WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕੇਵਲ ਸਿੰਘ ਜਗਪਾਲ
ਯੂ: ਕੇ:

kewal jagpal

ਖੁੱਲੀ ਕਿਤਾਬ
ਕੇਵਲ ਸਿੰਘ ਜਗਪਾਲ
 
ਦੋਸਤੋ ਲਮ੍ਹਾਂ ਦੀ ਇੱਕ ਖੁੱਲੀ,
ਕਿਤਾਬ ਹੈ ਇਹ ਜ਼ਿੰਦਗ਼ੀ।
 
ਬੋਲ ਕਬੋਲਾਂ ਅਤੇ ਸਾਹਾਂ ਦਾ,
ਰੱਖਦੀ ਪੂਰਾ ਹਿਸਾਬ ਹੈ ਇਹ,
ਜ਼ਿੰਦਗ਼ੀ।
ਕਈ ਵਾਰ ਤਾਂ ਬਣੇ ਹੱਡੀ ਵਿੱਚ,
ਕਬਾਬ ਹੈ ਇਹ ਜ਼ਿੰਦਗ਼ੀ।
 
ਕਈ ਜ਼ਰੂਰਤਾਂ ਕਰਦੀ ਪੂਰੀਆਂ,
ਕਈ ਰਹਿ ਜਾਂਦੀਆਂ ਅਧੂਰੀਆਂ,
ਬੱਸ ਇਨ੍ਹਾਂ ਸਵਾਲਾਂ ਦਾ ਸਦਾ,
ਹੀ ਦਿੰਦੀ ਰਹਿੰਦੀ ਜਵਾਬ ਹੈ,
ਇਹ ਜ਼ਿੰਦਗ਼ੀ।
 
ਕਈ ਵਾਰ ਤਾਂ ਲੱਗੇ ਮਹਿੰਗੀ,
ਨਸ਼ੇ ਦੀ ਬੋਤਲ ਸ਼ਰਾਬ ਹੈ ਇਹ,
ਜ਼ਿੰਦਗ਼ੀ।
 
ਕਈਆਂ ਨੂੰ ਤਾਂ ਕੋਈ ਵੀ ਸਵਾਲ
ਕੀਤਿਆਂ ਬਣਾਈ ਰੱਖਦੀ ਨਵਾਬ,
ਹੈ ਇਹ ਜ਼ਿੰਦਗ਼ੀ।
ਕਈਆਂ ਨੂੰ ਤਾਂ ਕਰੇ ਔਖੇ ਸਵਾਲ,
ਪਰ ਦਿੰਦੀ ਥੋੜੇ ਹੀ ਜਵਾਬ ਹੈ
ਇਹ ਜ਼ਿੰਦਗ਼ੀ।
 
ਸੌਖੀ ਸਿਰਫ ਲੰਘਦੀ ਥੋੜ੍ਹਿਆਂ,
ਦੀ ਪਰ ਬਹੁਤਿਆਂ ਦੀ ਲੰਘਦੀ,
ਏ ਬੜ੍ਹੀ ਹੀ ਖ਼ਰਾਬ ਹੈ ਇਹ,
ਜ਼ਿੰਦਗ਼ੀ।
ਥੋੜਿਆਂ ਨੂੰ ਤਾਂ ਝੱਲਦੀ ਪੱਖੀ,
ਤੇ ਕਈਆਂ ਨੂੰ ਰਾੜ੍ਹੇ ਵਾਂਙ ਸ਼ੀਸ਼,
ਕਬਾਬ ਹੈ ਇਹ ਜ਼ਿੰਦਗ਼ੀ।
ਥੋੜ੍ਹਿਆਂ ਦਾ ਤਾਂ ਸਹੀ ਕਰਦੀ,
ਪਰ ਬਹੁਤਿਆਂ ਦਾ ਕਰਦੀ ਕੰਮ,
ਖ਼ਰਾਬ ਹੈ ਇਹ ਜ਼ਿੰਦਗ਼ੀ।
 
ਲਮ੍ਹਾਂ ਦੀ ਇੱਕ ਖੁੱਲੀ ਕਿਤਾਬ,
ਹੈ ਇਹ ਜ਼ਿੰਦਗ਼ੀ।
ਬੋਲ ਕਬੋਲਾਂ ਅਤੇ ਸਾਹਾਂ ਦਾ,
“ਕੇਵਲ” ਰੱਖਦੀ ਪੂਰਾ,
ਹਿਸਾਬ ਹੈ ਇਹ ਜ਼ਿੰਦਗ਼ੀ।
18/01/2023


ਦਰਖ਼ਤਾਂ ਦੀ ਪੂਜਾ

ਕੇਵਲ ਸਿੰਘ ਜਗਪਾਲ
 
ਉਹ ਲੋਕ ਕਰਦੇ ਨੇ ਦਰਖ਼ਤਾਂ ਦੀ ਪੂਜਾ।
ਜਿਹਨਾਂ ਨੂੰ ਕੋਲ਼ ਕੰਮ ਹੈ ਕੋਈ ਨਹੀਂ ਦੂਜਾ।
ਦਰਖ਼ਤ ਬੇਨਤੀ ਕਰਦਾ ਮੈਂਨੂੰ ਦਰਖ਼ਤ ਹੀ,
ਰਹਿਣ ਦਿਓ ਨਾ ਕਰੀ ਜਾਓ ਮੇਰੀ ਪੂਜਾ।
 
ਮੈਂ ਤਾਂ ਮੰਗਦਾ ਰਿਹਾ ਸੀ ਪਾਣੀ ਪਰ ਲੋਕ,
ਮੇਰੀਆਂ ਜੜ੍ਹਾਂ ਵਿੱਚ ਤੇਲ ਹੀ ਪਾਉਂਦੇ ਰਹੇ।
 
ਮੈਂਨੂੰ ਸਾਹ ਲੈਣ ਲਈ ਚਾਹੀਦੀ ਸੀ ਤਾਜ਼ੀ,
ਹਵਾ, ਲੋਕ ਥੱਲੇ ਧੂਣੀਆਂ ਧੁਖਾਉਂਦੇ ਰਹੇ।
 
ਮੈਂਨੂੰ ਹਰਾ ਭਰਾ ਨਹੀਂ ਰਹਿਣ ਦਿੱਤਾ ਲੋਕ,
ਮੇਰੀਆਂ ਟਾਹਣੀਆਂ ਨੂੰ ਧਾਗੇ ਤਵੀਤਾਂ ਦੇ,
ਨਾਲ਼ ਹੀ ਸਜਾਉਂਦੇ ਰਹੇ।
 
ਮੈਂ ਤਾਂ ਆਲ਼ਾ ਦੁਆਲ਼ਾ ਸਾਫ ਰੱਖਣਾ ਸੀ,
ਚਹੁੰਦਾ ਪਰ ਲੋਕ ਗੰਦ ਪਾਕੇ ਮੇਰੇ ਨਾਲ਼,
ਮੱਥਿਆਂ ਨੂੰ ਹੀ ਘਸਾਉਂਦੇ ਰਹੇ।
 
ਕੱਪੜਿਆਂ ਨਾਲ਼ ਤਾਂ ਇਨਸਾਨ ਸਰੀਰ,
ਢੱਕਦੇ ਪਰ ਮੇਰੀ ਚਮੜ੍ਹੀ ਛਿੱਲਕੇ ਮੇਰੇ,
ਤੇੜ ਲੋਕੀਂ ਕੱਪੜ੍ਹੇ ਹੀ ਬੰਨਦੇ ਰਹੇ।
 
ਦਰਖ਼ਤ ਤਾਂ ਕਦੀ ਰੱਬ ਨੂੰ ਨਹੀਂ ਪੂਜਦੇ,
ਦੇਖੇ ਪਰ ਲੋਕ ਅੰਧਵਿਸ਼ਵਾਸ ਨਾਲ਼,
ਦਰਖ਼ਤਾਂ ਨੂੰ ਹੀ ਕਿਉਂ ਪੂਜਦੇ ਰਹੇ?
 
ਮੈਂ ਤਾਂ “ ਕੇਵਲ ” ਇੱਕ ਫਲ਼ ਅਤੇ ਛਾਂ ਹੀ,
ਤਾਂ ਦੇਣ ਵਾਲ਼ਾ ਦਰਖ਼ਤ ਹਾਂ ਪਰ ਪਤਾ,
ਨਹੀਂ ਇਹ ਕਮਲ਼ੇ ਲੋਕ ਮੈਂਨੂੰ ਮੱਥੇ ਟੇਕਕੇ,
ਮੇਰੇ ਵਿੱਚੋਂ ਭਗਵਾਨ ਨੂੰ ਹੀ ਕਿਉਂ ਭਾਲ਼ਦੇ,
ਰਹੇ?
09/01/2023


ਖਾਲਸੇ ਦੀ ਸਰਦਾਰੀ ਵਿੱਚ

ਕੇਵਲ ਸਿੰਘ ਜਗਪਾਲ
 
ਪੈਂਡੇ ਤਾਂ ਮੁੱਕ ਜਾਂਦੇ ਨੇ ਪੈਦਲ, ਕਾਰ ਅਤੇ,
ਰੇਲ ਦੀ ਮੁਸਾਫ਼ਰੀ ਵਿੱਚ।
 
ਮਿਸਤਰੀ ਕੋਠੇ ਉਸਾਰੀ ਜਾਂਦੇ ਨੇ ਉਹ ਪੂਰੇ,
ਨਿਪੁੰਨ ਹੁੰਦੇ ਆਪਣੀ ਰਾਜ਼ਗਿਰੀ ਵਿਚ।
 
ਡਾਕਟਰ ਬਚਾਈ ਜਾਂਦੇ ਨੇ ਮਰੀਜ਼ਾਂ ਦੀਆਂ,
ਜਾਨਾਂ ਖ਼ੁਦ ਦੀ ਕੀਤੀ ਹੋਈ ਡਾਕਟਰੀ ਦੇ,
ਵਿੱਚ।
 
ਡਾਕੀਆ ਵੰਡਦਾ ਫਿਰਦਾ ਘਰੀਂ ਘਰੀਂ ਡਾਕ,
ਸਰਕਾਰੀ ਡਾਕਖਾਨੇ ਦੀ ਡਾਕਦਾਰੀ ਵਿੱਚ।
 
ਭਾਰਤ ਵਿੱਚ ਸਿੱਖ ਤਾਂ ਕੇਵਲ 1.7 ਫੀ ਸਦੀ,
ਸਨ 2011 ਦੀ ਕੀਤੀ ਮਰਦਮਸ਼ੁਮਾਰੀ ਵਿੱਚ।
 
ਅਕਾਲੀਆਂ ਨੇ 1947 ਦੇ ਵੰਡਿਓ ਪੰਜਾਬ ਨੂੰ,
ਟੁਕੜ੍ਹੇ ਟੁਕੜ੍ਹੇ ਹੀ ਕਰ ਦਿੱਤਾ, ਕੇਵਲ ਕੋਝੀ,
ਜਿਹੀ ਸ਼ਰਮਨਾਕ ਸਿਆਸਤਖ਼ੋਰੀ ਵਿੱਚ।
 
ਅਜ਼ਾਦੀ ਤੋਂ ਪਹਿਲਾਂ ਕਈ ਟੱਬਰ ਗੋਰਿਆਂ,
ਦੀ ਮੁਖ਼ਬਰੀ ਕਰੀ ਜਾਂਦੇ ਸਨ, ਓਸ ਵੇਲ਼ੇ,
ਦੀ ਦਿੱਤੀ ਗਈ ਜ਼ੈਲਦਾਰੀ ਵਿੱਚ।
 
ਜ਼ੈਲਦਾਰਾਂ ਦੀਆਂ ਕਈ ਪੀੜ੍ਹੀਆਂ ਲੰਘੀਆਂ,
ਕੌਮ ਨਾਲ਼ ਕੀਤੀ ਹੋਈ ਮੁਖ਼ਬਰੀ ਵਿਚ।
 
ਮਸੰਦਾਂ ਨੇ ਗੁਰੂ ਧਾਵਾਂ ਤੇ ਕੀਤਾ ਹੋਇਆ,
ਸੀ ਕਬਜ਼ਾ, ਗੋਰਿਆਂ ਨਾਲ਼ ਕੀਤੀ ਹੋਈ,
ਕੋਝੀ ਜਿਹੀ ਤਾਬਿਆਦਾਰੀ ਵਿੱਚ।
 
ਆਲ ਇੰਡੀਆ ਮੁਸਲਮ ਲੀਗ ਦੇ ਬਨਣ,
ਦਾ ਪਹਿਲਾ ਟੀਚਾ ਲਿੱਖਿਆ ਗਿਆ ਸੀ,
ਗੋਰਿਆਂ ਦੀ ਵਫ਼ਾਦਾਰੀ ਵਿੱਚ।
 
ਖਾਲਸਾ ਰਾਜ ਕਾਇਮ ਹੋਇਆ ਸੀ ਪੰਜਾਬ,
ਦੇ ਸਮੁੱਚੇ ਧਰਮਾਂ ਦੀ ਖ਼ਿਦਮਤਗ਼ਾਰੀ ਵਿੱਚ।
 
ਲਹੌਰ ਦੇ ਲਾਲਚੀ ਸੂਬੇਦਾਰ ਭੇਜਕੇ ਸੁਨੇਹੇ,
ਸੱਦ ਲਿਆਉਂਦੇ ਸਨ, ਅਫ਼ਗ਼ਾਨੀ ਲੁਟੇਰਿਆਂ,
ਦਰਿੰਦਿਆਂ ਨੂੰ, ਕੌਮ ਦੀ ਗ਼ਦਾਰੀ ਵਿੱਚ।
 
ਬੰਦਾ ਸਿੰਘ ਬਹਾਦਰ ਨੇ ਕੀਤਾ ਸੀ ਖਾਲਸਾ,
ਰਾਜ ਕਾਇਮ ਤੇ ਝੰਡਾ ਝੁਲਾਇਆ ਖਾਲਸੇ,
ਦੀ ਸਰਦਾਰੀ ਵਿੱਚ।
 
ਖਾਲਸਾ ਰਾਜ ਕਾਇਮ ਹੋਇਆ ਸੀ ਪੰਜਾਬ,
ਦੇ ਸਮੁੱਚੇ ਧਰਮਾਂ ਦੀ ਖ਼ਿਦਮਤਗ਼ਾਰੀ ਵਿੱਚ।
 
ਬੰਦਾ ਬਹਾਦਰ ਨੇ ਸਾਰੇ ਹੀ ਵੱਡੇ ਵੱਡੇ ਨਵਾਬ,
ਅਤੇ ਜ਼ਿਮੀਦਾਰ ਜ਼ਮੀਨ ਤੋਂ ਬੇਦਖ਼ਲ ਹੀ ਕਰ,
ਦਿੱਤੇ ਮੁਗ਼ਲਾਂ ਵਲੋਂ ਸਦੀਆਂ ਤੋਂ ਮੁਫ਼ਤ ਦਿੱਤੀ,
ਗਈ ਜਗ਼ੀਰਦਾਰੀ ਵਿੱਚ।   
 
ਬੰਦਾ ਬਹਾਦਰ ਨੇ ਕਾਸ਼ਤਕਾਰੀ ਜ਼ਮੀਨ ਨੂੰ,
ਵੰਡ ਦਿੱਤਾ “ਕੇਵਲ” ਹਲ਼ ਵਾਹਕ ਗ਼ਰੀਬ,
ਕਿਸਾਨਾਂ ਦੀ ਰੋਜ਼ਗ਼ਾਰੀ ਵਿੱਚ।
24/12/2022


ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ

ਕੇਵਲ ਸਿੰਘ ਜਗਪਾਲ
 
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
ਮਾਂ ਦੀ ਮਮਤਾ ਨੇ ਕੀਤਾ ਨੇੜ੍ਹੇ ਨੀ।
ਮਾਂ ਨੂੰ ਕੰਮ ਤਾਂ ਹੋਰ ਵੀ ਵਥੇਰੇ ਨੀ।
ਵੇਹੜ੍ਹੇ ਵੱਸਦੇ ਖੁਸ਼ੀਆਂ ਖੇੜ੍ਹੇ ਨੀ।
 
ਮਾਂ ਸ਼ਾਮੀ ਬਿਸਤਰ ਤੇ ਪਾ ਦਿੰਦੀ,
ਪੈਂਦੇ ਸਾਰ ਹੀ ਨੀਂਦ ਵੀ ਆ ਜਾਂਦੀ,
ਮਾਂ ਸਾਹਜਰੇ ਹੀ ਮੈਂਨੂੰ ਜਗਾ ਦਿੰਦੀ,
ਕਦੀ ਮੈਨੂੰ ਚੁੱਕਦੀ ਉਹ ਗਨੇੜ੍ਹੀ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਜਦੋਂ ਵੀ ਕਿਤੇ ਮੈਂ ਰੁੱਸ ਜਾਂਦੀ ਸੀ,
ਮੈਨੂੰ ਛੇਤੀਂ ਹੀ ਮਨਾਅ ਲੈਂਦੀ ਸੀ,
ਮਾਂ ਕੁੱਛੜ੍ਹ ਝੱਟ ਚੁੱਕ ਲੈਂਦੀ ਸੀ,
ਨਾਲ਼ੇ ਵਾਲ਼ਾਂ ‘ਚ ਉਂਗਲ਼ਾਂ ਫੇਰੇ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਉਹ ਦਿਹਾੜ੍ਹੇ ਸਨ ਖੇਲਣ ਮੱਲਣ ਦੇ,
ਨਾਲ਼ੇ ਦੁੱਖ ਸੁੱਖ ਮਾਂ ਨਾਲ਼ ਫੋਲਣ ਦੇ,
ਉੱਥੇ ਨਹੀਂ ਸਨ ਕੋਈ ਝੱਗੜ੍ਹੇ ਝੇੜ੍ਹੇ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਕੋਈ ਕੰਮ ਕਰਦਾ ਕੋਈ ਵਿਹਲਾ ਸੀ,
ਇੱਥੇ ਨਾ ਹੀ ਕੋਈ ਐਸਾ ਝਮੇਲਾ ਸੀ,
ਰਿਹਾ ਕਰਦਾ ਵੇਹੜ੍ਹੇ ਰੌਣਕ ਮੇਲਾ ਸੀ,
ਨਹੀਂ ਹੁੰਦੇ ਕੋਈ ਤੋੜ ਵਿਛੋੜ੍ਹੇ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਮਹਿਕ ਆਉਂਦੀ ਸਾਰੇ ਪਾਸਿਓਂ ਸੀ,
ਵੇਹੜ੍ਹਾ ਘਿਰਿਆ ਚਾਰੇ ਪਾਸਿਓਂ ਸੀ,
ਵੇਹੜ੍ਹੇ ਲੰਘਦਾ ਬੜ੍ਹਦਾ ਆ ਬੌੜ੍ਹੇ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਕੁੱਝ ਖਾ ਲਿਆ ਕੁੱਝ ਟੱਪ ਲਿਆ,
ਰੋਜ਼ ਨਾਮ ਗੁਰਾਂ ਦਾ ਜੱਪ ਲਿਆ,
ਥੋੜਾ ਦਾਜ ਬਣਾਕੇ ਵੀ ਰੱਖ ਲਿਆ,
ਟੱਪੇ ਰਲ਼ ਸਹੇਲੀਆਂ ਨਾਲ਼ ਛੇੜੇ ਨੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਤੀਆਂ ਨਾਲ਼ ਸਹੇਲੀਆਂ ਜਾਂਦੀ ਸੀ,
ਉੱਚੀ ਉੱਚੀ ਪੀਙਾਂ ਝੜਾਉਂਦੀ ਸੀ,
ਖਾਂਦੀ ਹੁੰਦੀ ਮੱਖਣ ਅਤੇ ਪੇੜੇ ਸੀ।
ਖੁੱਲਮ ਖੁੱਲੇ ਬਾਬਲ ਦੇ ਵੇਹੜ੍ਹੇ ਨੀ।
 
ਉਹ ਦਿਨ ਵੀ ਯਾਦ ਆਉਂਦੇ ਨੇ,
ਮਾਪੇ ਵੀ ਤਾਂ ਯਾਦ ਆਉਂਦੇ ਨੇ,
ਮਾਪਿਆਂ ਦੀ ਉਮਰ ਵਥੇਰੇ ਨੀ।
ਬਾਬਲ ਦੇ ਹੀ ਕੱਚੇ ਵੇਹੜ੍ਹੇ ਨੀ।
 
ਮਾਪਿਆਂ ਦੀ ਯਾਦ ਸਤਾਉਂਦੀ ਏ,
ਨਾ ਸੁੱਖ ਸੁਨੇਹਾ ਲਿਆਉਂਦੀ ਏ,
ਜਦੋਂ ਕਾਂ ਆ ਬਹਿੰਦਾ ਬਨੇਰੇ ਨੀ।
ਤੱਕਾਂ ਬੂਹਿਓਂ ਬਾਹਰ ਵੇਹੜ੍ਹੇ ਨੀ।
 
ਸਹੁਰਿਆਂ ਘਰ ਦੇ ਵੇਹੜ੍ਹੇ ਨੀ।
ਵੇਹੜ੍ਹੇ ਬੱਚੇ ਪਏ ਖੇਡਣ ਮੇਰੇ ਨੀ।
ਸਹੁਰੇ ਘਰ ਵੱਸਦੇ ਨੇ “ਕੇਵਲ”,
ਖੁਸ਼ੀਆਂ ਖੇੜ੍ਹੇ ਨੀ।
24/10/2022


ਕਰੇਲੇ ਦਾ ਰਿਸ਼ਤਾ

ਕੇਵਲ ਸਿੰਘ ਜਗਪਾਲ
 
ਕਹਾਵਤ ਹੈ ਕਿ ਇੱਕ ਕਰੇਲਾ,
ਅਤੇ ਦੂਜਾ ਨਿੰਮ ਚੜ੍ਹਿਆ।
ਇੱਕ ਕਰੇਲਾ ‘ਤੇ ਦੂਜਾ ਖ਼ੁਦ,
ਦਾ ਰਿਸ਼ਤਾ ਕਰਾਉਣ ਲਈ,
ਅੜ੍ਹਿਆ।
ਇੱਕ ਕਰੇਲਾ ਅਤੇ ਦੂਜਾ ਨਿੰਮ,
ਚੜ੍ਹਿਆ।
ਲਾਹ ਖਾਂ ਕਰੇਲੇ ਨੂੰ ਨਿੰਮ,
ਉੱਪਰੋਂ ਅੜ੍ਹਿਆ।
ਇਥੇ ਉਸ ਦੇਸ਼ ਦੇ ਨੇਤਾ ਦੀ,
ਗੱਲ ਪਈ ਏ ਹੁੰਦੀ ਜਿਹੜਾ,
ਕਿਸਾਨਾਂ ਦੇ ਹੱਕ ਖੋਹਕੇ ਜਾ,
ਨਿੰਮ ਚੜ੍ਹਿਆ।
 
ਮੇਰੀ ਨਵੀਂ ਆਈ ਭਰਜਾਈ,
ਨੇ ਨਿੰਮ ਚੜ੍ਹੇ ਕਰੇਲੇ ਨੂੰ ਕਈ,
ਹਾਕਾਂ ਮਾਰ ਮਾਰਕੇ ਥੱਲੇ ਆ,
ਜਾਣ ਲਈ ਬੁਲਾਇਆ।
 
ਕਰੇਲੇ ਨੇ ਮੇਰੀ ਨਵੀਂ ਆਈ,
ਭਰਜਾਈ ਦੀ ਇੱਕ ਨਾ ਸੁਣੀ,
ਨਾ ਹੀ ਨਿੰਮ ਉੱਪਰੋਂ ਉੱਤਰਕੇ,
ਹੀ ਆਇਆ।
 
ਇੱਕ ਕਰੇਲਾ ‘ਤੇ ਦੂਜਾ ਨਿੰਮ,
ਤੋਂ ਭੁੰਜੇ ਉੱਤਰਣ ਦੇ ਲਈ ਹੀ,
ਅੜ੍ਹਿਆ।
ਇੱਕ ਕਰੇਲਾ ‘ਤੇ ਦੂਜਾ ਖ਼ੁਦ,
ਦਾ ਰਿਸ਼ਤਾ ਕਰਾਉਣ ਲਈ,
ਅੜ੍ਹਿਆ।
 
ਨਿੰਮ ਚੜ੍ਹੇ ਕਰੇਲੇ ਨੂੰ ਬੜ੍ਹਾ,
ਹੀ ਪਤਿਆਕੇ ਮੇਰੀ ਸਿਆਣੀ,
ਬੇਬੇ ਨੇ ਭੁੰਜੇ ਲਾਹਿਆ।
ਫਿਰ ਮਿਨਤਾਂ ਤੜ੍ਹਲ਼ੇ ਕਰਕੇ,
ਬੜ੍ਹੀ ਹੀ ਮੁਸ਼ਕਲ ਨਾਲ਼ ਉੱਸ,
ਨੂੰ ਰਿਸ਼ਤੇ ਦਖਾਉਣ ਦੇ ਲਈ,
ਮਨਾਇਆ।
 
ਮੇਰੀ ਬੇਬੇ ਨੇ ਕਰੇਲੇ ਨੂੰ ਕਈ,
ਰਿਸ਼ਤਿਆਂ ਦੀਆਂ ਦੱਸ ਪਾਈ।
 
ਚੀਰ ਚੀਰਕੇ ਭਿੰਡੀਆਂ-ਤੋਰੀਆਂ,
ਸਰੋਂ ਦੀਆਂ ਗੰਦਲਾਂ, ਪਾਲਕ,
‘ਤੇ ਸ਼ਿਮਲਾਂ ਮਿਰਚਾਂ ਦੀ ਢੇਰੀ,
ਲਾਕੇ ਦਖਾਈ।
 
ਛਿੱਲਕੇ ਅਤੇ ਚੀਰ ਚੀਰਕੇ,
ਵੱਡਾਂ, ਛਲਗਮਾਂ ‘ਤੇ ਆਲੂਆਂ,
ਦੀ ਢੇਰੀ ਕਰੇਲੇ ਦੇ ਮੁਹਰੇ ਵੀ,
ਸਜਾਈ।
 
ਕਰੇਲੇ ਦੇ ਇਨ੍ਹਾਂ ਸਾਰੇ ਦਖਾਏ,
ਗਏ ਰਿਸ਼ਤਿਆਂ ਵਿੱਚੋਂ ਕੋਈ,
ਸਬਜ਼ੀ ਪਸੰਦ ਨਾ ਆਈ।
 
ਬੇਬੇ ਨੂੰ ਚੰਗਾ ਨਹੀਂ ਲੱਗਿਆ,
ਕਿਉਂਕਿ ਕਰੇਲੇ ਨੂੰ ਰਿਸ਼ਤਾ,
ਕਰਾਉਣ ਵਿੱਚ ਉਹ ਇੱਕ,
ਵਿਚੋਲੀ ਨਾ ਬਣ ਪਾਈ।
 
ਕਰੇਲਾ ਭਾਜੀ ਬਨਾਉਂਣ ਲਈ,
“ਕੇਵਲ” ਛੜ੍ਹਾ ਹੀ ਤਾਂ ਰਹਿਣਾ,
ਸੀ ਚਹੁੰਦਾ, ਇੱਸ ਲਈ ਉੱਸ,
ਦੇ ਕੋਈ ਵੀ ਤਾਜ਼ੀ ਸਬਜ਼ੀ,
ਪਸੰਦ ਨਾ ਆਈ।
17/10/2022
 


ਅੱਜ ਦਾ ਮਹੌਲ

ਕੇਵਲ ਸਿੰਘ ਜਗਪਾਲ
 
ਪਤਾ ਨਹੀਂ ਅੱਜ ਕੱਲ੍ਹ ਚੇਹਰੇ,
ਸ਼ਰਮ ਨਾਲ਼ ਸੂਹੇ ਲਾਲ ਕਿਉਂ,
ਨਹੀਂ ਹੁੰਦੇ?
 
ਹਜੇ ਤੱਕ ਯਾਦ ਏ ਉਦੋਂ ਚੇਹਰੇ,
ਦੇਖਕੇ ਪਤਾ ਲੱਗ ਸੀ ਜਾਂਦਾ,
ਕਿ ਦਿਲਾਂ ਦੇ ਰਾਜ਼ ਕੀ ਹੁੰਦੇ?
 
ਪਤਾ ਨਹੀਂ ਅੱਜ ਕੱਲ੍ਹ ਚੇਹਰੇ,
ਇੱਕ ਖੁੱਲੀ ਕਿਤਾਬ ਕਿਉਂ ਨ੍ਹੀਂ,
ਹੁੰਦੇ?
 
ਯਾਦ ਏ, ਉਦੋਂ ਬਿਨ ਕਹੇ ਸੁਣੇਂ,
ਇੱਕ ਦੂਜੇ ਦੇ ਦਿਲਾਂ ਦੇ ਰਾਜ਼,
ਬੁੱਝ ਸੀ ਲੈਂਦੇ?
 
ਦੋਸਤ ਦੇ ਗਲੇ ਲੱਗਦੇ ਸਾਰ,
ਹੀ ਦਿਲ ਦੇ ਰਾਜ਼ ਬੁੱਝ ਸੀ,
ਲੈਂਦੇ?
ਪਤਾ ਨਹੀਂ ਅੱਜ ਕੱਲ੍ਹ ਚੇਹਰੇ,
ਇੱਕ ਖੁੱਲੀ ਕਿਤਾਬ ਕਿਉਂ ਨ੍ਹੀਂ,
ਹੁੰਦੇ?
 
ਉੱਸ ਸਮੇਂ ਮੋਬਾਈਲ, ਈਮੇਲ,
ਫੇਸਬੁੱਕ ਅਤੇ ਵਟਸਐੱਪ ਦੀ,
ਤਰ੍ਹਾਂ ਦੇ ਹੱਥਲ਼ੇ ਆਧੁਨਿੱਕ,
ਔਜ਼ਾਰ ਨਹੀਂ ਸੀ ਹੁੰਦੇ।
 
ਇੱਕ ਚਿੱਠੀ ਨਾਲ਼ ਹੀ ਦਿਲਾਂ,
ਦੇ ਸਾਰੇ ਜਜ਼ਬਾਤ ਸੱਮਝ ਸੀ,
ਲੈਂਦੇ।
 
ਪਤਾ ਨਹੀਂ ਅੱਜ ਕੱਲ੍ਹ ਚੇਹਰੇ,
ਇੱਕ ਖੁੱਲੀ ਕਤਾਬ ਕਿਉਂ ਨਹੀਂ,
ਹੁੰਦੇ?
 
ਅਜ ਦੇ ਜ਼ਮਾਨੇ ਵਿੱਚ ਪਤਾ,
ਨਹੀਂ ਕੌਣ ਨਿਗਲ਼ ਗਏ ਇਨ੍ਹਾਂ,
ਜਜ਼ਬਾਤਾਂ ਨੂੰ, ਜਿਹੜੇ “ਕੇਵਲ”,
ਪਹਿਲਾਂ ਬੜੀ ਹੀ ਅੱਛੀ ਤਰ੍ਹਾਂ,
ਨਾਲ਼ ਸੱਮਝ ਸੀ ਆਉਂਦੇ।
10/10/2022


ਖੁੱਸ਼ ਜ਼ਿੰਦਗ਼ੀ

ਕੇਵਲ ਸਿੰਘ ਜਗਪਾਲ
 
ਜਿਹੜਾ ਇਨਸਾਨ ਤੁਹਾਨੂੰ ਬਹੁਤਾ,
ਤਿਓ ਪਿਆ ਕਰਦਾ।
ਜ਼ਰੂਰੀ ਨਹੀਂ ਕਿ ਉਹ ਹਰ ਰੋਜ਼ ਹੀ,
ਤੁਹਾਨੂੰ ਮਿਲ਼ਿਆ ਕਰਦਾ।
 
ਉਹ ਬਿਨਾ ਨਾਗਾ ਤੁਹਾਨੂੰ ਮਿਲ਼ਣ,
ਦੀ ਤਾਂਙ ਜ਼ਰੂਰ ਕਰਦਾ।
ਇੱਕ ਮਾਂ ‘ਤੇ ਉੱਸ ਦੀ ਪ੍ਰਦੇਸਾਂ ਵਿੱਚ,
ਵਿਆਹੀ ਗਈ ਧੀ ਦੇ ਵਿਛੋੜ੍ਹੇ ਅਤੇ,
ਤਿਓ ਦੀ ਕੇਵਲ ਇੱਥੇ ਗੱਲ ਪਿਆ,
ਕਰਦਾ।
 
ਜ਼ਿੰਦਗ਼ੀ ਵਿੱਚ ਕਦੀ ਚਮਤਕਾਰ ਵੀ,
ਹੋ ਜਾਂਦੇ ਜੇਕਰ ਕੋਈ ਤੁਹਾਨੂੰ ਸੱਚੇ,
ਦਿਲੋਂ ਪਿਆਰ ਕਰਦਾ।
 
ਫੁੱਲਾਂ ਦੇ ਤੋਹਫੇ ਦੇਣੇਂ ਇੱਕ ਵਧੀਆ,
ਸ਼ੁਰੂਆਤ ਤਾਂ ਹੋ ਸੱਕਦੀ ਏ ਪਰ ਇਹ,
ਤੋਹਫਾ ਮੁੱਢਲੇ ਮਸਲਿਆਂ ਨੂੰ ਕਦੀ ਵੀ,
ਹੱਲ ਨਹੀਂ ਕਰਦਾ।
 
ਖੁੱਸ਼ ਹੋ ਜਾਓ ਇਸ ਕਰਕੇ ਨਹੀਂ ਕਿ,
ਜ਼ਿੰਦਗ਼ੀ ਵਿੱਚ ਸੱਭ ਕੁੱਝ ਉਪਰੋਂ (2),
ਹੀ ਅੱਛਾ ਲੱਗਦਾ।
ਕਿਉਂਕਿ ਤੁਹਾਡਾ ਮਨ ਇਨਸਾਨ,
ਅਤੇ ਰਿਸ਼ਤਿਆਂ ਨੂੰ ਸਿਰਫ ਚੰਗੇ,
ਪਾਸਿਓਂ ਹੀ ਪਰਖਣ ਨੂੰ ਹੀ ਜੀਅ,
ਕਰਦਾ।
 
ਜਦੋਂ ਤੁਸੀਂ ਸਰਬੱਤ ਦਾ ਭਲਾ ਮੰਗਦੇ,
ਹੋ ਤਾਂ ਤੁਹਾਡੇ ਉੱਤੇ ਰੱਬ ਬਹੁਤ ਹੀ,
ਖੁਸ਼ੀਆਂ ਨਾਲ਼ ਤੁਹਾਡੀ ਝੋਲੀ ਭਰਦਾ।
 
ਜੇਕਰ ਕੁਦਰਤ ਦੇ ਬਣਾਏ ਹੋਏ ਖ਼ਾਸ,
ਅਸੂਲਾਂ ਦੀ ਇਨਸਾਨ ਕਦਰ ਕਰਦਾ।
ਤਾਂ ਕਈ ਵਾਰ ਅੱਛੇ ਦੋਸਤ ਨਾਲ਼ ਦੁੱਖ,
ਦਰਦ ਦੀ ਸਾਂਝ ਪਾਕੇ ਇੱਕ ਖਾਦੀ,
ਹੋਈ ਦੁਆਈ ਦੀ ਤਰ੍ਹਾਂ ਵੀ ਅੱਸਰ,
ਕਰਦਾ।
 
ਇਹ ਨਹੀਂ ਕਿ ਸਾਡੇ ਕੋਲ਼ ਕੀ ਕੀ ਏ?
ਬਲਕਿ ਸਾਡੀ ਜ਼ਿੰਦਗ਼ੀ ਵਿੱਚ ਕੌਂਣ (2),
ਏ? ਇਹ ਬੜ੍ਹਾ ਹੀ ਅਸਰ ਕਰਦਾ।
 
 
ਗੱਲ-ਬਾਤ ਜਾਰੀ ਰੱਖਣ ਤੋਂ ਬਿਨਾ,
ਰਿਸ਼ਤਾ ਬਣਿਆਂ ਰਹਿ ਨ੍ਹੀਂ ਸੱਕਦਾ।
ਬਿਨਾ ਇਜ਼ਤ ਤੋਂ ਬਣਿਆਂ ਹੋਇਆ,
ਪਿਆਰ ਕਦੀ ਰਹਿ ਨਹੀਂ ਸੱਕਦਾ।
ਵਿਸ਼ਵਾਸ ਤੋਂ ਬਿਨਾ ਕੋਈ ਬਣਿਆਂ,
ਰਿਸ਼ਤਾ ਕਾਇਮ ਰਹਿ ਨ੍ਹੀਂ ਸੱਕਦਾ।
 
ਰੂਹ ਦੇ ਸਾਥੀ ਨਾਲ਼ ਪਿਆਰ ਹੋਣਾ,
ਕੋਈ ਜ਼ਰੂਰੀ ਨਹੀਂ ਹੋਇਆ ਕਰਦਾ।
ਜੇ ਚਾਹੇ ਤਾਂ ਇਨਸਾਨ ਦੋਸਤੀਆਂ,
ਵਿੱਚੋਂ ਹੀ “ਕੇਵਲ” ਇੱਕ ਰੂਹ ਦੇ,
ਸਾਥੀ ਦੀ ਭਾਲ਼ ਕਰ ਸਕਦਾ।  
03/10/2022


ਖਿਲਰਿਆ ਕੱਚ ਏ

ਕੇਵਲ ਸਿੰਘ ਜਗਪਾਲ
 
ਦੁਨੀਆਂ ‘ਚ ਝੂਠ ਵਥੇਰਾ ਏ,
ਬੱਸ ਥੋੜਾ ਜਿਹਾ ਸੱਚ ਏ।
 
ਝੂਠੇ ਨੂੰ ਜ਼ਰਾ ਝੂਠਾ ਕਹਿਕੇ,
ਤਾਂ ਵੇਖੋ ਉਹ ਜਾਂਦਾ ਮੱਚ ਏ।
 
ਦੁਨੀਆਂ ‘ਚ ਬੱਚਕੇ ਹੀ ਤੁਰੋ,
ਇੱਥੇ ਖਿਲਰਿਆ ਕੱਚ ਏ।
 
ਭੁੱਖੇ ਨੂੰ ਦੁਨੀਆਂ ਭੁੱਖੀ ਜਾਪੇ,
ਉਸ ਨੂੰ ਯਕੀਨੀ ਸੱਚ ਏ।
 
ਸਿਆਸੀ ਨੇਤਾ ਨੂੰ ਕੁਰਸੀ,
ਹੀ ਪਿਆਰੀ, ਕਦੀ ਉਹ,
ਬੋਲੇ ਨਾ ਸੱਚ ਏ।
 
ਅੰਨੇ ਨੂੰ ਵੀ ਯਕੀਨ ਨਹੀਂ,
ਏ ਉਸ ਲਈ ਤਾਂ “ਕੇਵਲ”,
ਹਨ੍ਹੇਰਾ ਹੀ ਸੱਚ ਏ।
26/09/2022


ਕਦਰ

ਕੇਵਲ ਸਿੰਘ ਜਗਪਾਲ
 
ਜੇਕਰ ਵਾਲ਼ ਖਿੱਲਰੇ ਹੋਣ ਤਾਂ,
ਲੋਕ ਕਹਿੰਦੇ ਹੁੰਦੇ ਸੀ ਕਿ ਇਹ,
ਅੱਲੜ ਮੁਟਿਆਰ ਤਾਂ ਕਮਲ਼ੀ,
ਹੋ ਗਈ ਏ।
ਅੱਜ ਕੱਲ੍ਹ ਵਾਲ਼ਾਂ ਨੂੰ ਖਿਲਾਰ,
ਕੇ ਜਾਂਦੀ ਤਾਂ ਲੋਕ ਕਹਿੰਦੇ ਕਿ,
ਉਹ ਮੁਟਿਆਰ ਫੈਸ਼ਨਾ ਵਾਲ਼ੀ,
ਹੋ ਗਈ ਏ।
 
ਮੁਟਿਆਰ ਦੇ ਸਿਰ ਦੇ ਖਿੱਲਰੇ,
ਹੋਏ ਵਾਲ਼ਾਂ ਦੀ ਕਦਰ ਤਾਂ ਹੁੰਦੀ,
ਏ।
ਪਰ ਪਈ ਕੰਘੀ ਦੇ ਵਿੱਚ ਫਸੇ,
ਵਾਲ਼ਾਂ ਦੀ ਕੋਈ ਕਦਰ ਨਹੀਂ ਏ।
 
ਕਦਰ ਝੂਠੇ ਸਿਆਸਤਦਾਨਾਂ,
ਦੀ ਹੁੰਦੀ ਪਰ ਸੱਚੇ ਦੀ ਕੋਈ,
ਕਦਰ ਨਹੀਂ ਏ।
 
ਇੱਕ ਆਮ ਪੱਥਰ ਤੋਂ ਤਰਾਸ਼ੇ,
ਬੁੱਤ ਦੀ ਤਾਂ ਕਦਰ ਏ।  
ਪਰ ਨਾਲ਼ੋਂ ਟੁੱਟੇ ਟੁਕੜਿਆਂ ਦੀ,
ਕੋਈ ਕਦਰ ਨਹੀਂ।
 
ਅੱਜ ਕੱਲ੍ਹ ਕਦਰ ਤਾਂ “ਕੇਵਲ”,
ਪੱਥਰ ਤੋਂ ਤਰਾਸ਼ੇ ਹੋਏ ਬੁੱਤ ਅਤੇ,
ਮੂਰਤੀ ਦੀ ਹੁੰਦੀ, ਕਦਰ ਵਿਰਧ,
ਮਾਪਿਆਂ ਦੀ ਜੋੜੀ ਦੀ ਨਹੀਂ ਏ।
18/09/2022


ਕਹਿ ਗਏ

ਕੇਵਲ ਸਿੰਘ ਜਗਪਾਲ
 
ਬੜੀਆਂ ਮੁੱਦਤਾਂ ਤੋਂ ਬਾਅਦ,
ਪਤਾ ਨ੍ਹੀਂ ਕਿਉਂ ਬਿਨ ਦੱਸਿਆਂ,
ਹੀ ਉਹ ਚੱਲਕੇ ਸਾਡੇ ਘਰੇ,
ਆ ਗਏ।
 
ਬੈਠਣ ਨੂੰ ਕਿਹਾ ਤਾਂ ਆ ਕੇ,
ਮੰਜਾ ਡਾਹ ਕੇ ਬਹਿ ਗਏ।
ਚਾਹ-ਪਾਣੀ ਪੀਣ ਅਤੇ ਕੁੱਝ,
ਖਾਣ ਨੂੰ ਪੁੱਛਿਆ ਤਾਂ ਜਵਾਬ,
ਦੇਣ ਤੋਂ ਵੀ ਕਤਰਾਅ ਗਏ।
 
ਕੁੱਝ ਬੋਲ ਗਏ ਅਤੇ ਕਈ,
ਕੁੱਝ ਕੁ ਨਾਲ਼ ਅੱਖਾਂ ਦੇ ਵੀ,
ਕਹਿ ਗਏ।
 
ਕੁੱਝ ਸੁਣ ਲਈਆਂ ‘ਤੇ ਕੁੱਝ,  
ਕਹੀਆਂ ਨੂੰ ਵੀ ਸਹਿ ਗਏ।
 
ਜਾਣ ਤੋਂ ਪਹਿਲਾਂ ਨਾ ਸਮਝੀ,
ਵਿੱਚ ਜੋ ਕੁੱਝ ਵੀ ਨਹੀਂ ਸੀ,
ਕਹਿਣਾ ਬਣਦਾ, ਗੁੱਸੇ ਵਿੱਚ,
ਆ ਕੇ, ਉਹ ਸੱਭ ਕੁੱਝ ਕਹਿ,
ਗਏ।
 
ਕੁਝ ਅਣਸੁਣੀਆਂ ਕਰ ਗਏ,
ਅਤੇ ਉਠਕੇ ਜਾਣ ਵੇਲ਼ੇ ਕੁੱਝ,
ਨਾਲ਼ ਵੀ ਲੈ ਗਏ।
 
ਦੋਵਾਂ ਦੇ ਰਿਸ਼ਤੇ ਮੁੜ ਬਣਦੇ,
ਬਣਦੇ ਢਹਿ ਢੇਰੀ ਹੋਕੇ ਇੱਕ,
ਮਲ਼ਬਾ ਬਣ ਕੇ ਰਹਿ ਗਏ।
 
 
ਅਸਲ ਵਿੱਚ ਤਾਕਤ ਸਿਰਫ,
ਤੋਲ ਕੇ ਬੋਲੇ ਗਏ ਸ਼ਬਦਾਂ ਦੇ,
ਨਾਲ਼ ਹੀ ਰੰਗ ਲਿਆਉਂਦੀ,
ਪਰ ਉੱਚੀ ਅਵਾਜ਼ ਨਾਲ਼ ਨੀਂ।
 
ਫ਼ਸਲ ਧੁੱਪ, ਖਾਦ, ਤੇ ਪਾਣੀ,
ਨਾਲ਼ ਹੀ ਪੈਦਾ ਹੋ ਕੇ ਪੱਕਦੀ,
“ਕੇਵਲ” ਕੱਲੇ ਸੋਕੇ ਜਾਂ ਫਿਰ,
ਹੜ੍ਹਾਂ ‘ਤੇ ਤੁਫਾਨਾਂ ਨਾਲ਼ ਨ੍ਹੀਂ।
11/09/2022


ਕੌਣ ਖੜ੍ਹਦਾ

ਕੇਵਲ ਸਿੰਘ ਜਗਪਾਲ

ਕਈ ਵਾਰ ਸੁੱਖ ਦੇ ਸਾਹ ਅਤੇ,
ਕਈ ਵਾਰ ਦੁੱਖ ਦਰਦ ਹੋਰ ਵੀ,
ਆਉਂਣਗੇ।
 
ਸਫ਼ਰ ਕਰੇਂਦਿਆਂ ਕਈ ਥਾਂਹੀ,
ਰਾਹ ਸਿੱਧੇ ‘ਤੇ ਕਈ ਵਾਰ ਟੇਢੇ,
ਮੇਢੇ ਮੋੜ ਵੀ ਆਉਂਣਗੇ।
 
ਕਈ ਵਾਰ ਦੁੱਖਾਂ ਨੂੰ ਮੋੜੇ ਪੈਕੇ,
ਸੁੱਖ ਝੜੀ ਵੀ ਲਾਉਂਣਗੇ।
 
ਜ਼ਿਦਗ਼ੀ ‘ਚ ਕਈ ਵਾਰ ਦੁੱਖਾਂ,
ਨੂੰ ਨਜਿਠਣ ਵਾਲ਼ੇ ਓੜ ਪੋੜ,
ਵੀ ਹੋਣਗੇ।
 
ਵੇਖੀਂ ਕਿਤੇ ਦੇਖਕੇ ਕਹਿਰ ਦੀ,
ਧੁੱਪ ਘਬਰਾਹ ਹੀ ਨਾ ਜਾਵੀਂ,
ਥੋੜ੍ਹੀ ਦੇਰ ਨੂੰ ਠੰਡੀ ਛਾਂ ਵਾਲੇ,
ਬੋਹੜ ਵੀ ਆਉਂਣਗੇ।
 
ਸਾਰੇ ਕਦੀ ਦਿਲ ਦੇ ਜਾਨੀ,
ਵੀ ਨਹੀਂ ਹੁੰਦੇ, ਦੋਸਤੀ ਕਰਨ,
ਨੂੰ ਕਈ ਹਜ਼ਾਰਾਂ ਦਿਲ ਤੋੜ,
ਵੀ ਆਉਂਣਗੇ।
 
ਕਈ ਤਾਂ ਔਖੇ ਵੇਲ਼ੇ ਤੁਹਾਡੇ.
ਨਾਲ਼ ਵੀ ਖੜਣਗੇ ਪਰ ਉਹ,
ਬਹੁਤੇ “ਕੇਵਲ” ਮਤਲਬੀ,
ਤੁਹਾਥੋਂ ਦੂਰ ਭੱਜਣਗੇ।
04/09/2022


ਕੌਣ ਕਰੂਗਾ

ਕੇਵਲ ਸਿੰਘ ਜਗਪਾਲ
 
ਇਸ ਦੁਨੀਆਂ ‘ਚ ਲੋਕਾਂ ਨੂੰ ਰੱਬ ਦਾ,
ਪਿਆਰ ਤੇ ਅਸੂਲ ਸਮਝਾਉਂਣ ਦੀ,
ਕੋਸ਼ਿਸ਼ ਕੌਣ ਕਰੂਗਾ?
 
ਜੇਕਰ ਸਾਰੇ ਹੀ ਰੱਬ ਦੇ ਬੰਦੇ ਨੇਕ,
ਹੋਵਣ ਤਾਂ ਇਸ ਦੁਨੀਆਂ ‘ਚ ਪਾਪ,
ਕੌਣ ਕਰੂਗਾ?
 
ਜੇਕਰ ਸਾਰੇ ਪੀਰ ਪਏ ਹੋਵਣ ਤਾਂ,
ਪੀਰ ਦੇ ਚੇਲੇ ਹੋਣ ਦਾ ਫ਼ਰਜ਼ ਪੂਰਾ,
ਕੌਣ ਕਰੂਗਾ?
 
ਜੇਕਰ ਦੁਨੀਆਂ ਦੇ ਲੋਕ ਵਹਿਮੀ ‘ਤੇ,
ਭਰਮੀ ਨਾ ਹੋਵਣ ਤਾਂ ਬਾਬਿਆਂ ਦੇ,
ਪੈਰ ਧੋ ਧੋਕੇ ਪਾਣੀ ਕੌਣ ਪੀਊਗਾ?
 
ਜੇਕਰ ਰੱਬ ਦਾ ਰੂਪ ਹੈ ਕੋਈ ਨਹੀਂ,
ਤਾਂ ਪੱਥਰ ਦੇ ਤਰਾਸ਼ੇ ਹੋਏ ਭਗਵਾਨ,
ਦੀ ਪੂਜਾ ਕੌਣ ਕਰੂਗਾ?
 
ਜੇਕਰ ਸਾਰੇ ਹੀ ਬੰਦੇ ਈਮਾਨ ਵਾਲ਼ੇ,
ਹੀ ਹੋਵਣ ਤਾਂ ਇੱਥੇ ਲੋਕਾਂ ਦੇ ਨਾਲ਼,
ਧੋਖਾ ਕੌਣ ਕਰੂਗਾ?
 
ਜੇਕਰ ਸਾਰੇ ਹੀ ਬੰਦੇ ਕੰਮ-ਚੋਰ ‘ਤੇ,
ਨਿਖੱਟੂ ਹੋਵਣ ਤਾਂ ਇੱਥੇ ਕੰਮ ਕੌਣ,
ਕਰੂਗਾ?
 
ਜੋਕਰ ਸਾਰੀ ਹੀ ਦੁਨੀਆਂ ਦੇ ਲੋਕ,
ਧਾਰਮਕ ਸਥਾਨਾਂ ਤੇ ਜਾਕੇ ਸਮਾਂ,
ਬਰਬਾਦ ਕਰਨ ਲੱਗ ਜਾਵਣ ਤਾਂ,
ਇਸ ਦੁਨੀਆਂ ਦਾ ਦਾਰੋ-ਮੁਦਾਰ,
ਕਿਵੇਂ ਚਲੂਗਾ?
 
ਮੇਰੇ ਦੋਸਤਾਂ ਨੂੰ ਵੀ ਤੂੰ ਰੱਖੀਂ ਜ਼ਿੰਦਾ,
ਨਹੀਂ ਤਾਂ ਤੇਰੇ ਚਰਨਾਂ ਵਿੱਚ ਹੱਥ,
ਜੋੜ੍ਹਕੇ, ਮੇਰੀ ਜ਼ਿੰਦਗ਼ੀ ਬਕਸ਼ਣ ਦੀ,
ਅਰਦਾਸ ਕੌਣ ਕਰੂਗਾ?
 
ਰੱਬਾ ਮੇਰੇ ਦੁਸ਼ਮਣਾਂ ਨੂੰ ਵੀ ਤੂੰ ਰੱਖੀਂ,
ਜ਼ਿੰਦਾ, ਨਹੀਂ ਤਾਂ ਮੇਰੀ ਰੱਬ ਦੇ ਕੋਲ਼,
ਜਾਂਣ ਦੀ ਹੱਥ ਜੋੜਕੇ ਅਰਦਾਸ ਕੌਣ,
ਕਰੂਗਾ?
 
 
 
ਅੱਜ ਕੱਲ੍ਹ ਤਾਂ ਬਗ਼ਾਨੇ ਦੁਸ਼ਮਣਾਂ ਦੀ,
ਗਿਣਤੀ ਹੈ ਕੋਈ ਨਹੀਂ ਜਦੋਂ ਆਪਣੇ,
ਹੀ ਵੱਡੇ ਦੁਸ਼ਮਣ ਬਣ ਜਾਂਦੇ।
 
ਦੁਸ਼ਮਣਾਂ ਦੇ ਦਿੱਤੇ ਹੋਏ ਜ਼ਖ਼ਮਾਂ ‘ਚੋਂ,
ਤਾਂ ਖ਼ੂਨ ਵਗਦਾ, ਖ਼ੂਨ ਨਹੀਂ ਵਗਦਾ,
ਜਦੋਂ “ਕੇਵਲ” ਤੁਹਾਡੇ ਆਪਣੇ ਹੀ,
ਜ਼ਖ਼ਮ ਦਿੰਦੇ।
29/08/2022


ਕੀ ਮੈਂ ਤੇਰਾ ਨਹੀਂ?

ਕੇਵਲ ਸਿੰਘ ਜਗਪਾਲ


ਐਵੀਂ ਟੀਕਿਆਂ ਨੂੰ ਨਾ ਸਾਂਭੀ,
ਜਾਅ, ਹੁਣ ਤਾਂ ਰਿਹਾ ਕੋਈ,
ਲਵੇਰਾ ਨਹੀਂ।
 
ਅਮੀਰ ਦੁੱਧ ਨਾਲ਼ ਧੋਂਦੇ ਘਰਾਂ, 
ਦੀਆਂ ਬਣੀਆਂ ਸੰਗਮਰਮਰ,
ਦੀਆਂ ਫਰਸ਼ਾਂ ਨੂੰ, ਇਹ ਕੋਈ,
ਸੋਚਣਾ ਮੇਰਾ ਨਹੀਂ।
 
ਕਈ ਰਹਿੰਦੇ ਵਿਚ ਹਨ੍ਹੇਰਿਆਂ,
ਦੇ, ਇਹ ਸੋਚ ਵਾਲ਼ਾ ਦਿਮਾਗ਼,
ਤਾਂ ਹੋ ਸੱਕਦਾ ਮੇਰਾ ਨਹੀਂ।
 
ਚੋਰ ਮੰਗਦੇ ਰਾਤਾਂ ਕਾਲ਼ੀਆਂ,
ਉਹ ਮੰਗਦੇ ਕਦੀ ਵੀ ਸਾਜਰਾ,
ਸਵੇਰਾ ਨਹੀਂ।
 
ਮੰਨ ਲਓ ਬੱਤੀ ਤੇਥੋਂ ਗ਼ਲਤੀ,
ਨਾਲ਼ ਹੀ ਬੁੱਝਾ ਹੋ ਗਈ ਸੀ,
ਕੀ ਇੰਝ ਕਰਨ ਨਾਲ਼ ਦਿੱਤਾ,
ਤੂੰ ਕਰ ਘੁੱਪ ਹਨ੍ਹੇਰਾ ਨਹੀਂ?
ਹੋਇਆ ਕੀ ਜੇਕਰ ਦੁੱਧ ਡੁੱਲ,
ਗਿਆ ਏ ਮੋਥੋਂ ਤੇਰੀ ਚੁੰਨੀ ਤੇ,
ਸਾਰਾ ਕਸੂਰ ਵੀ ਮੇਰਾ ਨਹੀਂ।
 
ਮੰਨਿਆ ਕਸੂਰ ਮੇਰਾ ਵੀ ਨਹੀਂ।
ਅਤੇ ਕਸੂਰ ਤੇਰਾ ਵੀ ਨਹੀਂ।
ਹੁਣ ਬਹਿਸਣ ਦੀ ਕੀ ਲੋੜ ਏ,
ਜੇ ਤੂੰ ਮੇਰੀ ਏਂ, ਕੀ ਮੈਂ ਤੇਰਾ ਨਹੀਂ?
 
ਬਹਿਸ ਇੰਝ ਕਰਦੇ ਹਾਂ ਕਿ,
ਕੀ ਅਸੀਂ ਦੋਨੋਂ ਰਹਿੰਦੇ ਵਿੱਚ,
ਇੱਕ ਡੇਰਾ ਨਹੀਂ?
ਕੀ ਇਹ ਘਰ ਸਿਰਫ ਤੇਰਾ,
ਹੀ ਏ, ਕੀ ਇਹ ਘਰ ਮੇਰਾ,
ਨਹੀਂ?
 
ਤੂੰ ਕਹਿੰਨੀ ਏ ਕਿ ਸੱਭ ਕੁੱਝ,
ਹੀ ਚਲਦਾ ਏ ਇਛਕ ਅਤੇ,
ਵਿੱਚ ਮੈਦਾਨ- ਏ- ਜੰਗ, ਕੀ,
ਇਹ ਸੱਚ ਕਿਹਾ ਤੇਰਾ ਨਹੀਂ?
ਤੂੰ ਵੀ ਦਰੁਸਤ ਏਂ ਸੱਭ ਕੁੱਝ,
ਹੀ ਜਾਇਜ਼ ਏ ਜੇਕਰ “ਕੇਵਲ”,
ਪਿਆਰ ਵਿੱਚ ਹੋਵੇ ਕੋਈ ਵੀ,
ਧੋਖਾ ਠੇਰਾ ਨਹੀਂ।
ਕੇਵਲ ਸਿੰਘ ਜਗਪਾਲ
22/08/2022


ਕੋਸ਼ਿਸ਼

ਕੇਵਲ ਸਿੰਘ ਜਗਪਾਲ

ਇਨਸਾਨ ਨੂੰ ਹਾਰ ਮੰਨਣੀ ਪੈਂਦੀ,
ਜਦੋਂ ਲੜ੍ਹਾਈ ਆਪਣਿਆਂ ਨਾਲ਼,
ਹੀ ਹੋ ਜਾਵੇ।
 
ਪਰ ਲੜ੍ਹਾਈ ਜਿੱਤਣੀ ਜ਼ਰੂਰੀ ਹੋ,
ਜਾਂਦੀ ਜਦੋਂ ਇਹ ਲੜ੍ਹਾਈ ਖ਼ੁੱਦ,
ਨਾਲ਼ ਕਿਉਂ ਨਾ ਹੋ ਜਾਵੇ।
 
ਹਾਰ ਅਤੇ ਜਿੱਤ ਦਾ ਪਹਿਲਾਂ ਨ੍ਹੀਂ,
ਪਤਾ ਲੱਗਦਾ ਜਦੋਂ ਇਹ ਲੜ੍ਹਾਈ,
ਬਗ਼ਾਨਿਆਂ ਨਾਲ਼ ਹੋ ਜਾਵੇ।
 
 
ਮੰਜ਼ਿਲ ਦਾ ਮਿਲਣਾ ਜਾਂ ਨਾ ਵੀ,
ਮਿਲਣਾ, ਇਹ ਤਾਂ ਇਨਸਾਨ ਦੇ,
ਨਸੀਬਾਂ ਦੀ ਬਾਤ ਏ।
ਜੇਕਰ ਇਨਸਾਨ ਕੋਸ਼ਿਸ਼ ਨਹੀਂ,
ਕਰਦਾ ਤਾਂ ਹੁੰਦੀ ਬਹੁਤ ਗ਼ਲਤ,
ਬਾਤ ਏ।
 
 
ਕਿਸੇ ਨੇ ਬਰਫ਼ ਨੂੰ ਪੁੱਛਿਆ:
ਤੂੰ ਐਂਨੀ ਠੰਡੀ ਕਿਉਂ ਏਂ?
ਬਰਫ਼ ਦਾ ਜਵਾਬ:
 
ਪਾਣੀ ਨੂੰ ਠੰਡ ਲੱਗੀ ਤਾਂ ਬਰਫ਼,
ਬਣੀ, ਢਲ਼ ਕੇ ਅਖ਼ੀਰ ਨੂੰ ਪਾਣੀ,
ਹੀ ਤਾਂ ਬਣ ਜਾਣਾਂ ਏਂ।
ਕੋਸ਼ਿਸ਼ ਕਰਨੀ ਆਂ ਕਿ ਬਰਫ਼,
ਹੀ ਰਵਾਂ ਪਰ ਮੇਰਾ ਜ਼ੋਰ ਨਹੀਂ,
ਪਿਆ ਚੱਲਦਾ ਏ।
 
ਗ਼ਰਮੀ ਮੇਰੀ ਨਾਲ਼ ਨਹੀਂ ਬਲਕਿ,
ਕਿਸੇ ਹੋਰ ਦੀ ਗ਼ਰਮੀ ਨਾਲ਼ ਹੀ,
ਢਲ਼ ਜਾਣਾਂ ਏਂ।
ਫਿਰ ਗ਼ਰਮੀ ਕਿਹੜੀ ਬਾਤ ਦੀ,
ਮੈਂ ਮੁੜ੍ਹ ਪਾਣੀ ਹੀ ਬਣ ਜਾਣਾਂ ਏਂ।
 
ਪਾਣੀ ‘ਚ ਲੋਕ ਮੌਜਾਂ ਪਏ ਮਾਨਣ,
ਬਰਫ਼ ਤੋਂ ਤਿਲਕਣ ਨਾਲ਼ ਤਾਂ ਖ਼ੂਬ,
ਸੱਟ ਲੱਗੇ।
ਉਹ ਗਾਲ਼ਾਂ ਕੱਢਣ ਜਿਹੜੇ ਪਏ,
ਤਿਲਕਣ ਪਰ ਗ਼ਰਮੀ ਦੇ ਮੌਸਮ,
ਵਿੱਚ ਸਾਰੇ ਕਰਦੇ ਸਿਫਤਾਂ ਜਦੇਂ,
ਉਹਨਾਂ ਨੂੰ ਪਿਆਸ ਲਗੇ।
 
ਕੋਸ਼ਿਸ਼ ਕਰਨ ਨਾਲ਼ ਵੀ ਤੁਹਾਨੂੰ,
ਕੁੱਝ ਨਹੀਂ ਮਿਲ਼ਦਾ ਤੱਦ ਤੁਹਾਡੀ,
ਕੋਈ ਗ਼ਲਤੀ ਨਹੀਂ ਹੁੰਦੀ।
ਜੇਕਰ ਤੁਸੀਂ ਕੋਸ਼ਿਸ਼ ਨਹੀਂ ਕਰਦੇ,
‘ਤੇ ਹਾਰ ਮੰਨ ਲੈਂਦੇਓ ਤਾਂ “ਕੇਵਲ”,
ਉਸ ਵਿੱਚ ਤੁਹਾਡੀ ਪੂਰੀ ਗ਼ਲਤੀ,
ਹੁੰਦੀ।
16/08/2022


ਕੋਈ ਨਾ

ਕੇਵਲ ਸਿੰਘ ਜਗਪਾਲ
 
ਸਿੱਖ ਦੀ ਦਸਤਾਰ ਨਾਲ਼ੋਂ ਸੋਹਣਾ,
ਹੋਰ ਤਾਜ ਕੋਈ ਨਾ।
 
ਰਬਾਬ ਨਾਲ਼ੋਂ ਵੱਧੀਆ ਤੇ ਸੋਹਣਾ,
ਹੋਰ ਸਾਜ਼ ਕੋਈ ਨਾ।
 
ਖਾਲਸੇ ਦੇ ਰਾਜ ਤੋਂ ਵੀ ਸੋਹਣਾ ਹੋਰ,
ਰਾਜ ਕੋਈ ਨਾ।
 
ਇੱਕ ਸੱਚੇ ਇਨਸਾਨ ਨਾਲ਼ ਕਦੀ ਵੀ,
ਹੁੰਦਾ ਨਰਾਜ਼ ਕੋਈ ਨਾ।
 
ਝੱਗੜ੍ਹੇ ਵੀ ਨਿੱਬੜ੍ਹ ਜਾਂਦੇ, ਜਦੋਂ ਦੋਹਾਂ,
ਧਿਰਾਂ ਵਿੱਚ ਰਹਿੰਦਾ ਇਤਰਾਜ਼ ਕੋਈ,
ਨਾ।
 
ਰਫੀ ‘ਤੇ ਲਤਾ ਨਾਲ਼ੋਂ ਪਿਆਰੀ ਕਿਸੇ,
ਹੋਰ ਗਾਇਕ ਦੀ ਅਵਾਜ਼ ਕੋਈ ਨਾ।
 
ਸੂਫੀ ਗਾਇਕਾਂ ਨਾਲੋਂ ਸੋਹਣਾ ਬਿਨ,
ਸਰਤਾਜ ਕੋਈ ਨਾ।
 
ਮੱਕਬਰਿਆਂ ਨਾਲ਼ੋਂ ਸੋਹਣਾ ਬਿਨ,
ਆਗਰੇ ਦਾ ਤਾਜ ਕੋਈ ਨਾ।
 
ਨਸ਼ੈਈ ਪੁੱਤਰਾਂ ਉੱਤੇ ਮਾਪਿਆਂ ਨੂੰ,
ਹੁੰਦਾ ਨਾਜ ਕੋਈ ਨਾ।
 
ਵਿਹਲੇ ਬੰਦੇ ਉਹ, ਜਿੰਨਾ ਦੇ ਕੋਲ਼,
ਹੁੰਦਾ ਕੰਮ ਕਾਜ ਕੋਈ ਨਾ।
 
ਸਹੁਰੇ ਨੂੰਹਾਂ ਨੂੰ ਤੰਗ ਕਰਦੇ ਜਦੋਂ,
ਮਾਪੇ ਦਿੰਦੇ ਮੰਗਿਆ ਦਾਜ ਕੋਈ,
ਨਾ।
 
ਝੂਠੇ ਇਨਸਾਨ ਦਾ ਦੁਨੀਆਂ ਵਿੱਚ,
ਕਰੇ ਇਤਬਾਰ ਕੋਈ ਨਾ।
 
ਭੈਣ ਭਰਾ ਦਾ ਰੱਖੜ੍ਹੀ ਤੋਂ ਵੱਧੀਆ,
ਹੋਰ ਤਿਓਹਾਰ ਕੋਈ ਨਾ।
 
ਧੀਆਂ ਧੀਆਣੀਆਂ ਦਾ ਤੀਆਂ ਨਾਲ਼ੋਂ,
ਵੱਧੀਆ ਹੋਰ ਤਿਓਹਾਰ ਕੋਈ ਨਾ।
 
ਧੀਆਂ ਨਾਲ਼ੋਂ ਵੱਧ ਮਾਪਿਆਂ ਨੂੰ ਕਰੇ,
ਹੋਰ ਪਿਆਰ ਕੋਈ ਨਾ।
 
ਪਿੰਡ ਵਿੱਚ “ਕੇਵਲ” ਸੰਨ੍ਹ ਉਦੋਂ ਹੀ,
ਲੱਗਦੀ, ਜਦੋਂ ਪਹਿਰਾ ਦੇਣ ਵਾਲ਼ਾ,
ਹੁੰਦਾ ਚੌਂਕੀਦਾਰ ਕੋਈ ਨਾ।
07/08/2022


ਕੋਈ ਖ਼ਾਸ

ਕੇਵਲ ਸਿੰਘ ਜਗਪਾਲ
 
ਤੁਹਾਡੇ ਲਈ ਐੱਥੇ ਕੋਈ ਖ਼ਾਸ,
ਗਾਣਾ, ਗ਼ਜ਼ਲ ਜਾਂ ਕਹਾਣੀ ਨ੍ਹੀਂ,
ਲੈਕੇ ਆਇਆ ਹਾਂ।
 
ਇਸ ਮਹਿਫਲ ਵਿੱਚ ਰਿਸ਼ਤੇ,
ਵਲੋਂ ਮੈਂ ਨਾ ਹੀ ਕਿਸੇ ਬੰਦੇ ਦਾ,
ਲੱਗਦਾ ਚਾਚਾ ਤੇ ਨਾ ਹੀ ਕਿਸੇ,
ਬੰਦੇ ਦਾ ਲੱਗਦਾ ਤਾਇਆ ਹਾਂ।
 
ਜਿਹੜੇ ਪਹਿਲਾਂ ਲਿੱਖ ਨਹੀਂ,
ਸੀ ਸੱਕਿਆ ਉਹ ਜਜ਼ਬਾਤ,
ਨਾਲ਼ ਲੈਕੇ ਆਇਆ ਹਾਂ।
 
ਮੈਂ ਤਾਂ ਕੇਵਲ ਐੱਥੇ ਇੱਕ ਨਵੀਂ,
ਗੱਲ-ਬਾਤ ਦੀ ਸਾਂਝ ਪਾਉਂਣ,
ਆਇਆ ਹਾਂ।
 
ਇਸੇ ਹੀ ਧਰਤੀ ਨੂੰ ਹਜ਼ਾਰ,
ਸਾਲ ਰੱਜ ਰੱਜਕੇ ਲੁਟਿਆ ਏ,
ਬਾਹਰਲੇ ਲੁਟੇਰੇ ਧਾੜਵੀਆਂ,
ਨੇ ਘੱਤ ਘੱਤ ਵਹੀਰਾਂ।
ਇਹਨਾਂ ਲੁਟੇਰੇ ਧਾੜਵੀਆਂ ਨੇ,
ਉਸ ਵੇਲ਼ੇ ਦੀਆਂ ਮਸੂਮ ਧੀਆਂ,
ਭੈਣਾਂ ਦੀਆਂ ਇਜ਼ਤਾਂ ਕੀਤੀਆਂ,
ਸਨ ਲੀਰੋ ਲੀਰਾਂ।
 
ਜਿਸ ਧਰਤੀ ਤੇ ਸੱਚੇ ਸੁਨੇਹੇ,
ਦਿੱਤੇ ਸਨ ਗੁਰੂਆਂ, ਭਗਤਾਂ,
ਅਤੇ ਫ਼ਕੀਰਾਂ।
ਉਸੇ ਧਰਤੀ ਤੇ ਹੁਣ ਗਈਆਂ,
ਨੇ ਪੈ ਧਰਮਾਂ ਦੀਆਂ ਲਕੀਰਾਂ।
 
ਕੌਣ ਸਮਝਾਏ ਹੁਣ ਵੱਖ ਵਖ,
ਧਰਮਾਂ ਦੇ ਅਖੌਤੀ ਠੇਕੇਦਾਰਾਂ।
 
ਜਿਹੜੇ ਵਾਰ ਕਰੀ ਜਾਂਦੇ ਨੇ,
ਵਰਤਕੇ ਤਿੱਖੇ ਖ਼ੂਨ ਲਿਬੜੇ,
ਹੋਏ ਮੀਡੀਏ ਦੇ ਹੱਥਿਆਰਾਂ।
 
ਜਿੱਥੇ ਝੂਠੇ ਸਬਜ਼ ਬਾਗ ਵੀ,
ਦਿਖਾਏ ਜਾਂਦੇ ਨੇ ਪੜ੍ਹ ਪੜ੍ਹਕੇ,
ਹੱਥਾਂ ਦੀਆਂ ਲਕੀਰਾਂ।
 
ਪਤਾ ਨਹੀਂ ਕੀ ਕੀ ਹੋਣਗੀਆਂ,
ਅੱਜ ਦੇ ਦੇਸ਼ ਵਾਸੀਆਂ ਦੀਆਂ,
‘ਤੇ ਆਉਣ ਵਾਲ਼ੀਆਂ ਪੀੜ੍ਹੀਆਂ,
ਦੀਆਂ ਤਕਦੀਰਾਂ।
 
ਜਦੋਂ ਆਲਾ ਅਫ਼ਸਰ ਭੇਜ,
ਦਿੰਦੇ ਨੇ ਗੁਰਦੁਆਰਿਆਂ ਨੂੰ,
ਲਿੱਖਤੀ ਸੁਨੇਹੇ ਕਿ ਸਪੀਕਰ,
ਤੇ ਕਰ ਦਿਓ ਠੇਕਿਆਂ ਦੇ,
ਦੁਬਾਰਾ ਖੁੱਲ ਜਾਣ ਦੀਆਂ,
ਤੱਕਰੀਰਾਂ।
 
ਲੋਕਾਂ ਨੂੰ “ਕੇਵਲ” ਹੁਣੇਂ ਹੀ,
ਸਮਝ ਲਗੀ ਏ ਅਤੇ ਪੁੱਛਦੇ,
ਨੇ ਕਿ ਕਿਉਂ ਸਾਡਾ ਸਮਾਜ,
ਹੋਈ ਜਾਂਦਾ ਏ ਲੀਰੋ ਲੀਰਾਂ?
30/07/2022


ਕੋਈ ਕੋਈ

ਕੇਵਲ ਸਿੰਘ ਜਗਪਾਲ
 
ਬੰਦਾ ਰੱਬ ਤੋਂ ਕਿਉਂ ਨਰਾਜ਼ ਹੁੰਦਾ,
ਜਦੋਂ ਉਹ ਭਲੀ ਤਰ੍ਹਾਂ ਨਾਲ਼ ਹੀ,
ਜਾਣਦਾ ਕਿ ਦੇਣ ਵਾਲ਼ਾ ਵੀ ਉਹੀ,
ਅਤੇ ਕੋਲ਼ੋਂ ਖੋਹਣ ਵਾਲ਼ਾ ਵੀ ਉਹੀ।
ਬੰਦਾ ਰੱਬ ਤੋਂ ਕਿਉਂ ਨਰਾਜ਼ ਹੁੰਦਾ,
ਜਦੋਂ ਜਾਣਦਾ ਕਿ ਖੋਹਣ ਵਾਲ਼ਾ ਵੀ,
ਉਹੀ ਅਤੇ ਕਿਸੇ ਹੋਰ ਕੋਲ਼ੋਂ ਖੋਹ,
ਕੇ ਦੇਣ ਵਾਲ਼ਾ ਵੀ ਉਹੀ।
 
ਸਿੱਖ ਧਰਮ ਨੇ ਔਰਤ ‘ਤੇ ਮਰਦ,
ਨੂੰ ਬਰਾਬਰ ਦਾ ਦਰਜ਼ਾ ਦਿੱਤਾ ਏ,
ਪਰ ਇਸ ਤੇ ਅਮਲ ਕਰਦਾ ਕੋਈ,
ਕੋਈ।
ਬਾਣੀ ਤਾਂ ਸਾਰੇ ਹੀ ਪੜ੍ਹਦੇ ਅਤੇ,
ਬੜੇ ਧਿਆਨ ਨਾਲ਼ ਸੁਣਦੇ ਪਰ,
ਉੱਸ ਉੱਤੇ ਸਿਰਫ ਅਮਲ ਕਰਦਾ,
ਕੋਈ ਕੋਈ।
 
ਭੇਸ ਬਦਲਕੇ ਸਿੱਖ ਤਾਂ ਬਹੁਤੇ,
ਹੀ ਬਣੀ ਫਿਰਦੇ ਪਰ ਸਿੱਖੀ ਨੂੰ,
ਚੰਗੀ ਤਰ੍ਹਾਂ ਨਾਲ਼ ਸਮਝਣ ਅਤੇ,
ਘੋਖਣ ਵਾਲ਼ਾ ਕੋਈ ਕੋਈ।
 
ਮਤਲਵੀ ਅਰਦਾਸ ਤਾਂ ਸਾਰੇ ਹੀ,
ਕਰਦੇ ਪਰ ਸਰਬੱਤ ਦੇ ਭਲੇ ਦੀ,
ਅਰਦਾਸ ਕਰਦਾ ਕੋਈ ਕੋਈ।
 
ਗੁਰਦੁਆਰਿਆਂ ‘ਚ ਅਖੌਤੀ ‘ਤੇ,
ਮਨਮਤੀਏ ਚੌਧਰੀ ਤਾਂ ਬਹੁਤੀ,
ਗਿਣਤੀ ਵਿੱਚ ਹੁੰਦੇ ਪਰ ਅਸਲੀ,
ਸੇਵਾਦਾਰ ਹੁੰਦਾ ਕੋਈ ਕੋਈ।
ਝੂਠ ਤਾਂ ਬੋਲੇ ਸਾਰੀ ਹੀ ਦੁਨੀਆਂ,
ਪਰ ਸੱਚ ਬੋਲਦਾ ਕੋਈ ਕੋਈ।
 
ਦੁਨੀਆਂ ਤੋਂ ਤਾਂ ਸਾਰੇ ਹੀ ਡਰਦੇ,
ਪਰ ਰੱਬ ਤੋਂ ਡਰਦਾ ਕੋਈ ਕੋਈ।
ਦੁਨੀਆਂ ਤਾਂ ਪਿਆਰ ਕਰਦੀ ਏ,
ਸੋਹਣੀਆਂ ਸ਼ਕਲਾਂ ਨੂੰ ਪਰ ਰੂਹਾਂ,
ਨੂੰ ਪਿਆਰ ਕਰਦਾ ਕੋਈ ਕੋਈ।
ਪੈਸੇ ਵਾਲ਼ੇ ਦੀਆਂ ਜੁੱਤੀਆਂ ਤੱਕ,
ਕਈ ਚੱਟਦੇ ਨੇ, ਗ਼ਰੀਬ ਦੀ ਤਾਂ,
ਸੁਣਦਾ ਕੋਈ ਕੋਈ।
 
ਦੁਨੀਆਂ ਦਾ ਡਰ ਤਾਂ ਦਿਲ ਵਿੱਚ,
ਸਾਰੇ ਹੀ ਰੱਖਦੇ ਪਰ ਦਿਲੋਂ ਹੱਸਦਾ,  
ਕੋਈ ਕੋਈ।
ਤਿਓ ਪਿਆਰ ਸਾਰੇ ਹੀ ਜਤਾਉਂਦੇ,
ਪਰ ਕਦਰ ਕਰਨ ਵਾਲ਼ਾ ਤਾਂ ਹੁੰਦਾ,
ਕੋਈ ਕੋਈ।
 
ਕਈ ਕੋਠੇ ਚਾਹੜਕੇ ਪੌੜ੍ਹੀ ਖਿੱਚ,
ਲੈਂਦੇ ਨੇ, ਕਿਸੇ ਹੋਰ ਦੀ ਚੜ੍ਹਤ ਨੂੰ,
ਜਰਦਾ ਕੋਈ ਕੋਈ।
 
ਮਿੱਤਰ ਤਾਂ ਸਾਰੇ ਬਣੀ ਫਿਰਦੇ,
ਪਰ ਅਸਲੀ ਮਿੱਤਰ ਹੁੰਦਾ ਕੋਈ,
ਕੋਈ।
ਦੁੱਖ ਵੇਲ਼ੇ ਫ਼ਰਜ਼ੀ ਮਿੱਤਰ ਹੁੰਦੇ,
ਤਿੱਤਰ ਪਰ “ਕੇਵਲ” ਤੁਹਾਡੇ,
ਨਾਲ਼ ਖਲੋਂਦਾ ਕੋਈ ਕੋਈ।
24/07/2022


ਜੇਕਰ ਧੀਆਂ ਪੈਦਾ ਹੀ ਨਾ ਹੁੰਦੀਆਂ

ਕੇਵਲ ਸਿੰਘ ਜਗਪਾਲ
 
ਜੇਕਰ ਇਸ ਦੁਨੀਆਂ ਵਿੱਚ ਧੀਆਂ,
ਪੈਦਾ ਹੀ ਨਾ ਹੁੰਦੀਆਂ।
ਐਨੇ ਰਿਸ਼ਤਿਆਂ ਦੀਆਂ ਬਣੀਆਂ,
ਕਦੀ ਲੜ੍ਹੀਆਂ ਨਾ ਹੁੰਦੀਆਂ।
 
ਪੰਜਾਬੀ ਵਿਰਸੇ ਦੇ ਤਿਓਹਾਰ,
ਰੱਖੜ੍ਹੀ ਅਤੇ ਤੀਆਂ ਨਾ ਹੁੰਦੀਆਂ।
ਭਰਾਵਾਂ ਦੇ ਗੁੱਟਾਂ ਤੇ ਤਿਓ ਅਤੇ,
ਪਿਆਰ ਨਾਲ਼ ਰੱਖੜ੍ਹੀਆਂ ਬਨਣ,
ਨੂੰ ਭੈਣਾਂ ਹੀ ਨਾ ਹੁੰਦੀਆਂ।
 
ਨਾ ਹੀ ਬੋਹੜਾਂ ਦੇ ਟਾਹਣਿਆਂ ਤੇ,
ਟੰਗੀਆਂ ਪੀਙਾਂ ਹੀ ਹੁੰਦੀਆਂ।
ਨਾ ਹੀ ਤੀਆਂ ਦੇ ਤਿਓਹਾਰਾਂ ਨੂੰ,
ਮਨਾਉਣ ਲਈ ਸਹੁਰਿਓਂ ਧੀਆਂ,
ਪੇਕੇ ਘਰ ਆਈਆਂ ਹੀ ਹੁੰਦੀਆਂ।
 
ਨਾ ਹੀ ਭਰਾਵਾਂ ਦੀਆਂ ਇੰਜੜ੍ਹੀਆਂ,
ਫੜਨ ਨੂੰ ਭੈਣਾਂ ਹੀ ਹੁੰਦੀਆਂ।
ਤੂੰ ਹੀ ਨਾ ਹੁੰਦਾ ਮੈਂ ਹੀ ਨਾ ਹੁੰਦਾ,
ਨਾ ਹੀ ਇਸ ਦੁਨੀਆਂ ਵਿੱਚ ਭਰਾ,
ਭੈਣਾਂ ਅਤੇ ਮਾਵਾਂ ਹੀ ਹੁੰਦੀਆਂ।
ਨਾ ਹੀ ਚਾਚੀਆਂ ਅਤੇ ਨਾ ਹੀ,
ਤਾਈਆਂ ਹੀ ਹੁੰਦੀਆਂ।
 
ਨਾ ਹੀ ਇਸ ਦੁਨੀਆਂ ‘ਚ ਭੂਆ,
ਮਾਸੀਆਂ ਮਾਮੀਆਂ ਨਾਨੀਆਂ ਹੀ,
ਹੁੰਦੀਆਂ।
ਅਤੇ ਨਾ ਹੀ ਇਸ ਦੁਨੀਆਂ ਵਿੱਚ,
ਬਾਤਾਂ ਸਣਾਉਣ ਨੂੰ ਦਾਦੀਆਂ ਹੀ,
ਹੁੰਦੀਆਂ।
 
ਨਾ ਹੀ ਵਿਆਹਕੇ ਲਿਆਉਣ ਦੇ,
ਲਈ ਨੂੰਹਾਂ ਹੀ ਹੁੰਦੀਆਂ।
 
ਸਾਰੇ ਪਿੰਡਾਂ ਅਤੇ ਸ਼ਹਿਰਾਂ ਦੀਆਂ,
ਗਲ਼ੀਆਂ ਸੁੰਨੀਆਂ ਹੀ ਹੁੰਦੀਆਂ।
ਜੇਕਰ ਇਸ ਦੁਨੀਆਂ ਵਿੱਚ ਧੀਆਂ,
ਪੈਦਾ ਹੀ ਨਾ ਹੁੰਦੀਆਂ।
 
ਵਿਆਹਾਂ ਦੀਆਂ ਸਾਰੀਆਂ ਰੱਸਮਾਂ,
ਕਦੋਂ ਦੀਆਂ ਮੁੱਕ ਗਈਆਂ ਹੁੰਦੀਆਂ।
ਨਾ ਹੀ ਗੁਰਦੁਆਰਿਆਂ ਵਿੱਚ ਕੋਈ,
ਲਾਵਾਂ ਹੀ ਹੁੰਦੀਆਂ।
 
ਨਾ ਹੀ ਇਸ ਦੁਨੀਆਂ ਤੇ ਪੈਦਾ ਬੱਚੇ,
ਹੀ ਹੁੰਦੇ ‘ਤੇ ਨਾ ਮਾਵਾਂ ਹੀ ਹੁੰਦੀਆਂ।
ਨਾ ਹੀ ਰੋਟੀਆਂ ਦਾਲ਼ਾਂ ਭਾਜੀਆਂ ਨੂੰ,
ਪਰੋਸਕੇ ਵਿੱਚ ਥਾਲ਼ਾਂ ਰੱਖੀਆਂ ਹੀ,
ਹੁੰਦੀਆਂ।
ਜੇਕਰ ਇਸ ਦੁਨੀਆਂ ਵਿੱਚ ਧੀਆਂ,
ਪੈਦਾ ਹੀ ਨਾ ਹੁੰਦੀਆਂ।
 
ਘਰਾਂ ‘ਚ ਝਾੜੂ ਪੋਚਾ ਕੌਣ ਪਿਆ,
ਲਾਉਂਦਾ, ਜੇਕਰ ਇਸ ਦੁਨੀਆਂ,
ਵਿੱਚ ਧੀਆ ਕਦੀ ਪੈਦਾ ਹੀ ਨਾ,
ਹੁੰਦੀਆਂ।
 
ਨਾ ਹੀ ਨੂੰਹਾਂ ਤੇ ਰੋਹਬ ਪਾਉਣ ਨੂੰ,
ਇੱਥੇ ਸੱਸਾਂ ਹੀ ਹੁੰਦੀਆਂ।
ਨਾ ਹੀ ਇੱਥੇ ਕੋਈ ਝੱਗੜ੍ਹੇ ਫ਼ਸਾਦ,
ਹੀ ਹੁੰਦੇ, ਅਤੇ ਨਾ ਹੀ ਨੂੰਹਾਂ ਅਤੇ,
ਸੱਸਾਂ ਦੀਆਂ ਝੱੜ੍ਹਪਾਂ ਹੀ ਹੁੰਦੀਆਂ।
 
ਇਹ ਦੁਨੀਆਂ ਕਦੋਂ ਦੀ ਮੁੱਕ ਗਈ,
ਹੁੰਦੀ ਜੇਕਰ “ਕੇਵਲ” ਧੀਆਂ ਕਦੀ,
ਪੈਦਾ ਹੀ ਨਾ ਹੁੰਦੀਆਂ। 
20/07/2022


ਸਮਾਂ ਮੁੜ ਨਹੀਂ ਆਉਣਾਂ

ਕੇਵਲ ਸਿੰਘ ਜਗਪਾਲ
 
ਪੜ੍ਹ ਪੜ੍ਹਕੇ ਕਤਾਬਾਂ ਤੂੰ ਘੋਟੇ ਲਾ ਲੈ।
ਪਾਸ ਹੋਣ ਦਾ ਕੋਈ ਤੂੰ ਹੀਲਾ ਕਰ ਲੈ।
ਡਿਗਰੀਆਂ ਦੇ ਤੂੰ ਭਾਵੇਂ ਢੇਰ ਲਗਾ ਲੈ।
ਕੰਮਾਂ ਦੀਆਂ ਤੂੰ ਦੋ ਸੌ ਅਰਜ਼ੀਆ ਦੇ ਲੈ।
ਭਾਵੇਂ ਅਰਜ਼ੀ ਚਪੜ੍ਹਾਸੀ ਦੀ ਤੂੰ ਦੇ ਲੈ।
 
ਬਿਨਾ ਸਿਫ਼ਾਰਸ਼ ਇੱਥੇ ਕੁੱਝ ਨਾ ਮਿਲ਼ਦੈ।
ਬਿਨਾ ਵੱਢੀ ਇੱਥੇ ਪੱਤਾ ਨਹੀਂਓਂ ਹਿਲ਼ਦੈ।
 
ਨੌਕਰੀ ਲੱਗਣ ਨਾਲ਼ ਤੂੰ ਫੱਸਦਾ ਜਾਵੀਂ।
ਕਮਾਉਂਣ ਦੀ ਦੌੜ੍ਹ ਵਿੱਚ ਨੱਸਦਾ ਜਾਵੀਂ।
ਰੀਸਾਂ ਕਰਨ ਦੇ ਵਿੱਚ ਤੂੰ ਫੱਸਦਾ ਜਾਵੀਂ।
ਜੋੜਕੇ ਪੈਸੇ ਤੂੰ ਇੱਕ ਮਕਾਨ ਬਣਵਾਵੀਂ।
ਵਿਆਹਕੇ ਘਰ ਇੱਕ ਵਹੁਟੀ ਲੈ ਆਵੀਂ।
ਦੋ ਚਾਰ ਬੱਚਿਆਂ ਦਾ ਪਿਓ ਬਣ ਜਾਵੀਂ।
ਰਿਸ਼ਤਿਆਂ ਦੀ ਤੂੰ ਆਉਣੀਂ ਜਾਣੀਂ ਪਾਵੀਂ।
ਜੋ ਕੁੱਝ ਕੀਤਾ ਬਿਲਕੁਲ ਨਾ ਪਛਤਾਵੀਂ।
 
ਪੈਸੇ ਦਾ ਤਾਂ ਲਾਲਚ ਕਦੀ ਨਹੀਂ ਮੁੱਕਣਾ।
ਪੈ ਜਾਣਾਂ ਕਈ ਵਾਰ ਗ਼ੈਰਾਂ ਮੁਹਰੇ ਝੁੱਕਣਾ।
ਪਾਪਾਂ ਲਈ ਬੀੜ ਅੱਗੇ ਮੱਥਾ ਵੀ ਟੇਕਣਾ।
 
ਅਸਲੀ ਧਰਮ ਦੇ ਤੂੰ ਮੈਨੇਂ ਭੁੱਲ ਜਾਵੇਂਗਾ।
ਦੌੜ੍ਹ ਦੌੜ੍ਹ ਤੂੰ ਧੁੱਧਲ਼ ਵਿੱਚ ਰੁਲ਼ ਜਾਵੇਂਗਾ।
 
ਮਸਲੇ ਤੇਰਿਆਂ ਹੋਰ ਵੀ ਵੱਧਦੇ ਜਾਣਾ।
ਸੌਂਣ ਦੇ ਸਮੇਂ ਨੇ ਹੋਰ ਵੀ ਘੱਟਦੇ ਜਾਣਾ।
ਜਵਾਨੀ ਗਈ ਤੇ ਬੁਢਾਪੇ ਨੇ ਆ ਜਾਣਾ।
ਦੰਦਾਂ ਤੋਂ ਵੀ ਤੂੰ ਹੁਣ ਸੱਖਣਾ ਹੋ ਜਾਣਾ।
ਸਰਮਾਏ ਨੇ ਤੇਰੇ ਨਾਲ਼ ਨਹੀਂਓਂ ਜਾਣਾ।
 
ਤੂੰ ਹੈ ਇੱਥੇ ਚਾਰ ਦਿਨਾਂ ਦਾ ਪਰਾਹੁਣਾ।
ਮਾਪੇ ਟੁਰ ਗਏ ਉਨ੍ਹਾਂ ਮੁੜ੍ਹ ਨਾ ਆਉਣਾ।
ਤੈਨੂੰ ਵੀ ਇੱਸ ਦੁਨੀਆਂ ਤੋਂ ਜਾਣਾ ਪੈਣਾ।
“ਕੇਵਲ” ਲੰਘੇ ਸਮੇਂ ਨੇ ਮੁੜ੍ਹ ਨ੍ਹੀਂ ਆਉਣਾ।
12/07/2022


ਵਿਚਾਰੀ ਗਾਂ

ਕੇਵਲ ਸਿੰਘ ਜਗਪਾਲ
 
ਕਸਾਈ ਰੀ ਨਾਲ਼ ਗਾਂ ਦਾ ਗਲ਼ਾ,
ਕੱਟਣ ਹੀ ਲੱਗਾ ਸੀ, ਗਾਂ ਗਿੜ੍ਹ,
ਗਿੜ੍ਹਾਕੇ ਹੱਸੀ।
ਵੇਚਣ ਵਾਲ਼ੇ ਨੇ ਗਾਂ ਨੂੰ ਪੁੱਛਿਆ?
ਕਸਾਈ ਤਾਂ ਤੈਂਨੂੰ ਕੱਟਣ ਲੱਗਾ ਏ,
ਤੂੰ ਮੇਰੇ ਉਤੇ ਹੱਸਦੀ ਏ ਕਿਉਂ?
 
ਗਾਂ ਕਹਿੰਦੀ ਸਾਰੀ ਉਮਰ ਤਾਂ ਮੈਂ,
ਘਾਹ ਚਰਿਆ ਤਾਂ ਫਿਰ ਵੀ ਮੇਰੀ,
ਮੌਤ ਐਨੀ ਦਰਦਨਾਕ ਕਿਉਂ?
ਮੈਂ ਕੋਈ ਪਾਪ ਵੀ ਨਹੀਂ ਕੀਤਾ ਮੈਂਨੂੰ,
ਐਨੀ ਭੈੜ੍ਹੀ ਸਜ਼ਾ ਦਿੰਦਾ ਏ ਕਿਉਂ?
 
ਐ ਇਨਸਾਨ ਦੀ ਔਲਾਦ ਤੂੰ ਮੈਂਨੂੰ,
ਮੇਰੇ ਆਪਣੇ ਪਰਿਵਾਰ ਤੋਂ ਦੂਰ,
ਲਿਆ ਕੇ ਵੇਚਿਆ ਈ ਕਿਉਂ?
 
ਤੂੰ ਮੈਂਨੂੰ ਵੇਚ ਵੱਟ ਕੇ ਕਸਾਈ ਦੀ,
ਤਿੱਖੀ ਛੁਰੀ ਦੇ ਵੱਸ ਪਾਇਆ।
ਮੈਂ ਆਪਣੇ ਵੱਛੇ ਨੂੰ ਦੁੱਧੋਂ ਲਾਹ ਕੇ,
ਘਾਹ ਚਰਨ ਲਾਇਆ।
ਉਹ ਦੁੱਧ ਤੈਂਨੂੰ ਤੇ ਤੇਰੇ ਸਾਰੇ ਹੀ,
ਟੱਬਰ ਨੂੰ ਪਿਲ਼ਾਇਆ।
ਤੂੰ ਹੁਣ ਮੈਂਨੂੰ ਵੇਚਦਾ ਪਿਆਂ ਏਂ,
ਤੈਂਨੂੰ ਮੇਰਾ ਦੁੱਧ ਪੀ ਪੀਕੇ ਹਜੇ,
ਰੱਜ ਨਹੀਂ ਆਇਆ।
 
ਰੁੱਖਾ ਸੁੱਕਾ ਚਰਦੀ ਹੁੰਦੀ ਸਾਂ ਤੇ,
ਨਾਲ਼ ਹੀ ਪਾਣੀ ਪੀ ਲੈਂਦੀ ਸਾਂ,
ਪਰ ਕਿਸੇ ਨੂੰ ਬਿਲਕੁਲ ਨਹੀਂ,
ਸੀ ਸਤਾਇਆ।
ਕੀਲਾ ਗੱਡਕੇ ਇੱਕ ਨੁਕਰ ‘ਚ,
ਬੰਨ ਦਿੰਦੇ ਸੀ ਅਤੇ ਕਦੀ ਕਦੀ,
ਤੁਸੀਂ ਮੈਂਨੂੰ ਚਾਰਾ ਵੀ ਪਾਇਆ।
 
ਕਈ ਵਾਰ ਤੁਸੀਂ ਮੈਂਨੂੰ ਧੁੱਪਿਓਂ ਛਾਂ,
‘ਚ ਲਜਾਣੋਂ ਸੀ ਭੁੱਲ ਜਾਂਦੇ ਅਤੇ,
ਕਈ ਵਾਰ ਮੈਂਨੂੰ ਧੁੱਪ ਦਾ ਰਾੜ੍ਹਾ,
ਵੀ ਲਵਾਇਆ।
ਮੈਂ ਚੁੱਪ ਹੀ ਰਹੀ ਅਤੇ ਨਾ ਹੀ,
ਕੋਈ ਰੌਲ਼ਾ ਪਾਇਆ।
 
ਜਦੋਂ ਦੁੱਧੋਂ ਹੱਟ ਜਾਂਦੀ ਸੀ ਤਾਂ,
ਕਈ ਵੱਛਿਆਂ ਨੇ ਵੱਡੇ ਹੋ ਕੇ,
ਤੇਰੇ ਨਾਲ਼ ਹਲ਼ਾਂ ਦਾ ਜੋਤਾ ਵੀ,
ਲਾਇਆ।
ਫਸਲ ਖੂਬ ਸੀ ਹੋਇਆ ਕਰਦੀ,
ਤੂੰ ਖੂਬ ਕਮਾਈ ਕੀਤੀ ਨਾਲ਼ੇ ਸਾਰੇ,
ਟੱਬਰ ਨੂੰ ਅੰਨ ਨਾਲ਼ ਰਜਾਇਆ।
 
ਮੇਰਾ ਕੀਤਾ ਹੋਇਆ ਗੋਹਾ ਸਾਰੇ,
ਤੁਹਾਡੇ ਟੱਬਰ ਅਤੇ ਭਾਰਤ ਦੇ,
ਲੋਕਾਂ ਦੇ ਬੜ੍ਹਾ ਹੀ ਕੰਮ ਆਇਆ।
ਮੇਰਾ ਤੇ ਮੇਰੇ ਪਰਿਵਾਰ ਦਾ ਗੋਹਾ,
ਕੰਧਾਂ ਕੋਠਿਆਂ ਨੂੰ ਲਿੱਪਣ ਦੇ ਖੂਬ,
ਕੰਮ ਆਇਆ।
ਗੋਹੇ ਨਾਲ਼ ਲਿੱਪ ਲਿੱਪਕੇ ਘਰ ਦੀ,
ਸੁਆਣੀ ਨੇ ਆਪਣੇ ਚੁੱਲੇ ਚੌਂਕੇ ਨੂੰ,
ਵੀ ਖੂਬ ਸਜਾਇਆ।
 
ਗੋਹੇ ਦੀਆਂ ਪਾਥੀਆਂ ਪੱਥ ਪੱਥਕੇ,
ਧੁੱਪ ‘ਚ ਸੁਕਾ ਕੇ ਤੇਰੇ ਬਾਲਣ ਦੇ,
ਵੀ ਕੰਮ ਆਇਆ।
ਜਿੱਸ ਨਾਲ਼ ਤੂੰ ਸਿਆਲ਼ਾਂ ਵਿੱਚ ਹੱਥ,
ਵੀ ਸੇਕੇ ਤੇ ਸਾਰੇ ਟੱਬਰ ਦਾ ਗਰਮਾਂ,
ਗਰਮ ਖਾਣਾ ਵੀ ਪਕਾਇਆ।
 
ਗੋਹੇ ਨੂੰ ਸੁੱਕ ਨਾਲ਼ ਰਲ਼ਾਕੇ ਢੇਰ,
ਦੀ ਛੱਕਲ ‘ਚ ਤੂੰ ਆਪਣੇ ਖੇਤਾਂ,
‘ਚ ਵੀ ਪਾਇਆ।
ਜਿੱਸ ਨਾਲ਼ ਫਸਲ ਕਹਿਰ ਦੀ ਸੀ,
ਹੁੰਦੀ, ਤੂੰ ਫਸਲ ਨੂੰ ਵੇਚ ਵੱਟ ਕੇ,
ਧੰਨ ਵੀ ਕਮਾਇਆ।
ਹੁਣ ਕਿਉਂ ਕਸਾਈ ਨੂੰ ਵੇਚ ਕੇ,
ਤੂੰ ਮੁੱਲ ਵਟ ਰਿਹਾਂ ਏਂ ਜ਼ਰਾ ਦੱਸ,
“ਕੇਵਲ” ਕੀ ਕੀ ਨਹੀਂ ਮੈਂ ਤੇਰਾ,
ਸੁਆਰਿਆ ਅਤੇ ਕੀ ਕੀ ਨਹੀਂ,
ਤੇਰਾ ਬਣਾਇਆ?
02/07/2022



ਸਦਾ ਨਾਲ਼ ਸੱਜਣ ਦੇ ਰਹੀਏ

ਕੇਵਲ ਸਿੰਘ ਜਗਪਾਲ 
 
ਰਹੀਏ ਸਦਾ ਹੀ ਰਹੀਏ ਘੁਲ਼,
ਮਿਲ਼ ਸੱਜਣ ਦੇ ਨਾਲ਼ ਰਹੀਏ।
 
ਕਦੀ ਕਦੀ ਤਕਰਾਰ ਵੀ ਹੋਵਣ,
ਤਕਰਾਰਾਂ ਨੂੰ ਵੀ ਸਹਿਣਾ ਸਿੱਖ,
ਲਈਏ।
 
ਹੁੰਦੇ ਵੀ ਰਹਿਣਗੇ ਬੋਲ-ਕਬੋਲ,
ਤਾਹਨੇ ਅਤੇ ਮਿਹਣੇ ਸੱਤੋ ਦਿਨ,
ਫਿਰ ਵੀ ਰਲ਼ ਮਿਲ਼ ਸਹੀਏ।
 
ਪਰ ਇੱਕ ਦੂਜੇ ਨੂੰ ਮੰਦੇ ਬੋਲਣ,
ਤੋਂ ਪਹਿਲਾਂ ਬੈਠਕੇ ਸੱਭ ਸੁਲ਼ਝ੍ਹਾ,
ਲਈਏ।
 
ਰੁੱਖੀ-ਸੁੱਕੀ ਜੋ ਵੀ ਮਿਲ਼ ਜਾਵੇ,
ਇਨਕਾਰ ਕਦੀ ਨਾ ਕਰੀਏ।
 
ਬਹੁਤੇ ਸਵਾਲ ਕਰਨ ਨਾਲ਼ੋਂ,
ਪਹਿਲਾਂ ਸਾਰਾ ਸੁਣ ਲਈਏ।
 
ਜੋ ਵੀ ਕਿਹਾ ਉਹ ਮੰਨ ਲਈਏ,
ਸਦਾ ਨਾਲ਼ ਸੱਜਣ ਦੇ ਰਹੀਏ।
 
ਦੁੱਖਾਂ ਸੁੱਖਾਂ ਦਾ ਆਉਂਣਾ ਜਾਣਾਂ,
ਸੱਜਣ ਦਾ ਸਾਥ ਨਾ ਛੱਡੀਏ।
 
ਸਾਥੀ ਨੂੰ ਸੁਣੀਏ ਅਤੇ ਕਦੀ,
ਵੀ ਗੱਲ ਨਾ ਵਿੱਚੋਂ ਕੱਟੀਏ।
 
ਵਿਹੜ੍ਹੇ ਲੱਗੇ ਇੱਕ ਰੁੱਖ ਦੀ,
ਸੰਘਣੀ ਛਾਵੇਂ ਜਾਕੇ ਬਹੀਏ।
 
ਹੋਰ ਕੋਈ ਨਹੀਂ ਏ ਟਿਕਾਣਾਂ,
ਸਦਾ ਨਾਲ਼ ਸੱਜਣ ਦੇ ਰਹੀਏ।
 
ਭਾਵੇਂ ਸਿਰ ਵੱਖ ਹੋ ਜਾਏ ਧੜ,
ਤੋਂ ਦਿਲ ‘ਚ ਸੱਜਣ ਦੇ ਰਹੀਏ।
 
ਬਹੁਤੀ ਚੁਪ ਚੰਗੀ ਨਹੀਂ ਹੁੰਦੀ,
ਇੱਕ ਦੂਜੇ ਨਾਲ਼ ਬੋਲਦੇ ਰਹੀਏ।
 
“ਕੇਵਲ” ਸੱਜਣਾਂ ਨਾਲ਼ ਹੀ ਤਾਂ,
ਪਏ ਮੇਲੇ ਫੱਬਣ ਬਿਨ ਸੱਜਣ,
ਨਾ ਕਦੀ ਰਹੀਏ।
27/06/2022


ਸੱਚੀਆਂ ਸੱਚੀਆਂ

ਕੇਵਲ ਸਿੰਘ ਜਗਪਾਲ
 
ਜ਼ਿੰਦਗ਼ੀ ਸੱਚ ਦੀ ਜਿਨ੍ਹਾਂ ਨੇ,
ਨਿਭਾਉਣੀਂ ਹੁੰਦੀ, ਉਹ ਖੁਦ,
ਨਿਭਾ ਹੀ ਲੈਂਦੇ ਨੇ।
 
ਤੋੜਨੀ ਜਿਹਨਾਂ ਨੇ ਹੁੰਦੀ ਉਹ,
ਮੂਰਖ਼ ਬੰਦੇ ਤੋੜ ਹੀ ਲੈਂਦੇ ਨੇ।
 
ਜੋੜਣੀ ਜਿਨ੍ਹਾਂ ਨੇ ਹੁੰਦੀ ਉਹ,
ਸਿਆਣੇਂ ਬੰਦੇ ਟੁੱਟਦੀ ਨੂੰ ਗੰਡ,
ਤੁੱਪ ਕਰਕੇ ਜੋੜ ਹੀ ਲੈਂਦੇ ਨੇ।
 
ਦਸਤਾਰ ਜਿਨ੍ਹਾਂ ਨੇ ਸਿਰ ਤੋਂ,
ਲਹਾਉਣੀ ਹੁੰਦੀ ਉਹ ਸੌਖੀ,
ਤਰ੍ਹਾਂ ਗਲ਼ ਵਿੱਚ ਪੁਆ ਹੀ,
ਲੈਂਦੇ ਨੇ।
 
ਇਜ਼ਤ ਜਿਨ੍ਹਾਂ ਨੇ ਕਰਵਾਉਣੀ,
ਹੁੰਦੀ ਸਿਆਣਪ ਨਾਲ਼ ਕਰਵਾ,
ਹੀ ਲੈਂਦੇ ਨੇ।
 
ਜਿਨ੍ਹਾਂ ਨੇ ਕਿਸੇ ਦੀ ਚੁਗ਼ਲੀ,
ਸੁਨਾਉਣੀ ਹੁੰਦੀ ਉਹ ਕਈ,
ਤਰੀਕੇ ਵਰਤਕੇ ਅਤੇ ਮਸਾਲੇ,
ਲਾਕੇ, ਚੁਗ਼ਲੀ ਸੁਣਾਂ ਹੀ ਲੈਂਦੇ,
ਨੇ।
 
ਜਿਨ੍ਹਾਂ ਨੂੰ ਬੁਰਕੀ ਉਛਾਲ਼ਕੇ,
ਪਾਉਣੀ ਆਉਂਦੀ ਉਹ ਖ਼ੁਦ,
ਚਮਚਿਆਂ ਨੂੰ ਭੇਡਾਂ ਸੱਮਝਕੇ,
ਮਗਰ ਲਾ ਹੀ ਲੈਂਦੇ ਨੇ।
 
ਜਿਨ੍ਹਾਂ ਨੇ ਖ਼ੁਦ ਬੀਜੀ ਹੁੰਦੀ,
ਹਾੜੀ ‘ਤੇ ਸਾਉਣੀ ਹੁੰਦੀ ਉਹ,
ਪੱਕਣ ਤੇ ਕਟਵਾ ਵੀ ਲੈਂਦੇ ਨੇ।
 
ਜਿਨ੍ਹਾਂ ਨੂੰ ਭੁੱਖ ਕੇਵਲ ਚੌਧਰ,
ਗੁਰਦੁਆਰਿਆਂ ਦੀ ਹੀ ਹੁੰਦੀ,
ਉਹ ਕਿਸੇ ਨਾ ਕਿਸੇ ਦੇ ਕਹੇ,
ਕਹਾਏ ਮੁੱਨੀ ਹੋਈਆਂ ਮੁਛਾਂ,
ਅਤੇ ਦਾਹੜੀ ਵਧਾ ਵੀ ਲੈਂਦੇ,
ਨੇ।
 
ਜਿਨ੍ਹਾਂ ਨੇ “ਕੇਵਲ” ਕਿਸੇ,
ਤੀਸਰੇ ਨੂੰ ਚੁੱਭਦੀ ਲੂਤੀ ਹੀ,
ਲਾਉਣੀ ਹੁੰਦੀ ਉਹ ਕਦੀ ਵੀ,
ਹੱਟਾਇਆਂ ਨ੍ਹੀਂ ਹੱਟਦੇ ਲੂਤੀ,
ਲਾ ਹੀ ਦਿੰਦੇ ਨੇ।
19/06/2022


ਸੱਚੀ ਸੋਚ ਵਿਚਾਰ

ਕੇਵਲ ਸਿੰਘ ਜਗਪਾਲ
 
ਹੋਰ ਧਰਮਾਂ ਦੇ ਉਲਟ, ਧਰਮ,
ਦੇ ਪਸਾਰ ਲਈ ਨਾ ਹੀ ਬਾਬੇ                                                                    
ਨਾਨਕ ਨੇ ਰੱਖੀ ਕੋਈ ਫੌਜ ‘ਤੇ,
ਨਾ ਹੀ ਵਰਤੇ ਮਾਰੂ ਹਥਿਆਰ।
 
ਹੋਰ ਧਰਮਾਂ ਦੇ ਉਲਟ, ਧਰਮ,
ਦੇ ਪਸਾਰ ਲਈ ਬਾਬੇ ਨਾਨਕ,
ਨੇ ਨਹੀਂ ਚੁੱਕੀ ਤਲਵਾਰ ਉਨ੍ਹਾਂ,
ਨੇ ਕੇਵਲ ਵਰਤੀ ਕਲਮ ਦੀ,
ਧਾਰ।
 
ਹੋਰ ਧਰਮਾਂ ਦੇ ਉਲਟ, ਧਰਮ,
ਦੇ ਪਸਾਰ ਲਈ ਨਾ ਹੀ ਬਾਬੇ,
ਨਾਨਕ ਨੇ ਕਿਸੇ ਕਬੀਲੇ ਦਾ,
ਖ਼ੂਨ ਹੀ ਬਹਾਇਆ ‘ਤੇ ਨਾ,
ਹੀ ਕੀਤੀ ਕੋਈ ਮਾਰਾ ਮਾਰ।
 
ਹੋਰ ਧਰਮਾਂ ਦੇ ਉਲਟ, ਧਰਮ,
ਦੇ ਪਸਾਰ ਲਈ ਬਾਬੇ ਨਾਨਕ,
ਨੇ ਨਾ ਹੀ ਕੋਈ ਦੇਸ਼ ਅਤੇ ਨਾ,
ਹੀ ਕੋਈ ਇਲਾਕਾ ਜਿੱਤਿਆ,
ਨਾ ਹੀ ਕੀਤੀ ਲੁੱਟ ਮਾਰ।
 
ਬਾਬੇ ਨਾਨਕ ਨੇ ਉੱਸ ਵੇਲ਼ੇ ਦੇ,
ਧਾੜ੍ਹਵੀਆਂ, ਮੁਲਾਣਿਆਂ ਅਤੇ,
ਮਨੂੰਵਾਦੀਆਂ ਨੂੰ ਵੀ ਬਕਸ਼ਿਆ,
ਨਹੀਂ ਅਤੇ ਉਨ੍ਹਾਂ ਉੱਤੇ ਕੀਤੇ,
ਕਈ ਤਿੱਖੀ ਕਲਮ ਦੇ ਵਾਰ।
 
ਉੱਸ ਵੇਲ਼ੇ ਦੇ ਗ਼ਰਕੀ ਜਾ ਰਹੇ,
ਸਮਾਜ ਮੁਹਰੇ ਕੋਝੀ ਸੋਚਣੀ,
ਨੂੰ ਬਦਲਣ ਦੇ ਲਈ ਰੱਖੇ ਕੁੱਝ,
ਨਵੇਂ ਅਤੇ ਸੱਚੇ ਸੋਚ ਵਿਚਾਰ।
 
ਬਾਬੇ ਨਾਨਕ ਨੇ ਦਲੀਲਾਂ ਦੇ,
ਕੇ ਸਮਾਜ ‘ਚੋਂ ਵਹਿਮਾਂ ਭਰਮਾਂ,
ਨੂੰ ਕੱਢਣ ਦੀ ਕੋਸ਼ਿਸ਼ ਕੀਤੀ,
ਕਈ ਵਾਰ।
 
ਬਾਬੇ ਨਾਨਕ ਨੇ ਦਲੀਲਾਂ ਦੇ,
ਕੇ ਸਮਾਜ ਨੂੰ ਬਕਸ਼ਿਆ ਸੀ,
ਔਰਤਾਂ ‘ਤੇ ਉੱਸ ਸਮੇਂ ਦੀਆਂ,
ਸਾਰੀਆਂ ਨੀਵੀਆਂ ਜਾਤੀਆਂ,
ਨੂੰ ਬਰਾਬਰ ਦਾ ਸਤਕਾਰ।
ਇਤਹਾਸ ਗਵਾਹ ਏ ਅੱਜ ਤੱਕ,
ਕਿਸੇ ਵੀ ਧਰਮ ਦੇ ਮੋਹਰੀ ਦੇ,
ਮਰਨ ਤੱਕ ਧਰਮ ਦੀ ਗੱਦੀ,
ਨਹੀਂ ਸੀ ਛੱਡੀ, ਕੇਵਲ ਬਾਬੇ,
ਨਾਨਕ ਨੇ ਮੌਤ ਹੋਣ ਤੋਂ 18,
ਸਾਲ ਪਹਿਲਾਂ ਗੁਰ ਗੱਦੀ ਨੂੰ,
ਤਿਆਗਕੇ ਖ਼ੁਦ ਬਣੇਂ ਜ਼ਮੀਨ,
ਦੇ ਹਲ਼ ਵਾਹਕ ਕਾਸ਼ਤਕਾਰ।
 
ਕਈ ਧਾਰਮਿਕ ਸਥਾਨਾਂ ਤੇ,
ਉਨ੍ਹਾਂ ਹੀ ਵਹਿਮਾਂ ਭਰਮਾਂ ਦਾ,
ਹਜੇ ਵੀ “ਕੇਵਲ” ਬੜ੍ਹਾ ਹੀ,
ਹੋ ਰਿਹਾ ਏ ਕੂੜ੍ਹ ਪ੍ਰਚਾਰ।
13/06/2022
 


ਇਨਸਾਨ ਭਾਲ਼ੇ ਭਗਵਾਨ

ਕੇਵਲ ਸਿੰਘ ਜਗਪਾਲ
 
ਪਤਾ ਨਹੀਂ ਕਿਉਂ ਕਈ ਕਮਲ਼ਿਆਂ,
ਵਾਂਙ ਭਾਲ਼ਦੇ ਫਿਰਦੇ ਉਸ ਗੁਆਚੇ,
ਹੋਏ ਭਗਵਾਨ ਨੂੰ ਜਿਹੜਾ ਕਦੀ ਵੀ
ਕਿਸੇ ਇਨਸਾਨ ਨੂੰ ਦਰਸ਼ਨ ਨਹੀਂ,
ਦਿੰਦਾ।
 
ਪਰ ਕਈ ਕਹਿੰਦੇ ਸੁਣੇਂ ਕੀ ਔਖੇ ਵੇਲ਼ੇ,
ਭਗਵਾਨ ਨਹੀਂ ਕੇਵਲ ਇਨਸਾਨ ਹੀ,
ਇਨਸਾਨ ਦੇ ਕੰਮ ਆਉਂਦਾ।
 
ਪਰ ਦੇਖਣ ਵਿੱਚ ਆਇਆ ਕਿ ਕਈ,
ਵਾਰ ਤਾਂ ਔਖੇ ਵੇਲ਼ੇ ਇਨਸਾਨ ਹੀ,
ਇਨਸਾਨ ਦਾ ਦੁਸ਼ਮਣ ਬਣ ਜਾਂਦਾ।
 
ਪਤਾ ਨਹੀਂ ਲੋਕ ਕਿਉਂ ਭਾਲ਼ਦੇ ਪਏ,
ਫਿਰਦੇ ਨੇ ਬਹੁ-ਨਾਵਾਂ ਵਾਲ਼ੇ ਭਗਵਾਨ,
ਨੂੰ ਜਿਹੜਾ ਕਦੀ ਵੀ ਕਿਸੇ ਦੇ ਕਦੀ,
ਕੰਮ ਨਹੀਂ ਆਉਂਦਾ।
 
ਦੁਨੀਆਂ ‘ਚ ਬਹੁਤੇ ਇਨਸਾਨ ਵੇਖੇ,
ਜਿਹਨਾਂ ਦੇ ਸਰੀਰ ਉੱਤੇ ਪਾਇਆ,
ਕੋਈ ਲਿਬਾਸ ਨਹੀਂ ਹੁੰਦਾ।
 
ਦੁਨੀਆਂ ਵਿੱਚ ਕਈ ਤਰ੍ਹਾਂ ਦੇ ਰੰਗ,
ਬਰੰਗੇ ਲਿਬਾਸ ਵੀ ਵੇਖੇ ਜਿਨ੍ਹਾਂ ‘ਚ,
ਥੋੜਾ ਜਿਹਾ ਵੀ ਇਨਸਾਨੀਅਤ ਦਾ,
ਕੋਈ ਨਿਸ਼ਾਨ ਹੀ ਨਹੀਂ ਹੁੰਦਾ।
 
ਐਥੇ ਸਾਰੇ ਆਪੋ ਆਪਣੀ ਹੀ ਮਾਰੀ,
ਜਾਂਦੇ, ਕੋਈ ਇੱਕ ਦੂਜੇ ਦੇ ਅੰਦਰਲੇ,
ਹਾਲਾਤਾਂ ਤੋਂ ਜਾਣੂ ਹੀ ਨਹੀਂ ਹੁੰਦਾ।
 
ਐਥੇ ਸਾਰੇ ਪਹਿਲਾਂ ਆਪਣੀ ਦੱਸਣੀ,
ਚਹੁੰਦੇ, ਕੋਈ ਕਿਸੇ ਦੇ ਵੀ ਅੰਦਰਲੇ,
ਜਜ਼ਬਾਤਾਂ ਤੋਂ ਬਿਲਕੁਲ ਜਾਣੂ ਨਹੀਂ,
ਹੁੰਦਾ।
 
ਇਨ੍ਹਾਂ ਵਿੱਚੋਂ ਕਈਆਂ ਇਨਸਾਨਾਂ ਦੇ,
ਚੇਹਰੇ ਪੜ੍ਹਕੇ ਹੀ ਸੱਭ ਕੁਝ ਬੁੱਝਿਆ, 
ਜਾਂਦਾ।
ਪਰ “ਕੇਵਲ” ਕਈ ਵਾਰ ਇਨਸਾਨ,
ਪੂਰੀ ਕਿਤਾਬ ਪੜ੍ਹ ਪੜ੍ਹਕੇ ਵੀ ਉੱਸ,
ਤੋਂ ਬਿਲਕੁਲ ਜਾਣੂ ਨਹੀਂ ਹੁੰਦਾ।
06/06/2022
 


ਸੱਚ ਬੋਲਦਾ ਏ

ਕੇਵਲ ਸਿੰਘ ਜਗਪਾਲ

ਉਹ ਜ਼ਿੰਦਗ਼ੀ ਵਿੱਚ ਕਈ,
ਬਾਰ ਜਿੱਤਿਆ ਵੀ ਏ।
ਅਤੇ ਕਈ ਬਾਰ ਹਾਰਿਆ,
ਵੀ ਏ।
ਕਈ ਬਾਰ ਖੁਸ਼ੀ ਮਿਲ਼ੀ ਵੀ,
ਏ ਅਤੇ ਕਈ ਬਾਰ ਗ਼ਮਾਂ ਦਾ,
ਗਿਆ ਮਾਰਿਆ ਵੀ ਏ।
 
ਜ਼ਿੰਦਗ਼ੀ ਵਿੱਚ ਕਈ ਬਾਰ,
ਆਪਣਿਆਂ ਤੋਂ ਹੀ ਗਿਆ,
ਲਤਾੜਿਆ ਵੀ ਏ।
ਹੋਰਨਾਂ ਵਾਂਙ ਕਈ ਬਾਰ ਤਾਂ,
ਵਕਤ ਦਾ ਗਿਆ ਮਾਰਿਆ,
ਵੀ ਏ।
ਅਤੇ ਕਈ ਚਹੁੰਣ ਵਾਲ਼ਿਆਂ,
ਤੋਂ ਗਿਆ ਤਾਰਿਆ ਵੀ ਏ।
ਉਨ੍ਹਾਂ ਚਹੁੰਣ ਵਾਲ਼ਿਆਂ ਤੋਂ,
ਜਾਂਦਾ ਉਹ ਵਾਰਿਆਂ ਵੀ ਏ।
 
ਜ਼ਿੰਦਗ਼ੀ ਵਿੱਚ ਕਈ ਬਾਰ,
ਤਾਂ ਬੀਮਾਰੀ ਨਾਲ਼ ਗਿਆ,
ਰਾੜਿਆ ਵੀ ਏ।
ਕਰੋਨਾ ਮਹਾਂਮਾਰੀ ਦੇ ਨਾਲ਼,
ਘਰ ਅੰਦਰ ਬੜੀ ਹੀ ਦੇਰ,
ਤੋਂ ਸਣੇਂ ਜੀਵਨ ਸਾਥੀ ਗਿਆ,
ਤਾੜਿਆ ਵੀ ਏ।
 
ਸੱਚ ਬੋਲਣ ਵਾਲ਼ਿਆਂ ਨੂੰ ਤਾਂ,
ਮਾੜਾ ਕਹਿ ਰਿਹਾ ਏ ਸੰਸਾਰ,
ਸਾਰਾ ਪਰ ਉਹ ਝੂਠ ਬੋਲਦਾ,
ਨਹੀਂ।
ਕੇਵਲ ਸੱਚ ਦਾ ਨਤਾਰਾ ਹੀ,
ਤਾਂ ਕਰਦਾ ਏ ਘੱਟ ਤੋਲਦਾ,
ਹੀ ਨਹੀਂ।
 
ਗੁੱਝੇ ਭੇਤ ਤਾਂ ਬਹੁਤਿਆਂ ਦੇ,
ਹੀ ਜਾਣੇਂ ਪਰ ਛੇਤੀਂ ਕੀਤੇ,
ਭੇਤ ਖੋਲਦਾ ਨਹੀਂ।
ਸਮਾਜ ਦੇ ਬਣੇ ਹੋਏ ਕਈ,
ਅਖੌਤੀ ਲੀਡਰਾਂ ਦਾ ਨਿਜੀ,
ਜੀਵਨ ਜਾਣਦਾ ਵੀ ਏ ਪਰ,
ਉਨ੍ਹਾਂ ਦੇ ਪੋਤੜੇ ਫੋਲਦਾ ਨ੍ਹੀਂ।
 
ਕਿਸੇ ਸੱਤ ਬਗ਼ਾਨੇ ਦੇ ਕਹੇ,
ਕਹਾਏ ਡੰਡੀ ਮਾਰਕੇ ਘੱਟ,
ਤੋਲਦਾ ਵੀ ਨਹੀਂ।
ਸਦਾ ਹੀ ਸੱਚ ਬੋਲਕੇ ਸੱਚ,
ਦਾ ਨਤਾਰਾ ਕਰਨਾ ਜਾਣਦਾ,
ਏ ਅਤੇ ਕਦੀ ਝੂਠ ਬੋਲਦਾ,
ਨਹੀਂ।
ਸਦਾ ਸੱਚ ਬੋਲਣ ਦੀ ਆਦਤ,
ਪਈ ਏ, ਝੂਠ ਬੋਲਦਾ ਨਹੀਂ।
 
ਅਣਖ ਰੱਖਦਾ ਏ ‘ਤੇ ਆਪਣੀ,
ਇਜ਼ਤ ਨੂੰ ਸਹਿਜੇ ਕੀਤੇ ਮਿੱਟੀ,
ਵਿੱਚ ਰੋਲ਼ਦਾ ਨਹੀਂ।
ਜ਼ਿੰਦਗ਼ੀ ਵਿਚ ਮਿਲ਼ੇ ਕਈਆਂ,
ਦੁੱਖਾਂ ਨੂੰ, ਬੜੇ ਹੀ ਠਰੱਮੇ ਨਾਲ਼,
“ਕੇਵਲ” ਸਹੀ ਜਾਂਦਾ ਏ ਪਰ,
ਰਤਾ ਵੀ ਡੋਲਦਾ ਨਹੀਂ।
30/05/2022


ਇਤਰਾਜ਼

ਕੇਵਲ ਸਿੰਘ ਜਗਪਾਲ
 
ਗੱਲ ਗੱਲ ਉੱਤੇ ਇਤਰਾਜ਼ ਨਾ,
ਕਰਿਆ ਕਰ।
 
ਰੋਜ਼ ਰੋਜ਼ ਦੇ ਰੋਸੇ ‘ਤੇ ਮੂੰਹ ਨਾ,
ਵੱਟਿਆ ਕਰ।
 
ਪਹਿਲੀ ਦਿੱਤੀ ਪੀੜ ਤਾਂ ਹਜੇ,
ਮੁਕੀ ਹੀ ਨਹੀਂ ਹੋਰ ਨਵੇਂ ਜ਼ਖ਼ਮ,
ਦੇਣ ਤੋਂ ਪ੍ਰਹੇਜ਼ ਕਰਿਆ ਕਰ।
 
ਹੋਰ ਜ਼ਖ਼ਮ ਦੇਣ ਤੋਂ ਪਹਿਲਾਂ,
ਪਹਿਲੇ ਦਿੱਤੇ ਜ਼ਖ਼ਮਾਂ ਨੂੰ ਤਾਂ,
ਭਰ ਲੈਣ ਦਿਆ ਕਰ।
 
ਤੇਰਾ ਵਾਰ ਵਾਰ ਰੁੱਸ ਜਾਣਾ,
‘ਤੇ ਮੇਰਾ ਮਨਾਉਣਾ ਹੁਣ ਅੱਕ,
ਗਈ ਆਂ ਗੁੱਸੇ ਗ਼ਿਲਿਆਂ ਨੂੰ,
 ਛੱਡ ਦਿਆ ਕਰ।
 
ਹਰ ਰੋਜ਼ ਤੇਰੀ ਉਡੀਕ ਕਰ,
ਕਰਕੇ ਮੈਂ ਵੀ ਥੱਕ ਜਾਨੀ ਆਂ,
ਦਫ਼ਤਰੋਂ ਘਰ ਆਉਣ ਦੀ ਤੂੰ,
ਐਨੀਂ ਦੇਰ ਨਾ ਲਾਇਆ ਕਰ।
 
ਮੇਰਾ ਕੇਈ ਕਸੂਰ ਤਾਂ ਦੱਸਦੇ
ਪਰ ਮੇਰੇ “ਕੇਵਲ” ਪੇਕਿਆਂ,
ਉੱਤੇ ਐਵੇਂ ਮਿਹਣਿਆਂ ਦੀਆਂ,
ਬੁਛਾੜਾਂ ਨਾ ਕਰਿਆ ਕਰ।
22/05/2022


ਕਤਲ ਹੋਈ ਕਲਮ

ਕੇਵਲ ਸਿੰਘ ਜਗਪਾਲ
 
ਇੱਕ ਵਾਰ ਸਵਾਲ ਹੀ ਕਰ,
ਬੈਠਾ, ਮੈਂ ਸੋਹਣੀ ਕਾਂਨੇ ਦੀ,
ਘੜ੍ਹੀ ਹੋਈ ਕਲਮ ਨੂੰ।
ਕਦੀ ਕਦਾਈਂ ਸੱਚ ਵੀ ਤਾਂ,
ਲਿੱਖ ਦਿਆ ਕਰ ਤੂੰ।
 
ਧਿਆਨ ਨਾਲ਼ ਪੜ੍ਹਿਓ ਜੀ,
ਵਿਚਾਰੀ ਕਲਮ ਕੀ ਪਈ,
ਕਹਿੰਦੀ ਏ ਅਸਾਂ ਸਾਰਿਆਂ ਨੂੰ?
 
ਕਲਮ ਨਾਲ਼ ਲਿੱਖਣ ਤੋਂ ਹੀ,
ਪਹਿਲਾਂ ਕਤਲ ਕੀਤਾ ਜਾਂਦਾ,
ਏ (ਕਲਮ ਨੂੰ) ਮੈਂਨੂੰ।
 
ਪਹਿਲਾਂ ਤਾਂ ਇੱਕ ਕਾਂਨੇ ਦਾ,
ਕਤਲ ਹੁੰਦਾ ਫਿਰ ਚਾਕੂ ਦੀ,
ਧਾਰ ਨਾਲ਼ ਤਰਾਸ਼ਕੇ ਕਤਲ,
ਕੀਤਾ ਜਾਂਦਾ ਏ (ਕਲਮ ਨੂੰ),
ਮੈਂਨੂੰ।
 
ਹਰ ਵਾਰ ਕੁੱਝ ਲਿੱਖਣ ਤੋਂ,
ਹੀ ਪਹਿਲਾਂ ਕਾਲ਼ੀ ਸਿਹਾਈ,
ਦੀ ਦਵਾਤ ‘ਚ ਡੋਬਕੇ ਕਈ,
ਵਾਰ ਗ਼ੋਤੇ ਹੀ ਦਿੰਦਾ ਰਹਿੰਦਾ,
ਏਂ ਤੂੰ।
 
ਮੈਂ ਇੱਕ ਕਤਲ ਕੀਤੀ ਹੋਈ,
ਇੱਕ ਬੇਜ਼ੁਬਾਨ ਕਲਮ ਹੀ ਤਾਂ,
ਹਾਂ ਹੱਥ ‘ਚ ਪਕੜੀ ਏ ਤੂੰ।
ਪੜ੍ਹ ਅਤੇ ਰੋਕ ਵੀ ਸਕਦੀ ਨ੍ਹੀਂ,
ਕੀ ਕੀ ਸੱਚ ਜਾਂ ਝੂਠ ਲਿੱਖਦਾ,
ਰਹਿੰਦਾ ਏਂ ਤੂੰ?
 
ਪਤਾ ਨ੍ਹੀਂ ਝੂਠ ਲਿੱਖਣ ਦੀਆਂ,
ਸਾਰੀਆਂ ਤੋਹਮਤਾਂ ਮੇਰੇ ਉੱਤੇ,
ਹੀ ਕਿਉਂ ਮੜ੍ਹੀ ਜਾ ਰਿਹਾ ਏਂ,
ਤੂੰ?
 
ਵਾਰਿਸ ਸੋਚ ਸਮਝਕੇ ਲਿੱਖਿਆ,
ਸੀ ਕਿੱਸਾ ਕਤਲ ਹੋਈ ਕਲਮ,
ਵਰਤਕੇ, ਜਾਣੀ ਜਾਣ ਏਂ ਤੂੰ।
ਹੀਰ ਰਾਂਝੇ ਦੇ ਕਿੱਸੇ ਨੂੰ ਵਾਰ,
ਵਾਰ ਕਿਉਂ ਪੜ੍ਹਦਾ ਏ ਤੂੰ?
 
ਭੋਲ਼ੀਆਂ ਭਾਲ਼ੀਆਂ ਕਲਮ ਦਾ,
ਬੜ੍ਹੇ ਹੀ ਲੰਮੇਂ ਅਰਸੇ ਤੋਂ ਹੁੰਦਾ,
ਹੋ ਰਿਹਾ ਏ ਕਤਲਿ-ਆਮ ਭਲੀ,
ਭਾਂਤ ਜਾਣਦਾ ਏਂ ਤੂੰ।
ਪਤਾ ਨ੍ਹੀਂ ਐਂਵੀਂ ਕਿਉਂ ਅਨਜਾਂਣ,
ਬਣੀਂ ਜਾਂਦਾ ਏਂ ਤੂੰ?
 
ਸਿਰ ਕਲਮ ਕਰਵਾਕੇ ਬਣਦੀ,
ਖ਼ੁਸ਼ਖ਼ਤ ਲਿੱਖਣ ਵਾਲ਼ੀ ਕਲਮ,
ਜੇ ਜਿਗ਼ਰਾ ਹੈ ਤਾਂ ਸਿਰ ਕਲਮ,
ਕਰਵਾਕੇ ਜ਼ਰਾ ਦਿਖਾ ਦੇ ਤੂੰ।
 
ਸਾਇੰਸ ਦੀ ਬਹੁਤ ਹੀ ਤਰਕੀ,
ਹੋ ਗਈ ਏ, ਬਿਲਕੁਲ ਜਾਣੀਂ,
ਜਾਂਣ ਏਂ ਤੂੰ।
 
ਹੁਣ ਕੋਈ ਵੀ ਨ੍ਹੀਂ ਵਰਤਦਾ,
ਕਲਮ ਕੁੱਝ ਲਿੱਖਣ ਨੂੰ।
 
ਅੱਜ ਕੱਲ ਸਾਰੇ ਦੱਬ ਦੱਬਕੇ,
ਬਟਣ ਫੋਨ ਦੇ, ਨੈੱਟ ‘ਤੇ ਹੀ,
ਪਾਈ ਜਾ ਰਹੇ ਨੇ ਸੁਨੇਹੇ ਸੱਚੇ
‘ਤੇ ਝੂਠੇ, ਜਿਨ੍ਹਾਂ ਵਿੱਚ ਸ਼ਾਮਲ,
ਵੀ ਏਂ ਤੂੰ।
 
“ਕੇਵਲ” ਇਹੋ ਜਿਹੇ ਸੁਨੇਹੇ,
ਲਿੱਖਣ ਅਤੇ ਨੈੱਟ ‘ਤੇ ਭੇਜਣ,
ਵਿੱਚ ਮੈਂ ਤਾਂ ਸ਼ਾਮਲ ਨਹੀਂ ਜੋ,
ਭਲੀ-ਭਾਂਤ ਜਾਣਦਾ ਏਂ ਤੂੰ।
16/05/2022


ਇੱਕ ਲਾਸ਼ ਦੀ ਪੁਕਾਰ

ਕੇਵਲ ਸਿੰਘ ਜਗਪਾਲ
 
ਮੇਰੇ ਪੁਰਾਣੇ ਹੀ ਤੇੜ ਪਾਏ ਹੋਏ,
ਕੱਪੜ੍ਹੇ ਰਹਿਣ ਦਿਓ ਨਵੇਂ ਨਾ,
ਖਰੀਦਿਓ ਲਾਸ਼ ਨੂੰ ਸਜਾਉਣ,
ਦੇ ਲਈ।
ਲਾਸ਼ ਮਹਿਕ ਸੁੰਘ ਨ੍ਹੀਂ ਸੱਕਦੀ,
ਫੁਲਾਂ ਨੂੰ ਟਾਹਣੀਓਂ ਨਾ ਅੱਲਗ,
ਕਰਿਓ ਲਾਸ਼ ਨੂੰ ਮਹਿਕਾਉਂਣ,
ਦੇ ਲਈ।
 
ਲਾਸ਼ ਦੇ ਪੈਰਾਂ ‘ਚ ਸੁੱਕਾ ਮੇਵਾ,
ਨਾ ਹੀ ਖਿਲਾਰਿਓ, ਹੋ ਸੱਕੇ,
ਤਾਂ ਇਹ ਸੁਕਾ ਮੇਵਾ ਵੰਡ ਦਿਓ,
ਗ਼ਰੀਬ ਬੱਚਿਆਂ ਦੇ ਖਾਣ ਦੇ,
ਲਈ।
 
ਰੁੱਖਾਂ ਨੂੰ ਰਹਿਣ ਦਿਓ ਐਵੀਂ,
ਨਾ ਵੱਢਿਓ ਲਾਸ਼ ਜਲਾਉਣ,
ਦੇ ਲਈ।
 
ਕੀ ਪਤਾ ਇੱਕ ਪੰਛੀ ਦੇ ਭੇਸ,
‘ਚ ਹੀ ਮੈਂ ਮੁੜ੍ਹ ਆਵਾਂ, ਰੁੱਖਾਂ,
ਦੀ ਵੀ ਇਸ ਧਰਤੀ ਤੇ ਲੋੜ,
ਏ ਪੰਛੀਆਂ ਨੂੰ ਆਹਲਣਿਆਂ,
ਦੇ ਪਾਉਣ ਦੇ ਲਈ।
 
ਧਰਤੀ ਪਹਿਲਾਂ ਹੀ ਬਹੁਤ,
ਜ਼ਹਿਰੀਲੀ ਹੋ ਚੁੱਕੀ, ਲਾਸ਼,
ਨੂੰ ਅਗਨੀ ਭੇਂਟ ਨਾ ਕਰਿਓ,
ਵਾਤਾਵਰਨ ਨੂੰ ਬਚਾਉਣ ਦੇ,
ਲਈ।
 
ਅੱਗ ਲਾਉਣ ਅਤੇ ਬੁਝਾਉਂਣ,
ਦੇ ਨਾਲ਼ ਪ੍ਰਦੂਸ਼ਣ ਵੱਧ ਜਾਂਦੀ,
ਹਵਾ ਨੂੰ ਸਾਫ ਰਹਿਣ ਦਿਓ,
ਜਨਵਰਾਂ, ਜੀਵ, ਜੰਤੂਆਂ ‘ਤੇ,
ਪ੍ਰਾਣੀਆਂ ਦੇ ਸਾਹ ਲੈਣ ਦੇ,
ਲਈ।
 
ਖਾਹਿਸ਼ ਹੈ ਕਿ ਤੁਸੀਂ ਮੇਰੀ,
ਲਾਸ਼ ਨੂੰ ਛੱਡ ਦਿਓਗੇ ਖੁੱਲੇ,
ਮੈਦਾਨ ਦੇ ਵਿੱਚ ਨੋਚ ਨੋਚਕੇ,
ਗਿਰਜਾਂ ਦੇ ਖਾਣ ਦੇ ਲਈ।
 
ਪਾਣੀ ਨੂੰ ਬੜ੍ਹੇ ਹੀ ਸੰਝਮ ਦੇ,
ਨਾਲ਼ ਹੀ ਵਰਤਿਓ “ਕੇਵਲ”,
ਆਖਰੀ ਰਸਮ ਨੂੰ ਭੁਗਤਾਕੇ,
ਘਰ ਵਾਪਿਸ ਆਕੇ ਖ਼ੁਦ ਦੇ,
ਨਹਾਉਣ ਦੇ ਲਈ।
12/05/2022


ਅਹਿਸਾਨ ਅਤੇ ਨਸੀਬ

ਕੇਵਲ ਸਿੰਘ ਜਗਪਾਲ
 
ਕਿਸੇ ਨੇਕ ਇਨਸਾਨ ਦਾ ਤੁਹਾਡੇ,
ਉੱਤੇ ਕੀਤੇ ਗਏ ਅਹਿਸਾਨ ਨੂੰ ਸਦਾ,
ਹੀ ਯਾਦ ਰੱਖੀਦਾ ਹੈ ਕਦੀ ਵੀ ਭੁੱਲ,
ਜਾਣਾ ਚਾਹੀਦਾ ਨਹੀਂ।
 
ਕਿਸੇ ਇਨਸਾਨ ਉੱਤੇ ਤੁਹਾਡੇ ਕੀਤੇ,
ਗਏ ਅਹਿਸਾਨ ਨੂੰ ਸਦਾ ਭੁੱਲ ਜਾਣਾ,
ਚਾਹੀਦਾ ਹੈ ਉੱਸ ਨੂੰ ਕਦੀ ਵੀ ਯਾਦ,
ਕਰਾਈਦਾ ਨਹੀਂ।
 
ਜਿਹੜਾ ਤੁਹਾਡੇ ਨਸੀਬਾਂ ਵਿੱਚ ਨਹੀਂ,
ਸੀ ਗਿਆ ਲਿੱਖਿਆ ਉਹ ਤੁਹਾਡਾ ਜੇ,
ਚਾਹੋਂ ਤਾਂ ਵੀ ਕਦੀ ਹੋ ਸਕਦਾ ਨਹੀਂ।
 
ਜਿਹੜਾ ਤੁਹਾਡੇ ਨਸੀਬਾਂ ਵਿੱਚ ਸੀ,
ਗਿਆ ਲਿੱਖਿਆ ਉਹ ਤੁਹਾਨੂੰ ਜ਼ਰੂਰ,
ਮਿਲੇਗਾ, ਉਹ ਤੁਹਾਥੋਂ ਕਦੀ ਵੀ ਸੌਖੀ,
ਤਰ੍ਹਾਂ ਕੋਈ ਖੋਹ ਸਕਦਾ ਨਹੀਂ।
 
ਜ਼ਿੰਦਗ਼ੀ ਵਿੱਚ ਗ਼ਮੀਆਂ ‘ਤੇ ਖੁਸ਼ੀਆਂ,
ਦਾ ਸਦਾ ਬਣਿਆਂ ਏ ਆਉਣਾ ਜਾਣਾ,
ਉੱਪਰ ਵਾਲ਼ਾ ਕਦੀ ਬਦਲੇ ਨਾ ਦਿਨ,
ਇਹ ਕਦੀ ਹੋ ਸਕਦਾ ਨਹੀਂ।
 
ਭਾਵੇਂ ਕੋਈ ਕੁੱਝ ਵੀ ਕਿਉਂ ਨਾ ਕਹੀ,
ਜਾਵੇ, ਉੱਪਰ ਵਾਲ਼ੇ ਦੇ ਲਿੱਖੇ ਅਤੇ,
ਮਿੱਥੇ ਸਮੇਂ ਤੋਂ ਪਹਿਲਾਂ “ ਕੇਵਲ ”,
ਤੁਹਾਡੇ ਨਾਲ਼ ਕੁੱਝ ਅਨਹੋਣਾ ਕਦੀ,
ਵੀ ਹੋ ਸਕਦਾ ਨਹੀਂ।
08/05/2022


ਐਨ ਆਰ ਆਈ ਪੰਜਾਬੀ

ਕੇਵਲ ਸਿੰਘ ਜਗਪਾਲ
 
ਫੇਰ ਵੀ ਨਾਲ਼ ਜੁੜੇ ਹੋਏ ਹਾਂ,
ਭਾਵੇਂ ਪੰਜਾਬ ਤੋਂ ਹਜ਼ਾਰਾਂ ਹੀ,
ਮੀਲ ਅਸੀਂ ਦੂਰ ਜੋ ਹੋ ਗਏ।
ਇਸ ਵਿੱਚ ਕੋਈ ਛੱਕ ਨਹੀਂ,
ਬੇਬੱਸ ਹਾਂ, ਤਾਂ ਵੱਤਨੋਂ ਅਸੀਂ,
ਦੂਰ ਜੋ ਹੋ ਗਏ।
 
ਬਾਹਰ ਆਕੇ ਤੰਗੀਆਂ ਵੀ ਤੇ,
ਬਹੁਤ ਸਹੀਆਂ ਇੱਥੇ ਅਸੀਂ,
ਮਜ਼ਦੂਰ ਜੋ ਹੋ ਗਏ।
ਕਦੇ ਕਿਸੇ ਲਈ ਕੰਮ ਨਹੀਂ,
ਸੀ ਜੇ ਕੀਤਾ ਪਰ ਫਿਰ ਵੀ,
ਮਿਲਾਂ ਵਿਚ ਕੰਮ ਕਰਨ ਦੇ,
ਲਈ ਅਸੀਂ ਮਜਬੂਰ ਸੀ ਜੋ,
ਹੋ ਗਏ।
 
ਉਦੋਂ ਅੰਗਰੇਜ਼ੀ ਸਮਝ ਨਹੀਂ,
ਸੀ ਆਉਂਦੀ ਅਸੀਂ ਮਾਜ਼ੂਰ,
ਜੋ ਹੋ ਗਏ।
ਹੋਰ ਕੋਈ ਚਾਰਾ ਨਹੀਂ ਸੀ,
ਰਿਹਾ ਗੋਰਿਆਂ ਦੀ ਬੋਲੀ ਨੂੰ,
ਸਿੱਖ ਲੈਣ ਅਸੀਂ ਮਜਬੂਰ ਸੀ,
ਜੋ ਹੋ ਗਏ।
 
ਬਾਹਰ ਆਕੇ ਵੱਸੇ ਪੰਜਾਬੀ,
(NRI) ਅਸੀਂ ਹੁਣ ਕਹਾਏ,
‘ਨਹੀਂ ਰਹਿੰਦੇ ਇੰਡੀਅਨ ’,
ਪੰਜਾਬ ਤੋਂ ਦੂਰ ਜੋ ਹੁਣ ਹੋ,
ਗਏ।
 
ਇਕ ਖੁਸ਼ੀ ਹੋਈ ਕਿ ਸਾਡੇ,
ਇੱਥੇ ਪੈਦਾ ਹੋਏ ਬੱਚੇ ਭੈੜੇ,
ਬਰਾਹਮਣਵਾਦ ਦੀ ਜਾਤ,
ਪਾਤ ਤੋਂ ਦੂਰ ਜੋ ਹੋ ਗਏ।
 
ਸਾਡੇ ਇੱਥੇ ਪੈਦਾ ਹੋਏ ਬੱਚੇ,
ਸਾਡੀ ਬਦਕਿਸਮਤੀ ਨਾਲ਼,
ਪੰਜਾਬੀ ਮਾਂ ਬੋਲੀ, ਵਿਰਸੇ,
‘ਤੇ ਧਰਮ ਤੋਂ ਵੀ “ਕੇਵਲ”,
ਦੂਰ ਜੋ ਹੋ ਗਏ।
24/04/2022


ਸੌਰੀ

ਕੇਵਲ ਸਿੰਘ ਜਗਪਾਲ
 
‘Sorry’ ਇੱਕ ਬਹੁਤ ਹੀ ਸੁੰਦਰ ‘ਤੇ,
ਡਰਾਉਣਾ ਸ਼ਬਦ ਵੀ ਹੋ ਸੱਕਦਾ ਹੈ।
 
ਇਹ ਸ਼ਬਦ ਵੱਖ ਵੱਖ ਹਲਾਤਾਂ ਵਿੱਚ,
ਵਰਤਿਆ ਜਾ ਸੱਕਦਾ ਹੈ।
 
ਪਰ ਇਹ ਸ਼ਬਦ ਕੌਣ ਕਦੋਂ ਕਿਸ ਨੂੰ,
ਤੇ ਕਿਉਂ ਕਹਿ ਸੱਕਦਾ ਹੈ।
 
ਜਦੋਂ ਇੱਕ ਇਨਸਾਨ ਦੂਜੇ ਇਨਸਾਨ,
ਨੂੰ ‘Sorry’ ਕਹਿ ਦੇਵੇ ਤਾਂ ਗੁੱਸਾ,
ਖ਼ਤਮ ਵੀ ਹੋ ਸੱਕਦਾ ਹੈ।
 
ਜੇਕਰ ਦੋ ਧੜ੍ਹਿਆਂ ਦੇ ਮੋਹਰੀ ਬੈਠਕੇ,
ਇੱਕ ਦੂਜੇ ਨੂੰ ਕੇਵਲ ‘Sorry’ ਕਹਿ,
ਦੇਣ ਤਾਂ ਝੱਗੜਾ ਖ਼ਤਮ ਹੋ ਸੱਕਦਾ ਹੈ।
 
ਜਦੋਂ ਕਿਸੇ ਇਨਸਾਨ ਕੋਲ਼ੋਂ ਭਰੀ,
ਮਹਿਫ਼ਲ ‘ਚ ਮੂਹੋਂ ਗ਼ਲਤ ਸ਼ਬਦ,
ਬੋਲਿਆ ਜਾਵੇ ਤਾਂ ਕੇਵਲ ਇੱਕ,
ਸ਼ਬਦ ‘Sorry’ ਕਹਿਕੇ ਮਾਫ਼ੀ,
ਮੰਗ ਸਕਦਾ ਹੈ।
 
ਜੇਕਰ ਇਹੋ ਹੀ ਸ਼ਬਦ ਡਾਕਟਰ,
ਮਰੀਜ਼ ਨੂੰ ਮਿਲਣ ਆਏ ਪਰਿਵਾਰ,
ਨੂੰ “ਕੇਵਲ” ਕਹਿ ਦਿੰਦਾ ਹੈ ਤਾਂ,
ਮਰੀਜ਼ ਬੜੀ ਜਲਦੀ ਹੀ ਜਿਉਂਣ,
ਦਾ ਹੱਕ ਖੋਹ ਸੱਕਦਾ ਹੈ।
14/04/2022
 


ਡਾਕੂ ਚੋਰ ਲੁਟੇਰੇ

ਕੇਵਲ ਸਿੰਘ ਜਗਪਾਲ
 
ਡਾਕੂ ਚੋਰ ਲੁਟੇਰੇ ਕਾਲ਼ੀਆਂ ਰਾਤਾਂ,
ਮੰਗਣੋਂ ਕਦੀ ਨਹੀਂ ਸੰਗਦੇ।
 
ਸੱਚੇ ਆਸ਼ਕ ਸਦਾ ਪਿਆਰ ਦੀਆਂ,
ਭਿੱਜੀਆਂ ਬਰਸਾਤਾਂ ਹੀ ਮੰਗਦੇ।
 
ਚੋਣਾਂ ਵੇਲ਼ੇ ਸਿਆਸੀ ਨੇਤਾ ਲੋਕਾਂ,
‘ਚ ਪੈਸਾ ‘ਤੇ ਨਸ਼ੇ ਦੀਆਂ ਬੋਤਲਾਂ,
ਵੇਖੇ ਵੰਡਦੇ।
 
ਚੋਣਾਂ ਵੇਲ਼ੇ ਸਿਆਸੀ ਨੇਤਾ ਲੋਕਾਂ,
ਨਾਲ਼ ਝੂਠੇ ਵਾਅਦੇ ਕਰਨੋਂ ਕਦੀ,
ਨਹੀਂ ਸੰਗਦੇ।
 
ਪਿੰਡੋਂ ਰੌਸ਼ਨੀ ਮੁੱਕੀ ਹਨੇਰੇ ਆਉਣ,
ਨਾਲ਼ ਲੋਕਾਂ ‘ਚ ਰੌਲ਼ਾ ਪੈ ਗਿਆ।
ਡੌਂਡੀ ਪਿੱਟੀ ਕਿ ਪਿੰਡ ‘ਚ ਢੌਂਗੀ,
ਬਾਬਿਆਂ ਦਾ ਡੇਰਾ ਬਹਿ ਗਿਆ।
 
ਦੱਸਣੇ ਨੂੰ ਦਿਲ ਕਰੇ ਪਰ ਕੀ ਦੱਸਾਂ,
‘ਤੇ ਕੀ ਨਾ ਦੱਸਾਂ, ਢੌਂਗੀ ਬਾਬਿਆਂ,
ਦੇ ਪੈਰਾਂ ਥੱਲੇ ਬਟੇਰਾ ਜੋ ਆ ਗਿਆ।
 
 
ਵੱਟ ਹੋ ਗਿਆ ਸੀ ਜਦੋਂ ਪਾਸਾ ਕਿਸੇ,
ਦਾ, ਸਜਾ ਲਿਆ ਸਿਰ ਉੱਤੇ ਸੱਜਣ,
ਨੇ ਚੁੱਕ ਕੇ ਮਢਾਸਾ ਕਿਸੇ ਦਾ।
 
ਕੰਧਾਂ ਨੂੰ ਕਮਲ਼ੇ ਫਿਰਨ ਮਾਰਦੇ ਨੇ,
ਟੱਕਰਾਂ, ਮਿਲ਼ਦਾ ਨਹੀਂ ਜਿਨ੍ਹਾਂ ਨੂੰ,
ਜ਼ਿੰਦਗ਼ੀ ਭਰ ਦਲਾਸਾ ਕਿਸੇ ਦਾ।
 
ਦੁੱਖ ਮੈਂਨੂੰ ਹੋਇਆ ਸੀ ਉਸ ਵੇਲ਼ੇ,
ਭੰਨਿਆਂ ਸੀ ਜਦੋਂ ਉਸ ਨੇ ਖਾਣੇ ਦਾ,
ਭਰਿਆ ਹੋਇਆ ਕਾਸਾ ਕਿਸੇ ਦਾ।
 
ਜਦੋਂ ਤੇਰੇ ਵਿੱਚ ਹਿੰਮਤ ਹੀ ਨਹੀਂ,
ਰਹਿ ਗਈ ਸੀ, ਮੰਗਿਆ ਈ ਕਿਉਂ,
ਗੰਡਾਸਾ ਕਿਸੇ ਦਾ।
 
ਦਿਲ ਉਤਾਹ ਠਾਂਹ ਹੁੰਦਾ ਹਰ ਇੱਕ,
ਦਾ, ਜਦੋਂ ਚਮਕ ਮਾਰੇ ਨਵਾਂ ਨਕੋਰ,
ਗੰਡਾਸਾ ਕਿਸੇ ਦਾ।
 
ਅਖੀਰ ਨੂੰ ਵੰਡ ਹੋ ਗਈ ਚੋਰੀ ਦੇ,
ਮਾਲ ਦੀ, ਤੋਲ਼ਾ ਕਿਸੇ ਦਾ ਮਾਸਾ,
ਕਿਸੇ ਦਾ।
 
ਬੱਚਿਆਂ ਨੂੰ ਵੰਡਿਆ ਸੀ ਮਿੱਠਾ,
ਲੱਡੂ ਕਿਸੇ ਦਾ ਪਤਾਸਾ ਕਿਸੇ ਦਾ।
 
ਭੀੜ ‘ਤੇ ਆ ਝੱਪਟੇ ਸੀ ਬਾਂਦਰ,
ਲਾਹ ਕੇ ਲੈ ਗਏ ਚੁੱਨੀ ਕਿਸੇ ਦੀ,
ਮੱਢਾਸਾ ਕਿਸੇ ਦਾ।
ਇਹ ਤਾਂ ਇੰਝ ਪਿਆ ਜਾਪੇ ਕਿ,
ਗੁੱਸਾ ਕਿਸੇ, ਤਮਾਸ਼ਾ ਕਿਸੇ ਦਾ।
 
ਸ਼ਸ਼ੋਪੰਚ ਦੇ ਵਿਚ ਪੈ ਗਿਆ ਸੀ,
ਉਸ ਵੇਲ਼ੇ “ਕੇਵਲ” ਜਦੋਂ ਕਿ ਮੂੰਹ,
ਲਾਲ ਹੋ ਗਿਆ ਸੀ ਕਿਸੇ ਦਾ,
ਨਿਕਲ਼ਿਆ ਹਾਸਾ ਕਿਸੇ ਦਾ।
04/04/2022
 


ਇੱਕ ਅਰਦਾਸ

ਕੇਵਲ ਸਿੰਘ ਜਗਪਾਲ

ਸਵਰ ਉਨਾ ਕੁ ਦੇਵੀਂ ਕਿ ਜਿਸ,
ਨਾਲ਼ ਜ਼ਿੰਦਗ਼ੀ ਖੁਸ਼ੀ ਵਿੱਚ ਹੀ,
ਬਸਰ ਹੋ ਜਾਏ।
 
ਔਕਾਤ ਐਨੀਂ ਕੁ ਹੀ ਦੇਵੀਂ ਤਾਂ,
ਕਿ ਘੁਮੰਡ ਦੇ ਨਾਲ਼ ਸਿਰ ਹੀ,
ਨਾ ਫਿਰ ਜਾਏ।
 
ਝੂਠ ਬੋਲਣਾ ਹੀ ਭੁਲਾ ਦੇਵੀਂ ਤਾਂ,
ਕਿ ਸੱਚ ਬੋਲਣਾ ਆ ਜਾਏ।
 
ਕਿਰਤ ਕਮਾਈ ਕਰਨੀ ਸਿਖਾ,
ਦੇਵੀਂ ਤਾਂ ਕਿ ਦੂਸਰਿਆਂ ਉੱਤੇ,
ਬੋਝ ਨਾ ਬਣ ਜਾਏ।
 
ਰਿਸ਼ਤਿਆਂ ਵਿੱਚ ਖਿੱਚ ਐਨੀ,
ਪੈਦਾ ਕਰ ਦੇਵੀਂ, ਕਿ ਰਹਿੰਦੀ,
ਜ਼ਿੰਦਗ਼ੀ ਸਵਰ ਸੰਤੋਖ ਨਾਲ਼,
ਹੀ ਗੁਜ਼ਰ ਜਾਏ।
 
ਧੰਨ ਉੱਨਾ ਕੁ ਦੇਵੀ ਕਿ ਜਿਸ,
ਨਾਲ਼ ਕੋਈ ਹੰਕਾਰ ਨਾ ਹੋ ਜਾਏ।
 
ਸਮੱਝ ਐਨੀ ਕੁ ਦੇਵੀਂ ਕਿ ਕਿਸੇ,
ਨਾਲ਼ ਗ਼ਰੀਬ ਮਾਰ ਨਾ ਹੋ ਜਾਏ।
 
ਸੋਚ ਐਨੀਂ ਕੁ ਦੇਵੀਂ ਤਾਂ ਕਿ ਦਾਸ,
ਕੋਲ਼ੋਂ ਕੋਈ ਗ਼ਲਤੀ ਨਾ ਹੋ ਜਾਏ।
 
ਅਣਜਾਣੇ ਵਿੱਚ ਗ਼ਲਤੀ ਕਰਕੇ,
ਭੁੱਲ ਬਕਸ਼ਾਉਣ ਦਾ ਬੱਲ ਵੀ,
ਆ ਜਾਏ।
 
ਰੋਟੀ ਉਨੀ ਕੁ ਦੇਵੀਂ ਜਿਸ ਨਾਲ਼,
ਕਿਤੇ ਬਦਹਜ਼ਮੀ ਨਾ ਹੋ ਜਾਏ।
 
ਅੱਖਾਂ ਵਿੱਚ ਸ਼ਰਮ ਐਨੀਂ ਕੁ ਹੀ,
ਦੇਵੀਂ, ਤਾਂ ਕਿ ਦਾਸ ਕੋਲ਼ੋਂ ਆਪ,
ਤੋਂ ਵੱਡਿਆਂ ਦਾ ਸਨਮਾਨ ਰੱਖ,
ਪਾਏ।
 
ਛਾਤੀ ਵਿੱਚ ਸਾਹ ਐਨੇਂ ਕੁ ਹੋਣ,
ਕਿ ਨੇਕ ਨਾਮ ਕਮਾ ਹੋ ਜਾਏ।
 
ਅੱਛੀ ਸਿਹਤ, ਧੰਨ ਦੌਲਤ, ਕਰਮ,
ਅਤੇ ਨੇਕ ਔਲਾਦ ਸਭਨਾਂ ਨੂੰ ਹੀ,
ਦੇਵੀਂ, ਅਰਦਾਸ ਵਿੱਚ ਸਰਬੱਤ,
ਦਾ ਹੀ ਭਲਾ ਹੋ ਜਾਏ।
 
ਰਹਿੰਦੀ ਉਮਰ ਹੀ ਤੇਰੇ ਨਾਂ ਕਰ,
ਦਿੱਤੀ, ਬੁਢਾਪੇ ‘ਚ ਮੰਜੇ ਤੇ ਪੈਣ,
ਨਾਲ਼ “ਕੇਵਲ” ਆਪਣਿਆਂ ਉੱਤੇ,
ਕਿਸੇ ਕਿਸਮ ਦਾ ਭਾਰ ਨਾ ਬਣ,
ਜਾਏ।
28/03/2022


ਆਪਣਾਪਨ ਅਤੇ ਉਮੀਦਾਂ

ਕੇਵਲ ਸਿੰਘ ਜਗਪਾਲ
 
ਜ਼ਿੰਦਗ਼ੀ ਵਿੱਚ ਆਪਣਾਪਨ ਤਾਂ,
ਹਰ ਇੱਕ ਇਨਸਾਨ ਨੂੰ ਵੱਖਰੇ,
ਵੱਖਰੇ ਰੰਗ ਦਿਖਾਉਂਦਾ।
 
ਕੌਣ ਏਂ ਪਰਾਇਆ ਅਤੇ ਕੌਂਣ ਏਂ,
ਆਪਣਾ ਇਹ ਬੀਤਦਾ ਹੋਇਆ,
ਵੱਕਤ ਹੀ ਤਾਂ ਦਿਖਾਉਂਦਾ।
 
ਕਿਸੇ ਕਰੀਬੀ ਜਾਂ ਕਿਸੇ ਦੋਸਤ,
ਨੂੰ ਮਾਫ਼ ਵਾਰ ਵਾਰ ਤਾਂ ਕੀਤਾ,
ਜਾਂਦਾ।
 
ਪਰ ਉਸੇ ਹੀ ਕਰੀਬੀ ਜਾਂ ਕਿਸੇ,
ਦੋਸਤ ਉੱਤੇ ਵਾਰ ਵਾਰ ਯਕੀਨ,
ਨਹੀਂ ਕੀਤਾ ਜਾਂਦਾ।
 
ਜਦੋਂ ਸਾਰੇ ਹੀ ਤੁਹਾਡੀ ਹਾਰ ਦੀ,
ਹੀ ਉਡੀਕ ਕਰਦੇ ਪਏ ਹੋਣ ਤੱਦ,
ਜ਼ਿੰਦਗ਼ੀ ਵਿੱਚ ਜਿੱਤਣ ਦਾ ਖ਼ਾਸ,
ਮਜ਼ਾ ਆਉਂਣ ਲੱਗ ਜਾਂਦਾ।
 
ਬੰਦਿਆਂ ਉੱਤੇ ਰੱਖੀਆਂ ਹੋਈਆਂ,
ਹੀ ਉਮੀਦਾਂ ਧੋਖਾ ਦੇ ਜਾਂਦੀਆਂ,
ਪਰ ਬੰਦਾ ਬੰਦੇ ਨੂੰ ਧੋਖਾ ਨਹੀਂ,
ਦਿੰਦਾ।
 
ਬਹੁਤੇ ਲੋਕ ਸਾਨੂੰ ਜਾਣਦੇ ਪਰ,
ਥੋੜ੍ਹੇ ਜਿਹੇ ਲੋਕ ਸਾਨੂੰ ਸਮਝਦੇ,
ਪਰ ਕਿਸੇ ਵਾਰੇ ਗਿਆਨ ਹੋਣ,
ਨਾਲ਼ੋਂ ਉਸ ਬੰਦੇ ਨੂੰ ਅੱਛੀ ਤਰ੍ਹਾਂ,
ਅੰਦਰੋਂ ਸਮਝਣਾਂ ਬੜ੍ਹਾ ਹੀ ਡੂੰਗਾ,
ਹੁੰਦਾ।
 
ਪੱਧਰੀ ਸੋਚ ਮੁਤਾਬਕ ਬੰਦਾ,
ਸਮਝਦਾਰ ਤੱਦ ਹੀ ਹੁੰਦਾ ਜਦੋਂ,
ਕਿ ਉਹ ਛੋਟੀਆਂ ਛੋਟੀਆਂ ਗੱਲਾਂ,
ਸਮਝਣ ਲੱਗ ਜਾਂਦਾ।
ਬੰਦਾ ਉਦੋਂ ਘੁਮੰਡੀ ਕਹਿਲਾਉਂਣ,
ਲੱਗ ਜਾਂਦਾ ਜਦੋਂ ਉਹ “ਕੇਵਲ”,
ਆਪਣੀ ਹੀ ਔਕਾਤ ਤੋਂ ਵੱਡੀਆਂ,
ਵੱਡੀਆਂ ਗੱਲਾਂ ਕਰਨ ਲੱਗ ਜਾਂਦਾ।
15/03/2022
 


ਅਰਮਾਨ

ਕੇਵਲ ਸਿੰਘ ਜਗਪਾਲ
 
ਅਰਮਾਨ ਤਾਂ ਹਜੇ ਵੀ ਬਹੁਤ ਨੇ,
ਪਰ ਹੁਣ ਸਾਹਾਂ ਦੀ ਕਮੀ ਏਂ।
 
ਹਜੇ ਤਕ ਤਾਂ ਪਤਾ ਨ੍ਹੀਂ ਲੱਗਿਆ,
ਕਿ ਜ਼ਿੰਦਗ਼ੀ ਛੇਤੀਂ ਮੁੱਕਣ ਵਾਲ਼ੀ,
ਏ ਜਾਂ ਲੰਮੀ ਏਂ।
 
ਬਨਾਉਟੀ ਹੱਸਕੇ ਹੀ ਵਿਖਾ ਦਈ,
ਦਾ ਦੁਨੀਆਂ ਨੂੰ ਬੁੱਕਲ਼ ‘ਚ ਲਕੋ,
 ਲਈ ਦੀ ਗ਼ਮੀ ਏਂ।
 
ਜ਼ਿੰਦਗ਼ੀ ‘ਚ ਖੁਸ਼ੀਆਂ ਵੀ ਬਹੁਤ,
ਦੇਖੀਆਂ ਪਰ ਅੱਖਾਂ ਵਿੱਚ ਹਜੇ,
ਵੀ ਨਮੀਂ ਏਂ।
 
ਦੋਸਤ ਬਹੁਤ ਨੇ ਚਹੁੰਣ ਵਾਲੇ,
ਐਥੇ ਬੱਸ ਜ਼ਿੰਦਗ਼ੀ ਵਿੱਚ ਇੱਕ,
“ਕੇਵਲ” ਤੇਰੀ ਹੀ ਕਮੀਂ ਏਂ।
07/03/2022


ਐਂਵੇਂ ਨਾ ਤੂੰ ਲੜ੍ਹਿਆ ਕਰ

ਕੇਵਲ ਸਿੰਘ ਜਗਪਾਲ
 
ਐਂਵੇਂ ਨਾ ਤੂੰ ਲੜ੍ਹਿਆ ਕਰ।
ਹਰ ਵੱਕਤ ਨਾ ਚਿੜ੍ਹਿਆ ਕਰ।
ਨਾ ਤੂੰ ਭੁੱਜਿਆ ਕਰ ਅਤੇ ਨਾ,
ਹੀ ਤੂੰ ਸੜ੍ਹਿਆ ਕਰ।
 
ਕਿਉਂ ਤੁਰਿਆ ਫਿਰਨਾ ਏ ਤੂੰ,
ਚਾਰ ਚੁਫੇਰੇ ਬੰਦਿਆਂ ਵਾਂਙੂ,
ਖੜ੍ਹਕੇ ਗੱਲ ਕਰਿਆ ਕਰ।
ਪੂਰੀ ਗੱਲ ਮੁੱਕਣ ਤੋਂ ਪਹਿਲਾਂ,
ਤੂੰ ਬੁੱਲਾਂ ਨੂੰ ਨਾ ਪੜ੍ਹਿਆ ਕਰ।
 
ਜੋ ਕਹਿਣਾ ਏ ਸਾਫ ਕਿਹਾ,
ਕਰ ਐਧਰੋਂ ਓਧਰੋਂ ਤੂੰ ਨਾ,
ਫੜ੍ਹਿਆ ਕਰ।
 
ਘੁਮੰਡ ਤੇਰੇ ਨੇ ਨਾਲ਼ ਨਹੀਓਂ,
ਜਾਣਾ, ਐਂਵੀ ਮੈਂ ਮੇਰਾ ਨਾ ਤੂੰ,
ਕਰਿਆ ਕਰ।
ਪੈਸੇ ਤੇਰੇ ਨੇ ਨਾਲ਼ ਨਹੀਓਂ,
ਜਾਣਾ, ਐਂਵੀ ਕੰਜੂਸੀ ਨਾ ਤੂੰ,
ਕਰਿਆ ਕਰ।
 
ਮੀਡੀਏ ਵਾਲ਼ੇ ਤਾਂ ਭਾਂਬੜ੍ਹ ਪਏ,
ਮਚਾਵਣ ਤੂੰ ਆਫਵਾਹਾਂ ਨੂੰ ਨਾ,
ਪੜ੍ਹਿਆ ਕਰ।
 
ਲੜ੍ਹਿਆਂ ਕਦੀ ਸਕੂਨ ਨਹੀਂ ਜੇ,
ਮਿਲ਼ਦਾ ਤੂੰ ਐਂਵੀ ਨਾ ਸਿਰ ਤੇ,
ਚੜ੍ਹਿਆ ਕਰ।
 
ਛੋਟੀ ਸੋਚ ਜੋ ਮੂੰਹੋ ਨਿਕਲਦੀ,
ਗਾਲ਼ਾਂ ‘ਚ ਨਾ ਜੜ੍ਹਿਆ ਕਰ।
 
ਮਾਂ ਬੋਲੀ ਦਾ ਸਤਕਾਰ ਕਰੀਦਾ,
ਮੂੰਹ ਗਾਲ਼ਾਂ ਨਾਲ਼ ਨਾ ਭਰਿਆ,
ਕਰ।
 
ਕਦੀ ਤਾਪਮਾਨ ਨੂੰ ਠੰਡਾ ਕਰਕੇ,
ਕਿਸੇ ਹੋਰ ਦੀ ਗੱਲ ਵੀ ਸੁਣਿਆਂ,
ਕਰ।
 
ਸਮਾਜ ‘ਚੋਂ “ਕੇਵਲ” ਹਨ੍ਹੇਰਾ ਦੂਰ,
ਕਰਨ ਲਈ ਕਦੀ ਚੜ੍ਹਦੇ ਸੂਰਜ,
ਵਾਂਙੂ ਵੀ ਖਿੜ੍ਹਿਆ ਕਰ।
27/02/2022


ਮਾਂ ਬੋਲੀ

ਕੇਵਲ ਸਿੰਘ ਜਗਪਾਲ
 
ਸੇਖ਼ ਫ਼ਰੀਦ ,ਵਾਰਿਸ ਤੇ ਬੁੱਲੇ,
ਸ਼ਾਹ ਨੇ ਮਾਂ ਬੋਲੀ ‘ਚ ਕਿਵੇਂ,
ਲਿੱਖੇ ਨੇ ਤੋਲ ਤੋਲਕੇ ਬੋਲ।
 
ਹੁਣ ਤੁਹਾਡੀ ਮਾਂ ਬੋਲੀ ਅੱਜ,
ਪਈ ਕੁਰਲਾਂਵਦੀ ਅਸਾਂ ਦਿੱਤੀ,
ਏ ਪੈਰਾਂ ‘ਚ ਰੋਲ਼।
 
ਸਾਂਝੇ ਪੰਜਾਬ ਦੇ ਪੰਜਾਬੀਆਂ,
ਆਪਣੀ ਮਾਂ ਬੋਲੀ ਦਿੱਤੀ ਏ,
ਕੱਖਾਂ ‘ਚ ਰੋਲ਼।
 
ਪਤਾ ਨਹੀਂ ਕਿਉਂ ਪੰਜਾਬੀਆਂ,
ਨੇ ਕਿਹੜੀ ਕੜ੍ਹੀ ਦਿੱਤੀ ਏ,
ਘੋਲ਼।
 
ਉਹ ਮਾਂ ਬੋਲੀ ਛੱਡਕੇ ਬੋਲਦੇ,
ਨੇ ਹਿੰਦੀ ਉਰਦੂ ਮਾਸੀਆਂ ਦੇ,
ਹਮਕੋ ਤੇ ਤੁਮਕੋ ਦੇ ਬੋਲ।
 
ਜੇਕਰ ਮਾਵਾਂ ਪੰਜਾਬੀ ਨਹੀਂ,
ਬੋਲਣਗੀਆਂ ਕਿਵੇਂ ਬੱਚਿਆਂ,
ਨੂੰ ਸਿਖਾਏ ਜਾਂਣਗੇ ਮਾਂ ਬੋਲੀ,
ਦੇ ਪਿਆਰੇ ਬੋਲ।
 
ਮਾਂ ਬੋਲੀ ਫਲ਼ਾਂ ਦੇ ਲਾਏ ਰੁੱਖਾਂ,
ਦੀਆਂ ਜੜ੍ਹਾਂ ਦੀ ਮਿੱਟੀ ਦਿੱਤੀ,  
ਏ ਫਰੋਲ਼।
 
ਵਪਾਰੀ ਲਿੱਖ ਫੱਟੇ ਲਾਉਂਦੇ,
ਵਿੱਚ ਅੰਗਰੇਜ਼ੀ ਜਦੋਂ ਕੋਈ,
ਨਵੀਂ ਦੁਕਾਨ ਲੈਂਦੇ ਨੇ ਖੋਲ।
 
ਰਲ਼ ਕਈ ਵਪਾਰੀਆਂ ਸਕੂਲ,
ਅੰਗਰੇਜ਼ੀ ਸਾਧਿਅਮ ਦੇ ਦਿੱਤੇ,
ਨੇ ਖੋਲ।
 
ਜਿਥੇ ਜੁਰਮਾਨੇਂ ਭਰਨੇਂ ਪੈਂਦੇ,
ਨੇ ਬੱਚਿਆਂ ਜਦੋਂ ਉਹ ਕਿਤੇ,
ਪੈਂਦੇ ਨੇ ਮਾਂ ਬੋਲੀ ‘ਚ ਬੋਲ।
 
ਕਈ ਸ਼ਹਿਰੀ ਕਹਿੰਦੇ ਇਹ,
ਪੇਂਡੂ ਗਵਾਰਾਂ ਦੀ ਏ ਬੋਲੀ,
ਨਾਲ਼ੇ ਬੋਲਣ ਬੋਲ-ਕਬੋਲ।
 
ਇਹਨਾਂ ਪੇਂਡੂ ਪੰਜਾਬੀਆਂ ਨੇ,
ਮਾਂ ਬੋਲੀ ਨੂੰ ਸੰਭਾਲ਼ ਰੱਖਿਆ,
ਏ ਪੁਰਾਣਿਆਂ ਸਮਿਆਂ ਤੋਂ ਹੀ,
ਕੋਲ਼।
 
ਕਈ ਹਜ਼ਾਰ ਸਾਲ ਤੋਂ ਬਣਦੇ,
ਆਏ ਨੇ ਸਾਡੇ ਪੰਜਾਬੀ ਬੋਲੀ,
ਵਿਰਸੇ ਦੇ ਬੋਲ।
 
“ਕੇਵਲ” ਮਾਂ ਬੋਲੀ ਨੂੰ ਸਾਂਭਣ,
ਲਈ ਅਸਾਂ ਸਾਰਿਆਂ ਰਲ਼ਕੇ,
ਵਿੱਢਣਾ ਇੱਕ ਸਿਆਸੀ ਘੋਲ਼।
21/02/2022


ਤਕਦੀਰ ਬਿਨਾ

ਕੇਵਲ ਸਿੰਘ ਜਗਪਾਲ
 
ਜੇਕਰ ਦਾਲ਼ ਐਨੀ ਕੌੜੀ ਨਾ ਹੁੰਦੀ,
ਮੂੰਹ ਮਿੱਠਾ ਕਰਨ ਦੇ ਲਈ ਮੰਗਣੀ,
ਪੈਂਦੀ ਕਦੇ ਖ਼ੀਰ ਨਾ।
 
ਪਰਿਵਾਰ ‘ਚ ਖ਼ੁਸ਼ੀਆਂ ਕਦੀ ਨਹੀਂ,
ਆਉਂਦੀਆਂ ਚੰਗੀ ਲਿੱਖੀ ਤਕਦੀਰ,
ਬਿਨਾ।
 
ਕਈਆਂ ਦੀ ਤਾਂ ਗ਼ਰੀਬੀ ਵਿੱਚ ਇਹ,
ਹਾਲਤ ਹੁੰਦੀ ਕਿ ਪਾਟੇ ਹੋਏ ਕਪੜੇ,
ਸੀਉਂਣ ਦੇ ਲਈ ਜੁੜਦਾ ਕੋਈ ਸੂਈ,
ਧਾਗਾ ਅਤੇ ਲੀਰ ਨਾ।
 
ਮਕਾਨ ਛੱਤਣ ਦੀ ਤਿਆਰੀ ਅਧੂਰੀ,
ਹੀ ਰਹਿ ਜਾਂਦੀ ਬਾਲਿਆਂ ਤੇ ਛਤੀਰ,
ਬਿਨਾ।
 
ਜਵਾਨੀ ‘ਚ  ਤਾਂ ਸਾਰੇ ਹੀ ਕੱਢ ਲੈਂਦੇ,
ਪਰ ਬੁਢਾਪੇ ਵਿੱਚ ਕਈ ਕੱਢ ਸਕਣ,
ਵਾਲ਼ਾਂ ‘ਚ ਕੋਈ ਚੀਰ ਨਾ।
 
ਭਾਵੇਂ ਲੱਖ ਕੋਸ਼ਿਸ਼ਾਂ ਕਰ ਲਓ ਬਿਨ,
ਕਮਾਨ ਕਦੀ ਵੀ ਚਲਦਾ ਕੋਈ ਤੀਰ,
ਨਾ।
 
ਭਾਵੇਂ ਲੱਖ ਸਿਆਸਤਾਂ ਵੀ ਕਰ ਲਓ,
ਰਾਜ ਕਦੀ ਨਹੀਂ ਮਿਲ਼ਦਾ ਹੱਥ ‘ਚ,
ਫੜੀ ਸ਼ਮਸ਼ੀਰ ਬਿਨਾ।
 
ਬੇਟੇ ਦੇ ਰਾਂਝੇ ਵਾਂਙ ਲੱਛਣ ਕਰਨ ਤੇ,
ਵੀ ਕੋਈ ਪਿਓ ਬਹਾਉਂਦਾ ਕੋਈ ਨੀਰ,
ਨਾ।
 
ਪਰ ਹਰ ਪਿਓ ਸਦਾ ਹੀ ਅਰਦਾਸ,
ਕਰਦਾ “ਕੇਵਲ” ਉਸ ਦੀ ਧੀ ਬਣੇ,
ਕੋਈ ਹੀਰ ਨਾ।
13/02/2022


ਤੀਲ੍ਹੀ ਲਾਉਂਣੀ

ਕੇਵਲ ਸਿੰਘ ਜਗਪਾਲ
 
ਤੁਹਾਡੇ ਜਨਮ ਦਿਨ ਤੇ ਤੁਹਾਡੇ ਹੀ,
ਆਪਣੇ ਤੀਲ੍ਹੀ ਲਾਕੇ ਮੋਮਬੱਤੀ ਨੂੰ,
ਜਗਾਉਂਦੇ ਤੇ ਬਝਾਉਂਦੇ ਨੇ ਪਤਾ ਨ੍ਹੀਂ,
ਕਿਉਂ?
 
ਉਹੀ ਤੁਹਾਡੀ ਲਾਸ਼ ਨੂੰ ਦਾਗ ਦੇਣ,
ਤੋਂ ਪਹਿਲਾਂ ਨਹਾਉਂਦੇ ਨੇ ਪਤਾ ਨ੍ਹੀਂ,
ਕਿਉਂ?
 
ਉਹੀ ਤੁਹਾਨੂੰ ਨਵੇਂ ਕਪੜੇ ਪੁਆਕੇ,
ਤੁਹਾਡੀ ਲਾਸ਼ ਉਤੇ ਮਹਿਕਦੇ ਫੁੱਲ,
ਬਰਸਾਉਂਦੇ ਨੇ ਪਤਾ ਨ੍ਹੀਂ ਕਿਉਂ?
 
ਉਹੀ ਲਾਸ਼ ਨੂੰ ਮੋਢਿਆਂ ਉਤੇ ਚੁੱਕ,
ਕੇ ਸ਼ਮਸ਼ਾਨ ‘ਚ ਪਹੁੰਚਾਉਂਦੇ ਨੇ,
ਪਤਾ ਨ੍ਹੀਂ ਕਿਉਂ?
 
ਅੰਤ ਨੂੰ ਤੁਹਾਡੀ ਲਾਸ਼ ਨੂੰ ਵੀ ਤੀਲ੍ਹੀ,
ਉਹੀ ਲਗਾਉਂਦੇ ਨੇ ਪਤਾ ਨ੍ਹੀਂ ਕਿਉਂ?
 
ਤੀਲ੍ਹੀ ਲਾਉਂਣੀ ਤਾਂ ਵਿਰਸੇ ਦਾ ਇੱਕ,
ਮਸ਼ਹੂਰ ਅਖਾਣ ਹੀ ਬਣ ਗਿਆ ਏ,
ਪਤਾ ਨ੍ਹੀਂ ਕਿਉਂ?
 
ਇਹ ਰਸਮਾਂ ਤੁਹਾਡੇ ਕਰੀਬੀ ਹੀ,
ਮਨਾਉਂਦੇ ਨੇ ਪਤਾ ਨ੍ਹੀਂ ਕਿਉਂ?
 
ਲਾਸ਼ ਮੁਹਰੇ ਹੰਝੂ ਤੁਹਾਡੇ ਆਪਣੇ,
ਹੀ ਤਾਂ ਬਹਾਉਂਦੇ ਨੇ ਪਤਾ ਨ੍ਹੀਂ ਕਿਉਂ?
 
ਦਾਗਾਂ ਦੀ ਰਸਮ ਤੋਂ ਬਾਅਦ ਤੁਹਾਡੇ,
ਆਪਣੇ ਹੀ ਰੱਜਿਆਂ ਨੂੰ ਲੰਗਰ ਵੀ,
ਛਕਾਉਂਦੇ ਦੇਖੇ ਨੇ ਪਤਾ ਨ੍ਹੀਂ ਕਿਉਂ?
 
ਤੁਹਾਡੇ ਜਨਮ ਦਿਨ ਅਤੇ ਮਰਨ ਤੇ, 
ਤੀਲ੍ਹੀ ਤੁਹਾਡੇ ਕਰੀਬੀ ਹੀ ਲਾਉਂਦੇ,
ਨੇ ਪਤਾ ਨ੍ਹੀਂ ਕਿਉਂ?
 
ਤੀਲ੍ਹੀ ਲਾਉਂਣੀ ਵਿਰਸੇ ਦਾ “ਕੇਵਲ”,
ਇੱਕ ਬਹੁਤ ਹੀ ਮਸ਼ਹੂਰ ਅਖਾਣ ਹੀ,
ਬਣ ਗਿਆ ਏ ਪਤਾ ਨ੍ਹੀਂ ਕਿਉਂ?
07/02/2022


ਕਮੀਆਂ

ਕੇਵਲ ਸਿੰਘ ਜਗਪਾਲ

ਤੇਰੇ ‘ਚ ਵੀ ਕਈ ਕਮੀਆਂ ਨੇ।
ਮੇਰੇ ‘ਚ ਵੀ ਕਈ ਕਮੀਆਂ ਨੇ।
 
ਦੁੱਧ ‘ਚ ਧੋਤਾ ਤੂੰ ਵੀ ਨਹੀਂ ‘ਤੇ,
ਦੁੱਧ ‘ਚ ਧੋਤਾ ਮੈਂ ਵੀ ਨਹੀਂ।
ਅਸਾਂ ਸਾਰਿਆਂ ‘ਚ ਕਮੀਆਂ ਨੇ।
ਇੱਥੇ ਦੁੱਧ ਧੋਤਾ ਕੋਈ ਵੀ ਨਹੀਂ।
 
ਤੂੰ ਕਮੀਆਂ ਮੇਰੇ ‘ਚ ਕੱਢਦੈਂ ਰਿਹੈਂ।
ਮੈਂ ਕਮੀਆਂ ਤੇਰੇ ‘ਚ ਕੱਢਦਾ ਰਿਹੈਂ।
ਬੁੱਕਲ਼ ‘ਚ ਝਾਕਦਾ ਤੂੰ ਵੀ ਨਹੀਂ।
ਬੁੱਕਲ਼ ‘ਚ ਝਾਕਦਾ ਮੈਂ ਵੀ ਨਹੀਂ।
 
ਇਨ੍ਹਾਂ ਕਮੀਆਂ ਨੇ ਤਾਂ ਸਾਨੂੰ ਇੱਕ,
ਦੂਜੇ ਤੋਂ ਬੜੀ ਦੂਰ ਕਰ ਦਿੱਤਾ ਏ,
ਮੰਨਿਆਂ ਤੂੰ ਵੀ ਨਹੀਂ ‘ਤੇ ਮੰਨਿਆਂ,
ਮੈਂ ਵੀ ਨਹੀਂ।
 
ਆ ਜਾਓ, ਆਪਣੇ ਆਪਣੇ ਅੰਦਰ,
ਦੋਵੇਂ ਹੀ ਝਾਤੀ ਮਾਰਕੇ ਸਾਰੀਆਂ,
ਬੁਰਿਆਈਆਂ ਚੰਗਿਆਈਆਂ ਨੂੰ,
ਲੱਭੀਏ।
ਲੱਗਦਾ ਐਨਾਂ ਬੁਰਾ ਤੂੰ ਵੀ ਨਹੀਂ,
 ‘ਤੇ ਐਨਾਂ ਬੁਰਾ “ਕੇਵਲ” ਮੈਂ ਵੀ,
ਨਹੀਂ।
 01/02/2022
 
 


ਉਹ ਰਿਸ਼ਤੇ

ਕੇਵਲ ਸਿੰਘ ਜਗਪਾਲ
 
ਦੁੱਖ ਵੇਲ਼ੇ ਕਿਸੇ ਆਪਣੇ ਦੇ,
ਹੀ ਗਲ਼ੇ ਲੱਗ ਕੇ ਧਰਵਾਸ,
ਦਿੰਦੇ ਨੇ ਉਹ ਰਿਸ਼ਤੇ।
 
ਤੁਹਾਡੀਆਂ ਅੱਖਾਂ ਵਿੱਚੋਂ ਵਗਦੇ,
ਹੰਝੂਆਂ ਨੂੰ ਡਿਗਣੋਂ ਵੀ ਰੋਕ ਲੈਂਦੇ,
ਨੇ ਉਹ ਰਿਸ਼ਤੇ।
 
ਤੁਹਾਡੇ ਪਾਣੀ ਵਿੱਚ ਡਿੱਗੇ ਹੋਏ,
ਹੰਝੂਆਂ ਨੂੰ ਝੱਟ ਪੱਟ ਹੀ ਪਛਾਣ,
ਲੈਂਦੇ ਨੇ ਉਹ ਰਿਸ਼ਤੇ।
 
ਛੋਟੇ ਜਿਹੇ ਜਲ਼ ਰਹੇ ਦੀਵੇ ਦੇ,
ਚਾਨਣ ਦੀ ਤਰ੍ਹਾਂ ਹਨੇਰੇ ਮੁੱਕਾ,
ਦਿੰਦੇ ਨੇ ਉਹ ਰਿਸ਼ਤੇ।
 
ਬੜ੍ਹੀਆਂ ਹੀ ਡੂੰਘੀਆਂ ਯਾਦਾਂ,
ਬਣਕੇ ਰਹਿ ਜਾਂਦੇ ਨੇ ਉਹ,
ਰਿਸ਼ਤੇ।
 
ਛੋਟੀਆਂ ਛੋਟੀਆਂ ਹੀ ਚੀਜ਼ਾਂ,
ਦੀਆਂ ਜ਼ਿੰਦਗ਼ੀ ‘ਚ ਖੁਸ਼ੀਆਂ,
‘ਤੇ ਖੇੜ੍ਹੇ ਲਿਆ ਦਿੰਦੇ ਨੇ ਉਹ,
ਰਿਸ਼ਤੇ।
 
ਜੋ ਬਿਨ ਕਿਹਾਂ ਹੀ ਸੱਭ ਕੁੱਝ,
ਕਹਿ ਜਾਂਦੇ ਨੇ ਉਹ ਰਿਸ਼ਤੇ।
 
ਜਿਹੜੇ ਬਿਨ ਕਿਸੇ ਕਸੂਰ,
ਕੀਤਿਆਂ ਹੀ ਸੱਭ ਕੁੱਝ ਸਹੀ,
ਜਾਂਦੇ ਨੇ ਉਹ ਰਿਸ਼ਤੇ।
 
ਹਜ਼ਾਰਾਂ ਮੀਲ ਦੂਰ ਰਹਿੰਦੇ,
ਹੋਏ ਵੀ ਆਪਣੇ ਫਰਜ਼ਾਂ ਨੂੰ,
ਬੜ੍ਹੀ ਬਖ਼ੂਬੀ ਨਾਲ਼ ਨਿਭਾਈ,
ਜਾਂਦੇ ਨੇ ਉਹ ਰਿਸ਼ਤੇ।
 
ਕਈ ਤਾਂ ਲਾਗੇ ਰਹਿੰਦਿਆਂ,
ਹੀ ਮੱਲੋ ਮੱਲੀ ਸਿੰਗ ਫਸਾਈ,
ਜਾਂਦੇ ਨੇ ਉਹ ਰਿਸ਼ਤੇ।
 
ਬੜ੍ਹੇ ਹੀ ਦੁਖ ਸਹਿਣੇ ਪੈਂਦੇ,
ਜਿਹੜੇ ਸੱਚੇ ਦਿਲੋਂ ਨਿਭਾਉਂਣ,
‘ਚ ਸਫਲ ਹੋ ਜਾਂਦੇ ਨੇ ਉਹ,
ਰਿਸ਼ਤੇ।
ਫਰਿਸ਼ਤਿਆਂ ਤੋਂ ਕਈ ਗੁਣਾਂ,
ਵੱਧ ਸਤਕਾਰ ਲੈਂਦੇ ਨੇ ਉਹ,
ਰਿਸ਼ਤੇ।
ਹੋਰਨਾਂ ਦੇ ਮੁਕਾਬਲੇ “ਕੇਵਲ”,
ਆਪਣੇ ਅਤੇ ਦਿਲੋਂ ਸੱਚੇ ਹੁੰਦੇ,
ਨੇ ਉਹ ਰਿਸ਼ਤੇ।
24/01/2022

 

ਮੁਸੀਬਤਾਂ ਦਾ ਹੱਲ
ਕੇਵਲ ਸਿੰਘ ਜਗਪਾਲ
 
ਭਲਾ ਦੱਸ ਬੁੱਲਿਆ ਹੁਣ ਹੇਠਾਂ,
ਦਿੱਤੀਆਂ ਮੁਸੀਬਤਾਂ ਦਾ ਕੋਈ,
ਉਪਾਅ ‘ਤੇ ਹੱਲ।
 
ਮੁਸੀਬਤਾਂ ਦੇ ਮੁੱਕ ਜਾਣ ਨਾਲ਼,
ਕੀ ਜ਼ਿੰਦਗ਼ੀ ‘ਚ ਪੈ ਜਾਊਗੀ,
ਕੋਈ ਠੱਲ?
 
ਅਸੀਂ ਮਾਪਿਆਂ ਦੇ ਲਾਡਾਂ ਪਲ਼ੇ,
ਹਾਂ ਤੇ ਮਾਂ ਬੋਲੀ ਬਾਜੋਂ ਮਿੱਟੀ,
‘ਚ ਗਏਂ ਹਾਂ ਰੁਲ਼।
 
ਅਸੀਂ ਇੱਕੋ ਹੀ ਬੋਲੀ ਬੋਲਦੇ,
ਮਿੱਠੜੇ ਮਾਂ ਬੋਲੀ ਦੇ ਬੋਲ।
 
ਪਰ ਸਾਡੀਆਂ ਅਗਲੀਆਂ,
ਪੀੜ੍ਹੀਆਂ ਮਾਂ ਬੋਲੀ ਨੂੰ ਜਾ,
ਰਹੀਆਂ ਨੇ ਭੁੱਲ।
 
ਸਾਡੇ ਧੌਣ ‘ਚ ਸਮਾਜ ਨੇ,
ਗੱਡੇ ਸਿਆਸਤ, ਪੇਸ਼ੇ, ਜ਼ਾਤ,
ਪਾਤ ‘ਤੇ ਧਰਮਾਂ ਦੇ ਕਿੱਲ।
 
ਭਲਾ ਦੱਸ ਬੁੱਲਿਆ ਹੁਣ ਕੀ,
ਕਰੀਏ ਲੋਕਾਂ ਦੇ ਦਿਲਾਂ ਉੱਤੇ,
ਜ਼ਖ਼ਮ ‘ਤੇ ਸਾਡਾ ਜ਼ਖ਼ਮ ਦਾ,
ਭਰਿਆ ਦਿਲ।
 
ਭਲਾ ਦੱਸ ਬੁੱਲਿਆ ਹੁਣ ਕੀ,
ਕਰੀਏ ਸਾਡੀ ਮਾਂ ਬੋਲੀ ਦਾ,
ਸਰਕਾਰਾਂ ਨਹੀਂ ਪਾਉਂਦੀਆਂ,
ਕੋਈ ਮੁੱਲ।
 
ਸਾਡੇ ਮੂੰਹ ‘ਤੇ ਬਨਾਉਟੀ ਜਿਹੇ,
ਹਾਸੇ ਜਿਵੇਂ “ਕੇਵਲ” ਕਬਰਾਂ,
‘ਤੇ ਖਲਾਰੇ ਫੁੱਲ।
18/01/2022


ਪੱਥਰ ਦਿਲ

ਕੇਵਲ ਸਿੰਘ ਜਗਪਾਲ

ਸਾਡੇ ਸਮਾਜ ‘ਚ ਬਹੁਤੇ ਪੱਥਰ,
ਦਿਲ ਇਨਸਾਨ ਹੀ ਹੁੰਦੇ।
 
ਉਹ ਦੇਖਣ ਨੂੰ ਤਾਂ ਇਨਸਾਨ,
ਪਰ ਅਸਲ ਵਿੱਚ ਉਹ ਹੈਵਾਨ,
ਹੀ ਹੁੰਦੇ।
 
ਤਰਾਸ਼ੇ ਪੱਥਰ ਕਦੀ ਭਗਵਾਨ,
ਨਹੀਂ ਹੁੰਦੇ।
 
ਸਿਆਸੀ ਨੇਤਾ ਉੱਪਰੋਂ ਲਗਦੇ,
ਮੀਆਂ ਮਿੱਠੂ ਪਰ ਅੰਦਰੋਂ ਉਹ,
ਸ਼ੈਤਾਨ ਹੀ ਹੁੰਦੇ।
 
ਸਫਾਰਸ਼ੀ ਰੱਟੇ ਲਾ ਲਾਕੇ ਪੜ੍ਹੇ,
ਨੌਕਰੀਆਂ ਵਾਲ਼ੇ ਕਦੀ ਵਿਧਵਾਨ,
ਨਹੀਂ ਹੁੰਦੇ।
 
ਆਪਣੇ ਪੈਰੀਂ ਖੁਆੜ੍ਹਾ ਮਾਰਨ,
ਵਾਲ਼ੇ ਕਦੀ ਮਹਾਨ ਨਹੀਂ ਹੁੰਦੇ।
 
ਜਿਨ੍ਹਾਂ ਦੀਆਂ ਵਿੱਕੀਆਂ ਹੋਵਣ,
ਜ਼ਮੀਰਾਂ ਉਨ੍ਹਾਂ ਦੇ ਸਮਾਜ ‘ਚ,
ਕਦੀ ਵੀ ਸਨਮਾਨ ਨਹੀਂ ਹੁੰਦੇ।
 
ਝੂਠੇ ਬੰਦੇ ਕਨੂੰਨ ਦੇ ਉਦੋਂ ਕਾਬੂ,
ਆਉਂਦੇ ਜਦੋਂ ਉਨ੍ਹਾਂ ਦੇ ਮਿਲ਼ਦੇ,
ਸਹੀ ਬਿਆਨ ਨਹੀਂ ਹੁੰਦੇ।
 
ਜਿਹੜ੍ਹੇ ਆਪਣੇ ਘਰਾਂ ਨੂੰ ਹੀ,
ਢਾਉਂਦੇ “ਕੇਵਲ” ਉਹ ਮਾਲਕ,
ਮਕਾਨ ਨਹੀਂ ਹੁੰਦੇ।
 10/01/2022
 
 


ਬਿਨ ਮਾਂ ਵਿਹੜਾ

ਕੇਵਲ ਸਿੰਘ ਜਗਪਾਲ
 
ਵਿਦੇਸ਼ੋਂ ਪਿੰਡ ਜਾਵਾਂ ਤਾਂ ਉੱਥੇ ਮਾਂ,
ਨਹੀਓਂ ਮਿਲਣੀ।
 
ਤੂਤਾਂ ਜਿਹੀ ਠੰਡੀ ਠੰਡੀ ਵਗਦੀ,
ਹਵਾ ਤੇ ਛਾਂ ਨਹੀਓਂ ਮਿਲਣੀ।
 
ਉਹ ਚਾਵਾਂ ਲਾਡਾਂ ਨਾਲ਼ ਪਾਲਣ,
ਵਾਲ਼ੀ ਮਾਂ ਨਹੀਓਂ ਮਿਲਣੀ।
ਲੰਮੀ ਉਮਰ ਦੀ ਅਰਦਾਸ ਕਰਨ,
ਉਹ ਵਾਲ਼ੀ ਮਾਂ ਨਹੀਓਂ ਮਿਲਣੀ।
 
ਬਿਨ ਮਾਂ ਸੁੰਨ ਸਾਨ ਪਿਆ ਏ,
ਉਹ ਵਿਹੜਾ।
 
ਮੰਜਿਆਂ ਦੀ ਕਤਾਰ ‘ਚੋਂ ਟੋਲ਼ਦਾ,
ਹਾਂ, ਮੇਰਾ ਮੰਜਾ ਹੋਇਆ ਕਰਦਾ,
ਸੀ ਕਿਹੜਾ?
 
ਪਿੰਡ ਦੇ ਜਵਾਨ ਜਦੋਂ ਗੁਆਂਡੀਆਂ,
ਨੂੰ ਪੁਛਦੇ ਕਿ ‘ਇਹ ਔਲਰਾਈਟ,
ਕਹਿਣ ਵਾਲ਼ਾ ਐੱਨ ਆਰ ਆਈ
ਏ ਕਿਹੜਾ’?
 
ਉਹ ਕਿੱਥੇ ਗਈਆਂ ਨਿੰਮਾਂ ਤੇ ਨਾ,
ਹੀ ਆ ਰਿਹਾ ਏ ਨਲ਼ਕੇ ਨੂੰ ਕੋਈ,
ਗੇੜਾ।
 
ਉਂਝ ਤਾਂ ਘਾਹ ਫੂਸ ਤੇ ਛੋਟੀਆਂ,
ਛੋਟੀਆਂ ਝਾੜ੍ਹੀਆਂ ਨਾਲ਼ ਭਰਿਆ,
ਪਿਆ ਏ ਵਿਹੜਾ।
 
ਪਿੰਡ ਦੇ ਵਿਹੜੇ ਦਾ ਸਮੇਂ ਦੇ ਲਾਂਗੇ,
ਨਾਲ਼ ਹੋ ਗਿਆ ਏ ਨਵੇੜਾ।
 
ਇਸ ਵਿਹੜੇ ‘ਚੋਂ ਮੁੱਕ ਗਈਆਂ,
ਨੇ ਖੁਸ਼ੀਆਂ ਤੇ ਨਾ ਕੋਈ ਰਹਿ,
ਗਿਆ ਏ ਖੇੜ੍ਹਾ।
 
ਪਿੰਡ ਦੇ ਜਵਾਨ ਜਦੋਂ ਗੁਆਂਡੀਆਂ,
ਨੂੰ ਪੁਛਦੇ ਕਿ ‘ਇਹ ਔਲਰਾਈਟ,
ਕਹਿਣ ਵਾਲ਼ਾ ਐੱਨ ਆਰ ਆਈ
ਏ ਕਿਹੜਾ’?
ਜਦੋਂ ਮਾਂ ਦਾ ਵਿਦੇਸ਼ਾਂ ‘ਚੋਂ ਆਏ,
ਹੋਏ ਧੀਆਂ ਪੁੱਤਰਾਂ ਨੂੰ ਤੋਰ ਕੇ,
ਪੈ ਜਾਂਦਾ ਸੀ ਵਿਛੋੜਾ।
 
ਮਾਂ ਅੰਦਾਜ਼ਾ ਲਾਉਂਦੀ ਸੀ ਹੁੰਦੀ,
ਕਿ ਹੁਣ ਕਿਹੜੇ ਧੀ ਪੁੱਤ ਦਾ,
ਲਗੂਗਾ ਪਿੰਡ ਦਾ ਗੇੜਾ।
 
ਪਿੰਡ ਦੇ ਜਵਾਨ ਜਦੋਂ ਗੁਆਂਡੀਆਂ,
ਨੂੰ ਪੁਛਦੇ ਕਿ ‘ਇਹ ਔਲਰਾਈਟ,
ਕਹਿਣ ਵਾਲ਼ਾ ਐੱਨ ਆਰ ਆਈ
ਏ ਕਿਹੜਾ’?
 
ਮਾਂ ਵਿਦੇਸ਼ਾਂ ‘ਚੋਂ ਆਇਆ ਨੂੰ,
ਤੋਰਦੇ ਸਾਰ ਹੀ ਉਦਾਸ ਸੀ ਹੋ,
ਜਾਂਦੀ ਜਦੋਂ “ਕੇਵਲ” ਉਸ ਨੂੰ,
ਪਤਾ ਲਗ ਜਾਂਦਾ ਕਿ ਪੈ ਜਾਣਾ,
ਏ ਹੁਣ ਵਿਛੋੜਾ।
03/01/2022 
 
 
 


ਦੁਨੀਆਂ ਦਾ ਦਸਤੂਰ

ਕੇਵਲ ਸਿੰਘ ਜਗਪਾਲ

ਦੁੱਖ ਹੋਵਣ ਤਾਂ ਨੀਂਦ ਨਹੀਂਓਂ ਆਉਂਦੀ,
ਖ਼ੁਸ਼ੀਆਂ ਹੋਵਣ ਤਾਂ ਸਾਉਂਦਾ ਕੋਈ ਨਾ।
 
ਹੱਸਦਿਆਂ ਨਾਲ਼ ਦੁਨੀਆਂ ਪਈ ਹੱਸਦੀ,
ਰੋਂਦਿਆਂ ਨੂੰ ਇੱਥੇ ਵਰਾਉਂਦਾ ਕੋਈ ਨਾ।
 
ਮਤਲਵ ਦੀ ਹੀ ਇੱਥੇ ਦੁਨੀਆਂ ਸਾਰੀ,
ਲੋੜ ਪੈਣ ਤੇ ਨੇੜੇ ਆਉਂਦਾ ਕੋਈ ਨਾ।
 
ਮਤਲਵ ਹੋਵੇ ਤਾਂ ਸਾਰੇ ਪਏ ਬੁਲਾਵਣ,
ਬਿਨ ਮਤਲਵ ਬਲਾਉਂਦਾ ਕੋਈ ਨਾ।
 
ਜਦੋਂ ਕਿਤੇ ਗ਼ਰੀਬੀ ਦੇ ਦਿਨ ਆਉਂਦੇ ,
ਭੁੱਖਿਆਂ ਮੂੰਹ ਟੁੱਕ ਪਾਉਂਦਾ ਕੋਈ ਨਾ।
 
ਹੱਕ ਪਰਾਇਆ ਸਾਰੇ ਪਏ ਖਾਵਣ,
ਆਪਣਾ ਹੱਕ ਖਵਾਉਂਦਾ ਕੋਈ ਨਾ।
 
ਇੱਥੇ ਥਾਂ ਥਾਂ ਫਿਰਦੇ ਨੇ ਡਾਕੂ ਲੁਟੇਰੇ,
ਇੱਥੇ ਮੌਕਾ ਹੱਥੋਂ ਗੁਆਉਂਦਾ ਕੋਈ ਨਾ।
 
ਭਾਵੇਂ ਲੱਖਾਂ ਹੀ ਹੋਵਣ ਦੋਸਤੀਆਂ ਤੇ,
ਰਿਸ਼ਤੇ, “ਕੇਵਲ” ਬਿਨ ਮਾਪਿਆਂ,
ਲਾਡ ਲਡਾਉਂਦਾ ਕੋਈ ਨਾ।
 28/12/2021
 


ਭਰੂਣ ਹੱਤਿਆ

ਕੇਵਲ ਸਿੰਘ ਜਗਪਾਲ

ਜੇਕਰ ਪੰਜਾਬੀਓ ਤੁਸੀਂ ਕੁੱਖਾਂ ‘ਚ,
ਮਾਰੀ ਜਾਓਗੇ ਬੇਟੀਆਂ।
ਕਿਵੇਂ ਤੁਸੀਂ ਖਾਓਗੇ ਉਨ੍ਹਾਂ ਦੀਆਂ,
ਪਕਾਈਆਂ ਹੋਈਆਂ ਗਰਮਾ ਗਰਮ,
ਰੋਟੀਆਂ।
 
ਭਲਾ ਦੱਸੋ ਮਾਪੇ ਕਿੱਥੋਂ ਵਿਆਹਕੇ,
ਲਿਆਉਣਗੇ ਪੁੱਤਰਾਂ ਲਈ ਪਰੀਆਂ,
ਨੂੰ ਮਾਤ ਪਾਉਂਦੀਆਂ ਪੰਜਾਬ ਦੀਆਂ,
ਮੁਟਿਆਰਾਂ ਨੁੰਹਾਂ/ ਵਹੁਟੀਆਂ।
  
ਜਦੋਂ ਤੱਕ ਪੰਜਾਬੀ ਮਾਵਾਂ ਬੜ੍ਹੀ,
ਹੀ ਬੇਰਹਿਮੀ ਨਾਲ਼ ਕੁੱਖਾਂ ‘ਚ,
ਮਾਰੀ ਜਾਂਣਗੀਆਂ ਆਪਣੀਆਂ ਹੀ,
ਬੇਟੀਆਂ।
 
ਨਾ ਹੀ ਸਾਡੇ ਘਰਾਂ ‘ਚ ਭੈਣਾਂ ਪੈਦਾ,
ਹੋਣਗੀਆਂ ਫੜ੍ਹਣ ਨੂੰ ਭਰਾਵਾਂ ਦੇ,
ਵਿਆਹਾਂ ਦੇ ਸ਼ਗਨਾਂ ਵੇਲੇ ਦੀਆਂ,
ਇੰਜੜੀਆਂ।
 
 
ਜੇਕਰ ਧੀਆਂ ਪੈਦਾ ਨਾ ਹੋਣਗੀਆਂ,
ਕੌਣ ਭਰਾਵਾਂ ਦੇ ਗੁੱਟਾਂ ਤੇ ਬੰਨਕੇ,
ਸਜਾਉਣਗੀਆਂ ਰੱਖੜੀਆਂ।
ਜੇਕਰ ਭੂਆਂ ਮਾਸੀਆਂ ਨਾ ਰਹੀਆਂ,
ਤਾਂ ਕੌਣ ਆਊ ਮਿਲਣ ਪੇਕਿਆਂ।
 
ਨਾ ਹੀ ਇੱਥੇ ਲੱਗਣਗੇ ਮੇਲੇ ਤੀਆਂ,
ਤਰਿੰਝਣਾਂ ਦੇ ਅਤੇ ਨਾ ਹੀ ਪੀਂਘਾਂ,
ਚੜ੍ਹਾਉਣ ਲਈ ਪੈਦਾ ਹੋਣਗੀਆਂ,
ਬੇਟੀਆਂ।
ਬਿਨ ਬੇਟੀਆਂ ਮਾਪਿਆਂ ਨੂੰ ਕੌਣ,
ਦਿਊ “ਕੇਵਲ” ਐਨਾ ਪਿਆਰ ਤੇ,
ਪੀਂਘਾਂ ਟੰਗੀਆਂ ਰਹਿ ਜਾਂਣਗੀਆਂ,
ਪਿੰਡਾਂ ਦੇ ਪਿੱਪਲ਼ਾ ਬਰੋਟਿਆਂ।
20/12/2021 


47 ਦੀ ਵੰਡ

ਕੇਵਲ ਸਿੰਘ ਜਗਪਾਲ

ਗੁਜਰਾਤੀ ਪੰਜਾਬੀਆਂ ਨਾਲ਼ੋਂ,
ਐਨੇਂ ਸਿਆਣੇ ਕਿਉਂ ਹੋ ਗਏ।
 
ਦੇਸ਼ ਅਜ਼ਾਦ ਕਰਾਉਣ ਦੀ,
ਖ਼ਾਤਰ ਨਾ ਹੀ ਗੁਜਰਾਤੀ,
ਜੇਲਾਂ ਵਿੱਚ ਗਏ।
ਨਾ ਹੀ ਗੁਜਰਾਤੀਆਂ ਨੂੰ,
ਦੇਸ਼ ਅਜ਼ਾਦ ਕਰਾਉਣ ਦੀ,
ਖ਼ਾਤਰ ਫਾਹੇ ਹੀ ਲੈਣੇ ਪਏ।
 
ਨਾ ਹੀ ਗੁਜਰਾਤੀ ਕੋਈ ਸਜ਼ਾ,
ਭੁਗਤਣ ਦੇ ਲਈ ਕਾਲ਼ੇ ਪਾਣੀ,
ਹੀ ਭੇਜੇ ਗਏ।
 
ਫਿਰ ਵੀ ਗੁਜਰਾਤ ਦੇ ਅੱਧ,
ਨੰਗੇ ਗਾਂਧੀ, ਦੇਸ਼ ਦੇ ਬਾਪੂ,
ਅਤੇ ਮਹਾਤਮਾ ਦੇ ਖ਼ਿਤਾਬ,
ਨਾਲ਼ ਕਿਉਂ ਜਾਂਣੇ ਗਏ?
 
ਗਾਂਧੀ ਦੀ ਬੱਕਰੀ ਦੀ ਰੱਸੀ,
ਸਣੇਂ ਐਨਕ, ਖੂੰਡੀ, ਧੋਤੀ ਤੇ,
ਚਰਖੜੀ ਤਾਂ ਸਾਂਭੇ ਗਏ।
ਕੱਲੇ ਕੱਲੇ ਸ਼ਹੀਦਾਂ ਦੇ ਗਲ਼ਾਂ,
ਦੇ ਰੱਸੇ ਕਿਉਂ ਨਹੀਂ ਸੰਭਾਲ਼ੇ,
ਗਏ?
 
ਪਾਕਿਸਤਾਨ ਦੀ ਸਰਹੱਦ,
ਤਾਂ ਗੁਜਰਾਤ ਦੇ ਨਾਲ਼ ਵੀ,
ਲਗਦੀ ਏ।
ਫਿਰ ਵੀ 47 ਵਿੱਚ ਗੁਜਰਾਤ,
ਦੇ ਦੋ ਟੁਕੜੇ ਕਿਉਂ ਨਹੀਂ ਸੀ,
ਹੋਏ?
 
“ਕੇਵਲ” ਪੰਜਾਬ ਤੇ ਬੰਗਾਲ,
ਵਿੱਚ ਖੂਨ ਦੇ ਦਰਿਆ ਵੰਡ,
ਦੌਰਾਨ ਕਿਉਂ ਭਰੇ ਗਏ?
 13/12/2021


ਉੱਚੇ ਮਹਿਲ ਮੁਨਾਰੇ

ਕੇਵਲ ਸਿੰਘ ਜਗਪਾਲ

ਅਮੀਰਾਂ ਦੇ ਉੱਚੇ ਮਹਿਲ ਮੁਨਾਰੇ ਵੇਖ,
ਕਿਤੇ ਆਪਣੀ ਝੌਂਪੜ੍ਹੀ ਸਾੜ੍ਹੀਂ ਨਾ।
 
ਕਾਹਲ਼ੀ ਵਿੱਚ ਆਕੇ ਕਿਸੇ ਨਾਲ਼ ਛੇਤੀਂ,
ਕੀਤੇ ਐਂਵੇਂ ਬਗਾੜ੍ਹੀਂ ਨਾ।
 
ਝਗੜ੍ਹੇ ਝੇੜਿਆਂ ਵਿੱਚ ਫਸਕੇ ਰਹਿੰਦੀ,
ਜ਼ਿੰਦਗ਼ੀ ਦੀ ਕਿਸਮਤ ਦਾ ਵਰਕਾ ਤੂੰ,
ਪਾੜ੍ਹੀਂ ਨਾ।
 
ਸਾਰਿਆਂ ਨਾਲ਼ ਦੋਸਤੀ ਰਿਸ਼ਤੇ ਕਾਇਮ,
ਰੱਖੀ ਐਂਵੀਂ ਬਣੀ ਅਨਾੜ੍ਹੀ ਨਾ।
 
ਇਹ ਸਦਾ ਹੀ ਦੋ ਹੱਥਾਂ ਨਾਲ਼ ਬੱਜਦੀ,
ਇੱਕ ਹੱਥ ਨਾਲ਼ ਬੱਜਦੀ ਕਦੀ ਤਾੜ੍ਹੀ,
ਨਾ।
 
ਆਪਣਿਆਂ ਬਿਨ ਸੱਭ ਤਮਾਸ਼ਾ ਪਏ,
ਵੇਖਣ ਦੁੱਖ ਵੰਡਾਅ ਸੱਕੇ ਕੋਈ ਆੜ੍ਹੀ,
ਨਾ।
 
“ਕੇਵਲ” ਹਰ ਬੰਦਾ ਖ਼ੁਦ ਆਪਣੀ ਹੀ,
ਕਿਸਮਤ ਪਿਆ ਲਿੱਖੇ ਉੱਪਰ ਵਾਲ਼ਾ,
ਲਿਖਦਾ ਕਿਸੇ ਦੀ ਮਾੜ੍ਹੀ ਨਾ।
 07/12/2021
 
 


ਟੁੱਟਦੇ ਰਿਸ਼ਤੇ

ਕੇਵਲ ਸਿੰਘ ਜਗਪਾਲ
 
ਬਨਾਉਟੀ ਜਿਹੇ ਚਿਹਰਿਆਂ,
ਦੇ ਦਿਖਾਵੇ ਸਾਡੇ ਸਮਾਜ ‘ਚ,
ਆਮ ਹੁੰਦੇ।
 
24 ਘੰਟੇ ਫੇਸਬੁੱਕ ਵੱਟਸਐੱਪ,
ਉੱਤੇ, ਕਦੇ ਆਮ੍ਹੋ ਸਾਹਮਣੇ ਵੀ,
ਸ਼ਰੇਆਮ ਹੁੰਦੇ।
 
ਝੂਠਿਆਂ ਨੂੰ ਤਾਂ ਸਨਮਾਨ ਵੀ,
ਮਿਲ਼ਦਾ ਪਤਾ ਨਹੀਂ ਸਦਾ ਹੀ,
ਸੱਚ ਬੋਲਣ ਵਾਲ਼ੇ ਸਮਾਜ ‘ਚ,
ਕਿਉਂ ਬਦਨਾਮ ਹੁੰਦੇ?
 
ਅੱਜ ਕੱਲ ਟੁੱਟਦੇ ਰਿਸ਼ਤੇ ਆਮ,
ਦੇਖਣ ‘ਚ ਆਉਂਦੇ।
 
ਛੱਲਿਆਂ ਦੀ ਕਿਸਮਤ ਪਤਾ,
ਨਹੀਂ ਕਿਉਂ ਉਂਗਲ਼ਾਂ ‘ਚ ਫਸੇ,
ਹੀ ਰਹਿ ਜਾਂਦੇ।
 
ਪਰ ਵੰਙਾਂ ਦਾ ਗੂੜ੍ਹਾ ਰੰਗ ਹਜੇ,
ਉਵੇਂ ਹੀ ਦਿਸੀ ਜਾਂਦਾ।
 
ਦੁਨੀਆਂ ਨੂੰ ਕੀ ਦੱਸਣ ਤੇ ਕੀ,
ਨਾ ਦੱਸਣ ਇੱਕ ਦੁਜੇ ਤੋਂ ਦੂਰ,
ਹੋ ਕੇ ਉਹ ਕਈ ਦੇਰ ਤੋਂ ਹੁਣ,
ਕੱਲੇ ਕੱਲੇ ਹੀ ਰਹਿੰਦੇ।
 
ਕਈ ਜੋੜੀਆਂ ਗੁਲਦਸਤੇ ਨ੍ਹੀਂ,
ਬਣਾ ਸਕੀਆਂ ਕਿਉਂਕਿ ਫੁੱਲਾਂ,
ਦੇ ਤੋੜਨ ਤੋਂ “ਕੇਵਲ” ਪਹਿਲਾਂ,
ਹੀ ਕੰਡੇ ਲੱਗਣ ਨਾਲ਼ ਉਨ੍ਹਾਂ ਦੇ,
ਖੂਨ ਬਹਿਣ ਲੱਗ ਜਾਂਦੇ।
29/11/2021


ਭੁੱਲੇ ਹੋਏ ਰਾਹਵਾਂ ਨੂੰ

ਕੇਵਲ ਸਿੰਘ ਜਗਪਾਲ
 
ਦੀਵਾ ਹਨ੍ਹੇਰਿਆਂ ਨੂੰ ਹਟਾਕੇ,
ਚਾਨਣ ਨਾਲ਼ ਦਿਖਾ ਸੱਕਦਾ,
ਏ ਰਾਹੀਆਂ ਦੇ ਰਾਹਾਂ ਨੂੰ।
 
ਪਰ ਕੀਤਾ ਹੋਇਆ ਚਾਨਣ,
ਨਹੀਂ ਦਿਖਾ ਸੱਕਦਾ ਦਿਮਾਗੋਂ,
ਅੰਨੇ ਹੋ ਗਏ ਕੁਰਾਹਾਂ ਨੂੰ।
 
ਭੁੱਲੇ ਭੱਟਕੇ ਕਈ ਅਣਜਾਣ,
ਰਾਹੀ ਪੈਹਿਆਂ ਡੰਡੀਆਂ ਨੂੰ,
ਫੜ੍ਹਕੇ ਭਾਲ਼ਦੇ ਰਹਿੰਦੇ ਨੇ,
ਗੁਆਚਿਆਂ ਰਾਹਾਂ ਨੂੰ।
 
ਜਿਵੇਂ ਦਮੇਂ ਦੇ ਰੋਗੀ ਸਦਾ,
ਹੀ ਲੱਭਦੇ ਰਹਿੰਦੇ ਅੱਗਲੇ,
ਆਉਣ ਵਾਲ਼ੇ ਸਾਹਾਂ ਨੂੰ।
 
ਜਿਉਂਦੀ ਮਾਂ ਦੀ ਤਾਂ ਕਦਰ,
ਹੀ ਨਾ ਕੀਤੀ ਹੁਣ ਕਮਲ਼ਾ,
ਐਂਵੀਂ ਹੀ ਮਾਂ ਕਹੀ ਜਾਂਦਾ,
ਦੋਸਤਾਂ ਦੀਆਂ ਮਾਵਾਂ ਨੂੰ।
 
ਆਪਣਾ ਕਸੂਰ ਕਦੀ ਨਹੀਂ,
ਮੰਨਦਾ ਦੋਸ਼ ਦੇਈ ਪਿਆ,
ਜਾਂਦਾ ਭੈਂਣਾਂ ਤੇ ਭਰਾਵਾਂ ਨੂੰ।
 
ਬੱਚਿਆਂ ਕੋਲ਼ੋਂ ਬੁਰਕੀ ਖੋਹ,
ਕਾਂ ਲੈ ਜਾਵੇ ਕਦੀ ਦੋਸ਼ ਨਾ,
ਦਈਏ ਮਾਵਾਂ ਨੂੰ।
 
ਜੇਕਰ ਬਹੁ ਗਿਣਤੀ ਘਰ,
‘ਚ ਪਰਾਹੁਣਿਆਂ ਦੀ ਹੀ ਹੋ,
ਜਾਵੇ ਤਾਂ ਦੋਸ਼ ਦੇਣਾਂ ਬਣਦਾ,
ਏ ਬਨੇਰੇ ਆ ਬੈਠੇ ਕਾਵਾਂ ਨੂੰ।
 
ਕਈ ਤਾਂ ਸਹੀ ਸੱਚੇ ਦਿਲੋਂ ਹੀ,
ਤਰਸਦੇ ਨੇ ਮਾਵਾਂ ਠੰਡੀਆਂ,
ਛਾਵਾਂ ਨੂੰ।
 
“ਕੇਵਲ” ਕੋਈ ਵੀ ਇਨਸਾਨ,
ਹਜੇ ਸਹੀ ਅੰਦਾਜ਼ਾ ਵੀ ਨਹੀਂ,
ਲਾ ਸੱਕਿਆ ਕਿ ਕਿੰਨੇ ਗੂੜ੍ਹੇ,
ਹੁੰਦੇ ਨੇ ਮਮਤਾ ਦੇ ਚਾਵਾਂ ਨੂੰ।
22/11/2021


ਹਾਕਮ

ਕੇਵਲ ਸਿੰਘ ਜਗਪਾਲ

ਹਾਕਮ ਨ੍ਹੀਂ ਉਹ ਅਨਾੜ੍ਹੀ ਝੱਲਿਆ,
ਵਧਾ ਲਈ ਉਸ ਨੇ ਦਾੜ੍ਹੀ ਝੱਲਿਆ।
 
ਸਿਫਤਾਂ ਦੇ ਉਹ ਪੁਲ਼ ਪਿਆ ਬੰਨੇ,
ਮਾਰੇ ਆਪੇ ਉਹ ਤਾੜ੍ਹੀ ਝੱਲਿਆ।
 
ਉਹ ਕੀ ਜਾਣੇਂ ਵਧਦੀ ਮਹਿੰਗਾਈ,
ਜਿਸ ਦੇ ਘਰ ਨਾ ਲਾੜ੍ਹੀ ਝੱਲਿਆ।
 
ਜੇਕਰ ਘਰ ਉਸ ਦੀ ਲਾੜ੍ਹੀ ਹੁੰਦੀ,
ਪੱਟ ਦੇਣੀ ਸੂ ਉਸ ਦਾੜ੍ਹੀ ਝੱਲਿਆ।
 
ਕਿਸਾਨਾਂ ਦੇ ਉਹ ਹੱਕ ਪਿਆ ਮਾਰੇ,
ਨੀਤ ਹੈ ਉਸ ਦੀ ਮਾੜ੍ਹੀ ਝੱਲਿਆ।
 
ਧਰਮਾਂ ਦੀ ਤਾਂ ਉਹ ਕਰੇ ਸਿਆਸਤ,
ਕਰੇ ਕੌਮ ਦੀ ਉਹ ਦੋਫਾੜ੍ਹੀ ਝੱਲਿਆ।
 
ਜੰਤਾ ਦਾ ਉਸ ਕੋਈ ਫਿਕਰ ਨਹੀਂ ਏ,
ਹੈਨ ਉਸ ਕੋਲ਼ ਦੋ ਆੜ੍ਹੀ ਝੱਲਿਆ।
 
 
ਕਿਸਾਨੀ ਦੀ ਉਹ ਕਦਰ ਨਾ ਜਾਣੇਂ,
ਉਹ ਕਹੇ “ਕੇਵਲ” ਮਨ ਕੀ ਬਾਤ,
ਹਰ ਹਫਤੇ ਇੱਕ ਵਾਰੀ ਝੱਲਿਆ।
 16/11/2021
 
 


ਤੇਰੀਆਂ ਯਾਦਾਂ

ਕੇਵਲ ਸਿੰਘ ਜਗਪਾਲ

ਕੱਲੀ ਬੈਠੀਂ ਨੂੰ ਤੇਰੀਆਂ ਯਾਦਾਂ,
ਮੱਲੋਂ ਮੱਲੀਂ ਆਈਆਂ ਵੇ।
 
ਤੇਰੀਆਂ ਯਾਦਾਂ ਇਸ ਕਮਲ਼ੀ,
ਨੇ ਘੁੱਟ ਸੀਨੇ ਲਾਈਆਂ ਵੇ।
 
ਵਾਰ ਵਾਰ ਬੂਹਾ ਬਾਰੀ ਖੋਲ,
ਤੈਂਨੂੰ ਊਡੀਕਾਂ ਵਾਂਙ ਸੁਦਾਈਆਂ,
ਵੇ।
 
ਨਾਲ਼ ਸ਼ੱਕ ਦੀ ਨਜ਼ਰ ਤੱਕਣ,
ਸਾਰੇ ਗੁਆਂਢੀ ਨਾਲ਼ੇ ਤੱਕਣ,
ਤੇਰੀਆਂ ਚਾਚੀਆਂ ਤਾਈਆਂ,
‘ਤੇ ਭਰਜਾਈਆਂ ਵੇ।
 
ਤੈਂਨੂੰ ਕਦੀ ਵੀ ਮੇਰੀਆਂ ਯਾਦਾਂ,
ਨਹੀਂ ਆਈਆਂ ਵੇ?
 
ਮੈਂ ਤਾਂ ਹੁਣ ਉਡੀਕ ਉਡੀਕੇ ਹੀ,
ਥੱਕ ਗਈ ਹਾਂ, ਕਾਹਦਾ ਤੂੰ ਪ੍ਰਦੇਸੀਂ,
ਕਰਨ ਗਿਆ ਕਮਾਈਆਂ ਵੇ।
 
ਅੜਿਆ ਤੇਰੀਆਂ ਤਾਂ ਪ੍ਰਦੇਸੋਂ,
ਮੋਬਾਈਲ ‘ਤੇ ਮੇਰੇ ਨਾਲ਼ ਅਜ,
ਕਲ੍ਹ ਗੱਲਾਂ ਰਾਸ ਨਹੀਂ ਆਈਆਂ,
ਵੇ।
 
ਕਿਉਂਕਿ ਤੂੰ ਤਾਂ ਫੋਨ ਲਾਵੇਂ ‘ਤੇ,
ਹਾਲ ਚਾਲ ਪੁੱਛੇਂ “ਕੇਵਲ” ਮਾਂ,
ਪਿਓ ਭੈਣ, ਭਰਾ, ਚਾਚੀਆਂ,
ਤਾਈਆਂ ‘ਤੇ ਭਰਜਾਈਆਂ ਵੇ।
 08/11/2021
 
 


ਨਹੀਂ ਮਿਲ਼ਦਾ

ਕੇਵਲ ਸਿੰਘ ਜਗਪਾਲ
 
ਬਾਣੀ ਤਾਂ ਸਾਰੇ ਹੀ ਸੁਣਦੇ,
ਪਰ ਬਿਨਾਂ ਅਮਲ ਕੀਤਿਆਂ,
ਕਦੀ ਗਿਆਨ ਨ੍ਹੀਂ ਮਿਲ਼ਦਾ।
 
ਗ਼ਰੀਬ ਭੀਖ਼ ਮੰਗਦੇ ਪਏ ਨੇ,
ਲੋਕਾਂ ਕੋਲੋਂ ਪਰ ਧਾਰਮਿਕ,
ਸਥਾਨਾਂ ਤੋਂ ਉਨ੍ਹਾਂ ਨੂੰ ਕੋਈ,
ਦਾਨ ਨਹੀਂ ਮਿਲ਼ਦਾ।
 
ਕਈ ਤਾਂ ਕਹਿੰਦੇ ਰੱਬ ਹਰ,
ਇੱਕ ਇਨਸਾਨ ਦੇ ਅੰਦਰ,
ਹੀ ਤਾਂ ਵਸਦਾ ਏ ਪਰ ਪਤਾ,
ਨਹੀਂ ਰੱਬ ਅੰਦਰੋਂ ਬਾਹਰ,
ਆਕੇ ਕਿਉਂ ਨਹੀਂ ਮਿਲ਼ਦਾ?
 
ਰੱਬ ਨੂੰ ਭਾਲਣ ਜਾਂਦੇ ਪਏ ਨੇ,
ਲੋਕੀਂ ਗੁਰਦੁਆਰਿਆਂ ਅਤੇ,
ਮੰਦਰੀਂ ਜਿੱਥੇ ਭਗ਼ਵਾਨ ਨ੍ਹੀਂ,
ਮਿਲ਼ਦਾ।
 
ਸ਼ਾਇਦ ਇਸ ਲਈ ਪਥਰਾਂ,
‘ਤੇ ਮੂਰਤੀਆਂ ਦੀ ਪੂਜਾ ਕਰ,
ਰਹੇ ਨੇ ਲੋਕ ਕਿਉਂਕਿ ਉਨ੍ਹਾਂ,
ਨੂੰ ਇਸ ਸੰਸਾਰ ਵਿੱਚ ਕੋਈ,
ਨੇਕ, ਸੱਚਾ, ਯਕੀਨੀ ਅਤੇ,
ਜੀਉਂਦਾ ਇਨਸਾਨ ਹੀ ਨਹੀਂ,
ਮਿਲ਼ਦਾ।
 
ਅੱਜ ਕੱਲ੍ਹ ਤੀਜੀ ਪੀੜ੍ਹੀ  ਦੇ,
ਬਜ਼ੁਰਗ਼ ਜੋੜੇ ਬੱਚੇ ਪਾਲ਼,
ਰਹੇ ਨੇ ਪਤਾ ਨਹੀਂ ਉਨ੍ਹਾਂ ਨੂੰ,
ਹਜੇ ਵੀ ਕੋਈ ਆਰਾਮ ਨਹੀਂ,
ਮਿਲ਼ਦਾ।
 
ਕੋਝੀ ਸਿਆਸਤ ਕਰਦੇ ਦੇਖੇ,
ਨੇ ਸਾਰੇ ਇੱਥੇ, ਪਰ ਕੋਈ ਸੱਚ,
ਬੋਲਣ ਵਾਲ਼ਾ ਸਿਆਸਤਦਾਨ,
ਹੀ ਨਹੀਂ ਮਿਲ਼ਦਾ।
 
ਕੀ “ਕੇਵਲ” ਗੁਰਦੁਆਰਿਆਂ,
 ‘ਚ ਹੀ ਗੁਰੂ ਕੇ ਲੰਗਰ ਲੱਗਦੇ,
ਨੇ ਦੂਸਰੇ ਧਾਰਮਿਕ ਸਥਾਨਾਂ,
ਤੇ ਲੰਗਰ, ਲਾਂਗਰੀ ਅਤੇ ਕੋਈ,
ਪਕਵਾਨ ਨਹੀਂ ਮਿਲ਼ਦਾ?
01/11/2021 


ਨੈੱਟ ਤੇ ਭੇਜੇ ਸੁਨੇਹੇ

ਕੇਵਲ ਸਿੰਘ ਜਗਪਾਲ

ਰੋਜ਼ ਨੈੱਟ ‘ਤੇ ਭੇਜ ਭੇਜ ਸੁਨੇਹੇ,
ਅੱਕਿਆਂ ਪਿਆ ਹਾਂ।
ਭੇਜ ਭੇਜ ਸੁਨੇਹੇ ਥੱਕਿਆ ਪਿਆ,
ਹਾਂ।
 
ਕੀ ਲਾਭ ਹੈ ਐਨੀਆਂ ਕਵਿਤਾਵਾਂ,
ਲਿੱਖਣ ਦਾ?
ਕੀ ਲਾਭ ਹੈ ਉਨ੍ਹਾਂ ਨੂੰ ਨੈੱਟ ‘ਤੇ,
ਭੇਜਣ ਦਾ?
 
ਕੀ ਕੰਮ ਆਉਣੇਂ ਨੇ ਭੇਜੇ ਹੋਏ,
ਇਹ ਸੁਨੇਹੇ?
ਲੋਕੀਂ ਬਿਨ ਪੜ੍ਹਿਆਂ ਹੀ ਢਾਹ,
ਦਿੰਦੇ ਨੇ ਇਹ ਸੁਨੇਹੇ?
ਫਿਰ ਕਿਉਂ ਲਿੱਖੀ ਜਾ ਰਿਹਾਂ,
ਹਾਂ ਇਹ ਸੁਨੇਹੇ?
ਨੈੱਟ ‘ਤੇ ਕਿਉਂ ਭੇਜੀ ਜਾ ਰਿਹਾਂ,
ਹਾਂ ਇਹ ਸੁਨੇਹੇ?
 
ਕਈ ਮਿੱਤਰਾਂ ਦੇ ਤਾਂ ਜਵਾਬ,
ਆ ਹੀ ਜਾਂਦੇ।
ਕਈ ਵਾਜਬ ਨੁਕਤਾਚੀਨੀ,
ਵੀ ਕਰ ਜਾਂਦੇ।
ਜਿਸ ਨਾਲ਼ ਲਿਖਣ ਦੇ ਹੌਸਲੇ,
ਬੁਲੰਦ ਹੋ ਜਾਂਦੇ।
ਪਰ ਬਹੁਤੇ ਚੁੱਪ ਧਾਰਕੇ ਹੀ,
ਸੁਨੇਹੇ ਪੜ੍ਹੀ ਜਾਂਦੇ।
 
ਇਸ ਕੀਤੀ ਹੋਈ ਕੋਸ਼ਿਸ਼ ‘ਚ,
ਸਮਾਂ ਤਾਂ ਲਗਦਾ।
ਇਸ ਕੋਸ਼ਿਸ਼ ਕਰਨ ਨਾਲ਼ ਤਾਂ,
ਕੁੱਝ ਨਹੀਂ ਮਿਲ਼ਦਾ।
 
ਜਿਵੇਂ ਸਮੁੰਦਰ ‘ਚ ਐਵੀਂ ਲੀਕਾਂ,
ਪਾਈ ਜਾਈਏ।
ਜਿਵੇਂ ਪਾਣੀ ‘ਚ ਪਾ ਮਧਾਣੀ,
ਘੁਮਾਈ ਜਾਈਏ।
ਨਿਕਲਦਾ ਕੁੱਝ ਨਹੀਂ ਐਵੀਂ,
ਵਕਤ ਗੁਆਈ ਜਾਈਏ।
 
ਫਿਰ ਸੋਚਦਾ ਹਾਂ ਕਿ ਲਿਖਣੋਂ,
ਹੀ ਹੱਟ ਜਾਵਾਂ।
ਨੈੱਟ ਦੇ ਬਣੇਂ ਸਾਰੇ ਮੰਚਾਂ ਤੋਂ,
ਹੁਣ ਲੱਥ ਜਾਵਾਂ।
 
ਵਿਹਲਾ ਰਹਿ ਕੇ ਸੋਚਾਂ ‘ਚ,
ਵੀ ਡੁੱਬਣਾਂ ਨਹੀਂ ਚਹੁੰਦਾ।
ਮੰਚ ਦੇ ਮਿੱਤਰਾਂ ਨੂੰ ਵੀ ਤਾਂ,
ਨ੍ਹੀਂ ਨਰਾਜ਼ ਕਰਨਾ ਚਹੁੰਦਾ।
 
ਉੱਪਰਲੀ ਲਿਖਤ ਤਾਂ ਕੁੱਝ,
ਲੰਮੀ ਹੀ ਹੋ ਗਈ ਏ।
ਮਾਫ਼ ਕਰਿਓ ਜੇ ਕੋਈ ਵੀ,
ਕਮੀ ਰਹਿ ਗਈ ਏ।
 
ਇੱਥੇ ਹੀ ਬੱਸ ਕਰ ਦਿੰਦਾ,
ਹਾਂ।
ਲਿਖਤ ਨੂੰ ਪੜ੍ਹਣ ਵਾਲ਼ਿਆਂ,
ਕੋਲ਼ੋਂ ”ਕੇਵਲ” ਕੋਈ ਹੋ ਗਈ,
ਗ਼ਲਤੀ ਦੀ ਮਾਫੀ ਮੰਗ ਲੈਂਦਾ,
ਹਾਂ।
 26/10/2021


ਪ੍ਰਦੇਸਾਂ ਵਿੱਚ ਮਜ਼ਦੂਰੀ

ਕੇਵਲ ਸਿੰਘ ਜਗਪਾਲ

ਦੌਲਤ ਦੀ ਭੁੱਖ ਨੇ ਸਤਾਇਆ ਤਾਂ,
ਦੂਰ ਪ੍ਰਦੇਸ ਆਕੇ ਹੱਥੋਂ ਕਈ ਦੋਸਤ,
ਮਿੱਤਰ ‘ਤੇ ਰਿਸ਼ਤੇ ਨਿਕਲ਼ ਗਏ।
 
ਪਰ ਜਦੋਂ ਕਮਾਈਆਂ ਹੋ ਗਈਆਂ,
ਤਾਂ ਵਕਤ ਗੁਜ਼ਰਨ ਜਾਣ ਨਾਲ਼,
ਹਲਾਤ ਜਵਾਨੀ ਤੋਂ ਬੁਢਾਪੇ ‘ਚ,
ਬਦਲ ਗਏ।
 
ਪਤਾ ਹੀ ਨ੍ਹੀਂ ਲੱਗਿਆ ਬੱਚਿਆਂ,
ਨਾਲ਼ ਵਕਤ ਗੁਜ਼ਾਰਨ ਦੇ ਸਮੇਂ,
ਹੀ ਨਿਕਲ਼ ਗਏ।
 
ਜਦੋਂ ਪੈਨਸ਼ਨ ਹੋ ਗਈ ਤਾਂ ਬੱਚੇ,
ਪੜ੍ਹ ਲਿਖ ਕੇ ਦੌਲਤ ਕਮਾਉਂਣ,
ਨਿਕਲ਼ ਗਏ।
 
ਪ੍ਰਦੇਸ ‘ਚ ਪੜ੍ਹ ਲਿੱਖ ਗਏ ਬੱਚੇ,
ਪਰ ਉਨ੍ਹਾਂ ਕੋਲ਼ੋਂ ਪੰਜਾਬੀ ਮਾਂ ਬੋਲੀ,
‘ਤੇ ਵਿਰਸਾ ਹੱਥੋਂ ਨਿਕਲ਼ ਗਏ।
 
ਬਚਪਨ ‘ਚ ਮਾਪੇ ਘੂਰਦੇ ਸੀ,
ਹੁੰਦੇ ਪਰ ਅੱਜ ਕਲ ਦੇ ਕਈ,
ਬਜ਼ੁਰਗ਼ ਜੋੜ੍ਹੇ ਕਹਿੰਦੇ ਸੁਣੇਂ ਕਿ,
ਉਨ੍ਹਾਂ ਨੂੰ ਹੁਣ ਤਾਂ ਪੁੱਤ ਪੋਤੇ ਵੀ,
ਘੂਰਨ ਨਿਕਲ ਲੱਗ ਪਏ।
 
ਪ੍ਰਦੇਸੋਂ ਜਾ ਕੇ ਬਹੁਤਾ ਮਾਪਿਆਂ,
ਨੂੰ ਨਹੀਂ ਮਿਲ਼ ਹੋਇਆ ਜਦੋਂ ਕਿ,
ਹਥੋਂ ਸਮੇਂ ਹੀ ਨਿਕਲ਼ ਗਏ।
 
ਜਦੋਂ “ਕੇਵਲ” ਕਮਾਉਂਣੋ ਹੱਟਿਆ,
ਮਾਪਿਆਂ ਨੂੰ ਮਿਲ਼ਣ ਦਾ ਵਿਹਲ,
ਲੱਗਿਆ ਤਾਂ ਦੁਨੀਆਂ ‘ਚੋਂ ਮਾਪੇ,
ਹੀ ਨਿਕਲ਼ ਗਏ।
 18/10/2021
 
 


ਅਣਖ

ਕੇਵਲ ਸਿੰਘ ਜਗਪਾਲ
ਅਣਖ ਨੂੰ ਮੁੱਦਤਾਂ ਤੋਂ ਭਾਲ਼ ਰਿਹਾਂ,
ਹਾਂ ਪਰ ਅਣਖ ਨਾ ਲੱਭ ਸਕਿਆ,
ਮੈਂ ਹੁਣ ਤੱਕ ਮੰਦਰਾਂ ਮਸੀਤਾਂ ‘ਤੇ,
ਗੁਰਦੁਆਰਿਆਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਗੁਰਦੁਆਰਿਆਂ ਉੱਤੇ ਕਾਬਜ਼,
ਧਰਮ ਦੇ ਅਖੌਤੀ ਠੇਕੇਦਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਔਲੀਏ ਦੀਆਂ ਹਰੀ ਚਾਦਰ,
ਢੱਕੀਆਂ ਕਬਰਾਂ ‘ਤੇ ਮਜ਼ਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਛੱਜੂ ਦਿਆਂ ਚੁਬਾਰਿਆਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਵਪਾਰੀਆਂ ਦੇ ਭੀੜ੍ਹ ਭਰੇ,
ਮਾਲਾਂ ‘ਤੇ ਬਜ਼ਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਮਤਲਵੀ ਰਿਸ਼ਤੇਦਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਕੁਦਰੱਤ ਦੀਆਂ ਬਾਰੀ ਬਾਰੀ,
ਬਦਲਦੀਆਂ ਬਹਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਉਹਨਾਂ ਗੱਡੀਆਂ ਵਾਲ਼ਿਆਂ,
ਬਣਜਾਰਿਆਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਭਾਰਤੀ ਜੰਤਾ ਦੀਆਂ ਚੁਣੀਆਂ,
ਹੋਈਆਂ ਸਰਕਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਦੇਸ਼ ਦੇ ਅਖੌਤੀ ਚੌਂਕੀਦਾਰਾਂ,
‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਮੋਦੀ ਦੇ ਗੋਦੀ ਲਏ ਮੀਡੀਏ,
ਦੇ ਚੁਣੇਂ ਹੋਏ ਬਕਾਊ ਪਤਰਕਾਰਾਂ,
‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਮੋਦੀ ਦੇ ਗੋਦੀ ਲਏ ਮੀਡੀਏ,
ਦੀਆਂ ਬਹੁਤੀਆਂ ਚੁਣੀਆਂ ਹੋਈਆਂ,
ਬਕਾਊ ਅਖਬਾਰਾਂ ‘ਚੋਂ।
 
ਨਾ ਅਣਖ ਲੱਭ ਸਕਿਆ ਮੈਂ ਹੁਣ,
ਤੱਕ ਸਰਕਾਰ ਦੇ ਕਾਇਮ ਕੀਤੇ,
ਸਰਕਾਰੀ ਅਦਾਰਿਆਂ ‘ਚੋਂ।
 
ਜਦੋਂ ਮੈਂ ਜਾ ਪਹੁੰਚਿਆ ਸਰਹੰਦ,
ਤਾਂ ਅਣਖ ਭਾਲ਼ਦਿਆਂ (2) ਹੀ,
ਦਰਸ਼ਨ ਹੋ ਗਏ “ਕੇਵਲ” ਉਨ੍ਹਾਂ,
ਅਣਖ ਦੀਆਂ ਖੂਨ ਨਾਲ਼ ਭਰੀਆਂ,
ਦੀਵਾਰਾਂ ‘ਚੋਂ।
 12/10/2021
 


ਸਵਰਗ਼ ਕਿੱਥੇ ਹੈ?

ਕੇਵਲ ਸਿੰਘ ਜਗਪਾਲ

ਜੇਕਰ ਹੋ ਸਕੇ ਤਾਂ, ਇਹ ਸਾਰੀਆਂ ਗੱਲਾਂ ਯਾਦ ਰੱਖੋ।
ਬਾਣੀ ਵੀ ਸਦਾ ਯਾਦ ਰੱਖੋ, ਸੱਚ ਨੂੰ ਵੀ ਅਬਾਦ ਰੱਖੋ।
  
ਝੂਠ ਨੂੰ ਕੋਹਾਂ ਦੂਰ ਰੱਖੋ, ਨਾ ਮਨ ‘ਚ ਗ਼ਰੂਰ ਰੱਖੋ।
 
ਸਰੀਰ ਨੂੰ ਚੰਗਾ ਰੱਖੋ, ਅੰਦਰੋਂ ਵੀ ਨਾ ਗੰਦਾ ਰੱਖੋ।
ਸਾਫ ਸੁਥਰਾ ਧੰਦਾ ਰੱਖੋ, ਰਾਹ ‘ਚ ਨਾ ਕੰਡਾ ਰੱਖੋ।
ਦੇ ਦਿਓ ਜਿਸ ਦਾ ਬਣਦਾ, ਨਾ ਕਾਣਾਂ ਵੰਡਾ ਰੱਖੋ।
 
ਜ਼ਿੰਦਗ਼ੀ ਚੱਲੀ ਜਾਣੀ, ਹੋਰ ਨਾ ਕੋਈ ਪੰਗਾ ਰੱਖੋ।
ਨਰਮੀ ਨਾਲ਼ ਪੇਸ਼ ਆਓ, ਦਮਾਗ਼ ਨੂੰ ਠੰਡਾ ਰੱਖੋ।
 
ਜੀਭ ਨੂੰ ਨਰਮ ਰੱਖੋ, ਦਿਲ ‘ਚ ਨਾ ਭਰਮ ਰੱਖੋ।
ਇਜ਼ਤ ਸਭਨਾਂ ਦੀ ਕਰੋ, ਅੱਖਾਂ ‘ਚ ਸ਼ਰਮ ਰੱਖੋ।
 
ਸੱਭ ਨਾਲ਼ ਬਣਾਕੇ ਰੱਖੋ, ਦਿਲ ‘ਚ ਨਾ ਤਣਾਅ ਰੱਖੋ।
 
ਬੁੱਲਾਂ ‘ਤੇ ਮੁਸਕਾਨ ਰੱਖੋ, ਧਰਮ ‘ਤੇ ਈਮਾਨ ਰੱਖੋ।
ਵਿਰਧ ਮਾਪਿਆਂ ਨੂੰ ਸਦਾ ਹੀ ਨਾਲ਼ ਸਨਮਾਨ ਰੱਖੋ।
ਔਰਤਾਂ ਅਤੇ ਮਰਦਾਂ ਦੇ ਹੱਕ ਬਿਲਕੁਲ ਸਮਾਨ ਰੱਖੋ।
 
ਭੁੱਖਿਆਂ ਦਾ ਖਿਆਲ ਰੱਖੋ, ਖਾਣੇਂ ਭਰੇ ਥਾਲ਼ ਰੱਖੋ।
 
ਯਤੀਮ ਨੂੰ ਗੋਦੀ ਰੱਖੋ, ਪੈਸੇ ਨਾ ਐਂਵੀਂ ਸੋਧੀ ਰੱਖੋ।
 
ਖੁਸ਼ੀ ਨਾਲ਼ ਜੀਓ, ਜ਼ਿੰਦਗ਼ੀ ਨਾ ਗ਼ਮਗ਼ੀਨ ਰੱਖੋ
ਊਚ-ਨੀਚ ‘ਤੇ ਜ਼ਾਤ-ਪਾਤ ਉੱਤੇ ਨਾ ਯਕੀਨ ਰੱਖੋ।               
ਦਿਲ ਨਾ ਨਮਕੀਨ ਰੱਖੋ, ਖੁੱਦ ‘ਤੇ ਯਕੀਨ ਰੱਖੋ।
 
ਮਿਹਨਤ ਕਰੀ ਜਾਓ, ਚੁਣਕੇ ਮੰਜ਼ਿਲ ਖ਼ਾਸ ਰੱਖੋ।
ਨੀਅਤ ਵੀ ਸਾਫ ਰੱਖੋ, ਰੱਬ ਉੱਤੇ ਵੀ ਆਸ ਰੱਖੋ।
 
ਜੇਕਰ ਤੁਸੀਂ ਉਪਰ ਲਿਖੀਆਂ ਸਾਰੀਆਂ ਉੱਤੇ,
ਅਮਲ ਕਰਦੇਓ ਤਾਂ ਸਵਰਗ਼ “ਕੇਵਲ” ਇਸ,
ਦੁਨੀਆਂ ਵਿੱਚ ਹੀ ਹੈ।
ਜੀ ਆਇਆਂ ਸਾਰੇ ਪੜ੍ਹਨ ਅਤੇ ਅਮਲ ਕਰਨ,
ਵਾਲ਼ਿਆਂ ਨੂੰ।
ਆਓ ਸਵਰਗ਼ ਵਿੱਚ ਤਸ਼ਰੀਫ ਰੱਖੋ।
 05/10/2021           
 


ਅੱਜ ਦਾ ਵਿਰਸਾ

ਕੇਵਲ ਸਿੰਘ ਜਗਪਾਲ

ਪਾਲਤੂ ਕੁੱਤਾ ਪੂਛ ਹਲਾਉਂਦਾ ਕੋਲ਼,
ਨੂੰ ਆ ਜਾਵੇ ਤਾਂ ਦੁਨੀਆਂ ਉੱਸ ਨੂੰ,
ਬੁਰਕੀਆਂ ਪਾਉਂਦੀ ਵੇਖੀ ਮੈਂ।
 
ਜੇਕਰ ਮੱਝ ਕੋਈ ਹਿੱਲ-ਜੁੱਲ ਕਰੇ,
ਤਾਂ ਦੁਨੀਆਂ ਉੱਸ ਨੂੰ ਧੁੱਪ ਤੋਂ ਛਾਵੇਂ,
ਵੀ ਬੰਨਦੀ ਵੇਖੀ ਮੈਂ।
 
ਗ਼ਰੀਬ ਰੋਵੇ ਤਾਂ ਦੁਨੀਆਂ ਉੱਸ ਨੂੰ,
ਹੋਰ ਵੀ ਰਵਾਉਂਦੀ ਵੇਖੀ ਮੈਂ।
 
ਅਜ ਕੱਲ ਦੀ ਔਲਾਦ ਜਿਉਂਦਿਆਂ,
ਵਿਰਧ ਮਾਪਿਆਂ ਨੂੰ ਬਾਰੀਆਂ ਪਾਕੇ,
ਕੋਲ਼ ਰੱਖਣ ਦੀਆਂ ਸ਼ਰਤਾਂ ਲਾਉਂਦੀ,
ਵੀ ਵੇਖੀ ਮੈਂ।
 
ਅਜ ਕੱਲ ਦੀ ਔਲਾਦ ਜਿਉਂਦਿਆਂ,
ਵਿਰਧ ਮਾਪਿਆਂ ਦੇ ਮੂੰਹ ‘ਚੋਂ ਰੋਟੀ,
ਦੀ ਬੁਰਕੀ ਵੀ ਖੋਂਹਦੀ ਵੀ ਵੇਖੀ ਮੈਂ।
 
ਵਿਰਧ ਮਾਪਿਆਂ ਦੇ ਦਾਗਾਂ ਦੇ ਵੇਲ਼ੇ,
ਉਹੀ ਔਲਾਦ ਮਰਿਆਂ ਦੇ ਮੂੰਹ’,
ਮੱਖਣ ਲਾਉਂਦੀ ਵੀ ਵੇਖੀ ਮੈਂ।
 
ਵਿਰਧ ਮਾਪਿਆਂ ਦੇ ਦਾਗਾਂ ਦੇ ਵੇਲ਼ੇ,
ਉਹੀ ਔਲਾਦ ਮਗ਼ਰਮੱਛ ਦੇ ਹੰਝੂ,
ਵਹਾਉਂਦੀ ਵੀ ਵੇਖੀ ਮੈਂ।
 
ਵਿਰਧ ਮਾਪਿਆਂ ਦੇ ਦਾਗਾਂ ਦੇ ਵੇਲ਼ੇ,
ਉਹੀ ਔਲਾਦ “ਕੇਵਲ” ਰੱਜਿਆਂ,
ਸਾਕਾਂ ਸੰਬੰਧੀਆਂ ਨੂੰ ਰਜਾਉਂਦੀ ਵੀ,
ਵੇਖੀ ਮੈਂ।
28/09/2021 
 


ਝੂਠੀ ਦੁਨੀਆਂ
ਕੇਵਲ ਸਿੰਘ ਜਗਪਾਲ

ਦਾਨ ਕਰਨ ਨਾਲ਼ ਥੋੜੀ ਜਿਹੀ,
ਦੌਲਤ ਹੀ ਹੱਥੋਂ ਜਾਂਦੀ ਏ ਪਰ,
ਬੈਂਕ ਦਾ ਸਾਰਾ ਖ਼ਾਤਾ ਨਹੀਂ।
 
ਸਿਖਰ ਦੁਪਿਹਰੇ ਅੱਖਾਂ ਬੰਦ,
ਕਰਨ ਨਾਲ਼ ਹਨ੍ਹੇਰਾ ਤਾਂ ਹੋ,
ਜਾਂਦਾ ਪਰ ਬਾਹਰ ਚਾਨਣ,
ਰੁੱਕਦਾ ਨਹੀਂ।
 
ਘੜੀ ਨਾ ਚੱਲਣ ਨਾਲ਼ ਤਾਂ,
ਸਿਰਫ ਰੁੱਕਦੀ ਹੀ ਏ ਪਰ,
ਵੱਕਤ ਰੁੱਕਦਾ ਨਹੀਂ।
 
ਕਬੂਤਰ ਦੇ ਅੱਖਾਂ ਮੀਟਣ ਦੇ,
ਨਾਲ਼ ਝੱਖੜ ਨਹੀਂ ਦਿਸਦਾ,
ਪਰ ਝੱਖੜ ਰੁੱਕਦਾ ਨਹੀਂ।
 
ਝੂਠ ਲਕੋਣ ਨਾਲ਼ ਸ਼ਾਇਦ,
ਝੂਠ ਤਾਂ ਲੁੱਕ ਸਕਦਾ ਪਰ,
ਸੱਚ ਲੁੱਕਦਾ ਨਹੀਂ।
 
ਇਸ ਝੂਠੀ ਜਿਹੀ ਦੁਨੀਆਂ,
‘ਚ ਮੈਂਨੂੰ ਤਾਂ ਸ਼ਾਇਦ ਅਜਿਹੀ,
ਦੁਨੀਆਂਦਾਰੀ ਬਿਲਕੁਲ ਹੀ,
ਕਰਨੀ ਆਉਂਦੀ ਨਹੀਂ।
 
ਝੂਠ ਨੂੰ ਸੱਚ ਸਾਬਤ ਕਰਨ,
ਦੀ ਲੋਕਾਂ ਵਾਂਙ ਕਲਾਕਾਰੀ ਵੀ,
ਕਰਨੀ ਆਉਂਦੀ ਨਹੀਂ।
 
ਜਿਸ ਉੱਤੇ ਬਿਲਕੁਲ ਯਕੀਨ,
ਹੀ ਨ੍ਹੀਂ ਮੈਂਨੂੰ ਉਸ ਨਾਲ਼ ਕਦੀ,
ਵੀ ਦੋਸਤੀ ਕਰਨੀ ਆਉਂਦੀ,
ਨਹੀਂ।
 
ਭਾਵੇਂ ਲੋਕ ਸਮਝਣ ਨਾ ਮੇਰੀ,
ਸੋਚ ਨੂੰ, ਮੈਂਨੂੰ ਤਾਂ ਉਹਨਾਂ ਦੀ,
ਬੁਰਾਈ ਵੀ ਕਰਨੀ ਆਉਂਦੀ,
ਨਹੀਂ।
 
ਜਿੱਥੇ ਮੇਰਾ ਹੀ ਹੱਕ ਬਣਦਾ ਹੈ,
ਉਸ ਹੱਕ ਲੈਣ ਦੀ ਸਮਝਦਾਰੀ,
ਵੀ ਆਉਂਦੀ ਨਹੀਂ।
 
ਸ਼ਾਇਦ ਇਸ ਲਈ ਮੇਰੀ ਸੋਚ,
ਉਨ੍ਹਾਂ ਲੋਕਾਂ ਤੋਂ ਬਿਲਕੁਲ ਹੀ,
ਵੱਖ ਏ ਮੈਂਨੂੰ “ਕੇਵਲ” ਉਨ੍ਹਾਂ,
ਜਿੰਨੀ ਹੁਸ਼ਿਆਰੀ ਵੀ ਕਰਨੀ,
ਆਉਂਦੀ ਨਹੀਂ।
20/09/2021

 
ਭੰਡਾ ਭੰਡਾਰੀਆ ਕਿੰਨਾ ਕੁ ਭਾਰ

ਕੇਵਲ ਸਿੰਘ ਜਗਪਾਲ
 
ਭੰਡਾ ਭੰਡਾਰੀਆ ਕਿੰਨਾ ਕੁ ਭਾਰ,
ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।
ਪੰਜਾਬ ਤਾਂ ਪਤਾ ਸਾਰਿਆਂ ਨੂੰ ਏਂ,
ਨਸ਼ਿਆਂ ਦੀ ਵੱਗਦੀ ਏ ਆਬੋਸ਼ਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਇੱਕ ਫਿਕਰ ਮੁੱਕਦਾ ਦੂਜਾ ਤਿਆਰ।
ਭੰਡਾ ਭੰਡਾਰੀਆ ਕਿੰਨਾ ਕੁ .......
ਐਤਕੀਂ ਵੀ ਨਹੀਂ ਮੁੰਡਾ ਜੰਮਿਆਂ,
ਧੀ ਨੂੰ ਦਿੱਤਾ ਏ ਕੁੱਖ ‘ਚ ਮਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਲਾਣਿਆਂ ‘ਚ ਮੁੱਕੀ ਜਾਂਦਾ ਏ ਪਿਆਰ।
ਭੰਡਾ ਭੰਡਾਰੀਆ ਕਿੰਨਾ ਕੁ .......
ਵੱਡੀ ਵਿਆਹਤੀ ਹੋਈ ਛੋਟੀ ਮੁਟਿਆਰ।
ਭੰਡਾ ਭੰਡਾਰੀਆ ਕਿੰਨਾ ਕੁ .......
ਮੁੰਡੇ ਵਾਲ਼ੇ ਕਰਦੇ ਨੇ ਨਖਰੇ ਹਜ਼ਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਵਿਆਹ ਤਾਂ ਹੋ ਗਿਆ ਇੱਕ ਕਾਰੋਬਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਮੁੰਡੇ ਵਾਲ਼ੇ ਮੰਗਦੇ ਨੇ ਜਰਮਨ ਕਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਲਾਣਿਆਂ ‘ਚ ਮੁੱਕੀ ਜਾਂਦਾ ਏ ਪਿਆਰ।
ਭੰਡਾ ਭੰਡਾਰੀਆ ਕਿੰਨਾ ਕੁ .......
ਮੁੰਡੇ ਹੀ ਜੰਮਦੇ, ਧੀਆਂ ਦਿੰਦੇ ਮਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਇੱਕ ਕਿਸ਼ਤ ਮੁੱਕੀ ਨ੍ਹੀਂ ਦੂਜੀ ਤਿਆਰ।
ਭੰਡਾ ਭੰਡਾਰੀਆ ਕਿੰਨਾ ਕੁ .......
ਗ਼ਰੀਬ ਨੂੰ ਪੈ ਰਹੀ ਬੁਰੀ ਤਰ੍ਹਾਂ ਮਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਫਸਲ ਤੇ ਪਈ ਗੜ੍ਹਿਆਂ ਦੀ ਮਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਕਰਜ਼ਿਆਂ ਨੇ ਦੱਬੇ ਨੇ ਜ਼ਿਮੀਦਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਕਿਸਾਨ ਨੂੰ ਕਰਨਾ ਆਵੇ ਨਾ ਵਪਾਰ,
ਬਾਣੀਏਂ ਹੀ ਕਰ ਸਕਣ ਵਪਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਪਾਣੀ ਮੁੱਕੇ ਧਰਤੀ, ਨਹਿਰਾਂ ਸੁਕੀਆਂ,
 ਪਹਾੜੀਂ ਤੋਦੇ ਸੁੱਕੇ ਨੇ ਬਰਖ਼ੁਰਦਾਰ।
ਭੰਡਾ ਭੰਡਾਰੀਆ ਕਿੰਨਾ ਕੁ .......
ਝੋਨਾ ਸੁਕਿਆ, ਟਿਉਵਲ ਨ੍ਹੀਂ ਚੱਲਦੇ,
ਛੱਡ ਦਿਓ ਬਿਜਲੀ ਹੁਣ ਸਰਕਾਰ।
ਭੰਡਾ ਭੰਡਾਰੀਆ ਕਿੰਨਾ ਕੁ .......
“ਕੇਵਲ” ਦੀ ਇਕ ਕਵਿਤਾ ਮੁੱਕੀ,
ਛੇਤੀਂ ਹੋ ਜਾਊ ਦੂਜੀ ਤਿਆਰ।
14/09/2021 


ਬੰਦਾ, ਖੁਸ਼ੀ ਅਤੇ ਰੱਬ

ਕੇਵਲ ਸਿੰਘ ਜਗਪਾਲ

ਤੇਰੇ ਸਾਜੇ ਹੋਏ ਸੰਸਾਰ ਉੱਤੇ ਬੜ੍ਹੇ,
ਕਮਲ਼ੇ ਜਿਹੇ ਹਾਸੇ ਆਈ ਜਾਂਦੇ।
 
ਜਿਹਨਾਂ ਉੱਤੇ ਯਕੀਨ ਸੀ ਕੀਤਾ,
ਪਤਾ ਨਹੀਂ ਉਹ ਕਿਉਂ ਧੋਖਾ ਹੀ,
ਦੇਈ ਜਾਂਦੇ?
 
ਮੌਕਾ ਤਾੜਕੇ ਉਹ ਸਾਡੇ ਸਾਰਿਆਂ,
ਨੂੰ ਬੇਵਕੂਫ ਵੀ ਬਣਾਈ ਜਾਂਦੇ।
 
ਜ਼ਿੰਦਗੀ ‘ਚ ਸੁੱਖ ਦੇਣ ਵਾਲ਼ੇ ਤਾਂ,
ਬਗ਼ਾਨੇ ਨ੍ਹੀਂ ਕਦੀ ਕਦੀ ਆਪਣੇ ਹੀ,
ਹੁੰਦੇ।
 
ਜ਼ਿੰਦਗੀ ‘ਚ ਦੁੱਖ ਦੇਣ ਵਾਲ਼ੇ ਤਾਂ,
ਸਦਾ ਬਗ਼ਾਨੇ ਨ੍ਹੀਂ ਆਪਣੇ ਹੀ ਹੁੰਦੇ।
 
ਵੱਕਤ ਅਤੇ ਰੁੱਤਾਂ ਬਦਲਣ ਨਾਲ਼,
ਕਈ ਲੋਕ ਵੀ ਬਦਲੀ ਜਾਂਦੇ।
 
ਪੈਸੇ ਉਧਾਰ ਦੇਣ ਨਾਲ਼ ਅਤੇ ਪੈਸੇ,
ਵਾਪਸ ਨਾ ਮਿਲਣ ਨਾਲ਼ ਰਿਸ਼ਤੇ,
ਟੁੱਟ ਜਾਂਦੇ।
 
ਗ਼ਰੀਬ ਤੋਂ ਅਮੀਰ ਹੋ ਜਾਣ ਨਾਲ਼,
ਕਈ ਹੋਰ ਨਵੇਂ ਦੋਸਤ ਬਣ ਜਾਂਦੇ।
 
ਕਈ ਰਿਸ਼ਤਿਆਂ ਵਿੱਚ ਦਰਾੜ ਵੀ,
ਪੈ ਜਾਂਦੇ।
ਰਿਸ਼ਤੇ ਇੱਕ ਦੂਜੇ ਤੋਂ ਦੂਰ ਵੀ ਹੋਣ,
ਲੱਗ ਜਾਂਦੇ।
 
ਬੰਦਾ ਸਾਰਿਆਂ ਨੂੰ ਹਰ ਵੱਕਤ ਖੁਸ਼,
ਨਹੀਂ ਰੱਖ ਸਕਦਾ।
 
ਜ਼ਿੰਦਗ਼ੀ ਦੇ ਉਤਾਰ ਚੜਾਹ ਨਾਲ਼,
ਬੰਦਾ ਸਦਾ ਇਕ ਸਾਰ ਸੋਚ ਨਹੀਂ,
ਸਕਦਾ।
 
ਇਨਸਾਨ ਤਾਂ ਇੱਕ ਮਮੂਲੀ ਜਿਹਾ,
ਪ੍ਰਾਣੀ ਏ ‘ਤੇ ਰੱਬ ਵੀ ਸਾਨੂੰ ਸਭਨਾਂ,
ਨੂੰ ਸਦਾ ਲਈ ‘ਤੇ ਹਰ ਵੱਕਤ ਖੁਸ਼,
ਰੱਖ ਨਹੀਂ ਸਕਦਾ।
 
ਰੱਬ ਕੋਲ਼ੋਂ ਮੰਗਣ ਦੀਆਂ ਅਰਦਾਸਾਂ,
ਤਾਂ ਅਸੀਂ ਸਾਰੇ ਹੀ ਕਰੀ ਜਾਂਦੇ ਪਰ,
ਸਾਰਿਆਂ ਦੀਆਂ ਝੋਲ਼ੀਆਂ ਉਸੇ ਹੀ,
ਵਕਤ ਰੱਬ ਵੀ ਭਰ ਨਹੀਂ ਸਕਦਾ।
 
ਇਨਸਾਨ ਤਾਂ “ਕੇਵਲ” ਇਨਸਾਨ,
ਹੀ ਏ ਉਹ ਕਦੀ ਰੱਬ ਬਣ ਨਹੀਂ,
ਸਕਦਾ।
 07/9/2021


ਕਰਜ਼ਾ ਗ਼ਮਾਂ ਦਾ

ਕੇਵਲ ਸਿੰਘ ਜਗਪਾਲ

ਕਰਜ਼ਾ ਗ਼ਮਾਂ ਦਾ ਮੂਲ਼ ਸਣੇਂ ਬਿਆਜ,
ਇੰਝ ਚਕਾਉਣਾ ਪੈ ਗਿਆ ਏ ਯਾਰੋ।
ਕਈ ਵਾਰ ਤਾਂ ਹੱਸਦੇ ਹੱਸਦੇ ਵੀ ਰੋਣਾਂ,
ਪੈ ਗਿਆ ਏ ਯਾਰੋ।
ਕਈ ਵਾਰ ਤਾਂ ਰੋਂਦੇ ਰੋਂਦੇ ਵੀ ਹੱਸਣਾ,
ਪੈ ਗਿਆ ਏ ਯਾਰੋ।
 
ਕਈ ਵਾਰ ਤਾਂ ਤੁਹਾਥੋਂ ਵੀ ਚੇਹਰਾ,
ਛਪਾਉਂਣਾ ਪੈ ਗਿਆ ਏ ਯਾਰੋ।
ਕਈ ਵਾਰ ਤਾਂ ਗ਼ਮਾਂ ਨੂੰ ਹਾਸਿਆਂ ਦੇ,
ਪਿੱਛੇ ਛਪਾਉਂਣਾ ਪੈ ਗਿਆ ਏ ਯਾਰੋ।
ਕਈ ਵਾਰ ਤੁਹਾਥੋਂ ਚੁੱਪ ਚੁਪੀਤੇ ਹੀ,
ਗ਼ਮਾਂ ਨੂੰ ਬੁੱਕਲ਼ ‘ਚ ਵੀ ਲਕੋਣਾ ਪੈ,
ਗਿਆ ਏ ਯਾਰੋ।
 
ਕਈ ਵਾਰ ਤਾਂ ਡਿੱਗਦੇ ਹੰਝੂਆਂ ਨੂੰ,
ਸੂਈ ਨਾਲ਼ ਧਾਗੇ ‘ਚ ਪਰੋਕੇ ਹਾਰ,
ਬਨਾਉਂਣਾ ਪੈ ਗਿਆ ਏ ਯਾਰੋ।
ਹੰਝੂਆਂ ਨਾਲ਼ ਪਰੋਏ ਹੋਏ ਹਾਰ ਨੂੰ,
ਕੇਵਲ ਖ਼ਾਸ ਮੇਰੇ ਆਪਣਿਆਂ ਨੂੰ,
ਹੀ ਦਿਖਾਉਂਣਾਂ ਪੈ ਗਿਆ ਏ ਯਾਰੋ।
 
ਕੁੱਝ ਦੇਰ ਪਹਿਲਾਂ ਰੱਬ ਦੇ ਅੱਗੇ ਸੀ,
ਝੁੱਕਦਾ ਹੁੰਦਾ ਪਰ ਹੁਣ ਪੈਰ ਪੈਰ ਤੇ,
ਦੁਨੀਆਂ ਅੱਗੇ ਹੀ ਸੀਸ ਝਕਾਉਂਣਾਂ ਪੈ,
ਗਿਆ ਏ ਯਾਰੋ।
ਜਦੋਂ ਮੈਂ ਮੱਥਾ ਟੇਕਿਆ ਸੀ ਜਾ ਕੇ,
ਗੁਰਦੁਆਰੇ, ਮੈਂਨੂੰ ਲਗਾ ਕਿ ਰੱਬ,
ਨਾਲ਼ ਹੁਣ ਰਿਸ਼ਤਾ ਮੁੜ੍ਹ ਕਾਇਮ ਹੋ,
ਗਿਆ ਏ ਯਾਰੋ।
 
ਬਣਿਆਂ ਹੋਇਆ ਤਾਣਾਂ ਰਿਸ਼ਤਿਆਂ,
ਦਾ ਉੱਧੜ੍ਹ ਗਿਆ ਸੀ ਮੇਥੋਂ ਪਰ ਉਸ,
ਤਾਣੇਂ ਨੂੰ ਮੁੜ੍ਹਕੇ ਹੌਲ਼ੀ ਹੌਲ਼ੀ ਗੰਢਣਾਂ,
ਤੁੱਪਣਾ ਪੈ ਗਿਆ ਏ ਯਾਰੋ।
 
ਬਣਿਆਂ ਘਰ ਢਹਿ ਗਿਆ ਸੀ ਮੇਥੋਂ,
ਮੁੜ੍ਹ ਇਟਾਂ ਅਤੇ ਗਾਰਾ ਢੋਹਕੇ ਨਵੇਂ,
ਸਿਰਿਓਂ ਮਕਾਨ ਉਸਾਰਣਾ ਪੈ ਗਿਆ,
ਏ ਯਾਰੋ।
 
ਕੇਵਲ ਤੈਂਨੂੰ ਆਪਣਾ ਬਨਾਉਂਣ ਦੀ,
ਖ਼ਾਤਰ ਮੈਂਨੂੰ ਸਾਰਿਆਂ ਨੂੰ ਆਪਣਾ,
ਬਨਾਉਂਣਾਂ ਪੈ ਗਿਆ ਏ ਯਾਰੋ।
 
ਆਪਣੇ ਨੂੰ ਇੱਕ ਵਾਰ ਹੀ ਕਹਿ ਹੋ,
ਗਿਆ ਸੀ ਆਪਣਾ, ਕੋਈ ਗ਼ਲਤੀ,
ਨਹੀਂ ਸੀ ਕੀਤੀ, ਪਰ ਮੇਰੇ ਪਿੱਛੇ,
ਸ਼ਿਕਾਰੀ ਕੁੱਤਿਆਂ ਵਾਂਙ ਜ਼ਮਾਨਾ,
ਪੈ ਗਿਆ ਸੀ ਯਾਰੋ।
 
ਕੀ ਦੱਸਾਂ ਕਿ ਕਿੰਨੀਆਂ ਸਾਰੀਆਂ,
ਤਕਲੀਫਾਂ ਨਾਲ਼ ਮੈਂਨੂੰ ਇੱਥੇ ਜੀਵਨ,
ਗ਼ੁਜ਼ਾਰਨਾ ਪੈ ਗਿਆ ਏ ਯਾਰੋ।
ਕਰਜ਼ਾ ਗ਼ਮਾਂ ਦਾ ਮੂਲ਼ ਸਣੇ ਬਿਆਜ,
ਇੰਝ ਚਕਾਉਣਾ ਪੈ ਗਿਆ ਏ ਯਾਰੋ।
ਕਦੀ ਕਦੀ ਹੱਸਦੇ ਹੱਸਦੇ ਵੀ ਰੋਣਾਂ,
ਪੈ ਗਿਆ ਏ ਯਾਰੋ।
ਕਦੀ ਕਦੀ ਤਾਂ ਰੋਂਦੇ ਰੋਂਦੇ ਵੀ ਹੱਸਣਾ,
ਪੈ ਗਿਆ ਏ ਯਾਰੋ।
 
ਕਰਜ਼ਾ ਗ਼ਮਾਂ ਦਾ ਮੂਲ਼ ਸਣੇਂ ਬਿਆਜ,
ਇੰਝ ਚਕਾਉਣਾ ਪਿਆ, ਕਿ ਦਿਲ ਨੂੰ,
ਘੁੱਟਕੇ ਫੜ੍ਹੀ ਬੈਠਾਂ ਹਾਂ, ਇੰਝ ਲਗਦਾ,
ਹੈ ਕਿ ਚੜ੍ਹਦੀ ਉਮਰੇ ਹੀ ਦਿਲ ਦਾ,
ਪਹਿਲਾ ਦੌਰਾ ਪੈ ਗਿਆ ਏ ਯਾਰੋ।
ਸੰਗਦਿਲ ਇੱਕ ਮਸ਼ਹੂਰ ਲਿਖਾਰੀ,
ਏ ਇਸ ਲਈ “ਕੇਵਲ” ਨੂੰ ਆ ਸੱਭ,
ਕੁੱਝ ਲਿਖਕੇ ਦਿਖਾਉਣਾ ਪੈ ਗਿਆ,
ਏ ਯਾਰੋ।
 31/08/2021
 
 


ਉੱਸ ਦੀ ਚੁੱਪ

ਕੇਵਲ ਸਿੰਘ ਜਗਪਾਲ
 
ਉਹ ਹੋਰ ਹੀ ਗੱਲਾਂ ਕਰਦੇ,
ਰਹੇ ਉਨ੍ਹਾਂ ਨੇ ਉਹ ਗੱਲ ਤਾਂ,
ਤੋਰੀ ਹੀ ਨਹੀਂ।
ਜਿਵੇਂ ਖੋਰੀ ਹੀ ਪੱਲੇ ਰਹਿ,
ਜਾਵੇ ਵਿੱਚੋਂ ਨਿਕਲ਼ੇ ਗੰਨੇ ਦੀ,
ਪੋਰੀ ਨਹੀਂ।
 
ਲੋਕਾਂ ਦੀਆਂ ਹੀ ਉਹ ਸੁਣਦਾ,
ਰਿਹਾ, ਪਰ ਉੱਸ ਦੇ ਨਾ ਬੋਲਣ,
ਦੀ ਵੀ ਕੋਈ ਮਜਬੂਰੀ ਨਹੀਂ।
ਜਦੋਂ ਵੀ ਉਹ ਬੋਲਦਾ ਤਾਂ,
ਉੱਸ ਦੇ ਬੋਲਣ ਦੀ ਵੀ ਕੋਈ,
ਮੂੰਹ-ਜ਼ੋਰੀ ਨਹੀਂ।
 
ਭਾਈਚਾਰਾ ਇਜ਼ਤ ਕਰਦਾ,
ਹੈ ਉੱਸ ਨੇ ਕੀਤੀ ਕਿਸੇ ਨਾਲ਼,
ਕਦੀ ਸੀਨਾ-ਜ਼ੋਰੀ ਨਹੀਂ।
ਸਿਆਸਤਦਾਨ ਵੀ ਨਹੀਂ ਹੈ,
ਨਾਲ਼ ਜੰਤਾ ਉਸ ਨੇ ਕੀਤੀ,
ਵੀ ਕੋਈ ਹੇਰਾ-ਫੇਰੀ ਨਹੀਂ।
 
 
ਉਹ ਇੱਕ ਬੜਾ ਸਧਾਰਣ,
ਜਿਹਾ ਹੀ ਇਨਸਾਨ ਏ ਕੋਈ,
ਨੂਰਮਹਿਲ ਦੀ ਮੋਰੀ ਨਹੀਂ।
ਉਹ ਕਹਿੰਦਾ ਸਚੇ ਇਨਸਾਨ,
ਨਾਲ਼ ਨਾ ਖੜ੍ਹਣਾ ਅਤੇ ਝੂਠੇ,
ਇਨਸਾਨ ਦਾ ਪੱਖ ਪੂਰਨਾ ਵੀ,
ਕੋਈ ਦਲੇਰੀ ਨਹੀਂ।
ਝੂਠਿਆਂ ਨਾਲ਼ ਖੜ੍ਹਕੇ ਉਹਨਾਂ,
ਨੂੰ ਦੇਣੀ ਚਾਹੀਦੀ ਹੱਲਾ-ਸ਼ੇਰੀ,
ਨਹੀਂ।
 
ਕੁੱਝ ਕੁ ਠੋਕਰਾਂ ਵੀ ਉੱਸ ਨੂੰ,
ਅਜਿਹੀਆਂ ਹੀ ਲੱਗੀਆਂ ਨੇ,
ਪਰ ਉੱਸ ਬੰਦੇ ਨੇ ਕੀਤੀ ਵੀ,
ਕੋਈ ਚੋਰੀ ਨਹੀਂ।
ਉੱਸ ਦੀ ਚੁੱਪ ਹਵਾ ਦਾ ਹੀ,
ਤਾਂ “ਕੇਵਲ” ਇੱਕ ਬੁੱਲਾ ਏ,
ਕੋਈ ਝੁੱਲਦਾ ਹੋਇਆ ਝੱਖੜ,
ਜਾਂ ਫਿਰ ਕੋਈ ਵੱਗਦੀ ਹੋਈ,
ਹਨ੍ਹੇਰੀ ਨਹੀਂ।
25/08/2021


ਸੋਹਣੇ ਫੁੱਲ

ਕੇਵਲ ਸਿੰਘ ਜਗਪਾਲ

ਐਂਵੇ ਹੀ ਨਹੀਂ ਫੁੱਲ ਬਾਗਾਂ ਵਿੱਚ ਪਏ,
ਖਿਲ਼ਦੇ, ਬੀਜ ਨੂੰ ਧਰਤੀ ‘ਚ ਦਫਨ,
ਹੋਣਾ ਹੀ ਪੈਂਦਾ।
 
ਧਰਤੀ ‘ਚ ਦਫਨਾਇਆ ਬੰਦਾ ਧਰਤੀ,
ਅੰਦਰ ਰਹਿਣ ਵਾਲ਼ਿਆਂ ਕੀੜਿਆਂ ਨੂੰ,
ਪੂਰੀ ਤਰ੍ਹਾਂ ਰਜਾਉਂਦਾ।
 
ਪਰ ਬੰਦੇ ਦੇ ਸਰੀਰ ਦਾ ਕੋਈ ਵੀ ਅੰਗ,
ਕਿਸੇ ਕੰਮ ਨਹੀਂ ਆਉਂਦਾ।
 
ਫੁੱਲ ਦਾ ਵੀਜ ਧਰਤੀ ਵਿੱਚ ਦਫਨ,
ਹੋਕੇ ਆਪਣੇ ਮਿਥੇ ਹੋਏ ਵਕਤ ਸਿਰ,
ਇੱਕ ਬੂੱਟਾ ਬਣਕੇ ਉੱਗ ਜਾਂਦਾ।
 
ਬੀਜ ਧਰਤੀ ‘ਚ ਦਫਨ ਹੋ ਕੇ ਵੀ,
ਖਿੜ੍ਹੇ ਹੋਏ ਫੁੱਲ ਦਿੰਦਾ।
       
ਬੂੱਟਿਆਂ ਦੇ ਵੱਧਣ ਫੁੱਲਣ ਦੇ ਲਈ,
ਖਾਦ ਪਾਣੀ ਵੀ ਦੇਣਾ ਪੈਂਦਾ।
 
ਬੂੱਟਿਆਂ ਨੂੰ ਫੁੱਲ ਨਿਕਲਦੇ ਸਾਰ ਹੀ,
ਭੰਵਰੇ ਦੇਣ ਗੇੜਾ, ਫੁੱਲਾਂ ਨੂੰ ਜਿਹੜੇ,
ਤੋੜਦੇ, ਫੁੱਲਾਂ ਨੂੰ ਦਰਦ ਵੀ ਸਹਿਣਾ,
ਪੈਂਦਾ।
 
ਕੰਡੇ ਹਰ ਵਕਤ ਫੁੱਲਾਂ ਦੀ ਰਾਖੀ,
ਨ੍ਹੀਂ ਕਰ ਸਕਦੇ ‘ਤੇ ਫੁਲਾਂ ਨੂੰ ਬਿਨ,
ਮੰਗੇ ਹੀ ਦੁਨੀਆਂ ਨੂੰ ਮਹਿਕ ਵੰਡਣਾ,
ਹੀ ਪੈਂਦਾ।
 
ਫੁੱਲਾਂ ਨੂੰ ਟਾਹਣੀਆਂ ਨਾਲ਼ੋਂ ਤੋੜਕੇ,
ਗੁਲਦਸਤੇ ਵਿੱਚ ਜੜਣਾ ਪੈਂਦਾ।
 
ਤਾਜ਼ੇ ਫੁੱਲਾਂ ਦੀ ਤਾਂ ਕਦਰ ਏ ਪਰ,
ਸੁੱਕਿਆਂ ਫੁੱਲਾਂ ਨੂੰ “ਕੇਵਲ” ਕੂੜੇ,
ਵਾਲ਼ੇ ਢੋਲ ਵਿੱਚ ਹੀ ਜਾਣਾ ਪੈਂਦਾ।
16/08/2021 


ਖਾਲੀ ਹੱਥ ਹੀ ਜਾਣਾ

ਕੇਵਲ ਸਿੰਘ ਜਗਪਾਲ

ਜੋ ਕੁੱਝ ਵੀ ਸੀ ਲਿੱਖਿਆ ਤੇਰੇ ਮੇਰੇ,
ਲੇਖਾਂ ‘ਚ, ਓਹੀ ਤੂੰ ਪਾਉਣਾ ‘ਤੇ ਓਹੀ,
ਮੈਂ ਪਾਉਣਾ।
 
ਜੋ ਕੁੱਝ ਵੀ ਵੀਤੇਗਾ ਵਿੱਚ ਜ਼ਿੰਦਗ਼ੀ,
ਓਹੀਓ ਤੂੰ ਸਹਿਣਾ ‘ਤੇ ਓਹੀਓ ਮੈਂ,
ਸਹਿਣਾ।
 
ਲੇਖਾਂ ‘ਚ ਜਿੰਨੀ ਵੀ ਲਿੱਖੀ ਉਮਰ,
ਹੰਡ੍ਹਾਕੇ ਇਸ ਦੁਨੀਆਂ ਨੂੰ ਛੱਡਕੇ,
ਇੱਥੋਂ ਤੂੰ ਵੀ ਜਾਣਾ ‘ਤੇ ਇੱਥੋਂ ਮੈਂ ਵੀ,
ਜਾਣਾ।
 
ਐਨੀ ਆਕੜ ਵੀ ਤੂੰ ਕਿਉਂ ਕਰਨਾ ਏ,
ਬੰਦਿਆ ਅਖ਼ੀਰ ਮਿੱਟੀ ’ਚ ਤੂੰ ਜਾਣਾ,
‘ਤੇ ਉਹੀ ਮਿੱਟੀ ’ਚ ਮੈਂ ਵੀ ਜਾਣਾ।
 
ਸਾਰੇ ਤਾਂ ਮੁਸਾਫ਼ਰ ਹੀ ਹਾਂ ਇੱਥੇ,
ਤੁਸੀਂ ਝਗੜੇ ਕਿਉਂ ਪਏ ਕਰਦੇਓ,
ਸਦਾ ਲਈ ਇੱਥੇ ਨਾ ਤੂੰ ਹੀ ਟਿਕੇ,
ਰਹਿਣਾ ‘ਤੇ ਨਾ ਹੀ ਇੱਥੇ ਮੈਂ ਟਿਕੇ,
ਰਹਿਣਾ।
 
ਸਾਰੇ ਰੋਂਦੇ ਹੀ ਆਏ ਸਾਂ ਇੱਥੇ ਪਰ,
ਰੁਆਕੇ ਆਪਣਿਆਂ ਨੂੰ ਸਦਾ ਲਈ,
ਇੱਥੋਂ ਤੂੰ ਵੀ ਟੁਰ ਜਾਣਾ ‘ਤੇ ਇੱਥੋਂ ਮੈਂ,
ਵੀ ਟੁਰ ਜਾਣਾ।
 
ਇੱਥੋਂ ਟੁਰ ਜਾਂਣ ਦਾ ਸੱਦਾ ਆਇਆ,
ਤਾਂ ਕੱਫਣ ‘ਚ ਲਪੇਟਿਆ ਤੂੰ ਜਾਣਾ,
‘ਤੇ ਕੱਫਣ ‘ਚ ਲਪੇਟਿਆ ਮੈਂ ਜਾਣਾ।
 
ਕੱਫਣ ‘ਚ ਇੱਥੋਂ ਨਾਲ਼ ਲਿਜਾਣ ਲਈ,
ਨਾ ਉਹ ਖੀਸਾ ਤੈਂਨੂੰ ਲੱਭਣਾ ‘ਤੇ ਨਾ,
ਖੀਸਾ ਮੈਂਨੂੰ ਲੱਭਣਾ।
 
ਸਾਰੇ ਖਾਲੀ ਹੱਥ ਹੀ ਆਏ ਸਾਂ ਇੱਥੇ,
ਇੱਥੋਂ ਖਾਲੀ ਹੱਥ ਤੂੰ ਜਾਣਾ ‘ਤੇ ਖਾਲੀ,
ਹੱਥ ਹੀ ਇੱਥੋਂ “ਕੇਵਲ” ਨੇ ਵੀ ਜਾਣਾ।
10/08/2021 


ਵਿਰਧ ਮਾਪਿਆਂ ਦਾ ਸੁਨੇਹਾ

ਕੇਵਲ ਸਿੰਘ ਜਗਪਾਲ

ਇਹ ਸੁਨੇਹਾ ਨੂੰਹਾਂ, ਪੁੱਤਾਂ ‘ਤੇ ਧੀਆਂ,
ਨੂੰ ਦਿੰਦੇ ਨੇ, ਜੇਕਰ ਬਹੁਤਾ ਮੰਗ ਰਹੇ,
ਨੇ ਤਾਂ ਉਨ੍ਹਾਂ ਨੂੰ ਮੁਆਫ਼ ਕਰਨਾ।
 
ਇਸ ਸੁਨੇਹੇ ਨੂੰ ਪੜ੍ਹਕੇ ‘ਤੇ ਸੋਚਕੇ,
ਹੋ ਸਕੇ ਤਾਂ ਇਸ ਤੇ ਅਮਲ ਜ਼ਰੂਰ,
ਕਰਨਾ।
 
ਜਦੋਂ ਤੁਹਾਡੇ ਮਾਪੇ ਜ਼ਰਾ ਵਿਰਧ,
ਹੋ ਜਾਣਗੇ ਤਾਂ ਤੁਸੀਂ ਥੋੜਾ ਜਿਹਾ,
ਸਵਰ ਜ਼ਰੂਰ ਕਰਨਾ।
 
ਜੇਕਰ ਉਨ੍ਹਾਂ ‘ਚੋਂ ਕਿਸੇ ਨੂੰ ਉੱਚਾ,
ਸੁਣਦਾ ਹੋਵੇ ਤਾਂ ਉਨ੍ਹਾਂ ਨਾਲ਼ ਜ਼ਰਾ,
ਧਿਆਨ ਨਾਲ਼ ਗੱਲ ਕਰਨਾ।
 
ਵਿਰਧ ਮਾਪਿਆਂ ਨੂੰ ਕੋਈ ਵੀ ਸੁਨੇਹਾ,
ਬੜ੍ਹੀ ਹੀ ਇਜ਼ਤ ਦੇ ਨਾਲ਼ ਸਮਝਾਉਣ,
ਦੀ ਕੋਸ਼ਿਸ਼ ਕਰਨਾ।
 
ਜਦੋਂ ਤੁਹਾਡੇ ਵਿਰਧ ਮਾਪੇ ਕੋਈ,
ਗੱਲ ਕਰਦੇ ਕਰਦੇ ਵਿੱਚੇ ਹੀ ਭੁੱਲ,
ਜਾਣ ਤਾਂ ਉਨ੍ਹਾਂ ਦਾ ਗੁੱਸਾ ਬਿਲਕੁਲ,
ਨਾ ਕਰਨਾ।
 
ਜਦੋਂ ਤੁਹਾਡੇ ਵਿਰਧ ਮਾਪੇ ਤੁਰ,
ਫਿਰ ਜਾਂ ਉੱਠ ਬੈਠ ਨਾ ਸੱਕਣ,
ਤਾਂ ਉਨ੍ਹਾਂ ਦਾ ਸਹਾਰਾ ਬਣਨਾ।
 
ਜੇਕਰ ਉਨ੍ਹਾਂ ਦਾ ਸਹਾਰਾ ਬਣਨ,
‘ਚ ਤੁਸਾਂ ਨੂੰ ਕੋਈ ਤਕਲੀਫ ਹੋਵੇ,
ਤਾਂ ਇੱਕ ਕੰਮ ਜ਼ਰੂਰ ਕਰਨਾ।
 
ਜੇਕਰ ਹੋ ਸਕੇ ਤਾਂ ਜ਼ਰਾ ਆਪਣੇ,
ਬਚਪਨ ਨੂੰ ਜ਼ਰੂਰ ਯਾਦ ਕਰਨਾ।
  
ਆਪਣੀ ਜ਼ਿੰਦਗ਼ੀ ਦਾ “ਕੇਵਲ”,
ਪਹਿਲਾ ਪੱਟਿਆ ਹੋਇਆ ਪੈਰ,
ਬਚਪਨ ਦੀ ਬਣੀ ਵਿਡੀਓ ਨੂੰ,
ਦੇਖਕੇ ਜ਼ਰੂਰ ਯਾਦ ਕਰਨਾ।
03/08/2021 


ਅੱਜ ਦਾ ਸਮਾਜ

ਕੇਵਲ ਸਿੰਘ ਜਗਪਾਲ

ਬਹੁਤੇ ਵਿਹਲੇ ਪੰਜਾਬ ਦੇ ਪੇਂਡੂ,
ਨੌਜਵਾਨ ਐਂਵੇਂ ਹੀ ਸਾਰਾ ਸਮਾਂ,
ਗੁਜ਼ਾਰੀ ਜਾਂਦੇ ਨੇ ਕਰਦੇ ਕੋਈ,
ਕੰਮ ਕਾਰ ਨਹੀਂ।
 
ਉਹ ਨਸ਼ੇ ਪੱਤੇ ਖ਼ੂਬ ਕਰਦੇ,
ਪਰ ਉਹ ਕੇਵਲ ਪ੍ਰਵਾਰ ਦੇ,
ਬਣਦੇ ਕਦੀ ਜ਼ੁਮੇਵਾਰ ਨਹੀਂ।
 
ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ,
ਵਿਦੇਸ਼ਾਂ ਵਿੱਚ ਜਾਣ ਦਾ ਭੂਤ,
ਸਵਾਰ ਏ, ਪੰਜਾਬ ਦੇ ਵਿੱਚ,
ਰਹਿਣ ਨੂੰ ਕੋਈ ਤਿਆਰ ਹੀ,
ਨਹੀਂ।
 
ਦੁਆਬੇ ‘ਚੋ ਕੋਈ ਵਿਦੇਸ਼ ਨਾ,
ਗਿਆ ਹੋਵੇ ਉੱਸ ਪਿੰਡ ਵਿੱਚ,
ਰਹਿੰਦਾ ਕੋਈ ਐਸਾ ਪ੍ਰਵਾਰ ਹੀ,
ਨਹੀਂ।
 
ਕਿਸਾਨ ਤਾਂ ਕੇਵਲ ਖ਼ੇਤੀ ਹੀ,
ਕਰ ਸੱਕਦੇ, ਕਰ ਸੱਕਦੇ ਕੋਈ,
ਹੋਰ ਕਾਰੋਬਾਰ ਨਹੀਂ।
 
ਬਹੁਤ ਥੋੜ੍ਹੇ ਹੀ ਹੁੰਦੇ ਉੱਦਮੀ,
ਅਤੇ ਨਸੀਬਾਂ ਵਾਲ਼ੇ ਜਿਹੜੇ,
ਜ਼ਿੰਦਗ਼ੀ ਵਿੱਚ ਕਦੀ ਮੰਨਦੇ,
ਕਿਸੇ ਤੋਂ ਹਾਰ ਨਹੀਂ।
 
ਬੇਰੁਜ਼ਗ਼ਾਰ ਰਹਿਕੇ ਕਦੀ ਵੀ,
ਕਿਸੇ ਦਾ ਬਣਦਾ ਕੋਈ ਘਰ-,
ਬਾਰ ਨਹੀਂ।
 
ਉੱਸ ਬੰਦੇ ਦੀ ਪਿੰਡ ਦੇ ਵਿੱਚ,
ਕਦਰ ਨਹੀਂ ਹੁੰਦੀ ਜਿੱਸ ਨੂੰ,
ਜਾਣਦਾ ਸਰਪੰਚ ਜਾਂ ਕੋਈ,
ਲੰਬੜਦਾਰ ਨਹੀਂ।
 
ਜਿਹੜਾ ਨੇਤਾ ਚੁਣੇ ਜਾਣ ਤੇ,
ਵੀ ਜੰਤਾ ਦੇ ਕੰਮ ਹੀ ਨਾ ਆ,
ਸੱਕੇ, ਉੱਸ ਦੇ ਗਲ਼ ਪਾਉਂਣਾ,
ਚਾਹੀਦਾ ਕੋਈ ਹਾਰ ਨਹੀਂ।
 
ਮਾਇਆ ਨਾਲ਼ ਕੋਈ ਕਿਸੇ ਨੂੰ,
ਖ਼ਰੀਦ ਨਹੀਓਂ ਸੱਕਦਾ ਇੰਝ,
ਕਰਨ ਨਾਲ਼ ਕੋਈ ਮਿਲ਼ਦਾ,
ਪਿਆਰ ਨਹੀਂ।
 
ਜੇਕਰ ਕਿਸੇ ਤੇ ਯਕੀਨ ਉੱਠ,
ਜਾਵੇ ਉੱਸ ਦਾ ਪੱਕਾ ਬਣਦਾ,
ਕੋਈ ਮਿੱਤਰ ਯਾਰ ਨਹੀਂ।
 
ਸੂਝਵਾਨ ਬੰਦੇ ਦੀ ਦੂਸਰਿਆਂ,
ਨਾਲ਼ੋ ਸੋਚ ਸਦਾ ਹੀ ਉੱਚੀ ਤੇ,
ਸੁੱਚੀ ਹੀ ਹੁੰਦੀ ਕਿਉਂਕਿ ਉਹ,
ਹੁੰਦਾ ਜ਼ਾਤ-ਪਾਤ ਦੀ ਜ਼ਹਿਰ,
ਦਾ ਕਦੀ ਵੀ ਸ਼ਿਕਾਰ ਨਹੀਂ।
 
ਅਸੀਂ ਤਾਂ ਸਾਰੇ “ਕੇਵਲ” ਰੱਬ,
ਦੇ ਹੀ ਬੰਦੇ ਹਾਂ ਕੋਈ ਵੀ ਇੱਥੇ,
ਬ੍ਰਾਹਮਣ, ਖਤਰੀ, ਜੱਟ ਅਤੇ,
......ਸੇਪੀਦਾਰ ਨਹੀਂ।
 27/07/2021
 


ਨਹੀਂ ਹੁੰਦਾ/ਨਹੀਂ ਹੁੰਦੀ

ਕੇਵਲ ਸਿੰਘ ਜਗਪਾਲ

ਬੇਰੀ ਬਿਨਾ ਕੋਈ ਬੇਰ ਨਹੀਂ ਹੁੰਦਾ।
ਢੇਰੀ ਬਿਨਾ ਕੋਈ ਢੇਰ ਨਹੀਂ ਹੁੰਦਾ।
ਜੰਗਲ਼ ਬਿਨਾ ਕਿਤੇ ਸ਼ੇਰ ਨਹੀਂ ਹੁੰਦਾ।
ਧੋਖੇ ਬਿਨਾ ਕੋਈ ਹੇਰ-ਫੇਰ ਨਹੀਂ ਹੁੰਦਾ।
ਬਿਨ ਸੂਰਜ ਕਦੀ ਸਵੇਰ ਨਹੀਂ ਹੁੰਦਾ।
ਬਿਨ ਛਿਪੇ ਕਦੀ ਹਨੇਰ ਨਹੀਂ ਹੁੰਦਾ।
ਦੁੱਧ ਬਿਨਾ ਕਦੀ ਲਵੇਰ ਨਹੀਂ ਹੁੰਦਾ।
ਹੌਸਲੇ ਬਿਨਾ ਕੋਈ ਦਲੇਰ ਨਹੀਂ ਹੁੰਦਾ।
ਚਾਚੀ ਬਿਨਾ ਕੋਈ ਚਚੇਰ ਨਹੀਂ ਹੁੰਦਾ।
ਭਾਬੀ ਬਿਨਾ ਕੋਈ ਦੇਰ ਨਹੀਂ ਹੁੰਦਾ।
ਹੰਕਾਰ ਬਿਨਾ ਤੇਰ ਮੇਰ ਨਹੀਂ ਹੁੰਦਾ।
 
ਚਾਂਦਨੀ ਬਿਨਾ ਚਕੋਰ ਨਹੀਂ ਹੁੰਦਾ।
ਚੋਰੀ ਬਿਨਾ ਕੋਈ ਚੋਰ ਨਹੀਂ ਹੁੰਦਾ।
ਕੰਡਿਆਂ ਬਿਨਾ ਠੋਹਰ ਨਹੀਂ ਹੁੰਦਾ।
ਪੈਲ ਬਿਨਾ ਪਾਉਂਦਾ ਮੋਰ ਨਹੀਂ ਹੁੰਦਾ।
ਰੌਲ਼ੇ ਬਿਨਾ ਕਦੀ ਸ਼ੋਰ ਨਹੀਂ ਹੁੰਦਾ।
 
ਗਾਜਰਾਂ ਬਿਨਾ ਗਜਰੇਲਾ ਨਹੀਂ ਹੁੰਦਾ।
ਮੀਠਾਸ ਬਿਨਾ ਕਦੀ ਕੇਲਾ ਨਹੀਂ ਹੁੰਦਾ।
ਬੱਕਰੀ ਬਿਨਾ ਕਦੀ ਛੇਲਾ ਨਹੀਂ ਹੁੰਦਾ।
ਭੇਡ ਬਿਨਾ ਕਦੀ ਲੇਲ਼ਾ ਨਹੀਂ ਹੁੰਦਾ।
ਪੀਰ ਬਿਨਾ ਕੋਈ ਚੇਲਾ ਨਹੀਂ ਹੁੰਦਾ।
ਡੰਗਰ ਬਿਨਾ ਕਦੀ ਠੇਲਾ ਨਹੀਂ ਹੁੰਦਾ।
ਦੇਰ ਬਿਨਾ ਕਦੀ ਕਵੇਲ਼ਾ ਨਹੀਂ ਹੁੰਦਾ।
ਬੱਚਿਆਂ ਬਿਨਾ ਕਦੀ ਮੇਲਾ ਨਹੀਂ ਹੁੰਦਾ।
ਨਿੱਮ ਚੜ੍ਹੇ ਬਿਨਾ ਕਰੇਲਾ ਨਹੀਂ ਹੁੰਦਾ।
 
ਛਾਂਣਨੀ ਬਿਨਾ ਕਦੀ ਛਾਂਣ ਨਹੀਂ ਹੁੰਦਾ।
ਦੇਖੇ ਬਿਨਾ ਕੋਈ ਪਛਾਣ ਨਹੀਂ ਹੁੰਦਾ।
ਹਮਉਮਰ ਬਿਨਾ ਕਦੀ ਹਾਂਣ ਨਹੀਂ ਹੁੰਦਾ।
 
ਚੰਦ ਬਿਨਾ ਕਦੀ ਚਾਨਣ ਨਹੀਂ ਹੁੰਦਾ।
ਹੀਰ ਬਿਨਾ ਕੋਈ ਰਾਂਝਣ ਨਹੀਂ ਹੁੰਦਾ।
ਖੂਹ ਬਿਨਾ ਕਦੀ ਕਾਂਝਣ ਨਹੀਂ ਹੁੰਦਾ।
 
ਅੱਗ ਬਿਨਾ ਕਦੀ ਧੂਆਂ ਨਹੀਂ ਹੁੰਦਾ।
ਕਮਾਦ ਬਿਨਾ ਕਦੀ ਮੂਆਂ ਨਹੀਂ ਹੁੰਦਾ।
ਜ਼ਹਿਰ ਬਿਨਾ ਕਦੀ ਠੂਹਾਂ ਨਹੀਂ ਹੁੰਦਾ।
 
ਹਵਾ ਬਿਨਾ ਕਦੀ ਸਾਹ ਨਹੀਂ ਹੁੰਦਾ।
ਡੰਡੀ ਬਿਨਾ ਕੋਈ ਰਾਹ ਨਹੀਂ ਹੁੰਦਾ।
ਭੈਣ ਬਿਨਾ ਕੋਈ ਭਰਾ ਨਹੀਂ ਹੁੰਦਾ।
 
ਦੁਧ ਬਿਨਾ ਕਦੀ ਘਿਓ ਨਹੀਂ ਹੁੰਦਾ।
ਮਾਂ ਬਿਨਾ ਕੋਈ ਪਿਓ ਨਹੀਂ ਹੁੰਦਾ।
ਧੀ ਬਿਨਾ ਕੋਈ ਤਿਓ ਨਹੀਂ ਹੁੰਦਾ।
 
ਚੇਲਿਆਂ ਬਿਨਾ ਕਦੀ ਸਾਧ ਨਹੀਂ ਹੁੰਦਾ।
ਪੰਡਤ ਬਿਨਾ ਕਦੀ ਸਰਾਧ ਨਹੀਂ ਹੁੰਦਾ।
ਦੋਸ਼ੀ ਬਿਨਾ ਅਪਰਾਧ ਨਹੀਂ ਹੁੰਦਾ।
 
ਪੀਣ ਬਿਨਾ ਕੋਈ ਸ਼ਰਾਬੀ ਨਹੀਂ ਹੁੰਦਾ।
ਪੱਗ ਬਿਨਾ ਕੋਈ ਪੰਜਾਬੀ ਨਹੀਂ ਹੁੰਦਾ।
 
ਨਹਾਉਣ ਬਿਨਾ ਕੋਈ ਸਾਫ ਨਹੀਂ ਹੁੰਦਾ।
ਕੀਤੇ ਬਿਨਾ ਕੋਈ ਮਾਫ ਨਹੀਂ ਹੁੰਦਾ।
 
ਮਿਲ਼ੇ ਬਿਨਾ ਕੋਈ ਮੇਲ਼ ਨਹੀਂ ਹੁੰਦਾ।
ਆੜ੍ਹੀ ਬਿਨਾ ਕਦੀ ਖੇਲ ਨਹੀਂ ਹੁੰਦਾ।
 
ਦੋਸਤ ਬਿਨਾ ਕੋਈ ਖ਼ਾਸ ਨਹੀਂ ਹੁੰਦਾ।
ਹੱਡੀਆਂ ਬਿਨਾ ਕਦੀ ਮਾਸ ਨਹੀਂ ਹੁੰਦਾ।
 
ਫੀਤੇ ਬਿਨਾ ਕਦੀ ਮਿਣ ਨਹੀਂ ਹੁੰਦਾ।
ਬਦਲ਼ਾਂ ਬਿਨਾ ਕਿਣ-ਮਿਣ ਨਹੀਂ ਹੁੰਦਾ।
 
ਮਿਆਨ ਬਿਨਾ ਤਲਵਾਰ ਨਹੀਂ ਹੁੰਦੀ।
ਪੌਂਚੇ ਬਿਨਾ ਕੋਈ ਸਲਵਾਰ ਨਹੀਂ ਹੁੰਦੀ।
ਇੰਞਣ ਬਿਨਾ ਕੋਈ ਕਾਰ ਨਹੀਂ ਹੁੰਦਾ।
 
ਪਹਾੜ ਬਿਨਾ ਕੋਈ ਖੱਡ ਨਹੀਂ ਹੁੰਦੀ।
ਬਿਨ ਟੋਏ ਕਦੀ ਮੋੜ੍ਹੀ ਗੱਡ ਨਹੀਂ ਹੁੰਦੀ।
ਗੁੜ੍ਹ ਬਿਨਾ ਕਦੀ ਦੇਸੀ ਕੱਢ ਨਹੀਂ ਹੁੰਦੀ।
“ਕੇਵਲ” ਕੋਸ਼ਿਸ਼ ਕਰਾਂ ਤਾਂ ਵੀ ਕਵਿਤਾ,
ਲਿੱਖਣੀ ਬਿਲਕੁਲ ਛੱਡ ਨਹੀਂ ਹੁੰਦੀ।
21/07/2021


ਖਾਲੀ ਹੱਥ ਹੀ ਜਾਣਾ

ਕੇਵਲ ਸਿੰਘ ਜਗਪਾਲ

ਜੋ ਕੁੱਝ ਵੀ ਸੀ ਲਿੱਖਿਆ ਤੇਰੇ ਮੇਰੇ,
ਲੇਖਾਂ, ਓਹੀ ਤੂੰ ਪਾਉਣਾ ‘ਤੇ ਓਹੀ ਮੈਂ,
ਪਾਉਣਾ।
 
ਜੋ ਕੁੱਝ ਵੀ ਵੀਤੇਗਾ ਵਿੱਚ ਜ਼ਿੰਦਗ਼ੀ,
ਓਹੀਓ ਤੂੰ ਸਹਿਣਾ ‘ਤੇ ਓਹੀਓ ਮੈਂ,
ਸਹਿਣਾ।
 
ਲੇਖਾਂ ‘ਚ ਜਿੰਨੀ ਵੀ ਲਿੱਖੀ ਉਮਰ,
ਹੰਡ੍ਹਾਕੇ ਇਸ ਦੁਨੀਆਂ ਨੂੰ ਛੱਡਕੇ,
ਇੱਥੋਂ ਤੂੰ ਵੀ ਜਾਣਾ ‘ਤੇ ਇੱਥੋਂ ਮੈਂ ਵੀ,
ਜਾਣਾ।
 
ਐਨੀ ਆਕੜ ਵੀ ਤੂੰ ਕਿਉਂ ਕਰਨਾ ਏ,
ਬੰਦਿਆ ਅਖ਼ੀਰ ਮਿੱਟੀ ’ਚ ਤੂੰ ਜਾਣਾ,
‘ਤੇ ਉਹੀ ਮਿੱਟੀ ’ਚ ਮੈਂ ਵੀ ਜਾਣਾ।
 
ਸਾਰੇ ਤਾਂ ਮੁਸਾਫ਼ਰ ਹੀ ਹਾਂ ਇੱਥੇ,
ਤੁਸੀਂ ਝਗੜੇ ਕਿਉਂ ਪਏ ਕਰਦੇਓ,
ਸਦਾ ਲਈ ਇੱਥੇ ਨਾ ਤੂੰ ਹੀ ਟਿਕੇ,
ਰਹਿਣਾ ‘ਤੇ ਨਾ ਹੀ ਇੱਥੇ ਮੈਂ ਟਿਕੇ,
ਰਹਿਣਾ।
 
ਸਾਰੇ ਰੋਂਦੇ ਹੀ ਆਏ ਸਾਂ ਇੱਥੇ ਪਰ,
ਰੁਆਕੇ ਆਪਣਿਆਂ ਨੂੰ ਸਦਾ ਲਈ,
ਇੱਥੋਂ ਤੂੰ ਵੀ ਟੁਰ ਜਾਣਾ ‘ਤੇ ਇੱਥੋਂ ਮੈਂ,
ਵੀ ਟੁਰ ਜਾਣਾ।
 
ਇੱਥੋਂ ਟੁਰ ਜਾਂਣ ਦਾ ਸੱਦਾ ਆਇਆ,
ਤਾਂ ਕੱਫਣ ‘ਚ ਲਪੇਟਿਆ ਤੂੰ ਜਾਣਾ,
‘ਤੇ ਕੱਫਣ ‘ਚ ਲਪੇਟਿਆ ਮੈਂ ਜਾਣਾ।
 
ਕੱਫਣ ‘ਚ ਇੱਥੋਂ ਨਾਲ਼ ਲਿਜਾਣ ਲਈ,
ਨਾ ਉਹ ਖੀਸਾ ਤੈਂਨੂੰ ਲੱਭਣਾ ‘ਤੇ ਨਾ,
ਖੀਸਾ ਮੈਂਨੂੰ ਲੱਭਣਾ।
 
ਸਾਰੇ ਖਾਲੀ ਹੱਥ ਹੀ ਆਏ ਸਾਂ ਇੱਥੇ,
ਇੱਥੋਂ ਖਾਲੀ ਹੱਥ ਤੂੰ ਜਾਣਾ ‘ਤੇ ਖਾਲੀ,
ਹੱਥ ਹੀ ਇੱਥੋਂ “ਕੇਵਲ” ਨੇ ਵੀ ਜਾਣਾ।
 13/07/2021
 


ਅਮੀਰ ਗ਼ਰੀਬ

ਕੇਵਲ ਸਿੰਘ ਜਗਪਾਲ

ਫੁੱਲ ਕਦੀ ਵੀ ਦੋ ਵਾਰ ਨਹੀਂ ਖਿਲ਼ਦੇ,
ਇਨਸਾਨ ਮਰਕੇ ਦੂਜੀ ਵਾਰ ਨਹੀਂ,
ਜਨਮ ਲੈਂਦੇ।
 
ਇਸ ਦੁਨੀਆਂ ਵਿੱਚ ਕਈ ਤਾਂ ਸਾਥੋਂ,
ਵੀ ਵੱਧ ਅਮੀਰ ਹੁੰਦੇ।
 
ਇਸ ਦੁਨੀਆਂ ਵਿੱਚ ਕਈ ਸਾਥੋਂ ਵੀ,
ਬਹੁਤ ਗ਼ਰੀਬ ਹੁੰਦੇ।
 
ਕਈ ਗ਼ਰੀਬ ਤਾਂ ਨਸੀਬਾਂ ‘ਚ ਲਿੱਖੇ,
ਨੂੰ ਹੀ ਭਾਣਾ ਮੰਨਕੇ ਖੁਸ਼ ਰਹਿੰਦੇ।
 
ਕਈ ਅਮੀਰਾਂ ਨੂੰ ਸਵਰ ਨ੍ਹੀਂ ਆਉਂਦਾ,
ਉਹ ਹੋਰ ਪੈਸਾ ਬਨਾਉਣ ਵਿੱਚ ਹੀ,
ਰੁੱਝੇ ਰਹਿੰਦੇ।
 
ਜ਼ਿੰਦਗ਼ੀ ਵਿੱਚ ਐਸੀਆਂ ਦੋ ਚੀਜ਼ਾਂ,
ਮੁਫਤ ਵੰਡਣ ਨਾਲ਼ ਕੋਈ ਘਾਟੇ ਨ੍ਹੀਂ,
ਪੈਂਦੇ।
 
ਹੱਸਕੇ ਬੋਲਣ ਤੇ ਸਰਬੱਤ ਦੇ ਭਲੇ,
ਦੀ ਅਰਦਾਸ ਕਰਨ ਨਾਲ਼ ਤੁਹਾਨੂੰ,
ਕੋਈ ਘਾਟੇ ਨਹੀਂ ਪੈ ਜਾਂਦੇ।
 
ਜੀਅ ਲਓ ਅੱਜ ਦੋਸਤੋ ਕੱਲ੍ਹ ਕਿਸ,
ਨੇ ਦੇਖਿਆ, ਲੋਕ ਤਾਂ ਐਵੀਂ ਜੀਉਂਦੇ,
ਜੀਅ ਆਉਂਣ ਵਾਲ਼ੇ ਕੱਲ੍ਹ ਦਾ “ਕੇਵਲ”,
ਫਿਕਰ ਕਰ ਕਰਕੇ ਮਰੀ ਜਾਂਦੇ। 
 06/07/2021


ਜ਼ਿੰਦਗ਼ੀ ਦੇ ਅਖ਼ੀਰਲੇ ਸਾਹ

ਕੇਵਲ ਸਿੰਘ ਜਗਪਾਲ

ਪੈਦਾ ਹੁੰਦੇ ਸਾਰ ਇਨਸਾਨ ਦਾ ਬੱਚਾ,
ਕਿਸੇ ਵੀ ਤਰ੍ਹਾਂ ਦੇ ਨਾਂ ਨਾਲ਼ ਨਹੀਂ,
ਜਾਣਿਆਂ ਜਾਂਦਾ।
 
ਪਰ ਪੈਦਾ ਹੁੰਦੇ ਸਾਰ ਹੀ ਇਨਸਾਨ,
ਦਾ ਬੱਚਾ ਹਵਾ ‘ਚ ਸਾਹ ਲੈਣ ਲੱਗ,
ਜਾਂਦਾ।
 
ਜਦੋਂ ਉਹ ਇਨਸਾਨ ਸਾਰੀ ਜ਼ਿੰਦਗ਼ੀ,
ਹੰਡਾਕੇ ਅਖ਼ੀਰ ਨੂੰ ਇਸ ਦੁਨੀਆਂ ਨੂੰ, 
ਛੱਡ ਜਾਂਦਾ।
ਤਾਂ ਉਹ ਇਨਸਾਨ ਦਾ ਸਿਰਫ ਨਾਂ,
ਨਾਲ਼ ਹੀ ਜਾਣਿਆਂ ਜਾਂਦਾ ਪਰ ਉਸ,
ਦੇ ਅੰਦਰ ਸਾਹ ਨਹੀਂ ਹੁੰਦਾ।
 
ਹਰ ਇਨਸਾਨ ਦੇ ਪਹਿਲੇ ਸਾਹ ਤੋਂ,
ਅਖ਼ੀਰਲੇ ਸਾਹ ਤੱਕ ਦੇ ਸਫ਼ਰ ਨੂੰ,
ਜ਼ਿੰਦਗ਼ੀ ਦੇ ਨਾਂ ਨਾਲ਼ ਹੀ ਜਾਣਿਆਂ,
ਜਾਂਦਾ।
 
ਜ਼ਿੰਦਗ਼ੀ ਤਾਂ ਇੱਕ ਵੱਡਾ ਸਵਾਲ ਹੈ,
ਜਿਸ ਦਾ ਕਿਸੇ ਕੋਲ਼ ਕੋਈ ਜਵਾਬ,
ਹੀ ਨਹੀਂ ਹੁੰਦਾ।
 
ਮੌਤ ਤਾਂ ਸਿਰਫ ਇਕ ਜਵਾਬ ਹੀ,
ਹੈ ਜਿਸ ਉੱਤੇ ਕੋਈ ਵੀ ਇਨਸਾਨ,
ਸਵਾਲ ਨਹੀਂ ਉਠਾਉਂਦਾ।
 
ਦੋਸਤੋ ਰਹਿੰਦੀ ਜ਼ਿੰਦਗ਼ੀ ਦਾ ਪੂਰੀ,
ਤਰ੍ਹਾਂ ਅਨੰਦ ਮਾਣਦੇ ਰਹੋ ਜਦ ਤੱਕ,
“ਕੇਵਲ” ਸਵਾਲ ਦਾ ਜਵਾਬ ਨਹੀਂ,
ਮਿਲ਼ ਜਾਂਦਾ।
 29/06/2021
 

ਬਨਾਉਟੀ ਰਿਸ਼ਤੇ
ਕੇਵਲ ਸਿੰਘ ਜਗਪਾਲ

ਇੱਥੇ ਸਾਰਿਆਂ ਹੀ ਰਿਸ਼ਤਿਆਂ ‘ਚ,
ਮਿਲਾਵਟ ਦੇਖੀ।
 
ਰਿਸ਼ਤਿਆਂ ਵਿੱਚ ਫੋਕੇ ਜਿਹੇ ਰੰਗਾਂ,
ਦੀ ਭਰੀ ‘ਤੇ ਬਨਾਉਟੀ ਸਜਾਵਟ,
ਵੀ ਦੇਖੀ।
 
ਬਹੁਤ ਅਰਸਾ ਹੋ ਗਿਆ ਏ ਮਾਂ,
ਦੇਖਦਿਆਂ ਨੂੰ ‘ਤੇ ਮਾਂ ਪਿਆਰ,
ਵੀ ਕਰਦੀ ਦੇਖੀ।
 
ਹਾਲੇ ਤੱਕ ਮਾਂ ‘ਤੇ ਮਾਂ ਦੀ ਮਮਤਾ,
‘ਚ ਮਿਲਾਵਟ ਬਿਲਕੁਲ ਹੀ ਨ੍ਹੀਂ,
ਦੇਖੀ।
 
ਰਿਸ਼ਤਾ ਕਦੀ ਮੀਂਹ ਵਾਂਙ ਨਾ ਹੋਵੇ,
ਜਿਹੜਾ ਪੈ ਕੇ ਹੀ ਖ਼ਤਮ ਹੋ ਜਾਵੇ।
 
ਰਿਸ਼ਤਾ ਹਨ੍ਹੇਰੀ ਵਾਂਙ ਵੀ ਨਾ ਆਵੇ,
ਜਿਹੜਾ ਨੁਕਸਾਨ ਕਰਕੇ ਆਪਣੇ,
ਰਾਹ ਚਲਾ ਜਾਏ।
 
ਰਿਸ਼ਤਾ ਹੋਵੇ ਤਾਂ ਹਵਾ ਦੀ ਤਰ੍ਹਾਂ ਹੀ,
ਸਦਾ ਬਹਾਰ ਜਿਹੜਾ ਸਦਾ ਚੱਲੀ,
ਜਾਵੇ ‘ਤੇ ਕਦੀ ਖ਼ਤਮ ਨਾ ਹੋ ਜਾਏ।
 
ਅੱਜ ਕੱਲ੍ਹ ਹਵਾ ਵੀ ਸਾਫ ਨਹੀਂ ਇਸ,
ਵਿੱਚ ਵੀ ਮਿਲਾਵਟ ਪੈਂਦੀ ਜਾਂਦੀ ਏ,
ਕੋਈ ਰੋਕ ਨਾ ਪਾਏ।
 
ਅਜ ਕੱਲ੍ਹ ਹਰ ਚੀਜ਼ ‘ਚ ਮਿਲਾਵਟ,
ਰਿਸ਼ਤਾ ਵੀ ਕਿਵੇਂ ਮਿਲਾਵਟ ਬਿਨ,
ਬੱਚ ਪਾਏ।
 
ਉਨ੍ਹਾਂ ਨੇ ਵੀ ਜੀਉਣ ਲਈ ਇਸੇ ਹੀ,
ਪ੍ਰਦੂਸ਼ਣ ਭਰੀ ਹਵਾ ‘ਚ ਸਾਹ ਲੈਣਾਂ,
ਏ।
 
ਇਹੀ ਹਵਾ ‘ਚ  ਮਿਲਾਵਟ ਅਕਸਰ,
ਸਰੀਰ ਦੇ ਅੰਦਰ ਜਾਕੇ ਅਸਰ ਕਰੇ,
ਬਿਨਾਂ “ਕੇਵਲ” ਇਨਸਾਨ ਕਿਵੇਂ ਬੱਚ,
ਪਾਏ।
 22/06/2021
 


ਗੱਲਾਂ ਕਹਿ ਨਹੀਂ ਸਕਦੇ

ਕੇਵਲ ਸਿੰਘ ਜਗਪਾਲ

ਕਈ ਵਾਰੀ ਤਾਂ ਮੌਕੇ ਨੂੰ ਸੰਭਾਲ਼ਦੇ ਹਾਂ,
ਜੋ ਕੁੱਝ ਵੀ ਮੌਕੇ ‘ਤੇ ਕਹਿਣਾ ਚਹੁੰਦੇ,
ਹਾਂ ਉਹ ਗੱਲਾਂ ਕਹਿ ਨਹੀਂ ਸਕਦੇ।
 
ਇੰਝ ਲੱਗਦਾ ਕਿ ਸਾਡੇ ਸਮੁੰਦਰ ‘ਚ,
ਵੜਿਆਂ ਨੂੰ ਮੁੜ੍ਹ ਘਿਰਕੇ ਹੀ ਆਈ,
ਜਾਂਦੀਆਂ ਛੱਲਾਂ ਸਹਿ ਨਹੀਂ ਸਕਦੇ।
 
ਕੀ ਦੱਸਾਂ ਮੈਂ ਸਿਰਫ ਕੱਲ੍ਹਾ ਹੀ ਨਹੀਂ,
ਕਹਿੰਦਾ ਸਾਰੀ ਦੁਨੀਆਂ ਕਹਿੰਦੀ ਕਿ,
ਚੋਭਮੀਆਂ ਗੱਲਾਂ ਵੀ ਬਿਲਕੁਲ ਸਹਿ,
ਨਹੀਂ ਸਕਦੇ।
 
ਬੜੀ ਹੀ ਝਿਜਕ ਹੁੰਦੀ ਸਵਾਲਾਂ ਦੇ,
ਜਵਾਬਾਂ ‘ਚ ਸੱਚੀਆਂ ਗੱਲਾਂ ਵੀ ਤਾਂ,
ਕਹਿ ਨਹੀਂ ਸਕਦੇ।
 
ਤਜਰਬਾ ਕਹਿੰਦਾ ਕਿਸੇ ਸਿਰ ਫਿਰੇ,
ਨਾਲ਼ ਬਹਿਸ ਕਰਨ ਨਾਲ਼ੋਂ ਉਸ ਤੋਂ,
ਲਾਂਭੇ ਹੋਕੇ ਬਚਣਾ ਹੀ ਚੰਗਾ।
 
ਜੇਕਰ ਉੱਥੋਂ ਨਾ ਉੱਠੇ ਤਾਂ ਉਸ ਕੋਲ਼ੋਂ,
ਝੂਠੇ ਬੋਲ ਅਤੇ ਮੰਦਾ ਸੁਣਨਾ ਪੈਂਦਾ।
 
ਨਹੀਂ ਤਾਂ ਉਸ ਸਿਰ ਫਿਰੇ ਨਾਲ਼ ਵੀ,
ਪੈ ਸਕਦਾ ਏ “ਕੇਵਲ” ਨਾ ਸੁਲਝਣ,
ਵਾਲ਼ਾ ਪੰਗਾ। 
 15/06/2021
 
 


ਅਣਜੰਮੀ ਧੀ

ਕੇਵਲ ਸਿੰਘ ਜਗਪਾਲ

ਮਾਂ ਦੀ ਕੁੱਖੋਂ ਜ਼ਿੰਦਾ ਪੈਦਾ ਹੋਣ,
ਦਾ ਹੱਕ ਸਮਾਜ ਨੇ ਮੈਂਨੂੰ ਨਹੀਂ,
ਕੇਵਲ ਮੇਰੇ ਸਕੇ ਭਰਾਵਾਂ ਨੂੰ,
ਹੀ ਕਿਉਂ ਲਿੱਖ ਦਿੱਤਾ ਏ?
 
ਕੀ ਮੈਂ ਰੱਬ ਦੇ ਮਾਂਹ ਮਾਰੇ ਨੇ,
ਕਿ ਮੇਰੇ ਜੀਉਂਣ ਦਾ ਕੁਦਰਤੀ,
ਹੱਕ ਪਤਾ ਨਹੀਂ ਮੇਥੋਂ ਸਮਾਜ,
ਨੇ ਕਿਉਂ ਖੋਹ ਲੀਤਾ ਏ।
 
ਤੇਰੀ ਮਮਤਾ ਉਦੋਂ ਕਿੱਥੇ ਗਈ,
ਮਾਂ ਤੂੰ ਵੀ ਤਾਂ ਸਾਰਿਆਂ ਨਾਲ਼,
ਮਿਲ਼ਕੇ ਮੇਰੇ ਨਾਲ਼ ਧੋਖਾ ਕੀਤਾ,
ਏ?
 
ਇਕ ਅਣਜੰਮੀ ਧੀ ਵੀ ਰੋਂਦੀ ਏ,
ਅਤੇ ਉੱਸ ਦੀ ਮਾਂ ਵੀ ਰੋਂਦੀ ਏ।
 
ਡੁੱਬੀ ਜਦੋਂ ਅਣਜੰਮੀਆਂ ਧੀਆਂ,
ਦੀ ਬੇੜੀ ਕੱਲਾ ਕਿਨਾਰਾ ਹੀ,
ਨਹੀਂ ਹਰ ਨਦੀ ਵੀ ਰੋਂਦੀ ਏ।
 
ਪੰਜਾਬ ਦੀਆਂ ਕਤਲ ਕੀਤੀਆਂ,
ਗਈਆਂ ਅਣਜੰਮੀਆਂ ਧੀਆਂ,
ਲਈ ਸੱਤਲੁਜ, ਬਿਆਸ ਅਤੇ,
ਰਾਵੀ ਵੀ ਰੋਂਦੀ ਏ।
ਕੱਲਾ ਕੱਲਾ ਕਿਨਾਰਾ ‘ਤੇ ਹਰ,
ਸੂਆ ਅਤੇ ਨਹਿਰ ਵੀ ਰੋਂਦੀ ਏ।
 
ਦੇਸ਼ ਦੀ ਮਿੱਟੀ ਦਾ ਜ਼ਰਾ ਜ਼ਰਾ,
ਹਵਾ ਅਤੇ ਮਿੱਟੀ ਵੀ ਰੋਂਦੀ ਏ।
 
ਜਿੱਥੇ ਨਰਮ ਦਿਲ ਮਾਂ ਤਾਂ ਸੋਗ,
ਮਨਾਉਂਦੀ ਏ।
 
ਇਸ ਧਰਤੀ ਉੱਤੇ ਕਾਤਲਾਂ ਦੀ,
ਮਹਿਫ਼ਲ ਜਸ਼ਨ ਮਨਾਉਂਦੀ ਏ।
 
ਐਂਨਾ ਸਾਰਾ ਪਿਆਰ ਦਿੰਦੀਆਂ,
ਹਾਂ ਇਸ ਦੁਨੀਆਂ ਨੂੰ ਕਿ ਫਿਰ,
ਵੀ ਧੀਆਂ ਨੂੰ ਕੁੱਖ ਵਿੱਚ ਕਤਲ,
ਕਰਕੇ “ਕੇਵਲ” ਉਨ੍ਹਾਂ ਜ਼ਾਲਮਾਂ,
ਨੂੰ ਕੋਈ ਸ਼ਰਮ ਨ੍ਹੀਂ ਆਉਂਦੀ ਏ।
 08/06/2021
 


ਜਲ਼ਦੀਆਂ ਲਾਸ਼ਾਂ

ਕੇਵਲ ਸਿੰਘ ਜਗਪਾਲ

ਕਰੋਨਾ ਮਹਾਂਮਾਰੀ ਦੇ ਕਹਿਰ ਨਾਲ਼,
ਨਾਲ਼ ਭਾਰਤ ‘ਚ ਰੋਜ਼ ਕਈ ਹਜ਼ਾਰਾਂ,
ਇਨਸਾਨ ਮਰਦੇ ਪਏ ਨੇ।
 
ਜਲ਼ਦੀਆਂ ਲਾਸ਼ਾਂ ਦੇ ਲੱਗੇ ਢੇਰ ਵਿੱਚ,
ਸਿਵਿਆਂ ਅਤੇ ਸ਼ਮਸ਼ਾਨ ਪਏ ਨੇ।
 
ਕੀ ਉਹ ਗੰਗਾ ਹੁਣ ਪਵਿਤਰ ਰਹਿ,
ਗਈ ਏ ਜਿਸ ਵਿੱਚ ਵਹਿ ਰਹੀਆਂ,
ਲਾਸ਼ਾਂ ਨੂੰ ਗਿਰਜਾਂ ਅਤੇ ਕੁੱਤੇ ਨੋਚ,
ਨੋਚਕੇ ਖਾਹ ਰਹੇ ਨੇ?
 
ਇਸ ਮਹਾਂਮਾਰੀ ਤੋਂ ਭਾਰਤ ਦੇ ਬੱਚੇ,
ਵਿਰਧ ਅਤੇ ਜਵਾਨ ਡਰੇ ‘ਤੇ ਸਹਿਮੇਂ,
ਪਏ ਨੇ।
 
ਹੁਣ ਲੱਭੋ ਉਹਨਾਂ ਡੇਰਿਆਂ ਦੇ ਦੇਹ,
ਧਾਰੀ ਬਾਬਿਆਂ ਨੂੰ ‘ਤੇ ਪੁੱਛਾਂ ਦੇਣ,
ਵਾਲ਼ੇ ਪੰਡਤ ਨੂੰ, ਉਹ ਕਿੱਥੇ ਅਲੋਪ,
ਹੋ ਗਏ ਨੇ?
 
ਹੁਣ ਪੁੱਛੋ ਦੀਵੇ ਬਾਲ਼ਕੇ ‘ਤੇ ਥਾਲ਼ੀਆਂ,
ਖੜਕਾਕੇ ਕਰੋਨਾ ਨੂੰ ਭਜਾਉਣ ਵਾਲ਼ੇ,
ਉਹ ਸਿਆਸਤਦਾਨ ਕਿੱਥੇ ਅਲੋਪ ਹੋ,
ਗਏ ਨੇ?
 
ਹੁਣ ਪੁੱਛੋ ਉਹਨਾਂ ਨੂੰ ਜਿਹੜੇ ਕਹਿੰਦੇ,
ਸੀ ਸਰੀਰ ਉਤੇ ਗਾਂ ਦਾ ਗੋਹਾ ਮਲਣ,
‘ਤੇ ਪਸ਼ਾਵ ਪੀਣ ਨਾਲ਼ ਕਰੋਨਾ ਮੀਲਾਂ,
ਦੂਰ ਭੱਜ ਜਾਊ, ਉਹ ਸਿਆਸਤਦਾਨ,
ਕਿੱਥੇ ਅਲੋਪ ਹੋ ਗਏ ਨੇ?
 
ਕੀ ਉਹ ਔਕਸੀਜਨ ਦੇ ਸਿਲੰਡਰਾਂ
ਟੀਕਿਆਂ ‘ਤੇ ਦਵਾਈਆਂ ਦੀ ਕਰਨ,
ਵਾਲ਼ੇ ਕਾਲ਼ਾ ਬਜ਼ਾਰੀ ਹੈਵਾਨ ਫੜ੍ਹੇ,
ਗਏ ਨੇ?
 
“ਕੇਵਲ” ਸਸਤੇ ਸਾਹਾਂ ਨੂੰ ਖ਼ਰੀਦਕੇ,
ਕਰੋਨਾ ਦੇ ਮਰੀਜ਼ਾਂ ਨੂੰ ਮਹਿੰਗੇ ਭਾਅ,
ਵੇਚਣ ਵਾਲ਼ੇ ਹਜੇ ਵੀ ਭਾਰਤ ਵਿੱਚ,
ਮੌਤਾਂ ਦੇ ਸੁਦਾਗਰ ਸ਼ੈਤਾਨ ਬੜ੍ਹੇ ਨੇ।
 01/06/2021
 


ਕਾਂ ਦੇ ਸੁਨੇਹੇ

ਕੇਵਲ ਸਿੰਘ ਜਗਪਾਲ

ਉੱਚੇ ਬਨੇਰੇ ਬੈਠਾ ਕਾਂ, ਕਾਂ ਕਾਂ ਪਿਆ ਬੋਲੇ।
ਕਦੀ ਕਦੀ ਤਾਂ ਉਹ ਆ ਬੌੜ੍ਹਦਾ ਜੰਗਲ਼ ਵੇਲੇ।
ਚੁੰਝ ਕਰਦਾ ਕਦੀ ਕਦੀ ਉਹ ਪਰਾਂ ਦੇ ਓਹਲੇ।
ਐਵੀਂ ਨਾ ਸਮਝਿਓ ਕਿ ਉਹ ਪਾਉਂਦਾ ਰੌਲ਼ੇ।
ਰੱਖੀਆਂ ਉਮੀਦਾਂ ਦੇ ਉਹ ਰਾਜ਼ ਪਿਆ ਖੋਲੇ।
ਪ੍ਰਾਹੁਣੇ ਆਉਂਦੇ ਅਤੇ ਪਏ ਲੱਗ ਜਾਣ ਮੇਲੇ।
ਆਉਂਣ ਲੱਗ ਜਾਂਣ ਜਦੋਂ ਉਹ ਬਣ ਬਣ ਟੋਲੇ।
ਮਿਲ਼ਾਵੇ ਗੁਰੂਆਂ ਦੇ ਉਹ ਵਿਛੜ੍ਹੇ ਹੋਏ ਚੇਲੇ।
ਸੁਨੇਹਾ ਲਿਆਵੇ ਪਰ ਉਹ ਕੁਫਰ ਨਾ ਤੋਲੇ।
ਦਾਣੇ ਪਾਉਂਣ ਤੇ ਉਹ ਪਿਆ ਗਾਵੇ ਢੋਹਲੇ।
ਜੋੜ੍ਹੀਆਂ ਬਨਾਉਂਣ ਲਈ ਉਹ ਰਿਸ਼ਤੇ ਟੋਲ਼ੇ।
ਰਿਸ਼ਤੇ ਕਰਨ ਲਈ ਉਹ ਲਿਆਵੇ ਵਿਚੋਲੇ।
ਕੁਆਰੇ ਨਸੀਬਾਂ ਦੇ ਉਹ ਭਾਗ ਪਿਆ ਖੋਲੇ।
ਐਵੇਂ ਅੱਲੜ੍ਹ ਕਹਿੰਦੇ ਕਾਂ ਨੂੰ ਅਕਲ ਨਾ ਧੇਲੇ।
ਕੋਇਲ ਖੇਡਦੀ  ਉੱਸ  ਨਾਲ਼  ਅੱਖੀਆਂ-ਮਚੋਲੇ।
ਔਲਾਦ ਵਿਚਾਰਾ ਕੋਇਲ ਦੀ ਵੀ ਪਿਆ ਪਾਲ਼ੇ।
ਦੋ ਟੱਬਰ ਪਾਲਦਾ ਕਦੀ ਕਰੇ ਨਾ ਟਾਲ਼ਮ-ਟੌਲ਼ੇ।
ਅੱਜ ਕੱਲ੍ਹ ਬਨੇਰੇ ਹੋ ਗਏ ਨੇ ਕਾਵਾਂ ਤੋਂ ਵਿਹਲੇ।
ਭੁੱਖਾ ਕਾਂ “ਕੇਵਲ” ਵੇਖਿਆ ਪਿਆ ਢੇਰ ਫਰੋਲ਼ੇ।
 26/05/2021


ਚਿਲਮ ਅਤੇ ਸੁਰਾਹੀ

ਕੇਵਲ ਸਿੰਘ ਜਗਪਾਲ

ਇੱਕ ਘੁਮਿਆਰ ਨੇ ਮਿੱਟੀ ਦੀ ਹੁੱਕੇ ‘ਤੇ,
ਰੱਖਣ ਵਾਲ਼ੀ ਇੱਕ ਚਿਲਮ ਬਣਾਈ।
 
ਉਸਦੀ ਪਤਨੀ ਕਹਿੰਦੀ ਚਿਲਮਾਂ,
ਬਣਾਕੇ ਤੂੰ ਕਿੰਨੀ ਕੁ ਕਰ ਸਕੇਂਗਾ,
ਕਮਾਈ?
 
ਗਰਮੀ ਦੀ ਰੁੱਤੇ ਜੇਕਰ ਬਣਾਏਗਾ,
ਮਿੱਟੀ ਦੀਆਂ ਸੁਰਾਹੀਆਂ ਤਾਂ ਤੇਰੀ,
ਕਈ ਗੁਣਾਂ ਹੋ ਜਾਊਗੀ ਕਮਾਈ।
 
ਜਦੋਂ ਚਿਲਮਾਂ ਛੱਡ ਘੁਮਿਆਰ ਨੇ,
ਘੜ੍ਹਣੀ ਸ਼ੁਰੂ ਕੀਤੀ ਗਰਮੀਆਂ ਨੂੰ,
ਪਾਣੀ ਨੂੰ ਠੰਡਾ ਰੱਖਣ ਵਾਲ਼ੀ ਮਿੱਟੀ,
ਦੀ ਸੁਰਾਹੀ।
 
ਘੁਮਿਆਰ ਨੂੰ ਮਿੱਟੀ ਕਹਿੰਦੀ ਤੇਰੀ,
ਪਤਨੀ ਦੀ ਦਿੱਤੀ ਹੋਈ ਬੜ੍ਹੀ ਚੰਗੀ,
ਸਲਾਹ ਮੈਂਨੂੰ ਬਹੁਤ ਰਾਸ ਆਈ।
 
ਦੋਨੋਂ ਹੀ ਕੱਚੇ ਭਾਂਡਿਆਂ ਲਈ ਮਿੱਟੀ,
ਨੂੰ ਇੱਕ ਵਾਰੀ ਤਾਂ ਜ਼ਰੂਰ ਹੀ ਜਾਣਾ,
ਪੈਂਦਾ ਅੱਗ ਦੇ ਲਾਵੇ ਵਿੱਚ ਪਕਾਉਣ।
 
ਜਦੋਂ ਘੁਮਿਆਰ ਪੱਥ ਪੱਥਕੇ ਮਿੱਟੀ,
ਦੀਆਂ ਸੁਰਾਹੀਆਂ ਅੱਗ ਦੇ ਲਾਵੇ ‘ਚ,
ਲੱਗਾ ਕਤਾਰਾਂ ਲਾ ਕੇ ਚਿਣਵਾਉਣ।
 
ਮਿੱਟੀ ਕੀਤਾ ਧੰਨਵਾਦ ਘੁਮਿਆਰ,
ਦਾ ਨਾਲ਼ੇ ਕਹਿੰਦੀ ਚਿਲਮ ਜਦੋਂ ਵੀ,
ਬੁੱਝਦੀ ਲੋਕ ਉਸ ਵਿੱਚ ਹਰ ਵਾਰ,
ਹੀ ਪਾਕੇ ਤਮਾਖੂ ਲੱਗ ਜਾਂਦੇ ਤੀਲੀ,
ਨਾਲ਼ ਅੱਗ ਲਾਉਣ।
 
ਹੁੱਕਾ ਪੀਣ ਵਾਲ਼ੇ ਵਿਚਾਰੀ ਮਿੱਟੀ,
ਦੀ ਬਣੀ ਚਿਲਮ ਨੂੰ ਭਾਂਵੇਂ ਗਰਮੀ,
ਹੋਵੇ ਸਰਦੀ, ਪਾਕੇ ਉਸ ‘ਚ ਤਮਾਖੂ,
ਉਹ ਮਾਰ ਮਾਰਕੇ ਫੂਕਾਂ ਲੱਗ ਜਾਂਦੇ,
ਨੇ ਅੱਗ ਨੂੰ ਧਖਾਉਂਣ।
 
ਪਰ ਠੰਡੇ ਪਾਣੀ ਦੀ ਸੁਰਾਹੀ ਖਾਲੀ,
ਹੋਣ ਤੇ ਲੋਕ ਇਸਨੂੰ ਦੁਬਾਰਾ ਪਾਣੀ,
ਨਾਲ਼ ਹੀ ਭਰਕੇ ਠੰਡੇ ਪਾਣੀ ਪੀਣ,
ਦੇ ਲੱਗ ਜਾਂਦੇ ਨੇ ਖ਼ੂਬ ਮਜ਼ੇ ਲੈਣ।
 
ਮਿੱਟੀ ਕਹਿੰਦੀ ਤੇਰੀ ਪਤਨੀ ਦੀ,
ਗਲ ਨਿਕਲ਼ੀ ਸੱਚੀ, ਘੁਮਿਆਰ,
ਦੀ ਕਮਾਈ ਕਈ ਗੁਣਾਂ ਲੱਗ ਪਈ,
ਏ ਹੋਣ।
ਜਿਸ ਨਾਲ਼ ਮਿੱਟੀ ਵੀ ਤੱਪਦੀਆਂ,
ਧੁੱਪਾਂ ਵਿੱਚ “ਕੇਵਲ” ਲੱਗ ਪਈ ਏ,
ਠੰਡੇ ਠਾਰ ਪਾਣੀ ਦੇ ਮਜ਼ੇ ਲੈਣ।
 19/05/2021
 
 


ਮਾਂ ਨੂੰ ਸ਼ਰਧਾਂਜਲੀ

ਕੇਵਲ ਸਿੰਘ ਜਗਪਾਲ

ਜਨਮ ਹੋਣ ਤੋਂ ਹੁਣ ਤੱਕ ਨਾ,
ਰੱਬ ਵੇਖਿਆ।
ਅਤੇ ਨਾ ਹੀ ਰੱਬ ਦਾ ਕੋਈ,
ਭੇਜਿਆ ਹੋਇਆ ਫਰਿਸ਼ਤਾ,
ਵੇਖਿਆ।
 
ਨਾ ਹੀ ਮਾਂ ਦੇ ਬਰਾਬਰ ਦਾ,
ਇਸ ਦੁਨੀਆਂ ਤੇ ਕਿਸੇ ਨੇ,
ਕੋਈ ਰਿਸ਼ਤਾ ਹੀ ਵੇਖਿਆ।
 
ਸੁਰਤ ਸੰਭਾਲਣ ਤੋਂ ਹੁਣ ਤੱਕ,
ਜੋ ਕੁੱਝ ਵੇਖਿਆ।
ਕੇਵਲ ਮਾਂ ਨੂੰ ਇੱਕ ਰੱਬ ਦੇ,
ਰੂਪ ‘ਚ ਹੀ ਵੇਖਿਆ।
 
ਜਦ ਵੀ ਪਹਿਲੀ ਵਾਰ ਮੂੰਹੋਂ,
ਕੁੱਝ ਕਹਿਣਾ ਸਿੱਖਿਆ।
ਰੱਬ ਦੇ ਨਾਂ ਲੈਣ ਤੋਂ ਪਹਿਲਾਂ,
ਕੇਵਲ ਮਾਂ ਕਹਿਣਾ ਸਿਖਿਆ।
 
ਬੱਚਿਆਂ ਦੇ ਦੁੱਖ ਬਿਨ ਦੱਸੇ,
ਹੀ ਟੋਹ ਲੈਂਦੀ ਮਾਂ।
ਬਾਹਰ ਹੱਸ ਲੈਂਦੀ ਬੱਚਿਆਂ,
ਨਾਲ਼ ਅੰਦਰ ਜਾਕੇ ਰੋ ਲੈਂਦੀ,
ਮਾਂ।
 
ਪਾਣੀ ‘ਚ ਡਿੱਗੇ ਬੱਚਿਆਂ ਦੇ,
ਹੰਝੂ ਪਛਾਂਣ ਲੈਂਦੀ ਮਾਂ।
 
ਆਪਣੇ ਦੁੱਖ ਬੁਕਲ਼ ‘ਚ ਲੁਕੋ,
ਲੈਂਦੀ ਮਾਂ।
 
ਕਿੰਨੇ ਸਾਡੇ ਸਮਾਜ ਦੇ ਦਿਤੇ,
ਹੋਏ ਦੁੱਖ ਸਹੀ ਜਾਂਦੀ ਮਾਂ।
 
ਸਾਰੇ ਟੱਬਰ ਨੂੰ ਰਜਾਕੇ ਆਪ,
ਭੁੱਖੀ ਸੌਂ ਜਾਂਦੀ ਮਾਂ।
 
ਸਾਰੇ ਟੱਬਰ ‘ਤੇ ਰਿਸ਼ਤਿਆਂ,
ਨੂੰ ਇੱਕੋ ਹੀ ਲੜੀ ‘ਚ ਪਰੋ,
ਦਿੰਦੀ ਮਾਂ।
 
ਬੱਚਿਆਂ ਨੂੰ ਤਾਂ ਪਾਉਂਦੀ ਸੁੱਕੇ,
ਆਪ “ਕੇਵਲ” ਗਿੱਲੇ ਥਾਂ ਹੀ,
ਸੌਂ ਜਾਂਦੀ ਮਾਂ।
14/05/2021 
 


ਕੀ ਸਰਕਾਰ ਬਦਲ ਜਾਏਗੀ?

ਕੇਵਲ ਸਿੰਘ ਜਗਪਾਲ

ਲਗਦਾ ਇਹ ਸਰਕਾਰ ਡਰਾਉਣ,
ਦੀ ਸਿਆਸਤ ਕਰ ਰਹੀ ਏ।
 
ਬੇਬਸੀ ਦੇ ਆਲਮ ਵਿੱਚ ਜੰਤਾ,
ਦੀ ਜਿਉਂਣ ਦੀ ਉਮੀਦ ਨੂੰ ਢਾਹ,
ਲਾ ਰਹੀ ਏ।
 
ਜੇਕਰ ਹਾਲਾਤ ਨਾ ਬਦਲੇ ਤਾਂ,
ਆਖ਼ਰ ਇਸ ਸਰਕਾਰ ਨੂੰ ਸੱਤਾ,
ਛਡਕੇ ਜਾਣਾ ਪਏਗਾ।
 
ਕੋਵਿਡ ਦੀ ਮਹਾਂਮਾਰੀ ਨਾਲ਼ ਮਰ,
ਰਹੀ ਜੰਤਾ ਨੂੰ ਹਰ ਹਾਲਤ ਵਿੱਚ,
ਬਚਾਉਣਾ ਪਏਗਾ।
 
ਧਰਮ ਦੀ ਰਾਜਨੀਤੀ ਕਰ ਰਹੀਆਂ,
ਸਾਰੀਆਂ ਸਿਆਸੀ ਧਿਰਾਂ ਨੂੰ ਸੱਤਾ,
ਤੋਂ ਭਜਾਉਣਾ ਪਏਗਾ।
 
ਚੁਣੀਆਂ “ਕੇਵਲ” ਸਿਆਸੀ ਧਿਰਾਂ,
ਨੂੰ ਜੰਤਾ ਤੇ ਇਸ ਮਹਾਂਮਾਰੀ ਦੇ ਹੋ,
ਰਹੇ ਅਸਰ ਤੋਂ ਜ਼ਰੂਰ ਬਚਾਉਣਾ,
ਪਏਗਾ।
05/05/2021 
 


ਕੋਈ ਸ਼ੋਭ੍ਹਾ ਨਹੀਂ ਦਿੰਦਾ


ਕੇਵਲ ਸਿੰਘ ਜਗਪਾਲ
ਆਪਣਿਆਂ ਦੇ ਨਾਲ਼ ਹੀ ਗੱਲਬਾਤ,
ਕਰਦਿਆਂ ਚੁੱਪ ਗੜੁੱਪ ਜਿਹਾ ਵੱਟ,
ਲੈਣਾਂ ਤਾਂ ਕੋਈ ਸ਼ੋਭ੍ਹਾ ਨਹੀਂ ਦਿੰਦਾ।
 
ਵਾਟਾਂ ਲੰਮੀਆਂ ਇਸ ਛੋਟੀ ਜਿਹੀ,
ਜ਼ਿੰਦਗ਼ੀ ਦੀਆਂ ਨਹੀਂ ਜੇ ਫਤਹਿ,
ਹੋਣੀਆਂ ਕੱਲਿਆਂ ਅੱਧ ਵਿਚਾਲ਼ੇ,
ਹੀ ਛੱਡ ਜਾਣਾਂ ਕੋਈ ਸ਼ੋਭ੍ਹਾ ਨਹੀਂ,
ਦਿੰਦਾ।
 
ਆਪਾਂ ਉਮਰ ਵਿੱਚ ਹਾਣੀਂ ਅਤੇ,
ਪੱਤੇ ਵੀ ਇੱਕੋ ਹੀ ਟਾਹਣੀ ਪਰ,
ਸਮੇਂ ਤੋਂ ਪਹਿਲਾਂ ਹੀ ਝੜ੍ਹ ਜਾਣਾਂ,
ਕੋਈ ਸ਼ੋਭ੍ਹਾ ਨਹੀਂ ਦਿੰਦਾ।
 
ਕਈ ਪੱਥਰ ਦਿਲ ਹੁੰਦੇ ਕਈਆਂ,
ਦੇ ਦਿਲ “ਕੇਵਲ” ਹੁੰਦੇ ਮੋਮ ਦੀ,
ਤਰ੍ਹਾਂ ਨਰਮ ਬਿਨ ਅੱਗ ਸੜ੍ਹ,
ਜਾਣਾਂ ਕੋਈ ਸ਼ੋਭ੍ਹਾ ਨਹੀਂ ਦਿੰਦਾ।
27/04/2021 
 
 


ਪੰਜਾਂ ਵਿਧਾਨ ਸਭਾ ਦੀਆਂ ਚੋਣਾਂ

ਕੇਵਲ ਸਿੰਘ ਜਗਪਾਲ

ਸਰਕਾਰ ਕਹੀ ਜਾਂਦੀ ਏ ਜੰਤਾ ਨੂੰ,
ਕਰੋਨਾ ਮਹਾਂਮਾਰੀ ਵੇਲ਼ੇ ਸਾਰਿਆ,
ਨੂੰ ਰੱਖਣੀ ਚਾਹੀਦੀ ਹੈ ਇੱਕ ਦੂਜੇ,
ਕੋਲ਼ੋਂ ਦੋ ਗਜ਼ ਦੀ ਦੂਰੀ।
 
ਭੀੜ੍ਹ ਵਿਚ ਜਾਣ ਲਈ ਨੱਕ ਅਤੇ,
ਮੂੰਹ ਉੱਤੇ ਪਾਉਣਾ ਬਣਦਾ ਮਾਸਕ,
ਬੜ੍ਹਾ ਹੀ ਜ਼ਰੂਰੀ।
 
ਪਰ ਪਤਾ ਨਹੀਂ ਭਾਰਤ ਵਿੱਚ ਚੋਣਾਂ,
ਵੇਲ਼ੇ ਕਿਉਂ ਡਰਨ ਲੱਗ ਜਾਂਦਾ ਕਰੋਨਾ,
ਕੀ ਹੋ ਸੱਕਦੀ ਏ ਉਸ ਦੀ ਮਜਬੂਰੀ?
 
ਸ਼ਾਇਦ ਕਰੋਨਾ ਨੂੰ ਕਨੂੰਨੀ ਤੌਰ ਤੇ,
ਵੋਟ ਦੇਣ ਦਾ ਹੱਕ ਹੀ ਨਹੀਂ ਕਿਉਂਕਿ,
ਉਸ ਦੀ ਉਮਰ ਅਜੇ ਹੋਈ ਏ ਇੱਕ,
ਸਾਲ ਦੀ ਪੂਰੀ।
 
ਚੋਣਾਂ ਵੇਲ਼ੇ ਸਿਆਸੀ ਧਿਰਾਂ ਰੈਲੀਆਂ,
ਤੇ ਭੀੜ੍ਹ ਕਿਉਂ ਇਕੱਠੀ ਕਰ ਲੈਂਦੀਆਂ,
ਉੱਥੇ “ਕੇਵਲ” ਨਾ ਹੀ ਕੋਈ ਪਾਉਂਦਾ,
ਮਾਸਕ ਅਤੇ ਨਾ ਹੀ ਰੱਖਦੇ ਨੇ ਦੋ,
ਗਜ਼ ਦੀ ਦੂਰੀ।
21/04/2021 
  


ਕਰੋਨਾਂ ਦੀ ਸਿਆਸਤ

ਕੇਵਲ ਸਿੰਘ ਜਗਪਾਲ

ਹੁਣੇ ਹੁਣੇ ਹੀ ਭਾਰਤੀ ਸਿਆਸਤ,
ਵਿੱਚ ਸਿਆਸਤਦਾਨਾਂ ਨੂੰ ਕਰੋਨਾਂ,
ਦੇ ਫਾਇਦੇ ਤੇ ਨੁਕਸਾਨ ਦੀ ਪੁੱਠੀ,
ਜਿਹੀ ਸਮਝ ਆਈ।
 
ਭਾਰਤ ਵਿੱਚ ਸਰਕਾਰ ਦੇ ਕਹਿਣ,
ਤੇ ਹੀ ਕਰੋਨਾਂ ਨੂੰ ਭਜਾਉਂਣ ਲਈ,
ਜੰਤਾ ਨੇ ਤਾਂ ਰਾਤ ਨੂੰ ਦੀਵੇ ਜਗਾਕੇ,
ਤਾਲ਼ੀ ਅਤੇ ਥਾਲ਼ੀ ਖ਼ੂਬ ਬਜਾਈ।
 
ਕਰੋਨਾ ਹੇਰ ਵੀ ਤੇਜ਼ ਹੋ ਗਿਆ,
ਉਸ ਨੂੰ ਮਨੂੰਵਾਦੀਆਂ ਦੇ ਜਾਦੂਆਂ,
ਟੂਣਿਆਂ ਦੀ ਬਿਲਕੁਲ ਹੀ ਕੋਈ,
ਸਮਝ ਨਾ ਆਈ।
 
ਅੰਨੇ ਭਗਤਾਂ ਨੇ ਤਾਂ ਗਊ ਮੂਤਰ,
ਪੀ ਪੀਕੇ ਅਤੇ ਸਰੀਰ ਉੱਤੇ ਗੋਹਾ,
ਮਲ਼ ਮਲ਼ਕੇ ਵੀ ਦੇਖ ਲਿਆ ਇਨ੍ਹਾਂ,
ਪਰ ਕਰੋਨਾਂ ਤੋਂ ਛੁਟਕਾਰਾ ਪਾਉਂਣ,
ਲਈ ਦੁਆਈ ਹੀ ਕੰਮ ਨਾ ਆਈ।
 
ਮਨੂੰਵਾਦੀ ਬਾਬਾ ਰਾਮ ਦੇਵ ਦੀ,
ਇਹ ਦੇਸੀ ਜਿਹੀ ਦੁਆਈ ਕਰੋਨਾਂ,
ਨੂੰ ਭਾਰਤ ‘ਚੋਂ ਬਿਲਕੁਲ ਹੀ ਨਾ,
ਭਜਾ ਪਾਈ।
 
ਮਨੂੰਵਾਦੀ ਬਾਬਾ ਰਾਮ ਦੇਵ ਨੇ,
ਬੜ੍ਹਾ ਹੀ ਪੈਸਾ ਬਣਾਇਆ ਫੋਕੀ,
ਜਿਹੀ ਵੇਚਕੇ ਇਹ ਦੁਆਈ।
 
ਸਿਰਫ ਚੋਣਾਂ ਦੋਰਾਨ ਹੀ ਕਿਉਂ,
ਹੋ ਜਾਂਦੀ ਏ ਕਰੋਨਾਂ ਦੀ ਉਹਨਾਂ,
ਸੂਬਿਆਂ ‘ਚੋਂ ਸਫਾਈ?
 
ਕੀ ਕਰੋਨਾਂ ਗ਼ਾਇਬ ਹੋ ਜਾਂਦਾ ਏ,
ਜਦੋਂ ਚੋਂਣ ਕਮਿਸ਼ਨ ਜਾਂ ਸਰਕਾਰ,
ਕਹਿੰਦੀ ਏ ਕਰੋਨਾਂ ਨੂੰ ਤੂੰ ਭੱਜ ਜਾ,
ਇੱਥੋਂ ਚੋਣਾਂ ਤੋਂ ਬਾਅਦ ਭਾਵੇਂ ਮੁੜ,
ਗੇੜਾ ਲਾਈਂ?
 
ਪਰ “ਕੇਵਲ” ਜਦੋਂ ਭਾਰਤ ਵਿੱਚ,
ਕੋਈ ਵੀ ਕਰਦਾ ਏ ਅੰਦੋਲਨ ਪਤਾ,
ਨਹੀਂ ਉੱਥੇ ਹੀ ਕਰੋਨਾਂ ਕਿਉਂ ਬਣ,
ਜਾਂਦਾ ਏ ਸਰਕਾਰ ਦਾ ਜਵਾਈ?
13/04/2021


ਪੱਤਝੜ ਦਾ ਮੌਸਮ

ਕੇਵਲ ਸਿੰਘ ਜਗਪਾਲ

ਬੋਲਣੋ ਚੁੱਪ ਕਰ ਜਾਣਾ ਵੀ ਹਰ,
ਵਾਰੀ ਕੋਈ ਡਰਨਾ ਨਹੀਂ ਹੁੰਦਾ।
 
ਬਾਰ ਬਾਰ ਉਹੀ ਗ਼ਲਤੀਆਂ,
ਕਰਕੇ ਮਾਫੀ ਵੀ ਮੰਗਣਾ ਕੋਈ,
ਸੁਧਰਨਾ ਨਹੀਂ ਹੁੰਦਾ।
 
ਪਾਣੀ ਵਿੱਚ ਗ਼ੋਤੇ ਖਾਈ ਜਾਣਾ,
ਵੀ ਕੋਈ ਦਰਿਆ ਪਾਰ ਕਰਨਾ,
ਨਹੀਂ ਹੁੰਦਾ।
 
ਬੰਦੇ ਦਾ ਡੂੰਘੇ ਪਾਣੀ ‘ਚ ਇੱਕ ਲਾਸ਼,
ਬਣਕੇ ਤਰਨਾ ਡੁੱਬਕੇ ਮਰਨਾ ਹੀ,
ਹੁੰਦਾ।
 
ਜਿਸ ਵਿੱਚ ਕਦੀ ਪਾਣੀ ਵੱਗਿਆ,
ਹੀ ਨਾ ਹੋਵੇ ਤਾਂ ਉਹ ਝਰਨਾ ਨਹੀਂ,
ਹੁੰਦਾ।
 
ਜਿਸ ਅੰਦੋਲਨ ਦਾ ਕੋਈ ਮਤਲਵ,
ਹੀ ਨਾ ਰਹਿ ਗਿਆ ਹੋਵੇ ਤਾਂ ਉਹ,
ਧਰਨਾ ਨਹੀਂ ਹੁੰਦਾ।
 
ਜਿਹੜਾ ਸੰਦ ਲੱਖੜ੍ਹ ਜਾਂ ਇੱਟ ‘ਚ,
ਸੁਰਾਖ ਹੀ ਨਾ ਕੱਢ ਸਕੇ ਤਾਂ ਉਹ,
ਵਰਮਾ ਨਹੀਂ ਹੁੰਦਾ।
 
ਸਿਰਫ ਇੱਕ ਝੋਨੇ ਦੀ ਬੀਜਾਈ,
ਤੋਂ ਇਲਾਵਾ ਕਿਸੇ ਹੋਰ ਫ਼ਸਲ ਨੂੰ,
ਬੀਜਣ ਤੋਂ ਪਹਿਲਾਂ ਖੇਤਾਂ ਨੂੰ ਕੱਦੂ,
ਕਰਨਾ ਨਹੀਂ ਪੈਂਦਾ।
 
ਸਿਰਫ ਇੱਕ ਝੋਨੇ ਦੀ ਫਸਲ ਤੋਂ,
ਇਲਾਵਾ ਕਿਸੇ ਹੋਰ ਫ਼ਸਲ ਦੇ,
ਪਕਣ ਤੱਕ ਐਨਾਂ ਪਾਣੀ ਦੇਣਾ,
ਨਹੀਂ ਪੈਂਦਾ।
 
ਬਸੰਤ ਤੋਂ ਬਾਅਦ ਮੌਸਮ ਵਿੱਚ,
ਬਦਲ ਆਉਂਣ ਦੇ ਨਾਲ਼ ਇਨਸਾਨ,
ਦੇ ਸਰੀਰ ਨੂੰ ਠਰਨਾਂ ਨਹੀਂ ਪੈਂਦਾ।
 
ਪੱਤਝੜ ਮੌਸਮ ਦੇ ਆਉਣ ਨਾਲ਼,
ਨਵਿਆਂ ਪੱਤਿਆਂ ਦੇ ਆਉਣ ਦੀ,
ਖ਼ਾਤਿਰ ਹਰ ਸਾਲ ਹੀ ਪੁਰਾਣਿਆਂ,
ਪੱਤਿਆਂ ਨੂੰ ਝੜਨਾ ਹੀ ਪੈਂਦਾ।
 
ਪੱਤਝੜ ਮੌਸਮ ਦੇ ਆਉਣ ਨਾਲ਼,
“ਕੇਵਲ” ਪੱਤਿਆਂ ਦਾ ਝੜ ਜਾਣਾ,
ਕੋਈ ਰੁੱਖਾਂ ਦਾ ਮਰਨਾ ਨਹੀਂ ਹੁੰਦਾ। 
06/04/2021 

ਯੂਕੇ ਦੇ ਬਜ਼ੂਰਗ਼ਾਂ ਦੀ ਸੱਥ
ਕੇਵਲ ਸਿੰਘ ਜਗਪਾਲ

ਹਰ ਰੋਜ਼ ਬ੍ਰੈਡਫੋਰਡ ਯੂ ਕੇ ਦੇ ਡੇ,
ਸੈਂਟਰ ‘ਚ ਬਹਿੰਦੀ ਸੱਥ ਬਜ਼ੂਰਗ਼ਾਂ,
ਦੀ, ਤਾਸ਼ ‘ਤੇ ਟੀਵੀ ਚਲਦਾ ਰਹਿੰਦਾ,
ਲਗਾਤਾਰ ਮੀਆਂ।
 
ਦੋ ਬਜ਼ੂਰਗ਼ਾਂ ਦੀ ਅੱਖ ਲਗ ਜਾਂਦੀ,
ਚਾਰ ਖੇਡਦੇ ਸੀਪ, ਜਿੱਤ ਅਤੇ ਹਾਰ,
ਤੋਂ ਬਾਅਦ ‘ਚ ਰੱਖਦੇ ਆਪੋ ਆਪਣੇ,
ਵਿਚਾਰ ਮੀਆਂ।
 
ਇਨ੍ਹਾਂ ਬਜ਼ੂਰਗ਼ਾਂ ਵਿੱਚ ਹਾਸੇ ਤਮਾਸ਼ੇ,
ਤਾਂ ਹੁੰਦੇ ਹੀ ਰਹਿੰਦੇ ਪਰ ਕਦੀ ਵੀ,
ਦੇਖਣ ‘ਚ ਨ੍ਹੀਂ ਆਇਆ ਕੋਈ ਐਸਾ,
ਇਨ੍ਹਾਂ ਵਿੱਚ ਤਕਰਾਰ ਮੀਆਂ।
 
ਪੰਜਾਬ ਦੀਆਂ ਚੋਣਾਂ ਵਾਰੇ ਵਿਚਾਰ,
ਵਟਾਂਦਰਾ ਵੀ ਕਰਦੇ, ਕਦੋਂ, ਕਿਵੇਂ,
ਅਤੇ ਕਿਸ ਦੀ ਬਣੂਗੀ ਸਰਕਾਰ,
ਮੀਆਂ।
 
ਕਈ ਤਾਂ ਘੰਟਿਆਂ ਬੱਦੀ ਤਾਸ਼ ਕੁਟਦੇ,
ਰਹਿੰਦੇ, ਬਾਕੀ ਬੈਠਕੇ ਪੜ੍ਹਦੇ ਪੰਜਾਬੀ,
ਆਖ਼ਬਾਰ ਮੀਆਂ।
 
ਹਾਸਾ ਠੱਟਾ ਵੀ ਅਕਸਰ ਚਲਦਾ ਹੀ,
ਰਹਿੰਦਾ, ਜੁੜ੍ਹਕੇ ਬਹਿ ਜਾਂਦੇ ਜਦੋਂ ਵੀ,
ਜੁੰਡਲ਼ੀ ਦੇ ਯਾਰ ਮੀਆਂ।
 
ਹਫ਼ਤੇ ‘ਚ 3 ਜਾਂ 4  ਵਾਰੀ ਸੈਂਟਰ,
‘ਚ ਲਗਦੀਆਂ ਕਲਾਸਾਂ ਸੌਖੀ ਜਿਹੀ,
ਕਸਰਤ ਕਰਨ ਦੀ ਭਰਮਾਰ ਮੀਆਂ।
 
ਹਲਾਉਂਦੇ ਸਰੀਰ ਦੇ ਸਾਰੇ ਹੀ ਅੰਗ,
ਬਾਬੇ, ਨਾਲ਼ੇ ਬਾਅਦ ‘ਚ ਸਾਹ ਲੈਕੇ,
ਕਰਦੇ ਨੇ ਵਿਚਾਰ ਮੀਆਂ।
 
ਧੌਣ ਅਤੇ ਲੱਕ ਦੀ ਕਸਰਤ ਕਰਨ,
ਬਾਬੇ, ਨਾਲ਼ੇ ਹਵਾ ਵਿੱਚ ਮਾਰਨ,
ਲੱਤਾਂ ਅਤੇ ਬਾਹਾਂ ਦੀ ਲਗਾਤਾਰ,
ਬੁਛਾੜ ਮੀਆਂ।
 
ਬਾਬੇ ਬੈਠਕੇ ਕਰਦੇ ਦੁੱਖ ‘ਤੇ ਸੁੱਖ,
ਸਾਂਝਾ, ਕੀਹਦਾ ਘਰ, ਪਿੰਡ ਅਤੇ,
ਸ਼ਹਿਰ ਵਿੱਚ ਸੀ ਹੁੰਦਾ ਕਿੰਨਾ ਕੁ,
ਰਸੂਖ਼ ਅਤੇ ਸਤਕਾਰ ਮੀਆਂ।
 
ਬਜ਼ੂਰਗ਼ਾਂ ਦਾ ਡੇ ਸੈਂਟਰ ਬਣ ਗਿਆ,
ਪੇਂਡੂ ਪੰਜਾਬ ਦੇ ਸਭਿਆਚਾਰ ਦੀ,
ਹਵੇਲੀ “ਕੇਵਲ” ਸੱਚ ਆਖਦਾ ਏ,
ਦੋਸਤੋ, ਤੁਸੀਂ ਵੀ ਪੜ੍ਹ ਲਓ ਇਸਨੂੰ,
ਨਾਲ਼ ਵਿਸਥਾਰ ਮੀਆਂ
30/03/2021


ਕੋਝੀਆਂ ਚਾਲਾਂ

ਕੇਵਲ ਸਿੰਘ ਜਗਪਾਲ

ਦਿੱਲੀ ਦੀਆਂ ਸਰਹੱਦਾਂ ਉਤੇ ਮੋਰਚੇ,
ਲਾਈ ਬੈਠੇ ਕਿਸਾਨਾਂ ਦੇ ਮੋਰਚਿਆਂ,
ਨੂੰ ਭੰਗ ਕਰਨ ਦੇ ਲਈ ਸਰਕਾਰ ਨੇ,
ਖੇਡੀਆਂ ਨੇ ਕਈ ਕੋਝੀਆਂ ਜਿਹੀਆਂ,
ਚਾਲਾਂ।
 
ਇੱਕ ਪਾਸੇ ਹੁਣ ਸਰਕਾਰ ਨੇ ਸੜ੍ਹਕਾਂ,
ਉਤੇ ਉਸਾਰਕੇ ਕੰਧਾਂ ਅਤੇ ਨਾਲ਼ ਹੀ,
ਗੱਡ ਦਿੱਤੀਆਂ ਨੇ ਤਿੱਖੀਆਂ ਲੋਹੇ,
ਦੀਆਂ ਤਾਰਾਂ ਅਤੇ ਕਿੱਲਾਂ।
ਉਧਰ ਕਿਸਾਨਾਂ ਨੇ ਜਵਾਬ ‘ਚ ਗੱਡ,
ਦਿੱਤੇ ਵਿੱਚ ਕਿਆਰੀਆਂ ਮਹਿਕਦੇ,
ਰੰਗ ਬਰੰਗੇ ਫੁੱਲਾਂ।
 
ਕਿਸਾਨਾਂ ਨੇ ਸਰਕਾਰ ਨਾਲ਼ 11 ਵਾਰ,
ਬੈਠਕਾਂ ਕਰਕੇ ਕਾਲ਼ੇ ਕਨੂੰਨਾਂ ਨੂੰ ਰੱਦ,
ਕਰਨ ਲਈ ਦਿੱਤੀਆਂ ਕਈ ਦਲੀਲਾਂ।
 
ਕਿਸਾਨਾਂ ਨੇ “ਕੇਵਲ” ਸਰਕਾਰ ਦੀਆਂ,
ਵੱਕਤ ਬੀਤਣ ਨਾਲ਼ 3 ਕਾਲ਼ੇ ਕਨੂੰਨਾਂ ਨੂੰ,
ਰੱਦ ਕਰਾਕੇ ਕਢਾਉਣੀਆਂ ਨੇ ਹੀਲਾਂ।
24/03/2021


ਮਾਂ ਪਿਆਰੀ ਮਾਂ

ਕੇਵਲ ਸਿੰਘ ਜਗਪਾਲ

ਇਸ ਦੁੱਖ ਭਰੇ ਸੰਸਾਰ ਵਿੱਚ,
ਜੱਗ ਜੱਨਨੀ ਸੱਭ ਕੁੱਝ ਹੀ ਏ,
ਤੂੰ।
 
ਇਸ ਸੰਸਾਰ ਦਾ ਸਾਰਾ ਭਵਿੱਖ,
ਅਤੇ ਵਿਸ਼ਵਾਸ ਵੀ ਏ ਤੂੰ।
 
ਟੁੱਟੀਆਂ ਹੋਈਆਂ ਉਮੀਦਾਂ ਨੂੰ,
ਦਿੰਦੀ ਧਰਵਾਸ ਵੀ ਏ ਤੂੰ।
 
ਹਰ ਜੰਮਣ ਵਾਲ਼ੀ ਜਾਨ ਦਾ,
ਅਧਾਰ ‘ਤੇ ਵਿਸ਼ਵਾਸ ਵੀ ਏ,
ਤੂੰ।
 
ਇਸ ਨਫਰਤ ਭਰੇ ਸੰਸਾਰ,
ਵਿੱਚ ਤਾਂ ਕੇਵਲ ਇਕਲੋਤਾ,
ਪਿਆਰ ਹੀ ਏ ਤੂੰ।
 
 
ਜੱਗ ਜੱਨਨੀ ਦਾਦੀ, ਨਾਨੀ,
ਮਾਂ ਭੂਆ ਅਤੇ ਭੈਣ ਹੁੰਦੀ।
 
ਜੇਹੜੀ ਹਰ ਸਾਲ ਭਰਾਵਾਂ,
ਦੇ ਗੁਟਾਂ ਉੱਤੇ ਰੱਖੜੀ ਬੰਨੇ,
ਉਹ ਗੁੜ੍ਹਿਆਂ ਰਿਸ਼ਤਿਆਂ,
ਵਿੱਚ ਉਹ ਭੈਣ ਹੀ ਹੁੰਦੀ।
 
ਜੇਹੜੀ ਅੱਖਾਂ ਖੋਲ ਕੇ ਗਲ,
ਕਰੇ ਉਹ ਇੱਕ ਦੋਸਤ ਹੁੰਦੀ।
 
ਜੇਹੜੀ ਅੱਖਾਂ ਬੰਦ ਕਰ ਕੇ,
ਗਲ ਕਰੇ ਉਹ ਪ੍ਰੇਮਕਾ ਹੁੰਦੀ।
 
ਜਿਹੜੀ ਅੱਖਾਂ ਚਾਰ ਕਰ ਕੇ,
ਗਲ ਕਰੇ ਉਹ ਪਤਨੀ ਹੁੰਦੀ।
 
ਜਿਹੜੀ ਅੱਖਾਂ ਬੰਦ ਹੋਣ ਤੱਕ,
ਪਿਆਰ ਕਰੇ ਉਹ ਮਾਂ ਹੁੰਦੀ।
 
ਮਾਂ ਦੀ ਕੀਤੀ ਅਰਦਾਸ ਕਦੀ,
ਬੇਅਰਥ ਨਹੀਂ ਜਾਂਦੀ।
 
ਪਰ ਮਾਂ ਦੀ ਦੁਰਾਸੀਸ ਜ਼ਰੂਰ,
ਹੀ ਲੱਗ ਜਾਂਦੀ।
 
ਮਾਂ ਇੱਕ ਆਮ ਜਿਹੇ ਮਕਾਨ,
ਨੂੰ ਇਕ ਵੱਸਣ ਵਾਲ਼ਾ ਘਰ,
ਬਣਾ ਲੈਂਦੀ।
 
ਘਰ ਬਨਾਉਣ ਵਿੱਚ ਮਾਂ ਨੂੰ,
ਕਈ ਤਰ੍ਹਾਂ ਦੀ ਤੰਗੀ ਸਹਿਣੀ,
ਪੈਂਦੀ।
 
ਮਾਂ ਘਰ ਦਾ ਅਤੇ ਬਾਹਰਲਾ,
ਕੰਮ ਵੀ ਕਰਦੀ ਅਤੇ ਨਾਲ਼,
ਤਿੰਨ ਚਾਰ ਬੱਚਿਆਂ ਨੂੰ ਵੀ,
ਪਾਲ਼ ਲੈਂਦੀ।
 
ਸੱਸ ਸਹੁਰਿਆਂ ਅਤੇ ਹੇਰਨਾਂ,
ਦੇ ਮਿਹਣੇ ਸਹਿਣੇ ਪੈਂਦੇ ਅਤੇ,
ਕਈ ਵਾਰ ਵਿਚਾਰੀ ਮਾਂ ਨੂੰ,
ਮਾਰ ਵੀ ਪੈ ਜਾਂਦੀ।
 
ਪਰ ਮਾਂ ਆਪਣੇ ਬੱਚਿਆਂ ਦੇ,
ਪਾਲਣ ਪੋਸਣ ਵਿੱਚ ਕੋਈ ਵੀ,
ਕਮੀ ਨਹੀਂ ਰਹਿਣ ਦਿੰਦੀ।
 
ਪੰਗਾ ਉਦੋਂ ਪੈ ਜਾਂਦਾ ਜਦੋਂ,
ਸਾਰੀ ਹੀ ਔਲਾਦ ਵਿਆਹੀ,
ਜਾਂਦੀ।
 
ਘਰ ਅਤੇ ਜਾਇਦਾਦ ਵਿੱਚ,
ਵੰਡੀਆਂ ਪੈ ਜਾਣ ਨਾਲ਼ ਕਈ,
ਵਾਰ ਮਾਂ ਵੀ ਵੰਡੀ ਜਾਂਦੀ।
 
ਔਲਾਦ ਨੂੰ ਪਤਾ ਨਹੀਂ ਹੁਣ,
ਬੁੱਢੀ ਮਾਂ ਭਾਰ ਕਿਉਂ ਲੱਗਣ,
ਲੱਗ ਜਾਂਦੀ?
 
ਫਿਰ ਉਹ ਬੁੱਢੀ ਮਾਂ ਬੱਚਿਆਂ,
ਤੋਂ ਸਾਂਭੀ ਕਿਉਂ ਨਹੀਂ ਜਾਂਦੀ?
 
ਬੇਜ਼ਾਰ ਹੋਕੇ ਮਾਂ ਨੂੰ ਆਪਣਾ,
ਹੀ ਜੱਦੀ ਘਰ ਛੱਡਣ ਨੂੰ ਹੀ,
ਮਜਬੂਰ ਹੋ ਜਾਂਦੀ।
 
ਅੰਤ ਨੂੰ ਉਹ ਮਾਂ ਇੱਕ ਵਿਰਧ,
ਆਸ਼ਰਮ ਵਿੱਚ ਧਕੇਲ ਦਿੱਤੀ,
ਜਾਂਦੀ।
 
 
ਮਾਂ ਤੂੰ ਆਪਣੇ ਨਾਲ਼ ਖੁਸ਼ੀਆਂ,
ਅਤੇ ਖੇੜੇ ਲਿਆਉਂਦੀ ਰ੍ਹਵੇ,
ਮਾਂ ਤੇਰੇ ਲਈ ਸਦਾ ਹੀ ਉਹ,
ਰੁੱਤ ਹੋਵਾਂ।
 
ਹਰ ਜਨਮ ਵੇਲ਼ੇ ਇਸੇ ਤਰ੍ਹਾਂ,
ਬਣਦੀ ਰ੍ਹਵੇਂ ਤੂੰ ਮਾਂ ਮੇਰੀ ‘ਤੇ,
ਹਰ ਜਨਮ ਮੈਂ ਤੇਰਾ ਇਸੇ ਹੀ,
ਤਰ੍ਹਾਂ “ਕੇਵਲ” ਬਾਕੀ ਭਰਾਵਾਂ,
ਸਮੇਤ ਇੱਕ ਪੁੱਤ ਹੋਵਾਂ।
 17/03/2021
 


ਔਰਤ ਦੀ ਸਹੀ ਥਾਂ

ਕੇਵਲ ਸਿੰਘ ਜਗਪਾਲ

ਤੁਹਾਥੋਂ ਭੁੱਲਕੇ ਵੀ ਨਾ ਹੋਵੇ,
ਕਿਸੇ ਔਰਤ ਦਾ ਅਪਮਾਨ।
ਉਹ ਕੁੱਖ ‘ਚ ਬੱਚੇ ਪਾਲ਼ਦੀ,
ਔਰਤ ਹੁੰਦੀ ਏ ਵਰਦਾਨ।
 
ਬੱਚਿਆਂ ਨੂੰ ਜਨਮ ਦਿੰਦੀ,
ਜੀਵਨ ਸਾਥੀ ਨਾਲ਼ ਸੰਤਾਨ।
ਮਾਂ ਬਣਕੇ ਉਹ ਛਾਂ ਕਰਦੀ,
ਲੱਗੇ ਤੂਤਾਂ ਦੇ ਸਮਾਨ।
 
ਔਰਤ ਹੁੰਦੀ ਬੜੀ ਹੀ ਕੋਮਲ,
ਲੱਗੇ ਨਰਮ ਫੁੱਲਾਂ ਦੇ ਸਮਾਨ।
ਪਰ ਸਮਾਂ ਪੈਣ ਤੇ ਫੜ ਲੈਂਦੀ,
ਉਹ ਬਰਸ਼ੀ ਤੇ ਤੀਰ ਕਮਾਨ।
 
ਹਰ ਔਰਤ ਅੰਦਰ ਵੱਸੇ ਬਹੁਤ,
ਹੀ ਸਹਿਣਸ਼ੀਲਤਾ ਅਤੇ ਆਨ।
ਔਰਤ ਤਾਂ ਮੂਰਤ ਤਿਆਗ ਦੀ,
ਜਿਹੜੀ ਨਿੱਤ ਕਰੇ ਬਲਿਦਾਨ।
 
ਔਰਤ ਨੂੰ ਕਦੀ ਵੀ ਨਾ ਸਮਝੋ,
ਇੱਕ ਕਮਜ਼ੋਰ ਅਬਲਾ-ਜਾਨ।
ਜਦੋਂ ਉਹ ਦੁਰਗਾ ਅਤੇ ਕਾਲੀ,
ਬਣੇ ਉਹ ਲਿਆ ਦੇਵੇ ਤੁਫਾਨ।
 
ਮੁੱਦਤਾਂ ਤੋਂ ਚਲਦਾ ਆ ਰਿਹਾ,
ਏ ਸਮਾਜ ‘ਚ ਮਰਦ-ਪ੍ਰਧਾਨ।
 
ਔਰਤ ਦੀ ਪਦਵੀ ਉੱਚੀ ਅਤੇ,
ਸੁੱਚੀ ਜਿਸ ਦੇ ਕੁੱਖੋਂ ਜੰਮੇ ਕਈ,
ਪੈਗੰਬਰ, ਦਸ ਗੁਰੂ, ਬੁੱਧ ਅਤੇ,
ਕ੍ਰਿਸ਼ਨ ਭਗ਼ਵਾਨ।
 
ਧੀਆਂ ਨੂੰ ਕੁੱਖ ਵਿਚ ਮਾਰਕੇ,
ਲੋਕੀਂ ਕਰਦੇ ਇਨਸਾਨੀਅਤ,
ਦਾ ਅਪਮਾਨ।
ਲੋਕ ਕੁੱਖ ਵਿੱਚ ਧੀਆਂ ਮਾਰਦੇ,
ਕੋਈ ਰੋਕੇ ਇਹ ਕਤਲਿਆਮ।
 
ਜੇ ਕੀਤੀ ਸਿਫ਼ਤ ਘੱਟ ਲੱਗੇ,
ਤਾਂ ਧੀਆਂ ਦਾ ਕਰੋ ਸਨਮਾਨ।
ਪੈਰ ਪੈਰ ਤੇ ਫਿਰ ਪਤਾ ਨਹੀਂ,
ਕਿਉਂ ਸਾਡਾ ਸਮਾਜ ਰੋਕਦਾ ਏ,
“ਕੇਵਲ” ਧੀਆਂ ਦਾ ਸਹੀ ਥਾਂ।
09/03/2021


ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 2021

ਕੇਵਲ ਸਿੰਘ ਜਗਪਾਲ

ਕੋਇਲ ਤਾਂ ਇਸ ਲਈ ਅਜ਼ਾਦ,
ਰਹਿੰਦੀ ਏ ਕਿਉਂਕਿ ਉਹ ਮਾਂ,
ਬੋਲੀ ਦੀ ਕਦਰ ਕਰਦੀ ਏ।
 
ਤੋਤਾ ਜਦੋਂ ਆਪਣੀ ਮਾਂ-ਬੋਲੀ,
ਤਿਆਗਕੇ ਦੂਸਰੀਆਂ ਬੋਲੀਆਂ,
ਬੋਲਣ ਲੱਗ ਜਾਂਦਾ ਤਾਂ ਕੇਵਲ,
ਪਿੰਜਰੇ ਵਿੱਚ ਗ਼ੁਲਾਮ ਬਣਕੇ,
ਹੀ ਰਹਿੰਦਾ ਏ।
 
ਸਾਡੇ ਸਮਾਜ ਵਿੱਚ ਪਿਆਰੀ,
ਮਾਂ-ਬੋਲੀ ਨੂੰ ਹੀ ਢਾਹ ਲਾਉਂਣ,
ਵਾਲ਼ੀਆਂ ਹੋਰ ਵੀ ਕਈ ਤਰ੍ਹਾਂ,
ਦੀਆਂ ਹੈ ਨੇ ਬਲਾਵਾਂ।
 
ਸਰਕਾਰ ‘ਤੇ ਸਮਾਜ ਦੀ ਉਹ,
ਝੂਠੀ ਜਿਹੀ ਤਰੱਕੀ ਦੇ ਬਹਾਨੇ,
ਤੋਂ ਇਲਾਵਾ ਐੱਥੇ ਕਿਸ ਕਿਸ,
ਦਾ ਦੇਵਾਂ ਤੁਹਾਨੂੰ ਸਰਨਾਮਾਂ?
 
ਆਪਣੀ ਮਾਂ-ਬੋਲੀ ਨੂੰ ਨੁੱਕਰੇ,
ਲਾਕੇ ਮੈਂ ਐਵੀਂ ਕਿਉਂ ਸਿੱਖੀ,
ਜਾਵਾਂ ਦੂਜੀਆਂ ਭਾਸ਼ਾਵਾਂ?
 
ਅੱਜ ਦੇ ਅੰਤਰਰਾਸ਼ਟਰੀ ਮਾਂ,
ਬੋਲੀ ਦਿਵਸ ਦਾ ਇਹ ਠੇਠ,
ਸੁਨੇਹਾ ਸਾਰੀ ਦੁਨੀਆਂ ਵਿੱਚ,
ਵੱਸਦੇ ਪੰਜਾਬੀ ਮਾਪਿਆਂ ਤੱਕ,
ਪਹੁੰਚਾਵਾਂ।
 
ਪੰਜਾਬੀ ਮਾਂ-ਬੋਲੀ ਨੂੰ “ਕੇਵਲ”,
ਬਚਾ ਸੱਕਦੀਆਂ ਨੇ ਅੱਜ ਕੱਲ੍ਹ,
ਦੀਆਂ ਪੜ੍ਹੀਆਂ ਲਿਖੀਆਂ ‘ਤੇ,
ਸੂਝਵਾਨ ਮਾਵਾਂ।
02/03/2021


ਕੱਚੇ ਘੜੇ

ਕੇਵਲ ਸਿੰਘ ਜਗਪਾਲ

ਕੱਚਿਆਂ ਘੜਿਆਂ ਤੇ ਦਰਿਆ ਪਾਰ ਨਹੀਂ ਹੁੰਦੇ,
ਜਿਹੜੇ ਟੁੱਟਕੇ ਡੋਬ ਦਿੰਦੇ ਨੇ ਵਿੱਚ ਮੰਝਧਾਰ।
 
ਜੇਕਰ ਟਣਕਾਕੇ ਵੇਖ ਲੈਂਦੀ ਸੋਹਣੀ ਕੱਚੇ ਘੜੇ ਨੂੰ,
ਨਾ ਕਦੀ ਡੁੱਬਕੇ ਮਰਦੀ ਕੱਚੇ ਘੜੇ ਦੀ ਮਾਰ।
 
ਐਂਵੀ ਨਾ ਬਣ ਜਾਈਂ ਚੇਲਾ ਦੇਹ ਧਾਰੀ ਬਾਬੇ ਦਾ,
ਡੇਰੇ ਪਲ਼ੰਘ ਡਾਹ ਕੇ ਬੈਠੇ ਨੇ ਉਹ ਕਈ ਹਜ਼ਾਰ।
 
ਰੱਟਾ ਲਾਕੇ ਜੋ ਮਨਮਤੀ ਪੜ੍ਹਕੇ ਸਣਾਉਂਦੇ ਬਾਣੀ,
ਉਹ ਨ੍ਹੀ ਦੱਸ ਸੱਕਦੇ ਸੰਗਤ ਨੂੰ ਨਾਲ਼ ਵਿਸਥਾਰ।
 
ਤੂੰ ਕਿਰਤ ਕਮਾਈ ਕਰਕੇ ਵਿਖਾ ਦਸਾਂ ਨੌਹਾਂ ਦੀ,
ਹੱਕ ਪਰਾਇਆਂ ਉਤੇ ਕਦੀ ਵੀ ਨਾ ਕਰੀਂ ਮਾਰ।
 
ਗੁਰੂ ਘਰੀਂ ਚੌਧਰਾਂ ਵਿੱਚ ਦਸਤਾਰ ਲੁਹਾਈ ਨਾ,
“ਕੇਵਲ” ਗਲ਼ੇ ਲੱਗਕੇ ਕਰ ਸਭਨਾ ਦਾ ਸਤਕਾਰ।
23/02/2021


ਠੱਪਾ

ਕੇਵਲ ਸਿੰਘ ਜਗਪਾਲ

ਜਦੋਂ ਕੋਈ ਵੀ ਸਰਕਾਰ ਦੇ ਖ਼ਿਲਾਫ,
ਅੰਦੋਲਨ ਚਲਾਉਂਦਾ ਤਾਂ ਉਸ ਉਪਰ,
ਦੇਸ਼ ਧਰੋਹੀ ਜਾਂ ਜਿਹਾਦੀ ਹੋਣ ਦਾ,
ਠੱਪਾ ਲੱਗ ਜਾਂਦਾ।
 
ਜਦੋਂ ਕੋਈ ਵੀ ਸਰਕਾਰ ਦੇ ਖ਼ਿਲਾਫ,
ਅਵਾਜ਼ ਉਠਾਉਂਦਾ ਤਾਂ ਉਸ ਉਪਰ,
ਫ਼ਸਾਦੀ ਹੋਣ ਦਾ ਠੱਪਾ ਲੱਗ ਜਾਂਦਾ।
 
ਜੇ ਕੋਈ ਲਾਲ ਕਿਲੇ ਵਰਗੀ ਇੱਕ,
ਨਿੱਜੀ ਇਮਾਰਤ ਵਿੱਚ ਖਾਲੀ ਖੰਬੇ,
ਤੇ ਨਿਸ਼ਾਨ ਸਾਹਿਬ ਅਤੇ ਕਿਸਾਨਾਂ,
ਦੇ ਝੰਡੇ ਲਾਉਂਦਾ ਤਾਂ ਉਸ ਉਪਰ,
ਦੇਸ਼ ਧਰੋਹੀ ਅਤੇ ਅਤੰਕਵਾਦੀ ਹੋਣ,
ਦਾ ਠੱਪਾ ਲੱਗ ਜਾਂਦਾ।
 
ਜਿਹੜਾ ਵੀ ਸਰਕਾਰ ਦੇ ਪੱਖ ਵਿੱਚ,
ਬੋਲਦਾ ਤਾਂ ਉਸ ਉਪਰ “ਕੇਵਲ” ਇੱਕ,
ਸੱਚਾ ਦੇਸ਼ ਭਗਤ ਤੇ ਰਾਸ਼ਟਰਵਾਦੀ,
ਹੋਣ ਦਾ ਠੱਪਾ ਲੱਗ ਜਾਂਦਾ।
17/02/2021
 
 
ਕਿਸਾਨ ਅੰਦੋਲਨ 2020/21

ਕੇਵਲ ਸਿੰਘ ਜਗਪਾਲ

ਅਸੀਂ ਸਿਆਸਤਦਾਨਾਂ ਵਾਂਙ,
ਨਾ ਹੀ ਕੀਤੀ ਗ਼ੁਲਾਮੀ ਕਿਸੇ,
ਦੀ ਅਤੇ ਨਾ ਹੀ ਕਿਸੇ ਦੇ,
ਇਸ਼ਾਰੇ ਤੇ ਨੱਚੇ ਹਾਂ।
 
ਇਤਿਹਾਸ ਗਵਾਹ ਏ ਅਸੀਂ,
ਕੱਲਾ ਕੱਲਾ ਸਿੰਘ ਸਵਾ ਸਵਾ,
ਲੱਖ ਦੁਸ਼ਮਣ ਨਾਲ਼ ਜੰਗ ਏ,
ਮੈਦਾਨ ‘ਚ ਕਈ ਵਾਰ ਡੱਟੇ,
ਹਾਂ।
 
ਅਸੀਂ ਦਿੱਲੀ ਦੀ ਸਰਹੱਦਾਂ ਤੇ,
ਬੈਠੇ ਕਿਸਾਨੀ ਅੰਦੋਲਨ ਵਿੱਚ,
ਹਜੇ ਤਕ ਤਾਂ ਬੜ੍ਹੇ ਹੀ ਅੱਛੇ,
ਕਿਰਦਾਰ ਨਾਲ਼ 70 ਦਿਨਾਂ ਤੋਂ,
ਨਿਭਾਈ ਜਾ ਰਹੇ ਹਾਂ, ਅੱਗ,
ਦੀਆਂ ਲਾਟਾਂ ਵਾਂਙ ਤਾਂ ਨਹੀਂ,
ਮੱਚੇ ਹਾਂ।
 
ਜਨਵਰੀ ਦੇ ਅਖੀਰ ਤੇ ਗਾਜ਼ੀਪੁਰ,
ਦੇ ਮੋਰਚੇ ਦੀ ਬਿਜਲੀ ਤੇ ਪਾਣੀ,
ਬੰਦ ਕਰਕੇ ਹਮਲਾ ਕਰ ਦਿੱਤਾ,
ਸੀ ਬਜੇਪੀ ਆਰਐੱਸਐੱਸ ਦੇ,
ਪੈਰੋਕਾਰਾਂ।
 
ਜਦੋਂ ਟਿਕੈਤ ਦੇ ਹੰਝੂਆਂ ਨੇ,
ਵਿਪਤਾ ਪਾ ਦਿੱਤੀ ਸੀ ਯੋਗੀ,
ਮੋਦੀ ਸਰਕਾਰਾਂ।
ਯੂਪੀ, ਪੰਜਾਬ ਅਤੇ ਹਰਿਆਣੇ,
ਤੋਂ ਗਾਜ਼ੀਪੁਰ ਮੋਰਚੇ ਜਾਣ ਨੂੰ,
ਸੜ੍ਹਕਾਂ ਉੱਪਰ ਲੱਗ ਗਈਆਂ,
ਸਨ ਟਰੈਕਰਾਂ ਦੀਆਂ ਕਤਾਰਾਂ।
 
ਮੋਦੀ ਸਰਕਾਰ ਡਰ ਗਈ ਸੀ,
ਸੁਣਕੇ ਯੂਪੀ ਅਤੇ ਹਰਿਆਣੇ,
ਦੀਆਂ ਮਹਾਂ ਪੰਚਾਇਤਾਂ ਦੀਆਂ,
ਲਲਕਾਰਾਂ।
 
ਕਿਸਾਨਾਂ ਦਿਆਂ ਮੋਰਚਿਆਂ,
ਉੱਤੇ ਸਰਕਾਰ ਨੇ ਹੁਣ ਖੜੀਆਂ,
ਕਰ ਦਿੱਤੀਆਂ ਨੇ ਕੰਧਾਂ ਅਤੇ,
ਕਿੱਲਾਂ, ਨਾਲ਼ੇ ਵਿਛਾ ਦਿੱਤੀਆਂ,
ਨੇ ਕੰਡਿਆਲ਼ੀਆਂ ਤਾਰਾਂ।
ਦਿੱਲੀ ਦਿਆਂ ਮੋਰਚਿਆਂ ‘ਤੇ,
ਕਿਸਾਨਾਂ ਨੂੰ ਪੈ ਰਹੀਆਂ ਨੇ,
ਉਪਰੋਂ ਠੰਡ, ਪੁਲ਼ਸ ਵਲੋਂ ਹੰਝੂ,
ਗੈਸ ਅਤੇ ਲਾਠੀਆਂ ਦੀਆਂ,
ਮਾਰਾਂ।
 
ਹੁਣ ਤਾਂ ਸਿੰਘੂ, ਟਿੱਕਰੀ ਅਤੇ,
ਗਾਜ਼ੀਪੁਰ ਮੋਰਚਿਆਂ ਤੋਂ ਦੂਰ,
ਦੂਰ ਤੱਕ ਇੰਟਰਨੈੱਟ ਵੀ ਬੰਦ,
ਕਰ ਦਿੱਤਾ ਯੋਗੀ ਅਤੇ ਮੋਦੀ,
ਸਰਕਾਰਾਂ।
 
ਜਦੋਂ ਦੁਨੀਆਂ ਭਰ ਵਿੱਚ ਮੋਦੀ,
ਸਰਕਾਰ ਦੇ ਕਿਸਾਨਾਂ ਪ੍ਰਤੀ ਭੱਦੇ,
ਕਾਰਨਾਮੇ ਪਹੁੰਚਾਏ ਮੀਡੀਏ ਦੇ,
ਸਿਆਣੇ ਪੱਤਰਕਾਰਾਂ।
ਸਰਕਾਰ ਨੂੰ ਸ਼ਰਮਸਾਰ ਹੋ ਕੇ,
ਖ਼ੁਦ ਦੇ ਸੜ੍ਹਕਾਂ ਤੇ ਗੱਡੇ ਗਏ,
ਕਿੱਲਾਂ ਨੂੰ ਪੱਟਣਾ ਪੈ ਗਿਆ ਏ,
ਜਦੋਂ ਬਦਨਾਮੀ ਹੋਣ ਲੱਗ ਪਈ,
ਵਿੱਚ ਵਿਦੇਸ਼ੀ ਸਰਕਾਰਾਂ।
 
ਭਾਵੇਂ ਹਜੇ ਪੂਰੀ ਸਫਲਤਾ,
ਨਹੀਂ ਮਿਲ਼ ਸਕੀ “ਕੇਵਲ”,
ਅਸੀਂ ਇਸ ਧਰਤੀ ਮਾਂ ਦੇ,
ਅੰਨ-ਦਾਤੇ ਕਹਾਉਣ ਵਾਲ਼ੇ ‘ਤੇ,
ਗੁਰੂ ਦੇ ਸਿੱਖ ਸੱਚੇ ਹਾਂ ਅਸੀਂ,
ਕਦੀ ਨਹੀਂ ਡਰਦੇ ਕੋਲ਼ੋਂ ਜ਼ਾਲਮ,
ਸਰਕਾਰਾਂ।
09/02/2021


ਧਾਰਮਿਕ ਸਥਾਨਾਂ ‘ਚ ਚਿੱਕੜ

ਕੇਵਲ ਸਿੰਘ ਜਗਪਾਲ

ਧਾਰਮਿਕ ਸਥਾਨਾਂ ‘ਚ ਚਿੱਕੜ ਖਿੱਲਰੀ,
ਜਾ ਰਿਹਾ ਏ, ਕੀ ਇਸ ਚਿੱਕੜ ਵਿੱਚ ਨਾ,
ਹੀ ਲਿਬੜਾਂ ਤਾਂ ਇਹ ਚੰਗਾ ਲੱਗੂਗਾ?
 
ਧਾਰਮਿਕ ਸਥਾਨਾਂ ‘ਚ ਮਨਮਤੀ ਲੋਕ,
ਅੱਗ ਦੇ ਭਾਂਬੜ ਮਚਾਈ ਜਾ ਰਹੇ ਨੇ,
ਇਸ ਬਲ਼ਦੀ ਅੱਗ ਤੇ ਦੋ ਬੁੱਕ ਪਾਣੀ ਦੇ,
ਛਿੜਕਾਂ ਤਾਂ ਕੀ ਇਹ ਚੰਗਾ ਲੱਗੂਗਾ?
 
ਸਿੱਖੀ ਦੇ ਬਾਨੀ ਦਾ ਲਿੱਖਿਆ ਕੁੱਝ ਤਾਂ,
ਮਨ ‘ਚ ਵਸਾਈ ਰੱਖਾਂ, ਕਿਸੇ ਦਾ ਹੱਕ,
ਮਾਰਾਂ ਤਾਂ ਕੀ ਉਹ ਚੰਗਾ ਲੱਗੂਗਾ?
 
ਦੇਸ਼ ਦੀ ਜੰਤਾ ਛੋਟੀ ਸੋਚ ਦੀ ਬਣੀ,
ਜਾ ਰਹੀ ਏ, ਉੱਥੇ ਕੋਈ ਵਲ਼ਦਾ ਦੀਵਾ,
ਰੱਖ ਆਵਾਂ ਤਾਂ ਕੀ ਉਹ ਚੰਗਾ ਲੱਗੂਗਾ?
 
ਇਹਨਾਂ ਲਿੱਖੀਆਂ ਸੱਤਰਾਂ ਨੂੰ ਧੁੱਧਲ਼,
ਵਿੱਚ ਰੋਲ਼ਾਂ ਕਿਉਂ, ਤੁਸੀਂ ਤਾਂ ਇਹ ਪੜ੍ਹ,
ਸੁਣ ਲਈਆਂ ਨੇ ਜੇਕਰ ਬੇ-ਕਦਰਿਆਂ,
ਦੇ ਕਿਸੇ ਇਕੱਠ ਵਿੱਚ ਪੜਕੇ ਸੁਣਾਵਾਂ,
ਤਾਂ “ਕੇਵਲ” ਕੀ ਇਹ ਚੰਗਾ ਲਗੂਗਾ?
 28/01/2021


ਵਿਆਹੁਤਾ ਜੀਵਨ

ਕੇਵਲ ਸਿੰਘ ਜਗਪਾਲ

ਇੱਕ ਵਿਆਹੀ ਹੋਈ ਜੋੜੀ ਨੇ ਕਿਵੇਂ,
ਜੀਵਨ ਦੇ ਇਕ ਸਫ਼ਰ ਨੂੰ ਕਿੰਨਾ,
ਸੋਹਣਾ ਲੰਘਾ ਲਿਆ।
 
ਕਈ ਵਾਰੀ ਦੋਵਾਂ ਨੇ ਇੱਕ ਦੂਜੇ ਨੂੰ,
ਅੱਖਾਂ ਵੀ ਵਿਖਾਈਆਂ, ਕਦੀ ਉਹ,
ਪਿਛਾਂਹ ਹੱਟ ਗਏ ਅਤੇ ਕਦੀ ਖ਼ੁੱਦ,
ਨੂੰ ਹੀ ਪਿਛਾਂਹ ਹੱਟਾ ਲਿਆ।
 
ਕੌਣ ਕਹਿੰਦਾ ਜ਼ਿੰਦਗ਼ੀ ‘ਚ ਵਿਆਹੀ,
ਜੋੜੀ ਨੂੰ ਕਦੀ ਵੀ ਮੁਸੀਬਤਾਂ ਨਹੀਂ,
ਆਉਂਦੀਆਂ?
 
ਕਈ ਵਾਰ ਤਾਂ ਮੁਸੀਬਤਾਂ ਆਪੇ ਹੀ,
ਟਲ਼ ਗਈਆਂ, ਕਈ ਵਾਰ ਦੋਨਾਂ ਨੇ,
ਰਲ਼ਕੇ ਮੁਸੀਬਤਾਂ ਨਾਲ਼ ਲੜਣ ਦਾ,
ਇੱਕ ਸਾਂਝਾ ਮੁਹਾਜ ਬਣਾ ਲਿਆ।
 
ਆਪਸੀ ਨਰਾਜ਼ਗ਼ੀ ਨੂੰ ਬਹੁਤਾ ਹੋਰ,
ਨਹੀਂ ਵੱਧਣ ਦਿੱਤਾ, ਇਹੀ ਜ਼ਿੰਦਗ਼ੀ,
ਦਾ ਇੱਕ ਪੱਕਾ ਅਸੂਲ ਬਣਾ ਲਿਆ।
 
ਕਦੀ ਉਨ੍ਹਾਂ ਨੇ ਹੀ ਮੁਸਕਰਾ ਦਿਤਾ,
ਕਦੀ ਉਨ੍ਹਾਂ ਨੇ ਜੀਵਨ ਸਾਥੀ ਨੂੰ ਵੀ,
ਹਸਾ ਲਿਆ।
 
ਰੁੱਸ ਕੇ ਬਹਿਣ ਨਾਲ਼ ਕਦੀ ਘਰ,
ਨਹੀਂ ਚੱਲਿਆ ਕਰਦੇ, ਕਦੀ ਉਨ੍ਹਾਂ,
ਨੇ ਹੀ ਬੁਲਾ ਲਿਆ ਅਤੇ ਕਦੀ ਖ਼ੁਦ,
ਨੇ ਹੀ ਮਨਾ ਲਿਆ।
 
ਖਾਣ-ਪੀਣ ਦੀ ਬਹਿਸ ਤਾਂ ਕਦੀ,
ਹੋਣ ਹੀ ਨਹੀਂ ਦਿੱਤੀ, ਸਾਰਿਆਂ,
ਨੇ ਕਦੀ ਤਾਜ਼ਾ ਅਤੇ ਕਈ ਵਾਰ,
ਤਾਂ ਫਰਿੱਜ ‘ਚੋਂ ਬੇਹਾ ਹੀ ਕੱਢਕੇ,
ਅਤੇ ਗਰਮ ਕਰਕੇ ਖਾ ਲਿਆ।
 
ਕਦੀ ਕਦੀ ਤਾਂ ਦੋਨੋਂ ਨਹੀਂ ਖਾਂਦੇ,
ਸਿਹਤ ਨੂੰ ਠੀਕ ਰੱਖਣ ਦੇ ਲਈ,
ਇੱਕ ਡੰਗ ਹੀ ਟਪਾ ਲਿਆ।
 
ਕਈ ਵਾਰ ਜਦੋਂ ਚਾਹਪੱਤੀ ਮੁੱਕ,
ਜਾਂਦੀ ਤਾਂ, ਪੀਣ ਲਈ ਉਬਲ਼ਦੇ,
ਹੋਏ ਪਾਣੀ ਵਿੱਚ ਗਰੀਨ ਟੀ ਨੂੰ,
ਹੀ ਮਿਲਾ ਲਿਆ।
 
ਕਦੀ ਖਾਣਾ ਉਨ੍ਹਾਂ ਨੇ ਹੀ ਬਣਾ,
ਲਿਆ ਅਤੇ ਕਦੀ ਖ਼ੁਦ ਹੀ ਬਣਾ,
ਲਿਆ।
 
ਕਦੀ ਖ਼ੁਦ ਬੱਚਿਆਂ ਨੂੰ ਖਾਣਾ ਖਲ਼ਾ,
ਦਿੱਤਾ ਅਤੇ ਕਦੀ ਕਦੀ ਤਾਂ ਰੋਂਦਿਆਂ,
ਹੋਇਆਂ ਬੱਚਿਆਂ ਨੂੰ ਪਿਆਰ ਨਾਲ਼,
 ਰੋਣੋਂ ਹਟਾ ਲਿਆ।
 
ਕਦੀ ਬੱਚਿਆਂ ਨੂੰ ਖ਼ੁਦ ਹੀ ਸਾਂਭ,
ਲਿਆ, ਕਦੀ ਉਨ੍ਹਾਂ ਨੇ ਹੀ ਸੰਭਾਲ਼,
ਲਿਆ।
 
ਕਦੀ ਉਨ੍ਹਾਂ ਨੇ ਬੱਚਿਆਂ ਨੂੰ ਸਕੂਲੋਂ,
ਲੈ ਆਂਦਾ, ਕਦੀ ਸਕੂਲੋਂ ਖ਼ੁਦ ਕਾਰ,
ਵਿੱਚ ਹੀ ਬਿਠਾ ਲਿਆ।
 
ਕਦੀ ਰਸੋਈ ਵਿੱਚ ਸਹਾਇਤਾ ਕਰ,
ਦਿੱਤੀ, ਕਦੀ ਗੰਦਿਆਂ ਭਾਂਡਿਆਂ ਨੂੰ,
ਭਾਂਡੇ ਧੋਣ ਵਾਲ਼ੀ ਮਸ਼ੀਨ ‘ਚ ਰੱਖ,
ਕੇ ਮਸ਼ੀਨ ਨੂੰ ਚਲਾ ਲਿਆ।
 
ਕਦੀ ਕਪੜ੍ਹੇ ਧੋਣ ਵਾਲ਼ੀ ਮਸ਼ੀਨ ਹੀ,
ਚਲਾ ਦਿੱਤੀ, ਕਦੀ ਗਿੱਲੇ ਕਪੜ੍ਹਿਆਂ,
ਨੂੰ ਹੀ ਸੁਕਾ ਲਿਆ।
 
ਉਨ੍ਹਾਂ ਨੇ ਬਾਹਰੋਂ ਸੌਦਾ ਲੈ ਆਂਦਾ,
ਖ਼ੁਦ ਕਾਰ ‘ਚੋਂ ਕੱਢਕੇ ਸਹੀ ਸਹੀ,
ਥਾਵਾਂ ਤੇ ਟਿਕਾ ਲਿਆ।
 
ਖ਼ੁਦ ਬਗ਼ੀਚੇ ਵਿੱਚ ਕਈ ਟੋਏ ਪੁੱਟੇ,
ਉਨ੍ਹਾਂ ਨੇ ਖਾਦ ਪਾਕੇ ਫੁਲਾਂ ਤੇ ਫਲ਼ਾਂ,
ਦੇ ਬੂਟਿਆਂ ਨੂੰ ਟੋਇਆਂ ‘ਚ ਹੀ ਲਾ,
ਲਿਆ।
 
ਜਿਹੜੇ ਜੋੜੇ ਸਾਰੀ ਉਮਰ ਲੜ੍ਹਾਈ,
ਅਤੇ ਬਹਿਸ ਵਿੱਚ ਹੀ ਲੰਘਾ ਦਿੰਦੇ,
ਉਨ੍ਹਾਂ ਜੋੜਿਆਂ ਨੇ ਜੀਵਨ ‘ਚ ਦੱਸੋ,
ਕੀ ਖੱਟਿਆ ਅਤੇ ਕੀ ਕਮਾ ਲਿਆ?
 
ਉਨ੍ਹਾਂ ਜੋੜਿਆਂ ਨੇ ਆਪਣੇ ਆਪ ਨੂੰ,
ਸਤਾ ਲਿਆ ਅਤੇ ਨਾ ਮੁੱਕਣੇ ਵਾਲ਼ਾ,
ਇੱਕ ਝੰਜਟ ਜਿਹਾ ਹੀ ਪਾ ਲਿਆ।
 
ਕਈ ਬੰਦੇ ਤਾਂ ਘੁੱਟ ਪੀਕੇ ਇਹ ਵੀ,
ਕਹਿੰਦੇ ਸੁਣੇਂ, ਕਿ ਵਿਆਹ ਕਾਹਦਾ,
ਹੋਇਆ, ਇੱਕ ਪੰਗਾ ਜਿਹਾ ਹੀ ਪਾ,
ਲਿਆ।
 
ਭਾਵੇਂ ਪਤੀ ਹੋਵੇ ਜਾਂ ਪਤਨੀ ਦੋਨਾਂ,
ਵਿੱਚੋਂ ਕੋਈ ਵੀ ਕਿਸੇ ਨਾਲ਼ੋਂ ਘੱਟ,
ਨਹੀਂ, ਕਦੀ “ਕੇਵਲ” ਪਤਨੀ ਹੀ,
ਘਰ ਦੀ ਮੁਖੀ ਬਣ ਗਈ ਅਤੇ,
ਕਦੀ ਪਤੀ ਨੂੰ ਵੀ ਘਰ ਦਾ ਮੁਖੀ,
ਬਣਾ ਲਿਆ।
 19/02/2021
 


ਵੱਖ ਹੁੰਦਿਆਂ ਵੀ ਵੇਖਿਆ

ਕੇਵਲ ਸਿੰਘ ਜਗਪਾਲ

ਦੇਸ਼ ਦੇ ਦੋ ਇਲਾਕਿਆਂ ਨੂੰ ਦੇਸ਼,
ਤੋਂ ਵੱਖ ਹੁੰਦਿਆਂ ਵੀ ਵੇਖਿਆ।
ਇੱਕ ਵੱਡੇ ਦੇਸ਼ ਨੂੰ ਦੋ ਹਿੱਸਿਆਂ,
‘ਚ ਵੰਡ ਹੁੰਦਿਆਂ ਵੀ ਵੇਖਿਆ।
ਸੂੱਬੇ ਨੂੰ ਤਿੰਨ ਸੂੱਬਿਆਂ ‘ਚ ਵੰਡ,
ਹੁੰਦਿਆਂ ਵੀ ਵੇਖਿਆ।
 
ਇੱਕ ਪਹਾੜ ਨੂੰ ਪਹਾੜ ਤੋਂ ਵੱਖ,
ਹੁੰਦਿਆਂ ਵੀ ਵੇਖਿਆ।
ਪੰਜਾਬ ਦੇ ਪੰਜ ਦਰਿਆਵਾਂ ਨੂੰ,
ਅੱਧ ਵਿੱਚਕਾਰੋਂ ਵੱਖ ਹੁੰਦਿਆਂ,
ਵੀ ਵੇਖਿਆ।
 
ਇੱਕ ਬਹਾਰ ਨੂੰ ਬਹਾਰ ਤੋਂ ਵੱਖ,
ਹੁੰਦਿਆਂ ਵੀ ਵੇਖਿਆ।
ਹਰ ਪੱਤ ਝੜ੍ਹ ਵਿੱਚ ਪੱਤਿਆਂ ਨੂੰ,
ਟਾਹਣੀਆਂ ਤੋਂ ਵੱਖ ਹੁੰਦਿਆਂ ਵੀ,
ਵੇਖਿਆ।
 
ਵਿਆਹ ਦੀਆਂ ਰਸਮ ਤੋਂ ਬਾਅਦ,
ਧੀਆਂ ਧਿਆਣੀਆਂ ਨੂੰ ਮਾਂ, ਪਿਓ,
ਭੈਣਾਂ ‘ਤੇ ਭਰਾਵਾਂ ਤੋਂ ਵੱਖ ਹੁੰਦਿਆਂ,
ਵੀ ਵੇਖਿਆ।
ਕਈ ਮਾਪਿਆਂ ਦੇ ਜਿਉਂਦਿਆਂ,
ਜਿਉਂਦਿਆਂ ਉਨ੍ਹਾਂ ਦੇ ਪੁੱਤਰਾਂ ਨੂੰ,
ਵੱਖ ਹੁੰਦਿਆਂ ਵੀ ਵੇਖਿਆ।
ਹਾਣੀਆਂ ਨੂੰ ਉਨ੍ਹਾਂ ਦੇ ਹਾਣੀਆਂ,
ਤੋਂ ਵੱਖ ਹੁੰਦਿਆਂ ਵੀ ਵੇਖਿਆ।
 
ਨਹਿਰਾਂ ਨੂੰ ਦਰਿਆਵਾਂ ਤੋਂ ਵੱਖ,
ਹੁੰਦਿਆਂ ਵੀ ਵੇਖਿਆ।
ਕਈ ਸੂਇਆਂ ਨੂੰ ਨਹਿਰਾਂ ਤੋਂ,
ਵੱਖ ਹੁੰਦਿਆਂ ਵੀ ਵੇਖਿਆ।
 
ਇੱਕ ਦਿਲਦਾਰ ਨੂੰ ਦਿਲਦਾਰ ਤੋਂ,
ਵੱਖ ਹੁੰਦਿਆਂ ਵੀ ਵੇਖਿਆ।
ਇੱਕ ਭੱਟਕਦੀ ਰੂਹ ਨੂੰ ਸਰੀਰ ਤੋਂ,
ਵੱਖ ਹੁੰਦਿਆਂ ਵੀ ਵੇਖਿਆ।
ਕਈਆਂ ਲੋਕਾਂ ਨੂੰ ਲੋਕ-ਲਹਿਰ ਤੋਂ,
ਵੱਖ ਹੁੰਦਿਆਂ ਵੀ ਵੇਖਿਆ।
ਇੱਕ ਮਿਆਨ ਨੂੰ ਤਿੱਖੀ ਤਲਵਾਰ,
ਤੋਂ ਵੱਖ ਹੁੰਦਿਆਂ ਵੀ ਵੇਖਿਆ।
 
ਪਰ ਕੀ ਕੀ ਦਸਾਂ, ਗੁਰਦੁਆਰਾ,
ਸਾਹਿਬ ‘ਚ ਇੱਕ ਸਿੱਖ ਨੂੰ ਉਸ,
ਦੀ ਦਸਤਾਰ ਤੋਂ ਵੱਖ ਹੁੰਦਿਆਂ,
ਵੀ ਵੇਖਿਆ।
 
“ਕੇਵਲ” ਨੇ ਤਾਂ ਮਾਵਾਂ ਅਤੇ ਉਨ੍ਹਾਂ,
ਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ,
ਅਤੇ ਵਿਰਸੇ ਤੋਂ ਵੱਖ ਹੁੰਦਿਆਂ ਵੀ,
ਵੇਖਿਆ।
13/01/2021 


ਲੋਕ ਤੁਹਾਨੂੰ ਆਪੇ ਹੀ

ਕੇਵਲ ਸਿੰਘ ਜਗਪਾਲ

ਤੁਹਾਨੂੰ ਤਾਂ ਸਿਰਫ ਆਪਣੇ ਅੰਦਰ,
ਜ਼ਰਾ ਝਾਤੀ ਮਾਰਕੇ ਚੰਗਿਆਈਆਂ,
ਨੂੰ ਲੱਭਣ ਦੀ ਲੋੜ ਏ, ਬੁਰਿਆਈਆਂ,
ਤਾਂ ਲੋਕ ਆਪੇ ਹੀ ਲੱਭ ਲੈਣਗੇ।
 
ਤੁਹਾਨੂੰ ਤਾਂ ਸਿਰਫ ਕਦਮ ਅਗਾਂਹ,
ਰੱਖਣ ਦੀ ਹੀ ਲੋੜ ਏ ਬੱਸ ਲੋਕ ਤਾਂ,
ਤੁਹਾਨੂੰ ਆਪੇ ਹੀ ਪਿੱਛਾਹ ਨੂੰ ਖਿੱਚ,
ਲੈਣਗੇ।
 
ਤੁਹਾਨੂੰ ਤਾਂ ਸਿਰਫ ਸੁਫਨੇ ਉੱਚੇ ਹੀ,
ਦੇਖਣ ਦੀ ਲੋੜ ਏ, ਲੋਕ ਤਾਂ ਤੁਹਾਨੂੰ,
ਆਪੇ ਹੀ ਥੱਲੇ ਖਿੱਚ ਲਿਆਉਂਣਗੇ।
 
ਤੁਹਾਨੂੰ ਤਾਂ ਸਿਰਫ ਸਫਲਤਾ ਦਾ,
ਅੰਦਰ ਭਾਂਬੜ੍ਹ ਮਚਾਉਂਣ ਦੀ ਹੀ,
ਲੋੜ ਏ, ਲੋਕ ਤਾਂ ਤੁਹਾਡੇ ਨਾਲ਼,
ਐਵੇਂ ਹੀ ਜੱਲਣ ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਦੁਨੀਆਂ ਨਾਲ਼ੋਂ,
ਕੁੱਝ ਹੱਟਕੇ ਕਰਨ ਦੀ ਹੀ ਲੋੜ ਏ,
ਲੋਕ ਆਪੇ ਹੀ ਤੁਹਾਡੇ ਵਾਰੇ ਗੱਲਾਂ,
ਕਰਨਗੇ।
 
ਤੁਹਾਨੂੰ ਤਾਂ ਸਿਰਫ ਆਪਣੇ ਆਪ,
ਨਾਲ਼ ਪਿਆਰ ਕਰਨ ਦੀ ਹੀ ਲੋੜ,
ਏ, ਲੋਕ ਤਾਂ ਤੁਹਾਡੇ ਨਾਲ਼ ਆਪੇ ਹੀ,
ਦੁਸ਼ਮਣੀ ਕਰਨ ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਬਚਿੱਆਂ ਵਾਲ਼ਾ,
ਵਿਵਹਾਰ ਕਰਨ ਦੀ ਲੋੜ ਏ ਲੋਕ,
ਤਾਂ ਤੁਹਾਨੂੰ ਆਪੇ ਹੀ ਸਮਝਾਉਂਣ,
ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਆਪਣੇ ਆਪ,
ਤੇ ਪੂਰਾ ਯਕੀਨ ਰੱਖਣ ਦੀ ਲੋੜ ਏ,
ਲੋਕ ਤੁਹਾਡੇ ਉੱਤੇ ਆਪੇ ਹੀ ਛੱਕ,
ਕਰਨ ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਲੋਕਾਂ ਤੋਂ ਵੱਖਰੀ,
ਜਿਹੀ ਪਛਾਣ ਬਨਾਉਂਣ ਦੀ ਲੋੜ ਏ,
ਲੋਕ ਤਾਂ ਤੁਹਾਨੂੰ ਆਪੇ ਹੀ ਭੀੜ੍ਹ ‘ਚੋਂ,
ਪਛਾਨਣ ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਕੁੱਝ ਅਨੋਖਾ,
ਜਿਹਾ ਕਰਕੇ ਦਿਖਾਉਂਣ ਦੀ ਲੋੜ,
ਏ ਅਤੇ ਲੋਕ ਤੁਹਾਨੂੰ ਆਪੇ ਹੀ,
ਤਾੜ੍ਹੀਆਂ ਨਾਲ਼ ਸਵਾਗਤ ਕਰਨ,
ਲੱਗ ਜਾਣਗੇ।
 
ਤੁਹਾਨੂੰ ਤਾਂ ਸਿਰਫ ਸਿਆਸਤ ‘ਚ,
ਪੈਰ ਰੱਖਣ ਦੀ ਹੀ ਲੋੜ ਏ, ਲੋਕ,
ਤੁਹਾਡੇ ਗਲ਼ ਵਿੱਚ ਆਪੇ ਹੀ ਹਾਰ,
ਪਾਉਣ ਲੱਗ ਜਾਣਗੇ।
 
ਤੁਹਾਨੂੰ ਤਾਂ “ਕੇਵਲ” ਆਪਣੇ ਆਪ,
ਨੂੰ ਜ਼ਰਾ ਬਣਾ ਸਵਾਂਰਕੇ ਰਖਣ ਦੀ,
ਲੋੜ ਏ, ਲੋਕ ਆਪੇ ਤੁਹਾਨੂੰ ਸ਼ੀਸ਼ਾ,  
ਵਿਖਾਉਂਣ ਲੱਗ ਜਾਣਗੇ।
07/01/2021 


ਰੱਬ ਦਾ ਫੁਰਮਾਨ

ਕੇਵਲ ਸਿੰਘ ਜਗਪਾਲ

ਨੇਕ ਕੰਮ ਕਰੋ, ਇਹੀ ਰੱਬ ਦਾ,
ਫੁਰਮਾਨ ਏ।
ਜਿਹੜਾ ਇਸ ਨੂੰ ਜਾਣ ਗਿਆ,
ਉਹੀ ਬੁਧੀਮਾਨ ਏ।
 
ਸਾਰੇ ਗਰੰਥ ਵੀ ਤਾਂ ਇਹੀਓ,
ਕਹਿੰਦੇ ਇਹੀ ਇਮਾਨ ਏ।
ਸੱਚ ਬੋਲਣ ਨਾਲ਼ ਹੀ ਬੰਦੇ,
ਦੀ ਵਧਦੀ ਸ਼ਾਨ ਏ।
 
ਝੂਠਾ ਅਤੇ ਪਖੰਡੀ ਸਦਾ ਹੀ,
ਹੁੰਦਾ ਬੇਈਮਾਨ ਏ।
ਨਿੰਦਿਆ ਅਤੇ ਚੁਗ਼ਲਖ਼ੋਰੀ,
ਕਰਨੀ ਹਰਾਮ ਏ।
ਦਸਾਂ ਨੌਹਾਂ ਦੀ ਕਮਾਈ ‘ਚ,
ਸਦਾ ਹੀ ਮਿਲ਼ਦਾ ਨਾਮ ਏ।
 
ਅਣਖ ਨਾਲ਼ ਜੀਉਂਣ ਨਾਲ਼,
ਬੰਦੇ ਨੂੰ ਮਿਲ਼ਦਾ ਮਾਣ ਏ।
ਜ਼ਿੰਦਗ਼ੀ ਦੇ ਤਜੁਰਬੇ ਵੀ ਤਾਂ,
ਦਿੰਦੇ ਵਡਮੁੱਲਾ ਗਿਆਨ ਏ।
 
ਅੰਦਰ ਸਾਫ ਕਰਨ ਨਾਲ਼ ਹੀ,
ਮਿਲ਼ਦਾ ਰੱਬ ਅੱਲਾ ਭਗਵਾਨ,
ਏ।
ਜ਼ਰਾ ਆਪਣੇ ਅੰਦਰ ਝਾਕੋ,
ਰੱਬ ਤਾਂ ਹਰ ਬੰਦੇ ਦੇ ਸਰੀਰ,
ਅੰਦਰ ਹੀ ਬਰਾਜਮਾਨ ਏ।
 
ਮਾਫ਼ ਕਰਨ ਵਾਲ਼ਾ ਬੰਦਾ ਤਾਂ,
ਬਹੁਤ ਉੱਚਾ ਇਨਸਾਨ ਏ।
ਭੁੱਖਿਆਂ ਦੇ ਢਿੱਡ ਭਰਨਾ ਹੀ,
ਇੱਕ ਨੇਕੀ ਦਾ ਵਰਦਾਨ ਏ।
 
ਔਰਤ ਨੂੰ ਬਰਾਬਰਤਾ ਦੇਣਾ,
ਹੀ ਔਰਤ ਦਾ ਸਨਮਾਨ ਏ।
ਜ਼ਾਤ ਪਾਤ ਮੰਨਣਾ ਸਰੀਰ,
ਦੇ ਇੱਕ ਕਟੇ ਹੋਏ ਅੰਗ ਦੇ,
ਸਮਾਨ ਏ।
ਜੀਭ ਨੂੰ ਦੰਦਾਂ ਪਿਛੇ ਰੱਖਣ,
ਵਾਲ਼ਾ ਬੰਦਾ ਹੁੰਦਾ ਇੱਕ ਅੱਛਾ,
ਇਨਸਾਨ ਏ।
 
ਸਾਰੇ ਇੱਕੋ ਹੀ ਰੱਬ ਦੇ ਬੰਦੇ,
ਹਾਂ, ਹਿੰਦੂ ਸਿੱਖ ਈਸਾਈ ‘ਤੇ,
ਭਾਵੇਂ ਕਿਸੇ ਬੰਦੇ ਦਾ ਧਰਮ,
ਇਸਲਾਮ ਏ।
ਸਾਰਿਆਂ ਧਰਮਾਂ ਦੀ ਇਜ਼ਤ,
ਕਰਨ ਨਾਲ਼ ਬੰਦੇ ਦਾ ਕੋਈ,
ਨਹੀਂ ਹੁੰਦਾ ਨੁਕਸਾਨ ਏ।
 
ਬੰਦਾ ਬਹੁਤ ਹੀ ਉੱਚੀ ਸੋਚ,
ਵਾਲ਼ਾ ਹੁੰਦਾ ਜਿਹੜਾ ਸਦਾ,
ਕਰਦਾ ਰਹਿੰਦਾ ਗ਼ਰੀਬਾਂ ਨੂੰ,
ਦਾਨ ਏ।
“ਕੇਵਲ” ਗ਼ਰੀਬਾਂ ਦੇ ਦਿਲਾਂ,
ਨੂੰ ਦੁੱਖ ਦੇਣ ਵਾਲ਼ੇ ਬੰਦਿਆਂ,
ਦਾ ਰੱਬ ਦੇ ਘਰ ਜਾਕੇ ਜ਼ਰੂਰ,
ਕਟੂਗਾ ਚਲਾਣ ਏ।
29/12/2020


ਅਜੀਬੋ ਗ਼ਰੀਬ ਜਿਹੇ ਰਿਸ਼ਤੇ

ਕੇਵਲ ਸਿੰਘ ਜਗਪਾਲ

ਖੁਸ਼ੀਆਂ ਖੇੜਿਆਂ ਵਿੱਚ ਕੁੱਝ ਇਕ,
ਰਿਸ਼ਤੇ ਇੱਕ ਦੂਜੇ ਦਾ ਸਾਥ ਨਹੀਂ,
ਦਿੰਦੇ।
 
ਦੋਨੋਂ ਰਿਸ਼ਤੇ ਇੱਕ ਦੂਜੇ ਦੇ ਵਿਆਹ,
ਸ਼ਾਦੀਆਂ ਅਤੇ ਜਨਮ ਦਿਨਾਂ ਵਰਗੇ,
ਕਾਰਜਾਂ ਵੇਲ਼ੇ ਗੁੱਸਾ ਦਿਖਾਕੇ ਸ਼ਾਮਲ,
ਨਹੀਂ ਹੁੰਦੇ।
 
ਦੋਨਾਂ ਰਿਸ਼ਤਿਆਂ ਦੇ ਵਿੱਚ ਸੁਲਾਹ,
ਕਰਾਉਣ ਵਾਲ਼ਿਆਂ ਦਾ ਉਹ ਘੋਰ,
ਅਪਮਾਨ ਵੀ ਕਰ ਦਿੰਦੇ।
 
ਇੱਕ ਦੂਜੇ ਦੇ ਘਰ ਆਉਣਾ ਜਾਣਾ,
ਬਿਲਕੁਲ ਨਹੀਂ ਕਰਦੇ, ਉਨ੍ਹਾਂ ਨੂੰ,
ਇੱਕ ਦੂਜੇ ਦੇ ਨਾਲ਼ ਬੋਲਿਆਂ ਕਈ,
ਸਾਲ ਗੁਜ਼ਰ ਜਾਂਦੇ।
 
ਹੋਰਨਾਂ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ,
ਨਾਲ਼ ਨਾ ਬੋਲਣ ਦੀ ਵੀ ਐਂਵੀ ਕੋਝੀ,
ਜਿਹੀ ਮੁਫ਼ਤ ਸਲਾਹ ਦੇਈ ਜਾਂਦੇ।
 
ਐਂਓਂ ਲੱਗਦਾ ਜਿਵੇਂ ਕਿ ਇਹ ਦੋਨੋਂ,
ਰਿਸ਼ਤੇ ਕਿਸੇ ਕਿਸਮ ਦੀ ਜ਼ਾਤੀ,
ਦੁਰਘਟਨਾ ਜਾਂ ਮੌਤ ਦੀ ਹੀ ਰੱਬ,
ਕੋਲ਼ੋਂ ਉਡੀਕ ਵਿੱਚ ਰਹਿੰਦੇ।
 
ਜੇਕਰ ਇਹਨਾਂ ਦੋਨਾਂ ਟੱਬਰਾਂ ਵਿੱਚ,
ਇੱਕ ਜੀਅ ਦੀ ਜ਼ਾਤੀ ਦੁਰਘਟਨਾ,
ਜਾਂ ਮੌਤ ਹੋ ਜਾਂਦੀ ਹੈ ਤਾਂ ਇਹ ਦੋਨੋਂ,
ਰਿਸ਼ਤੇ ਸਿਰਫ ਦਿਖਾਵਾ ਦੇ ਲਈ,
ਆਪਸ ਵਿੱਚ ਆਉਣ ਜਾਣ ਵੀ ਪਾ,
ਲੈਂਦੇ।
 
ਨੰਬਰ ਵਧਾਉਣ ਲਈ ਖ਼ਬਰ ਲੈਣ,
ਲਈ ਜਾਂ ਅਫ਼ਸੋਸ ਕਰਨ ਦੇ ਲਈ,
ਸੱਭ ਤੋਂ ਪਹਿਲਾਂ ਹੀ ਪਹੁੰਚ ਜਾਂਦੇ।
 
ਇਕ ਦੂਜੇ ਦੀਆਂ ਖੁਸ਼ੀਆਂ ਖੇੜਿਆਂ,
ਵਿੱਚ ਨਹੀਂ ਬਲਕਿ ਇਹ ਦੋਨੋਂ ਹੀ,
ਰਿਸ਼ਤੇ ਇੱਕ ਦੂਜੇ ਦੇ “ਕੇਵਲ” ਦੁੱਖ,
ਦਰਦ ‘ਤੇ ਗ਼ਮਾਂ ‘ਚ ਬੜ੍ਹੇ ਹੀ ਖੁਸ਼ੀ,
ਨਾਲ਼ ਸਮਾਜ ਵਿੱਚ ਇੱਕ ਬਨਾਉਟੀ,
ਜਿਹੀ ਹਮਦਰਦੀ ਦਿਖਾਉਂਦੇ।
22/12/2020
 
 


ਅਜੀਬ ਜਿਹਾ ਜ਼ਮਾਨਾ

ਕੇਵਲ ਸਿੰਘ ਜਗਪਾਲ

ਅੱਜ ਦਾ ਜ਼ਮਾਨਾ ਬੜ੍ਹਾ ਹੀ ਅਜੀਬ ਹੋ ਗਿਆ ਏ।
ਉੱਚੀਆਂ ਇਮਾਰਤਾਂ ਨੇ ਅਸਮਾਨ ਛੋ ਲਿਆ ਏ,
ਪਰ ਇਰਾਦਾ ਢਹਿੰਦੀ ਕਲਾ ਵਲ ਜਾ ਰਿਹਾ ਏ।
 
ਸੜ੍ਹਕਾਂ ਨੂੰ ਅਸਾਂ ਚੌੜ੍ਹਾ ਤਾਂ ਜ਼ਰੂਰ ਕਰ ਲਿਆ ਏ,
ਪਰ ਸੋਚਾਂ ਨੂੰ ਬਹੁਤ ਹੀ ਸੌੜ੍ਹਾ ਕਰ ਲਿਆ ਏ।
 
ਮਕਾਨਾਂ ਨੂੰ ਬਹੁਤ ਵੱਡੇ ਜ਼ਰੂਰ ਬਣਾ ਲਿਆ ਏ,
ਪਰ ਪਰਿਵਾਰਾਂ ਨੂੰ ਬਹੁਤ ਛੋਟੇ ਬਣਾ ਲਿਆ ਏ।
ਸਹੂਲਤਾਂ ਬਹੁਤੀਆਂ ਨੇ ਪਰ ਇਨ੍ਹਾਂ ਨੂੰ ਮਾਨਣ,
ਦਾ ਸਮਾਂ ਅਸਾਂ ਕਿਉਂ ਘਟਾ ਲਿਆ ਏ?
ਚੀਜ਼ਾਂ ਤਾਂ ਖ਼ਰੀਦਦੇ ਹਾਂ ਜ਼ਿਆਦਾ ਪਰ ਉਨ੍ਹਾਂ ਨੂੰ,
ਵਰਤਣ ਦਾ ਸਮਾਂ ਬਹੁਤ ਹੀ ਘਟਾ ਲਿਆ ਏ।
 
ਦਵਾਈਆਂ ਵੱਧ ਗਈਆਂ ਨੇ ਪਰ ਨਾਲ਼ ਨਾਲ਼,
ਬਿਮਾਰੀਆਂ ਨੂੰ ਵੀ ਬਹੁਤ ਵਧਾ ਲਿਆ ਏ।
 
ਅਸੀਂ ਤਾਂ ਸੁਣਦੇ ਹੀ ਨਹੀਂ ਹਾਂ ਪਰ ਬੋਲਣਾਂ,
ਬਹੁਤ ਹੀ ਵਧਾ ਲਿਆ ਏ।
ਉਪਰੋਂ ਉਪਰੋਂ ਗਲਾਂ ਤਾਂ ਪਿਆਰ ਦੀਆਂ ਕਰੀ,
ਜਾਂਦੇ ਹਾਂ ਪਰ ਅੰਦਰੋਂ ਸਾਰਾ ਮਨ ਫ਼ਤੂਰ ਨਾਲ਼,
ਹੀ ਭਰਿਆ ਪਿਆ ਏ।
ਹਾਸੇ ਤਾਂ ਬਨਾਉਟੀ ਹੀ ਨੇ ਪਰ ਅੱਖਾਂ ਦੇ ਪਿੱਛੇ,
ਤਾਂ ਦੁੱਖ ਝਾਤੀਆਂ ਪਿਆ ਮਾਰ ਰਿਹਾ ਏ।
 
ਮਾਰਸ ਤੇ ਜਾਣ ਦੀਆਂ ਗੱਲਾਂ ਕਰੀ ਜਾਦੇ ਹਾਂ,
ਕਦੀ ਗੁਆਂਢੀਆਂ ਨੂੰ ਵੀ ਬੁਲਾਇਆ ਏ?
ਅਰਦਾਸਾਂ ਤਾਂ ਵਾਰ ਵਾਰ ਕਰੀ ਜਾਂਦੇ ਹਾਂ ਪਰ,
ਸ਼ਰਦਾ ਨੂੰ ਘਟਾ ਲਿਆ ਏ।
 
ਦੁਨਿਆਵੀ ਚੀਜ਼ਾਂ ਦੀ ਗਿਣਤੀ ਵੱਧਦੀ ਜਾਂਦੀ,
ਏ ਪਰ ਗੁਣਾਂ ਨੂੰ ਬਹੁਤ ਹੀ ਘਟਾ ਲਿਆ ਏ।
ਇਨਸਾਨਾਂ ਦੇ ਕੱਦ ਲੰਮੇ ਹੋਈ ਜਾ ਰਹੇ ਨੇ ਪਰ,
ਦਿਮਾਗ਼ ‘ਚ ਘਾਟਾ ਹੋ ਰਿਹਾ ਏ।
 
ਪੜ੍ਹਾਈ ਵਿੱਚ ਵਾਧਾ ਜ਼ਰੂਰ ਹੋ ਰਿਹਾ ਏ ਪਰ,
ਪੰਜਾਬੀ ਮਾਂ ਬੋਲੀ ਅਤੇ ਵਿਰਸੇ ਨੂੰ ਭੁਲਾਇਆ,
ਜਾ ਰਿਹਾ ਏ।
 
ਬਟੂਆ ਤਾਂ ਮੋਟਾ ਹੁੰਦਾ ਜਾ ਰਿਹਾ ਏ ਪਰ ਨਾਲ਼,
ਨਾਲ਼ ਰਿਸ਼ਤਿਆਂ ਦਾ ਕੱਦ ਹੋਰ ਵੀ ਛੋਟਾ ਹੁੰਦਾ,
ਜਾ ਰਿਹਾ ਏ।
ਦੁਨੀਆਂ ਵਿੱਚ ਤਾਂ ਸ਼ਾਂਤੀ ਦੇ ਲਈ ਮੁਜਾਹਰੇ,
ਕਰਦੇ ਹਾਂ ਪਰ ਘਰ ਦੀ ਸ਼ਾਂਤੀ ਨੂੰ ਅਸਾਂ ਭੰਗ,
ਕਰ ਲਿਆ ਏ।
 
ਗੁਰਦੁਆਰਿਆਂ ਵਿੱਚ ਤਾਂ ਸਰਬੱਤ ਦਾ ਭਲਾ,
ਪਏ ਮੰਗਦੇ ਹਾਂ ਪਰ ਚੌਧਰਾਂ ਲਈ ਦਸਤਾਰਾਂ,
ਨੂੰ ਪੈਰਾਂ ਦੇ ਵਿੱਚ ਰੋਲ਼ਿਆ ਦਾ ਰਿਹਾ ਏ।
ਕਹਿੰਦੇ ਨੇ ਕਰਨੀ ਸੇਵਾ ਗੁਰਦੁਆਰੇ ਦੀ ਪਰ,
ਰੁੱਤਬਾ ਤਾਂ ਪ੍ਰਧਾਨਗੀ ਦਾ ਬਟੋਰ ਹੋ ਰਿਹਾ ਏ।
ਅੱਜ ਕੱਲ ਬੀਬੀਆਂ ਵੀ ਮਰਦਾਂ ਨਾਲ਼ੋਂ ਘੱਟ ਨ੍ਹੀਂ,
ਗੁਰਦੁਆਰਿਆਂ ਵਿੱਚ ਇੱਕ ਦੂਜੇ ਦੀਆਂ ਗੁੱਤਾਂ,
ਨੂੰ ਖਿੱਚਣ ਤੇ ਪੱਟਣ ਦਾ ਸੰਗਰਸ਼ ਹੋ ਰਿਹਾ ਏ।
 
ਗਊ ਮਾਤਾ ਦਾ ਢੌਂਗ ਅਲਾਪਿਆ ਜਾ ਰਿਹਾ ਏ।
ਘਰ ਮੁਹਰੇ ਆਈ ਗਊ ਮਾਤਾ ਦੇ ਮੂੰਹ ‘ਚ ਤਾਂ,
ਪਾਉਂਦੇ ਨੇ ਪੇੜ੍ਹੇ ਪਰ ਨਾਲ਼ ਆਏ ਢੱਠੇ ਨੂੰ ਡੰਡੇ,
ਮਾਰਕੇ ਪਤਾ ਨ੍ਹੀਂ ਕਿਉਂ ਭਜਾਇਆ ਜਾ ਰਿਹਾ ਏ।
ਗਊ ਮਾਤਾ ਦੀ ਤਾਂ ਕਦਰ ਏ ਦੁੱਧ ਦੇਣ ਹੀ ਤੱਕ,
ਦੁੱਧੋਂ ਹਟੀ ਤਾਂ ਡੰਡੇ ਮਾਰਕੇ ਘਰੋਂ ਭਜਾਇਆ ਜਾ,
ਰਿਹਾ ਏ।
 
ਅਖ਼ੌਤੀ ਬਾਬਿਆਂ ਨੇ ਅਨਪੜ੍ਹ, ਵਹਿਮੀ ਅਤੇ,
ਭਰਮੀ ਜੰਤਾ ਨੂੰ ਭੇਡਾਂ ‘ਤੇ ਬਕਰੀਆਂ ਦਾ ਤਰ੍ਹਾਂ,
ਮਗਰ ਲਾ ਲਿਆ ਏ।
ਜਿਨ੍ਹਾਂ ਸਦੀਆਂ ਦਿਆਂ ਲਤਾੜ੍ਹਿਆਂ ਨੂੰ ਲੜ੍ਹ,
ਲਾਉਣਾ ਸੀ ਅਸਾਂ ਸਿੱਖੀ ਦੇ, ਉਨ੍ਹਾਂ ਨੂੰ ਅਖ਼ੌਤੀ,
ਬਾਬਿਆਂ ਦੇ ਡੇਰਿਆਂ ਵੱਲ ਜਾਣ ਨੂੰ ਪ੍ਰੇਰਿਆ,
ਜਾ ਰਿਹਾ ਏ।
 
ਮਕਾਨ ਬਹੁਤ ਹੀ ਪਕੇ ਨੇ ਪਰ ਰਿਸ਼ਤਿਆਂ ਨੂੰ,
ਮਿੱਟੀ ਤੋਂ ਵੀ ਕੱਚੇ ਬਣਾਇਆ ਜਾ ਰਿਹਾ ਏ।
ਕੱਪੜ੍ਹਿਆਂ ਦੀ ਵਿੱਕਰੀ ਤਾਂ ਵੱਧ ਗਈ ਏ ਪਰ,
ਸੁੰਗੜਦੇ ਕੱਪੜ੍ਹਿਆਂ ਦੇ ਰਿਵਾਜ਼ ਨਾਲ਼ ਸਰੀਰ,
ਦਾ ਨੰਗੇਜ਼ ਵੱਧ ਰਿਹਾ ਏ।
 
“ਕੇਵਲ” ਸੌਂਹਾਂ ਤਾਂ ਰੱਬ ਦੀਆਂ ਖਾਈ ਜਾਂਦੇਓ,
ਸੱਚ ਵੀ ਕਦੀ ਬੋਲਿਆ ਏ?
 17/12/2020


ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

ਕੇਵਲ ਸਿੰਘ ਜਗਪਾਲ

ਜਦੋਂ ਤੋਂ ਦਿੱਲੀ ਦਿਆਂ ਨਾਕਿਆਂ ਉੱਤੇ,
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,
ਦਾ ਇਹ ਨਾਹਰਾ ਚੱਲਿਆ।
ਭਾਰਤ ਦੀ ਮੌਜੂਦਾ ਭਾਜਪਾ ਸਰਕਾਰ,
ਦਾ ਤਖ਼ਤਾ ਵੀ ਹਿੱਲਿਆ।
 
ਇਸ ਕਿਸਾਨੀ ਅੰਦੋਲਨ ਨਾਲ਼ ਕੋਈ,
ਵੀ ਬੱਸ ਜਾਂ ਕਾਰ ਨੂੰ ਅੱਗ ਨਹੀਂ ਲੱਗੀ,
‘ਤੇ ਨਾ ਕਿਤਿਓਂ ਧੂੰਆਂ ਹੀ ਨਿਕਲਿਆ।
ਕਿਸੇ ਵੀ ਦੁਕਾਨ ਦਾ ਸ਼ੀਸ਼ਾ ਤੱਕ ਨਹੀਂ,
ਟੁੱਟਾ ਨਾ ਕਿਸੇ ਦੁਕਾਨ ਦਾ ਦਰਵਾਜ਼ਾ,
ਹੀ ਹਿੱਲਿਆ।
 
ਕਿਸੇ ਵੀ ਅੰਦੋਲਨ ਕਰਦੇ ਨੌਜਵਾਨ,
ਨੇ ਕੋਲ਼ੋਂ ਲੰਘਦੀ ਬਗ਼ਾਨੀ ਮੁਟਿਆਰ,
ਨੂੰ ਨਾ ਹੀ ਛੋਹਿਆ ਜਾਂ ਕਿਤੇ ਗਿਆ,
ਹੀ ਹੋਵੇ ਮੰਦਾ ਬੋਲਿਆ।
 
ਭਾਰਤ ਵਾਸੀਓ ਕੁੱਝ ਤਾਂ ਸਿੱਖਾਂ ਕੋਲ਼ੋਂ,
ਸਿੱਖ ਲਓ ਭਾਵੇਂ 11 ਕਿਸਾਨ ਸ਼ਹੀਦ,
ਹੋਏ ਫਿਰ ਵੀ ਇਹ ਅੰਦੋਲਨ ਕਿੰਨਾਂ,
ਅਹਿੰਸਾ ਨਾਲ਼ ਰਿਹਾ ਚਲਿਆ।
 
ਜੰਤਾ ਪਹਿਲਾਂ ਵੀ ਕਈ ਵਾਰ ਸੜਕਾਂ,
ਉੱਤੇ ਉੱਤਰਕੇ ਅੰਦੋਲਨ ਕਰ ਰਹੀ ਸੀ,
ਵੇਖੀ ਪਰ ਐਹੋ ਜਿਹੇ ਜਜ਼ਬਾਤਾਂ ਨਾਲ਼,
ਚਲ ਰਿਹਾ ਹੋਰ ਅੰਦੋਲਨ ਕਦੀ ਵੀ ਨ੍ਹੀਂ,
ਵੇਖਿਆ।
 
ਇਸ ਅੰਨਦਾਤਾ ਕਿਸਾਨੀ ਅੰਦੋਲਨ,
ਵਿੱਚ ਗੁਰੂ ਕਾ ਲੰਗਰ ਕਈ ਗ਼ਰੀਬਾਂ,
ਅਤੇ ਪੁਲ਼ਸ ਦੇ ਜਵਾਨਾਂ ‘ਚ ਵੀ ਖ਼ੂਬ,
ਚੱਲਿਆ।
 
ਐਵੀਂ ਨਹੀਂ ਦੁਨੀਆਂ ਮਿਸਾਲ ਦਿੰਦੀ,
ਇਸ ਸਿੱਖ ਕੌਮ ਦੀ, ਇਹ ਸਾਰਾ ਹੀ,
ਫਲਸਫਾ ਦਸਾਂ ਹੀ ਗੁਰੂਆਂ ਅਤੇ ਗੁਰੂ,
ਗਰੰਥ ਸਾਹਬ ਦਾ ਹੀ ਤਾਂ ਹੈ “ਕੇਵਲ”,
ਨਮਾਣਿਆਂ ਭੋਲ਼ਿਆ।
 13/12/2020 


ਜਿੰਦਿਆਂ ਭਰੀ ਦੁਕਾਨ ਦਾ  

ਕੇਵਲ ਸਿੰਘ ਜਗਪਾਲ
 
ਐਵੀਂ ਬਹੁਤਾ ਤੂੰ ਨਾ ਬੋਲਿਆ ਕਰ।
ਕੁੱਝ ਓਹਲੇ ਤਾਂ ਤੂੰ ਰੱਖ ਲਿਆ ਕਰ।
ਐਵੀਂ ਭੇਤ ਨਾ ਦਿੱਲ ਦੇ ਖੋਲਿਆ ਕਰ।
ਤੂੰ ਘੁੰਡੀ ਨਾ ਦਿੱਲ ਦੀ ਖੋਲਿਆ ਕਰ।
ਬਹੁਤਾ ਵੀ ਘੱਟ ਨਾ ਤੂੰ ਤੋਲਿਆ ਕਰ।
 
ਇੱਥੇ ਕੋਈ ਭਰੋਸਾ ਨਹੀਂ ਜਹਾਨ ਦਾ।
ਕਿਸੇ ਛੋਟੇ ਨਾ ਹੀ ਕਿਸੇ ਮਹਾਨ ਦਾ।
ਨਾ ਕਿਸੇ ਦੇ ਰੋਣੇਂ ਅਤੇ ਮੁਸਕਾਨ ਦਾ।
 
ਮੰਜ਼ਿਲ ਪਾਉਣ ਦੇ ਲਈ ਜਦੋਂ ਹੌਸਲਾ,
ਹੀ ਕਰ ਲਿਆ ਭਰਨ ਉਡਾਣ ਦਾ।
ਫਿਰ ਕੀ ਨਾਪਣਾ ਫਾਸਲਾ ਧਰਤੀ,
ਅਤੇ ਅਸਮਾਨ ਦਾ।
ਫਿਰ ਕੀ ਉਡੀਕਣਾ ਸੋਹਣਾਂ ਦਿਨ ‘ਤੇ,
ਆਉਂਣ ਵਾਲ਼ੀ ਹਨ੍ਹੇਰੀ ਤੇ ਤੁਫਾਨ ਦਾ।
 
ਜ਼ਿੰਦਗ਼ੀ ਦੀ ਹਰ ਜੰਗ ਨੂੰ ਫਤਹਿ,
ਕਰਨ ਦੇ ਲਈ ਯੁੱਧ ਕਰਨਾ ਪੈਂਦਾ,
ਏ ਘਮਸਾਨ ਦਾ।
 
ਜੇਕਰ ਤੁਹਾਡਾ ਉੱਸ ਉੱਪਰ ਕੋਈ,
ਯਕੀਨ ਨਹੀਂ ਸੀ ਰਿਹਾ ਤਾਂ ਫਿਰ,
ਕੀ ਕਰਨ ਜਾਂਣਾ ਮਰੇ ਤੇ ਉੱਸ ਦੀ,
ਦੇਣ ਮਕਾਣ ਦਾ।
ਕੱਲ “ਕੇਵਲ “ ਨੇ ਇੱਕ ਜਿੰਦਾ ਟੁੱਟਾ,
ਵੇਖਿਆ ਜਿੰਦਿਆਂ ਭਰੀ ਦੁਕਾਨ ਦਾ।
08/12/2020
 
 
ਅੰਮ੍ਰਿਤ ਦਾ ਵਾਟਾ

ਕੇਵਲ ਸਿੰਘ ਜਗਪਾਲ

ਵਾਰੇ ਜਾਈਏ ਦੱਸਵੇਂ ਗੁਰਾਂ ਉਤੇ,
ਜਿਨ੍ਹਾਂ ਇੱਕ ਬਹੁਤ ਹੀ ਅਨੋਖਾ,
ਕਾਰਜ ਚਲਾ ਦਿੱਤਾ।
 
ਮਿਲਾਕੇ ਪਾਣੀ ‘ਚ ਗੁਰਬਾਣੀ ਦਾ,
ਰੱਸ, ਤੁਸਾਂ ਇੱਕ ਅੰਮ੍ਰਿਤ ਦਾ ਜਾਮ,
ਬਣਾ ਦਿੱਤਾ।
 
ਬਾਅਦ ਵਿੱਚ ਛੱਕਿਆ ਅੰਮ੍ਰਿਤ,
ਪੰਜ ਪਿਆਰਿਆਂ ਕੋਲ਼ੋਂ ਪਹਿਲਾਂ,
ਉਨ੍ਹਾਂ ਪੰਜ ਪਿਆਰਿਆਂ ਨੂੰ ਤੁਸਾਂ,
ਅੰਮ੍ਰਿਤ ਛੱਕਾ ਕੇ ਇੱਕ ਬਹਾਦਰ,
ਸਿੱਖ ਕੌਮ ਸਜਾ ਦਿੱਤਾ।
 
ਆਪੇ ਹੀ ਗੁਰੂ ਗੋਬਿੰਦ ਸਿੰਘ,
ਤੇ ਆਪੇ ਹੀ ਚੇਲਾ ਬਣਾ ਦਿੱਤਾ।
 
ਬੰਦਿਆ ਨੂੰ ਸਿੰਘ ਦਾ ਨਾਮ ‘ਤੇ,
ਬੀਬੀਆਂ ਨੂੰ ਕੌਰ ਦੇ ਨਾਮ ਨਾਲ਼,
ਤੁਸਾਂ ਦੋਵਾਂ ਨੂੰ ਸਨਮਾਨ ਵਧਾ,
ਦਿੱਤਾ।
 
ਡਰਦੇ ਪਏ ਸਨ ਗਿਦੜ੍ਹਾਂ ਵਾਂਙ,
ਜਿਹੜ੍ਹੇ, ਛੱਕਾ ਕੇ ਅੰਮ੍ਰਿਤ ਦਾ,
ਵਾਟਾ ਤੁਸਾਂ ਗਿਦੜ੍ਹਾਂ ਤੋਂ ਸ਼ੇਰ,
ਬਣਾ ਦਿੱਤਾ।
 
ਜਿਹੜ੍ਹੇ ਆਪਸ ਵਿੱਚ ਹੀ ਸਨ,
ਲੜ੍ਹਿਆ ਕਰਦੇ, ਉਨ੍ਹਾਂ ਨੂੰ ਹਿੰਦ,
ਦੀ ਆਨ ਬਚਾਉਣ ਦੀ ਖ਼ਾਤਰ,
ਤੁਸਾਂ ਪਹਿਰੇਦਾਰ ਬਣਾ ਦਿੱਤਾ।
 
ਮੈਦਾਨ ਏ ਜੰਗ ਵਿੱਚ ਕੇਵਲ,
ਇੱਕ ਸਿੱਖ ਨੂੰ ਤੁਸਾਂ ਸਵਾ ਲੱਖ,
ਨਾਲ਼ ਲੜ੍ਹਨਾ ਸਿਖਾ ਦਿੱਤਾ।
 
ਜਿੱਥੇ ਕੋਈ ਨਹੀਂ ਸੀ ਵਾਰਦਾ,
“ਕੇਵਲ” ਇੱਕ ਵੀ ਜਾਨ ਕਿਸੇ,
ਦੀ ਖ਼ਾਤਰ, ਤੁਸਾਂ ਤਾਂ ਸਾਰਾ ਹੀ,
ਸਰਬੰਸ ਕੌਮ ਤੇ ਕਰ ਕੁਰਬਾਨ,
ਦਿੱਤਾ।
01/12/2020
 


ਕੌਣ ਕਹਿੰਦਾ

ਕੇਵਲ ਸਿੰਘ ਜਗਪਾਲ
 
ਗ਼ਜ਼ਲ ਮਹਿਫਲ ‘ਚ ਹੀ ਸੁਣਾਈ ਜਾਂਦੀ।
ਪਿਆਰ ਦੀ ਲੋੜ ਦਿਲਾਂ ‘ਚ ਹੀ ਹੁੰਦੀ।
ਦੋਸਤਾਂ ਬਿਨਾਂ ਜ਼ਿੰਦਗ਼ੀ ਅਧੂਰੀ ਹੁੰਦੀ।
ਦੋਸਤਾਂ ਦੀ ਲੋੜ ਤਾਂ ਹਰ ਪੱਲ ਹੀ ਹੁੰਦੀ।
 
 
ਇਹ ਮਹਿਫਲਾਂ ਵੀ ਕਿੱਥੇ ਹੋਣੀਆਂ ਸਨ ਜੇ,
ਕਰ ਗ਼ਜ਼ਲ ਦੇ ਲਿਖਣ ਦਾ ਅਗ਼ਾਜ਼ ਹੀ ਨਾ,
ਹੁੰਦਾ।
 
ਜੇਕਰ ਦੋ ਪ੍ਰੇਮੀਆਂ ਦੀ ਮੁਹਬੱਤ ਨਾ ਹੁੰਦੀ ਤਾਂ,
ਗ਼ਜ਼ਲ ਕੌਣ ਲਿੱਖਦਾ ਅਤੇ ਕੌਣ ਕਹਿੰਦਾ?
 
ਗੰਦੇ ਪਾਣੀ ‘ਚ ਉੱਗੇ ਹੋਏ ਆਮ ਜਿਹੇ ਫੁੱਲ,
ਨੂੰ ਕੰਮਲ ਕੌਣ ਕਹਿੰਦਾ?
 
ਮਹਿਬੂਬ ਦੀਆਂ ਕੁੱਝ ਕੁ ਹੇਠਾਂ ਦਿੱਤੀਆਂ,
ਸਿਫ਼ਤਾਂ ਦੇ ਪੁਲ਼ ਬੰਨਦਿਆਂ ਕੌਣ ਲਿੱਖਦਾ,
ਅਤੇ ਕੌਣ ਕਹਿੰਦਾ?
 
ਮਹਿਬੂਬ ਦੇ ਵਾਲ਼ਾਂ ਦੀ ਸਿਫ਼ਤਾਂ ਕਰਦਿਆਂ,
ਜ਼ੁਲਫ਼ਾਂ ਨੂੰ ਕਾਲ਼ੀਆਂ ਘਟਾਵਾਂ ਕੌਣ ਕਹਿੰਦਾ?
 
ਮਹਿਬੂਬ ਦੀ ਹਿਲਦੀ ਗੁੱਤ ਨੂੰ ਵਲ਼ ਖਾਂਦੀ,
ਸੱਪਣੀ ਕੌਣ ਕਹਿੰਦਾ?
 
ਮਹਿਬੂਬ ਦੀਆਂ ਮੋਹ ਲੈਣ ਵਾਲ਼ੀਆਂ ਅੱਖਾਂ,
ਨੂੰ ਨਸ਼ੀਲੀਆਂ ਅੱਖਾਂ ਕੌਣ ਕਹਿੰਦਾ?
 
ਮੁਕਾਬਲੇ ਵਿੱਚ ਮਹਿਬੂਬ ਦੇ ਖਿੜ੍ਹੇ ਚਿਹਰੇ,
ਦੀ ਸਿਫ਼ਤਾਂ ਕਰਦਿਆਂ, ਸੂਰਜ ਦੀ ਚੱਮਕ,
ਅਤੇ ਚੰਦ ਤੇ ਲੱਗੇ ਦਾਗ਼ ਨਾਲ਼ੋਂ ਸੋਹਣਾ ਕੌਣ,
ਕਹਿੰਦਾ?
 
ਮਹਿਬੂਬ ਦੀਆਂ ਮੋਹ ਲੈਣ ਵਾਲ਼ੀਆਂ ਅੱਖਾਂ,
ਵਿੱਚ ਖ਼ੁਦ ਦੀ ਹੀ ਤਸਵੀਰ ਦੇਖਣ ਨੂੰ ਕੌਣ,
ਕਹਿੰਦਾ?
 
ਮਹਿਬੂਬ ਦੇ ਚਿਹਰੇ ਨੂੰ ਰੌਸ਼ਨ ਸਵੇਰਾ ਵੀ,
ਕੌਣ ਕਹਿੰਦਾ?
 
ਮਹਿਬੂਬ ਦੇ ਗ਼ੈਰਹਾਜ਼ਰ ਹੋਣ ਤੇ ਉੱਸੇ ਹੀ,
ਜਗਾਹ ਨੂੰ ਹਨ੍ਹੇਰੇ ਦੇ ਸਮਾਨ ਕੌਣ ਕਹਿੰਦਾ?
 
ਮਹਿਬੂਬ ਦੀ ਸਿਫ਼ਤਾਂ ਕਰਦਿਆਂ ਅੱਖਾਂ ਨੂੰ,
ਨਾਜ਼ੁਕ ਜਿਹੀਆਂ ਕਲੀਆਂ ਅਤੇ ਬੋਲਾਂ ਨੂੰ,
ਮਿਸ਼ਰੀ ਦੀਆਂ ਡਲ਼ੀਆਂ ਕੌਣ ਕਹਿੰਦਾ?
 
ਮਹਿਬੂਬ ਦੇ ਬੁੱਲਾਂ ਨੂੰ ਗੰਗਾ ਦੇ ਕਿਨਾਰੇ,
ਅਤੇ ਜ਼ੁਲਫ਼ਾਂ ਨੂੰ ਸਵਰਗ ਦੀਆਂ ਨਰਮ,
ਕਲੀਆਂ ਕੌਣ ਕਹਿੰਦਾ?
 
ਤੇਰੀ ਖ਼ਾਤਰ ਫ਼ਰਿਸ਼ਤਿਆਂ ਨੂੰ ਸਿਰ ਉੱਤੇ,
ਇਲਜ਼ਾਮ ਲੈਂਣ ਲਈ ਕੌਣ ਕਹਿੰਦਾ?
 
ਹੁਸਨ ਦੀ ਗੱਲ ਚੱਲੀ ਤਾਂ ਸਾਰੇ ਹੀ ਤੇਰਾ,
ਨਾਂਮ ਲੈਂਣਗੇ ਕੌਣ ਕਹਿੰਦਾ?
 
ਮਹਿਬੂਬ ਦਿਆਂ ਬੁੱਲਾਂ ਨੂੰ ਗ਼ਲਾਬ ਦੇ ਫੁੱਲਾਂ,
ਦੀਆਂ ਪੱਤੀਆਂ ਕੌਣ ਕਹਿੰਦਾ?
 
ਪ੍ਰੇਮਕਾ ਦੀ ਤੋਰ ਨੂੰ ਹਿਰਨੀ ਦੀ ਚਾਲ ਕੌਣ,
ਕਹਿੰਦਾ?
 
ਦੋ ਪ੍ਰੇਮੀਆਂ ਦੀ ਮੁਹਬੱਤ ਨੂੰ ਹੀ ਰੱਬ ਦੀ,
ਇਬਾਦੱਤ ਕੌਣ ਕਹਿੰਦਾ?
 
ਅਸ਼ਿਕ ਦਾ ਮਹਿਬੂਬ ਨੂੰ ਪਾਉਣ ਦੇ ਲਈ,
ਕੁਰਬਾਨ ਹੋ ਜਾਣ ਨੂੰ ਕੌਣ ਕਹਿੰਦਾ?
 
ਅਸ਼ਿਕ ਦਾ ਮਹਿਬੂਬ ਦੇ ਲਈ ਅੰਬਰ ਤੋਂ.
ਤਾਰੇ ਤੋੜ ਲਿਆਉਣ ਲਈ ਕੌਣ ਕਹਿੰਦਾ?
 
ਪਿਆਰ ਤਾਂ ਕੇਵਲ ਕੁਦਰੱਤ ਦਾ ਹੀ ਤਾਂ,
ਜਾਦੂ ਏ, ਵਰਨਾ ਇੱਕ ਦਫ਼ਨਾਈ ਹੋਈ,
ਲਾਸ਼ ਦੀ ਇੱਕ ਕਬਰ ਨੂੰ ਤਾਜ ਮਹਿਲ,
ਕੌਣ ਕਹਿੰਦਾ?
 
ਫਿਰ ਸਦੀਆਂ ਪੁਰਾਣੇ ਆਸ਼ਕ ਜੋੜਿਆਂ,
ਦੇ ਕਿੱਸੇ ਕੌਣ ਲਿੱਖਦਾ ਤੇ ਕੌਣ ਕਹਿੰਦਾ?
 
ਵਾਰਿਸ ਸ਼ਾਹ ਵੀ ਸ਼ਾਇਦ ਹੀਰ-ਰਾਂਝੇ ਦਾ,
ਕਿੱਸਾ ਨਾ ਹੀ ਲਿੱਖਦਾ ਅਤੇ ਨਾ ਹੀ ਹੌਕੇ,
ਲੈ ਲੈਕੇ ਪਿਆ ਸੀ ਰੋਂਦਾ।
 
ਇਹ ਮਹਿਫਲਾਂ ਵੀ ਕਿੱਥੇ ਹੋਣੀਆਂ ਸਨ,
“ਕੇਵਲ” ਨੂੰ ਲੱਗਦੈ ਜੇਕਰ ਦੋ ਪ੍ਰੇਮੀਆਂ ਦੀ,
ਮੁਹਬੱਤ ਨਾ ਹੁੰਦੀ ਅਤੇ ਨਾ ਹੀ ਗ਼ਜ਼ਲ ਦੇ,
ਲਿੱਖਣ ਦਾ ਕਦੀ ਅਗ਼ਾਜ਼ ਹੀ ਹੁੰਦਾ।
25/11/2020 


ਅੱਖਾਂ ਕੀ ਹੁੰਦੀਆਂ?

ਕੇਵਲ ਸਿੰਘ ਜਗਪਾਲ

ਦੋਸਤੋ ਤੁਹਾਨੂੰ ਕੀ ਕੀ ਦੱਸਾਂ ‘ਤੇ,
ਕੀ ਕੀ ਨਾ ਦੱਸਾਂ ਕਿ ਅੱਖਾਂ ਕੀ,
ਹੁੰਦੀਆਂ।
 
ਅੱਖਾਂ ਦੇਖਣ ‘ਤੇ ਪੜ੍ਹਣ ਦੇ ਨਾਲ਼,
ਨਾਲ਼ ਹੋਰ ਵੀ ਕਈ ਤਰ੍ਹਾਂ ਦੇ ਕੰਮ,
ਆਉਂਦੀਆਂ।
 
ਜਦੋਂ ਕਈਆਂ ਦੀ ਜ਼ੁਬਾਨ ਫੁੱਟਕੇ,
ਮੂੰਹੋਂ ਕੁੱਝ ਕਹਿ ਹੀ ਨਾ ਸੱਕੇ ਤਾਂ,
ਉੱਥੇ ਅਖਾਂ ਸੱਭ ਕੁੱਝ ਕਹਿ ਹੀ,
ਜਾਂਦੀਆਂ।
 
ਉਹ ਕਿਉਂ ਨਾ ਹੋਵਣ ਪਿਆਰ ਦੇ,
ਇਸ਼ਾਰੇ ਜਾਂ ਹੋਵੇ ਵੀ ਕੋਈ ਗੁੱਸਾ,
ਗਿਲਾ ਉੱਥੇ ਅਖਾਂ ਹੀ ਸਭ ਕੁੱਝ,
ਕਹਿ ਜਾਂਦੀਆਂ।
 
ਭਰ ਜਵਾਨੀ ਵੇਲ਼ੇ ਅੱਖਾਂ ਕਿਸੇ ਵੀ,
ਪਸੰਦ ਆਏ ਹੋਏ ਹਾਣੀ ਦੀ ਕਦੇ,
ਵੀ ਖ਼ੈਰ ਨਹੀਂ ਮੰਗਦੀਆਂ।
 
ਬਹੁਤੇ ਬੁਲਾਂ ‘ਚ ਮੁਸਕਰਾਉਂਦੇ,
ਪਰ ਪਤਾ ਨਹੀਂ ਕਈਆਂ ਦੀਆਂ,
ਤਾਂ ਅੱਖਾਂ ਵੀ ਮੁਸਕਰਾ ਲੈਂਦੀਆਂ।
 
ਅੱਖਾਂ ਇਕ ਦੂਜੇ ਉੱਤੇ ਜਾਣੇ ਜਾਂ,
ਅਣਜਾਣੇ ਤਿੱਖੇ ਤੀਰ ਚਲਾਉਣੋਂ,
ਕਦੀ ਵੀ ਬਾਜ਼ ਨ੍ਹੀਂ ਆਉਂਦੀਆਂ।
 
ਜਦੋਂ ਜਵਾਨੀ ਵਿੱਚ ਕਿਸੇ ਹਾਣੀ,
ਨਾਲ਼ ਅੱਖਾਂ ਚਾਰ ਹੋ ਜਾਵਣ ਤਾਂ,
ਕਈ ਕਈ ਰਾਤਾਂ ਦੀ ਨੀਂਦ ਨੂੰ,
ਉਡਾਕੇ ਲੈ ਹੀ ਜਾਂਦੀਆਂ।
 
ਜੇਕਰ ਕਿਤੇ ਨੀਂਦ ਆ ਹੀ ਜਾਵੇ,
ਤਾਂ ਬੜੇ ਹੀ ਪਿਆਰ ਦੇ ਨਾਲ਼,
ਪਲਕਾਂ ਦੀਆਂ ਜੋੜੀਆਂ ਬੜੇ ਹੀ,
ਪਿਆਰ ਦੇ ਨਾਲ਼ ਅੱਖਾਂ ਨੂੰ ਢੱਕ,
ਲੈਂਦੀਆਂ।
ਫਿਰ ਬੜੇ ਹੀ ਸੁਹਾਵਣੇ ਸੁਫਨੇ,
ਵੀ ਆਉਣ ਲੱਗ ਜਾਂਦੇ ‘ਤੇ ਉਹ,
ਬੰਦ ਹੋਈਆਂ ਅੱਖਾਂ ਮਜ਼ੇ ਨਾਲ਼,
ਸੁਫਨੇ ਵੇਖਦੀਆਂ ਰਹਿੰਦੀਆਂ।
 
ਕਈਆਂ ਦੀ ਜ਼ਿੰਦਗ਼ੀ ‘ਚ ਤਾਂ,
ਸਾਰੇ ਹੀ ਗ਼ਮਾਂ ਨੂੰ ਉਹ ਅੱਖਾਂ,
ਲਕੋਣ ਵਿੱਚ ਕਾਮਯਾਬ ਵੀ ਹੋ,
ਜਾਂਦੀਆਂ।
ਪਰ ਕਈਆਂ ਦੀਆਂ ਤਾਂ ਅੱਖਾਂ,
ਵੱਗਕੇ ਜ਼ਿੰਦਗ਼ੀ ਦੇ ਗ਼ਮਾਂ ਦੇ,
ਕਈ ਰਾਜ਼ ਖੁੱਲੀ ਕਿਤਾਬ ਦੀ,
ਤਰ੍ਹਾਂ ਖੋਲ ਵੀ ਦਿੰਦੀਆਂ।
 
ਕਈ ਵਾਰ ਤਾਂ ਗਰਮੀਆਂ ਦੀਆਂ,
ਤੱਪਦੀਆਂ ਧੁੱਪਾਂ ‘ਚ ਅੱਖਾਂ ਦੁੱਖਣ,
ਵੀ ਲੱਗ ਜਾਂਦੀਆਂ।
ਕਈਆਂ ਨੂੰ ਅੱਖਾਂ ਦੁੱਖ ਦਰਦ ਵੀ,
ਦੇ ਜਾਂਦੀਆਂ।
 
ਕਈਆਂ ਦੀਆਂ ਤਾਂ ਬੜੀਆਂ ਹੀ,
ਮਚਲੀਆਂ ਅੱਖਾਂ ਕੇਵਲ ਲੋਕਾਂ ਨੂੰ,
ਪੁਆਂਦੀ ਪਾਈ ਜਾਂਦੀਆਂ।
ਉਨ੍ਹਾਂ ਲੋਕਾਂ ਦੀਆਂ ਅੱਖਾਂ ਕੇਵਲ,
ਪੰਖਡੀ ਰੋਣਾਂ ਹੀ ਰੋਂਦੀਆਂ।
ਪਰ ਕਈਆਂ ਦੀਆਂ ਅੱਖਾਂ ਦਾ,
ਰੋਣਾਂ ਸੱਚ ਦਰਸਾਉਂਦੀਆਂ।
 
ਜਦੋਂ ਕਦੀ ਅੱਖਾਂ ਆਪਣੀਆਂ ਜਾਂ,
ਫਿਰ ਕਿਸੇ ਹੋਰ ਦੀਆਂ ਰੋਂਦੀਆਂ,
ਤਾਂ ਦਿਲ ‘ਚ ਹੱਲ-ਚੱਲ ਵੀ ਮਚਾ,
ਦਿੰਦੀਆਂ।
 
ਪਰ ਜਦੋਂ ਅੱਖਾਂ ਸਦਾ ਲਈ ਬੰਦ,
ਹੋ ਜਾਂਦੀਆਂ।
ਭਾਵੇਂ ਇਨ੍ਹਾਂ ਅੱਖਾਂ ਵਿੱਚੋਂ “ਕੇਵਲ”,
ਨੀਰ ਨਹੀਓਂ ਵੱਗਦਾ ਪਰ ਫਿਰ,
ਵੀ ਇਹ ਸਾਰੇ ਰਿਸ਼ਤੇਦਾਰਾਂ ਅਤੇ,
ਦੋਸਤਾਂ ਦੀਆਂ ਅੱਖਾਂ ਦੇ ਨੀਰ ਨੂੰ,
ਬਹਾਕੇ ਹੀ ਜਾਂਦੀਆਂ।
 18/11/2020


ਜੇਕਰ ਤੇਰੇ ਦਰ ਤੇ

ਕੇਵਲ ਸਿੰਘ ਜਗਪਾਲ

ਜੇਕਰ ਤੇਰੇ ਦਰ ‘ਤੇ ਕਿਸੇ ਦੀ,
ਸੁਣਵਾਈ ਹੀ ਨਾ ਹੁੰਦੀ।
ਅਰਦਾਸ ਕਰਕੇ ਕੁੱਝ ਮੰਗੇ ਹੋਏ,
ਦੇਣ ਲਈ ਜੇਕਰ ਬਹੁਤੀ ਦੇਰ,
ਤੂੰ ਲਾਈ ਹੁੰਦੀ।
 
ਫੇਰ ਸੰਗਤਾਂ ਨੇ ਤੇਰੇ ਦਰ ‘ਤੇ,
ਐਨੀ ਸਾਰੀ ਰਾਸ਼ੀ ਚੜ੍ਹਾਈ ਨਾ,
ਹੁੰਦੀ।
ਐਨੀ ਸਾਰੀ ਸੰਗਤ ਤੇਰੇ ਦਰ,
‘ਤੇ ਦਰਸ਼ਨ ਕਰਨ ਨੂੰ ਕਦੀ,
ਵੀ ਆਈ ਨਾ ਹੁੰਦੀ।
 
ਜੋਕਰ ਤੂੰ ਭਰਦਾ ਨਾ ਕਿਸੇ ਦਾ,
ਦਾਮਨ ਤਾਂ ਝੋਲ਼ੀ ਕਿਸੇ ਨੇ ਵੀ,
ਤੇਰੇ ਅੱਗੇ ਇੰਝ ਕਦੀ ਫੈਲਾਈ,
ਹੀ ਨਾ ਹੁੰਦੀ।
 
ਘੜ੍ਹਮ ਚੌਧਰੀਆਂ ਦੀ ਜ਼ੋਰ,
ਨਾਲ਼ ਤਾਕਤ ਹੱਥਿਆਉਣ,
ਦੀ ਵਾਰ ਵਾਰ ਕਦੀ ਵੀ ਹੱਥੋ,
ਪਾਈ ਹੀ ਨਾ ਹੁੰਦੀ।
ਨਾ ਹੀ ਇੱਥੇ ਹੂੜ-ਮੱਤ ਬੀਬੀਆਂ,
ਇੱਕ ਦੂਜੇ ਦੀਆਂ ਗੁੱਤਾਂ ਪਈਆਂ,
ਪਟਦੀਆਂ ਅਤੇ ਨਾ ਹੀ ਧੂਤਿਆਂ,
ਇੱਥੇ ਇੱਕ ਦੂਜੇ ਦੀ ਦਸਤਾਰ,
ਪੈਰਾਂ ਹੇਠਾਂ ਰੁਲ਼ਾਈ ਹੀ ਹੁੰਦੀ।
 
ਨਾਂ ਹੀ ਇੱਥੇ ਮਨਮਤੀਆਂ ਨੇ,
ਇੱਕ ਦੂਜੇ ਨੂੰ ਮੰਦੇ ਬੋਲ ਬੋਲਕੇ,
ਪਵਿਤਰ ਬੀੜ੍ਹ ਦੀ ਬੇਅਦਵੀ,
ਵੀ ਕਰਵਾਈ ਹੀ ਨਾ ਹੁੰਦੀ।
ਨਾਂ ਹੀ ਸੱਦੇ ‘ਤੇ ਪੁਲ਼ਸ ਗੁਰੂ,
ਘਰ ਸਣੇਂ ਜੁੱਤੀਆਂ ਧੂਤਿਆਂ ਨੂੰ,
ਸਿੱਝਣ ਕਦੀ ਆਈ ਹੀ ਹੁੰਦੀ।
 
ਤੇਰੇ ਦਰ ‘ਤੇ ਵਿਆਹ ਕੁੜ੍ਹਮਾਈ,
ਦੀ ਰਸਮ ਕਿਸੇ ਨੇ ਕਦੀ ਵੀ ਬੁਕ,
ਕਰਵਾਈ ਨਾ ਹੁੰਦੀ।
ਤੇਰੇ ਦਰ ‘ਤੇ ਕਿਸੇ ਨੇ ਨਵੀਂ ਥਾਂ,
ਨੌਕਰੀ ਦੇ ਪਹਿਲੇ ਮਹੀਨੇ ਦੀ,
ਸਾਰੀ ਹੀ ਤਨਖ਼ਾਹ ਕਦੀ ਵੀ,
ਚੜ੍ਹਾਈ ਨਾ ਹੁੰਦੀ।
 
ਤੇਰੇ ਦਰ ‘ਤੇ ਨਵੀਂ ਕਾਰ ਲੈਣ,
ਦੀ ਕਿਸੇ ਨੇ ਅਰਦਾਸ ਕਰਵਾਈ,
ਨਾ ਹੁੰਦੀ।
ਤੇਰੇ ਦਰ ‘ਤੇ ਕਿਸੇ ਪੈਦਾ ਹੋਏ,
ਬੱਚੇ ਦਾ ਨਾਮ ਕੱਢਵਾਉਂਣ ਦੀ,
ਰਸਮ ਕਰਵਾਈ ਨਾ ਹੁੰਦੀ।
 
ਤੇਰੇ ਦਰ ‘ਤੇ ਕਿਸ ਵੀ ਬੱਚੇ ਦੇ,
ਜਨਮ ਮਨਾਉਣ ਅਤੇ ਕੇਕ ਦੀ,
ਕਦੀ ਕਟਾਈ ਹੀ ਨਾ ਹੁੰਦੀ।
ਤੇਰੇ ਦਰ ‘ਤੇ ਕਿਸੇ ਨੇ ਦਾਗ਼ਾਂ ਦੀ,
ਰਸਮ ਤੋਂ ਪਹਿਲਾਂ ਇੱਕ ਮ੍ਰਿਤਿਕ,
ਦੇਹ ਨੂੰ ਇੱਥੇ ਲਿਆਕੇ ਅਖ਼ੀਰਲੀ,
ਫਤਹਿ ਕਦੀ ਵੀ ਬੁਲਾਈ ਹੀ ਨਾ,
ਹੁੰਦੀ।
 
ਤੇਰੇ ਵਰਤਦੇ ਹੋਏ ਲੰਗਰ ਵਿੱਚ,
ਐਨੀ ਸਾਰੀ ਸੰਗਤ ਨੇ ਹਾਜ਼ਰੀ,
ਲਾਈ ਨਾ ਹੁੰਦੀ।
ਤੇਰੇ ਵਰਤਦੇ ਹੋਏ ਲੰਗਰ ਵਿੱਚ,
ਦਾਲ਼ਾਂ, ਸਾਗ਼, ਸਬਜ਼ੀਆਂ, ਲੱਡੂ,
ਜਲੇਬੀਆਂ ਅਤੇ ਖੀਰ ਵਰਤਾਈ,
ਨਾ ਹੁੰਦੀ।
 
ਨਾ ਹੀ ਤੇਰੇ ਦਰ ‘ਤੇ ਕੋਈ ਦਿਨ,
ਸੁੱਧ ਹੀ ਮਨਾਉਂਦਾ ਨਾ ਹੀ ਕੋਈ,
ਦਿੱਤੀ ਹੋਈ ਵਧਾਈ ਹੀ ਹੁੰਦੀ।
 
ਬਾਣੀ ਸੁਣਨ ਦੇ ਲਈ ਸੰਗਤ ਨੇ,
ਐਨੀ ਲਗਨ ਲਗਾਈ ਨਾ ਹੁੰਦੀ।
ਜੇਕਰ ਤੇਰੇ ਉੱਤੇ ਐਨਾ ਭਰੋਸਾ,
ਹੀ ਨਾ ਹੁੰਦਾ ਤਾਂ ਹਾਲ ‘ਚ ਬੈਠੀ,
ਸੰਗਤ ਮੂੰਹ ਲਟਕਾਈ ਹੀ ਹੁੰਦੀ।
 
ਤਰਸ ਗਏ ਹਾਂ ਤੇਰੇ ਕੋਲ਼ੋਂ ਕੋਈ,
ਖੁਸ਼ੀ ਦੀ ਖ਼ਬਰ ਸੁਣਨ ਦੇ ਲਈ,
ਕੋਈ ਖੁਸ਼ੀ ਦੀ ਖ਼ਬਰ ਨਾ ਸਈ,
ਇੱਕ ਛੋਟੀ ਜਿਹੀ ਫਰਮਾਇਸ਼,
ਕਵਿਤਾ ਪੜ੍ਹਣ ਦੀ ਜੇਕਰ ਪਾਈ,
ਹੀ ਹੁੰਦੀ।
ਇਹ ਨ੍ਹੀਂ ਹੋ ਸੱਕਦਾ ਕਿ “ਕੇਵਲ”
ਨੇ ਇਹ ਕਵਿਤਾ ਸਾਰਿਆਂ ਨੂੰ,
ਦਿਲੋਂ ਪੜ੍ਹਕੇ ਸੁਣਾਈ ਨਾ ਹੁੰਦੀ।
 11/11/2020
 

ਬੇਬੇ ਦੇ ਬੀਤੇ ਦਿੱਨ

ਕੇਵਲ ਸਿੰਘ ਜਗਪਾਲ

ਚੁੰਨੀ ਦੀ ਡੂਢੀ ਬੁੱਕਲ਼ ਮਾਰੀ,
ਬੇਬੇ ਜੀ ਬੈਠੇ ਚੌਂਕੜ੍ਹੀ ਮਾਰੇ।
ਜਦੋਂ ਉਹ ਕਿਤੇ ਮੂੰਹੋਂ ਬੋਲਦੇ,
ਲੱਗਦੇ ਬੜ੍ਹੇ ਹੀ ਪਿਆਰੇ।
 
ਸੋਚਾਂ ਵਿੱਚ ਪਏ ਰਹਿੰਦੇ,
ਬੀਤੇ ਨੂੰ ਫਰੋਲਦੇ ਰਹਿੰਦੇ।
 
ਹੁਣ ਤਾਂ ਲੈਟਰਿਨ ਕਹਿੰਦੇ,
ਜਾਂਦੇ ਸਾਂ ਬਾਹਰ ਖ਼ੇਤੀਂ ਹੁੰਦੇ।
ਮੂੰਹ ਹਨ੍ਹੇਰੇ ਹੀ ਖ਼ੇਤੀਂ ਜਾਂਦੇ,
ਛੱਪੜ੍ਹੀ ‘ਚ ਹੱਥ ਧੋ ਸੀ ਲੈਂਦੇ।
 
ਆਕੇ ਦੁੱਧ ਨੂੰ ਰਿੜ੍ਹਕਕੇ ਲੱਸੀ,
ਮੱਖਣ ‘ਤੇ ਦਹੀਂ ਬਣਾ ਲੈਂਦੇ।
ਆਟੇ ਅਤੇ ਦਲ਼ੀਏ ਨੂੰ ਹੱਥਾਂ,
ਨਾਲ਼ ਚੱਕੀ ਪੀਹ ਸੀ ਲੈਂਦੇ।
 
ਸਾਦੇ ਜਿਹੇ ਵਿਆਹ ਸੀ ਹੁੰਦੇ,
ਨਾ ਚਿੰਤਾ ਨਾ ਕਰਜ਼ੇ ਸੀ ਹੁੰਦੇ।
ਨਾ ਪੈਲੇਸ ਸੀ ਹੁੰਦੇ ਨਾ ਖਾਣਾ,
ਬਾਹਰੋਂ ਲਿਆਉਂਦੇ ਸੀ ਹੁੰਦੇ।
 
ਪਿੰਡ ਦੇ ਹਲਵਾਈ ਸੀ ਹੁੰਦੇ,
ਮਿੱਠਾ ਘਰ ਬਣਾ ਸੀ ਲੈਂਦੇ।
 
ਪਿੰਡ ਵਿਚ ਲਾਗੀ ਸੀ ਹੁੰਦੇ,
ਅਸੀਂ ਨੌਂਹ ਕਟਵਾ ਸੀ ਲੈਂਦੇ।
ਲਾਗੀਆਂ ਨੂੰ ਭੇਜਦੇ ਸੀ ਹੁੰਦੇ,
ਰਿਸ਼ਤੇ ਲੱਭ ਸੀ ਲਿਆਉਂਦੇ।
 
ਪਿੰਡ ਸੁਨਿਆਰੇ ਸੀ ਹੁੰਦੇ,
ਟੁੰਬਾਂ ਬਣਵਾ ਸੀ ਲੈਂਦੇ।
ਪਿੰਡ ‘ਚ ਲੁਹਾਰ ਸੀ ਹੁੰਦੇ,
ਤੱਕਲਾ ਸਿੱਧਾ ਕਰਾ ਸੀ ਲੈਂਦੇ।
 
ਉਦੋਂ ਦੇ ਜ਼ਮਾਨੇ ਵੀ ਹੋਰ ਸੀ,
ਪੁਰਾਣੇ ਪੈਮਾਨੇ ਵੀ ਹੋਰ ਸੀ।
 
ਉਦੋਂ ਹੁੰਦਾ ਬਾਣ ਦਾ ਮੰਜਾ ਸੀ,
ਬਹਿਣ ਨੂੰ ਬੜ੍ਹਾ ਹੀ ਚੰਗਾ ਸੀ।
 
ਜੁੜ੍ਹਕੇ ਬਹਿੰਦਾ ਹੁੰਦਾ ਲਾਣਾ ਸੀ,
ਬੜ੍ਹਾ ਸਾਦਾ ਜਿਹਾ ਖਾਣਾ ਸੀ।
ਕਹਿਣੇ ਸਾਰੇ ਲੱਗ ਜਾਂਦੇ ਸੀ,
ਜਦੋਂ ਕਹਿੰਦਾ ਸਿਆਣਾ ਸੀ।
 
ਖਲਾਹ ਲੈਂਦੇ ਸੀ, ਜਦੋਂ ਰੋਂਦਾ,
ਗੁਆਂਢ ਕੋਈ ਨਿਆਣਾ ਸੀ।
ਸਾਂਝਾ ਹੁੰਦਾ ਉਦੋਂ ਚੁਲਾ ਸੀ,
ਵਿਹੜ੍ਹਾ ਸੁੱਖ ਨਾਲ਼ ਖੁੱਲਾ ਸੀ।
 
ਬਾਪੂ ਖੰਘ ਕੇ ਬੂਹੇ ਵੜ੍ਹਦਾ ਸੀ,
ਸਾਰਾ ਹੀ ਟੱਬਰ ਡਰਦਾ ਸੀ।
ਬਨੇਰੇ ਬਹਿੰਦੇ ਹੁੰਦੇ ਕਾਂ ਸੀ,
ਵਾਂਡਿਓਂ ਆਉਂਣ ਦੀ ਹਾਂ ਸੀ।
 
ਸਾਡਾ ਲਈ ਲਾਗੀ ਖੁਹੀਓਂ,
ਪਾਣੀ ਦੇ ਘੜ੍ਹੇ ਭਰਦਾ ਸੀ।
 
ਬਾਪੂ ਕੋਲ਼ ਹੁੰਦਾ ਖੂੰਡਾ ਸੀ,
ਡਰਦਾ ਪਿੰਡ ਦਾ ਮੁੰਡਾ ਸੀ।
ਪੈਸੇ ਦੀ ਨਹੀਂ ਹੁੰਦੀ ਭੁੱਖ ਸੀ,
ਨਾ ਹਾ ਹੁੰਦਾ ਕਦੀ ਦੁੱਖ ਸੀ।
“ਕੇਵਲ” ਉਦੋਂ ਬੜ੍ਹਾ ਸੁੱਖ ਸੀ।
 05/11/2020
 


ਉਹ ਧੀ ਹੁੰਦੀ

ਕੇਵਲ ਸਿੰਘ ਜਗਪਾਲ

ਕੁੜਮਾਈ ਅਤੇ ਵਿਆਹ ਤੇ ਧੀ,
ਦੇ ਸ਼ਗਨ ਦੀ ਮਹਿੰਦੀ ਲਾਉਣੀ,
ਸ਼ਿੰਗਾਰ ਦੀ ਚੀਜ਼ ਨਹੀਂ ਹੁੰਦੀ।
 
ਇੱਕ ਭੈਂਣ ਦੀ ਭਰਾ ਦੇ ਗੁੱਟ ਤੇ,
ਸਜਾਕੇ ਰੱਖੜ੍ਹੀ ਬੰਨਣੀ ਵੀ ਕੋਈ,
ਦੂਜ ਦਾ ਤਿਓਹਾਰ ਨਹੀਂ ਹੁੰਦੀ।
 
ਰਹਿ ਜਾਂਦੇ ਨੇ ਉਨ੍ਹਾਂ ਘਰਾਂ ਦੇ,
ਆਂਗਨ ਸੁੰਨੇ ਜਿਨ੍ਹਾਂ ਘਰਾਂ ਵਿੱਚ,
ਇੱਕ ਧੀ ਜਨਮ ਨਹੀਂਓਂ ਲੈਂਦੀ।
 
ਕੰਮ ਤੋਂ ਥੱਕੇ ਹੋਏ ਮਾਪਿਆਂ ਦੇ,
ਲਈ ਪਾਣੀ ਦੇ ਗਲਾਸ ਲਿਆਏ,
ਉਹ ਇੱਕ ਧੀ ਹੀ ਤਾਂ ਹੁੰਦੀ।
 
ਜਿਹੜੀ ਜ਼ਿਦ ਨਾ ਕਰੇ ‘ਤੇ ‘ਕੱਲ੍ਹ,
ਨੂੰ ਲਿਆ ਦਿਊਂ’ ਨਾਲ਼ ਹੀ ਮੰਨ,
ਜਾਏ ਉਹ ਇੱਕ ਧੀ ਹੀ ਤਾਂ ਹੁੰਦੀ।
 
ਜਿਹੜੀ ਬਾਬਲ ਨੂੰ ਹਰ ਰੋਜ਼,
ਯਾਦ ਨਾਲ਼ ਦੁਆਈ ਦੇਵੇ ਤਾਂ,
ਉਹ ਮੁਟਿਆਰ ਧੀ ਹੀ ਹੁੰਦੀ।
 
ਜਿਹੜੀ ਸਹੇਲੀਆਂ ਨਾਲ਼ ਜਾਕੇ,
ਤੀਆਂ ਦੇ ਮੇਲੇ ਤੇ ਪੀਙਾਂ ਝੂੱਟਣ,
ਜਾਏ ਉਹ ਇੱਕ ਧੀ ਹੀ ਹੁੰਦੀ।
 
ਜਿਹੜੀ ਹਰ ਸਾਲ ਭਰਾਵਾਂ ਦੇ,
ਰੱਖੜ੍ਹੀ ਬੰਨਕੇ ਉਹਨਾਂ ਦੇ ਗੁੱਟ,
ਸਜਾਏ ਉਹ ਇੱਕ ਧੀ ਹੀ ਹੁੰਦੀ।
 
ਜਿਹੜੀ ਭਰਾਵਾਂ ਦੇ ਵਿਆਹਾਂ,
ਵੇਲ਼ੇ ਇੰਜੜ੍ਹੀ ਫੜਣ ਦੀ ਰਸਮ, 
ਨਿਭਾਏ ਉਹ ਇੱਕ ਧੀ ਹੀ ਹੁੰਦੀ।
 
ਜਿਹੜੀ ਸਹੁਰੀਂ ਜਾਣ ਵੇਲ਼ੇ ਰੋਵੇ,
ਤੇ ਸਾਰੇ ਹੀ ਟੱਬਰ ਨੂੰ ਰੁਆਵੇ,
ਉਹ ਇੱਕ ਧੀ ਹੀ ਤਾਂ ਹੁੰਦੀ।
 
ਜਿਹੜੀ ਸਹੁਰੀਂ ਜਾਕੇ ਨੂੰਹ ਬਣ,
ਜਾਏ ਉਹ ਇੱਕ ਧੀ ਹੀ ਹੁੰਦੀ।
 
ਪੇਕੀਂ ਜਾਂਦਿਆਂ ਹੋਇਆਂ ਪਿੰਡ,
ਦੀਆਂ ਜੂਹਾਂ ਵੱਲ ਵੇਖਕੇ ਜਿੱਸ,
ਨੂੰ ਖੁਸ਼ੀ ਅਤੇ ਚਾਅ ਜਿਹਾ ਚੜ੍ਹ,
ਜਾਵੇ ਉਹ ਇੱਕ ਧੀ ਹੀ ਹੁੰਦੀ।
 
ਪੇਕੀਂ ਪਹੁੰਚ ਤੇ ਜਿਹੜੀ ਦੌੜ੍ਹ,
ਕੇ ਟੱਬਰ ਦੇ ਕੱਲੇ ਕੱਲੇ ਜੀਅ,
ਕੋਲ਼ ਜਾਵੇ ਉਹ ਧੀ ਹੀ ਹੁੰਦੀ।
 
ਜਿਹੜੀ ਮਾਂ ਬਣਕੇ ਫਿਰ ਜਿੱਸ,
ਦੇ ਪੈਰਾਂ ਥੱਲੇ ਸਵਰਗ ਬਣ ਜਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਗੁਰੂਆਂ, ਦੇਵੀ ਦੇਵਤੇ, 
ਪੀਰਾਂ ਪੈਗੰਬਰਾਂ ਨੂੰ ਜਨਮ ਦੇ,
ਪਾਏ ਉਹ ਕਿਸੇ ਧੀ ਹੀ ਹੁੰਦੀ।
 
ਜਿਹੜੀ ਇਟਾਂ ਦੇ ਬਣੇਂ ਮਕਾਨ,
ਨੂੰ ਰਹਿਣ ਵਾਲ਼ਾ ਘਰ ਬਣਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਚੁੱਲ੍ਹੇ ਚਊਂਕੇ ਵਿੱਚ ਨਾਲ਼,
ਰਲ਼ਕੇ ਹੋਰਨਾਂ ਨਾਲ਼ ਹੱਥ ਵਟਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਸਹੁਰੀਂ ਜਾਕੇ ਪੇਕਿਆਂ,
ਦੀ ਇਜ਼ਤ ਨੂੰ ਚਾਰ ਚੰਦ ਲਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਦੋਨੋਂ ਪਾਸੀਂ ਰਿਸ਼ਤਿਆਂ,
ਦੇ ਮੇਲ਼-ਜੋਲ਼ ਨੂੰ ਹੋਰ ਵੀ ਬਧਾਏ,
ਉਹ ਸੁੱਗੜ੍ਹ ਸਿਆਣੀ ਧੀ ਹੁੰਦੀ।
 
ਜਿਹੜੀ ਮਾਪਿਆਂ ਤੋਂ ਵੀ ਦੂਰ,
ਰਹਿੰਦੇ ਹੁੰਦਿਆਂ ਨਾ ਘਬਰਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਨੂੰਹ ਤੇ ਪੱਤਨੀ ਬਣਕੇ,
ਪੇਕਿਆਂ ਨੂੰ ਵੀ ਨਾ ਭੁੱਲ ਜਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਪੇਕਿਆਂ ਤੋਂ ਕਾਫੀ ਦੂਰ,
ਰਹਿੰਦਿਆਂ ਵੀ ਹਾਲ ਪੁੱਛੀ ਜਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਮੀਲਾਂ ਦੂਰ ਰਹਿੰਦਿਆਂ ਹੁੰਦਿਆਂ,
ਕੋਲ਼ ਹੋਣ ਦਾ ਅਹਿਸਾਸ ਦਿਖਾਏ,
ਉਹ ਵੀ ਕਿਸੇ ਦੀ ਧੀ ਹੀ ਹੁੰਦੀ।
 
ਜਿਹੜੀ ਕਈ ਰਿਸ਼ਤਿਆਂ ਵਿੱਚ,
ਭੈਣ, ਮਾਂ, ਮਾਮੀ, ਭੂਆ, ਮਾਸੀ,
ਚਾਚੀ, ਤਾਈ, ਦਾਦੀ ਅਤੇ ਨਾਨੀ,
ਬਣ ਜਾਏ ਉਹ ਵੀ ਧੀ ਹੀ ਹੁੰਦੀ।
 
ਜਿੱਸਦਾ ਕਿਸੇ ਵੀ ਜਾਏਦਾਦ ਤੇ,
ਕੋਈ ਹੱਕ ਨਾ ਪੇਕੀਂ ਨਾ ਸਹੁਰੀਂ,
ਉਹ ਜਿਗਰੇ ਵਾਲ਼ੀ ਧੀ ਹੁੰਦੀ।
 
ਜਿਹੜੀ ਜ਼ਿੰਦਗ਼ੀ ਦੇ ਸਾਰੇ ਦੁੱਖਾਂ,
ਨੂੰ ਸਹਿੰਦੇ ਹੋਏ ਨਾ ਕਿਸੇ ਨਾਲ਼,
ਸਾਂਝੇ ਕਰੇ, ਆਪਣੀ ਬੁੱਕਲ਼ ‘ਚ,
ਲਕੋਈ ਜਾਏ ਉਹ ਵੀ ਧੀ ਹੁੰਦੀ।
 
ਜਿਹੜੀ ਸਹੁਰੀਂ ਮਿੱਟੀ ਦਾ ਤੇਲ,
ਪਾਕੇ ਅੱਗ ਵਿੱਚ ਸਾੜੀ ਜਾਏ,
ਉਹ ਬਦਕਿਸਮਤ ਧੀ ਹੁੰਦੀ।
 
ਜਿਹੜੀ ਪੈਦਾ ਹੋਣ ਤੋਂ ਪਹਿਲਾਂ,
ਹੀ ਕੁੱਖ ‘ਚ ਹੀ ਕਤਲ ਹੋ ਜਾਏ,
ਉਹ ਵੀ “ਕੇਵਲ” ਇੱਕ ਕਹਿਣ
ਨੂੰ ਬਦਕਿਸਮਤ ਧੀ ਹੀ ਹੁੰਦੀ।
 28/10/2020
 
 
ਅੰਨਦਾਤਿਆ ਕਿਸਾਨਾ

ਕੇਵਲ ਸਿੰਘ ਜਗਪਾਲ

ਅੰਨਦਾਤਿਆ ਕਿਸਾਨਾ ਜੇਕਰ,
ਤੇਰੇ ‘ਚ ਅਣਖ ਏ ਤਾਂ ਭਿਖਾਰੀ,
ਕਦੀ ਨਾ ਅਖਵਾਈਂ ਤੂੰ।
 
ਸਿਆਸੀ ਲੀਡਰਾਂ ਦੀਆਂ ਕਿਤੇ,
ਕੋਝੀਆਂ ਚਾਲਾਂ ਵਿੱਚ ਐਂਵੀਂ ਨਾ,
ਫਸ ਜਾਵੀਂ ਤੂੰ।
 
ਕਿਸਾਨੀ ਜਥੇਬੰਦੀਆਂ ਦਾ ਸਾਥ,
ਨਾ ਛੱਡੀਂ ਐਂਵੀਂ ਆਪਣੀ ਬੋਲੀ ਨਾ,
ਲਗਾਈਂ ਤੂੰ।
  
ਇਹ ਤੇਰੇ ਹੀ ਆਪਣੇ ਮਿਹਨਤੀ,
ਹੱਥ ਨੇ, ਕਿਸੇ ਅੱਗੇ ਨਾ ਫੈਲਾਈ,
ਤੂੰ।
 
ਸਿਆਸੀ ਲੀਡਰ ਕਰਦੇ ਕੋਝੀਆਂ,
ਚਾਲਾਂ, ਐਂਵੀਂ ਨਾ ਫਸ ਜਾਵੀਂ ਤੂੰ।
 
ਦੁੱਖਾਂ ਦਾ ਤਾਂ ਬਣਿਆਂ ਆਉਂਣਾ,
ਤੇ ਜਾਣਾਂ, ਇਹ ਕਦੀ ਨਾ ਭੁੱਲ,
ਜਾਵੀਂ ਤੂੰ।
 
ਗ਼ਮਾਂ ਵਾਰੇ ਸੋਚ ਸੋਚਕੇ ਖ਼ੁੱਦ ਨੂੰ,
ਨਾ ਤੜ੍ਹਫਾਵੀਂ ਤੂੰ।
 
ਤੈਂਨੂੰ ਬੁਰਕੀ ਪਾਉਂਣ ਦਾ ਯਤਨ,
ਕਰੂਗਾ ਕੇਂਦਰ, ਐਂਵੀਂ ਨਾ ਡੁੱਲ,
ਜਾਵੀਂ ਤੂੰ।
 
ਖ਼ੁਦਕੁਸ਼ੀ ਕਰਕੇ ਝੱਲਿਆ ਐਂਵੀਂ,
ਮੌਤ ਨੂੰ ਗਲ਼ੇ ਨਾ ਲਗਾਵੀਂ ਤੂੰ।
 
ਮਰਨ ਨਾਲ਼ ਕਿੱਥੇ ਮੱਸਲੇ ਹੱਲ,
ਹੁੰਦੇ, ਕਿਤੇ ਇਹ ਘੋਰ ਪਾਪ ਨਾ,
ਕਮਾਵੀਂ ਤੂੰ।
 
ਨਸ਼ਿਆਂ ਦੇ ਕੋਹੜ ਨੂੰ ਤਿਆਗ,
ਕੇ ਰਸਤੇ ਸਿੱਧੇ ਲੱਗ ਜਾਵੀਂ ਤੂੰ।
 
ਜੇਕਰ ਆਮਦਨ ਘੱਟ ਰਹੀ ਏ,
ਤਾਂ ਵਿਆਹਾਂ ਤੇ ਬਹੁਤਾ ਪੈਸਾ,
ਨਾ ਲਾਵੀਂ ਤੂੰ।
 
ਅਣਖੀ ਅੰਨਦਾਤਿਆ ਕਿਸਾਨਾ,
ਇਨ੍ਹਾਂ ਹਾਲਤਾਂ ਵਿੱਚ “ਕੇਵਲ”,
ਕਹੇ ਕਿ ਕਿੱਸੇ ਅੱਗੇ ਨਾ ਸਿਰ,
ਝੁਕਾਵੀਂ ਤੂੰ।
21/10/2020


ਅਜੀਬ ਜਿਹਾ ਰੋਸਾ

ਕੇਵਲ ਸਿੰਘ ਜਗਪਾਲ

ਮੈਂ ਵੀ ਰੁੱਸਿਆ ‘ਤੇ ਤੂੰ ਵੀ ਰੁੱਸੀ,
ਤਾਂ ਫਿਰ ਸੱਭ ਤੋਂ ਪਹਿਲਾਂ ਸਾਡੇ,
ਦੋਵਾਂ ‘ਚੋਂ ਮਨਾਊਗਾ ਕੌਣ?
 
ਅੱਜ ਤਾਂ ਦੋਹਵਾਂ ਦੀ ਸੋਚਣੀ ‘ਚ,
ਤ੍ਰੇੜ ਏ ਅਤੇ ਕੱਲ੍ਹ ਨੂੰ ਖੱਡ ਹੋਸੀ,
ਇਸ ਤ੍ਰੇੜ ਨੂੰ ਸੱਭ ਤੋਂ ਪਹਿਲਾਂ,
ਸਾਡੇ ਦੋਹਵਾਂ ਵਿੱਚੋਂ ਭਰਨੀ ਸ਼ੁਰੂ,
ਕਰੂਗਾ ਕੌਣ?
 
ਜੇਕਰ ਅਸਾਂ ਦੋਵਾਂ ਨੂੰ ਸੱਪ ਸੁੰਘ,
ਜਾਵੇ ਤਾਂ ਸੱਭ ਤੋਂ ਪਹਿਲਾਂ ਸਾਡੇ,
ਦੋਹਵਾਂ ਵਿੱਚੋਂ ਬੁਲਾਊਗਾ ਕੌਣ?
 
ਅਸੀਂ ਐਂਵੀਂ ਛੋਟੀਆਂ ਛੋਟੀਆਂ ਹੀ,
ਗੱਲਾਂ ਨੂੰ ਲਗਾਈ ਜਾਂਦੇ ਆਂ ਦਿਲਾਂ,
ਤੇ, ਤਾਂ ਇਹ ਟੁੱਟ ਰਿਹਾ ਰਿਸ਼ਤਾ,
ਸੱਭ ਤੋਂ ਪਹਿਲਾਂ ਸਾਡੇ ਦੋਵਾਂ ‘ਚੋਂ,
ਗੰਢਣਾ ਸ਼ੁਰੂ ਕਰੂਗਾ ਕੌਣ?
 
ਦੁਖੀ ਮੈਂ ਵੀ ਤੇ ਦੁਖੀ ਤੂੰ ਵੀ ਤਾਂ,
ਫਿਰ ਇੱਕ ਦੂਜੇ ਤੋਂ ਜੁੱਦੇ ਹੋਕੇ ਸੱਭ,
ਤੋਂ ਪਹਿਲਾਂ ਸਾਡੇ ਦੋਵਾਂ ‘ਚੋਂ ਇੱਕ,
ਦੂਜੇ ਵੱਲ ਹੱਥ ਵਧਾਊਗਾ ਕੌਣ?
 
ਨਾ ਮੈਂ ਰਾਜ਼ੀ ‘ਤੇ ਨਾ ਹੀ ਤੂੰ ਰਾਜ਼ੀ
ਤਾਂ ਫਿਰ ਮਾਫ਼ ਕਰਨ ਦੀ ਵੱਡਪਣ,
ਸੱਭ ਤੋਂ ਪਹਿਲਾਂ ਸਾਡੇ ਦੋਹਵਾਂ ‘ਚੋਂ,
ਦਿਖਾਊਗਾ ਕੋਣ?
 
ਡੁੱਬ ਜਾਊਗਾ ਇੱਕ ਦਿਨ ਇੱਕ,
ਦੂਜੇ ਦੀਆਂ ਯਾਦਾਂ ਵਿੱਚ ਇਹ,
ਦਿਲ ਕਦੀ ਤਾਂ ਸੱਭ ਤੋਂ ਪਹਿਲਾਂ,
ਸਾਡੇ ਦੋਹਵਾਂ ‘ਚੋਂ ਮੋਢੇ ਹਲੂਣਕੇ,
ਜਗਾਊਗਾ ਕੋਣ?
 
 
ਮੇਰੀ ਰੁੱਸ ਜਾਣ ਦੀ ਜ਼ਿੱਦ ਅਤੇ,
ਤੇਰੀ ਵੀ ਤਾਂ ਰੁੱਸ ਜਾਣ ਦੀ ਜ਼ਿੱਦ,
ਸੱਭ ਤੋਂ ਪਹਿਲਾਂ ਸਾਡੇ ਦੋਵਾਂ ‘ਚੋਂ, 
ਇਹਨਾਂ ਜ਼ਿੱਦਾਂ ਨੂੰ ਠੱਲ ਪਾਊਗਾ,
ਕੌਣ?
 
ਇੱਕ ‘ਮੈਂ’ ਵਿੱਚ ਮੇਰੇ ਤੇ ਇੱਕ ‘ਮੈਂ’,
ਵਿੱਚ ਤੇਰੇ, ਸਾਡੀ ਦੋਵਾਂ ਦੀ ‘ਮੈਂ’,
ਉੱਤੇ ਸੱਭ ਤੋਂ ਪਹਿਲਾਂ ਸਾਡੇ ਦੋਵਾਂ,
‘ਚੋਂ ਜਿੱਤ ਪ੍ਰਾਪਤ ਕਰੂਗਾ ਕੌਣ?
 
ਜੇਕਰ ਆਪਾਂ ਦੋਹਵਾਂ ਨੇ ਇਕ,
ਦੂਜੇ ਤੋਂ ਹੀ ਮੋੜ੍ਹ ਲਈਆਂ ਅੱਖਾਂ,
ਤਾਂ ਕੱਲ੍ਹ ਨੂੰ ਇਹਨਾਂ ਰੋਸਿਆਂ ਤੋਂ,
ਸੱਭ ਤੋਂ ਪਹਿਲਾਂ ਸਾਡੇ ਦੋਵਾਂ ‘ਚੋਂ,
ਪਛਤਾਊਗਾ ਕੋਣ?
 
ਜ਼ਿੰਦਗ਼ੀ ਸਦਾ ਲਈ ਮਿਲ਼ੀ ਏ,
ਕਿਸ ਨੂੰ? ਪਰ ਫਿਰ ਵੀ ਇਸ,
ਜ਼ਿੰਦਗ਼ੀ ਨੂੰ ਲੰਘਾਉਣ ਦੇ ਲਈ,
ਸੱਭ ਤੋਂ ਪਹਿਲਾਂ ਸਾਡੇ ਦੋਵਾਂ ‘ਚੋਂ,
“ਕੇਵਲ” ਦੁਨੀਆਂ ‘ਚ ਕੱਲਾ ਰਹਿ,
ਜਾਊਗਾ ਕੌਣ?
14/10/2020
 
 
 
 
ਰੱਬ ਦੇ ਬੰਦੇ

ਕੇਵਲ ਸਿੰਘ ਜਗਪਾਲ

ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਬੜੇ ਹੀ ਚੰਗੇ ਨੇ।
ਕਈ ਖਰੂਦੀ ਖਾਂਦੇ ਡੰਡੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਬਹੁਤ ਹੀ ਸ਼ਰੀਫ ਨੇ,
ਕਈ ਤਾਂ ਬਹੁਤ ਹੀ ਮੰਦੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਵੱਖ ਵੱਖ ਸੁਭਾ ਰਖਦੇ ਨੇ,
ਸਾਰੇ ਹੀ ਰੰਗ-ਬਰੰਗੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਪਾਉਂਦੇ ਪੰਗੇ ਨੇ,
ਕਈ ਕੰਮ ਕਰਦੇ ਚੰਗੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਬਹੁਤ ਬੜਬੋਲੇ ਨੇ,
ਕਈ ਬਿਲਕੁਲ ਹੀ ਗੁੰਗੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਜ਼ਖ਼ਮ ਦੇਈ ਜਾਂਦੇ ਨੇ।
ਕਈ ਜ਼ਖ਼ਮ ਭਰੀ ਜਾਂਦੇ ਨੇ।
 
ਐਥੇ ਸਾਰੇ ਰੱਬ ਦੇ ਬੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਡੋਬੀ ਜਾਂਦੇ ਨੇ।
ਕਈ ਤਾਰੀ ਜਾਂਦੇ ਨੇ।
 
ਐਥੇ ਸਾਰੇ ਹੀ ਮੁਸਾਫ਼ਰ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਸਾਥ ਨਭਾਉਂਦੇ ਨੇ।
ਕਈ ਸਾਥ ਛੱਡ ਤੁਰ ਜਾਂਦੇ ਨੇ।
 
ਪਿਆਰ ਸਾਰੇ ਹੀ ਕਰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਤਾਂ ਜਾਂਨ ਵਾਰ ਦਿੰਦੇ ਨੇ।
ਕਈ ਜਾਂਨ ਵੀ ਕੱਢ ਲੈਂਦੇ ਨੇ।
 
ਕਈ ਚੰਗੇ ਤੇ ਕਈ ਮੰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,
ਕਈ ਬਹੁਤ ਹੀ ਸੱਚੇ ਨੇ।
ਕਈ ਵਾਅਦੇ ਦੇ ਕੱਚੇ ਨੇ।
 
ਦੋਸਤੀ ਸਾਰੇ ਹੀ ਕਰਦੇ ਨੇ।
ਕੇਵਲ ਫ਼ਰਕ ਐਨਾ ਹੈ ਕਿ,                              
ਕਈ ਤਾਂ ਦਿਲੋਂ ਨਭਾਉਂਦੇ ਨੇ।
ਕਈ “ਕੇਵਲ” ਅਜ਼ਮਾਉਂਦੇ ਨੇ।
07/10/2020
 
 
 
ਛੱਲਕਦੇ ਹੰਝੂ

ਕੇਵਲ ਸਿੰਘ ਜਗਪਾਲ

ਦਿਲ ਭਰ ਆਇਆ ਏ, ਫਿਰ ਵੀ,
ਸ਼ਰੇਆਮ ਰੋ ਸੱਕਦੀ ਨਹੀਂ।
ਅੱਖਾਂ ਭਰੀਆਂ ਨੇ ਹੰਝੂਆਂ ਦੇ ਨਾਲ਼,
ਰੋ ਕੇ ਛਲਕਾ ਸੱਕਦੀ ਨਹੀਂ।
 
ਇਨ੍ਹਾਂ ਹੰਝੂਆਂ ਨੂੰ ਵੱਗਣੋਂ ਰੋਕਣ ਦੀ,
ਕੋਸ਼ਿਸ਼ ਵੀ ਕਰਾਂ ਤਾਂ ਵੀ ਰੋਕ ਸੱਕਦੀ,
ਨਹੀਂ।
 
ਮੇਰੀ ਤਿੰਨ ਵਰਿਆਂ ਦੀ ਬੱਚੀ ਮੇਰੇ,
ਛੱਲਕਦੇ ਹੰਝੂਆਂ ਤੇ ਹੱਥ ਫੇਰਕੇ,
ਕਦੀ ਖੁੱਸ਼ ਹੋ ਸਕਦੀ ਨਹੀਂ।
ਕੋਈ ਇਨ੍ਹਾਂ ਹੰਝੂਆਂ ਵਾਰੇ ਪੁੱਛੇ ਤਾਂ,
ਮੈਂ ਦੱਸ ਸਕਦੀ ਨਹੀਂ।
 
ਸੱਬਜੀ ਦੋ ਘੰਟੇ ਪਹਿਲਾਂ ਹੀ ਬਣਾ,
ਲਈ ਸੀ, ਕੌੜ੍ਹੇ ਪਿਆਜ਼ ਕੱਟਣ ਦਾ,
ਪੱਜ ਪਾਕੇ ਵੀ ਰੋ ਸੱਕਦੀ ਨਹੀਂ।
 
ਹਨ੍ਹੇਰੀ ਝਖੜ੍ਹ ਵੀ ਨਹੀਂ ਜੇ ਵੱਗਦਾ,
ਅੱਖਾਂ ਵਿੱਚ ਮਿੱਟੀ ਰੜਕਦੀ ਦਾ ਵੀ,
ਪੱਜ ਪਾਕੇ ਰੋ ਸੱਕਦੀ ਨਹੀਂ।
 
ਅਜ ਕੱਲ੍ਹ ਧੂਆਂ ਵੀ ਤਾਂ ਰਸੋਈਆਂ,
ਵਿੱਚ ਨਹੀਂ ਹੁੰਦਾ, ਪੱਜ ਧੂਏਂ ਦਾ ਵੀ,
ਪਾਕੇ ਰੋ ਸੱਕਦੀ ਨਹੀਂ।
 
ਫੋਨ ‘ਚੋਂ ਸਿੱਮ ਸੱਸ ਕੱਢਕੇ ਲੈ ਗਈ,
ਕਿਸੇ ਨਾਲ਼ ਫੋਨ ਉੱਤੇ ਵੀ ਗੱਲ ਕਰ,
ਸੱਕਦੀ ਨਹੀਂ।
 
ਮਾਂ ਤਾਂ ਰੱਬ ਨੂੰ ਪਿਆਰੀ ਹੋ ਗਈ ਸੀ,
ਮੇਰੇ ਜਨਮ ਵੇਲ਼ੇ, ਉੱਸਨੂੰ ਯਾਦ ਕਰਕੇ,
ਬਹੁਤ ਹੀ ਰੋ ਚੁੱਕੀ ਹਾਂ, ਹੁਣ ਹੋਰ ਰੋ,
ਸੱਕਦੀ ਨਹੀਂ।
 
ਮੇਰਾ ਘਰ ਵਾਲ਼ਾ ਕਮਾਉਂਣ ਗਿਆ,
ਏ ਪ੍ਰਦੇਸੀਂ, ਜੀਉਂਦਾ ਹੈ ਜਾਂ ਮੋਇਆ,
ਕੋਈ ਪੁੱਛੇ ਤਾਂ ਦੱਸ ਸੱਕਦੀ ਨਹੀਂ।
 
ਕੱਲੀ ਤੀਵੀਂ ਦੀ ਜਵਾਨੀ ਦੀ ਉਮਰ,
ਵੀ ਹੁੰਦੀ ਏ ਲੰਮੀ, ਇਹ ਸੱਭ ਸੋਚਕੇ,
ਦੁੱਖ ਸਹਾਰ ਸੱਕਦੀ ਨਹੀਂ।
 
ਦੁਨੀਆਂ ‘ਚ ਕੱਲੀ ਹੀ ਹਾਂ ਤੇ ਮੇਰਾ,
ਕੋਈ ਭੈਣ ਅਤੇ ਭਰਾ ਵੀ ਨਹੀਂ।
 
ਪਿਓ ਸ਼ਹੀਦ ਕੀਤਾ ਅਤੰਕਵਾਦੀਆਂ,
ਨੇ, ਉਹ ਵੀ ਇੱਕ ਸਹਾਰਾ ਹੁਣ ਰਹਿ,
ਗਿਆ ਨਹੀਂ।
 
ਦੁੱਖ ਪਿਓ ਦੀ ਮੌਤ ਦਾ ਮੇਰੇ ਕੋਲ਼ੋਂ,
ਇੱਕ ਪੱਲ ਵੀ ਜ਼ਰਿਆ ਜਾਂਦਾ ਨਹੀਂ।
ਤਗ਼ਮਾ ਪਿਓ ਨੂੰ ਦੇਸ਼ ਲਈ ਕੀਤੀ,
ਹੋਈ ਕੁਰਬਾਨੀ ਦਾ ਸੀ ਮਿਲ਼ਿਆ,
ਦਿੱਲੀ ਜਾਕੇ ਲਿਆ ਸੱਕਦੀ ਨਹੀਂ।
 
ਆਪਣੇ ਜਜ਼ਬਾਤਾਂ ਦੀ ਸਾਂਝ ਕਿਸ
ਨਾਲ਼ ਪਾਵਾਂ, ਜਦੋਂ ਆਪਣਾ ਇਸ,
ਦੁਨੀਆਂ ਤੇ ਹੁਣ ਕੋਈ ਜ਼ਿੰਦਾ ਰਹਿ,
ਗਿਆ ਹੀ ਨਹੀਂ।
 
ਮੈਂ ਹੁਣ ਕੀ ਕਰਾਂ ਅਤੇ ਕੀ ਨਾ ਕਰਾਂ,
ਜਿਸ ਦਾ ਮੈਂਨੂੰ ਪਤਾ ਹੈ ਕੋਈ ਨਹੀਂ।
 
ਇੱਥੇ ਮਾਵਾਂ ਦੀ ਜਾਨ ਬਚਾਕੇ ਲੋਕੀਂ,
ਕੁੱਖ ਵਿੱਚ ਕਤਲ ਕਰਦੇ ਲਖਾਂ ਹੀ,
ਬੇਬਸ ਅਣਜੰਮੀਆਂ ਧੀਆਂ ਦਾ ਜਿਨ੍ਹਾਂ,
ਵਿਚਾਰੀਆਂ ਦੀ ਕਦੀ ਕੋਈ ਪੁਕਾਰ,
ਸੁਣਦਾ ਹੀ ਨਹੀਂ?
 
ਰੱਬਾ ਜਨਮ ਲੈਕੇ ਮੈਂ ਕੀ ਪਾਪ ਕੀਤਾ,
ਮੇਰੀ ਜਾਨ ਬਕਸ਼ ਕੇ ਕੀ ਤੂੰ ਮੇਰੇ ‘ਤੇ,
ਕੋਈ ਸਾਨ ਕੀਤਾ ਨਹੀਂ।
ਮੇਰੀ ਮਾਂ ਨੂੰ ਮੇਥੋਂ ਖੋਹ ਲਿਆ ਤੂੰ,
ਉੱਸ ਨੂੰ ਮਰਨੋਂ ਕਿਉਂ ਬਚਾ ਸੱਕਿਆ,
ਨਹੀਂ।
 
ਮੇਰੇ ਜਨਮ ਲੈਂਦੇ ਸਾਰ ਹੀ ਮੇਰੀ ਮਾਂ,
ਨੂੰ ਮਾਰਕੇ ਦੱਸ ਰੱਬਾ ਤੂੰ ਇਹ ਘੋਰ,
ਪਾਪ ਖੱਟਿਆ ਕਿ ਨਹੀਂ?
 
ਸਾਰੀ ਦੁਨੀਆਂ ਚੰਗੀ ਤਰ੍ਹਾਂ ਸਮਝੇ,
ਮੁਟਿਆਰੇ ਤੇਰੇ ਸਾਰੇ ਜਜ਼ਬਾਤਾਂ ਨੂੰ, 
ਮੈਂ ਕੇਵਲ ਕੱਲਾ ਹੀ ਨਹੀਂ।
 
‘ਨਾਨਕ ਦੁਖੀਆ ਸੱਭ ਸੰਸਾਰ’ ਰੱਬ,
ਦਾ ਭਾਣਾ ਮੰਨਣਾ ਸਿੱਖ ਲੈ ਤੂੰ ਭੋਲ਼ੀਏ,
ਮੁਟਿਆਰੇ, ਇੱਕ “ਕੇਵਲ” ਕਵੀ ਹੀ,
ਹਾਂ, ਇਸ ਤੋਂ ਹੋਰ ਸੌਖਾ ਹੱਲ ਦੱਸ,
ਸੱਕਦਾ ਨਹੀਂ।
30/09/2020


ਲਹਿੰਗੇ ਦੇ ਨਸੀਬ

ਕੇਵਲ ਸਿੰਘ ਜਗਪਾਲ

ਨੇਕ ਨਸੀਬ ਨੇ ਤੇਰੇ ਲਿਹਿੰਗਿਆ,
ਐਵੀਂ ਚੜ੍ਹਿਆ ਜਾਵੇਂ ਸਰੀਰ ਉੱਤੇ,
ਇੱਕ ਸੋਹਣੀ ਮੁਟਿਆਰ ਪਰਾਈ।
 
ਸਿਰ ਅਤੇ ਗਰਦਣ ਮੁਟਿਆਰ,
ਦੀ ਲਹਿੰਗੇ ਵਿੱਚੋਂ ਸੌਖੀ ਹੀ ਤਰ੍ਹਾਂ,
ਬਾਹਰ ਆਈ।
ਕੱਲੀ ਕੱਲੀ ਚੂੜ੍ਹੇ ਵਾਲ਼ੀ ਬਾਂਹ ਤਾਂ,
ਮੁਟਿਆਰ ਨੇ ਡਾਢੀ ਹੀ ਮੁਸ਼ਕਿਲ,
ਨਾਲ਼ ਵਿੱਚੀਂ ਲੰਘਾਈ।
 
ਲਹਿੰਗਾ ਪਿਆ ਝੂੰਮੇਂ ਜਦੋਂ ਸੋਹਣੀ,
ਮੁਟਿਆਰ ਨੇ ਦਰਜ਼ੀ ਨੂੰ ਲਹਿੰਗਾ,
ਪਾਕੇ ਹਿਰਨੀ ਦੀ ਤੋਰ ਵਿਖਾਈ।
ਗੱਲ ਸੁਣ ਲਹਿੰਗਿਆ ਕਿਉਂ ਤੂੰ,
ਬਣਦਾ ਫਿਰਦਾ ਏਂ ਹਰਜਾਈ।
 
ਜਦੋਂ ਲਹਿੰਗੇ ਨੇ ਕਵੀ ਨੂੰ ਦਿੱਤਾ,
ਇਹ ਜਵਾਬ, ਕਵੀ ਨੂੰ ਕੋਈ ਗੱਲ,
ਹੀ ਨਾ ਆਈ।
 
ਪਹਿਲਾਂ ਖੇਤਾਂ ‘ਚੋਂ ਔਰਤਾਂ ਕਪਾਹ,
ਅਤੇ ਨਰਮਾਂ ਚੁਗਣ ਗਈਆਂ ਸਨ,
ਜ਼ਮੀਨ ਦੇ ਕਾਸ਼ਤਕਾਰਾਂ।
 
ਬਾਅਦ ‘ਚ ਆਈ ਵਾਰੀ ਵੇਲਣੇ,
ਦੀ, ਵੇਲ ਵੇਲਕੇ ਢੇਰ ਲਾਏ ਰੂੰ,
ਅਤੇ ਵੜ੍ਹੇਮਿਆਂ ਦੇ ਘਰ ਦੀਆਂ,
ਕਈ ਸੁਆਂਣੀਆਂ ‘ਤੇ ਸੋਹਣੀਆਂ,
ਮੁਟਿਆਰਾਂ।
 
ਕਾਸ਼ਤਕਾਰਾਂ ਵੇਚੀਆਂ ਵੇਲੇ ਹੋਏ,
ਰੂੰ ਅਤੇ ਵੜ੍ਹੇਮਿਆਂ ਦੀਆਂ ਪੰਡਾਂ,
ਜਾਕੇ ਸ਼ਹਿਰ ਦੇ ਸ਼ਾਹੂਕਾਰਾਂ।
ਉਨ੍ਹਾਂ ਅਗਾਂਹ ਵੇਚੀਆਂ ਮਹਿੰਗੇ,
ਭਾਹ ਉਹੀ ਰੂੰ ਦੀਆਂ ਪੰਡਾਂ ਜਾਕੇ,
ਕਾਰਖਾਨੇਦਾਰਾਂ।
 
ਮਸ਼ੀਨਾਂ ਵਿੱਚੀਂ ਰੂੰ ਨੂੰ ਕੱਤਕੇ ਧਾਗੇ,
ਦੀਆਂ ਰੀਲਾਂ ਦੀਆਂ ਲਾਈਆਂ ਕਈ,
ਸੌ ਕਤਾਰਾਂ।
ਰੂੰ ਨੂੰ ਕੱਤਕੇ ਬਣੇ ਧਾਗੇ ਨੂੰ ਉਨ੍ਹਾਂ,
ਰੰਗ ਚਾਹੜ ਦਿੱਤੇ ਕਈ ਹਜ਼ਾਰਾਂ।
 
ਮਸ਼ੀਨਾਂ ਨਾਲ਼ ਬੁਣਿਆਂ ਕੱਪੜ੍ਹਾ,
ਥੋਕ ‘ਚ ਖਰੀਦਿਆ ਜਾਕੇ ਕਈ,
ਦੁਕੀਨਦਾਰਾਂ।
 
ਲਹਿੰਗੇ ਦਾ ਕੱਪੜ੍ਹਾ ਭੇਜਿਆ ਸੀ,
ਫੁੱਲ ਬੂਟੀਆਂ ਪਾਉਣ ਅਤੇ ਧਾਗੇ,
ਲਿਸ਼ਕਦੇ ਨਾਲ਼ ਸੀਉਣ ਦੇ ਲਈ,
ਜਿੱਥੇ ਨੋਟ ਲੱਗੇ ਕਈ ਹਜ਼ਾਰਾਂ।
 
ਲਹਿੰਗੇ ਦਾ ਕੱਪੜ੍ਹਾ ਖਰੀਦਣ ਦੇ,
ਲਈ ਮੁਟਿਆਰ ਨੇ ਨਵੇਂ ਹਜ਼ਾਰ,
ਹਜ਼ਾਰ ਦੇ ਨੋਟ ਦਿੱਤੇ ਸਨ ਪੂਰੇ,
ਇਕ ਸੌ ਸਤਾਰਾਂ।
 
ਲਹਿੰਗੇ ਦਾ ਜਾਕੇ ਮੇਚ ਦਿੱਤਾ ਸੀ,
ਸ਼ਹਿਰ ਦੇ ਮਸ਼ਹੂਰ ਦਰਜ਼ੀ ਜਿਸ,
ਦੀ ਦੁਕਾਨ ਹੈ ਸਦਰ ਬਜ਼ਾਰਾਂ।
 
ਵਿਆਹ ਤੇ ਸਜੀ ਹੋਈ ਮੁਟਿਆਰ,
ਨੂੰ ਵੇਖਕੇ ਲੋਕੀਂ ਦੰਗ ਰਹਿ ਗਏ,
ਅਤੇ “ਕੇਵਲ” ਲਹਿੰਗੇ ਦਾ ਕਮਾਲ,
ਵੇਖਣ ਦੇ ਲਈ ਲੋਕ ਆ ਗਏ ਸਨ,
ਬੰਨ ਲੰਮੀਆਂ ਲੰਮੀਆਂ ਕਤਾਰਾਂ।
 23/09/2020


ਇੱਕ ਜ਼ਾਤੀ ਚਣੌਤੀ

ਕੇਵਲ ਸਿੰਘ ਜਗਪਾਲ

ਵੱਧਦੀ ਹੋਈ ‘ਉਮਰ’ ਤੈਂਨੂੰ ਮੇਰੇ ਵਲੋਂ,
ਇੱਕ ਜ਼ਾਤੀ ਚਣੌਤੀ ਏ।
 
ਤੇਰਾ ਆਪਣਾ ਵਜੂਦ ਤਾਂ ਹੈ ਕੋਈ ਨਾ,
ਤੂੰ ਵੱਕਤ ਦੇ ਨਾਲ਼ ਨਾਲ਼ ਹੀ ਵੱਧਦੀ,
ਏਂ।
 
ਤੇਰੀ ਕੀ ਹਸਤੀ ਏ, ਕੇਵਲ ਵੱਕਤ,
ਦੀ ਹੀ ਤੂੰ ਪੂਜਾ ਪਈ ਕਰਦੀ ਏਂ।
 
ਮੰਨਦਾ ਨਹੀਂ ਕਿ ਤੂੰ ਇੱਕ ਬਹੁਤ ਹੀ,
ਬੜ੍ਹੀ ਹਸਤੀ ਏਂ।
 
ਹਾਂ ਜਦੋਂ ਵੀ ਚਾਹੇਂ ਕਿਸੇ ਦਾ ਬਚਪਨ,
ਤਾਂ ਜ਼ਰੂਰ ਤੂੰ ਖੋਹ ਸੱਕਦੀ ਏਂ।
 
 
ਐਂਨਾਂ ਹੰਕਾਰ ਨਾ ਕਰੀ ਜਾ ਆਪਣੇ,
ਆਪ ਤੇ ਜੋ ਚਾਹੇਂ ਤੂੰ ਖੋਹ ਸੱਕਦੀ ਏਂ।
ਮੈਂਨੂੰ ਵੀ ਫ਼ਖ਼ਰ ਹੈ ਆਪਣੇ ਬੀਤ ਗਏ,
ਬਚਪਨੇ ਤੇ, ਤੂੰ ਮੇਰੇ ਬਚਪਨ ਦੀਆਂ,
ਯਾਦਾਂ ਨਹੀਂ ਖੋਹ ਸੱਕਦੀ ਏਂ ।
 
 
ਜੇਕਰ ਦੰਮ ਹੈ ਤਾਂ ਥੋੜ੍ਹੀ ਜਿਹੀ ਤੂੰ,
ਕਰ ਗ਼ਲਤੀ, ਮੇਰੇ ਬਚਪਨ ਦੀਆਂ,
ਢੇਰ ਸਾਰੀਆਂ ਉਹ ਯਾਦਾਂ ਤੂੰ ਖੋਹਕੇ
ਦਿਖਾ।
 
ਬਚਪਨਾ ਤਾਂ ਮੇਰਾ ਤੂੰ ਖੋਹ ਲਿਆ,
ਪਰ ਮੇਰੇ ਬਚਪਨ ਦੀਆਂ ਮਿਠੀਆਂ,
ਅਤੇ ਨਿਘੀਆਂ ਉਹ ਯਾਦਾਂ ਤੂੰ ਜ਼ਰਾ,
ਖੋਹ ਕੇ ਤਾਂ ਦਿਖਾ।
 
ਮੇਦੀ ਦਾਦੀ ਨੇ ਮੇਰੇ ਪੈਦਾ ਹੋਣ ਤੋਂ,
ਪਹਿਲਾਂ ਰੱਬ ਕੋਲ਼ ਉਹ ਕੀਤੀਆਂ,
ਸਨ ਅਰਦਾਸਾਂ, ਤੂੰ ਖੋਹ ਕੇ ਦਿਖਾ।
 
ਮਾਂ ਨੂੰ ਜਗਾਇਆ ਸੀ ਕਈ ਕਈ,
ਰਾਤਾਂ ਤੂੰ ਖੋਹ ਕੇ ਤਾਂ ਦਿਖਾ।
 
ਮਾਂ ਨੇ ਖਾਣਾਂ, ਬੋਲਣਾਂ ਅਤੇ ਤੁਰਨਾ,
ਸੀ ਸਿੱਖਾਇਆ, ਜ਼ਰਾ ਤੂੰ ਖੋਹ ਕੇ,
ਤਾਂ ਦਿਖਾ।
 
ਬਾਪੂ ਨੇ ਮੈਂਨੂੰ ਸਾਈਕਲ ਚਲਾਉਣਾ,
ਸੀ ਸਿੱਖਾਇਆ, ਜ਼ਰਾ ਤੂੰ ਖੋਹ ਕੇ,
ਤਾਂ ਦਿਖਾ।
 
ਮੇਰੇ ਬਾਬਾ ਜੀ ਨੇ ਮੈਂਨੂੰ ਛੋਟੇ ਹੁੰਦੇ,
ਨੂੰ ਤਰਨਾ ਸੀ ਸਿੱਖਾਇਆ ਜ਼ਰਾ,
ਤੂੰ ਖੋਹਕੇ ਤਾਂ ਦਿਖਾ।
 
ਮੇਰੀ ਦਾਦੀ ਜੀ ਨੇ ਜਪੁਜੀ ਸਾਹਿਬ,
ਦਾ ਪਾਠ ਕਰਨਾ ਸੀ ਸਿੱਖਾਇਆ,
ਜ਼ਰਾ ਤੂੰ ਖੋਹ ਕੇ ਤਾਂ ਦਿਖਾ।
 
ਮੇਰੀ ਭੈਣ ਨੇ ਸਕੂਲ ਦਾ ਕੰਮ ਕਰਨਾ,
ਸੀ ਸਿੱਖਾਇਆ, ਜ਼ਰਾ ਤੂੰ ਖੋਹਕੇ ਤਾਂ,
ਦਿਖਾ।
 
ਪੰਜ ਸਾਲ ਦੀ ਉਮਰ ਵਿੱਚ ਗੁੱਟਕਾ,
ਸੀ ਇਨਾਮ ਵਜੋਂ ਪਾਇਆ, ਜ਼ਰਾ ਤੂੰ,
ਖੋਹ ਕੇ ਤਾਂ ਦਿਖਾ।
 
ਮਾਂ ਨੂੰ ਜਗਾਇਆ ਸੀ ਕਈ ਕਈ,
ਰਾਤਾਂ ਤੂੰ ਖੋਹ ਕੇ ਤਾਂ ਦਿਖਾ।
 
ਉਹ ਸੌਣ ਵੇਲ਼ੇ ਵੇਖੀ ਮਿੱਠੀ ਮਿੱਠੀ,
ਚੰਦ ਦੀ ਚਾਨਣੀ ਅਤੇ ਤਾਰਿਆਂ,
ਦੀਆਂ ਉਹ ਬਰਾਤਾਂ ਤੂੰ ਖੋਹ ਕੇ,
ਤਾਂ ਦਿਖਾ।
 
ਸਕੂਲ ਵਿੱਚ ਪਾਸ ਕੀਤੀਆਂ ਸਨ,
ਕਈ ਸਾਰੀਆਂ ਜਮਾਤਾਂ, ਤੂੰ ਖੋਹ ਕੇ,
ਤਾਂ ਦਿਖਾ।
 
ਸਕੂਲ ਦੇ ਮਾਸਟਰਾਂ ਦੀਆਂ ਮੂੰਹ ਤੇ,
ਖਾਦੀਆਂ ਸਨ ਉਹ ਚਾਂਟਾਂ ਤੂੰ ਖੋਹਕੇ,
ਤਾਂ ਦਿਖਾ।
 
ਵੱਡੀ ਭੈਣ ਦੇ ਵਿਆਹ ਤੇ ਪਹਿਲੀ ਹੀ,
ਬਾਰ ਦੇਖੇ ਸਨ ਲੱਗੇ ਹੋਏ ਤੰਬੂ ਅਤੇ,
ਕਨਾਤਾਂ ਤੂੰ ਖੋਹਕੇ ਤਾਂ ਦਿਖਾ।
 
ਉਹ ਨਿਆਣੇਂ ਕੁੱਟ ਮੀਹਾਂ ਵਾਲ਼ੀਆਂ,
ਕੋਠੇ ਤੇ ਕੱਟੀਆਂ ਸਨ ਉਹ ਰਾਤਾਂ,
ਅਤੇ ਬਰਸਾਤਾਂ, ਤੂੰ ਜ਼ਰਾ ਖੋਹ ਕੇ,
ਤਾਂ ਦਿਖਾ।
 
ਜਿਹੜ੍ਹੀਆਂ ਬਚਪਨੇ ਵਿੱਚ ਕੀਤੀਆਂ,
ਸਨ ਉਹ ਸ਼ਰਾਰਤਾਂ, ਤੂੰ ਜ਼ਰਾ ਖੋਹ,
ਕੇ ਤਾਂ ਦਿਖਾ।
 
ਮੇਰੀ ਦਾਦੀ ਜੀ ਨੇ ਸੁਣਾਈਆਂ ਸਨ,
ਉਹ ਬਾਤਾਂ, ਤੂੰ ਜ਼ਰਾ ਖੋਹ ਕੇ ਤਾਂ,
ਦਿਖਾ।
 
ਜਿਹੜ੍ਹੀਆਂ ਦਾਦੀ ਜੀ ਨੇ ਮੇਰੇ ਨਾਲ਼,
ਬੀਤਾਈਆਂ ਸਨ ਉਹ ਸੁਨਹਿਰੀ,
ਰਾਤਾਂ, ਤੂੰ ਜ਼ਰਾ ਖੋਹ ਕੇ ਤਾਂ ਦਿਖਾ।
 
ਕਈ ਦਾਦੀ ਜੀ ਨਾਲ਼ ਸੁਫਨਿਆਂ ਦੇ,
ਵਿੱਚ ਕੀਤੀਆਂ ਸਨ ਉਹ ਨਾ ਭੁੱਲਣ,
ਵਾਲ਼ੀਆਂ ਮੁਲਾਕਾਤਾਂ, ਤੂੰ ਜ਼ਰਾ ਖੋਹ,
ਕੇ ਤਾਂ ਦਿਖਾ।
 
ਜਿਹੜ੍ਹੀਆਂ ਦਾਦੀ ਜੀ ਨੇ “ਕੇਵਲ”,
ਨੂੰ ਦਿੱਤੀਆਂ ਸਨ ਅਨਮੋਲ ਸੌਗਾਤਾਂ,
ਤੂੰ ਉਹ ਜ਼ਰਾ ਖੋਹ ਕੇ ਤਾਂ ਦਿਖਾ।
 16/09/2020


ਕਿਸ ਕੰਮ ਦੀ
(ਭਾਗ ਪਹਿਲਾ)
ਕੇਵਲ ਸਿੰਘ ਜਗਪਾਲ
 
ਜੇਕਰ ਵਿਛੜ੍ਹੇ ਹੋਏ ਦੋਸਤਾਂ,
ਦੀ ਯਾਦ ਨਾ ਆਵੇ ਤਾਂ ਉਹ,
ਤਨਹਾਈ ਕਿੱਸ ਕੰਮ ਦੀ?
 
ਜੇਕਰ ਪਹੁੰਚ ਕੇ ਮੰਜ਼ਿਲ ਤੋਂ,
ਦੋਸਤਾਂ ਨੂੰ ਖੁੱਸ਼ ਨਾ ਕਰ ਸੱਕਾਂ,
ਉਹ ਉਚਾਈ ਕਿਸ ਕੰਮ ਦੀ?
 
ਜੋ ਖਾਣ ਸੋਨਾ ਨਾ ਕੱਢ ਸੱਕੇ,
ਉੱਸ ਦੀ ਖੀਤੀ ਹੋਈ ਖ਼ੁਦਾਈ,
ਕਿਸ ਕੰਮ ਦੀ?
 
ਜੋ ਲਿੱਖਿਆ ਕੋਈ ਪੜ੍ਹ ਹੀ ਨਾ,
ਸੱਕੇ, ਉਹ ਕੀਤੀ ਲਿਖਾਈ ਵੀ,
ਕਿਸ ਕੰਮ ਦੀ?
 
ਜਿਹੜਾ ਜੀਉਂਦਿਆਂ ਕਮਾਇਆ,
ਪੈਸਾ ਖਰਚ ਨਾ ਸੱਕੇ ਤਾਂ ਉਹ,
ਕੀਤੀ ਹੋਈ ਕਮਾਈ ਕਿਸ ਕੰਮ,
ਦੀ?
 
ਜਿਹੜਾ ਬਿਗੜ੍ਹਿਆਂ ਨੂੰ ਸੁਧਾਰ,
ਨਾ ਸੱਕੇ ਤਾਂ ਉਹ ਕੀਤੀ ਹੋਈ,
ਘੋਰ ਲੜ੍ਹਾਈ ਵੀ ਕਿਸ ਕੰਮ ਦੀ?
 
 
ਉੱਪਰੋਂ ਕਹਿਰ ਦੀ ਗਰਮੀ,
ਹੋਵੇ ਤਾਂ ਸੌਣ ਵੇਲ਼ੇ ਉੱਤੇ ਲਈ,
ਹੋਈ ਰਜ਼ਾਈ ਕਿਸ ਕੰਮ ਦੀ?
 
ਜੇਕਰ ਸਾਰੀ ਹੀ ਫ਼ਸਲ ਮਰ,
ਜਾਵੇ ਤਾਂ ਕੀਤੀ ਹੋਈ ਬਿਜਾਈ,
ਅਤੇ ਗੁਡਾਈ ਕਿਸ ਕੰਮ ਦੀ?
 
ਜਿੱਥੇ ਵਿਆਹ ਹੀ ਨਾ ਹੋ ਸੱਕੇ,
ਉਥੇ ਕੀਤੀ ਹੋਈ ਕੁੜਮਾਈ,
ਕਿਸ ਕੰਮ ਦੀ?
 
ਜਿੱਸ ਵਿੱਚ ਨਿੰਬੂ ਰੱਸ ਅਤੇ,
ਬਦਾਮ ਹੀ ਨਾ ਪਾਏ ਹੋਣ ਤਾਂ,
ਘੋਲ਼ਕੇ ਬਣਾਈ ਸ਼ਰਦਾਈ ਵੀ,
ਕਿਸ ਕੰਮ ਦੀ?
 
ਜੇਕਰ ਨਿਓਂਦਾ ਖਾਕੇ ਪੰਡਤ,
ਦੇ ਲਾਏ ਹੋਏ ਟੇਵੇ ਠੀਕ ਨਾ,
ਨਿਕਲਣ ਤਾਂ ਉੱਸ ਨੂੰ ਦਿੱਤੀ,
ਹੋਈ ਦੰਦ ਘਸਾਈ ਹੀ ਕਿਸ,
ਕੰਮ ਦੀ?
 
ਜਿਸ ਕੋਲੋਂ ਰੁਸੇ ਹੋਏ ਰਿਸ਼ਤੇ,
ਹੀ ਨਾ ਮਨਾਏ ਜਾਣ ਤਾਂ ਉੱਸ,
ਦੀ ਕੀਤੀ ਹੋਈ ਵਡਿਆਈ ਵੀ,
ਕਿਸ ਕੰਮ ਦੀ?
 
ਜੇਕਰ ਕੋਈ ਆਪਣਾ ਰੱਬ ਨੂੰ,
ਪਿਆਰਾ ਹੋ ਜਾਏ ਤਾਂ ਗੁਆਂਡ,
ਬੱਜ ਰਹੀ ਸ਼ਹਿਨਾਈ ਵੀ ਕਿੱਸ,
ਕੰਮ ਦੀ?
 
ਜੇਕਰ ਇਹ ਕਵਿਤਾ ਪੜ੍ਹਣ,
ਵਾਲ਼ਿਆਂ ਨੂੰ ਪਸੰਦ ਨਾ ਆਵੇ,
ਤਾਂ “ਕੇਵਲ” ਦੀ ਕੀਤੀ ਹੋਈ,
ਲਿਖਾਈ ਵੀ ਕਿਸ ਕੰਮ ਦੀ?
 09/09/2020
 

ਕਿਸ ਕੰਮ ਦੀ (ਭਾਗ ਦੂਜਾ)
ਕੇਵਲ ਸਿੰਘ ਜਗਪਾਲ

ਜੇਕਰ ਦੋਸਤ ਹੀ ਨਾ ਹੁੰਦੇ ਤਾਂ,
ਦੋਸਤੀ ਕਿਸ ਕੰਮ ਦੀ।
ਜਿਹੜੀ ਰਿਸ਼ਤੇਦਾਰੀ ਔਖਾ,
ਵਕਤ ਹੀ ਨਾ ਲੰਘਾ ਸੱਕੇ ਤਾਂ,
ਉਹ ਰਿਸ਼ਤੇਦਾਰੀ ਵੀ ਕਿਸ,
ਕੰਮ ਦੀ।
 
ਜੇਕਰ ਪਾਣੀ ਹੀ ਨਾ ਹੁੰਦਾ ਤਾਂ,
ਨਦੀ ਕਿਸ ਕੰਮ ਦੀ।
ਜੇਕਰ ਸਮੁੰਦਰ ਹੀ ਨਾ ਹੁੰਦੇ,
ਤਾਂ ਕਿਸ਼ਤੀ ਕੰਮ ਦੀ।
ਝੂਠੇ ਬੰਦਿਆਂ ਨੂੰ ਦੱਸੋ ਸਚਾਈ,
ਕਿਸ ਕੰਮ ਦੀ।
 
ਜੇ ਦੇਖਣ ਨੂੰ ਕੁੱਝ ਨਾ ਹੁੰਦਾ,
ਤਾਂ ਨਿਗਾਹ ਕਿਸ ਕੰਮ ਦੀ।
ਜੇਕਰ ਹੰਝੂ ਨਾ ਹੁੰਦੇ ਤਾਂ ਉਹ,
ਅੱਖ ਕਿਸ ਕੰਮ ਦੀ।
 
ਜੇਕਰ ਸਰੀਰ ਵਿਚ ਦਿਲ ਹੀ,
ਨਾ ਹੁੰਦਾ ਤਾਂ ਧੜਕਣ ਕਿਸ,
ਕੰਮ ਦੀ।
ਜੇਕਰ ਇਸ ਦੁਨੀਆਂ ਤੇ ਮਾਂ,
ਹੀ ਨਾ ਹੁੰਦੀ ਤਾਂ ਮਮਤਾ ਵੀ,
ਕਿਸ ਕੰਮ ਦੀ।
 
ਜਿਹੜੀ ਚੜ੍ਹੇ ਹੀ ਨਾ ਤਾਂ ਉਹ,
ਸ਼ਰਾਬ ਕਿਸ ਕੰਮ ਦੀ।
ਵਿਸਕੀ ਦੇ ਸ਼ਕੀਨਾਂ ਨੂੰ ਹੁੰਦੀ,
ਰੰਮ ਕਿਸ ਕੰਮ ਦੀ।
 
ਜਿਹੜੀ ਗ਼ਰੀਬ ਦਾ ਢਿੱਡ ਹੀ,
ਨਾ ਭਰ ਸੱਕੇ ਉਹ ਸਰਕਾਰ,
ਕਿਸ ਕੰਮ ਦੀ।
ਜੇ ਦੁੱਧ ਹੀ ਨਾ ਦੇਵੇ ਤਾਂ ਉਹ,
ਲਵੇਰ ਵੀ ਕਿਸ ਕੰਮ ਦੀ।
ਜੇਕਰ ਸਰਦੀਆਂ ਨੂੰ ਸੂਰਜ,
ਨਾ ਹੀ ਚੜ੍ਹੇ ਤਾਂ “ਕੇਵਲ”,
ਉਹ ਸਵੇਰ ਕਿਸ ਕੰਮ ਦੀ।
 09/09/2020


ਔਰਤ ਦੀ ਸਚਾਈ

ਕੇਵਲ ਸਿੰਘ ਜਗਪਾਲ

ਸੁਬ੍ਹਾ ਸਵੇਰੇ ਸਾਰਿਆਂ ਤੋਂ ਪਹਿਲਾਂ,
ਜਾਗੇ ਔਰਤ, ਵੱਕਤ ਸਿਰ ਬੱਚਿਆਂ,
ਨੂੰ ਜਗਾਏ ਔਰਤ।
ਨਾਸ਼ਤਾ ਬਣਾਕੇ ਸਾਰਿਆਂ ਨੂੰ ਵਰਤਾ,
ਕੇ ਜੋ ਬੱਚਿਆ ਉਹ ਹੀ ਖਾਏ ਔਰਤ।
 
ਬੱਚਿਆਂ ਨੂੰ ਤਿਆਰ ਕਰਕੇ ਸਕੂਲ,
ਪਹੁੰਚਾਏ ਅਤੇ ਸਕੂਲੋਂ ਲਿਆਏ ਵੀ,
ਔਰਤ।
ਸਾਰਿਆਂ ਦੇ ਜੂੱਠੇ ਮਾਂਜੇ ਭਾਂਡੇ ਅਤੇ,
ਗੰਦੇ ਕੱਪੜ੍ਹੇ ਧੋ ਕੇ ਸੁਕਾਏ ਔਰਤ।
 
ਫਿਰ ਵੀ ਕਈ ਵਾਰ ਕੁੱਚਜੀ ਸੱਸ ਦੇ,
ਕੋਲ਼ੋਂ ਭੈੜ੍ਹੇ ਬੋਲ-ਕਬੋਲ ਸੁਣੇਂ ਔਰਤ।
ਕਦੀ ਕਦੀ ਮਰਦ ਦੀਆਂ ਗਾਲ਼ਾਂ ਤੇ.
ਝਿੜ੍ਹਕੇ ਵੀ ਖਾਏ ਔਰਤ।
 
ਜਦੋਂ ਕਿਤੇ ਬੱਚੇ ਜਾਂ ਜੀਵਨ ਸਾਥੀ,
ਦੇ ਸੱਟ-ਚੋਟ ਲੱਗ ਜਾਏ ਤਾਂ ਸੱਭ ਤੋਂ,
ਜ਼ਿਆਦਾ ਦੁਖੀ ਹੋਵੇ ਔਰਤ।
ਟੱਬਰ ਦੀ ਹਰ ਖੁਸ਼ੀ ਦੀ ਖ਼ਾਤਰ,
ਆਪਣਾ ਸੱਭ ਕੁੱਝ ਲੁਟਾਏ ਔਰਤ।
 
ਪੇਕਿਆਂ ਤੋਂ ਦੂਰ ਆਕੇ ਇੱਕ ਨਵਾਂ,
ਘਰ ਵਸਾਏ ਔਰਤ।
ਸਹੁਰੇ ਘਰ ਆਕੇ ਰਿਸ਼ਤਿਆਂ ਦੀ,
ਇੱਕ ਲੰਮੀ ਲੜ੍ਹੀ ਬਣਾਏ ਔਰਤ।
 
ਆਪਣੀ ਚੁੰਨੀ ਭਾਵੇਂ ਮੈਲ਼ੀ ਹੋ ਜਾਏ,
ਪਰ ਦਾਗ਼ ਲਾਣੇ ਦੇ ਧੋਵੇ ਔਰਤ।
ਉਹ ਘਰ ਬਿਲਕੁਲ ਅਧੂਰਾ ਹੀ,
ਹੁੰਦਾ ਜਿਸ ਘਰ ਵਿੱਚ ਨਹੀਂ ਹੁੰਦੀ,
ਔਰਤ।
 
ਭੈੜ੍ਹੀਆਂ ਨਜ਼ਰਾਂ ਵਾਲ਼ੇ ਇੰਝ ਪਏ,
ਤੱਕਣ ਜਦੋਂ ਬੱਸ ਸਟੌਪ ਤੇ ਕੱਲੀ,
ਕਹਿਰੀ ਖੜ੍ਹੀ ਹੋਵੇ ਔਰਤ।
ਜੱਗ ਜਨਣੀ ਜੱਗ ਦੇ ਦੁੱਖ ਪਈ,
ਸਹਿੰਦੀ ਜਦੋਂ ਕਿ ਕੁੱਖ ਵਿੱਚ ਕਿਸੇ,
ਬਿਨਾ ਕਸੂਰ ਕੀਤਿਆਂ ਹੀ ਮਾਰੀ,
ਜਾਂਦੀ ਔਰਤ।
 
ਆਪਣੇ ਟੱਬਰ ਦਾ ਬਿਨਾ ਨਾਗਾ,
ਤਿੰਨ ਡੰਗ ਖਾਣਾ ਬਣਾਉਂਦੀ ਔਰਤ।
ਜੇਕਰ ਖਾਣ ਨੂੰ ਖਾਣਾ ਨਾ ਬਚੇ ਤਾਂ,
ਪਾਣੀ ਪੀ ਕੇ ਖ਼ੁਦ ਭੁੱਖੀ ਹੀ ਸੌਂ ਜਾਏ.
ਔਰਤ।
ਜਦੋਂ ਕਿਸੇ ਬੇਗ਼ੈਰਤ ਦੇ ਘਰ ਬੇਟੀ,
ਜੰਮਦੀ ਤਾਂ ਫਿਰ ਕਿਉਂ ਉਹ ਪੱਥਰ,
ਕਹਿਲਾਏ ਔਰਤ।
 
ਮਾਂ ਪਿਓ ਦੇ ਘਰ ਪੈਦਾ ਹੋ ਕੇ ਫਿਰ,
ਵੀ ਕਿਉਂ ਪਰਾਇਆ ਧੰਨ ਕਹਿਲਾਏ,
ਔਰਤ।
 
ਪੰਜਾਬੀ ਸਮਾਜ ‘ਚ ਹਜੇ ਵੀ ਮਰਦ,
ਪ੍ਰਧਾਨਗੀ ਚੱਲਦੀ ਅਤੇ ਸਹੀ ਬਣਦਾ,
ਰੁਤਬਾ ਨਾ ਲੈ ਪਾਏ ਔਰਤ।
“ਕੇਵਲ” ਇਸ ਫਰਿਸ਼ਤੇ ਦਾ ਬਣਦਾ,
ਹੱਕ ਨਾ ਪੇਕੀਂ ਨਾ ਸਹੁਰੀਂ ਨਾ ਹੀ,
ਕੋਈ ਆਪਣਾ ਹੱਕ ਜਤਾਏ ਔਰਤ।
02/09/2020 


ਸੁੱਖ

ਕੇਵਲ ਸਿੰਘ ਜਗਪਾਲ

ਹੇ ‘ਸੁੱਖ’ ਥੌਹ ਪਤਾ ਤੇਰਾ ਕਿੱਥੋਂ ਲਵਾਂ ?
ਤੇਰੇ ਟਿਕਾਣੇਂ ਦਾ ਸਰਨਾਵਾਂ ਕਿਸ ਤੋਂ ਲਵਾਂ ?
 
ਐਂਵੀਂ ਬਣ ਬੈਠਾ ਏਂ ਤੂੰ ਬੜ੍ਹਾ ਹੀ ਦੀਵਾਨਾਂ,
ਫਿਰ ਵੀ ਦੱਸ ਦੇ ਤੇਰਾ ਹੈ ਕਿੱਥੇ ਏ ਟਿਕਾਣਾ ?
 
ਕਿੱਥੋਂ ਲੱਭਦਾ ਫਿਰਿਆਂ ਹਾਂ ਮੈਂ ਤੈਨੂੰ,
ਕਿਤੇ ਵੀ ਨਾ ਮਿਲ਼ ਸੱਕਿਆਂ ਏਂ ਤੂੰ ਮੈਂਨੂੰ ?
 
ਤੈਨੂੰ ਲੱਭਦਾ ਫਿਰਾਂ ਵਿੱਚੋਂ ਕੋਠੀਆਂ ਮਕਾਨਾਂ।
ਨਾਲ਼ੇ ਭਾਲ਼ਾਂ ਬੜ੍ਹੇ ਬੜ੍ਹੇ ਮਾਲਾਂ ਅਤੇ ਦੁਕਾਨਾਂ।
 
ਕਦੀ ਤੈਨੂੰ ਭਾਲ਼ਦਾ ਫਿਰਾਂ ਵਿੱਚੋਂ ਮਹਿੰਗੇ,
ਸੁਆਦਲੇ ਖਾਣਿਆਂ ਅਤੇ ਪਕਵਾਨਾਂ।
 
ਲੱਭਦਾ ਫਿਰਾਂ ਠਰਕੀ ਬਾਬਿਆਂ ਦੇ ਡੇਰਿਆਂ।
ਭਾਲ਼ਦਾ ਫਿਰਾਂ ਧਾਰਮਕ ਸਥਾਨਾਂ ਵਥੇਰਿਆਂ।
 
ਜੇ ਤੂੰ ਮਿਲ਼ਦਾ ਏਂ ਬਗ਼ਾਨੀ ਰੋਟੀ ਸੇਕਿਆਂ।
ਲੱਭਦਾ ਫਿਰਾਂ ਤੈਨੂੰ ਮਾਤਾ ਜੀ ਦੇ ਪੇਕਿਆਂ।
 
ਤੂੰ ਮਿਲ਼ਦਾ ਏਂ ਬੀੜ੍ਹ ਮੁਹਰੇ ਮੱਥਾ ਟੇਕਿਆਂ।
ਤੂੰ ਜ਼ਰੂਰ ਮਿਲ਼ਦਾ ਏਂ ਟੱਬਰ ਦੇ ਏਕਿਆਂ।
 
ਤੈਨੂੰ ਲੱਭਦਾ ਫਿਰਾਂ ਮੈਂ ਤੀਵੀਂ ਦੇ ਪੇਕਿਆਂ।
ਕਈ ਕਹਿੰਦੇ ਤੂੰ ਮਿਲ਼ਦਾ ਜਾਕੇ ਠੇਕਿਆਂ।
 
ਉਹ ਸਾਕੀ ਵੀ ਤੈਨੂੰ ਭਾਲ਼ ਰਹੇ ਨੇ।
ਮੈਂਨੂੰ ਵੀ ਤੇਰੇ ਵਾਰੇ ਪੁੱਛ ਰਹੇ ਨੇ।
 
ਕੀ ਤੁਹਾਨੂੰ ਪਤਾ ‘ਸੁੱਖ’ ਕਿੱਥੇ ਰਹਿੰਦਾ ਏ ?
ਸਾਰੇ ਹੀ ਪੁੱਛਦੇ ‘ਸੁੱਖ’ ਕਿੱਥੇ ਰਹਿੰਦਾ ਏ ?
 
ਮੇਰੇ ਕੋਲ਼ ਤਾਂ ਦੁੱਖ ਦਾ ਹੀ ਸਰਨਾਵਾਂ ਏ।
ਜਿੱਸਦਾ ਬਿਨ ਨਾਗਾ ਆਉਂਣਾ ਜਾਣਾਂ ਏ।
 
ਅੱਕ ਕੇ ਮੈਂ ਠਾਣੇ ਜਾਕੇ ਇੱਕ ਰੱਪਟ ਲਿਖਾਈ।
ਪਰ ਇਸ ਵਿੱਚ ਸਫਲਤਾ ਨਾ ਮਿਲ਼ ਪਾਈ।
ਦਰੋਗਾ ਕਹਿੰਦਾ ਤੂੰ ਤਾਂ ਹੋ ਗਿਆ ਏਂ ਸੁਦਾਈ।
ਹਸਪਤਾਲ਼ ਜਾਕੇ ਆਪਣਾ ਇਲਾਜ ਕਰਵਾਈਂ।
 
ਹੁਣ ਤਾਂ ਹੋ ਗਈ ਉਮਰ ਢਲਾਣ ਤੇ ਹੈ।
ਮੇਰਾ ਹੌਸਲਾ ਤੇ ਸਰੀਰਕ ਥਕਾਨ ਵੀ ਹੈ।
 
ਹਾਂ ਉੱਸ ਦੀ ਤਸਵੀਰ ਮੇਰੇ ਪਾਸ ਏ।
ਹਜੇ ਬਚੀ ਹੋਈ ਥੋੜ੍ਹੀ ਜਿਹੀ ਆਸ ਏ।
ਥੋੜ੍ਹੀ ਜਿਹਾ ਮਿਲ਼ ਰਿਹਾ ਧਰਵਾਸ ਏ।
 
ਮੈਂ ਹਾਰ ਨੂੰ ਹਰ ਗਿਜ਼ ਨਹੀਂ ਮਨੂੰਗਾ।
‘ਸੁੱਖ’ ਦਾ ਪਤਾ ਜ਼ਰੂਰ ਲੱਭਕੇ ਛੱਡੂੰਗਾ।
 
ਬਚਪਨ ਵਿੱਚ ਮਿਲ਼ਿਆ ਕਰਦਾ ਸੀ।
ਉਹ ਮੇਰੇ ਨਾਲ਼ ਹੀ ਰਿਹਾ ਕਰਦਾ ਸੀ।
ਜਦੋਂ ਮੇਰੇ ਬਚਪਨਾ ਖੋਹ ਗਿਆ ਸੀ।
ਮੇਰਾ ‘ਸੁੱਖ’ ਮੇਥੋਂ ਅਲੱਗ ਹੋ ਗਿਆ ਸੀ।
 
ਮੈਂ ਫਿਰ ਵੀ ਨਹੀਂ ਹੋਇਆ ਉਦਾਸ।
ਪੂਰੀ ਰੱਖੀ ਹੋਈ ਏ ਮਿਲਣੇ ਦੀ ਆਸ।
 
ਇੱਕ ਦਿਨ ਜਦੋਂ ਇਹ ਅਵਾਜ਼ ਆਈ।
ਮੈਂਨੂੰ ਲੱਗਾ ਕਿ ਮੇਰੀ ਹੋਣੀ ਏ ਸੁਣਵਾਈ।
 
ਤੂੰ ਮੈਂਨੂੰ ਬਾਹਰ ਕਿਉਂ ਭਾਲ਼ਦਾ ਰਿਹਾ ਏਂ।
ਤੇਰੇ ਅੰਦਰ ਹੀ ਤਾਂ ਰਹਿ ਰਿਹਾ ਹਾਂ।
 
ਮੇਰੀ ਲਗਾਈ ਜਾਵੇ ਨਾ ਕੋਈ ਕੀਮਤ।
ਮੈਂ ਸਿੱਕੀਆਂ ਤੱਕ ਨਹੀਂ ਹਾਂ ਸੀਮਤ।
 
ਮੇਰੀ ਲਗਾਈ ਜਾਂਦੀ ਏ ਨਹੀਂ ਕਦੀ ਬੋਲੀ।
ਨਾ ਹੀ ਇਹ ਜਾਂਦੀ ਏ ਵਿੱਚ ਤੱਕੜ੍ਹੀ ਤੋਲੀ।
 
ਮੈਂ ਵੱਸਦਾ ਬੱਚਿਆਂ ਦੀ ਮੁਸਕਾਨ ਵਿੱਚ ਹਾਂ।
ਮੈਂ ਵੱਸਦਾ ਸ਼ਬਦਾਂ ਤੇ ਸਾਜਾਂ ਦੇ ਤਾਂਨ ਵਿੱਚ ਹਾਂ।
ਸਾਰੇ ਟੱਬਰ ਨਾਲ਼ ਬੈਠਕੇ ਖਾਣਾ ਖਾਣ ਵਿੱਚ ਹਾਂ।
ਟੱਬਰ ਦੇ ਸੰਤੋਖ ਨਾਲ਼ ਜਿਉਂਣੇ ਜੀਂਣ ਵਿੱਚ ਹਾਂ।
ਮਾਤਾ ਪਿਤਾ ਦੇ ਦਿੱਤੇ ਅਸ਼ੀਰਵਾਦ ਵਿੱਚ ਹਾਂ।
 
ਰਸੋਈ ਵਿੱਚ ਬਣਾਏ ਗਏ ਖਾਣਿਆਂ ਵਿੱਚ ਹਾਂ।
ਬੱਚਿਆਂ ਦੀ ਕੀਤੀ ਗਈ ਸਫਲਤਾ ਵਿੱਚ ਹਾਂ।
ਮਾਂ ਦੀ ਨਿੱਗੀ ਜਿਹੀ ਕੋਮਲ ਮਮਤਾ ਵਿੱਚ ਹਾਂ।
ਹਰ ਪੱਲ ਤੇਰੇ ਨਾ ਹੀ ਤਾਂ ਰਹਿ ਰਿਹਾ ਹਾਂ।
‘ਤੇ ਬਾਰ ਬਾਰ ਹੀ ਤੈਂਨੂੰ ਇਹੀ ਕਹਿ ਰਿਹਾ ਹਾਂ।
 
ਜਿਹੜਾ ਕੋਲ਼ ਏ, ਮਾਣ ਉੱਸਦਾ ਸਕੂਨ ਤੂੰ।
ਅੱਜ ਸੋਹਣਾ ਜੀ ਲੈ, ਕੱਲ੍ਹ ਦਾ ਨਾ ਸੋਚੀਂ ਤੂੰ।
ਕੱਲ੍ਹ ਵਾਰੇ ਸੋਚਕੇ, ਅੱਜ ਨਾ ਖੋਹ ਲਈਂ ਤੂੰ।
ਮੇਰੇ ਲਈ, ਕਦੀ ਨਾ ਐਵੀਂ ਨਾ ਸੋਚੀਂ ਤੂੰ।
ਮੇਰੇ ਲਈ, ਹੋ ਸਕੇ ਤਾਂ ਕਦੀ ਨਾ ਰੋਵੀਂ ਤੂੰ।
ਮੈਂ ਸਦਾ ਹੀ ਦੇਖਣਾ ਚਹੁੰਦਾ ਹਾਂ ਸੁਖੀ ਤੂੰ।
 
ਮੈਂਨੂੰ ਆਪਣੇ ਵਿੱਚ ਹੀ ਸਦਾ ਟੋਲ਼ੀ ਤੂੰ।
ਉੱਥੇ ਹੀ ਮੈਂਨੂੰ ਮਿਲ਼ ਪਾਉਂਗਾ ਤੂੰ।
 
ਮੈਂ ਤਾਂ ਸਦਾ ਹੀ ਰਹਿੰਦਾ ਤੇਰੇ ਪਾਸ।
ਹੁਣ ਤੂੰ ਨਾ ਲਾਈਂ ਮੇਰੀ ਕੋਈ ਕਲਾਸ।
ਅੱਜ ਤੋਂ ਛੱਡ ਦੇ ਕਰਨੀ ਮੇਰੀ ਤਲਾਸ਼।
ਮੈਂ ਤਾਂ ਹਾਂ “ਕੇਵਲ” ਇੱਕ ਅਹਿਸਾਸ।
 27/08/2020


ਬੰਦਾ ਕੀ ਭਾਲ਼ਦੈ

ਕੇਵਲ ਸਿੰਘ ਜਗਪਾਲ

ਬੱਚਾ ਜੰਮਣ ਤੋਂ ਪਹਿਲਾਂ ਪ੍ਰਵਾਰ,
ਡਾਕਟਰਾਂ ਕੋਲੋਂ ਟੈਸਟ ਕਰਵਾਕੇ,
ਪਹਿਲਾਂ ਪੈਦਾ ਹੋਏ ਬੱਚੇ ਦਾ ਇੱਕ,
‘ਭਾਈ’ ਭਾਲ਼ਦੈ।
 
ਮੁੰਡੇ ਦੇ ਜੰਮਣ ਵੇਲ਼ੇ ਪ੍ਰਵਾਰ ਇੱਕ,
ਬੜ੍ਹੀ ਹੀ ਸੁਗੜ੍ਹ ਸਿਆਣੀ ਨਰਸ,
ਜਾਂ ਇੱਕ ‘ਦਾਈ’ ਭਾਲ਼ਦੈ।
 
ਜਦੋਂ ਮੱਝ ਤੋਕੜ ਹੋ ਜਾਂਦੀ ਤਾਂ,
ਸੱਜਰੀ ਸੂਈ ਹੋਈ ਮੱਝ ਲਿਆਕੇ,
ਪ੍ਰਵਾਰ ਦੇ ਲਈ ‘ਦੁੱਧ, ਲੱਸੀ ‘ਤੇ,
ਮਲ਼ਾਈ’ ਭਾਲ਼ਦੈ।
 
ਬੱਚਿਆਂ ਦੇ ਪਾਲਣ-ਪੋਸਣ ਕਰਨ,
ਅਤੇ ਘਰ ਦੀ ਸਫਾਈ ਕਰਨ ਦੇ,
ਲਈ ਇੱਕ ‘ਮਾਈ’ ਭਾਲ਼ਦੈ।
 
ਜਦੋਂ ਕਾਕਾ ਬਾਰਾਂ ਪਾਸ ਕਰ,
ਲੈਂਦਾ ਤਾਂ ਕਾਕੇ ਨੂੰ ਇੱਕ ਕਾਲਜ,
ਵਿੱਚ ਦਾਖਲ ਕਰਾਕੇ ਇੱਕ ਉੱਚੀ,
‘ਪੜ੍ਹਾਈ’ ਭਾਲ਼ਦੈ।
 
ਜਦੋਂ ਕਾਕਾ ਵਿਆਹੁਣ ਦੀ ਉਮਰ,
ਦਾ ਹੋ ਜਾਂਦਾ ਤਾਂ ਪ੍ਰਵਾਰ ਸਾਰੇ,
ਰਿਸ਼ਤਿਆਂ ‘ਚ ਕਾਕੇ ਦੇ ਰਿਸ਼ਤੇ,
ਦੀ ਗੱਲ ਬਾਤ ਚਲਾਕੇ ਕਾਕੇ ਦੀ,
ਇਕ ‘ਸਗਾਈ’ ਭਾਲ਼ਦੈ।
 
ਜਦੋਂ ਉਸਦੇ ਵਾਲ਼ ਕਾਲ਼ੇ ਹੁੰਦੇ ਤਾਂ,
ਜਵਾਨ ਹੋਕੇ ਉਹੀ ਮੁੰਡਾ ਵਾਲ਼ਾਂ,
ਨੂੰ ਸਜਾਉਣ ਲਈ ਇੱਕ ‘ਰੰਗਾਈ’,
ਭਾਲ਼ਦੈ।
 
ਜਦੋਂ ਸਿਰ ਦੇ ਵਾਲ਼ ਝੜਣ ਲੱਗ,
ਜਾਂਦੇ ਤਾਂ ਉਹੀ ਮੁੰਡਾ ਵੱਡਾ ਹੋਕੇ,
ਨਵੇਂ ਵਾਲ਼ ਉਗਾਉਣ ਲਈ ਇੱਕ,
ਵਧੀਆ ਜਿਹੀ ‘ਦਵਾਈ’ ਭਾਲ਼ਦੈ।
 
ਜਦੋਂ ਵਾਲ਼ ਉੱਗਕੇ ਲੰਮੇ ਹੋ ਜਾਂਦੇ,
ਤਾਂ ਬੋਦਾ ਕਰਵਾਉਣ ਲਈ ਇੱਕ,
ਵਧੀਆ ਜਿਹਾ ‘ਨਾਈ’ ਭਾਲ਼ਦੈ।
 
ਜਦੋਂ ਵਾਲ਼ ਥੋੜੇ ਥੋੜੇ ਚਿੱਟੇ ਹੋਣ,
ਲੱਗ ਜਾਂਦੇ ਤਾਂ ਬੰਦਾ ਡਾਕਟਰਾਂ,
ਨਾਲ਼ ਬੜ੍ਹੀ ਹੀ ‘ਸਿਰ ਭਕਾਈ’, 
ਮਾਰਦੈ।
 
ਬੰਦਾ ਦਾਹੜੀ ਮੁੱਛਾਂ ਅਤੇ ਸਿਰ,
‘ਚੋਂ ਹਰ ਰੋਜ਼ ਚੁਣ ਚੁਣਕੇ ਹੱਥਾਂ,
ਅਤੇ ਮੋਚਨੇ ਨਾਲ਼ ਚਿੱਟੇ ਵਾਲ਼ਾਂ,
ਦੀ ‘ਪਟਾਈ’ ਭਾਲ਼ਦੈ।
 
ਜਦੋਂ ਮੂੰਹ ਅਤੇ ਸਿਰ ਤੋਂ ਚਿੱਟੇ,
ਵਾਲ਼ਾਂ ਦੀ ਗਿਣਤੀ ਵੱਧਣ ਲੱਗ,
ਜਾਂਦੀ ਤਾਂ ਬੰਦਾ ਚਿੱਟੇ ਵਾਲ਼ਾਂ ਨੂੰ,
ਰੰਗਣ ਦੀ ਇੱਕ ‘ਡਾਈ’ ਭਾਲ਼ਦੈ।
 
ਐਂਓਂ ਲਗਦਾ ਜਿਵੇਂ ਕਿਸੇ ਕਿਸਾਨ,
ਨੂੰ ਚਿੱਟੀ ਕੱਲਰ ਦੀ ਢੇਰੀ ਪਸੰਦ,
ਨਾ ਆਵੇ ਤਾਂ ਉਹ ਪਿੰਡ ਨੇੜਲੀ,
ਕਾਲ਼ੀ ਜ਼ਮੀਨ “ਨਿਆਂਈਂ’ ਭਾਲ਼ਦੈ।
 
ਜਦੋਂ ਮੂੰਹ ਸਿਰ ਨੂੰ ਕਾਲ਼ਕ ਲਾਈ,
ਹੁੰਦੀ ਤਾਂ ਅੱਧਖੜ੍ਹ ਉਮਰੇ ਉੱਸਦੀ,
ਧਰਮ ਪਤਨੀ ਰੱਬ ਨੂੰ ਪਿਆਰੀ,
ਹੋ ਜਾਂਦੀ ਬੰਦਾ ਬੜੀ ਹੀ ਜਲਦੀ,
ਆਪਣੀ ‘ਕੁੜਮਾਈ’ ਭਾਲ਼ਦੈ।
 
ਬੰਦੇ ਨੂੰ ਜੀਵਨ ਸਾਥੀ ਦੀ ਬੜੀ,
ਕਮੀ ਮਹਿਸੂਸ ਹੁੰਦੀ ਤਾਂ ਘਰ
ਦੀ ਸਫਾਈ ‘ਤੇ ਨਾਲ਼ ਰੋਟੀ-ਟੁੱਕ,
ਪਕਾਉਣ ਲਈ ਉਹ ਇੱਕ ‘ਮਾਈ’,
ਭਾਲ਼ਦੈ।
 
ਜਦੋਂ ਬੰਦੇ ਦੇ ਸਿਰ ਮੂੰਹ ਤੇ ਕਈ,
ਸਾਲ ਕਾਲ਼ਕ ਧੱਪਦੇ ਰਹਿਣ ਦੇ,
ਨਾਲ਼ ਚੇਹਰਾ ਸੁੱਜ ਜਾਂਦਾ ਤਾਂ,
ਡਾਕਟਰ ਕੋਲ਼ੋਂ ਸੋਜਸ਼ ਘਟਾਉਣ,
ਲਈ ਉਹ ਇੱਕ ਵਧੀਆ ਜਿਹੀ,
‘ਦਵਾਈ’ ਭਾਲ਼ਦੈ।
 
ਜਦੋਂ ਉਹੀ ਬੰਦਾ ਅੱਸੀ ਕੁ ਸਾਲ,
ਦਾ ਹੋ ਜਾਂਦਾ ਤਾਂ ਉਹ ਕਾਲ਼ਕ,
ਲਾਉਣੀ ਬੰਦ ਕਰ ਦਿੰਦਾ ਤਾਂ,
ਉਹ ਆਨੇ ਵਾਲ਼ੀ ਜਗਾਹ ਆ,
ਜਾਂਦੈ।
ਤਾਂ ਉਹੀ ਬੰਦਾ ਅਖ਼ੀਰ ਨੂੰ ਮੁੜ,
ਕੁਦਰਤ ਦੀ ਦਿੱਤੀ ਹੋਈ ਇੱਕ,
‘ਸਚਾਈ’ ਭਾਲ਼ਦੈ।
 
ਜਦੋਂ ਉਹੀ ਬੰਦਾ ਬੁੱਢਾ ਹੋ ਜਾਂਦਾ,
ਤਾਂ ਉਹ ਜਟੇਰਿਆਂ ਦੀ ਜਗਾਹ,
ਤੇ ਹਰ ਰੋਜ਼ ਦੀਵਾ ਜਗਾਉਂਦੈ।
 
ਉਹ ਪਿੰਡ ਦੇ ਪੰਡਤ ਕੋਲ਼ੋਂ ਘਰ,
ਵਿੱਚ ਹੀ ਵੇਦਾਂ ਦੀ ਕਥਾ ਅਤੇ,
‘ਪੜ੍ਹਾਈ’ ਭਾਲ਼ਦੈ।
 
ਜਦੋਂ ਪੰਡਤ ਨੂੰ ਨਿਉਂਦੇ ਤੇ ਖਾਣ,
ਨੂੰ ਖ਼ੂਬ ਮਿਲ਼ ਜਾਂਦਾ ਤਾਂ ਪੰਡਤ,
ਉੱਥੇ ਹੀ ਸੌਂਣ ਲਈ ਇੱਕ ਨਿੱਘੀ,
ਜਿਹੀ ਤੇ ਸਾਫ ‘ਰਜ਼ਾਈ’ ਭਾਲ਼ਦੈ।
 
ਉਹੀ ਪੰਡਤ ਬੰਦੇ ਦੇ ਪਿਤਰਾਂ ਨੂੰ,
ਖਾਣਾ ਪਹੁੰਚਾਉਣ ਦੀ ਇੱਕ ਵੱਡੀ,
ਫੀਸ ਅਤੇ ਨਾਲ਼ ਲੱਗਦੀ ਕੀਤੀ,
ਹੋਈ “ਕੇਵਲ” ‘ਦੰਦ ਘਸਾਈ’,
ਵੀ ਭਾਲ਼ਦੈ।
 20/08/2020


ਤੀਆਂ ਅਤੇ ਪ੍ਰਦੇਸੀਂ ਪੀਆ

ਕੇਵਲ ਸਿੰਘ ਜਗਪਾਲ

ਝਾਂਜਰ ਪੈਰੀਂ ਪਈ ਛਣ ਛਣ ਛਣਕੇ।
ਪਾਏ ਹਾਰ ਦੇ ਵੀ ਲਿਸ਼ਕਣ ਮਣਕੇ।
ਵੀਣੀ ਪਾਇਆ ਚੂੜ੍ਹਾ ਵੀ ਪਿਆ ਖਣਕੇ।
ਜੇ ਆਵੇ ਸੁਨੇਹਾ ਮਾਹੀ ਦੇ ਆਉਂਣ ਦਾ।
ਹੁਣ ਆਇਆ ਮਹੀਨਾ ਸਾਉਂਣ ਦਾ।
ਧੀਆਂ ਦਾ ਪੇਕੇ ਘਰ ਆਉਂਣ ਦਾ।
 
ਤੀਆਂ ‘ਚ ਧੀਆਂ ਰਲ਼ ਆਈਆਂ ਨੇ।
ਖੁਸ਼ੀ ਮਨਾਵਣ ਮਾਵਾਂ ਜਾਈਆਂ ਨੇ।
ਵੇਖਣ ਆਈਆਂ ਚਾਚੀਆਂ ਤਾਈਆਂ ਨੇ।
ਹੁਣ ਚੜ੍ਹਿਆ ਮਹੀਨਾ ਸਾਉਂਣ ਦਾ।
ਧੀਆਂ ਦਾ ਪੇਕੇ ਘਰ ਆਉਂਣ ਦਾ।
ਰਲ਼ ਮਿਲ਼ ਹਲਵਾ ਪੂੜ੍ਹੇ ਪਕਾਉਂਣ ਦਾ।
ਮਾਹੀ ਦਾ ਪ੍ਰਦੇਸੋਂ ਪਰਤ ਆਉਂਣ ਦਾ?
 
ਪਿੱਪਲ਼ ਬਰੋਟੇ ਜਦੋਂ ਪੀਘਾਂ ਪਾਈਆਂ।
ਪੀਘਾਂ ਰਲ਼ ਦੂਰ ਅਸਮਾਨੀਂ ਚੜ੍ਹਾਈਆਂ।
ਹੁਣ ਆਇਆ ਮਹੀਨਾ ਸਾਉਂਣ ਦਾ।
ਧੀਆਂ ਦਾ ਪੇਕੇ ਘਰ ਆਉਂਣ ਦਾ।
ਧੀਆਂ ਦਾ ਤੀਆਂ ਮਨਾਉਂਣ ਦਾ।
 
ਨਜ਼ਰ ਆਉਂਣ ਨਾ ਕਿਤੇ ਭਰਜਾਈਆਂ।
ਚਾਅ ਚੜ੍ਹ ਗਿਆ ਮਾਵਾਂ ਜਾਈਆਂ।
ਉਨ੍ਹਾਂ ਨੇ ਜਾ ਪੇਕੀਂ ਪੀਘਾਂ ਚੜ੍ਹਾਈਆਂ।
ਹੁਣ ਆਇਆ ਮਹੀਨਾ ਸਾਉਂਣ ਦਾ।
ਧੀਆਂ ਦਾ ਤੀਆਂ ਮਨਾਉਂਣ ਦਾ।
ਕਦੀ ਧੁੱਪ ‘ਤੇ ਕਦੀ ਛਾਂ ਹੋਣ ਦਾ।
 
ਬਿਨ ਚਰਖ਼ੇ ਵੀ ਮੇਲਾ ਮੀਣਾਂ ਏ।
ਬਿਨ ਮਾਹੀ ਵੀ ਕਾਹਦਾ ਜੀਣਾਂ ਏ।
ਹਰ ਪੱਲ ਅਧੂਰਾ ਅਤੇ ਹੀਣਾਂ ਏ।
ਹੁਣ ਚੜ੍ਹਿਆ ਮਹੀਨਾ ਸਾਉਂਣ ਦਾ।
ਧੀਆਂ ਦੇ ਪੇਕੀਂ ਘਰ ਆਉਂਣ ਦਾ।
ਮਾਹੀ ਪ੍ਰਦੇਸੋਂ ਪਰਤ ਆਉਂਣ ਦਾ?
 
ਅਸਮਾਨੋਂ ਕਿਣੀਆਂ ਵੀ ਵਰਸਣ।
ਅੱਖਾਂ ਮਾਹੀ ਨੂੰ ਪਈਆਂ ਤਰਸਣ।
ਸਹੇਲੀਆਂ ਈਹੋ ਸਵਾਲ ਹੀ ਕਰਸਣ।
ਹੁਣ ਚੜ੍ਹਿਆ ਮਹੀਨਾ ਸਾਉਂਣ ਦਾ।
ਰਲ਼ ਮਿਲ਼ ਕਿੱਕਲੀ ਪਾਉਂਣ ਦਾ।
ਧੀਆਂ ਦੇ ਪੇਕੀਂ ਘਰ ਆਉਂਣ ਦਾ।
 
ਪ੍ਰਦੇਸੋਂ ਮਾਹੀ ਦੇ ਆਉਣ ਦਾ ਧੀ,
ਧੀਆਣੀ ਦਾ ਰੱਬ ਉੱਤੇ ਵਿਸ਼ਵਾਸ।
ਉਡੀਕ ਉਡੀਕ ਹੁਣ ਥੱਕ ਗਈਆਂ ਨੇ,
ਅੱਖੀਆਂ ‘ਤੇ ਮੁੱਕ ਗਈ ਏ ਹੁਣ ਆਸ।
ਛਿਪਿਆ ਸੂਰਜ ਖੜ੍ਹ ਗਈ ਏ ਰਾਤ।
ਦਰਿਆ ਕੰਡਿਓਂ ਬਾਹਰ ਹੋਏ ਫਿਰਦੇ,
ਨੇ, ਰਾਵੀ, ਸਤਲੁਜ ਅਤੇ ਬਿਆਸ।
ਪਾਰ ਕਰਨਾ ਬੜਾ ਔਖਾ ਹੋ ਗਿਆ,
ਏ ਅਤੇ ਹੁਣ ਮੁੱਕੀ ਜਾਂਦੀ ਏ ਆਸ।
ਬੇਬੱਸ ਹੋ ਗਈ ਹਾਂ ਮੈਂ, ਉੱਪਰੋਂ ਮੌਸਮ,
ਨੇ ਲਾ ਰੱਖੀ ਏ ਨਾ ਮੁੱਕਣੀ ਬਰਸਾਤ।
 
ਮਾਹੀ ਦੇ ਦੀਦਾਰ ਦੀ ਕਰਨੀ ਪਈ,
ਆਂ ਰੱਬਾ ਤੇਰੇ ਅੱਗੇ ਝੁੱਕਕੇ ਅਰਦਾਸ।
ਰੱਬ ਜੀ “ਕੇਵਲ” ਹੋ ਸੱਕੇ ਤਾਂ ਇਸ,
ਸੱਜਰੀ ਵਿਆਹੀ ਹੋਈ ਧੀ ਧੀਆਣੀ,
ਦੀ ਕਰਵਾ ਦਿਓ ਪ੍ਰਦੇਸ ਗਏ ਪਤੀ,
ਨਾਲ਼ ਹੁਣ ਉੱਸ ਧੀ ਦੀ ਮੁਲਾਕਾਤ।
 13/08/2020

ਪੁਰਾਣੇ ਸੰਸਕਾਰ ਨਾ ਰਹੇ 
(ਭਾਗ ਪਹਿਲਾ)
ਕੇਵਲ ਸਿੰਘ ਜਗਪਾਲ
 
ਨਾ ਉਹ ਆਦਰ ਹੀ ਰਹੇ,
ਨਾ ਉਹ ਸਤਕਾਰ ਹੀ ਰਹੇ।
ਨਾ ਉਹ ਤਿਓ ਹੀ ਰਹੇ,
ਨਾ ਉਹ ਪਿਆਰ ਹੀ ਰਹੇ।
 
ਨਾ ਉਹ ਪੰਜਾਬੀ ਮਾਂ ਬੋਲੀ,
ਹੀ ਰਹੀ, ਨਾ ਹੀ ਇਸ ਦੇ,
ਮਿਆਰ ਹੀ ਰਹੇ।
ਨਾ ਉਹ ਪੰਜਾਬੀ ਮਾਂ ਬੋਲੀ,
ਹੀ ਰਹੀ, ਨਾ ਹੀ ਇਸ ਵਿੱਚ,
ਕੋਈ ਰੁਜ਼ਗ਼ਾਰ ਹੀ ਰਹੇ।
 
 ਨਾ ਉਹ ਦੋਸਤ ਹੀ ਰਹੇ,
ਨਾ ਉਹ ਬੇਲੀ ਯਾਰ ਹੀ ਰਹੇ।
ਨਾ ਉਹ ਦਿਲ ਹੀ ਰਹੇ,
ਨਾ ਉਹ ਦਿਲਦਾਰ ਹੀ ਰਹੇ।
 
ਨਾ ਉਹ ਯਕੀਨ ਹੀ ਰਹੇ,
ਨਾ ਉਹ ਇਤਵਾਰ ਹੀ ਰਹੇ।
ਨਾ ਉਹ ਸਰਪੰਚ ਹੀ ਰਹੇ,
ਨਾ ਉਹ ਚੌਂਕੀਦਾਰ ਹੀ ਰਹੇ।
 
ਨਾ ਉਹ ਜ਼ਿਮੀਦਾਰ ਹੀ ਰਹੇ,
ਨਾ ਉਹ ਜੈਲਦਾਰ ਹੀ ਰਹੇ।
ਨਾ ਉਹ ਕੱਚੇ ਘੜ੍ਹੇ ਹੀ ਰਹੇ,
ਨਾ ਉਹ ਘੁਮਿਆਰ ਹੀ ਰਹੇ।
 
ਨਾ ਉਹ ਬਾਣ ਵਾਲ਼ੇ ਮੰਜੇ ਹੀ,
ਰਹੇ, ਨਾ ਉਹ ਮੰਜੇ ਨੁਆਰ ਦੇ,
ਹੀ ਰਹੇ।   
ਨਾ ਉਹ ਪੁਰਾਣੀ ਜ਼ਮੀਨ ਹੀ,
ਰਹੀ, ਨਾ ਉਹ ਸਾਡੇ ਹਿੱਸੇ ਦੇ,
ਬਾਰ ਹੀ ਰਹੇ।
 
ਨਾ ਉਹੋ ਜਿਹੇ ਨੇਤਾ ਹੀ ਰਹੇ,
ਨਾ ਉਹ ਐਨੇ ਈਮਾਨਦਾਰ ਹੀ,
ਰਹੇ।
ਨਾ ਉਹ ਪੁਰਾਣੇ ਰਿਸ਼ਤੇ ਹੀ ਰਹੇ,
ਨਾ ਉਹ ਰਿਸ਼ਤੇਦਾਰ ਹੀ ਰਹੇ।
 
ਨਾ ਉਹ ਰਸਾਲੇ ਹੀ ਰਹੇ,
ਨਾ ਉਹ ਰਸਾਲਦਾਰ ਹੀ ਰਹੇ।
ਨਾ ਉਹ ਘੋੜੀਆਂ ਤੇ ਘੋੜੇ ਹੀ,
ਰਹੇ, ਨਾ ਉਹ ਘੋੜਸਵਾਰ ਹੀ,
ਰਹੇ।
  
ਨਾ ਉਹ ਦਾਦੀ ਹੀ ਰਹੀ,
ਨਾ ਉਹ ਬਾਤਾਂ ਹੀ ਰਹੀਆਂ।
ਨਾ ਉਹ ਨਾਨੀ ਹੀ ਰਹੀ,
ਨਾ ਉਹ ਨਾਨੀ ਨਾਲ਼ ਮੁਲਾਕਾਤਾਂ,
ਹੀ ਰਹੀਆਂ।
 
ਨਾ ਉਹ ਮੌਸਮ ਹੀ ਰਹੇ,
ਨਾ ਉਹ ਚੰਦ ਤਾਰਿਆਂ ਦੀਆਂ,
ਬਰਾਤਾਂ ਹੀ ਰਹੀਆਂ।
ਨਾ ਉਹ ਦਿਨ ਹੀ ਰਹੇ,
ਨਾ ਉਹ ਹਸੀਨ ਰਾਤਾਂ ਹੀ,
ਰਹੀਆਂ।
 
ਨਾ ਉਹ ਨਜ਼ਾਰੇ ਹੀ ਰਹੇ,
ਨਾ ਉਹ ਬਰਸਾਤਾਂ ਹੀ ਰਹੀਆਂ।
ਨਾ ਉਹ ਕੁੱਜੇ ਹੀ ਰਹੇ,
ਨਾ ਉਹ ਪਰਾਤਾਂ ਹੀ ਰਹੀਆਂ।
 
ਨਾ ਉਹ ਡੋਲ਼ੀ ਹੀ ਰਹੀ,
ਨਾ ਉਹ ਬਰਾਤਾਂ ਹੀ ਰਹੀਆਂ।
ਨਾ ਉਹ ਤੰਬੂ ਹੀ ਰਹੇ,
ਨਾ ਉਹ ਕਨਾਤਾਂ ਹੀ ਰਹੀਆਂ।
  
ਨਾ ਉਹ ਮੋਗ ਹੀ ਰਹੇ,
ਨਾ ਉਹ ਚੋਰ-ਝੀਤਾਂ ਹੀ ਰਹੀਆਂ।
ਨਾ ਉਹ ਮੇਲ਼-ਜੋਲ਼ ਹੀ ਰਹੇ,
ਨਾ ਉਹ ਮੁਲਾਕਾਤਾਂ ਹੀ ਰਹੀਆਂ।
 
ਨਾ ਉਹ ਦਲਾਨ ਹੀ ਰਹੇ,
ਨਾ ਉਹ ਛੱਤਾਂ ਹੀ ਰਹੀਆਂ।
ਨਾ ਉਹ ਲੈਣ-ਦੇਣ ਹੀ ਰਹੇ,
ਨਾ ਉਹ ਸੌਗਾਤਾਂ ਹੀ ਰਹੀਆਂ।
 
ਨਾ ਉਹ ਤੱਪੜ ਹੀ ਰਹੇ,
ਨਾ ਉਹ ਜਮਾਤਾਂ ਹੀ ਰਹੀਆਂ।
ਨਾ ਉਹ ਕਲਮਾਂ ਹੀ ਰਹੀਆਂ,
ਨਾ ਉਹ ਦਵਾਤਾਂ ਹੀ ਰਹੀਆਂ।
 
ਨਾ ਉਹ ਪੁਰਾਣੇ ਅਸੂਲ ਹੀ ਰਹੇ,
ਨਾ ਉਹ ਰਵਾਇਤਾਂ ਹੀ ਰਹੀਆਂ।
ਨਾ “ਕੇਵਲ” ਉਹ ਪਾਂਡੇ ਹੀ ਰਹੇ,
ਨਾ ਉਹ ਕਰਾਮਾਤਾਂ ਹੀ ਰਹੀਆਂ।
06/08/2020

ਪੁਰਾਣੇ ਸੰਸਕਾਰ ਨਾ ਰਹੇ  (ਭਾਗ ਦੂਜਾ)
ਕੇਵਲ ਸਿੰਘ ਜਗਪਾਲ
ਜਦੋਂ ਆਪਣੀ ਬਾਰੀ ਸਿਰ ਖੂਹ,
ਤੇ ਬੌਲ਼ਦਾਂ ਨੂੰ ਦਿੰਦੇ ਸੀ ਜੋੜ।
ਬੌਲ਼ਦਾਂ ਦੀ ਕਈ ਵਾਰ ਲੱਗ,
ਜਾਂਦੀ ਹੁੰਦੀ ਸੀ ਦੌੜ੍ਹ।
ਮੈਂ ਗਾਧੀ ਉੱਤੇ ਪਰੈਣ ਫੜੀ,
ਬੈਠਾ ਰਹਿੰਦਾ ਬਾਬਾ ਜੀ ਨੱਕੇ,
ਦਿੰਦੇ ਸੀ ਮੋੜ੍ਹ।
 
ਖੁਹ ਤੇ ਹੁੰਦੇ ਸੀ ਤੂਤ, ਜਾਮਣਾਂ,
ਕਿੱਕਰਾਂ ਅਤੇ ਮਿੱਠੀਆਂ ਸੁਰਖ,
ਲਾਲ ਗ਼ੁੱਮੀਆਂ ਵਾਲ਼ੇ ਠੋਹਰ।
 
ਪਿੰਡ ਹੁੰਦਾ ਸੀ ਹਰਾ ਪਿੱਪਲ਼,
‘ਤੇ ਠੰਡੀਆਂ ਛਾਵਾਂ ਦੇਣ ਵਾਲ਼ਾ,
ਪੀਙਾਂ ਟੰਗਿਆ ਬੁੱਢਾ ਬੋਹੜ।
ਵਿਹੜੇ ਬੰਨਦੇ ਹੁੰਦੇ ਸੀ ਡੰਗਰ,
ਦੇਖਦੇ ਹੁੰਦੇ ਸੀ ਕੋਠੇ ਤੇ ਪੈਲ਼ਾ,
ਪਾਉਂਦਾ ਮੋਰ।
 
ਮਾਂ ਧੋਂਦੀ ਹੁੰਦੀ ਸੀ ਪਿੰਡ ਦੀ,
ਖੂਹੀ ਤੇ ਕੱਪੜੇ, ਦਾਦੀ ਛੰਡਕੇ,
ਤਾਰ ਤੇ ਸੁੱਕਣੇ ਪਾਉਣ ਤੋਂ,
ਪਹਿਲਾਂ ਆਪੇ ਹੀ ਦਿੰਦੀ ਸੀ,
ਕੱਪੜਿਆਂ ਨੂੰ ਨਚੋੜ੍ਹ।
 
ਉਦੋਂ ਰਿਸ਼ਤਿਆਂ ਦੇ ਹੁੰਦੇ ਸਨ,
ਨਾ ਟੁੱਟਣ ਵਾਲ਼ੇ ਪੱਕੇ ਜੋੜ੍ਹ।
 
ਪੰਜਾਬੀ ਵਿਰਸਾ ਬਚਾਉਣ,
ਲਈ ਪੰਜਾਬੀਓ ਹੁਣ ਤੁਸਾਂ,
ਕਿਉਂ ਲਿਆ ਏ ਮੂੰਹ ਮੋੜ੍ਹ।
ਪੰਜਾਬੀ ਵਿਰਸੇ ਵਿੱਚ ਤੁਸਾਂ,
ਨੂੰ ਕਿਹੜੀ ਚੀਜ਼ ਦੀ ਲੱਗ,
ਰਹੀ ਏ ਥੋੜ੍ਹ।
 
ਪੰਜਾਬੀਓ ਪੰਜਾਬੀ ਵਿਰਸੇ,
ਨੂੰ ਸੰਭਾਲ਼ੋ ਅਤੇ ਸਾਦਾ ਹੀ,
ਖਾਓ ਪੀਓ, ਪਰ ਨਸ਼ਿਆਂ,
ਵਲ਼ੋਂ ਤੁਸੀਂ ਸਦਾ ਲਈ ਮੂੰਹ,
ਲਵੋ ਮੋੜ੍ਹ।
ਨਸ਼ਿਆਂ ਨੇ ਤਾਂ ਸਾਡੇ ਪੰਜਾਬੀ,
ਵਿਰਸੇ ਨੂੰ ਦਿਤਾ ਏ ਝੰਜੋੜ੍ਹ।
 
ਆਪਣੇ ਵਿਰਸੇ ਨੂੰ ਜੇਕਰ ਤੁਸੀਂ,
ਬਚਾਉਣਾਂ ਨਹੀਂ।
ਇਹ ਕੋਈ ਮੁੜ੍ਹਕੇ ਆਉਣ ਵਾਲ਼ਾ,
ਪਰਾਹੁਣਾਂ ਨਹੀਂ।
ਜੇਕਰ ਹੱਥੋਂ ਨਿਕਲ਼ ਗਿਆ ਤਾਂ,
ਕੱਲਾ “ਕੇਵਲ” ਨਮਾਣਾਂ ਨਹੀਂ,
ਸਾਰੇ ਹੀ ਕਹਿੰਦੇ ਇਸ ਵਿਰਸੇ,
ਨੇ ਮੁੜ੍ਹ ਆਉਣਾਂ ਨਹੀਂ।
06/08/2020

ਸਾਡਾ ਪੇਂਡੂ ਵਿਰਸਾ

ਕੇਵਲ ਸਿੰਘ ਜਗਪਾਲ
 
ਨਾ ਘੱਗਰੇ ਹੀ ਰਹੇ ‘ਤੇ ਨਾ ਉਹ,
ਫੁਲਕਾਰੀਆਂ ਹੀ ਰਹੀਆਂ।
ਨਾ ਘੱਗਰੇ ਹੀ ਰਹੇ ਨਾ ਘੱਗਰੇ,
ਪਾਉਣ ਵਾਲ਼ੀਆਂ ਹੀ ਰਹੀਆਂ।
 
ਨਾ ਕੰਨਾਂ ਵਿੱਚ ਕੋਕਰੂ ਹੀ ਰਹੇ,
ਨਾ ਕੰਨਾਂ ਦੇ ਵਿੱਚ ਵਾਲ਼ੀਆਂ ਹੀ,
ਰਹੀਆਂ।
ਨਾ ਕੰਨਾਂ ‘ਚ ਕੋਕਰੂ ਹੀ ਰਹੇ ਨਾ,
ਕੰਨਾਂ ‘ਚ ਕੋਕਰੂ ਪਾਉਣ ਵਾਲ਼ੀਆਂ,
ਹੀ ਰਹੀਆਂ।
 
ਨਾ ਰੇਸ਼ਮੀ ਦੁਪੱਟੇ ਹੀ ਰਹੇ ਨਾ,
ਡੋਰੇ ਜਾਲ਼ੀਆਂ ਹੀ ਰਹੀਆਂ।
ਨਾ ਰੇਸ਼ਮੀ ਦੁਪੱਟੇ ਹੀ ਰਹੇ ਨਾ,
ਉਹ ਦੁਪੱਟੇ ਪਾਉਣ ਵਾਲ਼ੀਆਂ,
ਹੀ ਰਹੀਆਂ।
 
ਨਾ ਹੁਣ ਚੁੰਨੀ ਹੀ ਰਹੀ ਨਾ ਉਹ,
ਬਹੁਤ ਸਿਰ ਢੱਕਣ ਵਾਲ਼ੀਆਂ ਹੀ,
ਰਹੀਆਂ।
ਨਾ ਸਿਰ ਤੇ ਕੋਈ ਚੁੰਨੀ ਹੀ ਰਹੀ,
ਨਾ ਬਹੁਤ ਝੁੰਡ ਕੱਢਣ ਵਾਲ਼ੀਆਂ,
ਹੀ ਰਹੀਆਂ।
 
ਨਾ ਉਹ ਚਰਖੇ ਹੀ ਰਹੇ ਨਾ ਹੀ,
ਉਹ ਚਰਖੇ ਕੱਤਣ ਵਾਲ਼ੀਆਂ ਹੀ,
ਰਹੀਆਂ।
ਨਾ ਉਹ ਸੋਹਣੇ ਕਸੀਦੇ ਹੀ ਰਹੇ,
ਨਾ ਉਹ ਕਸੀਦੇ ਕੱਢਣ ਵਾਲ਼ੀਆਂ,
ਹੀ ਰਹੀਆਂ।
 
ਨਾ ਬੋਹੜ ਹੀ ਰਹੇ ਨਾ ਉਹ ਪੀਙਾਂ,
ਟੰਗੀਂਆਂ ਟਾਹਣੀਆਂ ਹੀ ਰਹੀਆਂ।
ਨਾ ਉਹ ਪੀਙਾਂ ਹੀ ਰਹੀਆਂ ਨਾ,
ਉਹ ਪੀਙਾਂ ਝੜ੍ਹਾਉਣ ਵਾਲੀਆਂ,
ਹੀ ਰਹੀਆਂ।
 
 
ਨਾ ਉਹ ਦਧੂਨੇ ਹੀ ਰਹੇ ਨਾ ਹੀ,
ਉਹ ਚਾਟੀਆਂ ਤੇ ਮਧਾਣੀਆਂ ਹੀ,
ਰਹੀਆਂ।
ਨਾ ਉਹ ਸਵਾਦ ਲਸੀ ਹੀ ਰਹੀ,
ਨਾ ਉਹ ਮਧਾਣੀ ਨਾਲ਼ ਰਿੜਕਣ,
ਵਾਲ਼ੀਆਂ ਹੀ ਰਹੀਆਂ।
 
ਨਾ ਉਹ ਟਾਂਗੇ ਹੀ ਰਹੇ ਨਾ ਸਫ਼ਰ
ਕਰਨ ਵਾਲ਼ੀਆਂ ਸਵਾਰੀਆਂ ਹੀ,
ਰਹੀਆਂ।
ਨਾ ਘੋੜ੍ਹੇ ਹੀ ਰਹੇ ਨਾ ਉਹ ਘੋੜ੍ਹ,
ਸਵਾਰੀਆਂ ਹੀ ਰਹੀਆਂ।
 
ਨਾ ਉਹ ਗੱਡੇ ਹੀ ਰਹੇ ਨਾ ਉਹ,
ਗੱਡੇ ਖਿੱਚਣ ਵਾਲ਼ੀਆਂ ਪਛੂਆਂ,
ਦੀਆਂ ਢਾਣੀਆਂ ਹੀ ਰਹੀਆਂ।
ਨਾ ਸਾਈਕਲ ਹੀ ਰਹੇ ਨਾ ਉਹ,
ਸਾਈਕਲ ਚਲਾਉਣ ਵਾਲੀਆਂ,
ਸਵਾਰੀਆਂ ਹੀ ਰਹੀਆਂ।
 
 
ਨਾ ਸਿਰਾਂ ਉੱਤੇ ਪੱਗਾਂ ਰਹੀਆਂ ਨਾ,
ਉਹ ਕੇਸ, ਮੁੱਛਾਂ, ਤੇ ਦਾਹੜੀਆਂ ਹੀ,
ਰਹੀਆਂ।
 
ਨਾ ਉਹ ਖੁੱਲੇ ਵਿਹੜੇ ਹੀ ਰਹੇ ਨਾ,
ਉਹ ਬੂਹੇ ਬਾਰੀਆਂ ਹੀ ਰਹੀਆਂ।
ਨਾ ਉਹ ਸ਼ਰੀਕ ਹੀ ਰਹੇ ਤੇ ਨਾ,
ਉਹ ਰਿਸ਼ਤੇਦਾਰੀਆਂ ਹੀ ਰਹੀਆਂ।
 
ਨਾ ਉਹ ਹਲ਼ ਹੀ ਰਹੇ ਨਾ ਉਹ,
ਪੰਜਾਲ਼ੀਆਂ ਹੀ ਰਹੀਆਂ।
ਨਾ ਉਹ ਖੂਹ ਹੀ ਰਹੇ ਅਤੇ ਨਾ,
ਟਿੰਡਾ ਪਾਣੀ ਕੱਢਣ ਵਾਲ਼ੀਆਂ ਹੀ,
ਰਹੀਆਂ।
ਨਾ ਪਿੰਡਾਂ ‘ਚ ਛੱਪੜ੍ਹ ਹੀ ਰਹੇ ਨਾ,
ਹੀ ਛੱਪੜ੍ਹ ‘ਚ ਮੱਝਾਂ ਨਵਾਉਣ ਵਾਲ਼ੇ,
ਨਿਆਣਿਆਂ ਦੀਆਂ ਢਾਣੀਆਂ ਹੀ,
ਰਹੀਆਂ।
 
ਨਾ ਉਹ ਖ਼ੇਤੀ ਹੀ ਰਹੀ ਤਾਂ ਨਾ,
ਉਹ ਪੈਲ਼ੀਆਂ ਹੀ ਰਹੀਆਂ।
 
 
ਨਾ ਹੀ ਚਰਾਂਦਾਂ ਹੀ ਰਹੀਆਂ ਨਾ,
ਡੰਗਰ ਚਾਰਨ ਵਾਲ਼ਿਆਂ ਦੀਆਂ,
ਢਾਣੀਆਂ ਹੀ ਰਹੀਆਂ।
ਨਾ ਬੇਰ ਹੀ ਰਹੇ ਨਾ ਬੇਰਾਂ ਦੀਆਂ,
ਉਹ ਮਲ਼੍ਹੇ ਝਾੜ੍ਹੀਆਂ ਹੀ ਰਹੀਆਂ।
 
ਨਾ ਉਹ ਜ਼ਮੀਨਾਂ ਹੀ ਰਹੀਆਂ ਤਾਂ,
ਨਾ ਉੱਸੇ ਹੀ ਤਰ੍ਹਾਂ ਦੀਆਂ ਚੰਗੀਆਂ,
ਜ਼ਿਮੀਦਾਰੀਆਂ ਹੀ ਰਹੀਆਂ
 
ਨਾ ਉਹ ਜ਼ੈਲਦਾਰ ਹੀ ਰਹੇ ਤਾਂ,
ਨਾ “ਕੇਵਲ” ਉਨ੍ਹਾਂ ਦੀਆਂ ਉਹ,
ਜ਼ੈਲਦਾਰੀਆਂ ਹੀ ਰਹੀਆਂ।
30/07/2020

 
ਉਹ ਮੇਰੀ ਕਵਿਤਾ ਏ

ਕੇਵਲ ਸਿੰਘ ਜਗਪਾਲ

ਮੰਗਲ਼ ਤੇ ਜਾਕੇ ਮਕਾਨ ਬਨਾਉਣਾ,
ਫੇਰ ਉੱਥੇ ਹਵਾ ਤੇ ਨਿੱਘ ਭਾਲਣਾ।
 
ਸੂਰਜ ਉਤੇ ਜਾਕੇ ਘਰ ਉਸਾਰਨੇ,
ਫੇਰ ਉੱਥੇ ਬੋਹੜਾਂ ਦੀ ਛਾਵਾਂ ਭਾਲਣਾ।
 
ਖੜ੍ਹੇ ਵੀ ਹੋਣਾ ਜਾਕੇ ਛੰਬਾਂ ਦੇ ਵਿੱਚ,
ਫੇਰ ਆਪਣੇ ਪੈਰਾਂ ਦੇ ਤਲ਼ੇ ਭਾਲਣਾ।
 
ਪਿੰਡੋਂ ਜਾਕੇ ਕੰਮਾਂ ਕਾਰਾਂ ਦੀ ਭਾਲ਼,
ਵਿੱਚ ਸ਼ਹਿਰਾਂ ਵਿੱਚ ਵਸ ਜਾਣਾਂ।
 
ਆਪਣਿਆਂ ਸੁਫਨਿਆਂ ਨੂੰ ਵੀ ਨਾਲ਼,
ਲੈਕੇ ਉੱਚੀਆਂ ਇਮਾਰਤਾਂ ਵੱਲ ਟਿੱਕ,
ਟਿੱਕੀ ਲਗਾਕੇ ਹੀ ਤੱਕੀ ਜਾਣਾਂ।
 
ਆਪਣੇ ਛੱਡਕੇ ਆਏ ਪਿੰਡਾਂ ਦੀਆਂ,
ਜੂਹਾਂ ਨੂੰ ਸੁਫਨਿਆਂ ਵਿੱਚ ਭਾਲਣਾਂ।
 
ਜੋ ਪੜ੍ਹ ਲਿਆ ਏ ਜਾਂ ਜੋ ਕੁੱਝ ਇਸ,
ਕਵਿਤਾ ਦੇ ਅੰਦਰ ਨਹੀਂ ਲਿੱਖਿਆ,
ਗਿਆ ਉਹ ਮੇਰੀ ਕਵਿਤਾ ਏ।
ਜੋ ਪੜ੍ਹ ਚੁੱਕਿਆਂ ਹਾਂ ਤੇ ਪੜ੍ਹ ਰਿਹਾਂ,
ਹਾਂ, ਜੋ ਰਹਿ ਗਿਆ ਏ, ਉਹ ਮੇਰੀ,
ਉਹ ਮੇਰੀ ਕਵਿਤਾ ਏ।
 
ਪੈਦਲ ਰੱਸਤੇ ਤੇ ਹੌਲ਼ੀ ਹੌਲ਼ੀ ਤੁਰੋ,
ਅਤੇ ਨਾ ਹੀ ਗੰਦ ਪਾਓ, ਐੱਥੇ ਸੁੱਤੇ,
ਹੋਏ ਮਜ਼ਦੂਰਾਂ ਨੇ ਸੁਫਨੇ ਵੇਖਣੇ ਉਹ,
ਮੇਰੀ ਕਵਿਤਾ ਏ।
 
ਸ਼ਹਿਰ ਸਾਰਾ ਰੌਸ਼ਨੀ ਨਾਲ਼ ਭਰਿਆ,
ਪਿਆ ਏ, ਇਹ ਤਾਂ ਪਹਿਲਾਂ ਹੀ ਲਿੱਖੀ,
ਜਾ ਚੁੱਕੀ ਏ ਪਰ ਦੂਰ ਦੀ ਝੌਂਪੜ੍ਹੀ ਵਿੱਚ,
ਇੱਕ ਦੀਵਾ ਜਲ਼ ਰਿਹਾ ਏ, ਉਹ ਮੇਰੀ,
ਕਵਿਤਾ ਏ।
 
ਸਾਰੇ ਹੀ ਦਰਿਆ ਸਮੁੰਦਰ ‘ਚ ਡਿੱਗ,
ਰਹੇ ਨੇ ਬਾਰੋ ਬਾਰੀ, ਇਹ ਕੋਈ ਅਜੀਬ,
ਗੱਲ ਨਹੀਂ ਏ, ਸਮੁੰਦਰ ਨੀਵਾਂ ਏਂ ਅਤੇ,
ਸਰਸਵਤੀ ਜਿਹੜ੍ਹਾ ਜਾਂਦਿਆਂ ਰੱਸਤੇ,
ਵਿੱਚ ਹੀ ਗੁਆਚ ਗਿਆ, ਉਹ ਮੇਰੀ,
ਕਵਿਤਾ ਏ।
 
ਸੰਸਥਾ ਦੇ ਮੋਹਰੀ ਦੇ ਆਲ਼ੇ ਦੁਆਲ਼ੇ,
ਮੌਕਾ ਪ੍ਰਸਤਾਂ ਦੇ ਉਛਾਲ਼ੇ ਚਿੱਕੜ੍ਹ ਨੂੰ,
ਲੋਕ ਪਏ ਤੱਕਣ।
ਜਿਹੜ੍ਹੇ ਚੁੱਕਣ ਚਿੱਕੜ੍ਹ ਨੂੰ ਪਿਆਰ,
ਦੇ ਨਾਲ਼, ਉਹ ਮੇਰੀ ਕਵਿਤਾ ਏ।
 
ਜੋ ਪੜ੍ਹ ਲਿਆ ਏ ਜਾਂ ਜੋ ਕੁੱਝ ਇਸ,
ਕਵਿਤਾ ਦੇ ਅੰਦਰ ਨਹੀਂ ਲਿੱਖਿਆ,
ਗਿਆ ਉਹ ਮੇਰੀ ਕਵਿਤਾ ਏ।
ਜੋ ਪੜ੍ਹ ਚੁੱਕਿਆਂ ਹਾਂ ਤੇ ਪੜ੍ਹ ਰਿਹਾਂ,
ਹਾਂ ਜੋ ਰਹਿ ਗਿਆ ਏ, “ਕੇਵਲ”
ਉਹ ਮੇਰੀ ਕਵਿਤਾ ਏ।
23/07/2020 
 
 
ਚੁੰਨੀ ਚੜ੍ਹਾਈ ਨਹੀਂ ਹੁੰਦੀ

ਕੇਵਲ ਸਿੰਘ ਜਗਪਾਲ

ਵਿਆਹ ਬਿਲਕੁਲ ਨਹੀਂ ਧਰੀਦਾ ਜੇਕਰ,
ਪਹਿਲਾਂ ਠਾਕੇ ‘ਤੇ ਰਸਮ ਦੀ ਚੁੰਨੀ ਚੜ੍ਹਾਈ,
ਨਹੀਂ ਹੁੰਦੀ।
 
ਵਿਆਹ ਦੀ ਤਰੀਕ ਧਰਨ ਤੋਂ ਪਹਿਲਾਂ ਤਾਂ,
ਰਸਮ ‘ਕੁੜ੍ਹਮਾਈ’ ਦੀ ਹੁੰਦੀ।
 
ਮੀਂਹ ਨਹੀਂ ਪੈਂਦਾ ਜੇਕਰ ਕਾਲ਼ੀ ਘਟਾ ਚੜ੍ਹਕੇ,
ਅਸਮਾਨੀ ‘ਆਈ’ ਨਹੀਂ ਹੁੰਦੀ।
 
ਕਾਕਿਆਂ ਨੇ ਕਿੱਥੋਂ ਜੰਮਣਾ ਸੀ ਜੇਕਰ ਉਨ੍ਹਾਂ,
ਦੀ ਮਾਵਾਂ ਦੀ ਅਲਟਰਾ ਸਾਉਂਡ ਡਾਕਟਰਾਂ,
ਕੋਲ਼ੋਂ ਜਾ ਕੇ ‘ਕਰਵਾਈ’ ਨਾ ਹੁੰਦੀ।
 
ਇੱਕ ਧੀ ਰਿਸ਼ਤਿਆਂ ‘ਚ ਵਹੁਟੀ, ਮਾਂ, ਸੱਸ,
ਭੂਆ, ਮਾਮੀ, ਮਾਸੀ, ਦਾਦੀ ‘ਤੇ ਨਾਨੀ ਬੜ੍ਹੇ,
ਮਾਣ ਨਾਲ਼ ‘ਕਹਿਲਾਈ’ ਜਾਂਦੀ।
 
ਜੇਕਰ ਬੇਬੱਸ ਧੀ ਮਾਂ ਦੀ ਕੁੱਖ ਵਿੱਚ ਐਨੀਂ,
ਬੇਰਹਿਮੀ ‘ਤੇ ਧੋਖੇ ਨਾਲ਼ ਕਤਲ ‘ਕਰਵਾਈ’,
ਨਾ ਜਾਂਦੀ।
 
ਜੇਕਰ ਭੈਣ ਨਾ ਹੁੰਦੀ ਤਾਂ ਭਰਾ ਨੇ ਰੱਖੜ੍ਹੀ,
ਭੈਣ ਤੋਂ ਬੰਨਾਕੇ ਗੁੱਟ ਤੇ ‘ਸਜਾਈ’ ਨਾ ਹੁੰਦੀ।
 
ਧੀਆਂ ਤੋਂ  ਬਿਨਾ ਹਰ ਸਾਲ ਤੀਆਂ ਦੇ ਹਰ,
ਮਨ ਪਿਆਰੇ ਤਿਓਹਾਰ ਤੇ ਬੋਹੜ ਦੇ ਮੋਟੇ,
ਟਾਹਣੇ ਨਾਲ਼ ਟੰਗੀ ਪੀਂਙ ਕਿਸੇ ਨੇ ‘ਚੜ੍ਹਾਈ’,
ਨਾ ਹੁੰਦੀ।
 
ਧੀਆਂ ਤੋਂ ਬਿਨਾ ਰੂੰ ਦੀ ਪੂਣੀ ਨਾਲ਼ ਤੱਕਲ਼ਾ,
ਅਤੇ ਗਲੋਟਾ ਵੱਧਿਆ ਨਾ ਹੁੰਦਾ ਅਤੇ ਤੀਆਂ,
ਤਰਿੰਞਣਾ ਵੇਲ਼ੇ ਚਰਖੇ ਦੀ ਘੂਕ ‘ਸੁਣਾਈ’ ਨਾ,
ਹੁੰਦੀ।
 
ਦੁੱਧ ਭਾਵੇਂ ਕੜ੍ਹ ਕੜ੍ਹ ਲਾਲ ਹੋ ਜਾਂਦਾ ਉਦੋਂ,
ਤੱਕ ਦਹੀਂ ਨਹੀਂ ਜੰਮਦਾ, ਜੱਦ ਤੱਕ ਜਾਗ,
ਦੀ ਵੱਕਤ ਸਿਰ ‘ਲਗਾਈ’ ਨਹੀਂ ਹੁੰਦੀ।
 
ਉਹ ਦੁੱਧ ਤਾਂ ਬਿਲਕੁਲ ਬਨਾਉਟੀ ਹੁੰਦਾ,
ਜਿਸ ਨੂੰ ਉਬਾਲ਼ਿਆਂ ਦੁੱਧ ਉੱਪਰ ‘ਮਲ਼ਾਈ’,
ਨਹੀਂ ਆਉਂਦੀ।
 
ਮੱਖਣ ਨਹੀਂ ਬਣਦਾ ਜੱਦ ਤੱਕ ਚਾਟੀ ਵਿੱਚ,
ਰੱਖੀ ਮਧਾਣੀ ਜ਼ੋਰ ਨਾਲ਼ ‘ਘੁਮਾਈ’ ਨਹੀਂ,
ਹੁੰਦੀ।
 
ਮਰੀਜ਼ ਰਾਜ਼ੀ ਨਹੀਂ ਹੁੰਦਾ ਜੱਦ ਤੱਕ ਲਿੱਖੀ,
ਡਾਕਟਰ ਦੀ ਖਾਦੀ ‘ਦਵਾਈ’ ਨਹੀਂ ਹੁੰਦੀ।
 
ਨਿੰਬੂ ਅਤੇ ਬਦਾਮਾਂ ਤੋਂ ਬਿਨਾ ਪੀਣ ਵਾਲ਼ੀ,
ਉਹੋ ਜਿਹੀ ਸਵਾਦ ‘ਸ਼ਰਦਾਈ’ ਨਹੀਂ ਹੁੰਦੀ।
 
ਕੱਪੜ੍ਹੇ ਸੀਤੇ ਹੋਏ ਮਟਿਆਰ ਦੇ ਕਦੀ ਵੀ,
ਮੇਚ ਨਹੀਂ ਆਉਂਦੇ ਜੇਕਰ ਇੱਕ ਅੱਛੇ ਜਿਹੇ,
ਦਰਜ਼ੀ ਦੀ ਕੀਤੀ ‘ਸਲ਼ਾਈ’ ਨਹੀਂ ਹੁੰਦੀ।
 
ਕਈ ਅੱਧਖੜ੍ਹ ਉਮਰੇ ਜਵਾਨੀ ਪਏ ਭਾਲਣ,
ਪਛਾਣੇ ਜਾਂਦੇ, ਜਦੋਂ ਮੂੰਹ ਸਿਰ ਤੇ ਉਨ੍ਹਾਂ ਨੇ,
ਮਲ਼ ਮਲ਼ਕੇ ਕਾਲ਼ਕ ‘ਲਾਈ’ ਹੁੰਦੀ।
 
ਲਾੜ੍ਹਾ ਉਦੋਂ ਤੱਕ ਆਪਣੇ ਵਿਆਹ ਦੀ ਹੁੰਦੀ,
ਪਾਰਟੀ ‘ਚ ਪ੍ਰਵੇਸ਼ ਨਹੀਂ ਕਰਦਾ ਜੱਦ ਤੱਕ,
ਉੱਸਨੇ ਥੋੜ੍ਹੀ ਦੀ ਦੇਰ ਦੀ ਹੀ ਰੱਖੀ ਮੁੱਛਾਂ ਤੇ,
ਦਾਹੜ੍ਹੀ ਦੀ ਸ਼ੇਵ ‘ਕਰਵਾਈ’ ਨਹੀਂ ਹੁੰਦੀ।
 
ਦਸਤਾਰ ਦੀ ਤੁਸੀਂ ਗੱਲ ਹੀ ਛੱਡੋ ਜਿਹੜੀ,
ਸਾ-ਦਿਹਾੜ੍ਹੀ ਦੇ ਲਈ ਕਰਾਏ ਤੇ ‘ਬੰਨਵਾਈ’,
ਹੀ ਹੁੰਦੀ।
 
ਵਿਆਹ ਦੀ ਪਾਰਟੀ ਉਦੋਂ ਤੱਕ ਅਧੂਰੀ ਹੀ,
ਹੁੰਦੀ ਜੱਦ ਤੱਕ ਨਵੀਂ ਵਿਆਹੀ ਜੋੜ੍ਹੀ ਨੇ ਕੇਕ,
ਕਟਵਾਕੇ ਅਖਾੜ੍ਹੇ ‘ਚ ਆਕੇ ‘ਧਮਾਲ ਪਾਈ’,
ਨਹੀਂ ਹੁੰਦੀ।
 
ਬੌਲੀਵੁਡ ਦੀ ਉਹ ਫਿਲਮ ਬਾਲ਼ੀ ਨਹੀਂਓਂ,
ਚਲਦੀ ਜੇਕਰ ਅੱਧ ਨੰਗੀ ਨੱਢੀ “ਕੇਵਲ” 
ਉਨ੍ਹਾਂ ਨੇ ਫਿਲਮ ‘ਚ ‘ਨਚਾਈ’ ਨਹੀਂ ਹੁੰਦੀ।
 16/07/2020


 ਗੱਦਾਰ ਬੜੇ ਨੇ
ਕੇਵਲ ਸਿੰਘ ਜਗਪਾਲ

ਸਾਡੇ ‘ਚ ਤਾਂ ਗੱਦਾਰ ਬੜੇ ਨੇ,
ਧਰਤੀ ਤੇ ਬਣੇ ਭਾਰ ਬੜੇ ਨੇ।
ਬਹੁਤਿਆਂ ਦੀ ਲੋੜ ਨਹੀਂ ਏਂ,
ਨੇਤਾ ਠੱਗ ਦੋ ਚਾਰ ਬੜੇ ਨੇ।
 
ਨੇਤਾ ਭਾਵੇਂ ਚੋਰ ਜਿਹਾ ਜਾਪੇ,
ਗਲ਼ ‘ਚ ਪਏ ਹਾਰ ਬੜੇ ਨੇ।
ਚੋਣਾਂ ਵੇਲ਼ੇ ਉਹ ਕਰਦੇ ਨਾਲ਼
ਜੰਤਾ ਕੌਲ ਕਰਾਰ ਬੜੇ ਨੇ।
ਲੁੱਟਣ ਨੂੰ ਤੱਕੜ੍ਹੀ ਪੰਜਿਆਂ,
ਜਿਹੇ ਚੋਣ ਨਿਸ਼ਾਨ ਬੜੇ ਨੇ।
 
ਧਰਮ ਲੱਗੇ ਉੱਡ ਗਿਆ ਏ,
ਮਨਮਤੀ ਠੇਕੇਦਾਰ ਬੜੇ ਨੇ।
ਸੰਗਤ ਤਾਂ ਜੀ ਸਹਿਮੀ ਬੈਠੀ,
ਲੜ੍ਹਣ ਨੂੰ ਧੂਤੇ ਤਿਆਰ ਖੜ੍ਹੇ ਨੇ।
 
ਗੁਰੂ ਘਰੀਂ ਤਕਰਾਰ ਪਏ ਹੁੰਦੇ,
ਪੈਰੀਂ ਰੁਲ਼ਦੇ ਦਸਤਾਰ ਬੜੇ ਨੇ।
ਗੁਰੂ ਘਰੀਂ ਹੁੰਦੇ ਨੇ ਹੱਥੋ ਪਾਈ,
ਕੱਢਣ ਸ੍ਰੀ ਸਾਹਬ ਬੜੇ ਨੇ।
 
ਚੋਰ ਉੱਚਕੇ ਚੌਧਰਾਂ ਭਾਲਣ,
ਧਰਮ ਦੇ ਠੇਕੇਦਾਰ ਬੜੇ ਨੇ।
ਬੀਬੀਆਂ ਤਾਂ ਕਰਦੀਆਂ ਸੇਵਾ,
ਚੌਧਰਾਂ ਦੇ ਤਕਰਾਰ ਬੜੇ ਨੇ।
 
ਜੋ ਕੀਤਾ ਉਨ੍ਹਾਂ ਸਹੀ ਕੀਤਾ,
ਤੌਹਮਤਾਂ ਲਈ ਖ਼ਾਰ ਬੜੇ ਨੇ।
ਜ਼ਾਤਾਂ ਬਾਣੀ ਨਹੀਓਂ ਮੰਨਦੀ,
ਜ਼ਾਤਾਂ ਦੇ ਗੁਰੂਦੁਆਰ ਬੜੇ ਨੇ।
 
ਜੰਤਾ ਨੂੰ ਬੇਵਕੂਫ ਬਨਾਉਣ ਦੇ,
ਲਈ ਝੂਠੇ ਡੇਰੇਦਾਰ ਬੜੇ ਨੇ।
ਡੇਰੇ ਨਾ ਜਾਈਂ ਧੀਏ ਉਥੇ ਤਾਂ,
ਹੋ ਰਹੇ ਬਲਾਤਕਾਰ ਬੜੇ ਨੇ।
 
ਬਾਬਿਆਂ ਦੇ ਤਾਂ ਨਕੇਲ ਪਾਉਣੀ,
ਜੰਤਾ ਦੇ ਗੁਸੇ ਤਕਰਾਰ ਬੜੇ ਨੇ।
4 ਧੀਆਂ ਬਾਅਦ ਪੁੱਤ ਜੰਮਿਆਂ,
ਪੁੱਛਣ ਬਾਬੇ ਖ਼ਬਰਸਾਰ ਬੜੇ ਨੇ।
 
ਬਟੋਰ ਕੇ ਤਗ਼ਮਾ ਰਾਣੀ ਦਾ ਤਾਂ,
ਕਈ ਬਣਦੇ ਸ਼ੇਖ਼ੀਮਾਰ ਬੜੇ ਨੇ।
 
ਨੇਕ ਬੰਦਿਆਂ ਦੇ ਦੁਸ਼ਮਣਾਂ ਨਾਲ਼ੋਂ,
ਕਈ ਹੁੰਦੇ ਬੇਲੀ ਯਾਰ ਬੜੇ ਨੇ।
 
ਦੋ ਡੰਗ ਰੋਟੀ ਦੀ ਖ਼ਾਤਰ ਇੱਥੇ,
ਕਈ ਗ਼ਰੀਬ ਲਚਾਰ ਬੜੇ ਨੇ।
ਝੂਠੀ ਗਵਾਹੀ ਦੇਣ ਦੇ ਖ਼ਾਤਰ,
ਫਿਰਦੇ ਲੰਬੜਦਾਰ ਬੜੇ ਨੇ।
 
ਜੰਤਾ ਦੀ ਲੁੱਟ ਖੋਹ ਦੇ ਲਈ,
ਠਾਣੇ ‘ਚ ਠਾਣੇਦਾਰ ਬੜੇ ਨੇ।
ਲੈਂਦੇ ਵੱਢੀਆਂ ਕਈ ਪਟਵਾਰੀ,
ਲੈਂਦੇ ਤਹਿਸੀਲਦਾਰ ਬੜੇ ਨੇ।
 
ਐਡੇ ਦੇਸ਼ ਦੀ ਰਕਸ਼ਾ ਦੇ ਲਈ,
ਥੋੜ੍ਹੇ ਜਿਹੇ ਸਰਦਾਰ ਬੜੇ ਨੇ।
ਬਾਕੀਆਂ ਨੂੰ ਕੌਣ ਕਹੂ ਸੂਰਮੇ,
ਲੱਗਦੇ ਚਿੜ੍ਹੀ ਮਾਰ ਬੜੇ ਨੇ।
 
ਘਰ ਨੂੰ ਸਾਂਭਕੇ ਰੱਖਿਓ ਇੱਥੇ,
ਤਾਂ ਨੱਕਲੀ ਚੌਂਕੀਦਾਰ ਬੜੇ ਨੇ।
ਨੌਜਵਾਨ ਬਹੁਤੇ ਨੱਸ਼ਈ ਹੋ ਗਏ,
ਕੀਤੇ ਦੁਖੀ ਪਰਿਵਾਰ ਬੜੇ ਨੇ।
 
ਪੰਜਾਬੀ ਵਿਹੜੇ ਜੰਮੀ ਨਾ ਧੀਏ,
ਉਹ ਹੁੰਦੇ ਕੁੜ੍ਹੀ ਮਾਰ ਬੜੇ ਨੇ।
ਸਿਹਤਮੰਦ ਕੋਈ ਇੱਥੇ ਨਜ਼ਰ,
ਨਾ ਆਵੇ ਲੋਕੀਂ ਬਿਮਾਰ ਬੜੇ ਨੇ।
 
ਮਦਾਰੀ ਨੂੰ ਅੱਜ ਕੋਈ ਨਾ ਜਾਣੇ,
ਤੁਰੇ ਫਿਰਦੇ ਫੱਨਕਾਰ ਬੜੇ ਨੇ।
ਪੰਜਾਬੀ ਮਾਂ ਬੋਲੀ ਦਾ ਕੀ ਬਣੂ,
ਜਦੋਂ ਲੱਚਰ ਗੀਤਕਾਰ ਬੜੇ ਨੇ।
 
ਗੰਜੇ ਦੀ ਕੱਲ ਨੂੰ ਖ਼ੈਰ ਨਹੀਂ ਏ,
ਅਰਸ਼ੋਂ ਪੈਣੇਂ ਭਰਮਾਰ ਗੜ੍ਹੇ ਨੇ।
ਨੰਗੇ ਪੈਰੀਂ ਤੁਰੀਂ ਨਾ “ਕੇਵਲ”,
ਰਾਹੀਂ ਪਏ ਅੰਗਿਆਰ ਬੜੇ ਨੇ।
 10/07/2020
 
 
ਹੰਡ੍ਹਾ ਚੁੱਕੇ ਹਾਂ

ਕੇਵਲ ਸਿੰਘ ਜਗਪਾਲ

ਰੱਬ ਦੀ ਬਕਸ਼ੀ ਹੋਈ ਇੱਕ,
ਲੰਮੀ ਉਮਰ ਹੰਡ੍ਹਾ ਚੁੱਕੇ ਹਾਂ।
ਹੁਣ ਤੱਕ ਜ਼ਿੰਦਗ਼ੀ ਦੇ ਸਾਰੇ,
ਹੀ ਢੋਲੇ ਗਾ ਚੁੱਕੇ ਹਾਂ।
 
ਬੁਢਾਪਾ ਆ ਗਿਆ ਜਵਾਨੀ,
ਨੂੰ ਫਤਹਿ ਬੁਲਾ ਚੁੱਕੇ ਹਾਂ।
ਖੁਸ਼ੀਆਂ ਭੱਗੜ੍ਹੇ ਤੇ ਗ਼ਮਾਂ ਨੂੰ,
ਚੰਗੀ ਤਰ੍ਹਾਂ ਹੰਡ੍ਹਾ ਚੁੱਕੇ ਹਾਂ।
ਜਿਸ ਤਰ੍ਹਾਂ ਵੀ ਰੰਗ-ਬਰੰਗੀ,
ਜ਼ਿੰਦਗ਼ੀ ਦਾ ਮਿਲ਼ਿਆ ਲੁਤਫ਼,
ਉਠਾ ਚੁੱਕੇ ਹਾਂ।
 
ਜ਼ਿੰਦਗ਼ੀ ਵਿੱਚ ਕੁੱਝ ਪਾਇਆ,
ਅਤੇ ਬਹੁਤਾ ਗੁਆ ਚੁੱਕੇ ਹਾਂ।
ਜ਼ਿੰਦਗ਼ੀ ਦੀਆਂ ਕਈ ਸਾਰੀਆਂ,
ਪਰਾਪਤੀਆਂ ਪਾਅ ਚੁੱਕੇ ਹਾਂ।
 
ਰਿਸ਼ਤੇ ਕਈ ਰੁੱਸੇ ਤੇ ਕਈਆਂ,
ਨੂੰ ਪਤਿਆ ਕੇ ਮਨਾਅ ਚੁੱਕੇ,
ਹਾਂ।
 
ਹੁਣ ਰਹਿ ਨਹੀਂ ਗਏ ਕੋਈ ਵੀ,
ਦੁਸ਼ਮਣ, ਸਭਨਾਂ ਨੂੰ ਮਿਤਰ,
ਬਣਾ ਚੁੱਕੇ ਹਾਂ।
ਆਪਣੇ ਹੋਏ ਬਗ਼ਾਨੇ ਤੇ ਕਈ,
ਗ਼ੈਰਾਂ ਨੂੰ ਅਪਣਾਅ ਚੁੱਕੇ ਹਾਂ।
 
ਜ਼ਿੰਦਗ਼ੀ ‘ਚ ਕਈ ਵੇਖੇ ‘ਤੇ,
ਕਈਆਂ ਨੂੰ ਤਾਂ ਅਖ਼ੀਰਲੀ,
ਫਤਹਿ ਵੀ ਬੁਲਾ ਚੁੱਕੇ ਹਾਂ।
 
ਪੀਰਾਂ-ਫ਼ਕੀਰਾਂ ਦੀਆਂ ਕਬਰਾਂ,
ਵਿੱਚੋਂ ਕੁੱਝ ਨਹੀਂ ਜੇ ਮਿਲ਼ਿਆ,
ਪਰ ਬਾਰ ਬਾਰ ਝੁੱਕ ਕੇ ਮੱਥਾ,
ਵੀ ਪੜ੍ਹਵਾਹ ਚੁੱਕੇ ਹਾਂ।
ਗ਼ਲਤੀ ਨਾਲ਼ ਪੱਲਾ ਫੜ੍ਹ ਦੇਹ,
ਧਾਰੀ ਬਾਬਿਆਂ ਤੋਂ ਧੋਖਾ ਖਾਕੇ,
ਹੁਣ ਪੱਲਾ ਛੁਡਾ ਚੁੱਕੇ ਹਾਂ।
 
ਮਨਤਾਂ ਮਨਾਉਣ ਦੇ ਚੜ੍ਹਾਵੇ,
ਚੜ੍ਹਾ ਚੜ੍ਹਾਕੇ ਰੱਬ ਨੂੰ ਖੁਸ਼,
ਕਰਨ ਦਾ ਜੋ ਵੀ ਵਾਹ ਸੀ,
ਚੱਲਿਆ ਉਹ ਲਾ ਚੁੱਕੇ ਹਾਂ।
ਗੁਰਦੁਆਰਿਆਂ ਦੇ ਅਖੌਤੀ,
ਚੌਧਰੀ ਬਣਕੇ ਕਈ ਬਾਰ,
ਗਲ਼ ਵਿੱਚ ਦਸਤਾਰਾਂ ਵੀ,
ਪੁਆ ਚੁੱਕੇ ਹਾਂ।
 
ਅਤੇ ਕਈ ਬਾਰ ਬਾਹਰ ਨੂੰ,
ਭੱਜਕੇ, ਕੁਟ ਮਾਰ ਤੋਂ ਜਾਨ,
ਬਚਾ ਚੁੱਕੇ ਹਾਂ।
ਵਿਰੋਧੀਆਂ ਨਾਲ਼ ਕਈ ਬੋਲ,
ਕਬੋਲਾਂ ਦੌਰਾਨ ਕਈ ਬਾਰ,
ਚੋਰ-ਉਚੱਕੇ ਚੌਧਰੀ ਅਖਵਾ,
ਚੁੱਕੇ ਹਾਂ।
 
ਬਣਕੇ ਗੁਰਦੁਆਰਿਆਂ ਦੇ,
ਅਖੌਤੀ ਚੌਧਰੀ, ਕਈ ਵਾਰ,
ਚੱਮ ਦੀਆਂ ਚਲਾ ਚੁੱਕੇ ਹਾਂ।
ਚੌਧਰਾਂ ਬਟੋਰਣ ਲਈ ਹੁਣ,
ਤੱਕ ਸ਼ਹਿਰ ‘ਚ ਇੱਕ ਤੋਂ ,
ਵੱਧ ਗੁਰਦੁਆਰੇ ਵੀ ਬਣਾ,
ਚੁੱਕੇ ਹਾਂ।
 
ਬੜੀ ਹੀ ਅਜੀਬੋ-ਗ਼ਰੀਬ ਹੈ,
ਇਹ ਦੁਨੀਆਂ ਇਸ ਦੁਨੀਆਂ,
ਤੋਂ ਭਰੋਸਾ ਗੁਆ ਚੁੱਕੇ ਹਾਂ।
 
ਅਗਾਂਹ ਵੇਖ ਵੇਖ “ਕੇਵਲ”,
ਪੈਰ ਧਰੇ ਸਨ ਪਰ ਫਿਰ,
ਵੀ ਕਈਆਂ ਉੱਤੇ ਭਰੋਸਾ,
ਕਰਕੇ ਧੋਖੇ ਵੀ ਖਾ ਚੁੱਕੇ,
ਹਾਂ।
 02/07/2020 
 
ਮੈਂਨੂੰ ਪਿੰਡ ਦਾ ਘਰ ਦਿਖਾਓ

ਕੇਵਲ ਸਿੰਘ ਜਗਪਾਲ
 
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
ਮੇਰਾ ਇੱਥੇ ਚਿੱਤ ਨਹੀਂਓਂ ਲੱਗਦਾ।
ਦੀਵਾ ਯਾਦਾਂ ਮਿੱਠੀਆਂ ਦਾ ਅੰਦਰ,  
ਪਿਆ ਜਗਦਾ।
 
ਜਾਓ ਮੇਰੇ ਲਾਣੇ ਨੂੰ ਸੱਦ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਕੀਹਨੂੰ ਸੁਣਾਵਾਂ ਦਿਲ ਦੀ ਗੱਲ।
ਮਿਲ਼ ਰਿਹਾ ਏ ਕਰਮਾਂ ਦਾ ਫਲ਼।
ਸੁੱਤੇ ਪਏ ਮੇਰੇ ਕੋਈ ਭਾਗ ਜਗਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਮਿੱਤਰਾਂ ਮੇਰੀ ਪੁਕਾਰ ਸੁਣ ਲਈ ਏ।
ਲੱਗਦਾ ਕੋਈ ਮੇਥੋਂ ਭੁੱਲ ਹੋ ਗਈ ਏ।
ਮਿੱਤਰੋ ਹੋਈ ਮੇਰੀ ਭੁੱਲ ਬਕਸ਼ਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਘਰ ਮੇਰੇ ਨੂੰ ਤਾਲ਼ਾ ਲੱਗਿਆ।
ਬੱਦਲ਼ ਦੂਰ ਅਸਮਾਨੀਂ ਗੱਜਿਆ।
ਮੀਂਹ ਤੋਂ ਪਹਿਲਾਂ ਚਾਬੀ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਉੱਥੇ ਸੀ ਰਹਿੰਦੇ ਮੇਰੇ ਭਰਾ ਭਰਜਾਈ।
ਨਾਲ਼ੇ ਸੀ ਰਹਿੰਦੀ ਮੇਰੀ ਚਾਚੀ ਤਾਈ।
ਮੈਂਨੂੰ ਮੇਰੇ ਆਪਣਿਆਂ ਨਾਲ਼ ਮਿਲ਼ਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਮੇਰੇ ਘਰੇ ਆ ਆ ਘੁੱਗੀਆਂ ਬੋਲਣ।
ਸੱਪ ਚੂਹਿਆਂ ਦੀਆਂ ਡੁੱਡਾਂ ਫਰੋਲਣ।
ਸੱਪਾਂ ਸਪੋਲ਼ੀਆਂ ਨੂੰ ਘਰੋਂ ਭਜਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਛੱਤਾਂ ਅਤੇ ਕੰਧਾਂ ਨੂੰ ਰੰਗ ਕਰਾਓ।
ਫ਼ਰਸ਼ ਅਤੇ ਰਸੋਈ ਸਾਫ ਕਰਾਓ।
ਧੋ ਧੋਕੇ ਦੋਨ੍ਹਾਂ ਨੂੰ ਖ਼ੂਬ ਲਿੱਛਕਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
 
ਵਿਹੜੇ ਵਿੱਚੋਂ ਘਾਹ ਫੂਸ ਕਟਵਾਓ।
ਆਓ ਮੰਜੇ ਬਾਣ ਦੇ ਵਿਹੜੇ ਡਾਹੋ।
ਸੱਦਕੇ ਗੁਆਂਢੀ ਸਾਰੇ ਹੀ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਭੱਠੀਓਂ ਦਾਣੇ ਵੀ ਭੁਨਾਕੇ ਲਿਆਓ।
ਕੋਈ ਗੱਲ ਸੁਣਾਓ ਜਾਂ ਬਾਤਾਂ ਪਾਓ।
ਆਓ ਵਿਹੜੇ ਦੀਂਆਂ ਰੌਣਕਾਂ ਵਧਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਨੱਚੋ ਟੱਪੋ ਗਿੱਧੇ ਅਤੇ ਭੰਗੜੇ ਪਾਓ।
NRI ਦੇ ਘਰ ਆਕੇ ਜਸ਼ਨ ਮਨਾਓ।
ਖੰਡਰ ਬਣੇ ਪਏ ਘਰ ਨੂੰ ਮੁੜ੍ਹ ਵਸਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਪਿੰਡ ਦੇ ਘਰ ਨਾਲ਼ ਮੁਹਬਤ ਬਹੁਤ,
ਪੁਰਾਣੀ ਹੋਕੇ ਵੀ ਬੇਨਕਾਬ ਹੁੰਦੀ ਜਾ,
ਰਹੀ ਏ।
ਪਤਾ ਨਹੀਂ ਮੁਹਬਤ ‘ਬੇਹੀ ਰੋਟੀ ਨੂੰ,
ਲੱਸੀ ਦੇ ਵਿੱਚ ਭਿਉਂਕੇ ਖਾਣ ਵਾਂਙ’,
ਐਂਨੀ ਕਿਉਂ ਸਵਾਦ ਹੁੰਦੀ ਜਾ ਰਹੀ,
ਏ?
 
ਪਤਾ ਨਹੀਂ ਮੁਹਬਤ ਕਦੀ ਖੁਸ਼ੀ ‘ਤੇ,
ਕਦੀ ਗ਼ਮੀ ਨਾਲ਼ ਕਿਉਂ ਰਬਾਬ ਹੁੰਦੀ,
ਜਾ ਰਹੀ ਏ?
ਪਤਾ ਨ੍ਹੀਂ ਐਨੀ ਪੁਰਾਣੀ ਯਾਦ ਮੱਲੋ,
ਮੱਲੀ  ਕਿਉਂ ਸ਼ਬਾਬ ਹੁੰਦੀ ਜਾ ਰਹੀ,
ਏ?
 
“ਕੇਵਲ” ਨੂੰ ਹਜੇ ਤੱਕ ਪਤਾ ਹੀ ਨ੍ਹੀਂ,
ਲੱਗ ਸੱਕਿਆ ਕਿ ਇਹ ਮੁਹਬਤ,
ਬੇਹਿਸਾਬ ਕਿਉਂ ਹੁੰਦੀ ਜਾ ਰਹੀ ਏ?
25/06/2020

ਵਿਆਹ ਅਤੇ ਦਾਗਾਂ ਵਿੱਚ ਫਰਕ

ਕੇਵਲ ਸਿੰਘ ਜਗਪਾਲ

ਬੱਸ ਫਰਕ “ਕੇਵਲ” ਐਨਾ  ਹੀ  ਸੀ।
        ਉੱਥੇ ਗਿੱਧੇ, ਗਾਣੇ ਅਤੇ ਭੰਗੜ੍ਹੇ ਪਏ।
ਐੱਥੇ ਕੁੱਝ ਰੋਂਦੇ ਬਹੁਤੇ ਸੋਗ ‘ਚ ਹੀ ਰਹੇ।
ਉੱਥੇ ਸਾਰੇ ਖੁਸ਼ੀਆਂ ਖੇੜ੍ਹਿਆਂ  ‘ਚ ਹੀ ਰਹੇ।
ਇੱਥੇ ਆਏ ਸਾਰੇ ਹੀ ਸੋਗ ‘ਚ ਚੁੱਪ ਰਹੇ।
ਗਿਆਨੀ ਉੱਥੇ ਵੀ ਸੀ, ਭਾਈ ਇੱਥੇ ਵੀ ਸੀ।
 ਅਰਦਾਸ ਤੇਰੀ ਵੀ ਹੋਈ।
                   ਅਰਦਾਸ ਮੇਰੀ ਵੀ ਹੋਈ।
ਲਾਵਾਂ ਤੇਰੀਆਂ ਪੜ੍ਹੀਆਂ ਗਈਆਂ।
           ਫਤਹਿ ਮੇਰੀ ਵੀ ਬੁਲਾਈ ਗਈ।
ਸਿਫ਼ਤਾਂ ਤੇਰੀਆਂ ਵੀ ਹੋਈਆਂ।
                 ਸਿਫ਼ਤ ਤਾਂ ਮੇਰੀ ਵੀ ਹੋਈ।
ਤੇਰੀ ਖ਼ੂਬਸੂਰਤੀ ਦੀ।
                  ਮੇਰੀ ਬੀਤੀ ਜ਼ਿੰਦਗ਼ੀ ਦੀ।
ਤੂੰ ਲਿਮੋਜ਼ੀਨ ‘ਚ ਗਈ।
          ਮੈਂ ਵੀ ਲਿਮੋਜ਼ੀਨ ਹੀ ‘ਚ ਗਿਆ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੈਂਨੂੰ ਡੋਲ਼ੀ ‘ਚ ਬਠਾਇਆ ਗਿਆ।
        ਮੈਂਨੂੰ ਬਕਸੇ ‘ਚ ਲਟਾਇਆ ਗਿਆ।
ਤੇਰਾ ਸਿਰ ਚੁੰਨੀ ਨੇ ਕੱਜਿਆ।
      ਤੇ ਮੇਰਾ ਸਿਰ ਦਸਤਾਰ ਨੇ ਢੱਕਿਆ।
ਨਵੇਂ ਤੇਰੇ ਵੀ ਕੱਪੜ੍ਹੇ,
                     ਤੇ ਨਵੇਂ ਮੇਰੇ ਵੀ ਕੱਪੜ੍ਹੇ।
ਸਜਾਇਆ ਤੈਂਨੂੰ ਵੀ ਗਿਆ।
             ਤੇ ਸਜਾਇਆ ਮੈਂਨੂੰ ਵੀ ਗਿਆ।
ਫੁੱਲ ਤੇਰੇ ਤੇ ਬਰਸੇ।
             ਨੇੜੇ ਮੇਰੇ ਵੀ ਰੱਖੇ ਗ਼ੁਲਦਸਤੇ।
ਮਹਿਕ ਤੇਥੋਂ ਵੀ ਆਉਂਦਾ।
      ਬਨਾਉਟੀ ਮਹਿਕ ਮੇਥੋਂ ਵੀ ਆਉਂਦਾ।
ਤੇਰਿਆਂ ਤੇਰੀ ਡੋਲ਼ੀ ਤੋਰੀ।
     ਮੇਰਿਆਂ ਮੇਰਾ ਬਕਸਾ ਚੁੱਕਿਆ ਮੌਰੀਂ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੂੰ ਸਾਹ ਪਈ ਲਵੇਂ।
                            ਮੇਰੇ ਸਾਹ ਮੁੱਕੇ।
ਤੇਰੀਆਂ ਅੱਖਾਂ ਨਮ ਹੋਈਆਂ।
  ਮੇਰੀਆਂ ਪਲਕਾਂ ਬੰਦ ਕੀਤੀਆਂ ਗਈਆਂ।
ਤੂੰ ਸੱਭ ਕੁੱਝ ਦੇਖ ਸੱਕੇਂ।
                 ਮੈਂ ਕੁੱਝ ਦੇਖ ਵੀ ਨਾ ਸੱਕਾਂ।
ਤੂੰ ਨਵੇਂ ਘਰ ਨੂੰ ਤੁਰੀ।
  ਪਤਾ ਨਹੀਂ ਮੈਂ ਕਿਹੜ੍ਹੇ ਘਰ ਨੂੰ ਤੁਰਿਆ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੂੰ ਤੁਰ ਕੇ ਗਈ।
                      ਮੈਂਨੂੰ ਚੁੱਕਿਆ ਗਿਆ।
ਤੂੰ ਬਾਹਰ ਮਰਜ਼ੀ ਨਾਲ਼ ਤੁਰੇਂ।
ਮੈਂਨੂੰ ਬਕਸੇ ਅੰਦਰ ਰੱਖਿਆ ਗਿਆ ਹਨ੍ਹੇਰੇ।
ਮਹਿਫ਼ਲ ਉੱਥੇ ਵੀ ਸੀ।
                         ਲੋਕ ਇੱਥੇ ਵੀ ਸਨ।
ਬੱਸ  ਫਰਕ “ਕੇਵਲ” ਐਨਾ ਹੀ  ਸੀ।
ਉੱਥੇ ਗਿੱਧੇ, ਗਾਣੇ ਅਤੇ ਭੰਗੜ੍ਹੇ ਪਏ।
ਐੱਥੇ ਕੁੱਝ ਰੋਂਦੇ ਬਹੁਤੇ ਸੋਗ ‘ਚ ਹੀ ਰਹੇ।
ਉੱਥੇ ਸਾਰੇ ਖੁਸ਼ੀਆਂ ਖੇੜ੍ਹਿਆਂ  ‘ਚ ਹੀ ਰਹੇ।
ਇੱਥੇ ਆਏ ਸਾਰੇ ਹੀ ਸੋਗ ‘ਚ ਚੁੱਪ ਰਹੇ।
ਗਿਆਨੀ ਉੱਥੇ ਵੀ ਸੀ, ਭਾਈ ਇੱਥੇ ਵੀ ਸੀ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੈਂਨੂੰ ਸਹੁਰਿਆਂ ਨੂੰਹ ਬਣਾ ਲਿਆ।
                 ਮੈਂਨੂੰ ਅੱਗ ਨਾਲ਼ ਸਾੜ੍ਹਿਆ।
ਤੈਂਨੂੰ ਜੀਵਨ ਸਾਥੀ ਮਿਲ਼ ਗਿਆ।
            ਮੈਂਨੂੰ ਕੱਲਾ ਹੀ ਗਿਆ ਤੋਰਿਆ।
ਤੂੰ ਨਾਲ਼ ਸਾਥੀ ਹੌਨੀਮੂਨ ਨੂੰ ਗਈ।
     ਮੇਰੀ ਲਾਸ਼ ਜਲ਼ਕੇ ਸੁਆਹ ਬਣ ਗਈ।
ਤੂੰ ਆਪਣੇ ਨਵੇਂ ਘਰ ਵਾਪਸ ਆਈ।
   ਮੇਰੀ ਸੁਆਹ ਪਾਣੀ ਵਿੱਚ ਵਹਾਈ ਗਈ।
 ਬੱਸ ਫਰਕ “ਕੇਵਲ” ਐਨਾ ਹੀ ਸੀ।
ਤੈਂਨੂੰ ਵਗ਼ਾਨਿਆਂ ਨੇ ਪਾਇਆ।
     ਮੌਤ ਨੇ ਮੈਂਨੂੰ ਆਪਣਿਆਂ ਤੋਂ ਖੋਇਆ।
ਤੇਰੇ ਆਉਣ ਨਾਲ਼ ਇੱਕ ਜੀਅ ਵਧਿਆ।
     ਮੇਰੇ ਜਾਣ ਨਾਲ਼ ਇੱਕ ਜੀਅ ਘੱਟਿਆ।
ਤੈਂਨੂੰ ਵੀ ਸਰਟੀਫਿਕੇਟ ਮਿਲ਼ਿਆ।
  ਮੇਰਿਆਂ ਨੂੰ ਵੀ ਸਰਟੀਫਿਕੇਟ ਮਿਲ਼ਿਆ।
ਬੱਸ ਫਰਕ “ਕੇਵਲ” ਐਨਾ  ਹੀ  ਸੀ।
ਤੈਂਨੂੰ ਤੇਰੇ ਗਰਿਸਤ ਸ਼ੁਰੂ ਹੋਣ ਦਾ।
 ਮੇਰਿਆਂ ਨੂੰ ਮੇਰੀ ਜ਼ਿੰਦਗ਼ੀ ਮੁੱਕ ਜਾਣ ਦਾ।
 18/06/2020


ਰਹਿੰਦੀਆਂ ਇਛਾਵਾਂ

ਕੇਵਲ ਸਿੰਘ ਜਗਪਾਲ

ਕਿੱਥੇ ਗਿਣੀਆਂ ਜਾਂਦੀਆਂ ਨੇ ਸਾਰੀ,
ਜ਼ਿੰਦਗ਼ੀ ਦੀਆਂ ਰਹਿੰਦੀਆਂ ਇਛਾਵਾਂ।
ਅਰਦਾਸ ਕਰਨ ਨਾਲ਼ ਕਿੱਥੇ ਪੂਰੀਆਂ,
ਹੁੰਦੀਆਂ ਨੇ ਗ਼ਰੀਬਾਂ ਦੀਆਂ ਦੁਆਵਾਂ।
ਦੀਵਾ ਵਲਣ ਨਹੀਂ ਦਿੰਦੀਆਂ ਜਦੋਂ ਵੀ,
ਵੱਗਣ ਲੱਗ ਜਾਦੀਆਂ ਤੇਜ਼ ਹਵਾਵਾਂ।
ਕਹਿੰਦੇ ਬਾਣੀ ਸੁਣਨ ਨਾਲ਼ ਦੂਰ ਭੱਜ,
ਜਾਂਦੀਆਂ ਨੇ ਸਾਰੀਆਂ ਹੀ ਬਲਾਵਾਂ।
ਚੁਗ਼ਲਖ਼ੋਰ ਕਰਦੇ ਚੁਗ਼ਲੀਆਂ ਕਿਵੇਂ,
ਉਨ੍ਹਾਂ ਨੂੰ ਸੱਚ ਦਾ ਰਾਹ ਦਿਖਲਾਵਾਂ।
ਜਿਹੜਾ ਕਦੀ ਹੱਸਿਆ ਹੀ ਨਹੀਂ ਸੀ,
ਤੁਸੀਂ ਹੀ ਦੱਸੋ ਉੱਸ ਨੂੰ ਕਿਵੇਂ ਹਸਾਵਾਂ?
ਰੁੱਸਿਓ ਦਾ ਤਾਂ ਪਤਾ ਲੱਗਦਾ ਹੀ ਨ੍ਹੀਂ,
ਤੁਸੀਂ ਹੀ ਦੱਸੋ ਉਸ ਨੂੰ ਕਿਵੇਂ ਮਨਾਵਾਂ?
ਦਾਤਣ ਕਰਨ ਨੂੰ ਦਿਲ ਕਰਦਾ ਪਰ,
ਦੱਸੋ ਕਿੱਥੋਂ ਦਾਤਣ ਕੱਟਕੇ ਲਿਆਵਾਂ?
ਅੱਜ ਕੱਲ ਦਾਤਣ ਨਹੀਓਂ ਮਿਲ਼ਦੀ,
ਮੁੱਕ ਗਈਆਂ ਕਿੱਕਰਾਂ ਤੇ ਫ਼ਲਾਹਾਂ।
ਸਹਿਜੇ ਹੀ ਦਰਿਆ ਪਾਰ ਕਰ ਲੈਂਦੇ,
ਜੇਕਰ ਦੋਸਤੀ ਹੁੰਦੀ ਨਾਲ਼ ਮਲਾਹਾਂ।
ਜੀਉਂਦੀ ਮਾਂ ਦੀ ਕੱਦਰ ਹੀ ਨਾ ਕੀਤੀ,
ਭਾਲ਼ਦੇ ਫਿਰਨ ਹੁਣ ਠੰਡੀਆਂ ਛਾਵਾਂ।
ਹੱਲ ਵੀ ਹੋ ਜਾਣੇ ਸਨ ਸਾਰੇ ਮਸਲੇ,
ਕੀਤੀਆਂ ਹੁੰਦੀਆਂ ਜੇ ਬੈਠ ਸਲਾਹਾਂ।
ਬਿਨ ਸਾਥੀ ਹੁਣ ਕਾਹਦਾ ਏ ਜੀਉਣਾ,
ਕਿਸ ਨੂੰ ਆਪਣਾ ਜਾ ਹਾਲ ਸੁਣਾਵਾਂ?
ਕੀ ਜ਼ਿੰਦਗ਼ੀ ਏ? ਇਕ ਸਾਥੀ ਬਾਜੋਂ,
ਮਿਲ਼ੀ ਜਾਦੀਆਂ ਨੇ ਸਖ਼ਤ ਸਜ਼ਾਵਾਂ।
ਦਿਨ ਦਿਹਾੜੇ ਹੀ ਉਹ ਛੱਡ ਗਿਆ,
ਏ ਤੁਹਾਡੇ ਨਾਲ਼ੋਂ ਤੁਹਾਡਾ ਪਰਛਾਵਾਂ।
ਜ਼ਿੰਦਗ਼ੀ ਕੱਟਣ ਦਾ ਢੰਗ ਨਾ ਆਵੇ,
ਪਤਾ ਨਹੀਂ ਰਹਿੰਦੀ ਕਿਵੇਂ ਹੰਡਾਵਾਂ?
ਚਾਹਤ ਰਾਹ ਵਿੱਚ ਛੱਡ ਗਈ ਸੀ,
ਜਿਸ ਦੀਆਂ ਹੁੰਦੀਆਂ ਸਨ ਅਦਾਵਾਂ।
ਬਣਾ ਵੀ ਲੈਣਾ ਸੀ ਕੇਵਲ ਮਿਰਜ਼ੇ.
ਨੇ ਪੱਕਾ ਘਰ ਸਾਹਿਬਾਂ ਦੇ ਦਿਲ ‘ਚ,
ਜੇਕਰ ਕਿਤੇ ਸੱਦਕੇ ਲਿਆਉਂਦਾ ਨਾ,
ਕੋਈ ਸਾਹਿਬਾਂ ਦੇ ਸਾਰੇ ਸਕੇ ਭਰਾਵਾਂ।
ਵਿਆਹਕੇ ਰਾਂਝੇ ਨੇ ਹੀਰ ਸਿਆਲਾਂ,
ਨੂੰ ਵੀ ਲੈ ਜਾਣਾ ਸੀ ਤੱਖਤ ਹਜ਼ਾਰੇ,
ਜੇਕਰ ਲਗ ਜਾਂਦੀਆਂ ਨਾ ਗੰਦੇ ਕੈੱਦੋਂ,
ਦੀਆਂ ਕੋਝੀਆਂ ਉਹ ਬੱਦ-ਦੁਆਵਾਂ।
ਹੁਣ ਤਾਂ ਲਗਦਾ ਉਹ ਭੁੱਲ ਗਏ ਨੇ,
ਤੁਸੀਂ ਦੱਸੋ ਉਨ੍ਹਾਂ ਨੂੰ ਕਿਵੇਂ ਭੁਲਾਵਾਂ?
ਹਜੇ ਤੱਕ ਕੋਈ ਐਹੋ ਜਿਹੀ ਭੁੱਲ ਨ੍ਹੀਂ,
ਕੀਤੀ, ਐਵੀਂ ਕਿਉਂ ਪਛਤਾਈ ਜਾਵਾਂ।
ਜਦੋਂ ਹੁਣ ਸਾਰਾ ਕੁੱਝ ਬਿਖਰ ਗਿਆ,
ਏ ਫਿਰ “ਕੇਵਲ” ਦਸੋ ਕਿਸ ਕਿਸ ਨੂੰ,
ਕਿੱਥੇ ਜਾਕੇ ਆਪਣਾ ਹਾਲ ਸੁਣਾਵਾਂ?
12/06/2020 
 
 
ਹਜੇ ਬਾਕੀ ਏ

ਕੇਵਲ ਸਿੰਘ ਜਗਪਾਲ

ਬੰਦਿਆ ਸੱਚ ਦਾ ਸਹਾਰਾ ਸਦਾ ਹੀ ਲਈਂ,
ਤੇਰੇ ਅੰਦਰ ਈਮਾਨ ਹਜੇ ਬਾਕੀ ਏ।
ਮਿਹਨਤ ਕਰੀਂ ਜਾਵੀਂ ਰੁਕੀਂ ਨਾ ਤੇਰੇ ਵਿਚ,
ਰਬ ਦੀ ਬਕਸ਼ੀ ਹੋਈ ਅਨਮੋਲ ਜਾਨ ਹਜੇ,
ਬਾਕੀ ਏ।

ਠਿੱਬਲ਼ ਠੋਹਰ ਰਾਹਾਂ ਵਿੱਚੀਂ ਲੰਘਦਾ ਜਾਵੀਂ,
ਪਰਤਕੇ ਨਾ ਤੱਕੀਂ ਤੁਫ਼ਾਨ ਹਜੇ ਬਾਕੀ ਏ।
ਮੰਜ਼ਿਲ ਬਹੁਤ ਹੀ ਦੂਰ ਪਈ ਏ ਦਿੱਸਦੀ,
ਮੰਜ਼ਿਲ ਨੂੰ ਪਾਉਣ ਵਾਲ਼ਾ ਤੇਰਾ ਅਰਮਾਨ,
ਹਜੇ ਬਾਕੀ ਏ।

ਅੱਜ ਤੂੰ ਜਾਣਾ ਬਿਲਕੁਲ ਨਾ ਛਡੀਂ ਕੱਲ ਨੂੰ,
ਮੰਜ਼ਿਲ ਹੋਊ ਤੇਰੀ ਮੁੱਠੀ ਵਿੱਚ ਬੱਸ ਮੰਜ਼ਿਲ,
ਤੇ ਲੱਗਿਆ ਤੇਰਾ ਧਿਆਨ ਹਜੇ ਬਾਕੀ ਏ।
ਐਵੀਂ ਨਹੀਂ ਹੋ ਜਾਂਦੀ ਉਪਰ ਵਾਲ਼ੇ ਦੀ ਕ੍ਰਿਪਾ,
ਬਹੁਤੇ ਸਾਰੇ ਹੋਰ ਕਈ ਤਰ੍ਹਾਂ ਦੇ ਇਮਤਿਹਾਨ,
ਹਜੇ ਬਾਕੀ ਏ।

ਦੁਨੀਆਂ ਨੇ ਬਹੁਤ ਕੁੱਝ ਹੀ ਸਿਖਾ ਦਿੱਤਾ ਏ,
ਤੈਨੂੰ ਪਰ ਰਹਿੰਦੀ ਜ਼ਿੰਦਗ਼ੀ ਦੇ ਲਈ ਥੋੜਾ ਕੁ,
ਜਿਹਾ ਹੋਰ ਗਿਆਨ ਹੋਣਾ ਹਜੇ ਬਾਕੀ ਏ।
ਜ਼ਿੰਦਗ਼ੀ ਦੀ ਘੋਰ ਲੜ੍ਹਾਈ ‘ਚ ਦੇਖੀਂ ਕਿਤੇ,
ਐਵੀਂ ਡੋਲ਼ ਨਾ ਜਾਵੀਂ ਜੰਗ ਨੂੰ ਪੂਰੀ ਤਰ੍ਹਾਂ,
ਫਤਹਿ ਕਰਨ ਦੇ ਲਈ ਤਾਂ ਸਾਰਾ ਮੈਦਾਨ,
ਹਜੇ ਬਾਕੀ ਏ।
 
ਜਿੱਤ ਲੈਣ ਤੋਂ ਬਾਅਦ ਤੇਰੀ ਮਿਹਨਤ ਦੀ,
ਚਮਕਦੀ ਹੋਈ ਮਿਸਾਲ ਸਾਰੇ ਜਹਾਨ ਨੂੰ,
ਬਿਆਨ ਕਰਨਾ ਹਜੇ ਬਾਕੀ ਏ।
ਗੁਰਦੁਆਰੇ ਗਿਆ ਤਾਂ ਬਾਣੀ ਦੇ ਸ਼ਬਦ,
ਧਿਆਨ ਲਾਕੇ ਹੀ ਸੁਣੀਂ ਕਿਉਂਕਿ ਰਬ ਦਾ,
ਨਾਮ ਧਿਆਉਣਾ ਹਜੇ ਬਾਕੀ ਏ।
ਚਾਰ ਕਕਾਰ ਤਾਂ ਤੂੰ ਪਹਿਨ ਹੀ ਲਏ ਅਤੇ,
ਪੰਜਵਾਂ ਕਕਾਰ ਕਿਰਪਾਨ ਨੂੰ ਵੀ ਪਹਿਨਣਾ,
ਹਜੇ ਬਾਕੀ ਏ।

ਜਦੋਂ ਤੁਹਾਡਾ ਕੋਈ ਬਜ਼ੁਰਗ਼ ਮੰਜੇ ਤੇ ਪਿਆ,
ਜ਼ਿੰਦਗ਼ੀ ਦੇ ਅਖ਼ੀਰਲੇ ਸਾਹ ਪਿਆ ਲਵੇ ਤਾਂ,
ਸਮਝ ਲਓ ਕਿ ਰੱਬ ਵਲੋਂ ਇੱਕ ਆਉਣ ਵਾਲ਼ਾ,
ਫਰਮਾਨ ਹਜੇ ਬਾਕੀ ਏ।

ਜਦੋਂ ਕੋਈ ਪੁਲ਼ਸ ਵਾਲ਼ਾ ਤੁਹਾਡੀ ਕਾਰ ਹੱਥ,
ਦੇ ਕੇ ਰੋਕੇ ਤਾਂ ਝੱਟ ਸਮਝ ਆਉਂਦੀ ਕਿ ਜਾਂ,
ਤਾਂ ਪੁਲ਼ਸੀਏ ਦੇ 100 ਦਾ ਨੋਟ ਮੱਥੇ ਮਾਰੋ,
ਨਹੀਂ ਤਾਂ ਕੱਟ ਹੋਏ ਚਲਾਣ ਨੂੰ ਭੁਗਤਾਉਣਾ,
ਹਜੇ ਬਾਕੀ ਏ।

ਸਾਰਿਆਂ ਨੂੰ ਸੱਚ ਨਾਲ਼ ਤਾਂ ਜਿੱਤ ਲਿਆ ਤੂੰ,
ਪਰ ਥੋੜ੍ਹਾ ਜਿਹਾ ਹੋਰ ਸੰਗਰਸ਼ ਕਰਨ ਦਾ,
ਐਲਾਨ ਕਰਨਾ ਹਜੇ ਬਾਕੀ ਏ।
ਜਿੱਤ ਨੂੰ ਸੰਪੂਰਣ ਕਰਨ ਲਈ ਕੇਵਲ ਤੇਰੇ,
ਅੰਦਰ ਬੈਠੇ ਹੋਏ ਇੱਕ ਵੱਡੇ ਸ਼ੈਤੈਨ ਨੂੰ ਵੀ,
ਹਰਾਉਣਾ ਹਜੇ ਬਾਕੀ ਏ।

ਸ਼ਾਇਦ ਹੱਥ ਵਿਚਲ਼ੀ ਕਵਿਤਾ ਸੰਪੂਰਣ ਨਹੀਂ,
ਸੀ ਹੋਈ ਇਸ ਵਿੱਚ ਇੱਥੇ ਥੋੜ੍ਹੀਆਂ ਜਿਹੀਆਂ,
ਰਾਜਨੀਤੀ ਦੀਆਂ ਕੁੱਝ ਸਤਰਾਂ ਦਰਜ਼ ਕਰਨਾ,
ਹਜੇ ਬਾਕੀ ਏ।

ਦੋਸਤੋ ਪੰਜ ਸਾਲ ਮੋਦੀ ਜੀ ਨੇ ਦੇਸ਼ ਤੇ ਰਾਜ,
ਕਰ ਲਿਆ ਇੰਝ ਲੱਗਦਾ ਏ ਕਿ ਫਿਰ ਦੂਜੀ,
ਵਾਰ ਜਿੱਤਕੇ ਆਉਣ ਵਾਲ਼ੇ ਪੰਜ ਸਾਲ ਹੋਰ,
ਸਤਾ ਵਿਚ ਦੁਬਾਰਾ ਆਉਣਾ ਹਜੇ ਬਾਕੀ ਏ।
ਗੰਗਾ ਪਹਿਲੇ ਪੰਜਾਂ ਸਾਲਾਂ ‘ਚ ਸਾਫ ਕਰਾ,
ਬਿਲਕੁਲ ਨਾ ਸੱਕੇ ਹੁਣ ਜਮਨਾ ਨਦੀ ਨੂੰ ਵੀ,
ਸਾਫ ਕਰਾਉਣਾ ਹਜੇ ਬਾਕੀ ਏ।

ਪੰਜਾਂ ਸਾਲਾਂ ‘ਚ ਵਿਦੇਸ਼ਾਂ ਵਿੱਚ ਪਿਆ ਕਾਲ਼ਾ,
ਧੰਨ ਮੋਦੀ ਸਾਹਿਬ ਤਾਂ ਲਿਆ ਹਾ ਨਾ ਸਕੇ,
ਦੁਬਾਰਾ ਜਿਤਕੇ ਆਉਣ ਵਾਲ਼ੇ ਪੰਜਾਂ ਸਾਲਾਂ,
‘ਚ ਕਾਲ਼ੇ ਧੰਨ ਨੂੰ ਲਿਆਉਣਾ ਹਜੇ ਬਾਕੀ ਏ।
ਗ਼ਰੀਬ ਕਿਸਾਨ ਕਰਜ਼ਿਆਂ ਤੋਂ ਮੁਕਤ ਤਾਂ,
ਹੋ ਨਾ ਸਕੇ ਕਈ ਹੋਰ ਹਜ਼ਾਰਾਂ ਕਿਸਾਨਾਂ,
ਦੇ ਗਲ਼ਾਂ ਵਿੱਚ ਫੰਦੇ ਪਾਕੇ ਜਾਨ ਦੇ ਜਾਣਾ,
ਹਜੇ ਬਾਕੀ ਏ।

ਸਿਆਸਤਦਾਨੋਂ ਕੇਵਲ ਦੇਸ਼ ਦੀ ਸਤਾ ਨੂੰ,
ਸਮੇਟਣ ਦੇ ਲਾਲਚ ਲਈ ਚੋਣਾਂ ਵੇਲ਼ੇ ਕੀਤੇ,
ਝੂਠੇ ਕੌਲ ਕਰਾਰ ਜੇ ਹੋ ਸਕੇ ਤਾਂ ਨਾ ਹੀ,
ਕਰਿਆ ਕਰੋ ਦੇਸ਼ ਦੀ “ਕੇਵਲ” ਬੜ੍ਹੀ ਹੀ,
ਭੋਲ਼ੀ ਭਾਲ਼ੀ ਜੰਤਾ ਹੁਣ ਤੁਹਾਥੋਂ ਆਕੀ ਏ।
04/06/2020


ਅਨੋਖੀ ਕੁਦਰਤ

ਕੇਵਲ ਸਿੰਘ ਜਗਪਾਲ

kewalਜੀਉਂਦੇ ਜੀਅ ਦੁਖ ਆਉਂਦੇ,
ਹੀ ਰਹਿੰਦੇ ਪਰ ਹੁੰਦੇ ਬੰਦੇ,  
ਦੇ ਬੜ੍ਹੇ ਹੀ ਪੱਕੇ ਮਿੱਤਰ,
ਦੋਸਤੋ।
ਜਦ ਤੱਕ ਇਹ ਰਹਿੰਦੇ ਤਾਂ,
ਪੂਰਾ ਸਬਕ ਸਿਖਾਉਂਦੇ ਪਰ,
ਹੁੰਦੇ ਬੜ੍ਹੇ ਬਚਿਤਰ ਦੋਸਤੋ।
ਸੁੱਖਾਂ ਦੇ ਆਉਂਦਿਆਂ ਸਾਰ ਹੀ,
ਦੁਖ ਹੋ ਜਾਂਦੇ ਤਿੱਤਰ ਦੋਸਤੋ।
 
ਬੰਦੇ ਨੂੰ ਕੁਦਰਤ ਦੇ ਰੰਗ ਤਾਂ,
ਸਮਝ ਨ੍ਹੀਂ ਆਉਂਦੇ ਪਰ ਹੁੰਦੇ,
ਬੜ੍ਹੇ ਨਿਆਰੇ ਅਤੇ ਪਿਆਰੇ,
ਦੋਸਤੋ।

ਕੁਦਰਤ ਤੋਂ ਸਦਾ ਹੀ ਜਾਈਏ,
ਵਾਰੇ ਦੋਸਤੋ।
ਕੁਦਰਤ ਬੰਦੇ ਨੂੰ ਭਰ ਜਵਾਨੀ,
‘ਚ ਪਹੁੰਚਾਵੇ ਸਿਖਰ ਅਰਸ਼ੀਂ,
ਉਤਾਰੇ ਦੋਸਤੋ।

ਪਰ ਬੁਢਾਪੇ ‘ਚ ਸਿਹਤ ਵਲੋਂ,
ਬੰਦੇ ਨੂੰ ਉਹ ਲਿਆਕੇ ਅਰਸ਼ੋਂ,
ਫਰਸ਼ ‘ਤੇ ਮਾਰੇ ਦੋਸਤੋ।
ਕੰਨੀਂ ਸੁਣਿਆਂ ਸਿਫਤ ਤੇਰੀ,
ਪਈ ਹੁੰਦੀ ਏ ਸਾਰੇ ਦੋਸਤੋ।
ਜਦੋਂ ਤੇਰੀ ਹੁੰਦੀ ਖ਼ੂਬਸੂਰਤੀ,
ਦੀ ਗੱਲ-ਬਾਤ ਵਾਰੇ ਦੋਸਤੋ।
ਜੇ ਤੂੰ ਚਾਹੇਂ ਤਾਂ ਸਾਫ ਦਿਨ,
ਚੜ੍ਹਦਾ ਏ ਦਿੱਸਦੇ ਨੇ ਨਜ਼ਾਰੇ,
ਦੋਸਤੋ।

ਜੇ ਤੂੰ ਚਾਹੇਂ ਤਾਂ ਪੈਂਦੀ ਏ ਰਾਤ,
ਕਾਲ਼ੀ, ਅਸਮਾਨੀ ਨਾ ਦਿੱਸਣ,
ਨਾ ਚੰਦ ਨਾ ਤਾਰੇ ਹੀ ਦੋਸਤੋ।
ਜੇ ਤੂੰ ਚਾਹੇਂ ਤਾਂ ਬੱਦਲ਼ ਵਾਰੀ,
ਹੁੰਦੀ ਏ, ਜੇ ਤੂੰ ਚਾਹੇਂ ਤਾਂ ਹੁੰਦੇ,
ਮੀਂਹ ਭਾਰੇ ਦੋਸਤੋ।

“ਕੇਵਲ” ਨੂੰ ਤਾਂ ਲੱਗਦਾ ਹੋਰ,
ਤਾਂ ਕਿਤੇ ਨਹੀਂ ਇਸ ਧਰਤੀ,
ਤੇ ਹੀ ਨੇ ਨਰਕ ਤੇ ਸਵਰਗ਼,
ਦੇ ਵੇਖਣ ਨੂੰ ਮਿਲ਼ਦੇ ਨਜ਼ਾਰੇ,
ਦੋਸਤੋ।
01/06/2020

ਕੇਵਲ ਸਿੰਘ ਜਗਪਾਲ 
kewal.jagpal@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com