WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

ਜਸਵਿੰਦਰ ਭੁਲੇਰੀਆ

ਸਿਸਟਮ ਚੜ੍ਹ ਗਿਆ ਭੇਟ ਸਿਆਸਤ ਦੀ
ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ 
 
ਇਹ ਕੀ ਕੀਤਾ  ਈ  ਬੇਲੀਆ ?
ਇੱਕੋ ਇਕ ਸੀ ਮੁੰਡਾ ਤੇਰਾ 
ਤੂੰ  ਉਹ ਵੀ ਭੇਜ ਦਿਤਾ ਏ ਬਾਹਰ 
ਐਨੀ ਕੀ ਸੀ  ਨੌਬਤ ਆ ਗਈ  
ਜਿਹੜੀ ਨਾ ਤੂੰ ਸਕਿਆ ਸਹਾਰ
ਹੁਣ ਤੂੰ ਬਹਿ ਕੇ ਮਾਰੀ ਮੱਖੀਆਂ 
ਤੇਰਾ ਲਹਿ ਗਿਆ ਸਿਰ ਤੋਂ ਭਾਰ
ਉਹਨਾਂ ਨੇ  ਤਾਂ ਮਾਰੀ ਦੇ ਅੱਕ ਏ ਚੱਬਣਾ 
ਜਿਹਨਾਂ ਦਾ ਇੱਥੇ ਕੋਈ ਚਲਦਾ ਨਹੀਂ  ਕਾਰੋਬਾਰ 
ਤੇਰੇ ਕੋਲ ਸਭ ਕੁੱਝ ਹੁੰਦਿਆਂ 
ਤੂੰ ਫਿਰ ਵੀ ਮੁੰਡੇ ਨੂੰ ਕੀਤਾ ਖੱਜਲ ਖੁਆਰ 
ਯਾਰਾ ਮੈ ਤੇਰੇ ਨਾਲ ਪਿਆ ਹਾਂ ਗੱਲ ਕਰਦਾ
ਤੂੰ ਹਾਂ ਨਾਂਹ ਵਿੱਚ ਜਬਾਬ ਨਹੀਂ ਦਿੱਤਾ ਇੱਕ ਵਾਰ 
ਅਗੋ ਉਹ ਹੱਸਦਾ ਹੱਸਦਾ ਬੋਲ ਪਿਆ 
ਮੇਰੀਆਂ ਸੁਣ  ਕੇ ਗੱਲਾਂ ਆਖਰਕਾਰ 
ਤੂੰ ਕਿਹੜਾ ਏ  ਅਣਜਾਣ ਦੋਸਤਾਂ 
ਇੱਥੇ ਕਿਹੜੀਆਂ ਨੌਕਰੀਆਂ ਦਿੰਦੀ ਏ ਸਰਕਾਰ 
ਕੁੱਝ ਮਾਰ ਦਿੱਤੇ ਨਸ਼ਿਆਂ ਗੱਭਰੂ 
ਕੁੱਝ ਰੁਲਦੇ ਫਿਰਦੇ ਬੇਰੁਜ਼ਗਾਰ 
ਰਹਿੰਦੇ ਖਹਿੰਦੇ ਬਣ ਗਏ ਗੈਂਗਸਟਰ 
ਚੁੱਕੀ ਫਿਰਦੇ ਦਿਨ ਦੀਵੀ ਹਥਿਆਰ 
ਸਿਸਟਮ ਚੜ੍ਹ ਗਿਆ ਭੇਟ ਸਿਆਸਤ ਦੀ 
ਤਾਹੀਓਂ ਨੌਜਵਾਨ ਭੱਜੇ ਜਾਂਦੇ ਨੇ ਬਾਹਰ 
ਆਪਾਂ ਤਾਂ ਜਿੰਦਗੀ ਕਟ ਲਈ ਇੱਥੇ 
ਪਰ  ਇੱਥੇ ਬੱਚਿਆਂ ਤੋਂ ਨਹੀਂ ਝਲੀ ਜਾਣੀ ਮਾਰ
ਦੇਸ਼ ਸਾਰੇ ਨੂੰ ਲੁੱਟ ਕੇ ਖਾ ਗਏ 
 ਅਮੀਰ ਘਰਾਣਿਆਂ ਦੇ ਬੰਦੇ ਦੋ ਚਾਰ
ਸਭ ਕੁੱਝ ਦੇ ਦਿੱਤਾ ਠੇਕੇ ਉਤੇ 
ਹੁਣ  ਠੇਕੇਦਾਰਾਂ ਨੇ ਚਲਾਉਣੀ ਏ ਸਰਕਾਰ 
ਕਿਹੜਾ  ਚੜ੍ਹੇਗਾ ਟੈਂਕੀਆਂ ਉੱਤੇ 
ਕਿਹੜਾ ਖਾਵੇਗਾ ਠੰਡ ਵਿੱਚ ਨੰਗੇ ਪਿੰਡੇ ਮਾਰ 
ਇਸੇ ਮੁਸੀਬਤ ਦੇ ਮਾਰੇ ਜਸਵਿੰਦਰਾ 
ਸਾਡੇ ਬੱਚੇ ਤੁਰਦੇ ਜਾ ਰਹੇ ਨੇ ਬਾਹਰ 
ਨਹੀਂ ਤੇ ਸਾਡਾ ਕਿਹੜਾ ਜੀਅ ਨਹੀਂ ਕਰਦਾ 
ਅਸੀਂ ਰਲ ਕੇ ਰਹੀਏ ਸਾਰਾ ਪਰਿਵਾਰ 
ਫਾਇਦਾ ਨਹੀਓ ਇੱਥੇ ਕੋਈ ਰੌਲਾ ਪਾਉਣ ਦਾ 
ਕਿਸੇ ਨਹੀਂ ਕਰਨਾ ਸਿਸਟਮ ਦਾ ਸੁਧਾਰ 
ਇੱਥੇ ਸੰਤਰੀ ਤੋਂ ਲੈ ਕੇ ਮੰਤਰੀ ਵਿੱਕਦੇ   
ਇੱਥੇ ਵਿਕ ਜਾਂਦੀ ਏ ਸਰਕਾਰ 
 ਹੁਣ ਵੇਖ ਲੈ ਤੂੰ ਆਪੇ ਮਿੱਤਰਾ 
ਕੌਣ ਕਿਵੇਂ ਕਰੇਗਾ ਸਿਸਟਮ ਦਾ ਸੁਧਾਰ 
ਆਉ ਰਲ ਕੇ ਸਾਰੇ ਹਾਅ ਦਾ ਨਾਹਰਾ ਮਾਰੀਏ 
ਗਦਾਰ ਕੱਢ ਦੇਈਏ ਦੇਸ਼ ਵਿੱਚੋ ਬਾਹਰ 
ਹੋ  ਸਕਦਾ  ਫਿਰ ਕਿੱਧਰੇ ਹੋ ਜਾਵੇ 
 ਸਾਡੇ ਦੇਸ਼ ਦਾ ਬੇੜਾ ਪਾਰ। ........
27/03/2022


ਅਗਲੇ ਪੰਜ ਸਾਲ ਬਾਬਿਓ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
 
ਜਿਵੇਂ ਜਿਵੇ ਆਉਂਦੇ ਪਏ ਨੇ ਵੋਟਾਂ ਦੇ ਦਿਨ ਨੇੜੇ 
ਉਵੇਂ ਵੱਧ ਗਏ ਨੇ ਵੋਟਾਂ ਮੰਗਣ ਵਾਲਿਆ ਦੇ ਗੇੜੇ 
ਹੱਥ ਜੋੜ ਕੇ ਕਹਿਣ  ਇਸ ਵਾਰ ਸਾਡਾ ਰਖਿਓ ਖਿਆਲ ਬਾਬਿਓ 
ਅਸੀਂ ਫਿਰ ਨਹੀਂ ਆਉਂਦੇ ਤੁਹਾਡੇ ਕੋਲ  
ਅਗਲੇ ਪੰਜ ਸਾਲ ਬਾਬਿਓ
ਸੇਵਾ ਸੁਵਾ ਤਾਂ ਗੱਲ ਬਸ  ਕਹਿਣ ਦੀ ਹੁੰਦੀ ਏ 
ਇਕ ਵਾਰ ਕੁਰਸੀ ਉਤੇ ਗੱਲ ਬਹਿਣ ਦੀ ਹੁੰਦੀ ਏ
ਤੁਸੀਂ ਇਕੋ ਹੀ ਗੱਲ ਕਰ ਲਓ ਚੇਤੇ 
ਜਿਵੇ ਇਕੱਠੇ ਕਬੂਤਰਾਂ ਉਡਾਇਆ ਸੀ ਜਾਲ ਬਾਬਿਓ 
ਅਸੀਂ ਫਿਰ ਨਹੀਂ ਆਉਂਦੇ ਤੁਹਾਡੇ ਕੋਲ  
ਅਗਲੇ ਪੰਜ ਸਾਲ ਬਾਬਿਓ
20 ਫਰਵਰੀ ਨੂੰ ਤੁਸਾਂ ਇਕ ਬਟਨ ਦਬਾਉਣਾ ਏ
ਬਸ ਤੁਹਾਡੀਆਂ  ਹੀ ਵੋਟਾਂ ਨੇ ਸਾਨੂੰ ਜਤਾਉਣਾ ਏ 
ਛੱਤੀ  ਪ੍ਰਕਾਰ ਦੇ ਖੁਆਵਾਂਗੇ  ਖਾਣੇ 
ਭੁੱਲ ਜਾਉਗੇ ਘਰ ਦੀ ਦਾਲ ਬਾਬਿਓ 
ਅਸੀਂ ਫਿਰ ਨਹੀਂ ਆਉਂਦੇ ਤੁਹਾਡੇ ਕੋਲ  
ਅਗਲੇ ਪੰਜ ਸਾਲ ਬਾਬਿਓ
ਅਸੀਂ ਸਾਰੇ ਉਮੀਦਵਾਰ ਹਾਂ ਭਾਈ ਭਾਈ 
 ਬਸ ਇਕ ਰੰਗ ਹੀ ਵਟਾਇਆ ਏ 
ਕੋਈ ਸਾਡਾ ਮਾਮਾ ,ਫੁਫੜ ਮਾਸੜ 
ਤੇ ਕੋਈ ਚਾਚਾ ਤਾਇਆ ਏ 
ਅਸੀਂ ਰਾਤ ਬਹਿਕੇ ਸਾਰੇ ਇੱਕ ਦੂਜੇ ਨੂੰ  
ਵਟਸਅਪ ਤੇ ਕਰਦੇ ਹਾਂ ਕਾਲ ਬਾਬਿਓ 
ਅਸੀਂ ਫਿਰ ਨਹੀਂ ਆਉਂਦੇ ਤੁਹਾਡੇ ਕੋਲ  
ਅਗਲੇ ਪੰਜ ਸਾਲ ਬਾਬਿਓ
ਜਿਹੜਾ ਅਸੀਂ ਇਹ ਪਏ ਹਾਂ  ਕਰਦੇ ਖਰਚਾ 
ਇਹ ਕਿਥੋਂ ਕੱਢਣਾ ਏ  
ਤਾਹੀਓਂ ਤਾਂ ਮਾਫੀਏ ਚਲਾਉਣ  ਵਾਲਿਆ ਨੂੰ 
ਪੈਂਦਾ ਆਜ਼ਾਦ ਛੱਡਣਾ ਏ 
ਤੁਹਾਡੇ ਝੰਡਿਆਂ ਨੇ ਸਾਡੇ ਲਵਾਉਣੀਆਂ ਸਾਡੀਆਂ ਝੰਡੀਆਂ 
ਸਾਰਿਆ ਨੂੰ ਸਾਡੀ ਸਤਿ ਸ਼੍ਰੀ ਅਕਾਲ ਬਾਬਿਓ
ਅਸੀਂ ਫਿਰ ਨਹੀਂ ਆਉਂਦੇ ਤੁਹਾਡੇ ਕੋਲ  
ਅਗਲੇ ਪੰਜ ਸਾਲ ਬਾਬਿਓ
27/03/2022

 


ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
 
 ਜਿੰਨਾ ਚਿਰ ਰਹੇਂਗੀ ਤੂੰ ਵੇਹਰੀ ਦਿੱਲੀਏ 
ਊਨਾ ਚਿਰ ਤੈਨੂੰ ਰੱਖਾਂਗੇ ਘੇਰੀ ਦਿੱਲੀਏ 
ਅਸੀਂ  ਤੈਥੋਂ ਭੀਖ   ਨਹੀਓ  ਮੰਗਦੇ 
ਮੰਗਦੇ ਹਾਂ ਆਪਣਾ ਹੱਕ ਦਿੱਲੀਏ 
ਤੈਨੂੰ ਲਗਦਾ ਕਿਸਾਨ ਐਵੇ ਮੁੜ ਜਾਣਗੇ 
ਇਹ ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ 
ਲਗਦਾ ਨਹੀਂ ਤੂੰ  ਹੋਵੇਗਾ ਇਤਿਹਾਸ ਪੜ੍ਹਿਆ 
ਸਾਡੇ ਅਗੇ ਨਹੀਓ ਕੋਈ ਅੱਜ ਤਕ ਅੜਿਆ 
ਪਹਾੜਾਂ ਨਾਲ ਅਸੀਂ ਮੱਥਾ ਲਾਉਣਾ ਜਾਣਦੇ 
ਸਾਗਰਾਂ  ਨੂੰ ਪਿੱਛੇ ਦੇਈਏ ਧੱਕ ਦਿੱਲੀਏ 
ਤੈਨੂੰ ਲਗਦਾ ਕਿਸਾਨ ਐਵੇ ਮੁੜ ਜਾਣਗੇ 
ਇਹ ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ 
ਮਿੱਟੀ  ਦੇ ਹਾਂ ਪੁੱਤ ਮਿੱਟੀ ਹੋਣਾ ਜਾਣਦੇ 
ਮਰ ਗਏ ਬਜ਼ੁਰਗ ਸਾਡੇ ਘੱਟਾ ਛਾਣਦੇ 
ਹੁਣ ਅਸੀਂ ਗਏ ਹਾਂ ਪੜ੍ਹ ਲਿਖ ਨੀ 
ਬੋਲ ਕੇ ਅੰਗਰੇਜ਼ੀ ਵੇਖ ਲੈ ਬੇਸ਼ੱਕ ਦਿੱਲੀਏ 
ਤੈਨੂੰ ਲਗਦਾ ਕਿਸਾਨ ਐਵੇ ਮੁੜ ਜਾਣਗੇ 
ਇਹ ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ 
ਸਾਡੇ ਜ਼ਖਮਾਂ ਤੇ ਲਾ ਕੇ ਰੱਖ ਦਿੱਤਾ ਲੂਣ ਤੂੰ 
 ਰਾਤੋਂ ਰਾਤ ਪਾਸ ਕਰਕੇ  ਕਾਲੇ ਕਨੂੰਨ ਤੂੰ 
ਹੁਣ ਤੈਨੂੰ ਕੋਈ ਗੱਲ ਵੀ ਨਹੀਂ ਆਉਂਦੀ 
ਜਿਹੜੀ ਰਹਿੰਦੀ ਸੇ ਤੂੰ ਭੌਂਕਦੀ ਬੱਕ ਬੱਕ ਦਿੱਲੀਏ 
ਤੈਨੂੰ ਲਗਦਾ ਕਿਸਾਨ ਐਵੇ ਮੁੜ ਜਾਣਗੇ 
ਇਹ ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ 
ਜ਼ਰਾ ਬਾਹਰ ਆ ਕੇ ਵੇਖ ਕਿੰਨੇ ਹੌਸਲੇ ਬੁਲੰਦ ਨੇ 
ਪੋਹ ਦੀਆਂ ਰਾਤਾਂ  ਵਿੱਚ ਵੀ ਪਏ  ਲੈਂਦੇ ਅਨੰਦ ਨੇ   
ਤੈਨੂੰ ਸੋਫਿਆਂ ਤੇ ਵੀ ਨਹੀਂ ਆਉਂਦੀ ਹੋਊ ਨੀਂਦ 
"ਜਸਵਿੰਦਰ" ਵਰਗੇ ਸੜਕਾਂ ਤੇ ਸਿੱਧੇ ਕਰੀ ਜਾਂਦੇ ਲੱਕ ਦਿੱਲੀਏ 
ਤੈਨੂੰ ਲਗਦਾ ਕਿਸਾਨ ਐਵੇ ਮੁੜ ਜਾਣਗੇ 
ਇਹ ਦਿਲ ਵਿੱਚੋ ਕੱਢ ਦੇ ਤੂੰ ਸ਼ੱਕ ਦਿੱਲੀਏ  
07/01/2021
 


ਕਿਸਾਨ ਦਿੱਲੀ ਨੂੰ ਚਲੇ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਬਲੇ ਬਲੇ ਬਲੇ ਬਈ ਬਲੇ ਬਲੇ 
ਟਰਾਲੀਆਂ ਉਤੇ ਚੜ੍ਹ ਕੇ ,ਕਿਸਾਨ ਦਿੱਲੀ ਚਲੇ 
ਬਹੂਆਂ ਘਰ ਡੰਗਰਾਂ ਨੂੰ ਪੱਠੇ ਪਾਉਂਦੀਆਂ 
ਬੁੜ੍ਹੀਆਂ ਖੇਤਾਂ ਨੂੰ ਪਾਣੀ ਲਾਉਦੀਆਂ 
ਨੌਜਵਾਨ ਜਾਂਦੇ ਨਾ ਠਹਲਿਆ ਠਲੇ 
ਉਹ ਵੇਖੋ ਕਿਸਾਨ ਦਿੱਲੀ ਚਲੇ 
ਪੁਲਿਸ ਨੇ ਰੋਕੇ ਰਾਹ ਬਥੇਰੇ 
ਪੁੱਟ ਦਿਤੀਆਂ ਸੜਕਾਂ ਚਾਰ ਚੁਫੇਰੇ 
ਫਿਰ ਵੀ ਕਿਸਾਨ ਗਏ ਨਾ ਘੇਰੇ 
ਲੰਘ ਗਏ ਮਾਰ ਕੇ ਛਾਲਾਂ 
ਪੱਥਰ ਲਿਤਾੜ ਕੇ ਪੈਰਾਂ ਥੱਲੇ 
  ਉਹ ਵੇਖੋ ਕਿਸਾਨ ਦਿੱਲੀ ਚਲੇ  
ਰਹੇ ਸਿਰ ਵਿੱਚ ਪਾਉਂਦੇ ਪਾਣੀ 
ਡਾਂਗਾ ਰੱਖੀਆਂ ਸਿਰ ਤੇ ਤਾਣੀ 
ਫਿਰ ਵੀ ਨਹੀਂ ਪ੍ਰਵਾਹ ਕੀਤੀ 
ਕੀ ਕੀ ਨਾਲ ਕਿਸਾਨਾਂ ਦੇ ਬੀਤੀ 
ਰਹੇ  ਦੱਸਦੇ ਕਲੇ ਕਲੇ 
  ਉਹ ਵੇਖੋ ਕਿਸਾਨ ਦਿੱਲੀ ਚਲੇ  
ਮੀਂਹ ਠੰਡ ਤੇ ਪਾਲਾ ਕੱਕਰ 
ਲੈਣੀ ਪੈ ਗਈ ਸਭ ਨਾਲ ਟੱਕਰ 
ਮੋਦੀ ਜਿੱਦ ਆਪਣੀ ਤੇ  ਅੜ੍ਹਿਆ 
ਜਿਹੜਾ ਅੜ੍ਹਿਆ ਉਹੀ ਝੜਿਆ 
ਕਾਲੇ ਕਨੂੰਨ ਛੱਡਾਂਗੇ ਰੱਦ ਕਰਾਕੇ 
ਜਸਵਿੰਦਰਾ ਤਾਹੀਂਓ ਰਾਹ ਸੰਘਰਸ ਦੇ ਮਲੇ 
 ਉਹ ਵੇਖੋ ਕਿਸਾਨ ਦਿੱਲੀ ਚਲੇ  
15/12/2020


ਸੇਤਾਨ ਦਿਮਾਗ਼ ਦੀ ਸੋਚ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਰੱਖ ਦਿਆਂ ਧਰਤੀ ਨੂੰ ਚੀਰ  ਕੇ 
ਅਸਮਾਨ ਨੂੰ ਦੇਵਾਂ  ਪਾੜ 
ਖਾਲੀ ਕਰ ਦੇਵਾਂ ਸਮੁੰਦਰਾਂ ਨੂੰ 
ਵਿੱਚ ਚੁੱਕ ਕੇ ਸੁੱਟ  ਦੇਵਾਂ ਪਹਾੜ 
 ਹਵਾਵਾਂ ਦੀ ਬੰਦ ਕਰ ਦੇਵਾਂ ਹਵਾ 
ਬੱਦਲਾਂ ਨੂੰ ਕਰ ਦੇਵਾਂ ਵਾੜ  
ਸਾਫ਼ ਸੁੱਥਰੀ ਧਰਤੀ ਦਿਸਣ ਲਗ ਪਏ  
ਸਾਰੇ ਜੰਗਲਾਂ ਨੂੰ ਦੇਵਾਂ ਸਾੜ
 ਮੌਸਮਾਂ ਨੂੰ ਬੰਦ ਕਰ ਦਿਆ ਵਿੱਚ ਡੱਬਿਆਂ 
ਕਦੇ ਕਰੇ ਨਾ ਕੁਦਰਤ ਖਿਲਵਾੜ 
ਨਾ ਪੋਹ ਮਾਘ ਨੂੰ ਸਰਦੀ ਲਗੇ 
 ਨਾ ਲੂ  ਲਗੇ ਵਿਚ ਜੇਠ ਹਾੜ੍ਹ 
ਨਾ ਧੱਕਾ ਹੋਵੇ ,ਨਾ ਜ਼ੁਲਮ ਹੋਵੇ 
ਨਾ ਕਿਸੇ ਲਈ ਬਣੇ ਜੇਲ੍ਹ ਤਿਹਾੜ 
ਨਾ ਕੋਈ ਰੌਲੀ ਰਹੇ ਧਰਮਾਂ ਦੀ 
ਨਾ ਕੋਈ ਬਣਾਵੇ ਲੁੱਟਣ ਦਾ ਜੁਗਾੜ 
ਇਹ ਸੇਤਾਨ ਦਿਮਾਗ ਦੀ ਸੋਚ 'ਜਸਵਿੰਦਰਾ "
ਕਿਧਰੇ ਸੱਚੀ  ਮੁੱਚੀ  ਦੇਵੇ ਨਾ ਚੰਨ ਚਾੜ੍ਹ 
ਰੱਖ ਦਿਆਂ ਧਰਤੀ ਨੂੰ ਚੀਰ  ਕੇ 
ਅਸਮਾਨ ਨੂੰ ਦੇਵਾਂ  ਪਾੜ 
ਖਾਲੀ ਕਰ ਦੇਵਾਂ ਸਮੁੰਦਰਾਂ ਨੂੰ 
ਵਿੱਚ ਚੁੱਕ ਕੇ ਸੁੱਟ  ਦੇਵਾਂ ਪਹਾੜ 
16/09/2020


ਕਵਿਤਾ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
 
ਲੁੱਟਣ  ਕਿਹੋ ਜਿਹੇ  ਪੰਜਾਬੀ ਬੁਲੇ 
ਹੋਏ ਕਾਰੋਬਾਰ ਬੰਦ ਤੇ ਠੇਕੇ  ਖੁਲ੍ਹੇ 
ਘਰਾਂ ਦੇ ਘਰ ਸ਼ਰਾਬਾਂ ਕਰਤੇ ਸੁੰਨੇ  
ਆਟੇ ਰਹਿ ਗਏ ਪ੍ਰਾਤਾਂ ਵਿਚ ਗੁੰਨੇ
ਕਈ ਕਈ ਜੀਆਂ ਨੂੰ ਪਾਲਣ ਵਾਲੇ 
ਸ਼ਰਾਬ ਨੇ ਕਰਤੇ ਜਮਦੂਤਾਂ ਹਵਾਲੇ 
ਹਜ਼ਾਰਾਂ ਬੱਚੇ ਰੁਲਦੇ ਫਿਰਨ ਬੇ ਸਹਾਰੇ 
ਉਹਨਾਂ ਕੀ ਸੀ   ਰੱਬ ਦੇ  ਮਾਂਹ  ਮਾਰੇ 
ਚਲਦੇ ਸ਼ਰਾਬਾਂ ਦੇ ਨਜਾਇਜ਼ ਧੰਦੇ 
ਉਹ ਵੀ ਕਰਦੇ ਸਰਕਾਰੀ ਬੰਦੇ 
ਕਾਹਦੀ ਰਹਿ ਗਈ ਰਿਸ਼ਤੇਦਾਰੀ 
ਚਲਦੀ ਪੈਸੇ ਦੀ ਮਾਰੋ ਮਾਰੀ  
ਚੜ੍ਹ ਗਈ ਨਸ਼ਿਆਂ ਦੀ ਖੁਮਾਰੀ 
ਜਿਹੜੀ ਅੱਜ ਸਭ ਤੋਂ ਵੱਡੀ ਬਿਮਾਰੀ 
ਗੱਭਰੂ ਮੁੰਡੇ ਕੁੜੀਆਂ  ਨੂੰ ਫੜ੍ਹ ਕੇ 
ਫੇਰ ਦਿੱਤੀ ਜਵਾਨੀ ਨੂੰ ਮੁਢੋਂ ਆਰੀ 
ਕਈ  ਰਾਹ ਸਿਵਿਆਂ ਦੇ  ਪੈ ਗਏ 
ਕਈ ਅੱਧ ਵਿਚਾਲੇ ਰਹਿ ਗਏ 
ਨਸ਼ਿਆਂ  ਸੁਹਾਗਣਾਂ ਕਰਤੀਆਂ  ਰੰਡੀਆਂ 
ਕਈ ਮਾਪੇ ਹੱਥ ਧੋ ਕੇ ਬਹਿ ਗਏ 
"ਜਸਵਿੰਦਰਾ  "ਤੇਰੇ ਇੱਕਲੇ ਤੋਂ ਕੁਝ ਨਹੀਂ ਹੋਣਾ 
ਜਿੰਨਾ ਚਿਰ  ਸਾਥ ਦਿੰਦੇ ਨਹੀਂ  ਯਾਰ ਅਣਮੁੱਲੇ 
  ਲੁੱਟਣ  ਕਿਹੋ ਜਿਹੇ  ਪੰਜਾਬੀ ਬੁਲੇ 
ਹੋਏ ਕਾਰੋਬਾਰ ਬੰਦ ਤੇ ਠੇਕੇ  ਖੁਲ੍ਹੇ 
03/09/2020


ਆਜ਼ਾਦੀ ਕਹੀਏ ਜਾਂ ਬਰਬਾਦੀ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
 
ਪਿਛਲੇ ਪਿੰਡ ਦੀਆਂ ਯਾਦਾਂ ,ਸਾਨੂੰ ਅੱਜ ਵੀ ਭੁੱਲੀਆਂ ਨਹੀਂ 
ਸੰਗਲਾਂ ਦੇ ਨਾਲ ਬੱਝੀਆਂ ਮੱਝਾਂ ,ਸਾਡੇ ਤੋਂ ਖੁੱਲੀਆਂ ਨਹੀਂ 
ਕਹਿੰਦੇ ਛੇਤੀ ਭੱਜ ਜਾਉ, ਪੈ ਗਏ  ਰੌਲੇ  ਜਾਤਾਂ ਪਾਤਾਂ ਦੇ  
ਨਹੀਂ ਭੁਲਾਇਆ ਭੁੱਲਦੇ ਚੇਤੇ ,ਕਟੀਆਂ  ਜਾਗ ਕੇ ਰਾਤਾਂ  ਦੇ  
  ਨਹੀਂ ਭੁਲਾਇਆ ਭੁੱਲਦੇ ਚੇਤੇ, ਕਟੀਆਂ  ਜਾਗ ਕੇ ਰਾਤਾਂ  ਦੇ       
ਕਦੋਂ ਨੂੰਹ ਮਾਸ ਦੇ ਟੁੱਟ ਗਏ ਰਿਸਤੇ ,ਪਤਾ ਹੀ ਚਲਿਆ ਨਾ 
ਇਕ ਦੂਜੇ ਨੂੰ ਮਾਰਨ ਲਗ ਪਏ , ਉਦੋਂ ਕੋਈ ਟਲਿਆ  ਨਾ 
ਸੁੱਝ ਔੜ੍ਹ  ਨਾ ਆਈ ,  ਆਟੇ ਗੁੱਝੇ ਰਹਿ ਗਏ ਵਿਚ ਪ੍ਰਾਂਤਾਂ ਦੇ  
 ਨਹੀਂ ਭੁਲਾਇਆ ਭੁੱਲਦੇ ਚੇਤੇ, ਕਟੀਆਂ  ਜਾਗ ਕੇ ਰਾਤਾਂ  ਦੇ  
ਬਿਮਾਰ ਪਿਆ ਸੀ ਬਾਪੂ  ,ਉਹਦੇ ਲਈ  ਮਿਲਿਆ ਗੱਡਾ ਨਾ  
ਲਾਹ ਲਾਹ ਸੁੱਟੇ ਘਾਣ , ਉਹਨਾਂ ਵੇਖਿਆ ਛੋਟਾ ਵੱਡਾ ਨਾ 
ਮਸਾਂ ਜਾਨ ਬਚਾਕੇ ਨਿਕਲੇ ਉਥੋਂ ,ਵਿਚ ਖਰਾਬ ਹਲਾਤਾਂ ਦੇ 
ਨਹੀਂ ਭੁਲਾਇਆ ਭੁੱਲਦੇ ਚੇਤੇ ,ਕਟੀਆਂ  ਜਾਗ ਕੇ ਰਾਤਾਂ  ਦੇ  
 ਕਈਆਂ  ਕੁਛੜੋ ਲਾ ਕੇ ਬੱਚੇ ,ਸੁੱਟਤੇ  ਵਿਚ ਦਰਿਆਵਾਂ ਦੇ 
ਦਿਲ ਦਰਿਆਵਾਂ ਤੋਂ ਡੂੰਘੇ ਹੋ ਗਏ ਸੀ ,ਉਸ ਸਮੇਂ   ਮਾਵਾਂ ਦੇ  
ਇਹ ਹਲਾਤ ਲਿਖਣ ਤੋਂ ਦਿਲ ਡੋਲ ਗਏ ਕਲਮ ਦਵਾਤਾਂ ਦੇ 
ਨਹੀਂ ਭੁਲਾਇਆ ਭੁੱਲਦੇ ਚੇਤੇ ਕਟੀਆਂ  ਜਾਗ ਕੇ ਰਾਤਾਂ  ਦੇ  
ਮਿਲੀ ਦੇਸ਼ਾ ਨੂੰ ਆਜ਼ਾਦੀ ਸਾਨੂੰ ਕਰ ਬਰਬਾਦ ਗਈ  
ਠੱਗਾਂ ,ਚੋਰਾਂ ਸਿਆਸਤਦਾਨਾਂ ਨੂੰ ਕਰ ਆਬਾਦ ਗਈ 
ਕਾਰੇ ਤੂੰ ਜਸਵਿੰਦਰਾ ਕੀ ਜਾਣੇ, ਗੋਰਿਆਂ ਦੀਆਂ ਕਰਾਮਾਤਾਂ ਦੇ  
ਨਹੀਂ ਭੁਲਾਇਆ ਭੁੱਲਦੇ ਚੇਤੇ ,ਕਟੀਆਂ  ਜਾਗ ਕੇ ਰਾਤਾਂ  ਦੇ  
21/08/2020
  


ਮਨੁੱਖਾਂ ਦਾ ਮਨੁੱਖਤਾ ਤੇ ਕਹਿਰ 

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

 ਮਨੁੱਖਾਂ  ਨੇ ਮਨੁੱਖਾਂ  ਲਈ ਬਣਾਏ ਬਾਰਡਰ ਨੇ 
ਮਨੁਖਾਂ ਦੇ ਮਨੁੱਖਾਂ ਉਤੇ ਚਲਦੇ ਆਰਡਰ ਨੇ 
ਮਨੁੱਖ ਹੀ ਮਨੁੱਖ ਦੀ ਜਾਨ ਦਾ ਬਣਿਆ ਵੈਰੀ 
ਮਨੁੱਖ ਹੀ ਮਨੁੱਖਾਂ ਦੇ ਕਰੀ  ਜਾਂਦੇ ਮਾਰਡਰ ਨੇ 
 ਇਸ ਸਾਰੀ ਧਰਤੀ ਦਾ ਮੈ  ਹੀ ਹੋਵਾਂ ਮਾਲਕ 
ਮੇਰੇ ਕਹਿਣੇ ਵਿੱਚ ਸਾਰਾ ਬ੍ਰਹਮੰਡ  ਹੋਵੇ 
ਰੱਬ ਵੀ ਮੇਰੇ ਕਹਿਣ ਅਨੁਸਾਰ ਚਲੇ 
ਮੇਰੀ ਮਰਜ਼ੀ ਨਾਲ ਹੀ ਗਰਮੀ ਤੇ ਠੰਡ ਹੋਵੇ 
ਪਰ  ਇਹ ਭੁੱਲ ਗਿਆ ਕਿ ਆਦਮੀ ਹੁੰਦਾ ਏ ਇਕ ਦਮੀ 
ਅੰਦਰ ਗਿਆ ਸਾਹ ਬਾਹਰ ਆਵੇ ਜਾ ਨਾ ਆਵੇ 
ਉਸ ਦੇ ਹੁਕਮ ਤੋਂ ਬਿਨਾਂ ਨਹੀਂ ਪੱਤਾ ਹਿੱਲਦਾ 
ਪਤਾ ਨਹੀਂ ਉਹ ਪਲ ਵਿਚ ਕੀ ਤੋਂ ਕੀ  ਕਰ ਜਾਵੇ 
ਪਿਆਰ ਨਾਲ ਤਾਂ ਦੁਨੀਆਂ ਹੈ ਜਿਤੀ ਜਾ ਸਕਦੀ 
ਪਰ ਨਫਰਤ ਨਾਲ ਨਾ ਕੋਈ ਨੇੜੇ ਲੱਗਦਾ 
ਉਸ ਨੂੰ ਸਾਰੀ ਜਿੰਦਗੀ ਨਾ ਕਦੇ  ਚੈਨ ਮਿਲੇ 
ਜਿਹੜਾ ਵਾਂਗ ਦਰਿਆਵਾਂ ਦੇ ਰਹਿੰਦਾ ਵੱਗਦਾ  
ਧਰਤੀ ਤੇ ਮਾਰ ਕੇ ਲੀਕਾਂ,ਅਸਮਾਨ ਨੂੰ ਫਿਰੇ ਵੰਡਦਾ 
ਜਿਹੜਾ ਕਦੇ ਨਹੀਂ ਵੰਡਿਆ ਜਾ ਸਕਦਾ 
ਜਿੰਨੀਆਂ ਮਰਜ਼ੀ ਉਹਦੀਆਂ ਖੋਲੀ ਜਾਹ ਪਰਤਾਂ 
ਪਰ "ਜਸਵਿੰਦਰਾ "ਤੂੰ ਉਸਦਾ ਕਦੇ ਨਹੀਂ ਅੰਤ ਪਾ ਸਕਦਾ 
25/07/2020

ਜਿੰਦਗੀ ਦਾ ਘੇਰਾ
ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਆਹ ਤੇਰਾ ਨਹੀਂ ,ਆਹ ਮੇਰਾ ਏ 
ਆਹ ਮੇਰਾ ਨਹੀਂ ,ਆਹ ਤੇਰਾ ਏ 
ਹੁਣ ਰਾਤ ਨਹੀਂ ,ਹੁਣ ਸਵੇਰਾ ਏ 
ਪਰ ਸਵੇਰੇ ਵਿਚ ਵੀ ,ਹਨੇਰਾ ਏ 
ਸਮਝਾਇਆ ਮਨ ਨੂੰ ਬਥੇਰਾ ਏ  
ਇਹ ਦੁਨੀਆਂਦਾਰੀ ਦਾ ਘੇਰਾ ਏ 
ਪੈਂਦਾ ਇਕ ਵਾਰੀ ਹੀ ਫੇਰਾ  ਏ 
ਜਦ ਪੈ ਗਈ ਸਮਝ "ਜਸਵਿੰਦਰਾ "
ਫਿਰ ਆਪੇ ਕਹੇਗਾ ਤੇਰਾ ਤੇਰਾ ਏ 
ਇਹ ਸਭ ਕੁਝ ਉਪਰ ਵਾਲੇ ਦਾ 
ਨਾ ਤੇਰਾ ਤੇ ਨਾ ਮੇਰਾ ਏ 
ਬਸ ਇਹੋ ਜਿੰਦਗੀ ਦਾ ਘੇਰਾ ਏ 
25/07/2020

ਰੁੱਖ ਵੱਢਣ ਲਗਿਆਂ ਨਹੀਂ ਸੋਚਦੇ ਇਕ ਵਾਰ
ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਮਨੁੱਖ ਰੁੱਖ ਲਗਾਉਣ ਲੱਗਿਆ ,ਸੋਚਦਾ ਏ ਸੌ ਵਾਰ 
ਪਰ  ਰੁੱਖ ਵੱਢਣ ਲੱਗਿਆ ,ਨਹੀਂ ਸੋਚਦਾ ਇੱਕ  ਵਾਰ 
ਰੁੱਖ ਵੱਢਕੇ ਨਫ਼ਾ ਮਿਲਦਾ ਹੈ , ਜਿੰਦਗੀ  ਚ "ਇੱਕ  ਵਾਰ 
 ਬਾਹਦ ਵਿੱਚ ਇਨਸਾਨ ਦਾ ,ਨੁਕਸਾਨ ਹੁੰਦਾ ਹੈ ,ਵਾਰ ਵਾਰ 
ਧਰਤੀ ਮਾਂ ਦੇ ਕਲੇਜੇ ਉਤੇ,  ਉਸ ਸਮੇ ਠੰਡ ਪੈ ਜਾਂਦੀ 
 ਜਦੋ ਕਿਰਨਾਂ ਸੂਰਜ ਦੀਆਂ ,ਰੁੱਖ  ਲੈਂਦੇ  ਨੇ ਸਹਾਰ 
 ਸੁਣਿਆ  ਏ ਉਹ ਇਲਾਕੇ ਨਾ ਕਦੇ ਹੋਣ ਬੰਜ਼ਰ 
ਜਿਥੇ ਜੰਗਲਾਂ ਵਿਚ, ਰੁੱਖਾਂ ਦੀ ਹੁੰਦੀ ਹੈ ਭਰਮਾਰ 
ਰੁੱਖ ਇੱਕਲੇ ਛਾਂ ਹੀ ਨਹੀਂ ,ਆਕਸੀਜ਼ਨ ਵੀ ਨੇ ਦਿੰਦੇ 
ਨਾਲੇ  ਵਾਤਾਵਰਨ ਵਿਚ ਲਿਆਉਂਦੇ  ਨੇ ਨਿਖਾਰ 
ਲਾ ਦੇਈਏ ਕਿਧਰੇ ਆਪਾਂ ਵੀ  ਰੁੱਖ ,ਮਿਟ ਜਾਣਗੇ ਦੁੱਖ 
ਇਸ ਗੱਲ ਨੂੰ ਲਈਏ ਅੱਜ ਤੋਂ ਮਨ ਵਿਚ ਧਾਰ 
ਜੇ "ਜਸਵਿੰਦਰਾ "ਆਪਾਂ ਰੁੱਖ ਇੰਝ ਹੀ ਰਹੇ ਵੱਢਦੇ 
ਫਿਰ ਝੱਲਣੀ ਪਵੇਗੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਰ 
25/07/2020


 
ਜਿੰਦਗੀ ਖੁਰ ਚੱਲੀ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਦਰਿਆਂਵਾ ਦੇ ਕਿਨਾਰਿਆ ਵਾਂਗੂੰ ਵੇਖੋ ਜਿੰਦਗੀ ਖੁਰ ਚਲੀ ਇਨਸਾਨਾਂ ਦੀ
ਮਹਾਂਮਾਰੀ ਮੱਤ ਮਾਰ ਦਿੱਤੀ ਅੱਜ ਵੱਡਿਆਂ –ਵੱਡਿਆਂ ਸਾਇੰਸਦਾਂਨਾ ਦੀ
ਕੋਈ ਆਖਦਾ ਰੱਬ ਦੀ ਕੀਤੀ, ਕੋਈ ਆਖਦਾ ਗਲਤੀ ਸਿਆਸਤਦਾਨਾ ਦੀ
ਕਈ ਹਜਾਰਾ ਹੋ ਗਈਆਂ ਮੌਤਾ,  ਗਿਣਤੀ ਹੋਰ ਵੀ ਵੱਧਦੀ ਜਾਵੇ ਰੋਜਾਨਾ ਦੀ
ਕੋਈ ਸਮਝ ਨਹੀ ਆਉਂਦੀ ਕਿਸੇ ਨੂੰ, ਕਿਵੇ ਜਾਨ ਬਚਾਈ ਜਾਵੇ ਇਨਸਾਨਾ ਦੀ
ਘਰ ਵਿੱਚ ਟਿੱਕ ਕੇ ਬਹਿਜਾ ਜਸਵਿੰਦਰਾ, ਨਹੀ ਤਾਂ ਅਹੂਤੀ ਦੇਣੀ ਪਉ ਪ੍ਰਾਨਾ ਦੀ
ਦਰਿਆਂਵਾ ਦੇ ਕਿਨਾਰਿਆ ਵਾਂਗੂੰ ਵੇਖੋ ਜਿੰਦਗੀ ਖੁਰ ਚਲੀ ਇਨਸਾਨਾਂ ਦੀ
08/05/2020


ਅਣਜੰਮੀ ਧੀ ਦਾ ਮਾਂ ਨੂੰ ਤਰਲਾਂ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
     
ਵੇਖ ਲਈਆਂ  ਮਾਏ ਅੱਜ  ਮੈ ਕੀਤੀਆਂ   ਤਿਆਰੀਆ                     
ਫੜ੍ਹ  ਲਈਆਂ   ਡਾਕਟਰਾਂ ਨੇ ਕੈਂਚੀਆਂ ਤੇ ਆਰੀਆਂ  
ਉਹਨਾਂ  ਬੋਟੀ -ਬੋਟੀ ਕਰ ਦੇਣਾ ਜਿਵੇ ਕਰਦੇ ਕਸਾਈ ਨੇ 
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ 
ਮੁੰਡਿਆਂ ਨਾਲੋਂ ਘੱਟ ਕਿਉਂ ਸਮਝਣ ਲਗ ਪਈ ਮੈਨੂੰ  ਤੂੰ
ਕਿਹੜੀ ਗੱਲ ਤੋਂ ਸ਼ਰਮਾਅ ਗਈ  ਵੇਖਣ ਤੋਂ ਮੇਰਾ ਮੂੰਹ  
ਕੰਨ ਵਿਚ ਫੂਕ ਮਾਰੀ ਤੇਰੇ ਅਲਟਰਾ ਸਾਊਂਡ ਵਾਲੇ ਭਾਈ ਨੇ  
 ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ  
ਮੁੰਡੇ ਜੰਮ ਕੇ ਫਿਰ ਤੂੰ ਕਿਹੜਾ  ਬਣ ਜਾਵੇਗੀ ਰਾਣੀ
ਵਾਸਤੇ ਤੈਨੂੰ ਪਈ ਏ ਪਾਉਂਦੀ  ਤੇਰੀ   ਧੀ ਧਿਆਣੀ 
ਪਤਾ ਨਹੀਂ ਤੈਨੂੰ  ਕਿੰਨਾ ਕੁ ਸਮਝਣਾ ਕਲ ਨੂੰ ਭਰਜਾਈ ਨੇ 
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ
ਧੀਆਂ  ਕਿਹੜਾ  ਰਾਤਾਂ ਨੂੰ  ਨੇ ਉੱਠ ਉੱਠ ਕੇ  ਖਾਦੀਆਂ 
ਖਾਲੀ ਹਥੀ  ਪਿਆਰ ਲੈ ਕੇ ਵੀ ਨੇ ਤੁਰ ਜਾਂਦੀਆਂ 
ਜੇ ਕੁੜੀ ਹੀ ਨਾ ਜੰਮੀ ਕਿਥੋਂ ਆਉਣੇ ਨੂੰਹਾਂ ਤੇ ਜਵਾਈ ਨੇ 
ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ  
ਮਾਂ ਮੈ ਦਸ ਦਿਤਾ ਤੈਨੂੰ ਹੁਣ ਕਹਿਰ  ਤੂੰ ਗੁਜ਼ਾਰੀ ਨਾ  
ਵਾਸਤਾ ਹੀ ਰੱਬ ਦਾ ਹੁਣ ਮੈਨੂੰ  ਕੁੱਖ ਵਿਚ ਮਾਰੀ ਨਾ 
"ਜਸਵਿੰਦਰ " ਲੋਕ ਮੁੰਡਿਆਂ ਪਿਛੇ ਹੋਏ ਫਿਰਦੇ ਸਦਾਈ  ਨੇ 
 ਮਾਂ ਤੈਨੂੰ ਵੀ ਤਾਂ ਜੰਮਿਆਂ ਸੀ  ਕਿਸੇ ਮਾਂ   ਦੀ  ਜਾਈ ਨੇ  
24/02/2020

ਨਸ਼ੇ ਦੀ ਮਾਰ
ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਕਦੇ  ਚੁੰਗਦੇ ਸੀ ਮੱਝਾਂ ਬੁਰੀਆਂ ,ਅੱਜ ਲਗ ਪਏ  ਪੀਣ ਡਰੱਗ 
ਕਦੇ ਖੂਨ ਸੀ ਸਾਡਾ ਫਰਕਦਾ ,ਅਸੀਂ ਦੁਨੀਆਂ ਤੋਂ ਸੀ ਅਲੱਗ 
 ਪਠਾਣ ਕਾਬਲ ਕੰਧਾਰ ਦੇ ਸੀ ਕੰਬਦੇ,ਸਾਡੀ ਦੂਰੋਂ ਵੇਖ ਕੇ ਪੱਗ 
 ਜਰਨੈਲ ਹਰੀ ਸਿੰਘ ਨਲਵੇ ,ਜਿਹਨੇ ਅਗੇ ਲਾਏ ਵੱਗਾਂ ਦੇ ਵੱਗ 
ਤਲਵਾਰਾਂ ਹੋ ਗਈਆਂ  ਖੂੰਡੀਆ ,ਲੁਕ ਲੁਕ ਵੇਖਦਾ ਸੀ ਜੱਗ 
ਹੁਣ ਨਸ਼ੇ ਚੰਦਰੇ ਲੱਗ  ਗਏ ,ਪਈ  ਮੂੰਹ ਵਿੱਚੋ ਨਿਕਲੇ ਝੱਗ 
ਜਵਾਨੀ ਰੱਖ ਦਿਤੀ ਸਾੜ ਕੇ ,ਜਾਵੇ  ਤੰਦੂਰ  ਨੂੰ ਸਾੜਦੀ  ਅੱਗ 
ਅਸੀਂ ਭੁੱਲ ਗਏ ਵਿਰਸਾ ਆਪਣਾ ,ਪਿਛੇ ਹੋਰ ਕਿਸੇ ਦੇ ਲੱਗ 
ਹੰਸ ਮੋਤੀ ਨੇ ਚੁੱਗਦੇ ,ਡੱਡੀਆਂ  ਮੱਛੀਆਂ ਚੁਗਦੇ ਹਮੇਸ਼ਾ ਬੱਗ
ਬੰਦਾ ਬਣ "ਜਸਵਿੰਦਰਾ ' ਜਿਹੜਾ ਤੈਨੂੰ   ਯਾਦ ਕਦੇ ਕਰੇ ਜੱਗ
24/02/2020 

  ਸਭ ਨੇ ਵਾਤਾਵਰਨ ਲਿਆ ਸੰਭਾਲ
 ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ
 
ਸ਼ੇਰ ਸਾਹ ਸੂਰੀ ਨੇ ਉਸ  ਸਮੇ  ਬਣਵਾਕੇ  ਕੇ ਖੂਹ 
 ਸੜਕ ਦੇ ਦੋਹੀਂ ਪਾਸੇ ਲਗਵਾ ਦਿੱਤੇ  ਸੀ ਰੁੱਖ 
ਸੈਕੜੇ ਸਾਲਾਂ  ਤਕ ਲੋਕ ਖੁਸ਼ੀ  ਖੁਸ਼ੀ 
ਉਹਨਾਂ ਰੁੱਖਾਂ ਦਾ ਮਾਣ ਦੇ ਰਹੇ  ਸੁੱਖ 
ਇਹ ਗੱਲ ਪੜ੍ਹ ਕੇ ਬੁੱਢੇ ਬਾਬੇ ਨੇ 
ਰੰਬਾ ਤੇ ਕਹੀ  ਲਈ ਮੋਢ਼ੇ  ਉਤੇ ਚੁੱਕ 
ਫੁੱਲਦਾਰ ,ਫਲਦਾਰ ਤੇ ਛਾਂਦਾਰ 
ਲਾਉਣ ਲਗ ਪਿਆ ਸੜਕ ਕਿਨਾਰੇ ਰੁੱਖ 
ਬਾਬੇ ਨੂੰ ਬੂਟੇ ਲਾਉਂਦਿਆਂ ਵੇਖ 
ਇਕ ਮੁੱਛ ਫੁੱਟ ਗਭਰੂ ਕੋਲ ਆਇਆ 
ਪਹਿਲਾ ਆ ਕੇ  ਸਭ ਕੁਝ ਰਿਹਾ ਵੇਖਦਾ 
ਫਿਰ ਬਾਬੇ ਨੂੰ ਹਸ ਬੁਲਾਇਆ 
ਬਾਬਾ ਇਹ ਕਿ ਤੂੰ ਕਰਨ ਲਗ ਪਿਆ 
ਤੈਨੂੰ ਹੋਰ ਨਹੀਂ ਕੋਈ ਕੰਮ ਥਿਆਇਆ 
ਜਾਹ ਜਾ ਕੇ ਘਰ ਅਰਾਮ ਕਰ 
ਵੇਖ ਤੈਨੂੰ ਕਿੰਨਾ ਏ ਮੁੜ੍ਹਕਾ ਆਇਆ 
ਜਿਹੜੇ ਤੂੰ ਬੂਟੇ ਲਾਉਣ ਲਗਾ ਏ 
ਕੀ ਇਸ ਦੇ ਫਲ ਤੂੰ ਖਾ ਲਵੇਗਾ 
ਬੁਢਾ ਠੇਰਾ ਤੂੰ ਹੋਇਆ ਪਿਆ ਏ 
ਪਤਾ ਨਹੀਂ ਝੱਟ ਨੂੰ  ਕੀ ਹੋ ਜਾਵੇਗਾ 
ਗੱਲ ਗਭਰੂ ਦੀ ਸੁਨ ਕੇ  ਬਾਬਾ
ਪਿਆਰ ਨਾਲ ਉਸ ਨੂੰ ਬੋਲਿਆ 
ਵਾਹ ਉਏ ਗਭਰੂਆਂ ਅੱਜ ਤੂੰ 
ਮੇਰੇ ਦਿਲ ਦਾ ਭੇਦ ਈ ਖੋਲ੍ਹਿਆ 
ਜਿਹੜੇ ਫਲ ਆਪਾਂ ਅੱਜ  ਖਾਂਦੇ ਹਾਂ 
ਉਹ ਵੀ ਤਾਂ ਕਿਸੇ ਨੇ ਲਾਏ ਹੋਣਗੇ 
ਜੇ ਮੈ ਨਾ ਖਾ ਸਕਿਆ ਗਭਰੂਆਂ 
ਕੋਈ ਤਾਂ ਫਲ  ਤੋੜ ਕੇ ਖਾਵੇਗਾ 
ਹੋਰ ਨਹੀਂ ਤਾਂ ਗਾਲ੍ਹਾਂ ਤਾਂ ਨਹੀਂ ਕੱਢਦਾ 
ਬਸ ਖਾ ਪੀ ਕੇ ਖੁਸ ਜਰੂਰ ਹੋ ਜਾਵੇਗਾ 
ਏਨੀ ਗੱਲ ਬਾਬੇ ਦੀ ਸੁਣਕੇ ਗੱਭਰੂ 
ਹੋਇਆ ਬਹੁਤ ਨਿਹਾਲ 
ਅੱਜ ਤੋਂ ਤੂੰ ਨਹੀਉਂ  ਇੱਕਲਾ ਬਾਬਾ 
ਅਸੀਂ ਨੌਜਵਾਨ ਹੋਵਾਂਗੇ ਤੇਰੇ ਨਾਲ 
ਤੇਰੀ ਹਰ ਇਕ ਗੱਲ ਕਹੀ ਦਾ 
ਅਸੀਂ ਕਰਾਂਗੇ ਪੂਰਾ ਪੂਰਾ ਖਿਆਲ 
ਹੁਣ ਨਹੀਂ ਕੁਝ ਵਿਗੜਦਾ 'ਜਸਵਿੰਦਰਾ '  
ਜੇ  ਸਭ ਨੇ ਵਾਤਾਵਰਨ ਲਿਆ ਸੰਭਾਲ 
24/02/2020 

ਕਿਸਾਨ
ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

ਕੀ ਆਖਾਂ  ਤੈਨੂੰ ਕਿਸਾਨ ਵੀਰਾ 
ਤੇਰਾ ਹੁੰਦਾ ਜਾਵੇ ਨੁਕਸਾਨ ਵੀਰਾ  
ਤੂੰ ਰੱਖ ਕੇ ਤਲੀ ਤੇ ਜਾਨ  ਵੀਰਾ 
ਦਿਨ ਰਾਤ ਖੇਤਾਂ ਵਿਚ ਮਰਦਾ ਏ 
ਆਪਣੇ ਬੱਚਿਆਂ ਦੇ ਮੂਹੋ ਖੋਹ ਕੇ  
ਅਨਾਜ਼ ਕਿਸੇ ਦੇ ਮੂੰਹ ਅਗੇ ਧਰਦਾ ਏ   
ਆਪਣੇ ਬੱਚਿਆਂ ਦੇ ਮੂਹੋ ਖੋਹ ਕੇ  
 ਅਨਾਜ਼ ਕਿਸੇ ਦੇ ਮੂੰਹ ਅਗੇ ਧਰਦਾ ਏ   
.ਤੂੰ ਤਾਂ ਇਕ ਜੂਨ ਹੈ ਭੋਗਣ ਆਇਆ 
ਤੂੰ ਨਾ ਸਮਝੇ ਕਿਸੇ ਨੂੰ ਪਰਾਇਆ 
ਤੇਰਾ ਮੁੱਲ  ਕਿਸੇ ਨਾ ਪਾਇਆ 
ਤੂੰ ਤਾਂ ਤਾਹੀਓਂ ਹੁਣ ਪਿਆ ਮਰਦਾ ਏ 
ਆਪਣੇ ਬੱਚਿਆਂ। ......................
ਤੂੰ ਆਪਣਾ ਹੱਕ ਕਿਉਂ ਨਹੀਂ ਮੰਗਦਾ 
ਦਸ  ਪਿਆ ਕਿਹੜੀ ਗਲੋਂ ਸੰਗਦਾ   
ਐਵੇਂ   ਸਮਾਂ ਨਹੀਂ ਹੁੰਦਾ  ਲੰਗਦਾ 
ਜਿਵੇ ਅੱਜਕਲ ਤੂੰ ਪਿਆ ਕਰਦਾ ਏ 
ਆਪਣੇ ਬੱਚਿਆਂ .....................
ਰਹਿੰਦਾ ਕਰਜ਼ਾ ਲਹਿੰਦਾ ਚੜ੍ਹਦਾ 
ਸਮਾਂ ਕਦੇ ਇਕ ਥਾਂ ਨਹੀਂ ਖੜ੍ਹਦਾ 
ਹੁੰਦਾ ਸਭ ਦਾ ਬਣਿਆ ਪੜਦਾ  
ਤੂੰ   ਕਿਹੜੀ ਗਲੋਂ ਪਿਆ ਡਰਦਾ ਏ  
ਆਪਣੇ ਬੱਚਿਆਂ .....................
ਕਿਸਾਨਾਂ  ਬਣ ਜਾਹ ਆਪ ਸਿਆਣਾ 
ਕਿਸੇ ਦਾ ਵੀਰਨਾ ਕੁਝ ਨਹੀਂ ਜਾਣਾ 
ਐਵੇ ਰੱਸਾ ਨਹੀਂ ਗੱਲ ਵਿਚ ਪਾਣਾ 
ਤੂੰ ਤਾਂ ਆਪ ਮੋਢੀ ਘਰਦਾ  ਏ 
ਆਪਣੇ ਬੱਚਿਆਂ.....................
ਹੁੰਦਾ ਖੁਦਕਸੀਆਂ ਦਾ ਨਾਂ ਮਾੜਾ 
ਪੈ ਜਾਂਦਾ ਟੱਬਰਾਂ ਵਿਚ  ਪੁਆੜਾ  
ਜਿੰਦਗੀ  ਮਿਲਦੀ ਨਹੀਂ ਦੁਬਾਰਾ 
ਕਿਸਾਨਾਂ "ਜਸਵਿੰਦਰ "ਮਿਨਤਾਂ ਕਰਦਾ ਏ
ਆਪਣੇ ਬੱਚਿਆਂ ਦੇ ਮੂਹੋ ਖੋਹ ਕੇ  
 ਅਨਾਜ਼ ਕਿਸੇ ਦੇ ਮੂੰਹ ਅਗੇ ਧਰਦਾ ਏ
24/02/2020   


ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ

ਜਸਵਿੰਦਰ ਸਿੰਘ ਭੁਲੇਰੀਆ, ਫਿਰੋਜ਼ਪੁਰ

jaswinder1ਹਰ ਮਨੁੱਖ ਲਾਵੇ ਇੱਕ ਰੁੱਖ
ਜੇਕਰ ਸਾਰੇ ਹੀ ਗੱਲ ਮੰਨ ਲਈਏ
ਫਿਰ ਦੱਸੋ ਕਿਹੜੀ ਗੱਲ ਦਾ ਦੁੱਖ
ਪਰ ਦੁੱਖ ਤਾਂ ਇਸ ਗੱਲ ਦਾ ਹੈ
ਕਿ ਇਸ ਗੱਲ ਤੇ ਕੋਈ ਕੋਈ ਚੱਲਦਾ ਹੈ
ਫੋਟੋਆਂ ਵਿੱਚ ਤਾਂ ਬੜੇ ਨੇ ਰੁੱਖ ਲਾਈ ਜਾਂਦੇ
ਕਹਿੰਦੇ ਕਹਾਉਂਦੇ ਵੀ ਨੇ ਪਾਣੀ ਪਾਈ ਜਾਂਦੇ
ਫਿਰ ਉਸ ਤੋਂ ਬਾਅਦ ਨਾ ਉਹਦੀ ਪੁੱਛ ਗਿੱਛ ਰਹਿੰਦੀ
ਉਹ ਉੱਥੇ ਹੀ ਬਿਨਾਂ ਪਾਣੀ ਤੋਂ ਸੁੱਕ ਸੜ ਜਾਂਦੇ
 ਕੀ ਫਾਇਦਾ ਹੈ ਭਾਸ਼ਣਾਂ ਵਿੱਚ ਰੁੱਖ ਲਾਉਣ ਦਾ
ਜੇਕਰ ਉਸਦੀ ਨਹੀਂ ਸਾਂਭ ਸੰਭਾਲ ਹੋਣੀ
ਇਸ ਗੱਲ ਦਾ ਜਰੂਰ ਰੱਖੀਏ ਖਿਆਲ
ਲਾ ਕੇ ਰੁੱਖ ਕਰੀਏ ਵਾਤਾਵਰਨ ਖੁਸ਼ਹਾਲ
ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ
ਇਹ ਗੱਲ ਇਕੱਲੇ ਜਸਵਿੰਦਰ ਦੀ ਨਹੀਂ
ਇਹ ਗੱਲ ਸਾਰਿਆਂ ਦੇ ਦਿਲ ਦੀ ਹੈ।
 
ਕਿਸੇ ਦੇ ਸੁਖ ਤੋਂ ਦੁਖੀ
ਜਸਵਿੰਦਰ ਸਿੰਘ ਭੁਲੇਰੀਆ

ਬਹੁਤੇ ਹੱਸਦਿਆਂ ਨੂੰ ਵੇਖ ਕੇ ਨਹੀਂ ਹੱਸਦੇ
ਜਿੰਨਾਂ ਰੋਦਿਆਂ ਨੂੰ ਵੇਖ ਕੇ ਨੇ ਹੱਸਦੇ
ਗੱਲਾਂ ਆਪਣੀਆਂ ਤੇ ਪਰਦਾ ਪਾ ਲੈਣਾ
ਗੱਲ ਦੂਸਰਿਆਂ ਦੀ ਨੇ ਵੱਧ ਚੜ ਕੇ ਦੱਸਦੇ
ਕੋਈ ਕੋਈ ਮੂੰਹ ਵਿੱਚੋਂ ਕੱਢੇ ਗੱਲ
ਬੱਸ ਗੱਲ ਉਹਦੀ ਉੱਤੇ ਨਿਸ਼ਾਨੇ ਰਹਿਣ ਕੱਸਦੇ
ਰੌਣ ਧੌਣ ਨਾਲ ਨਹੀਂ ਕੁਝ ਬਣਦਾ
ਘਰ ਹੱਸਦਿਆਂ ਦੇ ਹੀ ਨੇ ਹਮੇਸ਼ਾ ਵੱਸਦੇ
ਗੱਲ ਚੰਗੀ ਕਿਤੋਂ ਵੀ ਮਿਲ ਜਾਵੇ ਸਿੱਖਣ ਨੂੰ
ਸਿੱਖਿਆ ਲੈਣ ਵਿੱਚ ਕਿਹੜੇ ਨੇ ਕੰਨ ਘਸਦੇ
"ਜਸਵਿੰਦਰਾ" ਸੱਪਾਂ ਦੇ ਪੁੱਤ ਨਹੀਂ ਮਿਤ ਬਣਦੇ
ਦੁੱਧ ਤਲੀਆਂ ਤੇ ਪੀ ਕੇ ਵੀ ਨੇ ਡਸਦੇ।

"ਸੋਚ"
ਜਸਵਿੰਦਰ ਸਿੰਘ ਭੁਲੇਰੀਆ

ਸੜਕ ਕਿਨਾਰੇ ਬੈਠਾ ਕੀ ਸੋਚੀ ਜਾਵੇ
ਦੁਨੀਆ ਤਾਂ ਇੱਥੋਂ ਲੰਘਦੀ ਟੱਪਦੀ ਰਹਿਣੀ ਏ
ਮੰਜਲਾਂ ਦੇ ਵੱਲ ਸਿੱਖ ਲੈ ਤੁਰਨਾ
ਮੰਜਲ ਤੇਰੇ ਵੱਲ ਨਾ ਤੁਰ ਕੇ ਆਉਣੀ ਏ
ਤੈਨੂੰ ਬੈਠਿਆਂ ਨੂੰ ਰਹਿਣੀਆਂ ਵੱਜਦੀਆਂ ਠੋਕਰਾਂ
ਹਰ ਇੱਕ ਦੀ ਠੋਕਰ ਤੈਨੂੰ ਸਹਿਣੀ ਪੈਣੀ ਏ
ਜਿਹੜੇ ਯਾਰ ਤੇਰੇ ਸਾਹਾਂ ਵਿੱਚ ਸਾਹ ਨੇ ਲੈਂਦੇ
ਇੱਕ ਦਿਨ ਉਹਨਾਂ ਹੀ ਤੇਰੇ ਸਾਹ ਦੀ ਘੁੱਟ ਭਰ ਲੈਣੀ ਏ
ਲੋਕਾਂ ਦੀਆਂ ਬਾਜੀਆਂ ਪੁਆਉਣ ਵਾਲੇ ਭੁੱਲ ਜਾਂਦੇ
ਕਿ ਇੱਕ ਦਿਨ ਉਨ੍ਹਾਂ ਦੀ ਬਾਜੀ ਪੁੱਠੀ ਪੈਣੀ ਏ
ਉੱਠ "ਜਸਵਿੰਦਰ" ਕੁੱਝ ਲੱਗ ਜਾ ਆਹਰੇ
ਪਤਾ ਨਹੀਂ ਜਿੰਦਗੀ ਕਿੰਨੇ ਦਿਨਾਂ ਦੀ ਪ੍ਰਹੁਣੀ ਏ।
 
 
ਪਿੰਡ ਬਨਾਮ ਸ਼ਹਿਰ
ਜਸਵਿੰਦਰ ਸਿੰਘ ਭੁਲੇਰੀਆ
ਅੱਜ ਕੱਲ੍ਹ ਸ਼ਹਿਰਾਂ ਨੇ ਉਜਾੜ ਦਿੱਤੇ ਪਿੰਡ
ਪਿੰਡਾਂ ਦੇ ਲੋਕ ਵੀ, ਪੁਗਾਉਣ ਲੱਗੇ ਹਿੰਡ
ਝਾੜੂ ਦੇ ਤੀਲਿਆਂ ਵਾਂਗ, ਇੱਕ ਇੱਕ ਕਰਕੇ ਗਏ ਨੇ ਖਿੰਡ
ਫੋਕੇ ਰਹਿ ਗਏ ਵਿਖਾਵੇ, ਜਿਵੇਂ ਖੂਹ ਦੀ ਖਾਲੀ ਟਿੰਡ
ਵੱਢੀ ਜਾਣ ਬਾਗ ਤੇ ਬਗੀਚੇ, ਤੇ ਬੀਜੀ ਜਾਣ ਰਿੰਢ
ਖਾਲੀ ਹੋਏ ਘਰਾਂ ਵਿੱਚ , ਖੱਖਰਾਂ ਲਾਈ ਬੈਠੇ ਨੇ ਭਰਿੰਡ
ਬਜੁਰਗ ਬੈਠੇ ਰਾਹ ਤੱਕਦੇ, ਕਦੋਂ ਪੁੱਤ ਸਾਡਾ ਆਉ ਸਾਡੇ ਪਿੰਡ
ਸਿਵਿਆਂ ਦੀ ਅੱਗ ਕਦੇ, ਸੀਨੇ ਵਿੱਚ ਪਾਉਦੀ ਨਹੀਓ ਠੰਢ
ਪਰ੍ਹਾਂ ਲਾਹ ਕੇ ਸੁੱਟਦੇ, ਜੋ ਚੁੱਕੀ ਫਿਰੇ ਗਮਾਂ ਦੀ ਪੰਡ
ਲੋਕ ਹੱਸਦੇ ਵੱਸਦੇ ਰਹਿਣ, "ਜਸਵਿੰਦਰਾ" ਭਾਵੇਂ ਸ਼ਹਿਰ ਰਹਿਣ ਭਾਵੇ ਪਿੰਡ।

ਭ੍ਰਿਸ਼ਟਾਚਾਰ
ਜਸਵਿੰਦਰ ਸਿੰਘ ਭੁਲੇਰੀਆ

ਗੁੜ ਦੇ ਲਾਲਚ ਵਿੱਚ ਆ ਕੇ
ਅੱਜ ਕੱਲ੍ਹ ਚੋਰਾਂ ਦੇ ਬਣ ਗਏ ਯਾਰ ਕੁੱਤੇ
ਜਿਨ੍ਹਾਂ ਸਾਹਮਣੇ ਪਰਿੰਦਾ ਵੀ ਨਹੀਂ ਸੀ ਪਰ ਮਾਰਦਾ,
ਇੰਨੇ ਹੁੰਦੇ ਸੀ ਖੁੰਖਾਰ ਕੁੱਤੇ
ਦੇਣ ਦਗਾ ਲੱਗ ਪਏ ਮਾਲਕਾ ਨੂੰ
ਜਿਹੜੇ ਬੜੇ ਕਹਾਉਂਦੇ ਸੀ ਵਫਾਦਾਰ ਕੁੱਤੇ
ਚੋਰ ਭਾਵੇਂ ਲੁੱਟੀ ਜਾਣ ਦਿਨ ਦੀਵੀ
ਪਰ ਘਰੋਂ ਨਾ ਨਿਕਲਦੇ ਬਾਹਰ ਕੁੱਤੇ
ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ
ਕਿ ਇੰਨੇ ਹੋ ਜਾਣਗੇ ਭ੍ਰਿਸ਼ਟਾਚਾਰ ਕੁੱਤੇ
ਮਾਲਕਾਂ ਦੇ ਹੱਥਾਂ ਵਿੱਚ ਰਹਿ ਗਈਆਂ ਫੜੀਆਂ ਸੰਗਲੀਆਂ
ਵੇਖਦੇ ਵੇਖਦੇ ਹੋ ਗਏ ਫਰਾਰ ਕੁੱਤੇ
ਤੂੰ "ਜਸਵਿੰਦਰਾ" ਕਿਉਂ ਸਮਾਂ ਬਰਬਾਦ ਕਰਦਾ
ਘਰ ਵਿੱਚ ਰੱਖ ਕੇ ਇੰਨੇ ਬੇਕਾਰ ਕੁੱਤੇ।

ਕਰੋ ਪੰਜਾਬੀ ਨਾਲ ਪਿਆਰ
ਜਸਵਿੰਦਰ ਸਿੰਘ ਭੁਲੇਰੀਆ

ਮਾਤਾ ਜੀ ਮੈਂ ਸਿੱਖਣੀ ਪੰਜਾਬੀ
ਪੰਜਾਬੀ ਵਿੱਚ ਏ ਕੀ ਖਰਾਬੀ
ਅੰਗਰੇਜ਼ੀ ਨੇ ਮੇਰਾ ਸਿਰ ਖਾ ਲਿਆ
ਜਿਵੇਂ ਖਾਂਦਾ ਏ ਕੋਈ ਸ਼ਰਾਬੀ
ਭੂਆ ਜੀ ਨੂੰ ਕਹਿੰਦੇ ਆਂਟੀ
ਮਾਮੀ ਨੂੰ ਆਖਣ ਆਂਟੀ
ਚਾਚੀ ਵੀ ਤਾਂ ਲੱਗੀ ਆਂਟੀ
ਮਾਸੀ ਵੀ ਫਿਰ ਹੋਈ ਆਂਟੀ
ਫੁੱਫੜ ਜੀ ਨੂੰ ਕਹਿਣਾ ਅੰਕਲ
ਮਾਸੜ ਜੀ ਨੂੰ ਆਖੋ ਅੰਕਲ
ਚਾਚਾ ਵੀ ਲੱਗਿਆ ਅੰਕਲ
ਮਾਮਾ ਵੀ ਲੱਗਿਆ ਅੰਕਲ
ਮੈਨੂੰ ਕੁਝ ਸਮਝ ਨਾ ਆਵੇ
ਮੈਡਮ ਜੋ ਸਬਕ ਸਿਖਾਵੇ
ਇੱਕ ਸ਼ਬਦ ਦੇ ਕਈ-ਕਈ
ਅਰਥ ਉਹ ਕਰ ਕੇ ਵਿਖਾਵੇ
ਨਾ ਮੈਂ ਪੰਜਾਬੀ ਜਾਣੀ
ਕਿਵੇ ਪੜਾਂਗਾ ਦੱਸ ਗੁਰਬਾਣੀ
ਦਾਦੀ ਨਾਨੀ ਦੀਆਂ ਲੋਰੀਆਂ
ਰਹਿ ਜਾਣਗੀਆਂ ਬਣਕੇ ਕਹਾਣੀ
ਪੰਜਾਬੀ ਨਾਲ ਮੈਨੂੰ ਬੜਾ ਪਿਆਰ
ਪੰਜਾਬੀ ਪੜ੍ਹਨੋ ਨਾ ਦਈ ਵਿਸਾਰ
ਪੰਜਾਬੀ ਸਾਡੀ ਮਾਂ ਹੈ ਬੋਲੀ
ਜਸਵਿੰਦਰਾ ਪੰਜਾਬੀ ਨੂੰ ਨਾ ਮਾਰ।।
15/01/2020
  

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ ਮਮਦੋਟ (ਫਿਰੋਜਪੁਰ)
ਸੰ 75891-55501
jaswinder.bhuleria1@gmail.com
15/01/2020


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com