WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰਾਵੀ ਕੌਰ
ਨਿਊਯਾਰਕ, ਸੰਯੁਕਤ ਰਾਜ ਅਮਰੀਕਾ

raavi kaur

ਲਿਖਤ (ਨਿਗਾਹ ਤੇ ਮਾਰ ਅੰਦਰ)
ਰਾਵੀ ਕੌਰ, ਨਿਊਯਾਰਕ 

ਲੱਗਾਂ ਦਾਅ ਉਤੇ ਘਟੀ ਦਾਮ ਜਾਵਣ, ਮੇਰੇ ਇਸ਼ਕ ਦੇ ਤੇਰੇ ਬਾਜ਼ਾਰ ਅੰਦਰ
ਹੋ ਕੇ ਕੱਖਾਂ ਤੋਂ ਵੀ ਹੌਲਾ ਮੁੜ ਜਾਨਾਂ, ਮੈਂ ਰੋਜ਼ ਹੀ ਤੇਰੇ ਦਰਬਾਰ ਅੰਦਰ
ਲੱਗੀ ਮਹਿਫ਼ਲ ਨਜ਼ਰ ਨਾ ਤੂੰ ਆਵੇਂ, ਖੜ੍ਹਾ ਮੈਂ ਵੀ ਅਖੀਰ ਕਤਾਰ ਅੰਦਰ
ਤੁਲ਼ ਚੱਲੇ ਨੇ ਵਾਲਾਂ ਤੋ ਨਹੁੰ ਤੀਕਰ, ਖੱਟਣਾ ਖੌਰੇ ਕੀ ਇਸ ਕਾਰੋਬਾਰ ਅੰਦਰ
ਦੀਦੇ ਅੰਨ੍ਹੇ ਹੋਣੇ ਸੁੱਕ ਚੰਮ ਜਾਣੇ, ਇਹੋ ਹੋਵੇ ਕਿਉਂ ਤੇਰੇ ਸੰਸਾਰ ਅੰਦਰ
ਮੀਂਹ ਵਰਸਣਾਂ ਕਿ ਮੈਂ ਤਰਸਣਾਂ ਏ, ਕਿੰਨੇ ਬਾਲੇਂਗਾ ਹੋਰ ਅੰਗਾਰ ਅੰਦਰ 
ਮਾਣੇ ਸਾਰੇ ਮੈਂ ਹਿਜਰਾਂ ਦੇ ਰੰਗ ਤੇਰੇ, ਚਿੱਤ ਕਰੇ ਤੱਕਾਂ ਸਾਜੋ ਸ਼ਿੰਗਾਰ ਅੰਦਰ
ਬਾਹਰੋਂ ਵੇਖ ਹਰੇ ਮਾਹੀ ਲੰਘ ਜਾਨੈ, ਬੰਜਰ ਕਿੰਨੇ ਹਾਂ ਨਿਗਾਹ ਤੇ ਮਾਰ ਅੰਦਰ
ਇਹਨਾਂ ਗੁੱਝੀਆਂ ਨੂੰ ਕਦੋਂ ਬੁੱਝਣਾ ਈ, ਪਏ ਪੀੜਾਂ ਦੇ ਲੱਥੇ ਲੰਗਾਰ ਅੰਦਰ
ਕੁਝ ਸੁਣ ਮੇਰੇ ਕੁਝ ਕਹਿ ਆਪਣੇ, ਕਦੇ ਆਸ਼ਕ ਨੂੰ ਆਪਣੇ ਵੰਗਾਰ ਅੰਦਰ
ਜਿੱਥੇ ਤੀਕ ਵੇਖਾਂ ਨਜ਼ਰ ਆਂਵਦੇ ਨੇ, ਮੰਨਿਆਂ ਗੁਲ ਬੜੇ ਤੇਰੇ ਗੁਲਜ਼ਾਰ ਅੰਦਰ
ਜਿਸ ਦਿਨ ਮਾਹੀ ਤੇਰੀ ਦੀਦ ਹੋਈ, ਫੁੱਲ ਖਿੜ ਜਾਣੇ ਸਾਡੇ ਹਜ਼ਾਰ ਅੰਦਰ
‘ਰਾਵੀ’ ਜੱਗ ਲੁੱਟਿਆ ਇੱਥੇ ਦੌਲਤਾਂ ਨੇ, ਸਾਨੂੰ ਲੁੱਟਿਆ ਸੂ ਪਾ ਕੇ ਪਿਆਰ ਅੰਦਰ
ਰੰਗ ਚਾੜ੍ਹ ਦਿੰਦੈਂ ਅੰਦਰ ਤਾੜ ਲੈਦੈਂ, ਇੰਨੀ ਮਸਤੀ ਹੈ ਖਸਮ ਦੀਦਾਰ ਅੰਦਰ...
08/03/2021

”ਅੱਲ੍ਹਾ ਹੂ”

ਰਾਵੀ ਕੌਰ, ਨਿਊਯਾਰਕ 

ਆਸ਼ਿਕ ਯਾਰ ਨੂੰ ਚੋਟਾਂ ਰਹਿਮਤ
  ਜੋ ਰੱਖਣ ਇੱਕੋ ਬੰਨ੍ਹੇ ਹੂ

ਨਾ ਵਿਚ ਗਲੀਆਂ ਖਾਸੈਂ ਧੱਕੇ
  ਜੇ ਕਾਬਾ ਯਾਰ ਨੂੰ ਮੰਨ੍ਹੇ ਹੂ

ਭਰ ਭਰ ਦੇਵੇ ਮਹਿਰਮ ਝੌਲੀ
    ਜੇ ਅੱਡੇ ਓਸੇ ਕੰਨ੍ਹੇ ਹੂ

ਯਾਰ ਮਨਸੂਰ ਕਿਹਾ ਹੋਏ ਆਸ਼ਕ
 ਜੋ ਚੜਦਾ ਸੂਲੀ ਜੰਨ੍ਹੇ ਹੂ

ਚੰਮ ਦੀ ਚਾਦਰ ਯਾਰ ਕਰੇ ਜੋ
  ਹੱਡ ਕਰ ਬਾਲਣ ਭੰਨ੍ਹੇ ਹੂ

ਰਾਵੀ ਅੰਦਰ ਜਿਹੜੇ ਲੱਭਦੇ
  ਨਾ ਪੱਥਰ ਮੱਥੇ ਭੰਨ੍ਹੇ ਹੂ 

ਰਟ ਕਿਤਾਬਾਂ ਇਸ਼ਕ ਪੜਾਵਨ 
  ਮੌਲਾ ਮੁਡ ਤੋਂ ਅੰਨ੍ਹੇ ਹੂ
23/11/2020


ਬੇਪ੍ਰਵਾਹ ਖੁਦਾਈ

 ਰਾਵੀ ਕੌਰ, ਨਿਊਯਾਰਕ

ਜ਼ਿਆਰਤ ਆਲਮਾਂ ਤੇਰੀ
ਕਿਆਮਤ ਕਰਨੇ ਆਈ ਐ
ਸੂਈ ਦੇ ਨੱਕਿਓਂ ਕੱਢਣੀ
ਅੱਜ ਤੇਰੀ ਖੁਦਾਈ ਐ
 
ਨਾ ਮੇਰਾ ਹਸ਼ਰ ਹੀ ਤੱਕਿਆ
ਲੁਕਾ ਤੂੰ ਵਸਲ ਵਿੱਚ ਰੱਖਿਆ
ਸਜ਼ਾ-ਏ-ਮੌਤ ਦੇ ਵਰਗੀ
ਮੈਨੂੰ ਤੇਰੀ ਜੁਦਾਈ ਐ
 
ਨਾ ਸੁੱਧ ਬੁੱਧ ਕੰਮ ਹੀ ਕਰਦੀ
ਹੈ ਹਾਲਤ ਪਿੰਜਰਾ ਵਰਗੀ
ਨਿਭਾਉਣੀ ਜੇ ਨਹੀਂ ਸਿੱਖਿਆ
ਕਾਹਤੋਂ ਕੀਤਾ ਸ਼ੁਦਾਈ ਐ
 
ਮੁਜ਼ਰਿਮ ਮੈਂ ਨਹੀਂ, ਤੂੰ ਹੈ
ਜੋ ਬੈਠਾ ਫੇਰ ਕੇ ਮੂੰਹ ਹੈਂ
ਦੀਦਾਰੇ ਯਾਰ ਵਿੱਚ ਹੀ ਕਿਓਂ
ਦੱਸ ਕੁਦਰਤ ਲੁਕਾਈ ਐ
 
ਫ਼ਨਾਂਹ ਹੋਣਾ ਹੀ ਕਾਹਤੋਂ ਬਣ ਗਿਆ
ਗਿਆ ਦਸਤੂਰ ਇਸ਼ਕੇ ਦਾ
ਵਿਖਾ ਦੇ ਪਰਦਿਆਂ ਦੇ ਵਿੱਚ
ਜੋ ਦੁਨੀਆ ਵਸਾਈ ਐ
 
ਪੀੜਾਂ ਮੋਤੀ ਬਣ ਉਠੀਆਂ ਨੇਂ
ਬਿਰਹੋ ਅੱਗ ਵਿੱਚ ਸੜ ਕੇ
ਨਈਂ ਮੈ ਸੌਂਪਣੀ ਤੈਨੂੰ
ਇਹ ਜੋ ਮੇਰੀ ਕਮਾਈ ਐ
 
ਜਾਂਦੀ ਨਹੀਂ ਖ਼ਾਮ-ਖ਼ਿਆਲੀ
ਤੇਰੀ ਹੋ ਕੇ ਹੀ ਰਹਿਣੇ ਦੀ
ਸਾਹਾਂ ਨੇਂ ਸ਼ੋਰ ਕਰ ਦੱਸਿਆ
ਤੂੰ ਉਸ ਅੰਦਰ ਸਮਾਈ ਐ
 
ਕਹਾਂਗੀ ਸੌ ਦਫ਼ਾ ਤੈਨੂੰ
ਨਹੀਂ ਆਉਂਦੀ ਵਫ਼ਾ ਤੈਨੂੰ
ਤੇਰੇ ਲਈ ਲਾਸ਼ ਹੋ ਗਈ ਜੋ
ਤੂੰ ਫਿਰ ਸਮਝੀ ਪਰਾਈ ਐ
 
ਨਾ ਤੈਨੂੰ ਫ਼ਰਕ ਹੀ ਪੈਣਾ
ਮੈ ਹੋ ਕੇ ਗਰਕ ਹੀ ਰਹਿਣਾ
ਤੇਰੇ ਹੱਥੋਂ ਮੇਰੇ ਜਾਣੀ
ਲਿਖੀ ਹੋਈ ਤਬਾਹੀ ਐ
 
ਤੂੰ ਰਹਿ ਕੇ ਪੱਥਰਾਂ ਅੰਦਰ
ਪੱਥਰ ਹੋ ਗਿਆ ਹੈ ਕਿਉਂ
ਨਾ ਮੈਂ ਹੀ ਮੰਗਣੀ ਤੈਥੋਂ
ਨਾ ਤੂੰ ਦੇਣੀ ਸਫ਼ਾਈ ਐ
 
ਇਹ ਮੇਰੀ ਇਬਾਦਤ ‘ਤੇ
ਬੇਪ੍ਰਵਾਹੀਆਂ ਦੀ ਤੇਰੀ
ਰਾਖ ਰੁਲਣੇ ਖ਼ਾਕ ਖੁਰਣੇ
ਤੱਕ ਰਹਿਣੀ ਲੜਾਈ ਐ
08/11/2020


ਮੇਰੇ ਪ੍ਰੀਤਮਾਂ

ਰਾਵੀ ਕੌਰ, ਨਿਊਯਾਰਕ

ਹੇ ਮੇਰੇ ਚੋਜੀ ਪ੍ਰੀਤਮਾਂ
ਕਹਿ ਨਾਂ ਸਕੂੰ ਤੁਧ ਕੀਨੀ
ਮੋਹੇ ਰੋਗ ਸੰਤਾਪ ਸਭੇ ਹਰਿ ਲੀਨੋ
ਤੁਧ ਚਰਨਨ ਕੀ ਆਸਰੀਨੀ

ਮੈਂ ਮੂਰਖ ਨਾਹੀ ਚਤੁਰਾਈ
ਸਬ ਤੇਰੀ ਖ਼ੈਰ ਖਵੀਨੀ
ਮੋਹੇ ਸੁਧ ਅਬ ਮੈਂ ਕੀ ਨਾਹੀ
ਤੁਮ ਮੁਝ ਮੇ ਰਾਜ ਕਰੀਨੀ

ਲੋਗਨ ਕੀ ਨਾ ਪੁਛਹੋ ਪ੍ਰੀਤਮ
ਜੋ ਲਾਵਹੇਂ ਦਾਗ ਬਦੀਨੀ
ਇਸ ਹਿਰਦੇ ਤੁਧ ਆਸਨ ਲਾਗਾ
ਮੋਹੇ ਦੀਜੋ ਦਾਨ ਮਸਕੀਨੀ

ਬਿਰਹੋਂ ਬਾਣ ਮੇਰੇ ਪਿਰ ਲਾਗਾ
ਮੋਹੇ ਨਾਹੀਂ ਪ੍ਰਵਾਹ ਜੱਗ ਕੀ
ਰਹਿ ਨਾ ਸਕੂੰ ਅਬ ਛਿੰਨ ਭੀ ਤੁਮ ਬਿਨ
ਇਹ ਲਾਟ ਬੁਝੇ ਨਾ ਅਬ ਕੀ

ਮੁੜ-ਮੁੜ ਆਉ ਢੂੰਡਣ ਤੁਝ ਕੋ
ਕੋਟ ਜਨਮ ਬਿਸਰੀਨੀ
ਅਬ ਨਾ ਮਿਲਹੋ ਤਾਂ ਜਨਮ ਨਾ ਆਊਂ 
ਸਿਰੁ ਤੋਹਿਮੱਤ ਪ੍ਰੇਮ ਹੋਇਨੀ

ਮੈਂ ਧੂੜ ਹੋਈ ਪ੍ਰੀਤਮ ਦਰ ਕੀ
ਮੇਰੋ ਜਾਤ ਨਾ ਕੁਲ ਕਿਛੁ ਦੀਨੀ
‘ਰਾਵੀ’ ਪ੍ਰੇਮ ਜੋ ਤੁਮ ਨਾ ਜਾਨੋਂ
ਫਿਰ ਕੈਸੋ ਮਿਲਨ ਹੋਇਨੀ

ਲਹਿਰਨ ਕੋ ਭੀ ਪਾਬੰਦ ਸਾਂਈਂ 
ਹੈ ਬੀਚ ਹੀ ਸਾਗਰ ਜੀਨੀ
ਤੁਝ ਅੰਦਰ ਹੀ ਜੀਵਹੁ ਮਰਹੁ
ਹੋਊਂ ਬਾਹਰ ਤੋ ਅੰਤ ਕਰੀਨੀ 
26/10/2020


ਹਿਜਰ ਦੀ ਦੁਪਹਿਰ

ਰਾਵੀ ਕੌਰ, ਨਿਊਯਾਰਕ

ਮੀਚ ਨੈਣ ਮੈਂ ਚੰਨ ਨੂੰ ਥੱਲੇ ਲਾਹ ਲੈਨਾਂ
ਤੂੰ ਹੱਥੀਂ ਆਣ ਫੜਾਏ,"ਤੈਨੂੰ ਤਾਂ ਮੈਂ ਮੰਨਾਂ 

ਸਿੱਖ ਲਏ ਸਾਰੇ ਚੱਜ ਮੈਂ ਯਾਰ ਮਨਾਉਣੇ ਦੇ  
ਤੂੰ ਬਿਨਾਂ ਮਨਾਏ ਵੀ ਮੰਨ ਜਾਇ ਤਾਂ ਮੈਂ ਮੰਨਾਂ

ਮੇਰੇ ਹਿਜਰ ਦੀ ਤੱਪਦੀ ਹੋਈ ਦੁਪਹਿਰੀ ਨੂੰ 
ਤੇਰੇ ਇਸ਼ਕ ਦੀ ਛਾਂ ਹੋ ਜਾਏ ਤਾਂ ਮੈਂ ਮੰਨਾਂ 

ਬਹਿਠਾ ਸੂਲੀ ਚੜ੍ਹਦੇ ਤੱਕੀ ਜਾਨਾਂ ਏ
ਹੁਣ ਸੂਲੀ ਜੇ ਸੂਲ ਬਣਾਏ ਤਾਂ ਮੈਂ ਮੰਨਾ

ਦਿਓ ਕੇ ਖੋਹਨੈਂ, ਖੋਹਿ ਕੇ ਪੱਥਰ ਕਰ ਜਾਨੈ 
ਹੁਣ ਪੱਥਰਾਂ ਵਿਚ ਸਾਹ ਵੀ ਪਾਏ ਤਾਂ ਮੈਂ ਮੰਨਾਂ

ਮੇਰਾ ਪ੍ਰੇਮ ਤੇ ਗਲੀਏ ਗਲੀਏ ਨੱਚਿਆ ਏ 
ਤੂੰ ਵੀ ਝਾਂਝਰ ਪਾਅ ਕੇ ਆਏਂ ਤਾਂ ਮੈਂ ਮੰਨਾਂ 

ਲੁੱਕ ਲੁਕ ਅੜਿਆ ਸੀਨੇ ਵਿੰਨੀ ਜਾਨਾ ਏਂ 
ਨਜ਼ਰ ਮਿਲਾ ਜੇ ਮਲਹਮ ਵੀ ਲਾਏ ਤਾਂ ਮੈਂ ਮੰਨਾਂ

ਰਾਵੀ ਇਸ਼ਕ ਹੈ ਦਰਿਆ ਡੁੱਬਣਾ ਲਾਜ਼ਮ ਏ
ਤੂੰ ਡੁੱਬੀ ਹੁਣ ਪਾਰ ਵੀ ਲਾਏ ਤਾਂ ਮੈਂ ਮੰਨਾਂ 
 19/10/2020  


ਹਨ੍ਹੇਰੇ ਰਾਹ

ਰਾਵੀ ਕੌਰ, ਨਿਊਯਾਰਕ

ਹਨ੍ਹੇਰੇ ਰਾਹਾਂ ਨੂੰ ਵਸਲ ਦਾ ਨੂਰ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਤੂਰ ਬਣਾ ਲੈ
 
ਹਾਂ ਤਸਵੀ ਬਿਨ ਇਬਾਦਤ ਹੋ ਸਕਦੀ ਐ
ਯਾਰ ਦਾ ਮੁਖੜਾ ਰੱਬ, ਰਸੂਲ  ਬਣਾ ਲੈ
ਤੂੰ ਮੂਸਾ ਬਣ,
 ਵੱਖਰਾ ਕੋਹਤੂਰ ਬਣਾ ਲੈ
 
ਹੈ ਓਹਦੀ ਯਾਦ ਦਾ ਹਰ ਵੇਲੇ ਰਹਿਣਾ
ਜ਼ਰੂਰੀ ਸੀਨੇ ਵਿਚ ਦੀ ਸੂਲ਼ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਿਤੂਰ ਬਣਾ ਲੈ
 
ਨਾ ਤੇਰੇ ਹਾਲ ਤੋਂ ਵਾਕਿਫ਼ ਜ਼ਮਾਨਾ
ਤੂੰ ਪੀਹੜੇ ਡਾਹ ਹਿੱਜਰਾਂ ਨੂੰ, ਮੂਲ ਬਣਾ ਲੈ
ਤੂੰ ਮੂਸਾ ਬਣ,
ਵੱਖਰਾਕੋਹਤੂਰ ਬਣਾ ਲੈ
 
ਧਮਕ ਜੋ ਇਸ਼ਕੇ ਦੀ ਧੁਰ ਅੰਦਰ ਉੱਠਦੀ,
`ਰਾਵੀ’ ਚੁੱਪ ਖ਼ਸਮ ਦੀ, ਹੂਲ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਿਤੂਰ ਬਣਾ ਲੈ
 02/09/2020


ਫ਼ਕੀਰ ਹੋ ਗਿਆ...

ਰਾਵੀ ਕੌਰ, ਨਿਊਯਾਰਕ
 
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਜਿਹੜਾ ਆਸ਼ਕ ਬਣਾ ਕੇ ਮੈਨੂੰ ਪੀਰ ਹੋ ਗਿਆ
ਕੋਈ ਲਾ ਗਿਆ ਏ ਗੁੱਝੀ, ਮੈਥੋਂ ਜਿਹੜੀ ਨਈਂਓ ਬੁਝੀ
ਸਾਨੂੰ ਕਰਕੇ ਪਿਆਸ, ਆਪ ਨੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਸਾਂਭੀ ਬੈਠਾ ਸਾਂ ਕਮਾਈ, ਓਹਨੇ ਘੜੀ ਵੀ ਨਾ ਲਾਈ
ਅੱਧੇ ਤੇਰੇ ਅੱਧੇ ਮੇਰੇ, ਢੇਰੀ ਦੋ ਥਾਂ 'ਤੇ ਪਾਈ
ਇੰਜ ਸਾਹਵਾਂ ਮੇਰਿਆ 'ਚ ਓਹਦਾ ਸੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਦਿਲ ਕਦਮਾਂ 'ਚ ਰੱਖੇ, ਨਾਲ ਨੈਣੀ ਝੱਲੇ ਪੱਖੇ 
ਜੁੱਤੀ ਖੱਲ ਦੀ ਬਣਾਈ, ਓਹਦੇ ਪੈਰਾਂ ਵਿੱਚ ਪਾਈ
ਦਿੱਤਾ ਸਭ ਮੈ ਲੁਟਾ, ਉਹ ਅਮੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿਛੇ ਆਂ ਫ਼ਕੀਰ ਹੋ ਗਿਆ
ਪਲ ਸਧਰਾਂ ਦੇ ਨੀਤੇ, ਜਾਣੇ ਉਹੀ ਕਿਵੇਂ ਬੀਤੇ
ਫੜੀ ਹੱਥ ਬੈਠਾ ਧਾਗੇ, ਓਹਨੇ ਜਰਾ ਵੀ ਨਾ ਸੀਤੇ
ਬਾਣਾ ਆਸ਼ਕੀ ਦਾ ਮੇਰਾ ਲੀਰੋ ਲੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿੱਛੇ ਆਂ ਫ਼ਕੀਰ ਹੋ ਗਿਆ
ਜਦੋ ਲਾ ਹੀ ਬੈਠਾਂ ਜੀ, ਫਿਰ ਬਚਣਾ ਸੀ ਕੀ
ਓਹਦਾ ਕਤਲ ਸੀ ਇਰਾਦਾ, ਫਿਰ ਪਾਉਂਦਾ ਰੌਲਾ ਕੀ
ਇੰਜ ਖੋਲੀਆਂ ਸੂ ਬਾਹਾਂ, ਉਤੇ ਚੁੱਕੀਆਂ ਨਿਗਾਹਾਂ
"ਰਾਵੀ" ਖਿੱਚਵਾਂ ਕਲੇਜੇ ਪਾਰ ਤੀਰ ਹੋ ਗਿਆ
ਵੇ ਮੈਂ ਐਸੇ ਯਾਰ ਪਿੱਛੇ ਆਂ ਫ਼ਕੀਰ ਹੋ ਗਿਆ...
 17/08/2020
 


ਪੈਰ ਨੇ ਭਾਰੇ ਇਸ਼ਕੇ ਦੇ

 ਰਾਵੀ ਕੌਰ, ਨਿਊਯਾਰਕ

ਅਸੀਂ ਵੀ ਤਾਰੇ ਇਸ਼ਕੇ ਦੇ
ਪਏ ਸਾਂ ਮਾਰੇ ਇਸ਼ਕੇ ਦੇ
ਇੱਕੋ ਰੰਗ ਨਾ ਉਠਣ ਦੇਂਦਾ
ਰੰਗ ਹਜ਼ਾਰੇ ਇਸ਼ਕੇ ਦੇ
 
ਹੰਝੂਆਂ ਦੇ ਨਾਲ ਲਿੰਬਾ ਕੰਦਾ
ਕਰ-ਕਰ ਗਾਰੇ ਇਸ਼ਕੇ ਦੇ
ਮਰਨੋ ਮਸਤੀ ਨਾ ਪਰ ਮਰਦੀ
ਉਤੇ ਆਰੇ ਇਸ਼ਕੇ ਦੇ
 
ਚੜ੍ਹਨ ਖਿਆਲ ਦੀ ਪਾਉੜੀ ਲਾ
ਯਾਰ ਚੁਬਾਰੇ ਇਸ਼ਕੇ ਦੇ
ਬੰਦ ਨੈਣ ਹੀ ਗਿਣ ਲੈਂਦੇ ਨੇ
ਆਸ਼ਕ ਤਾਰੇ ਇਸ਼ਕੇ ਦੇ
 
ਬਾਹਰ ਨੇ ਗੱਲਾਂ ਕਹਿਣੇ ਤੋ
ਵਿੱਚ ਸੋਚੀਂ ਸਾਰੇ ਇਸ਼ਕੇ ਦੇ
ਡੋਬ ਇਸ਼ਕ ਦੀ ਜੰਨਤ ਬਖਸ਼ੇ
ਸੋਚ ਕਿਨਾਰੇ ਇਸ਼ਕੇ ਦੇ?
 
ਗਰਮ ਹਵਾ ਦੇ ਬੁੱਲੇ ਵੀ
ਨੇ ਸੀਤ ਹੁਲ੍ਹਾਰੇ ਇਸ਼ਕੇ ਦੇ
ਕੱਖਾਂ ਦੀ ਵੀ ਕੁੱਲੀ ਗਾਵੇ
ਗੀਤ ਮੁਨਾਰੇ ਇਸ਼ਕੇ ਦੇ
 
ਪਿਆਰ ਦੀ ਬਾਜ਼ੀ ਜਿੱਤਣ "ਰਾਵੀ"
ਦਿਲ ਤੋਂ ਹਾਰੇ ਇਸ਼ਕੇ ਦੇ
ਗਲੀਆਂ ਦੇ ਵਿੱਚ ਨੱਚਦੇ ਤਾਂ ਵੀ
ਤੋਹਮਤ ਮਾਰੇ ਇਸ਼ਕੇ ਦੇ
 
ਕੁਝ ਨੇ ਸੱਚੇ, ਤੇ ਕੁਝ ਨੇ ਝੂਠੇ
ਪਰ ਵਿੱਚ ਸਾਰੇ ਇਸ਼ਕੇ ਦੇ
ਇਸ਼ਕ ਨਾ ਹਲਕ ਵਜੂਦੀਂ ਹੁੰਦਾ
ਪੈਰ ਨੇ ਭਾਰੇ ਇਸ਼ਕੇ ਦੇ
07/07/2020

ਹੁਸਨ ਇਸ਼ਕ
ਰਾਵੀ ਕੌਰ, ਨਿਊਯਾਰਕ
 
ਹੁਸਨ ਇਸ਼ਕ ਤੋਂ ਹੱਦ ਪਿਆ ਪੁੱਛੇ,
ਕਹੇ ਇਸ਼ਕ ਕੋਈ ਹੱਦ ਨਈਂ ਹੁੰਦੀ।
ਦੱਸ ਮੁਹੱਬਤ ਕਿੰਨੀ ਕਰਨੈਂ?
ਕਹੇ ਇਹ ਘੱਟ ਜਾਂ ਵੱਧ ਨਈਂ ਹੁੰਦੀ ।
 
ਕਿਸ ਨੇ ਕੀਤਾ ਹੁਸਨ ਨੂੰ ਕੈਦ
ਕਿਓਂ ਇਸ਼ਕ ਨੂੰ ਸੱਦ ਨਈਂ ਹੁੰਦੀ
ਇਸ਼ਕ ਕਚਹਿਰੀਆਂ ਹੋਣ ਮੁਲਤਵੀ
ਕਿਉਂ ਸਜ਼ਾ ਪਰ ਰੱਦ ਨਈਂ ਹੁੰਦੀ
 
ਬੀਜੇ ਹੁਸਨ ਇਸ਼ਕ ਦੀਆਂ ਵੇਲਾਂ
ਇਸ਼ਕ ਤੋਂ ਵੇਲ ਇਹ ਵੱਢ ਨਈਂ ਹੁੰਦੀ
ਮੁੱਖ ਫੇਰਾਂ ਤੇ ਹੋਵਾਂ ਕਾਫ਼ਿਰ
ਸਾਥੋਂ ਪੰਡ ਇਹ ਲੱਦ ਨਈਂ ਹੁੰਦੀ
 
ਭਿੱਜਦੇ ਰਹਿਣੇ ਹੁਸਨ ਦੇ ਗਹਿਣੇ
ਦੱਸ ਇਹ ਬਾਰਿਸ਼ ਕਦ ਨਈਂ ਹੁੰਦੀ?
ਇਸ਼ਕ ਖਲੋਤਾ ਵਿੱਚ ਵੇ ਸਾਗਰ
ਦੱਸ ਸਾਗਰ ਦੀ ਮੱਧ ਨਈਂ ਹੁੰਦੀ ?
 
ਹੁਸਨ ਇਸ਼ਕ ਨੇ ਰੂਹ ਦੇ ਸਾਖੀ
ਸਾਥੋਂ ਸਾਖ ਦੀ ਅੱਧ ਨਈਂ ਹੁੰਦੀ
ਹੁਸਨ ਦੀ ਮੀਨਾ ਅੰਦਰ ਰਾਵੀ
ਤੜਫੇ ਨਾਲ ਤੂੰ ਜਦ ਨਈਂ ਹੁੰਦੀ ।
29/06/2020


ਇਸ਼ਕ ਹਕੀਕੀ

ਰਾਵੀ ਕੋਰ, ਨਿਊਯਾਰਕ
 
ਇਸ਼ਕ ਹਕੀਕੀ ਰੱਬ ਹੋ ਜਾਣੈ, ਲੱਗਦਾ ਏ ਬੱਸ
ਇਹ ਤੇ ਦੀਵਾ ਚੁੱਪ-ਚਪੀਤਾ, ਜਗਦਾ ਏ ਬੱਸ
ਬਹਿ ਜਾਂਦਾ ਕੋਈ ਮਨ ਮਸੀਤੀਂ ਅੰਦਰ ਆ ਕੇ
ਯਾਰ ਹਸਨ ਜੁ ਬੱਸਰੀ ਮੋਮਣ ਫ਼ਬਦਾ ਏ ਬੱਸ
 
ਚਾਰੇ ਖਾਨੇ ਚਿੱਤ.....ਹੂ ਆਸ਼ਿਕ ਕਰ ਛੱਡਦੈ
ਚਾਰੇ ਪਾਸੇ ਦਿਸਦਾ ਜਲਵਾ ਰੱਬ ਦਾ ਏ ਬੱਸ
ਧੁਰ ਅੰਦਰ ਚਾਨਣ ਹਨ੍ਹੇਰੀ ਝੁੱਲ ਗਈ ਏ
ਮੌਲਾ ਰੱਖਿਆ ਹੱਥ ਕਲਬ ਤੇ ਜਦ ਦਾ ਏ ਬੱਸ
 
ਬਾਦਸ਼ਾਹੀ ਮਸਕੀਨੀ ਚੋਲੇ ਪਾ ਲਏ ਨੇ
ਅੱਠੇ ਪਹਿਰ ਏ ਰੁਤਬਾ ਰਹਿੰਦਾ ਵਧਦਾ ਏ ਬੱਸ
ਦਿਲਬਰ ਦੀ ਸੂਰਤ ਹੀ ਅੱਲਾ ਹੋ ਗਈ ਏ
ਅਲਫ਼ ਇਸ਼ਕ ਦੇ ਅੰਦਰ ਜਾਂਦਾ ਦੱਬਦਾ ਏ ਬੱਸ
 
ਓਹਦਾ ਪਤਾ ਕੀ ਪੁੱਛਣਾ, ਜਿਹੜਾ ਹਰ ਥਾਂ 'ਤੇ
ਕਮਲਾ ਆਸ਼ਕ ਵਿੱਚ ਗੁਫ਼ਾਈਂ ਯੱਭਦਾ ਏ ਬੱਸ
"ਰਾਵੀ" ਖੁਦੀ ਮਿਟਾ ਕੇ ਜਿਸ ਨੂੰ ਲੱਭਿਆ ਏ
ਉਹ ਖੁਦਾ ਤੇ ਅੰਦਰ ਹੀ ਹੁਣ ਲੱਭਦਾ ਏ ਬੱਸ
 
ਬਿਨ ਸਮਾਧੀ ਰੂਹ ਬਿਸਮਾਦੀ ਹੋ ਜਾਂਦੀ ਐ
ਮੂੰਹ ਲਾ ਤਾਲੇ, ਇਸ਼ਕ ਹੱਡਾਂ ਨੂੰ ਚੱਬਦਾ ਏ ਬੱਸ
ਕਿਸੇ ਨੇ ਤੱਕੀ, ਖੋਲ੍ਹ ਮਜ਼ਾਰ ਫ਼ਕੀਰਾ ਦੀ??
ਵਿੱਚੋਂ ਜੱਨਤ ਦਾ ਦਰਵਾਜ਼ਾ ਲੰਘਦਾ ਏ ਬੱਸ....
08/06/2020


ਬੇ-ਹੱਦ

ਰਾਵੀ ਕੋਰ, ਨਿਊਯਾਰਕ

ਤੈਨੂੰ ਸਾਡੇ ਕਤਲ ਵਫ਼ਾ ਨੇ, ਵੱਢ ਵਿਖਾ
ਮੇਰੇ ਅੰਦਰ ਤੂੰ ਜੋ ਬੈਠੈਂ, ਕੱਢ ਵਿਖਾ
ਮੈਂ ਤੇ ਤੱਕਿਆ ਤੇਰੇ ਅੰਦਰ ਰੱਬ ਆਪਣਾ
ਤੇਰਾ ਕਿਹੜਾ ਰੱਬ ਹੈ ਵੱਖਰਾ, ਸੱਦ ਵਿਖਾ
ਮੈਂ ਝੱਲੇ ਨੂੰ ਤੇਰੇ ਬਾਝ ਕੋਈ ਦਿਸਦਾ ਨਹੀਂ
ਜਾਗ ਲੱਗੀ ਆ ਲੋਰਾਂ ਦੀ ਤੂੰ ਹਿਸਦਾ ਨਹੀਂ
ਇਹ ਜੋ ਤੋੜ ਜੰਜੀਰਾਂ ਹੁਣ ਬੇ-ਹੱਦਾ ਏ
ਮੇਰੇ ਇਸ਼ਕ ਬੇ-ਕਾਬੂ ਨੂੰ ਕੋਈ ਹੱਦ ਵਿਖਾ
ਕੂਕਾਂ ਨਾਲ ਚਾਅ ਅੰਦਰ ਬੌਰਾ ਕੀਤਾ ਈ
ਮੈਂ ਦਾ ਵਾਕ ਮੈਂ ਓਸੇ ਦਿਨ ਤੋਂ ਸੀਤਾ ਈ
ਤੇਰੇ ਸ਼ੋਰ ਤੇ ਤੇਰੀਆਂ ਚੁੱਪਾਂ ਸਭ ਅੰਦਰ
ਮੇਰੇ ਕੋਲੋਂ ਵੱਖ ਤੂੰ ਹੋਇਐ, ਕਦ ਵਿਖਾ?
ਤੇਰਾ ਹੱਕ ਵੇ, ਇਸ਼ਕ ਜੇ ਮੇਰਾ ਘੱਟ ਤੋਲੇ
ਮੈਂ ਚੁੱਪ ਬੈਠਾਂ, ਚਾਰੇ ਪਾਸੇ ਤੂੰ ਬੋਲੇਂ
ਨਾ ਪੈਮਾਨੇ ਯਾਰ ਦੀਵਾਨੇ ਕੁਝ ਸਮਝਣ
ਮੇਰੇ ਸਿਰ 'ਤੇ ਵੀ ਇਹ ਪੰਡਾਂ ਲੱਦ ਵਿਖਾ
ਤੇਰੇ ਮਗਰ ਰੁਲ਼ ਮਰਨਾ ਦੌਲਤ ਮੇਰੀ ਏ
ਪਰ ਏ ਖਸਮਾਂ ਸਭ ਬ-ਦੌਲਤ ਤੇਰੀ ਏ
"ਰਾਵੀ" ਦੇ ਹੈ ਇਸ਼ਕ 'ਤੇ ਤੇਰਾ ਹੱਕ ਪੂਰਾ
ਤੇਰੇ ਵੱਲ ਜੋ ਮੇਰਾ ਬਣਦੈ, ਅੱਧ ਵਿਖਾ
02/06/2020


ਮਲੰਗ

ਰਾਵੀ ਕੋਰ, ਨਿਊਯਾਰਕ

ਮਸਤ ਮਲੰਗ ਚਾ ਕੀਤੀ ਸੂ
ਮੇਰੀ ਜਿੰਦ ਤੰਗ ਚਾ ਕੀਤੀ ਸੂ
ਨਜ਼ਰੋਂ ਪੱਥਰ ਭੰਨਣ ਵਾਲੀ
ਫੜਕੇ ਵੰਗ ਚਾ ਕੀਤੀ ਸੂ

ਕਿਹੜੀ ਕਣੀ ਪਈ ਏ ਵਰ੍ਹਦੀ
ਪੈਲਾਂ ਬਿਨ ਬਦਲਾਂ ਤੋਂ ਭਰਦੀ
ਮੋਰਨੀ ਬੱਗੇ ਖੰਭਾਂ ਵਾਲੀ
ਰੰਗੋਂ ਰੰਗ ਚਾਅ ਕੀਤੀ ਸੂ

ਹੁਣ ਨਾਂ ਸੱਪ ਪਿਟਾਰੀ ਪੈਂਦੇ
ਜ਼ਹਿਰੀ ਉਡ-ਉਡ ਵੱਢਣ ਪੈਂਦੇ
ਸਾਡੇ ਨੈਣ ਪਿਆਲੇ ਮਧੁਰਾ
ਸੂਹੀ ਸੰਗ ਚਾਅ ਕੀਤੀ ਸੂ

ਕਾਲੇ ਕਰ ਛੱਡੇ ਇਸ ਜਾਦੂ
ਹੋਇਆ ਰਹਿੰਦਾ ਦਿਲ ਬੇਕਾਬੂ
ਲਾ ਕੇ ਦਿਲ ਦੇ ਅੰਦਰ ਅੱਗਾਂ
ਮਸਤੀ ਭੰਗ ਚਾਅ ਕੀਤੀ ਸੂ

“ਰਾਵੀ” ਬਾਹਰ ਨੇ ਗੱਲਾਂ ਸਮਝੋਂ
ਆਸ਼ਕ ਜਾਣ ਪਛਾਣੇ ਰਮਜ਼ੋਂ
ਦੇ ਛੱਡ ਦਿਲ ਦੇ ਅੰਦਰ ਥਾਵਾਂ
ਐਸੀ ਮੰਗ ਚਾਅ ਕੀਤੀ ਸੂ
23/05/2020


ਇੱਕ ਫ਼ੁੱਲ ਦੀ ਤਾਂਘ

ਰਾਵੀ ਕੋਰ
 
raavi-kaurਅਲਫ਼ ਬੇ ਦਾ ਪਤਾ ਨਾ ਮੈਨੂੰ
ਤੇ ਨਿੱਤ ਜਾਵਾਂ ਤਕਰੀਰਾਂ ਨੂੰ
ਇੱਕੋ ਤੱਕਣੀਂ ਤੱਕੀ ਜਾਣਾ
ਚੋਰਾਂ ਨੂੰ, ਅਤੇ ਪੀਰਾਂ ਨੂੰ

ਹੇਠ ਮੁਸੱਲੇ ਦੀਨ ਮੈਂ ਰੱਖਿਆ
ਰੱਬ ਧਾਗੇ ਵਿੱਚ ਬੰਨ੍ਹ ਲੈਣਾ
ਜਿੱਥੇ ਦਿਲ ਹੈ ਮੇਰਾ ਕਹਿੰਦਾ
ਓਥੇ ਉਸ ਨੂੰ ਮੰਨ ਲੈਣਾ

ਹੱਕ ਸੱਚ ਨੂੰ ਪਾਸੇ ਰੱਖ ਕੇ
ਧਰਮ ਵੀ ਖ਼ੂਬ ਕਮਾਏ ਨੇ
ਕੂੜ ਕਰਮ ਨੇ ਗੋਡੇ-ਗੋਡੇ
ਪਰ ਬਾਣੇ ਚਿੱਟੇ ਪਾਏ ਨੇ

ਨਾਫੁਰਮਾਨ ਹਾਂ ਮੁਰਸ਼ਦ ਤੇਰਾ
ਤਾਂ ਮੌਜੂ ਤੋਂ ਅੱਡ ਹੋਇਆ
ਮੈ ਹੀ ਸੱਚਾ-ਸੁੱਚਾ ਹਾਂ ਬੱਸ
ਇਹ ਨਾ ਜ਼ਿਹਨ 'ਚੋਂ ਕੱਢ ਹੋਇਆ

ਤੇਰੇ ਪਾਸੇ ਜਾਂਦੇ ਰਾਹ ਮੈਂ
ਬੰਦ ਕਰ ਛੱਡੇ ਪੱਕੇ ਨੇ
ਬੇਖ਼ੁਦੀ ਦਾ ਹੱਜ ਪਿਆ ਕਰਦਾ
ਭੁੱਲਿਆ ਆਦਮ ਮੱਕੇ ਵੇ

ਨਫ਼ਰਤ ਵਾਲੇ ਦੀਵੇ ਬਾਲ਼ੇ
ਮੇਰੇ ਅੰਦਰ ਗੈਰਤ ਨਈਂ
ਜ਼ਹਿਰ ਪਿਆਏ ਭਰ-ਭਰ ਠੂਠੇ
ਇਹਦੇ ਵਿੱਚ ਕੋਈ ਹੈਰਤ ਨਈਂ

ਕੁਫ਼ਰ ਮੈ ਤੋਲੇ ਕਾਹਤੋਂ ਮੌਲਾ
ਏਹੀ ਸੋਚੀ  ਜਾਨਾ ਵਾਂ
ਹੁਣ ਦੋਜਕ ਦੀ ਅੱਗ ਵਿੱਚ ਸੜਦਾ
ਤੈਨੂੰ ਲੋਚੀ ਜਾਨਾ ਵਾਂ

ਆ ਫ਼ਰਮਾਂ-ਬਰਦਾਰੀ ਮੰਗੀਏ
ਕਾਇਨਾਤ ਦੇ ਵਾਲੀ ਤੋਂ
ਉਹ ਬਖ਼ਸ਼ਿਸ਼ ਦੇ ਫੁੱਲ ਵਰਸਉਂਦਾ
ਇੱਕ ਫੁੱਲ ਮੰਗੀਏ ਮਾਲੀ ਤੋਂ
 01/05/2020


ਰਾਵੀ ਕੌਰ
ਨਿਊਯਾਰਕ, ਸੰਯੁਕਤ ਰਾਜ ਅਮਰੀਕਾ
rkaur445@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com