WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸ਼ਿਵਚਰਨ ਜੱਗੀ ਕੁੱਸਾ
ਬਰਤਾਨੀਆ



(ਛੇ ਜੂਨ ‘ਤੇ ਵਿਸ਼ੇਸ਼)
ਆਦਮ-ਬੋਅ

ਸ਼ਿਵਚਰਨ ਜੱਗੀ ਕੁੱਸਾ
 
ਤੋਤੇ ਨੂੰ ਪਈ ਮੈਨਾਂ ਪੁੱਛਦੀ, ਕਿਉਂ ਸਾਰੀ ਕਾਇਨਾਤ ਹੈ ਰੁੱਸਗੀ
ਨਾ ਕੋਈ ਬੋਲੇ, ਨਾ ਕੋਈ ਹੱਸੇ, ਦਿਲ ਦੀ ਗੱਲ ਨਾ ਕੋਈ ਦੱਸੇ

ਨਾ ਕੋਈ ਝਰਨਾ ਕਲ-ਕਲ ਵਗਦਾ, ਨਾ ਸੀਤਲ ਕੋਈ ਪੌਣ ਵਗੇਂਦੀ
ਨਾ ਬਾਬਲ ਦੇ ਵਿਹੜੇ ਵਿੱਚ ਅੱਜ, ਧੀ-ਰਾਣੀ ਕੋਈ ਰਾਗ ਗਵੇਂਦੀ!

ਪੰਛੀ ਨੇ ਅੱਜ ਕਿਉਂ ਕੁਰਲਾਉਂਦੇ, ਲੱਗਦਾ ਹੈ ਕੁਛ ਕਹਿਣਾ ਚਾਹੁੰਦੇ?
ਕੋਇਲ ਵੀ ਅੱਜ ਕਿਉਂ ਵੈਣ ਜੇ ਪਾਵੇ, ਗਾਉਣਾ ਕਾਹਤੋਂ ਭੁੱਲਦੀ ਜਾਵੇ?

ਬੁਲਬੁਲ ਬੈਠੀ ਹੰਝੂ ਕੇਰੇ, ਲੱਗਦੈ ਭੁੱਲਗੀ ਖੁਸ਼ੀਆਂ ਖੇੜੇ
ਮੋਰ ਵੀ ਭੁੱਲਿਆ ਪੈਲ੍ਹਾਂ ਪਾਉਣੋ, ਕੁਦਰਤ ਭੁੱਲਗੀ ਨਾਦ ਵਜਾਉਣੋ

ਐਡੀ ਕੀ ਅੱਜ ਆਫ਼ਤ ਆ-ਗੀ? ਜੱਗ 'ਤੇ ਐਡੀ ਚੁੱਪ ਕਿਉਂ ਛਾਅ-ਗੀ?
ਹਵਾ ਕੀਰਨੇ ਪਾਉਂਦੀ ਵਗਦੀ, ਪਤਾ ਨੀ ਕੀ ਇਹਨੂੰ ਚੌਂਧੀ ਲੱਗ-ਗੀ?

ਨਾ ਕੋਈ ਕਾਗ ਸੁਨੇਹਾਂ ਦਿੰਦੇ, ਬੈਠ ਬਨੇਰੀਂ ਹੰਝੂ ਕੇਰਨ
ਘੋਰ ਉਦਾਸ ਚਕੋਰਾਂ ਵੀ ਅੱਜ, ਕਾਹਤੋਂ ਚੰਦ ਤੋਂ ਮੂੰਹ ਜਿਹਾ ਫੇਰਨ?

ਕੀ ਹੈ ਦੁਖੜਾ ਇਹਨਾਂ ਦਾ ਦੱਸ, ਕਿਉਂ ਸਾਰੇ ਇਹ ਦੁਖੀ ਨੇ ਹੋਏ?
ਚਿੜੀਆਂ ਵੀ ਨਾ ਚੂਕਦੀਆਂ ਅੱਜ, ਕਿਹੜੇ ਦਰਦ ਨੇ ਜਿਗਰ ਸਮੋਏ??

ਜਾਂ ਪ੍ਰਹਿਲਾਦ ਕੋਈ ਥੰਮ੍ਹ ਹੈ ਬੱਧਾ, ਜਾਂ ਗੁਰੂ ਦਾ ਲਾਲ ਕੋਈ ਫ਼ੜਿਆ?
ਜਾਂ ਕੋਈ ਤੱਤੀ ਤਵੀ ਬਿਠਾਇਆ, ਜਾਂ ਕੋਈ ਈਸਾ ਸੂਲ਼ੀ ਚੜ੍ਹਿਆ?

ਜਾਂ ਕੰਧਾਂ ਵਿੱਚ ਚਿਣ-ਤਾ ਕੋਈ, ਜਾਂ ਰਾਜਾ, ਜਾਂ ਬਲੀ ਕੋਈ ਮੋਇਆ?
ਜਾਂ ਕੋਈ ਸੂਰਜ ਟੁਕੜੇ ਕਰਤਾ, ਜਾਂ ਚੰਦਰਮਾਂ ਫੱਟੜ ਹੋਇਆ?

ਜਾਂ ਫਿਰ ਮੁੜ ਅਬਦਾਲੀ ਆਇਆ, ਮੱਸਾ ਰੰਘੜ ਕਿਸੇ ਨੇ ਤੱਕਿਆ
ਜਾਂ ਫ਼ਿਰ ਨੰਨ੍ਹੇ ਬਾਲ ਦਾ ਦਿਲ ਅੱਜ, ਫ਼ੇਰ ਬਾਪ ਦੇ ਮੂੰਹ ਵਿੱਚ ਧੱਕਿਆ?

ਐਡੀ ਕੀ ਅਣਹੋਣੀ ਬੀਤੀ, ਐਨਾਂ ਸੋਗ ਕਿਉਂ ਜੱਗ ਨੇ ਕਰਿਆ?
ਜਾਂ ਕਿਸੇ ਵਿਧਵਾ ਮਾਤਾ ਦਾ, ਕੋਈ ਅਕੇਲਾ ਪੁੱਤਰ ਮਰਿਆ?.....

....ਜੱਗੋਂ ਤੇਰ੍ਹਵੀਂ ਹੋਗੀ ਮੈਨਾਂ? ਧਰਤੀ ਅਤੇ ਪਤਾਲ਼ ਹੈ ਰੋਂਦਾ
ਰੈਣਾਂ ਨੂੰ ਦਿਨ ਪੀੜ ਸੁਣਾਵੇ, ਸੀਨੇਂ ਤੱਤੀ ਸੀਖ ਪਰੋਂਦਾ

ਕਟਕ ਫੌਜ ਦੇ ਚੜ੍ਹ ਕੇ ਆਏ, ਦਿੱਲੀਓਂ ਚੱਲੀ ਧਾੜ ਨੀ ਮੈਨਾਂ
ਦੁੱਧ ਚੁੰਘਦੇ ਉਹਨਾ ਬੱਚੇ ਮਾਰੇ, ਸੀਨਾਂ ਹੋਇਆ ਭਰਾੜ੍ਹ ਨੀ ਮੈਨਾਂ

ਐਡਾ ਕਹਿਰ ਹਰਿਮੰਦਰ ਵਰ੍ਹਿਆ, ਗੋਲ਼ੇ ਦਾਗੇ, ਸੰਗਤ ਮਾਰੀ
ਆਦਮ ਨਾ ਅੱਜ ਰੱਬ ਤੋਂ ਡਰਦਾ, ਕਰਨੀ ਭਰਨੀ ਪੈਣੀ ਭਾਰੀ

ਕਿਸੇ ਦੇ ਹੱਥ ਵਿੱਚ ਜਾਮ ਛਲਕਦਾ, ਕੋਈ ਪਿਆ ਕਿਤੇ ਲੱਡੂ ਵੰਡੇ
ਦਿੱਲੀ ਘਰ ਚਿਰਾਗ ਪਏ ਬਲ਼ਦੇ, ਚੁੱਲ੍ਹੇ ਨੇ ਪਏ ਸਾਡੇ ਠੰਢੇ

ਬੰਦੇ ਨਾਲ਼ੋਂ ਪੰਛੀ ਚੰਗੇ, ਜਿਹੜੇ ਪੀੜ ਦਿਲਾਂ ਦੀ ਜਾਨਣ
ਕਈ ਜਿੰਨ ਦਿੱਲੀ ਵਿੱਚ ਬੈਠੇ, ਸੁਣ-ਸੁਣ ਖ਼ਬਰਾਂ ਖੁਸ਼ੀਆਂ ਮਾਨਣ

"ਆਦਮ ਬੋ - ਆਦਮ ਬੋ" ਕਰਦਾ, ਪਾਪੀ ਕੀ-ਕੀ ਪਾਪ ਕਮਾਉਂਦਾ,
ਤਖਤਾਂ ਦੇ ਓਸ ਤਖਤ ਦੇ ਅੱਗੇ, "ਜੱਗੀ ਕੁੱਸਾ" ਸੀਸ ਝੁਕਾਉਂਦਾ
03/06/2020 


ਰਮਣੀਕ ਸੁਪਨਿਆਂ ਦੀ ਬ੍ਰਹਿਮੰਡੀ ਪ੍ਰਵਾਜ਼

ਸ਼ਿਵਚਰਨ ਜੱਗੀ ਕੁੱਸਾ, ਲੰਡਨ

kussaਅੱਧੀ ਰਾਤੋਂ ਕਿਸੇ ਬਾਗ ਦੀ ਛੰਨ ਵਿੱਚ ਜਗਦਾ ਦੀਪ ਹੈਂ ਤੂੰ,
ਜੋ ਰੋਹੀ-ਬੀਆਬਾਨ ਵਿੱਚ ਧੜਕਦੀ ਜ਼ਿੰਦਗੀ ਦਾ ਸੰਕੇਤ ਹੈ!
ਅੰਮ੍ਰਿਤ ਵੇਲ਼ੇ ਕਣਕ ਦੇ ਪੱਤੇ ਉਪਰ ਪਈ ਤਰੇਲ਼ ਦੇ ਤੁਪਕੇ ਵਰਗੀ ਹੈਂ ਤੂੰ,
ਜੋ ਡਲਕ ਰਹੀ ਹੈ ਮੇਰੇ ਮਨ-ਮਸਤਕ ਵਿੱਚ! 
ਮੁਹੱਬਤ ਠਰਕ ਭੋਰਨ ਦਾ ਜ਼ਰੀਆ ਨਹੀਂ, ਮੁਹੱਬਤ ਇੱਕ ਸਾਧਨਾ ਹੈ!
ਕਿਸੇ ਦਾ ਹੱਥ ਫ਼ੜ ਲੈਣਾ ਹੀ ਮੁਹੱਬਤ ਨਹੀਂ, 
ਕਿਸੇ ਦੀ ਰੂਹ ਮੱਲ ਲੈਣੀ ਹੀ ਸਾਧਨਾ ਦੀ ਤ੍ਰਿਪਤੀ ਅਤੇ ਮੰਜ਼ਿਲ ਹੈ!
ਤੇਰੀ ਮੁਹੱਬਤ ਵਿੱਚ ਪਹਾੜਾਂ ਤੋਂ ਵਗਦੇ ਝਰਨੇ ਵਰਗੀ ਤਾਜ਼ਗੀ,
ਮਾਰੂਥਲ ਵਿੱਚ ਵਗਦੀ ਨਦੀ ਵਰਗੀ ਸੀਤਲਤਾ,
ਦਰਿਆਵਾਂ ਦੇ ਵਹਿਣ ਜਿਹਾ ਸਹਿਜ,
ਵਗਦੇ ਪਾਣੀਆਂ ਦੀ 'ਕਲ-ਕਲ' ਵਰਗਾ ਨਾਦ, ਅਨਹਦ ਵਿਸਮਾਦ, 
ਫ਼ਕੀਰਾਂ ਜਿਹੀ ਮਸਤੀ ਅਤੇ ਬਹਾਰਾਂ ਦਾ ਆਗਾਜ਼!
ਤੇਰੀ ਮੁਹੱਬਤ ਵਿੱਚ ਪਹੁ ਫ਼ੁਟਾਲੇ ਵਰਗੀ ਲਾਲੀ,
ਮਾਂ ਧਰਤੀ ਜਿਹੀ ਅਪਣੱਤ, ਅੰਮ੍ਰਿਤ ਵੇਲ਼ੇ ਦਾ ਮੰਤਰ-ਮੁਘਧ ਆਨੰਦ,
ਚਿੜੀਆਂ ਦੀ ਚਹਿਕ ਜਿਹਾ ਸੰਗੀਤ, 
ਕੋਇਲ ਦੀ ਕੂਕ ਜਿਹੀ ਮਧੁਰ ਧੁਨ, ਬਸੰਤ ਰੁੱਤ ਵਰਗੀ ਬਹਾਰ, 
ਘੁਲ੍ਹਾੜੀ 'ਤੇ ਪੱਕਦੇ ਗੁੜ ਜਿਹੀ ਮਹਿਕ, ਅੱਸੂ ਮਹੀਨੇ ਦੇ ਸੂਰਜ ਜਿਹਾ ਨਿੱਘ,
ਝੀਲ ਦੇ ਨਿੱਤਰੇ ਜਲ ਜਿਹੀ ਨਿਰਮਲਤਾ, ਅੰਬਰ ਜਿਹੀ ਵਿਸ਼ਾਲਤਾ, 
ਤੇਰੀ ਪ੍ਰੀਤ, ਕੁਦਰਤ ਜਿਹੀ ਰਮਣੀਕ, ਸ਼ਹਿਦ ਜਿਹੀ ਮਾਖਿਓਂ ਮਿੱਠੀ,
ਖੇਤਾਂ ਦੀ ਪੌਣ ਜਿਹੀ ਸੁਖਦਾਈ, ਧੁੱਪ ਜਿਹੀ ਕੋਸੀ, ਅਦੁਤੀ ਨਸ਼ੇ ਜਿਹੀ ਖ਼ੁਮਾਰੀ
....ਤੇ ਮੈਂ ਇਸ ਪ੍ਰੀਤ ਤੋਂ ਬਲਿਹਾਰੇ....!!
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ ਵੱਲ ਜਾਂਦਾ ਰਾਹ,
ਮੱਕੇ ਵੱਲ ਨੂੰ ਮੋੜ ਦਿੱਤਾ!
ਦੁਨੀਆਂ ਭਰ ਦੇ ਇਸ਼ਕ ਵਣਜਾਰਿਆਂ ਦਾ ਨਾਮ ਲੈ ਕੇ,
ਸਿੱਜਦਾ ਕਰਦਾ ਹਾਂ ਅੱਜ ਤੈਨੂੰ ਅਤੇ ਤੇਰੀ ਮੁਹੱਬਤ ਨੂੰ!
ਤੇਰੀ ਪਾਕ-ਪਵਿੱਤਰ ਮੁਹੱਬਤ ਨੇ, ਮੈਨੂੰ ਉਦਾਸ ਹੋਣਾ ਭੁਲਾ ਦਿੱਤਾ ਸੀ!
ਭਾਵੁਕ ਜ਼ਰੂਰ ਹੋ ਜਾਂਦਾ ਸਾਂ, ਤੇਰੀ ਅਨਮੋਲ ਮੁਹੱਬਤ ਨੂੰ ਹਿੱਕ ਨਾਲ਼ ਘੁੱਟ!!
ਤੂੰ ਮੇਰੀ ਇਬਾਦਤ, ਤੂੰ ਮੇਰੀ ਅਸੀਸ, ਤੂੰ ਮੇਰਾ ਵਰਦਾਨ
ਤੂੰ ਮੇਰੀ ਸਾਧਨਾ, ਤੂੰ ਮੇਰਾ ਚਿੰਤਨ ਅਤੇ ਤੂੰ ਹੀ ਮੇਰੇ ਜਿਉਣ ਦਾ ਮਕਸਦ!!
ਮੁੱਦਤ ਹੋ ਗਈ ਸੀ ਅੱਖ ਭਰੀ ਨੂੰ,
ਪਰ, ਜਦ ਤੂੰ ਤੁਰੀ, ਵਿਯੋਗ ਦੇ ਅਹਿਸਾਸ ਨਾਲ਼, 
ਹਿਰਦਾ ਕੰਬਿਆ, ਅੱਖ ਨਮ ਹੋਈ, ਹੰਝੂ ਕਿਰਿਆ,
ਪਰ ਡਿੱਗਣ ਨਹੀਂ ਦਿੱਤਾ ਧਰਤ 'ਤੇ,
ਸ਼ਰਧਾ ਨਾਲ਼ ਦੋਨੋਂ ਹੱਥਾਂ ਵਿੱਚ ਬੋਚ ਲਿਆ,
ਕਿਉਂਕਿ, ਇਹ ਹੰਝੂ ਤੇਰੀ ਅਮਾਨਤ ਸੀ,
ਤੇਰੀ ਯਾਦ ਵਿੱਚ ਡਿੱਗੇ ਇਸ ਅੱਥਰੂ ਦੀ,
ਕਦਰ-ਕੀਮਤ ਸੱਤ ਬਹਿਸ਼ਤਾਂ ਤੋਂ ਪਾਰ ਸੀ!!
ਕਾਸ਼! ਧਰ ਸਕਦਾ ਇਹ ਹੰਝੂ, ਤੇਰੇ ਮੁਬਾਰਕ ਕਦਮਾਂ 'ਤੇ,
ਸ਼ਰਧਾ ਦਾ ਮੋਤੀ ਬਣਾ ਕੇ, ਤੇ ਕਰ ਸਕਦਾ ਆਪਣੇ ਵੈਰਾਗ ਦਾ ਇਜ਼ਹਾਰ!
ਪਤਾ ਨਹੀਂ ਕਿਹੜੇ-ਕਿਹੜੇ ਬਿਖੜੇ ਪੈਂਡਿਆਂ ਵਿੱਚੋਂ ਖਿੱਚ,
ਤੋਰਿਆ ਤੂੰ ਸਿੱਧੇ ਰਸਤੇ 'ਤੇ, ਮੇਰੀ ਮਾਰਗ ਦਰਸ਼ਕ ਬਣ,
ਚੁਗਦੀ ਰਹੀ ਕੰਕਰ ਅਤੇ ਕੰਡੇ ਮੇਰੇ ਰਾਹਾਂ 'ਚੋਂ, 
ਤੇ ਵਿਛਾਉਂਦੀ ਰਹੀ ਪ੍ਰੇਮ-ਪੱਤੀਆਂ!
ਮੇਰੀ ਜ਼ਿੰਦਗੀ ਦੀਆਂ ਮੱਸਿਆ-ਨੁਮਾਂ ਰਾਤਾਂ ਵਿੱਚ,
ਚਮਕਦੀ ਰਹੀ ਤੂੰ ਪੂਰਨਮਾਸ਼ੀ ਬਣ,
ਤੇ ਜੜਦੀ ਰਹੀ ਮਾਣਕ-ਮੋਤੀ ਮੇਰੇ ਧੁਆਂਖੇ ਸੁਪਨਿਆਂ ਦੀ ਸ਼ਾਮਲਾਟ ਵਿੱਚ,
ਤੇ ਸ਼ਿੰਗਾਰਦੀ ਰਹੀ ਮੇਰੀਆਂ ਮਧੋਲ਼ੀਆਂ ਸਧਰਾਂ ਨੂੰ,
ਬਖ਼ੇਰਦੀ ਰਹੀ ਆਸਾਂ ਦੇ ਝਿਲਮਿਲ ਸਿਤਾਰੇ ਮੇਰੇ ਮੁਕੱਦਰ ਵਿੱਚ,
ਮੈਨੂੰ ਮਾਰੂਥਲ ਨੂੰ, ਨਦੀ ਬਣ ਕੇ ਨਸੀਬ ਹੁੰਦੀ ਰਹੀ ਤੂੰ!!
ਅੱਜ, ਤੇਰੀ ਗ਼ੈਰਹਾਜ਼ਰੀ ਵਿੱਚ, ਲੱਭਦਾ ਹਾਂ ਤੇਰੇ ਅਕਸ ਅਤੇ ਨਕਸ਼, 
ਅੰਬਰੀਂ ਟਿਮਕਦੇ ਤਾਰਿਆਂ 'ਚੋਂ!
ਤਲਾਸ਼ਦਾ ਹਾਂ ਤੇਰੇ ਬਦਨ ਦੀ ਖ਼ੂਸ਼ਬੂ, ਟਹਿਕਦੇ ਅਤੇ ਮਹਿਕਦੇ ਫ਼ੁੱਲਾਂ ਵਿੱਚੋਂ!
ਖੋਜਦਾ ਹਾਂ ਤੇਰੀ ਮਿੱਠੀ ਮੁਸਕੁਰਾਹਟ, ਪ੍ਰਕਿਰਤੀ ਦੀ ਹਰਿਆਵਲ 'ਚੋਂ,
ਤੇਰੀ ਮੁਸਕਾਨ ਦੀ ਲੋਅ, ਚਮਕਦੀ ਰਹੀ ਮੇਰੇ ਮਨ ਮਸਤਕ ਵਿੱਚ,
ਤੇ ਕਰਵਾਉਂਦੀ ਰਹੀ ਮੈਨੂੰ ਜ਼ਿੰਦਾ ਹੋਣ ਦਾ ਅਹਿਸਾਸ!
ਜਰਿਆ ਨਹੀਂ ਕਦੇ ਤੂੰ ਮੇਰੇ ਮੱਥੇ ਦਾ ਪਸੀਨਾ,
ਮੇਰੀ ਕਸੀਸ ਖੋਹ ਕੇ, ਅਸੀਸ ਵੰਡਦੀ ਰਹੀ,
ਖੁਰਚਦੀ ਰਹੀ ਮੇਰੇ ਮਨ ਦੀ ਉਦਾਸੀ, 
ਤੇ ਪੋਚਾ ਫ਼ੇਰਦੀ ਰਹੀ ਹਾਸੇ ਦੇ ਪ੍ਰਤੀਬਿੰਬ ਦਾ!
ਕੀ ਪੰਛੀ, ਜਨੌਰ ਮਨੁੱਖ ਨਾਲੋਂ ਸੌਖੇ ਨਹੀਂ...?
ਕਿਸੇ ਦੀ ਹਿੜਕ, ਨਾ ਝਿੜਕ
ਨਾ ਸੰਗ, ਨਾ ਸ਼ਰਮ, ਨਾ ਰੀਤੀ, ਨਾ ਰਿਵਾਜ਼
ਸਿਰਫ਼ ਗੀਤਾਂ, ਧੁਨਾਂ ਤੇ ਚਹਿਕਾਂ ਦੇ ਮੋਹਤਾਜ਼?
ਤੇਰਾ ਵਿਛੋੜਾ, ਮੇਰੀ ਰੂਹ ਦਾ ਪ੍ਰਵਾਸ
ਅਤੇ ਮਿਲਣੀ ਹੀ ਤਾਂ ਵਸੇਬਾ ਹੈ!
ਤੇਰੀ ਨਿੱਘੀ ਬੁੱਕਲ਼ ਯਾਦ ਕਰਦਾ ਹਾਂ, 
ਤਾਂ ਮਿਲ਼ ਜਾਂਦੈ ਬੈਕੁੰਠ,
ਤੇਰੀ ਮਿੱਠੀਆਂ ਯਾਦਾਂ ਨੂੰ ਵਹਿੰਗੀ ਵਿੱਚ ਚੁੱਕ, 
ਭਰਮਣ ਕਰਦਾ ਹਾਂ, ਕਲਪਨਾ ਦੇ ਪ੍ਰਲੋਕ ਦੇ,
ਵਾਰਤਾਲਾਪ ਕਰਦਾ ਹਾਂ ਗਾਉਂਦੇ ਰੁੱਖ ਅਤੇ ਕਾਮ-ਧੇਨ ਸੰਗ,  
ਪਤਾ ਨਹੀਂ ਕਿੰਨੇ ਬਹਾਨੇ ਹੋਰ ਮਿਲ਼ ਜਾਂਦੇ ਨੇ, ਖ਼ੁਸ਼ ਹੋਣ ਦੇ!
ਤੂੰ ਕਦੇ ਵੀ ਗ਼ੈਰਹਾਜ਼ਰ ਨਹੀਂ, 
ਤੂੰ ਤਾਂ ਵਿਚਰਦੀ ਹੈਂ ਮੇਰੇ ਅੰਗ-ਸੰਗ ਅੱਠੇ ਪਹਿਰ,
ਸ਼ਾਇਦ ਇਸੇ ਨੂੰ ਰੂਹਾਂ ਦਾ ਸੁਮੇਲ ਆਖਦੇ ਨੇ?
ਆਪਣੀ ਚੰਦ ਅਤੇ ਚਕੋਰ ਵਾਲ਼ੀ ਇਲਾਹੀ ਪ੍ਰੀਤ ਸਦਾ ਸਲਾਮਤ ਰਹੇ,
ਹਰ ਰੋਜ਼ ਸਹਿਲਾਉਂਦਾ ਹਾਂ, ਦਿਲ 'ਤੇ ਪਈਆਂ ਤੇਰੀਆਂ ਯਾਦਾਂ ਦੀਆਂ ਪੈੜਾਂ ਨੂੰ,
ਤੇਰੀ ਮੁਹੱਬਤ ਦੇ ਮਹਿਲ ਵਿੱਚ, ਮੈਂ ਨੱਚਦਾ ਹਾਂ ਨਿੱਤ ਫ਼ਕੀਰੀ ਵਾਲ਼ਾ ਮਸਤ ਨਾਚ,
ਰੱਬ ਕਰੇ, ਇਹ ਰਮਣੀਕ ਸੁਪਨਾ ਕਦੇ ਨਾ ਟੁੱਟੇ,
ਜ਼ਿੰਦਗੀ ਦੀ ਸੁਹਾਵਣੀ ਪ੍ਰਵਾਜ਼ ਕਦੇ ਨਾ ਮੁੱਕੇ!
ਮੋਹ ਦੇ ਸੁਨਿਹਰੀ ਸੁਪਨਿਆਂ ਦੇ ਪੁਸ਼ਪ ਅਤੇ ਸਧਰਾਂ ਦਾ ਬ੍ਰਹਿਮੰਡ
ਅਰਪਨ ਕਰਦਾ ਹਾਂ, ਤੇਰੀ ਸੁੱਚੀ-ਸੁੱਚੀ ਪ੍ਰੀਤ ਦੇ ਚਰਨਾਂ ਵਿੱਚ,
ਬੱਸ, ਢਕੀ ਰੱਖੀਂ ਮੈਨੂੰ ਆਪਣੀ ਮੁਹੱਬਤ ਦੀ ਲੋਈ ਨਾਲ਼!!
01/02/2018


ਇੱਕ ਪ੍ਰਣਾਮ ਤੇਰੇ ਨਾਮ
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਭਗਤੀ ਅਤੇ ਸ਼ਕਤੀ,
ਤਪੱਸਿਆ ਅਤੇ ਬਲੀਦਾਨ,
ਮੁਹੱਬਤ ਦੇ ਹੀ ਤਾਂ ਅਰਥ ਨੇ...!
ਇੱਕ-ਦੂਜੇ ਦੀ ਇਬਾਦਤ, ਆਪਣੀ ਭਗਤੀ ਹੈ!
ਇਕ-ਦੂਜੇ ਦਾ ਸਾਥ, ਆਪਣੀ ਸ਼ਕਤੀ ਹੈ!
ਇੱਕ-ਦੂਜੇ ਲਈ ਤੜਪ, ਆਪਣੀ ਤਪੱਸਿਆ,
....ਅਤੇ ਇੱਕ-ਦੂਜੇ ਤੋਂ ਦੂਰੀ,
ਆਪਣਾ ਬਲੀਦਾਨ ਹੀ ਤਾਂ ਹੈ...?
ਕਹਿੰਦੇ ਨੇ ਕਿ ਅੱਖਾਂ ਤੋਂ ਦੂਰ ਹੋਣ ਨਾਲ਼,
ਬੰਦਾ ਦਿਲ ਤੋਂ ਵੀ ਦੂਰ ਹੋ ਜਾਂਦੈ...?
ਪਰ ਮੈਂ ਇਸ ਬੇਹੂਦੇ ਕਥਨ ਨੂੰ
ਮੁੱਢੋਂ ਨਿਕਾਰਦਾ ਹਾਂ!
ਤੂੰ ਤਾਂ ਸਦਾ ਮੇਰੀ ਰੂਹ ਅੰਦਰ,
ਦਿਨੇ ਸੂਰਜ ਵਾਂਗ
ਅਤੇ ਰਾਤ ਨੂੰ
ਕਿਸੇ ਦੀਪ ਵਾਂਗ ਬਲ਼ ਰਹੀ ਹੈਂ!!

27/07/2013

ਜਿੰਦ ਮੇਰੀਏ...!
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਜਿਹੜੀ ਮੁਹੱਬਤ ਨੂੰ ਤੂੰ ਫ਼ੂਕ ਮਾਰ ਕੇ
ਦੀਵੇ ਵਾਂਗ ਬੁਝੀ ਸਮਝ ਲਿਆ,
ਉਸ ਮੁਹੱਬਤ ਨੂੰ
ਬੁਝੀ ਸਮਝਣਾ ਤਾਂ ਤੇਰਾ ਇੱਕ, ਬੱਜਰ ਭਰਮ ਸੀ!!
ਉਹ ਮੁਹੱਬਤ ਤਾਂ ਲਟਾ-ਲਟ ਜਗ ਰਹੀ ਹੈ
ਕਿਸੇ ਲਾਟ ਵਾਂਗ
...ਤੇ ਸਦੀਵੀ ਜਗੂਗੀ ਮੇਰੇ ਹਿਰਦੇ ਅੰਦਰ…!
ਫ਼ੂਕਾਂ ਨਾਲ਼ ਵੀ ਕਦੇ
ਪਾਕ-ਪਵਿੱਤਰ ਤੇ ਸੱਚੀ-ਸੁੱਚੀ ਮੁਹੱਬਤ ਦੇ
ਚਿਰਾਗ ਬੁਝੇ ਨੇ ਜਿੰਦ ਮੇਰੀਏ…?
........
ਚਾਹੇ ਆਪਣੀ ਮੁਹੱਬਤ ਦੀ ਉਮਰ
ਲੋਹੜੀ ਤੋਂ ਇੱਕ ਦਿਨ ਪਹਿਲਾਂ ਜੰਮੇਂ
ਬਾਲ ਜਿੱਡੀ ਹੀ ਸੀ,
ਪਰ ਮੇਰੀ ਝੋਲ਼ੀ ਬਹੁਤ ਕੁਝ ਪਾਇਆ ਤੂੰ,
ਤੇ ਕਰ ਦਿੱਤਾ ਮੈਨੂੰ ਮਾਲਾ-ਮਾਲ!
ਚਾਹੇ ਤੂੰ ਹਮੇਸ਼ਾ ਚਿਤਾਰਦੀ ਰਹੀ ਮੇਰੇ ਔਗੁਣ,
ਪਰ ਬਖ਼ਸ਼ਣਹਾਰੀਏ,
ਮੈਂ ਤਾਂ ਰਹਿੰਦੀ ਜ਼ਿੰਦਗੀ ਤੇਰੇ ਗੁਣ ਹੀ ਗਿਣੂੰਗਾ,
ਤੇ ਲਾਈ ਰੱਖੂੰਗਾ ਤੇਰੀ ਮਿੱਠੀ-ਨਿੱਘੀ ਯਾਦ ਨੂੰ
ਹਮੇਸ਼ਾ ਸੀਨੇ ਨਾਲ਼!
.............
ਅੱਜ ਦਿਲ 'ਤੇ 'ਠੱਕ-ਠੱਕ' ਹੋਈ
ਸਮਝ ਨਾ ਆਈ
ਕਿ ਜ਼ਿੰਦਗੀ ਦੇ ਬੂਹੇ 'ਤੇ ਮੁਹੱਬਤ,
ਜਾਂ ਫ਼ਿਰ ਤਬਾਹੀ ਦਸਤਕ ਦੇ ਰਹੀ ਸੀ?
ਪਰ ਅੱਜ ਅਵਾਜ਼ ਦਿੰਦੀ ਮੌਤ ਨੂੰ ਕਿਹਾ,
ਅਜੇ ਮੈਂ ਨਹੀਂ ਮਰਨਾ,
ਕਿਉਂਕਿ ਅਜੇ ਮੈਨੂੰ ਰੋਣ ਵਾਲ਼ਾ ਕੋਈ ਨਹੀਂ...!

02/06/2013

ਦਿਲ ਵਿਚ ਬਲ਼ਦੇ ਭਾਂਬੜ ਦਾ ਸੇਕ

 

dil-kussa1
 
 
 

ਦਿਲ ਵਿਚ ਬਲਦੇ ਭਾਂਬੜ ਦਾ ਸੇਕ ਕਦੇ ਵੀ,
ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ
ਮਨ ਦੀ ਪੀੜ ਤਾਂ ਮੈਂ ਕਦੇ
ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ
ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ
ਬਿਤਾ ਦਿੰਦਾ ਹਾਂ ਸਾਰੀ ਰਾਤ!
ਤੈਨੂੰ ਸਿਰੋਪੇ ਵਾਂਗ ਗਲ਼ ਪਾਇਆ ਸੀ ਸ਼ਰਧਾ ਨਾਲ
ਪਰ ਕੀ ਪਤਾ ਸੀ?
ਕਿ ਸਿਰੋਪੇ ਤੋਂ ਸੱਪ ਦਾ ਰੂਪ ਧਾਰਨ ਕਰ ਲਵੇਂਗੀ??
ਹੁਣ ਦੇਖਿਆ ਨਾ ਕਰ ਮੇਰੀ ਮੁਸਕੁਰਾਹਟ ਵੱਲ
ਮੇਰੀ ਅੰਤਰ-ਆਤਮਾਂ ਦੇ ਦਰਦ ਦੇ ਅੰਕੜੇ ਗਿਣਿਆਂ ਕਰ!
ਤੈਨੂੰ ਯਾਦ ਕਰਨ ਤੋਂ ਪਹਿਲਾਂ ਤਾਂ ਕਦੇ
ਰੱਬ ਦਾ ਨਾਂ ਨਹੀਂ ਸੀ ਲਿਆ ਚੰਦਰੀਏ
ਹਾਰ ਜਾਂਦਾ ਸੀ ਥਾਂ-ਥਾਂ, ਤੇਰੀ ਜਿੱਤ ਲਈ
ਤੈਨੂੰ ਉਚਾ ਦੇਖਣ ਲਈ, ਆਪ ਬੌਣਾ ਬਣ ਜਾਂਦਾ ਸੀ!
ਹੁਣ ਵਾਰ-ਵਾਰ ਪੁੱਛਦਾ ਹਾਂ
ਹਾਉਕੇ ਦੀ ਹਿੱਕ ਵਿਚੋਂ ਨਿਕਲ਼ੇ ਇੱਕ ਹੋਰ ਹਾਉਕੇ ਨੂੰ
ਕਿਉਂ ਡਿੱਗਿਆ ਮੈਂ ਮੂਧੇ ਮੂੰਹ ਓਸ ਦੇ ਮਗਰ ਲੱਗ ਕੇ?
ਕਿਉਂਕਿ ਉਡਾਰੀ ਤਾਂ ਮੇਰੀ ਅੰਬਰਾਂ ਨੂੰ ਉਡ ਜਾਣ ਵਾਲੀ ਸੀ!
ਕਦੇ ਹਾਰ ਬਣ ਕੇ ਸ਼ਾਨ ਬਣਦੀ ਸੀ ਮੇਰੇ ਗਲ਼ ਦੀ
ਪਰ ਡੁੱਬ ਜਾਣੀਏਂ,
ਅੱਜ ਤਾਂ ਤੂੰ ਮੇਰੀ ਜਿੰਦਗੀ ਦੀ 'ਹਾਰ' ਬਣ ਤੁਰ ਗਈ!
02/03/2013

ਕਦੇ-ਕਦੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ,
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ 'ਚੋਂ ਤਾਂ ਕਮਲ਼ੀਏ ਅਵਾਜ਼ ਹੀ 'ਇੱਕ' ਨਿਕਲ਼ਦੀ ਹੈ
...ਤੇ ਉਹ ਹੈ ਤੇਰੀ 'ਬ੍ਰਿਹੋਂ' ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ 'ਤੇ ਛਾਲੇ...ਤੇ ਰੂਹ 'ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ 'ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ...!

06/02/2013

 

 

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com