WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰਵੇਲ ਸਿੰਘ
ਇਟਲੀ


ਮੇਰੀ ਮਾਂ ਬੋਲੀ
ਰਵੇਲ ਸਿੰਘ ਇਟਲੀ

ਊੜਾ ਊਠ ਆਖੋ ਐੜਾ ਅੰਬ ਆਖੋ,ਈੜੀ ਇੱਟ ਆਖੋ ਸੱਸਾ ਸੱਪ ਆਖੋ ।
ਬੜੇ ਰੰਗਾਂ ਚ, ਮਿਲੇਗੀ ਮਾਂ ਬੋਲੀ ਭਾਂਵੇਂ ਸੱਚ ਸਮਝੋ  ਭਾਂਵੇਂ  ਗੱਪ ਆਖੋ ।
ਇਸ ਦੇ ਬੋਲਾਂ ਚ, ਭਰੀ ਮਿਠਾਸ ਵੱਖਰੀ,ਬੋਲੀ ਮਾਂ ਮੇਰੀ ,ਠੰਡੀ ਛਾਂ ਮੇਰੀ,
ਇਹਦੀ ਗੋਦ ਮਾਣੀ ਮਿੱਠੇ ਬੋਲ ਸਿੱਖੇ, ਬੁੱਲ ਮੀਚ ਆਖੋ ਜੀਭ ਨੱਪ ਆਖੋ।
 ਇਹ ਹੈ ਪੀਰ ਫਕੀਰਾਂ ਦੀ ਮਾਂ ਬੋਲੀ ਇਸ ਨੂੰ ਕਹੋ ਪੰਜਾਬ ਦੀ ਮਾਤ ਭਾਸ਼ਾ,
 ਕਈ ਗੀਤਾਂ ਦੇ ਭਰੇ ਭੰਡਾਰ ਆਖੋ  ਕਈ ਜੁਗਾਂ ਦੇ ਸਾਹਿਤ ਦੇ  ਤੱਪ ਆਖੋ ।
ਜੱਗ ਤੋ ਬੋਲੀਆਂ ਹੋਰ ਨੇ ਬਹੁਤ ਬੇਸ਼ੱਕ,ਇਹਦੀ ਮਟਕ ਵੱਖਰੀ ਤੇ ਟੌਰ੍ਹ ਵੱਖਰੀ,
ਇਸ ਦੀ ਝੋਲ ਵਿੱਚ ਭਰੇ ਨੇ ਸ਼ਬਦ ਮੋਤੀ,ਭਾਂਵੇ  ਲੱਖ ਆਖੋ ਭਾਂਵੇਂ ਲੱਪ ਆਖੋ ।
ਜੁਗ ਜੁਗ ਜੀਵੇ ਤੇ ਮਾਨ ਸਤਿਕਾਰ ਪਾਵੇ,ਇਸ ਦੇ ਬੋਲਾਂ ਚ,ਰਹੇ ਮਿਠਾਸ ਏਦਾਂ,
 ਛੋਹਵੇ ਸਿਖਰ ਸਾਰੇ, ਮੇਰੀ ਮਾਂ ਬੋਲੀ ਹੋਵੇ ਦੇਸ਼ ਭਾਂਵੇਂ ਅੰਦਰ ਹੱਦਾਂ ਟੱਪ ਆਖੋ ।
20/07/2024


ਅਲਵਿਦਾ ਸੁਰਜੀਤ ਪਾਤਰ

ਰਵੇਲ ਸਿੰਘ ਇਟਲੀ

ਤੁਰ ਗਿਆ ਸੁਰਜੀਤ ਪਾਤਰ,
ਨਹੀਂ ਰਿਹਾ ਸੁਰਜੀਤ ਪਾਤਰ ।
ਕੀ ਕਹਾਂ   ਸੁਰਜੀਤ ਪਾਤਰ,
ਚੁੱਪ ਹਾਂ    ਸੁਰਜੀਤ ਪਾਤਰ ।
ਅੱਖੀਆਂ     ਤਰ ਹੋ ਗਈਆਂ,
ਭਰ ਗਈਆਂ ਸਰ ਹੋ ਗਈਆਂ।
ਖਬਰ ਇਹ ਮਨਹੂਸ  ਸੁਣ,
ਵਕਤ ਇਹ ਕੰਜੂਸ  ਸੁਣ ।
ਸ਼ਾਇਰੀ ਦਾ ਸਿਖਰ ਤੂੰ ,
ਸਦ ਬਹਾਰਾ  ਬਿਰਖ ਤੂੰ ।
ਮਾਂ ਪੰਜਾਬੀ , ਦਾ ਫਖਰ ,
ਸਾਹਿਤ ਦਾ ਤੂੰ ਇੱਕ ਸਫਰ  ।
ਘਾਟ ਵੱਡੀ ਪਾ ਗਿਉਂ,ਪਰ
ਹਰ ਬਸ਼ਰ ਤੇ,  ਛਾ ਗਿਉਂ ।
ਅਜਬ ਤੇਰੀ  , ਕਲਮ ਸੀ ,
ਗਜ਼ਲ ਜਾਂ ਫਿਰ ਨਜ਼ਮ ਸੀ ।
 ਦਰਦ ਸੀ ,ਜਾਂ ਵੇਦਨਾ ,
ਹਰ ਬਸ਼ਰ ਚੋਂ ਸਿਰਜਨਾ ।
ਹੁਨਰ ਤੇਰਾ ਅਜਬ ਸੀ,
ਅਜਬ ਸੀ ਕੋਈ ਗਜਬ ਸੀ ।
ਕਲਮ ਤੇਰੀ ਨੂੰ   ਸਲਾਮ ,
ਕਰ ਗਿਉਂ ਉੱਚਾ ਮੁਕਾਮ ।
ਤੇਰਾ ਲਿਖਿਆ ਪੜ੍ਹਾਂ ਗੇ,
ਯਾਦ ਤੈਨੂੰ  ਕਰਾਂ ਗੇ।
ਰਾਹ ਵਿਖਾਏ ਗਾ ਸਦਾ ,
ਸਾਹਿਤ ਦਾ ਦਰਪਨ ਤੇਰਾ ।
ਅਲਵਿਦਾ ਸੁਰਜੀਤ ਪਾਤਰ।
ਅਲਵਿਦਾ ਸੁਰਜੀਤ ਪਾਤਰ।

9056016184
15/05/2024
 
 


ਹੌਸਲਾ ਨਹੀਂ ਹਾਰੀਦਾ

ਰਵੇਲ ਸਿੰਘ ਇਟਲੀ

ਹਾਰ ਨਹੀਂਉਂ ਮੰਨੀਦੀ ਤੇ ਹੌਸਲਾ ਨਹੀਂ ਹਾਰੀਦਾ ।
ਕਰਮਾਂ ਦੇ ਖੇਤ ਵਾਹ ਕੇ , ਬੀਜ ਹੈ  ਖਿਲਾਰੀਦਾ ।
ਜਦੋਂ ਤੀਕ ਜਿੰਦਗੀ    ਦੀ      ਡੋਰ ਨਹੀਂ ਟੁੱਟਦੀ ,
ਹੱਸ ਹੱਸ ਸਮਾ ,    ਓਦੋਂ ਤੀਕ ਹੈ   ਗੁਜਾਰੀਦਾ ।
ਉਦਮਾਂ ਦੇ ਕਾਫਿਲੇ , ਰਵਾਨ ਰਹਿਣੇ ਚਾਹੀਦੇ ,
ਵੇਖੀ ਜਾਣਾ ਖੇਲ ਨਾਲ  ਸਮੇਂ ਦੇ ਮਦਾਰੀ ਦਾ   ।
ਨਿਰਾ ਤਕਦੀਰ ਦੇ ,  ਭਰੋਸੇ ਤੇ ਨਹੀਂ ਰਹੀ ਦਾ ,
ਮੌਕਿਆਂ ਦੀ ਤਾੜ ਹੁੰਦਾ  ਕੰਮ ਹੈ ਸ਼ਿਕਾਰੀ ਦਾ   ।
 ਜਿੰਦਗੀ ,ਚ ਬੈਠ ਜਾਂਦੇ ਜਿਹੜੇ ਹਾਰ ਹੰਭ ਕੇ ਨੇ,
ਦੋਸ਼ ਐਵੇਂ ਕੱਢੀ ਜਾਂਦੇ ,  ਜਿੰਦਗੀ ਵਿਚਾਰੀ ਦਾ ।
ਮੇਹਣਤਾਂ ਮਸ਼ੱਕਤਾਂ ਚ, ਜਿੰਦਗੀ   ਦਾ ਪੰਧ ਕਰ  ,
ਮੌਕਿਆਂ ਦੀ ਭਾਲ ਵਿੱਚ ,  ਆਪੇ ਨੂੰ ਸਵਾਰੀ ਦਾ ।
ਹਾਰ ਨਹੀਂਉਂ ਮੰਨੀਦੀ ਤੇ ਹੋਸਲਾ ਨਹੀਂ ਹਾਰੀਦਾ।
01/04/2024


ਕੇਹਰਤੁਰ ਗਿਆ ਕੇਹਰ ਸ਼ਰੀਫ

ਰਵੇਲ ਸਿੰਘ ਇਟਲੀ

ਤੁਰ ਗਿਆ ਕੇਹਰ ਸ਼ਰੀਫ , ਤੁਰ ਗਿਆ  ਕੇਹਰ ਸ਼ਰੀਫ ।
ਸਦਾ ਲਈ ਤੁਰ ਜਾਣ ਦੀ ,   ਹੋ ਗਈ ਘਟਨਾ ਅਜੀਬ ।
ਹਿੱਸੇ ਆਉਂਦੀ ਖਤਮ ਕਰਕੇ ਤੁਰ ਗਿਆ , ਹਾੜੀ ਖਰੀਫ।
ਛਿੜ ਗਿਆ ਸ਼ਬਦਾਂ ਨੂੰ ਕਾਂਬਾ,ਇਹ ਕਿਹੀ ਆਈ ਤਾਰੀਖ।
ਆ ਗਈ ਜਦ ਆਣ ਵਾਲੀ ਬਹੁੜਿਆ ਨਾ ਕੋਈ ਤਬੀਬ।
ਲਿਖਤ ਦਾ ਲੇਖਕ  ਅਮੀਰ ,  ਸਿਖਰ ਦਾ ਬੰਦਾ ਅਦੀਬ।
ਕਲਮ ਦਾ ਜੋ ਸੀ ਅਮੀਰ,  ਹਰ ਬਸ਼ਰ ਦਾ ਸੀ   ਹਬੀਬ।
ਆਦਮੀ ਸੀ ਮਿਲਣ ਸਾਰ , ਨਾ ਕੋਈ  ਜਿਸਦਾ ਰਕੀਬ।
ਖੁਭ ਗਈ ਇਕ ਸੂਲ ਤਿੱਖੀ ,  ਪੁੱਜ ਕੇ ਦਿਲ ਦੇ ਕਰੀਬ।
ਖਬਰ  ਓਸ ਦੇ ਜਾਣ ਦੀ ,ਕਰ ਗਈ , ਸਾਨੂੰ    ਗਰੀਬ।
ਕੌਣ ਜਾਂ ਕਿਸ ਨੂੰ ਲੈ ਜਾਣਾ  , ਮੌਤ ਨਾ ਰੱਖਦੀ ਰਦੀਫ ।
ਇਹ ਸ਼ਬਦ ਨੇਂ ਸ਼ਰਧਾਂਜਲੀ , ਆਖਰੀ ਉਸ ਨੂੰ  ਨਸੀਬ।
 ਯਾਦ ਬਣ ਕੇ ਰਹੇ ਗਾ ਉਹ ਸਿਖਰ ਦਾ ਲੇਖਕ ਅਦੀਬ।
ਫੁੱਲ ਕੁੱਝ ਸਤਿਕਾਰ ਦੇ ,   ਭੇਟਾ ਕਰਾਂ ਉਸ ਦੀ ਤਾਰੀਫ।
ਤੁਰ ਗਿਆ ਕੇਹਰ ਸ਼ਰੀਫ,  ਤੁਰ ਗਿਆ ਕੇਹਰ ਸ਼ਰੀਫ ।
 26/05/2023


ਵਾਰਿਸ ਸ਼ਾਹ ਨੂੰ ਯਾਦ ਕਰਦਿਆਂ

ਰਵੇਲ ਸਿੰਘ ਇਟਲੀ

ਕਿੱਸੇ ਹੀਰ  ਦੇ  ਲਿਖੇ ਨੇ ਹੋਰ ਕਈਆਂ,
ਵਾਰਿਸ ਸ਼ਾਹ ਦੇ ਲਿਖੇ ਦੀ ਰੀਸ ਕੋਈ ਨਾ।
ਕਿੱਸੇ ਪਿਆਰ ਦੇ ਲਿਖੇ ਨੇ ਬਹੁਤ ਸ਼ਾਇਰਾਂ,
ਵਾਰਿਸ ਸ਼ਾਹ ਦੇ ਵਿਸ਼ੇ ਦੀ ਰੀਸ ਕੋਈ ਨਾ।
ਜਿਵੇਂ ਹਿਜਰ ਦੇ ਗੰਮਾਂ  ਦੀ ਬਾਤ ਪਾਈ,
ਵਾਰਸ ਸ਼ਾਹ ਦੇ ਹਿੱਸੇ ਦੀ ਰੀਸ ਕੋਈ ਨਾ।
ਹੂਕ ਵੰਝਲੀ ਦੀ, ਕੂਕੀ ਬੇਲਿਆਂ ਵਿੱਚ,
ਜ਼ਖਮ ਹਿਜਰ ਦੇ ਰਿਸੇ ਦੀ ਰੀਸ ਕੇਈ ਨਾ।
ਮੰਗੂ ਚਾਰਨੇ, ਇਸ਼ਕ ਦੀ ਕੈਦ ਅੰਦਰ,
ਸਮੇ ਕੈਦ ਦੇ ਮਿਥੇ ਦੀ ਰੀਸ ਕੋਈ ਨਾ।
ਕਿਵੇਂ ਕੈਦੋ ,ਕਲਹਿਣੇ, ਦੀ ਗੱਲ ਕੀਤੀ,
ਕੰਡੇ ਰਾਹਾਂ,ਚ ਵਿਛੇ ਦੀ ਰੀਸ ਕੋਈ ਨਾ।
ਕੋਝੀ ਵੰਡ ਭਰਾਂਵਾ ਸੀ,  ਕਿਵੇਂ ਕੀਤੀ,
ਬੰਜਰ ਖੇਤ ਦੇ ਕਿੱਤੇ ਦੀ ਰੀਸ ਕੋਈ ਨਾ।
ਕਿਵੇਂ ਹੀਰ ਤੇ ਰਾਂਝੇ ਦੀ, ਕਥਾ ਛੇੜੀ,
 ਇਸ਼ਕ,ਰੋਗ,ਵਿੱਚ ਹਿਸੇ ਦੀ ਰੀਸ ਕੋਈ ਨਾ।
ਪੱਟ ਚੀਰ ਕੇ ,ਹੀਰ ਲਈ ਮਾਸ ਭੁੰਨੇ,
ਚੱਕੀ ਪਿਆਰ ਦੀ ਪਿਸੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਵੀ ਆਪ ਸੀ ਪਿਆਰ ਰੇਗੀ,
,ਭਾਗ ਭਰੀ, ਦੇ ਪਿੱਛੇ ਦੀ ਰੀਸ ਕੋਈ ਨਾ।
ਹੀਰ ਅਮਰ ਹੋ ਗਈ  ਵਾਰਿਸ ਸ਼ਾਹ ਕਰਕੇ,
ਰਾਂਝੇ ਇਸ਼ਕ ਵਿੱਚ, ਵਿਛੇ ਦੀ ਰੀਸ ਕੋਈ ਨਾ।
ਉਸ ਨੇ ਰੂਹ, ਕਲਬੂਤ,  ਦੀ ਕਥਾ ਛੇੜੀ,
ਰੱਬੀ ਰੰਗ ਵਿੱਚ, ਲਿਖੇ ਦੀ ਰੀਸ ਕੋਈ ਨਾ।
ਉਸ ਨੇ ਦਰਦ ਫਿਰਾਕ ਦੀ ਜੰਗ ਵਿਢੀ,
ਅਜਬ ਬਾਨ੍ਹਣੂੰ ਕਿਲੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਦੀ ਕਲਮ ਦਾ ਹੁਨਰ ਡਾਢਾ,
ਉਸਦੀ ਸੁਰਤ,ਵਿੱਚ ਟਿਕੇ ਦੀ ਰੀਸ ਕੋਈ ਨਾ।
ਮਿਲਦਾ ਮਾਨ ਸਨਮਾਨ ਹੈ ਸ਼ਾਇਰਾਂ ਨੂੰ,
ਵਾਰਿਸ ਸ਼ਾਹ ਨੂੰ ਮਿਲੇ ਦੀ ਰੀਸ ਕੋਈ ਨਾ।
26/07/2022
 


(ਗੁਰਦਾਸਪੁਰ ਦੀ ਵਿਲੱਖਣ ਤੇ ਹਰਮਨ ਪਿਆਰੀ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਜੋ ਇਸ ਵਰ੍ਹੇ ਦੀ ਆਮਦ ਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਉਨਾਂ ਨੂੰ ਸ਼੍ਰਧਾਂਜਲੀ ਵਜੋਂ ਕੁਝ ਸ਼ਬਦ)
    

ਤੁਰ ਗਿਆ ਯੋਗੀ ਪਿਆਰਾ ਤੁਰ ਗਿਆ
ਰਵੇਲ ਸਿੰਘ ਇਟਲੀ
                          
ਤੁਰ ਗਿਆ ਯੋਗੀ ਪਿਆਰਾ ਤੁਰ ਗਿਆ।
ਆਦਮੀ ਵੱਖਰਾ, ਨਿਆਰਾ ਤੁਰ ਗਿਆ।,
ਵਿਦਵਤਾ ਦਾ ਕੁੰਡ,ਤੇ ਬੋਲ ਸੀ ਮਿੱਠਤ ਭਰੇ,
ਚਮਕਦਾ ਅਰਸ਼ਾਂ ਦਾ ਤਾਰਾ ਤੁਰ ਗਿਆ।
ਜ਼ਿੰਦਗੀ ਨੂੰ ਜੀ ਗਿਆ ਉਹ  ਇਸਤਰ੍ਹਾਂ,
ਮਨ ਨਹੀਂ ਕੀਤਾ ਤੇ ਭਾਰਾ ਤੁਰ ਗਿਆ।
ਫਿਜ਼ਾ ਦੇ ਵਿੱਚ ਘੁਲ਼ ਗਿਆ ਉਹ ਇਸਤਰ੍ਹਾਂ,
ਸਾਗਰਾਂ ਵਿੱਚ ਨਮਕ ਖਾਰਾ ਤੁਰ ਗਿਆ।
ਸ਼ੋਕ ਵਿਚ ਹੰਝੂ ਵਗੇ, ਕੁਝ ਇਸਤਰ੍ਹਾਂ ,
ਲਹਿਰ ਦੇ ਸੰਗ ਜਿਉਂ ਕਿਨਾਰਾ ਤੁਰ ਗਿਆ।
ਹੋਰ ਵੀ ਉੱਠੀਆਂ ਨੇ ਬੇੱਸ਼ਕ  ਅਰਥੀਆਂ,
ਵੇਖਿਆ ਵੱਖਰਾ ਨਜ਼ਾਰਾ ਤੁਰ ਗਿਆ।
ਨਾ ਕੋਈ ਤਕਰਾਰ ਸੀ, ਬਸ ਸਹਿਜ ਸੀ,
ਮੋਹ ਦਾ ਭਰਿਆ ਪਟਾਰਾ ਤੁਰ ਗਿਆ।
ਕਾਸ਼ ਸੱਭ ਨੂੰ ਇਸਤਰ੍ਹਾਂ ਜਾਣਾ ਮਿਲੇ,
ਜਿਸ ਤਰ੍ਹਾਂ ਯੋਗੀ ਪਿਆਰਾ ਤੁਰ ਗਿਆ।
02/01/2022


ਜ਼ਿਲਾ ਗੁਰਦਾਸ ਪੁਰ ਦੇ ਪ੍ਰਸਿੱਧ ਕਹਾਣੀ ਕਾਰ ਸਵ.ਪ੍ਰਿੰਸੀਪਲ ਸੁਜਾਨ ਸਿੰਘ ਜੀ  ਨੂੰ...

ਸੁਜਾਨਸ਼ਰਧਾਂਜਲੀ
ਰਵੇਲ ਸਿੰਘ ਇਟਲੀ

ਪਿਰੰਸੀਪਲ ਸੁਜਾਨ ਸਿੰਘ ,
ਸੀ ਇੱਕ ਸਫਲ ਕਹਾਣੀ ਕਾਰ।
ਉੱਚਾ  ਲੰਮਾ ਕੱਦ ਸੀ ਉਸ ਦਾ,
ਸਾਦ ਮੁਰਾਦਾ, ਸੱਭ ਦਾ ਯਾਰ।
ਧਨੀ ਕਲਮ ਦਾ,ਕਹਿਨ ਕਥਨ ਦਾ,
ਬੜਾ ਅਨੋਖਾ ਕਲਮ ਕਾਰ।
ਸਾਹਿਤ ਦੀ ਹਸਤੀ ਸਿਰ-ਮੌਰ,
ਮਹਿਫਲ ਦਾ ਸੀ ਅਸਲ ਸ਼ਿੰਗਾਰ।
ਪਰਬਤ ਵਰਗੇ ਸਹਿਜ ਸੁਭਾ ਦਾ,
ਠੰਡੀ ਛਾਂ ਤੇ ਠੰਡਾ ਠਾਰ।
ਸੱਭ ਨੂੰ ਉੰਗਲੀ ਲਾ ਕੇ ਤੁਰਦਾ,
ਮਾਂ ਬੋਲੀ ਦਾ ਸੇਵਾਦਾਰ।
ਮੇਹਣਤ ਕਰਕੇ ਰੁਤਬਾ ਪਾਇਆ,
ਸਾਹਿਤ ਦਾ ਭਰਿਆ ਭੰਡਾਰ।
ਉਸ ਦੀ ਲਿਖੀ ਕਹਾਣੀ ਵੱਖਰੀ,
ਕਾਮੇ ਤੇ ਕਿਰਤੀਆਂ ਦਾ ਯਾਰ।
‘ਕੁਲਫੀ’ ਤੇ ‘ਬਾਗਾਂ ਦਾ ਰਾਖਾ’,
‘ਜਗਰਾਤਾ’ ਵੱਡੇ ਸ਼ਾਹਕਾਰ,
ਪਾਠਕ ਨੀਝਾਂ ਲਾ ਲਾ ਪੜ੍ਹਦੇ ,
ਖੁਲ੍ਹੇ ਜੋ ਉਸ ਦੇ ਵੀਚਾਰ।
ਤੰਗੀ ਤੁਰਸ਼ੀ,ਔਖ ਸੌਚ ਵਿੱਚ,
ਤੁਰ ਗਿਆ ਜੀਵਣ ਸਫਰ ਗੁਜ਼ਾਰ।
ਭੇਟਾ ਕਰਾਂ ’ਸ਼ਰਧਾ ਸ਼ਰਧਾ ਦੇ ਫੁੱਲ,
ਆਦਰ ਤੇ ਕਰਕੇ  ਸਤਿਕਾਰ ,
ਜੀਵਣ ਲਾਕੇ ਜਿਸ ਨੇ ਭਰਿਆ ,
ਮਾਂ ਬੋਲੀ ਦਾ ਸਾਹਿਤ ਭੰਡਾਰ।
ਰਵੇਲ ਸਿੰਘ ਸਰਪ੍ਰਸਤ, ਸਮੂਹ ਅਹੁਦੇ ਦਾਰਾਂ ਅਤੇ ਮੈਂਬਰ ਸਾਹਿਬਾਨ ‘ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ(ਗੁਰਦਾਸ ਪੁਰ)’
05/12/2021


ਬਾਪੂ ਦੀ ਫੋਟੋ ਦੇ ਸਾਂਹਵੇਂ

ਰਵੇਲ ਸਿੰਘ ਇਟਲੀ
 
ਮੈਂ ਬਾਪੂ ਦੀ ਫੋਟੋ ਦੇ ਸਾਂਹਵੇਂ ਜਦ ਵੀ ਕਿਤੇ ਖਲੋਂਦਾ ਹਾਂ।
ਉਸ ਦੀਆਂ ਯਾਦਾਂ ਦੇ ਹੰਝੂ ਉਸ ਗਲ਼ ਹਾਰ ਪ੍ਰੋਂਦਾ ਹਾਂ।
ਵਾਰ ਵਾਰ ਹੈ ਚੇਤਾ ਆਉਂਦਾ,ਬਾਪੂ ਦੀਆਂ ਗੱਲਾਂ ਦਾ,
ਕੀਤੇ ਉਪਕਾਰਾਂ ਦੀਆਂ ਪੰਡਾਂ ਰਹਿੰਦਾ ਹੀ ਮੈਂ ਢੋਂਦਾ ਹਾਂ।
ਉਸ ਦੇ ਤਲਖ ਤਜੁਰਬੇ, ਮੇਹਣਤ ਦੇ ਡੂੰਗੇ ਪਾਣੀ ਵਿੱਚ,
ਮਨ ਨੂੰ ਲੱਗੀ ਰੋਜ਼ ਰੋਜ਼ ਦੀ  ਕਾਲਖ ਨੂੰ ਮੈਂ ਧੋਂਦਾ ਹਾਂ।
ਫੌਜ ਚੋਂ ਆ ਕੇ ਬਾਪੂ ਨੇ, ਫਿਰ ਕਿਰਸਾਣੀ  ਸੀ ਕੀਤੀ ,
ਨਾਮ ਜਪਨ ਤੇ ਕ੍ਰਿਤ ਕਰਨ ਦੀ ਅਪਣਾਈ ਸੀ ਨੀਤੀ,
ਜਾਂ ਬਾਰਡਰ ਤੇ ਰਾਖੀ ਕਰਨੀ ਜਾਂ ਖੇਤਾਂ ਨੂੰ ਪਾਣੀ ਲਾਣਾ,
ਚੇਤੇ ਕਰ ਕਰ ਝੱਲੇ ਮਨ ਨੂੰ ਐਵੇਂ ਲਾਰੇ ਲਾਉਂਦਾ ਹਾਂ।
ਜੇ ਮਾਂ ਹੁੰਦੀ ਧਰਤੀ ਮਾਤਾ, ਬਾਪੂ  ਵੀ ਹੁੰਦਾ ਹੈ ਸਾਗਰ,
ਬਾਪੂ ਦੇ ਹਨ ਪੈਰ ਸਰੋਵਰ ਵਾਰ ਵਾਰ ਹੱਥ ਧੋਂਦਾ ਹਾਂ।
ਜੇ ਮਾਂ ਦੀ ਗੋਦੀ ਹੈ ਜੰਨਤ,ਬਾਪੂ ਦਾ ਵੀ ਉੱਚਾ ਆਦਰ,
ਬੈਠਾਂ ਵਿੱਚ ਇਕਾਂਤਾਂ ਕਿਧਰੇ ,ਸੋਚ ਦੀ ਚੱਕੀ ਝੋਂਦਾ ਹਾਂ।
ਅੱਜ ਮੈਂ ਜਿੱਥੇ ਜਾ ਪਹੁੰਚਾ ਹਾਂ, ਜੋ ਵੀ ਹਾਂ ਬਾਪੂ ਦੇ ਕਰਕੇ, ,
ਬਾਪੂ ਦੀ ਹਿੰਮਤ ਦੇ ਅੱਗੇ,ਮੈਂ ਲਗਦਾ   ਬੌਣਾ ਬੰਦਾ ਹਾਂ,
ਵੇਖਣ ਜਾਣਾ ਛਿੰਝ ਅਖਾੜੇ,ਬਾਪੂ ਦੇ ਚੜ੍ਹ ਜਦੋਂ ਕੰਧਾੜੇ,
ਖਾਣ ਪੀਣ ਦੀ ਰੀਝ ਪੁਗਾਣੀ, ਬਾਪੂ ਦੇ ਗੁਣ ਗਾਉਂਦਾ ਹਾਂ।
ਜੋ ਮੰਗਿਆ ਉਸ ਲੈ ਕੇ ਦਿੱਤਾ,ਬਾਪੂ ਸੀ ਅਣਖਾਂ ਦਾ ਪੂਰਾ,
ਕਦੇ ਨਾ ਮੰਨੀ ਈਨ ਕਿਸੇ, ਤੈਥੋਂ ਸਿੱਖਿਆ  ਪਾਉਂਦਾਂ ਹਾਂ।
ਜੀਂਦਿਆਂ ਤੇਰੀ ਕਦਰ ਨਾ ਕੀਤੀ,ਬੀਤੇ ਤੇ ਹੁਣ ਪੱਛੋਤਾਵਾਂ
ਮੈਂ ਕੀ ਕੀਤਾ ਤੇਰੀ ਖਾਤਰ, ਵੇਖ ਵੇਖ ਸ਼ਰਮਾਉਂਦਾ ਹਾਂ।
ਬਾਪੂ ਦੀ ਫੋਟੋ ਦੇ ਅੱਗੇ ਜਦ ਮੈਂ ਕਿਤੇ ਖਲੋਂਦਾ ਹਾਂ।
ਉਸ ਦੀਆਂ ਦੇ ਕੁਝ ਹੰਝੂ ਉਸ ਗਲ ਹਾਰ ਪ੍ਰੋਂਦਾ ਹਾਂ।
21/06/2021
 


ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਸਮ੍ਰਪਿਤ
ਅੱਦੁਤੀ ਸ਼ਹਾਦਤ
ਰਵੇਲ ਸਿੰਘ ਇਟਲੀ
        
ਅੱਦੁਤੀ ਇਸ ਸ਼ਹਾਦਤ ਦੀ, ਜਦੋਂ ਵੀ ਯਾਦ ਆਂਦੀ ਏ।
ਕਲਮ ਹੈ ਸਿਸਕੀਆਂ ਭਰਦੀ,ਜਦ ਵੀ ਬਾਤ ਪਾਂਦੀ ਏ।
ਮੌਸਮ ਗਰਮੀਆਂ ਦਾ ਸੀ, ਕੜਕਦੀ ਧੁੱਪ ਸੀ ਡਾਢੀ,
ਤਵੀ ਦੇ ਹੇਠ ਭਾਂਬੜ ਸੀ, ਭੜਕਦੀ ਅੱਗ ਸੀ ਡਾਢੀ।
ਚੌਕੜਾ ਮਾਰ ਬੈਠਾ ਸੀ,ਉਹ ਰੱਬੀ ਰਜ਼ਾ ਦੇ ਅੰਦਰ,
ਇਹ ਕੈਸਾ ਹੋ ਰਿਹਾ ਕਾਰਾ,ਜ਼ਹਿਰੀ ਫਿਜ਼ਾ ਦੇ ਅੰਦਰ।
ਤਸੀਹੇ ਦੇਣ ਵਾਲੇ ਉਸ ਜ਼ਾਲਮ ਹੁਕਮਰਾਨ ਦੀ ਸੋਚਾਂ,
ਜਬਰ ਤੇ ਸਬਰ ਦੀ ਸੋਚਾਂ,ਸ਼ਾਹੀ ਫਰਮਾਣ ਦੀ ਸੋਚਾਂ।
ਸੀ ਕਿਹੜੇ ਪਾਪ ਦੇ ਬਦਲੇ, ਕਿਹੜੇ ਜ਼ੁਲਮ ਦੇ ਬਦਲੇ,
ਤਸੀਹੇ ਦੇ ਰਿਹਾ ਜਾਬਰ, ਸੀ ਕਿਹੜੇ ਜੁਰਮ ਦੇ ਬਦਲੇ।
ਉਹਦੀ ਬਾਣੀ ,ਚ ਮਿੱਠਤ ਸੀ ਮਨਾਂ ਨੂੰ ਠਾਰਦੀ ਰਹਿੰਦੀ,
ਸਾਂਝੇ ਬੋਲ ਸਭਨਾਂ ਲਈ, ਸੀ ਸਭ ਨੂੰ ਤਾਰਦੀ ਰਹਿੰਦੀ।
ਮੀਆਂ ਮੀਰ ਨੇ ਤੱਕਿਆਂ ਤਾਂ ਧਾਂਈਂ ਮਾਰ ਕੇ ਰੋਇਆ,
ਮੇਰੇ ਮੌਲਾ,ਮੇਰੀ ਤੋਬਾ,ਇਹ ਕੈਸਾ ਕਹਿਰ ਹੈ ਹੋਇਆ।
ਰੱਬ ਦੀ ਬੰਦਗੀ ਵਾਲਾ ਸਤਾਇਆ ਜਾ ਰਿਹਾ ਹੈ ਕਿਉਂ।
ਜ਼ਾਲਮ ਰਾਜ  ਦਾ ਝੰਡਾ ਝੁਲਾਇਆ,ਜਾ ਰਿਹਾ ਹੈ ਕਿਉਂ,
ਐਸਾ ਦਰਬਾਰ ਢਹਿ ਜਾਵੇ,ਦਰੋ ਦੀਵਾਰ ਢਹਿ ਜਾਵੇ,
ਜਬਰ ਕਰਨ ਵਾਲੇ ਦੀ ਐਸੀ  ਸਰਕਾਰ ਢਹਿ ਜਾਵੇ,
ਜਿਸਮ ਸੀ ਛਾਲਿਆਂ ਭਰਿਆ,ਨੂਰੋ ਨੂਰ ਸੀ ਮੁਖੜਾ।
ਕਿਸੇ ਤਬਰੇਜ਼ ਤੋਂ ਵੱਖਰਾ,ਅਜਬ ਮਨਸੂਰ ਸੀ ਵੱਖਰਾ।
ਕਿਸੇ ਮੂਸਾ ਤੋਂ ਸੀ ਵੱਖਰਾ, ਕਿਸੇ ਕੋਹਿਤੂਰ ਤੋਂ ਵੱਖਰਾ।
ਕੋਈ ਚਾਨਣ ਮੁਨਾਰਾ ਜਾਂ ਕੋਈ ਕੋਹਿ ਨੂਰ ਸੀ ਵੱਖਰਾ।
ਜਿੱਤਾ ਕੇ ਸੱਚ ਨੂੰ ਤੁਰਿਆ, ਹਰਾ ਕੇ ਕੂੜ ਨੂੰ ਤੁਰਿਆ,
ਨਵਾਂ ਕੁਝ ਸਿਰਜ ਕੇ ਤੁਰਿਆ,ਮਿਟਾ ਕੇ ਧੂੜ ਨੂੰ ਤੁਰਿਆ।
ਉਹ ਖਾਕੀ ਜਿਸਮ ਦਾ ਪੁਤਲਾ, ਹਵਾਲੇ ਕਰ ਗਿਆ ਰਾਵੀ,
ਜਬਰ ਤੇ ਜ਼ੁਲਮ ਦੀ ਉਹ ਦਾਸਤਾਂ ਮਨ ਤੇ ਹੋ ਗਈ ਹਾਵੀ।
ਸ਼ਹਾਦਤ ਜਗਤ ਤੋਂ ਵੱਖਰੀ,ਉਸ ਦਾ ਮੁੱਲ ਕਿਸ ਪਾਉਣਾ,
ਉਹਦਾ ਰੁਤਬਾ ਬੜਾ ਉੱਚਾ, ਉਸ ਦੇ ਤੁੱਲ ਕਿਸ ਪਾਉਣਾ।
ਸ਼ਹਾਦਤ ਧਰਮ ਤੇ ਹੁੰਦੇ, ਜ਼ੁਲਮ ਤੇ ਜਬਰ ਦੇ ਬਦਲੇ,
ਸਦਾ ਡੱਟ ਕੇ ਖਲੋ ਜਾਣਾ,ਹੱਕ ਇਨਸਾਫ ਦੇ ਬਦਲੇ।
ਸਿਖਾਇਆ ਕਿਸਤਰਾਂ ਹੈ ਤੂੰ, ਬੜਾ ਮੁੱਲ ਤਾਰਨਾ ਪੈਂਦਾ,
ਤੇ ਇੱਜ਼ਤ ਆਬਰੂ ਬਦਲੇ. ਹੈ ਆਪਾ  ਵਾਰਨਾ ਪੈਂਦਾ।
ਕਦੇ ਵੀ ਨਾ ਭੁਲਾਏ ਗੀ ਇਹ ਸ਼ਹਾਦਤ ਕੌਮ ਜੋ ਤੇਰੀ,
ਪੰਚਮ ਪਾਤਸ਼ਾਹ ਦਿੱਤੀ ਵਿਰਾਸਤ ਅਮਰ ਇਹ ਤੇਰੀ।
04/06/2021         


ਅੱਖਰ

ਰਵੇਲ ਸਿੰਘ ਇਟਲੀ

ਅੱਖਰਾਂ ਸੰਗ ਜਦ ਜੁੜਦੇ ਅੱਖਰ।
ਵੱਖ ਵੱਖ ਮੋੜ ਨੇ ਮੁੜਦੇ ਅੱਖਰ।
ਕੁਝ ਅੱਖਰ ਹਨ ਹੰਝੂ ਬਣਕੇ,
ਕਾਗਜ਼ ਤੇ ਬਣ ਤੁਰਦੇ ਅੱਖਰ।
 ਕੁਝ ਅੱਖਰ ਬਣ ਜਾਂਦੇ ਸ਼ਿਕਵੇ ,
ਅੱਖਰਾਂ ਦੇ ਸੰਗ ਝੁਰਦੇ ਅੱਖਰ।
ਕੁਝ ਅੱਖਰ  ਫੁੱਲਾਂ ਤੋਂ ਕੋਮਲ,
ਕੁੱਝ ਸੂਲਾਂ ਵਤ ਭੁਰਦੇ ਅੱਖਰ।
ਕੁਝ ਅੱਖਰ ਹਨ ਅਮ੍ਰਿਤ ਵਰਗੇ,
ਕੁਝ ਅੱਖਰ ਹਨ ਮੁਰਦੇ ਅੱਖਰ।,
ਕੁਝ ਅੱਖਰ, ਇਲਹਾਮਾਂ ਵਰਗੇ,
ਬਣ ਜਾਂਦੇ ਨੇ ਧੁਰ ਦੇ ਅੱਖਰ।
ਅੱਖਰਾਂ ਵਿੱਚ ਜਦ ਸੰਗ ਮਿਲ ਜਾਂਦੀ,
ਸਬਦਾਂ ਵਿੱਚ ਕੁੱਝ ਥੁੜਦੇ ਅੱਖਰ।
ਅੱਖਰਾਂ ਦੀ ਹੈ ਬਾਤ ਨਿਰਾਲੀ.
ਰੂਹਾਂ ਵਿੱਚ ਜਦ ਖੁਰਦੇ ਅੱਖਰ।
ਅੱਖਰਾਂ ਦੇ ਸੰਗ ਜੁੜਦੇ ਅੱਖਰ,
ਵੱਖ ਵੱਖ ਮੋੜ ਨੇ ਮੁੜਦੇ ਅੱਖਰ।
13/05/2021
 


ਵਿਸਾਖੀ

ਰਵੇਲ ਸਿੰਘ ਇਟਲੀ

ਫਸਲਾਂ ਦਾ ਤਿਉਹਾਰ ਵਿਸਾਖੀ।
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
ਕਣਕਾਂ ਪੱਕੀਆਂ,ਸੁੱਖਾਂ ਸੁੱਖਦੇ,
ਹੋਈਆਂ ਨੇ ਤਯਾਰ ਵਿਸਾਖੀ।
ਦਸਮ ਪਿਤਾ ਨੇ ਸਾਜ ਖਾਲਸਾ,
ਕੀਤਾ ਸੀ ਤਯਾਰ, ਵਿਸਾਖੀ।
ਹੱਕ ਸੱਚ ਲਈ ਜੂਝਣ ਲਈ,
ਚੁਕੀ ਸੀ ਤਲਵਾਰ ਵਿਸਾਖੀ।
ਵੇਖੋ ਹੁਣ ਇਹ ਬੰਦੇ ਖਾਣੀ,
ਕੇਂਦਰ ਦੀ ਸਰਕਾਰ ਵੈਸਾਖੀ।
ਸੜਕਾਂ ਉੱਤੇ ਰੋਲ ਕਿਸਾਨੀ।
ਰਹੀ ਕਿਸਾਨੀ ਮਾਰ ਵੈਸਾਖੀ।
ਇਸ ਵੇਰਾਂ ਆ ਗਿਆ ਕਰੋਨਾ,
ਖੁਸ਼ੀਆਂ ਗਈ ਵਿਸਾਰ ਵਿਸਾਖੀ।
ਪਰ ਸਰਕਾਰ ਕਰੋਨਾ ਤੋਂ ਵੱਧ,
ਕਰਦੀ ਪੁੱਠੀ ਕਾਰ ਵਿਸਾਖੀ।
ਲੋਕ ਰਾਜ ਨੂੰ ਛਿੱਕੇ ਟੰਗਿਆ,
ਕਰਦੀ ਹੈ ਹੰਕਾਰ ਵਿਸਾਖੀ।
ਕਿਰਸਾਣੀ ਨੂੰ ਮਾਰਣ ਲੱਗੀ,
ਕੇਂਦਰ ਦੀ ਸਰਕਾਰ ਵੈਸਾਖੀ।
 ਖੇਤੀ ਦਿਆਂ ਕਾਲੇ ਕਾਨੂਨਾਂ ਨੇ,
ਕਰ ਦਿੱਤੀ  ਬੀਮਾਰ ਵਿਸਾਖੀ।
ਨਾ ਏਧਰ ਨਾ ਓਧਰ  ਲਗਦੀ,
ਜਾਪ ਰਹੀ ਵਿੱਚਕਾਰ ਵਿਸਾਖੀ।
ਰਹਿ ਗਏ ਵਿੱਚੇ, ਗਿੱਧੇ ਭੰਗੜੇ,
ਰੋਂਦੀ ਹੈ ਮੁਟਿਆਰ ਵਿਸਾਖੀ।
ਕੋਵਿਡ-ਉਨੀ ਤੋਂ ਵਧ ਕੇਂਦਰ ਨੂੰ,
ਪਾਉਂਦੀ ਹੈ ਫਟਕਾਰ ਵਿਸਾਖੀ।
ਇਸ ਵਾਰੀ ਜੋ ਆਈ ਵਿਸਾਖੀ,
ਆਏ ਨਾ ਦੂਜੀ ਵਾਰ ਵਿਸਾਖੀ।
ਆਪਣੇ ਹੱਕਾਂ ਦੀ ਰਾਖੀ ਲਈ,
ਹੁੰਦੀ  ਸਦਾ ਵੰਗਾਰ ਵਿਸਾਖੀ।
ਫਸਲਾਂ ਦਾ ਤਿਉਹਾਰ ਵਿਸਾਖੀ,
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
ਚਲਦਾ ਹੈ ਕਿਰਸਾਨ ਅੰਦੋਲਣ,
ਮੰਨੇ ਗਾ ਨਹੀਂ ਹਾਰ ਵਿਸਾਖੀ।
ਫਸਲਾਂ ਦਾ ਤਿਉਹਾਰ ਵਿਸਾਖੀ।
ਖੁਸ਼ੀਆਂ ਦਾ ਤਿਉਹਾਰ ਵਿਸਾਖੀ।
13/04/2021
 


ਚੇਤਰ ਦਾ ਵਣਜਾਰਾ ਆਇਆ

ਰਵੇਲ ਸਿੰਘ, ਇਟਲੀ

ਚੇਤਰ ਦਾ ਵਣਜਾਰਾ ਆਇਆ, ਸੁੰਦਰ ਮੀਨਾਕਾਰੀ ਲੈ ਕੇ।
 ਧਰਤੀ  ਵੀ ਹੁਣ ਖੂਬ ਸਜੇਗੀ, ਰੰਗਾਂ ਦੀ ਫੁਲਕਾਰੀ ਲੈ ਕੇ।
ਫੁੱਲਾਂ ਉਤੇ ਨਾਚ ਕਰੇਗੀ, ਤਿਤਲੀ ਵੱਖ ਵੱਖ ਰੰਗਾਂ ਅੰਦਰ,
ਭੌਰੇ ਵੀ ਹੁਣ ਗੀਤ ਗਾਉਣਗੇ, ਗੇੜੇ ਵਾਰਾਂ ਵਾਰਾਂ ਲੈ ਕੇ।
ਖਿੜਣਗੀਆਂ ਗੁਲਜ਼ਾਰਾਂ, ਮੌਸਮ ਵੱਖੋ ਵੱਖ ਨੁਹਾਰਾਂ ਲੈ ਕੇ।
ਪੈ ਜਾਣੇ ਅੰਬੀਆਂ ਤੇ ਬੂਰ, ਫੁੱਟੇ ਗੀ ਹਰ ਡਾਲ ਕਰੂੰਬਲ,
ਹਰਿਆਵਲ ਦਾ ਰਾਜ ਹੋਏਗਾ, ਬੈਠੀਗੀ ਦਰਬਾਰਾਂ ਲੈ ਕੇ ।
ਬੋਲੇ ਗੀ ਅੰਬਾਂ ਤੇ ਕੋਇਲ, ਕਈ ਹੁਣ ਕੂਕ ਪੁਕਾਰਾਂ ਲੈ ਕੇ।
ਫੁੱਟਣਗੇ ਕਈ  ਗੀਤ ਨਿਰਾਲੇ, ਸੁਰਤਾਲਾਂ ਤੇ ਤਾਰਾਂ ਲੈ ਕੇ ।
ਫੈਲੇਗੀ ਹੁਣ ਮਹਿਕ ਸੁਗੰਧੀ, ਕੋਸੀਆਂ ਕੋਸੀਆਂ ਧੁੱਪਾਂ ਅੰਦਰ,
ਕੁਦਰਤ ਰਾਣੀ ਨਾਚ ਕਰੇ ਗੀ, ਪੌਣਾਂ ਮਸਤ ਬਹਾਰਾਂ ਲੈ ਕੇ।
ਚੇਤਰ ਦਾ ਵਣਜਾਰਾ ਆਇਆ, ਸੱਭ ਨੂੰ ਖੁਸ਼ੀਆਂ ਖੇੜੇ ਵੰਡਣ,
ਹਰ ਕੋਈ ਰੱਖੇ ਸਾਂਝ ਮੁਹੱਬਤ, ਚੰਗੇ ਕਾਰ ਵਿਹਾਰਾਂ ਲੈ ਕੇ।
ਲੈ ਕੇ ਜਿੱਤ ਮੁੜੇ ਕਿਰਸਾਣੀ, ਲੱਗੇ ਆਪਣੇ ਕਾਰ ਵਿਹਾਰੀਂ,
ਛੱਡ ਦੇਣ ਸਰਕਾਰਾਂ ਅੜੀਆਂ, ਪਰਤਣ ਕੌਲ ਕਰਾਰਾਂ ਲੈ ਕੇ।
ਵਧੇ ਫੁੱਲੇ ਕਿਰਸਾਣੀ ਮੁੜ ਤੋਂ, ਐਸਾ ਆਵੇ ਚੇਤ ਮਹੀਨਾ,
ਆਵੇ ਨਾ ਕੋਈ ਤੋਟ ਕਿਤੇ ਵੀ, ਸਮੇਂ ਦੀਆਂ ਕੋਈ ਮਾਰਾਂ ਲੈ ਕੇ।
ਚੇਤਰ ਦਾ ਵਣਜਾਰਾ ਆਇਆ, ਸੁੰਦਰ ਮੀਨਾਕਾਰੀ ਲੈ ਕੇ।
ਧਰਤੀ ਵੀ ਹੁਣ ਖੂਬ ਸਜੇਗੀ, ਰੰਗਾਂ ਦੀ ਫੁੱਲਕਾਰੀ ਲੈ ਕੇ।
15/03/2021
 
 

 
ਸਰਦੂਲ ਸਕੰਦਰ
ਰਵੇਲ ਸਿੰਘ, ਇਟਲੀ

ਤੁਰ ਗਿਆ ਇਉਂ, ਸਰਦੂਲ ਸਕੰਦਰ।
ਘੁਲ਼ ਗਿਆ ਲੂਣ, ਸਮੁੰਦਰ ਅੰਦਰ।
ਰਾਗ ਅਤੇ ਸੁਰਤਾਲ ਦਾ ਸ਼ਾਹ ਸੀ,
ਲਫਜ਼ਾਂ ਦੀ ਸੁੱਚੀ ਦਰਗਾਹ ਸੀ,
ਮਨਮੌਜੀ  ਤੇ ਬੇਪ੍ਰਵਾਹ ਸੀ,
ਮਾਂ ਪੰਜਾਬੀ ਦਾ ਹਮਰਾਹ ਸੀ,
ਕਈ ਗੀਤਾਂ ਦੇ ਲਾਉਂਦਾ ਲੰਗਰ,
ਤੁਰ ਗਿਆ ਇਉਂ ਸਰਦੂਲ ਸਕੰਦਰ।
ਦੁਖਾਂ ਸੁਖਾਂ ਦੀਆਂ ਬਾਤਾਂ ਪਾ ਕੇ,
ਹਿਜਰਾਂ ਦੇ ਗੀਤਾਂ ਨੂੰ ਗਾ ਕੇ ।
ਸਭਨਾਂ ਦੇ ਮਨ ਨੂੰ ਪਰਚਾ ਕੇ,
ਦੁਖਾਂ ਸੁਖਾਂ ਦਾ ਸਮਾ ਹੰਢਾ ਕੇ,
ਛਡ ਦੁਨੀਆਂ ਦੇ ਕਲਾ ਕਲੰਦਰ,
ਤੁਰ ਗਿਆ ਇਉਂ ਸਰਦੂਲ ਸਕੰਦਰ।
ਕੱਲ ਸੀ ਜੇਹੜਾ ਧਰਤੀ ਉਤੇ,
ਅੱਜ ਉਹ ਧਰਤੀ ਹੇਠਾਂ ਹੋਇਆ,
ਉਸ ਦਾ ਜਾਣਾ ਜਿਸ ਨੇ ਸੁਣਿਆ,
ਅੱਜ ਉਹ  ਅੱਖਾਂ ਭਰ ਕੇ ਰੋਇਆ,
ਮੈਂ  ਵੀ ਉਸ ਨੂੰ ਭੇਟ ਕਰਨ ਲਈ,
ਸ਼ਬਦਾਂ ਦਾ ਇਹ ਹਾਰ ਪ੍ਰੋਇਆ।
ਵਾਰੀ ਵਾਰੀ ਨਿਗਲ ਗਿਆ ਹੈ,
ਸਮਿਆਂ ਦਾ ਇਹ ਦੂਤ ਪਤੰਦਰ,
ਤੁਰ ਗਿਆ ਇਉਂ ਸਰਦੂਲ ਸਕੰਦਰ।
ਉਹ ਸੀ ਰੋਡ ਵੇਜ਼ ਦੀ ਲਾਰੀ,
ਨਾ ਕੋਈ ਬੂਹਾ ਨਾ ਕੋਈ ਬਾਰੀ.
ਜਿੱਧਰੋਂ ਵੀ ਕੋਈ ਚੜ੍ਹੇ ਸਵਾਰੀ.
ਏਦਾਂ ਦੀ ਸੀ ਉਸ ਦੀ ਯਾਰੀ,
ਇਹ ਸੀ ਉਸ ਦਾ ਮਸਜਦ ਮੰਦਰ,
ਤੁਰ ਗਿਆ ਇਉਂ ਸਰਦੂਲ ਸਕੰਦਰ।
ਤੁਰ ਗਿਆ ਬੇਸ਼ਕ ਯਾਦ ਰਹੇਗਾ,
ਗੀਤਾਂ ਵਿੱਚ ਆਬਾਦ ਰਹੇਗਾ,
ਬੱਝਾ ਨਹੀਂ ਆਜ਼ਾਦ ਰਹੇਗਾ,
ਬਣ ਮਿੱਠੀ ਆਵਾਜ਼ ਰਹੇਗਾ,
ਜਦ ਤਕ ਹੈ ਇਹ ਧਰਤੀ ਅੰਬਰ,
ਇਉਂ ਤੁਰ ਗਿਆ ਸਰਦੂਲ ਸਕੰਦਰ,
ਖੁਰ ਗਿਆ ਲੂਣ ਸਮੰਦਰ ਅੰਦਰ।
27/02/2021


ਆ ਮਿੱਤਰਾ

ਰਵੇਲ ਸਿੰਘ, ਇਟਲੀ
 
ਆ ਮਿੱਤਰਾ ਗੱਲ ਕਰੀਏ ਕਿਰਸਾਣ ਅੰਦੋਲਣ ਦੀ।
ਹੱਕਾਂ ਲਈ ਜੂਝ ਰਹੇ, ਜਜ਼ਬੇ ਨੂੰ  ਦੀ ਟੋਲਣ ਦੀ।
ਝੰਡੇ ਕਿਰਸਾਣੀ  ਦੇ ਤਕ ਲੈ  ਝਲਕਾਰੇ ਸੋਭ ਰਹੇ,
ਥਾਂ ਥਾਂ ਤੇ ਲੰਗਰ ਨੇ, ਕਈ ਹੋਰ ਨਜ਼ਾਰੇ ਸੋਭ ਰਹੇ,
ਹਰ ਚੇਹਰੇ ਤੇ ਹੈ ਜੋਸ਼ ਹੋਸ਼, ਰੌਸ਼ਣ ਮੀਨਾਰੇ ਸੋਭ ਰਹੇ,
ਸਭ ਊਚ ਨੀਚ ਤੋਂ ਉਪਰ ਉੱਠ, ਖੇਤੀ ਜੈਕਾਰੇ ਸੋਭ ਰਹੇ।
ਹਰ ਵਰਗ, ਨੇ ਪਾਇਆ ਯੋਗਦਾਨ ਨਹੀਂ ਲੋੜ ਫਰੋਲਣ ਦੀ।
ਔਰਤ ਅੰਦੋਲਣ ਵਿੱਚ ਜਾਕੇ ਔਹ ਵੇਖੋ ਸਾਥ ਨਿਭਾਂਦੀ ਏ,
 ਲੰਗਰ ਪਈ ਪਕਾਉਂਦੀ ਏ, ਸੇਵਾ ਵਿੱਚ ਹਿੱਸਾ ਪਾਂਦੀ ਏ,
ਹੁਣ ਧੀ ਵੀ ਵੇਖੋ, ਪੜ੍ਹੀ ਲਿਖੀ, ਨਾ ਬੋਲਣ ਤੋਂ ਘਬਰਾਂਦੀ ਏ,
ਹੱਕ ਆਪਣੇ ਲੈ ਕੇ ਪਰਤਾਂਗੇ, ਪਈ ਜੋਸ਼ ਵਧਾਂਦੀ ਏ।
ਹਟ ਖੁਲ੍ਹ ਗਿਆ ਬਾਬੇ ਨਾਨਕ ਦਾ ਬਸ ਤੇਰਾ ਤੇਰਾ ਤੋਲਣ ਦਾ।
ਵੇਖੋ ਇਹ ਦ੍ਰਿਸ਼ ਟ੍ਰਾਲੀਆਂ ਦਾ, ਦਿੱਲੀ ਵੱਲ ਚਾਲੇ ਪਾਂਦਾ ਏ,
ਸੱਭ ਰੋਕਾਂ ਟੋਕਾਂ ਪਾਰ ਕਰੀ, ਤੇ ਖੌਫ ਰਤਾ ਨਹੀਂ ਖਾਂਦਾ ਏ,
ਤੇ ਨਾਲ ਤਿਰੰਗੇ ਲਹਿਰਾਂਦੇ, ਆਜ਼ਾਦੀ ਜਸ਼ਨ ਮਨਾਂਦਾ  ਏ,
ਖੇਤੀ ਦੇ ਕਾਲੇ ਬਿੱਲ ਦੀਆਂ ਇਹ ਧਜੀਆਂ ਖੂਬ ਉਡਾਂਦਾ ਏ।
ਕੇਂਦਰ ਲਈ ਮੋਏ ਸੱਪ ਵਾਂਗੋਂ, ਬਸ  ਮੌਕਾ ਹੈ ਵਿਸ ਘੋਲਣ ਦਾ।
ਕਾਲ਼ੇ ਕਾਨੂੰਨ ਬਣਾਏ ਜੋ , ਇਸ ਦੇਸ਼ ਦੀ ਲੋਟੂ ਢਾਣੀ ਲਈ,
 ਦੇਸ਼ ਦੀਆਂ ਸਰਕਾਰਾਂ ਨੇ, ਇਸ ਕੁਰਸੀ ਲਈ ਮਰਜਾਣੀ ਲਈ,
ਪੰਜ ਪਾਣੀ ਵਾਲੇ  ਸੋਚ ਰਹੇ, ਹੇਠਾਂ ਵੱਲ ਜਾਂਦੇ ਪਾਣੀ ਲਈ,
 ਜਦ ਜਦ ਵੀ ਮਾੜਾ ਹੋਇਆ ਹੈ ਹੋਇਆ ਕਿਰਸਾਣੀ ਲਈ,
ਤਾਂ ਲੋੜ ਪਈ ਕਿਰਸਾਨਾਂ ਨੂੰ ਜਿੰਦ ਸੜਕਾਂ ਕੰਢੇ ਰੋਲਣ ਦੀ ।
ਇਹ ਕੇਂਦਰ  ਬੰਦੇ ਖਾਣੀ ਹੈ, ਡਾਢੀ ਸਰਕਾਰ ਕੁਲਿਹਣੀ ਹੈ,
ਇਹ ਲੋਕਰਾਜ ਦੀਆਂ ਨੀਹਾਂ ਤੇ , ਹੱਢਾਂ ਦੇ ਅੰਦਰ ਬਹਿਣੀ ਹੈ,
ਰੱਬ ਜਾਣੇ ਕਦੋਂ ਬਲਾਮਤ ਇਹ ਲੋਕਾਂ ਦੇ ਮਗ਼ਰੋਂ ਲਹਿਣੀ ਹੈ।
ਬਾਬਰ ਤੋਂ ਵਧ ਕੇ  ਜ਼ਾਲਮ ਹੈ, ਕਈ ਜਿੰਦਾਂ ਜਾਨਾਂ ਲੈਣੀ ਹੈ,
ਬਸ ਮੌਤ ਹੀ ਕੀਮਤ ਮੰਗਦੀ ਹੈ ਹੱਕ ਬਦਲੇ ਬੋਲਣ ਦੀ।
ਧੰਨ ਜੇਰਾ ਹੈ ਕਿਰਸਾਨਾਂ ਦਾ, ਤੇ ਖੇਤੀ ਦੇ ਮਜ਼ਦੂਰਾਂ ਦਾ,
ਏਕੇ ਵਿੱਚ ਸ਼ਕਤੀ ਕਹਿਰਾਂ ਦੀ,ਸਿਰ ਝੁਕਦਾ ਸਦਾ ਗਰੂਰਾਂ ਦਾ,
ਸਭ ਦੇਸ਼ ਇੱਕੱਠਾ ਹੋਇਆ ਹੈ,ਹੜ ਆਇਆ, ਜੋਸ਼ ਸਰੂਰਾਂ ਦਾ।
ਕੇਂਦਰ ਦੀ ਨੀਂਦ ਗੁਵਾਚੀ ਹੈ,  ਕੋਈ ਸਾਗਰ ਰੱਬੀ ਨੂਰਾਂ ਦਾ।
ਸੋਚਣ ,ਕੋਈ ਰਸਤਾ ਲਭਦਾ ਨਹੀਂ,ਹੁਣ ਜੀਭਾਂ ਖੋਲ੍ਹਣ ਦਾ।
ਕਿਰਸਾਨੋ ਮੇਰੇ ਦੇਸ਼ ਦਿਓ ਹੁਣ ਝੁਕਿਓ ਨਾ, ਘਬਰਾਇਓ ਨਾ।
ਸੰਸਾਰ ਤੁਹਾਨੂੰ ਵੇਖ ਰਿਹਾ, ਜੰਗ ਅੰਦਰ ਪਿੱਠ ਵਿਖਾਇਓ ਨਾ,
ਇਹ ਖੇਡ ਸਿਆਸਤ ਗੰਦੀ ਦੇ, ਕਿਤੇ ਧੌਖੇ ਦੇ ਵਿੱਚ ਆਇਓ ਨਾ,
ਇਤਹਾਸ ਨਵਾਂ ਹੁਣ ਰਚਣਾ ਹੈ, ਇਸ ਗੱਲ ਨੂੰ ਮਨੋਂ ਭੁਲਾਇਓ ਨਾ,
ਏਕੇ ਦੀਆਂ ਜਿੱਤਾਂ ਹੁੰਦੀਆਂ  ਕੀ ਫਾਇਦਾ ਵਾਧੂ ਬੋਲਣ ਦਾ।
ਕੋਈ ਚਮਤਕਾਰ ਹੈ ਕੁਦਰਤ ਦਾ  ਕਿਰਸਾਨ ਅੰਦੋਲਣ ਦਾ।
23/01/2021
 


ਪੰਜਾਬੀ ਮਾਂ

ਰਵੇਲ ਸਿੰਘ, ਇਟਲੀ

ਪੰਜਾਬ  ਮਾਂ, ਮੈਂ ਸਦਕੇ ਜਾਂ,
 ਮੈਂ ਤੇਰਾ ਹਾਂ, ਤੂੰ ਮੇਰੀ ਮਾਂ।
ਤੂੰ ਮਾਂ ਬੋਲੀ, ਭਰੀ ਝੋਲ਼ੀ,
ਮੈਂ ਜੋ ਵੀ ਹਾਂ, ਤੇਰੇ ਤੋਂ ਹਾਂ।
ਹੈ ਤੇਰੀ ਤਾਂਘ,ਤੇ ਪੱਕੀ ਸਾਂਝ,
ਤੂੰ ਮੇਰੀ ਸ਼ਾਨ , ਤੇਰੇ ਤੇ ਮਾਨ,
ਮੇਰੇ ਸਿਰ ਨੇ ਤੇਰੇ  ਅਹਿਸਾਨ।
ਤੇਰੇ ਇਹ ਬੋਲ ਬੜੇ ਅਨਮੋਲ,
ਹਸਾਇਆ ਤੂੰ ਖਿਡਾਇਆ ਤੂੰ,
ਬਣਾਇਆ ਤੂੰ ਸਿਖਾਇਆ ਤੂੰ,
ਤੂੰ ਸ਼ਹਿਰੀਂ  ਤੇ  ਪਿੰਡੀਂ ਗ੍ਰਾਂ,
ਪੰਜਾਬੀ ਮਾਂ, ਮੈਂ ਸਦਕੇ ਜਾਂ।
ਤੂੰ ਸੂਫੀ ਤੇ  ਫਕੀਰਾਂ ਦੀ,
ਗਰੀਬਾਂ ਤੇ ਅਮੀਰਾਂ ਦੀ,
ਤੂੰ ਗੁਰੂਆਂ ਦੀ ਮੁਰੀਦਾਂ ਦੀ,
ਦਲੇਰਾਂ ਦੀ ਸ਼ਹੀਦਾਂ ਦੀ।
ਤੂੰ ਵੇਦਾਂ ਤੇ ਗ੍ਰੰਥਾਂ ਵਿੱਚ,
ਸਾਧਾਂ  ਵਿੱਚ ਤੇ ਸੰਤਾਂ ਵਿੱਚ,
ਗੁਰਮੁਖੀ ਤੂੰ ਸ਼ਾਹ- ਮੁਖੀ ਤੂੰ,
ਬੜਾ ਉੱਚਾ ਹੈ ਤੇਰਾ ਨਾਂ,
ਬੜਾ ਸੁੱਚਾ ਹੈ ਤੇਰਾ ਨਾਂ,
 ਜਦੋਂ ਵੀ ਪੜ੍ਹਾਂ, ਜਦੋਂ ਵੀ ਲਿਖਾਂ  ,
ਲਗਾ ਕੇ ਚਿੱਤ,  ਮੰਗਾਂ ਸੁੱਖ ਨਿੱਤ,
ਪੰਜਾਬੀ ਮਾਂ, ਮੈਂ ਸਦਕੇ ਜਾਂ,
ਤੇਰੇ ਤੋਂ ਮਾਂ, ਪੰਜਾਬੀ ਮਾਂ।
15/11/2020
 


ਆ ਵੇ ਸਾਵਣ

ਰਵੇਲ ਸਿੰਘ, ਇਟਲੀ

ਆ ਵੇ ਸਾਵਣ,ਵਰ੍ਹ ਵੇ ਸਾਵਣ,
ਧਰਤੀ ਕਰਦੇ ਤਰ  ਵੇ ਸਾਵਣ,
ਤੈਨੂੰ ਕਹੀਏ ਜੀ ਆਇਆਂ,
ਸਭਨਾਂ ਨੂੰ ਖੁਸ਼ ਕਰ ਵੇ ਸਾਵਣ।
ਹਰ ਪਾਸੇ ਹਰਿਆਵਲ ਵੰਡ,
ਸਭ ਦੀ ਝੋਲ਼ੀ ਭਰ ਵੇ ਸਾਵਣ।
ਚਾਰ ਚਫੇਰੇ ਫਸਲਾਂ  ਝੂਮਣ,
ਧਰਤੀ ਨੂੰ ਕਰ ਤਰ ਵੇ ਸਾਵਣ।
ਬਾਗੀਂ ਬੋਲਣ ਮੋਰ ਪਪੀਹੇ,
ਲਾ ਬਦਲਾਂ ਦੀ ਛਹਿਬਰ ਸਾਵਣ।
ਟੋਭੇ ਛੱਪੜ ਨਦੀਆਂ ਨਾਲੇ,
ਮੀਂਹ ਵਰਸਾ ਭਰ ਵੇ ਸਾਵਣ।
ਤੀਆਂ ਦੇ ਵਿੱਚ ਨੂੰਹਾਂ, ਧੀਆਂ,
ਲਾ ਰੀਝਾਂ ਦੇ ਪਰ ਵੇ ਸਾਵਣ।
ਪੀਂਘਾਂ,ਝੂਟਣ, ਠੰਡੀ ਰੁੱਤੇ,
ਮਨ ਵਿੱਚ ਖੁਸ਼ੀਆਂ ਭਰ ਵੇ ਸਾਵਣ,
ਖੇਤਾਂ ਦੇ ਵਿੱਚ,ਜੁੱਟੇ ਕਿਰਸਾਣੀ,
ਖੁਸ਼ ਹੋਵੇ ਹਰ ਘਰ ਵੇ ਸਾਵਣ।
ਹਰ ਪਾਸੇ ਹਰਿਆਲ਼ੀ ਹੋਵੇ,
ਭਰ ਜਾਵੇ ਹਰ ਸਰ ਵੇ ਸਾਵਣ।
 
ਲੈ ਕਾ ਆ ਘਨਘੋਰ ਘਟਾਂਵਾਂ,
ਰੂਹਾਂ ਜਾਵਣ ਠਰ ਵੇ ਸਾਵਣ।
ਆ ਵੇ ਸਾਵਣ ਵਰ੍ਹ ਵੇ ਸਾਵਣ,
ਧਰਤੀ ਕਰ ਦੇ ਤਰ ਵੇ ਸਾਵਣ।
16/07/2020
 
 
ਕਰੋਨਾ ਵਾਇਰਸ ਮਹਾਂ-ਮਾਰੀ

ਰਵੇਲ ਸਿੰਘ, ਇਟਲੀ

ਪਿੰਡੋ- ਪਿੰਡੀਂ, ਸ਼ਹਿਰ ਕਰੋਨਾ ਵਾਇਰਸ ਨੇ।
ਬੜੇ ਗੁਜ਼ਾਰੇ ਕਹਿਰ ਕਰੋਨਾ ਵਾਇਰਸ ਨੇ।
ਦੇਸ਼ ਵਿਦੇਸ਼ੀ ਥਾਂ ਥਾਂ ਡੇਰੇ ਲਾ ਬੈਠਾ,
ਕਈਆਂ ਦੀ ਬੇਤਰਸਾ ਜਾਨ ਗੁਆ ਬੈਠਾ,
ਕਿਤੇ ਨਾ ਕੀਤੀ ਖੈਰ ਕੋਰਨਾ ਵਾਇਰਸ ਨੇ।
ਲੋਕੀਂ ਹੋ ਗਏ ਬੰਦ ਨੇ ਚਾਰ ਦੀਵਾਰੀ ਵਿੱਚ,
ਸੋਚਣ ਕਰੀਏ ਕੀ ਹੁਣ ਇਸ ਮਹਾਂ-ਮਾਰੀ ਵਿੱਚ,
ਆਪਣੇ ਕੀਤੇ ਗੈਰ ਕਰੋਨਾ ਵਾਇਰਸ ਨੇ।
ਬੰਦੇ ਦੀ ਵੱਧ ਜਾਨ ਕਰੋੜਾਂ ਲੱਖਾਂ ਤੋਂ,
ਕਰੀਏ ਸਾਫ ਸਫਾਈ, ਧੋਈਏ ਮਲ਼ਕੇ ਹੱਥਾਂ ਨੂੰ,
ਕਿਵੇਂ ਖਿਲਾਰੇ ਜ਼ਹਿਰ ਕਰੋਨਾ ਵਾਇਰਸ ਨੇ।
ਜੰਗ ਕਰੋਨਾ ਵਾਇਰਸ ਦੇ ਨਾਲ ਛਿੜ ਚੁਕਿਆ,
ਹਰ ਬੰਦਾ ਹੁਣ ਪਰਬਤ ਵਾਂਗੋਂ ਖੜ੍ਹ ਚੁਕਿਆ,
ਖਿਸਕਾ ਲੈਣੇ ਨੇ ਪੈਰ ਕਰੋਨਾ ਵਾਇਰਸ ਨੇ।
ਔਕੜ ਦੇ ਵਿੱਚ ਖੜ੍ਹਨਾ ਹੁੰਦਾ ਕੰਮ ਦਲੇਰਾਂ ਦਾ,
ਜਿਉਂ ਜੰਗਲ ਵਿੱਚ ਰਾਜੇ, ਬਣ ਕੇ ਲੜਨਾ ਸ਼ੇਰਾਂ ਦਾ,
ਹੁਣ ਕੀ ਲੈਣੇ ਵੈਰ ਕਰੋਨਾ ਵਾਇਰਸ ਨੇ।
ਜਿਵੇਂ ਡਾਕਟਰ ਕਹਿਣ ਉਵੇਂ ਹੀ ਕਰੀਏ ਹੁਣ,
ਬਿਣ ਆਈ ਮੌਤੇ ਨਾ ਐਵੇਂ ਮਰੀਏ ਹੁਣ,
ਛਡ ਜਾਣੀ ਇਹ ਲਹਿਰ ਕਰੋਨਾ ਵਾਇਰਸ ਨੇ।
ਏਕਾ ਕਰ ਲਓ ਸਾਰੇ, ਕਰੋਨਾ ਛੇਕ ਦਿਓ,
ਪਰਤੇਗੀ ਫਿਰ ਰੌਣਕ ਮੁੜਕੇ ਵੇਖ ਲਿਓ,
ਮੁੜ ਨਹੀਂ ਆਉਣਾ ਫੇਰ ਕਰੋਨਾ ਵਾਇਰਸ ਨੇ।
ਪਿੰਡੋ –ਪਿੰਡੀਂ, ਸ਼ਹਿਰ ਕਰੋਨਾ ਵਾਇਰਸ ਨੇ।
26/03/2020


ਮਾਈ ਭਾਗੋ

ਰਵੇਲ ਸਿੰਘ, ਇਟਲੀ

ਮਾਈ ਭਾਗੋ ਝਭਾਲ ਦੀ ਰਹਿਣ ਵਾਲੀ,ਪੰਥ ਖਾਲਸੇ ਦੀ ਸ਼ਾਨ ਸੀ ਮਾਈ ਭਾਗੋ।
ਜ਼ਰਾ ਸਿੱਖ ਇਤਹਾਸ ਨੂੰ ਪੜ੍ਹੋ ਸਮਝੋ, ਕਿੰਨੀ ਔਰਤ ਮਹਾਨ ਸੀ ਮਾਈ ਭਾਗੋ।
ਪਰਤ ਆਏ ਸੀ ਘਰਾਂ ਨੂੰ, ਸਿੰਘ ਚਾਲੀ, ਉਦੋਂ ਗਈ ਪਰਤਾਣ ਸੀ ਮਾਈ ਭਾਗੋ।
ਟੁੰਬੀ ਅਣਖ, ਵੰਗਾਰ ਮਝੈਲੀਆਂ ਦੀ, ਗਈ ਤੇਗ਼ ਖੜਕਾਣ ਸੀ ਮਾਈ ਭਾਗੋ।
ਰਾਹੋਂ ਥਿੜਕਿਆਂ ਨੂੰ, ਟੁੱਟੀ ਜੋੜਨੇ ਲਈ,ਗਈ ਆਪ ਮਿਲਾਣ ਸੀ ਮਾਈ ਭਾਗੋ।
ਪਹੁੰਚੀ ਜਦੋਂ ਖਦਰਾਣੇ  ਦੀ ਢਾਬ ਤੇ ਜਦ ਛਿੜਿਆ ਯੁੱਧ,ਘਮਸਾਣ ਸੀ ਮਾਈ ਭਾਗੋ।
ਤੇਗਾਂ ਖੜਕੀਆਂ, ਮੁਗਲਾਂ ਦੀ ਫੌਜ ਕੰਬੀ, ਸ਼ੀਹਣੀਂ ਬਣੀ ਤੂਫਾਨ ਸੀ ਮਾਈ ਭਾਗੋ।
ਕਿਵੇਂ ਪਿਤਾ ਦਸ਼ਮੇਸ਼ ਦੇ ਯੋਧਿਆਂ ਨੇ, ਕੀਤਾ ਯੁੱਧ ਵਿੱਚ ਘਾਣ ਸੀ, ਮਾਈ ਭਾਗੋ।
ਮੁਕਤਸਰ ਦੀ ਧਰਤ ਮਹਾਨ ਉੱਤੇ, ਛਡ ਗਈ, ਧਰਮ ਨਿਸ਼ਾਨ ਸੀ ਮਾਈ ਭਾਗੋ।
ਧਰਮ ਯੁੱਧ ਖਾਤਰ ਬਣੀ ਮਾਈ ਭਾਗੋ, ਵੱਡਾ ਮਾਣ ਸਨਮਾਨ ਸੀ ਮਾਈ ਭਾਗੋ।
ਜਬਰ, ਜ਼ੁਲਮ, ਤੇ ਹੱਕ ਤੇ ਸੱਚ ਬਦਲੇ, ਖੜ੍ਹੀ ਵਾਂਗ ਚਿਟਾਨ ਸੀ ਮਾਈ ਭਾਗੋ।
ਔਰਤ ਜ਼ਾਤ ਨੂੰ ਬਖਸ਼ਿਆ ਮਾਣ ਜਿਸ ਨੇ, ਸੂਰਬੀਰ ਪ੍ਰਧਾਨ ਸੀ ਮਾਈ ਭਾਗੋ।
ਚਾਲੀ ਮੁਕਤਿਆਂ ਦੀ,ਆਗੂ ਮਾਈ ਭਾਗੋ,ਪੂਰੀ ਸ਼ਾਣ ਤੇ ਆਣ ਸੀ ਮਾਈ ਭਾਗੋ।
ਝੰਡਾ ਜਿੱਤ ਦਾ ਬਖਸ਼ਿਆ ਪੰਥ ਖਾਲਸੇ ਨੂੰ,ਗੱਜੀ ਵਿੱਚ ਮੈਦਾਨ ਸੀ ਮਾਈ ਭਾਗੋ।
ਗੁਰੂ ਪਿਤਾ ਦਸ਼ਮੇਸ਼ ਦੀ ਮੇਹਰ ਸਦਕਾ, ਦਰੋਂ ਘਰੋਂ ਪ੍ਰਵਾਣ ਸੀ ਮਾਈ ਭਾਗੋ।
14/01/2020
 
 
 
ਲੋਹੜੀ ਵਾਲੇ ਦਿਨ

ਰਵੇਲ ਸਿੰਘ, ਇਟਲੀ

ਜਦ ਵੀ ਆਵੇ ਲੋਹੜੀ ਦਾ ਦਿਨ,
ਬੱਚੇ ਲੋਹੜੀ ਮੰਗਣ ਜਾਣ,
ਉੱਚੀ ਉੱਚੀ ਕੂਕ ਸੁਣਾਣ।
ਦੁੱਲਾ ਭੱਟੀ ਯਾਦ ਕਰਾਣ।     
ਸੀ ਇਹ ਦੁੱਲਾ ਭੱਟੀ ਕੌਣ,
ਜਿੱਸ ਨੇ ਨੇਕੀ ਖੱਟੀ ਕੌਣ,
ਏਡਾ ਵੀਰ ਬਹਾਦਰ ਕੌਣ,
ਜਿੱਸ ਨੂੰ ਮਿਲਿਆ ਆਦਰ ਕੌਣ,
ਜਿੱਸ ਦੀ ਸੀ ਸਰਦਾਰੀ ਕੌਣ,
ਵੱਡਾ ਪਰਉਪਕਾਰੀ ਕੌਣ,
ਸੁੰਦਰ ਮੁੰਦਰਨੀ ਸੀ ਕੌਣ,
ਧੀ ਧਿਆਣੀ ਸੀ ਇਹ ਕੌਣ,
ਕੁੜੀ ਦੇ ਮਾਪੇ ਮਾੜੇ ਕੌਣ,
ਵਿਆਹ ਕੇ ਬੰਨੇ ਚਾੜ੍ਹੇ ਕੌਣ,
ਜਿਨ੍ਹਾਂ ਦੀ ਧੀ ਵਿਆਹੀ ਕੌਣ,
ਰੋਂਦੀ ਡੋਲੇ ਪਾਈ ਕੌਣ,
ਸੇਰ ਸ਼ੱਕਰ ਪਾਈ ਕੌਣ,
ਕੁੜੀ ਨੂੰ ਗਲੇ ਲਗਾਈ ਕੌਣ,
ਕੁੜੀ ਨੂੰ ਵਿਆਹਵਣ ਵਾਲਾ ਕੌਣ,
ਸਾਥ ਨਿਭਾਵਣ ਵਾਲਾ ਕੌਣ,
ਕੁੜੀ ਦਾ ਸਾਲੂ ਪਾਟਾ ਕੌਣ,
ਕੁੜੀ ਦਾ ਜੀਵੇ ਚਾਚਾ ਕੌਣ।
ਚਾਚੇ ਚੂਰੀ ਕੁੱਟੀ ਕੌਣ,
ਜ਼ਿਮੀਂਦਾਰਾਂ ਲੁੱਟੀ ਕੌਣ,
ਜਿੱਸ ਨੇ ਗੀਤ ਬਨਾਇਆ ਕੌਣ,
ਬਾਲਾਂ ਘਰ ਘਰ ਗਾਇਆ ਕੌਣ,
ਜਿੱਸ ਨੇ ਭਾਰ ਵੰਡਾਇਆ ਕੌਣ,
ਕਿੱਥੋਂ ਚੱਲ ਕੇ ਆਇਆ ਕੌਣ,
ਜਿੱਸ ਨੇ ਲਿਖੀ ਕਹਾਣੀ ਕੌਣ,
ਭਰੀਏ ਉੱਸ ਦਾ ਪਾਣੀ ਕੌਣ,
ਜਿੱਸ ਨੇ ਮੁਗਲ ਵੰਗਾਰੇ ਕੌਣ,
ਇਹ ਗੱਲ ਜਾਣੋ ਸਾਰੇ ਕੌਣ,
ਜਿੱਸ ਦੀਆਂ ਵਾਰਾਂ ਬਣੀਆਂ ਕੌਣ,   
ਜਾਣੇ ਸਾਰੀ ਦੁਨੀਆ, ਕੌਣ,
ਸੀ ਇਹ ਦੁੱਲਾ ਭੱਟੀ ਕੌਣ,
ਜਿੱਸ ਨੇ ਨੇਕੀ ਖੱਟੀ ਕੌਣ,
ਸੀ ਇਹ ਧਰਮੀ ਬੰਦਾ ਕੌਣ!
ਸੀ ਇਹ ਅਣਖੀ ਬੰਦਾ ਕੌਣ!
12/01/2020

ਸਾਂਝਾਂ
ਰਵੇਲ ਸਿੰਘ, ਇਟਲੀ
 ਸਾਂਝੀ ਸੱਭ ਦੀ ਧਰਤੀ ਮਾਂ।
ਸਾਂਝੀ ਰੁੱਖਾਂ ਦੀ ਹੈ ਛਾਂ।
ਸਾਂਝੀਆਂ ਗਲੀਆਂ ਸਾਂਝੀਆਂ ਸੱਥਾਂ
ਸਾਂਝੀਆਂ ਕੰਧਾਂ, ਬੰਨੇ ਵੱਟਾਂ,
ਸਾਂਝੇ ਸੱਭ ਦੇ ਪਿੰਡ ਗ੍ਰਾਂ,
ਸਾਂਝਾ ਸੱਭ ਲਈ ਰੱਬ ਦਾ ਨਾਂ,
ਸਾਂਝੀਆਂ ਰੁੱਤਾਂ ਸਾਂਝੀਆਂ ਪੌਣਾਂ,
ਸਾਂਝੀਆਂ ਸੱਭ ਲਈ ਖੂਹ ਦੀਆਂ ਮੌਣਾਂ।
 ਸਾਂਝੇ ਰਸਤੇ ਤੇ ਪਗਡੰਡੀਆਂ,
ਨਾ ਇਹ ਪੌਣਾਂ ਗਈਆਂ ਵੰਡੀਆਂ,
ਸਾਂਝਾਂ ਅੰਦਰ ਗੁੰਦੇ ਰਿਸ਼ਤੇ।
 ਸਾਂਝਾਂ ਦਾ ਨਾ ਰੂਪ ਗਵਾਈਏ।
ਆਉ ਸਾਂਝਾਂ ਨੂੰ ਹੋਰ ਵਧਾਈਏ।
ਹੁੰਦੇ ਧੀਆਂ, ਪੁੱਤ ਬ੍ਰਾਬਰ,
ਸੱਭ ਨੂੰ ਦਈਏ ਇੱਕੋ ਆਦਰ।
ਨੱਚੀਏ ਟੱਪੀਏ ਭੰਗੜੇ ਪਾਈਏ,
ਬਾਲ ਲੋਹੜੀਆਂ,ਖੁਸ਼ੀ ਮਨਾਈਏ।
12/01/2020


ਨਵਾਂ ਸਾਲ

ਰਵੇਲ ਸਿੰਘ, ਇਟਲੀ

rewail11ਫਿਰ ਸਮਿਆਂ ਦੀ ਨਿੱਘੀ ਕੁੱਖ ਚੋਂ,
ਜੰਮਿਆ ਹੈ ਇੱਕ ਨਵਾਂ ਸਾਲ,
ਨਾਂ ਹੈ ਜਿਸਦਾ “ਵੀਹ ਸੌ ਵੀਹ”।
ਗੂੰਜੇ ਫਿਰ ਨਵੇਂ ਸੁਰ ਤਾਲ਼।
ਚਾਰ ਚੁਫੇਰੇ ਖੁਸ਼ੀਆਂ ਛਾਈਆਂ,
ਸੱਜਣ ਮਿੱਤਰ ਦੇਣ ਵਧਾਈਆਂ,
ਇਸ ਸਾਲ ਤੋਂ ਆਸਾਂ ਬੜੀਆਂ,
ਸੱਭ ਨੂੰ ਆ ਕੇ ਕਰੇ ਨਿਹਾਲ।
ਜੰਮਿਆ ਹੈ ਇੱਕ ਨਵਾਂ ਸਾਲ।
ਲੈ ਕੇ ਆਵੇ, ਅਮਨ ਸ਼ਾਂਤੀ,
ਨਾਲ ਲਿਆਵੇ ਨਵੀਂ ਕ੍ਰਾਂਤੀ,
ਨਿੱਤ ਚਾੜ੍ਹੇ,  ਸੂਹੀ ਪ੍ਰਭਾਤ,
ਸਦਾ ਰਹੇ ਨਾ ਕਾਲੀ ਰਾਤ,
ਜੰਗਾਂ ਦਾ ਨਾ ਆਏ ਭੁਚਾਲ।
ਜੰਮਿਆ ਹੈ ਇੱਕ ਨਵਾਂ ਸਾਲ।
ਪਾ ਗਲਵਕੜੀ ਸਾਰੇ ਨੱਚੀਏ,
ਨਾਲ ਖੁਸ਼ੀ ਦੇ ਸਾਰੇ ਵੱਸੀਏ,
ਚਾਰ ਚੁਫੇਰੇ ਉੱਤਰ ਦੱਖਨ,
ਸਾਂਝੀ ਧਰਤੀ ਪੂਰਬ ਪੱਛਮ।,
 ਨਵੇਂ ਸਮੇਂ ਦੀ ਵੇਖ ਕੇ ਚਾਲ।
ਸਾਰੇ ਸੁੱਖ ਦਾ ਜੀਵਣ ਮਾਨਣ,
ਇਕ ਦੂਜੇ ਦੀ ਰਮਜ਼ ਪਛਾਨਣ,
ਸਾਂਝਾਂ ਦਾ ਮਿਲ ਸਾਥ ਨਿਭਾਵਣ,
ਰੱਬ ਸੱਚੇ ਦੇ ਮੰਨ ਕੇ ਭਾਣਾ,
ਇੱਕ ਦੂਜੇ ਦਾ ਕਰਕੇ ਖਿਆਲ।
ਧਰਤੀ ਤੇ ਹਰਿਆਵਲ ਹੋਵੇ,
ਰੰਗਾਂ ਦੀ ਬਸ ਮਹਿਫਲ ਹੋਵੇ,
ਗੀਤਾਂ ਦੀ ਇਕ ਸਰਗਮ ਹੋਵੇ,
ਸਾਂਝਾਂ ਦਾ ਪਲ ਹਰਦਮ ਹੋਵੇ,
ਨਵੇਂ ਸਾਲ ਨੂੰ ਇਹੋ ਸੁਵਾਲ,
ਨਵੇਂ ਸਾਲ ਦਾ ਕਰੋ ਸੁਆਗਤ,
ਦਿਓ ਮੁਬਾਰਕ, ਖੁਸ਼ੀਆਂ ਨਾਲ।
ਜੰਮਿਆ ਹੈ ਇਕ ਨਵਾਂ ਸਾਲ।
01/01/2020


ਦਰ ਖੁਲ੍ਹ ਗਿਆ ਬਾਬੇ ਨਾਨਕ ਦਾ

ਰਵੇਲ ਸਿੰਘ, ਇਟਲੀ
 
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ,ਉਸ ਦੀਨ ਦੁਨੀ ਦੇ ਮਾਲਕ ਦਾ,
ਆਓ ਦਰਸ਼ਨ ਕਰਕੇ ਆਈਏ,ਤੇ ਠੰਡ ਕਾਲਜੇ ਪਾ ਆਈਏ।
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...

ਕਦੇ ਦੂਰੋਂ ਦਰਸ਼ਨ ਹੁੰਦੇ ਸਨ, ਕਈ ਸੁਪਨੇ ਸੰਗਤਾਂ ਗੁੰਦੇ ਸਨ,
ਹੁਣ ਨੈਣਾਂ ਵਿੱਚ ਸਜਾ ਜਾਈਏ,ਕੁੱਝ ਸ਼ਰਧਾ ਭੇਟ ਚੜ੍ਹਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...

ਕਰਤਾਰ ਪੁਰੇ ਦਾ ਦੁਆਰ, ਜੋ ਰਾਵੀ ਦੇ ਉਸ ਪਾਰ,
 ਜਾ ਕੇ ਸੀਸ ਨਿਵਾ ਆਈਏ, ਸਮਿਆਂ ਦੀ ਰੀਝ ਪੁਗਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...

ਉਸ ਸੁਣ ਲਈ ਕੂਕ ਪੁਕਾਰ, ਹਟ ਗਈ ਕੰਡਿਆਲੀ ਤਾਰ,
ਹੁਣ ਖੁਲ੍ਹੇ ਦਰਸ਼ਨ ਜਾ ਪਾਈਏ, ਤੇ ਸਾਂਝਾਂ ਹੋਰ ਵਧਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...

ਦੋ ਦੇਸ਼ਾਂ ਦੇ ਵਿਚਕਾਰ, ਹੁਣ ਸਾਂਝਾਂ ਲੈਣ ਬਹਾਰ,
ਇਹ ਵੀ ਸੰਦੇਸ਼ ਪੁਚਾ ਆਈਏ, ਤੇ ਵੈਰ ਵਿਰੋਧ ਮਿਟਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ....

ਹੱਟ ਖੁਲ੍ਹ ਗਿਆ ਬਾਬੇ ਨਾਨਕ ਦਾ,ਸੱਭ ਦੁਨੀਆ ਦੇ ਪ੍ਰਿਤਪਾਲਕ ਦਾ,
ਆਓ ਚੱਲੀਏ,ਸਭ ਸੁਲਤਾਨਪੁਰ,ਤੇ ਮਨ ਦੀ ਭੁੱਖ ਮਿਟਾ ਆਈਏ।
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ,ੳਸ ਦੀਨ ਦੁਨੀ ਦੇ ਮਾਲਕ ਦਾ,
ਆਓ ਦਰਸ਼ਨ ਕਰਕੇ ਆਈਏ,ਤੇ ਜੀਵਣ ਸਫਲ ਬਣਾ ਆਈਏ।
31/10/2019


‘ਖਾਲਸਾ ਏਡ’ ਸੰਸਥਾ

ਰਵੇਲ ਸਿੰਘ, ਇਟਲੀ

ਹੋਵੇ ਸੰਸਥਾ ‘ਖਾਲਸਾ ਏਡ’ ਵਰਗੀ,
ਕਿਉਂ ਨਾ ਕੌਮ ਨੂੰ ਏਸ ਤੇ ਮਾਣ ਹੋਵੇ।
ਰੱਖ ਤਲੀ ਤੇ ਜਾਨ ਨੂੰ ਜਾ ਪਹੁੰਚੇ,
ਜਿੱਥੇ ਕਿਤੇ, ਮਨੁੱਖਤਾ ਦਾ ਘਾਣ ਹੋਵੇ।
ਜ਼ਾਤ ਪਾਤ ਤੇ ਧਰਮ ਤੋਂ ਉੱਠ ਉੱਪਰ,
ਭਲ਼ਾ ਕਰਨ ਦਾ ਕੰਮ ਮਹਾਨ ਹੋਵੇ।
ਛਡ ਕੇ ਵਿਤਕਰਾ ਛੋਟਿਆਂ ਵੱਡਿਆਂ ਦਾ,
ਸੇਵਾ ਵੱਲ ਹੀ ਸਦਾ ਧਿਆਨ ਹੋਵੇ।
ਕਿਵੇਂ ਭਲ਼ਾ ਸਰਬੱਤ ਦਾ ਕਰੀ ਜਾਵੇ,
 ਹਰ ਕੋਈ ਵੇਖ ਕੇ ਬੜਾ ਹੈਰਾਨ ਹੋਵੇ।
‘ਰਵੀ ਸਿੰਘ’ ਦੀ ਸੋਚ ਤੋਂ ਜਾਂ ਸਦਕੇ,
ਇਹੋ ਜਿਹਾ ਕੋਈ ਨੇਕ ਇਨਸਾਨ ਹੋਵੇ।
ਕਿਵੇਂ ਸਿਦਕ ਤੇ ਸਾਦਗੀ ਵਿੱਚ ਰਹਿੰਦਾ,
ਵੱਡਾ ਕਰਮ ਯੋਗੀ,ਦਯਾ ਵਾਨ ਹੋਵੇ।
ਸੇਵਾਦਾਰ ਹਮਦਰਰਦ ਮਨੁੱਖਤਾ ਦਾ,
ਦਾਤਾ ਏਸ ਤੇ ਸਦਾ ਮਿਹਰ ਵਾਨ ਹੋਵੇ।
ਚੜ੍ਹਦੀ ਕਲਾ ਤੇ ਗੁਰੂ ਦੀ ਮਿਹਰ ਹੋਵੇ,
ਉੱਚੀ ਹੋਰ ਉੱਚੀ ਇਸ ਦੀ ਸ਼ਾਨ ਹੋਵੇ।
ਹੋਵੇ ਸੰਸਥਾ ‘ਖਾਲਸਾ ਏਡ’ ਵਰਗੀ,
ਕਿਉਂ ਨਾ ਕੌਮ ਨੂੰ ਏਸ ਤੇ ਮਾਨ ਹੋਵੇ।
04/10/2019


ਚੰਗਾ ਭਲ਼ਾ ਬੰਦਾ ਸੀ

ਰਵੇਲ ਸਿੰਘ, ਇਟਲੀ

ਚੰਗਾ ਭਲ਼ਾ ਬੰਦਾ ਸੀ  ਗੁਰਦਾਸ ਮਾਨ ਯਾਰੋ।
ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ।

ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ,
ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ।

ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ,
ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ।

 ਮਾਰ ਗਿਆ ਮਾਨ ਨੂੰ, ਘੁਮੰਡ ਬੁਰੀ ਤਰ੍ਹਾਂ ,
ਆਖਦਾ ਜੋ ਸਾਰਿਆਂ ਦਾ ਦਾਸ ਮਾਨ ਯਾਰੋ।

ਫਿੱਕੇ ਬੋਲ ਬੋਲੇ, ਤਮੀਜ਼ ਛਿੱਕੇ ਟੰਗ ਕੇ,
ਕੀਤਾ ਕਿਵੇਂ ਲੋਕਾਂ ਨੂੰ, ਨਿਰਾਸ ਮਾਨ ਯਾਰੋ।

ਅੱਖਾਂ ਤੇ ਬਿਠਾਇਆ ਕਿਵੇਂ ਸੀ ਪੰਜਾਬੀ ਨੇ ,
ਕਿਵੇਂ ਭੁੱਲ ਬੈਠਾ, ਇਤਹਾਸ ਮਾਨ ਯਾਰੋ।

ਕਿਵੇਂ ਇਨ੍ਹੇ ਲਾਅਣਤਾਂ ਦਾ ਹਾਰ ਗਲ਼ ਪਾਇਆ,
ਰੋਲ਼ ਦਿੱਤੀ ਕਲਾ ਦੀ ਸੌਗਾਤ ਮਾਨ ਯਾਰੋ।

ਮਾਨ ਸੀ ਪੰਜਾਬੀਆਂ ਦਾ,ਝੱਲਿਆ ਨਾ ਗਿਆ,
ਮਾਣ ਮਰ ਜਾਣੇ ਕੋਲੋਂ, ਖਾਸ ਸਨਮਾਨ ਯਾਰੋ।
26/09/2019
 
 
ਵਿਸਾਖੀ ਦੇ ਦਿਨ

ਰਵੇਲ ਸਿੰਘ, ਇਟਲੀ

ਜਦੋਂ ਸੰਤ ਸਿਪਾਹੀ ਦਸ਼ਮੇਸ਼ ਜੀ ਨੇ, ਰਚਿਆ ਨਵਾਂ  ਇਤਹਾਸ ਵਿਸਾਖੀ ਦੇ ਦਿਨ।
ਕਰਕੇ ਵੱਡਾ ਇੱਕੱਠ ਅਨੰਦ ਪੁਰ ਵਿੱਚ, ਬੜਾ ਖਾਸ ਤੋਂ ਖਾਸ ਵਿਸਾਖੀ ਦੇ ਦਿਨ।
ਜ਼ਾਤ ਪਾਤ ਨੂੰ ਮੇਟ ਕੇ ਇੱਕ ਕਰਕੇ,  ਕੀਤਾ ਬੰਦ ਖਲਾਸ ਵਿਸਾਖੀ ਦੇ ਦਿਨ।
ਕਿਵੇਂ ਆਬੇ ਹਯਾਤ ਤਿਆਰ ਕਰਕੇ, ਦਿੱਤਾ ਨਵਾਂ ਧਰਵਾਸ ਵਿਸਾਖੀ ਦੇ ਦਿਨ।
 
ਪੰਜ ਬਾਣੀਆਂ,ਪੰਜ ਪਿਆਰਿਆਂ ਨੂੰ,ਦਿੱਤਾ ਕਿਵੇਂ ਸਤਿਕਾਰ ਵਿਸਾਖੀ ਦੇ ਦਿਨ।
ਕਿਵੇਂ ਸਿੱਖ ਨੂੰ ਸੁੰਦਰ ਸਰੂਪ ਦੇ ਕੇ, ਬਖਸ਼ੇ ਪੰਜ ਕਕਾਰ ਵਿਸਾਖੀ ਦੇ ਦਿਨ।
ਸੱਚ, ਹੱਕ, ਨਿਆਂ, ਤੇ ਧਰਮ ਬਦਲੇ,ਕੀਤਾ ਸਦਾ ਤਿਆਰ ਵਿਸਾਖੀ ਦੇ ਦਿਨ।
ਸਿਰਜੀ ਕੌਮ ਸੀ ਬੀਰ ਬਹਾਦਰਾਂ ਦੀ,ਕੀਤਾ ਵੱਡਾ ਉਪਕਾਰ ਵਿਸਾਖੀ ਦੇ ਦਿਨ।
 
ਜੀਣਾ ਅਣਖ ਅੰਦਰ,ਨਾਲ ਗੈਰਤਾਂ ਦੇ, ਨਾਲੇ ਸਿੱਖੀ ਸੰਭਾਲ ਵਿਸਾਖੀ ਦੇ ਦਿਨ। 
ਜਬਰ ਜ਼ੁਲਮ ਅੱਗੇ ਸਦਾ ਜੂਝਣਾ ਹੈ ,ਬਣਕੇ ਮਾੜੇ ਦੀ ਢਾਲ ਵਿਸਾਖੀ ਦੇ ਦਿਨ।
ਕਿਵੇਂ ਮੁਰਦਿਆਂ ਵਿੱਚ ਵੀ ਭਰੀ ਸ਼ਕਤੀ,ਅੰਦਰ ਭਰੇ ਪੰਡਾਲ ਵਿਸਾਖੀ ਦੇ ਦਿਨ।
ਸੇਵਾ ਸਿਮਰਣ ਗੁਰਬਾਣੀ ਦੇ ਨਾਲ ਜੀ ਕੇ,ਬਣਨਾ ਕਿਵੇਂ ਮਿਸਾਲ ਵਿਸਾਖੀ ਦੇ ਦਿਨ।
 
ਮੁਗਲਰਾਜ ਦੇ ਜਾਬਰਾਂ ਅੱਤ ਚੁਕੀ,ਧੱਕਾ ਜ਼ੋਰੀਆਂ, ਦੌਰ ਵਿਸਾਖੀ ਦੇ ਦਿਨ।
ਕਿਵੇਂ ਜ਼ੁਲਮ ਦੇ ਦੈਂਤ ਦਾ ਨਾਸ ਕਰੀਏ,ਕੀਤਾ ਕਿਸਤਰ੍ਹਾਂ ਗੌਰ ਵਿਸਾਖੀ ਦੇ ਦਿਨ।
ਜਦੋਂ ਤੱਕੇ  ਨਜ਼ਾਰੇ ਰਜਵਾੜਿਆਂ ਨੇ,ਉੱਡ ਗਏ ਹੋਸ਼ ਦੇ ਭੌਰ ਵਿਸਾਖੀ ਦੇ ਦਿਨ।
 ਰੱਤ ਪੀਣਿਆਂ,ਜ਼ਾਲਮਾਂ ਜਾਬਰਾਂ ਦੇ, ਬਦਲ ਗਏ  ਸੀ ਤੌਰ ਵਿਸਾਖੀ ਦੇ ਦਿਨ।
 
ਮੰਗਾਂ ਰਹਿਮਤਾਂ, ਏਕਤਾ ਖਾਲਸੇ ਲਈ,ਇਹੋ ਕਰਾਂ ਮੈਂ ਆਸ ਵਿਸਾਖੀ ਦੇ ਦਿਨ।
ਝੰਡੇ ਝੂਲਦੇ ਰਹਿਣ ਸਦਾ ਖਾਲਸੇ ਦੇ,ਉਤੇ ਧਰਤ ਆਕਾਸ਼ ਵਿਸਾਖੀ ਦੇ ਦਿਨ।
ਚੜ੍ਹਦੀ ਕਲਾ ਹੋਵੇ ਸਦਾ ਖਾਲਸੇ ਦੀ,ਮੇਰੀ ਏਹੋ ਅਰਦਾਸ ਵਿਸਾਖੀ ਦੇ ਦਿਨ।
 ਨਾਲ ਨਿਮ੍ਰਤਾ ਜੋੜ ਕੇ ਹੱਥ ਦੋਵੇਂ ਦੱਸਾਂ ਗੁਰਾਂ ਦੇ ਪਾਸ ਵਿਸਾਖੀ ਦੇ ਦਿਨ।
 13/04/2019   
                                                                                                                           
ਵਿਗਾੜ ਸੇਵਾ

ਰਵੇਲ ਸਿੰਘ, ਇਟਲੀ

ਪੁਰਸ਼ ਸਮਝ ਕੇ ਸੇਵਾ ਤੇ ਬੰਦਗੀ ਦੇ,
ਦਿੱਤੀ ਬਾਬਿਆਂ ਦੇ ਹੱਥੀਂ ਕਾਰ ਸੇਵਾ।
 ਜਦੋਂ ਕਿਸੇ ਸਰੋਵਰ ਨੂੰ ਸਾਫ ਕਰਨਾ,
ਪਹਿਲਾਂ ਆਖਦੇ ਸੀ ਉਹਨੂੰ ਗਾਰ ਸੇਵਾ।
ਕਰਦੇ ਹੁੰਦੇ ਸੀ,ਬੜੀ ਨਿਸ਼ਕਾਮ ਸੇਵਾ,
ਸਿੱਖ ਕੌਮ ਦੇ ਸੀ ਬਣੇ ਸੇਵਾਦਾਰ ਸੇਵਾ।
ਵੇਖੋ ਕਿਵੇਂ ਇਤਹਾਸ ਦੀ ਜੜ੍ਹੀਂ ਬੈਠੀ,
ਹੁਣ ਇਹ ਬਾਬਿਆਂ ਦੀ ਚਿੱਟੀ ਡਾਰ ਸੇਵਾ।
ਧਰਦੇ ਗੋਲਕਾਂ ਕਾਰ ਦੇ ਨਾਂ ਹੇਠਾਂ,
ਰਲ ਗਏ ਧਰਮ ਦੇ ਵੀ ਠੇਕੇਦਾਰ ਸੇਵਾ।
ਢਾਉਣ ਲੱਗੇ ਪੁਰਾਣੀਆਂ ਯਾਦਗਾਰਾਂ,
ਡਰ ਗੁਰਾਂ ਦਾ ਮਨੋਂ ਵਿਸਾਰ  ਸੇਵਾ।
 ਕਿਵੇਂ ਪਏ ਹਥੌੜਿਆਂ ਨਾਲ ਤੋੜਨ,
ਫੌਜ ਵਿਹਲੜਾਂ ਦੀ,ਲੈ ਕੇ ਧਾੜ ਸੇਵਾ।
ਘਾਣ ਕਰਣ ਪੁਰਾਤਨ ਵਿਰਾਸਤਾਂ ਦੇ,
ਕਾਰ ਸੇਵਾ ਦੇ ਨਾਮ ਉਜਾੜ ਸੇਵਾ।
ਸਮਝ ਪਏ ਨਾ ਕਿਸਤਰ੍ਹਾਂ ਹੋ ਰਿਹਾ ਏ,
ਹੁੰਦੀ ਕਾਰ ਸੇਵਾ ਹੈ ਜਾਂ ਵਿਗਾੜ ਸੇਵਾ।
04/04/2019


ਕੈਸਾ ਇਹ ਦਸਹਿਰਾ ਆਇਆ

ਰਵੇਲ ਸਿੰਘ, ਇਟਲੀ

ਕੈਸਾ ਇਹ ਦਸਹਿਰਾ ਆਇਆ।
ਰਾਵਣ ਦਾ ਬੁੱਤ ਕਿਹਾ ਜਲਾਇਆ।
ਸਾੜਨ ਗਏ ਕਈ ਲੋਕ ਬੁਰਾਈ,
 ਕਈਆਂ ਨੂੰ ਹੋਣੀ ਲੈ ਆਈ।
ਵੇਖੋ ਇਹ ਕੁਦਰਤ ਦਾ ਖੇਲ,
ਬਣ ਗਈ ਮੌਤ ਬਹਾਨਾ ਰੇਲ।
ਲਾਸ਼ਾਂ ਦਾ ਸੀ ਢੇਰ ਬਨਾਇਆ,
ਕੈਸਾ ਇਹ ਦਸਹਿਰਾ ਆਇਆ।
ਵੱਡਿਆਂ ਦਾ ਇਹ ਠੀਕ ਹੈ ਕਹਿਣਾ,
ਜੋ ਕੁਝ ਹੋਣਾ ਹੈ, ਉਹ ਹੋ ਕੇ ਰਹਿਣਾ।
ਮਰਣੀ ਨਹੀਂ ਇਹ ਕਦੇ ਬੁਰਾਈ,
ਸੱਚ ਦੀ ਹੋਣੀ ਸਦਾ ਲੜਾਈ ।
ਬੇਸ਼ੱਕ ਪੁਤਲੇ ਲੱਖ ਜਲਾਈਏ,
ਸਾੜ ਫੂਕ ਕੇ ਖੁਸ਼ੀ ਮਨਾਈਏ।
ਝੂਠ ਨੂੰ ਰਹਿੰਦੀ ਗਲੇ ਕਗਾਈ,
ਹਰ ਥਾਂ ਰਹਿੰਦੀ ਅਜੇ ਬੁਰਾਈ।
ਕੈਸਾ ਕਹਿਰ ਸਮੇਂ ਨੇ ਢਾਇਆ,
ਕੈਸਾ ਇਹ ਦਸਹਿਰਾ ਆਇਆ।
ਇੱਕ ਦੂਜੇ ਦੋਸ਼ ਨੂੰ ਦੇਂਦੇ ਦੋਸ਼,
ਕਿਵੇਂ ਉਡਾਏ ਸੱਭ ਦੇ ਹੋਸ਼।
ਹਰ ਕੋਈ ਆਪਣੀ ਸੋਚ ਦੁੜਾਵੇ,
ਇੱਕ ਦੂਜੇ ਤੇ ਦੋਸ਼ ਲਗਾਵੇ।
ਦੁਖ ਦਰਦਾਂ ਦੀ ਬਣੀ ਕਹਾਣੀ,
ਜਿੱਸ ਤੇ ਬੀਤੀ ਉੱਸ ਨੇ ਜਾਣੀ।
ਹਮਦਰਦੀ ਦੀ ਮਲ੍ਹਮ ਲਗਾਈਏ,
ਦੁਖੀਆਂ ਦਾ ਕੁਝ ਦਰਦ ਵੰਡਾਈਏ।
ਸਾਰੇ ਮਿਲ ਕਰੀਏ ਅਰਦਾਸ,
ਉਸ ਸੱਚੇ ਮਾਲਕ ਦੇ ਪਾਸ,
ਮੁੜ ਨਾ  ਵਰਤੇ ਐਸਾ ਭਾਣਾ,
ਸੱਭ ਦੇ ਮਨ ਤੇ ਦੁੱਖ ਵਰਤਾਣਾ,
ਜਾਣਾ ਨਹੀਂ ਇਹ ਕਦੇ ਭੁਲਾਇਆ,
ਕੈਸਾ ਇਹ ਦਸਹਿਰਾ ਆਇਆ।
23/10/2018


ਇਹ ਕੈਸੀ ਸਰਕਾਰ

ਰਵੇਲ ਸਿੰਘ, ਇਟਲੀ

rewai10ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।
ਲੁਟਦੀ ਐਸ਼ ਬਹਾਰ ਖਜਾਨਾ ਖਾਲੀ ਹੈ।
ਫਿਰਦੇ ਬੇਰੁਜ਼ਗਾਰ ਖਜਾਨਾ ਖਾਲੀ ਹੈ,
ਥਾਂ ਥਾਂ ਭ੍ਰਿਸ਼ਟਾਚਾਰ ਖਜਾਨਾ ਖਾਲੀ ਹੈ।
ਪਰਜਾ ਹੈ ਲਾਚਾਰ ਖਜਾਨਾ ਖਾਲੀ ਹੈ,
ਥਾਂ ਥਾਂ ਹਾ ਹਾ ਕਾਰ ਖਜਾਨਾ ਖਾਲੀ ਹੈ।
ਬੇਸ਼ੱਕ ਹੋ ਲਾਚਾਰ ਖਜਾਨਾ ਖਾਲੀ ਹੈ,
ਲਿਖਿਆ ਪੜ੍ਹੋ ਦੀਵਾਰ ਖਜਾਨਾ ਖਾਲੀ ਹੈ।
ਕੁੱਝ ਨਹੀਂ ਪੱਲੇ ਯਾਰ ਖਜਾਨਾ ਖਾਲੀ ਹੈ,
ਹਾਲਤ ਹੈ ਬੀਮਾਰ ਖਜਾਨਾ ਖਾਲੀ ਹੈ।
ਮੰਗਾਂ ਦੀ ਭਰਮਾਰ ਖਜਾਨਾ ਖਾਲੀ ਹੈ,
ਕਿੱਦਾਂ ਮੰਨੀਏ ਹਾਰ ਖਜਾਨਾ ਖਾਲੀ ਹੈ।
ਮਾੜੇ ਨੂੰ ਹੈ ਮਾਰ ਖਜਾਨਾ ਖਾਲੀ ਹੈ,
ਝੂਠੇ ਕੌਲ ਕਰਾਰ ਖਜਾਨਾ ਖਾਲੀ ਹੈ।
ਮੰਗਣ ਜੋ ਰੁਜ਼ਗਾਰ, ਖਜਾਨਾ ਖਾਲੀ ਹੈ,
ਹੋ ਕੇ ਦਰ ਦਰ ਖੁਆਰ ਖਜਾਨਾ ਖਾਲੀ ਹੈ।
ਖਾਉ ਡਾਂਗਾਂ ਦੀ ਮਾਰ ਖਜਾਨਾ ਖਾਲੀ ਹੈ,
ਸਭ ਕੁਝ ਗਏ ਡਕਾਰ ਖਜਾਨਾ ਖਾਲੀ ਹੈ।
ਹੁਣ ਖਾਲੀ ਭੰਡਾਰ ਖਜਾਨਾ ਖਾਲੀ ਹੈ,
ਮਿੰਨਤਾਂ ਕਰੋ ਹਜ਼ਾਰ ਖਜਾਨਾ ਖਾਲੀ ਹੈ।
ਰਾਜੇ ਦੀ  ਸਰਕਾਰ ਖਜਾਨਾ ਖਾਲੀ ਹੈ,
ਪਰਜਾ ਹੋਏ ਖੁਆਰ ਖਜਾਨਾ ਖਾਲੀ ਹੈ।
ਕੁਰਸੀ ਨਾਲ ਪਿਆਰ ਖਜਾਨਾ ਖਾਲੀ ਹੈ।
ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।
 17/10/2018
 


ਗੁਰੂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਉਤਸਵ ਤੇ ਦੋਹਾਂ ਸਰਕਾਰਾਂ ਨੂੰ  ਬੇਨਤੀ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰ ਪੁਰ ਸਾਹਿਬ
ਰਵੇਲ ਸਿੰਘ, ਇਟਲੀ


ਰਵੇਲਕਰਤਾਰ ਪੁਰ ਦੀ ਧਰਤੀ, ਜਿੱਥੇ ਗੁਰੂ ਨਾਨਕ ਦਰਬਾਰ।
ਇਸ ਭਾਗਾਂ ਵਾਲੀ ਧਰਤ ਤੇ, ਭਰਿਆ ਯਾਦਾਂ ਦਾ ਭੰਡਾਰ।
ਪਰ ਦੇਸ਼ ਦੀ ਵੰਡ ਨੇ, ਦਿੱਤਾ ਸਭ ਵਿਸਾਰ,
ਇਹ ਧਰਤੀ ਸਾਥੋਂ ਖੁਸ ਗਈ, ਹੁਣ ਔਖੇ ਬੜੇ ਦੀਦਾਰ।
ਹੁਣ ਦਰਸ਼ਨ ਕਰੀਏ ਦੂਰ ਤੋਂ, ਰਾਵੀ ਦੇ ਉਸ ਪਾਰ,
ਤੇ ਨਿੱਤ ਅਰਦਾਸਾਂ ਹੁੰਦੀਆਂ, ਹੁੰਦੀ ਕੂਕ ਪੁਕਾਰ।
ਕਦ ਖੁਲ੍ਹੇ ਦਰਸ਼ਨ ਹੋਣਗੇ, ਕਦ ਮਿਹਰ ਕਰੇ ਕਰਤਾਰ,
ਕਦ ਲਾਂਘਾ ਦੇਣ ਹਕੂਮਤਾਂ, ਕਦ ਬਹਿ ਕੇ ਕਰਨ ਵੀਚਾਰ।
ਕਦ ਦਰਸ਼ਨ ਕਰੀਏ ਜਾ ਕੇ, ਤੇ ਸੀਨੇ ਲਈਏ ਠਾਰ,
ਕਦ ਰਹਿਮਤ ਹੋਏਗੀ ਰੱਬ ਦੀ, ਕਦ ਹੁਕਮ ਦਏ ਸਰਕਾਰ।
ਗੁਰੂ ਨਾਨਕ ਸਾਂਝਾਂ ਜਗਤ ਦਾ, ਤੇ ਸਾਂਝਾਂ ਦਾ ਪ੍ਰਚਾਰ,
ਜਿਸ ਪਿਆਰ ਮੁਹੱਬਤ ਵੰਡਿਆ, ਬਾਣੀ ਅਰਸ਼ ਉਚਾਰ।
ਜੋ ਮੇਟੇ ਭੇਦ ਭਾਵ ਨੂੰ, ਤੇ ਸੱਭ ਨੂੰ ਕਰੇ ਪਿਆਰ,
ਜੇ ਖੁਲ੍ਹ ਜਾਏ ਲਾਂਘਾਂ ਸਾਂਝ ਦਾ, ਸੱਭ ਕਰੀਏ ਜਾ ਦੀਦਾਰ।
ਇਹ ਸੰਗਤ ਦੇ ਸਿਰ ਹੋਏਗਾ ਵੱਡਾ ਪਰਉਪਕਾਰ,
ਪਰ ਮਾਲਿਕ ਦੇ ਹੱਥ ਡੋਰੀਆ, ਜੋ ਸੱਭ ਕੁਝ ਕਰਣੇਹਾਰ।
ਹੈ ਦੋਹਾਂ ਦੇਸ਼ਾਂ ਨੂੰ ਬੇਨਤੀ, ਬਹਿ ਛੇਤੀ ਕਰੋ ਵੀਚਾਰ,
ਹੁਣ ਜਲਦੀ ਲਾਂਘਾ ਖੋਲ੍ਹ ਕੇ ਸੁਪਨੇ ਕਰੋ ਸਾਕਾਰ।
ਕਰਤਾਰ ਪੁਰ ਦੀ ਧਰਤੀ ਜਿੱਥੇ ਗੁਰੂ ਨਾਨਕ ਦਰਬਾਰ।
ਇੱਸ ਭਾਗਾਂ ਵਾਲੀ ਧਰਤ ਤੇ ਭਰਿਆ ਯਾਦਾਂ ਦਾ ਭੰਡਾਰ।
02/10/2018 



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ
ਸਾਰੇ ਵਿਸ਼ਵ ਨੂੰ ਮੁਬਾਰਕਾਂ
ਰਵੇਲ ਸਿੰਘ, ਇਟਲੀ
 
rewail08ਜਿਉਂ  ਚੜ੍ਹਦਾ ਤੇ ਲਹਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਸਭਨਾਂ ਨੂੰ, ਨਿਘ ਦਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।

ਜਿਉਂ ਪੌਣ ਸੱਭਨਾਂ ਲਈ ਸਾਂਝੀ, ਨਾ ਕੋਈ ਵੈਰ ਵਿਰੋਧ,
 ਗੁਰਬਣੀ ਸੱਭਨਾਂ ਦੀ ਸਾਂਝੀ, ਵੱਸ ਕਰੇ ਕਾਮ ਕ੍ਰੋਧ।

 ਤਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਂਝਾਂ ਉਪਦੇਸ਼,
ਗੁਰਬਾਣੀ  ਸਭਨਾਂ ਲਈ ਸਾਂਝੀ,ਕੱਟਦੀ ਵਹਿਮ ਕਲੇਸ਼।

ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰੂ  ਦਾ ਵਿਸਥਾਰ,
ਮੇਟੇ ਜ਼ਾਤ ਪਾਤ ਨੂੰ ਗੁਰਬਾਣੀ, ਸੱਭ ਨੂੰ ਕਰੇ  ਪਿਆਰ।

ਸਾਂਝਾਂ ਦੀ ਪ੍ਰਤੀਕ ਗੁਰ ਬਾਣੀ,ਵੰਡਦੀ ਪਿਆਰ ਮੁਹੱਬਤ,
ਏਕ ਨੂਰ ਤੇ ਸੱਭ ਜੱਗ ਉਪਜਿਆ,ਸੱਭ ਨੂੰ ਵੰਡੇ ਮਿੱਠਤ।

ਗਿਆਨ ਦਾ ਭਰਿਆ ਸਾਗਰ ਡੂੰਘਾ,ਸਾਰਾ ਗੁਰੂ ਗ੍ਰੰਥ।
ਗੁਰੂ ਗ੍ਰੰਥ ਪ੍ਰਕਾਸ਼ ਦਿਵਸ ਦੀ, ਸੱਭ ਨੂੰ ਹੋਏ ਮੁਬਾਰਕ।
 10/09/2018


ਬਾਬਾ ਮੱਖਣ ਸ਼ਾਹ ਲੁਬਾਣਾ

ਰਵੇਲ ਸਿੰਘ, ਇਟਲੀ

rewail7ਇੱਕ ਵਪਾਰੀ ਬੜਾ ਸਿਆਣਾ।
ਨਾਂ ਸੀ ਮੁੱਖਣ ਸ਼ਾਹ ਲੁਬਾਣਾ।
ਗੁਰੂ ਘਰ ਦਾ ਸੀ ਸੇਵਾਦਾਰ,
ਸਿੱਖੀ ਨੂੰ ਕਰਦਾ ਸੀ ਪਿਆਰ।
ਦੇਸ਼ ਵਿਦੇਸ਼ੀ  ਜਦ ਵੀ ਜਾਵੇ,
ਬਾਹਰੋਂ ਭਰ ਕੇ ਮਾਲ ਲਿਆਵੇ,
ਦੱਸਾਂ ਨਹੂਆਂ ਦੀ ਕਿਰਤ ਕਮਾਵੇ।
ਗੁਰੂ ਘਰ ਵਿੱਚ ਦਸਵੰਧ ਚੜ੍ਹਾਵੇ।
ਇੱਕ ਵਾਰ ਜਦੋਂ ਵਿਦੇਸ਼ੋਂ ਆਇਆ,
ਬੇੜਾ ਭਰ ਕੇ ਮਾਲ ਲਿਆਇਆ।
ਸਾਗਰ ਵਿੱਚ ਆਇਆ ਤੂਫਾਨ,
ਸੱਭ ਦੀ ਸੀ ਮੁੱਠੀ ਵਿੱਚ ਜਾਨ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਬੇੜੇ ਨੂੰ ਕਿੰਝ ਬੰਨੇ ਲਾਵੇ।
ਜਦ ਮੁਕ ਗਈ ਹਰ ਪਾਸਿਉਂ ਆਸ,
ਮੁੱਖਣ ਸ਼ਾਹ ਕੀਤੀ ਅਰਦਾਸ,
ਸੱਚੇ ਸਤਿਗੁਰ ਨਾਨਕ ਪਾਸ।
 ਮਨ ਚੋਂ ਹੋ ਕੇ ਬਹੁਤ ਨਿਰਾਸ ।
ਜੇ ਇੱਸ ਮੁਸ਼ਕਲ ਤੋਂ ਬੱਚ ਜਾਂਵਾਂ,
ਸਤਿਗੁਰ ਤੇਰੇ ਦਰ ਤੇ ਆਵਾਂ,
ਪੰਜ ਸੌ ਮੁਹਰਾਂ ਭੇਟ ਚੜ੍ਹਾਵਾਂ।
 ਹੇ ਸਤਿਗੁਰ ਤੇਰੇ ਦਰਬਾਰ।
ਹੇ ਮੇਰੀ ਸੱਚੀ ਸਰਕਾਰ।
ਮੇਰੇ ਤੇ ਹੁਣ ਕਰ ਉਪਕਾਰ।
ਹੋਇਆ ਹਾਂ ਡਾਢਾ ਲਾਚਾਰ।
ਸਤਿਗੁਰ ਬੇੜਾ ਬੰਨੇ ਲਾਇਆ।
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ,
ਅੱਠਵੇਂ ਸਤਿਗੁਰੂ ਪ੍ਰੀਤਮ ਬਾਲਾ,
ਸੱਚ ਖੰਡ ਨੂੰ ਜਦ ਪਾ ਗਏ ਚਾਲਾ,
ਕਹਿ ਗਏ,ਸਤਿਗਰ ਮਿਹਰਾਂ ਵਾਲੇ,
ਗੁਰੂ ਬਾਬਾ ਹੈ ਵਿੱਚ ਬਕਾਲੇ,
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ।
ਸਿੱਧਾ ਚੱਲ ਬਕਾਲੇ ਆਇਆ।
ਜਿੱਥ ਬੈਠੇ ਗੱਦੀਆ ਲਾਈ,
ਗੂਰੂ ਬਣੇ ਸਨ ਝੂਠੇ ਬਾਈ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ।
ਕਿਹੜੇ ਗੁਰੂ ਦੇ ਭੇਟ ਚੜ੍ਹਾਵੇ।
ਫਿਰ ਉੱਸ ਨੂੰ ਸੁੱਝੀ ਤਰਕੀਬ,
 ਖੋਲ੍ਹ ਗਏ ਉਸਦੇ ਅਸਲ ਨਸੀਬ,
ਪੰਜ ਪੰਜ ਮੋਹਰਾਂ ਮੱਥਾ ਟੇਕੇ,
ਕੌਣ ਗੁਰੂ ਹੈ ਅਸਲੀ ਵੇਖੇ।
ਮੁਹਰਾਂ ਵੇਖ ਕੇ ਖੁਸ਼ ਸੀ ਸਾਰੇ,
ਭੁੱਖੇ ਸੱਭ ਲਾਲਚ ਦੇ ਮਾਰੇ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਪੰਜ ਸੌ ਮੁਹਰਾਂ ਕਿਵੇਂ ਚੜ੍ਹਾਵੇ।
ਫਿਰ ਸੀ ਦੱਸ ਕਿਸੇ ਨੇ ਪਾਈ,
ਤੇਗਾ ਤੇਗਾ ਨਾਮ ਹੈ ਭਾਈ,
ਭੋਰੇ ਵਿੱਚ ਸਮਾਧੀ ਲਾਈ।
ਰਹਿੰਦਾ ਹੈ ਉਹ ਵਿੱਚ ਇਕਾਂਤ,
ਠੰਡਾ ਠਾਰ ਤੇ ਮਨ ਦਾ ਸ਼ਾਂਤ।
ਮੱਖਣ ਸ਼ਾਹ ਨੇ ਦਰਸ਼ਨ ਪਾਇਆ,
ਜਾ ਕੇ ਸੀ ਜਦ ਸੀਸ ਨਿਵਾਇਆ।
ਪੰਜ ਮੁਹਰਾਂ ਜਦ ਧਰੀਆਂ ਅੱਗੇ,
ਸੱਚੇ ਸਤਿ ਗੁਰ ਆਖਣ ਲੱਗੇ।
ਸਿੱਖਾ ਕੀਤਾ ਬਚਨ ਨਿਭਾ,
ਪੰਜ ਸੌ ਮੁਹਰਾਂ ਭੇਟ ਚੜ੍ਹਾ।
ਪੰਜ ਸੌ ਮੁਹਰਾਂ ਅੱਗੇ ਧਰਕੇ,
ਸਤਿਗੁਰ ਦਾ ਸ਼ੁਕਰਾਨਾ ਕਰਕੇ,
ਮੱਖਣ ਸ਼ਾਹ ਖੁਸ਼ੀ ਵਿੱਚ ਆਇਆ,
ਕੋਠੇ ਚੜ੍ਹ ਕੇ ਰੌਲਾ ਪਾਇਆ।
ਆ ਜਾਓ ਸੰਤੋ ਸਾਧੋ ਰੇ,
ਗੁਰ ਲਾਧੋ ਰੇ ਗੁਰ ਲਾਧੋ ਰੇ।
ਧੰਨ ਆਖੋ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਹਿੰਦ ਦੀ ਚਾਦਰ।
ਮੱਖਣ ਸ਼ਾਹ ਸੀ ਸ਼ਾਹ ਪੁਰਾਣਾ,
ਵਧੇ ਫੁਲੇ ਇਹ ਕੌਮ ਲੁਬਾਣਾ।
 04/09/2018


ਰੁੱਖ

ਰਵੇਲ ਸਿੰਘ, ਇਟਲੀ
 
rewail6ਰੁੱਖ ਧਰਤੀ ਦੀ ਸ਼ਾਨ।
ਰੁੱਖ ਨੇ ਸਾਡੀ ਆਨ।
ਰੁੱਖਾਂ ਬਿਣ ਹੈ ਲਗਦਾ,
ਸਾਰਾ ਸੁੰਨ ਜਹਾਨ।
ਇਹ ਰੱਖਾਂ ਦੇ ਸੁੱਖ ਨੂੰ,
ਕਿਉਂ ਭੁੱਲਦਾ ਇਨਸਾਨ।
ਇਸ ਹਰਿਆਵਲ ਵਿੱਚ,
ਹਰ ਬੰਦੇ ਦੀ ਹੈ ਜਾਨ।
ਜੇ ਨਾ  ਰੁੱਖ  ਦੀ ਛਾਂ,
ਰੁੱਖਾਂ ਦੇ ਬਿਣ ਕਾਹਦੇ,
ਸ਼ਹਿਰ ਤੇ ਪਿੰਡ ਗ੍ਰਾਂ।
ਰੁੱਖਾਂ ਬਿਣ ਨਹੀਂ ਰੌਣਕ,
ਸੁਹੰਦੇ  ਚੌਂਕ ਚੌਗਾਨ।
 ਰੁੱਖ ਸਾਂਝਾਂ ਦੇ ਰਿਸ਼ਤੇ,
 ਛਾਂਵਾਂ ਹੇਠ ਬਣਾਨ।
ਰੁੱਖਾਂ ਬਿਣ ਨਹੀਂ ਬਰਖਾ ,
ਧਰਤੀ  ਰੇਗਸਤਾਨ।
ਰੁੱਖਾਂ  ਬਿਣ ਨਹੀਂ ਸਜਦੇ,
ਸਾਡੇ ਧਰਮ ਅਸਥਾਨ,
ਫਿਰ ਕਿਉਂ ਬੰਦਾ ਕਰਦਾ,
ਰੁੱਖਾਂ ਦਾ  ਅਪਮਾਨ।
28/08/2018


ਜੰਗਲ

ਰਵੇਲ ਸਿੰਘ, ਇਟਲੀ

jungleਜੰਗਲ ਵਿੱਚ ਦਰਵੇਸ਼,
ਸ਼ਹਿਰਾਂ ਵਿੱਚ ਕਲੇਸ਼।
ਜੰਗਲ ਵਿੱਚ ਇਕਾਂਤ।
ਮਨ ਰਹਿੰਦਾ ਹੈ ਸ਼ਾਂਤ।
ਬਣ ਗਏ ਜਦ ਤੋਂ ਪਿੰਡ ,
ਪਿੰਡੋਂ ਬਣ ਗਏ ਸ਼ਹਿਰ।
ਜੰਗਲ ਵਿੱਚ ਸੰਗੀਤ,
ਸ਼ਹਿਰੀਂ ਝੂਠੀ ਪ੍ਰੀਤ।
ਪਿੰਡਾਂ ਵਿੱਚ ਨਹੀਂ ਦੇਵਤੇ,
ਸ਼ਹਿਰਾਂ ਵਿੱਚ ਸ਼ੈਤਾਨ,
ਜੰਗਲ ਦੇ ਵਿੱਚ ਵੱਸਣ,
ਜੋ ਸਾਦੇ ਇਨਸਾਨ।
ਜੰਗਲ ਕੱਟੇ ਘਰ ਬਣੇ,
ਜਾ ਪਹੁੰਚੇ ਆਸਮਾਨ,
ਲੋਕ ਵਿਦੇਸ਼ੀ ਤੁਰ ਗਏ,
ਘਰ ਨੇ ਬੀਆ ਬਾਨ।
ਆਦਮ ਦੀ ਸੁੱਖ ਮੰਗਦੇ,
ਇਹ ਜੰਗਲ ਦੇ ਰੁੱਖ,
ਫਿਰ ਵੀ ਕੱਟੀ ਜਾ ਰਿਹਾ,
ਇਹ ਬੇਦਰਦ ਮਨੁੱਖ।
ਜੰਗਲ ਦੀ ਇੱਸ ਚੁੱਪ ਨੂ
ਕਦੇ ਤਾਂ ਜਾ ਕੇ ਵੇਖ।
ਇਹ ਜੰਗਲ ਹੀ ਦੇ ਸਕੇ
ਬੰਦੇ ਨੂੰ  ਸੋ ਸੁੱਖ।
ਵੇਖੋਂ ਕਿਵੇਂ ਬਣਾ ਲਾਏ,
ਬੰਦੇ ਨੇ ਹੱਥਿਆਰ।
ਜੰਗਲ ਉਤੇ ਟੱਟ ਪਿਆ,
ਭੁੱਲ ਕੇ ਸੱਭ ਉਪਕਾਰ।
ਨਾ ਕੋਈ ਸੁਣਦਾ ਇਸ ਦੀ,
ਜੰਗਲ ਰਿਹਾ ਪੁਕਾਰ।
19/08/2018
 
 
ਯਾਰਾ ਓ ਯਾਰਾ

ਰਵੇਲ ਸਿੰਘ, ਇਟਲੀ

ਯਾਰਾ ਓ ਯਾਰਾ ,ਯਾਰਾ ਓ ਯਾਰਾ,
ਭਾਵੇਂ ਨਜ਼ਰਾਂ ਤੋਂ ਦੂਰ, ਤਾਂ ਵੀ ਲੱਗਣੈਂ ਪਿਆਰਾ।
ਹੋ ਕੇ ਤੇਰੇ ਕੋਲੋਂ ਦੂਰ, ਸੱਚੀਂ ਬੜੇ ਮਜਬੂਰ,
ਤੇਰੀ ਯਾਦ ਦਾ ਸਰੂਰ,ਰਹਿਂਦਾ ਮਨ ਚ ਜ਼ਰੂਰ,
ਨਹੀਓਂ ਹੁੰਦਾ ਹੈ ਗੁਜ਼ਾਰਾ , ਯਾਰਾ ਓ ਯਾਰਾ,

ਪਹਿਲਾਂ ਛੱਡਿਆ ਪੰਜਾਬ, ਜਦੋਂ ਆ ਗਿਆ ਵਿਦੇਸ਼,
ਮੇਰਾ ਯਾਰ ਹੈ ਰੰਗੀਲਾ, ਨਾਲੇ ਪੂਰਾ ਦਰਵੇਸ਼,
ਮਨ ਵਿੱਚ ਰੀਝ ਰਹਿੰਦੀ ਕਦੇ ਵੇਖਾਂਗਾ ਦੁਬਾਰਾ,
ਯਾਰਾ ਓ ਯਾਰਾ, ਯਾਰਾ ਓ ਯਾਰਾ।

ਉਹਦੇ ਗੀਤ ਨੇ  ਸ਼ਿੰਗਾਰੇ, ਵਾਂਗ ਮਹਿਲ ਤੇ ਮੁਨਾਰੇ,
ਬੜੀ ਵਾਰ ਯਾਦ ਆਉਂਦੇ, ਸਦਾ ਬੀਤੇ ਦੇ ਨਜ਼ਾਰੇ,
ਮੇਰੀ ਕੱਖਾਂ ਦੀ ਹੈ ਕੁੱਲੀ ਤੇਰਾ ਰੰਗਲਾ ਚੁਬਾਰਾ,
ਯਾਰਾ ਓ ਯਾਰਾ , ਯਾਰਾ ਓ ਯਾਰਾ।

ਤੇਰੀ ਦੀਦ ਦੇ ਤਿਹਾਏ,ਅਸਾਂ ਸੁਪਨੇ ਸਜਾਏ,
ਵੇਖੀ ਦੁਨੀਆ ਪਰਾਈ, ਤੇਰੀ ਯਾਦ ਬੜੀ ਆਈ,
ਸੁਹਣੀ ਦੋਸਤੀ ਦੀ ਮਹਿਕ ਸੱਲ ਹਿਜਰਾਂ ਦਾ ਭਾਰਾ,
ਯਾਰਾ ਓ ਯਾਰਾ , ਯਾਰਾ ਓ ਯਾਰਾ।

ਕੀ ਹੈ ਸਾਹਾਂ ਦਾ ਭਰੋਸਾ, ਕਦੇ ਤੋਲਾ ਕਦੇ ਮਾਸਾ,
ਯਾਰ ਹੁੰਦੇ ਨੇ ਜਹਾਨ, ਲੱਗੇ ਦੁਨੀਆ ਮਹਾਨ,
 ਯਾਰਾਂ ਨਾਲ ਹੈ ਬਹਾਰ ਤੇਰੇ ਨਾਲ ਜੱਗ ਸਾਰਾ।
ਯਾਰਾ ਓ ਯਾਰਾ,ਯਾਰਾ ਓ ਯਾਰਾ।

ਆਸਾਂ ਨਾਲ ਸੰਸਾਰ, ਭੁੱਲ ਜਾਂਵੀਂ ਨਾ ਤੂੰ ਯਾਰ,
ਤੇਰੇ ਨਾਲ ਹੈ ਬਹਾਰ, ਤੇਰੇ ਨੇਕ ਨੇ ਵਿਚਾਰ,
ਤੇਰੀ ਸੋਚ ਹੈ ਨਿਰਾਲੀ ਤੇਰਾ ਹੌਸਲਾ ਹੈ ਭਾਰਾ।
ਯਾਰਾ ਓ ਯਾਰਾ, ਯਾਰਾ ਓ ਯਾਰਾ।
10/08/2018
 

ਚੋਰ ਤੇ ਕੁੱਤੀ

ਰਵੇਲ ਸਿੰਘ, ਇਟਲੀ

ਚੋਰ ਤੇ ਕੁੱਤੀ ਹੱਥ ਮਿਲਾ ਗਏ।    
ਜੋ ਵੀ ਮਿਲਿਆ ਰਲ ਕੇ ਖਾ ਗਏ।
ਚਿੱਟੇ ਉੱਤੇ ਲਾਈ ਜਵਾਨੀ,
ਲੋਕਾਂ ਦੇ ਨਾਲ ਕਹਿਰ ਕਮਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ,
ਝੂਠੇ ਵਾਅਦੇ ਕਸਮਾਂ ਖਾ ਗਏ।
ਸੱਭ ਨੂੰ ਫੋਕੇ ਲਾਰੇ ਲਾ ਗਏ।
ਸੱਭ ਦੇ ਅੱਖੀਂ ਘੱਟਾ ਪਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ।
ਲੋੜ ਪਈ ਤੇ ਠੁੱਠ ਵਿਖਾ ਗਏ।
ਵੋਟਰ ਮੁੜਕੇ  ਧੌਖਾ ਖਾ ਗਏ,
ਫਿਰ ਨਹਿਲੇ ਤੇ ਦਹਿਲੇ ਆ ਗਏ।
05/07/2018


ਮੁਨਸਿਫ ਨੂੰ

ਰਵੇਲ ਸਿੰਘ, ਇਟਲੀ

ਐ ਮੁਨਸਿਫ ਇਨਸਾਫ ਕਰੀਂ ,
ਜ਼ਾਲਮ ਨੂੰ ਨਾ ਮੁਆਫ ਕਰੀਂ ।
ਮੈਂ ਮਰ ਚੁੱਕੀ  ਆਸਿਫਾ,
ਬੋਲਾਂ  ਉੱਸ ਦੀ ਆਤਮਾ।
ਤੇਰੇ ਅੱਗੇ ਪਾਂਵਾਂ ਵਾਸਤੇ,
ਇੱਕ ਸੱਚੇ ਇਨਸਾਫ ਦੇ।
ਅੰਗ ਅੰਗ ਮੇਰਾ ਮਸਲਿਆ,
ਕਿਵੇਂ ਵਹਿਸ਼ੀਆਂ ਕੁਚਲਿਆ।
ਕਾਮ ਦਿਆਂ ਬਘਿਆੜਾਂ ,
ਲੈ ਨਫਰਤ ਦੀਆਂ ਆੜਾਂ ।
ਮੈਂ ਮਾਸੂਮ ਨਿਆਣੀ ,
ਮੇਰੀ ਦਰਦ ਕਹਾਣੀ ।
ਕਿਸੇ ਨਾ ਆਣ ਛੁਡਾਇਆ ,
ਕਿਸੇ ਨਾ ਤਰਲਾ ਪਾਇਆ ।
ਇੱਕ ਨਿੱਕੀ  ਕੋਮਲ ਕਲ਼ੀ।
ਕਿਵੇਂ ਬੇਤਰਸਾਂ ਨੇ ਮਲ਼ੀ।
ਧਰਤ ਵੀ ਰਹਿ ਗਈ ਵੇਖਦੀ,
ਅੰਬਰ ਰਹਿ ਗਿਆ ਝਾਕਦਾ,
ਘੜਾ ਉਛਲ ਗਿਆ ਪਾਪ ਦਾ।
ਹਰ ਕੋਈ ਮੰਦਾ ਆਖਦਾ।
 
 ਹੁਣ ਤੇਰੇ ਹੱਥੀਂ ਡੋਰ ਹੈ ,
ਜੇ ਤੇਰੀ ਕਲਮ ,ਚ ਜ਼ੋਰ ਹੈ,
ਤਾਂ ਐਸੀ ਸਜ਼ਾ ਸੁਣਾ  ,
ਦੇ ਤੋਬਾ ਤੋਬ ਕਰਾ,
ਹਨ ਧੀਆਂ ਹੁੰਦੀਆਂ ਸਾਂਝੀਆਂ,
ਇਹ ਸੱਭ ਨੂੰ ਯਾਦ ਕਰਾ ।
ਕੋਈ ਐਸਾ ਕਰ ਕੇ ਫੈਸਲਾ,
ਇੱਸ ਪਾਪ ਨੂੰ,ਠੱਲ੍ਹਾਂ ਪਾ,
ਮੈਂ ਏਹੋ ਕਰਾਂ ਦੁਆ,
ਮੈਂ ਤੇਰੇ ਅੱਗੇ ਮੁਨਸਿਫਾ।
ਹੁਣ ਹੋਰ ਨਾ ਦੇਰ ਲਗਾ।
ਨਾ ਹੋਰ ਮਰੇ ਕੋਈ ਆਸਿਫਾ,
ਨਾ ਹੋਰ ਮਰੇ ਕੋਈ ਆਸਿਫਾ।
16/05/2018


ਕਿਰਨ ਬਾਲਾ ਬਨਾਮ ਆਮੀਨਾ

ਰਵੇਲ ਸਿੰਘ, ਇਟਲੀ

ਕਿਰਨ ਬਾਲਾ, ਨੀਂ ਕਿਰਨ ਬਾਲਾ।
ਇਹ ਕੀ ਕਰ ਗਈਂ ਘਲਾ ਮਾਲਾ।
ਜ਼ਰਾ ਬੈਠ ਕੇ ਸੋਚ ਨੀਂ ਅੜੀਏ,
ਇੱਸ਼ਕ ਦੇ ਭਾਂਬੜ ਅੰਦਰ ਸੜੀਏ।
ਛੱਡ ਕੇ ਆਪਣੀ ਕੁੱਖ ਦੇ ਜਾਏ,
ਵੱਲ ਪਰਦੇਸੀਂ  ਚਾਲੇ ਪਾਏ।
ਮਾਸੂਮਾਂ ਤੇ ਕਹਿਰ ਕਮਾਇਆ,
ਜਾ ਪਰਦੇਸੀਂ ਵਿਆਹ ਕਰਵਾਇਆ।
ਅੜੀਏ ਤੈਨੂੰ ਤਰਸ ਨਾ ਆਇਆ,
ਮਾਂ ਦੇ ਨਾਂ ਨੂੰ, ਦਾਗ ਹੈ ਲਾਇਆ।
ਮੋਹ ਮਮਤਾ ਦਾ ਅਰਥ ਭੁਲਾਇਆ,
ਇਹ ਕਿਹੜਾ ਰਸਤਾ ਅਪਣਾਇਆ।                                                                                                                    
ਵਿਆਹ ਦੇ ਨਾਂ ਤੇ ਢੂੰਡ ਬਹਾਨਾ,
 ਬੁਣਿਆ ਕੈਸਾ ਤਾਣਾ ਬਾਣਾ।
ਸੱਭ ਦੀ ਅੱਖੀਂ ਘੱਟਾ ਪਾਇਆ,
ਕੈਸਾ ਹੈ ਤੂੰ ਜਾਲ ਵਿਛਾਇਆ।
ਕਿਰਨ ਦੇ ਬਦਲੇ ਬਣੀ ਆਮੀਨਾ,
ਠਾਰ ਲਿਆ ਹੈ ਆਪਣਾ ਸੀਨਾ।
ਪਰ  ਜੋ ਛੇੜੀ ਨਵੀਂ ਕਹਾਣੀ,
ਵੇਖੀਂ ਤੈਨੂੰ ਰਾਸ ਨਹੀਂ ਆਉਣੀ।
ਵਕਤ ਗਵਾਚਾ ਹੱਥ ਨਹੀਂ ਆਉਣਾ,
 ਆਖਰ ਨੂੰ ਪੈਣਾ ਪਛਤਾਉਣਾ।
ਕਿਰਨ ਬਾਲਾ ਨੀਂ ਕਿਰਨ ਬਾਲਾ,
ਜੋ ਤੂੰ ਕਰ ਗਈਂ ਘਾਲਾ ਮਾਲਾ।
01/05/2018

ਖੋਟਾ  ਸਿੱਕਾ

ਰਵੇਲ ਸਿੰਘ, ਇਟਲੀ

ਸਿੱਕੇ ਨੂੰ ਸਿੱਕਾ ਹੀ ਲਗਦਾ, ਮਾਰ ਜ਼ਮੀਰੀ ਮਾਰ ਗਿਆ।
ਸਿੱਕੇ ਪਿੱਛੇ  ਵੇਖੋ ਸਿੱਕਾ, ਕੈਸਾ ਕਹਿਰ ਗੁਜ਼ਾਰ ਗਿਆ।

ਸਿੱਖੀ ਦੇ ਬਾਣੇ ਵਿੱਚ ਸਿੱਕਾ, ਲਗਦਾ ਜਾਪੇ ਖੋਟਾ ਸਿੱਕਾ,
ਕੌਮ ਦੀ ਪਿੱਠ ਤੇ ਕਾਇਰ ਸਿੱਕਾ, ਡੂੰਘੀ ਮਾਰ ਕਟਾਰ ਗਿਆ।

ਧਰਮ ਦੇ ਮਸਲੇ ਹੁੰਦੇ ਨਾਜ਼ਕ,  ਫੁੱਲਾਂ ਤੋਂ  ਵੀ ਸੋਹਲ  ਹੁੰਦੇ,
ਨਵੀਂ ਭਸੂੜੀ ਪਾ ਕੇ ਸਿੱਕਾ ਕੌਮ ਨੂੰ ਕਿਵੇਂ ਵੰਗਾਰ ਗਿਆ।

ਧਰਮ ਦੇ ਆਗੂ ਅੰਨ੍ਹੇ ਹੋ ਗਏ , ਬੋਲੇ ਹੋ ਗਏ ਦਿਸ਼ਾ ਵਿਹੂਣੇ,
ਸੱਭ ਦੀ ਅੱਖੀਂ ਘੱਟਾ ਪਾ ਕੇ,ਅੱਪਣਾ ਕੰਮ ਸੁਵਾਰ ਗਿਆ।

ਨਾਨਕ ਸ਼ਾਹ ਫਕੀਰ ਹੈ ਬੇਸ਼ੱਕ, ਪਰ ਪੀਰਾਂ ਦਾ ਪੀਰ ਹੈ ਨਾਨਕ,
ਜੋ ਦੇ ਕੇ ਉਪਦੇਸ਼ ਇਲਾਹੀ ,  ਸਾਰੀ ਦੁਨੀਆ ਤਾਰ ਗਿਆ।

ਸ਼ਬਦ ਗੁਰੂ ਦਾ ਧਿਆਨ ਲਗਾਣਾ, ਮਾਣਵਤਾ ਦੀ ਸੇਵਾ ਕਰਨੀ,
ਬੁੱਤ ਪੂਜਾ ਪਾਖੰਡ ਨਾ ਕਰਨਾ , ਇਹ ਕਰਦਾ ਪ੍ਰਚਾਰ ਗਿਆ।

“ਨਾਨਕ ਸ਼ਾਹ ਫਕੀਰ” ਬਨਾ ਕੇ, ਸੱਭ ਨੂੰ ਭੰਬਲ ਭੂਸੇ ਪਾ ਕੇ,
 ਅੱਖੀਂ ਘੱਟਾ ਪਾ ਕੇ ਸਿੱਕਾ, ਸਮਝੇ ਬਾਜ਼ੀ ਮਾਰ ਗਿਆ।

ਮਨ ਮਰਜ਼ੀ ਦੇ ਰੂਪ ਬਣਾ ਕੇ, ਫਿਲਮ ਬਨਾਈ, ਸਿੱਕੇ ਨੇ,
ਸ਼ੇਰਾਂ ਦੀ ਇੱਸ ਕੌਮ ਨੂੰ ਸਿੱਕਾ ਲਗਦਾ ਹੈ ਵੰਗਾਰ ਗਿਆ।

ਸਿੱਕੇ ਦਾ ਸਿੱਕਾ ਨਹੀਂ ਚਲਣਾ, ਜਿੰਨਾ ਮਰਜ਼ੀ ਜ਼ੋਰ ਲਗਾਵੇ,
 ਸਿੱਕਾ ਹੈ ਇਹ ਖੋਟਾ ਸਿੱਕਾ, ਮੰਦਾ ਕਰ ਕਿਰਦਾਰ ਗਿਆ।
 16/04/2018 
 
ਕੇਜਰੀ ਵਾਲ ਨੂੰ ਸੁਵਾਲ

ਰਵੇਲ ਸਿੰਘ, ਇਟਲੀ

ਕੇਜਰੀ ਵਾਲ ਜੀ, ਦੱਸੋ , ਕੇਜਰੀ ਵਾਲ ਜੀ,
ਜੰਤਾ ਪੰਜਾਬ ਦੀ ਹੈ ਕਰਦੀ ਸੁਵਾਲ ਜੀ।

ਪਾਰਟੀ ਨਿਸ਼ਾਨ ਤੁਸਾਂ ਝਾੜੂ ਨੂੰ ਬਣਾਇਆ,
ਕਿਵੇਂ ਹੈ ਮਖੌਲ  ਆਪੇ ਝਾੜੂ ਦਾ ਉਡਾਇਆ , 

ਤੀਲਾ ਤੀਲਾ  ਕੀਤਾ ਹੁਣ ਵਾਂਗਰਾਂ ਪਰਾਲ ਜੀ ,
ਕੇਜਰੀ ਵਾਲ ਜੀ, ਦੋੱਸ ,ਕੇਜਰੀ ਵਾਲ ਜੀ।

ਲੋਕਾਂ ਤੁਹਾਡੀ ਸੋਚ ਨੂੰ,ਸੀ  ਅੱਖਾਂ ਤੇ ਬਿਠਾਇਆ ।
ਪਰ ਤਸੀਂ ਕਿਉਂ  ਸਾਰਾ ਘੱਟੇ ,ਚ ਮਿਲਾਇਆ,

ਵਾਟ ਵਾਰ ਆਈ ਜਾਵੇ ਸੱਭ ਨੂੰ ਖਿਆਲ ਜੀ,
ਕੇਜਰੀ ਵਾਲ ਜੀ, ਦੱਸੋ ਕੇਜਰੀ ਵਾਲ ਜੀ।

 ਕੋਲ ਜੇ ਤੁਹਾਡੇ ਨਹੀਂ ਸੀ  ਕੋਈ ਵੀ ਸਬੂਤ,
ਫਿਰ ਕਿਉਂ ਸੀ ਬੋਲਣਾ ਸਟੇਜਾਂ ਉੱਤੇ ਝੂਠ,

 ਇੱਜ਼ਤਾਂ ਰੁਲਾਈਆਂ ਤੇ ਝੁੱਗਾ ਦਿੱਤਾ ਗਾਲ ਜੀ,
ਕੇਜਰੀ ਵਾਲ ਜੀ, ਦੱਸੋ ,ਕੇਜਰੀ ਵਾਲ ਜੀ।

ਮਾੜੇ ਜਿਹੇ ਹਲੂਣੇ ਨਾਲ  ਕਿਉਂ ਗਏ ਝੰਬੇ,
ਮੰਗੀਆਂ ਮੁਆਫੀਆਂ ਤੇ ਡੋਲੇ  ਨਾਲੇ ਕੰਬੇ,

ਪਾਰਟੀ ਦਾ ਰੱਖਿਆ ਨਾ ਰਤਾ ਵੀ ਖਿਆਲ ਜੀ,
ਕੇਜਰੀ ਵਾਲ ਜੀ ਦੱਸੋ, ਕੇਜਰੀ ਵਾਲ ਜੀ।

ਛੇੜ ਦਿੱਤਾ ਪਾਰਟੀ ,ਚ ਨਵਾਂ ਹੀ ਵਿਵਾਦ ,
ਹੱਸਦੇ ਵਿਰੋਧੀ ਨਾਲੇ ਲੈਂਦੇ ਨੇ ਸੁਵਾਦ,

ਕੀਤਾ ਤੁਸਾਂ ਪਾਰਟੀ ਦਾ ਬਹੁਤ ਮੰਦਾ ਹਾਲ ਜੀ,
ਕੇਜਰੀ ਵਾਲ ਜੀ, ਦੱਸੋ, ਕੇਜਰੀ ਵਾਲ ਜੀ।

ਜੰਤਾ ਪੰਜਾਬ ਦੀ ਹੈ ਕਰਦੀ ਸੁਵਾਲ ਜੀ।
18/03/2018


ਕੰਧ ਸਰਹੰਦ ਦੀ

ਰਵੇਲ ਸਿੰਘ, ਇਟਲੀ

ਕੰਧ ਸਰਹੰਦ ਦੀ।
ਧਿਆਨ ਸਾਡਾ ਮੰਗਦੀ[
ਜਿੱਥੇ ਗੋਬਿੰਦ ਦੇ ਲਾਲ,
ਕਿਵੇਂ ਕਰ ਗਏ ਕਮਾਲ।
ਜਦੋਂ ਧਰਮੋਂ ਨਾ ਡੋਲੇ,
ਬੜੇ ਜੋਸ਼ ਵਿੱਚ ਬੋਲੇ।
ਪਹੁੰਚੇ ਸੂਬੇ ਦੀ ਕਚਹਿਰੀ,
ਅੱਖ ਹਾਕਮਾਂ ਦੀ ਜ਼ਹਿਰੀ।
ਬੜੇ ਦਿੱਤੇ ਸੀ ਡਰਾਵੇ,
ਕੌਣ ਉਨ੍ਹਾਂ ਨੂੰ ਛਲਾਵੇ।
ਲੋਭ ਲਾਲਚਾਂ ਦੇ ਨਾਲ,
ਕੀਤੀ ਜ਼ਾਲਮਾਂ ਕਮਾਲ।
ਪਰ ਨਿੱਕੇ ਨਿੱਕੇ ਸ਼ੇਰ,
ਡਾਢੇ ਹੌਸਲੇ ਦਲੇਰ।
ਬੋਲੇ ਸੱਤ ਸ੍ਰੀ ਆਕਾਲ,
ਸੂਬਾ ਅੱਖਾਂ ਕਰੇ ਲਾਲ।
ਸਾਰੇ ਹੋ ਗਏ ਹੈਰਾਨ,
ਕਿੰਨੇ ਸੂਰਮੇ ਮਹਾਨ।
ਜਦੋਂ ਨੀਹਾਂ ਚ, ਖਲ੍ਹਾਰੇ,
ਦੋਵੇਂ ਛੱਡਦੇ ਜੈਕਾਰੇ।
ਚਿਣੀ ਜਾ ਰਹੀ ਦੀਵਾਰ,
ਜਿਵੇਂ ਸਿੱਖੀ ਦਾ ਮੀਨਾਰ।
ਜਦੋਂ ਕੂਕਦੇ ਜੱਲਾਦ।
ਜੇਰੇ ਵਾਂਗਰਾਂ ਫੌਲਾਦ।
ਦੋਵੇਂ ਛੱਡਦੇ ਜੈਕਾਰੇ,
ਜਾਂਦੀ ਮੌਤ ਬਲਿਹਾਰੇ।
ਨਾ ਉਹ ਮੌਤ ਕੋਲੋਂ ਹਾਰੇ,
ਸਿੱਖ ਕੌਮ ਦੇ ਸਿਤਾਰੇ।
ਜਦੋਂ ਤੀਕ ਹੈ ਇਹ ਕੰਧ,
ਹੈ ਸ਼ਹੀਦੀਆਂ ਦਾ ਪੰਧ।
ਜੀਉਂਦੀ ਜਾਗਦੀ ਮਿਸਾਲ,
ਇਹਨੂੰ ਰੱਖੀਏ ਸੰਭਾਲ।
ਸਿੱਖੀ ਰੰਗ ਵਿੱਚ ਰੰਗਦੀ,
ਚਾਅਵਾਂ ਤੇ ਉਮੰਗ ਦੀ
ਕੰਧ ਸਰਹੰਦ ਦੀ।
ਧਿਆਨ ਸਾਡਾ ਮੰਗਦੀ।
ਨਹੀਂ ਕੀਤੀ ਪ੍ਰਵਾਹ,
ਕਿਵੇਂ ਜੋਸ਼ ਸੀ ਅਥਾਹ।
ਲੈਕੇ ਆਏ ਸੀ ਜਲਾੱਦ,
ਕਿੰਨੇ ਹੌਸਲੇ ਫੌਲਾਦ।
ਨਾ ਉਹ ਡਰੇ ਤ ਨਾ ਡੋਲੇ,
ਬੜੇ ਜੋਸ਼ ਵਿੱਚ ਬੋਲੇ।
ਜਦੋਂ ਨੀਹਾਂ ਵਿੱਚ ਖੜੇ,
ਕਿਵੇਂ ਹੌਸਲੇ ਸੀ ਬੜੇ,
ਜਦੋਂ ਨੀਹਾਂ ਚ ਖਲ੍ਹਾਰੇ,
ਕਿਵੇਂ ਛੱਡਦੇ ਜੈਕਾਰੇ।
23/12/2013

 

ਕੀ ਲਿਖੀਏ
ਰਵੇਲ ਸਿੰਘ, ਇਟਲੀ

ਬੰਦੇ ਬਾਰੇ ਕੀ ਲਿਖੀਏ,
ਪੁੱਠੇ ਕਾਰੇ ਕੀ ਲਿਖੀਏ,
ਜਦ ਕੋਈ ਤਾਰਾ ਟੁਟਦਾ ਹੈ,
ਵਾਜਾਂ ਮਾਰੇ ਕੀ ਲਿਖੀਏ।
ਨੰਗ ਮੁਨੰਗੀਆਂ ਕਲਮਾਂ ਦੇ,
ਗੀਤ ਸ਼ਿੰਗਾਰੇ ਕੀ ਲਿਖੀਏ।
ਕਿਸ ਰਿਸ਼ਤੇ ਦੀ ਗੱਲ ਕਰੀਏ,
ਕਿਸ ਦੇ ਬਾਰੇ ਕੀ ਲਿਖੀਏ।
ਕੁਰਸੀ ਖਾਤਰ ਨੇਤਾ ਜਦ,
ਨੋਟ ਖਿਲਾਰੇ ਕੀ ਲਿਖੀਏ।
ਜਿੱਧਰ ਮਿਲਦੀਆਂ ਚੋਪੜੀਆਂ,
ਜੀਭ ਸੁਵਾਰੇ ਕੀ ਲਿਖੀਏ।
ਅੱਖੀਂ ਵੇਖ ਨਾ ਸਮਝੇ ਜੇ,
ਪਰਜਾ ਬਾਰੇ ਕੀ ਲਿਖੀਏ।
ਝੁਗੀਆਂ ਵਿੱਚ ਹਨੇਰਾ ਹੈ,
ਮਹਿਲ ਮੁਨਾਰੇ ਕੀ ਲਿਖੀਏ।
ਰੁੱਤਾਂ ਵੀ ਨੇ ਬੇਰੁੱਤੀਆ,
ਪਤਝੜ ਬਾਰੇ ਕੀ ਲਿਖੀਏ।
ਮੰਦਰ ਮਸਜਿਦ ਭਿੜਦੇ ਨੇ,
ਗੁਰੂ ਦੁਆਰੇ ਕੀ ਲਿਖੀਏ।
ਡਰ ਪ੍ਰਮਾਣੂ ਬੰਬਾਂ ਦਾ ਨਹੀਂ,
ਲੋਕ ਵਿਚਾਰੇ ਕੀ ਲਿਖੀਏ।
ਅੱਜ ਸੋਚਾਂ ਦੀਆਂ ਲਹਿਰਾਂ ਦੇ,
ਬੈਠ ਕਿਨਾਰੇ ਕੀ ਲਿਖੀਏ।
ਜੀਅ ਨਹੀਂ ਕਰਦਾ ਬੋਲਣ ਨੂੰ,
ਨਾਲ ਇਸ਼ਾਰੇ ਕੀ ਲਿਖੀਏ।
06/11/17

 

ਆਈ ਦੀਵਾਲੀ
ਰਵੇਲ ਸਿੰਘ, ਇਟਲੀ

ਆਈ ਦੀਵਾਲੀ ਆਈ ਦੀਵਾਲੀ,
ਸਭ ਨੂੰ ਖੁਸ਼ੀਆਂ ਵੰਡਨ ਵਾਲੀ।

ਦੀਵੇ ਇਹ ਮਿੱਟੀ ਦੇ ਦੀਵੇ,
ਮਿੱਟੀ ਦੇਸ਼ ਦੀ ਜੁੱਗ ਜੁੱਗ ਜੀਵੇ,

ਜਿਸ ਮਿੱਟੀ ਤੋਂ ਦੀਵੇ ਘੜੇ,
ਲਗਦੇ ਨੇ ਮਨ ਮੁਹਣੇ ਬੜੇ।

ਦੇਸ਼ ਮੇਰੇ ਦੇ ਕਲਾਕਾਰ,
ਮਿੱਟੀ ਨੂੰ ਜਦ ਦੇਣ ਸਵਾਰ,
ਨਵੇਂ ਨਵੇਂ ਦੇ ਕੇ ਆਕਾਰ,

ਸੁੰਦਰ ਰੰਗ ਬਰੰਗੇ ਦੀਵੇ,
ਲਗਦੇ ਮਨ ਨੂੰ ਚੰਗੇ ਦੀਵੇ।

ਜਦ ਇਹ ਪਾਲ਼ਾਂ ਦੇ ਵਿਚ ਜਗਦੇ,
ਸਭ ਦੇ ਮਨਾਂ ਨੂੰ ਲਗਦੇ।

ਦੀਵੇ ਨੇ ਜੀਵਣ ਦਾ ਪ੍ਰਤੀਕ,
ਬਲਦੇ ਰਹਿਣ ਤਾਂ ਲਗਦੇ ਠੀਕ।

ਬਾਲੋ ਤੇਲ ਜਾ ਘਿਓ ਦੇ ਦੀਵੇ,
ਨਾਲ ਅਮਨ ਦੇ ਹਰ ਕੋਈ ਜੀਵੇ।

ਦੀਵਾ ਬਲ਼ੇ ਹਨੇਰਾ ਜਾਏ।
ਚਾਨਣ ਦਾ ਸੰਦੇਸ਼ ਲਿਆਏ।

ਦੀਵਾਲੀ ਤੇ ਦੀਵੇ ਬਾਲ਼ੋ,
ਆਪਣਾ ਸਭਿਆਚਾਰ ਸੰਭਾਲੋ,

ਪ੍ਰਦੂਸ਼ਣ ਤੇ ਲਾਓ ਰੋਕ,
ਖੁਸ਼ੀ ਖੁਸ਼ੀ ਜੀਉਣ ਸਭ ਲੋਕ।

ਦੀਵੇ ਬਾਲ ਬਨੇਰੇ ਧਰੀਏ,
ਚਾਰ ਚੁਫੇਰਾ ਚਾਨਣ ਕਰੀਏ।

ਸਾਂਝਾਂ ਦਾ ਤਿਓਹਾਰ ਦੀਵਾਲੀ,
ਖੁਸ਼ੀਆਂ ਦਾ ਤਿਓਹਾਰ ਦੀਵਾਲੀ।
18/10/17

ਦੀਵਾਲੀ
ਰਵੇਲ ਸਿੰਘ, ਇਟਲੀ

ਆਈ ਦੀਵਾਲੀ, ਗਿਆਨ ਦੇ ਦੀਵੇ ਜਗਾਓ ਦੋਸਤੋ,
ਅਗਿਆਨ ਦਾ ਹਨੇਰਾ, ਜੜ੍ਹ ਤੋਂ ਮਿਟਾਓ ਦੋਸਤੋ।

ਕਾਗਜ਼ ਦੇ ਪੁਤਲੇ ਸਾੜਿਆਂ ਸੜਨੀ ਨਹੀਂ ਬੁਰਾਈ,
ਰਾਵਣ ਅਜੇ ਥਾਂ ਥਾਂ ਖੜੇ,ਫੜ ਕੇ ਮੁਕਾਓ ਦੋਸਤੋ।

ਉੱਠੋ ਕਿ ਸਾਰੇ ਇੱਸ ਤਰ੍ਹਾਂ ਹੱਥੀਂ ਮਸ਼ਾਲਾਂ ਬਾਲ ਕੇ,
ਕਾਲਖਾਂ ਨੂੰ ਰੌਸ਼ਣੀ ਦੇ ਰਾਹ ਵਿਖਾਓ ਦੋਸਤੋ।

ਆਦਮੀ ਦਾ ਜਾਪਦੈ ਬਨਬਾਸ ਨਹੀਂ ਮੁਕਿਆ ਅਜੇ,
ਗੁੰਮ ਗਈ ਇਨਸਾਨੀਅਤ ਵਾਪਿਸ ਲਿਆਓ ਦੋਸਤੋ।

ਨਾ ਰਹੇ ਹੁਣ ਭੁੱਖ ਮਰੀ, ਕੋਈ ਰੁਲੇ ਨਾ ਫੁੱਟ ਪਾਥ ਤੇ,
ਝੁੱਗੀਆਂ ਤੇ ਮਹਿਲ ਦੇ, ਪਾੜੇ ਮੁਕਾਓ ਦੋਸਤੋ ।

ਰਾਮ ਰਾਜ ਨਾਲੋਂ ਅੱਜ ਲੋੜ ਲੋਕ ਰਾਜ ਦੀ ਬੜੀ ,
ਹਾਕਮਾਂ ਦੇ ਕਿਸਤਰ੍ਹਾਂ, ਕੰਨਾਂ ਚ, ਪਾਓ ਦੋਸਤੋ।

ਦੀਵਿਆਂ ਦੀ ਪਾਲ ਬਾਲੋ ,ਮੋੜ ਤੇ ਹਰ ਗਲੀ ਤੇ,
ਨਫਰਤਾਂ ਨੂੰ ਤਿਆਗ ਕੇ ਖੁਸ਼ੀਆਂ ਮਨਾਓ ਦੋਸਤੋ।

ਰਾਵਣ

ਬਣ ਕਾਗਜ਼ ਦਾ ਪੁਤਲਾ ਰਾਵਣ,
ਸਾਲੋ ਸਾਲ ਹੀ ਸੜਦਾ ਰਾਵਣ,

ਸਾੜ ਕੇ ਲੋਕੀਂ ਖੁਸ਼ੀ ਮਨਾਉੰਦੇ,
ਪਰ ਅਸਲੀ ਨਾ ਸੜਦਾ ਰਾਵਣ,

ਪਹਿਣ ਮਖੌਟੇ ਨਵੇਂ ਨਵੇਂ ਨਿੱਤ,
ਹੈ ਕਈ ਭੇਸ ਬਦਲਦਾ ਰਾਵਣ।

ਚਿੱਟੇ ਦਿਨ ਹੀ ਬਿਨਾਂ ਖੌਫ ਤੋਂ,
ਨਿੱਤ ਅਬਲਾਂਵਾਂ ਛਲਦਾ ਰਾਵਣ।

ਨਹੀਂ ਸੜਦਾ ਬਦੀਆਂ ਦਾ ਰਾਵਣ,
ਫਿਰਦਾ ਮਸਤ ਮਚਲਲਦਾ ਰਾਵਣ।

ਬਣ ਕਾਗਜ਼ ਦਾ ਪੁਤਲਾ ਰਾਵਣ,
ਸਾਲੋ ਸਾਲ ਹੀ ਸੜਦਾ ਰਾਵਣ।
29/10/2016

ਯੂਨੀ ਕੋਡ
ਰਵੇਲ ਸਿੰਘ, ਇਟਲੀ

ਯੂਨੀ ਕੋਡ ਅਪਨਾਓ ਯਾਰੋ
ਯੂਨੀ ਕੋਡ ਅਪਨਾਓ ਯਾਰੋ।
ਹੁਣ ਨਾ ਦੇਰ ਨਾ ਲਗਾਓ ਯਾਰੋ।
ਵੱਢ ਦੇਵੋ ਫੋਂਟਾਂ ਦਾ ਫਸਤਾ,
ਮਿਲਕੇ ਜ਼ੋਰ ਲਗਾਓ ਯਾਰੋ,
ਥੋੜ੍ਹੀ ਮਿਹਣਤ,ਥੋੜ੍ਹਾ ਉੱਦਮ,
ਕਰਕੇ ਜ਼ਰਾ ਵਿਖਾਓ ਯਾਰੋ,
ਛੋਡ ਦਿਓ ਟੇਢੇ ਮੇਢੇ ਰਸਤੇ,
ਸਿੱਧੇ ਰਾਹ ਪੈ ਜਾਓ ਯਾਰੋ,
ਕਿਹੜਾ ਕੰਮ ਜੋ ਹੋ ਨਹੀਂ ਸਕਦਾ,
ਐਵੇਂ ਨਾ ਘਬਰਾਓ ਯਾਰੋ,
ਲੇਖਕ ਹੋ, ਨਹੀਂ ਐਰੇ ਗੈਰੇ,
ਇੱਸ ਮਨ ਨੂੰ ਸਮਝਾਓ ਯਾਰੋ,
ਤੁਸੀਂ ਤਾਂ ਚਾਨਣ ਦੇ ਵਣਜਾਰੇ,
ਸੱਭ ਸੂਰਜ ਬਣ ਜਾਓ ਯਾਰੋ,
ਦੀਵੇ ਦੇ ਸੰਗ ਦੀਵੇ ਬਾਲੋ,
ਧਰਤੀ ਨੂੰ ਰੁਸ਼ਨਾਓ ਯਾਰੋ,
ਮੌਕਾ ਨਾ ਕੋਈ ਹੱਥੋਂ ਖੁੰਝੇ,
ਐਸੀ ਸੋਚ ਬਨਾਓ ਯਾਰੋ,
ਨਾਲ ਸਮੇਂ ਦੇ ਮਿਲ ਕੇ ਚੱਲੋ,
ਪਿੱਛੇ ਪੈਰ ਨਾ ਪਾਓ ਯਾਰੋ,
ਯੂਨੀ ਕੋਡ ਅਪਨਾਓ ਯਾਰੋ,
ਹੁਣ ਨਾ ਦੇਰ ਲਗਾਓ ਯਾਰੋ।
30/09/16

ਨਵਾਂ ਮਾਹੀਆ
ਰਵੇਲ ਸਿੰਘ, ਇਟਲੀ

ਜਾਣਾ ਜੋਬਣ ਰੁਲ਼ ਮਾਹੀਆ,
ਵਿੱਚ ਵੇ ਸਲ੍ਹਾਬੇ ਦੇ,
ਜਿਉਂ ਗੁੜ ਜਾਂਦਾ ਘੁਲ਼ ਮਾਹੀਆ।
ਗੋਰੇ ਮੁੱਖ ਉੱਤੇ ਤਿਲ ਮਾਹੀਆ,
ਤੇਰੀਆਂ ਨੇ ਖੁਸ਼ ਅੱਖੀਆਂ,
ਸਾਡਾ ਰੋਂਦਾ ਵੇਖ ਦਿਲ ਮਾਹੀਆ।
ਗਿਆ ਤਨ ਵਿੱਚ ਘੁਲ ਮਾਹੀਆ,
ਸਾਡੇ ਸੁੱਚੇ ਇਸ਼ਕੇ ਦਾ,
ਤੂੰ ਪਾਇਆ ਕੀ ਵੇ ਮੁੱਲ ਮਾਹੀਆ।
ਗਏ ਬੀੜੇ ਸਾਰੇ ਖੁਲ੍ਹ ਮਾਹੀਆ,
ਤੇਰੇ ਸ਼ਹਿਰਾਂ ਗਲੀਆਂ ਦੇ ,
ਨੇ ਦੀਵੇ ਹੋ ਗਏ ਗੁੱਲ ਮਾਹੀਆ।
ਮੋਤੀਏ ਦਾ ਫੁੱਲ ਮਾਹੀਆ,
ਮੇਰੀਆਂ ਵੇ ਅੱਖਾਂ ਮੋਟੀਆਂ,
ਤੇਰੇ ਮੋਟੇ ਮੋਟੇ ਬੁੱਲ ਮਾਹੀਆ।
ਪੱਥਰ ਦੀ ਸਿਲ ਮਾਹੀਆ,
ਰਹੁ ਪ੍ਰਦੇਸੀਂ ਫਿਰਦਾ,
ਕਿਤੇ ਸਾਨੂੰ ਨਾ ਹੀ ਮਿਲ ਮਾਹੀਆ,
ਨਾ ਪਾਂਵੀਂ ਹੋਰ ਫਿੱਕ ਮਾਹੀਆ,
ਸ਼ੌਕ ਤੈਨੂੰ ਲਿਖਣੇ ਦਾ,
ਤਾਂ ਫੋਕੀਆਂ ਨਾ ਮਾਰ ਅੜਿਆ,
ਚੰਗੀ ਤਰ੍ਹਾਂ ਲਿਖ ਮਾਹੀਆ।
ਮਲਮਲ ਦਾ ਪੋਣਾ ਮਾਹੀਆ.
ਆ ਗਈਆਂ ਨੇ ਚੋਣਾਂ ਸੁਹਣਿਆ.
ਹੁਣ ਸਾਨੂੰ ਇਵੇਂ ਲੱਗਦਾ,
ਤੂੰ ਵੀ ਚੋਣਾਂ ਚ ਖਲੋਣਾ ਮਾਹੀਆ।
ਲੀਡਰਾਂ ਦੀ ਬੱਸ ਮਾਹੀਆ,
ਕੁਰਸੀ ਦਾ ਰੋਗ ਚੰਦਰਾ,
ਜਾਪੇ ਤੈਨੂੰ ਲੱਗ ਵੇ ਗਿਆ,
ਸੱਚੋ ਸੱਚ ਦੱਸ ਮਾਹੀਆ।
08/08/16

ਪੱਥਰ
ਰਵੇਲ ਸਿੰਘ, ਇਟਲੀ

ਵੇਖੋ ਯਾਰੋ ਆਪਣਿਆਂ ਨੂੰ,
ਆਪਣਿਆਂ ਨੇ ,
ਆਪੇ ਪੱਥਰ ਮਾਰੇ ।
ਪੱਥਰਾਂ ਦੇ ਸੰਗ ਖਹਿੰਦੇ ਪੱਥਰ ,
ਹਰ ਥਾਂ ਅੱਗ ਵਰਸਾਉੰਦੇ ਪੱਥਰ,
ਡੁੱਬਦੀ ਬੇੜੀ ਵੇਖ ਕੇ ਹੱਸਣ,
ਪੱਥਰ ਬੈਠ ਕਿਨਾਰੇ ।
ਅੱਜ ਦੇ ਸ਼ਿਬਲੀ ਹੋ ਗਏ ਪੱਥਰ ,
ਫੁੱਲਾਂ ਦੀ ਥਾਂ ਮਾਰਣ ਪੱਥਰ,
ਪਿਆ ਮਨਸੂਰ ਪੁਕਾਰੇ ।
ਧਰਮ ਦੇ ਨਾਂ ਤੇ ਪੱਥਰ ਫੜਦੇ,
ਪੁੱਠਾ ਸਬਕ ਧਰਮ ਦਾ ਪੜ੍ਹਦੇ ,
ਪੱਥਰ ਦੇ ਇਨਸਾਨ ਹੋ ਗਏ ,
ਪੱਥਰ ਹੀ ਫੁਰਮਾਨ ਹੋ ਗਏ ,
ਛੱਤਾਂ ਚਾਰ ਦੀਵਾਰੀ ਪੱਥਰ ,
ਬੈਠੇ ਪੈਰ ਪਸਾਰੀ ਪਥਰ ,
ਹੁਣ ਤਾਂ ਥਾਂ ਥਾਂ ਵਰ੍ਹਦੇ ਪੱਥਰ ,
ਕਹਿਰ ਨਾ ਕਰਨੋਂ ਡਰਦੇ ਪੱਥਰ,
ਸਰਕਾਰੇ ਦਰਬਾਰੇ।
ਕੋਈ ਤਾਂ ਜੇਰਾ ਕਰਦੇ ਪੱਥਰ,
ਕੋਈ ਛਾਤੀ ਤੇ ਧਰਦੇ ਪੱਥਰ,
ਲੰਮੇ ਕਰਕੇ ਜੇਰੇ ਪੱਥਰ ,
ਸ਼ਾਮੀਂ ਅਤੇ ਸਵੇਰੇ ਪੱਥਰ ,
ਬੰਦੇ ਹੋ ਗਏ ਕੱਖੋਂ ਹੌਲੇ ,
ਪੱਥਰ ਹੋ ਗਏ ਭਾਰੇ ।
ਕਲਮਾਂ ਪੱਥਰ , ਲਿਖਤਾਂ ਪੱਥਰ,
ਤੱਕ ਤੱਕ ਹੋ ਗਈਆਂ ਅੱਖਾਂ ਪੱਥਰ,
ਸੋਚਾਂ ਪੱਥਰ ,ਸੱਧਰਾਂ ਪੱਥਰ,
ਸੁਣ ਸੁਣ ਹੋ ਗਏ ਖਬਰਾਂ ਪੱਥਰ ,
ਪਰ ਨਾ ਪੱਥਰ ਹਾਰੇ ।
ਰੱਖ ਜਾਂਦੇ ਨੀਂਹ ਪੱਥਰ ਨੇਤਾ,
ਤੁਰ ਜਾਂਦੇ ਪੱਥਰ ਦਿਲ ਨੇਤਾ,
ਪੱਥਰ ਬਣੇ ਉਡੀਕਣ ਲੋਕੀਂ,
ਸਾਲੋ ਸਾਲ ਖੜੇ ਨੀਂਹ ਪੱਥਰ,
ਚੌਂਕਾਂ ਵਿੱਚ ਖਲ੍ਹਾਰੇ ।
ਕਦ ਤੱਕ ਬਣੇ ਰਹਿਣ ਗੇ ਪੱਥਰ,
ਕਦ ਤੱਕ ਸੱਟਾਂ ਸਹਿਣ ਗੇ ਪੱਥਰ ,
ਪੱਥਰ ਕਦ ਬੋਲਣ ਗੇ ਕੁੱਝ ,
ਝੂਠ ਦੇ ਪਰਦੇ ਫੋਲਣ ਗੇ ਕੁੱਝ ,
ਕੀਤੇ ਮੰਦੇ ਕਾਰੇ ।
ਉੱਠੋ ਯਾਰੋ ਉੱਠੋ ਯਾਰੋ ,
ਪੱਥਰ ਬਣ ਨਾ ਸਮਾ ਗੁਜ਼ਾਰੋ ,
ਪੱਥਰ ਸਾਰੇ ਕੂਕ ਰਿਹਾ ਹੈ,
ਕੋਮਲ ਕਲੀਆਂ ਫੂਕ ਰਿਹਾ ਹੈ ,
ਰਲ ਕੇ ਦੂਰ ਹਟਾਓ ਪੱਥਰ
ਰਾਹਾਂ ਵਿੱਚ ਖਿਲਾਰੇ ।
26/05/16

 

ਜੇਰਾ ਰੱਖੀਂ ਮਿੱਤਰਾ
ਰਵੇਲ ਸਿੰਘ, ਇਟਲੀ

ਜੇਰਾ ਰੱਖੀਂ ਮਿੱਤਰਾ, ਇੱਕ ਦਿਨ ਮੈਂ ਆਵਾਂਗਾ।
ਮੁੜ ਗਲਵੱਕੜੀ, ਇੱਕ ਦਿਨ ਮੈਂ ਪਾਵਾਂਗਾ।

ਜਿਉਂ ਅੰਬਰ ਤੇ ਧਰਤੀ, ਦਿੱਸ ਹਿੱਦੇ ਤੇ ਮਿਲਦੇ ਨੇ,
ਪੱਤ ਝੜ ਪਿੱਛੋਂ ਫੁੱਲ ਬਸੰਤੀ, ਜਿਉਂ ਖਿਲਦੇ ਨੇ,
ਤੈਨੂੰ ਮਿਲ ਕੇ ਮੈਂ ਵੀ ਏਦਾਂ ਹੀ ਖਿਲ ਜਾਵਾਂਗਾ।
ਜੇਰਾ ਰੱਖੀਂ ਮਿੱਤਰਾ ਇੱਕ ਦਿਨ, ਮੈਂ ਆਵਾਂਗਾ।

ਮਜਬੂਰੀ ਦੇ ਸੰਗਲ ਵੀ,ਆਖਰ ਟੁਟ ਹੀ ਜਾਣੇ ਨੇ,
ਉਡੀਕਾਂ ਦੇ ਦਿਨ ਵੀ, ਆਖਰ ਮੁੱਕ ਹੀ ਜਾਣੇ ਨੇ,
ਮੁੜ ਇੱਕ ਵਾਰੀ ਆ ਕੇ, ਯਾਦ ਬਨਾ ਜਾਵਾਂਗਾ।
ਜੇਰਾ ਰੱਖੀਂ ਮਿਤ੍ਰਾ, ਇੱਕ ਦਿਨ ਮੈਂ ਆਂਵਾਂਗਾ।

ਇਹ ਮਜਬੂਰੀ ਮਾਰਾ ਬੰਦਾ, ਰਹਿੰਦਾ ਆਸ ਸਹਾਰੇ,
ਆਸਾਂ ਬਣ ਕੇ ਚਮਕਣਗੇ, ਚਾਨਣ ਦੇ ਲਸ਼ਕਾਰੇ,
ਯਾਦਾਂ ਦਾ ਮੁੜ ਆ ਕੇ, ਮੈਂ ਦੀਪ ਜਗਾਵਾਂਗਾ।
ਜੇਰਾ ਰੱਖੀਂ ਮਿੱਤਰਾ, ਇੱਕ ਦਿਨ ਮੈਂ ਆਂਵਾਂਗਾ।

ਇਹ ਸਮਿਆਂ ਦੀ ਗੱਲ ਹੈ ਹਰ ਮੁਸ਼ਕਿਲ ਦਾ ਹੱਲ ਹੈ,
ਜੇ ਕੋਈ ਘਬਰਾਵੇ, ਰਾਹ ਵਿੱਚ ਹੀ ਰਹਿ ਜਾਵੇ,
ਜਿੰਨੀ ਨਿਭੀ ਹੈ ਸੁਹਣੀ,ਰਹਿੰਦੀ ਤੋੜ ਨਿਭਾਵਾਂਗਾ।
ਜੇਰਾ ਰੱਖੀਂ ਮਿੱਤਰਾ, ਇੱਕ ਦਿਨ, ਮੈਂ ਆਵਾਂਗਾ।
ਮੁੜ ਗਲਵੱਕੜੀ,ਇੱਕ ਦਿਨ, ਮੈਂ ਪਾਂਵਾਂਗਾ।
31/3/16

 

ਪੱਗ
ਰਵੇਲ ਸਿੰਘ, ਇਟਲੀ

ਭਾਂਵੇਂ ਹੋਵੇ ਪੋਚਵੀਂ ਭਾਂਵੇ ਹੋਵੇ ਪੇਚ ਦਾਰ ,
ਪੱਗ ਨੇ ਹੈ ਸਿੱਖ ਦੀ , ਸੂਰਤ ਸ਼ਿੰਗਾਰੀ ।
ਸਿਰ ਉੱਤੇ ਕੇਸ ਹੋਣ ,ਦਾੜ੍ਹੇ ਨਾਲ ਫੱਬਦੀ ,
ਪੱਗ ਨਾਲ ਸੋਭਦੀ ਹੈ, ਸਿੱਖੀ ਸਰਦਾਰੀ ।
ਪੱਗ ਹੈ ਮਹਾਨ ,ਸਦਾ ਖਾਲਸੇ ਦੀ ਸ਼ਾਨ ,
ਪੱਗ ਜਾਣੀ ਚਾਹੀਦੀ ਹੈ ਸਦਾ ਸਤਿਕਾਰੀ ।
ਪੱਗ ਨਾਲ ਵੱਖਰਾ ਹੈ ਟੌਹਰ ਸਰਦਾਰ ਦਾ ,
ਪੱਗ ਦੀ ਮਹਾਣਤਾ ਤੇ ਕੀਮਤ ਹੈ ਭਾਰੀ ।
ਕੇਸਾਂ ਦੀ ਸੰਭਾਲ ਲਈ , ਪੱਗ ਹੈ ਜਰੂਰੀ,
ਪੱਗ ਹੁੰਦੀ ਸਿੱਖ ਨੂੰ ਹੈ ,ਜਾਨ ਤੇਂ ਪਿਆਰੀ ।
ਪੱਗ ਦੀ ਸੰਭਾਲ ਹੋਵੇ ,ਪੱਗ ਦਾ ਖਿਆਲ ਹੋਵੇ ,
ਜਾਵੇ ਨਾ ਇਹ ਪੱਗ ਕਦੇ ਕਿਸੇ ਦੀ ਉਤਾਰੀ ।
ਪੰਜੇ ਹੀ ਕੱਕਾਰ ਸੁਹਣੇ ਲੱਗਦੇ ਨੇ ਪੱਗ ਨਾਲ ,
ਰੰਗਾਂ ਤੇ ਸੁਰੰਗਾਂ ਦੀ ਇਹ ਸੱਜੇ ਫੁੱਲ ਵਾੜੀ ।
ਬੜਾ ਉਪਕਾਰ ਕੀਤਾ ,ਖਾਲਸੇ ਤੇ ਮੇਹਰ ਕੀਤੀ ,
ਬਾਜਾਂ ਵਾਲੇ ਬਖਸ਼ੀ ਹੈ ਦਾਤ ਇਹ ਨਿਆਰੀ ।
14/03/2016

ਵੇਖ ਆਇਆਂ ਪੰਜਾਬ
ਰਵੇਲ ਸਿੰਘ, ਇਟਲੀ

ਵੇਖ ਆਇਆਂ ਪੰਜਾਬ ਆਪਣਾ , ਵੇਖ ਆਇਆਂ ਪੰਜਾਬ ।
ਲੱਗਦਾ ਹੈ ਕੁਮਲਾਇਆ ਹੋਵੇ , ਜਿਊਂ ਕੋਈ ਫੁੱਲ ਗੁਲਾਬ ।
ਬੇ ਸਿਰਨਾਂਵੀਂ ਚਿੱਠੀ ਵਾਂਗੋਂ , ਜਾਂ ਫਿਰ ਫ਼ਟੀ ਕਿਤਾਬ ।
ਰੰਗਲੇ ਹੱਸਦੇ ਦੇਸ਼ ਮੇਰੇ ਦਾ , ਮੱਠਾ ਪਿਆ ਸ਼ਬਾਬ ।
ਨਸਿ਼ਆਂ ਵਿੱਚ ਜਵਾਨੀ ਡੁੱਬੀ ਪਿੱਛੇ ਪਈ ਸ਼ਰਾਬ ।
ਨੇਤਾ ਹਾਕਮ ਨਾਦਰ ਬਣ ਗਏ , ਫਿਰਦੇ ਵਾਂਗ ਨਵਾਬ ।
ਦਿਨੇ ਦਿਹਾੜੇ ਲੁੱਟਾਂ ਖੋਹਾਂ , ਹਰ ਥਾਂ ਬੇ ਹਿਸਾਬ ।
ਨਾ ਪਿੱਪਲ ਨਾਂ ਬੋਹੜਾਂ ਲੱਭੀਆਂ , ਨਾ ਹੀ ਛੱਪੜ ਢਾਬ ।
ਉੱਚੀਆਂ ਬਣੀਆਂ ਬਹੁਤ ਕੋਠੀਆਂ ਪਰ ਨਾ ਗਈ ਸਲ੍ਹਾਬ ।
ਸਹਿਕ ਰਹੀ ਕਿਰਸਾਣੀ ਵੇਖੀ , ਹੁੰਦੀ ਖੇਹ ਖਰਾਬ ।
ਧਰਮ ਕਰਮ ਦਿਆਂ ਠੇਕੇਦਾਰਾਂ ਪਾਇਆ ਅਜਬ ਨਕਾਬ ।
ਸੱਭਿਆਚਾਰ ਦੀ ਮਿੱਟੀ ਬਲਦੀ , ਨਾਲੇ ਅਦਬ ਅਦਾਬ ।
ਖੋਹ ਲਿਆ ਕਿਸੇ ਕੁਲਹਿਣੇ ਲੱਗਦਾ ਲੱਗਾ ਖੰਭ ਸੁਰਖ਼ਾਬ ।
ਮੈਂ ਮੁੜ ਆਇਆਂ ਹਾਂ ਵਾਪਸ ਛੇਤੀ ਝੁਲਸੇ ਵੇ਼ਖ ਖੁਆਬ ।
ਵਾਪਸ ਆ ਕੇ ਸੋਚ ਰਿਹਾ ਹਾਂ , ਮੈਂ ਤਾਂ ਇਹੋ ਜਨਾਬ ।
ਰੰਗਾਂ ਦੀ ਧਰਤੀ ਤੇ ਵੇਖੇ , ਦੁੱਖਾਂ ਭਰੇ ਤਲਾਬ ।
ਮਿੱਟੀ ਪੰਜ ਦਰਿਆਂਵਾਂ ਦੀ , ਝੱਲੇ ਜਦੋਂ ਅਜ਼ਾਬ ।
ਪੀੜ ਪਰੁੱਚੇ ਖੰਭਾਂ ਵਾਲਾ , ਉ ੱਡੇ ਕਿਵੇਂ ਉਕਾਬ ।
ਨਾਨਕ ਬੁਲ੍ਹਾ ਵਾਰਸ ਝੂਰਣ , ਰਾਵੀ ਅਤੇ ਚਨਾਬ ।
ਵੇਖ ਆਇਆਂ ਪੰਜਾਬ ਆਪਣਾ ਵੇਖ ਆਇਆਂ ਪੰਜਾਬ ।
13/10/15

 

ਵਿਅੰਗ
ਕਾਲੇ ਧੱਨ ਦੀ ਵਾਪਸੀ
ਰਵੇਲ ਸਿੰਘ, ਇਟਲੀ

ਕਾਲੇ ਧੱਨ ਦੀ ਮਿਲੀ ਹੈ ,ਲਿਸਟ ਸੁਣਕੇ ,
ਖੁਸ਼ੀ ਹੋਈ ਹੈ ਜਾਪਦੀ ਸਾਰਿਆਂ ਨੂੰ ।

ਗੁਪਤ ਮਾਲ ਵਿਦੇਸ਼ਾਂ ਦੇ ਵਿੱਚ਼ ਦੱਬਿਆ ,
ਵਾਪਿਸ ਮੁੜੇ ਗਾ ਫਿਰ ਦੁਆਰਿਆਂ ਨੂੰ ।

ਹੋਣੀ ਪੁੱਛ ਪੜਤਾਲ ਹੈ ਮੁਨਿਸਫਾਂ ਤੋਂ ,
ਬਹਿਕੇ ਰੋਣ ਗੇ ਕੀਤਿਆਂ ਕਾਰਿਆਂ ਨੂੰ ।

ਹਾਕਾਂ ਮਾਰ ਕੇ ਵੰਡਣਾ ਦੇਸ਼ ਅੰਦਰ ,
ਹਿੱਸਾ ਮਿਲੇਗਾ ਸ਼ਹਿਰੀਆਂ ਸਾਰਿਆਂ ਨੂੰ ।

ਰੋਟੀ ਮਿਲੇਗੀ ਰੱਜ ਕੇ ਕਾਮਿਆਂ ਨੂੰ ,
ਚਾਨਣ ਮਿਲੇ ਗਾ ਝੁੱਗੀਆਂ ਢਾਰਿਆਂ ਨੂੰ ।

ਜਦੋਂ ਸੱਪਾਂ ਦੀ ਖੁੱਡ ਵਿੱਚ ਹੱਥ ਪਾਇਆ ,
ਵੇਖੀਂ ਜਾਈਂ ਹੁਣ ਜ਼ਰਾ ਫੁੰਕਾਰਿਆਂ ਨੂੰ ।

ਬੜੇ ਉਨ੍ਹਾਂ ਨੇ ਬਚਨ ਦੇ ਰਾਹ ਰੱਖੇ ,
ਟਾਕੀ ਲਾਣ ਜੋ ਅਰਸ਼ ਦੇ ਤਾਰਿਆਂ ਨੂੰ ।

ਛੱਡ ਦੇ ਉਮੀਦ ਇਹ ਪੀਰ ਬਖਸ਼ਾ ,
ਗੱਫੇ ਮਿਲਣ ਗੇ ਭੁੱਖ ਦੇ ਮਾਰਿਆਂ ਨੂੰ ।
12/11/14

ਮਾਂ ਦਾ ਦਿਲ
ਰਵੇਲ ਸਿੰਘ ਇਟਲੀ

ਮਾਂ ਦੇ ਮੋਹ ਮਮਤਾ ਦੇ ਪਿਆਰ ਵਿੱਚ ਭਿੱਜੀ ਇਹ ਭਾਵ ਭਿੰਨੀ ਉਰਦੂ ਭਾਸ਼ਾ ਵਿੱਚ ਕਿਸੇ ਅਗਿਆਤ ਕਵੀ ਦੀ ਰਚਨਾ ਮੈਂ ਪੜ੍ਹੀ ਸੀ ਤੇ ਕਿਸੇ ਵਧੀਆ ਗੀਤਕਾਰ ਵੱਲੋਂ ਇਹ ਕਵਿਤਾ ਸੰਗੀਤ ਬੱਧ ਹੋਈ ਵੀ ਕਿਤੇ ਸੁਣੀ ਹੈ । ਜਿੱਸ ਨੂੰ ਅਪਨੀ ਪੰਜਾਬੀ ਮਾਂ ਬੋਲੀ ਵਿੱਚ ਕਾਵਿ ਸ਼ਬਦਾਂ ਵਿੱਚ ਜੜ ਕੇ ਮੈਂ ਅਪਨੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਤੇ ਆਸ ਕਰਦਾ ਹਾਂ ਉਹ ਇੱਸ ਨੂੰ ਪੜ੍ਹ ਕੇ ਇੱਸ ਤੋਂ ਮਾਂ ਦੇ ਨਿਸ਼ਕਾਮ ਮੋਹ, ਪਿਆਰ ਪ੍ਰਤੀ ਸਿਖਿਆ ਲੈਣ ਦਾ ਯਤਨ ਕਰਨ ਗੇ ।

ਇੱਕ ਗਭਰੂ ਦਾ ਹੋ ਗਿਆ ਕਹਿੰਦੇ ਹੁਸਨ ਪਰੀ ਨਾਲ ਪਿਆਰ ,
ਗਭਰੂ ਆਖੇ ਹੁਸਨ ਪਰੀ ਨੂੰ ਕਰਦਾ ਇਹ ਇੱਕਰਾਰ ।
ਇੱਸ ਦੁਨੀਆਂ ਦੀ ਸਾਰੀ ਦੌਲਤ , ਤੈਥੋਂ ਦਿਆਂ ਮੈਂ ਵਾਰ ,
ਹੁਕਮ ਕਰੇਂ ਜੋ , ਦੇਰ ਨਾ ਲਾਂਵਾਂ ਮੈਨੂੰ ਜ਼ਰਾ ਵੰਗਾਰ ।
ਅਰਸ਼ੋਂ ਤਾਰੇ ਤੋੜ ਲਿਆਵਾਂ ਗਲ਼ ਵਿੱਚ ਪਾ ਦਿਆਂ ਹਾਰ ,
ਚੰਨ ਲਿਆ ਕੇ ਜੇ ਤੂੰ ਆਖੇਂ , ਮੱਥਾ ਦਿਆਂ ਸ਼ੰਗਾਰ ।
ਰੁਤਾਂ ਦੇ ਫੁੱਲ ਤੋੜ ਲਿਆਵਾਂ ਮਹਿਕਾਂ ਦਿਆਂ ਖਲਾਰ ,
ਪਰਬਤ ਸਾਗਰ ਚੀਰ ਕੇ ਜਾਵਾਂ ਕਦੇ ਨਾ ਮੰਨਾਂ ਹਾਰ ।
ਤੇਰੀ ਪ੍ਰੀਤ ਹੁਸਨ ਤੋਂ ਸਦਕੇ ਕੀ ਕਰਨਾ ਸੰਸਾਰ ,
ਹੁਸਨ ਪਰੀ ਮਨ ਅੰਦਰ ਹੱਸੇ ਸੁਣ ਕੇ ਕੌਲ ਕਰਾਰ ।
ਮਨ ਵਿਚ ਸੋਚੇ ਇੱਸ ਗੱਭਰੂ ਤੇ ਹੋ ਗਿਆ ਇਸ਼ਕ ਸੁਵਾਰ ,
ਇਸ਼ਕ ਰੋਗ ਵਿੱਚ ਅੰਨ੍ਹਾ ਹੋਇਆ ਲਗਦਾ ਹੈ ਬੀਮਾਰ ।
ਇੱਸ ਰੋਗੀ ਨੂੰ ਅਸਲ ਇਸ਼ਕ ਦੀ ਲਗਦੀ ਨਹੀਂ ਕੋਈ ਸਾਰ ,
ਕਹਿਣ ਲੱਗੀ ਤੂੰ ਰਹਿਣ ਦੇ ਸੱਭ ਕੁੱਝ ਗੱਪ ਨਾ ਏਡੀ ਮਾਰ ।
ਤੂੰ ਕੀ ਜਾਣੇਂ ਸਾਰ ਹੁਸਣ ਦੀ ਛੱਡ ਦੇ ਸੱਭ ਤਕਰਾਰ ,
ਮੈਂ ਤਾਂ ਭੁੱਖੀ ਕਈ ਦਿਨਾਂ ਤੋਂ ਹੋ ਗਈ ਬੜੀ ਲਾਚਾਰ ।
ਮਾਂ ਅਪਨੀ ਦਾ ਦਿੱਲ ਲਿਆ ਕੇ ਮੇਰੀ ਭੁੱਖ ਉਤਾਰ ,
ਤਾਂ ਮੈਂ ਮੰਨਾਂ ਇੱਸ਼ਕ ਤੇਰੇ ਨੂੰ ਜਾਵਾਂ ਮੈਂ ਬਲਿਹਾਰ ।
ਸੁਣ ਕੇ ਤੁਰਿਆ ਵਾਹੋ ਦਾਹੀ ਜਾ ਪਹੁੰਚਾ ਘਰ ਬਾਰ ,
ਮਾਂ ਦੇ ਮੋਹ ਨੂੰ ਛਿੱਕੇ ਟੰਗ ਕੇ , ਭੁੱਲ ਸਾਰਾ ਸਤਿਕਾਰ ।
ਚਾਕੂ ਫੜਕੇ ਬੇ ਕਿਰਕੇ ਨੇ ਕੀਤਾ ਡਾਢਾ ਵਾਰ ,
ਕੱਢ ਲਿਆ ਦਿਲ ਮਾਂ ਅਪਨੀ ਦਾ ਸੱਭ ਕੁੱਝ ਮਨੋਂ ਵਿਸਾਰ ।
ਮੁੜਿਆ ਵਾਪਸ ਫੜੀ ਕਾਲਜਾ ਫੜ ਡਾਢੀ ਰਫਤਾਰ ,
ਰਾਹ ਵਿਚ ਜਾਂਦਾ ਕਾਹਲੀ ਦੇ ਵਿੱਚ ਡਿੱਗਾ ਮ੍ਹੂੰਹ ਦੇ ਭਾਰ ।
ਮਾਂ ਮਰ ਜਾਂਵਾਂ ਸੱਟ ਨਾ ਲੱਗੀ ਦਿੱਲ ਨੇ ਕਿਹਾ ਪੁਕਾਰ ,
ਇਸ਼ਕ ਦੇ ਅੰਦਰ ਅਨ੍ਹਾ ਬੋਲਾ ਭੁਲ ਗਿਆ ਮਾਂ ਦਾ ਪਿਆਰ ।
ਵਿੱਚ ਖੁਸ਼ੀ ਦੇ ਜਾ ਜਦ ਪਹੁੰਚਾ ਹੁਸਨ ਪਰੀ ਦਰਬਾਰ ,
ਵੇਖ ਕੇ ਬੋਲੀ ਹੁਸਨ ਪਰੀ ਤੇ ਝਟ ਪਾਈ ਫਿਟਕਾਰ ।
ਅਕ੍ਰਿਤ ਘਣਾ ਤੂੰ ਮੇਰੀ ਖਾਤ੍ਰ ਭੁੱਲ ਗਿਓਂ ਮਾਂ ਦਾ ਪਿਆਰ ,
ਮੇਰੀ ਖਾਤ੍ਰ ਮਾਂ ਦਾ ਕਾਤਿਲ ਭੁਲਿਓਂ ਸੱਭ ਉਪਕਾਰ ।
ਮੈਨੂੰ ਵੀ ਭੁੱਲ ਜਾਂਵੇਂ ਗਾ ਦੱਸ ਕੀ ਤੇਰਾ ਇੱਤਬਾਰ ,
ਮੁੜ ਜਾ ਪਿੱਛੇ ਆਇਆਂ ਜਿਧਰੋਂ ਮੈਂ ਨਾ ਸਕਾਂ ਸਹਾਰ ।
ਹੋ ਗਈ ਉਲਟੀ ਪਿਆਰ ਕਹਾਣੀ ਰੋਇਆ ਜ਼ਾਰੋ ਜ਼ਾਰ ,
ਮਾਂ ਦਾ ਕੀਤਾ ਜੋ ਭੁੱਲ ਜਾਂਦੇ ਡੁਬਦੇ ਅੱਧ ਵਿੱਚ ਕਾਰ ।
ਮਾਂ ਦਾ ਜੇਰਾ ਪਰਬਤ ਹੁੰਦਾ ਵੱਖਰੀ ਮੌਜ ਬਹਾਰ ,
ਮਾਂ ਦੇ ਕਹਿਣੇ ਵਿਚ ਜੋ ਚਲਦੇ ਕਦੇ ਨਾ ਖਾਂਦੇ ਹਾਰ ।
ਮਾਂ ਦਾ ਕਰਜ਼ ਚੁਕਾਉਣਾ ਔਖਾ ਇੱਸ ਕਵਿਤਾ ਦਾ ਸਾਰ,
ਮਾਂ ਦਾ ਦਿਲ ਹੈ ਸਾਗਰ ਹੁੰਦਾ ਮੋਹ ਦਾ ਨਿਰਾ ਭੰਡਾਰ ।
ਲੱਖ ਕੁਰਬਾਨੀ ਦੇਈਏ ਬੇਸ਼ੱਕ ਕਦੇ ਨਾ ਉਤਰੇ ਭਾਰ ,
ਜੁਗ ਜੁਗ ਜੀਵੇ ਮਾਂ ਦਾ ਰਿਸ਼ਤਾ ਐ ਮੇਰੇ ਦਾਤਾਰ ।
09/08/14

 

ਵਿਅੰਗ
ਇਲਮਾਂ ਬਾਝੋਂ ਬੰਦਾ ਜ਼ੀਰੋ
ਰਵੇਲ ਸਿੰਘ ਇਟਲੀ

ਮੁਰਲੀ ਚਾਚਾ ਥੋੜ੍ਹਾ ਪੜ੍ਹਿਆ ਖਿੱਚ ਧੂ ਕੇ ਮਸਾਂ ਪੰਜਵੀਂ ਚੜ੍ਹਿਆ ।
ਰਹਿ ਗਿਆ ਚਾਚਾ ਅੱਧ ਵਿੱਚਕਾਰ ਪਰ ਸੀ ਪੜ੍ਹਿਆਂ ਵਿੱਚ ਸ਼ੁਮਾਰ ।
ਥੋੜ੍ਹਾਂ ਪੜ੍ਹਿਆ ਪਰ ਹੁਸਿ਼ਆਰ ਬਣ ਗਿਆ ਚਾਚਾ ਲੰਬੜ ਦਾਰ ।
ਵਿੱਚ ਮੁਹੱਲੇ ਗੰਗੋ ਤਾਈ , ਘਰ ਵਾਲੇ ਦੀ ਚਿੱਠੀ ਆਈ ।
ਚਾਚੇ ਨੂੰ ਘਰ ਕੱਲਾ ਜਾਣ , ਗੰਗੋ ਆ ਗਈ ਖੱਤ ਪੜ੍ਹਾਣ ।
ਆਖੇ ਦਿਓਰਾ ਏਧਰ ਆਈਂ , ਅੰਦਰ ਬਹਿ ਕੇ ਖੱਤ ਸੁਨਾਈਂ ।
ਤੇਰੇ ਤੇ ਮੈਨੂੰ ਇੱਤਬਾਰ , ਚਿੱਠੀ ਪੜ੍ਹ ਦੇ ਨਾਲ ਪਿਆਰ ।
ਚਾਚਾ ਲੱਗ ਪਿਆ ਖੱਤ ਸੁਨਾਣ , ਗੰਗੋ ਸੁਣਦੀ ਨਾਲ ਧਿਆਨ ।
ਬਾਹਰੋਂ ਜੱਦ ਸੀ ਚਾਚੀ ਆਈ ਘਰ ਵਿੱਚ ਆ ਜੱਦ ਝਾਤੀ ਪਾਈ ।
ਚਾਚੀ ਦਾ ਤੱਕ ਚੜ੍ਹਿਆ ਪਾਰਾ ,ਫੱਸ ਗਿਆ ਚਾਚਾ ਵਿੱਚ ਵਿਚਾਰਾ ।
ਚਾਚੀ ਆ ਗੰਗੋ ਨਾਲ ਲੜੀ , ਗੰਗੋ ਨੂੰ ਜਾ ਗੁੱਤੋਂ ਫੜੀ ।
ਗੰਗੋ ਨੂੰ ਆਖੇ ਬਦ ਕਾਰ , ਘਰ ਵਿੱਚ ਬੈਠੀ ਪੈਰ ਪਸਾਰ ।
ਗੰਗੋ ਰਹਿ ਗਈ ਹੱਕੀ ਬੱਕੀ , ਕੁੱਟ ਖਾ ਕੇ ਵੀ ਬੋਲ ਨਾ ਸਕੀ ।
ਗੰਗੋ ਦੀ ਕੋਈ ਪੇਸ਼ ਨਾ ਜਾਏ , ਚਾਚੀ ਨੂੰ ਕਿੱਦਾਂ ਸਸਮਝਾਏ ।
ਚਾਚੇ ਨੇ ਗੱਲ ਦੱਸੀ ਸਾਰੀ , ਚਾਚੀ ਹੋ ਗਈ ਚੁੱਪ ਵਿਚਾਰੀ ।
ਮਨ ਅੰਦਰ ਚਾਚੀ ਪਛਤਾਏ , ਗੰਗੋ ਨੂੰ ਗਲਵੱਕੜੀ ਪਾਏ ।
ਸੋਚੇ ਗੰਗੋ ਜੇ ਪੜ੍ਹ ਜਾਂਦੀ , ਕਿਉਂ ਸਾਡੇ ਘਰ ਝਗੜਾ ਪਾਂਦੀ ।
ਅਨ ਪੜ੍ਹ ਬੰਦਾ ਅਨ੍ਹਾਂ ਖਹੂ ਜਿਉਂ ਕੋਈ ਬੰਜਰ ਪਿੰਡ ਦੀ ਜੂਹ ।
ਕਾਲਾ ਅੱਖਰ ਮੱਝ ਬ੍ਰਾਬਰ ,ਅਨ ਪੜ੍ਹ ਨੂੰ ਕੋਈ ਦਏ ਨਾ ਆਦਰ ।
ਸੁਣ ਲਓ ਸਾਰੇ ਭੈਣੋ ਵੀਰੋ , ਇਲਮਾਂ ਬਾਝੋਂ ਬੰਦਾ ਜ਼ੀਰੋ ।
28/06/14

 

ਇਰਾਕ ਚ ਫਸੇ ਪੁੱਤਰ ਦੀ ਮਾਂ ਦਾ ਤਰਲਾ
ਰਵੇਲ ਸਿੰਘ ਇਟਲੀ

ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ,
ਹਾੜੇ ਕੱਢਾਂ ਤੇ ਤਰਲੇ ਪਾਂਵਾਂ ਤੇ ਮੇਰੀ ਕਈ ਨਾ ਜਾਵੇ ਪੇਸ਼ ।
ਹੱਥ ਆਇਆ ਮੇਰਾ ਪੁੱਤ ਕਸਾਈਆਂ ਲਾਲ ਮੇਰਾ ਨਿਰਦੋਸ਼ ,
ਯਾਦ ਕਰਾਂ ਜੱਦ ਉਸ ਦੇ ਦੁਖੜੇ ਮੈਂ ਹੋ ਜਾਂਵਾਂ ਬੇ ਹੋਸ਼ ,
ਵਿੱਚ ਪ੍ਰਦੇਸਾਂ ਦੁਖੜੇ ਸਹਿਣੇ ਉਸ ਕੇਹੇ ਲਿਖਾਏ ਲੇਖ ,
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਘਰੋਂ ਤੋਰਿਆ ਰੋਜ਼ੀ ਖਾਤਰ ਤੁਰ ਗਿਆ ਦੇਸ਼ ਇਰਾਕ ,
ਕਿਸੇ ਬੇਗਾਨੀ ਧਰਤੀ ਉਤੇ ਨਾ ਕੋਈ ਅੰਗ ਨਾ ਸਾਕ ,
ਪਤਾ ਨਹੀਂ ਕਿੱਸ ਹਾਲ ਚ ਬੈਠਾ ਮੈਂ ਨਾ ਸਕਦੀ ਵੇਖ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ।

ਪੇਸ਼ ਨਾ ਜਾਵੇ ਮੇਰੀ ਕੋਈ ਵੇ ਮੈ ਰੋ ਰੋ ਦੀਦੇ ਗਾਲੇ ,
ਰੋਂਦੇ ਰੋਂਦੇ ਤੱਤੜੀ ਦੇ ਨੇ ਨੈਣ ਬਣੇ ਪਰਣਾਲੇ ,
ਉੱਸ ਦੇ ਬਾਝੋਂ ਕੀ ਕਰਨੇ ਹੱਨ ਮਹਿਲ ਮਾੜੀਆਂ ਖੇਤ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਸੁੱਖਾਂ ਸੱਖਾਂ ਪੀਰ ਮਨਾਂਵਾਂ ਤੇ ਕਬਰੀਂ ਦੀਵੇ ਬਾਲਾਂ ,
ਸੁੱਖੀਂ ਸਾਂਦੀਂ ਘਰ ਪਰਤੇ ਜੇ ਘੁੱਟ ਸੀਨੇ ਨਾਲ ਲਾ ਲਾਂ ,
ਬਾਬਾ ਨਾਨਕ ਤੂੰ ਹੀ ਸੱਚਾ ਕਿਤੇ ਮਾਰ ਰੇਖ ਵਿੱਚ ਮੇਖ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਇੱਕ ਵਾਰ ਘਰ ਆ ਜਾਵੇ ਮੁੜ ਕੇ ਰੱਬ ਦਾ ਸ਼ੁਕਰ ਮਨਾਂਵਾਂ ,
ਰੁੱਖੀ ਸੁੱਖੀ ਘਰ ਦੀ ਖਾਵੇ ਤੇ ਰੱਬ ਦਾ ਨਾਮ ਧਿਆਵਾਂ ,
ਬਹੁੜੋ ਵੇ ਕੋਈ ਬਹੁੜੋ ਵੇ ਮੈਂ ਦੱਬ ਗਈ ਪੀੜਾਂ ਹੇਠ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਜਿੰਦ ਮੰਗੇ ਮੈਂ ਹੱਸ ਕੇ ਦੇਵਾਂ ਕੋਈ ਪੁੱਤ ਜੇ ਲਿਆਵੇ ਮੋੜ ,
ਸ਼ਾਲਾ ਖੈਰ ਹੋਵੇ ਸਦ ਉਸ ਦੀ ਜੋ ਮਾਂ ਪੁੱਤ ਦੇਵੇ ਜੋੜ ।
ਰੱਬ ਅਗੇ ਅਰਦਾਸ ਕਰਾਂ ਮੈਂ ਨਾ ਮਨ ਨੂੰ ਲਾਂਵੀਂ ਠੇਸ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।
22/06/2014
 

ਪੁਸਤਕਾਂ
ਰਵੇਲ ਸਿੰਘ ਇਟਲੀ

ਗਿਆਨ ਦਾ ਭੰਡਾਰ ਤੇ ਸੰਸਾਰ ਨੇ ਇਹ ਪੁਸਤਕਾਂ ,
ਅਦਬ ਦਾ ਸਤਿਕਾਰ ਤੇ ਸਿੰਗਾਰ ਨੇ ਇਹ ਪੁਸਤਕਾਂ ।

ਸਾਹਿਤ ਨੂੰ ਜਿਨ੍ਹਾਂ ਨੇ ਹੈ ਜ਼ਿੰਦਗੀ ਹੀ ਸਮਝਿਆ ,
ਉਨ੍ਹਾਂ ਲਈ ਤਾਂ ਯਾਰ ਤੇ ਦਿਲਦਾਰ ਨੇ ਇਹ ਪੁਸਤਕਾਂ ।

ਕਲਮ ਦੇ ਸੰਗ ਚਿਤ੍ਰਦੇ ਜੋ ਕਾਗਜਾਂ ਦੀ ਹਿੱਕ ਤੇ,
ਲੇਖਕਾਂ ਦੇ ਹੁਨਰ ਦਾ ਸ਼ਾਹਕਾਰ ਨੇ ਇਹ ਪੁਸਤਕਾਂ ।

ਬੇਵਫਾਈ ਤਲਖੀਆਂ ਤੇ ਕੁੱਝ ਨਹੋਰੇ ਸ਼ੋਖੀਆਂ ,
ਹੁਸਨ ਦੀ ਤਾਰੀਫ ਤੇ ਤਕਰਾਰ ਨੇ ਇਹ ਪੁਸਤਕਾਂ ।

ਪਿਆਰ ਦੀ ਹਰ ਬਾਤ ਨੂੰ ਹੈ ਕਾਗਜ਼ਾਂ ਤੇ ਉਕਰਿਆ ,
ਅੱਖਰਾਂ ਦੇ ਕੁੱਝ ਪਰੋਏ ਹਾਰ ਨੇ ਇਹ ਪੁਸਤਕਾਂ ।

ਬਰਫ ਦੇ ਪਰਬਤ ਨੇਂ ਵੀ ਤੇ ਲਾਵਿਆਂ ਦੇ ਵਾਂਗ ਵੀ,
ਜਬਰ ਨੂੰ ਵੰਗਾਰ ਤੇ ਲਲਕਾਰ ਨੇ ਇਹ ਪੁਸਤਕਾਂ ।

ਲਿਖੀ ਜਾਓ ਰੁਕੋ ਨਾ ਕਲਮਾਂ ਤੇ ਇਲਮਾਂ ਵਾਲਿਓ ,
ਇਹ ਤੁਹਾਡੀ ਜਿ਼ੰਦਗੀ ਦਾ ਸਾਰ ਨੇ ਇਹ ਪੁਸਤਕਾਂ ।

ਕੁੱਝ ਥਕੇਵੇਂ ਕੁੱਝ ਅੱਕੇਵੇਂ ਦੂਰ ਹੁੰਦੇ ਪੜ੍ਹਦਿਆਂ ,
ਦੇਂਦੀਆਂ ਹੱਨ ਸੇਧ ਤੇ ਸਾਕਾਰ ਨੇ ਇਹ ਪੁਸਤਕਾਂ ।

ਮਾਂ ਪੰਜਾਬੀ ਨੂੰ ਫੇਲਾਓ ਦੇਸ ਤੇ ਪ੍ਰਦੇਸ ਵਿੱਚ ,
ਇਹ ਸਮੇਂ ਦੀ ਲੋੜ ਹੈ ਵੰਗਾਰ ਨੇ ਇਹ ਪੁਸਤਕਾਂ ।
31/05/2014

ਰਵੇਲ ਸਿੰਘ ਇਟਲੀ
singhrewail@yahoo.com
+39 3272382827

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com