰੀਤਾਂ ਦਾ ਮੈਂ ਕਰਦੀ ਸਾਂ ਚੰਨਾ
ਤੂੰ ਵੀ ਜਾਣੇ ਕਿੰਨਾ ਤੇਰੇ ਉੱਤੇ ਮਰਦੀ ਸਾਂ ਚੰਨਾ
ਮਲੋਟ ਵਾਲਿਆ ਮੈਂ ਚੰਗੀ ਭਲੀ ਮੋਣ ਲੱਗ ਪਈ
ਤੇਰੀ ਯਾਦ ਜਦੋਂ ਆਈ
ਤੇਰੀ ਯਾਦ ਜਦੋਂ ਆਈ ਵੇ ਮੈਂ ਰੋਣ ਲੱਗ ਪਈ
14/07/2017
ਗੀਤ
ਰਿਸ਼ੀ ਹਿਰਦੇਪਾਲ
ਅੱਖਾਂ ਦੇ ਵਿੱਚ ਲੰਘੀ ਰਾਤ
ਖ਼ਾਬਾਂ ਨੇ ਸੀ ਡੰਗੀ ਰਾਤ
ਯਾਦਾਂ ਨੇ ਸੀ ਜ਼ਿੰਦ ਨਿਮਾਣੀ
ਸੂਲੀ ਉੱਤੇ ਟੰਗੀ ਰਾਤ
ਮੌਤ ਆਵੇ ਤਾਂ ਤੇਰੇ ਹੱਥੋਂ
ਇਹੋ ਦੁਆ ਸੀ ਮੰਗੀ ਰਾਤ
ਰੰਗ ਵਿਖਾਇਆ ਯਾਦ ਤੇਰੀ ਨੇ
ਹੋ ਗਈ ਸੀ ਬਹੁਰੰਗੀ ਰਾਤ
ਰਿਸ਼ੀ ਨਿਮਾਣਾ ਮਾਰ ਜੋ ਤੁਰ ਗੇ
ਖ਼ੈਰ ਉਹਨਾਂ ਦੀ ਮੰਗੀ ਰਾਤ
14/07/2017
|