ਜੇ ਕਲਮ ਚੁੱਕੀ
ਪਰਮ ਰੰਧਾਵਾ, ਗੁਰਦਾਸਪੁਰਜੇ
ਕਲਮ ਚੁੱਕੀ ਏ ਲਿਖਣੇ ਨੂੰ,
ਤਾਂ ਮਨ ਆਪਣੇ ਦੀ ਕੋਈ ਗਹਿਰਾਈ ਲਿਖ।
ਜਿਸ ਨਾਲ ਤੂੰ ਕਿਸੇ ਨੂੰ ਬਦਲ ਸਕਦਾ,
ਵੇ ਕੋਈ ਅੈਸੀ ਗਹਿਰੀ ਸੱਚਿਆਈ ਲਿਖ।
ਕਿਉਂ ਹਰਫਾਂ ਦੀ ਪਤ ਖਿੰਡਾਉਂਦਾ ਏ,
ਵੇ ਚੰਗੇ ਗੁਣਾਂ ਦੀ ਕੋਈ ਵਡਿਆਈ ਲਿਖ।
ਕੁੜੀਆਂ,ਨਸ਼ੇ,ਹਥਿਆਰ,ਤਿੰਨ ਮੁੱਦੇ ਤੇਥੋਂ,
ਵੇ ਕੋਈ ਹੋਰ ਵੀ ਦਿਲ ਦਰਿਆਈ ਲਿਖ।
ਨਿੱਤ ਗੀਤਾਂ 'ਚ ਜੱਟਾਂ ਦਾ ਵਜੂਦ ਰੋਲ਼ੇ,
ਵੇ ਓਹਦੀ ਜ਼ਿੰਦਗੀ ਦੀ ਅਸਲ ਡੁੰਘਿਆਈ ਲਿਖ।
ਲਿਖ ਰੂਹ ਤੇ ਪਿਆਰ ਵਿੱਚ ਆਈ ਦੂਰੀ,
ਹੋਈ ਜਜ਼ਬਾਤਾਂ ਦੀ ਕਿੰਝ ਮੰਗਿਆਈ ਲਿਖ।
ਮੋਤੀ ਕਰ-ਕਰ ਇਕੱਠੇ ਅੱਖਰੇ ਦੇ,
ਵੇ ਹਿਰਦੇਵੇਧਕ ਜਹੀ ਕੋਈ ਚੰਗਿਆਈ ਲਿਖ।
ਰੱਖ ਲਾਜ ਤੂੰ "ਪਰਮ" ਏ ਕਲਮ ਦੀ,
ਨਾਂ ਨਾਲ ਇਸਦੇ ਕੋਈ ਬੁਰਿਆਈ ਲਿਖ।
03/01/2017
ਇਸ਼ਕ ਤਾਂ ਪਾਕ ਪਵਿੱਤਰ
ਪਰਮ ਰੰਧਾਵਾ, ਗੁਰਦਾਸਪੁਰ
ਇਸ਼ਕ
ਤਾਂ ਪਾਕ ਪਵਿੱਤਰ ਸੱਚੇ ਰੱਬ ਵਰਗਾ,
ਕਰਨ ਵਾਲੇ ਹੀ ਅਕਸਰ ਝੂਠੇ ਪੈ ਜਾਂਦੇ।
ਖੇਡ ਜਿਸਮਾਂ ਦੀ ਹੁਣ ਬਣਿਆ ਚੰਦਰਾ ਇਸ਼ਕ ਫਿਰੇ,
ਅੱਜਕੱਲ ਦੇ ਪਿਆਰ ਦੇ ਮੰਦਰ ਛੇਤੀ ਢਹਿ ਜਾਂਦੇ।
ਇੱਕ ਗਿਆ ਤੇ ਦੂਜਾ ਆ ਜਾਊ, ਚੱਲ ਛੱਡ
ਫਿਕਰਾਂ ਨੂੰ,
ਕੁੱਝ ਹੱਦੋਂ ਵੱਧ ਕੇ ਆਕਲ ਏਹੀ ਕਹਿ ਜਾਂਦੇ।
ਹੁਣ ਇੱਕ ਦੇ ਹੋ ਕੇ ਰਹਿਣਾ ਅੱਜਕੱਲ ਔਖਾ ਏ,
ਕੋਈ ਸੌ 'ਚੋਂ ਦੋ ਈ ਇੱਕ ਦੇ ਹੋ ਕੇ ਰਹਿ ਜਾਂਦੇ।
ਅੱਜਕੱਲ ਦੇ ਰਾਂਝੇ-ਹੀਰਾਂ ਕੱਚੇ ਵਾਅਦਿਆਂ ਦੇ,
ਚਾਅ ਇਸ਼ਕੇ ਦੇ, ਹੁਣ ਛੇਤੀ ਮਨ ਤੋਂ ਲਹਿ ਜਾਂਦੇ।
ਕੌਣ ਪਿਆਰ ਦੇ ਹਾੜੇ ਕੱਢਦਾ, ਆਕੜ ਭਾਰੀ ਏ,
'ਪਰਮ' ਆਕੜ ਕਰਕੇ, ਯਾਰ ਗਵਾ ਫਿਰ ਬਹਿ ਜਾਂਦੇ।
21/12/2016
|