ਰਿਸ਼ਤਿਆਂ ਦੀ ਸ਼ੂਨਯਤਾ
ਰਵਿੰਦਰ ਰਵੀ, ਕਨੇਡਾਅਸੀਂ ਨਾਈਟ
ਕਲੱਬਾਂ ਵਿਚ ਜਾਗਦੇ
ਤੇ ਘਰਾਂ ਵਿਚ ਸੌਂਦੇ ਹਾਂ।
ਸਾਡਾ ਸਮਾਂ ਸੂਰਜ ਨਾਲ ਨਹੀਂ,
ਸਾਡੇ ਨਾਲ ਚੜ੍ਹਦਾ ਹੈ।
ਪਲਕ ਬੰਦ ਹੁੰਦਿਆਂ ਹੀ,
ਰਾਤ ਪੈ ਜਾਂਦੀ ਹੈ।
ਸੁਫਨੇ, ਸੱਤਰੰਗੀਆ ਦੇ
ਦੇਸ਼ ਤੁਰ ਪੈਂਦੇ ਹਨ।
‘ਡਰੱਗ’ ਦੇ ਨਸ਼ੇ ਹੇਠ,
ਫੈਂਟਸੀ ਭੋਗਦੇ, ਅਸੀਂ
ਆਪਣੇ ਆਪ ਦੇ ਵਿਚ ਡੁੱਬਦੇ,
ਫੈਲਦੇ, ਸੁਕੜਦੇ, ਚੜ੍ਹਦੇ –
ਰਿਸ਼ਤਿਆਂ ਦੀ ਸ਼ੂਨਯਤਾ ਵਿਚ –
‘ਕੇਵਲ ਆਪ’ ਬਣ ਜਾਂਦੇ ਹਾਂ!
ਦੁਨੀਆਂ ‘ਚ ਰਹਿੰਦੇ ਹੋਏ ਵੀ,
ਦੁਨੀਆਂ ਤੋਂ ਪਾਰ ਤੁਰ ਜਾਂਦੇ ਹਾਂ!!
03/05/2013
ਸੁੱਕੀ ਨਦੀ ਦਾ ਗੀਤ
ਰਵਿੰਦਰ ਰਵੀ
ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।
ਵਿਸ਼ਵ-ਤਪਾਓ, ਵਗਦੀਆਂ ਲੂਆਂ,
ਖਰੀਆਂ ਬਰਫਾਂ, ਪਰਬਤ ਨੰਗੇ।
ਸੜ, ਸੁੱਕ ਝੜ ਗਏ ਵਣ ਦੇ ਕੋਲੋਂ,
ਪੰਛੀ ਅਜੇ ਵੀ ਛਾਂਵਾਂ ਮੰਗੇ।
ਅੱਖਾਂ ਦੇ ਵਿਚ ਨਜ਼ਰ ਖਿੰਡ ਗਈ,
ਧੁੰਦਲਾ, ਧੁੰਦਲਾ ਹੈ ਪ੍ਰਕਾਸ਼।
ਪਿਆਸੇ ਬੱਦਲ, ਛਿਦਰੀਆਂ ਛਾਵਾਂ,
ਛਾਤੀਆਂ ਵਿਚ, ਜਿਓਂ ਸੁੱਕੀਆਂ ਮਾਵਾਂ।
ਕਿਧਰੋਂ ਵੀ ਕਨਸੋਅ ਨਾਂ ਆਵੇ,
ਕਿਸ ਨੂੰ ਪੁੱਛਾਂ? ਕਿੱਧਰ ਜਾਂਵਾਂ?
ਨਾਂ ਧਰਤੀ, ਨਾਂ ਅੰਬਰ ਆਪਣਾਂ,
ਨਦੀ ‘ਚ, ਸੁੱਕੀ ਨਦੀ ਦਾ ਵਾਸ।
ਸੂਰਜ ਹੇਠਾਂ ਥਲ ਤਪਦਾ ਹੈ,
ਅੱਗ ਦੇ ਭਾਂਬੜ ਚਾਰ ਚੁਫੇਰੇ।
ਅੰਦਰ ਵਲ ਨੂੰ ਮੁੜੀਆਂ ਨਜ਼ਰਾਂ,
ਅੰਦਰ ਵੀ ਹਨ ਸੰਘਣੇ ‘ਨ੍ਹੇਰੇ।
ਇਸ ਰੁੱਤੇ, ਇਸ ਉਮਰੇ ਬਣਦਾ,
ਆਪੇ ਵਿਚ, ਆਪਾ ਨਿਰਵਾਸ।
ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।
22/05/2013
ਇਕ ਸੂਰਜ ਹੋਰ
ਰਵਿੰਦਰ ਰਵੀ, ਕਨੇਡਾ
ਮੈਂ ਫੇਰ ਆਪਣੇ ਆਪ ਉੱਤੇ,
ਗਰਜ ਰਿਹਾ ਹਾਂ।
ਮੈਂ ਫੇਰ ਭਾਸ਼ਾ
ਸਿਰਜ ਰਿਹਾ ਹਾਂ।
ਮੇਰੇ “ਵੈਬਸਾਈਟ”1 ਹੀ,
ਮੇਰੀ ਅਮਰਤਾ ਦੇ ਨਿਸ਼ਾਨ ਹਨੱ।
”ਸਾਈਬਰਸਪੇਸ”2 ਵਿਚ,
ਮੇਰੇ ਅਨੇਕਾਂ ਰੂਪ:
ਇਨਸਾਨ ਹਨ,
ਭਗਵਾਨ ਤੇ ਸ਼ੈਤਾਨ ਹਨ!
ਟੁੱਟਦੀ, ਬਣਦੀ ਧੁਨੀ,
ਖਿੰਡਦੇ, ਉੱਡਦੇ ਸੁਰ,
ਮੇਰੇ ਹੀ ਸੰਤੁਲਨ ਨੂੰ,
ਤੋੜਦਾ ਸੰਗੀਤ ਹਨ!
ਮੈਂ “ਸੁਰ”3 ਵਿਚ “ਅਸੁਰ”4,
ਸ਼ਤਰੂ ਵਿਚ ਮੀਤ ਹਾਂ!
ਗਿਆਨ ਤੇ ਵਿਗਿਆਨ ਵਿਚ,
ਕਾਇਆਕਲਪ:
ਕਲਪਨਾ, ਮਿਥਿਹਾਸ ਦੀ ਹੀ ਰੀਤ ਹਾਂ!
”ਟਵਿਟਰ”5 ਵਿਚ ਬਹੁਤ ਕੁਝ,
ਅਣਕਿਹਾ, ਅਲਹਿਦਾ ਹੈ।
ਹਰ ਸ਼ਬਦ ਮੌਨ,
ਹਰ ਸ਼ਬਦ ਸੁਨੇਹਾ ਹੈ।
”ਫੇਸ ਬੁਕ”6 ਉੱਤੇ ਵੀ,
ਮੇਰਾ ਹੀ ਸ਼ੋਰ, ਝਲਕਣ
ਮੇਰੀਆਂ ਖਾਮੋਸ਼ੀਆਂ।
ਬਣੇ, ਅੱਧ-ਬਣੇ ਸ਼ਬਦ, ਅਰਥ,
ਫੂੱਲ਼ ਨੂੰ ਖੇੜੇ ਦੀਆਂ ਸਰਗੋਸ਼ੀਆਂ!
ਸ਼ੀਸ਼ੇ ਵਿਚ ਊਲ ਜਲੂਲ਼,
ਖਾਕਾ ਵੀ ਮੇਰਾ ਹੈ।
ਹਰ ਵਾਕ ਅਧੂਰਾ,
ਹਰ ਅਰਥ ਪੂਰਾ ਹੈ।
ਦਾਇਰਾ, ਰੇਖਾਵਾਂ ਵਿਚ ਟੁੱਟਦਾ ਹੈ,
ਕਦੇ ਰੇਖਾ ਬਿੰਦੂਆਂ ਵਿਚ,
ਬਿੰਦੂ ਸ਼ੂਨਯ ਵੀ ਹੈ, ਦੀਵਾ ਵੀ।
ਹਵਾ ਇਨ੍ਹਾਂ,
”ਆਬਰਾ ਕਦਾਬਰਾ”7 ਚਿਤਰਾਂ ਨੂੰ,
ਰੁੱਤ ਵਾਂਗ, ਉਡਾ ਕੇ ਲੈ ਜਾਂਦੀ ਹੈ।
ਰੰਗਾਂ, ਫੁੱਲਾਂ ਤੇ ਮਹਿਕਾਂ ਦੇ ਕੰਨਾਂ ਵਿਚ,
ਕੁਝ ਕਹਿ ਜਾਂਦੀ ਹੈ।
ਮੈਂ ਦਰਿਅਵਾਂ ਦੀ ਬੋਲੀ ਸਮਝਦਾ ਹਾਂ,
ਮੈਨੂੰ ਸਮੁੰਦਰਾਂ ਦੇ ਅਰਥ ਆਉਂਦੇ ਹਨ।
ਪਰਬਤ, ਵਣ, ਧਰਤੀ, ਅੰਬਰ,
ਜਿਸ ਵਰਣਮਾਲਾ ਦੇ ਅੱਖਰ ਹਨ,
ਉਹ ਸ਼ਬਦਾਂ ਵਿਚ ਨਹੀਂ,
ਸੰਕੇਤਾਂ ਵਿਚ ਲਿਖੀ ਜਾਂਦੀ ਹੈ।
ਮੈਂ ਆਦਿ ਜੁਗਾਦਿ ਤੋਂ ਵਿਚਰਦਾ:
ਪਿੰਡ ਹਾਂ, ਬ੍ਰਹਮੰਡ ਹਾਂ।
ਖੰਡ, ਖੰਡ ਹਾਂ,
ਅਖੰਡ ਹਾਂ।
ਥਲ ਤੇ ਨਖਲਿਸਤਾਨ ਵੀ,
ਮੇਰੇ ਹੀ ਵਜੂਦ ਹਨ –
ਮੇਰੇ ਅੰਦਰ, ਇਕ ਦੂਜੇ ਵਿਚ
ਵੱਗਦੇ ਹਨ, ਵੱਸਦੇ ਹਨ।
ਮੇਰੇ ਬਾਗ਼ ਵਿਚ ਫੁੱਲ ਹੀ ਨਹੀਂ,
ਕੰਡੇ ਵੀ ਹੱਸਦੇ ਹਨ!
ਮੈਂ ਜ਼ਿੰਦਗੀ ਨਹੀਂ,
”ਮਹਾਂ ਜ਼ਿੰਦਗੀ”8 ਹਾਂ!
ਇੱਕੋ ਸਮੇਂ, ਮੈਂ
ਬਲ ਰਿਹਾ, ਸੜ ਰਿਹਾ ਤੇ
ਰੌਸ਼ਨੀ ਵੀ ਕਰ ਰਿਹਾ।
ਮੈਂ, ਇਕ ਸੂਰਜ ਹੋਰ ਹਾਂ
ਤੇ ਹੋਰ ਅੰਬਰੀਂ ਚੜ੍ਹ ਰਿਹਾ!
ਮੇਰੇ “ਵੈਬਸਾਈਟ”,
“ਸਾਈਬਰਸਪੇਸ” ਵਿਚ:
ਆਉਣ ਵਾਲਾ ਸਮਾਂ ਹੈ,
ਸਮੇਂ ਦੇ ਨਿਸ਼ਾਨ ਹਨ।
ਮੇਰੇ ਅਨੇਕਾਂ ਰੂਪ,
ਇਨਸਾਨ ਹਨ,
ਭਗਵਾਨ ਤੇ ਸ਼ੈਤਾਨ ਹਨ!!!
07/04/2013
1. cyberspace 2.
website
3. ਸੁਰ: ਦੇਵਤਾ 4. ਅਸੁਰ: ਰਾਖਸ਼ਿਸ਼
5. Twitter 6.
FaceBook
7. ਆਬਰਾ ਕਦਾਬਰਾ: Absurd 8. ਮਹਾਂ
ਜ਼ਿੰਦਗੀ: Larger than
life |