WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਮਨਦੀਪ ਕੌਰ ਪ੍ਰੀਤ
ਹੁਸ਼ਿਆਰਪੁਰ

ਕੁੜੀਆਂ-ਚਿੜੀਆਂ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਕੁੜੀਆਂ-ਚਿੜੀਆਂ ਦਾ ਕੀ ਰਿਸ਼ਤਾ,
ਹਰ ਪਲ ਇਹ ਰਹਿਦੀਆਂ ਟਹਿਕਦੀਆਂ|
ਨਾ ਕੁੜੀਆਂ ਚਰਖਾ ਕਂਤਦੀਆਂ ਨੇ,
ਨਾ ਚਿੜੀਆਂ ਚੀ-ਚੀ ਚਹਿਕਦੀਆਂ|
ਗਿਂਧਿਆਂ ਦੀ ਮਹਿਫਲ ਸਂਜਦੀ ਨਹੀ,
ਨਾ ਪਿਂਪਲੀ.ਪੀਂਘਾ ਪੈਂਦੀਆਂ ਨੇ,
ਸੱਗੀ ਫੁਂਲ, ਘਂਗਰੇ, ਫੁਲਕਾਰੀਆਂ ਵੀ,
ਬਸ ਯਾਦਾਂ ਦੇ ਵਿਂਚ ਸਹਿਕਦੀਆਂ|
ਨਾ ਕੁੜੀਆਂ, ਨਾ ਚਿੜੀਆਂ.....
ਹੁਣ ਚਰਖੇ ਪੂਣੀਆਂ ਕਂਤਦੇ ਨਹੀ,
ਨਾ ਰੰਗਲੀਆਂ ਦਾਤਣਾਂ ਕਰੇ ਕੋਈ,
ਬਾਗੀਂ ਕੋਇਲਾਂ ਨਹੀਂ ਕੂਕਦੀਆਂ,
ਨਾ ਹੀ ਹੁਣ ਕਲੀਆਂ ਮਹਿਕਦੀਆਂ
ਨਾ ਕੁੜੀਆਂ, ਨਾ ਚਿੜੀਆਂ.....
'ਪ੍ਰੀਤ' ਸੇਵੀਆਂ ਵਂਟਦੀ ਨਹੀ ਕੋਈ,
ਨਾ ਖੀਰਾਂ-ਪੂੜੇ ਪਂਕਦੇ ਨੇ|
ਦੁਂਧ ਕਾੜ੍ਹਨੇ ਦਾ ਭਰ ਕੇ ਛੰਨਾ,
ਘਿਓ-ਚੂਰੀਆਂ ਖਾਂਦੀਆਂ ਦਹਿਕਦੀਆਂ,
ਨਾ ਕੁੜੀਆਂ, ਨਾ ਚਿੜੀਆਂ.....
21/12/16

ਸਾਡੇ ਬਾਬੇ ਬੋਹੜ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਪਿਆਰ ਦੀਆਂ ਬਾਤਾਂ ਪਾਉਂਦੇ ਸਨ ,
ਆਏ-ਗਏ ਨੂੰ ਦੁੱਧ ਪਿਲਾਉਂਦੇ ਸਨ,
ਖੁੱਲ੍ਹੇ ਲੰਗਰ ਵਰਤਾਉਂਦੇ ਸਨ,
ਕੋਈ ਨਹੀਂ ਸੀ ਥੋੜ੍ਹ,
ਸਾਡੇ ਬਾਬੇ ਬੋਹੜ।

ਘਿਓ ਚੂਰੀਆਂ ਖਾਂਦੇ ਸਨ,
ਖੇਤਾਂ-ਬੰਨੇ ਜਾਂਦੇ ਸਨ,
ਪਿੰਡਾ ਖੂਬ ਹੰਢਾਉਂਦੇ ਸਨ ,
ਬਲਦਾਂ ਨਾਲ ਹਲ ਜੋੜ,
ਸਾਡੇ ਬਾਬੇ ਬੋਹੜ।

ਸੱਚੇ ਸੁੱਚੇ ਕਿਰਦਾਰ ਸਨ,
ਸਤਿਕਾਰ ਦੇ ਹੱਕਦਾਰ ਸਨ,
ਹਰ ਥਾਂ ਮਦਦਗਾਰ ਸਨ,
ਜਦ ਵੀ ਪੈਂਦੀ ਸੀ ਲੋੜ,
ਸਾਡੇ ਬਾਬੇ ਬੋਹੜ।

ਸਿਆਣੀ ਗੱਲ ਸਮਝਾਉਂਦੇ ਸਨ ,
ਸਾਨੂੰ ਸਿੱਧੇ ਰਾਹੇ ਪਾਉਂਦੇ ਸਨ,
"ਪ੍ਰੀਤ" ਨਾਲ ਲਾਡ ਲਡਾਉਂਦੇ ਸਨ,
ਜਦ ਮਿਲਦੀ ਸੀ ਹੱਥ ਜੋੜ,
ਸਾਡੇ ਬਾਬੇ ਬੋਹੜ।
25/11/16

ਗ਼ਜ਼ਲ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਜੇ ਤਨਹਾਈਆਂ ਨਾ ਹੁੰਦੀਆਂ,
ਤਾਂ ਤੇਰੇ ਜਾਣ ਦਾ ਅਹਿਸਾਸ ਕਿੰਝ ਹੁੰਦਾ!
ਜੇ ਸਭ ਦੀ ਅਹਿਮੀਅਤ ਇਕੋ ਜਿਹੀ ਹੁੰਦੀ,
ਤਾਂ ਜ਼ਿੰਦਗੀ ਵਿਚ ਕੋਈ ਖਾਸ ਕਿੰਝ ਹੁੰਦਾ!
ਜੇ ਰਿਸ਼ਤਿਆਂ ਵਿਚ ਹੁੰਦੀ ਨਾ ਕੋਈ ਦਰਾੜ,
ਤਾਂ ਵੱਖ ਨਹੁੰਆਂ ਨਾਲੋਂ ਮਾਸ ਕਿੰਝ ਹੁੰਦਾ!
ਬੇ-ਇਤਬਾਰੀਆਂ ਰੁੱਤਾਂ ਜੇ ਕਦੇ ਬਦਲਣ ਹੀ ਨਾ,
ਤਾਂ ਮੌਸਮ ਬਦਲਣਾ ਰਾਸ ਕਿੰਝ ਹੁੰਦਾ!
ਹਰ ਵੇਲੇ ਜੇ ਰਹਿੰਦੀ ਮੱਥੇ 'ਤੇ ਤਿਊੜੀ,
ਤਾਂ ਘਰ ਵਿਚ ਖੁਸ਼ੀ ਦਾ ਵਾਸ ਕਿੰਝ ਹੁੰਦਾ!
ਧੱਕ ਦਿੰਦੀ ਨਫਰਤ ਜੇ ਸਭ ਨੂੰ ਇਕ ਪਾਸੇ,
ਤਾਂ ਕੋਈ ਕਿਸੇ ਦੇ ਪਾਸ ਕਿੰਝ ਹੁੰਦਾ!
ਮਿਲ ਜਾਂਦਾ 'ਪ੍ਰੀਤ' ਨੂੰ ਜੇ ਸਾਰੇ ਪ੍ਰਸ਼ਨਾਂ ਦਾ ਉਤਰ,
ਤਾਂ ਲੱਭਦੇ-ਲੱਭਦੇ ਇਨ੍ਹਾਂ ਨੂੰ ਮਨ ਉਦਾਸ ਕਿੰਝ ਹੁੰਦਾ!
12/09/16


ਜੇ ਸੱਜਣਾਂ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਜੇ ਸੱਜਣਾਂ ਤੂੰ ਫੁੱਲ ਬਣ ਜਾਵੇਂ,
ਮੈਂ ਬਣ ਜਾਵਾਂ ਤਿਤਲੀ।
ਅੰਗ-ਸੰਗ ਹਰ ਵੇਲੇ ਰਹਿ ਕੇ,
ਪਾਈਏ ਪਿਆਰ ਦੀ ਕਿੱਕਲੀ।
ਜੇ ਸੱਜਣਾਂ ਤੂੰ ਕਾਗਜ ਹੋਇਓਂ,
ਮੈਂ ਕਲਮ ਬਣ ਆਵਾਂ।

ਲਿਖ-ਲਿਖ ਤੇਰੇ ਉਤੇ ਸੋਹਣਿਆ,
ਮੈਂ ਆਪਣਾ ਪਿਆਰ ਜਤਾਵਾਂ।
ਜੇ ਸੱਜਣਾਂ ਤੂੰ ਆਵੇਂ ਰੁੱਖ ਬਣ,
ਮੈਂ ਰੁੱਖ ਤੇ ਫਲ ਬਣ ਆਵਾਂ।

ਵਾਰ ਦੇਵਾਂ ਤੈਥੋਂ ਜਿੰਦ ਨਿਮਾਣੀ।
ਹਰ ਜਨਮ ਤੇਰੇ ਨਾਲ ਬਿਤਾਵਾਂ।
ਜੇ ਚੰਨਾ ਬਣ ਬੱਦਲ ਵਰਸੇਂ,
ਮੈਂ ਧਰਤੀ ਬਣ ਜਾਵਾਂ।

ਇਕ-ਇਕ ਬੂੰਦ ਮੀਂਹ ਤੇਰੇ ਦੀ,
ਮੈਂ ਜਿੰਦ ਆਪਣੀ ਵਿਚ ਸਮਾਵਾਂ।
'ਪ੍ਰੀਤ' ਕੋਲੋਂ ਕਦੀ ਦੂਰ ਨਾ ਜਾਵੇਂ,
ਮੈਂ ਤੇਰਾ ਹੀ ਰੂਪ ਸਦਾਵਾਂ।
12/09/16

ਆਪਣੇ ਬੇਗਾਨੇ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਕੁਝ ਅਣਜਾਣੇ ਲੋਕਾਂ ਦੇ ਦੀਵਾਨੇ ਹੋ ਗਏ,
ਉਨ੍ਹਾਂ ਨਾਲ ਗੂਹੜੇ ਜਿਹੇ ਯਰਾਨੇ ਹੋ ਗਏ।

ਜਿਨ੍ਹਾਂ ਨੂੰ ਸਮਝੀ ਬੈਠੇ ਸਾਂ, ਆਪਣਾ ਸਭੇ ਕੁਝ,
ਉਹ ਇਕ ਪਲ ਵਿਚ ਹੀ, ਬੇਗਾਨੇ ਹੋ ਗਏ।

ਸੋਚਿਆ ਨਹੀ ਸੀ, ਮੋੜ ਇਹ ਵੀ ਕਦੇ ਆਏਗਾ,
ਪਿਆਰ, ਮੁਹੱਬਤ ਲਫਜ ਬੇ-ਮਾਨੇ ਹੋ ਗਏ।

ਵੈਰੀਆਂ ਨਾਲ ਤਾਂ 'ਲੋਹਾ ਲੈਣਾ' ਸੁਣਦੇ ਸਾਂ,
ਪਰ, ਆਪਣਿਆਂ ਤੋਂ ਹੀ ਹਾਂ, ਨਿਸ਼ਾਨੇ ਹੋ ਗਏ।

ਮਾਪ ਨਾ ਸਕੇ ਜੋ ਦਿਲ ਦਿਆਂ ਜਜਬਾਤਾਂ ਨੂੰ,
ਬਸ ਝੂਠੇ ਗਲਤ ਸਾਰੇ ਹੀ ਪੈਮਾਨੇ ਹੋ ਗਏ।

ਹੰਭਲਾ ਮਾਰਨਾ ਪੈਣਾ, ਮਨ ਵਿਚ ਹੌਂਸਲਾ ਰੱਖ,
ਅਜੀਬ ਜਿਹੇ ਹਾਲਾਤਾਂ ਦੇ ਅਫ਼ਸਾਨੇ ਹੋ ਗਏ।

ਮੁੱਦਤਾਂ ਬੀਤ ਗਈਆਂ, ਦਿਲ ਵਿਚ ਧਰਵਾਸ ਰੱਖ,
'ਪ੍ਰੀਤ' ਚਿਣਗਾਂ ਸੁਲਘਦਿਆਂ, ਜਮਾਨੇ ਹੋ ਗਏ।
06/09/16

ਜੇ ਦੁਨੀਆਂ ਤੇ ਆਵਾਂਗੀ ਮੈਂ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਮਾਪਿਆਂ ਦੀ ਦੁਲਾਰੀ ਕਹਾਵਾਂਗੀ ਮੈਂ,
ਭੈਣਾਂ ਨਾਲ ਲਾਡ ਲਡਾਵਾਂਗੀ ਮੈਂ,
ਪੜ੍ਹ ਵੱਡੇ ਅਹੁੱਦੇ ਤੇ ਜਾਵਾਂਗੀ ਮੈਂ,
ਧੀਆਂ ਕੀ ਹੁੰਦੀਆਂ ਦਿਖਾਵਾਂਗੀ ਮੈਂ,
ਤਲੀਆਂ ਤੇ ਮਹਿੰਦੀ ਸਜਾਵਾਂਗੀ ਮੈਂ,
ਚਿੜੀਆਂ-ਚੰਬੇ ਦਾ ਹਿੱਸਾ ਬਣ ਜਾਵਾਂਗੀ ਮੈਂ,
ਸਭ ਦੀ ਜਿੰਦਗੀ ਰੁਸ਼ਨਾਵਾਂਗੀ ਮੈਂ,
ਫਰਜਾਂ ਦਾ ਬੋਝ ਉਠਾਵਾਂਗੀ ਮੈਂ,
ਬੇਟੀ, ਬਹੂ, ਮਾਂ ਕਹਾਵਾਂਗੀ ਮੈਂ,
ਸਾਰੇ ਹੀ ਰਿਸ਼ਤੇ ਨਿਭਾਵਾਂਗੀ ਮੈਂ,
ਹਾਲਾਤਾਂ ਤੋਂ ਨਾ ਘਬਰਾਵਾਂਗੀ ਮੈਂ,
ਹੌਂਸਲੇ ਦੀ ਉਡਾਣ ਭਰ ਜਾਵਾਂਗੀ ਮੈਂ,
ਅਰਸ਼ਾਂ ਨੂੰ ਹੱਥ ਲਾ ਕੇ ਆਵਾਂਗੀ ਮੈਂ,
ਜਗ ਤੋਂ ਧੀਆਂ ਦੀ ਕਦਰ ਕਰਾਵਾਂਗੀ ਮੈਂ,
'ਪ੍ਰੀਤ' ਇਹ ਸਭ ਤਾਂ ਹੀ ਕਰ ਪਾਵਾਂਗੀ ਮੈਂ,
ਜਨਮ ਲੈਕੇ ਜੇ ਦੁਨੀਆਂ ਤੇ ਆਵਾਂਗੀ ਮੈਂ।
06/09/16

 

ਹੱਸ ਕੇ ਬੋਲ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਕਦੇ ਤਾਂ ਹੱਸ ਕੇ ਬੋਲ ਸੋਹਣਿਆ,
ਕਦੇ ਤਾਂ ਹੱਸ ਕੇ ਬੋਲ।
ਦੁੱਖ-ਸੁੱਖ ਦੀਆਂ ਦੋ ਗੱਲਾਂ ਕਰੀਏ,
ਆ ਬਹਿ-ਜਾ ਸਾਡੇ ਕੋਲ।
ਕਿੰਨਾ ਤੈਨੂੰ ਚਾਹੁੰਦੇ ਹਾਂ,
ਸਾਡੇ ਮਨ ਦੇ ਵਰਕੇ ਫੋਲ।
ਗੁੱਸੇ ਵਿਚ ਤੂੰ ਜਦ ਵੀ ਬੋਲੇਂ,
ਮੇਰੇ ਦਿਲ ਨੂੰ ਪੈਂਦੇ ਹੌਲ।
ਤੂੰ ਕੀ ਜਾਣੇਂ, ਕਿੰਝ ਸਮਝਾਵਾਂ,
ਸਾਡੇ ਹੰਝੂਆਂ ਦਾ ਕੀ ਮੋਲ।
ਦਿਲਦਾਰ ਯਾਰ ਤੂੰ, ਮਹਿਰਮ ਸਾਡਾ,
ਕਾਹਤੋਂ ਦਿਲ ਜਾਂਦਾ ਏ ਡੋਲ।
ਤੇਰੇ ਕਦਮੀਂ ਸਾਡੀ ਜਿੰਦ ਨਿਮਾਣੀ,
ਜਿੰਦ, 'ਪ੍ਰੀਤ' ਦੀ ਨਾ ਤੂੰ ਰੋਲ।
ਸੋਹਣਿਆਂ ਕਦੇ ਤਾਂ ਹੱਸ ਕੇ ਬੋਲ।
06/09/16

 

ਧੀਆਂ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਇਹ ਘਰ ਨੂੰ ਸਵਰਗ ਬਣਾਉਂਦੀਆਂ ਨੇ,
ਬਿਨ ਧੀਆਂ ਇਹ ਸੰਸਾਰ ਨਹੀ।
'ਪਰ ਧੀ ਤਾਂ ਹੈ ਪਰਾਇਆ ਧਨ,
ਤੇ ਪਰਾਇਆਂ ਤੇ ਇਤਬਾਰ ਨਹੀ'
ਲਾਡ ਲਡਾਉਂਦੇ ਮਾਪਿਆਂ ਦਾ,
ਇਹ ਸੋਚ, ਸਬਰ ਜਿਹਾ ਮੁੱਕ ਜਾਂਦਾ।
ਧੀ ਦੀ ਆਮਦ ਤੇ ਕਿਉਂ ਲੋਕੋ!
ਬਾਬਲ ਦਾ ਪੱਲਾ ਝੁਕ ਜਾਂਦਾ?

'ਸਦਾ ਹੱਸਦੀ-ਵਸਦੀ ਰਹਿ ਧੀਏ,
ਤੈਨੂੰ ਸੋਹਣਾ-ਸੁਖੀ ਪਰਿਵਾਰ ਮਿਲੇ।
ਜਿਵੇਂ ਦੁੱਧ-ਮੱਖਣਾਂ ਨਾਲ ਪਾਲੀ ਮੈਂ,
ਸਹੁਰੇ ਘਰ ਵੀ ਇਹੀ ਦੁਲਾਰ ਮਿਲੇ।'
ਦੁਆਵਾਂ ਦਿੰਦੇ ਬਾਬਲ ਦਾ,
ਇਹ ਸੋਚਕੇ ਸਾਹ ਜਿਹਾ ਸੁੱਕ ਜਾਂਦਾ।
ਧੀ ਦੀ ਆਮਦ ਤੇ........

ਵਿਹੜੇ ਵਿਚ ਮਹਿਕਣ ਫੁੱਲ ਬਣਕੇ,
ਧੀ ਹੱਸਦੀ ਤਾਂ ਰੱਬ ਹੱਸਦਾ ਹੈ।
ਦੁਨੀਆਂ ਤੇ ਵੰਸ਼ ਚਲਾਉਂਦੀਆਂ ਨੇ,
ਘਰ ਧੀਆਂ ਨਾਲ ਹੀ ਵਸਦਾ ਹੈ।
ਧੀਆਂ ਬਿਨ 'ਪ੍ਰੀਤ' ਇਹ ਦੁਨੀਆਂ ਦਾ,
ਸਭ ਤਾਣਾ-ਬਾਣਾ ਰੁਕ ਜਾਂਦਾ।
ਧੀ ਦੀ ਆਮਦ ਤੇ........
29/07/16

 

ਨਸ਼ਿਆਂ 'ਚ ਗਰਕ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਨਸ਼ਿਆਂ 'ਚ ਗਰਕ ਹੁੰਦੀ ਜਵਾਨੀ ਵੇਖਦੀ ਹਾਂ,
ਘਰ-ਘਰ ਦੀ ਇਹੋ ਕਹਾਣੀ ਵੇਖਦੀ ਹਾਂ।

ਜਿਸ ਮਾਂ ਦਾ ਪੁੱਤ ਉਸ ਤੋਂ ਵੀ ਪਹਿਲਾਂ ਮੋਇਆ,
ਕਬਰਾਂ ਦੇ ਵਿਚ ਹੈ ਜਾਣ ਖਲੋਇਆ,
ਉਸਦੇ ਅੱਥਰੂਆਂ ਦੀ ਰਵਾਨੀ ਵੇਖਦੀ ਹਾਂ।
ਘਰ-ਘਰ ਦੀ ਇਹੋ.......

ਜਿਹੜਾ ਪਿਓ, ਪੁੱਤਰ ਦੀ ਅਰਥੀ ਨਾਲ ਜਾਵੇ,
ਧਾਹਾਂ ਮਾਰ ਰੋਵੇ, ਕਿਸਨੂੰ ਦੁੱਖੜਾ ਸੁਣਾਵੇ।
ਉਸ ਪਿਓ ਦੇ ਨੈਣਾਂ ਦਾ ਪਾਣੀ ਵੇਖਦੀ ਹਾਂ।
ਘਰ-ਘਰ ਦੀ ਇਹੋ.......

ਜਿਸ ਭੈਣ ਦਾ ਹੀਰਾ ਮੁੜਕੇ ਨਾ ਆਇਆ,
'ਨਸ਼ਿਆਂ ਨੂੰ ਛੱਡ ਦੇ', ਸੀ ਕਿੰਨਾ ਸਮਝਾਇਆ।
ਉਸ ਦੀ ਰੱਖੜੀ ਦੀ ਟੁੱਟੀ ਹੋਣੀ ਤਾਣੀ ਵੇਖਦੀ ਹਾਂ।
ਘਰ-ਘਰ ਦੀ ਇਹੋ.......

ਜਿਸ ਦੇ ਸਿਰ ਦਾ ਸਾਂਈਂ, ਤੁਰ ਗਿਆ ਜਹਾਨੋਂ,
ਕੋਈ ਤਾਂ ਦਰਦ ਵੰਡਾਵੋ ਹਾਏ! ਰਕਾਨੋ,
ਮਿਲਦੇ ਨਾ 'ਪ੍ਰੀਤ' ਮੁੜ ਉਹ ਹਾਣੀ ਵੇਖਦੀ ਹਾਂ।
ਘਰ-ਘਰ ਦੀ ਇਹੋ.......
20/07/2014

 

ਧੀ ਦਾ ਦਰਦ
ਮਨਦੀਪ ਕੌਰ ਪ੍ਰੀਤ, ਹੁਸ਼ਿਆਰਪੁਰ

ਬਹਿ ਕੇ ਖੁਦਾ ਦੇ ਦਰ ਦੇ ਕੋਨੇ ਤੇ,
ਧੀ ਆਪਣਾ ਦਰਦ ਸੁਣਾਉਂਦੀ ਹੈ।
ਡੋਲੀ ਵਿਚ ਬਿਠਾ ਮਾਪੇ ਵਿਦਾ ਕਰਦੇ,
ਧੀ ਰੋ ਰੋ ਵਾਸਤੇ ਪਾਉਂਦੀ ਹੈ।
ਨਵੇ ਸ਼ਹਿਰ-ਗਰਾਂ, ਨਵੇਂ ਲੋਕਾਂ ਵਿਚ,
ਆਪਣਾ ਆਸ਼ਿਆਨਾ ਬਣਾਉਂਦੀ ਹੈ।
ਸਹੁਰੇ ਹੋਣ ਚੰਗੇ ਤੇ ਘਰ ਹੋਵੇ ਵਧੀਆ,
ਤਾਂ ਫਿਰ ਖੁਸ਼ਨਸੀਬ ਅਖਵਾਂਉਂਦੀ ਹੈ।
ਜੇ ਵਸ ਪੈ ਜਾਵੇ ਦਾਜ-ਲੋਭੀਆਂ ਦੇ,
ਪਿਆਲਾ ਜਹਿਰ ਦਾ ਮੂੰਹ ਨੂੰ ਲਾਉਂਦੀ ਹੈ।
ਕਿੰਨੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਹੋਈ,
ਲਾਹਨਤ ਦਾਜ ਦੀ, ਕੀ-ਕੀ ਕਰਾਉਂਦੀ ਹੈ।
ਸਹੁਰੇ ਮਾਰ ਦਿੰਦੇ, ਜਾਂ ਫਿਰ ਸਾੜ ਦਿੰਦੇ,
ਧੀ ਵਿਚਾਰੀ, ਬਹਿ ਰੋਂਦੀ ਕੁਰਲਾਉਂਦੀ ਹੈ।
ਤਾਈਓਂ ਮਾਪਿਆਂ ਦਾ ਸਿਰ 'ਪ੍ਰੀਤ' ਝੁਕ ਜਾਂਦਾ,
ਜਦੋਂ ਧੀ ਇਸ ਦੁਨੀਆਂ ਵਿਚ ਆਉਂਦੀ ਹੈ।
20/07/2014
 

ਮਨਦੀਪ ਕੌਰ ਪ੍ਰੀਤ,
ਸੀ ਐਲੀਮੈਂਟਰੀ ਸਕੂਲ,
ਕੋਟਲੀ ਖਾਸ,
ਤਹਿ: ਮੁਕੇਰੀਆਂ
ਹੁਸ਼ਿਆਰਪੁਰ
9465001883

pritamludhianvi@yahoo.in

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com