WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਪ੍ਰੀਤ ਰਾਮਗੜ੍ਹੀਆ 
ਲੁਧਿਆਣਾ ( ਪੰਜਾਬ )

preet ramgharia

 ਦੋ ਲਾਲਾਂ ਦੀ ਜੋੜੀ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ   
 
ਬੂਟਾ ਸਿੱਖੀ ਦਾ ਲਾਇਆ ,
ਕਿਵੇਂ ਸੁੱਕ ਜਾਊਗਾ ?
ਸਿਰਜਿਆ ਹੋਇਆ ਜੋ ,
ਸ਼ਹੀਦਾਂ ਦੇ ਖੂਨ ਨਾਲ ।
 
ਦੋ ਲਾਲਾਂ ਦੀ ਜੋੜੀ ,
ਖੜ੍ਹੀ ਸੂਬਾ ਸਰਹਿੰਦ ਦੀ ਕਚਹਿਰੀ ।
ਕੇਸਰੀ ਪਹਿਰਾਵਾ , ਸਿਰ ਤੇ ਪਗੜੀ ,
ਬੇਖੌਫ ਸੀ ਗੁਰੂ ਦੇ ਲਾਲਾਂ ਦੀ ਜੋੜੀ ,
ਫਤਹਿ ਬੁਲਾ ਗੁਰੂ ਦੀ ,
ਨਿੱਕੀਆਂ ਜਿੰਦਾਂ ਨੇ ਖਾਮੋਸ਼ੀ ਤੋੜੀ .... ।
ਕੋਸ ਰਿਹਾ ਸੀ ਕੋਈ ਹੋ ਰਹੇ ਜ਼ੁਲਮਾਂ ਨੂੰ ,
ਕੋਈ ਦੇ ਰਿਹਾ ਸਾਥ ਸਜ਼ਾਵਾਂ ਦਾ ,
ਕੋਈ ਦੇ ਰਿਹਾ ਲਾਲਚ ਸ਼ਾਹੀ ਸੌਗਾਤਾਂ ਦਾ ,
ਕਰ ਲਉ ਕਬੂਲ ਇਸਲਾਮ ਧਰਮ ,
ਮਿਲੇਗੀ ਜਿੰਦਗੀ ਐਸ਼ੋ ਆਰਾਮਾਂ ਦੀ .... ।
ਸੁਣ ਸਾਹਿਬਜ਼ਾਦਿਆਂ ਆਖ ਸੁਣਾਇਆ ,
ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ,
ਗੁੜ੍ਹਤੀ ਮਿਲੀ ਸਾਨੂੰ ਕੁਰਬਾਨੀ ਦੀ ,
ਜ਼ੁਲਮ ਮਿਟਾਉਣਾ ਸਾਡੇ ਖੂਨ `ਚ ਸਮਾਇਆ ।
ਸੀਸ ਤਲੀ ਤੇ ਧਰ ਸਿੱਖ ਧਰਮ ਕਮਾਇਆ ,
ਝੁਕਣਾ ਨਹੀਂ ਮਨਜ਼ੂਰ , ਸੀਸ ਕਟਾ ਦਿਆਂਗੇ .... ।
ਗਰਜਦਾ ਗੁੱਸੇ `ਚ ਵਜ਼ੀਰ ਖਾਨ &
ਮਾਨਵਤਾ ਦੀਆਂ ਹੱਦਾ ਪਾਰ ਸੀ ਹੋਇਆ ,
ਚਿਣਵਾ ਦਿਉ ਵਿਚ ਦੀਵਾਰ ,
ਹੁਕਮ ਆਖ ਸੁਣਾਇਆ ..... ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ , ਫਤਹਿ ਸਿੰਘ ,
ਜੈਕਾਰੇ ਲਾ ਫਤਹਿ ਬੁਲਾਈ ।
ਧਰਮ ਨਾ ਛੱਡਿਆ , ਸ਼ਹੀਦੀ ਪਾਈ ।
ਉਮਰਾਂ ਸੀ ਛੋਟੀਆਂ , ਕਾਰਨਾਮਾ ਵੱਡਾ ਸੀ ਕਰ ਗਏ ।
ਸਿੱਖੀ ਦੀ ਨੀਂਹ ਪੱਕੀ ਸਦਾ ਲਈ ਕਰ ਗਏ ।
"ਪ੍ਰੀਤ" ਸਿੱਖੀ ਮਿਲੀ ਬੜੀ ਔਖੀ ਹੈ ,
ਬਿਰਤਾਂਤ ਲਿਖਦਾ ਜਾਈਂ ।
ਸਿੱਖੀ ਹੈ ਤਾਂ ਵਜੂਦ ਤੇਰਾ ,
ਇਹ ਭੁੱਲ ਨਾ ਜਾਈਂ ।
27/12/2019


ਨਵਾਂ ਸਾਲ

ਪ੍ਰੀਤ ਰਾਮਗੜ੍ਹੀਆ, ਲੁਧਿਆਣਾ 
 
ਇੱਕ -ਇੱਕ ਕਰਕੇ ਦਿਨ ਬੀਤੇ
ਦਿਨ ਬੀਤੇ ਨਿਕਲਿਆ ਸਾਲ
ਰੱਬਾ ਮਿਲਾ ਦੇਵੀਂ ਉਹਨਾਂ ਨੂੰ
ਜਿਹੜੇ ਵਿਛੜੇ ਸੀ ਇਸ ਸਾਲ...
 
ਖੁਸ਼ੀਆਂ ਨਾਲ ਘਰ ਭਰ ਦੇਵੀਂ
ਦੇਵੀਂ ਸਬਰ ਸੰਤੋਖ ਤੇ ਪਿਆਰ
ਮਿਟਾ ਕੇ ਮੈਲ ਦਿਲਾਂ ਦੀ 
ਦੁਸ਼ਮਣ ਵੀ ਬਣ ਜਾਣ ਯਾਰ
ਖੁੱਲ ਜਾਣ ਖਾਤੇ ਦਿਲ ਦੀ ਵਹੀ `ਚ
ਕਰਜ਼ ਨਿਕਲੇ ਤਾਂ ਨਿਕਲੇ ਪਿਆਰ
ਵੰਡੀਆਂ ਗਈਆਂ ਜੋ ਕੰਧਾਂ ਨਫ਼ਰਤ ਦੀਆਂ
ਢਹਿ - ਢੇਰੀ ਹੋ ਜਾਣ ਸਭ
ਜਦ ਆਵੇ ਨਵਾਂ ਸਾਲ....
 
ਮੁੱਕ ਜਾਵੇ ਗਰੀਬੀ ਤੇ ਤੰਗੀ
ਦਿਲ ਦੀ ਅਮੀਰੀ ਨਾ ਰੋਟੀ ਦਿੰਦੀ
ਭੁੱਖਾ ਨਾ ਕੋਈ ਸੌਂਵੇਂ 
ਦੋ ਵਕਤ ਤਾਂ ਦੇਵੀਂ ਰਜਾ
ਠੁਰ - ਠੁਰ ਕਰਦੀ ਸਰਦੀ
ਤਨ ਤੇ ਨਾ ਜਾਵੇ ਹੰਢਾਈ
ਕਰ ਦੇਵੀਂ ਕੋਈ ਉਪਾਅ
ਨਵਾਂ ਸਾਲ ਦੇ ਦੇਵੇ
ਮਿਹਨਤ ਦਾ ਮੁੱਲ ਪਾ....
 
ਪਰਦੇਸਾਂ ਵਿਚ ਪੁੱਤ ਕਰਨ ਕਮਾਈ
ਮਾਵਾਂ ਦੀਆਂ ਨਜ਼ਰਾਂ ਟਿਕੀਆਂ ਦਰ ਤੇ
ਉਡੀਕਣ ਦਿਨ ਰਾਤ ਪੁੱਤਾਂ ਨੂੰ
ਮਿਲਣ ਦੀ ਘੜੀ ਬਣਾ
ਤਰਸਦਿਆਂ ਨਿਕਲੇ ਕਈ ਸਾਲ
ਇਸ ਵਾਰ ਕਰ ਪੂਰੀ ਮੁਰਾਦ...
 
ਸੁੱਖਾਂ ਮੰਗਦਾ " ਪ੍ਰੀਤ " ਵੇ ਰੱਬਾ
ਖ਼ੈਰ ਦੇਵੀਂ ਝੋਲੀ ਪਾ
ਨਵਾਂ ਸਾਲ ਮੁਬਾਰਕ ਸਭ ਨੂੰ
ਲਾ ਦੇਵੇ ਖੁਸ਼ੀਆਂ ਦੇ ਅੰਬਾਰ
 
ਸਾਲ 2019 ਦੀ ਆਮਦ ਤੇ 
ਆਪ ਸਭ ਨੂੰ ਬਹੁਤ - ਬਹੁਤ ਮੁਬਾਰਕਾਂ ਜੀ
ਹਸਦੇ ਰਹੋ ਵਸਦੇ ਰਹੋ
30/12/2018


ਆਪਣਾ ਕੌਣ ?

ਪ੍ਰੀਤ ਰਾਮਗੜ੍ਹੀਆ, ਲੁਧਿਆਣਾ 
 
ਬਦਲ ਗਈ ਅੱਜਕਲ ਪੀੜ੍ਹੀ 
ਸ਼ੌਂਕ ਨਵੇਂ ਸਜਾ ਲਏ ਨੇ
ਸੋਸ਼ਲ ਸਾਈਟਾਂ ਉੱਤੇ 
ਦੋਸਤ ਨਵੇਂ ਬਣਾ ਲਏ ਨੇ.....
 
ਵਧ ਗਈਆਂ ਦੂਰੀਆਂ ਆਪਣਿਆਂ ਤੋਂ
ਨਵਿਆਂ ਨਾਲ ਯਾਰੀ ਵਧ ਗਈ ਏ
ਰਹਿਣ ਸਦਾ ਤਰਸਦੇ ਗੱਲ ਕਰਨ ਨੂੰ
ਰਿੰਗਟੋਨ ਵੀ ਮੋਬਾਇਲ ਤੇ 
ਉੱਚੀ ਜਿਹੀ ਲਾ ਲਈ ਏ....
 
ਸਾਥੀ ਨਹੀਂ ਇਹ ਉਮਰਾਂ ਦੇ
ਗੱਪਾਂ ਮਾਰ ਸਮਾਂ ਲੰਘਾਉਂਦੇ ਨੇ
ਫੇਰ ਵੀ ਉਹ ਲੱਗਣ ਪਿਆਰੇ
ਆਪਣਿਆਂ ਤੋਂ ਖਹਿੜਾ ਛੁਡਾਉਂਦੇ ਨੇ....
 
ਮਿਲੇ ਨਹੀਂ ਜੋ ਕਦੇ
ਕਹਿੰਦੇ ਸਾਹ ਤੇਰੇ ਚ ਸਾਹ ਆਉਂਦੇ ਨੇ
ਕਦ ਵਿਹਲ ਮਿਲੂ ਪੁੱਤਰ ਨੂੰ
ਮਾਪੇ ਬੈਠੇ ਕੁਰਲਾਉਂਦੇ ਨੇ.......
 
ਆਉ ਜ਼ਰਾ ਥੋੜ੍ਹਾ ਧਿਆਨ ਕਰੀਏ
ਕੌਣ ਆਪਣਾ ਕੌਣ ਪਰਾਇਆ
ਕੁਝ ਸੋਚ ਵਿਚਾਰ ਕਰੀਏ
ਬੁਰਾ ਨਹੀ ਸੋਸ਼ਲ ਮੀਡੀਆ ਤੇ
ਕੁਝ ਸਮਾਂ ਲੰਘਾਉਣਾ
ਉਡੀਕਦਾ ਜੋ ਪਰਿਵਾਰ 
ਦੋ ਪਲ ਖੁਸ਼ੀ ਦੇ 
ਉਹਨਾਂ ਨਾਲ ਵੀ ਲੰਘਾ ਲਈਏ ...
 
ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ
ਹਰ ਖੁਸ਼ੀ ਤੇ ਗਮ 
ਜੋ ਨਾਲ ਨਿਭਾਉਂਦੇ
ਅਸਲ ਚ ਉਹੀ ਆਪਣੇ ਨੇ
11/10/2018
 
ਮੁਹੱਬਤ 

ਪ੍ਰੀਤ ਰਾਮਗੜ੍ਹੀਆ, ਲੁਧਿਆਣਾ 
 
ਕਾਗਜ ਦੀ ਕਿਸ਼ਤੀ ਚ ਸਵਾਰ ਹੁੰਦੀ
ਮੁਹੱਬਤ ਏਨੀ ਲਾਪਰਵਾਹ ਹੁੰਦੀ
ਜਾਤਾਂ ਪਾਤਾਂ ਤੋਂ ਦੂਰ 
ਮਹਿਬੂਬ ਤੇ ਕੁਰਬਾਨ ਹੁੰਦੀ....
 
ਰੰਗ ਨਾ ਦੇਖਦੀ ਚਮੜੀ ਦਾ
ਦਿਲ ਨੂੰ ਦਿਲ ਦੀ ਰਾਹ ਹੁੰਦੀ
ਕੀ ਕਰਨੇ ਰਾਣੀ ਹਾਰ
ਮਹਿਬੂਬ ਬਣ ਜਾਂਦਾ ਸ਼ਿੰਗਾਰ.....
 
ਮੁਹੱਬਤ ਹੁੰਦੀ ਅਣਜਾਣ
ਜਗ ਦੀਆਂ ਰੀਤਾਂ ਦੀ ਨਾ ਪਰਵਾਹ ਹੁੰਦੀ
ਰੂਹ ਦੀ ਰੂਹ ਨਾਲ ਗੱਲਬਾਤ ਹੁੰਦੀ 
ਜਿਸਮ ਮੁੱਕ ਜਾਂਦਾ ਮੁੱਕ ਜਾਵੇ
ਮੁਹੱਬਤ ਦਰਗਾਹੀਂ ਪ੍ਰਵਾਨ ਹੁੰਦੀ.....
 
ਮੁਹੱਬਤ ਰੂਪ ਰੱਬ ਦਾ
ਇਲਾਹੀ ਇਬਾਦਤ ਦੀ ਰਾਹ ਹੁੰਦੀ
ਮੁਹੱਬਤ ਆਸ਼ਿਕਾਂ ਦੀ ਨਹੀਂ ਜਾਗੀਰ ਹੁੰਦੀ
ਦੁਨੀਆ ਫਿਰੇ ਰੱਬ ਲੱਭਦੀ
ਮੁਹੱਬਤ ਵਸਦੀ ਹਰ ਉਸ ਦਿਲ ਚ
ਰੱਬ ਪਾਉਣ ਦੀ ਜਿਸ ਨੂੰ ਚਾਹ ਹੁੰਦੀ
01/10/2018

 ਹਿਜ਼ਰ ਦੇ ਰਾਹੀ
ਪ੍ਰੀਤ ਰਾਮਗੜ੍ਹੀਆ,  ਲੁਧਿਆਣਾ 
 
ਕਦ ਰੁਕੇਗੀ ਉਹ ਬਾਰਿਸ਼
ਜਿਹੜੀ ਹਿਜ਼ਰ ਦੀ ਵਰ੍ਹਦੀ ਆ
ਅੰਦਰੋਂ ਭਿੱਜਾ ਉਪਰੋਂ ਸੁੱਕਾ
ਤੂਫਾਨ ਚੱਲ ਰਹੇ
ਤੇਰੇ ਬਿਨ ਸੱਜਣਾ 
ਜਿਉਂਦੇ ਜੀਅ ਮਰ ਰਹੇ.....
 
ਸੁਪਨਿਆਂ ਚ ਤੇਰਾ ਹੱਸਦਾ ਚਿਹਰਾ
ਇਸ਼ਕ ਦੀਆਂ ਬਾਤਾਂ ਦਾ ਪਹਿਰਾ
ਯਾਦ ਕਰ ਮੈਂ ਦਿਨ ਲੰਘਾਵਾਂ
ਕਦ ਆਵੇ ਰਾਤ ਫਿਰ 
ਇੰਤਜ਼ਾਰ ਬਣ ਗਈਆਂ ਰਾਹਾਂ....
 
ਜੁਲਫਾਂ ਦੇ ਜਾਲ ਵਿਛਾ
ਦਿਲ ਪੰਛੀ ਪਿੰਜਰੇ ਪਾਇਆ
ਖਾਬਾਂ ਦੇ ਮਹਿਲ ਉਸਾਰ
ਸਮੁੰਦਰੋਂ ਪਾਰ ਤੂ ਡੇਰਾ ਲਾਇਆ
ਜਿਉਂਦੇ ਜੀਅ ਸਾਨੂੰ ਮਾਰ ਮੁਕਾਇਆ...
 
" ਪ੍ਰੀਤ " ਨਾ ਜਾਣੀਂ ਤੂ
ਐਸਾ ਖੇਡ ਰਚਾਇਆ
ਡਾਲਰਾਂ ਦੀ ਬਣ ਰਾਣੀ
ਰੁਪਈਆ ਗਵਾਇਆ ਤੂ
ਰਹਿੰਦੀ ਵੀ ਸਾਡੀ ਲੰਘ ਜਾਊਗੀ
ਸੱਜਣਾ ਜਿਉਂਦੇ ਜੀਅ ਮਾਰ ਮੁਕਾਇਆ..
01/09/2018


ਸਾਂਝ

ਪ੍ਰੀਤ ਰਾਮਗੜ੍ਹੀਆ, ਲੁਧਿਆਣਾ

ਨਾ ਚਿਹਰਾ ਸੀ , ਨਾ ਆਵਾਜ਼ ਸੀ
ਜਜ਼ਬਾਤਾਂ ਦੀ ਮੁਲਾਕਾਤ ਸੀ 
ਲਫਜ਼ ਬਣੇ ਦਿਲ ਦੇ ਤਾਰ ਸੀ
ਮਾਲਾ ਸ਼ਬਦਾਂ ਦੀ ਪਿਰੋਈ ਗਈ
ਸਾਂਝ ਦਿਲਾਂ ਦੀ ਹੋਈ...
 
ਸੱਧਰਾਂ ਦੇ ਰੰਗ ਨਿਖਰੇ
ਕਰੀਬ ਜਿਹੇ ਮਹਿਸੂਸ ਹੋਏ 
ਕੁਝ ਪਲ ਪਹਿਲੇ ਆਮ ਜਿਹੇ
ਇਕ ਦੂਜੇ ਲਈ ਖਾਸ ਹੋਏ 
ਦੂਰ ਬੈਠੇ ਸੱਜਣਾ ਦੀ
ਸਾਂਝ ਦਿਲਾਂ ਦੀ ਹੋਈ....
 
ਕੁਝ ਵੰਡੇ ਦੁੱਖ ਸੱਜਣਾ ਨੇ
ਕੁਝ ਸਾਂਝੀਆਂ ਕੀਤੀਆਂ ਖੁਸ਼ੀਆਂ ਨੇ
ਲਹਿਰਾਂ ਜੋੜ ਰਹੀਆਂ 
ਨਦੀ ਦੇ ਦੋ ਕਿਨਾਰੇ ਜਿਹੇ ਸੱਜਣਾ ਦੀ
ਸਾਂਝ ਦਿਲਾਂ ਦੀ ਹੋਈ.....
 
ਚੰਨ ਵੀ ਫਰਜ਼ ਨਿਭਾ ਰਿਹਾ
ਸੰਦੇਸ਼ ਇਕ ਦੂਜੇ ਨੂੰ ਪਹੁੰਚਾ ਰਿਹਾ 
ਰੂਹਾਂ ਦਾ ਮੇਲ ਕਰਾ ਰਿਹਾ 
ਸਾਂਝ ਦਿਲਾਂ ਦੀ ਪਾ ਰਿਹਾ....
 
ਜਿਸਮਾਂ ਦਾ ਸਾਥ , ਸਾਥ ਨਾ ਕੋਈ
ਹਾਣੀ ਰੂਹਾਂ ਦੇ ਬਣੋ
ਬਿਨ ਬੋਲੇ ਗੱਲ ਦਿਲ ਦੀ
ਦੂਜੇ ਨੂੰ ਮਹਿਸੂਸ ਹੋਏ 
ਸਾਂਝ ਦਿਲਾਂ ਦੀ ਹੋਏ 
 26/09/2018

ਬੂਟਾ ਵਫਾ ਦਾ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ

ਕਾਗਜ ਦੇ ਫੁੱਲ ਕਦ ਮਹਿਕਦੇ 
ਸੋਹਣੇ ਤਾਂ ਦੇਖਣ ਨੂੰ ਬੜੇ
ਹਾਲ ਏਸਾ ਹੁਣ ਹੋ ਗਿਆ
ਲੋਕੀ ਦਿਸਦੇ ਆਪਣੇ ਜਿਹੇ....
 
ਵਾਰ ਪਿੱਠ ਚ ਕਦ ਖੋਭ ਜਾਣ
ਪਤਾ ਵੀ ਨਾ ਲੱਗੇ ਕਦੇ
ਹਰ ਵਕਤ ਨੇ ਜੀ - ਜੀ ਕਰਦੇ
ਮਿੱਠੇ ਬੋਲ ਪਤਾਸੇ ਘੋਲਦੇ
ਕੁਝ ਸਮੇਂ ਲਈ ਨਕਲੀ ਜਿਹਾ ਹੱਸਦੇ 
ਅੰਦਰੋਂ ਵੈਰ ਭਾਵ ਰੱਖਦੇ.....
 
ਅਸਲੀ ਫੁੱਲਾਂ ਦੀ ਖੁਸ਼ਬੋ 
ਗੁੰਮ ਹੋ ਗਈ ਕਿਤੇ 
ਲੱਭਦੀ ਨਾ ਹੁਣ ਉਹ
ਚਾਰ ਚੁਫੇਰੇ ਬੜਾ ਹੀ ਟੋਹਿਆ ....
 
ਕਿੱਥੇ ਗਈ ਉਹ ਮਿੱਟੀ ਦੀ ਮਹਿਕ 
ਬੰਜਰ ਹੋ ਗਈ ਵਿਸ਼ਵਾਸ ਦੀ ਧਰਤ 
ਦੇਖ ਮਨ ਬੜਾ ਮਸੋਸ ਹੋਇਆ
ਕਾਸ਼ ! ਉਹ ਬੂਟਾ ਫੇਰ ਖਿਲ ਜਾਵੇ
ਪਿਆਰ ਤੇ ਵਫਾ ਦਾ ਬੀਜ ਕਿਤੇ ਮਿਲ ਜਾਵੇ......
 
" ਪ੍ਰੀਤ " ਫੇਰ ਇਕ ਸੋਹਣਾ ਜਹਾਨ ਸਜਾ ਲਈਏ
ਨਫ਼ਰਤ ਨੂੰ ਕਿਤੇ ਦਫਨਾ ਦੇਈਏ
ਲੱਗੇ ਆਪਣਾ ਜਿਹਾ ਪਰਿਵਾਰ ਦੁਨੀਆ 
ਕਰ ਦੇਈਂ ਰੱਬਾ ਸਾਕਾਰ ਸੁਪਨਾ
ਕਾਗਜਾਂ ਦੇ ਫੁੱਲ ਨਾ ਮਹਿਕਦੇ
ਫੁੱਲ ਪਿਆਰ ਵਾਲਾ ਉਗਾ ਲਈਏ
26/09/2018

ਬੇਰੰਗ ਮੁਸਕੁਰਾਹਟ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ
 
ਬੇਰੰਗ ਜਿਹੀ ਮੁਸਕੁਰਾਹਟ ਨਜ਼ਰ ਆਈ
ਦੇਖੀ ਉਹਦੀ ਸੂਰਤ ਬੜੇ ਰਾਜ ਛੁਪਾਈ
ਸੁਪਨਿਆਂ ਦਾ ਘਰ ਢਹਿ ਗਿਆ ਸੀ 
ਦਿਲ ਉਦਾਸ ਤੇ ਚਿਹਰਾ ਨੂਰਾਨੀ 
ਬੁੱਲ੍ਹੀਆਂ ਤੋਂ ਮੁਸਕਾਉਂਦੀ , ਅੰਦਰੋਂ ਰੋ ਰਹੀ
ਦੇਖ ਨਾ ਲਵੇ ਅਥਰੂ , ਉਹਦੀ ਨੰਨ੍ਹੀ ਜਿਹੀ ਪਰੀ...
 
ਗਮ ਨੇ ਛੁਪਾਏ , ਹਰ ਰਿਸ਼ਤੇ ਨਾਤੇ ਨੇ
ਜੀਅ ਰਹੇ ਮਾਪੇ , ਕਿਵੇਂ ਗਮ ਦੇ ਖਾਏ ਨੇ
ਪਾਲੀ ਸੀ ਲਾਡਾਂ ਨਾਲ ਉਨ੍ਹਾਂ ਵੀ ਰਾਜਕੁਮਾਰੀ
ਸਮਾਜ ਦੀਆਂ ਰਸਮਾਂ ਨੇ ਪਾਈ ਜੁਦਾਈ ਉਦੋਂ
ਪੱਲਾ ਕਿਸੇ ਗੱਭਰੂ ਦਾ ਫੜਾ ਕੀਤੀ ਸੀ ਵਿਦਾਈ
ਖੁਸ਼ ਰਹੀਂ ਘਰ ਆਪਣੇ ਦੁਆ ਸੀ ਦਿੱਤੀ...
 
ਕੁਝ ਖਾਬ ਸਜਾ ਸਹੁਰੇ ਘਰ ਰੱਖਿਆ ਕਦਮ
ਖਿਲੇ ਫੁੱਲ ਸੱਧਰਾਂ ਦੇ , ਨਵੀਂ ਜਿੰਦਗੀ ਚ ਕਦਮ ਧਰਿਆ
ਚਾਰ ਦਿਨਾਂ ਦਾ ਸੀ ਚਾਅ
ਉਤਰੇ ਮਖੌਟੇ , ਚਿਹਰੇ ਅਸਲੀ ਸਾਹਮਣੇ ਆਏ
ਦਾਜ ਦੇ ਲੋਭੀਆਂ ਨੇ ਰੰਗ ਦਿਖਾਏ
ਨਿੱਤ ਨਵੀਂ ਡਿਮਾਂਡ ਲੈ ਆਏ....
 
ਬਦਲਣਗੇ ਉਹ ਪਿਆਰ ਬੱਚੇ ਦਾ ਪਾ ਕੇ
ਸੋਚ -ਸੋਚ ਕੇ ਦਿਨ ਲੰਘਾਏ
ਟੁੱਟ ਗਏ ਸੁਪਨੇ ੳਸ ਸਮੇਂ
ਜਦ ਨੰਨ੍ਹੀ ਪਰੀ ਨੇ ਚਰਣ ਸੀ ਪਾਏ
ਨਕਾਰ ਉਨ੍ਹਾਂ ਸੀ ਧੱਕਾ ਦਿੱਤਾ 
ਪੁੱਤਰ ਦੇ ਮੋਹ ਚ ਆਪਾ ਗਵਾਏ.....
 
ਨਾਰੀ ਦੇਵੀ ਦਾ ਰੂਪ , ਆਪਣੇ ਜਖਮ ਲੁਕਾਏ
ਸੱਟਾਂ ਲੱਗੀਆਂ ਦਿਲ ਤੇ ਕਿਸ ਨੂੰ ਜਤਾਏ
ਬੇਰੰਗ ਜਿਹੀ ਮੁਸਕੁਰਾਹਟ 
ਮੈਨੂੰ ਚਿਹਰੇ ਉਹਦੇ ਤੇ ਨਜ਼ਰ ਆਏ
 26/09/2018
 
ਉਡੀਕ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ
 
ਕੱਚ ਤੋਂ ਕੱਚਾ ਦਿਲ ਸੱਜਣਾ
ਐਂਵੇ ਨਾ ਸਤਾਇਆ ਕਰ
ਦੂਰ -ਦੂਰ ਰਹਿਨਾ
ਦੂਰੀਆਂ ਨਾ ਪਾਇਆ ਕਰ....
 
ਨਜ਼ਰਾਂ ਤੋਂ ਉਹਲੇ ਲੱਖ ਰਹਿ
ਵਿਛੋੜੇ ਦਿਲ ਦੇ ਨਾ ਪਾਈਂ
ਧੜਕਨ ਰੁੱਕ ਜਾਊ ਮੇਰੀ
ਕਿਤੇ ਭੁੱਲ ਹੀ ਨਾ ਜਾਈਂ....
 
ਦਿਨ ਗੁਜ਼ਰਦੇ ਇਉਂ
ਜਿਵੇਂ ਫੁੱਲ ਹੋਈਏ ਮੁਰਝਾਏ
ਕੰਢਿਆਂ ਤੇ ਸਾਡੀ ਜਾਨ ਪਈ
ਜਿਵੇਂ ਮਾਲੀ ਬੇਪਰਵਾਹ ਹੋਵੇ...
 
ਰੁੱਖ ਸੁੱਕਾ ਪਾਣੀ ਦਾ ਤਿਹਾਇਆ
ਬੰਜਰ ਹੋਈ ਜ਼ਮੀਨ 
ਅੱਖਾਂ ਸੁੱਕ ਗਈਆਂ ਦੀਦ ਤੇਰੀ ਚ
ਲੱਗਦਾ ਨਾ ਹੁਣ ਜੀਅ ......
 
ਕਰੀਂ ਨਾ ਸੌਦੇ ਵਪਾਰੀ ਵਾਂਗ
ਸਾਡੀ ਨਾ ਕੋਈ ਹੋਰ ਉਮੀਦ
ਆਵੀਂ ਜਾਂ ਨਾ ਆਵੀਂ
ਜਿੰਦ ਕੀਤੀ ਨਾਮ ਤੇਰੇ "ਪ੍ਰੀਤ"
ਕਰਦੇ ਰਹਿਣਾ ਤੇਰੀ ਉਡੀਕ
 26/09/2018
 
ਤਾਰਾ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ

ਟੁੱਟਦਾ ਹੋਇਆ ਤਾਰਾ , ਮੈਨੂੰ ਦੇਖ ਕੇ ਹੱਸ ਪਿਆ
ਕਹਿਣ ਲੱਗਾ ਮੈਨੂੰ , ਮੰਗ ਕੀ ਚਾਹੀਦਾ ਤੈਨੂੰ
ਚੁੱਪ ਖੜ੍ਹਾ ਕਿਉਂ ਦੇਖ ਰਿਹਾ , ਮੰਗਦੀ ਦੁਨੀਆ ਸਾਰੀ
ਇੰਤਜ਼ਾਰ ਕਰਦੇ , ਕਦ ਟੁੱਟਾਂ ਮੈਂ ਕਦ ਟੁੱਟਾਂ
ਭਰ ਜਾਏ ਉਹਨਾਂ ਦੀ ਝੋਲੀ..........
 
ਬੋਲਿਆ ਮੈਂ ਉਸਨੂੰ , ਦੁੱਖ ਦੀ ਘੜੀ ਚ ਵੇ ਤਾਰਿਆ ਤੂ
ਕਿੰਝ ਮੰਗਾਂ ਆਪਣੀਆਂ ਮੁਰਾਦਾਂ , ਖੋ ਰਿਹਾਂ ਵਜੂਦ ਤੂ
ਫਿਰ ਵੀ ਵੰਡ ਰਿਹਾ ਖੁਸ਼ੀਆਂ ਸੌਗਾਤਾਂ......
 
ਕਹਿੰਦਾ , " ਪ੍ਰੀਤ " ਸਮਝ ਨਾ ਤੈਨੂੰ ਦੁਨੀਆ ਦੀ
ਰੀਤ ਪੁਰਾਣੀ ਚਲੀ ਆਈ
ਮਿਟਦਾ , ਟੁੱਟਦਾ ਦੇਖ ਦੁਨੀਆ ਇਹ ਹੱਸਦੀ ਏ
ਆਪਣੇ ਹਿੱਸੇ ਦੀ ਖੁਸ਼ੀ ਨਾ ਸੁੱਖ ਦਿੰਦੀ
ਖੋਹ ਕੇ ਲਈ , ਜੋ ਸੁੱਖ ਦਿੰਦੀ ਏ.....
 
ਅੱਛਾ ਅਲਵਿਦਾ ਏ ਦੋਸਤ
ਤੈਥੋਂ ਵਿਦਾ ਹੋਣ ਦਾ , ਵਕਤ ਹੁਣ ਹੋ ਚੱਲਿਆ
ਚਮਕਦਾ ਰਹੀਂ ਸਦਾ , ਦੂਆ ਤੈਨੂੰ ਦੇ ਚੱਲਿਆ
 26/09/2018
 
ਰੱਬ ਦਾ ਰੂਪ 
ਪ੍ਰੀਤ ਰਾਮਗੜ੍ਹੀਆ, ਲੁਧਿਆਣਾ
 
ਲਾਡਾਂ ਤੇ ਚਾਵਾਂ ਨਾਲ 
ਮਾਪਿਆਂ ਨੇ ਪਾਲਿਆ
ਪੁੱਤ ਹੋਇਆ ਵੱਡਾ 
ਚੰਗੀ ਨੌਕਰੀ ਤੇ ਲਾ ਲਿਆ
ਖੁਸ਼ੀਆਂ ਖੇੜਿਆਂ ਚ ਦਿਨ ਲੰਘਦੇ
ਮਾਪੇ ਪੁੱਤਾਂ ਦਾ ਨੇ ਮਾਣ ਕਰਦੇ...
 
ਦੇਖ ਕੇ ਹੋਇਆ ਪੁੱਤ ਜਵਾਨ
ਸੱਧਰਾਂ ਮਾਂ ਦੀਆਂ ਖਿਲ ਗਈਆਂ
ਕਰਕੇ ਵਿਆਹ ਪੁੱਤ ਦਾ
ਲੱਗੇ ਜਿਵੇਂ ਰੱਬ ਪਾ ਲਿਆ..
 
ਧੀ ਦਾ ਪਿਆਰ ਸਾਰਾ
ਨੂੰਹ ਤੇ ਲੁਟਾ ਲਿਆ
ਕਰਦੀ ਰਹੀ ਅਰਦਾਸਾਂ 
ਪੋਤਾ ਵੀ ਆ ਗਿਆ
ਸਮਾਂ ਵੀ ਆਪਣਾ ਰੰਗ ਦਿਖਾ ਗਿਆ
ਲੱਤਾਂ ਪੈਰਾਂ ਚ ਦਰਦ ਜਗਾ ਗਿਆ
ਰਿਹਾ ਨਾ ਸਰੀਰ ਪਹਿਲਾਂ ਵਾਂਗ ਸੀ
ਬੁਢਾਪੇ ਨੇ ਆ ਘੇਰਾ ਪਾ ਲਿਆ ...
 
ਪੀੜ੍ਹੀ ਤਾਂ ਬਦਲੀ ਸੀ
ਸੋਚ ਵੀ ਬਦਲ ਗਈ
ਸਾਂਭੇ ਨਾ ਜਾਣ ਕਹਿੰਦੇ , ਬਜ਼ੁਰਗ ਹੁਣ 
ਯੁਕਤ ਨਵੀਂ ਇਕ ਚਲਾ ਗਏ
ਬਿਰਧ ਆਸ਼ਰਮ ਦੇ ਰਾਹ
ਮਾਪਿਆਂ ਨੂੰ ਪਾ ਗਏ
ਉਂਗਲੀ ਫੜ ਜਿਨ੍ਹਾਂ ਸੀ ਤੁਰਨਾ ਸਿਖਾਇਆ
ਅੱਜ ਹੱਥ ਉਹ ਛੁਡਾ ਗਏ....
 
ਬੋਝ ਨਾ ਸਮਝੋ ਮਾਪਿਆਂ ਨੂੰ
ਰੱਬ ਦਾ ਰੂਪ ਨੇ ਦੂਜਾ
ਕਰ ਸੇਵਾ ਆਪਣਾ ਫਰਜ਼ ਨਿਭਾਉ 
ਮਾਤਾ ਪਿਤਾ ਲੱਭਦੇ ਖੁਸ਼ੀਆਂ
ਆਪਣੇ ਬੱਚਿਆਂ ਦੇ ਚਿਹਰੇ ਤੇ
26/09/2018
 
ਜਿੰਦਗੀ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ

ਕਾਫ਼ਿਲਾ ਏ ਜਿੰਦਗੀ 
ਠਹਿਰ ਗਈ ਉਸ ਮੁਕਾਮ ਤੇ
ਨਾ ਕੋਈ ਸਾਥ ਸੀ
ਨਾ ਦਿਸਦਾ ਕੋਈ ਰਾਹ ਸੀ
ਪਿੱਛੇ ਮੁੜ ਦੇਖਿਆ
ਪਰਛਾਵਾਂ ਵੀ ਛੱਡ ਗਿਆ ਸਾਥ ਸੀ....
 
ਕੁਝ ਲਫਜ਼ ਬਾਕੀ ਕੋਲ ਮੇਰੇ
ਕਲਮ ਉਲੀਕ ਰਹੀ 
ਖਿਆਲ ਮੇਰੇ ਜਜ਼ਬਾਤਾਂ ਦੇ ਖੂਨ ਨਾਲ
ਸੁੱਕ ਗਿਆ ਪਾਣੀ, ਅੱਖਾਂ ਦਾ
ਅੰਦਰੋ ਅੰਦਰੀ ਦਿਲ ਬੜਾ ਰੋਇਆ.......
 
ਕਦ ਮੁੱਕੋਗੀ ਇਹ ਰਾਤ ਲੰਮੇਰੀ
ਕਦ ਚਿੜੀਆਂ ਚਹਿ - ਚਹਾਉਣਗੀਆਂ
ਫੁੱਲਾਂ ਤੇ ਤਿਤਲੀਆਂ ਆਉਣਗੀਆਂ....
 
" ਪ੍ਰੀਤ " ਸੁੱਖ ਮਨਾਵੀਂ ਵੇ
ਯਾਦਾਂ ਕੁਝ ਸੁਲੱਖਣੀਆਂ
ਮੁੜ ਵਸੇਬਾ ਪਾ ਜਾਣ
ਤੇਰੇ ਤੜਫਦੇ ਦਿਲ ਨੂੰ
ਸ਼ਾਇਦ ! ਮਰਹਮ ਲਾ ਜਾਣ
ਜਿੰਦਗੀ ਨੂੰ ਮੰਜ਼ਿਲ ਤੇ ਪਹੁੰਚਾ ਜਾਣ
26/09/2018
 
 
ਨਵੀਂ ਸ਼ੁਰੂਆਤ
ਪ੍ਰੀਤ ਰਾਮਗੜ੍ਹੀਆ, ਲੁਧਿਆਣਾ
 
ਕਿਉਂ ਦਰਦ ਸੋਚਾਂ ਚ ਹੰਢਾਈਏ 
ਕਿਉਂ ਸੀਨੇ ਚ , ਦੁੱਖ ਲਈ ਜਗ੍ਹਾ ਬਣਾਈਏ
ਜਿੰਦਗੀ ਚਾਰ ਦਿਨ ਦੀ
ਆਉ ਖੁਸ਼ੀਆਂ ਨਾਲ ਲੰਘਾਈਏ...
 
ਕਰੀਏ ਕਿਉਂ ਪਰਵਾਹ ਉਹਦੀ
ਜਿਸ ਨੇ ਦਿੱਤੇ ਨਹੀਂ ਸਾਨੂੰ ਰਾਹ
ਕਹਿੰਦੇ , ਪਰਖ ਨੇ ਕਰਦੇ ਸਾਡੀ
ਲਏ ਆਪਣੇ ਕਾਜ ਸੰਵਾਰ.....
 
ਛੱਡ ਸੱਜਣਾ ਜੋ ਬੀਤੇ ਗਿਆ
ਕਿਉਂ ਯਾਦਾਂ ਵਿਚ ਰਿਹਾ ਵਕਤ ਗਵਾ
ਵਕਤ ਜਿਹੜਾ ਕੱਲ ਨਾਲ ਨਹੀਂ ਸੀ
ਅੱਜ ਕਿਉਂ ਰੱਖੀਏ ਉਸ ਨੂੰ ਨਾਲ
ਫੜ ਲੈ ਪੱਲਾ ਆਉਂਦੇ ਸਮੇਂ ਦਾ
ਰਹਿੰਦੇ ਪਲ ਜਿੰਦਗੀ ਦੇ ਸੰਵਾਰ....
 
ਹੋਵੀਂ ਨਾ ਖਫਾ , ਦਿਲ ਆਪਣੇ ਤੋਂ
ਸੱਚੇ ਰਾਹਾਂ ਦਾ ਪਾਂਧੀ ਏ
ਸਕੀਮਾਂ ਲੜਾਉਂਦਾ ਦਿਮਾਗ ਹੀ
ਨਫੇ ਨਤੀਜੇ ਦਾ ਰੱਖਦਾ ਧਿਆਨ
ਆਵਾਜ਼ ਹੋਵੇ ਦਿਲ ਦੀ ਦਰਗਾਹੀਂ ਪ੍ਰਵਾਨ ...
 
" ਪ੍ਰੀਤ " ਛੱਡ ਉਨ੍ਹਾਂ ਦੀਆਂ ਸਾਂਝਾਂ
ਪਿੱਠ ਪਿੱਛੇ ਜਿਹੜੇ ਕਰਨ ਵਾਰ
ਸਾਂਝ ਪਾ ਲੈ ਉਸ ਦਾਤੇ ਨਾਲ
ਜਿਹੜਾ ਲਾਊ ਹੱਥ ਫੜ ਕੇ ਪਾਰ
ਚੱਲ ਕਰ ਨਵੀਂ ਸ਼ੁਰੂਆਤ
26/09/2018

ਪ੍ਰੀਤ ਰਾਮਗੜ੍ਹੀਆ 
ਲੁਧਿਆਣਾ ( ਪੰਜਾਬ )
+918427174139
Lyricistpreet@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com