ਘੁਸਪੈਠੀ ਪਾਰਟੀ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਨਵੇਂ ਘਰ ਵਿੱਚ ਸ਼ਿਫਟ ਹੋਣ 'ਤੇ, ਪੁਰਾਣਾ ਘਰ ਮੈਂ ਸੇਲ 'ਤੇ ਲਾ
'ਤਾ। ਏਜੰਟ ਦੇ ਹੱਥ ਚਾਬੀਆਂ ਦੇ ਕੇ, ਕੀਮਤ, ਰੇਟ ਵੀ ਸਭ ਸਮਝਾ
'ਤਾ।
ਕਿਹਾ ਕਿ ਭਾਈ ਹੁਣ ਤੇਰੇ ਜ਼ਿੰਮੇ, ਹੈ ਇਸ ਨੂੰ ਵੇਚਣ ਦਾ ਕਾਰਜ,
ਜਦ ਤੱਕ ਇਹ ਘਰ ਵਿਕਦਾ ਨਹੀਂ , ਤੇਰੇ ਹੱਥ ਹੈ ਸਾਰਾ ਚਾਰਜ।
ਰੰਗ ਰੋਗਨ 'ਤੇ ਮੁਰੰਮਤ ਕਰਕੇ, ਅਸੀਂ ਘਰ ਚਮਕਾ ਦਿੱਤਾ ਸੀ,
ਏਜੰਟ ਨੇ ਫੌਰ ਸੇਲ ਦਾ ਫੱਟਾ, ਫਰੰਟ 'ਤੇ ਜਾ ਕੇ ਲਾ ਦਿੱਤਾ ਸੀ।
ਉਮੀਦ ਬੜੀ ਸੀ ਬਹੁਤ ਹੀ ਛੇਤੀ, ਘਰ ਸਾਡਾ ਇਹ ਵਿਕ ਜਾਵੇਗਾ, ਦੋ
ਘਰਾਂ ਦੀ ਸਾਂਭ ਸੰਭਾਲ ਦਾ, ਟੰਟਾ ਜਲਦੀ ਮੁੱਕ ਜਾਵੇਗਾ।
ਕੁੱਝ ਹਫਤੇ ਦੇ ਵਕਫੇ ਪਿੱਛੋਂ ਮੈਂ, ਇੱਕ ਦਿਨ ਗੇੜਾ ਉਧਰ ਮਾਰਿਆ,
ਪਰ ਜੋ ਨਜ਼ਾਰਾ ਦੇਖ ਮੈਨੂੰ ਲੱਗਾ, ਜਿਵੇਂ ਜੂਆ ਸੀ ਮੈਂ ਕੋਈ ਹਾਰਿਆ।
ਘਰ ਦੇ ਅਗਲੇ ਗਾਰਡਨ ਵਿੱਚ, ਕੁੱਝ ਬੱਚੇ ਮੈਂ ਖੇਡਦੇ ਦੇਖੇ, ਘਰ
ਅੰਦਰ ਗਹਿਮਾ ਗਹਿਮ ਦੇਖ, ਮੈਨੂੰ ਪੈ ਗਏ ਕਈ ਭੁਲੇਖੇ।
ਕੀ ਦੇਖਾਂ ਕਿ ਸਾਰੇ ਘਰ ਨੂੰ, ਪੂਰੀ ਤਰ੍ਹਾਂ ਸਜਾ ਰੱਖਿਆ ਸੀ,
ਸਜ ਧਜ ਵਾਲੇ ਮਹਿਮਾਨਾਂ ਨੇ, ਪਾਰਟੀ ਮਹੌਲ ਬਣਾ ਰੱਖਿਆ ਸੀ।
ਸਾਹੋ ਸਾਹੀ ਹੁੰਦਾ ਮੈਂ ਵੀ, ਘਰ ਦੇ ਵਿੱਚ ਜਾ ਦਾਖਲ ਹੋਇਆ,
ਖਚਾ ਖਚ ਭਰੇ ਘਰ ਨੂੰ ਦੇਖ, ਮੇਰਾ ਹਿਰਦਾ ਗਿਆ ਸੀ ਕੋਹਿਆ।
ਘਬਰਾਹਟ ਦੇ ਵਿੱਚ ਸੋਚ ਰਿਹਾ ਸਾਂ, ਕੋਈ ਮੋਹਤਬਾਰ ਬੰਦਾ ਲੱਭੇ,
ਜਿਸ ਨੂੰ ਬਿਠਾਲ਼ ਕੇ ਮੈਂ ਪੁੱਛਾਂ, ਇੰਨੇ ਬੰਦੇ ਕਿੱਥੋਂ ਹੈ ਸੱਦੇ।
ਪੁੱਛ ਗਿੱਛ ਕਰਕੇ ਮੈਂ ਆਖਰ, ਬੰਦਾ ਇੱਕ ਲੱਭ ਲਿਆ ਸੀ, ਬਿਠਾ
ਕੇ ਉਸ ਨੂੰ ਮੈਂ ਪੁੱਛਿਆ, ਇਹ ਹੰਗਾਮਾ ਕਿੰਝ ਘੜਿਆ ਸੀ।
ਕਹਿੰਦਾ ਸਾਨੂੰ ਪਾਰਟੀ ਵਾਸਤੇ, ਢੁਕਵੀਂ ਜਗ੍ਹਾ ਦੀ ਸੀ ਤਲਾਸ਼,
ਤੇ ਤੁਹਾਡੇ ਏਜੰਟ ਨੇ ਕੱਢੀ ਸੀ, ਏਸ ਜਗ੍ਹਾ ਦੀ ਇੰਵੇ ਭੜਾਸ।
ਕਿਹਾ ਸੀ ਸਸਤੇ ਭਾਅ ਤੁਹਾਡੇ ਲਈ, ਕੁੱਛ ਐਸਾ ਪ੍ਰਬੰਧ ਕਰਦਾ ਹਾਂ,
ਖਾਮੋਸ਼ੀ ਨਾਲ ਪਾਰਟੀ ਕਰਨ ਦੀ, ਮੈਂ ਆਗਿਆ ਦੇ ਸਕਦਾ ਹਾਂ।
ਸਾਨੂੰ ਇਲਮ ਨਹੀਂ ਘਰ ਕਿਸਦਾ, ਅਸੀਂ ਤਾਂ ਕਿਰਾਇਆ ਤਾਰ ਦਿੱਤਾ ਹੈ,
ਅਸੀਂ ਤਾਂ ਖੁਸ਼ ਹਾਂ ਉਸ ਬੰਦੇ ਨੇ, ਸਾਡਾ ਬੁੱਤਾ ਸਾਰ ਦਿੱਤਾ ਹੈ।
ਸੁਣ ਕੇ ਮੈਨੂੰ ਗੁੱਸਾ ਚੜ੍ਹਿਆ, ਮੈਂ ਹੋ ਗਿਆ ਸੀ ਸਾਹੋ ਸਾਹੀ,
ਸਮਝ ਨਾ ਲੱਗਿਆ ਕੀ ਕਰਾਂ ਮੈਂ, ਉਠ ਭੱਜਿਆ ਮੈਂ ਵਾਹੋ ਦਾਹੀ।
ਕਿਸੇ ਚੀਜ਼ ਵਿੱਚ ਪੈਰ ਮੇਰਾ ਜਾਂ, ਫੱਸ ਕੇ ਮੈਂ ਸੀ ਐਸਾ ਡਿਗਿਆ,
ਨਾਲ ਹੀ ਮੈਨੂੰ ਸਮਝ ਆ ਗਿਆ, ਕਿਸ ਚੱਕਰ 'ਚ ਮੈਂ ਸੀ ਘਿਰਿਆ।
ਇਹ ਸੀ ਬੱਸ ਇੱਕ ਸੁਪਨਾ ਮੇਰਾ, ਜਿਸ ਪਾਏ ਸੀ ਸਭ ਪੁਆੜੇ, ਵੈਸੇ
ਨਾ ਕੋਈ ਘਰ ਮੈਂ ਖਰੀਦਿਆ, ਨਾ ਕੋਈ ਵੇਚੇ ਮਹਿਲ ਚੁਬਾਰੇ।
ਮੂੰਹ ਜ਼ੁਬਾਨੀ ਜਮ੍ਹਾਂ ਘਟਾਉ ਦਾ, ਸਾਰਾ ਸੀ ਇਹ ਗੋਰਖ ਧੰਦਾ,
ਜਿਸ ਦੀ ਉਲਝਣ ਵਿੱਚ ਮੈਂ ਫਸਿਆ, ਸੀ ਇੱਕ ਸਿੱਧਾ ਸਾਦਾ ਬੰਦਾ।
16/12/2024
ਹਾਕਮ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਹਾਕਮ ਤਾਕਤ ਦੇ ਨਸ਼ਿਆਂ ਵਿੱਚ, ਚੂਰ ਨਿੱਤ ਹੀ ਰਹਿੰਦੇ ਨੇ,
ਤਾਮੀਲੇ ਹੁਕਮਾਂ ਦੀ ਆਸ ਵਿੱਚ, ਮਗ਼ਰੂਰ ਹਮੇਸ਼ਾ ਰਹਿੰਦੇ ਨੇ।
ਮੌਸਮ ਨਾ ਬਦਲੇ ਬਿਨਾ ਪੁੱਛੇ, ਇਹ ਸਮਝਾਉਂਦੇ ਨੇ ਸਾਨੂੰ, ਢਲ
ਜਾਏ ਰਾਤ ਫੇਰ ਵੀ ਇਹ, ਦਿਨ ਨੂੰ ਰਾਤ ਹੀ ਕਹਿੰਦੇ ਨੇ।
ਝੁਰਮਟ ਚਾਟੜਿਆਂ ਦਾ ਰੱਖਣ, ਸਦਾ ਹੀ ਆਲ਼ ਦੁਆਲ਼ੇ, ਜਿੱਥੇ ਵੀ
ਇਹ ਜਾ ਜਾ ਕੇ, ਹਰ ਦਿਨ ਉੱਠਦੇ ਬਹਿੰਦੇ ਨੇ।
ਨਹੀਂ ਹੋਣ ਦਿੰਦੇ ਬਹਾਰ ਨੂੰ, ਖੁਸ਼ ਤਾਜ਼ਾ ਫੁੱਲਾਂ ਦੇ ਨਾਲ,
ਉਜਾੜੇ ਇਨ੍ਹਾਂ ਦੇ ਬਾਗਾਂ ਦੇ ਵਿੱਚ, ਸਦਾ ਹੀ ਉੱਲੂ ਰਹਿੰਦੇ ਨੇ।
ਮਰਜ਼ੀ ਨਾਲ ਹੀ ਚਿੜੀਆਂ ਨੂੰ ਇਹ, ਜੀਵਣ ਦਾ ਹੱਕ ਦੇਵਣ, ਜੇ
ਚਾਹੁਣ ਤਾਂ ਕਿਸੇ ਵੀ ਵੇਲੇ, ਜਾਨਾਂ ਕੋਹ ਵੀ ਲੈਂਦੇ ਨੇ।
ਘਿਰੇ ਰਹਿੰਦੇ ਨੇ ਹਮੇਸ਼ਾਂ, ਤਣੀਆਂ ਹੋਈਆਂ ਸੰਗੀਨਾਂ ਵਿੱਚ,
ਬਹਾਦਰ ਇੰਨੇ ਨੇ ਕਿ ਨਿਹੱਥੇ, ਲੋਕਾਂ ਤੋਂ ਵੀ ਤਰਿੰਹਦੇ ਨੇ।
ਡਰਦੇ ਨੇ ਕਿ ਸੋਨੇ ਦੀ ਲੰਕਾ, ਕਿਤੇ ਮਿੱਟੀ ਨਾ ਹੋ ਜਾਵੇ, ਇਸੇ
ਹੀ ਲਾਲਚ ਦੀ ਖ਼ਾਤਰ, ਜਨਤਾ ਨਾਲ਼ ਲੋਹਾ ਲੈਂਦੇ ਨੇ।
ਗ਼ਰੀਬਾਂ ਦੇ ਮੂਹੋਂ ਖੋਹ ਖੋਹ ਕੇ, ਗੋਗੜਾਂ ਭਰਨੇ ਵਾਲੇ,
ਹਰਾਮਖੋਰੀ ਦੀ ਮਸਤੀ ਵਿੱਚ, ਫੇਰ ਸਾਹ ਵੀ ਔਖਾ ਲੈਂਦੇ ਨੇ।
ਦਬਕੇ ਅਤੇ ਦਮਗਜੇ ਹਮੇਸ਼ਾਂ, ਹੈ ਇਨ੍ਹਾਂ ਦੀ ਬੋੱਲੀ ਵਿੱਚ, ਸਤੇ
ਹੋਏ ਇਨ੍ਹਾਂ ਦੇ ਜ਼ੁਲਮਾਂ ਤੋਂ, ਹਾਵੇ 'ਤੇ ਆਹਾਂ ਸਹਿੰਦੇ ਨੇ।
ਭੁੱਲ ਜਾਂਦੇ ਨੇ ਤਖਤਾਂ ਉੱਤੇ, ਰਾਜ ਇਹ ਕਰਨੇ ਵਾਲੇ, ਕਿ ਕਦੀ
ਤਖਤੀਆਂ ਦੇ ਹਾਰ ਵੀ, ਸ਼ਿੰਗਾਰ ਬਣਾਉਣੇ ਪੈਂਦੇ ਨੇ।
08/12/2024
ਸੁੰਦਰਤਾ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਦਬੰਗ ਤੇ ਨਿਸੰਗ ਨੱਢੀ, ਕਰੇ ਅਠਖੇਲੀਆਂ, ਜਿਹਦੀਆਂ ਅਦਾਵਾਂ
ਸਾਨੂੰ, ਲੱਗਣ ਪਹੇਲੀਆਂ।
ਗੁੰਦਿਆ ਸਰੀਰ, ਅੰਗ ਅੰਗ ਨਸ਼ਿਆਇਆ ਏ, ਸੋਚ ਸੋਚ ਜਿਵੇਂ ਉਹਨੂੰ,
ਰੱਬ ਨੇ ਬਣਾਇਆ ਏ।
ਇੱਕ ਪੱਟ ਪਾਂਵਦੀ, ਤੇ ਇੱਕ ਪੱਟ ਲਾਹੰਵਦੀ, ਕੋਈ ਵੀ ਪੁਸ਼ਾਕ,
ਉਹਦੇ ਮੇਚ ਨਹੀਂਉਂ ਆਂਵਦੀ।
ਤੀਰ ਉਹਦੇ ਨੈਣਾਂ ਦੇ ਨੇ, ਸੀਨਿਆਂ ਨੂੰ ਵਿੰਨ੍ਹਦੇ, ਸ਼ੋਖ ਜਿਹੇ
ਹਾਸੇ ਜਾਣੋਂ, ਰੂਹਾਂ ਤਾਈਂ ਸਿੰਜਦੇ।
ਤੱਕ ਲਵੇ ਜਿਹੜਾ ਉਹਨੂੰ, ਗਵਾ ਲਵੇ ਕਈ ਕੁੱਛ, ਰਾਹਾਂ ਵਿੱਚ ਰੁਲ਼
ਜਾਵੇ, ਘਰ ਉਹਦਾ ਪੁੱਛ ਪੁੱਛ।
ਡੰਗਿਆ ਹੈ ਕਈਆਂ ਨੂੰ, ਤੇ ਲੁੱਟੇ ਗਏ ਨੇ ਜਨ ਕਈ, ਰੋਗ ਡਾਢੇ ਲਾਏ
ਕਈਆਂ, ਗਏ ਨਸ਼ਈ ਬਣ ਕਈ।
ਕਈਆਂ ਨੂੰ ਨਾ ਚੈਨ ਦਿਨੇ, ਰਾਤ ਨੂੰ ਨਾ ਨੀਂਦ ਏ, ਕਈਆਂ ਨੂੰ ਨਾ
ਬਾਕੀ ਹੁਣ, ਜਿਉਣ ਦੀ ਉਮੀਦ ਏ।
ਤੋਬਾ ਤੋਬਾ ਸਾਰੇ ਪਾਸੇ, ਬੱਲੇ ਬੱਲੇ ਹੋਈ ਐ, ਐਹੋ ਜਿਹੀ ਆਫ਼ਤ
ਤੋਂ, ਬਚਿਆ ਬੱਸ ਕੋਈ ਐ।
01/12/2024
ਉਮੀਦਾਂ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਉਮੀਦਾਂ ਮਰਦੀਆਂ ਨਹੀਂ, ਬਲਕਿ ਹੁੰਦੀਆਂ ਨੇ ਪ੍ਰਫੁੱਲ, ਜ਼ਿੰਦਗੀ
ਕਿਤਨੀ ਵੀ ਭਾਵੇਂ, ਹੋ ਜਾਵੇ ਉਥਲ ਪੁਥਲ।
ਚਾਹੇ ਤੂੰ ਚੱਲ ਤਾਰ 'ਤੇ, ਜਾਂ ਚੱਲ ਖੰਡੇ ਦੀ ਧਾਰ 'ਤੇ, ਜਨੂੰਨ
ਦੀ ਆਖਰੀ ਹੱਦ ਨੂੰ, ਬਣਾ ਲੈ ਆਪਣਾ ਸ਼ੁਗਲ।
ਰੱਖ ਹੌਸਲੇ ਬੁਲੰਦ, ਜੇ ਹਵਾ ਬਣ ਜਾਏ ਹਨੇਰੀ, ਉਮੀਦੀ ਦੀਵੇ ਵਾਲੀ
ਲੋਅ ਨੂੰ, ਨਾ ਕਦੀ ਹੋਣ ਦੇਵੀਂ ਗੁੱਲ।
ਭਾਵੇਂ ਦੁਨੀਆ ਠਹਿਰਾਵੇ, ਤੈਨੂੰ ਲੱਖ ਵਾਰੀਂ ਦੋਸ਼ੀ, ਦੇਖੀਂ ਅਜ਼ਮ
ਦੀ ਦੀਵਾਰ, ਨਾ ਕਦੀ ਜਾਵੇ ਹਿੱਲਜੁਲ।
ਤਲਖ ਯਾਦਾਂ ਦੀ ਤਪਸ਼, ਸੁਖੀ ਪਲਾਂ ਵਾਲੀ ਖੁਸ਼ੀ, ਤੱਤ ਹੀ ਹੈ
ਜ਼ਿੰਦਗੀ ਦਾ, ਕਦੀ ਭੁੱਲ ਕੇ ਨਾ ਭੁੱਲ।
ਰੰਗ ਸੁਪਨਿਆਂ ਦੇ ਕਦੀ, ਤਾਂ ਸਾਕਾਰ ਹੋਣਗੇ ਹੀ, ਇਸ ਦੁਆਲ਼ੇ ਹੀ
ਤਾਂ ਘੁੰਮਦੀ ਹੈ, ਦੁਨੀਆ ਇਹ ਕੁੱਲ।
ਜ਼ਿੰਦਗੀ ਖ਼ਾਕ ਤੋਂ ਵੀ ਉੱਠ ਕੇ, ਗੁਲਜ਼ਾਰ ਬਣੇ ਖ਼ੂਬ, ਕਦੀ ਹੰਝੂ
ਵੀ ਨੇ ਸਿੰਜ ਜਾਂਦੇ, ਪਿਆਰੇ ਕਈ ਫੁੱਲ।
ਜਿੰਨਾ ਮਰਜ਼ੀ ਸਯਾਦ, ਉਜਾੜ ਦੇਵੇ ਕੋਈ ਬਾਗ਼, ਕੋਈ ਦਿਨ ਪਾ ਕੇ ਫੇਰ
ਵੀ, ਚਹਿਕਦੀ ਹੈ ਬੁਲਬੁਲ।
ਉਮੀਦਾਂ ਮਰਦੀਆਂ ਨਹੀਂ, ਬਲਕਿ ਹੁੰਦੀਆਂ ਨੇ ਪ੍ਰਫੁੱਲ, ਜ਼ਿੰਦਗੀ
ਕਿਤਨੀ ਵੀ ਭਾਵੇਂ, ਹੋ ਜਾਵੇ ਉਥਲ ਪੁਥਲ।
24/11/2024
ਜ਼ੁਲਮਾਂ ਦੇ ਅੰਤ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਐਸੇ ਵੀ ਨੇ ਜ਼ਾਲਮ, ਇਸ ਦੁਨੀਆ ਵਿੱਚ ਵਸਦੇ, ਜੋ ਰੋਕਦੇ ਨੇ ਹਰ
ਰੋਜ਼, ਮਜ਼ਲੂਮਾਂ ਦੇ ਰਸਤੇ।
ਤੜਪ ਤੜਪ ਕੇ ਪਿਸਦੇ, ਗਰੀਬਾਂ ਨੂੰ ਦੇਖ, ਮਾਰ ਮਾਰ ਠਹਾਕੇ ਨੇ ਉਹ,
ਪੁਰਹਜ਼ੋਰ ਹੱਸਦੇ।
ਜ਼ੰਜੀਰਾਂ ਦੇ ਮਾਲਕ ਖੁਦ, ਹੱਥਕੜੀਆਂ ਦੇ ਰਾਖੇ, ਪਹਿਨਾਂਦੇ ਨੇ
ਮਜ਼ਲੂਮਾਂ ਨੂੰ, ਰੋਜ਼ ਕੱਸ ਕੱਸ ਕੇ।
ਵਜਾਉਂਦੇ ਨੇ ਸਾਜ਼ ਵਾਂਗ, ਪਲ ਪਲ ਵਿੱਚ ਤਾਲਾਂ, ਦੀਵਾਨੇਂ ਜੋ
ਚੱਲਦੇ ਨੇ, ਮੰਜ਼ਿਲਾਂ ਦੇ ਰਸਤੇ।
ਧਰਤੀ ਵੀ ਜ਼ਾਲਿਮ ਦੀ, ਤੇ ਅੰਬਰ ਵੀ ਉਸ ਦੇ, ਆਹਾਂ ਤੇ ਦੁਆਵਾਂ ਵੀ
ਨਹੀਂ, ਮਜ਼ਲੂਮਾਂ ਦੇ ਵੱਸ 'ਤੇ!
ਕਿਹੜੀਆਂ ਨੇ ਵਾੜਾਂ ਅਤੇ, ਕਿਹੜੇ ਬਾਗ਼ ਬਗੀਚੇ, ਮਾਲੀ ਜੇ ਉਜਾੜਨ
ਬੂਟੇ, ਜੜ੍ਹਾਂ ਪੱਟ ਪੱਟ ਕੇ।
ਵਸਦਾ ਏ ਰੱਬ ਜੇਕਰ, ਹਰ ਇੱਕ ਦੇ ਦਿਲ ਵਿੱਚ, ਲੋਕ ਕਿਉਂ ਨਹੀਂ
ਜ਼ਾਲਿਮਾਂ ਨੂੰ, ਹਕੀਕਤ ਇਹ ਦੱਸਦੇ?
ਕਿਉਂ ਐਸੀ ਗ਼ਲਤ ਫਹਿਮੀ, ਵਿੱਚ ਗ੍ਰਸਤ ਹੋ ਜ਼ਾਲਿਮੋਂ? ਮੁਲਜ਼ਿਮ
ਹਮੇਸ਼ਾਂ ਨਹੀਂ, ਤੁਹਾਡੇ ਜਾਲਾਂ ਵਿੱਚ ਫੱਸਦੇ।
ਪਰਤਿਆ ਜਦੋਂ ਪਾੱਸਾ ਤਾਂ, ਬਹੁਤ ਪਛਤਾਉਗੇ, ਨਹੀਂ ਲੱਭਣੇ ਫੇਰ
ਰਸਤੇ, ਕਿੱਥੇ ਜਾਓਗੇ ਨੱਸ ਕੇ?
18/11/2024
ਕਾਹਦੀ ਏ ਦੀਵਾਲੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਕਾਹਦੀ ਏ ਦੀਵਾਲੀ ਸਾਡੀ, ਕਾਹਦੇ ਚਾਅ ਮਲ੍ਹਾਰ ਨੇ, ਸਾਡੇ ਤਾਂ ਜੀ
ਬੱਸ ਹੁਣ, ਚੱਲ ਗਏ ਅਨਾਰ ਨੇ।
ਕਦੇ ਸੀ ਦੀਵਾਲੀ ਬੜੇ, ਚਾਅ ਨਾਲ ਮਨਾਂਵਦੇ, ਪੈਸਾ ਪੈਸਾ ਜੋੜ ਕੇ,
ਪਟਾਕੇ ਸੀ ਲਿਆਂਵਦੇ, ਸਾਂਭ ਸਾਂਭ ਰੱਖ, ਇੱਕ ਦੂਜੇ ਤੋਂ ਛੁਪਾਂਵਦੇ,
ਚਲਾਂਵਦੇ ਸੀ ਉਦੋਂ, ਜਦੋਂ ਸਾਰੇ ਸੌਂ ਜਾਂਵਦੇ, ਹੁਣ ਗਿੱਟੇ ਗੋਡੇ
ਸਾਡੇ, ਹੀ ਪਟਾਕੇਦਾਰ ਨੇ, ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ
ਨੇ।
ਲੱਡੂ ਤੇ ਜਲੇਬੀਆਂ ਦਾ, ਚਾਅ ਬੜਾ ਹੁੰਦਾ ਸੀ, ਖੋਏ ਅਤੇ ਪੇੜੇ ਦਾ,
ਦੀਦਾਰ ਕਦੀ ਹੁੰਦਾ ਸੀ, ਲਲਚਾਈਆਂ ਨਜ਼ਰਾਂ ਨੂੰ, ਸਾਂਭ ਨਹੀਂਓਂ ਹੁੰਦਾ
ਸੀ, ਖੱਟਾ ਮਿੱਠਾ ਖਾਧਾ ਸਾਰਾ, ਹਜ਼ਮ ਝੱਟ ਹੁੰਦਾ ਸੀ, ਸਾਡੇ ਖਾਣ
ਵਾਲੇ ਹੁਣ, ਖੁੰਢੇ ਹਥਿਆਰ ਨੇ, ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ
ਅਨਾਰ ਨੇ।
ਕੋਈ ਵੀ ਨਹੀਂ ਚੀਜ਼ ਹੁਣ, ਸਾਨੂੰ ਲੋਕੋ ਪਚਦੀ, ਪਾਣੀ ਮੂੰਹ ਚ
ਆਉਂਦਾ ਅਤੇ, ਜੀਭ ਬੜੀ ਨੱਚਦੀ ਮਠਿਆਈ ਦੇਖ ਯਾਰੋ, ਨਜ਼ਰ ਨਹੀਂ ਰੱਜਦੀ,
ਬੰਨ੍ਹੋ ਚਾਹੇ ਧੀਰ ਜਿੰਨੀ, ਧੀਰ ਨਹੀਂਓਂ ਬੱਝਦੀ। ਖਾਣੋਂ ਰੋਕਣ ਵਾਲੇ
ਸਾਨੂੰ, ਕਈ ਡਾਕਦਾਰ ਨੇ, ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਸ਼ੂਗਰ ਵਾਲਾ ਦੈਂਤ ਸਾਡੇ, ਸਿਰ ਤੇ ਖਲੋਤਾ ਏ, ਮਿਹਦੇ ਵਾਲਾ ਹਾਲ
ਸਾਡਾ, ਬੜਾ ਹੀ ਅਨੋਖਾ ਏ, ਗੜਬੜੀ ਪੇਟ ਦਾ, ਘਸਮਾਣ ਬੜਾ ਚੋਖਾ ਏ,
ਹਰ ਇੱਕ ਅੰਗ ਦੇਂਦਾ, ਜਾਂਦਾ ਸਾਨੂੰ ਧੋਖਾ ਏ। ਸਾਡੇ ਵਾਂਗੂੰ ਹੋਰ ਕਈ,
ਬੜੇ ਅਵਾਜ਼ਾਰ ਨੇ, ਸਾਡੇ ਤਾਂ ਜੀ ਬੱਸ ਹੁਣ, ਚੱਲ ਗਏ ਅਨਾਰ ਨੇ।
ਕਾਹਦੀ ਏ ਦੀਵਾਲੀ ਸਾਡੀ, ਕਾਹਦੇ ਚਾਅ ਮਲ੍ਹਾਰ ਨੇ, ਸਾਡੇ ਤਾਂ ਜੀ
ਬੱਸ ਹੁਣ, ਚੱਲ ਗਏ ਅਨਾਰ ਨੇ।
02/11/2024
ਪੰਥਕ ਗੁੰਡਾਗਰਦੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਗੁੰਡਾਗਰਦੀ ਪੰਥ ਵਿੱਚ, ਸਿਰ ਚੜ੍ਹ ਕੇ ਬੋੱਲੇ, ਹਮਲੇ ਕਰਦੇ ਇੱਕ
ਦੂਜੇ 'ਤੇ, ਬੰਨ੍ਹ ਬੰਨ੍ਹ ਟੋੱਲੇ।
ਉਂਗਲਾਂ ਮੂੰਹ ਵਿੱਚ ਪਾ, ਬੇਚਾਰਾ ਸਿੱਖ ਹੈ ਤੱਕਦਾ, ਦੁੱਖ ਆਪਣੇ
ਉਹ ਦਰਦ ਦੇ, ਕਿੱਥੇ ਜਾ ਕੇ ਫੋੱਲੇ।
ਲੀਡਰ ਅਤੇ ਜਥੇਦਾਰ, ਸਭ ਇੱਕੋ ਜਿੱਕੇ, ਊਂਜਾਂ ਇੱਕ ਦੂਜੇ ਨੂੰ,
ਲਾਉਣ ਝੂਠੇ ਬੜਬੋੱਲੇ।
ਮਰਜ਼ੀ ਨਾ ਚੱਲਦੀ ਦੇਖ, ਬੜੇ ਹੀ ਭੜਕਣ ਭੌਂਕੜ, ਨੰਗੇ ਵਿੱਚ ਹਮਾਮ
ਦੇ, ਲੁਕਣ ਇੱਕ ਦੂਜੇ ਓਹਲੇ।
ਝੂਠ ਦੇ ਮਾਹਿਰ ਪਖੰਡੀ, ਗੁਰੂ ਦੇ ਸਿੱਖ ਕਹਾਵਣ, ਪੈਸੇ ਖਾਤਰ ਬਣ
ਜਾਂਦੇ, ਸਭ ਹੁਕਮ ਦੇ ਗੋੱਲੇ।
ਖਾ ਕੇ ਪੂਜਾ ਦਾ ਧਨ, ਡਕਾਰ ਨਾ ਮਾਰਨ, ਨਹੀਂ ਸਾਂਭੇ ਜਾਂਦੇ ਢਿੱਡ,
ਜੋ ਬਣ ਗਏ ਭੜੋਲੇ।
ਜੱਟਵਾਦ ਦਾ ਫਤੂਰ, ਕਿਸੇ ਤੋਂ ਨਹੀਂ ਹੁਣ ਛੁਪਿਆ, ਮਾੜੇ ਧੀੜੇ
ਬਾਕੀ ਵਰਗ, ਇਨ੍ਹਾਂ ਨੇ ਮਿੱਟੀ ਰੋਲ਼ੇ।
ਸਭੇ ਸਾਂਝੀਵਾਲ ਸਦਾਇਣ, ਹੁਣ ਕਿਹੜੇ ਮੂੰਹੀਂ, ਰੱਖ ਬਰਾਬਰ ਤੱਕੜੀ,
ਹੁਣ ਕੋਈ ਨਾ ਤੋੱਲੇ।
ਪੈਰ ਪੈਰ 'ਤੇ ਥੁੱਕ ਕੇ, ਚੱਟਣ ਵਾਲੇ ਕੂਕਰ, ਸਵਾਰ ਨੇ ਉਸ ਬੇੜੀ
ਦੇ, ਜੋ ਖਾਏ ਡਿੱਕੋ ਡੋੱਲੇ।
ਸ਼ਾਨਾਂ ਮੱਤੇ ਇਤਿਹਾਸ ਦੀ, ਹੁਣ ਪਲੀਤ ਹੈ ਮਿੱਟੀ, ਨਲੂਏ ਵਰਗੇ
ਸੂਰਬੀਰ, ਕੋਈ ਕਿੱਥੋਂ ਟੋਹਲੇ।
ਖੰਡੇ ਦੀਆਂ ਗੱਲਾਂ ਕਰਦੇ, ਖੁਦ ਨੇ ਖੜਕੇ ਥੋਥੇ, ਫੱਕੜ ਉਗਲਣ ਦਿਨੇ
ਰਾਤ, ਅੱਤ ਅੰਨ੍ਹੇ ਬੋਲ਼ੇ।
ਸਮੱਰਪਤ ਗੁਰੂ ਨੂੰ ਕਹਿਣ, ਪਰ ਕਰਨ ਮਨ ਮੱਤੀਆਂ, ਸਿੱਖ ਮਰਿਆਦਾ
ਸਾੜ ਕੇ ਅੱਜ, ਕਰ ਦਿੱਤੀ ਕੋਲੇ।
28/10/2024
ਸੱਚ ਦੇ ਪਾਂਧੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਹਨੇਰੇ ਝੱਲਣ ਵਾਲਿਆਂ ਨੂੰ, ਕਈ ਸੋਨ ਸਵੇਰੇ ਉਡੀਕਣਗੇ, ਧਰਤੀ
ਦੇ ਕਾਲ਼ੇ ਚਿਹਰੇ ਕੱਲ੍ਹ ਨੂੰ, ਸ਼ੀਸ਼ੇ ਵਾਗੂੰ ਲਿਸ਼ਕਣਗੇ।
ਹਨੇਰੀਆਂ ਦੀ ਬੇਸ਼ਰਮੀ ਦੇਖ ਕੇ, ਹੌਸਲੇ ਕਰ ਬੁਲੰਦ ਆਪਣੇ,
ਬੁਝਦੇ ਹੋਏ ਕਈ ਅਣਖੀ ਦੀਵੇ, ਹਿੱਕ ਤਾਣ ਕੇ ਚਿਲਕਣਗੇ।
ਜ਼ੁਲਮਾਂ ਦੇ ਘਨਘੋਰ ਇਰਾਦੇ, ਪਸਤ ਤਾਂ ਆਖਰ ਹੋਣੇ ਨੇ, ਮਰਦ
ਅਗੰਮੜੇ ਸੱਚ ਦੇ ਪਾਂਧੀ, ਮੰਜ਼ਲਾਂ ਤੋਂ ਨਹੀਂ ਤਿਲਕਣਗੇ।
ਮਜਬੂਰੀ ਦੀਆਂ ਉੱਚੀਆਂ ਕੰਧਾਂ, ਫੰਧਣੀਆਂ ਅਸੰਭਵ ਨਹੀਂ,
ਕੰਧਰਾਂ ਨੂੰ ਸਰ ਕਰਨੇ ਵਾਲੇ, ਕੰਧਾਂ ਤੋਂ ਕੀ ਥਿੜਕਣਗੇ।
ਜੋ ਕਰਨਾ ਖੁੱਲ੍ਹ ਕੇ ਕਰਨਗੇ, ਜੋ ਵੀ ਕਹਿਣਾ ਸਾਫ ਕਹਿਣਗੇ,
ਮੂੰਹ 'ਤੇ ਖਾਣੀ ਪੈ ਜਾਏ ਭਾਵੇਂ, ਪਰ ਕਹਿਣੋਂ ਕਦੀ ਨਾ ਝਿਜਕਣਗੇ।
ਰੁੱਸੀਆ ਹੋਈਆਂ ਠੁੱਸ ਤਕਦੀਰਾਂ, ਜ਼ੰਗ ਲੱਗੀਆਂ ਖ਼ਸਤਾ
ਸ਼ਮਸ਼ੀਰਾਂ, ਦਾ ਸਾਹਮਣਾ ਕਰਨੇ ਵਾਲੇ, ਕਾਫਲਿਆਂ ਤੋਂ ਨਹੀਂ
ਵਿਛੜਣਗੇ।
ਘੁੱਟ ਘੁੱਟ ਕਰਕੇ ਦਰਦਾਂ ਨੂੰ ਪੀਣਾ, ਮਰਦਾਨਿਆਂ ਨੂੰ ਮੰਨਜ਼ੂਰ
ਨਹੀਂ, ਬਾਬੇ ਨਾਨਕ ਤੋਂ ਲੈ ਕੇ ਹਿੰਮਤ, ਕੰਧਾਰੀਆਂ ਨਾਲ ਮੁੜ
ਉਲਝਣਗੇ।
ਚੜ੍ਹਦੀ ਕਲਾ ਕਦੀ ਨਹੀਂ ਢਹਿੰਦੀ, ਸੱਚ ਨੂੰ ਕੋਈ ਆਂਚ ਨਹੀਂ,
ਸਿਰਾਂ 'ਤੇ ਕੱਫਣ ਬੰਨ੍ਹਣ ਵਾਲੇ, ਕੱਫਣਾਂ ਵਿੱਚ ਹੀ ਲਿਪਟਣਗੇ।
20/10/2024
ਤੀਜੀ ਸੰਸਾਰ ਜੰਗ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਤੀਜੀ ਸੰਸਾਰ ਜੰਗ ਤਾਂ, ਪਹਿਲਾਂ ਹੀ ਜਾਰੀ ਹੈ, ਹੁਣ ਤਾਂ ਸਿਰਫ
ਤਾਰੀਖ, ਮਿਥਣ ਦੀ ਤਿਆਰੀ ਹੈ।
ਧੁਰ ਅਸਮਾਨੀਂ ਹੈ ਧੂਆਂ, ਬੰਬਾਂ ਦਾ ਗਹਿਰਾ, ਵਾਤਾਵਰਨ ਬਚਾਉਣ ਦਾ,
ਫੁਰਮਾਨ ਵੀ ਜਾਰੀ ਹੈ।
ਚੱਲਦੀਆਂ ਨੇ ਮਾਹਲਾਂ, ਬਾਰੂਦ ਦੀਆਂ ਭਰੀਆਂ, ਸਰਮਾਏਦਾਰ ਦੀ ਜੇਬ,
ਨਿੱਤ ਹੋ ਰਹੀ ਭਾਰੀ ਹੈ।
ਪਿਛਲੀਆਂ ਜੰਗਾਂ ਦਾ, ਕਰਜ਼ਾ ਹਾਲੇ ਨਹੀਂ ਲੱਥਾ, ਉਜੜੀ ਹੋਈ ਧਰਤੀ
ਵੀ, ਹੁਣ ਕਰਜ਼ਦਾਰ ਸਾਰੀ ਹੈ।
ਬੰਬਾਂ ਅਤੇ ਅੰਗਾਂ ਦਾ, ਵਪਾਰ ਹੈ ਚੱਲ ਰਿਹਾ, ਮਾਸੂਮਾਂ ਦੇ
ਹੰਝੂਆਂ ਦੀ, ਹਰੇਕ ਥਾਂ ਬੇਜ਼ਾਰੀ ਹੈ।
ਕਿਹੜਾ ਉਹ ਹੈ ਹਿੱਸਾ, ਜਿਥੇ ਜੰਗ ਦਾ ਅਸਰ ਨਹੀਂ, ਬੇ ਲਗਾਮ
ਮਹਿੰਗਾਈ ਨੇ, ਹਰ ਇੱਕ ਦੀ ਮੱਤ ਮਾਰੀ ਹੈ।
ਮਨੁੱਖਤਾ ਨੇ ਕੋਈ ਸਬਕ, ਨਹੀਂ ਸਿੱਖਿਆ ਅਤੀਤ ਕੋਲੋਂ, ਹੁਣ ਹੇਠਲੀ
ਮਿੱਟੀ ਉੱਤੇ, ਆਉਣ ਦੀ ਬੱਸ ਵਾਰੀ ਹੈ।
ਨੰਗ ਧੜੰਗਾ ਮਨੁੱਖ, ਬੈਠਾ ਬਾਰੂਦੀ ਢੇਰ ਉੱਤੇ, ਮਾਸ ਨੋਚਣ ਲਈ
ਚੁੰਝ, ਗਿਰਝ ਦੀ ਤੇਜ਼ ਤਰਾਰੀ ਹੈ।
ਭੋਲ਼ੇ ਲੋਕੋ ਭੁੱਲ ਜਾਓ, ਤੁਹਾਨੂੰ ਕੋਈ ਪੁੱਛ ਕੇ ਤੁਰੇ, ਇਸ ਧਰਤੀ
'ਤੇ ਗੁੰਡਿਆਂ ਦੀ, ਹੀ ਕੁੱਲ ਸਰਦਾਰੀ ਹੈ।
13/10/2024
ਉਪਰਾਮਤਾ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਮੈਂ ਉਦਾਸ ਤਾਂ ਹਾਂ ਪਰ, ਇੰਨਾ ਵੀ ਉਪਰਾਮ ਨਹੀਂ, ਉਹ ਦਿਨ
ਆਏਗਾ ਜਦੋਂ, ਹੰਝੂ ਰੁਕ ਜਾਣਗੇ ਹੀ।
ਇੱਕ ਨਾ ਇੱਕ ਦਿਨ ਤਾਂ, ਉਦਾਸੀ ਦੇ ਬੱਦਲ਼ ਫਟਣਗੇ, ਕਿਸੇ ਦਿਨ
ਤਾਂ ਹਨੇਰੇ, ਮਰ ਮੁੱਕ ਜਾਣਗੇ ਹੀ।
ਉਦਾਸੀ ਕਦੀ ਵੀ ਇੱਕਸਾਰ, ਤਾਂ ਚੱਲਦੀ ਹੀ ਨਹੀਂ, ਖੁਸ਼ੀ ਦੇ
ਵਲਵਲੇ ਕਦੀ ਤਾਂ, ਆਖਰ ਜਿੱਤ ਜਾਣਗੇ ਹੀ।
ਮੇਰੀ ਜ਼ਿੰਦਗੀ ਇੰਨੀ ਵੀ, ਬਦਕਿਸਮਤ ਨਹੀਂ ਹੋ ਸਕਦੀ, ਮੇਰੇ
ਹੱਥਾਂ ਦੇ ਨਕਸ਼, ਕਦੀ ਤਾਂ ਉੱਘੜ ਜਾਣਗੇ ਹੀ।
ਹੈ ਹਿੰਮਤ ਬਾਕੀ ਹਾਲੇ ਵੀ, ਨਵੇਂ ਪੂਰਨੇ ਪਾਉਣ ਦੀ, ਜਿਨ੍ਹਾਂ
'ਤੇ ਵਾਰਸ ਮੇਰੇ, ਕਲਮ ਕਦੀ ਚਲਾਉਣਗੇ ਹੀ।
ਮੰਨਿਆ ਕਿ ਅੱਜ ਮੇਰੇ ਉੱਤੇ, ਉਂਗਲਾਂ ਚੁੱਕ ਰਹੇ ਨੇ ਕਈ,
ਯਕੀਨਨ ਮੇਰੇ ਜਾਣ ਤੋਂ ਬਾਅਦ, ਉਹ ਆਖਰ ਪਛਤਾਉਣਗੇ ਹੀ।
ਖਾਮੋਸ਼ੀ ਮੇਰੀ, ਤੇਰੀ ਤਕਰੀਰ ਉੱਤੇ, ਪਹਿਲਾਂ ਹੀ ਭਾਰੀ ਹੈ, ਪਰ
ਜਦੋਂ ਹੋਂਠ ਮੇਰੇ ਖੁਲ੍ਹੇ, ਤਾਂ ਬੋਲ ਗੜਗੜਾਉਂਗੇ ਹੀ।
ਮਨਾ! ਕਿਉਂ ਉਲਝਦਾ ਏਂ, ਨਾਦਾਨ ਜਿਹੇ ਲੋਕਾਂ ਦੇ ਨਾਲ? ਅਕਲਾਂ
'ਤੇ ਪਏ ਹੋਏ ਪਰਦੇ, ਕਦੀ ਤਾਂ ਉੱਠ ਜਾਣਗੇ ਹੀ।
06/10/2024
ਇਨਕਲਾਬ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਇਨਕਲਾਬ ਤਾਂ ਆਕੇ ਚਲਾ ਗਿਆ, ਹੁਣ ਫ਼ੇਰ ਨ੍ਹੀਂ ਆਉਣਾ, ਛੱਡ
ਦਿਓ ਲੋਕੋ ਇਸ ਦਾ ਨਾਹਰਾ, ਹੁਣ ਗਰਜਮਾ ਲਾਉਣਾ।
ਇਹ ਸੀ ਇੱਕ ਛਲਾਵਾ ਜੋ ਕਦੀ, ਹੱਥ ਨਹੀਂ ਮੁੜ ਆਉਣਾ, ਜੋ
ਹਕੀਕਤ ਨਾ ਬਣ ਸਕਿਆ, ਹੁਣ ਪਿਆ ਸਭ ਨੂੰ ਪਛਤਾਉਣਾ।
ਫ਼ਲਸਫ਼ੇ ਹੀ ਘੜਦਾ ਰਹਿ ਗਿਆ, ਮਾਰਕਸ ਬੜਾ ਸਿਆਣਾ, ਵੇਚ ਕੇ ਖਾ
ਗਿਆ ਫ਼ਲਸਫ਼ੇ ਨੂੰ, ਸਾਰਾ ਰੂਸੀ ਲਾਣਾ।
ਲੈਨਿਨ ਕਰ ਕਰ ਥੱਕ ਗਿਆ ਸੀ, ਅਣਥੱਕ ਹੀ ਚਾਰਾਜੋਈ, ਲਾਲ ਫ਼ੌਜ
ਦੀ ਦੁਨੀਆ ਵਿੱਚ ਸੀ, ਬੜੀ ਹੀ ਵਾਹ ਵਾਹ ਹੋਈ।
ਕਿੰਨੇ ਕਾਮੇ ਸ਼ਹੀਦ ਹੋ ਗਏ, ਕਿੰਨਿਆਂ ਦੀ ਰੱਤ ਚੋਈ, ਕਿਸ ਦੇ
ਹੱਥੋਂ ਕਿਸ ਕਿਸ ਦੀ, ਸੀ ਕਿੰਨੀ ਦੁਰਗਤ ਹੋਈ।
ਜ਼ਾਰ ਆਪਣੇ ਮਹਿਲ ਖੁਹਾ ਕੇ, ਜ਼ਾਰ ਜ਼ਾਰ ਸੀ ਰੋਇਆ, ਲੋਕਾਂ ਦੇ
ਅਥਾਹ ਹੜ੍ਹ ਅੱਗੇ, ਖ਼ੁਆਰ ਬੜਾ ਸੀ ਹੋਇਆ।
ਰੂਸ ਨੇ ਦੁਨੀਆ ਦੇ ਵਿੱਚ ਜਾਕੇ, ਇਨਕਲਾਬ ਦਾ ਕੀਤਾ ਧੰਦਾ,
ਦੋਹੀਂ ਹੱਥੀਂ ਹੀ ਲੁੱਟ ਖਾਧਾ, ਦੁਨਿਆਵੀ ਭੋਲ਼ਾ ਬੰਦਾ।
ਅਮੀਰ ਹੋਰ ਅਮੀਰ ਹੋ ਗਿਆ, ਗ਼ਰੀਬ ਹੋਰ ਵੀ ਭੁੱਖਾ, ਨਾ ਬਰਾਬਰੀ
ਦਾ ਪਾੜਾ ਵਧਿਆ, ਜੋ ਕਦੀ ਵੀ ਨਹੀਂ ਮੁੱਕਾ।
ਮਹਿੰਗੇ ਭਾਅ 'ਤੇ ਸਮਾਜਵਾਦ, ਵਿਕਿਆ ਬੋਲੀ 'ਤੇ ਚੜ੍ਹ ਕੇ,
ਕਾਮਰੇਡਾਂ ਦੇ ਢੱਠੇ ਘਰਾਂ ਵਿੱਚ, ਬੱਸ ਖਾਲੀ ਪੀਪੇ ਖੜਕੇ।
ਸਰਮਾਏਦਾਰ ਤਾਂ ਹਰ ਵਾਰ ਹੀ, ਜਿੱਤਿਆ ਕਰ ਕੋਝੇ ਹੀਲੇ, ਜਿਹੜਾ
ਇਸ ਦੇ ਅੱਗੇ ਅੜਿਆ, ਉਹਦੇ ਮੂਧੇ ਪਏ ਪਤੀਲੇ।
ਢਿੱਡ ਦੀ ਭੁੱਖ ਨਹੀਂ ਪੂਰੀ ਹੁੰਦੀ, ਸੁੱਕੀਆਂ ਨੀਤੀਆਂ ਘੜ ਕੇ,
ਪੈਸੇ ਨਾਲ ਹੀ ਰੋਟੀ ਮਿਲਦੀ, ਸਵਾਦੀ ਲਾ ਲਾ ਤੜਕੇ।
ਸਾੜ ਦਿਓ ਹੁਣ ਸਾਰੇ ਪੋਥੇ, ਜੋ ਸਿਰ ਖਪਾ ਗਏ ਸਾਡਾ, ਇਨਕਲਾਬ
ਦਾ ਹੁਣ ਭੋਗ ਪਾ ਦਿਓ, ਛੱਡ ਦਿਓ ਲਾਉਣਾ ਆਢਾ।
30/09/2024
ਮੇਰੀ ਫੱਤੋ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ, ਅਫਸਾਨੇ ਕਈ ਹਜ਼ਾਰ ਨੇ
ਮੇਰੀ ਫੱਤੋ ਦੇ।
ਦੇਖਣ ਨੂੰ ਤਾਂ ਸੂਰਤ ਬੜੀ ਹੀ ਭੋਲ਼ੀ ਹੈ, ਪਰ ਅੰਦਰੋਂ ਜ਼ਹਿਰ ਦੀ
ਸਮਝੋ ਮਿੱਠੀ ਗੋਲ਼ੀ ਹੈ। ਕਈ ਗੱਲਾਂ ਬਾਤਾਂ ਕਰਨ ਚ ਬੜੀ ਹੀ ਲੋਹਲੀ ਹੈ,
ਕਹਿਣੀ ਤੇ ਕਰਨੀ ਵਿੱਚ ਬੜੀ ਹੀ ਛੋਹਲੀ ਹੈ। ਕੁੱਝ ਸ਼ੱਕੀ ਜਿਹੇ ਇਕਰਾਰ
ਨੇ ਮੇਰੀ ਫੱਤੋ ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਐਰਿਆਂ ਗੈਰਿਆਂ ਨਾਲ ਇਹ ਯਾਰੀ ਪਾ ਬਹਿੰਦੀ, ਬਿਨਾ ਸੋਚੇ ਸਮਝੇ
ਪੁਆੜੇ ਹੋਰ ਵਧਾ ਲੈਂਦੀ, ਰਾਹ ਜਾਂਦੀਆਂ ਕਈ ਬਲਾਵਾਂ ਅਪਣੇ ਗਲ਼ ਪਾ
ਲੈਂਦੀ, ਅਣਭੋਲ ਜਿਹੇ ਵਿੱਚ ਚੱਕਰ ਕਈ ਚਲਾ ਬਹਿੰਦੀ। ਕਈ ਵੱਖਰੇ
ਜਿਹੇ ਵਿਚਾਰ ਨੇ ਮੇਰੀ ਫੱਤੋ ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ
ਦੇ।
ਅਕਲ ਦੀ ਗੱਲ ਸਮਝਾਵਾਂ ਅੱਗੋਂ ਹੈ ਲੜਦੀ, ਖੋਪਰੀ ਵਿੱਚ ਚੰਗੀ ਗੱਲ
ਸਹਿਜੇ ਨਹੀਂ ਵੜਦੀ, ਹਰ ਗਲੀ ਵਿੱਚ ਭਾਗੋ ਦੇ ਵਾਂਗੂ ਜਾ ਖੜ੍ਹਦੀ,
ਕਸੂਰ ਆਪਣਾ ਦੂਜੇ ਦੇ ਗਲ਼ ਨਿੱਤ ਮੜ੍ਹਦੀ। ਐਸੇ ਗੁਣ ਬੇ ਸ਼ੁਮਾਰ ਨੇ
ਮੇਰੀ ਫੱਤੋ ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਪੰਜ ਨਵਾਜ਼ਾਂ ਪੜ੍ਹ ਕੇ ਖ਼ੁਦਾ ਧਿਆ ਲੈਂਦੀ, ਮੁਸੱਲੇ ਦੀਆਂ ਚੀਕਾਂ
ਖ਼ੂਬ ਕਢਾ ਲੈਂਦੀ, ਤਸਬੀ ਤਾਈਂ ਵਖ਼ਤ ਬੜਾ ਹੀ ਪਾ ਲੈਂਦੀ, ਮੌਲਵੀਆਂ
ਦੀ ਤੋਬਾ ਖ਼ੂਬ ਕਰਾ ਲੈਂਦੀ। ਉਹ ਮੱਥੇ ਲੱਗਣੋਂ ਇਨਕਾਰ ਨੇ ਮੇਰੀ ਫੱਤੋ
ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਹਰ ਮੰਦਰ ਗੁਰਦਵਾਰੇ ਉਸ ਦਾ ਗੇੜਾ ਹੈ, ਭਾਈਆਂ ਪੰਡਤਾਂ ਨਾਲ ਨਿੱਤ
ਝਗੜਾ ਝੇੜਾ ਹੈ, ਨਾ ਜਾਣੀਏ ਉਸ ਦਾ ਰਾਮ ਤੇ ਵਾਹਿਗੁਰੂ ਕਿਹੜਾ ਹੈ,
ਅਸੂਲਾਂ ਨਾਲ ਹਮੇਸ਼ਾਂ ਉਸ ਦਾ ਬਖੇੜਾ ਹੈ, ਕਈ ਭਲਿਆਂ ਨਾਲ ਤਕਰਾਰ ਨੇ
ਮੇਰੀ ਫੱਤੋ ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਭਲਾ ਬੰਦਾ ਰਾਹ ਛੱਡ ਕੇ ਉਸ ਤੋਂ ਤੁਰਦਾ ਹੈ, ਪਰ ਬੁਰਾ ਸੌ ਵਲ਼
ਪਾਕੇ ਉਸ ਤੱਕ ਪੁੱਜਦਾ ਹੈ, ਮਾੜੀ ਢਾਣੀ ਵਿੱਚ ਉਸਦਾ ਹੀ ਜੱਸ ਪੁੱਗਦਾ
ਹੈ, ਲਫੰਗਾ ਲਾਣਾ ਉਸ ਦੀ ਝੋਲੀ ਚੁੱਕਦਾ ਹੈ। ਕਈ ਗੁੰਡਿਆਂ ਦੇ
ਸਰਦਾਰ ਨੇ ਮੇਰੀ ਫੱਤੋ ਦੇ, ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਲੱਲੂ ਪੰਜੂ ਉਸਦੇ ਬੜੇ ਹੀ ਡੰਗੇ ਹੋਏ, ਪਿਆਰ ਦੀ ਸੂਲ਼ੀ ਉੱਤੇ
ਅਜੇ ਵੀ ਟੰਗੇ ਹੋਏ, ਕਈ ਮੁੜ ਸੁਧਰਨ ਦੀ ਹੱਦ ਤੋਂ ਬੱਸ ਲੰਘੇ ਹੋਏ,
ਕਈ ਮੁੜ ਪੈਰੀਂ ਨਹੀਂ ਆਏ ਉਸਦੇ ਝੰਬੇ ਹੋਏ। ਕਈ ਦਰ ਤੇ ਖੜੇ ਬੀਮਾਰ ਨੇ
ਮੇਰੀ ਫੱਤੋ ਦੇ। ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ, ਅਫਸਾਨੇ ਕਈ ਹਜ਼ਾਰ ਨੇ
ਮੇਰੀ ਫੱਤੋ ਦੇ।
22/09/2024
ਮਾਸੂਮੀਅਤ ਦੀ ਕੀਮਤ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਕਦੀ ਉਹ ਮਾਸੂਮ ਜਿਹੀ ਬੱਚੀ, ਕੋਠੀ ਵਿੱਚ ਫ਼ਿਰਦੀ ਸੀ ਨੱਠੀ।
ਘਰ ਦੇ ਸਾਰੇ ਕੰਮ ਉਹ ਕਰਦੀ, ਕੰਮ ਕਰਨ ਤੋਂ ਕਦੀ ਨਾ ਭੱਜਦੀ। ਕਦੀ
ਰਸੋਈ ਵਿੱਚ ਭਾਂਡੇ ਮਾਂਜੇ, ਕਦੀ ਮਾਲਕਾਂ ਦੇ ਕੱਪੜੇ ਸਾਂਭੇ। ਕਦੀ
ਫ਼ੁੱਲਾਂ ਦੀ ਗੋਡੀ ਕਰਦੀ, ਖੁਦ ਲੱਗੇ ਸੁੰਦਰ ਫ਼ੁੱਲ ਵਰਗੀ।
ਮੁਸਕਰਾਉਂਦਾ ਸੁੰਦਰ ਚਿਹਰਾ, ਰੱਬ ਨੇ ਦਿੱਤਾ ਹੁਸਨ ਬਥੇਰਾ।
ਅੰਨ੍ਹੇਂ ਮਾਪਿਆਂ ਦਾ ਇੱਕੋ ਸਹਾਰਾ, ਉਨ੍ਹਾਂ ਦੀਆਂ ਅੱਖਾਂ ਦਾ ਇੱਕੋ
ਤਾਰਾ। ਜਿਸ ਦੇ ਸਿਰੋਂ ਉਹ ਰੋਟੀ ਖਾਂਦੇ, ਸਾਰੇ ਘਰ ਦਾ ਖਰਚ
ਚਲਾਂਦੇ।
ਕੋਠੀ ਦੇ ਉਹ ਕੰਮ ਮੁਕਾ ਕੇ, ਸ਼ੁਰੂ ਹੋ ਜਾਵੇ ਆਪਣੇ ਘਰ ਜਾਕੇ।
ਇੱਧਰ ਕੰਮ ਹੈ, ਉੱਧਰ ਕੰਮ ਹੈ, ਉਸ ਨੂੰ ਤਾਂ ਕੰਮ ਨਾਲ ਹੀ ਕੰਮ ਹੈ।
ਅੱਜ ਵੀ ਬੱਸ ਉਹ ਮੂੰਹ ਹਨੇਰੇ, ਆ ਪਹੁੰਚੀ ਮਾਲਕਾਂ ਦੇ ਡੇਰੇ।
ਬੀਬੀ ਜੀ ਉਸਨੂੰ ਕੰਮ ਸਮਝਾ ਕੇ, ਬੈਠ ਗਏ ਗੱਡੀ ਵਿੱਚ ਜਾਕੇ। ਜੇ
ਕੋਈ ਹੋਰ ਕੰਮ ਹੈ ਪੁੱਛਣਾ, ਕਾਕਾ ਘਰ ਹੈ ਉਸ ਨੂੰ ਦੱਸਣਾ।
ਚੌਵੀ ਸਾਲਾਂ ਦਾ ਇੱਕੋ ਕਾਕਾ, ਪਾਉਂਦਾ ਰੋਜ਼ ਉਹ ਨਵਾਂ ਸਿਆਪਾ।
ਪੜ੍ਹਨ ਵੈਸੇ ਉਹ ਕਾਲਜ ਜਾਂਦਾ, ਪਰ ਉਹ ਨਿੱਤ ਹੀ ਐਸ਼ ਉਡਾਂਦਾ।
ਠਹਿਰ ਗਿਆ ਅੱਜ ਵਿੱਚ ਹੀ ਕੋਠੀ, ਮਨ ਵਿੱਚ ਰੱਖ ਕੇ ਨੀਯਤ ਖੋਟੀ।
ਹੁਣ ਕੋਠੀ ਦੀ ਛੱਤ ਉੱਤੇ, ਪਈ ਹੈ ਲਾਸ਼ ਕੜਕਦੀ ਧੁੱਪੇ। ਖੂਨ ਚ
ਭਿੱਜੀ ਬਾਲੜੀ ਜਾਨ, ਹੁਣ ਨਾ ਹੁੰਦੀ ਉਹ ਪਹਿਚਾਣ। ਸੁਣ ਕੇ ਖਬਰ
ਸਾਰੇ ਨੇ ਦੰਗ, ਆਂਢ ਗੁਆਂਢ ‘ਤੇ ਸਾਕ ਸਬੰਧ। ਅੰਨ੍ਹੇ ਮਾਪੇ ਹੋਏ
ਬੇਹਾਲ, ਲਾਸ਼ ਨੂੰ ਟੋਹ ਟੋਹ ਹੱਥਾਂ ਨਾਲ। ਜਾਣਨਾ ਚਾਹੇ ਹਰ ਕੋਈ
ਬੰਦਾ, ਕਿਸ ਦਾ ਹੈ ਇਹ ਕਾਰਾ ਗੰਦਾ।
ਕਾਕਾ ਘਰੋਂ ਅਲੋਪ ਸੀ ਕੀਤਾ, ਪੁਲਿਸ ਨੇ ਤਾਣਾ ਬਾਣਾ ਸੀਤਾ।
ਲਾਸ਼ ਦੀ ਕੀਮਤ ਪਾਈ ਸੀ ਜਾਂਦੀ, ਪੁਲਿਸ ਮਾਪਿਆਂ ਤਾਂਈਂ ਸਮਝਾਉਂਦੀ।
ਬੇਜ਼ਾਰ ਬੇਬਸ 'ਤੇ ਅੰਨ੍ਹੇ ਮਾਪੇ, ਬੇਹਾਲ ਕਰਨ ਕਾਨੂੰਨ ਦੇ ਸਿਆਪੇ।
ਕਿਸ ਨੂੰ ਦਿਲ ਦਾ ਹਾਲ ਸੁਣਾਵਣ, ਕਿਸ ਅੱਗੇ ਰੋਵਣ ਕੁਰਲਾਵਣ?
ਗ਼ਰੀਬਾਂ ਦੀ ਕੋਈ ਨੀ ਸੁਣਨੇ ਵਾਲ਼ਾ, ਪੈਸਾ ਕਰੇ ਸਭ ਘਾਲ਼ਾ ਮਾਲ਼ਾ।
15/09/2024
ਪਿਆਰ ਦੀ ਨਜ਼ਰ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਇੱਕ ਨਜ਼ਰ ਜੇ ਇਧਰ ਵੀ, ਕੋਈ ਮੇਰੀ ਨਜ਼ਰੇ ਕਰ ਦੇਵੇ,
ਮਿਹਰਬਾਨੀਆਂ ਦੇ ਲਾ ਕੇ ਢੇਰ, ਮੇਰਾ ਵਿਹੜਾ ਭਰ ਦੇਵੇ।
ਮਸਤੀਆਂ ਦੇ ਵੇਗ ਵਿੱਚ, ਗੁਜ਼ਰੇ ਮੇਰਾ ਦਿਨ 'ਤੇ ਰਾਤ, ਨੈਣਾਂ
ਦੇ ਦੋ ਪਿਆਲੇ ਭਰ, ਕੋਈ ਮੇਰੇ ਅੱਗੇ ਧਰ ਦੇਵੇ।
ਪੱਤਝੜਾਂ ਤੋਂ ਬਹਾਰਾਂ ਦਾ, ਵਕਫ਼ਾ ਪਲਾਂ ਵਿੱਚ ਹੋਵੇ ਖ਼ਤਮ,
ਮਹਿਕਾਂ ਭਰਿਆ ਗੁਲਸ਼ਨ ਕੋਈ, ਨਾਮ ਮੇਰੇ ਜੇ ਕਰ ਦੇਵੇ।
ਰੰਗੀਨੀਆਂ ਹਰਿਆਲੀਆਂ 'ਚ, ਮੇਲ੍ਹਦੀ ਰਹੇ ਰੂਹ ਮੇਰੀ, ਦਸਤਕ
ਜੇ ਕੋਈ ਆਣ ਕਦੇ, ਉਡੀਕਾਂ ਦੇ ਮੇਰੇ ਦਰ ਦੇਵੇ।
ਰਿਸ਼ਤਿਆਂ ਦੀ ਦੁਨੀਆ ਵਿੱਚ, ਕਮੀ ਨਹੀਂ ਹੈ ਚੀਜ਼ਾਂ ਦੀ, ਹਰ
ਚੀਜ਼ ਫਿੱਕੀ ਪੈ ਜਾਵੇਗੀ, ਜੇ ਰੱਬ ਇਸ਼ਕ ਦਾ ਵਰ ਦੇਵੇ।
ਤਸੱਵਰ ਦੀ ਇਸ ਦੁਨੀਆ ਵਿੱਚ, ਤਸਵੀਰ ਅਨੋਖੀ ਬਣ ਜਾਵੇ, ਜੇਕਰ
ਕੋਈ ਸੁਪਨਿਆਂ ਦਾ, ਕਟੋਰਾ ਮੇਰਾ ਭਰ ਦੇਵੇ।
ਤਮੰਨਾ ਹੈ ਕਿਸੇ ਦਾ ਬਣਨੇ ਦੀ, ਕਿਸੇ ਨੂੰ ਆਪਣਾ ਕਹਿਣੇ ਦੀ,
ਕਾਸ਼ ਕੋਈ ਹੁਸੀਨ ਜਿਹਾ ਦਿਲ, ਵਸੀਹਤ ਮੇਰੇ ਨਾਂ ਕਰ ਦੇਵੇ।
08/09/2024
ਵਫ਼ਾ ਬਨਾਮ ਬੇਵਫ਼ਾਈ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਵਫ਼ਾ ਤੇ ਬੇਵਫ਼ਾਈ ਦਾ ਵੀ, ਆਪਣਾ ਆਪਣਾ ਵਿਧਾਨ ਹੈ, ਪਹਿਲਾਂ
ਹਕੂਮਤ ਇੱਕ ਦੀ, ਫੇਰ ਦੂਜੀ ਹੱਥ ਕਮਾਨ ਹੈ।
ਇੱਕ ਸੁਰ ਅਤੇ ਇੱਕ ਤਾਲ 'ਤੇ, ਵਫ਼ਾ ਦੀ ਸਰਗਮ ਗੂੰਜਦੀ, ਹਰ ਪਲ
'ਤੇ ਹਰੇਕ ਸਾਹ ਦੀ, ਅਨੋਖੀ ਨਿਕਲਦੀ ਤਾਨ ਹੈ।
ਦਿਨ ਹੋਵੇ ਜਾਂ ਹੋਵੇ ਰਾਤ, ਦੋ ਦਿਲਾਂ ਵਿੱਚ ਇੱਕ ਜਾਨ ਹੈ,
ਮੂੰਹੋਂ ਨਿੱਕਲੀ ਕੋਈ ਵੀ ਗੱਲ, ਇੱਕ ਦੂਜੇ ਨੂੰ ਪ੍ਰਵਾਨ ਹੈ।
ਵਫ਼ਾ ਨੂੰ ਨਿਭਾਵਣਾ ਵੀ, ਹੈ ਪੁਰਸਲਾਤ ਦਾ ਸਫ਼ਰ ਜਾਣੋ, ਜ਼ਰਾ
ਵੀ ਥਿੜਕ 'ਤੇ ਝਿਜਕ ਨਾਲ, ਹਿੱਲ ਜਾਂਦਾ ਆਪਣਾ ਜਹਾਨ ਹੈ।
ਜਦੋਂ 'ਬੇ' ਖੜ੍ਹ ਜਾਏ ਪੈਰ ਗੱਡ, ਵਫ਼ਾ ਦੇ ਅੱਗੇ ਚਟਾਨ ਬਣ,
ਸੰਜੀਦਗੀ ਅਤੇ ਪਿਆਰ ਦਾ, ਮਾਨ ਬਣ ਜਾਂਦਾ ਅਪਮਾਨ ਹੈ।
ਹਿੱਲ ਜਾਂਦੇ ਸਭੇ ਤਾਰ ਦਿਲ ਦੇ, ਪੈਰ ਪੈਰ ਤੇ ਥਿੜਕਣਾਂ, ਪਿਆਰ
ਅਤੇ ਵਿਸ਼ਵਾਸ ਨੂੰ, ਉਡਾ ਲੈ ਜਾਂਦਾ ਤੂਫਾਨ ਹੈ।
ਨਫਰਤਾਂ ਅਤੇ ਬਦ ਦੁਆਵਾਂ, ਹਰ ਪਲ ਨਵੀਆਂ ਉੱਗਦੀਆਂ, ਰੰਗਾਂ
ਅਤੇ ਮਹਿਕਾਂ ਭਰਿਆ, ਗੁਲਿਸਤਾਨ ਹੁੰਦਾ ਵੀਰਾਨ ਹੈ।
ਬੇਵਫ਼ਾਈ ਦੇ ਦੌਰ ਵਿੱਚ, ਪਰਲੋਂ ਐਸੀ ਆਂਵਦੀ, ਜਾਨ ਵਾਰਦਾ
ਇਨਸਾਨ ਵੀ, ਲੈਂਦਾ ਇੱਕ ਦੂਜੇ ਦੀ ਜਾਨ ਹੈ।
02/09/2024
ਅਫਸਾਨਾ-ਏ-ਹਕ਼ੀਕ਼ਤ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਰੁਕ ਜਾਤੇ ਹੈਂ ਹਾਥ ਯੇ ਮੇਰੇ, ਦਿਲ ਕੀ ਬਾਤੇਂ ਲਿਖਤੇ ਲਿਖਤੇ,
ਹਕ਼ੀਕ਼ਤ ਮੁਹਤਾਜ ਨਹੀਂ ਹੋਤੀ, ਅਲਫ਼ਾਜ਼ੋਂ ਮੇਂ ਢਲਨੇ ਕੀ।
ਅਫਸਾਨੇਂ ਬਨਤੇ ਰਹਿਤੇ ਹੈਂ, ਅਕਸਰ ਰੋਜ਼ ਹਕ਼ੀਕ਼ਤ ਕੇ, ਪਰ
ਨਹੀਂ ਹੈ ਜਾਨ ਅਫਸਾਨੋਂ ਮੇਂ, ਹਕ਼ੀਕ਼ਤ ਕੇ ਸਾਥ ਚਲਨੇ ਕੀ।
ਤਲਖ਼ੀਏ ਜ਼ਿੰਦਗੀ ਤਜੁਰਬਾ ਹੈ, ਖ਼ਾਕ ਸੇ ਕੁੰਦਨ ਕਾ ਸਫਰ,
ਹਿੰਮਤ ਹਰੇਕ ਮੇਂ ਨਹੀਂ ਹੋਤੀ, ਸਾਗਰ ਕੋ ਪਾਰ ਕਰਨੇ ਕੀ।
ਮੰਜ਼ਿਲੇਂ ਤੋਂ ਆਤੀ ਜਾਤੀ ਹੈਂ, ਜਿੰਦਗੀ ਮੇਂ ਏਕ ਕੇ ਬਾਦ ਏਕ,
ਲੇਕਿਨ ਉਨ ਮੇਂ ਤੌਫੀਕ ਚਾਹੀਏ, ਮਰਹਲੋਂ ਕੀ ਸਿਫਤ ਕਰਨੇ ਕੀ।
ਕਸ਼ਮਕਸ਼ ਹਰੇਕ ਮੋੜ ਪਰ, ਜ਼ਿੰਦਗੀ ਕੇ ਹਰੇਕ ਦੌਰ ਮੇਂ, ਮੁਝੇ
ਦੇਤੀ ਰਹੀ ਚੁਨੌਤੀ, ਹਮੇਸ਼ਾ ਹੀ ਆਗੇ ਬੜ੍ਹਨੇ ਕੀ।
18/08/2024
ਪਛਤਾਵਾ ਗੋਸ਼ਟੀ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਕਿਹੜੇ ਕਿਹੜੇ ਪੰਥਕ ਮਸਲੇ, ਕਿਹੜੀ ਕਿਹੜੀ ਵਿਚਾਰ ਗੋਸ਼ਟੀ?
ਕੌਣ ਤੁਹਾਡੇ ਨਾਲ ਕਰੇਗਾ, ਬੇ ਅਕਲੇ ਕਾਲੀਓ ਹੁਣ ਦੋਸਤੀ?
ਕਿਹੜਾ ਪੰਥ ਹੈ ਤੁਹਾਡੇ ਪਿੱਛੇ, ਕਿਹੜੀ ਮਰਿਯਾਦਾ ਦੀਆਂ ਗੱਲਾਂ,
ਤੁਹਾਨੂੰ ਹੁਣ ਤੇ ਡੋਬ ਦੇਣਗੀਆਂ, ਵਿਰੋਧ ਵਾਲੀਆਂ ਮਾਰੂ ਛੱਲਾਂ।
ਕਾਲੀਓ ਪਾਣੀ ਸਿਰਾਂ ਤੋਂ ਲੰਘ ਗਿਆ! ਵਕਤ ਤੁਹਾਡੇ ਹੱਥ ਨੀਂ ਆਣਾ,
ਹੁਣ ਤੇ ਤੁਹਾਡੇ ਪੱਲੇ ਰਹਿ ਗਿਆ, ਪਿੱਟਣਾ ਅਤੇ ਰੋਣਾ ਕੁਰਲਾਣਾ।
ਕਰਤੂਤਾਂ ਕਾਲੀਆਂ ਕਾਲੇ ਹਿਰਦੇ, ਚਿੱਟੇ ਕੱਪੜੇ ਕੀ ਕਰਨਗੇ?
ਤੁਹਾਡੀਆਂ ਕੀਤੀਆਂ ਦਾ ਡੰਨ ਹੁਣ, ਤੁਹਾਡੇ ਬੱਚੇ ਭਰਦੇ ਮਰਨਗੇ।
ਜਿੱਥੇ ਮਰਜ਼ੀ ਜਾ ਨੱਕ ਰਗੜੋ, ਭੁੱਲਾਂ ਹੁਣ ਬਖਸ਼ਾ ਨਹੀਂ ਹੋਣੀਆਂ,
ਪਲੀਤ ਹੋਈਆਂ ਹੁਣ ਤੁਹਾਡੀਆਂ ਰੂਹਾਂ, ਗੋਸ਼ਟੀਆਂ ਨਾਲ ਵੀ ਧੋ ਨਹੀਂ
ਹੋਣੀਆਂ।
ਅਮ੍ਰਿਤਸਰ ਵੀ ਰੁੱਸ ਗਿਆ ਹੈ, ਨਾ ਆਨੰਦ ਪੁਰ ਹੁਣ ਤੁਹਾਡੇ ਪੱਲੇ,
ਨੱਠ ਲਓ ਜਿੱਥੇ ਤੱਕ ਨੱਠਣਾ, ਬਹਿ ਨਹੀਂ ਸਕੋਗੇ ਹੁਣ ਨਿਚੱਲੇ।
ਤਰਕ ਤੁਹਾਨੂੰ ਦੁਰਕਾਰ ਰਿਹਾ ਹੈ, ਅਸੂਲਾਂ ਦੀ ਤਾਂ ਗੱਲ ਹੀ ਛੱਡੋ,
ਧਰਮ ਨੂੰ ਧੁਰਾ ਬਣਾਉਣ ਲਈ ਹੁਣ, ਜਿਹੜਾ ਮਰਜ਼ੀ ਸੱਪ ਤੁਸੀਂ ਕੱਢੋ।
ਆਪਣੇ ਧਰਮ ਨੂੰ ਦਾਅ ਤੇ ਲਾ ਕੇ, ਸਿਰਸੇ ਜਾ ਕੇ ਗੋਡੇ ਟੇਕੇ,
ਕੁਰਸੀਆਂ ਖਾਤਰ ਸਾਰੇ ਪਾਸੇ, ਵਿੰਗੇ ਟੇਢੇ ਕੀਤੇ ਕਈ ਠੇਕੇ।
ਜਥੇਦਾਰਾਂ ਦੇ ਵੱਡੇ ਸ਼ਮਲੇ, ਕਦੀ ਹੁੰਦੇ ਸੀ ਸ਼ਾਨਾਂ ਮੱਤੇ,
ਘੋਨ ਮੋਨ ਜਿਹੇ ਕਾਕੇ ਬਿੱਟੂ, ਨਿੱਤ ਲੱਗਦੇ ਨੇ ਸਾਡੇ ਮੱਥੇ।
ਅਕਾਲ ਦਾ ਐੜਾ ਉਡ ਗਿਆ ਹੈ, ਕਾਲ ਹੁਣ ਸਿਰ ਤੁਹਾਡੇ ਕੂਕੇ,
ਕਾਲਖ ਦਾ ਨ੍ਹੇਰਾ ਤੁਹਾਡੇ ਦੁਆਲੇ, ਉਮੀਦ ਦੀ ਚਿੜੀ ਕਿਤੇ ਨਾ ਚੂਕੇ।
11/08/2024
ਗਠੜੀ ਸੰਭਾਲ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਗਠੜੀ ਸੰਭਾਲ ਭਾਈ, ਗੁਥਲੀ ਸੰਭਾਲ ਬਈ, ਲੁੱਟਣ ਨੂੰ ਫਿਰਦੇ ਨੇ,
ਤੇਰਾ ਸਾਰਾ ਮਾਲ ਬਈ।
ਕੁੰਡੀ ਚੁੱਕੀ ਫਿਰਦੇ, ਚੌਗਿਰਦੇ ਉਹ ਸਾਰੇ ਤੇਰੇ, ਹਰ ਦਮ ਲੱਭਦੇ
ਨੇ, ਮੌਕਿਆਂ ਦੀ ਭਾਲ ਬਈ।
ਅੱਖ ਮਟਕਾਵੇ ਕੋਈ, ਡੋਰੇ ਵਾਰ ਵਾਰ ਸੁੱਟੇ, ਚੱਲਣ ਉਹ ਹਰ ਵੇਲੇ,
ਵਿੰਗੀ ਟੇਢੀ ਚਾਲ ਬਈ।
ਮੋਮੋਠੱਗ ਹਰ ਵੇਲੇ, ਲੱਭਦੇ ਨੇ ਊਂਧਿਆਂ ਨੂੰ, ਦਿਨ ਰਾਤ ਉਹ ਨੇ
ਸਾਰੇ, ਪਾਂਵਦੇ ਭੁਚਾਲ਼ ਬਈ।
ਚਤਰ ਤੂੰ ਭਾਵੇਂ ਬਣ, ਲੱਖ 'ਤੇ ਕਰੋੜ ਵਾਰੀ, ਟੱਪਣ ਨਾ ਦੇਣਗੇ,
ਤੈਨੂੰ ਕੋਈ ਖਾਲ਼ ਬਈ।
ਈਮੇਲਾਂ, ਟੈਕਸਟਾਂ, ਟਿਕ ਟੌਕ, ਫੇਸ ਬੁੱਕਾਂ, ਵਟਸਐਪ, ਫ਼ੋਨਾਂ
ਉੱਤੇ, ਬੁਣਦੇ ਨੇ ਜਾਲ਼ ਬਈ।
ਮਖੌਟਿਆਂ ਦੇ ਪਿੱਛੇ ਅੱਜ, ਲੁਕੇ ਹੋਏ ਭੇੜੀਏ, ਪੁੱਠੇ ਸਿੱਧੇ
ਪੁੱਛਣਗੇ, ਤੈਨੂੰ ਉਹ ਸਵਾਲ ਬਈ।
ਨਜ਼ਾਰੇ ਸਬਜ਼ ਬਾਗਾਂ ਵਾਲੇ, ਪਰੋਸਣਗੇ ਤੇਰੇ ਅੱਗੇ, ਖੋਹਣਗੇ ਉਹ
ਤੇਰੇ ਹੱਥੋਂ, ਆਖਰੀ ਨਿਵਾਲ ਬਈ।
ਬਚਣ ਦਾ ਤੇਰਾ ਕੋਈ, ਚਾਰਾ ਨਾ ਉਹ ਛੱਡਣਗੇ, ਰੱਖ ਭਾਵੇਂ ਜਿੰਨਾ ਵੀ
ਤੂੰ, ਆਪਣਾ ਖਿਆਲ ਬਈ।
ਮੁੰਨਣਗੇ ਤੈਨੂੰ ਸਾਰੇ, ਚੰਗੀ ਭਾਰੀ ਭੇਡ ਵਾਂਗੂੰ, ਛੱਡਣਗੇ ਤੇਰੇ
ਉੱਤੇ, ਕੋਈ ਨਾ ਉਹ ਵਾਲ ਬਈ।
ਬਚ ਲੈ ਜੇ ਬਚ ਹੁੰਦਾ, ਤੇਰੇ ਕੋਲੋਂ ਮਿੱਤਰਾ ਉਏ, ਨਹੀਂ ਤੇ
ਬਿਤਾਂਵੇਂਗਾ, ਮੰਦੜੇ ਤੂੰ ਹਾਲ ਬਈ।
ਗਠੜੀ ਸੰਭਾਲ ਭਾਈ, ਗੁਥਲੀ ਸੰਭਾਲ ਬਈ, ਲੁੱਟਣ ਨੂੰ ਫਿਰਦੇ ਨੇ,
ਤੇਰਾ ਸਾਰਾ ਮਾਲ ਬਈ।
29/07/2024
ਨੀਂਵਾਣੇ ਸਿੱਖ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਨੀਂਵਾਣੇ ਸਿੱਖ ਅੱਜ ਬਣ ਰਹੇ, ਨੇ ਬਹੁਤ ਨਿਮਾਣੇ, ਛੁਪਾ ਰਹੇ ਨੇ
ਕਾਲ਼ੇ ਹਿਰਦੇ, ਪਾ ਉੱਜਲੇ ਬਾਣੇ।
ਪਲੀਤ ਕਰਨਗੇ ਅਕਾਲ ਤਖਤ ਨੂੰ, ਮੰਗ ਮੁਆਫੀ, ਬੁਣਨਗੇ ਕੁੱਝ
ਸਾਜ਼ਿਸ਼ਾਂ ਦੇ, ਨਵੇਂ ਤਾਣੇ ਬਾਣੇ।
ਸਿਰਫ਼ ਉਂਗਲਾਂ ਚੁੱਕਣ ਜਾਣਦੇ ਨੇ, ਇੱਕ ਦੂਜੇ 'ਤੇ, ਗੁਰੂ ਦੇ
ਸਾਹਮਣੇ ਖੜ੍ਹ ਕੇ, ਬਣਦੇ ਬੀਬੇ ਰਾਣੇ।
ਰੋਲ਼ਿਆ ਗਲੀਆਂ ਵਿੱਚ ਗੁਰੂ ਨੂੰ, ਅਤੇ ਵੇਚ ਵੀ ਖਾਧਾ, ਸੁਆਂਗ ਰਚੇ
ਰਲ਼ ਉਹਨਾਂ ਨਾਲ, ਜੋ ਸਨ ਧਿਙਾਂਣੇ।
ਗੋਲ੍ਹਕਾਂ, ਕੁਰਸੀਆਂ, ਵਜ਼ੀਰੀਆਂ, ਇਤਿਹਾਸਕ ਜ਼ਮੀਨਾਂ, ਬਿਨਾ
ਡਕਾਰੇ ਕਰ ਹਜ਼ਮ ਗਏ, ਜ਼ਾਲਮ ਜਰਵਾਣੇ।
ਥੱਲਿਓਂ ਚੱਲ ਕੇ ਉੱਪਰ ਤੱਕ, ਰਿਹਾ ਫਰਕ ਨਾ ਕੋਈ, ਗਿਆਨੀ,
ਗ੍ਰੰਥੀ, ਜਥੇਦਾਰ, ਬਹੁਤੇ ਮੀਣੇ ਕਾਣੇ।
ਪਲ ਪਲ ਬੋਲੀ ਬਦਲਦੇ, ਅਸੂਲ ਟੰਗ ਛਿੱਕੇ, ਅੰਨ੍ਹਿਆਂ ਤੋਂ ਰੇੜੀਆਂ
ਲੈ ਰਹੇ, ਸਿਰਫ ਆਪਣੇ ਲਾਣੇ।
ਆਮ ਸਿੱਖ ਹੈ ਪਿੱਟ ਰਿਹਾ, ਨਿੱਤ ਮਾਰ ਦੁਹੱਥੜ, ਸ਼ਰਮਸਾਰ ਬੇਚਾਰਾ
ਰੋਂਵਦਾ, ਦੱਬ ਸਿਰ ਸਿਰਹਾਣੇ।
ਸਿੱਖੀ ਦਾ ਭੱਠਾ ਬੈਠਾ ਰਹੀ, ਹੈ ਚੰਡਾਲ ਚੌਂਕੜੀ, ਡੁੱਬਦਾ ਬੇੜਾ
ਨਹੀਂ ਜਾਪਦਾ, ਲੱਗੂ ਕਿਸੇ ਠਿਕਾਣੇ।
21/07/2024
ਸਬਕ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਸਬਕ ਰੋਜ਼ ਨੇ ਮਿਲਦੇ ਰਹਿੰਦੇ, ਅਨੋਖੇ ਅਤੇ ਨਵੀਨ ਸਦਾ, ਮਤਲਬ
ਜਿਨ੍ਹਾਂ ਦੇ ਨਿਕਲਣ ਹਮੇਸ਼ਾ, ਡੂੰਘੇ ਅਤੇ ਮਹੀਨ ਸਦਾ।
ਕੁੱਝ ਤਾਂ ਪੱਲੇ ਪੈ ਜਾਂਦੇ ਨੇ, ਪਰ ਕੁੱਝ ਸਮਝ ਤੋਂ ਬਾਹਰ, ਕਈਆਂ
ਨੂੰ ਤਾਂ ਮੰਨਣ ਤੋਂ, ਹੋ ਜਾਂਦੇ ਹਾਂ ਅਸੀਂ ਨਾਬਰ।
ਸਫਲਤਾ ਦੀ ਟੀਸੀ 'ਤੇ ਚੜ੍ਹਨਾ, ਖ਼ਤਰਿਆਂ ਤੋਂ ਨਹੀਂ ਖਾਲੀ,
ਗਲਤੀਆਂ ਹੀ ਪਰਪੱਕ ਕਰਦੀਆਂ, ਅਨਾੜੀਆਂ ਨੂੰ ਹਰ ਹਾਲੀ।
ਮਰਹਲੇ ਖੜ੍ਹੇ ਨੇ ਪੈਰ ਪੈਰ 'ਤੇ, ਜ਼ੰਜੀਰਾਂ ਵਾਂਗੂੰ ਜਾਪਣ,
ਧਿੰਗੋਜ਼ੋਰੀ ਰਾਹ ਰੋਕ ਕੇ, ਸਾਡੀਆਂ ਸ਼ਕਤੀਆਂ ਨਾਪਣ।
ਹਰ ਇੱਕ ਦੇ ਨਾਲ ਵਾਹ ਪੈਣ ਦਾ, ਅਹਿਸਾਸ ਹਮੇਸ਼ਾਂ ਵੱਖਰਾ, ਠੁੱਠ
ਕਈ ਵਾਰ ਦਿਖਾ ਜਾਂਦਾ ਹੈ, ਬੰਦਾ ਕੋਈ ਕੋਈ ਚਤਰਾ।
ਦੂਸਰਿਆਂ ਨੂੰ ਸਬਕ ਸਿਖਾਉਣ ਲਈ, ਹਰ ਕੋਈ ਹੈ ਕਾਹਲ਼ਾ, ਭਾਵੇਂ ਉਸ
ਦੀ ਅਪਣੀ ਅਕਲ ਦਾ, ਨਿਕਲਿਆ ਹੋਵੇ ਦੀਵਾਲ਼ਾ।
23/06/2024
ਸਮੇਂ ਦੇ ਗੇੜ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਮੇਰੀ ਕਰੂਪਤਾ ਨੂੰ ਦੇਖ, ਭੱਜਦੇ ਅੱਜ ਪਰੇ ਪਰੇ, ਕਦੀ ਸੁੰਦਰਤਾ
ਮੇਰੀ ਦੇਖ, ਮੇਰੇ 'ਤੇ ਕਈ ਮਰੇ।
ਜਦੋਂ ਲੋੜ ਸੀ ਮੈਨੂੰ ਮੇਰੇ, ਦੁਆਲ਼ੇ ਹਮਦਰਦਾਂ ਦੀ, ਉਹ ਛੱਡ ਕੇ
ਮੇਰਾ ਪੱਲਾ, ਜਾ ਵਸੇ ਹੋਰ ਘਰੇ।
ਇਕੱਲਿਆਂ ਆਹਾਂ ਭਰ, ਜਦੋਂ ਹੰਝੂ ਸੁੱਕ ਗਏ, ਕਈ ਮੋਢੇ ਮੈਂ ਦੇਖੇ,
ਮੇਰੇ ਗਿਰਦ ਖੜ੍ਹੇ।
ਜਦੋਂ ਨਫਰਤ ਦਾ ਸਬਕ, ਸਿਖਾਇਆ ਲੋਕਾਂ ਨੇ, ਕਿਸੇ ਨੇ ਆ ਕੇ ਪਿਆਰ,
ਨਾਲ਼ ਮੇਰੇ ਹੱਥ ਫੜੇ।
ਉਮੀਦੀ ਕਿਰਨ ਉਡੀਕਦਿਆਂ, ਜੋ ਮੇਰੀ ਅੱਖ ਲੱਗੀ, ਤਾਂ ਸੂਰਜ ਨੇ
ਦਿੱਤੀ ਦਸਤਕ, ਮੇਰੇ ਅਣਜਾਣ ਦਰੇ।
ਮੋੜ ਬਹੁਤ ਨੇ ਆਉਂਦੇ, ਨਿੱਜੀ ਪਗਡੰਡੀਆਂ 'ਤੇ, ਪਰ ਰਸਤੇ ਬੰਦ
ਨਹੀਂ ਹੁੰਦੇ, ਜੇ ਕੋਈ ਚੱਲ ਪਵੇ।
ਸਫਲਤਾਵਾਂ ਨੇ ਦਿੱਤਾ, ਮੈਨੂੰ ਸੰਸਾਰ ਸਾਰਾ, ਅਸਫਲਤਾਵਾਂ ਨੇ
ਕਿਉਂ, ਨੇ ਮੇਰੇ ਨੈਣ ਭਰੇ?
ਨਰ ਚਾਹੇ ਭਾਵੇਂ ਕੁੱਛ, ਪਰ ਮਿਲ਼ਦਾ ਹੋਰ ਹੀ ਹੈ, ਪੂਰੇ ਨਾ ਹੁੰਦੇ
ਮਨਸੂਬੇ, ਭਾਵੇਂ ਕੋਈ ਲੱਖ ਘੜੇ।
ਪਰ ਹਾਰ ਮੰਨ ਕੇ ਬਹਿਣਾ, ਕਦੀ ਵੀ ਸੋਹੰਦਾ ਨਹੀਂ, ਜੰਗਾਂ ਉਹ ਵੀ
ਨੇ ਜਿੱਤੇ, ਜੋ ਕਈ ਵਾਰ ਹਰੇ।
ਚੱਲਦੇ ਸਾਹਾਂ ਵਿੱਚ ਹਮੇਸ਼ਾਂ, ਕਿਰਨ ਉਮੀਦਾਂ ਦੀ, ਹਨੇਰਾ ਤਾਂ
ਉਦੋਂ ਹੀ ਪਸਰੇ, ਜਦੋਂ ਕੋਈ ਜਿੰਦ ਮਰੇ।
09/06/2024
ਲੋਕ ਮਾਧਿਅਮ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਤਮਾਸ਼ਬੀਨ ਹੈ ਦੁਨੀਆ, ਤਰਸ ਤੋਂ ਖਾਲੀ ਹੈ, ਬੰਦਾ ਬਣਨ ਦਾ ਢੋਂਗ,
ਇਨਸਾਨੀਅਤ ਜਾਅਲੀ ਹੈ।
ਹਾਦਸੇ ਦੇ ਸ਼ਿਕਾਰਾਂ ਦੀ, ਨਾ ਕੋਈ ਮਦਦ ਕਰੇ, ਹਰ ਕੋਈ ਫਿਲਮ ਬਣਾ
ਕੇ, ਮਾਲੋ ਮਾਲੀ ਹੈ।
ਸਸਤੀ ਸ਼ੋਹਰਤ ਦੀ ਦੌੜ, ਨੇ ਝੁੱਗੇ ਚੌੜ ਕੀਤੇ, ਇੱਜ਼ਤਾਂ ਲਈ ਝੋਲੀ
ਅੱਡਦਾ, ਸ਼ਰੀਫ ਸਵਾਲੀ ਹੈ।
ਉੱਚੀਆਂ ਕਦਰਾਂ ਕੀਮਤਾਂ, ਅੱਜ ਹੋਈਆਂ ਮਿੱਟੀ, ਗੁਲਸ਼ਨ ਉਜਾੜਨ
ਲੱਗਾ, ਅੱਜ ਖ਼ੁਦ ਮਾਲੀ ਹੈ।
ਘਰ ਘਰ ਬੈਠੇ ਐਕਟਰ, ਡਰਾਮਾ ਨਿੱਤ ਕਰਦੇ, ਨਾਇਕ ਹੈ ਅੱਜ ਪਤੀ,
ਨਾਇਕਾ ਘਰ ਵਾਲ਼ੀ ਹੈ।
ਸਰਕਾਰਾਂ, ਸੈਂਸਰ, ਸੇਧਾਂ, ਛਿੱਕੇ ਟੰਗੀਆਂ ਨੇ, ਕਾਨੂੰਨ ਦੇ ਉੱਤੇ
ਛਾਈ, ਬਹੁਤ ਮੰਦਹਾਲੀ ਹੈ।
ਲੋਕ ਮਾਧਿਅਮ ਹੀ ਅੱਜ, ਸਭ ਦਾ ਧਰਮ ਹੋਇਆ, ਇਸ ਧਰਮ ਗਰੰਥ
ਦਾ ਪੱਤਰਾ, ਹਰ ਇੱਕ ਖਾਲੀ ਹੈ।
ਅਫਵਾਹਾਂ, ਝੂਠ ਨੇ ਵਿਕਦੇ, ਮਹਿੰਗੇ ਭਾਅ ਚੜ੍ਹ ਕੇ, ਸੱਚ ਦਾ ਤਾਂ
ਹੁਣ ਸਮਝੋ, ਰੱਬ ਹੀ ਵਾਲੀ ਹੈ।
02/06/2024
ਦਿਲ ਲਗੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਕੋਈ ਦਸਤਕ ਦੇ ਕੇ ਮੁੜ ਗਿਆ, ਦਿਲ ਦੇ ਦਰਵਾਜ਼ੇ, ਦਿਲ ਰਹਿ ਗਿਆ
ਕੁੱਛ ਲਾਂਵਦਾ, ਕਿਆਫ਼ੇ ਅੰਦਾਜ਼ੇ।
ਕੌਣ ਸੀ ਉਹ ਅਜਨਬੀ, ਅਤੇ ਕਿਉਂ ਸੀ ਆਇਆ, ਸਵਾਲ ਜਵਾਬ ਕਈ ਉੱਭਰਦੇ,
ਕੱਸਣ ਆਵਾਜ਼ੇ।
ਕੀ ਕਿਸੇ ਨੇ ਕੀਤੀਆਂ ਕੋਸ਼ਿਸ਼ਾਂ, ਦਿਲਬਰੀ ਦੀਆਂ? ਜਾਂ ਕਰ ਰਿਹਾ ਸੀ
ਦਿਲ ਲਗੀ, ਹੋ ਆਸੇ ਪਾਸੇ?
ਟੁੰਬੀਆਂ ਗਈਆਂ ਕਈ ਸੱਧਰਾਂ, ਪਣਪੀਆਂ ਉਮੀਦਾਂ, ਸਵਾਦ ਸਵਾਦ ਮਨ ਹੋ
ਗਿਆ, ਜਿਵੇਂ ਸ਼ਹਿਦ ਪਤਾਸੇ।
ਸ਼ਹਿ ਮਿਲ਼ੀ ਜਜ਼ਬਾਤਾਂ ਨੂੰ, ਫਿਰ ਪ੍ਰਬਲ ਹੋਣ ਦੀ, ਮਿਲ਼ ਜਾਵਣ
ਕਿਤੇ ਰੂਹ ਨੂੰ, ਮੁਸਕਰਾਹਟਾਂ ਹਾਸੇ।
ਹਾਏ! ਆਵੇ ਫੇਰ ਉਹ ਪਰਤ ਕੇ, ਕਿਤੇ ਭੁੱਲ ਭੁਲੇਖੇ, ਮਿਲ਼ ਜਾਵਣ
ਕਿਤੇ ਜਿੰਦ ਨੂੰ, ਤਸੱਲੀਆਂ ਤੇ ਦਿਲਾਸੇ।
ਹੁਣ ਯਾਦ ਹੀ ਬਾਕੀ ਰਹਿ ਗਈ, ਜਾਂ ਭਰਮ ਨੇ ਪੱਲੇ, ਦਿੰਦਾ ਰਹਿ
ਦਿਲਾ ਆਪ ਨੂੰ, ਹੁਣ ਝੂਠੇ ਧਰਵਾਸੇ।
ਜੰਗਲ਼ ਗਏ ਨਾ ਬਹੁੜਦੇ, ਜਾ ਇੱਛਰਾਂ ਨੂੰ ਪੁੱਛੋ, ਯੋਗ ਸਨ ਜੋ
ਦਿਲਾਂ ਦੇ, ਤੋੜ ਗਏ ਪਰਭਾਸੇ।
27/05/2024
ਅੰਦਰੂਨੀ ਖ਼ਤਰਾ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਜਿਨ੍ਹਾਂ ਨੂੰ ਖ਼ਤਰਾ ਮੈਥੋਂ ਜਾਪੇ, ਡਰਦੇ ਨੇ ਨਿੱਤ ਆਪ ਤੋਂ ਆਪੇ।
ਨੁਕਸ ਮੇਰੇ 'ਚ ਕੱਢਣ ਤੋਂ ਪਹਿਲਾਂ, ਮਨ ਨੂੰ ਦੇਖ ਲੈਣ ਇੱਕ
ਝਾੱਤੇ।
ਅੰਤਰ ਆਤਮਾ ਤਾਂ ਝੂਠ ਨਾ ਬੋੱਲੇ, ਪਰ ਨਾ ਮਾਨੂੰ ਦੇ ਨੇ ਸਿਆਪੇ।
ਤਾਤ ਪਰਾਈ ਵਿਸਰ ਤਾਂ ਜਾਵੇ, ਟੁੱਟ ਜਾਵਣ ਜੇ ਵੈਰ ਦੇ ਨਾੱਤੇ।
ਉਹ ਮਨ ਜੋਤ ਸਰੂਪ ਬਣ ਨਿੱਕਲੇ, ਜੋ ਮੂਲੋਂ ਹੀ ਖ਼ੁਦ ਗਏ ਪਛਾੱਤੇ।
ਸਬਕ ਤਾਂ ਪੈਰ ਪੈਰ 'ਤੇ ਮਿਲਦੇ, ਸਿੱਖ ਕੇ ਕੋਈ ਨਾ ਪਾਵੇ ਖਾੱਤੇ।
ਮੰਦੇ ਕਰਮ ਕਮਾਵਣ ਵਾਲੇ, ਆਪਣੇ ਜਾਲ਼ ਵਿੱਚ ਜਾਂਦੇ ਫਾੱਥੇ।
ਬੁਰਾ ਕਿਸੇ ਦਾ ਤੱਕਣ ਵਾਲੇ, ਪੀਂਦੇ ਖ਼ੁਦ ਜ਼ਹਿਰਾਂ ਦੇ ਬਾੱਟੇ।
ਮਨਾ! ਪਰਵਾਹ ਤੂੰ ਕਰਨੀ ਛੱਡ ਦੇਹ, ਚਲਾਈ ਜਾਹ ਛੁਰਲੀਆਂ ਪਟਾੱਕੇ।
19/05/2024
ਬੀਮਾਰੀਆਂ ਦਾ ਘਰ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਉਹ ਕਿਹੜੀ ਹੈ ਬੀਮਾਰੀ, ਜਿਹੜੀ ਮੈਨੂੰ ਨਹੀਂ ਚਿੰਬੜੀ, ਪੁੱਛ ਨਾ
ਤੂੰ ਹਾਲ ਮੇਰਾ, ਛੇੜ ਨਾ ਕੋਈ ਚਿੰਜੜੀ।
ਦੱਸਣ ਮੈਂ ਲੱਗਾ ਜਦੋਂ, ਤੈਥੋਂ ਨਹੀਉਂ ਸੁਣ ਹੋਣਾ, ਹੰਝੂ ਤੇਰੇ
ਵਗਣਗੇ, ਰੁਕਣਾ ਨਹੀਂ ਤੇਰਾ ਰੋਣਾ।
ਫੇਰ ਵੀ ਜੇ ਚਾਹੁਨਾਂ ਏਂ, ਖੋਲ੍ਹਾਂ ਮੈਂ ਦੁੱਖਾਂ ਦੀ ਪਟਾਰੀ, ਹੈ
ਤੇਰੇ ਕੋਲ ਸਮਾਂ, ਪੂਰਾ ਦਿਨ ਅਤੇ ਰਾਤ ਸਾਰੀ?
ਭੱਜਣ ਨਹੀਂ ਦੇਣਾ ਤੈਨੂੰ, ਅੱਧਵਾਟੇ ਛੱਡ ਕੇ, ਘੇਰ ਕੇ ਸੁਣਾਊਂਗਾ
ਮੈਂ, ਦੁੱਖ ਸਾਰੇ ਰੱਜ ਕੇ।
ਕਿਹੜਾ ਏ ਉਹ ਅੰਗ ਜਿੱਥੇ, ਪੀੜ ਨਹੀਉਂ ਹੋਂਵਦੀ, ਕੋਈ ਵੀ ਦਵਾਈ
ਮੇਰੇ, ਨੇੜੇ ਨਹੀਉਂ ਪੋਂਹਵੰਦੀ।
ਗਿਣਾਵੇ ਉਹ ਬੀਮਾਰੀਆਂ, ਕੋਈ ਜੇ ਗਿਣਾ ਸਕੇ, ਜਾਣਦਾਂ ਮੈਂ ਸਾਰੀਆਂ
ਨੂੰ, ਹਰੇਕ ਮੇਰੇ ਪਿੰਡੇ ਵਸੇ।
ਵਾਰੀਆਂ ਇਹ ਪਾ ਕੇ ਮੈਨੂੰ, ਮੁੜ ਮੁੜ ਢਾਉਂਦੀਆਂ, ਇੱਕ ਦੂਜੇ ਤੋਂ
ਅੱਗੇ ਵਧ, ਪਿਆਰ ਨੇ ਜਤਾਉਂਦੀਆਂ।
ਕਈ ਰਹਿਣ ਕੁੱਛ ਦਿਨ, ਤੇ ਕਈ ਰਹਿਣ ਸਾਲੋ ਸਾਲ, ਛੱਡਣ ਨਾ ਖਹਿੜਾ
ਮੇਰਾ, ਕਰਦੀਆਂ ਬੁਰਾ ਹਾਲ।
ਕਦੀ ਕੁੱਛ ਦਿਨਾਂ ਲਈ, ਜੇ ਮੈਨੂੰ ਲੱਗੇ ਸਭ ਠੀਕ, ਯਕੀਨ ਜਾਣੋਂ
ਮੈਨੂੰ ਲੱਗ, ਜਾਂਦੀ ਉਨ੍ਹਾਂ ਦੀ ਉਡੀਕ।
ਲੱਗਦਾ ਹੈ ਜਿਵੇਂ ਮੈਨੂੰ, ਪਿਆਰ ਜਿਹਾ ਹੋ ਗਿਆ, ਇਨ੍ਹਾਂ ਬਿਨਾ
ਮੇਰਾ ਜਿਵੇਂ, ਜੀਵਨ ਖਲੋ ਗਿਆ।
ਸਾਹ ਇੱਕ ਦੂਜੇ ਨਾਲ਼, ਖਹਿੰਦਾ ਜਿਹਾ ਲੱਗਦਾ ਠੱਕ ਠੱਕ ਦਿਲ ਵੱਜੇ,
ਜਿਵੇਂ ਢੋਲ ਵੱਜਦਾ।
ਪਿੱਤਾ ਅਤੇ ਗੁਰਦੇ ਵੀ, ਢਿੱਲੇ ਜਿਹੇ ਰਹਿੰਦੇ ਨੇ, ਨਵੇਂ ਨੇ ਉਹ
ਪੈਣ ਵਾਲ਼ੇ, ਡਾਕਟਰ ਕਹਿੰਦੇ ਨੇ।
ਫੋੜੇ ਜਿਹੇ ਕਈ ਵਾਰੀਂ, ਥਾਂ ਥਾਂ ਤੇ ਦਿਸਦੇ, ਮੱਲ੍ਹਮਾਂ ਦੇ
ਬਾਵਜੂਦ, ਭਰ ਭਰ ਫਿੱਸਦੇ।
ਦਵਾਈਆਂ ਵਾਲੇ ਪੁੜੇ ਵੀ, ਮੈਂ ਰੱਖਾਂ ਨਿੱਤ ਸਾਂਭ ਸਾਂਭ, ਦਵਾਈਆਂ
ਬਿਨਾ ਘਰ ਹੁਣ, ਲੱਗਦਾ ਨਹੀਂ ਆਮ ਵਾਂਗ।
ਪੀਲੀਆਂ ਤੇ ਨੀਲੀਆਂ, ਲਾਲ ਤੇ ਗੁਲਾਬੀ ਕਈ, ਚਾਵਾਂ ਨਾਲ ਗਿਣ ਗਿਣ,
ਖਾਵਾਂ ਫੱਕੇ ਮਾਰ ਬਈ।
ਭੁੱਖ ਹੁਣ ਰੋਟੀ ਦੀ, ਦਵਾਈਆਂ ਨਾਲ਼ ਬੁਝਦੀ, ਨੀਤ ਮੇਰੀ ਜਾਵੇ
ਸਦਾ, ਇਨ੍ਹਾਂ ਵਿੱਚ ਰੁਝਦੀ।
ਪੁੱਛ ਲੈ ਸਵਾਲ ਕੋਈ, ਹੋਰ ਜੇ ਤੂੰ ਪੁੱਛਣਾ, ਨਹੀਂ ਤੇ ਮੈਂ ਨਹੀਂ
ਹੁਣ, ਹੋਰ ਕੁੱਛ ਦੱਸਣਾ।
ਕਿੰਨਾ ਕੁ ਹੁਣ ਹੋਰ ਬੰਦਾ, ਦੁੱਖ ਰਹੇ ਫੋਲਦਾ, ਇਸੇ ਗੱਲੋਂ ਕੋਈ
ਕੋਈ, ਮੇਰੇ ਨਾਲ ਨਹੀਂਉਂ ਬੋਲਦਾ।
ਕਰਾਂ ਮੈਂ ਇਹ ਬੰਦ ਹੁਣ, ਦੁੱਖਾਂ ਦੀ ਪਟਾਰੀ ਸਾਰੀ, ਇਸ ਤੋਂ ਕਿ
ਪਹਿਲਾਂ ਤੇਰੀ, ਮੱਤ ਜਾਵੇ ਹੋਰ ਮਾਰੀ।
ਜ਼ਿੰਦਗੀ ਹੈ ਹਾਲੇ ਬਾਕੀ, ਉਮੀਦ ਨਾਲ਼ ਜੀਵੰਦਾ ਹਾਂ, ਦੁੱਖਾਂ ਦੇ
ਪਿਆਲੇ ਨਿੱਤ, ਚੀਸ ਵੱਟ ਪੀਵੰਦਾ ਹਾਂ।
12/05/2024
ਮਜ਼ਦੂਰ ਦਿਵਸ ਢੰਡੋਰਾ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਮਜ਼ਦੂਰ ਦਿਵਸ ਢੰਡੋਰਾ, ਸਾਰੀ ਦੁਨੀਆ ਪਿੱਟ ਰਹੀ, ਸਮਝ ਨਾ ਲੱਗੇ
ਗਰੀਬੀ ਕਿਉਂ, ਫੇਰ ਵੀ ਹੈ ਪਿਸ ਰਹੀ।
ਮੇ ਡੇਅ ਮਨਾਉਣ ਦੀ ਖਾਤਰ, ਅਮੀਰ ਹੈ ਛੁੱਟੀ ਮਾਣ ਰਿਹਾ, ਮਜ਼ਦੂਰ
ਨੂੰ ਕੰਮ ਕਰਕੇ ਪੂਰੀ, ਤਨਖਾਹ ਨਹੀਂ ਮਿਲ ਰਹੀ।
ਮਜ਼ਦੂਰ ਦਿਵਸ ਦੇ ਉੱਤੇ ਵੀ, ਮਜਦੂਰ ਨੂੰ ਛੁੱਟੀ ਨਹੀਂ, ਭੁੱਖਮਰੀ
ਦੀ ਸਮੱਸਿਆ, ਸਾਹਮਣੇ ਮੂੰਹ ਹੈ ਅੱਡ ਰਹੀ।
ਅਧਨੰਗੇ ਮਜ਼ਦੂਰ ਦੀਆਂ, ਨੇ ਬਿਆਈਆਂ ਪਾਟ ਰਹੀਆਂ, ਅਮੀਰ ਦੇ ਤਨ
ਤੋਂ ਦੇਖੋ, ਕਿਵੇਂ ਹੈ ਮੱਖੀ ਤਿਲ੍ਹਕ ਰਹੀ।
ਅੱਠ ਘੰਟੇ ਦਾ ਕੰਮ ਮੰਗਿਆ ਸੀ, ਦਿਨ ਵੇਲੇ ਕਰਨੇ ਲਈ, ਪਰ
ਬੇਚਾਰਿਆਂ ਦੀ ਹਾਲੇ ਵੀ, ਦਿਨ ਨੂੰ ਵੀ ਰਾਤ ਰਹੀ।
ਸ਼ਿਕਾਗੋ ਤੋਂ ਸ਼ੰਘਾਈ ਤੱਕ, ਸੰਘਰਸ਼ ਹੀ ਜ਼ਿੰਦਗੀ ਹੈ, ਸਾਮਰਾਜ
'ਤੇ ਸਮਾਜਵਾਦ ਦੀ, ਸਦਾ ਪੀਡੀ ਸਾਂਝ ਰਹੀ।
ਭਾਸ਼ਣ 'ਤੇ ਮੁਫਤ ਰਾਸ਼ਣ ਨੇ, ਮਜ਼ਦੂਰ ਮੰਗਤਾ ਕਰ ਦਿੱਤਾ, ਖਚਰੀ
ਅੱਖ ਧਨਾਡ ਦੀ, ਲੀਡਰ ਨਾਲ਼ ਹੀ ਲੜੀ ਰਹੀ।
ਮਾਇਆ ਨੂੰ ਤਰਸਦੀ ਮਜ਼ਦੂਰ ਦੀ, ਕਾਇਆਂ ਮਿੱਟੀ ਹੋ ਜਾਂਦੀ, ਦੇਖੋ
ਗੁਲਾਮੀ ਦੀ ਪਰਿਭਾਸ਼ਾ, ਕਿਵੇਂ ਰੰਗ ਹੈ ਬਦਲ ਰਹੀ।
05/05/2024
ਬਚਕਾਨੀ ਰਾਜਨੀਤੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਰਾਜਨੀਤੀ ਦਾ ਖੇਲ੍ਹ ਲੰਘ ਗਿਆ, ਬੱਚਿਆਂ ਦੇ ਖੇਲ੍ਹ ਤੋਂ ਅੱਗੇ,
ਮਾਰ ਛੜੱਪੇ ਭਜਦੇ ਫਿਰਦੇ, ਲੀਡਰ ਸੱਜੇ 'ਤੇ ਖੱਬੇ।
ਟਿਕਣ ਨਹੀਂ ਦਿੰਦਾ ਚਸਕਾ ਕੁਰਸੀ ਦਾ, ਇੱਕ ਥਾਂ ਇੱਕ ਪਾਸੇ, ਜਨਤਾ
ਦੀ ਅਸਲੀ ਸੇਵਾ ਵਾਲਾ, ਮੁੱਦਾ ਨਾ ਕੋਈ ਲੱਭੇ।
ਬੱਚੇ ਵੀ ਸੌ ਵਾਰ ਸੋਚਦੇ, ਕੋਈ ਗੱਲ ਕਹਿਣ ਤੋਂ ਪਹਿਲਾਂ, ਬਿਨ
ਸੋਚੇ ਬਕਵਾਸ ਨੇ ਕਰਦੇ, ਦੂਜਿਆਂ ਤੇ ਲਾਂਦੇ ਧੱਬੇ।
ਬਿੱਟੂ ਬਿੱਟੇ ਫਿਰਦੇ ਫਿੱਟੇ, ਰਿੰਕੂ ਬਤਾਊਂ ਥਾਲੀ ਦੇ, ਟੀਨੂੰ
ਬੀਨੂੰ ਬੀਨ ਵਜਾਉਂਦੇ, ਮਾਇਆ ਦੇ ਲੱਭਣ ਥੱਬੇ।
ਬੜੇ ਘਰਾਂ ਦੇ ਫਿੱਟੇ ਕਾਕੇ, ਦੁਨੀਆਦਾਰੀ ਭੁੱਲ ਗਏ, ਕਈ ਕਿਸਮਾਂ
ਦੇ ਪੱਪੂ ਸ਼ਿੰਦੇ, ਕੁਕਰਮਾਂ ਦੇ ਨਾਲ਼ ਲੱਦੇ।
ਛੋਟੀਆਂ ਛੋਟੀਆਂ ਗੱਲਾਂ ਤੋਂ ਕਰਦੇ, ਯਾਰੀਆਂ ਪੱਕੀਆਂ ਕੱਚੀਆਂ,
ਬੱਚਿਆਂ ਤੋਂ ਵੀ ਸਬਕ ਨਾ ਸਿੱਖਦੇ, ਕਾਕੇ ਬੁੱਢੜੇ ਬੱਗੇ।
ਨੀਟੂ ਮਤਲਬ ਕੱਢਣ ਖਾਤਰ, ਜਨਤਾ ਨੂੰ ਦਿਖਾਂਦੇ ਟੀਟੂ, ਉੱਲੂ ਆਪਣਾ
ਸਿੱਧਾ ਕਰਨ ਦੇ, ਮਕਸਦ ਰੱਖਦੇ ਅੱਗੇ।
ਬਾਂਟਿਆਂ ਦੀ ਨੇ ਖੇਡ ਸਮਝਦੇ, ਚੁੰਡਣ ਨਿੱਤ ਨਿਸ਼ਾਨੇਂ, ਜਿੱਤਣ
ਕਦੀ ਨਾ ਦਿਲ ਕਿਸੇ ਦਾ, ਸ਼ਰਮ ਕੋਈ ਨਾ ਲੱਗੇ।
ਲੁਕਣਮੀਚੀ ਇੱਕ ਦੂਜੇ ਤੋਂ, ਲੁਕ ਲੁਕ ਕੇ ਖੇਡਣ, ਠਿੱਬੀਆਂ ਲਾਵਣ
ਆਪਣਿਆਂ ਨੂੰ, ਡੋਬਣ ਸਭ ਨੂੰ ਗੱਭੇ।
ਮਾਚਿਸ ਦੀ ਡੱਬੀ ਹੱਥ ਬਾਂਦਰੀਂ, ਹੁਣ ਅੱਗ ਤੋਂ ਕੌਣ ਬਚਾਊ, ਮਾਰ
ਟਪੂਸੀਆਂ ਸਾੜ ਲੈਣਗੇ, ਆਪਣੇ ਹੀ ਝੁੱਗੇ ਝੱਗੇ।
21/04/2024
ਹੈ ਸਮਾਂ ਦਸਤਾਰਾਂ ਦਾ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਬੰਨ੍ਹ ਲਵੋ ਹੁਣ ਸਿਰਾਂ 'ਤੇ, ਹੈ ਸਮਾਂ ਦਸਤਾਰਾਂ ਦਾ, ਜਦੋਂ
ਫ਼ਰਕਣ ਲੱਗਣ ਬੁੱਲ੍ਹ ਤਾਂ, ਹੈ ਸਮਾਂ ਇਜ਼ਹਾਰਾਂ ਦਾ।
ਜਬੈ ਬਾਣ ਲੱਗ ਜਾਵੇ, ਤਾਂ ਰੋਸ ਲਾਜ਼ਮੀ ਜਾਗੇਗਾ, ਸਮਾਂ ਆ ਜਾਂਦਾ
ਜਬਰ ਤੋਂ, ਮੁਨਕਰ ਇਨਕਾਰਾਂ ਦਾ।
ਅੱਤ ਦੇ ਜ਼ੁਲਮ ਦੇ ਅੱਗੇ, ਗੋਡੇ ਟੇਕਣ ਬਾਝੋਂ, ਅਣਖ ਦੀ ਖਾਤਰ
ਚੁੱਕਣਾ, ਬਣਦਾ ਹਥਿਆਰਾਂ ਦਾ।
ਕਿਰਪਾ ਕਿਰਪਾਨ ਦੀ ਹੁੰਦੀ, ਰਾਖੀ ਮਜ਼ਲੂਮ ਲਈ, ਬੇ ਮਾਅਨੇ
ਲਿਸ਼ਕਾਉਣਾ, ਨ੍ਹੀਂ ਕੰਮ ਤਲਵਾਰਾਂ ਦਾ।
ਨੀਵੀਂ ਪਾਣਾ ਨਿਸ਼ਾਨੀ, ਹੈ ਮਜਬੂਰੀ ਦੀ, ਬੇਸ਼ਰਮੀ ਨਾਲ ਜੀਣਾ, ਹੈ
ਕੰਮ ਗ਼ਦਾਰਾਂ ਦਾ।
ਪਿਛਲੱਗ ਤਾਂ ਬਹੁਤੇ ਆਮ, ਟਕਿਆਂ 'ਤੇ ਵਿੱਕ ਜਾਂਦੇ, ਕੌਮਾਂ ਦੇ
ਰਹਿਬਰ ਬਣਨਾ, ਹੈ ਕੰਮ ਸਰਦਾਰਾਂ ਦਾ।
ਝੂਠ ਦਾ ਚਾਰਾ ਚਰਦੇ, ਖ਼ੁਦ ਵੀ ਚਰੇ ਜਾਂਦੇ, ਵਾਰਸ ਵਿਰਲਾ ਕੋਈ
ਲੱਭਦਾ, ਅਣਖੀ ਪਰਿਵਾਰਾਂ ਦਾ।
ਸ਼ਹਾਦਤਾਂ ਕੁਰਬਾਨੀਆਂ, ਵਿਕਦੀਆਂ ਨਹੀਂ ਕਦੀ, ਸੌਦੇਬਾਜ਼ੀਆਂ
ਕਰਨਾ, ਹੈ ਕੰਮ ਗੰਵਾਰਾਂ ਦਾ।
ਬੰਨ੍ਹ ਲਵੋ ਹੁਣ ਸਿਰਾਂ 'ਤੇ, ਹੈ ਸਮਾਂ ਦਸਤਾਰਾਂ ਦਾ, ਜਦ ਫਰਕਣ
ਲੱਗਣ ਬੁੱਲ੍ਹ ਤਾਂ, ਹੈ ਸਮਾਂ ਇਜ਼ਹਾਰਾਂ ਦਾ।
15/04/2024
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੀਤ
ਦਰਬਾਰ-ਏ-ਅੰਮ੍ਰਿਤ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਲੱਗਾ ਦਰਬਾਰ ਮੇਰੇ ਸੋਹਣੇ ਦਾਤਾਰ ਦਾ, ਜਾਮੇ ਅੰਮ੍ਰਿਤ ਦੇ ਕੇ ਜਨਮ
ਸੰਵਾਰਦਾ।
ਭੋਲੇ ਭਾਲੇ ਸਿੱਖਾਂ ਨੂੰ ਸਵਾਲ ਐਸਾ ਪਾਇਆ ਏ, ਸੁਣ ਕੇ ਹੈਰਾਨ ਹਰ
ਸਿੱਖ ਘਬਰਾਇਆ ਏ, ਹਰ ਪਾਸੇ ਚੁੱਪ ਦਾ ਸੰਨਾਟਾ ਡਾਢਾ ਛਾਇਆ ਏ।
ਰੱਬੀ ਨੂਰ ਚਿਹਰਾ ਅਨੋਖੀ ਭਾ ਮਾਰਦਾ, ਜਾਮੇ ਅੰਮ੍ਰਿਤ ਦੇ ਕੇ ਜਨਮ
ਸੰਵਾਰਦਾ। ਲੱਗਾ ਦਰਬਾਰ ਮੇਰੇ ਸੋਹਣੇ ਦਾਤਾਰ ਦਾ।
ਚੋਣਵੇਂ ਦਲੇਰ ਯੋਧੇ ਪੰਜ ਅੱਗੇ ਆਂਵਦੇ, ਦਾਤੇ ਦੇ ਹੁਕਮ ਅੱਗੇ
ਸੀਸ ਨੇ ਝੁਕਾਂਵਦੇ, ਤੇਰੇ ਹੀ ਹਾਂ ਦਾਸ ਦਾਤਾ ਮੁੱਖੋਂ ਕਹਿ
ਸੁਣਾਂਵਦੇ। ਬਲੀਦਾਨੀ ਜਜ਼ਬਾ ਏ ਦੇਖੋ ਠਾਠਾਂ ਮਾਰਦਾ, ਜਾਮੇ
ਅੰਮ੍ਰਿਤ ਦੇ ਕੇ ਜਨਮ ਸੰਵਾਰਦਾ। ਲੱਗਾ ਦਰਬਾਰ ਮੇਰੇ ਸੋਹਣੇ ਦਾਤਾਰ
ਦਾ।
ਕੀਤਾ ਏ ਤਿਆਰ ਅੱਜ ਖ਼ਾਲਸਾ ਅਨੋਖਾ ਜੀ, ਇੱਕ ਪੰਥ ਇੱਕ ਜ਼ਾਤ ਇੱਕੋ
ਇੱਕ ਲੋਕਾ ਜੀ, ਹੱਕ ਸੱਚ ਇੱਕ ਹੈ ਫ਼ਰੇਬ ਨਾ ਕੋਈ ਧੋਖਾ ਜੀ। ਇੱਕ
ਝੰਡੇ ਹੇਠਾਂ ਪਿਤਾ ਸਭ ਨੂੰ ਖਲਾਹਰਦਾ। ਜਾਮੇ ਅੰਮ੍ਰਿਤ ਦੇ ਕੇ ਜਨਮ
ਸੰਵਾਰਦਾ। ਲੱਗਾ ਦਰਬਾਰ ਮੇਰੇ ਸੋਹਣੇ ਦਾਤਾਰ ਦਾ।
ਆਪੇ ਗੁਰੂ ਬਣੇ ਕਦੀ ਆਪੇ ਫੇਰ ਚੇਲਾ ਏ, ਸੰਤ ਤੋਂ ਸਿਪਾਹੀ ਬਣ ਜਾਣ
ਵਾਲਾ ਵੇਲਾ ਏ, ਤਲੀ ਉੱਤੇ ਸੀਸ ਦਾ ਵੀ ਸ਼ੌਂਕ ਅਲਬੇਲਾ ਏ। ਦਾਨੀ
ਦਾਨ ਕਰਕੇ ਵੀ ਜ਼ਰਾ ਨਾ ਚਿਤਾਰਦਾ, ਜਾਮੇ ਅੰਮ੍ਰਿਤ ਦੇ ਕੇ ਜਨਮ
ਸੰਵਾਰਦਾ।
ਲੱਗਾ ਦਰਬਾਰ ਮੇਰੇ ਸੋਹਣੇ ਦਾਤਾਰ ਦਾ, ਜਾਮੇ ਅੰਮ੍ਰਿਤ ਦੇ ਕੇ ਜਨਮ
ਸੰਵਾਰਦਾ। 07/04/2024
ਜੁਰਮ ਦਾ ਡਰ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਬੀ ਬੀ ਸੀ ਰੇਡੀਓ ਸ਼ੋਅ ਕਰਕੇ, ਘਰ ਜਾਣ ਲਈ ਜਦੋਂ ਮੈਂ ਉੱਠਿਆ,
ਸਕਿਉਰਿਟੀ ਟੀਮ ਦਾ ਇੱਕ ਬੰਦਾ, ਮੇਰੇ ਕੋਲ਼ ਅਛੋਪਲ਼ੇ ਆ ਢੁਕਿਆ।
ਕਹਿੰਦਾ ਤੇਰੀ ਕੈਮਰੇ ਉੱਤੇ, ਇੰਟਰਵਿਊ ਹੈ ਕੀਤੀ ਜਾਣੀ, ਕੁੱਛ
ਸਵਾਲ ਨੇ ਪੁੱਛੇ ਜਾਣੇਂ, ਰਿਕਾਰਡ ਹੋਵੇਗੀ ਤੇਰੀ ਕਹਾਣੀ।
ਸਵਾਲ ਉੱਠੇ ਕਈ ਤਰ੍ਹਾਂ ਦੇ, ਮੇਰੇ ਮਨ ਵਿੱਚ ਕਿੰਨੇ ਸਾਰੇ,
ਟੈਲੀਕਾਸਟ ਦੀ ਖੁਸ਼ੀ ਦੇ ਵਿੱਚ, ਮਨ ਲੈ ਰਿਹਾ ਸੀ ਖੂਬ ਹੁਲਾਰੇ।
ਮਾਣ ਨਾਲ਼ ਮੇਰਾ ਸੀਨਾ ਫੁੱਲਿਆ, ਮੇਰੇ ਵਿੱਚ ਤਾਂ ਹੈ ਖੂਬੀ ਕੋਈ,
ਮਸ਼ਹੂਰ ਲੋਕਾਂ ਦੀ ਸੂਚੀ ਵਿੱਚ, ਐਵੇਂ ਨਹੀਂ ਮੇਰੀ ਗਿਣਤੀ ਹੋਈ।
ਖੁਸ਼ੀ ਖੁਸ਼ੀ ਮੈਂ ਉੱਠ ਕੇ ਤੁਰਿਆ, ਉਸ ਭੱਦਰ ਪੁਰਸ਼ ਦੇ ਪਿੱਛੇ, ਜਾ
ਪਹੁੰਚਿਆ ਮੈਂ ਵਿੱਚ ਸਟੁਡਿਓ, ਬੇਸ਼ੁਮਾਰ ਜਿੱਥੇ ਕੈਮਰੇ ਡਿੱਠੇ।
ਲਾਈਟਾਂ ਸ਼ਾਈਟਾਂ ਉੱਪਰ ਥੱਲੇ, ਸੱਜੇ ਖੱਬੇ ਅਮਲਾ ਫੈਲਾ, ਲੱਗਦਾ
ਸੀ ਇਸ ਮਹੌਲ ਵਿੱਚ, ਮੈਂ ਹੀ ਸਾਂ ਇੱਕ ਬਾਂਕਾ ਛੈਲਾ।
ਸੋਹਣੇ ਜਿਹੇ ਇੱਕ ਸੋਫੇ ਉੱਤੇ, ਮੈਨੂੰ ਉਨ੍ਹਾਂ ਬਿਠਾ ਲਿਆ ਸੀ,
ਵੱਡਾ ਦਰਵਾਜ਼ਾ ਬੰਦ ਕਰਕੇ, ਅੰਦਰੋਂ ਕੁੰਡਾ ਲਾ ਲਿਆ ਸੀ।
ਉਡੀਕ ਰਿਹਾ ਸੀ ਬੜੀ ਹੀ ਜਲਦੀ, ਕਾਊਂਟ ਡਾਊਨ ਸ਼ੁਰੂ ਹੋਵੇਗਾ,
ਮੇਰੇ ਦੁਆਲ਼ੇ ਘੁੰਮਣਗੇ ਕੈਮਰੇ, ਅੱਗੇ ਪਿੱਛੇ ਕਰਿਊ ਹੋਵੇਗਾ।
ਪਰ ਉਡੀਕ ਦੀਆਂ ਸੁੰਦਰ ਘੜੀਆਂ, ਕਾਫੀ ਲੰਬੀਆਂ ਹੋਣ ਲੱਗ ਪਈਆਂ, ਦੋ
ਕੁ ਘੰਟੇ ਬੀਤਣ ਪਿੱਛੋਂ, ਤਰੇਲੀਆਂ ਮੈਨੂੰ ਆਉਣ ਲੱਗ ਪਈਆਂ।
ਦਾਲ਼ ਵਿੱਚ ਕੁੱਝ ਲੱਗਿਆ ਕਾਲ਼ਾ, ਮੈਨੂੰ ਸ਼ੱਕ ਕੋਈ ਹੋਰ ਹੀ ਪੈ ਗਿਆ,
ਸਕਿਉਰਿਟੀ ਵਾਲ਼ਾ ਕੈਮਰਾਮੈਨ ਦੇ, ਕੰਨ ਵਿੱਚ ਕੋਈ ਗੱਲ ਕਹਿ ਗਿਆ।
ਮੈਂ ਆਪਣੀ ਆਤਮਾ ਨੂੰ ਪੁੱਛਿਆ, ਕੀ ਮੈਂ ਕੋਈ ਜੁਰਮ ਹੈ ਕੀਤਾ? ਜਾਂ
ਮੈਂ ਕਿਸੇ ਦਾ ਦਿਲ ਦੁਖਾਇਆ, ਜਾਂ ਝਗੜਾ ਕਿਸੇ ਨਾਲ਼ ਮੈਂ ਕੀਤਾ?
ਲੱਗਦਾ ਸੀ ਖ਼ਾਸ ਕਿਸੇ ਕਾਰਨ, ਗਿਆ ਸੀ ਇਹ ਜਾਲ਼ ਵਿਛਾਇਆ, ਕਿਸੇ
ਗੁੱਝੇ ਮਕਸਦ ਖਾਤਰ, ਮੈਨੂੰ ਗਿਆ ਸੀ ਚੋੱਗਾ ਪਾਇਆ।
ਘਾਬਰ ਕੇ ਮੈਂ ਉੱਠ ਖੜੋਤਾ, ਭੱਜਣ ਦੀ ਮੈਂ ਕਰੀ ਤਿਆਰੀ, ਮੇਰੀ
ਪਤਲੀ ਹਾਲਤ ਦੇਖ ਕੇ, ਹੱਸ ਪਈ ਉਹ ਮੰਡਲੀ ਸਾਰੀ।
ਹਾਸੇ ਦੀ ਇਸ ਗੂੰਜ ਵਿੱਚ ਆਖਰ, ਮੇਰੀ ਜਾਨ 'ਚ ਜਾਨ ਫਿਰ ਆਈ,
ਅੱਖਾਂ ਖੁੱਲ੍ਹੀਆਂ ਸੁਪਨਾ ਟੁੱਟਿਆ, ਜੰਜਾਲ਼ ਚੋਂ ਮੇਰੀ ਹੋਈ ਰਿਹਾਈ।
ਨਾ ਉਹ ਚਮਕ ਦਮਕ ਨਾ ਕੈਮਰੇ, ਨਾ ਸਟੁਡਿਓ ਉਹ ਸੋਹਣ ਸੁਨੱਖਾ, ਮੈਂ
ਪਿਆ ਸੀ ਆਪਣੇ ਬੈੱਡ 'ਤੇ, ਸਾਹੋ ਸਾਹੀ ਹੱਕਾ ਬੱਕਾ।
ਸ਼ੁਕਰ ਕੀਤਾ ਮੈਂ ਫੇਰ ਰੱਬ ਦਾ, ਬਚ ਗਿਆ ਕਿਸੇ ਅਣਹੋਣੀ ਤੋਂ,
ਚੰਗਾ ਸੀ ਮੈਂ ਸਧਾਰਨ ਬੰਦਾ, ਚਮਕੀਲੀ ਐਸੀ ਜ਼ਿੰਦਗੀ ਸੋਹਣੀ ਤੋਂ।
31/03/2024
ਫੂਕ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਜਦ ਫੂਕ ਨਿਕਲ ਜਾਏ ਜ਼ਿੰਦਗੀ ਦੀ, ਤਦ ਫੂਕ ਫੂਕ ਪੱਬ ਧਰਦੀ ਹੈ,
ਰਹਿੰਦੇ ਸਾਹਾਂ ਨੂੰ ਜੀਵਣ ਲਈ, ਪਲ ਪਲ ਤਰਲੇ ਕਰਦੀ ਹੈ।
ਕਦੀ ਫੂਕਾਂ ਦਿੱਤੀਆਂ ਹੋਰਾਂ ਨੂੰ, 'ਤੇ ਖ਼ੁਦ ਵੀ ਫੂਕਾਂ ਛਕੀਆਂ
ਸਨ, ਅੰਤ ਕੌੜੀਆਂ ਮਿੱਠੀਆਂ ਯਾਦਾਂ ਦੀ, ਕੰਧ ਜਿਹੀ ਆ ਖੜ੍ਹਦੀ
ਹੈ।
ਕਦੀ ਅੱਲੇ ਜ਼ਖ਼ਮਾਂ ਦੇ ਉੱਤੇ, ਫੂਕਾਂ ਦੇ ਫੈਹੇ ਮਰਹਮ ਬਣੇਂ,
ਕਦੀ ਜ਼ਖ਼ਮਾਂ ਤੋਂ ਨਾਸੂਰਾਂ ਤੱਕ, ਨਾ ਮਿਲਿਆ ਕੋਈ ਵੀ ਦਰਦੀ ਹੈ।
ਕਈ ਵਲਵਲੇ ਪਣਪੇ ਦਿਨ ਰਾਤੀ, ਕਈ ਪਣਪਦਿਆਂ ਹੀ ਫੂਕੇ ਗਏ, ਕਦੀ
ਵਿਲਕਦੇ ਵਲਵਲਿਆਂ ਦੇ ਉੱਤੇ, ਹਾਲੇ ਵੀ ਟੇਕਾਂ ਧਰਦੀ ਹੈ।
ਕਈ ਬੁਝਦੇ ਹੋਏ ਅੰਗਿਆਰਾਂ ਨੂੰ, ਫੂਕਾਂ ਹੀ ਫੂਕਾਂ ਦਿੰਦੀਆਂ ਨੇ,
ਪਰ ਅੰਤ ਬੇਚਾਰੀ ਰਾਖ਼ ਜਿਹੀ, ਜ਼ਰਾ ਵੀ ਫੂਕ ਨਾ ਜਰਦੀ ਹੈ।
ਸਰਾਪੀ ਫੂਕਾਂ ਦੇ ਵਾਰਾਂ ਨਾਲ਼, ਕਦੀ ਲੋਹਾ ਲੈਣਾ ਪੈਂਦਾ ਹੈ,
ਪਰ ਕਦੀ ਨਿਮਾਣੀ ਜਿੰਦ ਕੋਈ, ਝਿੜਕਾਂ ਨਾਲ਼ ਵੀ ਮਰਦੀ ਹੈ।
ਬੱਸ ਖਿੰਡ ਜਾਵੇ 'ਤੇ ਪੁੰਡ ਜਾਵੇ, ਫੂਕ ਦਾ ਕੋਈ ਵਜੂਦ ਨਹੀਂ,
ਪਰ ਟਿਕਾਣੇ ਲੱਗੀ ਫੂਕ ਕਦੀ, ਅੰਮ੍ਰਿਤ ਬਣ ਕੇ ਵੀ ਵਰ੍ਹਦੀ ਹੈ।
31/03/2024
ਬਿਨਾ
ਟਿਕਟ ਸਫ਼ਰ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਚਾਅ ਅਨੋਖਾ ਹੁੰਦਾ, ਇੰਡੀਆ ਜਾਵਣ ਦਾ, ਸਕੇ ਸਬੰਧੀਆਂ ਨੂੰ, ਮਿਲਣ
ਲਈ ਧਾਵਣ ਦਾ।
ਚਾਈਂ ਚਾਈਂ ਤਿਆਰੀ, ਖਿੱਚ ਲਈ ਸੀ ਸਾਰੀ, ਕੱਪੜੇ, ਲੱਤੇ,
ਤੋਹਫਿਆਂ, ਦੀ ਪੰਡ ਸੀ ਭਾਰੀ।
29 ਫਰਵਰੀ ਸਮਾਂ ਸੀ, ਤੜਕੇ ਏਅਰਪੋਰਟ ਵਾਲ਼ਾ, ਜਹਾਜ਼ੇ ਚੜ੍ਹਨ ਦਾ
ਚਾਅ, ਪੈ ਰਿਹਾ ਸੀ ਕਾਹਲ਼ਾ।
ਭੀੜ ਸੀ ਕਾਫੀ ਵਾਧੂ, ਚੈੱਕ ਇਨ ਲਾਈਨਾਂ 'ਤੇ, ਕਈ ਮਰਦ ਸਨ ਔਖੇ,
ਬੀਬੀਆਂ ਮਾਈਆਂ 'ਤੇ।
ਭਾਰੇ ਸੂਟਕੇਸ ਸਨ ਔਖੇ, ਖਿੱਚਣੇ ਮਰਦਾਂ ਲਈ, ਪਰ ਸਭ ਕੁੱਛ ਝੱਲਣਾ
ਪੈਂਦਾ, ਗ੍ਰਿਸਤੀ ਗਰਜ਼ਾਂ ਲਈ।
ਲਾਈਨ ਵਿੱਚ ਮੈਂ ਵੀ ਖੜ੍ਹਾ ਸੀ, ਚੈੱਕ ਇਨ ਖਾਤਰ, ਗਿਣਤੀ ਜਾਣੂੰ
ਲੋਕਾਂ ਦੀ ਵੀ, ਲੱਗਦੀ ਸੀ ਵਾਫਰ।
ਹਰੇਕ ਦੇ ਹੱਥਾਂ ਵਿੱਚ ਟਿਕਟਾਂ, ਪਾਸਪੋਰਟ ਵੀਜ਼ੇ ਸਨ, ਪਰ ਮੇਰੇ
ਹੱਥ ਸਨ ਖਾਲੀ, ਅਤੇ ਖਾਲੀ ਖੀਸੇ ਸਨ।
ਹਫੜਾ ਦਫੜੀ ਵਿੱਚ ਮੈਨੂੰ, ਤ੍ਰੇਲੀ ਆ ਗਈ ਸੀ, ਸੋਚ ਸੋਚ ਮੇਰੀ ਸੋਚ
ਵੀ, ਗੁੰਮ ਸੁੰਮ ਰਹਿ ਗਈ ਸੀ।
ਸ਼ਰਮਿੰਦਗੀ ਦਾ ਸੀ ਆਲਮ, ਅਤੇ ਘਬਰਾਹਟ ਦਾ, ਠਕ ਠਕਾ ਸੁਣ ਰਿਹਾ
ਸੀ, ਦਿਲ ਦੀ ਆਹਟ ਦਾ।
ਇਸ ਤੋਂ ਪਹਿਲਾਂ ਕਿ ਮੇਰਾ, ਦਿਲ ਹੋ ਜਾਂਦਾ ਫਿਹਲ, ਚੁੱਪ ਕਰਕੇ
ਖਿਸਕਣ ਦਾ, ਰਚਿਆ ਮੈਂ ਫਿਰ ਖੇਲ੍ਹ।
ਲਾਹਣਤਾਂ ਆਪਣੇ ਆਪ ਨੂੰ, ਪਾਈਆਂ ਮੈਂ ਬੜੀਆਂ, ਜੱਗੋਂ ਬਾਹਰੀਆਂ
ਕਿਉਂ ਸੀ, ਮੇਰੀਆਂ ਇਹ ਘੜੀਆਂ?
ਮਾਜਰਾ ਸਾਰਾ ਸੁਲਝਿਆ, ਅਖੀਰ ਉਦੋਂ ਸਾਰਾ, ਜਦੋਂ ਇਹ ਟੁੱਟਿਆ
ਸੁਪਨਾ, ਡਰਾਉਣਾ ਬੜਾ ਭਾਰਾ।
ਸ਼ੁਕਰ ਕੀਤਾ ਮੈਂ ਰੱਬ ਦਾ, ਲੱਖ ਕਰੋੜ ਵਾਰੀ, ਜਦੋਂ ਇਹ ਸੱਚ ਤੋਂ
ਝੂਠ, ਨਿਕਲ਼ੀ ਕਹਾਣੀ ਸਾਰੀ।
ਸਲਾਹ ਮੇਰੀ ਹੈ ਸਭ ਨੂੰ, ਸੱਜਣੋਂ ਮਿੱਤਰੋ ਜੀ, ਬਿਨਾ ਪੂਰੀ
ਤਿਆਰੀ, ਘਰੋਂ ਨਾ ਨਿੱਕਲ਼ੋ ਜੀ।
ਮੇਰੇ ਵਰਗੀ ਗ਼ਲਤੀ ਕਰਿਓ, ਨਾ ਕਿਸੇ ਕੀਮਤ, ਭਾਵੇਂ ਹੋਵੇ ਇਹ
ਸੁਪਨਾ, 'ਤੇ ਭਾਵੇਂ ਅਸਲੀਅਤ।
10/03/2024
ਛੜਾ ਸੰਸਾਰ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਪ੍ਰਗਤੀਸ਼ੀਲ ਇਸ ਦੁਨੀਆ ਵਿੱਚ, ਭਰਮਾਰ ਬੜੀ ਹੈ ਛੜਿਆਂ ਦੀ।
ਰੋਜ਼ ਉਭਰ ਰਿਹਾ ਇਹ ਮਸਲਾ, ਚਿੰਤਾ ਹੈ ਭਵਿੱਖ ਦੇ ਵਰ੍ਹਿਆਂ ਦੀ।
ਵਧ ਰਹੀ ਹੈ ਗਿਣਤੀ ਨਿਸ ਦਿਨ, ਸਮਾਜਿਕ ਨਕਸ਼ਾ ਬਦਲ ਰਿਹਾ, ਕਦੀ
ਛੜੇ ਸਨ ਟਾਂਵੇਂ ਟਾਂਵੇਂ, ਅੱਜ ਥੋੜ੍ਹ ਹੈ ਵਿਆਹਿਆਂ ਵਰਿਆਂ ਦੀ।
ਕਦੀ ਕੁਰਬਲ਼ ਕੁਰਬਲ਼ ਹੁੰਦੀ ਸੀ, ਵਿਹੜਿਆਂ ਦੇ ਵਿੱਚ ਬਾਲਾਂ ਦੀ,
ਅੱਜ ਉੱਜੜੇ ਉੱਜੜੇ ਵਿਹੜੇ ਨੇ, ਤਸਵੀਰ ਗੁੰਮ ਹੈ ਵਿਹੜੇ ਭਰਿਆਂ ਦੀ।
ਚੁੱਲ੍ਹਿਆਂ ਵਿੱਚ ਨਹੀਂ ਹੁਣ ਅੱਗਾਂ, 'ਤੇ ਪਾਣੀ ਮੁੱਕ ਰਹੇ
ਘੜਿਆਂ 'ਚੋਂ, ਦਾਲ਼ ਹੁਣ ਗਲ਼ਦੀ ਨਹੀਂ ਲੱਗਦੀ, ਕਿਸੇ ਪਾਸੇ ਵਖ਼ਤ
ਦੇ ਫੜਿਆਂ ਦੀ।
ਕਈ ਬੀਬੀਆਂ ਬੀਬੇ ਫਿਰਦੇ ਨੇ, ਕੱਲੇ ਕੱਲੇ 'ਤੇ ਕਹਿਰੇ ਕਹਿਰੇ,
ਅਕਲ ਦੀ ਗੱਲ ਕੋਈ ਸੁਣਦਾ ਨਹੀਂ, ਹੁਣ ਪੇਸ਼ ਨਹੀਂ ਜਾਂਦੀ ਬੜਿਆਂ ਦੀ।
ਅੱਜ ਆਦਮ ਹੈ ਕੁਦਰਤ 'ਤੇ ਭਾਰੂ, ਕੱਲ੍ਹ ਕੁਦਰਤ ਕਰਵਟ ਬਦਲੇਗੀ,
ਫੇਰ ਕੋਈ ਚਲਾਕੀ ਨਹੀਂ ਚੱਲਣੀ, ਅਕਲਾਂ ਦੇ ਭਰੇ ਹੋਏ ਘੜਿਆਂ ਦੀ।
ਸਮਤੋਲ ਜਲਦੀ ਵਿਗੜ ਜਾਵੇਗਾ, ਦੁਨੀਆ ਦੇ ਤਾਣੇ ਬਾਣੇ ਦਾ, ਛੜੇ
ਢਾਣੀਆਂ ਲਾ ਲਾ ਬੈਠਣਗੇ, ਭਰਮਾਰ ਹੋਵੇਗੀ ਥੜ੍ਹਿਆਂ ਦੀ।
ਥਾਂ ਥਾਂ 'ਤੇ ਬਿਰਧ ਆਸ਼ਰਮਾਂ ਦੇ, ਅਸਥਾਨ ਹੋਰ ਹੁਣ ਖੁੱਲ੍ਹਣਗੇ,
ਧੀਆਂ ਪੁੱਤਰ ਨਹੀਂ ਲੱਭਣਗੇ, ਜੋ ਹਾਲ ਪੁੱਛਣ ਬੇ-ਘਰਿਆਂ ਦੀ।
ਪਰਿਵਾਰ ਨਿਯੋਜਨ ਦੀ ਲੋੜ ਨਹੀਂ, ਨਾ ਜਨ ਸੰਖਿਆ ਨੂੰ ਗਿਣਨੇ ਦੀ,
ਬੱਸ ਪੱਟੀ ਮੇਸ ਹੋ ਜਾਣੀ ਹੈ, ਆਦਮ ਹੱਵਾ ਦੇ ਜਣਿਆਂ ਦੀ।
03/03/2024
ਕੀਰਤਨ ਦਾ ਚਾਅ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਗਹਿਮਾ ਗਹਿਮ ਸੀ ਗੁਰਦਵਾਰੇ ਵਿੱਚ, ਸੰਗਤ ਜੁੜੀ ਸੀ ਬਹੁਤ ਹੀ
ਭਾਰੀ, ਸਾਰੇ ਹਾਲ ਬੁੱਕ ਸਨ ਪੂਰੇ, ਸਮਾਗਮਾਂ ਦੀ ਸੀ ਖੂਬ ਤਿਆਰੀ।
ਛੋਟੇ ਜਿਹੇ ਇੱਕ ਹਾਲ ਦੇ ਵਿੱਚ, ਵੱਖਰਾ ਸੀ ਦੇਖਣ ਨੂੰ ਨਜ਼ਾਰਾ,
ਗਿਣਤੀ ਦੇ ਇਥੇ ਬੀਬੇ ਬੀਬੀਆਂ, ਕੁੱਝ ਕਰ ਰਹੇ ਸਨ ਕੰਮ ਨਿਆਰਾ।
ਨਾ ਕੋਈ ਰਾਗੀ ਨਾ ਕੋਈ ਢਾਡੀ, ਨਾ ਕੋਈ ਉੱਥੇ ਕਥਾਕਾਰ ਸੀ,
ਮਹਾਰਾਜ ਦੀ ਤਾਬਿਆ ਇੱਕੋ, ਗ੍ਰੰਥੀ ਬੈਠਾ ਚੌਂਕੜੀ ਮਾਰ ਸੀ।
ਬੇ ਸੁਰੀਆਂ ਆਵਾਜ਼ਾਂ ਦੇ ਵਿੱਚ, ਸ਼ਬਦ ਕੁੱਝ ਬੀਬੀਆਂ ਗਾ ਰਹੀਆਂ
ਸਨ, ਬਿਨਾ ਕਿਸੇ ਸਾਜ਼ ਤੋਂ ਸੱਖਣੀਆਂ, ਵੱਖੋ ਵੱਖ ਤਰਜ਼ਾਂ ਆ
ਰਹੀਆਂ ਸਨ।
ਕਦੀ ਕਦੀ ਭਾਈਆਂ ਵਲੋਂ ਵੀ, ਉਠ ਰਹੀਆਂ ਸਨ ਅਜੀਬ ਆਵਾਜ਼ਾਂ,
ਇੱਕ ਸੁਰਤਾਲ ਨਾਲ ਗਾਵਣ ਬਾਝੋਂ, ਸੱਖਣੇਂ ਸਨ ਜੋ ਬਿਨਾ ਉਹ ਰਾਗਾਂ।
ਝੁੰਝਲਾਹਟ ਨਾਲ਼ ਮੇਰੇ ਅੰਦਰ, ਇੱਛਾ ਪ੍ਰਬਲ ਹੋ ਰਹੀ ਸੀ ਭਾਰੀ,
ਸੋਚ ਰਿਹਾਂ ਸਾਂ ਸ਼ਬਦ ਗਾਉਣ ਦੀ, ਮੈਨੂੰ ਵੀ ਮਿਲ਼ ਜਾਏ ਕਿਤੇ ਵਾਰੀ।
ਪਰ ਸਾਜ਼ ਬਿਨਾ ਕੋਈ ਗਾਉਣ ਨਹੀਂ ਜਚਦਾ, ਘੱਟੋ ਘੱਟ ਇੱਕ ਢੋਲਕ
ਤਾਂ ਹੋਵੇ, ਇੱਡੇ ਵੱਡੇ ਗੁਰਦਵਾਰੇ ਅੰਦਰ, ਕੋਈ ਵੀ ਸਾਜ਼ ਪਿਆ ਤਾਂ
ਹੋਵੇ।
ਏਸੇ ਲਈ ਮੈਂ ਢੋਲਕ ਲੱਭਣ ਲਈ, ਕਮਰੇ 'ਤੇ ਕਮਰਾ ਗਾਹ ਦਿੱਤਾ,
ਆਖਰ ਇੱਕ ਕਮਰੇ 'ਚ ਪਹੁੰਚ ਕੇ, ਇੱਕ ਢੋਲਕ ਨੂੰ ਮੈਂ ਹੱਥ ਪਾ ਲੀਤਾ।
ਇਸ ਕਮਰੇ ਦੇ ਇੱਕ ਖੂੰਜੇ ਵਿੱਚ, ਮੇਰੀ ਇੱਛਾ ਹੋ ਗਈ ਸੀ ਪੂਰੀ,
ਢੋਲਕ ਸੀ ਦਰਮਿਆਨੀ ਕਿਸਮ ਦੀ, ਘਸਮੈਲ਼ੀ ਜਿਹੀ 'ਤੇ ਕੁੱਝ ਕੁੱਝ
ਭੂਰੀ।
ਚਾਈਂ ਚਾਈਂ ਜਲਦ ਪਹੁੰਚ ਗਿਆ, ਉਸੇ ਹਾਲ ਵਿੱਚ ਮੈਂ ਫਿਰ ਮੁੜ ਕੇ,
ਜਲਦੀ ਜਲਦੀ ਤਣੀਆਂ ਖਿੱਚ ਕੇ, ਤਾਲ ਕਰਨ ਲਈ ਮਾਰੇ ਤੁਣਕੇ।
ਸਾਰੀ ਸੰਗਤ ਦੀ ਮੇਰੇ ਵਿੱਚ, ਉਤਸੁਕਤਾ ਜਾਪ ਰਹੀ ਸੀ ਭਾਰੀ,
ਆਪਣੇ ਆਪ 'ਚ ਸ਼ਬਦ ਗਾਉਣ ਦੀ, ਮੈਂ ਵੀ ਕਰ ਲਈ ਖੂਬ ਤਿਆਰੀ।
ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੀ, ਤਾਲ ਦੇ ਨਾਲ਼ ਆਵਾਜ਼
ਮਿਲਾਂਦਾ, ਗ੍ਰੰਥੀ ਤਾਬਿਆ ਤੋਂ ਉੱਠ ਖੜ੍ਹਿਆ, ਅਰਦਾਸ ਵਾਲਾ ਸ਼ਬਦ
ਉਹ ਗਾਉੰਦਾ।
ਤੁਮ ਠਾਕੁਰ ਤੁਮ ਭਏ ਅਰਦਾਸ ਨੇ, ਮੇਰਾ ਮਨਸੂਬਾ ਠੁੱਸ ਕਰ ਦਿੱਤਾ,
ਮੈਂ ਵੀ ਅਰਦਾਸ ਵਿੱਚ ਸ਼ਾਮਲ ਹੋ ਗਿਆ, ਸ਼ਰਮਿੰਦਾ, ਮਾਯੂਸ ਅਤੇ ਦੋ
ਚਿੱਤਾ।
ਕੀਰਤਨ ਕਰਕੇ ਧਾਂਕ ਜਮਾਉਣ ਦਾ, ਸੁਪਨਾ ਮੇਰਾ ਹੋਇਆ ਨਾ ਪੂਰਾ,
ਕਈ ਹੋਰ ਨਾਕਾਮੀਆਂ ਵਾਂਗੂੰ, ਇਹ ਕੰਮ ਵੀ ਰਹਿ ਗਿਆ ਅਧੂਰਾ।
25/02/2024
ਵਫ਼ਾਦਾਰ ਹਾਂ ਮਾਂ ਬੋਲੀ ਦਾ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਵਫਾਦਾਰ ਹਾਂ ਮਾਂ ਬੋਲੀ ਦਾ, ਗ਼ਦਾਰ ਨਹੀਂ, ਇਸ ਨੂੰ ਪਿੱਠ
ਦਿਖਾਣਾ, ਮੈਨੂੰ ਦਰਕਾਰ ਨਹੀਂ।
ਸਦਾ ਇਸੇ ਦਾ ਖੱਟਿਆ ਖਾਧਾ ਹੈ, ਦਿਨੇ ਰਾਤੀਂ, ਕਿਉਂ ਮੈਂ ਨਮਕ
ਹਰਾਮ ਕਰਾਂ, ਨਹੀਂ ਯਾਰ ਨਹੀਂ!
ਲੜਨਾ ਮਨਜ਼ੂਰ ਹੈ ਮੈਨੂੰ, ਨੰਗੇ ਧੜ ਹਰ ਵੇਲੇ, ਸਹਿਣਾ ਕਿਸੇ ਵੀ
ਸਕਤੇ ਦਾ, ਕੋਈ ਵਾਰ ਨਹੀ।
ਕਈ ਦੇਖੇ ਪੁੱਤ ਕਪੁੱਤ ਬਣਦੇ, ਮਾਂ ਬੋਲੀ ਦੇ, ਐਸੇ ਲੋਕਾਂ ਨਾਲ
ਮੇਰਾ, ਕੋਈ ਸਰੋਕਾਰ ਨਹੀਂ।
ਆਪਣੀ ਛੱਡ ਦੂਜੀ ਵੱਲ, ਧਾਣਾ ਨਹੀਂ ਫੱਬਦਾ, ਇੰਝ ਆਪਣੀ ਬੋਲੀ ਦਾ,
ਹੋਣਾ ਪਰਸਾਰ ਨਹੀਂ।
ਜੰਦਰਾ ਮਾਰ ਜੋ ਤੁਰ ਜਾਂਦੇ ਨੇ, ਘਰ ਛੱਡ ਕੇ, ਉਨ੍ਹਾਂ ਲਈ ਕਦੀ
ਖੁੱਲ੍ਹਦਾ, ਮੁੜ ਉਹ ਦੁਆਰ ਨਹੀਂ।
ਪੈਰ ਪੈਰ 'ਤੇ ਪਹਿਰਾ, ਦੇਣਾ ਪੈਂਦਾ ਹੈ, ਲੁੱਟਿਆ ਉਹੀ ਜਾਂਦਾ ਜੋ,
ਖ਼ਬਰਦਾਰ ਨਹੀਂ।
ਪੱਥਰ ਚੱਟ ਕੇ ਮੱਛੀ, ਕਦੀ ਤਾਂ ਮੁੜ ਆਉਂਦੀ, ਵਿਸਾਰਨ ਵਿਰਸਾ ਉਹੀ,
ਜਿਨ੍ਹਾਂ ਨੂੰ ਪਿਆਰ ਨਹੀਂ।
ਵਫ਼ਾਦਾਰਾਂ ਨੂੰ ਤਾਂ ਮਾਂ, ਗਲ਼ ਨਾਲ ਲਾ ਲੈਂਦੀ, ਅਕ੍ਰਿਤਘਣਾਂ ਦਾ
ਧਰਤੀ ਵੀ, ਝੱਲਦੀ ਭਾਰ ਨਹੀ।
ਵਫ਼ਾਦਾਰ ਹਾਂ ਮਾਂ ਬੋਲੀ ਦਾ, ਗ਼ਦਾਰ ਨਹੀਂ, ਇਸ ਨੂੰ ਪਿੱਠ
ਦਿਖਾਣਾ, ਮੈਨੂੰ ਦਰਕਾਰ ਨਹੀਂ।
18/02/2024
ਬਾਵਰਚੀ ਬਾਬਾ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਪੋਤੇ ਪੋਤੀਆਂ ਰਲ਼ ਕੇ ਇੱਕ ਦਿਨ, ਬਾਬਾ ਆਪਣਾ ਆਣ ਘੇਰਿਆ, ਵਾਹ
ਸਿਆਮਤ ਮੈਂ ਵੀ ਸੋਚਾਂ, ਇਹ ਕੀ ਹੋ ਗਿਆ ਰੱਬਾ ਮੇਰਿਆ!
ਘਰ ਵਿੱਚ ਸੀ ਮੈਂ ਕੱਲਾ ਬੈਠਾ, ਜਦੋਂ ਇਹ ਸਾਰੀ ਫੌਜ ਸੀ ਆਈ,
ਭੁੱਖੇ ਹਾਂ ਅਸੀਂ ਸਾਰੇ ਬਾਬਾ, ਆਉਂਦਿਆਂ ਪਾ ਲਈ ਉਨ੍ਹਾਂ ਦੁਹਾਈ।
ਘਰ ਵਾਲ਼ੀ ਅਤੇ ਬੱਚਿਆਂ ਦੇ ਮਾਪੇ, ਕਿਸੇ ਕਾਰਨ ਅਲੋਪ ਸੀ ਸਾਰੇ,
ਸਮਝ ਨਾ ਆਵੇ ਕਿਵੇਂ ਵਰਾਏ, ਜਾਣ ਇਹ ਮੇਰੇ ਅੱਖੀਆਂ ਦੇ ਤਾਰੇ।
ਘਰਵਾਲੀ ਦੇ ਘਰ ਵਿੱਚ ਹੁੰਦਿਆਂ, ਮੈਂ ਕਦੀ ਨਹੀਂ ਕੁੱਛ ਪਕਾਇਆ ਉਸ
ਦੇ ਬਾਝੋਂ ਮਸਲਾ ਇਹ ਸਾਰਾ, ਜਾਵੇ ਹੁਣ ਕਿਵੇਂ ਸੁਲਝਾਇਆ?
ਭੁੱਖ ਵਾਲ਼ਾ ਇਹ ਚੀਖ ਚਿਹਾੜਾ, ਇੱਕ ਪਾਸੇ ਮੈਨੂੰ ਵੱਢ ਵੱਢ ਖਾਵੇ,
ਦੂਜੇ ਪਾਸੇ ਕਿਹੜੀ ਚੀਜ਼ ਮੈਂ, ਕਿੱਥੋਂ ਲੱਭਾਂ ਸਮਝ ਨਾ ਆਵੇ।
ਕਿਸੇ ਤਰ੍ਹਾਂ ਮੈਂ ਸਮਝਾ ਬੁਝਾ ਕੇ, ਸਭਨਾਂ ਨੂੰ ਥਾਂ ਥਾਂ ਬਿਠਾਇਆ,
ਪਿਆਰ ਨਾਲ ਮੈਂ ਪੁੱਛਿਆ ਸਭ ਨੂੰ, ਕੀ ਖਾਣ ਦਾ ਮਨ ਬਣਾਇਆ?
ਇੱਕ ਤਾਂ ਮੰਗੇ ਪਲੇਨ ਪਰੌਂਠਾ, ਦੂਜੀ ਆਖੇ ਆਲੂਆਂ ਵਾਲ਼ਾ, ਤੀਜੀ
ਆਖੇ ਪੀਜ਼ਾ ਖਾਣਾ, ਚੌਥੀ ਦਾ ਸੀ ਪੰਥ ਨਿਰਾਲਾ।
ਕਾਫੀ ਵਿਚਾਰ ਵਟਾਂਦਰੇ ਪਿਛੋਂ, ਫੈਸਲਾ ਕੁੱਝ ਇਸ ਤਰ੍ਹਾਂ ਹੋਇਆ,
ਕਿ ਰੋਟੀਆਂ ਕੁੱਝ ਪਕਾ ਮੈਂ ਦੇਵਾਂ, ਇਸੇ ਲਈ ਮੈਂ ਕੰਮ ਜਾ ਛੋਹਿਆ।
ਦਾਲਾਂ ਸਬਜ਼ੀਆਂ ਫਰਿੱਜ ਦੇ ਵਿੱਚੋਂ, ਲੱਭ ਪਈਆਂ ਬਣੀਆਂ ਬਣਾਈਆਂ,
ਆਟੇ ਵਾਲ਼ਾ ਡੱਬਾ ਲੱਭ ਗਿਆ, ਮੇਰੀਆਂ ਹੋ ਗਈਆਂ ਮਨ ਆਈਆਂ।
ਆਟਾ ਗੁੰਨ੍ਹਣ ਦਾ ਹੁਨਰ ਵੀ, ਆਪਣੇ ਆਪ 'ਚ ਹੈ ਬੜਾ ਟੇਢਾ, ਬਿਨਾ
ਅਕਲ ਤੋਂ ਸਿਰੇ ਨਹੀਂ ਚੜ੍ਹਦਾ, ਮਨਸੂਬਾ ਇਹ ਪਰਬਤ ਜੇਡਾ।
ਕਦੀ ਆਟਾ ਥੋੜ੍ਹਾ ਪਾਣੀ ਬਹੁਤਾ, ਤੇ ਕਦੀ ਆਟਾ ਬਹੁਤਾ ਪਾਣੀ ਥੋੜ੍ਹਾ,
ਕਰ ਜਾਂਦਾ ਹੈ ਐਸਾ ਘਪਲਾ, ਸਿੱਧਾ ਕੰਮ ਵੀ ਹੋ ਜਾਂਦਾ ਬੋੜਾ।
ਮੁਸ਼ੱਕਤ ਅਤੇ ਪੋਤੀਆਂ ਦੀ ਮਦਦ, ਆਖਰ ਰੰਗ ਫੇਰ ਲੈ ਹੀ ਆਈ, ਆਟਾ
ਗੁੰਨ੍ਹ ਜਦ ਤਵੇ ਦੇ ਉੱਤੇ, ਰੋਟੀ ਪਹਿਲੀ ਜਦੋਂ ਮੈਂ ਪਾਈ।
ਖਿੜ ਖਿੜ ਹੱਸੇ ਸਾਰੇ ਨਿੱਕੇ, ਦੇਖ ਰੋਟੀ ਦੀ ਅਜੀਬ ਗੋਲਾਈ, ਏਸ਼ੀਆ
ਦਾ ਉਹ ਨਕਸ਼ਾ ਵੱਧ ਸੀ, ਰੋਟੀ ਘੱਟ ਉਹ ਲੱਗੇ ਭਾਈ!
ਦੂਜੀ ਰੋਟੀ ਯੂਰਪ ਦੇ ਵਰਗੀ, ਤੀਜੀ ਸੀ ਅਫਰੀਕਾ ਦਾ ਖ਼ਾਕਾ, ਦੇਖ
ਦੇਖ ਨਿੱਕੇ ਬੱਚਿਆਂ ਦਾ, ਰੋਕਿਆਂ ਨਹੀਂ ਸੀ ਰੁਕਦਾ ਹਾਸਾ।
ਮੁੱਕਦੀ ਗੱਲ ਦੁਨੀਆ ਦੇ ਸਾਰੇ, ਨਕਸ਼ੇ ਪਏ ਸਨ ਮੇਰੇ ਛਾਬੇ, ਸੋਚ
ਰਿਹਾ ਸਾਂ ਕਿੰਨੇ ਹੋਣਗੇ, ਦੁਨੀਆ ਵਿੱਚ ਐਸੇ ਮਾਹਿਰ ਬਾਬੇ?
ਆਖਰ ਡਾਇਨਿੰਗ ਟੇਬਲ ਉੱਤੇ, ਹੋ ਗਈ ਸਾਰੀ ਕੱਠੀ ਢਾਣੀ, ਲਿਆ ਰੱਖਿਆ
ਅਸੀਂ ਰਲ਼ ਮਿਲ਼ ਕੇ, ਆਪਣਾ ਸਾਰਾ ਦਾਣਾ ਪਾਣੀ।
ਤੋੜ ਕੇ ਵਿੰਗੀਆਂ ਟੇਢੀਆਂ ਬੁਰਕੀਆਂ, ਜਦ ਨਿੱਕਿਆਂ ਦੇ ਮੂੰਹ ਮੈਂ
ਪਾਈਆਂ, ਯਕੀਨ ਜਾਣੋ ਮੇਰੀਆਂ ਸਭ ਖੁਸ਼ੀਆਂ, ਹੋ ਗਈਆਂ ਸਨ ਦੂਣ ਸਵਾਈਆਂ।
ਰੱਜ ਖਾਧੀ ਮੇਰੀ ਰੁੱਖੀ ਸੁੱਕੀ, ਮੇਰੇ ਪਿਆਰਿਆਂ ਅਤੇ ਦੁਲਾਰੀਆਂ,
ਢਿੱਡੀਆਂ ਉੱਤੇ ਹੱਥ ਫੇਰ ਖੂਬ, ਪੁੱਠੀਆਂ ਛਾਲਾਂ ਉਨ੍ਹਾਂ ਸੀ ਮਾਰੀਆਂ।
ਲਕਬ ਮੈਂ ਦਿੱਤਾ ਆਪਣੇ ਆਪ ਨੂੰ, ਉਸ ਦਿਨ ਬਾਵਰਚੀ ਬਾਬੇ ਵਾਲਾ,
ਖੋਹ ਨਹੀਂ ਸਕਦਾ ਕੋਈ ਵੀ ਮੈਥੋਂ, ਮੇਰਾ ਇਹ ਰੁਤਬਾ ਨਿਰਾਲਾ।
ਸੁਪਨਾ ਇਹ ਵੀ ਬਾਕੀਆਂ ਵਾਂਗੂੰ, ਨਿਕਲਿਆ ਸੀ ਬੜਾ ਅਨੋਖਾ,
ਸੁਪਨਿਆਂ ਦੀ ਦੁਨੀਆ ਇਹ ਮੇਰੀ, ਸ਼ਾਲਾ ਚਾੜ੍ਹੇ ਰੰਗ ਨਿੱਤ ਚੋਖਾ।
11/02/2024
ਪੰਥ ਨੂੰ ਖ਼ਤਰਾ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਪੰਥ ਨੂੰ ਖ਼ਤਰੇ ਦਾ ਰਾਗ, ਫਿਰ ਗਿਆ ਅਲਾਪਿਆ, ਗੋਲ੍ਹਕਾਂ ਖੁਸਣ ਦਾ
ਡਰ, ਜਦ ਡਾਢਾ ਜਾਪਿਆ।
ਇਨਸਾਫ ਦੀ ਤੱਕੜੀ ਫੇਰ, ਅੱਜ ਡਾਵਾਂਡੋਲ ਹੈ, ਇੱਕ ਪਲੜਾ ਅਸਮਾਨ,
'ਤੇ ਦੂਜਾ ਪਤਾਲ਼ ਪਿਆ।
ਪਾ ਪਾ ਪਾਂਸਕੂ ਬਾਨ੍ਹਣੂੰ, ਬੰਨ੍ਹੇ ਜਾ ਰਹੇ ਨਿੱਤ, ਹਰ ਨਕਲੀ
ਵੱਟਾ ਥਾਂ ਥਾਂ, ਜਾ ਰਿਹਾ ਥਾਪਿਆ।
ਕਾਲਕਿਆਂ ਦੇ ਕਾਲ਼ਖਾਂ ਨਾਲ, ਮੂੰਹ ਹੁਣ ਮਲ਼ੇ ਗਏ, ਸਰਨਿਆਂ ਦਾ
ਕਿਰਦਾਰ, ਵੀ ਗਿਆ ਧੁਆਂਖਿਆ।
ਜੀ ਕਿਆਂ ਦੀ ਪੱਗ ਅੱਜ, ਗਲ਼ੀਆ ਵਿੱਚ ਰੁਲ਼ੀ, ਹਰ ਇੱਕ ਪੰਥਕ
ਲੀਡਰ, ਹੈ ਗਿਆ ਸਰਾਪਿਆ।
ਢਿਚਕੂੰ ਢਿਚਕੂੰ ਢੀਂਡਸਾ, ਹੈ ਜੱਕੋਂ ਤੱਕੋਂ ਵਿੱਚ, ਹਰ ਦਿਨ
ਲੱਭਦਾ ਰਹਿੰਦਾ, ਵੱਖਰਾ ਰਾਹ ਪਿਆ।
ਬਾਦਲਾਂ ਦੀ ਤਾਂ ਗੱਲ ਹੀ, ਕਰਦਿਆਂ ਸ਼ਰਮ ਆਵੇ, ਬੇੜਾ ਡੋਬਿਆ
ਓਸਦਾ, ਜਿਸਦਾ ਵੀ ਵਾਹ ਪਿਆ।
ਪੈਦਲ ਯਾਤਰਾ ਦਾ ਢੋਂਗ, ਹੋਰ ਫੇਰ ਕੀ ਕਰੂ, ਜੇ ਟੱਮਕ ਵਰਗਾ ਢਿੱਡ,
ਹੀ ਕਿਧਰੇ ਜਾ ਪਿਆ।
ਖਾਹ ਪੂਜਾ ਦਾ ਧਨ ਨੇ, ਢਿੱਡੀਆਂ ਮੱਟ ਬਣੇ, ਹਰ ਜੱਥੇਦਾਰ ਤਾਂ
ਹੁਣ, ਸ਼ਰਮਾਂ ਹੀ ਲਾਹ ਗਿਆ।
ਧਰਮ ਪ੍ਰਚਾਰ ਦਾ ਕੰਮ, ਉਹ ਮਸੰਦ ਕਰ ਰਿਹਾ, ਜੋ ਸੰਗਤੀ ਜੂਠ ਵੀ
ਬਿਨ, ਡਕਾਰੇ ਖਾ ਗਿਆ।
ਦਸਮੇਸ਼ ਪਿਤਾ 'ਤੇ ਟੇਕ, ਹੁਣ ਬਾਕੀ ਰਹਿ ਗਈ, ਆ ਸਾੜ ਮਸੰਦਾਂ ਨੂੰ
ਜ਼ਿੰਦਾ, ਫੇਰ ਮੁੜ ਦਾਤਿਆ।
28/01/2024
ਕਾਂਗਰਸ ਦੀ ਕਾਂ ਕਾਂ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਕਾਂਗਰਸ ਦੀ ਕਾਂ ਕਾਂ, ਕਦੀ ਨਹੀਂ ਮੁੱਕਣੀ, ਪਾਰਟੀ ਪੈ ਜਾਣੀ ਫੇਰ,
ਇੱਕ ਦਿਨ ਸੁੱਕਣੀ।
ਜਿਸ ਬਾਗ ਵਿੱਚ ਕਾਟੋ, ਕਾਟੋ ਨਾਲ਼ ਲੜੇ, ਮਰੀ ਹੋਈ ਇੱਕ ਕਾਟੋ,
ਪੈਂਦੀ ਫੇਰ ਚੁੱਕਣੀ।
ਵੜਿੰਗ ਧੜਿੰਗ ਬੜੇ ਨੇ, ਇਸ ਦੀ ਪੂਛ ਵਿੱਚ, ਬਾਜਵਿਆਂ 'ਤੇ
ਸਿੱਧੂਆਂ ਦੀ, ਕਦੇ ਨਹੀ ਪੁੱਗਣੀ।
ਕਈ ਬੜੇ ਰਣ ਧਾਵੇ, ਕਰਨ ਬੋਲ ਬੋਲ ਧਾਵੇ, ਹਰ ਕੋਈ ਚਾਹਵੇ ਅਪਣੀ,
ਹੀ ਜੰਗ ਜਿੱਤਣੀ।
ਆਪ ਹੁਦਰੇ ਕਈ ਇੱਥੇ, ਸਿੱਧੇ ਨਹੀਂ ਚੱਲਦੇ, ਏਸੇ ਲਈ ਆਪਸ ਵਿੱਚ,
ਰਹਿੰਵਦੀ ਹੈ ਅਣਬਣੀ।
ਹਰ ਕੋਈ ਚਾਹਵੇ ਬੇਰ, ਟੀਸੀ ਵਾਲ਼ਾ ਖਾਵਣਾ, ਇੱਕ ਦੂਜੇ ਦੀਆਂ
ਲੱਤਾਂ, ਖਿੱਚਦੇ ਨੇ ਖੁਣਸਣੀ।
ਰੋਜ਼ ਤਮਾਸ਼ਾ ਨਵਾਂ ਹੀ, ਦੇਖਣ ਨੂੰ ਮਿਲ਼ ਰਿਹਾ, ਜਨਤਾ ਨੂੰ ਦੇਖ
ਦੇਖ, ਆਵੇ ਰੋਜ਼ ਝੁਣਝੁਣੀ।
ਅਕਲੋਂ ਖਾਲੀ ਸਿਰ ਨੇ, ਫਸੇ ਹੋਏ ਚਿੱਕੜ ਵਿੱਚ, ਹਰ ਮੂਰਖ ਇੱਕ
ਦੂਜੇ ਦੀ, ਕਰਦਾ ਹੈ ਅਣਸੁਣੀ।
ਮਰ ਜਾਂਦੇ ਨੇ ਆਪਣੀ ਹੀ, ਮੌਤੇ ਕਈ ਸਿਰਫਿਰੇ, ਬੱਸ ਲਾਸ਼ ਹੀ
ਪੈਂਦੀ, ਆਖਰ ਜਾ ਕੇ ਫੂਕਣੀ।
ਕੱਲੇ ਕੱਲੇ 'ਕੱਠ 'ਕੱਠ, ਹੋਈ ਜਾਂਦੇ ਥਾਉਂ ਥਾਈਂ, ਛਿੱਤਰੀਂ ਵੰਡੀ
ਜਾਂਦੀ ਦਾਲ਼, ਕਦੀ ਨਹੀਂ ਮੁੱਕਣੀ।
ਕਾਂਗਰਸ ਦੀ ਕਾਂ ਕਾਂ, ਕਦੀ ਨਹੀਂ ਮੁੱਕਣੀ, ਪਾਰਟੀ ਪੈ ਜਾਣੀ ਫੇਰ,
ਇੱਕ ਦਿਨ ਸੁੱਕਣੀ।
21/01/2024
ਪੋਹ ਦਾ ਮਹੀਨਾ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ। ਆਜਾ ਮੇਰੇ ਮਾਹੀ ਸੁਣ,
ਮੇਰੀਆਂ ਸਦਾਵਾਂ ਵੇ।
ਕਹਿੰਦੇ ਨੇ ਸਿਆਣੇ, ਮਹੀਨਾ ਚੜ੍ਹੇ ਜਦੋਂ ਪੋਹ ਵੇ। ਜ਼ਰੂਰੀ ਹੈ
ਜਤਾਉਣਾ, ਇੱਕ ਦੂਜੇ ਨਾਲ ਮੋਹ ਵੇ। ਮੁੜ ਬੂਹੇ ਆਜਾ, ਦਿਨੇ ਰਾਤੀਂ ਮੈਂ
ਪੁਕਾਰਾਂ ਵੇ। ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ। ਪੋਹ
ਦਾ ਮਹੀਨਾ ........
ਚਾਵਾਂ ਨਾਲ ਮੈਂ ਤੇ, ਸੋਹਣੀ ਸੇਜ ਵੀ ਸਜਾਈ ਵੇ। ਕੂਲ਼ੀ ਜਿਹੀ
ਰੇਸ਼ਮੀ, ਨਗੰਦੀ ਏ ਰਜਾਈ ਵੇ। ਠੰਢੀਆਂ ਇਹ ਰਾਤਾਂ ਕਿੰਝ, ਕੱਲੀ ਮੈਂ
ਗੁਜ਼ਾਰਾਂ ਵੇ। ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ। ਪੋਹ
ਦਾ ਮਹੀਨਾ ........
ਗਰੀਆਂ ਛੁਹਾਰੇ, ਨਾਲੇ ਪਿੰਨੀਆਂ ਬਣਾਈਆਂ ਨੇ। ਹਾਰ ਤੇ ਸ਼ਿੰਗਾਰ
ਉੱਤੇ, ਰੀਝਾਂ ਖੂਬ ਲਾਈਆਂ ਨੇ। ਉਮੀਦਾਂ ਦੀਆਂ ਕਿਤੇ, ਟੁੱਟ ਜਾਣ ਨਾ
ਤਣਾਵਾਂ ਵੇ। ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।
ਪਿਆਰਾਂ ਵਾਲੀ ਰੁੱਤ, ਰੋਜ਼ ਰੋਜ਼ ਨਹੀਓਂ ਆਉਂਦੀ ਵੇ। ਤਾਲੋਂ
ਘੁੱਥੀ ਡੂੰਮਣੀ, ਬੇਤਾਲ ਗੀਤ ਗਾਉਂਦੀ ਵੇ। ਸੁਰੀਲਾ ਜ਼ਿੰਦਗੀ ਦਾ ਗੀਤ,
ਤੇਰੇ ਨਾਲ ਗਾਵਾਂ ਵੇ। ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।
ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ। ਆਜਾ ਮੇਰੇ ਮਾਹੀ ਸੁਣ,
ਮੇਰੀਆਂ ਸਦਾਵਾਂ ਵੇ।
07/01/2024
ਨਵੇਂ ਸਾਲ ਦੀਆਂ ਵਧਾਈਆਂ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਨਵੇਂ ਸਾਲ ਦੀਆਂ ਵਧਾਈਆਂ, ਤਾਂ ਹੁਣ ਸਾਂਭ ਨੀਂ ਹੁੰਦੀਆਂ, ਇੱਕ
ਦੀਆਂ ਦੂਜੀ ਨਾਲ਼ ਨੇ, ਫਸੀਆਂ ਰੱਜ ਕੇ ਕੁੰਡੀਆਂ।
ਕੋਈ ਕਹਿੰਦਾ ਹੈ ਰੱਬ, ਤੈਨੂੰ ਹੋਰ ਬਹੁਤਾ ਦੇਵੇ, ਗਿਣਦਾ ਗਿਣਦਾ
ਥੱਕ ਜਾਵੇਂ, ਪਰ ਨਾ ਮੁੱਕਣ ਹੁੰਡੀਆਂ।
ਕੋਈ ਚਾਹੁੰਦਾ ਹੈ ਮੈਂ ਜੀਵਾਂ, ਰਹਿੰਦੀ ਦੁਨੀਆ ਤੱਕ, ਜਵਾਨੀ
ਚੜ੍ਹੀ ਰਹੇ ਸਦਾ, ਮੁੱਛਾਂ ਰਹਿਣ ਕੁੰਢੀਆਂ।
ਸ਼ੁਭਕਾਮਨਾਵਾਂ ਦਾ ਹੜ੍ਹ ਹੈ, ਸਮਝੋ ਇੰਨਾ ਆਇਆ, ਇੰਝ ਜਾਪੇ ਜਿਵੇਂ
ਹਰ ਪਾਸੇ, ਗੱਲਾਂ ਮੇਰੀਆਂ ਹੁੰਦੀਆਂ।
ਕਈਆਂ ਨੇ ਤਾਂ ਸਾਲ ਭਰ, ਮੇਰੀ ਬਾਤ ਨਹੀਂ ਪੁੱਛੀ, ਹੁਣ ਕਹਿੰਦੇ ਨੇ
ਤੇਰੇ ਨਾਲ, ਵਸੇ ਸਾਡੀ ਦੁਨੀਆ।
ਪਤਾ ਨਹੀਂ ਇਹ ਪਿਆਰੇ, ਕਿਉਂ ਸਾਲ ਭਰ ਨਹੀਂ ਜਾਗੇ, ਸਾਰਾ ਸਾਲ
ਕਿਉਂ ਨਹੀਂ, ਕਿਸੇ ਦੀਆਂ ਅੱਖਾਂ ਖੁੱਲ੍ਹੀਆਂ।
ਧੂਮ ਧੜੱਕਾ ਹੱਲਾ ਗੁੱਲਾ, ਚਲਾ ਚਲਾ ਪਟਾਕੇ, ਪਲੀਤ ਕੀਤਾ ਅਸਮਾਨ,
ਛੱਡ ਛੱਡ ਕਈ ਛੁਰਲੀਆਂ।
ਧੌਂਸ ਜਮਾਉਂਦੇ ਇੱਦਾਂ, ਜਿੱਦਾਂ ਸਭ ਮੇਰੇ ਲਈ ਕਰਦੇ, ਇਸ ਚਕਾਚੌਂਧ
ਨੇ ਕੀਤੀਆਂ, ਮੇਰੀਆਂ ਅੱਖਾਂ ਚੁੰਨ੍ਹੀਆਂ।
ਕਿਸ ਨੂੰ ਕੀ ਸਮਝਾਵਾਂ, ਇਹ ਸਭ ਵਹਿਮ ਨੇ ਸਾਰੇ, ਫੋਕੀਆਂ ਨੇ ਸਭ
ਗੱਲਾਂ, ਜਿਹੜੀਆਂ ਕਿਸੇ ਨੀਂ ਭੁੱਲੀਆਂ।
ਨਾ ਹੁੰਦੀਆਂ ਮਨ ਕਤੀਆਂ, ਨਾ ਲੱਗਦੇ ਭਾਗ ਪਰਾਏ, ਮੇਰੀਆਂ ਤੰਦਾਂ
ਉਹ ਰਹਿਣੀਆਂ, ਜੋ ਮੈਂ ਖੁਦ ਹੀ ਬੁਣੀਆਂ।
01/01/2024
ਅਣਖ ਨੂੰ ਵੰਗਾਰ ਰਵਿੰਦਰ
ਸਿੰਘ ਕੁੰਦਰਾ, ਯੂ. ਕੇ. ਕਲੀਆਂ ਟੁੱਟ ਜਾਵਣ ਜੇਕਰ ਡਾਲੀਆਂ
ਤੋਂ, ਦੁੱਖ ਉਸ ਤੋਂ ਬੂਟੇ ਨੂੰ ਹੋਵੇ ਕੋਈ। ਹੋਰ ਕੌਣ ਇਸ ਦਰਦ ਨੂੰ
ਸਮਝ ਸਕੇ, ਦੁੱਖ ਬੂਟੇ ਦਾ ਹੋਰ ਕਿਵੇਂ ਸਹੇ ਕੋਈ। ਬੋਟ ਕੋਈ ਜੋ
ਪੰਛੀ ਦੇ ਆਹਲਣੇ ਚੋਂ, ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ। ਸਿਰਫ਼
ਪੰਛੀ ਦਾ ਦਿਲ ਹੀ ਜਾਣ ਸਕਦਾ, ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।
ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ, ਹੋਣ ਸੱਤ ਤੇ ਨੌਂ ਦੀ ਉਮਰ ਦੇ
ਉਹ। ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ, ਹੋਣ ਵੱਖ ਜੇ ਸਦਾ ਲਈ
ਤੁਸਾਂ ਤੋਂ ਉਹ। ਕਿਸੇ ਜ਼ਾਲਮ ਦੇ ਹੱਥ ਉਹ ਚੜ੍ਹ ਕੇ ਤੇ, ਕਿਸੇ
ਸਾਜ਼ਿਸ਼ ਦਾ ਹੋ ਸ਼ਿਕਾਰ ਜਾਵਣ। ਵਿਸ਼ਵਾਸ ਘਾਤ ਹੋਵੇ ਉਨ੍ਹਾਂ ਨਾਲ ਜੇਕਰ,
ਛੁੱਟ ਜਾਵੇ ਸਹਾਰੇ ਦਾ ਹਰ ਦਾਮਨ। ਚਿਣੇ ਜਾਣ ਜੇ ਨੀਹਾਂ ਦੇ ਵਿੱਚ
ਸੋਚੋ, ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ। ਕਿਵੇਂ ਸਹੋਗੇ ਸੱਲ
ਜਿੰਦਾਂ ਵਿੱਛੜੀਆਂ ਦਾ, ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ। ਧੰਨ
ਜਿਗਰਾ ਸੀ ਮਾਸੂਮ ਜਿੰਦੜੀਆਂ ਦਾ, ਜਿਨ੍ਹਾਂ ਧਰਮ ਤੇ ਕੌਮ ਦੀ ਆਨ
ਖਾਤਰ। ਨਹੀਂ ਜ਼ੁਲਮ ਨੂੰ ਕਤਈ ਕਬੂਲ ਕੀਤਾ, ਭਾਵੇਂ ਕੰਧਾਂ ਵਿੱਚ
ਚਿਣੇ ਗਏ ਸ਼ਾਨ ਖਾਤਰ। ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ। ਠੁਕਰਾ ਕੇ ਲਾਲਚ ਉਹ
ਜ਼ਿੰਦਗੀ ਦੇ ਸਭੇ, ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ। ਕਿਉਂ
ਭੁੱਲ ਬੈਠੇ ਅਸੀਂ ਉਨ੍ਹਾਂ ਜੋਧਿਆਂ ਨੂੰ, ਕਿਉਂ ਖੂਨ ਸਾਡਾ ਅੱਜ ਖੌਲਦਾ
ਨਹੀਂ। ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ, ਕਿਉਂ ਸਿੱਖ, ਇਤਿਹਾਸ
ਅੱਜ ਫੋਲਦਾ ਨਹੀਂ। ਕਿਉਂ ਆਪਣੀ ਜ਼ਮੀਰ ਦਾ ਗਲਾ ਘੁੱਟ ਕੇ, ਰਸਤੇ
ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ। ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ
ਬਦਤਰ, ਢਹਿੰਦੀਆਂ ਕਲਾਂ ਵੱਲ ਅਸੀਂ ਅੱਜ ਢਲ ਗਏ। ਮੌਕਾ ਅਜੇ ਵੀ ਹੈ
ਕਿ ਸੰਭਲ ਜਾਈਏ, ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ। ਸਿੱਖ ਕੇ ਸਬਕ
ਮਾਸੂਮ ਉਨ੍ਹਾਂ ਜਿੰਦੜੀਆਂ ਤੋਂ, ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨਾਂ ਮੱਤੇ ਸਿੱਖੀ ਅਸੂਲਾਂ ਦੇ ਲਈ, ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ
ਦਈਏ। ਪੈਦਾ ਕਰੀਏ ਫੇਰ ਉਹੀ ਮਹਾਨ ਜਜ਼ਬਾ, ਨਾਮ ਕੌਮ ਦਾ ਫੇਰ ਚਮਕਾ
ਦਈਏ।
27/12/2023
ਇਹ ਕਾਫਲੇ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਭੁੱਖ ਅਤੇ ਭਵਿੱਖ ਦੇ, ਦੈਂਤਾਂ ਤੋਂ ਘਬਰਾਉਂਦੇ ਹੋਏ, ਬੇ ਗਿਣਤ
ਵਹੀਰਾਂ ਘੱਤ ਕੇ, ਚੱਲ ਰਹੇ ਇਹ ਕਾਫਲੇ।
ਮਾਂ ਬੋਲੀ ਅਤੇ ਮਾਂ ਮਿੱਟੀ, ਨੂੰ ਬੇਦਾਵੇ ਦੇਂਦੇ ਹੋਏ, ਵਿਰਸੇ
ਨੂੰ ਮੂਲੋਂ ਤੱਜਦੇ ਹੋਏ, ਵੱਧ ਰਹੇ ਇਹ ਕਾਫਲੇ।
ਅਣਜਾਣੀਆਂ ਧਰਤੀਆਂ 'ਤੇ, ਨਵੀਆਂ ਪੈੜਾਂ ਪਾਉਣ ਲਈ, ਪੁਰਾਣੀਆਂ
ਪੈੜਾਂ ਖੁਦ ਹੀ, ਮਿਟਾ ਰਹੇ ਇਹ ਕਾਫਲੇ।
ਤਿਤਰ ਬਿਤਰ ਹੋ ਜਾਣਗੇ, ਇਹ ਖੱਬਲ਼ ਦੀ ਤਰ੍ਹਾਂ ਕਦੀ, ਜੜ੍ਹਾਂ
ਕਿਸੇ ਅਣਜਾਣ ਧਰਤੀ, ਲਾ ਰਹੇ ਇਹ ਕਾਫਲੇ।
ਸਰਮਾਏਦਾਰੀ ਦੇ ਪੈਰਾਂ ਵਿੱਚ, ਗਿੜਗਿੜਾ ਕੇ ਜਿਉਣ ਲਈ, ਸਿਰ ਧੜ
ਦੀਆਂ ਬਾਜ਼ੀਆਂ, ਲਾ ਰਹੇ ਇਹ ਕਾਫਲੇ।
ਪੂਰਵਜਾਂ ਨੂੰ ਭੁੱਲ ਕੇ, 'ਤੇ ਪਛਾਣਾਂ ਗਵਾਉਂਦੇ ਹੋਏ, ਭੂ ਹੇਰਵੇ
ਦੇ ਸੋਗੀ ਗੀਤ, ਗਾਉਂਦੇ ਹੋਏ ਇਹ ਕਾਫਲੇ।
ਅੱਧੀ ਛੱਡ ਸਾਰੀ ਵਾਲ਼ੀ, ਤਾਂਘ ਵਾਲ਼ੇ ਪਾਂਧੀ ਐਸੇ, ਹੱਥੋਂ ਆਪਣੀ
ਅੱਧੀ ਵੀ, ਗਵਾਉਣਗੇ ਇਹ ਕਾਫਲੇ।
ਪਲਟੇ ਹੋਏ ਦੌਰਾਂ ਵਿੱਚ, ਜ਼ਮੀਰਾਂ ਹਲੂਣੇ ਖਾਣਗੀਆਂ, ਖੁਸੇ ਹੋਏ
ਇਸਰਾਈਲਾਂ ਨੂੰ, ਮੁੜ ਆਉਣਗੇ ਇਹ ਕਾਫਲੇ।
ਕਾਬਜ਼ ਫਿਲਸਤੀਨੀਆਂ ਤੋਂ, ਜੰਮਣ ਭੋਂ ਛੁਡਾਉਣ ਲਈ, ਸੋਨੇ ਦੀਆਂ
ਮੋਹਰਾਂ ਵੀ, ਵਿਛਾਉਣਗੇ ਇਹ ਕਾਫਲੇ।
ਖੂਨ ਨੂੰ ਬਚਾਉਣ ਲਈ, ਖੂਨ ਡੁੱਲ੍ਹੇਗਾ ਵਾਰ ਵਾਰ, ਆਪਣੇ ਹੀ ਖੂਨ
ਵਿੱਚ, ਨਹਾਉਣਗੇ ਇਹ ਕਾਫਲੇ।
ਇਸਰਾਈਲਾਂ ਤੋਂ ਫਿਲਸਤੀਨ, 'ਤੇ ਫਿਲਸਤੀਨਾਂ ਤੋਂ ਇਸਰਾਈਲ, ਵਾਰ
ਵਾਰ ਢਾਉਣਗੇ 'ਤੇ, ਬਣਾਉਣਗੇ ਇਹ ਕਾਫਲੇ।
09/12/2023
ਖੋਤੇ ਨੂੰ ਲੂਣ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਲੂਣ ਕਦੀ ਖੋਤੇ ਨੂੰ ਜੇ, ਕੰਨ ਫੜ ਦੇਣ ਲੱਗੋਂ, ਸ਼ਿਕਾਇਤਾਂ ਵਾਲ਼ਾ
ਗੀਤ ਉਹ, ਹੀਂਗ ਹੀਂਗ ਗਾਂਵਦਾ।
ਕਦਰ ਨਾ ਪਾਵੇ ਕਦੀ, ਕੀਤੀ ਹੋਈ ਨੇਕੀ ਦੀ ਉਹ, ਮਾਰ ਮਾਰ ਟੀਟਣੇ,
ਉਹ ਦੂਰ ਭੱਜ ਜਾਂਵਦਾ।
ਘੇਰ ਘੇਰ ਸਿੱਧਾ ਉਹਨੂੰ, ਤੋਰਨ ਦੀ ਕਰੋ ਕੋਸ਼ਿਸ਼, ਮੰਨੇ ਨਾ ਉਹ
ਕਹਿਣਾ, ਢੀਠ ਦੁਲੱਤੀਆਂ ਲਗਾਂਵਦਾ।
ਬਹਾਨੇ ਤੇ ਬਹਾਨਾ ਵਿੰਗੇ, ਟੇਢੇ ਢੰਗ ਲੱਭ ਕੇ ਤੇ, ਭਾਰ ਢੋਣ
ਕੋਲੋਂ ਕੰਨੀ, ਰੋਜ਼ ਕਤਰਾਂਵਦਾ।
ਮੋੜੋ ਜਿੰਨਾ ਮਰਜ਼ੀ, ਵਰਜਿਤ ਥਾਵਾਂ ਕੋਲੋਂ, ਮੁੜ ਘਿੜ ਫੇਰ, ਖੋਤਾ
ਬੋਹੜ ਥੱਲੇ ਆਂਵਦਾ।
ਆਪ ਭਾਵੇਂ ਪੈਂਡਾ, ਹਰ ਰੋਜ਼ ਕਰੇ ਵੀਹ ਕੋਹ ਦਾ, ਪਰ ਮਾਲਕ ਦੀ
ਗੇੜੀ, ਤੀਹ ਕੋਹ ਦੀ ਲਵਾਂਵਦਾ।
ਏਸੇ ਤਰ੍ਹਾਂ ਖ਼ਰ ਦੇ, ਦਿਮਾਗ ਵਾਲ਼ਾ ਬੰਦਾ ਵੀ ਤਾਂ, ਅਕਲ ਦੀ ਗੱਲ
ਬਹੁਤ, ਘੱਟ ਪੱਲੇ ਪਾਂਵਦਾ।
ਕੋਸ਼ਿਸ਼ਾਂ ਲੱਖ ਭਾਵੇਂ, ਕਰੋ ਸਮਝਾਉਣ ਦੀਆਂ, 'ਮੈਂ ਨਾ ਮਾਨੂੰ'
ਵਾਲ਼ੀ ਰਟ, ਨਿੱਤ ਹੀ ਲਗਾਂਵਦਾ।
ਵਾਹ ਐਸੇ ਜੀਵਾਂ ਨਾਲ਼, ਪਾਉਣਾ ਬੜਾ ਮਹਿੰਗਾ ਪੈਂਦਾ, ਸ਼ਰੀਫ਼
ਬੰਦਾ ਆਪਣੀ ਹੀ, ਪੱਗ ਹੈ ਲਹਾਂਵਦਾ।
ਬਚਾਈਂ ਰੱਬਾ ਐਸੀਆਂ, ਰੂਹਾਂ ਕੋਲੋਂ ਮੈਨੂੰ ਵੀ ਤੂੰ, ਵਾਸਤਾ ਮੈਂ
ਤੈਨੂੰ ਅਪਣੀ, ਜਾਨ ਦਾ ਹਾਂ ਪਾਂਵਦਾ।
25/11/2023
ਦੀਵਾਲੀ ਦੀ ਹੋਲੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਦੀਵਾਲੀਆਂ ਦੇ ਮੌਕਿਆਂ 'ਤੇ, ਖੂਨੀ ਹੋਲੀ ਖੇਡ ਖੇਡ, ਬੁਝਾ ਕੇ
ਜਿੰਦਗੀ ਦੇ ਦੀਵੇ, ਮਿੱਟੀ ਦੇ ਜਗਾਈ ਜਾਨੈਂ, ਦੱਸੀਂ ਜ਼ਰਾ ਦੁਨੀਆ
ਨੂੰ, ਕਿਹੜੀ ਇਹ ਦੀਵਾਲੀ ਐਸੀ, ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ
ਜਾਨੈਂ।
ਬੰਬਾਂ ਅਤੇ ਗੋਲੀਆਂ ਦੀ, ਤਾੜ੍ਹ ਤਾੜ੍ਹ ਸਾਰੇ ਪਾਸੇ, ਮਾਸੂਮਾਂ
ਦੀਆਂ ਬੁਲ੍ਹੀਆਂ ਤੋਂ, ਖੋਹ ਖੋਹ ਕੇ ਸਾਰੇ ਹਾਸੇ, ਦਿਲ ਵਿੱਚ ਭੋਰ
ਲੱਡੂ, 'ਤੇ ਚਲਾ ਕੇ ਖੁਸ਼ੀ ਦੇ ਪਟਾਕੇ, ਬੇਗਾਨੇਂ ਚੁਲ੍ਹਿਆਂ ਦੇ ਉੱਤੇ,
ਜਲੇਬੀਆਂ ਪਕਾਈ ਜਾਨੈਂ, ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ
ਐਸੀ, ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।
ਮੂੜ੍ਹਤਾ ਦਾ ਹਨੇਰਾ ਘੁੱਪ, ਦਿਨੋ ਦਿਨ ਵਧਾ ਕੇ ਇੱਥੇ, ਸ਼ਰੀਫਾਂ
ਦੀਆਂ ਅੱਖੀਆਂ 'ਚ, ਖ਼ੂਬ ਘੱਟਾ ਪਾ ਕੇ ਇੱਥੇ, ਰੱਬ ਦਿਆਂ ਬੰਦਿਆਂ
ਨੂੰ, ਬੰਦੀ ਤੂੰ ਬਣਾ ਕੇ ਇੱਥੇ, ਬੰਦੀ ਛੋੜ ਦਿਵਸ ਦੀਆਂ, ਵਧਾਈਆਂ
ਤੂੰ ਵਧਾਈ ਜਾਨੈਂ, ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ
ਐਸੀ, ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।
ਧੂੰਏਂ ਦੇ ਬੱਦਲ਼ਾਂ 'ਤੇ, ਧੂੰਆਂਧਾਰ ਭਾਸ਼ਨਾਂ ਦੀ, ਖ਼ੂਬ ਤੇਰੀ
ਦਿਨ ਰਾਤ, ਚੱਲਦੀ ਏ ਰਾਜਨੀਤੀ, ਬਿਨਾ ਕੋਈ ਜੰਗ ਜਿੱਤੇ, ਲਵਾਈ ਫਿਰੇਂ
ਬਾਂਹ 'ਤੇ ਫੀਤੀ, ਆਪਣੀ ਸ਼ਾਨ ਵਿੱਚ ਫੋਕੇ, ਗੀਤ ਤੂੰ ਗਵਾਈ ਜਾਨੈਂ,
ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ, ਜਿਹੜੀ ਹਰ ਸਾਲ
ਤੂੰ, ਹੱਸ ਕੇ ਮਨਾਈ ਜਾਨੈਂ।
ਕਰਕੇ ਪਲੀਤ ਹਵਾ, ਪਾਣੀ ਅਤੇ ਧਰਤ ਸਾਰੀ, ਤੇਰੇ ਕੋਝੇ ਕਾਰਿਆਂ
ਨਾਲ, ਗਈ ਹੈ ਤੇਰੀ ਮੱਤ ਮਾਰੀ, ਹੋਰ ਕਿਤੇ ਲਾਂਬੂ ਦੀ ਤੂੰ, ਕਰੀ
ਜਾਵੇਂ ਹੁਣ ਤਿਆਰੀ, ਭੁੱਲੀਂ ਨਾ ਤੂੰ ਆਪਣੀ ਹੀ, ਪੂਛ ਨੂੰ ਅੱਗ ਲਾਈ
ਜਾਨੈਂ! ਦੱਸੀਂ ਜ਼ਰਾ ਦੁਨੀਆ ਨੂੰ, ਕਿਹੜੀ ਇਹ ਦੀਵਾਲੀ ਐਸੀ,
ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ ਜਾਨੈਂ।
ਦੀਵਾਲੀਆਂ ਦੇ ਮੌਕਿਆਂ 'ਤੇ, ਖੂਨੀ ਹੋਲੀ ਖੇਡ ਖੇਡ, ਬੁਝਾ ਕੇ
ਜਿੰਦਗੀ ਦੇ ਦੀਵੇ, ਮਿੱਟੀ ਦੇ ਜਗਾਈ ਜਾਨੈਂ, ਦੱਸੀਂ ਜ਼ਰਾ ਦੁਨੀਆ
ਨੂੰ, ਕਿਹੜੀ ਇਹ ਦੀਵਾਲੀ ਐਸੀ, ਜਿਹੜੀ ਹਰ ਸਾਲ ਤੂੰ, ਹੱਸ ਕੇ ਮਨਾਈ
ਜਾਨੈਂ।
12/11/2023
ਸ਼ੁਕਰੀਆ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਸ਼ੁਕਰੀਆ ਤੇਰਾ ਸ਼ੁਕਰੀਆ, ਐ ਜਹਾਨ ਤੇਰਾ ਸ਼ੁਕਰੀਆ, ਦਿੰਦਾ ਰਹੀਂ
ਹਮੇਸ਼ਾ ਮੈਨੂੰ, ਮਹੌਲ ਮੇਰਾ ਸ਼ੁਗਲੀਆ।
ਸਿਰ ਮੱਥੇ ਨੇ ਮੇਰੇ, ਤੇਰੇ ਪਿਆਰ ਦੀਆਂ ਰਮਜ਼ਾਂ ਸੰਦੇਸ਼, ਮੁਬਾਰਕ
ਹੋਵਣ ਤੈਨੂੰ ਤੇਰੇ, ਸਖ਼ਤ ਫੁਰਮਾਨੇ ਮੁਗਲੀਆ।
ਕਦਮ ਕਦਮ ਹੈ ਚੱਲ ਰਿਹਾ, ਮੇਰਾ ਇਹ ਜੋ ਸਿਲਸਿਲਾ, ਤੇਰੀਆਂ
ਪਗਡੰਡੀਆਂ ਤੇ, ਚੱਲਦਾ ਰਿਹਾ ਮੇਰਾ ਪੁਰਖੀਆ।
ਨਗਾਰਿਆਂ ਦੇ ਸ਼ੋਰ ਵਿੱਚ, ਮੇਲਿਆਂ ਦੇ ਦੌਰ ਵਿੱਚ, ਕਿਤੇ ਕਿਤੇ
ਸੁਣਦੀ ਰਹੀ, ਮੇਰੀ ਆਵਾਜ਼ੇ ਮੁਰਲੀਆ।
ਆਤਮਾ ਅਤੇ ਖ਼ਾਕ ਦੇ, ਸੁਮੇਲ ਦਾ ਇਹ ਮੁਜੱਸਮਾ, ਤੇਰੀਆਂ
ਫ਼ਿਜ਼ਾਵਾਂ ਵਿੱਚ, ਸਦਾ ਰਿਹਾ ਹੈ ਚਿਲਕੀਆ।
ਦੇਣਦਾਰੀਆਂ ਮਸ਼ਕੂਰੀਆਂ ਦੇ, ਲੱਗੇ ਹੋਏ ਅੰਬਾਰ ਵਿੱਚ, ਰੋਮ ਰੋਮ
ਮੇਰਾ ਜੀ ਰਿਹੈ, ਬਣ ਕੇ ਇਹ ਤੇਰਾ ਗਿਰਵੀਆ।
ਕਰਮ ਅਤੇ ਭਰਮ ਦੀਆਂ, ਤਲਖ਼ੀਆਂ ਅਤੇ ਸ਼ੋਖੀਆਂ, ਤੇਰੀ ਭਰੀ ਕਚਿਹਰੀ
ਵਿੱਚ, ਬਣੀਆਂ ਗਵਾਹੀਆਂ ਹਲਫ਼ੀਆ।
ਹਰ ਸਵੇਰ ਹੈ ਚਮਤਕਾਰ, ਹਰ ਸ਼ਾਮ ਇੱਕ ਵਰਦਾਨ ਹੈ, ਕੁਦਰਤ ਦਾ ਹਰ
ਜੀਵ ਮੇਰਾ, ਬਣਦਾ ਰਿਹਾ ਹਮਸਫਰੀਆ।
ਸ਼ੁਕਰੀਆ ਤੇਰਾ ਸ਼ੁਕਰੀਆ, ਐ ਜਹਾਨ ਤੇਰਾ ਸ਼ੁਕਰੀਆ, ਦਿੰਦਾ ਰਹੀਂ
ਹਮੇਸ਼ਾ ਮੈਨੂੰ, ਮਹੌਲ ਮੇਰਾ ਸ਼ੁਗਲੀਆ।
05/11/2023
ਹੱਥਕੜੀਆਂ ਜ਼ੰਜੀਰਾਂ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਹੱਥਕੜੀਆਂ ਜ਼ੰਜੀਰਾਂ ਵਿੱਚ, ਹਰ ਤਰ੍ਹਾਂ ਨਾਲ਼ 'ਤੇ ਹਰ ਪਾਸੋਂ।
ਆਜ਼ਾਦ ਮਨੁੱਖਤਾ ਕੈਦੀ ਹੈ, ਆਪਣੀਆਂ ਹੀ ਕਰਤੂਤਾਂ ਤੋਂ।
ਕਿਉਂ ਕੌਣ ਕਿਸੇ ਨੂੰ ਕੈਦ ਕਰੇ, ਜੇ ਫ਼ਰਜ਼ ਕੋਈ ਪਛਾਣ ਲਵੇ, ਜੀਓ
'ਤੇ ਹੋਰਾਂ ਨੂੰ ਜੀਵਣ ਦੇ, ਜੇ ਫਲਸਫੇ ਨੂੰ ਕੋਈ ਮਾਣ ਦਵੇ।
ਅੰਧੇਰ ਨਗਰੀ ਨੇ ਹਰ ਪਾਸੇ, ਕੱਸਿਆ ਐਸਾ ਸ਼ਿਕੰਜਾ ਹੈ, ਮਨੁੱਖ ਦੀਆ
ਹਰਕਤਾਂ ਦੇਖ ਦੇਖ, ਦਰਿੰਦਾ ਵੀ ਸ਼ਰਮਿੰਦਾ ਹੈ।
ਖ਼ੁਦੀ ਦੇ ਬੇੜੇ ਤੇ ਚੜ੍ਹ ਕੇ, ਇਹ ਚੱਪੂ ਆਪਣਾ ਗਵਾ ਬੈਠਾ,
ਮੰਝਧਾਰ ਚ ਫਸ ਹੁਣ ਰੋਂਦਾ ਹੈ, ਅਤੇ ਡੁੱਬਣ ਕੰਢੇ ਆ ਬੈਠਾ।
ਚਤਰਾਈਆਂ ਕਰਨੋਂ ਝਕਦਾ ਨਹੀਂ, ਭਾਵੇਂ ਮੂੰਹ ਦੀ ਖਾਣੀ ਪੈ ਜਾਵੇ,
ਦੂਜੇ ਦੇ ਮਹਿਲ ਗਿਰਾਵਣ ਲਈ, ਭਾਵੇਂ ਅਪਣੀ ਕੁੱਲੀ ਢਹਿ ਜਾਵੇ।
ਹੋਰਾਂ ਦੀ ਗੱਲ ਤਾਂ ਦੂਰ ਰਹੀ, ਰੱਬ ਨੂੰ ਵੀ ਠੁੱਠ ਵਿਖਾਉਂਦਾ ਹੈ,
ਵੇਚੇ ਰੱਬ ਨੂੰ ਹਰ ਥਾਂ 'ਤੇ, ਅਤੇ ਮਰਜ਼ੀ ਦੀ ਕੀਮਤ ਲਾਉਂਦਾ ਹੈ।
ਅਸੂਲ, ਕਾਨੂੰਨ ਕੋਈ ਚੀਜ਼ ਨਹੀਂ, ਕਲਯੁੱਗੀ ਕਾਲ਼ੇ ਯੁਗ ਅੰਦਰ, ਹਰ
ਢੋਂਗ ਤਮਾਸ਼ਾ ਚੱਲਦਾ ਹੈ, ਗੁਰਦਵਾਰੇ, ਮਸੀਤ ਜਾਂ ਵਿੱਚ ਮੰਦਰ।
ਢੀਠਾਂ ਅੰਦਰ ਢੀਠ ਜਾਤ, ਢੀਠਾ ਹੈ ਬੱਸ ਅਸਲੋਂ ਢੀਠ, ਬਾਂਹ ਉਲਾਰ
ਕੇ ਕਹਿੰਦਾ ਹੈ, ਹੈ ਕੋਈ ਕਰੇ ਜੋ ਮੇਰੀ ਰੀਸ?
ਉਹ ਦਿਨ ਬਹੁਤੇ ਹੁਣ ਦੂਰ ਨਹੀਂ, ਜਦੋਂ ਖੇਲ੍ਹ ਉਲਟਾ ਪੈ ਜਾਵੇਗਾ,
ਦਦੂਰ ਦੂਰ ਤੱਕ ਦੇਖਣ ਲਈ, ਕੋਈ ਟਾਵਾਂ ਮਨੁੱਖ ਰਹਿ ਜਾਵੇਗਾ।
24/10/2023
ਹੇ ਪ੍ਰਾਣੀਆਂ ਤੂੰ ਨਾ ਜਾਣੀਆਂ/span> ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਹੇ ਪ੍ਰਾਣੀਆਂ, ਤੂੰ ਨਾ ਜਾਣੀਆਂ, ਜਿੰਦ ਦੀਆਂ ਗੁੰਝਲਾਂ, ਤੂੰ ਨਾ
ਪਛਾਣੀਆਂ। ਛੱਡ ਜਾਵੇਂਗਾ, ਸਭ ਤਜ ਜਾਵੇਂਗਾ, ਕੱਚ ਸੱਚ ਦੀਆਂ
ਕਿੰਨੀਆਂ ਕਹਾਣੀਆਂ।
ਖੁੱਸ ਜਾਣਗੇ, ਟੁੱਟ ਜਾਣਗੇ, ਮੋਹ ਵਾਲੇ ਰਿਸ਼ਤੇ ਵੀ ਮੁੱਕ
ਜਾਣਗੇ। ਭੁੱਲ ਜਾਣਗੇ, ਰੁਲ ਜਾਣਗੇ, ਕੀਮਤੀ ਦਿਲਾਂ ਦੇ ਮੋਤੀ
ਡੁੱਲ੍ਹ ਜਾਣਗੇ। ਰਹਿ ਜਾਣੀਆਂ ਖ਼ਾਕਾਂ ਛਾਣੀਆਂ, ਕੱਚ ਸੱਚ ਦੀਆਂ
ਕਿੰਨੀਆਂ ਕਹਾਣੀਆਂ। ਹੇ ਪ੍ਰਾਣੀਆਂ ਤੂੰ ਨਾ ਜਾਣੀਆਂ, ਜਿੰਦ ਦੀਆਂ
ਗੁੰਝਲਾਂ, ਤੂੰ ਨਾ ਪਛਾਣੀਆਂ।
ਯਾਦ ਆਉਣਗੇ, ਦਿਲ ਬਹਿਲਾਉਣਗੇ, ਬੋਲ ਤੇਰੇ ਮਿੱਠੇ ਨਹੀਂ ਭੁੱਲ
ਪਾਉਣਗੇ। ਫਲਸਫੇ ਤੇਰੇ ਸਦਾ ਕੰਮ ਆਉਣਗੇ, ਤੇਰੇ ਜਾਨਸ਼ੀਨਾਂ ਨੂੰ
ਉਹ ਰਾਹ ਦਿਖਾਉਣਗੇ। ਸੁਨਹਿਰੀ ਅੱਖਰਾਂ ਦੇ ਵਿੱਚ ਰਹਿ ਜਾਣੀਆਂ,
ਕੱਚ ਸੱਚ ਦੀਆਂ ਕਿੰਨੀਆਂ ਕਹਾਣੀਆਂ। ਹੇ ਪ੍ਰਾਣੀਆਂ ਤੂੰ ਨਾ ਜਾਣੀਆਂ,
ਜਿੰਦ ਦੀਆਂ ਗੁੰਝਲਾਂ, ਤੂੰ ਨਾ ਪਛਾਣੀਆਂ।
ਇਹ ਜੱਗ ਫਾਨੀ ਏ, ਨਾ ਕੋਈ ਤੇਰਾ ਜਾਨੀ ਏ, ਸਭ ਦੀਆਂ ਨਜ਼ਰਾਂ 'ਚ
ਬੇਈਮਾਨੀ ਏ, ਇਹੀ ਜ਼ਿੰਦਗਾਨੀ ਇੱਕੋ ਹੀ ਨਿਸ਼ਾਨੀ ਏ, ਕਰਦਾ ਹਰੇਕ
ਇੱਥੇ ਮਨਮਾਨੀ ਏ। ਕੀਤੀਆਂ ਕਰਾਈਆਂ ਅਸਾਂ ਪਾ ਜਾਣੀਆਂ, ਕੱਚ ਸੱਚ
ਦੀਆਂ ਕਿੰਨੀਆਂ ਕਹਾਣੀਆਂ। ਹੇ ਪ੍ਰਾਣੀਆਂ ਤੂੰ ਨਾ ਜਾਣੀਆਂ, ਜਿੰਦ
ਦੀਆਂ ਗੁੰਝਲਾਂ, ਤੂੰ ਨਾ ਪਛਾਣੀਆਂ। ਛੱਡ ਜਾਵੇਂਗਾ, ਸਭ ਤਜ ਜਾਵੇਂਗਾ,
ਕੱਚ ਸੱਚ ਦੀਆਂ ਕਿੰਨੀਆਂ ਕਹਾਣੀਆਂ।
12/10/2023
ਕੰਡਾ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਕੁਦਰਤ ਨੇ ਆਪਣਾ ਪਹਿਲਾ ਅੱਖਰ, ਮੇਰੀ ਝੋਲੀ ਪਾਇਆ, ਪਿਆਰ ਨਾਲ
ਸਾਰੇ ਫ਼ਰਜ਼ ਸਮਝਾ ਕੇ, ਮੈਨੂੰ ਕਿੱਤੇ ਲਾਇਆ।
ਇਹ ਦੁਨੀਆ ਹੈ ਸੇਜ ਸੂਲਾਂ ਦੀ, ਚੋਭਾਂ ਨੇ ਹਰ ਪਾਸੇ, ਤੇਰੇ ਲਈ ਪਰ
ਸਭ ਨੇ ਇੱਕੋ, ਹੌਕੇ, ਹਾਅਵੇ, ਹਾਸੇ!
ਨਾ, ਨਾ ਕਦੀ ਤੂੰ ਸੀਅ ਨਹੀਂ ਕਰਨੀ, ਧਾਅ ਮਾਰ ਨਹੀਂ ਰੋਣਾ,
ਵਫ਼ਾਦਾਰੀ ਰੱਖੀਂ ਨਿੱਤ ਪੱਲੇ, ਜਿੱਥੇ ਵੀ ਪਵੇ ਖਲੋਣਾ!
ਸੁੰਦਰਤਾ 'ਤੇ ਕੋਮਲਤਾ ਦੀ, ਰਾਖੀ ਤੇਰੇ ਪੱਲੇ, ਦੇਖੀਂ ਹਥਿਆਰ
ਸਾਂਭ ਕੇ ਵਰਤੀਂ, ਰੱਖੀਂ ਹੱਥ ਨਿਚੱਲੇ!
ਕਈ ਬਣਨਗੇ ਤੇਰੇ ਦੁਸ਼ਮਣ, ਖ਼ਾਰ ਖਾਣਗੇ ਤੈਥੋਂ, ਖੋਹਣਗੇ ਤੇਰੇ
ਹੱਕ ਉਹ ਤੈਥੋਂ, ਇੱਧਰੋਂ, ਉਧਰੋਂ, ਹੈਥੋਂ!
ਜਿੱਥੇ ਵੀ ਹੋਵੇ ਜ਼ਿਕਰ ਫੁੱਲ ਦਾ, ਉੱਥੇ ਲਾਜ਼ਮੀ ਹੋਵੇ ਮੇਰਾ,
ਸ਼ਾਇਰ, ਅਦੀਬ ਹਮੇਸ਼ਾ ਦਿੰਦੇ, ਮੇਰਾ ਹੱਕ ਵਧੇਰਾ।
ਮਾਣ ਹੈ ਮੈਨੂੰ ਆਪਣੇ ਕੰਮ 'ਤੇ, ਕੁਰਬਾਨ ਹੋਵਾਂ ਲੱਖ ਵਾਰੀ, ਦਿਲ
ਉੱਤੇ ਲੱਖ ਨਸ਼ਤਰ ਚੱਲਣ, ਭਾਵੇਂ ਤਨ ਤੇਜ਼ ਕਟਾਰੀ।
ਕੰਡਾ ਹਾਂ ਕੰਡਾ ਹੀ ਰਹਾਂਗਾ, ਮੈਨੂੰ ਬੀਜੋ ਜਾਂ ਮੈਨੂੰ ਵੱਢੋ,
ਫਿਤਰਤ ਨਾ ਮੈਂ ਛੱਡਾਂ ਹੱਥੋਂ, ਮੈਨੂੰ ਰੱਖੋ 'ਤੇ ਭਾਵੇਂ ਛੱਡੋ।
ਸਫ਼ਰ ਬੜਾ ਹੀ ਮੈਂ ਤੈਅ ਕੀਤਾ, ਝੱਲੀ ਗਰਮੀ ਸਰਦੀ, ਕਾਸ਼ ਇਸ ਜਹਾਨ
'ਤੇ ਹੁੰਦਾ, ਮੇਰਾ ਵੀ ਕੋਈ ਦਰਦੀ।
27/09/2023
ਆ ਨੀਂ ਜਿੰਦੇ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਆ ਨੀਂ ਜਿੰਦੇ, ਧੁਰ ਅੰਦਰੋਂ ਕੁੜ੍ਹੀਏ, ਅਣਦੇਖੀ ਸੁਣੀਏ, ਅਨਹੋਣੀ
ਕਰੀਏ।
ਕੋਝੇ ਸਮਿਆਂ ਦੇ, ਤੋਹਫ਼ਿਆਂ ਵਰਗੇ, ਅੱਲੇ ਜ਼ਖ਼ਮਾਂ ਤੇ, ਮਿਰਚਾਂ
ਧਰੀਏ।
ਮਾਰ ਦੁਹੱਥੜ, ਰੱਜ ਕੇ ਹੱਸੀਏ, ਖਿੜਖਿੜਾ ਕੇ, ਭੁੱਬੀਂ ਰੋਈਏ।
ਸੂਰਜ ਨੂੰ ਚੱਲ, ਠੰਢਾ ਕਰੀਏ, ਚੰਦਰਮਾ ਦੀ, ਅੱਗ ਨੂੰ ਫੜੀਏ।
ਅੰਬਰ 'ਤੇ ਹਲ਼, ਡੂੰਘਾ ਵਾਹੀਏ, ਧਰਤੀ ਨੂੰ ਚੱਲ, ਬੰਜਰ ਕਰੀਏ।
ਸੱਚ ਨੂੰ ਚੱਲ ਨਿੱਤ, ਫਾਹੇ ਟੰਗੀਏ, ਝੂਠ ਦੀ ਨਿੱਠ ਕੇ, ਰਾਖੀ
ਕਰੀਏ।
ਬਾਂਝ ਇਰਾਦੇ, ਗਰਭੀਂ ਪਨਪਣ, ਬੋਟਾਂ ਦੇ ਗਲ, ਗੂਠਾ ਧਰੀਏ।
ਰੋਕੀਏ ਰਸਤੇ, ਰਾਹਬਰਾਂ ਦੇ, ਰਾਹਜ਼ਨਾਂ ਦੀਆਂ, ਸਿਫਤਾਂ ਕਰੀਏ।
ਤੋੜ ਦੇਈਏ, ਖ਼ੁਸ਼ੀਆਂ ਦੇ ਰਿਸ਼ਤੇ, ਹਿਰਖਾਂ ਦੇ ਘੁੱਟ, ਚੀਂਡੀਂ
ਭਰੀਏ।
ਆ ਨੀਂ ਜਿੰਦੇ, ਧੁਰ ਅੰਦਰੋਂ ਕੁੜ੍ਹੀਏ, ਅਣਦੇਖੀ ਸੁਣੀਏ, ਅਨਹੋਣੀ
ਕਰੀਏ।
20/09/2023
ਚਹੇਤੇ ਚੇਤੇ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਚੇਤੇ ਇੰਨੇ ਚਹੇਤੇ ਸਨ ਜੋ, ਉਮੜ ਉਮੜ ਕੇ ਚੇਤੇ ਆਏ, ਨੈਣਾਂ ਦੇ
ਨੀਰਾਂ ਨੇ ਫਿਰ, ਮੋਹਲੇਧਾਰ ਕਈ ਮੀਂਹ ਵਰਸਾਏ।
ਉਖੜੇ ਸਾਹਾਂ ਦੀਆਂ ਤਰੰਗਾਂ, ਤੜਪ ਤੜਪ ਕੇ ਇੰਨਾ ਫੜਕੀਆਂ, ਕਈ
ਪਰਤਾਂ ਵਿੱਚ ਦੱਬੇ ਜਜ਼ਬੇ, ਲਾਵੇ ਵਾਂਗੂੰ ਉਬਲ਼ ਕੇ ਆਏ।
ਯਾਦਾਂ ਦੇ ਅਨੋਖੇ ਵਹਿਣ ਨੇ, ਰੋੜ੍ਹ ਦਿੱਤਾ ਉਹ ਬੇੜਾ ਸਾਰਾ,
ਜਿਸ ਉੱਤੇ ਕਈ ਸੋਹਣੇ ਸੁਪਨੇ, ਚਾਵਾਂ ਨਾਲ ਸੀ ਖੂਬ ਸਜਾਏ।
ਸੇਜਾਂ ਸੁੰਨੀਆਂ, ਬੇੜੀਆਂ ਰੁੜ੍ਹੀਆਂ, ਟੁੱਟ ਖੁੱਸ ਗਏ ਸਾਰੇ ਹੀ
ਚੱਪੂ, ਲੁੱਟ ਲਏ ਸਭ ਪਾਪੀ ਲੁੱਡਣਾਂ, ਪੂਰ ਜੋ ਸਨ ਕਦੀ ਭਰੇ
ਭਰਾਏ।
ਚੱਲਣਾ ਨਹੀਂ ਹੁਣ ਕੋਈ ਵੀ ਚਾਰਾ, ਜੋ ਖੱਟਿਆ ਸੋ ਪੱਲੇ ਬੰਨ੍ਹ ਲੈ,
ਮੁੜ ਕੇ ਫੇਰ ਆਪਣੇ ਨਹੀਂ ਬਣਦੇ, ਜੋ ਇੱਕ ਵਾਰ ਹੋ ਜਾਣ ਪਰਾਏ।
ਚਲਣ ਦੁਨੀਆ ਦਾ ਬੜਾ ਅਨੋਖਾ, ਮਤਲਬ ਪ੍ਰਸਤੀ ਭਾਰੂ ਹੋ ਗਈ,
ਚੱਲਵੇਂ ਰਿਸ਼ਤੇ ਬੜੀ ਛੇਤੀ ਟੁੱਟਦੇ, ਮਨਸੂਬੇ ਰਹਿ ਜਾਣ ਧਰੇ ਧਰਾਏ।
ਛੱਡ ਫਰੋਲਣੀ ਕਾਇਆਂ ਦੀ ਮਿੱਟੀ, ਖ਼ਾਕ ਖ਼ਲਕ ਨੇ ਛਾਣ ਹੀ ਦੇਣੀ,
ਤੇਰੇ ਹੱਥ ਨਹੀਂ ਹੁਣ ਉਹ ਆਉਣੇ, ਲਾਲ ਜੋ ਹੱਥੀਂ ਕਦੇ ਲੁਟਾਏ।
06/09/2023 ਚੰਦ ਦਾ ਚਾਅ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਚਾੜ੍ਹ ਦਿੱਤਾ ਹੈ, ਇਸਰੋ ਨੇ ਵੀ ਚੰਦ ਨਵਾਂ, ਚੰਦਰਯਾਨ ਜਾ
ਪਹੁੰਚਾ, ਚੱਲਦਾ ਰਵਾਂ ਰਵਾਂ।
ਪੈ ਰਿਹਾ ਸੀ ਧਮੱਚੜ, ਕਾਫੀ ਸਾਲਾਂ ਤੋਂ, ਕਈਆਂ ਸਿਰ ਫੜ ਕੀਤੇ,
ਜ਼ਰਬਾਂ, ਘਟਾਓ, ਜਮ੍ਹਾਂ।
ਜੱਕੋ ਤੱਕੀ ਵਿੱਚ ਕਈ, ਫੋਕੇ ਫਾਇਰ ਵੀ ਹੋਏ, ਤਰੀਕਾਂ ਹੁੰਦੀਆਂ
ਰਹੀਆਂ, ਕਈ ਹੀ ਅਗਾਂਹ ਪਿਛਾਂਹ।
ਘਿਸਰਦਾ ਘਿਸਰਦਾ ਇਸਰੋ, ਆਖ਼ਰ ਜਿੱਤ ਗਿਆ, ਪੈਰ ਜਮਾਏ ਜਿੱਥੇ ਕੋਈ,
ਪਹਿਲਾਂ ਪਹੁੰਚਾ ਨਾ।
ਸੁਭ ਹਨੂਮਾਨ ਚਾਲੀਸਾ, ਪੜ੍ਹਿਆ ਕਈਆਂ ਨੇ, ਤਾਹੀਓਂ ਚਾਲ਼ੀ ਦਿਨ
ਦਾ, ਲੱਗਿਆ ਵਕਤ ਇੰਨਾ।
ਟੱਲ ਖੜਕੇ ਹਰ ਪਾਸੇ, ਮੰਦਰਾਂ, ਧਾਮਾਂ ਦੇ, ਬੋਲ਼ੇ ਕਈ ਕਰ ਦਿੱਤੇ,
ਬੁੱਢੇ ਅਤੇ ਜਵਾਂ।
ਬਾਬੇ, ਕਈ ਨਜੂਮੀ, ਥਾਪੀਆਂ ਮਾਰ ਰਹੇ, ਕਹਿਣ ਸਾਡੇ ਜਾਦੂ ਨੇ,
ਕੀਤੇ ਸਭ ਹੈਰਾਂ।
ਕਾਮਯਾਬੀ ਵਿੱਚ ਹਰ ਕੋਈ, ਝੰਡੀ ਪੱਟ ਬਣਦਾ, ਹਾਰ ਜਾਣ 'ਤੇ ਸਾਰੇ
ਹੁੰਦੇ, ਉਰਾਂਹ ਪਰਾਂਹ।
ਉਂਗਲੀਆਂ ਕਈ ਚਿੱਥ ਗਏ, ਪਾ ਕੇ ਮੂੰਹਾਂ ਵਿੱਚ, ਯਕੀਨ ਹੀ ਨਹੀਂ
ਆਉਂਦਾ, ਗੋਰਿਆਂ 'ਤੇ ਚੀਨਣਿਆਂ।
ਡੇਢ ਅਰਬ ਭਾਰਤੀ, ਵਜਾਵਣ ਕੱਛਾਂ ਹੁਣ, ਹਰ ਕੋਈ ਚਾਹੇ ਮੈਂ, ਚੰਦ
'ਤੇ ਜਾ ਪੈਰ ਧਰਾਂ।
ਗਰੀਬੀ ਦੀ ਚੱਕੀ ਪੀਂਹਦਾ, ਹਰੇਕ ਪ੍ਰਾਣੀ ਵੀ, ਸੁਪਨੇ ਵਿੱਚ ਹੀ
ਪਾਉਣਾ, ਚਾਹੁੰਦਾ ਚੰਦਰਮਾ।
ਧਰਤੀ ਸਾਡੀ ਗਰੀਬੀ, ਦੂਰ ਤਾਂ ਕਰ ਨਾ ਸਕੀ, ਚੰਦ 'ਤੇ ਜਾ ਕੇ ਕਿਉਂ
ਨਾ, ਮੁਸ਼ੱਕਤ ਫੇਰ ਕਰਾਂ।
ਦੰਪਤੀਆਂ ਨੂੰ ਫਿਕਰ ਹੈ, ਕਰਵਾ ਚੌਥ ਦਾ ਹੁਣ, ਕਿੰਝ ਗੁਜ਼ਰੇਗਾ
ਚੰਦ 'ਤੇ, ਵਰਤਾਂ ਦਾ ਸਮਾਂ।
ਚੌਦਾਂ ਦਿਨ ਦਾ ਵਰਤ 'ਤੇ, ਰੱਖਿਆ ਨਹੀਂ ਜਾਣਾ, ਜੀਵਨ ਵਿੱਚ
ਆਵੇਗਾ, ਔਖਾ ਵਕਤ ਘਣਾ।
30/08/2023
ਸ਼ਹੀਦ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ, ਪੁਸ਼ਤ
ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।
ਕਟੋਰੀ ਵੀ ਸਾਡੇ ਖ਼ੂਨ ਦੀ, ਕਤਰਾ ਕਰ ਕਰ ਮੁੱਕ ਗਈ, ਕੌਡੀਆਂ
ਹੋਈਆਂ ਮਹਿੰਗੀਆਂ, ਠੀਕਰ ਵੀ ਸਾਨੂੰ ਨਾ ਜੁੜੇ।
ਚੁੰਮਦੇ ਰਹੇ ਅਸੀਂ ਫਾਂਸੀਆਂ, ਨਾਪਦੇ ਰਹੇ ਉਹ ਗਰਦਣਾਂ, ਕੀਮਤਾਂ
ਸਾਡੇ ਧੜਾਂ ਦੀਆਂ, ਵਪਾਰੀ ਹਮੇਸ਼ਾਂ ਲੈ ਤੁਰੇ।
ਕੱਫਣ ਵੀ ਕੀਤੇ ਤਾਰ ਤਾਰ, ਢਕਣ ਤੋਂ ਪਹਿਲਾਂ ਸਾਡੇ ਧੜ, ਲਾਸ਼ਾਂ
ਨੂੰ ਅੱਗ ਦੇਣ ਲਈ, ਜਾਨਸ਼ੀਨ ਸਾਡੇ ਨਿੱਤ ਝੁਰੇ।
ਕੋਠੜੀਆਂ ਦਾ ਕਾਲ ਵੀ, ਕੰਧਾਂ ਤੋਂ ਰਿਹਾ ਦਹਿਲਦਾ, ਉੱਕਰੇ ਉਨ੍ਹਾਂ
ਉੱਤੇ ਸਾਡੇ, ਜਜ਼ਬੇ ਕਦੀ ਵੀ ਨਾ ਖੁਰੇ।
ਜਿਸ ਧਰਤ ਲਈ ਮਿਟਦੇ ਰਹੇ, ਉਸ ਉੱਤੋਂ ਹੀ ਮਿਟ ਗਏ, ਮਿੱਟੀ ਨੂੰ
ਮਿੱਟੀ ਨਾ ਮਿਲ਼ੀ, ਜਲਾਵਤਨ ਵੀ ਹੋ ਤੁਰੇ।
ਬੁੱਤ ਹਾਂ ਬਣ ਕੇ ਦੇਖਦੇ, ਕਰਤੂਤਾਂ ਝੋਲ਼ੀ ਚੁੱਕਾਂ ਦੀਆਂ, ਪਥਰਾਏ
ਸਾਡੇ ਨੈਣ ਵੀ, ਹੋ ਗਏ ਤੱਕ ਤੱਕ ਭੁਰਭਰੇ।
ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ, ਪੁਸ਼ਤ
ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।
23/08/2023
ਗਲ਼ ਪਿਆ ਢੋਲ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਸ਼ਾਦੀ ਮੌਲਵੀ ਦੀ ਹੋਈ ਨੂੰ, ਕਈ ਵਰ੍ਹੇ ਸਨ ਬੀਤੇ, ਪਰ ਕੋਈ ਔਲਾਦ
ਨਾ ਹੋਈ, ਲੱਖ ਉਸ ਹੀਲੇ ਕੀਤੇ।
ਬੀਵੀ ਦੂਜੇ ਪਾਸੇ ਤੜਪੇ, ਲੋਕੀ ਬੋੱਲੀਆਂ ਮਾਰਨ, ਸਮਝ ਸਕੇ ਨਾ
ਦੋਨੋਂ ਜੀਅ, ਇਸ ਦਾ ਜ਼਼ਾਹਿਰਾ ਕਾਰਨ।
ਮੌਲਵੀ ਕਹੇ ਸੁਣ ਮੇਰੀ ਸੱਜਣੀ, ਇਹ ਹੈ ਮੌਜ ਅੱਲਾ ਦੀ, ਜਦੋਂ ਉਹ
ਚਾਹੇ ਦੇ ਦੇਵੇਗਾ, ਤੈਨੂੰ ਨਵਾਂ ਪੁੱਤਰ ਜਾਂ ਧੀ।
ਪਰ ਮੌਲਾਣੀ ਸੁੱਕੇ ਫਿਕਰਾਂ ਚ', ਨਾ ਕੋਈ ਬੱਝੇ ਢਾਰਸ, ਨਾ ਕੋਈ
ਦਾਰੂ ਕੰਮ ਕਰੇ, ਨਾ ਕੋਈ ਤਬੀਤ ਨਾ ਪਾਰਸ।
ਆਖ਼ਰ ਅੱਕ ਕੇ ਮੌਲਾਣੀ ਨੇ, ਕਰੀ ਅਰਜ਼ ਖੁਦਾ ਦੇ ਅੱਗੇ, ਕਰੇਂ ਜੇ
ਮਿਹਰ ਤਾਂ ਮੈਂ ਬਜਵਾਵਾਂ, ਮਸੀਤੇ ਢੋਲ 'ਤੇ ਡੱਗੇ।
ਸੁਣੀ ਗਈ ਅਰਜ਼ ਨਿਮਾਣੀ ਦੀ, ਧੁਰ ਦਰਗਾਹੇ ਅੱਲਾ, ਜਨਮਿਆ ਪੁੱਤਰ
ਘਰ ਓਸ ਦੇ, ਹੋ ਗਈ ਵੱਲਾਹ ਵੱਲਾਹ।
ਖ਼ੁਸ਼ੀਆਂ ਬਰਸੀਆਂ ਘਰ ਮੁੱਲਾਂ ਦੇ, ਰੱਜ ਉਸ ਜਸ਼ਨ ਮਨਾਏ, ਖਾਲੀ
ਗਏ ਨਾ ਕੋਈ ਸਵਾਲੀ, ਜੋ ਘਰ ਉਸ ਦੇ ਆਏ।
ਵਿਹਲੇ ਹੋ ਕੇ ਸਭ ਕਾਸੇ ਤੋਂ, ਮੌਲਾਣੀ ਅਰਜ਼ ਗੁਜ਼ਾਰੇ, ਮੇਰੀ
ਸੁੱਖ ਵੀ ਪੂਰੀ ਕਰ ਦਿਓ, ਮੇਰੇ ਪ੍ਰੀਤਮ ਪਿਆਰੇ।
ਮੈਂ ਚਾਹੁੰਦੀ ਹਾਂ ਤੁਸੀਂ ਬਜਵਾਓ, ਢੋਲ ਮਸਜਿਦ ਦੁਆਰੇ, ਮੇਰਾ
ਅੱਲਾ ਖੁਸ਼ ਹੋ ਜਾਸੀ, ਹੋ ਜਾਵਣ ਵਾਰੇ ਨਿਆਰੇ।
ਸੁਣ ਕੇ ਗੱਲ ਮੌਲਾਣੀ ਦੀ, ਹੋਇਆ ਮੌਲਵੀ ਲੋਹਾ ਲਾਖਾ, ਕਹੇ ਸ਼ਰਾਹ
ਵਿੱਚ ਕਿਤੇ ਨੀਂ ਲਿਖਿਆ, ਐਸਾ ਪਖੰਡ ਤਮਾਸ਼ਾ।
ਮੈਨੂੰ ਲੋਕੀਂ ਮਾਰ ਦੇਣਗੇ, ਜੇ ਮੈਂ ਐਸਾ ਕੀਤਾ, ਸਰੇ ਬਜ਼ਾਰ ਉਹ
ਕਰ ਦੇਣਗੇ, ਮੇਰਾ ਫੀਤਾ ਫੀਤਾ।
ਮੰਨੀ ਨਾ ਪਰ ਅੜਬ ਮੌਲਾਣੀ, ਜ਼ਿਦ ਉੱਤੇ ਉਹ ਅੜ ਗਈ, ਕਹੇ ਮੈਂ
ਨਹੀਂ ਝੂਠੀ ਹੋਣਾ, ਅੱਲਾ ਦੇ ਇਸ ਵਰ ਲਈ।
ਮੌਲਵੀ ਬੜਾ ਕਸੂਤਾ ਫਸਿਆ, ਰਸਤਾ ਕੋਈ ਨਾ ਲੱਭੇ, ਸੋਚ ਸੋਚ ਕੇ
ਬੇਵੱਸ ਹੋ ਗਿਆ, ਲਾ ਕੇ ਤਾਣ ਉਹ ਸੱਭੇ।
ਆਖ਼ਰ ਉਸਨੂੰ ਜੁਗਤ ਇੱਕ ਸੁੱਝੀ, ਪਾਇਆ ਢੋਲ ਉਸ ਗਲ਼ ਵਿੱਚ, ਜਾ
ਚੜ੍ਹਿਆ ਮਸੀਤ ਚਬੂਤਰੇ, ਮਜਲਸ ਦੇ ਉਹ ਗੜ੍ਹ ਵਿੱਚ।
ਬੜੇ ਰੋਅਬ ਨਾਲ ਗਰਜਿਆ, ਆਖੇ ਮੈਂ ਸਬਕ ਤੁਸਾਂ ਨੂੰ ਦੇਸਾਂ, ਜਿਹੜਾ
ਤੁਸਾਂ ਨਾ ਸੁਣਿਆ ਹੋਸੀ, ਵਿੱਚ ਦੇਸਾਂ, ਪਰਦੇਸਾਂ।
ਮਸਜਿਦ ਵਿੱਚ ਹੈ ਮਨ੍ਹਾ ਵਜਾਉਣਾ, ਕੋਈ ਢੋਲ ਜਾਂ ਤਾਸਾ, ਸ਼ਰਾਹ
ਮੁਤਾਬਕ ਕੋਈ ਨਾ ਕਰੇ, ਇਸ ਤੋਂ ਆਸਾ ਪਾਸਾ।
ਬੇ ਸੁਰਾ ਇਹ ਟੱਮਕ ਜਿਹਾ, ਕੰਨਾਂ ਨੂੰ ਨਾ ਭਾਵੇ, ਭਾਵੇਂ ਕੋਈ
ਵਜਾਵੇ ਸੱਜਿਉਂ, ਜਾਂ ਖੱਬਿਉਂ ਖੜਕਾਵੇ।
ਇਹ ਕਹਿੰਦਿਆਂ ਹੱਥ ਉਸਨੇ, ਢੋਲ 'ਤੇ ਦੋ ਚਾਰ ਮਾਰੇ, ਵਾਹ ਵਾਹ ਕਰਨ
ਲੱਗੇ ਸਭ ਲੋਕੀਂ, ਜੁੜ ਜੋ ਬੈਠੇ ਸਾਰੇ।
ਦੇਖ ਲਵੋ ਤੁਸੀਂ ਮੇਰਾ ਕਹਿਣਾ, ਸੱਚਾ ਕਰ ਮੈਂ ਦੱਸਿਆ, ਏਸੇ ਕਰਕੇ
ਇਹਨੂੰ ਵਜਾਉਣਾ, ਸ਼ਰਾਹ ਵਿੱਚ ਨਹੀਂ ਰੱਖਿਆ।
ਲਾਹ ਕੇ ਢੋਲ ਗਲੋਂ ਜਦ ਉਸਨੇ, ਪਟਕਿਆ ਧਰਤੀ ਉੱਤੇ, ਤੋੜਨ ਦੇ ਲਈ
ਉਸਨੂੰ ਸਾਰੇ, ਪਏ ਇੱਕ ਦੂਜੇ ਤੋਂ ਉੱਤੇ।
ਤੋੜ ਤਾੜ ਇੱਕ ਪਾਸੇ ਕੀਤਾ, ਹਜੂਮ ਨੇ ਢੋਲ ਦਾ ਪਿੰਜਰ, ਮਾਪੀ ਨਾ
ਫਿਰ ਗਈ ਖੁਸ਼ੀ, ਜੋ ਉਪਜੀ ਮੌਲਵੀ ਅੰਦਰ।
ਮਨ ਵਿੱਚ ਸ਼ਾਂਤ ਜਿਹਾ ਉਹ ਹੋ ਕੇ, ਤੁਰ ਪਿਆ ਆਪਣੇ ਘਰ ਨੂੰ,
ਸ਼ੁਕਰ ਹੈ ਅੱਲਾ ਦਾ ਜਿਸ ਨੇ, ਤਰਕੀਬ ਸੁਝਾਈ ਮੈਨੂੰ।
ਮੁਆਸ਼ਰੇ ਵਿੱਚ ਮੇਰੀ ਇੱਜ਼ਤ ਰਹਿ ਗਈ, ਮੌਲਾਣੀ ਵੀ ਖੁਸ਼ ਹੋ ਗਈ,
ਖੁਸ਼ਕਿਸਮਤੀ ਨਾਲ ਸਾਰੇ ਪਾਸਿਉਂ, ਮੇਰੀ ਧੰਨ ਧੰਨ ਹੋ ਗਈ।
ਤਕਦੀਰੇ ਤੇਰੇ ਖੇਲ੍ਹ ਨਿਆਰੇ, ਮਨ ਵਿੱਚ ਜਾਵੇ ਕਹਿੰਦਾ, ਗਲ਼ ਵਿੱਚ
ਪੈ ਗਿਆ ਹਰ ਬੰਦੇ ਨੂੰ, ਢੋਲ ਵਜਾਉਣਾ ਪੈਂਦਾ। ਢੋਲ ਵਜਾਉਣਾ ਪੈਂਦਾ।
10/08/2023
ਜ਼ਾਲਿਮ ਅਤੇ ਜ਼ੁਲਮ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ, ਦੋਨੋਂ ਸਦਾ ਹੀ
ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।
ਮਜ਼ਲੂਮ ਜੇਕਰ ਨਾ ਮਿਲੇ, ਤਾਂ ਤੜਪ ਜਾਂਦਾ ਹੈ ਜ਼ਾਲਿਮ, ਕਿਸਮਤ
ਨੂੰ ਫਿਰੇ ਕੋਸਦਾ, ਹਾਏ ਮੇਰੇ ਖੋਟੇ ਨਸੀਬ!
ਮਜਬੂਰ ਆਪਣੀ ਜ਼ਾਤ ਤੋਂ, ਹੰਤਾ ਲੱਭੇ ਸਦਾ ਸ਼ਿਕਾਰ, ਅੱਛਾਈ ਅਤੇ
ਬੁਰਾਈ ਦਾ, ਫ਼ਰਕ ਨਾ ਸਮਝੇ ਬਦੀਦ।
ਕਰਮ ਅਤੇ ਭਰਮ ਦੇ, ਨਰੜ ਦੇ ਐਸੇ ਜਾਲ ਵਿੱਚ, ਸ਼ਾਂਤੀ ਨੂੰ ਜਾਵੇ
ਭਾਲਦਾ, ਕੁਕਰਮ ਨਾ ਦੇਖੇ ਪਲੀਤ।
ਚਾਲ ਅਤੇ ਚਲਣ ਦਾ, ਦੁਰਮੇਲ ਕੁਦਰਤ ਪਰਖਦੀ, ਇੱਕੋ ਵਜੂਦ ਵਿੱਚ
ਢਾਲ਼ ਕੇ, ਇੱਕ ਰਫ਼ੀਕ 'ਤੇ ਇੱਕ ਰਕ਼ੀਬ।
ਜ਼ੁਲਮ ਰਾਹੀਂ ਨਾਪੇ ਜ਼ਾਲਿਮ, ਸਾਇਆ ਕੋਈ ਪਿਆਰ ਦਾ, ਅਨੋਖਾ
ਪਟਵਾਰੀ ਜ਼ੁਲਮ ਦਾ, ਘੜੀਸੀ ਫਿਰੇ ਅਪਣੀ ਜਰੀਬ।
ਨਾ ਮਿਲੇ ਫਿਰ ਚੈਨ ਉਸਨੂੰ, ਢੋਈ ਨਾ ਕਿਧਰੇ ਲੱਭਦੀ, ਨਾ ਅਰਸ਼ 'ਤੇ
ਨਾ ਫ਼ਰਸ਼ 'ਤੇ, ਬਣੇ ਕੋਈ ਉਸਦਾ ਮੁਰੀਦ।
ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ, ਦੋਨੋਂ ਸਦਾ ਹੀ
ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।
02/08/2023
ਪਾਣੀ ਪਾਣੀ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਦੇਖ ਕੇ ਪਾਣੀ ਸਾਰੇ ਪਾਸੇ, ਅੱਖਾਂ ਵਿੱਚ ਆਇਆ ਪਾਣੀ, ਦੱਸਣੀ ਕਦੀ
ਨਾ ਸੌਖੀ ਹੋਣੀ, ਤਬਾਹੀ ਵਾਲੀ ਕਹਾਣੀ।
ਮਹਿਲ ਮੁਨਾਰੇ ਦੇਖੇ ਪਲਾਂ ਵਿੱਚ, ਹੁੰਦੇ ਅਸੀਂ ਅਲੋਪ, ਕੁਦਰਤ ਦੇ
ਐਸੇ ਕਹਿਰ ਨੂੰ, ਕੋਈ ਨਾ ਸਕਿਆ ਰੋਕ।
ਦਰਿਆਵਾਂ ਐਸੇ ਰੁਖ਼ ਬਦਲੇ, ਕਿਆਸ ਨਾ ਸਕਿਆ ਕੋਈ, ਐਸੀ ਉਥਲ ਪੁਥਲ
ਇਸ ਧਰਤ 'ਤੇ, ਸਦੀਆਂ ਤੱਕ ਨਾ ਹੋਈ।
ਆਪੋ ਧਾਪੀ ਦੇ ਆਲਮ ਵਿੱਚ, ਰਿਸ਼ਤਿਆਂ ਦੀ ਟੁੱਟੀ ਤਾਣੀ, ਦੇਖ, ਸੁਣ
ਐਸੇ ਕਈ ਮੰਜ਼ਰ, ਫਿਰ ਅੱਖ ਆਇਆ ਪਾਣੀ।
ਮਾਨਵਤਾ ਦੇ ਦਰਦ ਨੇ ਟੁੰਬੀ, ਜ਼ਮੀਰ ਦਰਿਆ ਦਿਲਾਂ ਦੀ, ਦਰਿਆਵਾਂ
ਦਾ ਰੁਖ ਮੋੜ ਗਏ, ਲਾ ਬਾਜ਼ੀ ਫੁੱਲਾਂ ਤਿਲਾਂ ਦੀ।
ਜੋ ਸਰਿਆ ਸਭ ਪੇਸ਼ ਚਾ ਕੀਤਾ, ਦੁੱਖ ਵੰਡਾਇਆ ਸਭ ਦਾ, ਐਸੀ ਕਰਨੀ
ਵਾਲਾ ਮਨੁੱਖ ਵੀ, ਕਿਤੇ ਕਿਤੇ ਹੈ ਲੱਭਦਾ।
ਆਪ ਉੱਜੜ ਦੂਜੇ ਨੂੰ ਵਸਾਉਣਾ, ਕਈ ਐਸੇ ਵੀ ਨੇ ਪ੍ਰਾਣੀ, ਤੱਕ
ਕੁਰਬਾਨੀ ਐਸੀ ਅਨੋਖੀ, ਮੁੜ ਅੱਖ ਭਰਿਆ ਪਾਣੀ।
ਕੁਦਰਤ ਦਾ ਇਹ ਐਸਾ ਧੱਕਾ, ਸਹਿ ਕੇ ਫਿਰ ਉੱਠ ਤੁਰਨਾ, ਨਹੀਂ ਹੈ
ਸੌਖਾ ਕਿਸੇ ਲਈ ਵੀ, ਕਾਮਯਾਬੀ ਦਾ ਫੁਰਨਾ।
ਜੋ ਹਿੰਮਤ ਨਾ ਹਾਰਨ ਕਦੀ ਵੀ, ਉਹੀ ਮੰਜ਼ਿਲ ਪਾਉਂਦੇ, ਸਫਲਤਾਵਾਂ
ਦੇ ਇਤਿਹਾਸ ਕਈ ਉਹ, ਮੁੜ ਮੁੜ ਕੇ ਦੁਹਰਾਉਦੇ।
ਸੁਲਝ ਹੀ ਜਾਵੇਗੀ ਫੇਰ ਇੱਕ ਦਿਨ, ਉਲਝੀ ਹੋਈ ਇਹ ਤਾਣੀ, ਤੰਦਾਂ
ਪਾਉਣ ਵਾਲ਼ੇ ਵੱਲ ਤੱਕ ਕੇ, ਉਮਡਿਆ ਅੱਖ ਵਿੱਚ ਪਾਣੀ।
ਦੇਖ ਕੇ ਪਾਣੀ ਸਾਰੇ ਪਾਸੇ, ਅੱਖਾਂ ਵਿੱਚ ਆਇਆ ਪਾਣੀ, ਦੱਸਣੀ ਕਦੀ
ਨਾ ਸੌਖੀ ਹੋਣੀ, ਤਬਾਹੀ ਵਾਲੀ ਕਹਾਣੀ।
26/07/2023
ਜੂਠਾਂ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਜੂਠਾਂ ਨਿਗਲ਼ ਗਈਆਂ ਨੇ ਸਾਰੀ, ਪਾਕ ਪਵਿੱਤਰ ਸੰਗਤ ਦੀ ਜੂਠ, ਸ਼ਾਮ
ਸਵੇਰੇ ਕਰ ਅਰਦਾਸਾਂ, ਬੋਲਦੀਆਂ ਰਹੀਆਂ ਕੋਰਾ ਝੂਠ।
ਸ਼ਾਕਾਹਾਰੀ ਮਸੰਦ ਕਹਾ ਕੇ, ਢੋਰਾ, ਸੁੱਸਰੀ ਵਿੱਚੇ ਹੀ ਖਾ ਗਏ,
ਬੇਹੀਆਂ ਅਤੇ ਸੁੱਕੀਆਂ ਰੋਟੀਆਂ, ਮਰੜ ਮਰੜ ਕੇ ਸਭ ਚਬਾ ਗਏ।
ਬਾਬਾ! ਤੇਰੇ ਫ਼ਲਸਫ਼ੇ ਨੂੰ ਵੀ, ਖਾ ਗਏ ਨੇ ਇਹ ਵੇਚ ਕੇ ਚੋਰ,
ਨਹੀਂ ਰਹੀ ਹੁਣ ਕੋਈ ਕੀਮਤ, ਤਿਲ ਫੁੱਲ ਵਰਗੀ ਇੱਥੇ ਹੋਰ।
ਬੀਬੇ ਦਾਹੜਿਆਂ ਵਾਲੇ ਮਖੌਟੇ, ਪਹਿਨ ਨਿਕਲਦੇ ਸਰੇ ਬਜ਼ਾਰ, ਪੈਰੀਂ
ਪਾਣੀ ਪੈਣ ਨਾ ਦੇਵਣ, ਕਾਲ਼ਖਾਂ ਮਲ਼ੇ ਚਿਹਰੇ ਬਦਕਾਰ।
ਬੇਈਮਾਨੀ ਨੂੰ ਬੂਰ ਪੈ ਗਿਆ, ਬੂਰੇ ਨੇ ਕਰ ਦਿੱਤੀ ਕਮਾਲ, ਆਪਣੇ
ਪਾਪਾਂ ਨੂੰ ਢਕਣ ਲਈ, ਚੱਲਦੇ ਰਹੇ ਹਰ ਗੰਦੀ ਚਾਲ।
ਹਜ਼ਾਰਾਂ ਹੋਰ ਘਪਲਿਆਂ ਵਾਂਗੂੰ, ਹੋਵੇਗੀ ਹੁਣ ਬੀਣ 'ਤੇ ਛਾਣ,
ਕਮੇਟੀ ਹੁਣ ਦਰਿਆਫਤ ਕਰੇਗੀ, ਕਿਸ ਨੇ ਖਾਧਾ ਬੂਰਾ ਛਾਣ।
ਰੁਲ਼ ਜਾਵੇਗਾ ਮਸਲਾ ਸਾਰਾ, ਫੇਰ ਇੱਕ ਵਾਰੀ ਘੱਟੇ ਮਿੱਟੀ, ਚੜ੍ਹ
ਕਮੇਟੀ ਦੀ ਘਨੇੜੀ, ਇਹ ਗੁੱਥੀ ਨਹੀਂ ਜਾਣੀ ਨਜਿੱਠੀ।
ਮੁਕੱਦਮ, ਮੁਲਜ਼ਮ, ਗਵਾਹ, ਅਰਦਲੀ, ਹੋ ਜਾਣਗੇ ਸਭ ਇੱਕ ਪਾਸੇ,
ਘਾਲ਼ੇ ਮਾਲ਼ੇ ਦਾ ਲਾ ਕੇ ਲੰਗਰ, ਬੈਠ ਛਕਣਗੇ ਸਭ ਇੱਕ ਬਾਟੇ।
19/07/2023
ਨਾਕਾਮੀਆਂ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ, ਹੱਡ ਬੀਤੀ ਦਾ ਦੁੱਖ ਵੀ,
ਜਰਿਆ ਨਾ ਗਿਆ।
ਸੁਪਨੇ ਸੀ ਬੜੇ, ਪਰ ਸਾਕਾਰ ਨਾ ਹੋਏ, ਤਾਬੀਰ ਦਾ ਦਰਸ ਵੀ, ਕਰਿਆ
ਨਾ ਗਿਆ।
ਨਾ ਅੱਖਰ ਹੀ ਜੁੜੇ, ਨਾ ਬੰਦ ਹੀ ਬਣੇ, ਪਿਆਰ ਦਾ ਕੋਈ ਗੀਤ, ਘੜਿਆ
ਨਾ ਗਿਆ।
ਨਾ ਬਣੀ ਤਹਿਰੀਰ, ਕੋਈ ਮਨ ਭਾਉਂਦੀ, ਬਹਿਰ ਦਾ ਲੜ ਕੋਈ, ਫੜਿਆ ਨਾ
ਗਿਆ।
ਲਹਿਰਾਂ 'ਤੇ ਛੱਲਾਂ ਦੇ, ਬੜੇ ਝੱਲੇ ਦੁਫੇੜੇ, 'ਤੇ ਕਿਨਾਰੇ ਤਰਫ਼
ਕਦੀ, ਤਰਿਆ ਨਾ ਗਿਆ।
ਸ਼ਿਕਸ਼ਤਾਂ ਦੀਆਂ ਕੰਧਾਂ, ਦਰ ਕੰਧਾਂ ਹੀ ਮਿਲੀਆਂ, ਮੰਜ਼ਿਲ 'ਤੇ
ਪੈਰ ਕਦੀ, ਧਰਿਆ ਨਾ ਗਿਆ।
ਕਈ ਤਰੀਕੇ 'ਤੇ ਹਰਬੇ, ਲੱਖ ਵਰਤ ਕੇ ਦੇਖੇ, ਕਾਮਯਾਬੀ ਦਾ ਕੋਈ
ਪੌਡਾ, ਚੜ੍ਹਿਆ ਨਾ ਗਿਆ।
ਤੀਲੇ 'ਤੇ ਡੱਖੇ ਕਈ, ਰੱਖ ਬੁਣ ਕੇ ਤੱਕੇ, ਸਿਰ ਢਕਣ ਲਈ ਆਲ੍ਹਣਾ,
ਸਰਿਆ ਨਾ ਗਿਆ।
ਚੜ੍ਹਦੀਆਂ 'ਤੇ ਢਹਿੰਦੀਆਂ, ਸੋਚਾਂ ਦੇ ਸਹਾਰੇ, ਰਿਸ਼ਤਾ ਸਫਲਤਾਵਾਂ
ਨਾਲ, ਵਰਿਆ ਨਾ ਗਿਆ।
ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ, ਹੱਡ ਬੀਤੀ ਦਾ ਦੁੱਖ ਵੀ,
ਜਰਿਆ ਨਾ ਗਿਆ।
14/07/2023
ਫਿਹਲ ਹੋ ਗਈ ਪੰਜਾਬੀ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ, ਸਾਡੇ ਸਭਿਆਚਾਰ ਦੀ,
ਹੋ ਰਹੀ ਬਰਬਾਦੀ।
ਪੱਛਮੀ ਕਲਚਰ ਸਾਡੇ 'ਤੇ, ਹੋ ਗਿਆ ਹੈ ਭਾਰੀ, ਅੰਗਰੇਜ਼ੀ ਬੋਲਣ
ਪੜ੍ਹਨ ਦੀ, ਸਾਨੂੰ ਲੱਗੀ ਬਿਮਾਰੀ।
ਸਕੂਲ ਕੌਲਿਜ ਯੂਨੀਵਰਸਿਟੀਆਂ, ਧੜਾ ਧੜ ਖੁੱਲ੍ਹਣ, ਸਾਰੇ ਰਲਮਿਲ
ਪੰਜਾਬੀ ਦੀਆਂ, ਅੱਜ ਵੱਖੀਆਂ ਖੁੱਲਣ।
ਬਿਹਾਰੀ ਭਈਏ ਫਰਲ ਫ਼ਰਲ, ਪੰਜਾਬੀ ਬੋਲਣ, ਪੰਜਾਬੀ ਟੁੱਟੀ ਹਿੰਦੀ
ਬੋਲ, ਪੰਜਾਬੀ ਨੂੰ ਰੋਲਣ।
ਪੰਜਾਬੀ ਬੋਲਣ ਉੱਤੇ ਲੱਗਦੇ, ਸਕੂਲੀਂ ਜੁਰਮਾਨੇ, ਇਸ ਦਾ ਰਸਤਾ
ਰੋਕਣ ਕਈ, ਨਿੱਤ ਨਵੇਂ ਬਹਾਨੇ।
ਪੰਜਾਬੀ ਉੱਤੇ ਖੋਜਾਂ ਅੱਜ, ਅੰਗਰੇਜ਼ੀ ਵਿੱਚ ਹੁੰਦੀਆਂ, ਪੰਜਾਬੀ
ਦੀਵਾਨੇ ਰੋ ਰੋ ਕੇ, ਕਰਨ ਅੱਖਾਂ ਚੁੰਨ੍ਹੀਆਂ।
ਪੰਜਾਬੀ ਡਾਕਦਾਰਾਂ ਦੇ ਬੱਚੇ, ਹੁਣ ਵਿਦੇਸ਼ੀਂ ਪੜ੍ਹਦੇ, ਪੰਜਾਬੀ ਦਾ
ਖੱਟਿਆ ਖਾ ਕੇ ਵੀ, ਇਸ ਕੋਲ ਨਾ ਖੜ੍ਹਦੇ।
ਪੈਸੇ ਦੇ ਹੀ ਜ਼ੋਰ 'ਤੇ, ਅੱਜ ਡਿਗਰੀਆਂ ਵਿਕਦੀਆਂ, ਸਨਮਾਨਾਂ ਦੀ
ਦੌੜ ਵਿੱਚ, ਕਈ ਹਸਤੀਆਂ ਡਿਗਦੀਆਂ।
ਜਿੱਡਾ ਵੱਡਾ ਦਰਦੀ ਦਿਸੇ, ਓਡਾ ਹਤਿਆਰਾ, ਪੜਦੇ ਪਿੱਛੇ ਕਰਦਾ
ਫਿਰੇ, ਹਰ ਕੋਝਾ ਕਾਰਾ।
ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ, ਸਾਡੇ ਸਭਿਆਚਾਰ ਦੀ,
ਹੋ ਰਹੀ ਬਰਬਾਦੀ।
29/06/2023
ਚੱਲ ਹਊ ਪਰੇ ਰਵਿੰਦਰ ਸਿੰਘ
ਕੁੰਦਰਾ, ਯੂ. ਕੇ.
ਮੈਂ ਕਿਸੇ ਵੱਲ੍ ਦੇਖਿਆ, ਉਹ ਮੂੰਹ ਫੇਰ ਕੇ ਮੁੜ ਗਿਆ। ਚੱਲ ਹਊ
ਪਰੇ। ਮੇਰੇ ਤੋਂ ਨਾਤਾ ਤੋੜ ਕੇ ਉਹ, ਹੋਰ ਕਿਸੇ ਨਾਲ ਜੁੜ ਗਿਆ।
ਚੱਲ ਹਊ ਪਰੇ। ਹਾਰ ਜਿੱਤ ਦੀ ਖੇਡ ਵਿੱਚ, ਹਰਾ ਮੈਨੂੰ ਕੋਈ ਤੁਰ ਗਿਆ।
ਚੱਲ ਹਊ ਪਰੇ। ਪਲ਼ੀ ਪਲ਼ੀ ਸੀ ਜੋੜਿਆ, ਪਰ ਪੂਰਾ ਕੁੱਪਾ ਰੁੜ੍ਹ ਗਿਆ।
ਚੱਲ ਹਊ ਪਰੇ। ਤੀਰ ਸੀ ਤਿੱਖਾ ਦਾਗਿਆ, ਤੁੱਕੇ ਦੀ ਤਰ੍ਹਾਂ ਭੁਰ ਗਿਆ।
ਚੱਲ ਹਊ ਪਰੇ। ਕੁਰਬਾਨ ਕੀਤਾ ਜੋ ਕੋਲ ਸੀ, ਪਰ ਕੌਡੀ ਵੀ ਨਾ ਮੁੱਲ
ਪਿਆ। ਚੱਲ ਹਊ ਪਰੇ। ਗਿਣੀਆਂ ਅਨੇਕਾਂ ਗਿਣਤੀਆਂ, ਗਿਣਤੀ ਹੀ ਸਾਰੀ
ਭੁੱਲ ਗਿਆ। ਚੱਲ ਹਊ ਪਰੇ। ਅੱਖ ਚੋਂ ਮੋਤੀ ਉਮਗਿਆ, ਅਚਾਨਕ ਮਿੱਟੀ
ਵਿੱਚ ਰੁਲ਼ ਗਿਆ। ਚੱਲ ਹਊ ਪਰੇ। ਮੈਂ ਤਾਂ ਰਿੱਧੀ ਖ਼ੀਰ ਸੀ, ਪਰ
ਦਲ਼ੀਆ ਬਣ ਉੱਬਲ਼ ਗਿਆ। ਚੱਲ ਹਊ ਪਰੇ। ਚੱਲ ਹਊ ਪਰੇ।
20/06/2023
ਛਲੇਡਾ ਜੱਫੀ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਪੈ ਗਈ ਜੱਫੀ ਛਲੇਡਿਆਂ ਦੀ, ਜੋ ਰੰਗ ਬਦਲਣ ਦਿਨ ਰਾਤੀ, ਨਿੱਤ
ਬਣਾਉਂਦੇ ਲੋਕਾਂ ਨੂੰ ਬੁੱਧੂ, ਰੱਖਣ ਦੁਨੀਆ ਨੂੰ ਪਾਟੀ।
ਪੈਰ ਪੈਰ 'ਤੇ ਤੋਲਦੇ ਫੱਕੜ, ਬੰਨ੍ਹਣ ਝੂਠ ਪੁਲੰਦੇ, ਬਕਦੇ ਜੋ ਵੀ
ਮੂੰਹ ਵਿੱਚ ਆਉਂਦਾ, ਕਰਦੇ ਗੰਦੇ ਧੰਦੇ।
ਉਸੇ ਜ਼ਬਾਨੋਂ ਇੱਕ ਦੂਜੇ ਨੂੰ, ਗਾਲ੍ਹਾਂ ਕੱਢਣੋਂ ਨਹੀਂ ਥੱਕਦੇ,
ਉਸੇ ਹੀ ਮੂੰਹੋਂ ਉਸੇ ਹੀ ਵੇਲੇ, ਜਾਣ ਇੱਕ ਦੂਜੇ ਤੋਂ ਸਦਕੇ।
ਨਾ ਕੋਈ ਇਨ੍ਹਾਂ ਦਾ ਯਾਰ ਹੈ ਯਾਰੋ, ਨਾ ਕੋਈ ਇਨ੍ਹਾਂ ਦਾ ਸੰਗੀ,
ਮਤਲਬ ਕੱਢਣ ਲਈ ਇਨ੍ਹਾਂ ਨੇ, ਸ਼ਰਮ ਹੈ ਛਿੱਕੇ ਟੰਗੀ।
ਪਾਕਿਸਤਾਨੀ ਜ਼ਿਹਨੀਅਤ ਦੀ, ਕਸਰ ਨਾ ਕੋਈ ਰੱਖੀ, ਡੱਡੂਆਂ ਦੀ
ਪੰਸੇਰੀ ਹੋ ਗਈ, ਇੱਕੋ ਛਪੜੀ ਵਿੱਚ ਕੱਠੀ।
ਮਾਰ ਟਪੂਸੀਆਂ ਕਰਨਗੇ ਹੁਣ ਇਹ, ਰਾਜਨੀਤੀ ਹੋਰ ਗੰਦੀ, ਹਾਰੇ ਹੋਏ
ਜੁਆਰੀਆਂ ਦੀ ਹੁਣ, ਦੇਖੋ ਲੱਗੀ ਕਿੰਝ ਮੰਡੀ।
ਉਚੀ ਜ਼ਾਤ ਅਤੇ ਵੱਡੇ ਹੋਣ ਦੇ, ਦਮਗਜੇ ਮਾਰੀ ਜਾਂਦੇ, ਬਾਜਵੇ ਵਰਗੇ
ਬੇ ਵਜਾਹ ਹੀ, ਗਰੀਬਾਂ ਦੀ ਖਿੱਲੀ ਉਡਾਂਦੇ।
ਹਰ ਮਸਲੇ ਅਤੇ ਹਰ ਅਸੂਲ 'ਤੇ, ਕੁਰਬਾਨ ਹੋਣ ਨੂੰ ਕਾਹਲ਼ੇ, ਅੰਦਰ
ਖਾਤੇ ਜ਼ਮੀਰਾਂ ਵੇਚਣ ਦੇ, ਕਰਦੇ ਘਾਲ਼ੇ ਮਾਲ਼ੇ।
ਸੰਜੀਦਾ ਅਤੇ ਵਿਸ਼ਵਾਸੀ ਲੋਕੀ, ਕਿੱਧਰ ਨੂੰ ਹੁਣ ਜਾਵਣ, ਕਿਸ ਦੇ
ਲਈ ਹੁਣ ਤਾੜੀਆਂ ਮਾਰਨ, ਕਿਸ ਨੂੰ ਹੁਣ ਨਕਾਰਨ।
08/06/2023
ਨਰਕਾਂ ਦੇ ਦਰਵਾਜ਼ੇ ਉੱਤੇ ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਨਰਕਾਂ ਦੇ ਦਰਵਾਜ਼ੇ ਉੱਤੇ, ਜਦੋਂ ਕਿਸੇ ਨੇ ਦਸਤਕ ਦਿੱਤੀ, ਧਰਮਰਾਜ
ਦੇ ਅਰਦਲੀ ਨੇ, ਖੋਲ੍ਹ ਕੁੰਡਾ ਦਰਿਆਫਤ ਕੀਤੀ।
ਕੀ ਦੇਖੇ ਇੱਕ ਕੁੱਬਾ ਬੁੱਢੜਾ, ਹੱਥ ਜੋੜ ਲਾਚਾਰ ਖੜ੍ਹਾ ਹੈ,
ਲੱਗਦੈ ਦੂਰੋਂ ਚੱਲ ਕੇ ਆਇਆ, ਥੱਕ ਟੁੱਟਾ ਪਰੇਸ਼ਾਨ ਬੜਾ ਹੈ।
ਪੁੱਛਿਆ ਬਾਬਾ! ਕਿਹਨੂੰ ਮਿਲਣੈ, ਕਿਹੜੇ ਕੰਮ ਤੂੰ ਇੱਥੇ ਆਇਆ, ਕਿਸ
ਨੇ ਤੈਨੂੰ ਭੁੱਲ ਭੁਲੇਖੇ, ਇਸ ਪਾਸੇ ਦਾ ਰਾਹ ਦਿਖਲਾਇਆ?
ਬੋਲਿਆ ਬੁੱਢੜਾ, ਕਾਕਾ ਜੀ, ਮੈਨੂੰ ਕਿਤੇ ਨਹੀਂ ਮਿਲਦੀ ਢੋਈ,
ਸਵਰਗੀਂ ਵੜਨ ਦੀ ਕੋਸ਼ਿਸ਼ ਵਿੱਚ, ਮੇਰੇ ਨਾਲ ਕੀ ਕੀ ਨਹੀਂ ਹੋਈ।
ਧੱਕੇ ਮਾਰ ਕੇ ਮੈਨੂੰ ਕੱਢਿਆ, ਕਹਿੰਦੇ ਤੇਰੀ ਇੱਥੇ ਥਾਂ ਨਹੀਂ,
ਚੰਗੇ ਬੰਦਿਆਂ ਦੀ ਸੂਚੀ ਵਿੱਚ, ਤੇਰਾ ਕਹਿੰਦੇ ਕੋਈ ਨਾਂ ਨਹੀਂ।
ਬਹੁਤ ਹੀ ਮੈਂ ਦਲੀਲਾਂ ਦਿੱਤੀਆਂ, ਆਪਣੇ ਸਾਰੇ ਕਾਰੇ ਦੱਸੇ, ਪਰ ਉਹ
ਮੇਰੀਆਂ ਗੱਲਾਂ ਸੁਣ ਕੇ, ਮਾਰ ਠਹਾਕੇ ਸਾਰੇ ਹੱਸੇ।
ਕਹਿੰਦੇ ਤੇਰੇ ਸਤਾਏ ਹੋਇਆਂ ਨੇ, ਤੇਰੀਆਂ ਸਾਨੂੰ ਦੱਸੀਆਂ ਕਰਤੂਤਾਂ,
ਨਰਕਾਂ ਵਿੱਚ ਡੇਰੇ ਲਾਏ ਹੋਏ ਨੇ, ਤੇਰੇ ਵਰਗਿਆਂ ਕਈ ਮਨਹੂਸਾਂ।
ਜਾਹ ਜਾਕੇ ਉਨ੍ਹਾਂ ਨੂੰ ਟੱਕਰ, ਖੁਸ਼ ਤੂੰ ਉੱਥੇ ਬਹੁਤ ਰਹੇਂਗਾ,
ਆਪਣੇ ਵਰਗੇ ਪਾਪੀਆਂ ਦੇ ਵਿੱਚ, ਰੱਜ ਤਸੀਹੇ ਖ਼ੂਬ ਜਰੇਂਗਾ।
ਇੰਨੀ ਸੁਣ ਕੇ ਅਰਦਲੀ ਅੰਦਰੋਂ, ਲੈ ਆਇਆ ਰਜਿਸਟਰ ਮੋਟਾ, ਪੜ੍ਹ
ਪੜ੍ਹ ਕੇ ਬੁੱਢੜੇ ਨੂੰ ਕਹਿੰਦਾ, ਬਾਬਾ ਤੂੰ ਤਾਂ ਬਹੁਤ ਹੈਂ ਖੋਟਾ।
ਮੱਕਾਰੀਆਂ ਤੇਰੀਆਂ ਬਹੁਤ ਦਰਜ ਨੇ, ਕਿਹੜੀ ਕਿਹੜੀ ਦੱਸਾਂ ਤੈਨੂੰ,
ਸੌਂਹ ਰੱਬ ਦੀ ਸਭ ਦੱਸਣ ਵਿੱਚ, ਸ਼ਰਮ ਬਹੁਤ ਹੀ ਆਉਂਦੀ ਮੈਨੂੰ।
ਅਸੀਂ ਤਾਂ ਅੱਗੇ ਹੀ ਸਤੇ ਹੋਏ ਆਂ, ਤੇਰੇ ਵਰਗੇ ਬਹੁਤਿਆਂ ਹੱਥੋਂ,
ਨਿਤਾ ਪ੍ਰਤੀ ਖਰੂਦ ਨੇ ਕਰਦੇ, ਰੋਅਬ ਜਮਾਉਂਦੇ ਸਭ 'ਤੇ ਉੱਤੋਂ।
ਕੇ ਪੀ, ਪੀ ਕੇ ਖੌਰੂ ਪਾਵੇ, ਆਲਮ ਦਾ ਕੀ ਕਰਾਂ ਇਜ਼ਹਾਰ, ਕੱਠੇ ਹੋ
ਕੇ ਸਾਰੇ ਕਰਦੇ, ਗੁੰਡਾਗਰਦੀ ਸਰੇ ਬਾਜ਼ਾਰ।
ਹੋਰ ਵੀ ਕਈ ਨੇ ਤੇਰੇ ਸਾਥੀ, ਮੁਕੱਦਮੇਂ ਜਿਨ੍ਹਾਂ 'ਤੇ ਚੱਲ ਰਹੇ ਨੇ,
ਬੇਕਸੂਰਾਂ ਦੀਆਂ ਬੇਅੰਤ ਫਾਈਲਾਂ, ਸਵਰਗਾਂ ਵਾਲੇ ਘੱਲ ਰਹੇ ਨੇ।
ਸਾਡੇ ਕੋਲੋਂ ਸਾਂਭ ਨਹੀਂ ਹੁੰਦੇ, ਪਹਿਲਾਂ ਹੀ ਤੇਰੇ ਵਰਗੇ ਪਾਪੀ,
ਘਾਣ ਜਿਨ੍ਹਾਂ ਮਨੁੱਖਤਾ ਦਾ ਕੀਤਾ, ਮਾਤਲੋਕ ਵਿੱਚ ਦਿਨ 'ਤੇ ਰਾਤੀ।
ਧਰਮਰਾਜ ਦੇ ਪੇਸ਼ ਕਰਨ ਲਈ, ਸਾਨੂੰ ਡਾਢੀ ਮੁਸ਼ਕਿਲ ਆਉਂਦੀ, ਪੈਰ
ਪੈਰ 'ਤੇ ਅੜਦੇ ਰੋਜ਼ ਹੀ, ਸਾਡੀ ਤਾਂ ਹੁਣ ਪੇਸ਼ ਨਹੀਂ ਜਾਂਦੀ।
ਤੇਰਾ ਅਤੇ ਬੇਅੰਤੇ ਦਾ ਨਾਂ, ਲੈਕੇ ਨਿੱਤ ਦਿਨ ਧੌਂਸ ਜਮਾਉਂਦੇ,
ਇੱਥੇ ਵੀ ਰਿਸ਼ਵਤਾਂ ਸਿਫਾਰਸ਼ਾਂ, ਵਰਤਣ ਦੀਆਂ ਸਕੀਮਾਂ ਲਾਉਂਦੇ।
ਏਸੇ ਲਈ ਹੀ ਧਰਮਰਾਜ ਨੇ, ਸਾਨੂੰ ਦਿੱਤੀਆਂ ਨੇ ਸਖ਼ਤ ਹਦਾਇਤਾਂ,
ਤੈਨੂੰ ਇੱਥੇ ਵੜਨ ਨਹੀਂ ਦੇਣਾ, ਭਾਵੇਂ ਕਰੇਂ ਤੂੰ ਲੱਖ ਸ਼ਿਕਾਇਤਾਂ।
ਰੋ ਪਿੱਟ ਭਾਵੇ ਮਿੰਨਤਾਂ ਕਰ ਲੈ, ਚੱਲਣੀਆਂ ਨਹੀਂ ਮੋਮੋਠਗਣੀਆਂ,
ਮਾਤ ਲੋਕ ਵਾਂਗ ਤੇਰੀਆਂ ਚਾਲਾਂ, ਇੱਥੇ ਆਕੇ ਨਹੀਂ ਪੁੱਗਣੀਆਂ।
ਤੇਰੀ ਗਤੀ ਹੁਣ ਕਿਤੇ ਨਹੀਂ ਹੋਣੀ, ਜੂਨਾਂ ਚਾਹੇ ਲੱਖ ਤੂੰ ਘੁੰਮ ਲੈ,
ਲੇਖਾ ਹੈ ਤੇਰਾ ਬਹੁਤ ਹੀ ਲੰਬਾ, ਮੁੱਕਦੀ ਗੱਲ ਤੂੰ ਸਾਥੋਂ ਸੁਣ ਲੈ।
ਚੱਲ ਤੂੰ ਇੱਥੋਂ ਤੁਰਦਾ ਬਣ ਹੁਣ, ਸਾਨੂੰ ਕੰਮ ਨੇ ਹੋਰ ਬਥੇਰੇ,
ਤੇਰੇ ਨਾਲ ਅਸੀਂ ਬੁਰੀ ਕਰਾਂਗੇ, ਜੇ ਮੁੜ ਆਇਆ ਇਸ ਦਰ ਨੇੜੇ।
12 ਮਈ, 2023
ਜੇ ਰੁਕੇ ਨਾ ਮੇਰੀ ਕਲਮ
ਰਵਿੰਦਰ ਸਿੰਘ ਕੁੰਦਰਾ, ਯੂ. ਕੇ.
ਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ, ਜ਼ਮੀਰ ਵਧਾਵੇ
ਕਦਮ, ਤਾਂ ਤੁਰਨੋਂ ਕਿਉਂ ਡਰਾਂ।
ਹਰ ਰੋਜ਼ ਤਮਾਸ਼ਾ ਹੁੰਦਾ, ਹੈ ਮੇਰੇ ਸਾਹਮਣੇ, ਡਿੱਠਿਆ ਕਰਾਂ
ਅਣਡਿੱਠ, ਤਾਂ ਮੈਂ ਡੁੱਬ ਮਰਾਂ।
ਅੱਖੀਂ ਦੇਖ ਕੇ ਮੱਖੀ, ਨਿਗਲ਼ੀ ਨਹੀਂ ਜਾਂਦੀ, ਭਰਿਆ ਦੁੱਧ ਕਟੋਰਾ,
ਬੇਸ਼ੱਕ ਰੋੜ੍ਹ ਧਰਾਂ।
ਕਾਲਾ ਕੋਝਾ ਝੂਠ, ਨਿੱਤ ਲਲਕਾਰਦਾ, ਤਲਵਾਰੀ ਕਲਮ ਚਲਾਵਾਂ, ਇਸ ਦਾ
ਕਤਲ ਕਰਾਂ।
ਉੱਚੇ ਮਹਿਲਾਂ ਮੇਰਾ, ਸੂਰਜ ਰੋਕ ਲਿਆ, ਮੇਰੀ ਝੁੱਗੀ ਉੱਤੇ ਹੁਣ,
ਪਸਰੀ ਰਹਿੰਦੀ ਛਾਂ।
ਸ਼ਾਲਾ! ਮੇਰੀ ਕਲਮ, ਕੋਈ ਜਾਦੂ ਕਰ ਜਾਵੇ, ਮੇਰੇ ਆਲ਼ੇ ਦੁਆਲ਼ੇ,
ਪੱਧਰੀ ਹੋ ਜਾਏ ਥਾਂ।
ਝੁਲਦੇ ਝੱਖੜ ਮੈਨੂੰ, ਕਦੀ ਡੁਲਾ ਜਾਂਦੇ, ਸਹਾਰਾ ਦੇਵੇ ਇਹ ਡੱਕਾ,
'ਤੇ ਮੈਂ ਧੀਰ ਧਰਾਂ।
ਜਵਾਰ ਭਾਟੇ ਜਿਹੇ ਜਜ਼ਬੇ, ਜਜ਼ਬ ਵੀ ਤਾਂ ਹੁੰਦੇ, ਜੇ ਚੱਪੂ ਕਲਮ
ਕਰਾਵੇ, ਸਰ ਸਾਗਰ ਮਹਾਂ।
ਕਹਿਣੀ ਅਤੇ ਕਰਨੀ 'ਤੇ, ਪੂਰੇ ਉੱਤਰਨ ਲਈ, ਝੱਲਣੀਆਂ ਨੇ ਪੈਂਦੀਆਂ,
ਡਾਢੀਆਂ ਮੁਸ਼ਕਲਾਂ।
ਕਿਸੇ ਮੁਸ਼ਕਲ ਦਾ ਹੱਲ, ਜੇ ਮੇਰੀ ਕਲਮ ਕਰੇ, ਤਾਂ ਮੈਂ ਇਸ ਨੂੰ
ਵਾਹੁਣੋਂ, ਕੰਨੀ ਕਿਉਂ ਕਤਰਾਂ।
ਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ, ਜ਼ਮੀਰ ਵਧਾਵੇ
ਕਦਮ, ਤਾਂ ਤੁਰਨੋਂ ਕਿਉਂ ਡਰਾਂ। 05/05/2023
ਵਹੁਟੀ, ਰੋਟੀ 'ਤੇ ਸੋਟੀ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਏਅਰਪੋਰਟ 'ਤੇ ਜਹਾਜ਼ ਚੜ੍ਹਨ ਲਈ, ਇੱਕ ਜੋੜਾ ਜੋ ਆਇਆ, ਅਜੀਬ ਕਿਸਮ
ਦੀ ਇੱਕ ਕਹਾਣੀ ਦਾ, ਰੱਬ ਸਬੱਬ ਬਣਾਇਆ।
ਚੈੱਕ ਇਨ 'ਤੇ ਸਕਿਉਰਿਟੀ ਤੋਂ ਅੱਗੇ, ਉਹ ਵੱਲ੍ ਉਸ ਗੇਟ ਦੇ ਚੱਲੇ,
ਜਿੱਥੋਂ ਜਹਾਜ਼ ਚੱਲਣਾ ਸੀ ਉਨ੍ਹਾਂ ਦਾ, ਉਨ੍ਹਾਂ ਦੀ ਮੰਜ਼ਿਲ ਵੱਲੇ।
ਬਜ਼ੁਰਗ ਪਤੀ ਦੀ ਰੰਗਲੀ ਸੋਟੀ, ਟੱਕ ਟੱਕ ਕਰਦੀ ਜਾਵੇ, ਜਿਸ ਦੇ
ਬਰਾਬਰ ਪਤਨੀ ਸੈਂਡਲ, ਫਿਟਕ ਫਿਟਕ ਖੜਕਾਵੇ।
ਪਤੀ ਜੀ ਹੌਲੀ ਹੌਲੀ ਚੱਲਦੇ, ਕਦਮ ਚੁੱਕਣ ਕੁੱਝ ਸਹਿਜੇ, ਪਰ
ਨੌਜਵਾਨ ਪਤਨੀ ਦੇ, ਕੁੱਝ ਛੋਹਲ਼ੇ ਲੱਗਣ ਲਹਿਜੇ।
ਏਨੇ ਨੂੰ ਏਅਰਪੋਰਟ ਦੀ ਬੱਘੀ, ਆ ਰੁਕੀ ਉਨ੍ਹਾਂ ਲਾਗੇ, ਡਰਾਈਵਰ ਨੇ
ਲਿਫਟ ਦੇਣ ਦੀ, ਪੇਸ਼ਕਸ਼ ਕੀਤੀ ਆਕੇ।
ਪਤੀ ਨੇ ਝੱਟ ਹਾਂ ਕਰ ਦਿੱਤੀ, 'ਤੇ ਸ਼ੁਕਰ ਰੱਬ ਦਾ ਕੀਤਾ, ਪਰ
ਪਤਨੀ ਨੇ ਹਤਕ ਸਮਝ ਕੇ, ਚੜ੍ਹਨਾ ਮਨਜ਼ੂਰ ਨਾ ਕੀਤਾ।
ਬੱਘੀ ਦੀ ਰਫ਼ਤਾਰ ਸੀ ਤਿੱਖੀ, ਜਾਵੇ ਅੱਗੇ ਤੋਂ ਅੱਗੇ, ਪਤਨੀ ਨੱਠ
ਨੱਠ ਹੋਈ ਫਾਵੀਂ, ਸਾਹ ਨਾਲ ਸਾਹ ਨਾ ਲੱਗੇ।
ਪਤੀ ਨੂੰ ਗੇਟ ਦੇ ਉੱਤੇ ਜਾਕੇ, ਬੱਘੀ ਨੇ ਝੱਟ ਲਾਹਿਆ, ਪਤਨੀ ਰਹਿ
ਗਈ ਅੱਧਵਾਟੇ, ਸਫ਼ਰ ਨਾ ਗਿਆ ਮੁਕਾਇਆ।
ਉੱਤਰ ਬੱਘੀਉਂ ਪਤੀ ਨੇ ਤੱਕਿਆ, ਸੋਟੀ ਉਸ ਦੀ ਗੁੰਮ ਸੀ, ਫਿਕਰ
ਵਿੱਚ ਘਬਰਾਇਆ ਬੰਦਾ, ਹੋ ਗਿਆ ਗੁੰਮ ਸੁੰਮ ਸੀ।
ਘਬਰਾਹਟ ਵਿੱਚ ਉਹ ਮੁੜਿਆ ਪਿੱਛੇ, ਜਿਧਰੋਂ ਬੱਘੀ ਸੀ ਆਈ, ਸੋਚਿਆ
ਕਿਤੇ ਉਹ ਡਿਗ ਪਈ ਹੋਵੇ, ਜਾਂ ਹੋਵੇ ਕਿਸੇ ਹਥਿਆਈ।
ਏਨੇ ਨੂੰ ਪਤਨੀ ਵੀ ਮਿਲ ਪਈ, ਸਾਹੋ ਸਾਹੀ ਹੋਈ, ਕਹਿੰਦੀ ਤੈਥੋਂ
ਟਿਕ ਨਹੀਂ ਹੁੰਦਾ, ਕਰਦੈਂ ਡੰਗਾ ਡੋਈ?
ਪਤੀ ਕਹੇ ਮੇਰੀ ਸੋਟੀ ਗੁੰਮ ਗਈ, ਲੱਭਣ ਤੁਰਿਆ ਹਾਂ ਮੈਂ, ਤੈਨੂੰ
ਤਾਂ ਨਹੀਂ ਕਿਸੇ ਫੜਾਈ , ਜਾਂ ਕਿਤੇ ਦੇਖੀ ਹੋਵੇ ਤੈਂ?
ਸੁਣ ਕੇ ਵਹੁਟੀ ਨੂੰ ਚੜ੍ਹਿਆ ਗੁੱਸਾ, ਲੱਗੀ ਉੱਚਾ ਬੋਲਣ, ਚੰਦਰੇ
ਵਕਤੀਂ ਤੇਰੇ ਲੜ ਮੈਂ, ਲੱਗ ਪਈ ਜ਼ਿੰਦਗੀ ਰੋਲਣ।
ਸਵੇਰ ਦੀ ਭੁੱਖਣ ਭਾਣੀ ਤੇਰੇ, ਕਰਦੀ ਅੱਗੇ ਤੱਗੇ, ਖੜ੍ਹੀ ਲੱਤੇ
ਮੈਂ ਘੁੰਮਦੀ ਰਹੀ ਹਾਂ, ਤੇਰੇ ਖੱਬੇ ਸੱਜੇ।
ਨਾ ਕੋਈ ਸਰਿਆ ਚਾਹ ਨਾ ਪਾਣੀ, ਨਾ ਕੋਈ ਇੱਕ ਅੱਧ ਰੋਟੀ, ਉੱਪਰੋਂ
ਤੂੰ ਗਵਾ ਬੈਠਾ ਹੈਂ, ਆਪਣੀ ਰੰਗਲੀ ਸੋਟੀ।
ਗੁੱਸੇ ਵਿੱਚ ਫਿਰ ਮਰਦ ਵੀ ਆਇਆ, ਸੁਣ ਉਹ ਮੇਰੀ ਵਹੁਟੀ! ਤੈਨੂੰ
ਖਾਣ ਨੂੰ ਕੁੱਛ ਨਹੀਂ ਮਿਲਣਾ, ਜੇ ਲੱਭੀ ਨਾ ਮੇਰੀ ਸੋਟੀ!
ਆ ਰਲ ਪਹਿਲਾਂ ਸੋਟੀ ਲੱਭੀਏ, ਫੇਰ ਸੋਚਾਂਗੇ ਰੋਟੀ, ਨਹੀਂ ਤਾਂ ਉਸ
ਦੇ ਬਾਝੋਂ ਹੋਸੀ, ਮੇਰੀ ਵਾਟ ਸਭ ਖੋਟੀ।
ਏਨੇ ਨੂੰ ਇੱਕ ਹੋਰ ਯਾਤਰੀ, ਪਿੱਛੋਂ ਤੁਰਦਾ ਆਇਆ, ਜੋੜੇ ਦੇ ਝਗੜੇ
ਨੂੰ ਸੁਣ ਕੇ, ਸਮਝ ਕੁੱਛ ਉਸਨੂੰ ਆਇਆ।
ਹੱਥ ਵਿੱਚ ਫੜੀ ਇੱਕ ਰੰਗਲੀ ਸੋਟੀ, ਉਸ ਬੰਦੇ ਅੱਗੇ ਕੀਤੀ, ਕਿਹਾ
ਇਹ ਮੈਨੂੰ ਰਸਤਿਉਂ ਲੱਭੀ, ਮੈਂ ਸੀ ਇਹ ਚੁੱਕ ਲੀਤੀ।
ਤੁਹਾਡੀ ਹੈ ਤਾਂ ਤੁਸੀਂ ਰੱਖ ਲਓ, ਝਗੜਾ ਆਪਣਾ ਮੁਕਾਓ, ਹੱਸਦੇ
ਵਸਦੇ ਫੜੋ ਫਲਾਈਟ, ਟਿਕਾਣੇ ਆਪਣੇ ਜਾਓ।
ਰੰਗਲੀ ਆਪਣੀ ਸੋਟੀ ਦੇਖ ਕੇ, ਸਰਦਾਰ ਜੀ ਮੁਸਕਰਾਏ, ਦੋਨਾਂ ਜੀਆਂ
ਦੇ ਤਾਂ ਫਿਰ ਜਾਕੇ, ਸਾਹਾਂ ਵਿੱਚ ਸਾਹ ਆਏ।
ਧੰਨਵਾਦ ਕਰ ਉਸ ਯਾਤਰੀ ਦਾ, ਉਹ ਤੁਰੇ ਗੇਟ ਦੇ ਵੱਲੇ, ਬੈਠ ਬੈਂਚ
'ਤੇ ਜਾਕੇ ਉੱਥੇ, ਅੰਤ ਹੋ ਗਏ ਨਿਚੱਲੇ।
ਹੌਲ਼ੀ ਹੌਲ਼ੀ ਫਿਰ ਪਤਨੀ ਨੇ, ਬੈਗ ਜਦ ਆਪਣਾ ਖੋਲ੍ਹਿਆ, ਘਰ ਤੋਂ
ਲਿਆਂਦੇ ਪਰੌਂਠਿਆ ਵਾਲਾ, ਬੰਡਲ ਉਸ ਫਰੋਲਿਆ।
ਦੇਸੀ ਘਿਓ ਵਿੱਚ ਤਲ਼ੇ ਪਰੌਂਠੇ, ਮਹਿਕਾਂ ਛੱਡਣ ਹਰ ਪਾਸੇ, ਦੋਨੋਂ
ਚਿਹਰੇ ਖਿੜੇ ਕੁੱਛ ਏਦਾਂ, ਰੋਕਿਆਂ ਰੁਕਣ ਨਾ ਹਾਸੇ।
ਆਚਾਰ ਨਾਲ ਫਿਰ ਮੂਲੀ ਵਾਲੇ, ਉਨ੍ਹਾਂ ਰੱਜ ਪਰੌਂਠੇ ਖਾਧੇ,
ਮੁਸਕੜੀਆਂ ਵਿੱਚ ਇੱਕ ਦੂਜੇ ਵੱਲ, ਤੀਰ ਪਿਆਰ ਦੇ ਸਾਧੇ।
ਰੋਟੀ ਖਾ ਵਹੁਟੀ ਹੁਣ ਖੁਸ਼ ਸੀ, ਨਾਲੇ ਮਿਲ ਗਈ ਸੀ ਸੋਟੀ, ਅਰਦਾਸ
ਪਤੀ ਨੇ ਮਨ ਵਿੱਚ ਕੀਤੀ, ਰੱਬਾ! ਵਾਟ ਨਾ ਹੋਵੇ ਖੋਟੀ। ਹੁਣ ਵਾਟ ਨਾ
ਹੋਵੇ ਖੋਟੀ। 22/04/2023
ਵਿਸਾਖੀ ਬਚਾਓ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਅੱਡ ਕੇ ਝੋਲੀ ਅੱਜ ਕਰ ਫੇਰ ਅਰਦਾਸਾਂ, ਸਾਡੇ ਮੁੱਕਣ ਨਾ ਕਦੀ ਵੀ
ਕੋਠੀ ਦੇ ਦਾਣੇਂ, ਆਉਣ ਵਾਲੀਆਂ ਨਸਲਾਂ ਫੇਰ ਇਹ ਸਮਝਣ, ਅਸੀਂ ਸਾਂ
ਲੋਕੀਂ ਬੜੇ ਹੀ ਸੁੱਘੜ ਸਿਆਣੇਂ।
ਨਸਲਾਂ 'ਤੇ ਫ਼ਸਲਾਂ ਦਾ ਗੂੜ੍ਹਾ ਇਹ ਰਿਸ਼ਤਾ, ਬੜਾ ਹੀ ਪੀਡਾ ਅਤੇ
ਹੈ ਮੁੱਢ ਕਦੀਮੀ, ਇਸ ਤੋਂ ਬਿਨਾ ਨਾ ਕੋਈ ਅੱਗੇ ਵਧਿਆ, ਇਹ ਤੱਥ ਹੈ
ਹਕੀਕੀ ਤੇ ਹੈ ਬਾ ਜ਼ਮੀਨੀ।
ਵਿਸਾਖੀ ਦੀ ਆਮਦ ਲਿਆਵੇ ਭਰ ਭਰ ਕੇ, ਉਮੀਦਾਂ ਦੇ ਦੱਥੇ ਅਤੇ ਚਾਵਾਂ
ਦੇ ਰੇਲੇ, ਪਰ ਜੇ ਕੁਦਰਤ ਹੋ ਜਾਏ ਕਦੇ ਕਰੋਪੀ, ਤਾਂ ਸਿਰ ਪਏ
ਦੁੱਖੜੇ ਨਹੀਂ ਜਾਂਦੇ ਫਿਰ ਝੇਲੇ।
ਕੀਤੀ ਕਰਾਈ ਸਾਰੀ ਉਮਰਾਂ ਦੀ ਮਿਹਨਤ, ਪਲਾਂ ਵਿੱਚ ਕੁਦਰਤ ਜੇ ਭਸਮ
ਕਰ ਜਾਵੇ, ਬੇਵੱਸ ਇਨਸਾਨ ਦੇ ਪੱਲੇ ਫਿਰ ਬਚਦੇ, ਲੱਖਾਂ ਸਿਆਪੇ,
ਧੱਕੇ, ਹੌਕੇ 'ਤੇ ਹਾਵੇ।
ਵਿਸਾਖੀ ਫਿਰ ਕਾਹਦੀ ਵਿਸਾਖੀ ਹੈ ਰਹਿੰਦੀ, ਕਰੋਪੀ ਦੇ ਝੱਖੜ ਜਦ
ਸਿਰਾਂ ਉੱਤੇ ਝੁੱਲਦੇ, ਜ਼ਿੰਦਗੀ ਆ ਜਾਂਦੀ ਬੈਸਾਖੀਆਂ ਦੇ ਉੱਤੇ,
ਤ੍ਰਿਪ ਤ੍ਰਿਪ ਹੰਝੂ ਫੇਰ ਅੱਖਾਂ ਚੋਂ ਡੁੱਲ੍ਹਦੇ।
ਹੰਕਾਰ ਦਾ ਮਹਿਲ ਤਿੜਕ ਜਾਵੇ ਪਲਾਂ ਵਿੱਚ, ਆਸਮਾਨ ਵੱਲ ਥੁੱਕਿਆ ਜਦ
ਪੈਂਦਾ ਹੈ ਮੂੰਹ ਤੇ, ਫੇਰ ਤੱਕ ਨਹੀਂ ਹੁੰਦਾ ਅੱਖ ਵਿੱਚ ਅੱਖ ਪਾ ਕੇ,
ਨਿਕਲਦੀ ਹੈ ਆਹ ਫੇਰ ਕਾਲ਼ਜੇ ਨੂੰ ਧੂਅ ਕੇ।
ਕੁਦਰਤ ਪੁੱਛਦੀ ਸਵਾਲ ਔਖੇ ਕਈ ਤੈਥੋਂ, ਖੋਲ੍ਹ ਖਾਂ ਆਪਣੀਆਂ
ਗਲਤੀਆਂ ਦਾ ਚਿੱਠਾ! ਕਿੱਥੇ ਕਿੱਥੇ ਜ਼ਹਿਰ ਹੈ ਤੂੰ ਨਹੀਂ ਘੋਲਿਆ,
ਜੋ ਪਿਲਾਇਆ ਤੂੰ ਮੈਨੂੰ ਕਹਿ ਸ਼ਰਬਤ ਮਿੱਠਾ।
ਅੱਤ ਤੂੰ ਕੀਤੀ ਹੈ ਆਪਣੇ ਆਲੇ ਦੁਆਲੇ, ਮੇਰੇ ਅਸੂਲਾਂ ਨੂੰ ਤੂੰ
ਘੱਟੇ ਵਿੱਚ ਪਾਕੇ, ਤਾਹੀਉਂ ਤੇ ਮੈਂ ਵੀ ਹੁਣ ਕਰੋਪੀ ਦਿਖਾ ਕੇ,
ਲਾਇਆ ਹੈ ਮੱਥਾ ਤੇਰੇ ਨਾਲ ਆ ਕੇ।
ਹੁਣ ਤੂੰ 'ਤੇ ਮੈਂ ਹਾਂ ਆਹਮਣੇ ਸਾਹਮਣੇ, ਹਾਲੇ ਵੀ ਕਰਨੇ ਜੇ
ਪੁੱਠੇ ਤੂੰ ਕਾਰੇ, ਨਹੀਂ ਆਉਣੀ ਮੁੜ ਤੇਰੀ ਵਿਸਾਖੀ ਸਵੱਲੀ, ਨਹੀਂ
ਲੱਗਣੇ ਮੁੜ ਕੇ ਮੇਲੇ ਫੇਰ ਭਾਰੇ।
ਆ ਫਿਰ ਤੋਂ ਆਪਣੀ ਤੂੰ ਗਲਤੀ ਨੂੰ ਮੰਨ ਕੇ, ਕੀਤੀਆਂ ਹੋਈਆਂ
ਵਧੀਕੀਆਂ ਦੀ ਭੁੱਲ ਬਖਸ਼ਾ ਲੈ, ਭੁੱਲ ਜਾ ਆਪਣੇ ਫ਼ਤੂਰੀ ਸਭ ਜਜ਼ਬੇ,
ਹਲੀਮੀ ਨੂੰ ਮੁੜ ਕੇ ਗਲ ਆਪਣੇ ਲਾ ਲੈ।
ਅੱਡ ਕੇ ਝੋਲੀ ਕਰ ਅੱਜ ਫੇਰ ਅਰਦਾਸਾਂ, ਸਾਡੇ ਮੁੱਕਣ ਨਾ ਕਦੀ ਵੀ
ਕੋਠੀ ਦੇ ਦਾਣੇਂ, ਆਉਣ ਵਾਲੀਆਂ ਨਸਲਾਂ ਫੇਰ ਇਹ ਸਮਝਣ, ਅਸੀਂ ਸਾਂ
ਲੋਕੀਂ ਬੜੇ ਹੀ ਸੁੱਘੜ ਸਿਆਣੇਂ। 13/04/2023
ਦੁਰਕਾਰੀ ਹੋਈ ਮਾਂ ਰਵਿੰਦਰ
ਸਿੰਘ ਕੁੰਦਰਾ, ਯੂ. ਕੇ.
ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ।
ਔਰਤ ਤੋਂ ਮਮਤਾ ਦਾ ਪੈਂਡਾ, ਕਿੰਨਾ ਟੇਢਾ 'ਤੇ ਕਿੰਨਾ ਮੇਢਾ,
ਝੱਲਣਾ ਪੈਂਦਾ ਕਈ ਕਿਸਮ ਦਾ, ਹਰ ਇੱਕ ਧੱਕਾ ਹਰ ਇੱਕ ਠੇਡਾ। ਕਿੰਨੇ
ਮਿਹਣੇ ਤਾਹਨੇ ਝੱਲੇ, ਮੈਥੋਂ ਕਦੀ ਗਿਣਵਾ ਲਈਂ ਪੁੱਤਰਾ। ਨਹੀਂ 'ਤੇ
ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ। ਮੇਰੀ ਮਮਤਾ
ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਤੇਰੇ ਘਰ ਵੀ ਇਹੀ ਸਾਕਾ, ਮੁੜ ਕੇ ਫੇਰ ਜੇ ਵਾਪਰਨ ਲੱਗੇ, ਦੁੱਖ
ਤੈਨੂੰ ਜੇ ਲੱਗੇ ਡਾਢਾ, ਵਿਰਲਾਪ ਦਾ ਹੌਕਾ ਆਵਣ ਲੱਗੇ। ਜਦੋਂ ਤੂੰ ਵੀ
ਮੇਰੀ ਤਰ੍ਹਾਂ ਰੁਲ਼ਿਆ, ਪਛਤਾਵੇ ਨੂੰ ਗਲ਼ ਲਾ ਲਈਂ ਪੁੱਤਰਾ, ਨਹੀਂ
'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ, ਮੇਰੀ
ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਕਦੀ ਦਾਦੇ ਤੇ ਕਦੀ ਪੋਤੇ ਦੀਆਂ, ਹੁੰਦੀਆਂ ਆਈਆਂ ਇਸ ਦੁਨੀਆਂ ਤੇ,
ਤੇਰੇ ਪੁੱਤਰ ਤੇਰੀ ਸੁਆਣੀ ਨੂੰ, ਜਦ ਸੁੱਟਣ ਆਏ ਇਸੇ ਹੀ ਦਰ ਤੇ।
ਆਸ਼ਰਮ ਦੀ ਇਸ ਧਰਤੀ ਨੂੰ, ਹੋ ਸਕੇ ਤਾਂ ਸੀਸ ਝੁਕਾ ਲਈਂ ਪੁੱਤਰਾ,
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ,
ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ।
19/03/2023
ਔਰਤ ਦੇ ਦਿਲ ਦੀ ਗੱਲ ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਹੱਸਦੇ ਰਹਿਣਾ ਹਾਸੇ ਵੰਡਣਾ, ਹੈ ਇਹ ਮੇਰੀ ਖ਼ਸਲਤ, ਸਿਰ ਸੁੱਟ ਕੇ
ਚੱਲਦੇ ਜਾਣਾ, ਮੇਰੀ ਹੈ ਇਹ ਫ਼ਿਤਰਤ।
ਹਾਸਾ ਦੇਖ ਕਿਸੇ ਦਾ ਦੁਨੀਆ, ਲਾਵੇ ਗ਼ਲਤ ਅੰਦਾਜ਼ੇ, ਚਿਹਰੇ ਪਿੱਛੇ
ਕੋਈ ਨਾ ਦੇਖੇ, ਦਿਲ ਦੇ ਘੋਰ ਅਜ਼ਾਬੇ।
ਔਖੇ ਪਲ ਤੇ ਬਿਖੜੇ ਪੈਂਡੇ, ਬਣਦੇ ਰਹੇ ਮੇਰੇ ਸਾਥੀ, ਯਾਦਾਂ ਨੇ ਸਭ
ਮੇਰਾ ਵਿਰਸਾ, ਕੀ ਖੁਸ਼ੀ ਤੇ ਕੀ ਉਦਾਸੀ।
ਉੱਠ ਕੇ ਡਿੱਗਣਾ ਡਿੱਗ ਕੇ ਉੱਠਣਾ, ਰਿਹਾ ਚਲਣ ਹੈ ਮੇਰਾ, ਸਾਥੀ
ਮੇਰਾ ਘੱਟ ਚਾਨਣ ਬਣਿਆ, ਬਹੁਤਾ ਘੁੱਪ ਹਨੇਰਾ।
ਇਸ ਦੁਨੀਆਂ ਵਿੱਚ ਆਉਣਾ ਸੌਖਾ, ਪਰ ਨਾ ਜੀਣਾ ਸੌਖਾ, ਨਿੱਤ ਦਿਨ
ਹੱਲ ਕਰਨਾ ਪੈਂਦਾ, ਹਰ ਇੱਕ ਮਸਲਾ ਔਖਾ।
ਰਿਸ਼ਤੇ ਨਾਤੇ ਸਹੁਰੇ ਮਾਪੇ, ਦੇ ਨਾ ਸਕੇ ਹੱਕ ਮੈਨੂੰ, ਦਰਦ
ਵੰਡਾਇਆ ਸਭ ਦਾ ਪਰ, ਦਰਦ ਮਿਲੇ ਬੱਸ ਮੈਨੂੰ ।
ਪਿੱਛੇ ਮੁੜ ਕੇ ਤੱਕਣਾ ਮੈਨੂੰ, ਪਰ ਜ਼ਰਾ ਨਹੀਂ ਭਾਉਂਦਾ, ਔਕੜਾਂ
ਦਰੜ ਕੇ ਪੈਰਾਂ ਥੱਲੇ, ਸਵਾਦ ਅਨੋਖਾ ਆਉਂਦਾ।
ਬਹੁਤੀ ਤਾਂ ਹੁਣ ਲੰਘ ਗਈ, ਭਾਵੇਂ ਥੋੜ੍ਹੀ ਰਹਿ ਗਈ, ਪਰ ਮੁੜ ਜੀਵਣ
ਦੀ ਸੱਧਰ, ਚੁੱਪੀ ਵਿੱਚ ਕੁੱਛ ਕਹਿ ਗਈ।
ਆ ਜਿੰਦੇ ਲੱਗ ਮੇਰੇ ਸੀਨੇ, ਦੇ ਜਾਹ ਕੋਈ ਦਿਲਾਸਾ, ਹੋਰ ਨਹੀਂ ਜੇ
ਸਰਦਾ ਤੈਥੋਂ, ਹੱਸ ਜਾਹ ਝੂਠਾ ਹਾਸਾ।
ਸੁਣਾ ਮੈਨੂੰ ਜਾਂ ਸੁਣ ਜਾਹ ਮੈਥੋਂ, ਗੱਲ ਕੋਈ ਧੁਰ ਦਿਲ ਦੀ, ਜੋ
ਅੱਜ ਤੱਕ ਨਾ ਲਬ ਤੇ ਆਈ, ਰਹੀ ਅੰਦਰ ਮੇਰਾ ਛਿੱਲਦੀ।
08/03/2023
ਤੋਬਾ ਤੋਬਾ
ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਤੋਬਾ
ਤੋਬਾ ਹੋ ਗਈ ਸਾਡੀ,
ਸਾਡੇ ਤਾਂ ਹੁਣ ਹੱਥ ਖੜ੍ਹੇ ਨੇ।
ਪਹਿਲੇ ਮਸਲੇ ਹੱਲ ਨਹੀਂ ਹੁੰਦੇ,
ਹੋਰ ਵੀ ਅੱਗੇ ਕਈ ਅੜੇ ਨੇ।
ਕਿਸ ਨੂੰ ਕਹੀਏ ਕੋਈ ਨਹੀਂ ਸੁਣਦਾ,
ਸੁਣਨ ਵਾਲੇ ਬੱਸ ਅੜਬ ਬੜੇ ਨੇ।
ਲੋ ਲਿਹਾਜ ਹੁਣ ਕੋਈ ਨੀ ਸਾਡੀ,
ਸੋਚ ਸੋਚ ਸਾਡੇ ਵਾਲ ਝੜੇ ਨੇ।
ਗੱਲ ਕਰਨ ਲਈ ਮੂੰਹ ਜੇ ਖੋਲ੍ਹੋ,
ਸਾਨੂੰ ਚੁੱਪ ਕਰਾ ਦਿੰਦੇ ਨੇ।
ਬੁੱਢੇ ਹੋ ਗਏ ਸਾਨੂੰ ਦੱਸ ਕੇ,
ਸਾਡੇ ਮੂੰਹ ਤਾਲ਼ਾ ਲਾ ਦਿੰਦੇ ਨੇ।
ਹੱਡ ਬੀਤੀਆਂ ਗੱਲਾਂ ਦਾ ਯਾਰੋ,
ਹੁਣ ਤੇ ਕੋਈ ਮੁੱਲ ਨਹੀਂ ਪੈਂਦਾ।
ਚਿੱਟੇ ਸੱਚ ਨੂੰ ਝੂਠ ਨੇ ਮੰਨਦੇ,
ਕੋਈ ਪੈਰੀਂ ਪਾਣੀ ਪੈਣ ਨੀ ਦਿੰਦਾ।
ਸਾਡੀਆਂ ਸਾਰੀਆਂ ਕਦਰਾਂ ਕੀਮਤਾਂ,
ਘੱਟੇ ਵਿੱਚ ਹੁਣ ਰੁਲ਼ ਗਈਆਂ ਨੇ।
ਲੱਖਾਂ ਦੀਆਂ ਕਈ ਗੱਲਾਂ ਸਾਡੀਆਂ,
ਕੌਡੀਆਂ ਤੋਂ ਵੀ ਥੁੜ੍ਹ ਗਈਆਂ ਨੇ।
ਲੱਚਰਤਾ ਸਿਰ ਗਲ਼ੀਆਂ ਕਰਦੀ,
ਨੰਗੇਜ ਖੜ੍ਹਾ ਹੁਣ ਸਾਨੂੰ ਘੂਰੇ।
ਬੰਦ ਕਰ ਲਈਏ ਅਸੀਂ ਭਾਵੇਂ ਅੱਖਾਂ,
ਭਾਵੇਂ ਢੋਅ ਲਈਏ ਹੁਣ ਬੂਹੇ।
ਸਿਰ ਵਿੱਚ ਗਲ਼ੀਆਂ ਕਰੇ ਜਵਾਨੀ,
ਨਸ਼ਿਆਂ ਵਿੱਚ ਮਦਹੋਸ਼ ਹੋ ਫਿਰਦੀ।
ਘਾਲ਼ ਕਮਾਈ ਕੀਤੀ ਸਾਡੀ,
ਸਾਡੇ ਹੱਥੋਂ ਜਾਵੇ ਕਿਰਦੀ।
ਹਾਲਤ ਹੁਣ ਇਹ ਹੁਣ ਹੋ ਗਈ ਸਾਡੀ,
ਕਹਿਣ ਨੂੰ ਰਹਿ ਗਈ ਗੱਲ ਨਾ ਬਾਕੀ।
ਨਾ ਸਾਡੇ ਕਹਿਣੇ ਵਿੱਚ ਕਾਕਾ,
ਨਾ ਸੁਣਦੀ ਸਾਡੀ ਗੱਲ ਹੁਣ ਕਾਕੀ।
ਉਲਟਾ ਚੋਰ ਕੋਤਵਾਲ ਨੂੰ ਡਾਂਟੇ,
ਤੇ ਕੋਤਵਾਲ ਸਿਰੋ ਸਿਰ ਪਿੱਟੀ ਜਾਵੇ।
ਸੱਚ ਨੂੰ ਫਾਂਸੀਆਂ ਨਿੱਤ ਨਿੱਤ ਲੱਗਣ,
ਤੇ ਝੂਠ ਹੁਣ ਫੰਧਾ ਖਿੱਚੀ ਜਾਵੇ।
ਬਦਮਾਸ਼ਾਂ ਦੇ ਗਲ਼ ਹਾਰ ਪੈਣ ਨਿੱਤ,
ਸ਼ਰੀਫ਼ਾਂ ਦੇ ਸਿਰ ਪੈਂਦੀਆਂ ਜੁੱਤੀਆਂ।
ਗਰੀਬਾਂ ਦੇ ਘਰ ਸੰਨ੍ਹਾਂ ਲੱਗਣ,
ਰਲ਼ ਬੈਠੇ ਹੁਣ ਚੋਰ ਤੇ ਕੁੱਤੀਆਂ।
ਕਿਹੜੀ ਕਹੀਏ ਕਿਹੜੀ ਛੱਡੀਏ,
ਸਾਨੂੰ ਤਾਂ ਹੁਣ ਸਮਝ ਨੀਂ ਆਉਂਦੀ।
ਲਹੂ ਲੁਹਾਣ ਹੁਣ ਆਤਮਾ ਸਾਡੀ,
ਅੰਦਰੋ ਅੰਦਰੀ ਪਈ ਕੁਰਲਾਂਦੀ।
ਰੋਣਾ ਚਾਹੀਏ ਰੋ ਨਹੀਂ ਹੁੰਦਾ,
ਨਾ ਸਾਡੇ ਤੋਂ ਹੱਸਿਆ ਜਾਂਦਾ।
ਸਾਰੀਆਂ ਗੱਲਾਂ ਮਨ ਵਿੱਚ ਰੱਖ ਕੇ,
ਹੋਰ ਵੀ ਸਾਡਾ ਦਿਲ ਘਬਰਾਂਦਾ।
ਨਹੀਂ ਲੱਗਦਾ ਹੁਣ ਇਸ ਦੁਨੀਆ ਵਿੱਚ,
ਸਾਡਾ ਵੀ ਕੋਈ ਝੱਟ ਜੇ ਟੱਪੇ।
ਖੋਲ੍ਹ ਬਾਹਾਂ ਜੋ ਮਿਲਦੇ ਸਨ ਧਾ ਕੇ,
ਉਹੀਓ ਸਾਨੂੰ ਮਾਰਨ ਧੱਕੇ।
ਬੇਸੁਰੀ ਹੁਣ ਡੱਫਲੀ ਸਾਡੀ,
ਤਾਲੋਂ ਘੁੱਥੀ ਬੇਤਾਲ ਹੋ ਗਈ।
ਉਲਝ ਗਈਆਂ ਨੇ ਜੀਵਨ ਤੰਦਾਂ,
ਤਾਣੀ ਮੱਕੜ ਜਾਲ਼ ਹੋ ਗਈ।
ਕੀ ਕੱਤੀਏ ਤੇ ਕੀ ਹੁਣ ਬੁਣੀਏ,
ਪੂਣੀ ਵੀ ਹੁਣ ਛੋਹ ਨਹੀਂ ਹੁੰਦੀ।
ਫਰੜਾ ਹੋ ਗਿਆ ਸਾਡਾ ਤੱਕਲ਼ਾ,
ਜੀਵਨ ਚਰਖੜੀ ਝੋ ਨਹੀਂ ਹੁੰਦੀ।
ਜੀਅ ਕਰਦਾ ਹੁਣ ਇਸ ਦੁਨੀਆ ਤੋਂ,
ਕੂਚ ਜਹਾ ਬੱਸ ਕਰ ਹੀ ਜਾਈਏ।
ਹੋ ਸਕੇ ਕਿਸੇ ਹੋਰ ਜਗ੍ਹਾ ਹੁਣ,
ਆਪਣੀ ਕਿਸਮਤ ਜਾ ਅਜ਼ਮਾਈਏ।
ਬੁੱਲੇ ਵਢੀਏ ਫੇਰ ਤੋਂ ਮੁੜ ਕੇ,
ਮਨ ਆਈਆਂ ਦੇ ਢੋਲ ਵਜਾਈਏ।
ਦੁਸ਼ਮਣਾਂ ਤੋਂ ਗਿਣ ਗਿਣ ਲਈਏ ਬਦਲੇ,
ਹਰ ਥਾਂ ਆਪਣੀ ਧੌਂਸ ਜਮਾਈਏ।
04/02/2017
ਨੌਂ ਸੌ ਚੂਹੇ ਤੇ ਮੈਂ
ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਨੌਂ ਸੌ ਚੂਹੇ ਖਾ ਬੈਠੀ ਹਾਂ,
ਚਿੱਤ ਅਪਣਾ ਪਰਚਾ ਬੈਠੀ ਹਾਂ,
ਬੜੇ ਪੁਆੜੇ ਪਾ ਬੈਠੀ ਹਾਂ,
ਦੁਸ਼ਮਣ ਕਈ ਬਣਾ ਬੈਠੀ ਹਾਂ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।
ਹੱਜ ਜਾਣ ਦਾ ਹੱਜ ਨਹੀਂ ਰਹਿ ਗਿਆ,
ਭੁੱਲ ਬਖਸ਼ਾਉਣ ਦਾ ਪੱਜ ਨਹੀਂ ਰਹਿ ਗਿਆ।
ਜਿਉਣ ਦਾ ਕੋਈ ਚੱਜ ਨਹੀਂ ਰਹਿ ਗਿਆ,
ਰਲਣ ਲਈ ਕੋਈ ਵੱਗ ਨਹੀਂ ਰਹਿ ਗਿਆ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।
ਜਿੱਧਰ ਜਾਵਾਂ ਕੋਈ ਮੂੰਹ ਨਹੀਂ ਲਾਉਂਦਾ,
ਹਰ ਕੋਈ ਮਿਲਣੋਂ ਕੰਨੀ ਕਤਰਾਉਂਦਾ,
ਸੌ ਬਹਾਨੇ ਨਿੱਤ ਘੜ ਦਿਖਲਾਉਂਦਾ,
ਰਿਸ਼ਤੇ ਨਾਤੇ ਤੋੜ ਵਿਖਾਉਂਦਾ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।
ਚੂਹੇ ਨਾ ਖਾਂਦੀ ਤਾਂ ਹੋਰ ਕੀ ਖਾਂਦੀ,
ਖੀਰਾਂ ਪੂੜੇ ਕਿੱਥੋਂ ਲਿਆਂਦੀ,
ਢਿੱਡ ਦੀਆਂ ਆਂਦਰਾਂ ਕਿਵੇਂ ਵਰਾਂਦੀ,
ਤੇ ਬਲਦੀ ਅੱਗ ਨੂੰ ਕਿਵੇਂ ਬੁਝਾਂਦੀ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।
ਤੂੰ ਨਿੱਤ ਮੈਨੂੰ ਤੋਹਮਤਾਂ ਲਾਵੇਂ,
ਮੇਰੇ ਔਗੁਣ ਖੂਬ ਗਿਣਾਵੇਂ,
ਆਪਣੇ ਪਰਦੇ ਵਿੱਚ ਛੁਪਾਵੇਂ,
ਕਿਸ ਤੋਂ ਕਿਸ ਦਾ ਇਨਸਾਫ਼ ਕਰਾਵੇਂ।
ਤੇਰੇ ਪਰਦੇ ਫ਼ਾਸ਼ ਕਰ ਦਿਖਾਵਾਂ,
ਰਹਿੰਦੀ ਉਮਰ ਮੈਂ ਇਵੇਂ ਲੰਘਾਵਾਂ।
ਸੁਣ ਉਏ ਮੇਰਿਆ ਸੁਥਰਿਆ ਲੋਕਾ,
ਦਰ ਦਰ ਦੇਂਦੀ ਹਾਂ ਮੈਂ ਹੋਕਾ,
ਫੇਰ ਆਪਣੀ ਪੀੜ੍ਹੀ ਹੇਠ ਸੋਟਾ,
ਛੱਡ ਕਰਨਾ ਹੰਕਾਰ ਤੂੰ ਫੋਕਾ।
ਹੁਣ ਤੇਰੇ ਸਾਹਵੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
ਪੋਲ ਤੇਰੇ ਵੀ ਖੋਲ੍ਹ ਦਿਆਂ ਮੈਂ,
ਤੱਕੜੀ ਵਿੱਚ ਤੈਨੂੰ ਤੋਲ ਦਿਆਂ ਮੈਂ,
ਸੱਚ ਤੇਰਾ ਵੀ ਬੋਲ ਦਿਆਂ ਮੈਂ,
ਚੁਰੱਸਤੇ ਵਿੱਚ ਤੇਰੀ ਰੋਲ ਦਿਆਂ ਮੈਂ।
ਤੇਰੇ ਸਾਹਵੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
18/09/2015
ਮੇਰੀ ਫੱਤੋ
ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਦੇਖਣ ਨੂੰ ਤਾਂ ਸੂਰਤ ਬੜੀ ਹੀ ਭੋਲ਼ੀ ਹੈ,
ਪਰ ਅੰਦਰੋਂ ਜ਼ਹਿਰ ਦੀ ਸਮਝੋ ਮਿੱਠੀ ਗੋਲ਼ੀ ਹੈ।
ਕਈ ਗੱਲਾਂ ਬਾਤਾਂ ਕਰਨ ਚ ਬੜੀ ਹੀ ਲੋਹਲੀ ਹੈ,
ਕਹਿਣੀ ਤੇ ਕਰਨੀ ਵਿੱਚ ਬੜੀ ਹੀ ਛੋਹਲੀ ਹੈ।
ਕੁੱਝ ਸ਼ੱਕੀ ਜਿਹੇ ਇਕਰਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਐਰਿਆਂ ਗੈਰਿਆਂ ਨਾਲ ਯਾਰੀ ਪਾ ਬਹਿੰਦੀ,
ਬਿਨਾ ਸੋਚੇ ਸਮਝੇ ਪੁਆੜੇ ਹੋਰ ਵਧਾ ਲੈਂਦੀ,
ਰਾਹ ਜਾਂਦੀਆਂ ਕਈ ਬਲਾਵਾਂ ਅਪਣੇ ਗਲ਼ ਪਾ ਲੈਂਦੀ,
ਅਣਭੋਲ ਜਿਹੇ ਵਿੱਚ ਚੱਕਰ ਕਈ ਚਲਾ ਬਹਿੰਦੀ।
ਕਈ ਵੱਖਰੇ ਜਿਹੇ ਵਿਚਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਅਕਲ ਦੀ ਗੱਲ ਸਮਝਾਵਾਂ ਅੱਗੋਂ ਹੈ ਲੜਦੀ,
ਖੋਪਰੀ ਵਿੱਚ ਚੰਗੀ ਗੱਲ ਸੌਖਿਆਂ ਨਹੀਂ ਵੜਦੀ,
ਹਰ ਗਲੀ ਵਿੱਚ ਭਾਗੋ ਵਾਂਗੂ ਜਾ ਖੜ੍ਹਦੀ,
ਕਸੂਰ ਆਪਣਾ ਦੂਜੇ ਦੇ ਗਲ਼ ਨਿੱਤ ਮੜ੍ਹਦੀ।
ਐਸੇ ਗੁਣ ਬੇ ਸ਼ੁਮਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਪੰਜ ਨਵਾਜ਼ਾਂ ਪੜ੍ਹ ਕੇ ਖ਼ੁਦਾ ਧਿਆ ਲੈਂਦੀ,
ਮੁਸੱਲੇ ਦੀਆਂ ਚੀਕਾਂ ਖ਼ੂਬ ਕਢਾ ਲੈਂਦੀ,
ਤਸਬੀ ਤਾਈਂ ਵਖ਼ਤ ਬੜਾ ਹੀ ਪਾ ਲੈਂਦੀ,
ਮੌਲਵੀਆਂ ਦੀ ਤੋਬਾ ਖ਼ੂਬ ਕਰਾ ਲੈਂਦੀ।
ਉਹ ਮੱਥੇ ਲੱਗਣੋਂ ਇਨਕਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਭਲਾ ਬੰਦਾ ਰਾਹ ਛੱਡ ਕੇ ਉਸ ਤੋਂ ਤੁਰਦਾ ਹੈ,
ਪਰ ਬੁਰਾ ਸੌ ਵਲ਼ ਪਾਕੇ ਉਸ ਤੱਕ ਪੁੱਜਦਾ ਹੈ,
ਮਾੜੀ ਢਾਣੀ ਵਿੱਚ ਉਸਦਾ ਹੀ ਜੱਸ ਪੁੱਗਦਾ ਹੈ,
ਲਫੰਗਾ ਲਾਣਾ ਉਸ ਦੀ ਝੋਲੀ ਚੁੱਕਦਾ ਹੈ।
ਕਈ ਗੁੰਡਿਆਂ ਦੇ ਸਰਦਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਲੱਲੂ ਪੰਜੂ ਉਸਦੇ ਬੜੇ ਹੀ ਡੰਗੇ ਹੋਏ,
ਕਈ ਸੂਲੀਆਂ ਉੱਤੇ ਅੱਜ ਅਜੇ ਵੀ ਟੰਗੇ ਹੋਏ,
ਕਈ ਮੁੜ ਸੁਧਰਨ ਦੀ ਹੱਦ ਤੋਂ ਬੱਸ ਲੰਘੇ ਹੋਏ,
ਕਈ ਨਹੀਂ ਪੈਰੀਂ ਫਿਰ ਆਏ ਉਸਦੇ ਝੰਬੇ ਹੋਏ।
ਕਈ ਦਰ ਤੇ ਖੜੇ ਬੀਮਾਰ ਨੇ ਮੇਰੀ ਫੱਤੋ ਦੇ।
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
01/07/2015
ਦਿਲ ਇੱਕ ਤੇ ਇਸ਼ਕ ਅਨੇਕ
ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਅਥਰੇ ਦਿਲ ਦੀ ਗਾਥਾ ਮੈਂ ਕੀ ਆਖਾਂ,
ਮੇਰੀ ਇੱਕ ਨਾ ਇਸ ਨੇ ਕਦੀ ਮੰਨੀ।
ਥੱਕ ਗਿਆਂ ਸਮਝਾ ਕੇ ਲੱਖ ਵਾਰੀਂ,
ਨਾ ਫਿਰ ਭੱਜਦਾ ਰੋਜ਼ ਵੱਖ ਵੱਖ ਕੰਨੀ।
ਨਹੀਂ ਮੰਨਿਆ ਮੇਰੀ ਦਲੀਲ ਇੱਕ ਵੀ,
ਪੰਗਾ ਇਸ਼ਕ ਦਾ ਐਸਾ ਇਹ ਪਾ ਬੈਠਾ।
ਮਾਸ਼ੂਕ ਇੱਕ ਨਾਲ ਨਾ ਇਹ ਰੱਜ ਸਕਿਆ,
ਦਿਲ ਕਈਆਂ ਦੇ ਹੱਥ ਪਕੜਾ ਬੈਠਾ।
ਪਹਿਲਾਂ ਤਮੰਨਾ ਦਾ ਇਸ ਨੂੰ ਫ਼ਤੂਰ ਚੜ੍ਹਿਆ,
ਦਿਨ ਰਾਤ ਰਿਹਾ ਉਸਦਾ ਜਾਪ ਕਰਦਾ।
ਹੋਰ ਸਾਰੀਆਂ ਸੁਰਾਂ ਤੇ ਤਾਲ ਭੁੱਲਿਆ,
ਉਸ ਦੇ ਨਾਮ ਦਾ ਰਿਹਾ ਅਲਾਪ ਕਰਦਾ।
ਅਲ੍ਹੜ ਬਰੇਸ ਤੇ ਇਸ਼ਕ ਦਾ ਤਾਪ ਐਸਾ,
ਸਿਰ ਧੜ ਦੀ ਬਾਜ਼ੀ ਇਹ ਮਾਰ ਬੈਠਾ।
ਤਮੰਨਾ ਆਪਣੀ ਸਿਰਫ਼ ਵਿੱਚ ਵਾੜ ਦਿਲ ਦੇ,
ਭੁਲਾ ਕੇ ਸੁੱਧ ਬੁੱਧ, ਆਪਣੇ ਯਾਰ ਬੈਠਾ।
ਮਰਜ਼ ਵਧੀ ਤੇ ਫ਼ੇਰ ਲਾਇਲਾਜ ਹੋ ਗਈ,
ਦਿਲ ਤੇ ਮਰਜ਼ੀ ਨੇ ਜਦੋਂ ਇੱਕ ਵਾਰ ਕੀਤਾ।
ਪੈਰ ਪੈਰ ਤੇ ਪਾਏ ਉਸ ਉਹ ਪੁਆੜੇ,
ਤਹਿਸ ਨਹਿਸ ਫੇਰ ਇਸਦਾ ਵਕਾਰ ਕੀਤਾ।
ਨਿਭਾਵੇ ਕਿਸ ਨਾਲ ਤੇ ਕਿਸ ਤੋਂ ਮੂੰਹ ਮੋੜੇ,
ਗਿਆ ਰਗੜਿਆ ਪੁੜਾਂ ਵਿਚਕਾਰ ਐਸਾ।
ਤਮੰਨਾ ਇਸ ਪਾਸੇ ਤੇ ਮਰਜ਼ੀ ਉਸ ਪਾਸੇ,
ਬੇੜਾ ਡੋਲਿਆ ਵਿੱਚ ਮੰਝਧਾਰ ਐਸਾ।
ਮਰਜ਼ੀ ਕਹੇ ਤੂੰ ਮੈਥੋਂ ਨੀ ਭੱਜ ਸਕਦਾ,
ਰਹਿ ਮੇਰਾ ਤੂੰ ਸਦਾ ਦਿਲਦਾਰ ਬਣਕੇ।
ਮੈਂ ਤੇਰੀ ਹਾਂ ਤੇ ਤੂੰ ਹੈ ਮੇਰਾ ਸੱਜਣਾ,
ਤੂੰ ਹੈਂ ਗਹਿਣਾ ਤੇ ਮੇਰਾ ਸ਼ਿੰਗਾਰ ਸਦਕੇ।
ਨਹੀਂ ਹਿੱਲ ਸਕਦਾ ਇੱਕ ਇੰਚ ਵੀ ਤੂੰ,
ਜਦੋਂ ਤੱਕ ਨਾ ਮਿਲੇ ਮੇਰੀ ਇਜਾਜ਼ਤ।
ਕਰ ਮਿੰਨਤਾਂ ਤੇ ਭਾਵੇਂ ਹੁਣ ਪਾ ਤਰਲੇ,
ਕਰਨੀ ਪੈਸੀ ਹੁਣ ਤੈਨੂੰ ਮੇਰੀ ਇਬਾਦਤ।
ਮੈਂ ਵੀ ਇਜਾਜ਼ਤ ਹਾਂ ਮੈਨੂੰ ਨਾ ਘੱਟ ਸਮਝੀਂ,
ਮੇਰੇ ਸਾਹਮਣੇ ਕੀ ਤਮੰਨਾ ਤੇ ਕੀ ਮਰਜ਼ੀ।
ਮੇਰਾ ਇਸ਼ਕ ਹੈ ਗੂੜ੍ਹਾ ਤੇ ਪੁਰ ਹਕੀਕੀ,
ਸਮਝ ਬੈਠੀਂ ਨਾ ਇਸ ਨੂੰ ਕਦੀ ਫ਼ਰਜ਼ੀ।
ਕੋਈ ਤਰਸ ਨਾ ਕਰੇ ਨਾ ਯਕੀਨ ਇਸਤੇ,
ਪਿਆਰ ਸੱਚਾ ਇਹ ਕਿਸ ਨੂੰ ਜਤਾਏ ਜਾਕੇ।
ਦੇਵੇ ਤਸੱਲੀਆਂ ਭਾਵੇਂ ਇਹ ਲੱਖ ਵਾਰੀ,
ਭਾਵੇਂ ਲੱਖਾਂ ਹੀ ਤਰਲੇ ਇਹ ਪਾਏ ਜਾਕੇ।
ਜਦੋਂ ਤਿੰਨਾਂ ਨੇ ਜੀਣਾ ਹਰਾਮ ਕੀਤਾ,
ਫੇਰ ਭੱਜ ਕੇ ਸ਼ਾਂਤੀ ਦੇ ਦੁਆਰ ਪਹੁੰਚਾ।
ਕਹੇ ਰੱਖ ਲੈ ਮੈਨੂੰ ਤੂੰ ਜਾਣ ਅਪਣਾ,
ਮੈਂ ਭੁੱਲਿਆ ਭਟਕਿਆ ਖੁਆਰ ਪਹੁੰਚਾ।
ਨਹੀਂ ਮਿਲਦੀ ਮੈਨੂੰ ਹੁਣ ਕਿਤੇ ਢੋਈ,
ਬਚਾ ਲੈ, ਸਾਂਭ ਲੈ ਗਲ਼ੇ ਲਗਾ ਮੈਨੂੰ।
ਛੁਡਾ ਦੇ ਤਿੰਨਾਂ ਬਲਾਵਾਂ ਤੋਂ ਪਿੱਛਾ ਮੇਰਾ,
ਸੱਚੇ ਪਿਆਰ ਦਾ ਸਬਕ ਪੜ੍ਹਾ ਮੈਨੂੰ।
ਸ਼ਾਂਤੀ ਕਹੇ ਹੁਣ ਨਹੀਂ ਹੈ ਵੱਸ ਮੇਰੇ,
ਤੇਰੇ ਦਿਲ ਨੂੰ ਕੋਈ ਧਰਵਾਸ ਦੇਣਾ।
ਤੈਨੂੰ ਕੀਤੇ ਦਾ ਫਲ ਪਊ ਭੁਗਤਣਾ ਹੁਣ,
ਇਹਨਾਂ ਰਲ ਹੁਣ ਤੈਨੂੰ ਬਣਵਾਸ ਦੇਣਾ।
ਤੇਰੀ ਝੌਂਪੜੀ ਬਣੂੰ ਹੁਣ ਵਿੱਚ ਵਣ ਦੇ,
ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਲੱਭੂ।
ਰਹੇਂ ਤਰਸਦਾ ਜਿੱਥੇ ਹੁਣ ਟੁਕੜਿਆਂ ਨੂੰ,
ਮੰਗਣ ਵਾਸਤੇ ਨਾ ਤੈਨੂੰ ਖ਼ੈਰਾਤ ਲੱਭੂ।
ਦਰ ਦਰ ਦੇ ਭਟਕਣੇ ਨਾਲੋਂ ਜੇ ਤੂੰ,
ਇੱਕ ਦਰ ਦਾ ਹੋਕੇ ਕਦੀ ਬਹਿ ਜਾਂਦਾ।
ਹੁਣ ਬਹੁਤਿਆਂ ਦੁਖੜਿਆਂ ਦੇ ਝੱਲਣੇ ਤੋਂ,
ਇੱਕ ਅੱਧਾ ਹੀ ਦੁਖੜਾ ਤੂੰ ਸਹਿ ਜਾਂਦਾ।
ਹੁਣ ਤੇ ਰੱਬ ਹੀ ਕਰੇਗਾ ਤੇਰੀ ਖ਼ਲਾਸੀ,
ਹੋਰ ਕਿਸੇ ਦੇ ਨਹੀਂ ਹੁਣ ਵੱਸ ਸੱਜਣਾ।
ਹੱਦ ਹੁੰਦੀ ਹੈ ਸਦਾ ਹੀ ਹਰ ਗੱਲ ਦੀ,
ਹਰ ਪਾਸੇ ਨੂੰ ਛੱਡਦੇ ਹੁਣ ਤੂੰ ਭੱਜਣਾ।
ਟਿਕ ਬਹਿ ਕੇ ਹੁਣ ਤੇ ਸਬਕ ਸਿੱਖ ਲੈ,
ਟੇਕ ਮੱਥਾ ਤੇ ਭੁੱਲ ਬਖਸ਼ਾ ਰੱਬ ਤੋਂ।
ਭੁੱਲ ਜਾ ਹੁਣ ਸਾਰੇ ਉਹ ਕੰਮ ਪੁੱਠੇ,
ਚੰਗੇ ਰਸਤੇ ਦੀ ਕਦਰ ਬੱਸ ਪਾ ਅੱਜ ਤੋਂ।
12/03/2015
ਬੋਲੀ ਅਤੇ ਵਿਰਸਾ
ਰਵਿੰਦਰ ਸਿੰਘ ਕੁੰਦਰਾ, ਯੂ.
ਕੇ.
ਜਿਨ੍ਹਾਂ ਪੰਛੀਆਂ ਆਪਣੀ ਉਡਾਨ ਛੱਡੀ,
ਨਾ ਉਹ ਟਾਹਣ ਦੇ ਰਹੇ ਨਾ ਆਲ੍ਹਣੇ ਦੇ।
ਭੁੱਲ ਗਏ ਉਹ ਬੱਦਲਾਂ ਦਾ ਸੰਗ ਕਰਨਾ,
ਰਹੇ ਕਾਬਲ ਨਾ ਪੌਣਾਂ ਸੰਗ ਗਾਵਣੇ ਦੇ।
ਪਹੁ ਫੁੱਟਣ ਤੇ ਚਿੜੀ ਜੇ ਨਾ ਚੂਕੇ,
ਚੀਂ ਚੀਂ ਕਰਨ ਦੀ ਆਪਣੀ ਉਹ ਜਾਚ ਭੁੱਲੇ।
ਲੱਗੇ ਕਰਨ ਉਹ ਨਕਲ ਕਦੀ ਘੁੱਗੀਆਂ ਦੀ,
ਆਪਣੀ ਅਸਲੋਂ ਹੀ ਸਾਰੀ ਔਕਾਤ ਭੁੱਲੇ।
ਘੁੱਗੀਆਂ ਦਾ ਸਦਾ ਘੁੱਗੂੰ ਘੂੰ ਕਰਨਾ,
ਨਹੀਂ ਜੱਗ ਤੋਂ ਰਿਹਾ ਕਦੀ ਭੁੱਲਿਆ ਇਹ।
ਕਬੂਤਰ ਗੁਰੜਘੂੰ ਕਹਿਣ ਵਿੱਚ ਮਾਹਿਰ ਸਦਾ,
ਹੋਰ ਪੰਛੀ ਬਰਾਬਰ ਨਾ ਤੁੱਲਿਆ ਇਹ।
ਕਾਂ ਭੁੱਲ ਕੇ ਵੀ ਕਾਂ ਨਹੀਂ ਕਿਹਾ ਜਾਂਦਾ,
ਜੇ ਕਾਂ ਕਾਂ ਦੀ ਰੌਲੀ ਨਾ ਪਾਵੇ ਕਦੀ।
ਕੋਇਲ ਮਿਠੜੀ ਨਹੀਂ ਕਿਸੇ ਨੂੰ ਭਾਅ ਸਕਦੀ,
ਜੇਕਰ ਬਿਰਹਾ ਦੇ ਗੀਤ ਨਾ ਗਾਵੇ ਕਦੀ।
ਕਲੀਆਂ ਕਦੀ ਨਾ ਆਪਣੀ ਮਹਿਕ ਦੇਵਣ,
ਜੇਕਰ ਭੰਵਰੇ ਨਾ ਉਨ੍ਹਾਂ ਤੋਂ ਜਾਣ ਸਦਕੇ।
ਅੰਮ੍ਰਿਤ ਬੂੰਦ ਨਾ ਟਪਕੇ ਬਬੀਹੇ ਦੇ ਲਈ,
ਕਰੇ ਪੁਕਾਰ ਨਾ ਜੇਕਰ ਉਹ ਉੱਠ ਤੜਕੇ।
ਕੁਦਰਤ ਕਾਦਰ ਨੇ ਅਨੋਖੀ ਹੈ ਸਾਜ ਰੱਖੀ,
ਜਿਸ ਵਿੱਚ ਬੋੱਲੀ ਦੀ ਸਾਂਝ ਹੈ ਬੜੀ ਪੱਕੀ।
ਸਮਝਣ ਆਪਣੇ ਹਾਵ ਤੇ ਭਾਵ ਤਾਂਹੀ,
ਜੇਕਰ ਭੁੱਲਣ ਨਾ ਆਪਣੀ ਉਹ ਗੱਲਬਾਤ ਸੱਚੀ।
ਪਛਾਣ ਹਰ ਜੀਵ ਦੀ ਬੋਲੀ ਦੇ ਨਾਲ ਬੱਝੀ,
ਬਿਨਾ ਬੋਲੀ ਤੋਂ ਸਭ ਬੇਕਾਰ ਹੈ ਜੀ।
ਭੁੱਲ ਜਾਣ ਉਹ ਆਪਣੀ ਜ਼ੁਬਾਨ ਜੇਕਰ,
ਜੀਣਾ ਉਨ੍ਹਾਂ ਦਾ ਫੇਰ ਦੁਰਕਾਰ ਹੈ ਜੀ।
26/01/2015
ਅੰਬ ਖਾਣੇ ਕਿ ਦਰੱਖਤ ਗਿਣਨੇ
ਰਵਿੰਦਰ ਸਿੰਘ ਕੁੰਦਰਾ
ਚੂਪੀ ਜਾਹ
ਤੂੰ ਅੰਬ ਸੰਧੂਰੀ, ਦਿਨ ਰਾਤੀਂ ਬੁੱਲੇ ਵੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਬਹੁਤੇ ਚੱਕਰਾਂ ਦੇ ਵਿੱਚ ਪੈਕੇ, ਤੰਗ ਨਾ ਅਪਣੇ ਦਿਲ ਨੂੰ ਕਰ ਤੂੰ,
ਪਿਆਰ ਵਫ਼ਾ ਅੱਜ ਕੋਈ ਸ਼ੈਅ ਨਹੀਂ, ਸਦਮੇਂ ਤਕੜਾ ਹੋਕੇ ਜਰ ਤੂੰ।
ਛੱਡ ਦੇ ਭਲੇ ਦਿਨਾਂ ਦੀਆਂ ਆਸਾਂ, ਬੱਸ ਐਵੇਂ ਨਾ ਦੜ ਵੱਟੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਜਿਨ੍ਹਾਂ ਨੂੰ ਤੂੰ ਦਿਲ ਜਾਨ ਤੋਂ ਚਾਹੇਂ, ਨਹੀਂ ਰਹਿਣਗੇ ਤੇਰੇ ਬਣਕੇ,
ਇੱਥੇ ਕੋਈ ਕਦਰਦਾਨ ਨਹੀਂ, ਅਸੂਲੋਂ ਨੇ ਸਭ ਥੋਥੇ ਛਣਕੇ।
ਕਦਰ ਲਈ ਉਮੀਦ ਲਗਾਣਾ, ਅਸਲੋਂ ਹੀ ਤੂੰ ਛੱਡੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਅੱਕੀਂ ਚੜ੍ਹਨ ਪਲ਼ਾਹੀਂ ਉੱਤਰਨ, ਐਸੇ ਬੜੇ ਨੇ ਯਾਰ ਪਿਆਰੇ,
ਸਾਈਆਂ ਕਿਤੇ ਵਧਾਈਆਂ ਕਿਧਰੇ, ਰੰਗ ਦਿਖਾਵਣ ਨਿੱਤ ਨਿਆਰੇ।
ਆਪਣੀ ਪੈੜ ਬਚਾ ਕੇ ਤੁਰ ਤੂੰ, ਦੂਜੇ ਦੀ ਪੈੜ ਨਾ ਕੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਬੁਰਾ ਕਿਤੇ ਦਿਸ ਜਾਵੇ ਹੁੰਦਾ, ਬੰਦ ਅੱਖਾਂ ਨੂੰ ਕਰ ਲੈ ਸੱਜਣਾ,
ਜੇਕਰ ਕੋਈ ਮੰਦਾ ਬੋਲੇ, ਕੰਨ ਤੇ ਉਂਗਲ਼ੀ ਧਰ ਲੈ ਸੱਜਣਾ।
ਜੇ ਦਿਲ ਕਰੇ ਕੋਈ ਗੱਲ ਕਹਿਣ ਨੂੰ, ਜ਼ੁਬਾਨ ਦੰਦਾਂ ਵਿੱਚ ਦੱਬੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਨਾ ਕਰ ਐਵੇਂ ਪੱਕੇ ਵਾਅਦੇ, ਨਾ ਹਿੱਕ ਥਾਪੜ ਕਰ ਤੂੰ ਦਾਅਵੇ,
ਜਦ ਕਿਸੇ ਨੇ ਧੋਖਾ ਕੀਤਾ, ਤੇਰੇ ਪੱਲੇ ਆਉਣਗੇ ਹਾਅਵੇ।
ਕਿਉਂ ਕਰਦਾ ਏਂ ਦਿਲ ਨੂੰ ਥੋਹੜਾ, ਵਾਅਦੇ ਦਾਅਵੇ ਛੱਡੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਜਿਸ ਭਾਅ ਵਿਕਦੀ ਝੱਟ ਹੀ ਲੈ ਲਾ, ਇਹ ਵੀ ਨਾ ਹੱਥੋਂ ਖੁਸ ਜਾਵੇ,
ਥੋੜੀ ਛੱਡ ਬਹੁਤੀ ਨੂੰ ਭੱਜਿਆਂ, ਥੋੜ੍ਹੀ ਵੀ ਨਾ ਕੋਈ ਲੁੱਟ ਜਾਵੇ।
ਚੜ੍ਹ ਗਏ ਭਾਅ ਤਾਂ ਹੱਥ ਮਲੇਂਗਾ, ਹੁਣ ਲੱਗਦੇ ਭਾਅ ਹੀ ਲੱਦੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
ਚੂਪੀ ਜਾਹ ਤੂੰ ਅੰਬ ਸੰਧੂਰੀ, ਦਿਨ ਰਾਤੀਂ ਬੁੱਲੇ ਵੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
12/11/2014
ਅਣਖ ਨੂੰ ਵੰਗਾਰ
ਰਵਿੰਦਰ ਸਿੰਘ ਕੁੰਦਰਾ
ਕਲੀਆਂ ਟੁੱਟ
ਜਾਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਪੌਦੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਪੌਦੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਪੁੱਛੋ ਪੰਛੀ ਦੇ ਹਿਰਦੇ ਨੂੰ ਹੱਥ ਲਾਕੇ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।
ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਉਹ ਸਦਾ ਲਈ ਤੁਸਾਂ ਤੋਂ ਉਹ।
ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਨਹੀਂ ਜ਼ੁਲਮ ਨੂੰ ਕਤਈ ਕਬੂਲ ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭ ਹੀ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।
ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਜੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਜ਼ਮੀਰ ਆਪਣੀ ਅੱਜ ਮਾਰ ਅਸੀਂ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਦੇ ਵੱਲ ਅਸੀਂ ਠੱਲ ਪਏ।
ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਬਕ ਸਿੱਖ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨ ਸਿੱਖੀ ਦੇ ਸੁੰਦਰ ਇਤਿਹਾਸ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹ ਜਜ਼ਬਾ ਮੁੜਕੇ,
ਨਾਮ ਕੌਮ ਦਾ ਫੇਰ ਚਮਕਾ ਦਈਏ।
ਰਵਿੰਦਰ ਸਿੰਘ ਕੁੰਦਰਾ
25/12/13
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ, ਯੂ ਕੇ ਟੈਲੀਫੋਨ:
07748772308 |