WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਮਲਜੀਤ ਕੌਰ ਕਮਲ
ਲੁਧਿਆਣਾ

ਕਮਲਜੀਤ ਕੌਰ ਲੁਧਿਆਣਾ

ਬਾਬੇ ਨਾਨਕ ਦਾ ਪੰਜਾਬ !
ਕਮਲਜੀਤ ਕੌਰ ਕਮਲ
 
ਇਹ ਪੰਜਾਬ ਹੈ ! ਬਾਬੇ ਨਾਨਕ ਦਾ ਪੰਜਾਬ !
ਆਉ ਇਹਨੂੰ ਮਿਲਕੇ ਕੇ ਬਚਾਈਏ !
ਨਿੰਦਾ ਕਰਨ ਦੀ ਥਾਂ ,ਆਉ!
ਸਾਰੇ ਰਲਕੇ ਕੁਝ ਕਰਕੇ ਵਿਖਾਈਏ ।
ਧਰਮ ਦੇ ਆਗੂ !
ਦਿਨ ਰਾਤ ਲੱਗੇ ਨੇ ਪਾਪ ਕਮਾਉਣ ।
ਕਿਉਂ ਕਰਦੇ ਨੇ ਆਪਸ ‘ਚ ਲੜਾਈਆਂ ?
ਕਿਉਂ ਇੱਕ ਹੋ ਕੇ ਵੀ ਤੁਲੇ ਹੋਏ ਨੇ ,
ਇੱਕ ਦੂਜੇ ਨੂੰ ਨੀਵਾਂ ਵਿਖਾਉਣ  ?
ਬਾਬੇ ਨੇ ਤਾਂ ਕਦੇ ਨੀ ਕਿਹਾ ,
ਕਿ ਭਾਈ ਧਰਮ ਦੇ ਨਾਂ ‘ਤੇ ਆਪਸ ‘ਚ ਲੜਿਉ।
ਇੱਕ ਦੂਜੇ ਨੂੰ ਦਰੜ ਕੇ, ਤੁਸੀਂ ਅੱਗੇ ਵਧਿਉ ।
ਪਰ ਅੱਜ ਤਾਂ ਹਰ ਕੋਈ,ਸੰਤ ਬਣਿਆ ਫਿਰਦਾ ਹੈ
ਆਪਣੇ-ਆਪਣੇ ਡੇਰਿਆਂ ‘ਚ, ਬਾਦਸ਼ਾਹ ਸਜਿਆ ਫਿਰਦਾ ਹੈ।
ਪੈਸੇ ਲਈ ਕਿਸੇ ਹਰ ਹੱਦ ਤੱਕ, ਗਿਰ ਜਾਂਦਾ ਹੈ।
ਪੈਸੇ ਤੋਂ ਹੀ ਇਸਨੂੰ ਜਹਾਨ ਤੇ ਸਵਰਗ ਦਾ
ਹਰ ਸੁਖ , ਮਿਲ ਜਾਂਦਾ ਹੈ।
ਦੁਹਾਈ ਦਿੰਦਾ ਹੈ ਕਿ, ਨਾਮ ਜਪਣ ਦੀ।
ਪਰ ਮਨ ‘ਚੋਂ ਇਸਦੇ , ਤਮਾਂ ਨਹੀਂ ਮੁੱਕਦੀ।
ਉੱਠੋ ਭਾਈ ਜਾਗੋ ! ਇਹ ਪੰਜਾਬ ਐ !
ਬਾਬੇ ਨਾਨਕ ਦਾ ਪੰਜਾਬ !
ਰੌਲਾ ਨਾ ਪਾਉ, ਕੁਝ ਕਰਕੇ ਵਿਖਾਉ ।
ਨਸ਼ਾ ! ਨਸ਼ਾ ! ਨਸ਼ਾ !
ਰੌਲਾ ਪਾਉਣ ਨਾਲ ਕੁਝ ਨੀ ਹੋਣਾ ।
ਆਉ ਸਾਰੇ ਰਲਕੇ ਮਿਹਨਤ ਕਰੀਏ ।
ਉੱਜੜ ਰਹੇ ਮਾਵਾਂ ਦੇ ਘਰ ਜੋ ,
ਉਹ ਫਿਰ ਤੋਂ ਖੁਸ਼ੀਆਂ ਨਾਲ ਭਰੀਏ ।
ਘਰਾਂ ਤੋਂ ਬਾਹਰ ਨਿੱਕਲੀਏ,
ਬੋਲਣ ਨਾਲੋਂ ਕੋਈ ਟੀਚਾ ਮਿਥੀਏ,
ਕਿਉਂਕਿ ਬੋਲਣਾ ਤਾਂ ਬਹੁਤ ਸੌਖਾ ਹੁੰਦਾ ਹੈ।
ਪਰ ਕੁਝ ਕਰਕੇ ਵਿਖਾਉਣਾ,ਬਹੁਤ ਔਖਾ ਹੁੰਦਾ ਹੈ।
ਏਕੇ ਦੀ ਤਾਕਤ ਬਲਵਾਨ ਹੁੰਦੀ ਹੈ।
ਜਿਵੇਂ ਮਿਲਕੇ ਕੀਤੀ ਹੋਈ ਅਰਦਾਸ,
ਰੱਬ ਦੇ ਦਰ ‘ਤੇ ਪਰਵਾਨ ਹੁੰਦੀ ਹੈ।
ਨਿੰਦਿਆ ਕਰਨ ਦੀ ਥਾਂ,
ਸਾਰੇ ਰਲਕੇ ਕੁਝ ਕਰਕੇ ਵਿਖਾਈਏ ।
ਇਹ ਪੰਜਾਬ ਹੈ! ਬਾਬੇ ਨਾਨਕ ਦਾ ਪੰਜਾਬ !
ਆਉ ਇਹਨੂੰ ਰਲਕੇ ਬਚਾਈਏ !
ਆਉ ਇਹਨੂੰ ਮਿਲਕੇ ਬਚਾਈਏ !
11/05/2023
 
ਮਾਂ ਬੋਲੀਏ ਸਦਕੇ ਜਾਵਾਂ  ਤੇਰੇ ਤੋਂ! 
ਕਮਲਜੀਤ ਕੌਰ ਕਮਲ
 
ਮਾਂ ਬੋਲੀਏ ਸਦਕੇ ਜਾਵਾਂ  ਤੇਰੇ ਤੋਂ !
ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ। 
ਤੂੰ ਤਾਂ ਮੇਰੇ ਦਿਲੋਂ ਜਾਨ ਵਿਚ ਵੱਸਦੀ ਏ,
ਬੁੱਲ੍ਹਾਂ ਤੇ ਤੈਨੂੰ ਜਦੋਂ ਲਿਆਵਾਂ ਹੱਸਦੀ ਏ।
ਕੋਈ ਜ਼ੁਬਾਂ ਨਾ ਮਿੱਠੀ ਲੱਗਦੀ ਤੇਰੇ ਤੋਂ ,
ਮਾਂ ਬੋਲੀਏ ਸਦਕੇ ਜਾਵਾਂ  ਤੇਰੇ ਤੋਂ !
ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ! 
ਗੁਰੂਆਂ ਨੇ ਦੇਖ ਤੇਰਾ ਮਾਣ ਵਧਾਇਆ ਏ !
ਬੁੱਲ੍ਹੇ ਵਰਗੇ ਸ਼ਾਇਰਾਂ ਵੀ ਅਪਣਾਇਆ ਏ ।
ਲੋਰੀਆਂ ਦਿੰਦੀ ਜਾਂਦੀ ਬੜੇ ਹੀ ਚਾਵਾਂ ਨਾਲ ,
ਛਮ-ਛਮ ਵਗਦੀ ਜਾਂਦੀ ਪੰਜ ਦਰਿਆਵਾਂ ਨਾਲ ।
ਕਿਉਂ ਮੁਨਕਰ ਹੁੰਦੇ ਜਾਂਦੇ ਅਸੀਂ ਹਾਂ ਤੇਰੇ ਤੋਂ  ,
 ਮਾਂ ਬੋਲੀਏ ਸਦਕੇ ਜਾਵਾਂ  ਤੇਰੇ ਤੋਂ ,
ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ। 
ਤੇਰੇ ਰੰਗ ਵਿਚ ਰੰਗੀਏ ਏਸ ਜਵਾਨੀ ਨੂੰ ,
ਚੜ੍ਹਦੇ ਸੂਰਜ ਵਾਂਗੂੰ ਰੰਗ ਲਾਸਾਨੀ ਨੂੰ ।
ਚੁੰਮ-ਚੁੰਮ ਮੱਥੇ ਲਾਈਏ ਹਾਏ ਉਸ ਕਾਨੀ ਨੂੰ,
ਜੋ ਮੁੱਢੋਂ ਲਿਖਦੀ ਆਈ ਹੈ ਤੇਰੀ ਕਹਾਣੀ ਨੂੰ ।
ਵੱਧਦੀ ਫੁੱਲਦੀ ਰਹੇ ਸਦਾ ਚਾਰ ਚੁਫ਼ੇਰੇ ਤੋਂ 
 ਮਾਂ ਬੋਲੀਏ ਸਦਕੇ ਜਾਵਾਂ  ਤੇਰੇ ਤੋਂ !
ਇੱਕ ਪਲ ਵੀ ਤੂੰ ਦੂਰ ਨਾ ਹੋਵੇ ਮੇਰੇ ਤੋਂ !
11/05/2023
 
 ਆਜਾ ਮੇਰਾ ਪੰਜਾਬ ਵੇਖ ਲੈ !
ਕਮਲਜੀਤ ਕੌਰ ਕਮਲ
 
ਆਜਾ ਮੇਰਾ ਪੰਜਾਬ ਵੇਖ ਲੈ !
ਇੱਥੇ ਖਿੜੀ ਬਹਾਰ ਵੇਖ ਲੈ  !
ਖੇਤਾਂ ਵਿੱਚ ਸੋਨੇ ਰੰਗੀਆਂ ,
ਫਸਲਾਂ ਬੇਸ਼ੁਮਾਰ ਵੇਖ ਲੈ !
ਭੁੱਖਾ ਇੱਥੇ ਸੌਵੇਂ ਕੋਈ ਨਾ ,
ਬਾਬੇ ਦੀ ਅਸੀਸ ਦਾ ਕਮਾਲ ਵੇਖ ਲੈ !
ਗੁਰੂ ਘਰ ਸਾਂਝੇ ਸਭ ਦੇ ,
ਆ ਕੇ  ਇੱਕ ਵਾਰ ਵੇਖ ਲੈ  !
ਮਾਈ ਭਾਗੋ ਦਾ ਰੂਪ ਜੋ ,
ਇੱਥੋਂ ਦੀ ਮੁਟਿਆਰ ਵੇਖ ਲੈ !
ਸੁਹਣੀਆਂ ਨੇ ਪੱਗਾਂ ਬੰਨ੍ਹਦੇ ,
ਸਜੇ ਹੋਏ ਸਰਦਾਰ ਵੇਖ ਲੈ !
ਹੌਸਲੇ ਬੁਲੰਦ ਇਨ੍ਹਾਂ ਦੇ ,
ਭਗਤ ਉੱਦਮ ਜਿਹੇ ਸਰਦਾਰ ਵੇਖ ਲੈ !
ਆਜਾ ਮੇਰਾ ਪੰਜਾਬ ਵੇਖ ਲੈ  !
11/05/2023
 
 ਸਦਕੇ ਮੈਂ ਪੰਜਾਬ ਦੇ 
ਕਮਲਜੀਤ ਕੌਰ ਕਮਲ
 
ਇੱਕ ਰਾਹ ਜਾਂਦੇ ਹੋਈ ਰਾਹੀ ਨੂੰ, ਮੈਂ ਰੋਕ ਖੜ੍ਹਾਇਆ ,  
ਫੇਰ ਮੈਂ ਪੁੱਛਿਆ ਉਸ ਤੋਂ, ਤੂੰ ਕਿੱਥੋਂ ਆਇਆ ?
ਆਖਿਆ ਉਸ ਨੇ ਹੱਸ ਕੇ, ਮੈਂ ਅਰਸ਼ੋਂ ਆਇਆ  ,
ਮਹਿਮਾ ਸੁਣ ਪੰਜਾਬ ਦੀ, ਮੈਂ ਵੇਖਣ ਆਇਆ  ।
ਮੈਂ ਸੁਣਿਆ ਵਿਚ ਪੰਜਾਬ ਦੇ, ਅੰਨ ਦੇ ਭੰਡਾਰੇ,
ਖਿੜੇ ਰਹਿੰਦੇ ਇਸ ਧਰਤੀ ‘ਤੇ, ਫੁੱਲਾਂ ਦੀ ਕਿਆਰੇ।
ਕਿਰਤੀ ਕਾਮੇ ਲੋਕ ਨੇ ,  ਮਿਹਨਤ ਦੀ ਖਾਂਦੇ ,
ਭਾਈਚਾਰੇ ਦੀ ਲੋਰ ਵਿੱਚ , ਸਭ ਸਦਾ ਹੀ ਰਹਿੰਦੇ  ।
ਗੱਭਰੂ ਤੇ ਮੁਟਿਆਰਾਂ ਦੇ, ਜੋਬਨ ਨੇ ਸੋਂਹਦੇ ,
ਬਜ਼ੁਰਗ ਢਾਣੀਆਂ ਜੋੜ ਕੇ, ਸੱਥਾਂ ਵਿੱਚ ਬਹਿੰਦੇ ।
ਰਾਹੀ ਨੂੰ ਮੈਂ ਆਖਿਆ, ਤੂੰ ਸੱਚ ਸੁਣਾਇਆ ,
ਪੁਰਾਣੇ ਉਸ ਪੰਜਾਬ ਨੂੰ , ਅੱਜ ਮੋੜ ਲਿਆਇਆ ।
ਪਰ ਮੇਰੇ ਉਸ ਪੰਜਾਬ ਨੇ, ਹੁਣ ਰੰਗ ਵਟਾਇਆ ,
ਬਿਰਖਾਂ ਨੂੰ ਵੱਢ-ਵੱਢ ਕੇ ,ਅਸੀਂ ਘਰੀਂ ਸਜਾਇਆ ।
ਨਸ਼ੇ ਨੇ ਸਾਡੀ ਜਵਾਨੀ ਨੂੰ, ਅੱਜ ਮਾਰ ਮੁਕਾਇਆ ,
ਕਈ ਤਰ੍ਹਾਂ ਦੇ ਰੂਪ ਨੇ, ਹੁਣ ਪੰਜਾਬ ‘ਚ ਵੱਸਦੇ  ।
ਲੋੜ ਪੈਣ ‘ਤੇ ਧੀਆਂ ‘ਤੇ , ਤੇਜ਼ਾਬ ਨੇ ਸੁੱਟਦੇ ,
 ਜੀਉਂਦੇ ਜੀ ਦਫ਼ਨਾਉਣ ਲਈ, ਡੂੰਘੇ ਟੋਏ ਪੁੱਟਦੇ ।
 ਕੁਝ ਬਣਕੇ ਰਾਖੇ ਦੇਸ ਦੇ,ਜਨਤਾ ਨੂੰ ਲੁੱਟਦੇ ,
ਤੈਨੂੰ ਦੱਸ ਅੱਜ ਹੋਰ ਕੀ ? ਮੈਂ ਆਖ ਸੁਣਾਵਾਂ ?
ਉਸ ਪਿਆਰੇ ਪੰਜਾਬ ਨੂੰ ਕਿੱਥੋਂ ਮੋੜ ਲਿਆਵਾਂ ?
ਖ਼ੁਸ਼ੀਆਂ ਖੇੜਿਆਂ ਵਾਲੀਆਂ, ਜਿੱਥੇ ਸਨ ਬਹਾਰਾਂ ,
ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ !
ਸਦਕੇ ਉਸ ਪੰਜਾਬ ਦੇ ਮੈਂ ਵਾਰੇ ਜਾਵਾਂ  !
11/05/2023
 
ਪੱਛਮ ਵਾਵਾਂ  ਵੱਗੀਆਂ
ਕਮਲਜੀਤ ਕੌਰ ਕਮਲ
 
ਪੱਛਮ ਵਾਹਵਾ ਵੱਗੀਆਂ,
ਅੱਜ ਪੂਰਬ ਮੰਨੇ ਕੌਣ ?
ਹਉਮੈਂ ਅੰਦਰ ਵੱਸਿਆ,
ਹੋਵੇ ਨਾ ਨੀਵੀਂ ਧੌਣ ।
ਕਦਰਾਂ ਕੀਮਤਾਂ ਵਾਲਿਓ,
 ਅੱਜ ਪੁੱਛਦਾ ‘ਥੋਨੂੰ ਕੌਣ।
 ਸਾਂਝ ਦੇ ਢੋਲੇ ਗਾਉਂਦਿਆਂ,
ਕੋਈ ਸੁਣੇ ਨਾ ਥੋਡਾ ਗੌਣ ।
ਅੱਜ ਬੀਬਰ ਨੂੰ ਸੁਣਦਿਆਂ ,
ਵਾਰਸ ਬੁੱਲ੍ਹਾ ਸਿਆਣੇ ਕੌਣ ।
ਪੱਛਮ ਬਾਹਵਾਂ ਵੱਗੀਆਂ ,
ਅੱਜ ਪੂਰਬ ਮੰਨੇ ਕੌਣ ?
 11/05/2023

ਕਮਲਜੀਤ ਕੌਰ ਕਮਲ, ਲੁਧਿਆਣਾ
kamaljitkaurkaur5@gmail.com  


5_cccccc1.gif (41 bytes)

>>/span> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2023, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com