WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕੌਂਸਲਰ ਮੋਤਾ ਸਿੰਘ
ਲਮਿੰਗਟਨ ਸਪਾ, ਬਰਤਾਨੀਆ

ਸਾਥੀ
ਕੌਂਸਲਰ ਮੋਤਾ ਸਿੰਘ, ਬਰਤਾਨੀਆ

sathi
ਸਾਥੀ ਲੁਧਿਆਣਵੀ
ਪੰਜਾਬੀ ਸਾਹਿਤ ਦਾ ਸਿਤਾਰਾ, ਸਾਥੀ ਚਲਾ ਗਿਆ।
ਮਾਂ ਬੋਲੀ ਦਾ ਸੇਵਕ ਪਿਆਰਾ, ਸਾਥੀ ਚਲਾ ਗਿਆ।।
 
ਚਲਾ ਗਿਆ ਸਾਥੀ, ਛੱਡ ਗਿਆ ਯਾਦਾਂ ਦੀ ਪਟਾਰੀ,
ਰਹਿ ਗਿਆ ਯਾਦਾਂ ਦਾ ਸਹਾਰਾ, ਸਾਥੀ ਚਲਾ ਗਿਆ।।
 
ਘਲਦਾ ਰਿਹਾ ਸੁਨੇਹੇ, ਜੋ ਸਮੁੰਦਰੋ ਪਾਰ ਤੋੰ ਕਈ ਵਰ੍ਹੇ,
ਲੱਭਣ ਗਿਆ ਲਹਿਰਾਂ ਦਾ ਕਿਨਾਰਾ, ਸਾਥੀ ਚਲਾ ਗਿਆ।।    
 
ਰੱਬ ਜਾਣੇ ਕਿਂਨਾ ਕੁ ਭੰਡਾਰ ਸੀ, ਉਸ ਦੀ ਕਲਮ ਚ,
ਵਿਦਵਤਾ ਦਾ ਅਨਮੋਲ ਭੰਡਾਰਾ, ਸਾਥੀ ਚਲਾ ਗਿਆ।।
 
ਸੀਤ ਠੰਡਾ ਸੁਭਾ, ਮਿੱਠੀ ਜੁਬਾਂ, ਨਫਰਤ ਨੂੰ ਨਫਰਤ ਕਰੇ,
ਦਿੰਦਾ ਸੀ ਜੋ ਹਰ ਕਿਸੇ ਨੂੰ ਹੁੰਘਾਰਾ, ਸਾਥੀ ਚਲਾ ਗਿਆ।। 
     
ਸਮਾਜ ਦੇ ਹਰ ਵਿਸ਼ੇ ਦੀ ਨਬਜ ਤੇ, ਉਸ ਦੀ ਪਕੜ ਸੀ,
ਉਹ ਲਿਖਦਾ ਰਿਹਾ ਇਤਿਹਾਸ ਸਾਰਾ, ਸਾਥੀ ਚਲਾ ਗਿਆ।।
 
ਗਜਲਗੋ ਪੰਜਾਬੀ ਗਜਲ ਦਾ, ਤੇ ਵਾਰਤਕ ਦਾ ਮਸੀਹਾ,
ਲਉਂਦਾ ਰਿਹਾ-ਜੀਵੇ ਪੰਜਾਬੀ -ਦਾ ਨਾਰ੍ਹਾ, ਸਾਥੀ ਚਲਾ ਗਿਆ।।
 
ਆਪਣੇ ਹੀ ਲਖਤੇ ਜਿਗਰ ਦੀ, ਅਰਥੀ ਉਠਾਕੇ ਸੀ ਤੁਰਿਆ,
ਅਜ ਸਾਥੀਆਂ ਦੇ ਮੋਡਿਆਂ ਦਾ ਲੈ ਸਹਾਰਾ, ਸਾਥੀ ਚਲਾ ਗਿਆ।।
 
ਭਲਾ ਕਿਵੇਂ ਭੁਲਾ ਸਕਦੇ ਨੇ ਦੋਸਤ, ਅੱਧੀ ਸਦੀ ਦੇ ਸਾਥ ਨੂੰ,
ਉੜੀਕ ਰਖਣਾ ਆ ਮਿਲਾਂਗੇ ਦੁਬਾਰਾ, ਸਾਥੀ ਚਲਾ ਗਿਆ।।
25/01/2019  


ਕੁਦਰਤ ਦੀ ਕਲਾ

ਕੌਂਸਲਰ ਮੋਤਾ ਸਿੰਘ, ਬਰਤਾਨੀਆ

 mota4ਉਹ ਵਿਸ਼ਾਲ ਸੂਝਵਾਲਾ ਕਾਰੀਗਰ,
 ਕੁਦਰਤ ਕਹਿਕੇ ਜਿਸਨੂੰ ਜਾਣਦੇ ਹਾਂ।
 ਇਹ ਸੁੰਦਰ ਤੇ ਚਮਕੀਲੀਆਂ ਚੀਜ਼ਾਂ,
 ਭਿਂਨ ਭਿਂਨ ਰੂਪਾਂ ਚ ਜਾਣਦੇ ਹਾਂ।।
 ਸੁਹਾਣੇ ਤੇ ਵਿਲੱਖਣ ਇਹ ਅਜੂਬੇ,
 ਅਸੀਂ ਹਰ ਰੋਜ ਮਾਣਦੇ ਹਾਂ।।
 
 ਉਹ ਵੇਖੋ, ਨੱਨੇ ਫੁੱਲਾਂ ਦਾ ਖਿੜਨਾ,
 'ਤੇ ਮਸਤ ਭਮਰੇ, ਗੀਤ ਗਾ ਰਹੇ ਨੇ।
 ਤਿਤਲੀਆਂ ਦੀ ਝੂਮਰ, ਰੰਗ  ਬਿਰੰਗੀ,
 ਖੰਬਾਂ ਦੇ ਬਿੰਬ, ਮੰਡਰਾ ਰਹੇ ਨੇ।।
 ਚੋਟਾਲੇ ਦੇ ਖੇਤ ਵਿਚ, ਚੁਗਦੇ ਤਿੱਤਰ,
 ਸੁਭਾਨ ਤੇਰੀ ਕੁਦਰਤ, ਗਾ ਰਹੇ ਨੇ।।
 
 ਤੱਕੋ ਜਰਾ, ਜਾਮਣੀ ਰੰਗ ਦੇ ਪ੍ਰਬਤ
 ਤੇ ਗੋਦੀ 'ਚ, ਦਰਿਆ ਬਹਿ ਰਿਹਾ ਹੈ।
 ਪੱਛਮ 'ਚ, ਛੁਪ ਰਿਹਾ ਸੂਰਜ,
 ਜਾਗ ਪੈਣਾ ਸੁਅਖਤੇ ,ਕਹਿ ਰਿਹਾ ।।
 ਹਨੇਰੀ ਰਾਤੇ, ਵੰਡ ਰਿਹਾ ਚਾਨਣ,
 ਚੰਨ, ਵਧਨਾ- ਘਟਨਾ ਸਹਿ ਰਿਹਾ ਹੈ।।
 
 ਬਰਫ ਚੁਮਕੇ, ਲੰਘਦੀ ਠੰਡੀ ਹਵਾ,
 ਬਸੰਤੀ ਕਲੀਆਂ ਨੂੰ, ਪਲੋਸਦੀ ਵੇਖੋ।
 ਚੂਸਦੀ ਅੰਬੀਆਂ ਕਾਲੀ ਕੋਇਲ,
  ਗੀਤ ਸੰਦਲੀ,  ਬੋਲਦੀ ਵੇਖੋ।।
  ਇਹ ਨਜ਼ਾਰੇ, ਤੱਕਨ ਲਈ ਦੀਦੇ,
 
   ਤੇ ਲਬਾਂ ਨੂੰ, ਦਿੱਤੀ ਆਬਾਜ ਹੈ।
   ਇਹ ਕਾਦਰ ਦੀ ਕੁਦਰਤ ਦੀ ਕਲਾ,
   ਵਿਸਮਾਦ ਬੰਡਦਾ, ਇਹ ਸਾਜ਼ ਹੈ।।
20/12/2018

ਗਜਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਲੈਣ ਲਈ ਹੱਕ ਹੁਣ, ਹੋ ਗਏ ਤਿਆਰ ਲੋਕੀ।
ਨਹੀਂ ਹੋਣਗੇ ਹੁਣ, ਜੁਲਮ ਦੇ ਸ਼ਿਕਾਰ ਲੋਕੀ।।
 
ਜਾਂ ਇਸ ਕਿਨਾਰੇ, ਜਾਂ ਫਿਰ ਉਸ ਕਿਨਾਰੇ,
ਨਹੀਂ ਬਣਦੇ ਯਾਰ, ਕਦੇ ਮੱਝਧਾਰ ਦੇ ਲੋਕੀ।।
 
ਹੈ ਜਾਚ ਲੈਣਾ ਚੰਗਾ, ਕੁਝ ਕਹਿਣ ਤੋਂ ਪਹਿਲਾਂ,
ਨਾ ਕਦੇ ਨਾਰਾਜ ਕਰੀਏ, ਆਪਣੇ ਨਾਲ ਦੇ ਲੋਕੀ।।
 
ਬਚਕੇ ਤੁਰਦੇ ਨੇ ਉਹ, ਰਾਹ ਦੇ ਕੰਡਿਆਂ ਤੋਂ ਬੱਚ,
ਤੇ ਸਫਰ ਦੀ ਚਨੌਤੀਆਂ, ਨਹੀਂ ਵਿਸਾਰਦੇ ਦੇ ਲੋਕੀ।।
 
ਰਾਤ ਦਿਨ ਕਰਦੇ, ਠੱਗੀਆਂ ਤੇ ਲੁੱਟ ਦਾ ਬਣਜ,
ਨਸਲਵਾਦੀ ਰੰਗ ਦੇ ਨੇ, ਸਾਰੇ ਸਰਕਾਰ ਦੇ ਲੋਕੀ।।
 
ਯਾਰ ਬਣਕੇ  ਨਹੀਂ ਜੋ, ਨਹੀਂ ਨਿਭਾਂਦੇ ਯਾਰੀਆਂ,
ਸਮਝ ਲੈਣਾ ਉਹ ਸਾਰੇ ਨੇ, ਬਾਜਾਰ ਦੇ ਲੋਕੀ ।।
 
ਹੱਕ ਕਦੇ ਕੋਈ ਪਰੋਸਕੇ, ਦਿੰਦਾ ਨਹੀਂ ਸੁਣਿਆ,
ਸੰਘਰਸ਼ ਕਰਕੇ ਹੀ ਲੈਂਦੇ ਨੇ, ਬਕਾਰ ਦੇ ਲੋਕੀ।।    
20/12/2018

 

ਗਜਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਕਦੋਂ ਚੜੇਗਾ ਸੂਰਜ, ਜੋ ਹਨ੍ਹੇਰਾ ਦੂਰ ਕਰੇ।
ਊਂਗਰਨ ਨਵੇਂ ਪੱਤੇ, ਅਸਮਾਨੋ ਕਣੀ ਵਰ੍ਹੇ ।।
 
ਰੁੱਤ ਆਵੇ ਨਵੀਂ, ਮੰਡਰੇ ਕਲੀਆਂ ਤੇ ਭੰਮਰਾ,
ਧਰਤੀ ਮੌਲੇ, ਕੁਦਰਤ ਫੁੱਲਾਂ 'ਚ ਰੰਗ ਭਰੇ।।
 
ਵਗੇ ਪੁਰੇ ਦੀ ਵਾ, ਬੱਦਲੀ ਲਵੇ ਊਬਾਸੀ,
ਰੁਤ ਆਏ ਬਸੰਤੀ, ਫੁੱਲਾਂ ਤੇ ਬੂਰ ਚੜ੍ਹੇ।।
 
ਗਾਵੇ ਕੁਹ ਕੁਹ, ਟੁਕਦੀ ਅੰਬੀਆ ਕੋਇਲ,
ਸੁਣੀਏ ਸੰਦਲੀ ਬੋਲ, ਹਵਾ ਚ ਮਲਾਰ ਭਰੇ।।
 
ਹਰ ਪਾਸੇ ਖੇੜਾ, ਹੋਵੇ ਸਾਫ ਸੁਥਰਾ ਵਿਹੜਾ,
ਝੂੰਮਰ ਪਾਵਣ ਰੁੱਖ, ਪਤਿਆਂ ਚੋਂ ਨੂਰ ਵਰ੍ਹੇ।।
 
ਖੇਤਾਂ 'ਚ ਹਰਿਆਲੀ, ਸਿੱਟੇ ਹੋਣ ਸੁਨਿਹਰੇ ,
ਤੇ ਰਿਜਕ ਦੇ ਭੜੋਲੇ, ਹੋਣ ਭਰਪੂਰ ਭਰੇ।।
 
ਮੋਤੀ ਬਣਨ, ਵਰ੍ਹਦੀਆਂ ਕਣੀਆਂ ਦੇ ਫਿਰ,
ਗਾਨੀ ਮਹਿਬੂਬਾ ਦੀ, ਵਿਚ ਜਾਣ ਜੜੇ।।
 
ਚੰਨ ਚਮਕੇ ਬਣਕੇ, ਤਾਰਿਆਂ ਦਾ ਲਾੜਾ,
ਚੜ੍ਹੇ ਸੂਰਜ ਮੁੜਕੇ, ਹਨੇਰੇ ਦੂਰ ਕਰੇ।।
 20/12/2018


ਸਾਲ

ਕੌਂਸਲਰ ਮੋਤਾ ਸਿੰਘ, ਬਰਤਾਨੀਆ

ਨਵਾਂ ਸਾਲ, ਕੀ ਨਵਾਂ ਲਿਆਇਆ।
ਉਹੀ ਚਾਲ, ਜਿਨ੍ਹੇ ਚੰਦ ਚੜ੍ਹਾਇਆ।।

ਨਫ਼ਰਤ ਦੇ ਬਦਲ, ਘੁਟਦੇ ਨੇ ਸਾਹ,
ਸਾਵਣ ਰੁੱਤੇ ਵੀ, ਹੈ ਸੁੱਕਿਆ ਘਾਹ।
ਬਰਫ਼ ਵਿਚੋਂ ਵੀ ਹੈ, ਸੇਕ ਨਿਕਲਦਾ,
ਫੁਲ ਕਲੀਆ ਦੀ, ਉਡਦੀ ਸੁਆਹ।।
ਬਦਲ ਗਈ, ਧਰਤੀ ਦੀ ਕਾਇਆ,
ਨਵਾਂ ਸਾਲ ਕੀ, ਨਵਾਂ ਲਿਆਇਆ।।

ਮਸਤ ਹਾਥੀ, ਮਿੱਧਦੇ ਫੁਲ ਕਲੀਆ,
ਕਾਮ ਅੱਗ 'ਚ, ਚੜ੍ਹਦੀਆਂ ਬਲੀਆਂ।
ਕਾਮੇ ਦੀ ਰੱਤ, ਚੂਸਕੇ ਰੱਜ ਰਹੇ ਨੇ,
ਸਰਕਾਰੀ ਬੱਕਰੇ, ਖ਼ਾ ਗਏ ਫ਼ਲੀਆਂ।
ਰਾਖੇ ਵੀ ਹੁਣ ਨੇ, ਲੁਟੇਰੇ ਬਣ ਗਏ,
ਫਿਰ ਜੁਲਮਾਂ ਦਾ, ਤੰਦੂਰ ਹੈ ਤਾਇਆ।
ਨਵਾਂ ਸਾਲ ਕੀ, ਨਵਾਂ ਲਿਆਇਆ।।

ਫਿਰ ਬੰਬ ਗੋਲੇ, ਵਰਸਾਂਦੇ ਜ਼ਰਬਾਣੇ,
ਹੈ ਜੀ ਰਹੀ ਗੁਰਬਤ, ਰੱਬ ਦੇ ਭਾਣੇ।
ਕਾਤਲ ਫਿਰਦੇ, ਬੇਖ਼ੌਫ ਰਾਤ ਦਿਨ,
ਚੋਰ ਬਣੇ ਨੇ ਸਾਧੂ, ਨਾ ਜਾਣ ਪਛਾਣੇ।
ਸਾਧੂ ਸੰਤ ਨੇ, ਹੁਣ ਧਰਮ ਵੇਚਦੇ,
'ਨੇਕ ਕਮਾਈ' ਹੈ, ਲੁੱਟਿਆ ਸਰਮਾਇਆ।
ਨਵਾਂ ਸਾਲ ਕੀ, ਨਵਾਂ ਲਿਆਇਆ।।

ਨਵਾਂ ਸਾਲ ਠੀਕ, ਫਿਰ ਨਵਾਂ ਹੋਏਗਾ,
ਭਾਗੋ ਦੀ ਰੋਟੀ 'ਚੋਂ, ਜਦ ਖੂਨ ਚੋਏਗਾ।
ਮੁੱਕੇਗੀ ਧੁੰਦ ਫਿਰ, ਜਗ ਚਾਨਣ ਹੋਸੀ,
ਖਾਲੀ ਪੇਟ ਨਹੀਂ, ਕੋਈ ਬਾਲ ਸੋਏਗਾ।
ਪਿਆਰ, ਮੁਹੱਬਤ ਜਦ, ਸਿੱਖੂ ਮਨੁੱਖ਼ਤਾ
ਸਭ ਜਗ ਆਪਣਾ, ਨਾ ਕੋਈ ਪਰਾਇਆ।
ਫਿਰ ਕਹਾਂਗੇ, ਨਵਾਂ ਸਾਲ ਹੈ ਆਇਆ।।

ਨਵਾਂ ਸਾਲ ਕੀ, ਨਵਾਂ ਲਿਆਇਆ,
ਪੁੱਠੀ ਚਾਲ ਜਿਨ੍ਹੇ, ਚੰਦ ਚੜ੍ਹਾਇਆ।।
02/01/2016
 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਆਏ ਸੀ ਜੇ ਤੁਸੀਂ, ਬਹਾਰ ਬਣਕੇ।
ਕਿਉਂ ਵਿਛੱੜ ਗਏ, ਨਿਘਾਰ ਬਣਕੇ।।

ਤਕਰਾਰ ਕਰਕੇ, ਨਾ ਕੋਈ ਜਿੱਤਦਾ,
ਚੰਗਾ ਹੈ ਜੀਵੀਏ, ਪਿਆਰ ਬਣਕੇ।।

ਦੁਸ਼ਮਣੀ ਵੰਡਦੀ, ਹੈ ਹਮੇਸ਼ਾ ਖ਼ਾਰ,
ਲੱਭਦੀ ਮਿਠਾਸ, ਚੰਗੇ ਯਾਰ ਬਣਕੇ।।

ਮੁਸਕਰਾਹਟ ਵੀ, ਬਣ ਜਾਏ ਚੀਸ,
ਚੁੱਭਦੇ ਹੋ ਜੇ, ਤਿੱਖ਼ੀ ਧਾਰ ਬਣਕੇ।।

ਹਉਕੇ ਜੋ ਘੁੰਮ ਰਹੇ ਨੇ, ਖ਼ਲਾ ਵਿਚ,
ਡਿਗਣੇ ਇਕ ਦਿਨ, ਅੰਗਾਰ ਬਣਕੇ।।

ਕਈਆਂ ਦਾ ਜੀਣਾ, ਹੈ ਵਰਦਾਨ ਹੁੰਦਾ,
ਜੀਣ ਕਈ, ਧਰਤੀ 'ਤੇ ਭਾਰ ਬਣਕੇ।।

ਕਈ ਜਿਉਂਦੇ ਵੀ, ਵੇਖ਼ੇ ਖ਼ਾਕ ਰੁਲਦੇ,
ਮਰਕੇ ਖੜੇ ਨੇ, ਕਈ ਮਿਨਾਰ ਬਣਕੇ।।

ਜੇ ਆਏ ਬਣ ਬਹਾਰ, ਬਹਾਰ ਰਹਿੰਦੇ,
ਕਾਹਨੂੰ ਤੁਰ ਗਏ, ਹੋ ਨਿਘਾਰ ਬਣਕੇ।।
07/12/15

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਹੁੰਦਾ ਇਨਸਾਫ਼ ਦਾ ਅਪਹਰਨ, ਤੇਰੇ ਸ਼ਹਿਰ ਵਿਚ।
ਹੁਣ ਤਾਂ ਵਿਕ ਰਿਹਾ ਹੈ ਧਰਮ, ਤੇਰੇ ਸ਼ਹਿਰ ਵਿਚ।।

ਸ਼ੁਭ ਕਰਮ ਦਸ ਵਡਿਆਏ ਜਾਂਦੇ, ਰਾਕਸ਼ਾਂ ਦੇ ਕੰਮ,
ਰੇਤ ਥੱਲੇ ਦੱਬੇ ਜਾਂਦੇ ਕੁਕਰਮ, ਤੇਰੇ ਸ਼ਹਿਰ ਵਿਚ।।

ਹੋ ਰਹੀ ਬੇਪਤੀ ਰੋਜ਼, ਹਰ ਜਗ੍ਹਾ ਔਰਤ ਜਾਤ ਦੀ,
ਛਿੱਕੇ ਟੰਗੀ ਜਾ ਰਹੀ ਸ਼ਰਮ, ਤੇਰੇ ਸ਼ਹਿਰ ਵਿਚ।।

ਨਾ ਰਿਸ਼ਤਿਆਂ ਦੀ ਸਾਂਝ, ਦੋਸਤ ਵੀ ਭੁੱਲੇ ਦੋਸਤੀ,
ਦਸ ਲੱਭੀਏ ਕਿਸ ਦੀ ਸ਼ਰਨ, ਤੇਰੇ ਸ਼ਹਿਰ ਵਿਚ।।

ਧਰਮ ਦੇ ਨਾਮ 'ਤੇ ਹੁੰਦਾ ਹੈ, ਮਨੁੱਖਤਾ ਦਾ ਕਤਲ,
ਦਸ ਹੋਰ ਕਿਹੜਾ ਸ਼ੁਭ ਕਰਮ, ਤੇਰੇ ਸ਼ਹਿਰ ਵਿਚ।।

ਬੇਗੁਨਾਹ ਟੰਗੇ ਗਏ ਫਾਂਸੀ, ਅੱਗ ਦੀ ਵਗਦੀ ਹਵਾ,
ਤਸੀਹੇ ਹੋਰ ਕਿੱਨੇ ਕੁ ਜਰਨ, ਤੇਰੇ ਸ਼ਹਿਰ ਵਿਚ।।

ਹਰ ਮਸਜਦ ਹਰ ਮੰਦਰ, ਕਤਲਗਾਹ ਹੈ ਬਣ ਗਿਆ,
ਨਹੀਂ ਦਿਸ ਰਿਹਾ ਕੋਈ ਹਰਮ, ਤੇਰੇ ਸ਼ਹਿਰ ਵਿਚ।।

ਜੀ ਕਰਦਾ ਲਾਕੇ ਲਾੰਬੂ, ਸਾੜ ਦੇਵਾਂ ਇਹ ਬਸਤੀ,
ਏਸੇ ਤਰਾਂ ਨਿਭਾ ਸਕਾਂ ਧਰਮ, ਤੇਰੇ ਸ਼ਹਿਰ ਵਿਚ।।
07/12/15

 

ਰੋ ਰਿਹਾ ਸੂਰਜ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਸੂਰਜ ਹੈ ਰੋ ਰਿਹਾ, ਰੋਂਦਾ ਹੈ ਹੁਣ ਚੰਦ ਵੀ,
ਆਕਾਸ਼ ਵਿਚ ਮੋਏ ਪਏ ਨੇ ਤਾਰੇ।
ਬਲ਼ ਰਹੇ ਸਿਵੇ, ਧਰਤੀ ਦੀ ਹਿੱਕ ਤੇ,
ਲਾਲਚ ਦੀ ਅੱਗ ਵਿਚ, ਜਲ਼ ਰਹੇ ਨੇ ਸਾਰੇ।।

ਕਾਂ ਚਿੜੀਆਂ ਵੀ, ਤੁਰ ਗਏ ਪ੍ਰਦੇਸ ਹੁਣ,
ਬਦਬੂ ਦੀ ਰਾਖੀ, ਕਰਦੀਆਂ ਨੇ ਮੱਖੀਆਂ।
ਝੂਠ ਦੇ ਹੀ, ਕਿੱਸੇ ਨੇ ਹਰ ਪਾਸੇ,
ਨਹੀਂ ਸੁਣਦਾ ਹੁਣ, ਕੋਈ ਗਲ਼ਾਂ ਸੱਚੀਆਂ।।
ਬਣ ਗਈ ਹੈ ਰਿਸ਼ਤੇਦਾਰੀ ਹੁਣ,
ਆਪਣੀ ਭਰਦੀ ਜੇਬ ਨਾਲ,
ਨਿਤ ਹਵਸ ਦੀ ਬਲ਼ੀ ਚੜ੍ਹਦੀਆਂ,
ਹੁਣ ਅਣਭੋਲ ਕੰਜਕਾਂ ਕੱਚੀਆਂ।।

ਰੱਬ 'ਤੇ ਕੁਦਰਤ ਦਾ ਹੁੰਦਾ ਕਤਲ,
ਧਰਮ ਦੇ ਨਾਮ 'ਤੇ, ਬਜਦੇ ਪਏ ਨੇ ਨਗਾਰੇ।
ਸੂਰਜ ਵੀ ਰੋ ਰਿਹਾ, ਰੋਂਦਾ ਹੈ ਹੁਣ ਚੰਦ ਵੀ,
ਆਕਾਸ਼ ਵਿਚ, ਮੋਏ ਪਏ ਨੇ ਤਾਰੇ।।

ਧਰਮ ਦੇ ਰਹਿਬਰ, ਮਦਾਰੀ ਦੇ ਇਸ਼ਾਰੇ,
ਨਗਨ ਨਾਚ ਨੱਚ ਰਹੀ, ਮਨੁੱਖਤਾ ਹੁਣ।
ਘੁੱਟਿਆ ਜਾ ਰਿਹਾ, ਗਲ਼ਾ ਗਰੀਬ ਦਾ,
ਨਹੀਂ ਆਉਂਦਾ ਸਾਹ, ਸੁੱਖ ਦਾ ਹੁਣ।।
ਲੁੱਟ ਕਰ ਰਹੇ ਰਾਖ਼ੇ, ਨਿੱਤ ਦਿਨ ਦਿਹਾੜੇ,
ਮਜ਼ਲੂਮ ਪੈਰਾਂ ਹੇਠ, ਜਾਂਦੇ ਲਿਤਾੜੇ।
ਬੇਖ਼ੌਫ ਘੁੰਮਦੇ ਡਾਕੂ, ਹਰ ਪਿੰਡ, ਸ਼ਹਿਰ ਵਿਚ,
ਨਹੀਂ ਲੱਭਦਾ ਚਿਹਰਾ, ਭਲੇ ਮਨੁੱਖ ਦਾ ਹੁਣ।।

ਅੱਗ ਦੇ ਮਚਦੇ ਭਾਂਬੜ ਤੋਂ ਬਚਣ ਦੇ ਲਈ,
ਛੱਡਕੇ ਪਿੰਡ, ਤੁਰ ਗਏ ਨੇ ਵਿਚਾਰੇ।
ਸੂਰਜ ਵੀ ਰੋ ਰਿਹਾ, ਰੋਂਦਾ ਹੈ ਹੁਣ ਚੰਦ ਵੀ,
ਆਕਾਸ਼ ਵਿਚ, ਮੋਏ ਪਏ ਨੇ ਤਾਰੇ।।

ਕਿਰਤੀ 'ਤੇ ਕਿਰਤ ਦੀ ਲੁੱਟ ਦਾ ਹੈ,
ਇਹ ਸਮਾਜ 'ਤੇ, ਇਸ ਦਾ ਰਾਮ ਰਾਜ।
ਸਤਿਕਾਰਦਾ ਕਾਤਲ, ਝਿੜਕਦਾ ਮਜ਼ਲੂਮ ਨੂੰ,
ਇਹ ਅਧਰਮੀ ਟੋਲਾ 'ਤੇ, ਇਸ ਦਾ ਰਾਮਰਾਜ।।
ਧਰਮ ਦੇ ਬੁਰਕੇ ਪਾਕੇ ਨੇ ਘੁੰਮਦੇ,
ਖੂਂਖ਼ਾਰੀ, ਚਾਂਬਲੇ ਹੋਏ ਰਾਖ਼ਸਸ਼,
ਖੂਨ ਪੀਣੀ ਸਰਕਾਰ ਦੀ ਭੁੱਖ ਦਾ ਹੈ,
ਇਹ ਸਮਾਜ 'ਤੇ ਇਸ ਦਾ ਰਾਮ ਰਾਜ।।

ਅਕਲਮੰਦ, ਦਰਵੇਸ, ਇਨਸਾਫ਼ ਦੇ ਆਸ਼ਕ,
ਮਿੱਟੀ ਵਿਚ ਰੋਲ਼ੇ, ਗਏ ਨੇ ਸਾਰੇ।
ਸੂਰਜ ਵੀ ਰੋ ਰਿਹਾ, ਰੋਂਦਾ ਹੈ ਹੁਣ ਚੰਦ ਵੀ,
ਆਕਾਸ਼ ਵਿਚ ਰੋਂਦੇ ਪਏ ਨੇ ਤਾਰੇ।।

ਸਰਬਤ ਦਾ ਭਲਾ, ਨਾਨਕ ਦੀ ਸਾਂਝੀਵਾਲਤਾ,
ਰਾਮ ਮਰਯਾਦਾ ਲਈ, ਕੋਈ ਥਾਂ ਨਹੀਂ।
ਮੋਏ ਪਏ, ਈਸਾ ਦੇ ਬਚਨ ਹੁਣ,
ਹਜ਼ਰਤ ਮੁਹੰਮਦ ਨੂੰ, ਵੀ ਪਨਾਹ ਨਹੀਂ।
ਭਗਮੇ ਬੁਰਕੇ 'ਚੋਂ ਆਵੇ ਆਵਾਜ਼,
'ਜੇ ਨਹੀਂ ਰਾਮਜਾਦੇ, ਫਿਰ ਹੋ ਹਰਾਮਜਾਦੇ'
ਅਹਿੰਸਾ ਦੇ ਪੂਜਾਰੀ, ਕਹਿ ਰਹੇ ਨੇ,
'ਮਾਰਨਾ ਗੈਰ ਹਿੰਦੂ ਨੂੰ ਗੁਨਾਹ ਨਹੀਂ।'

ਇਕੋ 'ਹਿੰਦੂ', ਨਾਮ ਦਾ ਇਹ 'ਸਮੁੰਦਰ',
ਮਨੁੱਖਤਾ ਦੀ ਨਦੀ ਦੇ, ਮਿਟ ਗਏ ਨੇ ਕਿਨਾਰੇ।
ਸੂਰਜ ਵੀ ਰੋ ਰਿਹਾ ਹੈ, ਰੋਂਦਾ ਹੈ ਚੰਦ ਵੀ,
ਆਕਾਸ਼ ਦੇ ਰੋ ਰਹੇ ਨੇ ਤਾਰੇ।।
02/11/15

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਅਜ ਉਦਾਸ ਉਦਾਸ ਕਿਉਂ, ਹਵਾ ਦਾ ਰੁਖ ਹੈ।
ਘੁਲ ਗਿਆ ਹੈ ਪੌਣ ਵਿਚ, ਕਿਸ ਦਾ ਦੁੱਖ ਹੈ ।।

ਦਿਲ ਨਾਲ ਟਕਰਾ, ਨਿਕਲੀ ਸਾਹਾਂ ਦੀ ਭੜਾਸ,
ਬਦਲ ਗਈ ਹਵਾ ਦਾ ਰੁਖ, ਹਰ ਪੰਛੀ ਚੁੱਪ ਹੈ।।

ਹੂੰਝਕੇ ਲੈ ਗਈ ਚਮਨ ਦੇ, ਸਾਰੇ ਫੁੱਲ ਕਲੀਆਂ,
ਝੁੱਲੀ ਹਨ੍ਹੇਰੀ ਸੁਨਸਾਨ 'ਚ, ਨਗਨ ਖੜਾ ਰੁੱਖ ਹੈ।।

ਫੁੱਲਾਂ ਵਰਗੇ ਬਾਲ ਕਲ, ਸਾੜੇ ਗਏ ਪਾ ਕੇ ਤੇਲ,
ਮਾਤਾ ਪਿਤਾ ਲਈ ਕੀ, ਇਸ ਤੋਂ ਵੱਡਾ ਦੁੱਖ ਹੈ।।

ਲਾਲਚ ਦੀ ਅੱਗ ਹੁਣ, ਜਲਾ ਰਹੀ ਹਰ ਕਿਸੇ ਨੂੰ,
ਮਨੁੱਖ ਬਣਿਆ ਸਰ੍ਹਾਲ, ਮਿੱਟਦੀ ਨਹੀਂ ਭੁੱਖ ਹੈ।।

ਹਾਕਮਾਂ ਦੀ ਡਾਂਗ ਨੇ, ਵੱਗ ਵਾਂਗੂੰ ਘੇਰ ਰੱਖੇ ਲੋਕ,
ਝੂਠ ਮੁਹਰੇ ਵੇਖੋ ਸੱਚ ਹੁਣ, ਕਿਵੇਂ ਗਿਆ ਝੁੱਕ ਹੈ।।

ਹੁਣ ਕਾਤਲਾਂ ਨੂੰ ਹਲਾ ਸ਼ੇਰੀ, ਦੇ ਰਿਹਾ ਹੈ ਰਹਿਨੁਮਾ,
ਫਿਰ ਕੇਰਦਾ ਹੰਝੂ, ਮਗਰਮੱਛ ਵਾਂਗ ਉਹੀ ਮਨੁੱਖ ਹੈ।।

ਵੇਖ ਐਸਾ ਕਹਿਰ, ਰੱਬ ਨੂੰ ਵੀ ਨਹੀਂ ਆਉਂਦਾ ਤਰਸ,
ਮਨੁੱਖਤਾ ਦੀਆਂ ਅੱਖੀਆਂ ਦਾ, ਪਾਣੀ ਗਿਆ ਮੁੱਕ ਹੈ।।
02/11/15

 

ਕਾਤਲਾਂ ਦਾ ਰਾਖਾ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਕਾਤਲਾਂ ਦਾ ਹੀ ਹੈ ਰਾਖ਼ਾ, ਇਹ ਬਾਦਸ਼ਾਹ।
ਅੰਨਾ ਹੈ, ਨਹੀਂ ਸੁਜਾਖਾ, ਇਹ ਬਾਦਸ਼ਾਹ।।
ਫਿਰਕਾ-ਪ੍ਰਸਤ, ਕਾਤਲਾਂ ਦਾ ਸਰਦਾਰ ਇਹ,
ਮਦਾਰੀ ਹੈ ਅਤੇ ਤਮਾਸ਼ਾ, ਇਹ ਬਾਦਸ਼ਾਹ।।

ਦਰਿੰਦਿਆਂ ਨੇ ਕਹਿਰ, ਢਾਇਆ ਕਲ ਜਦੋਂ,
ਬੇਦੋਸ਼ੇ ਨੂੰ ਸੀ, ਮਾਰ ਮੁਕਾਇਆ ਕਲ ਜਦੋਂ।
ਮੀਟੀਆਂ ਅਖੀਆਂ, ਨਹੀਂ ਸੀ ਉਸ ਵੇਖਿਆ,
ਨਹੀਂ ਦਿੰਦਾ ਕਦੇ ਦਿਲਾਸਾ, ਇਹ ਬਾਦਸ਼ਾਹ।।

ਧਰਮ ਦੇ ਨਾਮ 'ਤੇ ਹਨੇਰੀ ਝੁੱਲੀ, ਹਰ ਤਰਫ਼,
ਗਰੀਬਾਂ ਦੀ ਜਲ ਰਹੀ ਹੈ ਕੁੱਲੀ, ਹਰ ਤਰਫ਼,
ਇਹ ਮਦਾਰੀ ਘੁੰਮਦਾ, ਦੁਨੀਆਂ 'ਚ ਰਾਤ ਦਿਨ,
ਪਾਲਤੂ ਕੁੱਤਿਆਂ ਦਾ ਰਾਖ਼ਾ, ਇਹ ਬਾਦਸ਼ਾਹ।।

ਫਿ਼ਰਕੂ, ਦਰਿੰਦਿਆਂ ਦਾ, ਲੀਡਰ ਇਹ ਮਦਾਰੀ,
ਮਨੁੱਖ਼ੀ ਹੱਕਾਂ ਦਾ ਵੀ ਕਾਤਲ, ਹੈ ਇਹ ਸਿ਼ਕਾਰੀ,
ਮਗਰਮੱਛ ਵਾੰਗੂ ਹੰਝੂ, ਕੇਰਨ ਦਾ ਆਦੀ ਹੈ ਇਹ,
ਨਿਰਾ ਮਕਰਾ, 'ਤੇ ਇਕ ਤਮਾਸ਼ਾ, ਇਹ ਬਾਦਸ਼ਾਹ।।

ਦੋ ਸ਼ਬਦ ਕਿਸੇ ਦੀ ਮੌਤ ਸੁਣ, ਨਾ ਇਸ ਤੋਂ ਸਰੇ,
ਨਸਲਵਾਦੀ, ਸਿ਼ਵ ਸੈਨਿਕ, ਇਸਦੇ ਦੋਸਤ ਨੇ ਖ਼ਰੇ,
"ਲੋਟੂ 'ਤੇ ਲੁੱਟੇ ਜਾਣ ਵਾਲੇ ਰਲ ਮਿਲਕੇ ਰਹਿਣ,"
ਦੇਸ਼ ਲਈ ਬਣਿਆ ਹੈ ਹਾਸਾ, ਇਹ ਬਾਦਸ਼ਾਹ।।

ਕਾਤਲ 'ਤੇ ਮਕਤੂਲ ਨੂੰ, ਰਲ ਮਿਲਕੇ ਰਹੋ ਦਸਦਾ,
ਨਾ ਰੋਕਦਾ ਹਮਲਾਵਰ,'ਹੱਸਕੇ ਜੁਲਮ ਸਹੋ' ਦਸਦਾ,
ਹੈ ਇਹ ਅੰਨਾਂ, ਅਤੇ ਕੰਨਾਂ 'ਚ ਪਾਇਆ ਹੈ ਸਿੱਕਾ,
ਪੂਰੀ ਨਹੀਂ ਕਰੇਗਾ ਕੋਈ ਆਸ਼ਾ, ਇਹ ਬਾਦਸ਼ਾਹ।।
02/11/15
 


ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਨਹੀਂ ਰਹੀ ਪਹਿਚਾਣ ਮੇਰੀ, ਤੇਰੇ ਸ਼ਹਿਰ ਵਿਚ।
ਹੋਣੀ ਨਹੀਂ ਗੁਜ਼ਰਾਨ ਮੇਰੀ, ਤੇਰੇ ਸ਼ਹਿਰ ਵਿਚ।।

ਰੰਗ ਢੰਗ ਸਭ ਬਦਲਿਆ, ਬਦਲ ਗਈ ਹੈ ਹਵਾ,
ਥਾਂ ਥਾਂ ਤੇ ਗੰਦਗੀ ਦੀ ਢੇਰੀ, ਤੇਰੇ ਸ਼ਹਿਰ ਵਿਚ।।

ਚਿਰਾਂ ਪਿਛੋਂ ਮੈਂ ਤੇਰੇ ਦਰ, ਆਕੇ ਦਸਤਕ ਕਰੀ,
ਚਹੁੰ ਪਾਸੀਂ ਝੁੱਲੀ ਹੈ ਹਨੇਰੀ, ਤੇਰੇ ਸ਼ਹਿਰ ਵਿਚ।।

ਚਿਰ ਹੋਇਆ ਮੈਂ ਬਸਤੀ, ਛੱਡਕੇ ਸੀ ਤੁਰ ਗਿਆ
ਸੁਰਤ ਘੁੰਮਦੀ ਰਹੀ ਹਮੇਸ਼ਾ, ਤੇਰੇ ਸ਼ਹਿਰ ਵਿਚ।।

ਸਾਂਝਾਂ ਦਾ ਕਤਲ ਹੋਇਆ, ਵੰਡੀ ਗਈ ਮਨੁੱਖਤਾ,
ਅੱਤ ਚੁੱਕੀ ਲੋਕਾਂ ਨੇ ਵਥੇਰੀ, ਤੇਰੇ ਸ਼ਹਿਰ ਵਿਚ।।

ਧਰਮੀ ਭੁੱਲ ਗਏ ਧਰਮ, ਬੇਅਸੂਲੇ ਹੋਏ ਅਸੂਲ
ਝੂਠ ਦੀ ਝੁੱਲ ਰਹੀ ਹਨ੍ਹੇਰੀ, ਤੇਰੇ ਸ਼ਹਿਰ ਵਿਚ।।

ਲੁੱਟੀ ਗਈ ਸੀ ਪੱਤ, ਅਵਲਾ ਦੀ ਦਿਨ ਦਿਹਾੜੇ
ਕਿਸੇ ਨੇ ਨਾ ਸੀ ਹੰਝ ਕੇਰੀ, ਤੇਰੇ ਸ਼ਹਿਰ ਵਿਚ।।

ਲਗਦੈ ਮੈਂ ਆ ਗਿਆ, ਕਿਸੇ ਹੋਰ ਹੀ ਖ਼ਲਾ ਵਿਚ,
ਨਹੀਂ ਹੋ ਰਹੀ ਪਹਿਚਾਣ ਮੇਰੀ, ਤੇਰੇ ਸ਼ਹਿਰ ਵਿਚ।।
02/11/15

ਨਕਲੀ ਸ਼ੇਰ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਸੁੱਟਕੇ ਗਧੇ ਉਪਰ, ਸ਼ੇਰ ਦੀ ਖੱਲ,
ਕਹਿ ਰਹੇ ਹੋ, ਦੁੱਲਾ ਸ਼ੇਰ ਹੈ ਇਹ।
ਕਰ ਰਹੇ ਹੋ, ਲੁਟੇਰੇ ਦੀ ਵਾਹ ਵਾਹ,
ਚੋਰ ਨੂੰ ਕਹਿੰਦੇ ਹੋ, ਦਲੇਰ ਹੈ ਇਹ।।

ਹੁਕਮਰਾਨ ਬਣ, ਭਰੀਆਂ ਜਿਨ੍ਹੇ ਜੇਬਾਂ,
ਉਸਨੂੰ ਲੋਕਾਂ ਦਾ, ਸੇਵਾਦਾਰ ਕਹਿੰਦੇ ਹੋ।
ਖ਼ੂਨ ਪੀ ਰਹੀ, ਜੋ ਲੋਕਾਂ ਦਾ ਰਾਤ ਦਿਨ,
'ਰਾਜ ਨਹੀਂ ਸੇਵਾ', ਸਰਕਾਰ ਕਹਿਂਦੇ ਹੋ।।

ਜੜ੍ਹਾਂ ਜੋ ਕੌਮ ਦੀਆਂ, ਪੁੱਟ ਰਿਹਾ ਹੋਵੇ,
ਦਸਦੇ ਉਸਨੂੰ, 'ਫ਼ਖ਼ਰੇ-ਕੌਮ' ਹੈ ਇਹ।
ਲੁੱਟਕੇ ਖਾ ਗਿਆ, ਜੋ ਸਾਡੇ ਪੰਜਾਬ ਨੂੰ,
ਦੁਨੀਆ ਨੂੰ ਪਤਾ ਹੈ, ਕੌਣ ਹੈ ਇਹ।।

ਤਾਰੀਫ਼ ਦੇ ਪੁਲ, 'ਮਦਾਰੀ' ਨੇ ਸੀ ਬੰਨੇ,
ਕਰ ਤੁਲਨਾ ਮਕਰੇ ਦੀ, ਦਰਵੇਸ਼ ਨਾਲ।
ਦੇਸ਼ ਭਗਤ ਦਸ ਰਿਹਾ, ਉਸ ਮਨੁੱਖ ਨੂੰ,
ਕਰ ਰਿਹਾ ਧਰੋਹ ਜੋ, ਆਪਣੇ ਦੇਸ਼ ਨਾਲ।।

ਦੇਸ਼ ਦੀ ਸਰਕਾਰ, ਭੁਲਾ ਬੈਠੀ ਹੈ ਹੁਣ,
ਦੇਸ਼ ਭਗਤਾਂ, ਸ਼ਹੀਦਾਂ ਦੇ ਡੁੱਲ੍ਹੇ ਖੂਨ ਨੂੰ।
ਫਿ਼ਰਕਾ ਪ੍ਰਸਤੀ ਦੀ ਨ੍ਹੇਰੀ, ਹੈ ਝੁਲ ਰਹੀ,
ਹਲਾਸ਼ੇਰੀ ਦੇ ਰਹੀ ਹੈ, ਧਰਮੀ ਜਨੂੰਨ ਨੂੰ।।

ਸਲਾਮ ਹੈ ਮੇਰਾ, ਉਨ੍ਹਾ ਸਾਹਿਤਕਾਰਾਂ ਨੂੰ,
ਜਿਨ੍ਹਾ ਨੇ ਦੇਸ਼ ਦੇ, ਦਰਦ ਨੂੰ ਹੈ ਸਮਝਿਆ।
ਵਗਾਹਕੇ ਮਾਰੇ, ਆਪਣੇ ਤਗਮੇ, ਖਿ਼ਤਾਬ,
ਗਧੇ ਉਤੋਂ ਸ਼ੇਰ ਦੀ, ਖੱਲ ਨੂੰ ਉਤਾਰਿਆ।।
02/11/15

 

ਸ਼ਹੀਦ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੌਤ ਮੇਰੀ ਹੋ ਸਕਦੀ ਹੈ, ਪਰ,
ਇਹ ਜਿੰਦਗੀ ਹੋਵੇਗੀ ਕੌਮ ਦੀ।
ਛੁੱਪ ਸਕਦਾ ਹੈ, ਸੂਰਜ ਸ਼ਾਮ ਵੇਲੇ,
ਉਮੀਦ ਬਣੇਗੀ, ਸਵੇਰਾ ਅਉਣ ਦੀ।।

ਚੁੱਪ ਛਾ ਜਾਵੇਗੀ,
ਹਨ੍ਹੇਰਾ ਘੁੱਪ ਹੋਵੇਗਾ।
ਚਹਿ ਚਹੌਂਦੇ ਪੰਛੀਆਂ ਦਾ ਰਾਗ,
ਨਾ ਸੁਣੋਗੇ, ਚੁੱਪ ਹੋਵੇਗਾ।।
ਊਡੀਕ ਰੱਖਣੀ,
ਫਿਰ ਸਵੇਰ ਆਵੇਗੀ ਜਰੂਰ।
ਸੁੱਕੀਆਂ ਟਾਣ੍ਹੀਆਂ ਨੂੰ ਵੀ ਪਵੇਗਾ ਬੂਰ।।

ਪਹੁ- ਫੁਟਾਲੇ, ਸੂਹੇ ਲਾਲ ਰੰਗ ਦਾ ਊਜਾਲਾ,
ਪੂਰਵ ਦੀ ਗੋਦ 'ਚੋਂ ਉੱਠੇਗਾ।
ਲੁਕ ਜਾਣਗੇ ਉਲੂ, ਚਮਗਿੱਦੜ 'ਤੇ,
ਦਿਲਾਂ 'ਚੋਂ ਹਨ੍ਹੇਰਿਆਂ ਦਾ, ਜਾਲ ਟੁੱਟੇਗਾ।।
ਫਿਰ ਇਹ ਪ੍ਰਭਾਤ ਜਗਾ ਸਕੇਗੀ,
ਸੁੱਤੀ ਜੁਆਨੀ ਦੀ ਰੁਹ।
ਫਿਰ ਉਹ ਹੁਸੀਨਾ, ਨਾਂ ਜਿਸਦਾ 'ਆਂਜਾਦੀ',
ਦਸਤਕ ਕਰੇਗੀ, ਸਾਡੀ ਬਰੂਹ।।

ਮੇਰੇ ਖ਼ੂਨ ਦੇ ਛਿੱਟਿਆਂ ਦੇ, ਹਰ ਨਿਸ਼ਾਨ ਵਿਚੋਂ,
ਇਕ ਇਨਕਲਾਬ ਉਠੇਗਾ।
ਨੌਜੁਆਨਾ ਦੇ ਰੋਹ ਦਾ ਲਾਵਾ,
ਬਣਕੇ ਹੱੜ੍ਹ ਵਹਿ ਤੁਰੇਗਾ,
ਸਾਮਰਾਜ ਦੀ ਜੜ੍ਹ ਪੁੱਟੇਗਾ।।

ਵੱਧਦਾ ਜਾਏਗਾ, ਇਹ ਕਾਫ਼ਲਾ,
ਹੱਕ 'ਤੇ ਸੱਚ ਦੇ ਨਾਹਰੇ, ਗੂੰਜ ਉੱਠਣਗੇ,
ਕਦਮ ਮਿਲਾਕੇ ਟੁਰਦੇ ਸਾਥੀ,
ਨਵੀਂ ਪੁਲਾਂਘ ਪੁੱਟਣਗੇ।
ਮਹਿਬੂਬ ਆਜ਼ਾਦੀ ਦਾ ਘੁੰਡ,
ਚੁੱਕਣ ਦੀ ਚਾਹ ਉੱਪਜੇਗੀ।
ਇਕ ਤੂਫ਼ਾਨ ਬਣਕੇ, ਇਕ ਜੁਬਾਨ ਬਣਕੇ,
ਹਰ ਇਕ ਦੇਸ਼ਵਾਸੀ, ਔਰਤ, ਮਰਦ,
ਹਰ ਮਜ਼ਦੂਰ, ਕਿਸਾਨ ਜੁੱਟੇਗਾ।।

ਸ਼ਹੀਦ ਕੁਰਬਾਨੀ ਦਾ ਪ੍ਰਣ ਕਰਕੇ, ਨਿਰਭੈ ਹੋ ਫ਼ਾਂਸੀ ਦਾ, ਰੱਸਾ ਚੁੱਮਣਗੇ।
ਇਹ ਰੱਸਾ ਤਿਲਕ ਜਾਵੇਗਾ,
ਸ਼ਹੀਦਾਂ ਦੀ ਫੋਲਾਦੀ ਰਗਾਂ ਨੂੰ ਛੋਹ,
ਜੁਲਮ ਦੀ ਤਲਵਾਰ ਮੁਰਝਾ ਜਾਵੇਗੀ,
ਮੁਰਝਾਏ ਫੁੱਲਾਂ ਤਰਾਂ, ਸ਼ਰਮਾ ਜਾਵੇਗੀ।
ਇਨਕਲਾਬੀਆਂ ਦੇ ਗੂੰਜਦੇ ਨਾਹਰੇ ਸੁਣ,
ਕਾਤਲ ਦੇ ਤੌਰ ਘੁੱਮਣਗੇ।।

ਪਿੰਜਰੇ 'ਚੋਂ ਉਡੇ, ਆਜ਼ਾਦ ਪੰਛੀ,
ਅਸਮਾਨ ਵਿਚ, ਉਡਾਰੀਆਂ ਭਰਨਗੇ।
ਸ਼ਹੀਦਾਂ ਦੀ, ਜੈ ਜੈਕਾਰ ਕਰਨਗੇ।।
ਖ਼ੂਨ ਨਾਲ ਲੱਥ ਪੱਥ ਹੋਈ ਧਰਤੀ ਮਾਂ,
ਫਿਰ ਮੁਸਕਰਾ ਸਕੇਗੀ।
ਮੇਰੀ ਸਮਾਧ 'ਤੇ ਇਕ ਸੂਹਾ ਫੁੱਲ ਰੱਖੇਗੀ।।
16/08/15

 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਸਿਦਕ ਮੇਰੇ ਨੂੰ ਕਿਉਂ, ਅਜ਼ਮਾ ਰਹੇ ਹੋ।
ਪਿਆਰ ਮੇਰੇ ਨੂੰ ਕਿਉਂ, ਭੁਲਾ ਰਹੇ ਹੋ।।

ਮੇਰੇ ਊਦਾਸ ਦਿਲ ਵਿਚ ਵੀ, ਹੈਨ ਸੁਪਨੇ,
ਨੀਂਦ ਵਿਚ ਸੁੱਤੇ ਨੂੰ, ਕਿਉਂ ਜਗਾ ਰਹੇ ਹੋ।।

ਚਿਤਵੀ ਹੈ ਤੇਰੀ ਸੂਰਤ, ਸੁਰਤ ਦੀ ਕਸਮ,
ਜਾਗਦੀ ਚੇਤਨਾ ਨੂੰ, ਐਵੇ ਸੁਲਾ ਰਹੇ ਹੋ।।

ਹੈ ਮੁੱਕਿਆ ਪਾਣੀ, ਹੁਣ ਤਾਂ ਦੀਦਿਆਂ ਚੋਂ,
ਯੁਗਾਂ ਤੋਂ ਰੋਂਦਿਆ ਨੂੰ, ਮੁੜ ਰੁਆ ਰਹੇ ਹੋ।।

ਪਿਆਰ ਕਰਨਾ ਜੇ ਹੈ, ਹੁੰਦਾ ਨਹੀਂ ਗੁਨਾਹ,
ਬੇਗੁਨਾਹਾਂ ਨੂੰ ਫਿਰ ਕਿਉਂ, ਦੇ ਸਜਾ ਰਹੇ ਹੋ।।

ਊਮੀਦ ਰੱਖ ਪੁੱਜਿਆ, ਮੈਂ ਹਾਂ ਦੁਆਰੇ ਤੇਰੇ,
ਪਹਿਚਾਣ ਦੋਸਤੀ ਦੀ, ਕਿਉਂ ਭੁਲਾ ਰਹੇ ਹੋ।।

ਜਾਣਦਾ ਹਾਂ ਤੁਹਾਡੇ, ਦਿਲ 'ਚ ਵੀ ਹੈ ਤੜਪ,
ਜਾਣ ਬੁੱਝਕੇ ਭਲਾ ਕਿਉਂ, ਤਰਸਾ ਰਹੇ ਹੋ।।

ਰਹੇਗਾ ਕਾਇਮ, ਯੁਗਾਂ ਤਕ ਮੇਰਾ ਸਿਦਕ,
ਭੁਲੇਖ਼ੇ 'ਚ ਕਿਉਂ ਐਵੇਂ, ਸਮਾਂ ਗੁਆ ਰਹੇ ਹੋ।।
22/07/15

 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮਨੁੱਖਤਾ ਦੇ ਫ਼ਰਜ਼ ਨੂੰ, ਭੁਲਾ ਬੈਠੇ ਲੋਕ।
ਵਸ ਆਪਣੀ ਹੋਂਦ ਹੀ, ਗੁਆ ਬੈਠੇ ਲੋਕ॥

ਵੇਖ ਲਓ ਉਡ ਰਹੀ, ਧੂੜ ਅਕਾਸ਼ ਵਿਚ,
ਜਿੰਦਗੀ ਦੇ ਮੋਤੀ ਕਿਵੇਂ, ਰੁਲ਼ਾ ਬੈਠੇ ਲੋਕ॥

ਮੰਜ਼ਲ ਤਾਂ ਹੈ ਸੀ, ਦਰਿਆ ਦੇ ਉਸ ਪਾਰ,
ਬੈਠਕੇ ਕਿਨਾਰੇ ਮਨ, ਸਮਝਾ ਬੈਠੇ ਲੋਕ॥

ਦੋਸ਼ ਦੇ ਰਹੇ ਨੇ, ਦੂਜਿਆਂ ਨੂੰ ਕਿਉਂ ਇਹ,
ਆਪਣੇ ਪਾਪਾਂ ਦੀ ਲੈਂਦੇ, ਸਜ਼ਾ ਬੈਠੇ ਲੋਕ॥

ਬੰਦੇ ਦਾ ਫ਼ਰਜ਼ ਸੀ, ਸੱਚ ਲਈ ਹੁੰਦਾ ਖੜਾ,
ਝੂਠ ਦੀ ਦੁਨੀਆ 'ਚ, ਹੀ ਰੁਝਾ ਬੈਠੇ ਲੋਕ॥

ਬਾਂਹ ਹੁਣ ਕੋਈ ਫੜਦਾ, ਨਹੀਂ ਗਰੀਬ ਦੀ
ਵੇਖੋ ਕਿਵੇਂ ਅਪਨੇ ਫ਼ਰਜ਼, ਭੁਲਾ ਬੈਠੇ ਲੋਕ॥

ਕਾਮ ਮੱਤੇ ਨਿੱਤ ਲੁਟਦੇ, ਅਬਲਾ ਦੀ ਪੱਤ,
ਆਪਣੇ ਆਪ ਨੂੰ ਦਰਿੰਦੇ, ਬਣਾ ਬੈਠੇ ਲੋਕ॥

ਲਗ ਰਿਹਾ ਪਰਲੋ, ਅਉਣ ਦਾ ਹੈ ਆਸਾਰ,
ਇਨਸਾਨੀਅਤ ਦਾ ਦੀਵਾ, ਬੁਝਾ ਬੈਠੇ ਲੋਕ॥
06/06/15

 

ਭੂਚਾਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਧੜਕਿਆ ਧਰਤੀ ਦਾ ਦਿਲ, ਸੀ ਕਹਿਰ ਆ ਗਿਆ।
ਉੱਜੜ ਗਈ ਹਰ ਬਸਤੀ, ਕੰਧਾਂ ਕੋਠੇ ਢਾ ਗਿਆ।।
ਅੱਖ਼ ਦੀ ਪਲਕ ਦਾ ਸਮਾਂ, ਹਿੱਲੇ ਖੜੇ ਖੜੋਤੇ ਥੰਮ,
ਪਲਾਂ ਵਿਚ ਮਲੀਆਮੇਟ, ਲੋਥਾਂ ਦੇ ਢੇਰ ਲਾ ਗਿਆ।।
ਪ੍ਰਬਤਾਂ 'ਤੋਂ ਖਿ਼ਸਕਦੀ ਬਰਫ਼, ਸੀ ਕੱਫ਼ਣ ਬਣ ਗਈ,
ਵਾਦੀ ਵਿਚ ਵਿਚਰਦੇ ਲੋਕ, ਜਿਊਂਦੇ ਸੁਲਾ ਗਿਆ।।
ਧੜਕਿਆ ਧਰਤੀ ਦਾ ਦਿਲ, ਸੀ ਕਹਿਰ ਆ ਗਿਆ।।

ਆਪਣੇ ਹੀ ਘਰ ਕਿਵੇਂ, ਕਬਰਾਂ 'ਚ ਤਬਦੀਲ ਹੋਏ।
ਦਮ ਘੁੱਟ ਗਏ ਮਾਂਵਾ ਦੇ, 'ਤੇ ਗੋਦੀ 'ਚ ਬਾਲ ਮੋਏ।।
ਮਲ਼ਬੇ ਦੇ ਹੇਠ ਕੋਈ, ਮੱਦਦ ਲਈ ਕੁਰਲਾਂਦਾ ਰਿਹਾ,
ਜਿਓਂਦੇ ਲੋਕਾਂ ਦੇ ਘਰਾਂ ਦੇ, ਕੁਦਰਤ ਨੇ ਬਾਰ ਢੋਏ।।
ਚੰਨ ਦੀ ਚਾਨਣੀ ਕਿਵੇਂ, ਮੱਸਿਆ 'ਚ ਬਦਲ ਗਈ,
ਪਲਾਂ ਵਿਚ ਜਗਦੇ ਦੀਵੇ, ਮਾਰ ਫ਼ੂਕ ਬੁਝਾ ਗਿਆ।
ਧੜਕਿਆ ਧਰਤੀ ਦਾ ਦਿਲ, ਸੀ ਕਹਿਰ ਆ ਗਿਆ।।

ਧਰਤੀ 'ਚ ਦੱਬੇ ਹੋਏ, ਕਈ ਦਿਲ ਰਹੇ ਸੀ ਧੜਕਦੇ।
ਆਲ੍ਹਣੇ ਸਣੇ ਥੱਲੇ ਡਿੱਗੇ, ਪੰਛੀ ਮੋਏ, ਪਰ ਫਟਕਦੇ।।
ਇਕ ਧੜਕਦੇ ਦਿਲ ਦੀ, ਆਵਾਜ਼ ਸੁਣੀ ਮਸੀਹੇ ਜਦੋਂ
ਮੁੜ ਆਇਆ ਮੌਤ ਕੋਲੋਂ, ਉੱਠ ਖਲੋਇਆ ਝਟਕ ਕੇ।।
ਵੇਖਿ਼ਆ ਚਹੁੰ ਪਾਸੀਂ, ਨਾ ਕੋਈ ਆਪਣਾ, 'ਤੇ ਨਾ ਘਰ,
ਨਾ ਕੋਈ ਘਰ ਵਲ ਅਉਂਦੇ, ਦੀ ਵੇਖਦਾ ਰਾਹ ਰਿਹਾ।
ਧੱੜਕਿਆ ਧਰਤੀ ਦਾ ਦਿਲ, ਸੀ ਕਹਿਰ ਆ ਗਿਆ।।

ਫਿਰ ਰਹਿਮ ਦਿਲ ਮਨੁੱਖਤਾ, ਵੰਡ ਰਹੀ ਸੀ ਦੁੱਖ ਆਕੇ।
ਜਖ਼ਮਾਂ 'ਤੇ ਮਰਹਮ ਪੱਟੀ, ਭੁੱਖੇ ਮੁਹਾਂ 'ਚ ਟੁੱਕ ਪਾਕੇ।।
ਦੁਨੀਆ ਦੇ ਹਰ ਕੋਨਿਉ, ਲੋਕੀ ਘਨੱਈਆ ਬਣਕੇ ਪੁੱਜੇ,
ਖਿੱਚ ਰਹੇ ਸੀ ਮੋਏ, ਜੀਂਦੇ, ਮਲ਼ਬਾ 'ਤੇ ਮਿੱਟੀ ਹਟਾਕੇ।।
ਸਾਂਝੀਵਾਲਤਾ ਹੀ ਹੈ ਸਾਂਝ, ਦੁੱਖ ਵੰਡਾਇਆਂ ਹੀ ਘਟਦੇ,
ਮੁੜ ਰੱਬ ਦੇ ਬੰਦਿਆ ਨੇ, ਬੰਦਿਆਂ ਨੂੰ ਗਲ਼ ਲਾ ਲਿਆ।
ਧੜਕਿਆ ਧਰਤੀ ਦਾ ਦਿਲ, ਸੀ ਕਹਿਰ ਢਾ ਗਿਆ।।
24/05/15

 

ਧੀ ਪੰਜਾਬ ਦੀ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਇਕ ਮੋਈ ਧੀ ਪੰਜਾਬ ਦੀ, ਖਾ ਜੁਲਮ ਦੇ ਧੱਕੇ,
ਤੇਰਾਂ ਸਾਲ ਦੀ ਉਮਰ ਸੀ, ਅਰਮਾਨ ਵੀ ਕੱਚੇ।
ਫੱੜਕੇ ਮਾਂ ਦੀ ਉਂਗਲੀ, ਬਸ ਵਿਚ ਚੜ੍ਹ ਗਈ,
ਦਰਿੰਦਿਆਂ ਦੀ ਨਜ਼ਰ, ਸੀ ਆਫ਼ਤ ਵਰ੍ਹ ਗਈ।

ਮਾਂਵਾਂ ਧੀਆਂ ਵਲ ਵੇਖਕੇ, 'ਕੁੱਤੇ' ਲਲਚਾਏ,
ਨਜ਼ਰਾਂ ਹੋਈਆਂ ਮੈਲੀਆਂ, ਨਾ ਮੂਲ ਸ਼ਰਮਾਏ।
ਬੋਲਾਂ ਵਿਚ ਸੀ ਗੰਦਗੀ, ਕਰਦੇ ਕਾਮੀ ਕਰਤੂਤਾਂ,
ਇਹ ਡੱਬੂ ਵੱਡੇ ਘਰਾਂ ਦੇ, ਅੱਤ ਚੁੱਕੀ ਊਤਾਂ।

ਇਨ੍ਹਾਂ ਚਾਹੀ ਮਾਂ ਦੇ ਸਾਮ੍ਹਣੇ, ਧੀ ਦੀ ਪੱਤ ਲੁੱਟਣੀ,
ਕਰ ਕਾਲਾ਼  ਮੁੰਹ ਧਰਮ ਦਾ, ਸ਼ਰਮ ਦੀ ਜੜ੍ਹ ਪੁੱਟਣੀ।
ਰੋਹ ਵਿਚ ਆਕੇ ਬਾਲੜੀ, ਸੀ ਚੰਡੀ ਬਣ ਗਈ,
ਇਹ ਕੰਜਕ ਪੰਜਾਬ ਦੀ, ਬਣ ਝਾਂਸੀ ਤਣ ਗਈ।

ਹੱਦ ਤੋਂ ਵੱਧ ਗਈ ਗੱਲ, ਗੰਦ ਦਰਿੰਦੇ ਬੋਲੇ,
ਗੁੱਸੇ ਵਿਚ ਡਰੈਵਰ ਨੇ, ਬਸ ਦੇ ਦਰਵਾਜੇ ਖੋਲੇ।
ਧੱਕਾ ਦੇ ਬੇਰਹਿਮੀਆਂ, ਸੀ ਮਾਂ ਧੀ ਨੂੰ ਸੁੱਟਿਆ,
ਲੱਗਾ ਜਿਵੇਂ ਆਕਾਸ਼ 'ਚੋਂ, ਕੋਈ ਤਾਰਾ ਟੁੱਟਿਆ।

ਧੀ ਸੀ ਹੋਈ ਬੇਹੋਸ਼, ਅਤੇ ਮਾਂ ਜਖ਼ਮੀ ਹੋਈ,
ਭਾਂਵੜ ਮਚਿਆ ਦੇਸ਼ ਵਿਚ, ਜਦ ਧੀ ਸੀ ਮੋਈ।
ਰੋਹ ਵਿਚ ਆਏ ਲੋਕ, ਮਿਲ਼ ਆਵਾਜ਼ ਉਠਾਈ,
ਕਰਦੇ ਮੰਗ ਇਨਸਾਫ਼ ਦੀ, ਹੱਥੀਂ ਝੰਡੇ ਚਾਈ।

ਅਜ ਆਏ ਯਾਦ ਬੋਲ ਉਹ, ਜੋ ਅਮ੍ਰਿਤਾ ਨੇ ਬੋਲੇ,
ਕੌਣ ਜੋ ਦਰਦੀ ਬਣੇ, ਇਤਹਾਸ ਦਾ ਵਰਕਾ ਫੋਲੇ।
ਕੁਰਲਾਂਦੀ ਵੇਖ਼ ਦਰੋਪਤੀ, ਕੋਈ ਕਾਨ੍ਹ ਬਣ ਆਵੇ,
ਅਜ ਦੇ ਕੈਰਵਾਂ ਹੱਥੋਂ, ਅਵਲਾ ਦੀ ਇਜੱਤ ਬਚਾਵੇ।

ਵਾਰਸ਼ ਸ਼ਾਹ ਦੀ ਕਬਰ ਵੀ, ਭੂਚਾਲ ਬਣ ਕੰਬੀ,
ਮੁੜਕੇ ਨਾਲ ਹੈ ਭਿੱਜ ਗਈ, ਗੋਬਿੰਦ ਦੀ ਚੰਡੀ।
ਗੁਰੂਆਂ ਪੀਰਾਂ ਨੂੰ ਵੇਖ਼ ਇਹ, ਦੰਦਲ ਪੈ ਗਈ,
ਸ਼ਹੀਦਾਂ ਡ੍ਹੋਲਿਆ ਖੂਨ, ਕੀ ਆਜਾਦੀ ਰਹਿ ਗਈ।

ਹੈ ਆਜਾਦੀ ਲੁੱਟਣ ਦੀ, 'ਤੇ ਇਨਸਾਫ਼ ਬਿਹੂਣੀ,
ਪੀਂਦੇ ਰੱਤ ਗਰੀਬ ਦੀ, ਸੇਕਦੇ ਹੱਡਾਂ ਦੀ ਧੂਣੀ।
ਪੱਤ ਲੁੱਟੀ ਜਾਂਦੀ ਰਾਤ ਦਿਨ, ਧੀਆਂ ਕੁਰਲਾਵਣ,
ਹਾਕਮ ਵੀ ਬੈਠੇ ਵੇਖ਼ਦੇ, ਨਾ ਅੱਖਾਂ ਸ਼ਰਮਾਵਣ।

ਆਉ ਜਾਗੋ ਪੰਜਾਬੀਓ, ਇਨਸਾਫ਼ ਲਈ ਲੜੀਏ,
ਬਦਲੀਏ ਇਹ ਸਰਕਾਰ, ਇਕ ਮੁੱਠ ਹੋ ਖੜੀਏ।
10/05/15

ਯ਼ਾਰ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੁੱਦਤਾਂ ਬਾਦ ਮਿਲੇ ਹੋ ਯਾਰ, ਫਿਰ ਵੀ ਯਾਰ ਲਗਦੇ ਹੋ।
ਅੱਧੀ ਸਦੀ ਬਾਦ ਨਹੀਂ ਭੁੱਲੇ, ਉਹੀ ਪਿਆਰ ਲਗਦੇ ਹੋ।।

ਕਹਿਂਦੇ ਨੇ ਸਮੇ ਦੀ ਧੂੜ ਥੱਲੇ, ਮੁਹੱਬਤ ਦੱਬ ਹੈ ਜਾਂਦੀ,
ਲੰਘੀਆਂ ਪੱਤਝੜਾਂ ਕਈ, ਫਿਰ ਵੀ ਗੁਲਜ਼ਾਰ ਲਗਦੇ ਹੋ।।

ਪਹਿਚਾਣ ਮੁਸ਼ਕਲ ਸੀ ਕਰਨੀ, ਮੁੱਦਤਾਂ ਬਾਦ ਮੇਰੇ ਦੋਸਤ,
ਤੇਰੇ ਬੋਲ ਨਹੀਂ ਬਦਲੇ, ਹੋਏ ਸੁਪਨੇ ਸਾਕਾਰ ਲਗਦੇ ਹੋ।।

ਯਾ਼ਰਾਂ ਦੀ ਯ਼ਾਰੀ ਉਗਦੀ ਨਿੱਤ, ਖੁੰਬਾਂ ਤਰਾਂ, ਪਰ ਤੁਸੀਂ,
ਅਜ ਦੇ ਯੁਗ 'ਚ ਦੋਸਤੀ ਦਾ, ਨਵਾਂ ਮਿਆਰ ਲਗਦੇ ਹੋ।।

ਯਾਰ ਅਲਬੇਲੇ ਜੋ, ਉਨ੍ਹਾਂ ਦਾ ਰੁਤਬਾ, ਘਟ ਨਹੀਂ ਰੱਬ ਤੋਂ,
ਪੁਰਾਣੇ ਯਾਰ ਹੋ ਤੁਸੀਂ, ਮੁਹੱਬਤ ਦੀ ਸਰਕਾਰ ਲਗਦੇ ਹੋ।।

ਹੁੰਦੀ ਯਾਰਾਂ ਦੀ ਗਲ ਇਕੋ, ਮੁਹੱਬਤ ਦਾ ਫਲਸਫ਼ਾ ਇਕੋ,
ਜੇ ਖ਼ਰੇ ਨਹੀਂ ਦੋਸਤ ਤਾਂ, ਦੋਸਤੀ ਦੇ ਸਿਰ ਭਾਰ ਲਗਦੇ ਹੋ।।

ਮੁਹੱਬਤ ਦੀ ਸ਼ੁਰੂਆਤ ਹੁੰਦੀ, ਹਮੇਸ਼ਾ ਬਣ-ਬਣਾਕੇ ਯ਼ਾਰ,
ਨਾ ਕਹੋ ਕਿਸੇ ਨੂੰ ਦੁਸ਼ਮਨ, ਕਹੋ ਸਦਾ ਕਿ ਯਾਰ ਲਗਦੇ ਹੋ।।

ਬਣਾਈਏ ਕੁਲਾਵੇ 'ਚ ਲੈ, ਸਾਰੀ ਖ਼ਲਕਤ ਨੂੰ ਆਪਣੇ ਯਾਰ,
ਹਰ ਇਕ ਏਹੋ ਆਖੇ, ਮੇਰੇ ਪਿਆਰੇ ਹੋ, ਪਿਆਰ ਲਗਦੇ ਹੋ।।
05/05/15

 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਕਦੇ ਨੱਕ ਭਨਾ ਬੈਠੇ, ਕਦੇ ਦਿਲ ਤੁੜਾ ਬੈਠੇ।
ਜਿੰਦਗੀ ਦੇ ਸਫ਼ਰ ਦਾ, ਰਸਤਾ ਭੁਲਾ ਬੈਠੇ।।

ਕੁਝ ਲੋਕ ਘੁੱਟ ਪੀਕੇ, ਲੜਖੜਾਣ ਲਗ ਜਾਂਦੇ,
ਕਈ ਨਜ਼ਰਾਂ ਚੋਂ ਘੁੱਟ ਪੀਕੇ, ਹੋਸ਼ ਗੁਆ ਬੈਠੇ।।

ਇਸ਼ਕ ਦੇ ਰੋਗੀਆਂ ਦਾ, ਹੋਣਾ ਇਲਾਜ਼ ਔਖਾ,
ਸ਼ਮਾਂ ਨੂੰ ਚੁੱਮ ਚੁੱਮ ਪ੍ਰਵਾਨੇ, ਹੁੰਦੇ ਫਿ਼ਦਾ ਵੇਖੇ।।

ਇਨਸਾਫ਼ ਦਾ ਤਰਾਜ਼ੂ਼, ਡੋਲ ਜਾਂਦਾ ਕਈ ਵਾਰੀ,
ਬੇਗੁਨਾਹ ਕਈ ਵਾਰੀ, ਨੇ ਝਲਦੇ ਸਜ਼ਾ ਬੈਠੇ।।

ਫ਼ਰਜਾਂ ਨੂੰ ਭੁੱਲ ਵਿਸਾਰੀ, ਕਾਦਰ ਦੀ ਕੁਦਰਤ,
ਜਿੰਦਗੀ ਦੇ ਅਨਮੋਲ ਮੋਤੀ, ਮਿੱਟੀ ਰੁਲ਼ਾ ਬੈਠੇ।।

ਪਤਾ ਸੀ ਆਸ਼ਕਾਂ ਨੂੰ, ਸੂਲੀ 'ਤੇ ਚੜ੍ਹਣਾ ਪੈਂਦਾ,
ਅਸੀਂ ਕਿਉਂ ਅਵੱਲਾ, ਇਹ ਰੋਗ ਲਵਾ ਬੈਠੇ।।

ਨਾ ਸਿੱਖਿਆ ਕੁਝ ਵੀ, ਖਾ ਠੋਕਰਾਂ ਕਈ ਵਾਰੀ,
ਬੇਕਦਰਿਆਂ ਦੇ ਨਾਲ, ਫਿਰ ਦਿਲ ਲਗਾ ਬੈਠੈ।।

ਨਹੀਂ ਸੋਚਦੇ ਅੱਗ ਵਿਚ, ਪੈਰ ਧਰਨ ਤੋਂ ਪਹਿਲਾਂ,
ਉਹ ਆਪਣੇ ਗੁਨਾਹਾਂ ਦੀ , ਝੱਲਦੇ ਸਜ਼ਾ ਬੈਠੇ।।
25/04/15
 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਦਿਲ ਮੇਰੇ ਦਾ ਸਾਜ਼, ਸੁਰ ਕਰ ਰਹੇ ਹੋ।
ਸ਼ੀਸ਼ੇ ਦੇ ਟੁਕੜੇ, ਇਕੱਠੇ ਕਰ ਰਹੇ ਹੋ।

ਰੇਤ 'ਚ ਰਲ਼ੇ, ਦਾਣਿਆ ਨੂੰ ਚੁਗ ਰਹੇ ਹੋ,
ਮਘਦੇ ਕੋਲਿਆਂ 'ਤੇ,  ਫੁੱਲ ਧਰ ਰਹੇ ਹੋ।

ਦਸਦੇ ਹੋ ਤੁਸੀਂ, ਕ੍ਰਾਂਤੀਕਾਰਾਂ ਦੀ ਉਲਾਦ,
ਮੀਟ ਅਖਾਂ ਕਿਉਂ, ਜ਼ੁਲਮ ਜਰ ਰਹੇ ਹੋ।

ਦਸ ਰਹੇ ਹੋ ਕਲਮ, ਤਲਵਾਰ ਤੋਂ ਤਿੱਖੀ,
ਝੂਠ ਲਿਖਕੇ ਕਾਲਾ, ਸਾਹਿਤ ਕਰ ਰਹੇ ਹੋ।

ਕੱਟੇ ਪਰਾਂ ਨਾਲ, ਕਿਵੇਂ ਉੱਡ ਸਕੇਗਾ ਪੰਛੀ,
ਚੋਗੇ ਨੇ ਨਾਲ ਚਾਹੇ, ਆਲ੍ਹਣਾ ਭਰ ਰਹੇ ਹੋ।

ਮੇਰੇ ਦਿਲ ਨੂੰ ਖੜਾ, ਕਰਦੇ ਹੋ ਥੱਮ ਦੇ ਕੇ,
ਕਉਂ ਇਸ਼ਕ ਦਾ, ਨਿਰਾਦਰ ਕਰ ਰਹੇ ਹੋ।।

ਇਹ ਦਿਲ ਦਾ ਸਾਜ਼, ਉਸੇ ਤੋਂ ਸੁਰ ਹੋਣਾ,
ਨਜ਼ਰਾਂ ਦੇ ਚਲਾ ਤੀਰ, ਬੇਸਾਜ਼ ਕਰ ਗਏ ਜੋ।
23/04/15

 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਹੋ ਗਈ ਪੁਰਾਣੀ ਚਾਦਰ, ਲੰਬੇ ਲੰਗਾਰ ਪੈ ਗਏ।
ਮੰਜ਼ਿਲ ਤੇ ਪੁੱਜਦਿਆਂ,  ਸਾਥੀ ਦੋ ਚਾਰ ਰਹਿ ਗਏ।।

ਲਾਲ ਰੰਗਾ ਹੋ ਗਿਆ, ਸੀ ਜਦ ਸੂਰਜ ਸ਼ਾਮ ਨੂੰ,
ਥੱਕੇ ਮੁਸਾਫ਼ਰ ਸਾਥੀ, ਆਖ਼ਰ ਹਾਰ ਬਹਿ ਗਏ।।

ਬੁਢਾਪੇ ਦੇ ਦਿਨਾਂ ਵਿਚ, ਡੰਗੋਰੀ ਦਾ ਹੀ ਹੈ ਸਾਥ,
ਦੁੱਧ ਰੰਗੇ ਬ਼ਾਲ ਹੀ, ਹੁਣ ਸ਼ਿੰਗਾਰ ਰਹਿ ਗਏ।।

ਦੱਸ ਗਏ ਅਨਮੋਲ ਗਲਾਂ, ਜੋ ਸੀ ਸਿਆਣੇ ਲੋਕ,
ਸੀ ਜਿੰਦਗੀ ਲਈ ਕਾਰਾਗਰ, ਵਿਚਾਰ ਰਹਿ ਗਏ।।

ਲੱਗੇ ਕਿਨਾਰੇ ਉਹੀ, ਜੋ ਰਹੇ ਦ੍ਰਿੜਤਾ ਨਾਲ ਤਰਦੇ,
ਬਾਕੀ ਅਨਜਾਣ ਤਰਾਕੂ, ਸਾਰੇ ਮੱਝਧਾਰ ਰਹਿ ਗਏ।।

ਉਮਰ ਭਰ ਕਰਦੇ ਰਹੇ, ਮਹਿਬੂਬਾ ਤੇਰੀ ਉੜੀਕ,
ਜਦ ਢਲ ਗਈ ਉਮਰ, ਹੋ ਕੇ ਲਾਚਾਰ ਬਹਿ ਗਏ।।

ਚਾਹੁੰਦੇ ਸੀ ਜੋ ਢਾ ਦੇਣੀ, ਝੁੱਗੀ ਮੇਰੇ ਮੁਕਾਮ ਦੀ,
ਮੀਟੀਆਂ ਅੱਖਾਂ ਮੈਂ ਜਦੋਂ, ਆਕੇ ਬਾਰ ਬਹਿ ਗਏ।।

ਲੰਘ ਗਿਆ ਦਿਨ, ਦੁਨੀਆ ਦੇ ਮੇਲੇ 'ਚ ਘੁੰਮਦਿਆਂ,
ਜਦੋਂ ਛੁੱਪ ਗਿਆ ਸੂਰਜ, ਪੰਛੀ ਰੁੱਖਾਂ ਤੇ ਬਹਿ ਗਏ।।
15/4/15

 

ਧਰਤੀ ਦਾ ਪਿਆਰ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਨੀਲੇ ਅਸਮਾਨ ਹੇਠਾਂ, ਧਰਤੀ ਦਾ ਪਿਆਰ ਪਲ਼ ਰਿਹਾ ਹੈ।
ਖਿੜੇ ਫੁੱਲ 'ਤੇ ਬੂਟੇਆਂ ਦਾ ਚੰਬਾ, ਮਲਾਰ ਘੱਲ ਰਿਹਾ ਹੈ।।

ਇਸ ਬਗੀਚੀ ਦੇ ਰੰਗ, ਚਮਕਦੇ ਸਤਰੰਗੀ ਪੀਂਘ ਬਣਕੇ,
ਕੁਦਰਤ ਦੀ ਅਸੀਸ, ਪ੍ਰੀਤ ਦਾ ਸਿਲਸਿਲਾ ਚਲ ਰਿਹਾ ਹੈ।।

ਪ੍ਰਬਤਾਂ ਤੋਂ ਉਡੀ ਬਰਫ਼, ਆਕਾਸ਼ ਵਿਚ ਘੁਮ ਰਹੇ ਫ਼ੰਬੇ,
ਰਾਗ ਪਿਆਰ ਦਾ ਸੁਣੇ ਘੱਲ, ਝਰਨਿਆਂ ਦਾ ਜਲ ਰਿਹਾ ਹੈ।।

ਬੰਜਰਾਂ ਦੀ ਤਪਦੀ ਹਿੱਕ 'ਤੇ, ਵਰ੍ਹੇ ਜਦ ਬੱਦਲਾਂ 'ਚੋਂ ਕਣੀ,
ਬਣ ਮਹਿਕ ਮਿੱਟੀ 'ਚੋਂ, ਪ੍ਰੀਤ ਦਾ ਸੁਨੇਹਾਂ ਘੱਲ ਰਿਹਾ ਹੈ।।

ਪਾਕੇ ਕਿੰਘਡੀਆਂ ਟਿੰਡਾਂ, ਜਦ ਕੱਢਦੀਆਂ ਖੁਹ 'ਚੋਂ ਪਾਣੀ,
ਫ਼ਸਲਾਂ ਦੀ ਤੇਹ ਬੁਝੌਂਦਾ, ਆੜਾਂ ਦਾ ਗੰਗਾ ਜਲ਼ ਰਿਹਾ ਹੈ।।

ਹਰਿਆਲੀ ਦਾ ਉਢਕੇ ਪੱਲੂ, ਗਰਭਵਤੀ ਖੜੀ ਹੁਸੀਨ ਛੱਲੀ,
ਚਾਇਆ ਮਾਂ ਦੀ ਗੋਦੀਂ, ਨਵ ਜੰਮਿਆ ਬਾਲ ਪਲ਼ ਰਿਹਾ ਹੈ।।

ਛੱਡਕੇ ਤੁਰ ਗਿਆ ਕੋਈ, ਇਹ ਗੁਲਜ਼ਾਰ ਭਰੀ ਦੁਨੀਆਂ,
ਹੈ ਉਠ ਰਿਹਾ ਧੂੰਆਂ, ਦਰਿਆ ਕੰਢੇ ਸਿਵਾ ਜਲ ਰਿਹਾ ਹੈ।।

ਨੀਲੇ ਅਸਮਾਨ ਦੇ ਹੇਠਾਂ, ਧਰਤੀ ਦਾ ਪਿਆਰ ਪਲ਼ ਰਿਹਾ ਹੈ।
ਪਿਆਰ ਮੁਹੱਬਤ ਹੈ ਜਿੰਦਗੀ, ਇਹ ਸੁਨੇਹਾ ਘਲ ਰਿਹਾ ਹੈ।।
30/03/15

 

ਯ਼ਾਰ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੁੱਦਤਾਂ ਬਾਦ ਮਿਲੇ ਹੋ ਯਾਰ, ਫਿਰ ਵੀ ਯਾਰ ਲਗਦੇ ਹੋ।
ਅੱਧੀ ਸਦੀ ਬਾਦ ਨਹੀਂ ਭੁੱਲੇ, ਉਹੀ ਪਿਆਰ ਲਗਦੇ ਹੋ।।

ਕਹਿੰਦੇ ਨੇ ਸਮੇ ਦੀ ਧੂੜ ਥੱਲੇ, ਮੁਹੱਬਤ ਦੱਬ ਹੈ ਜਾਂਦੀ,
ਲੰਘੀਆਂ ਪੱਤਝੜਾਂ ਕਈ, ਫਿਰ ਵੀ ਗੁਲਜ਼ਾਰ ਲਗਦੇ ਹੋ।।

ਪਹਿਚਾਣ ਮੁਸ਼ਕਲ ਸੀ ਕਰਨੀ, ਮੁੱਦਤ ਬਾਦ ਮੇਰੇ ਦੋਸਤ,
ਤੇਰੇ ਬੋਲ ਨਹੀਂ ਬਦਲੇ, ਹੋਏ ਸੁਪਨੇ ਸਾਕਾਰ ਲਗਦੇ ਹੋ।।

ਯਾਰਾਂ ਦੀ ਯਾਰੀ ਉਗਦੀ ਨਿੱਤ, ਖੁੰਬਾਂ ਤਰਾਂ, ਪਰ ਤੁਸੀਂ,
ਅਜ ਦੇ ਯੁਗ 'ਚ ਦੋਸਤੀ ਦਾ, ਨਵਾਂ ਮਿਆਰ ਲਗਦੇ ਹੋ।।

ਯਾਰ ਅਲਬੇਲੇ ਜੋ, ਉਨ੍ਹਾਂ ਦਾ ਰੁਤਬਾ, ਘਟ ਨਹੀਂ ਰੱਬ ਤੋਂ,
ਪੁਰਾਣੇ ਯਾਰ ਹੋ ਤੁਸੀਂ, ਮੁਹੱਬਤ ਦੀ ਸਰਕਾਰ ਲਗਦੇ ਹੋ।।

ਹੁੰਦੀ ਯਾਰਾਂ ਦੀ ਗਲ ਇਕੋ, ਮੁਹੱਬਤ ਦਾ ਫਲਸਫ਼ਾ ਇਕੋ,
ਜੇ ਖ਼ਰੇ ਨਹੀਂ ਦੋਸਤ ਤਾਂ, ਦੋਸਤੀ ਦੇ ਸਿਰ ਭਾਰ ਲਗਦੇ ਹੋ।।

ਮੁਹੱਬਤ ਦੀ ਦੀ ਸ਼ੁਰੂਆਤ, ਹੁੰਦੀ ਹੈ ਬਣਕੇ, ਬਣਾਕੇ ਯਾਰ,
ਨਾ ਕਹੋ ਕਿਸੇ ਨੂੰ ਦੁਸ਼ਮਣ, ਹਮੇਸ਼ਾ ਕਹੋ, ਯਾਰ ਲਗਦੇ ਹੋ।।

ਬਣਾਈਏ ਕੁਲਾਵੇ ਲੈ ਕੇ, ਸਾਰੀ ਖ਼ਲਕਤ ਨੂੰ ਆਪਣੇ ਯਾਰ,
ਹਰ ਇਕ ਏਹੋ ਆਖੇ, ਮੇਰੇ ਪਿਆਰੇ ਹੋ, ਪਿਆਰ ਲਗਦੇ ਹੋ।।
17/01/15

 

ਰੁਬਾਈਆਂ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੋਏ ਪਏ ਸੱਪ ਨੂੰ ਮੁੜ, ਕਿਉਂ ਕੁੱਟ ਰਹੇ ਹੋ।
ਜੜਾਂ, ਸੁੱਕੇ ਪੇੜ ਦੀਆਂ, ਕਿਉਂ ਪੁੱਟ ਰਹੇ ਹੋ।।
ਜੇ ਅਣਖ਼ ਵਾਲੇ ਹੋ, ਸਾਮ੍ਹਣੇ ਤਾਂ ਆਓ ਜਨਾਬ਼,
ਕਰਵਾਕੇ ਮੁੰਹ ਕਾਲਾ, ਕਿਂਉ ਲੁੱਕ ਰਹੇ ਹੋ।।

ਕਿਉਂ ਐਂਵੇ ਪਾਣੀ 'ਚ, ਮਧਾਣੀ ਫੇਰਦੇ ਹੋ।
ਸ਼ੇਰ ਹੋ ਕੇ ਕਿਉਂ, ਬੱਕਰੀਆਂ ਘੇਰਦੇ ਹੋ।।
ਵਾਰ ਨਾ ਕਰਿਉ, ਜੋ ਪਿੱਠ ਦਿਖਾਕੇ ਭੱਜਿਆ,
ਗੱਦਾਰ ਦੀ ਮੌਤ 'ਤੇ, ਕਿਉਂ ਹੰਝੂ ਕੇਰਦੇ ਹੋ।।

ਬੋਲ ਮਿੱਠੇ ਕਹਿਣੇ, ਕਦੇ ਹੀਣੇ ਨਹੀਂ ਹੁੰਦੇ।
ਸੂਰਬੀਰ ਸਾਹਸੀ, ਸੁਭਾ ਦੇ ਮੀਣੇ ਨਹੀਂ ਹੁੰਦੇ।।
ਮੁੱਦੇ ਦੇ ਆਸਿ਼ਕ, ਸਿਰ ਤਲੀ ਧਰਕੇ ਤੁਰਦੇ,
ਸਿਰ ਕੱਟਵਾਕੇ ਵੀ, ਉਹ ਥੀਣੇ ਨਹੀਂ ਹੁੰਦੇ।।

ਸਦਭਾਵਨਾ ਦੀ ਗਲ ਸਦਾ, ਸੱਚ ਨਾਲ ਹੈ ਹੁੰਦੀ,
ਦੋਗਲਿਆਂ ਦੀ ਗਲ ਹਮੇਸ਼ਾ, ਇਕ ਚਾਲ ਹੈ ਹੁੰਦੀ।।
ਹਾਰ ਖ਼ਾ ਕੇ ਹੀ ਲੋਕ , ਕਰਦੇ ਨੇ ਸਾਂਝ ਦੀ ਗਲ,
ਇਹ ਸਦਭਾਵਨਾਂ ਨਹੀਂ, ਮੱਕਾਰੀ ਜ਼ਾਲ ਹੈ ਹੁੰਦੀ।।

ਕਿਸੇ ਦੀ ਮਿਠਾਸ ਵਿਚ ਵੀ, ਜ਼ਹਿਰ ਹੁੰਦੀ ਹੈ।
ਕਿਸੇ ਦੀ ਚੁੱਪ ਵੀ, ਢੰਡੋਰੇ ਦਾ ਕਹਿਰ ਹੁੰਦੀ ਹੈ।।
ਹੁੰਦੀ ਫੁੱਲਾਂ ਉਲ੍ਹੇ, ਕੰਡਿਆਂ ਨੂੰ ਜਾਨਣ ਦੀ ਲੋੜ,
ਗਜ਼ਲ ਉਹੀ ਮੁਕੱਮਲ, ਜਿਸ ਦੀ ਬਹਿਰ ਹੁੰਦੀ ਹੈ।।

ਆਏ ਥੇ ਜੋ ਮੁਝ ਕੋ, ਖ਼ਾਕ ਮੇਂ ਮਿਲਾਨੇ,
ਖੁਦ ਬਖੁਦ ਵੋ ਜਲ ਕਰ, ਖ਼ਾਕ ਹੋ ਗਏ।
ਬਹੁਤ ਤਕਾਦੇ ਕੀਏ, ਮੁਝ ਕੋ ਰੁਲਾਨੇ ਕੇ,
ਨਾਕਾਮ ਹੋਕੇ, ਸਮਝਤੇ ਹੈਂ ਪਾਸ ਹੋ ਗਏ।।
16/01/15

 

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਤੁਹਾਡੀ ਚੁੱਪ ਵਿਚ ਵੀ, ਹੈ ਸੁਣਦਾ ਸ਼ੋਰ ਮੈਂਨੂੰ।
ਭੀੜ ਵਿਚ ਹਰ ਚਿਹਰਾ, ਨਾ ਲਗਦਾ ਹੋਰ ਮੈਂਨੂੰ।।

ਹਵਾ ਦੇ ਬੁੱਲਿਆਂ 'ਚ ਹੈ, ਤੇਰੇ ਸਾਹਾਂ ਦੀ ਸੁਗੰਧ,
ਖੜਕਦੇ ਬੂਹੇ ਉਲ੍ਹੇ ਤੇਰੀ, ਵਿੜਕਦੀ ਤੋਰ ਮੈਂਨੂੰ।।

ਰਾਹ ਭੁੱਲ ਗਿਆਂ ਲਗਦਾ, ਮੈਂ ਮੁਕਾਮ ਤੇਰੇ ਦਾ,
ਰਾਹਾਂ 'ਚ ਖਿਲਾਰੇ ਫੁੱਲ, ਲਗਦੇ ਨੇ ਰੋੜ ਮੈਂਨੂੰ।।

ਉੜੀਕ ਕਰ ਕਰ ਕੇ, ਗਿਣਦਾ ਥੱਕਿਆ ਪੱਲ ਪੱਲ,
ਭੁੱਲ ਗਿਆ ਹੁਣ, ਇਕ 'ਤੇ ਇਕ ਦਾ ਜੋੜ ਮੈਂਨੂੰ।।

ਮੇਰੀ ਅੱਖਾਂ ਦੇ ਸਰੋਵਰ, ਹੁਣ ਸੁੱਕ ਗਏ ਲਗਦੇ,
ਹੁਸਨ ਦੇ ਸਾਗਰ 'ਚ, ਨਾ ਹੁਣ ਬਹੁਤਾ ਖੋਰ ਮੈਂਨੂੰ।।

ਬਿਰਹੋਂ ਦੇ ਸੇਕ ਕਰਕੇ, ਸੁੱਕ ਗਿਆ ਇਹ ਪਿੰਜਰ,
ਕੱਚ ਵਾਂਗੂ ਤਿੜਕੇਗਾ ਇਹ, ਹੁਣ ਨਾ ਨਚੋੜ ਮੈਂਨੂੰ।।

ਰੱਬ ਜਾਣੇ ਕਦੋਂ ਇਹ, ਅਸਲੀਅਤ ਹੋਵੇਗੀ ਵਿੜਕ,
ਲੈ ਤੁਰੇਗੀ ਨਾਲ ਤੇਰੀ, ਕਦਮ ਮਿਲਾਕੇ ਤੋਰ ਮੈਂਨੂੰ।।
17/11/14

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੁਹੱਬਤ ਦੀ ਪੌਣ ਦਾ, ਜੇ ਇਹ ਰੁੱਖ ਰਿਹਾ।
ਉਮਰ ਭਰ ਫਿਰ ਕਰਦੇ, ਰਹਾਂਗੇ ਸ਼ੁਕਰੀਆ।।

ਅਮ੍ਰਿਤ ਦੀ ਕਣੀ, ਵਰ੍ਹੇਗੀ ਫਿਰ ਹਮੇਸ਼ਾ ਲਈ,
ਬੱਦਲੀਆਂ ਨੂੰ ਜਦ, ਆਕਾਸ਼ ਗੋਦੀ ਚੁੱਕ ਲਿਆ।।

ਮੁਸਕਰਾ ਰਹੀਆਂ ਕਲੀਆਂ, ਬਹਾਰ ਹਰ ਤਰਫ਼,
ਹਰ ਇਕ ਬੂਟਾ ਝੂਮਿਆ, 'ਤੇ ਹੈ ਝੁੱਕ ਗਿਆ।।

ਭਰਮਾ ਲਿਆ ਕਲੀਆਂ ਨੂੰ, ਜਦ ਗੌਂਦੇ ਭੰਮਰਿਆਂ,
ਭਰ ਭਰਕੇ ਬੁੱਕ ਫਿਰ, ਮਹਿਕਾਂ ਨੂੰ ਛਿੱੜਕਿਆ।

ਅੰਬੀ ਦੇ ਬੂਟੇ 'ਤੇ ਬੈਠੀ, ਕੋਇਲ ਜਦ ਕੂਕ ਕੇ,
ਮਿਠ ਬੋਲੜੇ ਬੋਲੇ ਬੋਲ, 'ਤੇ ਕੂਹ ਕੂਹ ਕਿਹਾ।।

ਖੇਤਾਂ ਚੋਂ ਸੁਣੀਦੀ, 'ਸੁਭਾਨ ਕੁਦਰਤ' ਦੀ ਅਵਾਜ
ਪੱਤੀ ਪੱਤੀ 'ਤੇ ਕਲੀ ਤੇ, ਤ੍ਰੇਲ ਤੁਪਕਾ ਵਰਸਿਆ।।

ਪਈ ਇਸ਼ਕ ਦੀ ਨਜ਼ਰ, ਜਦ ਅੱਲੜ ਹੁਸਨ 'ਤੇ,
ਬੇਕਾਬੂ ਹੋ ਮਹਿਬੂਬਾ ਦਾ, ਦਿਲ ਹੈ ਧੜਕਿਆ।।

ਚਾਰ ਚੁਫੇਰੇ ਖਿੱਲਰੀ, ਖਿੜੇ ਫੁੱਲਾਂ ਦੀ ਬਹਾਰ,
ਹਰ ਕੋਈ ਖੁਸ਼ੀ 'ਚ , ਕਹਿ ਰਿਹਾ ਸ਼ੁਕਰੀਆ।।
17/11/14

ਗਜ਼ਲ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਮੇਰੇ ਉਦਾਸ ਦਿਲ 'ਚੋਂ, ਇਕ ਉਦਾਸ ਹੌਕਾ ਨਿਕਲਿਆ।
ਇਸ ਪੱਥਰਾਂ ਦੇ ਫਰਸ਼ ਉਪਰ, ਪੈਰ ਮੇਰਾ ਫਿ਼ਸਲਿਆ॥

ਇਹ ਯਾਦ ਵੀ ਹੈ ਕਮਾਲ, ਜੋ ਭੁਲਾਇਆਂ ਨਾ ਭੁਲ ਸਕੇ,
ਕਲ ਮੈਂ ਮੈਖ਼ਾਨੇ 'ਚੋਂ ਵੀ, ਉਦਾਸ ਹੋਕੇ ਸੀ ਨਿਕਲਿਆ॥

ਕਿਸੇ ਮਸੀਹੇ ਨਾ ਸਮਝੀ, ਮੇਰੀ ਉਦਾਸੀ ਦੀ ਇਹ ਮਰਜ,
ਹੁੰਦਾ ਦੁਸ਼ਮਨਾ ਤੇ ਨਹੀਂ ਰੋਸ, ਚੁੱਭਦਾ ਦੋਸਤਾਂ ਦਾ ਕਿਹਾ॥

ਕਲ ਮੈਂ ਸ਼ੀਸਿਆਂ ਦੇ ਮਹਿਲ 'ਤੇ, ਜਦ ਸੀ ਡਿੱਗ ਪਿਆ,
ਮਹਿਲ ਹੋਇਆ ਚੂਰ ਚੂਰ, ਵੇਖ ਖੂਨ ਮੇਰਾ ਨਿਕਲਿਆ॥

ਉਮਰ ਭਰ ਮੇਰੇ ਪਰਾਂ ਨੂੰ, ਕੱਟਣ ਦੀ ਕੋਸਿ਼ਸ 'ਚ ਸੀ ਜੋ,
ਦਿੱਤਾ ਉਨ੍ਹਾਂ ਵੀ ਮੋਢਾ ਮੈਨੂੰ, ਜਦ ਸੀ ਜਨਾਜ਼ਾ ਨਿਕਲਿਆ॥

ਹਰ ਰੋਜ਼ ਜੋ ਚਾਨਣ ਦੀ ਮਸ਼ਾਲ, ਚੁੱਕੀ ਫਿਰਦੇ ਰਹੇ 'ਭਗਤ',
ਸੁੱਤੇ ਰਹੇ ਮੀਟ ਅੱਖੀਆਂ ਜਦ, ਬੇਇਨਸਾਫ਼ੀ ਦਾ ਭਾਂਬੜ ਮੱਚਿਆ॥

ਹੁੰਦੇ ਨਹੀਂ ਕਦੇ ਵੀ ਹਿਸਾਬ, ਪਿਆਰ ਦੇ ਸੌਦੇ ਦੇ ਮੇਰੇ ਦੋਸਤ,
ਲੇਖ਼ਾ ਜੋਖ਼ਾ ਨਹੀਂ ਕਦੇ ਹੁੰਦਾ, ਪਿਆਰ 'ਚ ਕੀ ਦਿੱਤਾ, ਕੀ ਲਿਆ॥

ਦੂਰ ਉਦਾਸੀ ਕਰਨ ਲਈ ਮੈਂ, ਜੱਫੀ 'ਚ ਲੈ ਚੁੱਮਿਆ ਗਜ਼ਲ ਨੂੰ,
ਦੋ ਚਾਰ ਸ਼ੇਅਰ ਸਿਰਜਕੇ ਦਿਲ ਦੀ, ਉਦਾਸੀ ਨੂੰ ਸੀ ਜਿੱਤ ਲਿਆ॥
20/09/14

ਲਹਿਰਾਂ ਸੰਗ
ਕੌਂਸਲਰ ਮੋਤਾ ਸਿੰਘ, ਬਰਤਾਨੀਆ

ਜੋ ਲਹਿਰਾਂ ਸੰਗ, ਲਹਿਰਾਂ ਹੋਏ।
ਚੜੇ ਅਕਾਸ਼ ਜਾਂ, ਡੁੱਬਕੇ ਮੋਏ॥

ਲਹਿਰਾਂ ਜਦ, ਪ੍ਰਦੇਸੀ ਹੋਈਆਂ,
ਗਲ਼ ਲੱਗ, ਲਹਿਰਾਂ ਦੇ ਰੋਈਆਂ,
ਮੱਛੀ, ਧੱਕੇ ਲਹਿਰਾਂ ਦੇ ਖਾਂਦੀ,
ਜਾ ਪਹੁੰਚ ਬਰੇਤੀ, ਹੰਝੂ ਚੋਏ,
ਜੋ ਲਹਿਰਾਂ ਸੰਗ, ਲਹਿਰਾਂ ਹੋਏ॥

ਪਉਣਾ ਦੀ, ਘਨੇੜੀ ਚੜ੍ਹ ਕੇ,
ਕੰਬਦਾ ਦਿਲ, ਹਥੇਲੀ ਧਰ ਕੇ,
ਉਡਿਆ ਪੰਛੀ, ਨਦੀ ਦੇ ਕੰਢਿਓਂ,
ਪਾਰ ਪੱਤਣ 'ਤੇ, ਜਾ ਖ਼ਲੋਏ,
ਜੋ ਲਹਿਰਾਂ ਸੰਗ, ਲਹਿਰਾਂ ਹੋਏ॥

ਸਾਗਰ ਕਦੇ, ਸ਼ਾਂਤ ਨਾ ਹੋਵਨ,
ਕਾਤਲ ਕਦੇ, ਨਾ ਹੰਝੂ ਚੋਵਨ,
ਹੈ ਸਾਗਰ ਦਾ, ਇਕੋ ਪੱਤਣ ,
ਲਹਿਰ ਕਿਸਦੇ, ਗਲ਼ ਲੱਗ ਰੋਏ
ਜੋ ਲਹਿਰਾਂ ਸੰਗ, ਲਹਿਰਾਂ ਹੋਏ॥

ਮੱਛੀ ਚੜ੍ਹ, ਲਹਿਰਾਂ ਦੀ ਗੋਦੀ,
ਬਗਲੇ ਦੀ, ਭੁੱਲ ਜਾਂਦੀ ਸੋਝੀ,
ਮੌਜਾਂ ਵਿਚ, ਪਤਾ ਨਹੀਂ ਉਸਨੂੰ,
ਕਦ ਮੌਜਾਂ ਦਾ, ਜੀਵਨ ਮੋਏ,
ਜੋ ਲਹਿਰਾਂ ਸੰਗ, ਲਹਿਰਾਂ ਹੋਏ॥
16/07/14

 

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਗੁਜਰਦਾ ਹੈ ਜੋ, ਪਰਖ 'ਚੋਂ ਵਾਰ ਵਾਰ।
ਸਿਖਕੇ ਹੀ ਬਣਦਾ ਹੈ, ਚੰਗਾ ਸ਼ਾਹਸਵਾਰ॥

ਗੁਲਜ਼ਾਰ ਹੈ ਫੁੱਲ, ਬੂਟੇ, ਚਹਿਕਦੇ ਪੰਛੀ,
ਇਕ ਫੁੱਲ ਖਿੜਕੇ, ਨਹੀਂ ਬਣਦੀ ਬਹਾਰ॥

ਚਿੜੀ ਦੀ ਚੁੰਝ 'ਚ, ਚੁੱਕਿਆ ਇਕ ਤਿਨਕਾ,
ਆਸਿ਼ਆਨਾ ਉਸਾਰਨ ਦਾ, ਬਣਦਾ ਆਧਾਰ਼॥

ਕਰਦੇ ਹੋ ਉਡੀਕ, ਚਿਰਾਂ ਤੋਂ ਮਹਿਬੂਬ ਦੀ,
ਭੁਲ ਕਿਵੇਂ ਸਕਦਾ, ਓਹ ਕੀਤਾ ਇਕਰਾਰ ॥

ਹੈ ਉਸ ਸ਼ਹਾਦਤ ਦੇ, ਆਸਿ਼ਕ ਨੂੰ ਸਲਾਮ,
ਕਰ ਗਿਆ ਬੇਖੌਫ ਹੋ, ਸਭ ਕੁਝ ਨਿਸਾਰ ॥

ਕਿਸੇ ਵੀ ਮੁਸ਼ਕਲ, ਘਾਟੇ ਦਾ ਡਰ ਨਹੀਂ,
ਹੱਕਾਂ 'ਦੇ ਸੰਘਰਸ਼ ਲਈ, ਜੋ ਹੈ ਤਿਆਰ॥

ਕਲ ਦੌਲਤ ਦੇ ਨਸ਼ੇ 'ਚ, ਸੀ ਜਹਾਂ ਨੂੰ ਬੇਚਦਾ,
ਵੇਖ ਲਓ, ਓਹ ਬਿਕ ਰਿਹਾ ਸਰੇ ਬਾਜਾਰ॥

ਢਲ ਕੁਠਾਲੀ 'ਚ ਹੀ ,ਸੋਨਾ ਕੁੰਦਨ ਬਣੇ,
ਆਸ਼ਕਾਂ ਨੂੰ ਪੁਛ ਲਓ, ਕੀ ਹੁੰਦਾ ਪਿਆਰ॥
28/06/14

 

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਹਨ੍ਹੇਰਿਆਂ ਨੂੰ ਲੰਘ ਜਾਣਾ, ਚਾਨਣ ਦੀ ਭਾਲ ਵਿਚ,
ਨਿਡਰ ਹੋ ਕੇ ਵਿਚਰਨਾ, ਜਮਾਨੇ ਦੀ ਚਾਲ ਵਿਚ॥

ਖ਼ੌਫ ਕੇਵਲ ਸਮਝਣਾ, ਹੈ ਕਿਧਰ ਮੰਜਲ ਦੀ ਦਿਸ਼ਾ,
ਤੁਰਨਾ ਖੋਲਕੇ ਅੱਖੀਆਂ, ਨਾ ਫੱਸ ਜਾਣਾ ਜਾਲ ਵਿਚ।

ਖਿੜੇ ਮੱਥੇ ਜਾਣ ਤੁਰਦੇ, 'ਤੇ ਹੌਸਲ ਨੇ ਰਹਿੰਦੇ ਬੁਲੰਦ,
ਲੰਘ ਜਾਂਦੇ ਹੁੰਘਾਲ ਨ੍ਹੇਰੇ, ਨਾ ਥਿੱੜਕਣ ਭੁਚਾਲ ਵਿਚ।

ਤੋੜਕੇ ਸੰਗਲ ਗੁਲਾਮੀ ਦੇ, ਦੂਰ ਦੇਂਦੇ ਨੇ ਜੋ ਵਗਾਹ,
ਨਹੀਂ ਰਹਿੰਦੇ ਫਸੇ ਉਹ, ਕਦੇ ਮਾਇਆ ਜਾਲ ਵਿਚ॥

ਨਹੀਂ ਸੀ ਕਦੇ ਵੀ ਅੱਖ ਚੁਕਦੇ, ਜੋ ਰੋਜ਼ ਮੇਰੇ ਸਾਮ੍ਹਣੇ,
ਪਤਾ ਨਹੀਂ ਕਿਉਂ ਅਉਂਦੇ, ਨਿਤ ਮੇਰੇ ਖਿ਼ਆਲ ਵਿਚ।

ਬਚਾਉਣੀ ਹੈ ਮਾਂ-ਬੋਲੀ, ਲਿਖ ਪੱੜ੍ਹ ਅਤੇ ਬੋਲੀ ਬੋਲਕੇ,
ਬਹੁਤ ਕੁਝ ਕਰਨਾ ਪਵੇਗਾ, ਵਿਰਸੇ ਦੀ ਸੰਭਾਲ ਵਿਚ।

ਖੋਲਕੇ ਅੱਖੀਆਂ ਬੇਖ਼ੌਫ ਹੋ, ਲੋਕ ਜਿਹੜੇ ਤੁਰਦੇ ਰਹਿਣ,
ਰਹਿੰਦੇ ਨੇ ਬੇਧੜਕ , ਨਹੀਂ ਫਸਦੇ ਕਿਸੇ ਦੀ ਚਾਲ ਵਿਚ।

ਲੋਕਤਾ ਦੇ ਰਹਿਨੁਮਾ ਅਸਲ ਵਿਚ, ਉਹੀ ਨੇ ਹੋ ਸਕਦੇ,
ਇਨਸਾਫ਼ ਦੀ ਗਲ ਕਰਦੇ ਨੇ ਜੋ, ਬੈਠਕੇ ਚੁਪਾਲ ਵਿਚ।
23/06/14

 

ਸ਼ੁਕਰੀਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਦੋਸਤੋ ਸ਼ੁਕਰੀਆ, ਤੁਹਾਡੇ ਸਾਥ ਦਾ।
ਰਲ ਮਿਲ ਕੇ ਕੀਤੀ, ਅਰਦਾਸ ਦਾ॥
ਮਾਂ ਧਰਤੀ ਛੱਡ, ਤੁਰੇ ਪ੍ਰਦੇਸ ਵਲ,
ਝੱਲਨਾ ਪਿਆ ਦੁਖ, ਪਰਵਾਸ ਦਾ॥

ਰੱਬ ਦੇ ਘਰ, ਬੇਇਨਸਾਫ਼ੀ ਵੇਖ ਕੇ,
ਕਤਲ ਹੋਇਆ, ਜਦੋਂ ਵਿਸ਼ਵਾਸ ਦਾ॥
ਬਾਣੇ 'ਚ ਲਪੇਟੇ, ਸੀ ਇਹ ਪਖੰਡੀਏ,
ਕਾਰਨ ਬਣੇ ਸੀ ਇਹ, ਕੌਮੀ ਨਾਸ ਦਾ॥

ਹਰ ਔਰਤ ਮਰਦ, ਖੜੋਤੇ ਸੱਚ ਲਈ,
ਕਾਫ਼ਲਾ ਤੁਰਿਆ, ਸਾਂਝੇ ਵਿਸ਼ਵਾਸ ਦਾ॥
ਹੋ ਇਕੱਠੇ, ਸਿਰਜਿਆ ਸਾਂਝਾ ਮੁਹਾਜ,
ਖਿੜ ਗਿਆ ਚਿਹਰਾ, ਹਰ ਉਦਾਸ ਦਾ॥

ਸਾਰਿਆਂ ਜੁੰਮੇਵਾਰੀ, ਨਿਭਾਈ ਹੱਸ ਕੇ,
ਕਾਇਮ ਰੱਖ ਭਰੋਸਾ, ਜਿੱਤ ਦੀ ਆਸ ਦਾ॥
ਪੱਥਰ ਤਾਂ ਆਖਰ, ਹੂੰਦਾ ਹਮੇਸ਼ਾ ਪੱਥਰ,
ਭਗਵਾਨ ਬਣਾ ਦੇਵੇ, ਬੰਦਾ ਜੋ ਤਰਾਸ਼ਦਾ॥

ਸਾਂਝ ਤੋਂ ਬਿਨਾ, ਨਾ ਬਣੇ ਸਾਂਝੀਵਾਲਤਾ,
ਘੋਲ ਕੀਤੇ ਬਿਨਾ, ਨਹੀਂ ਕੰਮ ਰਾਸ ਦਾ॥
ਰਲ ਮਿਲ ਕੇ, ਬੇੜੀ ਲਗ ਗਈ ਕਿਨਾਰੇ,
ਦੋਸਤੋ ਸ਼ੁਕਰੀਆ ਹੈ, ਤੁਹਾਡੇ ਸਾਥ ਦਾ॥
23/06/14

 

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਹੀਂ ਦਿਸਦਾ ਉਜਾਲਾ, ਅੰਧੇਰ ਹੀ ਅੰਧੇਰ ਹੈ।
ਹਨ੍ਹੇਰੀ ਰਾਤ ਦੇ ਓਹਲੇ, ਨਾਂ ਦਿਸਦੀ ਸਵੇਰ ਹੈ॥

ਲਗਦਾ ਚੋਰੀ ਹੋ ਗਿਆ, ਜਿਵੇਂ ਕਲ ਦਾ ਸੂਰਜ,
ਗ੍ਰਹਣੇ ਚੰਦ ਨੇ ਵੀ, ਚੜ੍ਹਨ 'ਚ ਲਾਈ ਦੇਰ ਹੈ॥

ਮਸਤੇ ਹਾਥੀਆਂ ਨੇ, ਮਧੋਲ ਦਿੱਤਾ ਇਹ ਚਮਨ,
ਨਹੀਂ ਬਚਿਆ ਕੋਈ ਫੁੱਲ, ਤਬਾਹੀ ਚੁਫੇਰ ਹੈ॥

ਸਾਧੂਆਂ 'ਤੇ ਬਹੁਰੂਪੀਆਂ ਦਾ, ਹਲ਼ਕਿਆ ਟੋਲਾ,
ਧਰਮਾਂ ਦਾ ਹੁਣ, ਫਿਰ ਰਿਹਾ ਪੁੱਠਾ ਗੇੜ ਹੈ॥

ਪ੍ਰੀਤ ਹੈ ਨਫ਼ਰਤ, ਬੇਅਕਲੀ ਦਾ ਨਾਮ ਹੈ ਅਕਲ,
ਰੁਹਾਨੀਅਤ ਦੇ ਮਸਤਕ 'ਤੇ, ਪੈ ਗਈ ਤ੍ਰੇੜ ਹੈ॥

ਨਾ ਸਾਂਝ, ਤਾਂਘ, ਉੜੀਕ, ਪਰੁਹਣਚਾਰੀ ਹੀ ਰਹੀ,
ਨਾਂ ਭੁੜਕਦਾ ਆਟਾ, ਨਾਂ ਬੋਲੇ ਕਾਂ, ਸੁੱਨੀ ਬਨੇਰ ਹੈ॥

ਜਾਦੂ, ਟੂਣੇ, ਬਹਿਮਾਂ ਦੇ ਬਾਜ਼ਾਰ, ਲਗੇ ਹਰ ਤਰਫ਼,
ਰਾਵਣਾਂ ਦੇ ਬੁੱਤ ਲਗਦੇ ਰੋਜ਼,ਹਰ ਪਿੰਡ 'ਜਠੇਰ' ਹੈ॥

ਹੈ ਕੋਈ ਮਸੀਹਾ ਦਿਸਦਾ, ਜੋ ਦਰਦ ਦਾ ਦਾਰੂ ਬਣੇ,
ਦੇਵੇ ਹੋਕਾ 'ਜਾਗਦੇ ਰਹਿਣਾ',ਜਦ ਤਕ ਨਾਂ ਸਵੇਰ ਹੈ॥
10/02/14

ਦਿੱਲੀ '84
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਕਿਵੇਂ ਭੁੱਲ ਸਕਦਾ ਸਾਨੂੰ, ਇਤਿਹਾਸ ਦਿੱਲੀ ਸ਼ਹਿਰ ਦਾ।
ਉੱਨੀ ਸੌ ਚੁਰਾਸੀ 'ਚ ਹੋਇਆ ਨਾਸ, ਦਿਲੀ ਸ਼ਹਿਰ ਦਾ॥

ਸੀ ਪਲਾਂ ਦੇ ਵਿਚ ਜਦੋਂ, ਮਨੁੱਖਤਾ ਡਾਇਨ ਬਣ ਗਈ,
ਦਿਨ ਦਿਹਾੜੇ ਕਤਲ, ਕੀਤਾ ਵਿਸ਼ਵਾਸ ਦਿੱਲੀ ਸ਼ਹਿਰ ਦਾ॥

ਚਾਂਦਨੀ ਚੌਂਕ ਦੀ ਧਰਤੀ, ਮੁੜ ਬਣੀ ਸੀ ਕਤਲਗਾਹ,
ਖੂਨ ਨਾਲ ਲਿੱਬੜਿਆ ਸੀ ਲਿਬਾਸ, ਦਿੱਲੀ ਸ਼ਹਿਰ ਦਾ॥

ਮੰਦਰਾਂ ਦੇ ਟੱਲ ਵੀ ਹੋ ਗਏ ਸੀ, ਚੁੱਪ ਵੇਖਕੇ ਕਹਿਰ,
ਦਰਿੰਦਿਆਂ ਨੇ ਨੋਚਿਆ ਸੀ, ਮਾਸ ਦਿੱਲੀ ਸ਼ਹਿਰ ਦਾ॥

ਗਲੀ ਗਲੀ ਖੇਡੀ ਗਈ ਸੀ, ਹੋਲੀ ਮਨੱਖੀ ਖੂਨ ਦੀ,
ਹਰ ਘਰ ਮੁਹੱਲਾ ਹੋਇਆ ਰਾਖ਼, ਦਿੱਲੀ ਸ਼ਹਿਰ ਦਾ॥

ਗਲ਼ਾਂ 'ਚ ਪਾਕੇ ਟਾਇਰ, ਬੁੱਤ ਵਾਂਗੂੰ ਸਾੜੇ ਗਏ ਸਿੱਖ,
ਖੂਨ ਪੀਕੇ ਸੀ ਕੱਢਿਆ ਭੜਾਸ, ਦਿੱਲੀ ਸ਼ਹਿਰ ਦਾ॥

ਰਾਮ ਦੇਵੀ ਨੇ ਲੁਕਾਇਆ, ਭੈਣ ਸਿਮਰਨ ਕੋਰ ਨੂੰ,
ਬਣ ਰਾਖਾ ਖੜਿਆ, 'ਗੁਰਦਾਸ' ਦਿੱਲੀ ਸ਼ਹਿਰ ਦਾ॥

ਗੁਰੂ ਤੇਗ ਬਹਾਦਰ ਨੇ ਤੱਕ ਕਹਿਰ ਸੀ ਇਹ ਕਿਹਾ,
ਗੇੜ ਪੁੱਠੇ ਪੈ ਗਿਆ ,ਇਤਿਹਾਸ ਦਿੱਲੀ ਸ਼ਹਿਰ ਦਾ॥

ਅਮਨ ਦੇ ਰਾਖੇ ਵੀ ਰਹੇ ਵੇਖਦੇ, ਮੀਚਕੇ ਅੱਖੀਂਆਂ,
ਮੀਚ ਅੱਖਾਂ ਰਿਹਾ ਸੁੱਤਾ, ਇਨਸਾਫ਼ ਦਿੱਲੀ ਸ਼ਹਿਰ ਦਾ॥

ਭੁਲ ਕੇ ਧਰਮ ਡੁੱਬੀ ਮਨੁੱਖਤਾ, ਨਫਰਤ ਦੇ ਸਰੋ
ਡੁੱਬਿਆ ਜਮੁਨਾ 'ਚ, ਵਿਸ਼ਵਾਸ ਦਿਲੀ ਸ਼ਹਿਰ ਦਾ॥

ਖੁੱਦ ਮਾਲੀ ਜਦੋਂ ਸੀ ਛਿੜਕੀ ਜਹਿਰ, ਅਪਣੇ ਚਮਨ 'ਤੇ,
ਹੋਇਆ ਸੀ ਹਰ ਬਗੀਚਾ ਉਦਾਸ, ਦਿੱਲੀ ਸ਼ਹਿਰ ਦਾ॥

ਰਾਮ ਦਾ ਤਰਸੂਲ, ਨਾਨਕ ਦੇ ਸਿਰ' 'ਤੇ ਵਰ੍ਹਦਾ ਵੇਖਕੇ,
ਰੱਬ ਦਾ 'ਧਰਮ' ਸੀ ਹੋਇਆ ਨਿਰਾਸ਼, ਦਿੱਲੀ ਸ਼ਹਿਰ ਦਾ॥

ਡੁਲ ਖੂਨ ਸਿੱਖਾਂ ਦਾ, ਹਰ ਮੁਹੱਲਾ, ਸੜਕ ਰੰਗੀ ਗਈ,
ਲਹੂ ਰੰਗਾ ਸੀ ਹੋ ਗਿਆ ਅਕਾਸ਼, ਦਿਲੀ ਸ਼ਹਿਰ ਦਾ॥

ਕਰਬਲਾ ਦੀ ਹਕੀਕਤ, ਦਿੱਲੀ 'ਚ ਮੁੜ ਦੁਹਰਾਈ ਗਈ,
ਮੁਹਰਮ ਵਰਗਾ ਹੋ ਗਿਆ, ਲਿਵਾਸ ਦਿਲੀ ਸ਼ਹਿਰ ਦਾ॥

ਲਟਕਾਏ ਗਏ ਸਿੱਖ ਮੁੰਡੇ, ਉਨ੍ਹਾਂ ਦੀ ਪਗੜੀ ਦੇ ਨਾਲ ,
ਰਾਜਨੀਤੀ ਨੇ ਸੀ ਕੀਤਾ ਵਿਨਾਸ਼, ਦਿੱਲੀ ਸ਼ਹਿਰ ਦਾ॥

ਲੰਘੇ ਤਿੰਨ ਦਹਾਕੇ, ਪਰ ਜ਼ਖਮ ਨੇ ਅਲ੍ਹੇ, ਦਿਲਾਂ 'ਚ ਪੀੜ,
ਸੱਚ ਹੈ ਕਿ ਬੋਲ਼ਾ ਹੋ ਗਿਆ ਇਨਸਾਫ, ਦਿੱਲੀ ਸ਼ਹਿਰ ਦਾ॥

24/01/2014

ਮੇਰਾ ਦੇਸ਼
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਦੇਸ਼ ਮੇਰਾ ਸੁਣੀਦਾ ਹੈ, ਤਰੱਕੀ ਦੀ ਰਾਹ 'ਤੇ।
ਦੀਰਘ ਰੋਗ ਦਾ ਰੋਗੀ, ਹੈ ਆਖਰੀ ਸਾਹ 'ਤੇ॥

ਅਨਾਜ ਦੀਆਂ ਕੋਠੀਆ ਨਹੀਂ, ਗੋਦਾਮ ਭਰੇ ਨੇ,
ਸੜਕਾਂ ਦੇ ਕੰਢੇ, ਅਨਾਜ ਦੇ ਢੇਰ ਸੜ ਰਹੇ ਨੇ॥

ਚੁਹਿਆਂ ਦੀ ਈਦ, ਰੁਲਦਾ ਗੁਦਾਮਾਂ 'ਚ ਅਨਾਜ,
ਕਿਉਂ ਫਿਰ, ਸੜਕਾਂ 'ਤੇਲੋਕ, ਭੁੱਖੇ ਮਰ ਰਹੇ ਨੇ॥

ਇਹ ਨੀਜ਼ਾਮ ਅਸਲ ਵਿਚ, ਅੰਨਾਂ 'ਤੇ ਬੋਲ਼ਾ ਹੈ,
ਅੰਨੀ ਪੀਂਹਦੀ 'ਤੇ, ਅਵਾਰਾ ਕੁੱਤੇ ਪਲ਼ ਰਹੇ ਨੇ॥

ਇਨਸਾਫ ਵੀ, ਉਲੂਆਂ 'ਤੇ ਬਾਂਦਰਾਂ ਦੇ ਹੱਥ ਹੈ,
ਰੋਜ ਮੁਹੱਬਤ ਦਾ ਕਤਲ, 'ਤੇ ਸਿਵੇ ਜਲ ਰਹੇ ਨੇ॥

ਬੇਗੁਨਾਹਾਂ ਦਾ ਕਤਲ, ਬਲਾਤਕਾਰ ਦੀਆਂ ਖ਼ਬਰਾਂ,
ਸਰਕਾਰ ਦੇ ਆਸਰੇ, ਨਸ਼ੇ ਖੋਰ ਪਲ਼ ਰਹੇ ਨੇ॥

ਗੁਰਦਵਾਰੇ, ਮੰਦਰੀਂ,ਧਰਮ ਵਿਕਦਾ ਰਾਤ ਦਿਨ
ਰੱਬ ਨੂੰ ਵੀ ਰਿਸ਼ਵਤ ਲੈ, ਸੁਨੇਹਾਂ ਘਲ ਰਹੇ ਨੇ॥

ਨਾਂ ਕਿਸੇ ਸਾਂਝ 'ਤੇ ਮੁਹੱਬਤ, ਦੀ ਗਲ ਹੈ ਹੁੰਦੀ,
ਦੋਸਤ ਵੀ ਹੁਣ, ਦੋਸਤੀ ਦੀ ਲਾਹ ਖੱਲ ਰਹੇ ਨੇ॥

ਸ਼ਰਮ-ਹਿਆ ਵੀ ਹੈ ਹੁਣ, ਖੰਭ ਲਾਕੇ ਉਡ ਗਈ,
ਹਮਸ਼ੀਰਾਂ 'ਚ ਵੀ ,ਇਸ਼ਕ ਦੇ ਕਿੱਸੇ ਚਲ ਰਹੇ ਨੇ॥

ਹੈ ਰਾਖੇ 'ਤੇ ਚੋਰਾਂ ਦੀ ਦੋਸਤੀ, ਇਕੋ ਮਿਲੀ ਭੁੱਕਤ,
ਰਿਸ਼ਵਤਾਂ ਲੈ, ਹੁਕਮਰਾਨਾਂ ਦੇ ਧੰਦੇ ਚੱਲ ਰਹੇ ਨੇ॥

ਹੈ ਲੁਟੇਰਿਆਂ ਦੀ ਚਾਂਦੀ, ਨਹੀਂ ਦੇਸ਼ ਦੀ ਤਰੱਕੀ,
ਕਿਰਤੀਆਂ ਦੀਆਂ ਹੱਡੀਆਂ, ਧੂੰਣੇ ਜਲ ਰਹੇ ਨੇ॥

ਇਕ ਮੁੱਠ ਹੋਕੇ, ਬਦਲਨਾ ਪਵੇਗਾ ਇਹ ਨਿਜ਼ਾਮ,
ਸ਼ਹੀਦਾਂ ਦੇ ਇਤਿਹਾਸ, ਇਹ ਸੁਨੇਹੇਂ ਘਲ ਰਹੇ ਨੇ॥

24/01/2014

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਯਾਦ ਤੇਰੀ ਨੂੰ, ਮੈਂ ਅਪਨਾ ਲਿਆ।
ਮੈਂ ਯਾਦ ਕਰਕੇ, ਤੈਨੂੰ ਪਾ ਲਿਆ॥

ਯਾਦ ਨਾ ਭੁੱਲੇਗੀ, ਮੌਤ ਤੋਂ ਪਹਿਲਾਂ,
ਯਾਦਾਂ ਦਾ ਪਟਾ, ਮੈਂ ਲਿਖਵਾ ਲਿਆ॥

ਯਾਦਾਂ ਦੇ ਸਹਾਰੇ, ਕੱਟ ਜਾਏਗਾ ਸਫ਼ਰ,
ਉਦਾਸ ਦਿਲ ਨੂੰ, ਮੈਂ ਸਮਝਾ ਲਿਆ ॥

ਮਸਜਿਦ 'ਚ ਮੈਂ, ਇਬਾਦਤ ਨੂੰ ਗਿਆ,
ਲੈ ਨਾਮ ਤੇਰਾ, ਮੈਂ ਗੁਣਗੁਣਾ ਲਿਆ ॥

ਬਰਫ਼ ਵਾਂਗੂੰ ਹੋ ਗਿਆ, ਜਦ ਦਿਲ ਮੇਰਾ,
ਕਰ ਕਰ ਤੈਨੂੰ ਯਾਦ, ਮੈਂ ਗਰਮਾ ਲਿਆ॥

ਨਹੀਂ ਹੋ ਸਕਦਾ, ਤੇਰੀ ਯਾਦ ਭੁਲ ਜਾਏ,
ਯਾਦ ਦੇ ਆਸਰੇ,ਦਿਲ ਲਰਜ਼ਾ ਲਿਆ॥

ਉੜੀਕ ਤੇਰੀ, ਦੀਦਾਰ 'ਚ ਬਦਲ ਜਾਏਗੀ,
ਯਾਦ ਮੁੱਕ ਜਾਏਗੀ,ਜਦੋਂ ਤੈਨੂੰ ਪਾ ਲਿਆ॥

15/01/2014

ਰੁਬਾਈ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਇਨਸਾਨ ਹੈਂ, ਤਾਂ ਮੁਸ਼ਕਲ ਹਰ ਬੰਦੇ ਦੀ ਸਮਝ।
ਸਮਝਨ ਦੀ ਹੈ ਗਲ, ਬੁਰੇ, ਚੰਗੇ ਦੀ ਸਮਝ॥
ਜਿਵੇਂ ਅੱਖ ਦੀ ਹਮਦਰਦੀ, ਅਪਨੇ ਜਿਸਮ ਨਾਲ,
ਏਸੇ ਤਰਾਂ ਬੰਦੇ, ਮੁਸ਼ਕਲ ਹਰ ਬੰਦੇ ਦੀ ਸਮਝ॥

ਚਾਹਤ ਹੈ, ਕਰਾਂ ਬੰਦਗੀ ਤੇਰੇ ਪਿਆਰ ਦੀ।
ਰਹਾਂ ਭਰਦਾ ਹਾਜ਼ਰੀ, ਤੇਰੇ ਦਰਬਾਰ ਦੀ॥
ਚਾਹਤ ਬਿਨਾਂ, ਬੰਦਗੀ ਹੈ ਭਲਾ ਕਿਸ ਕੰਮ,
ਗਲ ਸੁ਼ਰੂ ਹੁੰਦੀ, ਚਾਹਤ ਤੋਂ ਇਕਰਾਰ ਦੀ॥

ਦੁਖੀ ਦੇ ਪੂੰਝ ਹੰਝੂ, ਗਲੇ ਲਗੌਣਾ ਅਵਾਦਤ ਹੈ।
ਪਿਆਸੇ ਨੂੰ ਘੁੱਟ, ਪਾਣੀ ਪਿਲੌਣਾ ਅਵਾਦਤ ਹੈ॥
ਅਵਾਦਤ ਹੈ, ਮਜ਼ਲੂਮਾਂ ਦੀ ਰਾਖੀ ਲਈ ਖੜਨਾ,
ਘੋਰ ਹਨੇਰੇ ਵਿਚ ਦੀਵਾ ਜਗੌਣਾ,ਅਵਾਦਤ ਹੈ॥

ਮੈਂ ਤੇਰੇ ਦਰਬਾਰ ਦੀ ,ਦਸਤਕ ਕਰਾਂ।
ਸਰਦਲ ਤੇਰੇ 'ਤੇ ਝੁਕ, ਮਸਤਕ ਧਰਾਂ॥
ਕਿਸੇ ਵੀ ਭਾ,ਮਹਿੰਗਾ ਨਹੀਂ ਇਹ ਸੌਦਾ,
ਚਾਹਤ ਹੈ ਇਹ, ਕੀ ਸੁਰਖੁਰੂ ਹੋਕੇ ਮਰਾਂ॥

ਮਰਕੇ ਵੀ, ਜਿਉਂਦੇ ਰਹੇ ਕਈ ਲੋਕ।
ਜਿਉਂਦੇ ਵੀ, ਮਰਦੇ ਰਹੇ ਕਈ ਲੋਕ॥
ਮਰਨ 'ਤੇ ਜੀਣ ਵਿਚ ਹੈ ਫਰਕ ਕੀ,
ਭੁਲੇਖੇ ਦਾ, ਹਿਸਾਬ ਕਰਦੇ ਰਹੇ ਲੋਕ॥
10/01/2010

ਨਵਾਂ ਸਾਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਹੋਏ ਮੁਬਾਰਕ, ਸਾਲ ਨਵਾਂ।
ਜਨਮੇਂ ਰੋਜ ,ਖਿ਼ਆਲ ਨਵਾਂ॥
ਪੁੱਟੋ ਨਵੀਂ, ਪੁਲਾਂਗ ਦੋਸਤੋ,
ਲੰਘੇ ਨਾਂ ਇਹ ਅਨਮੋਲ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥

ਸਾਲ ਨਵਾਂ ਹੈ,ਰੋਜ ਸਵੇਰਾ।
ਵੇਖਕੇ ਚਾਨਣ,ਭੱਜੇ ਹਨੇਰਾ॥
ਉਪਜੇ ਨਿਤ, ਸਾਂਝ ਦਿਲਾਂ ਦੀ,
ਹੋਏ ਵਿਸਾ਼ਲ, ਪ੍ਰੀਤ ਦਾ ਘੇਰਾ॥
ਗਲਾਂ ਹੋਵਨ, ਸੱਥਾਂ 'ਚ ਬਹਿਕੇ,
ਆਉ ਲੱਭੀਏ, ਉਹ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥

ਧਰਮਾਂ ਦੀ ਨਫ਼ਰਤ, ਮੁੱਕ ਜਾਏ।
ਭੇਤ-ਭਾਵ ਰੰਗਾਂ ਦਾ, ਰੁੱਕ ਜਾਏ॥
ਤਿੱਤਰ ਹੋਣ,ਡਾਕੂ,ਠੱਗ,ਲੁਟੇਰੇ,
ਗੁਰਬਤ ਦਾ, ਸੂਰਜ ਛੁੱਪ ਜਾਏ॥
ਭੁੱਖੇ ਪੇਟ ਨਾਂ ,ਹੁਣ ਕੋਈ ਸੌਂਮੇ
ਲੰਘੇ ਰਾਤ ਸੁਖਾਲੀ, ਬਿਨਾਂ ਗਮਾਂ।
ਹੋਏ ਮੁਬਾਰਕ ਸਾਲ ਨਵਾਂ॥

ਵੱਗੇ ਪੌਣ, ਜੋ ਮਹਿਕਾਂ ਵੰਡੇ।
ਰਾਹਾਂ ਵਿਚ ਨਾਂ ਹੋਵਨ ਕੰਡੇ॥
ਮੰਜਿਲ ਵਲ ਵੱਧਦੇ ਜਾਵਣ,
ਕੰਗਲੀ ਪਾਕੇ,ਔਰਤਾਂ ਬੰਦੇ॥
ਸਂਵਰੀਏ ਧਰਤੀ ਦਾ ਵਿੜ੍ਹਾ,
ਰੰਗਾਂ 'ਚ ਲੰਘ ਜਾਏ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥
05/01/2014

ਪਿੰਡ ਦੀ ਕੁੜੀ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ, 30/12/13

ਅਲੱੜ ਜੇਹੀ ਇਕ ਮੁਟਿਆਰ, ਤੱਕੀ 'ਮੋਨੇ' ਪਿੰਡ ਵਿਚਕਾਰ।
ਜੋਵਨ ਦੀ ਸੀ ਟੀਸੀ ਉੱਤੇ, ਚੰਨ ਵਾਂਗ ਉਹ ਚਮਕ ਰਹੀ ਸੀ।
ਸੋਨ ਪਰੀ ਜਉਂ ਦਮਕ ਰਹੀ ਸੀ॥
ਉਸਦੇ ਬੁੱਲਾਂ ਦੀ ਮੁਸਕਾਨ, ਮੁਰਦੀ ਰੂਹ ਵਿਚ ਪਾਵੇ ਜਾਨ।
ਲੂੰ ਲੂੰ ਉਸਦਾ ਟੱਪਦਾ ਡਿੱਠਾ,ਕਈਆਂ ਨੂੰ ਉਹ ਡਸਦਾ ਡਿੱਠਾ॥
ਜੋਬਨ ਦੇ ਸਾਗਰ ਵਿਚ ਤਰਦੀ, ਮੌਨ ਜਿਹਾ ਕੁਝ ਗਾ ਰਹੀ ਸੀ।
ਪਿਆਰ ਪ੍ਰੀਤ ਦੇ ਮੋਤੀ ਹੰਝੂ, ਦਿਲ ਗਾਗਰ ਵਿਚ ਪਾ ਰਹੀ ਸੀ॥
ਇਕ ਪ੍ਰਦੇਸੀ ਕੋਲੋਂ ਲੰਘਦਾ, ਖੜਾ ਹੋ ਗਿਆ ਖੰਗਦਾ ਖੰਗਦਾ॥
ਉਹ, ਉਸਨੂੰ ਤੱਕਨ ਦੀ ਖਾਤਿਰ, ਨੈਣਾਂ ਨਾਲ ਡੱਸਨ ਦੀ ਖਾਤਿਰ।
ਮੁੜ ਮੁੜ ਫੇਰੀਆਂ ਪਾਈ ਜਾਵੇ,
ਕਿਸੇ ਦੀ ਤੇਹ ਬੁਝਾਵਨ ਖਾਤਿਰ, ਸਿਰ 'ਤੇ ਨੀਰ ਉਠਾਈ ਜਾਵੇ॥
ਪਿਆ ਪ੍ਰਦੇਸੀ ਸੋਚਾਂ ਅੰਦਰ, ਕਿਸ ਥੀਂ ਇਹ ਹੈ ਰਾਸ ਰਚਾਈ।
ਜਾਂ ਭੁੱਲ ਆਪਣੇ ਆਪ ਨੂੰ, ਪਿਆਸੀ ਰੁਹ ਨੇ ਪਿਆਸ ਬੁਝਾਈ॥
ਇੰਦਰ ਦੀ ਉਹ ਪਰੀ ਨਹੀਂ ਸੀ, ਸੋਨੇ ਵਿਚ ਉਹ ਜੜੀ ਨਹੀਂ ਸੀ॥
ਫੈਸ਼ਨ ਦਾ ਉਹ ਨਾਂ ਪੜਛਾਵਾਂ, ਸੁੰਦਰਤਾ ਦਾ ਭਾ ਜਿਹਾ ਸੀ।
ਪਿੰਡ ਦੀ ਕੁਦਰਤ, ਰੱਬ ਦੀ ਕੁਦਰਤ, ਗੁਦੜੀ ਲਾਲ ਚਮਕਾ ਰਹੀ ਸੀ॥
ਆਪਣੀਆਂ ਅੱਖਾਂ ਦੀ ਤੱਕਣੀ, ਹੋਰਾਂ ਦੇ ਵਿਚ ਵੇਖ ਰਹੀ ਸੀ।
ਪ੍ਰੀਤ ਪਿਆਰ ਦਾ ਧਾਗਾ ਲੈਕੇ, ਭੋਰੇ ਦਾ ਦਿਲ ਮੇਚ ਰਹੀ ਸੀ॥
ਉਸ ਦੇ ਬੁੱਲੀਂ ਹਾਸਾ ਤੱਕਕੇ, ਹੱਥਾਂ ਦੇ ਵਿਚ ਕਾਸਾ ਤੱਕਕੇ,
ਕਾਦਰ ਦਿਲ ਵਿਚ ਖੁਸ਼ੀ ਮਨਾਵੇ।
ਕਾਰਾਗਰੀ ਵੇਖਨ ਲਈ ਆਪਣੀ, ਪੰਜਾਬ ਦੇਸ਼ ਗਰਾ 'ਚ ਆਵੇ॥
ਨਾਂ ਹੱਥੀਂ ਸੀ ਚੂੜਾ ਕੋਈ, ਪਰ ਦਿਲ ਅੰਦਰ ਛੜਕ ਰਿਹਾ ਸੀ।
ਉਸਦੇ ਤਨ ਤੇ ਕੋਰਾ ਖੱਦਰ, ਨਾਲ ਦਮਕ ਦੇ ਚਮਕ ਰਿਹਾ ਸੀ॥
ਪਰ ਇਹ ਕੋਈ ਨਜ਼ਾਰਾ ਹੈ ਸੀ, ਅਜ ਮੈਂ ਇਹ ਨਜ਼ਾਰਾ ਤੱਕਿਆ,
ਰੂਸ ਦਾ ਨਵਾਂ ਸਿਤਾਰਾ ਤੱਕਿਆ॥
ਘੜੀਆਂ ਵਿਚ ਜੋ ਦੂਰ ਹੋ ਗਿਆ, ਪ੍ਰਦੇਸੀ ਦਾ ਦਿਲ ਚੂਰ ਹੋ ਗਿਆ॥
ਟੁੱਟੇ ਦਿਲ ਇਹ ਆਖਿਆ,
''ਉਹ ਫੁੱਲਾ ਮੁਸਕਾਈ ਜਾਵੀਂ,ਕਿਤੇ ਨਾ ਡਾਲੀ ਨਾਲੋਂ ਟੁੱਟਕੇ,
ਆਪਣੀ ਮਹਿਕ ਮੁਕਾਈ ਜਾਵੀਂ॥
ਤੂੰ ਮੁਰਝਾਇਆ ਜਗ ਮੁਰਝਾਇਆ,ਦਮਕ ਤੇਰੀ ਹੈ ਦਮਕ ਦੇਸ਼ ਦੀ।
ਮੋਤੀ ਵਾਂਗੂੰ ਹੋਰ ਵੀ ਚਮਕੀਂ,ਤੇਰੀ ਚਮਕ ਹੈ ਚਮਕ ਦੇਸ਼ ਦੀ॥'' (12-2-1954)

ਸਾਂਝੀ ਵਾਲਤਾ ਹੈ ਸੀ ਨਿਸ਼ਾਨ ਤੇਰਾ।
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ, 30/12/13

ਤੂੰ ਸੈਂ ਸੀ ਜਨਮਿਆ ਦੁਖੀ ਦੀ ਰੱਖਿਆ ਲਈ, ਜਾਲਮ ਜੁਲਮ ਦੀ ਜੜ ਪੁਟਾਨ ਖਾਤਿਰ।
ਇੱਕੋ ਏਕਤਾ ਦਾ ਮਿਸ਼ਨ ਦਸ ਕੇ 'ਤੇ, ਜਾਤ ਪਾਤ 'ਤੇ ਧਰਮਾਂ ਦੇ ਭੇਤ ਮਿਟਾਨ ਖਾਤਿਰ॥
ਅਮ੍ਰਿਤ ਇੱਕੋ ਹੀ ਬਾਟੇ 'ਚੋਂ, ਛਕਾ ਕੇ ਤੇ, ਨੀਵੇਂ 'ਤੇ ਨੀਚਾਂ ਨੂ ਉਚੇ ਸਜਾਨ ਖਾਤਿਰ॥
ਪੁੱਤ੍ਰ ਆਪਣੇ ਚਿਣਾ ਕੇ ਨੀਂਆਂ ਅੰਦਰ, ਲੱਖਾਂ ਮਾਂਵਾਂ ਦੇ ਪੁੱਤ ਬਚਾਣ ਖਾਤਿਰ॥
ਸਦਾ ਇਕ ਓਂਕਾਰ ਦਾ ਰਾਹ ਦੱਸੇ,ਨੀਲੇ ਅੰਬਰੀਂ ਝੁੱਲੇ ਨੀਲਾ ਨਿਸ਼ਾਨ ਤੇਰਾ॥
ਨਵੇਂ ਯੁਗ ਦਾ ਨਵਾਂ ਸਿਂ਼ਗਾਰ ਜੋ ਹੈ,ਸਾਂਝੀ ਵਾਲਤਾ ਹੈ ਸੀ ਨਿਸ਼ਾਨ ਤੇਰਾ॥

ਨਾ ਤੂੰ ਹਿਂਦੂਆਂ ਦਾ,ਨਾ ਮੋਮਨਾ ਦਾ, ਨਾ ਹੀ ਸਿੱਖ ਤੈਂਨੂੰ ਰਿਝਾ ਸਕਦੇ॥
ਤੂੰ ਹੈ ਸਾਰਿਆਂ ਦਾ ਜੇ ਕੋਈ ਵੇਖ ਸਕੇ,ਤੇਰੇ ਦਰ 'ਤੇ ਕੌਣ ਨਹੀਂ ਆ ਸਕਦੇ॥
ਏਥੇ ਮਾਣ ਹੈ, ਨੀਚ ਨਿਮਾਣਿਆਂ ਦਾ, ਉਚੇ ਬੰਸ ਦੇ ਵੀ ਏਥੇ ਆ ਸਕਦੇ॥
ਤੇਰੇ ਖੰਡੇ ਦੀ ਪਹੁਲ ਦਾ ਅਮੀਂ ਪੀਕੇ, ਨਾਈ,ਛੀਂਬੇ ਵੀ ਸਿੰਘ ਅਖਵਾ ਸਕਦੇ॥
ਮੁਰਦੀ ਰੁਹਾਂ 'ਚ ਜਿਂਦਗੀ ਪਾ ਦੇਵੇ, ਐਸਾ ਵੇਖਿਆ ਗੂੜ ਗਿਆਨ ਤੇਰਾ।
ਜਾਤ ਪਾਤ ਤੋਂ ਪਰੇ ਤੇ ਏਕਤਾ ਦਾ, ਸਾਂਝੀ ਵਾਲਤਾ ਹੇੈ ਸੀ ਨਿਸ਼ਾਨ ਤੇਰਾ॥

ਬੰਦੇ ਬਿਗੜੇ ਨੂੰ ਬੰਦਾ ਬਣਾ ਦੇਵੇਂ, ਨਾਤਾ ਜੋੜ ਲਵੇਂ ਜੀ ਪ੍ਰਾਣ ਵਾਲਾ॥
ਤਲੀ ਸੀਸ 'ਤੇ ਬੁੱਲਾ 'ਤੇ ਨਾਮ ਇਕੋ, ਰਾਹ ਦਸਿਆ ਪ੍ਰੀਤਮ ਵਲ ਜਾਣ ਵਾਲਾ॥
ਰੂਪ ਖਾਲਸਾ ਤੇਰਾ ਪਰ ਜੇ ਉਹ ਹੋਏ ਖਾਲਿਸ, ਜੋਸ਼ ਘਟੇ ਨਾ ਖੰਡੇ ਦੀ ਪਾਣ ਵਾਲਾ॥
ਨਾਮ ਸਿਮਰਨ 'ਤੇ ਕਿਰਤ ਕਮਾਈ ਕਰਕੇ, ਰਾਹ ਇਕੋ ਹੈ ਪ੍ਰੀਤਮ ਵਲ ਜਾਣ ਵਾਲਾ॥
ਬੁਧੂ ਸ਼ਾਹ ਫਕੀਰ ਨੇ ਸਮਝਿਆ ਸੀ, ਨਵੇਂ ਯੁਗ ਦਾ ਨਵਾਂ ਫੁਰਮਾਨ ਤੇਰਾ।
ਗੁਰੂ ਨਾਨਕ ਦੇ ਨੂਰ ਦੀ ਨਵੀਂ ਊਸ਼ਾ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

ਸੇਜ ਸੂਲਾਂ ਦੀ 'ਤੇ ਪੈਰਾਂ 'ਚ ਪਏ ਛਾਲੇ, ਮਾਛੀਵਾੜੇ ਦੇ ਜੰਗਲੀਂ ਕੌਣ ਸੌਂਦਾ॥
ਛੱਡਕੇ ਤਖ਼ਤ 'ਤੇ ਆਰ ਪਰਿਵਾਰ ਸਾਰਾ,ਵਾਂਗ ਫੱਕਰਾ ਦੇ ਫਿਰੇ ਕੌਣ ਭੌਂਦਾ॥
ਲਾੜੀ ਮੌਤ ਨੂੰ ਹੱਸਕੇ ਪ੍ਰਨਾਨ ਖਾਤਿਰ,ਸਿਹਰੇ ਪੁਤ੍ਰਾਂ ਦੇ ਸਿਰਾਂ 'ਤੇ ਕੌਣ ਲਉਂਦਾ॥
ਹੀਰੇ, ਲਾਲਾ ਦੀ ਲੜੀ ਲੁਟਾ ਕੇ ਫਿਰ,ਕੰਡੇ, ਕੰਕਰਾਂ ਦੀ ਗਲ 'ਚ ਕੌਣ ਪਉਂਦਾ ॥
ਸੈਂ ਤੂੰ ਨਵੀਂ ਮਿਸਾਲ ਜਹਾਨ ਅੰਦਰ,ਪਰਉਪਕਾਰ ਕਿਵੇਂ ਭੁੱਲੂ ਜਹਾਨ ਤੇਰਾ॥
ਜੋ ਮਨੁੱਖਤਾ ਲਈ ਬ੍ਰਦਾਨ ਬਣਿਆ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

ਭੁਲੇ ਅਸੀਂ ਹਾਂ ਤੇਰੇ ਮਿਸ਼ਨ ਨੂੰ ਅਜ,ਟਾਣ੍ਹੇ ਇਕੋ ਦਰਖਤ ਦੇ ਖਹਿਣ ਲਗ ਪਏ॥
ਉਸਰੇ ਜਿਹੜੇ ਸ਼ਹੀਦਾਂ ਦੀ ਨੀਂ ਉਪਰ,ਬੁਰਜ਼ ਅਜ ਹੁਣ ਪੰਥ ਦੇ ਢਹਿਣ ਲਗ ਪਏ॥
ਹੁਣ ਤਾਂ ਬਾੜ ਹੀ ਖੇਤ ਨੂੰ ਖਾ ਰਹੀ ਹੈ, ਭੈਣ ਵੀਰਾਂ 'ਚ ਵਿਤਕਰੇ ਪੈਣ ਲਗ ਪਏ॥
ਜੇਕਰ ਅਜ ਨਾਂ ਅਇਓਂ,ਤਾਂ ਕੀ ਆਇਓਂ, ਆਖਿਰ ਦੁਖੀ ਹੋਏ ਇਹੌ ਕਹਿਣ ਲਗ ਪਏ॥
ਕੂਕ ਦਿਲਾਂ ਦੀ ਅਜ ਜੇ ਸੁਣੇ ਪ੍ਰੀਤਮ,'ਮੋਤੀ' ਭੁੱਲੂ ਨਾ ਕਦੇ ਅਹਿਸਾਨ ਤੇਰਾ।
ਆ ਤੂੰ ਦੱਸ ਦੇ ਇਨ੍ਹਾਂ ਪਖੰਡੀਆਂ ਨੂੰ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

ਜੇ ਦ੍ਰਿੜ ਇਰਾਦੇ, ਨੀਅਤ ਸਾਫ ਹੈ।
'ਤੇ ਸੁਹਿਰਦ ਸਾਥੀਆਂ ਦਾ ਸਾਥ ਹੈ॥
ਮੰਜਿਲ 'ਤੇ ਪੁੱਜਣਾ, ਮੁਸ਼ਕਲ ਨਹੀਂ,
ਕਹਿਂਦੇ, ਸੁਣਦੇ ਮੁੱਕਦੀ ਬਾਟ ਹੈ॥

ਜੋ ਦੇਵੇ ਸਾਥ, ਉਹੀ ਹੁੰਦਾ ਸਾਥੀ।
ਮਿਲਕੇ ਸਾਥੀ ਨੂੰ ਮੁਕਦੀ ਉਦਾਸੀ॥
ਹਜੂਮ ਸਾਥੀਆਂ ਦਾ ਬਣੇ ਕਾਫ਼ਲਾ,
ਨਾ ਦੇਵੇ ਸਾਥ, ਉਹ ਨਹੀਂ ਸਾਥੀ॥

ਗਲ ਕਹਿਣੀ, ਗਲ ਸੁਣਨੀ, ਇਕ ਕਲਾ ਹੈ।
ਸੁਣਨੇ ਸੁਣਾਨੇ 'ਚ ਹੁੰਦਾ, ਸਭ ਦਾ ਭਲਾ ਹੈ॥
ਆਉ ਸਾਥੀਓ, ਇਕ ਸੋਚ, ਇਕ ਮੁੱਠ ਹੋਈਏ,
ਵਿਉਂਤ 'ਚ ਆ ਸਕਦਾ, ਸਭ ਸਿਲਸਲਾ ਹੈ॥

27/12/13

ਧੀਆਂ
ਮੋਤਾ ਸਿੰਘ

ਧੀਆਂ ਧਨ ਹੈ, ਅਮੁੱਲ ਸਾਡੇ ਦੇਸ਼ ਦਾ।
ਖ਼ਜਾਨਾ ਇਹ ਹੈ, ਅਤੁੱਲ ਸਾਡੇ ਦੇਸ਼ ਦਾ

ਇਹ ਪਿਆਰ ਹੈ, ਮਾਪਿਆਂ, ਵੀਰਾਂ ਲਈ,
ਘਰ ਦੀ ਰੌਣਕ, ਸ਼ਿੰਗਾਰ ਪਤੀ ਦੇਸ਼ ਦਾ॥

ਧੀਆਂ, ਮਾਪੇ ਘਰ ਦਾ ਹੈ ਮਾਣ ਹਮੇਸ਼ਾ,
ਕੋਈ ਪਿਆਰ ਨਹੀਂ ਹੈ, ਇਸ ਮੇਚ ਦਾ॥

ਸਾਡੀਆਂ ਧੀਆਂ, ਸਮਾਜ ਦਾ ਨੇ ਸ਼ਿੰਗਾਰ,
ਹੋਰ ਸ਼ਿੰਗਾਰ ਨਹੀਂ, ਇਸ ਦੇ ਮੇਚ ਦਾ॥

ਜੁਆਨ ਹੋਕੇ ਧੀਆਂ, ਬਣਨ ਆਪ ਮਾਂਵਾਂ,
ਵੱਧਦਾ ਹੈ ਪਰਿਵਾਰ , ਸਾਡੇ ਦੇਸ਼ ਦਾ॥

ਸਹੁਰੇ ਘਰ ਹਨ, ਅਰਮਾਨ ਪਤੀ ਦਾ,
ਸੁਹੱਪਨ ਨੂੰ ਮਾਣ, ਇਨ੍ਹਾ ਦੇ ਵੇਸ ਦਾ॥

ਜਿਵੇਂ ਧਰਤੀ 'ਚ, ਉਗਦੇ ਹਨ ਬੀਜ,
ਧੀਆਂ ਦੇ ਪੱਲੇ ਹੈ, ਭੇਤ ਏਸ ਦਾ॥

ਨਾਂ ਜਨਮ ਲੈਣ ਜੇ ਘਰਾਂ ਵਿਚ ਧੀਆਂ,
ਹੋਵੇਗਾ ਵਾਧਾ ਕਿਵੇਂ, ਮਨੁੱਖੀ ਵਰੇਸ ਦਾ॥

ਮਾਪਿਓ, ਸੋਚਣਾ 'ਤੇ ਰਹਿਣਾ ਖ਼ਬਰਦਾਰ,
ਧੀਆਂ 'ਤੇ ਜੁਲਮ ਨੂੰ ਹੈ ਰੱਬ ਵੇਖਦਾ॥

ਕਤਲ ਕਰਦੇ ਨੇ, ਜੋ ਕੁੱਖਾਂ 'ਚ ਧੀਆਂ,
ਹਨ ਮਹਾਂ ਪਾਪੀ,'ਤੇ ਕਲੰਕ ਦੇਸ਼ ਦਾ॥

ਨਵੰਬਰ 2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਉੱਖੜ ਗਏ ਪੈਰ, ਕਈ ਵਾਰ ਮੇਰੇ.
ਮਿੱਧੇ ਰਾਹਾਂ ਦੇ ਰੋੜ ਮੈਂ ਵਥੇਰੇ..

ਨਹੀਂ ਮੁਸ਼ਕਲਾਂ 'ਚ, ਡੋਲਿਆ ਮੈਂ,
ਹੋਏ ਕਦੇ ਪਸਤ, ਨਾ ਹੋਸਲੇ ਮੇਰੇ..

ਨ੍ਹੇਰਿਆਂ 'ਚ ਵੀ, ਨਹੀਂ ਰਾਹ ਭੁੱਲਾ,
ਸ਼ਾਮ ਵੇਲੇ ਵੀ, ਤੱਕੇ ਮੈਂ ਸਵੇਰੇ ..

ਵੇਖਕੇ ਮੈਨੂੰ, ਲੁਟੇਰਾ ਸ਼ਰਮਾ ਗਿਆ,
ਸਭ ਕੁਝ ਲੁਟਾਕੇ, ਨਹੀਂ ਹੰਝੂ ਕੇਰੇ..

ਹੱਕਾ ਲਈ ਲੜਨਾ, ਹੈ ਧਰਮ ਮੇਰਾ,
ਗਲਤ ਬੰਧਨਾ ਦੇ, ਤੋੜੇ ਮੈਂ ਘੇਰੇ..

ਰੁਸ਼ਨਾਏ ਰਾਹ ਮੇਰੇ, ਪੱਕੇ ਯਕੀਨ ਨੇ,
ਮੰਜਿਲ ਨੂੰ ਵੇਖਿਆ, ਨੇੜੇ ਤੋਂ ਨੇੜੇ..

ਸਾਥੀ ਦਾ ਹੱਥ ਫੱੜ, ਰਿਹਾ ਤੁਰਦਾ,
ਉਜਾੜਾਂ ਵਿਚ ਵੀ, ਤੱਕੇ ਮੈਂ ਖੇੜੇ..

ਆਸ਼ਕੀ ਦੇ ਰੰਗ, ਵਿਚ ਹਾਂ ਰੰਗਿਆ,
ਮਹਿਬੂਬ ਦੇ ਦਿਲ ਵਿਚ, ਮੇਰੇ ਡੇਰੇ..

ਹੋਸ਼ ਆਵੇ ਹਮੇਸ਼ਾ, ਖਾਕੇ ਠੋਕਰ,
ਰਾਤ ਮਗਰੋਂ ਹੀ, ਅਉਂਦੇ ਸਵੇਰੇ..

ਮੋਤਾ ਸਿੰਘ 16-12-03

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਇਹ ਆਖ਼ਰੀ ਬੋਲ, ਅਲਬਿਦਾ ਮੁਬਾਰਕ।
ਯਾਦ ਬੀਤੇ ਸਮੇਂ ਦਾ ,ਸਿਲਸਲਾ ਮੁਬਾਰਕ॥

ਇਹ ਰੱਕੜ ‘ਚ ਉੱਗਿਆ, ਪੋਲ੍ਹੀ ਦਾ ਫੁੱਲ,
ਪਾਣੀ ‘ਤੇ ਉਭਰਿਆ,ਬੁਲਬੁਲਾ ਮੁਬਾਰਕ॥

ਕਾਲੀਆਂ ਬਦਲੀਆਂ ‘ਚੋ ਚਮਕੀ ਬਿਜਲੀ,
ਘੜੀ ਭਰ ਉਠਿਆ, ਇਹ ਭੁਚਾਲ ਮੁਬਾਰਕ॥

ਇਕ ਅੰਨਾ ਚੂਹਾ, ਤੂੜੀ ‘ਚੌਂ ਲੱਭੇ ਖ਼ੁਰਾਕ,
ਜਲ ਮਰਦਾ, ਪਤੰਗਾ ਮਨਚਲਾ ਮੁਬਾਰਕ॥

ਬੁੱਝ ਰਹੀ ਮੋਮਬੱਤੀ, ਧੂੰਆਂ ਰੋਈ ਰੋਸ਼ਨੀ,
ਵਿਛੋੜੇ ਦੀ ਅੱਗ ‘ਚ, ਦਿੱਲਜਲੀ ਮੁਬਾਰਕ॥

ਟੁੱਟੀ ਹੋਈ ਬੰਝਲੀ ‘ਚੋਂ ਉਠੀ ਆਵਾਜ਼,
ਬੋਲ ਮੇਰੇ,ਆਖਰੀ ਅਲਬਿਦਾ ਮੁਬਾਰਕ॥

ਚੁੱਪ ਦਾ ਸੰਗੀਤ, ਮੇਰੇ ਸਾਹਾਂ ‘ਚ ਬੋਲਦਾ,
ਹੰਝੂਆਂ ਓਲ੍ਹੇ ਛੁਪਿਆ, ਤਿਲਮਿਲਾ ਮੁਬਾਰਕ॥

ਯਾਦ ਕਰ ਕੱਟ ਲਵਾਂਗਾ, ਰਹਿਂਦਾ ਸਫ਼ਰ,
ਆਖਰੀ ਬੋਲ ਮੇਰੇ,ਅਲਬਿਦਾ ਮੁਬਾਰਕ॥

31.08.2013

ਮਾਂ!
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮਾਂ, ਰੱਬ ਤੋਂ ਵੀ ਉੱਚੀ ਹੈ ਤੇਰੀ ਥਾਂ।
ਤੂੰ ਹੀ ਤਾਂ ਹੈ ,ਜਿਸ ਦੱਸਿਆ ਰੱਬ ਦਾ ਪਤਾ,
ਰੱਬ ਨਾ ਮਿਲਿਆ, ਪਤਾ, ਰਹਿ ਗਿਆ,ਪਤਾ॥
ਰੱਬ ਕਹਿਂਦਾ ਹੋਵੇਗਾ,ਮਾਂ ਦੀ ਗੋਦੀ ਵਸਾਂ॥

ਮਾਂ ਧਰਤੀ ਸਭ ਤੋਂ ਵੱਡੀ ਮਾਂ ਹੈ।
ਮਨੁੱਖਤਾ ਦੀ, ਪਸ਼ੂ,ਪੰਛੀਆਂ ਦੀ,
ਹਰ ਸਾਹ ਲੈਂਦ, ਜੀਵ, ਜੰਤੂਆਂ ਦੀ।
ਬੋੜ੍ਹ ਵਰਗੀ, ਸ਼ਾਂਤ ਠੰਡੀ ਛਾਂ ਹੈ॥

ਮਾਂ, ਤੇਰੇ ਬਿਨਾਂ, ਬਿਰਾਨ ਸੀ ਜਹਾਂ।
ਮਾਂ ਜਨਨੀ ਹੈ ,ਮਮਤਾ ਦੀ ਮੂਰਤ,
ਪਿਆਰ ਦਾ ਖ਼ਜਾਨਾ, ਮੋਹਿਣੀ ਸੂਰਤ।
ਤੇਰੇ ਬਿਨਾ ਨਾ, ਮਿਲਦਾ ਇਹ ਸਮਾਂ॥

ਜਨਮ ਦੇਵੇਂ, ਗੋਦੀ ਲੈ ਪਾਲੇਂ ਪਲੋਸੇਂ।
ਰੋਂਦਿਆਂ ਨੂੰ, ਗ਼ਲ ਨਾਲ ਘੱਟ ਲਾਵੇਂ,
ਲਿੱਬੜਿਆਂ ਨੂੰ ਵੀ, ਲੈ ਗੋਦੀ ਚਾਵੇਂ।
ਕਦੇ ਨਾ ਰਖਦੀਂ,ਦਿਲ ਵਿਚ ਰੋਸੇ॥

ਮਾਂ, ਤੂੰ ਹੈ ਦਿੱਤੀ, ਮੈਂਨੂੰ ਮਾਂ ਬੋਲੀ।
ਫੜਾਕੇ ਉਂਗਲੀ, ਸਿਖਾਇਆ ਖਲੋਨਾ,
ਮੱਮਾਂ ਕਹਿਣਾ, ਪਾਪਾ ਕਹਿ ਬਲੌਣਾ।
ਜਹਾਂ ਦੇਖਣ ਦੀ,ਖਿੜਕੀ ਖੋਲੀ॥

ਮਾਂ, ਤੂੰ ‘ਮਾਂਵਾਂ’ ਦੀ ਮਾਂ ,ਜੁਲਮ ਝੱਲਦੀ।
ਤੇਰਾ ਅਹਿਸਾਨ ਪੁਤਰ,ਭੁਲ ਜਾਵਣ,
ਜੰਮਣ ਤੋਂ ਪਹਿਲਾਂ,ਮਾਰ ਮੁਕਾਵਣ।
ਲੰਮੀਂ ਕਥਾ ਹੈ,ਇਸ ਛਲਬਲ ਦੀ॥

28/05/2013

ਬੇਕਾਬੂ ਮਸਤ ਹਾਥੀ, ਮਿੱਧਦੇ ਫ਼ੁੱਲ ਕਲੀਆਂ,
ਕਾਮ ਮੱਤੇ ਰਾਖ਼ਸਸ, ਘੁੱਮ ਰਹੇ ਚੰਘਿਆੜਦੇ।
ਇਹ ਦਰਿਂਦੇ, ਆਜ਼ਾਦ ਘੁੱਮਦੇ ਆਕਾਸ਼ ਵਿਚ,
ਬੇਖੌਫ ਖੂਨੀ ਸਿ਼ਕਰੇ, ਬੋਟ ਚਿੜੀਆਂ ਮਾਰਦੇ॥
ਇਹ ਆਵਾਰਾ ਕੁੱਤੇ, ਨ੍ਹੇਰੇ ‘ਚ ਚੌਂਕਦੇ ਗਿੱਦੜ,
ਹਲਕਾਏ ਫਿਰਨ, ਜੀਵ ਜੰਤੂ ਮਾਰਦੇ, ਡਕਾਰਦੇ॥
ਉੱਜੜਦਾ ਲਗਦਾ ਹੈ, ਹੁਣ ਇਹ ਸਾਡਾ ਚਮਨ,
ਕਦੋਂ ਤਕ ਵੇਖੋਗੇ, ਹੁੰਦੇ ਕੰਮ ਇਹ ਨਿਘਾਰ ਦੇ॥
ਬਣ ਬੈਠੇ ਠੱਗ ਲੁਟੇਰੇ, ਧਰਮ ਦੇ ਰਖਵਾਲੇ ਸੰਤ,
ਰੱਬਘਰ ਵੀ ਅੱਡੇ ਨੇ, ਨਫ਼ਰਤ ‘ਤੇ ਬਿਓਪਾਰ ਦੇ॥
ਮੁਛਕਿਆ ਪਾਣੀ, ਹਵਾ ‘ਚ ਵੀ ਘੁਲ ਗਈ ਜ਼ਹਿਰ,
ਵਰ੍ਹਦੇ ਬੱਦਲ ਆਕਾਸ਼ ‘ਤੋਂ ਅੱਗ ਦੀ ਬੁਛਾਰ ਦੇ॥
ਹੈ ਕੋਈ ਰਹਿਬਰ,ਜੋ ਹੁਣ ਸਾਡੀ ਅਰਜੋਈ ਸੁਣੇ,
ਆ ਸਾਂਭੇ ਚਮਨ, ਆਵਣ ਦਿਨ ਫਿਰ ਬਹਾਰ ਦੇ॥

28/05/2013

ਨਾ ਦਵਾ ਦਾ ਅਸਰ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਾ ਦਵਾ ਦਾ ਅਸਰ ਹੈ, ਨਾ ਦੁਵਾ ਦਾ ਅਸਰ ਹੈ।
ਮਹਿਬੂਬ ਦੀ ਨਜ਼ਰ,ਨਾ ਦਿਲਰੁਬਾਂ ਦਾ ਅਸਰ ਹੈ॥

ਸ਼ਾਇਦ ਮੇਰੇ ਹੀ ਇਕਮਾਦ ਦਾ, ਹੈ ਇਹ ਕਸੂਰ,
ਮੇਰੇ ਆਪਣੇ ਹੀ ਗੁਨਾਹਾਂ ਦਾ,ਇਹ ਬਸ਼ਰ ਹੈ॥

ਗੁਨਾਹਗਾਰ ਘੁਮ ਰਹੇ ਨੇ, ਬੇਖੌਫ ਦਿਨ ਰਾਤ,
ਖ਼ਬਰ ਬੇਗੁਨਾਹਾਂ ਦੀ ਹੀ, ਹੁੰਦੀ ਨਸ਼ਰ ਹੈ॥

ਮਾਂ ਧਰਤੀ ਦਾ ਵਿਹੜਾ, ਕੂੜੇ ਨਾਲ ਭਰਿਆ,
ਗੰਧਲਾ ਕੀਤਾ ਪਾਣੀ, ਨਾ ਛੱਡੀ ਕਸਰ ਹੈ॥

ਹੁਣ ਮਨੁਖਤਾ ਦਾ ਦੁਸ਼ਮਨ, ਆਪੇ ਹੈ ਮਨੁਖ,
ਧਰਮ ‘ਤੇ ਹੁਣ, ਅਧਰਮੀਆਂ ਦੀ ਜਕੜ ਹੈ॥

ਧੀ ਪੁੱਤਰ ਵੀ, ਮਾਂ ਦਾ ਨਿਰਾਦਰ ਕਰ ਰਹੇ,
ਰਿਸ਼ਤਿਆਂ ਤੋਂ ਜਿਆਦਾ, ਪੈਸੇ ਦੀ ਪਕੜ ਹੈ॥

ਮਰਜ਼ ਏਨੀ ਵਧ ਗਈ, ਬੇ ਇਲਾਜ ਹੈ ਮਰੀਜ਼,
ਸ਼ਾਇਦ ਹੁਣ, ਦਵਾ ਤੇ ਦੁਆ ਵੀ ਵੇਸਫਲ ਹੈ॥

15/05/2013

ਬਦਲ ਗਿਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸਮਾਂ ਬਦਲ ਗਿਆ, ’ਤੇ ਬੰਦਾ ਬਦਲ ਗਿਆ।
ਜਿੰਦਗੀ ਬਦਲ ਗਈ, ’ਤੇ ਧੰਦਾ ਬਦਲ ਗਿਆ॥

ਮੌਸਮ ਬਦਲ ਗਏ, ਹਵਾਵਾਂ ਵੀ ਬਦਲੀਆ,
ਪੀਂਘ ਦਾ ਰੰਗ, ਸੱਤ ਰੰਗਾ ਬਦਲ ਗਿਆ॥

ਬਾਗਵਾਂ ਵੀ ਹੁਣ, ਵੇਚਦਾ ਕਾਗਜ਼ ਦੇ ਫੁੱਲ,
ਬਦਲ ਗਈ ਬੁਲਬੁਲ, ਚੰਬਾ ਬਦਲ ਗਿਆ॥

ਨਹੀਂ ਵਗਦੇ ਹਲ, ਨਹੀਂ ਢੋਲੇ ਗੌਂਦੇ ਹਾਲੀ,
ਨਹੀਂ ਰਹੇ ਕਸੀਏ, ਰੰਬਾ ਬਦਲ ਗਿਆ॥

ਕੁੱਤਾ ਨਹੀਂ ਸੁਣਦਾ, ਨਾ ਟਿੰਡਾ ਦਾ ਰਾਗ,
ਆੜਾਂ ‘ਚ ਵਗਦਾ, ’ਜਲਗੰਗਾ’ਬਦਲ ਗਿਆ॥

ਪੀੜੀ ਨਹੀਂ ਰਹੀ ਹੁਣ, ਮਾਂ ਦਾਦੀ ਦਾ ‘ਤੱਖਤ’,
ਨਾ ਰਹੀ ‘ਚਾਰਪਾਈ’ ਮੰਜਾ ਬਦਲ ਗਿਆ॥

ਤੂੰਬੀ ਦੀ ਤਾਰ, ਤੇ ਅਲਗੋਜ਼ੇ ਵੀ ਚੁੱਪ ਨੇ,
ਨਹੀਂ ਬੱਜਦੀ ਸਰੰਗੀ, ਸੁਰੰਗਾ ਬਦਲ ਗਿਆ॥

ਹੁਣ ਰਾਂਝੇ, ਬਾਰਾਂ ਵਰ੍ਹੇ ਚਾਰਨ ਨਾ ਮੱਝੀਆਂ,
ਹੁਸਨ ਦੀ ਸ਼ਮਾਂ ਠੰਡੀ, ਪਤੰਗਾ ਬਦਲ ਗਿਆ॥

ਸੰਤਾਂ ਦੇ ਭੇਸ ਵਿਚ, ਫਿਰਦੇ ਨੇ ਹੁਣ ਲੁਟੇਰੇ
ਧਰਮ ਦੀ ਕਿਰਤ ਦਾ, ਧੰਦਾ ਬਦਲ ਗਿਆ॥,

12/04/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਤਸਵੀਰ ਲੈ ਘੁਮ ਰਿਹਾਂ, ਬਾਜਾਰ ਵਿਚ,
ਕੋਈ ਸੂਰਤ, ਨਾਲ ਤੇਰੇ ਮਿਲਦੀ ਨਹੀਂ॥

ਹਨ ਬੁਲੀਂਆਂ ਤੇ ਹਾਸੇ ‘ਤੇ ਅੱਖੀਂ ਇਸ਼ਾਰੇ,
ਕੋਈ ਸੁਣਦੀ ਗਲ, ਕਿਸੇ ਦਿਲ ਦੀ ਨਹੀਂ॥

ਰੰਗੀਨਗੀ ਹੈ ਇਸ ਚਮਨ ‘ਚ ਹਰ ਖੂੰਜੇ,
ਪਿਆਰ ਦੀ ਕਲੀ,ਕਿਤੇ ਖਿਲਦੀ ਨਹੀਂ॥

ਤੁਰਦਿਆਂ, ਬੀਤ ਗਏ ਨੇ ਯੁਗ ਕਈ,
ਨਜ਼ਰ ਅਓਂਦੀ ਅਜੇ, ਮੰਜਿਲ ਦੀ ਨਹੀਂ॥

ਲਿਸਟ ਲੰਮੀ ਦੋਸਤਾਂ ਦੀ ਵੱਧਦੀ ਗਈ,
ਇੰਟਰੀ ਇਕ ਵੀ,ਜਿਂਦਾ ਦਿਲ ਦੀ ਨਹੀਂ॥

ਲੱਭ ਲਿਆ ਮੈਂ ਹਰ ਖਜ਼ਾਨਾ ‘ਤੇ ਦੌਲਤ,
ਓੁਹ ਗੁਆਚੀ,ਚੀਜ਼’ਅਜੇ ਲੱਭਦੀ ਨਹੀਂ॥

ਵੇਖੋ ਕੂੜ ਦਾ ਪ੍ਰਚਾਰ, ਹੁੰਦਾ ਰਾਤ ਦਿਨ
ਗਲ ਸੁਣੀਦੀ ਅਜਕਲ, ਕਿਸੇ ਚੱਜਦੀ ਨਹੀਂ॥

ਕੀ ਕਰਾਂਗੇ, ਯਾਰਾਂ ਦੀ ਯਾਰੀ ‘ਤੇ ਨਾਜ਼,
ਗਲ ਕਰਦੇ ਜੋ, ਕਦੇ ਦਿਲ ਦੀ ਨਹੀਂ॥

28/03/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸੀਨੇ ਦੀ ਪੀੜ ਦੇ ਮੈਂ, ਅੱਖਰ ਬਣਾ ਲਏ।
ਫੁੱਲਾਂ ਤੋਂ ਕੂਲੇ ,ਇਹ ਨਸ਼ਤਰ ਬਣਾ ਲਏ॥

ਝੱਖੜ-ਹਨੇਰੀ ਝੁੱਲੀ, ਪਰ ਮੈਂ ਸਬਰ ਕਰ,
ਰਾਹਾਂ ਦੇ ਰੋੜੇ-ਕੰਡੇ, ਬਿਸਤਰ ਬਣਾ ਲਏ॥

ਸਿ਼ਕਵੇ ਗਿਲੇ ਕਰਦੇ, ਆਏ ਜੋ ਭਰੇ ਪੀਤੇ,
ਯਾਰ ਉਹ ਮੈਂ ਅਪਣੇ, ਅਕਸਰ ਬਣਾ ਲਏ॥

ਵਗਦੀ ਹਵਾ ‘ਚ, ਉਡਦੇ ਆਏ ਜੋ ਫੰਵੇ,
ਮਰਹਮ ਜ਼ਖਮਾਂ ਦੀ, ਤਤਪਰ ਬਣਾ ਲਏ॥

ਤੱਕ ਮੋਤੀ ਝਲਕਦੇ,ਫੁੱਲਾਂ ‘ਤੇ ਪਈ ਤ੍ਰੇਲ,
ਮਕਤਾ ਪਰੋ ਗਜ਼ਲ ਦੇ, ਸ਼ੇਅਰ ਬਣਾ ਲਏ॥

ਸਮਝਿਆ ਉਸ ਹੱਤਕ ਨੂੰ, ਹੈ ਬਰਦਾਨ ਮੈਂ,
‘ਹਮ ਪਿਆਲੇ’, ਮੈਖ਼ਾਨੇ ਦੇ ਬਾਹਰ ਬੈਠਾ ਗਏ॥

ਪੀ ਗਿਆ ਮੈਂ ਜਹਿਰ, ਸਮਝਕੇ, ਹੈ ਅਮ੍ਰਿਤ,
ਦਰਦ ਸਾਰੇ ਆਪਣੇ, ਹੱਡੀਂ ਰਚਾ ਲਏ॥

26/03/2013

ਯਾਦ

ਚਲੇ ਗਏ ਸੀ ਤੂਸੀਂ, ਕਿਉਂ ਦਿਲ ਲੈ ਗਏ ਮੇਰਾ,
ਭਾਲ ਵਿਚ ਇਸਦੀ,ਪਿਆਰ ਕਰਦਾ ਰਹਾਂਗਾ ਮੈਂ।

ਲੁੱਟ ਗਏ ਇਸ ਮੁਰੀਦ ਕੋਲ, ਕੀ ਹੋਰ ਜੋ ਦੇ ਸਕਾਂ,
ਸੰਗ ਨਗਮੇ, ਸੇ਼ਅਰ, ਇਜ਼ਹਾਰ ਕਰਦਾ ਰਹਾਂਗਾ ਮੈਂ।

ਭਾਲਦਾ, ਭੁੱਲ ਭੁਲਾਂਦਾ, ਪੁੱਜਾਂਗਾ ਦਰ ਤੇਰੇ ਇਕ ਦਿਨ,
ਲੰਘ ਜੰਗਲ ਬੇਲੇ ਪਰਬਤ, ਝਨਾ ਤਰਦਾ ਰਹਾਂਗਾ ਮੈਂ।

ਪਿਆਸਾ ਹਾਂ, ਪਪੀਹੇ ਤਰਾਂ, ਲੱਭਦਾ ਰਹਾਂਗਾ ‘ਬੂੰਦ’,
ਸਬਰ ਨੂੰ ਜਾਣ ਅਮ੍ਰਿਤ , ਘੁੱਟ ਭਰਦਾ ਰਹਾਂਗਾ ਮੈਂ।

ਲੋਕ ਸਮਝਣਗੇ ਹੈ ਪਾਗਲ, ’ਤੇ ਪੱਥਰ ‘ਮੋਤੀ’ ਨਹੀਂ,
ਰੱਖਕੇ ਦਿਲ ‘ਤੇ ਪੱਥਰ, ਸਭ ਜਰਦਾ ਰਹਾਂਗਾ ਮੈਂ।

ਕਿਵੇਂ ਮੁੱਕ ਸਕਦੀ ਹੈ ਯਾਦ, ਪੀਕੇ ਸਬਰ ਦਾ ਘੁੱਟ,
ਸੌ ਵਾਰ ਮਰਕੇ ਵੀ ਜੀਵਾਂਗਾ, ਮਰਦਾ ਰਹਾਂਗਾ ਮੈਂ।

ਸੁਣੋਗੇ ਕਬ਼ਰ ਵਿਚੋਂ ਵੀ, ਪਿਆਰ ਦੀ ਇਹ ਆਵਾਜ਼,
‘ਤੂੰ ਪਿਆਰਾ ਸੀ, ਪਿਆਰਾ ਹੈਂ, ਕਰਦਾ ਰਹਾਂਗਾ ਮੈਂ।

ਜੇ ਮਿੱਟੇ ਦੁਨੀਆਂ ਪਰਲੋ ਦੇ ਦਿਨ, ਨਾਂ ਮਿਟਾਂਗਾ ਮੈ,
ਨਾ ਆ ਮਿਲੋਗੇ ਜਦ ਤਕ, ਯਾਦ ਕਰਦਾ ਰਹਾਂਗਾ ਮੈਂ॥

(08/01/2013)

ਚਲਾ ਗਿਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮਹਿਫਲ ਦਾ, ਬਾਦਸ਼ਾਹ ਚਲਾ ਗਿਆ।
ਸੱਚ ਮੰਡਲੀ ਦਾ, ਰਹਿਨੁਮਾ ਚਲਾ ਗਿਆ।

ਸੀ ਬੋਲ ਜਿਸਦੇ ਮਿੱਠੇ, ਵੰਡਦੇ ਮਿਠਾਸ,
ਅਦਬ ਦੀ ਚੜ੍ਹਦੀ, ਸੁਵ੍ਹਾ ਚਲਾ ਗਿਆ।

ਰਾਜਨੀਤੀ ਦੇ ਕੂੜ ਨਾਲ, ਭਰੀ ਬੇੜੀ,
ਡੁਬਦੀ ਬਚੌਂਦਾ, ਮਲਾਹ ਚਲਾ ਗਿਆ।

ਸੀ ਮਹਿਫਲਾਂ ਦੀ ਰੌਣਕ, ਯਾਰਾਂ ਦਾ ਯਾਰ,
ਜਸ਼ਨਾਂ ਦੇ ਜਾਮ ਦਾ, ਸਿਲਸਲਾ ਚਲਾ ਗਿਆ।

ਖਿੜਦੇ ਸੀ ਚਿਹਰੇ, ਵੇਖ ਓਸਦੀ ਮੁਸਕਰਾਹਟ,
ਪੀੜ ਕਿਵੇਂ, ਲੋਕਾਂ ਦੀ ਭੁਲਾ ਚਲਾ ਗਿਆ।

ਚਿਰਾਗ ਸੀ ਉਹ, ਸੀ ਰੋਸ਼ਨੀ ਹੀ ਰੋਸ਼ਨੀ,
ਕੌਣ ਦਰਿੰਦਾ, ਜੋ ਇਸਨੂੰ ਬੁਝਾ ਚਲਾ ਗਿਆ।

ਮਾਂ ਬੋਲੀ ਪੰਜਾਬੀ ਦਾ, ਉਹ ਪੁਜਾਰੀ ਸੀ ਸੱਚਾ,
ਖੇਡਾਂ ਦਾ ਆਸ਼ਕ, ਸਾਹਿਤ ਦੀ ਕਲਾ ਚਲਾ ਗਿਆ।

ਕਿਵੇਂ ਭੁੱਲ ਸਕਦੇ ਯਾਰ, ਤੇਰੇ ਵਰਗੀ ਯਾਰੀ,
ਜਗਦਾ ਰਹੇਗਾ ਚਿਰਾਗ, ਜੋ ਤੂੰ ਜਲਾ ਚਲਾ ਗਿਆ॥

(08/01/2013)

ਰੱਬ ਨਹੀਂ ਵਸਦਾ ਏਥੇ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਲੁੱਟ ਕਿਰਤੀ ਦੀ ਕਿਰਤ, ਉਸਾਰੇ ਗਿਰਜੇ, ਰੱਬ ਨਹੀਂ ਵਸਦਾ ਏਥੇ।
ਰਹਿਮਤਾਂ ਦਾ ਪਾ ਭੁਲੇਖਾ, ਰੱਬ ਦਾ ਨਿਕਟੀ ਬਣ, ਝੂਠ ਪਾਦਰੀ ਵੇਚੇ॥
ਮੇਰੇ ਸ਼ਾਹ ਜੇ ਰੱਬ ਨੂੰ ਮਿਲਨਾ, ਦਮ ਦਮ ਕਰਲੈ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ॥

ਉਹ ਠਹਿਰਦਾ ਲਾਲੋ ਦੇ ਘਰ, ਟੁੱਕਰ ਖਾਂਦਾ ਸੁੱਕੇ।
ਨਾ ਉਹ ਰੀਝੇ ਧਨ ਦੌਲਤ, ਨਾ ਜਾਤਿ ਕਿਸੇ ਦੀ ਪੁੱਛੈ।
ਝੂਠੇ ਪਾਠਾਂ ਨੂੰ ਸੁਣ ਨਾਂ ਰੀਝੇ ,ਨਾਂ ਮੰਨੇ ਨਾਂ ਰੁਸੇ।
ਮੇਰੇ ਸ਼ਾਹ ਉਹ ਸਭਦਾ ਬਾਲੀ, ਭਾਂਵੇਂ ਬੰਦੇ ਭਾਂਵੇ ਕੁੱਤੇ।
ਬਈ ਰੱਬ ਨਹੀਂ ਵਸਦਾ ਏਥੇ॥

ਕਿਉਂ ਕੁੱਟਦੇ ਹੋ ਢੋਲ ਨਗਾਰੇ,ਕਉਂ ਖੜਕਾਵੋਂ ਛੈਣੇ।
ਖ਼ੀਰ ਪੂੜਿਆਂ ਨਜ਼ਰ ਨਾ ਮਾਰੇ, ਬੇਰ ਭੀਲਣੀ ਲੈਣੇ।
ਛੱਡ ਪਾਖੰਡ ਰਸਤੇ ਪੈ ਜਾ, ਸੱਚ ਦੇ ਪਾ ਲੈ ਗਹਿਣੇ।
ਵੇਖੀਂ ਖੁੰਜ ਨਾ ਜਾਵੇ ਵੇਲਾ, ਲਗ ਯਾਰਾ ਤੂੰ ਕਹਿਣੇ।
ਰੱਖ ਯਾਰਾਂ ਨੂੰ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ॥

ਬੰਦਾ ਜੇ ਬੰਦਾ ਹੀ ਬਣ ਜਾਏ, ਸੋਚੇ ਨਾ ਬੋਲੇ ਮੰਦਾ।
ਚਹੁ ਪਾਸੀਂ ਮੁਹੱਬਤ ਵੰਡੇ, ਕਰੇ ਨੇਕ ਕਮਾਈ ਧੰਦਾ।
ਮੰਨ ਭਾਂਣਾ, ਕੁਦਰਤ ਦੀ ਰਹਿਮਤ, ਫਿਰ ਚੰਗਾ ਹੀ ਚੰਗਾ।
ਮੇਰੇ ਸ਼ਾਹ ਇਹ ਜੂਨ ਮਨੁੱਖੀ, ਵਾਰ ਵਾਰ ਨਹੀਂ ਥਿਉਣੀ,
ਬਈ ਤੈਂ ਕਿਸਮਤ ਆਪ ਬਨਾਉਣੀ॥

ਉੱਠੀ ਛੱਲ ਸਮੁੰਦਰ ਪਿਂਡੇ, ਫਿਰ ਪਾਣੀ ਵਿਚ ਸਮਾਵੇ।
ਲਿਸ਼ਕਾਂ ਮਾਰ ਬੁਲਬੁਲਾ ਉਠਿਆ, ਦੋ ਪਲ ਵਿਚ ਮੋ ਜਾਵੇ।
ਲੈ ਮੁਕਾ ਚਾਣਨ ਵਿਚ ਪੈਂਡਾ, ਚੰਨ ਚੜਿਆ ਛੁਪ ਜਾਵੇ।
ਖੁੰਜ੍ਹਾ ਵੇਲਾ ਹੱਥ ਨਾ ਆਵੇ, ਕਰ ਹਰ ਦਮ ਰੱਬ ਨੂੰ ਚੇਤੇ॥
ਬਈ ਰੱਬ ਨਹੀਂ ਵਸਦਾ ਏਥੇ॥ ਬਈ ਰੱਬ ਨਹੀਂ ਵਸਦਾ ਏਥੇ॥

10/01/2013

ਸ਼ਹੀਦ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮੌਤ ਮੇਰੀ, ਹੋ ਸਕਦੀ ਹੈ, ਪਰ,
ਇਹ, ਜਿੰਦਗੀ ਹੈ ਕੌਮ ਦੀ।
ਛੁੱਪ ਸਕਦਾ ਸੂਰਜ, ਸ਼ਾਮ ਵੇਲੇ,
ਉੜੀਕ ਰਖਣੀ, ਫਿਰ ਸਵੇਰ ਆਵੇਗੀ ਜਰੂਰ॥

ਚੁੱਪ ਛਾ ਜਾਏਗੀ, ਹਨੇਰਾ ਘੁੱਪ ਹੋਵੇਗਾ।
ਚਹਿਚਹਾਓਂਦੇ ਪੰਛੀਆਂ ਦਾ ਰਾਗ,
ਨਾ ਸੁਣੋਗੇ, ਚੁੱਪ ਹੋਵੇਗਾ॥

ਪਹੁ ਫੁਟੇਲੇ, ਸੂਹਾ ਲਾਲ ਰੰਗਾ ਊਜਾਲਾ,
ਪੂਰਵ ਦੀ ਗੋਦੀ ‘ਚੋਂ ਉਠੇਗਾ।
ਚਮਗਿੱਦੜਾਂ ਨੇ ਮੂੰਹ ਛੁਪਾਕੇ ਲੁਕ ਜਾਣਾਂ,
ਦਿਲਾਂ ਦੇ ਹਨੇਰਿਆਂ ਦਾ, ਜ਼ਾਲ ਟੁੱਟੇਗਾ॥

ਇਹ ਪ੍ਰਭਾਤ ਜਗਾ ਸਕੇਗੀ,ਸੁੱਤੀ ਜੁਆਨੀ ਦੀ ਰੂਹ।
ਉਹ ਹੁਸੀਨਾ, ਨਾਮ ਜਿਸਦਾ ‘ਆਜਾਦੀ’,
ਦਸਤਕ ਕਰੇਗੀ ਸਾਡੀ ਬਰੁਹ॥

ਮੇਰੇ ਖੂਨ ਦੇ ਛਿਟਿਆਂ ਦੇ, ਹਰ ਨਿਸ਼ਾਨ ਵਿਚੋਂ,
ਇਕ ਇਨਕਲਾਬ਼ ਉਠੇਗਾ।
ਨੌਜੁਆਨਾਂ ਦੇ ਰੋਹ ਦਾ ਲਾਵਾ
ਇਕ ਹੜ ਬਹਿ ਤੁਰੇਗਾ,
ਸਾਮਰਾਜ ਦੀ ਜੜ ਪੱਟੇਗਾ॥

ਵਧਦਾ ਰਹੇਗਾ ਇਹ ਹਜੂਮ,
ਹੱਕ ‘ਤੇ ਸੱਚ ਦੇ ਨਾਰ੍ਹੇ, ਗੂੰਜ ਉਠਣਗੇ।
ਨਵੀਂ ਪੁਲਾਂਗ ਪੁੱਟਣਗੇ॥

ਜੂਝਨ ਦਾ ਚਾਅ, ਸੰਗਰਾਮ ਬਣ ਉਠੇਗਾ।
ਮਹਿਬੂਬ ਆਜਾਦੀ ਦਾ ਘੂੰਡ,
ਚੁੱਕਣ ਦੀ ਚਾਹ ਊਪਜੇਗੀ,
ਇਕ ਤੂਫਾਨ ਬਣਕੇ, ਇਕ ਜੁਬਾਨ ਬਣਕੇ,
ਹਰ ਇਕ ਦੇਸ਼ ਵਾਸੀ, ਮਰਦ ਔਰਤ,
ਹਰ ਮਜ਼ਦੂਰ ,ਕਿਸਾਨ ਜੁੱਟੇਗਾ॥

ਸ਼ਹੀਦ, ਕੁਰਬਾਨੀ ਦਾ ਪ੍ਰਣ ਕਰ,
ਨਿਰਭੈ ਹੋ ਫਾਂਸੀ ਦਾ ਰੱਸਾ, ਚੁੰਮਣਗੇ।
ਇਹ ਰੱਸੀ ਤਿਲਕ ਜਾਵੇਗੀ,
ਸ਼ਹੀਦਾਂ ਦੀ ਫੋਲਾਦੀ ਰਗਾਂ ਦੀ ਛੋਹ,
ਜੁਲਮ ਦੀ ਤਲਵਾਰ ਮੁਰਝਾ ਜਾਵੇਗੀ,
ਮੁਰਝਾਏ ਫੁੱਲਾਂ ਤਰਾਂ, ਸ਼ਰਮਾ ਜਾਵੇਗੀ,
ਕਾਤਿਲ ਦੇ ਤੌਰ ਘੁੰਮਣਗੇ॥

ਪਿੰਜਰੇ ‘ਚੋਂ ਉਡੇ ਆਜ਼ਾਦ ਪੰਛੀ,
ਅਸਮਾਨ ਵਿਚ ਉਡਾਰੀਆਂ ਭਰਨਗੇ।
ਸ਼ਹੀਦਾਂ ਦੀ, ਜੈ ਜੈਕਾਰ ਕਰਨਗੇ।
ਖੂੰਨ ਨਾਲ ਸਿਂਜੀ ਮਾਂ ਧਰਤੀ, ਫਿਰ ਮੁਸਕਰਾ ਸਕੇਗੀ।
ਮੇਰੀ ਸਮਾਧ ‘ਤੇ ਇਕ ਫੁੱਲ ਰੱਖੇਗੀ॥

21/01/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਾ ਰਿਹਾ ਗਿਲਾ, ਜਾਂ ਤੂੰ ਅਪਨਾ ਲਿਆ।
ਸੱਚ ਹੈ ਕਿ, ਸੱਚ ਨੂੰ ਮੈ ਅੱਜ ਪਾ ਲਿਆ।
ਚਿਰਾਂ ਦੇ ਰੋਗੀ ਨੂੰ, ਮਸੀਹਾ ਮਿਲ ਗਿਆ,
ਲਾਕੇ ਸੀਨੇ ਮੈਂਨੂੰ, ਜਦ ਤੂੰ ਗਰਮਾ ਲਿਆ।
ਬੁੱਝ ਗਈ ਪਿਆਸ, ਪੀਕੇ ‘ਜਾਮੇ ਨਜ਼ਰ’
ਚਿਰਾਂ ਤੋਂ ਪਿਆਸਾ ਸੀ, ਤਪਿਆ ਪਿਆ।
ਯਾਰਾਂ ਦਾ ਦੀਦ ਹੁੰਦਾ, ਮੰਜਿਲ ਦਾ ਪੜਾ,
ਰਾਹ ਸੁਖਾਲੇ ਮਿਲੇ ਜੀਵਨ ਦੀ ਦਿਸ਼ਾ।
ਕੌਣ ਹੈ ਮਿੱਤਰ ਆਪਣਾ, ਕੌਣ ਦੁਸ਼ਮਨ,
ਰਾਹ ਪਿਆਂ ਜਾਂ ਬਾਹ ਪਿਆਂ, ਲਗੇ ਪਤਾ।
ਸੀ ਹਨੇਰ, ਮੇਰੇ ਜਿੰਦਗੀ ਦੇ ਮਹਿਲ ਵਿਚ,
ਇਕੋ ਚਿਣਗ, ਪਿਆਰ ਦੀ ਰੁਸ਼ਨਾ ਲਿਆ।
ਆਈ ਬਹਾਰ, ਵਰਸੀ ਰਹਿਮਤ ਦੀ ਕਣੀ,
ਭਰਮਾਕੇ ਕਲੀਆਂ, ਭੰਵਰਿਆਂ ਨੇ ਗਾ ਲਿਆ।
ਬਣਾਵੋਂ ਜਦ ਆਪਣਾ, ਪਰਾਇਆ ਦੋਸਤੋ,
ਰੁਤਵਾ ਮਨੁੱਖਤਾ ਦਾ, ਸਮਝੌ ਪਾ ਲਿਆ।

25/01/2013

ਤੇਰੀ ਨਜ਼ਰ ਨੂੰ
 ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਆ ਮੈਂ ਤੇਰੀ ਨਜ਼ਰ ਨੂੰ, ਕੁਝ ਤਾਂ ਨਜ਼ਰ ਕਰ ਸਕਾਂ।
ਅਤੇ ਸਂਵਾਰਾਂ ਜੁਲਫ, ਮਾਂਗ ‘ਚ ਸੰਧੂਰ ਭਰ ਸਕਾਂ॥

ਚਾਹ ਮੇਰੀ ਹੈ ਇਹ, ਕੁਝ ਦੇ ਸਕਾਂ, ਕੁੱਝ ਲੈ ਸਕਾਂ,
ਦਰਦ ਸਾਰੇ ਜਗਤ ਦਾ, ਇਕੱਲਾ ਹੀ ਜਰ ਸਕਾਂ॥

ਕੀ ਕਰਾਂਗਾ ਸਾਂਭ, ਮੁਹੱਬਤ ‘ਤੇ ਦੌਲਤ ਦੀ ਪੰਡ,
ਸੁਰਖ਼ੁਰੂ ਹੋਵਾਂ, ਕਿਸੇ ਦੀ ਲੋੜ ਪੂਰੀ ਕਰ ਸਕਾਂ॥

ਪੀ ਲਵਾਂਗਾ ਪੀੜ ਦੀ ਪੀੜਾ, ਜੇਕਰ  ਪੀ ਸਕਾਂ,
‘ਤੇ ਤਸੀਹੇ ਯਾਰ ਲਈ, ਸਾਰੇ ਦੇ ਸਾਰੇ ਜਰ ਸਕਾਂ॥

ਭਰਾਂ ਸਾਹਾਂ ’ਚ ਸਾਹ, ਦੇਕੇ ਸਾਹ ਉਧਾਰੇ ਆਪਣੇ,
ਮੋਈ ਇਨਸਾਨੀਅਤ ਨੂੰ, ਮੁੜ ਜਿਓੁਂਦਾ ਕਰ ਸਕਾਂ॥

ਚਿੱਤਰ ਸਕਾਂ ਸਮੇਂ ਦੇ, ਪਿੰਡੇ ਤੇ ਮੁਹੱਬਤ ਦੀ ਕਲਾ,
ਸਰਘੀ ਦੇ ਰੰਗ, ਸ਼ਾਮਾਂ ਦੇ ਮੁਖੜੇ ‘ਤੇ ਭਰ ਸਕਾਂ॥

ਆਪ ਜਾਗਾਂ, ‘ਤੇ ਜਗਾਵਾਂ, ਹਰ ਮਨੁੱਖ ਦੀ ਚੇਤਨਾ,
ਸਾਮ੍ਹਨੇ ਜੁਲਮ ਦੇ, ਮੈਂ ਦੀਵਾਰ ਬਣਕੇ ਖੱੜ ਸਕਾਂ॥

ਪਤਝੜ ਦੀਆਂ ਪੱਤੀਆਂ ਨੂੰ, ਉਡਾ ਲੈ ਗਈ ਹਵਾ,
ਇਨ੍ਹਾਂ ਉਦਾਸ ਟਾਣ੍ਹੀਆਂ ‘ਤੇ, ਹਰਿਆਵਲ ਭਰ ਸਕਾਂ॥

ਅਖੀਰ ਮੇਰੀ ਚਿਤਾ ਦੀ ਰਾਖ ‘ਚੋ ਉਡੇਗਾ ਫ਼ਲੂਸ,
ਪਰਾਂ ਵਿਚ ਉਸਦੇ ਵਿਸ਼ਵਾਸ ਦੀ, ਰੁਹ ਭਰ ਸਕਾਂ॥

31/01/2013

ਹੰਸਾਂ ਦਾ ਹੰਸ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸੁਣੋ ਪੰਜਾਬੀ ਦੋਸਤੋ, ਦਿਲ ਦੀ ਗਲ ਸੁਣਾਂਵਾਂਗਾ ਮੈਂ।
ਹੁਣ ਰਾਜਨੀਤੀ ਨੂੰ ਵੀ, ਸੰਗੀਤ ਵਿਚ ਗਾਵਾਂਗਾ ਮੈਂ॥

ਮੇਰਾ ਸੰਗੀਤ, ਮੇਰੇ ਗੀਤ, ਸੁਣ ਸਕੋਗੇ ਹੁਣ ਮੁਫ਼ਤ,
‘ਵੋਟ ਦੇਵੋ, ਵੋਟ ਦੇਵੋ’ ਕਹਿਂਦਾ, ਢੋਲ ਵਜਾਵਾਂਗਾ ਮੈਂ॥

ਬਾਦਲਕਿਆਂ ਦੀ ਹੋਈ ਮੇਹਰ,’ਤੇ ਗੁਰੂ ਦੀ ਕਿਰਪਾ,
ਜੋ ਵੀ ਸਰਦਾ ਬਣਿਆ ਫੰਡ, ਅਰਦਾਸ ਕਰਵਾਵਾਂ ਮੈਂ॥

ਸ਼ਹਿਰਾਂ ਦੀ ਗਲੀਆਂ‘ਚ, ਵਜੇਗਾ ਆਰਕੈਸਟਾ ਮੇਰਾ,
ਜੱਥੇਦਾਰਾਂ ਨੂੰ ਨਾਲ ਲੈਕੇ, ਪਿਂਡਾਂ ‘ਚ ਜਾਵਾਂਗਾ ਮੈਂ॥

ਲੋੜ ਪਈ ਤਾਂ, ਅਮ੍ਰਿਤ ਖੰਡੇ ਬਾਟੇ ਦਾ ਛਕ ਲਵਾਂਗਾ,
ਬੋਲੇ ਸੋ ਨਿਹਾਲ ਗੱਜਕੇ ਜੈਕਾਰੇ, ਬੁਲਾਵਾਂਗਾ ਮੈਂ॥

ਮੇਰੀ ਚੋਣ ਰੈਲੀ, ਹਰ ਮੁੰਡਾ ਕੁੜੀ ਯਾਦ ਕਰਸੀ,
ਬਿਨਾਂ ਸੱਦੇ, ਮੁਫਤ, ਹਰ ਮਹਿਫਲ ‘ਚ ਗਾਵਾਂਗਾ ਮੈਂ॥

ਰਾਜਨੀਤੀ ਦੇ ਰਾਗਾਂ ‘ਚ ਹੋਵਣਗੇ ਸੁਰ ਸੰਗੀਤ ਦੇ,
ਨਵੀਂਆਂ ਸੁਰਾਂ, ‘ਤੇ ਨਵੀਂਆਂ ਤਰਜਾਂ ਬਣਾਵਾਂਗਾ ਮੈਂ॥

ਇਨ੍ਹਾਂ ‘ਬਾਦਲ’ ਦੇ ਬੱਦਲਾਂ ਨੇ ਹੈ, ਕਰਨੀ ਵਰਖਾ,
ਫੰਡਾਂ ਵਿਚ ਆਪਣਾ ਹਿੱਸਾ , ਹੱਸਕੇ ਪਾਵਾਂਗਾ ਮੈਂ॥

ਸੂਰੀਲੇ ਮੇਰੇ ਭਾਸ਼ਨ , ਸੁਰਾ ‘ਤੇ ਰਾਗਾਂ ਵਿਚ ਸੁਣੋ,
ਗਾ ਵਿਚ ਅਸੈਂਬਲੀ, ਨਵੀਂ ਪਿਰਤ ਪਾਵਾਂਗਾ ਮੈਂ॥

ਮੇਰੇ ਗੀਤ ਸੁਣਕੇ, ਕਾਮਰੇਡ ਵੀ ਚੁੱਪ ਹੋ ਜਾਣਗੇ,
ਦੇਕੇ ਭਾਜ ਚੋਣਾਂ ’ਚ, ਕਾਂਗਰਸੀ ਹਰਾਵਾਂਗਾ ਮੈਂ॥

 ਆਓ, ਮੁਫ਼ਤ ਸੁਣੋ ਮੇਰੇ ਗੀਤ,’ ਤੇ ਪਾਵੋ ਵੋਟਾਂ,
ਕੀਤਾ ਅਹਿਸਾਨ ਨਾ ਕਦੇ, ਭੁਲਾਂਵਾਗਾ ਮੈਂ॥

ਹਾਰਿਆ ਹੰਸ
ਹਾਏ, ਮੇਰੇ ਰਾਜਨੀਤੀ ਦੇ ਸਾਜ ਟੁੱਟ ਗਏ।
ਸੀ ਲੁੱਟਦੇ ਅਸੀਂ, ਹੁਣ ਆਪ ਲੁੱਟ ਗਏ॥

ਪਹਿਲਾਂ ਟਿਕਟ ਦਾ, ਫਿਰ ਵੋਟਾਂ ਦਾ ਮੁੱਲ,
ਲੋਕਾਂ ਦੀ ਭੀੜ’ਚ, ਮੇਰੇ ਦਮ ਘੁੱਟ ਗਏ॥

ਕਰਕੇ ਰਿਆਜ਼, ਇਕੱਠੇ ਕੀਤੇ ਸੀ ਦਮੜੇ,
ਰਾਜਨੀਤੀ ਦੇ ਜੂਏ ‘ਚ ਸਾਰੇ ਲੁੱਟ ਗਏ॥

ਚਾਹ ਸੀ, ਰਾਜਨੀਤੀ ਨੂੰ ਨਵਾਂ ਰੰਗ ਦੇਵਾਂ,
ਟੁੱਟ ਗਏ ਸਾਜ, ਤੂੰਬੀ ਦੇ ਤੰਦ ਟੁੱਟ ਗਏ॥

ਮੁਫ਼ਤ ਗੀਤ ਗਾਏ, ’ਤੇ ਵੰਡੀ ਵੀ ,ਅੰਗੂਰੀ,
ਲੋਕਾਂ ਨਾਲ ਮਿਲਾਂਦੇ, ਮੇਰੇ ਹੱਥ ਥੱਕ ਗਏ॥

ਆਖਿਰ ਇਹ ਨਸੀਹਤ, ਦੇਂਦਾ ਹਾਂ ਲੋਕੋ,
ਚੰਗਾ ਹੈ ਬੰਦਾ, ਰਾਜਨੀਤੀ ਤੋਂ ਬਚ ਰਹੇ॥

ਕਲਾ ਨੂੰ ਤਿਆਗ ਨਾ, ਕਰਿਓ ਰਾਜਨੀਤੀ,
ਲੁੱਟੇ ਜਾਵੋਗੇ ਨਾਂ ਕੁੱਲੀ ‘ਤੇ ਕੱਖ ਰਹੇ॥
08/02/2013

 

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com