ਅੰਦਰ ਬਾਹਰ
ਨਰਿੰਦਰ ਗਿੱਲ, ਵੈਨਕੂਵਰ
ਮੇਰੇ ਅੰਦਰ ਅਤੇ ਬਾਹਰ ਦੀ ਜੰਗ ਜਾਰੀ ਹੈ , ਫਿਲਹਾਲ ਬਾਹਰ ਭਾਰੀ ਹੈ
| ਮੇਰੇ ਬਾਹਰ ਇੱਕ ਅੰਦਰ ਵਸਦਾ ਹੈ , ਅੰਦਰ ਇੱਕ ਬਾਹਰ ਹੱਸਦਾ ਹੈ
| ਦੁਮੇਲ ਤੇ ਖੜ੍ਹਾ ਹੈ ਸੂਰਜ ਲਾਲ ਹੈ ਫ਼ਲਕ , ਅੰਦਰ ਆਥਣ ਜਿਹਾ ਤੇ
ਬਾਹਰ ਹੈ ਭਲਕ | ਨਿੱਜ ਤੇ ਬੇਗਾਨਗੀ ਦੀ ਕਸ਼ਮਕਸ਼ 'ਚ ਅੰਦਰ ਦੇ
ਮਜ਼ਹਬ ਦਾ ਬਾਹਰ ਦੇ ਇਖਲਾਕ ਨਾਲ ਹੋ ਰਿਹਾ ਹੈ ਘੋਲ | ਵਿਰਾਸਤੀ ਚੋਲੇ
ਨੂੰ ਇੱਕੀਵੀਂ ਸਦੀ ਦੇ ਫੈਸ਼ਨ ਨੇ ਦਿੱਤਾ ਹੈ ਰੋਲ਼ | ਯਮਲੇ ਤੇ ਸਦੀਕ
ਨੂੰ ਬਥੇਰੀ ਹੁੰਦੀ ਏ ਪੌਪ ਦੀ ਕਲੀ , ਫਿਰ ਵੀ ਜੈਕਸਨ ਨੂੰ ਢਾਹ ਰਹੀ
ਮਾਣਕ ਦੀ ਕਲੀ | ਊੜਾ ਊਠ ਦਾ ਕੱਦ 'ਏ' ਐੱਪਲ ਦੇ ਸੇਬ ਨਾਲੋਂ ਕਿਤੇ ਸੀ
ਵੱਡਾ , ਜਦੋਂ ਮੈਂ ਭਾਸ਼ਾਵਾਂ ਦਾ ਸਬਕ ਲਿਆ | ਪਰ ਐੱਪਲ ਦੇ ਲੈਪਟਾਪ
ਨੇ ਸਣੇ ਊਠ ਮੈਨੂੰ ਵੀ ਹੜੱਪ ਲਿਆ | ਮੇਰੇ ਅੰਦਰ ਚੋਰੀ ਠੱਗੀ ਤੇ ਧੌਂਸ
ਦਾ ਨਦੀਨ , ਉੱਠਣ ਦਵੇ ਨਾ ਸੋਚ ਅਤੇ ਸੱਚ ਦੀ ਫ਼ਸਲ | ਮੇਰੇ ਬਾਹਰ
ਦੇ ਇਖਲਾਕ 'ਚ ਛੁਪਿਆ ਪਦਾਰਥੀ ਦੈਂਤ , ਚੁਰਾਈ ਜਾ ਰਿਹਾ ਏ ਮੇਰੀ ਨਸਲ
ਤੇ ਅਸਲ | ਫਿਲਹਾਲ ਬਾਹਰ ਭਾਰੀ ਹੈ , ਜੰਗ ਅਜੇ ਜਾਰੀ ਹੈ |
01/02/2018
|