ਚੁੰਨੀ
ਰਾਮ ਲਾਲ ਭਗਤ, ਹੁਸ਼ਿਆਰਪੁਰਚੁੰਨੀ ਸਿਰ
ਦਾ ਮਾਨ ਨੀ ਕੁੜੀਏ,
ਚੁੰਨੀ ਸਿਰ ਦੀ ਸ਼ਾਨ ਨੀ ਕੁੜੀਏ।
ਸਿਰ ਤੇ ਭਾਰ ਕਦੇ ਨਾ ਸਮਝੀ ,
ਇਹੀ ਤੇਰੀ ਆਨ ਨੀ ਕੁੜੀਏ।
ਇਸ ਪੱਲੇ ਇਖ਼ਲਾਕੀ ਕਦਰਾਂ ,
ਸਮਝੀ ਜਿੰਦ-ਜਾਨ ਨੀ ਕੁੜੀਏ।
ਇਕ ਪ੍ਰਦੇਸ਼ਣ ਕੋਇਲ ਬੋਲੇ ,
ਇਹ ਮਾਹੀ ਦੀ ਹਾਣ ਨੀ ਕੁੜੀਏ।
ਤੇਰੀ ਚੁੰਨੀ ਸਭ ਦੁਨੀਆਂ ਦੇਖੇ ,
ਤੂੰ ਪੰਜਾਬ ਦੀ ਖਾਨ ਨੀ ਕੁੜੀਏ।
ਕੁੜੀਆਂ ਦੇ ਸਿਰ ਚੁੰਨੀ ਸੋਂਹਦੀ ,
ਚੁੁੰਨੀ ਹੀ ਮੁਸਕਾਨ ਨੀ ਕੁੜੀਏ।
ਸ਼ੇਰਨੀਆਂ ਦਾ ਜਿਗਰਾ ਰੱਖ ਕੇ ,
ਰੋਕ ਹੁਣ ਤੁਫ਼ਾਨ ਨੀ ਕੁੜੀਏ।
11/07/15
ਦਾਮਿਨੀ
ਰਾਮ ਲਾਲ ਭਗਤ, ਹੁਸ਼ਿਆਰਪੁਰ
ਮੈਂ ਦਾਮਿਨੀ ਬਣ ਧਰਤ ਤੇ ਆ ਰਹੀ ਹਾਂ,
ਇਕ ਮਸਾਲ ਚੇਤਨਾ ਦੀ ਜਲਾ ਰਹੀ ਹਾਂ।
ਬਚ ਕੇ ਰਹਿਣਾ ਹੁਣ ਕੰਸ ਦੇ ਵਾਰਸੋ,
ਹਿੰਮਤ ਬੇਜਾਨ ਬੁੱਤਾਂ ਵਿੱਚ ਪਾ ਰਹੀ ਹਾਂ।
ਵੀਰ ਕ੍ਰਿਸ਼ਨ ਨੇ ਬਖ਼ਸ਼ਿਆਂ ਵਰ ਮੈਂਨੂੰ,
ਇਹ ਬੇਘਰ ਦੇਵੀਆਂ ਦੇ ਵਸਾ ਰਹੀ ਹਾਂ।
ਅਬਲਾਵਾਂ ਤੇ ਜੁਲਮਾਂ ਦੀ ਮਿਲੇਗੀ ਸਜਾ,
ਇਹ ਬਗਲੇ ਹਾਕਮਾਂ ਨੂੰ ਸੁਣਾ ਰਹੀ ਹਾਂ।
ਕਾਲੀ ਘਟਾ ‘ਚ ਗਰਜ਼ਨਾ ਸੁਭਆ ਮੇਰਾ,
ਹਨੇਰੇ ਦਿਆਂ ਚੋਰਾਂ ਨੂੰ ਸਮਝਾ ਰਹੀ ਹਾਂ।
ਰਲੀਏ ਸਭ ਕਾਫ਼ਲੇ ‘ਚ ਧੀਓ ਰਾਣੀਓ,
ਹਾਕਾਂ ਮਾਰਕੇ ਜ਼ਮੀਰਾਂ ਨੂੰ ਬੁਲਾ ਰਹੀ ਹਾਂ।
ਬਹੁਤ ਸੁਣ ਲਏ ਕੂੰਜੀਵਤ ਭਾਸ਼ਣ,
ਹੁਣ ਵੀਰ ਰਸ ‘ਚ ਗਜ਼ਲ ਗਾ ਰਹੀ ਹਾਂ।
ਮੈਂ ਮੰਨਦੀ ਨਹੀ ਇਹ ਨਾਰਦਾਂ ਦੀ ਗੱਲ,
ਸੱਤਾਂ ਦੇਵੀਆਂ ਦੀ ਆਰਤੀ ਮਨਾ ਰਹੀ ਹਾਂ।
ਅੱਜ ਤੱਕ ਬਹੁਤ ਦੁੱਖ ਸਹਿ ‘ਭਗਤਾ’
ਨਵੀਂ ਪੀੜੀ ਤੋਂ ਨਵਾਂ ਯੁੱਧ ਕਰਵਾ ਰਹੀ ਹਾਂ।
11/07/15
ਰੁੱਤ
ਰਾਮ ਲਾਲ ਭਗਤ, ਹੁਸ਼ਿਆਰਪੁਰ
ਜਾਗੋ ਨੀ ਕੁੜੀਓ ! ਜੀਉਂਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ
ਉਠੋ ਨੀ ਕੁੜੀਓ ! ਜੀਉਂਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ।
ਹੱਕਾਂ ਲਈ ਤਾਂ ਅੱਜ ਖੜਣਾ ਪੈਣਾ
ਹੱਕਾਂ ਲਈ ਤਾਂ ਅੱਜ ਲੜਣਾ ਪੈਣਾ
ਉਠੋ ਨੀ ਰਾਣੀਓ ! ਜੀਉਂਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ।
ਵੰਗਾਂ ਤਾਂ ਹੁਣ ਲਾਹੁਣੀਆਂ ਪੈਣੀਆਂ
ਪੀਲੀਆਂ ਚੁੰਨੀਆਂ ਲੈਣੀਆਂ ਪੈਣੀਆਂ
ਉਠੋ ਨੀ ਗੋਲੀਓ ! ਜੀਉਂਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ।
‘ਭਗਤ’ਕਹੇ ਹੁਣ ਬਣੋ ਦਲੇਰਨੀਆਂ
ਭਾਰਤ ਮੇਰੇ ਦੀਆਂ ਤੁਸੀਂ ਸ਼ੇਰਨੀਆਂ
ਉਠੋ ਨੀ ਭੋਲੀਓ ! ਜੀਉਂਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ।
11/07/15
ਔਰਤ
ਰਾਮ ਲਾਲ ਭਗਤ, ਹੁਸ਼ਿਆਰਪੁਰ
ਧੰਨ ਧੰਨ ਬਾਬੇ ਨਾਨਕ ਪੁਕਾਰਿਆ
ਸਭ ਦੁਨੀਆਂ ਵਿਚ ਪ੍ਰਚਾਰਿਆ
ਇਹ ਔਰਤ ਰੂਪ ਹੈ ਭਗਵਾਨ ਦਾ
ਇਹਦਾ ਕੁੱਲ ਦੁਨੀਆ ਵਿਚ ਮਾਨ
‘ ਸੋ ਕਿਉ ਮੰਦਾ ਆਖੀਐੇ ਜਿਤੁ ਜੰਮਹਿ ਰਾਜਾਨੁ ’
ਇਸਦਾ ਕਰਜ਼ ਚੁਕਾ ਨਹੀ ਸਕਦੇ
ਇਸਦਾ ਫਰਜ਼ ਭੁਲਾ ਨਹੀ ਸਕਦੇ
ਸਭ ਲਈ ਸਦਾ ਜਿਉਂਦੀ ਮਰਦੀ
ਇਹ ਸਾਡੇ ਕੁਲ ਦੀ ਜਿੰਦਜਾਨ
‘ ਸੋ ਕਿਉ ਮੰਦਾ ਆਖੀਐੇ ਜਿਤੁ ਜੰਮਹਿ ਰਾਜਾਨੁ ’
ਆਓ ਸਭ ਰਲ ਕਰੀਏ ਸਨਮਾਨ
ਦੇਸ਼ ਮੇਰੇ ਦਾ ਇਹ ਹੈ ਈਮਾਨ
ਕਦੇ ਨਾ ਭੁਲਿਓ ਇਸ ਮੂਰਤ ਨੂੰ
ਇਹਦੀ ਕੁੱਲ ਦੁਨੀਆਂ ‘ਚ ਸ਼ਾਨ
‘ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ’।
11/07/15
|