ਮੇਰੀ ਕਵਿਤਾ
ਮਨਦੀਪ ਸੰਧੂ, ਮੁਕਤਸਰ ਸਾਹਿਬ
ਤੇਰੇ ਮੁੱਖ ਤੇ ਪਹਿਲੀ ਕਿਰਨ
ਤੇਰੀ ਹੈ ਅੰਗੜਾਈ ਮੇਰੀ ਕਵਿਤਾ
ਬਿਰਹਾ ਦਾ ਥਲ ਗਾਹੁੰਦੀ ਫਿਰਦੀ
ਮੁੱਦਤਾਂ ਦੀ ਤਿਰਹਾਈ ਮੇਰੀ ਕਵਿਤਾ
ਲਿਪਟ ਕੇ ਮੈਨੂੰ ਫੁਟ ਫੁਟ ਰੋਂਦੀ
ਡਾਢੀ ਗ਼ਮਾਂ ਸਤਾਈ ਮੇਰੀ ਕਵਿਤਾ
ਇਸ਼ਕ ਦੀ ਰਹੀ ਗੁਲਾਮੀ ਜਰਦੀ
ਫਾਂਸੀ ਤੇ ਲਟਕਾਈ ਮੇਰੀ ਕਵਿਤਾ
ਨਿਰਮੋਹਿਆਂ ਨੇ ਨਿਰਮੋਹੀ ਕੀਤਾ
ਨਹੀਂ ਹੈ ਕੋਈ ਕਸਾਈ ਮੇਰੀ ਕਵਿਤਾ
ਗੱਲ ਕੱਚੇ ਘਰ ਦੀ ਹੈ ਕਰਦੀ
ਮਿੱਟੀ ਨਾਲ ਬਣਾਈ ਮੇਰੀ ਕਵਿਤਾ
ਪੜ੍ਹ ਕੇ ਇਸਨੂੰ ਟੇਰੇ ਬੁੱਲ੍ਹੀਆਂ
ਦੁਨੀਆਂ ਨੇ ਠੁਕਰਾਈ ਮੇਰੀ ਕਵਿਤਾ
ਹੋ ਜਾਣੀ ਮੇਰੇ ਲਈ ਇਤਿਹਾਸਕ
ਤੂੰ ਜਦ ਗੁਣਗੁਣਾਈ ਮੇਰੀ ਕਵਿਤਾ
08/06/2014
|