ਮੱਥੇ ਦੀ ਬਿੰਦੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਮੇਰੀਆਂ ਖਵਾਹਿਸ਼ਾਂ ਨੂੰ ਠੁਕਰਾਉਣਾ
ਉਸਨੂੰ ਨਹੀਂ ਆਉਂਦਾ
ਪਰ ਉਸਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾ
ਮੈਥੋਂ ਪੁਰ ਨਹੀਂ ਹੁੰਦੀਆਂ
ਕਦੀ ਪਾਉਣਾ ਚਾਹੁੰਦਾ ਹੈ
ਉਹ ਮੇਰੀਆਂ ਬਾਹਵਾਂ ਵਿੱਚ
ਰੰਗ ਬਰੰਗੀਆਂ ਚੂੜੀਆਂ
ਕਦੇ ਸੁਣਨਾ ਚਾਹੁੰਦਾ ਹੈ
ਉਹ ਮੇਰੀਆਂ ਝਾਂਜਰਾ ਦੇ ਬੋਲ
ਕੱਜਲ ਤੋਂ ਬਿਨਾਂ ਸੁੰਨੀਆਂ ਅੱਖਾਂ
ਵੀ ਮੰਨਜੂਰ ਨਹੀਂ ਉਸਨੂੰ
ਬੁੱਲਾਂ ਦੀ ਲਾਲੀ ਵੀ
ਫਿੱਕੀ ਪੈਣ ਨਹੀਂ ਦਿੰਦਾ
ਕਦੀ ਲੋਚਦਾ ਹੈ ਉਹ
ਮੇਰੇ ਹੱਥਾਂ ਦੀ ਮਹਿੰਦੀ ਵਿੱਚ
ਆਪਣੇ ਨਾਮ ਦਾ ਪਹਿਲਾ ਅੱਖਰ
ਨਹੀਂ ਕਰਦਾ ਉਹ ਮੇਰੇ ਨਾਲ
ਚੰਨ ਤਾਰੇ ਤੋੜਨ ਦੇ ਵਾਦੇ
ਬੱਸ ਸਜਾ ਦਿੰਦਾ ਹੈ
ਮੇਰੇ ਮੱਥੇ ਤੇ ਨਿੱਕੀ ਜਿਹੀ ਬਿੰਦੀ
ਤੇ ਲੱਭਦਾ ਹੈ ਉਸ ਵਿੱਚੋਂ
ਉਹ ਸਾਰੇ ਬ੍ਰਹਿਮੰਡ ਨੂੰ
05/01/2018 ਸੱਚ ਨੂੰ ਸਜ਼ਾ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਸੱਚ
ਬੋਲਣ ਦੀ
ਸਜ਼ਾ ਮਿਲੀ ਹੈ
ਪਰ ਮੈਂ ਖੁਸ਼ ਹਾਂ
ਸੱਚ ਬੋਲਣ ਲਈ
ਕਿਉਂਕਿ ਸੱਚ ਬੋਲਣ ਵਾਲੇ
ਤਾਂ ਹਮੇਸ਼ਾ ਹੀ
ਚੜ੍ਹਦੇ ਰਹੇ ਨੇ ਸੂਲੀ
ਉਹ ਈਸਾ ਹੋਵੇ
ਜਾਂ ਫਿਰ ਆਮ ਇਨਸਾਨ
ਸੱਚ ਦੇ ਹਿੱਸੇ ਤਾਂ
ਆਇਆ ਹੈ ਜ਼ਹਿਰ
ਜਿਸ ਨੂੰ ਪੀ ਕੇ
ਅੱਜ ਵੀ ਜੀਉਂਦਾ ਹੈ ਸੁਕਰਾਤ
ਸਾਡੇ ਦਿਲਾਂ ਅੰਦਰ
ਤੇ ਅਮਰ ਹੋ ਗਈ ਹੈ
ਕ੍ਰਿਸ਼ਨ ਭਗਤ ਮੀਰਾ।
24/03/17 ਪੱਤਝੜ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਪੱਤਝੜ ਦਾ ਮੌਸਮ ਸੀ
ਦਸਤਕ ਦੇ ਮੁੜ ਗਈ
ਬੰਦ ਦਰਵਾਜ਼ਿਆ ਤੇ
ਬਹਾਰ ਦੀ ਰੁੱਤੇ
ਫਿਰ ਤੋਂ ਆਵਾਂਗੀ
ਖੁਸ਼ਬੂ ਬਣ ਕੇ
ਤੇ ਬੰਦ ਦਰਵਾਜ਼ੇ ਵੀ
ਰੋਕ ਨਾ ਸਕਣਗੇ ਮੈਨੂੰ
ਤੇਰੇ ਤੱਕ ਜਾਣ ਲਈ
24/11/16 ਹਾਦਸਾ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ ਉਹ
ਕਿਸੇ ਹਾਦਸੇ ਵਰਗਾ
ਹੁਣ ਭੁਲਾਇਆ ਨਹੀਂ ਜਾਂਦਾ ਬੜਾ ਸਮਝਾਉਂਦੀ ਹਾਂ ਖੁਦ ਨੂੰ
ਪਰ ਸਮਝਾਇਆ ਨਹੀਂ ਜਾਂਦਾ ਨਾ ਕਹੋ ਬੈਠ ਕੇ ਮਹਿਫ਼ਲ ’ਚ
ਮੈਨੂੰ ਮੁਸਕਰਾਵਣ ਲਈ
ਛੁਪਾ ਕੇ ਅੱਖਾਂ ਵਿੱਚ ਹੰਝੂ
ਹੁਣ ਮੁਸਕਰਾਇਆ ਨਹੀਂ ਜਾਂਦਾ ਕਿਰਦਾ ਹੈ ਵਜੂਦ ਮੇਰਾ ਰੇਤ ਦੇ ਵਾਂਗੂ
ਹੋਵੇ ਸਾਹਮਣੇ ਤਾਂ ਖੁਦ ਨੂੰ ਬਚਾਇਆ ਨਹੀਂ ਜਾਂਦਾ
ਨਜ਼ਰ ਕਰਦੀ ਹੈ ਪਿੱਛਾ ਉਸਦਾ ਦੂਰ ਤੀਕਰ
ਉਸਦੇ ਸਾਹਮਣੇ ਪਲਕਾਂ ਨੂੰ ਉਠਾਇਆ ਨਹੀਂ ਜਾਂਦਾ ਹੱਕ ਰਾਖਵੇਂ ਨੇ ਹੁਣ
ਕਿਸੇ ਹੋਰ ਦੇ ’’ਕੰਵਲ’’
ਚਾਹ ਕੇ ਵੀ ਹੱਕ ਉਸ ਤੇ ਜਤਾਇਆ ਨਹੀਂ ਜਾਂਦਾ।
28/10/16 ਯਾਦਾਂ ਦੀ ਸਰਦਲ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਅੰਦਰੋ ਜਦੋਂ ਕੁੱਝ ਟੁੱਟਦਾ ਹੈ
ਤਾਂ ਜੁੜਦੇ ਹਨ ਸ਼ਬਦ
ਸ਼ਬਦ ਜੋ ਬਣ ਜਾਂਦੇ ਹਨ
ਕਵਿਤਾ, ਕਹਾਣੀ ਤੇ ਵਾਰਤਕ,
ਤੇਰੀਆਂ ਯਾਦਾਂ ਦੀ ਸਰਦਲ ਤੇ ਬੈਠ
ਆਪ ਮੁਹਾਰੇ ਹੀ ਲਿਖ ਹੋਈ ਕਵਿਤਾ
ਜਦੋਂ ਰਿਸ਼ਤਿਆਂ ਦਾ ਮੋਹ ਜਾਗਿਆ
ਤਾਂ ਲਿਖੀ ਗਈ ਕਹਾਣੀ
ਦੁਨੀਆਂ ਦੇ ਦਰਦ ਨੇ
ਲਿਖਵਾ ਦਿੱਤੀ ਹੈ ਵਾਰਤਕ
ਮੈਂ ਕਦੋਂ ਕੁੱਝ ਲਿਖਦੀ ਹਾਂ
ਮੈਂ ਤਾ ਬੱਸ ਟੁੱਟਦੀ ਹਾਂ
ਤੇ ਜੁੜ ਜਾਂਦੇ ਹਨ ਸ਼ਬਦ
ਸ਼ਬਦ ਜੋ ਬਣ ਜਾਂਦੇ ਹਨ
ਕਵਿਤਾ, ਕਹਾਣੀ ਤੇ ਵਾਰਤਕ।
13/10/2016
|