ਇਹ ‘ਸੋਨਾ’ ਲਖਵਿੰਦਰ ਜੌਹਲ
‘ਧੱਲੇਕੇ’ ਇਹ ਸੋਨਾ ਕੁਝ
ਸਸਤਾ ਏ, ਪਰ ਕਿਸੇ ਗੱਲੋਂ ਵੀ ਘੱਟ ਨਹੀਂ। ਇਹ ਸੋਨਾ ਖੇਤੀ ਉੱਗਦਾ ਏ, ਪਰ ਉੱਗਦਾ ਵਿੱਚ ਬਿੰਦ ਝੱਟ
ਨਹੀਂ।
ਕਰ ਖ਼ੂਨ ਪਸੀਨਾ ਇੱਕ ਪਹਿਲਾਂ, ਇਹ ਸੋਨਾ ਬੀਜਿਆ
ਜਾਂਦਾ ਏ। ਫਿਰ ਲ਼ੰਘਦੇ ਨੇ ਕੁਝ ਦਿਨ ਜਦੋਂ, ਇਹ ਹਰੀ ਤਿੜ ਬਣ
ਫੁੱਟ ਜਾਂਦਾ ਏ।
ਕੱਟ ਪਾਲੇ ਪੋਹ ਤੇ ਮਾਘ ਵਾਲੇ, ਇਹ ਪੈਰ
ਫੱਗਣ ਵਿੱਚ ਧਰਦਾ ਏ। ਪੈ ਜਾਵਣ ਬੱਲੀਆਂ ਫਿਰ ਇਸਨੂੰ, ਤੇ ਉਡੀਕ
ਚੇਤ ਦੀ ਕਰਦਾ ਏ।
ਵਿੱਚ ਸੋਹਣੇ ਚੇਤ ਮਹੀਨੇ ਦੇ, ਇਹ ਰੰਗ
ਸੁਨਿਹਰੀ ਵਟਾ ਜਾਂਦਾ। ਫਿਰ ਬਣਦਾ ਕੁੰਦਨ ਨਾਲ ਧੁੱਪਾਂ, ਤੇ ਘਰ
ਵਿਸਾਖੀ ਆ ਜਾਂਦਾ।
ਹੇ ਦਾਤਾ! ਸੁੱਖ-ਸਾਂਦ ਨਾਲ, ਇਹ ਸੋਨਾ
ਸਭ ਦੇ ਘਰ ਆਵੇ। ਖੜਾ ਵਿੱਚ ਖੇਤਾਂ ਪੱਕਿਆ ਸੋਨਾ, ਹਰ ਔਕੜ ਹੱਸ ਜਰ
ਜਾਵੇ।
ਪਵੇ ਮੁੱਲ ਸਭਨਾਂ ਦੀ ਮਿਹਨਤ ਦਾ, ਹੇ ਦਾਤਾ! ਤੂੰ
ਖ਼ਿਆਲ ਕਰੀ। ਰੱਖੀ ਨਜ਼ਰ ਸਵੱਲੀ ਹੇ ਸਾਂਈਆਂ, ਨਾ ਕਿਸੇ ਨੂੰ ਹਾਲੋ
ਬੇਹਾਲ ਕਰੀ।
ਇਹ ਸੋਨੇ ਨਾਲ ਢਿੱਡ ਭਰਦਾ ਏ, ਇਹ ਸੋਨੇ
ਬਿਨ੍ਹਾਂ ਸਰਦਾ ਨਹੀਂ। ਗ਼ੁੱਸੇ ਅੰਨ-ਦੇਵ ਉਸ ਨਾਲ ਹੋ ਜਾਏ, ਜੋ
ਕਦਰ ਏਸ ਦੀ ਕਰਦਾ ਨਹੀਂ।
‘ਲਖਵਿੰਦਰ’ ਕਰੇ ਅਰਜ਼ ਰੱਬ ਨੂੰ,
ਹੇ ਦਾਤਾ! ਸਭ ਨੂੰ ਰਿਜ਼ਕ ਦੇਈ। ਲੱਖਾਂ ਜੀਅ ਜੰਤ ਜੋ ਤੂੰ ਸਾਜੇ,
ਹੇ ਦਾਤਾ! ਸਭ ਨੂੰ ਰਿਜ਼ਕ ਦੇਈ। 06/04/2021
|