ਗ਼ਜ਼ਲ
ਲਾਡੀ ਸੁਖਜਿੰਦਰ ਕੌਰ ਭੁੱਲਰਕੋਠੇ
ਉੱਤੇ ਬੋਲੇ ਕਾਂ।
ਵਿਚ ਵਿਹੜੇ ਜਦ ਆਏ ਛਾਂ।
ਕਰਦਾ ਰਹਿੰਦਾ ਕਾਂ-ਕਾਂ ਤੂੰ।
ਦਸਦਾ ਨਹੀਂ ਤੂੰ ਉਸਦਾ ਨਾਂ।
ਉੱਡ ਜਾਵੇਂ ਤੂੰ ਚੂਰੀ ਖਾਂ,
ਉਸਨੂੰ ਲੱਭਾਂ ਮੈਂ ਹਰ ਥਾਂ।
ਕਿੱਥੇ ਰਾਜਾ ਖਾਬਾਂ ਦਾ,
ਦਸ ਜਾ ਮੈਨੂੰ ਉਸ ਦੀ ਥਾਂ।
ਖੋਈ-ਖੋਈ ਰਹਿੰਦੀ ਹਾਂ,
ਹੁਣ ਲੜਦੀ ਹੈ ਮੇਰੀ ਮਾਂ।
ਕਰ ਕੋਸ਼ਿਸ਼ ਮੈਂ ਲੱਭ ਲਿਆ,
‘ਲਾਡੀ ਭੁੱਲਰ’ ਉਸਦਾ ਨਾਂ।
04/10/2014
ਵਿਰਸੇ ਦਾ ਝੰਡਾ
ਲਾਡੀ ਸੁਖਜਿੰਦਰ ਕੌਰ ਭੁੱਲਰ
ਵੱਡਾ
ਬੂਹਾ ਲੱਕੜ ਦਾ ਉੱਤੇ ਵਾਹਿਆ ਖੰਡਾ ਹੁੰਦਾ ਸੀ।
ਪੂਰੇ ਪਿੰਡ ’ਚ ਇਕ ਬਖਤੌਰੇ ਦਾ, ਤੋਲਣ-ਕੰਡਾ ਹੁੰਦਾ ਸੀ।
ਲੋਕੀਂ ਜਾਂਦੇ ਸੀ ਮੇਲਾ ਵੇਖਣ ਰੇੜ੍ਹੇ, ਗੱਡੇ, ਉੱਠਾਂ ’ਤੇ,
ਕੈਲੂ ਬੁੜ੍ਹੇ ਦੇ ਜਾਣ ਨੂੰ ਸਾਇਕਲ ਇਕ ਲੰਡਾ ਹੁੰਦਾ ਸੀ।
ਰਿੱਝਦੀਆਂ ਵਿਚ ਤੌੜੀਆਂ ਦੇ ਦਾਲ਼ਾਂ, ਖੀਰਾਂ ਹੁੰਦੀਆਂ ਸੀ,
ਮਿੱਠੀਆਂ ਪੱਕਣ ਰੋਟੀਆਂ ਜਦ ਮੌਸਮ ਠੰਡਾ ਹੁੰਦਾ ਸੀ।
ਫੱਟੀਆਂ, ਦਵਾਤਾਂ ਤੇ ਕਲਮਾਂ ਵਾਲੇ ਉਹ ਸਕੂਲ ਜਦੋਂ ਸੀ,
ਤਾਪ ਬਹਾਨੇ ਨੂੰ ਝੋਲ਼ੇ ’ਚ ਪਾਇਆ ਇਕ ਗੰਡਾ ਹੁੰਦਾ ਸੀ।
ਵਿੱਚ ਸਕੂਲੇ ਬੈਠਣ ਨੂੰ ਨਾਲ਼ ਸ਼ਿਆਹੀ ਲਿਬੜੇ ਬੋਰੇ ਸੀ,
ਅਧਿਆਪਕ ਕੋਲ ਤੂਤ ਦਾ ਉਦੋਂ ਗਿੱਲਾ ਡੰਡਾ ਹੁੰਦਾ ਸੀ।
ਦਾਣੇ ਚੱਬਣੇ, ਸੱਤੂ ਪੀ, ਤੱਤਾ ਗੁੜ ਗੰਨੇ ’ਤੇ ਲਾ ਖਾਣਾ,
ਦੁਪਹਿਰ ਦੀ ਰੋਟੀ ਖਾਣ ਨੂੰ ਅਚਾਰ ਨਾਲ ਡੰਢਾ ਹੁੰਦਾ ਸੀ।
ਉਹ ਕਹਾਣੀ ਦਾਦੀ ਮਾਂ ਜੀ ਨੇ ਅੱਜ ਸੁਣਾਈ ਹੈ ‘ਲਾਡੀ’ ਨੂੰ,
ਉਸ ਦੇ ਵਿਰਸੇ ਦਾ ਜਦ ਸਭ ਤੋਂ ਉੱਚਾ ਝੰਡਾ ਹੁੰਦਾ ਸੀ।
09/05/2014
ਮੋਬ:-97811-91910
ਗ਼ਜ਼ਲ
‘ਪੰਜਾਬਣ ਸ਼ਿੰਗਾਰੀ’
ਲਾਡੀ ਸੁਖਜਿੰਦਰ ਕੌਰ ਭੁੱਲਰ
ਪੋਨੀ
ਤੇ ਮੋਨੀ ਦੀ ਆਈ ਵਾਰੀ ।
ਰਾਮਾ! ਹੁਣ ਕਿਹਨੇ ਕੱਢਣੀ ਫੁਲਕਾਰੀ ।
ਮਿੱਟੀ ਲਾਉਂਦੀ ਪਸੀਨੇ ਭਿੱਜੀ ਜੋ,
ਹੁਣ ਉਹ ੲਤਰ ਫੁਲੇਲ ’ਚ ਮਹਿਕੇ ਸਾਰੀ।
ਸਭ ਦੇ ਝੱਟ ਦਿਲਾਂ ਨੂੰ ਮੋਹ ਲੈਂਦੀ ਸੀ,
ਉਹ ਅੱਖੀਂ ਪਾਈ ਸੁਰਮੇ ਦੀ ਧਾਰੀ ।
ਸਿੰਗ ਤਵੀਤ ਗਲ਼ੇ ਪਾ, ਸੱਗੀ ਸਿਰ ਲਾ,
ਰਹਿੰਦੀ ਸੀ ਉਹ ਪੰਜਾਬਣ ਸ਼ਿੰਗਾਰੀ ।
ਚਾਦਰ, ਝੱਗਾ , ਪੱਗ, ਕੇਸ ਸਭ ਛੱਡ ਕੇ,
ਗਜਨੀ ਕੱਟ, ਜੀਨਾਂ ਦੀ ਆਈ ਵਾਰੀ ।
ਕੰਨ, ਬੁੱਲ੍ਹ ’ਚ ਕੋਕੇ ਵਾਲਾਂ ਨੂੰ ਜੈਲੱ,
ਕਿੱਥੇ ਗਈ ਮੁੰਡਿਆਂ ਦੀ ਸਰਦਾਰੀ ?
ਪਹਿਲਾਂ ਧੀਆਂ ਜੌਬਾਂ ਨਹੀਂ ਸੀ ਕਰਦੀਆਂ,
‘ਲਾਡੀ’ ਲਾਵਣ ਅੰਬਰੀ ਅੱਜ ਉਡਾਰੀ ।
17/11/13
ਇਨਕਲਾਬ ਵਰਗਾ
ਲਾਡੀ ਸੁਖਜਿੰਦਰ ਕੌਰ ਭੁੱਲਰ
ਜ਼ਰੂਰੀ ਤਾਂ ਨਹੀਂ ਹਰ ਮੁੱਖ
ਹੋਵੇ, ਖਿੜੇ ਗੁਲਾਬ ਵਰਗਾ।
ਜਿਵੇਂ ਹਰ ਸੋਚ ਵਿਚ ਹੁੰਦਾ ਨਹੀਂ ਕੁਝ ਇਨਕਲਾਬ ਵਰਗਾ।
ਕਈਆਂ ’ਤੇ ਹੈ ਮਾਣ ਕੀਤਾ ਕਈਆਂ ਨੂੰ ਸਵਾਲ ਕੀਤਾ,
ਜਵਾਬ ਕਿਤੋਂ ਨਹੀਂ ਮਿਲਿਆ ਆਪਣਿਆ ਦੇ ਜਵਾਬ ਵਰਗਾ।
ਬੜੇ ਮੰਤਰੀ ਬਣਦੇ ਨੇ, ਲਵਾਉਂਦੇ ਨਾਅਰੇ ਥਾਂ-ਥਾਂ ’ਤੇ,
ਨਹੀਂ ਸੁਣਿਆ ਕਦੇ ਕੋਈ ਹੁਣ ਨਾਅਰਾ ਇਨਕਲਾਬ ਵਰਗਾ।
ਕਹਿੰਦੇ ਸੀ ਜਿਸ ਨੂੰ ਸੋਨੇ ਦੀ ਚਿੜੀ ਹੈ ਇਹ ਪੰਜਾਬ,
ਰਿਹਾ ਨਾ ਚਿੜੀ ਹੁਣ ਲੱਗਦਾ ਹੈ ਉਜੜੇ ਇਹ ਖਾਬ ਵਰਗਾ।
ਉਂਝ ਦੋ-ਚਾਰ ਰਚਨਾਵਾਂ ਲਿਖ ਕੇ ਬਣਦੇ ਬਹੁਤ ਉਸਤਾਦ,
ਨਹੀਂ ‘ਲਾਡੀ’ ਨੂੰ ਉਸਤਾਦ ਮਿਲਣਾ ‘ਕੌਸਤੁਭ’ ਜਨਾਬ ਵਰਗਾ।
ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
26/08/2013
ਗ਼ਜ਼ਲ
‘ਝੂਠੇ ਹਾਸੇ’
ਲਾਡੀ ਸੁਖਜਿੰਦਰ ਕੌਰ ਭੁੱਲਰ
ਨਾ ਝੂਠੇ ਹਾਸੇ ਹੱਸਿਆ ਕਰ।
ਦਿਲ ਦੀ ਗੱਲ ਵੀ ਦੱਸਿਆ ਕਰ।
ਦਿਲ ਤੈਨੂੰ ਵੇਖਣ ਨੂੰ ਬੇਤਾਬ,
ਸਾਨੂੰ ਵੇਖ ਨਾ ਨਸਿਆ ਕਰ।
ਲੰਘਿਆ ਨਾ ਕਰ ਘੂਰੀ ਵੱਟ ਕੇ,
ਤੂੰ ਖਿੜ-ਖਿੜ ਕੇ ਵੀ ਹੱਸਿਆ ਕਰ।
ਜੁਲਫ਼ ਨੂੰ ਤੂੰ ਇਹ ਸਮਝਾ ਦੇ ਖਾਂ,
ਕਿ ਨਾਗ ਵਾਂਗ ਨਾ ਡਸਿਆ ਕਰ।
ਰਹਿ ਹਰ ਵੇਲੇ ਤੂੰ ਰੰਗਾਂ ਵਿਚ,
ਭਾਵੇਂ ਦੂਰ ਸਾਥੋਂ ਵਸਿਆ ਕਰ।
ਹਾਸੇ ਰੱਖ ਛੁਪਾ ਕੇ ਭਾਵੇਂ,
ਸਭ ਦੁੱਖ ‘ਲਾਡੀ’ ਨੂੰ ਦਸਿਆ ਕਰ।
ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
16/06/2013
ਗ਼ਜ਼ਲ
“ਖੀਰ ਪੂੜੇ”
ਲਾਡੀ ਸੁਖਜਿੰਦਰ ਕੌਰ ਭੁੱਲਰ
ਪੱਕਣ ਨਾ ਹੁਣ ਖੀਰ ਪੂੜੇ।
ਪੀੜ੍ਹੇ ਰਹੇ ਨ ਰਹੇ ਭੰਗੂੜੇ।
ਹਰ ਪਾਸੇ ਪਟਿਆਂ ਦਾ ਫ਼ੈਸ਼ਨ,
ਦਿਸਣੇ ਨੇ ਹੁਣ ਕਿੱਥੋਂ ਜੂੜੇ।
ਪੰਜਾਬੀ ਬੋਲਣ ਏ ਬੀ ਸੀ,
ਭੁੱਲੇ ਫਿਰਦੇ ਐੜੇ ਊੜੇ।
ਬਾਵ੍ਹਾ ਹੋਈਆਂ ਖ਼ਾਲੀ ਅੱਜ ਕਲ੍ਹ,
ਵਿੱਚ ਜਿਨ੍ਹਾਂ ਸਨ ਰਗਲੇ ਚੂੜੇ।
ਜਿਸ ਨੂੰ ਫਿਕਰ ਹੈ ਲੂਣ ਮਿਰਚ ਦਾ,
ਕਿੱਥੋਂ ਝੂਟੇ ਉਹ ਭੰਗੂੜੇ।
ਪਿਆਰ ਮੁਹੱਬਤ ਦੀ ਥਾਂ ‘ਲਾਡੀ’,
ਹਰ ਦਿਲ ਵਿੱਚ ਭਰੇ ਨੇ ਕੂੜੇ।
ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
16/06/2013 ਗ਼ਜ਼ਲ
‘ਦਰਿੰਦਗੀ ਯੁੱਗ’
ਕੁੱਝ ਕੁਖਾਂ ਵਿੱਚ ਮੁਕਾਈਆਂ ਧੀਆਂ !
ਕੁੱਝ ਪੱਥਰ ਕਹਿ ਕੇ ਨਿਵਾਈਆਂ ਧੀਆਂ !
ਵੇਖੋ ! ਕਲਯੁਗੀ ਇਹ ਚਾਚੇ, ਤਾਏ,
ਜਿਹਨਾਂ ਮਾੜੀ ਨਜ਼ਰ ਤਕਾਈਆਂ ਧੀਆਂ !
ਹਲਕੇ ਹੋਏ ਹੋਏ ਦਰਿੰਦਿਆਂ ਨੇ,
ਕੁੱਝ ਜਿੰਦਾ ਲਾਸ਼ ਬਣਾਈਆਂ ਧੀਆਂ !
ਕੁੱਝ ਭੁੱਖੇ, ਲੋਭੀ, ਲਾਲਚੀ ਲੋਕਾਂ ,
ਦਾਜ ਦੀ ਬਲੀ ਹੈ ਚੜਾਈਆਂ ਧੀਆਂ !
‘ਲਾਡੀ ਭੁੱਲਰ’ ਇਹ ਬਹੁਤ ਬਹਾਦਰ ਨੇ,
ਜੋ ਦਰਿੰਦਗੀ ਯੁੱਗ ’ਚ ਆਈਆਂ ਧੀਆਂ !
02/06/2013 ਗ਼ਜ਼ਲ
‘ਕਾਗ਼ਜ਼ੀ ਫੁੱਲਾਂ ’ਚ ’
ਲਾਡੀ ਸੁਖਜਿੰਦਰ ਕੌਰ ਭੁੱਲਰ
ਹੱਥ ਲਹੂ ਵਿਚ ਰੰਗੇ ਨੇ ।
ਬਣਦ ੇ ਚੰਗੇ-ਚੰਗੇ ਨੇ ।
ਰੱਬ ਦੇ ਵੀ ਹੰਝੂ ਡਿੱਗੇ,
ਬੇਗੁਨਾਹ ਜਦੋਂ ਟੰਗੇ ਨੇ ।
ਕਾਗ਼ਜ਼ੀ ਫੁੱਲਾਂ ’ਚ ਖ਼ੁਸ਼ਬੂ ਨਾ,
ਭਾਵੇਂ ਰੰਗ ਬਰੰਗੇ ਨੇ ।
ਪਾਗ਼ਲ ਹੋਏ ਫਿਰਦੇ ਨੇ ,
ਜ਼ੁਲਫ਼ਾਂ ਦੇ ਜੋ ਡੰਗੇ ਨੇ ।
ਜੋ ਉਲਫ਼ਤ ਦੀ ਰਾਹ ਤੁਰੇ,
ਪੀੜਾਂ ’ਚ ਉਹ ਟੰਗੇ ਨੇ ।
ਵੇਖ ਲਿਆ ਹੈ ਦਿਲ ਲਾ ਕੇ,
ਇਸ ਰਾਹ ’ਚ ਬੜੇ ਪੰਗੇ ਨੇ ।
ਹੁਣ ਦਿਨ ਉਹਨਾਂ ਦੇ ਥੋੜੇ ,
ਪਾਪ ਜਿਨ੍ਹਾਂ ਦੇ ਨੰਗੇ ਨੇ ।
‘ਲਾਡੀ’ ਲੱਥ ਨਾ ਸਕਣ ਜਿੱਥੋਂ,
ਐਸੀ ਸੂਲ਼ੀ ਟੰਗੇ ਨੇ ।
22/05/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, (ਕਪੂਰਥਲਾ)
ਫੋਨ ਨੰ:- 9781191910 ਗ਼ਜ਼ਲ
‘ਮਤਲਬ ਖ਼ਾਤਰ’
ਲਾਡੀ ਸੁਖਜਿੰਦਰ ਕੌਰ ਭੁੱਲਰ
ਦਿਲ ਦਾ ਖ਼ੂਨ ਵਹਾਉਣ ਨੂੰ ਕਿਸ ਦਾ ਜੀਅ ਕਰਦਾ ।
ਪਾਗਲ ਜਿਹਾ ਕਹਾਉਣ ਨੂੰ ਕਿਸ ਦਾ ਜੀਅ ਕਰਦਾ ।
ਉਲਫ਼ਤ ਖ਼ਾਤਰ ਪੱਟ ਚੀਰਿਆ ਮਹੀਵਾਲ ਨੇ,
ਆਪਣਾ ਤਨ ਪੜਾਉਣ ਨੂੰ ਕਿਸ ਦਾ ਜੀਅ ਕਰਦਾ ।
ਲਵਾਉਣੀ ਪੈਂਦੀ ਏ ਇਹ ਇੱਕ ਮਲ੍ਹਮ ਜਿਹੀ,
ਨਹੀਂ ਤਾਂ ਜ਼ਖ਼ਮ ਦਖਾਉਣ ਨੂੰ ਕਿਸ ਦਾ ਜੀਅ ਕਰਦਾ।
ਇੱਜ਼ਤ, ਦਾਜ, ਮਾੜੀ ਨੀਤੋਂ ਡਰਦੇ ਨੇ ਲੋਕੀਂ ,
ਕਤਲ ਕੁੱਖ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।
ਮਤਲਬ ਖ਼ਾਤਰ ਤੈਨੂੰ ਕੋਈ ਮਿਲਣ ਆਏ,
ਐਵੇਂ ਸਮਾਂ ਗਵਾਉਣ ਨੂੰ ਕਿਸ ਦਾ ਜੀਅ ਕਰਦਾ ।
ਇਹ ਮਿਟੇ ਹੋਏ ਲੇਖਾਂ ਦਾ ਹੀ ਮੈਂ ਅੱਖਰ ਹਾਂ ,
ਲੇਖ ਸੜੇ ਅਖਵਾਉਣ ਨੂੰ ਕਿਸ ਦਾ ਜੀਅ ਕਰਦਾ ।
ਜੇ ਕੋਟ ’ਚ ਕੇਸ ਲੜੇ ਬਿਨ ਬਾਲੋ ਮਿਲ ਜਾਂਦੀ,
ਮਾਹੀ ਟੱਪੇ ਗਾਉਣ ਨੂੰ ਕਿਸ ਦਾ ਜੀਅ ਕਰਦਾ ।
ਕਤਲ ਹੋਈਆਂ ਖ਼ਾਹਸ਼ਾਂ ਦੀ ਲਾਸ਼ ਹੈ ‘ਲਾਡੀ’,
ਆਪਾ ਕਤਲ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।
ਲਾਡੀ ਸੁਖਜਿੰਦਰ ਕੌਰ ਭੁੱਲਰ,
ਫੋਨ ਨੰ:-9781191910
‘ਗ਼ਜ਼ਲ’ ਸੱਟ
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ
ਸਰਾਏ
ਦਿੱਲੀ ’ਚ ਘਟਨਾ ਘਟੀ ਹੈ ਭਾਰੀ ।
ਬਹਾਦਰ ਧੀ ਦਰਿੰਦਿਆਂ ਹੱਥੋਂ ਹਾਰੀ ।
ਜਿੰਦ ਕੁੜੀ ਦੀ ਤੜਫਾ ਦਰਿੰਦਿਆਂ ਨੇ,
ਜਣਨੀ ਮਾਂ ਦੀ ਕੁੱਖ ’ਤੇ ਸੱਟ ਹੈ ਮਾਰੀ ।
ਉਸ ਧੀ ਨੂੰ ਮਿਲਦਾ ਇਨਸਾਫ ਕਿੱਦਾ,
ਜਦ ਮੁਨਸਿਫ ਹੀ ਬਣਗੇ ਨੇ ਵਪਾਰੀ ।
ਦਰਿੰਦਿਆਂ ਨੂੰ ਫ਼ਾਂਸੀ ਦੀ ਲੋੜ ਨਹੀਂ,
ਉਸ ਵੇਲੇ ਹੀ ਗੋਲ਼ੀ ਜਾਂਦੀ ਮਾਰੀ ।
‘ਲਾਡੀ’ ਨਾ ਕਿਸੇ ’ਤੇ ਹੁਣ ਕਰੀ ਭਰੋਸਾ,
ਇੱਥੇ ਹਰ ਬੰਦਾ ਬਣਿਆ ਹੈ ਸ਼ਿਕਾਰੀ ।
11/04/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910
‘ਹੰਝੂ ਵੀ ਕੁਰਲਾਏ’
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਅੱਖੀਆਂ ਰੋਂਈਆਂ ਹੰਝੂ ਆਏ ।
ਪਰ ਅੱਜ ਵੇਖੇ ਹੰਝੂ ਵੀ ਕੁਰਲਾਏ ।
ਪੀੜਾਂ ਵਿਝਿਆ ਮੇਰਾ ਜਿਸਮ ਵੇਖ ਕੇ,
ਬੱਚਿਆਂ ਤੱਕ ਸਭ ਦੇ ਸਭ ਘਬਰਾਏ ।
ਮੱਛੀ ਵਾਂਗਰ ਜਿੰਦ ਤੜਫ਼ਾ-ਤੜਫ਼ਾ ਕੇ,
ਹਲਕੇ ਦਰਿੰਦਿਆਂ ਨੇ ਜਸ਼ਨ ਮਨਾਏ ।
ਕਲੀਆਂ ਦੇ ਸਨ ਕਿੱਡੇ-ਕਿੱਡੇ ਸੁਪਨੇ,
ਕੜਮੇ ਮਾਲੀ ਨੇ ਚੁੱਕ ਰਾਖ ਬਣਾਏ ।
ਜੋ ਧੀਆਂ ਜ਼ਿੰਦਾ ਲਾਸ਼ ਨੇ ਬਣੀਆਂ,
ਸਾਰੇ ਇਹ ਪੁਆੜੇ ਸਰਕਾਰ ਦੇ ਪਾਏ।
ਜੋ ਰਾਕਸ਼ ਹੱਥ ਧੀਆਂ ਨੂੰ ਪਾਵਣ,
ਫਿਰ ਸਰਕਾਰ ਇਨ੍ਹਾਂ ਨੂੰ ਲਾਵੇ ਫਾਏ।
ਰੱਬਾ! ਕੋਈ ਐਸਾ ਭੇਜ ਧਰਤੀ ’ਤੇ,
ਜੋ ਦਰਿੰਦਿਆਂ ਨੂੰ ਹੁਣ ਸਬਕ ਸਿਖਾਏ।
ਦਿੱਲੀ ’ਚ ਕਹਿਰ ਦਾ ਝੱਖੜ ਝੁਲਿਆ,
ਰੱਬਾ! ਫੇਰ ਕਦੇ ਇਹ ਮੁੜ ਨਾ ਆਏ।
ਰੱਬਾ! ਇਹ ਬੇਕਦਰੇ ਲੋਕਾਂ ਉੱਤੇ,
ਮੈਨੂੰ ਭੋਰਾ ਹੁਣ ਇਤਬਾਰ ਨ ਆਏ।
ਜਿੰਨੇ ਮਰਜ਼ੀ ਰੋਣੇ ਰੋ ਲੈ ‘ਲਾਡੀ’,
ਅੱਜ ਕੋਈ ਮਾੜੇ ਦੀ ਬਾਤ ਨਾ ਪਾਏ।
03/04/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910 ਗ਼ਜ਼ਲ
ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਕਿੱਥੋਂ ਆਉਣ ਕੰਜਕਾਂ ਕੁਆਰੀਆਂ !
ਜੱਗ ’ਚ ਆਉਣ ਤੋਂ ਪਹਿਲਾਂ ਮਾਰੀਆਂ !
ਮਾਂ ਦੇ ਕਿਹੜੇ ਮੰਦਿਰ ਹੁਣ ਜਾਈਏ ,
ਧੱਕੇ ਮਾਰੇ ਸਾਨੂੰ ਨੇ ਪੁਜਾਰੀਆਂ !
ਪੈਸੇ ਲਈ ਸੌਦੇ ਹੋਣ ਸ਼ਰੀਰਾਂ ਦੇ ,
ਥਾਂ-ਥਾਂ ਖੋਲ੍ਹੇ ਨੇ ਹੱਟ ਵਪਾਰੀਆਂ !
ਹਰ ਖੇਤਰ ਵਿੱਚ ਅਸੀਂ ਨਾਂ ਚਮਕਾਏ ,
ਲਾਈਆਂ ਵਿੱਚ ਹੈ ਅਰਸ਼ ਉਡਾਰੀਆਂ !
ਇੱਕ ਵਾਰ ਜੱਗ ਵਿਖਾ ਮਾਂ ਮੇਰੀਏ ,
ਕਾਹਤੋਂ ਤੈਂ ਹਿੰਮਤਾਂ ਨੇ ਹਾਰੀਆਂ !
ਜਾਨ ਵੀ ਵਾਰ ਦੇਣੀ ਸੀ “ਲਾਡੀ” ਨੇ ,
ਦਿੰਦਾ ਕੋਈ ਖੁਸ਼ੀਆਂ ਉਧਾਰੀਆਂ !
24/03/13
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, ਕਪੂਰਥਲਾ
ਫੋਨ ਨੰ:-97811 91910
|