ਧੀਆਂ
ਮੀਨਾ ਵਰਮਾ, ਮੁਹਾਲੀ
ਵਾਹ
ਪਰਮਾਤਮਾ ਤੇਰੇ ਸੰਸਾਰ ਅੰਦਰ,
ਪੁੱਤਰਾਂ ਵਾਂਗ ਜਹਾਨ ਤੇ ਆਣ ਧੀਆਂ।
ਲਾਡਾਂ ਨਾਲ ਗੋਦੀ ਖੇਡਣ ਮਾਪਿਆਂ ਦੀ,
ਜਦੋਂ ਹੁੰਦੀਆਂ ਨੇ ਨਦਾਨ ਧੀਆਂ।
ਹਰ ਇੱਕ ਚੀਜ ਨੂੰ ਆਪਣੀ ਸਮਝ ਕੇ,
ਮੇਰੀ ਮੇਰੀ ਦਾਅਵਾ ਜਤਾਣ ਧੀਆਂ।
ਇਹ ਕੀ ਪਤਾ ਵਿਚਾਰੀਆਂ ਭੋਲੀਆਂ ਨੂੰ,
ਅਸੀ ਹਾਂ ਪਰਾਈ ਅਮਾਨ ਧੀਆਂ।
ਖੇਤ, ਕੋਠੀਆਂ ਰਹੇ ਨੇ ਪੁੱਤ ਵਡਾਊਦੇਂ,
ਦੁੱਖ ਮਾਪਿਆਂ ਦਾ ਸਦਾ ਵਟਾਣ ਧੀਆਂ।
ਘਰ ਪੇਕੇ ਸੁਹਰੇ ਦੇ ਸਾਹੀਂ ਜੀਵਣ,
ਤਾਂ ਵੀ ਧਨ ਪਰਾਇਆ ਅਖਵਾਣ ਧੀਆਂ।
ਧੀਆਂ ਜੰਮੀਆਂ ਤਾਂ ਪੁੱਤਾਂ ਦੀ ਕਦਰ ਹੁੰਦੀ,
ਗੁੱਟ ਰੱਖੜੀ ਨਾਲ ਵੀਰ ਦਾ ਸਜਾਣ ਧੀਆਂ।
ਦੁੱਖ ਆਪਣਾ ਤਾਂ ਕਿਵੇਂ ਵੀ ਸਹਿ ਲੈਵਣ
ਸੁੱਖ ਮਾਪਿਆਂ ਦੀ ਸਦਾ ਮਨਾਣ ਧੀਆਂ।
ਇਹ ਤਾਂ ਹੁੰਦੀਆਂ ਵਾਂਗ ਕਸਤੂਰੀ ਦੇ ਨੇ,
ਜਿੱਥੇ ਜਾਂਦੀਆਂ ਨੇ ਮਹਿਕਾਂ ਖਿੰਡਾਣ ਧੀਆਂ।
ਧੀਆਂ ਬਾਝ ਨਾ ਵਿਹੜੇ ਸੋਭਦੇ ਨੇ,
ਹਰ ਘਰ ਦੀਆਂ ਹੁੰਦੀਆਂ ਨੇ ਸ਼ਾਨ ਧੀਆਂ।
"ਮੀਨਾ" ਆਖਦੀ ਏ ਧੀਆਂ ਦੀ ਕਦਰ ਕਰਨਾ,
ਸਦਾ ਮਾਪਿਆਂ ਦਾ ਮਾਣ ਵਧਾਣ ਧੀਆਂ।
ਕਿੱਥੋਂ ਭਾਲੋਂਗੇ ਪੁੱਤਰਾਂ ਲਈ ਨੂੰਹਾਂ,
ਜੇ ਦਿੱਤੀਆਂ ਨਾ ਜਗ ਤੇ ਆਣ ਧੀਆਂ।
19/01/17
|